Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 
Online Punjabi Magazine Seerat


ਪੰਜਾਬ ਦੀ ਆਰਥਕ ਮੁੜ-ਬਹਾਲੀ
- ਬਲਦੇਵ ਦੂਹੜੇ
 

 

ਇਸ ਤੋਂ ਪਹਿਲਾਂ ਕਿ ਅਸੀਂ ਅਰਥਚਾਰੇ ਦੀ ਗੱਲ ਕਰੀਏ, ਆਉ ਆਪਣੀਆਂ ਤਰਜੀਹਾਂ ਬਾਰੇ ਸਪੱਸ਼ਟ ਹੋਈਏ। ਸਵਾਲ ਹੈ ਕਿ ਅਰਥਚਾਰਾ ਅਤੇ ਇਸ ਨਾਲ ਜੁੜਵਾਂ ਸਿਆਸੀ ਨਿਜ਼ਾਮ ਕਿਸ ਲਈ ਹਨ? ਸਾਫ ਜ਼ਾਹਿਰ ਹੈ ਕਿ ਇਹ ਲੋਕਾਂ ਦੀ ਜਿ਼ੰਦਗੀ ਨੂੰ ਬਰਕਰਾਰ ਰੱਖਣ ਅਤੇ ਖੁਸ਼ਹਾਲ ਬਣਾਉਣ ਲਈ ਹੈ। ਇਨਸਾਨੀ ਜਿ਼ੰਦਗੀ ਸੱਭ ਤੋਂ ਪਵਿਤਰ ਹੈ। ਫਿਰ ਜਿਸ ਆਲੇ ਦੁਆਲੇ ਵਿਚ ਇਹ ਪਲਦੀ ਅਤੇ ਪ੍ਰਫੁੱਲਤ ਹੁੰਦੀ ਹੈ ਉਹ ਪਵਿਤਰ ਹੈ। ਬਾਬੇ ਨਾਨਕ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਪੌਣ, ਪਾਣੀ ਅਤੇ ਧਰਤੀ ਉਹ ਪਵਿਤਰ ਸੋਮੇਂ ਹਨ ਜੋ ਜਿ਼ੰਦਗੀ ਨੂੰ ਬਰਕਰਾਰ ਰੱਖਣ ਲਈ ਅਵਸ਼ਕ ਹਨ। ਇਹ ਪਵਿਤਰ ਅਤੇ ਪਾਵਨ ਰਹਿਣੇ ਚਾਹੀਦੇ ਹਨ। ਧਰਮ, ਵਿਗਿਆਨ, ਸਿਆਸਤ, ਅਰਥਸ਼ਾਸਤਰ, ਸੱਭ ਨਿਜ਼ਾਮ ਅਤੇ ਅਦਾਰੇ, ਜੇਕਰ ਜਿ਼ੰਦਗੀ ਨੂੰ ਬਰਕਰਾਰ ਰੱਖਣ ਵਲ ਹਿੱਸਾ ਨਹੀਂ ਪਾਉਂਦੇ ਤਾਂ ਇਹ ਅਪਵਿਤਰ ਹਨ ਅਤੇ ਬਦਲੇ ਜਾਣੇ ਚਾਹੀਦੇ ਹਨ। ਬੇਗਮਪੁਰਾ ਉਹ ਥਾਂ, ਸ਼ਹਿਰ, ਸੂਬਾ ਜਾਂ ਮੁਲਕ ਹੈ ਜਿਥੇ ਇਨਸਾਨ ਦੀ ਜਿ਼ੰਦਗੀ ਦੀ ਪਵਿਤਰਤਾ ਨੂੰ ਕਾਇਮ ਰਖਿਆ ਜਾਂਦਾ ਹੈ। ਇਨਸਾਨ ਨੂੰ (ਯਾਨੀ ਕਿ ਸੱਭ ਲੋਕਾਂ ਨੂੰ) ਸੱਭ ਬੁਨਿਆਦੀ ਸੁਵਿਧਾਵਾਂ ਮੁਹੱਈਆ ਹੋਣ ਬਿਨਾਂ ਕਿਸੇ ਸ਼ਰਤ, ਭ੍ਰਸ਼ਟਾਚਾਰ ਜਾਂ ਸਿਆਸੀ ਲੋਕਾਂ ਦੀ ਅਹਿਸਾਨਮੰਦੀ ਦੇ। ਸਾਡੇ ਸੱਭ ਤੋਂ ਪਵਿਤਰ ਫਲਸਫੇ ਵੀ ਅਪਵਿਤਰ ਹਨ ਜੇਕਰ ਉਹ ਇਨਸਾਨੀ ਜਿ਼ੰਦਗੀ ਅਤੇ ਇਸ ਦੁਆਲੇ ਉਸਰੇ ਵਾਤਾਵਰਨ ਨੂੰ ਪਵਿਤਰ ਰੱਖਣ ਵਿਚ ਹਿੱਸਾ ਨਹੀਂ ਪਾਉਂਦੇ। ੳੇਹ ਸ਼ਹਿਰ ਜਿਸ ਨੂੰ ਅਸੀਂ ਬੇਗਮਪੁਰਾ ਕਹਿ ਸਕਦੇ ਹਾਂ ਕਿਸੇ ਸਿਆਸਤਦਾਨ ਦੀ ਜਗੀਰ ਨਹੀਂ ਹੋਣੀ ਚਾਹੀਦੀ, ਸਗੋਂ ਜਿ਼ੰਦਗੀ ਦਾ ਉਹ ਮੰਦਰ ਹੋਵੇ ਜਿਥੇ ਇਨਸਾਨੀ ਰੂਹ ਹੀ ਰੱਬ ਦਾ ਦਰਜਾ ਰੱਖਦੀ ਹੈ। ਕੋਈ ਕਾਰਨ ਨਹੀਂ ਕਿ ਅਸੀਂ ਅਰਾਜਕਤਾ ਅਤੇ ਤਰਕਹੀਨਤਾ ਦੀਆਂ ਤਾਕਤਾਂ ਨੂੰ ਝੱਲੀਏ ਅਤੇ ਆਪਣੇ ਹੀ ਚੁਣੇ ਨੁਮਾਂਇੰਦਿਆਂ ਦੇ ਗੁਲਾਮ ਬਣ ਕੇ ਰਹੀਏ। ਲੋਕਾਂ ਨੂੰ ਆਪਣੀ ਤਾਕਤ ਦਾ ਪੂਰਾ ਅਹਿਸਾਸ ਅਤੇ ਭਰੋਸਾ ਹੋਣਾ ਚਾਹੀਦਾ ਹੈ ਤਾਂਕਿ ਉਹ ਭ੍ਰਸ਼ਟ ਅਫਸਰਾਂ, ਨਾਅਹਿਲ ਸਿਆਸਤਦਾਨਾਂ ਅਤੇ ਝੂਠੀ ਧਾਰਮਕ ਸਿਆਸਤ ਨੂੰ ਆਪਣੇ ਇਸ ਸੰਭਾਵੀ ਬੇਗਮਪੁਰੇ ਨੂੰ ਆਤਮਘਾਤਾਂ ਦੀ ਭੂਮੀ ਬਣਾਉਣ ਤੋਂ ਰੋਕ ਸਕਣ।
ਪੰਜਾਬ ਇੱਕ ਵੇਲੇ ਭਾਰਤ ਦੇ ਸੂਬਿਆਂ ਵਿਚ ਪਹਿਲੇ ਦਰਜੇ ਤੇ ਹੁੰਦਾ ਸੀ। ਹੁਣ ਇਹ ਖਿਸਕ ਕੇ ਪਿਛੇ ਜਾ ਰਿਹਾ ਹੈ। ਪੰਜਾਬ ਮਾਨੁਖੀ ਵਿਕਾਸ ਇੰਡੈਕਸ (੍ਹਧੀ) ਦੇ ਲਿਹਾਜ਼ ਨਾਲ ਅੱਠਵੇਂ ਦਰਜੇ ਤੇ ਪਹੁੰਚ ਗਿਆ ਹੈ, ਅਤੇ ਪ੍ਰਤੀ ਜਨ ਆਮਦਨ ਜਾਂ ਪਰ ਕੈਪਿਟਾ ਇਨਕਮ ਦੇ ਲਿਹਾਜ਼ ਨਾਲ ਪੰਜਵੇਂ ਦਰਜੇ ਤੇ ਚਲੇ ਗਿਆ ਹੈ। ਲਗਦਾ ਹੈ ਕਿ ਪੰਜਾਬ ਅਜੇ ਵੀ ਡਿਗ ਰਿਹਾ ਹੈ। ਸ: ਸੁੱਚਾ ਸਿੰਘ ਗਿੱਲ ਅਨੁਸਾਰ ਇਹ ਵਿਨਾਸ਼ 1991/92 ਦੇ ਕਰੀਬ ਸ਼ੁਰੂ ਹੋਇਆ ਸੀ। ਹੁਣ ਇਹ ਲਗਾਤਾਰ ਚੱਲ ਰਿਹਾ ਲਗਦਾ ਹੈ। ਇਸ ਨੂੰ ਹੋਰ ਵਧੇਰੇ ਖਤਰਨਾਕ ਬਣਨ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ। ਸਗੋਂ ਪੰਜਾਬ ਨੂੰ ਬਾਕੀ ਸੂਬਿਆਂ ਲਈ ਇੱਕ ਆਦਰਸ਼ ਮਾਡਲ ਬਣਾਉਣ ਵਲ ਕੰਮ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਕਿਸੇ ਕਿਸਮ ਦਾ ਅਮਲੀ ਮਾਡਲ ਪੇਸ਼ ਕੀਤਾ ਜਾਣਾ ਜ਼ਰੂਰੀ ਹੈ। ਇਸ ਲੇਖ ਵਿੱਚ ਅਸੀਂ ਅਜਿਹੇ ਆਰਥਕ ਮਾਡਲ ਦੀ ਸੰਖੇਪ ਰੂਪਰੇਖਾ ਪੇਸ਼ ਕਰਨ ਦਾ ਯਤਨ ਕਰਾਂਗੇ। ਇਸ ਮਾਡਲ ਨੂੰ ਸਿਰਫ ਸੁਝਾਅਮਈ ਅਤੇ ਪੰਛੀ ਝਾਤ (ੌਵੲਰਵਇੱ) ਵਾਲਾ ਮਾਡਲ ਸਮਝਿਆ ਜਾਣਾ ਚਾਹੀਦਾ ਹੈ ਜਿਸ ਉਤੇ ਹੋਰ ਲੋਕ ਵਾਧਾ ਕਰ ਸਕਦੇ ਹਨ। ਅਸਲ ਮਾਡਲ, ਮਾਹਰਾਂ ਰਾਹੀਂ ਤਫਸੀਲ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ ਹੈ। ਪਰ ਕਿਉਂਕਿ ਸਮਸਿਆ ਸਿਰਫ ਆਰਥਕ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਜਿ਼ੰਦਗੀ ਨਾਲ ਤੁਅਲਕ ਰੱਖਦੀ ਹੈ, ਇਸ ਲਈ ਇਹ ਮਾਡਲ ਸਮੁੱਚੀ ਪੰਜਾਬੀ ਜਿ਼ੰਦਗੀ ਨੂੰ ਸੌਖਾ, ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਵਾਲਾ ਹੋਣਾ ਚਾਹੀਦਾ ਹੈ। ਇਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਮਾਡਲ ਜਿੰਨੇ ਵੀ ਚੰਗੇ ਕਿਉਂ ਨਾ ਬਣਾ ਲਏ ਜਾਣ, ਜੇਕਰ ਇਸ ਨੂੰ ਲਾਗੂ ਕਰਨ ਵਾਲੇ ਲੋਕ ਕਾਬਲ ਨਹੀਂ, ਤਾਂ ਇਹ ਕੰਮ ਨਹੀਂ ਕਰਨਗੇ। ਜੇਕਰ ਕਾਬਲ, ਈਮਾਨਦਾਰ ਅਤੇ ਨਿਸ਼ਕਾਮ ਲੋਕ ਇਸ ਨੂੰ ਲਾਗੂ ਕਰਨ ਤਾਂ ਕੋਈ ਦਸ ਪੰਦਰਾਂ ਸਾਲ ਵਿਚ ਪੰਜਾਬ ਦੇ ਲੋਕਾਂ ਦੀ ਜਿ਼ੰਦਗੀ ਬਦਲ ਸਕਦੀ ਹੈ।
ਜਦੋਂ ਵਿਕਾਸ ਹੁੰਦਾ ਹੈ, ਤਾਂ ਸੱਭ ਕਿਸਮ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਜੇਕਰ ਵਿਕਾਸ ਤਰੱਕੀਮਈ ਅਤੇ ਬਰਕਰਾਰੀਯੋਗ ਹੋਵੇ। ਅਮੀਰ, ਗਰੀਬ, ਹਿੰਦੂ, ਸਿੱਖ, ਮੁਸਲਮਾਨ, ਅਤੇ ਸੱਭ ਅਖਾਉਤੀ ਜਾਤਾਂ ਦੇ ਲੋਕ ਬੇਹਤਰ ਜੀਵਨ ਬਿਤਾ ਸਕਦੇ ਹਨ। ਵਿਕਾਸ ਨਾਲ ਮੌਤ ਅਤੇ ਬਿਮਾਰੀਆਂ ਦਾ ਦਰ ਘਟ ਜਾਂਦਾ ਹੈ, ਇਲਾਜ ਅਤੇ ਤੰਦਰੁਸਤੀ ਵਿਚ ਵਾਧਾ ਹੁੰਦਾ ਹੈ। ਇਨਸਾਨ ਦੀ ਕੀਮਤ ਵਧ ਜਾਂਦੀ ਹੈ ਅਤੇ ਵਸਤੂਆਂ ਦੀ ਘਟ ਜਾਂਦੀ ਹੈ, ਇਸ ਨਾਲ ਲੋਕਾਂ ਦੀ ਨੀਯਤ ਵਿਚ ਸਬਰ ਸੰਤੋਖ ਦੇ ਅਸਰ ਦਿਸਣੇ ਸ਼ੁਰੂ ਹੋ ਜਾਂਦੇ ਹਨ। ਇਹ ਸਹੀ ਮਾਹਨਿਆਂ ਵਿਚ ਉਹ ਵਰਤਾਰਾ ਹੈ ਜਿਸਦਾ ਚੰਗਾ ਅਸਰ ਸਰਬ-ਵਿਆਪਕ ਹੈ। ਉਹ ਸਿਆਸੀ ਜਾਂ ਅਫਸਰਸ਼ਾਹੀ ਦੇ ਲੋਕ, ਜੋ ਆਪਣੀ ਕੁਰਸੀ ਲਈ ਜਾਂ ਆਪਣੇ ਬੈਂਕ ਦੇ ਖਾਤੇ ਵਧਾਉਣ ਲਈ, ਸਾਰੇ ਸੂਬੇ ਦੇ ਅਰਥਚਾਰੇ ਦਾ ਨੁਕਸਾਨ ਕਰਦੇ ਹਨ ਉਹ ਬਹੁਤ ਸੌੜੀ ਅਤੇ ਨਿਕੰਮੀ ਸੋਚ ਅਧੀਨ ਆਪਣੇ ਆਪ ਦਾ ਅਤੇ ਮੁਲਕ ਦਾ ਨੁਕਸਾਨ ਕਰ ਰਹੇ ਹੁੰਦੇ ਹਨ। ਗਰੀਬ ਮੁਲਕਾਂ ਦੇ ਅਮੀਰ ਵੀ ਅਨੁਪਾਤਨ ਗਰੀਬ ਹੀ ਹੁੰਦੇ ਹਨ ਅਤੇ ਅਮੀਰ ਮੁਲਕਾਂ ਦੇ ਗਰੀਬ ਅਨੁਪਾਤਨ ਅਮੀਰ ਹੁੰਦੇ ਹਨ। ਇਸ ਲਈ ਇਹ ਇਕ ਅਤਿ ਮਹੱਤਵਪੂਰਨ ਗੱਲ ਹੈ ਕਿ ਬਰਕਰਾਰੀਯੋਗ ਵਿਕਾਸ ਹੋਵੇ ਅਤੇ ਇਸ ਨਾਲ ਪੈਦਾ ਹੋਈ ਦੌਲਤ ਨੂੰ ਲੋਕਾਂ ਦੀ ਜਿ਼ੰਦਗੀ ਨੂੰ ਬੇਹਤਰ ਕਰਨ ਲਈ ਵਰਤਿਆ ਜਾਵੇ। ਵਿਅਕਤੀਗਤ ਅਮੀਰੀ ਕਾਫੀ ਨਹੀਂ, ਅਸਲ ਅਮੀਰੀ ਹੈ ਜਦੋਂ ਅਦਾਰੇ ਅਤੇ ਸਿਸਟਮ ਲੋਕ-ਹਿਤਾਇਸ਼ੀ ਹੋਣ। ਨਾ ਸਿਰਫ ਇਹੋ ਜਹੇ ਮਾਡਲ ਬਣਾਏ ਜਾਣ ਸਗੋਂ ਇਹਨਾਂ ਨੂੰ ਠੀਕ ਤਰਾਂ ਲਾਗੂ ਵੀ ਕੀਤਾ ਜਾਵੇ। ਵਿਕਾਸ ਦੇ ਹਰ ਪੜਾਅ ਤੇ ਨਵੇਂ ਮਾਡਲਾਂ ਦੀ ਲੋੜ ਪਵੇਗੀ। ਸਾਡਾ ਇਹ ਮਾਡਲ ਸਿਰਫ ਇਕ ਸ਼ੁਰੂਆਤੀ ਕੋਸਿ਼ਸ਼ ਹੈ।
ਅਰਥਚਾਰਾ, ਮਾਨੁੱਖੀ ਸ੍ਰਿਜਣਾਤਮਕ ਕਿਰਤ ਅਤੇ ਕੁਦਰਤੀ ਸੋਮਿਆਂ ਨੂੰ ਇਕੱਠੇ ਕਰਕੇ ਅਤੇ ਸਹੀ ਤਰੀਕੇ ਨਾਲ ਵਰਤ ਕੇ, ਕਰਿਸ਼ਮੇ ਕਰ ਸਕਣ ਦਾ ਵਰਤਾਰਾ ਹੈ। ਸੰਭਾਵਨਾਵਾਂ ਦੀ ਹੱਦ ਸਾਡੀ ਸੋਚ ਅਤੇ ਸਾਡੇ ਨਜ਼ਰੀਏ ਦੀ ਹੱਦ ਹੈ। ਵਿਸ਼ਾਲ, ਨਿਆਂਸ਼ੀਲ, ਅਤੇ ਤਰਕਸ਼ੀਲ ਸੋਚ, ਸ੍ਰਿਜਣਾਤਮਕਤਾ ਅਤੇ ਵਿਗਿਆਨਕ ਵਿਧੀਆਂ ਪੰਜਾਬ ਨੂੰ ਆਦਰਸ਼ ਸੂਬਾ ਬਣਾ ਸਕਦੇ ਹਨ। ਸੋਚ ਦਾ ਤਰਕਸ਼ੀਲ ਹੋਣਾ ਬਹੁਤ ਲਾਜ਼ਮੀ ਹੈ। ਘੜੀਆਂ ਘੜਾਈਆਂ ਵਿਚਾਰਧਾਰਾਵਾਂ ਜਿਵੇਂ ਕਿ ਨਕਸਲਵਾਦ, ਖਾਲਿਸਤਾਨਵਾਦ, ਹਿੰਦੁਤਵਾਵਾਦ ਜਾਂ ਕਥਿਤ ਧਾਰਮਿਕ ਸਿਆਸਤ, ਤੁਹਾਡੀ ਸੋਚ ਨੂੰ ਤਰਕਹੀਨ ਬਣਾਉਂਦੀਆਂ ਹਨ, ਇਸ ਲਈ ਇਹਨਾਂ ਤੋਂ ਬਚਣ ਦੀ ਲੋੜ ਹੈ। ਮੌਲਿਕ, ਨੁਕਤਾਚੀਨ ਅਤੇ ਸਿਰਜਣਾਤਮਕ ਸੋਚ ਦੇ ਆਦੀ ਬਣਨ ਦੀ ਲੋੜ ਹੈ। ਪੰਜਾਬ ਵਿਚ ਬਿਜ਼ਨਸ ਦੇ ਮੌਕੇ ਥਾਂ ਥਾਂ ਪਏ ਹਨ ਪਰ ਸੋਚ ਅਮਲੀ ਅਤੇ ਆਧੁਨਿਕ ਨਹੀਂ ਹੈ। ਮਿਸਾਲ ਵਜੋਂ ਕਣਕ ਸਾਂਭਣ ਲਈ ਆਧੁਨਿਕ ਸਾਈਲੋਜ਼ ਹੋਣੇ ਚਾਹੀਦੇ ਹਨ ਜਿਸ ਨਾਲ ਕਣਕ ਨੂੰ ਸੌਖੇ ਤਰੀਕੇ ਨਾਲ ਸਾਂਭਿਆ ਜਾ ਸਕੇ। ਜੇਕਰ ਕੋਈ ਹੋਰ ਨਹੀਂ ਤਾਂ ਇਹ ਪੰਜਾਬ ਸਰਕਾਰ ਲਈ ਹੀ ਇਕ ਚੰਗਾ ਬਿਜ਼ਾਨਸ ਹੋ ਸਕਦਾ ਸੀ। ਪਰ ਇਹ ਬਣਾਏ ਨਹੀਂ ਗਏ ਅਤੇ ਜੇਕਰ ਹੁਣ ਬਣਨ ਲਗੇ ਹਨ ਤਾਂ ਬਿਦੇਸ਼ੀ ਕੰਪਨੀਆਂ ਦੀ ਮੈਨੇਜਮੈਂਟ ਅਧੀਨ।
ਪਰ ਕਿਉਂਕਿ ਆਰਥਕਤਾ ਜਿ਼ੰਦਗੀ ਦਾ ਅਧਾਰ ਹੈ, ਜਿਸ ਨਾਲ ਹੋਰ ਸਮਸਿਆਵਾਂ ਨਜਿੱਠਣ ਲਈ ਸੋਮੇ ਅਤੇ ਸਰੋਤ ਮੁਹਈਆ ਕੀਤੇ ਜਾ ਸਕਦੇ ਹਨ, ਇਸ ਲਈ ਅਰਥਚਾਰੇ ਦੀ ਮੁੜ-ਬਹਾਲੀ ਪਹਿਲਾ ਅਤੇ ਜ਼ਰੂਰੀ ਕਦਮ ਹੈ। ਅਜੇ ਵੀ ਸਟੋਰੇਜ ਸਮਰੱਥਾ ਵਿਚ ਕੋਈ 10 ਮਿਲੀਅਨ ਟਨ ਦੀ ਕਮੀ ਹੈ।
ਅਰਥਚਾਰੇ ਨੂੰ ਲੀਹ ਤੇ ਲਿਆਉਣ ਲਈ, ਬਜਟ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈੇ। ਪੰਜਾਬ ਦਾ ਮੌਜੂਦਾ ਬਜਟ ਬਿਲਕੁਲ ਲੀਹ ਤੋਂ ਲਹਿ ਚੁੱਕਾ ਹੈ। ਬਜਟ ਦਾ 20 ਤੋਂ 25 ਪ੍ਰਤੀਸ਼ਤ ਹਿੱਸਾ ਕਰਜ਼ੇ ਦੀ ਅਦਇਗੀ ਵਿਚ ਜਾ ਰਿਹਾ ਹੈ। ਕਰਜ਼ਾ ਬਜਟੀ ਘਾਟੇ ਕਾਰਨ ਅਜੇ ਵੀ ਵਧ ਰਿਹਾ ਹੈ, ਜਿਸ ਨਾਲ ਕਰਜ਼ੇ ਦੀ ਸਰਵਿਸ ਵਿਚ ਲੱਗਾ ਬਜਟ ਦਾ ਹਿਸਾ ਵੀ ਵਧ ਰਿਹਾ ਹੈ। ਇਸ ਨਾਲ ਵਿਕਾਸ ਵਲ ਲਗਾਏ ਪੈਸੇ ਵਿਚ ਗੰਭੀਰ ਕਮੀ ਆ ਰਹੀ ਹੈ ਅਤੇ ਇਹ ਹਾਲਤ ਹੋਰ ਵੀ ਭੈੜੀ ਹੋਣ ਦੀ ਤਬੱਕੋ ਹੈ। ਬਾਕੀ ਬਚਦੇ ਬਜਟ ਨੂੰ ਵੀ ਆਪ ਮੁਹਾਰੇ ਤਰੀਕੇ ਨਾਲ ਖਰਚਿਆ ਜਾ ਰਿਹਾ ਹੈ। ਸੰਗਤ ਦਰਸ਼ਨ ਅਤੇ ਗੈਰ-ਜਿ਼ੰਮੇਦਾਰ ਸਬਸਿਡੀਜ਼ ਆਦਿ ਨਾਲ ਬਜਟ ਅਰਥਹੀਨ ਹੋ ਨਿਬੜਦਾ ਹੈ। ਬਜਟ ਨੂੰ ਦਰੁਸਤ ਕਰਨਾ ਅਤੇ ਇਸ ਅਨੁਸਾਰ ਖਰਚੇ ਕਰਨ ਦਾ ਕੰਮ ਅਤਿਅੰਤ ਜ਼ਰੂਰੀ ਹੈ। ਇਸ ਲਈ ਅਸੀਂ ਪਰੋਫੈਸਰ ਸੁਚਾ ਸਿੰਘ ਗਿੱਲ, ਜੋ ਪੰਜਾਬ ਵਿਚ ਇਕ ਨਾਮਵਰ ਅਰਥਸ਼ਾਸਤਰੀ ਹਨ, ਦੇ ਵਿਚਾਰਾਂ ਤੋਂ ਸ਼ੁਰੂ ਕਰਦੇ ਹਾਂ।
ਪਿਛੇ ਜਹੇ ਸੁੱਚਾ ਸਿੰਘ ਗਿੱਲ ਜੀ ਨੇ, ਯੂ ਟਿਊਬ ਉਤੇ ਬਜਟ ਨੂੰ ਦਰੁਸਤ ਕਰਨ ਲਈ, ਕੁੱਝ ਕੁ ਕਦਮਾਂ ਦੇ ਸੁਝਾਅ ਦਿਤੇ ਸਨ। ਉਨਾਂ ਦਾ ਪਹਿਲਾ ਸੁਝਾਅ ਸੀ ਕਿ ਟੈਕਸ ਇਕੱਠੇ ਕਰਨ ਦਾ ਕੰਮ ਦਰੁਸਤ ਕੀਤਾ ਜਾਵੇ। ਉਹਨਾਂ ਅਨੁਸਾਰ ਪੰਜਾਬ ਵਿਚ ਕੋਈ ਪੰਜ ਹਜ਼ਾਰ ਤੋਂ ਦਸ ਹਜ਼ਾਰ ਕਰੋੜ ਦੀ ਟੈਕਸ ਅਦਾਇਗੀ ਨਹੀਂ ਹੋ ਰਹੀ। ਇਹ ਪੰਜਾਬ ਦੇ ਮੌਜੂਦਾ ਕੁੱਲ ਬਜਟ ਵਿੱਚ, ਜੋ ਕੋਈ 78000 ਕਰੋੜ ਦੇ ਕਰੀਬ ਹੈ, ਦਸ ਪ੍ਰਤੀਸ਼ਤ ਦੇ ਕਰੀਬ ਵਾਧਾ ਕਰ ਸਕਦਾ ਹੈ।
ਉਹਨਾਂ ਦਾ ਦੂਜਾ ਸੁਝਾਅ ਹੈ ਕਿ ਜੋ ਘਾਟਾ ਚੁੰਗੀ ਨੂੰ ਖਤਮ ਕਰਨ ਨਾਲ ਸ਼ਹਿਰਾਂ ਦੀ ਵਿਤੀ ਆਮਦਨ ਵਿਚ ਪਿਆ ਸੀ, ਅਤੇ ਜੋ ਸੂਬੇ ਦੇ ਬਜਟ ਵਿਚੋਂ ਹੁਣ ਜਾ ਰਿਹਾ ਹੈ, ਠੀਕ ਕੀਤਾ ਜਾਣਾ ਚਾਹੀਦਾ ਹੈ। ਇਹ ਕੋਈ 2600 ਕਰੋੜ ਦੇ ਕਰੀਬ ਹੈ (ਸੁੱਚਾ ਸਿੰਘ/ ਕੰਵਰ ਸੰਧੂ ਇੰਟਰਵਿਊ)। ਜੇਕਰ ਸ਼ਹਿਰ ਜਾਇਦਾਦੀ ਟੈਕਸ ਰਾਹੀਂ ਆਪਣਾ ਖਰਚਾ ਆਪ ਚੁੱਕਣ ਤਾਂ ਸੂਬੇ ਦੇ ਬਜਟ ਵਿਚ ਬਹੁਤ ਵੱਡਾ ਵਾਧਾ ਹੋ ਜਾਂਦਾ ਹੈ।
ਤੀਜਾ ਸੁਝਾਅ ਜੋ ਉਹਨਾਂ ਨੇ ਦਿਤਾ ਹੈ ਉਹ ਹੈ ਮੁਫਤ ਬਿਜਲੀ ਦਾ ਤਰਕੀਕਰਨ ਕਰਨਾ। ਇਹ ਬਿਜਲੀ-ਮੁਆਫੀ ਹੁਣ ਵੱਡੇ ਜਿ਼ੰਮੀਦਾਰਾਂ ਦੀ ਹੀ ਮਦਦ ਕਰਦੀ ਹੈ ਜਿਹਨਾਂ ਨੂੰ ਇਸ ਦੀ ਲੋੜ ਨਹੀਂ। ਇਕ ਗੱਲ ਜੋ ਐਸ ਐਸ ਜੌਹਲ ਹੋਰਾਂ ਨੇ ਯੂ ਟਿਊਬ ਉਤੇ ਕਹੀ ਹੈ, ਉਹ ਵੀ ਬਹੁਤ ਮਹਤਵਪੂਰਨ ਹੈ ਇਸ ਸੰਦਰਭ ਵਿਚ। ਉਹਨਾਂ ਦਸਿਆ ਕਿ ਮੁਫਤ ਬਿਜਲੀ ਕਾਰਨ ਫਸਲ ਦੇ ਮੁੱਲ ਦਾ ਨਿਰਣਾ ਘੱਟ ਕੀਤਾ ਜਾਂਦਾ ਹੈ ਅਤੇ ਇਸ ਨਾਲ ਮੁਫਤ ਬਿਜਲੀ ਦਾ ਫਾਇਦਾ ਕਿਸਾਨ ਦੇ ਹੱਥੋਂ ਨਿਕਲ ਕੇ ਭਾਰਤ ਦੇ ਖਪਤਕਾਰਾਂ ਨੂੰ ਹੋ ਜਾਂਦਾ ਹੈ। ਇਸ ਲਈ ਮੁਫਤ ਬਿਜਲੀ ਦਾ ਪੰਜਾਬ ਦੇ ਕਿਸਾਨਾਂ ਨੂੰ ਅਤੇ ਖਾਸ ਕਰ ਛੋਟੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਪਰ ਇਸਦਾ ਪੰਜਾਬ ਦੇ ਬਜਟ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਨੂੰ ਖਤਮ ਕਰਨ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਕੋਈ 6000 ਕਰੌੜ ਰੁਪਏ ਬਣਦੇ ਹਨ ਜੋ ਕਿਸਾਨਾਂ ਦੀ ਮਦਦ ਲਈ ਕਿਸੇ ਹੋਰ ਤਰੀਕੇ ਨਾਲ ਵਰਤੇ ਜਾ ਸਕਦੇ ਹਨ। ਇਕ ਰਾਹ ਇਹ ਵੀ ਹੋ ਸਕਦਾ ਹੈ ਕਿ ਇਹ 6000 ਕਰੋੜ ਰੁਪਏ ਪਾਣੀ ਦੀ ਸਤਹ ਡਿਗਣ ਤੋਂ ਬਚਾਉਣ ਲਈ ਵਰਤਿਆ ਜਾਵੇ ਤਾਂ ਕਾਸ਼ਤਕਾਰੀ ਨੂੰ ਬਹੁਤ ਲਾਭ ਹੋ ਸਕਦਾ ਹੈ।
ਜ਼ਮੀਨ ਹੇਠਲੇ ਪਾਣੀ ਦੀ ਸਤਹ ਕਿਉਂ ਡਿਗ ਰਹੀ ਹੈ ਅਤੇ ਇਸ ਨੂੰ ਕਿਵੇਂ ਰੋਕਣਾ ਹੈ, ਇਸ ਬਾਰੇ ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਦੀ ਸਲਾਹ ਲਈ ਜਾਵੇ ਅਤੇ ਕੋਈ ਪਲੈਨ ਬਣਾਈ ਜਾਵੇ। ਇਸ ਦਾ ਇਲਾਜ ਕਰਨ ਲਈ ਝੋਨੇ ਹੇਠ ਜ਼ਮੀਨ ਨੂੰ ਘੱਟ ਕਰਨਾ, ਮੀਂਹ ਦੇ ਪਾਣੀ ਨੂੰ ਸਾਂਭਣਾ, ਪੰਜਾਬ ਵਿਚ ਡਰਿਪ ਇਰੀਗੇਸ਼ਨ ਨੂੰ ਫੈਲਾਉਣਾ ਆਦਿ ਕੁੱਝ ਕੁ ਕਦਮ ਹਨ ਜੋ ਇਸ ਸਮੱਸਿਆ ਦੇ ਹੱਲ ਵਲ ਜਾ ਸਕਦੇ ਹਨ। ਇਸ ਲਈ ਬਿਜਲੀ ਦੀ ਸਬਸਿਡੀ ਨੂੰ ਖਤਮ ਕਰਨ ਨਾਲ ਬਚਿਆ ਟੈਕਸ ਇਹੋ ਜਹੀ ਪਲੈਨ ਉਤੇ ਲਾਇਆ ਜਾ ਸਕਦਾ ਹੈ। ਇਸ ਨਾਲ ਪਾਣੀ ਦੀ ਕਮੀ ਵੀ ਘੱਟ ਹੋਵੇਗੀ ਅਤੇ ਡਿਗ ਰਹੇ ਪਾਣੀ ਦੀ ਸਤਹ ਨਾਲ ਹੋਣ ਵਾਲੇ ਅਤਿ ਗੰਭੀਰ ਸੰਭਾਵੀ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਜੇਕਰ ਪਾਣੀ ਇੰਜ ਡਿਗਦਾ ਰਿਹਾ ਤਾਂ ਪੰਜਾਬ ਮਾਰੂਥਲ ਬਣ ਸਕਦਾ ਹੈ। ਮੁਫਤ ਬਿਜਲੀ ਦੇਣੀ ਬੰਦ ਕਰਨ ਨਾਲ ਕਿਸਾਨਾਂ ਨੂੰ ਕੋਈ ਘਾਟਾ ਨਹੀਂ ਪਵੇਗਾ ਕਿਉਂਕਿ ਬਿਜਲੀ ਦਾ ਖਰਚਾ ਪੈਦਾਵਾਰ ਦੇ ਮੁਲਾਂਕਣ ਵਿਚ ਗਿਣੇ ਜਾਣ ਨਾਲ ਉਹਨਾਂ ਦੀ ਪੈਦਾਵਾਰ ਦਾ ਮੁੱਲ ਵਧ ਜਾਵੇਗਾ।
ਹੋਰ ਕਈ ਫਜ਼ੂਲ-ਖਰਚੀ ਵਾਲੀਆਂ ਮਾਲੀ ਮਦਦਾਂ (ੁੰਬਸਦਿਇਸ) ਅਤੇ ਸੰਗਤ ਦਰਸ਼ਨ ਦੀ ਭ੍ਰਸ਼ਟ ਕ੍ਰਿਆ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਬਜਟ ਵਿੱਚੋਂ ਵੋਟਾਂ ਲੈਣ ਲਈ ਪੈਸੇ ਦੀ ਇਹ ਵਰਤੋਂ ਗੈਰ-ਕਾਨੂੰਨੀ ਕਰਾਰ ਦਿੱਤੀ ਜਾਣੀ ਚਾਹੀਦੀ ਹੈ। ਪਿੰਡਾਂ ਨੂੰ ਮਿਲਣ ਵਾਲਾ ਪੈਸਾ ਸਿਆਸਤ-ਮੁਕਤ ਅਤੇ ਯੋਜਨਾ-ਅਨੁਸਾਰ ਹੋਣਾ ਚਾਹੀਦਾ ਹੈ। ਅਨਪੜ੍ਹ ਲੋਕਾਂ ਦੇ ਦਰਸ਼ਨ ਕਰਕੇ ਭਾਵੇਂ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਵੋਟਾਂ ਲੈਣ ਵਿਚ ਕਾਫੀ ਕਾਮਯਾਬ ਹੁੰਦੇ ਰਹੇ ਹਨ ਪਰ ਇਸ ਪਬਲਿਕ ਦੇ ਪੈਸੇ ਨੂੰ ਵੋਟਾਂ ਲੈਣ ਲਈ ਇੰਜ ਵਰਤਣਾ ਗੈਰਸਦਾਚਾਰਕ ਹੈ ਅਤੇ ਇਸਨੂੰ ਗੈਰ-ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ। ਇਹ ਸਾਫ ਜ਼ਾਹਰ ਹੈ ਕਿ ਬਜਟ ਨੂੰ ਖਰਾਬ ਕਰਕੇ, ਵੋਟਾਂ ਲੈਣ ਦੀ ਕੋਸ਼ਸ਼ ਕਰਨੀ, ਪੰਜਾਬੀ ਲੋਕਾਂ ਨਾਲ ਹੇਰਾਫੇਰੀ ਹੈ।
ਕਈ ਹੋਰ ਸਬਸਿਡੀਆਂ, ਜਿਵੇਂ ਕਿ ਤੀਰਥ ਦਰਸ਼ਨ ਆਦਿ, ਅਜਿਹੀਆਂ ਮਾਲੀ ਇਮਦਾਦਾਂ ਹਨ ਜਿਹਨਾਂ ਦੀ ਲੋੜ ਨਹੀਂ। ਮੇਰਾ ਖਿਆਲ ਹੈ ਕਿ ਸੱਭ ਸਬਸਿਡੀਜ਼ ਬੰਦ ਕਰਕੇ, ਘੱਟ ਆਮਦਨ ਵਾਲੇ ਲੋਕਾਂ ਨੂੰ ਸਿਧੀ ਮਾਇਕ ਮਦਦ ਉਹਨਾਂ ਦੇ ਖਾਤੇ ਵਿਚ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ। ਇਹ ਸਿੱਧੀ ਮਦਦ ਮੁਹਈਆ ਕਰਨੀ ਸੌਖੀ ਹੋਵੇਗੀ ਅਤੇ ਸਰਕਾਰ ਲਈ ਸਸਤੀ ਪਵੇਗੀ। ਰੋਜ਼ ਨਵੀ ਸਬਸਿਡੀ ਦਾ ਐਲਾਨ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਸ਼ ਅਣਸਦਾਚਾਰਕ ਕੰਮ ਹੈ ਜਦੋਂ ਕਿ ਬਜਟ ਤਬਾਹ ਕਰਕੇ ਤੁਸੀਂ ਉਹਨਾਂ ਲੋਕਾਂ ਨੂੰ ਮਜਬੂਰ ਅਤੇ ਵਿਚਾਰੇ ਬਣਾ ਰਹੇ ਹੋ। ਬਜਟ ਦੇ ਸਤਿਆਨਾਸ ਨਾਲ, ਲੋਕਾਂ ਨੂੰ ਪਹਿਲਾਂ ਗਰੀਬ ਕਰਕੇ ਫਿਰ ਮਦਦ ਦੇਣੀ ਅਸਲ ਵਿਭਚਾਰ ਹੈ।
ਵੀ ਆਈ ਪੀ ਦੇ ਫਜ਼ੂਲ ਖਰਚੇ
ਅਖਾਉਤੀ ਵੀ ਆਈ ਪੀ ਜਾਂ ਬਹੁਤ ਮਹੱਤਵਪੂਰਨ ਵਿਅਕਤੀ ਮਹਤਵਪੂਰਨ ਬਿਲਕੁਲ ਨਹੀਂ ਹਨ। ਜੋ ਸਿਆਸੀ ਵਿਅਕਤੀ ਜਾਂ ਅਫਸਰ ਆਪਣੇ ਆਪ ਨੂੰ ਵੀ ਆਈ ਪੀ ਸਮਝਦੇ ਹਨ, ਅਸਲ ਵਿਚ ਪਬਲਿਕ ਦੇ ਸੇਵਾਦਾਰ ਹਨ। ਪਬਲਿਕ ਦੇ ਸੇਵਾਦਾਰਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਪੈਣੀ ਚਾਹੀਦੀ ਜੇਕਰ ਉਹ ਈਮਾਨਦਾਰੀ ਨਾਲ ਪਬਲਿਕ ਦੀ ਸੇਵਾ ਕਰਦੇ ਹੋਣ। ਜੇਕਰ ਕੁੱਝ ਬੰਦਿਆਂ ਨੂੰ ਸੁਰੱਖਿਆ ਦੇਣੀ ਵੀ ਹੈ ਤਾਂ ਉਹ ਇਕ ਦੋ ਬਾਡੀ ਗਾਰਡਾਂ ਤੋਂ ਵੱਧ ਨਹੀਂ ਚਾਹੀਦੀ। ਜੋ ਪੈਸਾ ਅੱਜ ਕੱਲ ਇਹਨਾਂ ਦੀ ਸੁਰੱਖਿਆ ਤੇ ਬਰਬਾਦ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਫਜ਼ੂਲ-ਖਰਚੀ ਹੈ। ਗੱਲ ਇਥੋਂ ਤੱਕ ਵਿਗੜ ਚੁੱਕੀ ਹੈ ਕਿ ਇਹਨਾਂ ਦੇ ਬਿਦੇਸ਼ਾਂ ਵਿਚੋਂ ਆਏ ਦੋਸਤਾਂ ਨੂੰ ਵੀ ਬਹੁਤ ਸਾਰਾ ਸਕਿਉਰਿਟੀ ਸਟਾਫ ਦਿੱਤਾ ਜਾਂਦਾ ਹੈ ਜਦੋਂ ਕਿ ਉਹ ਸਰਕਾਰੀ ਬੰਦੇ ਵੀ ਨਹੀਂ ਹਨ ਅਤੇ ਬਿਦੇਸ਼ੀ ਮੁਲਕਾਂ ਵਿਚ ਉਹ ਬਿਨਾ ਕਿਸੇ ਕਿਸਮ ਦੀ ਸੁਰੱਖਿਆ ਦੇ ਘੁੰਮਦੇ ਹਨ। ਜਦੋਂ ਪੰਜਾਬ ਉਤੇ ਅਤਿਅੰਤ ਕਰਜ਼ਾ ਚੜ੍ਹ ਰਿਹਾ ਹੈ, ਇਹ ਲੋਕ ਬੁਲਿਟ-ਪਰੂਫ ਗੱਡੀਆਂ ਦੇ ਦਸਤੇ ਲੈ ਕੇ ਘੁੰਮਦੇ ਹਨ ਅਤੇ ਹਰ ਦੂਜੇ ਚੌਥੇ ਸਾਲ ਇਹ ਗੱਡੀਆਂ ਬਦਲਦੇ ਹਨ। ਇਹ ਆਪਣੇ ਆਪ ਨੂੰ ਇਸ ਲਈ ਲੁਕਾਉਂਦੇ ਹਨ ਕਿਉਂਕਿ ਇਹ ਪਬਲਿਕ ਨਾਲ ਬਦਸਲੂਕੀ ਅਤੇ ਭ੍ਰਸ਼ਟਾਚਾਰਕ ਕਰਮ ਕਰਦੇ ਹਨ।
ਸੋ ਜੇਕਰ ਜਾਇਦਾਦੀ ਟੈਕਸਾਂ ਰਾਹੀਂ ਸ਼ਹਿਰਾਂ ਨੂੰ ਆਤਮ-ਨਿਰਭਰ ਕਰ ਦਿੱਤਾ ਜਾਵੇ, ਬਿਜਲੀ ਦੀ ਸਬਸਿਡੀ ਖਤਮ ਕਰ ਦਿੱਤੀ ਜਾਵੇ, ਟੈਕਸ ਵਸੂਲਣ ਨੂੰ ਦਰੁਸਤ ਕਰ ਲਿਆ ਜਾਵੇ ਅਤੇ ਫਜ਼ੂਲ-ਖਰਚੀ ਬੰਦ ਕਰ ਦਿਤੀ ਜਾਵੇ ਤਾਂ ਕੋਈ 20,000 ਕਰੌੜ ਰੁਪਿਆ ਪੰਜਾਬ ਦੇ ਬਜਟ ਵਿਚ ਵਾਧੂ ਆ ਜਾਂਦਾ ਹੈ। ਮੌਜੂਦਾ ਬਜਟ ਵਿਚ ਕੋਈ 31000 ਕਰੋੜ ਕਰਜ਼ ਤੇ ਲਏ ਗਏ ਪੈਸੇ ਹਨ। ਅਸਲ ਗੱਲ ਹੈ ਕਿ ਜੇਕਰ ਉਪਰੋਕਤ ਸੁਧਾਰ ਕਰ ਦਿਤੇ ਜਾਣ ਤਾਂ ਬਜਟ ਸੰਤੁਲਤ ਜਾਂ ਬੈਲੈਂਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸ ਨਾਲ ਕਰਜ਼ਾ ਚੜ੍ਹਨ ਦੀ ਦਰ ਘਟ ਹੋਣੀ ਸ਼ੁਰੂ ਹੋ ਜਾਵੇਗੀ। ਇਹ ਗੱਲ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਵਰਗੇ ਲੋਕਾਂ ਉਤੇ ਛੱਡਣੀ ਚਾਹੀਦੀ ਹੈ ਕਿ ਉਪਲੱਭਤ ਸੋਮਿਆਂ ਦੀ ਉਚਿਤਮ ਵੰਡ (ੌਪਟਮਿੁਮ ਅਲਲੋਚਅਟੋਿਨ) ਕਿਵੇਂ ਹੋ ਸਕਦੀ ਹੈ। ਕਰਜ਼ਾ ਅਤੇ ਬਜਟੀ ਘਾਟਾ ਅਰਥਸ਼ਾਸਤਰੀਆਂ ਦੀ ਸਲਾਹ ਨਾਲ ਸਾਵਧਾਨ ਹੋ ਕੇ ਸਹੀ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ ਹੈ।
ਬਜਟ ਅਤੇ ਪੰਜਾਬ ਦਾ ਆਰਥਕ ਭਵਿੱਖ
ਬਜਟ ਮੌਜੂਦਾ ਸਰੋਤਾਂ ਦੀ ਉਚਿਤਮ ਵਰਤੋਂ ਲਈ ਬਣਾਇਆ ਜਾਂਦਾ ਹੈ। ਇਹ ਸਾਨੂੰ ਕਲਪਿਤ ਭਵਿਖ ਪੈਦਾ ਕਰਨ ਲਈ ਜ਼ਰੂਰੀ ਸਰਮਾਇਆ ਮੁਹੱਈਆ ਕਰਨ ਵਿਚ ਮਦਦਗਾਰ ਹੋ ਸਕਦਾ ਹੈ। ਅਤੇ ਇਹ ਸਿਰਫ ਮਾਹਿਰ ਲੋਕ ਹੀ ਬਣਾ ਸਕਦੇ ਹਨ। ਬਜਟ ਨੂੰ ਠੀਕ ਕਰਕੇ ਪੰਜਾਬ ਦੇ ਵਿਕਾਸ ਦੀ ਪਲੈਨ ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਖੇਤਰਾਂ ਵਿਚ ਆਰਥਕ ਸੋਮੇ ਨਿਵੇਸ਼ ਕੀਤੇ ਜਾਣੇ ਚਾਹੀਦੇ ਹਨ ਜੋ ਨਾ ਸਿਰਫ ਬਰਕਰਾਰੀਯੋਗ ਵਿਕਾਸ ਪੈਦਾ ਕਰਨ ਸਗੋਂ ਇਤਹਾਸਕ ਦਿਸ਼ਾਵ਼ਾਂ ਨਾਲ ਮੇਲ ਵੀ ਖਾਂਦੇ ਹੋਣ।
ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਕੋਲ ਭਵਿਖ ਦਾ ਕੋਈ ਦਰਸ਼ਨ ਜਾਂ ਨਕਸ਼ਾ ਹੋਵੇ। ਇਸ ਲਈ ਸਾਨੂੰ ਜਾਨਣ ਦੀ ਲੋੜ ਹੈ ਕਿ ਅਸੀਂ ਇਤਹਾਸ ਦੇ ਕਿਸ ਪੜਾਅ ਵਿਚੋਂ ਲੰਘ ਰਹੇ ਹਾਂ। ਆਉ ਦੇਖੀਏ:
ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਖੇਤੀ ਪ੍ਰਧਾਨ ਅਰਥਚਾਰੇ ਵਿਚੋਂ ਬਾਹਰ ਨਿਕਲ ਰਿਹਾ ਹੈ ਅਤੇ ਸਨਅਤੀ ਅਤੇ ਉਤਰ-ਸਨਅਤੀ ਸਭਿਅਤਾਵਾਂ ਵਿਚ ਦਾਖਲ ਹੋ ਰਿਹਾ ਹੈ। ਹੁਣ ਇਸ ਤਬਦੀਲੀ ਨੂੰ ਮੈਨੇਜ ਕਰਨ ਦੀ ਲੋੜ ਹੈ। ਵਿਕਸਤ ਮੁਲਕਾਂ ਵਿਚ ਕੋਈ ਦੋ ਜਾਂ ਤਿੰਨ ਕੁ ਪ੍ਰਤੀਸ਼ਤ ਲੋਕ ਖੇਤੀ ਵਿਚ ਕੰਮ ਕਰਦੇ ਹਨ। ਪੰਜਾਬ ਵੀ ਇਹੋ ਜਹੇ ਭਵਿਖ ਵਲ ਵਧ ਰਿਹਾ ਹੈ। ਇਸ ਦਾ ਮਤਲਬ ਹੈ ਕਿ 97 ਪ੍ਰਤੀਸ਼ਤ ਲੋਕਾਂ ਨੂੰ ਖੇਤੀਬਾੜੀ ਤੋਂ ਬਾਹਰ ਕੰਮ ਕਰਨਾ ਪਵੇਗਾ ਅਤੇ ਜੇਕਰ ਉਹ ਅਜਿਹਾ ਕੰਮ ਨਾ ਲੱਭ ਸਕੇ ਤਾਂ ਉਹ ਵੇਹਲੇ ਰਹਿਣਗੇ ਅਤੇ ਗਰੀਬੀ ਦਾ ਸਿ਼ਕਾਰ ਹੋਣਗੇ। ਜੇਕਰ ਪੰਜਾਬੀ ਲੋਕ ਸਨਅਤੀ ਅਰਥਚਾਰੇ ਵਲ ਵਧਣ ਨੂੰ ਇਸ ਦਾ ਹੱਲ ਸਮਝਦੇ ਹਨ ਤਾਂ ਇਹ ਵੀ ਕੋਈ ਸੌਖਾ ਹੱਲ ਨਹੀਂ ਹੈ। ਇਕ ਤਾਂ ਉਤਪਾਦਕ ਸਨਅਤ (ੰਅਨੁਾਅਚਟੁਰਨਿਗ ਨਿਦੁਸਟਰੇ) ਪੰਜਾਬ ਵਿਚ ਬੜੀ ਘੱਟ ਹੈ ਅਤੇ ਹੋਰ ਫੈਕਟਰੀਆਂ ਵਗੈਰਾ ਲੱਗਣ ਦੀ ਇੱਕ ਦਮ ਕੋਈ ਸੰਭਾਵਨਾ ਨਹੀਂ ਦਿਸਦੀ। ਉਂਜ ਵੀ ਸਨਅਤ ਵਿਚ ਵੀ, ਪਛੱਮੀ ਮੁਲਕਾਂ ਵਿੱਚ ਹੁਣ ਸਿਰਫ ਕੋਈ 20 ਫੀ ਸਦੀ ਲੋਕ ਕੰਮ ਕਰਦੇ ਹਨ। ਇਹ ਦਰ ਵੀ ਬੜੀ ਤੇਜ਼ੀ ਨਾਲ ਘਟ ਰਹੀ ਹੈ। ਨਤੀਜਾ ਇਹ ਹੋਵੇਗਾ ਕਿ ਸਨਅਤ ਵਿਚ ਵੀ, ਖੇਤੀਬਾੜੀ ਵਾਂਗ, ਦੋ ਚਾਰ ਪ੍ਰਤੀਸ਼ਤ ਲੋਕ ਹੀ ਕੰਮ ਲੱਭ ਸਕਣਗੇ। ਸੋ ਇਹ ਰਾਹ ਵੀ ਲੰਬੇ ਸਮੇ ਲਈ ਬਹੁਤਾ ਸੁਰੱਖਿਅਤ ਨਹੀਂ ਹੈ। ਪਰ ਇਸ ਵਿਚ ਵਕਤੀ ਤੌਰ ਤੇ ਪੰਜਾਬ ਲਈ ਸੰਭਾਵਨਾਵਾਂ ਵੀ ਹਨ ਅਤੇ ਇਹ ਜ਼ਰੂਰੀ ਵੀ ਹੈ। ਇਕ ਤਾਂ ਭਾਰਤ ਦੇ ਅੰਦਰ ਪੰਜਾਬ ਵਿਚ ਬਣੀਆਂ ਚੀਜ਼ਾਂ ਲਈ ਕਾਫੀ ਵੱਡੀ ਮੰਡੀ ਹੈ। ਪਰ ਪੰਜਾਬ ਵਿਚ ਮਜ਼ਦੂਰੀ ਸੰਸਾਰ ਪਧਰ ਨਾਲੋਂ ਸਸਤੀ ਹੋਣ ਕਰਕੇ ਇਥੇ ਦਾ ਸਮਾਨ ਬਿਦੇਸ਼ੀ ਮੰਡੀਆਂ ਵਿਚ ਵੀ ਵੇਚਿਆ ਜਾ ਸਕਦਾ ਹੈ। ਕੁੱਝ ਖੇਤਰ ਅਜਿਹੇ ਹਨ ਜਿਹਨਾਂ ਵਿਚ ਪੰਜਾਬ ਨੂੰ ਮੁਕਬਲਤਨ ਸੁਵਿਧਾ ਹੈ। ਇਸ ਮੁੱਦੇ ਵਿਚ ਕੁੱਝ ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਦੇ ਸੁਝਾਅ ਹਨ ਅਤੇ ਕੁੱਝ ਮੇਰੇ ਆਪਣੇ।
ਡਾਕਟਰ ਸੁੱਚਾ ਸਿੰਘ ਨੇ ਕਿਹਾ ਸੀ ਕਿ ਪੰਜਾਬ ਨੂੰ ਫੂਡ ਪਰਾਸੈਸ ਕਰਨੇ ਚਾਹੀਦੇ ਹਨ। ਕਣਕ, ਮੱਕੀ ਆਦਿ ਫਸਲਾਂ ਨੂੰ ਪਰਾਸੈਸ ਕਰਕੇ ਪੰਦਰਾਂ ਵੀਹ ਕਿਸਮ ਦੇ ਭੋਜਨ ਬਣਾਏ ਜਾ ਸਕਦੇ ਹਨ, ਜੋ ਪੰਜਾਬ ਅਤੇ ਭਾਰਤ ਦੇ ਨਾਲ ਨਾਲ ਬਿਦੇਸ਼ਾਂ ਵਿਚ ਵੀ ਵੇਚੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਪਦਾਰਥ ਬਰੈਂਡਡ ਕੀਤੇ ਜਾਣੇ ਚਾਹੀਦੇ ਹਨ ਭਾਵ ਕਿ ਇਹ ਨਾਮਵਰ ਹੋਣੇ ਚਾਹੀਦੇ ਹਨ ਜਿਵੇਂ ਕਿ ਵੇਰਕਾ ਦਾ ਦੁੱਧ ਹੈ।
ਮੇਰਾ ਖਿਆਲ ਹੈ ਕਿ ਕਣਕ ਅਤੇ ਮੱਕੀ ਨਾਲ ਬਰੈਕਫਾਸਟ ਸੀਰੀਅਲ ਸੌਖੇ ਬਣਾਏ ਜਾ ਸਕਦੇ ਹਨ। ਭੋਜਨ ਐਂਜਨੀਅਰ ਹੋਰ ਬਹੁਤ ਕੁੱਝ ਬਣਾਉਣ ਬਾਰੇ ਦੱਸ ਸਕਦੇ ਹਨ। ਕੁੱਝ ਸਬਜ਼ੀਆਂ ਆਦਿ ਦੀ ਕੈਂਨਿੰਗ ਜਾਂ ਡੱਬਾਬੰਦੀ ਹੋ ਸਕਦੀ ਹੈ ਅਤੇ ਬਿਦੇਸ਼ੀ ਪੰਜਾਬੀਆਂ ਨੂੰ ਸਪਲਾਈ ਕੀਤੀ ਜਾ ਸਕਦੀ ਹੈ। ਕੜਬ, ਪਰਾਲੀ, ਝੋਨੇ ਦੀ ਪਰਾਲੀ ਅਤੇ ਕਮਾਦ ਦੀਆਂ ਗੁੱਲੀਆਂ ਆਦਿ ਤੋਂ ਇਮਾਰਤੀ ਬੋਰਡ ਜਾਂ ਥੈਲੇ ਵਗੈਰਾ ਬਣਾਏ ਜਾ ਸਕਦੇ ਹਨ ਜੋ ਪਲਾਸਟਿਕ ਨਾਲੋਂ ਬੇਹਤਰ ਹੋਣਗੇ। ਇਵੇਂ ਹੀ ਇਹਨਾਂ ਵਾਧੂ ਪਦਾਰਥਾਂ ਤੋਂ ਪਸ਼ੂਆਂ ਲਈ ਚਾਰਾ ਵਗੈਰਾ ਬਣਾਇਆ ਜਾ ਸਕਦਾ ਹੈ। ਪਰ ਇਸ ਖੇਤਰ ਵਿਚ ਭੋਜਨ ਐਂਜਨੀਅਰ ਅਤੇ ਵਿਗਿਆਨੀਆਂ ਨੂੰ ਕੰਮ ਤੇ ਲਾਉਣਾ ਚਾਹੀਦਾ ਹੈ। ਉਹ ਕਈ ਹੋਰ ਕਿਸਮ ਦੀ ਫੂਡ ਪਰਾਸੈਸਿੰਗ ਦੇ ਰਾਹ ਅਤੇ ਤਰੀਕੇ ਦੱਸ ਸਕਦੇ ਹਨ। ਫੂਡ ਪਰਾਸੈਸਿੰਗ ਤਕਨਾਲੋਜੀ ਨੂੰ ਉਤਪਾਦਨ ਵਿਚ ਬਦਲਣ ਲਈ ਸਰਕਾਰ ਨੂੰ ਤਰੀਕੇ ਪੈਦਾ ਕਰਨੇ ਚਾਹੀਦੇ ਹਨ।
ਇਸ ਖੇਤਰ ਵਿਚ ਸੰਸਾਰ ਪੱਧਰ ਦੇ ਪਦਾਰਥ ਪੈਦਾ ਕਰਕੇ ਸੰਸਾਰ ਪੱਧਰ ਦੇ ਬਰੈਂਡ ਨਾਮ ਪੈਦਾ ਕੀਤੇ ਜਾ ਸਕਦੇ ਹਨ। ਅਜਿਹੇ ਪਦਾਰਥਾਂ ਨੂੰ ਬਿਦੇਸ਼ ਵਿਚ ਵੇਚਣ ਲਈ, ਪੰਜਾਬ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਇਕ ਅੰਤਰਰਾਸ਼ਟਰੀ ਟਰੇਡ ਵਿਭਾਗ ਬਣਾਉਣਾ ਚਾਹੀਦਾ ਹੈ ਜੋ ਪੰਜਾਬ ਵਿਚ ਬਣੇ ਪਦਾਰਥਾਂ ਦੀ ਮਾਰਕਟਿੰਗ ਵਿਚ ਮਦਦ ਕਰੇ।
ਡਾ: ਗਿੱਲ ਨੇ ਬਿਦੇਸ਼ ਵਿਚ ਰਹਿੰਦੇ ਪੰਜਾਬੀਆਂ ਨੂੰ ਪੰਜਾਬ ਵਿਚ ਪੈਸਾ ਲਾਉਣ ਲਈ ਪ੍ਰੇਰਿਤ ਕਰਨ ਬਾਰੇ ਵੀ ਗੱਲ ਕੀੱਤੀ ਸੀ। ਪਰਵਾਸੀ ਪੰਜਾਬੀ ਹੋਣ ਦੇ ਨਾਤੇ, ਮੈਂ ਸਮਝਦਾ ਹਾਂ ਕਿ ਇਹ ਖੇਤਰ ਪੰਜਾਬ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ। ਮੇਰੇ ਕੁੱਝ ਸੁਝਾਅ ਹਨ ਇਸ ਬਾਰੇ।
ਮੇਰੇ ਵਿਚਾਰ ਵਿਚ, ਬਿਦੇਸ਼ੀ ਪੰਜਾਬੀਆਂ ਦੇ ਪੈਸੇ ਨੂੰ ਦੋ ਤਰੀਕਿਆਂ ਨਾਲ ਆਕਰਸ਼ਤ ਕੀਤਾ ਜਾ ਸਕਦਾ ਹੈ। ਇਕ ਖਪਤਕਾਰਾਂ ਦੇ ਤੌਰ ਤੇ ਅਤੇ ਦੂਜਾ ਪੂੰਜੀ ਨਿਵੇਸ਼ਕਾਂ ਦੇ ਤੌਰ ਤੇ।
ਬਿਦੇਸ਼ੀ ਪੰਜਾਬੀਆਂ ਲਈ ਸੁਵਿਧਾਵਾਂ ਦੀ ਸਨਅਤ
ਬਿਦੇਸ਼ੀ ਪੰਜਾਬੀਆਂ ਦੇ ਪੈਸੇ ਨੂੰ ਆਕਰਸ਼ਤ ਕਰਨ ਲਈ ਹੇਠ ਲਿਖੀਆਂ ਸੁਵਿਧਾਵਾ ਮੁਹਈਆ ਕੀਤੀਆਂ ਜਾ ਸਕਦੀਆਂ ਹਨ:
ਮੈਡੀਕਲ ਟੂਰਿਜ਼ਮ ਜਾਂ ਇਲਾਜ ਲਈ ਯਾਤਰਾ
ਬਹੁਤ ਸਾਰੇ ਲੋਕ ਅੱਜ ਕੱਲ ਇਲਾਜ ਲਈ ਬਿਦੇਸ਼ਾਂ ਵਿਚ ਜਾਂਦੇ ਹਨ। ਘੱਟ ਵਿਕਸਤ ਮੁਲਕਾਂ ਦੇ ਅਮੀਰ ਲੋਕ ਵਿਕਸਤ ਮੁਲਕਾਂ ਨੂੰ ਜਾਂਦੇ ਹਨ ਕਿਉਂਕਿ ਉਥੇ ਇਲਾਜ ਦੇ ਮਿਆਰ ਬੇਹਤਰ ਹਨ। ਪਰ ਵਿਕਸਤ ਮੁਲਕਾਂ ਵਿਚੋਂ ਬਹੁਤ ਸਾਰੇ ਲੋਕ ਘੱਟ ਵਿਕਸਤ ਮੁਲਕਾਂ ਨੂੰ ਆਉਂਦੇ ਹਨ ਕਿਉਂਕਿ ਇਥੇ ਇਲਾਜ ਸਸਤਾ ਹੈ। ਇਹ ਖੇਤਰ 30 ਪ੍ਰਤੀਸ਼ਤ ਦਰ ਨਾਲ ਵਿਕਸਤ ਹੋ ਰਿਹਾ ਹੈ। ਭਾਰਤ ਵਿਚ ਇਹ ਪਹਿਲਾਂ ਹੀ ਕੋਈ ਦੋ ਬਿਲੀਅਨ ਡਾਲਰ ( ਕੋਈ ਦਸ ਹਜ਼ਾਰ ਕਰੋੜ ਰੁਪਏ) ਦੀ ਸਨਅਤ ਬਣ ਚੁੱਕਾ ਹੈ ਅਤੇ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਨੂੰ ਇਸ ਵਿਚ ਬੜੀ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਪੰਜਾਬ ਵਿਚ ਇਸਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ। ਜਾਲੰਧਰ, ਫਗਵਾੜੇ ਅਤੇ ਲੁਧਿਆਣੇ ਵਿਚ ਕੁੱਝ ਕਲਿਨਿਕ ਸ਼ੁਰੂ ਕੀਤੇ ਗਏ ਹਨ ਜੋ ਬਿਦੇਸ਼ੀ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ।
ਮਿਸਾਲ ਵਜੋਂ ਕੈਨੇਡਾ ਅਤੇ ਹੋਰ ਪੱਛਮੀ ਮੁਲਕਾਂ ਵਿਚ ਦੰਦ ਠੀਕ ਕਰਵਾਉਣ ਦਾ ਕੰਮ ਬਹੁਤ ਮਹਿੰਗਾ ਹੈ। ਪੰਜਾਬ ਵਿੱਚ ਇਹ ਬਹੁਤ ਸਸਤਾ ਹੈ। ਇਵੇਂ ਹੀ ਅੱਖਾਂ ਦੇ ਅਤੇ ਸੰਤਾਨਹੀਨਤਾ ਦੇ ਇਲਾਜ ਦੇ ਕਲਿਨਿਕ ਜਾਲੰਧਰ ਅਤੇ ਲੁਧਿਆਣੇ ਵਿਚ ਖੁੱਲ ਰਹੇ ਹਨ ਜੋ ਬਿਦੇਸ਼ੀ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ। ਇਹ ਰੌਅ ਹੋਰ ਬਹੁਤ ਵਧਾਇਆ ਜਾਣਾ ਚਾਹੀਦਾ ਹੈ। ਇਸ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਬਿਦੇਸ਼ੀ ਮੁਦਰਾ ਆਵੇਗੀ। ਇਸ ਖੇਤਰ ਵਿਚ ਸੁਹਪਣ ਵਧਾਉਣ ਵਾਲੀ ਸਰਜਰੀ, ਭਾਰ ਘਟਾਉਣ ਵਾਲੇ ਕਲਿਨਿਕ, ਮਨੋਵਿਗਿਆਨਕ ਮਸ਼ਵਰਾਕਾਰੀ ਆਦਿ ਕਈ ਕਿਸਮ ਦੇ ਬਿਜ਼ਨਸ ਖ੍ਹੋਲੇ ਜਾ ਸਕਦੇ ਹਨ।
ਇਸ ਖੇਤਰ ਨੂੰ ਵਧਾਉਣ ਲਈ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਸਰਕਾਰੀ ਮਦਦ ਨੂੰ ਮਾਹਿਰਾਂ ਦੀ ਸਲਾਹ ਨਾਲ ਵਿਕਾਸ ਦੀ ਪਲੈਨ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਨਾਕਿ ਆਪ ਹੁਦਰੇ ਅਤੇ ਭ੍ਰਸ਼ਟ ਤਰੀਕੇ ਨਾਲ ਸਿਰਫ ਵੋਟਾਂ ਲੈਣ ਲਈ। ਭਾਵੇਂ ਸਰਕਾਰ ਮਾਹੌਲ ਪੈਦਾ ਕਰਨ ਵਿਚ ਮਦਦ ਕਰ ਸਕਦੀ ਹੈ, ਪਰ ਇਹ ਕੰਮ ਸਥਾਨਕ ਨਿਜੀ ਅਤੇ ਸੁਤੰਤਰ ਬਿਜ਼ਨਸ ਐਂਟਰਪਰਨੂਰ ਹੀ ਵਧੀਆ ਕਰ ਸਕਦੇ ਹਨ।

ਸਿਹਤ ਅਤੇ ਮਨ ਦੀ ਸ਼ਾਂਤੀ ਦੀ ਭਾਲ ਵਿਚ ਬਿਦੇਸ਼ੀ ਲੋਕ
ਇਸ ਦੇ ਨਾਲ ਨਾਲ ਯੋਗਾ ਕੇਂਦਰ, ਸਮਾਧੀ ਸਿਖਿਆ ਕੇਂਦਰ, ਅਤੇ ਹੌਬੀ ਫਾਰਮ ਹੋ ਸਕਦੇ ਹਨ ਜਿਥੇ ਲੋਕ ਪੰਜਾਬੀ ਫਾਰਮਾਂ ਦਾ ਅਨੁਭਵ ਕਰ ਸਕਦੇ ਹਨ ਅਤੇ ਘੋੜ ਸਵਾਰੀ ਆਦਿ ਸਿੱਖ ਸਕਦੇ ਹਨ। ਇਸ ਦੇ ਨਾਲ ਨਾਲ ਕਈ ਕਲੱਬ ਹਾਊਸ ਖੋਲੇ ਜਾ ਸਕਦੇ ਹਨ ਜਿਥੇ ਬਿਦੇਸ਼ੀ ਪੰਜਾਬੀ ਬਿਜ਼ਨਸ ਨੈਟਵਰਕਿੰਗ ਦੇ ਨਾਲ ਨਾਲ ਮਨੋਰੰਜਨ ਆਦਿ ਮਾਣ ਸਕਦੇ ਹਨ। ਇਸ ਲਈ ਬਹੁਤੇ ਪੈਸੇ ਵੀ ਨਿਵੇਸ਼ ਕਰਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕਈ ਆਲੀਸ਼ਾਨ ਮੈਰਿਜ ਪੈਲੇਸ ਇਸ ਕੰਮ ਲਈ ਵਰਤੇ ਜਾ ਸਕਦੇ ਹਨ।
ਜੇਕਰ ਸਿਰਫ ਡਿਨਰ ਕਲੱਬਾਂ ਵੀ ਹੋਣ ਜਿਥੇ ਸ਼ਾਮ ਨੂੰ ਬਾਹਰੋਂ ਆਏ ਪੰਜਾਬੀ ਜਾਂ ਭਾਰਤੀ ਲੋਕ ਸਥਾਨਕ ਲੋਕਾਂ ਨਾਲ ਮਿਲ ਸਕਣ। ਅਜਿਹੇ ਮੌਕੇ ਤੇ ਇੰਮੀਗਰੇਸ਼ਨ, ਦਰਾਮਦ ਬਰਾਮਦ, ਸਿਹਤ ਅਤੇ ਹੋਰ ਬਹੁਤ ਸਾਰੇ ਵਿਸਿ਼ਆਂ ਤੇ ਸੈਮੀਨਾਰ ਜਾਂ ਲੈਕਚਰ ਦਿਤੇ ਜਾ ਸਕਦੇ ਹਨ। ਇਥੋਂ ਹਿਮਾਲੀਆ ਦੇ ਵੱਖ ਵੱਖ ਸਟੇਸ਼ਨਾਂ ਲਈ ਗਾਈਡਾਂ ਵਾਲੇ ਟੂਰ, ਤੀਰਥ ਯਾਤਰਾ, ਜਾਂ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਟੂਰ ਮੁਹਈਆ ਕੀਤੇ ਜਾ ਸਕਦੇ ਹਨ। ਜੇਕਰ ਪੰਜਾਬ ਦੀ ਯਾਤਰਾ ਨੂੰ ਮਨੋਰੰਜਨ, ਗਿਆਨ ਅਤੇ ਬਿਜ਼ਨਸ ਦੇ ਮੌਕਿਆਂ ਨਾਲ ਭਰਪੂਰ ਕਰ ਦਿਤਾ ਜਾਵੇ ਤਾਂ ਬਹੁਤ ਭਾਰੀ ਗਿਣਤੀ ਵਿਚ ਬਿਦੇਸ਼ੀ ਪੰਜਾਬੀ, ਪੰਜਾਬ ਵਿਚ ਚੱਕਰ ਮਾਰਨਾ ਪਸੰਦ ਕਰਨਗੇ। ਇਸ ਖੇਤਰ ਨੂੰ ਗੈਰ-ਪੰਜਾਬੀ ਪਛੱਮੀ ਲੋਕਾਂ ਵਿਚ ਵੀ ਚਹੇਤੀ ਮੰਜ਼ਲ ਬਣਾਇਆ ਜਾ ਸਕਦਾ ਹੈ। ਇਹ ਕੰਮ ਕਈ ਹੋਰ ਮੁਲਕਾਂ ਨੇ ਕੀਤਾ ਹੈ। ਇਹ ਇਕ ਅਤਿਅੰਤ ਲਾਹੇਵੰਦ ਬਿਜ਼ਨਸ ਹੋ ਸਕਦਾ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਤਕ ਬਿਜ਼ਨਸ ਵਾਲੇ ਲੋਕਾਂ ਨੇ ਬਿਦੇਸ਼ੀ ਪੰਜਾਬੀਆਂ ਦੀਆਂ ਡੀਮਾਂਡ ਨੂੰ ਸਮਝ ਕੇ ਇਹਨਾਂ ਦੇ ਪੈਸੇ ਦਾ ਫਾਇਦਾ ਨਹੀਂ ਊਠਾਇਆ। ਨਤੀਜੇ ਵਜੋਂ ਇਸ ਦਾ ਫਾਇਦਾ ਕਿਊਬਾ, ਮੈਕਸੀਕੋ ਅਤੇ ਕਈ ਹੋਰ ਮੁਲਕ ਉਠਾ ਰਹੇ ਹਨ।
ਡੈਸਟੀਨੇਸ਼ਨ ਵੈਡਿੰਗ ਬਹੁਤ ਵਧ ਰਹੀ ਹੈ। ਬਹੁਤ ਸਾਰੇ ਨੌਜਵਾਨ ਜੋੜੇ ਮੈਕਸੀਕੋ ਜਾ ਕੇ ਆਪਣੇ ਵਿਆਹ ਦੀ ਰਸਮ ਕਰਨੀ ਪਸੰਦ ਕਰਦੇ ਹਨ ਕਿਉਂਕਿ ਇਸ ਨਾਲ ਸਥਾਨਕ ਭੀੜ ਤੋਂ ਬਿਨਾਂ, ਕੁੱਝ ਜ਼ਰੂਰੀ ਮਹਿਮਾਨਾਂ ਦੀ ਹਾਜ਼ਰੀ ਵਿਚ ਵਿਆਹ ਹੋ ਜਾਂਦਾ ਹੈ। ਇਸ ਨਾਲ ਹੋਟਲਾਂ ਅਤੇ ਰੀਸੋਰਟਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਵਿਆਹਾਂ ਨਾਲ ਸਬੰਧਤ ਹੋਰ ਸੁਵਿਧਾਵਾਂ ਦੇਣ ਵਾਲੀ ਸਨਅਤ ਵੀ ਇਹਨਾਂ ਥਾਵਾਂ ਤੇ ਬਹੁਤ ਵਧ ਰਹੀ ਹੈ। ਇਹ ਵੀ ਸੁਣਿਆ ਹੈ ਕਿ ਉਥੇ ਗੁਰਦੁਆਰੇ ਵਾਲੀਆਂ ਸੇਵਾਵਾਂ ਵੀ ਹੁਣ ਉਪਲੱਭਤ ਹੋਣ ਲੱਗ ਪਈਆਂ ਹਨ। ਪੰਜਾਬ ਦੇ ਕਾਰੋਬਾਰੀ ਲੋਕਾਂ ਨੂੰ ਇਸ ਮਾਰਕਟ ਨੂੰ ਸਾਂਭਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਇਸ ਸੱਭ ਕੁੱਝ ਲਈ ਸ਼ਾਂਤੀ, ਸੁਰੱਖਿਆ ਅਤੇ ਸੰਸਾਰ ਪੱਧਰ ਦੇ ਮਿਆਰ ਦੀ ਲੋੜ ਪਵੇਗੀ। ਪੰਜਾਬੀ ਕਿਸਮ ਦੀ ਨੇਤਾਵਾਂ ਦੇ ਕਾਕਿਆਂ ਦੀ ਧੌਂਸਬਾਜ਼ੀ, ਹਿੰਸਾ, ਅਤੇ ਅਸਭਿਅਕ ਵਤੀਰਾ ਬਿਦੇਸ਼ੀ ਪੰਜਾਬੀਆਂ ਨਾਲ ਜਾਂ ਵਲੋਂ ਇਕ ਦੂਜੇ ਨਾਲ ਬਿਜ਼ਨਸ ਦਾ ਸਤਿਆਨਾਸ ਕਰ ਸਕਦਾ ਹੈ। ਇਹ ਅਤਿਅੰਤ ਜ਼ਰੂਰੀ ਹੈ ਕਿ ਸਰਕਾਰ ਅਤੇ ਬਿਜ਼ਨਸ ਦੇ ਮਾਲਕਾਂ ਦਾ ਤਾਲਮੇਲ ਇਹਨਾਂ ਅਦਾਰਿਆਂ ਵਿਚ ਸੁਰੱਖਿਆ ਅਤੇ ਸ਼ਾਂਤਮਈ ਮਾਹੌਲ ਪੈਦਾ ਕਰਨ। ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਜੋ ਵੀ ਸਿਆਸੀ ਲੋਕ ਇਹਨਾਂ ਇਕੱਠਾਂ ਵਿਚ ਆਉਣ, ਉਹ ਆਪਣੇ ਵੀ ਆਈ ਪੀ ਭਰਮ ਨੂੰ ਬਾਹਰ ਹੀ ਛੱਡ ਆਉਣ ਕਿਉਂਕਿ ਬਿਦੇਸ਼ੀ ਪੰਜਾਬੀ ਐਮ ਪੀ, ਵਜ਼ੀਰਾਂ ਅਤੇ ਮੁੱਖ ਮੰਤਰੀਆਂ ਨੂੰ ਆਮ ਬੰਦਿਆਂ ਵਾਂਗ ਮਿਲਣ ਦੇ ਆਦੀ ਹਨ।
ਇਸ ਨਾਲ ਉਹ ਪੰਜਾਬੀ ਜੋ ਵਿਗੜਦੇ ਮਾਹੌਲ ਵਲ ਦੇਖ ਕੇ ਆਪਣੀਆਂ ਛੁੱਟੀਆਂ ਹੋਰ ਮੁਲਕਾਂ ਵਿਚ ਕੱਟਣ ਲੱਗ ਪਏ ਹਨ, ਵਾਪਿਸ ਲਿਆਂਦੇ ਜਾ ਸਕਦੇ ਹਨ।
ਬਿਦੇਸ਼ੀ ਪੰਜਾਬੀਆਂ ਵਲੋਂ ਪੂੰਜੀ ਨਿਵੇਸ਼
ਜਿਥੋਂ ਤੱਕ ਬਿਦੇਸ਼ੀ ਪੰਜਾਬੀਆਂ ਵਲੋਂ ਪੂੰਜੀ ਨਿਵੇਸ਼ ਦਾ ਤੁਅਲਕ ਹੈ, ਇਸ ਲਈ ਪਹਿਲੀ ਗੱਲ ਇਹ ਹੈ ਕਿ ਉਚਿਤ ਜਾਇਦਾਦੀ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾਣ। ਬਿਦੇਸ਼ੀ ਪੰਜਾਬੀਆਂ ਦੀਆਂ ਜਾਇਦਾਦਾਂ ਨੱਪਣ ਦਾ ਕੰਮ ਤੁਰੰਤ ਬੰਦ ਹੋਣਾ ਚਾਹੀਦਾ ਹੈ। ਕੋਈ ਵੀ ਬਿਦੇਸ਼ੀ ਪੰਜਾਬੀ, ਪੰਜਾਬ ਵਿਚ, ਪੈਸਾ ਤਾਂ ਹੀ ਨਿਵੇਸ਼ ਕਰੇਗਾ ਜੇਕਰ ਉਹਨਾਂ ਨੂੰ ਇਹ ਵਿਸ਼ਵਾਸ਼ ਹੈ ਕਿ ਉਹਨਾਂ ਦੀ ਜਿ਼ੰਦਗੀ ਅਤੇ ਜਾਇਦਾਦ ਸੁਰਖਿਅਤ ਹੈ। ਇਹ ਕੰਮ ਤਾਂ ਹੀ ਹੋ ਸਕਦਾ ਹੈ ਜੇਕਰ ਸਿਆਸੀ ਲੀਡਰ ਆਪ ਗਲਤ ਕੰਮਾਂ ਵਿਚ ਸ਼ਾਮਲ ਨਾ ਹੋਣ। ਦੂਜੇ ਅਰਥਾਂ ਵਿਚ ਕਾਨੂੰਨੀ ਵਿਵਸਥਾ ਦਾ ਚੰਗੇ ਹੋਣਾ ਦੇਸੀ ਅਤੇ ਬਿਦੇਸ਼ੀ ਪੂੰਜੀ ਨਿਵੇਸ਼ਕਾਂ ਲਈ ਅਤਿਅੰਤ ਜ਼ਰੂਰੀ ਹੈ। ਗੁੰਡਾ ਗਰਦੀ ਕੁੱਝ ਲੋਕਾਂ ਨੂੰ ਸ਼ਾਇਦ ਥੋੜਾ ਬਹੁਤ ਫਾਇਦਾ ਦਿੰਦੀ ਹੋਵੇ ਪਰ ਇਹ ਵਿਕਾਸ ਦੇ ਦਰ ਉਤੇ ਸਿੱਧੀ ਸੱਟ ਮਾਰਦੀ ਹੈ। ਇਸ ਦਾ ਅਰਥ ਹੈ ਕਿ ਕੁੱਝ ਲੋਕਾਂ ਦਾ ਭੈੜਾ ਵਤੀਰਾ ਸਾਰੇ ਸੂਬੇ ਨੂੰ ਗਰੀਬ ਕਰ ਸਕਦਾ ਹੈ। ਸਰਕਾਰ ਦੀ ਅਣਗਹਿਲੀ ਜਾਂ ਸਰਗਰਮ ਮਿਲੀ-ਭੁਗਤ ਤੋਂ ਬਿਨਾ ਗੁੰਡਾ-ਗਰਦੀ ਪ੍ਰਫੁਲਤ ਨਹੀਂ ਹੋ ਸਕਦੀ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭੈੜੀ ਸਰਕਾਰ ਸਾਰੇ ਲੋਕਾਂ ਦੀ ਗਰੀਬੀ ਦਾ ਕਾਰਨ ਬਣਦੀ ਹੈ। ਜੇਕਰ ਕਾਨੂੰਨੀ ਵਿਵਸਥਾ ਸਹੀ ਕਰ ਲਈ ਜਾਵੇ ਤਾਂ ਬਹੁਤ ਸਾਰੇ ਬਿਦੇਸ਼ੀ ਪੰਜਾਬੀ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਲਈ ਤਿਆਰ ਹੋ ਜਾਣਗੇ ਅਤੇ ਇਹ ਹਜ਼ਾਰਾਂ ਕਰੋੜਾਂ ਤੱਕ ਪਹੁੰਚ ਸਕਦੀ ਹੈ ਜੋ ਪੰਜਾਬ ਦੀ ਜਿ਼ੰਦਗੀ ਨੂੰ ਮੁਕੰਮਲ ਤੌਰ ਬਦਲ ਕੇ ਸੰਸਾਰ ਪੱਧਰ ਤੱਕ ਲਿਜਾ ਸਕਦੀ ਹੈ।
ਇਹਨਾਂ ਗੱਲਾਂ ਦੇ ਨਾਲ ਨਾਲ ਬਿਜ਼ਨਸ ਫਾਈਨਾਂਸਿੰਗ ਲਈ ਚੰਗੇ ਅਦਾਰੇ ਅਤੇ ਸਰੋਤ ਵੀ ਜ਼ਰੂਰੀ ਹਨ। ਜੇਕਰ ਇਹ ਬੁਨਿਆਦੀ ਹਾਲਾਤ ਠੀਕ ਕਰ ਲਏ ਜਾਣ ਤਾਂ ਪੰਜਾਬ ਦੀ ਬਿਦੇਸ਼ਾਂ ਵਿਚ ਮਾਰਕਟਿੰਗ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਨੂੰ ਇਹ ਫਾਇਦਾ ਹੈ ਕਿ ਬਿਦੇਸ਼ੀ ਪੰਜਾਬੀ ਅਜੇ ਵੀ ਪੰਜਾਬ ਨਾਲ ਜਜ਼ਬਾਤੀ ਤੌਰ ਤੇ ਜੁੜੇ ਹੋਏ ਹਨ। ਇਸ ਗੱਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਅਤੇ ਕਰੋੜਾਂ ਡਾਲਰ ਆਕਰਸ਼ਤ ਕੀਤੇ ਜਾ ਸਕਦਾ ਹੈ।
ਸੂਰਜੀ ਊਰਜਾ
ਪੰਜਾਬ ਵਿਚ ਜੇਕਰ ਕੋਈ ਸਰੋਤ ਪੂਰੀ ਬਹੁਤਾਤ ਵਿਚ ਹੈ ਤਾਂ ਉਹ ਹੈ ਧੁੱਪ। ਧੁੱਪ ਬਹੁਤ ਪੈਂਦੀ ਹੈ ਅਤੇ ਇਹ ਸੰਭਾਵੀ ਤੌਰ ਤੇ ਊਰਜਾ ਦਾ ਅਮੁੱਕ ਸੋਮਾ ਹੈ। ਸੂਰਜੀ ਊਰਜਾ ਦਾ ਇਨਕਲਾਬ ਲਿਆਂਦਾ ਜਾ ਸਕਦਾ ਹੈ ਜੋ ਨਾ ਸਿਰਫ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਲਈ ਚੰਗਾ ਹੈ ਸਗੋਂ ਪੰਜਾਬ ਦੇ ਅਰਥਚਾਰੇ ਲਈ ਵੀ ਬਹੁਤ ਵਧੀਆ ਹੋ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਪਾਸ ਕਰੇ ਜਿਹਨਾਂ ਅਨੁਸਾਰ ਹਰ ਨਵੀਂ ਬਣ ਰਹੀ ਇਮਾਰਤ ਉਤੇ ਸੋਲਰ ਪੈਨਲ ਜ਼ਰੂਰ ਲਾਏ ਜਾਣ। ਮੌਜੂਦਾ ਇਮਾਰਤਾਂ ਉਤੇ ਵੀ ਪੈਨਲ ਲਗਵਾਉਣ ਲਈ ਕਿਸੇ ਕਿਸਮ ਦੀ ਮਦਦ ਦਿਤੀ ਜਾ ਸਕਦੀ ਹੈ। ਜੇਕਰ ਕੋਈ ਆਪਣੀ ਲੋੜ ਤੋਂ ਵਧ ਸੂਰਜੀ ਊਰਜਾ ਪੈਦਾ ਕਰਦਾ ਹੈ ਤਾਂ ਉਸ ਨੂੰ ਗਰਿੱਡ ਵਿਚ ਵਾਪਿਸ ਬਿਜਲੀ ਭੇਜਣ ਦੇ ਪੈਸੇ ਮਿਲਣੇ ਚਾਹੀਦੇ ਹਨ। ਇਸ ਗੱਲ ਬਾਰੇ ਮਾਹਿਰਾਂ ਦੀ ਸਲਾਹ ਵੀ ਲਈ ਜਾਵੇ ਅਤੇ ਆਮ ਲੋਕਾਂ ਦੀ ਵੀ ਕਿ ਸੂਰਜੀ ਊਰਜਾ ਦਾ ਇਨਕਲਾਬ ਕਿਵੇਂ ਲਿਆਂਦਾ ਜਾ ਸਕਦਾ ਹੈ।
ਦੁਨੀਆਂ ਭਰ ਵਿਚ ਬਿਜਲੀ ਉਤੇ ਚੱਲਣ ਵਾਲੀਆਂ ਕਾਰਾਂ ਵਲ ਦੌੜ ਲੱਗ ਚੁੱਕੀ ਹੈ। ਜੇਕਰ ਪੰਜਾਬ ਵਿਚ ਸੂਰਜੀ ਅਤੇ ਹੋਰ ਸਵੱਸ਼ ਊਰਜਾ ਦੀ ਬਹੁਤਾਤ ਹੋਵੇ ਤਾਂ ਕਾਰਾਂ ਵੀ ਬਿਜਲੀ ਉਤੇ ਚੱਲ ਸਕਦੀਆਂ ਹਨ। ਇਸ ਨਾਲ ਪੰਜਾਬ ਦੀ ਹਵਾ ਬਹੁਤ ਹੀ ਸਾਫ ਅਤੇ ਸਿਹਤਮੰਦ ਹੋ ਸਕਦੀ ਹੈ। ਪਰ ਹਰ ਨਵੀਂ ਤਕਨਾਲੋਜੀ ਦੀਆਂ ਆਪਣੀਆਂ ਹੀ ਸਮੱਸਿਆਵਾਂ ਹੁੰਦੀਆਂ ਹਨ। ਹੋ ਸਕਦਾ ਹੈ ਕਿ ਬੈਟਰੀਆਂ ਦੀ ਵਧਦੀ ਗਿਣਤੀ ਨਾਲ ਕਈ ਕਿਸਮ ਦੇ ਜ਼ਹਿਰੀਲੇ ਪਦਾਰਥ ਸਾਂਭਣ ਅਤੇ ਮੁੜ-ਵਰਤੋਂ ਵਿਚ ਲਿਆਉਣ ਲਈ ਨਵੀਂ ਤਕਨਾਲੋਜੀ ਅਤੇ ਤਰੀਕਿਆਂ ਦੀ ਲੋੜ ਪਵੇ। ਇਸ ਗੱਲ ਦਾ ਸ਼ੁਰੂ ਤੋਂ ਹੀ ਧਿਆਨ ਰੱਖਣਾ ਪਵੇਗਾ ਅਤੇ ਉਚਿਤ ਪਲੈਨ ਬਣਾਉਣੀ ਪਵੇਗੀ।
ਇਸ ਤਬਦੀਲੀ ਦੇ ਦੂਰਵਰਤੀ ਨਤੀਜੇ ਬਹੁਤ ਚੰਗੇ ਨਿਕਲਣਗੇ। ਜਿਉਂ ਜਿਉਂ ਸੂਰਜੀ ਊਰਜਾ ਦਾ ਉਤਪਾਦਨ ਵਧਿਆ, ਥਰਮਲ ਪਲਾਂਟਾਂ ਉਤੇ ਨਿਰਭਰਤਾ ਘਟੇਗੀ। ਸ਼ੁਰੂ ਵਿਚ ਉਹਨਾਂ ਰਾਹੀਂ ਪੈਦਾ ਕੀਤੀ ਬਿਜਲੀ ਨੂੰ ਬਰਾਮਦ ਕੀਤਾ ਜਾ ਸਕਦਾ ਹੈ। ਪਰ ਹੌਲੀ ਹੌਲੀ ਥਰਮਲ ਪਲਾਂਟ ਬੰਦ ਕਰਨੇ ਸ਼ੁਰੂ ਕੀਤੇ ਜਾ ਸਕਦੇ ਹਨ।
ਮੱਕੀ ਜਾਂ ਗੰਨੇ ਤੋਂ ਐਥਾਨੌਲ ਅਤੇ ਹੋਰ ਵਸਤੂਆਂ
ਪੰਜਾਬ ਵਿਚ ਝੋਨੇ ਨੂੰ ਘੱਟ ਕਰਕੇ ਮੱਕੀ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਇਸ ਵਿਚੋਂ ਐਥਾਨੌਲ ਪੈਦਾ ਕਰਨ ਨਾਲ ਤੇਲ ਦੀ ਦਰਾਮਦ ਘਟੇਗੀ ਸਗੋਂ ਇਹ ਬਰਾਮਦ ਵੀ ਕੀਤੀ ਜਾ ਸਕਦੀ ਹੈ। ਇਹ ਇਹੋ ਜਿਹਾ ਬਿਜ਼ਨਸ ਹੈ ਜਿਸ ਲਈ ਮੰਡੀ ਲੱਭਣ ਲਈ ਬਹੁਤੀ ਖੇਚਲ ਦੀ ਲੋੜ ਨਹੀਂ ਪਵੇਗੀ। ਸਰਕਾਰ ਗੈਸੋਲੀਨ ਵਿਚ ਦਸ ਪ੍ਰਤੀਸ਼ਤ ਐਥਾਨਾਲ ਰਲਾਉਣ ਦੀ ਅਗਿਆ ਦਿੰਦੀ ਹੈ। ਇਸ ਕਰਕੇ ਐਥਾਨਾਲ ਨੂੰ ਗੱਡੀਆਂ ਚਲਾਉਣ ਵਾਲੇ ਤੇਲ (ਪੈਟਰੋਲ ਅਤੇ ਐਥਾਨਾਲ ਦਾ ਮਿਸ਼ਰਨ) ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਇਸ ਉਤੇ ਅਧਾਰਤ ਬਹੁਤ ਸਾਰੇ ਹੋਰ ਪਦਾਰਥ ਵੀ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕਿ ਕਈ ਕਿਸਮ ਦੇ ਸਾਲਵੈਂਟ, ਸ਼ਰਾਬ, ਰਾਕੇਟ ਬਾਲਣ, ਆਦਿ।

ਤੁਪਕਾਮਈ ਸਿੰਚਾਈ
ਪੰਜਾਬ ਸਰਕਾਰ ਨੂੰ ਤੁਪਕਿਆਂ ਨਾਲ ਸਿੰਚਾਈ ਕਰਨ ਵਾਲੇ ਸਾਜ਼ੋ ਸਮਾਨ ਨੂੰ ਵਧਾਵਾ ਦੇਣਾ ਚਾਹੀਦਾ ਹੈ। ਇਸ ਖੇਤਰ ਵਿਚ ਵੀ ਖੋਜ, ਉਤਪਾਦਨ ਅਤੇ ਵਰਤੋਂ ਨੂੰ ਇਸ ਤਰੀਕੇ ਨਾਲ ਪਲੈਨ ਕਰਨਾ ਚਾਹੀਦਾ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਇਹ ਇਕ ਬਰਾਮਦੀ ਸਨਅਤ ਵੀ ਬਣ ਸਕੇ। ਇਸ ਨਾਲ ਪਾਣੀ ਦੀ ਕਮੀ ਘਟੇਗੀ ਅਤੇ ਖੇਤੀਬਾੜੀ ਦਾ ਸੰਕਟ ਘੱਟ ਹੋਣ ਦੇ ਨਾਲ ਨਾਲ ਸ਼ਾਇਦ ਇਸ ਨੂੰ ਪੰਜਾਬ ਤੋਂ ਬਾਹਰ ਵੀ ਵੇਚਿਆ ਜਾ ਸਕਦਾ ਹੈ।
ਈਜਾਦਕਾਰੀ ਅਤੇ ਖੋਜ
ਪੰਜਾਬ ਵਿਚ ਭੋਜਨ ਪਰਾਸੈਸ ਕਰਨ ਦੇ ਖੇਤਰ ਵਿਚ ਖੋਜ ਅਤੇ ਈਜਾਦਕਾਰੀ ਲਈ ਪ੍ਰਯੋਗਸ਼ਾਲਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜੋ ਮਹਾਂਵਿਦਿਆਲਿਆਂ ਦੇ ਨਾਲ ਰਲ ਕੇ ਇਹ ਕੰਮ ਕਰਨ। ਇਹਨਾਂ ਖੋਜ-ਵਿਭਾਗਾਂ ਨੂੰ ਸਨਅਤ ਨਾਲ ਤਾਲਮੇਲ ਬਣਾਉਣਾ ਚਾਹੀਦਾ ਹੈ ਅਤੇ ਨਵੀਆਂ ਖੋਜਾਂ ਨੂੰ ਉਤਪਾਦਨ ਤੱਕ ਪਹੁੰਚਾਉਣ ਲਈ ਵਸੀਲੇ ਅਤੇ ਅਦਾਰੇ ਕਾਇਮ ਕੀਤੇ ਜਾਣੇ ਚਾਹੀਦੇ ਹਨ।
ਇਹੋ ਜਹੀ ਖੋਜਕਾਰੀ ਸੂਰਜੀ ਊਰਜਾ, ਸੰਚਾਰ ਅਤੇ ਮਸਨੂਈ ਬੁੱਧੀ ਆਦਿ ਦੇ ਖੇਤਰਾਂ ਵਿਚ ਵੀ ਹੋਣੀ ਚਾਹੀਦੀ ਹੈ। ਮਹਾਂਵਿਦਿਆਲਿਆਂ ਵਿੱਚ ਮੌਲਿਕ ਸੋਚ ਅਤੇ ਈਜਾਦਕਾਰੀ ਦੇ ਹੁੱਨਰ ਸਿਖਾਏ ਜਾਣੇ ਚਾਹੀਦੇ ਹਨ। ਅੱਜ ਕੱਲ੍ਹ ਨੈਨੋ ਤਕਨਾਲੋਜੀ, ਰੋਬਾਟਿਕਸ, 3 ਜਾਂ 4ਡੀ ਪਰਿੰਟਿੰਗ ਅਤੇ ਅਜਿਹੇ ਬਹੁਤ ਸਾਰੇ ਖੇਤਰਾਂ ਵਿਚ ਬਹੁਤ ਸੰਭਾਵਨਾਵਾਂ ਹਨ। ਇੰਟਰਨੈਟ ਦੇ ਉਤੇ ਬਹੁਤ ਕਿਸਮ ਦੇ ਬਿਜ਼ਨਸ ਖੋਲ੍ਹੇ ਜਾ ਸਕਦੇ ਹਨ ਜਿਹਨਾਂ ਲਈ ਸਰਹੱਦਾਂ ਕੋਈ ਮਾਹਨੇ ਨਹੀਂ ਰੱਖਦੀਆਂ। ਫੇਸਬੁੱਕ, ਪੇਅਪੈਲ, ਏਅਰ ਬੀ ਐਂਡ ਡੀ ਅਜਿਹੀਆਂ ਮਿਸਾਲਾਂ ਹਨ ਜਿਥੇ ਨੌਜਵਾਨ ਲੋਕਾਂ ਨੇ ਸਿਫਰ ਤੋਂ ਸ਼ੁਰੂ ਕਰਕੇ ਖਰਬਾਂ ਡਾਲਰਾਂ ਦੇ ਬਿਜ਼ਨਸ ਖੜੇ ਕੀਤੇ ਹਨ। ਗੱਲ ਸਿਰਫ ਧਿਆਨ ਦੀ ਹੈ। ਹੁਣ ਜੱਟਵਾਦ, ਧਾਰਮਿਕਤਾ, ਅਤੇ ਸ਼ਹੀਦੀਆਂ ਪਾਉਣ ਦੇ ਸੁਪਨੇ ਛੱਡ ਕੇ ਆਧੁਨਿਕ ਦੁਨੀਆਂ ਵਿਚ ਆਉਣ ਦੀ ਲੋੜ ਹੈ। ਦੁਨੀਆਂ ਬੇਅੰਤ ਸੰਭਾਵਨਾਵਾਂ ਨਾਲ ਭਰੀ ਪਈ ਹੈ।
ਡੀਫੈਂਸ ਵਿਚ ਵੀ ਈਜਾਦਕਾਰੀ ਬਹੁਤ ਕੰਮ ਕਰ ਸਕਦੀ ਹੈ। ਪੰਜਾਬ ਬਾਰਡਰ ਸਟੇਟ ਹੈ ਅਤੇ ਬਾਰਡਰ ਤੇ ਹਮੇਸ਼ਾਂ ਘੁਸਪੈਂਠ ਦੀ ਸਮੱਸਿਆ ਰਹੀ ਹੈ। ਹਰ ਸਾਲ ਬਹੁਤ ਸਾਰੇ ਜਵਾਨ ਮਾਰੇ ਜਾਂਦੇ ਹਨ। ਪੰਜਾਬ ਨੂੰ ਭਾਰਤ ਨਾਲੋਂ ਅੱਗੇ ਹੋ ਕੇ ਈਜਾਦਕਾਰੀ ਦਾ ਪਰੋਗਰਾਮ ਸ਼ੁਰੂ ਕਰਨਾ ਚਾਹੀਦਾ ਹੈ।
ਬਾਰਡਰ ਉਤੇ ਲਾਉਣ ਲਈ ਸਥਿਰ ਰੋਬਾਟ ਲਗਾਏ ਜਾ ਸਕਦੇ ਹਨ ਜਿਹਨਾਂ ਵਿਚ ਕੈਮਰੇ ਲੱਗੇ ਹੋਣ ਅਤੇ ਸਰਹੱਦ ਦੇ ਨੇੜੇ ਪਰ ਮੁਹਰਲੀ ਲਾਈਨ ਤੋਂ ਥੋੜਾ ਪਿਛੇ ਛੋਟੇ ਛੋਟੇ ਨਿਗਰਾਨੀ ਕੇਂਦਰ ਹੋਣ ਜਿਥੇ ਬੈਠੇ ਜਵਾਨ ਕਿਸੇ ਵੀ ਹੱਲਚੱਲ ਨੂੰ ਦੇਖ ਸਕਣ। ਇਹਨਾਂ ਰੋਬਾਟਾਂ ਵਿਚ ਗੋਲੀ ਚਲਾਉਣ ਦੀ ਸਮਰੱਥਾ ਵੀ ਲਾਈ ਜਾ ਸਕਦੀ ਹੈ। ਪਰ ਗੋਲੀ ਚਲਾਉਣ ਦਾ ਫੈਸਲਾ ਸਿਰਫ ਫੌਜੀ ਸਿਪਾਹੀ ਹੀ ਕਰ ਸਕਦੇ ਹੋਣ। ਇਹ ਇਕ ਖਿਆਲ ਹੈ ਜੋ ਈਜਾਦਕਾਰ ਅੱਗੇ ਵਿਕਸਤ ਕਰ ਸਕਦੇ ਹਨ।
ਇਵੇਂ ਹੀ ਖੇਤੀਬਾੜੀ ਨਾਲ ਸਬੰਧਤ ਤਕਨਾਲੋਜੀ ਵਿਚ ਈਜਾਦਕਾਰੀ ਕਈ ਕਿਸਮ ਦੇ ਚਮਤਕਾਰ ਕਰ ਸਕਦੀ ਹੈ। ਇਸ ਨਾਲ ਨਵੀਆਂ ਕਾਰਪੋਰੇਸ਼ਨਾਂ ਹੋਂਦ ਵਿਚ ਆ ਸਕਦੀਆਂ ਹਨ ਜੋ ਸੰਸਾਰ ਪੱਧਰ ਤੇ ਕੰਮ ਕਰ ਸਕਦੀਆਂ ਹਨ।
ਨਵੀਆਂ ਚੀਜਾਂ ਦੀ ਈਜਾਦਕਾਰੀ ਖੁਸ਼ਹਾਲੀ ਵਲ ਸੱਭ ਤੋਂ ਸਿੱਧਾ ਰਾਹ ਹੈ।
ਕੋਆਪ ਜਾਂ ਕਾਰਪੋਰੇਟ ਖੇਤੀ
ਪੰਜਾਬ ਵਿਚ ਜ਼ਮੀਨ ਦੀ ਪੀੜ੍ਹੀ ਦਰ ਪੀੜ੍ਹੀ ਵੰਡ ਖੇਤੀ ਉਤੇ ਬਹੁਤ ਡੂੰਘਾ ਅਸਰ ਕਰ ਰਹੀ ਹੈ। ਫਾਰਮਾਂ ਦੇ ਆਕਾਰ ਇੰਨੇ ਘਟ ਰਹੇ ਹਨ ਕਿ ਮਸ਼ੀਨੀ ਖੇਤੀ ਆਰਥਕ ਤੌਰ ਤੇ ਫਾਇਦੇਮੰਦ ਨਹੀਂ ਰਹੀ। ਇਸ ਲਈ ਜ਼ਰੂਰੀ ਹੈ ਕਿ ਕਿਸੇ ਕਿਸਮ ਦੀ ਸਾਂਝੀ ਖੇਤੀ ਜ਼ਰੂਰੀ ਹੋ ਰਹੀ ਹੈ। ਇਹ ਕੰਮ ਜਾਂ ਤਾਂ ਕੋਆਪ ਜਾਂ ਕਾਰਪੋਰੇਟ ਖੇਤੀ ਨਾਲ ਸੁਧਾਰਿਆ ਜਾ ਸਕਦਾ ਹੈ। ਕੋਆਪ ਦੋ ਕਿਸਮ ਦੇ ਹੁੰਦੇ ਹਨ। ਇੱਕ ਉਹ ਹੈ ਜਿਥੇ ਜਿ਼ਮੀਦਾਰ ਇਕੱਠੇ ਹੋ ਕੇ ਜ਼ਮੀਨ ਵਿਚ ਖੇਤੀ ਕਰਦੇ ਹਨ। ਦੂਜਾ ਹੈ ਜਿਥੇ ਸਾਂਝੇ ਤੌਰ ਤੇ ਸਪਲਾਈ ਦੀ ਮੈਨੇਜਮੈਂਟ ਕੀਤੀ ਜਾਂਦੀ ਹੈ, ਜਾਂ ਫਿਰ ਕਿਸੇ ਕਿਸਮ ਦਾ ਸਨਅਤੀ ਉਤਪਾਦਨ ਕੀਤਾ ਜਾਂਦਾ ਹੈ। ਪਹਿਲੀ ਕਿਸਮ ਦੇ ਕੋਆਪ ਬਹੁਤ ਕਾਮਯਾਬ ਨਹੀਂ ਹੋਏ। ਪਰ ਦੂਜੀ ਕਿਸਮ ਦੇ ਅਤਿਅੰਤ ਕਾਮਯਾਬ ਹਨ। ਮਿਸਾਲ ਵਜੋਂ ਇੰਡੀਅਨ ਫਾਰਮਰਜ਼ ਫਰਟੇਲਾਈਜ਼ਰ ਕੋਆਪਰੇਟਿਵ ਇੱਕ ਅਤਿ ਕਾਮਯਾਬ ਕੋਆਪਰੇਟਿਵ ਕਾਰਪੋਰੇਸ਼ਨ ਹੈ ਜੋ ਫਰਟੇਲਾਈਜ਼ਰ ਦਾ ਉਤਪਾਦਨ ਕਰਦੀ ਹੈ। ਇਵੇਂ ਹੀ ਅਮਰੀਕਾ ਦੀ ਸੀ ਐਫ ਹੋਲਡਿੰਗਜ਼ ਹੈ ਜੋ ਹੁਣ ਕੋਆਪ ਤੋਂ ਬਦਲ ਕੇ ਪਬਲਿਕ ਸਟਾਕ ਕੰਪਨੀ ਬਣ ਚੁੱਕੀ ਹੈ।
ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿਤਾ ਸੀ ਕਿ ਕੋਆਪ ਬਣਾ ਕੇ ਖੇਤੀ ਕਰਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹੋ ਜਹੇ ਕੋਆਪ ਦਾ ਸੰਚਾਲਕ ਸਰਕਾਰੀ ਅਫਸਰ ਨਹੀਂ ਹੋਣਾ ਚਾਹੀਦਾ ਸਗੋਂ ਪੇਸ਼ਾਵਰ ਮੈਨੇਜਰ ਹੋਣਾ ਚਾਹੀਦਾ ਹੈ। ਇਸ ਗੱਲ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਕੰਮ ਕਈ ਹੋਰ ਮੁਲਕਾਂ ਵਿਚ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ।
ਇਸ ਦਾ ਇਕ ਹੋਰ ਵੀ ਬਦਲ ਹੈ। ਜੇਕਰ ਕੋਆਪ ਠੀਕ ਨਹੀਂ ਬਹਿੰਦਾ ਤਾਂ ਸਾਰੇ ਪਿੰਡ ਨੂੰ ਇੱਕ ਹਿਸੇਦਾਰੀ ਵਾਲੀ ਕਾਰਪੋਰੇਸ਼ਨ ਬਣਾਇਆ ਜਾ ਸਕਦਾ ਹੈ ਜਿਸਦਾ ਕੰਮ ਪੇਸ਼ਾਵਰ ਮੈਨੇਜਰ ਚਲਾਵੇ। ਅਜਿਹਾ ਕੋਆਪ ਜਾਂ ਕਾਰਪੋਰੇਸ਼ਨ ਪਿੰਡ ਦੀ ਵਾਧੂ ਲੇਬਰ ਨੂੰ ਖੇਤੀ ਨਾਲ ਸਬੰਧਤ ਹੋਰ ਸਨਅਤਾਂ ਵਿਚ ਕੰਮ ਤੇ ਲਾਉਣ ਲਈ ਪੂੰਜੀ ਨਿਵੇਸ਼ ਕਰੇ।
ਇਸ ਤੋਂ ਪਹਿਲਾਂ ਕਿ ਅਸੀਂ ਇਸ ਮਾਡਲ ਨੂੰ ਪਰਖੀਏ, ਇਹ ਕਹਿਣਾ ਜ਼ਰੂਰੀ ਹੋਵੇਗਾ ਕਿ ਪੰਜਾਬ ਦੀ ਅਬਾਦੀ ਨੂੰ ਸਿਰਫ ਖੇਤੀਬਾੜੀ ਦੇ ਨਾਲ ਰੁਜ਼ਗਾਰ ਨਹੀਂ ਦਿਤੇ ਜਾ ਸਕਦੇ ਅਤੇ ਪੰਜਾਬ ਦੇ ਲੋਕਾਂ ਦੀ ਜਿ਼ੰਦਗੀ ਨੂੰ ਬਰਕਰਾਰ ਨਹੀਂ ਰਖਿਆ ਜਾ ਸਕਦਾ। ਭਾਵੇਂ ਕੋਆਪ ਜਾਂ ਕਾਰਪੋਰੇਟ ਖੇਤੀ ਜ਼ਰੂਰੀ ਹੋ ਚੁੱਕੀ ਹੈ, ਇਸ ਮਾਡਲ ਨੂੰ ਵੀ ਬਰਕਰਾਰ ਰੱਖਣ ਲਈ ਵਿਭਿੰਨੀਕਰਨ (ਦਵਿੲਰਸਾਿਚਿਅਟੋਿਨ) ਜ਼ਰੂਰੀ ਹੈ। ਵਿਭੰਨੀਕਰਨ ਅਜਿਹਾ ਹੋਣਾ ਚਾਹੀਦਾ ਹੈ ਕਿ ਖੇਤੀ ਬਾੜੀ ਵਿਚੋਂ ਨਿਕਲੇ ਲੋਕਾਂ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕੇ। ਦੁੱਧ ਦਾ ਉਤਪਾਦਨ, ਸੂਰਾਂ ਦੇ ਫਾਰਮ, ਬਕਰਾ, ਭੇਡ ਅਤੇ ਮੁਰਗੀਖਾਨੇ ਆਦਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਸਕਦੇ ਹਨ।
ਭਾਵੇਂ ਪਿੰਡ ਦੀ ਪੱਧਰ ਤੇ ਉਤਪਾਦਨ ਸਥਾਨਕ ਕੋਆਪ ਦੇ ਅਧਾਰ ਤੇ ਕੀਤਾ ਜਾ ਸਕਦਾ ਹੈ। ਪਰ ਇਹ ਆਦਰਸ਼ਵਾਦੀ ਸਮਾਜਵਾਦੀ ਮਾਡਲ ਨਹੀਂ ਅਪਣਾ ਸਕਦਾ। ਭਾਵ ਹੈ ਕਿ ਇਸਦੇ ਸਾਰੇ ਮੈਂਬਰ ਅਤੇ ਉਹਨਾਂ ਦੇ ਬੱਚੇ ਇਸ ਕੋਆਪ ਵਿਚ ਜ਼ਰੂਰੀ ਤੌਰ ਤੇ ਕੰਮ ਨਹੀਂ ਕਰ ਸਕਦੇ।
ਸਾਂਝੇ ਕੰਮ ਨੂੰ ਵਲੰਟੀਅਰ ਤੌਰ ਤੇ ਕਰਨਾ ਸਹੀ ਮਾਡਲ ਨਹੀਂ ਹੈ। ਜੇਕਰ ਇੰਜ ਕੀਤਾ ਗਿਆ ਤਾਂ ਇਹ ਹੌਲੀ ਹੌਲੀ ਖਤਮ ਹੋ ਜਾਵੇਗਾ। ਕੋਆਪ ਦੀ ਕਾਸ਼ਤਕਾਰੀ ਵਿਚ ਸਿਰਫ ਉਨੀਂ ਹੀ ਕਿਰਤ ਰੱਖੀ ਜਾ ਸਕਦੀ ਹੈ ਜਿੰਨੀ ਦੀ ਲੋੜ ਹੋਵੇ ਅਤੇ ਸੱਭ ਕਾਮਿਆਂ ਨੂੰ ਮੰਡੀ ਵਿਚ ਪ੍ਰਵਾਨਤ ਵੇਤਨ ਮਿਲਣਾ ਚਾਹੀਦਾ ਹੈ। ਜੇਕਰ ਸਾਰੇ ਹਿੱਸੇਦਾਰਾਂ ਨੂੰ ਕੰਮ ਦੇ ਦਿਤਾ ਜਾਵੇ ਤਾਂ ਵਾਧੂ ਕਾਮੇ ਰੱਖਣ ਨਾਲ ਉਤਪਾਦਕਤਾ ਦਾ ਸਤਿਆਨਾਸ ਹੋ ਜਾਵੇਗਾ ਜਿਵੇਂ ਸਮਾਜਵਾਦੀ ਮੁਲਕਾਂ ਵਿਚ ਕੀਤਾ ਗਿਆ ਸੀ। ਜੇਕਰ ਸੱਭ ਮੈਂਬਰ ਪਰਿਵਾਰਾਂ ਨੂੰ ਕੰਮ ਵੰਡ ਦਿੱਤਾ ਜਾਵੇ ਤਾਂ ਵਾਧੂ ਕਿਰਤ ਮਸ਼ੀਨਾਂ ਦੀ ਵਰਤੋਂ ਨੂੰ ਘਟਾਵੇਗੀ ਅਤੇ ਪ੍ਰਤੀ ਕਿਰਤ-ਘੰਟਾ ਉਤਪਾਦਕਤਾ ਡਿਗ ਪਵੇਗੀ ਅਤੇ ਇਸ ਦੇ ਨਾਲ ਹੀ ਲੋਕਾਂ ਦਾ ਜੀਵਨ ਮਿਆਰ। ਇਸ ਲਈ ਇਹ ਇਕ ਅਤਿਅੰਤ ਜ਼ਰੂਰੀ ਗੱਲ ਹੈ ਕਿ ਕੋਆਪ ਜਾਂ ਕਾਰਪੋਰੇਸ਼ਨ ਨੂੰ ਇਕ ਬਿਜ਼ਨਸ ਦੇ ਤੌਰ ਤੇ ਚਲਾਇਆ ਜਾਵੇ ਜਿਥੇ ਹਰ ਵਸੀਲੇ ਨੂੰ ਸਿਰਫ ਜ਼ਰੂਰੀ ਮਾਤਰਾ ਵਿਚ ਵਰਤਿਆ ਜਾਂਦਾ ਹੈ। ਨਾਕਿ ਆਦਰਸ਼ਵਾਦੀ ਅਲਾਦੀਨ ਦੇ ਚਰਾਗ ਵਾਂਗ।
ਪਰ ਉਪਜ ਦੀ ਮਾਰਕਟਿੰਗ ਕਰਨ ਲਈ ਪੰਜਾਬ ਪੱਧਰ ਦਾ ਮਾਰਕਟਿੰਗ ਕੋਆਪ ਚਾਹੀਦਾ ਹੈ। ਇਵੇਂ ਹੀ ਫਰਟੇਲਾਈਜ਼ਰ ਅਤੇ ਬੀਜ ਪ੍ਰਾਪਤ ਕਰਨ ਲਈ ਇਕ ਕੋਆਪ ਚਾਹੀਦਾ ਹੈ ਜੋ ਇਹਨਾਂ ਚੀਜ਼ਾਂ ਦੀ ਕੁਆਲਿਟੀ ਪਰਖਦਾ ਰਹੇ ਤਾਂਕਿ ਨਕਲੀ ਅਤੇ ਮਿਲਾਵਟੀ ਪਦਾਰਥ ਕਿਸਾਨਾਂ ਨੂੰ ਨਾ ਵੇਚੇ ਜਾਣ। ਪਿਛੇ ਜਹੇ ਚਿਟੀ ਮੱਖੀ ਦੇ ਘੁਟਾਲੇ ਵਿਚ ਨਕਲੀ ਅਤੇ ਅਸਰਹੀਨ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਵੇਚੀਆਂ ਗਈਆਂ ਸਨ। ਇਹੋ ਜਹੀ ਗੱਲ ਨੂੰ ਰੋਕਣ ਲਈ ਫਾਰਮਰਜ਼ ਕੋਆਪ ਬਹੁਤ ਪ੍ਰਭਾਵਸ਼ੀਲ ਹੋ ਸਕਦਾ ਹੈ।

ਕਿਸਾਨਾਂ ਦੀਆਂ ਮਾਰਕਟਾਂ
ਕਿਸਾਨ ਕੋਆਪ ਸ਼ਹਿਰਾਂ ਤੋ ਬਾਹਰ ਮੁੱਖ ਹਾਈਵੇਜ਼ ਜਿਵੇਂ ਕਿ ਜੀ ਟੀ ਰੋਡ ਉਤੇ ਆਪਣੇ ਸਟੋਰ ਖੋਲ੍ਹ ਸਕਦੇ ਹਨ ਜਿਥੇ ਸਥਾਨਕ ਤਾਜ਼ਾ ਸਬਜੀਆਂ ਅਤੇ ਫਰੂਟ ਮਿਲਣ। ਇਹੋ ਜਹੇ ਕੋਆਪ ਸਥਾਨਕ ਕਿਸਾਨ ਰਲ ਕੇ ਖੋਹਲ ਸਕਦੇ ਹਨ। ਫਾਰਮਰਜ਼ ਮਾਰਕਟਾਂ ਪੱਛਮੀ ਮੁਲਕਾਂ ਦੇ ਸ਼ਹਿਰਾਂ ਦੇ ਅੰਦਰ ਵੀ ਅਤੇ ਬਾਹਰ ਵੀ ਆਮ ਮਿਲਦੇ ਹਨ ਅਤੇ ਪੈਦਾਵਾਰੀ ਵਸਤਾਂ ਦੀ ਤਾਜ਼ਗੀ ਕਾਰਨ ਲੋਕਾਂ ਵਿਚ ਹਰਮਨ ਪਿਆਰੇ ਹਨ।
ਮੌਜੂਦਾ ਕੰਪਨੀਆਂ
ਜੋ ਕੰਪਨੀਆਂ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਲ ਨੂੰ ਭੱਜ ਰਹੀਆਂ ਹਨ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਕੰਮ ਲਈ ਸੱਭ ਤੋਂ ਵਧੀਆ ਤਰੀਕਾ ਹੈ ਕਿ ਉਹਨਾਂ ਨੂੰ ਉਤਪਾਦਕਤਾ ਵਧਾਉਣ ਲਈ ਸਸਤੇ ਕਰਜ਼ੇ ਜਾਂ ਟੈਕਸ ਛੋਟ ਦਿਤੀ ਜਾਵੇ। ਪਰ ਇਸ ਸ਼ਰਤ ਤੇ ਕਿ ਉਹ ਪੰਜਾਬ ਵਿਚ ਰਹਿਣਗੇ। ਵਧੀ ਉਤਪਾਦਕਤਾ ਇਹਨਾਂ ਕੰਪਨੀਆਂ ਦੇ ਮੁਨਾਫੇ ਵਧਾਵੇਗੀ ਅਤੇ ਉਹ ਮੰਡੀ ਵਿਚ ਹੋਰ ਭਾਰਤੀ ਕੰਪਨੀਆਂ ਨਾਲ ਬੇਹਤਰ ਤਰੀਕੇ ਨਾਲ ਮੁਕਾਬਲਾ ਕਰ ਸਕਣਗੀਆਂ। ਇਹਨਾਂ ਕੰਪਨੀਆਂ ਨੂੰ ਰੀਸਰਚ ਗਰਾਂਟਾਂ ਵੀ ਦਿਤੀਆਂ ਜਾ ਸਕਦੀਆਂ ਹਨ ਪਰ ਇਹ ਸਿਆਸੀ ਲੋਕਾਂ ਲਈ ਭ੍ਰਸ਼ਟਾਚਾਰ ਦਾ ਸਾਧਨ ਨਾ ਬਣਨ ਦਿਤੀਆਂ ਜਾਣ।

ਅਸਲ ਦੌਲਤ: ਲੋਕ
ਕਿਸੇ ਵੀ ਮੁਲਕ ਦੀ ਸੱਭ ਤੋਂ ਵੱਡੀ ਦੌਲਤ ਲੋਕ ਹਨ ਅਤੇ ਖਾਸ ਕਰ ਨੌਜਵਾਨ ਲੋਕ ਕਿਉਂਕਿ ਸੱਭ ਤਰੱਕੀ ਇਨਸਾਨੀ ਸ੍ਰਿਜਣਾਤਮਕਤਾ ਨਾਲ ਹੁੰਦੀ ਹੈ। ਇਕ ਛੋਟੀ ਜਹੀ ਮਿਸਾਲ ਇਸ ਗੱਲ ਨੂੰ ਸਪਸ਼ਟ ਕਰ ਸਕਦੀ ਹੈ। ਐਡੀਸਨ ਨੇ ਬਿਜਲੀ ਦੇ ਬਲਬ ਅਤੇ ਬਿਜਲੀ ਸੰਚਾਲਨ ਦੇ ਸਮਾਨ ਦੀਆਂ ਕਾਢਾਂ ਨਾਲ ਪਹਿਲਾ ਬਿਜਲੀ ਸਪਲਾਈ ਸਿਸਟਮ ਬਣਾਇਆ ਜੋ ਅੱਜ ਸਾਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਅਤੇ ਰੁਜ਼ਗਾਰ ਪੈਦਾ ਕਰ ਰਿਹਾ ਹੈ। ਇਵੇਂ ਹੀ ਐਡੀਸਨ ਅਤੇ ਕੁੱਝ ਹੋਰ ਈਜਾਦਕਾਰਾਂ ਨੇ ਮੂਵੀ ਕੈਮਰਾ ਬਣਾਇਆ ਜਿਸ ਨਾਲ ਅੱਜ ਬੇਸ਼ੁਮਾਰ ਲੋਕਾਂ ਨੂੰ ਕੰਮ ਮਿਲਣ ਦੇ ਨਾਲ ਨਾਲ ਬੇਅੰਤ ਦੌਲਤ ਪੈਦਾ ਹੋਈ। ਇਸ ਨਾਲ ਜੋ ਮਨੋਰੰਜਨ ਦਾ ਸੀਭਆਚਾਰ ਪੈਦਾ ਹੋਇਆ, ਉਹ ਸੱਭ ਜਾਣਦੇ ਹਨ। ਇਹ ਹੈ ਤਾਕਤ ਖਿਆਲ, ਖੋਜ ਅਤੇ ਈਜਾਦਕਾਰੀ ਦੀ।
ਪੰਜਾਬੀ ਲੋਕਾਂ ਵਿਚ ਸਿਰਜਣਾਤਮਕਤਾ ਦੀ ਕੋਈ ਕਮੀ ਨਹੀਂ ਪਰ ਇਹ ਵਿਗਿਆਨ ਅਤੇ ਫਲਸਫੇ ਵਲ ਜਾਣ ਦੀ ਥਾਂ ਧਰਮ, ਸ਼ਹਾਦਤਾਂ, ਜਾਂ ਕਵਿਤਾ ਕਹਾਣੀ ਵਿਚ ਲੱਗ ਰਹੀ ਹੈ। ਕਿਸੇ ਵੀ ਸਭਿਆਚਾਰ ਦੀ ਅਮੀਰੀ ਲਈ ਸਾਹਿਤਕਾਰ ਬਹੁਤ ਜ਼ਰੂਰੀ ਹਨ, ਪਰ ਵਿਗਿਆਨੀ, ਈਜਾਦਕਾਰ, ਖੋਜਕਾਰ ਅਤੇ ਫਿਲਾਸਫਰ ਵੀ ਬਹੁਤ ਜ਼ਰੂਰੀ ਹਨ। ਮੌਜੂਦਾ ਨਿਜ਼ਾਮ ਵਿਚ ਬਿਜ਼ਨਸ ਕਰਨ ਵਾਲੇ ਲੋਕ ਵੀ ਅਤਿਅੰਤ ਜ਼ਰੂਰੀ ਹਨ। ਇੰਜ ਲਗਦਾ ਹੈ ਕਿ ਪੰਜਾਬੀ ਪੰਜਾਬ ਵਿਚ ਬਿਜ਼ਨਸ ਕਰਨ ਬਾਰੇ ਬਹੁਤ ਘੱਟ ਸੋਚਦੇ ਹਨ ਪਰ ਜਦ ਉਹ ਪੱਛਮੀ ਮੁਲਕਾਂ ਵਿਚ ਆ ਜਾਂਦੇ ਹਨ ਤਾਂ ਉਹ ਬਹੁਤ ਕਿਸਮ ਦੇ ਬਿਜ਼ਨਸ ਕਰਦੇ ਹਨ ਅਤੇ ਬਹੁਤ ਕਾਮਯਾਬ ਹੁੰਦੇ ਹਨ।
ਨੌਜਵਾਨਾਂ ਦਾ ਨਸ਼ੇੜੀ ਹੋ ਜਾਣਾ ਜਾਂ ਸ਼ਹੀਦੀਆਂ ਪਾਉਣ ਵਲ ਹੀ ਧਿਆਨ ਰੱਖਣਾ, ਸੋਗਮਈ ਵਰਤਾਰਾ ਹੈ ਅਤੇ ਮੁਲਕ ਦੇ ਸੱਭ ਤੋਂ ਮਹਤੱਵਪੂਰਨ ਸਰਮਾਏ ਦਾ ਅਜਾਂਈਂ ਜਾਣਾ ਹੈ। ਇਹੋ ਜਹੇ ਵਿਚਾਰ ਬੇਆਸ ਜਿ਼ੰਦਗੀ ਵਿਚ ਪੈਦਾ ਹੁੰਦੇ ਹਨ। ਸ਼ਹੀਦਾਂ ਦੀ ਕਦਰ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਮੌਤ ਨਾਲ ਇਸ਼ਕ ਸੀ, ਸਗੋਂ ਇਸ ਕਰਕੇ ਕਿ ਉਹਨਾਂ ਨੇ ਜਿ਼ੰਦਗੀ ਵਰਗੀ ਮੁੱਲਵਾਨ ਅਤੇ ਕਦੇ ਮੁੜ ਵਾਪਿਸ ਨਾ ਮਿਲਣ ਵਾਲੀ ਚੀਜ਼ ਦੀ ਕੁਰਬਾਨੀ ਦਿੱਤੀ। ਸਾਡੇ ਕੁਰਬਾਨੀਆਂ ਨਾਲ ਭਰਪੂਰ ਸਭਿਆਚਾਰ ਵਿਚ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਸੱਭ ਕੁਰਬਾਨੀਆਂ ਜਿ਼ੰਦਗੀ, ਅਜ਼ਾਦੀ ਅਤੇ ਖੁਸ਼ਹਾਲੀ ਨੂੰ ਲਿਆਉਣ ਅਤੇ ਬਚਾਉਣ ਲਈ ਕੀਤੀਆਂ ਗਈਆਂ ਸਨ। ਹੁਣ ਵਕਤ ਹੈ ਉਹਨਾਂ ਅਦਾਰਿਆਂ ਅਤੇ ਨਿਯਮਾਂ ਨੂੰ ਸਿਰਜਣ ਅਤੇ ਕਾਇਮ ਕਰਨ ਦਾ ਜਿਸ ਨਾਲ ਜਿ਼ੰਦਗੀ, ਅਜ਼ਾਦੀ ਅਤੇ ਖੁਸ਼ਹਾਲੀ ਨੂੰ ਵਧਾਇਆ ਅਤੇ ਬਰਕਰਾਰ ਰਖਿਆ ਜਾ ਸਕੇ।
ਸਾਡੇ ਨੌਜਵਾਨਾਂ ਨੂੰ ਵਿਗਿਆਨੀ ਜਾਂ ਈਜਾਦਕਾਰ ਬਣਾਉਣ ਲਈ ਬਹੁਤ ਉਚੇ ਮਿਆਰ ਦੀ ਵਿਦਿਆ ਦੀ ਲੋੜ ਹੈ। ਕਿਉਂਕਿ ਸਾਡੇ ਕੋਲ ਵਿਦਿਅਕ ਅਦਾਰਿਆਂ ਦੀ ਕੋਈ ਕਮੀ ਨਹੀਂ। ਹੁਣ ਲੋੜ ਹੈ ਇਹਨਾਂ ਵਿਚ ਪੱਛਮੀ ਮੁਲਕਾਂ ਵਾਲੇ ਮਿਆਰ ਸਥਾਪਤ ਕਰਨ ਦੀ। ਇਹ ਕੰਮ ਕੋਈ ਔਖਾ ਨਹੀਂ ਹੈ। ਇਹ ਕੰਮ ਮਾਹਿਰ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਬਿਦੇਸ਼ੀ ਯੂਨੀਵਰਸਟਿਆਂ ਦੇ ਨਾਲ ਮਿਲਵਰਤਣ ਕਰਨਾ ਚਾਹੀਦਾ ਹੈ ਜੋ ਕੁੱਝ ਹੱਦ ਤੱਕ ਕੀਤਾ ਵੀ ਗਿਆ ਹੈ।
ਪਰ ਸ੍ਰਿਜਣਾਤਕਤਾ ਅਤੇ ਈਜਾਦਕਾਰੀ ਵਿਅਕਤੀਗਤ ਕੰਮ ਨਹੀਂ ਹਨ। ਇਸ ਲਈ ਇਕ ਖਾਸ ਕਿਸਮ ਦਾ ਮਾਹੌਲ ਬਣਾਉਣਾ ਪੈਂਦਾ ਹੈ। ਇਹੋ ਜਿਹਾ ਮਾਹੌਲ ਤਾਂ ਹੀ ਬਣਦਾ ਹੈ ਜੇਕਰ ਬਹੁਤ ਸਾਰੇ ਲੋਕ ਇਸ ਕੰਮ ਵਿਚ ਜੁੱਟੇ ਹੋਣ ਅਤੇ ਇਕ ਦੂਜੇ ਨਾਲ ਤਾਲਮੇਲ ਵਿਚ ਹੋਣ। ਸਾਡੇ ਸਾਹਿਤ ਦਾ ਮਾਹੌਲ ਕਾਫੀ ਸਰਗਰਮ ਹੈ, ਪਰ ਮੌਲਿਕ ਖੋਜ, ਈਜਾਦਕਾਰੀ ਅਤੇ ਫਲਸਫੇ ਦੇ ਕੰਮ ਵਿਚ ਬਹੁਤ ਕਮੀ ਹੈ। ਇਹੋ ਜਿਹਾ ਮਾਹੌਲ ਇਕ ਵਾਰ ਪੁਰਾਤਨ ਯੂਨਾਨ ਵਿਚ ਪੈਦਾ ਹੋਇਆ ਸੀ, ਜਿਸਦੇ ਨਤੀਜੇ ਹੈਰਾਨੀਕੁਨ ਸਨ। ਸਾਨੂੰ ਸੱਭ ਨੂੰ ਪਤਾ ਹੈ ਸੁਕਰਾਤ, ਪਲੇਟੋ ਅਤੇ ਅਰਸਤੂ ਦੇ ਕੰਮ ਦਾ। ਫਿਰ ਇਹੋ ਜਿਹਾ ਮਾਹੌਲ ਯੂਰਪੀਨ ਜਾਗਰਤੀ ਵੇਲੇ ਪੈਦਾ ਹੋਇਆ ਸੀ, ਜਿਸ ਨਾਲ ਯੂਰਪ ਦੁਨੀਆਂ ਭਰ ਉਤੇ ਹਾਵੀ ਹੋ ਗਿਆ। ਵਿਗਿਆਨਕ ਇਨਕਲਾਬ ਉਸ ਵੇਲੇ ਦੇ ਯੂਰਪ ਵਿਚੋਂ ਪੈਦਾ ਹੋਇਆ ਸੀ। ਨਿਊਟਨ, ਆਈਨਸਟਾਈਨ, ਐਡੀਸਨ ਆਦਿ ਉਹ ਫੁੱਲ ਸਨ ਜੋ ਇਹੋ ਜਹੇ ਮਾਹੌਲਾ ਦੀ ਜ਼ਰਖੇਜ਼ ਜ਼ਮੀਨ ਵਿਚੋਂ ਪੈਦਾ ਹੋਏ ਸਨ।
ਪੰਜਾਬ ਵਿਚ ਅਜਿਹੇ ਮਾਹੌਲ ਨੂੰ ਪੈਦਾ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਾਹਿਤ ਵਿਚ ਬਹੁਤ ਸਾਰੇ ਸੈਮੀਨਾਰ ਅਤੇ ਕਾਨਫ੍ਰੰਸਾਂ ਹੁੰਦੀਆਂ ਰਹਿੰਦੀਆਂ ਹਨ। ਹੁਣ ਕੁਆਂਟਮ ਮਕੈਨਿਕਸ, ਜਨੈਟਿਕਸ, ਭਵਿੱਖਵਾਦ, ਫੂਡ ਐਂਜਨੀਅਰਿੰਗ ਅਤੇ ਹੋਰ ਅਨੇਕ ਵਿਸਿ਼ਆਂ ਤੇ ਵੀ ਹੋਣੀਆਂ ਚਾਹੀਦੀਆਂ ਹਨ। ਜੇਕਰ ਥੋੜੀਆਂ ਬਹੁਤ ਹੁੰਦੀਆਂ ਵੀ ਹੋਣਗੀਆਂ ਤਾਂ ਹੋਰ ਵਧਾਈਆਂ ਜਾਣੀਆਂ ਚਾਹੀਦੀਆਂ ਹਨ।
ਸਾਹਿਤ ਦੇ ਬੇਅੰਤ ਮੈਗਜ਼ੀਨ ਨਿਕਲ ਰਹੇ ਹਨ ਪਰ ਫਲਸਫੇ ਜਾਂ ਵਿਗਿਆਨ ਦਾ ਕੋਈ ਮੈਗਜ਼ੀਨ ਨਹੀਂ ਨਿਕਲਦਾ। ਇਹ ਸਾਰਾ ਕੁੱਝ ਕੀਤਾ ਜਾਣਾ ਚਾਹੀਦਾ ਹੈ। ਸ਼ਹੀਦਾਂ ਦੇ ਦਿਨ ਮਨਾਉਂਦਿਆਂ ਨੂੰ ਬਹੁਤ ਵਕਤ ਹੋ ਗਿਆ ਹੈ। ਹੁਣ ਕੁੱਝ ਸਤਿਕਾਰ ਆਪਣੇ ਵਿਗਿਆਨੀਆਂ ਨੂੰ ਵੀ ਦੇਣਾ ਚਾਹੀਦਾ ਹੈ ਤਾਂਕਿ ਨੌਜਵਾਨ ਲੋਕਾਂ ਵਿਚ ਉਤਸ਼ਾਹ ਆਵੇ ਵਿਗਿਆਨੀ ਬਣਨ ਦਾ।
ਇਸ ਦੇ ਨਾਲ ਨਾਲ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਬਹੁਤ ਸਾਰੇ ਨੌਜਵਾਨ ਕੁੜੀਆਂ ਮੁੰਡੇ ਐਮ ਬੀ ਏ ਅਤੇ ਹੋਰ ਤਕਨੀਕੀ ਪ੍ਰਬੰਧਕੀ ਅਤੇ ਫਾਈਨੈਂਸ਼ੀਅਲ ਖੇਤਰਾਂ ਵਿਚ ਮੁਹਾਰਤ ਹਾਸਲ ਕਰਨ।
ਇਨਸਾਨ ਇਕ ਨਵੀਂ ਦੁਨੀਆਂ ਉਸਾਰ ਰਿਹਾ ਹੈ। ਪੰਜਾਬੀ ਲੋਕਾਂ ਨੂੰ ਇਸ ਵਿਚ ਵਧ ਚੜ੍ਹ ਕੇ ਹਿਸਾ ਪਾਉਣਾ ਚਾਹੀਦਾ ਹੈ। ਪੰਜਾਬੀ ਨੌਜਵਾਨਾਂ ਨੂੰ ਘੜੀਆਂ ਘੜਾਈਆਂ ਆਦਰਸ਼ਵਾਦੀ ਅਤੇ ਸੁਪਨੇਸਾਜ਼ ਵਿਚਾਰਧਾਰਾਵਾਂ ਨੂੰ ਛੱਡ ਕੇ ਨਿਗਮਨਾਤਮਕ ਅਤੇ ਆਗਮਨਾਤਮਕ ਸੋਚ ਨੂੰ ਵਰਤਣਾ ਚਾਹੀਦਾ ਹੈ। ਤਰਕ, ਅਤੇ ਵਿਗਿਆਨਕ ਵਿਧੀਆਂ ਦੇ ਨਾਲ ਨਾਲ, ਪਤੰਜਲੀ ਅਤੇ ਬੁੱਧ ਦੇ ਸਿਸਟਮ ਪਰਖਣੇ ਅਤੇ ਇਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਹਰ ਫਲਸਫੇ ਅਤੇ ਸਿਧਾਂਤ ਨੂੰ ਨੁਕਤਾਚੀਨ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਖੋਜ ਅਤੇ ਸਿਰਜਣਾਤਮਕਤਾ ਦੇ ਨਾਲ ਨਾਲ ਰੁਜ਼ਗਾਰ ਨਾਲ ਸਬੰਧਤ ਤਕਨੀਕੀ ਖੇਤਰਾਂ ਵਿਚ ਨੌਜਵਾਨਾਂ ਨੂੰ ਸਿਖਲਾਈ ਦਿਤੀ ਜਾਣੀ ਚਾਹੀਦੀ ਹੈ। ਇਸ ਲਈ ਸ਼ਾਇਦ ਕੈਨੇਡਾ ਦਾ ਵਿਦਿਆ ਦਾ ਕੋਆਪ ਮਾਡਲ ਚੰਗੀ ਸੇਧ ਦੇ ਸਕਦਾ ਹੈ। ਕੈਨੇਡਾ ਵਿਚ ਵਿਦਿਅਕ ਅਤੇ ਸਨਅਤੀ ਅਦਾਰੇ ਇਕ ਦੂਜੇ ਨਾਲ ਮਿਲਵਰਤਣ ਨਾਲ ਕੰਮ ਅਤੇ ਪੜ੍ਹਾਈ ਨੂੰ ਇਕੱਠੇ ਕਰਦੇ ਹਨ।
ਸੱਭ ਤੋ ਮਹੱਤਵਪੂਰਨ ਗੱਲ ਹੈ ਅੰਦਰੂਨੀ ਬਸਤੀਵਾਦ ਅਤੇ ਸਿਆਸੀ ਲੋਕਾਂ ਦੀ ਨਾਅਹਿਲੀ ਅਤੇ ਧਿੰਗੋਜ਼ੋਰੀ ਨੂੰ ਝੱ਼ਲਣ ਤੋਂ ਇਨਕਾਰੀ ਹੋਣਾ। ਮਿਆਰ ਤੋਂ ਗਿਰੇ ਅਫਸਰਾਂ ਅਤੇ ਸਿਆਸਤਦਾਨਾਂ ਤੋਂ ਕੁਰਸੀਆਂ ਖੋਹੀਆਂ ਜਾਣੀਆਂ ਚਾਹੀਦੀਆਂ ਹਨ। ਨਾ ਭੁੱਲੋ ਕਿ ਪੰਜਾਬ ਦੀ ਵਿਰਾਸਤ ਦਾ ਬੁਨਿਆਦੀ ਨਿਯਮ: ਨਾ ਜ਼ੁਲਮ ਕਰੋ ਅਤੇ ਨਾ ਝੱਲੋ।

ਵਿਕਾਸ ਅਤੇ ਤਰੱਕੀ
ਆਰਥਕ ਵਿਕਾਸ ਤਕਨਾਲੋਜੀ ਦੇ ਵਿਕਾਸ ਅਤੇ ਉਪਲੱਭਦ ਸੋਮਿਆਂ ਦੀ ਸਹੀ ਵਰਤੋਂ ਨਾਲ ਹੁੰਦਾ ਹੈ। ਪਰ ਤਰੱਕੀ ਚੰਗੀ ਸਿਆਸਤ, ਚੰਗੇ ਅਦਾਰੇ ਅਤੇ ਚੰਗੇ ਕਾਨੂਨਾਂ ਨਾਲ ਹੁੰਦਾ ਹੈ। ਵਿਕਾਸ ਨਾਲ ਅਬਾਦੀ ਵਧ ਸਕਦੀ ਹੈ ਅਤੇ ਤਰੱਕੀ ਰੁਕ ਸਕਦੀ ਹੈ। ਪਰ ਉਤਪਾਦਨ ਅਤੇ ਆਰਥਕ ਵਿਵਸਥਾਵਾਂ ਨਾਲ ਪੈਦਾ ਹੋਈ ਦੌਲਤ ਨੂੰ ਜੇਕਰ ਲੋਕਾਂ ਦੀ ਜਿ਼ੰਦਗੀ ਨੂੰ ਬਿਹਤਰ ਕਰਨ ਲਈ ਵਰਤਿਆ ਜਾਵੇ, ਤਾਂ ਤਰੱਕੀ ਹੁੰਦੀ ਹੈ। ਇਸ ਸਰਮਾਏਦਾਰੀ ਯੁੱਗ ਵਿਚ ਉਤਪਾਦਨ ਲਈ ਖੁਲ੍ਹੀ ਮੰਡੀ ਦੀ ਵਰਤੋਂ ਜ਼ਰੂਰੀ ਹੈ ਪਰ ਦੌਲਤ ਦੀ ਵੰਡ ਲਈ ਸਮਾਜਵਾਦੀ ਸਿਧਾਂਤ ਵੀ ਜ਼ਰੂਰੀ ਹਨ। ਇਹਨਾਂ ਦੋ ਗੱਲਾਂ ਦੇ ਦਰੁਸਤ ਮਿਸ਼ਰਨ ਦੀ ਸਮਝ ਵਿਚ ਹੀ ਅਸਲ ਭੇਦ ਹੈ ਇਕ ਚੰਗੇ ਸਮਾਜ ਦੀ ਸਿਰਜਣਾ ਦਾ।
ਭਾਵੇਂ ਪੰਜਾਬ ਦੀ ਖੇਤੀਬਾੜੀ ਵਿਚ ਉਤਪਾਦਕਤਾ ਬਹੁਤ ਵਧੀ ਹੈ। ਪਰ ਪੰਜਾਬ ਦੀ ਪੈਦਾ ਕੀਤੀ ਕਣਕ ਮੀਂਹ ਵਿਚ ਗਲ ਰਹੀ ਹੁੰਦੀ ਹੈ। ਹਜ਼ਾਰਾਂ ਟਨ ਕਣਕ ਦੇ ਬਿਨਾ-ਛੱਤ ਸਟੋਰ ਕਰਨ ਅਤੇ ਸਾਰਾ ਸਾਲ ਪਏ ਰਹਿਣ ਦੇ ਕਿੱਸੇ ਮੀਡੀਆ ਵਿਚ ਸੁਣੇ ਜਾਂਦੇ ਹਨ। ਇਹ ਹੈ ਸਰਕਾਰ ਦੀ ਸੁਸਤੀ ਅਤੇ ਨਾਅਹਿਲੀ। ਸਰਕਾਰ ਨੂੰ ਇਸ ਕੰਮ ਵਿਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। ਇਹ ਕੰਮ ਕਿਸਾਨਾਂ ਦੇ ਕੋਆਪ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਵੀ ਪੇਸ਼ਾਵਰ ਮੈਨੇਜਰਾਂ ਦੇ ਪ੍ਰਬੰਧ ਅਧੀਨ। ਕੋਈ ਵੀ ਕਾਰਨ ਨਹੀਂ ਕਿ ਭਾਰਤ ਵਰਗੇ ਮੁਲਕ ਵਿਚ ਜਿਥੇ ਲੋਕ ਅਜੇ ਵੀ ਭੁੱਖ ਦੇ ਸਿ਼ਕਾਰ ਹਨ, ਲੱਖਾਂ ਟਨ ਦਾਣਾ ਗਲ ਸੜ ਕੇ ਜਾਵੇ। 2015 ਵਿਚ 2 ਲੱਖ ਟਨ ਦੇ ਕਰੀਬ ਕਣਕ ਤਬਾਹ ਕੀਤੀ ਗਈ ਕਿਉਂਕਿ ਇਹ ਜਾਨਵਰਾਂ ਦੇ ਖਾਣ ਲਈ ਵੀ ਠੀਕ ਨਹੀਂ ਸੀ ਰਹੀ (ਘੁਰਪਰੲੲਟ ੰਨਿਗਹ ਂਬਿਬੲਰ, ੍ਹਨਿਦੁਸਟਅਨ ਠਮਿੲਸ, ਛਹਅਨਦਗਿਅਰਹ, ਫੋਸਟੲਦ ੋਨਲਨਿੲ)। ਹਰਾ ਇਨਕਲਾਬ 1967-68 ਦੇ ਕਰੀਬ ਸ਼ੁਰੂ ਹੋਇਆ ਸੀ, ਪਰ ਕੋਈ ਅੱਧੀ ਸਦੀ ਲੰਘਣ ਤੋਂ ਬਾਅਦ ਵੀ ਅਜੇ ਤੱਕ ਮੁਨਾਸਿਬ ਸਟੋਰੇਜ ਸੁਵਿਧਾਵਾਂ ਭਾਰਤ ਦੀ ਸਰਕਾਰ ਤੋਂ ਬਣ ਨਹੀਂ ਸਕੀਆਂ। ਪੰਜਾਬ ਸਰਕਾਰ ਲਈ ਜਾਂ ਇਥੋਂ ਦੇ ਕਾਰੋਬਾਰੀ ਲੋਕਾਂ ਲਈ ਇਹ ਬਿਜ਼ਨਸ ਦਾ ਇਕ ਸੁਨਿਹਰੀ ਮੌਕਾ ਸੀ। ਉਹ ਕਣਕ ਸਟੋਰ ਕਰਨ ਦੀਆਂ ਆਧੁਨਿਕ ਸੁਵਿਧਾਵਾਂ ਬਣਾਉਂਦੇ ਜਿਵੇਂ ਕਿ ਹੁਣ ਭਾਰਤ ਸਰਕਾਰ ਸਟੀਲ ਸਾਈਲੋ਼ ਬਣਾ ਰਹੀ ਹੈ। ਪੰਜਾਬ ਦੇ ਬਿਜ਼ਨਸਮੈਨ ਇਹ ਮੌਕਾ ਨਹੀਂ ਦੇਖ ਸਕੇ ਕਿਉਂਕਿ ਪੰਜਾਬ ਦੀ ਸੋਚ ਧੁੰਦਲੀ ਹੈ ਅਤੇ ਮੀਡੀਆ ਸਿਆਸਤ ਨੂੰ ਹਕੀਕਤ ਸਮਝਣ ਦੀ ਗਲਤੀ ਵਿਚ ਫਸਿਆ ਬੈਠਾ ਹੈ।
ਜਦੋਂ ਕਿਰਤੀ ਦੀ ਉਤਪਾਦਕਤਾ ਨੂੰ, ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਜ਼ਰਬ ਦਿਤੀ ਜਾਂਦੀ ਹੈ, ਤਾਂ ਆਰਥਕ ਵਿਕਾਸ ਹੁੰਦਾ ਹੈ ਅਤੇ ਸਮਾਜਕ ਦੌਲਤ ਵਧਦੀ ਹੈ। ਨਵੀਨਤਮ ਮਸ਼ੀਨਾਂ ਅਤੇ ਤਕਨਾਲੋਜੀ ਦੇ ਦੋ ਸੋਮੇ ਹਨ। ਇਕ ਹੈ ਵਧੇਰੇ ਵਿਕਸਤ ਮੁਲਕ ਜਿਹਨਾਂ ਕੋਲ ਇਹ ਤਕਨਾਲੋਜੀ ਪਹਿਲਾਂ ਹੀ ਹੈ। ਦੂਜਾ ਹੈ ਜਦੋਂ ਵਿਗਿਆਨਕ ਖੋਜ ਅਤੇ ਈਜਾਦਕਾਰੀ ਨਾਲ ਤੁਸੀਂ ਆਪ ਕੋਈ ਨਵੀਂ ਤਕਨਾਲੋਜੀ, ਨਵੀਂ ਵਿਧੀ ਜਾਂ ਨਵੀਆਂ ਮਸ਼ੀਨਾਂ ਈਜਾਦ ਕਰਦੇ ਹੋ। ਇਹ ਦੋਵੇਂ ਸੋਮੇਂ ਬਹੁਤ ਮਹਤਵਪੂਰਨ ਹਨ। ਕਿਉਂਕਿ ਨਵੀਂ ਤਕਨਾਲੋਜੀ ਨਾਲ ਇਨਸਾਨ ਜਾਂ ਕਿਰਤੀ ਦੀ ਉਤਪਾਦਕਤਾ ਵਧਦੀ ਹੈ, ਇਸ ਲਈ ਇਸ ਨਾਲ ਦੌਲਤ ਪੈਦਾ ਕਰਨ ਦਾ ਦਰ ਵਧਦਾ ਹੈ। ਇਸ ਵਧੀ ਦੌਲਤ ਨਾਲ ਪੂੰਜੀ ਨਿਵੇਸ਼ ਲਈ ਨਵਾਂ ਪੈਸਾ ਆਉਂਦਾ ਹੈ ਅਤੇ ਨਾਲ ਨਾਲ ਨਿਵੇਸ਼ ਦੇ ਨਵੇਂ ਖੇਤਰ ਪੈਦਾ ਹੁੰਦੇ ਹਨ। ਜਦੋਂ ਇਹ ਕੰਮ ਆਪਣਾ ਜ਼ੋਰ ਫੜਦਾ ਹੈ ਤਾਂ ਖੋਜਕਾਰੀ, ਅਤੇ ਈਜਾਦਕਾਰੀ ਲਈ ਪੂੰਜੀ ਮੁਹਈਆ ਹੋਣੀ ਹੋਰ ਸੌਖੀ ਹੋ ਜਾਂਦੀ ਹੈ। ਜੇਕਰ ਪੰਜਾਬ ਦਾ ਅਰਥਚਾਰਾ ਵਿਕਾਸਮਈ ਹੋ ਜਾਵੇ ਤਾਂ ਨਵੇਂ ਖੇਤਰਾਂ ਵਿਚ ਸ੍ਰਿਜਾਣਤਮਕ ਕੰਮ ਕਰਨ ਵਾਲੇ ਵਿਗਿਆਨੀ ਕੰਮ ਤੇ ਲਾਏ ਜਾ ਸਕਦੇ ਹਨ। ਅੱਜ ਕੱਲ ਮਸਨੂਈ ਬੁੱਧੀ, ਨੈਨੋ ਤਕਨਾਲੋਜੀ, ਡਰੋਨਜ਼, ਸੁਰੱਖਿਆ ਜਾਂ ਫੌਜੀ ਖੇਤਰ ਵਿਚ ਰੋਬਾਟ ਬਣਾਉਣ ਦਾ ਕੰਮ, ਸਿਹਤ ਖੇਤਰ ਵਿਚ ਤੁਹਾਡੇ ਆਪਣੇ ਟਿਸ਼ੂ ਤੋਂ ਅੰਗ ਬਣਾਉਣੇ, 3 ਡੀ ਛਾਪੇਖਾਨੀ, ਸੋਲਰ ਊਰਜਾ, ਬਿਜਲੀ ਤੇ ਚੱਲਣ ਵਾਲੀਆਂ ਕਾਰਾਂ ਅਤੇ ਅਜਿਹੇ ਅਨੇਕ ਖੇਤਰ ਹਨ ਜਿਥੇ ਭਵਿੱਖ ਸਿਰਜਣ ਵਾਲਾ ਕੰਮ ਚੱਲ ਰਿਹਾ ਹੈ। ਪੰਜਾਬ ਦੀ ਸਰਕਾਰ ਨੂੰ ਮਹਾਂਵਿਦਿਆਲਿਆਂ ਦੇ ਨਾਲ ਰਲ ਕੇ ਇਸ ਕਿਸਮ ਦੀ ਖੋਜ ਦਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਵਿਕਾਸ ਦੇ ਪ੍ਰਬੰਧ ਲਈ ਜ਼ਰੂਰੀ ਹੈ ਕਿ ਮੈਨੇਜਮੈਂਟ, ਮਾਰਕਟਿੰਗ ਅਤੇ ਐਡਵਰਟਾਈਜਿ਼ੰਗ ਵਿਚ ਮਾਹਰ ਪੈਦਾ ਕੀਤੇ ਜਾਣ ਅਤੇ ਉਹਨਾਂ ਨੂੰ ਕੰਮ ਦਿਤਾ ਜਾਵੇ। ਵਿਕਾਸ ਦੇ ਰਾਹ ਪਿਆ ਸੂਬਾ ਜਾਂ ਮੁਲਕ ਬੜੀ ਤੇਜ਼ੀ ਨਾਲ ਅੱਗੇ ਨਿਕਲ ਜਾਂਦਾ ਹੈ।
ਵਿਕਾਸ ਵਿਚ ਸਿਰਫ ਜੀ ਡੀ ਪੀ ਨੂੰ ਗਿਣਨਾ ਗਲਤ ਹੈ। ਇਨਸਾਨੀ ਕੁਸ਼ਲਤਾ ਦੇ ਮਿਆਰ ਵਰਤੇ ਜਾਣੇ ਚਾਹੀਦੇ ਹਨ। ਇਸ ਦਾ ਭਾਵ ਹੈ ਕਿ ਵਿਕਾਸ ਨਾਲ ਪੈਦਾ ਹੋਈ ਦੌਲਤ ਦੀ ਅਜਿਹੇ ਤਰੀਕੇ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿ ਹਰ ਪੰਜਾਬੀ ਨੂੰ ਆਧੁਨਿਕ ਸਮਾਜ ਦੀਆਂ ਜ਼ਰੂਰੀ ਸੁਵਿਧਾਵਾਂ ਦਿਤੀਆਂ ਜਾਣ ਅਤੇ ਕੋਈ ਵੀ ਵਿਅਕਤੀ ਜਾਂ ਪਰਿਵਾਰ ਗਰੀਬੀ ਦੀ ਲਕੀਰ ਤੋਂ ਹੇਠ ਨਾ ਹੋਵੇ। ਅਮਰੀਕਾ ਅਤੇ ਨਾਰਵੇ ਦੇ ਮੁਕਾਬਲੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੰਡੀ ਅਧਾਰਤ ਸਰਮਾਏਦਾਰੀ ਨਿਜ਼ਾਮ ਦੌਲਤ ਦੀ ਵੰਡ ਆਪਣੇ ਆਪ ਸਹੀ ਨਹੀਂ ਕਰ ਸਕਦਾ। ਇਸ ਲਈ ਸਟੇਟ ਦੀ ਮੁਦਾਖਲਤ ਜ਼ਰੂਰੀ ਹੈ। ਪਰ ਸਟੇਟ ਦੀ ਮੁਦਾਖਲਤ ਸਿਰਫ ਵੋਟਾਂ ਲੈਣ ਲਈ ਫਜ਼ੂਲ ਕਿਸਮ ਦੀਆਂ ਸਬਸਿਡੀਆਂ ਜਾਂ ਮਾਲੀ ਇਮਦਾਦਾਂ ਇਨਸਾਨੀ ਕੁਸ਼ਲਤਾ ਨੂੰ ਨਹੀਂ ਵਧਾਉਂਦੀਆਂ। ਸੋ ਇਹ ਕੰਮ ਸਦਾਚਾਰਕ ਤੌਰ ਤੇ ਵੰਗਾਰਤ ਸਿਆਸਤਦਾਨਾਂ ਦੀ ਮਨ-ਮਰਜ਼ੀ ਉਤੇ ਨਹੀਂ ਛਡਿਆ ਜਾ ਸਕਦਾ।
ਅਣਪੜ੍ਹ ਜਾਂ ਅੱਧਪੜ੍ਹ ਧਾਰਮਿਕ ਸਿਆਸਦਾਨਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਹ ਲੋਕ ਅਤਿ ਕਿਸਮ ਦੇ ਲਾਲਚੀ, ਮਕਾਰ ਅਤੇ ਮੂਰਖ ਹਨ ਜੋ ਸੂਬੇ ਦੀ ਤਰੱਕੀ ਨੂੰ ਪਿਛੇ ਪਾ ਕੇ ਧਾਰਮਿਕ ਝਗੜੇ ਖੜੇ ਕਰਨ ਵਿਚ ਲੱਗੇ ਰਹਿੰਦੇ ਹਨ। ਕੀ ਸਾਰੇ ਪੰਜਾਬ ਵਿਚ ਕੋਈ ਸੂਝਵਾਨ ਅਤੇ ਈਮਾਨਦਾਰ ਲੋਕ ਨਹੀਂ ਹਨ? ਸਿਆਸੀ ਪਾਰਟੀਆਂ ਨੂੰ ਅਜਿਹੇ ਲੋਕਾਂ ਦੀ ਲਿਆਕਤ ਨੂੰ ਵਰਤਣਾ ਚਾਹੀਦਾ ਹੈ।
ਖੁਲਾਸਾ ਅਤੇ ਨਤੀਜਾ
ਸੋ ਜੇਕਰ ਅਸੀਂ ਸਾਰੀ ਗੱਲ ਦਾ ਖੁਲਾਸਾ ਕਰੀਏ ਤਾਂ ਇਹ ਕਹਿ ਸਕਦੇ ਹਾਂ ਕਿ ਪਹਿਲਾ ਕੰਮ ਬਜਟ ਨੂੰ ਦੁਰਸਤ ਕਰਨ ਦਾ ਹੈ। ਦੂਜਾ ਸ਼ਹਿਰਾਂ ਨੂੰ ਟੈਕਸ ਅਤੇ ਖਰਚੇ ਵਿਚ ਮੋਟੇ ਤੌਰ ਤੇ ਸਵੈ-ਨਿਰਭਰ ਕਰਨ ਦਾ ਹੋਣਾ ਚਾਹੀਦਾ ਹੈ।
ਫਿਰ ਸਨਅਤੀ ਵਿਕਾਸ ਲਈ ਬਿਦੇਸ਼ੀ ਪੰਜਾਬੀਆਂ ਨਾਲ ਸਬੰਧਤ ਸਨਅਤਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਜੋ ਬਿਦੇਸ਼ੀ ਪੰਜਾਬੀਆਂ ਤੋਂ ਸ਼ੁਰੂ ਕਰਕੇ, ਇਹ ਕੰਪਨੀਆਂ, ਹੋਰ ਬਿਦੇਸ਼ੀ ਯਾਤਰੀਆਂ ਨੂੰ ਵੀ ਇਹ ਸੇਵਾਵਾਂ ਵੇਚ ਸਕਦੀਆਂ ਹਨ। ਇਸ ਖੇਤਰ ਵਿਚ ਸੈਕੜੇ ਕਰੋੜਾਂ ਰੁਪਿਆਂ ਦੀ ਸੰਭਾਵਨਾ ਹੈ।
ਜਾਇਦਾਦੀ ਕਾਨੂੰਨ ਅਤੇ ਉਹਨਾਂ ਨੂੰ ਲਾਗੂ ਕਰ ਕੇ ਬਿਦੇਸ਼ੀ ਪੰਜਾਬੀਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
ਸਥਾਨਕ ਫਸਲਾਂ ਨਾਲ ਸਬੰਧਤ ਫੂਡ ਪਰਾਸੈਸਿੰਗ ਨੂੰ ਸ਼ੁਰੂ ਕਰਕੇ ਬਰੈਂਡ ਨੇਮ ਸਥਾਪਤ ਕਰਨੇ ਚਾਹੀਦੇ ਹਨ ਅਤੇ ਇਹਨਾਂ ਪਦਾਰਥਾਂ ਨੂੰ ਭਾਰਤ ਅਤੇ ਬਿਦੇਸ਼ੀ ਮੁਲਕਾਂ ਵਿਚ ਮਾਰਕਿਟ ਕੀਤਾ ਜਾਣਾ ਚਾਹੀਦਾ ਹੈ। ਇਸ ਖੇਤਰ ਵਿਚ ਬਰੈਕਫਾਸਟ ਸੀਰੀਅਲ, ਐਥਾਨਾਲ, ਮਿਠਾਈਆਂ ਕਈ ਕਿਸਮ ਦੇ ਕੈਨ ਕੀਤੇ ਜਾਣ ਵਾਲੇ ਭੋਜਨ। ਪਰਾਲੀ, ਕੜਬ ਅਤੇ ਗੁੱਲੀਆਂ ਤੋਂ ਕਈ ਕਿਸਮ ਦੀਆਂ ਚੀਜ਼ਾਂ ਬਣਾਈਆਂ ਜਾ ਸਕਦੀਆ ਹਨ। ਖੋਜਕਾਰ ਅਜਿਹੀਆਂ ਚੀਜ਼ਾਂ ਬਣਾ ਸਕਦੇ ਹਨ ਜੋ ਵਾਤਾਵਰਨ ਲਈ ਚੰਗੀਆਂ ਹੋਣ ਅਤੇ ਦੁਨੀਆਂ ਭਰ ਵਿਚ ਵਿਕ ਸਕਣ।
ਕੋਰਪੋਰੇਟ ਜਾਂ ਕੋਆਪ ਖੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜਿਸ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਚਲਾਇਆ ਜਾਵੇ। ਇਹ ਕੋਰਪੋਰੇਟ ਜਾਂ ਕੋਆਪ ਫਾਰਮ ਵਿਭਿੰਨੀਕਰਨ ਰਾਹੀਂ ਹੋਰ ਖੇਤਰਾਂ ਵਿਚ ਪੂੰਜੀ ਨਿਵੇਸ਼ ਕਰਨ ਜਿਵੇਂ ਕਿ ਦੁੱਧ, ਪੌਲਟਰੀ, ਸੂਰ ਫਾਰਮ, ਬਕਰੇ ਅਤੇ ਖਰਗੋਸ਼ ਆਦਿ ਦੇ ਫਾਰਮ। ਕਿਸਾਨਾਂ ਦੀਆਂ ਕੋਆਪ ਮੰਡੀਆਂ ਜਿਥੇ ਲੋਕ ਕਿਸਾਨਾਂ ਤੋਂ ਸਿਧੀਆਂ ਸਬਜ਼ੀਆਂ ਵਗੈਰਾ ਖਰੀਦ ਸਕਣ।
ਸੂਬੇ ਦੀ ਪੱਧਰ ਤੇ ਸਪਲਾਈ ਅਤੇ ਮਾਰਕਟਿੰਗ ਕੋਆਪ ਬਣਾਏ ਜਾਣੇ ਚਾਹੀਦੇ ਹਨ ਜੋ ਨਾ ਸਿਰਫ ਪੰਜਾਬ ਅਤੇ ਭਾਰਤ ਨੂੰ ਫਸਲਾਂ ਵੇਚਣ ਸਗੋਂ ਅੰਤਰਰਾਸ਼ਟਰੀ ਮੰਡੀ ਵਿਚ ਵੀ। ਅਜਿਹੇ ਕੋਆਪ ਆੜ੍ਹਤੀ ਨੂੰ ਵਿਚੋਂ ਕੱਢ ਕੇ ਸਿਧੀ ਸਪਲਾਈ ਕਰ ਸਕਦੇ ਹਨ। ਇਹਨਾਂ ਦੇ ਚਲਾਉਣ ਲਈ ਜੋ ਕਾਨੂੰਨ ਤਬਦੀਲ ਕਰਨੇ ਪੈਣ, ਕੀਤੇ ਜਾਣੇ ਚਾਹੀਦੇ ਹਨ।
ਸੂਰਜੀ ਊਰਜਾ ਦਾ ਕੰਮ ਸਰਕਾਰ ਦੀ ਮਦਦ ਨਾਲ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਨੂੰ ਇਸ ਹੱਦ ਤੱਕ ਲਿਜਾਣਾ ਚਾਹੀਦਾ ਹੈ ਕਿ ਥਰਮਲ ਪਲਾਂਟਾਂ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਸਕੇ।
ਪਾਣੀ ਦੀ ਕਿੱਲਤ ਨੂੰ ਘਟਾਉਣ ਲਈ ਡਰਿਪ ਫਾਰਮਿੰਗ ਲਈ ਗਰਾਂਟਾਂ ਅਤੇ ਕਰਜ਼ੇ ਦਿੱਤੇ ਜਾਣੇ ਚਾਹੀਦੇ ਹਨ ਖਾਸ ਕਰ ਸਾਂਝੀ ਖੇਤੀ, ਕੋਆਪ ਜਾਂ ਕੌਰਪੋਰੇਟ, ਵਾਲਿਆਂ ਨੂੰ ਕਿਉਂਕਿ ਉਹਨਾਂ ਦੇ ਕੋਲ ਆਪਣੀ ਵੀ ਪੂੰਜੀ ਹੋ ਸਕਦੀ ਹੈ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ।
ਮੌਜੂਦਾ ਸਨਅਤਕਾਰਾਂ ਨੂੰ ਜੋ ਵਿਗੜੇ ਮਾਹੌਲ ਕਾਰਨ ਮੁਸ਼ਕਲਾਂ ਆਉਂਦੀਆਂ ਹਨ, ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਤਾਂਕਿ ਉਹ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਲ ਨਾ ਭੱਜਣ।
ਪੰਜਾਬ ਦੇ ਵਾਤਾਵਰਨ ਦੀ ਸ਼ੁਧਤਾ ਨਾ ਸਿਰਫ ਇਕ ਅਤਿ ਮਹੱਤਵਪੂਰਨ ਕੰਮ ਹੈ ਸਗੋਂ ਇਹ ਇਕ ਚੰਗਾ ਬਿਜ਼ਨਸ ਹੈ।
ਮੈਂ ਕੋਈ ਅੱਧੀ ਸਦੀ ਤੋਂ ਪੰਜਾਬ ਵਿਚੋਂ ਬਾਹਰ ਰਹਿ ਰਿਹਾ ਹਾਂ, ਪਰ ਸਾਨੂੰ ਬਿਦੇਸ਼ੀ ਪੰਜਾਬੀਆਂ ਨੂੰ ਪੰਜਾਬ ਨਾਲ ਬਹੁਤ ਹਿੱਤ ਹੈ ਅਤੇ ਇਸ ਦੇ ਭਵਿੱਖ ਦੀ ਚਿੰਤਾ ਰਹਿੰਦੀ ਹੈ। ਡਾਕਟਰ ਸੁੱਚਾ ਸਿੰਘ ਗਿੱਲ ਪਿਛਲੇ ਦਿਨੀ ਕੈਨੇਡਾ ਆਏ ਸਨ। ਸਾਡੇ ਸਾਂਝੇ ਦੋਸਤ ਗੁਰਦਿਆਲ ਬੱਲ ਦੇ ਉਦੱਮ ਨਾਲ ਉਹਨਾਂ ਦੇ ਵਿਚਾਰ ਸੁਣਨ ਦਾ ਸਬੱਬ ਬਣਦਾ ਰਿਹਾ। ਉਹਨਾਂ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਹੋਇਆ ਕਿ ਡਾ: ਸੁੱਚਾ ਸਿੰਘ ਗਿੱਲ ਵਰਗੇ ਲੋਕਾਂ ਕੋਲ ਅਰਥਚਾਰੇ ਨੂੰ ਚਲਾਉਣ ਦੀ ਜਿ਼ੰਮੇਦਾਰੀ ਚਾਹੀਦੀ ਹੈ। ਇਹ ਮੌਜੂਦਾ ਲੇਖ ਉਹਨਾਂ ਦੇ ਖਿਆਲਾਂ ਵਿਚੋਂ ਮਿਲੀ ਜਾਣਕਾਰੀ ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਹ ਸਿਰਫ ਇੱਕ ਮੁਢਲਾ ਖਾਕਾ ਹੈ। ਮਾਹਰਾਂ ਅਤੇ ਹੋਰ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਵਿਕਸਤ ਅਤੇ ਮੁਕੰਮਲ ਕਰਨ। ਇਸ ਵਿਚ ਬਹੁਤ ਸਾਰੀਆਂ ਗੱਲਾਂ, ਮੁੱਦੇ ਅਤੇ ਤਰੀਕੇ ਖਿਆਲ ਵਿਚ ਨਹੀਂ ਆਏ ਹੋਣਗੇ। ਸੋ ਹੋਰ ਵਧੇਰੇ ਕਾਬਲ ਲੋਕਾਂ ਨੂੰ ਸੱਦਾ ਹੈ ਕਿ ਉਹ ਪੰਜਾਬ ਦੇ ਅਰਥਚਾਰੇ ਨੂੰ ਮੁੜ-ਬਹਾਲ ਕਰਨ ਲਈ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਨ। ਇਹ ਕੰਮ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਦਾ ਤੁਅਲਕ ਪੰਜਾਬ ਦੇ ਲੋਕਾਂ ਦੀ ਜਿ਼ੰਦਗੀ ਨਾਲ ਹੈ।

Baldev Duhre
davebduhre@live.ca
519-731-1985
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346