Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ
- ਪਿੰ੍ਰ. ਸਰਵਣ ਸਿੰਘ

 

. ਹਰਿਭਜਨ ਸਿੰਘ ਕਵਿਤਾ ਦਾ ਛੱਲਾਂ ਮਾਰਦਾ ਸਰੋਵਰ ਸੀ। ਸੁਰੀਲੀ ਤੇ ਰਸੀਲੀ ਬੋਲ ਬਾਣੀ ਦਾ ਫੁੱਟ ਫੁੱਟ ਪੈਂਦਾ ਫਾਊਂਟੇਨ। ਜਿੰਨਾ ਵਧੀਆ ਉਹ ਕਵੀ ਸੀ ਉਨਾ ਹੀ ਵਧੀਆ ਬੁਲਾਰਾ ਸੀ। ਉਹਦੀ ਦੁੱਧ ਚਿੱਟੀ ਮੁਸਕ੍ਰਾਹਟ, ਜਿਸ ਨੂੰ ਯਾਰ ਦੋਸਤ ਮਸਕੀਨੀ ਮੁਸਕ੍ਰਾਹਟ ਵੀ ਕਹਿੰਦੇ, ਡਾਢੀ ਮਨ ਲਭਾਉਣੀ ਸੀ। ਉਹਦੀਆਂ ਮਤਾਬੀ ਵਾਂਗ ਜਗਦੀਆਂ ਅੱਖਾਂ ਦਾ ਜਲਵਾ ਝੱਲਿਆ ਨਹੀਂ ਸੀ ਜਾਂਦਾ। ਉਨ੍ਹਾਂ ਵਿਚ ਅਨੋਖੀ ਲਿਸ਼ਕ ਹੁੰਦੀ ਸੀ। ਜਦ ਉਹ ਵਜਦ ਵਿਚ ਆਉਂਦਾ ਤਾਂ ਉਹਦੇ ਮੂੰਹ ਤੇ ਮੱਧਮ ਪਏ ਮਾਤਾ ਦੇ ਦਾਗ ਤਾਰਿਆਂ ਹਾਰ ਝਿਲਮਿਲਾਉਣ ਲੱਗਦੇ। ਉਹਦੇ ਰਸੀਲੇ ਬੋਲ ਸ਼ਰਬਤ ਦੀਆਂ ਘੁੱਟਾਂ ਸਨ, ਦੁੱਧ ਦੇ ਛੱਟੇ ਸਨ!
ਉਸ ਨੇ ਬਤੌਰ ਕਵੀ, ਆਲੋਚਕ, ਅਨੁਵਾਦਕ, ਅਧਿਆਪਕ, ਖੋਜਕਾਰ, ਨਿਗਰਾਨ ਤੇ ਗੋਸ਼ਟੀਕਾਰ ਵਜੋਂ ਨਾਮਣਾ ਵੀ ਖ਼ੂਬ ਖੱਟਿਆ। ਉਸ ਨੂੰ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਬੋਲਣ ਵਿਚ ਆਬੂਰ ਹਾਸਲ ਸੀ। ਉਹਦਾ ਲੱਛੇਦਾਰ ਭਾਸ਼ਨ ਸਰੋਤਿਆਂ ਤੇ ਟੂਣਾ ਕਰ ਦਿੰਦਾ ਸੀ। ਕੀ ਆਮ, ਕੀ ਖ਼ਾਸ, ਸਭ ਕੀਲੇ ਜਾਂਦੇ ਸਨ ਉਹਦੀਆਂ ਦਲੀਲਾਂ ਨਾਲ। ਉਹ ਸੁਣਨ ਵਾਲਿਆਂ ਨੂੰ ਆਪਣੇ ਹੀ ਵੇਗ ਵਿਚ ਵਹਾ ਲਿਜਾਂਦਾ ਸੀ। ਅੰਗਰੇਜ਼ੀ ਪੜ੍ਹ ਕੇ ਹਿੰਦੀ ਪੜ੍ਹਾਉਣ ਅਤੇ ਪੰਜਾਬੀ ਵਿਚ ਲਿਖ ਕੇ ਉਰਦੂ ਵਾਲੀ ਅਦਾ ਨਾਲ ਗੱਲ ਕਰਨ ਵਾਲਾ ਉਹ ਇਕੋ ਇਕ ਪੰਜਾਬੀ ਵਿਦਵਾਨ ਹੋਇਆ ਹੈ। ਉਹ ਪਹਿਲਾਂ ਕਲੱਰਕ, ਫਿਰ ਹਿੰਦੀ ਅਧਿਆਪਕ ਤੋਂ ਹਿੰਦੀ ਦਾ ਲੈਕਚਰਾਰ, ਫਿਰ ਪੰਜਾਬੀ ਦਾ ਪ੍ਰੋਫ਼ੈਸਰ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ, ਦਿੱਲੀ ਯੂਨੀਵਰਸਿਟੀ ਦਾ ਮੁਖੀ ਬਣਿਆ।
ਉਸ ਨੇ ਮੈਟ੍ਰਿਕ ਕਰਨ ਪਿੱਛੋਂ ਹਿੰਦੀ ਦੀ ਪ੍ਰਭਾਕਰ, ਪੰਜਾਬੀ ਦੀ ਗਿਆਨੀ, ਉਰਦੂ ਦੀ ਮੁਨਸ਼ੀ ਫਾਜ਼ਲ, ਅੰਗਰੇਜ਼ੀ ਦੀ ਐੱਮ. ਏ. ਤੇ ਹਿੰਦੀ ਦੀ ਐੱਮ. ਏ. ਪੀਐਚ ਡੀ. ਕੀਤੀ। ਫਿਰ ਪੰਜਾਬੀ ਦੀ ਡੀ. ਲੈੱਟ.। ਉਹ ਫਾਰਸੀ ਤੇ ਸੰਸਕ੍ਰਿਤ ਵੀ ਜਾਣਦਾ ਸੀ। ਉਸ ਦੀ ਪੇਸ਼ਕਾਰੀ ਕਮਾਲ ਦੀ ਸੀ। ਬੋਲਦਾ ਤਾਂ ਲਿਸ਼ਕਦੇ ਚਿਹਰੇ ਨਾਲ ਉਹਦੇ ਚਿੱਟੇ ਦੰਦ ਵੀ ਚਮਕਦੇ। ਅਗਮ ਨਿਗਮ ਦੀਆਂ ਗੱਲਾਂ ਦੀ ਪੇਸ਼ਕਾਰੀ ਦਾ ਉਹ ਅਗੰਮ ਅਗੋਚਰ ਵਿਦਵਾਨ ਸੀ। ਜੀਵਨ ਵਿਚ ਆਈਆਂ ਅਨੇਕਾਂ ਔਕੜਾਂ, ਮੁਸ਼ਕਲਾਂ ਤੇ ਦੁਸ਼ਵਾਰੀਆਂ ਨੂੰ ਉਸ ਨੇ ਸਿਰਜਣਾ ਦੇ ਦਰਿਆ ਵਿਚ ਪਰਵਾਹ ਦਿੱਤਾ। ਉਹ 18 ਅਗੱਸਤ 1919 ਤੋਂ 21 ਅਕਤੂਬਰ 2002 ਤਕ 83 ਸਾਲ 2 ਮਹੀਨੇ 3 ਦਿਨ ਜੀਵਿਆ। ਜਾਂਦਾ ਹੋਇਆ ਲਿਖ ਗਿਆ:
ਮਾਨਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ ਪੰਜਾਬ ਚ ਆਵਾਂ
ਵੱਢੇ-ਟੁੱਕੇ ਦੇਸ ਚ ਵੱਢੇ-ਟੁੱਕੇ ਘਰ ਵਿਚ
ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ
ਬਿਰਛ ਨਿਪਤਰੇ ਤੇ ਚੰਦਰਾ ਪੰਛੀ
ਉਹੀਓ ਗੀਤ ਵਿਗੋਚੇ ਦੇ ਗਾਵਾਂ
ਮਸਿਆ ਦਿਹਾੜੇ ਹਰਿ-ਸਰ ਜਾਵਾਂ
ਪੁੰਨਿਆ ਨੂੰ ਇਸ਼ਕ ਝਨਾਂ ਵਿਚ ਨ੍ਹਾਵਾਂ।

ਉਸ ਨੇ 1956 ਤੋਂ 2000 ਤਕ 18 ਕਾਵਿ ਸੰਗ੍ਰਹਿ ਰਚੇ। ਲਾਸਾਂ 1956 ਵਿਚ ਛਪਿਆ ਸੀ ਤੇ ਰੇਗਿਸਤਾਨ ਚ ਲਕੜਹਾਰਾ 2000 ਵਿਚ। 1961 ਤੋਂ 1991 ਤਕ ਸਮੀਖਿਆ ਦੀਆਂ 20 ਕਿਤਾਬਾਂ ਪ੍ਰਕਾਸਿ਼ਤ ਕਰਵਾਈਆਂ। 1960 ਤੋਂ 1972 ਤਕ 21 ਪੁਸਤਕਾਂ ਦਾ ਅਨੁਵਾਦ ਕੀਤਾ। 1971 ਤੋਂ 1993 ਤਕ 11 ਕਿਤਾਬਾਂ ਸੰਪਾਦਿਤ ਕੀਤੀਆਂ। 1980 ਤੋਂ 86 ਵਿਚਕਾਰ 3 ਫੁਟਕਲ ਕਿਤਾਬਾਂ ਲਿਖੀਆਂ। ਉਸ ਨੇ ਸਿਮਰਤੀਆਂ, ਨਿਮਖ ਚਿਤਵੀਐ ਨਿਮਖ ਸਲਾਹੀਐ, ਸਿਮਰ ਮਨਾਈ ਸਿਰਜਨਾ, ਨਕਸ਼ ਨਵੇਰੇ ਤੇ ਹੋਰ ਕਾਲਮ ਵੀ ਵਰ੍ਹਿਆਂ-ਬੱਧੀ ਲਿਖੇ। ਉਸ ਦੀਆਂ ਕੁਲ ਕਿਤਾਬਾਂ ਦੀ ਗਿਣਤੀ 73 ਹੈ। ਇਨ੍ਹਾਂ ਵਿਚ ਉਹ ਰਚਨਾ ਸ਼ਾਮਲ ਨਹੀਂ ਜੋ ਰਚੀ ਤਾਂ ਗਈ ਪਰ ਸੰਭਾਲੀ ਨਹੀਂ ਜਾ ਸਕੀ। ਏਡੇ ਵਿਦਵਾਨ ਦੇ ਇਨਾਮਾਂ ਸਨਮਾਨਾਂ ਦਾ ਵੀ ਲੇਖਾ ਨਹੀਂ। 1963 ਤੋਂ 2001 ਤਕ ਉਸ ਨੂੰ 22 ਪੁਰਸਕਾਰ ਮਿਲੇ ਜਿਨ੍ਹਾਂ ਵਿਚ ਸਾਹਿਤ ਅਕਾਦਮੀ ਪੁਰਸਕਾਰ ਤੋਂ ਲੈ ਕੇ ਕਬੀਰ ਪੁਰਸਕਾਰ ਤੇ ਸਰਸਵਤੀ ਪੁਰਸਕਾਰ ਤਕ ਸ਼ਾਮਲ ਹਨ।
ਮੈਂ ਉਸ ਨੂੰ ਪਹਿਲੀ ਵਾਰ 1962 ਚ ਮਿਲਿਆ ਸਾਂ। ਉਦੋਂ ਉਹ ਸਕੂਟਰ ਦੀ ਸਵਾਰੀ ਕਰਦਾ, ਲੰਮੀ ਕਾਲੀ ਦਾੜ੍ਹੀ ਲਹਿਰਾਉਂਦਾ, ਮਿਲਖਾ ਸਿੰਘ ਦੇ ਸਮਵਿੱਥ ਉੱਡਿਆ ਜਾਂਦਾ ਫਲਾਈਂਗ ਹਰਿਭਜਨ ਸਿੰਘ ਦਿਸਦਾ ਸੀ। ਉਮਰ ਪੱਖੋਂ ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਸੰਤੋਖ ਸਿੰਘ ਧੀਰ, ਪ੍ਰੋ. ਪ੍ਰੀਤਮ ਸਿੰਘ ਤੇ ਹੋਰ ਕਈਆਂ ਦਾ ਹਾਣੀ। ਉਹ ਵੀ ਉਦੋਂ ਜੁਆਨ ਸਨ। 1915-20 ਦੇ ਜੰਮਿਆਂ ਚੋ ਹੁਣ ਕੇਵਲ ਕੰਵਲ ਹੀ ਜੀਂਦਾ ਹੈ।
ਮੇਰਾ ਡਾ. ਹਰਿਭਜਨ ਸਿੰਘ ਨੂੰ ਮਿਲਣ ਦਾ ਸਬੱਬ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਬਣਿਆ। ਜੁਲਾਈ 1962 ਵਿਚ ਮੈਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇਵ ਨਗਰ ਵਿਚ ਪੰਜਾਬੀ ਦੀ ਐੱਮ. ਏ. ਕਰਨ ਲਈ ਦਾਖਲ ਹੋਇਆ ਸਾਂ। ਉਹ ਉਸ ਕਾਲਜ ਵਿਚ ਹਿੰਦੀ ਦਾ ਲੈਕਚਰਾਰ ਸੀ। ਮੈਂ ਉਸ ਦੀਆਂ ਕਵਿਤਾਵਾਂ ਦੀ ਕਿਤਾਬ ਤਾਂ ਹਾਲੇ ਕੋਈ ਨਹੀਂ ਸੀ ਪੜ੍ਹੀ ਪਰ ਉਹਦੀਆਂ ਕੁਝ ਕਵਿਤਾਵਾਂ ਰਿਸਾਲਿਆਂ ਵਿਚ ਜ਼ਰੂਰ ਪੜ੍ਹੀਆਂ ਸਨ। ਪੰਜਾਬੀ ਦੇ ਚੋਟੀ ਦੇ ਕਵੀਆਂ ਚ ਉਹਦਾ ਨਾਂ ਬੋਲਦਾ ਸੀ। ਉਹਦੇ ਤਿੰਨ ਕਾਵਿ ਸੰਗ੍ਰਹਿ ਛਪ ਚੁੱਕੇ ਸਨ। ਲਾਸਾਂ, ਤਾਰ ਤੁਪਕਾ ਤੇ ਅਧਰੈਣੀ। ਮੋਹਣ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਹੋਰਾਂ ਤੋਂ ਬਾਅਦ ਨਵੇਂ ਕਵੀਆਂ ਵਿਚ ਉਹਦੀ ਝੰਡੀ ਸੀ।
ਖ਼ਾਲਸਾ ਕਾਲਜ ਵਿਚ ਦਾਖਲ ਹੋਣ ਲਈ ਮੈਨੂੰ ਖੇਡਾਂ ਦੇ ਡਾਇਰੈਕਟਰ ਸ. ਪ੍ਰੀਤਮ ਸਿੰਘ ਬੈਂਸ ਅਤੇ ਪੰਜਾਬੀ ਦੇ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ ਨੇ ਪ੍ਰੇਰ ਲਿਆ ਸੀ। ਬੈਂਸ ਨੇ ਖਿਡਾਰੀ ਸਮਝ ਕੇ ਤੇ ਸੋਢੀ ਨੇ ਪੰਜਾਬੀ ਦੇ ਚੰਗੇ ਨੰਬਰਾਂ ਕਰਕੇ। ਉਹ ਡਾ. ਹਰਿਭਜਨ ਸਿੰਘ ਦੇ ਮਿੱਤਰ ਸਨ। ਕਾਲਜ ਮੈਗਜ਼ੀਨ ਦੇ ਪੰਜਾਬੀ ਭਾਗ ਦਾ ਨਿਗਰਾਨ ਪ੍ਰੋਫ਼ੈਸਰ ਸੋਢੀ ਸੀ। ਉਸ ਨੇ ਮੈਨੂੰ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਬਣਾ ਲਿਆ।
ਇਕ ਦਿਨ ਸੋਢੀ ਸਾਹਿਬ ਨੇ ਮੈਨੂੰ ਕਿਹਾ ਕਿ ਜਾਹ ਡਾ. ਹਰਿਭਜਨ ਸਿੰਘ ਤੋਂ ਕਾਲਜ ਮੈਗਜ਼ੀਨ ਲਈ ਕੋਈ ਕਵਿਤਾ ਲੈ ਆ। ਕਾਲਜ ਦਾ ਸਟਾਫ਼ ਭਾਵੇਂ ਕਾਫੀ ਵੱਡਾ ਸੀ ਪਰ ਡਾ. ਹਰਿਭਜਨ ਸਿੰਘ ਦੀ ਮੈਨੂੰ ਛੇਤੀ ਹੀ ਪਛਾਣ ਹੋ ਗਈ ਸੀ। ਮੈਂ ਉਹਨੂੰ ਸਟਾਫ਼ ਰੂਮ ਚ ਲੱਭਿਆ ਪਰ ਉਹ ਸਟਾਫ ਰੂਮ ਚ ਘੱਟ ਹੀ ਬਹਿੰਦਾ ਸੀ। ਇਕ ਦਿਨ ਉਹ ਕਾਲਜ ਦੇ ਲਾਅਨ ਵਿਚ ਮੌਜੀ ਮੂਡ ਚ ਤੁਰਦਾ ਫਿਰਦਾ ਦਿਸਿਆ। ਮੈਂ ਤੁਰੇ ਜਾਂਦੇ ਨੂੰ ਸਤਿ ਸ੍ਰੀ ਅਕਾਲ ਜਾ ਬੁਲਾਈ। ਉਸ ਨੇ ਰੁਕ ਕੇ ਮੇਰੇ ਵੱਲ ਵੇਖਿਆ। ਮੈਂ ਮਾਲਵੇ ਚੋਂ ਆਇਆ ਹੋਣ ਕਰਕੇ ਦਿੱਲੀ ਦੇ ਭਾਪੇ ਵਿਦਿਆਰਥੀਆਂ ਤੋਂ ਵੱਖਰਾ ਦਿਸਦਾ ਸਾਂ। ਮੇਰੀ ਪੱਗ ਦਾ ਬੰਧੇਜ ਭਾਪਿਆਂ ਵਾਂਗ ਤਿੱਖਾ ਟੂਟੀਦਾਰ ਨਹੀਂ ਸਗੋਂ ਗੋਲ ਜਿਹਾ ਸੀ। ਉਸ ਨੇ ਮੇਰਾ ਨਾਂ ਥਾਂ ਪੁੱਛਿਆ। ਮੈਂ ਆਪਣੀ ਜਾਣ ਪਛਾਣ ਦਿੱਤੀ ਤਾਂ ਉਹਦੇ ਚਿਹਰੇ ਤੇ ਮੁਸਕ੍ਰਾਹਟ ਆਈ ਤੇ ਤਿੱਖੀਆਂ ਤੇਜ਼ ਨਜ਼ਰਾਂ ਦੀ ਸਿਸ਼ਤ ਮੇਰੇ ਉਤੇ ਗੱਡਦਿਆਂ ਕਿਹਾ, ਤਾਂ ਮਾਲਵੇ ਦਾ ਜੱਟ ਏਂ।
ਮੈਂ ਸੰਗਦਿਆਂ ਕਿਹਾ, ਹਾਂ ਜੀ।
ਹੋ ਸਕਦੈ ਉਸ ਨੇ ਮੇਰੀ ਬੋਲ ਚਾਲ ਦੇ ਮਲਵਈ ਲਹਿਜੇ ਤੋਂ ਅੰਦਾਜ਼ਾ ਲਾ ਲਿਆ ਹੋਵੇ। ਉਸ ਨੇ ਮੇਰਾ ਨਾਂ ਹੀ ਜੱਟ ਰੱਖ ਲਿਆ। ਮੈਂ 1962 ਤੋਂ 67 ਤਕ ਦਿੱਲੀ ਰਿਹਾ। ਅੱਗੇ ਪਿੱਛੇ ਹੋ ਸਕਦੈ ਮੇਰਾ ਨਾਂ ਲੈ ਲੈਂਦਾ ਹੋਵੇ ਪਰ ਉਸ ਨੇ ਮੈਨੂੰ ਜਦੋਂ ਵੀ ਬੁਲਾਇਆ ਹਮੇਸ਼ਾ ਜੱਟਾ ਕਹਿ ਕੇ ਬੁਲਾਇਆ। ਗੱਲਾਂ ਗੱਲਾਂ ਚ ਮੈਂ ਕਵਿਤਾ ਦੀ ਗੱਲ ਕੀਤੀ। ਆਖਿਆ, ਡਾ. ਸਾਹਿਬ, ਕਾਲਜ ਦੇ ਮੈਗਜ਼ੀਨ ਵਿਚ ਅਸੀਂ ਤੁਹਾਡੀ ਕਵਿਤਾ ਛਾਪਣੀ ਚਾਹੁੰਦੇ ਹਾਂ। ਦੇ ਸਕੋ ਤਾਂ ਬੜੇ ਧੰਨਵਾਦੀ ਹੋਵਾਂਗੇ। ਨਾਲ ਲੱਗਦਾ ਮੈਂ ਪ੍ਰੋ. ਸੋਢੀ ਦਾ ਹਵਾਲਾ ਵੀ ਦੇ ਦਿੱਤਾ ਜੋ ਉਹਦਾ ਦੋਸਤ ਤੇ ਗਾਇਕਾ ਸੁਰਿੰਦਰ ਕੌਰ ਦਾ ਪਤੀ ਸੀ।
ਡਾ. ਸਾਹਿਬ ਨੇ ਪੁੱਛਿਆ, ਕਵਿਤਾ ਪੁਰਾਣੀ ਚਾਹੀਦੀ ਏ ਜਾਂ ਨਵੀਂ?
ਮੈਂ ਆਖਿਆ, ਜਿਹੜੀ ਮਰਜ਼ੀ ਦੇ ਦਿਓ, ਇਸ ਨਾਲ ਪੰਜਾਬੀ ਸੈਕਸ਼ਨ ਦੀ ਸ਼ਾਨ ਬਣ ਜਾਵੇਗੀ।
ਉਸ ਨੇ ਕਿਹਾ, ਮੈਂ ਨਵੀਂ ਹੀ ਦੇਵਾਂਗਾ, ਅਣਛਪੀ। ਇੰਜ ਕਰੀਂ ਪੀਰੀਅਡ ਮੁੱਕਣ ਬਾਅਦ ਮੇਰੇ ਦਫ਼ਤਰ ਵਿਚ ਆ ਜਾਈਂ ਤੇ ਕਵਿਤਾ ਲੈ ਲਈਂ।
ਪੀਰੀਅਡ ਮੁੱਕਣ ਤੇ ਮੈਂ ਉਹਦੇ ਦਫ਼ਤਰ ਵਿਚ ਗਿਆ ਤਾਂ ਉਹ ਕੋਰੇ ਕਾਗਜ਼ ਉਤੇ ਕੁਝ ਲਿਖੀ ਜਾਂਦਾ ਸੀ। ਉਸ ਨੇ ਮੈਨੂੰ ਪੰਦਰਾਂ ਵੀਹ ਮਿੰਟ ਠਹਿਰ ਕੇ ਆਉਣ ਲਈ ਕਿਹਾ ਤੇ ਫਿਰ ਲਿਖਣਾ ਸ਼ੁਰੂ ਕਰ ਲਿਆ। ਮੈਂ ਦੁਬਾਰਾ ਗਿਆ ਤਾਂ ਉਸ ਨੇ ਨਵੀਂ ਲਿਖੀ ਕਵਿਤਾ ਲਫ਼ਾਫ਼ੇ ਵਿਚ ਪਾ ਕੇ ਮੇਰੇ ਹੱਥ ਫੜਾ ਦਿੱਤੀ। ਨਾਲ ਸੱਦਾ ਦੇ ਦਿੱਤਾ ਕਿ ਕਦੇ ਕਦੇ ਉਹਦੇ ਦਫ਼ਤਰ ਆ ਜਾਇਆ ਕਰਾਂ। ਮੈਂ ਧੰਨਵਾਦ ਕਰ ਕੇ ਪੌੜੀਆਂ ਉੱਤਰ ਆਇਆ। ਲਿਫ਼ਾਫ਼ਾ ਖੋਲ੍ਹ ਕੇ ਕਵਿਤਾ ਤੇ ਨਜ਼ਰ ਮਾਰੀ ਤਾਂ ਬੜੀ ਖ਼ੁਸ਼ਖਤ ਲਿਖਾਈ ਸੀ। ਅੱਖਰ ਨਿਖੜਵੇਂ ਸਨ। ਸਿਹਾਰੀਆਂ ਬਿਹਾਰੀਆਂ ਸਿੱਧੀਆਂ ਸਲੋਟ। ਹੋੜੇ ਕਨੌੜੇ ਵੀ ਖੜ੍ਹਵੇਂ। ਅੱਖਰਾਂ ਦੀ ਬਣਤਰ ਜਿਵੇਂ ਡਰਾਇੰਗ ਵਾਹੀ ਹੋਵੇ। ਕਿਧਰੇ ਕੋਈ ਕਾਣ ਨਹੀਂ ਸੀ। ਲਿਖਿਆ ਵੀ ਸਿੱਧੀਆਂ ਸਤਰਾਂ ਵਿਚ ਖੁੱਲ੍ਹਾ ਖੁੱਲ੍ਹਾ ਸੀ।
ਮੈਂ ਉਹ ਕਵਿਤਾ ਅਗਲੇ ਦਿਨ ਪ੍ਰੋ. ਸੋਢੀ ਨੂੰ ਵਿਖਾਈ ਤਾਂ ਪੜ੍ਹ ਕੇ ਉਨ੍ਹਾਂ ਨੇ ਖ਼ੂਬ ਸਲਾਹੀ। ਅਸੀਂ ਉਸ ਕਵਿਤਾ ਨੂੰ ਪੰਜਾਬੀ ਸੈਕਸ਼ਨ ਵਿਚ ਸਭ ਤੋਂ ਮੂਹਰੇ ਕਰ ਕੇ ਛਾਪਿਆ। ਮੈਗਜ਼ੀਨ ਛਪਿਆ ਤਾਂ ਮੈਂ ਮੈਗਜ਼ੀਨ ਦੀ ਕਾਪੀ ਦੇਣ ਡਾ. ਸਾਹਿਬ ਕੋਲ ਗਿਆ। ਉਸ ਨੇ ਮੈਨੂੰ ਕੋਲ ਬਹਾ ਲਿਆ ਤੇ ਚਾਹ ਮੰਗਵਾ ਲਈ। ਚਾਹ ਪੀਂਦਿਆਂ ਕੁਝ ਗੱਲਾਂ ਬਾਤਾਂ ਹੋਈਆਂ। ਮੇਰੇ ਮੂੰਹੋਂ ਪਤਾ ਨਹੀਂ ਕਿਸ ਪ੍ਰਸੰਗ ਵਿਚ ਸ਼ਬਦ ਮੁੰਡ੍ਹੀਰ ਨਿਕਲ ਗਿਆ। ਉਸ ਨੂੰ ਇਸ ਲਫ਼ਜ਼ ਨੇ ਚੌਂਕਾਅ ਦਿੱਤਾ ਤੇ ਉਹ ਕਹਿਣ ਲੱਗਾ, ਜਿਵੇਂ ਕੁਤ੍ਹੀੜ! ਅਸੀਂ ਹੱਸਣ ਲੱਗੇ। ਮੈਨੂੰ ਲੱਗਾ ਕਿ ਡਾਕਟਰ ਸ਼ਬਦਾਂ ਦਾ ਸਿ਼ਕਾਰੀ ਹੈ। ਖ਼ਾਸ ਕਰ ਕੇ ਠੇਠ ਸ਼ਬਦਾਂ ਦਾ।
ਡਾ. ਸਾਹਿਬ ਨਾਲ ਪਹਿਲੀ ਮੁਲਾਕਾਤ ਤੇ ਪਹਿਲੀਆਂ ਗੱਲਾਂ ਨੂੰ ਭਾਵੇਂ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਐ ਪਰ ਉਹ ਅਜੇ ਵੀ ਤਰੋ-ਤਾਜ਼ਾ ਹਨ। ਦਿੱਲੀ ਚ ਬਿਤਾਇਆ ਸਮਾਂ ਮੈਨੂੰ ਕਦੇ ਨਹੀਂ ਭੁੱਲਿਆ। ਉਥੇ ਪੰਜਾਬੀ ਲੇਖਕਾਂ ਨਾਲ ਹੋਈਆਂ ਮਿਲਣੀਆਂ ਅੱਜ ਵੀ ਯਾਦ ਹਨ। ਮੈਂ ਬਾਈ ਸਾਲਾਂ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲਾਂ ਦਾ ਹੋ ਕੇ ਮੁੜਿਆ। ਦਿੱਲੀ ਦੀ ਪੰਜਾਬੀ ਸਾਹਿਤ ਸਭਾ ਵਿਚ ਜਾਣ ਤੇ ਲੇਖਕਾਂ ਨੂੰ ਮਿਲਦਿਆਂ ਗਿਲਦਿਆਂ ਮੈਂ ਵੀ ਲਿਖਣ ਨੂੰ ਮੂੰਹ ਮਾਰਨ ਲੱਗ ਪਿਆ ਸਾਂ।
ਉਦੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਦੇਵ ਨਗਰ, ਕਰੋਲ ਬਾਗ ਵਿਚ ਸੀ। ਹਾਲੇ ਯੂਨੀਵਰਸਿਟੀ ਕੈਂਪਸ ਵਿਚ ਨਹੀਂ ਸੀ ਗਿਆ। ਕਾਲਜ ਦੇ ਨੇੜੇ ਹੀ ਰੌਣਕ ਵਾਲਾ ਬਾਜ਼ਾਰ ਅਜਮਲ ਖਾਂ ਰੋਡ ਸੀ। ਉਸ ਤੋਂ ਥੋੜ੍ਹਾ ਅੱਗੇ ਗੁਰਦਵਾਰਾ ਰੋਡ। ਉਥੋਂ ਮੈਂ ਬੱਸ ਫੜ ਕੇ ਯੂਨੀਵਰਸਿਟੀ ਵਿਚ ਕਲਾਸਾਂ ਲਾਉਣ ਜਾਂਦਾ। ਗੁਰਦਵਾਰਾ ਰੋਡ ਦੀ 68 ਨਾਈਵਾਲਾ ਗਲੀ ਵਿਚ ਹਰਿਭਜਨ ਸਿੰਘ ਆਪਣੇ ਛੇ ਜੀਆਂ ਦੇ ਪਰਿਵਾਰ ਨਾਲ ਰਹਿੰਦਾ ਸੀ। ਪਹਿਲੀ ਮਿਲਣੀ ਦਾ ਝਾਕਾ ਲਹਿ ਜਾਣ ਪਿੱਛੋਂ ਮੈਨੂੰ ਅਨੇਕਾਂ ਵਾਰ ਹਰਿਭਜਨ ਸਿੰਘ ਨੂੰ ਮਿਲਣ ਦੇ ਮੌਕੇ ਮਿਲੇ। ਕਦੇ ਕਾਲਜ ਵਿਚ, ਕਦੇ ਉਹਦੇ ਘਰ, ਕਦੇ ਯੂਨੀਵਰਸਿਟੀ ਕੈਂਪਸ ਵਿਚ ਤੇ ਕਦੇ ਸੈਰ ਸਪਾਟਾ ਕਰਦਿਆਂ ਰਿਜ ਰੋਡ ਉਤੇ।
ਦੇਸ਼ ਵੰਡ ਤੋਂ ਪਿੱਛੋਂ ਪੰਜਾਬੀ ਸਾਹਿਤ ਦੀ ਰਾਜਧਾਨੀ ਰਹਿਗੜਪੁਰਾ ਹੋ ਚੁੱਕੀ ਸੀ। ਕਰੋਲ ਬਾਗ ਰਹਿਗੜਪੁਰਾ ਪਿੰਡ ਦੀ ਜ਼ਮੀਨ ਤੇ ਵਸਿਆ ਸੀ। ਨਾਟਕਕਾਰ ਹਰਚਰਨ ਸਿੰਘ ਦੀ ਈਸਟਰਨ ਪੰਜਾਬ ਕਾਲਜ ਨਾਂ ਦੀ ਅਕਾਡਮੀ ਵੀ ਉਥੇ ਹੀ ਚਲਦੀ ਸੀ ਜੋ ਦਸਵੀਂ ਪੜ੍ਹਿਆਂ ਨੂੰ ਗਿਆਨੀ ਕਰਵਾਉਂਦੀ ਸੀ। ਖ਼ਾਲਸਾ ਕਾਲਜ ਦੇਵ ਨਗਰ ਵਾਲਿਆਂ ਨੇ ਆਪਣੇ ਅਨੰਦ ਪਰਬਤ ਦੇ ਹੋਸਟਲ ਦਾ 18 ਨੰਬਰ ਕਮਰਾ ਗੁਲਜ਼ਾਰ ਸਿੰਘ ਸੰਧੂ ਨੂੰ ਦੇ ਰੱਖਿਆ ਸੀ। ਉਸ ਕਮਰੇ ਵਿਚ ਕਦੇ ਕਦੇ ਡਾ. ਹਰਿਭਜਨ ਸਿੰਘ ਤੇ ਪ੍ਰੋ. ਅਮਰੀਕ ਸਿੰਘ ਵੀ ਆ ਵੜਦੇ। ਉਹ ਖ਼ਾਲਸਾ ਕਾਲਜ ਵਿਚ ਹਿੰਦੀ ਤੇ ਅੰਗਰੇਜ਼ੀ ਦੇ ਲੈਕਚਰਾਰ ਸਨੀ। ਡਾ. ਅਮਰੀਕ ਸਿੰਘ ਪੰਜਾਬੀ ਦਾ ਨਾਟਕਕਾਰ ਸੀ ਜੋ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਬਣਿਆ। ਉਸ ਨੇ ਹਰਿਭਜਨ ਸਿੰਘ ਨੂੰ ਪੰਜਾਬੀ ਕਵਿਤਾ ਦਾ ਰੁੱਖ ਤੇ ਰਿਸ਼ੀ ਕਹਿ ਕੇ ਵਡਿਆਇਆ।
ਜਿਵੇਂ ਡਾ. ਹਰਿਭਜਨ ਸਿੰਘ ਨੇ ਅਨੇਕਾਂ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਲਿਖਿਆ ਉਵੇਂ ਉਸ ਬਾਰੇ ਵੀ ਲੇਖਕਾਂ ਨੇ ਕਾਫੀ ਕੁਝ ਲਿਖਿਆ। ਬਲਵੰਤ ਗਾਰਗੀ ਲਗਭਗ ਉਹਦੀ ਉਮਰ ਦਾ ਹੀ ਸੀ। ਉਹਦੀ ਉਸ ਨਾਲ ਉੱਠਣੀ ਬੈਠਣੀ ਵੀ ਸੀ। ਜਦੋਂ ਗਾਰਗੀ ਨੇ ਹਰਿਭਜਨ ਸਿੰਘ ਨੂੰ ਮਿਲਣਾ ਹੁੰਦਾ ਤਾਂ ਉਹ ਗੁਰਦਵਾਰਾ ਰੋਡ ਵਾਲੇ ਮਦਰਾਸ ਕਾਫੀ ਹਾਊਸ ਵਿਚ ਮਿਲਦੇ। ਜਦੋਂ ਹਰਿਭਜਨ ਸਿੰਘ ਨੇ ਗਾਰਗੀ ਨੂੰ ਮਿਲਣਾ ਹੁੰਦਾ ਤਾਂ ਕਨਾਟ ਪਲੇਸ ਵਾਲੇ ਇੰਡੀਅਨ ਕਾਫੀ ਹਾਊਸ ਵਿਚ ਕੱਠੇ ਹੁੰਦੇ। ਗਾਰਗੀ ਨੂੰ ਹਰਿਭਜਨ ਸਿੰਘ ਦੀ ਕਵਿਤਾ ਚੰਗੀ ਲੱਗਦੀ ਸੀ ਤੇ ਹਰਿਭਜਨ ਸਿੰਘ ਨੂੰ ਗਾਰਗੀ ਦੀ ਵਾਰਤਕ। ਗਾਰਗੀ ਲੇਖਕਾਂ ਦੇ ਰੇਖਾ ਚਿੱਤਰ ਲਿਖਦਿਆਂ ਮਸਾਲਾ ਲਾ ਕੇ ਖ਼ਸਤਾ ਕਰਾਰੇ ਬਣਾ ਦਿੰਦਾ ਸੀ ਜਿਨ੍ਹਾਂ ਨੂੰ ਪਾਠਕ ਦਿਲਚਸਪੀ ਨਾਲ ਪੜ੍ਹਦੇ ਤੇ ਗਾਰਗੀ ਦੀ ਮਸਾਲੇਦਾਰ ਸ਼ੈਲੀ ਨੂੰ ਸਲਾਹੁੰਦੇ।
ਹਰਿਭਜਨ ਸਿੰਘ ਬਾਰੇ ਗਾਰਗੀ ਨੇ ਲਿਖਿਆ, ਹਰਿਭਜਨ ਸਿੰਘ ਖੁੱਲ੍ਹੀ ਦਾੜ੍ਹੀ ਵਾਲਾ ਇਕ ਅਜਿਹਾ ਦਿਓ ਹੈ ਜੋ ਨਿੱਕੇ ਮੋਟੇ ਸਾਹਿਤਕਾਰ ਨੂੰ ਤੁਰੰਤ ਹੀ ਭੱਕਸ਼ ਕਰ ਜਾਂਦਾ ਹੈ। ਝਾੜ-ਜੰਗਾਰ ਦਾੜ੍ਹੀ ਵਿਚੋਂ ਉਸ ਦਾ ਚਿੱਟਾ ਹਾਸਾ ਦਿਸਦਾ ਹੈ, ਜਿਸ ਵਿਚ ਖ਼ੌਫ਼ਨਾਕ ਕਸਿ਼ਸ਼ ਹੈ। ਮੂੰਹ ਉਤੇ ਸੀਤਲਾ ਦੇ ਹਲਕੇ ਦਾਗ਼, ਨਖਰੀਲੀਆਂ ਅੱਖਾਂ, ਉੱਚੀ ਲਿਲ੍ਹਕਦਾਰ ਆਵਾਜ਼। ਉਹ ਗੱਲ ਕਰਦਾ ਹੈ, ਜਿਵੇਂ ਜੇਬ ਵਿਚੋਂ ਕਬੂਤਰ ਉੱਡ ਗਿਆ ਹੋਵੇ। ਪਹਿਲੀ ਵਾਰ ਮੈਂ ਉਸ ਨੂੰ ਮੋਟਰ ਸਾਈਕਲ ਉਤੇ ਚੜ੍ਹੇ ਦੇਖਿਆ, ਇਤਨਾ ਤੇਜ਼ ਕਿ ਮੈਨੂੰ ਜਾਪਿਆ ਜਿਵੇਂ ਮੋਟਰ ਸਾਈਕਲ ਖੜ੍ਹਾ ਸੀ, ਹਰਿਭਜਨ ਸਿੰਘ ਦਾ ਸਾਰਾ ਜਿਸਮ ਅਹਿੱਲ ਸੀ, ਸਿਰਫ਼ ਦਾੜ੍ਹੀ ਫੜਫੜਾਉਂਦੀ ਹੋਈ ਦੌੜੀ ਜਾ ਰਹੀ ਸੀ।
ਹਰਿਭਜਨ ਸਿੰਘ ਦੇ ਨਾਈਵਾਲਾ ਗਲੀ ਵਿਚਲੇ ਘਰ ਬਾਰੇ ਉਸ ਨੇ ਲਿਖਿਆ, ਪਿਛਲੇ ਬਹੁਤ ਸਾਲਾਂ ਤੋਂ ਉਹ ਕਰੋਲ ਬਾਗ ਦੀ ਇਕ ਤੰਗ ਜਿਹੀ ਗਲੀ ਵਿਚ ਖੁੱਲ੍ਹੀ ਤਰ੍ਹਾਂ ਰਹਿ ਰਿਹਾ ਹੈ। ਗਲੀ ਵਿਚ ਕੁੱਤੇ ਭੌਂਕ ਰਹੇ ਹਨ, ਬੱਚੇ ਚਿਆਂਕ ਰਹੇ ਹਨ, ਰੇਡੀਓ ਗਰਜ ਰਿਹਾ ਹੈ, ਉਹਦੀ ਬੀਵੀ ਥਾਪੇ ਨਾਲ ਕਪੜੇ ਕੁੱਟ ਰਹੀ ਹੈ, ਕਮਰੇ ਵਿਚ ਕਿਤਾਬਾਂ, ਫਾਈਲਾਂ, ਯੂਨੀਵਰਸਿਟੀ ਦੇ ਪਰਚੇ ਤੇ ਅਖ਼ਬਾਰ ਖਿੰਡੇ ਪਏ ਹਨ ਤੇ ਉਹ ਦਾੜ੍ਹੀ ਤਾਣ ਕੇ ਫਰਸ਼ ਉੱਤੇ ਸੁੱਤਾ ਪਿਆ ਹੈ। ਇਸੇ ਰੌਲੇ-ਰੱਪੇ ਤੇ ਖਿਲਾਰ ਵਿਚ ਉਹ ਰਹਿੰਦਾ ਹੈ-ਇਕਾਗਰ ਤੇ ਨਿਰਲੇਪ। ਉਸ ਦੀ ਕਵਿਤਾ ਵਿਚ ਵੀ ਇਸੇ ਇਕਾਗਰਤਾ ਤੇ ਨਿਰਲੇਪਤਾ ਦੀ ਕਣੀ ਚਮਕਦੀ ਹੈ।
ਜਿਸ ਘਰ ਦੀ ਗੱਲ ਗਾਰਗੀ ਨੇ ਕੀਤੀ ਹੈ ਮੈਨੂੰ ਉਸ ਦੀ ਪਰਿਕਰਮਾ ਕਰਨ ਦੇ ਅਨੇਕਾਂ ਮੌਕੇ ਮਿਲੇ। ਕਈ ਵਾਰ ਅੰਦਰ ਜਾਣ ਤੇ ਨਤਮਸਤਕ ਹੋਣ ਦੇ ਵੀ। ਹਰਿਭਜਨ ਸਿੰਘ ਤੋਂ ਕਵਿਤਾ ਹਾਸਲ ਕਰ ਕੇ ਮੈਂ ਸਮਝਦਾ ਸਾਂ ਕਿ ਹੁਣ ਉਸ ਨੂੰ ਮਿਲਣ ਗਿਲਣ ਤੇ ਆਪਣੀ ਪੜ੍ਹਾਈ ਲਿਖਾਈ ਸੰਬੰਧੀ ਸਲਾਹ ਮਸ਼ਵਰਾ ਲੈਣ ਚ ਕੋਈ ਝਿਜਕ ਨਹੀਂ। ਉਹ ਬੇਸ਼ਕ ਲਿਖਣ ਪੜਨ ਵਿਚ ਕਿੰਨਾ ਵੀ ਰੁਝਿਆ ਹੁੰਦਾ ਪਰ ਮੈਨੂੰ ਮਿਲਣ ਲਈ ਸਮਾਂ ਦੇ ਦਿੰਦਾ। ਕਦੇ ਕਦੇ ਉਹ ਮੈਥੋਂ ਆਪਣਾ ਅਨੁਵਾਦ ਦਾ ਕੰਮ ਵੀ ਕਰਵਾ ਲੈਂਦਾ। ਉਹ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਬੋਲੀ ਜਾਂਦਾ ਜੋ ਮੈਂ ਨਾਲੋ ਨਾਲ ਲਿਖੀ ਜਾਂਦਾ। ਮੇਰੇ ਲਿਖੇ ਨੂੰ ਉਹ ਵੇਖਦਾ ਤੇ ਗ਼ਲਤੀਆਂ ਠੀਕ ਕਰ ਦਿੰਦਾ। ਉਹਦਾ ਮੈਨੂੰ ਇਕ ਫਾਇਦਾ ਇਹ ਹੋਇਆ ਕਿ ਮੇਰੀ ਲਿਖਤ ਸੁਧਰ ਗਈ ਤੇ ਮੈਨੂੰ ਪ੍ਰੈੱਸ ਕਾਪੀ ਬਣਾਉਣੀ ਆ ਗਈ। ਮੇਰੇ ਕਈ ਅੱਖਰਾਂ ਤੇ ਮਾਤਰਾਂ ਦੀ ਬਣਤਰ ਵਿਚ ਵੀ ਸੁਹਜ ਆ ਗਿਆ। ਉਹਦੀ ਹੱਥਲਿਖਤ ਬੜੀ ਸੁੰਦਰ ਸੀ। ਜਦੋਂ ਮੈਂ ਉਹਦੇ ਕੋਲ ਬੈਠ ਕੇ ਉਹਦਾ ਬੋਲਿਆ ਲਿਖ ਰਿਹਾ ਹੁੰਦਾ ਤਾਂ ਮੈਨੂੰ ਉਹਦੀ ਅਨੋਖੀ ਪ੍ਰਤਿਭਾ ਦਾ ਸੁਖਾਵਾਂ ਅਹਿਸਾਸ ਹੁੰਦਾ। ਪਲੈਖ਼ਾਨੋਵ ਦੀ ਪੁਸਤਕ ਅਨਐਡਰੈੱਸਡ ਲੈਟਰਜ਼ ਦਾ ਅਨੁਵਾਦ ਚਿੱਠੀਆਂ ਬਿਨ ਸਿਰਨਾਵਿਓਂ ਦਾ ਕੁਝ ਭਾਗ ਉਹਦਾ ਲਿਖਵਾਇਆ ਤੇ ਮੇਰੀ ਕਲਮ ਦਾ ਲਿਖਿਆ ਹੋਇਆ ਹੈ। ਲਿਖਦਾ ਹੋਇਆ ਮੈਂ ਹੈਰਾਨ ਹੁੰਦਾ ਕਿ ਉਸ ਨੂੰ ਐਨੇ ਢੁੱਕਵੇਂ ਸ਼ਬਦ ਕਿਵੇਂ ਔੜੀ ਜਾਂਦੇ ਹਨ!
ਉਹਨੀਂ ਦਿਨੀਂ ਮੈਂ ਸਿੱਖ ਸਟੂਡੈਂਟਸ ਫੈਤਰੇਸ਼ਨ ਵੱਲੋਂ ਗੁਰਪੁਰਬਾਂ ਉਤੇ ਸੰਗਤਾਂ ਨੂੰ ਵੰਡਣ ਲਈ ਤਿੰਨ ਪੈਂਫਲਿਟ ਲਿਖੇ। ਇਕ ਦਾ ਨਾਂ ਰੱਖਿਆ ਗੁਰੂ ਨਾਨਕ ਦੀ ਮਨੁੱਖਤਾ ਨੂੰ ਦੇਣ ਦੂਜੇ ਦਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੇ ਤੀਜੇ ਦਾ ਮਾਨਵਵਾਦੀ ਗੁਰੂ ਗੋਬਿੰਦ ਸਿੰਘ। ਉਹ ਬੱਤੀ-ਬੱਤੀ ਸਫਿ਼ਆਂ ਦੇ ਸਨ। ਜਿਨ੍ਹਾਂ ਕਿਤਾਬਾਂ ਚੋਂ ਹਵਾਲਾ ਲਿਆ ਗਿਆ ਸੀ ਖੋਜ ਕਰਨ ਵਾਲਿਆਂ ਵਾਂਗ ਉਨ੍ਹਾਂ ਦੇ ਫੁੱਟ ਨੋਟ ਵੀ ਦਿੱਤੇ ਸਨ। ਮੇਰੇ ਉਹ ਪੈਂਫਲਿਟ ਪੜ੍ਹ ਕੇ ਹਰਿਭਜਨ ਸਿੰਘ ਨੇ ਮੇਰੀ ਵਾਰਤਕ ਨੂੰ ਸਲਾਹਿਆ ਤੇ ਮੇਰਾ ਹੌਂਸਲਾ ਵਧਾਇਆ। ਪੰਜਾਬੀ ਦੇ ਪ੍ਰੋਫੈ਼ਸਰਾਂ ਨੇ ਕਿਹਾ ਕਿ ਹੁਣ ਤੇਰੀ ਫਸਟ ਕਲਾਸ ਪੱਕੀ ਹੈ।
ਸਾਡੀ ਜਮਾਤ ਹਫ਼ਤੇ ਚ ਚਾਰ ਦਿਨ ਯੂਨੀਵਰਸਿਟੀ ਕੈਂਪਸ ਵਿਚ ਪੜ੍ਹਨ ਜਾਂਦੀ ਸੀ ਤੇ ਦੋ ਦਿਨ ਅਸੀਂ ਕਾਲਜ ਵਿਚ ਪੜ੍ਹਦੇ ਸਾਂ। ਹਰਿਭਜਨ ਸਿੰਘ ਵੀ ਹਿੰਦੀ ਐੱਮ. ਏ. ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਕੈਂਪਸ ਜਾਂਦਾ ਸੀ। ਕਦੇ ਕਦਾਈਂ ਮੈਨੂੰ ਉਹਦੇ ਸਕੂਟਰ ਤੇ ਬੈਠ ਕੇ ਜਾਣ ਦਾ ਮੌਕਾ ਵੀ ਮਿਲ ਜਾਂਦਾ। ਰਾਹ ਵਿਚ ਉਹ ਕਵਿਤਾ ਗੁਣ ਗੁਣਾਉਂਦਾ ਇਕ ਹੱਥ ਸਕੂਟਰ ਦੇ ਹੈਂਡਲ ਤੋਂ ਚੁੱਕ ਕੇ ਹਵਾ ਵਿਚ ਲਹਿਰਾਉਂਦਾ ਤੇ ਨਾਲ ਹੀ ਲਹਿਰਾਉਂਦੀ ਜਾਂਦੀ ਉਹਦੀ ਦਾੜ੍ਹੀ। ਅਜਿਹੇ ਮੌਕੇ ਸਕੂਟਰ ਡੋਲਦਾ ਤਾਂ ਮੈਂ ਡਰਦਾ ਬਈ ਡਿੱਗੇ ਕਿ ਡਿੱਗੇ! ਪਰ ਡਿੱਗੇ ਕਦੇ ਨਾ। ਜਿੱਦਣ ਕਦੇ ਸਕੂਟਰ ਬਾਹਲਾ ਡੋਲਦਾ, ਮੈਂ ਮਨ ਚ ਫੈਸਲਾ ਕਰਦਾ ਕਿ ਅੱਗੇ ਤੋਂ ਕਦੇ ਉਹਦੇ ਸਕੂਟਰ ਤੇ ਨਹੀਂ ਬੈਠਣਾ। ਸੋਚਦਾ ਮਨਾਂ ਉਹ ਤਾਂ ਖਾਧੀ ਪੀਤੀ ਫਿਰਦੈ ਤੇ ਤੂੰ? ਤੈਨੂੰ ਕੀ ਲੋੜ ਐ ਉਹਦੇ ਨਾਲ ਡਿੱਗਣ ਤੇ ਹੱਡੀ ਪੱਸਲੀ ਤੁੜਵਾਉਣ ਦੀ?
ਇਕ ਦਿਨ ਉਹੀ ਗੱਲ ਹੋਈ। ਸਕੂਟਰ ਤੇ ਜਾਂਦਾ ਉਹ ਸੱਚੀਂ ਡਿੱਗ ਪਿਆ ਪਰ ਮੇਰੀ ਖੁਸ਼ਕਿਸਮਤੀ ਕਿ ਮੈਂ ਉਹਦੇ ਮਗਰ ਨਹੀਂ ਸਾਂ ਬੈਠਾ ਹੋਇਆ। ਬੈਠਾ ਹੁੰਦਾ ਤਾਂ ਮੇਰੀ ਵੀ ਕੋਈ ਹੱਡੀ ਪੱਸਲੀ ਟੁੱਟ ਜਾਂਦੀ! ਡਾ. ਸਾਹਿਬ ਦੇ ਕਾਫੀ ਸੱਟਾਂ ਲੱਗੀਆਂ ਤੇ ਕਾਫੀ ਦੇਰ ਪਲੱਸਤਰ ਲੱਗੇ ਰਹੇ। ਜਿਹੜਾ ਕੋਈ ਹਾਲ ਚਾਲ ਪੁੱਛਣ ਆਉਂਦਾ ਨਸੀਅਤ ਕਰ ਕੇ ਜਾਂਦਾ, ਡਾ. ਸਾਹਿਬ ਇਸ ਵਾਰ ਤਾਂ ਬਚ ਗਏ ਓ, ਅਗਾਂਹ ਨੂੰ ਸਕੂਟਰ ਤੇ ਨਾ ਬੈਠਿਓ। ਜੇ ਬਹਿਣਾ ਈ ਪਿਆ ਤਾਂ ਰਾਹ ਚ ਕੋਈ ਕਵਿਤਾ ਨਾ ਗੁਣ ਗੁਣਾਉਣ ਲੱਗ ਪਿਓ। ਜੇ ਗਾਉਣਾ ਹੀ ਹੋਇਆ ਤਾਂ ਹੈਂਡਲ ਛੱਡ ਕੇ ਹੱਥ ਨਾ ਲਹਿਰਾਇਓ। ਸਕੂਟਰ ਖੜ੍ਹਾ ਕਰ ਕੇ ਚਾਅ ਪੂਰਾ ਕਰ ਲਿਓ। ਡਾਕਟਰ ਉਤੇ ਤਾਂ ਇਨ੍ਹਾਂ ਨਸੀਅਤ ਦਾ ਕੋਈ ਖ਼ਾਸ ਅਸਰ ਨਾ ਹੋਇਆ ਪਰ ਮੈਂ ਮੁੜ ਕੇ ਉਹਦੇ ਸਕੂਟਰ ਮਗਰ ਨਹੀਂ ਬੈਠਾ। ਸੰਗਤ ਸਿਰਫ਼ ਸਕੂਟਰ ਤੇ ਬਹਿਣ ਦੀ ਹੀ ਛੱਡੀ ਉਂਜ ਮਿਲਣ ਗਿਲਣ ਦੀ ਜਾਰੀ ਰਹੀ।
ਪੈਂਫਲਿਟ ਲਿਖਣ ਪਿੱਛੋਂ ਮੈਂ ਇਕ ਆਰਟੀਕਲ ਮੇਲਾ ਮੁਕਸਰ ਦਾ ਭਾਪਾ ਪ੍ਰੀਤਮ ਸਿੰਘ ਦੇ ਰਸਾਲੇ ਆਰਸੀ ਨੂੰ ਭੇਜਿਆ। ਉਨ੍ਹਾਂ ਨੇ ਉਹ ਛਾਪ ਦਿੱਤਾ। ਆਰਸੀ ਵਿਚ ਛਪਣ ਦੀ ਮੈਨੂੰ ਤਾਂ ਖੁਸ਼ੀ ਹੋਣੀ ਹੀ ਸੀ ਡਾ. ਹਰਿਭਜਨ ਸਿੰਘ ਨੂੰ ਮੈਥੋਂ ਵੀ ਹੋਈ। ਮੈਂ ਫਾਜਿ਼ਲਕਾ ਤੋਂ ਰੇਲ ਗੱਡੀ ਚੜ੍ਹ ਕੇ, ਭੀੜਾਂ ਵਿਚ ਖਹਿ ਕੇ, ਮਾਘੀ ਨਹਾ ਕੇ ਤੇ ਧੂਣੀ ਸੇਕਣ ਲਈ ਮਘਦੇ ਮੁੱਢ ਸੇਕ ਕੇ ਉਨ੍ਹਾਂ ਦਾ ਅੱਖੀਂ ਡਿੱਠਾ ਹਾਲ ਤੇ ਨਾਚੀਆਂ ਦੇ ਜਿੰਦਾ ਡਾਨਸ ਦਾ ਨਜ਼ਾਰਾ ਵੇਖਣ ਦਾ ਹੂਬਹੂ ਵਰਣਨ ਕੀਤਾ ਸੀ। ਕਾਫੀ ਕੁਝ ਦਿਲਚਸਪ ਤੇ ਹਾਸ ਭਰਪੂਰ ਸੀ। ਲੱਖੇਵਾਲੀ ਸਟੇਸ਼ਨ ਉਤੇ ਇਕ ਬੰਦੇ ਦੀਆਂ ਲੱਤਾਂ ਗੱਡੀ ਦੇ ਪੁਰਾਣੇ ਡੱਬੇ ਦੀ ਟੁੱਟੀ ਛੱਤ ਚ ਫਸ ਗਈਆਂ ਸਨ। ਉਹ ਫਸੀਆਂ ਲੱਤਾਂ ਕੱਢਣ ਦੀ ਥਾਂ ਰੇਲ ਗੱਡੀ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ-ਸਾਲੇ ਹੋਏ ਆ ਗੱਡੀ ਬਣਾਉਣ ਦੇ। ਅਜੇ ਤਾਂ ਲੱਤਾਂ ਈ ਫਸੀਆਂ ਹੋਰ ਨੀ ਕਿਤੇ...।
ਹਰਿਭਜਨ ਸਿੰਘ ਨੇ ਉਹ ਲੇਖ ਪੜ੍ਹਿਆ ਤਾਂ ਨਾਲੇ ਹੱਸੀ ਜਾਵੇ ਨਾਲੇ ਨੁਕਸ ਕੱਢੀ ਜਾਵੇ ਕਿ ਡੱਬੇ ਦੀ ਛੱਤ ਚ ਲੱਤਾਂ ਕਿਵੇਂ ਫਸ ਜਾਣਗੀਆਂ? ਮੈਂ ਕਹਾਂ, ਮੈਂ ਇਨ੍ਹਾਂ ਅੱਖਾਂ ਸਾਹਮਣੇ ਫਸੀਆਂ ਦੇਖੀਆਂ, ਉਹ ਕਹੇ ਇਹ ਅਤਿਕਥਨੀ ਹੈ। ਮੇਰੀ ਦਲੀਲ ਸੀ, ਚਲੋ ਅਤਿਕਥਨੀ ਹੀ ਸਹੀ, ਪਰ ਗਾਰਗੀ ਜਿੰਨੀ ਤਾਂ ਫੇਰ ਵੀ ਨਹੀਂ! ਉਸ ਲੇਖ ਚੋਂ ਜਿਹੜਾ ਪੈਰਾ ਉਸ ਨੇ ਸਭ ਤੋਂ ਵੱਧ ਪਸੰਦ ਕੀਤਾ ਉਹ ਜਿੰਦਾ ਡਾਨਸ ਕਰਨ ਵਾਲੀਆਂ ਕੁੜੀਆਂ ਬਾਰੇ ਸੀ। ਲਿਖਿਆ ਸੀ ਕਿ ਮੇਲਾ ਵਿਛੜਨ ਤੋਂ ਬਾਅਦ ਮੈਂ ਵੇਖਿਆ, ਜਿੰਦਾ ਡਾਨਸ ਕਰਨ ਵਾਲੀਆਂ ਕੁੜੀਆਂ ਸਟੇਸ਼ਨ ਉਤੇ ਰੇਲ ਗੱਡੀ ਉਡੀਕ ਰਹੀਆਂ ਸਨ। ਉਨ੍ਹਾਂ ਦਾ ਹਾਰ ਸਿ਼ੰਗਾਰ ਲੱਥ ਚੁੱਕਾ ਸੀ, ਚਿਹਰੇ ਪੀਲੇ ਪੈ ਚੁੱਕੇ ਸਨ, ਅੱਖਾਂ ਅਨੀਂਦਰੀਆਂ ਸਨ ਤੇ ਬੁੱਲ੍ਹਾਂ ਦੀ ਸੁਰਖੀ ਕੁਮਲਾਈ ਹੋਈ ਸੀ। ਉਨ੍ਹਾਂ ਦੇ ਹਾਰ ਸਿ਼ੰਗਾਰ ਦੀਆਂ ਵਸਤਾਂ ਤੇ ਸਾਜ਼ ਸਮਾਨ ਦੀਆਂ ਪੋਟਲੀਆਂ ਉਨ੍ਹਾਂ ਦੇ ਆਲੇ ਦੁਆਲੇ ਖਿੰਡੀਆਂ ਪਈਆਂ ਸਨ। ਉਥੇ ਉਨ੍ਹਾਂ ਨੂੰ ਵੇਖਣ ਵਾਲਾ ਕੋਈ ਨਹੀਂ ਸੀ। ਨਾ ਕਿਸੇ ਦੀ ਛਣਕਦੀ ਹੋਈ ਝਾਂਜਰ ਸੀ, ਨਾ ਕਿਸੇ ਦਾ ਘੁੰਮਦਾ ਹੋਇਆ ਪਰਾਂਦਾ, ਨਾ ਸੁਰਮੇ ਦੀਆਂ ਧਾਰੀਆਂ ਤੇ ਨਾ ਗੋਰੇ ਬਦਨ ਦੀਆਂ ਝਲਕਾਂ। ਮੇਲੇ ਦੇ ਵਿਛੜਨ ਨਾਲ ਹੀ ਉਨ੍ਹਾਂ ਦਾ ਰੰਗ ਰੂਪ ਵੀ ਉੱਡ ਗਿਆ ਸੀ। ਹੁਣ ਉਹ ਉਂਘਲਾਉਂਦੀਆਂ ਹੋਈਆਂ ਕਿਸੇ ਹੋਰ ਮੇਲੇ ਤੇ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਹੀਆਂ ਸਨ ਜਿਸ ਨੇ ਚੀਕਾਂ ਮਾਰਦੀ ਨੇ ਆਉਣਾ ਸੀ ਤੇ ਚੀਕਾਂ ਮਾਰਦੀ ਨੇ ਚਲੀ ਜਾਣਾ ਸੀ।
ਮੇਰਾ ਲੇਖ ਪੜ੍ਹ ਕੇ ਡਾ. ਸਾਹਿਬ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਲਿਖੀ ਚੱਲੀਂ। ਤੇਰੀ ਲਿਖਤ ਵਿਚ ਰਸ ਹੈ। ਉਹਨੀਂ ਦਿਨੀਂ ਪੰਜਾਬੀ ਸਾਹਿਤ ਸਭਾ ਦੀ ਹਫ਼ਤੇਵਾਰ ਮੀਟਿੰਗ ਕਨਾਟ ਪਲੇਸ ਨੇੜੇ ਗਿਆਨੀ ਹਰੀ ਸਿੰਘ ਦੇ ਘਰ ਹੁੰਦੀ ਸੀ। ਕਦੇ ਕਦੇ ਉਸ ਵਿਚ ਡਾ. ਹਰਿਭਜਨ ਸਿੰਘ ਵੀ ਚਲਾ ਜਾਂਦਾ। ਸਭਾ ਦੀ ਕਾਰਵਾਈ ਇੰਜ ਚਲਦੀ ਕਿ ਪਹਿਲਾਂ ਬੀਤੇ ਹਫ਼ਤੇ ਹੋਈ ਮੀਟਿੰਗ ਦੀ ਕਾਰਵਾਈ ਪੜ੍ਹੀ ਜਾਂਦੀ। ਕਿਸ ਨੇ ਕੀ ਪੜ੍ਹਿਆ/ਸੁਣਾਇਆ ਤੇ ਕਿਸ ਕਿਸ ਨੇ ਕਿਹੋ ਜਿਹੀ ਟਿੱਪਣੀ ਕੀਤੀ ਸਭ ਨੂੰ ਸੁਣਾਈ ਜਾਂਦੀ। ਕਈ ਵਾਰ ਰਜਿਸਟਰ ਉਤੇ ਕਾਰਵਾਈ ਲਿਖਣ ਦਾ ਮੌਕਾ ਮੈਨੂੰ ਵੀ ਮਿਲਦਾ। ਇਸ ਸਭਾ ਨੇ ਜਿਸ ਦਾ ਮੁੱਢਲਾ ਪ੍ਰਧਾਨ ਗਿਆਨੀ ਕੁਲਦੀਪ ਸਿੰਘ ਸੀ, ਨਵੇਂ ਲੇਖਕਾਂ ਤੇ ਕਵੀਆਂ ਨੂੰ ਪੰਜਾਬੀ ਲਿਖਣ ਲਾਇਆ ਤੇ ਕਈਆਂ ਦੀ ਲਿਖਤ ਸੁਧਾਰੀ। ਜਿਸ ਮੀਟਿੰਗ ਵਿਚ ਡਾ. ਹਰਿਭਜਨ ਸਿੰਘ ਜਾਂਦਾ, ਰੰਗ ਬੰਨ੍ਹ ਦਿੰਦਾ ਅਤੇ ਆਪਣੀ ਧੰਨ ਧੰਨ ਕਰਾ ਕੇ ਮੁੜਦਾ।
ਉਹ ਕਵੀ ਦਰਬਾਰਾਂ ਵਿਚ ਵੀ ਜਾਂਦਾ ਤੇ ਆਮ ਕਰ ਕੇ ਕਵੀ ਦਰਬਾਰਾਂ ਦਾ ਸੂਤਰਧਾਰ ਬਣਦਾ। ਕਵੀ ਦਰਬਾਰ ਗੁਰਪੁਰਬਾਂ, ਸਮਾਜਕ ਸਮਾਗਮਾਂ ਤੇ ਲਾਲ ਕਿਲੇ ਵਿਚ ਹੁੰਦੇ। ਉਸ ਨੂੰ ਕਵੀ ਭੁਗਤਾਉਣੇ ਆਉਂਦੇ ਅਤੇ ਚਲਦੇ ਕਵੀ ਦਰਬਾਰ ਵਿਚ ਆਪਣੀਆਂ ਤੇ ਹੋਰਨਾਂ ਦੀਆਂ ਕਵਿਤਾਵਾਂ ਦੇ ਸਿ਼ਅਰ ਪਾਈ ਜਾਂਦਾ। ਉਹਦੀਆਂ ਕਵਿਤਾਵਾਂ ਭਰਪੂਰ ਦਾਦ ਲੈਂਦੀਆਂ। ਹਜ਼ਾਰਾ ਸਿੰਘ ਗੁਰਦਾਸਪੁਰੀ, ਤਾਰਾ ਸਿੰਘ ਕਾਮਲ ਤੇ ਬਿਸ਼ਨ ਸਿੰਘ ਉਪਾਸ਼ਕ ਦਾ ਹਾਸ ਵਿਲਾਸ ਵੀ ਹੁੰਦਾ। ਗੁਰਦਾਸਪੁਰੀ ਆਪਣਾ ਗੀਤ ਪੇਸ਼ ਕਰਦਾ-ਤੇਰੀ ਦੋ ਟਕਿਆਂ ਦੀ ਨੌਕਰੀ ਮੇਰਾ ਲੱਖਾਂ ਦਾ ਸਾਵਣ ਜਾਵੇ...ਤੇਰੇ ਮੈਨੂੰ ਪੈਣ ਭੁਲੇਖੇ ਜਦ ਵਾ ਬੂਹਾ ਖੜਕਾਵੇ...ਤੇਰੀ ਦੋ ਟਕਿਆਂ ਦੀ ਨੌਕਰੀ...। ਜਿਨ੍ਹਾਂ ਨੇ ਫਿਲਮੀ ਗੀਤ ਮੇਰਾ ਲਾਖੋਂ ਕਾ ਸਾਵਣ ਜਾਏ ਸੁਣਿਆਂ ਉਨ੍ਹਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਇਹ ਗੀਤ ਗੁਰਦਾਸਪੁਰੀ ਦੇ ਗੀਤ ਦੀ ਹੀ ਨਕਲ ਹੈ!
ਬਿਸ਼ਨ ਸਿੰਘ ਉਪਾਸ਼ਕ ਦਾ ਮਕਬੂਲ ਗੀਤ ਸੀ-ਗਲ਼ੇ ਕਿਸੇ ਦੇ ਗੋਰੀਆਂ ਬਾਹੀਂ ਸਾਡੇ ਹੱਡੀਂ ਯਾਦੜੀਆਂ, ਲੈ ਜਾ ਗੀਤ ਹਵਾਏ ਓਧਰ ਘਰੀਂ ਜਿਨ੍ਹਾਂ ਦੇ ਸ਼ਾਦੜੀਆਂ, ਵੈਦਾ ਦਾਰੂ ਨਾ ਕਰ ਮਿੱਟੀ ਮਰਜ਼ਾਂ ਆਦ ਜੁਗਾਦੜੀਆਂ...।
ਉਹਨੀਂ ਦਿਨੀਂ ਹਰਿਭਜਨ ਸਿੰਘ ਦੇ ਨੇੜੇ ਰਹਿਣ ਵਾਲੇ ਲੇਖਕ ਸਨ, ਕਵੀ ਹਰਿਨਾਮ, ਤਾਰਾ ਸਿੰਘ, ਦੇਵਿੰਦਰ, ਪ੍ਰੀਤਮ ਸਿੰਘ ਸਫ਼ੀਰ, ਹਰਚਰਨ ਸਿੰਘ, ਅਮਰ ਸਿੰਘ, ਦਵਿੰਦਰ ਸਤਿਆਰਥੀ ਤੇ ਬੂਟਾ ਸਿੰਘ ਬਗੈਰਾ। ਗਾਰਗੀ ਤੇ ਗੁਲਜ਼ਾਰ ਸਿੰਘ ਸੰਧੂ ਦੇ ਵੀ ਗੇੜੇ ਵੱਜਦੇ ਰਹਿੰਦੇ। ਪੰਜ ਪਾਂਡੋ ਕਹੇ ਜਾਂਦੇ ਕਰਤਾਰ ਸਿੰਘ ਸੁਮੇਰ, ਈਸ਼ਵਰ ਚਿੱਤਰਕਾਰ, ਸੁਜਾਨ ਸਿੰਘ, ਪਾਲ ਸਿੰਘ ਤੇ ਬਾਵਾ ਬਲਵੰਤ, ਹਰਿਭਜਨ ਸਿੰਘ ਨੂੰ ਅਕਸਰ ਮਿਲਦੇ। ਖ਼ਾਲਸਾ ਕਾਲਜ ਵਿਚ ਪ੍ਰੋ. ਅਮਰੀਕ ਸਿੰਘ ਤੇ ਡਾ. ਫੌਜਾ ਸਿੰਘ ਉਸ ਦੇ ਸਾਥੀ ਸਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲੇ ਚਲੇ ਗਏ।
ਜਨਵਰੀ 1965 ਤੋਂ ਮੈਂ ਖ਼ੁਦ ਖ਼ਾਲਸਾ ਕਾਲਜ ਵਿਚ ਲੈਕਚਰਾਰ ਲੱਗਾ ਤਾਂ ਮੈਂ ਵਿਦਿਆਰਥੀ ਤੋਂ ਡਾ. ਹਰਿਭਜਨ ਸਿੰਘ ਦਾ ਕੁਲੀਗ ਬਣ ਗਿਆ। ਸਾਡੀ ਬੁੱਕਲ ਹੋਰ ਵੀ ਖੁੱਲ੍ਹ ਗਈ ਤੇ ਮੈਨੂੰ ਦੋ ਤਿੰਨ ਵਾਰ ਉਹਦਾ ਹਮ ਪਿਆਲਾ ਹੋਣ ਦਾ ਮੌਕਾ ਵੀ ਮਿਲਿਆ। ਹਰਿਭਜਨ ਸਿੰਘ ਪੀਂਦਾ ਘੱਟ ਸੀ ਪਰ ਖੇੜਦਾ ਵੱਧ ਸੀ। ਇਕ ਵਾਰ ਖਿੜੇ ਹੋਏ ਨੇ ਮੈਨੂੰ ਪੁੱਛਿਆ, ਤੇਰੇ ਪਿੰਡ ਟਿੱਬੇ ਹੈਣ?
ਮੈਂ ਕਿਹਾ, ਮੈਂ ਤਾਂ ਵੱਡਾ ਹੀ ਟਿੱਬਿਆਂ ਤੇ ਖੇਡ ਕੇ ਹੋਇਆਂ। ਕਦੇ ਟੈਮ ਕੱਢੋ, ਆਪਣੇ ਪਿੰਡ ਦੇ ਟਿੱਬੇ ਵਿਖਾਵਾਂ। ਨਾਲੇ ਟਿੱਬਿਆਂ ਤੋਂ ਚੜ੍ਹਦਾ ਤੇ ਛਿਪਦਾ ਸੂਰਜ। ਚੰਨ ਚਾਨਣੀ ਚ ਚਮਕਦਾ ਟਿੱਬਿਆਂ ਦਾ ਰੇਤਾ।
ਉਸ ਨੇ ਲੋਰ ਵਿਚ ਕਿਹਾ, ਚੱਲਾਂਗੇ ਕਦੇ ਤੇਰੇ ਪਿੰਡ ਵੀ। ਚੰਨ ਚਾਨਣੀ ਚ ਲਾਵਾਂਗੇ ਟਿੱਬੇ ਤੇ ਮਹਿਫ਼ਲ। ਲਿਟਾਂਗੇ ਟਿੱਬੇ ਤੇ ਰੀਝ ਨਾਲ। ਸੱਚੀਂ ਮੇਰਾ ਟਿੱਬਿਆਂ ਤੇ ਲਿਟਣ ਨੂੰ ਬਹੁਤ ਜੀਅ ਕਰਦੈ...।
ਅੱਜ ਮੈਂ ਸੋਚਦਾ, ਕਾਸ਼! ਉਹ ਮੇਰੇ ਪਿੰਡ ਆਇਆ ਹੁੰਦਾ। ਉਹਦੀ ਟਿੱਬਿਆਂ ਤੇ ਲਿਟਣ ਦੀ ਰੀਝ ਮੈਂ ਰੱਜ ਕੇ ਪੂਰੀ ਕਰਦਾ। ਪਰ ਕੁਦਰਤ ਨੇ ਇਹ ਢੋਅ ਕਦੇ ਨਾ ਢੁਕਾਇਆ। ਉਹ ਮਾਲਵੇ ਦੇ ਟਿੱਬਿਆਂ ਤੇ ਲਿਟਣ ਦੀ ਰੀਝ ਮਨ ਚ ਪਾਲ ਕੇ ਹੀ ਤੁਰ ਗਿਆ!
ਡਾ. ਹਰਿਭਜਨ ਸਿੰਘ ਦਾ ਜੀਵਨ ਅਸਲ ਵਿਚ ਵਿਗੋਚੇ ਦਾ ਜੀਵਨ ਸੀ। ਉਹ ਦੱਸਿਆ ਕਰਦਾ ਸੀ ਕਿ ਉਹਦੀਆਂ ਕਵਿਤਾਵਾਂ ਵਿਚੋਂ ਉਹਦੇ ਮਾਪਿਆਂ ਤੇ ਭੈਣਾਂ ਦੇ ਵਿਗੋਚੇ ਕੂਕਦੇ ਹਨ। ਵੈਣ ਤੇ ਕੀਰਨੇ ਪਾਉਂਦੇ ਹਨ।
ਉਹਦੇ ਵੇਦਨਾ ਭਰੇ ਜੀਵਨ ਤੇ ਕਵਿਤਾ ਦੇ ਧੁਰ ਅੰਦਰੋਂ ਦਰਸ਼ਨ ਕਰਵਾਉਣ ਵਾਲੀ ਉਹਦੀ ਸਵੈਜੀਵਨਕ ਪੁਸਤਕ ਹੈ-ਚੋਲ਼ਾ ਟਾਕੀਆਂ ਵਾਲਾ। ਉਹਦੇ ਸਰਵਰਕ ਉਤੇ ਅੰਕਿਤ ਹੈ:
ਮਿਲਿਆ ਜੀ
ਸਾਨੂੰ ਚੋਲਾ ਟਾਕੀਆਂ ਵਾਲਾ
ਮਖ਼ਮਲ ਖੱਦਰਪੈਸੀ ਵਾਲਾ
ਪਿਆਰ ਨਚਾਕੀਆਂ ਵਾਲਾ
ਇਸ਼ਕ ਇਲਾਹੀ ਦੇ ਸੰਗ ਸੋਹੇ
ਇਸ਼ਕ ਖ਼ਾਕੀਆਂ ਵਾਲਾ
ਤੇਹ ਸਾਡੀ ਨੂੰ ਦਰਿਆ ਮਿਲਿਆ
ਪਿਆਲਾ ਸਾਕੀਆਂ ਵਾਲਾ
ਲਿਬੜੇ ਵਿਚ ਪਲੀਤੀ
ਪਹਿਨਿਆ ਰੰਗ ਪਾਕੀਆਂ ਵਾਲਾ
ਸੱਭੇ ਸ਼ੌਕ ਤਮਾਮ, ਰਿਹਾ ਨਾ
ਸ਼ੌਕ ਬਾਕੀਆਂ ਵਾਲਾ
ਮਿਲਿਆ ਜੀ
ਸਾਨੂੰ ਚੋਲਾ ਟਾਕੀਆਂ ਵਾਲਾ।
ਉਹ ਪੁਸਤਕ ਲਿਖਣੀ ਸ਼ੁਰੂ ਕਰਦਿਆਂ ਉਸ ਨੇ ਪ੍ਰਤਿੱਗਿਆ ਕੀਤੀ ਸੀ:
ਇਹ ਲਿਖਤ ਤਿਆਰ ਕਰਦਿਆਂ ਜੀ ਚਾਹੁੰਦਾ ਹੈ ਕਿ ਕੋਈ ਰੱਬ ਵਰਗੀ ਹੋਂਦ ਮੇਰੀ ਰਾਹਨੁਮਾਈ ਕਰੇ ਤਾਂ ਜੁ ਮੈਂ ਹਉਮੈਂ ਅਤੇ ਈਰਖਾ ਤੋਂ ਬਚਿਆ ਰਹਾਂ। ਆਪਣੀ ਸਾਧਾਰਣਤਾ ਦੇ ਦਾਇਰੇ ਤੋਂ ਉਰ੍ਹਾਂ ਪਰ੍ਹਾਂ ਨਾ ਭਟਕਾਂ, ਆਪਣੇ ਆਪ ਨੂੰ ਵਡਿਆਉਣ ਜਾਂ ਕਿਸੇ ਹੋਰ ਨੂੰ ਛੁਟਿਆਉਣ ਦੇ ਕੁਰਾਹੇ ਕਦੇ ਨਾ ਪਵਾਂ।
ਆਪਣੇ ਆਸ-ਪਾਸ ਐਸਾ ਰੱਬ ਚਾਹੁੰਦਾ ਹਾਂ ਜੋ ਕਿਰਤਘਣਤਾ-ਦੋਸ਼ ਤੋਂ ਮੇਰੀ ਰੱਖਿਆ ਕਰੇ। ਮੇਰੀ ਕਾਵਿ-ਯਾਤਰਾ ਵਿਚ ਜੋ ਕੋਈ ਵੀ ਮਿਹਰਬਾਨ ਮੁਹੱਬਤੀ ਕੁਝ ਦੂਰ ਤੱਕ ਮੇਰੇ ਸੰਗ-ਸਾਥ ਤੁਰਿਆ ਸੀ, ਉਹਨੂੰ ਆਦਰ ਸਹਿਤ ਯਾਦ ਕਰਨ ਤੋਂ ਖੁੰਝ ਨਾ ਜਾਵਾਂ।
ਐਸੀ ਕ੍ਰਿਪਾ ਕਰੋ ਮੇਰੇ ਪਿਆਰੇ ਕਿ ਸੱਚ ਬੋਲਾਂ, ਸੰਖੇਪ ਬੋਲਾਂ ਤੇ ਸੁਖਾਵਾਂ ਬੋਲਾਂ। ਦੀਪਕ ਦਾਨ ਕਰੋ, ਸੁਮਾਰਗ ਵਿਖਾਓ, ਪ੍ਰਭੂ ਜੀ।
ਹਰਿਭਜਨ ਸਿੰਘ ਦਾ ਜਨਮ ਸ. ਗੰਡਾ ਸਿੰਘ ਰਾਮਗੜ੍ਹੀਏ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 18 ਅਗੱਸਤ 1919 ਨੂੰ, ਲਮਡਿੰਗ, ਆਸਾਮ ਵਿਚ ਹੋਇਆ ਸੀ। ਉਸ ਦੇ ਪਿਤਾ ਜੀ ਉਥੇ ਰੇਲਵੇ ਦੇ ਫੋਰਮੈਨ ਸਨ। ਉਹ ਉਚ ਪਾਏ ਦੀ ਨੌਕਰੀ ਸੀ। ਮਹਿਕਮੇ ਵੱਲੋਂ ਬੜੀਆਂ ਸਹੂਲਤਾਂ ਸਨ। ਖੁੱਲ੍ਹਾ ਮਕਾਨ, ਖੁੱਲੇ ਵਾੜੇ, ਖੁੱਲ੍ਹੇ ਲਵੇਰੇ ਤੇ ਨੌਕਰ ਚਾਕਰ। ਸੋਨੇ ਦਾ ਨਹੀਂ ਤਾਂ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜੰਮਿਆ ਸੀ ਬਾਲਕ ਹਰਿਭਜਨ। ਉਸ ਤੋਂ ਪਹਿਲਾਂ ਉਸ ਦੀਆਂ ਤਿੰਨ ਭੈਣਾਂ ਜੰਮੀਆਂ ਸਨ ਜਿਨ੍ਹਾਂ ਚੋਂ ਇਕ ਦੀ ਮ੍ਰਿਤੂ ਹੋ ਗਈ ਸੀ। ਤਿੰਨ ਭੈਣਾਂ ਤੋਂ ਬਾਅਦ ਜੰਮਣ ਕਰਕੇ ਉਸ ਨੂੰ ਤ੍ਰਿਖਲ ਕਿਹਾ ਜਾਂਦਾ ਸੀ।
ਉਸ ਨੇ ਲਿਖਿਆ ਕਿ ਮੇਰੇ ਜਨਮ ਦੀਆਂ ਅਰਦਾਸਾਂ ਮੇਰੀ ਮਾਂ ਤੋਂ ਵਧੀਕ ਮੇਰੇ ਪਿਤਾ ਨੇ ਕੀਤੀਆਂ ਸਨ। ਪਿਤਾ ਜੀ ਆਪਣੇ ਜਾਨਸ਼ੀਨ ਨੂੰ ਹੀ ਉਡੀਕਦੇ ਸਨ। ਪੁੱਤਰ ਜੰਮਿਆ ਤਾਂ ਉਨ੍ਹਾਂ ਨੇ ਆਪਣੇ ਚਲਾਣੇ ਦਾ ਐਲਾਨ ਕਰ ਦਿੱਤਾ। ਉਸ ਦਿਨ ਉਹਨਾਂ ਨੂੰ ਤਾਪ ਚੜ੍ਹਿਆ ਤਾਂ ਉਨ੍ਹਾਂ ਨੇ ਕਿਹਾ, ਮੇਰੀ ਥਾਂ ਲੈਣ ਵਾਲਾ ਆ ਗਿਆ ਹੈ। ਹਰਿਭਜਨ ਸਿੰਘ ਦੇ ਪਿਤਾ ਨੂੰ ਮਕਾਨ ਬਣਾਉਣ ਦਾ ਬਹੁਤ ਸ਼ੌਕ ਸੀ। ਲਮਡਿੰਗ ਵਾਲੇ ਮਕਾਨ ਦੀ ਦੂਜੀ ਮੰਜ਼ਲ ਉਸਾਰਨ ਲਈ ਉਹਨਾਂ ਨੇ ਸਾਜ਼ ਸਮਾਨ ਇਕੱਠਾ ਕੀਤਾ ਹੋਇਆ ਸੀ ਪਰ ਆਪਣੇ ਜਾਨਸ਼ੀਨ ਦੇ ਆਉਣ ਤਕ ਉਸਾਰੀ ਮੁਲਤਵੀ ਕੀਤੀ ਹੋਈ ਸੀ। ਪੁੱਤਰ ਦਾ ਪਿਤਾ ਬਣਦਿਆਂ ਹੀ ਉਹਨਾਂ ਦੂਜੀ ਮੰਜ਼ਲ ਦੀ ਉਸਾਰੀ ਦਾ ਹੁਕਮ ਦੇ ਦਿੱਤਾ। ਇਸ ਪਿਛੋਕੜ ਨੇ ਬਾਅਦ ਵਿਚ ਹਰਿਭਜਨ ਸਿੰਘ ਤੋਂ ਗੀਤ ਲਿਖਵਾਇਆ:
ਜਨਮ ਹੋਇਆ ਮੇਰਾ ਕੋਸੀ ਕੋਸੀ ਰੁੱਤੇ
ਬਾਹਰ ਬਾਬਲ ਕਿਣਮਿਣ ਬਾਣੀ ਬਰਸੇ
ਅੰਦਰ ਅੰਮੜੀ ਅਣਹੋਏ ਨੂੰ ਤਰਸੇ
ਭੈਣਾਂ ਜੀਕਰ ਨਦੀਆਂ ਜਲ ਠਹਿਰਾਏ
ਆਵਣ ਵਾਲਾ ਆਏ ਯਾ ਨਾ ਆਏ
ਜਾਗਣ ਯਾ ਨਾ ਜਾਗਣ ਕਰਮਾਂ ਸੁੱਤੇ...
ਆਖ਼ਰ ਬੱਝਾ ਬੱਝਾ ਹਾਸਾ ਖੁੱਲ੍ਹਾ
ਚਾਨਣ ਚਾਨਣ ਹੋ ਕੇ ਸੂਰਜ ਡੁੱਲ੍ਹਾ
ਰਾਜੇ ਬਾਬਲ ਝਟਪਟ ਰਾਜ ਸਦਾਏ
ਰਾਜਕੁੰਵਰ ਲਈ ਧੌਲਰ ਦਿਓ ਪੁਆਏ
ਉਸਰਨ ਲੱਗਾ ਘਰ, ਘਰ ਦੇ ਸਿਰ ਉੱਤੇ।
ਹਰਿਭਜਨ ਸਿੰਘ ਦਾ ਪਿਤਾ ਆਪਣੇ ਪੁੱਤਰ ਦੇ ਜਨਮ ਦਿਨ ਤੋਂ ਐਸਾ ਬੀਮਾਰ ਪਿਆ ਕਿ ਮੁੜ ਤਾਬ ਨਾ ਆਇਆ। ਬੀਮਾਰੀ ਵਧ ਗਈ ਤਾਂ ਉਸ ਨੇ ਆਪਣੀ ਜਨਮ ਭੋਇੰ ਦੀ ਮਿੱਟੀ ਵਿਚ ਰਲਣ ਲਈ ਆਪਣੇ ਜੱਦੀ ਪਿੰਡ ਭੁੱਲਰ, ਜਿ਼ਲ੍ਹਾ ਅੰਮ੍ਰਿਤਸਰ ਨੂੰ ਰਵਾਨਗੀ ਪਾ ਲਈ। ਉਥੇ ਉਸ ਦਾ ਦੇਹਾਂਤ ਹੋ ਗਿਆ। ਹਰਿਭਜਨ ਅਜੇ ਕੁੱਛੜ ਹੀ ਸੀ ਕਿ ਜੁਆਨ ਜਹਾਨ ਮਾਂ ਵਿਧਵਾ ਹੋ ਗਈ:
ਇਕ ਦਿਨ ਮਾਂ ਨੇ ਬਾਤ ਸੁਣਾਈ
ਕਿਵੇਂ ਓਸ ਨੇ ਆਪਣੇ ਹੱਥੀਂ
ਪਿਤਾ ਮੇਰੇ ਦੀ ਚਿਤਾ ਜਲਾਈ
ਫਿਰ ਕੁਰਲਾਈ
ਨਹੀਂ ਨਹੀਂ ਮੈਂ ਤੇਰਾ ਬਚਪਨ
ਆਪਣੇ ਹੱਥੀਂ ਆਪ ਜਲਾਇਆ
ਮੇਰਾ ਬਚਪਨ ਉਦੋਂ ਨਾ ਆਇਆ
ਮੇਰਾ ਬਚਪਨ ਕਦ ਆਵੇਗਾ।
ਲਮਡਿੰਗ ਵਾਲੇ ਘਰ ਵਿਚ ਦੁੱਧ ਚੁੰਘਦੇ ਬਾਲ ਹਰਿਭਜਨ ਦੀ ਦਾਦੀ, ਮਾਂ ਤੇ ਦੋ ਕੁਆਰੀਆਂ ਭੈਣਾਂ ਰਹਿ ਗਈਆਂ। ਬਚਪਨ ਵਿਚਲੀਆਂ ਕੁਝ ਕੁ ਚੀਜ਼ਾਂ ਪੁੱਤਰ ਨੂੰ ਪਿਤਾ ਦੀ ਯਾਦ ਕਰਾਉਂਦੀਆਂ ਰਹੀਆਂ। ਉਹਨਾਂ ਵਿਚ ਇਕ ਸੀ ਸੋਨੇ ਦਾ ਕੈਂਠਾ ਜੋ ਪਰਿਵਾਰ ਦੇ ਸਰਦੇ ਪੁੱਜਦੇ ਹੋਣ ਦੀ ਨਿਸ਼ਾਨੀ ਸੀ। ਕੁਝ ਰੇਸ਼ਮੀ ਪੱਗਾਂ ਸਨ ਤੇ ਇਕ ਕਾਲੇ ਗਾਤਰੇ ਵਾਲੀ ਕਿਰਪਾਨ। ਬਾਅਦ ਵਿਚ ਉਹ ਤਿੰਨੇ ਨਿਸ਼ਾਨੀਆਂ ਗੁਆ ਬੈਠਾ। ਕੁਦਰਤ ਦਾ ਕਹਿਰ ਵੇਖੋ ਕਿ ਹਰਿਭਜਨ ਅਜੇ ਬਚਪਨ ਵਿਚ ਹੀ ਸੀ ਕਿ ਉਹਦੀ ਦਾਦੀ, ਮਾਂ ਤੇ ਦੋਵੇਂ ਭੈਣਾਂ ਵੀ ਰੱਬ ਨੂੰ ਪਿਆਰੀਆਂ ਹੋ ਗਈਆਂ। ਹਰਿਭਜਨ ਦਾ ਨਾ ਕੋਈ ਚਾਚਾ ਸੀ, ਨਾ ਤਾਇਆ। ਦਾਦਾ ਪਹਿਲਾਂ ਹੀ ਸੁਰਗਵਾਸ ਹੋ ਗਿਆ ਸੀ। ਉਸ ਨੂੰ ਯਤੀਮਪੁਣਾ ਸਹਿਣਾ ਪੈ ਗਿਆ। ਦੁਨਿਆਵੀ ਖੁਸ਼ਹਾਲੀ ਲੈ ਕੇ ਜੰਮਿਆ ਬਾਲਕ ਅਚਾਨਕ ਯਤੀਮ! ਉਸ ਦੀ ਕਵਿਤਾ ਵਿਚ ਕੱਲੇ ਰਹਿ ਜਾਣ ਦੇ ਅਹਿਸਾਸ ਦਾ ਵੀ ਥਾਓਂ ਥਾਂ ਪ੍ਰਗਟਾਵਾ ਹੈ। ਦਿਲਗੀਰੀ ਹੈ:
ਚਿਰ ਹੋਇਆ ਮੇਰੇ ਗੀਤ ਗੁਆਚੇ
ਦਿਲ ਮੇਰੇ ਦਿਲਗੀਰੀ
ਹੁਣੇ ਹੁਣੇ ਮੇਰਾ ਗੀਤ ਗੁਆਚਾ
ਜੀਕਣ ਵਕਤ ਅਖ਼ੀਰੀ।
ਮੀਤ ਬਿਨਾਂ ਜਿੰਦ ਜੀਣਾ ਸਿਖਿਆ
ਗੀਤ ਬਿਨਾਂ ਨਾ ਜੀਵੇ
ਗੀਤ ਗੁਆ ਕੇ ਜੇ ਜਿੰਦ ਜੀਵੇ
ਘੋਲ ਹਲਾਹਲ ਪੀਵੇ।
ਹਰਿਭਜਨ ਸਿੰਘ ਦੇ ਕਥਨ ਅਨੁਸਾਰ ਪਿਤਾ ਦੇ ਚਲਾਣੇ ਵੇਲੇ ਪੰਜ ਮਕਾਨ ਉਹਦੇ ਨਾਂ ਸਨ। ਪਰ ਪੰਜਾਂ ਵਿਚੋਂ ਕਿਸੇ ਇਕ ਵਿਚ ਵੀ ਉਹਨੂੰ ਰਹਿਣਾ ਨਸੀਬ ਨਾ ਹੋਇਆ। ਪਿੰਡ ਵਿਚ ਉਨ੍ਹਾਂ ਦੇ ਤਿੰਨ ਮਕਾਨ ਸਨ। ਇਕ ਵਡੇਰਿਆਂ ਦਾ ਕੱਚਾ ਕੋਠਾ, ਇਕ ਕੰਮਕਾਰ ਦਾ ਕਾਰਖਾਨਾ ਤੇ ਇਕ ਪੱਕੀ ਹਵੇਲੀ ਜੋ ਉਸ ਦੇ ਪਿਤਾ ਨੇ ਬੜੀ ਰੀਝ ਨਾਲ ਬਣਵਾਈ ਸੀ। ਪਿਤਾ ਨੇ ਲਮਡਿੰਗ ਵਿਚ ਇਕ ਵੱਡਾ ਸਟੋਰ ਚਲਾ ਦਿੱਤਾ ਸੀ ਜਿਸ ਵਿਚ ਆਟੇ ਦਾਲ ਤੋਂ ਲੈ ਕੇ ਕਪੜੇ ਲੱਤੇ ਤੇ ਨਾਰੀਅਲ ਦੇ ਤੇਲ ਤੋਂ ਲੈ ਕੇ ਮਿੱਟੀ ਦੇ ਤੇਲ ਤਕ ਘਰਾਂ ਦੀਆਂ ਲੋੜਾਂ ਦਾ ਸਭ ਸਾਮਾਨ ਮਿਲਦਾ ਸੀ। ਸਟੋਰ ਇਕ ਬੰਗਾਲੀ ਬਾਊ ਦੀ ਦੇਖ ਰੇਖ ਵਿਚ ਚਲਦਾ ਸੀ। ਦਾਦੀ ਮਾਂ ਮਾਲਕ ਸੀ। ਪਿਤਾ ਦੇ ਮਰਨ ਤੋਂ ਬਾਅਦ ਪਰਿਵਾਰ ਚਾਰ ਪੰਜ ਸਾਲ ਲਮਡਿੰਗ ਵਾਲੇ ਘਰ ਵਿਚ ਹੀ ਰਿਹਾ।
ਸ. ਗੰਡਾ ਸਿੰਘ ਧਰਮੀ ਪੁਰਖ ਸੀ। ਗੁਰੂ ਘਰ ਦਾ ਨਿਤਨੇਮੀ ਤੇ ਗੁਰਮਤਿ ਦੇ ਗ੍ਰੰਥਾਂ ਦਾ ਪ੍ਰੇਮੀ। ਉਸ ਨੇ ਆਪਣੇ ਪੁੱਤਰ ਦਾ ਨਾਂ ਰੱਖਣ ਲਈ ਹੁਕਮਨਾਮਾ ਲਿਆ ਤਾਂ ਹਰਿ ਸ਼ਬਦ ਪਹਿਲਾਂ ਆਇਆ। ਉਹਦੇ ਤੋਂ ਬੱਚੇ ਦਾ ਨਾਂ ਹਰਿਭਜਨ ਸਿੰਘ ਰੱਖ ਲਿਆ ਗਿਆ। ਹਰਿਭਜਨ ਦੇ ਨਾਂ ਨਾਲ ਰਾਰੇ ਨੂੰ ਲੱਗੀ ਸਿਹਾਰੀ ਦਰਅਸਲ ਗੁਰੂ ਗ੍ਰੰਥ ਸਾਹਿਬ ਦੀ ਦੇਣ ਹੈ ਜਿਸ ਨੂੰ ਉਹ ਗੁਰੂ ਤੇ ਪਿਤਾ ਦੀ ਅਸੀਸ ਸਮਝਦਾ ਹੈ। ਪੰਜਾਬੀ ਵਿਚ ਨਾਂ ਲਿਖਦਿਆਂ ਉਸ ਨੇ ਹਮੇਸ਼ਾ ਰਾਰੇ ਨੂੰ ਸਿਹਾਰੀ ਲਾਈ ਰੱਖੀ ਜਦ ਕਿ ਹੋਰਨਾਂ ਭਾਸ਼ਾਵਾਂ ਵਿਚ ਨਾਂ ਲਿਖਦਿਆਂ ਸਿਹਾਰੀ ਗਾਇਬ ਹੈ। ਜਿਹੜੀ ਪੁਸਤਕ ਹਰਿਭਜਨ ਸਿੰਘ ਨੂੰ ਸਭ ਤੋਂ ਪਹਿਲਾਂ ਵੇਖਣ ਨੂੰ ਮਿਲੀ ਉਹ ਲਮਡਿੰਗ ਵਾਲੇ ਘਰ ਵਿਚ ਨਰੈਣ ਸਿੰਘ ਦਾ ਗ੍ਰੰਥ ਬਾਈ ਵਾਰਾਂ ਸਟੀਕ ਸੀ। ਦੂਜਾ ਗ੍ਰੰਥ ਅਕਾਲੀ ਕੌਰ ਸਿੰਘ ਦਾ ਗੁਰੂ ਗ੍ਰੰਥ ਰਤਨ ਪ੍ਰਕਾਸ਼ ਸੀ। ਗੁਰਬਾਣੀ ਤੇ ਗੁਰਮਤ ਨਾਲ ਉਸ ਦਾ ਰਿਸ਼ਤਾ ਜੰਮਦਿਆਂ ਹੀ ਜੁੜ ਗਿਆ ਸੀ।
ਪਿਤਾ ਦੇ ਆਸਾਮ ਤੋਂ ਪਿੰਡ ਪਰਤ ਆਉਣ ਪਿੱਛੋਂ ਚਾਰ ਪੰਜ ਸਾਲ ਬਾਕੀ ਪਰਿਵਾਰ ਲਮਡਿੰਗ ਵਿਚਲੇ ਘਰ ਦੇ ਖੁੱਲ੍ਹੇ ਆਲੇ ਦੁਆਲੇ ਵਿਚ ਰਿਹਾ ਜੋ ਕਈ ਏਕੜਾਂ ਵਿਚ ਫੈਲਿਆ ਹੋਇਆ ਸੀ। ਮਕਾਨ ਨਾਲ ਦੁਕਾਨ ਵੀ ਸੀ, ਪਿਛਵਾੜੇ ਗਊਆਂ ਬੰਨ੍ਹਣ ਲਈ ਢਾਰੇ ਸਨ ਤੇ ਚੋਖੀ ਜ਼ਮੀਨ ਸੀ। ਜਦੋਂ ਹਰਿਭਜਨ ਦੀ ਮਾਂ, ਭੈਣਾਂ ਤੇ ਉਹ ਆਪ ਵੱਡਾ ਘਰ ਛੱਡ ਕੇ ਪਿੰਡ ਭੁੱਲਰ ਆਏ ਤਾਂ ਪਿੱਛੇ ਦਾਦੀ ਤੇ ਪਰਿਵਾਰ ਦਾ ਇਕ ਸ਼ੁਭਚਿੰਤਕ ਤਾਰਾ ਸਿੰਘ ਜੱਟ ਰਹਿ ਗਏ। ਤਾਰਾ ਸਿੰਘ ਘਰ ਦੀ ਇੱਜ਼ਤ ਦਾ ਰਾਖਾ ਸੀ। ਜਦ ਬਾਲਕ ਹਰਿਭਜਨ ਤੋਂ ਬਿਨਾਂ ਸਾਰਾ ਪਰਿਵਾਰ ਹੀ ਕੁਝ ਸਾਲਾਂ ਵਿਚ ਗੁਜ਼ਰ ਗਿਆ ਤਾਂ ਮੁੜ ਕੇ ਉਸ ਨੂੰ ਕਦੇ ਲਮਡਿੰਗ ਜਾਣਾ ਨਸੀਬ ਨਾ ਹੋਇਆ। ਪਤਾ ਨਹੀਂ ਪਿੱਛੋਂ ਉਸ ਮਕਾਨ ਵਿਚ ਕੌਣ ਰਹਿੰਦੇ ਰਹੇ ਤੇ ਹੁਣ ਕੌਣ ਉਸ ਦਾ ਮਾਲਕ ਹੈ। ਹਰਿਭਜਨ ਸਿੰਘ ਦੋ ਕੁ ਵਾਰ ਆਸਾਮ ਗਿਆ ਸੀ ਪਰ ਲਮਡਿੰਗ ਨਹੀਂ ਜਾ ਸਕਿਆ। ਕੈਸੀ ਹੋਣੀ ਸੀ ਸਾਡੇ ਇਸ ਕਵੀ ਦੀ ਕਿ ਉਹ ਹੁੰਦੇ ਸੁੰਦੇ ਆਪਣਾ ਜਨਮ ਸਥਾਨ ਮੁੜ ਨਾ ਵੇਖ ਸਕਿਆ!
ਇਸ ਦੇਸ਼ ਨਿਕਾਲੇ ਦਾ ਦੁੱਖ ਉਹਦੀਆਂ ਕਵਿਤਾਵਾਂ ਵਿਚ ਥਾਓਂ ਥਾਂ ਦੁਖਦਾ ਦਿਸਦਾ ਹੈ।
ਹਰਿਭਜਨ ਸਿੰਘ ਲਿਖਦਾ ਹੈ ਕਿ ਆਪਣੀ ਜਾਇਦਾਦ ਤੋਂ ਕਿਤੇ ਦੁਖਦਾਈ ਸੀ ਆਪਣੇ ਘਰ ਦੇ ਜੀਆਂ ਦਾ ਵਿਛੋੜਾ। ਇਕ ਤੋਂ ਬਾਅਦ ਇਕ ਘਰ ਦੇ ਜੀਅ ਕਿਰਦੇ ਗਏ। ਜਦੋਂ ਉਹ ਅਜੇ ਅੱਠਾਂ ਸਾਲਾਂ ਦਾ ਹੀ ਸੀ ਤਾਂ ਘਰ ਦਾ ਆਖ਼ਰੀ ਜੀਅ ਉਹਦੀ ਵੱਡੀ ਭੈਣ ਬਿਸ਼ਨ ਕੌਰ ਵੀ ਚਲਾਣਾ ਕਰ ਗਈ। ਮਰਨ ਵਾਲਿਆਂ ਦੇ ਸਸਕਾਰ ਵੇਲੇ ਉਸ ਨੂੰ ਆਸੇ ਪਾਸੇ ਕਰ ਦਿੱਤਾ ਜਾਂਦਾ ਸੀ। ਇੰਜ ਉਹ ਘਰ ਦੇ ਕਿਸੇ ਜੀਅ ਨਾਲ ਵੀ ਮੜ੍ਹੀਆਂ ਵਿਚ ਨਹੀਂ ਸੀ ਜਾ ਸਕਿਆ।
ਲਮਡਿੰਗ ਤੋਂ ਉਹ ਭੁੱਲਰ ਚਲੇ ਗਏ ਸਨ ਪਰ ਉਥੇ ਉਨ੍ਹਾਂ ਦਾ ਚੱਜ ਨਾਲ ਵਸੇਬਾ ਨਾ ਹੋ ਸਕਿਆ। ਮਾਂ ਨੇ ਹਵੇਲੀ ਵੇਚ ਦਿੱਤੀ ਤੇ ਉਹ ਲਾਹੌਰ ਦੀ ਗਵਾਲਮੰਡੀ ਵਿਚ ਰਹਿਣ ਲੱਗ ਪਏ ਜਿਥੇ ਉਹਨਾਂ ਦਾ ਪਹਿਲਾਂ ਹੀ ਇਕ ਮਕਾਨ ਸੀ। ਹਰਿਭਜਨ ਸਿੰਘ ਉਥੇ ਪੜ੍ਹਨ ਲੱਗ ਪਿਆ। ਪਰ ਉਪਰੋਥਲੀ ਮੌਤਾਂ ਨੇ ਉਸ ਦੀ ਪੜ੍ਹਾਈ ਰੋਲ ਕੇ ਰੱਖ ਦਿੱਤੀ। ਯਤੀਮ ਹੋਇਆ ਉਹ ਆਪਣੀ ਵਿਧਵਾ ਮਾਸੀ ਦੇ ਪਿੰਡ ਇਛਰੇ ਰਹਿਣ ਲੱਗਾ। ਉਹ ਗੁਰਦਵਾਰੇ ਜਾਂਦਾ ਤੇ ਕੀਰਤਨ ਕਰਨ ਵਿਚ ਦਿਲਚਸਪੀ ਲੈਂਦਾ। ਲਾਹੌਰ ਦੀਆਂ ਟਾਕੀਆਂ ਚ ਫਿ਼ਲਮਾਂ ਵੇਖਣ ਤੇ ਘੁੰਮਣ ਫਿਰਨ ਦੀ ਅਵਾਰਾਗਰਦੀ ਕਰਦਾ। ਉਸ ਦੀ ਮਾਂ ਨੇ ਜੀਂਦੇ ਜੀਅ ਉਸ ਨੂੰ ਹਰਮੋਨੀਅਮ ਲੈ ਦਿੱਤਾ ਸੀ ਜਿਸ ਉਤੇ ਫਿਲਮਾਂ ਦੇ ਗੀਤਾਂ ਦੀਆਂ ਤਰਜ਼ਾਂ ਕੱਢਦਾ।
ਉਸ ਨੇ ਲਿਖਿਆ ਕਿ ਲੋਕ ਦਸਦੇ ਰਹੇ ਪਈ ਮੇਰੇ ਪਿਤਾ ਦੀਆਂ ਛੇ ਭੈਣਾਂ ਸਨ, ਪਰ ਆਪਣੀ ਕਿਸੇ ਭੂਆ ਦੇ ਦਰਸ਼ਨ ਮੈਨੂੰ ਕਦੇ ਨਾ ਹੋਏ। ਪਿਤਾ ਖੁ਼ਦ ਮੈਨੂੰ ਉਜਾੜ ਬੀਆਬਾਨ ਵਿਚ ਉੱਗੇ ਕੱਲੇਕਾਰੇ ਰੁੱਖ ਵਰਗਾ ਜਾਪਿਆ। ਜਦੋਂ ਕਿਸੇ ਬਜ਼ੁਰਗ ਸੁਆਣੀ ਦੇ ਮੂੰਹੋਂ ਮੁਹਾਵਰਾ ਸੁਣਿਆ ਕੱਲਾ ਤਾਂ ਰੱਬ ਕਰੇ, ਕੋਈ ਰੁੱਖ ਵੀ ਨਾ ਹੋਵੇ ਤਾਂ ਕਲੇਜੇ ਚ ਕੰਡੇ ਦੀ ਚੋਭ ਜੇਹੀ ਪੀੜ ਮਹਿਸੂਸ ਹੋਈ ਸੀ। ਉਸ ਬਜ਼ੁਰਗ ਬੇਬੇ ਗੇਗੀ ਦਾ ਬੋਲਿਆ ਵਾਕ ਅੱਜ ਯਾਦ ਆਉਂਦਾ ਹੈ ਤਾਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਹਮਦਰਦ ਕਵਿਤਾ ਦੇ ਇਕ ਟੁਕੜੇ ਨੇ ਮੇਰੇ ਝਰੀਟੇ ਮਨ ਤੇ ਲੇਪ ਲਾ ਦਿੱਤਾ ਹੋਵੇ। ਨਾਨਕਿਆਂ ਵੱਲੋਂ ਵੀ ਵੀਰਾਨੀ ਘੱਟ ਨਹੀਂ ਸੀ। ਮਾਂ ਦੇ ਵਿਆਹ ਵੇਲੇ ਉਹਦੇ ਮਾਪੇ ਮਰ ਚੁੱਕੇ ਸਨ। ਦੋ ਭਰਾ ਸਨ, ਇਕ ਖਾਸਾ ਵੱਡਾ, ਇਕ ਅੰਝਾਣਾ ਕੁੱਛੜ ਚੁੱਕਣਯੋਗ ਬਾਲ। ਇਸ ਅੰਝਾਣੇ ਬਾਲ ਨੂੰ ਮਾਂ ਆਪਣੇ ਨਾਲ ਹੀ ਆਸਾਮ ਲੈ ਗਈ, ਉਹਨੂੰ ਪੜ੍ਹਾਇਆ, ਪਾਲਿਆ ਤੇ ਕੰਮੇ ਲਾਇਆ...।
ਮਾਂ ਵੱਲੋਂ ਪਾਲੇ ਉਸ ਮਾਮੇ ਨੇ ਵੀ ਯਤੀਮ ਭਾਣਜੇ ਦੀ ਬਾਂਹ ਨਾ ਫੜੀ। ਵਿਧਵਾ ਮਾਸੀ ਨੂੰ ਦੇ ਘਰ ਭੇਜਿਆ ਤਾਂ ਮਾਸੀ ਦਾ ਸਹੁਰਾ ਉਸ ਨੂੰ ਵਾਧੂ ਭਾਰ ਸਮਝਣ ਲੱਗਾ। ਲਮਡਿੰਗ ਤੋਂ ਪੰਜਾਬ ਪਰਤਣ ਦੀ ਯਾਦ ਉਸ ਦੇ ਅੰਤਹਕਰਨ ਵਿਚ ਸੂਏ ਵਾਂਗ ਪੁੜੀ ਰਹੀ ਜਿਸ ਨੂੰ ਉਸ ਨੇ ਇੰਜ ਬਿਆਨ ਕੀਤਾ: ਪਿਤਾ ਜੀ ਦੇ ਮਰਨ ਬਾਅਦ ਚਾਰ ਸਾਢੇ ਚਾਰ ਸਾਲ ਅਸੀਂ ਆਸਾਮ ਵਿਚ ਹੀ ਰਹੇ। ਘਰ ਵਿਚ ਲਹਿਰ ਬਹਿਰ ਸੀ। ਦਸ ਤੋਂ ਪੰਦਰਾਂ ਗਊਆਂ ਸਨ। ਘਰ ਦੇ ਚੁਪਾਸੇ ਹਰੇ ਭਰੇ ਮੈਦਾਨ ਸਨ, ਗਊਆਂ ਸਾਰਾ ਦਿਨ ਚਰਦੀਆਂ ਰਹਿੰਦੀਆਂ। ਪਿਤਾ ਜੀ ਦਾ ਲੰਗੋਟੀਆ ਯਾਰ ਤਾਰਾ ਸਿੰਘ ਜੱਟ ਉਹਨਾਂ ਦਾ ਧਿਆਨ ਰੱਖਦਾ। ਵਰ੍ਹਿਆਂ ਤੋਂ ਉਹ ਸਾਡੇ ਘਰ ਦੇ ਜੀ ਵਾਂਗ ਸਾਡੇ ਨਾਲ ਰਹਿ ਰਿਹਾ ਸੀ, ਪਿਤਾ ਜੀ ਨੇ ਉਹਨੂੰ ਰੇਲ-ਕਾਰਖਾਨੇ ਵਿਚ ਨੌਕਰ ਕਰਵਾ ਰੱਖਿਆ ਸੀ। ਦਾਦੀ ਦਾ ਰੋਹਬ ਮੰਨਦਾ ਸੀ, ਘਰ ਦੀ ਇੱਜ਼ਤ-ਆਬਰੂ ਦਾ ਭਾਈਵਾਲ ਸੀ। ਲੋਕ ਮਾਂ ਨੂੰ ਰਾਣੀ ਮਾਂ ਕਹਿੰਦੇ ਸਨ। ਮੈਂ ਲਾਡ-ਪਿਆਰ ਵਿਚ ਪਲ ਰਿਹਾ ਸਾਂ। ਕੋਈ ਭਰਤ ਮੇਰਾ ਸ਼ਰੀਕ ਨਹੀਂ ਸੀ। ਨਾ ਕੋਈ ਮੰਥਰਾ ਸੀ, ਨਾ ਕੈਕੇਈ। ਤਾਂ ਵੀ ਸਾਨੂੰ ਦੇਸਨਿਕਾਲਾ ਮਿਲਿਆ ਸੀ। ਕਿਸਮਤ ਹੀ ਮਤਰੇਈ ਨਿਕਲੀ...ਉਹ ਵੇਲਾ ਮੇਰੇ ਮੱਥੇ ਵਿਚ ਕਿਸੇ ਮਹਾਂਕਾਵਿ ਦੀਆਂ ਘਟਨਾਵਾਂ ਵਾਂਗ ਲਿਖਿਆ ਪਿਆ ਹੈ। ਇਹ ਅਣਚਿਤਵਿਆ ਦੇਸਨਿਕਾਲਾ ਮੇਰੀ ਸਾਹਿਤ-ਯਾਤਰਾ ਦਾ ਆਰੰਭ-ਬਿੰਦੂ ਬਣ ਗਿਆ। ਘਰ ਵਿਚ ਦੋ ਕੁ ਨੌਕਰਾਣੀਆਂ ਸਨ ਜੋ ਸਾਡੇ ਨਾਲ ਗੁਰਦੁਆਰੇ ਤਕ ਚੱਲ ਕੇ ਆਈਆਂ। ਮਾਂ ਨੇ ਅਰਦਾਸ ਕੀਤੀ। ਭੈਣ ਨੇ ਮੈਨੂੰ ਡੰਡਾਉਤ ਕਰਨ ਲਈ ਕਿਹਾ। ਮੈਂ ਸਚਮੁਚ ਹੀ ਸਿੱਧਾ ਤੁਕ ਮਹਾਰਾਜ ਅੱਗੇ ਲੇਟ ਗਿਆ। ਮੇਰੇ ਸਿਰ ਦੂਹਰੀ ਝਾਲਰ ਵਾਲੀ ਦਸਤਾਰ ਸੀ, ਕੋਟ-ਪੈਂਟ ਉਪਰ ਕਾਲੇ ਗਾਤਰੇ ਵਾਲੀ ਕਿਰਪਾਨ ਸੀ। ਘਰ ਵਿਚ ਇਕ ਸ਼ਬਦ ਆਮ ਗਾਵਿਆ ਜਾਂਦਾ ਸੀ। ਉਹੋ ਗਾਉਂਦੇ ਅਸੀਂ ਘਰੋਂ ਗੁਰਦੁਆਰੇ ਤਕ ਆਏ ਸਾਂ ਤੇ ਉਹੋ ਗਾਉਂਦੇ ਅਗਾਂਹ ਤੁਰੇ ਜਾ ਰਹੇ ਸਾਂ:
ਚਲੋ ਸਿੰਘੋ ਚਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ
ਪਿਤਾ ਜਿਨ੍ਹਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜਾਏ ਨੇ
ਜਨਮ ਗੁਰਾਂ ਦਾ ਪਟਨੇ ਸਾਹਬ ਦਾ, ਨੰਦਪੁਰ ਡੇਰੇ ਲਾਏ ਨੇ
ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿਚ ਬਾਜ ਸੁਹਾਏ ਨੇ।
ਬਾਲਕ ਹਰਿਭਜਨ ਸੋਚਦਾ ਸੀ ਕਿ ਅਸੀਂ ਬਾਜਾਂ ਵਾਲੇ ਸਤਿਗੁਰੂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਉਦੋਂ ਕੀ ਪਤਾ ਸੀ ਕਿ ਪੈਂਡਾ ਕਿੰਨਾ ਦੁਸ਼ਵਾਰ ਹੋਵੇਗਾ!
ਕਵੀ/ਆਲੋਚਕ ਡਾ. ਹਰਿਭਜਨ ਸਿੰਘ ਲਿਖਦਾ ਹੈ, ਇਸ ਵੇਲੇ ਮੇਰੇ ਜਿ਼ਹਨ ਵਿਚ ਇਕ ਦਰਿਆ ਵਗ ਰਿਹਾ ਹੈ ਜਿਸ ਵਿਚ ਜਹਾਜ਼ ਜੇਡੀ ਵੱਡੀ ਨਾਉ ਚੱਲ ਰਹੀ ਹੈ। ਇਸੇ ਵਿਚ ਅਸੀਂ ਸਵਾਰ ਹਾਂ। ਗੋਹ ਨਿਸ਼ਾਧ ਵਰਗਾ ਇਕ ਸੇਵਕ ਸਾਨੂੰ ਨਦੀ ਪਾਰ ਕਰਾਉਣ ਲਈ ਸਾਡੇ ਨਾਲ ਹੈ। ਕੰਢੇ ਉਪਰ ਦੋ ਔਰਤਾਂ ਹਨ, ਵਾਲ ਖੋਲ੍ਹ ਕੇ ਜ਼ੋਰ ਜ਼ੋਰ ਦੀ ਸਿਰ ਮਾਰ ਰਹੀਆਂ ਹਨ। ਉਹਨਾਂ ਦੇ ਸਾਹਮਣੇ ਥਾਲੀਆਂ ਹਨ ਜਿਨ੍ਹਾਂ ਵਿਚ ਦੀਵੇ ਜਗ ਰਹੇ ਹਨ। ਪਿੱਛੇ ਮਰਦਾਂ ਦੀ ਨਿੱਕੀ ਜਿਹੀ ਟੋਲੀ ਖਲੋਤੀ ਢੋਲ ਵਜਾ ਰਹੀ ਹੈ, ਕੁਝ ਗਾ ਰਹੀ ਹੈ। ਇਹ ਐਸਾ ਚਿਹਨਕ ਹੈ ਜਿਹਦਾ ਚਿਹਨਿਤ ਮੈਨੂੰ ਅੱਜ ਤੀਕ ਸਮਝ ਨਹੀਂ ਆਇਆ।
ਨਦੀ ਪਾਰ ਉਜਾੜ ਜਿਹੀ ਥਾਂ ਇਕ ਸਟੇਸ਼ਨ ਹੈ। ਓਥੇ ਗੱਡੀ ਵਿਚ ਅਸੀਂ ਬੈਠੇ ਹਾਂ। ਸਾਨੂੰ ਏਥੋਂ ਤਕ, ਗੱਡੀ ਚੜ੍ਹਾਉਣ ਆਇਆ ਨੌਕਰ ਰੋ ਰਿਹਾ ਹੈ। ਕਹਿੰਦਾ ਹੈ: ਰਾਣੀ ਮਾਂ, ਕਦੋਂ ਤਕ ਆ ਜਾਏਂਗੀ? ਤੇਰੇ ਬਿਨਾਂ ਮੇਰਾ ਕੌਣ? ਮੈਂ ਰੁਲ ਜਾਵਾਂਗਾ। ਛੇਤੀ ਆ ਜਾਣਾ। ਮਾਂ ਉਹਨੂੰ ਧੀਰਜ ਬੰਨ੍ਹਾਉਂਦੀ ਹੈ, ਕੁਝ ਪੈਸੇ ਦੇਂਦੀ ਹੈ। ਗੱਡੀ ਤੋਂ ਬਾਹਰ ਖਲੋਤੇ ਦੇ ਸਿਰ ਤੇ ਹੱਥ ਫੇਰਦੀ ਹੈ।
ਇਸੇ ਤਰ੍ਹਾਂ ਦੇ ਛੋਟੇ ਛੋਟੇ ਚਿਤਰ ਮੇਰੇ ਜਿ਼ਹਨ ਵਿਚ ਅਟਕੇ ਹਨ। ਚਿਤਰ ਬੋਲਦੇ ਹਨ, ਮੈਨੂੰ ਆਪਣੀ ਗਾਥਾ ਲਿਖਣ ਲਈ ਉਕਸਾਉਂਦੇ ਹਨ। ਨਦੀ ਦੇ ਗੀਤ, ਉਜਾੜ ਥਾਂ ਖਲੋਤੀ ਰੇਲਗੱਡੀ ਦੇ ਗੀਤ, ਥਾਲੀ ਵਿਚ ਬਲਦੇ ਦੀਵਿਆਂ ਸਾਹਵੇਂ ਵਾਲ ਖੋਲ੍ਹ ਕੇ ਨਚਦੀਆਂ ਆਦਿਵਾਸਣਾਂ ਦੇ ਗੀਤ ਅਜੇ ਮੈਂ ਲਿਖਣੇ ਹਨ। ਕਦੋਂ ਲਿਖਾਂਗਾ? ਦਰਿਆ ਦੇ ਪਾਣੀ ਵਾਂਗ ਸਮਾਂ ਰੁੜ੍ਹੀ ਜਾ ਰਿਹਾ ਹੈ।

ਜਿਨ੍ਹਾਂ ਦਿਨਾਂ ਵਿਚ ਹਰਿਭਜਨ ਸਿੰਘ ਦੀ ਮਾਂ ਤਿੰਨਾਂ ਬੱਚਿਆਂ ਨੂੰ ਲੈ ਕੇ ਆਸਾਮ ਤੋਂ ਆਪਣੇ ਪਿੰਡ ਭੁੱਲਰ ਆਈ, ਉਹ ਦਿਨ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚਿਆਂ ਦੇ ਸਨ। ਆਰੀਆ ਸਮਾਜ, ਦੇਵ ਸਮਾਜ ਤੇ ਸਿੰਘ ਸਭਾ ਲਹਿਰਾਂ ਦਾ ਪ੍ਰਚਾਰ ਜ਼ੋਰਾਂ ਉਤੇ ਸੀ। ਹਰਿਭਜਨ ਨੇ ਉਦੋਂ ਪੜ੍ਹਨੇ ਪੈਣਾ ਸੀ। ਉਸ ਨੇ ਮੁਢਲੀ ਪੜ੍ਹਾਈ ਪਿੰਡ ਦੇ ਡੀ. ਬੀ. ਪ੍ਰਾਇਮਰੀ ਸਕੂਲ ਤੋਂ ਕੀਤੀ। ਫਿਰ ਗੁਆਲਮੰਡੀ ਦੇ ਐੱਸ. ਡੀ. ਸਕੂਲ ਤੇ ਡੀ. ਏ. ਵੀ. ਸਕੂਲ ਤੋਂ ਦਸਵੀਂ ਬਹੁਤ ਚੰਗੇ ਨੰਬਰਾਂ ਨਾਲ ਪਾਸ ਕੀਤੀ। ਇੰਜ ਹਰ ਤਰ੍ਹਾਂ ਦੀ ਸਿੱਖਿਆ ਤੇ ਸਭਾ ਦਾ ਰੰਗ ਉਹਦੇ ਉਤੇ ਚੜ੍ਹਿਆ। ਉਦੋਂ ਸਿੱਖਿਆ ਦਾ ਮਾਧਿਅਮ ਉਰਦੂ ਸੀ। ਅੰਗਰੇਜ਼ੀ ਪੰਜਵੀਂ ਤੋਂ ਦਸਵੀਂ ਤਕ ਪੜ੍ਹਾਈ ਜਾਂਦੀ ਸੀ। ਪੰਜਾਬੀ ਉਸ ਨੇ ਘਰੋਂ ਤੇ ਗੁਰਦੁਆਰੇ ਤੋਂ ਪੜ੍ਹਨੀ ਸਿੱਖ ਲਈ ਸੀ। ਡੀ. ਏ. ਵੀ. ਸਕੂਲ ਵਿਚ ਪੜ੍ਹਨ ਕਰਕੇ ਅੱਠਵੀਂ ਤਕ ਹਿੰਦੀ ਵੀ ਪੜ੍ਹ ਲਈ। ਦਸਵੀਂ ਪਾਸ ਕਰਨ ਤਕ ਉਸ ਨੂੰ ਚਾਰੇ ਜ਼ਬਾਨਾਂ ਪੜ੍ਹਨੀਆਂ ਤੇ ਲਿਖਣੀਆਂ ਆ ਗਈਆਂ ਸਨ।
ਸਕੂਲੀ ਵਿਦਿਆਰਥੀ ਹੁੰਦਿਆਂ ਉਹ ਗੁਰੂ ਘਰ ਨਾਲ ਜੁੜਿਆ ਰਿਹਾ ਸੀ। ਕਦੇ ਕਦੇ ਪਾਠ ਤੇ ਕੀਰਤਨ ਵੀ ਕਰਦਾ। ਗੁਰਪੁਰਬਾਂ ਉਤੇ ਤੇ ਨਗਰ ਕੀਰਤਨਾਂ ਵਿਚ ਕਵਿਤਾਵਾਂ ਗਾ ਕੇ ਸੁਣਾਉਂਦਾ। ਵਾਰ ਵਾਰ ਇਹ ਸ਼ਬਦ ਪੜ੍ਹਦਾ:
ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ।।
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿਖ ਲੰਘਿ ਗੁਰੂ ਪੈ ਜਾਈ।।
ਜਦ ਤਕ ਉਹਦੀ ਮਾਂ ਜੀਂਦੀ ਰਹੀ ਲਮਡਿੰਗ ਤੇ ਲਾਹੌਰ ਰਹੀ ਉਨ੍ਹਾਂ ਦੇ ਘਰ ਬਾਣੀ ਦਾ ਪਰਵਾਹ ਜਾਰੀ ਰਿਹਾ। ਉਹ ਗੁਰਦਵਾਰੇ ਜਾ ਕੇ ਸੁਰੀਲੀ ਆਵਾਜ਼ ਵਿਚ ਗਾਉਂਦਾ। ਉਥੇ ਪੁੱਛ ਪ੍ਰਤੀਤ ਵੀ ਬੜੀ ਹੁੰਦੀ ਸੀ। ਉਹ ਆਸਾ ਜੀ ਦੀ ਵਾਰ ਵੇਲੇ ਰਾਗੀਆਂ ਨਾਲ ਗਾਉਂਦਾ। ਉਸ ਨੂੰ ਆਪਣੀ ਮੋਈ ਮਾਂ ਕਦਮ ਕਦਮ ਤੇ ਯਾਦ ਆਉਂਦੀ। ਮਾਂ ਉਸ ਨੂੰ ਬਾਣੀ ਦੇ ਨੇੜੇ ਰੱਖ ਕੇ ਆਪਣੇ ਰਾਖੇ ਦੇ ਰੂਪ ਵਿਚ ਪਾਲਦੀ ਰਹੀ ਸੀ ਜਿਸ ਵਿਚੋਂ ਬਾਅਦ ਵਿਚ ਇਹ ਕਵਿਤਾ ਫੁੱਟੀ:
ਕਦੀ ਕਦੀ ਮੇਰੀ ਮਾਂ ਆਖੇ
ਉਏ ਮੇਰੇ ਦੁਖ ਦਰਦ ਦੇ ਹਾਣੀ
ਹਿੱਕ ਮੇਰੀ ਨੂੰ ਲੱਗ ਕੇ ਸਉਂ ਜਾ
ਜਿਸ ਰਾਹੋਂ ਤੇਰਾ ਬਾਪ ਸਿਧਾਇਆ
ਉਸ ਰਾਹੇ ਕੋਈ ਪਾਪ ਨਾ ਆਵੇ
ਮੇਰੇ ਬੂਟੇ ਗਭਰੂ ਹੋ ਜਾ
ਤੇਰੀ ਛਾਵੇਂ ਮੈਂ ਸੌਂ ਜਾਵਾਂ
ਕਦੀ ਕਦੀ ਬਾਲਾਂ ਦੇ ਕੁੱਛੜ
ਸੌਣ ਨਚਿੰਤ ਨਕਰਮਣ ਮਾਵਾਂ।
ਪੜ੍ਹਨ ਵਿਚ ਉਹ ਹੁਸਿ਼ਆਰ ਸੀ ਪਰ ਉਸ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਸੀ। ਨਾ ਮਾਂ, ਨਾ ਪਿਉ, ਨਾ ਭੈਣ, ਨਾ ਭਰਾ। ਉਸ ਨੇ ਜਿ਼ੰਦਗੀ ਦੀ ਖੇਡ ਖੁੱਲ੍ਹੇ ਪੱਤਿਆਂ ਨਾਲ ਖੇਡੀ ਤੇ ਬੜੀ ਮੁਸ਼ਕਲ ਨਾਲ ਪੜ੍ਹਿਆ। ਉਹਦੇ ਕਪੜੇ ਏਨੇ ਭੈੜੇ ਹੁੰਦੇ ਸਨ ਕਿ ਸਕੂਲੇ ਜਾਂਦਿਆਂ ਸ਼ਰਮ ਆਉਂਦੀ ਸੀ ਪਰ ਉਹ ਪੜ੍ਹਾਈ ਵਿਚ ਲਾਇਕ ਹੋਣ ਕਾਰਨ ਸਕੂਲ ਵਿਚ ਪਰਵਾਨ ਸੀ। ਉਸ ਨੂੰ ਰਿਸ਼ਤੇਦਾਰਾਂ ਦੀ ਥਾਂ ਅਧਿਆਪਕਾਂ ਤੇ ਦੋਸਤਾਂ ਨੇ ਹੀ ਪਿਆਰ ਦਿੱਤਾ। ਉਹ ਉਦੋਂ ਤੀਜੀ ਜਮਾਤ ਵਿਚ ਸੀ ਜਦੋਂ ਪਰਿਵਾਰ ਦਾ ਅੰਤਮ ਮੈਂਬਰ, ਉਹਦੀ ਦੂਜੀ ਭੈਣ ਵੀ ਮਰ ਗਈ। ਮਾਂ ਤੇ ਭੈਣਾਂ ਦੀ ਗ਼ੈਰ ਹਾਜ਼ਰੀ ਦੇ ਅਹਿਸਾਸ ਨੇ ਉਸ ਨੂੰ ਕਵੀ ਬਣਾਇਆ। ਮਾਂ ਮਰਨ ਤੋਂ ਬਾਅਦ ਉਹਦੇ ਵਿਚ ਡਰ ਦਾ ਅਹਿਸਾਸ ਜਾਗਦਾ ਰਹਿੰਦਾ ਸੀ। ਉਹ ਜਿਸ ਘਰ ਰਹਿੰਦਾ ਸੀ ਉਥੋਂ ਦੌੜ ਜਾਂਦਾ ਸੀ ਤੇ ਰਾਤ ਵੇਲੇ ਸਰਕੰਡਿਆਂ ਵਿਚਕਾਰ ਭਾਉਂਦਾ ਗਾਉਂਦਾ ਰਹਿੰਦਾ ਸੀ।
ਉਹ ਚੌਥੀ ਜਮਾਤ ਵਿਚੋਂ ਜਿ਼ਲ੍ਹੇ ਦੇ ਸਾਰੇ ਡਿਸਟ੍ਰਿਕਟ ਬੋਰਡ ਸਕੂਲਾਂ ਵਿਚੋਂ ਫਸਟ ਆਇਆ ਤਾਂ ਉਸ ਨੇ ਇਹ ਖ਼ੁਸ਼ਖਬਰੀ ਘਰ ਆ ਕੇ ਆਪਣੀ ਮਾਸੀ ਨੂੰ ਦੱਸੀ। ਘਰ ਵਿਚ ਕੋਈ ਖੁਸ਼ੀ ਨਾ ਮਨਾਈ ਗਈ। ਬਾਲਕ ਹਰਿਭਜਨ ਨੇ ਖੁਸ਼ੀ ਵਿਚ ਹਾਕੀ ਲੈਣ ਦੀ ਮੰਗ ਕੀਤੀ ਜੋ ਅਸਲ ਵਿਚ ਉਹਦੇ ਹੀ ਮਕਾਨ ਦੇ ਕਿਰਾਏ ਵਿਚੋਂ ਆਉਣੀ ਸੀ ਪਰ ਉਸ ਦੀ ਉਹ ਮੰਗ ਪੂਰੀ ਨਾ ਕੀਤੀ ਗਈ। ਉਸ ਨੂੰ ਅਜੇ ਪੂਰਾ ਚਾਨਣ ਨਹੀਂ ਸੀ ਹੋਇਆ ਕਿ ਉਹਦੀਆਂ ਜਿ਼ਦਾਂ ਦੇ ਦਿਨ ਪੁੱਗ ਚੁੱਕੇ ਹਨ। ਮਹੀਨੇ ਦੋ ਮਹੀਨਿਆਂ ਦੀ ਜਿ਼ਦ ਨਾਲ ਹਾਕੀ ਮਿਲੀ ਤਾਂ ਨਾਲ ਗੇਂਦ ਨਹੀਂ ਸੀ। ਉਹ ਰੋੜਿਆਂ ਪੱਥਰਾਂ ਨੂੰ ਹੀ ਹਿੱਟਾਂ ਮਾਰਦਾ ਰਹਿੰਦਾ। ਆਖ਼ਰ ਹਾਕੀ ਵੀ ਅਲੋਪ ਹੋ ਗਈ। ਫਿਰ ਮਾਂ ਦਾ ਦਿੱਤਾ ਸੰਗੀਤਮਈ ਖਿਡੌਣਾ ਬੇਬੀ ਹਰਮੋਨੀਅਮ ਵੀ ਗੁੱਠੇ ਲੱਗ ਗਿਆ।
ਵਿਦਵਾਨ ਹੋਇਆ ਡਾ. ਹਰਿਭਜਨ ਸਿੰਘ ਦਸਦਾ ਹੈ ਕਿ ਨਿਰੋਲ ਕਵਿਤਾ ਦੇ ਰੂ-ਬੂ-ਰੂ ਉਹ ਮਾਸੀ ਦੇ ਪਿੰਡ ਇਛਰੇ ਪਹੁੰਚ ਕੇ ਹੋਇਆ ਸੀ। ਇਹ ਪਿੰਡ ਲਾਹੌਰ ਸ਼ਹਿਰ ਦੀ ਆਖ਼ਰੀ ਹੱਦ ਮੁਜ਼ੰਗ ਤੋਂ ਤਿੰਨ ਕੁ ਮੀਲ ਦੀ ਵਿੱਥ ਤੇ ਸੀ। ਇਛਰੇ ਵਾਲੇ ਘਰ ਵਿਚ ਤਿੰਨ ਕਿੱਸੇ, ਇਕ ਗੁਟਕਾ ਤੇ ਇਕ ਗ੍ਰੰਥ ਸੀ। ਕਿੱਸੇ ਸਨ ਟਹਿਲ ਸਿੰਘ ਘੁੱਕੇਵਾਲੀਏ ਦਾ ਵਿਰਲਾਪ, ਕਾਦਰਯਾਰ ਦਾ ਪੂਰਨ ਭਗਤ ਤੇ ਦੌਲਤ ਰਾਮ ਦਾ ਰੂਪ ਬਸੰਤ। ਇਨ੍ਹਾਂ ਕਿੱਸਿਆਂ ਨੇ ਉਹਦੇ ਅੰਦਰ ਕਵਿਤਾ ਦੇ ਬੀ ਬੀਜ ਦਿੱਤੇ। ਕਦੇ ਉਹ ਆਪਣੇ ਆਪ ਨੂੰ ਰੂਪ-ਬਸੰਤ ਨਾਲ ਮੇਲਦਾ, ਕਦੇ ਪੂਰਨ ਭਗਤ ਨਾਲ। ਉਨ੍ਹਾਂ ਵਾਂਗ ਹੀ ਘਰ ਤੋਂ ਬੇਘਰ ਹੋਇਆ। ਇਸ ਅਨੁਭਵ ਚੋਂ ਬਾਅਦ ਵਿਚ ਕਵਿਤਾ ਫੁੱਟੀ:
ਪੂਰਨ ਨੂੰ ਕੀ ਹੋ ਗਿਆ
ਕਿਥੇ ਗਿਆ ਚਿਤੰਨ
ਉਠਦੇ ਬਹਿੰਦੇ ਹੋਰ ਥਾਂ
ਹੋਵੇ ਇਸ ਦਾ ਮਨ
ਇਸਦੇ ਅੱਖੜ ਵੇਗ ਨੂੰ
ਵੱਜਾ ਕੀਕਣ ਬੰਨ੍ਹ
ਕਿਵੇਂ ਗਿਆ ਘਸਮੈਲਿਆ
ਪੂਰਨਮਾਸ਼ੀ ਚੰਨ
ਪੁੱਤ ਮੇਰਾ ਤਾਂ ਸਦਾ ਸੀ
ਸਹਿਜੇ ਹੀ ਪਰਸੰਨ
ਪੂਰਨ ਨੂੰ ਕੀ ਹੋ ਗਿਆ।
ਗਲੀਆਂ ਚ ਗਾਉਂਦੇ ਜਾਂਦੇ ਪ੍ਰਭਾਤ ਫੇਰੀ ਵਾਲਿਆਂ ਦੇ ਬੋਲ ਤੈਨੂੰ ਗਾਫ਼ਲਾ ਜਾਗ ਨਾ ਆਈ ਕਿ ਚਿੜੀਆਂ ਜਾਗ ਪਈਆਂ ਅਤੇ ਦਰਵੇਸ਼ਾਂ ਦੇ ਸੁਖਨ ਕੋਈ ਗੱਲ ਚਲਣ ਦੀ ਕਰ ਓਏ ਜੱਗ ਬਹਿ ਨਹੀਂ ਰਹਿਣਾ ਉਸ ਦੇ ਬਾਲ ਮਨ ਨੂੰ ਕਵਿਤਾ ਰਚਨ ਲਈ ਪ੍ਰੇਰਦੇ। ਫ਼ਕੀਰਾਂ ਦੇ ਬੋਲ ਕੰਨੀਂ ਪੈਂਦੇ ਨੀ ਮੋਈਏ ਭੁੰਨ ਦੇ ਫ਼ਕੀਰਾਂ ਦੇ ਦਾਣੇ ਤੇ ਸੂਈਆਂ ਕੰਧੂਈਆਂ ਵੇਚਣ ਵਾਲੀਆਂ ਦੀਆਂ ਘੋੜੀਆਂ ਸੁਣਨ ਨੂੰ ਮਿਲਦੀਆਂ ਲਟਕੇਂਦੇ ਵਾਲ ਸੋਹਣੇ ਦੇ ਵੇ ਮੁੰਡਿਆ ਤੇਰੀ ਘੋੜੀ ਵੇ।
ਚੋਲਾ ਟਾਕੀਆਂ ਵਾਲਾ ਵਿਚ ਉਹ ਲਿਖਦਾ ਹੈ, ਬਾਲਮੀਕੀ ਰਾਮਾਇਣ ਬਾਰੇ ਆਮ ਰਵਾਇਤ ਹੈ ਕਿ ਕਿਸੇ ਕੂੰਜ ਦਾ ਸਾਥੀ ਸਿ਼ਕਾਰੀ ਹੱਥੋਂ ਮਾਰਿਆ ਗਿਆ। ਕੂੰਜ ਆਪਣੇ ਮਰੇ ਸਾਥੀ ਦੇ ਇਰਦ ਗਿਰਦ ਚੱਕਰ ਲਾਉਂਦੀ ਰਹੀ ਤੇ ਕੁਰਲਾਉਂਦੀ ਰਹੀ। ਕਵੀ ਬਾਲਮੀਕੀ ਕੂੰਜ ਦੀ ਇਸ ਕਰੁਣ-ਪੁਕਾਰ ਨੂੰ ਸੁਣ ਕੇ ਦ੍ਰਵਿਤ ਹੋ ਗਿਆ ਤੇ ਅਨੁਸਰੂਪ ਛੰਦ ਵਿਚ ਉਸ ਨੇ ਰਾਮਾਇਣ ਦੀ ਕਥਾ ਲਿਖ ਮਾਰੀ। ਕਦੀ ਕਦੀ ਮੇਰਾ ਜੀ ਆਪਣੇ ਆਪ ਨੂੰ ਕੂੰਜ ਅਤੇ ਬਾਲਮੀਕੀ ਦਾ ਮਿਲਿਆ-ਜੁਲਿਆ ਰੂਪ ਸਮਝਣ ਨੂੰ ਕਰਦਾ ਹੈ। ਮੈਂ ਵੀ ਕੁਝ ਗੁਆਇਆ ਹੈ ਤੇ ਮੈਂ ਵੀ ਵਿਗੋਚੇ ਦੀ ਮਿੱਟੀ ਨਾਲ ਆਪਣੀਆਂ ਕਾਵਿ-ਮੂਰਤਾਂ ਰਚੀਆਂ ਹਨ।
ਸ਼ਾਇਰੀ ਦੇ ਬਹੁਰੰਗੇ ਪ੍ਰਭਾਵ ਕਬੂਲਦਾ ਉਹ ਮੰਨਦਾ ਹੈ, ਮੇਰਾ ਆਪਾ ਫ਼ਕੀਰ ਦੇ ਖੱਪਰ ਵਰਗਾ ਸੀ ਜਿਸ ਵਿਚ ਲੂਣੀ ਦਾਲ, ਮਿੱਠੀ ਖੀਰ, ਦੁੱਧ ਤੇ ਲੱਸੀ ਸਭ ਤਰ੍ਹਾਂ ਦੀ ਭਿਛਿਆ ਪੈਂਦੀ ਰਹੀ। ਕੀ ਸਵੀਕਾਰਨਾ ਹੈ ਤੇ ਕੀ ਨਹੀਂ ਸਵੀਕਾਰਨਾ, ਇਹ ਖੁੱਲ੍ਹ, ਇਹ ਚੋਣ ਫ਼ਕੀਰ ਪਾਸ ਨਹੀਂ ਹੁੰਦੀ। ਦੁਨੀਆ ਦੇ ਅਨੇਕ ਰੁਝੇਵਿਆਂ ਚੋਂ ਮੈਥੋਂ ਆਪਣੇ ਲਈ ਸ਼ਾਇਰੀ ਦਾ ਰੁਝੇਵਾਂ ਚੁਣਿਆ ਗਿਆ।

ਡੀ. ਏ. ਵੀ. ਸਕੂਲ ਵਿਚ ਹਿੰਦੀ ਤੇ ਸੰਸਕ੍ਰਿਤ ਪੜ੍ਹਨਾ ਲਾਜ਼ਮੀ ਸੀ। ਪ੍ਰਾਇਮਰੀ ਤਕ ਦੀ ਤਾਲੀਮ ਉਰਦੂ ਵਿਚ ਸੀ। ਉਂਜ ਤਾਂ ਡੀ. ਏ. ਵੀ. ਸਕੂਲ ਵਿਚ ਵੀ ਸਿੱਖਿਆ ਦਾ ਮਾਧਿਅਮ ਉਰਦੂ ਸੀ ਪਰ ਉਰਦੂ ਮਜ਼ਮੂਨ ਵਜੋਂ ਛੇਵੀ ਤਕ ਹੀ ਪੜ੍ਹਾਈ ਜਾਂਦੀ ਸੀ। ਉਰਦੂ ਦੀ ਥਾਂ ਸੰਸਕ੍ਰਿਤ ਨੇ ਲੈ ਲਈ ਸੀ ਤੇ ਹਿੰਦੀ ਪੰਜਵੀਂ ਤੋਂ ਅੱਠਵੀਂ ਤਕ ਪੜ੍ਹਾਈ ਜਾਂਦੀ ਸੀ। ਹਰਭਜਨ ਸਿੰਘ ਨੇ ਹਿੰਦੀ ਕੇਵਲ ਦੇਵਨਾਗਰੀ ਲਿਪੀ ਵਿਚ ਹੀ ਨਹੀਂ ਪੜ੍ਹੀ ਬਲਕਿ ਗੁਰਮੁਖੀ ਲਿਪੀ ਰਾਹੀਂ ਵੀ ਪੜ੍ਹੀ।
ਦਸਵੀਂ ਜਮਾਤ ਤਕ ਉਹ ਕਵਿਤਾਵਾਂ ਪੜ੍ਹਦਾ, ਸੁਣਦਾ ਤੇ ਗੁਣਗੁਣਾਂਦਾ ਰਿਹਾ। ਕੁਝ ਕਵਿਤਾਵਾਂ ਲਿਖੀਆਂ ਵੀ ਗਈਆਂ ਜੋ ਗੁਆ ਦਿੱਤੀਆਂ ਗਈਆਂ। ਦੋ ਡਰਾਮੇ ਵੀ ਲਿਖੇ-ਸਰਵਣ ਕੁਮਾਰ ਤੇ ਹਕੀਕਤ ਰਾਏ ਜੋ ਮਾੜੇ ਮੋਟੇ ਖੇਡੇ ਵੀ ਗਏ। ਦਸਵੀਂ ਫਸਟ ਕਲਾਸ ਵਿਚ ਪਾਸ ਕਰ ਲੈਣ ਤੋਂ ਬਾਅਦ ਅਗਾਂਹ ਕਾਲਜ ਵਿਚ ਪੜ੍ਹਨ ਦੀ ਉਹਦੇ ਵਿਚ ਤੌਫ਼ੀਕ ਨਹੀਂ ਸੀ ਭਾਵੇਂ ਕਿ ਲਾਹੌਰ ਕਾਲਜਾਂ ਦਾ ਗੜ੍ਹ ਤੇ ਪੰਜਾਬ ਯੂਨੀਵਰਸਿਟੀ ਦਾ ਹੈੱਡ ਕੁਆਟਰ ਸੀ। ਉਹ ਅਣਗੌਲਿਆ ਰਿਹਾ ਤੇ ਬੇਕਾਰ ਭਟਕਦਾ ਰਿਹਾ। ਇਸ ਦੌਰਾਨ ਉਹਦੇ ਅੰਦਰੋਂ ਕਵਿਤਾਵਾਂ ਫੁਟਦੀਆਂ ਰਹੀਆਂ ਪਰ ਉਹ ਸੰਭਾਲੀਆਂ ਨਾ ਜਾ ਸਕੀਆਂ। ਅਖ਼ੀਰਲੇ ਦਿਨਾਂ ਚ ਡਾ. ਹਰਿਭਜਨ ਸਿੰਘ ਅਕਸਰ ਕਿਹਾ ਕਰਦਾ ਸੀ ਕਿ ਮੈਂ ਜਿੰਨਾ ਸਾਂਭਿਆ, ਗੁਆਇਆ ਉਸ ਤੋਂ ਵੱਧ ਹੈ।
1936 ਵਿਚ ਦਸਵੀ ਪਾਸ ਕਰਨ ਪਿੱਛੋਂ ਉਹਦੀ ਹਾਲਤ ਵੀਰਾਨ ਧਰਤੀ ਵਿਚ ਉੱਜੜੇ ਬਗੀਚੇ ਦੇ ਫੁੱਲ ਵਰਗੀ ਸੀ ਜੋ ਧਰਤੀ ਤੇ ਡਿੱਗਣੋਂ ਡਰਦਾ ਹੋਵੇ ਮਤਾ ਪੀੜ ਲੱਗੇ। ਉਸ ਵੇਲੇ ਤਕ ਉਹ ਆਧੁਨਿਕ ਪੰਜਾਬੀ ਕਾਵਿ ਤੋਂ ਅਣਜਾਣ ਸੀ। ਭਾਈ ਵੀਰ ਸਿੰਘ, ਮੋਹਣ ਸਿੰਘ ਤੇ ਅੰਿਮ੍ਰਤਾ ਪ੍ਰੀਤਮ ਦੇ ਉਸ ਨੇ ਨਾਂ ਵੀ ਨਹੀਂ ਸਨ ਸੁਣੇ। ਉਹ ਲਿਖਦਾ ਹੈ ਕਿ 1936-42 ਵਾਲੇ ਮੇਰੇ ਪੜਾਅ ਦੇ ਰਚਨਾਤਮਕ ਜਤਨ ਨਿਰੋਲ ਬੇਰੁਜ਼ਗਾਰੀ ਤੇ ਵਿਹਲ ਦੀ ਹੀ ਦਾਸਤਾਨ ਨਹੀਂ। ਇਸ ਦੇ ਪਿੱਛੇ ਖਾਸੇ ਲੰਮੇ ਅਰਸੇ ਦੇ ਇਕੱਲਪੁਣੇ ਦੀਆਂ ਚੇਤ-ਅਚੇਤ ਆਵਾਜ਼ਾਂ ਹਨ, ਗੂੰਜਾਂ-ਅਨੁਗੂੰਜਾਂ ਹਨ। 1942 ਵਿਚ ਮੈਂ ਰੋਟੀ ਰੋਜ਼ੀ ਕਮਾਉਣ ਦਿੱਲੀ ਚਲਾ ਆਇਆ ਸਾਂ, ਉਦੋਂ ਮੇਰੀਆਂ ਪਹਿਲੇ ਪਹਿਲ ਲਿਖੀਆਂ ਕਵਿਤਾਵਾਂ ਵਿਚ 1936-42 ਦੇ ਨਿਕੰਮਪੁਣੇ ਤੋਂ ਬੰਦਖ਼ਲਾਸੀ ਦਾ ਇਹਸਾਸ ਵੀ ਬੋਲਦਾ ਸੁਣਾਈ ਦੇਂਦਾ ਸੀ...ਕਵਿਤਾ ਇਕ ਚੀਖ਼ ਸੀ ਜੋ ਵੀਰਾਨੇ ਵਿਚ ਕੁਝ ਦੂਰ ਤਕ, ਬਿਨਾਂ ਦਿਸ਼ਾ ਦੇ, ਜਾ ਕੇ ਖ਼ਤਮ ਹੋ ਜਾਂਦੀ ਸੀ। ਉਹਨਾਂ ਦਿਨਾਂ ਵਿਚ ਜੋ ਕੁਝ ਵੀ ਮੈਂ ਰਚਿਆ ਉਸ ਵਿਚੋਂ ਇਹ ਸਤਰਾਂ ਹੁਣ ਵੀ ਕਦੀ ਕਦੀ ਚੇਤੇ ਵਿਚ ੳਭਰਦੀਆਂ ਹਨ:
ਕੂਲਾ ਜਿਹਾ ਤੇਰਾ ਸਰੀਰ ਵੇ
ਸੂਲਾਂ ਤੇ ਡਿੱਗ ਕੇ ਸੋਹਣਿਆਂ ਹੋਵੀਂ ਨਾ ਲੀਰੋ ਲੀਰ ਵੇ
ਨਾ ਡਿਗ ਧਰਤੀ ਦੀ ਹਿੱਕ ਤੇ ਹੋਵੇਗੀ ਬਹੁਤੀ ਪੀੜ ਵੇ
ਮੇਰੇ ਨੈਣਾਂ ਚੋਂ ਹੰਝੂਆਂ ਧਰਤੀ ਤੇ ਡਿਗ ਡਿਗ ਕੀ ਲਿਆ
ਪਤਝੜ ਦੇ ਫੁੱਲਾਂ ਪੀ ਲਿਆ।
1939 ਤਕ ਉਸ ਨੇ ਆਧੁਨਿਕ ਪੰਜਾਬੀ ਕਵਿਤਾ ਦੀ ਕੋਈ ਚੱਜ ਦੀ ਕਿਤਾਬ ਨਹੀਂ ਸੀ ਪੜ੍ਹੀ। ਕੇਵਲ ਲਾਹੌਰ ਦੇ ਸ਼ਾਇਰ ਚਿਰਾਗ਼ਦੀਨ ਦਾਮਨ ਨੂੰ ਹੀ ਪੜ੍ਹਿਆ ਸੁਣਿਆ ਸੀ। ਉਦੋਂ ਕਵੀ ਦਰਬਾਰ ਕਾਫੀ ਹੁੰਦੇ ਸਨ। ਡੇਰਾ ਸਾਹਿਬ ਦੇ ਜੋੜ ਮੇਲੇ ਉਤੇ ਵੱਡਾ ਕਵੀ ਦਰਬਾਰ ਹੁੰਦਾ ਸੀ। ਉਥੇ ਪ੍ਰੇਮ ਸਿੰਘ ਪ੍ਰੇਮ ਤੇ ਜਸਵੰਤ ਰਾਏ ਰਾਏ ਵਰਗੇ ਕਵੀਆਂ ਦੀਆਂ ਕਵਿਤਾਵਾਂ ਸੁਣੀਆਂ ਜਾਂਦੀਆਂ। ਚੜ੍ਹਦੀ ਜੁਆਨੀ ਵਿਚ ਹਰਿਭਜਨ ਸਿੰਘ ਕਵਿਤਾ ਦਾ ਸਰੋਤਾ ਵੀ ਖ਼ੂਬ ਸੀ।
1940 ਵਿਚ ਪ੍ਰਭਾਕਰ ਕਰ ਕੇ ਉਹ ਬੇਸ਼ਕ ਬੀ. ਏ. ਦਾ ਇਮਤਿਹਾਨ ਦੇਣ ਦੇ ਯੋਗ ਹੋ ਗਿਆ ਸੀ ਪਰ 1941 ਵਿਚ ਉਸ ਨੇ ਗਿਆਨੀ ਵੀ ਕਰ ਲਈ ਜਿਸ ਨਾਲ ਉਹ ਗਿਆਨੀ ਵੱਜਣ ਲੱਗ ਪਿਆ ਸੀ। ਦਾੜ੍ਹੀ ਉਸ ਦੇ ਵਿਰਲੀ ਵਿਰਲੀ ਆਈ ਸੀ ਜੋ ਉਸ ਨੇ ਸਾਰੀ ਉਮਰ ਖੁੱਲ੍ਹੀ ਹੀ ਰੱਖੀ। ਗਿਆਨੀ ਦੇ ਕੋਰਸ ਦੀਆਂ ਕਿਤਾਬਾਂ ਪੜ੍ਹਦਿਆਂ ਉਸ ਉਤੇ ਬਾਵਾ ਬਲਵੰਤ ਦੇ ਕਾਵਿ ਸੰਗ੍ਰਹਿ ਮਹਾਂ ਨਾਚ ਤੇ ਚੰਨਣ ਸਿੰਘ ਜੇਠੂਵਾਲੀਏ ਦੇ ਮਨ ਆਈਆਂ ਨੇ ਵਿਸ਼ੇਸ਼ ਪ੍ਰਭਾਵ ਪਾਇਆ। ਮਨ ਆਈਆਂ ਦੀ ਇਹ ਪੰਗਤੀ ਉਹ ਅਕਸਰ ਗੁਣਗੁਣਾਂਦਾ ਰਹਿੰਦਾ:
ਦਸ ਦਸ ਵੇ ਲਲਾਰੀਆਂ ਸਾਨੂੰ, ਕਿਵੇਂ ਤੈਂ ਗੁਲਾਬ ਰੰਗਿਆ।
ਜਦ ਉਹ ਗਿਆਨੀ ਚ ਪੜ੍ਹਦਾ ਸੀ ਤਾਂ ਉਹਦੇ ਅੰਦਰੋਂ ਵੀ ਕਵਿਤਾਵਾਂ ਫੁੱਟਣ ਤੇ ਕਾਗਜ਼ਾਂ ਤੇ ਚੜ੍ਹਨ ਲੱਗ ਪਈਆਂ ਸਨ। ਉਹਨੀਂ ਦਿਨੀਂ ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲਿਖਣ ਦੀ ਚੇਟਕ ਲਾਉਣ ਲਈ ਦੋ ਇਨਾਮ ਰੱਖੇ ਸਨ। ਪੁਸਤਕ ਦਾ ਇਨਾਮ 500 ਰੁਪਏ ਦਾ ਸੀ ਤੇ ਕਵਿਤਾ ਦਾ 100 ਰੁਪਏ। ਇਸ ਇਨਾਮ ਬਾਰੇ ਗਿਆਨੀ ਦੀ ਜਮਾਤ ਵਿਚ ਦੱਸਿਆ ਗਿਆ ਤਾਂ ਹਰਿਭਜਨ ਸਿੰਘ ਨੇ ਕਾਲਜ ਤੋਂ ਘੁਸਾਈ ਮਾਰ ਕੇ ਨਜ਼ਮ ਜੋੜ ਲਈ:
ਉਜੜ ਗਈ ਮਹਿਫਿ਼ਲ ਦਾ ਸੱਖਣਾ ਮੈਂ ਇਕ ਟੁੱਟਾ ਪਿਆਲਾ
ਮੈਂ ਉਹ ਦੀਪਕ ਜਿਸਦਾ ਜਿਸਤੋਂ ਵਿੱਛੜ ਗਿਆ ਉਜਾਲਾ
ਘੜੀ ਲਈ ਲਾੜੇ ਹੱਥ ਬੱਝਾ ਮੈਂ ਸ਼ਗਨਾਂ ਦਾ ਗਾਨਾ
ਪਰ ਹੁਣ ਵਿਛੜ ਗਿਆ ਜਿਉਂ ਡਾਲੋਂ ਪੀਲਾ ਪੱਤ ਪੁਰਾਣਾ
ਲੈ ਅੰਗੜਾਈਆਂ ਪੈ ਗਈ ਠੰਢੀ ਲੋਹੜਾ ਮੇਰੀ ਜਵਾਨੀ
ਇਹ ਹੈ ਮੇਰੀ ਕਹਾਣੀ।
ਇਹ ਨਜ਼ਮ ਉਸ ਨੇ ਯੂਨੀਵਰਸਿਟੀ ਦੇ ਦਫ਼ਤਰ ਨੂੰ ਭੇਜ ਦਿੱਤੀ। ਨਜ਼ਮ ਇਨਾਮ ਲਈ ਵਿਚਾਰੀ ਜਾਣ ਲੱਗੀ ਤਾਂ ਕਾਲਜ ਦੇ ਪ੍ਰਿੰਸੀਪਲ ਡਾ. ਦੀਵਾਨ ਨੇ ਹੀ ਇਤਰਾਜ਼ ਕੀਤਾ ਕਿ ਉਹਦੇ ਰਾਹੀਂ ਕਿਉਂ ਨਹੀਂ ਭੇਜੀ ਗਈ। ਕਿਹਾ ਕਿ ਇੰਜ ਵੀ ਕਦੇ ਇਨਾਮ ਮਿਲੇ ਨੇ? ਸੰਭਵ ਸੀ ਸੌ ਰੁਪਏ ਦਾ ਇਨਾਮ ਨਵੇਂ ਉਠ ਰਹੇ ਕਵੀ ਵਿਦਿਆਰਥੀ ਨੂੰ ਮਿਲ ਜਾਂਦਾ ਜੋ ਰਾਹ ਵਿਚ ਰੋਲ ਦਿੱਤਾ ਗਿਆ। ਉਨ੍ਹੀਂ ਦਿਨੀਂ ਸੌ ਰੁਪਏ ਹੁੰਦੇ ਵੀ ਬਹੁਤ ਸਨ ਜੋ ਹਰਿਭਜਨ ਸਿੰਘ ਲਈ ਤਾਂ ਕਾਰੂੰ ਦਾ ਖ਼ਜ਼ਾਨਾ ਸਨ। ਬਾਅਦ ਵਿਚ ਹਰਿਭਜਨ ਸਿੰਘ ਨੇ ਲਿਖਿਆ, ਸ਼ਾਇਰੀ ਅਸਫਲਤਾ ਦੀ ਕਲਾ ਹੈ। ਸਿ਼ਅਰ ਜਿੰਨਾ ਵੀ ਮੁਕੰਮਲ ਹੁੰਦਾ ਜਾਂਦਾ ਹੈ, ਓਨਾ ਹੀ ਆਪਣੇ ਵਿਚੋਂ ਕੁਝ ਛਾਂਟਦਾ ਜਾਂਦਾ ਹੈ। ਜੋ ਕੁਝ ਚਿਤਵਿਆ ਹੁੰਦਾ ਹੈ ਉਸ ਵਿਚ ਬਹੁਤ ਕੁਝ ਫਾਲਤੂ ਹੁੰਦਾ ਹੈ। ਮੁਕੰਮਲ ਕਲਪਨਾ ਤੇ ਮੁਕੰਮਲ ਕਵਿਤਾ ਵਿਚ ਇਹੋ ਫਰਕ ਹੈ। ਇਕ ਨੂੰ ਕੁਝ ਘਟਾ ਕੇ ਹੀ ਦੂਜੇ ਨੂੰ ਸੰਪੂਰਣ ਕੀਤਾ ਜਾਂਦਾ ਹੈ।
ਪ੍ਰਭਾਕਰ ਤੇ ਗਿਆਨੀ ਪਾਸ ਕਰਨ ਦੇ ਨਾਲ ਹਰਿਭਜਨ ਸਿੰਘ ਨੇ 1941 ਵਿਚ ਹਿੰਦੀ ਦੀ ਸਾਹਿਤ ਰਤਨ ਪ੍ਰੀਖਿਆ ਵੀ ਪਾਸ ਕੀਤੀ। ਸਾਹਿਤ ਰਤਨ ਕੋਰਸ ਵਿਚ 80 ਤੋਂ ਵੱਧ ਪਾਠ ਪੁਸਤਕਾਂ ਸਨ। ਇੰਜ ਉਸ ਨੂੰ ਹਿੰਦੀ ਸਾਹਿਤ ਦੀ ਗੂੜ੍ਹੀ ਵਾਕਫ਼ੀ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਸਭ ਕਾਸੇ ਵੱਲੋਂ ਅਣਗੌਲੇ ਵਿਦਿਆਰਥੀ ਨੇ ਜਿੰਨੇ ਵੀ ਇਮਤਿਹਾਨ ਦਿੱਤੇ ਸਭ ਫਸਟ ਕਲਾਸ ਵਿਚ ਪਾਸ ਕੀਤੇ। ਕੋਰਸ ਦੀਆਂ ਕਿਤਾਬਾਂ ਵੀ ਕਈ ਵਾਰ ਉਸ ਕੋਲ ਆਪਣੀਆਂ ਨਹੀਂ ਸਨ ਹੁੰਦੀਆਂ। ਉਹ ਪਹਿਲਾਂ ਪਾਸ ਹੋਏ ਵਿਦਿਆਰਥੀਆਂ ਜਾਂ ਨਾਲ ਪੜ੍ਹਦੇ ਜਮਾਤੀਆਂ ਦੀਆਂ ਮੰਗਵੀਆਂ ਕਿਤਾਬਾਂ ਪੜ੍ਹ ਕੇ ਪ੍ਰੀਖਿਆਵਾਂ ਦੀ ਤਿਆਰੀ ਕਰਦਾ। ਉਹਦੇ ਨਾਲ ਪੜ੍ਹਦੇ ਸਹਿਪਾਠੀ ਉਸ ਨੂੰ ਸਰਵੱਗ ਕਹਿੰਦੇ ਜਿਸ ਦਾ ਅਰਥ ਸੀ ਸਭ ਕੁਝ ਜਾਣਨਹਾਰ।
ਕਦੇ ਲਾਹੌਰ ਦੇ ਪੁਆਹੇ ਵਿਚ ਕਰਤਾਰੀ ਨਾਂ ਦੀ ਕੁੜੀ ਨਾਲ ਕਿਸ਼ੋਰ ਉਮਰੇ ਹਰਿਭਜਨ ਦੀਆਂ ਨਿਗਾਹਾਂ ਭਿੜੀਆਂ ਸਨ। ਰਾਂਝੇ ਉਠ ਕੇ ਆਖਿਆ ਵਾਹ ਸੱਜਣ! ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਅਜਿਹਾ ਲਗਭਗ ਹਰ ਕਵੀ ਕਲਾਕਾਰ ਨਾਲ ਵਾਪਰਦੈ। ਕਈ ਸਾਲਾਂ ਦੀ ਵਿਥ ਪਿੱਛੋਂ ਕਰਤਾਰੀ ਦੀ ਝਲਕ ਉਸ ਨੂੰ ਦਿੱਲੀ ਦੇ ਇਕ ਸਿਨੇਮਾ ਘਰ ਵਿਚ ਪੈ ਗਈ। ਪਰ ਕਰਤਾਰੀ ਦੀ ਨਜ਼ਰ ਬੇਗਾਨੀ ਹੋਈ ਪਈ ਸੀ। ਕੀ ਇਹ ਨਜ਼ਰ ਦਾ ਧੋਖਾ ਸੀ? ਇਸ ਨੂੰ ਆਪਣੀ ਨਜ਼ਰ ਦਾ ਧੋਖਾ ਮੰਨ ਲੈਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਹਰਿਭਜਨ ਕੋਲ। ਉਹ ਪਰੇਸ਼ਾਨੀ ਦੇ ਆਲਮ ਵਿਚ ਗੁਆਚ ਗਿਆ। ਸ਼ਾਇਰੀ ਚੰਗਿਆੜਿਆਂ ਉਪਰ ਤੁਰ ਲੈਣ ਬਾਅਦ ਆਪਣੇ ਪੈਰਾਂ ਦੇ ਜ਼ਖ਼ਮਾਂ ਨੂੰ ਸਹਿਲਾਉਣ ਦੀ ਕਲਾ ਹੈ। ਕਰਤਾਰੀ ਦੀ ਝਲਕ ਦੇ ਉਸ ਅਨੁਭਵ ਵਿਚੋਂ ਕਵਿਤਾ ਨੇ ਜਨਮ ਲਿਆ:
ਤੇਰੇ ਹੀ ਹੁਸਨ ਦਾ ਸਦਕਾ ਹਸੀਨ ਮੇਰੀ ਨਿਗਾਹ
ਤੇਰੇ ਹੀ ਸੱਚੇ ਚ ਢਲਿਆ ਹੈ ਲਗਦਾ ਸਾਰਾ ਜਹਾਨ
ਤੇਰੀ ਹੀ ਸਰਘੀ ਚ ਰੰਗਿਆ ਗਿਆ ਹੈ ਮੇਰਾ ਆਕਾਸ਼
ਮੈਂ ਜਿਹੜੀ ਝੀਲ ਚ ਝਾਕਾਂ ਉਹੋ ਹੀ ਸਰਘੀ ਸਮਾਨ
ਹਰੇਕ ਨੈਣ ਚ ਤਕਦਾ ਹਾਂ ਜਾਨ ਤੇਰੀ ਦਾ ਹੀ ਗ਼ਮ
ਤੂੰ ਛਾ ਗਈ ਹੈਂ ਜ਼ਮਾਨੇ ਤੇ ਜੋਤ ਬਣ ਕੇ ਪਰਮ
ਪਰ ਇਹ ਕੀ ਜਾਦੂ ਮੈਂ ਅੰਗਾਂ ਨੂੰ ਅੰਗੀਕਾਰ ਨਹੀਂ
ਤੇਰੇ ਆਕਾਰ ਦੇ ਪਿੱਛੇ ਤੇਰਾ ਪਿਆਰ ਨਹੀਂ
ਉਹੋ ਹੀ ਨੈਣ ਨੇ ਖ਼ਮਦਾਰ ਸ਼ਰਮਸ਼ਾਰ ਨੇ ਕਿਉਂ
ਮੇਰੀ ਤਾਂ ਓਦਾਂ ਹੀ ਤੁਧ ਬਿਨ ਹੈ ਜਾਨ ਤਰ੍ਹਿਆਈ
ਤੇਰੀ ਨਜ਼ਰ ਚ ਕਿਉਂ ਪਹਿਲੀ ਨਾ ਮਿਹਰ ਆਈ
ਮੈਂ ਚਸ਼ਮੇ ਸਾਹਵੇਂ ਤਿਹਾਇਆ ਮਰਾਂ ਦੁਹਾਈ ਹੈ
ਬਣਾਉਣ ਵਾਲੇ ਨੇ ਕਿਸਮਤ ਵੀ ਕੀ ਬਣਾਈ ਹੈ?
ਉਹ ਮੁਹੰਮਦ ਬਖ਼ਸ਼ ਦੇ ਕਿੱਸੇ ਸੈਫੁਲਮਲੂਕ ਦਾ ਹਵਾਲਾ ਦਿੰਦਾ ਹੈ:
ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਗਏ ਵਿਗੁੱਤੇ
ਇਸ਼ਕੇ ਬਾਝੋਂ ਫਰਕ ਨਾ ਕੋਈ ਕਿਆ ਆਦਮ ਕਿਆ ਕੁੱਤੇ।
ਉਹਨੀਂ ਦਿਨੀਂ ਹਰਿਭਜਨ ਸਿੰਘ ਨੇ ਕਰਤਾਰੀ ਦਾ ਖਾਸਾ ਵੱਡਾ ਸਕੈਚ ਵੀ ਲਿਖਿਆ ਸੀ ਜੋ ਪੰਜਾਬੀ ਸਾਹਿਤ ਰਸਾਲੇ ਵਿਚ ਛਪਿਆ। ਪਰ ਉਹ ਸੰਭਾਲਿਆ ਨਾ ਜਾ ਸਕਿਆ। ਤਾਰੀ ਦਾ ਚਿੱਤਰ ਜੇ ਸੰਭਾਲਿਆ ਤਾਂ ਕੁਝ ਹੱਦ ਤਕ ਹਰਿਭਜਨ ਸਿੰਘ ਦੀ ਸਿਮਰਤੀ ਨੇ ਸੰਭਾਲਿਆ ਤੇ ਉਹ ਵੀ ਕਵੀ ਦੇ ਕਲੇਜੇ ਵਿਚ:
ਸਿ਼ਅਰ ਲਿਬਾਸ ਪਹਿਨ ਨਾ ਤਨ ਤੇ
ਮਨ ਵਿਚ ਹਛੀਆਂ ਲੀਰਾਂ
ਚਿਤ੍ਰਕਾਰ ਤਾਂ ਆਪ ਬਣਾ ਕੇ
ਪੂੰਝ ਦਏ ਤਸਵੀਰਾਂ।
ਦਸਵੀਂ ਪਾਸ ਕਰ ਲੈਣ ਪਿਛੋਂ ਲਾਹੌਰ ਦੀ ਬੇਕਾਰੀ ਵਿਚ ਉਹ ਨੌਕਰੀਆਂ ਲਈ ਅਰਜ਼ੀਆਂ ਦਿੰਦਾ ਰਿਹਾ ਜੋ ਬੇਕਾਰ ਜਾਂਦੀਆਂ ਰਹੀਆਂ। ਉਹ ਉਹਦੀ ਚੜ੍ਹਦੀ ਜੁਆਨੀ ਦੇ ਦਿਨ ਸਨ। ਇਕ ਦਿਨ ਲਾਹੌਰ ਵਿਚ ਉਹਦੇ ਦੋਸਤ ਦੇਸੇ ਨੇ ਦੱਸ ਪਾਈ ਕਿ ਦਿੱਲੀ ਦੇ ਕਿਸੇ ਦਫਤਰ ਨੂੰ ਦਸਵੀਂ ਪਾਸ ਕਲੱਰਕਾਂ ਦੀ ਲੋੜ ਹੈ। ਹਰਭਜਨ ਸਿੰਘ ਨੇ ਅਰਜ਼ੀ ਪਾ ਦਿੱਤੀ। ਇੰਟਰਵਿਊ ਲਈ ਸੱਦਾ ਆ ਗਿਆ ਪਰ ਦਿੱਲੀ ਵਿਚ ਕੋਈ ਠਾਹਰ ਨਹੀਂ ਸੀ। ਦੇਸੇ ਨੇ ਹੀ ਪਹਾੜ ਗੰਜ ਰਹਿੰਦੇ ਆਪਣੇ ਦੋਸਤ ਦਾ ਟਿਕਾਣਾ ਦੱਸ ਕੇ ਹਰਿਭਜਨ ਸਿੰਘ ਨੂੰ ਗੱਡੀ ਚੜ੍ਹਾ ਦਿੱਤਾ। ਉਸ ਨੂੰ ਦਿੱਲੀ ਵਿਚ ਕਲੱਰਕ ਦੀ ਨੌਕਰੀ ਮਿਲ ਗਈ।
ਹਰਿਭਜਨ ਸਿੰਘ ਜੰਮਿਆ ਭਾਵੇਂ ਲਮਡਿੰਗ, ਆਸਾਮ ਵਿਚ ਸੀ ਅਤੇ ਨੌਕਰੀ ਕੀਤੀ ਦਿੱਲੀ ਵਿਚ, ਪਰ ਲਾਹੌਰ ਉਹਦੀਆਂ ਯਾਦਾਂ ਵਿਚ ਸਭ ਤੋਂ ਵੱਧ ਵਸਦਾ ਸੀ। ਉਹ ਕਿਹਾ ਕਰਦਾ ਸੀ, ਜੀਹਨੇ ਲਾਹੌਰ ਨਹੀਂ ਵੇਖਿਆ ਉਹ ਅਜੇ ਜੰਮਿਆ ਹੀ ਨਹੀਂ। ਜਦੋ ਉਹ ਲਾਹੌਰ ਤੋਂ ਦਿੱਲੀ ਨੂੰ ਚੱਲਿਆ ਸੀ ਤਾਂ ਰਾਹ ਵਿਚ ਉਸ ਨੇ ਇਕ ਕਵਿਤਾ ਛੋਹ ਦਿੱਤੀ ਸੀ:
ਤੇਰੀ ਨਜ਼ਰ ਤੋਂ ਪਰ੍ਹਾਂ ਮੈਂ ਜਾ ਕੇ ਵੇਖ ਤਾਂ ਲਾਂ
ਤੇਰੀ ਨਜ਼ਰ ਚ ਰਿਹਾ ਮੈਂ ਤੇਰੀ ਨਜ਼ਰ ਚ ਰਿਹਾ
ਸਦਾ ਹੀ ਸਿਜਦੇ ਚ ਸਾਬਿਤ ਖ਼ੁਦਾ ਦੇ ਘਰ ਚ ਰਿਹਾ
ਕੁਵੱਲਿਆਂ ਤੇ ਸਵੱਲੀ ਨਿਗਾਹ ਰਹੀ ਤੇਰੀ
ਸਦਾ ਤੂਫ਼ਾਨ ਤੋਂ ਬੇੜੀ ਬਚੀ ਰਹੀ ਮੇਰੀ
ਤੂੰ ਕੌਣ ਰੱਬ ਜੋ ਸਦਾ ਮੇਰਾ ਨਿਗਾਹਬਾਨ ਰਿਹਾ
ਕਿ ਸਿਰ ਤੇ ਘਣੀ ਛਾਂ ਰਿਹਾ ਸਮਾਨ ਰਿਹਾ
ਕਦੀ ਢਲੀ ਨਾ ਢਲੇਗੀ ਮੇਰੇ ਪਿਆਰ ਦੀ ਛਾਂ
ਤੇਰੀ ਨਜ਼ਰ ਤੋਂ ਪਰ੍ਹਾਂ ਮੈਂ ਜਾ ਕੇ ਵੇਖ ਤਾਂ ਲਾਂ।
ਹਰਿਭਜਨ ਸਿੰਘ ਦਿੱਲੀ ਕਾਹਦਾ ਗਿਆ ਬਸ ਦਿੱਲੀ ਦਾ ਹੀ ਹੋ ਕੇ ਰਹਿ ਗਿਆ। ਉਸ ਦੀਆਂ ਬਹੁਤੀਆਂ ਪੁਸਤਕਾਂ ਦੀ ਰਚਨਾ 68 ਨਾਈਵਾਲਾ ਵਾਲੇ ਘਰ ਦੀ ਹੈ। ਜੇਕਰ ਉਸ ਦਾ ਕੋਈ ਰਚਨਾ ਸਥਾਨ ਰਾਖਵਾਂ ਕਰਨਾ ਹੋਵੇ ਤਾਂ ਉਹ ਨਾਈਵਾਲਾ ਘਰ ਹੀ ਹੈ। ਦਿੱਲੀ ਜਾ ਕੇ ਥੋੜ੍ਹਾ ਚਿਰ ਹੀ ਉਸ ਨੇ ਕਲੱਰਕੀ ਕੀਤੀ ਸੀ ਕਿ ਕਲੱਰਕੀ ਤੋਂ ਉਸ ਦਾ ਮਨ ਉਕਤਾ ਗਿਆ। ਉਹ ਜਮਨਾ ਦੇ ਪੁਲ ਤੇ ਬਹਿ ਕੇ ਸੋਚਣ ਲੱਗਾ ਕਿ ਲਾਹੌਰ ਮੁੜ ਜਾਵੇ ਜਾਂ ਦਿੱਲੀ ਚ ਹੀ ਭਟਕਦਾ ਰਹੇ। ਉਹਦੇ ਕਰਮਾਂ ਨੂੰ ਇਕ ਦੋਸਤ ਉਹਦੇ ਕੋਲ ਆਇਆ। ਉਸ ਨੇ ਆਖਿਆ ਕਿ ਗੁਰਦੁਆਰਾ ਰੋਡ ਤੇ ਗੁਰੂ ਤੇਗ ਬਹਾਦਰ ਸਕੂਲ ਹੈ, ਮੈਂ ਤੈਨੂੰ ਉਥੇ ਲੁਆ ਸਕਦਾਂ। ਉਸ ਨੂੰ ਹਿੰਦੀ ਅਧਿਆਪਕ ਦੀ ਨੌਕਰੀ ਮਿਲ ਗਈ ਜੋ ਡਾਢੀ ਰਾਸ ਆਈ। ਉਸ ਨੇ ਰਹਾਇਸ਼ ਹੀ ਸਕੂਲ ਦੇ ਨੇੜੇ ਕਰ ਲਈ ਜਿਥੇ ਕਈ ਕਵੀ ਤੇ ਲੇਖਕ ਵਸਦੇ ਸਨ। ਉਨ੍ਹਾਂ ਨਾਲ ਦਿੱਲੀ ਵਿਚ ਉਸ ਦਾ ਜੀ ਲੱਗ ਗਿਆ। ਲੇਖਕਾਂ ਨਾਲ ਦੋਸਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਵਿਚ ਈਸ਼ਵਰ ਚਿਤਰਕਾਰ, ਅਮਰ ਸਿੰਘ, ਸੁਲੱਖਣ ਤੇ ਗੁਲਜ਼ਾਰ ਹੋਰੀਂ ਸਨ।
ਜਦੋਂ ਉਹ ਰੁਜ਼ਗਾਰ ਜੋਗਾ ਹੋ ਗਿਆ ਤਾਂ ਚਾਰ ਪੈਸੇ ਵੀ ਜੇਬੇ ਵਿਚ ਖੜਕਣ ਲੱਗੇ। ਉਹ ਇਛਰੇ ਤੋਂ ਆਪਣੀ ਮਾਸੀ ਨੂੰ ਦਿੱਲੀ ਲੈ ਆਇਆ। ਦਿੱਲੀ ਆ ਕੇ ਮਾਸੀ ਮਗਰ ਪੈ ਗਈ ਕਿ ਹੁਣ ਤੂੰ ਵਿਆਹ ਕਰਵਾ। ਪਰ ਕਵੀ ਦਾ ਮਨ ਅਜੇ ਮੰਨ ਨਹੀਂ ਸੀ ਰਿਹਾ। 68 ਨਾਈਵਾਲਾ ਗਲੀ ਵਿਚ ਰਹਿੰਦੀ ਇਕ ਔਰਤ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੀ ਹੀ ਬਰਾਦਰੀ ਦਾ ਨੌਕਰੀ ਲੱਗਾ ਇਕ ਮੁੰਡਾ ਅਜੇ ਕੁਆਰਾ ਹੈ ਤਾਂ ਉਸ ਨੇ ਮੁੰਡੇ ਦੀ ਮਾਸੀ ਨਾਲ ਰਿਸ਼ਤੇ ਚੋਂ ਲੱਗਦੀ ਆਪਣੀ ਭੈਣ ਦੇ ਰਿਸ਼ਤੇ ਦੀ ਗੱਲ ਤੋਰ ਲਈ। ਕਰਤਾਰੀ ਕਰਤਾਰ ਦੇ ਭਾਣੇ ਵਿਚ ਚਲੀ ਗਈ ਸੀ। ਜਦੋਂ ਉਸ ਔਰਤ ਨੇ ਖਹਿੜਾ ਨਾ ਹੀ ਛੱਡਿਆ ਤਾਂ ਹਰਿਭਜਨ ਸਿੰਘ ਨੇ ਕਹਿ ਦਿੱਤਾ, ਅੱਵਲ ਤੇ ਮੈਂ ਵਿਆਹ ਕਰਵਾਣਾ ਨਹੀਂ, ਜੇ ਕਰਾਇਆ ਤਾਂ ਹਾਂ ਤੁਹਾਡੀ ਰਹੀ।
ਕਿਰਪਾਲ ਕੌਰ ਨਾਂ ਦੀ ਕੁੜੀ ਨਾਲ ਉਸ ਦੇ ਸੰਜੋਗ ਲਿਖੇ ਸਨ। ਕੁੜੀ ਬੇਸ਼ਕ ਸਮੱਧਰ ਸੀ ਤੇ ਰੰਗ ਰੂਪ ਵੀ ਸੂਤ ਹੀ ਸੀ ਪਰ ਸੀ ਚੰਗੇ ਸੁਭਾਅ ਦੀ। 1946 ਚ ਉਸ ਦਾ ਰਿਸ਼ਤਾ ਹੋ ਗਿਆ ਤੇ ਉਸੇ ਸਾਲ ਮਾਸੀ ਨੇ ਇਛਰੇ ਲਿਜਾ ਕੇ ਭਾਣਜੇ ਨੂੰ ਵਿਆਹ ਦਿੱਤਾ। ਤਦ ਦੇਸ਼ ਦੀ ਵੰਡ ਹੋਣ ਵਾਲੀ ਸੀ ਤੇ ਲਾਹੌਰ ਨੇ ਹਿੰਦੂ ਸਿੱਖਾਂ ਪਾਸੋਂ ਸਦਾ ਲਈ ਖੁੱਸ ਜਾਣਾ ਸੀ।
ਮਾਸੀ ਤੇ ਕਿਰਪਾਲ ਕੌਰ ਨੂੰ ਲੈ ਕੇ ਹਰਿਭਜਨ ਸਿੰਘ ਦਿੱਲੀ ਪਰਤ ਪਿਆ ਜਿਸ ਨਾਲ 68 ਨਾਈਵਾਲਾ ਵਾਲੇ ਘਰ ਨੂੰ ਭਾਗ ਲੱਗਣ ਲੱਗੇ। ਉਹਦਾ ਸਕੂਲ ਗਲੀ ਦੇ ਐਨ ਸਾਹਮਣੇ ਸੀ ਜਿਸ ਕਰਕੇ ਉਹ ਅੱਧੀ ਛੁੱਟੀ ਵੇਲੇ ਰੋਟੀ ਖਾਣ ਘਰ ਆ ਜਾਂਦਾ। ਕਦੇ ਕਦੇ ਹਰਮੋਨੀਅਮ ਨਾਲ ਗਾਉਂਦਾ:
ਸੱਜਣਾਂ ਦੀ ਮਿਜਮਾਨੀ ਖ਼ਾਤਰ,
ਦਿਲ ਦਾ ਲਹੂ ਛਾਣੀ ਦਾ।
ਕੱਢ ਕਲੇਜਾ ਕੀਤਮ ਬੇਰੇ,
ਸੋ ਵੀ ਲਾਇਕ ਨਹੀਂ ਹੈ ਤੇਰੇ,
ਹੋਰ ਤੌਫ਼ੀਕ ਨਹੀਂ ਕੁਝ ਮੇਰੇ,
ਇਕ ਕਟੋਰਾ ਪਾਣੀ ਦਾ।
ਵਿਆਹ ਤੋਂ ਬਾਅਦ ਉਹ ਗਰਮੀਆਂ ਦੀਆਂ ਛੁੱਟੀਆਂ ਵਿਚ ਡਲਹੌਜ਼ੀ ਚਲੇ ਜਾਂਦੇ ਜਿਥੇ ਹਰਿਭਜਨ ਸਿੰਘ ਨਵੀਆਂ ਨਜ਼ਮਾਂ ਲਿਖਦਾ:
ਕਿਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਸੌਣ ਘਟਾ ਚੜ੍ਹ ਆਈ?
ਕਿਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਪੌਣਾਂ ਪੁਰੇ ਦੀਆਂ ਚੱਲੀਆਂ
ਮਹਿਕ ਦੀਆਂ ਬਾਵਰੀਆਂ ਜਦੋਂ ਵਾ ਵਿਚ ਉਡ ਉਡ ਝੁਲੀਆਂ
ਕਿਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਕਿਣ ਮਿਣ ਕਿਣ ਮਿਣ ਹੋਈ
ਨੀ ਤੇਰੇ ਮੇਰੇ ਰਾਹੀਂ ਡੁੱਲ੍ਹ ਪਈ ਜਦੋਂ ਹੰਝੂਆਂ ਦੀ ਅਰਜੋਈ
ਉਦੋਂ ਕਿਉਂ ਨਾ ਘੁੱਟ ਭਰਿਆ ਤੇਰੀ ਲੂੰ ਲੂੰ ਰੀਝ ਤਿਹਾਈ
ਹੁਣ ਕਾਹਨੂੰ ਝੂਰਨੀ ਏਂ ਰੁੱਤ ਜੋਬਨ ਜਹੀ ਵਿਹਾਈ...
ਹਰਭਜਨ ਸਿੰਘ ਦੇ ਸਹੁਰੇ ਗੁਰਦਾਸਪੁਰ ਰਹਿੰਦੇ ਸਨ ਜੋ ਬਾਅਦ ਵਿਚ ਅੰਮ੍ਰਿਤਸਰ ਚਲੇ ਗਏ। ਡਲਹੌਜ਼ੀ ਉਨ੍ਹਾਂ ਨੂੰ ਨਾਵਲਕਾਰ ਨਾਨਕ ਸਿੰਘ ਨਵਾਂ ਨਾਵਲ ਲਿਖਦੇ ਮਿਲਦੇ। ਨਾਨਕ ਸਿੰਘ ਕਿਰਪਾਲ ਕੌਰ ਤੋਂ ਕੇਵਲ ਇਕੋ ਗੱਲ ਪੁੱਛਦਾ, ਕਿਥੇ ਆ ਨੀ ਤੇਰੀ ਮਾਂ ਦਾ ਜੁਆਈ?
ਵਿਆਹ ਪਿੱਛੋਂ ਕਵਿਤਾ ਦੇ ਨਾਲ ਹਰਿਭਜਨ ਜੋੜੇ ਦੇ ਘਰ ਬਾਲ ਬੱਚੇ ਵੀ ਜੰਮਣ ਲੱਗੇ। ਪਲੇਠਾ ਬੱਚਾ ਧੀ ਸੀ ਜੋ ਜਿਸ ਦਾ ਨਾਂ ਰੇਖਾ ਰੱਖਿਆ ਗਿਆ। ਬੱਚੀ ਬੜੀ ਪਿਆਰੀ ਸੀ ਪਰ ਮਾਤਾ ਨਿਕਲਣ ਕਾਰਨ ਦੋ ਸਾਲ ਦੀ ਹੋ ਕੇ ਗੁਜ਼ਰ ਗਈ। ਮਾਤਾ ਤੇ ਤਪਦਿਕ ਦੀਆਂ ਬੀਮਾਰੀਆਂ ਕਾਰਨ ਪਰਿਵਾਰ ਦੇ ਕਈ ਜੀ ਪਰਲੋਕ ਸਿਧਾਏ। ਫਿਰ ਵੱਡੇ ਲੜਕੇ ਯੁਗਪਾਲ ਸਿੰਘ ਦਾ ਜਨਮ ਹੋਇਆ। ਫਿਰ ਮਦਨ ਗੁਪਾਲ ਤੇ ਪ੍ਰਿਯਦਰਸ਼ਨ ਸਿੰਘ। ਸਭ ਤੋਂ ਛੋਟੀ ਬੇਟੀ ਰਸਿ਼ਮ। ਜਦੋਂ ਪਹਿਲੀ ਵਾਰ ਮੈਂ ਉਨ੍ਹਾਂ ਦੇ ਘਰ ਗਿਆ ਸਾਂ ਤਾਂ ਡਾ. ਸਾਹਿਬ ਦਾ ਪਰਿਵਾਰ ਛੇ ਜੀਆਂ ਦਾ ਸੀ।
1951 ਵਿਚ ਗਰਮੀਆਂ ਦੀਆਂ ਛੁੱਟੀਆਂ ਚ ਉਹ ਕਸ਼ਮੀਰ ਗਏ ਤਾਂ ਖ਼ਾਲਸਾ ਕਾਲਜ ਦੇਵ ਨਗਰ ਵਿਚ ਹਿੰਦੀ ਦੇ ਲੈਕਚਰਾਰ ਦੀ ਆਸਾਮੀ ਨਿਕਲੀ। ਤਦ ਤਕ ਹਰਿਭਜਨ ਸਿੰਘ ਨੇ ਹਿੰਦੀ ਦੀ ਐੱਮ. ਏ. ਦਾ ਇਮਤਿਹਾਨ ਅੱਵਲ ਦਰਜੇ ਵਿਚ ਪਾਸ ਕਰ ਲਿਆ ਸੀ। ਉਦੋਂ ਉਹ ਖਾਲਸਾ ਸਕੂ਼ਲ ਵਿਚ ਹਿੰਦੀ ਦਾ ਅਧਿਆਪਕ ਸੀ। ਉਸ ਨੂੰ ਬਿਨਾਂ ਇੰਟਰਵਿਊ ਮੈਰਿਟ ਦੇ ਆਧਾਰ ਤੇ ਜੁਲਾਈ 1951 ਵਿਚ ਖਾਲਸਾ ਕਾਲਜ ਵਿਚ ਹਿੰਦੀ ਦਾ ਲੈਕਚਰਾਰ ਰੱਖ ਲਿਆ ਗਿਆ। ਲੈਕਚਰਾਰ ਲੱਗ ਕੇ ਉਸ ਨੇ ਗੁਰਮੁਖੀ ਲਿਪੀ ਮੇਂ ਉਪਲਭਦ ਹਿੰਦੀ ਸਾਹਿਤ ਖੋਜ ਪ੍ਰਬੰਧ ਲਿਖ ਕੇ ਪੀਐੱਚ. ਡੀ. ਦੀ ਡਿਗਰੀ ਹਾਸਲ ਕਰ ਲਈ। ਕੁਝ ਸਾਲਾਂ ਬਾਅਦ ਉਹ ਕਾਲਜ ਦੇ ਹਿੰਦੀ ਵਿਭਾਗ ਦਾ ਮੁਖੀ ਬਣ ਗਿਆ। ਉਹਨਾਂ ਦਿਨਾਂ ਵਿਚ ਹੀ ਮੈਂ ਉਸ ਕੋਲੋਂ ਕਾਲਜ ਮੈਗਜ਼ੀਨ ਲਈ ਕਵਿਤਾ ਹਾਸਲ ਕੀਤੀ ਸੀ ਤੇ ਉਸ ਦੇ ਨੇੜੇ ਹੋਇਆ ਸਾਂ।
ਦਿੱਲੀ ਵਾਸ ਦੇ ਪਹਿਲੇ ਸਾਲਾਂ ਵਿਚ ਦੋਸਤ ਤਾਂ ਉਸ ਦੇ ਕਈ ਬਣੇ ਪਰ ਜਿਨ੍ਹਾਂ ਦੋ ਦੋਸਤਾਂ ਨੇ ਉਹਦੇ ਰੁਜ਼ਗਾਰ ਤੇ ਕਵਿਤਾ ਵਿਚ ਪੈਰ ਲਾਉਣ ਚ ਵੱਡਾ ਯੋਗਦਾਨ ਪਾਇਆ ਉਨ੍ਹਾਂ ਨੂੰ ਉਹ ਅਖ਼ੀਰ ਤਕ ਯਾਦ ਕਰਦਾ ਰਿਹਾ। ਜਿ਼ੰਦਗੀ ਵਿਚ ਜੋ ਸਿ਼ਅਰ ਵਰਗਾ ਖਰਾ ਬੰਦਾ ਉਸ ਨੂੰ ਮਿਲਿਆ ਉਹ ਸੀ ਗਿਆਨੀ ਕੁਲਦੀਪ ਸਿੰਘ। ਗਿਆਨੀ ਕੁਲਦੀਪ ਸਿੰਘ ਲੰਗੜਾਅ ਕੇ ਤੁਰਦਾ ਸੀ ਪਰ ਹਰ ਕਿਸੇ ਦੇ ਕਾਰਜ ਭੱਜ ਭੱਜ ਕੇ ਕਰਦਾ ਸੀ। ਉਸ ਨੇ ਅਨੇਕਾਂ ਲੋੜਵੰਦਾਂ ਦੇ ਕਾਰਜ ਸੁਆਰੇ। ਕਿਸਮਤ ਦਾ ਖੇਲ੍ਹ ਵੇਖੋ ਕਿ ਏਡੇ ਪਰਉਪਕਾਰੀ ਬੰਦੇ ਦੀ ਦਿੱਲੀ ਦੇ ਸਿੱਖ ਕਤਲੇਆਮ ਸਮੇਂ ਹਜੂਮ ਨੇ ਹੱਤਿਆ ਕਰ ਦਿੱਤੀ। ਉਸ ਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਡਾਢਾ ਇਸ਼ਕ ਸੀ। ਉਹ ਆਪ ਰਚਨਾਕਾਰ ਨਹੀਂ ਸੀ ਪਰ ਪੰਜਾਬੀ ਰਚਨਾਕਾਰਾਂ ਨੂੰ ਸਦਾ ਉਤਸ਼ਾਹਤ ਕਰਦਾ ਰਹਿੰਦਾ ਸੀ ਕਿ ਹੋਰ ਲਿਖੋ। ਉਸ ਨੇ ਹਰਿਭਜਨ ਸਿੰਘ ਨੂੰ ਪੰਜਾਬੀ ਸਾਹਿਤ ਸਭਾ ਦਿੱਲੀ ਤੇ ਪੰਜਾਬੀ ਕਵੀ ਦਰਬਾਰਾਂ ਨਾਲ ਜੋੜਿਆ ਅਤੇ ਆਲ ਇੰਡੀਆ ਰੇਡੀਓ ਦਿੱਲੀ ਨਾਲ ਜੋੜਨ ਦੀ ਭਰਪੂਰ ਕੋਸਿ਼ਸ਼ ਕੀਤੀ। ਉਹ ਉਸ ਨੂੰ ਆਵਾਜ਼ ਟੈੱਸਟ ਕਰਾਉਣ ਲਈ ਵੀ ਲੈ ਕੇ ਗਿਆ। ਹਰਿਭਜਨ ਸਿੰਘ ਦੱਸਿਆ ਕਰਦਾ ਸੀ ਕਿ ਵਾਇਸ ਟੈੱਸਟ ਵਿਚ ਰੱਦ ਹੋ ਜਾਣ ਕਾਰਨ ਉਹ ਚੰਗੀ ਕਿਸਮਤ ਨੂੰ ਰੇਡੀਓ ਦਾ ਅਨਾਊਂਸਰ ਬਣਨੋਂ ਬਚ ਗਿਆ।
ਜਦੋਂ ਉਸ ਨੇ ਹਿੰਦੀ ਦੀ ਐੱਮ. ਏ. ਕੀਤੀ ਤਾਂ ਗਿਆਨੀ ਕੁਲਦੀਪ ਸਿੰਘ ਨੇ ਇਨਫਰਮੇਸ਼ਨ ਬਿਊਰੋ ਵਿਚ ਉਹਦੇ ਲਈ ਨੌਕਰੀ ਦਾ ਪ੍ਰਬੰਧ ਕਰ ਦਿੱਤਾ। ਪਰ ਉਦੋਂ ਹੀ ਉਸ ਨੂੰ ਖਾਲਸਾ ਕਾਲਜ ਵਿਚ ਲੈਕਚਰਾਰ ਰੱਖ ਲਿਆ ਗਿਆ। ਪੰਜਾਬੀ ਦੇ ਹੱਕ ਵਿਚ ਗਿਆਨੀ ਕੁਲਦੀਪ ਸਿੰਘ ਸਦਾ ਸਰਗਰਮ ਰਿਹਾ। 1943-44 ਵਿਚ ਪਹਿਲੀ ਵਾਰ ਉਸ ਦੇ ਉਦਮ ਨਾਲ ਹੀ ਆਲ ਇੰਡੀਆ ਰੇਡੀਓ ਤੋਂ ਗੁਰੂ ਨਾਨਕ ਗੁਰਪੁਰਬ ਸੰਬੰਧੀ ਪ੍ਰੋਗਰਾਮ ਪੇਸ਼ ਹੋ ਸਕਿਆ। ਉਸ ਪ੍ਰੋਗਰਾਮ ਵਿਚ ਹਰਿਭਜਨ ਸਿੰਘ ਨੇ ਵੀ ਇਕ ਕਵਿਤਾ ਪੇਸ਼ ਕੀਤੀ ਸੀ ਜੋ ਕਿਧਰੇ ਗੁਆਚ ਗਈ ਪਰ ਉਸ ਦੀਆਂ ਕੁਝ ਸਤਰਾਂ ਉਹਦੇ ਚੇਤੇ ਵਿਚ ਵਸੀਆਂ ਰਹਿ ਗਈਆਂ:
ਫੇਰ ਹੈ ਪੂਰਬ ਦੇ ਸੀਨੇ ਵਿਚ ਸਿ਼ਗਾਫ਼
ਫਿਰ ਕੋਈ ਸੂਰਜ ਉਘੜ ਆਵਣ ਨੂੰ ਹੈ
ਹੁਣ ਨਾ ਸਿਰ ਧਰਤੀ ਤੇ ਬੀਜੇ ਜਾਣਗੇ
ਖ਼ਾਕ ਵਿਚ ਡਿੱਗੇ ਉਠਾਏ ਜਣਗੇ
ਪਿਆਸਿਆਂ ਨੂੰ ਜਲ ਪਿਲਾਏ ਜਾਣਗੇ
ਹੁਣ ਵਗੇਗੀ ਨਾ ਕਿਸੇ ਖ਼ੂੰ ਦੀ ਨਦੀ
ਨੇਕੀ ਤੇ ਹਾਵੀ ਨਾ ਹੋਵੇਗੀ ਬਦੀ।
ਗਿਆਨੀ ਕੁਲਦੀਪ ਸਿੰਘ ਦੇ ਯਤਨਾਂ ਨਾਲ ਦਿੱਲੀ ਵਿਚ ਕਵੀ ਦਰਬਾਰਾਂ ਦੀ ਲੜੀ ਹੀ ਚੱਲ ਪਈ ਸੀ ਜਿਸ ਦਾ ਸੂਤਰਧਾਰ ਡਾ. ਹਰਿਭਜਨ ਸਿੰਘ ਬਣ ਗਿਆ। ਉਹਦਾ ਇਕ ਹੋਰ ਨਿੱਘਾ ਦੋਸਤ ਸੀ ਈਸ਼ਵਰ ਚਿਤਰਕਾਰ। ਉਹ ਕਵਿਤਾ ਤੇ ਚਿਤਰਕਾਰੀ ਦੋਹਾਂ ਨੂੰ ਸਮਰਪਿਤ ਸੀ। ਹਰਿਭਜਨ ਸਿੰਘ ਦੇ ਪਰਿਵਾਰ ਨਾਲ ਉਸ ਦਾ ਖ਼ਾਸ ਸਨੇਹ ਸੀ। ਬੱਚੇ ਉਸ ਨੂੰ ਚਾਚਾ ਜੀ ਕਹਿੰਦੇ ਸਨ ਭਾਵੇਂ ਕਿ ਉਮਰ ਵਿਚ ਉਹ ਹਰਿਭਜਨ ਸਿੰਘ ਤੋਂ ਵੱਡਾ ਹੋਣ ਕਰਕੇ ਤਾਇਆ ਲੱਗਦਾ ਸੀ। ਉਹ 1950 ਦੇ ਲਾਗੇ ਦਿੱਲੀ ਆਇਆ ਸੀ ਤੇ ਕਰੋਲ ਬਾਗ ਵਿਚ ਹੀ ਰਹਿਣ ਲੱਗ ਪਿਆ ਸੀ। ਉਹਦੀ ਨਜ਼ਮ ਪੰਖੇਰੂ ਨੇ ਹਰਿਭਜਨ ਸਿੰਘ ਨੂੰ ਬੜਾ ਪ੍ਰਭਾਵਿਤ ਕੀਤਾ ਸੀ:
ਅੱਗ ਲੱਗੀ ਏ ਪਰਾਂ ਨੂੰ
ਪਰ ਪੰਖੇਰੂ ਉਡ ਰਿਹਾ ਹੈ
ਵੇਖ ਕੇ ਉਹਦੀ ਉਡਾਰੀ
ਹੋ ਰਹੇ ਪੈਦਾ ਸਿ਼ਕਾਰੀ
ਨਾਲ ਉਸਦੇ ਉਡ ਰਹੀ ਹੈ
ਦਿਲ ਚ ਲੱਥੀ ਹਰ ਕਟਾਰੀ
ਹੌਲੇ ਹੌਲੇ ਪੰਖ ਹਿਲਦੇ
ਜਿਉਂ ਹਵਾ ਦੇ ਹੌਕਿਆਂ ਤੇ
ਹੱਸ ਕੇ ਨੇ ਫੁੱਲ ਖਿੜਦੇ।
ਹਰਿਭਜਨ ਸਿੰਘ ਮੰਨਦਾ ਸੀ ਕਿ ਮੇਰੀ ਰਸਿਕਤਾ ਤੇ ਮੇਰੇ ਗਿਆਨ ਨੂੰ ਵਿਸਥਾਰਨ ਵਿਚ ਈਸ਼ਵਰ ਦਾ ਬੜਾ ਹੱਥ ਸੀ। ਕਵਿਤਾ ਸੁਲਗਦਾ ਹੱਥ ਉਸ ਨੇ ਈਸ਼ਵਰ ਦੇ ਸੁਰੀਅਲਿਸਟ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਲਾਸਾਂ ਈਸ਼ਵਰ ਦੇ ਸਹਿਯੋਗ ਨਾਲ ਛਪਿਆ ਸੀ। ਉਸ ਤੋਂ ਪਹਿਲਾਂ ਹਰਿਭਜਨ ਸਿੰਘ ਨੇ ਈਸ਼ਵਰ ਚਿਤਰਕਾਰ ਦੇ ਕਾਵਿ ਸੰਗ੍ਰਹਿ ਸੂਲ ਸੁਰਾਹੀ ਦੀ ਭੂਮਿਕਾ ਲਿਖੀ ਸੀ। ਉਸ ਨਾਲ ਦੋਹਾਂ ਦੀ ਚੰਗੀ ਚਰਚਾ ਹੋਈ ਸੀ।
ਪੰਜਾਬੀ ਵਿਚ ਕਿਤਾਬਾਂ ਛਪਵਾਉਣ ਦੀ ਮੁਸ਼ਕਲ ਮੁੱਢ ਤੋਂ ਰਹੀ ਹੈ। ਨਵੀਂ ਪੀੜ੍ਹੀ ਦੇ ਕਵੀ ਤੇ ਲੇਖਕ ਡਾ. ਹਰਿਭਜਨ ਸਿੰਘ ਦੀ ਮੁਸ਼ਕਲ ਉਸ ਦੀ ਲਿਖਤ ਚੋਂ ਪੜ੍ਹ ਸਕਦੇ ਹਨ, ਪੁਸਤਕ ਛਪਵਾਉਣ ਦੇ ਰਾਹ ਵਿਚ ਦੁਸ਼ਵਾਰੀਆਂ ਸਨ। ਅਜੇ ਮੇਰਾ ਕੱਦ-ਬੁੱਤ ਏਡਾ ਨਹੀਂ ਸੀ ਉਸਰਿਆ ਕਿ ਕੋਈ ਪ੍ਰਕਾਸ਼ਕ ਮੇਰਾ ਕਾਵਿ-ਸੰਗ੍ਰਹਿ ਛਾਪਣ ਲਈ ਪ੍ਰੇਰਿਆ ਜਾ ਸਕਦਾ। ਆਪਣੇ ਖਰਚੇ ਤੇ ਹੀ ਕਿਤਾਬ ਛਪਵਾਈ ਜਾ ਸਕਦੀ ਸੀ। ਤਨਖ਼ਾਹ ਨਾਲ ਮਸਾਂ ਗੁਜ਼ਾਰਾ ਚਲਦਾ ਸੀ। ਕਿਤਾਬ ਛਾਪਣ ਲਈ ਕਰਜ਼ ਚੁੱਕਣਾ ਪੈਂਦਾ ਸੀ। ਦੋ ਦੋਸਤਾਂ ਨਾਲ ਗੱਲ ਕੀਤੀ ਤਾਂ ਉਹਨਾਂ ਸੌ-ਸੌ ਰੁਪਏ ਦੀ ਆਹੂਤੀ ਆਪਣੇ ਵੱਲੋਂ ਪਾਉਣ ਦੀ ਪੇਸ਼ਕਸ਼ ਕੀਤੀ। ਬਾਕੀ ਘਰ ਵਾਲੀ ਤੋਂ ਚੋਰੀ ਤਨਖ਼ਾਹ ਵਿਚੋਂ ਮੁੱਛੇ। ਤਿੰਨ ਚਾਰ ਮਹੀਨੇ ਉਹਨੂੰ ਕੁਝ ਘੱਟ ਪੈਸੇ ਦੇਂਦਾ ਰਿਹਾ। ਥੋੜ੍ਹੇ ਵਿਚ ਗੁਜ਼ਾਰਾ ਕਰਨ ਦੀ ਉਹਨੂੰ ਜਾਚ ਸੀ, ਸੋ ਉਹਦੇ ਰੋਸ-ਪ੍ਰਗਟਾਵੇ ਤੋਂ ਬਿਨਾਂ ਹੀ ਕੰਮ ਸਰ ਗਿਆ। ਇਸ ਪੁਸਤਕ ਦਾ ਸਾਰਾ ਆਰਟ-ਵਰਕ ਈਸ਼ਵਰ ਨੇ ਕੀਤਾ। ਈਸ਼ਵਰ ਨੇ ਹੀ ਚਿੱਠੀ ਪਾ ਕੇ ਚਗ਼ਤਾਈ ਸਾਹਿਬ ਤੋਂ ਮੇਰੀ ਕਿਤਾਬ ਲਈ ਇਕ ਤਸਵੀਰ ਮੰਗਵਾਈ। ਦੂਜੀ ਪੁਸਤਕ ਤਾਰ ਤੁਪਕਾ ਦੇ ਡਸਟ-ਕਵਰ ਦਾ ਡਿਜ਼ਾਈਨ ਵੀ ਚਗ਼ਤਾਈ ਸਾਹਿਬ ਨੇ ਈਸ਼ਵਰ ਦੇ ਖ਼ਤ ਦੇ ਜਵਾਬ ਚ ਭੇਜਿਆ।
ਈਸ਼ਵਰ ਚਿੱਤਰਕਾਰ ਖ਼ੁਦ ਤੰਗੀਆਂ ਤੁਰਸ਼ੀਆਂ ਵਿਚ ਜੀ ਰਿਹਾ ਸੀ। ਟੱਬਰ ਵੱਡਾ ਸੀ, ਆਮਦਨ ਸੀਮਤ ਸੀ। ਤੰਗ ਹੋਇਆ ਉਹ ਇੰਗਲੈਂਡ ਨੂੰ ਉਡਾਰੀ ਮਾਰ ਗਿਆ। ਉਡਾਰੀ ਐਸੀ ਮਾਰੀ ਕਿ ਮੁੜ ਵਤਨੀਂ ਨਾ ਆਇਆ। ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਉਸ ਨੂੰ ਵਿਦਾ ਕਰਦਿਆਂ ਦੋਵੇਂ ਗਲ ਲੱਗ ਕੇ ਰੋਏ ਸਨ। ਹਰਿਭਜਨ ਸਿੰਘ ਨੇ ਉਦਾਸੀ ਤੇ ਦਿਲਗੀਰੀ ਵਿਚ ਲਿਖਿਆ:
ਆ ਯਾਰਾ ਰਲ ਗੱਲਾਂ ਕਰੀਏ
ਭਲਕੇ ਤੂੰ ਮਰ ਜਾਣਾ
ਭਲਕੇ ਮੈਂ ਮਰ ਜਾਣਾ
ਅੱਜ ਤਾਂ ਤੇਰੇ ਮੁਖ ਵਿਚ ਯਾਰਾ ਮਹਿਕਾਂ ਵਰਗੀਆਂ ਗੱਲਾਂ
ਜੀ ਚਾਹੇ ਇਸ ਮਹਿਕ ਨੂੰ ਆਪਣੇ ਹਉਕੇ ਤਕ ਲੈ ਚੱਲਾਂ
ਭਲਕੇ ਤੇਰਾ ਫੁੱਲ ਕੁਮਲਾਏ ਯਾ ਹਉਕਾ ਮਰ ਜਾਏ
ਕੱਲ੍ਹ ਵੀ ਅੱਜ ਦਾ ਦਿਨ ਚੜ੍ਹ ਆਏ ਰੱਬ ਜੀ ਏਡ ਅੰਝਾਣਾ
ਭਲਕੇ ਤੂੰ ਮਰ ਜਾਣਾ
ਭਲਕੇ ਮੈਂ ਮਰ ਜਾਣਾ।
ਜਦ ਉਹ ਗਲ ਲੱਗ ਕੇ ਮਿਲੇ ਤੇ ਰੋਏ ਸਨ ਤਾਂ ਕੱਦ ਕਾਠ ਵਿਚ ਉੱਚੇ ਈਸ਼ਵਰ ਦੀ ਅੱਖ ਦਾ ਹੰਝੂ ਹਰਿਭਜਨ ਦੀ ਅੱਖ ਵਿਚ ਆ ਟਿਕਿਆ ਸੀ। ਫਿਰ ਉਹਦੀ ਯਾਰੀ ਪਈ ਕਰਨਾਲ ਰਹਿੰਦੇ ਕਰਤਾਰ ਸਿੰਘ ਸੁਮੇਰ ਨਾਲ ਜੋ ਸਮਾਂ ਪਾ ਕੇ ਕੁੜਮਾਚਾਰੀ ਵਿਚ ਬਦਲ ਗਈ। ਸੁਮੇਰ ਤੇ ਉਸ ਦੀ ਪਤਨੀ ਬੰਸੋ ਬਾਰੇ ਉਸ ਨੇ ਕਵਿਤਾ ਲਿਖੀ:
ਨਿੱਕੇ ਪਿੰਡ ਕਰਨਾਲ ਵਿਚ, ਵੱਡਾ ਯਾਰ ਸੁਮੇਰ
ਸਿੱਧ ਜਿਹੇ ਇਸ ਪੁਰਖ ਵਿਚ ਨਾ ਕੋਈ ਮੇਰ ਨਾ ਤੇਰ
ਨਿੱਘੀ ਕੁਟੀ ਫਕੀਰ ਦੀ, ਮੇਲੇ ਰਹਿਣ ਭਰੇ
ਥੱਕਾ ਰਾਹੀ ਏਸ ਥਾਂ ਆ ਬਿਸਰਾਮ ਕਰੇ
ਸਿ਼ਅਰ ਸੁਖ਼ਨ ਦਾ ਏਸ ਥਾਂ ਚੱਲੇ ਪਾਠ ਅਖੰਡ
ਧੁਰ ਦਰਗਾਹੋਂ ਸ਼ਬਦ ਦਾ ਕੁਣਕਾ ਦੇਵੇ ਵੰਡ
ਬੀਬੀ ਬੰਸੋ ਏਸ ਥਾਂ ਕਰਾਮਾਤ ਕਰਤਾਰ
ਖੁੱਲ੍ਹੇ ਹੱਥ ਵਰਤਾਉਂਦੀ ਸੇਵਾ ਪ੍ਰਹੁਣੇਚਾਰ
ਬੀਬੀ ਬਹੁਪਤ੍ਰਾਵਲੀ ਸੰਘਣੀ ਉਹਦੀ ਛਾਂ
ਲਖ ਜਨਮਾਂ ਦੀ ਭੈਣ ਉਹ ਕੋਟ ਜਨਮ ਦੀ ਮਾਂ
ਆਪਣੇ ਵੀਰ ਗ਼ਰੀਬ ਦੇ ਸਿਰ ਤੇ ਸਦਾ ਅਸੀਸ
ਭੈਣੇ ਨੀ ਵਡ-ਟਹਿਲਣੇਂ ਜੀਵੇਂ ਬਰਸ ਬਰੀਸ।
1940 ਵਿਚ ਈਸ਼ਵਰ ਚਿੱਤਰਕਾਰ, ਸੁਜਾਨ ਸਿੰਘ ਤੇ ਕਰਤਾਰ ਸਿੰਘ ਸੁਮੇਰ ਦਾ ਕਾਵਿ-ਸੰਗ੍ਰਹਿ ਤ੍ਰਿਬੇਣੀ ਛਪਿਆ ਸੀ ਪਰ ਉਸ ਵੱਲ ਕਿਸੇ ਪਾਰਖੂ ਦਾ ਧਿਆਨ ਨਹੀਂ ਸੀ ਗਿਆ। ਈਸ਼ਵਰ ਦੇ ਇੰਗਲੈਂਡ ਤੁਰ ਜਾਣ ਪਿੱਛੋਂ ਅਨੇਕਾਂ ਸੱਜਣ ਉਹਦੇ ਸੰਗੀ ਸਾਥੀ ਬਣੇ ਤੇ ਨਿਖੜੇ। ਆਲੋਚਕ ਅਤਰ ਸਿੰਘ ਤੇ ਕਵੀ ਜਸਵੰਤ ਸਿੰਘ ਨੇਕੀ ਨਾਲ ਉਸ ਦਾ ਸੰਪਰਕ ਉਸ ਦੀ ਪੁਸਤਕ ਲਾਸਾਂ ਛਪਣ ਨਾਲ ਹੋਇਆ। ਇਸ ਇਕੋ ਕਾਵਿ-ਸੰਗ੍ਰਹਿ ਨੇ ਹੀ ਉਸ ਨੂੰ ਪੰਜਾਬੀ ਕਵੀਆਂ ਦੀ ਪਹਿਲੀ ਪਾਲ ਵਿਚ ਖੜ੍ਹਾ ਕਰ ਦਿੱਤਾ। ਫਿਰ ਪ੍ਰੋ. ਪ੍ਰੀਤਮ ਸਿੰਘ ਨਾਲ ਮੇਲ ਹੋਇਆ ਜੋ ਗਾਹੇ ਬਗਾਹੇ ਬੜਾ ਰਾਸ ਆਉਂਦਾ ਗਿਆ। ਇਹ ਪ੍ਰੋ. ਪ੍ਰੀਤਮ ਸਿੰਘ ਹੀ ਸੀ ਜਿਸ ਦੀ ਸਿਫ਼ਾਰਸ਼ ਸਦਕਾ ਉਹ ਦਿੱਲੀ ਯੂਨੀਵਰਸਿਟੀ ਵਿਚ ਆਧੁਨਿਕ ਭਾਰਤੀ ਭਾਸਾ਼ਵਾਂ ਵਿਭਾਗ ਦਾ ਪ੍ਰੋਫ਼ੈਸਰ ਤੇ ਮੁਖੀ ਬਣਿਆ। ਇਥੇ ਇਕ ਸਬੱਬ ਦੀ ਗੱਲ ਦੱਸਣੀ ਵੀ ਵਾਜਬ ਹੋਵੇਗੀ।
1965-66 ਦੇ ਦਿਨ ਸਨ। ਮੈਂ ਖ਼ਾਲਸਾ ਕਾਲਜ ਦਿੱਲੀ ਵਿਚ ਪੰਜਾਬੀ ਦਾ ਲੈਕਚਰਾਰ ਸਾਂ। ਡਾ. ਹਰਿਭਜਨ ਸਿੰਘ ਉਸ ਕਾਲਜ ਵਿਚ ਹਿੰਦੀ ਵਿਭਾਗ ਦਾ ਮੁਖੀ ਸੀ ਤੇ ਕਾਲਜ ਦਾ ਸੀਨੀਅਰ ਮੋਸਟ ਸਟਾਫ਼ ਮੈਂਬਰ ਸੀ। ਉਹ ਪ੍ਰਿੰਸੀਪਲ ਗੁਰਬਚਨ ਸਿੰਘ ਬੱਲ ਦੀ ਗ਼ੈਰ ਹਾਜ਼ਰੀ ਵਿਚ ਕਾਰਜਕਾਰੀ ਪ੍ਰਿੰਸੀਪਲ ਹੋਣ ਦੇ ਫਰਜ਼ ਨਿਭਾਉਂਦਾ। ਸ. ਪ੍ਰੀਤਮ ਸਿੰਘ ਬੈਂਸ ਨੇ ਮੈਨੂੰ ਕਾਲਜ ਦੀ ਅਥਲੈਟਿਕਸ ਟੀਮ ਦਾ ਇਨਚਾਰਜ ਬਣਾ ਦਿੱਤਾ। ਸਾਡੀ ਕਰਾਸ ਕੰਟਰੀ ਦੀ ਟੀਮ ਯੂਨੀਵਰਸਿਟੀ ਦੀ ਚੈਂਪੀਅਨਸਿ਼ਪ ਵਿਚ ਭਾਗ ਲੈਣ ਗਈ ਤਾਂ ਮੇਰੇ ਸੱਦੇ ਤੇ ਡਾ. ਹਰਿਭਜਨ ਸਿੰਘ ਵੀ ਕਾਲਜ ਦੇ ਅਥਲੀਟ ਦੌੜਦੇ ਵੇਖਣ ਗਿਆ। ਸਾਡੀ ਟੀਮ ਚੈਂਪੀਅਨਸਿ਼ਪ ਜਿੱਤੀ ਤਾਂ ਉਸ ਨੂੰ ਚਾਅ ਚੜ੍ਹ ਗਿਆ। ਸਾਨੂੰ ਜੱਫੀਆਂ ਪਾ ਪਾ ਵਧਾਈਆਂ ਦਿੱਤੀਆਂ ਤੇ ਚਾਅ ਨਾਲ ਫੋਟੋ ਖਿਚਵਾਏ ਜੋ ਮੈਂ ਅੱਜ ਤਕ ਸੰਭਾਲੇ ਹੋਏ ਹਨ।
ਵਾਪਸ ਕਾਲਜ ਪਰਤੇ ਤਾਂ ਢੋਲ ਵਾਲਾ ਸੱਦ ਲਿਆ ਜਿਸ ਦੇ ਡੱਗੇ ਤੇ ਅਸੀਂ ਭੰਗੜਾ ਪਾਉਣ ਲੱਗੇ। ਉਸ ਦਿਨ ਉਹੀ ਕਾਰਜਕਾਰੀ ਪ੍ਰਿੰਸੀਪਲ ਸੀ। ਉਸ ਨੇ ਕਾਲਜ ਦੀ ਟੀਮ ਜਿੱਤਣ ਅਤੇ ਮੇਰੀ ਉਸਤਤ ਵਿਚ ਨੋਟਿਸ ਕੱਢਿਆ ਤੇ ਕਾਲਜ ਦਾ ਮਾਹੌਲ ਛੁੱਟੀ ਵਰਗਾ ਬਣਾ ਦਿੱਤਾ। ਮੇਰੀ ਲੋੜੋਂ ਵੱਧ ਬੱਲੇ-ਬੱਲੇ ਕਰਵਾ ਦਿੱਤੀ। ਉਸ ਦਿਨ ਦਫਤਰ ਵਿਚ ਤਾਂ ਚਾਹ ਪੀਣੀ ਹੀ ਸੀ ਸ਼ਾਮ ਨੂੰ ਪਾਣੀ ਧਾਣੀ ਵੀ ਪੀਤਾ ਤੇ ਰਲ ਮਿਲ ਕੇ ਖ਼ੁਸ਼ੀ ਮਨਾਈ। ਉਦੋਂ ਤਕ ਪਹਿਲਾਂ ਵਿਦਿਆਰਥੀ, ਫਿਰ ਕੁਲੀਗ ਤੇ ਉਹਦੇ ਅਨੁਵਾਦ ਦਾ ਸਹਾਇਕ ਹੋਣ ਕਰਕੇ ਮੈਨੂੰ ਕੁਝ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਦਾ ਬੰਦਾ ਸਮਝਣ ਲੱਗ ਪਏ ਸਨ।
ਉਹਨੀਂ ਦਿਨੀਂ ਅਸੀਂ ਕਾਲਜ ਵਿਚ ਪੰਜਾਬੀ ਦਾ ਸਾਹਿਤ ਸਮਾਗਮ ਰੱਖਿਆ। ਉਸ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਆਧੁਨਿਕ ਭਾਰਤੀ ਭਾਸ਼ਾਵਾਂ, ਦਿੱਲੀ ਯੂਨੀਵਰਸਿਟੀ ਦੇ ਮੁਖੀ ਡਾ. ਆਰ. ਕੇ. ਦਾਸ ਗੁਪਤਾ ਨੂੰ ਸੱਦਾ ਦਿੱਤਾ। ਸੱਦਾ ਪੱਤਰ ਮੈਂ ਹੀ ਦੇਣ ਗਿਆ। ਦਰਅਸਲ ਮੈਂ ਡਾ. ਦਾਸ ਗੁਪਤਾ ਦੀ ਕੁਝ ਨੇੜਤਾ ਪ੍ਰਾਪਤ ਕਰ ਲਈ ਹੋਈ ਸੀ। ਉਸ ਨੂੰ ਮੇਰੀ ਬੋਲਬਾਣੀ ਪੰਜਾਬੀ ਦੇ ਬਾਕੀ ਅਧਿਆਪਕਾਂ ਨਾਲੋਂ ਵੱਖਰੀ ਜਾਪੀ ਸੀ। ਇਕ ਦਿਨ ਉਸ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਪੰਜਾਬੀ ਦੇ ਬਹੁਤੇ ਅਧਿਆਪਕ ਸ਼ਹਿਰੀ ਤੇ ਪੋਠੋਹਾਰੀ ਪਿਛੋਕੜ ਦੇ ਹਨ। ਮੈਂ ਮਾਲਵੇ ਦੀ ਪੀਜੈਂਟਰੀ ਨੂੰ ਬੀਲੌਂਗ ਕਰਦਾਂ ਤੇ ਪੇਂਡੂਆਂ ਵਾਂਗ ਬੋਲਦਾਂ। ਇਹ ਗੱਲ ਉਸ ਨੂੰ ਜਚ ਗਈ ਤੇ ਉਸ ਨੇ ਮਨ ਚ ਧਾਰ ਲਿਆ ਕਿ ਇਕ ਲੈਕਚਰਾਰ ਪੰਜਾਬ ਦੀ ਪੀਜੈਂਟਰੀ ਤੇ ਪਿੰਡਾਂ ਨੂੰ ਬੀਲੌਂਗ ਕਰਦਾ ਵੀ ਰੱਖਣਾ ਚਾਹੀਦੈ। ਮੌਕਾ ਆਇਆ ਤਾਂ ਉਸ ਨੇ ਮੈਨੂੰ ਰੱਖ ਲਿਆ। ਇੰਜ ਉਸ ਨਾਲ ਮੇਰੀ ਨੇੜਤਾ ਹੋਰ ਵੀ ਵਧ ਗਈ।
ਸਮਾਗਮ ਵਾਲੇ ਦਿਨ ਮੈਂ ਟੈਕਸੀ ਲੈ ਕੇ ਯੂਨੀਵਰਸਿਟੀ ਕੈਂਪਸ ਵਿਚ ਰਹਿੰਦੇ ਡਾ. ਦਾਸ ਗੁਪਤਾ ਨੂੰ ਲੈਣ ਗਿਆ। ਉਹਦੇ ਘਰ ਪਹੁੰਚਾ ਤਾਂ ਉਹ ਸਟੱਡੀ ਚ ਰੁੱਝਾ ਹੋਇਆ ਸੀ। ਉਸ ਨੇ ਕਿਹਾ, ਤੂੰ ਓਨਾ ਚਿਰ ਕੋਈ ਕਿਤਾਬ ਦੇਖ ਲੈ, ਮੈਂ ਅੱਧੇ ਘੰਟੇ ਤਕ ਤਿਆਰ ਹੋ ਜਾਵਾਂਗਾ। ਮੈਂ ਅੱਧਾ ਘੰਟਾ ਲੰਘਾਉਣ ਲਈ ਯੂਨੀਵਰਸਿਟੀ ਦੇ ਕੈਫੇ ਚਲਾ ਗਿਆ। ਅੱਗੇ ਡਾ. ਹਰਿਭਜਨ ਸਿੰਘ ਬੈਠਾ ਸੀ। ਉਹਨੇ ਮੈਨੂੰ ਜੱਟਾ, ਏਧਰ ਆ ਜਾ ਕਹਿ ਕੇ ਵਾਜ਼ ਮਾਰੀ। ਮੈਂ ਉਹਦੇ ਕੋਲ ਜਾ ਬੈਠਾ। ਗੱਲਾਂ ਸ਼ੁਰੂ ਹੋਈਆਂ ਤਾਂ ਮੈਂ ਦੱਸਿਆ ਕਿ ਮੈਂ ਡਾ. ਦਾਸ ਗੁਪਤਾ ਨੂੰ ਲੈ ਕੇ ਆਪਣੇ ਕਾਲਜ ਦੇ ਸਮਾਗਮ ਵਿਚ ਜਾਣਾ ਹੈ। ਉਹ ਅੱਧੇ ਘੰਟੇ ਤਕ ਤਿਆਰ ਹੋਵੇਗਾ। ਡਾ. ਹਰਿਭਜਨ ਸਿੰਘ ਨੇ ਪੁੱਛਿਆ, ਜਾਣ ਵਾਲੇ ਹੋਰ ਕੌਣ ਕੌਣ ਨੇ ਨਾਲ?
ਮੈਂ ਕਿਹਾ, ਮੈਂ ਕੱਲਾ ਈ ਕਾਲਜ ਤੋਂ ਟੈਕਸੀ ਲੈ ਕੇ ਆਇਆਂ। ਟੈਕਸੀ ਆਪਣੇ ਕੋਲ ਐ ਤੇ ਜਾਣ ਵਾਲਾ ਵੀ ਕੱਲਾ ਦਾਸ ਗੁਪਤਾ ਈ ਐ।
ਉਸ ਨੇ ਕਿਹਾ, ਤਾਂ ਇਉਂ ਕਰ। ਤੂੰ ਮੇਰੇ ਬਾਰੇ ਉਹਨੂੰ ਦੱਸ ਦਈਂ। ਮੈਂ ਵੀ ਨਾਲ ਈ ਚਲਦਾ ਰਹਾਂਗਾ। ਰਾਹ ਚ ਮੈਂ ਉਹਦੇ ਨਾਲ ਗੱਲਬਾਤ ਕਰ ਲਵਾਂਗਾ।
ਮੈਂ ਇੰਜ ਹੀ ਕੀਤਾ। ਡਾ. ਦਾਸ ਗੁਪਤਾ ਨੂੰ ਡਾ. ਹਰਿਭਜਨ ਸਿੰਘ ਬਾਰੇ ਦੱਸਿਆ ਕਿ ਇਹ ਪੰਜਾਬੀ ਦੇ ਪ੍ਰਸਿੱਧ ਕਵੀ, ਅਨੁਵਾਦਕ ਤੇ ਆਲੋਚਕ ਹਨ। ਸਾਡੇ ਕਾਲਜ ਵਿਚ ਹਿੰਦੀ ਵਿਭਾਗ ਦੇ ਮੁਖੀ ਹਨ ਤੇ ਸੀਨੀਅਰ ਮੋਸਟ ਪ੍ਰੋਫ਼ੈਸਰ ਹਨ। ਮੈਨੂੰ ਲੱਗਦੈ ਉਸ ਤੋਂ ਪਹਿਲਾਂ ਡਾ. ਦਾਸ ਗੁਪਤਾ, ਡਾ. ਹਰਿਭਜਨ ਸਿੰਘ ਬਾਰੇ ਕੁਝ ਨਹੀਂ ਸੀ ਜਾਣਦਾ। ਉਸ ਨੇ ਕਿਹਾ ਕਿ ਪਹਿਲਾਂ ਇਹ ਸੱਜਣ ਉਸ ਨੂੰ ਕਿਉਂ ਨਹੀਂ ਮਿਲਾਇਆ। ਉਹਨੀਂ ਦਿਨੀਂ ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਸਨ ਡਾ. ਹਰਚਰਨ ਸਿੰਘ, ਡਾ. ਤਰਲੋਕ ਸਿੰਘ ਕੰਵਰ, ਡਾ. ਗੁਰਬਖ਼ਸ਼ ਸਿੰਘ, ਡਾ. ਕਾਲਾ ਸਿੰਘ ਬੇਦੀ, ਡਾ. ਸਵਿੰਦਰ ਸਿੰਘ ਉੱਪਲ, ਵਣਜਾਰਾ ਬੇਦੀ, ਜੋਗਿੰਦਰ ਸਿੰਘ ਸੋਢੀ ਤੇ ਕਦੇ ਕਦੇ ਡਾ. ਗੁਪਾਲ ਸਿੰਘ ਦਰਦੀ ਵੀ ਪੀਰੀਅਡ ਲਾ ਜਾਂਦਾ ਸੀ।
ਮੈਂ ਟੈਕਸੀ ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਗਿਆ ਅਤੇ ਦੋਵੇਂ ਡਾਕਟਰ ਪਿਛਲੀ ਸੀਟ ਤੇ ਬੈਠ ਗਏ। ਵੀਹ ਅੱਧੇ ਕੁ ਘੰਟੇ ਦਾ ਰਸਤਾ ਸੀ। ਡਾ. ਹਰਿਭਜਨ ਸਿੰਘ ਗੱਲਾਂ ਦਾ ਧਨੀ ਸੀ। ਗੱਲਾਂ ਗੱਲਾਂ ਵਿਚ ਉਸ ਨੇ ਦਾਸ ਗੁਪਤਾ ਤੇ ਆਪਣੀ ਵਿਦਵਤਾ ਦਾ ਟੂਣਾ ਕਰ ਦਿੱਤਾ। ਮੈਂ ਮੂਹਰੇ ਬੈਠਾ ਚੁੱਪ ਚਾਪ ਸੁਣੀ ਗਿਆ। ਖ਼ਾਲਸਾ ਕਾਲਜ ਦੇ ਮੂਹਰਿਓਂ ਲੰਘਣ ਵਾਲੀ ਸੜਕ ਦਾ ਨਾਂ ਓਰਿਜਨਲ ਰੋਡ ਸੀ ਜਿਸ ਨੂੰ ਨਵਾਂ ਨਾਂ ਦੇਸ਼ਬੰਧੂ ਗੁਪਤਾ ਰੋਡ ਦੇ ਦਿੱਤਾ ਗਿਆ ਸੀ। ਪਰ ਕੋਈ ਨਵਾਂ ਨਾਂ ਘੱਟ ਹੀ ਲੈਂਦਾ ਸੀ। ਜਦੋਂ ਟੈਕਸੀ ਓਰਿਜਨਲ ਰੋਡ ਤੇ ਮੁੜੀ ਤਾਂ ਹਰਿਭਜਨ ਸਿੰਘ ਨੇ ਦਾਸ ਗੁਪਤਾ ਨੂੰ ਦੱਸਿਆ ਕਿ ਇਸ ਸੜਕ ਦਾ ਨਾਂ ਦੇਸ਼ਬੰਧੂ ਗੁਪਤਾ ਰੋਡ ਹੈ। ਫਿਰ ਉਸ ਨੇ ਦੇਸ਼ਬੰਧੂ ਗੁਪਤਾ ਦੀ ਭੂਮਿਕਾ ਬੰਨ੍ਹਦਿਆਂ ਬੰਗਾਲੀ ਸਾਹਿਤ ਤਕ ਜਾ ਪਹੁੰਚ ਕੀਤੀ। ਇਕ ਤਰ੍ਹਾਂ ਉਹ ਦਾਸ ਗੁਪਤਾ ਦੇ ਢਿੱਡ ਵਿਚ ਹੀ ਵੜ ਗਿਆ। ਉਸ ਨੇ ਅੱਧੇ ਘੰਟੇ ਵਿਚ ਆਪਣੀ ਵਿਦਵਤਾ ਤੇ ਅਧਿਆਪਕੀ ਸੂਝ ਦਾ ਦਾਸ ਗੁਪਤਾ ਤੇ ਐਸਾ ਪ੍ਰਭਾਵ ਪਾਇਆ ਕਿ ਦਾਸ ਗੁਪਤਾ ਨੇ ਉਸ ਨੂੰ ਹਫ਼ਤੇ ਵਿਚ ਇਕ ਪੀਰੀਅਡ ਪੰਜਾਬੀ ਐੱਮ. ਏ. ਦਾ ਪੜ੍ਹਾਉਣ ਨੂੰ ਆਖ ਦਿੱਤਾ।
ਅੱਗੇ ਡਾ. ਹਰਿਭਜਨ ਸਿੰਘ ਦੀ ਲਿਆਕਤ ਸੀ। ਪੰਜਾਬੀ ਦੀ ਉਸ ਨੇ ਗਿਆਨੀ ਹੀ ਕੀਤੀ ਸੀ, ਪੰਜਾਬੀ ਦਾ ਐੱਮ. ਏ. ਨਹੀਂ ਸੀ। ਪਰ ਪੰਜਾਬੀ ਦਾ ਏਨਾ ਗਿਆਨਵਾਨ ਸੀ ਕਿ ਪੰਜਾਬੀ ਦੀ ਐੱਮ. ਏ. ਕਰਨ ਤੋਂ ਬਿਨਾਂ ਹੀ ਉਹ ਪੰਜਾਬੀ ਦਾ ਪ੍ਰੋਫੈ਼ਸਰ ਬਣ ਕੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਦਾ ਮੁਖੀ ਬਣ ਗਿਆ ਅਤੇ ਡਾ. ਦਾਸ ਗੁਪਤਾ ਵਾਲੀ ਕੁਰਸੀ ਸੰਭਾਲ ਲਈ। ਕੁਰਸੀ ਤਾਂ ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਪੰਜਾਬੀ ਪ੍ਰੋਫ਼ੈਸਰ ਤੇ ਮੁਖੀ ਹੋਣ ਦੀ ਵੀ ਸੰਭਾਲ ਲੈਣੀ ਸੀ ਪਰ ਸਕੀਮ ਸਿਰੇ ਨਾ ਚੜ੍ਹ ਸਕੀ।
ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਸਾਬਕਾ ਵਾਈਸ ਚਾਂਸਲਰ ਅਮਰੀਕ ਸਿੰਘ ਤੇ ਹਰਿਭਜਨ ਸਿੰਘ 1951 ਵਿਚ ਖ਼ਾਲਸਾ ਕਾਲਜ ਵਿਚ ਇਕੋ ਸਮੇਂ ਲੈਕਚਰਾਰ ਲੱਗੇ ਸਨ। ਅਮਰੀਕ ਸਿੰਘ ਲਿਖਦਾ ਹੈ ਕਿ 1952 ਜਾਂ 53 ਵਿਚ ਹਰਿਭਜਨ ਸਿੰਘ ਨੇ ਉਸ ਨੂੰ ਦੱਸਿਆ ਸੀ ਪਈ ਉਸ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਇਕ ਲੇਖ ਲਿਖਿਆ ਹੈ। ਉਦੋਂ ਤਕ ਅੱਜ ਆਖਾਂ ਵਾਰਸ ਸ਼ਾਹ ਨੂੰ ਕਵਿਤਾ ਕਰਕੇ ਅੰਮ੍ਰਿਤਾ ਬਹੁਤ ਮਸ਼ਹੂਰ ਹੋ ਚੁੱਕੀ ਸੀ। ਪਰ ਅੰਮ੍ਰਿਤਾ ਬਾਰੇ ਕੁਝ ਖਾਸ ਨਹੀਂ ਸੀ ਲਿਖਿਆ ਗਿਆ। ਉਹ ਲੇਖ ਅਮਰੀਕ ਸਿੰਘ ਨੇ ਪੜ੍ਹਿਆ ਤੇ ਖ਼ੂਬ ਸਲਾਹਿਆ। ਅਮਰੀਕ ਸਿੰਘ ਅੰਗਰੇਜ਼ੀ ਪੜ੍ਹਾਉਂਦਾ ਸੀ ਤੇ ਹਰਿਭਜਨ ਸਿੰਘ ਹਿੰਦੀ ਪਰ ਪੰਜਾਬੀ ਵਿਚ ਲਿਖਣ ਦੀ ਦੋਹਾਂ ਨੂੰ ਲਗਨ ਸੀ। ਅਮਰੀਕ ਸਿੰਘ ਨੇ 1953 ਵਿਚ ਨਾਟਕ ਲਿਖਿਆ-ਰਾਹਾਂ ਦੇ ਨਿਖੇੜ ਜਿਸ ਦਾ ਹਿੰਦੀ ਵਿਚ ਅਨੁਵਾਦ ਹਰਿਭਜਨ ਸਿੰਘ ਨੇ ਕੀਤਾ। ਇਉਂ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਹੋ ਗਈ।
ਹਰਿਭਜਨ ਸਿੰਘ ਨੇ ਆਪਣੀ ਪਹਿਲੀ ਕਿਤਾਬ ਲਾਸਾਂ ਅਮਰੀਕ ਸਿੰਘ ਨੂੰ ਲੰਡਨ ਭੇਜੀ ਜਿਥੇ ਉਹ ਪੀਐੱਚ. ਡੀ. ਕਰਨ ਗਿਆ ਸੀ। ਉਸ ਦੀਆਂ ਦੋ ਪੰਗਤੀਆਂ ਅਮਰੀਕ ਸਿੰਘ ਨੂੰ ਕਦੇ ਨਾ ਭੁੱਲੀਆਂ:
ਜਿਉਂ ਕਿਸਮਤ ਦੀ ਰੇਖ ਰੁਪਹਿਰੀ, ਅਜੇ ਵੀ ਰਸਤਾ ਜਾਗ ਰਿਹਾ
ਮੈਂ ਸੌਂ ਜਾਵਾਂ, ਮੈਂ ਸੌਂ ਜਾਵਾਂ, ਇਵੇਂ ਨਾ ਯਾਰੀਆਂ ਥੀਂਦੜੀਆਂ।
1963 ਵਿਚ ਡਾ. ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦਾ ਪ੍ਰੋਫ਼ੈਸਰ ਜਾ ਲੱਗਾ। ਜਿਥੋਂ ਤਕ ਯੂਨੀਵਰਸਿਟੀ ਵਿਚ ਪੰਜਾਬੀ ਦਾ ਪ੍ਰੋਫੈ਼ਸਰ ਲੱਗਣ ਦੀ ਗੱਲ ਹੈ 1947 ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਡਾ. ਮੋਹਣ ਸਿੰਘ ਦੀਵਾਨਾ ਪੰਜਾਬੀ ਵਾਸਤੇ ਨਿਯੁਕਤ ਹੋਇਆ ਸੀ। 1947 ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐੱਮ. ਏ. ਸੂਰੂ ਹੋਈ ਤਾਂ ਪ੍ਰੋ. ਦੀਵਾਨਾ ਤੋਂ ਇਲਾਵਾ ਪੰਜਾਬੀ ਪੜ੍ਹਾਉਣ ਵਾਲੇ ਪ੍ਰੋ. ਤੇਜਾ ਸਿੰਘ ਤੇ ਪ੍ਰੋ. ਪ੍ਰੀਤਮ ਸਿੰਘ ਸਨ। ਫਿਰ ਪ੍ਰੋ. ਸੰਤ ਸਿੰਘ ਸੇਖੋਂ ਵੀ ਰਲ ਗਿਆ। ਪੰਜਾਬੀ ਦੀ ਐੱਮ. ਏ. ਸਭ ਤੋਂ ਪਹਿਲਾਂ ਮਹਿੰਦਰਾ ਕਾਲਜ ਪਟਿਆਲਾ ਵਿਚ ਸ਼ੁਰੂ ਹੋਈ, ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ। ਉਥੇ ਡਾ. ਸੁਰਿੰਦਰ ਸਿੰਘ ਕੋਹਲੀ ਨੂੰ ਪੰਜਾਬੀ ਦਾ ਪ੍ਰੋਫ਼ੈਸਰ ਲਾ ਲਿਆ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਚ ਪਹਿਲਾ ਪੰਜਾਬੀ ਪ੍ਰੋਫ਼ੈਸਰ ਲਾਉਣ ਦੀ ਵਾਰਤਾ ਡਾ. ਅਮਰੀਕ ਸਿੰਘ ਦੀ ਲਿਖੀ ਹੀ ਪੜ੍ਹੋ: 1965 ਵਿਚ ਮੈਂ ਪਟਿਆਲੇ ਅੰਗਰੇਜ਼ੀ ਦਾ ਪ੍ਰੋਫ਼ੈਸਰ ਸੀ। ਭਾਈ ਜੋਧ ਸਿੰਘ ਉਹਨਾਂ ਦਿਨਾਂ ਵਿਚ ਵਾਈਸ ਚਾਂਸਲਰ ਵਜੋਂ ਆਪਣੇ ਪਹਿਲੇ ਤਿੰਨ ਸਾਲ ਪੂਰੇ ਕਰ ਰਹੇ ਸਨ। ਪੰਜਾਬੀ ਦਾ ਪ੍ਰੋਫ਼ੈਸਰ ਚੁਣਨ ਲਈ ਦਿੱਲੀ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਦੀ ਕੋਠੀ ਵਿਚ ਮੀਟਿੰਗ ਹੋਈ। ਡਾ. ਰੰਧਾਵਾ ਤੋਂ ਇਲਾਵਾ ਗੋਪਾਲ ਸਿੰਘ ਦਰਦੀ ਵੀ ਇਕ ਐਕਪਰਟ ਸਨ। ਇਕ ਤੀਸਰਾ ਵਿਦਵਾਨ ਵੀ ਸੀ ਪਰ ਮੈਨੂੰ ਨਾਂ ਨਹੀਂ ਯਾਦ ਰਿਹਾ। ਉਸ ਮੀਟਿੰਗ ਵਿਚ ਮੈਂ ਇਹ ਤਜਵੀਜ਼ ਪੇਸ਼ ਕੀਤੀ ਕਿ ਪਟਿਆਲੇ ਵਿਚ ਹਰਿਭਜਨ ਸਿੰਘ ਨੂੰ ਪੰਜਾਬੀ ਦਾ ਪ੍ਰੋਫ਼ੈਸਰ ਲਾਇਆ ਜਾਵੇ। ਇਹ ਗੱਲ ਹਰ ਇਕ ਨੂੰ ਜਚੀ ਤੇ ਕਮੇਟੀ ਵੱਲੋਂ ਇਹੋ ਸਿਫ਼ਾਰਸ਼ ਕੀਤੀ ਗਈ।
ਪਰ ਕੁਝ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਸ ਫੈਸਲੇ ਖਿ਼ਲਾਫ਼ ਦੌੜ ਭੱਜ ਸ਼ੁਰੂ ਕਰ ਦਿੱਤੀ। ਉਹਨਾਂ ਹੀ ਦਿਨਾਂ ਵਿਚ ਭਾਈ ਜੋਧ ਸਿੰਘ ਦਾ ਵਕਤ ਖ਼ਤਮ ਹੋ ਗਿਆ ਤੇ ਕਿਰਪਾਲ ਸਿੰਘ ਨਾਰੰਗ ਉਹਨਾਂ ਦੀ ਥਾਂ ਮੁਕੱਰਰ ਹੋਏ। ਸਿੰਡੀਕੇਟ ਦੀ ਮੀਟਿੰਗ ਪਹਿਲੀ ਕਮੇਟੀ ਤੋਂ ਕੁਲ ਛੇ ਹਫ਼ਤਿਆਂ ਬਾਅਦ ਹੋਈ। ਪ੍ਰੋ. ਨਾਰੰਗ ਦੀ ਇਹ ਪਹਿਲੀ ਮੀਟਿੰਗ ਸੀ। ਮੈਂ ਵੇਖਿਆ ਕਿ ਵਾਈਸ ਚਾਂਸਲਰ ਹੋ ਚੁੱਕੀ ਸਿਫ਼ਾਰਸ਼ ਤੋਂ ਥਿੜਕ ਰਹੇ ਸਨ। ਮੇਰੀ ਇਹ ਆਖ਼ਰੀ ਮੀਟਿੰਗ ਸੀ ਤੇ ਮੈਂ ਉਸ ਤੋਂ ਬਾਅਦ ਇਕ ਹੋਰ ਨੌਕਰੀ ਤੇ ਦਿੱਲੀ ਵਾਪਸ ਜਾਣਾ ਸੀ। ਮੈਂ ਬਿਲਕੁਲ ਨਿਰਲੱਜ ਹੋ ਕੇ ਇਹ ਗੱਲ ਕਹੀ ਕਿ ਇਸ ਫੈਸਲੇ ਤੋਂ ਪਿੱਛੇ ਹਟਣਾ ਗ਼ਲਤ ਪੂਰਨੇ ਪਾਉਣੇ ਹੋਣਗੇ। ਪਰ ਅਖ਼ੀਰ ਹੋਇਆ ਉਹੀ ਕੁਝ ਜੋ ਇਹਨਾਂ ਮਸਲਿਆਂ ਵਿਚ ਹੁੰਦਾ ਹੈ। ਫੈਸਲਾ ਇਹ ਹੋਇਆ ਕਿ ਮੁੜ ਕੇ ਇਸ਼ਤਿਹਾਰ ਦਿੱਤਾ ਜਾਵੇ। ਇਸ ਮੌਕੇ ਦੋ ਹੀ ਗੱਲਾਂ ਕਹਿਣ ਵਾਲੀਆਂ ਹਨ। ਪਹਿਲੀ ਇਹ ਕਿ ਮੇਰੇ ਖਿ਼ਆਲ ਵਿਚ ਜੇਕਰ ਹਰਿਭਜਨ ਸਿੰਘ ਉਸ ਵੇਲੇ ਪਟਿਆਲੇ ਚਲਾ ਗਿਆ ਹੁੰਦਾ ਤਾਂ ਪੰਜਾਬੀ ਅਧਿਆਪਨ ਦਾ ਰੁਖ਼ ਕਾਫ਼ੀ ਹੱਦ ਤਕ ਬਦਲ ਜਾਣਾ ਸੀ। ਇਸ ਤੋਂ ਵੱਧ ਕੁਝ ਕਹਿਣ ਦੀ ਲੋੜ ਨਹੀਂ।
ਕੁਝ ਸਾਲਾਂ ਬਾਅਦ ਜਦੋਂ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈ਼ਸਰ ਦੀ ਆਸਾਮੀ ਭਰੀ ਜਾਣੀ ਸੀ ਤਾਂ ਹਰਿਭਜਨ ਸਿੰਘ ਉਥੇ ਸਹਿਜ ਹੀ ਉਸ ਪਦਵੀ ਲਈ ਚੁਣਿਆ ਗਿਆ। ਉਸ ਵੇਲੇ ਦਿੱਲੀ ਯੂਨੀਵਰਸਿਟੀ ਵਿਚ ਬੰਗਾਲੀ ਦੇ ਇਕ ਪ੍ਰੋਫ਼ੈਸਰ ਆਰ. ਕੇ. ਦਾਸ ਗੁਪਤਾ ਹੁੰਦੇ ਸਨ। ਉਹ ਬੜੇ ਸਮਝਦਾਰ ਤੇ ਉੱਦਮੀ ਸਨ। ਉਨ੍ਹਾਂ ਨੇ ਉੱਦਮ ਕੀਤਾ ਤੇ ਹਰਿਭਜਨ ਦਿੱਲੀ ਯੂਨੀਵਰਸਿਟੀ ਵਿਚ ਚੁਣਿਆ ਗਿਆ। ਮੈਂ ਉਹਨਾਂ ਦਿਨਾਂ ਵਿਚ ਅਮਰੀਕਾ ਗਿਆ ਹੋਇਆ ਸਾਂ। ਮੈਨੂੰ ਹਰਿਭਜਨ ਦੀ ਚਿੱਠੀ ਆਈ। ਜਵਾਬ ਵਿਚ ਮੈਂ ਉਹਨੂੰ ਵਧਾਈ ਭੇਜੀ। ਅਗਲੇ ਕੁਝ ਸਾਲਾਂ ਵਿਚ ਜੋ ਹਰਿਭਜਨ ਨੇ ਕੀਤਾ ਤੇ ਜੋ ਪੰਜਾਬੀ ਅਧਿਆਪਨ ਦੇ ਮਿਆਰ ਕਾਇਮ ਹੋਏ, ਉਹਦੇ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ।
ਡਾ. ਅਮਰੀਕ ਸਿੰਘ ਲਿਖਦਾ ਹੈ, ਬੜੇ ਘੱਟ ਕਵੀ ਐਸੇ ਹੁੰਦੇ ਹਨ ਜਿਹੜੇ ਆਪਣੇ ਜਜ਼ਬੇ ਦੀ ਸਿ਼ੱਦਤ ਤੋਂ ਅੱਗੇ ਜਾ ਕੇ, ਉਸ ਤੋਂ ਉੱਠ ਕੇ ਇਕ ਐਸੀ ਮਨ ਦੀ ਅਵੱਸਥਾ ਵਿਚ ਪਹੁੰਚ ਜਾਂਦੇ ਹਨ ਕਿ ਆਪਣੀ ਕਵਿਤਾ ਵਿਚ ਟਿਕਾਅ ਲੈ ਆਉਂਦੇ ਹਨ। ਰੁੱਖ ਤੇ ਰਿਸ਼ੀ ਇਕ ਮਿਸਾਲ ਹੈ। ਇਸ ਵਿਚ ਸੋਚ ਤੇ ਜਜ਼ਬੇ ਦਾ ਸੁਮੇਲ ਹੈ। ਇਹਦੇ ਵਿਚ ਮਨ ਦੀ ਸਤੁੰਸ਼ਟੀ ਹੀ ਨਹੀਂ ਇਕ ਸਹਿਜ ਅਵੱਸਥਾ ਵੱਲ ਇਸ਼ਾਰਾ ਹੈ ਜਿਸ ਵਿਚ ਟਿਕਾਅ ਜਿ਼ਆਦਾ ਤੇ ਤੜਪ ਘੱਟ ਹੈ।
ਡਾ. ਹਰਿਭਜਨ ਸਿੰਘ ਦੇ ਇਸੇ ਕਾਵਿ ਸੰਗ੍ਰਹਿ ਰੁੱਖ ਤੇ ਰਿਸ਼ੀ ਨੂੰ 1994 ਵਿਚ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਪੁਰਸਕਾਰ ਮਿਲਿਆ। 1988 ਵਿਚ ਉਸ ਨੂੰ ਮਧ ਪ੍ਰਦੇਸ਼ ਦਾ ਕਬੀਰ ਪੁਰਸਕਾਰ ਮਿਲਿਆ ਸੀ। ਇਨਾਮ ਸਨਮਾਨ ਉਸ ਨੂੰ 1963 ਤੋਂ ਹੀ ਮਿਲਣ ਲੱਗ ਪਏ ਸਨ। ਕਦੇ ਪੰਜਾਬ ਰਾਜ ਇਨਾਮ, ਕਦੇ ਸਾਹਿਤ ਅਕਾਦਮੀ ਪੁਰਸਕਾਰ, ਸਾਹਿਤ ਕਲਾ ਪੁਰਸਕਾਰ, ਭਾਈ ਵੀਰ ਸਿੰਘ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਪੰਜਾਬ ਸਟੇਟ ਪੁਰਸਕਾਰ, ਸੇਵਾ ਸਿਫਤੀ ਪੁਰਸਕਾਰ, ਗਿਆਨੀ ਗੁਰਮੁਖ ਸਿੰਘ ਪੁਰਸਕਾਰ, ਪ੍ਰੋਫੈ਼ਸਰ ਆਫ਼ ਐਮੈਰੀਟਸ ਦਿੱਲੀ ਯੂਨੀਵਰਸਿਟੀ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਸ਼ਰੋਮਣੀ ਅੰਤਰਰਾਸ਼ਟਰੀ ਸਾਹਿਤਕਾਰ ਪੁਰਸਕਾਰ, ਯੂ. ਪੀ. ਹਿੰਦੀ ਸੰਸਥਾਨ ਪੁਰਸਕਾਰ, ਭਾਰਤ ਸਰਕਾਰ ਫੈਲੋ ਅਮੈਰੀਟਸ ਸਨਮਾਨ, ਵਾਰਸ ਸ਼ਾਹ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ, ਕਦੇ ਲਾਈਫ ਫੈਲੋਸਿ਼ਪ ਪੰਜਾਬੀ ਯੂਨੀਵਰਸਿਟੀ ਤੇ ਕਦੇ ਸਰਵ ਸ੍ਰੇਸ਼ਟ ਧਾਲੀਵਾਲ ਪੁਰਸਕਾਰ।
ਉਹਦੀਆਂ ਕਵਿਤਾ ਦੀਆਂ ਕਿਤਾਬਾਂ ਦੇ ਨਾਂ ਹਨ, ਲਾਸਾਂ, ਤਾਰ-ਤੁਪਕਾ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਸੜਕ ਦੇ ਸਫ਼ੇ ਉੱਤੇ, ਮੈਂ ਜੋ ਬੀਤ ਗਿਆ, ਅਲਫ਼ ਦੁਪਹਿਰ, ਟੁੱਕੀਆਂ ਜੀਭਾਂ ਵਾਲੇ, ਮੱਥੇ ਵਾਲਾ ਦੀਵਾ, ਲਹਿਰਾਂ ਨੂੰ ਜੰਦਰੇ ਨਾ ਮਾਰੀਂ, ਅਲਵਿਦਾ ਤੋਂ ਪਹਿਲਾਂ, ਮੇਰੀ ਕਾਵਿ ਯਾਤਰਾ, ਜੰਗਲ ਮੇਂ ਜੇਲ ਜੰਗਲੀ (ਹਿੰਦੀ), ਮਾਵਾਂ-ਧੀਆਂ, ਨਿੱਕ ਸੁੱਕ, ਚੌਥੇ ਦੀ ਉਡੀਕ, ਰੁੱਖ ਤੇ ਰਿਸ਼ੀ ਅਤੇ ਰੇਗਿਸਤਾਨ ਚ ਲਕੜਹਾਰਾ। ਸਮੀਖਿਆ ਦੀਆਂ ਪੁਸਤਕਾਂ ਹਨ, ਗੁਰਮੁਖੀ ਲਿਪੀ ਮੇਂ ਹਿੰਦੀ ਕਾਵਿਆ, ਪੰਜਾਬੀ ਸਾਹਿਤ: ਇਕ ਨਵਾਂ ਪਰਿਪੇਖ, ਅਧਿਅਨ ਤੇ ਅਧਿਆਪਨ, ਮੁੱਲ ਤੇ ਮੁਲੰਕਣ, ਸਾਹਿਤ ਤੇ ਸਿਧਾਂਤ, ਭਾਈ ਵੀਰ ਸਿੰਘ ਪੁਨਰ ਵਿਚਾਰ, ਸਾਹਿਤ ਸ਼ਾਸਤਰ, ਆਰੰਭਿਕਾ, ਪਾਰਗਾਮੀ, ਰੂਪਕੀ, ਰਚਨਾ ਸਰਚਨਾ, ਸਾਹਿਤ-ਵਿਗਿਆਨ, ਸਾਹਿਤ ਅਧਿਐਨ, ਪਤਰਾਂਜਲੀ, ਇਕ ਖ਼ਤ ਤੇਰੇ ਨਾਂ, ਪੂਰਨ ਸਿੰਘ ਰਚਨਾ ਵਿਰਚਨਾ, ਸਨਮਾਨ ਤੇ ਸਮੀਖਿਆ ਭਾਗ-1 ਅਤੇ 2, ਪਿਆਰ ਤੇ ਪਰਿਵਾਰ, ਖ਼ਾਮੋਸ਼ੀ ਦਾ ਜਜ਼ੀਰਾ ਤੇ ਮੇਰੀ ਪਸੰਦ।
ਡਾ. ਹਰਿਭਜਨ ਸਿੰਘ ਨੇ ਮੌਲਿਕ ਪੁਸਤਕਾਂ ਰਚਨ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਕਿਤਾਬਾਂ ਦਾ ਅਨੁਵਾਦ ਕੀਤਾ ਤੇ ਦਰਜਨ ਦੇ ਕਰੀਬ ਪੁਸਤਕਾਂ ਸੰਪਾਦਿਤ ਕੀਤੀਆਂ। ਅਨੁਵਾਦਿਤ ਪੁਸਤਕਾਂ ਹਨ, ਕਵਿਤਾ ਵਿਚ ਓਡੀਪਸ ਐਟ ਕਲੋਨਸ, ਰਿਗਬਾਣੀ, ਬਾਲ ਸਾਹਿਤ, ਮੇਰੀ ਬੋਲੀ ਤੇਰੇ ਬੋਲ, ਇਹ ਪ੍ਰਦੇਸਣ ਪਿਆਰੀ, ਲੈਨਿਨ: ਨੈਣ-ਨਕਸ਼, ਸੂਰਦਾਸ ਦੇ ਪਦ, ਨਾਮਧਾਰੀ ਸਿੱਖਸ, ਮੇਰੇ ਵਿਸ਼ਵ ਵਿਦਿਆਲੇ, ਤਿੰਨ ਜਣੇ, ਤੇ ਡਾਨ ਵਹਿੰਦਾ ਰਿਹਾ, ਟੈਗੋਰ ਦਾ ਬਾਲ ਸਾਹਿਤ, ਚਿੱਠੀਆਂ ਬਿਨ ਸਿਰਨਾਵਿਉਂ, ਪੈਗ਼ੰਬਰ, ਨਾਮਦੇਵ, ਪ੍ਰਕਾਸ਼ ਪੁਰਵ, ਜਵਾਹਰ ਲਾਲ ਨਹਿਰੂ, ਅਰਸਤੂ ਦਾ ਕਾਵਿ-ਸ਼ਾਸਤਰ, ਉਦਾਤ ਬਾਰੇ ਤੇ ਗਣਤੰਤਰ। ਸੰਪਾਦਿਤ ਪੁਸਤਕਾਂ ਹਨ, ਧਰਮ ਤੇ ਧਾਰਮਿਕ, ਕਥਾ ਪੰਜਾਬ, ਕਿੱਸਾ ਪੰਜਾਬ, ਤ੍ਰਾਸਦੀ, ਪੁਰਾਤਨ ਜਨਮ ਸਾਖੀਆਂ, ਸਿਸਟਮੀ, ਸਾਥੀ ਸੁਰਤਿ, ਸਨਮਾਨ ਤੇ ਸਮੀਖਿਆ, ਬੁੱਲ੍ਹੇ ਸ਼ਾਹ, ਸ਼ੇਖ਼ ਫ਼ਰੀਦ ਅਤੇ ਉਨ੍ਹੀਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ। ਇਨ੍ਹਾਂ ਤੋਂ ਇਲਾਵਾ ਭਾਰਤੀਆ ਭਾਸ਼ਾ ਕੋਸ਼, ਕੰਪੈਰੇਟਿਵ ਇੰਡੀਅਨ ਇਨਸਾਈਕਲੋਪੀਡੀਆ ਲਿਟਰੇਚਰ ਤੇ ਨਿਰਭਉ ਨਿਰਵੈਰ ਆਦਿ ਫੁਟਕਲ ਪੁਸਤਕਾਂ ਰਚੀਆਂ।
ਏਨਾ ਕੁਝ ਛਪਵਾ ਲੈਣ ਦੇ ਬਾਵਜੂਦ ਉਹ ਦੱਸਦਾ ਹੁੰਦਾ ਸੀ ਕਿ ਉਹਦਾ ਲਿਖਿਆ ਬਹੁਤ ਕੁਝ ਗੁਆਚ ਗਿਆ ਤੇ ਕੁਝ ਲਿਖਿਆ ਹੋਇਆ ਛਪਣ ਖੁਣੋਂ ਰਹਿ ਗਿਆ! ਉਹ ਲਿਖਦਾ ਹੈ, ਬਹੁਤ ਕੁਝ ਤਾਂ ਮੈਂ ਲਾਹੌਰ ਹੀ ਛੱਡ ਆਇਆ ਸਾਂ, ਆਪਣੇ ਨਾਲ ਦਿੱਲੀ ਲਿਆਉਣ ਦੀ ਲੋੜ ਮਹਿਸੂਸ ਨਾ ਕੀਤੀ। ਇਕ ਤਾਂ ਆਪਣੀ ਯਾਦ-ਸ਼ਕਤੀ ਹੀ ਮੈਨੂੰ ਪੂਰਬ-ਲਿਖੇ ਦੀ ਸੰਭਾਲ ਵੱਲ ਧਿਆਨ ਨਹੀਂ ਸੀ ਦੇਣ ਦੇਂਦੀ। ਦੂਜੇ ਅਚੇਤ ਜਿਹਾ ਅਹਿਸਾਸ ਸੀ ਕਿ ਗੁਆਚ ਗਏ ਦਾ ਫਿਕਰ ਨਾ ਕਰ, ਹੋਰ ਰਚ ਲਵਾਂਗਾ:
ਡੁਲ੍ਹ ਜਾਣ ਦੇ, ਰੁਲ ਜਾਣ ਦੇ, ਗੁਮਦਾ ਹੈ ਜੋ ਗੁਮ ਜਾਣ ਦੇ
ਮੁਕਣੀ ਨਹੀਂ ਇਹ ਦਾਸਤਾਂ, ਹਰ ਦਮ ਕਹਾਣੀ ਹੋਰ ਹੈ
ਦਰਿਆ ਤੋਂ ਪਹਿਲਾਂ ਦੌੜ ਕੇ ਪਹੁੰਚਾਂਗੇ ਸਾਗਰ ਤੇ ਅਸੀਂ
ਇਸ ਦੇ ਕਦਮ ਵੀ ਤੇਜ਼ ਪਰ ਆਪਣੀ ਰਵਾਹੀ ਹੋਰ ਹੈ
ਕਿਉਂ ਰੋਕਦੈਂ ਨਾਦਾਨੀਆਂ, ਨਾਸਮਝ ਨਾਫ਼ਰਮਾਨੀਆਂ
ਉਮਰਾ ਸਿਆਣੀ ਵਾਲਿਆ ਉਮਰਾ ਅੰਝਾਣੀ ਹੋਰ ਹੈ
ਕਲ੍ਹ ਵੀ ਗੁਨਾਹ ਕਰਨੇ ਅਸੀਂ, ਉਸ ਤੋਂ ਵਧ ਅੱਜ ਕਰਨ ਦੇ
ਬੀਬਾ ਜਵਾਨੀ ਹੋਰ ਹੈ ਚੜ੍ਹਦੀ ਜਵਾਨੀ ਹੋਰ ਹੈ
ਲੈ ਤਾਰਿਆਂ ਦੀ ਮੁੱਠ ਲੈ ਜਾ ਆਪਣੇ ਘਰ ਵਾਸਤੇ
ਸਾਡਾ ਫਿ਼ਕਰ ਨਾ ਕਰ ਕਿ ਦੌਲਤ ਅਸਮਾਨੀ ਹੋਰ ਹੈ।
ਧੁਰੋਂ ਵਰੋਸਾਏ ਇਸ ਕਵੀ/ਲੇਖਕ ਦੀਆਂ ਪਹਿਲੀਆਂ ਪੁਸਤਕਾਂ ਸੌਖੀਆਂ ਨਹੀਂ ਸਨ ਛਪੀਆਂ। ਮੁਫ਼ਤ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਤਾਂ ਕੋਈ ਹੈ ਨਹੀਂ ਸੀ। ਪਹਿਲੀ ਕਿਤਾਬ ਛਪਵਾਉਣ ਦਾ ਖਰਚਾ 1956 ਵਿਚ ਚਾਰ-ਪੰਜ ਸੌ ਰੁਪਏ ਦਾ ਸੀ। ਉਹਨੀ ਦਿਨੀਂ ਏਨੀ ਰਕਮ ਕੱਠੀ ਕਰਨੀ ਸੌਖੀ ਨਹੀਂ ਸੀ। ਦੋ ਸੌ ਦੋਸਤਾਂ ਤੋਂ ਫੜੇ ਤੇ ਤਿੰਨ ਸੌ ਪ੍ਰਾਵੀਡੈਂਟ ਫੰਡ ਚੋਂ ਕਢਾਏ। ਦੂਜੀ ਕਿਤਾਬ ਤਾਰ-ਤੁਪਕਾ ਵੀ ਆਪਣੇ ਖਰਚ ਤੇ ਛਾਪਣੀ ਪਈ। ਦੁਬਾਰਾ ਮੰਗ-ਪਿੰਨ ਕੇ ਪੈਸਿਆਂ ਦਾ ਜੁਗਾੜ ਕੀਤਾ। ਤੀਜੀ ਕਿਤਾਬ ਅਧਰੈਣੀ ਮੋਹਨ ਸਿੰਘ ਨੇ ਮੁਫ਼ਤ ਛਾਪੀ ਤਾਂ ਅਗਲੀਆਂ ਪੁਸਤਕਾਂ ਛਪਣ ਦਾ ਰਾਹ ਹਮਵਾਰ ਹੋ ਗਿਆ। ਉਸ ਦਾ ਕਥਨ ਹੈ, ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ, ਫ਼ਕੀਰੀ ਦੀ ਮੌਜ ਹੈ।
ਉਹਦੀਆਂ ਕਵਿਤਾ ਦੀਆਂ ਲਗਭਗ ਸਾਰੀਆਂ ਹੀ ਕਿਤਾਬਾਂ ਭਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ਟੁੱਕੀਆਂ ਜੀਭਾਂ ਵਾਲੇ ਸੰਗ੍ਰਹਿ ਐਮਰਜੈਂਸੀ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਸੀ। ਇਹ ਸੰਗ੍ਰਹਿ ਛਾਪਣ ਬਾਰੇ ਉਸ ਨੇ ਭਾਪੇ ਨੂੰ ਬੇਨਤੀ ਕਰਨੀ ਉਚਿਤ ਨਾ ਸਮਝੀ। ਇਕ ਤਾਂ ਉਹ ਭਾਪੇ ਤੋਂ ਨਾਂਹ ਨਹੀਂ ਸੀ ਕਹਾਉਣੀ ਚਾਹੁੰਦਾ, ਦੂਜੇ ਉਹਨੂੰ ਕਿਸੇ ਸੰਕਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਸੰਨ ਚੁਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਵੀ ਉਹ ਭਾਪਾ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ ਜੋ ਅਜੇ ਤਕ ਅਣਛਪਿਆ ਪਿਆ ਹੈ।
ਉਸ ਨੇ ਲਿਖਿਆ, ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਇਹੋ ਮੇਰੀ ਸ਼ਕਤੀ ਹੈ ਤੇ ਸ਼ਾਇਦ ਇਹੋ ਮੇਰੀ ਸੀਮਾ ਹੈ। ਮੈਂ ਸਿਧਾਂਤ ਦੀ ਨੀਂਹ ਉਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ। ਮੈਂ ਬਿੰਬ ਨੂੰ ਉਡੀਕਦਾ ਹਾਂ...ਮੇਰੇ ਬਿੰਬ ਦਾ ਸੁਭਾਅ ਨਾਟਕੀ ਹੈ...ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਉਹ ਭਾਵੇਂ ਕਿੰਨਾ ਵੀ ਮੁੱਲਵਾਨ ਕਿਉਂ ਨਾ ਹੋਵੇ।
ਹਰਿਭਜਨ ਸਿੰਘ, ਡਾ. ਜਸਵੰਤ ਸਿੰਘ ਨੇਕੀ ਦੀ ਕਵਿਤਾ ਦਾ ਹੀ ਮਰੀਜ਼ ਨਹੀਂ ਸੀ ਉਹਦੇ ਮਾਨਸਿਕ ਇਲਾਜ ਦਾ ਵੀ ਮਰੀਜ਼ ਸੀ। ਇਕ ਵਾਰ ਉਸ ਨੂੰ ਕਾਫੀ ਦੇਰ ਡਾ. ਨੇਕੀ ਦੀ ਮਨੋਚਕਿਤਸਾ ਵਿਚ ਇਲਾਜ ਕਰਵਾਉਣਾ ਪਿਆ ਸੀ। ਬਾਅਦ ਵਿਚ ਉਹ ਗਲੇ ਦੀ ਕੈਂਸਰ ਦਾ ਮਰੀਜ਼ ਹੋ ਗਿਆ ਜੋ ਇਲਾਜ ਨਾਲ ਠੀਕ ਹੋਇਆ। ਹਰਨਾਮ ਵਰਗੇ ਫ਼ੱਕਰ ਸ਼ਾਇਰ ਉਹਦੇ ਅੰਗ ਸੰਗ ਵਿਚਰੇ। ਦਿੱਲੀ ਦੇ ਸਾਹਿਤਕ ਹਲਕਿਆਂ ਵਿਚ ਪਹਿਲਾਂ ਉਹ ਕਵਿਤਾ ਕਰਕੇ ਨਹੀਂ ਸਗੋਂ ਪੰਜਾਬੀ ਸਾਹਿਤ ਬਾਰੇ ਇਕ ਲੇਖ ਲਿਖਣ ਨਾਲ ਚਰਚਾ ਵਿਚ ਆਇਆ ਸੀ। ਫਿਰ ਜਦੋਂ ਉਹਦੀ ਕਵੀ ਤੇ ਆਲੋਚਕ ਵਜੋਂ ਚੜ੍ਹਤ ਹੋਈ ਤਾਂ ਉਸ ਨੂੰ ਦੂਰੋਂ ਨੇੜਿਓਂ ਸੱਦੇ ਆਏ ਰਹਿੰਦੇ।
ਭਾਰਤ ਦਾ ਸ਼ਾਇਦ ਹੀ ਕੋਈ ਵੱਡਾ ਸ਼ਹਿਰ ਜਾਂ ਸਥਾਨ ਹੋਵੇ ਜਿਥੇ ਉਹ ਕਵਿਤਾ ਜਾਂ ਵਿਚਾਰ ਪੇਸ਼ ਕਰਨ ਨਾ ਗਿਆ ਹੋਵੇ। ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਤਾਂ ਉਸ ਨੇ ਗਾਹ ਪਾ ਰੱਖਿਆ ਸੀ। ਕਿਤੇ ਕਵੀ ਦਰਬਾਰ, ਕਿਤੇ ਰੂ-ਬ-ਰੂ, ਕਿਤੇ ਕੁੰਜੀਵਤ ਭਾਸ਼ਨ ਤੇ ਕਿਤੇ ਗਿਆਨ ਗੋਸ਼ਟੀ। ਉਹ 1969 ਵਿਚ ਨੇਪਾਲ ਗਿਆ, 1973 ਵਿਚ ਚੈਕੋਸਲਵਾਕੀਆ, 1976 ਵਿਚ ਅਮਰੀਕਾ, 1973, 80, ਤੇ 84 ਵਿਚ ਇੰਗਲੈਂਡ, 1982 ਵਿਚ ਸੋਵੀਅਤ ਰੂਸ ਅਤੇ 1986 ਵਿਚ ਕੈਨੇਡਾ। ਸਾਹਿਤ ਉਹਦੇ ਚਾਰ ਚੁਫੇਰੇ ਸੁਖਦਾਈ ਹਵਾ ਵਾਂਗ ਫੈਲਿਆ ਰਿਹਾ ਸੀ।
ਉਹ ਬੋਲਦਾ ਚਲਦਾ ਹਜ਼ਾਰਾ ਸਿੰਘ ਗੁਰਦਾਸਪੁਰੀ ਦੇ ਬੀਰ ਰਸ ਦੀ ਦਾਦ ਦਿੰਦਾ, ਬੂਟਾ ਸਿੰਘ ਦੀ ਸਰਦਾਰੀ ਐਂਠ ਮੰਨਦਾ, ਗੁਰਦਿਆਲ ਸਿੰਘ ਦਾ ਮੜ੍ਹੀ ਦਾ ਦੀਵਾ ਸਲਾਹੁੰਦਾ ਤੇ ਬਾਵਾ ਬਲਵੰਤ ਦੀ ਬਿੰਬਾਵਲੀ ਦੀ ਬਾਤ ਪਾਉਂਦਾ। ਜੀਹਦੀ ਲਿਖਤ ਟੁੰਬ ਜਾਂਦੀ ਰੱਜ ਕੇ ਪਰਸੰਸਾ ਕਰਦਾ। ਸੱਤਰ ਵਰ੍ਹੇ ਦੀ ਉਮਰ ਤਕ ਉਸ ਨੇ ਅਨੇਕਾਂ ਦੋਸਤ ਬਣਾਏ ਤੇ ਗਵਾਏ। ਉਹਦੇ ਘਰ ਚ ਕਲਮਾਂ ਨਾਲ ਭੂਕਨੇ, ਦਵਾਤਾਂ ਨਾਲ ਪਿਆਲੇ, ਕਾਗਜ਼ਾਂ ਨਾਲ ਚਾਦਰਾਂ ਤੇ ਪੋਥੀਆਂ ਨਾਲ ਰਜਾਈਆਂ ਹੁੰਦੀਆਂ। ਉਹ ਅਕਾਦਮਿਕ ਭਰਤੀ ਦੀਆਂ ਚੋਣ ਕਮੇਟੀਆਂ ਦਾ ਮੈਂਬਰ/ਮਾਹਿਰ/ਪ੍ਰਧਾਨ ਹੁੰਦਾ ਤੇ ਚੇਲੇ ਬਾਲਕੇ ਉਹਦੇ ਅੱਗੇ ਪਿੱਛੇ ਫਿਰਦੇ। ਉਹਦੀ ਪ੍ਰਤਿਭਾ ਨੂੰ ਨਮਸਕਾਰਾਂ ਹੁੰਦੀਆਂ। ਉਹ ਅਤਰ ਸਿੰਘ, ਸਤਿੰਦਰ ਸਿੰਘ ਨੂਰ, ਤਰਲੋਕ ਸਿੰਘ ਕੰਵਰ, ਜਗਬੀਰ ਸਿੰਘ, ਗੁਰਚਰਨ ਸਿੰਘ ਅਰਸ਼ੀ, ਅਮਰੀਕ ਸਿੰਘ ਪੁੰਨੀ, ਮਨਜੀਤ ਸਿੰਘ, ਦੇਵਿੰਦਰ ਕੌਰ ਤੇ ਦਰਸ਼ਨ ਕੌਰ ਆਦਿ ਦੀ ਅਗਵਾਈ ਕਰਦਾ। ਬਹੁ-ਭਾਸ਼ੀ, ਬਹੁ-ਵਿਧਾਈ ਵਿਦਵਾਨ ਤੇ ਸਿਰਜਣਸ਼ੀਲ ਜੁ ਸੀ।
ਇਹ ਗੱਲ ਵੀ ਨਹੀਂ ਕਿ ਉਸ ਨੂੰ ਸਦਾ ਸਲਾਮਾਂ ਹੀ ਹੁੰਦੀਆਂ ਰਹੀਆਂ। ਜਿਨ੍ਹਾਂ ਨੂੰ ਉਸ ਨੇ ਮੂੰਹ ਜ਼ੋਰ ਮੁਹੱਬਤਾਂ ਕੀਤੀਆਂ ਉਹਨਾਂ ਨੇ ਉਸ ਨੂੰ ਉਜਾੜਨ ਦੀ ਵੀ ਕੋਈ ਕਸਰ ਨਹੀਂ ਛੱਡੀ। ਉਹਦੇ ਪਰਸੰਸਕ ਹੀ ਉਹਦੇ ਨਿੰਦਕ ਬਣਦੇ ਰਹੇ। ਚੇਲੇ ਟਪੂਸੀਆਂ ਮਾਰ ਕੇ ਪਾਲੇ ਬਦਲਦੇ ਰਹੇ। ਜਦ ਉਹ ਪਟਿਆਲੇ ਜਾਂਦਾ ਤਾਂ ਭੂਤਵਾੜੇ ਵੀ ਪਹੁੰਚਦਾ। ਕਾਰਨਰ ਢਾਬੇ ਤੋਂ ਤੰਦੂਰੀ ਭੋਜ ਛਕਣ ਦਾ ਦੀਵਾਨਾ ਸੀ। ਖਾਧੀ ਪੀਤੀ ਚ ਗਾਉਂਦਾ:
ਧੁਰ ਦਰਗਾਹੋਂ ਪਹਿਲਾਂ ਚੱਲ ਮੇਲੇ ਚੱਲੀਏ
ਓੜਕ ਜਾਣਾ ਮਰ ਵੇ ਚੱਲ ਮੇਲੇ ਚੱਲੀਏ...
ਬਲਵੰਤ ਗਾਰਗੀ ਨੇ ਹਰਿਭਜਨ ਸਿੰਘ ਦੀ ਮਸਤੀ ਨੂੰ ਇੰਜ ਬਿਆਨਿਆ:
ਜਿਸ ਦਿਨ ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ, ਉਸ ਸ਼ਾਮ ਬਹੁਤ ਸਾਰੇ ਲੇਖਕ ਮਿੱਤਰ ਮੇਰੇ ਘਰ ਇਕੱਠੇ ਹੋ ਗਏ। ਨਿੱਕੇ ਵਿਹੜੇ ਵਿਚ ਛੋਟੀ ਸੁਰਖ਼ ਮੇਜ਼ ਉਤੇ ਮੋਮਬੱਤੀ ਬਲ ਰਹੀ ਸੀ। ਇਰਦ ਗਿਰਦ ਪੈਂਤੀ ਚਾਲੀ ਦੋਸਤ ਬੈਠੇ ਸਨ: ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ ਤੇ ਉਸ ਦੀ ਬੀਵੀ, ਛੱਜ ਵਰਗੀ ਦਾੜ੍ਹੀ ਵਾਲਾ ਗੁਲਜ਼ਾਰ ਸਿੰਘ ਸੰਧੂ, ਸੁਰੀਲੀ ਆਵਾਜ਼ ਵਾਲੀ ਸੁਰਿੰਦਰ ਕੌਰ ਤੇ ਹਰਿਭਜਨ ਸਿੰਘ...। ਸਭਨਾਂ ਦੇ ਗਲਾਸ ਭਰੇ ਹੋਏ ਸਨ ਤੇ ਸਭ ਪੀ ਰਹੇ ਸਨ।
ਵਿਹੜੇ ਵਿਚ ਹਾਸਾ ਤੇ ਸ਼ੋਰ ਸੀ ਜਿਸ ਦੇ ਝੱਖੜ ਨਾਲ ਮੋਮਬੱਤੀ ਕੰਬ ਰਹੀ ਸੀ...ਕਵਿਤਾਵਾਂ ਦਾ ਦੌਰ ਸ਼ੁਰੂ ਹੋ ਗਿਆ। ਹਰਿਭਜਨ ਸਿੰਘ ਗਲਾਸ ਫੜੀ ਖੜ੍ਹਾ ਸੀ ਅਤੇ ਲਟਬੌਰਾ ਹੋਇਆ ਕਵਿਤਾ ਦੀ ਦਾਦ ਦੇ ਰਿਹਾ ਸੀ। ਕਦੇ ਕਦੇ ਉਸ ਦੀ ਲਿਲ੍ਹਕ ਵਰਗੀ ਪਤਲੀ ਆਵਾਜ਼ ਸਭਨਾਂ ਤੋਂ ਅਲਹਿਦਾ ਟੀਪ ਦੇ ਸੁਰਾਂ ਵਿਚ ਗੂੰਜ ਉਠਦੀ। ਸੁਰਿੰਦਰ ਕੌਰ ਨੇ ਹੀਰ ਸੁਣਾਈ ਤਾਂ ਸਭਨਾਂ ਉਤੇ ਚੁੱਪ ਛਾ ਗਈ। ਮੋਮਬੱਤੀ ਦੀ ਲਾਟ ਵੀ ਕੰਬਣੋਂ ਹਟ ਗਈ। ਦੋ ਘੰਟੇ ਕਵਿਤਾਵਾਂ ਤੇ ਗੀਤਾਂ ਦੀ ਮਹਿਫ਼ਲ ਭਿੱਜੀ ਰਹੀ। ਚਮਚੇ ਟੁਣਕਦੇ ਰਹੇ, ਗਲਾਸ ਖਣਕਦੇ ਰਹੇ। ਇਕ ਬਾਂਹ ਉਲਾਰ ਕੇ ਹਰਿਭਜਨ ਸਿੰਘ ਨੇ ਗੀਤ ਛੋਹਿਆ:
ਅੱਧੀ ਰਾਤ ਬਲੂੰਗਾ ਵਿਲਕੇ ਨੀ ਮਾਏ ਮੇਰੀਏ!
ਉਸ ਨੇ ਇਹ ਪੰਗਤੀ ਦੋ ਤਿੰਨ ਵਾਰ ਉੱਚੇ ਸੁਰਾਂ ਵਿਚ ਬੋਲੀ। ਜਦ ਉਹ ਨੀ ਮਾਏ ਆਖਦਾ ਤਾਂ ਉਸ ਦੀ ਆਵਾਜ਼ ਇਉਂ ਸੀ ਜਿਵੇਂ ਕੋਈ ਬੁੱਢੀ ਕੀਰਨੇ ਪਾ ਰਹੀ ਹੋਵੇ। ਪੱਬਾਂ ਭਾਰ ਖੜ੍ਹੇ ਹੋ ਕੇ ਝੂਲਦੇ ਹੋਏ ਉਸ ਨੇ ਆਖਿਆ:
ਜਨਮ ਦਿਹਾੜੇ ਬਣ ਦਾ ਬ੍ਰਿਹਾ
ਕਿਹੜਾ ਬਾਲ ਹੰਢਾਏ
ਨੀ ਮਾਏ ਮੇਰੀਏ!
ਨੀ ਮਾਏ ਦੇ ਲਫ਼ਜ਼ ਰੋਸ਼ਨ ਲੀਕ ਵਾਂਗ ਹੌਲੀ ਹੌਲੀ ਹਨ੍ਹੇਰੇ ਵਿਚ ਗੁਆਚ ਰਹੇ ਸਨ। ਇਸ ਆਵਾਜ਼ ਵਿਚ ਮਾਂ ਦਾ ਤਰਲਾ, ਬੱਚੇ ਦਾ ਰੋਣਾ ਤੇ ਬਲੂੰਗੇ ਦੀ ਵਿਲਕਣ ਸੀ ਜੋ ਅੱਧੀ ਰਾਤੀਂ ਇਕੱਲਾ ਰਹਿ ਗਿਆ ਹੋਵੇ।
ਸਾਰੀ ਮਹਿਫ਼ਲ ਵਾਹ-ਵਾਹ ਕਰਦੀ ਤੇ ਹਰਿਭਜਨ ਸਿੰਘ ਇਸ ਮਸਤੀ ਨਾਲ ਹੋਰ ਵੀ ਨਸਿ਼ਆਇਆ ਹੋਇਆ ਨੀ ਮਾਏ! ਦੀ ਹੂੰਗਰ ਮਾਰਦਾ। ਇਹ ਹੂੰਗਰ ਲੰਮੀ-ਲੰਮੀ ਸੀ ਜਿਸ ਦੇ ਦੋਵੇਂ ਸਿਰੇ ਰਾਤ ਦੇ ਅਮੁੱਕ ਪਸਾਰ ਵਿਚ ਫੈਲੇ ਹੋਏ ਸਨ। ਉਸ ਨੇ ਗਲਾਸ ਇਕ ਪਾਸੇ ਰੱਖ ਦਿੱਤਾ ਤੇ ਕਲੇਜੇ ਵਿਚੋਂ ਹੂਕ ਕੱਢੀ:
ਕੋਰੇ ਦੁੱਧ ਕਟੋਰੇ ਮੇਰੇ
ਆ ਤੇਰੇ ਬੁਲ੍ਹ ਛੁਹਾਵਾਂ
ਨੀ ਜਿੰਦ ਲਵੇਰੀਏ!
ਦੋਵੇਂ ਹੱਥ ਆਪਣੀ ਛਾਤੀ ਉਤੇ ਜੋੜ ਕੇ ਉਹ ਦੁੱਧ ਦੀਆਂ ਧਾਰਾਂ ਵਗਾ ਰਿਹਾ ਸੀ। ਦੁੱਧ ਦੇ ਕਟੋਰੇ ਛਲਕ ਰਹੇ ਸਨ। ਸਾਰਾ ਵਿਹੜਾ ਦੁੱਧ ਦੀਆਂ ਧਾਰਾਂ ਨਾਲ ਭਰ ਰਿਹਾ ਸੀ। ਮੱਧਮ ਸੂਹੇ ਚਾਨਣੇ ਵਿਚ ਖੜ੍ਹਾ ਉਹ ਬਹੁਤ ਵੱਡਾ-ਵੱਡਾ ਲੱਗ ਰਿਹਾ ਸੀ...ਉਸ ਦੀ ਦਾੜ੍ਹੀ ਫੈਲ ਗਈ ਸੀ ਤੇ ਉਸ ਦੀ ਆਵਾਜ਼ ਉੱਚੀ ਗੂੰਜ ਵਾਂਗ ਕਿਤੋਂ ਦੂਰੋਂ ਆ ਰਹੀ ਸੀ। ਕਵਿਤਾ ਨੇ ਉਸ ਨੂੰ ਦਿਓ ਵਾਂਗ ਬਣਾ ਦਿੱਤਾ ਸੀ ਜੋ ਮਛੇਰੇ ਦੀ ਗਾਗਰ ਵਿਚੋਂ ਧੂੰਆਂ ਬਣ ਕੇ ਨਿਕਲਦਾ ਹੈ ਅਤੇ ਆਕਾਸ਼ ਉਤੇ ਛਾ ਜਾਂਦਾ ਹੈ।
ਵਿਹੜੇ ਵਿਚ ਖੜ੍ਹਾ ਹਰਿਭਜਨ ਸਿੰਘ ਸਭਨਾਂ ਉਤੇ ਛਾਇਆ ਹੋਇਆ ਸੀ...।
ਉਸ ਦੀ ਇਹ ਕਵਿਤਾ ਸਭਨਾਂ ਨੂੰ ਮੰਤਰ ਮੁਗਧ ਕਰ ਦਿੰਦੀ ਸੀ:
ਸੌਂ ਜਾ ਮੇਰੇ ਮਾਲਕਾ
ਵਰਾਨ ਹੋਈ ਰਾਤ।
ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ,
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ
ਵੇ ਸੀਨਿਆਂ ਚ ਸੁੰਨੇ ਦੋਵੇਂ ਖ਼ੂੰਨ ਤੇ ਸੰਗੀਨ
ਵਿਹਲਾ ਹੋ ਕੇ ਸੌਂ ਗਿਆ ਏ ਲੋਹਾ ਅਸਪਾਤ!
ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ
ਸਿਤਾਰਿਆਂ ਦੀ ਸਦਾ ਨਹੀਂ ਡੁਬਣੀ ਸਵੇਰ
ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ
ਹਮੇਸ਼ਾ ਨਾ ਵਰਾਨ ਹੋਣੀ ਅੱਜ ਵਾਂਗ ਰਾਤ
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।
ਅਕਾਸ਼ਵਾਣੀ ਵਾਲਾ ਦੇਵਿੰਦਰ ਉਸ ਨੂੰ ਸਾਹਿਬੇ ਕਲਮ, ਸਾਹਿਬੇ ਗੁਫ਼ਤਾਰ, ਸਾਹਿਬੇ ਕਿਰਦਾਰ ਅਤੇ ਮੁਕੰਮਲ ਉਸਤਾਦ ਤੇ ਦਿਆਲੂ ਰਹਿਨੁਮਾ ਕਹਿੰਦਾ ਸੀ। ਬੂਟਾ ਸਿੰਘ ਉਸ ਨੂੰ ਦਿਲ ਦਰਿਆ ਆਖਦਾ ਸੀ। ਉਸ ਨੇ ਲਿਖਿਆ, ਹਰਿਭਜਨ ਸਿੰਘ ਕਵੀ ਹੈ ਤੇ ਗਾਉਂਦਾ ਵੀ ਹੈ। ਕਮਾਲ ਦੀ ਸੁਰ ਵਾਲਾ। ਕਮਲਾ ਆਦਮੀ ਕਿਹੜੇ ਪਾਸੇ ਲੱਗ ਗਿਆ। ਜੇ ਰਾਗਾਂ ਦਾ ਕਿੱਤਾ ਅਪਨਾਉਂਦਾ, ਸਾਰੇ ਦੇਸ਼ ਦੀ ਮਾਇਆ ਹੂੰਝ ਲੈਂਦਾ। ਸੁਣੋ ਉਸ ਦਾ ਗੀਤ:
ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ
ਤੂੰ ਇਕ ਵਾਰੀ ਤਕ ਲੈ ਕੌਣ ਸੱਜਣ ਤੇਰੇ ਬੂਹੇ
ਮੇਰੀ ਕਚੜੀ ਪਹਿਲ ਵਰੇਸ ਸੰਗ ਤੇਰਾ ਚਾਹੇ
ਮੇਰੇ ਸੁਚੜੇ ਸੁਚੜੇ ਅੰਗ ਕੇਸ ਅਨਵਾਹੇ...।
ਡਾ. ਕਰਨੈਲ ਸਿੰਘ ਥਿੰਦ ਦੇ ਕਥਨ ਅਨੁਸਾਰ ਦਿੱਲੀ ਯੂਨੀਵਰਸਿਟੀ ਵਿਚ ਹਰਿਭਜਨ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਗਿਆਨ ਤੇ ਵਿਦਵਤਾ ਦੇ ਖੇਤਰ ਵਿਚ ਇਕ ਨਵਾਂ ਕਾਂਡ ਆਰੰਭ ਹੋਇਆ। ਐੱਮ. ਏ. ਪੰਜਾਬੀ ਦੇ ਸਿਲੇਬਸ ਨੂੰ ਨਵੀਆਂ ਲੀਹਾਂ ਉਪਰ ਢਾਲਿਆ ਗਿਆ। ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਯਾਨ, ਪਾਕਿਸਤਾਨੀ ਪੰਜਾਬੀ ਸਾਹਿਤ, ਪੱਛਮ ਨਾਟਕ ਅਤੇ ਨਵੀਂ ਆਲੋਚਨਾ ਆਦਿ ਕੁਝ ਇਕ ਕੋਰਸ ਪਹਿਲੀ ਵਾਰ ਚਾਲੂ ਕੀਤੇ ਗਏ। ਸਾਥੀ ਅਧਿਆਪਕਾਂ ਨੂੰ ਖੋਜ ਅਤੇ ਆਲੋਚਨਾ ਦੇ ਨਵੇਂ ਮਿਆਰ ਕਾਇਮ ਕਰਨ ਵੱਲ ਪ੍ਰੇਰਿਆ। ਹਰਿਭਜਨ ਸਿੰਘ ਨੇ ਪੰਜਾਬੀ ਦੇ ਅਧਿਐਨ, ਅਧਿਆਪਨ ਤੇ ਆਲੋਚਨਾ ਦੀ ਦੁਨੀਆ ਇਕ ਇਨਕਲਾਬ ਲੈ ਆਂਦਾ।
ਕਰਤਾਰ ਸਿੰਘ ਸੁਮੇਰ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਉਹਨੂੰ ਕੁਝ ਨੇੜਿਓਂ ਤੇ ਰਤਾ ਸੁਹਿਰਦ ਮਨ ਨਾਲ ਵੇਖਿਆ, ਪੜ੍ਹਿਆ, ਉਹਨਾਂ ਲਈ ਇਹ ਜਾਣਨਾ ਕਠਨ ਨਹੀਂ ਕਿ ਉਹਦੀਆਂ ਲਿਖਤਾਂ (ਕਵਿਤਾ, ਪੜਚੋਲ, ਖੋਜ-ਪੱਤਰ, ਸਮੀਖਿਆ ਤੇ ਹੋਰ ਲੇਖ ਆਦਿ) ਤੇ ਬੋਲਾਂ ਵਿਚ ਜਿਥੇ ਡੂੰਘੀ ਨੀਝ, ਗਿਆਨ, ਪਕੜ, ਕੁਝ ਕਰੜਾ-ਤਕੜਾ ਸਮਤੋਲ, ਉਦਾਰਤਾ, ਮਿੱਤਰ-ਭਾਵ, ਅਰਥ-ਭਰਪੂਰ ਸੰਤੁਸ਼ਟਤਾ, ਕਹਿਣ ਤੇ ਸੁਣਨ ਦੀ ਜਾਚ, ਨਿਰਛਲਤਾ, ਖਿਮਾ ਤੇ ਨਿਰਵੈਰਤਾ ਆਦਿ ਫੁੱਟ-ਫੁੱਟ ਪੈਂਦੇ ਨੇ, ਓਥੇ ਇਕ ਬੇਹੱਦ ਗਹਿਰੀ ਤੇ ਮੋਤੀਏ ਦੀ ਮਹਿਕ ਜਿਹੀ ਭਿੰਨੀ-ਭਿੰਨੀ ਚੀਸ-ਮਾਰਵੀਂ ਕਰੁਣਾ ਵੀ ਹੈ:
ਅਸਾਂ ਵੀ ਦੂਰ ਜਾਣਾ ਹੈ
ਅਸਾਂ ਵੀ ਗ਼ਮ ਕਮਾਣਾ ਹੈ
ਹੁਣੇ ਡਿੱਗਿਆ ਜੋ ਨੈਣਾਂ ਚੋਂ
ਬੜਾ ਅੱਥਰੂ ਪੁਰਾਣਾ ਹੈ।
ਡਾ. ਕਰਨਜੀਤ ਸਿੰਘ ਸਿਆਸੀ, ਸਮਾਜਿਕ, ਸਾਹਿਤਿਕ ਤੇ ਸਭਿਆਚਾਰਕ ਮਸਲਿਆਂ ਬਾਰੇ ਹਰਿਭਜਨ ਸਿੰਘ ਦਾ ਹਮਖਿ਼ਆਲ ਨਹੀਂ ਸੀ ਪਰ ਉਸ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਣ ਉਤੇ ਇਸ ਕਰਕੇ ਪਰਸੰਨ ਸੀ ਕਿ ਉਹ ਅਵਾਰਡ ਇਕ ਗ਼ੈਰ ਕਮਿਊਨਿਸਟ ਲੇਖਕ ਨੂੰ ਮਿਲਿਆ ਸੀ। ਉਹ ਨਿਵੇਕਲਾ ਕਵੀ ਸੀ ਜਿਸ ਨੇ ਸੋਵੀਅਤ ਦੇਸ ਦੀ ਸੈਰ ਲਈ ਰੌਣਕ ਵਾਲੀਆਂ ਸੈਰਗਾਹਾਂ ਦੀ ਥਾਂ ਸਾਇਬੇਰੀਆ ਦਾ ਸੁੰਨਾ ਇਲਾਕਾ ਚੁਣਿਆ ਸੀ। ਡਾ. ਤੋਮੀਓ ਮੀਜ਼ੋਕਾਮੀ ਉਹਦੇ ਕਣਨਵੰਨੇ ਰੰਗ, ਤਿੱਖੇ ਨੈਣ ਨਕਸ਼, ਬੁੱਲ੍ਹਾਂ ਤੇ ਹਲਕੀ ਮੁਸਕ੍ਰਾਹਟ, ਅੱਖਾਂ ਵਿਚਲੀ ਚਮਕ, ਟੱਲੀ ਵਰਗੀ ਬਰੀਕ ਮਿੱਠੀ ਆਵਾਜ਼ ਤੇ ਬਹੁਪੱਖੀ ਗਿਆਨ ਤੋਂ ਬੇਹੱਦ ਪ੍ਰਭਾਵਤ ਸੀ। ਡਾ. ਤਰਲੋਕ ਸਿੰਘ ਕੰਵਰ ਖਾਧੀ ਪੀਤੀ ਵਿਚ ਕਿਹਾ ਕਰਦਾ ਸੀ, ਅਸੀਂ ਸ਼ਰਾਬੀ ਕਬਾਬੀ ਨਹੀਂ ਸ਼ਰਾਬੀ ਕਿਤਾਬੀ ਹਾਂ!
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਲਿਖਿਆ, ਡਾ. ਹਰਿਭਜਨ ਸਿੰਘ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਦੇ ਇਕ ਦੌਰ ਦਾ ਅੰਤ ਹੋ ਗਿਆ ਮਹਿਸੂਸ ਹੁੰਦਾ ਹੈ। ਏਦਾਂ ਜਾਪਦਾ ਹੈ, ਜਿਵੇਂ ਇਕ ਚਿਰਾਗ ਪੂਰਾ ਰੋਸ਼ਨ ਹੋ ਕੇ, ਆਪਣੀ ਰੋਸ਼ਨੀ ਬਖੇਰ ਕੇ, ਹਮੇਸ਼ਾਂ ਲਈ ਸਾਂਤ ਹੋ ਗਿਆ ਹੋਵੇ। ਇਕ ਵੱਡੀ ਅਜ਼ੀਮ ਸ਼ਖਸੀਅਤ ਦੇ ਮਾਲਕ ਸਨ-ਡਾ. ਹਰਿਭਜਨ ਸਿੰਘ। ਸਿਫ਼ਰ ਤੋਂ ਸ਼ੁਰੂ ਹੋ ਕੇ ਵੱਡੀਆਂ ਸਿਖਰਾਂ ਨੂੰ ਛੋਹਿਆ ਸੀ ਉਹਨਾਂ ਨੇ।

ਭੂਸ਼ਨ ਧਿਆਨਪੁਰੀ ਵਿਅੰਗਕਾਰ ਸੀ। ਉਸ ਨੇ ਲਿਖਿਆ, ਹਰਿਭਜਨ ਸਿੰਘ ਤੁਰਿਆ ਫਿਰਦਾ ਹੈ। ਭੱਜਿਆ ਫਿਰਦਾ ਹੈ। ਉਡਿਆ ਫਿਰਦਾ ਹੈ। ਖੰਭ ਉਗ ਆਏ ਹਨ ਉਸ ਦੀ ਸਾਦਗੀ ਨੂੰ, ਉਸ ਦੀ ਸਰਲਤਾ ਨੂੰ, ਉਸ ਦੇ ਸਹਿਜ ਨੂੰ, ਉਸ ਦੇ ਸੁਹਜ ਨੂੰ। ਉਹ ਆਪ ਸਿਰਜੇ ਕਲਪ-ਲੋਕ ਵਿਚ ਭਾਉਂਦਾ ਫਿਰਦਾ ਹੈ ਤੇ ਗਾਉਂਦਾ ਫਿਰਦਾ ਹੈ। ਕਦੇ ਕੋਈ ਮੁਦਰਾ ਬਣਾਉਂਦਾ ਹੈ, ਕਦੇ ਕੋਈ ਇਸ਼ਾਰਾ ਕਰਦਾ ਹੈ। ਸਾਨੂੰ ਲੱਗਦਾ ਹੈ ਜਿਵੇਂ ਸਾਡੀ ਗੱਲ ਦਾ ਹੁੰਗਾਰਾ ਭਰਦਾ ਹੈ। ਕਦੇ ਉਸ ਦਾ ਗਲਾ ਭਰਦਾ ਹੈ। ਕਦੇ ਅੱਖ ਭਰਦੀ ਹੈ। ਕਵੀ ਇੰਜ ਦਾ ਹੁੰਦਾ ਹੈ, ਕਵਿਤਾ ਇੰਜ ਉਤਰਦੀ ਹੈ। ਇਹ ਅਜੀਬ ਜਿਹਾ ਮਨੁੱਖ ਹੈ। ਇਹ ਰਿਸ਼ੀ ਹੈ? ਜਾਂ ਰੁੱਖ ਹੈ? ਇਹ ਜੰਮਿਆ ਸੀ ਜਾਂ ਉਗਿਆ ਸੀ? ਪ੍ਰਸ਼ਨ ਸੁਣ ਕੇ ਉਹ ਹੱਸਿਆ ਹੈ। ਹੱਸਦੇ-ਹੱਸਦੇ ਦੱਸਿਆ ਹੈ:
ਜਨਮ ਹੋਇਆ ਮੇਰਾ ਕੋਸੀ ਰੁੱਤੇ...
ਮੇਰਾ ਬਚਪਨ ਅਜੇ ਨਾ ਆਇਆ...
ਔਂਤਰਿਆਂ ਨੂੰ ਵਾਜਾਂ ਮਾਰਾਂ ਕਿਧਰ ਗਏ ਓ
ਬਾਝ ਤੁਹਾਡੇ ਬਹੁਤ ਉਜਾੜਾਂ, ਕਿਧਰ ਗਏ ਓ...
ਮੀਤ ਬਿਨਾਂ ਜਿੰਦ ਜੀਣਾ ਸਿੱਖਿਆ-ਗੀਤ ਬਿਨਾਂ ਨਾ ਜੀਵੇ...
ਅੱਜ ਤਾਂ ਯਾਰਾ ਜੀ ਨਾ ਲੱਗਦਾ...
ਕੱਲ੍ਹ ਤਾਂ ਆਪਣਾ ਹਾਲ ਬੁਰਾ ਸੀ...
ਅਸੀਂ ਤਾਂ ਨਾਂਗੇ ਫ਼ਕੀਰ ਕੋਈ ਦਮ ਯਾਦ ਕਰੋਗੇ...
ਇਸ ਬਗਲੀ ਵਿਚ ਉਹਨਾਂ ਖ਼ਾਤਰ ਅਜੇ ਵੀ ਜਗ ਮਗ ਦੀਵੇ ਨੇ
ਸਾਨੂੰ ਜਿਨ੍ਹਾਂ ਬੁਝਾਉਣ ਲਈ ਸੀ, ਲਾਇਆ ਜ਼ੋਰ ਅਖ਼ੀਰਾਂ ਦਾ...
ਕਦੇ ਉਹ ਤੁਰਦਾ ਫਿਰਦਾ ਕਵੀ ਸੀ, ਹੁਣ ਉਹ ਲਾਇਬ੍ਰੇਰੀ ਦੀ ਕਿਤਾਬ ਬਣ ਗਿਆ ਹੈ। ਕਦੇ ਉਹ ਫਿ਼ਜ਼ਾ ਵਿਚ ਤੈਰਦਾ ਹੋਇਆ ਨਸ਼ਾ ਸੀ, ਹੁਣ ਬੋਤਲ ਵਿਚ ਬੰਦ ਸ਼ਰਾਬ ਬਣ ਗਿਆ ਹੈ। ਹਿਸਾਬ ਤੋਂ ਬਾਹਰ ਹੋ ਗਿਆ ਹੈ। ਬੇਹਿਸਾਬ ਹੋ ਗਿਆ ਹੈ। ਇਹ ਕੀ ਹੋ ਗਿਆ ਹੈ? ਹਰਿਭਜਨ ਸਿੰਘ ਹੋ ਗਿਆ ਹੈ। ਹੋਇਆ ਵੀ ਤੇ ਗਿਆ ਵੀ। ਪਰ ਉਹ ਗਿਆ ਵੀ ਕਿਥੇ ਹੈ!
ਡਾ. ਗੁਰਸ਼ਰਨ ਸਿੰਘ ਨੇ ਹਰਿਭਜਨ ਸਿੰਘ ਨੂੰ ਚਮਤਕਾਰੀ ਤੇ ਪੈਗ਼ੰਬਰੀ ਹਸਤੀ ਮੰਨਿਆ। ਸਕੂਲ ਪੜ੍ਹਾਉਣ ਵੇਲੇ ਚਿੱਟੀ ਕਮੀਜ਼ ਤੇ ਪਜਾਮੀ ਅਤੇ ਸਿਰ ਉੱਤੇ ਛੋਟੀ ਪੋਚਵੀਂ ਪੱਗ, ਕਾਲੀ ਜੁਆਨ ਦਾੜ੍ਹੀ। ਲਹਿਜੇ ਚ ਕਰੁਣਾ। ਸੋਜ਼ ਵਿਚ ਲਿਖੇ ਤੇ ਗਾਏ ਗੀਤ। ਬੁੱਧਾਜਯੰਤੀ ਗਾਰਡਨ ਵਿਚ ਟਹਿਲਦਿਆਂ ਗੀਤ ਦੀ ਰਚਨਾ-ਕਿਣਮਿਣ ਕਣੀਆਂ ਨਾ ਮਾਰ ਸੱਜਣ, ਸਾਨੂੰ ਕਿਣਮਿਣ ਕਣੀਆਂ...। ਸੁਰੀਲਾ ਕੰਠ ਤੇ ਦਿਲਕਸ਼ ਅੰਦਾਜ਼। ਮੰਤਰ ਮੁਗਧ। ਸਾਦ ਮੁਰਾਦਾ ਘਰ। ਸਾਦਗੀ ਦਾ ਫਰਿਸ਼ਤਾ, ਸਾਦਾ ਲਿਬਾਸ, ਸਾਦ-ਮੁਰਾਦੀਆਂ ਆਦਤਾਂ, ਨਿਰਉਚੇਚ, ਨਿਰਛਲ, ਘਰੋਂ ਨਿਕਲਦਿਆਂ ਪੱਗ ਹੱਥ ਚ, ਗਲੀ ਦੇ ਮੋੜ ਤਕ ਮੂੰਹ ਜ਼ਬਾਨੀ ਚਾਰ ਲੜ ਮਾਰ ਪੱਗ ਬੰਨ੍ਹ ਲੈਂਦੇ। ਸਰਸਵਤੀ ਦਾ ਕਮਾਲ। ਅਜ਼ੀਮ ਸੁਖਨਵਰ।
ਰਵਿੰਦਰ ਰਵੀ ਉਹਨੂੰ ਕਵਿਤਾ ਵਿਚ ਕਲਾ ਤੇ ਸਿ਼ਲਪ ਦਾ ਸੁਮੇਲ ਸਮਝਦਾ। ਸਿ਼ਵ ਕੁਮਾਰ ਦੇ ਰੁਦਨਮਈ, ਜਜ਼ਬਾਤੀ, ਉਪਭਾਵਕ ਤੇ ਬਿਰਹਾ ਵਿਚ ਭਿੱਜੇ ਗੀਤਾਂ ਤੋਂ ਉਲਟ ਸੁਹਜ, ਚਿੰਤਨ ਤੇ ਹਾਵਾਂ-ਭਾਵਾਂ ਨਾਲ ਸਿੰਜੇ ਗੀਤ ਲਿਖਣ ਵਾਲਾ। ਵਧੀਆ ਰੀਵੀਊਕਾਰ। 1969-70 ਵਿਚ ਰਵੀ ਦਿੱਲੀ ਮੁੜਿਆ। ਗੁਲਜ਼ਾਰ ਸੰਧੂ ਦੇ ਘਰ ਤਾਰਾ ਸਿੰਘ ਅੰਮ੍ਰਿਤਾ ਪ੍ਰੀਤਮ ਨੂੰ ਕਹਿੰਦਾ, ਅੰਮ੍ਰਿਤਾ ਜੀ ਹੁਣ ਤਾਂ ਹਰਿਭਜਨ ਨੇ ਪਹਿਲੀ ਕਿਤਾਬ ਨਾ ਧੁੱਪੇ ਨਾ ਛਾਵੇਂ ਅਵਾਰਡ ਦੇ ਮੇਚ ਨਾ ਆਉਂਦੀ ਵੇਖ ਕੇ ਦੂਜੀ ਕਿਤਾਬ ਸੜਕ ਦੇ ਸਫ਼ੇ ਉੱਤੇ ਵੀ ਛਾਪ ਦਿੱਤੀ ਹੈ। ਦੇ ਦਿਓ ਨਾ ਅਵਾਰਡ। ਦੋ ਪੁਸਤਕਾਂ ਦਾ ਢਾਈ ਢਾਈ ਹਜ਼ਾਰ ਰੁਪਿਆ ਹੀ ਬਣਦਾ ਹੈ। ਘਾਟੇ ਦਾ ਸੌਦਾ ਨਹੀਂ!
ਕਿਰਪਾਲ ਕਜਾਕ ਨੇ ਡਾ. ਹਰਿਭਜਨ ਸਿੰਘ ਨੂੰ ਪ੍ਰਬੁੱਧ ਵਿਦਵਾਨ, ਭਾਰਤੀ ਤੇ ਪੱਛਮੀ ਕਾਵਿ-ਸ਼ਾਸਤਰ ਦਾ ਮਹਾਂ-ਪੰਡਿਤ ਕਿਹਾ। ਦ੍ਰਿਸ਼-ਸਿਰਜਕ। ਮੰਤਰ ਜਿਹਾ ਤਲਿੱਸਮ, ਜ਼ਬਾਨ ਤੇ ਸਰਸਵਤੀ ਦਾ ਵਾਸ। ਪੈਰ ਪਤਾਲ ਨੂੰ ਤੇ ਮੱਥਾ ਅਸਮਾਨ ਨੂੰ ਛੂੰਹਦਾ। ਟੈਲੀ ਉਤੇ ਕ੍ਰਿਕਟ ਤੇ ਟੈਨਿਸ ਵੇਖਣ ਦਾ ਸ਼ੌਂਕੀ, ਦੋ ਦਰਜਨ ਤੋਂ ਵੱਧ ਸੋਧ ਪ੍ਰਬੰਧ ਤਿਆਰ ਕਰਵਾਏ। ਟੈਗੋਰ, ਕਾਮੂ, ਗੋਰਕੀ, ਸ਼ੋਲੋਖੋਵ, ਲਾਰੰਸ, ਹੈਮਿੰਗਵੇ, ਖਲੀਲ ਜਿ਼ਬਰਾਨ ਆਦਿ ਦਾ ਤਰਜਮਾ। ਮਾਂ ਵਿਛੁਨਾ ਬਚਪਨ, ਕਵਿਤਾ ਦਾ ਮੂਲ ਸੋਮਾ ਮਾਂ। ਦਰਿਆਈ ਵਹਿਣ:
ਪਦਮਾ ਜ਼ਰਾ ਕੁ ਨੀਵੀਂ ਹੋ ਜਾ ਅਸਾਂ ਪਾਰਲੇ ਕੰਢੇ ਜਾਣਾ...
ਇਕ ਖ਼ਤ ਤੇਰੇ ਨਾਂ ਪੁਸਤਕ ਵਿਚ ਹਰਿਭਜਨ ਸਿੰਘ ਨੇ ਗਾਰਗੀ ਨੂੰ ਲਿਖਿਆ, ਔਰਤ ਅਤੇ ਰੋਟੀ ਤੇਰੀ ਜੀਵਨੀ ਦੇ ਪ੍ਰਮੁਖ ਮੋਟਿਫ਼ ਹਨ ਤੇ ਤੂੰ ਇਹਨਾਂ ਨੂੰ ਵੀ ਲਗਾਤਾਰ ਰੌਲੇ ਵਾਂਗ ਪੇਸ਼ ਕਰਦਾ ਹੈਂ। ਤੇਰੇ ਪਾਸ ਔਰਤ ਦਾ ਬੜਾ ਹੀ ਸੀਮਿਤ ਬਿੰਬ ਤੇ ਓਦੂੰ ਵੀ ਵੱਧ ਸੀਮਿਤ ਸੰਕਲਪ ਹੈ। ਤੂੰ ਆਪਣੀ ਪ੍ਰੇਮਿਕਾ ਦਾ ਜਿ਼ਕਰ ਕਰੇਂ ਜਾਂ ਕਿਸੇ ਵਾਕਫ਼ ਔਰਤ ਦਾ, ਤੇਰੇ ਪਾਸ ਉਸ ਦੇ ਜਿਸਮ ਤੋਂ ਪਾਰ ਝਾਕ ਸਕਣ ਦੀ ਵਿਹਲ ਨਹੀਂ।
ਉਹ ਗਿਆਨੀ ਹੀ ਨਹੀਂ ਗਿਆਨਵੇਤਾ ਵੀ ਸੀ। ਉਸ ਨੇ ਅਮਰੀਕੀ ਨਵ-ਆਲੋਚਨਾ, ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ, ਭਾਸ਼ਾ ਦੇ ਪਰਾਗ ਸਕੂਲ, ਸ਼ੈਲੀ ਸ਼ਾਸਤਰ ਆਦਿ ਤੋਂ ਸੂਝ ਮਾਡਲ ਪ੍ਰਾਪਤ ਕੀਤੇ। ਉਹ ਆਪਣੀ ਸੰਸਕ੍ਰਿਤੀ ਤੇ ਪ੍ਰੰਪਰਾਵਾਂ ਨੂੰ ਅਤੇ ਲੋਕ ਧਾਰਾ ਦੀ ਮਹੱਤਾ ਨੂੰ ਪੂਰੇ ਮੁਹਾਂਦਰੇ ਸਮੇਤ ਪਛਾਣਦਾ ਸੀ। ਉਹਦਾ ਰਿਗਬਾਣੀ ਦਾ ਅਨੁਵਾਦ ਮਨੁੱਖ ਦੀ ਪੁਰਾਣ ਚੇਤਨਾ ਦੀ ਸਿਰਜਣਾ ਹੈ।
ਡਾ. ਸੁਖਦੇਵ ਸਿੰਘ ਅਨੁਸਾਰ ਉਹਦੀ ਕਵਿਤਾ ਉਮੀ ਦਾ ਗਿਆਨ-ਗੀਤ ਹੈ। ਇਸ ਵਿਚ ਬੁੱਧ ਮੱਤ, ਯੋਗ ਮੱਤ, ਗੁਰਮਤਿ, ਸੂਫੀ ਚਿੰਤਨ ਤੇ ਲੋਕਵੇਦੀ ਗਿਆਨ ਦੀਆਂ ਲਸਰਾਂ ਘੁਲ ਮਿਲ ਗਈਆਂ ਹਨ। ਬੌਧਿਕ ਵਿਸਫੋਟ, ਸੁਹਜਵੰਤ ਸ਼ੈਲੀ, ਅਨੂਠੀ ਤੇ ਮਹੀਨ ਬਿੰਬਕਾਰੀ। ਦੁੱਖਾਂ ਦਾ ਛਾਂਦਾ ਉਹਦੇ ਹਿੱਸੇ ਹੋਰਨਾਂ ਤੋਂ ਵੱਧ ਆਇਆ। ਲਾਹੌਰ ਦੀ ਸਭ ਤੋਂ ਗ਼ਲੀਜ਼ ਬਸਤੀ ਸੀ ਇਛਰਾ ਜਿਥੇ ਉਸ ਨੇ ਜਲਾਵਤਨੀ ਦੇ ਦਿਨ ਕੱਟੇ। ਉਹ ਬਿਰਹੋਂ, ਵਿਜੋਗ ਤੇ ਭਟਕਣਾ ਦਾ ਕਵੀ ਸੀ:
ਮਾਏ ਨੀ, ਕਿ ਅੰਬਰਾਂ ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ
ਮਾਏ ਨੀ, ਕਿ ਅੰਬਰਾਂ ਚ ਰਹਿਣ ਵਾਲੀਏ
ਸਾਡੇ ਲਿਖ ਦੇ ਨਸੀਬੀਂ ਤਾਰੇ...।
ਸੁਹਜਵਾਦੀ ਪ੍ਰਗੀਤਕਾਰ, ਸੁਹਜ-ਸੰਵੇਦਨਾ ਦਾ ਕਵੀ, ਵਿਗਿਆਨਿਕ ਗਲਪ ਸਮੀਖਿਆ ਦਾ ਮੋਢੀ, ਚਿੰਤਕ ਸ਼ਾਇਰ, ਦਰਵੇਸ਼, ਦਾਨਿਸ਼ਮੰਦ, ਵਿਆਖਿਆਕਾਰ ਤੇ ਚਿੱਠੀ-ਲੇਖਕ। ਵਿਦਵਾਨਾਂ ਦਾ ਵਿਦਵਾਨ। ਤੀਹ ਤੋਂ ਵੱਧ ਕੋਸ਼ਾਂ ਚ ਯੋਗਦਾਨ ਪਾਇਆ। ਕਿਹਾ ਕਰਦਾ ਸੀ, ਮੇਰੀ ਬੋਲੀ ਉਪਰ ਇਛਰੇ ਦੀਆਂ ਗ਼ਰੀਬ ਗੁਆਂਢਣਾਂ, ਮਾਸੀਆਂ ਫੁੱਫੀਆਂ ਤੇ ਪਿੰਡ ਦੇ ਗੁਰਦਵਾਰੇ ਦਾ ਅਸਰ ਹੈ। ਤਿੱਖੇ ਹੇਰਵੇ ਦਾ ਅਹਿਸਾਸ ਸੀ ਉਸ ਨੂੰ। ਉਹਦਾ ਸਮੁੱਚਾ ਜੀਵਨ ਇਕ ਸਦੀਵੀ ਖੋਹ ਸੀ।
ਡਾ. ਰਤਨ ਸਿੰਘ ਜੱਗੀ ਨੇ ਉਸ ਨੂੰ ਸਾਹਿਤਕ ਖ਼ਤਾਂ ਦਾ ਲੇਖਕ ਕਿਹਾ। ਕਿਹਾ ਕਿ ਮੈਂ ਉਸ ਨੂੰ 1954 ਤੋਂ ਜਾਣਦਾਂ। ਕੈਂਪ ਕਾਲਜ ਦਿੱਲੀ ਵਿਚ ਪ੍ਰੋ. ਰਾਮ ਸਿੰਘ ਲਿਆਏ ਸਨ ਹਰਿਭਜਨ ਨੂੰ। ਕਾਵਿਆਨਾ ਅੰਦਾਜ਼, ਕਿਤਾਬ ਵਿਚ ਕੁਲ 16 ਖ਼ਤ। ਬਾਬਾ ਫਰੀਦ ਨੂੰ ਖ਼ਤ, ਸ਼ਰਧਾਂਜਲੀ ਭਾਵ, ਸ਼ਤਾਬਦੀ ਕਥਨ ਵੀ, ਗ਼ੈਰ ਰਸਮੀ ਆਲੋਚਨਾ ਵੀ। ਇਹ ਖ਼ਤ ਪੰਜਾਬੀ ਸਾਹਿਤ ਵਿਚ ਨਵੀਂ ਪ੍ਰਕਾਰ ਦੀ ਵਾਰਤਕ-ਰਚਨਾ ਤੇ ਰੂਪ-ਰਚਨਾ ਦੀ ਭੂਮਿਕਾ ਨਿਭਾਉਂਦੇ ਹਨ।
ਡਾ. ਸਵਿੰਦਰ ਸਿੰਘ ਉੱਪਲ ਨੇ ਉਹਦੀਆਂ ਚਿੱਠੀਆਂ, ਖ਼ਤਾਂ, ਮੁਰਾਸਲਿਆਂ ਤੇ ਹੁਕਮਨਾਮਿਆਂ ਦੀ ਗੱਲ ਕੀਤੀ। ਬਾਬਾ ਫ਼ਰੀਦ, ਗੁਰੂ ਨਾਨਕ, ਪੂਰਨ ਸਿੰਘ ਤੇ ਗਾਰਗੀ ਵੱਲ ਲਿਖੀਆਂ ਚਿੱਠੀਆਂ ਵਿਚ ਰੇਖਾ ਚਿੱਤਰ ਵਿਧੀ ਪ੍ਰਧਾਨ ਰਹੀ। ਗੁਰਬਖ਼ਸ਼ ਸਿੰਘ, ਦੁੱਗਲ, ਨੇਕੀ, ਕੰਵਲ, ਟਿਵਾਣਾ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਨਿਰੰਜਣ ਤਸਨੀਮ ਵੱਲ ਚਿੱਠੀਆਂ ਚ ਸਮੀਖਿਆ ਭਾਰੂ ਰਹੀ। ਉਹਦੇ ਸੰਬੋਧਨੀ ਸ਼ਬਦ ਹੁੰਦੇ, ਰੀਵੀਊ ਦੀ ਥਾਂ ਮੈਂ ਖ਼ਤ ਲਿਖ ਰਿਹਾਂ। ਕਾਵਿ ਪੰਗਤੀਆਂ ਦਾ ਛੱਟਾ ਦੇਈ ਜਾਂਦਾ:
ਸੀਨੇ ਚ ਜੇ ਖੁਦੀ ਨਹੀਂ ਜਿ਼ੰਦਗੀ ਜਿ਼ੰਦਗੀ ਨਹੀਂ...
ਪਤਝੜ ਦੇ ਫੁੱਲਾ ਪੀਲਿਆ ਕੀ ਹੋਇਆ ਤੇਰਾ ਹਾਲ ਵੇ
ਹੋ ਨਿਮੋਝੂਣੀ ਡਿੱਗ ਪਈ ਕਿਉਂ ਆਸ ਤੇਰੀ ਦੀ ਡਾਲ ਵੇ...
ਦੁਧ ਦੀ ਰੁੱਤੇ ਅੰਬੜੀ ਮੋਈ ਬਾਬਲ ਬਾਲ ਵਰੇਸੇ
ਜੋਬਨ ਰੁੱਤੇ ਸੱਜਣ ਮੋਇਆ ਮੋਏ ਗੀਤ ਪਲੇਠੇ...
ਯਾਰ ਬਦਨੀਤੀਆ, ਕੇਹੀ ਗੱਲ ਕੀਤੀ ਆ...
ਇਸ਼ਕ ਵਾਲੀ ਗੱਲ ਸਾਡਾ ਦਿਲ ਵੇ ਪਛਾਣਦਾ
ਬੋਲਣਾ ਤਾਂ ਬੋਲ ਕੋਈ ਬੋਲ ਸਾਡੇ ਹਾਣ ਦਾ...

ਲਿਖਦਿਆਂ ਲਿਖਦਿਆਂ ਯਾਦ ਆ ਰਹੇ ਨੇ ਉਹਦੇ ਨਾਲ ਬਿਤਾਏ ਅਨੇਕਾਂ ਪਲ ਤੇ ਛਿਣ। ਖ਼ਾਲਸਾ ਕਾਲਜ ਦੀ ਸਾਲਾਨਾ ਅਥਲੈਟਿਕਸ ਮੀਟ ਹੁੰਦੀ ਤਾਂ ਅਸੀਂ ਬਰਾ ਬਰੋਬਰ ਮਾਈਕ ਫੜ ਬਹਿੰਦੇ। ਮੇਰੇ ਹਸਾਉਣੇ ਤੇ ਉਹਦੇ ਕਾਵਿਕ ਵਾਕ ਰੰਗ ਬੰਨ੍ਹ ਦਿੰਦੇ। ਦਰਸ਼ਕਾਂ/ਸਰੋਤਿਆਂ ਦਾ ਜੀ ਪਰਚਾਈ ਰਖਦੇ। ਉਹ ਕਮਾਲ ਦਾ ਕੁਮੈਂਟੇਟਰ ਸੀ। ਜੇਕਰ ਜਸਦੇਵ ਸਿੰਘ ਦੀ ਥਾਂ ਲੈ ਲੈਂਦਾ ਤਾਂ ਸੰਭਵ ਸੀ ਜਸਦੇਵ ਨੂੰ ਵੀ ਮਾਤ ਪਾ ਜਾਂਦਾ। ਇਕ ਵਾਰ ਮੇਰੀ ਖੇਡ ਰਚਨਾ ਪੜ੍ਹ ਕੇ ਉਸ ਨੇ ਕਿਹਾ, ਜੱਟਾ, ਜੇ ਕਿਧਰੇ ਖੇਡਾਂ ਖਿਡਾਰੀਆਂ ਬਾਰੇ ਅੰਗਰੇਜ਼ੀ ਚ ਲਿਖੇਂ ਤਾਂ ਪੂਰੀ ਦੁਨੀਆ ਚ ਪੜ੍ਹਿਆ ਜਾਵੇਂ। ਜੇ ਜਸਦੇਵ ਸਿੰਘ ਵਾਂਗ ਹਿੰਦੀ ਬੋਲੇਂ ਤਾਂ ਉਹਦੇ ਵਾਂਗ ਹੀ ਹਵਾਈ ਜਹਾਜ਼ਾਂ ਤੇ ਚੜ੍ਹੇਂ ਤੇ ਏਸ਼ੀਅਨ ਤੇ ਓਲੰਪਿਕ ਖੇਡਾਂ ਕਵਰ ਕਰੇਂ।
ਪਰ ਮੈਂ ਪੰਜਾਬੀ ਵਿਚ ਹੀ ਲਿਖਣ ਬੋਲਣ ਦੀ ਅੜੀ ਫੜੀ ਰੱਖੀ। ਮੇਰੀ ਅੜੀ ਤੋਂ ਅੱਕ ਕੇ ਉਸ ਨੇ ਕਿਹਾ, ਹੁਣ ਤੂੰ ਸਾਈਕਲ ਸਵਾਰ ਏਂ। ਪੰਜਾਬੀ ਚ ਲਿਖ ਕੇ ਵੱਧ ਤੋਂ ਵੱਧ ਸਕੂਟਰ ਸਵਾਰ ਹੋ ਸਕੇਂਗਾ, ਇਸ ਤੋਂ ਵੱਧ ਨਹੀਂ। ਚਲ ਲਿਖੀ ਚੱਲ।
ਕਾਸ਼! ਡਾ. ਸਾਹਿਬ ਜੀਂਦੇ ਹੁੰਦੇ ਤਾਂ ਵੇਖਦੇ ਕਿ ਸਾਈਕਲ ਸਵਾਰ ਪੰਜਾਬੀ ਖੇਡ ਲੇਖਕ ਤੇ ਖੇਡ ਬੁਲਾਰੇ ਨੂੰ ਪੰਜਾਬੀ ਪਿਆਰਿਆਂ ਨੇ ਸਕੂਟਰ ਦਾ ਸਵਾਰ ਹੀ ਨਹੀਂ, ਹਵਾਈ ਜਹਾਜ਼ਾਂ ਦਾ ਸਵਾਰ ਬਣਾ ਕੇ ਹੰਭਾਅ ਛੱਡਿਆ ਹੈ! ਜਿਹੜੇ ਕਹਿੰਦੇ ਹਨ ਕਿ ਪੰਜਾਬੀ ਵਿਚ ਕੁਝ ਨਹੀਂ ਪਿਆ, ਮੈਂ ਉਨ੍ਹਾਂ ਵਿਚੋਂ ਨਹੀਂ।

ਇਕ ਦਿਨ ਮੈਂ ਡਾ. ਹਰਿਭਜਨ ਸਿੰਘ ਦੇ ਘਰ ਬੈਠਾ ਸਾਂ। ਤਾਰਾ ਸਿੰਘ ਕਾਮਲ ਆਰਸੀ ਦਾ ਨਵਾਂ ਅੰਕ ਲੈ ਕੇ ਆਇਆ। ਉਸ ਦੀਆਂ ਐਨਕਾਂ ਮੋਟੀਆਂ ਸਨ, ਮੱਥਾ ਮੁੜ੍ਹਕੇ ਨਾਲ ਭਿੱਜਿਆ ਹੋਇਆ ਤੇ ਦਾੜ੍ਹੀ ਵਿਰਲੀ ਸੀ। ਜੁੱਸਾ ਭਲਵਾਨਾਂ ਵਰਗਾ ਸੀ। ਉਹ ਲੋਕ ਰੰਗ ਨਾਂ ਦਾ ਪਰਚਾ ਕੱਢਦਾ ਸੀ ਤੇ ਟਿੱਚਰ ਮਖੌਲ ਕਰੇ ਬਿਨਾਂ ਉਹਦਾ ਸਰਦਾ ਨਹੀਂ ਸੀ। ਲੋਕ ਰੰਗ ਅਸਲ ਵਿਚ ਨੋਕ ਝੋਕ ਦਾ ਈ ਰੰਗ ਹੁੰਦਾ ਸੀ। ਦਿੱਲੀ ਦੇ ਜਥੇਦਾਰ ਸੰਤੋਖ ਸਿੰਘ ਤੇ ਜਥੇਦਾਰ ਰਛਪਾਲ ਸਿੰਘ ਬਾਰੇ ਉਸ ਨੇ ਵਿਅੰਗਮਈ ਕਵਿਤਾ ਜੋੜੀ ਸੀ-ਹਮ ਵੀ ਦਰਜ਼ੀ ਤੁਮ ਵੀ ਦਰਜ਼ੀ। ਉਹ ਆਉਂਦਾ ਈ ਮੇਰੇ ਬਾਰੇ ਕਹਿਣ ਲੱਗਾ, ਡਾ. ਸਾਹਿਬ ਆਹ ਜੁਆਨ ਵੇਖਣ ਨੂੰ ਵਾਹਵਾ ਬਣਦਾ ਤਣਦੈ। ਇਹ ਚੇਲਾ ਤੁਹਾਡੇ ਹੱਥ ਕਿਥੋਂ ਲੱਗਾ? ਇਹਨੂੰ ਤਾਂ ਇਕ ਦੋ ਵਾਰ ਮੈਂ ਕਾਫੀ ਹਾਊਸ ਚ ਵੀ ਵੇਖਿਐ। ਡਾਕਟਰ ਨੇ ਸਿਰਫ ਏਨਾ ਹੀ ਦੱਸਿਆ, ਇਹ ਪੰਜਾਬੀ ਦਾ ਜੱਟ ਲੈਕਚਰਾਰ ਏ। ਫਿਰ ਕਾਮਲ ਨੇ ਕਿਹਾ, ਡਾ. ਸਾਹਿਬ ਐਤਕੀਂ ਦੀ ਆਰਸੀ ਵਿਚ ਇਕ ਕਹਾਣੀ ਪੜ੍ਹਨ ਵਾਲੀ ਐ। ਕਿਸੇ ਨਵੇਂ ਲੇਖਕ ਦੀ ਐ।
ਜਦੋਂ ਉਸ ਨੇ ਰਸਾਲਾ ਖੋਲ੍ਹ ਕੇ ਵਿਖਾਇਆ ਤਾਂ ਮੈਨੂੰ ਕਹਾਣੀ ਦਾ ਨਾਂ ਨਚਾਰ ਨਜ਼ਰੀਂ ਪੈ ਗਿਆ। ਇਸ ਨਾਂ ਦੀ ਕਹਾਣੀ ਕੁਝ ਦਿਨ ਪਹਿਲਾਂ ਹੀ ਮੈਂ ਭਾਪਾ ਪ੍ਰੀਤਮ ਸਿੰਘ ਨੂੰ ਦੇ ਕੇ ਆਇਆ ਸਾਂ। ਮੈਂ ਖ਼ੁਸ਼ ਵੀ ਹੋਇਆ ਤੇ ਹੈਰਾਨ ਵੀ! ਮੇਰੇ ਲੂੰਅ ਖੜ੍ਹੇ ਹੋ ਗਏ। ਆਰਸੀ ਵਿਚ ਛਪਣਾ ਤੇ ਤਾਰਾ ਸਿੰਘ ਕਾਮਲ ਦੇ ਮੂੰਹੋਂ ਸਿਫ਼ਤ ਸੁਣਨੀ ਅਣਹੋਣੀ ਗੱਲ ਸੀ। ਮੇਰਾ ਜੀਅ ਬੈਠੇ ਬੈਠਿਆਂ ਛਾਲ ਮਾਰਨ ਨੂੰ ਕਰੇ। ਕਾਮਲ ਨੂੰ ਕੀ ਪਤਾ ਸੀ ਕਿ ਜਿਸ ਲੇਖਕ ਦੀ ਕਹਾਣੀ ਨੂੰ ਉਹ ਸਲਾਹੀ ਜਾ ਰਿਹਾ ਸੀ ਉਹ ਉਹਦੇ ਕੋਲ ਹੀ ਬੈਠਾ ਸੀ। ਸੱਚੀਂ ਉਹ ਨਵਾਂ ਲੇਖਕ ਸੀ। ਡਾ. ਹਰਿਭਜਨ ਸਿੰਘ ਨੇ ਕਹਾਣੀ ਹੇਠਾਂ ਨਾਂ ਪੜ੍ਹਿਆ-ਸਰਵਣ ਸਿੰਘ। ਉਹਦੇ ਮੂੰਹੋਂ ਨਿਕਲਿਆ, ਇਹ ਸਰਵਣ ਕਿਹੜਾ ਹੋਇਆ ਪਈ?
ਹੱਦ ਹੋ ਗਈ ਸੀ। ਮੈਂ ਸਾਹਮਣੇ ਬੈਠਾ ਵੀ ਉਨ੍ਹਾਂ ਨੂੰ ਨਹੀਂ ਸਾਂ ਦਿਸ ਰਿਹਾ! ਮੇਰਾ ਡੰਡ ਪਾਉਣ ਨੂੰ ਜੀਅ ਕਰਦਾ ਸੀ ਪਰ ਮੈਂ ਹੌਲੀ ਦੇਣੇ ਕਿਹਾ, ਨਚਾਰ ਨਾਂ ਦੀ ਇਕ ਕਹਾਣੀ ਤਾਂ ਮੈਂ ਵੀ ਭਾਪਾ ਪ੍ਰੀਤਮ ਸਿੰਘ ਨੂੰ ਦਿੱਤੀ ਸੀ। ਲਿਆਓ ਮੈਨੂੰ ਵੀ ਵਿਖਾਓ।
ਉਹ ਮੇਰੀ ਹੀ ਕਹਾਣੀ ਸੀ ਤੇ ਡਾ. ਹਰਿਭਜਨ ਸਿੰਘ ਦੇ ਕਹਿਣ ਤੇ ਮੈਂ ਹੀ ਪੜ੍ਹ ਕੇ ਸੁਣਾਉਣ ਲੱਗਾ। ਉਸ ਦਿਨ ਤਾਂ ਜੇ ਸਾਰੀ ਦਿੱਲੀ ਕਹਿੰਦੀ, ਪੜ੍ਹ ਕੇ ਸੁਣਾ। ਤਾਂ ਮੈਂ ਸਾਰੀ ਰਾਤ ਸੁਣਾਉਂਦਾ ਨਾ ਥੱਕਦਾ। ਆਪਣੀ ਪਹਿਲੀ ਕਹਾਣੀ ਨੂੰ ਆਰਸੀ ਵਰਗੇ ਵੱਡੇ ਲੇਖਕਾਂ ਦੇ ਪਰਚੇ ਵਿਚ ਛਪੀ ਵੇਖਣ ਦਾ ਅਕਹਿ ਅਨੰਦ ਸੀ ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਹਰਿਭਜਨ ਸਿੰਘ ਦੇ ਸਿਫਤੀ ਬੋਲਾਂ ਨੇ ਤਾਂ ਮੈਨੂੰ ਉਂਜ ਹੀ ਖੰਭ ਲਾ ਦਿੱਤੇ।
ਕਹਾਣੀ ਦਾ ਅੰਤ ਸੀ: ਰਾਤ ਢਲ ਚੁੱਕੀ ਸੀ। ਚੰਦ ਛਿਪ ਰਿਹਾ ਸੀ। ਚੁਫੇਰੇ ਚੁੱਪ ਸੀ। ਕੁੱਤੇ ਸੁੱਤੇ ਪਏ ਸਨ। ਕੋਈ ਜੀਅ ਨਹੀਂ ਸੀ ਜਾਗਦਾ। ਨੰਬਰਦਾਰ ਆਪਣੇ ਪੁੱਤ ਨੂੰ ਉਡੀਕ ਰਿਹਾ ਸੀ। ਨੰਬਰਦਾਰ ਦੇ ਮੁੰਡੇ ਨੇ ਬੂਹਾ ਖੁੱਲ੍ਹਵਾਉਣ ਲਈ ਬੜੀ ਹੁੱਬ ਨਾਲ ਬਾਪੂ ਨੂੰ ਵਾਜ਼ ਮਾਰੀ। ਉਹਨੂੰ ਬਾਪੂ ਤੋਂ ਸ਼ਾਬਾਸ਼ ਮਿਲਣ ਦੀ ਆਸ ਸੀ। ਉਹਨੇ ਬਾਪੂ ਦੇ ਕਹੇ ਮੁਤਾਬਿਕ ਵੇਲਾਂ ਕਰਾਈਆਂ ਸਨ ਤੇ ਪਿਉ ਦਾ ਪੁੱਤ ਕਿਸੇ ਤੋਂ ਘੱਟ ਵੀ ਨਹੀਂ ਸੀ ਰਿਹਾ। ਪਰ ਬੂਹਾ ਖੋਲ੍ਹਦਿਆਂ ਹੀ ਬਾਪੂ ਦੇ ਮੂੰਹੋਂ ਸ਼ਾਬਾਸ਼ੇ ਦੇ ਬੋਲਾਂ ਦੀ ਥਾਂ ਅੱਗ ਨਿਕਲੀ, ਆ ਗਿਐਂ ਕੰਜਰਾ, ਕੰਜਰਾਂ ਨਾਲ ਨੱਚ ਕੇ? ਤੂੰ ਮੇਰੇ ਘਰ ਕਾਹਨੂੰ ਜੰਮਣਾ ਸੀ? ਕਿਸੇ ਕੰਜਰ ਦੇ ਜੰਮ ਪੈਂਦਾ! ਚੰਗੀ ਚਾਹੁਨੈਂ ਤਾਂ ਜਾਹ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਹ!! ਹੋ ਜਾਹ ਦੂਰ ਇਸੇ ਵੇਲੇ!!!
ਤੇ ਚੰਦ ਛਿਪ ਗਿਆ ਸੀ। ਦੇ ਫਿਕਰੇ ਨਾਲ ਮੈਂ ਕਹਾਣੀ ਦਾ ਅੰਤ ਕੀਤਾ ਸੀ।
ਹਰਿਭਜਨ ਸਿੰਘ ਦੀ ਟਿੱਪਣੀ ਸੀ, ਇਹ ਵੇ ਸਾਡਾ ਸਭਿਆਚਾਰਕ ਦੋਗਲਾਪਣ! ਨੱਚਣ ਗਾਉਣ ਵਾਲਿਆਂ ਨੂੰ ਅਸੀਂ ਇਨਾਮ ਤਾਂ ਦੇ ਸਕਦੇ ਆਂ ਪਰ ਆਪਣੇ ਧੀਆਂ ਪੁੱਤਾਂ ਨੂੰ ਉਨ੍ਹਾਂ ਨਾਲ ਨੱਚਦੇ ਗਾਉਂਦੇ ਜਰ ਨਹੀਂ ਸਕਦੇ। ਹੋਰਨਾਂ ਦੇ ਘਰ ਜੰਮੀ ਹੀਰ ਚੰਗੀ ਏ ਪਰ ਆਪਣੇ ਘਰ ਮਾੜੀ। ਭਗਤ ਸਿੰਘ ਕਿਸੇ ਹੋਰ ਦਾ ਪੁੱਤਰ ਹੋਵੇ ਤਾਂ ਠੀਕ, ਆਪਣਾ ਹੋਵੇ ਤਾਂ ਨਾਲਾਇਕ!

1967 ਵਿਚ ਮੈਂ ਦਿੱਲੀ ਦੇ ਖ਼ਾਲਸਾ ਕਾਲਜ ਨੂੰ ਅਲਵਿਦਾ ਕਹਿ ਕੇ ਢੁੱਡੀਕੇ ਦੇ ਕਾਲਜ ਵਿਚ ਆ ਗਿਆ ਸਾਂ। ਫਿਰ ਮੇਰਾ ਡਾ. ਹਰਿਭਜਨ ਸਿੰਘ ਨਾਲ ਖ਼ਾਸ ਮੇਲ ਗੇਲ ਨਹੀਂ ਹੋ ਸਕਿਆ। ਚਿੱਠੀਆਂ ਜ਼ਰੂਰ ਆਉਂਦੀਆਂ ਜਾਂਦੀਆਂ ਰਹੀਆਂ। ਪਤਾ ਨਹੀਂ ਉਹਦੀਆਂ ਚਾਰ ਕੁ ਚਿੱਠੀਆਂ ਮੇਰੇ ਪਾਸ ਅਜੇ ਵੀ ਕਿਵੇਂ ਪਈਆਂ ਰਹਿ ਗਈਆਂ। ਉਹਦੀ ਲੇਖਣੀ ਬੜੀ ਖੁਸ਼ਖੱਤ ਸੀ। ਇਕ ਚਿੱਠੀ ਉਤੇ 24.11.1975 ਦੀ ਮੋਹਰ ਹੈ। ਲਿਖਿਆ ਹੈ, ਵੀਰ ਸਰਵਨ, ਤੇਰੀ ਲਿਖਤ ਕੌਮੀ ਏਕਤਾ ਵਿਚ ਪੜ੍ਹੀ। ਮੈਂ ਖੁਸ਼ ਹਾਂ ਕਿ ਤੂੰ ਏਨੇ ਸਾਲਾਂ ਬਾਦ ਮੁੜ ਕਲਮ ਦਾ ਜੰਗਾਲ ਲਾਹਿਆ ਹੈ। ਤੇਰੀ ਕਲਮ ਤੇ ਸਰਸਵਤੀ ਸਵਾਰ ਹੈ, ਲਿਖਣ ਤੋਂ ਮੂੰਹ ਨਾ ਮੋੜੀਂ।
ਤੂੰ ਕਮਲਜੀਤ (ਏਸ਼ੀਆ ਦੀ 400 ਮੀਟਰ ਦੌੜ ਦੀ ਚੈਂਪੀਅਨ ਕਮਲਜੀਤ ਸੰਧੂ) ਬਾਰੇ ਲਿਖ ਕੇ ਭੇਜਿਆ ਹੈ, ਖ਼ੂਬ ਹੈ। ਪਰ ਉਸ ਨੂੰ ਕੁਝ ਮਹੀਨੇ ਲੰਘਾ ਕੇ ਛਾਪਾਂਗੇ। ਇਸ ਵਿਚਾਲੇ ਪੰਜਾਬ ਦੇ ਫੁਟਬਾਲ ਬਾਰੇ, ਉਸਦੇ ਪਾਲਿਟਿਕਸ ਬਾਰੇ, ਉਸਦੇ ਫੁਟਬਾਲਰਾਂ ਦੀਆਂ ਸਮੱਸਿਆਵਾਂ ਬਾਰੇ ਕੁਝ ਲਿਖ ਕੇ ਭੇਜ, ਨਿਝੱਕ ਤੇ ਬੇਬਾਕ। ਮੇਰੀ ਰੀਝ ਹੈ ਤੂੰ ਕੌਮੀ ਏਕਤਾ ਦੇ ਸਿ਼ਰੋਮਣੀ ਖੇਡ ਲਿਖਾਰੀ ਦੇ ਤੌਰ ਤੇ ਜਾਣਿਆ ਜਾਵੇਂ। ਹਾਂਮੁਖ ਜਵਾਬ ਭੇਜ। ਤੇਰਾ ਲੇਖ ਵੀ ਛੇਤੀ ਪੁਜਣਾ ਚਾਹੀਦਾ ਹੈ।
ਪਰਚਾ ਤਾਂ ਤੂੰ ਵੇਖ ਹੀ ਲਿਆ ਹੈ। ਇਸ ਵਿਚ ਛਪੇ ਲੇਖ ਦਾ ਮੁਲ ਤਸਵੀਰਾਂ ਕਰਕੇ ਹੀ ਪੈਂਦਾ ਹੈ। ਇਸ ਲਈ ਆਪਣੇ ਲੇਖ ਦੇ ਨਾਲ ਪੰਜ ਛੇ ਤਸਵੀਰਾਂ ਵੀ ਜ਼ਰੂਰ ਭੇਜੀਂ।
ਮੇਰਾ ਏਸ ਪਰਚੇ ਨਾਲ ਦੋਸਤਾਂ ਵਾਲਾ ਰਿਸ਼ਤਾ ਹੈ ਤੇ ਆਪਣੇ ਮਿਤ੍ਰਾਂ ਨੂੰ ਇਸ ਨਾਲ ਸੰਬੰਧਿਤ ਕਰਨ ਦਾ ਚਾਹਵਾਨ ਹਾਂ। ਤੇਰਾ ਆਪਣਾ, ਹਰਿਭਜਨ ਸਿੰਘ।
ਦੂਜੇ ਇਨਲੈਂਡ ਲੈਟਰ ਉਤੇ 22.12.1975 ਦੀ ਮੋਹਰ ਹੈ। ਵੀਰ ਸਰਵਨ, ਤੇਰਾ ਲੇਖ ਐਤਕੀਂ ਜਾ ਰਿਹੈ। ਫਲਾਇੰਗ ਸਿਖ ਦੀ ਕਹਾਣੀ ਤੂੰ ਫਲਾਇੰਗ ਪੈਨ ਨਾਲ ਲਿਖੀ ਹੈ। ਤੇਰੀ ਸ਼ੈਲੀ ਤੋਂ ਕੁਰਬਾਨ।
ਦੋ ਕੁ ਲੇਖ ਹੋਰ ਇਹੋ ਜਹੇ ਖਿਡਾਰੀਆਂ ਬਾਰੇ ਭੇਜ। ਇਕ ਦੋ ਲੇਖ ਖੇਡਾਂ ਬਾਰੇ ਵੀ। ਤੂੰ ਤਸਵੀਰਾਂ ਵੱਲ ਧਿਆਨ ਨਹੀਂ ਦੇਂਦਾ। ਤਸਵੀਰਾਂ ਲੇਖ ਦੀ ਜਿੰਦਜਾਨ ਹੁੰਦੀਆਂ ਹਨ। ਸੋ ਕੁਝ ਤਸਵੀਰਾਂ ਨਾਲ ਜ਼ਰੂਰ ਭੇਜਿਆ ਕਰ। ਇਕ ਵਾਰ ਫੇਰ ਮੁਬਾਰਕਬਾਦ। ਤੇਰਾ ਆਪਣਾ, ਹਰਿਭਜਨ ਸਿੰਘ।
ਉਹਦੀ ਅਗਲੀ ਚਿੱਠੀ 4/1/76 ਦੀ ਲਿਖੀ ਮਿਲੀ। ਸਰਵਨ, ਤੈਨੂੰ ਨਵਾਂ ਸਾਲ ਮੁਬਾਰਕ! ਨਵਾਂ ਸਾਲ ਤੇਰੀ ਕਲਮ ਨੂੰ ਹੋਰ ਵੀ ਤਿੱਖਾ ਕਰੇ। ਇਕ ਲੇਖ ਹੋਰ ਦੀ ਉਡੀਕ ਹੈ। ਤੇਰਾ, ਹਰਿਭਜਨ ਸਿੰਘ।
ਪਿਛੋਂ ਸੁਝੀ: ਤੇਰਾ ਲੇਖ ਇਕ ਵਾਰ ਫੇਰ ਪੜ੍ਹਿਆ। ਤੇਰੀ ਸ਼ੈਲੀ ਤੇ ਕੁਰਬਾਨ। ਤਾਰੀਫ਼ ਲਈ ਲਫ਼ਜ਼ ਨਹੀਂ ਅਹੁੜਦੇ।
ਫਿਰ 22/1 ਦੀ ਲਿਖੀ ਚਿੱਠੀ ਆਈ। ਵੀਰ ਸਰਵਨ, ਤੈਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾਂ। ਐਤਕੀਂ ਇਕ ਲੇਖ ਖੇਡਾਂ ਦੀਆਂ ਚਲੰਤ ਘਟਨਾਵਾਂ ਜਾਂ ਸਮਸਿਆਵਾਂ ਬਾਰੇ ਭੇਜ। ਤੇਰਾ ਇਕ ਲੇਖ ਪਹੁੰਚ ਚੁੱਕਾ ਹੈ। ਉਹ ਤਾਂ ਛਪਣਾ ਹੀ ਹੈ। ਪਰ ਕਰੰਟ ਟਾਪਕ ਉਪਰ ਵੀ ਤੇਰੀ ਕਲਮ ਚਲਣੀ ਚਾਹੀਦੀ ਹੈ। ਦੂਜੀ ਵਾਰ ਬੇਨਤੀ ਕਰ ਰਿਹਾ ਹਾਂ ਤਾਂ ਜੁ ਤੂੰ ਇਸ ਪਾਸੇ ਉਚੇਚਾ ਅਤੇ ਬਹੁਤ ਜਲਦੀ ਧਿਆਨ ਦੇਵੇਂ। ਤੇਰਾ, ਹਰਿਭਜਨ ਸਿੰਘ।
ਮੈਂ ਹੈਰਾਨ ਸਾਂ ਕਿ ਹਰਿਭਜਨ ਸਿੰਘ ਮੈਨੂੰ ਕੌਮੀ ਏਕਤਾ ਵਾਸਤੇ ਲਿਖਣ ਲਈ ਆਰਾਂ ਕਿਉਂ ਲਾ ਰਿਹਾ ਸੀ! ਉਹ ਚਿੱਠੀ ਉਤੇ ਚਿੱਠੀ ਪਾਈ ਜਾ ਰਿਹਾ ਸੀ।
ਫਿਰ ਸਚਿੱਤਰ ਕੌਮੀ ਏਕਤਾ ਦਾ ਪਰਚਾ ਮੈਨੂੰ ਡਾਕ ਰਾਹੀਂ ਮਿਲਿਆ ਜਿਸ ਵਿਚ ਫਲਾਈਂਗ ਸਿਖ ਮਿਲਖਾ ਸਿੰਘ ਵਾਲਾ ਲੇਖ ਛਪਿਆ ਸੀ। ਨਾਲ ਮੇਰੀ ਫੋਟੋ ਲੱਗੀ ਸੀ। ਦੋ ਕੁ ਦਿਨਾਂ ਬਾਅਦ ਸੌ ਰੁਪਏ ਦਾ ਮਨੀ ਆਰਡਰ ਵੀ ਮਿਲਿਆ। ਇਹ ਮੇਰੀ ਲਿਖਤ ਦੀ ਪਹਿਲੀ ਨਕਦ ਕਮਾਈ ਸੀ। ਉਨ੍ਹੀਂ ਦਿਨੀਂ ਸੌ ਰੁਪਏ ਹੁੰਦੇ ਵੀ ਬਹੁਤ ਸਨ। ਮਨੀ ਆਰਡਰ ਮਿਲਣ ਅਤੇ ਮੇਰੀ ਫੋਟੋ ਛਪਣ ਦੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਪਰ ਲੇਖ ਦੇ ਦੋ ਕੁ ਪੈਰਿਆਂ ਦੀ ਛੰਗਾਈ ਹੋ ਜਾਣ ਦਾ ਕੁਝ ਰੰਜ ਵੀ ਹੋਇਆ। ਮੈਂ ਆਪਣੇ ਜਾਣੇ ਇਕ ਇਕ ਲਫ਼ਜ਼ ਬੜਾ ਸੋਚ ਕੇ ਲਿਖਿਆ ਸੀ ਤੇ ਵਾਕਾਂ ਨੂੰ ਰੀਝ ਨਾਲ ਪਰੋਇਆ ਸੀ। ਮੈਨੂੰ ਉਦੋਂ ਨਹੀਂ ਸੀ ਪਤਾ ਕਿ ਮੈਗਜ਼ੀਨ ਦੀ ਸਪੇਸ ਮੁਤਾਬਿਕ ਕੁਝ ਪੈਰੇ ਕੱਟਣੇ ਵੀ ਪੈ ਸਕਦੇ ਹਨ। ਸੰਭਵ ਸੀ ਮੇਰੇ ਲੇਖ ਦੀ ਕਾਂਟ ਛਾਂਟ ਇਸੇ ਕਰਕੇ ਹੋਈ ਹੋਵੇ। ਪਰ ਮੈਥੋਂ ਮੇਰੀ ਲਿਖਤ ਨਾਲ ਹੋਇਆ ਇਹ ਅਨਰਥ ਜਰਿਆ ਨਹੀਂ ਸੀ ਜਾ ਰਿਹਾ। ਮਨ ਚ ਰੋਸ ਜਾਗਿਆ ਕਿ ਪਹਿਲਾਂ ਉਹਨੇ ਚਿੱਠੀ ਪਾ ਕੇ ਖ਼ੁਦ ਲਿਖਵਾਇਆ, ਫਿਰ ਕੱਟਿਆ। ਇਹ ਕਿਧਰਲਾ ਇਨਸਾਫ਼ ਹੋਇਆ?
ਰੋਸ ਵਿਚ ਮੈਂ ਡਾ. ਹਰਿਭਜਨ ਸਿੰਘ ਨੂੰ ਚਿੱਠੀ ਲਿਖ ਦਿੱਤੀ ਪਈ ਤੁਸੀਂ ਰੰਦਾ ਲਾਉਣ ਜਾਂ ਤੇਸਾ ਵਰਤਣ ਦੀ ਥਾਂ ਕੁਹਾੜਾ ਹੀ ਵਾਹ ਦਿੱਤਾ! ਪਤਾ ਨਹੀਂ ਸੰਪਾਦਕ ਬਣੇ ਡਾ. ਹਰਿਭਜਨ ਸਿੰਘ ਨੇ ਉਸ ਚਿੱਠੀ ਨੂੰ ਕਿਵੇਂ ਲਿਆ? ਪਰ ਪਿੱਛੋਂ ਭੇਜੇ ਮੇਰੇ ਲੇਖਾਂ ਵਿਚੋਂ ਕੋਈ ਵੀ ਸਤਰ ਨਾ ਕੱਟੀ ਗਈ। ਮੈਨੂੰ ਕੌਮੀ ਏਕਤਾ ਦਾ ਖੇਡ ਮੈਦਾਨ ਚੋਂ ਕਾਲਮ ਲਿਖਣ ਡਾ. ਹਰਿਭਜਨ ਸਿੰਘ ਨੇ ਹੀ ਲਾਇਆ ਜੋ ਮੈਂ ਮੈਗਜ਼ੀਨ ਦੇ ਬੰਦ ਹੋਣ ਤਕ ਲਗਭਗ ਚੌਦਾਂ ਪੰਦਰਾਂ ਸਾਲ ਲਿਖਿਆ। ਉਸ ਕਾਲਮ ਨੇ ਮੈਨੂੰ ਖੇਡ ਲੇਖਕ ਵਜੋਂ ਸਥਾਪਿਤ ਕੀਤਾ।
ਡਾ. ਹਰਿਭਜਨ ਸਿੰਘ ਨੂੰ ਰੋਸਮਈ ਚਿੱਠੀ ਲਿਖਣ ਪਿੱਛੋ ਮੈਂ ਪਛਤਾਇਆ ਕਿ ਮੈਨੂੰ ਰੰਦੇ, ਤੇਸੇ ਤੇ ਕੁਹਾੜੇ ਵਰਗੇ ਸ਼ਬਦ ਨਹੀਂ ਸਨ ਵਰਤਣੇ ਚਾਹੀਦੇ ਕਿਉਂਕਿ ਹਰਿਭਜਨ ਸਿੰਘ ਰਾਮਗੜ੍ਹੀਆ ਸੀ। ਇਹ ਉਹਦੀ ਜਾਤ ਪਰਖਣ ਵਾਲੀ ਗੱਲ ਸੀ। ਪਰ ਧੰਨ ਸੀ ਹਰਿਭਜਨ ਸਿੰਘ ਜਿਸ ਨੇ ਉੱਕਾ ਹੀ ਮਹਿਸੂਸ ਨਾ ਕੀਤਾ। ਹੋ ਸਕਦੈ ਉਸ ਨੇ ਇਹ ਸੋਚ ਕੇ ਮਾਫ਼ ਕਰ ਦਿੱਤਾ ਹੋਵੇ ਕਿ ਉਸੇ ਨੇ ਹੀ ਮੇਰਾ ਨਾਂ ਜੱਟ ਰੱਖਿਆ ਸੀ। ਐਵੇਂ ਤਾਂ ਨਹੀਂ ਕਹਿੰਦੇ ਕਿ ਜੱਟ ਦੀ ਜ਼ਬਾਨ ਕੁਹਾੜੇ ਵਰਗੀ ਹੁੰਦੀ ਹੈ!
ਡਾ. ਹਰਿਭਜਨ ਸਿੰਘ ਦੀ ਖੁੱਲ੍ਹਦਿਲੀ ਦਾ ਅਹਿਸਾਸ ਮੈਨੂੰ ਉਦੋਂ ਹੋਰ ਵੀ ਹੋਇਆ ਜਦੋਂ ਉਸ ਨੇ ਆਰਸੀ ਵਿਚ ਛਪਦੇ ਆਪਣੇ ਕਾਲਮ ਨਕਸ਼ ਨਵੇਰੇ ਵਿਚ ਮੇਰੀ ਕਿਤਾਬ ਖੇਡ ਸੰਸਾਰ ਬਾਰੇ ਲੇਖ ਲਿਖਿਆ। ਮੈਂ ਉਹ ਕਿਤਾਬ ਉਸ ਨੂੰ ਭੇਟ ਨਹੀਂ ਸੀ ਕੀਤੀ ਤੇ ਨਾ ਹੀ ਆਪਣੇ ਬਾਰੇ ਕਦੇ ਕੁਝ ਲਿਖਣ ਨੂੰ ਕਿਹਾ ਸੀ। ਇਕ ਦਿਨ ਮੈਂ ਕਾਲਜ ਤੋਂ ਘਰ ਨੂੰ ਆ ਰਿਹਾ ਸਾਂ ਕਿ ਸਾਹਿਤ ਰਸੀਏ ਬਲਵਿੰਦਰ ਸਿੰਘ ਬਰਾੜ ਨੇ ਅਗਾੜੀ ਮਿਲਦਿਆਂ ਦੱਸਿਆ ਬਈ ਤੇਰੇ ਬਾਰੇ ਲਿਖਦਿਆਂ ਡਾ. ਹਰਿਭਜਨ ਸਿੰਘ ਨੇ ਤਾਂ ਕਲਮ ਹੀ ਤੋੜ ਦਿੱਤੀ ਹੈ! ਗੱਲ ਮੈਨੂੰ ਸਮਝ ਨਾ ਆਈ। ਉਸ ਨੇ ਮੈਨੂੰ ਆਰਸੀ ਦਾ ਨਵਾਂ ਅੰਕ ਪੜ੍ਹਨ ਲਈ ਦਿੱਤਾ।
ਪਰਚਾ ਖੋਲ੍ਹਿਆ ਤਾਂ ਨਕਸ਼ ਨਵੇਰੇ ਕਾਲਮ ਵਿਚ ਹਰਿਭਜਨ ਸਿੰਘ ਦਾ ਲੰਮਾ ਲੇਖ ਸੀ-ਸਰਵਣ ਸਿੰਘ ਦਾ ਖੇਡ ਸੰਸਾਰ। ਉਸ ਦਾ ਕੁਝ ਕੁ ਚੋਣਵਾਂ ਭਾਗ ਇੰਜ ਸੀ:
ਸਰਵਣ ਸਿੰਘ ਬਾਰੇ ਲਿਖਣਾ ਸੌ ਗਜ਼ ਦੀ ਸਪਰਿੰਟ ਮਾਰਨਾ ਹੈ। ਉਹਦੀ ਲਿਖਤ ਹਰ ਥਾਂ ਮੁਕਾਬਲੇਬਾਜ਼ ਖੇਡ ਦਾ ਪ੍ਰਭਾਵ ਦੇਂਦੀ ਹੈ। ਉਹਦਾ ਵੇਗ ਪੈਰੋ ਪੈਰ ਤਿੱਖਿਓਂ ਤਿੱਖਾ ਹੁੰਦਾ ਜਾਂਦਾ ਹੈ...ਸਰਵਣ ਸਿੰਘ ਬਾਰੇ ਲਿਖਣ ਲੱਗਿਆਂ ਖ਼ੁਦ ਮੈਨੂੰ ਆਪਣੇ ਆਪ ਤੋਂ ਉਚੀ ਛਾਲ ਮਾਰਨੀ ਪਏਗੀ, ਪੋਲ ਵਾਲਟ ਦੇ ਟਪਾਰ ਵਾਂਗ...।
ਬਿਨਾਂ ਸ਼ੱਕ ਸਰਵਣ ਸਿੰਘ ਸ਼ਬਦਾਂ ਦਾ ਓਲਿੰਪੀਅਨ ਹੈ। ਵੇਖਣ ਨੂੰ ਉਹਦੀ ਲਿਖਤ ਸਿਧੀ ਸਾਦੀ ਜਾਪਦੀ ਹੈ, ਪਰ ਉਹਦੀ ਸ਼ਬਦ-ਘਾੜਤ ਪਿੱਛੇ ਬੜੀ ਕਰੜੀ ਘਾਲਣਾ ਦਾ ਝਾਉਲਾ ਪੈਂਦਾ ਹੈ। ਹਰ ਵਾਕ ਤਿੱਖੀ ਝੁੱਟੀ ਮਾਰ ਕੇ ਨੱਸਦਾ ਹੈ। ਉਹਦੇ ਵੇਗ ਤੋਂ ਤਾਂ ਇਹੋ ਜਾਪਦਾ ਹੈ ਕਿ ਉਹਨੇ ਜੱਗ ਜਿੱਤਣ ਦੇ ਮਨੋਰਥ ਨਾਲ ਕਰੜੀ ਮਸ਼ਕ ਕੀਤੀ ਹੈ...।
ਸਰਵਣ ਸਿੰਘ ਦੀ ਰਚਨਾ ਦੋਖ, ਦਵੈਖ ਜਾਂ ਦੁਰਭਾਵਨਾ ਤੋਂ ਅਸਲੋਂ ਪਾਕ ਸਾਫ ਹੈ। ਉਸ ਨੂੰ ਨਾ ਕਿਸੇ ਨਾਲ ਖੁਣਸ ਹੈ ਨਾ ਖ਼ਾਰ, ਨਾ ਕੀਨਾ ਨਾ ਕਦੂਰਤ। ਉਹਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚਾ ਵੀ ਹੈ ਤੇ ਸੁੱਚਾ ਵੀ। ਸੱਚ ਤੇ ਸੁੱਚ ਦਾ ਇਹ ਸੁਮੇਲ, ਪੂਰੇ ਤੇ ਪਿਆਰੇ ਦਾ ਗੰਢ-ਚਿਤਰਾਵਾ ਅੱਜ ਦੀ ਦੁਨੀਆ ਵਿਚ ਬੜਾ ਵਿਰਲਾ ਹੈ। ਸ਼ਬਦ-ਕਲਾ ਦੇ ਮਾਹਰ ਅੱਜ ਕੱਲ੍ਹ ਲੁੱਚੀਆਂ ਗੱਲਾਂ ਵੱਲ ਏਨੇ ਰੁਚਿਤ ਹੋ ਗਏ ਹਨ ਕਿ ਸੁੱਚੀਆਂ ਦਾ ਕਾਲ ਪਿਆ ਜਾਪਦਾ ਹੈ...ਇਹੋ ਜੇਹੇ ਮਾਰੂ ਮਾਹੌਲ ਵਿਚ ਸਰਵਣ ਸਿੰਘ ਜਿਹਾਂ ਦੀ ਕਿਰਤ ਕਾਲੇ ਪਾਣੀਆਂ ਵਿਚ ਇਕ ਚਿੱਟਾ ਜਜ਼ੀਰਾ ਜਾਪਦੀ ਹੈ...।
ਸਰਵਣ ਸਿੰਘ ਕਵਿਤਾ ਨਹੀਂ ਕਹਿੰਦਾ, ਨਾਵਲ-ਕਹਾਣੀ ਨਹੀਂ ਸੁਣਾਉਂਦਾ, ਨਾਟਕ ਨਹੀਂ ਵਿਖਾਉਂਦਾ ਤਾਂ ਵੀ ਮੈਨੂੰ ਉਸ ਵਿਚ ਸਾਹਿਤ-ਕਲਾ ਵਰਗਾ ਸੁਆਦ ਆਉਂਦਾ ਹੈ। ਸਰਵਣ ਸਿੰਘ ਦੀ ਲਿਖਤ ਵਿਚ ਫਾਊਲ ਕੋਈ ਨਹੀਂ। ਜੇ ਤੁਸੀਂ ਉਹਨੂੰ ਅਜੇ ਤਕ ਨਹੀਂ ਪੜ੍ਹਿਆ ਤਾਂ ਇਕ ਵਾਰ ਜ਼ਰੂਰ ਪੜ੍ਹੋ। ਤੁਸੀਂ ਕਵਿਤਾ, ਕਹਾਣੀ ਦੇ ਗਿੱਝੇ ਹੋਏ ਉਹਦੀ ਲਿਖਤ ਵੱਲ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੇ ਮੂੰਹ ਦਾ ਸੁਆਦ ਬਦਲਿਆ ਬਦਲਿਆ ਜਾਪੇਗਾ। ਸਾਹਿਤ ਦਿਨੋ ਦਿਨ ਨਿੰਦਣਜੋਗ, ਭੰਡਣਜੋਗ ਤੇ ਖੰਡਣਜੋਗ ਚਤਰਾਈ ਨਾਲ ਏਨਾ ਘਿਰ ਗਿਆ ਹੈ ਇਸ ਨੂੰ ਪਿਆਰਜੋਗ, ਸਤਿਕਾਰਜੋਗ ਤੇ ਸਵੀਕਾਰਜੋਗ ਵਰਗੇ ਸਹਿਜ ਗੁਣਾਂ ਨਾਲ ਜਿਵੇਂ ਵਾਕਫ਼ੀ ਹੀ ਨਹੀਂ ਰਹੀ...।
ਦੁਨੀਆ ਦੇ ਕੋਝ ਤੋਂ ਉਕਤਾ ਕੇ ਅਸੀਂ ਸੁਹਜੀਲੇ ਸਾਹਿਤ ਵੱਲ ਰੁਚਿਤ ਹੁੰਦੇ ਹਾਂ। ਜੇ ਸਾਹਿਤ ਵਿਚਲੇ ਕੋਝ ਤੋਂ ਵੀ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਊਂਦਾ ਹੈ। ਇਸ ਦੁਨੀਆ ਵਿਚ ਬਹੁਤ ਕੁਝ ਪਿਆਰ ਤੇ ਸਵੀਕਾਰ ਜੋਗਰਾ ਅਜੇ ਬਾਕੀ ਹੈ। ਸਾਨੂੰ ਕਿਸੇ ਸਾਹਿਤ-ਪਾਰਖੂ ਨੇ ਦੱਸਿਆ ਹੈ ਕਿ ਨਾਵਲ ਓਦੋਂ ਹੋਂਦ ਵਿਚ ਆਇਆ ਜਦੋਂ ਰੱਬ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਸੀ। ਮੈਨੂੰ ਜਾਪਦਾ ਹੈ ਸਰਵਣ ਸਿੰਘ ਓਸ ਰੁਖ਼ਸਤਸ਼ੁਦਾ ਰੱਬ ਨੂੰ ਮੁੜ ਦੁਨੀਆ ਵਿਚ ਮੋੜ ਲਿਆਇਆ ਹੈ। ਉਹਨੇ ਰੱਬੀ ਮਿਹਰ ਤੇ ਮਨੁੱਖੀ ਮਰਿਯਾਦਾ ਵਿਚ ਸਾਡੇ ਵਿਸਵਾਸ਼ ਨੂੰ ਮੁੜ ਪੱਕਾ ਕਰ ਦਿੱਤਾ ਹੈ...।
ਸਰਵਣ ਸਿੰਘ ਦੀ ਲਿਖਤ ਖੇਡਾਂ ਸੰਬੰਧੀ ਨਿਰਜਿੰਦ, ਨਿਰਭਾਵ ਜਾਣਕਾਰੀ ਨਹੀਂ ਦੇਂਦੀ, ਉਹਨਾਂ ਦੇ ਅੰਗ-ਸੰਗ ਹਸਦੀ ਹੈ, ਰੋਂਦੀ ਹੈ, ਡਰਦੀ ਹੈ, ਬੇਹੋਸ਼ ਹੋਣ ਤਕ ਜਾਂਦੀ ਹੈ। ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ ਬਗ਼ੈਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ ਬਗ਼ੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ ਤੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ...।
ਸ਼ਾਇਦ ਤੁਹਾਨੂੰ ਜਾਪੇਗਾ ਮੈਂ ਭਾਵਕ ਹੋ ਰਿਹਾਂ। ਜਾਪਦਾ ਮੈਨੂੰ ਵੀ ਹੈ। ਏਸੇ ਲਈ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਗਿਆ। ਪਰ, ਲਿਖੇ ਹੋਏ ਵਿਚੋਂ ਕੁਝ ਵੀ ਕੱਟਣ ਦਾ ਹੀਆ ਨਹੀਂ ਪਿਆ। ਮੈਨੂੰ ਖੇਡਾਂ ਵਿਚ ਖ਼ਾਸ ਦਿਲਚਸਪੀ ਨਹੀਂ, ਪਰ ਖੇਡਾਂ ਵਿਖਾਉਂਦੇ ਸਰਵਣ ਸਿੰਘ ਨੇ ਪੰਜਾਬੀ ਬੋਲੀ ਦੇ ਸੁਹੱਪਣ ਤੇ ਸਮਰੱਥਾ ਦਾ ਸੁਖਾਵਾਂ ਨਜ਼ਾਰਾ ਵੀ ਤਾਂ ਪੇਸ਼ ਕੀਤਾ ਹੈ। ਮੈਂ ਬੋਲੀ ਦੇ ਚਸਕੇ ਦਾ ਮਾਰਿਆ ਉਹਦੀਆਂ ਅੱਖਾਂ ਥਾਣੀ ਖੇਡਾਂ, ਖਿਡਾਰੀਆਂ, ਖੇਡ-ਵਿਦਿਆ ਤੇ ਖੇਡ-ਵਿਗਿਆਨ ਨਾਲ ਵਾਕਫ਼ੀ ਪਾ ਗਿਆ। ਤੁਸੀਂ ਪੁੱਛੋਗੇ: ਕੀ ਸਰਵਣ ਸਿੰਘ ਏਡਾ ਹੀ ਸਮਰੱਥਾਵਾਨ ਲਿਖਾਰੀ ਹੈ ਜਿੱਡਾ ਮੈਂ ਉਹਨੂੰ ਦੱਸ ਰਿਹਾ ਹਾਂ? ਮੈਂ ਵੀ ਇਸ ਕਿਤਾਬ ਨੂੰ ਪੜ੍ਹਦੇ ਪੜ੍ਹਦੇ ਰੁਕ ਜਾਂਦਾ ਰਿਹਾ ਹਾਂ ਤੇ ਗ਼ੈਰ-ਹਾਜ਼ਰ ਸਰਵਣ ਸਿੰਘ ਨੂੰ ਸਵਾਲ ਕਰਦਾ ਰਿਹਾਂ ਹਾਂ: ਕੀ ਤੇਰੀਆਂ ਖੇਡਾਂ ਦੇ ਖਿਡਾਰੀ ਸੱਚਮੁਚ ਹੀ ਏਨੇ ਸੋਹਣੇ ਹਨ?
ਇਹ ਲਿਖਤ ਪੜ੍ਹ ਕੇ ਮੈਨੂੰ ਖੁਸ਼ੀ ਤਾਂ ਹੋਣੀ ਹੀ ਸੀ ਨਾਲ ਸ਼ਰਮਿੰਦਗੀ ਵੀ ਹੋਈ ਕਿ ਜਿਸ ਸੱਜਣ ਬਾਰੇ ਕਦੇ ਮੈਂ ਲਾ ਕੇ ਸ਼ਬਦ ਵਰਤੇ ਸਨ ਉਸ ਨੇ ਮੇਰੀ ਲਿਖਤ ਦੀ ਸ਼ੋਭਾ ਵਿਚ ਸੱਚਮੁੱਚ ਕਲਮ ਤੋੜ ਦਿੱਤੀ ਸੀ!
ਡਾ. ਹਰਿਭਜਨ ਸਿੰਘ ਲੈਅ ਭਰਪੂਰ ਕਵੀ ਸੀ। ਉਹਦੀਆਂ ਕਵਿਤਾਵਾਂ ਪ੍ਰਗੀਤਕ ਲੈਅ ਚ ਸੁਗੰਧੀ ਵਾਂਗ ਫੈਲਦੀਆਂ ਸਨ:
ਵੇ ਮੈਂ ਭਰੀ ਸੁਗਧੀਆਂ ਪੌਣ ਸਜਣ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤਕ ਲੈ ਕੌਣ ਸਜਣ ਤੇਰੇ ਬੂਹੇ
ਮੇਰੀ ਕੱਚੜੀ ਪਹਿਲ ਵਰੇਸ ਸੰਗ ਤੇਰਾ ਚਾਹੇ
ਮੇਰੇ ਸੁਚੜੇ ਸੁਚੜੇ ਅੰਗ ਵਾਲ ਅਣਵਾਹੇ...
ਮੈਂ ਖੜ੍ਹੀ ਸੱਜਣ ਤੇਰੇ ਦੁਆਰ ਝੋਲ ਤਕਦੀਰਾਂ
ਮੇਰੀ ਰੁਸ ਨਾ ਜਾਏ ਸੁਗੰਧ ਉਡੀਕ ਅਖੀਰਾਂ
ਕਹੀ ਤਤੜੀ ਤਤੜੀ ਵਾ ਮੇਰਾ ਤਨ ਲੂਹੇ
ਵੇ ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ
ਤੂੰ ਇਕ ਵਾਰੀ ਤਕ ਲੈ ਕੌਣ ਸਜਣ ਤੇਰੇ ਬੂਹੇ।
ਡਾ. ਹਰਿਭਜਨ ਸਿੰਘ ਨੇ ਪੰਜਾਬੀ ਜ਼ਬਾਨ ਨੂੰ ਬਹੁਤ ਸਾਰੇ ਨਵੇਂ ਸ਼ਬਦ ਦਿੱਤੇ ਤੇ ਨਵੇਂ ਸਮਾਸ਼ ਘੜੇ: ਪੁੱਛ-ਸਤਾਏ, ਰਾਤ-ਖ਼ਾਮੋਸ਼ੀ, ਹੋਕਰ-ਮਾਰ, ਜਗਤ-ਵਿਖਾਲੇ, ਸੁਰਤ-ਵਿਹੂਣਾ, ਦਾਰੂ-ਦਿਓਤਾ, ਪੁੱਛ-ਨਿਸ਼ਾਨਾ, ਦਾਰੂ-ਧਿਆਨੀ, ਬਾਤ-ਬੁਝਾਰਤ, ਲੋਕ-ਨਦੀ, ਮਿੱਧ-ਮਧੋਲ, ਨਕਸ਼-ਪਛਾਣ, ਘਰ-ਦੀਵਾਰ ਤੇ ਰਾਜ-ਹੁਕਮ ਆਦਿ।
ਉਸ ਦੀ ਪਤਨੀ ਕਿਰਪਾਲ ਕੌਰ ਨੇ ਲਿਖਿਆ ਕਿ ਡਾ. ਸਾਹਿਬ ਸਿੱਧੇ ਸਾਦੇ, ਮਸਤ ਮਲੰਗ ਤੇ ਫਕੀਰਾਨਾ ਅੰਦਾਜ਼ ਵਾਲੇ ਵਿਅਕਤੀ ਸਨ। ਵਿਆਹ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਭਗਤ ਤੇ ਖੱਦਰ ਦੇ ਕਪੜੇ ਪਾਂਦੇ ਸਨ। ਇਹਨਾਂ ਦਾ ਸਾਰਾ ਜੀਵਨ ਸੰਘਰਸ਼ ਵਿਚੋਂ ਲੰਘਿਆ, ਸਾਹਿਤ ਦੇ ਲੇਖੇ ਲਾਇਆ ਤੇ ਸਾਹਿਤ ਰਚਦੇ-ਰਚਦੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਹੁਤ ਵਾਰੀ ਇਹਨਾਂ ਕੋਲੋਂ ਸੁਣਿਆ:
ਸਜਨਾਂ ਦੀ ਮਿਜਮਾਨੀ ਖ਼ਾਤਰ,
ਦਿਲ ਦਾ ਲਹੂ ਛਾਣੀ ਦਾ,
ਕੱਢ ਕਲੇਜਾ ਕੀਤਮ ਬੇਰੇ
ਸੋ ਵੀ ਲਾਇਕ ਨਹੀਂ ਹੈ ਤੇਰੇ,
ਹੋਰ ਤੌਫ਼ੀਕ ਨਹੀਂ ਕੁਝ ਮੇਰੇ।
ਇਕ ਕਟੋਰਾ ਪਾਣੀ ਦਾ।

ਡਾ. ਹਰਿਭਜਨ ਸਿੰਘ ਗੁਰਬਾਣੀ, ਸੂਫ਼ੀ ਕਲਾਮ, ਕਿੱਸਾ ਕਾਵਿ ਤੇ ਲੋਕ ਗੀਤਾਂ ਦੀਆਂ ਪੰਗਤੀਆਂ ਅਕਸਰ ਗੁਣਗਣਾਉਂਦਾ:
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ
ਸਦਾ ਨਾ ਐਸ਼ ਜਵਾਨੀ ਮਾਪੇ ਸਦਾ ਨਾ ਮਜਲਸ ਯਾਰਾਂ...
ਆਸ਼ਕ ਜਿਊਣ ਭਾਵੇਂ ਲੱਖ ਹਜ਼ਾਰ ਬਰਸਾਂ,
ਇਸ਼ਕ ਜੀਂਵਦਾ ਮਸਾਂ ਦਿਨ ਚਾਰ ਮੀਆਂ...
ਨਾ ਦਰਵਾਜ਼ੇ ਖੁੱਲ੍ਹਦੇ ਸਾਨੂੰ ਨਾ ਹੁੰਦੇ ਬੰਦ ਝਰੋਖੇ...
1984 ਵਿਚ ਉਹ ਇੰਗਲੈਂਡ ਗਿਆ ਤਾਂ ਸਾਥੀ ਲੁਧਿਆਣਵੀ ਨੇ ਉਸ ਨਾਲ ਰੇਡੀਓ ਗੱਲ ਬਾਤ ਕੀਤੀ। ਜਾਣ ਪਛਾਣ ਕਰਾਉਂਦਿਆਂ ਉਸ ਨੇ ਹਰਿਭਜਨ ਸਿੰਘ ਨੂੰ ਸਿਰ ਤੋਂ ਪੈਰਾਂ ਤਕ ਕਵੀ ਕਿਹਾ। ਸਵਾਲ ਹੋਏ ਤਾਂ ਹਰਿਭਜਨ ਸਿੰਘ ਨੇ ਦੱਸਿਆ:
-ਸਵੇਰੇ ਉੱਠ ਕੇ ਮੈਂ ਘੱਟੋਘੱਟ ਚਾਰ ਪੰਜ ਘੰਟੇ ਪੜ੍ਹਦਾ ਲਿਖਦਾ ਹਾਂ ਤੇ ਕਦੇ ਕਦੇ ਅਨੁਵਾਦ ਵੀ ਕਰਦਾ ਹਾਂ। ਇਹ ਮੈਂ ਉਦੋਂ ਕਰਦਾ ਹਾਂ ਜਦੋਂ ਕਰੀਏਟਿਵ ਕੰਮ ਤੋਂ ਵਿਹਲਾ ਹੋਵਾਂ। ਅਨੁਵਾਦ ਵੀ ਮੈਂ ਉਹੋ ਕਰਦਾ ਹਾਂ ਜਿਸ ਵਿਚੋਂ ਮੈਨੂੰ ਸੁਆਦ ਆਵੇ ਭਾਵ ਕਿਸੇ ਕਵੀ ਦੀ ਕਵਿਤਾ ਆਦਿ। ਕਵਿਤਾ ਲਿਖਣੀ ਮੇਰੇ ਲਈ ਅਨੰਦਮਈ ਤੇ ਸਰੋਦੀ ਕੰਮ ਹੁੰਦਾ ਹੈ। ਮੈਂ ਕਈ ਵੇਰ ਅਜਿਹੇ ਕੰਮ ਵੀ ਕਰਦਾ ਹਾਂ ਜਿਸ ਦਾ ਸਾਹਿਤ ਨਾਲ ਕੋਈ ਸੰਬੰਧ ਨਹੀਂ ਹੁੰਦਾ ਮਸਲਨ ਸੈਕੰਡਰੀ ਬੋਰਡ ਆਫ਼ ਐਜੂਕੇਸ਼ਨ ਦਿੱਲੀ ਵਾਸਤੇ ਪੰਜਾਬੀ ਵਿਚ ਟੈਕਸਟ-ਬੁੱਕਾਂ ਤਿਆਰ ਕਰਨੀਆਂ।
-ਮੇਰੇ ਘਰ ਕੋਈ ਸਿਗਰਟ ਨਹੀਂ ਪੀ ਸਕਦਾ। ਮੇਰੀ ਘਰਵਾਲੀ ਨਾਰਾਜ਼ ਹੋ ਜਾਂਦੀ ਹੈ। ਉਹ ਸਿ਼ਵ ਕੁਮਾਰ ਨੂੰ ਬਹੁਤ ਪਿਆਰ ਕਰਦੀ ਸੀ। ਉਹ ਕਈ ਵੇਰ ਸਾਡੇ ਘਰ ਆਇਆ। ਰੋਟੀ ਖਾਂਦਾ ਸੀ, ਸੌਂਦਾ ਸੀ ਪਰ ਸਿਗਰਟ ਨਹੀਂ ਸੀ ਪੀ ਸਕਦਾ। ਵਿਚਾਰਾ ਬਾਹਰ ਖੜ੍ਹ ਕੇ ਸਿਗਰਟ ਪੀ ਕੇ ਆਉਂਦਾ ਸੀ।
-ਕਿੱਸਿਆਂ ਚੋਂ ਕਾਦਰਯਾਰ ਤੇ ਰੂਪਬਸੰਤ ਨੂੰ ਮੈਂ ਬੜੇ ਧਿਆਨ ਨਾਲ ਪੜ੍ਹਿਐ। ਦੋਹਾਂ ਵਿਚ ਘਰੋਂ ਨੱਸੇ ਹੋਇਆਂ ਦਾ ਜਿ਼ਕਰ ਹੈ। ਮੈਂ ਇਸੇ ਨੁਕਤਾ ਨਿਗਾਹ ਤੋਂ ਸਾਰਾ ਪੰਜਾਬੀ ਸਾਹਿਤ ਸਟੱਡੀ ਕੀਤੈ। ਮੈਂ ਚੂੰਕਿ ਆਪਣੇ ਆਪ ਨੂੰ ਆਈਡੈਂਟੀਫਾਈ ਹੀ ਘਰੋਂ ਨੱਸੇ ਲੋਕਾਂ ਨਾਲ ਕਰਦਾ ਹਾਂ। ਇਹ ਮੇਰੇ ਬਚਪਨ ਦੇ ਤਿੱਖੇ ਅਹਿਸਾਸਾਂ ਦੀ ਦੇਣ ਹੈ। ਹੀਰ ਦਾ ਰਾਂਝਾ ਘਰੋਂ ਨੱਸਿਆ ਹੋਇਆ ਸੀ। ਮੈਂ ਪਰਵਾਸੀਆਂ ਬਾਰੇ ਵੀ ਏਦਾਂ ਹੀ ਸੋਚਦਾਂ ਕਿ ਪੰਜਾਬ ਦੇ ਬੰਦੇ ਘਰੋਂ ਰੋਟੀ ਕਮਾਉਣ ਲਈ ਨੱਸੇ ਹੋਏ ਹਨ।
-ਮੈਂ ਕਿਵੇਂ ਆਖਾਂ ਕਿ ਸਿੱਖ ਇਕ ਕੌਮ ਹੈ। ਸਾਡੀਆਂ ਕੌਮਾਂ ਹਨ ਤਰਖਾਣ, ਛੀਂਬੇ, ਨਾਈ, ਮਜ਼ਬੀ, ਜੱਟ ਤੇ ਬਾਹਮਣ ਆਦਿ। ਮੇਰੇ ਘਰ ਦੀ ਰਜਿਸਟਰੀ ਵਿਚ ਲਿਖਿਆ ਹੋਇਐ-ਨਾਮ ਹਰਿਭਜਨ ਸਿੰਘ ਵਲਦ ਗੰਡਾ ਸਿੰਘ, ਕੌਮ ਰਾਮਗੜ੍ਹੀਆ।
ਸਿੱਖਾਂ ਵਿਚ ਪ੍ਰਚਲਿਤ ਜਾਤ ਪਾਤ ਉਤੇ ਏਦੂੰ ਵੱਡਾ ਵਿਅੰਗ ਹੋਰ ਕੀ ਹੋ ਸਕਦੈ?
ਨੀਲੇ ਤਾਰੇ ਦੇ ਸਾਕੇ ਨੂੰ ਉਸ ਨੇ ਜੜ੍ਹਾਂ ਵਾਲਾ ਫੋੜਾ ਕਿਹਾ ਸੀ। ਇਹ ਨਿਰੋਲ ਇਤਿਹਾਸਕ ਘਟਨਾ ਨਹੀਂ, ਇਹ ਸਭਿਆਚਾਰਕ ਤ੍ਰਾਸਦੀ ਹੈ। ਕਵਿਤਾ ਵਿਚ ਇਹਨੇ ਕਰੁਣਾ, ਭੈਅ ਅਤੇ ਕਚਿਆਣ ਦੇ ਰਲੇ ਮਿਲੇ ਚਿਤਰ ਬਣ ਕੇ ਪ੍ਰਗਟ ਹੋਣਾ ਹੀ ਸੀ। ਇਸ ਸਾਕੇ ਬਾਰੇ ਉਸ ਦੀਆਂ ਕਵਿਤਾਵਾਂ ਹਨ:
ਮਾਏ ਮੈਨੂੰ ਅੰਬਰਸਰ ਲਗਦਾ ਪਿਆਰਾ
ਸੋਨੇ ਦੀਆਂ ਜਿਥੇ ਇੱਟਾਂ ਨੇ ਲੱਗੀਆਂ
ਚਾਂਦੀ ਦਾ ਲੱਗਿਆ ਏ ਗਾਰਾ
ਹਰਿਮੰਦਰ ਤਾਂ ਸਭ ਦਾ ਸਾਂਝਾ
ਸਮਤਾ ਦਾ ਭੰਡਾਰਾ
ਹਰਿਮੰਦਰ ਨੂੰ ਤੁਰਦੀ ਜਾਵਾਂ
ਮਨ ਵਿਚ ਸੈਂਸਾ ਭਾਰਾ
ਹਿੰਦੂ ਪੇਕੇ ਮੇਰੇ ਸਿਖ ਸਹੁਰੇ
ਮੇਰਾ ਕਿਥੇ ਸ਼ੁਮਾਰਾ
ਤੈਂ ਦਰ ਛਡ ਕੇ ਮੈਂ ਕੈਂ ਦਰ ਜਾਵਾਂ
ਕੌਣ ਕਰੇ ਨਿਸਤਾਰਾ?
ਦੂਜੀ ਕਵਿਤਾ ਦਾ ਇਕ ਬੰਦ:
ਹਮਰੀ ਵੇਦਨ ਸਭ ਜਗ ਜਾਣੇ
ਚਹੁੰਕੁੰਟੀ ਜੁਗ ਚਾਰੋ
ਇਹ ਅਨਹੋਣੀ ਤੈਂ ਦਰ ਹੋਈ
ਧਰਮ ਕੁਧਰਮ ਨਿਤਾਰੋ
ਤੇਰੀ ਡਿਓੜ੍ਹੀ ਦਾਗ਼ ਪਿਆ ਹੈ
ਕਿਰਪਾ ਸਹਿਤ ਉਤਾਰੋ।
ਹਰਿਭਜਨ ਸਿੰਘ ਦੀ ਲਿਖਤ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਸਾਡੇ ਅੰਤਰਮਨ ਵਿਚ ਜੜ੍ਹਾਂ ਵਾਲੇ ਫੋੜੇ ਦੇ ਬੀਜ ਬੀਜੇ ਜਾ ਰਹੇ ਸਨ। ਹਰ ਸਭਿਆਚਾਰ ਦੀਆਂ ਆਪਣੀਆਂ ਵਰਜਨਾਵਾਂ ਹੁੰਦੀਆਂ ਹਨ। ਜਦੋਂ ਉਨ੍ਹਾਂ ਵਰਜਨਾਵਾਂ ਨੂੰ ਉਲੰਘਿਆ ਜਾਂਦਾ ਹੈ, ਕਵਿਤਾ ਬੇਅਖ਼ਤਿਆਰ ਹੋ ਕੇ ਆਪਣਾ ਰੁਦਨਮਈ ਸਵਰ ਅਲਾਪਦੀ ਹੈ। ਉਹ ਜੋ ਅੰਮ੍ਰਿਤਸਰ ਦਾ ਸਿਫ਼ਤੀ ਚਿਹਰਾ ਵਿਗਾੜ ਰਹੇ ਸਨ, ਪ੍ਰਕਰਮਾਂ ਵਿਚ ਕਤਲ ਕਰ ਕੇ ਹਰਿਮੰਦਰ ਸਾਹਿਬ ਦੀ ਪਵਿਤਰਤਾ ਨੂੰ ਦਾਗ਼ਦਾਰ ਕਰ ਰਹੇ ਸਨ, ਉਹ ਪੰਜਾਬ ਦੇ ਜਾਤੀ ਅਵਚੇਤਨ ਉਪਰ ਸੱਟ ਮਾਰ ਰਹੇ ਸਨ। ਇਹਨਾਂ ਲੋਕਾਂ ਨੂੰ ਇਹ ਚੇਤਨਾ ਨਹੀਂ ਸੀ ਕਿ ਜਾਤੀ ਅਵਚੇਤਨ ਨੂੰ ਮਾਰਿਆ ਨਹੀਂ ਜਾ ਸਕਦਾ।
ਉਸ ਨੇ ਲਿਖਿਆ, ਸਾਕਾ ਨੀਲਾ ਤਾਰਾ ਨੂੰ ਕੁਝ ਦਿਨ ਬੀਤੇ ਤਾਂ ਭਾਪਾ ਪ੍ਰੀਤਮ ਸਿੰਘ ਦੀ ਫ਼ਰਮਾਇਸ਼ ਹੋਈ। ਫ਼ਰਮਾਇਸ਼ੀ ਕਵਿਤਾਵਾਂ ਲਿਖਣੋਂ ਮੈਂ ਆਮ ਤੌਰ ਤੇ ਸੰਕੋਚ ਕਰਦਾ ਹਾਂ, ਪਰ ਇਹ ਕਵਿਤਾ ਤਾਂ ਜਿਵੇਂ ਫ਼ਰਮਾਇਸ਼ ਦੀ ਉਡੀਕ ਵਿਚ ਸੀ। ਆਵੇਸ਼ ਦੀ ਹਾਲਤ ਹੀ ਵਿਚ ਲਿਖਿਆ ਗਿਆ:
ਫ਼ੌਜਾਂ ਕੌਣ ਦੇਸ ਤੋਂ ਆਈਆਂ
ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ
ਕਿਸਤੋਂ ਕਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ ਜਿਸਨੇ
ਪੱਕੀਆਂ ਕੰਧਾਂ ਢਾਹੀਆਂ
ਸਿਫ਼ਤ ਸਰੋਵਰ ਡੱਸਿਆ
ਅੱਗਾਂ ਪੱਥਰ ਦੇ ਵਿਚ ਲਾਈਆਂ
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ।
ਭਾਪਾ ਪ੍ਰੀਤਮ ਸਿੰਘ ਨੇ ਇਸ ਨਜ਼ਮ ਨੂੰ ਪਸੰਦ ਕੀਤਾ। ਆਰਸੀ ਦੇ ਅਗਲੇ ਸੰਸਕਰਣ ਇਕ ਹੋਰ ਨਜ਼ਮ ਦੀ ਉਸੇ ਤਰ੍ਹਾਂ ਮੰਗ ਹੋਈ। ਨਜ਼ਮਾਂ ਦਾ ਤਾਂ ਹੜ੍ਹ ਆਇਆ ਪਿਆ ਸੀ। ਮੈਂ ਇਕ ਹੋਰ ਨਜ਼ਮ ਭੇਜੀ:
ਜੈ ਜੈ ਮਾਤਾ ਜੈ ਮਤਰੇਈ
ਜਗ ਤੇ ਹੋਰ ਨ ਤੇਰੇ ਜੇਹੀ
ਤੂੰ ਸੰਤਾਂ ਤੋਂ ਦੈਂਤ ਬਣਾਵੇਂ
ਦੈਂਤ ਸ਼ਹੀਦੀ ਤਕ ਪਹੁੰਚਾਵੇਂ
ਸੰਤ ਮਰੇ ਜਾਂ ਦੈਂਤ ਬਿਨਾਸੇ?
ਹੰਝੂਆਂ ਤੋਂ ਪੁੱਛਦੇ ਨੇ ਹਾਸੇ
ਕਰਾਮਾਤ ਕੀਤੀ ਇਹ ਕੇਹੀ
ਹਰਿਮੰਦਰ ਦੀ ਕਰਨ ਜੁਹਾਰੀ
ਤੂੰ ਕਰ ਆਈ ਟੈਂਕ ਸਵਾਰੀ
ਸਤਿ ਸਿੰਘਾਸਣ ਹੱਥੀਂ ਢਾਹਿਆ
ਤੇ ਮੁੜ ਹੱਥੀਂ ਆਪ ਬਣਾਇਆ
ਵਾਹ ਰਚਨਾ ਵਾਹ ਖੇਹੋ ਖੇਹੀ
ਸੋਨ-ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇ
ਆਪੇ ਤੂੰ ਸੰਕਟ ਉਪਜਾਵੇਂ
ਨਿਕਟੀ ਹੋ ਕੇ ਆਪ ਬਚਾਵੇਂ
ਨਿਤ ਨਿਰਮੋਹੀ ਸਦਾ ਸਨੇਹੀ
ਅਸਾਂ ਤਾਂ ਤਖ਼ਤ ਹਜ਼ਾਰੇ ਰਹਿਣਾ
ਭਾਵੇਂ ਭਠ ਖੇੜਿਆਂ ਦਾ ਸਹਿਣਾ
ਤੁਮਰੀ ਗਣਤ ਗਣੇ ਨਾ ਕੋਈ
ਹਰ ਅਨਹੋਣੀ ਤੁਮ ਤੇ ਹੋਈ
ਹਰ ਥਾਂ ਤੇਰੀ ਪੇਓ ਪੇਈ।

ਜਦੋਂ ਭਾਪਾ ਜੀ ਨੇ ਆਰਸੀ ਦੇ ਅਗਲੇ ਸੰਸਕਰਣ ਵਿਚ ਨਜ਼ਮ ਨਾ ਛਾਪੀ ਤਾਂ ਮੈਂ ਉਹਨੂੰ ਇਸ ਬਾਰੇ ਕੁਝ ਪੁੱਛਿਆ ਨਾ। ਉਂਜ, ਜਾਪਦਾ ਸੀ ਅੰਦਰਖਾਨੇ ਉਹ ਪਰੇਸ਼ਾਨ ਸੀ। ਮੈਂ ਆਰਸੀ ਦੇ ਦਫ਼ਤਰ ਗਿਆ ਤਾਂ ਉਹਨੇ ਕਿਹਾ: ਉਹ ਨਜ਼ਮ ਮੈਂ ਨਹੀਂ ਛਾਪੀ। ਮੈਂ ਸਮਝਦਾ ਹਾਂ ਕਾਫੀ ਹੋ ਚੁੱਕੈ। ਹੋਰ ਨਹੀਂ ਲੋੜ ਹੁਣ। ਭਾਵੇਂ ਭਾਪਾ ਲਹੂ ਦੇ ਚੁਬੱਚੇ ਛਾਪਣ ਦੀ ਲੋੜ ਅਜੇ ਵੀ ਸਮਝਦਾ ਸੀ, ਪਰ ਮੇਰੀਆਂ ਨਜ਼ਮਾਂ ਲਈ ਉਹਦਾ ਦਰਵਾਜ਼ਾ ਬੰਦ ਹੋ ਚੁੱਕਾ ਸੀ। ਹਰਿਮੰਦਰ ਸਾਹਿਬ ਉਪਰ ਹੀ ਹਮਲਾ ਨਹੀਂ ਸੀ ਹੋਇਆ, ਉਹਦੇ ਸ਼ਰਧਾਲੂਆਂ ਦਾ ਮਨੋਬਲ ਤੋੜਨ ਦੀ ਅਚੇਤ ਜਾਂ ਸਚੇਤ ਪ੍ਰਕ੍ਰਿਆ ਵੀ ਸ਼ੁਰੂ ਹੋ ਚੁੱਕੀ ਸੀ।
1984 ਦੇ ਸਾਕੇ ਨੀਲੇ ਤਾਰੇ ਤੇ ਪਿੱਛੋਂ ਦਿੱਲੀ ਦੇ ਸਿੱਖ ਕਤਲੇਆਮ ਨੇ ਡਾ. ਹਰਿਭਜਨ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਸ ਵੇਲੇ ਉਹ 65 ਵਰ੍ਹਿਆਂ ਦਾ ਸੀ ਤੇ ਉਸ ਦੀ ਰਿਟਾਇਰਮੈਂਟ ਸ਼ੁਰੂ ਹੋ ਚੁੱਕੀ ਸੀ। ਉਹ ਆਪਣੀ ਅਗਲੇਰੀ ਵਸੋਂ ਲਈ ਨਵਾਂ ਘਰ ਪਾ ਰਿਹਾ ਸੀ ਜਿਸ ਦੇ ਅਜੇ ਅਧੂਰੇ ਜਿਹੇ ਦੋ ਕਮਰੇ ਤਿਆਰ ਹੋਏ ਸਨ। ਜਿਦਣ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ ਕਿ ਇਹ ਕਤਲ ਬੇਕਸੂਰ ਸਿੱਖਾਂ ਦਾ ਕਤਲੇਆਮ ਬਣ ਜਾਵੇਗਾ। ਰਾਤੀਂ ਟੀ. ਵੀ. ਉਪਰ ਖੂੰਨ ਕਾ ਬਦਲਾ ਖੂੰਨ ਸੇ ਲੇਂਗੇ ਦਾ ਨਾਹਰਾ ਬੁਲੰਦ ਹੋਇਆ ਤਾਂ ਲੱਗਾ ਜਿਵੇਂ ਕਿਸੇ ਸਿਰਫਿਰੇ ਦਾ ਪ੍ਰਲਾਪ ਹੈ। ਪਰ ਜਦੋਂ ਇਸ ਨਾਹਰੇ ਨੂੰ ਦੂਹਰੀ ਵਾਰ ਪ੍ਰਸਾਰਿਆ ਗਿਆ ਤਾਂ ਸਪੱਸ਼ਟ ਹੋ ਗਿਆ ਕਿ ਸਰਕਾਰ ਦਾ ਹੀ ਸਿਰ ਫਿਰ ਗਿਆ ਹੈ।
ਅਗਲੇ ਦਿਨ ਉਨ੍ਹਾਂ ਦੇ ਅਧੂਰੇ ਘਰ ਦੁਆਲੇ ਦਾ ਅਸਮਾਨ ਅੱਗਾਂ ਨਾਲ ਤਪਿਆ ਹੋਇਆ ਸੀ। ਘਰ ਚ ਹਰਿਭਜਨ ਸਿੰਘ ਤੇ ਉਹਦੀ ਪਤਨੀ ਕਿਰਪਾਲ ਕੌਰ ਹੀ ਸਨ। ਬੱਚੇ ਰਾਜੌਰੀ ਗਾਰਡਨ ਸਨ। ਉਸਰ ਰਹੇ ਨਵੇਂ ਘਰ ਤੋਂ ਸੌ ਕੁ ਕਦਮਾਂ ਦੀ ਵਿਥ ਤੇ ਗੁਰਦੁਆਰਾ ਅੱਗ ਦੀ ਭੇਟ ਹੋ ਚੁੱਕਾ ਸੀ। ਪਹਿਲੀ ਦੂਜੀ ਨਵੰਬਰ ਦੀ ਰਾਤ ਸੀ। ਉਨ੍ਹਾਂ ਨੂੰ ਗਲੀ ਚੋਂ ਲੰਘਦੇ ਮਾਰਧਾੜ ਕਰਦੇ ਮੁਲਖਈਏ ਦੀ ਆਵਾਜ਼ ਕੰਨੀਂ ਪਈ। ਕੁੱਤੇ ਬਹੁਤ ਭੌਂਕੇ। ਹਰਿਭਜਨ ਸਿੰਘ ਘੂਕ ਸੁੱਤਾ ਪਿਆ ਸੀ। ਮਾਰਧਾੜ ਦੀਆਂ ਆਵਾਜ਼ਾਂ ਸੁਣ ਕੇ ਉਹਦੀ ਪਤਨੀ ਨੇ ਆਪਣੇ ਸਿਰ ਦੇ ਸਾਈਂ ਨੂੰ ਝੂਣ ਕੇ ਜਗਾਇਆ ਤੇ ਖ਼ਾਮੋਸ਼ ਅੱਖਾਂ ਨਾਲ ਤੇਰੀ ਸਾਡੀ ਰਾਮਸੱਤ, ਜਾਂਦੀ ਵਾਰ ਦੀ ਕਹਿ ਦਿੱਤੀ। ਦੋ ਕਮਰੇ ਸਨ, ਅਜੇ ਪੂਰੀ ਤਰ੍ਹਾਂ ਰਹਿਣਯੋਗ ਨਹੀਂ ਸਨ। ਨਾ ਕੋਈ ਦੀਵਾ ਬੱਤੀ ਸੀ। ਮੁਲਖਈਏ ਨੇ ਇਨ੍ਹਾਂ ਨੂੰ ਸੱਖਣੇ ਸਮਝ ਲਿਆ। ਪਰ ਜਦੋਂ ਤਕ ਦੰਗਈ ਮਾਰੋ ਮਾਰ ਕਰਦੇ ਅੱਗੇ ਨਾ ਨਿਕਲ ਗਏ ਦੋਹਾਂ ਜੀਆਂ ਦੇ ਪ੍ਰਾਣ ਸੂਤੇ ਰਹੇ। ਉਨ੍ਹਾਂ ਨੂੰ ਜਿਊਂਦੇ ਜੀਅ ਸੂਲੀ ਤੇ ਲਟਕਣ ਦਾ ਅਨੁਭਵ ਹੋਇਆ। ਅਗਲੇ ਦਿਨ ਕਵਿਤਾ ਲਿਖੀ:
ਰਾਤ ਕੁਝ ਕੁੱਤੇ ਭੌਂਕਦੇ ਸੀ ਤੇ ਖ਼ਾਮੋਸ਼ੀ ਸੀ
ਕੋਈ ਤਲਵਾਰ ਸਿਰ ਉਤੇ ਸੀ ਤੇ ਖ਼ਾਮੋਸ਼ੀ ਸੀ
ਬਾਹਰ ਏਕਾਂਤ ਚ ਲਗਦਾ ਸੀ ਕੋਈ ਤੁਰਦਾ ਹੈ
ਲੋਕ ਸਭ ਨੀਂਦ ਵਿਗੁੱਤੇ ਸੀ ਤੇ ਖ਼ਾਮੋਸ਼ੀ ਸੀ
ਆਪਣੇ ਲਾਗੇ ਸਾਂ ਪਿਆ ਆਪ ਹੀ ਮੈਂ ਕਫ਼ਨ ਸਮੇਤ
ਸੋਗ ਦਾ ਭਾਰ ਮੇਰੇ ਉਤੇ ਸੀ ਤੇ ਖ਼ਾਮੋਸ਼ੀ ਸੀ
ਮਰ ਚੁੱਕੀ ਮਾਂ ਸੀ ਉਹਦੇ ਵੈਣ ਚ ਮੇਰਾ ਨਾਂ ਸੀ
ਸੁਣਦੇ ਸਭ ਲੋਕ ਨਿਪੁੱਤੇ ਸੀ ਤੇ ਖ਼ਾਮੋਸ਼ੀ ਸੀ।
ਚਾਰ ਦਿਨ ਲਗਾਤਾਰ ਦੇਸ ਦੇ ਨਾਦਰਸ਼ਾਹਾਂ ਨੇ ਸਾੜਫੂਕ ਤੇ ਕਤੋਗ਼ਾਰਤ ਦਾ ਦੌਰ ਜਾਰੀ ਰੱਖਿਆ। ਹਰਿਭਜਨ ਸਿੰਘ ਦੇ ਬਚਪਨ ਦੇ ਯਾਰ, ਸੁਦਰਸ਼ਨ, ਜਸਵੰਤ ਸਿੰਘ, ਸ਼ਗਿਰਦ ਜਸਵਿੰਦਰ ਸਿੰਘ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਗਿਆਨੀ ਕੁਲਦੀਪ ਸਿੰਘ ਨਾਦਰਸ਼ਾਹੀ ਦੀ ਭੇਟ ਚੜ੍ਹ ਚੁੱਕੇ ਸਨ। ਹਰਿਭਜਨ ਸਿੰਘ ਦੀ ਲਿਖਤ ਅਨੁਸਾਰ ਬਲਵਾ ਕਰਨ ਵਾਲੇ ਨਿਰੇ-ਪੁਰੇ ਬਲਵਈ ਨਹੀਂ ਸਨ, ਇਕ ਧਰਮ ਵਿਸ਼ੇਸ਼ ਦੇ ਜੀ ਸਨ ਤੇ ਦੂਜੇ ਧਰਮ ਵਿਸ਼ੇਸ਼ ਦਾ ਜੀਅ ਹੋਣ ਕਾਰਨ ਹੀ ਉਹ ਮੇਰੀ ਤੇ ਮੇਰੇ ਜਿਹਾਂ ਦੀ ਤਲਾਸ਼ ਵਿਚ ਸਨ। ਇਹ ਤੱਥ ਬਾਰ ਬਾਰ ਮੇਰੀ ਕਵਿਤਾ ਵਿਚ ਪੇਸ਼ ਹੋਣ ਦੀ ਜਿ਼ਦ ਕਰਦਾ ਰਿਹਾ। ਮੇਰੇ ਨਿਰੋਲ ਕਵੀ ਆਪੇ ਉਪਰ ਸਿੱਖ ਆਪਾ ਹਾਵੀ ਹੋ ਰਿਹਾ ਸੀ:
ਸੀ ਹੋਰ ਕਿਸ ਤੇ ਡੇਗਣੀ ਬਿਜਲੀ ਜਨਾਬ ਨੇ
ਮੈਂ ਹੀ ਤਾਂ ਇਸ ਘਰ ਚ ਸਾਂ ਕੁਝ ਵੱਖਰਾ ਜਿਹਾ
ਗਲੀ ਦੇ ਕੁੱਤੇ ਅਚਾਨਕ ਭੌਂਕ ਪਏ
ਅਜਨਬੀ ਵਾਂਗੂੰ ਮੈਂ ਆਪਣੇ ਘਰ ਗਿਆ...
ਕਿਸੇ ਹੋਰ ਦੇਸ ਵਿਚ ਅਜਨਬੀ ਹੁੰਦਾ, ਜਰਮਨੀ ਵਿਚ ਯਹੂਦੀਆਂ ਵਰਗੀ ਹੋਣੀ ਭੋਗਦਾ, ਤਾਂ ਵੀ ਸ਼ਾਇਦ ਏਨਾ ਦੁੱਖ ਨਾ ਹੁੰਦਾ। ਪਰ ਆਪਣੇ ਦੇਸ ਵਿਚ ਕੁਦੇਸੀਆਂ ਵਾਂਗ, ਗਰਦਨਜ਼ਨੀ ਦੇ ਕਾਬਿਲ ਸਮਝੇ ਜਾਣ ਦਾ ਦੁੱਖ ਇਸ ਤੋਂ ਕਿਤੇ ਵਧ ਸੰਤਾਪ ਪੈਦਾ ਕਰਦਾ ਸੀ:
ਬੇਵਤਨ ਹੋ ਜਾਣ ਦਾ ਦੁਖ ਜੀ ਲਿਆ ਦੁਖ ਜਰ ਲਿਆ
ਬਦਵਤਨ ਹੋ ਜਾਣ ਦੀ ਬੋਲੀ ਕਿਸੇ ਮਾਰੀ ਨਾ ਸੀ!
ਡਾ. ਹਰਿਭਜਨ ਸਿੰਘ ਨੂੰ ਕੁਝ ਦਿਨ ਰੂਪੋਸ਼ ਵੀ ਹੋਣਾ ਪਿਆ। ਉਹਦਾ ਜੁਰਮ ਸੀ, ਉਹ ਅਕਸ ਵਿਚ ਸਾਕੇ ਨੀਲੇ ਤਾਰੇ ਦੇ ਫੌਜੀਆਂ ਦਾ ਇਕ ਹੌਲਨਾਕ ਕਾਰਾ ਛਪਵਾ ਬੈਠਾ ਸੀ। ਉਸ ਦੇ ਸਾਲੇ ਜਗਜੀਤ ਸਿੰਘ ਦੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਕੋਲ ਕਿਤਾਬਾਂ ਵੇਚਣ ਦੀ ਦੁਕਾਨ ਸੀ। ਘੰਟਾ ਘਰ ਦੀ ਡਿਓੜ੍ਹੀ ਦੇ ਇਕ ਪਾਸੇ ਫੌਜੀ ਗੁਰਦੁਆਰਾ ਸਹਿਬ ਦੇ ਯਾਤਰੂਆਂ ਨੂੰ ਫੜ ਲਿਆਏ ਸਨ। ਇਸਤ੍ਰੀਆਂ ਤੇ ਬੱਚਿਆਂ ਨੂੰ ਪਾਸੇ ਕਰ ਕੇ ਮਰਦਾਂ ਨੂੰ ਥਾਏਂ ਹੀ ਗੋਲੀ ਮਾਰ ਦਿੱਤੀ ਸੀ। ਸਾਕੇ ਤੋਂ ਬਾਅਦ ਕਰਫਿਊ ਹਟਿਆ ਤਾਂ ਜਗਜੀਤ ਸਿੰਘ ਆਪਣੀ ਭੈਣ ਤੇ ਭਣੋਈਏ ਕੋਲ ਦਿੱਲੀ ਗਿਆ ਜਿਥੇ ਫੌਜੀਆਂ ਦਾ ਕਾਰਾ ਕਹਿ ਸੁਣਾਇਆ। ਹਰਿਭਜਨ ਸਿੰਘ ਨੇ ਜਗਜੀਤ ਸਿੰਘ ਦੇ ਹਵਾਲੇ ਨਾਲ ਅਕਸ ਵਿਚ ਛਪਵਾ ਦਿੱਤਾ। ਜਦੋਂ ਜਗਜੀਤ ਸਿੰਘ ਅੰਮ੍ਰਿਤਸਰ ਵਾਪਸ ਗਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਖ਼ਬਰ ਦਿੱਲੀ ਪਹੁੰਚੀ ਤਾਂ ਪਤਨੀ ਕਿਰਪਾਲ ਕੌਰ, ਧੀ ਰਸ਼ਮੀ ਤੇ ਕਮਿਊਨਿਸਟ ਪੁੱਤਰ ਹਰਿਭਜਨ ਸਿੰਘ ਦੁਆਲੇ ਹੋ ਗਏ ਕਿ ਗ੍ਰਿਫ਼ਤਾਰੀ ਦਾ ਜਿ਼ੰਮੇਵਾਰ ਉਹੀ ਹੈ। ਨਾ ਲਿਖਦਾ, ਨਾ ਜਗਜੀਤ ਸਿੰਘ ਫਸਦਾ। ਹੁਣ ਉਹ ਆਪ ਵੀ ਗ੍ਰਿਫਤਾਰੀ ਲਈ ਤਿਆਰ ਰਹੇ!
ਹਰਿਭਜਨ ਸਿੰਘ ਡਾਢਾ ਪਰੇਸ਼ਾਨ ਹੋਇਆ। ਪਰਿਵਾਰ ਹੀ ਉਹਦੇ ਉਲਟ ਹੋ ਗਿਆ ਸੀ। ਘਰੋਂ ਧੱਕਿਆ ਉਹ ਯੂਨੀਵਰਸਿਟੀ ਦੇ ਕਿਸੇ ਪ੍ਰੋਫ਼ੈਸਰ ਦੇ ਘਰ ਜਾ ਰੂਪੋਸ਼ ਹੋਇਆ ਤੇ ਗ੍ਰਿਫ਼ਤਾਰੀ ਤੋਂ ਬਚ ਗਿਆ। ਬਾਅਦ ਵਿਚ ਉਹਦੀ ਗਲੇ ਦੀ ਕੈਂਸਰ ਦਾ ਰੇਡੀਉ ਥੇਰੇਪੀ ਨਾਲ ਇਲਾਜ ਚੱਲਿਆ। ਕਾਫੀ ਕਸ਼ਟ ਭੋਗ ਕੇ ਉਹ ਕੈਂਸਰ ਤੋਂ ਬਚ ਸਕਿਆ। ਉਹਦੇ ਵੇਖਦਿਆਂ ਵੇਖਦਿਆਂ ਕਈ ਰੰਗਲੇ ਸੱਜਣ ਜੀਰਾਣ ਜਾ ਸੁੱਤੇ ਸਨ ਜਿਨ੍ਹਾਂ ਵਿਚ ਉਹਦਾ ਬਚਪਨ ਦਾ ਦੋਸਤ ਜਸਵੰਤ ਸਿੰਘ, ਜਿਗਰੀ ਯਾਰ ਕਰਤਾਰ ਸਿੰਘ ਸੁਮੇਰ, ਈਸ਼ਵਰ ਚਿੱਤਰਕਾਰ ਤੇ ਤਰਸੇਮ ਨੀਲਗਿਰੀ ਹੋਰੀਂ ਸਨ।
ਉਮਰ ਦੇ ਆਖ਼ਰੀ ਪਹਿਰੇ ਦਿੱਲੀ ਦੂਰਦਰਸ਼ਨ ਨੇ ਸਿੰਘ ਬੰਧੂਆਂ ਨੂੰ ਲੈ ਕੇ ਡਾ. ਹਰਿਭਜਨ ਸਿੰਘ ਨੂੰ ਗਾਵੋ ਸੱਚੀ ਬਾਣੀ ਦਾ ਵਿਆਖਿਆਕਾਰ ਬਣਾਇਆ। ਉਸ ਨਾਲ ਉਹ ਦੇਸ਼ ਬਦੇਸ਼ ਵਿਚ ਹੋਰ ਵੀ ਪ੍ਰਸਿੱਧ ਹੋਇਆ। 2001 ਵਿਚ ਬੀਮਾਰੀ ਦਾ ਭੰਨਿਆ ਉਹ ਬਹੁਤ ਕਮਜ਼ੋਰ ਹੋ ਚੁੱਕਾ ਸੀ। ਦੇਹ ਜਿਵੇਂ ਸੁਕੜ ਗਈ ਸੀ, ਪਤਲੀ ਹੋ ਗਈ ਸੀ ਤੇ ਵੇਖਣ ਵਾਲਿਆਂ ਤੋਂ ਸਿਆਣੀ ਵੀ ਨਹੀਂ ਸੀ ਜਾਂਦੀ। ਪਰ ਅੱਖਾਂ ਵਿਚ ਅਜੇ ਵੀ ਇਕ ਜੋਤ ਜਗਦੀ ਸੀ:
ਇਕ ਅੱਖੜੀ ਅੱਜ ਹੰਝੂ ਜਣਿਆ ਇਕ ਅੱਖ ਹੰਝ ਪੁਰਾਣੀ,
ਕਵਣ ਸੱਜਣ ਤੇਰੀ ਭੇਟ ਚੜ੍ਹਾਵਾਂ ਕੋਈ ਨਾ ਤੇਰਾ ਹਾਣੀ...।
ਡਾ. ਹਰਿਭਜਨ ਸਿੰਘ ਨੇ ਜਿ਼ੰਦਗੀ ਚ ਅਨੇਕਾਂ ਦੁੱਖ ਜਰੇ ਪਰ ਜਿੰ਼ਦਗੀ ਨੂੰ ਹਮੇਸ਼ਾ ਮਹਾਨ ਕਹਿ ਕੇ ਨਮਸਕਾਰਦਾ ਰਿਹਾ:
ਹੇ ਮਹਾਨ ਜਿ਼ੰਦਗੀ, ਨਮਸਕਾਰ, ਨਮਸਕਾਰ
ਹੇ ਆਸਮਾਂ ਦੇ ਦਿਲ ਵਿਸ਼ਾਲ
ਹੇ ਊਸ਼ਾ ਦੀ ਨਵ-ਜਵਾਲ
ਸ਼ੌਕ ਜਿਹੇ ਉਠੇ ਹਿਮਾਲ;
ਮੇਰਾ ਵੀ ਦਿਲ ਵਿਸ਼ਾਲ ਕਰ
ਮੇਰੇ ਚ ਨਵ-ਜਵਾਲ ਭਰ
ਮੇਰੇ ਜਵਾਂ ਖਿ਼ਆਲ ਕਰ
ਹੇ ਜਿ਼ੰਦਗੀ ਹੇ ਜਿ਼ੰਦਗੀ, ਮੈਨੂੰ ਦੇ ਜਿ਼ੰਦਗੀ ਦਾ ਪਿਆਰ
ਹੇ ਮਹਾਨ ਜਿ਼ੰਦਗੀ, ਨਮਸਕਾਰ, ਨਮਸਕਾਰ...।
ਪੂਰਨ ਸਿੰਘ ਤੋਂ ਬਾਅਦ ਉਹ ਪੰਜਾਬੀ ਦਾ ਅਲਬੇਲਾ ਕਵੀ ਸੀ ਜੋ ਧੁਰ ਦਰਗਾਹੇ ਜਾਂਦਾ ਜਾਂਦਾ ਵੀ ਗੀਤਾਂ ਦੀ ਰੀਤ ਨਿਭਾਉਂਦਾ ਗਿਆ:
ਮੈਂ ਜਾਂ ਤੁਰਾਂ ਗੀਤ ਨੂੰ ਕਹਿਣਾ
ਹੌਲੀ ਹੌਲੀ ਗਾਏ
ਚਾਰ ਕਦਮ ਮੇਰੇ ਨਾਲ ਤੁਰੇ
ਫੇਰ ਭਾਵੇਂ ਮੁੜ ਜਾਏ
ਸਾਰੀ ਉਮਰ ਉਸ ਸਾਥ ਨਿਭਾਇਆ
ਓੜਕ ਵਾਰ ਨਿਭਾਏ
ਲੋਕ ਕਹਿਣ ਉਹ ਗੀਤਾਂ ਵਾਲਾ
ਚਲਿਆ ਧੁਰ ਦਰਗਾਹੇ।
(ਨਵੀਂ ਛਪੀ ਪੁਸਤਕ ਪੰਜਾਬ ਦੇ ਕੋਹੇਨੂਰ ਭਾਗ ਦੂਜਾ ਵਿਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346