ਚਾਹ ਵਾਲਾ ਚਿੱਬਾ ਜਿਹਾ
ਗਲਾਸ ਹੇਠਾਂ ਰੱਖਦਿਆਂ, ਡੱਬੀਦਾਰ ਵੱਟੋ ਵੱਟ, ਮਿੱਟੀ ਨਾਲ ਲਿੱਬੜਿਆ ਪਰਨਾ
ਸੂਤ ਕਰਕੇ ਮੋਢੇ ਤੇ ਰੱਖਦਿਆਂ, ਭਾਨੇ ਨੇ ਆਪਣੇ ਮੁੰਡੇ ਜਗਤ ਨੂੰ ਅਵਾਜ
ਮਾਰੀ, ‘‘ਜੱਗਿਆ, ਅੱਜ ਲੱਕ ਬਾਹਲਾ ਦੁੱਖਦਾ, ਪੁੱਤ ਮੇਰੇ ਨਾਲ ਖੇਤਾਂ
ਵਿੱਚ ਕੰਮ ਕਰਾਦੇ, ਤੇਰੇ ਕਰਕੇ ਮੈਂ ਵੀ ਛੇਤੀ ਵੇਹਲਾ ਹੋ ਜਾਊਂਗਾ, ਜਗਤ
ਨੇ ਨਾ ਚਾਹੁੰਦਿਆਂ ਹੋਇਆਂ ਕਹੀ ਦਾ ਦਸਤਾ ਹੱਥਾਂ ਚ ਘੁੱਟਦੇ ਮਸਾਂ ਹੀ ਹਾਂ
ਚ ਹਾਂ ਮਿਲਾਈਂ ਤੇ ਖੇਤਾਂ ਨੂੰ ਜਾਣ ਲਈ ਕਹੀ ਨੂੰ ਤਿੱਖਾ ਕਰਨ ਲੱਗ
ਪਿਆ।ਜਗਤ ਦੀ ਮਾਂ ਤਾਰੋ ਜੂਠੇ ਭਾਂਡੇ ਚੁੱਕ, ਵੇਹੜੇ ਵਿਚਲੇ ਚੌਂਕੇ ਵਿੱਚ
ਰੋਟੀ ਟੁੱਕ ਵਿਚ ਰੁੱਝ ਜਾਂਦੀ ਹੈ।
ਜਗਤ ਭਰ ਨੌਜੁਆਨ ਗੱਭਰੂ ਸੀ,ਉੱਚਾ ਲੰਬਾ ਤੇ ਦਾੜੀ ਫੁੱਟ ਰਹੀ ਸੀ, ਬਾਰਾਂ
ਜਮਾਤਾਂ ਪਾਸ ਕਰਨ ਤੋਂ ਬਾਦ ਸ਼ਹਿਰ ਵਿੱਚ ਕਾਰਖਾਨੇ ਚ ਮਜੂਰੀ ਕਰਨ ਲੱਗ ਪਿਆ
ਸੀ, ਗਰੀਬੀ ਵਿੱਚ ਵੀ ਬਾਰਾਂ ਜਮਾਤਾਂ ਪਾਸ ਕਰਨੀਆਂ ਬਹੁਤ ਵੱਡੀ ਗੱਲ ਸੀ।
ਪੜਾਈ ਆਲੇ ਸਮੁੰਦਰ ਵਿੱਚ ਉਹ ਡੁੱਬਕੀ ਤੇ ਹੋਰ ਡੂੰਘੀ ਲਾਉਣੀ ਚਾਹੁੰਦਾ ਸੀ
ਪਰ ਘਰ ਤੇ ਬਾਪੂ ਦੀ ਕਮਜੋਰੀ ਨੂੰ ਤੱਕ ਚੁੱਪ ਵੱਟ ਲੈਂਦਾ ਸੀ, ਖੇਤਾਂ ਦੀ
ਗੁਲਾਮੀ ਨਾਲੋਂ ਉਸ ਨੂੰ ਕਾਰਖਾਨੇ ਦੀ ਮਜਦੂਰੀ ਚੁਣਨੀ ਚੰਗੀ ਲੱਗੀ ਸੀ।
ਭਾਨਾ ਧਾਰਮਿਕ ਬਿਰਤੀ ਵਾਲਾ ਇਨਸਾਨ ਹੋਣ ਕਾਰਨ, ਬਾਹਲਾ ਬੋਲਦਾ ਨਹੀ ਸੀ,
ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਦਾ ਹੋਇਆ ਵੀ ਰੱਬ-ਰੱਬ ਕਰ ਲੈਂਦਾ ਸੀ
ਤੇ ਦੁਪਹਿਰ ਨੂੰ ਕਦੇ-ਕਦੇ ਕੰਮ ਘੱਟ ਹੋਣ ਕਾਰਨ, ਰੁੱਖ ਮਿੱਸੀ ਰੋਟੀ ਖਾ,
ਬੰਬੀ ਦੇ ਦੁਆਲੇ ਲੱਗੇ ਜਾਮਨੂੰ ਤੇ ਟਾਹਲੀਆਂ ਦੀ ਛਾਵੇਂ ਬੈਠ ਰਹਿੰਦਾ, ਤੇ
ਕਦੇ ਥਕਾਣ ਹੋਣ ਤੇ ਪਰਨਾ ਵਿਛਾ ਕੇ ਜਾਂ ਕਦੇ ਬਿਨਾਂ ਪਰਨੇ ਤੋਂ ਬਿਨਾਂ ਹੀ
ਟਾਹਲੀਆਂ ਦੀ ਛਾਵੇਂ ੈ ੈ ੈ ਸੀ, ਟਾਹਲੀਆਂ ਹੇਠ ਕੂਲੇ-ਕੂਲੇ ਘਾਹ ਤੇ ਲੰਮੇ
ਪਏ ਨੂੰ ਟਾਹਲੀਆਂ ਦੇ ਪੱਤਿਆਂ ਦੀ ਖੜ-ਖੜ ਥਾਪੜੇ ਮਾਰ ਉਸਨੂੰ ਸੁਆਂਉਂਦੀਂੇ
ਭਾਸਦੀ ਤੇ ਕਦੇ-ਕਦੇ ਉਹ ਜਗਤ ਦੇ ਭਵਿੱਖ ਸਬੰਧੀ ਸੁਆਲਾਂ ਚ ਉਲਝਿਆ ਅਸਮਾਨ
ਵੱਲੇ ਤੱਕਦਾ-ਤੱਕਦਾ ਗੂੜੀ ਨੀਂਦੇ ਸੌਂ ਜਾਂਦਾ। ਭਾਨੇ ਦਾ ਪਿਓ ਮੱਘਰ ਸਿੰਘ
ਵੀ ਏਨਾਂ ਸਰਦਾਰਾਂ ਦਾ ਕੰਮ ਕਰਦਾ ਹੋਇਆ ਮੋਇਆ ਸੀ ਉਦੋ ਭਾਨਾਂ ਮਸਾਂ
ਸੋਲਾਂ ਸਤਾਰਾਂ ਦਾ ਸੀ ਤੇ ਸਰਦਾਰਾਂ ਦਾ ਕਾਮਾ ਬਣ ਗਿਆ ਸੀ।
ਬੇਸ਼ੱਕ ਇੱਕ ਮੰਜੀ ਭਾਵੇਂ ਜਾਮਨੂੰ ਦੇ ਹੇਠ ਪਈ ਰਹਿੰਦੀ ਸੀ ਪਰ ਏਸ ਮੰਜੀ
ਤੇ ਸਰਦਾਰ ਬੈਠਦਾ, ਜਦ ਕਦੇ ਖੇਤਾਂ ਨੂੰ ਗੇੜਾ ਮਾਰਦਾ ਸੀ।
ਸਰਦਾਰ ਮਹਿੰਦਰ ਸਿੰਘ ਦੀ ਪੰਜਾਹ ਘੁਮਾਂ ਜਮੀਨ ਸੀ, ਦੋ ਮੁੰਡੇ ਸਨ, ਇੱਕ
ਵਲੈਤ ਪੜਨੇ ਗਿਆ ਸੀ ਤੇ ਇੱਕ ਉਸ ਦੇ ਕੋਲ ਸੀ।ਜਿੰਨਾ ਸਰਦਾਰ ਗਰਮ ਸੁਭਾਅ
ਦਾ ਮਾਲਕ ਸੀ ਉਨੀ ਹੀ ਸਰਦਾਰਨੀ ਹਰਬੰਸ ਕੌਰ ਨਿੱਘੇ ਤੇ ਮਿੱਠੇ ਸੁਭਾਅ ਦੀ
ਔਰਤ ਸੀ।
ਕਾਮੇ ਭਾਵੇਂ ਹੋਰ ਵੀ ਸਨ ਪਰ ਸਰਦਾਰ ਨੂੰ ਭਾਨੇ ਦੀ ਵਫਾਦਾਰੀ ਤੇ ਨਿਮਰਤਾ
ਬਹੁਤ ਟੁੰਬਦੀ ਸੀ। ਪਿਛਲੇ ਸਾਲ ਭਾਨੇ ਦੀ ਕੁੜੀ ਦੇ ਵਿਆਹ ਤੇ ਸਰਦਾਰਾਂ ਨੇ
ਥੋੜੀ ਮਾਲੀ ਸਹਾਇਤਾ ਕੀਤੀ ਸੀ, ਜ਼ੋ ਭਾਨੇ ਲਈ ਬਹੁਤ ਕੁਝ ਸੀ, ਉਸਦੀ
ਨਿਗ੍ਹਾ ਵਿੱਚ ਸਰਦਾਰ ਬਹੁਤ ਸਤਿਕਾਰਤ ਵਿਅਕਤੀ ਸੀ, ਸਰਦਾਰਾਂ ਦਾ ਹਰ ਹੁਕਮ
ਭਾਨੇ ਲਈ ਖਿੜੇ ਮੱਥੇ ਸੀ।
ਪਿੰਡ ਵਿਚ ਦੋ ਗੁਰਦੁਆਰੇ ਸਨ, ਇੱਕ ਵੱਡਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ
ਜੀ ਦਾ ਸੀ ਜ਼ੋ ਪਿੰਡ ਦੇ ਜਿਮੀਂਦਾਰਾਂ ਦੇ ਵੇਹੜੇ ਸੀ ਦੂਜਾ ਬਾਬਾ ਜੀਵਨ
ਸਿੰਘ ਜੀ ਦਾ ਗੁਰਦੁਆਰਾ ਸੀ ਜਿੱਥੇ ਭਾਨਾ ਜਦੋਂ ਕਦੇ ਸੁਭਾ-ਸ਼ਾਮ ਸਮਾਂ
ਮਿਲਦਾ ਸਿਰ ਨਿਵਾ ਆਉਂਦਾ ਸੀ।
ਦੋਵੇਂ ਪਿਓ-ਪੁੱਤ ਮੋਢੇ ਤੇ ਕਹੀ ਤੇ ਦਾਤੀ-ਤੱਪੜ ਰੱਖਕੇ ਖੇਤਾਂ ਨੂੰ ਆ
ਗਏ, ਭਾਨਾ ਡੰਗਰਾਂ ਲਈ ਥੋੜੇ ਪੱਠੇ ਵੱਡਣ ਲੱਗ ਪਿਆ।ਕੁਝ ਦੇਰ ਬਾਦ ਉੱਠ ਕੇ
ਲੱਕ ਨੂੰ ਨੱਪਦਾ-ਥੱਕਦਾ ਮੱਥੇ ਤੇ ਹੱਥ ਧਰ ਦੂਰ ਜਗਤ ਅੱਲੇ ਨਿਗ੍ਹਾ ਮਾਰ
ਛੱਡਦਾ ਤੇ ਫਿਰ ਬੈਠ ਕੇ ਪੱਠੇ ਵੱਢਣ ਲੱਗ ਪੈਂਦਾ। ਬੰਬੀ ਤੋਂ ਪਾਣੀ ਪੀ ਕੇ
ਧਰੇਕਾਂ ਦੀ ਠੰਡੀ ਠੰਡੀ ਛਾਂ ਹੇਠ ਬੈਠ ਗਿਆ। ਜਗਤ ਪਾਣੀ ਦੇ ਨੱਕੇ ਮੋੜਦਾ,
ਵੱਟਾਂ ਬੰਨੇ ਟੱਪਦਾ, ਦੂਰ ਨਿਕਲ ਗਿਆ। ਪੱਠੇ ਵੱਢਣ ਤੋਂ ਬਾਦ, ਸਾਹ ਲੈ ਕੇ
ਭਾਨਾ ਕਿਆਰੀਆਂ ਦੀ ਗੋਡੀ ਦੇ ਕੰਮ ਵਿੱਚ ਰੁੱਝ ਪਿਆ। ਖੇਤਾਂ ਦਾ ਕੰਮ ਕਰਦੇ
ਦੁਪਹਿਰ ਹੋ ਗਈ ਸੀ।
ਗੋਡੀ ਕਰਦਾ ਭਾਨਾ ਪਹੇ ਵੱਲ ਬਾਰ-ਬਾਰ ਦੇਖ ਰਿਹਾ ਸੀ, ਉਹ ਵੀ ਬੜੀ ਸ਼ਿੱਦਤ
ਨਾਲ। ਜਗਤ ਨੇੜੇ ਆਇਆ ਤੇ ਬੋਲਿਆ ,‘‘ਬਾਪੂ! ਕੀਹਨੂੰ ਉਡੀਕਦਾ?? ਭਾਨਾ
ਬੋਲਿਆ, ”ਪੁੱਤ! ਰੋਟੀ ਨੀ ਆਈ ਸਰਦਾਰਾਂ ਦੇ ਘਰੋਂ, ਉਹੀ ਉਡੀਕਦਾ।” ਜਗਤ
ਫੇਰ ਬੋਲਿਆ, ” ਓ ਭਲਿਆ ਮਾਣਸਾ, ਉਨਾਂ ਨੂੰ ਆਪਣੀ ਦਾ ਚੇਤਾ ਹੁੰਦਾ, ਤੇਰੀ
ਦਾ ਨਹੀ? ਲੈ ਫੜ੍ਹ, ਆਹ ਲੈ ਰੋਟੀ ਖਾ” ਜਗਤ ਨੇ ਆਪਣੇ ਪਰਨੇ ਹੇਠੋਂ ਪੋਣੇ
ਵਿੱਚ ਅੰਬ ਦੇ ਆਚਾਰ ਨਾਲ ਵਲੇਟੀ ਰੋਟੀ ਕੱਢ ਕੇ ਭਾਨੇ ਵੱਲ ਵਧਾਉਂਦੇ ਹੋਏ
ਕਿਹਾ। ਭਾਨੇ ਨੇ ਹੈਰਾਨੀ ਨਾਲ ਕਿਹਾ,” ਤੈਂ ਨੀ ਭੁੱਖ ਲੱਗੀ, ਤੂੰ ਖਾ ਲੈ
ਪੁੱਤ, ਮੇਰੀ ਆਜੂਗੀ ਹੁਣੇ।ਜਗਤ ਨੇ ਉੱਤਰ ਦਿੱਤਾ,”ਬਾਪੂ, ਮੇਰੀ ਭੁੱਖ ਤਾਂ
ਘਰੋਂ ਤੁਰਨ ਲੱਗੇ ਹੀ ਮਰ ਗਈ ਸੀ, ਨਾਲੇ ਇਨਾਂ ਖੇਤਾਂ ਵਿੱਚ ਆਣ ਕੇ
ਮੇੈਨੂੰ ਜਰਾ ਵੀ ਭੁੱਖ ਨਹੀ ਲੱਗਦੀ”।
ਦੋਹਾਂ ਪਿਓ-ਪੁੱਤ ਨੇ ਰਲ ਕੇ ਇੱਕ-ਇੱਕ ਰੋਟੀ ਖਾਧੀ ਤੇ ਜਗਤ ਫੇਰ ਥੋੜੀ
ਦੂਰ ਘੁੰਮਣ ਚਲਾ ਗਿਆ।ਏਨੇ ਨੂੰ ਉਸ ਨੇ ਪਹੇ ਦਾ ਘੱਟਾ ਉਡਾਉੱਦੀ ਸਰਦਾਰਾਂ
ਦੀ ਸਫੈਦ ਦੁੱਧ ਚਿੱਟੀ ਗੱਡੀ ਆਉਂਦੀ ਵੇਖੀ।ਸਰਦਾਰ ਗੱਡੀ ਵਿੱਚੋਂ ਉੱਤਰਿਆ
ਤੇ ਹੱਥਲਾ ਰੋਟੀ ਵਾਲਾ ਡੱਬਾ ਤੇ ਚਾਹ ਵਾਲਾ ਡੋਲੂ ਭਾਨੇ ਵੱਲ ਵਧਾਉਂਦਾ
ਬੋਲਿਆ,”ਭਾਨ ਸਿਆਂ,ਬਈ ਆ ਲੈ ਰੋਟੀ ਤੇ ਚਾਹ, ਦੂਜੇ ਕਾਮੇ ਨੂੰ ਬਾਜਾਰ
ਘੱਲਿਆ ਸੀ, ਏਸੇ ਕਰਕੇ ਰੋਟੀ ਲੇਟ ਹੋ ਗਈ।”
ਭਾਨੇ ਨੇ ਥੋੜੀ ਬਹੁਤ ਰੋਟੀ ਖਾ ਲਈ ਤੇ ਬਾਕੀ ਰੱਖ ਕੇ ਜਗਤ ਨੂੰ ਅਵਾਜ
ਮਾਰੀ,” ਜੱਗਿਆ, ਆਜਾ ਰੋਟੀ ਖਾ ਲੈ”। ਜਗਤ ਨੇੜੇ ਆਇਆ ਤਾਂ ਰੋਟੀ ਵੱਲ
ਵੇਖਿਆ ਵੀ ਨਾ, ਨੇੜਲੇ ਖਾਲ ਵਿਚਲਾ ਨੱਕਾ ਮੋੜਨ ਲੱਗ ਪਿਆ।ਭਾਨਾ ਚਾਹ ਦੀਆਂ
ਚੁਸਕੀਆਂ ਭਰਨ ਲੱਗ ਪਿਆ, ਇੰਨੇ ਨੂੰ ਸਰਦਾਰ ਖੇਤਾਂ ਦਾ ਗੇੜਾ ਲਾ ਕੇ
ਮੁੜ੍ਹਿਆ ਤੇ ਬੋਲਿਆ,” ਭਾਨਿਆ, ਕੰਮ ਵਧੀਆ ਕਰਦਾ ਤੇਰਾ ਮੁੰਡਾ, ਇੱਕ ਗੱਲ
ਹੋਰ, ਮੈਂ ਕੱਲ ਜੱਥੇ ਨਾਲ ਸਰਕਾਰ ਵਿਰੁੱਧ ਝੋਨੇ ਦਾ ਰੇਟ ਘੱਟ ਨਿਯਤ ਕਰਨ
ਦੇ ਵਿਰੁੱਧ ਰੋਸ ਧਰਨੇ ਚ ਸ਼ਾਮਿਲ ਹੋਣ ਜਾ ਰਿਹਾ ਹਾਂ, ਕੰਮ ਜਿਆਦਾ ਹੈ,
ਤੂੰ ਕੱਲ ਵੇਲੇ ਨਾਲ ਆ ਜਾਵੀਂ ਤੇ ਮੁੰਡੇ ਨੂੰ ਵੀ ਨਾਲ ਲੈ ਆਵੀਂ, ਨਾਲੇ
ਇੱਕ ਤੇ ਇੱਕ ਯਾਰਾਂ ਹੁੰਦੇ ਨੇ, ਕੰਮ ਛੇਤੀ ਨਿੱਬੜਦਾ”। ਭਾਨਾ ਸਿਰ ਝੁਕਾ
ਕੇ ਹਾਂ ਵਿੱਚ ਹਾਂ ਮਿਲਾ ਰਿਹਾ ਸੀ ਤੇ ਜਗਤ ਆਪਦੇ ਬਾਪੂ ਦੇ ਝੁੱਕੇ ਸਿਰ
ਨੂੰ ਤੱਕ ਰਿਹਾ ਸੀ। ਸਰਦਾਰ ਗੱਡੀ ਮੋੜਨ ਲੱਗ ਪਿਆ, ਏਨੇ ਨੂੰ ਜਗਤ ਖਾਲ
ਵਿਚੋਂ ਪੈਰ ਧੋ ਕੇ ਬਾਪੂ ਦੇ ਕੋਲ ਆ ਕੇ ਬੈਠਾ ਹੀ ਸੀ ਕਿ ਭਾਨਾ ਬੋਲਿਆ,
”ਪੁੱਤ! ਸਰਦਾਰ ਆਂਹਦਾ ਸੀ ਵਈ, ਮੈਂ ਕੱਲ ਨੂੰ ਸਰਕਾਰ ਵਿਰੁੱਧ ਰੋਸ ਪ੍ਰਗਟ
ਕਰਨ ਲਈ ਧਰਨੇ ਚ ਸ਼ਾਮਿਲ ਹੋਣ ਜਾ ਰਿਹਾ ਹਾਂ ਕੰਮ ਜਿਆਦਾ ਹੈ, ਕੱਲ ਨੂੰ
ਦੋਵੇਂ ਕੰਮ ਤੇ ਆਇਓ,।”
ਜਗਤ ਤੋਂ ਰਿਹਾ ਨਾ ਗਿਆ ਤੇ ਉਹ ਬੋਲ ਉੱਠਿਆ,” ਬਾਪੂ, ਏਨਾਂ ਦਾ ਰੋਸ ਤਾਂ
ਸਰਕਾਰ ਵਿਰੁੱਧ ਹੈ, ਦੋ-ਤਿੰਨ ਦਿਨ ਵਿੱਚ ਈ ਕਬੂਲ ਹੋਜੂ।” ਪਰ ਸਾਡਾ ਰੋਸ
ਜ਼ੋ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ, ਕਦ ਕਬੂਲ ਹੋਊ..?? ਉਸਦੇ ਬੋਲਾਂ ਤੇ
ਅੱਖਾਂ ਵਿੱਚ ਕਰੜਾਈ ਤੇ ਪੁਖਤਗੀ ਝਲਕ ਰਹੀ ਸੀ।”
ਹੁਣ ਭਾਨੇ ਨੂੰ ਅੱਖਾਂ ਤੋਂ ਓਜਲ ਹੁੰਦੀ, ਦੂਰ ਜਾ ਰਹੀ ਸਰਦਾਰ ਦੀ ਗੱਡੀ
ਵਲੋਂ ਉਡਾਏ ਜਾ ਰਹੇ ਘੱਟੇ ਦੇ ਬੱਦਲ ਵਿੱਚ ਜਗਤ ਦੇ ਬੋਲ ਬਿਜਲੀ ਵਾਂਗ
ਲਿਸ਼ਕਦੇ ਦਿਸ ਰਹੇ ਸਨ..।
-0- |