Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਝੂਠ ਸਭ ਝੂਠ
- ਚਰਨਜੀਤ ਸਿੰਘ ਪੰਨੂ {ਸੈਨਹੋਜ਼ੇ, ਯ ਐਸ ਏ}

 

ਚੇਨਈ ਦਿੱਲੀ ਰਾਜਧਾਨੀ ਐਕਸਪ੍ਰੈਸ ਜੰਜ ਵਾਲੀ ਘੋੜੀ ਵਾਂਗ ਸ਼ਿੰਗਾਰੀ ਮਦਰਾਸ ਰੇਲਵੇ ਸ਼ਟੇਸ਼ਨ ਤੇ ਖੜੀ ਵਾਰਮ ਅਪ ਹੋ ਰਹੀ ਸੀ। ਸਵਾਰੀਆਂ ਕੁੱਲੀਆਂ ਦੇ ਸਿਰ ਸਮਾਨ ਚੁਕਾਈ ਰਾਖਵੇਕਰਨ ਫੱਟੇ ਤੋਂ ਆਪਣਾ ਨਾਮ ਲੱਭ ਰਹੀਆਂ ਸਨ। ਮੈਂ ਤੇ ਮੇਰੇ ਦੋਸਤ ਆਪਣੀ-ਆਪਣੀ ਸੀਟਾਂ ਤੇ ਸਮਾਨ ਰੱਖ ਕੇ ਬਾਹਰ ਖੜੇ ਇਹ ਨਜਾਰਾ ਵੇਖ ਰਹੇ ਸਾਂ। ਮੈਰੀਨੋ ਬੀਚ ਤੇ ਬਿਤਾਏ ਕੁਝ ਪਲ ਮੇਰੇ ਦਿਮਾਗ ਵਿਚ ਤਰੋ ਤਾਜਾ ਸਨ। ਕਲਕਲ ਕਲੋਲਾਂ ਕਰਦੀਆਂ ਉੱਚੀਆਂ ਲਹਿਰਾਂ ਦੂਰੋਂ ਛਲਾਂਗਾਂ ਛੜੱਪੇ ਮਾਰਦੀਆਂ ਆਉਂਦੀਆਂ ਤੇ ਮਲਕੜੇ ਜਿਹੇ ਸਾਡੀਆਂ ਲੱਤਾਂ ਉਦਾਲੇ ਲਿਪਟ ਜਾਂਦੀਆਂ ਤੇ ਫਿਰ ਝਕਾਨੀ ਜਿਹੀ ਦੇ ਕੇ ਵਾਪਸ ਮੁੜ ਅਲੋਪ ਹੋ ਜਾਂਦੀਆਂ। ਘਰ ਦੇ ਰੱਖੇ ਪਾਲਤੂ ਕੁਤੇ ਵਾਂਗ ਪਿਆਰੀ ਜਿਹੀ ਛੂਹ ਪੈਰਾਂ ਨੂੰ, ਗੋਡਿਆਂ ਦੇ ਥੱਲੇ ਪਿੰਨੀਆਂ ਨੂੰ ਤੇ ਕਦੇ ਕਦੇ ਗੋਡਿਆਂ ਤੋਂ ਉਪਰ ਟੰਗੀ ਪੈਂਟ ਨੂੰ ਗਿੱਲਾ ਕਰਕੇ ਦੌੜ ਜਾਂਦੀਆਂ। ਖੜੇ ਖੜੇ ਸਾਡੇ ਪੈਰਾਂ ਹੇਠੋਂ ਰੇਤ ਖੁਰਨ ਲਗਦੀ ਤੇ ਅਸੀਂ ਬੜੀ ਮੁਸ਼ਕਲ ਡਿੱਗਦੇ ਡਿੱਗਦੇ ਸੰਭਲ ਜਾਂਦੇ...। ਪਹਿਲੀ ਵੇਰਾਂ ਸਮੁੰਦਰ ਵੇਖ ਕੇ ਮੇਰਾ ਤਾਂ ਦਿਲ ਡਰਣ ਲੱਗਾ, ਦੂਰ ਤੱਕ ਪਾਣੀ ਹੀ ਪਾਣੀ...ਕੋਈ ਹੱਦ ਬੰਨਾ ਨਹੀਂ...। ਪਰ ਸਾਡਾ ਤੀਜਾ ਸਾਥੀ ਮਾਨ ਫਟਾਫਟ ਕੱਪੜੇ ਲਾਹ ਕੇ ਦੂਰ ਤੱਕ ਸਮੁੰਦਰ ਦੀ ਹਿੱਕ ਤੇ ਜਾ ਖੜਾ ਹੋਇਆ...ਕਈ ਵੇਰਾਂ ਉਹ ਤੇਜ ਲਹਿਰਾਂ ਦਾ ਧੱਕਿਆ ਸਾਡੇ ਵੱਲ ਆਉਂਦਾ ਤੇ ਕਦੇ ਕਦੇ ਲਹਿਰਾਂ ਵਿਚ ਗੁਆਚ ਜਾਂਦਾ...ਵੇਖ ਕੇ ਮੇਰਾ ਸਾਹ ਸੂਤਿਆ ਜਾਂਦਾ।
‘ਆ ਜਾਉ ! ਮਾਨ ਸਾਹਿਬ ! ਆ ਜਾਉ...ਐਵੇਂ ਹਾਸੇ ਭਾਣੇ ਕਿਤੇ ਸਾਨੂੰ ਅੰਦਰ ਨਾ ਕਰਾਂ ਦਿਉ...‘। ਪਰ ਉਸ ਨੂੰ ਜਿਵੇਂ ਮਜਾ ਆ ਰਿਹਾ ਸੀ...ਖੂਬ ਊਠਕ ਬੈਠਕ ਟੁੱਬੀਆਂ ਲਗਾ ਰਿਹਾ ਸੀ...ਲਹਿਰਾਂ ਨੂੰ ਕਲਾਵੇ ਵਿਚ ਲੈ ਕੇ ਖੇਲ ਰਿਹਾ ਸੀ।
ਸਲਮਾਨ ਨੇ ਸਟੇਸ਼ਨ ਤੇ ਖੜੇ ਫਿਰ ਆਪਣੇ ਬਾਸ ਦੇ ਖਿਲਾਫ ਤਵਾ ਲਗਾ ਦਿਤਾ...। ‘ਸਾਥੀ ਦੀ ਸੀਟ ਕਿਥੇ...?‘ ਹੈਤ...ਤੇਰੀ! ਮੇਰੇ ਮੂੰਹ ਜਿਵੇਂ ਖੀਰ ਖਾਂਦੇ ਖਾਂਦੇ ਰੇਤ ਦੇ ਕਿਣਕੇ ਆ ਗਏ ਹੋਣ...ਚੂਹੇ ਨੂੰ ਬਿੱਲੀ ਦੇ ਸੁਪਨੇ...।‘ ਇਸ ਤੋਂ ਪਹਿਲਾਂ ਲਗਾਤਾਰ ਸਲਮੇ ਦੀ ਮੁਹਾਰਨੀ ਨੇ ਬੜਾ ਬੋਰ ਕੀਤਾ। ਉਹ ਹਰ ਪਲ ਹਰ ਘੜੀ ਆਪਣੇ ਸਾਹਿਬ ਦੇ ਸੋਹਿਲੇ ਗਾਉਂਦਾ ਰਿਹਾ। ਉਸ ਨੂੰ ਬੁਰਾ ਭਲਾ ਕਹਿੰਦਾ ਸਾਨੂੰ ਚਿੜਚਿੜਾਂਦਾ ਰਿਹਾਂ...। ‘ ਉਹ ਬੜਾ ਮਾੜਾ ਆਦਮੀ ਹੈ ...ਸਵੇਰੇ ਮੱਥੇ ਲੱਗ ਜਾਏ ਤਾਂ ਸਾਰਾ ਦਿਨ ਖਾਣਾ ਨਹੀਂ ਮਿਲਦਾ...ਬੜਾ ਸਖਤ ਹੈ...ਬੜਾ ਨਿਰਦਈ ਹੈ...ਬੜੇ ਟੀ ਏ ਕੱਟਦਾ ਹੈ, ਕਿਸੇ ਨਾਲ ਬੋਲਦਾ ਨਹੀ...ਹੱਥ ਨਹੀਂ ਮਿਲਾਂਦਾ...ਹੱਸਦਾ ਨਹੀਂ...ਹਰ ਵਕਤ ਰਿਝੂੰ ਰਿਝੂੰ ਕਰਦਾ ਰਹਿੰਦਾ ਹੈ। ਉਸ ਦੇ ਮੱਥੇ ਤੇ ਹਰ ਵਕਤ ਫਨੀਅਰ ਫੁੰਕਾਰਦੇ ਰਹਿੰਦੇ ਨੇ। ਨਾ ਆਪ ਲੇਟ ਹੁੰਦਾ ਹੈ ਨਾ ਹੋਰ ਕਿਸੇ ਨੂੰ ਬਰਦਾਸ਼ਤ ਕਰਦਾ ਹੈ... । ਹਰ ਮਿੰਟ ਦੀ ਖਬਰ ਕੰਪਿਊਟਰ ਵਿਚ ਫੀਡ ਕਰ ਰੱਖਦਾ ਹੈ ਤੇ ਫਿਰ ਮਹੀਨੇ ਤੇ ਅਖੀਰ ਜਦ ਕਰਿੰਦੇ ਦੀ ਡਾਇਰੀ ਆਉਂਦੀ ਹੈ ਤਾਂ ਮੀਮੋ ਫੜਾ ਦਿੰਦਾ ਹੈ...। ਸਾਰਾ ਦਿਨ ਸ਼ਰਾਬ ਪੀ ਕੇ ਲੇਡੀ ਸਟਾਫ ਨੰ ਤਾੜਦਾ ਰਹਿੰਦਾ ਹੈ...। ਸਟੈਨੋ ਨੂੰ ਸਾਰਾ ਦਿਨ ਅੰਦਰ ਬਿਠਾ ਕੇ ਟਿਪ ਟਿਪ ਕਰਦਾ ਰਹਿੰਦਾ ਹੈ। ਹੋਰ ਕਿਸੇ ਨੂੰ ਬਿਨ ਮਤਲਬ ਅੰਦਰ ਨਹੀਂ ਵੜਨ ਦਿੰਦਾ...।‘
ਮੈਨੂੰ ਸਲਮੇ ਦੀ ਸੋਚ ਤੇ ਹਾਸਾ ਵੀ ਆਉਂਦਾ ਹੈ ਤੇ ਗੁੱਸਾ ਵੀ..., ਉਹ ਨਰਾਜ ਹੈ ਆਪਣੇ ਸਾਹਬ ਤੇ ਜੋ ਬਿਨਾ ਕੰਮ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦਾ...ਕਿਸੇ ਨਾਲ ਅੱਖ ਨਹੀਂ ਮਿਲਾਂਦਾ, ਪਰ ਮੇਰਾ ਸਾਹਬ ਜੋ ਮੇਰੇ ਮਾਤਹਿਤਾਂ ਨਾਲ ਹੱਥ ਵੀ ਮਿਲਾਂਦਾ ਹੈ...ਜੱਫੀਆਂ ਵੀ ਪਾਂਦਾ ਹੈ...ਪਿਆਲੇ ਵੀ ਟੁਣਕਾਂਦਾ ਹੈ...ਮੈਨੂੰ ਉਲੰਘ ਕੇ ਘਿਉ ਖਿਚੜੀ ਹੈ ਸਾਰੇ ਸਟਾਫ ਨਾਲ। ਸਾਰੇ ਕਰਮਚਾਰੀ ਉਸ ਨੂੰ ਸਿਧੇ ਜਾ ਮਿਲਦੇ ਹਨ...। ਮੇਰੇ ਥੱਲੇ ਦੇ ਸਟਾਫ ਨੂੰ ਮੇਰਾ ਸਾਹਬ ਉਸਤਾਦ ਜੀ ਕਹਿ ਕੇ ਸੰਬੋਧਨ ਕਰਦਾ ਹੈ...। ਮੈਂ ਉਸ ਨੂੰ ਕੀ ਕਹਾਂ?
ਭਾਵੇਂ ਮੈਨੂੰ ਸਲਮੇ ਦੀ ਆਦਤ ਦਾ ਪਤਾ ਹੈ...ਉਹ ਬੜਾ ਹੰਡਿਆ ਹੋਇਆ ਕਾਰੀਗਰ ਹੈ...ਕਿਧਰੇ ਲਾਉਣੀ ਕਿਧਰੇ ਬੁਝਾਉਣੀ...ਜਦ ਕੋਈ ਨਵਾਂ ਅਧਿਕਾਰੀ ਆਉਂਦਾ ਹੈ ਤਾ ਉਸ ਦੇ ਨੇੜੇ ਢੁਕਦਾ ਹੈ...ਉਸ ਤੇ ਪੱਟੂ ਪਾਉਣ ਦੀ ਕੋਸ਼ਿਸ਼ ਕਰਦਾ ਹੈ...ਉਸ ਤੋਂ ਸਿਧੇ ਜਾ ੰਅਸਿਧੇ ਗਲਤ ਕੰਮ ਕਰਾਂਦਾ ਹੈ। ਆਪਣੇ ਕੁਲੀਗ ਦੀਆਂ ਜੜਾਂ ਕੱਟਦਾ ਹੈ ਤੇ ਮਾਤਹਿਤਾਂ ਨੂੰ ਦੋਸ਼ ਪੱਤਰ ਦਿਵਾਂਦਾ ਹੈ...। ਉਪਰ ਕਹਿੰਦਾ ਹੈ ਥੱਲੇ ਵਾਲੇ ਮਾੜੇ ਹਨ ਤੇ ਥੱਲੇ ਕਹਿੰਦਾ ਹੈ ਉਪਰ ਵਾਲਾ ਭੈੜਾ ਹੈ...। ਦੋਨੇ ਪਾਸੇ ਕੁੜੱਤਣ ਪੈਦਾ ਕਰਕੇ ਆਪ ਚਾਤਰ ਬਣਦਾ ਹੈ...। ਆਂਡੇ ਕਿਤੇ ਕੁੜਕੁੜ ਕਿਤੇ...ਸਾਲਸ ਬਣਦਾ ਹੈ...ਸੁਲਾ ਸਫਾਈ ਕਰਾਂਦਾ ਹੈ...ਸਾਹਬ ਨੂੰ ਬਲੈਕ ਮੇਲ ਕਰਕੇ ਉਪਰੋਂ ਨੰਬਰ ਬਣਾਂਦਾ ਹੈ ਹੇਠੋਂ ਖਾਂਦਾ ਹੈ...। ਆਪਣੀ ਮਰਜ਼ੀ ਦਾ ਸਟਾਫ ਲੈਂਦਾ ਹੈ...ਮਰਜੀ ਦੀ ਸਕੀਮ ਤੇ ਮਰਜ਼ੀ ਦਾ ਏੇਰੀਆ...। ਪਰ ਉਹ ਇਸ ਦੇ ਕਾਬੂ ਕਿਉਂ ਨਹੀਂ ਆਇਆ...? ਮੈਂ ਹੈਰਾਨ ਹਾਂ... ‘ਆ ਜਾਏਗਾ ਛੇਤੀ ਹੀ..., ਮੇਰਾ ਮਨ ਸ਼ਾਅਦੀ ਭਰਦਾ ਹੈ।
ਇੰਜਨ ਨੇ ਵਿਸਲ ਦਿਤੀ...ਸਾਰੇ ਪਲੇਟਫਾਰਮ ਤੇ ਹਫੜਾ ਦਫੜੀ ਮੱਚ ਗਈ। ਮੈਂ ਸੱਜਾ ਪੈਰ ਪਾਇਦਾਨ ਤੇ ਰੱਖ ਕੇ ਉਪਰ ਚੜਿਆ...ਸੀਟ ਨੰਬਰ ਤੇਈ ਤੇ ਆਰਾਮ ਨਾਲ ਜਾ ਕੇ ਬੈਠ ਗਿਆ...ਤਾਕੀ ਨਾਲ ਦੀ ਬਾਹਰਲੀ ਸੀਟ ਸੀ ਲੰਮੇ ਰੁਖ ਦੀ...। ਮਾਨ ਸਾਹਬ ਤੇ ਸਲਮੇ ਦੀਆਂ ਸੀਟਾਂ ਮੇਥੋਂ ਜਰਾ ਦੂਰ ਸਨ ਅਗਲੇ ਪਾਸੇ। ਖੱਬੇ ਪਾਸੇ ਚਾਰ ਚਾਰ ਸੀਟਾਂ ਦੇ ਸਾਰੇ ਕੈਬਿਨ ਪੜਦਿਆਂ ਨਾਲ ਢੱਕੇ ਹੋਏ ਸਨ। ਮੇਰੇ ਨਾਲ ਦੀ ਸਾਹਮਣੇ ਵਾਲੀ ਕੈਬਿਨ ਵਿਚ ਤਿੰਨ ਔਰਤਾਂ, ਇਕ ਅਧਖੜ ਤੇ ਦੋ ਜੁਆਨ...ਇਕ ਸ਼ਾਇਦ ਉਸ ਦੀ ਲੜਕੀ ਹੈ ਤੇ ਦੂਸਰੀ ਨੁੰਹ...ਦੋਨੋ ਬੜੀਆਂ ਹੁਸੀਨ...ਮੋਟੀਆਂ ਤਾਜੀਆਂ ਬਿੱਲੀਆਂ ਬਲੌਰੀ ਅੱਖਾਂ ਵਾਲੀਆਂ, ਹਨੇਰੀ ਕੈਬਿਨ ਵਿਚ ਚਾਨਣ ਖਿੰਡਾ ਰਹੀਆਂ ਸਨ। ਚਲੋ ਤਿੰਨ ਦਿਨਾ ਦਾ ਸਫਰ ਚੰਗਾ ਗੁਜਰੇ ਗਾ...ਮਨ ਹੀ ਮਨ ਵਿਚ ਮੈਂ ਰਾਹਤ ਮਹਿਸੂਸ ਕੀਤੀ।
ਦੂਜੇ ਹੀ ਪਲ...ਮੈਂ ਕੀ ਦੇਖਦਾ ਹਾਂ...। ਚੌਥੀ ਸਵਾਰੀ! ਉਹੀ ਸਾਹਬ! ਜਿਸ ਬਾਰੇ ਸਲਮੇ ਨੇ ਪਿਛਲੇ ਕਈ ਦਿਨ ਸਾਡੇ ਕੰਨ ਖਾ ਛੱਡੇ ਨੇ...ਬੈਗ ਅਟੈਚੀ ਲੈ ਕੇ ਆ ਵੜਦਾ ਹੈ। ਮੇਰੇ ਪੈਰ ਉਖੜ ਜਾਂਦੇ ਹਨ...ਸੀਟ ਘੁੰਮਦੀ ਹੈ। ਗੱਡੀ ਦੇ ਸੁਹਾਵਣੇ ਸਫਰ ਵਿਚ ਅਜਿਹੇ ਮਨਹੂਸ ਕਿਸਮ ਦਾ ਸਾਹਮਣੇ ਬੈਠਾ ਆਦਮੀ ਅੱਖਾਂ ਵਿਚ ਰੜਕਦਾ ਰਹੇਗਾ...ਜਿਵੇਂ ਸੁਆਦੀ ਦਾਲ ਖਾਂਦੇ ਖਾਂਦੇ ਕੋਈ ਕੋੜਕੂ ਆ ਗਿਆ ਹੋਵੇ...। ਖਾਵਾਂ ਕਿ ਸੁਟਾਂ ...ਕੋਈ ਰਸਤਾ ਨਹੀਂ...। ਮੈਂ ਉਸ ਨੂੰ ਜਾਣਦਾ ਹਾਂ...ਸਲਮੇ ਨੇ ਉਸ ਦਾ ਚੰਗੀ ਤਰ੍ਹਾਂ ਤੁਆਰਫ ਕਰਵਾ ਦਿਤਾ ਹੈ...ਪਰ ਸ਼ਾਇਦ ਉਹ ਮੈਨੂੰ ਨਹੀਂ ਜਾਣਦਾ ...। ਮੈਂ ਜਾਨਣਾ ਵੀ ਨਹੀਂ ਚਾਹੁੰਦਾ ਅਜਿਹੇ ਆਦਮੀ ਨੂੰ...ਜਿਸ ਨੇ ਕਿਸੇ ਨਾਲ ਬੋਲਣਾ ਨਹੀਂ...ਹੱਸਣਾ ਨਹੀਂ...। ‘ਜਿਹੜਾ ਉਸ ਨੂੰ ਬੁਲਾਏਗਾ ਉਹੀ ਧੋਖਾ ਖਾਏਗਾ...‘।
ਫੇਰ ਇਕ ਲੰਬੀ ਵਿਸਲ ਹੋਈ...ਇੰਜਣ ਨੇ ਸੀਟੀ ਮਾਰੀ...ਗੱਡੀ ਹੌਲੀ ਹੌਲੀ ਹਿੱਲੀ ਤੇ ਫਿਰ ਤੇਜ ਹੁੰਦੀ ਹੁੰਦੀ ਤੇਜ ਹੋ ਗਈ...। ਮਦਰਾਸ ਦੀਆਂ ਉਚੀਆਂ ਉਚੀਆਂ ਸੁੰਦਰ ਇਮਾਰਤਾਂ, ਸੜਕਾਂ ਪਿਛੇ ਛੱਡਦੀ ਹੋਈ ਸ਼ਹਿਰੋਂ ਬਾਹਰ ਨਿਕਲ ਕੇ ਆਸੇ ਪਾਸੇ ਦੇ ਖੇਤਾਂ ਵਿਚ ਚਿੱਟੀ ਬਰਫ ਵਾਂਗ ਲੂਣ ਦੇ ਖੇਤ..., ਕਿਤੇ ਕਿਤੇ ਕਪਾਹ ਦੇ ਢੇਰਾਂ ਵਾਂਗ ਇਕੱਠੇ ਕੀਤੇ ਲੂਣ ਦੇ ਢੇਰ ਪਿਛੇ ਛੱਡਦੀ ਹੋਈ ਚੁੰਗੀਆਂ ਭਰਨ ਲੱਗੀ। ਇਕ ਐਲਾਨ ਹੁੰਦਾ ਹੈ...ਬੜੀ ਮਿੱਠੀ ਸੁਰੀਲੀ ਆਵਾਜ ਸਾਰੇ ਯਾਤਰੀਆਂ ਨੂੰ ਜੀ ਆਇਆਂ ਕਹਿੰਦੀ ਹੈ..., ਗੱਡੀ ਦੇ ਰਸਤੇ ਦੇ ਠਹਿਰਾਉ ਤੇ ਟਾਈਮ ਬਾਰੇ ਜਾਣਕਾਰੀ ਦਿੰਦੀ ਹੈ..., ਹਲਕਾ ਹਲਕਾ ਮਿਉਜ਼ਕ ਸ਼ੁਰੂ ਹੋ ਜਾਂਦਾ ਹੈ। ਮੈਂ ਥੱਕਿਆ ਥੱਕਿਆ ਮਹਿਸੂਸ ਕਰਦਾ ਹਾਂ...ਨਾਸ਼ਤਾ ਆਉਂਦਾ ਹੈ, ਪਾਣੀ ਦੀ ਬੋਤਲ ਆ ਜਾਂਦੀ ਹੈ..., ਮੈਂ ਖਾ ਕੇ ਸੌਣ ਦੀ ਤਿਆਰੀ ਕਰਨ ਲਗਦਾ ਹਾਂ...।
ਸਾਹਮਣੇ ਚਾਰ ਨੰਬਰ ਕੈਬਿਨ ਵਿਚੋਂ ਕੁਝ ਘੁਸਰ ਮੁਸਰ ਹੋਈ..., ਸਾਹਬ ਔਰਤਾਂ ਨਾਲ ਗੱਲਾਂ ਕਰ ਰਹੇ ਨੇ...ਜਾਣ ਪਛਾਣ ਕਰ ਰਹੇ ਨੇ, ਕਰਵਾ ਰਹੇ ਨੇ...।
ਦਫਾ ਹੋਣ...ਮੈਂ ਕੀ ਲੈਣਾ...।
ਮੈਂ ਪਾਸਾ ਪਰਤ ਕੇ ਮੂੰਹ ਬਾਹਰਲੀ ਤਾਕੀ ਵੱਲ ਕਰ ਲੈਂਦਾ ਹਾਂ।
ਕੰਡੱਕਟਰ ਟਿਕਟਾਂ ਚੈਕ ਕਰਦਾ ਹੈ। ਟਿਕਟਾਂ ਵੇਖ ਕੇ ਤਿੰਨਾਂ, ਔਰਤਾਂ ਕੋਲੋਂ ਪੰਦਰਾਂ ਸੌ ਰੁਪੈ ਹੋਰ ਮੰਗਦਾ ਹੈ...ਉਹਨਾਂ ਦੇ ਟਿਕਟਾਂ ਖ੍ਰੀਦਣ ਤੋਂ ਬਾਦ ਰੇਲ ਦਾ ਕਿਰਾਇਆ ਵਧ ਗਿਆ। ਔਰਤਾਂ ਰੋਣ ਹਾਕੀਆਂ ਹੋ ਗਈਆਂ। ‘ਕਿਥੋ ਦੇਈਏ ਪੰਦਰਾਂ ਸੌ ਰੁਪੈ ਸਾਡੇ ਕੋਲ ਤਾਂ ਦੋ ਤਿੰਨ ਸੌ ਹੋਵੇਗਾ...।‘ ਹੈਡ ਲੇਡੀ ਨੇ ਕੰਬਦੀ ਆਵਾਜ਼ ਵਿਚ ਕਿਹਾ ਹੈ...।
‘ਇਹ ਤਾਂ ਬੀਬੀ ਦੇਣੇ ਹੀ ਪੈਣੇ ਨੇ...।‘ ਸਾਥੀ ਸਾਹਬ ਨੇ ਕਨੂੰਨ ਦੀ ਗੱਲ ਕੀਤੀ ਹੈ।
‘ਪਰ ਇਹ ਬੀਬੀਆਂ ਵਿਚਾਰੀਆਂ ਵੀ ਤਾਂ ਠੀਕ ਨੇ...ਰੇਲਵੇ ਨੂੰ ਇਹਨਾਂ ਦੇ ਘਰ ਇਹ ਸੂਚਿਤ ਕਰਨਾ ਚਾਹੀਦਾ ਸੀ...।‘
ਹੈਡ ਲੇਡੀ ਅਹਿਸਾਨ ਮੰਦੀ ਨਾਲ ਸਾਥੀ ਸਾਹਿਬ ਵੱਲ ਝਾਕਦੀ ਹੈ।
‘ਹਮ ਦਿਲੀ ਜਾ ਕੇ ਦੇ ਸਕਤੇ ਹੈ...ਯਹਾਂ ਸੇ ਹਮ ਫੋਨ ਕਰ ਦੇਂਗੇ...ਇਨ ਕੇ ਅੱਬਾ ਆਗੇ ਪੈਸੇ ਲੇ ਕੇ ਆ ਜਾਏਂਗੇ...।‘
‘ਪਰ ਮਾਤਾ ਮੈਂ ਐਸਾ ਨਹੀਂ ਕਰ ਸਕਤਾ..., ਯਹ ਬਾਣੀਏ ਕੀ ਦੁਕਾਨ ਨਹੀਂ ਹੈ...।‘ ਕੰਡੱਕਟਰ ਰੁਹਬ ਝਾੜਦਾ ਹੈ।
ਹੈਡ ਲੇਡੀ ਬਾਹਰ ਨਿਕਲ ਕੇ ਸਾਰੀਆਂ ਕੈਬਿਨਾਂ ਚ ਘੋਖ ਕਰਦੀ ਹੈ, ਪੁਛਦੀ ਹੈ...ਪਰ ਕੋਈ ਵੀ ਉਹਨਾ ਦੀ ਮਦਦ ਕਰਨ ਲਈ ਤਿਆਰ ਨਹੀਂ ਹੋਇਆ। ਨਿਮੋਝੂਣੀ ਜਿਹੀ ਹੋ ਕੇ ਵਾਪਸ ਆ ਜਾਂਦੀ ਹੈ।
‘ਸਰਦਾਰ ਜੀ ਆਪ ਹੀ ਕੁਛ ਮਦਦ ਕਰੀਏ...।‘ ਹੈਡ ਲੇਡੀ ਨੇ ਤਰਲਾ ਕੀਤਾ। ਸਾਥੀ ਸਾਹਿਬ ਨੇ ਜੇਬ ਵਿਚ ਹੱਥ ਪਾਇਆ...। ‘ਮੇਰੇ ਕੋਲ ਤਾਂ ਇਹ ਬਾਰਾਂ ਸੌ ਰੁਪੈ ਹੀ ਹਨ...।‘ ਸਾਰੇ ਕਾਗਜ਼, ਪੈਸੇ ਕੱਢ ਕੇ ਉਹਨਾਂ ਸੀਟ ਤੇ ਢੇਰੀ ਕਰ ਦਿਤੇ...।
‘ਠੀਕ ਬਾਤ ਹੈ...ਦੋ ਤੀਨ ਸੋਂ ਤਾਂ ਹਮਾਰੇ ਪਾਸ ਭੀ ਹੈ...।‘ ਯਹ ਲੌ ਹਮਾਰਾ ਯਹ ਜੇਵਰ ਅਪਣੇ ਪਾਸ ਰਾਖ ਲੀਜੀਏ...।‘ ਉਸ ਨੇ ਆਪਣੇ ਗਲ ਦੀ ਚੇਨ ਲਾਹ ਕੇ ਸਾਹਬ ਵੱਲ ਵਧਾਈ...। ‘ਨਹੀਂ ਭੈਣ ਜੀ ! ਯਹ ਆਪ ਕਿਆ ਕਰ ਰਹੇ ਹੈ...ਬੰਦਾ ਬੰਦੇ ਦਾ ਦਾਰੂ ਹੈ...ਜੋ ਕਿਸੀ ਕੇ ਔਖੇ ਸਮੇਂ ਮੇਂ ਕਾਮ ਨਹੀਂ ਆਤਾ ਵਹ ਇਨਸਾਨ ਹੀ ਕਿਆ...?‘ ਚੈਨੀ ਵਾਪਸ ਮੁੜ ਜਾਂਦੀ ਹੈ।
ਪੰਦਰਾਂ ਸੌ ਰੁਪੈ ਪੂਰੇ ਕਰਕੇ ਉਹਨਾ ਸੁਖ ਦਾ ਸਾਹ ਲਿਆ। ਕੰਡੱਕਟਰ ਛੋਟੀ ਜਿਹੀ ਕਾਪੀ ਵਿਚ ਕਾਰਬਨ ਰੱਖ ਕੇ ਟਿਕਟ ਬਣਾਂਦਾ ਹੈ...।
‘ਮੁਝੇ ਪਤਾ ਥਾ..., ਐਸਾ ਕਾਮ ਸਰਦਾਰ ਹੀ ਕਰ ਸਕਤੇ ਹੈ...ਜੋ ਬਿਨਾ ਜਾਨਤੇ ਕਿਸੀ ਕੇ ਕਾਮ ਆਤੇ ਹੈ...।‘ ਟਿਕਟ ਫੜਾ ਕੇ ਹੱਸਦਾ ਹੈ...। ਚਲਾ ਜਾਂਦਾ ਹੈ। ਗੱਡੀ ਵਿਚ ਐਲਾਨ ਹੁੰਦਾ ਹੈ...।
‘ਅਬ ਆਪ ਥੋੜੀ ਹੀ ਦੇਰ ਮੇਂ ਵਿਜੇਵਾੜਾ ਪਹੁੰਚਣੇ ਵਾਲੇ ਹੈ ਯਹ ਆਂਧਰਾ ਪ੍ਰਦੇਸ਼ ਕਾ ਬੜਾ ਸੁੰਦਰ ਮਹਾਂ ਨਗਰ ਹੈ।‘ ਗੱਡੀ ਦੀ ਰਫਤਾਰ ਮੱਧਮ ਹੁੰਦੀ ਹੈ ਤੇ ਬਰੇਕਾਂ ਲੱਗਣ ਦੀ ਆਵਾਜ਼ ਨਾਲ ਖੜੀ ਹੋ ਜਾਂਦੀ ਹੈ।
ਗੱਡੀ ਰੁਕਦੇ ਹੀ ਸਾਥੀ ਸਾਹਿਬ ਤੇ ਉਸ ਨਾਲ ਉਹ ਲੜਕੀ ਥੱਲੇ ਉਤਰ ਜਾਂਦੇ ਹਨ...।
‘ਪੰਨਾ ਲਾਲ ! ...ਠੀਕ ਐ...?‘ ਦੂਜੀ ਨੁਕਰੋਂ ਸਲਮੇਂ ਦੀ ਲੰਮੀ ਸਾਰੀ ਆਵਾਜ਼ ਹੈ। ਮੈਂ ਉਸ ਦਾ ਇਸ਼ਾਰਾ ਸਮਝ ਜਾਂਦਾ ਹਾਂ।
‘ਬੇਗਾਨੀ ਮੁਟਿਆਰ ਹੁੰਦਲ ਹੇੜ ਲੜਕੀ ਨੂੰ ਕਿਦਾ ਫੂਸਲਾ ਕੇ ਵਰਗਲਾ ਕੇ ਬਾਹਰ ਲੈ ਤੁਰਿਆ ਹੈ, ਕੀ ਧੂੜ ਦਿੱਤਾ ਹੈ ਇਸਨੇ ਇਸ ਹੈਡ ਲੇਡੀ ਦੇ ਸਿਰ ਤੇ...।‘
ਮੈਨੂੰ ਸਰਦਾਰ ਤੋਂ ਨਫਰਤ ਹੁੰਦੀ ਹੈ...ਪਤਾ ਨਹੀਂ ਕੀ ਚੰਦ ਚੜਾਏਗਾ ਇਹ ਹੁਣ...। ਮੈਨੂੰ ਉਹ ਹੈਵਾਨ ਲੱਗਣ ਲਗਦਾ ਹੈ...ਜਿਵੇਂ ਉਸ ਦੇ ਸਿਰ ਸਿੰਗ ਉੱਗ ਆਏ ਹੋਣ।
ਵਾਪਸੀ ਉਹ ਚੰਚਲੋ ਜਿਹੀ ਲੜਕੀ ਉਸ ਦੀ ਉਂਗਲ ਫੜੀ ਆਉਦੀ ਹੈ। ਦੋਨੋ ਖੁਸ਼ ਹਨ ਬਹੁਤ ਖੁਸ਼...।
‘ਕਰ ਦੀਆਂ ਫੋਨ ਦਿਲੀ ਕੋ...ਪਾਪਾ ਸਟੇਸ਼ਨ ਪਰ ਮਿਲੇਂਗੇ ਪੈਸੇ ਲੇ ਕੇ...।‘ ਉਹ ਸਾਰੇ ਬੜਾ ਸਕੂਨ ਮਹਿਸੂਸ ਕਰਦੇ ਹਨ। ਹੁਣ ਉਹ ਤਿੰਨ ਨਹੀਂ, ਚਾਰ ਮੈਬਰਾਂ ਦੀ ਫੈਮਿਲੀ ਬਣ ਗਈ ਹੈ। ਮੈਂ ਬਾਹਰ ਬੈਠਾ ਕੁੜਦਾ ਹਾਂ, ਭੁੱਜਦਾ ਹਾਂ...ਝੂਰਦਾ ਹਾਂ। ਉਹ ਤਾਸ਼ ਕੱਢਦੇ ਹਨ...ਖੇਲਦੇ ਹਨ...ਮੇਰਾ ਜੀਅ ਕਰਦਾ ਹੈ, ਮੈਂ ਵੀ ਜਾ ਕੇ ਕਿਸੇ ਦਾ ਹਾਂਡੀ ਬਣ ਜਾਵਾਂ ਪਰ ‘ਆ ਬੈਲ ਮੁਝੇ ਮਾਰ!‘ ਮੇਰੀ ਤਮੰਨਾ ਦਮ ਤੋੜ ਜਾਂਦੀ ਹੈ। ਸਾਥੀ ਸਾਹਬ ਹੱਸਦਾ ਵੀ ਹੈ..., ਬੋਲਦਾ ਵੀ ਹੈ..., ਖੇਲਦਾ ਵੀ ਹੈ...। ਮੈਂ ਸਲਮੇਂ ਦੇ ਉਸਾਰੇ ਉਸ ਦੇ ਕਿਰਦਾਰ ਨਾਲ ਉਸ ਨੂੰ ਤੋਲਦਾ ਹਾਂ, ਮੈਨੂੰ ਆਪਣੇ ਆਪ ਨਾਲ ਚਿੜ ਹੁੰਦੀ ਹੈ...ਪਛਤਾਵਾ ਹੁੰਦਾ ਹੈ। ਮੈਂ ਕਿਉਂ ਕਿਸੇ ਦੇ ਕਹੇ ਕਿਸੇ ਸ਼ਰੀਫ ਆਦਮੀ ਬਾਰੇ ਐਵੇਂ ਫਜੂਲ ਕੁਫਰ ਤੂਫਾਨ ਮਨ ਵਿਚ ਉਬਾਲ ਰੱਖੇ ਨੇ।
ਖਾਣਾ ਆਉਂਦਾ ਹੈ..., ਸਾਥੀ ਸਾਹਿਬ ਆਪ ਹੀ ਸਾਰੇ ਟਰੇਆਂ ਵਿਚਲੇ ਪੈਕ ਖੋਲ ਕੇ ਸਭ ਦੇ ਅੱਗੇ ਰੱਖੀ ਜਾਂਦੇ ਹਨ..., ਸਾਰੇ ਇਕੱਠੇ ਰਲ ਕੇ ਖਾਂਦੇ ਹਨ। ਗੱਡੀ ਬੜੇ ਉਚੇ ਉਚੇ ਪਹਾੜ ਪਿਛੇ ਛੱਡਦੀ ਦੌੜਦੀ ਜਾ ਰਹੀ ਹੈ...ਦਰਿਆ ਨਦੀਆਂ ਖੇਤ ਪਿਛੇ ਦੌੜਦੇ ਹਨ। ਮੇਰੀਆਂ ਅੱਖਾਂ ਬਾਹਰ ਵੱਲ ਪ੍ਰਕਿਰਤੀ ਦੀ ਬੇਮਿਸਾਲ ਕਾਰੀਗਰੀ ਵੇਖਦੀਆਂ ਹਨ ਤੇ ਕੰਨ ਕੈਬਿਨ ਦੀ ਅੰਦਰਲੀ ਖੁੜਕ ਲੈ ਰਹੇ ਹਨ। ਮੇਰੇ ਅੰਦਰਲੀ ਕਸ਼ਮਕੱਸ਼ ਨਿਰੰਤਰ ਜਾਰੀ ਹੈ।
ਹੁਣ ਸਾਹਿਬ ਟੋਫੀ ਦੇ ਪੈਕਟ ਖੋਲਦਾ ਹੈ...ਉਹਨਾ ਨੂੰ ਦੇ ਰਿਹਾ ਹੈ...ਉਹਨਾ ਦੇ ਨਾਂਹ ਨਾਂਹ ਕਰਨ ਤੇ ਵੀ ਬਾਰ ਬਾਰ ਜੋਰ ਦੇ ਰਿਹਾ ਹੈ।
ਬਾਹਰ ਹਨੇਰਾ ਹੋਣ ਲਗਦਾ ਹੈ...ਸੌਣ ਦੀ ਤਿਆਰੀ ਕਰਦੇ ਹਨ। ਬੋਗੀ ਦਾ ਅਟੈਂਡੈਂਟ
ਕੰਬਲ ਤੇ ਚਾਦਰਾਂ ਦੇ ਗਿਆ ਹੈ...ਇਕ ਕੰਬਲ ਘੱਟ ਹੈ...‘ਕੋਈ ਨਹੀਂ, ਹੋਰ ਮੰਗਵਾ ਲੈਂਦੇ ਹਾਂ...।‘
‘ਸਰਦਾਰ ਸਾਹਿਬ! ਜਰਾ ਸਾਹਮਣੇ ਸਟੋਰ ਚੋਂ ਇਕ ਹੋਰ ਕੰਬਲ ਮੰਗਵਾ ਦਿਉ...।‘ ਸਾਥੀ ਸਾਹਿਬ ਦੀ ਸਿਫਾਰਿਸ਼ ਤੇ ਮੈਂ ਜਾਂਦਾ ਹਾਂ...। ਸਟੋਰ ਸਲਮੇ ਦੀ ਸੀਟ ਦੇ ਲਾਗੇ ਹੈ...ਉਹ ਦੋਨੋ ਮੇਰੇ ਨਾਲ ਨਰਾਜ ਹੁੰਦੇ ਹਨ, ਇਕੋ ਬੋਲੀ ਬੋਲਦੇ ਹਨ।
‘ਤੂੰ ਕੋਈ ਉਸ ਦਾ ਨੌਕਰ ਹੈ? ਉਸ ਦੇ ਕਹੇ ਇਹ ਕੰਮ ਕਰ ਰਿਹੈਂ...।‘
ਉਹ ਦੋਨੇਂ ਟੁੱਨ ਹੋਏ ਪਏ ਨੇ, ਬਾਰ ਬਾਰ ਉਹੀ ਗੱਲ, ਉਲਾਂਭਾ ਦੁਹਰਾ ਰਹੇ ਨੇ...। ਮੈਂ ਉਹਨਾਂ ਦੀਆਂ ਚੋਭਾਂ ਵਿਸਾਰ ਕੇ ਕੰਬਲ ਕੈਬਿਨ ਵਿਚ ਦਿੰਦਾ ਹਾਂ...। ਚਾਰਾਂ ਦੇ ਮੂੰਹੋਂ ‘ਧੰਨਵਾਦ ਸ਼ੁਕਰੀਆ‘ ਦੀਆਂ ਆਵਾਜ਼ਾਂ ਆਉਦੀਆਂ ਹਨ। ਕੈਬਿਨਾ ਦੇ ਪਰਦਿਆਂ ਦੇ ਸਰਕਣ ਦੀ ਆਵਾਜ਼ ਆਣ ਲੱਗੀ ਹੈ।
‘ਇਧਰ ਤੋਂ ਕੈਬਿਨ ਬੰਦ ਹੋਣੀ ਚਾਹੀਏ ਥੀ...ਕੋਈ ਦਰਵਾਜ਼ਾ ਨਹੀਂ...ਰਾਤ ਇਸ ਸਮਾਨ ਕਾ ਕਿਆ ਹੋਗਾ‘ ? ਹੈਡ ਲੇਡੀ ਨੇ ਪ੍ਰੇਸ਼ਾਨੀ ਜਾਹਰ ਕੀਤੀ...।
‘ਆਪ ਚਿੰਤਾ ਮੱਤ ਕਰੀਏ...ਸਭ ਠੀਕ ਹੋਗਾ...।‘ ਸਾਥੀ ਸਾਹਿਬ ਨੇ ਤੱਸਲੀ ਦਿਤੀ ਹੈ।
‘ਏਕ ਦਫਾ ਬਹੁਤ ਸਾਲ ਪਹਿਲੇ ਕੀ ਬਾਤ ਹੈ...ਜਬ ਮੈਂ ਆਪਣੇ ਬੱਚੋਂ ਔਰ ਬੀਵੀ ਕੇ ਸਾਥ ਫਸਟ ਕਲਾਸ ਮੇਂ ਸਫਰ ਕਰ ਰਹਾ ਥਾ...ਦਰਵਾਜੇ ਕੀ ਕੁੰਡੀ ਲਗਾ ਕੇ ਸਾਰੇ ਸੋ ਗਏ...।‘ ਤਿੰਨਾ ਬੇਗਮਾਂ ਨੇ ਘਬਰਾਈਆਂ ਨਜਰਾਂ ਨਾਲ ਉਪਰ ਵੇਖਿਆ।
‘ਕਿਸੀ ਕੇ ਪੈਰੋਂ ਕੀ ਆਹਟ ਨੇ ਮੁਝੇ ਜਗਾ ਦੀਆ...ਦਰਅਸਲ ਖੁਸ਼ਕਿਸਮਤੀ ਸੇ ਮੈਂ ਸੋਇਆ ਨਹੀਂ ਥਾ ਪਰ ਆਂਖੇ ਬੰਦ ਥੀ...ਬੱਤੀ ਬੁਝੀ ਹੂਈ ਥੀ...। ਮੈਂ ਨੇ ਦੇਖਾ ਇਕ ਅਜਨਬੀ ਆਦਮੀ ਕੈਸੇ ਕੁੰਡੀ ਖੋਲ ਕੇ ਅੰਦਰ ਘੁਸ ਆਇਆ ਔਰ ਮੁਝੇ ਜਾਗਤੇ ਦੇਖ ਕਰ ਉਪਰ ਵਾਲੀ ਖਾਲੀ ਸੀਟ ਪਰ ਚੜ ਗਿਆ...।
‘ਕੌਣ ਏ ਤੂੰ...?‘ ਮੈਂ ਬੜੀ ਹਿੰਮਤ ਨਾਲ ਉਸ ਕੋ ਦਬਕਾ ਲਗਾਇਆ...
‘ਜੀ ! ਜੀ! ਮੈਂ ਸਟਾਫ ਕਾ ਆਦਮੀ ਹੁੰ...।‘
‘ਕੈਸੇ ਆਇਆ ਤੂੰ ਅੰਦਰ ਕੁੰਡੀ ਖੋਲ ਕੇ...ਤੇਰੇ ਪਾਸ ਕੌਣ ਸੀ ਟਿਕਟ ਹੈ?‘ ਚੋਰ ਕੇ ਪੈਰ ਨਹੀਂ ਹੋਤੇ...ਮੇਰੀ ਡਾਂਟ ਸੁਣ ਕੇ ਘਬਰਾ ਕੇ ਉਹ ਬਾਹਰ ਦੌੜ ਗਿਆ...। ਸਾਰੀ ਰਾਤ ਜਾਗ ਕੇ ਬਿਤਾਈ ...ਸੁਭਾ ਮੁਝੇ ਦੂਸਰੇ ਕੈਬਨੋਂ ਵਾਲੋਂ ਨੇ ਭੀ ਬਿਤਾਇਆ ਕਿ ਰਾਤ ਉਨ ਕੀ ਭੀ ਕੋਈ ਕੁੰਡੀ ਖੜਕਾ ਰਹਾ ਥਾ...। ਔਰ ਅਜਿਹੇ ਨਾਮਵਰ ਚੋਰ ਡਾਕੂ ਰੇਲਵੇ ਸਟਾਫ ਕੀ ਮਿਲੀ ਭੁਗਤ ਸੇ ਯਾਤਰੀਉਂ ਕੋ ਲੂਟਤੇ ਹੈਂ।‘ ਕਹਾਣੀ ਸੁਣਦੇ ਸੁਣਦੇ ਤਿੰਨਾਂ ਔਰਤਾਂ ਦੇ ਮੱਥੇ ਡਰ ਦੀਆਂ ਲਕੀਰਾਂ ਹੋਰ ਡੂੰਘੀਆਂ ਹੋ ਗਈਆਂ।
‘ਕੋØਈ ਚਿੰਤਾ ਨਾ ਕਰੋ...ਆਪ ਘਬਰਾਏਂ ਮੱਤ ...ਮੈਂ ਜਾਗ ਕੇ ਰਾਖੀ ਕਰਾਂਗਾ।‘ ਉਹ ਉਹਨਾ ਨੂੰ ਢਾਰਸ ਦਿੰਦੇ ਹਨ। ਪੜਦੇ ਤਣ ਗਏ ਤੇ...ਵੱਡੀ ਬੱਤੀ ਬੁਝ ਗਈ ਹੈ। ਰਾਤ ਦੇ ਬਾਰਾਂ ਵਜੇ ਨੇ...। ਮਨ ਬੜਾ ਅਵਾਜਾਰ ਹੈ...ਨੀਂਦ ਕਿਧਰੇ ਉਡ ਗਈ ਹੈ...ਝੀਤਾਂ ਵਿਚੀ ਦੇਖਦਾ ਹਾਂ..., ਕੇਸਰੀ ਪਟਕਾ ਬੰਨੀ ਸਰਦਾਰ ਚੌਕੀਦਾਰ ਵਾਂਗ ਬੈਠਾ ਪਹਿਰਾ ਦੇ ਰਿਹਾ ਹੈ। ਮੇਰਾ ਦਿਲ ਧੱਕ ਧੱਕ ਕਰਨ ਲਗਦਾ ਹੈ..ਦੂਸਰੇ ਪਲ ਕੀ ਹੋਣ ਵਾਲਾ ਹੈ। ਮੇਰੇ ਮਨ ਅੰਦਰ ਇਕ ਸ਼ੋਰ ਹੈ..., ਧਿਆਨ ਕੈਬਿਨ ਦੇ ਪਰਦਿਆਂ ਪਿਛੇ ਹੈ...ਮਾਨੋ ਕੋਈ ਫਿਲਮ ਚੱਲ ਰਹੀ ਹੋਵੇ। ਮੈਂ ਫਿਰ ਵੇਖਣ ਲਈ ਤਤਪਰ ਹਾਂ...ਉਤਾਵਲਾ ਹਾਂ। ਬਾਥ ਜਾਣ ਦੇ ਬਹਾਨੇ ਉਠਦਾ ਹਾਂ...ਸਾਥੀ ਸਾਹਿਬ ਚੌਕੜੀ ਮਾਰ ਕੇ ਬੈਠੇ ਪਾਠ ਕਰ ਰਹੇ ਨੇ...ਮੇਰੇ ਪੈਰਾਂ ਦੀ ਆਵਾਜ ਨਾਲ ਉਹਨਾ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ। ਉਹ ਵੀ ਉਠ ਕੇ ਬਾਹਰ ਨਿਕਲਦਾ ਹੈ...ਮੈਂ ਸ਼ਰਮਿੰਦਾ ਜਿਹਾ ਹੋ ਕੇ ਆਪਣੀ ਸੀਟ ਤੇ ਆ ਪੈਂਦਾ ਹਾਂ। ਉਹ ਡੱਬੇ ਦੀ ਪੂਰੀ ਗੈਲਰੀ ਵਿਚ ਚੱਕਰ ਲਗਾਂਦਾ ਹੈ...ਵਾਸ਼ਬੇਸ਼ਨ ਤੋਂ ਮੁੰਹ ਨੂੰ ਛਿੱਟੇ ਮਾਰਦਾ ਹੈ ਤੇ ਵਾਪਸ ਆਪਣੀ ਕੈਬਿਨ ਵਿਚ ਆ ਕੇ ਪਰਦਾ ਸਰਕਾ ਲੈਂਦਾ ਹੈ।
ਮੇਰੇ ਮਨ ਦੀ ਭਟਕਣ ਵਧ ਰਹੀ ਹੈ...ਨੀਂਦਰ ਨੂੰ ਅਰਜੋਈ ਕਰਦਾ ਹਾਂ...ਇੰਤਜਾਰ ਕਰਦਾ ਹਾਂ...ਦਾਅਵਤ ਦਿੰਦਾ ਹਾਂ...ਭਟਕਣ ਭੁਲਾਣ ਦੀ ਕੋਸ਼ਿਸ਼ ਕਰਦਾ ਹਾਂ...ਨੀਂਦਰ ਆਵੇ ਜਾਂ ਨਾ ਪਰ ਸਲਮਾਂ ਤੇ ਮਾਨ ਫਿਰ ਮੇਰੀ ਕਲਪਣਾ ਚ ਆ ਵੜਦੇ ਨੇ...। ਮੈਂ ਪਿਛਾ ਛੁੜਾਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਸ਼ਾਖਸ਼ਾਤ ਮੇਰੇ ਸਾਹਮਣੇ ਖੜੇ ਹਨ ਮੇਰੀ ਕਲਪਨਾ ਨੂੰ ਜ਼ਖਮੀ ਕਰਦੇ ਹੋਏ...।
ਦਿਲੀ ਰੇਲਵੇ ਸ਼ਟੇਸ਼ਨ ਤੇ ਪਹਿਲੇ ਦਰਜੇ ਦੇ ਡੱਬੇ ਵਿਚ ਚੜਦਿਆਂ ਸਲਮੇਂ ਨੇ ਮੇਰਾ ਬੈਗ ਫੜ ਲਿਆ...ਟੋਹ ਕੇ ਵੇਖਿਆ...ਉਸ ਦੀਆਂ ਵਰਾਂਸ਼ਾਂ ਖਿੜ ਗਈਆਂ...ਉਸ ਨੇ ਮਾਨ ਵਲ ਬੈਗ ਵਧਾਂਦੇ ਹੋਏ ਖੁਸ਼ੀ ਜਾਹਰ ਕੀਤੀ...ਸਫਰ ਲੰਬਾ ਸੀ...ਉਹ ਦੋਨੋ ਬੜੇ ਕਾਹਲੇ ਸਨ...ਬੈਗ ਚੁਕ ਕੇ ਟਾਇਲੈਟ ਚ ਲੈ ਗਏ...ਤੇ ਕੁਝ ਦੇਰ ਬਾਦ ਬੁਲ ਸੰਵਾਰਦੇ ਵਾਪਸ ਆਏ...‘ਜਾਹ ਤੂੰ ਵੀ ਲਾ ਲੈ...।‘
‘ਨਹੀਂ ਮੈਂ ਇਸ ਵੇਲੇ ਨਹੀਂ ਲਗਾਂਦਾ...ਚਾਹੇ ਕੋਈ ਲੱਖ ਰੁਪੈ ਨਾਲ ਦੇਵੇ...ਸ਼ਾਮ ਨੂੰ ਲਗਾਵਾਂਗਾ...।‘ ਮੈਂ ਇਕ ਟੁਕ ਫੈਸਲਾ ਦੇ ਦਿੰਦਾ ਹਾਂ। ਦੌਬਾਰਾ ਬੱਤੀਆਂ ਜਗਣ ਤੋਂ ਪਹਿਲਾਂ ਹੀ ਉਹ ਦੋਨੇ ਉਪਰਲੀ ਸੀਟ ਤੇ ਚੜ ਕੇ ਫੇਰ ਜਾਮ ਖੋਲ ਲੈਂਦੇ ਹਨ...। ਮੈਂ ਸੰਕੋਚ ਕਰਦਾ ਹਾਂ...। ਸ਼ਿਕਾਰੀ ਕੁਤਿਆਂ ਵਾਂਗ ਸੁੰਘਦੇ-ਸੁੰਘਦੇ ਪੁਲਸ ਕਰਮੀ ਆ ਜਾਂਦੇ ਹਨ...ਤੇ ਉਪਰੋਂ ਬੋਤਲ ਤੇ ਗਿਲਾਸ ਚ ਪਿਆ ਪੈਗ ਫੜ ਕੇ ਉਹਨਾ ਨੂੰ ਥੱਲੇ ਉਤਾਰ ਲੈਂਦੇ ਹਨ। ਮੈਂ ਡਰਦਾ ਹਾਂ, ਮੈਂ ਨਹੀਂ ਚਾਹੁੰਦਾ ਮਾਨ ਸਾਹਿਬ ਦੀ ਬੇਇਜਤੀ ਹੋਵੇ...‘ ਇਹ ਬੜੇ ਵੱਡੇ ਅਫਸਰ ਨੇ...।‘ ਮੈਂ ਇਕ ਸਿਪਾਹੀ ਦੇ ਕੰਨ ਵਿਚ ਕਹਿੰਦਾ ਹਾਂ...। ਉਹ ਮਾਨ ਸਾਹਬ ਨੂੰ ਛੱਡ ਕੇ ਸਲਮੇਂ ਨੂੰ ਅੱਗੇ ਲਾ ਤੁਰਦੇ ਹਨ। ਮੈਂ ਪਿਛੇ ਜਾਂਦਾ ਹਾਂ।
‘ਕਿਥੇ ਲਿਜਾ ਰਹੇ ਉ ਇਹਨੂੰ...? ਇਹ ਵੀ ਸਰਕਾਰੀ ਅਫਸਰ ਹੈ...।‘ ਸਿਪਾਹੀ ਜਿਵੇਂ ਮੇਥੋਂ ਝਕਦੇ ਹਨ...।
‘ਜਾਉ ਸਰਦਾਰ ਜੀ! ਅਸੀ ਇਹਨੂੰ ਕੁਝ ਨਹੀਂ ਕਹਿੰਦੇ...ਤੁਸੀ ਵਾਪਸ ਜਾ ਕੇ ਆਰਾਮ ਕਰੋ...।‘
ਥੋੜੀ ਦੇਰ ਬਾਦ ਸਲਮਾ ਵਾਪਸ ਮੁੜਦਾ ਹੈ, ਢਿਲਾ ਜਿਹਾ ਚਿਹਰਾ ਲੈ ਕੇ...।
‘ਪੰਜ ਸੌ ਵੀ ਦੇਣੇ ਪਏ ਤੇ ਬੋਤਲ ਵੀ ਗਈ ਤਿੰਨ ਸੌ ਦੀ ...।‘ ਮੈਨੂੰ ਗੁੱਸਾ ਚੜਦਾ ਹੈ, ਮੈਂ ਸਿਪਾਹੀਆਂ ਦਾ ਪਿਛਾ ਕਰਦਾ ਹਾਂ...ਕਈ ਡੱਬੇ ਫੋਲ ਕੇ ਜਾ ਪੁਛਦਾ ਹਾਂ, ‘ ਅਰੇ ਭਾਈ ਪਾਂਚ ਸੌ ਲੇ ਲੀਆ ਤੋ ਹਮਾਰਾ ਮਸਾਲਾ ਤੋ ਦੇ ਦੋ...।‘
‘ਲੋ ਸਰਦਾਰ ਜੀ ਲੈ ਲੋ...।‘ ਜਿਵੇਂ ਉਹ ਪਹਿਲਾਂ ਹੀ ਤਿਆਰ ਸਨ। ਉਹਨਾਂ ਬਿਨਾ ਕਿਸੇ ਹੀਲ ਹੁਜਤ ਬੜੀ ਸ਼ਰਾਫਤ ਨਾਲ ਬੋਤਲ ਵਾਪਸ ਕਰ ਦਿਤੀ,‘ ਪਰ ਵੁਹ ਹਮੇਂ ਪਾਂਚ ਸੌ ਨਹੀਂ, ਦੋ ਸੌ ਰੁਪੈ ਦੇ ਕੇ ਗਏ ਹੈਂ...ਹਮ ਨੇ ਕਹਾ ਚਲੋ ਹਮਾਰੇ ਮੁਲਾਜਮ ਭਾਈ ਹੈ ਛੋੜ ਦੋ...।‘
ਅਗਲੇ ਦਿਨ ਪਿਛਲੇ ਦਿਨ ਦਾ ਸਲਮੇਂ ਦਾ ਖਰਚ ਖਾਤਾ ਦੇਖਦਾ ਹਾਂ ਜੋ ਸਾਡਾ ਤਿੰਨਾ ਦਾ ਸਾਂਝਾ ਹੈ...। ਸਿਪਾਹੀ ਦੇ ਨਾਮ ਪੰਜ ਸੌ ਰੁਪੈ ਲਿਖੇ ਵੇਖ ਕੇ ਮੈਂ ਅੱਗ ਬਗੋਲਾ ਹੋ ਜਾਂਦਾ ਹਾਂ...ਇਹ ਕੀ ਬਕਵਾਸ! ਇਹ ਕੀ ਫਰਾਡ...ਘਰ ਦਾ ਚੂਹਾ ਘਰ ਨੂੰ ਮੋਰੀਆਂ...ਗੁੱਸੇ ਨਾਲ ਮੇਰੀ ਮੁੱਠੀ ਤਣ ਜਾਂਦੀ ਹੈ...।
‘ਉਠੋ ਸਰਦਾਰ ਜੀ। ਦਿਨ ਚੜ ਆਇਆ ਜੇ...ਇਟਾਰਸੀ ਆਣ ਵਾਲੀ ਹੈ...।‘ ਮੇਰਾ ਤਣਿਆ ਹੋਇਆ ਹੱਥ ਕਿਸੇ ਦੇ ਹੱਥ ਮਹਿਸੂਸ ਕਰਦੇ ਮੈਂ ਅੱਭੜਵਾਹਾ ਅੱਖਾਂ ਖੋਲਦਾ ਹਾਂ। ਸਾਥੀ ਸਾਹਿਬ ਚਾਹ ਦਾ ਕੱਪ ਹੱਥ ਚ ਫੜੀ ਮੈਨੂੰ ਬੜੇ ਪਿਆਰ ਨਾਲ ਜਗਾ ਦਿੰਦੇ ਨੇ।
‘ਲਉ ਚਾਹ ਪੀਉ...ਤੁਸੀ ਸਾਰੀ ਰਾਤ ਬੁੜਾਂਦੇ ਰਹੇ ਹੋ...।‘
ਨਵੀਂ ਸਵੇਰ ਵਾਂਗ ਉਹਨਾ ਦਾ ਚੇਹਰਾ ਦਗਮਗਾ ਰਿਹਾ ਹੈ ਤੇ ਬਨਾਵਟੀ ਦੰਦਾ ਦਾ ਸੈਟ ਸਾਰੇ ਦਾ ਸਾਰਾ ਕਪਾਹ ਦੀਆਂ ਫੁਟੀਆਂ ਵਾਂਗ ਖਿੜ ਪੈਂਦਾ ਹੈ।
‘...ਝੂਠ ਸਭ ਝੂਠ...।‘
ਮੈਂ ਚਿਲਾ ਉਠਦਾ ਹਾਂ...।
Sincerely,
Charanjit Singh Pannu.
www.charanjitsinghpannu.com
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346