Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਨੌਂ ਬਾਰਾਂ ਦਸ
- ਵਰਿਆਮ ਸਿੰਘ ਸੰਧੂ

 

''ਛਿੰਨੋ! ਸੁਣਿਐਂ ਸੱਜਣ ਵਾਲਾ ਸਾਕ 'ਭਕਨੀਏਂ‘ ਭਿੱਲੀ ਨੂੰ ਕਰਨ ਨੂੰ ਮੰਨਦੇ ਨੇ?‘‘
ਜਸਵੰਤ ਆਪਣੇ ਦੋਸਤ ਸਤਿਨਾਮ ਵੱਲ ਵੇਖ ਕੇ ਮੁਸਕਰਾਇਆ। ਉਹਦੇ ਬੋਲਾਂ ਵਿਚਲੀ ਟੇਢ ਛਿੰਨੋ ਨੇ ਸਮਝੀ ਨਾ। ਡੰਗਰਾਂ ਹੇਠੋਂ ਗੋਹਾ ਖਿੱਚਦੀ ਦੇ ਹੱਥ ਰੁਕ ਗਏ।
''ਵੇ ਕਾਹਨੂੰ ਵੀਰਾ! ਅਸੀਂ ਤਾਂ ਬਥੇਰੇ ਤਰਲੇ ਮਿੰਨਤਾਂ ਕੀਤੇ। ਉਹ ਅੱਗੋਂ ਆਖਦੇ ਨੇ.....ਤੁਹਾਡਾ ਮੁੰਡਾ ਕਮਲਾ ਐ।‘‘
ਛਿੰਨੋ ਨੇ ਹਉਕਾ ਲਿਆ। ਉਹਨੂੰ ਸੱਜਣ ਦੇ ਭਰ ਜਵਾਨੀ ਵਿਚ ਗੁਜ਼ਰ ਜਾਣ ਦਾ ਅਫ਼ਸੋਸ ਸੀ ਤੇ ਭਿੱਲੀ ਨੂੰ ਸਾਕ ਨੇਪਰੇ ਨਾ ਚੜ੍ਹਨ ਦਾ ਵੀ।
''ਅਣਿਆਂ! ਸਾਡਾ ਵੀ ਤਾਂ ਜੀ ਕਰਦੈ ਸਾਡੀ ਅੰਸ-ਬੰਸ ਹੋਵੇ। ਸਾਡੇ ਮਰਨ ਪਿਛੋਂ ਸਾਡਾ ਵੀ ਕੋਈ ਨਾਂ ਲੈਣ ਵਾਲਾ ਹੋਵੇ। ਓਧਰ ਕਰਮਾਂ ਮਾਰੀ ਧੀ ਦੇ ਘਰ ਵੀ ਕੋਈ ਔਲਾਦ ਨਹੀਂ ਹੁੰਦੀ। ਮੈਂ ਆਹਨੀ ਆਂ.....ਉਹਦੇ ਘਰ ਈ ਬਾਬਾ ਸ਼ਾਹ ਮਦਾਰ, ਲੱਖਾਂ ਦਾ ਦਾਤਾ, ਕੋਈ ਨਿੱਕਾ ਨਿਆਣਾ ਦੇ ਦੇਵੇ...‘‘
ਉਸਨੇ ਆਪਣੀ ਇਸ ਮੰਗ ਵਿਚ ਆਪ ਹੀ ਥੋੜ੍ਹੀ ਜਿਹੀ ਛੋਟ ਦੇ ਦਿੱਤੀ, ''ਇਕ ਵਾਰ ਦੇ ਕੇ ਬਸ਼ੱਕ ਲੈ ਜਾਵੇ... ਪਰ ਦੇਵੇ ਤਾਂ ਸਹੀ...‘‘
ਉਹਦੀ ਗੱਲ ਸੁਣਕੇ ਜਸਵੰਤ ਅਤੇ ਸਤਿਨਾਮ ਦੋਵੇਂ ਹੱਸ ਪਏ।
''ਚੰਗੀ ਸੁੱਖਣਾਂ ਸੁੱਖਦੀ ਪਈ ਏਂ, ਜਸਵੰਤ ਨੇ ਆਖਿਆ ਤਾਂ ਛਿੰਨੋ ਛਿੱਥਾ ਜਿਹਾ ਹਾਸਾ ਹੱਸਦੀ, ''ਵੇ ਹੋਰ ਫਿਰ‘‘ ਆਖਕੇ ਆਪਣੇ ਕੰਮ ਲੱਗ ਪਈ।
ਕੁਝ ਯਾਦ ਆ ਜਾਣ ‘ਤੇ ਕੰਮ ਕਰਦੀ ਕਰਦੀ ਉਹ ਇਕ ਵਾਰ ਫੇਰ ਰੁਕੀ ਤੇ ਜਸਵੰਤ ਨੂੰ ਆਖਣ ਲੱਗੀ, ''ਅਣਿਆਂ! ਅਸੀਂ ਤਾਂ ਅਗਲਿਆਂ ਨੂੰ ਇਹ ਵੀ ਆਖਿਆ ਸੀ ਕਿ ਜੇ ਭਿੱਲੀ ਨੂੰ ਨਹੀਂ ਤਾਂ ਛੋਟੇ ਨਿੰਦਰ ਨੂੰ ਹੀ ਸਾਕ ਕਰ ਦਿਓ। ਮੂੰਹ ਮੱਥੇ ਲੱਗਦੈ... ਸੋਹਣਾ ਜਵਾਨ ਐਂ।... ਪਰ ਇਹ ਔਂਤਰਾ ਪੈਰ ਈ ਨਹੀਂ ਲਾਉਾਂਦਾ।☬ਕਹੜੀ ਕੋਈ ਇਹਦੀ ਮਾਂ ਈ... ਫਿਲਮਾਂ ਵਾਲੀ...! ਆਂਹਦੈ-ਜੇ ਵਿਆਹ ਕਰਾਉਣੈ ਤਾਂ ਉਹਦੇ ਨਾਲ ਈ ਕਰਾਉਣੈ। ਇਹਨੂੰ ਆਖ ਸੂ ਮੰਨ ਜਾਵੇ। ਅਣਿਆਂ! ਸਾਡੀ ਵੀ ਰੀਝ ਆ...‘‘
ਨਿੰਦਰ ਇਸ ਵੇਲੇ ਡੰਗਰਾਂ ਨੂੰ ਵਾਰੀ ਵਾਰੀ ਖੋਲ੍ਹ ਕੇ ਨਲਕੇ ਉੱਤੇ ਲੱਗੀ ਮੋਟਰ ਤੋਂ ਪਾਣੀ ਪਿਆ ਰਿਹਾ ਸੀ। ਛਿੰਨੋ ਦੀ ਗੱਲ ਸੁਣਕੇ ਇਕ ਦਮ ਗੁੱਸੇ ਵਿਚ ਉਬਲ ਪਿਆ, ''ਤੈਨੂੰ ਦੇਂਦਾਂ ਪੰਘੂੜੇ ‘ਚ ਪਾ ਕੇ ਟੀਟੂ ਹੁਣੀਂ ਖੇਡਣ ਨੂੰ। ਕਰਦੀ ਕੀ ਆ!... ਮੈਂ ਜੱਟ ਸਰਦਾਰ... ਏਡਾ ਖਾਨਦਾਨੀ! ਮੈਂ ਕਰਾਊਂ ਮਜਬ੍ਹੀਆਂ ਦੀ ਕੁੜੀ ਨਾਲ ਵਿਆਹ?... ਮੈਨੂੰ ਤੂੰ ਮੇਰੇ ਉੱਤੇ ਹੀ ਛੱਡ ਤੇ ਆਪਣੇ ਸੋਹਣੇ ਪੁੱਤ ਭਿੱਲੀ ਦਾ ਹੀ ਕਰਾ ਵਿਆਹ ਉਥੇ। ... ਪਰ ਭਿੱਲੀ ਨੂੰ ਕਿਹੜਾ ਸਾਕ ਦਊ ਸ਼ੁਦਾਈ ਨੂੰ...।‘‘
ਮੱਝ ਨੂੰ ਕਿੱਲੇ ਨਾਲ ਬੰਨ੍ਹ ਕੇ, ਉਹ ਖ਼ੁਦ ਸਿਆਣਾ ਬਣ ਕੇ ਭਿੱਲੀ ਦੀ ਸਿਆਣਪ ਬਾਰੇ ਦੱਸਣ ਲੱਗਾ, ''ਚਾਚਾ! ਜਿਸ ਦਿਨ 'ਗੁਰ ਸਰ‘ ਦਾ ਮੇਲਾ ਸੀ, ਮੈਂ ਪੁੱਛਿਆ, ''ਭਿੱਲੀ ਅੱਜ ਕੀ ਵਾਰ ਹੈ?‘‘ ਤਾਂ ਅੱਗੋਂ ਮੈਨੂੰ ਆਖਦਾ, ''ਹੈ ਸ਼ੁਦਾਈ! ਉਏ ਅੱਜ ਵਾਰ ਨਹੀਂ! ਅੱਜ ਤਾਂ ਮੇਲਾ ਹੈ,‘‘ ਹੋਰ ਸੁਣ, ਮੇਲੇ ‘ਚ ਤਖਾਣਾਂ ਦੇ ਦੀਪ ਨਾਲ ਝਗੜ ਪਿਆ। ਰਾਤ ਨੂੰ ਘਰ ਆ ਕੇ ਆਖੇ, ''ਮੈਂ ਦੀਪ ਦੀਆਂ ਚਾਰੇ ਲੱਤਾਂ ਵੱਢ ਦੇਣੀਆਂ।‘‘ ਓਧਰ ਭੈਣ ਸਾਡੀ ਵੇਖ ਲੌ... ਜੀਹਦੇ ਲਈ ਇਹ ਔਲਾਦ ਮੰਗਦੀ ਏ.. ਪਰਾਹੁਣੇ ਨਾਲ ਮੇਲੇ ‘ਤੇ ਆਈ ਸੀ। ਮੈਂ ਆਖਿਆ, ''ਭੈਣ! ਮੱਥਾ ਟੇਕਦਾਂ‘‘ ਤਾਂ ਅੱਗੋਂ ਅਸੀਸ ਦੇਣ ਦੀ ਥਾਂ ਆਖਣ ਲੱਗੀ, ''ਵੀਰਾ! ਮੱਥਾ ਟੇਕਦੀ ਆਂ।‘‘ ... ਇਹ ਤਾਂ ਸਾਰਾ ਟੱਬਰ ਹੀ ਸ਼ੁਦਾਈਆਂ ਦਾ।‘‘
ਨਿੰਦਰ ਬੜਾ ਦਾਨਾ ਬਣਕੇ ਪੇਸ਼ ਹੋ ਰਿਹਾ ਸੀ। ਛਿੰਨੋ ਹਿਰਖ਼ ਕੇ ਬੋਲੀ, ''ਵੇ ਵੀਰਾ! ਇਹਨਾਂ ਸਾਰਿਆਂ ਰਲ ਮਿਲ ਕੇ ਮੈਨੂੰ ਤਾਂ ਸ਼ੁਦੈਣ ਕੀਤਾ ਹੋਇਆ। ਓਧਰ ਮੇਰਾ ਜਵਾਨ ਤੇ ਕਮਾਊ ਪੁੱਤ ਧੋਖਾ ਦੇ ਗਿਆ। ਭਿੱਲੀ ਓਂ ਸਿੱਧਰਾ ਏ। ਇਹ ਵੀ ਘਰਾਂ ਤੋਂ ਹਿਲਦਾ ਜਾਂਦੈ...‘‘
ਭਰਾ ਦੀ ਮੌਤ ਦਾ ਭਿੱਲੀ ਅਤੇ ਨਿੰਦਰ ਨੂੰ ਕੋਈ ਘੱਟ ਦੁੱਖ ਨਹੀਂ ਸੀ ਪਰ ਸੱਜਣ ਦੀ ਮੌਤ ਪਿੱਛੋਂ ਜਦੋਂ ਘਰ ਵਿਚ ਗੱਲ ਚੱਲੀ ਕਿ ਸੱਜਣ ਵਾਲਾ ਸਾਕ ਭਿੱਲੀ ਲਈ ਮੰਗ ਲਿਆ ਜਾਵੇ ਤਾਂ ਭਿੱਲੀ ਅੰਦਰ ਵੀ ਚਰਾਗ ਜਗ ਪਏ। ਉਹਦੀ ਰੌਸ਼ਨੀ ਨਿੰਦਰ ਦੇ ਮਨ ਤਕ ਵੀ ਪਹੁੰਚ ਗਈ। ਉਹ ਭਾਵੇਂ ਇਸ ਸਾਕ ਦਾ ਉਮੀਦਵਾਰ ਨਹੀਂ ਸੀ ਤਦ ਵੀ ਉਹਨੂੰ ਆਪਣੇ ਘਰ ਵਿਚ ਆਪਣੀ ਭਾਬੀ ਦੀ ਉਡੀਕ ਸੀ। ਘਰ ਵਿਚ ਠੁਮਕ ਠੁਮਕ ਤੁਰੀ ਫਿਰਦੀ ਭਾਬੀ ਦੀ ਕਲਪਨਾ ਕਰਕੇ ਹੀ ਉਸਨੇ ਜਸਵੰਤ ਕੋਲ ਵਾਧੂ ਪਿਆ ਗਾਡਰ ਮੰਗ ਲਿਆ ਸੀ ਤਾਂ ਕਿ ਪੱਕੀ ਕੋਠੜੀ ਦੇ ਪਿੱਛੇ ਮੀਂਹਾਂ ਵਿਚ ਢਹਿ ਗਏ ਕੱਚੇ ਕੋਠੇ ਨੂੰ ਛੱਤ ਲਿਆ ਜਾਵੇ। ਵਿਆਹ ਤੋਂ ਪਿੱਛੋਂ ਇਕ ਵੱਖਰੇ ਕਮਰੇ ਦੀ ਲੋੜ ਤਾਂ ਪੈਣੀ ਹੀ ਸੀ। ਪਰ ਜਦੋਂ ਅਗਲਿਆਂ ਨੇ 'ਮੁੰਡਾ ਕਮਲਾ ਹੈ‘ ਆਖ ਕੇ ਸਾਕ ਤੋਂ ਨਾਂਹ ਕੀਤੀ ਤਾਂ ਭਿੱਲੀ ਦਾ ਦਿਲ ਤਾਂ ਬੁਝਣਾ ਹੀ ਸੀ ਨਿੰਦਰ ਦੇ ਮੂੰਹੋਂ ਵੀ ਸੁਭਾਵਕ ਹੀ ਨਿਕਲ ਗਿਆ, ''ਸਾਨੂੰ ਭਰਾ ਮਰਨ ਦਾ ਫਿਰ ਕੀ ਫਾਇਦਾ ਹੋਇਆ।‘‘
ਕੰਮ-ਧੰਦੇ ਤੋਂ ਵਿਹਲੀ ਹੋਈ ਤਾਂ ਨਲਕੇ ਤੋਂ ਮੂੰਹ-ਹੱਥ ਧੋ ਕੇ ਛਿੰਨੋ ਫੇਰ ਇਧਰ ਪਰਤੀ ਤੇ ਮੈਲੀ ਚੁੰਨੀ ਨਾਲ ਆਪਣਾ ਝੁਰੜੀਆਂ ਵਾਲਾ ਸਉਲਾ ਮੂੰਹ ਪੂੰਝਦੀ ਹੋਈ ਆਖਣ ਲੱਗੀ, ''ਵੇ ਵੀਰਾ! ਇਹਨੂੰ ਆਖ ਸੂ ਮੰਨ ਜਾਵੇ ...ਸ਼ੁਦਾਈ ਨੂੰ। ਭਾ ਜੀ! ਤੂੰ ਹੀ ਆਖ ਸੂ... ਭਲਾ ਇਹਦੇ ਢਿੱਡ ‘ਚ ਕੋਈ ਮੱਤ ਪਵੇ।‘‘
ਉਹ ਜਸਵੰਤ ਅਤੇ ਸਤਿਨਾਮ ਦੋਹਾਂ ਨੂੰ ਹੀ ਇਕ ਤਰ੍ਹਾਂ ਬੇਨਤੀ ਕਰ ਰਹੀ ਸੀ।
''ਚੱਲ! ਚੱਲ!! ਬੁੱਢੜੀਏ ਘਰ ਨੂੰ। ਨਾਲੇ ਖ਼ਬਰਦਾਰ! ਮੈਨੂੰ ਸ਼ੁਦਾਈ ਆਖਿਆ ਤਾਂ। ... ਮੈਂ ਤਾਂ 'ਸੌ ਦਾਈ ਆਂ।‘‘
ਨਿੰਦਰ ਆਪਣੀ 'ਸਿਆਣਪ‘ ਉੱਤੇ ਮਾਣ ਨਾਲ ਮੁਸਕਰਾਇਆ।
''ਭਕਨੇ ਵਾਲਿਆਂ ਕੋਲ ਅਜੇ ਇਹਦੀ 'ਸਿਆਣਪ‘ ਦੀ ਖ਼ਬਰ ਪਹੁੰਚੀ ਨਹੀਂ ਲਗਦੀ।‘‘
ਸਤਿਨਾਮ ਨੇ ਜਸਵੰਤ ਦੀਆਂ ਹੱਸਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ।
''ਚਾਚਾ ਜੀ! ਭਕਨੇ ਵਾਲਿਆਂ ਨੂੰ ਮਾਰੋ ਗੋਲੀ। ਤੁਸੀਂ ਹੁਣ ਜਿਹੜਾ ਵਾਅਦਾ ਕੀਤੈ ਸਿਰੇ ਚੜ੍ਹਾ ਦਿਓ। ਸ੍ਰੀ ਦੇਵੀ ਵਾਲਾ ਸਾਕ ਹੋ ਜਾਏ... ਤੁਹਾਨੂੰ ਲੈ ਕੇ ਦਊਂ ਲਾਲ ਮਰੂਤੀ ਤੇ ਚਾਚੇ ਜਸਵੰਤ ਨੂੰ ਫੋਰਡ ਟਰੈਕਟਰ... ਵਿਚੋਲਗਿਰੀ ਦਾ। ... ਚਾਚੀਆਂ ਦੋਹਵਾਂ ਨੂੰ ਸ਼ਨੀਲ ਦੇ ਲਾਲ ਰੰਗ ਦੇ ਸੂਟ...‘‘
ਨਿੰਦਰ ਸਤਿਨਾਮ ਨੂੰ ਲਾਲਚ ਦੇ ਰਿਹਾ ਸੀ। ਰਾਤੀਂ ਜਸਵੰਤ ਨੇ ਉਸਨੂੰ ਆਸ ਬੰਨ੍ਹਵਾ ਦਿੱਤੀ ਸੀ।
''ਤੇਰਾ ਇਹ ਚਾਚਾ ਸਤਿਨਾਮ ਸੁੰਹ ਸ਼ਹਿਰ ਰਹਿੰਦੈ। ਇਹ 'ਉਹਦੇ‘ ਮਾਪਿਆਂ ਨੂੰ ਵੀ ਜਾਣਦੈ ਤੇ ਉਹ ਅਕਸਰ ਇਹਨਾਂ ਦੇ ਸ਼ਹਿਰ ਆਉਾਂਦੀ2ੀ ਰਹਿੰਦੀ ਹੈ। ਇਹ ਉਹਦੇ ਘਰਦਿਆਂ ਨਾਲ ਤੇਰੇ ਸਾਕ ਦੀ ਗੱਲ ਤੋਰ ਸਕਦੈ...‘‘
ਜਿਸਦੇ ਸਾਕ ਦੀ ਗੱਲ ਤੋਰਨੀ ਸੀ, ਉਹ ਸੀ ਫ਼ਿਲਮ ਐਕਟਰੈੱਸ ਸ੍ਰੀ ਦੇਵੀ। ਕੁਝ ਮਹੀਨੇ ਹੋਏ ਜਦੋਂ ਨਿੰਦਰ ਨੇ ਪਹਿਲੀ ਵਾਰ ਕਿਸੇ ਨਾਲ ਸ਼ਹਿਰ ਜਾ ਕੇ ਇਸ ਐਕਟਰੈੱਸ ਦੀ ਕੋਈ ਫ਼ਿਲਮ ਵੇਖੀ ਸੀ, ਉਹ ਉਦੋਂ ਤੋਂ ਹੀ ਚਮਕਦਾਰ ਅੱਖਾਂ ਤੇ ਗੋਲ ਗਦਰਾਏ ਸਰੀਰ ਵਾਲੀ ਇਸ ਮੁਟਿਆਰ ਉੱਤੇ ਕੁਰਬਾਨ ਹੋ ਗਿਆ ਸੀ। ਫ਼ਿਲਮ ਤਾਂ ਅੱਗੇ ਵੀ ਕਦੀ ਕਦੀ ਉਹ ਜਸਵੰਤ ਕੇ ਟੀ. ਵੀ. ਉੱਤੇ ਵੇਖ ਲਿਆ ਸਕਦਾ ਸੀ ਪਰ ਪੂਰੇ ਸਕਰੀਨ ਉਤੇ ਵੇਖੀ ਫ਼ਿਲਮ ਨੇ ਉਸਨੂੰ ਪੂੁਰਾ ਹੀ ਮੱਲ ਲਿਆ ਸੀ। ਪਿੰਡ ਵਿਚ ਅੱਗੇ ਵੀ ਮੁੰਡੇ ਖੁੰਡੇ ਰਲ ਕੇ ਕਿਰਾਏ ਉੱਤੇ ਵੀ. ਸੀ. ਆਰ. ਲੈ ਆਉਾਂਦੇੴਨ ਪਰ ਹੁਣ ਉਹ ਉਚੇਚੇ ਤੌਰ ਉੱਤੇ ਧਿਆਨ ਰੱਖਦਾ ਤੇ ਸੂਹ ਕੱਢਕੇ ਅਗਲੇ ਦੇ ਘਰ ਜਾ ਵੜਦਾ। ਅੱਖਾਂ ਟੀ. ਵੀ. ਦੀ ਸਕਰੀਨ ਉਤੇ ਗੱਡ ਕੇ ਉੁਹ ਸਾਹ ਘੁੱਟੀ ਫਿਲਮ ਦੇ ਨਾਲ-ਨਾਲ ਉੱਡਦਾ ਰਹਿੰਦਾ। ਕਦੀ ਉੱਚੀ ਉੱਚੀ ਹੱਸ ਪੈਂਦਾ ਤੇ ਕਦੀ ਲੰਮਂੇ ਲੰਮੇਂ ਹਉਕੇ ਲੈਂਦਾ, ਅੱਥਰੂ ਪੁੂੰਝਦਾ ਰਹਿੰਦਾ। ਫਿਰ ਕਈ ਕਈ ਦਿਨ ਖੇਤਾਂ ਦੇ ਵੱਟਾਂ ਬੰਨ੍ਹਿਆਂ ਉੱਤੇ ਘੁੰਮਦਾ ਰਹਿੰਦਾ। ਖ਼ਿਆਲਾਂ ਖ਼ਿਆਲਾਂ ਵਿਚ ਕਿਸੇ ਫ਼ਿਲਮ ਦਾ ਹੀਰੋ ਬਣ ਜਾਂਦਾ। ਸ੍ਰੀ ਦੇਵੀ ਦੀ ਬਾਂਹ ਖਿੱਚ ਕੇ, ਉਹਦੇ ਲੱਕ ਨੂੰ ਹੱਥ ਪਾ ਕੇ ਆਪਣੇ ਕਲੇਜੇ ਨਾਲ ਘੁੱਟਣ ਲੱਗਦਾ ਤਾਂ ਉਹ ਖਿੜ ਖਿੜ ਕੇ ਹੱਸਦੀ ਹੋਈ, ਛੰਨਨ ਛੰਨਨ... ਛੰਨ ਛੰਨ... ਕਰਕੇ ਪਾਜੇਬਾਂ ਛਣਕਾਉੁਂਦੀ ਉਹਦੀ ਬੁੱਕਲ ਵਿਚੋਂ ਅਛੋਪਲੇ ਜਿਹੇ ਨਿਕਲ ਕੇ ਦੌੜ ਜਾਂਦੀ ਤੇ ਕਿਸੇ ਰੁੱਖ ਦੇ ਓਹਲੇ ਜਾਂ ਤੂੜੀ ਦੇ ਮੂਸਲ ਪਿੱਛੇ ਲੁਕ ਜਾਂਦੀ।
ਉਹ ਅੱਖਾਂ ਝਮਕਦਾ, ਡੌਰ-ਭੌਰ ਹੋਇਆ ਆਸੇ ਪਾਸੇ ਵੇਖਦਾ। ਏਥੇ ਤਾਂ ਕੁਝ ਵੀ ਨਹੀਂ ਸੀ! ਕਿੱਥੇ ਗਈ ਉਹ!
ਆਸੇ-ਪਾਸੇ ਝੋਨੇ ਦੇ ਖੇਤਾਂ ਦੀ ਹਰਿਆਵਲ। ਬੰਬੀ ਦਾ ਚਾਂਦੀ-ਰੰਗਾ ਪਾਣੀ ਧਾਰ ਬੰਨ੍ਹ ਕੇ ਚੁਬੱਚੇ ਵਿਚ ਪੈ ਰਿਹਾ। ਉਹ ਤਾਂ ਔਹ ਸੀ... ਪਾਣੀ ਦੀ ਧਾਰ ਹੇਠਾਂ ਨਹਾਉਂਦੀ ... ਮਸ਼ਹੂਰੀ ਵਾਲੇ ਸਾਬਣ ਨਾਲ ਮੂੰਹ ਨੂੰ ਝੱਗੋ ਝੱਗ ਕਰਦੀ। ਕੱਪੜੇ ਭਿੱਜ ਕੇ ਜਿਸਮ ਦੀਆਂ ਗੁਲਾਈਆਂ ਨਾਲ ਚਿਪਕੇ ਹੋਏ। ਨਿੰਦਰ ਨੂੰ ਆਪਣੇ ਵੱਲ ਆਉਂਦੇ ਵੇਖ ਉਹ ਚੁਬੱਚੇ ਦੇ ਬੰਨੇ ਉੱਤੇ ਲੱਤਾਂ ਲਮਕਾ ਕੇ ਬੈਠ ਗਈ। ਬਾਹਵਾਂ ਛਾਤੀਆਂ ਉੱਤੇ ਘੁੱਟ ਲਈਆਂ, ਕਾਲੇ ਕੇਸ ਮੋਢਿਆਂ ‘ਤੇ ਖਿਲਰੇ ਹੋਏ ਸਨ ਤੇ ਚਿਹਰੇ ਉਤੇ ਪਾਣੀ ਦੀਆਂ ਬੂੰਦਾਂ ਦੇ ਨਾਲ ਨਾਲ ਉਹਦੇ ਨੱਕ ਵਿਚ ਪਿਆ ਚਾਂਦੀ-ਰੰਗਾ ਕੋਕਾ ਸ਼ੀਸ਼ੇ ਵਾਂਗ ਲਿਸ਼ਕਦਾ ਪਿਆ ਸੀ।
ਲਿਸ਼ਕ ਉਸਦੀਆਂ ਅੱਖਾਂ ਵਿਚ ਪਈ ਤਾਂ ਉਹ ਅੱਖਾਂ ਬੰਦ ਕਰਕੇ ਉਂਗਲਾਂ ਦੇ ਪੋਟਿਆਂ ਨਾਲ ਹੌਲੀ ਹੌਲੀ ਅੱਖਾਂ ਨੂੰ ਸਹਿਲਾਉਣ ਲੱਗਾ।
ਜਸਵੰਤ ਤੋਂ ਛੋਟੇ ਜਸਪਾਲ ਨੇ ਵੇਖਿਆ, ਨਿੰਦਰ ਅੱਖਾਂ-ਮੀਟੀ ਚੁਬੱਚੇ ਦੇ ਉੱਤੇ ਲੱਤਾਂ ਲਮਕਾ ਕੇ ਬੈਠਾ ਸੀ ਤੇ ਪਾਣੀ ਦੀ ਧਾਰ ਡਿੱਗਣ ਨਾਲ ਉਡਦੀਆਂ ਛਿੱਟਾਂ ਕਾਰਨ, ਉਹਦੇ ਕੱਪੜੇ ਭਿੱਜੇ ਪਏ ਸਨ।
''ਉਏ ਪੱਠੇ ਨਹੀਂ ਵੱਢੇ ਅਜੇ ਤਕ। ‘‘
ਜਸਪਾਲ ਨੇ ਪੁੱਛਿਆ ਤਾਂ ਵੇਰਵਾ ਦੇਣ ਲੱਗਾ।
''ਉਹ ਆਈ ਸੀ ਨਾ... ਹੁਣੇ ਈ ਐਥੇ ... ਮੈਨੂੰ ਆਖਦੀ ਸੀ... ਖਲੋ ਜਾਹ! ਮੈਂ ਗਿੱਲੇ ਲੀੜੇ ਬਦਲ ਆਵਾਂ...‘‘
''ਹੁਣ ਕਿੱਥੇ ਆ? ‘‘ ਜਸਪਾਲ ਮੁਸਕਰਾਇਆ।
''ਔਹ ਵੇਖ ਜਾਂਦੀ ਲਾਲ ਮਰੂਤੀ ‘ਚ ਬੈਠੀ... ‘‘ ਨਿੰਦਰ ਨੇ ਦੂਰ ਜੀ. ਟੀ. ਰੋਡ ਉੱਤੇ ਜਾਂਦੀ ਕਿਸੇ ਕਾਰ ਵਲ ਇਸ਼ਾਰਾ ਕੀਤਾ।
''ਉਠ ਤਾਂਹ! ਪੱਠੇ ਵੱਢ... ਮਾਮਾ ਲਾਲ ਮਰੂਤੀ ਦਾ...‘‘ ਜਸਪਾਲ ਨੇ ਲਾਡ ਨਾਲ ਝਿੜਕਿਆ।
ਅਗਲੇ ਕੁਝ ਦਿਨਾਂ ਵਿਚ ਇਹ ਗੱਲ ਛੋਟੇ ਜਿਹੇ ਸਾਰੇ ਪਿੰਡ ਵਿਚ ਫੈਲ ਗਈ। ਹੱਟੀ-ਭੱਠੀ ‘ਤੇ, ਗਲੀ ਦੇ ਮੋੜ ਉੱਤੇ ਜਾਂ ਵੱਟ-ਬੰਨੇ ਉੱਤੇ, ਜਿਹੜਾ ਵੀ ਉਹਨੂੰ ਮਿਲਦਾ, ਉਹ ਸ੍ਰੀਦੇਵੀ ਬਾਰੇ ਜ਼ਰੂਰ ਪੁੱਛਦਾ। ਉਹ ਅੱਗੋਂ ਬੜੇ ਉਤਸ਼ਾਹ ਨਾਲ ਦੱਸਦਾ।
''ਮੈਨੂੰ ਆਖਦੀ ਸੀ; ਤੈਨੂੰ ਆਪਣੀ ਅਗਲੀ ਫ਼ਿਲਮ ‘ਚ ਹੀਰੋ ਲੈਣਾ ਆਪਣੇ ਨਾਲ... ਮੈਂ ਆਖਿਆ, ਆਹ ਜ਼ਰਾ ਝੋਨੇ ਝੰਬ ਲਈਏ... ਕੱਪੜਾ-ਲੱਤਾ ਸਵਾ ਲਈਏ ਚੱਜ-ਚਾਰ ਦਾ। ਐਹਨਾਂ ਕੱਪੜਿਆਂ ‘ਚ ਸਾਰੇ ਪਿੰਡ ਦਾ ਮੁਸ਼ਕ ਚੁੱਕੀ ਮੈਂ ਆਪਣੀ ਬਿੱਲੋ ਰਾਣੀ ਕੋਲ ਕਿਵੇਂ ਜਾਵਾਂ...‘‘
ਉਹ ਖਿੜ-ਖਿੜ ਹੱਸਦਾ।
ਇਕ ਦਿਨ ਆਟੇ ਦੀ ਚੱਕੀ ਉੱਤੇ ਘਰ ਲਈ ਦੋ ਕਿਲੋ ਆਟਾ ਲੈਣ ਗਿਆ ਤਾਂ ਮਿਸਤਰੀ ਬਚਨ ਸਿੰਘ ਨੇ ਛੇੜਿਆ:
''ਉਏ ਐਕਟਰਾ! ਕੱਲ੍ਹ ਤੂੰ ਕਿਥੇ ਸੈਂ। ਉਹ ਸਾਰੇ ਪਿੰਡ ‘ਚ ਤੈਨੂੰ ਲੱਭ ਲੱਭ ਕਮਲੀ ਹੋਗੀ। ਸਾਡੀ ਚੱਕੀ ‘ਤੇ ਆਕੇ ਮੈਨੂੰ ਪੁੱਛਣ ਲੱਗੀ। ਆਖੇ: ਉਹ ਪਤਾ ਨਹੀਂ ਕਿਧਰ ਛੁਪਨ ਹੋ ਗਿਆ ਮੇਰਾ ਨੀਂਗਰ ਚੰਦ -ਮੈਂ ਉਹਦੇ ਪਿੱਛੇ ਪਿੱਛੇ ਤੇ ਉਹ ਅੱਗੇ ਅੱਗੇ। ਲੱਭਦਾ ਈ ਨਹੀਂ। ਮੈਂ ਤਾਂ ਵਿਆਹ ਕਰਨਾ ਉਸ ਦੇ ਨਾਲ ‘‘
ਨਿੰਦਰ ਨੇ ਇਕ ਪਲ ਲਈ ਤਾਂ ਅਣਮੰਨੇ ਮਨ ਨਾਲ ਮਿਸਤਰੀ ਦੇ ਮੂੰਹ ਵੱਲ ਵੇਖਿਆ ਪਰ ਛੇਤੀ ਹੀ ਉਹਦੀਆਂ ਅੱਖਾਂ ਵਿਚ ਲਿਸ਼ਕ ਆ ਗਈ:
'' ਹਾਹੋ ਤਾਇਆ! ਵਿਆਹ ਦੀ ਤਾਂ ਪੱਕ ਐ ਆਪਣੀ। ਮੈਂ ਈ ਉਹਨੂੰ ਆਖਿਐ... ਜ਼ਰਾ ਵਿਹਲੇ ਜਿਹੇ ਦਿਨ ਆ ਜਾਣ...‘‘
ਆਟੇ ਵਾਲਾ ਲਿਫ਼ਾਫਾ ਲੈ ਕੇ ਤੁਰਿਆ ਤਾਂ ਅੱਗੇ ਖੁੰਢਾਂ ਉੱਤੇ ਅਤਰਾ ਨਿਹੰਗ ਤੇ ਕੁੱਬਾ ਫ਼ੌਜੀ ਬੈਠੇ ਸਨ। ਨਿੰਦਰ ਤੋਂ ਖ਼ੁਸੀ ਪਚਾਈ ਨਾ ਗਈ, ''ਬਾਬਾ ਫੌਜੀਆ! ਭਾਈ ਬਚਨ ਸੁੰਹ ਦੀ ਚੱਕੀ ਉੱਤੇ ਕੱਲ੍ਹ ਆਪ ਆਈ ਸੀ ਊ। ਉਹਨੂੰ ਆਖ ਗਈ ਐ... ਜਿੰਨਾ ਆਟਾ ਇਹਨਾਂ ਨੂੰ ਚਾਹੀਦਾ ਹੋਵੇ... ਚੁਕਾ ਦਿਆ ਕਰ ਬੋਰੀਆਂ ਭਰ-ਭਰ ਕੇ। ਪੈਸਿਆਂ ਦਾ ਮੈਂ ਜਾਣਾ ਜਾਂ ਤੂੰ...‘‘
''ਚੁੱਕੀ ਤਾਂ ਕੰਜਰਾ ਹਾਅ ਮੋਮੀ ਜਿਹਾ ਲਿਫਾਫਾ ਆਉਂਦੈਂ ਸੇਰ ਡੂਢ ਸੇਰ ਦਾ...‘‘
ਫ਼ੌਜੀ ਦੇ ਜੁਆਬ ਵਿਚ ਉਸਨੇ ਨਿਰਣਾ ਦਿੱਤਾ, '' ਲੈ ਇਹਨਾਂ ਵਾਸਤੇ ਆਪਣਾ ਘਰ ਥੋੜ੍ਹਾ ਲੁਟਾ ਲੈਣੈ‘‘
'ਇਹਨਾਂ‘ ਤੋਂ ਉਹਦੀ ਮੁਰਾਦ ਆਪਣੇ ਘਰਦਿਆਂ ਤੋਂ ਸੀ ਤੇ 'ਆਪਣੇ ਘਰ‘ ਬਾਰੇ ਉਸ ਦੱਸਿਆ,''ਮੇਰਾ ਤੇ ਮੇਰੀ ਬਿੱਲੋ ਦਾ ਇਕੋ ਹੀ ਘਰ ਐ... ਮੈਂ ਉਹਦੇ ਪੈਸੇ ਖਰਚਾਊਂ ਤਾਂ ਮੇਰੇ ਹੀ ਪੈਸੇ ਉਜੜਣਗੇ ...‘‘
ਅਤਰਾ ਨਿਹੰਗ ਪਹਿਲਾਂ ਤਾਂ ਹੱਸਿਆ, ਫਿਰ ਉਸਨੂੰ ਖਾਹ-ਮ-ਖਾਹ ਗੁੱਸਾ ਆ ਗਿਆ, ''ਭੈਂ ਚੋ ਸ਼ੁਦਾਈ ਨਾ ਹੋਵੇ ਤਾਂ... ਚੜ੍ਹੱਤ ! ... ਤੇਰੇ ਨਾਲ ਵਿਆਹ ਕਿਵੇਂ ਕਰਵਾ ਲਊ ਉਹ? ਉਹ ਉੱਚੀ ਜਾਤ ਦੀ, ਤੂੰ ਮਜ²੍ਹਬੀ ‘‘
ਅਤਰੇ ਦੇ ਭਾਣੇ ਵਿਆਹ ਹੋਣ ਵਿਚ ਕੇਵਲ ਜਾਤ-ਪਾਤ ਦਾ ਅੜਿੱਕਾ ਹੀ ਸਭ ਤੋਂ ਵੱਡੀ ਗੱਲ ਸੀ ਬਾਕੀ ਸਭ ਗੁਣਾਂ-ਲੱਛਣਾਂ ਵੱਲੋਂ ਤਾਂ ਜਿਵੇਂ ਜੋੜੀ ਬੜੀ ਢੁਕਵੀਂ ਸੀ!!
ਅਗਲੇ ਦਿਨੀਂ ਜਸਵੰਤ ਨਾਲ ਪੱਠੇ ਕੁਤਰਾਉਂਦਿਆਂ ਉਹਨੇ ਅਤਰੇ ਨਿਹੰਗ ਦਾ ਨਾਂ ਲੈ ਕੇ ਗਾਲ੍ਹ ਕੱਢੀ,
''ਇਹਦੇ ਕੱਛੇ ‘ਚ ਸੌ ਸੌ ਜੂੰਆਂ। ਸੰਗਰਾਂਦ ਵਾਲੇ ਦਿਨ ਕੜਾਹ ਵਰਤਾਉਂਦਾ ਸੀ। ਮੈਂ ਆਖਿਆ, ਪਹਿਲਾਂ ਹੱਥ ਧੋ ਕੇ ਆ। ਚਾਚਾ ਇਹਦਾ ਮੇਰੇ ਜਿਹੇ ਸਰਦਾਰ ਨਾਲ ਭਲਾ ਕੀ ਮੁਕਾਬਲਾ। ਮੈਂ ਮਿੰਟੂ ਦਿਓਲ... ਜੱਟ ਪਾਤਸ਼ਾਹ...‘‘
ਟੋਕਰੀ ਵਿਚ ਪੱਠੇ ਪਾਉਂਦਿਆਂ ਉਸਨੇ ਹੌਲੀ ਜਿਹੀ ਰੱਹਸ ਉਦਘਾਟਨ ਕੀਤਾ, ''ਚਾਚਾ! ਤੈਨੂੰ ਨਹੀਂ ਪਤਾ। ਇਹ ਬੜੀਆਂ ਡੂੰਘੀਆਂ ਗੱਲਾਂ ਨੇ। ਜਿਹੜਾ ਫਿਲਮ ਐਕਟਰ ਧਰਮਿੰਦਰ ਐ ਨਾ... ‘‘ ਉਸਨੇ ਜਸਵੰਤ ਦੀਆਂ ਅੱਖਾਂ ਵਿਚ ਅੱਖਾਂ ਗੱਡ ਲਈਆਂ, ''ਅਸਲ ਵਿਚ ਉਹ ਮੇਰਾ ਪਿਉ ਆ... ਮਾਂ ਹੈ ਮੇਰੀ ਹੇਲਾ ਮਾਲਿਨੀ... ‘‘
''ਹੇਲਾ ਮਾਲਿਨੀ...ਨਹੀਂ....ਹੇਮਾ ਮਾਲਿਨੀ‘‘ ਜਸਵੰਤ ਨੇ ਦਰੁਸਤੀ ਕੀਤੀ। ਅਸਲ ਵਿਚ ਉਹਦੇ ਖ਼ਜ਼ਾਨੇ ਵਿਚ ਬਹੁਤ ਸਾਰੀਆਂ ਗੱਲਾਂ ਉਸਦੀ ਕਲਪਨਾ ਦੀ ਉਪਜ ਹੁੰਦੀਆਂ ਤੇ ਬਹੁਤ ਸਾਰੀਆਂ ਲੋਕਾਂ ਤੋਂ ਸੁਣ-ਸੁਣਾ ਕੇ ਉਸਨੇ ਆਪਣੀਆਂ ਬਣਾ ਲਈਆਂ ਸਨ।
''ਹਾਹੋ ਹੇਮਾ ਮਾਲਿਨੀ! ਉਹ ਮੇਰੀ ਮਾਂ ਈ²... ‘‘ ਉਹਨੇ ਬੜੇ ਡੂੰਘੇ ਰਾਜ਼ ਦੀ ਗੱਲ ਦੱਸੀ ਤੇ ਜਸਵੰਤ ਦੀਆਂ ਅੱਖਾਂ ਵੱਲ ਵੇਖਦਾ ਹੋਇਆ ਉਹਦਾ ਪ੍ਰਤੀਕਰਮ ਉਡੀਕਣ ਲੱਗਾ।
ਜਸਵੰਤ ਮੁੱਛਾਂ ਵਿਚ ਹੱਸਿਆ, ''ਮੈਨੂੰ ਪਤੈ... ਜਾਹ ਤੂੰ ਪਹਿਲਾਂ ਡੰਗਰਾਂ ਨੂੰ ਪੱਠੇ ਪਾ...ਮੂੰਹ-ਹੱਥ ਧੋ ਕੇ ਵਿਹਲਾ ਹੋ... ਫੇਰ ਤੇਰੀ ਸਾਰੀ ਕਹਾਣੀ ਸੁਣਦੇ ਆਂ...‘‘
ਸ਼ਾਮ ਨੂੰ ਜਦੋਂ ਜਸਵੰਤ ਦੀ ਪਤਨੀ ਨੇ ਬਾਟੀ ‘ਚ ਦਾਲ ਪਾ ਕੇ ਰੋਟੀਆਂ ਨਿੰਦਰ ਦੇ ਹੱਥ ਉੱਤੇ ਰੱਖੀਆਂ ਤਾਂ ਜਸੰਵਤ ਨੇ ਹਾਸੇ ਨਾਲ ਆਖਿਆ, ''ਹੌਲੀ ਜਿਹੀ ਪਿਆਰ ਨਾਲ ਰੋਟੀ ਫੜਾ ਦਿਓਲ ਜੱਟ ਨੂੰ... ਹੇਮਾ ਮਾਲਿਨੀ ਦੇ ਲਾਡਲੇ ਨੂੰ..‘‘
ਅਗਲੇ ਕੁਝ ਦਿਨਾਂ ਵਿਚ ਉਸਨੇ ਆਪਣੇ ਬਿਆਨ ਵਿਚ ਸੋਧ ਕਰ ਲਈ। ਉਸਨੂੰ ਕਿਸੇ ਨੇ ਦੱਸ ਦਿੱਤਾ ਸੀ ਕਿ ਜਦੋਂ ਦਾ ਉਹ ਪੈਦਾ ਹੋਇਆ ਹੈ ਉਦੋਂ ਤਾਂ ਅਜੇ ਧਰਮਿੰਦਰ ਦਾ ਹੇਮਾ ਮਾਲਿਨੀ ਨਾਲ ਵਿਆਹ ਵੀ ਨਹੀਂ ਸੀ ਹੋਇਆ!
ਹੁਣ ਉਹ ਧਰਮਿੰਦਰ ਦੇ ਦੋ ਪੁੱਤਰਾਂ ਸੰਨੀ ਦਿਓਲ ਤੇ ਬੌਬੀ ਦਿਓਲ ਹੁਰਾਂ ਦਾ ਤੀਜਾ ਤੇ ਵਿਚਕਾਰਲਾ ਭਰਾ ਸੀ ਤੇ ਉਹਨਾਂ ਦੀ ਮਾਂ ਉਹਦੀ ਮਾਂ ਸੀ।
ਇਕ ਦਿਨ ਆਖਣ ਲੱਗਾ, ''ਸੰਨੀ ਭਰਾ ਆਇਆ ਸੀ ਅੱਜ। ਰੇਲਵੇ ਲਾਈਨ ਉੱਤੇ ਮਿਲਿਆ ਸੀ। ਆਖਦਾ ਸੀ, ਤੂੰ ਫ਼ਿਕਰ ਕਿਉਂ ਕਰਦਾ ਏਂ। ਸੱਜਣ ਨੂੰ ਯਾਦ ਕਰ ਕੇ ਰੋਂਦਾ ਰਹਿੰਦੈਂ। ਅਸੀਂ ਵੇਖ ਖਾਂ ਤੇਰੇ ਸੱਕੇ ਭਰਾ... ਤੇਰੀਆਂ ਬਾਹਵਾਂ।‘‘
ਉਹਦਾ ਚੇਤਨ-ਅਵਚੇਤਨ ਇਕ ਦੂਜੇ ਵਿਚ ਘੁਲਦਾ-ਮਿਲਦਾ ਰਹਿੰਦਾ। ਰੋਜ਼ ਲੋਕਾਂ ਨਾਲ ਗੱਲਾਂ-ਬਾਤਾਂ ਕਰਦਾ ਤੇ ਉਹਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਕਹਾਣੀ ਵਿਚ ਵੱਖ-ਵੱਖ ਰੰਗ ਭਰਦਾ ਰਹਿੰਦਾ। ਸ਼ਾਮ ਨੂੰ ਕੰਮ ਤੋਂ ਵਿਹਲਾ ਹੁੰਦਾ ਤਾਂ ਜਸਵੰਤ ਹੁਰਾਂ ਦੇ ਟੀ.ਵੀ. ਅੱਗੇ ਜਾ ਬੈਠਦਾ। ਖੇਤਾਂ ਵਿਚ ਕੰਮ ਕਰ ਰਿਹਾ ਹੁੰਦਾ ਤਾਂ ਖੇਤਾਂ ਨੇੜਿਓਂ ਲੰਘਦੀ ਰੇਲਵੇ ਲਾਈਨ ਉੱਤੇ ਜਾਂਦੀ ਗੱਡੀ ਅਤੇ ਜਾਂਦੇ ਰਾਹੀਆਂ ਵੱਲ ਨੀਝ ਲਾ ਕੇ ਵੇਖਦਾ ਰਹਿੰਦਾ। ਕਦੀ ਖ਼ੁਸ਼ ਹੋ ਜਾਂਦਾ ਤੇ ਕਦੀ ਉਦਾਸ।
ਹੁਣੇ ਸੱਜਣ ਦੀਆਂ ਗੱਲਾਂ ਹੋ ਕੇ ਹਟੀਆਂ ਸਨ। ਉਸਨੂੰ ਯਾਦ ਕਰਦਿਆਂ ਨਿੰਦਰ ਨੇ ਉਦਾਸੀ ਵਿਚ ਭਿੱਜ ਕੇ ਆਖਿਆ, ''ਸ੍ਰੀਦੇਵੀ ਕੱਲ੍ਹ ਮੇਰੇ ਪਿੱਛੋਂ ਸਾਡੇ ਘਰ ਭਾਪੇ ਕੋਲ ਆਈ ਸੀ।‘‘
''ਕੀ ਕਰਨ ਆਈ ਸੀ?‘‘
ਐਤਕੀਂ ਸਤਿਨਾਮ ਨੇ ਪੁੱਛਿਆ। ਅਕਸਰ ਉਸਨੇ ਵਿਚੋਲਗਿਰੀ ਕਰਨੀ ਸੀ।
''ਸੱਜਣ ਦਾ ਹਿਰਖ਼ ਕਰਨ...‘‘
''ਕੀ ਆਂਹਦੀ ਸੀ?‘‘
''ਆਖਦੀ ਸੀ, ਭਾਪਾ ਜੀ ਵੱਡੇ ਭਾ ਜੀ ਵੱਲੋਂ ਤਾਂ ਬੜਾ ਮਾੜਾ ਹੋਇਆ। ਉਹ ਤਾਂ ਘਰ ਦਾ ਬੰਨ੍ਹ ਸੀ। ਕਮਾਊ ਪੁੱਤ...। ਹੌਸਲਾ ਰੱਖੋ। ਹੁਣ ਭਾਣਾ ਮੰਨਣਾ ਹੀ ਪੈਣੈਂ।‘‘
ਉਹ ਏਨੀ ਗੰਭੀਰਤਾ ਨਾਲ ਦੱਸ ਰਿਹਾ ਸੀ ਕਿ ਨਾ ਚਾਹੁੰਦਿਆਂ ਵੀ ਜਸਵੰਤ ਅਤੇ ਸਤਿਨਾਮ ਦਾ ਹਾਸਾ ਨਿਕਲ ਗਿਆ। ਉਹਨਾਂ ਨੂੰ ਹੱਸਦਾ ਵੇਖਕੇ ਨਿੰਦਰ ਆਪ ਵੀ ਹੱਸ ਪਿਆ।
''ਅੱਛਾ ! ਜਸਵੰਤ ਸਿਆਂ! ਯਾਰ ਇਹ ਤਾਂ ਦੱਸੋ ਕਿ ਇਹ ਕਿੰਨਾ ਕੁ ਪੜ੍ਹਿਆ ਲਿਖਿਐ, ਕਿੱਥੇ ਪੜ੍ਹਿਐ ਤੇ ਜ਼ਮੀਨ-ਜਾਇਦਾਦ ਕਿੰਨੀ ਆਂ ਇਸਦੀ? ਅਕਸਰ ਅਗਲਿਆਂ ਨਾਲ ਇਹਦੇ ਰਿਸ਼ਤੇ ਦੀ ਗੱਲ ਤੋਰਨੀ ਆਂ ਤਾਂ ਅਗਲੇ ਮੁੰਡੇ ਬਾਰੇ ਸਾਰੀ ਪੁੱਛ-ਗਿੱਛ ਤਾਂ ਕਰਨਗੇ ਹੀ...‘‘
ਸਤਿਨਾਮ 'ਗੰਭੀਰ‘ ਹੋ ਕੇ ਜਸਵੰਤ ਤੋਂ ਹੋਰ ਵਿਸਥਾਰ ਜਾਨਣਾ ਚਾਹੁੰਦਾ ਸੀ।
''ਆਪਣਾ ਪੁੱਤਰ ਨਿੰਦਰ ਸੁੰਹ ਬਹੁਤ ਪੜ੍ਹਿਆ-ਲਿਖਿਆ ਤੇ ਸਿਆਣਾ ਮੁੰਡਾ ਏ...‘‘
ਓਨੀ ਹੀ ਗੰਭੀਰਤਾ ਨਾਲ ਜਸਵੰਤ ਜੁਆਬ ਦੇ ਰਿਹਾ ਸੀ, ''ਪਿਛਲੇ ਦਿਨੀਂ ਡੰਗਰਾਂ ਵਾਲੇ ਕੋਠੇ ‘ਚ ਬਲਬ ਲਾਉਣ ਲੱਗਿਆਂ ਇਹਨੂੰ ਮਾੜਾ ਜਿਹਾ ਕਰੰਟ ਲੱਗਾ। ਇਹ ਝਟਕਾ ਲੱਗਣ ਨਾਲ ਜ਼ਮੀਨ ਉੱਤੇ ਡਿਗ ਪਿਆ। ਅਸੀਂ ਫੜ ਕੇ ਉਠਾਇਆ ਤਾਂ ਇਹਨੇ ਲੱਖ ਰੁਪਏ ਦੀ ਗੱਲ ਆਖੀ। ਆਖਣ ਲੱਗਾ, ''ਚਾਚਾ ! ਮੈਂ ਹੀ ਘਰ ‘ਚੋਂ ਪੜ੍ਹਿਆ-ਲਿਖਿਆ ਤੇ ਸਿਆਣਾ ਬੰਦਾ ਸਾਂ। ਮੈਂ ਹੀ ਮਰ ਜਾਂਦਾ ਤਾਂ ਘਰ ਤਬਾਹ ਹੋ ਜਾਣਾ ਸੀ...‘‘
ਮੁਸਕੜੀਆਂ ਵਿਚ ਹੱਸਦਿਆਂ ਹੋਇਆਂ ਉਸਨੇ ਹੋਰ ਜੋੜਿਆ,''ਇਹੋ ਜਿਹੇ ਪੜ੍ਹੇ ਲਿਖੇ ਤੇ ਸਿਆਣੇ ਮੁੰਡੇ ਕਿਤੇ ਘਰ-ਘਰ ਲੱਭਦੇ ਨੇ...
ਜਿੰਨਾ ਚਿਰ ਜਸਵੰਤ ਉਸ ਬਾਰੇ ਜਾਣਕਾਰੀ ਦਿੰਦਾ ਰਿਹਾ ਤੇ ਉਸਨੂੰ ਪੜ੍ਹਿਆ-ਲਿਖਿਆ ਸਿੱਧ ਕਰਦਾ ਰਿਹਾ ਓਨਾ ਚਿਰ ਉਹ ਆਪਣੇ ਬਚਪਨ ਦੇ ਉਹਨਾਂ ਪਲਾਂ ਵਿਚ ਗਵਾਚਾ ਰਿਹਾ ਜਦੋਂ ਉਹ ਛੇ-ਸੱਤ ਸਾਲ ਦੀ ਉਮਰ ਵਿਚ ਨੰਬਰਦਾਰਾਂ ਦੇ ਡੰਗਰਾਂ ਨੂੰ ਚਾਰਨ ਬਾਹਰ ਵੱਟਾਂ-ਬੰਨਿਆਂ ਉੱਤੇ ਲਿਜਾਇਆ ਕਰਦਾ ਸੀ। ਜਦੋਂ ਡੰਗਰ ਛੱਪੜ ਵਿਚ ਵੜ ਜਾਂਦੇ ਤਾਂ ਉਹ ਸਦਾ ਛੱਪੜ ਕੰਢੇ ਬਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਗੇਟ ਨਾਲ ਮੋਢਾ ਲਾਕੇ ਟੇਢਾ ਹੋ ਕੇ ਖੜੋ ਜਾਂਦਾ। ਨਲਕੇ ਉੱਤੇ ਪਾਣੀ ਪੀਂਦੇ ਤੇ ਫੱਟੀਆਂ ਪੋਚਦੇ ਮੁੰਡਿਆਂ ਨੂੰ ਨੀਝ ਨਾਲ ਵੇਖਦਾ। ਕਿੱਕਰਾਂ ਹੇਠਾਂ ਮਾਸਟਰ ਨੇ ਮਾਸਟਰਾਣੀ ਜਮਾਤਾਂ ਲੈ ਕੇ ਬੈਠੇ ਹੁੰਦੇ। ਉਹ ਹੌਲੀ-ਹੌਲੀ ਖਿਸਕਦਾ ਹੋਇਆ ਨਲਕੇ ਕੋਲ ਚਲਾ ਜਾਂਦਾ ਤੇ ਫਿਰ ਲੰਮੀ ਗੁੱਤ ਤੇ ਬਿੱਲੀਆਂ ਅੱਖਾਂ ਵਾਲੀ 'ਭੈਣ ਜੀ‘ ਗੁਰਮੀਤ ਵੱਲ ਇਕ ਟੱਕ ਨਿਗਾਹ ਟਿਕਾ ਕੇ ਵੇਖਦਾ ਰਹਿੰਦਾ। ਇਕ ਦਿਨ ਗੁਰਮੀਤ 'ਭੈਣ ਜੀ‘ ਵੱਲ ਵੇਖਦਾ-ਵੇਖਦਾ ਉਹ ਖਿਚੀਂਦਾ ਗਿਆ ਤੇ ਉਸਨੂੰ ਪਤਾ ਵੀ ਨਾ ਲੱਗਾ ਕਿ ਉਹ ਕਦੋਂ ਕਿੱਕਰਾਂ ਦੀ ਛਾਵੇਂ ਚਲਾ ਗਿਆ।
''ਭੈਣ ਜੀ! ਮੁੰਡਾ ਤਾਂ ਤੁਹਾਡੇ ਤੋਂ ਅੱਖਾਂ ਹੀ ਨਹੀਂ ਚੁੱਕਦਾ‘‘.... ਮਾਸਟਰ ਨੇ ਸ਼ਰਾਰਤ ਨਾਲ ਆਖਿਆ।
ਗੁਰਮੀਤ 'ਭੈਣ ਜੀ‘ ਨੇ ਉਸ ਵੱਲ ਵੇਖਿਆ ਤੇ ਇਸ਼ਾਰੇ ਨਾਲ ਉਸਨੂੰ ਆਪਣੇ ਕੋਲ ਸੱਦਿਆ। ਉਹ ਢੁੱਕ ਕੇ ਉਸਦੀ ਕੁਰਸੀ ਦੀ ਬਾਹੀ ਨਾਲ ਲੱਗ ਗਿਆ।
''ਕਾਕਾ! ਤੇਰਾ ਪੜ੍ਹਨ ਨੂੰ ਜੀਅ ਕਰਦੈ?‘‘ ਗੁਰਮੀਤ ਨੇ ਉਹਦੀਆਂ ਦੋਹਵਾਂ ਗੱਲ੍ਹਾਂ ਨੂੰ ਆਪਣੇ ਹੱਥਾਂ ਨਾਲ ਘੁੱਟਦਿਆਂ ਪੁੱਛਿਆ।
ਕਿੰਨ੍ਹੀ ਮੋਹ ਲੈਣ ਵਾਲੀ ਖ਼ੁਸ਼ਬੋ ਆ ਰਹੀ ਸੀ ਗੁਰਮੀਤ 'ਭੈਣ ਜੀ‘ ਕੋਲੋਂ। ਨਿੰਦਰ ਨੇ ਉਹਦੀਆਂ ਮੋਟੀਆਂ ਬਿੱਲੀਆਂ ਅੱਖਾਂ ‘ਚ ਬੜੀ ਆਸ ਨਾਲ ਵੇਖਦਿਆਂ 'ਹਾਂ‘, ਵਿਚ ਸਿਰ ਹਿਲਾਇਆ। ਗੁਰਮੀਤ ਦੇ ਨੱਕ ਵਿਚ ਚਾਂਦੀ-ਰੰਗਾ ਕੋਕਾ ਲਿਸ਼ਕ ਰਿਹਾ ਸੀ। ਉਹ ਖ਼ੁਸ਼ਬੋ ਖ਼ੁਸ਼ਬੋ ਹੋਇਆ ਸੁਪਨੇ ਵਿਚ ਗਵਾਚਾ ਹੋਇਆ ਸੀ ਜਦੋਂ ਉਹਨੂੰ ਦੂਰੋਂ ਘੈਂਟ ਦੀ ਆਵਾਜ਼ ਸੁਣਾਈ ਦਿੱਤੀ।
''ਉਏ ਖੋਤੇ ਦਿਆ ਖੁਰਾ! ਆਪਣੀ ਮਾਂ ਨੂੰ ਸਾਂਭ ਐਧਰ ਆ ਕੇ...‘‘ ਉਹ ਮੱਝ ਨੂੰ ਆਪਣੀ ਫ਼ਸਲ ਵਿਚੋਂ ਮੋੜ ਰਿਹਾ ਸੀ, ''ਲਾਉਂਦਾਂ ਤੇਰੇ ਕੰਨਾਂ ਮੁੱਢ ਦੋ...‘‘
ਤ੍ਰਭਕ ਕੇ ਸੁਪਨੇ ਵਿਚੋਂ ਜਾਗਦਿਆਂ ਉਹ ਮੱਝ ਮੋੜਨ ਦੌੜ ਉੱਠਿਆ ਸੀ। ਤਾਰੇ ਘੈਂਟ ਨੇ ਇਕ ਨਿੱਕੀ ਜਿਹੀ ਚਪੇੜ ਉਹਦੇ ਮਾਰੀ ਵੀ। ਚਪੇੜ ਜ਼ੋਰਦਾਰ ਨਹੀਂ ਸੀ ਤੇ ਉਹਦੇ ਵਿਚ ਥੋੜ੍ਹਾ ਲਾਡ ਵੀ ਸੀ ਪਰ ਫਿਰ ਵੀ ਤਾਰੇ ਘੈਂਟ ਦੇ ਹੱਥਾਂ ਦੀ ਛੁਹ ਹੇਠਾਂ ਗੁਰਮੀਤ ਦੇ ਕੂਲੇ ਹੱਥਾਂ ਦੀ ਛੋਹ ਦੱਬੀ ਗਈ।
... ਦੂਰੋਂ ਨੇੜੇ ਪਰਤਦਿਆਂ ਨਿੰਦਰ ਨੇ ਸਤਿਨਾਮ ਨੂੰ ਆਪਣੀ ਪੜ੍ਹਾਈ ਬਾਰੇ ਸੂਚਿਤ ਕੀਤਾ, ''ਪੜ੍ਹਿਆ ਤਾਂ ਮੈਂ ਚਾਚਾ... ਬੀ. ਏ. ਪਾਸ ਆਂ। ਤੇਰਾਂ ਪੜ੍ਹੀਆਂ ਸਕੂਲਾ ‘ਚੋਂ ਤੇ ਦਸ ਪੜ੍ਹੀਆਂ ਕਾਲਜ ‘ਚੋਂ‘‘
ਉਹ ਦੋਵੇਂ ਉਸਦੇ ਇਸ ਜੁਆਬ ਉੱਤੇ ਹੱਸਣ ਹੀ ਵਾਲੇ ਸਨ ਕਿ ਉਹਨੇ ਆਪਣੀ ਜ਼ਮੀਨ, ਜਾਇਦਾਦ ਦਾ ਵੀ ਵੇਰਵਾ ਦੇਣਾ ਸ਼ੁਰੂ ਕਰ ਦਿੱਤਾ, ''ਜ਼ਮੀਨ ਤਾਂ ਜਿਹੜੀ ਤਿੰਨ ਚਾਰ ਸੌ ਕਿੱਲਾ ਪਿੰਡ ਵਾਲੀ ਆ... ਉਹ ਤਾਂ ਡੈਡੀ ਧਰਮਿੰਦਰ ਨੇ ਆਖ ਦਿੱਤੈ ਕਿ ਇਹ ਤੇਰੇ ਨਾਂ ਈ ਐਂ... ਤੂੰ ਹੀ ਵੇਚ-ਵੱਟ ਤੂੰ ਹੀ ਖਾਹ-ਖ਼ਰਚ। ਦੂਜੇ ਮੁੰਡਿਆਂ ਤਾਂ ਪਿੰਡ ਆ ਕੇ ਰਹਿਣਾ ਨਹੀਂ। ਉਹ ਤਾਂ ਹੁਣ ਬੰਬਈ ਹੀ ਟਿਕਣਗੇ। ਵੱਡੀ ਬੀਬੀ ਪਰਕਾਸ਼ ਕੌਰ ਨੇ ਆਖਿਐ... ਪੁੱਤ ਗਹਿਣਿਆਂ ਕੱਪਡਿਆਂ ਦਾ ਘਾਟਾ ਨਹੀਂ। ਟਰੰਕਾਂ ਦੇ ਟਰੰਕ ਤੇ ਸੰਦੂਖਾਂ ਦੇ ਸੰਦੂਖ ਭਰੇ ਪਏ ਨੇ। ਹੋਰ ਤਾਂ ਹੋਰ ਛੋਟੀ ਬੀਬੀ ਹੇਮਾ ਮਾਲਿਨੀ ਨੇ ਵੀ ਆਖਿਐ, ਤੇਰੀਆਂ ਦੋ ਭੈਣਾਂ ਨੇ... ਇਹਨਾਂ ਲਈ ਚੰਗੇ ਸਾਕ ਲੱਭ। ਇਹਨਾਂ ਨੂੰ ਮੰਗ-ਵਿਆਹ। ਘਰੋ-ਘਰੀ ਤੋਰ। ਪਿੱਛੋਂ ਸਾਰਾ ਕੁਝ ਤੇਰਾ ਈ ਆ। ਐਸ਼ ਕਰੀਂ, ਪੁੱਤ! ਮੈਂ ਕਿਤੇ ਸਾਰੀ ਉਮਰ ਬਹਿ ਰਹਿਣੈ ਏਥੇ?‘‘
ਅਗਲੇ ਦਿਨਾਂ ਵਿਚ ਉਸਨੇ ਆਪ ਹੀ ਸਾਰੇ ਪਿੰਡ ਵਿਚ ਸੂਚਨਾ ਦੇ ਦਿੱਤੀ ਕਿ ਸ੍ਰੀਦੇਵੀ ਦੇ ਘਰ ਵਾਲਿਆਂ ਨੇ ਉਚੇਚਾ ਬੰਦਾ ਏਥੇ ਮੈਨੂੰ ਵੇਖਣ ਅਤੇ ਪਸੰਦ ਕਰਨ ਲਈ ਭੇਜਿਆ ਸੀ। ਉਹਨੂੰ ਤਾਂ ਮੈਨੂੰ ਵੇਖਕੇ ਚਾਅ ਚੜ੍ਹ ਗਿਆ। ਉਹ ਆਖਦਾ ਸੀ: ਏਡਾ ਸੋਹਣਾ, ਬਣਦਾ-ਤਣਦਾ ਹੀਰੇ ਵਰਗਾ ਜਵਾਨ ਕਿਤੇ ਕਰਮਾਂ ਵਾਲਿਆਂ ਨੂੰ ਹੀ ਲੱਭਦਾ ਹੈ।
ਇਹਨਾਂ ਸੁਪਨਿਆਂ ਵਿਚ ਗਵਾਚਾ ਨਿੰਦਰ ਮੋਢੇ ਉੱਤੇ ਕਹੀ ਰੱਖੀ ਖਾਲੇ ਖਾਲ ਤੁਰਿਆ ਜਾ ਰਿਹਾ ਸੀ। ਅੱਗੋਂ ਪਿੱਡ ਵੱਲੋਂ ਆਉਂਦੀ ਉਨ੍ਹਾਂ ਦੀ ਨਾਲ ਦੀ ਗਲੀ ਵਿਚ ਰਹਿੰਦੀ ਉਹਦੀ ਬਰਾਦਰੀ ਦੀ ਤੇ ਉਹ ਦੀ ਹਮ-ਉਮਰ ਕੁੜੀ ਧੰਤੋ ਉਹਨੂੰ ਨੇੜੇ ਆਇਆ ਵੇਖਕੇ ਖਲੋ ਗਈ।
''ਵੇ ਨਿੰਦਰਾ! ਸੁਣਿਐਂ ਤੇਰਾ ਕਿਸੇ ਫ਼ਿਲਮਾਂ ‘ਚ ਨੱਚਣ-ਗੌਣ ਵਾਲੀ ਨਾਲ ਵਿਆਹ ਹੋਣ ਵਾਲੈ? ‘‘
''ਇਹ ਕਿਹੜੀ ਲੁਕੀ-ਛਿਪੀ ਗੱਲ ਐ। ਸਾਰੇ ਜੱਗ-ਜਹਾਨ ਨੂੰ ਪਤੈ...‘‘
''ਵੇ ਕਿਤੇ ਮਿਲੀ-ਗਿਲੀ ਵੀ ਊ? ਕਿਧਰੇ ਵੇਖੀ-ਚਾਖੀ ਊ? ਕਿ ਉਂਜ ਈ ‘ਵਾ ‘ਚ ਤਲਵਾਰਾਂ ਚਲਾਉਂਦੈ?‘‘
''ਮਿਲੀ ਗਿਲੀ ਛੱਡ ਕੇ ਨਿੱਕੇ ਹੁੰਦਿਆਂ ‘ਕੱਠੇ ਖੇਡਦੇ ਰਹੇ ਆਂ... ਪਿੱਲ-ਗੋਲੀ ਤੇ ਨੱਕਾ-ਪੂਰ ‘‘
ਉਹ ਸਹਿਵਨ ਹੀ ਕਹਿ ਗਿਆ। ਨਿੱਕੇ ਹੁੰਦਿਆਂ ਆਂਢ-ਗੁਆਂਢ ਦੇ ਮੁੰਡੇ-ਕੁੜੀਆਂ ਰਲ ਕੇ ਖੇਡਿਆ ਕਰਦੇ ਸਨ। ਧੰਤੋ ਤੇ ਨਿੰਦਰ ਵੀ ਉਹਨਾਂ ਵਿਚ ਹੁੰਦੇ ਸਨ। ਧੰਤੋ ਤਕੜੀ ਤੇ ਧੱਕੜ ਸੀ। ਹਾਰਦੀ ਦਿਸਦੀ ਤਾਂ ਸਾਰੀ ਖੇਡ ਵਿਗਾੜ ਦਿੰਦੀ। ਨਿੰਦਰ ਨੂੰ ਉਸਦਾ ਇਹ ਵਤੀਰਾ ਪਸੰਦ ਨਹੀਂ ਸੀ ਹੁੰਦਾ। ਉਹ ਉਸ ਨਾਲ ਖੇਡਣ ਤੋਂ ਝਿਜਕਦਾ।
''ਵੇ ਸਾਡੇ ਨਾਲ ਤਾਂ ਖੇਡਦਾ ਨਹੀਂ ਸੈਂ ਹੁੰਦਾ!‘‘
''ਤੂੰ ਰੋਂਦਲ ਐਂ। ਰੋਂਦ ਮਾਰਦੀ ਹੁੰਦੀ ਸੈਂ...‘‘
ਉਹਦੀ ਗੱਲ ਸੁਣ ਕੇ ਧੰਤੋ ਕਪਾਹ ਦੇ ਫੁੱਟਾਂ ਵਾਂਗ ਖਿੜ ਗਈ ਤੇ ਆਸੇ-ਪਾਸੇ ਵੇਖ ਕੇ ਨਿੰਦਰ ਦੀ ਹਿੱਕ ਉੱਤੇ ਪੋਲਾ ਜਿਹਾ ਧੱਫਾ ਮਾਰਿਆ।
''ਗੱਲਾਂ ਕਿੰਨੀਆਂ ਆਉਂਦੀਐਂ ਟੁੱਟ ਪੈਣੇ ਨੂੰ...‘‘ ਹਿੱਕ ‘ਤੇ ਹੱਥ ਲੱਗਦਿਆਂ ਨਿੰਦਰ ਨੂੰ ਜਾਪਿਆ ਉਹਦਾ ਦਿਲ ਬੁੜ੍ਹਕ ਕੇ ਉਹਦੀ ਛਾਤੀ ਵਿਚੋਂ ਬਾਹਰ ਆ ਡਿੱਗੇਗਾ। ਧੰਤੋ ਦਾ ਹਾਸਾ ਵੀ ਇਕ ਪਲ ਲਈ ਉਹਨੂੰ ਸ੍ਰੀਦੇਵੀ ਵਰਗਾ ਲੱਗਾ।
''ਵੇ ਵੀਰ ਬਣ ਕੇ ਥੋੜ੍ਹਾ ਜਿਹਾ ਸਾਗ ਤੋੜ ਲੈਣ ਦੇ...‘‘ ਧੰਤੋ ਕਣਕ ਵਿਚ ਉੱਗੀ ਸਰ੍ਹੋਂ ਦੀਆਂ ਕੂਲੀਆਂ ਗੰਦਲਾਂ ਵੇਖਕੇ ਲਲਚਾ ਗਈ ਸੀ। ਇਕ ਛਿਣ ਤਾਂ ਨਿੰਦਰ ਨੇ ਸੋਚਿਆ ਕਿ ਉਸਨੂੰ ਆਖੇ, ‘‘ਤੂੰ ਵੱਟ ‘ਤੇ ਬੈਠ। ਮੈਂ ਆਪ ਤੇਰੇ ਲਈ ਸਾਗ ਤੋੜ ਕੇ ਲਿਆਉਂਦਾਂ।‘‘ ਪਰ ਦੂਜੇ ਹੀ ਛਿਣ ਉਹਨੂੰ ਖ਼ਿਆਲ ਆਇਆ:
''ਜੇ ਚਾਚਾ ਆ ਗਿਆ ਤਾਂ।‘‘
''ਚਾਚਾ ਮੈਂ ਸਕੂਟਰ ਉੱਤੇ ਬੱਸਾਂ ਦੇ ਅੱਡੇ ਵੱਲ ਜਾਂਦਾ ਵੇਖਿਐ...‘‘
''ਤੋੜ ਲੈ ਫੇਰ ‘‘
ਉਸਨੇ ਸਾਰਾ ਖੇਤ ਉਸਦੇ ਹਵਾਲੇ ਕਰ ਦਿੱਤਾ ਅਤੇ ਆਪ ਪਾਣੀ ਦਾ ਕਿਆਰਾ ਛੇਤੀ ਛੇਤੀ ਮੋੜ ਕੇ ਵਾਪਸ ਧੰਤੋ ਕੋਲ ਪਰਤ ਆਉਣ ਲਈ ਅੱਗੇ ਵਧਿਆ। ਕਿਆਰਾ ਮੋੜ ਕੇ ਕਾਹਲੇ ਕਦਮੀਂ ਪਰਤ ਹੀ ਰਿਹਾ ਸੀ ਕਿ ਉਸਨੇ ਪਿੰਡ ਵੱਲੋਂ ਆਉਂਦੇ ਸਕੂਟਰ ਦੀ ਆਵਾਜ਼ ਸੁਣੀ। ਜਸਵੰਤ ਨੂੰ ਆਉਂਦਾ ਵੇਖਕੇ ਸਾਗ ਦੇ ਤੋੜੇ ਦੋ ਰੁਗ ਵੱਟ ਉਤੇ ਹੀ ਰੱਖਕੇ ਧੰਤੋ ਚੁਪਕੇ ਜਿਹੇ ਅਗਲੇ ਖੇਤਾਂ ਨੂੰ ਤੁਰ ਗਈ।
ਜਸਵੰਤ ਨੇ ਵੇਖ ਲਿਆ ਸੀ।
''ਔਹ ਕੁੜੀ ਕੀ ਕਰਦੀ ਸੀ ਪੈਲੀਆਂ ‘ਚ?‘‘
''ਕੁਝ ਨਹੀਂ... ਊਂ ਈਂ...‘‘
ਜਸਵੰਤ ਨੇ ਵੱਟ ਉੱਤੇ ਪਿਆ ਸਾਗ ਵੇਖਿਆ।
''ਆਹ ਕੀ ਐ?‘‘
''ਇਹ ਤਾਂ ਮੈਂ ਰਖਾਇਐ ਉਹਦੇ ਕੋਲੋਂ। ਮੈਂ ਉਸਨੂੰ ਆਖਿਆ, ਵਗ ਜਾਹ ਏਥੋਂ। ਤੈਨੂੰ ਕੀਹਨੇ ਸਾਗ ਤੋੜਨ ਲਈ ਆਖਿਐ? ਤੈਨੂੰ ਕੀ ਪਤੈ ਜੱਟ ਕਿਵੇਂ ਔਖਾ ਹੋ ਕੇ... ਦਿਨ ਰਾਤਾਂ ਭੰਨ ਕੇ ਫ਼ਸਲਾਂ ਨੂੰ ਪਾਲਦੈ...‘‘
ਹੋਰ ਮੌਕਾ ਹੁੰਦਾ ਤਾਂ ਸ਼ਾਇਦ ਜਸਵੰਤ ਉਹਦੇ ਵੱਲੋਂ ਇੰਜ ਪੈਂਤੜਾ ਬਦਲਣ ਉੱਤੇ ਮੁਸਕਰਾ ਪੈਂਦਾ ਪਰ ਹੁਣ ਉਸਨੇ ਕੌੜਾ ਜਿਹਾ ਮੂੰਹ ਬਣਾ ਕੇ ਆਖਿਆ, ''ਜੇ ਇਸ ਤਰ੍ਹਾਂ ਤੂੰ ਕੁੜੀਆਂ ਨਾਲ ਹੋਰ ਠਰਕ ਭੋਰਦਾ ਰਿਹੋਂ, ਐਦਾਂ ਈ ਫਸਲ ਨੂੰ ਉਜਾੜਾ ਪਾਉਂਦਾ ਰਿਹੋਂ ਤਾਂ ਮੈਂ ਸਤਿਨਾਮ ਨੂੰ ਆਖ ਦੇਣੈਂ ਕਿ ਤੈਨੂੰ ਸਾਕ ਨਾ ਕਰਵਾਏ। ਕੰਜਰਾ! ਵਫ਼ਾਦਰੀ ਵੀ ਕੋਈ ਚੀਜ਼ ਹੁੰਦੀ ਆਂ। ਤੂੰ ਉਹਦੇ ਨਾਲ ਵੀ ਧੋਖਾ ਕਰਦੈਂ ਤੇ ਸਾਡੇ ਨਾਲ ਵੀ ...‘‘
ਧੰਤੋ ਦਾ ਹੱਥ ਲੱਗਣ ‘ਤੇ ਜਿਹੜਾ ਦਿਲ ਤੇਜ਼ੀ ਨਾਲ ਬੁੜ੍ਹਕ ਕੇ ਬਾਹਰ ਡਿੱਗਣ ਨੂੰ ਫਿਰਦਾ ਸੀ ਉਹ ਝੱਗ ਵਾਂਗ ਅੰਦਰ ਹੀ ਅੰਦਰ ਬੈਠ ਗਿਆ। ਉਸਨੂੰ ਤਾਂ ਸ੍ਰੀਦੇਵੀ ਚਾਹੀਦੀ ਸੀ। ਉਸਨੇ ਧੰਤੋ ਤੋਂ ਕੀ ਲੈਣਾ ਸੀ!
ਅਗਲੇ ਦਿਨੀਂ ਜਦੋਂ ਧੰਤੋ ਉਹਦੇ ਵੱਲ ਆਉਂਦੀ ਦਿਸੀ ਤਾਂ ਉਹ ਨਜ਼ਰਾਂ ਚੁਰਾ ਕੇ ਦੂਜੀ ਵੱਟੇ ਪੈ ਗਿਆ। ਉਹਦੀ ਨਜ਼ਰ ਤਾਂ ਜਿੱਥੇ ਮਿਲੀ ਸੀ ਬੱਸ ਉੱਥੇ ਹੀ ਮਿਲੀ ਹੋਈ ਸੀ। ਹੁਣ ਤਾਂ ਉਹ ਰੋਜ਼ ਸਤਿਨਾਮ ਨੂੰ ਉਡੀਕਦਾ ਸੀ। ਕਦੋਂ ਉਹ ਰਿਸ਼ਤੇ ਦੇ ਪੱਕੇ ਹੋਣ ਦਾ ਸੁਨੇਹਾ ਲੈ ਕੇ ਆਵੇ।
ਸਤਿਨਾਮ ਆਇਆ ਤਾਂ ਉਸਨੂੰ ਚਾਅ ਚੜ੍ਹ ਗਿਆ। ਉਸ ਨਾਲ ਉਹਦੇ ਕੁਝ ਲੇਖਕ ਤੇ ਪ੍ਰੋਫ਼ੈਸਰ ਦੋਸਤ ਵੀ ਸਨ। ਸਤਿਨਾਮ ਆਪਣੇ ਦੋਸਤਾਂ ਨੂੰ ਨਿੰਦਰ ਨਾਲ ਮਿਲਾਉਣਾ ਚਾਹੁੰਦਾ ਸੀ। ਚਾਹ-ਪਾਣੀ ਤੋਂ ਵਿਹਲੇ ਹੋ ਕੇ ਉਹਨਾਂ ਨੇ ਉਸਨੂੰ ਆਪਣੇ ਕੋਲ ਹੀ ਬੁਲਾ ਲਿਆ। ਨੁਮਾਇਸ਼ ਦੀ ਵਸਤੂ ਵਾਂਗ। ਗੱਲ ਸ਼ੁਰੂ ਕਰਨ ਲਈ ਸਤਿਨਾਮ ਨੇ ਆਖਿਆ, ''ਓ ਯਾਰ! ਸ੍ਰੀਦੇਵੀ ਦੇ ਘਰ ਵਾਲਿਆਂ ਨਾਲ ਤਾਂ ਮੇਰਾ ਅਜੇ ਮੇਲ ਨਹੀਂ ਹੋ ਸਕਿਆ। ਉਂਜ ਉਹ ਆਪ ਮੈਨੂੰ ਮਿਲੀ ਸੀ। ਤੇਰੇ ਬਾਰੇ ਦੱਸਿਆ ਤਾਂ ਬੜੀ ਖ਼ੁਸ਼ ਹੋਈ। ਉਹ ਕਹਿੰਦੀ, ਮੈਂ ਤਾਂ ਤਿਆਰ ਹਾਂ, ਪਰ ਮੇਰੇ ਮਾਪਿਆਂ ਨਾਲ ਤਾਂ ਗੱਲ ਕਰਨੀ ਜ਼ਰੂਰੀ ਹੈ।‘‘
ਨਿੰਦਰ ਦੇ ਵਿਚਾਰ ਜਾਨਣ ਤੋਂ ਪਹਿਲਾਂ ਹੀ ਕਿਸੇ ਹੋਰ ਨੇ ਪੇਸ਼ਕਸ਼ ਕਰ ਦਿੱਤੀ, ''ਜੇ ਸ੍ਰੀਦੇਵੀ ਨਾਲ ਗੱਲ ਸਿਰੇ ਨਹੀਂ ਲੱਗਦੀ ਤਾਂ ਛੱਡ ਉਹਨੂੰ। ਤੇਰੇ ਲਈ ਤਾਂ ਮਾਧੁਰੀ ਦੀਕਸ਼ਤ ਤਰਲੇ ਲੈਂਦੀ ਫਿਰਦੀ ਹੈ। ਉਹ ਆਖਦੀ ਹੈ, ਨਿੰਦਰ ਅੱਜ 'ਹਾਂ‘ ਕਰੇ ਮੈਂ ਕੱਲ੍ਹ ਵਿਆਹ ਕਰਾਉਣ ਨੂੰ ਤਿਆਰ ਹਾਂ। ਤਿਆਰ ਉਂਜ ਜੂਹੀ ਚਾਵਲਾ ਵੀ ਐ। ਇਹ ਕੋਈ ਘੱਟ ਸੋਹਣੀਆਂ ਤਾਂ ਨਹੀਂ... ਬੱਸ ਤੂੰ ਇਕ ਵਾਰ 'ਹਾਂ‘ ਕਰ...‘‘
ਨਿੰਦਰ ਨੇ ਕੋਈ ਜੁਆਬ ਨਹੀਂ ਦਿੱਤਾ। ਚੁੱਪ-ਚਾਪ ਸੁਣਦਾ ਰਿਹਾ। ਆਖਣ ਵਾਲੇ ਨੇ ਆਪਣੀ ਪੇਸ਼ਕਸ਼ ਦੁਰਰਾਈ, ''ਮਾਧੁਰੀ ਤੇ ਜੂਹੀ ਤੇਰੇ ਨਾਲ ‘ਕੱਠੀਆਂ ਵਿਆਹ ਕਰਾਉਣ ਨੂੰ ਰਾਜ਼²ੀ ਨੇ । ਉਹ ਆਖਦੀਆਂ ਨੇ ਇਹੋ ਜਿਹਾ ਮੁੰਡਾ ਮਿਲਦਾ ਹੋਵੇ ਤਾਂ ਸੌਂਕਣ ਦਾ ਸੱਲ੍ਹ ਵੀ ਝੱਲਿਆ ਜਾ ਸਕਦਾ ਹੈ...‘‘
ਸ਼ੁਗਲ ਵਜੋਂ ਦੂਸਰੇ ਸਾਥੀਆਂ ਨੇ ਵੀ ਜਦੋਂ ਇਹ ਪੇਸ਼ਕਸ਼ ਮੰਨ ਜਾਣ ਲਈ ਉਸਨੂੰ ਆਖਿਆ ਤਾਂ ਉਹ ਕਹਿਣ ਲੱਗਾ, ''ਜੇ ਦੋਹਾਂ ਨਾਲ ਹੀ ਵਿਆਹ ਕਰਾਉਣੈਂ ਤਾਂ ਤਿੰਨਾਂ ਨਾਲ ਕਰਾ ਦਿਓ ਖਾਂ। ਮਾਧੁਰੀ ਤੇ ਜੂਹੀ ਜੇ ਜ਼ਿਦ ਕਰਦੀਆਂ ਨੇ ਤਾਂ ਉਹਨਾਂ ਨਾਲ ਵੀ ਕਰਵਾ ਲੈਨੇ ਆਂ। ਇਹ ਘਰ ਦਾ ਰੋਟੀ-ਟੁੱਕ ਤੇ ਸਾਂਭ-ਸੰਭਾਈ ਕਰ ਦਿਆ ਕਰਨਗੀਆਂ ਤੇ ਸ੍ਰੀ ਦੇਵੀ ਰਹੂ ਮੇਰੀ ਕਾਰ ਵਿਚ ਮੇਰੇ ਨਾਲ...‘‘
''ਪਟਰਾਣੀ ਬਣ ਕੇ...‘‘ ਕਿਸੇ ਨੇ ਆਖਿਆ ਅਤੇ ਮਹਿਫ਼ਲ ਵਿਚ ਠਹਾਕਾ ਗੂੰਜਿਆ।
ਨਿੰਦਰ ਨੇ ਅੱਖਾਂ ਸਿਕੋੜੀਆਂ। ਗਹਿਰ-ਗੰਭੀਰ ਮੁਦਰਾ ਵਿਚ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਮੱਥਾ ਠਕੋਰਿਆ ਤੇ ਫ਼ੈਸਲਾਕੁਨ ਅੰਦਾਜ਼ ਵਿਚ ਆਖਿਆ, ''ਨਹੀਂ ਜੀ, ਇਹ ਨਹੀਂ ਹੋ ਸਕਣਾ ਕਦੀ ਵੀ...‘‘ ਉਸਨੇ ਫੇਰ ਮੱਥੇ ਨੂੰ ਉਂਗਲੀ ਨਾਲ ਠਕੋਰਿਆ ਤੇ ਗੱਲ ਜਾਰੀ ਰੱਖੀ, '' ਉਹ ਐਥੇ, ਹਰ ਵੇਲੇ ਲਾਲ ਚੂੜਾ ਤੇ ਝਾਂਜਰਾਂ ਪਾ ਕੇ ਨੱਚਦੀ ਰਹਿੰਦੀ ਆ ਤੇ ਉਹਦੀਆਂ ਅੱਡੀਆਂ ਦੀ ਧਮਕ ਐਥੇ ਪੈਂਦੀ ਆ।‘‘
ਉਹਨੇ ਦਿਲ ਉੱਤੇ ਰੱਖ ਰੱਖਿਆ।
''... ਤੇ ਇਹ ਇੰਜਣ ਵਾਂਗੂ ਧਕ-ਧਕ ਕਰਦਾ ਰਹਿੰਦੈ ਹਰ ਵੇਲੇ ਜਦੋਂ ਉਹਦੀਆਂ ਅੱਡੀਆਂ ਵੱਜਦੀਆਂ ਨੇ... ਓਂ ਕਦੀ ਤਾਂ ਜੀਅ ਕਰਦੈ ਤਿੱਖੀ ਚੁੰਝ ਵਾਲੇ ਕਾਚੂ ਨਾਲ ਮੱਥਾ ਚੀਰ ਸੁੱਟਾਂ... ਖਰਬੂਜੇ ਦੀ ਫਾੜੀ ਵਾਂਗ... ਤੇ ਉਹਨੂੰ ਬੀਅ ਵਾਂਗੂੰ ਕੱਢਕੇ ਬਾਹਰ ਸੁੱਟ ਦਿਆਂ, ਕਲੇਜੇ ਦਾ ਰੁੱਗ ਭਰ ਕੇ ਬਾਹਰ ਢੇਰੀ ਕਰ ਦਿਆਂ।‘‘
ਉਹ ਪਲ ਦੀ ਪਲ ਚੁੱਪ ਕੀਤਾ ਤੇ ਡੂੰਘਾ ਹਉਕਾ ਲਿਆ, ''ਫੇਰ ਪਹਿਲਾਂ ਰੱਜ ਕੇ ਰੋਵਾਂ .. ਫੇਰ ਰੱਜ ਕੇ ਸੌਵਾਂ। ਚਾਚਾ ਬਦਾਮ ‘ਚੋਂ ਗਿਰੀ ਨਿਕਲ ਗਈ ਤਾਂ ਪਿੱਛੇ ਬਚੂਗਾ ਕੀ?‘‘
ਗੱਲ ਮੁਕਾ ਕੇ ਉਹ ਖਿੜ-ਖਿੜਾ ਕੇ ਹੱਸਿਆ। ਉਹਦੇ ਅੰਦਰ ਤਾਂ ਕੋਈ ਸ਼ਾਇਰ ਬੋਲਦਾ ਪਿਆ ਸੀ।
ਕਿਸੇ ਨੇ ਚੰਗੀ ਸਲਾਹ ਦਿੱਤੀ, ''ਬਈ ਓਧਰ ਗੱਲ ਚਲਾਉਣ ਤੋਂ ਪਹਿਲਾਂ ਇਹਦੇ ਘਰਦਿਆਂ ਨਾਲ ਵੀ ਗੱਲ ਕਰ ਲੈਣੀ ਸੀ। ਹੋ ਸਕਦੈ ਇਹਦੇ ਘਰਦੇ ਹੀ ਨਾ ਮੰਨਣ। ਅੰਤਰ-ਜਾਤੀ ਵਿਆਹ ਦਾ ਮਸਲਾ ਜੂ ਹੋਇਆ!‘‘
''ਕੌਣ? ਛਿੰਨੋ ਤੇ ਬਾਬਾ ਨੈਤਾ? ‘‘ ਜਸਵੰਤ ਨੇ ਪੁੱਛਿਆ ਤਾਂ ਨਿੰਦਰ ਵਿਚੋਂ ਹੀ ਬੋਲ ਪਿਆ, ''ਛਿੰਨੋ ਤੇ ਨੈਤਾ ਮੇਰੇ ਮਾਂ ਪਿਓ ਥੋੜ੍ਹੇ ਨੇ! ਨਿਰੇ ਬੋਅ ਦੀਆਂ ਪੰਡਾਂ! ... ਮੇਰੇ ਮਾਂ ਪਿਓ ਤਾਂ ਨੇ ਧਰਮਿੰਦਰ ਤੇ ਬੀਬੀ ਪਰਕਾਸ਼ ਕੌਰ...‘‘
''ਐਥੇ ਕਿਵੇਂ ਆ ਗਿਓਂ ਤੂੰ?‘‘
ਉਹ ਸਵਾਲ ਦਾ ਜੁਆਬ ਦੇਣੋਂ ਰੁਕ ਗਿਆ ਕਿਉਂਕਿ ਜਸਵੰਤ ਤੋਂ ਛੋਟਾ ਜਸਪਾਲ ਗਲਾਸਾਂ ਵਿਚ ਸ਼ਰਾਬ ਪਾ ਰਿਹਾ ਸੀ ਤੇ ਸਭ ਦਾ ਧਿਆਨ ਆਪੋ-ਆਪਣੇ ਗਲਾਸਾਂ ਵੱਲ ਸੀ। ਬੋਤਲ ਮੇਜ਼ ਉੱਤੇ ਰੱਖਦਿਆਂ ਹੀ ਜਸਪਾਲ ਨੇ ਦੱਸਿਆ,''ਇਕ ਦਿਨ ਛਿੰਨੋ ਮੈਨੂੰ ਆਖਣ ਲੱਗੀ, ਵੇ ਜਸਪਾਲ ਇਹਨੂੰ ਆਖੋ ਵਿਆਹ ਕਰਵਾ ਲਵੇ... ਮੈਂ ਤੇ ਆਖਨੀ ਆਂ , ਉਹ ਜਾਣੇ-ਚੱਲ ਉੱਥੇ ਹੀ ਕਰ ਲਵੇ ਜਿੱਥੇ ਇਹ ਆਂਹਦੈ... ਪਰ ਵਿਆਹ ਹੁਣ ਕਰਵਾ ਈ ਲਵੇ...‘‘
''ਵਿਆਹ ਤਾਂ ਆਪਣਾ ਧੁਰੋਂ ਹੋਇਆ ਪਿਐ²... ਛਿੰਨੋ ਸ਼ੁਦੈਣ ਨੇ ਕੀ ਕਰਾਉਣਾ...ਅੱਛਾ ਚਾਚਾ ਮੈਨੂੰ ਇਕ ਗੱਲ ਦੱਸ ... ਜਦੋਂ ਤੈਨੂੰ ਮਿਲੀ ਸੀ ਤਾਂ ਉਹਨੇ ਮੇਰੇ ਨਾਲ ਛੋਟੇ ਹੁੰਦਿਆਂ ਦੀ ਕੋਈ ਆਪਣੀ ਗੱਲ ਨਹੀਂ ਸੁਣਾਈ... ‘‘ ਨਿੰਦਰ ਨੇ ਸਤਿਨਾਮ ਕੋਲੋਂ ਜਾਣਨਾ ਚਾਹਿਆ।
''ਛੋਟੇ ਹੁੰਦਿਆਂ ਕਿਵੇਂ?
''ਲੈ ਛੋਟੇ ਹੁੰਦਿਆਂ ‘ਕੱਠੇ ਹੀ ਰਹੇ ਆਂ...‘‘
''ਕਿਵੇਂ, ਯਾਰ। ਤੂੰ ਸਾਰੀ ਗੱਲ ਸੁਣਾ।‘‘
ਸਾਰੇ ਗਲਾਸਾਂ ਵਿਚੋਂ ਚੁਸਕੀਆਂ ਭਰਨ ਲੱਗੇ ਤੇ ਉਸਨੇ ਆਪਣਾ ਬਿਰਤਾਂਤ ਸ਼ੁਰੂ ਕਰ ਲਿਆ।
''ਮੇਰੇ ਕੋਲ ਕਾਲੀ ਕਾਰ ਹੁੰਦੀ ਸੀ-ਲੰਮੀ ਜਿਹੀ-ਹੁਣ ਵੀ ਹੈਗੀ ਕੋਲ। ਛੋਟੇ ਹੁੰਦਿਆਂ ਮੈਂ ਉਹਦੇ ‘ਚ ਬਹਿ ਕੇ ਸਕੂਲ ਪੜ੍ਹਨ ਜਾਣਾ। ਛੇਆਂ-ਸੱਤਾਂ ਸਾਲਾਂ ਦਾ... ਨੀਲੀ ਨਿੱਕਰ, ਚਿੱਟੀ ਕਮੀਜ਼, ਲਾਲ ਟਾਈ ਤੇ ਜ਼ੰਜੀਰੀ ਵਾਲੇ ਬੂਟ-ਜਰਾਬਾਂ ਪਾਕੇ। ਕਾਰ ਰੋਜ਼ ਸ੍ਰੀ ਦੇਵੀ ਦੇ ਘਰ ਅੱਗੋਂ ਲੰਘਦੀ ਸੀ। ਇਹਨੇ ਰੋਜ਼ ਹੀ ਦਰਵਾਜੇ ‘ਚ ਖੜ੍ਹੋਤੀ ਹੋਣਾ, ਦਰਵਾਜ਼ਾ ਐਂ ਵਾਹਵਾ ਆਪਣੇ ਦਰਵਾਜੇ ਵਾਂਗੂ ਵੱਡਾ ਸੀ। ਲੱਦੀ ਲੱਦਾਈ ਟਰਾਲੀ ਜੀਹਦੇ ਵਿਚੋਂ ਦੀ ਲੰਘ-ਜੇ। ਇਹਨੇ ਕਾਲੀ ਫਰਾਕ ਪਾਈ ਹੋਣੀ। ਬੜਾ ਗੋਲ ਜਿਹਾ ਮੂੰਹ ਸੀ; ਇਹਦਾ ਗੋਰਾ-ਗੋਰਾ ਤੇ ਗੁਲਾਬੀ । ਬਿੱਲੀਆਂ-ਬਿੱਲੀਆਂ ਅੱਖਾਂ...‘‘
''.... ਇਕ ਦਿਨ ਹਾਰ ਕੇ ਮੈਂ ਡਰੈਵਰ ਨੂੰ ਆਖਿਆ: ਕਾਰ ਰੋਕ ਲੈ। ਇਹ ਮੈਨੂੰ ਵੇਖ ਕੇ ਕਰਨ ਲੱਗੀ, ''ਇਕ ਦੋ ਤਿੰਨ... ਚਾਰ ਪੰਜ ਛੇ... ਨੌਂ ਬਾਰਾਂ ਦਸ ‘‘
''... ਮੈਂ ਕਾਰ ‘ਚੋਂ ਬਾਹਰ ਨਿਕਲ ਆਇਆ ਤੇ ਮੈਂ ਵੀ ਆਖਿਆ, ਚਾਰ ਪੰਜ ਛੇ... ਨੌਂ ਬਾਰਾਂ ਦਸ...‘‘
''... ਵਾਹਵਾ ਦਿਨ ਈ ਇਹ ਚੱਲਦਾ ਰਿਹਾ। ਇਹਦੀ ਬੀਬੀ ਆਖਣ ਲੱਗੀ ਇਹ ਘਾਣੀ ਕੀ ਆ! ਸਾਡੀ ਕੁੜੀ ਵੀ 'ਨੌਂ ਬਾਰਾਂ ਦਸ ‘ ਆਖਣ ਲੱਗ ਪਈ ਆ ਤੇ ਇਹ ਮੁੰਡਾ ਵੀ 'ਨੌਂ ਬਾਰਾਂ ਦਸ‘ ਕਰਨ ਲੱਗ ਪਿਐ।...
''... ਜਦੋਂ ਇਹਦੀ ਬੀਬੀ ਨੇ ਹਾਰ ਕੇ ਭਾਪੇ ਧਰਮਿੰਦਰ ਨਾਲ ਗੱਲ ਕੀਤੀ ਤਾਂ ਭਾਪੇ ਦਾ ਮੱਥਾ ਠਣਕਿਆ। ਉਹ ਸੋਚਾਂ ‘ਚ ਪੈ ਗਿਆ! ਸੋਚ-ਸਾਚ ਕੇ ਉਹ ਇਹਦੀ ਬੀਬੀ ਨੂੰ ਆਖਣ ਲੱਗਾ, ''ਭੈਣ ਜੀ! ਗੱਲ ਤਾਂ ਇਹ ਖਤਰਨਾਕ ਹੋ ਗੀ! ਇਹ ਤਾਂ ਨਿਆਣਿਆਂ ਨੇ ਦੁੱਖ ਲਾ ਲਿਐ ਆਪਣੇ ਆਪ ਨੂੰ। ਇਹਨਾਂ ਨੂੰ 'ਨੌਂ ਬਾਰਾਂ ਦਸ‘ ਹੋ ਗਿਐ! ... ਪਰ ਤੁਸੀਂ ਫ਼ਿਕਰ ਨਾ ਕਰੋ। ਹੁਣ ਤੋਂ ਇਹ ਗੁੱਡੀ ਸਾਡੀ ਹੋ ਗਈ। ਤੁਸੀਂ ਇਹ ਸਾਨੂੰ ਹੀ ਦੇ ਦਿਓ, ਬੜੀ ਸੌਖੀ ਰੱਖਾਂਗੇ ਇਹਨੂੰ। ਇਹ ਮੁੰਡਾ ਵੀ ਮੇਰਾ ਰੋਜ਼ ਤੁਹਾਡੇ ਘਰ ਨੂੰ ਭੱਜਦੈ, ਅਖੇ: ਮੈਂ ਸ੍ਰੀਦੇਵੀ ਤੋਂ ਦੂਜੀ ਦੀ ਪੰਜਾਬੀ ਦੀ ਕਿਤਾਬ ਲੈਣ ਚੱਲਿਆਂ...। ਉਥੇ ਆਪੇ ਕਿਤਾਬਾਂ ਲੈਂਦੇ ਦੇਂਦੇ ਰਹਿਣਗੇ... ਨਾਲੇ ‘ਕੱਠੇ ਪੜ੍ਹਨਗੇ...‘‘
ਜਸਵੰਤ ਤੇ ਸਤਿਨਾਮ ਹੁਰੀਂ ਬੜੇ ਗਹੁ ਨਾਲ ਉਸਨੂੰ ਸੁਣ ਰਹੇ ਸਨ। ਉਹਨਾਂ ਚੱਲ ਰਿਹਾ ਟੀ. ਵੀ. ਬੰਦ ਕਰਵਾ ਦਿੱਤਾ। ਨਿੰਦਰ ਦੀਆਂ ਗੱਲਾਂ ਹੀ ਉਹਨਾਂ ਲਈ ਮੰਨੋਰਜਨ ਪ੍ਰੋਗਰਾਮ ਸੀ।
ਨਿੰਦਰ ਤਵਿਆਂ ਵਾਲੇ ਵਾਜੇ ਵਾਂਗ ਵੱਜੀ ਜਾ ਰਿਹਾ ਸੀ।
''... ਭਾਪਾ ਉਹਨੂੰ ਘਰ ਲੈ ਆਇਆ। ਅਸੀਂ ‘ਕੱਠੇ ਸਕੂਲ ਜਾਂਦੇ। ਬਾਂਹ ‘ਚ ਬਾਂਹ ਪਾ ਕੇ ਕਾਰ ਦੀ ਪਿਛਲੀ ਸੀਟ ਉੱਤੇ ਬਹਿੰਦੇ।... ਉਥੇ ਸਕੂਲ ‘ਚ ਈ ਗੁਰਮੀਤ 'ਭੈਣ ਜੀ ‘ ਨੇ ਸਾਡਾ ਵਿਆਹ ਕਰ ਦਿੱਤਾ। ਰਾਤ ਨੂੰ ਬੀਬੀ ਦੇ ਇਕ ਪਾਸੇ ਉਹ ਸੌਂ ਜਾਂਦੀ, ਇਕ ਪਾਸੇ ਮੈਂ। ਬੀਬੀ ਸੌਂ ਜਾਂਦੀ ਤਾਂ ਮੈਂ ਬੀਬੀ ਦੇ ਉੱਤੋਂ ਦੀ ਪੋਲੀ ਜਿਹੀ ਲੱਤ ਲੰਘਾ ਕੇ ਉਹਦੇ ਪੈਰ ਦੇ ਅੰਗੂਠੇ ਨੂੰ ਆਪਣੇ ਪੈਰ ਦੇ ਅੰਗੂਠੇ ਨਾਲ ਨੱਪ ਲੈਂਦਾ...‘‘
''... ਲਓ ਜੀ! ਉਥੋਂ ਹੀ ਮੈਂ ਹਵਾਈ ਸਕੂਲੇ ਪੜ੍ਹਨੇ ਪੈ ਗਿਆ। ਅੱਡਾ ਵੀ ਹਵਾਈ ਜਹਾਜ਼ਾਂ ਵਾਲਾ ਲਾਗੇ ਸੀ। ਆਹ ਜਿਵੇਂ ਐਥੋਂ ਮਾਲ ਗੱਡੀ ਲੰਘਣ ਡਹੀ ਐ... ਐਂਜ ਈ ਰੋਜ਼ ਹਵਾਈ ਜਹਾਜ ਉੱਡਣੇ। ਮੈਂ ਆਖਣਾ, ''ਡੈਡੀ ਮੈਨੂੰ ਹਵਾਈ ਜਹਾਜ਼ ਲੈ ਕੇ ਦੇਹ... ‘‘ ਡੈਡੀ ਆਂਹਦਾ '' ਓ ਯਾਰ! ਤੈਨੂੰ ਕੁੜੀ ਤਾਂ ਮੈਂ ਲਿਆ ਦਿੱਤੀ ਆ, ਹੁਣ ਤੈਨੂੰ ਮੈਂ ਹਵਾਈ ਜਹਾਜ਼ ਕਿਥੋਂ ਲੈ ਦਿਆਂ?‘‘
''... ਮੈਂ ਆਖਿਆ, ''ਕੁੜੀ ਆਵੇ ਤਾਂ ਪਿਛੋਂ ਹਵਾਈ ਜਹਾਜ਼ ਆਉਣਾ ਹੀ ਆਉਣਾ ਹੁੰਦੈ... ਉਹਨੂੰ ਹੂਟੇ ਨਹੀਂ ਦਿਵਾਉਣੇ ਹੁੰਦੇ। ... ਮੈਂ ਤਾਂ ਜਹਾਜ਼ ਲੈਣਾ ਭਾਵੇਂ ਪੈਲੀ ਵੇਚ ਕੇ ਲੈ ਦਿਓ ਤੇ ਭਾਵੇਂ ਕਿਤਰਾਂ ਲੈ ਦਿਓ। ਲੈਣਾ ਜਹਾਜ਼ ਈ ਆ... ਹੋਰ ਕੁਝ ਨਹੀਂ...‘‘
''.... ਉਹ ਆਂਹਦਾ, ''ਪੁੱਤ! ਚੱਲ ਐਂ ਕਰਦੇ ਆਂ ਤੈਨੂੰ ਮੇਲੇ ‘ਚੋਂ ਲੈ ਦੇਨੇ ਆਂ ... ਹੱਟੀ ‘ਤੇ ਵਿਕਦਾ...‘‘
''... ਮੈਂ ਆਖਿਆ , ''ਭਾਪਾ! ਆਪਾਂ ਦੁਨੀਆਂ ਦਾ ਮੇਲਾ ਵੇਖਣ ਆਏ ਆਂ, ਪਿੰਡ ਦਾ ਨਹੀਂ । ਜਹਾਜ ਲੈਣਾ ਮੈਂ ਤਾਂ। ਤੇ ਲੈਣਾਂ ਵੀ ਉਹੋ ਜਿਹਦੇ ਵਿਚ ਮੈਨੁੂੰ ਬਾਹਰਲੇ ਮੁਲਕਾਂ ‘ਚ Øਿਫਰਾ-ਤੁਰਾ ਕੇ ਲਿਆਇਆ ਸੈਂ ਲੰਡਨ ਤੇ ਕੈਨੇਡਾ। ਜਿੰਨਾ ਚਿਰ ਜਹਾਜ਼ ਨਹੀਂ ਲੈ ਕੇ ਦੇਂਦਾ .....ਸਕੁੂਲੇ ਮੈਂ ਵੀ ਨਹੀਂ ਜਾਂਦਾ....।‘‘
''...ਉਹ ਘਰ ਆ ਕੇ ਬੀਬੀ ਨੂੰ ਆਂਹਦਾ, ''ਭਲੀਏ ਲੋਕੇ! ਪੈ ਗਿਆ ਰੱਟਾ ਹੁਣ ਤਾਂ ... ਮੁੰਡਾ ਜਿਦ ਈ ਬੜੀ ਕਰਦੈ। ਕੀ ਕਰੀਏ?‘‘
''...ਉਹਨੇ ਆਖਿਆ,''ਜਿਹੜਾ ਚਾਰ ਸੌ ਕਰੋੜ ਰੁਪਈਆ ਬੈਂਕ ‘ਚ ਜਮ੍ਹਾਂ ਕਰਵਾਇਆ ਜੇ ਉਹ ਕਢਾਓ ਹੁਣ। ਧੀਆਂ ਪੁੱਤਾਂ ਨਾਲੋਂ ਕੀ ਚੰਗੈ...‘‘
''... ਲਓ ਜੀ ਜਹਾਜ਼ ਲੈ ਲਿਆ। ਪਿਓ ਨੇ ਚਲਾਉਣਾ ਤੇ ਮੈਂ ਤੇ ਸ੍ਰੀਦੇਵੀ ਨੇ ਨਾਲ ਬਹਿਣਾ। ਫਿਰ ਮੈਂ ਆਪ ਈ ਜਹਾਜ਼ ਉਡਾਉਣ ਲੱਗ ਪਿਆ। ਉਧਰੋਂ ਸਵਾਰੀਆਂ ਏਨੀਆਂ ਪੈਣ ਡਹਿ ਪਈਆਂ ਕਿ ਕੋਈ ਸੁਰ ਸ੍ਹਾਬ ਹੀ ਨਾ ਰਿਹਾ। ਪੰਜਾਹ-ਪੰਜਾਹ... ਚਾਲੀ ਚਾਲੀ ਹਜ਼ਾਰ ਦੀ ਟਿਕਟ। ਮੈਂ ਰਾਜੇਸਾਂਸੀ ਤੋਂ ਚਲਾਉਣਾ ਲੰਡਨ ਤੇ ਲੰਡਨ ਤੋਂ ਸਿੱਧਾ ਬੰਬਈ ਆਪਣੇ ਘਰ। ਏਨੀ ਖੱਟੀ ਹੋਈ ਕਿ ਮੈਂ ਤਿੰਨਾਂ-ਚੌਂਹ ਮਹੀਨਿਆਂ ਵਿਚ ਹੀ ਭਾਪੇ ਦੇ ਪੈਸੇ ਮੋੜ ‘ਤੇ ਤੇ ਉਹਨੂੰ ਆਖਿਆ-ਲੈ ਪਈ ਹੁਣ ਜਹਾਜ਼ ਮੇਰਾ...ਉਹ ਜਹਾਜ਼ ਹੁਣ ਮੇਰੇ ਨਾਂ ਉੱਤੇ ਈ ਆ...‘‘
ਗੱਲ ਕਿਉਂਕਿ ਹੋਰ ਦੀ ਹੋਰ ਪਾਸੇ ਹੋ ਤੁਰੀ ਸੀ ਇਸ ਲਈ ਕਿਸੇ ਨੇ ਉਹਨੂੰ ਟਿਕਾਣੇ ਸਿਰ ਆਉਣ ਲਈ ਕਿਹਾ, ''ਯਾਰ ! ਤੂੰ ਸ੍ਰੀਦੇਵੀ ਦੀ ਗੱਲ ਸੁਣਾ..².‘‘
''ਉਥੇ ਹੀ ਆਉਣ ਲੱਗਾਂ ਮੈਂ । ਮੈਂ ਉਸ ਨੂੰ ਆਖਿਆ, ਹੁਣ ਤਾਂ ਤੇਰੇ ਲਈ ਜਹਾਜ਼ ਵੀ ਲੈ ‘ਤਾ ਕੁਪੱਤ ਪਾ ਕੇ। ਹੁਣ ਆਪਾਂ ‘ਕੱਠੇ ਰਿਹਾ ਕਰੀਏ।‘‘
''ਕੱਠੇ ਤਾਂ ਅੱਗੇ ਹੀ ਰਹਿੰਦੇ ਸੀ ਤੁਸੀਂ?‘‘ ਕਿਸੇ ਨੇ ਨਿਨਵਾਂ ਲਿਆ। ''ਅੱਗੇ ਤਾਂ ਬੀਬੀ ਦੇ ਕਮਰੇ ‘ਚ ਸੌਈਂਦਾ ਸੀ। ਹੁਣ ਮੈਂ ਆਖਿਆ, ਆਪਾਂ ਆਪਣੇ ਕਮਰੇ ‘ਚ ਸੌਂਇਆਂ ਕਰੀਏ। ਪਲੰਘ ‘ਤੇ ਚੜ੍ਹ ਕੇ... ਪਰ ਸਰਦਾਰ ਜੀ ਉਥੋਂ ਹੀ ਪੰਗਾ ਪੈ ਗਿਆ ... ਭਾਪੇ ਨੂੰ ਪਤਾ ਲੱਗਾ ਤਾਂ ਉਹਨੂੰ ਚੜ੍ਹ ਲਾਲੀਆਂ ਗਈਆਂ। ਮੈਂ ਤਾਂ ਜੀ ਡਰਦਾ ਡੰਗਰਾਂ ਵਾਲੇ ਅੰਦਰ ਲੁਕ ਗਿਆ। ਭਾਪਾ ਸ਼ੂਟਿੰਗ ‘ਤੇ ਚਲਾ ਗਿਆ ਤਾਂ ਬੀਬੀ ਨੇ ਫ਼ੋਨ ਕਰਕੇ ਗੁਰਮੀਤ ਭੈਣ ਜੀ ਨੂੰ ਸੱਦ ਲਿਆ। ਮੈਨੂੰ ਗੁਰਮੀਤ ਭੈਣ ਜੀ ਆਪਣੇ ਘਰ ਲੈ ਗਈ। ਉਹਨੇ ਉਥੇ ਬੜਾ ਪਿਆਰ ਕਰਨਾਂ। ਪੁੱਤਾਂ ਵਾਂਗ ਨਹਾਉਣਾ। ਕੁਰਸੀ ਕੋਲ ਬਿਠਾ ਕੇ ਪੜ੍ਹਾਉਣਾ... ਦੁੱਧ ਪਿਆਉਣਾ। ਸਬਕ ਸੁਣਨਾ ਤਾਂ ਮੈਂ ਕਰੀ ਜਾਣਾਂ 'ਨੌਂ ਬਾਰਾਂ ਦਸ‘। ਹਾਰ ਕੇ ਉਹ ਮੈਨੂੰ ਘਰ ਛੱਡ ਗਈ...‘‘
²''...ਭਾਪੇ ਅੱਗੇ ਪੇਸ਼ੀ ਹੋਈ ਤਾਂ ਉਹਨੇ ਲਾਹ ਲਿਆ ਛਿੱਤਰ। ਤਾੜ-ਤਾੜ ਮੇਰੇ ਸਿਰ ‘ਚ ਮਾਰੀ ਜਾਵੇ ਤੇ ਆਖੇ,''ਜੰਮ ਮੁੱਕਿਆ ਨਹੀਂ ਤੇ ਆਂਹਦੈ ਵੱਖਰੇ ਕਮਰੇ ‘ਚ ਸੌਣਾ । ਤੈਨੂੰ ਸਵਾਊਂ ਹੁਣ ਮੈਂ ਉਸੇ ਕੱਚੇ ਕੋਠੇ ‘ਚ ... ਜਿਹੜਾ ਬਾਬੇ ਨੈਤੇ ਦਾ ਮੀਂਹ ‘ਚ ਢਹਿ ਗਿਐ...‘‘
''... ਭੱਜ ਕੇ ਬੀਬੀ ਨੇ ਛੁਡਾਇਆ। ਗੁੱਸੇ ‘ਚ ਘਰਕਦਾ ਹੋਇਆ ਆਖਣ ਲੱਗਾ, ''ਤੂੰ ਏਨੇ ਦਿਨ ਰਿਹਾ ਕਿਥੇ ਏਂ ਉਏ? ਉਹ ਤੇਰੀ ਮਾਂ ਲੱਗਦੀ ਸੀ ਜੀਹਦੇ ਕੋਲ ਬੈਠਾ ਰਿਹੈਂ ਜਾ ਕੇ...‘‘
''... ਗੁੱਸਾ ਮੈਨੂੰ ਵੀ ਬੜਾ ਸੀ। ਮੈਂ ਆਖ ਦਿੱਤਾ, ‘‘ ਹਾਹੋ! ਮਾਂ ਈ ਲੱਗਦੀ ਆਂ...‘‘
''ਉਹਨੇ ਫੇਰ ਮੈਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਆਖੇ, ''ਜੇ ਤੂੰ ਮਾਵਾਂ ਨਵੀਆਂ ਬਣਾਈ ਫਿਰਦੈਂ ਤਾਂ ਪਿਓ ਵੀ ਹੁਣ ਨਵਾਂ ਹੀ ਬਣਾਵੀਂ...‘‘
''ਬੀਬੀ ਨੇ ਘੁੱਟ ਕੇ ਮੈਨੂੰ ਹਿੱਕ ਨਾਲ ਲਾ ਲਿਆ ਤੇ ਗੁੱਸੇ ਵਿਚ ਉਹਨੂੰ ਆਖਣ ਲੱਗੀ, ''ਹੈ ਹਾਇ! ਮੁੰਡੇ ਨੂੰ ਮਾਰ ਈ ਸੁੱਟਣਾਂ ਜੇ...ਜੇ ਕਿਤੇ ਥਾਂ-ਕੁਥਾਂ ‘ਤੇ ਸੱਟ ਲੱਗ ਗਈ ...‘‘
''ਭਾਪਾ ਗੁੱਸੇ ਵਿਚ ਬੋਲੀ ਗਿਆ, ''ਇਹ ਨਿਆਣੀ ਤੇਰੇ ਪਿੱਛੇ ਤੈਨੂੰ ਲੱਭ-ਲੱਭ ਕੇ ਰੋਂਦੀ-ਰੋਂਦੀ ਕਮਲੀ ਹੋਈ ਫਿਰਦੀ ਰਹੀ ਤੇ ਤੂੰ ਜਾ ਕੇ ਉਸ ਮਾਂ ਕੋਲ ਬੈਠਾ ਰਿਹੋਂ। ਹੁਣ ਦੱਸ ਕਿੱਤਰਾਂ ਕਰਨੀਂ ਊਂ? ਕੋਠੇ ਵੱਲ ਤਾਂਹ ਉੱਡਦੇ ਗੁੱਡਿਆਂ ਵੱਲ ਨਾ ਵੇਖ ਪਈ ਮੈਂ ਵੀ ਕੋਠੇ ‘ਤੇ ਚੜ੍ਹ ਕੇ ਗੁੱਡੇ ਉਡਾਉਣੇ ਨੇ। ਤੇਰੇ ਗੁੱਡੇ ਕੱਟੇ ਗਏ ਤੇ ਡੋਰ ਲੁੱਟੀ ਗਈ ਸਮਝ। ਜਿਹੜੀ ਰੋਟੀ ਖਾਣੀ ਊਂ ਖਾ ਲੈ ਅੱਜ ਦੀ ਦਿਹਾੜੀ। ਜਿੰਨਾ ਰੱਜਣਾ ਈਂ ਰੱਜ ਲੈ। ਸਵੇਰੇ ਤੋਂ ਪਿੱਛੋਂ ਤੂੰ ਮੇਰੇ ਮੱਥੇ ਨਹੀਂ ਲੱਗਣਾ। ਇਹਨਾਂ ਦੂਜੇ ਦੋਹਵਾਂ ਮੁੰਡਿਆਂ ਵੱਲ ਤਾਂ ਵੇਖ... ਸੰਨੀ ਤੇ ਬੌਬੀ ਵੱਲ... ਇਹਨਾਂ ਚੋਂ ਕਿਸੇ ਨੇ ਐਕਟਰ ਬਣ ਜਾਣਾ ਤੇ ਕਿਸੇ ਨੇ ਡਰੈਕਟਰ। ਤੂੰ ਹੁਣ ਕਿਤੇ ਹੋਰ ਈ ਡਰੈਕਟਰ ਬਣੇਂਗਾ। ਤੇਰੇ ਤੋਂ ਪੱਠੇ ਵਢਾਊਂ ਜੱਟਾਂ ਦੇ... ਤੈਨੂੰ ਬਰੈਡ ਨਹੀਂ ਪਚਦੀ, ਨਾ ਈ ਦੁੱਧ ਪਚਦਾ...‘‘
''... ਅਗਲੇ ਦਿਨ ਜਦੋਂ ਬਾਬਾ ਬੋਲਿਆ ਉਸੇ ਵੇਲੇ ਮੈਨੂੰ ਸਕਿਓਰਟੀ ਵਾਲਿਆਂ ਜਗਾ ਲਿਆ ਤੇ ਲਿਆ ਕੇ ਮੈਨੂੰ ਰੇਲ ਦੇ ਡੱਬੇ ‘ਚ ਸੁੱਟ ਦਿੱਤਾ। ਰੇਲ ਉਥੋਂ ਚੱਲੀ ਤੇ ਅੰਬਰਸਰ ਆ ਲੱਗੀ। ਮੈਂ ਅੰਬਰਸਰ ਉਤਰ ਗਿਆ। ਏਥੇ ਦੁੱਧ ਪੀਤਾ, ਰੋਟੀ ਖਾਧੀ, ਰਾਤ ਰਿਹਾ। ਅਗਲੇ ਦਿਨ ਮੈਂ ਅਟਾਰੀ ਵਾਲੀ ਗੱਡੀ ‘ਚ ਬਹਿ ਗਿਆ। ਏਥੇ ਉਤਰਿਆ ਤਾਂ ਬਚਨ ਲੁਹਾਰ ਨੇ ਮੈਨੂੰ ਵੇਖ ਲਿਆ। ਬਾਬਾ ਨੈਤਾ ਉਦੋਂ ਰੇਲਵਾਈਆਂ ‘ਚ ਕੰਮ ਕਰਦਾ ਸੀ। ਬਚਨ ਨੇ ਨੈਤੇ ਨੂੰ ਆਖਿਆ, ''ਬਾਬਾ! ਮੁੰਡਾ ਵਾਹਵਾ ਈ ਕਿਸੇ ਚੰਗੇ ਘਰ ਦਾ। ਇਹਨੂੰ ਰੱਖ ਲੈ। ਹੁਣ ਡੰਗਰ ਚਰਵਾ ਜੱਟਾਂ ਦੇ। ਵੱਡਾ ਹੋਊ ਤਾਂ ਆਥੜੀ ਕਰਵਾਈਂ।‘‘ ਬਾਬਾ ਮੈਨੂੰ ਘਰ ਲੈ ਆਇਆ। ਜਿਹੜਾ ਮੇਰੇ ਕੋਲ ਤੀਹ ਪੈਂਹਠ ਹਜ਼ਾਰ ਰੁਪਈਆ ਸੀ ਉਹ ਵੀ ਕੱਢ ਲਿਆ। ਸੋਨੇ ਦੀ ਘੜੀ, ਕੜਾ ਤੇ ਛਾਪ ਵੀ ਲਾਹ ਲਏ। ਕਿਤਾਬਾਂ ਮੇਰੀਆਂ ਹੌਲੀ-ਹੌਲੀ ਪਾਟ ਗਈਆਂ, ਬਸਤਾ ਮੇਰਾ ਕਿੱਲੀ ਉੱਤੇ ਹੀ ਟੰਗਿਆ ਰਹਿ ਗਿਆ ਤੇ ਮੈਂ ਨੰਬਰਦਾਰਾਂ ਦੇ ਡੰਗਰ ਚਾਰਨ ‘ਤੇ ਲੱਗ ਗਿਆ...‘‘
ਉਸਨੇ ਸਾਰੀ ਕਹਾਣੀ ਖ਼ਤਮ ਕਰਕੇ ਲੰਮਾ ਹਉਕਾ ਲਿਆ।
ਸਾਰੇ ਉਸ ਵੱਲ ਤਰਸ, ਹਮਦਰਦੀ ਤੇ ਪ੍ਰਸ਼ੰਸਾ ਦੇ ਰਲੇ-ਮਿਲੇ ਭਾਵਾਂ ਨਾਲ ਤੱਕ ਰਹੇ ਸਨ। ਇਕ ਜਣੇ ਨੇ ਉਸ ਵੱਲੋਂ ਕਮਾਲ ਦੇ ਸੁਪਨੇ ਸਿਰਜਣ ਤੇ ਉਹਨਾਂ ਨੂੰ ਦਿਲਚਸਪ ਤਰਤੀਬ ਵਿਚ ਪੇਸ਼ ਕਰਨ ਦੀ ਵਡਿਆਈ ਕੀਤੀ ਤਾਂ ਪਹਿਲਾਂ ਹੀ ਖਪਿਆ-ਖਿਝਿਆ ਬੈਠਾ ਕਾਮਰੇਡ ਗੁਰਨਾਮ ਬੋਲ ਪਿਆ,
''ਕਾਹਦੇ ਸੁਪਨੇ ਤੇ ਕਾਹਦੀ ਤਰਤੀਬ! ਵਿਚਾਰਾ ਖੰਡਿਤ ਤੇ ਬੇਤਰਤੀਬਾ ਮਨੁੱਖ... ਤੁਸੀਂ ਤਮਾਸ਼ਬੀਨ ਬਣਕੇ ਉਹਨੂੰ ਮਜ਼ਾਕ ਬਣਾ ਧਰਿਐ। ਤੁਹਾਡੀ ਇਹੋ ਜਿਹੀ ਪ੍ਰਸ਼ੰਸਾ ਨੇ ਉਹਨੂੰ ਹੋਰ ਕਮਲਾ ਕਰ ਦੇਣੈਂ। ਇਹ ਹੱਸਣ ਦੀ ਥਾਂ ਨਹੀਂ... ਸਮਝਣ ਦੀ ਥਾਂ ਹੈ। ਪਰ ਇਹਨੂੰ ਤੁਸੀਂ ਤਾਂ ਹੀ ਸਮਝੋਗੇ ਜੇ ਆਪਣੇ ਆਪ ਨੂੰ ਸਮਝੋ। ਆਪਾਂ ਵੀ ਸਾਰੇ ਸੁਪਨੇ ਲੈਂਦੇ ਆਂ... ਆਪਾਂ ਵੀ ਸਾਰੇ ਅੰਦਰੋਂ ਬੇਤਰਤੀਬੇ ਹਾਂ... ਆਪਾਂ ਵੀ ਸਾਰੇ ਪਾਗਲ ਆਂ। ਫ਼ਰਕ ਸਿਰਫ਼ ਏਨਾ ਹੈ ਕਿ ਸਾਡੇ ਪਾਗਲਪਨ ਤੇ ਸਿਆਣਪ ਵਿਚ ਅਸੀਂ ਇਕ ਨਿੱਕਾ ਜਿਹਾ ਪਰਦਾ ਤਾਣ ਲੈਣ ਦੇ ਸਮਰੱਥ ਹਾਂ ਤੇ ਇਹਦਾ ਉਹ ਪਰਦਾ ਪਾਟ ਗਿਐ... ਇਹਦਾ ਉਹ ਪਾਟਾ ਪਰਦਾ ਸੀਣ ਦੀ ਕੋਸ਼ਿਸ਼ ਕਰੋ ਅਕਲਮੰਦੋ...‘‘
ਉਹ ਗਲਾਸ ਵਿਚ ਬਚੀ ਬਾਕੀ ਸ਼ਰਾਬ ਗੁੱਸੇ ਵਿਚ ਇਕੋ ਸਾਹੇ ਪੀ ਗਿਆ।
ਗੁਰਨਾਮ ਦੀ ਝਿੜਕ ਸੁਣ ਕੇ ਸਾਰੇ ਜਣੇ ਚੁੱਪ ਕਰ ਗਏ ਪਰ ਨਿੰਦਰ ਨੂੰ ਉਸਦੀਆਂ ਗੱਲਾਂ ਸਮਝ ਨਹੀਂ ਆਈਆਂ।
''ਏਥੇ ਆ ਕੇ ਫਿਰ ਐਂ ਈ ਲੰਘੀ ਜ਼ਿੰਦਗੀ। ਪਹਿਲਾਂ ਡੰਗਰ ਚਾਰੇ। ਫਿਰ ਆਥੜੀ ਕੀਤੀ। ਪਹਿਲੇ ਪੰਜ-ਚਾਰ ਸਾਲ ਨੰਬਰਦਾਰਾਂ ਨਾਲ ਲਾਏ, ਹੁਣ ਕਈ ਸਾਲਾਂ ਤੋਂ ਚਾਚੇ ਹੁਰਾਂ ਨਾਲ ਆਂ। ਨੰਬਰਦਾਰਾਂ ਨਾਲ ਸਾਂ ਜਦੋਂ ਮੈ ਪਹਿਲੀ ਫ਼ਿਲਮ ਵੇਖੀ...‘‘
ਜਸਪਾਲ ਨੇ ਨਵਾਂ ਹਾੜਾ ਪਾਉਂਦਿਆ ਆਖਿਆ, ''ਬੱਸ ਓਸੇ ਫ਼ਿਲਮ ਤੋਂ ਹੀ ਬੇੜਾ ਗਰਕ ਹੋਇਆ। ਪਹਿਲਾਂ ਚੰਗਾ-ਭਲਾ ਹੁੰਦਾ ਸੀ, ਉਸਤੋਂ ਬਾਅਦ ਹੀ ਘਰਾਂ ਤੋਂ ਚੱਲਿਐ। ²²... ਦੱਸ ਉਏ ਫ਼ਿਲਮ ‘ਚੋਂ ਕੀ-ਕੀ ਵੇਖਿਆ ਫਿਰ?‘‘
''ਮੈਂ? ਮੈਂ ਫ਼ਿਲਮਾਂ ਵੇਖ ਕੇ ਸੋਚਿਆ ਕਿ ਗਰੀਬ ਕਿਵੇਂ ਅਮੀਰ ਹੋ ਜਾਂਦੇ ਆ ਤੇ ਅਮੀਰ ਗਰੀਬ ਕਿੰਜ ਹੁੰਦੇ ਨੇ। ਬਚਪਨ ‘ਚ ਵਿਛੜੇ ਹੋਏ ਵੱਡੇ ਹੋ ਕੇ ਕਿਵੇਂ ਮਿਲ ਜਾਂਦੇ ਨੇ। ਜਨਾਨੀ ਤੇ ਬੰਦਾ ਆਪਸ ਵਿਚ ਪਿਆਰ ਕਿਵੇਂ ਕਰਦੇ ਨੇ। ਸੋਹਣੀਆਂ ਤੇ ਵੱਡੀਆਂ-ਵੱਡੀਆਂ ਕੋਠੀਆਂ ਕਿਹੋ ਜਿਹੀਆਂ ਹੁੰਦੀਆਂ । ਕੁੜੀਆਂ ਨੱਚਦੀਆਂ ਕਿਵੇਂ ਨੇ। ਬੱਚੇ ਮਾਂ-ਪਿਉ ਨੂੰ ਤੇ ਮਾਂ-ਪਿਉ ਬੱਚਿਆਂ ਨੁੂੰ ਕਿਵੇਂ ਪਿਆਰ ਕਰਦੇ ਨੇ। ਇੰਜ ਹੀ ਮੈਨੁੂੰ ਵੀ ਪਿਆਰ ਹੋ ਗਿਆ...ਬੱਸ ਹੁਣ .....‘‘
ਉਹਦੀ ਗੱਲ ਸਤਿਨਾਮ ਨੇ ਮੁੂੰਹੋਂ ਬੋਚ ਲਈ ,''ਬੱਸ ਹੁਣ ਤੂੁੰ Øਿਫ਼ਕਰ ਨਾ ਕਰ । ਅਸੀਂ ਤੈਨੁੂੰ ਪਹਿਲਾਂ ਜਾਣ ਕੇ ਨਹੀਂ ਸੀ ਦੱਸਿਆ,‘‘ ਸਤਿਨਾਮ ਨੇ ਗੁਰਨਾਮ ਨੁੂੰ ਚਿੜਾਉਣ ਲਈ ਕਿਹਾ, ''ਸ੍ਰੀਦੇਵੀ ਦੇ ਅੰਕਲ ਆਏ ਹੋਏ ਨੇ ਸਾਡੇ ਨਾਲ ....‘‘ ਉਸਨੇ ਸਭ ਤੋਂ ਵੱਡੀ ਉਮਰ ਦੇ ਮਹਿਮਾਨ ਵੱਲ ਇਸ਼ਾਰਾ ਕੀਤਾ।
ਮੱਠੇ-ਮੱਠੇ ਨ²ਸ਼ੇ ਦੇ ਸਰੁੂਰ ਵਿਚ ਜਦੋ ਉਹ ਕਾਰ ਉੱਤੇ ਸਵਾਰ ਹੋਣ ਲੱਗੇ ਤਾਂ ਸ੍ਰੀ ਦੇਵੀ ਦੇ ਨਵੇ ਬਣੇ ਅੰਕਲ ਨੇ ਵੀਹ ਦਾ ਨੋਟ ਪਰਸ ਵਿਚੋਂ ਕੱਢਦਿਆਂ ਦੁੂਜੇ ਸਾਥੀਆਂ ਤੋਂ ਇਕ ਰੁਪੈ ਦਾ ਨੋਟ ਮੰਗ ਪੂਰੇ ਇੱਕੀ ਰੁਪੈ ਨਿੰਦਰ ਦੇ ਹੱਥ ਉੱਤੇ ਸ਼²ਗਨ ਵਜੋਂ ਰੱਖੇ ਤੇ ਉਹਦੇ ਸਿਰ ਉੱਤੇ ਪਿਆਰ ਦਿੱਤਾ।
ਨਿੰਦਰ ਨੇ ਝੁਕ ਕੇ ਉਹਦੇ ਗੋਡਿਆਂ ਨੁੂੰ ਹੱਥ ਲਾਇਆ ਤਾਂ ਬੁੜਬੁੜਾਉਂਦਾ ਹੋਇਆ ਕਾਮਰੇਡ ਗੁਰ²ਨਾਮ ਇਹਨਾਂ ਸਿਆਣਿਆਂ ਦੀ ਅਕਲ ਨੁੂੰ ਕੋਸਣ ਲੱਗਾ।
ਗੱਲ ਤਾਂ ਹੁਣ ਲਗਭਗ ਪੱਕੀ ਹੋ ਗਈ ਸੀ। ਜਦੋਂ ਕੁੜੀ ਦਾ ਚਾਚਾ ਆ ਕੇ ਰੁਪਈਆ ਤਲੀ ਉੱਤੇ ਧਰ ਗਿਆ ਤਾਂ ਪਿੱਛੇ ਕੀ ਰਹਿ ਗਿਆ। ਅਗਲੇ ਦਿਨ ਉਸ ਨੇ ਜਸਵੰਤ ਤੋਂ ਆਪਣੀ ਮਾਸਿਕ 'ਤਨਖਾਹ‘ ਦੇ ਜਮ੍ਹਾਂ ਪੈਸੇ ਲੈ ਕੇ ਨਵੀਂ ਪੈਂਟ ਕਮੀਜ਼ ਬਣਵਾਈ। ਉਨਾਭੀ ਪੱਗ ਖ਼ਰੀਦ ਲਈ। ਪੈਰਾਂ ਲਈ ਬੁੂਟ ਅਤੇ ਜੁਰਾਬਾਂ। ਸਵੇਰੇ ਘਰੋਂ ਕੰਮ ਉ²ੱਤੇ ਆਉਣ ਲੱਗਾ ਉਹ ਇਹ ਕੱਪੜੇ ਪਾ ਕੇ ਗਲੀਆਂ ਵਿਚੋਂ ਲੰਘਦਾ। ਪੂਰਾ ਸਰਦਾਰ ਸਾਅਬ ਬਣ ਕੇ। ਕੰਮ ਵੇਲੇ ਕੱਪੜੇ ਬਦਲ ਲੈਂਦਾ। ²ਸ਼²ਾਮੀਂ ਪੱਠੇ ਦੱਥੇ ਤੋਂ ਵਿਹਲਾ ਹੋ ਕੇ ਫਿਰ ਕੱਪੜੇ ਪਹਿਨਦਾ ਤੇ ਪਿੰਡ ਦਾ ਚੱਕਰ ਲਾਉਂਦਾ। ਉਹਦੀ ਚਾਅ ਵਿਚ ਅੱਡੀ ਭੁੰਜੇ ਨਾ ਲਗਦੀ। ਛੇਤੀ ਹੀ ਸ੍ਰੀਦੇਵੀ ਉਹਦੀ ਬੁੱਕਲ ਵਿਚ ਆਉਣ ਵਾਲੀ ਸੀ।
ਪਰ ਂਿੲਸ ਧੰਤੋ ਦਾ ਉਹ ਕੀ ਕਰਦਾ। ਕੁਝ ਦਿਨਾਂ ਬਾਅਦ ਉਹਨੁੂੰ ਇਕੱਲਾ ਪੱਠੇ ਵੱਢਦਿਆਂ ਵੇਖ ਉਹ ਆਪਣੀ ਦਾਤਰੀ ਤੇ ਪੱਲੀ ਵੱਟ ਉੱਤੇ ਰੱਖ ਕੇ ਉਹਨੂੁੰ ਪੁੱਛਣ ਲੱਗੀ, ''ਵੇ ਸੁਣਿਐਂ, ਰੋੜੀ-ਰੁਪਇਆ ਦੇ ਗਏ ਨੇ ਤੈਨੁੂੰ .....?‘‘
ਨਿੰਦਰ ਨੇ ਵੱਢਿਆ ਹੋਇਆ ਪੱਠਿਆਂ ਦਾ ਰੁੱਗ ਢੇਰੀ ਉੱਤੇ ਰੱਖਿਆ ਤੇ ਉਹਦੇ ਵੱਲ ਵੇਖ ਕੇ ਮੁਸਕਰਾਇਆ,
''ਤੈਨੁੂੰ ਕੀਹਨੇ ਦੱਸਿਐ?‘‘
''ਲੈ! ਸਾਰੇ ਪਿੰਡ ਤੇ ਇਲਾਕੇ ‘ਚ ਦੁਹਾਈ ਮੱਚੀ ਪਈ ਐ।‘‘ ਫਿਰ ਉਹ ਲਾਚੜ ਕੇ ਬੋਲੀ, ''ਸਾਡਾ ਤਾਂ ਨੰਬਰ ਕੱਟਿਆ ਗਿਆ ਨਾ ਫੇਰ?‘‘
ਉਹਦੇ ਸਉਲੇ ਚਿਹਰੇ ਸਦਕਾ ਉਹਦੇ ਹੱਸਦੇ ਦੰਦ ਹੋਰ ਵੀ ਚਿੱਟੇ ਹੋ ਗਏ।
ਨਿੰਦਰ ਨੂੰ ਅੱਗੋਂ ਕੋਈ ਗੱਲ ਨਾ ਸੁੱਝੀ। ਉਹਦੇ ਵੱਲ ਬਿਟ-ਬਿਟ ਵੇਖਦਾ ਰਿਹਾ।
''ਹੁਣ ਆਪਣੇ ਵਿਆਹ ਉੱਤੇ ਤਾਂ ਸੱਦੇਂਗਾ ਨਾ? ‘‘ ਧੰਤੋ ਦੇ ਬੋਲੇ ਦੋ ਵਾਕਾਂ ਨੇ ਉਸ ਅੰਦਰ ਚਾਬੀ ਭਰ ਦਿੱਤੀ ਤੇ ਉਹ ਖਿਡੌਣੇ ਵਾਂਗ ਉਛਲ ਕੇ ਖੜੋ ਗਿਆ। ਪੁੱਛਣਾ ਚਾਹਿਆ, ''ਤੁੂੰ ਸੱਚੀਂ ਵਿਆਹ ਕਰਵਾਉਣਾ ਸੀ ਮੇਰੇ ਨਾਲ?‘‘ ਪਰ ਉਹਦੇ ਮੁੂੰਹੋਂ ਨਿਕਲ ਗਿਆ, ''ਲੈ ਸੱਦਣਾ ਕਿਉਂ ਨਹੀਂ। ਮੇਰੇ ਵਿਆਹ ਉੱਤੇ ਤੁੂੰ ਹੀ ਤਾਂ ਘੋੜੀਆਂ ਗਾਉਣੀਆਂ ਨੇ।‘‘
ਉਹ ਖਿੜ-ਖਿੜਾ ਕੇ ਹੱਸੀ ਤੇ ਦਾਤਰੀ ਚੁੱਕ ਕੇ ਟੱਕ ‘ਚ ਬੈਠ ਗਈ, ''ਗਾਂ ਲਈ ਢੇਰੀ ਕੁ ਪੱਠੇ ਵੱਢ ਲਾਂ....''
''ਆਹ ਵੇਖ ਵੱਢੇ ਪਏ। ਤੇਰੇ ਈ ਆ।‘‘
ਉਹ ਆਪ ਉਹਦੀ ਪੱਲੀ ਵਿਛਾਉਣ ਲੱਗ ਪਿਆ । ਜਸਵੰਤ ਹੁਰੀਂ ਦੋਵੇਂ ਭਰਾ ਅੱਜ ²²ਸ਼²ਹਿਰ ਗਏ ਹੋਏ ਸਨ ਤੇ ਚਾਰੇ-ਚੱਕ ਜਾਗੀਰ ਉਸੇ ਦੀ ਸੀ।
ਜਦੋਂ ਉਹ ਪੱਠੇ ਚੁੱਕ ਕੇ ਤੁਰ ਗਈ ਤਾਂ ਟੱਕ ਵਿਚ ਬੈਠਾ ਉਹ ਸੋਚਣ ਲੱਗਾ। ਉਹਨੁੂੰ ਧੰਤੋ ਤੇ ਸ੍ਰੀ ਦੇਵੀ ਇਕੱਠੀਆਂ ਫਿਲਮ ਵਿਚ ਨੰਚਦੀਆਂ ਦਿਸੀਆਂ। ਫ਼ਿਲਮਾਂ ਦੇ ਦ੍ਰਿਸ਼ ਵਾਂਗ ਹੀ ਕਦੀ ਧੰਤੋ ਸ੍ਰੀਦੇਵੀ ਬਣ ਜਾਂਦੀ ਤੇ ਕਦੀ ਸ੍ਰੀਦੇਵੀ ਧੰਤੋ। ਉਹਨੇ ਮਨ ਹੀ ਮਨ ਆਖਿਆ,''ਧੰਤੋ ਹੱਸਦੀ ਤਾਂ ਨਿਰੀ ਸ੍ਰੀਦੇਵੀ ਵਾਂਗ ਈ ਐ। ਉਸੇ ਤਰ੍ਹਾਂ ਚਿੱਟੇ ਲਿਸ਼-ਲਿਸ਼ ਕਰਦੇ ਦੰਦ। ਕੱਦ-ਕਾਠ ਵੀ ਉਹਦੇ ਵਾਂਗ .... ਪੁੂਰੀ ਜਵਾਨ। ਰੰਗ ਥੋੜ੍ਹਾ ਜਿਹਾ ਕਾਲਾ ਹੈ ਤਾਂ ਕੀ ਹੋਇਆ! ਫ਼ਿਲਮਾਂ ‘ਚ ਆਪੇ ਪੌਡਰ-ਸ਼ੌਡਰ ਲਾਕੇ ਗੋਰਾ ਕਰ ਲੈਂਦੇ ਨੇ। ਅੱਖਾਂ ਭਾਵੇਂ ਬਿੱਲੀਆਂ ਨਹੀਂ ਪਰ ਹੈਨ ਗੁਰਮੀਤ ਭੈਣ ਜੀ ਵਰਗੀਆਂ...‘‘
ਉਹਦਾ ਦਿਲ ਕੀਤਾ ਤੁਰੀ ਜਾਂਦੀ ਧੰਤੋ ਨੁੂੰ ਉੱਠ ਕੇ ਵੇਖੇ। ਉਸ ਨੇ ਉੱਠ ਕੇ ਪਿੰਡ ਵੱਲ ਨੁੂੰ ਜਾਂਦੇ ਰਾਹ ‘ਤੇ ਨਜ਼ਰ ਮਾਰੀ ਤਾਂ ਵੇਖਿਆ, ਧੰਤੋ ਪੱਠੇ ਰੱਖਕੇ ਗੁਆਂਢੀ ਖੇਤਾਂ ਵਾਲੇ ਕਾਲਜ ਪੜ੍ਹਦੇ ਮੁੰਡੇ ਸੁਰਜੀਤ ਨਾਲ ਹੱਸ-ਹੱਸ ਕੇ ਗੱਲਾਂ ਕਰ²ਨ ਲੱਗੀ ਹੋਈ ਸੀ। ਉਹਨੂੰ ਇਹ ਦ੍ਰਿਸ਼ ਚੰਗਾ ਨਹੀਂ ਲੱਗਾ। ਉਹ ਓਨਾ ਚਿਰ ਡੌਰ-ਭੌਰ ਹੋਇਆ ਉਹਨਾਂ ਦੋਹਵਾਂ ਵੱਲ ਵੇਖਦਾ ਰਿਹਾ ਜਿੰਨਾ ਚਿਰ ਪੱਠੇ ਸਿਰ ਉਤੇ ਰੱਖਕੇ ਧੰਤੋ ਪਿੰਡ ਨਾ ਤੁਰ ਗਈ।
ਅਗਲੇ ਦਿਨ ਉਹ ਫੇਰ ਧੰਤੋ ਨੂੰ ਉਡੀਕ ਰਿਹਾ ਸੀ। ਉਸਨੁੂੰ ਆਉਂਦੀ ਵੇਖਿਆ ਤਾਂ ਉਹਦਾ ਦਿਲ ਧੜਕਣ ਲੱਗਾ। ਉਹ ਥੋੜ੍ਹਾ ਜਿਹਾ ਵਲ ਪਾ ਕੇ ਉਸ ਦੇ ਰਾਹ ਵੱਲ ਅੱਗਲਵਾਂਢੀ ਮਿਲਣ ਲਈ ਅਹੁਲਿਆ ਪਰ ਉਹ ਪਾਸਾ ਵੱਟ ਕੇ ਦੁੂਜੀ ਵੱਟੇ ਪਰੇ ਸੁਰਜੀਤ ਹੁਰਾਂ ਦੇ ਤੂੜੀ ਦੇ ਮੂਸਲਾਂ ਵੱਲ ਨਿਕਲ ਗਈ। ਉਹਨੂੰ ਇਕ ਵਾਰ ਸੁਰਜੀਤ ਦਾ ਝਾਉਲਾ ਜਿਹਾ ਪਿਆ ਪਰ ਫੇਰ ਉਹ ਉਸਨੂੰ ਦਿਸਿਆ ਨਾ।
ਨਿੰਦਰ ਘਬਰਾਇਆ ਤੇ ਪਰੇਸ਼ਾਨ ਓਨਾ ਚਿਰ ਵੱਟ ਉੱਤੇ ਇਧਰ-ਉਧਰ ਘੁੰਮਦਾ ਰਿਹਾ ਜਿੰਨਾ ਚਿਰ ਉਹ ਪੰਦਰਾਂ-ਵੀਹਾਂ ਮਿੰਟਾਂ ਪਿੱਛੋਂ ਤੂੜੀ ਦਾ ਮਗਰਾ ਲੈ ਲੰਘਦੀ ਹੋਈ ਉਹਨੂੰ ਇਹ ਨਾ ਕਹਿ ਗਈ, ''ਬੀਬਾ ਵੀਰ ਬਣਕੇ ਕਿਸੇ ਨੂੰ ਦੱਸੀਂ ਨਾ।‘‘
ਉਹ ਤੁਰ ਗਈ ਤਾਂ ਉਹਨੇ ਦੁੱਖ, ਨਿਰਾਸ਼ਾ ਤੇ ਗੁੱਸੇ ਵਿਚ ਹੁੰਗਾਰ ਕੇ ਆਪਣੇ ਆਪ ਨੂੰ ਆਖਿਆ, ''ਤੂੜੀ ਕਿਹੜਾ ਮੇਰੀ ਗਈ ਆ!‘‘
ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਵਿਹਲਾ ਹੋ ਕੇ ਉਹਨੇ ਜਸਵੰਤ ਨੂੰ ਆਖਿਆ, ''ਚਾਚਾ ਜੀ! ਆਪਾਂ ਨੂੰ ਇਕ ਫ਼ਿਲਮ ‘ਚ ਕੰਮ ਮਿਲ ਗਿਐ...‘‘
''ਕਿਵੇਂ? ‘‘ ਜਸਵੰਤ ਮੁਸਕਰਾਇਆ।
''ਭਾਪੇ ਧਰਮਿੰਦਰ ਨੇ ਦਵਾਇਐ...‘‘
''ਉਹਦੇ ਨਾਲ ਕਦੋਂ ਦੀ ਸੁਲਾਹ-ਸੁਫਾਈ ਹੋ ਗਈ?‘‘
''ਸੰਨੀ ਭਾ ਜੀ ਨੇ ਉਹਨੂੰ ਜਾ ਕੇ ਦੱਸਿਆ ਸੀ ਕਿ ਸਾਡਾ ਭਰਾ ਅਰਬਾਂ ਖਰਬਾਂ ਦਾ ਮਾਲਕ ਹੋ ਕੇ ਉਥੇ ਜੱਟਾਂ ਦੇ ਡੰਗਰਾਂ ਨੂੰ ਪੱਠੇ ਪਾਉਂਦੈ। ਅੱਜ ਬੌਬੀ ਵੀਰ ਵੀ ਆਇਆ ਸੀ। ਉਹ ਆਖਦਾ, ਭਾਪਾ ਰੋਜ਼ ਰਾਤ ਨੂੰ ਸ਼ਰਾਬ ਪੀਕੇ ਤੇਰੀ ਤਸਵੀਰ ਵੇਖਕੇ ਤੇ ਤੈਨੂੰ ਯਾਦ ਕਰਕੇ ਰੋਣ ਲੱਗ ਪੈਂਦਾ...। ਫਿਲਮ ਦੇ ਰੋਲ ਬਾਰੇ ਮੈਨੂੰ ਭਾਪੇ ਨੇ ਆਖਿਆ ਕਿ ਇਸ ਫ਼ਿਲਮ ‘ਚ ਤੂੰ ਜਾਂ ਹੀਰੋ ਬਣ ਸਕਦਾ ਏਂ ਜਾਂ ਛਿੱਤਰ ਖਾ ਸਕਦੈਂ। ਦੱਸ ਕੀ ਬਣਨਾ ਈਂ? ਮੈਂ ਆਖਿਆ ਹਾਲ ਦੀ ਘੜੀ ਛਿੱਤਰ ਖਾਣ ਵਾਲਾ ਰੋਲ ਈ ਕਰੂੰ। ਇਹਦੀ ਵਾਹਵਾ ਪਰੈਟਸ ਆ।‘‘
ਪਰਿਵਾਰ ਦੇ ਸਭ ਵੱਡੇ-ਛੋਟੇ ਉਹਦੀ ਗੱਲ ਸੁਣਕੇ ਹੱਸ ਪਏ।
''ਰੋਲ ਇਹ ਆ ਪਈ ਮੇਰੀ ਭੈਣ ਨੂੰ ਇਕ ਬਦਮਾਸ਼ ਲੈ ਕੇ ਤੂੜੀ ਦੇ ਮੂਸਲ ਵਿਚ ਵੜ ਜਾਂਦਾ। ਮੈਂ ਉਹਦੇ ਪਿੱਛੇ ਜਾ ਕੇ ਉਹਨੂੰ ਲਲਕਾਰ ਕੇ ਆਖਦਾਂ :
''ਅਰੇ ਕੁੱਤੇ! ਸਾਲੇ ਬਾਹਰ ਨਿਕਲ...ਮੇਰੀ ਭੈਣ ਕੋ ਲੈ ਕੇ ਮੂਸਲ ਵਿਚ ਵੜ ਗਿਐਂ ਹਰਾਮਦਿਆ!.... ਤੂੰ ਪਿੰਡ ਦੀ ਧੀ-ਭੈਣ ਕੋ ਪਿੰਡ ਦੀ ਧੀ-ਭੈਣ ਨਹੀਂ ਸਮਝਦਾ। ਵੇਖ! ਮੇਰੇ ਚਾਚੇ ਜਸਵੰਤ ਸੁੰਹ ਹੁਰੀਂ ਮੇਰੀ ਭੈਣ ਸ਼ੀਰੋ ਕੋ ਸਿਰ ‘ਤੇ ਪਿਆਰ ਦਿੰਦੇ ਆ...ਤੇ ਤੂੰ ਭੈਂ ਚੋ.. ਅਮਰੀ²ਸ਼ ਪੁਰੀ... ਉਸ ਕੋ ਸਾਗ ਤੋੜਕੇ ਨਹੀਂ ਦੇ ਸਕਦਾ।‘‘
ਫ਼ਿਲਮੀ ਮੁਦਰਾ ਵਿਚ ਆਪਣਾ ਪੂਰਾ ਡਾਇਲਾਗ ਸੁਣਾ ਕੇ ਉਹ ਸਹਿਜ ਹੋਇਆ, ''ਫੇਰ ਨਾ ਚਾਚਾ ਮੂਸਲ ‘ਚੋਂ ਸੁਰਜੀਤ ਨਿਕਲ ਆਇਆ ਤੇ ਤਾੜ-ਤਾੜ ਮੇਰੇ ਸਿਰ ‘ਚ ਛਿੱਤਰ ਮਾਰਦਾ ਆਖਣ ਲੱਗਾ, ''ਕੁਜਾਤੇ। ਸਾਡੇ ਮੂਸਲਾਂ ‘ਚ ਝਾਤੀਆਂ ਮਾਰਦੈਂ।‘‘ ਮੈਂ ਆਖਿਆ, ''ਖ਼ਬਰਦਾਰ! ਜੇ ਮੈਨੂੰ ਕੁਜਾਤ ਆਖਿਆ।‘‘... ਮੈਂ ਨਾ ਫੇਰ ਚਾਚਾ ਗਰਨੇਡ ਸੁੱਟ ਕੇ ਸਾਰੀ ਤੂੜੀ ਨੂੰ ਹੀ ਅੱਗ ਲਾ ਦਿੱਤੀ। ਮੱਚਦੀਆਂ ਲਾਟਾਂ ਵੇਖ ਕੇ ਮੈਂ ਟੀ.ਵੀ. ਉੱਤੇ ਰੀਕਾਡ ਕਰਾਇਆ ਆਪਣਾ ਗੌਣ ਗਾਉਣ ਲੱਗ ਪਿਆ....‘‘
ਨਿੰਦਰ ਨਿੱਠ ਕੇ ²ਜ਼ਮੀਨ ਉੱਤੇ ਬੈਠ ਗਿਆ ਤੇ ਟੀ. ਵੀ. ਉੱਤੇ ਦਰਦ-ਵਿਛੋੜੇ ਦੇ ਗੀਤ ਗਾਉਣ ਵਾਲੇ ਦੁੱਖਾਂ-ਮਾਰੇ ਗਾਇਕਾਂ ਵਾਂਗ ਦੁਖੀ ਜਿਹੀ ਹੇਕ ਲਾਕੇ ਆਪਣਾ ਗੀਤ ਛੇੜ ਲਿਆ।
''ਹੱਸਦੀ ਹੱਸਦੀ ਜਾਂਦੀ ਕੁੜੀ
ਚਮਕ ਚਮਕ ਕੇ ਬਿਜਲੀ ਬਣ ਗਈ
ਸਾਡੇ ਉੱਤੇ ਡਿੱਗ ਕੇ ਸਾਨੂੰ ਸਾੜਦੀ ਏਂ
ਦੋਹਾਂ ਹੱਥਾਂ ਨਾਲ ਖਿੱਚ ਕੇ ਸਾਡੇ ਦਿਲ ਨੂੰ,
ਕੱਪੜੇ ਵਾਂਗੂੰ ਪਾੜਦੀ ਏਂ।
ਏਦਾਂ ਕਰਦੀ ਰਹੀ ਤਾਂ ਇਕ ਦਿਨ ਪਛੋਤਾਵੇਂਗੀ
ਮਿੰਟੂ ਦਿਓਲ ਅਜੇ ਵੀ ਰੋਂਦਾ
ਕਦੀ ਨਾ ਕਦੀ ਤਾਂ ਆਵੇਂਗੀ...‘‘
ਉਹਦੀ ਆਵਾ²ਜ਼ ਵਿਚ ਰਸ ਵੀ ਸੀ ਤੇ ਦਰਦ ਵੀ। ਆਪੇ ਜੋੜੇ ਗੀਤ ਦਾ ਟੁੱਟਦਾ ਵਜ਼ਨ ਉਹਨੇ ਲੋੜ ਅਨੁਸਾਰ ਹੇਕ ਲੰਮੀ-ਛੋਟੀ ਕਰਕੇ ਆਪ ਹੀ ਠੀਕ ਕਰ ਲਿਆ। ਫਿਰ ਉਹਨੇ ਗੱਲ-ਬਾਤ ਨੂੰ ਅਚਨਚੇਤ ਪਲਟਾ ਮਾਰਿਆ:
''ਚਾਚਾ ਜੀ! ਚਾਚੇ ਸਤਿਨਾਮ ਨੂੰ ਆਖਕੇ ਇਕ ਵਾਰ ਟੀ.ਵੀ. ਉੱਤੇ ਟੈਮ ਦਵਾ ਦਿਓ। ਫੇਰ ਵੇਖਿਓ ਮੇਰੇ ਹੱਥ। ਮੈਂ ਦੋ ਮਹੀਨਿਆਂ ‘ਚ ਈ ਦਲੇਰ ਮਹਿੰਦੀ ਦਾ ਚੋਲਾ ਜਿਹਾ ਨਾ ਪਾੜ ਛੱਡਿਆ ਤਾਂ ਆਖਿਓ। ਘਰ-ਘਰ ਕੈਸਿਟਾਂ ਵੱਜਣਗੀਆਂ ਮਿੰਟੂ ਦਿਓਲ ਦੀਆਂ। ਉਥੋਂ ਟੀ.ਵੀ. ਤੋਂ ਹੀ ਮੈਨੂੰ ਫਿਲਮਾਂ ਵਾਲਿਆਂ ਬੋਚ ਲੈਣੈ। ...ਫਿਰ ਵੇਖਿਓ! ਚੱਲ ਸੋ ਚੱਲ। ਸੌ ਸੌ ਫ਼ਿਲਮਾਂ ‘ਚ ਹੀਰੋ ਆਊਂ ਕੱਠਾ ਈੇ। ਸਾਰੇ ਤੂੜੀ ਦੇ ਮੂਸਲ ਗਰਨੇਡ ਚਲਾ ਚਲਾ ਸਾੜ ਦਊਂ....‘‘
ਜਸਵੰਤ ਦਾ ਸੁਝਾਓ ਸੀ ਕਿ ਜਦੋਂ ਉਹਦਾ ਪਿਓ ਤੇ ਦੋ ਭਰਾ ਏਡੇ ਵੱਡੇ ਐਕਟਰ ਸੀ, ਉਹਦੀ ਛੋਟੀ ਬੀਬੀ ਤੇ ਹੋਣ ਵਾਲੀ ਪਤਨੀ ਫ਼ਿਲਮ ਜਗਤ ਦੀਆਂ ਪ੍ਰਸਿੱਧ ਹੀਰੋਇਨਾਂ ਸਨ ਤਾਂ ਉਸਨੂੰ ਸਿਰਫ ਟੀ. ਵੀ. ਉੱਤੇ ਜਾਣ ਲਈ ਹੀ ਕਿਸੇ ਦੀ ਸਿਫਾਰਸ਼ ਦੀ ਕੀ ਲੋੜ ਸੀ।
''ਤੂੰ ਸਿੱਧਾ ਸ੍ਰੀਦੇਵੀ ਨੂੰ ਆਖ...ਕਦੀ ਕਦੀ ਆਕੇ ਤੈਨੂੰ ਮਿਲਦੀ ਤਾਂ ਰਹਿੰਦੀ ਆ...ਸਿੱਧਾ ਹੀਰੋ ਲੈਣ ਬਾਰੇ ਉਹਨੇ ਤੈਨੂੰ ਆਖਿਆ ਤਾਂ ਸੀ...‘‘
''ਅੱਜ ਕੱਲ੍ਹ ਨਹੀਂ ਨਾ ਮਿਲਦੀ...ਉਂਜ ਗੱਲ ਉਹਦੀ ਸਿਆਣੀ ਐਂ...‘‘
''ਕਿਵੇਂ?‘‘
''ਉਹ ਆਖਦੀ ਐ ਕੱਚੇ ਕੁਆਰੇ ਸਾਕਾਂ ‘ਚ ਮਿਲਦਿਆਂ ਬੰਦਾ ਕਿਤੇ ਚੰਗਾ ਲੱਗਦੈ!!‘‘
ਸ੍ਰੀਦੇਵੀ ਨੂੰ ਨਾ ਮਿਲ ਸਕਣ ਦਾ ਤਾਂ ਉਸ ਕੋਲ ਕੋਈ ਤਰਕ ਸੀ ਪਰ ਧੰਤੋ ਭਲਾ ਕਿਉਂ ਨਹੀਂ ਸੀ ਆਉਂਦੀ। ਉਸ ਨੂੰ ਉਹ ਬੁਲਾਵੇ ਜਾਂ ਨਾ ਬੁਲਾਵੇ ਪਰ ਉਹਨੂੰ ਵੇਖ ਕੇ ਉਹਦੇ ਮਨ ਵਿਚ ਇਕ ਠੰਢ ਜਿਹੀ ਪੈ ਜਾਂਦੀ ਸੀ। ਅੱਜ ਕਲ੍ਹ ਉਸਦੀ ਮਾਂ ਹੀ ਗਾਂ ਲਈ ਕੱਖ-ਪੱਠਾ ਲੈਣ ਲਈ ਖੇਤਾਂ ਵੱਲ ਆਉਂਦੀ-ਜਾਂਦੀ ਦਿਸਦੀ। ਇਕ ਦਿਨ ਮੌਕਾ ਪਾ ਕੇ ਉਹਦੇ ਘਰ ਦੇ ਅੱਗੋਂ ਵੀ ਲੰਘਿਆ। ਵਿਹੜੇ ਵਿਚ ਧੰਤੋ ਦਾ ਅਧਰੰਗ ਦਾ ਮਾਰਿਆ ਪਿਓ ਲੇਟਿਆ ਹੋਇਆ ਸੀ।
ਆਖ਼ਰਕਾਰ ਨਿੰਦਰ ਨੇ ਸੂਹ ਕੱਢ ਹੀ ਲਈ। ਧੰਤੋ ਬੀਮਾਰ ਸੀ ਤੇ ਅੱਜ-ਕੱਲ੍ਹ ਆਪਣੀ ਮਾਸੀ ਕੋਲ ਇਲਾਜ ਕਰਾਉਣ ਗØਈ ਹੋਈ ਸੀ। ਕਈ ਦਿਨਾਂ ਬਾਅਦ ਉਸ ਨੇ ਵੇਖਿਆ ਧੰਤੋ ਪੋਲੇ ਉਖੜਦੇ ਕਦਮੀਂ ਗਲੀ ਵਿਚੋਂ ਲੰਘ ਰਹੀ ਸੀ। ਪੀਲਾ-ਭੂਕ ਰੰਗ, ਮਾਯੂਸ ਤੇ ਉਦਾਸ ਚਿਹਰਾ। ਉਸਨੇ ਨਿੰਦਰ ਨਾਲ ਅੱਖ ਹੀ ਨਾ ਮਿਲਾਈ ਤੇ ਨਜ਼ਰਾਂ ਨੀਵੀਆਂ ਕਰਕੇ ਕੋਲ ਦੀ ਲੰਘ ਗਈ।
ਹੁਣ ਉਹ ਬਾਹਰ ਖੇਤਾਂ ਵਿਚ ਵੀ ਨਹੀਂ ਸੀ ਜਾਂਦੀ ਤੇ ਘਰੋਂ ਬਾਹਰ ਵੀ ਘੱਟ ਵੱਧ ਹੀ ਨਿਕਲਦੀ। ਨਿੰਦਰ ਦਾ ਮਨ ਉਸਨੂੰ ਵੇਖਣ ਤੇ ਮਿਲਣ ਲਈ ਲੋਚਦਾ ਰਹਿੰਦਾ।
ਵਾਢਿਆਂ ਲਈ ਚਾਹ ਧਰੀ ਹੋਈ ਸੀ ਪਰ ਖੰਡ ਥੁੜ ਗØਈ। ਜਸਵੰਤ ਨੇ ਨਿੰਦਰ ਨੂੰ ਪੈਸੇ ਫੜਾਏ ਤੇ ਦੋ ਘਰ ਛੱਡ ਕੇ ਜੰਗੀ ਦੀ ਦੁਕਾਨ ਉੱਤੋਂ ਛੇਤੀ ਛੇਤੀ ਖੰਡ ਲਿਆਉਣ ਲਈ ਕਿਹਾ। ਨਿੰਦਰ ਜੰਗੀ ਦੀ ਦੁਕਾਨ ਉੱਤੇ ਨਾ ਰੁਕਿਆ। ਉਹ ਸਿੱਧਾ ਧੰਤੋ ਦੀ ਗਲੀ ਵਿਚੋਂ ਲੰਘਕੇ ਉਹਦੇ ਵਿਹੜੇ ਵਿਚ ਉਹਨੂੰ ਲੱਭਦੀਆਂ ਨਜ਼ਰਾਂ ਨਾਲ ਵੇਖਦਾ ਉਹਨਾਂ ਦੀ ਗਲੀ ਦੇ ਸਿਰੇ ਉੱਤੇ ਬੰਸੀ ਦੀ ਦੁਕਾਨ ਉੱਤੇ ਜਾ ਪੁੱਜਾ।
ਚਾਹ ਰਿੱਝ-ਰਿੱਝ ਕਮਲੀ ਹੋਈ ਗਈ। ਉਹ ਵਾਪਸ ਪਰਤਿਆ ਤਾਂ ਪਹਿਲਾਂ ਹੀ ਲਾØਏ ਅਨੁਮਾਨ ਅਨੁਸਾਰ ਉਹਨੂੰ ਬਕਾਉਣ ਲਈ ਜਸਵੰਤ ਨੇ ਗੁੱਸੇ ਨਾਲ ਆਖਿਆ, ''ਤੈਨੂੰ ਤਾਂ ਜੰਗੀ ਦੀ ਹੱਟੀ ਉੱਤੇ ਘੱਲਿਆ ਸੀ ਤੇ ਤੂੰ ਖੰਡ ਲੈਣ ਬੰਸੀ ਦੀ ਦੁਕਾਨ ਉੱਤੇ ਜਾ ਅੱਪੜਿਓਂ।‘‘
ਉਹ ਮੁੱਕਰਿਆ ਨਹੀਂ, ''ਓ ਨਾ, ਓ ਨਾ...ਉਥੋਂ ਜਾ ਕੇ ਖੰਡ ਤਾਂ ਲਿਆਇਆਂ ਪਈ ਜੰਗੀ ਹੁਰੀਂ ਖੰਡ ‘ਚ ਮਿੱਠਾ ਘੱਟ ਪਾਉਂਦੇ ਨੇ...‘‘
ਉਹਦੀ ਵਜ਼ਨਦਾਰ ਦਲੀਲ ਸੁਣਕੇ ਜਸਵੰਤ ਨੇ ਆਖਿਆ,''ਆਹੋ ਬੰਸੀ ਦੀ ਦੁਕਾਨ ਉੱਤੇ ਖੰਡ ਵਿਚ ਮਿੱਠਾ ਧੰਤੋ ਜੂ ਪਾ ਜਾਂਦੀ ਆ...‘‘
'ਚੋਰੀ‘ ਫੜੀ ਜਾਣ ‘ਤੇ ਉਹ ਆਪ ਹੀ ਸਪ²ੱਸ਼ਟੀਕਰਨ ਦੇਣ ਲੱਗਾ, ''ਕੀ ਕਰਾਂ ਚਾਚਾ, ਜਿਵੇਂ ਡੰਗਰ ਤਿਹਾਇਆ ਹੋਵੇ ਤਾਂ ਪਾਣੀ ਵੱਲ ਰੱਸੇ ਤੁੜਾ ਕੇ ਭੱਜ ਉੱਠਦੈ, ਐਂ ਈ, ਜਦੋਂ ਮੈਨੂੰ ਚੇਤਾ ਆਵੇ, ਮੈਂ ਓਂ ਨੂੰ ਭੱਜ ਉੱਠਦਾਂ...‘‘
ਕਣਕਾਂ ਵੱਢੀਦੀਆਂ ਰਹੀਆਂ। ਭਰੀਆਂ ਖਲਵਾੜੇ ਉੱਤੇ ਲੱਗ ਪਈਆਂ। ਉਹ ਉਡੀਕਦਾ ਰਹਿੰਦਾ ਜੇ ਧੰਤੋ ਆ ਜਾਵੇ ਤਾਂ ਉਹ ਸਾਰਿਆਂ ਤੋਂ ਚੋਰੀ ਉਹਨੂੰ ਸਭ ਤੋਂ ਵੱਡੀ ਭਰੀ ਚੁਕਵਾ ਦੇਵੇ। ਝੋਨਿਆਂ ਦੀ ਝੰਬਾਈ ਵੇਲੇ ਉਸਨੇ ਇੰਜ ਹੀ ਕੀਤਾ ਸੀ। ਜਸਵੰਤ ਹੁਰੀਂ ਆਖ਼ਰੀ ਟਰਾਲੀ ਲੱਦ ਕੇ ਸ਼ਹਿਰ ਤੁਰ ਗਏ ਸਨ ਤਾਂ ਉਸ ਨੇ ਟੋਈ ਧੰਤੋ ਨੂੰ ਹੁੰਝਵਾ ਦਿੱਤੀ ਸੀ। ਛਿੰਨੋ ਨੇ ਪਿੱਛੋਂ ਆਕੇ ਬੜਾ ਕਲੇਸ਼ ਪਾਇਆ।
ਕਲੇ²ਸ਼ ਪੈਂਦਾ ਤਾਂ ਪਵੇ ਪਰ ਉਹ ਆਵੇ ਤਾਂ ਸਹੀ। ਪਰ ਉਹ ਆਈ ਨਹੀਂ ਸਗੋਂ ਚਲੀ ਗਈ। ਦੂਰ...ਬਹੁਤ ਦੂਰ...ਸਦਾ ਲਈ ਨਾ ਆਉਣ ਵਾਸਤੇ। ਉਹਦੀ ਮੌਤ ਉੱਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ। ਉਹ ਸੁਣਦਾ ਤਾਂ ਉਹਦਾ ਜੀਅ ਕਰਦਾ ਗਰਨੇਡ ਚਲਾ ਕੇ ਸਾਰੀ ਦੁਨੀਆਂ ਨੂੰ ਭਸਮ ਕਰ ਸੁੱਟੇ।
ਦੋ ਦਿਨ ਉਹ ਕੰਮ ਉੱਤੇ ਨਾ ਗਿਆ। ਜਸਵੰਤ ਉਹਦਾ ਪਤਾ ਕਰਨ ਉਹਦੇ ਘਰ ਗਿਆ। ਉਹ ਉਦਾਸ ਤੇ ਨਿੰਮੋਝੂਣਾ ਬੈਠਾ ਹੋਇਆ ਸੀ, ਚੌਂਤਰੇ ਦੀ ਕੰਧ ਨਾਲ ਢੋਅ ਲਾ ਕੇ। ਛਿੰਨੋ ਰੋਟੀਆਂ ਪਕਾ ਰਹੀ ਸੀ ਤੇ ਉਹਦੇ ਲਾਗੇ ਚੌਂਤਰੇ ਵਿਚ ਬੈਠਾ ਭਿੱਲੀ ਅੰਬ ਦੇ ਅਚਾਰ ਨਾਲ ਬੁਰਕੀਆਂ ਵਲ੍ਹੇਟ-ਵਲ੍ਹੇਟ ਕੇ ਅੰਦਰ ਸੁੱਟ ਰਿਹਾ ਸੀ। ਛਿੰਨੋ ਖਿਝ ਕੇ ਬੋਲੀ, ''ਵੇ ਬੱਸ ਵੀ ਕਰ। ਤੇਰਾ ਢਿੱਡ ਆ ਕਿ ਖੂਹ? ਤੂੰ ਰੱਜਦਾ ਈ ਨਹੀਂ। ਬਾਕੀਆਂ ਨੇ ਵੀ ਤਾਂ ਰੋਟੀ ਖਾਣੀ ਆਂ।.... ਇਕ ਆਹ ਬੈਠਾ ਈ ਘਰ। ਦੱਸ ਇਹਦੇ ਵਿਹਲੇ ਦੇ ਕਿੱਥੋਂ ਤੋਸਾ ਮੱਥੇ ਮਾਰੀਏ। ਪੈਸਾ ਧੇਲਾ ਦੇਣਾ ਕੋਈ ਨਹੀਂ। ਜੋ ਮਿਲਣਾ ਉਹਦਾ ਗੰਦ-ਮੰਦ ਖਾ ਛੱਡਣਾ...²ਸ਼ੌਕੀਨੀਆਂ ਲਾ ਛੱਡਣੀਆਂ...‘‘
ਉਹਦਾ ਭਾਸ਼ਨ ਪਤਾ ਨਹੀਂ ਕਿੰਨਾ ਕੁ ਚਿਰ ਚੱਲਦਾ ਜੇ ਨੈਤਾ ਜਸਵੰਤ ਨੂੰ ਨਾ ਵੇਖ ਲੈਂਦਾ। ਉਹਨੇ ਨਿੰਦਰ ਨੂੰ ਸੁਚੇਤ ਕੀਤਾ,''ਜਾਹ ਉਏ ਉੱਠ ਕੇ। ਔਹ ਆ ਗਏ ਈ ਸਾਈਂ ਤੇਰੇ। ਮੈਂ ਇਹਨੂੰ ਆਖਿਐ, ਕੰਜਰਦਿਆ! ਅੱਗੇ ਤੇਰ੍ਹਵਾਂ ਮਹੀਨਾ। ਅਸੀਂ ਸਿੱਟੇ ਕੁੱਟ ਕੇ ਰੋਟੀ ਦਾ ਡੰਗ ਤੋਰਦੇ ਆਂ, ਤੈਨੂੰ ਕਿਥੋਂ ਟੁੱਕ ਦੇਈਏ? ਇਹ ਪਰਸੋਂ ਦਾ ਉੱਠਦਾ ਈ ਨਹੀਂ। ਘੂੰਆਂ ਜਿਹਾ ਬਣਿਆਂ ਬੈਠੈ।‘‘
''ਬਾਬਾ ! ਇਹਦਾ ਵਿਆਹ ਕਰ ਦਿਓ। ਸਭ ਠੀਕ-ਠਾਕ ਹੋ ਜਾਊ...‘‘ ਜਸਵੰਤ ਨੇ ਸੁਝਾਓ ਦਿੱਤਾ।
''ਓ ਮੈਂ ਤਾਂ ਜੀ ਵਿਆਹ ਕਰਦਾ ਸਾਂ ਇਹਦਾ ਜਦੋਂ ²ਸ਼ੀਰੋ ਦਾ ਕੀਤਾ। ਇਹ ਮਾਂ ਚੋ ਆਖੇ ਮੈਂ ਤਾਂ ਬੰਬਈ ‘ਚ ਢੁਕਣੈਂ। ਮੈਂ ਫੇਰ ਤੁਹਾਡੇ ਸਾਹਮਣੇ ਕੁੜੀ ਦਾ ਵਿਆਹ ਕਰ ਦਿੱਤਾ। ਸਰਦਾਰ ਜੀ ਧੀਆਂ ਦਾ ਬੜਾ ਗਾਲ੍ਹ-ਉਲ੍ਹਾਮਾ ਹੁ²ੰਦਾ...ਤੂੰ ਮੈਨੂੰ ਪੁੱਛ...ਮੈਂ ਜੀ ਵਿਆਹ ਕੇ ਕੁੜੀ ਆਪਣੇ ਘਰ ਘਲਾਈ, ਅੱਜ ਕੱਲ੍ਹ ਜੀ ਜਮਾਨਾ ਬੜਾ ਖਰਾਬ ਆ। ਕੁੜੀਆਂ-ਮੁੰਡੇ ਤਾਂ ਅੱਖਾਂ ਨਾਲ ਗੱਲਾਂ ਕਰਦੇ ਨੇ...ਸਾਰੀ ਗੱਲ ਤੂੰ ਮੈਨੂੰ ਪੁੱਛ...ਸਾਡੇ ਆਹ ਗਵਾਂਢ ਵੇਖ ਲਾ...ਔਹ ਗੱਜਣ ਦੀ ਕੁੜੀ...‘‘
''ਚੱਲ ਛੱਡ!‘‘ ਛਿੰਨੋ ਨੇ ਨੈਤੇ ਨੂੰ ਟੋਕਿਆ, ''ਭਾ ਜੀ! ਧੀਆਂ ਭੈਣਾਂ ਵਾਲੇ ਆਂ! ਸੱਚਾ ਪਾ ²‘ਸ਼ਾਹ ਸਭ ਦੀਆਂ ਇੱਜ਼ਤਾਂ ਰੱਖੇ...‘‘ ਫਿਰ ਉਹ ਨਿੰਦਰ ਵੱਲ ਹੋਈ,''ਚੱਲ ਵੇ! ਉੱਠ ਕੇ ਤੁਰ ਪੌ ਭਾ ਜੀ ਨਾਲ...ਬੰਦੇ ਦਾ ਪੁੱਤ ਬਣ ਕੇ। ਦੇਂਦਾ ਤੂੰ ਸਾਨੂੰ ਦਵਾਨੀ ਨਹੀਂ। ਰੋਟੀਆਂ ਸਾਡੀਆਂ ਤੋੜਦੈਂ! ... ਅਸੀਂ ਇਹਨੂੰ ਆਖਿਆ ਜਿਹੜੇ ਐਸ ਮਹੀਨੇ ਭਾ ਜੀ ਤੋਂ ਪੈਸੇ ਲੈਣੇ ਆਂ... ਸਾਨੂੰ ਦੇਹ...ਇਕ ਮੰਜਾ ਈ ਬਣਾ ਲਈਏ। ਚਾਰ ਜੀਅ ਆਂ ਤੇ ਦੋ ਮੰਜੇ। ਭੁੰਜੇ ਸੌਂ ਜਾਂਦਾ ਜੇ ਤੇ ਜੇ ਆਖੀਏ ਮੰਜੇ ਲਈ ਤਾਂ ਅੱਗੋਂ ਆਖੂ, 'ਮੈਂ ਤਾਂ ਹੋਰ ਮਹੀਨੇ ਨੂੰ ਪਲੰਘਾਂ ‘ਤੇ ਸੌਂਇਆ ਕਰਨਾ। ਤੁਹਾਡੇ ਮੰਜੇ ਲਈ ਪੈਸੇ ਕਿਉ ਖਰਚਾਂ। ਲੈ ਸੁਣ ਲਾ ਇਹਦੀਆਂ! ਸਾਨੂੰ ਤਾਂ ਇਹਨੇ ਪਾਗਲ ਕੀਤਾ ਹੋਇਆ।...ਤੁਸੀਂ ਉਹ ਗਾਡਰ ਦਿੱਤਾ ਸੀ ਨਾ, ਪਿਛਲੀ ਕੋਠੜੀ ਛੱਤਣ ਨੂੰ...ਉਹ ਆਪੇ ਹੀ ਚੁੱਕ ਕੇ ਲੈ ਗਿਆ। ਅਖੇ....ਚਾਚੇ ਨੇ ਗਾਡਰ ਦੇ ਪੈਸੇ ਕੱਟ ਲੈਣੇ ਨੇ...।‘‘
ਛਿੰਨੋ ਪਤਾ ਨਹੀ ਕਿੰਨਾ ਕੁ ਚਿਰ ਬੋਲਦੀ ਰਹਿੰਦੀ। ਪਰ ਉਹ ਚੁੱਪ-ਚਾਪ ਉੱਠਿਆ ਤੇ ਜਸਵੰਤ ਨਾਲ ਤੁਰ ਆਇਆ।
ਜਸਵੰਤ ਦੀ ਪਤਨੀ ਰੋਟੀ ਲੈ ਕੇ ਆਈ ਤਾਂ ਆਖਣ ਲੱਗਾ, ''ਚਾਚੀ! ਅੱਜ ਰੋਟੀ ਰਹਿਣ ਈ ਦਈਏ। ਭੁੱਖ ਈ ਨਹੀਂ ਲੱਗਦੀ।‘‘
''ਵੇ ਫੜ ‘ਗਾਂਹ। ਰੋਟੀ ਬਿਨਾਂ ਗੁਜ਼ਾਰਾ ਹੁੰਦੈ ਕਿਤੇ! ਸਿਆਣੇ ਆਂਹਦੇ: ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ...‘‘
ਜਸਵੰਤ ਦੀ ਪਤਨੀ ਦੀ ਮਿੱਠੀ ਜਿਹੀ ਝਿੜਕ ਸੁਣਕੇ ਉਹ ਗਹਿਰ-ਗੰਭੀਰ ਹੋ ਗਿਆ, ''ਚਾਚੀ! ਜੇ ਸੱਚ-ਮੁੱਚ ਕਿੱਤੇ ਰੋਟੀ ਬਿਨਾਂ ਗੁ²ਜ਼ਾਰਾ ਹੋਣ ਲੱਗ ਪਵੇ ਤਾਂ ਕਿਆ ਕਹਿਣੇ! ਸਾਡੇ ਸੱਜਣ ਨੂੰ ਰੋਟੀ ਹੀ ਮਾਰ ਗਈ....‘‘
ਗੱਲ ਉਸਦੀ ਕੁਝ ਹੱਦ ਤਕ ਠੀਕ ਹੀ ਸੀ। ਮਹੀਨਾ ਭਰ ਮਿਆਦੀ ਬੁਖ਼ਾਰ ਦਾ ਭੰਨਿਆ ਸੱਜਣ ਰਾਜ਼ੀ ਹੋ ਕੇ ਜਦੋਂ ਸੁੱਖਣਾ ਲਾਹੁਣ 'ਗੁਰੂ ਸਰ‘ ਦੀ ਮੱਸਿਆ ਗਿਆ ਤਾਂ ਸਾਹਮਣੇ ਲੰਗਰ ਵਰਤਦਾ ਵੇਖਕੇ ਉਸ ਤੋਂ ਰਿਹਾ ਨਾ ਗਿਆ। ਚਮਕਦੀ ਭੁੱਖ ਨੂੰ ਸ਼ਾਂਤ ਕਰਨ ਲਈ ਆਖਣ ਲੱਗਾ, ''ਆਏ ਆਂ ਤਾਂ ਗੁਰੂ ਕੇ ਲੰਗਰ ਵਿਚ ਵੀ ਹਾਜ਼ਰੀ ਲਵਾ ਹੀ ਚੱਲੀਏ।‘‘
ਫਿਰ ਮਾਂਹ ਦੀ ਦਾਲ ਨਾਲ ਲੇੜ੍ਹ ਕੇ ਰੋਟੀਆਂ ਖਾਧੀਆਂ। ਮਹੀਨੇ ਦੀ ਭੁੱਖ ਜਿਵੇਂ ਅੱਜ ਹੀ ਮਿਟਾ ਲੈਣੀ ਹੋਵੇ। ਵਾਪਸੀ ‘ਤੇ ਆਉਂਦਿਆਂ ਰਾਹ ਵਿਚ ਹੀ ਐਸਾ ਸੂਲ ਉੱਠਿਆ ਕਿ ਜਾਨ ਹੀ ਲੈ ਕੇ ਗਿਆ। ਉਸ ਮਾਸੂਮ ਚਿੜੀ ਦੀ ਮੌਤ ਉੱਤੇ ਕਿਸੇ ਨੇ ਹੱਸ ਕੇ ਆਖਿਆ ਸੀ,''ਗੁਰੂ ਕੇ ਲੰਗਰ ‘ਚ ਹਾਜਰੀ ਲਵਾਉਂਦਾ ਲਵਾਉਂਦਾ ਸੱਜਣ ਗੁਰੂ-ਘਰ ਹੀ ਪਹੁੰਚ ਗਿਆ।‘‘
ਰੋਟੀ ਹੱਥ ਉੱਤੇ ਰਖਵਾ ਕੇ ਨਿੰਦਰ ਕੁਝ ਸਹਿਜ ਹੋਇਆ, ''ਹੁਣ ਸਾਡੇ ਭਿੱਲੀ ਵੱਲ ਵੇਖੋ। ਰੋਟੀਆਂ ਨਾਲ ਰੱਜਦਾ ਈ ਨਹੀਂ। ਚੌਦਾਂ ਰੋਟੀਆਂ ਤੋਂ ਘੱਟ ਮਰੋੜਦਾ ਈ ਨਹੀਂ।‘‘
ਰੋਟੀ ਵੱਲੋਂ ਵਿਹਲਾ ਹੋਇਆ ਤਾਂ ਜਸਵੰਤ ਨਾਲ ਸਲਾਹੀਂ ਪੈ ਗਿਆ।
''ਆਪਣੇ ਹਸਪਤਾਲ ਨਵਾਂ ਡਾਕਟਰ ਆਇਐ। ਸੁਣਿਐ ਬੜਾ ਸਿਆਣਾ। ਆਂਹਦੇ ਪਰੇਸ਼ਨ ਕਰਕੇ ਮਿਹਦੇ ਵੀ ਬਦਲ ਦੇਂਦਾ ਏ। ਮੇਰੀ ਸਲਾਹ ਆ ਪਈ ਭਿੱਲੀ ਨਾਲ ਆਪਣਾ ਮਿਹਦਾ ਬਦਲ ਲਵਾਂ। ਆਪਣਾ ਚਹੁੰ ਰੋਟੀਆਂ ਵਾਲਾ ਉਹਨੂੰ ਪੁਆ ਦਿਆਂ ਤੇ ਉਹਦਾ ਚੌਦਾਂ ਰੋਟੀਆਂ ਵਾਲਾ ਆਪ ਪਵਾ ਲਵਾਂ। ਨਾਲੇ ਮੈਨੂੰ ਭੁੱਖ ਲੱਗਣ ਲੱਗ ਪਊ ਨਾਲੇ ਓਧਰ ਛਿੰਨੋ ਦਾ ਆਟਾ ਬਚੂ...ਐਂਵੇ ਚੀਕਦੀ ਰਹਿੰਦੀ ਆ ਮੈਂ ਦੇਂਦਾ ਕੁਝ ਨਹੀਂ। ਜਿਹੜਾ ਆਟਾ ਇਸ ਤਰ੍ਹਾਂ ਭਿੱਲੀ ਦਾ ਬਚਿਆ ਕਰੂ ਉਹ ਇਕ ਤਰ੍ਹਾਂ ਮੈਂ ਹੀ ਦਿੱਤਾ ਹੋਇਆ। ...ਮੇਰਾ ਕੀ ਐ..ਮੈਂ ਤਾਂ ਤੁਹਾਡੇ ਵੱਲੋਂ ਹੀ ਰੋਟੀ ਖਾ ਲੈਣੀ ਐਂ। ਚਾਚੀ ਕੋਲ ਆਟਾ ਬਥੇਰਾ...‘‘
ਜਸਵੰਤ ਉਸਦੀ ਅਜਿਹੀ 'ਸਮਝਦਾਰੀ‘ ਉੱਤੇ ਮੁਸਕਰਾਇਆ, ''ਕੰਜਰਾ,ਐਵੇ ਤੈਨੂੰ ਲੋਕ ਸ਼ੁਦਾਈ ਆਖਦੇ ਨੇ, ਤੂੰ ²ਸ਼ੁਦਾਈ ਕਿਥੇ ਐਂ। ਤੂੰ ਤੇ ਵਾਕਿਆ ਹੀ ²'ਸੌ ਦਾਈ‘ ਏਂ‘‘
ਨਿੰਦਰ ਦੇ ਚਿਹਰੇ ਉੱਤੇ ਲਾਲੀ ਫਿਰ ਗਈ ਤੇ ਉਸਨੇ ਬੜੇ ਉਤਸ਼ਾਹ ਨਾਲ ਆਖਿਆ, ''²ਸ਼ੁਦਾਈ ਵਾਲਾ ਗੀਤ ਸੁਣਾਵਾਂ। ਅਜੇ ਰਾਤੀਂ ਹੀ ਟੀ.ਵੀ. ਉੱਤੇ ਸੁਣਾ ਕੇ ਆਇਆਂ।‘‘
ਉਸਨੇ ਗੀਤ ਛੋਹ ਲਿਆ।
''ਸਾਨੂੰ ਲੋਕ ²ਸ਼ੁਦਾਈ ਆਂਹਦੇ
ਸਾਡੇ ਦੁੱਖ ਦੇ ਵੱਲ ਨਹੀਂ ਜਾਂਦੇ
ਕਾਹਦਾ ਦੁਨੀਆ ਉੱਤੇ ਜੀਣਾ
ਸਾਡਾ ਲੰਘਦਾ ਨਹੀਂ ਮਹੀਨਾ
ਤੂੰ ਸਾਡੇ ਕੋਲ ਨਹੀਂ ਰਹਿਣਾ
ਸਦਾ ਮਿੰਟੂ ਨੇ ਰੋਂਦੇ ਰਹਿਣਾ
ਤੇਰੇ ਵਿਛੋੜੇ ਵਿਚ ਦੱਸ ਸੋਹਣੀਏ ਨੀਂ
ਮੈਂ ਕੀ ਕਰਾਂ...ਹਾਇ! ਮੈਂ ਕੀ ਕਰਾਂ
ਪੱਠੇ ਵੱਢਾਂ ਜਾਂ ਦਾਤਰੀ ਢਿੱਡ ਵਿਚ ਖੋਭ ਕੇ ਮਰਾਂ...‘‘
ਉਹਨੇ ਹਉਕਿਆਂ ਭਰੀ ਦਰਦਮੰਦ ਆਵਾਜ਼ ਵਿਚ ਗੀਤ ਗਾਇਆ ਤੇ ਉਹਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ।
ਜਸਵੰਤ ਨੇ ਉਸਨੂੰ ਹੌਸਲਾ ਦਿੱਤਾ, ''ਪੁੱਤਰਾ! ਸਾਰੀ ਉਮਰ ਕਿਉਂ ਰੋਂਦੇ ਰਹਿਣਾ ਹੋਇਆ। ਸੁੱਖ ਨਾਲ ਤੇਰੇ ਰਿਸ਼ਤੇ ਦੀ ਸਾਰੀ ਗੱਲ ਤੈਅ ਹੋ ਚੁੱਕੀ ਏ। ਹੁਣ ਤਾਂ ਸਤਿਨਾਮ ਆਇਆ ਤਾਂ ਤੇਰੇ ਮਾਂ-ਪਿਉ ਨਾਲ ਮਿਲ ਕੇ ਵਿਆਹ ਦਾ ਸਾਹਾ ਪੱਕਾ ਕਰਨਾ ਹੀ ਬਾਕੀ ਰਹਿ ਗਿਐ।....ਉੱਠ ਕੰਮ-ਧੰਦਾ ਕਰੀਏ। ਰੋਣਾ ਕੋਈ ਮਰਦਾਂ ਦਾ ਕੰਮ ਐ...‘‘
ਜਸਵੰਤ ਦੀ ਹੱਲਾਸ਼ੇਰੀ ਨਾਲ ਉਹਦਾ ਮਨ ਸਗੋਂ ਹੋਰ ਪਿਘਲ ਗਿਆ, ''ਚਾਚਾ! ਮੈਂ ਤੈਨੂੰ ਸੱਚੀ ਦੱਸਾਂ। ਮੈਂ ਤੇਰੇ ਸਾਹਮਣੇ ਨਹੀਂ ਰੋਂਦਾ। ਮਾਂ ਪਿਉ ਅੱਗੇ ਵੀ ਨਹੀਂ ਰੋਂਦਾ। ਪਰ ਕੀ ਕਰਾਂ! ਜਦੋਂ ਇਕੱਲਾ ਹੋਵਾਂ ਤਾਂ ਪੱਠੇ ਵੱਢਦਿਆਂ ਮੇਰੇ ਗਲੇਡੂ ਟੱਕ ‘ਚ ਡਿਗਦੇ ਰਹਿੰਦੇ ਨੇ...।‘‘
ਉਹਨੇ ਡੂੰਘਾ ਹਉਕਾ ਲਿਆ ਤੇ ਫਿਰ ਅਚਨਚੇਤ ਉਹਦੇ ਮੂੰਹ ਨਿਕਲ ਗਿਆ, ''ਚਾਚਾ! ਉਹ ਧੰਤੋ ਸੀ ਨਾ ਰੋਂਦਲ ਜਹੀ...।‘‘
ਉਹ ਧੌਣ ਖੁਰਕਣ ਲੱਗ ਪਿਆ। ਜਸਵੰਤ ਨੇ ਅੱਗੇ ਗੱਲ ਸੁਣਨ ਲਈ ਹੁੰਗਾਰਾ ਭਰਿਆ, ''ਆਹੋ,‘‘
''ਰੋਂਦ ਮਾਰ ਗਈ ਊ...‘‘ ਗੱਲ ਕਰਕੇ ਉਸਨੇ ਜਸਵੰਤ ਤੋਂ ਨਜ਼ਰਾਂ ਚੁਰਾ ਲਈਆਂ ਤੇ ਹੋਰ ਪਾਸੇ ਵੇਖਣ ਲੱਗਾ।
ਖੇਤਾਂ ਨੂੰ ਤੁਰੇ ਜਾਂਦਿਆਂ ਜਸਵੰਤ ਉਸਨੂੰ ਸਮਝਾ ਰਿਹਾ ਸੀ ਕਿ ਹੁਣ ਕੰਮ ਦੇ ਦਿਨ ਹਨ ਤੇ ਉਹ ਕੋਈ ਨਾਗਾ ਨਾ ਪਾਵੇ। ਇਹਨਾਂ ਦਿਨਾਂ ਵਿਚ ਹੀ ਸ਼ਾਇਦ ਸਤਿਨਾਮ 'ਸਾਹੇ-ਚਿੱਠੀ‘ ਲੈ ਕੇ ਆ ਜਾਵੇ? ਕਣਕਾਂ ਕੱਢਣ ਤੋਂ ਪਿੱਛੋਂ ਉਹਦਾ ਵਿਆਹ ਹੋਣਾ ਨਿਸਚਿਤ ਹੈ। ਇਸ ਲਈ ਉਹ ਇਹਨਾਂ ਦਿਨਾਂ ਵਿਚ ਟਿਕ ਕੇ ਕੰਮ ਕਰਾਵੇ।
ਲੌਢੇ ਵੇਲੇ ਥਰੈਸ਼ਰ ਚਾਲੂ ਹੋ ਗਿਆ ਸੀ ਪਰ ਅਚਨਚੇਤ ਟਰਾਂਸਫਾਰਮਰ ਤੋਂ ਬੱਤੀ ‘ਚ ਕੋਈ ਨੁਕਸ ਪੈ ਗਿਆ ਸੀ। ਹੁਣ ਬੱਤੀ ਰਾਤ ਨੂੰ ਕਿਸੇ ਵੀ ਵੇਲੇ ਆ ਸਕਦੀ ਸੀ। ਇਸ ਲਈ ਨਿੰਦਰ ਰਾਤ ਨੂੰ ਘਰ ਨਹੀਂ ਗਿਆ, ਉਥੇ ਖਲਵਾੜੇ ਕੋਲ ਹੀ ਪੈ ਗਿਆ। ਉਹਦੇ ਨਾਲ ਹੀ ਦੂਸਰੀ ਮੰਜੀ ਉੱਤੇ ਤੁਲਸਾ ਖੁੰਘ ਲੇਟਿਆ ਹੋਇਆ ਸੀ। ਕੰਮ ਦਾ ਜ਼ੋਰ ਹੋਣ ਕਰਕੇ ਜਸਵੰਤ ਨੇ ਉਸਨੂੰ ਪੰਦਰਾਂ ਵੀਹਾਂ ਦਿਨਾਂ ਲਈ ਪੱਕਾ ਹੀ ਦਿਹਾੜੀ ਉੱਤੇ ਲਾਇਆ ਹੋਇਆ ਸੀ।
ਅਸਮਾਨ ਦੇ ਤਾਰਿਆਂ ਵੱਲ ਚੁੱਪ-ਚਾਪ ਨਜ਼ਰਾਂ ਗੱਡੀ ਪਏ ਨਿੰਦਰ ਨਾਲ ਉਸਨੇ ਗੱਲ ਛੇੜਨੀ ਚਾਹੀ :
''ਨਿੰਦਰਾ! ਉਏ ਨਿੰਦਰਾ !!‘‘
''ਹੋਅ‘‘ ਨਿੰਦਰ ਜਿਵੇਂ ਨੀਂਦ ਵਿਚੋਂ ਜਾਗਿਆ।
''ਸੁਣਿਐਂ ਤੈਨੂੰ ਵੇਖਣ ਵਾਲੇ ਆਏ ਸੀ?‘‘
''ਆਏ ਹੋਣੇ ਨੇ...ਮੈਂ ਤਾਂ ਵੇਖੇ ਨਹੀਂ...‘‘ ਨਿੰਦਰ ਗੱਲ ਕਰਨ ਦੇ ਰਉਂ ਵਿਚ ਨਹੀਂ ਸੀ।
''ਉਏ ਤੇਰੀ ਵੀ ਧੰਤੋ ਨਾਲ ਕੋਈ ਗੱਲ-ਬਾਤ ਹੈਗੀ ਸੀ?‘‘
''ਮੁੱਕ ਗਈ ਗੱਲ-ਬਾਤ‘‘ ਉਹ ਜਿਵੇਂ ਖੂਹ ਵਿਚੋਂ ਬੋਲਿਆ। ਫਿਰ ਉਸਨੂੰ ਜਸਵੰਤ ਦੀ 'ਸਾਹੇ-ਚਿੱਠੀ‘ ਵਾਲੀ ਗੱਲ ਚੇਤੇ ਆਈ। ਉਸਨੇ ਤੁਲਸੇ ਨੂੰ ਦਾਅਵਤ ਦਿੱਤੀ, ''ਤੂੰ ਕੱਪੜੇ ਸੰਵਾ ਛੱਡ... ਤੈਨੂੰ ਅਗਲੇ ਮਹੀਨੇ ਜੰਝੇ ਲੈ ਕੇ ਜਾਵਾਂਗੇ। ਵਿਆਹ ਐ ਆਪਣਾ।...‘‘
''ਆਹੋ, ਮੈਨੂੰ ਪਤੈ...ਤੇਰਾ ਵਿਆਹ ਚਾਲ੍ਹੀਵੇਂ ਹਾੜ ਦਾ ਐ...‘‘ ਤੁਲਸੇ ਨੇ ਵਿਅੰਗ ਕੀਤਾ।
''ਤੈਨੂੰ ਕਿਵੇਂ ਪਤੈ?‘‘ ਨਿੰਦਰ ਉੱਠਕੇ ਮੰਜੀ ਉੱਤੇ ਬੈਠ ਗਿਆ।
''ਖੋਤਿਆਂ ਦੇ ਸਿਰਾਂ ‘ਤੇ ਕਿਤੇ ਸਿੰਙ ਹੁੰਦੇ ਨੇ।...ਜੱਟਾਂ ਨੇ ਕਿਆ ਇਹਨੂੰ ਹੱਥਾਂ ਉੱਤੇ ਪਾਇਆ ਹੋਇਐ। ਤੈਨੂੰ ਹੇਮਾ ਮਾਲਿਨੀ ਦਾ ਸਾਕ ਕਰ ਦਾਂਗੇ... ਫਲਾਣੀ ਦਾ ਕਰਾ ਦਿਆਂਗੇ। ਇਹ ਖੋਤੇ ਦਾ ਖੁਰ ਖ਼ਿਆਲਾਂ ਦੇ ਘੋੜੇ ਭਜਾਈ ਫਿਰਦਾ ਰਹਿੰਦੈ। ਕਦੀ ਫ਼ਿਲਮ ਦਾ ਹੀਰੋ ਬਣ ਗਿਆ... ਕਦੀ ਟੀ. ਵੀ. ਦਾ ਕਲਾਕਾਰ ਬਣ ਗਿਆ। ਆਪਣੇ ਹੀ ਸੁਫ਼ਨਿਆਂ ‘ਚ ਗਵਾਚਾ ਰਹਿੰਦਾ ਏ ਉੱਲੂ ਕਿਸੇ ਥਾਂ ਦਾ, ‘‘ ਤੁਲਸੀ ਖਿਝ ਕੇ ਆਪਣੇ ਆਪ ਨਾਲ ਹੀ ਗੱਲੀਂ ਲੱਗ ਗਿਆ। ਫਿਰ ਹਿਕਾਰਤ ਨਾਲ ਆਖਿਆ।
''ਆਖੂ, ਮੈਨੂੰ ਤਨਖ਼ਾਹ ਮਿਲਦੀ ਐ, ਕਿੱਡਾ ਨੈਬ ਸੂਬੇਦਾਰ ਲੱਗਾ ਹੁੰਦਾ। ਤਨਖ਼ਾਹ ਤੈਨੂੰ ਦੇਂਦੇ ਆ ਮਹੀਨੇ ਦੀ ਚਾਰ-ਪੰਜ ਸੌ। ਤੇ ਮੈਂ ਸੌ ਰੁਪੈਆ ਦਿਹਾੜੀ ਲੈਂਦਾ ਈ ਟੁਣਕਾ ਕੇ। ਵੀਹਾਂ ਦਿਨਾਂ ਦੇ ਪੂੁਰੇ ਦੋ ਹਜ਼ਾਰ... ਉਹਨਾਂ ਨੂੰ ਮੁਫ਼ਤ ਦਾ ਬੰਦਾ ਲੱਭਾ ਹੋਇਐੇ। ਤੇਰੀਆਂ ਯ੍ਹਾਵੀਆਂ ਸੁਣ ਛੱਡਦੇ ਆ। ਤੈਨੂੰ ਫੁਲਾ ਛੱਡਦੇ ਆ... ਤੂੰ ਝੂਠੀ-ਮੂਠੀ ਸੁਪਨਿਆਂ ਦੇ ਮਹੱਲ ਬਣਾਈ ਜਾਇਆ ਕਰ...‘‘
ਉਹਦੀ ਝਿੜਕ ਸੁਣਕੇ ਨਿੰਦਰ ਛਾਬਲ ਗਿਆ ਤੇ ਕਿੰਨਾ ਚਿਰ ਉਸਨੂੰ ਕੋਈ ਗੱਲ ਨਾ ਅਹੁੜੀ। ਤੁਲਸੇ ਦੀ ਸੁਪਨਿਆਂ ਵਾਲੀ ਗੱਲ ਉਸਨੂੰ ਚੰਗੀ ਨਾ ਲੱਗੀ। ਉਸਨੇ ਤੁਲਸੇ ਦੇ 'ਅਲਪ-ਗਿਆਨ‘ ਨੂੰ ਨਿਸ਼ਾਨਾ ਬਣਾਇਆ, ''ਤੈਨੂੰ ਇਹਨਾਂ ਗੱਲਾਂ ਦਾ ਕੀ ਪਤੈ। ਹੁਣ ਤੂੰ ਹੈਥੇ ਬੈਠੈਂ ਨਾ?‘‘ ਉਸਨੇ ਸੁਆਲ ਕੀਤਾ।
ਜੁਆਬ ਉਡੀਕਣ ਤੋਂ ਬਿਨਾਂ ਹੀ ਉਸਨੇ ਗੱਲ ਜਾਰੀ ਰੱਖੀ, ''ਐਵੇਂ ਸੁਫ਼ਨੇ... ਸੁਫ਼ਨੇ ਆਖੀ ਜਾਂਦੈਂ। ਤੂੰ ਹੈਥੇ ਬੈਠਾ ਏਂ ਨਾ ਤੇ ਤੈਨੂੰ ਕੁਝ ਵੀ ਪਤਾ ਨਹੀਂ। ਐਸ ਵੇਲੇ ਮੇਰੀ ਬੀਬੀ ਮੇਰੀ ਮੰਜੀ ਉੱਤੇ ਮੇਰੇ ਕੋਲ ਬੈਠੀ ਹੋਈ ਆ...‘‘
ਤੁਲਸੇ ਨੇ ਹੱਸ ਕੇ ਉਸਨੂੰ ਸੂਚਨਾ ਦਿੱਤੀ, ''ਪਤਾ ਕਿਉਂ ਨਹੀਂ... ਮੇਰੀ ਮੰਜੀ ਉੱਤੋਂ ਉਠ ਕੇ ਹੀ ਤਾਂ ਤੇਰੇ ਕੋਲ ਗਈ ਆ...‘‘
ਨਿੰਦਰ ਨੂੰ ਉਸਦਾ ਇਹ ਮਜ਼ਾਕ ਪਸੰਦ ਨਹੀਂ ਆਇਆ। ਉਹ ਪਾਸਾ ਮੋੜਕੇ ਲੰਮਾ ਪੈ ਗਿਆ।
ਦਿਨੇ ਜਸਵੰਤ ਚਾਹ ਲੈ ਕੇ ਪੁੱਜਾ। ਬੱਤੀ ਤਾਂ ਸਾਰੀ ਰਾਤ ਆਈ ਨਹੀਂ ਸੀ ਤੇ ਜਾਗ ਕੇ ਕਰਨ ਵਾਲਾ ਕੋਈ ਕੰਮ ਹੀ ਨਹੀਂ ਸੀ ਪਰ ਨਿੰਦਰ ਦੀਆਂ ਅੱਖਾਂ ਉਂਨੀਦਰੇ ਨਾਲ ਭਾਰੀ ਅਤੇ ਲਾਲ ਸਨ। ਮਲ-ਮਲ ਕੇ ਸੁੱਜੀਆਂ ਹੋਈਆਂ। ਜਸਵੰਤ ਨੇ ਕਾਰਨ ਪੁੱਛਿਆ ਤਾਂ ਦੱਸਣ ਲੱਗਾ, ''ਇਕ ਵਾਰ ਨੀਂਦ ਉਖੜ ਗਈ... ਫਿਰ ਆਈ ਹੀ ਨਹੀਂ। ਉਹਨੇ ਕੰਮ ਹੀ ਖ਼ਰਾਬ ਕਰ ‘ਤਾ।‘‘
''ਕੀਹਨੇ?‘‘
''ਚੰਗਾ-ਭØਲਾ ਬੀਬੀ ਦੀ ਹਿੱਕ ‘ਤੇ ਸਿਰ ਰੱਖਕੇ ਸੁੱਤਾ ਸਾਂ।‘‘
''ਛਿੰਨੋ ਦੇ?‘‘
''ਕਿਉਂ ਮਖ਼ੌਲ ਕਰਦੇ ਓ! ਆਪਣੀ ਬੀਬੀ ਪਰਕਾਸ਼ ਕੌਰ ਦੇ। ਉਹ ਮੇਰੇ ਵਾਲਾਂ ‘ਚ ਹੱਥ ਫੇਰਨ ਡਹੀ ਸੀ। ਆਖੇ : 'ਸੌਂ ਜਾ ਮੇਰਾ ਲਾਲ! ਮੇਰਾ ਸੋਹਣਾ ਪੁੱਤ! ਕੰਮ ਕਰਕੇ ਥੱਕ ਗਿਆ ਹੋਵੇਂਗਾ‘। ਮੈਨੂੰ ਹੌਲੀ ਹੌਲੀ ਗੂੜ੍ਹੀ ਨੀਂਦ ਆ ਗਈ। ਤਾਂਹੀਏਂ ਖੌਰੇ... ਇਕ ਲਾਲੇ ਨੇ ‘ਵਾਜ ਮਾਰ ਕੇ ਜਗਾ ਦਿੱਤਾ। ਆਖੇ : ਤੇਰੀ ਜਿਹੜੀ ਸੌ ਕਿੱਲੇ ਦੀ ਤੂੜੀ ਪਈ ਆ, ਉਹ ਕੰਡਾ ਲਗਵਾ ਕੇ ਸਾਨੂੰ ਚੁਕਵਾ ਦੇ... ਕੱਲ੍ਹ ਟਰੱਕ ਲੱਗ ਜਾਣਗੇ ਤੇ ਆਹ ਫੜ ਪੰਜ ਲੱਖ ਰੁਪਈਆ। ਕਿਸੇ ਹੋਰ ਨੂੰ ਹਾਂ ਨਾ ਕਰੀਂ। ਮੈਂ ਆਖਿਆ, ''ਮੈਂ ਸਾਰੀ ਤੂੜੀ ਨਹੀਂ ਵੇਚਣੀ।... ਪੰਜ ਸੱਤ ਸੌ ਪੰਡਾਂ ਆਪ ਵੀ ਰੱਖਣੀਆਂ। ਕਿਸੇ ਭੈਣ-ਭਰਾ ਨੂੰ ਲੋੜ ਪੈ ਜਾਂਦੀ ਆ। ਉਹ ਅੱਗੋਂ ਆਖੇ, ''ਸਰਦਾਰ ਜੀ! ਤੈਨੂੰ ਕਿਸੇ ਨੇ ਹੱਥਾਂ ‘ਤੇ ਪਾਇਆ ਲੱਗਦਾ... ਜਿਹੜਾ ਤੂੰ ਮੰਨਦਾ ਨਹੀਂ। ਜਿਹੜਾ ਭਾਅ ਅਸੀਂ ਲਾਉਣ ਡਹੇ ਆਂ ਉਹ ਫੇਰ ਨਹੀਂ ਲੱਗਣਾ... ‘‘ ਮੇਰੇ ਨਾਂਹ ਨਾਂਹ ਕਰਦਿਆਂ ਪੈਸੇ ਸੁੱਟਕੇ ਔਹ ਗਿਆ... ਔਹ ਗਿਆ...। ਮੈਂ ਬਥੇਰਾ ਆਖਿਆ, ''ਓ! ਮੇਰੀ ਗੱਲ ਤਾਂ ਸੁਣ...‘‘
ਉਸ ਨੇ ਆਪਣੇ ਲਾਗੇ ਪਈ ਲੱਕੜ ਨੂੰ ਛੂਹਿਆ। ''ਇਹੋ ਲੱਕੜ ਮੇਰੇ ਉੱਤੇ ਪਵੇ ਜੇ ਝੂਠ ਬੋਲਾਂ ਤਾਂ...ਫਿਰ ਨੀਂਦ ਪਈ ਹੀ ਨਹੀਂ। ਇਕ ਤਾਂ ਇਹੋ ਡਰ ਕਿ ਜੇ ਕਿਤੇ ਕਾਲੇ ਕੱਛਿਆਂ ਵਾਲੇ ਆ ਗਏ ਤਾਂ ਜਾਨ ਵੀ ਗਈ ਤੇ ਪੈਸੇ ਵੀ। ਉਂਜ ਬੀਬੀ ਨੇ ਬਥੇਰਾ ਹੌਸਲਾ ਦਿੱਤਾ, ''ਕੋਈ ਨਹੀਂ ਪੁੱਤ! ਤੂੰ ਪੈਸੇ ਮੇਰੇ ਸਿਰ੍ਹਾਣੇ ਰੱਖ ਦੇਹ ਤੇ ‘ਰਾਮ ਨਾਲ ਸੌਂ ਜਾਹ। ਫ਼ਿਕਰ ਨਾ ਕਰ... ਬਾਹਰ ਗੋਰਖਾ ਬੰਦੂਕ ਲੈ ਕੇ ਬੈਠਾ... ਭਾਪੇ ਤੇਰੇ ਕੋਲ ਵੀ ‘ਮਰੀਕਣ ਪਸਤੌਲ ਆ...‘‘
ਅਗਲੇ ਦਿਨਾਂ ਵਿਚ ਥਰੈਸ਼ਰ ਉੱਤੇ ਕਣਕ ਕੱਢੀਦੀ ਰਹੀ। ਬੰਦੇ ਕੰਮ ਉੱਤੇ ਲੱਗੇ ਰਹੇ। ਨਿੰਦਰ ਨਾਲ ਛੇੜ-ਛਾੜ ਹੁੰਦੀ ਰਹੀ। ਉਹਦਾ ਵਿਆਹ ਦਾ ਸਾਹਾ 'ਚਾਲੀ ਹਾੜ੍ਹ‘ ਦਾ ਹੋਣ ਕਰਕੇ ਹਾਸਾ ਮੱਚਦਾ ਰਿਹਾ। ਇਕ ਦਿਨ ਕਿਸੇ ਨੇ ਪੁੱਛਿਆ, ''ਵਿਆਹ ਕਰਵਾ ਕੇ ਉਹਨੂੰ ਰੱਖੇਂਗਾ ਕਿੱਥੇ ਉਏ? ਕੋਠਾ ਤੁਹਾਡਾ ਇਕੋ। ਮੰਜੇ ਤੁਹਾਡੇ ਘਰ ਦੋ। ਉਹਨੂੰ ਸੰਵਾਏਂਗਾ ਕਿੱਥੇ!‘‘
''ਉਹਨੂੰ?‘‘ ਉਸਨੇ ਛੇਤੀ ਹੀ ਸੋਚ ਲਿਆ, ''ਆਪਣੀ ਕੋਠੀ ਆ ਸ਼ਹਿਰ! ਪੰਜਾਂ ਕਿੱਲਿਆਂ ‘ਚ ਬਣੀ ਹੋਈ। ਪੰਜ ਟੈਲੀਫ਼ੋਨ ਲੱਗੇ। ਪੰਜ ਗੰਨ-ਮੈਨ... ਪੰਜ ਹੀ ਵੱਡੇ ਵੱਡੇ ਕੁੱਤੇ...। ਤਿੰਨ ਕੋਠੀਆਂ ਹੋਰ ਵੀ ਨੇ... ਕਰਾਏ ਉੱਤੇ ਦਿੱਤੀਆਂ। ਇਕ ਵੱਡੀ ਹਵੇਲੀ ਆ ਹਾਲ ਬਜ਼ਾਰ ‘ਚ। ਸੌ ਡੰਗਰ ਬੱਝੇ ਆ ਉਹਦੇ ‘ਚ।....ਰਿਹਾ ਕਰੂੰ ਉਥੇ ਵੱਡੀ ਕੋਠੀ ‘ਚ ਹੀ। ਉਥੇ ਹੀ ਰਹਿਣਾ ਪੈਣਾਂ ਹੁਣ ਤਾਂ! ਨਿੱਕੇ-ਨਿਆਣੇ ਵੀ ਤਾਂ ਕੱਲ੍ਹ-ਕਲੋਤਰ ਨੂੰ ਸ਼ਹਿਰ ‘ਚ ਈ ਅੰਗਰੇਜ਼ੀ ਸਕੂਲ ‘ਚ ਪਾਉਣੇ ਪੈਣੇ ਆਂ। ਅੱਜ ਕੱਲ੍ਹ ਪਿੰਡਾਂ ‘ਚ ਉਹ ਪੜ੍ਹਾਈਆਂ ਤਾਂ ਰਹਿ ਨਹੀਂ ਗਈਆਂ, ਜਿਹੜੀਆਂ ਆਪਣੇ ਵੇਲਿਆਂ ‘ਚ ਹੁੰਦੀਆਂ ਸਨ...‘‘
ਸਾਰੇ ਉਸਦੀਆਂ ਗੱਲਾਂ ਸੁਣਕੇ ਹੱਸਦੇ ਰਹਿੰਦੇ, ਖ਼ੁਸ਼ ਹੁੰਦੇ ਰਹਿੰਦੇ। ਕਿਸੇ ਨੇ ਜਾਣਨਾ ਚਾਹਿਆ ਕਿ ਜੇ ਉਹ ਸ਼ਹਿਰ ਰਹਿਣ ਲੱਗ ਪਿਆ ਤਾਂ ਪਿੱਛੋਂ ਨੈਤੇ ਅਤੇ ਛਿੰਨੋ ਹੁਰਾਂ ਦਾ ਕੀ ਬਣੇਂਗਾ!
ਉਹ ਖਿਝਿਆ ਤੇ ਆਖਣ ਲੱਗਾ, ''ਇਹ ਭੁਗਤਣ ਆਪਣੀ ਜੂਨ।‘‘
ਉਸਨੂੰ ਇਤਰਾਜ਼ ਸੀ ਕਿ ਜਦੋਂ ਧਰਮਿੰਦਰ ਨੇ ਉਹਨੂੰ ਕੁੱਟ ਕੇ ਘਰੋਂ ਕੱਢਿਆ ਸੀ ਤਾਂ ਨੈਤੇ ਨੇ ਉਹਦੇ ਕੜੇ-ਛਾਪਾਂ ਲਾਹ ਲਏ ਤੇ ਪੈਸੇ ਨੱਪ ਲਏ ਸਨ। ਉਹਨੇ ਆਖਿਆ, ''ਹੋਰ ਤੇ ਹੋਰ... ਚਲੋ ਮੈਂ ਤਾਂ ਅੰਞਾਣਾ ਸਾਂ। ਮੇਰੇ ਪਿਉ ਨੇ ਮੇਰੀ ਗ਼ਲਤੀ ਤੋਂ ਮੈਨੂੰ ਕੁੱਟਿਆ ਤੇ ਘਰੋਂ ਕੱਢ ਦਿੱਤਾ। ਇਹਦਾ ਸਿਆਣੇ-ਬਿਆਣੇ ਦਾ ਫ਼ਰਜ਼ ਸੀ ਕਿ ਮੈਨੂੰ ਉਹਦੇ ਕੋਲ ਛੱਡ ਆਉਾਂਦਾ।êਰ ਇਹਨੇ ਅੱਗੋਂ ਜੱਟਾਂ ਦੇ ਡੰਗਰ ਚਾਰਨ ‘ਤੇ ਰੱਖ ਲਿਆ...‘‘
ਫਿਰ ਆਪ ਹੀ ਉਸਨੇ ਆਪਣੇ ਫ਼ੈਸਲੇ ਉੱਤੇ ਪੁਨਰ-ਵਿਚਾਰ ਕੀਤਾ ਤਾਂ ਉਸਨੂੰ ਉਹਨਾਂ ਉੱਤੇ ਰਹਿਮ ਆ ਗਿਆ।
''ਇਹਨਾਂ ਦਾ ਐਂ ਕਰਾਂਗੇ... ਇਹਨਾਂ ਨੂੰ ਦਸ-ਬਾਰਾਂ ਬੱਸਾਂ ਪੁਆ ਦਿਆਂਗੇ। ਦੋ ਵੀ. ਡੀ. ਓ. ਕੋਚਾਂ ਲੈ ਦਿਆਂਗੇ। ਆਪ ਮੈਂ ਸਵੇਰੇ ਆ ਜਾਇਆ ਕਰੂੰ। ਚਾਚੇ ਦਾ ਪੱਠਾ ਦੱਥਾ ਪੁਆ ਗਿਆ। ਉਹਨਾਂ ਨੂੰ ਮਿਲ ਗਿਲ ਗਿਆ। ਬੱਸਾਂ ਦੇ ਟੈਰਾਂ ਦੀ ਹਵਾ ਹੁਵਾ ਵੇਖ ਗਿਆ। ਡਰੈਵਰਾਂ-ਕੰਡਕਟਰਾਂ ਨੂੰ ਤਨਖ਼ਾਹ ਦੇ ਗਿਆ... ਦਬਕਾ-ਸ਼ਬਕਾ ਚਲਾ ਗਿਆ। ਰਾਤ ਨੂੰ ਜਾਣ ਲੱਗਾ ਦੁੱਧ ਦਾ ਡੋਲੂ ਲੈ ਗਿਆ, ਚਾਹ ਬਨਾਉਣ ਲਈ...‘‘
ਉਹਨੇ ਸਾਰੀ ਯੋਜਨਾਬੰਦੀ ਦਾ ਵਿਸਥਾਰ ਦੇ ਦਿੱਤਾ।
ਹਾੜ੍ਹ ਵੀ ਲੰਘ ਗਿਆ ਤੇ ਫਿਰ ਸਾਉਣ ਵੀ। ਇੰਝ ਹੋਰ ਮਹੀਨੇ ਲੰਘਦੇ ਗਏ। ਅੱਜ ਕੱਲ੍ਹ ਨਿੰਦਰ ਨੂੰ ਡੂੰਘੀ ਉਦਾਸੀ ਤੇ ਭੁੱਖ ਨਾ ਲੱਗਣ ਦਾ ਦੌਰਾ ਪਿਆ ਹੋਇਆ ਸੀ। ਜਦੋਂ ਵੀ ਇਹੋ ਜਿਹਾ ਦੌਰਾ ਪੈਂਦਾ ਤਾਂ ਉਹ ਕੰਮ ਉੱਤੋਂ ਹਟ ਜਾਂਦਾ। ਕੰਮ ਤੋਂ ਤਾਂ ਉਹ ਉਦੋਂ ਵੀ ਕਦੀ-ਕਦੀ ਹਟ ਜਾਂਦਾ ਸੀ ਜਦੋਂ ਭਾਰਾ ਕੰਮ ਕਰਨਾ ਪਵੇ। ਇਕ ਵਾਰ ਮਹੀਨਾ ਭਰ ਛੱਡਣ ਤੋਂ ਪਿੱਛੋਂ ਉਹ ਆਪ ਹੀ ਕੰਮ ਉੱਤੇ ਆ ਗਿਆ। ਕਾਰਨ ਪੁੱਛਣ ‘ਤੇ ਉਸਨੇ ਦੱਸਿਆ, ''ਤੁਹਾਡੀ ਚਰ੍ਹੀ ਬੜੀ ਕਰੜੀ ਸੀ। ਟੋਕੇ ‘ਤੇ ਕੁਤਰਦਿਆਂ ਚਾਂਗਰਾਂ ਨਿਕਲਣ ਨੂੰ ਕਰਦੀਆਂ ਸਨ। ਕੱਲ੍ਹ ਮੈਂ ਵੇਖ ਆਇਆਂ ਪੈਲੀ ‘ਚ ਜਾ ਕੇ। ਚਰ੍ਹੀ ਮੁੱਕ ਗਈ ਆ ਤੇ ਆਪਾਂ ਵੀ ਆ ਗਏ ਆਂ...‘‘
ਆਪਣੀ ਇਹੋ ਜਿਹੀ 'ਚੁਸਤੀ‘ ਉੱਤੇ ਹੀ ਉਹ ਆਪਣੇ ਆਪ ਨੂੰ 'ਸੌ ਦਾਈ‘ ਆਖ ਕੇ ਵਡਿਆਉਾਂਦਾÔੁੰਦਾ ਸੀ।
ਪਿਛਲੇ ਦਿਨਾਂ ਤੋਂ ਕੰਮ ਉੱਤੇ ਆਉਣ ਦੀ ਥਾਂ ਉਹ ਪਹਿਨ-ਪੱਚਰ ਕੇ ਜੀ. ਟੀ. ਰੋਡ ‘ਤੇ ਜਾ ਖਲੋਂਦਾ ਸੀ। ਆਉਾਂਦੀਆਂ-ਜਾਂਦੀਆਂìੱਸਾਂ ਤੇ ਕਾਰਾਂ ਵੱਲ ਉਲਰ ਕੇ ਝਾਤੀਆਂ ਮਾਰਦਾ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ। ਪਹਿਲਾਂ-ਪਹਿਲਾਂ ਤਾਂ ਉਹਦੇ ਬਣਦੇ ਫੱਬਦੇ ਕੱਪੜੇ ਅਤੇ ਡੀਲ-ਡੌਲ ਵੇਖ ਕੇ ਬੱਸ ਵਾਲੇ ਉਹਨੂੰ ਸਵਾਰੀ ਸਮਝ ਕੇ ਬੱਸ ਵੀ ਰੋਕ ਲੈਂਦੇ ਪਰ ਛੇਤੀ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਆਪਣੀ 'ਮੰਗੇਤਰ‘ ਤੇ ਵਿਛੜੇ ਹੋਏ 'ਮਾਂ-ਪਿਉ‘ ਨੂੰ ਲੱਭ ਰਿਹਾ ਹੈ।
ਇਕ ਦਿਨ ਉਹ ਸੜਕ ਦੇ ਕਿਨਾਰੇ ਆਪਣੇ ਪਿੰਡ ਦੇ ਅੱਡੇ ਉੱਤੇ ਖੜੋਤਾ ਬੱਸਾਂ ਗੱਡੀਆਂ ਨੂੰ ਵੇਖ ਰਿਹਾ ਸੀ ਕਿ ਉਹਦੇ ਕੋਲ ਇਕ ਰੇਹੜਾ ਆ ਕੇ ਰੁਕਿਆ। ਰੇਹੜੇ ਵਾਲੇ ਨੇ ਅੱਗੇ ਜਾਣਾ ਸੀ ਤੇ ਉਹਦੇ ਕੋਲ ਹੋਰ ਸਮਾਨ ਵੀ ਸੀ, ਪਰ ਰੇਹੜੇ ਉੱਤੇ ਪਈਆਂ ਸੂਰਤੀ ਮੈਂਬਰ ਦੀਆਂ ਦਸ ਬੋਰੀਆਂ ਸੀਮਿੰਟ ਲਾਹ ਕੇ ਉਸਨੇ ਲਛਮਣ ਚਾਹ ਵਾਲੇ ਦੀ ਦੁਕਾਨ ਉੱਤੇ ਰੱਖਣੀਆਂ ਸਨ। ਰੇਹੜੇ ਵਾਲੇ ਨੇ 'ਜੈਂਟਲਮੈਨ‘ ਬਣੇ ਨਿੰਦਰ ਨੂੰ ਆਖਿਆ, ''ਸਰਦਾਰ ਜੀ! ਆਹ ਜ਼ਰਾ ਸੀਮਿੰਟ ਦੀ ਬੋਰੀ ਨੂੰ ਹੱਥ ਪਵਾਇਓ...‘‘
ਉਹਨੂੰ ਝਿਜਕ ਵੀ ਸੀ ਕਿ ਸੋਹਣੇ ਕੱਪੜਿਆਂ ਵਾਲਾ ਬਣਦਾ-ਤਣਦਾ ਜਵਾਨ ਕਿਤੇ ਕੱਪੜੇ ਲਿਬੜਣ ਦੇ ਡਰੋਂ ਉਸਨੂੰ ਨਾਂਹ ਨਾ ਕਰ ਦੇਵੇ। ਨਿੰਦਰ ਨੇ ਉਸਨੂੰ ਬੜੇ ਉਤਸ਼ਾਹ ਨਾਲ ਸੀਮਿੰਟ ਦੀ ਬੋਰੀ ਚੁਕਵਾਈ ਤੇ ਉਹਦੇ ਸਿਰ ਉੱਤੇ ਰੱਖ ਦਿੱਤੀ।
ਲਛਮਣ ਦੀ ਦੁਕਾਨ ਉੱਤੇ ਰੇਹੜੇ ਵਾਲਾ ਬੋਰੀ ਰੱਖ ਕੇ ਪਰਤਿਆ ਤਾਂ ਉਸਨੇ ਫੇਰ ਹੱਥ ਜੋੜੇ, ''ਸਰਦਾਰ ਜੀ ਕਰਵਾਇਓ ਖੇਚਲ!...‘‘
ਨਿੰਦਰ ਨੇ ਬੋਰੀ ਉਹਦੇ ਸਿਰ ਉੱਤੇ ਰੱਖਦਿਆਂ ਗੱਲ ਛੇੜ ਲਈ, ''ਮੈਨੂੰ ਭਾਪੇ ਧਰਮਿੰਦਰ ਨੇ ਆਖਿਐ ਕਿ ਮੈਂ ਤੇਰੇ ਲਈ ਦਸ ਟਰੱਕ ਸੀਮਿੰਟ ਦੇ ਲਦਾ ਦਿੱਤੇ ਨੇ। ਉਹਦੇ ਨਾਲ ਇਕ ਤਾਂ ਛਿੰਨੋ ਹੁਰਾਂ ਦਾ ਢੱਠਾ ਹੋਇਆ ਕੱਚਾ ਕੋਠਾ ਦੋਬਾਰਾ ਛੱਤ ਦੇ ਤੇ ਇਕ ਵਿਚਾਰੇ ਮਜਬ੍ਹੀਆਂ ਦਾ ਗੁਰਦਵਾਰਾ ਬਣਵਾ ਦੇਹ। ਆਪਾਂ ਜਿਹੜੇ ਜੱਟ ਆਂ ਨਾ, ਮਜਬ੍ਹੀਆਂ ਦੇ ਕੀਤੇ ਦਾ ਮੁੱਲ ਨਹੀਂ ਪਾਉਾਂਦੇ।Àੁਹਨਾਂ ਦੇ ਸਿਰ ਉੱਤੇ ਭਾਰੀ ਪੰਡ ਈ ਚੁਕਾਉਾਂਦੇÁਾਂ...‘‘
ਰੇਹੜੇ ਵਾਲੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਉਹਨੂੰ ਗੱਲਾਂ ਦੀ ਕੋਈ ਸਮਝ ਨਾ ਪਈ। ਉਹ ਬੋਰੀ ਰੱਖਕੇ ਮੁੜਿਆ ਤਾਂ ਉਹਨੂੰ ਆਪਣੇ ਵੱਲ ਆਉਾਂਦਾ2ੇਖ ਕੇ ਨਿੰਦਰ ਨੇ ਦੂਰੋਂ ਹੀ ਗੱਲ ਸ਼ੁਰੂ ਕਰ ਲਈ, ''ਭਾਪੇ ਧਰਮਿੰਦਰ ਨੇ ਫ਼ੋਨ ‘ਤੇ ਆਖਿਐ ਹੈਥੇ ਪੱਠੇ ਈ ਨਾ ਵੱਢਦਾ ਰਹਿ... ਅੰਬਰਸਰ ਵਾਲੀ ਆਪਣੀ ਕੋਠੀ ਨੂੰ ਵੀ ਪਲੱਸਤਰ ਕਰਾ ਲੈ। ਮੈਂ ਆਖਿਐ ਪਹਿਲਾਂ ਅੱਜ ਵਾਲੇ ਦਸ ਟਰੱਕ ਤਾਂ ਲ੍ਹਵਾ ਜਾਵਾਂ। ਮੈਂ ਵੀ ਸੀਮਿੰਟ ਹੀ ਉਡੀਕਣ ਡਿਹਾਂ...‘‘
ਉਹਦੀਆਂ ਗੱਲਾਂ ਸੁਣ ਕੇ ਰੇਹੜੇ ਵਾਲਾ ਉਹਦੇ ਬਾਰੇ 'ਸਭ ਕੁਝ‘ ਸਮਝ ਗਿਆ। ਅਗਲੀ ਬੋਰੀ ਚੁੱਕਣ ਲੱਗੇ ਤਾਂ ਰੇਹੜੇ ਵਾਲੇ ਨੇ ਆਪਣੇ ਸਿਰ ਉੱਤੇ ਰੱਖਣ ਦੀ ਥਾਂ ਨਿੰਦਰ ਦੇ ਸਿਰ ਉੱਤੇ ਟਿਕਾ ਦਿੱਤੀ ਤੇ ਹੱਸ ਕੇ ਆਖਿਆ, ''ਜਾਹ ਦੁਕਾਨ ‘ਤੇ ਰੱਖ ਆ। ਇਹ ਤੁਹਾਡਾ ਈ ਸੀਮਿੰਟ ਆ। ਦਸਾਂ ਟਰੱਕਾਂ ‘ਚੋਂ ਜਿਹੜਾ ਵਧ ਗਿਆ ਸੀ, ਉਹਨੇ ਰੇਹੜੇ ‘ਤੇ ਲਦਾ ਤਾ‘‘
ਅਗਲੀਆਂ ਬੋਰੀਆਂ ਉਸਨੇ ਆਪ ਹੀ ਭੱਜ ਭੱਜ ਕੇ ਲਛਮਣ ਦੀ ਦੁਕਾਨ ‘ਤੇ ਰੱਖੀਆਂ ਤੇ ਰੇਹੜੇ ਵਾਲਾ ਮੁੱਛਾਂ ‘ਚ ਹੱਸਦਾ ਰੇਹੜੇ ਕੋਲ ਖਲੋਤਾ ਰਿਹਾ।
ਰੇਹੜੇ ਵਾਲਾ ਤੁਰ ਗਿਆ ਤਾਂ ਨਿੰਦਰ ਨੇ ਸਿਰ ਉੱਤੋਂ ਸੀਮਿੰਟ ਨਾਲ ਲਿੱਬੜੀ ਪੱਗ ਲਾਹ ਕੇ ਸੀਮਿੰਟ ਝਾੜਦਿਆਂ ਲਛਮਣ ਨੂੰ ਆਖਿਆ, ''ਲਛਮਣ ਸਿਅ੍ਹਾਂ! ਆਹ ਬੋਰੀਆਂ ਪਈਆਂ ਆਪਣੀਆਂ ਸੀਮਿੰਟ ਦੀਆਂ। ਧਿਆਨ ਰੱਖੀਂ। ਟਰੱਕ ਆਉਾਂਦੇÁਾ ਤਾਂ ਉਹਨਾਂ ‘ਤੇ ਰੱਖ ਲਾਂਗੇ।‘‘
''ਪੱਗ ਦਾ ਸੀਮਿੰਟ ਆਪ ਕਿਉਂ ਝਾੜਨ ਡਿਹਾ ਏਂ। ਹੁਣੇ ਸੂੁਰਤੀ ਮਿੰਬਰ ਨੇ ਆ ਜਾਣਾ... ਉਹਨੇ ਹੀ ਚਾਰ ਛਿੱਤਰ ਮਾਰ ਕੇ ਝਾੜ ਦੇਣੈਂ।... ਆ ਗਿਐ ਵੱਡਾ ਸੀਮਿੰਟ ਦਾ ਮਾਲਕ...‘‘ ਲਛਮਣ ਨੇ ਚਾਹ ਪੁਣ ਕੇ ਪੋਣੀ ਵਿਚਲਾ ਪੱਤੀ ਦਾ ਫੋਗ ਇਕ ਪਾਸੇ ਰੱਖ ਸੁੱਟਿਆ ਤਾਂ ਨਿੰਦਰ ਨੇ ਰੋਸੇ ਨਾਲ ਆਖਿਆ, ''ਸਾਨੂੰ ਤਾਂ ਤੁਸੀਂ ਯਾਰ ਫੋਗ ਹੀ ਸਮਝਦੇ ਜੇ। ਭਾਰ ਲੱਦੀ ਜੋ ਸਾਡੇ ਸਿਰ ‘ਤੇ... ਦਿਓ ਕੁਝ ਨਾ ਸਾਨੂੰ...‘‘
ਉਹ ਬੁੜ-ਬੁੜ ਕਰਦਾ ਪਰ੍ਹਾਂ ਨੂੰ ਤੁਰ ਗਿਆ। ''ਇਕ ਤਾਂ ਉਹ ਪੰਡ ਸਿਰ ਉੱਤੇ ਰੱਖ ਗਈ ਤੂੜੀ ਦੀ। ਇਕ ਸੀਮਿੰਟ ਦਾ ਭਾਰ...ਓਧਰ ਚਾਚਾ ਸਤਿਨਾਮ ਵੀ ਭਾਰ ਪਾ ਗਿਐ... ਮੁੜਦਾ ਹੀ ਨਹੀਂ...‘‘
ਸਿਰ ਅਤੇ ਮਨ ਉਤੇ ਕਿੰਨੇ ਹੀ ਭਾਰ ਚੁੱਕੀ ਉਹ ਦੁਖੀ ਤੇ ਪਰੇਸ਼ਾਨ ਹੋਇਆ ਘੁੰਮਦਾ ਰਹਿੰਦਾ। ਉਹਦੇ ਮਾਂ-ਪਿਉ ਨੂੰ ਵੱਖਰਾ ਦੁੱਖ ਸੀ। ਇਕ ਪੁੱਤ ਮਰ ਗਿਆ ਸੀ। ਦੂਜਾ ਸਿੱਧੜ ਸੀ ਤੇ ਤੀਜਾ ਇਹ ਕਮਲਾ ਹੋਇਆ ਫਿਰਦਾ ਸੀ। ਕੰਮ ਨਾ ਕਰਨ ਕਰਕੇ ਪਰਿਵਾਰ ਉੱਤੇ ਬੋਝ ਸੀੇ।
''ਸਾਡੀਆਂ ਕਿਹੜੀਆਂ ਮਿੱਲਾਂ ਚਲਦੀਆਂ ਨੇ। ਉਹੋ ਕਮਾਉਣਾ ਤੇ ਉਹੋ ਖਾਣਾ...‘‘ ਛਿੰਨੋ ਆਖਦੀ, ''ਉਹ ਦੋਵੇਂ ਪਿਉ-ਪੁੱਤ ਦਿਹਾੜੀਆਂ ਕਰਦੇ ਨੇ ਤੇ ਇਹ ਕੱਪੜੇ ਪਾ ਕੇ ਗਲੀਆਂ ਤੇ ਸੜਕਾਂ ਦੇ ਗੇੜੇ ਕੱਢਦਾ ਰਹਿੰਦਾ। ਚੰਗਾ-ਭਲਾ ਹੁੰਦਾ ਸੀ... ਇਹਨੂੰ ਜ਼ਰੂਰ ਕਿਸੇ ਨੇ ਕੁਝ ਖੁਆ ‘ਤਾ...‘‘
ਉਹਦਾ ਹਉਕਾ ਨਿਕਲ ਜਾਂਦਾ, ''ਅਣਿਆਂ! ਜੇ ਸੱਜਣ ਵੀ ਜਿਉਂਦਾ ਹੁੰਦਾ ਤੇ ਇਹ ਤਿੰਨੇ ਭਰਾ ਵਿਆਹੇ ਹੁੰਦੇ ਤੇ ਘੱਟੋ ਘੱਟ ਨੌਂ-ਦਸ ਨਿਆਣੇ ਹੁਣ ਤਕ ਸਾਡੇ ਘਰ ਖੇਡਦੇ ਹੁੰਦੇ। ਹੋਰ ਦੋਂਹ ਸਾਲਾਂ ਨੂੰ ਹੱਥ-ਪੜੱਥੀ ਪੁਆਉਾਂਦੇ।Àੁਸ ਬੁੱਢੇ ਦੀ ਹੁਣ ਕਿਤੇ ਕੰਮ ਕਰਨ ਦੀ ਉਮਰ ਆ...‘‘
ਅਗਲੇ ਦਿਨੀਂ ਪਤਾ ਚੱਲਿਆ ਕਿ ਛਿੰਨੋ ਭਿੱਲੀ ਅਤੇ ਨਿੰਦਰ ਨੂੰ ਲੈ ਕੇ ਨਾਲ ਦੇ ਪਿੰਡ ਪੁੱਛਾਂ ਦੇ ਉੱਤਰ ਦੇਣ ਤੇ ਜਾਦੂ-ਤਵੀਤ ਕੱਢਣ ਵਾਲੇ ਇਕ ਸਿਆਣੇ ਕੋਲ ਗਈ ਹੈ।
''ਭਾ ਜੀ! ਉਹ ਤਾਂ ਬਹੁਤ.... ਬਹੁਤ ਈ ਸਿਆਣੈਂ। ਉਥੇ ਕੋਈ ਮੁਲਖ ਢੁੱਕਦਾ! ਮਾਰ ਸੌ-ਸੌ ਕੋਹ ਤੋਂ ਲੋਕ ਆਉਾਂਦੇਂੇ। ਮਨ ਦੀਆਂ ਬੁੱਝ ਲੈਂਦਾ... ਲੋਭੀ ਵੀ ਨਹੀਂ ਬਹੁਤਾ...‘‘ ਜਸਵੰਤ ਹੁਰਾਂ ਦਾ ਗੋਹਾ-ਕੂੜਾ ਕਰਦੀ ਉਹ 'ਸਿਆਣੇ‘ ਦੀ ਸ਼ੋਭਾ ਕਰ ਰਹੀ ਸੀ। ਨਿੰਦਰ ਬਾਰੇ ਉਸ ਦੱਸਿਆ, ''ਇਹਨੂੰ ਕਿਸੇ ਨੇ ਢਾਈ ਤਵੀਤ ਪਾਏ ਆ। ਛਾਇਆ ਵੀ ਆ ਇਹਨੂੰ। ਉਹਨੇ ਆਖਿਆ ਛੇ ਮਹੀਨੇ ਐਤਵਾਰ ਦੇ ਐਤਵਾਰ ਚੌਕੀ ਭਰਨ ਆਇਆ ਕਰੇ... ਐਂ ਨੌਂ-ਬਰ-ਨੌਂ ਹੋ ਜੂ...। ਉਹਨੇ ਇਹ ਵੀ ਆਖਿਐ, ਛੇ ਮਹੀਨੇ ਕਿਸੇ ਦੇ ਘਰ ਦਾ ਕੁਝ ਨਹੀਂ ਖਾਣਾ... ਉਥੇ ਐਵੇਂ ਜੂਠਾ-ਮੀਠਾ ਖਾਧਾ ਜਾਂਦਾ...। ਏਨੇ ਮਹੀਨੇ ਜੂਠ ਨਹੀਂ ਖਾਣੀ ਕਿਸੇ ਦੀ...।‘‘
ਕਹਿਣਾ ਤਾਂ ਉਹ ਇਹ ਵੀ ਚਾਹੁੰਦੀ ਸੀ ਕਿ ਖੁਆਇਆ ਉਹਨੂੰ ਕਿਸੇ ਨੇ ਇਸ ਕਰਕੇ ਹੈ ਕਿ 'ਆਪਣੇ ਹੱਥਾਂ ‘ਤੇ ਪਾਈ ਰੱਖੇ,‘ ਪਰ ਉਹ ਇਹ ਗੱਲ ਜਾਣ-ਬੁੱਝ ਕੇ ਘੁੱਟ ਗਈ।
ਇਕ ਦਿਨ ਗਲੀ ਵਿਚ ਤੁਰੇ ਆਉਾਂਦਿਆਂ☬ਨੰਦਰ ਜਸਵੰਤ ਨੂੰ ਟੱਕਰ ਗਿਆ। ਜਸਵੰਤ ਨੂੰ ਅੰਦਰੋ-ਅੰਦਰ ਗੁੱਸਾ ਸੀ ਕਿ ਹੱਥਾਂ ਉੱਤੇ ਪਾਉਣ ਤੇ ਕੁਝ ਖੁਆਉਣ ਦਾ ਕੁਝ-ਕੁਝ ਇਸ਼ਾਰਾ ਉਹਨਾਂ ਵੱਲ ਸੀ। ਉਹਦਾ ਤਾਂ ਸਗੋਂ ਇਹ ਖ਼ਿਆਲ ਸੀ ਕਿ ਇਹੋ ਜਿਹੇ 'ਸ਼ੁਦਾਈ‘ ਨੂੰ ਉਸ ਤੋਂ ਬਿਨਾਂ ਕੰਮ ਉੱਤੇ ਹੋਰ ਰੱਖਦਾ ਕੌਣ ਹੈ! ਇਸ ਲਈ ਉਹ ਨਿੰਦਰ ਨੂੰ ਬਿਨਾਂ ਬੁਲਾਏ ਲੰਘ ਗਿਆ।
ਪਰ ਨਿੰਦਰ ਉਸ ਦੇ ਪਿੱਛੇ-ਪਿੱਛੇ ਤੁਰ ਪਿਆ। ਇਕ ਤਰ੍ਹਾਂ ਸਪੱਸ਼ਟੀਕਰਨ ਦੇਣ ਲੱਗਾ, '' ਇਹ ਆਂਹਦੇ ਆ, ਤੇਰਾ ਵਿਆਹ ਕਰਨੈਂ ਪਰ ਤੇਰੇ ‘ਚ ਕੋਈ ਨੁਕਸ ਆ... ਤੇਰੇ ‘ਚ ਕੋਈ ਬਾਬਾ ਵੜਿਐ... ਏਸੇ ਪੱਜ ਮੈਂ ਵੀ ਜੁੱਤੀ ਪਾਲਿਸ਼ ਕਰਵਾ ਕੇ ਤੁਰਿਆ ਫਿਰਦਾਂ...।‘‘
ਜਸਵੰਤ ਨੇ ਕੋਈ ਹੁੰਗਾਰਾ ਨਾ ਭਰਿਆ ਪਰ ਨਿੰਦਰ ਉਹਦੇ ਪਿੱਛੇ-ਪਿੱਛੇ ਤੁਰਦਾ ਉਹਨਾਂ ਦੇ ਘਰ ਆ ਗਿਆ, ''ਉਂਜ ਹੈ ਮੇਰੇ ਵਿਚ ਕੁਝ ਨਹੀਂ....। ਵਿਆਹ ਜਿਹੜਾ ਆਂਹਦੇ ਆ, ਕੋਈ ਟੌਪ ਦੀ ਕੁੜੀ ਲੱਭੇ ਤਾਂ ਹੀ ਕਰਾਵਾਂ। ਕਿਸੇ ਮਾੜੀ-ਮੋਟੀ ਨਾਲ ਕਿਵੇਂ ਕਰਵਾ ਲਵਾਂ! ਐਵੇਂ ਕੋਈ ਉਹੋ ਜਿਹੀ ਵਾੜ ਦੇਣਗੇ ਮੇਰੇ ਘਰ... ਇਕ ਛਿੱਤਰ ਆਪ ਖਾਵਾਂ ਤੇ ਇਕ ਉਹਦੇ ਸਿਰ ‘ਚ...।‘‘
ਉਹਨੂੰ ਘਰ ਆਇਆ ਵੇਖ ਜਸਵੰਤ ਥੋੜ੍ਹਾ ਨਰਮ ਪੈ ਗਿਆ ਤੇ 'ਸਿਆਣੇ‘ ਵੱਲੋਂ ਕੀਤੇ ਜਾਂਦੇ ਉਹਦੇ 'ਇਲਾਜ‘ ਦੀ ਤਫ਼ਸੀਲ ਪੁੱਛੀ। ਉਸਨੇ ਸੱਚੋ ਸੱਚ ਦੱਸਦਿਆਂ ਕਿਹਾ, ''ਇਲਾਜ ਕਾਹਦਾ ਜੀ! ਮੈਂ ਤਾਂ ਉਥੇ ਸੋਹਣੀਆਂ ਕੁੜੀਆਂ ਵੇਖਣ ਜਾਂਦਾਂ। ਸੰਗਤ ਬਥੇਰੀ ਆਉਾਂਦੀÁਾ। ਚਾਹ ਪਾਣੀ ਦੀ ਸੇਵਾ ਚੱਲਦੀ ਰਹਿੰਦੀ ਆਂ। ਆਪਾਂ ਵੀ ਬਾਲਟੀ ਫੜਕੇ ਸੰਗਤਾਂ ਨੂੰ ਜਲ ਛਕਾ ਛੱਡਦੇ ਆਂ। ਜਦੋਂ ਕੁੜੀਆਂ ਤੁਰ ਜਾਂਦੀਆਂ ਨੇ... ਆਪਾਂ ਵੀ ਘਰ ਨੂੰ ਮੁੜ ਪੈਂਦੇ ਆਂ...। ਆਪਣਾ ਤਾਂ ਚੰਗਾ ਦਾਅ ਫਬਿਐ....।‘‘
ਫਿਰ ਉਸਨੇ ਭੇਦ-ਭਰੇ ਢੰਗ ਨਾਲ ਹੌਲੀ ਜਿਹੀ ਆਖਿਆ, ''ਇਕ ਨਾ... ਕੁੜੀ ਆਉਾਂਦੀÁਾ ਉਥੇ...।‘‘
ਕੁੜੀ ਦਾ ਜ਼ਿਕਰ ਕਰਦਿਆਂ ਹੀ ਦ੍ਰਿਸ਼ ਉਹਦੀਆਂ ਅੱਖਾਂ ਅੱਗੇ ਸਾਕਾਰ ਹੋ ਗਿਆ।
ਕੁੜੀ ਆਪਣੀ ਮਾਂ ਨਾਲ ਆਉਾਂਦੀੴੀ। ਉਹਨੂੰ ਕਿਸੇ ਪੀਰ-ਫਕੀਰ ਦੀ ਛਾਇਆ ਸੀ। ਇਕੱਲੀ ਚੰਗੀ ਭਲੀ ਬੈਠੀ-ਬੈਠੀ ਨੂੰ ਉਹਨੂੰ ਦੰਦਣ ਪੈਕੇ ਬੋਹੋਸ਼ ਹੋ ਜਾਣ ਦੀ ਬੀਮਾਰੀ ਸੀ।
ਇਕ ਦਿਨ ਚਾਹ ਦਾ ਜੱਗ ਫੜੀ ਖਲੋਤੇ ਇਕ ਸੇਵਾਦਾਰ ਨੇ ਬੀਬੀਆਂ ਦੀ ਭੀੜ ਵਿਚ ਵੜ ਕੇ ਚਾਹ ਵਰਤਾਉਣ ਦੀ ਥਾਂ ਕਿਸੇ ਬੀਬੀ ਨੂੰ ਹੀ ਇਹ ਸੇਵਾ ਕਰਨ ਲਈ ਆਖਿਆ ਤਾਂ ਕੁੜੀ ਦੀ ਮਾਂ ਨੇ ਆਖਿਆ, ''ਸੀਤੋ! ਧੀਏ! ਉੱਠ ਕੇ ਸੰਗਤ ਵਿਚ ਚਾਹ ਵਰਤਾ ਦੇ...।‘‘
ਉਸ ਦਿਨ ਤੋਂ ਪਿੱਛੋਂ ਕੁੜੀ ਰਸੋਈ ਵਿਚ ਵੀ ਚਲੀ ਜਾਂਦੀ। ਚਾਹ ਬਣਾਉਾਂਦੀ, ਵਰਤਾਉਾਂਦੀ।êਾਣੀ ਦੀ ਸੇਵਾ ਕਰਦਾ ਨਿੰਦਰ ਜਦੋਂ ਉਹਦੇ ਚਿਹਰੇ ਨੂੰ ਨਜ਼ਰ ਭਰਕੇ ਤੱਕਦਾ ਤਾਂ ਉਹਦੇ ਨੱਕ ਵਿਚ ਪਿਆ ਕੋਕਾ ਲਿਸ਼ਕਦਾ। ਉਹਨੂੰ 'ਗੁਰਮੀਤ ਭੈਣ ਜੀ‘ ਯਾਦ ਆ ਗਈ। ਫਿਰ ਉਹ ਬਾਰ-ਬਾਰ ਉਸ ਵੱਲ ਵੇਖਣ ਲੱਗਾ। ਕੀ ਸੀ ਉਹਦੇ ਚਿਹਰੇ ਵਿਚ ਜਿਹੜਾ ਉਸਨੂੰ ਖਿੱਚ ਰਿਹਾ ਸੀ। ਕੀ ਉਹਦਾ ਕੁਝ ਕੁਝ ਸ੍ਰੀਦੇਵੀ ਨਾਲ ਮਿਲਦਾ ਸੀ, ਧੰਤੋ ਨਾਲ ਮਿਲਦਾ ਸੀ ਜਾਂ 'ਗੁਰਮੀਤ ਭੈਣ ਜੀ‘ ਨਾਲ! ਉਸਨੂੰ ਸਮਝ ਨਹੀਂ ਸੀ ਪੈਂਦੀ। 'ਸਮਝ ਪੈ ਹੀ ਜਾਵੇ‘ ਇਸ ਲਈ ਉਹ ਉਸਨੂੰ ਆਉਾਂਦੀਲ਼ਾਂਦੀ ਨੂੰ ਨਜ਼ਰਾਂ ਟਿਕਾ ਕੇ ਤਾਂ ਵੇਖਦਾ ਹੀ ਰਹਿੰਦਾ ਸੀ ਪਰ ਜਦੋਂ ਇਕ ਵਾਰ ਉਹਦੀਆਂ ਨਜ਼ਰਾਂ ਸੀਤੋ ਨਾਲ ਮਿਲੀਆਂ ਤਾਂ ਉਹ ਉਹਨਾਂ ਵੱਲ ਵੇਖਦਾ ਹੀ ਰਿਹਾ। ਸੀਤੋ ਹੈਰਾਨ ਸੀ ਕਿ ਉਹ ਉਸਦੇ ਚਿਹਰੇ ਵਿਚੋਂ ਕੀ ਲੱਭਦਾ ਪਿਆ ਹੈ। ਹਾਰ ਕੇ ਸੀਤੋ ਨੇ ਹੀ ਨਜ਼ਰਾਂ ਚੁਰਾ ਲਈਆਂ ਪਰ ਇਕ ਮੁਸਕਣੀ ਬਦੋ-ਬਦੀ ਉਹਦਿਆਂ ਹੋਠਾਂ ‘ਤੇ ਫੈਲ ਗਈ।
ਫਿਰ ਉਹ ਸੇਵਾ ਕਰਦੇ ਇਕ-ਦੂਜੇ ਦੇ ਨੇੜੇ-ਨੇੜੇ ਰਹਿਣ ਲਗੇ। ਗੱਲਾਂ ਵਿਚ ਇਕ ਦੂਜੇ ਦਾ ਹੁੰਗਾਰਾ ਵੀ ਭਰਨ ਲੱਗੇ। ਇਕ ਦਿਨ ਸੰਗਤ ਦੇ ਚਾਹ ਦੇ ਜੂਠੇ ਗਲਾਸ ਧੋ ਕੇ ਉਹ ਰਸੋਈ ਵਿਚ ਛੱਡਣ ਗਿਆ ਤਾਂ ਉਹ ਇਕੱਲੀ ਸੀ। ਗਲਾਸ ਰੱਖ ਕੇ ਵੀ ਜਦੋਂ ਉਹ ਉਥੇ ਹੀ ਖੜੋਤਾ ਰਿਹਾ ਤਾਂ ਸੀਤੋ ਨੇ ਜੱਗ ਵਿਚੋਂ ਦੋ ਗਲਾਸਾਂ ਵਿਚ ਚਾਹ ਪਾਈ ਤੇ ਇਕ ਗਲਾਸ ਨਿੰਦਰ ਵੱਲ ਵਧਾ ਦਿੱਤਾ। ਨਿੰਦਰ ਕਹਿਣਾ ਚਾਹੁੰਦਾ ਸੀ ਕਿ ਉਹ ਚਾਹ ਪੀ ਬੈਠਾ ਹੈ ਪਰ ਉਸ ਤੋਂ ਨਾਂਹ ਨਾ ਹੋਈ। ਕੋਸੀ ਚਾਹ ਦੇ ਵੱਡੇ-ਵੱਡੇ ਘੁੱਟ ਭਰਦਿਆਂ ਉਹ ਸੀਤੋ ਦੇ ਚਿਹਰੇ ਵੱਲ ਵੇਖੀ ਗਿਆ। ਸੀਤੋ ਦਾ ਚਾਹ ਦਾ ਗਲਾਸ ਬੰਨੀ ‘ਤੇ ਰੱਖਿਆ ਪਿਆ ਸੀ ਪਰ ਉਸਦਾ ਧਿਆਨ ਉਧਰ ਨਹੀਂ ਸੀ। ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਡੁੱਬੀ ਹੋਈ ਸੀੇ। ਬੇਧਿਆਨੀ ਵਿਚ ਹੀ ਉਸਦਾ ਹੱਥ ਗਲਾਸ ਨੂੰ ਵੱਜਾ ਤੇ ਸਾਰੀ ਚਾਹ ਸ਼ੈਲਫ਼ ਉੱਤੇ ਡੁੱਲ੍ਹ ਗਈ।
''ਹੁਣ?‘‘ ਕੱਪੜਾ ਲੈ ਕੇ ਸ਼ੈਲਫ਼ ਸਾਫ਼ ਕਰਦੀ ਸੀਤੋ ਵੱਲ ਵੇਖ ਕੇ ਨਿੰਦਰ ਦੇ ਮੂੰਹੋਂ ਏਨਾ ਹੀ ਨਿਕਲਿਆ।
ਸੀਤੋ ਉਸਦਾ ਭਾਵ ਸਮਝ ਕੇ ਮੁਸਕਰਾਈ ਤੇ ਉਹਦੀਆਂ ਅੱਖਾਂ ‘ਚ ਅੱਖਾਂ ਪਾ ਦਿੱਤੀਆਂ, ''ਹੁਣ ਹੈਸੇ ਨੂੰ ਵੰਡ-ਵਰਤ ਕੇ ਪੀ ਲੈਂਦੇ ਆਂ! ‘‘
ਉਸਨੇ ਨਿੰਦਰ ਦੇ ਹੱਥ ਵਿਚ ਫੜੇ ਗਲਾਸ ਵੱਲ ਇਸ਼ਾਰਾ ਕੀਤਾ। ਉਹ ਘਬਰਾ ਗਿਆ ਤੇ ਉਸਨੂੰ ਸੁੱਝੀ ਨਾ ਕਿ ਅੱਗੋਂ ਉਸ ਨੂੰ ਕੀ ਆਖੇ! ਸੀਤੋ ਨੇ ਹੱਥ ਵਧਾ ਕੇ ਉਸਦੇ ਹੱਥੋਂ ਗਲਾਸ ਫੜ ਲਿਆ। ਗਲਾਸ ਵੀ ਉਸਨੇ ਇੰਜ ਫੜਿਆ ਜਿਵੇਂ ਛੇਤੀ-ਛੇਤੀ ਉਹਦੇ ਹੱਥੋਂ ਖੋਹ ਲੈਣਾ ਚਾਹੁੰਦੀ ਹੋਵੇ। ਗਲਾਸ ਵਿਚ ਮਸਾਂ ਦੋ ਕੁ ਘੁੱਟ ਹੀ ਚਾਹ ਬਾਕੀ ਸੀ। ਉਸਨੇ ਵੱਡੇ ਵੱਡੇ ਘੁੱਟ ਛੇਤੀ-ਛੇਤੀ ਭਰੇ ਤੇ ਗਲਾਸ ਖ਼ਾਲੀ ਕਰਕੇ ਬਿਨਾਂ ਨਿੰਦਰ ਨਾਲ ਨਜ਼ਰ ਮਿਲਾਏ ਰਸੋਈ ਵਿਚੋਂ ਬਾਹਰ ਨਿਕਲ ਗਈ। ਉਹਨੂੰ ਜਾਂਦੀ ਨੂੰ ਹੈਰਾਨ ਹੋਇਆ ਨਿੰਦਰ ਵੇਖਦਾ ਰਿਹਾ। ਉਹਦੀ ਪਿੱਠ ਉੱਤੇ ਹਿੱਲਦੀ ਗੁੱਤ ਵਾਂਗ ਉਸ ਨੂੰ ਆਪਣੇ ਪੈਰਾਂ ਹੇਠੋਂ ਧਰਤੀ ਹਿਲਦੀ ਜਾਪੀ।
''ਚਾਚਾ! ਉਹਨੇ ਮੇਰੀ ਜੂਠੀ ਚਾਹ ਪੀ ਲਈ!!‘‘ ਜਸਵੰਤ ਨੂੰ ਸਾਰੀ ਗੱਲ ਸੁਣਾ ਕੇ ਉਹ ਅਜੇ ਵੀ ਹੈਰਾਨੀ ਵਿਚੋਂ ਨਹੀਂ ਸੀ ਨਿਕਲ ਰਿਹਾ।
''ਫਿਰ ਕੀ ਐ? ਤੇਰੀ ਹੀ ਜੂਠੀ ਸੀ... ਕਿਹੜੀ ਕਿਸੇ ਕੁੱਤੇ ਦੀ ਜੂਠੀ ਸੀ।...‘‘
ਜਸਵੰਤ ਨੇ ਉਂਜ ਹੀ ਛੇੜਿਆ।
ਨਿੰਦਰ ਦੀ ਇਸ ਗੱਲ ਨਾਲ ਤਸੱਲੀ ਨਾ ਹੋਈ। ਉਹਦੇ ਮਨ ਦੀ ਪਰੇਸ਼ਾਨੀ ਅਜੇ ਵੀ ਬੋਲਦੀ ਪਈ ਸੀ, ''ਨਹੀਂ ਚਾਚਾ!... ਅੱਜ ਐਵੇਂ ਹਾਸੇ ‘ਚ ਗੱਲ ਨਾ ਗਵਾ। ਮੈਨੂੰ ਤਾਂ ਐਂ ਲੱਗਦੈ... ਜਿਵੇਂ ਉਹ ਜੱਟਾਂ ਦੀ ਕੁੜੀ ਹੋਵੇ...ਤੇ ਮੈਂ...ਫਿਰ ਵੀ ਉਹ ਚਾਹ ਪੀ ਗਈ!... ਨਾਲੇ ਬਾਬਾ ਵੀ ਆਂਹਦਾ... ਕਿਸੇ ਦਾ ਜੂਠਾ ਨਹੀਂ ਖਾਣਾ...‘‘
ਉਸ ਦਿਨ ਤੋਂ ਪਿੱਛੋਂ ਉਹਦਾ ਦਿਲ ਕਰਦਾ ਸਾਰੇ 'ਵਾਰ‘ ਹੀ ਐਤਵਾਰ ਹੋ ਜਾਣ ਤੇ ਉਹ ਉੱਡ ਕੇ ਸੀਤੋ ਕੋਲ ਪਹੁੰਚ ਜਾਵੇ। ਐਤਵਾਰ ਵਾਲੇ ਦਿਨ ਉਹ ਆਪ ਸਵੇਰੇ ਸਵੱਖ਼ਤੇ ਉੱਠ ਪੈਂਦਾ। ਨਹਾ-ਧੋ ਕੇ, ਧੋਤੇ ਕੱਪੜੇ ਪਾਕੇ ਪੋਚ ਕੇ ਪੱਗ ਬੰਨ੍ਹਦਾ ਤੇ ਭਿੱਲੀ ਨੂੰ ਛੇਤੀ ਘਰੋਂ ਨਿਕਲਣ ਲਈ ਲਲਕਾਰੇ ਮਾਰਦਾ। ਛਿੰਨੋ ਅੱਜ-ਕੱਲ੍ਹ ਉਹਨਾਂ ਦੇ ਨਾਲ ਨਹੀਂ ਸੀ ਜਾਂਦੀ। ਦੋਵੇਂ ਭਰਾ ਹੀ ਬੜੀ ਜ਼ਿੰਮੇਵਾਰੀ ਨਾਲ ਜਾਣ ਲੱਗ ਪਏ ਸਨ। ਘਰ ਦੇ ਖ਼ੁਸ਼ ਸਨ ਕਿ ਉਹ ਰਾਜ਼ੀ ਹੋ ਰਿਹਾ ਸੀ।
''ਜਿਸ ਦਿਨ ਦੀ ਮੈਂ ਤੇਰੇ ਗਲਾਸ ‘ਚੋਂ ਚਾਹ ਪੀਤੀ ਏ... ਮੈਨੂੰ ਕਦੀ ਦੰਦਣ ਨਹੀਂ ਪਈ...‘‘
ਇਕ ਦਿਨ ਮੌਕਾ ਪਾ ਕੇ ਸੀਤੋ ਨੇ ਨਿੰਦਰ ਨੂੰ ਦੱਸਿਆ ਤਾਂ ਨਿੰਦਰ ਦੇ ਅੰਗ-ਅੰਗ ਵਿਚ ਝਰਨਾਹਟਾਂ ਛਿੜ ਪਈਆਂ। ਭਿੱਜੀਆਂ ਹੋਈਆਂ ਮਸਤ ਅੱਖਾਂ ਨਾਲ ਉਹ ਸੀਤੋ ਵੱਲ ਵੇਖਦਾ ਹੋਇਆ ਆਖਣ ਲੱਗਾ, ''ਮੈਂ ਤੈਨੂੰ ਇਕ ਸੁਫ਼ਨਾ ਸੁਣਾਵਾਂ।‘‘
''ਸੁਣਾ‘‘ ਸੀਤੋ ਦੀ ਮੁਸਕਰਾਹਟ ਕਹਿ ਰਹੀ ਸੀ।
''ਸੁਫ਼ਨੇ ‘ਚ ਨਾ ਆਪਾਂ ਦੋਵੇਂ ਹੱਥ ‘ਚ ਹੱਥ ਪਾਕੇ ਰੇਲ ਦੀ ਲਾਈਨ ਦੇ ਨਾਲ ਤੁਰੇ ਜਾਂਦੇ ਆਂ! ਤੂੰ ਜਿਦ ਕਰਕੇ ਆਖਦੀ ਏਂ... ਮੈਂ ਲਾਈਨ ਦੇ ਗਾਡਰ ‘ਤੇ ਤੁਰਨੈਂ। ਮੈਂ ਆਖਦਾਂ ਡਿੱਗ ਪਵੇਂਗੀ। ਤੂੰ ਆਖਦੀ ਏਂ... ਤੂੰ ਜੂ ਮੇਰੇ ਨਾਲ ਏਂ... ਫਿਰ ਵੀ ਡਿੱਗ ਪਊਂ!... ਤੂੰ ਹਟਦੀ ਨਹੀਂ... ਤੂੰ ਸੰਭਲ ਸੰਭਲ ਕੇ ਲਾਈਨ ‘ਤੇ ਪੈਰ ਰੱਖਦੀ ਏਂ। ਮੈਂ ਤੇਰੇ ਨਾਲ ਨਾਲ ਆਂ। ਤੂੰ ਕਦੀ ਇਕ ਪਾਸੇ ਉਲਰਦੀ ਏਂ... ਕਦੀ ਦੂਜੇ ਪਾਸੇ... ਮੈਂ ਤੈਨੂੰ ਹਰ ਵਾਰ ਸੰਭਾਲ ਲੈਂਦਾਂ। ਤੂੰ ਫਿਰ ਤੁਰਨ ਲੱਗਦੀ ਐਂ। ਉਧਰੋਂ ਸਾਹਮਣਿਓ ਗੱਡੀ ਦੀ ਚੀਕ ਸੁਣਦੀ ਹੈ ਤਾਂ ਤੂੰ ਤਿਲਕ ਕੇ ਡਿੱਗਦੀ-ਡਿੱਗਦੀ ਚੀਕ ਮਾਰਦੀ ਏਂ। ਮੈਂ ਤੈਨੂੰ ਡਿੱਗਦੀ ਨੂੰ ਬੋਚ ਕੇ ਬਾਹਵਾਂ ‘ਚ ਚੁੱਕ ਲੈਂਦਾਂ ਤੇ ਗਲ ਨਾਲ ਘੁੱਟ ਲੈਂਦਾਂ। ਤੂੰ ਆਖਿਆ, ਆਪਾਂ ਨੂੰ ਐਂ ਹੀ ਗੱਡੀ ਹੇਠਾਂ ਆ ਜਾਣ ਦੇਣਾ ਸੀ।... ਮੈਂ ਤੈਨੂੰ ਫੇਰ ਹਿੱਕ ਨਾਲ ਘੁੱਟ ਲੈਂਦਾਂ ਤੇ... ਤੇ ... ‘‘ ਅੱਗੋਂ ਉਹ ਕਹਿੰਦਾ ਕਹਿੰਦਾ ਸ਼ਰਮਾ ਗਿਆ।
ਉਹ ਮੁਸਕਰਾ ਕੇ, ਅੱਧ-ਮੀਟੀਆਂ ਅੱਖਾਂ ਨਾਲ ਨਿੰਦਰ ਵੱਲ ਵੇਖੀ ਜਾ ਰਹੀ ਸੀ ਤੇ ਮੂੰਹ ਵਿਚ ਪੋਲੇ-ਪੋਲੇ ਕਿਸੇ ਚੀਜ਼ ਨੂੰ ਪਪੋਲ ਰਹੀ ਸੀ।
''ਤੈਨੂੰ ਤਾਂ ਬੜਾ ਵਧੀਆ ਸੁਪਨਾ ਆਇਐ...‘‘
ਨਿੰਦਰ ਨੇ ਤੁਰੰਤ ਉਹਦੇ ਲਫ਼ਜ਼ਾਂ ਵਿਚ ਸੋਧ ਕੀਤੀ, ''ਆਇਆ ਨਹੀਂ... ਮੈਂ ਆਪ ਲਿਐ...‘‘
ਉਹ ਅੱਗੋਂ ਕੁਝ ਨਹੀਂ ਬੋਲੀ। ਉਂਜ ਹੀ ਮੁਸਕਰਾਉਾਂਦੀðਹੀ ਤੇ ਸੁਪਨਾਈਆਂ ਅੱਖਾਂ ਨਾਲ ਉਸ ਵੱਲ ਵੇਖਦੀ ਮੂੰਹ ਵਿਚ ਪਾਇਆ ਕੁਝ ਹੌਲੀ ਹੌਲੀ ਚਿੱਥਦੀ ਰਹੀ।
''ਕੀ ਖਾਂਦੀ ਏਂ?‘‘
''ਇਲਾਚੀ... ਬਾਬਾ ਜੀ ਨੇ ਪਰਸ਼ਾਦ ਦਿੱਤਾ ਸੀ... ਖਾਣੀ ਊਂ?‘‘ ਉਸਨੇ ਮੋਹ ਵਿਚ ਭਿੱਜ ਕੇ ਨਿੰਦਰ ਨੂੰ ਆਖਿਆ। ਨਿੰਦਰ ਦੇ ਹੋਂਠ ਹਿੱਲੇ ਨਹੀਂ। ਪਲਕਾਂ ਮੁੰਦ ਕੇ 'ਹਾਂ‘ ਵਿਚ ਸਿਰ ਹਿਲਾਇਆ।
ਸੀਤੋ ਨੇ ਆਪਣੇ ਮੂੰਹ ਵਿਚ ਚਿੱਥੀ ਹੋਈ ਇਲਾਚੀ ਦੇ ਫੋਗ ਨੂੰ ਜੀਭ ਦੀ ਨੋਕ ਉੱਤੇ ਇਕੱਠਾ ਕੀਤਾ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਉਹ ਫੋਗ ਚੁੱਕ ਕੇ ਨਿੰਦਰ ਦੀ ਤਲੀ ਉੱਤੇ ਰੱਖ ਦਿੱਤਾ। ਨਿੰਦਰ ਨੇ ਤਲੀ ਨੂੰ ਚਿਹਰੇ ਸਾਹਮਣੇ ਕੀਤਾ ਤੇ ਆਪਣੀ ਜੀਭ ਦੀ ਨੋਕ ਨਾਲ ਤਲੀ ਤੋਂ ਉਹ ਫੋਗ ਚੁੱਕ ਲਿਆ ਤੇ ਦੰਦਾਂ ਵਿਚ ਲੈ ਕੇ ਚਿੱਥਦਾ ਹੋਇਆ ਸੀਤੋ ਦੇ ਸਿੱਲ੍ਹੇ ਬੁੱਲ੍ਹਾਂ ਵੱਲ ਵੇਖਣ ਲੱਗਾ।
ਉਸੇ ਸ਼ਾਮ ਨੂੰ ਉਹ ਬੜਾ ਖ਼ੁਸ਼ੀ-ਖ਼ੁਸ਼ੀ ਜਸਵੰਤ ਵੱਲ ਗਿਆ। ਜਸਵੰਤ ਨੂੰ ਉਹ ਆਪਣੀ ਗੱਲ 'ਦਿਲ ਦੇ ਭੇਤੀ‘ ਵਾਂਗ ਸੁਣਾ ਸਕਦਾ ਸੀੇ। ਅੱਗੇ ਜਾਂਦਿਆਂ ਨੂੰ ਸਤਿਨਾਮ ਆਇਆ ਬੈਠਾ ਸੀ। ਉਹ ਜਸਵੰਤ ਕੋਲੋਂ ਨਿੰਦਰ ਵਿਚ ਆ ਰਹੀ ਤਬਦੀਲੀ ਬਾਰੇ ਸੁਣ ਚੁੱਕਾ ਸੀ। ਉਸਨੇ ਸ਼ਰਾਰਤ ਨਾਲ ਪੁੱਛਿਆ, ''ਲੈ ਬਈ ਨਿੰਦਰ ਸਿਅ੍ਹਾਂ! ਮੈਂ ਤਾਂ ਸਾਹੇ-ਚਿੱਠੇ ਲੈ ਕੇ ਆ ਗਿਆਂ। ਵਿਆਹ ਦੀਆਂ ਤਿਆਰੀਆਂ ਕਰੋ। ਉਹਦੇ ਘਰ ਦੇ ਤਾਂ ਅਜੇ ਵੀ ਮਹੀਨਾ ਹੋਰ ਉਡੀਕਣ ਨੂੰ ਆਖਦੇ ਸਨ ਪਰ ਸ੍ਰੀਦੇਵੀ ਨੇ ਆਪ ਹੀ ਘਰਦਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਮੈਨੂੰ ਬੁੱਢੀ ਕਰ ਕੇ ਵਿਆਹੁਣਾ ਜੇ... ਉਧਰੋਂ ਜੇ ਮੁੰਡਾ ਹੱਥ ‘ਚੋਂ ਨਿਕਲ ਗਿਆ...।‘‘
ਨਿੰਦਰ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਸਤਿਨਾਮ ਨੇ ਦੋਬਾਰਾ ਜ਼ੋਰ ਪਾ ਕੇ ਪੁੱਛਿਆ, ''ਬੋਲਦਾ ਕਿਉਂ ਨਹੀਂ ਉਏ?‘‘
''ਚਾਚਾ! ਮੁੰਡਾ ਤੂੰ ਹੱਥਾਂ ‘ਚੋਂ ਨਿਕਲ ਗਿਆ ਈ ਸਮਝ...‘‘ ਉਹਨੇ ਹੱਥ ‘ਤੇ ਹੱਥ ਮਾਰ ਕੇ ਤਾੜੀ ਵਜਾਈ।
ਸਤਿਨਾਮ ਨੇ ਬਨਾਉਟੀ ਗੁੱਸਾ ਕੀਤਾ, ''ਵੇਖ ਲੈ ਭਈ। ਤੇਰੇ ਲਈ ਮਾੜੀ ਗੱਲ ਐ। ਏਨੇ ਚਿਰ ਦਾ ਤੂੰ ਮੈਨੂੰ ਵਿਚੋਲਗਿਰੀ ਲਈ ਆਖਿਆ ਹੋਇਐ... ਹੁਣ ਮੈਨੂੰ ਝੂਠਾ ਨਾ ਪਵਾ। ਉਹਦੇ ਨਾਲ ਤਾਂ ਤੈਨੂੰ ਵਿਆਹ ਕਰਵਾਉਣਾ ਹੀ ਪੈਣਾ...।‘‘
ਨਿੰਦਰ ਨੇ ਬੜੀ ਸਹਿਜਤਾ ਨਾਲ ਆਖਿਆ, ''ਕੋਈ ਨਹੀਂ ਉਹਦੇ ਨਾਲ ਵੀ ਵਿਆਹ ਕਰਵਾ ਲਵਾਂਗੇ...। ਉਹ ਰੋਟੀ-ਟੁੱਕ ਤੇ ਘਰ ਦਾ ਕੰਮ ਕਰ ਛੱਡਿਆ ਕਰੂ...।‘‘
ਐਤਕੀਂ ਨਿੰਦਰ ਦੇ ਬੋਲਾਂ ਵਿਚੋਂ ਸ਼ਰਾਰਤ ਸਾਫ਼ ਝਲਕਦੀ ਦਿਸ ਰਹੀ ਸੀ।
ਚੌਕੀ ਭਰਨ ਜਾਣ ਦੇ ਨਿਸਚਿਤ ਕੀਤੇ ਛੇ ਮਹੀਨਿਆਂ ਵਿਚੋਂ ਅਜੇ ਚਾਰ ਮਹੀਨੇ ਹੀ ਗੁਜ਼ਰੇ ਸਨ ਕਿ ਉਹ ਆਪਣੇ ਆਪ ਜਸਵੰਤ ਹੁਰਾਂ ਦੇ ਘਰ ਕੰਮ ਉੱਤੇ ਆ ਗਿਆ।
''ਮਾਂ ਪਿਓ ਤੋਂ ਪੁੱਛ ਲੈਣਾ ਸੀ... ਬਿਗਾਨੇ ਘਰੋਂ ਖਾਧਾ ਤੇਰੇ ਅੰਦਰ ਭੂਤ ਨਾ ਬਣ ਜਾਵੇ।‘‘
ਜਸਵੰਤ ਦੇ ਗ਼ਿਲੇ ਦੇ ਜੁਆਬ ਵਿਚ ਉਸ ਨੇ ਆਖਿਆ, ''ਚਾਚਾ! ਨਿੱਕੇ ਹੁੰਦਿਆਂ ਤੋਂ ਇਸ ਘਰ ਦੀ ਰੋਟੀ ਖਾਧੀ ਆ। ਚਾਚੀ ਠੀਕ ਆਖਦੀ ਏ, ਰੋਟੀ ਬਿਨਾਂ ਗੁਜ਼ਾਰਾ ਨਹੀਂ।.... ਛਿੰਨੋ ਫੇਰ ਚੀਕਣ ਲੱਗ ਪਈ ਊ। ਹੁਣ ਆਖਦੀ ਏ, ਵੇ ਤੂੰ ਵੀ ਭਿੱਲੀ ਜਿੰਨੀਆਂ ਰੋਟੀਆਂ ਖਾਣ ਲੱਗ ਪਿਐਂ। ਮੈਂ ਵੀ ਸੋਚਿਐ... ਵਿਆਹ ਉਸ ਕੁੜੀ ਨਾਲ ਹੋ ਜਾਣਾਂ ਮੇਰਾ...। ਵਿਆਹ ਉੱਤੇ ਖ਼ਰਚਾ ਵੀ ਆਉਣੈਂ। ਫਿਰ ਪਿੱਛੋਂ ਰੋਟੀ ਵੀ ਤਾਂ ਉਹਨੂੰ ਖੁਆਉਣੀ ਆਂ। ਕਮਾਈ ਕਰੂੰ ਤਦ ਹੀ ਕੁਝ ਬਣੂੰ... ਪਰ ਚਾਚਾ ਇਕ ਸ਼ਰਤ ਈ...‘‘
ਜਸਵੰਤ ਨੇ ਅੱਖਾਂ ਨਾਲ ਸ਼ਰਤ ਜਾਨਣ ਲਈ ਹੁੰਗਾਰਾ ਭਰਿਆ।
''ਜਿੰਨਾ ਚਿਰ ਵਿਆਹ ਦੀ ਗੱਲ ਸਿਰੇ ਨਹੀਂ ਚੜ੍ਹਦੀ ਮੈਨੂੰ ਐਤਵਾਰ ਦੀ ਛੁੱਟੀ ਚਾਹੀਦੀ ਆ... ਬਾਬੇ ਕੋਲ ਜਾਣ ਵਾਸਤੇ... ਅੱਗੋਂ-ਪਿੱਛੋਂ ਬੇਸ਼ੱਕ ਕੰਮ ਕਰਵਾ ਲਈਂ।‘‘
''ਬਾਬੇ ਕੋਲ ਜਾਣ ਵਾਸਤੇ ਕਿ ਬੀਬੀ ਕੋਲ ਜਾਣ ਵਾਸਤੇ?‘‘ ਜਸਵੰਤ ਨੇ ਛੇੜਿਆ।
''ਚੱਲ ਇੰਜ ਹੀ ਸਹੀ‘‘ ਉਸਨੂੰ ਕੋਈ ਉਜਰ ਨਹੀਂ ਸੀ। ਸ਼ਾਮ ਨੂੰ ਘਰ ਜਾਣ ਲੱਗਾ ਕੰਧ ਨਾਲ ਇਕ ਪਾਸੇ ਲੱਗਾ ਛੋਟਾ ਗਾਡਰ ਵੇਖਕੇ ਆਖਣ ਲੱਗਾ, ''ਆਹ ਗਾਡਰ ਮੈਂ ਫੇਰ ਲੈ ਜਾਣਾਂ... ਪਿਛਲਾ ਕੋਠਾ ਛੱਤਾਂਗੇ...‘‘
ਸ਼ਨਿਚਰਵਾਰ ਨੂੰ ਉਹ ਆਪਣੀ ਧੋਤੀ ਹੋਈ ਪੈਂਟ-ਕਮੀਜ਼ ਹੱਥ ਵਿਚ ਫੜੀ ਆਇਆ ਤੇ ਜਸਵੰਤ ਦੀ ਘਰ ਵਾਲੀ ਨੂੰ ਕਹਿਣ ਲੱਗਾ, ''ਚਾਚੀ! ਆਪਣੀ ਪ੍ਰੈਸ ਲਾ ਦੇ... ਮੈਂ ਲੀੜੇ ਪ੍ਰੈਸ ਕਰ ਲਵਾਂ।‘‘
''ਸਵੇਰੇ ਐਤਵਾਰ ਹੈ ਨਾ!‘‘ ਜਸਵੰਤ ਦੀ ਪਤਨੀ ਮੁਸਕਰਾਈ।
''ਨਹੀਂ ਚਾਚੀ... ਸਵੇਰੇ 'ਵਾਰ‘ ਨਹੀਂ ਸਵੇਰੇ ਤਾਂ 'ਮੇਲਾ‘ ਹੈ।‘‘ ਉਹ ਦੇ ਠਹਾਕੇ ਵਿਚ ਸ਼ਰਾਰਤ ਸੀ।
ਸੋਮਵਾਰ ਕੰਮ ਉੱਤੇ ਆਇਆ ਤਾਂ ਉਹ ਬੁਝਿਆ-ਬੁਝਿਆ ਸੀ। ਕੱਲ੍ਹ ਵਾਲੀ ਪ੍ਰੈਸ ਕੀਤੀ ਪੈਂਟ-ਕਮੀਜ਼ ਉਸ ਨੇ ਕੰਮ ਉੱਤੇ ਵੀ ਪਾਈ ਹੋਈ ਸੀ। ਕਪੱੜਿਆਂ ਨੂੰ ਵੱਟ ਪੈਣ ਜਾਂ ਮੈਲੇ ਹੋਣ ਦਾ ਉਸ ਨੂੰ ਕੋਈ ਫ਼ਿਕਰ ਨਹੀਂ ਸੀ। ਜਸਵੰਤ ਹੁਰਾਂ ਨੇ ਬਾਰ-ਬਾਰ ਉਹ ਦੀ ਉਦਾਸੀ ਦਾ ਕਾਰਨ ਪੁੱਛਿਆ ਪਰ ਉਹ ਆਪਣੇ ਧਿਆਨ ਕੰਮ ਕਰਨ ਵਿਚ ਲੱਗਾ ਰਿਹਾ।
ਕੱਲ੍ਹ ਸੀਤੋ ਦੀ ਮਾਂ ਨੇ ਉਸਨੂੰ ਰੋਕ ਕੇ ਇਕ ਪਾਸੇ ਲਿਜਾ ਕੇ ਇਕੱਲੇ ਨੂੰ ਬੜੇ ਮੋਹ ਨਾਲ ਪੁੱਛਿਆ ਸੀ, ''ਪੁੱਤ ਨਿੰਦਰ ਸਿਅ੍ਹਾਂ। ਤੁਹਾਡੀ ਜਾਤ-ਬਰਾਦਰੀ ਭਲਾ ਕਿਹੜੀ ਐ?‘‘
ਨਿੰਦਰ ਉਹਦੇ ਚਿਹਰੇ ਵੱਲ ਪੁੱਛਦੀਆਂ ਨਜ਼ਰਾਂ ਤੇ ਧੜਕਦੇ ਦਿਲ ਨਾਲ ਵੇਖਦਾ ਰਿਹਾ।
'ਮੇਰਾ ਮਤਲਬ ਐ ਤੁਸੀਂ ਜੱਟ ਈ ਓ ਨਾ?‘‘
ਸੀਤੋ ਪਰ੍ਹੇ ਸੰਗਤ ਵਿਚ ਬੈਠੀ ਏਧਰ ਹੀ ਵੇਖ ਰਹੀ ਸੀ। ਨਿੰਦਰ ਦੇ ਮਨ ਉੱਤੇ ਸਾਰਾ ਕੁਝ ਲਿਖਿਆ ਹੋਇਆ ਇਕ ਹੀ ਪੂੰਝੇ ਨਾਲ ਮਿਟ ਗਿਆ ਸੀ। ਉਸਨੇ ਜੁਆਬ ਨਾ ਦਿੱਤਾ ਤਾਂ ਸੀਤੋ ਦੀ ਮਾਂ ਨੇ ਆਪਣਾ ਸੁਆਲ ਫੇਰ ਦੁਹਰਾਇਆ।
ਸੀਤੋ ਵੱਲ ਵੇਖ ਕੇ ਉਸਨੇ ਟੁੱਟਵੇਂ ਬੋਲਾਂ ਨਾਲ ਐਤਕੀਂ ਕਹਿ ਹੀ ਦਿੱਤਾ, ''ਜੱਟ ਆਂ ਅਸੀਂ। ਤੇ ਗੋਤ ਹੈ ਸਾਡਾ ਦਿਓ... ਮੈਂ ਮਿੰ... ਮਿੰ...‘‘
ਉਹਦੀ ਜ਼ਬਾਨ ਕੰਬਣ ਲੱਗ ਪਈ ਤੇ 'ਮੈਂ ਮਿੰਟੂ ਦਿਓਲ ਹਾਂ‘ ਕਹਿਣ ਤੋਂ ਆਕੀ ਹੋਈ ਜ਼ਬਾਨ ਖ਼ੁਸ਼ਕ ਹੋ ਕੇ ਉਸਦੇ ਤਾਲੂ ਨਾਲ ਜਾ ਲੱਗੀ।
''ਕੀ ਰੋਣਾ ਜਿਹਾ ਮੂੰਹ ਬਣਾਇਐ ਉਏ ਤੂੰ?‘‘ ਐਤਕੀਂ ਜਸਵੰਤ ਨੇ ਉਸ ਨੂੰ ਲਾਡ ਨਾਲ ਝਿੜਕਿਆ ਤਾਂ ਉਹ ਜਿਵੇਂ ਡੂੰਘੇ ਖੂਹ ਵਿਚੋਂ ਬੋਲਿਆ,
''ਚਾਚਾ ਰੋਂਦ ਵੱਜ ਗਿਐ!‘‘
''ਕਿਵੇਂ? ਕੀਹਨੇ ਮਾਰਿਐ ਰੋਂਦ?‘‘
''ਰੱਬ ਨੇ ਮਾਰਿਐ ਜਿਹੜੇ ਨੈਤੇ ਤੇ ਛਿੰਨੋ ਦੇ ਘਰ ਜੰਮ ਪਏ!‘‘
ਏਨੀ ਆਖ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ।
ਅਗਲੇ ਐਤਵਾਰ ਉਸਨੇ ਛੁੱਟੀ ਨਹੀਂ ਕੀਤੀ। ਸਿੱਧਾ ਕੰਮ ਉੱਤੇ ਹੀ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346