Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ
- ਡਾ.ਸੁਰਿੰਦਰ ਮੰਡ

 

1980 ਦੀ ਗੱਲ ਹੋਊ। ਸਾਡੇ ਘਰ ਦੋ-ਤਿੰਨ ਦਿਨਾਂ ਤੋਂ ਚੰਗਾ ਪੰਗਾ ਪਿਆ ਹੋਇਆ ਸੀ। ਮੇਰੇ ਚਾਚਾ ਸ੍ਰ ਹਰਦਿਆਲ ਸਿੰਘ ਜੋ ਸਰਕਾਰੀ ਹਾਇਰ ਸੈਕਡੰਰੀ ਸਕੂਲ ਪੱਟੀ ਵਿੱਚ ਪੜ੍ਹਾਉਂਦੇ ਸਨ; ਉਹ ਵੈਸੇ ਤਾਂ ਭਲੇਮਾਣਸ ਅਤੇ ਜ਼ਰਾ ਘੱਟ ਬੋਲਣ ਵਾਲਿਆਂ ‘ਚੋ ਸਨ। ਪਰ ਜੇ ਕਿਤੇ ਛਿੱਟ ਲਾ ਲੈਣ ਜਾਂ ਗੁੱਸੇ ‘ਚ ਹੋਣ ਤਾਂ ਫਿਰ ਸ਼ੁਰੂ ਹੋ ਜਾਂਦੇ ਸਨ। ਉਹ ਮੇਰੇ ਉੱਤੇ ਡਾਢੇ ਖਫ਼ਾ ਸਨ ਤੇ ਮੇਰੇ ਘਰ ਦੇ ਵੀ ਤਕਰੀਬਨ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਸਨ।
“ਨਾ, ਮੈਂ ਤੈਨੂੰ ਪੁੱਛਦਾਂ ਬਈ ਸਕੂਲ ਸਾਡਾ, ਫੰਕਸ਼ਨ ਸਾਡਾ, ਅਸੀਂ ਏਡੀ ਮੁਸ਼ਕਲ ਨਾਲ ਆਰਗੇਨਾਈਜ਼ ਕੀਤਾ। ਤੁਹਾਨੂੰ ਉਥੇ ਕਿਸੇ ਸੱਦਿਆ ਨੀ, ਬੁਲਾਇਆ ਨੀ। ਅਸੀਂ ਓਥੇ ਜੋ ਮਰਜੀ ਕਰੀਏ। ਤੇ ਤੁਹਾਨੂੰ ਕਿੰਨ੍ਹੇ ਹੱਕ ਦਿੱਤਾ ਸੀ ਵਿੱਚ ਆ ਕੇ ਰੰਗ ‘ਚ ਭੰਗ ਪਾਉਣ ਦਾ? ‘‘
“ਜੋ ਮਰਜੀ ਤੁਸੀਂ ਪਬਲਿਕ ਕੱਠੀ ਕਰਕੇ ਕਰਨਾ ਸੀ? ਏਹੋ ਜਿਆ ਪ੍ਰੋਗ੍ਰਾਮ ਤੁਹਾਨੂੰ ਕਰਨਾ ਈ ਨੲ੍ਹੀ ਸੀ ਚਾਹ੍ਹੀਦਾ। ‘‘ ਮੈਂ ਆਪਣੀ ਵੱਲੋਂ ਪਾਏ ਵਿਘਨ ਦੇ ਹੱਕ ਵਿੱਚ ਦਲੀਲ ਦੇਣ ਦੀ ਕੋਸ਼ਿਸ਼ ਕੀਤੀ।
“ਨਾ, ਤੇਰੇ ਕੋਲ ਠੇਕਾ ਹਰ ਇੱਕ ਦੀ ਗੱਲ ‘ਚ ਦਖਲ ਦੇਣ ਦਾ? ਮੇਰੀ ਤੇ ਤੂੰ ਬੇਜ਼ਤੀ ਕਰਾ ਕੇ ਰੱਖਤੀ ਸਾਰੇ ਸਕੂਲ ‘ਚ। ਆਂਹਦੇ ਤੇਰਾ ਭਤੀਜਾ ਨਾਲ ਸੀ। ‘‘ ਚਾਚਾ ਅੰਦਰੋਂ ਦੁਖੀ ਸੀ।
“ਠੇਕੇ ਦੀ ਕੀ ਗੱਲ ਆ? ਸੲ੍ਹੀ ਗੱਲ ਸੲ੍ਹੀ ਆ। ‘‘
ਮੈਂ ਵੀ ਅੜ ਗਿਆ ਸਾਂ। ਅਸਲ ਵਿੱਚ ਉਹਨੀ ਦਿਨੀ ਮੈਨੂੰ ਗੁੜ੍ਹਤੀ ਹੀ ਅੜ੍ਹ ਜਾਣ ਦੀ ਮਿਲੀ ਹੋਈ ਸੀ। ਤੇ ਮੈਂ ਆਪਣੇ ਮਨੋ ਘਰਦਿਆਂ ਤੋਂ ਲੈ ਕੇ ਸਰਕਾਰ ਤਕ ਹਰ ਪੋਖੋਂ ਬਾਗ਼ੀ ਹੋਇਆ ਪਿਆ ਸੀ। ਇਤਿਹਾਸ ਵਿੱਚ ਬਾਗੀ ਹੋਏ ਬੰਦੇ ਹੀ ਮੇਰੇ ਆਦਰਸ਼ ਸਨ। ਮੈਂ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਦਾ ਜ਼ਿਲ੍ਹਾ ਪੱਧਰ ਦਾ ਲੀਡਰ ਬਣ ਗਿਆ ਸਾਂ ਤੇ ਘਰ ਘੱਟ ਹੀ ਵੜਦਾ ਸਾਂ।
ਹੋਇਆ ਇੰਜ ਸੀ ਕਿ ਸਰਕਾਰੀ ਹਾਇਰ ਸੈਕੰਡਰੀ ਸਕੂਲ ਪੱਟੀ ਵਿੱਚ ਹਾਕੀ ਦੀ ਗਰਾਊਂਡ ‘ਚ ਵਾਹਵਾ ਦੁਨੀਆਂ ਕੱਠੀ ਹੋਈ। ਆਲੇ-ਦੁਆਲੇ ਦੇ ਸਕੂਲਾਂ ਦੇ ਮਾਸਟਰ, ਵਿਦਿਆਰਥੀ ਤੇ ਆਮ ਲੋਕ। ਆਲੇ-ਦੁਆਲੇ ਕੁਰਸੀਆਂ ਲੱਗੀਆਂ। ਪੂਰਾ ਮੇਲਾ ਭਰਿਆ। ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨੇ ਸੰਖੇਪ ਤਕਰੀਰ ਵਿੱਚ ਚਾਨਣਾ ਪਾਇਆ ਕਿ ਅਸੀ ਅੱਜ ਸਭਿਆਚਾਰਕ ਪ੍ਰੋਗ੍ਰਾਮ ਕਰਵਾ ਰਹੇ ਆਂ। ਇਸ ਤੋਂ ਬਾਅਦ ਉਸਨੇ ਗਾਇਕ ਜੋੜੀ ਨੂੰ ਮੰਚ ਉਤੇ ਬੁਲਾਇਆ। ਇੱਕ ਕੁੜੀ ਤੇ ਇੱਕ ਆਦਮੀ। ਸਾਜੀਆਂ ਸਾਜ਼ ਸੁਰ ਕੀਤੇ। ਢੋਲਕੀਆਂ ਛੈਣੇ ਖੜਕੇ। ਮੇਲਾ ਜੰਮ ਗਿਆ। ਗਾਇਕ ਜੋੜੀ ਨੇ ਬੜੀਆਂ ਅਜੀਬ ਜਿਹੀਆਂ ਹਰਕਤਾਂ ਨਾਲ ਸਟੇਜ ਤੇ ਗੇੜਾ ਦਿੱਤਾ। ਪਹਿਲਾਂ ਨਿੱਕਾ ਜਿਹਾ ਧਾਰਮਿਕ ਗਾਣਾ ਗਾਇਆ। ਦੂਜਾ ਗਾਣਾ ਜ਼ਰਾ ਸਹਿੰਦਾ-ਸਹਿੰਦਾ ਲੱਚਰ ਸੁਣਾਇਆ ਤੇ ਫਿਰ ਆ ਗਏ ਅਸਲੀ ਰੰਗ ‘ਚ।
ਅਸੀਂ ਵੀ ਚਾਰ ਜਣੇ ਪੰਡਾਲ ਵਿੱਚ ਬੈਠੇ ਸਾਂ। ਮੇਰੇ ਨਾਲ ਕਰਮ ਹੁੰਦਲ ਦਿਆਲਪੁਰਾ, ਅਮਰਜੀਤ ਸਿੰਘ ਮਖੂ ਤੇ ਦੀਦਾਰ ਸਿੰਘ ਮਨਿਅ੍ਹਾਲੀਆ ਸਨ। ਅਸੀ ਸਲਾਹ ਬਣਾਉਣ ਲੱਗੇ ਕਿ ਜੇ ਇਹ ਲੁੱਚਪੁਣਾ ਬਹੁਤਾ ਖਲਾਰਨ ਤਾਂ ਕੀ ਕਰਨਾ! ਸਾਡੀ ਆਵਦੀ ਸੋਚ ਸੀ ਕਿ ਏਹੋ ਜੲ੍ਹੇ ਪ੍ਰੋਗ੍ਰਾਮ ਲੋਕਾਂ ਦੇ ਅਸਲੀ ਮਸਲਿਆਂ ਵੱਲੋਂ ਧਿਆਨ ਹਟਾਉਣ ਲਈ ਤੇ ਜਨਤਾ ਦੀ ਸੋਚ ਖਰਾਬ ਕਰਨ ਲਈ ਸਰਕਾਰ ਪੱਖੀਆਂ ਦੀ ਕੋਸ਼ਿਸ਼ ਹੁੰਦੇ ਨੇ।
ਲੰਡੂ ਗਾਇਕ ਜੋੜੀ ਨੇ ਅਸਲੀ ਰੰਗ ‘ਚ ਆਉਂਦਿਆਂ ਗਾਣਾ ਸ਼ੁਰੂ ਕੀਤਾ:-
“ਘੜਾ ਵੱਜਦਾ ਘੜੋਲੀ ਵੱਜਦੀ।” ਕੁੜੀ ਨੇ ਅਵਾਜ਼ ਕੱਢੀ।
“ਤੇ ਵਿੱਚ ਕੀ ਵੱਜਦਾ?” ਗਾਇਕ ਬੋਲਿਆ
“ਵਿਚ ਵੱਜਦਾ ਛੜੇ ਦਾ ਬੁਕਚੂ‘‘ ਗਾਉਂਦਿਆਂ ਗਾਇਕ ਕੁੜੀ ਨੇ ਬੜੇ ਅਸ਼ਲੀਲ ਕਿਸਮ ਦੇ ਐਕਸ਼ਨ ਕੀਤੇ।
ਸਾਡੀ ਅੱਧ ਪਚੱਧੀ ਸਲਾਹ ਤਾਂ ਪਹਿਲਾਂ ਹੀ ਬਣੀ ਸੀ। ਅਸੀਂ ਚਾਰੇ ਜਣੇ ਉੱਠੇ ਅਤੇ ਲਲਕਾਰੇ ਮਾਰਦੇ ਸਟੇਜ ਵੱਲ ਵਧੇ।
“ਖਲੋਜੋ ਜਰਾ ਧਾਨੂੰ ਦੱਸਦੇ ਕਿੰਜ ਗੰਦ ਘੋਲੀਦਾ! ‘‘
ਸਾਨੂੰ ਸਟੇਜ ਵੱਲ ਆਉਂਦਿਆਂ ਵੇਖ ਕੇ ਗਾਇਕ ਜੋੜੀ ਅਤੇ ਢੋਲਕੀਆਂ ਵਾਜਿਆਂ ਵਾਲੇ ਆਪਣਾ ਸਮਾਨ ਛੱਡ ਕੇ ਪਤਾ ਨਹੀਂ ਕਿਧਰ ਨੂੰ ਭੱਜ ਗਏ। ਲਾ-ਲਾ-ਲਾ-ਲਾ ਹੋਗੀ। ਹਫੜਾ-ਤਫੜੀ ਪੈਗੀ। ਦੁਨੀਆਂ ਉੱਠ ਪੀ। ਅਸੀਂ ਸਟੇਜ਼ ਉਤੇ ਕਬਜ਼ਾ ਕਰਕੇ ਲੱਚਰਪੁਣੇ ਦੇ ਖਿਲਾਫ਼ ਨਾਹਰੇ ਮਾਰੇ। ਅਤੇ ਵਾਰੀ-ਵਾਰੀ 15-20 ਮਿੰਟ ਭਾਸ਼ਨ ਦਿੱਤੇ। ਫੰਕਸ਼ਨ ਖਤਮ ਹੋ ਗਿਆ। ਅਸੀਂ ਇਸ ਗੱਲੋਂ ਬੇਪ੍ਰਵਾਹ ਸਾਂ ਕਿ ਸਾਨੂੰ ਕੌਣ ਮਾੜਾ ਆਹੰਦਾ ਤੇ ਕੌਣ ਚੰਗਾ।
ਬਾਕੀ ਤਿਨ੍ਹਾਂ ਨੂੰ ਤਾਂ ਕੋਈ ਪੁੱਛਣ ਵਾਲਾ ਨਹੀਂ ਸੀ। ਪਰ ਮੇਰਾ ਸਕਾ ਚਾਚਾ ਉਸੇ ਸਕੂਲ ਵਿੱਚ ਮਾਸਟਰ ਹੋਣ ਕਰਕੇ ਮੇਰੇ ਲਈ ਘਰ ਵਿੱਚ ਵੱਖਰੀ ਮੁਸੀਬਤ ਸੀ। ਨਾਲੇ ਸਿਰਫ਼ ਮੈਂ ਹੀ ਸਾਂ ਜਿਹੜਾ ਉਸੇ ਸਕੂਲੋਂ ਤਿੰਨ-ਚਾਰ ਸਾਲ ਪਹਿਲਾਂ ਹਾਇਰ ਸੈਕੰਡਰੀ ਪਾਸ ਕਰਕੇ ਗਿਆ ਸਾਂ। ਓਦੋਂ ਵੀ ਜੱਦ ਮੈਂ ਸਕੂਲ ਦੇ ਬੜੇ ਰੋਹਬਦਾਰ ਡੀ. ਪੀ. ਅਮਰਜੀਤ ਸਿੰਘ ਦੇ ਡੰਡੇ ਦੀ ਪਰਵਾਹ ਨਾ ਕਰਦਿਆਂ ਸਕੂਲ ਦਾ ਪ੍ਰਧਾਨ ਬਣਿਆ ਤਾਂ ਉਸਨੇ ਮੇਰੇ ਚਾਚੇ ਨੂੰ ਉਲ੍ਹਾਮਾਂ ਦਿੱਤਾ ਸੀ, “ਹਰਦਿਆਲ ਸ੍ਹਿਆਂ, ਮੁੰਡਾ ਸਮਝਲੋ ਧਾਡੇ ਹੱਥਾਂ ‘ਚੋਂ ਨਿਕਲ ਗਿਆ। ‘‘
ਅਸਾਂ ਫੰਕਸ਼ਨ ਵਿੱਚ ਜੋ ਵੀ ਕੀਤਾ, ਉਸ ਕਰਕੇ ਚਾਚੇ ਨੂੰ ਸਟਾਫ਼ ਮੀਟਿੰਗ ਵਿੱਚ ਪ੍ਰਿੰਸੀਪਲ ਨੇ ਚੰਗੀ ਝਾੜ ਪਾਈ ਸੀ। ਤੇ ਮੇਰੇ ਵੱਲੋਂ ਡਰਾਇਆ ਵੀ। ਚਾਚਾ ਜ਼ੋਰ ਦੇ ਕੇ ਕਹਿ ਰਿਹਾ ਸੀ।
“ਜੇ ਤੇਰੇ ਏਹੋ ਚਾਲੇ ਰੲ੍ਹੇ ਤਾਂ ਤੂੰ ਸਾਰਿਆਂ ਨੂੰ ਕਿਸੇ ਵੱਡੀ ਮੁਸੀਬਤ ‘ਚ ਸੁੱਟੇਗਾਂ। ਨਾ ਸੁੱਟੇਗਾਂ ਤੇ ਆਖੀਂ! ਵਲਟੋਹੇ ਵਾਲੇ ਬੇਦੀ ਪ੍ਰਿੰਸੀਪਲ ਨੇ ਵੀ ਤੇਰਾ ਉਲ੍ਹਾਮਾ ਦਿੱਤਾ। ਬਈ ਤੇਰਾ ਭਤੀਜਾ ਮੇਰੇ ਸਕੂਲ ‘ਚ ਆ ਕੇ ਮੈਨੂੰ ਖੱਜਲ ਕਰਕੇ ਗਿਆ। ‘‘
ਹਾਲਾਂ ਕਿ ਵਲਟੋਹੇ ਸਕੂਲ ‘ਚ ਇੱਕ ਬੜੇ ਅੜ੍ਹਬ ਬੇਦੀ ਪ੍ਰਿੰਸੀਪਲ ਨੇ ਗਿਆਰਾਂ ਵਿਦਿਆਰਥਿਆਂ ਦੇ ਨਾਂ ਕੱਟ ਕੇ ਇਮਤਿਹਾਨ ਦੇਣੋ ਰੋਕ ਦਿਤਾ ਸੀ ਤੇ ਦਵਿੰਦਰਜੀਤ ਢਿੱਲੋਂ, ਮੈਂ ਤੇ ਕਰਮ ਸਿੰਘ ਹੁੰਦਲ, ਪੱਟੀਓਂ ਮੁੰਡਿਆਂ ਦਾ ਟਰੱਕ ਭਰਕੇ ਵਲਟੋਹੇ ਜਾ ਕੇ ਪ੍ਰਿੰਸੀਪਲ ਦਾ ਘਿਰਾਓ ਕਰਕੇ ਸਾਰਿਆਂ ਨੂੰ ਦਾਖ਼ਲ ਕਰਵਾ ਕੇ ਆਏ ਸਾਂ। ਦਾਖ਼ਲ ਹੋਣ ਵਾਲਿਆਂ ਵਿੱਚ ਭਾਈ ਮਨਜੀਤ ਸਿੰਘ ਵੀ ਸੀ ਜੋ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਨੀਅਰ ਮੀਤ ਪ੍ਰਧਾਨ ਹੈ।
ਮੇਰੀ ਮਾਂ ਮੈਨੂੰ ਸਮਝਾਉਣ ਲੱਗੀ, “ਵੇਖ ਪੁੱਤ, ਅਸੀਂ ਤੇਰੇ ਦੋਖੀ ਨੀ, ਵੇਖ, ਅੱਤ ਚੰਗੀ ਨੀ ਹੁੰਦੀ। ਤੂੰ ਲੈਂਦਾ ਪੰਗੇ ਪੁਲਸ ਨਾਲ ਵੀ। ਪੁਲਸ ਨੂੰ ਵੀ ਜਿੱਤਿਆ ਕਦੀ ਕੋਈ?
ਹੋਰ ਵੀ ਦੁਨੀਆਂ ਚੰਗੀ ਭਲੀ ਵੱਸਣ ਡੲ੍ਹੀ ਆ ਪਿੰਡ ‘ਚ। ਜਿੱਦਣ ਦਾ ਤੂੰ ਸਵਰਨੇ ਸਰਪੰਚ ਦੀ ਵ੍ਹੇਲੀ ‘ਚੋਂ ਜਾ ਕੇ ਸਾਰੇ ਪਿੰਡ ਦੇ ਸਾਹਮਣੇ, ਰੱਸਿਆਂ ਨਾਲ ਬੱਧੇ ਕੱਤੋ ਮਜ਼੍ਹਬੀ ਨੂੰ ਪੁਲੀਸ ਤੋ ਖੁਲਵਾਇ੍ਹਆ। ਸਵਰਨਾ ਬੜਾ ਭਾਰਾ ਨਾਰਾਜ਼ ਆ। ਉਹ ਅਲ੍ਹਾਮਾ ਦੇ ਕੇ ਗਿਆ ਸਾਨੂੰ। ਆਂਹਦਾ “ਧਾਡੇ ਮੁੰਡੇ ਨੇ ਚੜ੍ਹੋ-ਖਤੀ ਕੀਤੀ ਸਾਡੇ ਤੇ, ਭਾਜੀ ਚੜ੍ਹਾਈ ਆ। ਮੈਂ ਕੱਤੋ ਤੋਂ ਪੈਸੇ ਲੈਣੇ ਸੀ। ਮੈਂ ਪੈਸੇ ਦੇ ਕੇ ਪੁਲਸ ਲਿਆਂਦੀ ਸੀ। ਧਾਡੇ ਮੁੰਡੇ ਦਾ ਹੱਕ ਨੀ ਸੀ ਬਣਦਾ ਏਦਾਂ। ਮੈਂ ਖਲੋਣ ਜੋਗਾ ਨੀ ਰਿਆ ਪਿੰਡ ‘ਚ। ਆਪਣੀ ਤਿੰਨ੍ਹਾ ਪੀੜ੍ਹੀਆਂ ਦੀ ਸਾਂਝ ਖੂਹ ‘ਚ ਪਾ ਤੀ ਏਹਨੇ। “ ਵੇਖ ਪੁੱਤ ਤੂੰ ਚੂਹੜਿਆਂ ਚੱਪੜਿਆਂ ਬਦਲੇ ਆਪਣੇ ਜੱਟਾਂ ਨਾਲ ਪੰਗੇ ਲੈਂਦਾ ਫਿਰਦਾਂ। ਜੇ ਓਦਣ ਤੇ ਓਦਣ ਸਾਰੇ ਜੱਟ ਇੱਕ ਪਾਸੇ ਤੇ ਤੂੰ ਕੱਲਾ ਈ ਮਜ੍ਹਬੀਆਂ ਅੱਲਦੀ ਗੱਲ ਕਰੀ ਗਿਆਂ, ਜਿੱਦਣ ਮੋਹੇ ਦੇ ਦਾਣੇ ਵਧਾਉਣ ਆਲਾ ਪੰਗਾ ਪਿਆ। ਗੁਰਦੀਪ ਸੋਂਹ ਸਰਪੰਚ ਆਂਹਦਾ ਅਸੀਂ ਧਾਡੇ ਮੁੰਡੇ ਕਰਕੇ ਪਿਛਾਂਹ ਹਟੇ ਆਂ। ਦਾਸ ਸੋਂਹ ਮਿੰਬਰ ਵੱਖਰਾ ਨਾਰਾਜ਼ ਆ। “
“ਬੀਬੀ, ਏਹ ਮਜ਼੍ਹਬੀਆਂ ਦਾ ਟੱਟੀ ਪਸ਼ਾਪ ਬੰਦ ਕਰਨ ਦਾ ਯਤਨ ਕਰਨ ਲਈ ਕੱਠੇ ਹੋਏ ਸੀ। ਜਿਹੜਾ ਮੈਂ ਹੋਣ ਨਹੀਂ ਦਿੱਤਾ। ਕੀ ਮਾੜਾ ਕਰਤਾ? ਧਰਤੀ ਏਹਨਾ ਦੇ ਪਿਓ ਨੇ ਬਣਾਈ ਆ, ਜੀਹਦੇ ਉੱਤੇ ਇਹ ਹੱਗਣਾ ਬੰਦ ਕਰ ਦੇਣਗੇ ਲੋਕਾਂ ਦਾ? ‘‘ ਮੈਨੂੰ ਲੱਗਦਾ ਸੀ ਕਿ ਮੈਂ ਸੱਚਾ ਸਾਂ। ਘਰਦੇ ਐਵੇਂ ਪਿੰਡ ਦੇ ਲੈਵਲ ਤੇ ਈ ਸੋਚੀ ਜਾਂਦੇ ਸੀ।
ਮੇਰੀ ਦਾਦੀ ਜਿਹੜੀ ਮੇਰੇ ਵੱਲੋਂ ਘਰ ਪ੍ਰਾਹੁਣੇ ਲਿਆਉਣ ਤੋਂ ਵੀ ਅੰਦਰੋਂ ਅਕਸਰ ਦੁਖੀ ਰਹਿੰਦੀ ਸੀ ਉਹ ਵੀ ਬੋਲ ਪਈ, “ਪੁੱਤ, ਹਾਂ- ਵੱਡੇ ਦੋਵੇਂ ਤੇ ਊਂ ਨੀ ਪੜ੍ਹੇ। ਤੂੰ ਇੱਕ ਪੜ੍ਹ ਗਿਆ ਸੈਂ ਤੇ ਤੂੰ ਊਂ ਨਲੈਕ ਨਿਕਲ ਆਇਆਂ। ਤੇ ਮਾਪੇ ਕਿਹੜੇ ਖੁਹ ‘ਚ ਪੈ ਜਾਣ। ‘‘
ਇਹ ਨਲਾਇਕ ਨਿਕਲ ਆਉਣ ਵਾਲੀ ਗੱਲ ਕਿਸੇ ਵੇਲੇ ਵੀ ਮੇਰਾ ਖਹਿੜਾ ਨਹੀਂ ਸੀ ਛੱਡਦੀ। ਮੈਂ ਜਦ ਵੀ ਇੱਕਲਾ ਹੁੰਦਾ। ਖਾਸ ਕਰਕੇ ਜਦ ਰਾਤ ਨੂੰ ਸੌਣ ਲੱਗਦਾ ਤਾਂ ਕਦੀ ਤਾਂ ਮੈਂ ਆਪਣੇ ਨਿੱਤ ਦੇ ਚਲਦੇ ਇੱਟ-ਖੜਿੱਕਿਆ ਉੱਤੇ ਬੜਾ ਮਾਣ ਕਰਦਾ ਤੇ ਬੜੀ ਆਪਣੇ ਆਪ ਨੂੰ ਖਾਸ ਸ਼ੈਅ ਸਮਝਦਾ ਪਰ ਜੇ ਘਰਦਿਆਂ ਦੇ ਨੁਕਤੇ ਤੋਂ ਵੇਂਹਦਾ ਤਾਂ ਮੈਨੂੰ ਨਲੈਕ ਵਾਲੀ ਗੱਲ ਵੀ ਪੂਰੀ ਗਲਤ ਨਾ ਲਗਦੀ।
ਮੇਰੇ ਦੋਵੇਂ ਵੱਡੇ ਭਰਾ ਦਸਵੀਂ ਤੋਂ ਥੱਲੇ ਥੱਲੇ ਹੀ ਪੜ੍ਹਾਈ ਚੋਂ ਭੁਆਂਟਣੀਆਂ ਖਾ ਗਏ ਸਨ। ਤੇ ਦੋਵੇਂ ਹੀ ਵਿਦੇਸ਼ ਜਾਣ ਦੇ ਚੱਕਰ ਵਿੱਚ ਏਜੰਟਾਂ ਤੋਂ ਇਕ-ਇਕ ਵਾਰ ਮੋਟੀ ਠੱਗੀ ਖਾ ਚੁੱਕੇ ਸਨ। ਘਰ ਦਾ ਗਹਿਣਾ-ਗੱਟਾ ਵਿੱਚ ਗਿਆ ਸੀ ਤੇ ਹੋਰ ਕਰਜਾ ਵੀ ਚੜ੍ਹ ਗਿਆ ਸੀ। ਮੈਂ ਬੀ. ਏ. ਕਰ ਗਿਆ ਸਾਂ। ਮੇਰੇ ਸਕੇ ਮਾਸੜ ਸਰਦਾਰ ਮੇਜਰ ਸਿੰਘ ਉਬੋਕੇ ਚੋਟੀ ਦੇ ਅਕਾਲੀ ਲੀਡਰਾਂ ਵਿੱਚੋਂ ਸਨ। ਸਾਰੇ ਮੈਨੂੰ ਕੋਈ ਨੌਕਰੀ ਕਰਨ ਲਈ ਪ੍ਰੇਰਦੇ ਸਨ ਤੇ ਮੈਂ ਸਮਝਦਾ ਸਾਂ ਕਿ ਇਹ ਇਨਕਲਾਬੀ ਲਹਿਰ ਵਿੱਚ ਵਿਘਨ ਪਾਉਣ ਵਰਗੀ ਗੱਲ ਕਰ ਰੲ੍ਹੇ ਨੇ। ਲੋਕਾਂ ਖਾਤਰ ਨਿੱਜੀ ਕਸਾਰੇ ਝੱਲਣੇ ਪੈਂਦੇ ਨੇ। ਭਗਤ ਸਿੰਘ, ਸਰਾਭੇ ਅਤੇ ਗੁਰੂ ਗੋਬਿੰਦ ਸਿੰਘ ਹੁਰਾਂ ਦੀਆਂ ਮਿਸਾਲਾਂ ਦੇ ਦੇ ਕੇ ਮੈਂ ਗੱਲਾਂ ਵਿੱਚ ਵਾਰੇ ਨਹੀਂ ਸਾਂ ਆਉਣ ਦਿੰਦਾ। ਤੇ ਉਹਨਾਂ ਲਈ ਵੀ ਕੋਈ ਨਾ ਕੋਈ ਉਲਝਣ ਖੜੀ ਰੱਖਦਾ ਸਾਂ।
ਹੌਲੀ-ਹੌਲੀ ਗੱਲ ਓਧਰ ਜਾ ਰਹੀ ਸੀ ਕਿ ਮੇਰੇ ਕਰਕੇ ਸਾਰਾ ਪਰਿਵਾਰ ਈ ਵੱਡੀਆਂ ਮੁਸੀਬਤਾਂ ਦੀ ਘੁੰਮਣਘੇਰੀ ਵੱਲ ਵਧ ਰਿਹਾ ਸੀ।
ਮੁੱਖ ਮੰਤਰੀ ਦਰਬਾਰਹਾ ਸਿੰਘ ਦੀ ਸਰਕਾਰ ਨੇ ਕਿਰਾਏ ਵਧਾਉਣ ਦਾ ਫੈਸਲਾ ਆਪਣੀ ਵੱਲੋਂ ਬੜਾ ਲੁਕਾ ਕੇ ਅੱਧੀ ਰਾਤ ਨੂੰ ਐਲਾਨਿਆ ਪਰ ਸਾਨੂੰ ਰੋਡਵੇਜ਼ ਦੇ ਬੰਦਿਆਂ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਅਸੀਂ ਸਾਰੀਆਂ ਖੱਬੇ ਪੱਖੀ ਵਿਦਿਆਰਥੀ/ ਨੌਜਵਾਨ ਜਥੇਬੰਦੀਆਂ ਨੇ ਅਗਲੇ ਦਿਨ ਸਾਰੇ ਪੰਜਾਬ ਦੇ ਮੁੱਖ ਮਾਰਗਾਂ ਉੱਤੇ ਚੱਕਾ ਜਾਮ ਕਰ ਦਿੱਤਾ। ਸਰਕਾਰ ਹੱਕੀ-ਬੱਕੀ ਰਹਿ ਗਈ।
ਮੈਂ ਕਿਸੇ ਵੀ ਐਜੀਟੇਸ਼ਨ ਵਿੱਚ ਤੋੜ-ਫੋੜ ਕੇ ਸਖ਼ਤ ਖ਼ਿਲਾਫ਼ ਹਾਂ ਅਤੇ ਆਪਣੀ 10 ਸਾਲਾਂ ਦੀ ਅਗਵਾਈ ਵਿੱਚ ਕਦੀ ਐਸਾ ਨਹੀਂ ਹੋਣ ਦਿੱਤਾ। ਪਰ ਸਾਂਝੇ ਘੋਲ ਵਿੱਚ ਜਦ ਬਾਬਾ ਬੁੱਢਾ ਕਾਲਜ ਦੇ ਵਿਦਿਆਰਥੀਆਂ ਝਬਾਲ ਦੋ ਬੱਸਾਂ ਸਾੜ ਦਿੱਤੀਆਂ ਤਾਂ ਸਰਕਾਰ ਨੂੰ ਮੋੜਵਾਂ ਹਮਲਾ ਕਰਨ ਦਾ ਬਹਾਨਾ ਮਿਲ ਗਿਆ। ਪੰਜਾਬ ਭਰ ਵਿੱਚ ਫੜੋ ਫੜੀ ਸ਼ੁਰੂ ਹੋ ਗਈ।
ਅਸੀਂ ਵਰੰਟੀਡ ਹੋ ਗਏ। ਅੰਡਰ ਗਰਾਊਂਡ ਹੋ ਗਏ।
ਪੁਲੀਸ ਸਾਡੇ ਘਰੀਂ ਛਾਪੇ ਤੇ ਛਾਪਾ ਮਾਰਨ ਲੱਗੀ।
ਜਦੋਂ ਪੁਲੀਸ ਆਉਂਦੀ ਤਾਂ ਮੇਰੀ ਮਾਂ ਅੱਗੋਂ ਕਹਿੰਦੀ, “ਮੁੰਡਾ ਸਾਡੇ ਵਾਕ ‘ਚ ਨੀ ਹੈਗਾ। ਜਿੱਥੋਂ ਲੱਭਦਾ ਫੜ੍ਹ ਲੈ। ‘‘
“ਉਹ ਘਰ ਆਇਆ ਸੀ। ਸਾਨੂੰ ਪਤਾ ਲੱਗਾ। ਸਵੇਰੇ ਗਿਆ। ਤੁਸੀਂ ਬਾਹਰੋਂ ਕੁੰਡਾ ਮਾਰ ਕੇ ਸਾਨੂੰ ਫੜਾ ਦੇਣਾ ਸੀ। ‘‘ ਥਾਣੇਦਾਰ ਬੋਲਿਆ।
“ਬੱਲੇ ਓ ਜਵਾਨਾ ਤੇਰੇ। ਮੁੰਡਾ ਫੜਾ ਦੀਏ ਧਾਨੂੰ ਆਪ ਕਸਾਈਆਂ ਨੂੰ। ਸਿਆਸੀ ਲੜ੍ਹਾਈ ਆ। ਕੋਈ ਬੰਦਾ ਮਾਰਿਆ ਉਹਨੇ? ‘‘ ਮੇਰਾ ਬਾਪ ਬੁੜ੍ਹਕ ਪਿਆ।
“ਚਲ੍ਹੋ ਏਹਨੂੰ ਬਿਠਾਓ ਗੱਡੀ ‘ਚ। ‘‘ ਥਾਣੇਦਾਰ ਗੜ੍ਹਕਿਆ। ਥਾਣੇ ਲੈ ਗਿਆ। ਫਿਰ ਪਤਾ ਨੀ ਕੀ ਸੋਚਕੇ ਸ਼ਾਮ ਨੂੰ ਘਰ ਭੇਜ ਦਿੱਤਾ।
ਮੇਰਾ ਨਾਨਾ ਜਥੇਦਾਰ ਊਧਮ ਸਿੰਘ ਭਿੱਖੀ ਵਿੰਡ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚਿਆਂ ਦਾ ਘੁਲਾਟੀਆ ਸੀ ਇਸ ਕਰਕੇ ਮੇਰੀ ਮਾਂ ਪੁਲੀਸ ਤੋਂ ਬਹੁਤਾ ਤਾਹੁੰਦੀ ਨਹੀਂ ਸੀ ਪਰ ਉਹ ਮੇਰੇ ਬਾਰੇ ਫਿਕਰਮੰਦ ਸੀ ਅੰਤਾਂ ਦੀ। ਅਸੀਂ ਰਾਤ ਦਿਨ ਪਿੰਡਾਂ, ਸਕੂਲਾਂ, ਕਾਲਜਾਂ, ਆਈ. ਟੀ. ਆਈਆਂ ‘ਚ ਮੀਟਿੰਗਾਂ/ਰੈਲੀਆਂ/ਜਲਸੇ ਕਰਕੇ ਬੱਸਾਂ ਦੇ ਘਿਰਾਓ ਤੇ ਹੋਰ ਐਕਸ਼ਨਾ ਨਾਲ ਸਰਕਾਰ ਨੂੰ ਵੱਟੇ ਵੱਟ ਪਾਇਆ ਹੋਇਆ ਸੀ। ਮੈਂ ਪਿੰਡ ਆਉਂਦਾ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਪਿੰਡ ਵਿੱਚ ਕਿਸੇ ਵੱਲ ਸੌਂਦਾ। ਮਨ੍ਹੇਰੇ ਹੀ ਨਿਕਲ ਜਾਂਦਾ ਰਾਹੋਂ ਕੁਰਾਹੇ। ਇੱਕ ਰਾਤ ਪੁਲੀਸ ਨੇ ਪਿੰਡ ਦੀ ਨਾਕੇਬੰਦੀ ਕੀਤੀ ਤਾਂ ਘਰ ਦੇ ਬੜੇ ਘਬਰਾਏ।
ਅਸੀਂ ਵਿੱਚ ਹੋਰ ਪੰਗਾ ਵੀ ਲੈ ਲਿਆ ਅਵੱਲਾ; ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੀ ਕਨਵੋਕੇਸ਼ਨ ਆ ਗਈ। ਗਵਰਨਰ ਨੇ ਆਉਣਾ ਸੀ। ਅਸੀਂ ਫੈਸਲਾ ਕੀਤਾ ਕਿ ਜਦ ਗਵਰਨਰ ਭਾਸ਼ਨ ਕਰਨ ਲੱਗੇ ਤਾਂ ਆਪਾਂ ਉੱਠ ਕੇ ਨਾਹਰੇ ਮਾਰੀਏ ਤੇ ਆਪਣੀਆਂ ਮੰਗਾਂ ਦੇ ਇਸ਼ਤਿਹਾਰ ਸੁੱਟੀਏ। ਇੱਕ ਪਾਕਿਸਤਾਨ ਦਾ ਨੋਬਲ ਪ੍ਰਾਈਜ਼ ਜੇਤੂ ਸਾਇੰਸ ਦਾਨ ਡਾ. ਅਬਦੁਲ ਕਲਾਮ ਮੁੱਖ ਮਹਿਮਾਨ ਸੀ। ਅੰਦੋਲਨ ਕਾਰਨ ਕਿਸੇ ਗੜਬੜ ਦੇ ਡਰੋਂ ਖੁੱਲੇ ਪੰਡਾਲ ਦੀ ਬਜਾਏ ਲਾਇਬਰੇਰੀ ਹਾਲ ਵਿੱਚ ਕਨਵੋਕੇਸ਼ਨ ਕੀਤੀ ਗਈ। ਉਹਨੀ ਦਿਨੀ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਵਿੱਚ ਪ੍ਰਧਾਨ ਰਤਨ ਸਿੰਘ ਰੰਧਾਵਾ ਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ ਤੇ ਜੁਆਇੰਟ ਸੈਕਟਰੀ ਕਵਲਜੀਤ ਕੌਰ ਵੀ ਸਾਡੇ ਹੀ ਸਨ। ਉਹਨਾਂ ਨੂੰ ਵੀ ਅੰਦਰ ਜਾਣ ਲਈ ਦਸ ਪਾਸ ਮਿਲ ਗਏ। ਅੰਦਰ ਸਿਰਫ ਪਾਸ ਵਾਲੇ ਹੀ ਜਾ ਸਕਦੇ ਸਨ। ਪਹਿਲੀ-ਸੱਟੇ ਬੜੀ ਸਖਤ ਚੈਕਿੰਗ ਨਾਲ ਲੋਕ ਅੰਦਰ ਵਾੜੇ ਗਏ। ਤੇ ਮੁੜਕੇ ਪੁਲਸ ਢਿੱਲੀ ਜਿਹੀ ਹੋ ਕੇ ਬੈਠ ਗਈ। ਅਸੀਂ 10 ਕੁ ਜਣੇ ਅੰਦਰ ਬਾਹਰ ਆਉਣ ਵਾਲਿਆਂ ਦੇ ਨਾਲ ਹੀ ਇਕ-ਇਕ ਕਰਕੇ ਅੰਦਰ ਵੜ ਗਏ। ਜਦ ਗਵਰਨਰ ਦਾ ਭਾਸ਼ਨ ਸ਼ੁਰੂ ਹੋਇਆ ਤਾਂ ਅਸੀਂ ਇਕਦਮ 20 ਕੁ ਜਣੇ ਉੱਠ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਵਿਰੁੱਧ ਨਾਹਰੇ ਮਾਰਨ ਲੱਗੇ। ਅਸੀਂ ਲਾਇਬਰੇਰੀ ਹਾਲ ਵਿੱਚ ਪਰਚੇ ਵੀ ਸੁੱਟੇ ਜਿੰਨ੍ਹਾਂ ਵਿੱਚ ਗ੍ਰਿਫਤਾਰ ਲੋਕਾਂ ਨੂੰ ਰਿਹਾ ਕਰਨ ਅਤੇ ਤਸ਼ੱਦਦ ਬੰਦ ਕਰਕੇ ਵਧੇ ਕਿਰਾਏ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਡਾ. ਅਬਦੁਲ ਕਲਾਮ ਇਹ ਸਭ ਵੇਖ ਕੇ ਮੁਸਕੜੀਆਂ ‘ਚ ਹੱਸੇ।
ਸਾਨੂੰ ਇਕ-ਇਕ ਨੂੰ ਚਾਰ-ਚਾਰ ਪੁਲਸੀਆਂ ਨੇ ਦਬੋਚ ਲਿਆ ਅਤੇ ਥੱਲੇ ਲਿਆ ਕੇ ਸਦਰ ਥਾਣੇ ਲੈ ਗਏ, ਮੈਂ ਆਪਣੇ ਆਪ ਨੂੰ ਨੌਜਵਾਨ ਸਭਾ ਦਾ ਮੈਂਬਰ ਦੱਸਿਆ ਜਿਸ ਕਰਕੇ ਮੈਨੂੰ ਬਾਕੀਆਂ ਨਾਲ ਹੀ ਛੱਡ ਦਿੱਤਾ ਗਿਆ।
ਸਰਕਾਰ ਨੇ ਅੰਦੋਲਨ ਅੱਗੇ ਝੁਕਦਿਆਂ ਵਧੇ ਕਿਰਾਏ ਵਿਦਿਆਰਥੀਆਂ ਉੱਤੇ ਲਾਗੂ ਨਾ ਕਰਨ ਦਾ ਐਲਾਨ ਕਰ ਦਿੱਤਾ। ਪਰ ਅਸੀ ਓਦੋਂ ਤਕ ਸੰਘਰਸ਼ ਜਾਰੀ ਰੱਖਣ ਤੇ ਲੋਕਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਜਦ ਤੱਕ ਸਭ ਜਨਤਾ ਦੇ ਵਧੇ ਕਿਰਾਏ ਵਾਪਸ ਨਹੀਂ ਲੈ ਲਏ ਜਾਂਦੇ। ਸੰਘਰਸ਼ ਹੋਰ ਤਿੱਖਾ ਹੋ ਗਿਆ। ਬਹੁਤ ਸਾਰੇ ਪਿੰਡਾਂ ਘਰਿਆਲੇ, ਠੱਕਰਪੁਰੇ, ਦਿਆਲਪੁਰੇ, ਭਿਖੀੰਿਵਡ, ਮਾੜੀ ਕੰਬੋਕੇ, ਆਸਲ, ਮੱਖੀ, ਬਾਹਮਣੀ ਵਾਲਾ ਰਾਤਾਂ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਕਰਕੇ ਜਲਸੇ ਕੀਤੇ ਗਏ।
‘ਮੱਖੀ‘ ਪਿੰਡ ਜਿਸਨੂੰ ਮਰਗਿੰਦਪੁਰਾ ਵੀ ਕਹਿੰਦੇ, ਉਥੇ ਰਾਤ ਡੇਢ ਦੋ ਹਜ਼ਾਰ ਬੰਦਾ ਬਰਛੀਆਂ ਗੰਡਾਸੀਆਂ ਲੈ ਕੇ ਸਾਡੇ ਜਲਸੇ ਵਿੱਚ ਬੈਠਾ। ਮੈਂ ਤੇ ਕਰਮ ਸਿੰਘ ਹੁੰਦਲ ਨੇ ਤਕਰੀਰ ਕਰਨੀ ਸੀ। ਗਾਉਣ ਵਜਾਉਣ ਵਾਲੇ ਮੁੰਡੇ ਆਏ ਨਾ। ਅਸੀਂ ਫਿਰਕਰਮੰਦ ਸਾਂ ਕਿ ਪੀਤੀ ਖਾਧੀ ਵਾਲੇ ਲੋਕ ਕਿਤੇ ਗਾਣੇ ਸੁਣਨ ਦੀ ਮੰਗ ਨਾ ਕਰਨ ਲੱਗ ਪੈਣ। ਕਿਉਂਕਿ ਸ਼ਾਮੀ ਸਪੀਕਰ ‘ਚ ਬੋਲਿਆ ਗਿਆ ਸੀ। ਮੈਂ ਉੱਠਿਆ। ਆਪਣੀ ਤੇ ਕਰਮ ਸਿੰਘ ਹੁੰਦਲ ਦੀ ਜਾਣ-ਪਛਾਣ ਕਰਵਾਉਣ ਬਾਅਦ ਮੈਂ ਆਖਿਆ। “ਭਰਾਓ, ਸਾਡੇ ਕਿਰਾਏ ਤਾਂ ਘੱਟ ਗਏ ਨੇ। ਤੇ ਤੁਹਾਡੇ ਸਰਕਾਰ ਘਟਾਉਣ ਨੀ ਚਾਹੂੰਦੀ। ਸਾਨੂੰ ਧਾਡੇ ਨਾਲੋਂ ਤੋੜਨਾ ਚਾਹੁੰਦੀ। ਅਸਲ ਵਿੱਚ ਸਾਨੂੰ ਸਮਝਦੀ ਕੱਖ ਨੀ, ਇਹ ਅਮੀਰਾਂ ਦੀਆਂ ਸਰਕਾਰਾਂ ਨੇ ਸਦੀਆਂ ਤੋ ਲੁੱਟ ਰਹੀਆਂ ਸਾਨੂੰ। ਸਾਨੂੰ ਡਰਪੋਕ ਸਮਝਦੇ ਨੇ ਤੇ ਬੁੱਧੂ ਵੀ। ਬੁੱਧੂ ਤੇ ਹੈ ਗੇ ਈਂ ਆਂ ਕੁਛ, ਜਿਹੜੀ ਅੱਜ ਤਕ ਸਮਝ ਨੀ ਆਈ ਕਿ ਸਾਡੀ ਬੁਰੀ ਹਾਲਤ ਲਈ ਕੌਣ ਜੁੰਮੇਵਾਰ ਆ ਤੇ ਸਾਨੂੰ ਕੀ ਕਰਨਾ ਚਾਹੀਦਾ। ਤੇ ਤੁਸੀਂ ਪੁੱਛੋਂਗੇ ਕਿ ਡਰਪੋਕ ਕਿਵੇਂ ਸਮਝਦੀ? ਉਹ ਇਵੇਂ ਕਿ ਤੁਸੀਂ ਬੈਠੇ ਜੇ ਦੋ ਹਜ਼ਾਰ ਬੰਦਾ। 10-20 ਪੁਲਸੀਏ ਆਉਣਗੇ ਹੁਣ। ਅਸੀਂ ਤੁਹਾਡੇ ਲਈ ਲੜ ਰਹੇ ਆਂ। ਸਾਡੇ ਸਾਹਮਣੇ ਸਾਨੂੰ ਏਥੇ ਫੜ ਕੇ ਲੈ ਜਾਣਗੇ ਤੇ ਤੁਸੀਂ ਬੈਠੇ ਵੇਂਹਦੇ ਰਹੋਗੇ ਬਿਟਰ-ਬਿਟਰ। ਹੋਰ ਦੱਸੋ ਡਰਪੋਕ ਕਿਹੋ ਜਿਹੇ ਹੁੰਦੇ ਨੇ। ‘‘ ਮੇਰੀ ਏਨੀ ਕਹਿਣ ਦੀ ਦੇਰ ਸੀ ਕਿ ਅਨੇਕਾਂ ਬੰਦੇ ਬਰਛੇ-ਗੰਡਾਸੇ ਲੈ ਕੇ ਸਟੇਜ ਲਾਗੇ ਆ ਗਏ।
“ਕਿਸੇ ਕੰਜਰ ਦੀ ਜੁਰਅਤ ਨੀ ਜਿਹੜਾ ਧਾਨੂੰ ਸਾਡੇ ਹੁੰਦਿਆਂ ਏਥੋਂ ਫੜਕੇ ਲੈ ਜੇ। ‘‘
ਬਸ, ਅਸੀਂ ਏਹੋਂ ਤਰੀਕਾ ਵਰਤਕੇ ਲੋਕਾਂ ਦੀ ਅਣਖ ਨੂੰ ਵੰਗਾਰ ਕੇ ਵਰੰਟਿਡ ਹੁੰਦਿਆਂ ਹੋਇਆਂ ਅਨੇਕਾਂ ਪਿੰਡਾਂ ਵਿੱਚ ਸ਼ਰੇਆਮ ਹਜ਼ਾਰਾਂ ਲੋਕਾਂ ਦੇ ਇੱਕਠ ਕੀਤੇ। ਸਾਨੂੰ ਭਰੋਸਾ ਸੀ ਕਿ ਇੰਜ ਸਾਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਤੇ ਇਕੱਲੇ-ਦੁਕੱਲੇ ਅਸਾਂ ਕਾਬੂ ਨਹੀਂ ਆਉਣਾ।
ਫਿਰ ਤਸੀਲ ਹੈਡਕੁਆਟਰਾਂ ਉੱਤੇ ਵੱਡੀਆਂ ਰੈਲੀਆਂ ਕਰਨ ਦੀ ਸੂਬਾ ਪੱਧਰੀ ਕਾਲ ਆਈ। ਅਸੀਂ ਵੱਡਾ ਇਕੱਠ ਪੱਟੀ ਕਚਹਿਰੀ ਕੀਤਾ। ਸਾਰੀ ਤਸੀਲ ਦੀ ਪੁਲਿਸ ਇਕੱਠੀ ਹੋ ਗਈ ਅਤੇ ਸਾਡੀ ਰੈਲੀ ਨੂੰ ਘੇਰਾ ਪਾ ਲਿਆ ਗਿਆ। ਤਕਰੀਰਾਂ ਹੋਈਆਂ। ਸਾਡੀ ਪੂਰੀ ਚੜ੍ਹਤ ਸੀ। ਪਰ ਪੁਲੀਸ ਨੂੰ ਕਈ ਵਰੰਟਿਡ ਲੀਡਰ ਇਕੋ ਥਾਂ ਲੱਭ ਗਏ ਸਨ। ਉਹਨਾਂ ਰੈਲੀ ਦੀ ਸਮਾਪਤੀ ਉੱਤੇ ਧਾਵਾ ਬੋਲਣ ਦਾ ਫੈਸਲਾ ਕੀਤਾ। ਪੱਟੀ ਕਚਹਿਰੀ ਤੋਂ ਰੇਲਵੇ ਲਾਈਨ ਸਿਰਫ਼ 50 ਗਜ਼ ਦੂਰ ਹੈ। ਅਸਾਂ ਰੈਲੀ ਖਤਮ ਕਰਦਿਆਂ ਹੀ ਇਕਦਮ ਕਮਾਂਡੋ ਐਕਸ਼ਨ ਵਾਂਗ ਰੇਲਵੇ ਲਾਈਨ ਉੱਤੇ ਜਾ ਮੋਰਚਾ ਸੰਭਾਲਿਆ। ਪੁਲੀਸ ਨੇ ਹੱਲਾ ਬੋਲਿਆ ਤਾਂ ਅਸੀਂ ਅੱਗੋਂ ਰੇਲਵੇ ਲਾਈਨ ਤੋਂ ਵੱਟਿਆਂ ਦਾ ਮੀਂਹ ਵਰ੍ਹਾਇਆ। ਪੁਲੀਸ ਪਿੱਛੇ ਹਟੀ ਤੇ ਇਸ ਆੜ ਵਿੱਚ ਵਰੰਟਿਡ ਲੀਡਰਾਂ ਨੂੰ ਭਜਾ ਦਿੱਤਾ ਗਿਆ। ਬਾਕੀਆਂ ਨੇ ਪੁਲਿਸ ਨੂੰ ਰੋਕੀ ਰੱਖਿਆ।
ਅਸੀਂ ਸਾਰੇ ਮੁੱਖ ਲੀਡਰ ਮਾਸਟਰ ਹਰਚਰਨ ਸਿੰਘ ਦੇ ਘਰ ਜਾ ਵੜੇ। ਜਿੰਨ੍ਹਾਂ ਦਾ ਬੇਟਾ ਸਾਡੇ ਨਾਲ ਸੀ, ਹਿੰਦੀ-ਸ਼ਾਸਤ੍ਰੀ ਹਰਚਰਨ ਸਿੰਘ ਸੱਚਾ ਸੁੱਚਾ, ਅਸੂਲੀ ਅਤੇ ਮਿਸਾਲੀ ਅਧਿਆਪਕ ਸੀ ਤੇ ਸਾਨੂੰ ਬੜਾ ਹੀ ਪਿਆਰ ਕਰਦਾ ਸੀ, ਪੁਲੀਸ ਨੇ ਬੂਹਾ ਖੜਕਾਇਆ। ਅਸੀਂ ਅੰਦਰ ਸੀ। ਪਰ ਉਸਨੇ ਆਖਿਆ, “ਹਾਂ ਬੲ੍ਹੀ, ਏਧਰ ਤੇ ਕੋਈ ਨੀ ਆਇਆ। ‘‘ ਉਹ ਅੰਦਰ ਆ ਕੇ ਖੁੱਲ ਕੇ ਹੱਸੇ, “ਓ ਬਈ ਮੁੰਡਿਓ, ਇਹ ਨਾ ਸਮਝਿਓ ਪਈ ਮੈਂ ਝੂਠ ਬੋਲਿਆ, ਭਲੇ ਲਈ ਝੂਠ ਬੋਲਣਾ ਚੰਗਾ ਹੁੰਦਾ। ‘‘
ਇਸ ਤਰ੍ਹਾਂ ਇੱਕ ਵੀ ਵਾਰੰਟਿਡ ਲੀਡਰ ਨਾ ਫੜਿਆ ਗਿਆ। ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਸੀਂ ਗ੍ਰਿਫਤਾਰੀ ਤੋਂ ਬਚਣਾ ਚਾਹੁੰਦੇ ਸਾਂ। ਵਰਨਾ ਸਾਨੂੰ ਪਤਾ ਸੀ ਕਿ ਜੇਲ੍ਹਾਂ ਅੰਦਰਲੇ ਸੌਖੇ ਨੇ, ਫਲ-ਫਰੂਟ ਖਾ ਰਹੇ ਨੇ, ਵੇਹਲੇ ਸਾਰਾ ਦਿਨ, ਬਾਹਰ ਆ ਕੇ ਆਖਣਾ ‘ਅਸੀਂ ਬੜੀਆਂ ਜੇਲ੍ਹਾਂ ਕੱਟੀਆਂ‘। ਜਦਕਿ ਅਸੀਂ ਭੁੱਖੇ ਤਿਹਾਏ 10-20 ਮੀਲ ਰੋਜ ਸਾਈਕਲ ਚਲਾਉਂਦੇ, 10-10 ਮੀਲ ਪੈਦਲ ਤੁਰੇ ਫਿਰਦੇ ਸਾਂ ਪੈਲੀਆਂ ਵਿਚੋਂ ਦੀ ਪਿੰਡੋ ਪਿੰਡ।
ਕਦੇ-ਕਦੇ ਮਹਿਸੂਸ ਹੁੰਦਾ ਕਿ ਮੈਂ ਨਿੱਕੀ ਉਮਰੇ ਬੜੇ ਵੱਡੇ ਵੱਡੇ ਮਸਲਿਆਂ ਅਤੇ ਦਬਾਵਾਂ ਵਿੱਚ ਉਲਝਦਾ ਜਾ ਰਿਹਾਂ। ਮੇਰੇ ਆਲੇ-ਦੁਆਲੇ ਮਸਲੇ ਹੀ ਮਸਲੇ ਸਨ। ਤੇ ਸਾਧਨ ਕੋਲ ਕੋਈ ਵੀ ਨਹੀਂ ਸੀ। ਬਹੁਤੀ ਵਾਰ ਰੋਟੀ ਖਾਣ ਨੂੰ ਵੀ ਜੇਬ ‘ਚ ਪੈਸੇ ਨਹੀਂ ਸਨ ਹੁੰਦੇ। ਬੀ. ਏ. ਕਰਕੇ ਪੜ੍ਹਨੋ ਹਟਿਆ ਹੋਇਆਂ ਸਾਂ।
ਏਹੋ ਜਿਹੇ ਹਾਲਾਤਾਂ ‘ਚ ਇੱਕ ਦਿਨ ਪੁਲੀਸ ਸਾਡੇ ਘਰ ਦੇ ਬੂਹੇ ਅੱਗੇ ਇੱਕ ਇਸ਼ਤਿਹਾਰ ਚਿਪਕਾ ਗਈ। ਜਿਸ ਉੱਤੇ ਲਿਖਿਆ ਸੀ ਕਿ ਮੈਨੂੰ ਤੇ ਕਰਮ ਸਿੰਘ ਹੁੰਦਲ ਨੂੰ ਆਗੂਆਂ ਦੇ ਨਾਲ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿੱਤਾ ਗਿਆ ਹੈ। ਲੋਕ ਸਾਡੇ ਘਰ ਅਫ਼ਸੋਸ ਕਰਨ ਆ ਰਹੇ ਸਨ।
ਜਦ ਮੈਂ ਘਰ ਗਿਆ ਤਾਂ ਮੇਰੀ ਮਾਂ ਢਿੱਡ ਤੇ ਹੱਥ ਰੱਖ ਕੇ ਬੈਠੀ ਸੀ। ਮੈਨੂੰ ਵਿਚਲੀ ਗੱਲ ਦਾ ਪਤਾ ਲੱਗ ਗਿਆ ਸੀ। ਮੈਂ ਉਹਦੇ ਕੋਲ ਮੰਜੇ ਤੇ ਬਹਿ ਗਿਆ। ਉਹ ਕੁਛ ਨਾ ਬੋਲੀ। ਉਹਦਾ ਚਿਹਰਾ ਉਤਰਿਆ ਤੇ ਦਿਮਾਗ ਸੁੰਨ ਸੀ। ਅੱਖਾਂ ‘ਚੋਂ ਹੰਝੂ ਡਲ੍ਹਕ ਰਹੇ ਸਨ “ਪੁੱਤ ਏਹ ਕੀ ਘਾਣੀਆਂ ਬਣਗੀਆਂ ਸਾਡੇ ਨਾਲ। ਮੈਂ ਤੈਨੂੰ ਰਾਤ ਦੇ ਤਿੰਨ-ਤਿੰਨ ਵਜੇ ਉਠ ਕੇ ਚਾਹ ਬਣਾ ਕੇ ਜਗਾਉਂਦੀ ਸੀ ਪੜ੍ਹਨ ਲਈ। “
ਆਖਦਿਆਂ ਉਹਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ, ਲੰਮਾ ਹੌਕਾ ਲਿਆ ਤੇ ਨੀਵੀਂ ਪਾ ਲਈ।
ਮੇਰੇ ਅੰਦਰੋਂ ਮਾਂ ਦੇ ਹੰਝੂਆਂ ਲਈ ਗੁਨਾਹਗਾਰ ਹੋਣ ਦੀ ਚੀਖ ਉੱਠੀ। ਇੰਜ ਜਾਪਿਆ ਮੇਰਾ ਸਰੀਰ ਚਾਰੇ ਪਾਸਿਉਂ ਸੰਗਲਾਂ ਨਾਲ ਬੰਨ੍ਹ ਕੇ ਖਿੱਚ ਰਿਹਾ ਕੋਈ। ਪਤਾ ਨੀ ਕਦੋ ਮੇਰੀ ਮਾਂ ਨੇ ਮੈਨੂੰ ਆਪਣੀ ਛਾਤੀ ਨਾਲ ਘੁੱਟ ਲਿਆ। ਮੇਰੇ ਕੰਨਾਂ ‘ਚ ਅਵਾਜ਼ ਪਈ, “ਤੂੰ ਤੇ ਮੇਰਾ ਸ਼ਿੰਦਾ ਪੁੱਤ ਏਂ, ਮਹਿੰਗਾ ਜਿਅ੍ਹਾ। ਆਪਣੀ ਜ਼ਿੰਦਗੀ ਨੂੰ ਏਨਾ ਸਸਤਾ ਕਿਉਂ ਸਮਝਿਆ ਈ? “

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346