ਗੁਰੂ ਜੀ !
ਅੱਜ ਦੇ ਦਿਨ
ਚਾਂਦਨੀ ਚੌਕ ਵਿੱਚ
ਤੁਸੀਂ ਹੱਸਦੇ-ਹੱਸਦੇ
ਆਪਣਾ ਸੀਸ ਦੇ ਦਿੱਤਾ ਸੀ ।
ਕਿਉਂਕਿ
ਧਰਮ ਨੂੰ ਖ਼ਤਰਾ ਸੀ ਉਦੋਂ ।
ਪਰ
ਹੁਣ ਧਰਮ ਹੀ ਖ਼ਤਰਾ ਬਣਦਾ ਜਾ ਰਿਹੈ ।
ਜਾਨਵਰਾਂ ਦੇ ਮੋਹ ਵਿੱਚ
ਮਨੁੱਖ ਮਾਰੇ ਜਾ ਰਹੇ ਨੇ
ਤੇ
ਭੁੱਖੇ ਢਿੱਡਾਂ ਉੱਤੇ
ਠੋਸਿਆ ਜਾ ਰਿਹਾ ਹੈ ‘ਰਸੋਈ-ਸਾਸ਼ਤਰ‘
ਇਸ ਸਾਹ-ਘੁੱਟਵੇਂ ਮਾਹੌਲ ਨਾਲ਼
ਰੁੱਸ ਗਏ ਹਨ ਕੁਝ ਸੂਹੇ ਅੱਖਰ
ਤੇ ਉਹਨਾਂ
ਸ਼ਾਹੀ-ਸਨਮਾਨ ਠੁਕਰਾ ਦਿੱਤੇ ਨੇ ।
ਹਾਕਮ ਤਾਂ ਹਾਕਮ ਹੀ ਹੁੰਦੈ
ਉਸਨੇ ਨਾ ਉਦੋਂ ਸੁਣਿਆਂ ਸੀ
ਨਾ ਹੁਣ ਸੁਣਦਾ ਹੈ ।
ਸ਼ਾਇਦ !
ਇਤਿਹਾਸ ਖ਼ੁਦ ਨੂੰ ਦੁਹਰਾ ਰਿਹਾ ਹੈ ।
ਗੁਰੂ ਜੀ !
ਮਾਰਗ ਦਿਖਾਓ
ਕਿ ਰੁੱਸੇ ਹੋਏ ਸੂਹੇ ਅੱਖਰ
ਹੁਣ ਕਿਹੜੇ ਅਨੰਦਪੁਰ ਜਾਣ
ਤੇ ਇਹ ਵੀ ਦੱਸੋ
ਕਿ ਜਦੋਂ
ਸਰਕਾਰੀ ਕੰਨ
ਕਲਮਾਂ ਦੀ ਅਵਾਜ਼ ਸੁਣਨ ਤੋਂ ਇਨਕਾਰੀ ਹੋ ਜਾਣ
ਤਾਂ ਫਿਰ
ਕਿਹੜਾ ਰਾਹ ਬਚਦਾ ਹੈ ? ? ?
94635-18172
-0- |