Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ
- ਅਜਮੇਰ ਸਿੰਘ ਔਲਖ

 

ਇਹ ਘਟਨਾ ਮੈਂ ਸੁਣਾਉਣਾ ਨਹੀਂ ਸੀ ਚਾਹੁੰਦਾ। ਇਸ ਕਰ ਕੇ ਨਹੀਂ ਕਿ ਇਹ ਕੋਈ ਮਾੜੀ ਘਟਨਾ ਹੈ ਬਲਕਿ ਇਸ ਕਰ ਕੇ ਕਿ ਇਸ ਵਿਚੋਂ ਸਵੈ-ਪਰਸੰਸਾ ਦੀ ਬੋਅ ਆਉਂਦੀ ਹੈ। ਸਵੈ-ਪਰਸੰਸਾ ਮੇਰੀ ਮਾਨਸਿਕਤਾ ਦਾ ਹਿੱਸਾ ਨਹ਼ੀਂ। ਪਰ ਇਹ ਸੁਣਾਉਣੀ ਵੀ ਜ਼ਰੂਰੀ ਹੈ ਕਿਉਂਕਿ ਇਹ ਮੇਰੇ ਰੰਗਮੰਚੀ ਸਫਰ ਦੀ ਇੱਕ ਅਜਿਹੀ ਅਹਿਮ ਤੇ ਅਭੁੱਲ ਘਟਨਾ ਹੈ ਜਿਸ ਸਦਕਾ ਮੇਰਾ ਰੰਗਮੰਚੀ ਸਫਰ ਇੱਕ-ਦਮ ਨਵਾਂ ਮੋੜ ਕੱਟ ਲੈਂਦਾ ਹੈ। ਇਹ ਮੇਰੇ ਰੰਗਮੰਚੀ ਜੀਵਨ ਦਾ ਇੱਕ ਹੁਸੀਨ ਹਾਦਸਾ ਹੈ। ਸੋ, ਧਿਆਨ ਨਾਲ ਸੁਣਨਾ।
ਨਾਟਕ ਲਿਖਣ ਤੇ ਕਰਨ ਤਾਂ ਮੈਂ 1971-72 ਵਿੱਚ ਹੀ ਲੱਗ ਪਿਆ ਸੀ। ਕਿਤੇ-ਕਿਤੇ ਤੇ ਕਿਸੇ-ਕਿਸੇ ਸਥਾਪਤ ਪੰਜਾਬੀ ਲੇਖਕ ਤੇ ਆਲੋਚਕ (ਜਿਵੇਂ ਨਾਵਲਕਾਰ ਗੁਰਦਿਆਲ ਸਿੰਘ, ਡਾਕਟਰ ਟੀ ਆਰ ਵਿਨੋਦ ਤੇ ਡਾਕਟਰ ਅਤਰ ਸਿੰਘ) ਨੇ ਮੇਰੇ ਨਾਟਕਾਂ ਅਤੇ ਮੇਰੀਆਂ ਰੰਗਮੰਚੀ ਸਰਗਰਮੀਆਂ ਦਾ ਨੋਟਿਸ ਵੀ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਦਸੰਬਰ 1978 ਵਿੱਚ ਮੇਰੀ ਪਹਿਲੀ ਲਘੂ-ਨਾਟ ਪੁਸਤਕ ‘ਅਰਬਦ ਨਰਬਦ ਧੁੰਧੂਕਾਰਾ’ ਵੀ ਪ੍ਰਕਾਸ਼ਿਤ ਹੋ ਚੁੱਕੀ ਸੀ ਪਰ ਅਜੇ ਤੱਕ ਸਮੁੱਚੇ ਤੌਰ ‘ਤੇ ਪੰਜਾਬੀ ਸਾਹਿਤ ਤੇ ਪੰਜਾਬੀ ਨਾਟ-ਜਗਤ ਵਿੱਚ ਮੇਰੀ ‘ਇੱਕ ਸਥਾਪਤ ਨਾਟਕਕਾਰ’ ਦੇ ਤੌਰ ‘ਤੇ ਪਹਿਚਾਣ ਨਹੀਂ ਸੀ ਬਣ ਸਕੀ। ਤੇ ਇਹ ਪਹਿਚਾਣ ਸ਼ਾਇਦ ਅਜੇ ਇੱਕ ਦਹਾਕਾ ਹੋਰ ਨਾ ਬਣਦੀ ਜੇ ਮੈਂਨੂੰ ਮਾਰਚ 1979 ਵਿੱਚ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਆਪਣਾ ਨਾਟਕ ‘ਬਗਾਨੇ ਬੋਹੜ ਦੀ ਛਾਂ’ ਖੇਡਣ ਦਾ ਮੌਕਾ ਨਸੀਬ ਨਾ ਹੁੰਦਾ।
ਗੱਲ ਇੰਜ ਹੋਈ ਕਿ ਸਾਲ 1979 ਦੇ ਫਰਵਰੀ ਮਹੀਨੇ ਦੇ ਕਿਸੇ ਦਿਨ ਮੈਂ ਆਪਣੀ ਪ੍ਰਥਮ ਨਾਟ-ਪੁਸਤਕ ‘ਅਰਬਦ ਨਰਬਦ ਧੁੰਧੂਕਾਰਾ’ ਛਪਣ ਉਪਰੰਤ ਇਸਦੀ ਇੱਕ ਕਾਪੀ ਸਾਡੇ ਨਾਮਵਰ ਲੇਖਕ ਗੁਰਦਿਆਲ ਸਿੰਘ ਜੀ ਨੂੰ ਭੇਟ ਕਰਨ ਗਿਆ। ਮੈਂਨੂੰ ਨਾਟਕ ਲਿਖਣ ਤੇ ਮੰਚਣ ਵੱਲ ਰੁਚਿਤ ਕਰਨ ਵਿੱਚ ਗੁਰਦਿਆਲ਼ ਸਿੰਘ ਜੀ ਦਾ ਬੜਾ ਪ੍ਰੇਰਨਾਮਈ ਰੋਲ਼ ਹੈ। ‘ਸੁਆਗਤ’ ਸਿਰਲੇਖ ਹੇਠ ਇਸ ਪੁਸਤਕ ਦੀ ਭੂਮਿਕਾ ਵੀ ਉਹਨਾਂ ਨੇ ਹੀ ਲਿਖੀ ਸੀ। ਪੁਸਤਕ ਭੇਟ ਕਰਨ ਉਪਰੰਤ ਅਸੀਂ ਸਾਹਿੱਤਕ ਗੱਲਾਂ-ਬਾਤਾਂ ਵਿੱਚ ਪੈ ਗਏ। ਗੱਲਾਂ-ਬਾਤਾਂ ਕਰਦਿਆਂ ਗੁਰਦਿਆਲ ਸਿੰਘ ਜੀ ਨੇ ਮੈਂਨੂੰ ਇੱਕ ਪੰਜਾਬੀ ਪਰਚਾ (ਸ਼ਾਇਦ ‘ਪ੍ਰੀਤਲੜੀ’ ) ਦਿੰਦਿਆਂ ਕਿਹਾ, “ਇਸ ਵਿੱਚ ਚੰਡੀਗੜ੍ਹ ਵਿਖੇ ਹੋ ਰਹੇ ਇੱਕ ਨਾਟਕ-ਮੇਲੇ ਬਾਰੇ ਇਸ਼ਤਹਾਰ ਐ, ਤੈਨੂੰ ਇਸ ਵਿੱਚ ਆਪਣਾ ਨਾਟਕ ‘ਬਗਾਨੇ ਬੋਹੜ ਦੀ ਛਾਂ’ ਜ਼ਰੂਰ ਖੇਡਣਾ ਚਾਹੀਦੈ।’
ਮੈਂ ਪਰਚਾ ਫੜ ਕੇ ਇਸ਼ਤਹਾਰ ਪੜ੍ਹਨ ਲੱਗਾ। ਇਹ ‘ਪੰਜਾਬੀ ਕਲਾ ਕੇਂਦਰ’ ਚੰਡੀਗੜ੍ਹ ਵੱਲੋਂ ਸੀ ਤੇ ਇਸਦੇ ਕਰਤਾ ਧਰਤਾ ਐਚ ਐਸ ਭੱਟੀ (ਜਨਰਲ ਸਕੱਤਰ) ਤੇ ਡਾ ਹਰਚਰਨ ਸਿੰਘ ਜੀ (ਕਨਵੀਨਰ) ਸਨ। ਡਾ ਹਰਚਰਨ ਸਿੰਘ ਨੂੰ ਮੈਂ ਜਾਤੀ ਤੌਰ ‘ਤੇ ਤਾਂ ਨਹੀਂ ਸੀ ਜਾਨਦਾ ਪਰ ਪੰਜਾਬੀ ਦਾ ਕਾਲਜ-ਅਧਿਆਪਕ ਹੋਣ ਅਤੇ ਨਾਟਕੀ ਤੇ ਸਾਹਿਤਕ ਮੱਸ ਰੱਖਣ ਦੇ ਨਾਤੇ ਇਤਨਾ ਜ਼ਰੂਰ ਪਤਾ ਸੀ ਕਿ ਉਹ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਹਨ। ਪਰ ‘ਇਹ ਭੱਟੀ ਕੌਣ ਹੈ?’ ਇਸ ਬਾਰੇ ਮੈਂਨੂੰ ਕੁੱਝ ਨਹੀਂ ਸੀ ਪਤਾ। ਮੈਂ ਨਿਰਾਸ਼ ਜਿਹਾ ਹੁੰਦਿਆਂ ਗੁਰਦਿਆਲ ਸਿੰਘ ਜੀ ਨੂੰ ਕਿਹਾ, “ਮੇਰਾ ਨਾਟਕ ਚੰਡੀਗੜ੍ਹ ਕਿਸ ਨੇ ਖਿਡਾਉਨੈਂ? ਉਥੇ ਤਾਂ ਵੱਡੇ-ਵੱਡੇ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੂੰ ਈ ਬੁਲਾਉਣਗੇ!’
“ਵੱਡੇ-ਵੁੱਡੇ ਕਿਹੜਾ ਰੱਬ ਤੋਂ ਉਤਰੇ ਹੁੰਦੇ ਐ, ਆਪਣੇ ਵਰਗਿਆਂ ਵਿਚੋਂ ਈ ਵੱਡੇ ਬਣੇ ਹੁੰਦੇ ਐ। ਤੂੰ ਐਂਟਰੀ ਭੇਜਦੇ।’ ਤੇ ਮੈਂਨੂੰ ਬਹੁਤਾ ਹੀ ਅਣਮੰਨਿਆ ਜਿਹਾ ਦੇਖ ਕੇ ਉਹ ਫੇਰ ਕਹਿਣ ਲੱਗੇ, “ਮੈਂ ਭੱਟੀ ਤੇ ਡਾਕਟਰ ਹਰਚਰਨ ਸਿੰਘ ਨੂੰ ਚਿੱਠੀ ਲਿਖਦੂੰ, ਤੂੰ ਜ਼ਰੂਰ ਜਾ ‘
ਗੁਰਦਿਆਲ ਸਿੰਘ ਜੀ ਦੇ ਐਨਾ ਕਹਿਣ ਨਾਲ਼ ਮੇਰਾ ਦਿਲ ਹੌਸਲਾ ਜਿਹਾ ਫੜ ਗਿਆ। “ਐਡਾ ਵੱਡਾ ਲੇਖਕ ਮੇਰੇ ਲਈ ਚਿੱਠੀ ਲਿਖ ਦੇਵੇਗਾ, ਤਾਂ ਕੌਣ ਇਨਕਾਰ ਕਰੂ?’ ਨਾਲ਼ ਦੀ ਨਾਲ਼ ਇੱਕ ਗੱਲ ਹੋਰ ਵੀ ਯਾਦ ਆ ਜਾਣ ਕਰ ਕੇ ਆਸ ਦੀ ਇੱਕ ਹੋਰ ਕਿਰਨ ਵੀ ਮੈਂਨੂੰ ਦਿਖਾਈ ਦੇਣ ਲੱਗੀ। ਪੰਜਾਬੀ ੌਯੂਨੀਵਰਸਿਟੀ ਯੂਥ ਫੈਸਟੀਵਲ ਤੇ ਭਾਸ਼ਾ ਵਿਭਾਗ ਪੰਜਾਬ ਦੇ ਨਾਟਕ-ਮੁਕਾਬਲਿਆਂ ਵਿੱਚ ਮੇਰਾ ਇਹ ਨਾਟਕ ਫਸਟ ਪੁਜੀਸ਼ਨ ਹਾਸਲ ਕਰ ਚੁੱਕਾ ਸੀ ਤੇ ਇਹਨਾਂ ਦੋਹਾਂ ਹੀ ਮੁਕਾਬਲਿਆਂ ਦੇ ਤਿੰਨ ਜੱਜਾਂ ਵਿਚੋਂ ਇੱਕ ਜੱਜ ਡਾ: ਹਰਚਰਨ ਸਿੰਘ ਵੀ ਸੀ। ਦੋਵੈਂ ਨਾਟਕ-ਮੁਕਾਬਲਿਆਂ ਵੇਲ਼ੇ ਨਾਟਕਾਂ ਤੋਂ ਬਾਦ ਉਹਨਾਂ ਨੇ ‘ਇਤਨਾ ਵਧੀਆ ਨਾਟਕ ਲਿਖਣ ਤੇ ਤਿਆਰ ਕਰਨ ਲਈ’ ਮੈਂਨੂੰ ਵਧਾਈ ਵੀ ਦਿੱਤੀ ਸੀ। ਕੀ ਪਤਾ ਨਾਟਕ ਦਾ ਨਾਂ ਪੜ੍ਹ ਕੇ ਹੀ ਡਾ ਹਰਚਰਨ ਸਿੰਘ ਖੇਡਣ ਦੀ ਪਰਵਾਨਗੀ ਦੇ ਦੇਣ? , , , , , ਸੋ ਇਸ ਆਸ ਨਾਲ਼ ਵੀ ਮੈਂ ਐਂਟਰੀ ਭੇਜਣ ਦਾ ਮੰਨ ਬਣਾ ਲਿਆ ਤੇ ਵਾਪਿਸ ਆਪਣੇ ਘਰ ਆ ਕੇ ਐਂਟਰੀ ਭੇਜ ਵੀ ਦਿੱਤੀ। ਐਂਟਰੀ ਭੇਜਨ ਵੇਲ਼ੇ ਮੈਂ ਇਸ ਨਾਟਕ ਨੂੰ ਹੁਣ ਤੱਕ ਮਿਲੇ ਇਨਾਮਾਂ ਦਾ ਜ਼ਿਕਰ ਵੀ ਕਰ ਦਿੱਤਾ। ਤੇ ਮੇਰੇ ਚੰਗੇ ਕਰਮਾਂ ਨੂੰ ਮੇਰਾ ਇਹ ਨਾਟਕ ਇਸ ਨਾਟਕ ਮੇਲੇ ਵਿੱਚ ਖੇਡਣ ਲਈ ਪਰਵਾਨ ਵੀ ਕਰ ਲਿਆ ਗਿਆ।
ਨਾਟਕ-ਮੇਲੇ ਦਾ ਪੂਰਾ ਨਾਂ ਸੀ --- ‘ਆਲ ਇੰਡੀਆ ਪੰਜਾਬੀ ਡਰਾਮਾ ਫੈਸਟੀਵਲ’ ਤੇ ਇਹ ਨਾਟਕ-ਮੇਲਾ ਚਾਰ-ਰੋਜ਼ਾ ਸੀ। ਤਾਰੀਖਾਂ ਸਨ ---- 16, 17, 18. ਤੇ 19 ਮਾਰਚ, 1979. ਪਹਿਲੇ ਤਿੰਨ ਦਿਨ ਹਰ ਰੋਜ਼ ਦੋ-ਦੋ ਨਾਟਕ ਹੋਣੇ ਸਨ ਤੇ ਅਖੀਰਲੇ ਦਿਨ 19 ਮਾਰਚ ਨੂੰ ਸਿਰਫ ਇੱਕ। ਅਖੀਰਲਾ ਨਾਟਕ ‘ਸੁਹਣੀ ਮਹੀਂਪਾਲ’ ਪੰਜਾਬ ਯੂਨੀਵਰਸਿਟੀ ਦੇ ਓਪਨ ਏਅਰ ਥਿਏਟਰ ਵਿੱਚ ਹੋਣਾ ਸੀ ਜਦੋਂ ਕਿ ਬਾਕੀ ਸਾਰੇ ਨਾਟਕ ਟੈਗੋਰ ਥਿਏਟਰ ਵਿੱਚ ਖੇਡੇ ਜਾਣੇ ਸਨ। ਨਾਟਕਾਂ ਦਾ ਸਮਾਂ ਸੀ ਹਰ ਰੋਜ਼ ਸ਼ਾਮ ਦੇ 5-30 ਵਜੇ (ਭਾਵੇਂ ਹਰ ਰੋਜ਼ ਨਾਟਕ ਘੰਟਾ ਸਵਾ ਘੰਟਾ ਲੇਟ ਹੀ ਸ਼ੁਰੂ ਹੁੰਦੇ ਸਨ)। ਮੇਰੇ ਤੇ ਮੇਰੀ ਰੰਗਮ਼ੰਚ ਸੰਸਥਾ ਤੋਂ ਬਿਨਾ ਭਾਗ ਲੈ ਰਹੀਆਂ ਸਾਰੀਆਂ ਟੀਮਾਂ ਤੇ ਉਹਨਾਂ ਦੇ ਨਿਰਦੇਸ਼ਕ ਚੰਗੇ ਜਾਣੇ-ਪਹਿਚਾਣੇ ਤੇ ਪ੍ਰਸਿੱਧ ਨਾਂ ਸਨ। ਸ: ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਰਾਣੀ ਬਲਬੀਰ, ਰੂਸੀ ਨਾਚ-ਅਭਿਨੇਤਰੀ ਰੀਨਾ ਦਿਆਲ ਆਦਿ। ਸਿਰਫ ਇੱਕ ਹੋਰ ਨਾਂ ‘ਜੇ ਐਸ ਲਿਖਾਰੀ’ ਅਜਿਹਾ ਸੀ ਜਿਸਦਾ ਮੈਂ ਪਹਿਲਾਂ ਕਦੇ ਨਾਂ ਨਹੀਂ ਸੀ ਸੁਣਿਆ। ਰੀਨਾ ਦਿਆਲ ਵੱਲੋਂ ਬੈਲੇ-ਨਾਟਕ ‘ਲੂਣਾ’ ਪੇਸ਼ ਕੀਤਾ ਜਾਣਾ ਸੀ, ਗੁਰਸ਼ਰਨ ਸਿੰਘ ਜੀ ਵੱਲੋਂ ‘ਮਿੱਟੀ ਦਾ ਮੁੱਲ’, ਟਿਵਾਣਾ ਜੀ ਨੇ ਡਾ: ਹਰਚਰਨ ਸਿੰਘ ਦੀ ਪੰਜਾਬੀ ਵਿੱਚ ਨਾਟਕੀ ਰੂਪ ਵਿੱਚ ਰਚਿਤ ‘ਰਾਮ ਲ੍ਹੀਲਾ’ ਖੇਡਣੀ ਸੀ, ਪੰਜਾਬੀ ਕਲਾ ਕੇਂਦਰ ਬੰਬਈ ਵੱਲੋਂ ਨਾਟਕ ‘ਅਸੀਂ ਮੜ੍ਹੀਆਂ ਦੇ ਨਹੀਂ ਗੀਤ’ ਦੀ ਪਰਦਰਸ਼ਨੀ ਹੋਣੀ ਸੀ ਤੇ ਰਾਣੀ ਬਲਬੀਰ ਵੱਲੋਂ ‘ਸੁਹਣੀ ਮਹੀਂਵਾਲ’। ਇੱਕ ਦਿਨ ਲਿਟਲ ਆਰਟਸ ਚੰਡੀਗੜ੍ਹ ਵੱਲੋਂ ਜੇ ਐਸ ਲਿਖਾਰੀ ਦੀ ਨਿਰਦੇਸ਼ਨਾ ਹੇਠ ਹਰਸਰਨ ਸਿੰਘ ਦਾ ਨਾਟਕ ‘ਨਜ਼ਾਮ ਸੱਕਾ’ ਵੀ ਖੇਡਿਆ ਜਾਣਾ ਸੀ।
ਸਾਡਾ ਨਾਟਕ ਦੂਜੇ ਦਿਨ, ਜਾਨੀ 17 ਮਾਰਚ, ਨੂੰ ਖੇਡਿਆ ਜਾਣਾ ਸੀ ਪਰ ਸਾਡੇ ਲਈ ਸਭ ਤੋਂ ਘਬਰਾਹਟ ਵਾਲ਼ੀ ਗੱਲ ਇਹ ਸੀ ਕਿ ਸਾਡੇ ਨਾਲ਼ ਸਾਥੋਂ ਪਹਿਲਾਂ ਸੁਪ੍ਹਸਿੱਧ ਨਾਟ-ਨਿਰਦੇਸ਼ਕ ਸ੍ਰੀ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਡਾ: ਹਰਚਰਨ ਸਿੰਘ ਦਾ ਨਾਟਕ ‘ਰਾਮ ਲ੍ਹੀਲਾ’ ਲਾ ਦਿੱਤਾ ਗਿਆ ਸੀ। ਜਿੱਡਾ ਵੱਡਾ ਨਾਟਕਕਾਰ, ਓਡਾ ਵੱਡਾ ਹੀ ਨਿਰਦੇਸ਼ਕ! ਸਾਡਾ ਦਿਲ ਧੜਕ ਰਿਹਾ ਸੀ ਤੇ ਲੱਤਾਂ ਕੰਬ ਰਹੀਆਂ ਸਨ। ਕਲਾਕਾਰਾਂ ਤੋਂ ਵੱਧ ਮੈਂ ਹੀਣ-ਭਾਵਨਾ ਦਾ ਸ਼ਿਕਾਰ ਹੋ ਰਿਹਾ ਸਾਂ। ਚੰਡੀਗੜ੍ਹ ਵਿੱਚ ਇਹ ਸਾਡੀ ਪਹਿਲੀ ਪੇਸ਼ਕਾਰੀ ਸੀ। ਟੈਗੋਰ ਥਿਏਟਰ ਦਾ ਹੀ ਸਾਨੂੰ ਹਿਸਾਬ ਨਹੀਂ ਸੀ ਆ ਰਿਹਾ, ਬਾਕੀ ਤਾਂ ਆਉਣਾ ਹੀ ਕੀ ਸੀ? ਉਤੋਂ ਭਿਆਨਕ ਗੱਲ ਇਹ ਕਿ ਟਿਵਾਣਾ ਜੀ ਨੇ ਮੰਚ ਉਤੇ ਬੜਾ ਭਾਰੀ ਇੱਕ ਸੈਟ (ਰਾਜਾ ਦਸਰਥ ਦਾ ਮਹਿਲ) ਖੜ੍ਹਾ ਕੀਤਾ ਹੋਇਆ ਸੀ ਜਿਸਨੂੰ ਅਸੀਂ ਕਿਸੇ ਨਾਟਕ ਵਿੱਚ ਪਹਿਲੀ ਵਾਰ ਵੇਖ ਰਹੇ ਸਾਂ। ‘ਨਾਟਕ ਵਿੱਚ ਇਹ ਕੁੱਝ ਵੀ ਹੁੰਦੈ?’ ਅਸੀਂ ਸੋਚ-ਸੋਚ ਹਰਾਨ ਵੀ ਹੋ ਰਹੇ ਸਾਂ ਤੇ ਅੰਦਰੋਂ ਹਿੱਲ ਵੀ ਰਹੇ ਸਾਂ। ਇੱਕ ਗੱਲ ਹੋਰ ਵੀ ਪਰੇਸ਼ਾਨ ਕਰਨ ਵਾਲ਼ੀ ਸੀ। ਦਰਸ਼ਕਾਂ ਵਿੱਚ ਲੇਖਕਾਂ, ਆਲੋਚਕਾਂ ਤੇ ਬੁਧੀਮਾਨਾ ਦਾ ਹੜ੍ਹ ਆਇਆ ਹੋਇਆ ਸੀ। ਸੰਤ ਸਿੰਘ ਸੇਖੋਂ, ਡਾਕਟਰ ਅਤਰ ਸਿੰਘ, ਜਗਜੀਤ ਸਿੰਘ ਆਨੰਦ, ਡ: ਹਰਚਰਨ ਸਿੰਘ, ਬਰਜਿੰਦਰ ਸਿੰਘ ਹਮਦਰਦ, ਹਰਭਜਨ ਹਲਵਾਰਵੀ, ਡਾ: ਕੇਸਰ ਸਿੰਘ, ਡਾ: ਰਘਬੀਰ ਸਿੰਘ ਸਿਰਜਣਾ ਆਦਿ ਕਿੰਨੇ ਹੀ ਵਿਦਵਾਨ ਦਰਸ਼ਕਾਂ ਵਿੱਚ ਸ਼ਾਮਿਲ ਸਨ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਤੇ ਥਿਏਟਰ ਵਿਭਾਗ ਦੇ ਲੱਗ-ਭਗ ਸਾਰੇ ਵਿਦਿਆਰਥੀ ਵੀ ਆਏ ਹੋਏ ਸਨ ਤੇ ਬਹੁਤ ਸਾਰੇ ਅਧਿਆਪਕ ਵੀ। ਇਹ ਲੋਕ ਤਾਂ ਵੱਡਿਆਂ-ਵੱਡਿਆਂ ਦੀ ਐਸੀ ਦੀ ਤੈਸੀ ਫੇਰ ਦਿੰਦੇ ਐ, ਮੈਂ ਤਾਂ ਹੈ ਹੀ ਕੀ ਸੀ? ‘ਤੂੰ ਤਾਂ ਪੰਗਾ ਲੈ ਲਿਆਂ ਅਜਮੇਰ ਸਿੰਆਂ!’ ਅੰਦਰੋਂ ਧੱਕ-ਧੱਕ ਕਰਦਾ ਦਿਲ ਵਾਰ-ਵਾਰ ਇਸ ਗਲ਼ਤੀ ਦਾ ਅਹਿਸਾਸ ਕਰਵਾ ਰਿਹਾ ਸੀ। ਪਰ ਫਸੀ ਨੂੰ ਫੜਕਣ ਕੀ? ਭੋਗ ਮਨਾ ਚੁੱਪ ਕਰ ਕੇ, ਲਿਖੀਆਂ ਲੇਖ ਦੀਆਂ!
ਖੈਰ ਜੀ, ਆਪਾਂ ਗੱਲ ਨੂੰ ਲਗਾਮ ਪਾਈਏ। ਡੇਢ ਕੁ ਘੰਟੇ ਦੀ ਦੇਰੀ ਨਾਲ਼ ਟਿਵਾਣਾ ਜੀ ਦਾ ਨਾਟਕ ਸ਼ਾਮ ਦੇ 7 ਕੁ ਵਜੇ ਸ਼ੁਰੂ ਹੋ ਗਿਆ ਤੇ ਰਾਤ ਦੇ ਕੋਈ 9 ਵਜੇ ਜਾ ਕੇ ਖ਼ਤਮ ਹੋਇਆ। ਅਸੀਂ ਤਾਂ ਸਾਰਾ ਨਾਟਕ ਵੇਖ ਨਾ ਸਕੇ (ਇੱਕ ਤਾਂ ਆਪਣੇ ਨਾਟਕ ਦੀ ਤਿਆਰੀ ਕਰਨੀ ਸੀ ਤੇ ਦੂਜੇ ਵੇਖਣ ਦਾ ਹੀਂਆਂ ਹੀ ਨਹੀਂ ਸੀ ਪੈਂਦਾ) ਨਾਟਕ ਦੇ ਅੰਤ ‘ਤੇ ਜਦ ਦਰਸ਼ਕਾਂ ਦੀਆਂ ਤਾੜੀਆਂ ਵੱਜੀਆਂ ਤਾਂ ਸਾਨੂੰ ਪਤਾ ਲੱਗਾ ਕਿ ਪਰਦਾ ਡਿਗ ਪਿਆ ਹੈ। ਇਹਨਾਂ ਤਾੜੀਆਂ ਨੇ ਸਾਨੂੰ ਹੋਰ ਪੈਰੋਂ ਹਿਲਾ ਦਿੱਤਾ। ਸੱਚ ਹੈ ‘ਹਾਥੀਆਂ ਦੀ ਖੇਡ ਵਿੱਚ ਚੂਹਿਆਂ ਨੂੰ ਨੀ ਟਪੂਸੀਆਂ ਮਾਰਨੀਆਂ ਚਾਹੀਦੀਆਂ!’ ਜਦੋਂ ਮੈਂ ਇਹ ਪਤਾ ਕਰਨ ਆਇਆ ਕਿ ਸਾਨੂੰ ਸਟੇਜ ਕਦ ਕੁ ਮਿਲੂ ਤਾਂ ਉਸ ਸਮੇਂ ਟਿਵਾਣਾ ਜੀ ਨੇ ਆਪਣੇ ਅਦਾਕਾਰਾਂ ਦੀ ਜਾਣ-ਪਹਿਚਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ। ਅਦਾਕਾਰ ਕਿਹੜਾ ਥੋੜ੍ਹੇ ਸਨ? ਲੱਗ-ਭਗ 35-40! (ਧੰਨ ਨੇ ਟਿਵਾਣਾ ਜੀ ਜਿਹੜੇ ਐਨੇ ਕਲਾਕਾਰਾਂ ਨੂੰ ਸਾਂਭ ਲੈਂਦੇ ਨੇ! ਇਥੇ ਤਾਂ 10-12 ਹੀ ਪੈਰ ਨੀ ਲੱਗਨ ਦਿੰਦੇ!) ਫੇਰ, ਟਿਵਾਣਾ ਜੀ ਦਾ ਜਾਣ-ਪਹਿਚਾਣ ਕਰਵਾਉਣ ਦਾ ਅੰਦਾਜ਼? ਕਲਾਕਾਰ ਦੀ ਕਲਾ ਦੀ ਪੂਰੀ ਮਹਿਮਾ, ਪੂਰਾ ਇਤਿਹਾਸ! ਦੂਜੇ ਪਾਸੇ ਮੇਰੇ ਵਰਗੇ ਅਨਾੜੀ ਨਿਰਦੇਸ਼ਕ! ਨਾਟਕ ਖੇਡਿਆ ਤੇ ਭੱਜ ਕੇ ਪਿੱਛੇ ਜਾ ਵੜੇ! ਜਿਵੇਂ ਨਾਟਕ ਨਾ ਖੇਡਿਆ ਹੋਵੇ, ਕੋਈ ਗੁਨਾਹ ਕੀਤਾ ਹੋਵੇ!
ਨਾਟਕ ‘ਰਾਮ ਲ੍ਹੀਲਾ’ ਦੇ ਕਲਾਕਾਰਾਂ ਦੀ ਜਾਣ ਪਹਿਚਾਣ ਕਰਵਾਉਣ ਉਤੇ ਬਹੁਤਾ ਨਹੀਂ ਤਾਂ ਘੱਟੋ-ਘੱਟ 20-25 ਮਿੰਟ ਤਾਂ ਲੱਗ ਹੀ ਗਏ ਹੋਣਗੇ। ਫੇਰ ਅਜੇ ਮੰਚ ਤੋਂ ਸੈਟ ਹਟਾਉਣਾ ਬਾਕੀ ਸ਼ੀ। ਡਰਦੇ-ਡਰਦੇ ਮੈਂ ਟਿਵਾਣਾ ਜੀ ਨੂੰ ‘ਜ਼ਰਾ ਛੇਤੀ’ ਕਰਨ ਦੀ ਬੇਨਤੀ ਕੀਤੀ। ਉਹ ਬੜੇ ਉਤਸ਼ਾਹ-ਜਨਕ ਅੰਦਾਜ਼ ਵਿੱਚ ਬੋਲੇ, “ਉਇ ਹੁਣੇ ਚੱਕ ਦਿੱਨੇ ਐਂ ਛੋਟੇ ਭਾਈ! ਤੂੰ ਹੋਰ ਦੱਸ, ਕਿਸੇ ਚੀਜ਼ ਦੀ ਲੋੜ ਤਾਂ ਨੀ?’ ਫੇਰ ਆਪਣੇ ਕਲਾਕਾਰਾਂ ਨੂੰ ਕਹਿਣ ਲੱਗੇ, “ਉਇ ਮੁੰਡਿਉ! ਸੈਟ ਜਲਦੀ ਹਟਾਉ ਬਈ, ਔਲਖ ਸਾਹਿਬ ਨੇ ਆਪਣਾ ਸੈਟ ਲਗਾਉਨੈਂ!’ ‘ਸੈਟ ਲਗਾਉਣ’ ਦੀ ਗੱਲ ਸੁਣ ਕੇ ਮੈਂ ਮਨ ਵਿੱਚ ਸ਼ਰਮਿੰਦਾ ਜਿਹਾ ਹੋਇਆ। ਮੈਂ ਕਿਹੜਾ ਸੈਟ ਲਗਾਉਣਾ ਸੀ? ਮੇਰੇ ਕ਼ੋਲ਼ੇ ਤਾਂ ਇੱਕ ਟੁੱਟੀ-ਜੀ ਮੰਜੀ ਸੀ ਤੇ ਇੱਕ ਨਿੱਕਾ-ਜਿਆ ਖੁੰਢ! ਮੈਂ ਤਾਂ ‘ਛੇਤੀ ਕਰਨ’ ਵਾਸਤੇ ਬਸ ਇਸ ਕਰ ਕੇ ਕਹਿ ਰਿਹਾ ਸਾਂ ਬਈ ਜੇ ਨਾਟਕ ਜਲਦੀ ਸ਼ੁਰੂ ਹੋ ਜਾਵੇ ਤਾਂ ਸਾਡਾ ਨਾਟਕ ਵੇਖਣ ਲਈ ਵੀ ਇੱਕ-ਅੱਧਾ ਦਰਸ਼ਕ ਬਚ ਜਾਵੇ! ਸਿਆਲ਼ਾਂ ਦੀ ਰੁੱਤ, ਰਾਤ ਦੇ 9-30 ਵਜੇ! ਨਾਟਕ ਵੇਖਣ ਕਿਹੜਾ ਭੜੂਆ ਰੁਕੂ? ਤੇ ਫੇਰ ਚੰਡੀਗੜ੍ਹ ਦਾ ਦਰਸ਼ਕ? ਰਾਮ-ਰਾਮ ਕਰੋ ਜੀ!
ਲਉ ਜੀ, ਸੈਟ ਹਟਾਉਂਦਿਆਂ-ਕਰਦਿਆਂ ਰਾਤ ਦੇ 10 ਵਜ ਗਏ। ਸੈਟ ਮੇਖਾਂ ਲਾ-ਲਾ ਫਿੱਟ ਕੀਤਾ ਹੋਇਆ ਸੀ, ਪੁੱਟਣ ਦੇ ਬਾਵਜੂਦ ਕੁੱਝ ਮੇਖਾਂ ਫਿਰ ਵੀ ਰਹਿ ਗਈਆਂ ਸਨ। ਉਹਨਾਂ ਨੂੰ ਮੇਰੇ ਕਲਾਕਾਰਾਂ ਨੇ ਇੱਟਾਂ ਮਾਰ-ਮਾਰ ਖੁੰਢੀਆਂ ਕੀਤਾ ਤੇ ਫੇਰ ਉਹਨਾਂ ਉਤੇ ਉਹੀ ਇੱਟਾਂ ਰੱਖ ਦਿੱਤੀਆਂ ਤਾਂ ਂਜੋ ਕਿਸੇ ਨੰਗ-ਪੈਰੀਏ ਕਲਾਕਾਰ ਦੇ ਪੈਰ ਲਹੂ-ਲਹਾਣ ਨਾ ਹੋ ਜਾਣ। ਮੇਖਾਂ ਪੁੱਟਣ ਤੇ ਖੁੰਢੀਆਂ ਕਰਨ ‘ਤੇ 10-15 ਮਿੰਟ ਲੱਗ ਗਏ ਤੇ ਸਾਡਾ ‘ਸੈਟ’ ਲਾਉਣ ‘ਤੇ ਸਾਰੇ ਪੰਜ ਮਿੰਟ।
ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕ-ਹਾਲ ਵਿੱਚ ਨਿਗਾਹ ਮਾਰੀ। ਵਾਹ ਰੇ ਸਾਡੀ ਚੰਗੀ ਕਿਸਮਤ! ਇਹ ਤਾਂ ਪੂਰੇ ਦਾ ਪੂਰਾ ਫੁੱਲ ਐ! ? ਬਸ, ਜਿਹੜੇ ਦਰਸ਼ਕ ਟਿਵਾਣਾ ਜੀ ਦੇ ਨਾਟਕ ਦੁਰਾਨ ਬਿਨਾ ਕੁਰਸੀਆਂ ਪਾਸਿਆਂ (ਸਾਈਡਾਂ) ‘ਤੇ ਖੜ੍ਹੇ ਸਨ, ਓਨੇ ਕੁ ਹੀ ਘੱਟ ਸਨ। ਕੁਰਸੀਆਂ ਪੂਰੀਆਂ ਦੀਆਂ ਪੂਰੀਆਂ ਭਰੀਆਂ ਹੋਈਆਂ। ਬਸ, 5-10 ਦਰਸ਼ਕ ਹੀ ਖੜ੍ਰੇ ਸਨ। (ਅੱਜ-ਕੱਲ੍ਹ ਜਦ-ਕਦ ਚੰਡੀਗੜ੍ਹ ਨਾਟਕ ਕਰਨ ਜਾਈਂਦਾ ਹੈ ਤਾਂ ਦਰਸ਼ਕਾਂ ਦੀ ਗਿਣਤੀ ਵੇਖ ਕੇ ਰੋਣ ਨਿਕਲ਼ ਆਉਂਦਾ ਹੈ ਤੇ 17 ਮਾਰਚ ਵਾਲ਼ੀ ਉਹ ਰਾਤ ਮੱਲੋ-ਮੱਲੀ ਯਾਦ ਆ ਜਾਂਦੀ ਹੈ)। ਨਾਟਕ ਸ਼ੁਰੂ ਕਰਨ ਲਈ ਜਦ ਮੈਂ ਲਾਇਟਾਂ ‘ਓਪਰੇਟ’ ਕਰਨ ਦੇ ਇਰਾਦੇ ਨਾਲ਼ ਉਪਰ ਜਾਣ ਲੱਗਾ ਤਾਂ ਮੇਰਾ ਇੱਕ ਕਲਾਕਾਰ ਘਬਰਾਇਆ-ਜਿਹਾ ਮੇਰੇ ਕੋਲ਼ ਅਇਆ ਤੇ ਕਹਿਣ ਲੱਗਾ, ‘ਪਰੋਫੈਸਰ ਸਹਿਬ, ਪਲੀਜ਼ ਇੱਕ ਵਾਰੀਂ ਮੈਂਨੂੰ ਇਹ ਦੱਸ ਦਿਉ ਕਿ ਮੈਂ ਕਿਧਰ ਦੀ ਵੜਨੈਂ, ਕਿਧਰ ਦੀ ਨਿਕਲਨੈਂ?’ ਦੂਜਾ ਕਲਾਕਾਰ ਉਹਦੀ ਬਾਂਹ ਫੜ ਕੇ ਘਸੀਟਦਾ ਹੋਇਆ ਕਹਿਣ ਲੱਗਾ, ‘ਆ-ਜਾ, ਮੈਂ ਦਸਦੈਂ ਤੈਨੂੰ ਕਿਧਰ ਦੀ ਵੜਨੈਂ, ਕਿਧਰ ਦੀ ਨਿਕਲਨੈਂ। ਪਰੋਫੈਸਰ ਸਾਹਿਬ ਨੂੰ ਨਾ ਪੁੱਛ, ਇਹ ਗਲ਼ਤ ਦੱਸ ਦੇਣਗੇ।’ ਤੇ ਮੈਂ ਲਾਈਟਾਂ ‘ਓਪਰੇਟ’ ਕਰਨ ਲਈ ਚਲਿਆ ਗਿਆ। ਲਾਈਟਾਂ ਮੈਂ ਤਾਂ ਕਿਹੜੀਆਂ ਓਪਰੇਟ ਕਰਨੀਆਂ ਸਨ। ਇਹ ਕੰਮ ਤਾਂ ਟੈਗੋਰ ਥਿਏਟਰ ਦੇ ਲਾਈਟਾਂ ਵਾਲ਼ੇ ਮੁਲਾਜ਼ਮ ਨੇ ਹੀ ਕੀਤਾ। ਮੈਂ ਤਾਂ ਸਿਰਫ ਕੁੱਝ ਵਿਸ਼ੇਸ ਸਿਚੂਏ-ਨਾ ਦਸਦਾ ਰਿਹਾ। ਤੇ ਇਸ ਵਿੱਚ ਵੀ ਚੰਡੀਗੜ੍ਹ ਦੇ ਇੱਕ ਰੰਗਕਰਮੀ, ਸ਼ਾਇਦ ਕੰਵਲ ਵਿਦਰੋਹੀ, ਨੇ ਹੀ ਮੇਰੀ ਬਹੁਤੀ ਮਦਦ ਕੀਤੀ।
ਸੌ ਗਜ਼ ਰੱਸਾ ਸਿਰੇ ‘ਤੇ ਗੰਢ, 10 ਵਜ ਕੇ 5 ਕੁ ਮਿੰਟ ਉਤੇ ਅਸੀਂ ਆਪਣਾ ਨਾਟਕ ਖੇਡਣਾ ਸ਼ੁਰੂ ਕਰ ਦਿੱਤਾ। ਨਾਟਕ ਸ਼ੁਰੂ ਹੋਏ ਨੂੰ ਅਜੇ 3-4 ਮਿੰਟ ਹੀ ਹੋਏ ਸਨ, ਸਾਡੇ ਚੰਗੇ ਭਾਗਾਂ ਨੂੰ, ਨਾਟਕ ਵਿਚਲੇ ਪੀਤੇ ਅਮਲੀ ਦੇ ਪਹਿਲੇ ਡਾਇਲਾਗ ਉਤੇ ਹੀ ਦਰਸ਼ਕਾਂ ਨੇ ਤਾੜੀਆਂ ਤੇ ਹਾਸੇ ਦੀਆਂ ਫੁਹਾਰਾਂ ਲਾ ਦਿੱਤੀਆਂ। ਉਸ ਤੋਂ 2 ਕੁ ਮਿੰਟ ਬਾਦ ਫੇਰ ਉਸੇ ਤਰ੍ਹਾਂ ਦਾ ਪ੍ਰਤਿਕਰਮ। ਬਸ ਫੇਰ ਕੀ ਸੀ? ਮੇਰੇ ਕਲਾਕਾਰਾਂ ਦੀ ਘਬਰਾਹਟ ਤਿੱਤਰ--ਬਿਤਰ! ਉਹਨਾਂ ਦਾ ਡਿੱਕ-ਡੋਲੇ ਖਾਂਦਾ ਵਿਸ਼ਵਾਸ ਪੈਰ ਫੜ ਗਿਆ ਤੇ ਅਗਲੇ ਹਰ ਪਲ ਉਹਨਾਂ ਦੇ ਅਭਿਨੈ ਵਿੱਚ ਨਿਖ਼ਾਰ ਆਉਣ ਲੱਗਾ। ਤੇ ਇਸ ਬਾਦ ਨਾਟਕ ਦੀ ਹਰ ਸਿੱਚੂਏਸ਼ਨ, ਹਰ ਡਾਇਲਾਗ ਉਤੇ ਉਹ ਹੁੰਗਾਰਾ ਤੇ ਪ੍ਰਤਿਕਰਮ ਆਉਣ ਲੱਗਾ ਜਿਸਦੀ ਮੈਂ ਨਾਟਕ ਸਿਰਜਣ ਵੇਲ਼ੇ ਤੇ ਨਿਰਦੇਸ਼ਿਤ ਕਰਨ ਵੇਲ਼ੇ ਮਨ ਵਿੱਚ ਕਲਪਨਾ ਕੀਤੀ ਸੀ। ਚੰਦ ਮਿੰਟਾਂ ਵਿੱਚ ਹੀ ਅਜਿਹਾ ਸਿਰਜਣਾਤਮਕ ਦੇ ਰੰਗਮੰਚੀ ਮਾਹੌਲ ਸਿਰਜਿਆ ਗਿਆ ਕਿ ਕਿਸੇ ਪਾਤਰ ਦੇ ਐਗਜ਼ਿਟ ਕਰਨ ਵੇਲ਼ੇ ਤਾਂ ਤਾੜੀਆਂ ਮਾਰੀਆਂ ਹੀ ਮਾਰੀਆਂ, ਦਰਸ਼ਕ ਅੱਗੋਂ ਨਵੇਂ ਪਾਤਰ ਦੇ ਪਰਵੇਸ਼ ਕਰਨ ਵੇਲ਼ੇ ਵੀ ਤਾੜੀਆਂ ਮਾਰਨ ਲੱਗੇ, ਜਿਵੇਂ ਉਹਨਾਂ ਨੂੰ ਯਕੀਨ ਹੋਗਿਆ ਹੋਵੇ ਕਿ ਇਹ ਆਉਣ ਵਾਲ਼ਾ ਕਲਾਕਾਰ ਪਹਿਲੇ ਕਲਾਕਾਰ ਨਾਲ਼ੋਂ ਵੀ ਵੱਖਰਾ ਤੇ ਲਾ-ਜਵਾਬ ਹੋਵੇਗਾ। ਅਜਿਹਾ ਮੈਂ ਆਪਣੇ ਜੀਵਨ ਵਿੱਚ ਪਹਿਲੀ ਵਾਰ ਵੇਖਿਆ ਸੀ ਤੇ ਉਸ ਪਿਛੋਂ ਕਦੇ ਫੇਰ ਵੀ ਨਹੀਂ ਵੇਖਿਆ। ਬਸ, ਕੁਦਰਤ ਹੀ ਦਿਆਲ ਹੋ ਗਈ ਸੀ! ਦਰਸ਼ਕਾਂ ਦੀਆਂ ਤਾੜੀਆਂ ਅਤੇ ਹੁਲਾਸਮਈ ਹੁੰਗਾਰੇ ਸਦਕਾ ਕਲਾਕਾਰਾਂ ਨੂੰ ਅਗਲਾ ਡਾਇਲਾਗ ਬੋਲਣ ਤੋਂ ਪਹਿਲਾਂ ਕਲਾਤਮਕ-ਠਹਿਰਾਉ (ਆਰਟਿਸਟਿਕ ਪਾਜ਼) ਦੀ ਲੋੜ ਪਿਆ ਕਰੇ। ਨਾਟਕ ਦੀ ਖੇਡਣ-ਸਮਾਂ ਕੁਲ 45 ਕੁ ਮਿੰਟ ਦਾ ਸੀ ਤੇ ਇਸ ਨੂੰ ਖੇਡਣ ਨੂੰ ਲੱਗੇ 54-55 ਮਿੰਟ। 10 ਵਜ ਕੇ 5 ਮਿੰਟ ‘ਤੇ ਸ਼ੁਰੂ ਹੋਇਆ ਨਾਟਕ ਰਾਤ ਦੇ ਪੂਰੇ 11 ਵਜੇ ਖ਼ਤਮ ਹੋਇਆ। ਤੇ ਜਦ ਖ਼ਤਮ ਹੋਇਆ ਤਾਂ ਫੇਰ ਨਾ-ਖ਼ਤਮ ਹੋਣ ਵ਼ਾਲੀਆਂ ਲੰਬੀਆਂ ਇੱਕ-ਸੁਰੀ ਸੰਗੀਤਮਈ ਤਾੜੀਆਂ!
ਹੁਣ ਅਗਲੀ ਗੱਲ ਸੁਣਨ ਵਾਲ਼ੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਨਾਟਕ ਖ਼ਤਮ ਹੁੰਦਿਆਂ ਹੀ ਮੈਂ ਸਟੇਜ ਦੇ ਅੱਗੇ ਆਉਂਦਾ ਤੇ ਆਪਣੀ ਤੇ ਆਪਣੇ ਕਲਾਕਾਰਾਂ ਦੀ ਜਾਣ-ਪਹਿਚਾਣ ਕਰਵਾਉਂਦਾ ਪਰ ਇੱਕ ਤਾਂ ਅਜਿਹਾ ਅਸੀਂ ਕਦੇ ਘੱਟ-ਵੱਧ ਹੀ ਕੀਤਾ ਸੀ (ਸਿਰਫ ਨਾਟਕ-ਮੁਕਾਬਲਿਆਂ ਵਿੱਚ ਅਜਿਹਾ ਕਰਨਾ ਪੈਂਦਾ ਸੀ), ਤੇ ਦੂਜੇ ਨਾਟਕ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੇ ਜਾਣ ਦੀ ਖ਼ੁਸ਼ੀ ਸਦਕਾ ਕਮਲ਼ੇ-ਜਿਹੇ ਹੋਏ ਅਸੀਂ ਝੱਟ-ਪੱਟ ਹੀ ਪਿੱਛੇ ਗਰੀਨ ਰੂਮਾਂ ਵਿੱਚ ਚਲੇ ਗਏ ਤੇ ਖ਼ੁਸ਼ੀ ਵਿੱਚ ਲੱਗੇ ਪੇਂਡੂਆਂ ਵਾਂਗੂੰ ਕਿਲਕਾਰੀਆਂ ਮਾਰਨ। ਉਧਰੌਂ ਦਰਸ਼ਕਾਂ ਵੱਲੋਂ ਅਵਾਜ਼ੇ ਆ ਰਹੇ ਸਨ, “ਨਾਟਕ ਦੇ ਲੇਖਥ ਤੇ ਨਿਰਦੇਸ਼ਕ ਨੂੰ ਸਟੇਜ ‘ਤੇ ਲੈ ਕੇ ਆਉ! ਨਾਟਕ ਦੇ ਲੇਖਕ ਤੇ ਨਿਰਦੇਸ਼ਕ ਨੂੰ ਸਟੇਜ ‘ਤੇ ਲੈ ਕੇ ਆਉ!’ ਪਰ ਸਾਨੂੰ ਆਵਾਜਾਂ ਸਪੱਸ਼ਟ ਨਹੀਂ ਸੀ ਸੁਣਾਈ ਦੇ ਰਹੀਆ। ਥੋੜ੍ਹੇ ਚਿਰ ਪਿੱਛੋਂ ਪੰਜਾਬੀ ਦਾ ਵਿਦਵਾਨ ਆਲੋਚਕ ਤੇ ਐਮ ਏ ਕਰਨ ਵੇਲੇ ਦੇ ਮੇਰੇ ਸਤਿਕਾਰਯੋਗ ਅਧਿਆਪਕ ਡਾ: ਅਤਰ ਸਿੰਘ ਪਿੱਛੇ ਸਾਡੇ ਕੋਲ ਆ ਕੇ ਅਪਣਤੀ ਜਿਹੇ ਗੁੱਸੇ ਵਿੱਚ ਮੈਂਨੂੰ ਕਹਿਣ ਲੱਗੇ, “ਕਮਲਿਆਂ ਬੰਦਿਆ, ਇੱਥੇ ਆ ਵੜਿਆ, ਓਧਰ ਦਰਸ਼ਕ ਅਵਾਜ਼ਾਂ ਤੇ ਅਵਾਜ਼ਾਂ ਮਾਰੀਂ ਜਾ ਰਹੇ ਨੇ! ਜਾਣ-ਪਹਿਚਾਣ ਨੀ ਕਰਵਾਉਣੀ ਆਪਣੀ?’ ਤੇ ਮੇਰੀ ਬਾਂਹ ਫੜ ਕੇ ਤੁਰ ਪਏ। ਮੇਰੇ ਸਾਹਮਣੇ ਹੁੰਦਿਆਂ ਹੀ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਬੰਨ੍ਹ ਦਿੱਤੀ। ਨਾਟਕ ਦੀ ਵਧੀਆ ਪੇਸ਼ਕਾਰੀ ਸਦਕਾ ਮੈਂ ਬਿਨਾ-ਸ਼ੱਕ ਬਹੁਤ ਖ਼ੁਸ਼ ਸਾਂ ਪਰ ਤਾੜੀਆਂ ਦੀ ਗੁੰਜ-ਗਜਾਹਟ ਵਿੱਚ ਮੈਂ ਇਤਨਾ ਘਬਰਾ ਤੇ ਸੰਗ ਗਿਆ ਕਿ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਮੈਂ ਇੱਕ ਵੀ ਸ਼ਬਦ ਮੂੰਹੋਂ ਕੱਢ ਨਾ ਸਕਿਆ । ਇਸ ਕਸੂਤੀ ਸਥਿੱਤੀ ਵਿਚੋਂ ਡਾ: ਅਤਰ ਸਿੰਘ ਨੇ ਹੀ ਮੈਂਨੂੰ ਬਾਹਰ ਕੱਢਿਆ। ਉਹ ਅਗਾਂਹ ਹੋ ਕੇ ਦਰਸ਼ਕਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਬੋਲਣ ਲੱਗੇ, “ਇਸ ਨਾਟਕ ਦਾ ਲੇਖਕ ਤੇ ਨਿਰਦੇਸ਼ਕ ਮੇਰਾ ਇੱਕ 13-14 ਸਾਲ ਪੁਰਾਣਾ ਐਮ ਏ ਦਾ ਵਿਦਿਆਰਥੀ ਹੈ। ਜਦੋਂ ਉਹ ਮੇਰਾ ਵਿਦਿਆਰਥੀ ਸੀ ਤਾਂ ਪੜ੍ਹਈ ਵਿੱਚ ਮਿਡਿਉਕਰ ਕਿਸਮ ਦਾ ਸੀ ਤੇ ਬੜਾ ਹੀ ਸੰਗਾਊ ਹੁੰਦਾ ਸੀ। ਉਸ ਸਮੇਂ ਉਸਨੇ ਆਪਣੀ ਕਿਸੇ ਕਿਸਮ ਦੀ ਕਲਾ-ਪ੍ਰਤਿਭਾ ਦਾ ਇਜ਼ਹਾਰ ਨਹੀਂ ਸੀ ਕੀਤਾ, ਤੇ ਨਾ ਹੀ ਮੈਂ ਇਸਦੀ ਪਹਿਚਾਣ ਕਰ ਸਕਿਆ। ਅੱਜ ਉਸਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੋਇਆ ਨਾਟਕ ‘ਬਗਾਨੇ ਬੋਹੜ ਦੀ ਛਾਂ’ ਵੇਖ ਕੇ ਜਿਥੇ ਮੈਂਨੂੰ ਆਪਣੀ ਉਸ ‘ਨਾ-ਪਹਿਚਾਣੀ’ ਦਾ ਅਫਸੋਸ ਹੋ ਰਿਹਾ ਹੈ ਉਥੇ ਇਸ ਗੱਲ ਦਾ ਮਾਣ ਵੀ ਹੋ ਰਿਹਾ ਹੈ ਕਿ ਮੇਰਾ ਇੱਕ ਵਿਦਿਆਰਥੀ ਪੰਜਾਬੀ ਵਿੱਚ ਇੱਕ ਨਿਵੇਕਲੀ ਕਿਸਮ ਦਾ ਨਾਟਕਕਾਰ ਬਣ ਕੇ ਸਾਹਮਣੇ ਅਇਆ ਹੈ। ਮੈਂ ਜਿਥੇ ਪੰਜਾਬੀ ਵਿੱਚ ਹੋਰ ਸਾਹਿਤਕ ਵਿਧਾਵਾਂ ਤੋਂ ਕਾਫੀ ਹੱਦ ਤੱਕ ਸੰਤੁਸ਼ਟ ਸਾਂ ਉਥੇ ਨਾਟਕ-ਵਿਧਾ ਵੱਲੋਂ ਬੜਾ ਨਿਰਾਸ ਤੇ ਉਦਾਸੀਨ ਸਾਂ। ਅੱਜ ਮੇਰੀ ਉਹ ਨਿਰਾਸਾ ਤੇ ਉਦਾਸੀਨੀਤਾ ਇੱਕ ਬੜੀ ਆਸਾ ਵਿੱਚ ਤਬਦੀਲ ਹੋ ਗਈ ਹੈ। ਅੱਜ ਮੈਂ ਇਹ ਗੱਲ ਦਾਅਵੇ ਨਾਲ਼ ਆਖਦਾ ਹਾਂ ਕਿ ਅੱਜ ਪੰਜਾਬੀ ਵਿੱਚ ਨਾਟਕ ਪੈਦਾ ਹੋ ਗਿਆ ਹੈ। ਤੇ ਇਸ ਤਬਦੀਲੀ ਦਾ ਕਾਰਨ ਹੈ ਨਾਟਕ ‘ਬਗਾਨੇ ਬੋਹੜ ਦੀ ਛਾਂ’ ਤੇ (ਮੇਰੇ ਵੱਲ ਲੰਬੀ ਬਾਂਹ ਕਰ ਕੇ) ਇਸਦਾ ਲੇਖਕ ਤੇ ਨਿਰਦੇਸ਼ਕ ------ ਮੇਰਾ ਸ਼ਾਗਿਰਦ ਅਜਮੇਰ ਸਿੰਘ ਦਾ ਔਲਖ!’ (ਹੇ ਮੇਰੀ ਆਤਮਾ! ਮੇਰੇ ਕੋਲ਼ੋਂ ਉਹ ਕੁੱਝ ਹੀ ਲਿਖਵਾਈਂੋ ਜੋ ਕੁੱਝ ਉਸ ਸਮੇਂ ਮੇਰੇ ਗੁਰੂ ਨੇ ਕਿਹਾ ਸੀ!) ਬਸ ਫੇਰ ਕੀ ਸੀ? ਹਰਾਨੀ ਦੀ ਹੱਦ! ਸਾਰੇ ਦਰਸ਼ਕ ਖੜ੍ਹੇ ਹੋ ਗਏ! ਇੱਕ ਵਾਰ ਫਿਰ ਲਗਾਤਾਰ ਲੰਬੀਆਂ ਤੇ ਬੇਰੋਕ ਹਾਲ-ਗੂੰਂਜਾਉਂਦੀਆਂ ਤਾੜੀਆਂ! ਤੇ ਫਿਰ ਇਸ ਪਿਛੋਂ ਪਰਸੰਸਕਾਂ ਦੀ ਭੀੜ ਸਟੇਜ ਉਤੇ ਆ ਚੜ੍ਹੀ ਤੇ ਉਹਨਾਂ ਨੇ ਮੈਂਨੂੰ ਤੇ ਮੇਰੇ ਕਲਾਕਾਰਾਂ ਨੂੰ ਜੱਫੀਆਂ ਵਿੱਚ ਘੁੱਟ-ਘੁੱਟ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਜੀਬ ਗੱਲ ਇਹ ਕਿ ਨਾਟਕ ਖ਼ਤਮ ਹੋਣ ਤੇ ਮੇਰੀ ਤੇ ਮੇਰੇ ਕਲਾਕਾਰਾਂ ਦੀ ਜਾਣ-ਪਹਿਚਾਣ ਕਰਵਾਏ ਜਾਣ ਤੋਂ ਬਾਦ ਵੀ ਦਰਸ਼ਕ ਆਪਣੇ-ਆਪਣੇ ਘਰਾਂ ਨੂੰ ਨਾ ਤੁਰੇ! ਕਿੱਨਾ ਚਿਰ ਨਾਟਕ ਸੰਬੰਧੀ ਗੱਲਾਂਬਾਤਾਂ ਕਰਦੇ ਰਹੇ ਤੇ ਰਾਤ ਦੇ ਕੋਈ ਸਾਢੇ ਗਿਆਰਾਂ ਵਜੇ ਘਰਾਂ ਨੂੰ ਪਰਤੇ।
ਕਹਾਣੀ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ। ਦੂਜੇ ਦਿਨ (18 ਮਾਰਚ) ਨੂੰ ਪੰਜਾਬੀ ਕਲਾ ਕੇਂਦਰ ਵੱਲੋਂ ਇੱਕ ਆਲ ਇੰਡੀਆ ਕਨਵੈਂਸ਼ਨ ਦਾ ਪਰਬੰਧ ਕੀਤਾ ਗਿਆ ਸੀ ਜਿਸ ਵਿੱਚ ਵਿਦਵਾਨ ਆਲੋਚਕਾਂ, ਲੇਖਕਾਂ, ਨਾਟਕਕਾਰਾਂ ਤੇ ਰੰਗ-ਨਿਰਦੇਸ਼ਕਾਂ ਨੇ ‘ਪੰਜਾਬੀ ਰੰਗਮੰਚ ਦੀਆਂ ਸਮੱਸਿਆਵਾਂ ਤੇ ਸੰਭਾਵਨਾਵਾਂ’ ਉਤੇ ਡੂੰਘਾ ਵਿਚਾਰ-ਵਿਟਾਂਦਰਾ ਕਰਨਾ ਸੀ। ਜਦ ਮੈਂ ਸਵੇਰੇ ਕਨਵੈਂਸ਼ਨ ਵਾਲ਼ੀ ਥਾਂ ‘ਤੇ ਪੁੱਜਿਆ ਤਾਂ ਗੇਟ ਕੋਲ ਪੰਜਾਬੀ ਦੇ ਮੰਨੇ-ਪਰਵੰਨੇ ਯਥਾਰਥਵਾਦੀ ਲੇਖਕ ਤੇ ਮਾਰਕਸਵਾਦੀ ਆਲੋਚਕ ਸਵਰਗੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਕੁੱਝ ਨੌਜਵਾਨ ਲੇਖਕਾਂ ਨਾਲ਼ ਗੱਲਬਾਤ ਕਰ ਰਹੇ ਸਨ। ਮੈਂਨੂੰ ਦੇਖਦਿਆਂ ਹੀ ਉਹ ਬੋਲੇ, “ਬਈ ਔਲਖ, ਰਾਤ ਤੂੰ ਮੈਂਨੂੰ ਮੇਰੇ ਮਾਂ-ਬਾਪ ਯਾਦ ਕਰਵਾ ਦਿੱਤੇ! ਨਾਟਕ ਵੇਖਦਾ-ਵੇਖਦਾ ਮੈਂ ਕਈ ਵਾਰ ਰੋਇਆ! ਉਹ ਵੀ ਤੇਰੇ ਨਾਟਕ ਦੇ ਗੱਜਣ ਤੇ ਗੁਰਨਾਮ ਕੁਰ ਵਾਂਗ ਹੀ ਲੜਦੇ ਹੁੰਦੇ ਸੀ!’ ਹੁਣ ਤੁਸੀਂ ਹੀ ਦੱਸੋ, ਐਡੇ ਵੱਡੇ ਲੇਖਕ ਦੀ ਐਡੀ ਵੱਡੀ ਗੱਲ ਮੇਰੇ ਵਰਗਾ ਨਵਾਂ ਤੇ ਨਿੱਕਾ ਲੇਖਕ ਜ਼ਿੰਦਗੀ-ਭਰ ਕਿਸ ਤਰ੍ਹਾਂ ਭੁੱਲ ਸਕਦਾ ਹੈ?
ਫੇਰ ਮਿਲ ਗਏ ਡਾ: ਅਤਰ ਸਿੰਘ। ਉਹਨਾਂ ਮੇਰੀ ਬਾਂਹ ਫੜੀ ਤੇ ਚੁੱਪ-ਚਪੀਤੇ ਸਮਾਗਮ ਵਾਲੇ ਹਾਲ ਵਿੱਚ ਲੈ ਗਏ। ਉਥੇ ਪਹਿਲੀ ਕਤਾਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ: ਅਮਰੀਕ ਸਿੰਘ ਜੀ ਬੈਠੇ ਸਨ। ਉਹਨਾਂ ਸਾਹਮਣੇ ਮੈਂਨੂੰ ਕਰਦੇ ਹੋਏ ਡਾ: ਅਤਰ ਸਿੰਘ ਉਹਨਾਂ ਨੂੰ ਕਹਿਣ ਲੱਗੇ, “ਇਸ ਮੁੰਡੇ ਨੂੰ ਆਪਣੀ ਯੂਨੀਵਰਸਿਟੀ ਦੇ ਥਿਏਟਰ ਡਿਪਾਰਟਮੈਂਟ ਵਿੱਚ ਲੈ ਕੇ ਜਾਉ!’ ਡਾ: ਅਮਰੀਕ ਸਿੰਘ ਨੇ ਪਤਾ ਹੈ ਕੀ ਜਵਾਬ ਦਿੱਤਾ? ਉਹ ਤੁਰੰਤ ਬੋਲੇ, “ਆ-ਜੇ, ਕੱਲ੍ਹ ਹੀ ਆ ਕੇ ਂਜੋਆਇਨ ਕਰ ਲਵੇ।’ ਹੇ ਮੇਰੇ ਮਾਲਕਾ! ਨਾਟਕ ਤੇ ਰੰਗਮੰਚ ਦਾ ਇਸ ਤਰ੍ਹਾਂ ਦਾ ਮੁੱਲ ਪਾਉਣ ਵਾਲੇ ਵੀ ਬੰਦੇ ਹੈ-ਗੇ ਸਾਡੇ ਵਿਦਿਅਕ ਜਗਤ ਵਿਚ? ! ਮੇਰੇ ਤਾਂ ਕੰਨਾਂ ਨੂੰ ਯਕ਼ੀਨ ਨਹੀਂ ਸੀ ਆ ਰਿਹਾ! ਉਧਰ ਮੇਰੀ ਤੇ ਮੇਰੀ ਰੰਗਮੰਚ-ਜੀਵਨ-ਸਾਥਨ ਮਨਜੀਤ ਦੀ ‘ਸਿਆਣਫ’ ਵੇਖੋ। ਕਈ ਦਿਨਾਂ ਦੀ ‘ਵਿਚਾਰ’ ਤੋਂ ਬਾਦ ਅਸੀਂ ਇਸ ਸਿੱਟੇ ‘ਤੇ ਪੁੱਜੇ -- “ਇੱਕ ਤਾਂ ਯੂਨੀਵਰਸਿਟੀ ਜਾਣ ਨਾਲ਼ ਆਪਣੀਆਂ ਰੰਗਮੰਚ ਸਰਗਰਮੀਆਂ ‘ਤੇ ਉਲ਼ਟਾ ਅਸਰ ਪਏਗਾ, (ਮਤਲਬ ਸਾਡੇ ਪੇਂਡੂ ਰੰਗਮੰਚ ਨੂੰ ਪੇਂਡੂ ‘ਫੀੰਿਡਗ’ ਨਹੀਂ ਮਿਲੇਗੀ) ਤੇ ਦੂਜੇ ਯੂਨੀਵਰਸਿਟੀ ਦੀ ‘ਪਾਲੇਟਿਕਸ’ ਆਪਣੀ ਪੇਂਡੂ ਮਾਨਸਿਕਤਾ ਦੇ ‘ਲੋਟ’ ਨੀ ਬੈਠਣੀ, ਇਸ ਲਈ ਰਹਿਣ ਹੀ ਦੇਈਏ। ਤਨਖਾਹ ਤੇ ਰੁਤਬੇ ਦਾ ਕੀ ਐ, ਆਪਾਂ ਕਿਹੜਾ ਵਾਈਸ-ਚਾਂਸਲਰ ਬਣਨੈਂ? ਦੋਵਾਂ ਦੀ ਤਰਖਾਹ ਨਾਲ਼ ਵਧੀਆ ਗੁਜ਼ਾਰਾ ਹੋਈ ਜਾਂਦੈ, ਇਸ ਲਈ ਕੀ ਕਰਾਂਗੇ ਯੂਨੀਵਰਸਿਟੀ ਜਾ ਕੇ, ਛਡੋ ਪਰੇ।’ ਸੋ, ਮੈਂ ਆਪਣੀ ਤੇ ਆਪਣੀ ‘ਘਰ ਵਾਲ਼ੀ’ ਦੀ ‘ਦੂਰ-ਦ੍ਰਿਸ਼ਟੀ’ ਸਦਕਾ 35 ਸਾਲ ਇੱਕ ਪੇਂਡੂ ਕਾਲਜ ਵਿੱਚ ਹੀ ‘ਪੇਂਡੂ ਰੰਗਮੰਚ ਦੀ ਫੀਡਿੰਗ’ ਲੈਂਦਾ ਰਿਹਾ।
ਫੇਰ ਮਿਲ ਗਏ ਭਾਗ ਸਿੰਘ। ਉਹੀ ਭਾਗ ਸਿੰਘ ਜਿੰਨ੍ਹਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨਜ਼ ਮਹਿਕਮੇ ਵਿੱਚ ਰਹਿੰਦਿਆਂ ਪੰਜਾਬ ਸਰਕਾਰ ਤੇ ਪੰਜਾਬੀ ਰੰਗਮੰਚ ਦੀ ਇਕੋ ਸਮੇਂ ਇਕੱਠਿਆਂ ਹੀ ਸੇਵਾ ਕੀਤੀ। ਮਹਿੰਦੀ-ਰੰਗੀ ਦਾੜ੍ਹੀ ਵਾਲ਼ੇ ਇਸ ਬੰਦੇ ਨੂੰ ਮੈਂ ਪਹਿਲਾਂ ਨਹੀਂ ਸੀ ਜਾਨਦਾ। ਮੇਰਾ ਹੱਥ ਫੜਿਆ ਤੇ ਹਾਲ ਤੋਂ ਬਾਹਰ ਲੈ ਆਇਆ। ਜੇਬ ਵਿਚੋਂ ਇੱਕ ਲੰਬਾ-ਸਾਰਾ ਕਾਗਜ਼ ਕੱਢਿਆ ਤੇ ਬੋਲਿਆ, “ਇੱਕ ਅਰਜ਼ੀ ਲਿਖ।’ ਮੈਂ ਨਾਸ਼ਸਮਝੀ ਵਿੱਚ ਵਿਟ-ਵਿਟ ਉਹਦੇ ਮੂੰਹ ਵੱਲ ਝਾਕਨ ਲੱਗਾ। ਕਹਿੰਦਾ, “ਜਿਵੇਂ-ਜਿਵੇਂ ਮੈਂ ਬੋਲਦਾ ਹਾਂ, ਲਿਖੀ ਚੱਲ।’ ਤੇ ਮੈਂ ਲਿਖਣ ਲੱਗ ਪਿਆ। ਇਹ ਪੰਜਾਬ ਸਰਕਾਰ ਦੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਨੂੰ ਗਰਾਂਟ ਲਈ ਐਪਲੀਕੇਸ਼ਨ ਸੀ। ਮਹੀਨੇ ਦੇ ਅੰਦਰ-ਅੰਦਰ ਸਾਡੀ ਰੰਗਮੰਚੀ ਸੰਸਥਾ ‘ਲੋਕ ਕਲਾ ਮੰਚ’ ਮਾਨਸਾ ਨੂੰ ਇਸ ਵਿਭਾਗ ਵੱਲੋਂ ਦਸ ਹਜ਼ਾਰ ਰੁਪਏ ਦੀ ਗਰਾਂਟ ਮਿਲ ਗਈ! ਅੱਛਾ, ਸਰਕਾਰ ਵੀ ਨਾਟਕ ਕਰਨ ਵਾਲ਼ਿਆਂ ਨੂੰ ਪੈਸੇ ਦਿੰਦੀ ਹੁੰਦੀ ਐ? ਇਸ ਤੱਥ ਦਾ ਤਾਂ ਮੈਂਨੂੰ ਉਸ ਦਿਨ ਹੀ ਪਤਾ ਲੱਗਾ।
ਇਸ ਪਿੱਛੋਂ ਦੋ ਮਾਡਰਨ ਜਿਹੀਆਂ ਕੁੜੀਆਂ ਮੈਂਨੂੰ ਲਭਦੀਆਂ-ਲਭਦੀਆਂ ਮੇਰੀ ਵੱਲ ਆਉਂਦੀਆਂ ਦਿਸੀਆਂ। ਇਹ ਦੋ ਅੰਗਰੇਜ਼ੀ ਅਖ਼ਬਾਰਾਂ, ‘ਇੰਡੀਅਨ ਐਕਸਪ੍ਰੈਸ’ ਤੇ ‘ਪੈਟ੍ਰੀਆਟ’, ਦੀਆਂ ਪੱਤਰਕਾਰ-ਕੁੜੀਆਂ ਸਨ। ਇੱਕ ਦਾ ਨਾਂ ਸੀ ਨਿਰੂਪਮਾ ਦੱਤ ਤੇ ਦੂਜੀ ਦਾ ਨਾਂ ਮੈਂ ਇਸ ਵਕ਼ਤ ਭੁੱਲ ਗਿਆ ਹਾਂ। ਕਹਿਣ ਲੱਗੀਆਂ,’ ਤੁਹਾਡੀ ਇੰਟਰਵਿਊ ਲੈਣੀ ਐਂ।’ ਇੱਕ ਪਾਸੇ ਲਜਾ ਕੇ ਇੰਟਰਵਿਊ ਲਈ ਗਈ। ਲੈ ਕੇ ਫੇਰ ਕਹਿਣ ਲੱਗੀਆਂ, “ਆਪਣੇ ਇਸ ਨਾਟਕ ਦੀਆਂ ਕੁੱਝ ਫੁਟੋਗਰੈਫਜ਼ ਦਿਉ।’ ਮੈਂ ਕਿਹਾ, ‘ਫੋਟੋਆਂ: ਤਾਂ ਮੇਰੇ ਕੋਲ ਹੈ ਨਹੀਂ। ਨਾ ਹੀ ਕਦੇ ਮੈਂ ਰੱਖੀਆਂ ਹਨ।’ ਉਹ ਹਰਾਨ ਜਿਹੀਆਂ ਹੋਈਆ ਕਹਿਣ ਲੱਗੀਆਂ, “ਹੈ ਨਹੀਂ, ਮਤਲਬ? ਤੁਸੀਂ ਨਾਟਕ ਕਰਨ ਵੇਲ਼ੇ ਆਪਣੇ ਨਾਟਕਾਂ ਦੀ ਫੋਟੋਜ਼ ਆਪਣੇ ਨਾਲ਼ ਨੀ ਰਖਦੇ?’ ਮੈਂਨੂੰ ਸਮਝ ਨਾ ਆਈ ਬਈ ਨਾਲ਼ ਕਾਹਦੇ ਵਾਸਤੇ ਰੱਖਨੀਆਂ ਹੋਈਆਂ? ਸਮਝ ਗਈਆਂ ਬਈ ਬੰਦਾ ਜਮਾਂ ਈ ਬੂਝੜ ਐ। ਐਨੇ ਵਿੱਚ ਪੰਜਾਬੀ ਕਵੀ ਅਮਰਜੀਤ ਚੰਦਨ ਉਥੇ ਆ ਗਿਆ। ਉਸਨੂੰ ਜਦੋਂ ਸਮੱਸਿਆ ਦਾ ਪਤਾ ਲੱਗਾ ਤਾਂ ਕਹਿਣ ਲੱਗਾ, “ਨਾਟਕ ਦੀ ਫੋਟੋ ਤਾਂ ਨਹੀਂ ਪਰ ਇਮਰੋਜ਼ ਦਾ ਬਣਾਇਆ ਔਲਖ ਦਾ ਇੱਕ ਸਕੈਚ ਮੇਰੇ ਪਾਸ ਜ਼ਰੂਰ ਪਿਆ ਹੈ ਜੇ ਉਸ ਨਾਲ਼ ਸਰਜੂ ਤਾਂ?’ (ਅਮਰਜੀਤ ਚੰਦਨ ਨੇ ਇੱਕ ਕਹਾਣੀ ਸੰਗ੍ਰਹਿ ਛਾਪਣਾ ਸੀ ਤੇ ਉਸ ਲਈ ਉਸਨੇ ਮੇਰੀ ਵੀ ਇੱਕ ਕਹਾਣੀ ਤੇ ਤਸਵੀਰ ਮੰਗਵਾਈ ਸੀ। ਉਹ ਕਹਾਣੀ ਸੰਗ੍ਰਹਿ ਤਾਂ ਕਿਸੇ ਕਾਰਨ ਛਪ ਨਹੀਂ ਸੀ ਸਕਿਆ ਪਰ ਉਸ ਤਸਵੀਰ ਤੋਂ ਬਣਾਇਆ ਸਕੈਚ ਅਜੇ ਉਸ ਪਾਸ ਪਿਆ ਸੀ। ਪਾਠਕ ਸਮਝ ਗਏ ਹੋਣਗੇ ਕਿ ਦਾਸ ਨਾਟਕ ਲਿਖਣ ਤੇ ਕਰਨ ਤੋਂ ਪਹਿਲਾਂ ਕਹਾਣੀਆਂ ਵੀ ਲਿਖਿਆ ਕਰਦਾ ਸੀ) ਹਾਰ ਕੇ ਨਿਰੂਪਮਾ ਦੱਤ ਨੇ ਤਾਂ ਉਹ ਸਕੈਚ ਹੀ ਲੈ ਲਿਆ ਤੇ ਦੂਜੀ ਨੂੰ ਬਿਨਾ ਮੂਰਤ ਤੋਂ ਹੀ ਡੰਗ ਸਾਰਨਾ ਪਿਆ। ਬਾਦ ਵਿੱਚ ਮੈਂਨੂੰ ‘ਸਮਝ’ ਆਈ ਕਿ ਅਖ਼ਬਾਰਾਂ ਵਿੱਚ ਲਵਾਉਣ ਤੇ ਚਰਚਾ ਕਰਵਾਉਣ ਲਈ ਪਹਿਲਾਂ ਹੀ ਫੋਟੋਆਂ ਜੇਬ ਵਿੱਚ ਰੱਖਨੀਆਂ ਬਹੁਤ ਜ਼ਰੂਰੀ ਹਨ ਬਲਕਿ ਜੇ ਹੋ ਸਕੇ ਤਾਂ ਹੋ ਰਹੀ ਪੇਸ਼ਕਾਰੀ ਉਤੇ ਫੀਚਰ ਵੀ ਆਪ ਹੀ ਲਿਖ ਲਿਆਉਣਾ ਚਾਹੀਦਾ ਹੈ। ਖ਼ੈਰ, ਆਪਾਂ ਗੁੱਝੀਆਂ ਚੋਟਾਂ ਲਾਉਣੀਆਂ ਛੱਡੀਏ ਤੇ ਅਗਾਂਹ ਚੱਲੀਏ। ਐਵੇਂ ਕਈ ‘ਭਾਈਆਂ’ ਦਾ ਵਾਧੂ ਦਿਲ ਦੁਖੂ।
ਪੱਤਰਕਾਰ ਕੁੜੀਆਂ ਤੋਂ ਵਿਹਲਾ ਹੋ ਕੇ ਮੈਂ ਅੰਦਰ ਹਾਲ ਵਿੱਚ ਆ ਗਿਆ। ਕਨਵੈਂਸ਼ਨ ਸ਼ੁਰੂ ਹੋ ਚੁੱਕੀ ਸੀ। ਇਸ ਰੰਗਮੰਚ ਕਰਵੈਂਸ਼ਨ ਦੀ ਪਰਧਾਨਗੀ ਰੂਸ ਵਿੱਚ ਉਸ ਸਮੇਂ ਭਾਰਤ ਦੇ ਸਫ਼ੀਰ ਤੇ ਬਾਦ ਵਿੱਚ ਬਣੇ ਹਿੰਦੁਸਤਾਨ ਦੇ ਪਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਕਰ ਰਹੇ ਸਨ। ਕਨਵੈਂਸ਼ਨ ਦਾ ਵਿਸ਼ਾ ਤਾਂ ਸੀ ---” ਪੰਜਾਬੀ ਰੰਗਮੰਚ ਦੀਆਂ ਸਮੱਸਿਆਂਵਾਂ ਤੇ ਸੰਭਾਵਨਾਵਾਂ’ ਪਰ ਅੱਧੇ ਤੌਂ ਵੱਧ ਸਮਾਂ ਬੁਲਾਰੇ ਗੱਲਾਂ ‘ਬਗਾਨੇ ਬੋਹੜ ਦੀ ਛਾਂ’ ਦੀਆਂ ਹੀ ਕਰਦੇ ਰਹੇ। ਅਜਿਹੇ ਸਮੇਂ ਜਾਂ ਤਾਂ ਬੰਦਾ ਫੂਕ ਸਕੇ ਤੇ ਜਾਂ ਫਿਰ ਸੰਗ ਜਿਹੀ ਵਿੱਚ ਨੀਵੀਂ ਪਾ ਕੇ ਬੈਠਾ ਰਹੇ। ਆਪਾਂ ਤਾਂ ਭਾਈ ਸੰਗਨ ਵਾਲ਼ਾ ਕਾਰਜ ਹੀ ਕਰਦੇ ਰਹੇ।
ਆਉ ਹੁਣ ਗੱਲ ਖ਼ਤਮ ਕਰਨ ਵੱਲ ਮੋੜਾ ਕੱਟੀਏ। ਮੇਰੀ ਟੀਮ ਤਾਂ 18 ਮਾਰਚ ਨੂੰ ਹੀ ਵਾਪਿਸ ਮਾਨਸਾ ਵੱਲ ਚੱਲ ਪਈ ਸੀ ਪਰ ਪਿੱਛਲੇ ਦੋ ਦਿਨ ਦਾ ਪਰੋਗਰਾਮ (ਕਨਵੈਂਸ਼ਨ ਤੇ ਬਾਕੀ ਨਾਟਕ) ਵੇਖਣ ਲਈ ਮੈਂ ਚੰਡੀਗੜ੍ਹ ਹੀ ਅਟਕ ਗਿਆ ਸਾਂ। ਅਖ਼ੀਰਲੇ ਦਿਨ ਪੰਜਾਬ ਯੂਨੀਵਰਸਿਟੀ ਦੇ ਓਪਨ ਏਅਰ ਥਿਏਟਰ ਵਿੱਚ ਯੂੌੂਨੀਵਰਸਿਟੀ ਦੇ ਥਿਏਟਰ ਵਿਭਾਗ ਵੱਲੋਂ ਬਲਵੰਤ ਗਾਰਗੀ ਦਾ ਲਿਖਿਆ ਤੇ ਰਾਣੀ ਬਲਬੀਰ ਦਾ ਨਿਰਦੇਸ਼ਿਤ ਕੀਤਾ ਨਾਟਕ ‘ਸੁਹਣੀ ਮਹੀਂਪਾਲ’ ਵੇਖ ਕੇ ਮੈਂ ਰਾਤ ਪੰਜਾਬੀ ਆਲੋਚਕ ਡਾ: ਰਘਬੀਰ ਸਿੰਘ ਸਿਰਜਣਾ ਦੇ ਘਰ ਕੱਟੀ। ਦੂਜੇ ਦਿਨ, ਜਾਨੀ 20 ਮਾਰਚ ਨੂੰ ਸਵੇਰੇ-ਸਵੇਰੇ ਬੂਹੇ ਵਿਚੋਂ ਚਾਰ-ਪੰਜ ਅਖ਼ਬਾਰ ਲਿਆਉਂਦਾ ਤੇ ਉਹਨਾਂ ‘ਤੇ ਨਜ਼ਰ ਮਾਰਦਾ-ਮਾਰਦਾ ਡਾ: ਰਘਬੀਰ ਸਿੰਘ ਬੋਲਿਆਂ, “ਲੈ ਬਈ ਔਲਖ, ਅੱਜ ਤਾਂ ਅਖ਼ਬਾਰ ਤੇਰੀ ਪਰਸੰਸਾ ਨਾਲ਼ ਹੀ ਭਰੇ ਪਏ ਹਨ।’ ਅਖ਼ਬਾਰ ਭਰੇ ਤਾਂ ਨਹੀਂ ਸਨ ਪਰ ਉਹਨਾਂ ਵਿੱਚ ਮੇਰੇ ਨਾਟਕ ਦੀ ਪੇਸ਼ਕਾਰੀ ਦੀ ਕੁੱਝ ‘ਲੋੜ ਨਾਲ਼ੋਂ ਵੱਧ’ ਪਰਸੰਸਾ ਵਾਲ਼ੇ ਫੀਚਰ ਜ਼ਰੂਰ ਲੱਗੇ ਹੋਏ ਸਨ। ‘ਦੀ ਟ੍ਰਿਬਿਊਨ’, ਪੰਜਾਬੀ ਟ੍ਰਿਬਿਊਨ’, ‘ਇੰਡੀਅਨ ਐਕਸਪ੍ਰੈਸ’ ਤੇ ‘ਪੈਟ੍ਰੀਆਟ’ ਵਿੱਚ ਲੱਗੇ ਫੀਚਰਾਂ ਨੂੰ ਪੜ੍ਹ ਕੇ ਤਾਂ ਸੱਚਮੁੱਚ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਇਹ ਫੀਚਰ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਖ਼ੁਦ ਨਹੀਂ, ਅਸੀਂ ਆਪ ਲਿਖੇ ਹੋਣ। ‘ਇੰਡੀਅਨ ਐਕਸਪ੍ਰੈਸ’ ਦੀ ਪੱਤਰਕਾਰ ਨਿਰੂਪਮਾ ਦੱਤ ਨੇ ਤਾਂ ਕਮਾਲ ਹੀ ਕਰ ਦਿੱਤੀ। ਸਾਰਾ ਫੀਚਰ ਤਾਂ ਕਾਫੀ ਲੰਮਾ ਹੈ, ਤੁਸੀਂ ਵਿਚੋਂ-ਵਿਚੋਂ ਕੁੱਝ ਹਿੱਸੇ ਵੇਖ ਲਵੋ: :
ਰਾਈਟ-ਅੱਪ (ਲੇਖ) ਦਾ ਸਿਰਲੇਖ ਸੀ --- ‘ਜ਼ਿੰਦਗੀ ਨੂੰ ਚਿਤ੍ਰਦਾ ਇੱਕ ਨਾਟਕ’। ਤੇ ਸ਼ੁਰੂ ਇਸ ਤਰ੍ਹਾਂ ਹੁੰਦਾ ਸੀ --- “ਚੰਡੀਗੜ੍ਹ ਮਾਰਚ 19 -- ਪੰਜਾਬੀ ਕਲਾ ਕੇਂਦਰ ਵੱਲੋ ਇਥੇ ਟੈਗੋਰ ਥਿਏਟਰ ਵਿੱਚ ਕਰਵਾਏ ਗਏ ‘ਆਲ ਇੰਡੀਆ ਡਰਾਮਾ ਫੈਸਟੀਵਲ’ ਵਿੱਚ ਹੁਣ ਤੱਕ ਖੇਡੇ ਗਏ ਛੇ ਨਾਟਕਾਂ ਵਿਚੋਂ ਨਾਟਕ ‘ਬਗਾਨੇ ਬੋਹੜ ਦੀ ਛਾਂ’ ਨਿਰਸੰਦੇਹ ਸਾਰਿਆਂ ਨਾਲੋਂ ਉਤਮ ਸੀ ਤੇ ਇਸ ਗੱਲ ਦੀ ਵੀ ਬਹੁਤ ਘੱਟ ਸੰਭਾਵਨਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਵੱਲੋਂ ਅੱਜ ਖੇਡਿਆ ਜਾ ਰਿਹਾ ਨਾਟਕ ‘ਸੁਹਣੀ ਮਹੀਂਵਾਲ’ ਨਾਟਕ ‘ਬਗਾਨੇ ਬੋਹੜ ਦੀ ਛਾਂ’ ਵਾਲਾ ਗੌਰਵ ਹਾਸਲ ਕਰ ਸਕੇਗਾ।’ ਸ਼ ਸ਼ ਸ਼
“ਫੈਸਟੀਵਲ ਤੋਂ ਇਲਾਵਾ ਵੀ ਚੰਡੀਗੜ੍ਹ ਵਿਖੇ ਨਿਕਟ ਭੂਤ ਵਿੱਚ ਖੇਡੇ ਗਏ ਸਰਵੋਤਮ ਨਾਟਕਾਂ ਵਿਚੋ ਇਹ ਨਾਟਕ ਇੱਕ ਹੈ।’ ਸ਼ ਸ਼ ਸ਼
“ਹਰਪਾਲ ਟਿਵਾਣਾ ਦੇ ਲੰਬੇ ਨਾਟਕ ‘ਰਾਮ ਲ੍ਹੀਲਾ’ ਪਿੱਛੋਂ ਖੇਡੇ ਗਏ ਇਸ ਨਾਟਕ ਨੇ ਬਾਸੀਆਂ ਲੈਂਦੇ ਦਰਸ਼ਕਾਂ ਨੂੰ (ਸਵਰਗਵਾਸੀ ਟਿਵਾਣਾ ਜੀ ਤੋਂ ਖ਼ਿਮਾ ਸਹਿਤ) ਸ਼ੁਰੂ ਹੁੰਦਿਆਂ ਹੀ ਬੰਨ੍ਹ ਕੇ ਬਠਾ ਲਿਆਂ ਤੇ ਉਹਨਾ ਨੂੰ ਜ਼ਿਦਗੀ ਦੇ ਅੱਤ ਨੇੜੇ ਦੇ ਅਨੁਭਵ ਦਾ ਭਾਗੀ ਬਣਾਇਆ, ਭਾਗੀ ਵੀ ਕਮਾਲ ਦੀ ਸੁਹਜਾਤਮਕਤਾ (ਐਸਥੈਟਿਕਸ) ਨਾਲ਼! ਸ਼ ਸ਼ ਸ਼।’
“ਨਾਟਕ ਪੰਜਾਬੀ ਦੀ ਮਲਵਈ ਉਪ-ਭਾਸ਼ਾ ਵਿੱਚ ਸੀ ਤੇ ਮੰਚ ਉਤੇ ਮੰਚ-ਸਮੱਗਰੀ ਸਿਰਫ ਇੱਕ ਮੰਜੀ ਤੇ ਇੱਕ ਨਿੱਕਾ ਜਿਹਾ ਖੁੰਢ ਸੀ। ਦਰਸ਼ਕਾਂ ਦੀ ਭਾਗੇਦਾਰੀ (ਪਾਰਟੀਸੀਪੇਸ਼ਨ) ਪੂਰੀ ਦੀ ਪ੍ਵਰੀ ਸੀ। ਸ਼ਾਇਦ ਹੀ ਕੋਈ ਮੁਸ਼ਾਇਰਾ ਐਨੀਆਂ ਤਾੜੀਆਂ ਲੈਣ ਦਾ ਭਾਗੀ ਬਣ ਸਕੇ ਜਿਤਨੀਆਂ ਤਾੜੀਆਂ ਇਸ ਨਾਟਕ ਦੇ ਇੱਕ-ਇੱਕ ਸੀਨ ਨੇ ਦਰਸ਼ਕਾਂ ਤੋਂ ਪਰਾਪਤ ਕੀਤੀਆਂ, ਸਮੇਤ ਅੰਤ ਵਿੱਚ ਦਰਸ਼ਕਾਂ ਦੇ ਖੜ੍ਹੇ ਹੋ ਕੇ ਗੂੰਜਦੀਆਂ ਤਾਲ਼ੀਆਂ ਵਾਲ਼ੇ ਅਭਿਨੰਦਨ (ਸਟੈਂਡਿੰਗ ਓਵੇਸ਼ਨ) ਦੇ। - ਸ਼ ਸ਼ ਦਰਸ਼ਕਾਂ ਨੇ ਉਚੀਆਂ ਹਾਕਾਂ ਮਾਰ-ਮਾਰ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਨੂੰ ਬੁਲਵਾਇਆ। ਤੇ ਅਜਮੇਰ ਸਿੰਘ ਔਲਖ ਨੂੰ ਉਹਨਾਂ ਸਾਹਮਣੇ ਲਿਆਂਦਾ ਗਿਆ ਸ਼ ਸ਼ ਸ਼ ਸ਼।’
‘ਕਮਿਉਨਿਟੀ ਥਿਏਟਰ ਵਰਕਸ਼ਾਪ ਵਾਲ਼ੇ ਗੁਰਚਰਨ ਚੰਨੀ ਨੇ ਧਾ ਕੇ ਸਟੇਂਜ ਵੱਲ ਗਿਆ ਤੇ ਔਲਖ ਨੂੰ ਕਹਿਣ ਲੱਗਾ, “ਯਾਰ, ਅੱਜ ਮੈਂਨੂੰ ਆਪਣੇ ਨਾਟਕਾਂ ‘ਤੇ ਸ਼ਰਮ ਆ ਰਹੀ ਐ!’
ਹੁਣ ਅੰਗਰੇਜ਼ਂ ਅਖ਼ਬਾਰ ‘ਦੀ ਟ੍ਰਿਬਿਊਨ’ ਦੀ ਵੀ ਸੁਣੋ। ਲਿਖਦਾ ਹੈ ---- “ਗੁਰਸ਼ਰਨ ਸਿੰਘ ਦੀ ਪਹੁੰਚ ਨੂੰ ਕਿਸ ਤਰ੍ਹਾਂ ਸੁਹਜਾਤਮਕ ਅੰਜ਼ਾਮ ਦਿੱਤਾ ਜਾ ਸਕਦਾ ਹੈ, ਇਹ ਪਿਛਲੀ ਸ਼ਾਮ ਲੋਕ ਕਲਾ ਮੰਚ ਮਾਨਸਾ ਵੱਲੋ ਖੇਡੇ ਗਏ ਨਾਟਕ ‘ਬਗਾਨੇ ਬੋਹੜ ਦੀ ਛਾਂ’ ਨੇ ਕਰ ਵਿਖਾਇਆ। ਜਦੋਂ ਇਹ ਨਾਟਕ ਖ਼ਤਮ ਹੋਇਆ ਉਦੋ ਅੱਧੀਂ ਰਾਤ ਹੋਣ ਵਿੱਚ ਸਿਰਫ ਇੱਕ ਘੰਟਾ ਬਾਕੀ ਸੀ ਪਰ ਦਰਸ਼ਕਾਂ ਨੂੰ ਘਰ ਜਾਣ ਦੀ ਕੋਈ ਕਾਹਲ਼ ਨਹੀਂ ਸੀ। ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜਾਰ ਵਾਲਾ ਕਿਹੋ-ਜਿਹਾ ਦਿਲ-ਗਰਮਾਉਂਦਾ ਸੁਆਗਤ ਲੇਖਕ ਤੇ ਨਿਰਦੇਸ਼ਕ ਅਜਮੇਰ ਸਿੰਘ ਔਲਖ ਨੂੰ ਦਿੱਤਾ ਗਿਆ, ਬਸ ਦੇਖਣਾ ਹੀ ਬਣਦਾ ਸੀ! ਸ਼ ਸ਼ ਸ਼’
“ਇਹ ਇੱਕ ਪ੍ਰਤੀਕਮਈ ਇਸ਼ਾਰਾ ਹੀ ਸਮਝੋ ਕਿ ਨਾਟਕ-ਮੇਲੇ ਦਾ ਸਭ ਤੋਂ ਵਧੀਆ ਨਾਟਕ ਕਿਸੇ ਸ਼ਹਿਰ ਵਿਚੋਂ ਨਹੀਂ, ਬਲਕਿ ਮਾਨਸਾ ਵਰਗੀ ਇੱਕ ਨਿੱਕੀ ਜਿਹੀ ਥਾਂ ਤੋਂ ਆਇਆ ਸੀ। ਉਹਨਾਂ ਲੋਕਾਂ ਲਈ ਇੱਕ ਸਬਕ ਜਿੰਨ੍ਹਂ; ਵਿੱਚ ਇਹ ਸਿਖਣ ਦਾ ਕੁੱਝ ਜੇਰਾ ਹੈ ਕਿ ਅਸਲੀ ਨਾਟਕ ਲਈ ਸਾਨੂੰ ਪੱਛਮੀ ਸਾਹਿਤ ਵੱਲ ਨਹੀਂ, ਬਲਕਿ ਸਾਡੀ ਆਪਣੀ ਜ਼ਿੰਦਗੀ, ਜਾਨੀ ਪੰਜਾਬ ਦੇ ਪਿੰਡਾਂ ਦੀ ਅਸਲੀ ਜ਼ਿੰਦਗੀ, ਵੱਲ ਪਰਤਨਾ ਚਾਹੀਦਾ ਹੈ।’
ਹੁਣ ਤੁਸੀਂ ਹੀ ਦੱਸੋ ਜੇ ‘ਗਵਾਰ’ ਭਾਸ਼ਾ ਵਿੱਚ ‘ਗਵਾਰ’ ਨਾਟਕ ਦੇ ‘ਗਵਾਰ’ ਨਾਟਕਕਾਰ ਨੂੰ ਚੰਡੀਗੜ੍ਹ ਵਰਗੇ ‘ਸਭਿਅਯ’ ਤੇ ‘ਅਗਾਂਹਵਧੂ’ ਸ਼ਹਿਰ ਵਿੱਚ ਉਸਦੀ ਜੇਠੀ ਪੇਸ਼ਕਾਰੀ ਉਤੇ ਹੀ ਅਜਿਹਾ ਕੁੱਝ ਪੜ੍ਹਣ-ਸੁਣਨ ਤੇ ਵੇਖਣ ਨੂੰ ਮਿਲ ਜਾਵੇ ਤਾਂ ਉਹ ਖ਼ੁਸ਼ੀ ਵਿੱਚ ਕਮਲ਼ਾ ਨੀ ਹੋਊ ਤਾਂ ਹੋਰ ਕੀ ਹੋਊ? ਝੂਠ ਨੀ ਬੋਲਦਾ ਮੇਰੀ ਹਾਲਤ ਕੁੱਝ ਇਹੋ-ਜਿਹੀ ਹੀ ਸੀ। ‘ਚੂਹੇ ਨੂੰ ਮਿਲੀ ਹਲ਼ਦੀ ਦੀ ਗੱਠੀ, ਆਪਣੇ ਆਪਨੂੰ ਪੰਸਾਰੀ ਸਮਝਣ ਲੱਗਾ’, ਵਾਲ਼ੀ ਹਾਲਤ ਸੀ ਮੇਰੀ। ਫੇਰ ਸਿਆਣਿਆਂ ਦੀਆਂ ਗੱਲਾਂ ਯਾਦ ਕਰ-ਕਰ ਮਸਾਂ ਸਿਰ ਠੰਢਾ ਕੀਤਾ।
ਆਉ ਸਮੁੰਦਰ ਕੁੱਜੇ ਵਿੱਚ ਬੰਦ ਕਰੀਏ। ਅਖ਼ਬਾਰ ਪੜ੍ਹ ਕੇ ਦੂਰ-ਦਰਸ਼ਨ ਜਲੰਧਰ ਨੇ ਮੈਂਨੂੰ ਆਪਣਾ ਇਹ ਨਾਟਕ ਦੂਰ ਦਰਸ਼ਨ ਉਤੇ ਪੇਸ਼ ਕਰਨ ਲਈ ਨਿਮੰਤ੍ਰਿਤ ਕੀਤਾ। (ਦੂਰ-ਦਰਸ਼ਨ ਜਲੰਧਰ ਉਤੇ ਵਿਖਾਇਆ ਜਾਣ ਵਾਲ਼ਾ ਇਹ ਪੰਜਾਬੀ ਦਾ ‘ਪਹਿਲਾ’ ਨਾਟਕ ਸੀ) ਸ਼ ਸ਼ ਸ਼ ਅੰਬਾਲ਼ੇ ਦੀ ਇੱਕ ਏਅਰ ਟ੍ਰੈਵਲ ਏਜੰਸੀ ਨੇ ਮੈਂਨੂੰ ਐਡ ਲਿਖਣ ਲਈ ਬੇਨਤੀ ਕੀਤੀ। ਪੰਜਾਬ ਸਹਿਤ ਅਕਾਦਮੀ ਚੰਡੀਗੜ੍ਹ ਨੇ ਸਾਲ ਦੇ ਅੰਦਰ-ਅੰਦਰ ਮੇਰੀ ਪ੍ਰਥਮ ਨਾਟ-ਪੁਸਤਕ ‘ਅਰਬਦ ਨਰਬਦ ਧੁੰਧੂਕਾਰਾ’ ਨੂੰ ਇਨਾਮ ਬਖ਼ਸ਼ ਦਿੱਤਾ। ਹੋਰ ਸੰਸਥਾਵਾਂ ਵੱਲੋ ਵੀ ‘ਇਨਾਮ-ਸ਼ਨਾਮ’ ਮਿਲਣ ਲੱਗੇ। ਪਿੰਡਾਂ ਅਤੇ ਸ਼ਹਿਰਾਂ ਵੱਲੋਂ ਮੇਰੇ ਨਾਟਕ ਖਿਡਾਉਣ ਦੀਆਂ ਪੇਸ਼ਕਸ਼ਾਂ ਵਿੱਚ ਇੱਕ-ਦਮ ਵਾਧਾ ਹੋ ਗਿਆ। ਤੇ ਸਭ ਤੋਂ ਉਤੇ, ਪੰਜਾਬ ਦੀਆਂ ਯੂਨੀਵਰਸਿਟੀਆਂ ਦੀਆਂ ਐਮ ਏ ਪੰਜਾਬੀ ਦੀਆਂ ਕਲਾਸਾਂ ਵਿੱਚ ਮੇਰੇ ਨਾਟਕ ਲੱਗਨ ਲੱਗੇ। ਆਲੋਚਕ ਮੇਰੇ ਨਾਟਕਾਂ ਉਤੇ ਆਲੋਚਨਾ ਕਰਨ ਲੱਗੇ। ਕਰਦੇ ਕਿਵੇਂ ਨਾ? ਭਾਈ ਸਾਹਿਬ, ਹੁਣ ‘ਸਥਾਪਤੀ’ ਦਾ ਤੋਤਾ ਜੋ ਮੇਰੇ ਸਿਰ ਉਤੇ ਆ ਬੈਠਾ ਸੀ! ਤੋਤੇ ਵਾਲ਼ੀ ਕਹਾਣੀ ਤਾਂ ਜਾਨਦੇ ਹੀ ਹੋਵੋਂਗੇ, ਕਿ ਨਹੀਂ?

(ਅਜਮੇਰ ਸਿੰਘ ਔਲਖ)
ਲੋਕ ਕਲਾ ਮੰਚ
ਮਾਨਸਾ ---151505,
ਪੰਜਾਬ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346