ਮਹਿਦੀ ਹਸਨ 'ਗ਼ਜ਼ਲ ਦਾ
ਬਾਦਸ਼ਾਹ' ਹੈ। ਉਹ 1986 ਵਿੱਚ ਟਰਾਂਟੋ ਆਇਆ ਤਾਂ ਮੇਰੇ ਇੱਕ ਮਿੱਤਰ ਨੇ ਉਸ ਨੂੰ ਆਪਣੇ ਘਰ
ਸ਼ਾਮ ਦੇ ਖਾਣੇ ਲਈ ਬੁਲਾਇਆ। 'ਖਾਂ ਸਾਹਿਬ', ਜਿਵੇਂ ਕਿ ਪਾਕਿਸਤਾਨ ਵਿੱਚ ਉਸ ਦੇ ਪਰਸ਼ੰਸਕ
ਉਹਨਾਂ ਨੂੰ ਬੁਲਾਉਣਾ ਪਸੰਦ ਕਰਦੇ ਹਨ, ਆਪਣੇ ਸਾਜ਼ਿੰਦਿਆਂ ਤੇ ਆਪਣੇ ਕੁਝ ਪ੍ਰੇਮੀਆਂ ਦਾ
ਕਾਫ਼ਲਾ ਲੈ ਉਸ ਦੇ ਘਰ ਪਹੁੰਚੇ। ਇਸ ਮੌਕੇ ਉੱਤੇ ਮੇਰੇ ਤੋਂ ਇਲਾਵਾ ਹੋਰ ਵੀ ਕੁਝ
ਸੰਗੀਤ-ਪ੍ਰੇਮੀ ਦੋਸਤ ਪਹੁੰਚੇ ਹੋਏ ਸਨ।
ਮੈਂ ਮਹਿਦੀ ਹਸਨ ਨੂੰ ਪੁੱਛਿਆ, "ਉਹ ਕਿਹੜੀ ਚੋਟ ਸੀ ਜਿਸ ਤੋਂ ਤੁਹਾਡੀ ਆਵਾਜ਼ ਨੂੰ ਏਨਾ ਸੋਜ਼
ਤੇ ਤੁਹਾਡੀ ਸੰਗੀਤ ਕਲਾ ਨੂੰ ਏਨੀ ਗਹਿਰਾਈ ਮਿਲੀ?"
"ਸੁਰ ਦੀ ਚੋਟ", ਉਸ ਦਾ ਸੰਖੇਪ ਉੱਤਰ ਸੀ।
ਜਦੋਂ ਉਹ ਸੱਤ ਕੁ ਸਾਲ ਦਾ ਸੀ ਤਾਂ ਉਸ ਦੇ ਗਾਇਕ-ਪਿਤਾ ਉਸਤਾਦ ਅਜ਼ੀਮ ਖਾਂ ਨੇ ਵਧੀਆ ਸੁਰ
ਕੀਤਾ ਹੋਇਆ ਤਾਨਪੁਰਾ ਉਸ ਦੇ ਪਲੰਘ ਨਾਲ ਆ ਟਿਕਾਇਆ ਅਤੇ ਹਿਦਾਇਤ ਕੀਤੀ, "ਹੁਣ ਤੋਂ ਤੂੰ
ਏਸੇ ਵੱਲ ਧਿਆਨ ਦੇਣਾ ਹੈ, ਇਸ ਦੀਆਂ ਤਾਰਾਂ ਦੀ ਝਣਕਾਰ ਨੂੰ ਸਮਝਣਾ ਹੈ!"
"ਇਹ ਮੇਰੇ ਸੰਗੀਤਕ ਜੀਵਨ ਦਾ ਆਗਾਜ਼ ਸੀ, ਉਸ ਦਿਨ ਤੋਂ ਬਾਅਦ ਤਾਨਪੁਰਾ ਹੀ ਮੇਰਾ ਖਿਡੌਣਾ ਸੀ
ਤੇ ਇਹੋ ਮੇਰੀ ਪੜ੍ਹਾਈ। ਸੁਰ ਨਾਲ ਐਸਾ ਇਸ਼ਕ ਹੋਇਆ ਬੱਸ ਪੁੱਛੋ ਹੀ ਨਾ, ਇਸੇ ਦੀ ਬਦੌਲਤ ਹੀ
ਮੈਂ ਮੌਜੂਦਾ ਮੁਕਾਮ ਤੇ ਪੁੱਜਿਆ ਹਾਂ।"
ਗੱਲ 1978 ਦੀ ਹੈ, ਬੰਬਈ ਵਿੱਚ ਮੈਂ ਤੇ ਜਗਜੀਤ ਸਿੰਘ ਇੱਕ ਸ਼ਾਮ ਖਾਣੇ ਲਈ ਹੋਟਲ ਨਟਰਾਜ ਗਏ।
ਉੱਥੇ ਅਜੀਬ ਭਾਜੜ ਪਈ ਹੋਈ ਸੀ। ਇੱਕ ਬੈਰ੍ਹੇ ਨੂੰ ਪੁੱਛਿਆ ਤਾਂ ਉਹ ਬੋਲਿਆ, "ਏਥੇ
ਗ਼ਜ਼ਲ-ਗਾਇਕ ਮਹਿਦੀ ਹਸਨ ਆਪਣਾਂ ਪਰੋਗਰਾਮ ਪੇਸ਼ ਕਰਨ ਵਾਲ਼ੇ ਹਨ।" ਬਾਅਦ ਵਿੱਚ ਪਤਾ ਲੱਗਾ ਕਿ
ਮਹਿਦੀ ਹਸਨ ਨੇ ਆਪਣੇ ਕਮਰੇ ਵਿੱਚੋਂ ਸੁਨੇਹਾ ਭਿਜਵਾ ਦਿਤਾ ਹੈ ਕਿ ਅੱਜ ਉਸ ਦਾ ਗਾਉਣ ਦਾ
ਮੂਡ ਨਹੀਂ, ਇਸ ਲਈ ਸੁਣਨ ਆਏ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰ ਦਿਤੇ ਜਾਣ। ਮੈਨੂੰ
ਲੱਗਿਆ, ਮਹਿਦੀ ਹਸਨ ਖਾਸਾ ਮਗ਼ਰੂਰ ਆਦਮੀ ਹੈ।
ਪਰ ਟਰਾਂਟੋ ਵਿੱਚ 8 ਸਾਲਾ ਬਾਅਦ ਜਿੰਨੇਂ ਤਪਾਕ ਨਾਲ ਉਹ ਮਿਲਿਆ ਤੇ ਜਿੰਨੀਂ ਆਸਾਨੀ ਨਾਲ ਉਸ
ਨੇ ਮੇਰੇ ਮਿੱਤਰ ਕੁਲਦੀਪ ਸੰਧੂ ਦੇ ਘਰ ਆਉਣ ਦੀ ਬੇਨਤੀ ਕਬੂਲ ਕੀਤੀ, ਉਸ ਨੇ ਮੈਨੂੰ ਸੋਚਣ
ਲਾ ਦਿੱਤਾ ਕਿ ਕਈ ਵਾਰ ਅਸੀਂ ਉੱਘੀਆਂ ਹਸਤੀਆਂ ਬਾਰੇ ਆਪਣੇ ਪ੍ਰਭਾਵ ਬਨਾਉਣ ਵਿੱਚ ਕਿੰਨੀ
ਕਾਹਲ਼ ਕਰ ਬੈਠਦੇ ਹਾਂ।
ਮਹਿਦੀ ਹਸਨ ਦਾ ਗਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਇਕੱਠੇ ਹੋਏ ਪਰਸ਼ੰਸਕਾਂ ਦੀ ਤਾਂਘ ਦੇਖ
ਕੇ ਉਸ ਨੇ ਅੱਚਨਚੇਤ ਆਪਣੇ ਤਬਲਾ ਵਾਦਕ 'ਤਾਰੀ' (ਅਬਦੁਲ ਸਤਾਰ) ਨੂੰ ਕਿਹਾ, "ਤਾਰੀ! ਜ਼ਰਾ
ਕਾਰ ਸੇ ਹਰਮੋਨੀਅਮ ਤੋ ਉਠਾ ਲਾਓ।" ਜਦੋਂ ਤਾਰੀ ਸਾਹਿਬ ਦਰਵਾਜ਼ੇ ਤੱਕ ਪੁੱਜੇ ਤਾਂ ਖਾਂ
ਸਾਹਿਬ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ, "ਅਪਨਾ ਤਬਲਾ ਭੀ ਉਠਾਤੇ ਲਾਨਾ।"
ਮਹਿਦੀ ਹਸਨ ਨੇ ਪੰਜਾਬੀ ਦੀ ਇੱਕ ਰਚਨਾ "ਆਉਂਦੇ ਜਾਂਦੇ ਮਿਲਦੇ ਰਹਿਣਾ, ਕਿਤੇ ਪ੍ਰੀਤ
ਪੁਰਾਣੀ ਹੋ ਨਾ ਜਾਏ" ਤੋਂ ਆਪਣਾਂ ਗਾਉਣਾ ਆਰੰਭਿਆ ਤੇ ਫ਼ਿਰ ਕੋਈ ਡੇਢ ਕੁ ਘੰਟਾ ਆਪਣੀ ਤੇ
ਸਰੋਤਿਆਂ ਦੀ ਪਸੰਦ ਦੀਆਂ ਗ਼ਜ਼ਲਾਂ ਗਾਉਂਦਾ ਰਿਹਾ। ਜਦੋਂ ਮਹਫਿਲ ਜ਼ਰਾ ਸਰੂਰ ਵਿੱਚ ਆਈ ਤਾਂ
ਮੇਰੇ ਵਿੱਚੋਂ ਟੀ। ਵੀ। ਸੰਚਾਲਕ ਜਾਗ ਪਿਆ। ਮੈਂ ਆਪਣੀ ਪੰਜਾਬੀ-ਨੁਮਾ ਉਰਦੂ ਵਿੱਚ ਹੀ ਉਸ
ਉੱਤੇ ਸਵਾਲ ਦਾਗ਼ਣੇ ਸ਼ੁਰੂ ਕਰ ਦਿਤੇ। ਇਸ ਨੂੰ 'ਖਾਂ ਸਾਹਿਬ' ਦੀ ਵਡਿੱਤਣ ਹੀ ਕਹਿਣਾ ਚਾਹੀਦਾ
ਹੈ ਕਿ ਉਸ ਨੇ ਮੇਰੇ ਅਤੇ ਮਹਫਿਲ ਵਿੱਚ ਮੌਜੂਦ ਹੋਰਨਾਂ ਦੋਸਤਾਂ ਤੇ ਪਰਸ਼ੰਸਕਾਂ ਦੇ ਸਵਾਲਾਂ
ਨੂੰ ਵਾਧੂ ਸਿਰਖਪਾਈ ਸਮਝਣ ਦੀ ਥਾਂ, ਉਹਨਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਹਰ ਸਵਾਲ ਦਾ
ਉੱਤਰ ਬੜੇ ਠਰੰ੍ਹਮੇ ਤੇ ਵਿਸਥਾਰ ਨਾਲ ਦਿੱਤਾ। ਉਸ ਦਿਨ ਦੇਰ ਤੱਕ ਗੱਲਾਂ ਹੁੰਦੀਆਂ ਰਹੀਆਂ।
ਆਪਣੀ ਛੋਟੀ ਉਮਰ ਵਿੱਚ ਹੀ ਮਹਿਦੀ ਹਸਨ ਨੂੰ ਸੁਰ ਨਾਲ ਐਸਾ ਇਸ਼ਕ ਹੋਇਆ ਕਿ ਉਹ ਆਪਣੇ
ਤਾਨਪੁਰੇ ਦੀਆਂ ਤਾਰਾਂ ਨੂੰ ਰਾਤ ਦੇ ਦੋ-ਦੋ ਵਜੇ ਤੱਕ ਛੇੜਦਾ ਰਹਿੰਦਾ। ਉਸ ਨੇ ਦੱਸਿਆ,
"ਮੇਰੀ ਇਹ ਲਗਨ ਵਾਲਿਦਾ ਨੂੰ ਖ਼ਬਤ ਜਾਪਣ ਲੱਗ ਪਈ ਅਤੇ ਉਹ ਮੇਰੀ ਸਿਹਤ ਬਾਰੇ ਬੜਾ ਫ਼ਿਕਰਮੰਦ
ਹੋਏ। ਨਾ ਮੁੰਡਾ ਹੋਰਨਾਂ ਬੱਚਿਆਂ ਵਾਂਗ ਬਾਹਰ ਖੇਡਣ ਜਾਂਦਾ ਹੈ, ਨਾ ਕਿਸੇ ਹੋਰ ਗੱਲ ਵੱਲ
ਧਿਆਨ ਦਿੰਦਾ ਹੈ। ਇੱਕ ਦਿਨ ਉਹਨਾਂ ਨੇ ਘਬਰਾ ਕੇ ਮੇਰਾ ਤਾਨਪੁਰਾ ਲੁਕੋ ਦਿਤਾ। ਜਦੋਂ ਵਾਲਿਦ
ਸਾਹਿਬ ਨੂੰ ਪਤਾ ਲੱਗਾ ਤਾਂ ਉਹ ਮੇਰੀ ਅੰਮੀ ਨੂੰ ਬਹੁਤ ਗੁੱਸੇ ਹੋਏ ਤੇ ਬੋਲੇ, 'ਬੇਟਾ ਜੋ
ਕਰਦਾ ਹੈ, ਠੀਕ ਕਰ ਰਿਹਾ ਹੈ; ਜੋ ਇਹ ਕਰਨਾ ਚਾਹੁੰਦਾ ਹੈ, ਇਸ ਨੂੰ ਕਰਨ ਦਿਓ। ' ਮੈਨੂੰ
ਤਾਨਪੁਰਾ ਵਾਪਸ ਮਿਲ ਗਿਆ ਤੇ ਉਸ ਦਿਨ ਤੋਂ ਬਾਅਦ ਵਾਲਿਦਾ ਨੇ ਮੈਨੂੰ ਕਦੇ ਨਹੀਂ ਟੋਕਿਆ।"
ਮਹਿਦੀ ਹਸਨ ਰਾਜਸਥਾਨ ਦੇ ਮਸ਼ਹੂਰ ਗਾਇਕ "ਕਲਾਵੰਤ" ਘਰਾਣੇ ਨਾਲ ਸੰਬੰਧ ਰੱਖਦਾ ਹੈ। ਉਸ ਦੇ
ਪੜਦਾਦਾ ਤੇ ਦਾਦਾ ਈਮਾਮ ਖ਼ਾਨ ਜੈਪੁਰ ਦੇ ਦਰਬਾਰੀ ਗਵੱਈਏ ਸਨ। ਇਹ ਘਰਾਣਾ ਧੁਰਪਦ ਅੰਗ ਦੀ
ਗਾਇਕੀ ਲਈ ਮਸ਼ਹੂਰ ਸੀ। ਮੀਆਂ ਤਾਨ ਸੈਨ ਵੀ ਧੁਰਪਦ ਵਿੱਚ ਹੀ ਗਾਉਂਦੇ ਸਨ। ਮਹਿਦੀ ਹਸਨ ਨੂੰ
ਵੀ ਧੁਰਪਦ ਵਿੱਚ ਹੀ ਗਾਉਣ ਦੀ ਸਿੱਖਿਆ ਮਿਲੀ। ਧੁਰਪਦ ਅੰਗ ਦੀ ਗਾਇਕੀ ਮੁੱਖ ਤੌਰ ਤੇ ਅਲਾਪ
ਅਤੇ ਲੈਅ ਉੱਤੇ ਅਧਾਰਤ ਹੈ।
ਮਹਿਦੀ ਹਸਨ ਦਾ ਜਨਮ ਜੈਪੁਰ ਰਿਆਸਤ ਦੇ ਪਿੰਡ ਲੂਣਾ ਵਿੱਚ ਹੋਇਆ ਸੀ।
ਮੈਂ ਪੁੱਛਿਆ, "ਤੁਹਾਡੀ ਇਸ ਸਮੇਂ ਸਹੀ ਉਮਰ ਕਿੰਨੀ ਕੁ ਹੋਵੇਗੀ?"
ਮਹਿਦੀ ਹਸਨ ਕਹਿਣ ਲਗਾ, "ਇਸ ਸਮੇਂ ਮੇਰੀ ਉਮਰ 60 ਸਾਲ ਤੋਂ ਵੱਧ ਹੈ। ਕਿਸ ਸਾਲ ਮੇਰਾ ਜਨਮ
ਹੋਇਆ ਮੈਨੂੰ ਪੂਰਾ ਪਤਾ ਨਹੀਂ, ਸ਼ਾਇਦ 1926 ਨੇੜੇ ਤੇੜੇ ਹੋਇਆ ਹੋਵੇਗਾ। ਮੇਰੀ ਜਨਮ ਤਾਰੀਖ
ਕਾਗਜ਼ਾਂ ਵਿੱਚ 13 ਅਪ੍ਰੈਲ ਲਿਖੀ ਹੋਈ ਹੈ ਪਰ ਮਾਂ ਦੇ ਦੱਸਣ ਅਨੁਸਾਰ ਮੇਰਾ ਜਨਮ ਦੁਸਹਿਰੇ
ਵਾਲ਼ੇ ਦਿਨ ਦਾ ਹੈ।"
ਮਹਿਦੀ ਹਸਨ ਦੇ ਪਿਤਾ ਉਸ ਨੂੰ ਸੰਗੀਤਕ ਤਰਬੀਅਤ ਦੇਣ ਦੇ ਨਾਲ ਇਸ ਗੱਲ ਦਾ ਵੀ ਪੂਰਾ ਧਿਆਨ
ਰਖਦੇ ਸਨ ਕਿ ਉਹਨਾਂ ਦਾ ਬੇਟਾ ਸਰੀਰਕ ਪੱਖੋਂ ਕਮਜ਼ੋਰ ਨਾ ਰਹਿ ਜਾਏ।
ਮਹਿਦੀ ਹਸਨ ਨੇ ਦੱਸਿਆ, "ਮੈਂ 15-15 ਸੌ ਬੈਠਕਾਂ ਤੇ 5-5 ਸੌ ਡੰਡ ਕੱਢਦਾ ਰਿਹਾ ਹਾਂ, 5-6
ਮੀਲ ਦੀ ਲੰਮੀ ਦੌੜ ਮੇਰਾ ਨਿੱਤ ਦਾ ਨੇਮ ਸੀ।"
ਉਸ ਦੀ ਇਸ ਗੱਲ ਵਿੱਚ ਕੋਈ ਅੱਤ ਕਥਨੀ ਨਹੀਂ ਲਗਦੀ। ਮਹਿਦੀ ਹਸਨ ਦੀ ਉਮਰ ਇਸ ਸਮੇਂ 70 ਸਾਲ
ਤੋਂ ਟੱਪ ਚੁੱਕੀ ਹੈ ਪਰ ਇਸਦੇ ਬਾਵਜੂਦ ਉਸ ਦਾ ਜਿਸਮ ਬੜਾ ਗਠਿਆ ਹੋਇਆ ਅਤੇ ਮਜ਼ਬੂਤ ਹੈ। ਹੁਣ
ਭਾਵੇਂ ਉਹ ਡੰਡ ਬੈਠਕਾਂ ਨਹੀਂ ਕੱਢਦਾ ਪਰ 8-10 ਘੰਟੇ ਸੰਗੀਤ ਦਾ ਰਿਆਜ਼ ਜ਼ਰੂਰ ਕਰਦਾ ਹੈ। ਉਸ
ਨੇ ਕਿਹਾ, "ਉਮਰ ਦੇ ਨਾਲ ਜਿੱਥੇ ਜਿਸਮ ਢਲ ਜਾਂਦਾ ਹੈ, ਉੱਥੇ ਆਵਾਜ਼ ਵਿੱਚ ਵੀ ਫਰਕ ਪੈ
ਜਾਂਦਾ ਹੈ। ਆਵਾਜ਼ ਦੀ ਪੁਖ਼ਤਗੀ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਇਸ ਉਮਰ ਵਿੱਚ ਵੀ
ਰਿਆਜ਼ ਕੀਤਾ ਜਾਏ।"
ਮੈਂ ਪੁੱਛਿਆ, "ਤੁਹਾਡੇ ਉਸਤਾਦ ਕੌਣ ਸਨ ਜਿਨ੍ਹਾਂ ਤੋਂ ਤੁਸੀਂ ਸੰਗੀਤ ਸਿਖਿਆ?"
ਮਹਿਦੀ ਹਸਨ ਨੇ ਦੱਸਿਆ, "ਮੇਰੇ ਅੱਬਾ ਤੋਂ ਇਲਾਵਾ ਮੇਰੇ ਦੋ ਚਾਚੇ ਇਸਮਾਇਲ ਖ਼ਾਨ ਤੇ ਅਬਦੁਲ
ਕਰੀਮ ਖ਼ਾਨ ਵੀ ਤਕੜੇ ਗਵੱਈਏ ਸਨ। ਮੈਂ ਆਪਣੇ ਪਰਿਵਾਰ ਵਿੱਚ 16ਵੀਂ ਪੀੜ੍ਹੀ ਦਾ ਗਾਇਕ ਹਾਂ।
ਬਜ਼ੁਰਗਾਂ ਤੋ ਇਲਾਵਾ ਮੈਂ ਬਹੁਤਾ ਆਪਣੇ ਵੱਡੇ ਭਾਈ ਪੰਡਤ ਗ਼ੁਲਾਮ ਕਾਦਰ ਤੋਂ ਸਿਖਿਆ ਹਾਂ। ਉਹ
ਮੈਥੋਂ 5 ਸਾਲ ਵੱਡੇ ਸਨ। ਉਹ ਪਹਿਲਾਂ ਆਜ਼ਾਦ ਕਸ਼ਮੀਰ ਫ਼ਿਰ ਲਾਹੌਰ ਤੇ ਬਾਅਦ ਵਿੱਚ ਕਰਾਚੀ
ਰੇਡੀਓ ਸਟੇਸ਼ਨ ਉੱਤੇ ਸੰਗੀਤ ਨਿਰਦੇਸ਼ਕ ਰਹੇ ਸਨ। ਮੇਰੀਆਂ ਬਹੁਤ ਸਾਰੀਆਂ ਗ਼ਜ਼ਲਾਂ ਉਨ੍ਹਾਂ
ਦੀਆਂ ਹੀ ਕੰਪੋਜ਼ ਕੀਤੀਆਂ ਹੋਈਆਂ ਹਨ, ਜਿਵੇਂ "ਮੁਹੱਬਤ ਕਰਨੇ ਵਾਲ਼ੇ ਕੰਮ ਨਾ ਹੋਂਗੇ",
"ਭੂਲੀ ਬਿਸਰੀ ਚੰਦ ਉਮੀਦੇਂ", "ਉੱਠ ਗਏ ਗੁਆਂਢੋਂ ਯਾਰ" ਤੇ ਕਈ ਹੋਰ ਮਸ਼ਹੂਰ ਗ਼ਜ਼ਲਾਂ ਦੀਆਂ
ਧੁਨਾਂ ਉਹਨਾਂ ਦੀਆਂ ਹੀ ਬਣਾਈਆਂ ਹੋਈਆਂ ਹਨ। ਮੇਰੇ ਸੰਗੀਤ ਦੀ ਜ਼ਿੰਦਗੀ ਵਿੱਚ ਉਹਨਾਂ ਦੀ
ਬਹੁਤ ਵੱਡੀ ਦੇਣ ਹੈ।" ਅਫ਼ਸੋਸ ਹੈ ਪੰਡਤ ਗ਼ੁਲਾਮ ਕਾਦਰ 7 ਕੁ ਸਾਲ ਹੋਏ ਅੱਲਾ ਨੂੰ ਪਿਆਰੇ ਹੋ
ਚੁੱਕੇ ਹਨ।
ਭਾਰਤੀ ਉਪ ਮਹਾਂਦੀਪ ਵਿੱਚ ਗ਼ਜ਼ਲ ਗਾਇਕੀ ਨੂੰ ਸ਼ੁਰੂ ਤੋਂ ਹੀ ਵਿਸ਼ੇਸ਼ ਥਾਂ ਹਾਸਲ ਰਹੀ ਹੈ। ਗ਼ਜ਼ਲ
ਪੱਛਮੀ ਏਸ਼ੀਆ ਤੋਂ ਭਾਰਤ ਆਈ, ਪਰ ਹੁਣ ਇਹ ਬਾਹਰੋਂ ਆਈ ਪਰਾਹੁਣੀ ਨਹੀਂ ਰਹੀ। ਹੁਣ ਇਹ ਸਾਡੀ
ਗਾਇਕੀ ਦਾ ਮਾਣਯੋਗ ਹਿੱਸਾ ਬਣ ਗਈ ਹੈ। ਗ਼ਜ਼ਲ ਗਾਇਕੀ ਕੇਵਲ ਸਾਡੀਆਂ ਮਹਫਿਲਾਂ ਦਾ ਹੀ ਸ਼ਿੰਗਾਰ
ਨਹੀਂ, ਸਗੋਂ ਸਾਡੀਆਂ ਫਿਲਮਾਂ ਵਿੱਚ ਵੀ ਸੰਗੀਤ ਨਿਰਦੇਸ਼ਕ ਇਸ ਨੂੰ ਵਿਸ਼ੇਸ਼ ਕਿਸਮ ਦੀਆਂ
ਸਥਿਤੀਆਂ ਨੂੰ ਉਭਾਰਨ ਜਾਂ ਵਿਛੋੜੇ ਤੇ ਵਸਲ ਦੀਆਂ ਵਿਸ਼ੇਸ਼ ਭਾਵਨਾਵਾਂ ਨੂੰ ਬਿਆਨ ਕਰਨ ਲਈ
ਵਰਤਦੇ ਹਨ।
ਪਰ ਪੰਜਾਹਵਿਆਂ ਵਿੱਚ ਗ਼ਜ਼ਲ ਗਾਇਕੀ ਦਾ ਰੰਗ ਅੱਚਨਚੇਤ ਫਿੱਕਾ ਪੈਣ ਲੱਗਾ। ਹੁਣ ਕੋਈ ਨਾਮ
ਸਾਹਮਣੇ ਨਹੀਂ ਸੀ ਆ ਰਿਹਾ ਜਿਹੜਾ ਸਹਿਗਲ, ਕਮਲਾ ਝਰੀਆ, ਤਲਤ ਮਹਿਮੂਦ ਜਾਂ ਬੇਗ਼ਮ ਅਖ਼ਤਰ ਦੀ
ਥਾਂ ਲੈ ਸਕੇ। ਇਹੀ ਹਾਲਤ ਪਾਕਿਸਤਾਨ ਦੀ ਸੀ। ਗ਼ਜ਼ਲ ਦੀ ਗਾਇਕੀ ਕਿਸੇ ਨਵੇਂ ਅੰਦਾਜ਼ ਨੂੰ
ਉਡੀਕਦੀ ਸੀ।
ਉਦੋਂ ਹੀ ਮਹਿਦੀ ਹਸਨ ਦੀ ਆਵਾਜ਼ ਉੱਭਰੀ ਜਿਸਦਾ ਅੰਦਾਜ਼ ਵੱਖਰਾ ਸੀ, ਤੇ ਸੁਰ ਨਿਵੇਕਲੀ ਸੀ।
ਮਹਿਦੀ ਹਸਨ ਦੀ ਆਵਾਜ਼ ਪੰਜਾਹਵਿਆਂ ਦੇ ਪਹਿਲੇ ਅੱਧ ਵਿੱਚ ਸਾਡੇ ਉਪ ਮਹਾਂਦੀਪ ਵਿੱਚ ਇੱਕ
ਅਨੋਖੇ ਚਮਤਕਾਰ ਵਜੋਂ ਗੂੰਜੀ।
ਗ਼ਜ਼ਲ ਗਾਇਕੀ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾ ਲੈਣ ਦਾ ਕਾਰਨ ਮਹਿਦੀ ਹਸਨ ਨੇ ਇਹ ਦੱਸਿਆ ਕਿ
ਉਹਨਾਂ ਨੂੰ ਸੁਰ ਦਾ, ਭਾਵ ਕਲਾਸੀਕਲ ਸੰਗੀਤ ਦਾ, ਡੂੰਘਾ ਗਿਆਨ ਹੈ। 1950-51 ਵਿੱਚ ਉਸ ਨੇ
ਆਪਣੀ ਗਾਇਕੀ ਦਾ ਆਰੰਭ ਰੇਡੀਓ ਕਰਾਚੀ ਤੋਂ ਕਲਾਸੀਕਲ ਰਾਗ ਪੇਸ਼ ਕਰਨ ਨਾਲ ਕੀਤਾ। ਪਾਕਿਸਤਾਨ
ਵਿੱਚ ਕਲਾਸੀਕਲ ਸੰਗੀਤ ਤਕਰੀਬਨ ਖ਼ਤਮ ਹੋ ਰਿਹਾ ਸੀ। ਸਿਰਫ ਸ਼ਾਮਚੁਰਾਸੀ ਵਾਲ਼ੇ ਉਸਤਾਦ ਨਜ਼ਾਕਤ
ਅਲੀ ਸਲਾਮਤ ਅਲੀ ਹੀ ਇਸ ਨੂੰ ਜਿਉਂਦਾ ਰੱਖ ਰਹੇ ਸਨ। 1947 ਦੀ ਮੁਲਕ ਦੀ ਵੰਡ ਸਮੇਂ ਕੁਝ
ਸਮੇਂ ਲਈ ਬੜੇ ਗ਼ੁਲਾਮ ਅਲੀ ਖਾਂ ਵੀ ਪਾਕਿਸਤਾਨ ਚਲੇ ਗਏ ਸਨ, ਪਰ ਉਹ ਵੀ ਕਲਾਸੀਕਲ ਗਾਇਕੀ
ਵਿੱਚ ਦਿਲਚਸਪੀ ਪੈਦਾ ਨਹੀਂ ਸਨ ਕਰ ਸਕੇ।
ਮਹਿਦੀ ਹਸਨ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਰਾਗ ਦੀ ਮਹੱਤਤਾ ਨੂੰ ਸਮਝਿਆ ਤੇ
ਇਸ ਨੂੰ ਗ਼ਜ਼ਲ ਗਾਇਕੀ ਦਾ ਆਧਾਰ ਬਣਾਇਆ। ਉਹ ਕਹਿੰਦਾ ਹੈ, "ਧੁਨ ਤਾਂ ਬਹੁਤ ਜਲਦੀ ਪੁਰਾਣੀ ਹੋ
ਜਾਂਦੀ ਹੈ, ਪਰ ਰਾਗ ਕਦੇ ਪੁਰਾਣਾ ਨਹੀਂ ਹੁੰਦਾ। ਸਾਡੇ ਰਾਗ ਸਦੀਆਂ ਤੋਂ ਤੁਰੇ ਆ ਰਹੇ ਹਨ
ਅਤੇ ਜਦੋਂ ਵੀ ਸੁਣੋ, ਹਰ ਵਾਰ ਨਵਾਂ ਹੁਲਾਰਾ ਦਿੰਦੇ ਹਨ।"
ਗ਼ਜ਼ਲ ਗਾਇਕੀ ਨੂੰ ਨਵਾਂ ਮੋੜ ਦੇਣ ਦੇ ਆਪਣੇ ਤਜਰਬੇ ਬਾਰੇ ਉਸ ਨੇ ਕਿਹਾ, "ਮੀਰ, ਗ਼ਾਲਿਬ,
ਜ਼ੌਕ, ਤੇ ਜ਼ਫ਼ਰ ਜਿਹੇ ਮਹਾਨ ਸ਼ਾਇਰ ਸਾਡੇ ਸਭਿਆਚਾਰਕ ਵਿਰਸੇ ਦਾ ਵਡਮੁੱਲਾ ਹਿੱਸਾ ਹਨ। ਉਹਨਾਂ
ਨੂੰ ਗਾਉਣ ਦੀ ਲੋੜ ਸਦਾ ਬਣੀ ਰਹੇਗੀ, ਅਤੇ ਇਸ ਲੋੜ ਨੂੰ ਰਾਗ ਹੀ ਪੂਰਾ ਕਰ ਸਕਦੇ ਹਨ।
ਉਹਨਾਂ ਸ਼ਾਇਰਾਂ ਨੇ ਜ਼ਿੰਦਗੀ ਦੀਆਂ ਸੰਜੀਦਾ ਹਕੀਕਤਾਂ ਨੂੰ ਸ਼ਿਅਰਾਂ ਵਿੱਚ ਢਾਲਿਆ ਹੈ। ਗ਼ਜ਼ਲ
ਨੂੰ ਪੌਪ ਧੁਨਾਂ ਵਿੱਚ ਨਹੀਂ ਰਲਾਇਆ ਜਾ ਸਕਦਾ। ਅਜੇਹਾ ਕਰਨਾ ਗੁਨਾਹ ਹੈ।"
ਜਦੋਂ ਮਹਿਦੀ ਹਸਨ ਨੇ ਗ਼ਜ਼ਲਾਂ ਨੂੰ ਉਹਨਾਂ ਦੇ ਸਰੂਪ ਅਨੁਸਾਰ ਰਾਗਾਂ ਵਿੱਚ ਸੁਰ-ਬੱਧ ਕਰਕੇ
ਗਾਇਆ, ਇਹ ਸੱਚ ਮੁਚ ਧਮਾਕੇ ਤੋਂ ਘੱਟ ਨਹੀਂ ਸੀ। ਕੁਦਰਤ ਨੇ ਉਸ ਨੂੰ ਆਵਾਜ਼ ਵੀ ਬੜੀ ਭਰਵੀਂ
ਤੇ ਲੋਚਦਾਰ ਦਿੱਤੀ ਹੈ। ਉਸ ਦੀ ਸੁਰ-ਬੱਧ ਆਵਾਜ਼ ਦੀ ਛੋਹ ਨਾਲ ਸੂਖ਼ਮ ਤੋਂ ਸੂਖ਼ਮ ਸ਼ਿਅਰ ਵੀ
ਸਾਡੇ ਦਿਲ ਦਿਮਾਗ਼ ਵਿੱਚ ਆਸਾਨੀ ਨਾਲ ਉੱਤਰ ਜਾਂਦਾ ਹੈ। ਰੱਬ ਉਸ ਦੇ ਗਲ਼ੇ ਨੂੰ ਸਲਾਮਤ ਰੱਖੇ।
ਗ਼ਜ਼ਲ ਗਾਇਕੀ ਦੀ ਆਪਣੀ ਨਵੀਂ ਸ਼ੈਲੀ ਨਾਲ ਜਿੱਥੇ ਉਸ ਨੇ ਗ਼ਜ਼ਲ ਦੀ ਬਜ਼ਮ ਨੂੰ ਮੁੜ ਤੋਂ ਸਜਾਇਆ
ਹੈ ਉੱਥੇ ਉਸ ਨੇ ਪਾਕਿਸਤਾਨ ਦੇ ਸੰਗੀਤ-ਨਿਵਾਜ਼ ਲੋਕਾਂ ਦਾ ਧਿਆਨ ਕਲਾਸੀਕਲ ਸੰਗੀਤ ਦੀ
ਅਹਿਮੀਅਤ ਵੱਲ ਵੀ ਦੁਆਇਆ ਹੈ।
ਉਸ ਦਾ ਇਹ ਦਾਅਵਾ ਵੀ ਗ਼ਲਤ ਨਹੀਂ ਕਿ ਅੱਜ ਦਾ ਕੋਈ ਗ਼ਜ਼ਲ ਗਾਇਕ ਉਸ ਦੀ ਸੁਰ ਤੋਂ ਬਾਹਰ ਜਾ ਕੇ
ਗ਼ਜ਼ਲ ਨਹੀਂ ਗਾ ਸਕਿਆ। ਉਸ ਦੇ ਇਸ ਦਾਅਵੇ ਦੀ ਪੁਸ਼ਟੀ ਇਸ ਗੱਲ ਤੋਂ ਸਹਿਜੇ ਹੀ ਹੋ ਜਾਂਦੀ ਹੈ
ਕਿ ਬਹਾਦਰ ਸ਼ਾਹ ਜ਼ਫ਼ਰ ਜਾਂ 'ਮੀਰ' ਦੀਆਂ ਜਿਹੜੀਆਂ ਗ਼ਜ਼ਲਾਂ ਉਸ ਨੇ 1954-55 ਵਿੱਚ ਗਾਈਆਂ ਸਨ
ਉਹ ਏਨਾ ਸਮਾਂ ਲੰਘ ਜਾਣ ਦੇ ਬਾਵਜੂਦ ਅਜੇ ਵੀ ਓਨੀਆਂ ਹੀ ਸੱਜਰੀਆਂ ਹਨ। ਅਜਿਹੀ ਕੋਈ ਮਹਫਿਲ
ਨਹੀਂ ਹੁੰਦੀ ਜਿੱਥੇ ਇਹਨਾਂ ਦੀ ਫ਼ਰਮਾਇਸ਼ ਨਾ ਹੁੰਦੀ ਹੋਵੇ।
ਲਾਹੌਰ ਵਿੱਚ ਇੱਕ ਸੰਗੀਤ ਸੰਮੇਲਨ ਹੋ ਰਿਹਾ ਸੀ ਜਿਸ ਵਿੱਚ ਬਹੁਤ ਸਾਰੇ ਗਾਇਕ ਹਿੱਸਾ ਲੈ
ਰਹੇ ਸਨ। ਸਭ ਤੋਂ ਪਹਿਲਾਂ ਗ਼ੁਲਾਮ ਅਲੀ ਨੇ ਗਾਇਆ। ਉਸ ਨੇ ਐਸਾ ਰੰਗ ਬੰਨ੍ਹਿਆਂ ਕਿ ਸਰੋਤੇ
ਅਸ਼-ਅਸ਼ ਕਰ ਉੱਠੇ। ਉਸ ਤੋਂ ਪਿੱਛੋਂ ਮਹਿਦੀ ਹਸਨ ਦੀ ਵਾਰੀ ਸੀ। ਉਸ ਨੇ ਆਪਣੇ ਮਿੱਤਰ ਸਲਾਮਤ
ਅਲੀ ਨੂੰ ਕਿਹਾ, "ਸਾਰਾ ਹਰਮੋਨੀਅਮ ਤਾਂ ਗ਼ੁਲਾਮ ਅਲੀ ਗਾ ਚੁੱਕਾ ਹੈ, ਹੁਣ ਮੈਂ ਕੀ ਗਾਵਾਂ?"
ਸਲਾਮਤ ਅਲੀ ਨੇ ਮਹਿਦੀ ਹਸਨ ਨੂੰ ਹੌਸਲਾ ਦਿੰਦਿਆਂ ਕਿਹਾ, "ਮਹਿਦੀ! ਤੂੰ ਮਹਿਦੀ ਹਸਨ ਹੈਂ,
ਤੇਰੀ ਰੀਸ ਕੌਣ ਕਰ ਸਕਦਾ ਹੈ? ਜੋ ਕੁਝ ਤੇਰੇ ਮਨ ਵਿੱਚ ਆਉਂਦਾ ਹੈ, ਗਾ।"
ਮਹਿਦੀ ਹਸਨ ਨੇ ਰਾਗ "ਕਿਰਵਾਨੀ" ਵਿੱਚ ਸੁਰ-ਬੱਧ ਕੀਤੀ ਹੋਈ ਅਹਿਮਦ ਫਰਾਜ਼ ਦੀ ਗ਼ਜ਼ਲ: "ਸ਼ੋਅਲਾ
ਥਾ ਜਲ ਬੁਝਾ ਹੂੰ, ਹਵਾਏਂ ਮੁਝੇ ਨਾਂ ਦੋ" ਦਾ ਅਲਾਪ ਸ਼ੁਰੂ ਕੀਤਾ, ਤਾਂ ਇੰਝ ਜਾਪਿਆ ਜਿਵੇਂ
ਲਾਟ ਜਿਹੀ ਬਲ ਉੱਠੀ ਹੋਵੇ, ਤੇ ਚਿੰਗਆੜੀਆਂ ਉਡ ਰਹੀਆਂ ਹੋਣ। ਦਾਦ ਵਜੋਂ ਸਾਰਾ ਹਾਲ ਉੱਠ
ਖੜ੍ਹਾ ਹੋਇਆ, ਤੇ ਹਾਲ ਤਾੜੀਆਂ ਨਾਲ ਲੰਬੇ ਸਮੇਂ ਤੱਕ ਗੂੰਜਦਾ ਰਿਹਾ।
ਮਹਿਦੀ ਹਸਨ ਹੁਣ ਤੱਕ 50-60 ਹਜ਼ਾਰ ਗੀਤ ਤੇ ਗ਼ਜ਼ਲਾਂ ਗਾ ਚੁੱਕਾ ਹੈ। ਆਪਣੇ ਦੇਸ਼ ਦਾ ਉੱਚੇ
ਤੋਂ ਉੱਚਾ ਸਨਮਾਨ ਹਾਸਲ ਕਰ ਚੁੱਕਾ ਹੈ। ਹਿੰਦੁਸਤਾਨ ਆਉਂਦਾ ਹੈ ਤਾਂ ਸੰਗੀਤ ਦੇ ਸ਼ੌਕੀਨ ਉਸ
ਨੂੰ ਪਰਸੰਸਾ ਤੇ ਵਾਰਨਿਆਂ ਨਾਲ ਲੱਦ ਦਿੰਦੇ ਹਨ। ਵਿਦੇਸ਼ਾਂ ਵਿੱਚ ਆਉਂਦਾ ਹੈ ਤਾਂ ਵੱਡੇ ਤੋਂ
ਵੱਡੇ ਹਾਲ ਵੀ ਉਸ ਦੇ ਪਰੋਗਰਾਮਾਂ ਲਈ ਛੋਟੇ ਹੋ ਜਾਂਦੇ ਹਨ, ਪਰ ਇਸਦੇ ਬਾਵਜੂਦ ਉਹ ਮੈਨੂੰ
ਸਾਦਾ ਦਿਲ ਤੇ ਸਾਦਾ ਸੁਭਾਅ ਇਨਸਾਨ ਲੱਗਾ। ਗਾਉਣ ਸਮੇਂ ਉਹ ਆਪਣੇ ਸੁਣਨ ਵਾਲਿਆਂ ਨੂੰ ਉਡਾ
ਕੇ ਆਕਾਸ਼ ਉੱਤੇ ਲੈ ਜਾਂਦਾ ਹੈ, ਪਰ ਉਸ ਦੇ ਆਪਣੇ ਪੈਰ ਜ਼ਮੀਨ ਉੱਤੇ ਹੀ ਰਹਿੰਦੇ ਹਨ। ਮਹਿਦੀ
ਹਸਨ ਕਹਿੰਦਾ ਹੈ, "ਕਿਸੇ ਵੀ ਕਲਾ ਦੀ ਪਰੇਰਨਾ ਆਸਮਾਨ ਤੋਂ ਨਹੀਂ, ਸਗੋਂ ਜ਼ਮੀਨ ਤੋਂ ਹੀ
ਮਿਲਦੀ ਹੈ।" ਉਹ ਆਖਦਾ ਹੈ ਕਿ ਉਸ ਦੀ ਗ਼ਜ਼ਲ ਗਾਇਕੀ ਵਿਚਲਾ ਰੰਗ ਢੰਗ ਉਸ ਦੀ ਜੰਮਣ-ਭੋਂ,
ਰਾਜਸਥਾਨ, ਦੀ ਗਾਇਕੀ ਦੀ ਹੀ ਦੇਣ ਹੈ। ਉਸ ਨੇ ਕਿਹਾ, "ਰਾਜਸਥਾਨ ਦਾ ਅੰਦਾਜ਼ ਮੇਰੇ ਲਹੂ
ਵਿੱਚ ਰਚਿਆ ਹੋਇਆ ਹੈ। ਰਾਜਸਥਾਨ ਦੀ ਆਬੋ-ਹਵਾ ਬਹੁਤ ਰਸੀਲੀ ਹੈ। ਰਾਜਸਥਾਨ ਦੇ ਲੋਕ-ਗੀਤ
ਗਾਉਣ ਵਾਲੀਆਂ ਕੁੜੀਆਂ ਬਹੁਤ ਸੁਰੀਲੀਆਂ ਹਨ। ਰੇਸ਼ਮਾਂ ਵੀ ਉੱਥੇ ਦੀ ਹੀ ਹੈ।"
ਸੰਗੀਤ ਦੀ ਗੁੜ੍ਹਤੀ ਉਸ ਨੂੰ ਆਪਣੇ ਪਰਿਵਾਰ ਤੇ ਆਪਣੀ ਮਿੱਟੀ ਤੋਂ ਮਿਲੀ, ਪਰ ਸੁਰ ਦਾ ਸਫ਼ਰ
ਇੰਨਾ ਸੁਖਾਲ਼ਾ ਨਹੀਂ ਸੀ। ਇਸ ਖਾਤਰ ਉਸ ਨੂੰ ਕਰੜੀ ਸਾਧਨਾ ਕਰਨੀ ਪਈ।
ਦੇਸ਼ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਚਿਤਾਵਤਨੀ ਕਸਬੇ ਵਿੱਚ ਜਾ
ਵਸੇ। ਇਹ ਕਸਬਾ ਮੰਡੀਆਂ ਮੇਲਿਆਂ ਲਈ ਤਾਂ ਭਾਵੇਂ ਮਸ਼ਹੂਰ ਹੋਵੇ ਪਰ ਸਭਿਆਚਾਰਕ ਕੇਂਦਰ ਇਹ
ਨਿਸਚੇ ਹੀ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ ਮੋਟਰ ਮਕੈਨਕੀ ਤੋਂ ਸ਼ੁਰੂ ਕੀਤੀ। ਇਸ ਤੋਂ
ਇਲਾਵਾ ਪੇਟ ਪਾਲਣ ਦਾ ਹੋਰ ਕੋਈ ਚਾਰਾ ਹੀ ਨਹੀਂ ਸੀ।
ਸਾਧੀ ਹੋਈ ਆਵਾਜ਼ ਤੇ ਸੰਗੀਤ ਦਾ ਗਿਆਨ ਦੋ ਅੇਜਹੇ ਗੁਣ ਸਨ ਜਿਹੜੇ ਉਸ ਲਈ ਵਰਦਾਨ ਸਾਬਤ ਹੋਏ।
ਰੇਡੀਓ ਉੱਤੇ ਛੇ ਕੁ ਮਹੀਨੇ ਕਲਾਸੀਕਲ ਸੰਗੀਤ ਗਾਉਣ ਤੋਂ ਬਾਅਦ, ਮਹਿਦੀ ਹਸਨ ਨੇ ਜਦੋਂ ਗ਼ਜ਼ਲ
ਵੱਲ ਨੂੰ ਰੁਖ ਕੀਤਾ, ਤਾਂ ਇਸ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਮਹਫਿਲਾਂ ਤੋਂ ਹੋਈ। ਛੇਤੀ ਹੀ
ਉਸ ਦੀ ਆਵਾਜ਼ ਅਤੇ ਸੁਰ ਦੀ ਸ਼ੁਹਰਤ ਫੈਲਣ ਲੱਗੀ। ਉਸ ਨੂੰ ਸਭ ਤੋਂ ਪਹਿਲਾਂ "ਸ਼ਿਕਾਰ" ਫਿਲਮ
ਲਈ ਤਿੰਨ ਗਾਣੇ ਗਾਉਣ ਦਾ ਮੌਕਾ ਮਿਲਿਆ, ਤੇ ਫ਼ਿਰ ਫ਼ਿਲਮਾਂ ਲਈ ਪਲੇਬੈਕ ਸਿੰਗਰ ਵਜੋਂ ਥੋੜ੍ਹੇ
ਕੁ ਸਮੇਂ ਵਿੱਚ ਉਸ ਨੇ ਆਪਣੇ ਲਈ ਸਿਖ਼ਰਲੀ ਜਗ੍ਹਾ ਬਣਾ ਲਈ। ਫ਼ਿਲਮ "ਦਿਲੇ ਬੇਤਾਬ" ਦੀ ਗ਼ਜ਼ਲ
"ਹਮ ਸੇ ਬਦਲ ਗਯਾ ਵੋ ਨਿਗਾਹੇਂ ਤੋ ਕਿਯਾ ਹੂਆ", "ਦੋਰਾਹਾ" ਫ਼ਿਲਮ ਦੀ ਗ਼ਜ਼ਲ "ਮੁਝੇ ਤੁਮ ਨਜ਼ਰ
ਸੇ ਗਿਰਾ ਤੋ ਰਹੇ ਹੋ" ਤੇ "ਹਮੇਂ ਭੀ ਜੀਨੇ ਦੋ" ਫ਼ਿਲਮ ਲਈ "ਇਲਾਹੀ ਆਂਸੂ ਭਰੀ ਜ਼ਿੰਦਗੀ
ਕਿਸੀ ਕੋ ਨਾ ਦੇ" ਮਹਿਦੀ ਹਸਨ ਦੀ ਸੁਰ ਦੇ ਸ਼ਾਹਕਾਰ ਹਨ। ਮਹਿਦੀ ਹਸਨ ਪਾਕਿਸਤਾਨੀ ਫ਼ਿਲਮ
ਸੰਨਅਤ ਵਿੱਚ ਮੁੱਖ ਪਲੇਬੈਕ ਸਿੰਗਰ ਬਣ ਗਿਆ, ਪਰ ਉਸ ਦੀ ਅਸਲ ਪ੍ਰਾਪਤੀ ਗ਼ਜ਼ਲ ਗਾਇਕੀ ਹੀ ਹੈ,
ਤੇ ਇਹ ਹੀ ਗਾਇਕੀ ਉਸ ਨੂੰ ਦੁਨੀਆਂ ਭਰ ਵਿੱਚ ਉਡਾਈ ਫਿਰਦੀ ਹੈ।
ਮੈਂ ਪੁੱਛਿਆ, "ਤੁਹਾਡੇ ਵੀ ਕੋਈ ਮਨਪਸੰਦ ਸੰਗੀਤਕਾਰ ਹਨ ਜਿਨ੍ਹਾਂ ਨੂੰ ਤੁਸੀਂ ਸੁਣਨਾ ਪਸੰਦ
ਕਰਦੇ ਹੋ ਜਾਂ ਜਿਨ੍ਹਾਂ ਤੋਂ ਤੁਹਾਨੂੰ ਪਰੇਰਨਾ ਮਿਲੀ ਹੋਵੇ?"
ਉਸ ਨੇ ਕਿਹਾ, "ਉਸਤਾਦ ਅਮੀਰ ਖ਼ਾਨ, ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ, ਉਸਤਾਦ ਬਰਕਤ ਅਲੀ ਖ਼ਾਨ
ਤੇ ਹਲਕੇ ਸੰਗੀਤ ਵਿੱਚ ਮੈਡਮ ਨੂਰ ਜਹਾਂ ਤੇ ਜ਼ਾਹਿਦਾ ਪਰਵੀਨ ।।।।"
ਹਿੰਦੁਸਤਾਨੀ ਗਾਇਕਾਂ ਦੀ ਗੱਲ ਤੁਰੀ ਤਾਂ ਬੋਲਿਆ, "ਲਤਾ ਦੀ ਆਵਾਜ਼ ਵਿੱਚੋਂ ਔਰਤ ਦੀ
ਪਾਕੀਜ਼ਗੀ ਝਲਕਦੀ ਹੈ।"
"ਕੀ ਤੁਹਾਨੂੰ ਵੀ ਕਿਸੇ ਦਾ ਗਾਉਣਾ ਪ੍ਰਭਾਵਿਤ ਕਰਦਾ ਹੈ?" ਮੈਂ ਪੁੱਛਿਆ।
ਮਹਿਦੀ ਹਸਨ ਬੋਲਿਆ, "ਜਦੋਂ ਮੈਂ ਕਿਸੇ ਨੂੰ ਸੁਣਦਾ ਹਾਂ ਤੇ ਜੇ ਮੈਨੂੰ ਕਿਸੇ ਗਾਇਕ ਦੀ ਕੋਈ
ਗੱਲ ਚੰਗੀ ਲੱਗੇ, ਤਾਂ ਮੈਂ ਉਸ ਨੂੰ ਹੋਰ ਵੀ ਚੰਗੇ ਰੂਪ ਵਿੱਚ ਪੇਸ਼ ਕਰਨ ਦਾ ਉਪਰਾਲਾ ਕਰਦਾ
ਹਾਂ।"
ਉਸ ਨੇ ਸਵਰਗਵਾਸੀ ਮੁਹੰਮਦ ਰਫੀ ਬਾਰੇ ਕਿਹਾ, "ਰਫੀ ਸਾਹਿਬ ਦੀ ਆਵਾਜ਼ ਬੜੀ ਸੁਰੀਲੀ ਸੀ। ਉਹ
ਹਰ ਤਰ੍ਹਾਂ ਦੇ ਗੀਤ ਬੜੀ ਆਸਾਨੀ ਨਾਲ ਗਾ ਲੈਂਦੇ ਸਨ।"
ਆਪਣੀ ਗਾਇਕੀ ਦੀ ਸ਼ੁਰੂਆਤ ਵਿੱਚ ਮਹਿਦੀ ਹਸਨ, ਤਲਤ ਮਹਿਮੂਦ ਦੀਆਂ ਗ਼ਜ਼ਲਾਂ ਵੀ ਗਾਉਂਦਾ ਰਿਹਾ।
ਉਹ ਜਗਜੀਤ ਸਿੰਘ ਤੇ ਗ਼ੁਲਾਮ ਅਲੀ ਨੂੰ ਹਿੰਦ ਤੇ ਪਾਕ ਦੇ 'ਚੰਗਾ-ਗਾ-ਲੈਂਦੇ' ਹਨ ਗਾਇਕਾਂ ਦੇ
ਖ਼ਾਨੇ ਵਿੱਚ ਸ਼ਾਮਲ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਆਸ਼ਾ ਭੌਂਸਲੇ ਦੀ ਗਾਇਕੀ ਦੀ ਸ਼ਲਾਘਾ
ਕੀਤੀ, ਪਰ ਨਾਲ ਫਿਰ ਆਪਣੀ ਗੱਲ ਦੁਹਰਾਈ ਕਿ ਜੋ ਗੱਲ ਲਤਾ ਵਿੱਚ ਹੈ, ਉਹ ਆਪਣੀ ਹੀ ਮਿਸਾਲ
ਹੈ।
ਉਸ ਨੇ ਜਦੋਂ ਵੀ ਲਤਾ ਮੰਗੇਸ਼ਕਰ ਦਾ ਜ਼ਿਕਰ ਕੀਤਾ, ਬਹੁਤਾ ਮੈਡਮ ਨੂਰ ਜਹਾਂ ਨਾਲ ਮਿਲਾ ਕੇ ਹੀ
ਕੀਤਾ। ਸ਼ਾਇਦ ਕਲਾਕਾਰਾਂ ਦੀਆਂ ਕੁਝ ਸਿਆਸੀ ਮਜਬੂਰੀਆਂ ਵੀ ਹੁੰਦੀਆਂ ਹਨ। ਸ਼ਾਇਦ ਉਹ ਸਮਝਦੇ
ਹਨ ਕਿ ਹਿੰਦੁਸਤਾਨ ਦੀ ਕਿਸੇ ਵੀ ਗੱਲ ਜਾਂ ਸ਼ਖਸੀਅਤ ਦੀ ਨਿਰਸੰਕੋਚ ਅਤੇ ਉਚੇਰੀ ਉਪਮਾ ਉਸ ਲਈ
ਆਪਣੇ ਦੇਸ਼ ਵਿੱਚ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਪਾਕਿਸਤਾਨ ਦੇ ਅੱਜ ਦੇ ਮਾਹੌਲ ਵਿੱਚ
ਹਿੰਦੁਸਤਾਨ ਨਾਲ ਸੰਬੰਧਤ ਕਿਸੇ ਗੱਲ ਦੀ ਤਾਰੀਖ ਉੱਨੀ ਹੀ ਵੱਡੀ ਖ਼ਤਾ ਹੈ ਜਿੰਨੀਂ ਜਨਰਲ ਜ਼ਿਆ
ਓਲ-ਹੱਕ ਦੀ ਹਕੂਮਤ ਵੇਲੇ 'ਮੈਅ-ਪਰਸਤੀ' ਦੀ ਸੀ, ਜਿਸਦੀ ਸਜ਼ਾ ਮਹਿਦੀ ਹਸਨ ਭੁਗਤ ਚੁੱਕਾ ਹੈ।
ਉਹਨੀਂ ਦਿਨੀਂ ਦੁਨੀਆਂ ਭਰ ਵਿੱਚ ਛਪੀਆਂ ਇਹ ਖ਼ਬਰਾਂ ਸੱਚੀਆਂ ਹੀ ਸਨ ਕਿ ਮਹਿਦੀ ਹਸਨ ਨੂੰ
ਦਾਰੂ ਪੀਣ ਦੇ ਜੁਰਮ ਵਿੱਚ ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਪਰ ਇਸ ਕਿੱਸੇ ਦਾ ਜਿਹੜਾ
ਹਿੱਸਾ ਅਖ਼ਬਾਰੀ ਰਿਪੋਟਾਂ ਵਿੱਚ ਨਹੀਂ ਸੀ ਆਇਆ, ਉਹ ਮਹਿਦੀ ਹਸਨ ਨੇ ਆਪ ਦੱਸਿਆ। ਉਸ ਨੇ
ਕਿਹਾ, "ਜਿਸ ਸ਼ਰੱਈ ਅਦਾਲਤ ਨੇ ਮੈਨੂੰ ਕੋੜਿਆਂ ਦੀ ਸਜ਼ਾ ਸੁਣਾਈ ਸੀ, ਉਸਦੇ ਮੁਨਸਫ਼ ਤੇ
ਸਰਕਾਰੀ ਵਕੀਲ, ਦੋਹਾਂ ਨੇ ਆਪ ਪੀਤੀ ਹੋਈ ਸੀ।" ਖ਼ੁਸ਼ੀ ਦੀ ਗੱਲ ਹੈ ਕਿ ਮਹਿਦੀ ਹਸਨ ਦੇ
ਪ੍ਰੇਮੀਆਂ ਨੇ ਇਹ ਸਜ਼ਾ ਲਾਗੂ ਹੋਣ ਤੋਂ ਰੁਕਵਾ ਦਿੱਤੀ ਸੀ।
ਜਿਹੜੀ ਗੱਲ ਮਹਿਦੀ ਹਸਨ ਨੂੰ ਗਾਇਕੀ ਵਿੱਚ ਸਭ ਤੋਂ ਵੱਧ ਚੁਭਦੀ ਹੈ, ਉਹ ਹੈ ਕਿਸੇ ਗਵੱਈਏ
ਦਾ ਕੋਈ ਇੱਕ ਰਾਗ ਗਾਉਂਦਿਆਂ ਕਿਸੇ ਹੋਰ ਰਾਗ ਵਿੱਚ ਜਾ ਵੜਨਾ। ਉਹ ਬੋਲਿਆ, "ਇਹ ਕਿਧਰ ਦੀ
ਗਾਇਕੀ ਹੈ ਕਿ 'ਭੈਰਵੀ' ਗਾਉਂਦੇ-ਗਾਉਂਦੇ 'ਏਮਨ' ਵਿੱਚ ਜਾ ਵੜੋ, ਠੁਮਰੀ ਗਾਉਂਦੇ ਦਾਦਰੇ
ਦੀਆਂ ਸੁਰਾਂ ਲਾਉਣ ਲਗ ਜਾਓ।।। ਜੇ ਰਾਗ ਬਦਲਣਾ ਵੀ ਹੋਵੇ ਤਾਂ ਗਰਾਮ ਵਿੱਚ ਆ ਕੇ ਬਦਲੋ,
ਨਹੀਂ ਤਾਂ ਰਾਗ ਭਰਿਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਗਾਉਣਾ ਗੁਨਾਹ ਹੈ।"
ਮੈਂ ਗ਼ਜ਼ਲ ਦੇ ਭਵਿੱਖ ਬਾਰੇ ਉਸ ਤੋਂ ਪੁੱਛਿਆ ਤਾਂ ਕਹਿਣ ਲੱਗਾ, "ਨਵੀਂ ਗ਼ਜ਼ਲ ਪੇਤਲੀ ਹੁੰਦੀ
ਜਾ ਰਹੀ ਹੈ। ਇਸ ਵਿੱਚੋਂ ਸਾਧਨਾ ਤੇ ਸੋਚ ਦਾ ਅੰਸ਼ ਘਟ ਰਿਹਾ ਹੈ। ਅੱਜ ਦੀ ਗ਼ਜ਼ਲ ਗੀਤ ਨੁਮਾ
ਜਿਹੀ ਹੁੰਦੀ ਜਾ ਰਹੀ ਹੈ।" ਪਰ ਉਹ ਗ਼ਜ਼ਲ ਦੇ ਭਵਿੱਖ ਬਾਰੇ ਏਨਾ ਨਾਉਮੀਦ ਵੀ ਨਹੀਂ; ਉਹ
ਬੋਲਿਆ, "ਪੌਪ ਸੰਗੀਤ ਵਕਤੀ ਜਿਹੀ ਚੀਜ਼ ਹੈ। ਇਹ ਗ਼ਜ਼ਲ ਗਾਇਕੀ ਹੀ ਹੈ, ਜਿਹੜੀ ਸਾਡੀ ਰੂਹ ਨੂੰ
ਰਾਹਤ ਦੇ ਸਕਦੀ ਹੈ। ਅੱਜ ਉਹ ਕਲਾਕਾਰ ਕਿੱਥੇ ਹਨ ਜੋ ਹਨ੍ਹੇਰੀ ਵਾਂਗ ਆਏ ਅਤੇ ਤੂਫਾਨ ਵਾਂਗ
ਚਲੇ ਗਏ?"
"ਤੁਹਾਡੇ ਬਾਅਦ ਕੋਈ ਹੈ, ਜਿਹੜਾ ਤੁਹਾਡੀ ਸ਼ਮ੍ਹਾ ਨੂੰ ਰੌਸ਼ਨ ਰੱਖ ਸਕਦਾ ਹੋਵੇ?" ਮੈਂ
ਪੁੱਛਿਆ।
"ਮੇਰੇ ਬੇਟੇ ਆਸਿਫ਼ ਦੀ ਆਵਾਜ਼ ਬੜੀ ਚੰਗੀ ਹੈ। ਜੇ ਉਹ ਮਿਹਨਤ ਕਰੇ ਤਾਂ ਅੱਗੇ ਆ ਸਕਦਾ ਹੈ।"
ਉਸ ਨੇ ਇੱਕ ਦੋ ਨਾਂ ਹੋਰ ਵੀ ਲਏ।
ਭਾਰਤੀ ਉਪ ਮਹਾਂਦੀਪ ਦੇ ਆਪਣੇ ਸਮਕਾਲੀ ਗਾਇਕਾਂ ਬਾਰੇ ਕਿਰਸ ਭਰੇ ਜਜ਼ਬੇ ਤੋਂ ਕੰਮ ਲੈਣ
ਪਿੱਛੇ ਮਹਿਦੀ ਹਸਨ ਦੀਆਂ ਮਜਬੂਰੀਆਂ ਵੀ ਹੋਣਗੀਆਂ। ਇਹ ਵੀ ਹੋ ਸਕਦਾ ਹੈ ਕਿ ਹੋਰਨਾਂ
ਫ਼ਨਕਾਰਾਂ ਵਾਂਗ ਹੋਰਨਾਂ ਦਾ ਮੁਲੰਕਣ ਕਰਨ ਵੇਲੇ ਉਹ ਵੀ ਕੁਝ ਵਧੇਰੇ ਹੀ ਕਰੜੇ ਮਾਪ ਤੋਲ ਵਰਤ
ਰਿਹਾ ਹੋਵੇ, ਪਰ ਦੋਸਤਾਨਾ ਸੰਬੰਧਾਂ ਦੇ ਮਾਮਲੇ ਵਿੱਚ ਉਹ ਬੇਹੱਦ ਨਿੱਘਾ ਤੇ ਸੁਹਿਰਦ ਇਨਸਾਨ
ਹੈ।
ਇਸ ਸ਼ਾਮ ਉਹ 4-5 ਘੰਟੇ ਰਿਹਾ। ਪੰਜਾਬੀ ਦੇ ਗੀਤ ਤੇ ਗ਼ਜ਼ਲਾਂ ਸੁਣਾਉਂਦਾ ਰਿਹਾ। ਰਾਗਾਂ ਦੀਆਂ
ਬਰੀਕੀਆਂ ਸਮਝਾਉਂਦਾ ਰਿਹਾ। ਵਾਦੀ ਸੰਵਾਦੀ ਤੇ ਕੋਮਲ-ਤੀਬਰ ਸੁਰਾਂ ਬਾਰੇ ਦੱਸਦਾ ਰਿਹਾ। ਗ਼ਜ਼ਲ
ਗਾਉਂਦੇ ਸਮੇਂ ਸ਼ਿਅਰ ਨੂੰ ਠੀਕ ਢੰਗ ਨਾਲ ਅਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਾ ਰਿਹਾ।
ਉਸ ਦਾ ਪਰੋਗਰਾਮ ਟਰਾਂਟੋ ਦੇ ਕਿਸੇ ਵੱਡੇ ਹਾਲ ਵਿੱਚ ਹੋ ਰਿਹਾ ਸੀ। ਇਸ ਪਰੋਗਰਾਮ ਲਈ ਉਹ
ਸਾਨੂੰ ਆਉਣ ਦਾ ਸੱਦਾ ਦੇ ਗਿਆ। ਮੇਰੇ ਨਾਲ ਪੰਜਾਬੀ ਦੀ ਉੱਘੀ ਗਾਇਕਾ ਸੁਰਿੰਦਰ ਕੌਰ ਦੀ
ਬੇਟੀ ਡੌਲੀ ਵੀ ਸੀ ਜੋ ਆਪਣੇ ਬੇਟੇ ਦੇ ਇਲਾਜ ਲਈ ਕੈਨੇਡਾ ਆਈ ਹੋਈ ਸੀ, ਤੇ ਮੇਰੇ ਘਰ ਠਹਿਰੀ
ਹੋਈ ਸੀ। ਪਰੋਗਰਾਮ ਵਾਲ਼ੇ ਦਿਨ ਮੇਰੇ ਨਾਲ ਡੌਲੀ ਦੇ ਆਉਣ ਦਾ ਪਤਾ ਲੱਗਾ ਤਾਂ ਮਹਿਦੀ ਹਸਨ ਨੇ
ਆਪਣੇ ਇੱਕ ਬੰਦੇ ਰਾਹੀਂ ਸਪੌਂਸਰ ਨੂੰ ਸੁਨੇਹਾ ਭਿਜਵਾਇਆ ਕਿ ਸਟੇਜ ਦੇ ਸਾਹਮਣੇ, ਪਹਿਲੀ
ਕਤਾਰ ਦੀਆਂ ਦੋ ਸੀਟਾਂ ਉਸ ਦੇ ਮਹਿਮਾਨਾਂ ਲਈ ਖ਼ਾਲੀ ਕਰਾ ਦਿੱਤੀਆਂ ਜਾਣ। ਮਹਿਦੀ ਹਸਨ ਜਦ ਵੀ
ਦਿੱਲੀ ਆਉਂਦਾ ਹੈ ਤਾਂ ਸੁਰਿੰਦਰ ਕੌਰ ਨੂੰ ਜ਼ਰੂਰ ਮਿਲਣ ਜਾਂਦਾ ਹੈ। ਇੱਕ ਫ਼ਨਕਾਰ ਹੋਣ ਦੇ
ਨਾਤੇ ਉਹ ਸੁਰਿੰਦਰ ਕੌਰ ਦੀ ਬੇਹੱਦ ਕਦਰ ਕਰਦਾ ਹੈ। ਸਪੌਂਸਰ ਨੇ ਉਸ ਦੇ ਸੁਨੇਹੇ ਨੂੰ
ਅਣਗੌਲ਼ਿਆਂ ਕਰ ਦਿੱਤਾ। ਉਸ ਨੇ ਪਹਿਲੀ ਕਤਾਰ ਵਿੱਚ ਆਪਣੇ ਖ਼ਾਸ ਦੋਸਤ ਮਿੱਤਰ ਬਿਠਾ ਰੱਖੇ ਸਨ।
ਉਹ ਸੀਟਾਂ ਖ਼ਾਲੀ ਕਰਨ ਲਈ ਕਿਸ ਨੂੰ ਆਖੇ?
ਅਜੀਬ ਹਾਲਤ ਪੈਦਾ ਹੋ ਗਈ। ਨਾ ਸੀਟਾਂ ਖ਼ਾਲੀ ਹੋਣ ਨਾ 'ਖ਼ਾਨ ਸਾਹਿਬ' ਸਟੇਜ ਉੱਤੇ ਆਉਣ। ਉਧਰ
ਸੁਣਨ ਵਾਲ਼ੇ ਉਤਾਵਲੇ ਹੋ ਉੱਠੇ। ਹਾਲ ਵਿੱਚ ਸੀਟੀਆਂ ਵੱਜਣ ਲੱਗ ਪਈਆਂ।
ਮੈਂ ਮਹਿਦੀ ਹਸਨ ਨੂੰ ਬੜੇ ਅਦਬ ਨਾਲ ਕਿਹਾ, "ਖ਼ਾਂ ਸਾਹਿਬ, ਛੱਡੋ ਇਸ ਜ਼ਿੱਦ ਨੂੰ, ਅਸੀਂ ਤਾਂ
ਤੁਹਾਨੂੰ ਸੁਣਨ ਆਏ ਹਾਂ, ਪਿੱਛੇ ਬੈਠਿਆਂ ਵੀ ਸਾਨੂੰ ਓਨਾ ਹੀ ਮਜ਼ਾ ਆਏਗਾ। ਤੁਸੀਂ ਸਾਡਾ
ਫ਼ਿਕਰ ਨਾ ਕਰੋ।"
ਉਸ ਨੇ ਕਿਹਾ, "ਗੱਲ ਜ਼ਿੱਦ ਦੀ ਨਹੀਂ। ਗੱਲ ਸੁਰਿੰਦਰ ਕੌਰ ਦੇ ਬੱਚਿਆਂ ਦਾ ਮਾਣ ਰੱਖਣ ਦੀ
ਹੈ। ਜੇ ਸੁਰਿੰਦਰ ਕੌਰ ਹੋਰਾਂ ਦਾ ਪਰੋਗਰਾਮ ਹੋਵੇ ਅਤੇ ਮੈਂ ਸੁਣਨ ਵਾਲਿਆਂ ਵਿੱਚ ਹੋਵਾਂ
ਤਾਂ ਕੀ ਉਹ ਨਹੀਂ ਆਖਣਗੇ ਕਿ ਮਹਿਦੀ ਹਸਨ ਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਜਾਏ?"
ਚੋਖਾ ਸਮਾਂ ਉਡੀਕਣ ਪਿੱਛੋਂ ਘਬਰਾਏ ਹੋਏ ਸਪੌਂਸਰ ਨੇ ਸਾਜ਼ਿੰਦਿਆਂ ਤੋਂ ਪੁੱਛਿਆ, "ਖ਼ਾਨ
ਸਾਹਿਬ ਸਟੇਜ ਉੱਤੇ ਕਿਉਂ ਨਹੀਂ ਆ ਰਹੇ?"
ਉਨ੍ਹਾਂ ਨੇ ਦੱਸਿਆ, "ਖ਼ਾਨ ਸਾਹਿਬ ਉਦੋਂ ਤੱਕ ਨਹੀਂ ਆਉਣਗੇ ਜਦੋਂ ਤੱਕ ਪਹਿਲੀ ਕਤਾਰ ਦੀਆਂ
ਦੋ ਸੀਟਾਂ ਖ਼ਾਲੀ ਨਹੀਂ ਹੁੰਦੀਆਂ।"
ਅੰਤ ਨੂੰ ਸਪੌਂਸਰ ਨੂੰ ਝੁਕਣਾ ਪਿਆ, ਡੌਲੀ ਨੂੰ ਤੇ ਮੈਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਗਿਆ
ਤੇ 'ਖ਼ਾਂ ਸਾਹਿਬ' ਲਹਿਰਾਉਂਦੇ ਹੋਏ ਸਟੇਜ ਉੱਤੇ ਆਏ।
ਜੇ 'ਖ਼ਾਨ ਸਾਹਿਬ' ਦੇ ਲਹਿਰਾਉਣ ਦੀ ਗੱਲ ਮੇਰੇ ਮੂੰਹੋਂ ਨਿਕਲ ਹੀ ਗਈ ਹੈ ਤਾਂ ਮੇਰਾ ਇਹ
ਦੱਸਣਾ ਵੀ ਬਣਦਾ ਹੈ ਕਿ ਉਹ ਅੇਜਹੇ ਗਾਇਕ ਹਨ ਜਿਹੜੇ ਸਰੂਰ ਵਿੱਚ ਹੋਣ ਦੇ ਬਾਵਜੂਦ ਵੀ ਸੁਰ
ਤੋਂ ਨਹੀਂ ਥਿੜਕਦੇ।
ਇਹ ਉਨ੍ਹਾਂ ਦੀ ਬਚਪਨ ਵਿੱਚ ਖਾਧੀ "ਸੁਰ ਦੀ ਚੋਟ" ਦਾ ਹੀ ਨਤੀਜਾ ਹੈ ਕਿ ਸੁਰ ਦੀ ਸਾਧਨਾ
ਕਰਦੇ-ਕਰਦੇ ਉਹ ਸਿਰ ਤੋਂ ਪੈਰਾਂ ਤੀਕ ਇੱਕ ਸੁਰ ਹੋ ਗਏ ਹਨ।
-0-
|