ਸਾਡੀ ਪ੍ਰਯੋਗਸ਼ਾਲਾ
ਅਸੀਂ ਕੁੜੀਆਂ
ਲੀਰਾਂ ਦੀਆਂ ਗੁੱਡੀਆਂ ਬਣਾਉਂਦੀਆਂ
ਸੂਈ ਧਾਗੇ ਨਾਲ
ਉਹਨਾਂ ਦੇ ਨੈਣ ਨਕਸ਼ ਕਸੀਦਦੀਆਂ
ਪਟੋਲਿਆਂ ਨਾਲ ਉਹਨਾਂ ਨੂੰ ਸਜਾਉਂਦੀਆਂ !
ਤੇ
ਮਾਂ ਦੀਆਂ ਚੁੰਨੀਆਂ ਦੀ ਸਾੜ੍ਹੀ ਬਣਾ
ਉੱਚੀ ਅੱਡੀ ਦੇ ਸੈਂਡਲ ਪਾ
ਪਾਊਡਰ ਸੁਰਮੇ ਸੁਰਖੀਆਂ ਲਾ
ਲੁਕ ਲੁਕ ਕੇ ਘਰ ਘਰ ਖੇਡਦੀਆਂ !
ਰੁੱਸਦੀਆਂ ਮੰਨਦੀਆਂ
ਗੁੱਡੀ- ਗੁੱਡਿਆਂ ਦੇ ਵਿਆਹ ਕਰਦੀਆਂ
ਅਚੇਤ ਹੀ ਸਿੱਖ ਗਈਆਂ
ਸੀਉਣਾ-ਪਰੋਣਾ
ਕੱਸੀਦੇ ਕੱਢਣਾ
ਘਰ ਬਨਾਉਣਾ ਤੇ ਬੱਚੇ ਪਾਲਣਾ !
ਬਚਪਨ ਤੋਂ ਜਵਾਨੀ
ਜਲੰਧਰ ਤੋਂ ਜਰਮਨੀ
ਗੋਰੀਆਂ
ਭੂਰੀਆਂ
ਕਾਲੀਆਂ
ਅਸੀਂ ਜਿੰ਼ਦਗੀ ਭਰ
ਬਸ ਘਰ ਘਰ ਹੀ ਖੇਡਿਆ !
ਸਾਡੇ ਲਈ ਬਚਪਨ ਵੀ
ਭਵਿੱਖ ਦੀ ਪ੍ਰਯੋਗਸ਼ਾਲਾ ਸੀ ਮਹਿਜ਼ !
ਡੈਂਡੀਲੋਨ
ਸੁਰਜੀਤ
ਆਪਣੇ ਲਾਅਨ ਦੇ
ਘਾਹ ਦੀ ਇਕ ਇਕ ਤਿਡ਼ ਨੂੰ
ਬਚਾਉਣ ਦੀ ਕੋਸ਼ਿਸ਼ ਕਰਦਿਆਂ
ਸਮਝੀ ਹਾਂ
ਕਿ ਇਸ ਧਰਤੀ ਵਿਚ
ਤੁਸੀਂ ਕੋਈ ਵੀ ਬੀਜ ਬੀਜੋ
ਪਰ ਉੱਗਣਗੇ ਡੈਂਡੀਲੋਨ ਹੀ !
ਡੈਂਡੀਲੋਨ
ਜੋ ਆਪਣੇ ਪੀਲੇ ਮੂੰਹ ਚੁੱਕੀ
ਢੀਠਤਾਈ ਨਾਲ ਤੁਹਾਡੇ
ਲਾਅਨ ਵਿਚ ਹੱਸਣਗੇ
ਤੁਹਾਡਾ ਮੂੰਹ ਚਿਡ਼ਾਉਣਗੇ
ਮਾਈ ਬੁੱਢੀ ਦੇ ਝਾਟੇ ਵਾਂਗ
ਇਧਰ ਉੱਧਰ ਉਡਦੇ ਫਿਰਨਗੇ
ਤੇ ਪਿੰਡਿਆਂ ਤੇ ਐਲਰਜੀ ਦੇ ਵਾਰ ਕਰਨਗੇ!
ਇਥੇ ਹੋਰ ਕੁਝ ਵੀ ਬੀਜੋ
ਡੈਂਡੀਲੋਨ ਦੇ ਬੂਟੇ
ਉਹਨਾਂ ਨੂੰ ਖਾ ਜਾਣਗੇ
ਇਸ ਮਿੱਟੀ ਵਿਚ
ਹੋਰ ਕੁਝ ਨਹੀਂ ਉੱਗਦਾ
ਕੇਵਲ ਡੈਂਡੀਲੋਨ ਹੀ ਫਲਦੇ ਨੇ!
ਅਗਲੀ ਰੁੱਤ ਨੂੰ ਆਉਣ ਦਿਉ
ਕਰਾਂਗੇ ਕੁਝ ਅਜਿਹਾ
ਕਿ ਬਰਫ਼ ਦੇ ਹੇਠਾਂ ਹੀ
ਗਲ ਜਾਏਗਾ ਡੈਂਡੀਲੋਨ ਦਾ ਬੀਜ
ਤੇ ਆਪਣੇ ਲਾਅਨ ‘ਚ
ਲੱਗੀ ਘਾਹ ਦੀ ਇਕ ਇਕ ਤਿਡ਼ ਦੀ
ਹਰਿਆਲੀ ਨੂੰ ਰਜ ਕੇ ਮਾਣਾਂਗੇ !
ਅਲਵਿਦਾ ਡੈਂਡੀਲੋਨ !
-0-
|