ਸਰਕਾਰ ਨੂੰ ਪਤਾ ਸੀ ਕਿ
ਮਹਾਂਰਾਜੇ ਦਾ ਕੇਸ ਮਜ਼ਬੂਤ ਸੀ ਪਰ ਉਹ ਕਿਸੇ ਵੀ ਤਰੀਕੇ ਨਾਲ ਉਸ ਨੂੰ ਪੱਛਾੜਨਾ ਚਾਹੁੰਦੀ
ਸੀ। ਭਾਵੇਂ ਕੁਝ ਕੁ ਲੋਕ ਰਾਏ ਮਹਾਂਰਾਜੇ ਦੇ ਹੱਕ ਵਿਚ ਬਣ ਰਹੀ ਸੀ ਪਰ ਸਰਕਾਰ ਨੂੰ ਇਸ ਦੀ
ਪ੍ਰਵਾਹ ਨਹੀਂ ਸੀ। ਫਿਰ ਮਹਾਂਰਾਜੇ ਵਾਲੀ ਕਹਾਣੀ ਕੋਈ ਅਜਿਹਾ ਮੁੱਦਾ ਨਹੀਂ ਸੀ ਕਿ ਜੋ ਕਿਸੇ
ਪਾਰਟੀ ਲਈ ਚੋਣ-ਮੁੱਦਾ ਬਣ ਸਕਦਾ। ਇਹ ਉਸ ਦੀ ਇਕੱਲੇ ਦੀ ਲੜ੍ਹਾਈ ਸੀ। ਅਖ਼ਬਾਰਾਂ ਮਹਾਂਰਾਜੇ
ਦੀ ਖਿੱਲੀ ਉਡਾ ਰਹੀਆਂ ਸਨ। ਹਾਂ, ਕਦੇ ਕਦੇ ਫਰਾਂਸ ਦੀ ਕਿਸੇ ਅਖ਼ਬਾਰ ਵਿਚ ਜਾਂ ਅਮਰੀਕਾ ਦੇ
ਕਿਸੇ ਮੈਗਜ਼ੀਨ ਵਿਚ ਮਹਾਂਰਾਜੇ ਦੇ ਹੱਕ ਵਿਚ ਕੋਈ ਲੇਖ ਜ਼ਰੂਰ ਛਪ ਜਾਂਦਾ।
ਮਹਾਂਰਾਜਾ ਹਿੰਮਤ ਹਾਰਨ ਵਾਲਾ ਬੰਦਾ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਉਹ ਸੱਚਾ ਹੈ ਤੇ ਇਹੋ
ਸੱਚ ਉਸ ਦੀ ਤਾਕਤ ਸੀ। ਇਹਨਾਂ ਦਿਨਾਂ ਵਿਚ ਸਰਕਾਰ ਨੇ ਉਸ ਦੀ ਇਸਟੇਟ ਨੂੰ ਲੈ ਕੇ ਇਕ ਨਵਾਂ
ਕਾਨੂੰਨ ਪਾਸ ਕਰ ਮਾਰਿਆ ਜਿਸ ਤੋਂ ਮਹਾਂਰਾਜਾ ਸਮਝ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਉਸ ਨੂੰ
ਔਖੇ ਵਕਤ ਦਾ ਸਾਹਮਣਾ ਕਰਨਾ ਪੈਣਾ ਸੀ। ਹੁਣ ਕੋਈ ਭਿਆਨਕ ਮੋੜ ਆਉਣ ਵਾਲਾ ਸੀ। ਹੁਣ ਉਸ ਦਾ
ਮਸਲਾ ਐੱਲਵੇਡਨ ਇਸਟੇਟ ਆਪਣੇ ਪੁੱਤ ਵਿਕਟਰ ਨੂੰ ਨਾ ਦੇ ਸਕਣ ਦਾ ਹੀ ਨਹੀਂ ਸੀ, ਸਗੋਂ ਹੁਣ
ਤਾਂ ਪੈਸੇ ਦੀ ਤੋਟ ਪਹਾੜ ਬਣੀ ਖੜੀ ਸੀ। ਉਸ ਦੇ ਬਹੁਤ ਸਾਰੇ ਖਰਚੇ ਰੁਕੇ ਪਏ ਸਨ। ਉਸ ਲਈ
ਰੋਜ਼ਾਨਾ ਜਿ਼ੰਦਗੀ ਦਾ ਨਿਰਬਾਹ ਕਰਨਾ ਮੁਸ਼ਕਲ ਹੋ ਰਿਹਾ ਸੀ। ਪਰਿਵਾਰ ਉਸ ਦਾ ਹੌਲੈਂਡ ਪਾਰਕ
ਵਿਚਲੇ ਘਰ ਵਿਚ ਹੀ ਰਹਿੰਦਾ ਸੀ ਪਰ ਉਸ ਦਾ ਆਪਣਾ ਬਹੁਤਾ ਸਮਾਂ ਐੱਲਵੇਡਨ ਵਿਚ ਹੀ ਨਿਕਲਦਾ।
ਉਸ ਨੇ ਭਾਵੇਂ ਆਮ ਲੋਕਾਂ ਲਈ ਇਹ ਸਿ਼ਕਾਰਗਾਹ ਬੰਦ ਕਰ ਦਿਤੀ ਸੀ ਪਰ ਆਪ ਦੋਸਤਾਂ ਨਾਲ ਰਲ਼
ਕੇ ਹਾਲੇ ਵੀ ਸਿ਼ਕਾਰ ਖੇਡਦਾ। ਉਸ ਦੇ ਦੋਵੇਂ ਵੱਡੇ ਮੁੰਡੇ ਵਿਕਟਰ ਤੇ ਫਰੈਡਰਿਕ ਬਹੁਤ ਵਧੀਆ
ਸਿ਼ਕਾਰੀ ਨਿਕਲੇ ਸਨ। ਉਹ ਆਪਣੇ ਮੁੰਡਿਆਂ ਨੂੰ ਸਿ਼ਕਾਰ ਖੇਡਦੇ ਦੇਖ ਕੇ ਖੁਸ਼ ਹੁੰਦਾ ਸੋਚਦਾ
ਕਿ ਕੁਝ ਹੋਰ ਨਹੀਂ ਤਾਂ ਇਹ ਹੁਨਰ ਹੀ ਆਪਣੇ ਪੁੱਤਰਾਂ ਨੂੰ ਦੇ ਸਕਿਆ ਹੈ। ਅਗੋਂ ਮੁੰਡਿਆਂ
ਦੇ ਦੋਸਤ ਵੀ ਸਿ਼ਕਾਰ ਖੇਡਣ ਆਉਂਦੇ। ਮਹਾਂਰਾਜਾ ਆਪਣੀਆਂ ਸਮੱਸਿਆਵਾਂ ਨਾਲ ਆਪ ਹੀ ਸਿੱਝਦਾ।
ਇਹਨਾਂ ਦਾ ਪ੍ਰਛਾਵਾਂ ਆਪਣੇ ਬੱਚਿਆਂ ਉਪਰ ਜਾਂ ਬਾਂਬਾ ਉਪਰ ਨਾ ਪੈਣ ਦਿੰਦਾ। ਬਾਂਬਾ ਆਪਣੇ
ਬੱਚਿਆਂ ਦਾ ਪਾਲਣ-ਪੋਸਣ ਠੀਕ ਢੰਗ ਨਾਲ ਕਰ ਰਹੀ ਸੀ। ਇਸ ਪੱਖੋਂ ਉਸ ਨੇ ਮਹਾਂਰਾਜੇ ਨੂੰ
ਬਿਲਕੁਲ ਵਿਹਲਾ ਰੱਖਿਆ ਹੋਇਆ ਸੀ। ਉਹਨਾਂ ਦੋਨਾਂ ਨੇ ਇਕ ਤਰ੍ਹਾਂ ਆਪੋ-ਆਪਣੇ ਇਲਾਕੇ ਵੰਡੇ
ਹੋਏ ਸਨ। ਮਹਾਂਰਾਜਾ ਘਰ ਦੀ ਕਿਸੇ ਗੱਲ ਵਿਚ ਦਖਲ ਨਹੀਂ ਸੀ ਦਿੰਦਾ ਤੇ ਬਾਂਬਾ ਮਹਾਂਰਾਜੇ
ਨੂੰ ਕਿਸੇ ਗੱਲੋਂ ਨਹੀਂ ਸੀ ਟੋਕਦੀ। ਮਹਾਂਰਾਜਾ ਉਸ ਨਾਲ ਕੋਈ ਗੱਲ ਘੱਟ ਹੀ ਸਾਂਝੀ ਕਰਦਾ ਸੀ
ਪਰ ਉਹ ਸਮਝਦੀ ਸਭ ਕੁਝ ਸੀ। ਘਰ ਦੇ ਕੰਮਾਂ ਤੋਂ ਬਾਹਰ ਮਹਾਂਰਾਜਣੀ ਬਾਂਬਾ ਨੇ ਔਰਤਾਂ ਦੀ ਇਕ
ਜਥੇਬੰਦੀ ਬਣਾਈ ਹੋਈ ਸੀ ਜਿਸ ਰਾਹੀਂ ਉਹ ਔਰਤਾਂ ਦੇ ਮਸਲਿਆਂ ਨੂੰ ਨਿਜੱਠਣ ਦੀ ਕੋਸਿ਼ਸ਼
ਕਰਦੀ। ਸਿਹਤ ਵਜੋਂ ਮਹਾਂਰਾਣੀ ਬਾਂਬਾ ਕਮਜ਼ੋਰ ਜਿਹੀ ਹੀ ਸੀ। ਇਕ ਤਾਂ ਉਹ ਹਲਕੀ ਜਿਹੀ ਵਿਤ
ਦੀ ਔਰਤ ਸੀ ਤੇ ਦੂਜੇ ਉਸ ਦੀ ਸਿਹਤ ਨੂੰ ਕੋਈ ਨਾ ਕੋਈ ਔਝੜ ਜਿਹੀ ਪਈ ਹੀ ਰਹਿੰਦੀ।
ਮਹਾਂਰਾਜਾ ਹਰ ਵੇਲੇ ਸੋਚਦਾ ਰਹਿੰਦਾ ਕਿ ਹੁਣ ਕਿਹੜਾ ਕਦਮ ਚੁੱਕਿਆ ਜਾਵੇ। ਉਸ ਦੇ ਸਾਰੇ
ਪੈਂਤੜੇ ਫੇਹਲ ਹੋ ਰਹੇ ਸਨ। ਇਹਨਾਂ ਦਿਨਾਂ ਵਿਚ ਹੀ ਲੌਰਡ ਹਾਰਟਿੰਗਟਨ ਸੈਕਟਰੀ ਔਫ ਸਟੇਟ
ਵਜੋਂ ਰਿਟਾਇਰ ਹੋ ਗਿਆ ਤੇ ਉਹਦੇ ਥਾਂਵੇਂ ਲੌਰਡ ਕਿੰਬਰਲੇ ਆ ਗਿਆ। ਮਹਾਂਰਾਜੇ ਨੂੰ ਕੁਝ ਆਸ
ਦੀ ਕਿਰਨ ਦਿਸੀ। ਉਹ ਆਪਣੀ ਸੁਰ ਜ਼ਰਾ ਨਰਮ ਕਰਨ ਬਾਰੇ ਸੋਚਿਦਿਆਂ ਨਵੇਂ ਸੈਕਟਰੀ ਔਫ ਸਟੇਟ
ਨੂੰ ਚਿੱਠੀ ਲਿਖਣ ਬਹਿ ਗਿਆ;
*1 ਮਾਰਚ, 1883
‘ਮਾਈ ਡੀਅਰ ਲੌਰਡ, ਮੈਨੂੰ ਪੂਰਨ ਆਸ ਹੈ ਕਿ ਮੇਰੇ ਕੇਸ ਨੂੰ ਮੇਰਾ ਰੁਤਬਾ, ਜੋ
ਸ਼ਾਨੋ-ਸ਼ੌਕਤ ਵਾਲੀ ਸਰਕਾਰ ਨੇ ਮੈਨੂੰ ਬਖਸਿ਼ਆ ਹੈ, ਨੂੰ ਮੱਦੇ ਨਜ਼ਰ ਰੱਖਦੇ ਹੋਏ ਇਕ ਵਾਰ
ਫਿਰ ਵਿਚਾਰੋਂਗੇ, ਮੇਰੀ ਬੇਨਤੀ ਵਿਚ ਇਹ ਨੁਕਤੇ ਆਉਂਦੇ ਹਨ;
1- ਇਹ ਜੋ ਪੱਚੀ ਹਜ਼ਾਰ ਦੀ ਪੈਂਸ਼ਨ ਮੈਨੂੰ ਮਿਲ ਰਹੀ ਹੈ ਮੇਰੀ ਮੌਤ ਤੋਂ ਬਾਅਦ ਮੇਰੇ ਮਰਦ
ਉਤਰਅਧਿਕਾਰੀ ਨੂੰ ਇਵੇਂ ਹੀ ਦੇ ਦਿਤੀ ਜਾਵੇ।
2- ਜਿਹੜੀ ਰਕਮ ਮੈਨੂੰ ਐੱਲਵੇਡਨ ਖਰੀਦਣ ਲਈ ਸਰਕਾਰ ਨੇ ਦਿਤੀ ਸੀ ਇਸ ਨੂੰ ਮੇਰੇ ਹੋਏ
ਨੁਕਸਾਨ ਜੋ ਕਿ ਸੋਨੇ ਤੇ ਚਾਂਦੀ ਦੀਆਂ ਪਲੇਟਾਂ, ਗਹਿਣੇ, ਹੀਰਿਆਂ ਆਦਿ ਦੇ ਰੂਪ ਵਿਚ ਹੋਇਆ
ਹੈ ਦੀ ਪੂਰਤੀ ਕਰਨ ਲਈ ਮੁਆਫ ਕਰ ਦਿਤੀ ਜਾਵੇ।
3- ਜਿਹੜੇ ਮੇਰੇ ਉਪਰ ਵਾਧੂ ਦੇ ਖਰਚੇ ਹਨ ਜਿਵੇਂ ਕਿ ਮੇਰੇ ਨੌਕਰਾਂ ਦੀ ਪੈਨਸ਼ਨ ਤੇ
ਰਿਸ਼ਤੇਦਾਰਾਂ ਦੇ ਖਰਚੇ ਜੋ ਕਿ ਪੰਜਾਬ ਨੂੰ ਹਿੰਦੁਸਤਾਨ ਨਾਲ ਜੋੜਨ ਸਮੇਂ ਮੇਰੇ ਉਪਰ ਪਾਏ
ਗਏ ਸਨ, ਮੇਰੇ ਮਰਨ ਤੋਂ ਬਾਅਦ ਇਹਨਾਂ ਨੂੰ ਖਤਮ ਕਰ ਦਿਤਾ ਜਾਵੇ ਤਾਂ ਜੋ ਮੇਰੇ ਬੱਚੇ ਵਾਧੂ
ਖਰਚਿਆਂ ਤੋਂ ਕੁਝ ਰਾਹਤ ਪਾ ਸਕਣ।
ਮਾਈ ਲੌਰਡ, ਮੈਂ ਇਸ ਗੱਲ ਨੂੰ ਆਪਣੇ ਤਹਿ ਦਿਲ ਵਿਚੋਂ ਤਕਲੀਫ ਨਾਲ ਮਹਿਸੂਸ ਕਰ ਰਿਹਾ ਹਾਂ
ਕਿ ਮੇਰੇ ਬੱਚਿਆਂ ਨੂੰ ਕਿਹੜੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ, ਜਦ ਕਿ ਮੈਨੂੰ ਇਸ ਮੁਲਕ
ਨੇ ਏਡਾ ਵੱਡਾ ਰੁਤਬਾ ਬਖਸਿ਼ਆ ਤੇ ਮੇਰੇ ਬੱਚਿਆਂ ਨੂੰ ਗੁਮਨਾਮੀ ਦਾ ਜੀਵਨ ਬਤੀਤ ਕਰਨਾ
ਪਵੇਗਾ। (ਦਲੀਪ ਸਿੰਘ)*
ਲੌਰਡ ਕੈਂਬਰਲੇ ਨੂੰ ਮਹਾਂਰਾਜੇ ਦੀ ਅਜਿਹੀ ਚਿੱਠੀ ਦੀ ਆਸ ਹੈ ਹੀ ਸੀ। ਚਿੱਠੀ ਦੇਖਦਿਆਂ ਉਹ
ਮਨ ਵਿਚ ਹੱਸਿਆ ਵੀ। ਜਵਾਬ ਵਿਚ ਚਿੱਠੀ ਲਿਖਦਿਆਂ ਉਸ ਨੇ ਮਹਾਂਰਾਜੇ ਦੀ ਪਹਿਲਾਂ ਕਾਫੀ
ਲਫਜ਼ੀ-ਤਾਰੀਫ ਕੀਤੀ ਤੇ ਫਿਰ ਉਸ ਦੀ ਇਹ ਜਜ਼ਬਾਤੀ ਅਪੀਲ ਨੂੰ ਬਹੁਤ ਹੀ ਬੇਰਹਿਮੀ ਨਾਲ ਰੱਦ
ਕਰ ਕੇ ਰੱਖ ਦਿਤਾ;
‘...ਮੈਨੂੰ ਬਹੁਤ ਪਛਤਾਵੇ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਾਲ 10 ਦਸੰਬਰ ਨੂੰ ਜਿਹੜਾ
ਐਕਟ ਬਣਾ ਦਿਤਾ ਗਿਆ ਹੈ ਉਹ ਬਿਲਕੁਲ ਆਖਰੀ ਹੈ ਤੇ ਸਾਰੇ ਫੈਸਲੇ ਉਸ ਮੁਤਾਬਕ ਹੀ ਹੋਣਗੇ।’
ਮਹਾਂਰਾਣੀ ਵਿਕਟੋਰੀਆ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਦਾ ਮਨ ਬਹੁਤ ਹੀ ਦੁਖੀ ਹੋਇਆ। ਉਸ
ਨੂੰ ਲੌਰਡ ਕੈਂਬਰਲੇ ਦਾ ਵਤੀਰਾ ਬਹੁਤ ਬੁਰਾ ਲਗਿਆ ਪਰ ਉਹ ਕੁਝ ਵੀ ਕਰਨੋਂ ਅਸਰਮਰਥ ਸੀ। ਉਸ
ਨੂੰ ਸਾਫ ਦਿਸ ਰਿਹਾ ਸੀ ਕਿ ਇਹ ਸਭ ਮਹਾਂਰਾਜੇ ਨੂੰ ਜ਼ਲੀਲ ਕਰਨ ਦੇ ਤਰੀਕੇ ਸਨ। ਉਸ ਨੇ ਉਸੇ
ਵੇਲੇ ਆਪਣੇ ਸੈਕਟਰੀ ਪੌਨਸਨਬੀ ਨਾਲ ਆਪਣੇ ਮਨ ਦੀ ਅਵਸਥਾ ਸਾਂਝੀ ਕੀਤੀ। ਮਹਾਂਰਾਣੀ ਇਸ
ਮਹਿਸੂਸਣਾ ਉਪਰ ਕਾਬੂ ਨਾ ਰੱਖ ਸਕੀ ਤੇ ਉਸ ਨੇ ਆਪਣੇ ਰੋਜ਼ਨਾਮਚੇ ਵਿਚ ਦਰਜ ਕਰਵਾਇਆ;
‘...ਮਹਾਂਰਾਜੇ ਦੀ ਸਥਿਤੀ ਬਾਰੇ ਸੋਚਦਿਆਂ ਹਰ ਮੈਜਿਸਟੀ ਨੇ ਸਿੱਟਾ ਕੱਢਿਆ ਕਿ ਲੌਰਡ
ਕੈਂਬਰਲੇ ਦਿਲ ਤੋਂ ਬਿਨਾਂ ਇਨਸਾਨ ਹੈ। ਹਰ ਮੈਜਿਸਟੀ ਮਹਿਸੂਸ ਕਰਦੀ ਹੈ ਕਿ ਅਜਿਹੀ ਹਾਲਤ
ਵਿਚ ਮਹਾਂਰਾਜੇ ਵਾਸਤੇ ਕੁਝ ਨਾ ਕੁਝ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ, ਉਸ ਨੂੰ ਮਹਾਂਰਾਜੇ
ਵਿਚ ਸਦਾ ਹੀ ਦਿਲਚਸਪੀ ਰਹੀ ਹੈ, ਤੇ ਉਸ ਨੂੰ ਜ਼ਾਤੀ ਅਪੀਲ ਕੀਤੀ ਜਾਣੀ ਚਾਹੀਦੀ ਹੈ, ਉਸ
ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਿਆ ਗਿਆ ਹੈ ਤੇ ਇਹ ਸਾਡੇ ਲਈ ਬਹੁਤ ਬੁਰੀ ਗੱਲ ਹੈ, ਜੇ ਉਹ
ਵਾਪਸ ਹਿੰਦੁਸਤਾਨ ਚਲੇ ਜਾਵੇਗਾ ਤਾਂ ਸਾਡੇ ਲਈ ਬਹੁਤ ਹੀ ਦੁੱਖ ਦੀ ਗੱਲ ਹੋਵੇਗੀ। ਸਰ ਓਇਨ
ਬਰਨ ਜੋ ਕਿ ਇਸ ਵੇਲੇ ਉਸ ਦਾ ਦੁਸ਼ਮਣ ਬਣਿਆਂ ਬੈਠਾ ਹੈ, ਉਸ ਵਕਤ ਬਹੁਤ ਛੋਟਾ ਸੀ ਜਦ
ਮਹਾਂਰਾਜਾ ਇੰਗਲੈਂਡ ਆਇਆ ਸੀ ਤੇ ਉਸ ਨੂੰ ਪੂਰੇ ਸਨਮਾਨ ਨਾਲ ਇਥੇ ਰੱਖਿਆ ਗਿਆ ਸੀ, ਹਰ
ਮੈਜਿਸਟੀ ਨੂੰ ਸਾਰੀ ਗੱਲ ਬਾਰੇ ਬਹੁਤ ਦੁਖ ਹੈ।’
ਮਹਾਂਰਾਣੀ ਦੇ ਇਹਨਾਂ ਜਜ਼ਬਿਆਂ ਦਾ ਕਿਸੇ ਲਈ ਕੋਈ ਮਤਲਵ ਨਹੀਂ ਸੀ। ਅਸਲ ਵਿਚ ਮਹਾਂਰਾਣੀ ਦੇ
ਹੱਥ ਵਿਚ ਕੋਈ ਤਾਕਤ ਨਹੀਂ ਸੀ, ਉਹ ਸਿਰਫ ਨਾਂ ਦੀ ਹੀ ਮਹਾਂਰਾਣੀ ਸੀ, ਸਰਕਾਰ ਤਾਂ ਮੰਤਰੀ
ਚਲਾਉਂਦੇ ਸਨ। ਸੈਕਟਰੀ ਪੌਨਸਨਬੀ ਨੇ ਮਹਾਂਰਾਣੀ ਦੀ ‘ਹਾਂ’ ਵਿਚ ‘ਹਾਂ’ ਮਿਲਾ ਕੇ ਵਕਤ ਲੰਘਾ
ਦਿਤਾ। ਸੈਕਟਰੀ ਵੀ ਦਿਲੋਂ ਮਹਾਂਰਾਜੇ ਦੇ ਖਿਲਾਫ ਸੀ। ਮਹਾਂਰਾਣੀ ਦੇ ਵਿਚਾਰ ਸਰ ਓਇਨ ਬਰਨ
ਤਕ ਪੁੱਜੇ ਤਾਂ ਉਹ ਭੜਕ ਉਠਿਆ ਤੇ ਉਸ ਦਾ ਵਤੀਰਾ ਮਹਾਂਰਾਜੇ ਪ੍ਰਤੀ ਹੋਰ ਵੀ ਸਖਤ ਹੋ ਗਿਆ।
ਉਸ ਨੇ ਆਪਣਾ ਬਿਆਨ ਜਾਰੀ ਕਰਦਿਆਂ ਆਖਿਆ,
“ਇੰਡੀਆ ਔਫਿਸ ਤੇ ਹਿੰਦੁਸਤਾਨੀ ਸਰਕਾਰ ਆਪਣੀ ਪਹਿਲੇ ਵਾਲੀ ਜਗਾਹ ਖੜੀ ਹੈ, ਮਹਾਂਰਾਜੇ ਨਾਲ
ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋਵੇਗਾ।”
ਸਰਕਾਰੀ ਏਜੰਸੀਆਂ ਨੇ ਇਹਨਾਂ ਦਿਨਾਂ ਵਿਚ ਮਹਾਂਰਾਜੇ ਦਾ ਨਾਂ ਕੁਝ ਔਰਤਾਂ ਨਾਲ ਜੋੜ ਕੇ
ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿਤੀਆਂ। ਮਿਸ ਐਸ਼ ਪੌਲੀ ਦਾ ਨਾਂ ਇਕ ਵਾਰ ਫਿਰ ਖ਼ਬਰਾਂ
ਵਿਚ ਆ ਗਿਆ। ਮਹਾਂਰਾਜੇ ਦੇ ਉਸ ਉਪਰ ਖਰਚੇ ਪੈਸਿਆਂ ਦਾ ਵੇਰਵਾ ਵੀ ਅਖ਼ਬਾਰਾਂ ਵਿਚ ਦਿਤਾ ਜਾ
ਰਿਹਾ ਸੀ। ਨਾਲ ਹੀ ਲਿਖਿਆ ਹੁੰਦਾ ਕਿ ਮਹਾਂਰਾਜੇ ਨੂੰ ਰਖੇਲਾਂ ਉਪਰ ਖਰਚਣ ਲਈ ਕੋਈ ਭੱਤਾ
ਨਹੀਂ ਦਿਤਾ ਜਾਣਾ ਚਾਹੀਦਾ। ਮਹਾਂਰਾਜਾ ਅਜਿਹੀਆਂ ਅਫਵਾਹਾਂ ਦੀ ਚਿੰਤਾ ਕੀਤੇ ਬਿਨਾਂ ਆਪਣੀ
ਚਾਲੇ ਚਲਦਾ ਗਿਆ। ਜਿਸ ਗੱਲ ਦਾ ਮਹਾਂਰਾਜੇ ਨੂੰ ਗਮ ਲਗਿਆ ਉਹ ਸੀ ਕਿ ਮਹਾਂਰਾਣੀ ਦੀ ਅਪੀਲ
ਵੀ ਠੁਕਰਾ ਦਿਤੀ ਗਈ ਸੀ। ਉਸ ਨੂੰ ਮਹਾਂਰਾਣੀ ਨਾਲ ਬਹੁਤ ਮੋਹ ਆਇਆ। ਉਹ ਤਾਂ ਸਦਾ ਹੀ ਉਸ
ਨਾਲ ਮਾਂ ਵਾਂਗ ਖੜਦੀ ਆ ਰਹੀ ਸੀ। ਉਸ ਨੂੰ ਪਤਾ ਵੀ ਸੀ ਕਿ ਅਧਿਕਾਰਾਂ ਦੇ ਮਾਮਲੇ ਵਿਚ ਉਸ
ਦੀਆਂ ਵੀ ਸੀਮਾਵਾਂ ਸਨ ਇਸ ਕਰਕੇ ਉਹ ਮਹਾਂਰਾਜੇ ਲਈ ਬਹੁਤਾ ਕੁਝ ਨਹੀਂ ਸੀ ਕਰ ਸਕਦੀ ਪਰ ਇਕ
ਹਿਰਖ ਜਿਹਾ ਉਸ ਦੇ ਮਨ ਵਿਚ ਹੈ ਹੀ ਸੀ। ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਜਾ ਕੇ
ਮਹਾਂਰਾਣੀ ਨੂੰ ਮਿਲੇ ਫਿਰ ਸੋਚਣ ਲਗਿਆ ਕਿ ਉਹ ਜਾ ਕੇ ਮਹਾਂਰਾਣੀ ਨੂੰ ਵਾਧੂ ਹੀ ਦੁਖੀ
ਕਰੇਗਾ। ਇਸ ਦੇ ਨਾਲ ਹੀ ਮਹਾਂਰਾਜੇ ਸਾਹਮਣੇ ਇਕ ਗੱਲ ਹੋਰ ਵੀ ਬਿਲਕੁਲ ਸਾਫ ਹੋ ਗਈ ਕਿ
ਸਰਕਾਰ ਹੁਣ ਉਸ ਨਾਲ ਕਿਸੇ ਵੀ ਹਾਲਤ ਵਿਚ ਸਮਝੌਤਾ ਨਹੀਂ ਕਰੇਗੀ। ਉਸ ਨੇ ਦੂਰ ਤਕ ਸੋਚ ਕੇ
ਇਸ ਮਸਲੇ ਦਾ ਇਹੋ ਹੱਲ ਲੱਭਿਆ ਕਿ ਉਸ ਨੂੰ ਵਾਪਸ ਹਿੰਦੁਸਤਾਨ ਚਲੇ ਜਾਣਾ ਚਾਹੀਦਾ ਹੈ।
ਮਹਾਂਰਾਜੇ ਦਾ ਆਲਾ-ਦੁਆਲਾ ਬਦਲ ਰਿਹਾ ਸੀ। ਹੁਕਮ ਸਿੰਘ ਤੇ ਅਰੂੜ ਸਿੰਘ ਹੁਣ ਐੱਲਵੇਡਨ ਹਾਲ
ਵਿਚ ਵੀ ਰਹਿੰਦੇ ਸਨ। ਅਰੂੜ ਸਿੰਘ ਕਰਨਲ ਓਲੀਫੈਂਟ ਨਾਲ ਰਲ ਕੇ ਘਰ ਦੇ ਕੰਮ-ਕਾਰ ਕਰਦਾ।
ਹੁਕਮ ਸਿੰਘ ਨੇ ਮਹਾਂਰਾਜੇ ਦੇ ਚੌਗਿਰਦੇ ਵਿਚ ਨਵਾਂ ਭਗਤੀ-ਭਾਵ ਭਰਨ ਦਾ ਕੰਮ ਕੀਤਾ। ਉਹ ਹਰ
ਵੇਲੇ ਹੀ ਪਾਠ ਕਰਦਾ ਤੁਰਿਆ ਫਿਰਦਾ। ਉਸ ਨੂੰ ਬਹੁਤ ਸਾਰਾ ਪਾਠ ਜ਼ੁਬਾਨੀ ਹੀ ਯਾਦ ਸੀ। ਜਦ
ਵੀ ਮਹਾਂਰਾਜਾ ਐੱਲਵੇਡਨ ਹਾਲ ਆਉਂਦਾ ਤਾਂ ਉਥੇ ਹੁਕਮ ਸਿੰਘ ਦਾ ਪਾਠ ਗੂੰਜ ਰਿਹਾ ਹੁੰਦਾ। ਜੇ
ਉਹ ਹੌਲੈਂਡ ਪਾਰਕ ਵਾਲੇ ਘਰ ਵੀ ਆਉਂਦਾ ਤਾਂ ਪਾਠ ਕਰਦਾ ਰਹਿੰਦਾ। ਸਵੇਰੇ ਨਿਤਨੇਮ ਦਾ ਪਾਠ
ਹੁੰਦਾ, ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਈਏ, ਅਨੰਦ ਸਾਹਿਬ, ਆਸਾ ਦੀ ਵਾਰ ਤੇ ਇਵੇਂ ਹੀ
ਸ਼ਾਮ ਨੂੰ ਰਹਿਰਾਸ ਤੇ ਕੀਰਤਨ ਸੋਹਲਾ ਆਦਿ। ਪ੍ਰਸ਼ਾਦ ਵੀ ਤਿਆਰ ਕੀਤਾ ਜਾਂਦਾ। ਕਈ ਵਾਰ
ਮਹਾਂਰਾਜਾ ਪਾਠ ਸੁਣਨ ਬਹਿ ਜਾਂਦਾ। ਹੁਕਮ ਸਿੰਘ ਨੇ ਠਾਕਰ ਸੰਧਾਵਾਲੀਆ ਨੂੰ ਚਿੱਠੀ ਵਿਚ ਲਿਖ
ਦਿਤਾ ਸੀ ਕਿ ਮਹਾਂਰਾਜਾ ਬਦਲ ਰਿਹਾ ਹੈ। ਉਸ ਨੇ ਇਕ ਚਿੱਠੀ ਵਿਚ ਇਹ ਵੀ ਬੇਨਤੀ ਕੀਤੀ ਸੀ ਕਿ
ਕਿਸੇ ਤਰ੍ਹਾਂ ਗਰੰਥ ਸਾਹਿਬ ਨੂੰ ਇੰਗਲੈਂਡ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ। ਹੁਣ ਤਕ
ਗੁਟਕਿਆਂ ਨਾਲ ਕੰਮ ਚਲਾਇਆ ਜਾ ਰਿਹਾ ਸੀ। ਜਦ ਵੀ ਵਕਤ ਮਿਲਦਾ ਹੁਕਮ ਸਿੰਘ ਮਹਾਂਰਾਜੇ ਨੂੰ
ਗੁਰੂਆਂ ਦੀਆਂ ਦਿਤੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਸੁਣਾਉਣ ਲਗਦਾ। ਸਿੱਖ ਇਤਹਾਸ ਬਾਰੇ ਤਾਂ
ਮਹਾਂਰਾਜਾ ਆਪ ਵੀ ਦਿਲਚਸਪੀ ਲੈਣ ਲਗਿਆ ਸੀ। ਇਕ ਦਿਨ ਮਹਾਂਰਾਜਾ ਹੁਕਮ ਸਿੰਘ ਨੂੰ ਪੁੱਛਣ
ਲਗਿਆ,
“ਸਰਦਾਰ ਜੀ, ਇਹ ਸੱਚੀਆਂ ਸਾਖੀਆਂ ਵਾਲੀਆਂ ਕਹਾਣੀਆਂ ਕਿੰਨੀਆਂ ਕੁ ਸੱਚੀਆਂ ਹੋਣਗੀਆਂ।”
“ਯੋਅਰ ਹਾਈਨੈੱਸ, ਸੱਚੀਆਂ ਹੀ ਹੋਣਗੀਆਂ। ਆਖਰ ਇਹਨਾਂ ਦਾ ਪਿਛੋਕੜ ਵਿਚ ਕੋਈ ਸੱਚ ਹੋਵੇਗਾ
ਹੀ।”
ਮਹਾਂਰਾਜੇ ਨੇ ਇਸ ਤੋਂ ਅੱਗੇ ਸਵਾਲ ਨਾ ਕੀਤਾ।
ਕਈ ਵਾਰ ਮਹਾਂਰਾਜਾ ਸੋਚਾਂ ਵਿਚ ਜਿਹਾ ਗਵਾਚਦਾ ਕਿ ਕਿੰਨੀ ਦੇਰ ਤਕ ਕਿਸੇ ਨਾਲ ਬੋਲ ਵੀ ਨਾ
ਸਕਦਾ। ਉਸ ਨੂੰ ਗੁੰਮਸੁਮ ਦੇਖ ਕੇ ਇਕ ਦਿਨ ਅਰੂੜ ਸਿੰਘ ਨੇ ਪੁੱਛਿਆ,
“ਯੋਅਰ ਹਾਈਨੈੱਸ, ਕੋਈ ਗੱਲ ਮਨ ਵਿਚ ਰੜਕ ਰਹੀ ਏ?”
“ਹਾਂ ਸਰਦਾਰ ਜੀ, ਮੈਂ ਸੋਚਦਾਂ ਕਿ ਜੇ ਮੈਂ ਇਸਾਈ ਧਰਮ ਨਾ ਕਬੂਲ ਕੀਤਾ ਹੁੰਦਾ ਤਾਂ ਸ਼ਾਇਦ
ਏਨੇ ਦੁੱਖ ਨਾ ਦੇਖਣੇ ਪੈਂਦੇ।”
“ਯੋਅਰ ਹਾਈਨੈੱਸ, ਇਹ ਤਾਂ ਜਿਹੜੇ ਦੁੱਖ ਸਤਿਗੁਰੂ ਨੇ ਸਾਡੀ ਕਿਸਮਤ ਵਿਚ ਲਿਖ ਦਿਤੇ ਉਸ
ਝੱਲਣੇ ਹੀ ਪੈਣੇ ਨੇ।”
“ਇਹ ਵੀ ਠੀਕ ਹੋ ਸਕਦਾ ਏ ਪਰ ਜੇ ਮੈਂ ਇਸਾਈ ਨਾ ਹੁੰਦਾ ਤਾਂ ਇਹ ਸਭ ਸੌਖਿਆਂ ਹੀ ਝੱਲ ਹੋ
ਜਾਂਦਾ, ਮੈਨੂੰ ਲਗਦਾ ਕਿ ਇਹ ਸਭ ਮੇਰੇ ਨਾਲ ਇਕ ਸਿੱਖ ਹੋਣ ਕਰਕੇ ਫਰਕ ਕਰ ਰਹੇ ਨੇ ਪਰ ਹੁਣ
ਤਾਂ ਮੈਂ ਇਸਾਈ ਆਂ ਤੇ ਇਸਾਈ ਧਰਮ ਅਨੁਸਾਰ ਇਹ ਸਾਰੇ ਮੇਰੇ ਭੈਣ-ਭਰਾ ਨੇ, ਇਹੋ ਭੈਣ-ਭਰਾ ਹੀ
ਮੈਨੂੰ ਤਕਲੀਫਾਂ ਦੇ ਰਹੇ ਨੇ। ਕਦੇ ਕਦੇ ਮੈਨੂੰ ਲਗਦਾ ਏ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ
ਏ।”
“ਯੋਅਰ ਹਾਈਨੈੱਸ, ਮੈਂ ਤਾਂ ਇਹੋ ਕਹਾਂਗਾ ਕਿ ਤੁਸੀਂ ਮੁੜ ਕੇ ਆਪਣੇ ਧਰਮ ਵਿਚ ਆ ਜਾਓ, ਇਹ
ਮੈਂ ਨਹੀਂ ਸਾਰਾ ਪੰਜਾਬ ਚਾਹੁੰਦਾ ਏ ਤੇ ਚਾਹੁੰਦਾ ਵੀ ਸੱਚੇ ਦਿਲੋਂ ਏ। ਤੁਹਾਨੂੰ ਸਰਦਾਰ
ਸੰਧਾਵਾਲੀਆ ਦੀਆਂ ਚਿੱਠੀਆਂ ਵੀ ਤਾਂ ਆ ਰਹੀਆਂ ਨੇ।”
ਮਹਾਂਰਾਜੇ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿਤਾ। ਉਸ ਰਾਤ ਮਹਾਂਰਾਜੇ ਨੂੰ ਆਪਣੇ ਬਚਪੱਨ
ਵਾਲਾ ਸੁਫਨਾ ਮੁੜ ਆਇਆ। ਕੋਈ ਜਾਣੀ-ਪੱਛਾਣੀ ਜਿਹੀ ਜਗਾਹ ਸੀ ਤੇ ਉਸ ਦੇ ਹੱਥ ਵਿਚ ਕੁਝ ਫੜਿਆ
ਹੋਇਆ ਸੀ ਤੇ ਇਸ ਨੂੰ ਉਹ ਕਿਸੇ ਨੂੰ ਭੇਂਟ ਕਰਨ ਜਾ ਰਿਹਾ ਸੀ। ਸੁਫਨਾ ਅਚਾਨਕ ਟੁੱਟ ਗਿਆ ਤੇ
ਉਹ ਉਠ ਕੇ ਬੈਠ ਗਿਆ। ਕਿੰਨੀ ਦੇਰ ਤਕ ਇਸ ਸੁਫਨੇ ਬਾਰੇ ਸੋਚਦਾ ਰਿਹਾ। ਬਚਪੱਨ ਵਿਚ ਵੀ ਇਹ
ਸੁਫਨਾ ਆਉਂਦਾ ਤਾਂ ਉਸ ਨੂੰ ਜਾਗ ਆ ਜਾਂਦੀ। ਉਹ ਸੋਚ ਰਿਹਾ ਸੀ ਕਿ ਇਹ ਸੁਫਨਾ ਏਨੀ ਦੇਰ
ਬਾਅਦ ਕਿਉਂ ਆਇਆ। ਹੁਣ ਉਸ ਨੂੰ ਬਚਪੱਨ ਦੇ ਜੀਵਨ ਦੇ ਕਦੇ ਸੁਫਨੇ ਨਹੀਂ ਸਨ ਆਇਆ ਕਰਦੇ।
ਬਚਪੱਨ ਦੀ ਕੋਈ ਵੀ ਯਾਦ ਨਹੀਂ ਸੀ ਉਹਦੇ ਕੋਲ। ਕੁਝ ਦੋਸਤ ਜ਼ਰੂਰ ਸਨ ਜਿਵੇਂ ਕਿ ਟੌਮੀ
ਸਕੌਟ, ਜੇ. ਓਸਬੌਰਨ ਜੋ ਕਿ ਉਸ ਪਾਦਰੀ ਦਾ ਬੇਟਾ ਸੀ ਜਿਸ ਨੇ ਉਸ ਨੂੰ ਇਸਾਈ ਬਣਨ ਦੀ ਰਸਮ
ਨਿਭਾਈ ਸੀ। ਇਹ ਮਿਲਦੇ ਰਹਿੰਦੇ ਸਨ। ਕਦੇ ਕਦੇ ਉਸ ਨੂੰ ਸਿ਼ਵਦੇਵ ਸਿੰਘ ਦੀ ਚਿੱਠੀ ਵੀ ਆ
ਜਾਇਆ ਕਰਦੀ ਸੀ।
ਮਹਾਂਰਾਜਾ ਹਿੰਦੁਸਤਾਨ ਜਾਣ ਦੀ ਮਨੋ-ਮਨ ਤਿਆਰ ਹੋਣ ਲਗਿਆ। ਉਸ ਨੇ ਹਿਸਾਬ ਲਾਇਆ ਕਿ ਪੰਜਾਬ
ਜਾਣ ਲਈ ਵੀਹ ਹਜ਼ਾਰ ਪੌਂਡ ਦਾ ਖਰਚਾ ਆਵੇਗਾ ਪਰ ਇਹ ਏਨੇ ਪੈਸੇ ਆਉਣਗੇ ਕਿਥੋਂ। ਉਸ ਕੋਲ ਤਾਂ
ਇਸ ਵਕਤ ਕੁਝ ਵੀ ਨਹੀਂ ਸੀ। ਉਲਟਾ ਸਗੋਂ ਸਿਰ ਕਰਜ਼ਾ ਖੜਾ ਸੀ। ਉਸ ਨੇ ਸੋਚਿਆ ਕਿ ਕਿਉਂ ਨਾ
ਉਹ ਆਪਣਾ ਸਮਾਨ ਵੇਚ ਦੇਵੇ। ਸਮਾਨ ਵੇਚਣ ਵਿਚ ਬੇਇਜ਼ਤੀ ਤਾਂ ਹੋਣੀ ਸੀ ਪਰ ਹੁਣ ਇਸ ਮੁਲਕ
ਵਿਚ ਰਹਿਣਾ ਵੀ ਤਾਂ ਜ਼ਲਾਲਤ ਹੀ ਸੀ। ਇਸ ਨਾਲੋਂ ਬਿਹਤਰ ਤਾਂ ਉਹ ਆਪਣੇ ਮੁਲਕ ਜਾਵੇਗਾ,
ਆਪਣੇ ਲੋਕਾਂ ਵਿਚ। ਉਸ ਨੇ ਆਪਣਾ ਕੀਮਤੀ ਸਮਾਨ ਵੇਚਣ ਦੀ ਘੋਸ਼ਨਾ ਕਰ ਦਿਤੀ। ਸਮਾਨ ਵੀ
ਨਿਲਾਮੀ ਰਾਹੀਂ ਵੇਚਿਆ ਜਾਣਾ ਸੀ।
ਮਹਾਂਰਾਜੇ ਦੀ ਇਸ ਘੋਸ਼ਨਾ ਨੇ ਲੰਡਨ ਦੇ ਸਿਆਸੀ ਹਲਕਿਆਂ ਵਿਚ ਇਕ ਨਵੀਂ ਬਹਿਸ ਸ਼ੁਰੂ ਕਰਵਾ
ਦਿਤੀ। ਮਹਾਂਰਾਜੇ ਦੇ ਹਿੰਦੁਸਤਾਨ ਜਾਣ ਦੇ ਫੈਸਲੇ ਨੂੰ ਮੰਦਭਾਗਾ ਕਿਹਾ ਜਾ ਰਿਹਾ ਸੀ। ਕੁਝ
ਲੋਕ ਇਸ ਨੂੰ ਮਹਾਂਰਾਜੇ ਦੀ ਸ਼ੋਸ਼ੇਬਾਜ਼ੀ ਵੀ ਕਹਿੰਦੇ ਸਨ। ਇੰਗਲੈਂਡ ਵਿਚ ਰਹਿੰਦੇ ਬਹੁਤੇ
ਹਿੰਦੁਸਤਾਨੀ ਮਹਾਂਰਾਜੇ ਨੂੰ ਕੋਈ ਬਹੁਤਾ ਵਧੀਆ ਬੰਦਾ ਨਹੀਂ ਸਨ ਸਮਝਦੇ, ਖਾਸ ਤੌਰ ‘ਤੇ
ਇਹਨਾਂ ਵਿਚਲਾ ਪੜ੍ਹਿਆ-ਲਿਖਿਆ ਤਬਕਾ। ਉਹ ਤਾਂ ਸਦਾ ਹੀ ਮਹਾਂਰਾਜੇ ਦਾ ਵਿਰੋਧ ਕਰਦੇ।
ਉੁਹਨਾਂ ਦੀ ਨਜ਼ਰ ਵਿਚ ਮਹਾਂਰਾਜਾ ਇਕ ਅਯਾਸ਼ ਵਿਅਕਤੀ ਸੀ ਜੋ ਦੋਵਾਂ ਹੱਥਾਂ ਨਾਲ ਪੈਸੇ
ਉਡਾਉਂਦਾ ਸੀ। ਸਰਕਾਰ ਨਾਲ ਮਹਾਂਰਾਜੇ ਦੀ ਲੜਾਈ ਨੂੰ ਉਸ ਦੀ ਪੈਸੇ ਖਾਤਰ ਨਿੱਜੀ ਜਿਹੀ ਲੜਾਈ
ਹੀ ਸਮਝਦੇ ਸਨ। ਇਹਨਾਂ ਦਿਨਾਂ ਵਿਚ ਹੀ ਦਾਦਾ ਭਾਈ ਨਾਰੋਜੀ ਵਰਗੇ ਹਿੰਦੁਸਤਾਨੀ ਹਿੰਦੁਸਤਾਨ
ਦੀ ਭਲਾਈ ਲਈ ਇਕ ਜਥੇਬੰਦੀ ਬਣਾਉਣ ਦੀ ਕੋਸਿ਼ਸ਼ ਕਰ ਰਹੇ ਸਨ। ਉਹ ਇੰਗਲੈਂਡ ਵਿਚ ਰਹਿੰਦੇ
ਹਿੰਦੁਸਤਾਨੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸਿ਼ਸ਼ ਕਰ ਰਹੇ ਸਨ ਪਰ ਮਹਾਂਰਾਜੇ ਨਾਲ ਰਾਬਤਾ
ਕਰਨ ਦਾ ਕਿਸੇ ਨੂੰ ਖਿਆਲ ਤਕ ਵੀ ਨਾ ਆਇਆ। ਉਸ ਨੂੰ ਕੋਈ ਹਿੰਦੁਸਤਾਨੀ ਮੰਨਣ ਲਈ ਤਿਆਰ ਹੀ
ਨਹੀਂ ਸੀ। ਫਿਰ ਵੀ ਕੁਝ ਹਿੰਦੁਸਤਾਨੀ ਲੋਕ ਸਨ ਜਿਹੜੇ ਮਹਾਂਰਾਜੇ ਦੀ ਵਿਰੋਧੀ ਸੁਰ ਤੋਂ
ਖੁਸ਼ ਸਨ।
ਸਮਾਨ ਦੀ ਨਿਲਾਮੀ ਵਾਲੀ ਖ਼ਬਰ ਨੇ ਸਭ ਨੂੰ ਹੀ ਬਹੁਤ ਤੰਗ ਕੀਤਾ। ਸਭ ਤੋਂ ਵਧ ਦੁੱਖ ਲੌਰਡ
ਹਾਰਟਫੋਰਡ ਨੂੰ ਹੋਇਆ। ਉਹ ਮਹਾਂਰਾਜੇ ਦਾ ਕਰੀਬੀ ਦੋਸਤ ਸੀ। ਉਹ ਮਹਾਂਰਾਜੇ ਦੇ ਇਸ ਕਦਮ ‘ਤੇ
ਹੈਰਾਨ ਹੋਈ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਮਹਾਂਰਾਜੇ ਨੂੰ ਕਿਸ ਤਰ੍ਹਾਂ ਰੋਕਿਆ
ਜਾਵੇ। ਉਸ ਨੇ ਮਹਾਂਰਾਜੇ ਤਕ ਇਕਦਮ ਪਹੁੰਚ ਕੀਤੀ ਤਾਂ ਜੋ ਉਸ ਨੂੰ ਰੋਕਿਆ ਜਾ ਸਕੇ।
ਮਹਾਂਰਾਜਾ ਸਮਝਦਾ ਸੀ ਕਿ ਲੌਰਡ ਹਾਰਟਫੋਰਡ ਉਸ ਦਾ ਦੋਸਤ ਹੈ ਪਰ ਉਹ ਇਹ ਵੀ ਸਮਝਦਾ ਸੀ ਕਿ
ਉਸ ਦੀ ਵਫਾਦਾਰੀ ਸਰਕਾਰ ਨਾਲ ਹੀ ਹੈ। ਜਦ ਲੌਰਡ ਹਾਰਟਫੋਰਡ ਨੇ ਉਸ ਨੂੰ ਮਿਲਣ ਦੀ ਕੋਸਿ਼ਸ਼
ਕੀਤੀ ਤਾਂ ਮਹਾਂਰਾਜਾ ਬਹੁਤ ਖੁਸ਼ ਹੋਇਆ। ਉਹ ਚਾਹੁੰਦਾ ਵੀ ਇਹੋ ਸੀ ਕਿ ਉਹ ਇਕੱਲਾ ਹੀ ਕਿਉਂ
ਤੜਫੇ। ਉਸ ਨੂੰ ਪਤਾ ਸੀ ਕਿ ਉਸ ਦੇ ਸਮਾਨ ਦੀ ਨਿਲਾਮੀ ਸਮੁੱਚੇ ਇੰਗਲੈਂਡ ਦੀ ਹੀ ਹਾਰ ਸੀ।
ਉਸ ਨੂੰ ਪਤਾ ਸੀ ਕਿ ਲੋਕ ਸਰਕਾਰ ਤੋਂ ਹਿਸਾਬ ਮੰਗਣਗੇ ਕਿ ਪੂਰਾ ਇੰਗਲੈਂਡ ਇਕ ਵਿਅਕਤੀ ਨੂੰ
ਨਹੀਂ ਰੱਖ ਸਕਿਆ, ਵਿਅਕਤੀ ਵੀ ਉਹ ਜਿਸ ਦਾ ਤੁਸੀਂ ਪੂਰਾ ਰਾਜ ਹੜੱਪ ਕਰ ਲਿਆ ਹੋਵੇ। ਬਹੁਤ
ਸਾਰੇ ਲੋਕ ਅਜਿਹਾ ਸੋਚਣ ਲਗੇ ਸਨ। ਅਖ਼ਬਾਰਾਂ ਨੂੰ ਚਿੱਠੀਆਂ ਆਉਣ ਲਗੀਆਂ ਸਨ ਪਰ ਮਹਾਂਰਾਣੀ
ਦਾ ਸੈਕਟਰੀ ਪੌਨਸਨਬੀ ਤੇ ਸਰ ਓਇਨ ਬਰਨ ਆਪਣੀ ਜਿ਼ਦ ‘ਤੇ ਅੜੇ ਰਹੇ। ਲੌਰਡ ਹਾਰਟਫੋਰਡ
ਮਹਾਂਰਾਜੇ ਦਾ ਦੋਸਤ ਹੋਣ ਦੇ ਨਾਲ ਨਾਲ ਹਕੂਮਤ ਦਾ ਹਿੱਸਾ ਵੀ ਸੀ। ਉਸ ਨੇ ਪੌਨਸਨਬੀ ਨੂੰ
ਚਿੱਠੀ ਲਿਖਦਿਆਂ ਲਿਖਿਆ;
‘...ਮਹਾਂਰਾਜੇ ਦੇ ਕੇਸ ਵਿਚ ਦਿਲਚਸਪੀ ਲੈਂਦਿਆਂ ਮੈ ਦੇਖਣਾ ਚਾਹੁੰਦਾ ਹਾਂ ਕਿ ਉਹ ਸੱਚ ਹੀ
ਹਿੰਦੁਸਤਾਨ ਜਾਣ ਲਈ ਆਪਣੀਆਂ ਚੀਜ਼ਾਂ ਵੇਚਣੀਆਂ ਚਾਹੁੰਦਾ ਹੈ ਕਿ ਨਹੀਂ। ਜਕੀਨਨ ਇਹ ਉਸ
ਇਕੱਲੇ ਲਈ ਖੁਦਗਸ਼ੀ ਨਹੀਂ ਹੈ ਇੰਗਲੈਂਡ ਲਈ ਵੀ ਓਨਾ ਹੀ ਖਤਰਨਾਕ ਹੈ।’...
ਨੀਲਾਮੀ ਵਾਲੀ ਖ਼ਬਰ ਮਹਾਂਰਾਣੀ ਵਿਕਟੋਰੀਆ ਤਕ ਪੁੱਜੀ ਤਾਂ ਉਹ ਆਪਣਾ ਦਿਲ ਹੱਥ ਵਿਚ ਫੜ ਕੇ
ਬਹਿ ਗਈ। ਉਹ ਬੇਵਸ ਸੀ। ਪਿੱਛੇ ਜਿਹੇ ਇਕ ਹਿੰਦੁਸਤਾਨੀ ਖਾਨਸਾਮੇ ਨੂੰ ਲੈ ਕੇ ਕੁਝ ਉਲਝਣਾਂ
ਦਾ ਸਾਹਮਣਾ ਕਰਨਾ ਪੈ ਗਿਆ ਸੀ ਤੇ ਹੁਣ ਉਹ ਮਹਾਂਰਾਜੇ ਦੇ ਮਾਮਲੇ ਤੋਂ ਦੂਰ ਰਹਿਣਾ ਚਾਹੁੰਦੀ
ਸੀ। ਉਸ ਨੂੰ ਪਤਾ ਸੀ ਕਿ ਮਹਾਂਰਾਜੇ ਦੀ ਸਹਾਇਤਾ ਤਾਂ ਕੋਈ ਕਰ ਨਹੀਂ ਸਕਣੀ, ਉਲਟਾ
ਮਹਾਂਰਾਜਾ ਦੀਆਂ ਮੁਸ਼ਕਲਾਂ ਹੀ ਵਧਣਗੀਆਂ। ਉਸ ਨੇ ਪੌਨਸਨਬੀ ਨੂੰ ਇਕ ਨੋਟ ਲਿਖਿਆ;
‘...ਕੀ ਲੌਰਡ ਹਾਰਟਫੋਰਡ ਮਹਾਂਰਾਜੇ ਨੂੰ ਇਹ ਸਭ ਰੋਕਣ ਲਈ ਨਹੀਂ ਮਨਾ ਸਕਦਾ? ਉਹ ਆਪਣੀ
ਦੋਸਤੀ ਦੇ ਜ਼ੋਰ ਨਾਲ ਕਰ ਸਕਦਾ ਹੈ। ਅਸੀਂ ਕਿੰਨੀ ਵਾਰ ਹੀ ਮਹਾਂਰਾਜੇ ਨੂੰ ਸੱਦ ਚੁੱਕੇ ਹਾਂ
ਕਿ ਆ ਕੇ ਸਾਨੂੰ ਆਪਣਾ ਦੁੱਖ ਦੱਸੇ ਪਰ ਉਹ ਆਉਂਦਾ ਹੀ ਨਹੀਂ। ਅਸੀਂ ਨਹੀਂ ਚਾਹੁੰਦੇ ਕਿ
ਮਹਾਂਰਾਜਾ ਸੋਚੇ ਕਿ ਅਸੀਂ ਔਖੇ ਵੇਲੇ ਆਪਣੇ ਦੋਸਤ ਨੂੰ ਛੱਡ ਦਿਤਾ ਹੈ।’
ਲੌਰਡ ਹਾਰਟਫੋਰਡ ਨੇ ਇਕ ਵਾਰ ਖੁਦ ਜਾ ਕੇ ਮਹਾਂਰਾਜੇ ਨੂੰ ਮਿਲਣਾ ਚਾਹਿਆ। ਮਹਾਂਰਾਜਾ ਉਸ ਦਾ
ਦੋਸਤ ਸੀ। ਮਹਾਂਰਾਜੇ ਨੂੰ ਪਤਾ ਚਲਿਆ ਕਿ ਲੌਰਡ ਹਾਰਟਫੋਰਡ ਉਸ ਨੂੰ ਮਿਲਣ ਆ ਰਿਹਾ ਹੈ ਤਾਂ
ਉਹ ਪੂਰੀ ਤੀਬਰਤਾ ਨਾਲ ਉਡੀਕਣ ਲਗਿਆ। ਲੌਰਡ ਹਾਰਟਫੋਰਡ ਹੀ ਨਹੀਂ, ਬ੍ਰਤਾਨਵੀ ਸਰਕਾਰ ਦੇ
ਬਹੁਤ ਸਾਰੇ ਅਧਿਕਾਰੀ ਉਸ ਦੇ ਦੋਸਤ ਰਹੇ ਸਨ। ਉਸ ਨਾਲ ਸਿ਼ਕਾਰ ਖੇਡਦੇ ਰਹੇ ਸਨ।
ਪਾਰਟੀਆਂ-ਕਲੱਬਾਂ ਵਿਚ ਮਿਲਦੇ ਰਹੇ ਸਨ ਪਰ ਹੁਣ ਸਾਰੇ ਹੀ ਉਸ ਦੇ ਖਿਲਾਫ ਹੋਏ ਬੈਠੇ ਸਨ।
ਲੌਰਡ ਹਾਰਡਫੋਰਡ ਉਸ ਨੂੰ ਚੰਗੇ ਮਹੌਲ ਵਿਚ ਮਿਲਣਾ ਚਾਹੁੰਦਾ ਸੀ। ਉਸ ਨੇ ਕਿਹਾ,
“ਯੋਅਰ ਹਾਈਨੈੱਸ, ਤੁਹਾਡਾ ਇਹ ਆਪਣਾ ਸਮਾਨ ਵੇਚਣਾ ਸਾਡੇ ਸਭ ਦੋਸਤਾਂ ਲਈ ਬਹੁਤ ਮੰਦਭਾਗੀ
ਘਟਨਾ ਏ। ਹਰ ਮੈਜਿਸਟੀ ਵੀ ਇਵੇਂ ਹੀ ਸੋਚਦੇ ਨੇ।”
“ਮਾਈ ਡੀਅਰ ਲੌਰਡ, ਮੈਂ ਹਰ ਮੈਜਿਸਟੀ ਸਾਹਮਣੇ ਆਪਣਾ ਕੋਈ ਵੀ ਮਸਲਾ ਨਹੀਂ ਰੱਖਾਂਗਾ ਤੇ ਕੋਈ
ਵੀ ਅਜਿਹੀ ਗੱਲ ਨਹੀਂ ਕਰਾਂਗਾ ਜਿਹਦੇ ਨਾਲ ਉਹਨਾਂ ਦੀ ਮਹਾਨਤਾ ਘਟੇ ਪਰ ਜਿਹੜੀ ਤੁਸੀਂ ਸਮਾਨ
ਵੇਚਣ ਵਾਲੀ ਗੱਲ ਕਦੇ ਹੋ, ਤੁਸੀਂ ਇਹ ਦੱਸੋ ਕਿ ਮੇਰੇ ਕੋਲ ਹੋਰ ਕਿਹੜਾ ਵਿਕਲਪ ਬਚਿਆ ਸੀ?
ਜੇ ਮੈਂ ਸਮਾਨ ਨਾ ਵੇਚਾਂ ਤਾਂ ਹਿੰਦੁਸਤਾਨ ਜਾਣ ਲਈ ਖਰਚਾ ਕਿਥੋਂ ਇਕੱਠਾ ਕਰਾਂ?”
“ਯੋਅਰ ਹਾਈਨੈੱਸ, ਮੈਂ ਤਾਂ ਇਹੋ ਕਹਾਂਗਾ ਕਿ ਹਿੰਦੁਸਤਾਨ ਤੁਹਾਡੇ ਰਹਿਣਯੋਗ ਜਗਾਹ ਨਹੀਂ
ਰਿਹਾ, ਇਥੇ ਵਾਲੀ ਇਕ ਵੀ ਸਹੂਲਤ ਤੁਹਾਨੂੰ ਨਹੀਂ ਮਿਲਣ ਲਗੀ।”
“ਤੁਸੀਂ ਮੈਨੂੰ ਮਜ਼ਾਕ ਕਰ ਰਹੇ ਹੋ, ਕੀ ਮੈਨੂੰ ਇਥੇ ਕੋਈ ਸਹੂਲਤ ਹੈ ਵੇ? ਜਾਂ ਤੁਸੀਂ ਕੋਈ
ਪਹਿਲਾਂ ਵਾਲੀਆਂ ਸਹੂਲਤਾਂ ਮੁੜ ਕੇ ਬਹਾਲ ਕਰਵਾ ਸਕਦੇ ਹੋ?”
ਲੌਰਡ ਹਾਰਟਫੋਰਡ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਉਹ ਮਹਾਂਰਾਜੇ ਕੋਲੋਂ ਨਿਰਾਸ਼ ਹੋ
ਕੇ ਵਾਪਸ ਆ ਗਿਆ।...
23 ਜੁਲਾਈ 1883; ਇਹ ਉਹ ਮਨਹੂਸ ਦਿਨ ਸੀ ਜਿਸ ਦਿਨ ਮਹਾਂਰਾਜੇ ਦੇ ਸਮਾਨ ਦੀ ਬੋਲੀ ਸ਼ੁਰੂ
ਹੋਣੀ ਸੀ। ਸਥਾਨ ਸੀ ਨਿਊ ਬੌਂਡ ਸਟਰੀਟ। ਔਕਸ਼ਨੀਅਰ ਸਨ; ਮੈਸਰਜ਼ ਫਿਲਪਸ ਐਂਡ ਨੀਲ। ਮੈਸਰਜ਼
ਫਿਲਪਸ ਐਂਡ ਨੀਲ ਦੇ ਦਫਤਰ ਵਿਚ ਬੋਲੀ ਦੇ ਸਮੇਂ ਤੋਂ ਕਾਫੀ ਪਹਿਲਾਂ ਹੀ ਲੋਕ ਇਕੱਠੇ ਹੋਣੇ
ਸ਼ੁਰੂ ਹੋ ਗਏ ਸਨ। ਇਸ ਕੰਪਨੀ ਨੇ ਸ਼ਹਿਰ ਦੇ ਸਾਰੇ ਹੀ ਵੱਡੇ ਵੱਡੇ ਲੋਕਾਂ ਨੂੰ ਇਸ ਬੋਲੀ
ਵਿਚ ਭਾਗ ਲੈਣ ਲਈ ਸੱਦੇ ਭੇਜੇ ਸਨ। ਇਹ ਸੱਦੇ ਲੌਰਡ ਹਾਰਟਫੋਰਡ ਤੇ ਪੌਨਸਨਬੀ ਨੂੰ ਵੀ ਭੇਜੇ
ਗਏ ਸਨ। ਨਾਲ ਹੀ ਖਾਸ ਨੋਟ ਲਿਖਿਆ ਸੀ ਕਿ ਖਰੀਦੋ ਭਾਵੇਂ ਕੁਝ ਵੀ ਨਾ ਪਰ ਇਕ ਨਜ਼ਰ ਸਮਾਨ
ਨੂੰ ਦੇਖ ਜ਼ਰੂਰ ਲਿਆ ਜਾਵੇ। ਦ ਟਾਈਮਜ਼ ਮਹਾਂਰਾਜੇ ਦਾ ਵਿਰੋਧੀ ਅਖ਼ਬਾਰ ਗਿਣਿਆਂ ਜਾਂਦਾ ਸੀ
ਪਰ ਇਸ ਨਿਲਾਮੀ ਤੋਂ ਉਹ ਵੀ ਭਾਵੁਕ ਹੋ ਗਿਆ ਸੀ। ਇਸ ਅਖ਼ਬਾਰ ਦੇ ਐਡੀਟਰ ਨੇ ਵੀ ਕੋਸਿ਼ਸ਼
ਕੀਤੀ ਕਿ ਜੇ ਹੋ ਸਕੇ ਤਾਂ ਸਰਕਾਰ ਮਹਾਂਰਾਜੇ ਵਲ ਆਪਣਾ ਰਵੱਈਆ ਬਦਲ ਲਵੇ। ਕੁਝ ਦਿਨ ਪਹਿਲਾਂ
ਹੀ ਇਸ ਅਖਬਾਰ ਨੇ ਲਿਖਿਆ ਸੀ;
*‘20 ਜੁਲਾਈ,1883; ਦ ਟਾਈਮਜ਼:
‘...ਜਿਹੜੇ ਲੋਕ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਨੂੰ ਜਾਣਦੇ ਹਨ ਉਹਨਾਂ ਲਈ ਇਹ ਖਬਰ
ਬਹੁਤ ਹੀ ਦੁਖਦਾਇਕ ਹੈ ਕਿ ਮਹਾਂਰਾਜਾ ਦਲੀਪ ਸਿੰਘ ਆਪਣੀ ਜਿਊਲਰੀ ਤੇ ਹੋਰ ਕੀਮਤੀ ਚੀਜ਼ਾਂ
ਵੇਚਣ ਲਈ ਮਜਬੂਰ ਹੋ ਰਿਹਾ ਹੈ। ਉਸ ਦਾ ਆਪਣਾ ਪੱਖ ਬਹੁਤ ਸਹੀ ਹੈ ਕਿ ਉਸ ਨੂੰ ਬਹੁਤ ਵੱਡੇ
ਰਾਜ ਤੋਂ ਵਾਂਝਾ ਕੀਤਾ ਗਿਆ ਤੇ ਬਦਲੇ ਵਿਚ ਉਸ ਦਾ ਜ਼ਰਾ ਜਿੰਨਾ ਕੁ ਹਿੱਸਾ ਵੀ ਨਹੀਂ ਦਿਤਾ
ਜਾ ਰਿਹਾ...। ...ਭਾਵੇਂ ਸਰਕਾਰ ਵਿਓਪਾਰਕ ਨਜ਼ਰੀਏ ਨਾਲ ਕਹਿ ਰਹੀ ਹੈ ਕਿ ਮਹਾਂਰਾਜੇ ਨੇ
ਆਪਣੇ ਲਈ ਮੁਸੀਬਤਾਂ ਆਪ ਸਹੇੜੀਆਂ ਹਨ ਪਰ ਇਹ ਸਰਕਾਰ ਇਕ ਗੱਲ ਭੁੱਲ ਰਹੀ ਹੈ ਕਿ ਹਿੰਦੁਸਤਾਨ
ਦੇ ਰਾਜਕੁਮਾਰਾਂ ਤੇ ਇੰਗਲੈਂਡ ਦੇ ਲੌਰਡਾਂ ਵਿਚ ਬਹੁਤ ਫਰਕ ਹੁੰਦਾ ਹੈ, ਦੋਨਾਂ ਦੇ ਜੀਉਣ ਦੇ
ਤਰੀਕੇ ਵੱਖਰੇ ਹੁੰਦੇ ਹਨ ਤੇ ਖਰਚਣ ਦੇ ਢੰਗ ਵੀ,... ਮਹਾਂਰਾਜੇ ਦੀ ਇਹ ਹਾਲਤ ਦੋਨਾਂ ਧਿਰਾਂ
ਲਈ ਸ਼ਰਮ ਦੀ ਗੱਲ ਹੈ।’*...
ਲਗਭਗ ਸਾਰੀਆਂ ਹੀ ਅਖ਼ਬਾਰਾਂ ਦੇ ਪਤਰਕਾਰ ਇਸ ਬੋਲੀ ਵੇਲੇ ਹਾਜ਼ਰ ਸਨ। ਲੰਡਨ ਦੀਆਂ
ਅਖ਼ਬਾਰਾਂ ਇਸ ਬੋਲੀ ਦੀ ਪੂਰੀ ਰਿਪ੍ਰੋਟਿੰਗ ਕਰ ਰਹੀਆਂ ਸਨ। ਇਸ ਵਿਚ ਵਿਕਣ ਵਾਲੀਆਂ ਚੀਜ਼ਾਂ
ਦੀ ਤਫਸੀਲ ਬਹੁਤ ਭਾਵੁਕ ਢੰਗ ਨਾਲ ਦਿਤੀ ਜਾ ਰਹੀ ਸੀ। ਇਹਨਾਂ ਚੀਜ਼ਾਂ ਦੀਆਂ ਤਸਵੀਰਾਂ ਵੀ
ਛਾਪੀਆਂ ਜਾ ਰਹੀਆਂ ਸਨ ਜਿਸ ਨਾਲ ਇਸ ਬੋਲੀ ਨੂੰ ਵਾਧੂ ਦੀ ਮਸ਼ਹੂਰੀ ਮਿਲ ਰਹੀ ਸੀ। ਬੋਲੀ
ਲਾਉਣ ਵਾਲੇ ਨੇ ਤਾਂ ਵਿਕਾਊ ਚੀਜ਼ ਬਾਰੇ ਵਧਾ-ਚੜ੍ਹਾ ਕੇ ਗੱਲ ਕਰਨੀ ਹੀ ਹੁੰਦੀ ਹੈ। ਉਹ ਤਾਂ
ਕਿਸੇ ਚੀਜ਼ ਦਾ ਪੂਰਾ ਇਤਹਾਸ ਖੋਹਲ ਕੇ ਸਾਹਮਣੇ ਰੱਖ ਦਿੰਦੇ ਕਿ ਮਹਾਂਰਾਜੇ ਨੇ ਇਸ ਚੀਜ਼
ਨੂੰ ਪ੍ਰਾਪਤ ਕਰਨ ਵਿਚ ਕਿੰਨੀ ਤਕਲੀਫ ਉਠਾਈ ਸੀ। ਕਈ ਲੋਕ ਭਾਵੁਕ ਵੀ ਹੋ ਰਹੇ ਸਨ ਤੇ
ਮਹਾਂਰਾਜੇ ਨਾਲ ਹਰਮਰਦੀ ਵੀ ਵਧ ਰਹੀ ਸੀ। ਸਭ ਤੋਂ ਦਿਲਖਿਚਵੀਂ ਵਿਕਾਊ ਚੀਜ਼ ਸੀ; ਚਾਂਦੀ ਦਾ
ਨਾਸ਼ਤਾ-ਸੈੱਟ। ...ਬਹੁਤ ਮਹਿੰਗੇ ਦਰੀਆਂ-ਦਲੀਚੇ, ਕਸ਼ਮੀਰੀ ਸ਼ਾਲ, ਹਿੰਦੁਸਤਾਨੀ ਜਿਊਲਰੀ,
ਵੰਗਾਂ, ਗਲ ਦੇ ਪੈਂਡਲ, ਹੀਰੇ ਮੋਤੀ ਜੜੇ ਗਹਿਣੇ, ਆਪਣੇ ਆਪ ਵਿਚ ਹੀਰੇ ਮੋਤੀ ਵੀ। ਇਸ ਬੋਲੀ
ਵਿਚ ਸਿਆਸਤਦਾਨ ਵੀ ਦਿਲਚਸਪੀ ਦਿਖਾ ਰਹੇ ਸਨ ਤੇ ਅਫਸਰ ਤੇ ਹੋਰ ਅਮੀਰ ਲੋਕ ਵੀ। ਚੀਜ਼ਾਂ
ਧੜਾ-ਧੜ ਵਿਕ ਰਹੀਆਂ ਸਨ। ਇਸ ਬੋਲੀ ਦੀ ਗੂੰਜ ਪਾਰਲੀਮੈਂਟ ਤਕ ਵੀ ਜਾ ਪੁੱਜੀ। ਹਾਊਸ ਔਫ
ਕੌਮਨ ਵਿਚ ਇਕ ਮੈਂਬਰ ਮਿਸਟਰ ਮਿਚਲ ਹੈਨਰੀ ਨੇ ਤਾਂ ਸੈਕਟਰੀ ਸਟੇਟ ਔਫ ਇੰਡੀਆ ਮਿਸਟਰ ਕਰੌਸ
ਨੂੰ ਸਿੱਧਿਆਂ ਸਵਾਲ ਹੀ ਪੁੱਛ ਲਿਆ,
“ਕੀ ਕਦੇ ਲਹੌਰ ਦੀ ਸੰਧੀ ਅਨੁਸਾਰ ਮਹਾਂਰਾਜੇ ਨੂੰ 45,000 ਪੌਂਡ ਸਲਾਨਾ ਦਿਤੇ ਗਏ ਹਨ? ਜਾਂ
ਫਿਰ ਕੀ ਇਹ ਰਕਮ ਗੌਰਮਿੰਟ ਨੇ ਇੰਨੀ ਘਟਾ ਦਿਤੀ ਹੈ ਕਿ ਸਿਰਫ 13,000 ਪੌਂਡ ਸਲਾਨਾ ਹੀ
ਦਿਤੇ ਜਾ ਰਹੇ ਹਨ? ਕਿਰਪਾ ਕਰਕੇ ਜਲਦੀ ਤੋਂ ਜਲਦੀ ਪਾਰਲੀਮੈਂਟ ਵਲੋਂ ਇਸ ਦੀ ਤਫਤੀਸ਼ ਕਰਾਓ
ਤਾਂ ਜੋ ਸੋਚ ਸਾਹਮਣੇ ਆਵੇ।”
ਮਿਸਟਰ ਕਰੌਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਉਹ ਸਵਾਲ ਦਾ ਉਤਰ ਦੇਣ ਦੀ ਥਾਵੇਂ ਗੱਲ
ਨੂੰ ਹਊ-ਪਰ੍ਹੇ ਕਰਨ ਲਗ ਪਿਆ। ਮਿਸਟਰ ਮਿਚਲ ਹੈਨਰੀ ਨੇ ਆਪਣੇ ਸਵਾਲ ਤੇ ਜ਼ੋਰ ਪਾਇਆ ਤਾਂ
ਪਾਰਲੀਮੈਂਟ ਵਿਚ ਸ਼ੋਰ ਮਚ ਗਿਆ। ਇਹ ਸ਼ੋਰ ਏਨਾ ਵਧਿਆ ਕਿ ਸਪੀਕਰ ਨੂੰ ‘ਆਰਡਰ-ਆਰਡਰ’ ਕਹਿ
ਕੇ ਪਾਰਲੀਮੈਂਟ ਨੂੰ ਚੁੱਪ ਕਰਾਉਣਾ ਪਿਆ। ਮਿਸਟਰ ਹੈਨਰੀ ਨੇ ਇਕ ਵਾਰ ਫਿਰ ਕਿਹਾ,
“ਜਿਹੜਾ ਮਹਾਂਰਾਜੇ ਨੂੰ ਇਸਟੇਟ ਖਰੀਦਣ ਲਈ ਕਰਜ਼ਾ ਦਿਤਾ ਗਿਆ ਉਸ ਉਪਰ ਪੰਜ ਫੀ ਸਦੀ ਵਿਆਜ
ਲਿਆ ਜਾ ਰਿਹਾ ਹੈ ਜਦੋਂ ਕਿ ਇਸ ਦੀ ਅਸਲੀ ਦਰ ਸਿਰਫ ਤਿੰਨ ਫੀ ਸਦੀ ਹੋਣੀ ਚਾਹੀਦੀ ਹੈ, ਕੀ
ਇਹ ਠੀਕ ਹੈ?”
ਸਦਨ ਵਿਚ ਇਕ ਵਾਰ ਫਿਰ ਰੌਲ਼ਾ ਪੈ ਗਿਆ ਤੇ ਸਪੀਕਰ ਮੇਜ਼ ਤੇ ਹਥੌੜਾ ਮਾਰਦਾ ਇਕ ਵਾਰ ਫਿਰ
‘ਆਰਡਰ-ਆਰਡਰ’ ਕਰਨ ਲਗਿਆ। ਮਿਚਲ ਹੈਨਰੀ ਨੇ ਆਪਣੀ ਗੱਲ ਜਾਰੀ ਰਖਦਿਆਂ ਕਿਹਾ,
“ਤੁਸੀਂ ਮਹਾਂਰਾਜੇ ਨੂੰ ਇਕ ਭੱਦਰਪੁਰਸ਼ ਦੇ ਤੌਰ ਤੇ ਇਸ ਮੁਲਕ ਵਿਚ ਲਿਆਂਦਾ ਸੀ ਤੇ ਹੁਣ
ਤੁਹਾਡੇ ਖੁਦਗਰਜ਼ ਵਤੀਰੇ ਕਾਰਨ ਉਹ ਵਾਪਸ ਹਿੰਦੁਸਤਾਨ ਜਾ ਰਿਹਾ ਹੈ, ਕੀ ਸੱਚ ਹੈ?”
ਮਿਸਟਰ ਕਰੌਸ ਨੇ ਮਿਚਲ ਹੈਨਰੀ ਦੀਆਂ ਗੱਲਾਂ ਦਾ ਇਹ ਕਹਿ ਕੇ ਜਵਾਬ ਨਹੀਂ ਦਿਤਾ ਕਿ ਉਸ ਨੇ
ਸਾਰੇ ਪੇਪਰ ਪੜੇ ਨਹੀਂ ਤੇ ਬਿਨਾਂ ਕਿਸੇ ਸਬੂਤ ਤੋਂ ਗੱਲ ਕਰ ਰਿਹਾ ਹੈ। ਉਸ ਨੇ ਉਸ ਦੀ ਦਲੀਲ
ਨੂੰ ਨਕਾਰ ਕੇ ਰੱਖ ਦਿਤਾ। ਹੋਰ ਰੌਲਾ ਪਿਆ ਤੇ ਸਾਰੀ ਗੱਲ ਰੌਲੇ਼ ਹੇਠ ਦੱਬੀ ਗਈ।...
ਮਹਾਂਰਾਜੇ ਨੇ ਇਕ ਵਾਰ ਫਿਰ ਆਪਣਾ ਪੱਖ ਸਰਕਾਰ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ। ਇਕ ਵਾਰ
ਫਿਰ ਉਸ ਨੂੰ ਪੁਰਾਣੇ ਉਤਰ ਹੀ ਮਿਲੇ। ਸਰਕਾਰ ਦੇ ਰਵੱਈਏ ਵਿਚੋਂ ਇਹ ਗੱਲ ਉਭਰ ਕੇ ਸਾਹਮਣੇ
ਆਉਂਦੀ ਸੀ ਕਿ ਉਸ ਨੂੰ ਮਹਾਂਰਾਜੇ ਦੇ ਹਿੰਦੁਸਤਾਨ ਜਾਣ ‘ਤੇ ਕੋਈ ਇਤਰਾਜ਼ ਨਹੀਂ ਸੀ।
ਮਹਾਂਰਾਜੇ ਨੂੰ ਹਾਲੇ ਵੀ ਇਹੋ ਹੀ ਜਾਪ ਰਿਹਾ ਸੀ ਕਿ ਉਸ ਨੂੰ ਹਿੰਦੁਸਤਾਨ ਜਾਣ ਤੋਂ ਰੋਕਿਆ
ਜਾਵੇਗਾ ਤੇ ਸ਼ਾਇਦ ਕਿਸੇ ਸਮਝੌਤੇ ਦੀ ਪੇਸ਼ਕਸ਼ ਵੀ ਕੀਤੀ ਜਾਵੇ ਪਰ ਜਦ ਹੁਣ ਉਸ ਦਾ ਸਮਾਨ
ਹੀ ਵਿਕ ਰਿਹਾ ਸੀ ਤਾਂ ਉਸ ਨੇ ਕਿਸੇ ਪੇਸ਼ਕਸ਼ ਤੋਂ ਕੀ ਲੈਣਾ ਸੀ।
ਇੰਡੀਆ ਔਫਿਸ ਵਲੋਂ ਬਿਆਨ ਆ ਰਹੇ ਸਨ ਕਿ ਮਹਾਂਰਾਜੇ ਦੇ ਹਿੰਦੁਸਤਾਨ ਜਾਣ ਦੀ ਉਸ ਨੂੰ ਕੋਈ
ਪ੍ਰਵਾਹ ਨਹੀਂ ਹੈ ਪਰ ਉਹਨਾਂ ਦੀਆਂ ਖੁਫੀਆ ਏਜੰਸੀਆਂ ਕਹਿ ਰਹੀਆਂ ਸਨ ਕਿ ਮਹਾਂਰਾਜੇ ਦਾ
ਹਿੰਦੁਸਤਾਨ ਪੁੱਜਣਾ ਖਤਰੇ ਤੋਂ ਖਾਲੀ ਨਹੀਂ ਹੈ। ਭਾਵੇਂ 1857 ਵਾਲੇ ਗਦਰ ਨੂੰ ਦਬਾ ਲਿਆ
ਗਿਆ ਸੀ ਪਰ ਲੋਕਾਂ ਦੇ ਮਨਾਂ ਵਿਚ ਇਸ ਦੀ ਯਾਦ ਹਾਲੇ ਵੀ ਤਾਜ਼ਾ ਸੀ। ਹਾਲੇ ਵੀ ਅਜਿਹੀਆਂ
ਬਹੁਤ ਸਾਰੀਆਂ ਜਥੇਬੰਦੀਆਂ ਅੰਗਰੇਜ਼ਾਂ ਦੇ ਖਿਲਾਫ ਕੰਮ ਕਰ ਰਹੀਆਂ ਸਨ। ਹਿੰਦੁਸਤਾਨ ਦੀ
ਆਜ਼ਾਦੀ ਲਈ ਲੋਕ ਕਦੇ ਵੀ ਉਠ ਖੜ ਸਕਦੇ ਸਨ। ਇਹ ਸੰਭਵ ਸੀ ਕਿ ਲੋਕ ਮਹਾਂਰਾਜੇ ਵਿਚੋਂ ਨਵਾਂ
ਨੇਤਾ ਲੱਭਣ ਲਗ ਪੈਣ। ਇਵੇਂ ਅੰਗਰੇਜ਼ਾਂ ਲਈ ਹਿੰਦੁਸਤਾਨ ਚਲਾਉਣਾ ਮੁਸ਼ਕਲ ਹੋ ਜਾਣਾ ਸੀ।
ਬਹੁਤ ਸਾਰੇ ਹਿੰਦੁਸਤਾਨੀ ਲੋਕ ਕਹਿ ਰਹੇ ਸਨ ਕਿ ਹਿੰਦੁਸਤਾਨ ਨੂੰ ਚਲਾਉਣ ਲਈ ਅੰਗਰੇਜ਼ਾਂ ਦੀ
ਸਰਕਾਰ ਵਿਚ ਹਿੰਦੁਸਤਾਨੀਆਂ ਦਾ ਹੋਣਾ ਜ਼ਰੂਰੀ ਸੀ ਤੇ ਇਕ ਆਵਾਜ਼ ਇਹ ਵੀ ਉਠ ਰਹੀ ਸੀ ਕਿ
ਮਹਾਂਰਾਜੇ ਨੂੰ ਇਸ ਸਰਕਾਰ ਵਿਚ ਸ਼ਾਮਲ ਕਰ ਲਿਆ ਜਾਵੇ। ਇਕ ਰਿਪ੍ਰੋਟ ਇਹ ਵੀ ਆ ਰਹੀ ਸੀ ਕਿ
ਮਹਾਂਰਾਜੇ ਨੂੰ ਸਰਕਾਰ ਚਲਾਉਣ ਵਿਚ ਜਾਂ ਰਾਜ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ, ਉਸ ਨੂੰ
ਤਾਂ ਸਿਰਫ ਆਪਣੀ ਅਯਾਸ਼ੀ ਲਈ ਪੈਸੇ ਚਾਹੀਦੇ ਸਨ। ਜੋ ਵੀ ਸੀ ਹਿੰਦੁਸਤਾਨ ਦਾ ਵੋਇਸਰਾਏ ਲੌਰਡ
ਰਿਪਨ ਮਹਾਂਰਾਜੇ ਦੀ ਆਵੰਦ ਨੂੰ ਲੈ ਕੇ ਬਹੁਤ ਫਿਕਰਵੰਦ ਸੀ। ਹਿੰਦੁਸਤਾਨ ਵਿਚ ਤਾਇਨਾਤ ਕਰਨਲ
ਸਟੀਵਨ ਬਿੰਗਲੇ ਨੇ ਆਪਣੇ ਲੰਡਨ ਵਿਚ ਸਥਿੱਤ ਦੋਸਤ ਮਾਈਕਲ ਰੈਡਲੈਂਡ ਨੂੰ ਚਿੱਠੀ ਵਿਚ
ਲਿਖਿਆ; ‘ਹਿੰਦੁਸਤਾਨ ਵਿਚ ਅਸੀਂ ਕੁਝ ਹਜ਼ਾਰ ਅੰਗਰੇਜ਼ ਕਰੋੜਾਂ ਹਿੰਦੁਸਤਾਨੀਆਂ ਨੂੰ ਕਾਬੂ
ਕਰੀ ਬੈਠੇ ਹਾਂ, ਤੁਸੀਂ ਏਨੇ ਅੰਗਰੇਜ਼ ਇਕ ਹਿੰਦੁਸਤਾਨੀ ਨੂੰ ਸਿੱਧੇ ਰਾਹ ਨਹੀਂ ਲਿਆ
ਸਕਦੇ?’...
ਮਹਾਂਰਾਜੇ ਦੇ ਦੋਸਤ ਉਸ ਦੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾਤੁਰ ਸਨ। ਰੌਨਲਡ
ਲੈਜ਼ਲੇ-ਮੈਲਵਿਲ ਤੇ ਲੌਰਡ ਹਾਰਟਫੋਰਡ ਹਰ ਵੇਲੇ ਹੀ ਇਸ ਮਸਲੇ ਦਾ ਹੱਲ ਲੱਭਣ ਦੀ ਕੋਸਿ਼ਸ਼
ਕਰਦੇ ਰਹਿੰਦੇ। ਰੌਨਲਡ ਤਾਂ ਇਹ ਦੇਖਣ ਹਿੰਦੁਸਤਾਨ ਹੀ ਚਲੇ ਗਿਆ ਕਿ ਉਥੇ ਜਾਣਾ ਮਹਾਂਰਾਜੇ
ਲਈ ਕਿਵੇਂ ਹੋਵੇਗਾ, ਕਿ ਲੋਕ ਮਹਾਂਰਾਜੇ ਨੂੰ ਕਿਵੇਂ ਲੈਣਗੇ। ਉਹ ਪੰਜਾਬ ਗਿਆ ਤਾਂ ਦੇਖਿਆ
ਕਿ ਲੋਕ ਹਾਲੇ ਵੀ ਮਹਾਂਰਾਜੇ ਨੂੰ ਪਿਆਰ ਕਰਦੇ ਸਨ। ਭਾਵੇਂ ਕੁਝ ਲੋਕਾਂ ਨੂੰ ਉਸ ਦਾ ਇਸਾਈ
ਬਣਨਾ ਪਸੰਦ ਨਹੀਂ ਸੀ ਪਰ ਮਹਾਂਰਾਜਾ ਉਹਨਾਂ ਦੇ ਦਿਲਾਂ ਵਿਚ ਵਸਦਾ ਸੀ। ਰੌਨਲਡ ਨੂੰ ਇਸ ਗੱਲ
ਦੀ ਤਸੱਲੀ ਸੀ ਕਿ ਮਹਾਂਰਾਜੇ ਦਾ ਪੰਜਾਬ ਜਾਣਾ ਗਲਤ ਫੈਸਲਾ ਨਹੀਂ ਹੋਵੇਗਾ। ਰੌਨਲਡ ਨੇ ਵਾਪਸ
ਇੰਗਲੈਂਡ ਆ ਕੇ ਜਦ ਇਹ ਗੱਲ ਦੋਸਤਾਂ ਨਾਲ ਸਾਂਝੀ ਕੀਤੀ ਤਾਂ ਇਸ ‘ਤੇ ਸਰਕਾਰ ਵੀ ਹਰਕਤ ਵਿਚ
ਆ ਗਈ। ਲੌਰਡ ਕਿੰਬਰਲੇ ਨੇ ਵੋਇਸਰਾਏ ਲੌਰਡ ਰਿਪਨ ਨੂੰ ਉਸੇ ਵੇਲੇ ਸੁਨੇਹਾ ਭੇਜ ਦਿਤਾ ਕਿ
ਮਹਾਂਰਾਜੇ ਨੂੰ ਹਿੁੰਦਸਤਾਨ ਵਿਚ ਹਰ ਜਗਾਹ ਨਾ ਜਾਣ ਦਿਤਾ ਜਾਵੇ। ਨਾ ਹੀ ਇਸ ਨੂੰ ਹੋਰ
ਰਾਜਿਆਂ ਨਾਲ ਮਿਲਣ ਦਿਤਾ ਜਾਵੇ। ਉਸ ਮੁਤਾਬਕ ਮਹਾਂਰਾਜਾ ਹੁਣ ਬਾਗੀ ਤਬੀਅਤ ਦਾ ਹੋ ਚੁੱਕਿਆ
ਸੀ ਤੇ ਬਗਾਵਤ ਫੈਲਾ ਸਕਦਾ ਸੀ। ਲੌਰਡ ਕਿੰਬਰਲੇ ਨੇ ਰੌਨਡਲ ਲੈਜ਼ਲੇ-ਮੈਲਵਿਲ ਨਾਲ ਮੁਲਾਕਾਤ
ਵੀ ਕੀਤੀ ਤੇ ਪੁੱਛਿਆ,
“ਤੁਹਾਨੂੰ ਨਹੀਂ ਲਗਦਾ ਇਹ ਕਿ ਮਹਾਂਰਾਜਾ ਹਿੰਦੁਸਤਾਨ ਨਹੀਂ ਜਾਣਾ ਚਾਹੁੰਦਾ ਬਲਕਿ ਉਹ
ਪੈਨਸ਼ਨ ਵਧਾਉਣ ਲਈ ਚਾਲਾਂ ਹੀ ਚਲ ਰਿਹਾ ਏ?”
“ਨਹੀਂ ਲੌਰਡ, ਪਹਿਲਾਂ ਸ਼ਾਇਦ ਇਹ ਗੱਲ ਹੋਵੇ ਪਰ ਹੁਣ ਮਹਾਂਰਜਾ ਹਿੰਦੁਸਤਾਨ ਜਾਣ ਲਈ ਗੰਭੀਰ
ਏ ਪਰ ਨਾਲ ਦੀ ਨਾਲ ਇਹ ਗੱਲ ਦੱਸ ਦੇਵਾਂ ਕਿ ਮਹਾਂਰਾਜੇ ਨੂੰ ਇੰਗਲੈਂਡ ਨਾਲ ਅਥਾਹ ਪਿਆਰ ਏ
ਤੇ ਹਰ ਮੈਜਿਸਟੀ ਪ੍ਰਤੀ ਅੰਨੀ ਸ਼ਰਧਾ ਏ।”
“ਜੇ ਇਹ ਗੱਲ ਹੁੰਦੀ ਤਾਂ ਉਹ ਹਿੁੰਦਸਤਾਨ ਜਾਣ ਦੀ ਗੱਲ ਹੀ ਕਿਉਂ ਕਰਦਾ?”
“ਇਸ ਦੇ ਕਾਰਨ ਤਾਂ ਤੁਸੀਂ ਜਾਣਦੇ ਹੀ ਓ ਪਰ ਮੈਂ ਮਹਾਂਰਾਜੇ ਪਿਛਲੇ ਤੀਹ ਸਾਲ ਤੋਂ ਜਾਣਦਾਂ
ਤੇ ਇਕ ਗੱਲ ਦੀ ਸ਼ਾਹਦੀ ਮੈਂ ਦੇ ਸਕਦਾਂ ਕਿ ਮਹਾਂਰਾਜੇ ਦਾ ਇਰਾਦਾ ਇੰਡੀਆ ਵਿਚ ਕੋਈ ਖਤਰਾ
ਖੜਾ ਕਰਨਾ ਨਹੀਂ ਏ, ਉਹ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਪੱਛਾਣ ਦਵਾਉਣੀ ਚਾਹੁੰਦਾ ਏ।
ਉਹਨਾਂ ਦੇ ਵਿਆਹ ਵੀ ਉਹ ਹਿੰਦੁਸਤਾਨੀ ਢੰਗ ਨਾਲ ਕਰਨੇ ਚਾਹੁੰਦਾ ਏ। ਇਸ ਸਭ ਦੇ ਬਾਵਜੂਦ ਮੈਂ
ਮਹਾਂਰਾਜੇ ਨੂੰ ਇਹੋ ਸਲਾਹ ਦੇ ਰਿਹਾਂ ਕਿ ਉਹ ਹਿੰਦੁਸਤਾਨ ਨਾ ਜਾਵੇ।”
ਰੌਨਲਡ ਨੇ ਪੂਰੇ ਯਕੀਨ ਨਾਲ ਕਿਹਾ। ਮਹਾਂਰਾਜੇ ਦਾ ਦੂਜਾ ਦੋਸਤ ਲੌਰਡ ਹਾਰਟਫੋਰਡ ਰੌਨਲਡ
ਵਾਂਗ ਸਪੱਸ਼ਟ ਨਹੀਂ ਸੀ ਪਰ ਉਹ ਰੌਨਲਡ ਨਾਲ ਇਕ ਗੱਲ ‘ਤੇ ਸਹਿਮਤ ਸੀ ਕਿ ਮਹਾਂਰਾਜੇ ਨੂੰ
ਹਿੰਦੁਸਤਾਨ ਨਹੀਂ ਜਾਣਾ ਚਾਹੀਦਾ ਤੇ ਸਰਕਾਰ ਨੂੰ ਉਸ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਹੈ।
ਇਹਨਾਂ ਦੋਨਾਂ ਦੋਸਤਾਂ ਨੇ ਸਰਕਾਰ ਨੂੰ ਸਲਾਹ ਦਿੰਦਿਆਂ ਲਿਖਿਆ;
‘...ਮਹਾਂਰਾਜੇ ਦੇ ਹਿੰਦੁਸਤਾਨੀ ਕਿਰਦਾਰ ਤੇ ਸੁਭਾਅ ਦੇਖਦੇ ਹੋਏ ਤੇ ਇਸ ਅੰਗੇਰਜ਼ੀ ਸਮਾਜ
ਪ੍ਰਤੀ ਪਿਆਰ ਦੇਖਦੇ ਹੋਏ ਤੇ ਹਰ ਮੈਜਿਸਟੀ ਵਿਚ ਉਸ ਦੀ ਸ਼ਰਧਾ ਦੇਖਦੇ ਹੋਏ ਉਸ ਨੂੰ ਸਰਕਾਰ
ਦੇ ਕਿਸੇ ਵਿਭਾਗ ਵਿਚ ਅਜਿਹੀ ਜਿ਼ੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ ਕਿ ਉਸ ਨੂੰ ਲਗੇ ਕਿ ਉਹ
ਕੁਝ ਹੈ। ਉਸ ਨੂੰ ਕੁਝ ਅਜਿਹੇ ਫੈਸਲੇ ਕਰਨ ਦਾ ਅਧਿਕਾਰ ਦੇ ਦਿਤਾ ਜਾਵੇ ਜਿਸ ਦਾ ਵਾਹ
ਹਿੰਦੁਸਤਾਨ ਨਾਲ ਹੋਵੇ।”
ਇਸ ਸਲਾਹ ਨੂੰ ਇੰਡੀਆ ਔਫਿਸ ਵਿਚ ਪਸੰਦ ਤਾਂ ਬਹੁਤ ਕੀਤਾ ਗਿਆ ਪਰ ਇਸ ਉਪਰ ਅਮਲ ਕੋਈ ਨਾ
ਹੋਇਆ।
ਮਹਾਂਰਾਣੀ ਵਿਕਟੋਰੀਆ ਨੂੰ ਹਾਲੇ ਵੀ ਮਹਾਂਰਾਜੇ ਦਾ ਫਿਕਰ ਸੀ। ਇਕ ਦਿਨ ਉਸ ਨੂੰ ਯਾਦ ਆਇਆ
ਕਿ ਮਹਾਂਰਾਜੇ ਦੀ ਆਪਣੀ ਹਿੰਦੁਸਤਾਨ ਵਿਚਲੀ ਜਾਇਦਾਦ ਬਾਰੇ ਮੁੜ ਕੇ ਕੋਈ ਵੀ ਗੱਲਬਾਤ ਨਹੀਂ
ਹੋ ਸਕੀ। ਉਸ ਨੇ ਲੌਰਡ ਕਿੰਬਰਲੇ ਨੂੰ ਲਿਖਵਾਇਆ;
‘...ਹਰ ਮੈਜਿਸਟੀ ਨੂੰ ਇਹ ਗੱਲ ਹਾਲੇ ਤਕ ਸਮਝ ਨਹੀਂ ਲਗ ਸਕੀ ਕਿ ਮਹਾਂਰਾਜੇ ਦੀ ਹਿੰਦੁਸਤਾਨ
ਵਿਚ ਨਿੱਜੀ ਜਾਇਦਾਦ ਦੇ ਹੋਣ ਜਾਂ ਨਾ ਹੋਣ ਦੇ ਸਵਾਲ ਦੇ ਜਵਾਬ ਲੱਭਣ ਵਿਚ ਕੀ ਮੁਸ਼ਕਲਾਂ
ਪੇਸ਼ ਆ ਰਹੀਆਂ ਹਨ, ਏਨਾ ਵਕਤ ਕਿਉਂ ਲਗ ਰਿਹਾ ਹੈ।’...
ਲੌਰਡ ਕਿੰਬਰਲੇ ਨੇ ਕੋਈ ਠੋਸ ਜਵਾਬ ਨਾ ਦਿਤਾ। ਇਕ ਦਿਨ ਪ੍ਰਧਾਨ ਮੰਤਰੀ ਗਲੈਡਸਟੋਨ ਕਿਸੇ
ਸਰਕਾਰੀ ਕਾਰਨ ਕਰਕੇ ਮਹਾਂਰਾਣੀ ਨਾਲ ਮੁਲਾਕਾਤ ਕਰਨ ਗਿਆ ਤਾਂ ਮਹਾਂਰਾਣੀ ਉਸ ਨੂੰ ਕਹਿਣ
ਲਗੀ,
“ਪੀ. ਐਮ., ਮਹਾਂਰਾਜੇ ਬਾਰੇ ਕਰੋ ਕੁਝ। ਮੈਨੂੰ ਉਸ ਉਪਰ ਤਰਸ ਆ ਰਿਹਾ ਏ। ਜੋ ਕੁਝ ਵੀ ਉਸ
ਨਾਲ ਹੋ ਰਿਹਾ ਏ, ਇਸ ਸਭ ਦਾ ਉਹ ਬਿਲਕੁਲ ਹੱਕਦਾਰ ਨਹੀਂ ਏ।”
“ਯੋਅਰ ਮੈਜਿਸਟੀ, ਮੈਂ ਤੁਹਾਡਾ ਫਿਕਰ ਸਮਝਦਾਂ, ਮੈਨੂੰ ਵੀ ਉਸ ਨਾਲ ਹਮਦਰਦੀ ਏ ਪਰ ਕੁਝ ਤਾਂ
ਉਸ ਦਾ ਆਪਣਾ ਕਸੂਰ ਵੀ ਏ ਤੇ ਕੁਝ ਉਹਦੀ ਬਦਕਿਸਮਤੀ ਵੀ ਏ ਪਰ ਫਿਰ ਵੀ ਜੋ ਕੁਝ ਵੀ ਹੋ ਸਕਦਾ
ਹੋਇਆ ਮੈਂ ਕਰਨ ਦੀ ਕੋਸਿ਼ਸ਼ ਕਰਾਂਗਾ।”
“ਮੈਨੂੰ ਸੱਚ ਹੀ ਉਸ ਦੀ ਚਿੰਤਾ ਏ।”
“ਯੋਅਰ ਮੈਜਿਸਟੀ, ਅਸਲ ਵਿਚ ਇਹ ਬਹੁਤ ਬਰੀਕ ਕੰਮ ਏ, ਜਦੋਂ ਮਹਾਂਰਾਜਾ ਰਣਜੀਤ ਸਿੰਘ ਰਾਜਾ
ਬਣਿਆਂ ਤਾਂ ਉਹ ਕਿਹੜੀ ਜਾਇਦਾਦ ਦਾ ਮਾਲਕ ਸੀ ਇਹ ਲੱਭ ਸਕਣਾ ਬਹੁਤ ਮੁਸ਼ਕਲ ਏ।”
ਪ੍ਰਧਾਨ ਮੰਤਰੀ ਨੇ ਮਹਾਂਰਾਣੀ ਦੀ ਤਸੱਲੀ ਕਰਵਾਉਣ ਲਈ ਕਿਹਾ ਪਰ ਮਹਾਂਰਾਣੀ ਦਾ ਫਿਕਰ ਉਵੇਂ
ਹੀ ਕਾਇਮ ਸੀ।
ਮਹਾਂਰਾਜੇ ਨੇ ਆਪਣੀ ਜਾਇਦਾਦ ਦੀ ਨਿਸ਼ਾਨਦੇਹੀ ਕਰਨ ਲਈ ਆਪਣੇ ਏਜੰਟ ਵੀ ਪੰਜਾਬ ਭੇਜੇ ਹੋਏ
ਸਨ। ਉਹ ਉਹਨਾਂ ਪਿੰਡਾਂ ਦੀ ਫਰਿਸਤ ਤਿਆਰ ਕਰ ਰਹੇ ਸਨ ਜਿਥੇ ਜਿਥੇ ਮਹਾਂਰਾਜਾ ਰਣਜੀਤ ਸਿੰਘ
ਦੀ ਜ਼ਮੀਨ ਸੀ। ਉਸ ਦੀਆਂ ਕੁਝ ਲੂਣ ਦੀਆਂ ਖਾਨਾਂ ਵੀ ਸਨ ਜਿਥੋਂ ਕਾਫੀ ਸਾਰੀ ਆਮਦਨ ਆ ਰਹੀ
ਸੀ। ਏਜੰਟਾਂ ਨੇ ਕਾਫੀ ਮਿਹਤਨ ਤੋਂ ਬਾਅਦ ਪੂਰੀ ਸੂਚੀ ਤਿਆਰ ਕੀਤੀ ਪਰ ਇੰਡੀਆ ਔਫਿਸ ਨੇ ਇਹ
ਕਹਿ ਕੇ ਇਸ ਨੂੰ ਨਕਾਰ ਦਿਤਾ ਕਿ ਏਨੇ ਚਿਰ ਲੰਮੀ ਮਾਲਕੀ ਨਹੀਂ ਮੰਨੀ ਜਾ ਸਕਦੀ। ਮਹਾਂਰਾਜਾ
ਰਣਜੀਤ ਸਿੰਘ ਦਾ ਸਭ ਕੁਝ ਹੁਣ ਸਰਕਾਰ ਦਾ ਹੋ ਚੁੱਕਾ ਸੀ। ਇਸ ਦੇ ਨਾਲ ਹੀ ਇੰਡੀਆ ਔਫਿਸ ਨੇ
ਸਾਰੇ ਪੰਜਾਬ ਦੀ ਜ਼ਮੀਨ ਦੀਆਂ ਨਵੀਆਂ ਤਿਆਰ ਕੀਤੀਆਂ ਫਰਦਾਂ ਮੰਗਵਾ ਲਈਆਂ ਜਿਸ ਅਨੁਸਾਰ ਇਕ
ਮਰਲਾ ਜ਼ਮੀਨ ਵੀ ਮਹਾਂਰਾਜੇ ਦੇ ਨਾਂ ‘ਤੇ ਨਹੀਂ ਸੀ। ਇਹਨਾਂ ਦਿਨਾਂ ਵਿਚ ਹੀ ਇੰਡੀਆ ਔਫਿਸ
ਨੇ ਇਕ ਚਿੱਠੀ ਵੀ ਸਰਕਾਰ ਸਾਹਮਣੇ ਰੱਖੀ। ਇਹ ਚਿੱਠੀ ਪੰਜਾਬ ਵਿਚਲੀ ਸਿੱਖਾਂ ਦੀ ਇਕ
ਜਥੇਬੰਦੀ; ਚੀਫ ਖਾਲਸਾ ਦੀਵਾਨ ਵਲੋਂ ਸੀ। ਇਸ ਚਿੱਠੀ ਮੁਤਾਬਕ ਮਹਾਂਰਾਜੇ ਨੂੰ ਸਿੱਖ ਨਹੀਂ
ਸੀ ਮੰਨਿਆਂ ਗਿਆ। ਜੇ ਕੋਈ ਮਹਾਂਰਾਜੇ ਦਾ ਹੱਕ ਹੋਵੇਗਾ ਵੀ ਤਾਂ ਮਹਾਂਰਾਜਾ ਇਸਾਈ ਬਣ ਕੇ
ਗੰਵਾ ਚੁੱਕਿਆ ਸੀ। ਹੁਣ ਤਾਂ ਸਰਕਾਰ ਮਹਾਂਰਾਜੇ ਦੇ ਹਰ ਦਾਅਵੇ ਤੋਂ ਇਨਕਾਰੀ ਹੋ ਰਹੀ ਸੀ।
ਲੌਰਡ ਕਿੰਬਰਲੇ ਤੇ ਪੌਨਸਨਬੀ ਨੇ ਮਿਲ ਕੇ ਇਸ ਮਸਲੇ ਦਾ ਇਕ ਹੋਰ ਹੱਲ ਲੱਭਣ ਦੀ ਕੋਸਿ਼ਸ਼
ਕੀਤੀ। ਉਸ ਮੁਤਾਬਕ ਮਹਾਂਰਾਜੇ ਨੁੰ ਕੁਝ ਰਕਮ ਹੋਰ ਦੇ ਦਿਤੀ ਜਾਣੀ ਸੀ ਪਰ ਇਹ ਰਕਮ ਉਸ ਦੀ
ਪੈਨਸ਼ਨ ਦਾ ਹਿੱਸਾ ਨਹੀਂ ਸੀ ਹੋਣੀ। ਜੇ ਇਹ ਰਕਮ ਲਹੌਰ ਦੀ ਸੰਧੀ ਅਨੁਸਾਰ ਦਿਤੀ ਜਾਂਦੀ ਤਾਂ
ਮਹਾਂਰਾਜੇ ਨੇ ਇਸ ਨੂੰ ਪੈਨਸ਼ਨ ਦਾ ਹਿੱਸਾ ਸਮਝ ਕੇ ਹਰ ਸਾਲ ਮੰਗਿਆ ਕਰਨਾ ਸੀ। ਸਲਾਹ ਇਹ
ਹੋਈ ਕਿ ਮਹਾਂਰਾਜਾ ਸਰਕਾਰ ਨੂੰ ਇਕ ਚਿੱਠੀ ਲਿਖੇ ਕਿ ਉਸ ਨੂੰ ਖੇਤੀ ਵਿਚ ਘਾਟਾ ਪਿਆ ਹੈ, ਉਸ
ਘਾਟੇ ਨੂੰ ਪੂਰਾ ਕਰਨ ਲਈ ਇਹ ਰਕਮ ਉਸ ਨੂੰ ਦੇ ਦਿਤੀ ਜਾਵੇਗੀ। ਇਹ ਤਜਵੀਜ਼ ਮਹਾਂਰਾਜੇ
ਸਾਹਮਣੇ ਰੱਖੀ ਤਾਂ ਉਹ ਇਕ ਦਮ ਸਮਝ ਗਿਆ ਕਿ ਇਹ ਪੂਰੀ ਚਾਲ ਸੀ, ਉਸ ਨੇ ਅਜਿਹੀਆਂ ਸ਼ਰਤਾਂ
ਹੇਠ ਮੱਦਦ ਲੈਣ ਤੋਂ ਇਨਕਾਰ ਕਰ ਦਿਤਾ। ਹੁਣ ਉਹ ਇਹੋ ਚਾਹੁੰਦਾ ਸੀ ਕਿ ਉਸ ਦੇ ਕਲੇਮ ਲਈ ਇਕ
ਅਜ਼ਾਦ ਜਾਂਚ ਕਰਾਈ ਜਾਵੇ। ਉਹ ਚਾਹੁੰਦਾ ਸੀ ਕਿ ਉਸ ਨੂੰ ਸੰਧੀ ਮੁਤਾਬਕ ਜੋ ਉਸ ਦਾ ਬਣਦਾ ਸੀ
ਦਿਤਾ ਜਾਵੇ। ਕਿੰਬਰਲੇ ਦੀ ਇਸ ਪੇਸ਼ਕਸ਼ ਨਾਲ ਉਸ ਦੇ ਸਵੈਮਾਣ ਨੂੰ ਸੱਟ ਵੱਜ ਰਹੀ ਸੀ। ਉਸ
ਨੇ ਮਹਾਂਰਾਣੀ ਵਿਕਟੋਰੀਆ ਨੂੰ ਲਿਖਿਆ,
‘...ਮੇਰੀ ਇਹ ਅਪੀਲ ਵੀ ਪਹਿਲੀਆਂ ਅਪੀਲਾਂ ਵਾਂਗ ਹੀ ਅਜਾਈਂ ਹੀ ਜਾਂਦੀ ਦਿਸਦੀ ਹੈ...।
...ਮੈਨੂੰ ਇਨਸਾਫ ਤੋਂ ਜਿ਼ਆਦਾ ਕੁਝ ਵੀ ਨਹੀਂ ਚਾਹੀਦਾ। ਮੈਂ ਆਪਣੀਆਂ ਸਿਰਫ ਆਰਥਿਕ
ਮੁਸ਼ਕਲਾਂ ਹੀ ਸਰਕਾਰ ਮੁਹਰੇ ਰੱਖੀਆਂ ਹਨ ਮੇਰਾ ਨਿੱਜ ਤੇ ਕੋਈ ਹੋਰ ਖੁਦਗਰਜ਼ੀ ਇਸਦੇ ਵਿਚ
ਨਹੀਂ ਹੈ।... ਮੈਂ ਬਚਪੱਨ ਤੋਂ ਲੈ ਕੇ ਹੁਣ ਤਕ ਆਪਣੀ ਕਿਸੇ ਅਜ਼ਾਦ ਮਰਜ਼ੀ ਤੋਂ ਬਿਨਾਂ
ਸਰਕਾਰ ਦੇ ਰਹਿਮੋਕਰਮ ਤੇ ਹੀ ਰਿਹਾ ਹਾਂ, ਇਹ ਯਕੀਨ ਕਰਦਿਆਂ ਕਿ ਸਰਕਾਰ ਮੇਰੇ ਲਈ ਅੱਛਾ ਹੀ
ਕਰੇਗੀ। ਹੁਣ ਮੈਨੂੰ ਲਗਦਾ ਹੈ ਕਿ ਇਹ ਸਭ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ, ਮੈਨੂੰ ਤੇ
ਮੇਰੇ ਬੱਚਿਆਂ ਨੂੰ ਬਿਨਾਂ ਕਿਸੇ ਹੋਂਦ ਤੋਂ ਗਰਕ ਕਰ ਦੇਣ ਦੀ ਕੋਸਿ਼ਸ਼ ਹੋ ਰਹੀ ਹੈ।’...
ਇਵੇਂ ਹੀ ਇਕ ਸਾਲ ਲੰਘ ਗਿਆ। ਮਹਾਂਰਾਜਾ ਹੋਰ ਵੀ ਬੇਚੈਨ ਹੋਣ ਲਗਿਆ। ਮਹਾਂਰਾਣੀ ਨੇ ਉਸ ਨੂੰ
ਚਿੱਠੀ ਲਿਖ ਕੇ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ ਪਰ ਮਹਾਂਰਾਣੀ ਦੀ ਚਿੱਠੀ ਉਸ ਨੂੰ ਤਸੱਲੀ
ਨਹੀਂ ਸੀ ਦੇ ਸਕਦੀ। ਉਸ ਨੇ ਆਪਣੇ ਬਿਆਨਾਂ ਦੀ ਸੁਰ ਤਿੱਖੀ ਕਰ ਦਿਤੀ। ਹੁਣ ਉਹ ਕਹਿਣ ਲਗ
ਪਿਆ ਸੀ ਕਿ ਇਹ ਸਾਰੇ ਕਲੇਮ ਉਸ ਦੇ ਆਪਣੇ ਲਈ ਨਹੀਂ ਬਲਕਿ ਉਸ ਦੇ ਬੱਚਿਆਂ ਲਈ ਸਨ। ਸਰਕਾਰ
ਉਸ ਦੇ ਬਿਆਨ ਦੇ ਬਦਲੇ ਵਿਚ ਉਸ ਦੀ ਹਰ ਗੱਲ ਨੂੰ ਨਕਾਰ ਦਿੰਦੀ ਸੀ। ਇਵੇਂ ਚਲ ਰਹੀ ਬਹਿਸ ਨੇ
ਇਕ ਦੁਸ਼ਮਣੀ ਜਿਹੀ ਵਾਲਾ ਮਹੌਲ ਪੈਦਾ ਕਰ ਰੱਖਿਆ ਸੀ। ਮਹਾਂਰਾਜੇ ਦਾ ਸਵੈਮਾਣ ਵੀ ਵਾਰ ਵਾਰ
ਜ਼ਖਮੀ ਹੁੰਦਾ। ਹੁਣ ਉਸ ਨੇ ਹਿੰਦੁਸਤਾਨੀ ਸਰਕਾਰ ਉਪਰ ਉਸ ਦੇ ਨਰਮ ਕੋਨਿਆਂ ਉਪਰ ਹਮਲਾ ਕਰਨਾ
ਸ਼ੁਰੂ ਕਰ ਦਿਤਾ ਸੀ: ਪੰਜਾਬ ਨੂੰ ਨਾਲ ਰਲਾਉਣ ਦਾ ਸਵਾਲ, ਉਸ ਦਾ ਦੇਸ਼ ਤੋਂ ਬਾਹਰ ਕੱਢਣਾ,
ਉਹਨਾਂ ਵਲੋਂ ਫੈਸਲਾ ਲੈਣ ਲਈ ਕੋਈ ਕਮੇਟੀ ਬਣਾਉਣ ਤੋਂ ਨਾਂਹ, ਸੰਧੀ ਦੀਆਂ ਧਾਰਾਵਾਂ ਨੂੰ
ਪੈਸੇ ਦੇ ਲੈਣ ਦੇਣ ਬਾਰੇ ਸਾਫ ਨਾ ਕਰਨਾ ਆਦਿ। ਉਹ ਇਹ ਦਲੀਲ ਵੀ ਬਹੁਤ ਅਸਰਦਾਰ ਢੰਗ ਨਾਲ ਦੇ
ਰਿਹਾ ਸੀ ਕਿ ਅਵਧ ਦੇ ਰਾਜੇ ਨੂੰ, ਜਿਸ ਨੇ ਬ੍ਰਤਾਨਵੀ ਸਰਕਾਰ ਨਾਲ ਕੋਈ ਵੀ ਸੰਧੀ ਕਰਨ ਤੋਂ
ਇਨਕਾਰ ਕਰ ਦਿਤਾ ਸੀ, ਇਕ ਲੱਖ ਪੌਂਡ ਸਲਾਨਾ ਮਿਲ ਰਿਹਾ ਸੀ ਜੋ ਕਿ ਮਹਾਂਰਾਜੇ ਦੇ ਮੁਕਾਬਲੇ
ਬਹੁਤ ਜਿ਼ਆਦਾ ਸੀ। ਇਹ ਮਹਾਂਰਾਣੀ ਦੇ ਨਵੇਂ ਬਣੇ ਸੈਕਟਰੀ ਮੁਹਰੇ ਸੁੱਟਿਆ ਇਕ ਵਧੀਆ ਕਾਰਡ
ਸੀ। ਆਪਣੀ ਨਿੱਜੀ ਜਾਇਦਾਦ ਤੇ ਲੂਣ ਦੀਆ ਖਾਨਾਂ ਦੇ ਨਾਲ ਨਾਲ ਉਹ ਜ਼ਬਤ ਕੀਤੇ ਹੀਰਿਆਂ ਤੇ
ਹੋਰ ਜਿਊਲਰੀ ਦੀ ਗੱਲ ਵੀ ਕਰ ਰਿਹਾ ਸੀ ਤੇ ਨਾਲ ਹੀ ਕੋਹੇਨੂਰ ਹੀਰੇ ਦੀ ਵੀ। ਮਹਾਂਰਾਜਾ
1846 ਵਾਲੀ ਸੰਧੀ ਪੂਰੀ ਤਰਜਮਾਨੀ ਵੀ ਕਰਾਉਣੀ ਚਾਹੁੰਦਾ ਸੀ ਤੇ ਆਪਣੇ ਕੇਸ ਦੇ ਫੈਸਲੇ ਲਈ
ਆਰਬਿਟਰੇਸ਼ਨ ਕਾਇਮ ਕਰਨ ਲਈ ਵੀ ਕਹਿ ਰਿਹਾ ਸੀ ਤੇ ਇਸ ਸਾਰੇ ਦੇ ਪਿਛੇ ਹਿੰਦੁਸਤਾਨ ਜਾਣ ਦੀ
ਧਮਕੀ ਵੀ ਛੁਪੀ ਹੁੰਦੀ ਸੀ। ਇੰਨੇ ਕੁਝ ਤੋਂ ਬਾਅਦ ਵੀ ਗੱਲ ਕਿਸੇ ਪਾਸੇ ਨੂੰ ਰੱਤੀ ਜਿੰਨੀ
ਵੀ ਨਹੀਂ ਸੀ ਹਿੱਲ ਰਹੀ।
1884 ਦਾ ਜੁਲਾਈ ਮਹੀਨਾ ਆ ਗਿਆ। ਮਹਾਂਰਾਜੇ ਨੇ ਆਪਣੀ ਲੜਾਈ ਵਿਚ ਇਕ ਕਦਮ ਹੋਰ ਅਗੇ ਵਧਾਇਆ।
ਉਸ ਨੇ ਆਪਣੇ ਸਾਰੇ ਕੇਸ ਦੀ ਇਕ ਕਿਤਾਬ ਤਿਆਰ ਕਰਵਾਈ। ਇਹ ਕਿਤਾਬ ਲੰਡਨ ਦੀ ਲਿੰਕਨ ਇੰਨ ਦੇ
ਇਕ ਬੈਰਿਸਟਰ ਦੀ ਦੇਖ-ਰੇਖ ਹੇਠ ਛਪੀ। ਚਮੜੇ ਦੀ ਜਿਲਦ ਵਾਲੀ ਇਹ ਖੂਬਸੂਰਤ ਕਿਤਾਬ ਉਸ ਨੇ
ਆਪਣੇ ਦੋਸਤਾਂ ਵਿਚ ਵੰਡੀ, ਬੇਸ਼ਕ ਉਸ ਦੇ ਦੋਸਤਾਂ ਨੂੰ ਕੇਸ ਬਾਰੇ ਬਹੁਤਾ ਕੁਝ ਪਤਾ ਹੀ ਸੀ
ਫਿਰ ਵੀ ਉਹ ਚਾਹੁੰਦਾ ਸੀ ਕਿ ਇਹ ਦਸਤਾਵੇਜ਼ ਵਾਂਗ ਸਾਂਭੀ ਰਹੇ। ਇਸ ਦੀਆਂ ਕੁਝ ਕਾਪੀਆਂ ਉਸ
ਨੇ ਹਿੰਦੁਸਤਾਨ ਵਿਚ ਵੀ ਭੇਜ ਕੇ ਵੰਡੀਆਂ। ਅਗਲੀ ਡਾਕ ਵਿਚ ਉਸ ਨੇ ਕਿਤਾਬ ਦੇ ਨਾਲ ਇਕ
ਵਿਸ਼ੇਸ਼ ਚਿੱਠੀ ਪੌਨਸਨਬੀ ਦੇ ਨਾਂ ਲਿਖ ਭੇਜੀ;
‘...ਬੇਨਤੀ ਹੈ ਕਿ ਇਹ ਕਿਤਾਬ ਮੇਰੀ ਸਰਕਾਰ, ਹਰ ਮੈਜਿਸਟੀ, ਦੇ ਪੈਰਾਂ ਵਿਚ ਰੱਖ ਦੇਣਾ ਤੇ
ਨਾਲ ਹੀ ਇਹ ਹੈਂਡਲ ਵਾਲਾ ਪੇਪਰ-ਨਾਈਫ ਵੀ ਜੋ ਮੈਂ ਆਰਡਰ ਦੇ ਕੇ ਹਰ ਮੈਜਿਸਟੀ ਲਈ ਖਾਸ ਤੌਰ
ਤੇ ਨੇਪਲਜ਼ ਤੋਂ ਬਣਵਾਇਆ ਸੀ ਜਦੋਂ ਮੈਂ ਆਪਣੇ ਦੋਨੋਂ ਬੇਟਿਆਂ ਨਾਲ ਉਥੇ ਛੁੱਟੀਆਂ ਤੇ ਗਿਆ
ਸਾਂ। ਇਸ ਪੇਪਰ-ਨਾਈਫ ਦੇ ਪਿਛਲੇ ਪਾਸੇ ਮੇਰੀ ਹਰ ਮੈਜਿਸਟੀ ਪ੍ਰਤੀ ਵਫਾਦਾਰੀ ਉਕਰੀ ਹੋਈ ਹੈ।
ਮੇਰਾ ਪਿਤਾ ਇੰਗਲੈਂਡ ਦੀ ਧਿਰ ਸੀ। ਮੈਨੂੰ ਵੀ ਮੇਰੀ ਸਰਕਾਰ ਨਾਲ ਨੇੜਤਾ ਰੱਖਣ ਦਾ ਮਾਣ
ਹਾਸਲ ਹੈ। ਪਿਛਲੇ ਪੈਂਤੀ ਸਾਲ ਤੋਂ ਮੈਂ ਮਹਾਂਰਾਣੀ ਪ੍ਰਤੀ ਵਫਾਦਾਰ ਰਿਹਾ ਹਾਂ, ਮੈਂ ਕਦੇ
ਵੀ ਗੱਦਾਰ ਨਹੀਂ ਬਣ ਸਕਦਾ। ਇਹ ਤਾਂ ਹੋ ਸਕਦਾ ਹੈ ਕਿ ਮੈਂ ਆਪਣੇ ਪਿੱਤਰਾਂ ਵਾਲਾ ਧਰਮ ਮੁੜ
ਕੇ ਅਪਣਾ ਲਵਾਂ ਤੇ ਮੁੜ ਹਿੰਦੁਸਤਾਨ ਵਿਚ ਜਾ ਕੇ ਰਹਿਣ ਲਗ ਪਵਾਂ ਪਰ ਹਰ ਮੈਜਿਸਟੀ ਪ੍ਰਤੀ
ਵਫਾਦਾਰ ਰਹਾਂਗਾ। ...ਮੈਂ ਜਿਸ ਗੱਲ ਬਾਰੇ ਅਗਾਹ ਕਰਾਉਣਾ ਚਾਹੁੰਦਾ ਹਾਂ ਉਹ ਇਹ ਹੈ ਕਿ
ਹਿੰਦੁਸਤਾਨ ਵਿਚ ਮੇਰੇ ਨਾਲ ਬੇਇਨਸਾਫੀ ਕਾਰਨ ਇੰਗਲੈਂਡ ਦੇ ਖਿਲਾਫ ਸਖਤ ਹਵਾ ਵਗ ਰਹੀ ਹੈ ਤੇ
ਰੂਸ ਇਸ ਦਾ ਫਾਇਦਾ ਉਠਾਉਣ ਬਾਰੇ ਵਿਚਾਰ ਕਰ ਰਿਹਾ ਹੈ ਕਿਉਂਕਿ ਹਿੁੰਦਸਤਾਨ ਦੇ ਲੋਕ ਤੇ
ਸਾਰੇ ਰਾਜੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਹਨ ਤੇ ਰੂਸ ਆਪਣੀਆਂ ਫੌਜਾਂ ਜਲਦੀ ਹੀ
ਹਿੰਦੁਸਤਾਨ ਵਲ ਵਧਾ ਸਕਦਾ ਹੈ।’
ਪੌਨਸਨਬੀ ਨੇ ਚਿੱਠੀ ਪੜ੍ਹੀ ਪਰ ਇਹ ਅਗੇ ਮਹਾਂਰਾਣੀ ਨੂੰ ਨਾ ਦਿਤੀ। ਮਹਾਂਰਾਜੇ ਦੀ ਹਰ
ਚਿੱਠੀ ਮਹਾਂਰਾਣੀ ਤਕ ਪੁੱਜਣ ਤੋਂ ਪਹਿਲਾਂ ਇਕ ਵਾਰੀ ਪੜ੍ਹੀ ਜਾਂਦੀ ਸੀ। ਮਹਾਂਰਾਜੇ ਦੀਆਂ
ਲਿਖੀਆਂ ਕਈ ਚਿੱਠੀਆਂ ਅਜਿਹੀਆਂ ਵੀ ਹੁੰਦੀਆਂ ਕਿ ਮਹਾਂਰਾਣੀ ਨੂੰ ਦਿਤੀਆਂ ਹੀ ਨਾ ਜਾਂਦੀਆਂ।
ਉਸ ਨੂੰ ਇਹ ਚਿੱਠੀ ਬਹੁਤ ਖਤਰਨਾਕ ਲਗ ਰਹੀ ਸੀ। ਮਹਾਂਰਾਜੇ ਨੇ ਮਹਾਂਰਾਣੀ ਨੂੰ ਤੋਹਫੇ ਦੇ
ਤੌਰ ‘ਤੇ ਇਕ ਵਿਸ਼ੇਸ਼ ਕਿਸਮ ਦਾ ਪੇਪਰ ਵਿਚ ਲਪੇਟਿਆ ਚਾਕੂ ਵੀ ਭੇਜਿਆ ਸੀ। ਪੌਨਸਨਬੀ ਸੋਚ
ਰਿਹਾ ਸੀ ਕਿ ਇਹ ਪੇਪਰ-ਨਾਈਫ ਸ਼ਾਇਦ ਪਿੱਠ ਵਿਚ ਛੁਰਾ ਮਾਰਨ ਦਾ ਚਿੰਨ ਹੋਵੇ। ਰੂਸੀ ਹਮਲੇ
ਵਾਲੀ ਗੱਲ ਵੀ ਉਸ ਨੂੰ ਫਜ਼ੂਲ ਜਿਹੀ ਹੀ ਲਗ ਰਹੀ ਸੀ। ਇਹ ਠੀਕ ਸੀ ਕਿ ਰੂਸ ਤੇ ਇੰਗਲੈਂਡ ਦੀ
ਇਤਹਾਸਕ ਦੁਸ਼ਮਣੀ ਚਲੀ ਆ ਰਹੀ ਸੀ ਪਰ ਰੂਸ ਏਨੀ ਦੂਰ ਤਕ ਜਾ ਕੇ ਹਿੰਦੁਸਤਾਨ ਉਪਰ ਹਮਲਾ
ਕਰੇਗਾ ਇਹ ਮੰਨਣ ਲਈ ਉਹ ਤਿਆਰ ਨਹੀਂ ਸੀ। ਇਸ ਖੇਤਰ ਵਿਚ ਕੰਮ ਕਰ ਰਹੇ ਉਹਨਾਂ ਦੇ ਜਸੂਸਾਂ
ਨੇ ਅਜਿਹੀ ਕੋਈ ਖ਼ਬਰ ਨਹੀਂ ਸੀ ਦਿਤੀ। ਉਸ ਨੇ ਆਪਣੇ ਨਾਲ ਦੇ ਅਧਿਕਾਰੀ ਸਰ ਜੇਮਜ਼ ਟੁਟ ਨੂੰ
ਚਿੱਠੀ ਬਾਰੇ ਗੱਲ ਕਰਦਿਆਂ ਆਖਿਆ,
“ਇਹ ਬੰਦਾ ਸਾਡੇ ਸੋਚਣ ਤੋ ਜਿ਼ਆਦਾ ਖਤਰਨਾਕ ਏ। ਇਹ ਸਾਡੇ ਰੂਸ ਨਾਲ ਅਣ-ਸੁਖਾਵੇਂ ਸਬੰਧਾਂ
ਵਿਚੋਂ ਫਾਇਦਾ ਉਠਾਉਣ ਦੀ ਕੋਸਿ਼ਸ਼ ਕਰਨੀ ਚਾਹੁੰਦਾ ਏ ਪਰ ਮੂਰਖ ਨਹੀਂ ਜਾਣਦਾ ਕਿ ਦੋ
ਮੁਲਕਾਂ ਦੇ ਸਬੰਧ ਇਸ ਵਰਗੇ ਨਿਕੰਮੇ ਬੰਦੇ ਦੇ ਭਰੋਸੇ ‘ਤੇ ਨਹੀਂ ਹੁੰਦੇ। ਜੇ ਹਰ ਮੈਜਿਸਟੀ
ਨੂੰ ਪਤਾ ਚਲੇਗਾ ਤਾਂ ਉਹਨਾਂ ਨੂੰ ਤਕਲੀਫ ਹੋਵੇਗੀ।”
“ਸਰ, ਮਹਾਂਰਾਜਾ ਹੁਣ ਧਰਮ ਬਦਲਣ ਦੇ ਰਾਹ ‘ਤੇ ਤੁਰ ਪਿਆ ਏ, ਇਹ ਵੀ ਬਦਨਾਮੀ ਵਾਲੀ ਗੱਲ
ਹੋਣੀ ਏਂ।”
“ਮੈਨੂੰ ਤਾਂ ਇਹ ਵੀ ਇਕ ਡਰਾਵਾ ਹੀ ਲਗ ਰਿਹਾ ਏ। ਇਸੇ ਹਫਤੇ ਇਸਨੇ ਚਰਚ ਦੀਆਂ ਕੰਧਾਂ ਉਪਰ
ਨਵਾਂ ਰੋਗਨ ਕਰਵਾਇਆ ਏ ਪਰ ਜੋ ਵੀ ਏ ਇਹ ਚਿੱਠੀ ਹਰ ਮੈਜਿਸਟੀ ਲਈ ਤਕਲੀਫਦੇਹ ਹੋਵੇਗੀ।”
ਉਸ ਨੇ ਇਹ ਚਿੱਠੀ ਮਹਾਂਰਾਣੀ ਨੂੰ ਨਾ ਭੇਜ ਕੇ ਪਰਿੰਸ ਔਫ ਵੇਲਜ਼ ਨੂੰ ਭੇਜ ਦਿਤੀ ਤੇ ਨਾਲ
ਹੀ ਇਸ ਦੀ ਇਕ ਕਾਪੀ ਸਰਕਾਰ ਦੇ ਇਕ ਹੋਰ ਮੁਖੀ ਸਰ ਫਰਾਂਸਿਸ ਨੋਲੀ ਨੂੰ ਪੁੱਜਦੀ ਕਰ ਦਿਤੀ।
ਪਰਿੰਸ ਔਫ ਵੇਲਜ਼ ਮਹਾਂਰਾਜੇ ਦੇ ਨਾਲ ਹੀ ਵੱਡਾ ਹੋਇਆ ਸੀ। ਉਸ ਨੂੰ ਵੀ ਉਸ ਦੀ ਸਥਿਤੀ ਬਾਰੇ
ਦੁੱਖ ਸੀ। ਉਸ ਨੇ ਇਸ ਚਿੱਠੀ ਦਾ ਕੋਈ ਨੋਟਿਸ ਨਾ ਲਿਆ ਪਰ ਸਰ ਫਰਾਂਸਿਸ ਨੋਲੀ ਬਹੁਤ ਔਖਾ
ਹੋਇਆ। ਉਸ ਨੇ ਜਬਰਦਸਤ ਲਫਜ਼ਾਂ ਵਿਚ ਵਾਪਸ ਲਿਖਿਆ;
‘...ਮਹਾਂਰਾਜੇ ਨੇ ਹਿੰਦੁਸਤਾਨੀ ਹੋਣ ਵਾਲੇ ਸਾਰੇ ਅਵਗੁਣ ਅਪਣਾਈ ਰੱਖੇ ਹਨ ਤੇ ਯੌਰਪੀਅਨ
ਹੋਣ ਦਾ ਇਕ ਵੀ ਚੰਗਾ ਗੁਣ ਨਹੀਂ ਗ੍ਰਹਿਣ ਕੀਤਾ। ਧਰਮ ਬਦਲਣ ਸਮੇਂ ਕੁਝ ਅਜਿਹੇ ਲੋਕ ਵੀ
ਹੁੰਦੇ ਹਨ ਜੋ ਅਪਣਾਏ ਧਰਮ ਨਾਲ ਵਫਾਦਾਰੀ ਨਹੀਂ ਨਿਭਾ ਸਕਦੇ, ਮਹਾਂਰਾਜਾ ਵੀ ਅਜਿਹਾ ਹੀ
ਭੈੜਾ ਆਦਮੀ ਹੈ।’
(ਤਿਆਰੀ ਅਧੀਨ ਨਾਵਲ: ‘ਆਪਣਾ’ ਵਿਚੋਂ)
-0-
|