ਉਸਨੂੰ ਗਲ੍ਹੀਆਂ ਵਿੱਚ
ਆਪਣੇ ਆਪ ਨਾਲ ਗਲਾਂ ਕਰਦਿਆਂ ਤੇ ਕਈ ਵਾਰ ਨੌਕਰ ਦਾ ਨਾਂ ਲੈ ਲੈ ਕੇ ਕੀਰਨੇ ਪਾ ਕੇ ਰੋਦਿਆਂ,
ਮੈਂ ਹੀ ਨਹੀਂ ਸਗੋਂ ਬਹੁਤ ਸਾਰੇ ਪਿੰਡ ਦੇ ਲੋਕਾਂ ਨੇ ਅਕਸਰ ਦੇਖਿਆ ਹੋਵੇਗਾ। ਜਦਂੋ ਵੀ ਕੋਈ
ਉਸ ਬਾਰੇ ਗਲ ਕਰਦਾ ਤਾਂ ਇਕਲਾ ਸੰਤੀ ਕਹਿਣ ਦੀ ਬਜਾਏ ਨੌਕਰ ਦੀ ਸੰਤੀ ਕਹਿ ਕੇ ਕਰਦਾ। ਸੰਤੀ
ਨਾਂ ਵੀ ਉਸ ਦਾ ਆਪਣਾ ਸੀ ਜਾਂ ਪਤਾ ਨਹੀਂ ਕਿਸ ਨੇ ਰਖਿਆ ਹੋਵੇਗਾ? ਮੈਂ ਕਈ ਵਾਰ ਸੋਚਦੀ, ਹੋ
ਸਕਦਾ ਉਸਦਾ ਨਾਂ ਸਾਂਤੀ ਹੋਵੇ ਤੇ ਲੋਕਾਂ ਨੇ ਸਾਂਤੀ ਦੀ ਬਜਾਏ ਸੰਤੀ ਕਹਿਣਾ ਸ਼ੁਰੂ ਕਰ
ਦਿਤਾ ਹੋਵੇ। ਨੌਕਰ ਕੌਣ ਸੀ, ਇਹ ਵੀ ਮੇਰੇ ਲਈ ਤਾਂ ਇੱਕ ਬੁਝਾਰਤ ਸੀ, ਸ਼ਾਇਦ ਹੋਰ ਲੋਕਾਂ
ਨੂੰ ਪਤਾ ਹੋਵੇ। ਉਸ ਦਾ ਝਂੋਪੜੀ ਨੁਮਾ ਘਰ ਵੀ ਛੱਪੜ ਦੇ ਸਾਹਮਣੇ ਸਾਡੇ ਘਰ ਤੋਂ ਦੂਰ ਪਿੰਡ
ਦੇ ਦੂਸਰੇ ਪਾਸੇ ਪੈਂਦਾ ਸੀ। ਘਰ ਵੀ ਕਾਹਦਾ? ਮਿੱਟੀ ਤੇ ਕੱਖਾਂ ਦਾ ਛੋਟਾ ਜਿਹਾ ਕੋਠਾ ਸੀ,
ਜੋ ਸਾਡੇ ਸਕੂਲ ਦੇ ਬਿਲਕੁਲ ਨਾਲ ਲੁਹਾਰ ਦੀ ਦੁਕਾਨ ਛੱਡ ਕੇ ਪੈਂਦਾ ਸੀ। ਮੈਂ ਆਪਣੀ ਸਹੇਲੀ
ਜਿਸਦਾ ਘਰ ਪਿੰਡ ਦੇ ਦੂਸਰੇ ਪਾਸੇ ਪੈਂਦਾ ਸੀ, ਦੇ ਜਾਂਦੀ ਹੋਈ ਨੇ ਉਸ ਦੇ ਘਰ ਵੱਲ ਸਿਰਫ਼
ਦੋ ਜਾਂ ਤਿੰਨ ਵਾਰ ਨਜ਼ਰ ਮਾਰੀ ਹੋਵੇਗੀ। ਇੱਕ ਵਾਰ ਉਹ ਆਪਣੇ ਕੋਠੇ ਦੇ ਬਾਹਰ ਟੁਟੀ ਜਿਹੀ
ਮੰਜੀ ਤੇ ਨੰਗੇ ਸਿਰ ਆਪਣੇ ਛੋਟੇ ਛੋਟੇ ਵਾਲਾਂ ਦਾ ਛੱਤਾ ਜਿਹਾ ਖਿਲਾਰ ਕੇ ਬੈਠੀ ਸੀ ਜਿਵੇਂ
ਸਿਰ ਨ੍ਹਾਹ ਕੇ ਆਪਣੇ ਚਾਂਦੀ ਰੰਗੇ ਵਾਲ ਸੁਕਾ ਰਹੀ ਹੋਵੇ। ਦੂਸਰੀ ਵਾਰ ਕੋਠੇ ਦੇ ਬਾਹਰ
ਬਣਾਏ ਮਿੱਟੀ ਦੇ ਚੁਲ੍ਹੇ ਤੇ ਤਵਾ ਰਖ ਕੇ ਰੋਟੀਆ ਪਕਾ ਰਹੀ ਸੀ। ਉਸ ਦੇ ਘਰ ਨੂੰ ਕੋਈ ਵਲਗਣ
ਨਹੀਂ ਕੀਤੀ ਹੋਈ ਸੀ। ਨਾ ਹੀ ਘਰ ਦੇ ਹਾਤੇ ਵਿੱਚ ਕੋਈ ਪਾਣੀ ਦਾ ਨਲਕਾ ਸੀ। ਉਹ ਸਕੂਲ ਦੇ
ਨਲਕੇ ਤੋਂ ਜਦੋਂ ਕਦੇ ਪਾਣੀ ਦੀ ਬਾਲਟੀ ਭਰਨ ਆਉਦੀਂ ਤਾਂ ਸਕੂਲ ਦੇ ਨਿਆਣੇ ਉਸ ਨੂੰ ਛੇੜਦੇ,
ਉਹ ਅਗਿਉਂ ਉਨ੍ਹਾਂ ਨੂੰ ਹਿੰਦੀ, ਪੰਜਾਬੀ ਤੇ ਪਤਾ ਨਹੀਂ ਹੋਰ ਕਿਹੜੀ ਭਾਸ਼ਾ ਵਿੱਚ ਰਲਾ
ਮਿਲਾ ਕੇ ਉਚੀ ਉਚੀ ਬੋਲ ਕੇ ਗਾਲ੍ਹਾਂ ਕਢਦੀ, ਜਿਨ੍ਹਾਂ ਦੀ ਸਮਝ ਕਿਸੇ ਨੂੰ ਘਟ ਹੀ ਲਗਦੀ।
ਨਿਆਣੇ ਉਸ ਦੇ ਅਗੇ ਏਵੇਂ ਹਿੜ ਹਿੜ ਕਰਦੇ ਭੱਜ ਜਾਂਦੇ।
ਮੈਂਨੂੰ ਉਸ ਤੋਂ ਬਹੁਤ ਡਰ ਲਗੱਦਾ ਸੀ ਕਿਉਂਕਿ ਮੈਂਨੂੰ ਉਸਦਾ ਸਾਹਮਣਾ ਬਹੁਤ ਵਾਰੀ ਕਰਨਾ
ਪੈਂਦਾ ਸੀ। ਸਾਡੀ ਬਾਕੀ ਦੀ ਜ਼ਮੀਨ ਤਾਂ ਪਿੰਡ ਤੋਂ ਕੁਝ ਹੱਟਵੀ, ਲਾਗਲੇ ਪਿੰਡ ਨਾਲ ਲੱਗਦੀ
ਸੀ, ਸਿਰਫ਼ ਇੱਕ ਖੇਤ ਹੀ ਪਿੰਡ ਦੇ ਨਾਲ ਲਗੱਦਾ ਸੀ। ਨੌਕਰ ਦੀ ਸੰਤੀ ਦਾ ਸਾਡੇ ਪਿੰਡ ਵਿੱਚ
ਇਕ ਹੀ ਖੇਤ ਸੀ ਜੋ ਸਾਡੇ ਖੇਤ ਦੇ ਉਰਲੇ ਪਾਸੇ ਪੈਂਦਾ ਸੀ। ਸਾਨੂੰ ਉਹਦੇ ਖੇਤ ਦੇ ਬੰਨੇ
ਉਤੋਂ ਦੀ ਲੰਘਕੇ ਜਾਣਾ ਪੈਂਦਾ ਸੀ। ਉਂਜ ਸਾਡੇ ਖੇਤ ਨੂੰ ਫਿਰਨੀ (ਛੋਟਾ ਜਿਹਾ ਰਸਤਾ) ਵੀ
ਪੈਂਦੀ ਸੀ। ਫਿਰਨੀ ਵਲ ਦੀ ਜਾਣਾ ਕਾਫ਼ੀ ਦੂਰ ਪੈਂਦਾ ਹੋਣ ਕਰਕੇ ਅਸੀਂ ਉਧਰ ਦੀ ਬਹੁਤ ਘਟ ਹੀ
ਲੰਘਦੇ ਤੇ ਜਿ਼ਆਦਾ ਤਰ ਨੌਕਰ ਦੀ ਸੰਤੀ ਦੇ ਖੇਤ ਦੇ ਬੰਨੇ ਰਾਹੀਂ ਹੀ ਆਪਣੇ ਖੇਤ ਵੱਲ
ਜਾਂਦੇ। ਉਸਦੀ ਫ਼ਸਲ ਦਾ ਪੂਰਾ ਖਿਆਲ ਰਖਦਿਆ ਹੋਇਆ, ਆਪਣੇ ਪੈਰ ਖੇਤ ਵਿੱਚ ਰਖਣ ਤੋਂ ਗੁਰੇਜ਼
ਕਰਦੇ। ਬੰਨੇ ਉਤੇ ਇੱਕ ਟਾਹਲੀ ਦਾ ਦਰਖ਼ਤ ਸੀ,ਜਿਸ ਦੀ ਛਾਵੇਂ ਉਹ ਗਰਮੀਆਂ ਦੀ ਰੁਤੇ ਸਵੇਰ
ਤੋਂ ਹੀ ਆਪਣੀ ਫ਼ਸਲ ਦੀ ਰਾਖੀ ਕਰਨ ਦੇ ਬਹਾਨੇ ਜਾ ਬੈਠਦੀ। ਸਰਦੀ ਦੀ ਰੁਤੇ ਵੀ ਉਹ ਆਪਣੇ
ਖੇਤ ਵੱਲ ਗੇੜਾ ਜਰੂਰ ਮਾਰਦੀ। ਫ਼ਸਲ ਤਾਂ ਭਾਵੇਂ ਪਿੰਡ ਦੇ ਕਿਸੇ ਜਿ਼ਮੀਦਾਰ ਕੋਲਂੋ ਅੱਧ ਤੇ
ਬਿਜਾਈ ਹੋਵੇ, ਪਰ ਉਹ ਫ਼ਸਲ ਦੀ ਰਾਖੀ ਪੂਰੀ ਜਿ਼ਮੇਵਾਰੀ ਨਾਲ ਕਰਦੀ। ਉਸਦੇ ਖੇਤ ਵਿੱਚ
ਹੁੰਦਿਆ ਹੋਇਆ, ਸਾਡੇ ਘਰ ਦਾ ਕੋਈ ਵੀ ਜੀ ਉਥੋ ਦੀ ਲੰਘਦਾ ਤਾਂ ਉਹ ਰੋਕਣ ਦੀ ਕੋਸਿ਼ਸ਼
ਕਰਦੀ। ਅਸੀਂ ਚੁਪ-ਚਾਪ ਲੰਘ ਜਾਂਦੇ ਤਾਂ ਉਹ ਗਾਲ੍ਹਾਂ ਕਢਦੀ ਤੇ ਕਈ ਵਾਰ ਢੀਮਾਂ ਵੀ ਮਾਰਦੀ।
ਇੱਕ ਦਿਨ ਮੈਂ ਆਪਣੀ ਬੀਜੀ ਕੋਲੋਂ ਪੁਛਿਆ,”ਬੀਜੀ ਨੌਕਰ ਦੀ ਸੰਤੀ ਸਾਡੇ ਨਾਲ ਇੰਜ ਕਿਉਂ
ਕਰਦੀ ਆ?” ਬੀਜੀ ਕਹਿਣ ਲੱਗੇ,” ਉਸਦਾ ਗੁਸਾ ਨਾ ਕਰੋ, ਉਹ ਸਭ ਨਾਲ ਇਸ ਤਰ੍ਹਾਂ ਹੀ ਕਰਦੀ ਆ,
ਮੈਂ ਵੀ ਜਦੋਂ ਉਥੋਂ ਦੀ ਲੰਘਦੀ ਹਾਂ ਉਹ ਮੈਂਨੂੰ ਵੀ ਗਾਲ੍ਹਾਂ ਕਢਦੀ ਆ, ਕਈ ਵਾਰ ਢੀਮਾਂ ਵੀ
ਮਾਰਦੀ ਆ। ਇਕ ਦਿਨ ਤੇਰੀ ਚਾਚੀ ਵੀ ਆਪਣੇ ਖੇਤ ਚੋਂ ਸਾਗ ਤੋੜਣ ਲਈ ਉਥੋਂ ਦੀ ਲੰਘ ਕੇ ਗਈ
ਸੀ, ਉਸ ਨਾਲ ਵੀ ਉਸਨੇ ਇੰਜ ਹੀ ਕੀਤਾ ਸੀ। ਇੱਕ ਕੱਲੀ ਕਾਰੀ, ਦੂਸਰੀ ਉਮਰ ਕਾਫ਼ੀ ਸਿਆਣੀ,
ਇਹੋ ਜਿਹੇ ਹਾਲ ‘ਚ ਦਿਮਾਗ਼ ਕਿਹੜਾ ਬੰਦੇ ਦਾ ਠੀਕ ਰਹਿੰਦਾ। ਤੁਸੀਂ ਫਿਰਨੀ ਵੱਲ ਦੀ ਹੋ ਕੇ
ਚਲੇ ਜਾਇਆ ਕਰੋ।” ਬੀਜੀ ਦਾ ਉਤਰ ਸੁਣ ਕੇ ਮੇਰੇ ਜ਼ਹਿਨ ਵਿੱਚ ਇਕੋ ਸਮੇਂ ਬਹੁਤ ਸਾਰੇ ਸੁਵਾਲ
ਉਗਮ ਪਏ। ਮੈਂ ਇਕੇ ਸਾਹੇ ਸਾਰੇ ਸੁਵਾਲ ਪੁਛਣ ਦੀ ਕਾਹਲ ਵਿੱਚ ਕਹਿਣਾ ਸ਼ੂਰੁ ਕੀਤਾ,” ਬੀਜੀ
ਸੰਤੀ ਨੂੰ ਨੌਕਰ ਦੀ ਸੰਤੀ ਕਿਉਂ ਕਹਿੰਦੇ? ਉਹ ਨੌਕਰ ਕੌਣ ਆ ਤੇ ਕਿਥੇ ਰਹਿੰਦਾ? ਸੰਤੀ ਦੇ
ਪੇਕੇ ਕਿਥੇ ਆ? ਇਹਦੇ ਬੱਚੇ ਤੇ ਕੋਈ ਰਿਸ਼ਤੇਦਾਰ ਕਿਉਂ ਨਹੀਂ ਹੈ? ਬੀਜੀ ਨੇ ਦੱਸਣਾ ਸ਼ੂਰੁ
ਕੀਤਾ,” ਬਹੁਤਾ ਤਾਂ ਮੈਂਨੂੰ ਵੀ ਸੰਤੀ ਬਾਰੇ ਪਤਾ ਨਹੀਂ ਜਿਨਾ ਕੁ ਮੈਂ ਸੁਣਿਆ ਦੱਸ ਦੇਂਦੀ
ਆ। ਸੰਤੀ ਦਾ ਘਰਵਾਲਾ ਜਿਸ ਨੂੰ ਲੋਕ ਨੌਕਰ ਆਖਦੇ, ਮੈਂ ਵੀ ਨਹੀਂ ਦੇਖਿਆ। ਮੇਰੇ ਵਿਆਹ ਤੋਂ
ਪਹਿਲਾਂ ਦੀਆਂ ਗਲ੍ਹਾਂ ਜੋ ਲੋਕਾਂ ਕੋਲਂੋ ਸੁਣੀਆਂ ਹਨ। ਸੰਤੀ ਦੇ ਘਰਵਾਲਾ ਜੋ ਅਪਣੇ
ਮਾਂ-ਬਾਪ ਦਾ ਇਕੱਲਾ ਪੁਤ ਸੀ। ਅਜੇ ਉਸ ਨੇ ਜਵਾਨੀ ‘ਚ ਪੈਰ ਹੀ ਧਰਿਆ ਸੀ, ਪਹਿਲਾਂ ਮਾਂ ਮਰ
ਗਈ, ਮਗਰੇ ਕੁਝ ਚਿਰ ਬਾਦ ਪਿਉ ਵੀ ਚੱਲ ਵਸਿਆ। ਜ਼ਮੀਨ ਦਾ ਇਕੋ ਖੇਤ ਸੀ, ਕਹਿੰਦੇ ਨੇ ਕਿ
ਕਿਸੇ ਬਾਹਰਲੇ ਸੂਬੇ ਵਿੱਚ ਨੌਕਰੀ ਕਰਨ ਚਲਾ ਗਿਆ। ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ
ਨੌਕਰੀ ਕੀ ਕਰਦਾ ਸੀ? ਪਰ ਜਦੋਂ ਪਿੰਡ ਆਉਂਦਾ ਸੀ ਤਾਂ ਲੋਕ ਉਸ ਨੂੰ ਨੌਕਰ ਕਹਿਕੇ ਹੀ
ਬੁਲਾਉਂਦੇ ਸਨ। ਅਜ ਤੱਕ ਮੈਂ ਕਿਸੇ ਦੇ ਮੂਹੋਂ ਉਸਦਾ ਅਸਲੀ ਨਾਂ ਸੁਣਿਆ ਨਹੀਂ । ਪਤਾ ਨਹੀਂ
ਕਿਸੇ ਨੂੰ ਉਹਦੇ ਨਾਂ ਦਾ ਪਤਾ ਵੀ ਹੈ ਕਿ ਨਹੀਂ” ਕਹਿ ਕੇ ਬੀਜੀ ਚੁੱਪ ਕਰ ਗਏ ਜਿਵੇਂ ਆਪਣੀ
ਯਾਦਾਂ ਦੀ ਪਟਾਰੀ ਚੋ ਕੁਝ ਫਰੋਲ ਰਹੇ ਹੋਣ। ਮੈਂ ਬੇਸਬਰੀ ਨਾਲ ਕਿਹਾ, ਬੀਜੀ ਅਗੇ ਵੀ ਦਸੋ।
ਬੀਜੀ ਨੇ ਠੰਡਾ ਜਿਹਾ ਹੋਕਾ ਲਿਆ ਜਿਵੇਂ ਉਸਨੂੰ ਨੌਕਰ ਜਾਂ ਸੰਤੀ ਤੇ ਤਰਸ ਜਿਹਾ ਆ ਗਿਆ
ਹੋਵੇ ਤੇ ਨਾਲ ਹੀ ਫਿਰ ਕਹਿਣਾ ਸ਼ੁਰੂ ਕੀਤਾ,” ਨੌਕਰ ਵਿਚਾਰੇ ਦਾ ਨਾ ਮਾਂ-ਬਾਪ ਤੇ ਨਾ
ਬਹੁਤੀ ਜ਼ਮੀਨ ਜਇਦਾਦ। ਉਸਨੂੰ ਰਿਸ਼ਤਾ ਕਹਿਨੇ ਕਰਨਾ ਸੀ? ਆਪਣੀ ਵਿਆਹ ਦੀ ਉਮਰ ਟੱਪਣ ਤੋਂ
ਪਹਿਲਾ ਹੀ ਉਹ ਬਾਹਰਲੇ ਕਿਸੇ ਸੂਬੇ ਚੋਂ ਕੁਦੇਸਣ ਲੈ ਆਇਆ, ਜਿਸ ਦਾ ਨਾਂ ਉਸਨੇ ਪਿੰਡ ਵਿੱਚ
ਲੋਕਾਂ ਨੂੰ ਸੰਤੀ ਦਸਿਆ। ਪਤਾ ਨਹੀਂ ਇਹ ਨਾਂ ਨੌਕਰ ਨੇ ਆਪ ਹੀ ਰਖਿਆ ਜਾਂ ਉਹਦੇ ਮਾਪਿਆ ਨੇ।
ਜਵਾਨੀ ਵੇਲੇ ਦੇਖਣ ਨੂੰ ਚੰਗੀ ਜੱਚਦੀ ਸੀ, ਪਰ ਸੁਭਾਅ ਦੀ ਕਾਫ਼ੀ ਕੌੜੀ ਸੀ। ਕੀ ਮਜਾਲ ਸੀ
ਕਿਸੇ ਦੀ ਕਿ ਉਹਦੇ ਅਗੇ ਪਿਛੇ ਬਾਰੇ ਜਾਂ ਉਹਦੇ ਬਾਰੇ ਕੋਈ ਸੁਵਾਲ ਪੁਛ ਸਕੇ। ਦਸਦੇ ਹੁੰਦੇ
ਬਈ ਅਜੇ ਸੰਤੀ ਆਈ ਨੂੰ ਥੋੜਾ ਸਮਾਂ ਹੀ ਹੋਇਆ ਸੀ ਕਿ ਨੌਕਰ ਦੀ ਮੌਤ ਹੋ ਗਈ, ਨਾ ਕੋਈ ਬਾਲ
ਨਾ ਬੱਚਾ, ਏਦਾ ਦਾ ਬੁਖ਼ਾਰ ਚੜ੍ਹਿਆ, ਵਿਚਾਰੇ ਨੂੰ ਜਾਨੋ ਖ਼ਤਮ ਕਰ ਗਿਆ” ਕਹਿੰਦਿਆ ਹੋਇਆ
ਮਾਂ ਦੀਆ ਅੱਖਾਂ ਪਾਣੀ ਨਾਲ ਭਰ ਗਈਆਂ। ਭਰੇ ਹੋਏ ਗੱਚ ਨਾਲ ਮਾਂ ਬੋਲੀ,”ਭਾਵੇਂ ਨੌਕਰ ਤਾਂ
ਚਲ ਵਸਿਆ ਪਰ ਸਦਕੇ ਜਾਈਏ ਸੰਤੀ ਦੇ ਜੋ ਅਜ ਤਕ ਇਸੇ ਪਿੰਡ ਵਿੱਚ ਟਿਕੀ ਹੋਈ ਆ। ਜਵਾਨੀ ਤੋਂ
ਲੈ ਕੇ ਅਜ ਤਕ ਕੀ ਮਜਾਲ ਕਿਸੇ ਦੀ ਉਹਦੇ ਵੱਲ ਅੱਖ ਚੁਕ ਕੇ ਵੀ ਦੇਖ ਸਕੇ। ਇਕੋ ਖੇਤ ਚੋ
ਗੁਜ਼ਾਰਾ ਕਰਦੀ ਆ। ਕਦੇ ਕਿਸੇ ਦੇ ਮੰਗਣ ਨਹੀਂ ਗਈ, ਕੋਈ ਆਪਣੀ ਖੁਸ਼ੀ ਨਾਲ ਕੋਈ ਲੀੜਾ
ਕਪੱੜਾ ਦੇ ਦੇਵੇ ਤਾਂ ਲੈ ਲੈਂਦੀ ਆ” ਬੀਜੀ ਦੀਆਂ ਗਲ੍ਹਾਂ ਸੁਣਕੇ ਨੌਕਰ ਦੀ ਸੰਤੀ ਪ੍ਰਤੀ
ਮੇਰਾ ਸਾਰਾ ਗੁੱਸਾ ਠੰਡਾ ਹੋ ਗਿਆ।
ਕਈ ਸਾਲਾਂ ਤੋਂ ਨੌਕਰ ਦੀ ਸੰਤੀ ਨੇ ਆਪਣਾ ਖੇਤ ਆਪਣੇ ਘਰ ਨਾਲ ਲੱਗਦੇ ਜਿ਼ਮੀਦਾਰਾਂ ਨੂੰ ਅੱਧ
ਤੇ ਵਾਹੁਣ ਨੂੰ ਦਿਤਾ ਹੋਇਆ ਸੀ ਪਰ ਫਸ਼ਲ ਦੀ ਰਾਖੀ ਉਹ ਖ਼ੁਦ ਕਰਦੀ। ਬੀਜੀ ਦੀਆਂ ਗਲ੍ਹਾਂ
ਸੁਨਣ ਤੋਂ ਬਾਦ ਵੀ ਅਸੀਂ ਉਹਦੇ ਖੇਤ ਦੇ ਬੰਨੇ ਉਤੋਂ ਦੀ ਭੱਜ ਕੇ ਲੰਘ ਜਾਂਦੇ ਉਹ ਬੋਲਦੀ
ਰਹਿੰਦੀ। ਸਾਲ ਕੁ ਬਾਦ ਸੰਤੀ ਦੇ ਖੇਤ ਵਿੱਚ ਸਾਡੀ ਗਲੀ ਵਿੱਚ ਰਹਿੰਦੇ ਲੰਬੜਦਾਰ ਨੇ ਫ਼ਸਲ
ਦੀ ਬਿਜਾਈ ਕਰਨੀ ਸ਼ੂਰੁ ਕਰ ਦਿਤੀ। ਹੁਣ ਸੰਤੀ ਫ਼ਸਲ ਦੀ ਰਾਖੀ ਕਰਨੋਂ ਹਟ ਗਈ ਸੀ ਤੇ ਸਾਨੂੰ
ਇਸ ਗਲ ਦੀ ਬਹੁਤ ਖੁਸ਼ੀ ਹੋਈ ਕਿ ਹੁਣ ਉਹ ਸਾਨੂੰ ਆਪਣੇ ਖੇਤ ਦੇ ਬੰਨੇ ਉਤੋਂ ਦੀ ਲੰਘਦਿਆ,
ਨਾ ਹੀ ਰੋਕਦੀ ਸੀ ਤੇ ਨਾ ਹੀ ਗਾਲ੍ਹਾਂ ਕਢਦੀ ਸੀ। ਉਂਜ ਅਸੀਂ ਉਸਨੂੰ ਆਪਣੀ ਗਲੀ ਵਿੱਚ ਦੀ
ਚੁਪ-ਚਾਪ ਲੰਘ ਕੇ ਲੰਬੜਦਾਰ ਦੇ ਘਰ ਜਾਂਦਿਆ ਜਰੂਰ ਦੇਖਦੇ। ਉਹਦੇ ਹੱਥ ਵਿੱਚ ਥਾਲੀ, ਕੌਲੀ
ਤੇ ਗਲਾਸ ਫੜਿਆ ਹੁੰਦਾ ਜਿਸ ਤੋਂ ਅਸੀਂ ਅੰਦਾਜਾ ਲਾ ਲੈਂਦੇ ਕਿ ਸ਼ਾਇਦ ਇਸਨੇ ਆਪਣੀ ਜ਼ਮੀਨ
ਲੰਬੜਦਾਰ ਨੂੰ ਠੇਕੇ ਤੇ ਦੇ ਦਿਤੀ ਹੋਵੇ। ਉਹਦੀ ਉਮਰ ਦਾ ਤਕਾਜ਼ਾ ਦੇਖ ਕੇ ਨਾਲ ਰੋਟੀ ਪਾਣੀ
ਦਾ ਵੀ ਪ੍ਰਬੰਧ ਕਰ ਦਿਤਾ ਹੋਵੇ।
ਇਕ ਦਿਨ ਸਵੇਰ ਦੀ ਰੋਟੀ ਦਾ ਵਕਤ ਸੀ । ਬੀਜੀ ਰੋਟੀ ਤਿਆਰ ਕਰਕੇ ਹਵੇਲੀ ਵਿੱਚ ਕੰਮ ਕਰਦੇ
ਨੌਕਰਾਂ ਨੂੰ ਰੋਟੀ ਖਾਣ ਦਾ ਕਹਿਕੇ ਵਾਪਸ ਘਰ ਨੂੰ ਆ ਰਹੇ ਸੀ। ਗਲੀ ਵਿੱਚ ਕਾਫ਼ੀ ਲੋਕ
ਇਕੱਠੇ ਹੋਏ ਹੋਏ ਸਨ। ਸੰਤੀ ਦੇ ਇੱਕ ਹੱਥ ਵਿੱਚ ਥਾਲੀ, ਕੌਲੀ ਤੇ ਗਲਾਸ ਫੜਿਆ ਹੋਇਆ ਸੀ ਤੇ
ਦੂਸਰੇ ਹੱਥ ਨਾਲ ਉਹ ਆਪਣੀ ਚੁੰਨੀ ਦਾ ਪੱਲਾ ਅੱਡ ਅੱਡ ਕੇ ਲੰਬੜਦਾਰ ਨੂੰ ਗਾਲ੍ਹਾਂ ਕਢ ਰਹੀ
ਸੀ ਤੇ ਨਾਲ ਹੀ ਉਚੀ ਉਚੀ ਰੋ ਰਹੀ ਸੀ,” ਲੰਬੜਦਾਰਾਂ ਤੇਰਾ ਪੂਤ ਮਰ ਜਾਏ, ਤੇਰਾ ਬੇੜਾ ਡੂਬ
ਜਾਏ”। ਲੋਕ ਤਮਾਸ਼ਬੀਨ ਬਣ ਕੇ ਉਹਦੇ ਵਲ ਦੇਖ ਰਹੇ ਸਨ। ਉਥੇ ਖੜੀ ਮੇਰੀ ਚਾਚੀ ਨੂੰ ਬੀਜੀ ਨੇ
ਪੁਛਿਆ,” ਭਲਾ ਅਜ ਨੌਕਰ ਦੀ ਸੰਤੀ ਲੰਬੜਦਾਰ ਦੇ ਵੈਣ ਕਿਉਂ ਪਾਈ ਜਾਂਦੀ ਆ” ਉਸਨੇ ਦਸਿਆ ਕਿ
ਲੰਬੜਦਾਰ ਨੇ ਨੌਕਰ ਦੀ ਸੰਤੀ ਦੀ ਜ਼ਮੀਨ ਉਸ ਕੋਲੋਂ ਇਹ ਕਹਿ ਕੇ ਰਜਿਸਟਰੀ ਕਰਵਾ ਲਈ ਕਿ ਉਹ
ਉਸਨੂੰ ਗੌਰਮਿੰਟ ਦੀ ਪੇਂਨਸ਼ਨ ਲਗਵਾ ਦੇਵੇਗਾ । ਉਸਨੇ ਸੰਤੀ ਨੂੰ ਕਿਹਾ ਕਿ ਗੌਰਮਿੰਟ ਦੀ
ਪੈਂਨਸ਼ਨ ਉਨ੍ਹਾਂ ਲੋਕਾਂ ਨੂੰ ਲੱਗਦੀ ਆ ਜਿਨ੍ਹਾਂ ਕੋਲ ਕੋਈ ਜ਼ਮੀਨ ਜਇਦਾਦ ਨਾ ਹੋਵੇ ਤੇ
ਉਨ੍ਹਾਂ ਦੀ ਉਮਰ ਵੀ ਸੱਠ ਸਾਲ ਤੋਂ ਉਪਰ ਹੋਵੇ। ਪੈਂਨਸ਼ਨ ਦੇ ਲਾਲਚ ‘ਚ ਆ ਕੇ ਵਿਚਾਰੀ ਨੇ
ਆਪਣੇ ਹੱਥ ਵਢਾ ਲਏ। ਬਾਦ ਵਿੱਚ ਜਦੋਂ ਲੰਬੜਦਾਰ ਸੰਤੀ ਨੂੰ ਨਾਲ ਲਿਜਾਣ ਤੋਂ ਬਿਨ੍ਹਾਂ ਹੀ
ਪਿੰਡ ਦੇ ਸਰਪੰਚ ਕੋਲੋਂ ਦਸਤਖ਼ਤ ਕਰਵਾਉਣ ਗਿਆ। ਉਸਨੇ ਪੈਂਨਸ਼ਨ ਦੇ ਕਾਗਜ਼ ਪੜ੍ਹ ਕੇ
ਉਨ੍ਹਾਂ ਤੇ ਦਸਤਖ਼ਤ ਕਰਨੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਮੈਂ ਝੂਠ ਨਹੀਂ ਬੋਲਣਾ ਉਹਦੇ
ਨਾਂ ਤਾਂ ਜ਼ਮੀਨ ਹੈਗੀ ਆ। ਉਸਨੂੰ ਵਿੱਚਲੀ ਕਹਾਣੀ ਦਾ ਨਹੀਂ ਸੀ ਪਤਾ। ਪੈਂਨਸ਼ਨ ਦਾ ਜਦੋਂ
ਕੋਈ ਜੁਗਾੜ ਨਾ ਬਣਿਆ ਤਾਂ ਲੰਬੜਦਾਰ ਸੰਤੀ ਨੂੰ ਕਹਿਣ ਲੱਗਾ, “ਤੈਨੂੰ ਰੋਟੀ ਕਪੜਾ ਚਾਹੀਦਾ,
ਉਹ ਤੈਨੰ ਮਿਲ ਜਾਉਗਾ, ਤੂੰ ਜ਼ਮੀਨ ਕੀ ਕਰਨੀ ਆ”? ਥੋੜੇ ਦਿਨ ਰੋਟੀ ਦੇਣ ਦੇ ਬਾਦ ਅਜ ਜਦ
ਸੰਤੀ ਲੰਬੜਦਾਰ ਦੇ ਘਰ ਰੋਟੀ ਖਾਣ ਗਈ ਤਾਂ ਉਹਦੀ ਘਰ ਵਾਲੀ ਨੇ ਰੋਟੀ ਦੇਣ ਤੋਂ ਨਾਂਹ ਕਰ
ਦਿਤੀ ਨਾਲੇ ਕਹਿਣ ਲੱਗੀ, “ਅਸੀਂ ਤੇਰੇ ਨੌਕਰ ਲਗੇ ਹੋਏ ਆ, ਵਹਿਲੀ ਆ ਜਾਂਦੀ ਮੰਨੀਆ ਖਾਣ”।
ਵਿਚਾਰੀ ਭੁਖਣਭਾਣੀ ਨੇ ਥਾਲੀ ਚੁਕੀ ਤਾਂ ਜਾਹ ਵੜੀ ਲੰਬੜਦਾਰ ਦੇ ਸ਼ਰੀਕਾ ਦੇ, ਸ਼ਾਇਦ ਉਥੋਂ
ਹੀ ਖੈਰ ਪੈ ਜਾਵੇ। ਉਨ੍ਹਾਂ ਦਾ ਸਾਰਾ ਟੱਬਰ ਅਗਿਉਂ ਬੋਲਿਆ, “ਜ਼ਮੀਨ ਦੇਣ ਲਈ ਤਾਂ ਤੈਂਨੂੰ
ਲੰਬੜਦਾਰ ਹੀ ਲਭਾ ਸੀ, ਹੁਣ ਰੋਟੀਆ ਖਾਣ ਨੂੰ ਸਾਡਾ ਘਰ ਦਿੱਸ ਪਿਆ” ਉਥੋਂ ਉਠ ਕੇ ਆਕੇ ਹੁਣ
ਗਲੀ ‘ਚ ਖੜੀ ਲੰਬੜਦਾਰ ਦਾ ਨਾਂ ਲੈ ਲੈ ਕੇ ਵੈਣ ਪਾਈ ਜਾਂਦੀ ਆ”। ਚਾਚੀ ਦੇ ਗਲ੍ਹ ਖਤਮ
ਕਰਦਿਆ ਸਾਰ ਹੀ ਬੀਜੀ ਨੇ ਅਗਾਂਹ ਹੋਕੇ ਸੰਤੀ ਦੀ ਬਾਂਹ ਫੜੀ ਤੇ ਰੌਂਦੀ ਕੁਰਲਾਉਂਦੀ ਨੂੰ ਫੜ
ਕੇ ਆਪਣੇ ਘਰ ਲੈ ਗਈ। ਉਸਨੂੰ ਰੌਂਦੀ ਨੂੰ ਚੁੱਪ ਕਰਾਇਆ, ਪੀੜ੍ਹੀ ਤੇ ਬਿਠਾ ਕੇ ਰੋਟੀ ਖੁਵਾਈ
ਤੇ ਨਾਲ ਹੀ ਕਿਹਾ,”ਮਾਈ ਸੰਤੀਏ ਤੂੰ ਮੇਰੇ ਘਰੋਂ ਰੋਜ਼ ਤਿੰਨੇ ਵੇਲੇ ਰੋਟੀ ਤੇ ਸਵੇਰ, ਸ਼ਾਮ
ਨੂੰ ਚਾਹ ਪੀਣ ਆ ਜਾਇਆ ਕਰ”। ਸੁਣ ਕੇ ਉਹ ਕਹਿਣ ਲਗੀ, “ਮੈਂ ਤੋਂ ਤੇਰੇ ਸਾਥ ਕਭੀ ਕੁਝ ਅੱਛਾ
ਨਹੀਂ ਕੀਆ, ਫਿਰ ਭੀ ਆਪ ਐਸਾ ਕਹਿਤੀ ਹੋ ਤਂੋ ਈਸ਼ਵਰ ਆਪਕਾ ਸਾਤ ਯੁਗ ਭਲਾ ਕਰੇ”। ਸੰਤੀ ਨੇ
ਜਾਣ ਤੋਂ ਪਹਿਲਾ, ਪਤਾ ਨਹੀਂ ਕਿੰਨ੍ਹੀ ਕੁ ਵਾਰ ਬੀਜੀ ਨੂੰ ਅਸੀਸਾਂ ਦਿਤੀਆਂ।
ਉਸ ਦਿਨ ਤੋਂ ਬਾਦ ਸੰਤੀ ਸਾਡੇ ਪ੍ਰੀਵਾਰ ਦਾ ਹੀ ਇੱਕ ਹਿੱਸਾ ਬਣ ਗਈ। ਸਵੇਰੇ ਚਾਹ ਬਨਣ ਤੋਂ
ਪਹਿਲਾ ਹੀ ਸਾਡੇ ਘਰ ਪਹੁੰਚ ਜਾਂਦੀ। ਸਵੇਰੇ, ਦੁਪਹਿਰੇ ਤੇ ਰਾਤ ਨੂੰ ਉਸ ਦੀ ਰੋਟੀ ਵੀ
ਪ੍ਰੀਵਾਰ ਦੇ ਨਾਲ ਹੀ ਤਿਆਰ ਕੀਤੀ ਜਾਂਦੀ। ਇੱਕ ਦੋ ਵਾਰ ਉਸਨੇ ਗਲੀ ਵਿਚੋਂ ਲੰਘਦਿਆ ਹੋਇਆ
ਝੋਲੀ ਅੱਡ ਅੱਡ ਕੇ ਫਿਰ ਲੰਬੜਦਾਰ ਨੂੰ ਫਿਰ ਗਾਲ੍ਹਾਂ ਕਢੀਆਂ। ਬੀਜੀ ਨੇ ਉਸ ਨੂੰ
ਸਮਝਾਇਆ,”ਮਾਈ ਸੰਤੀਏ ਤੈਨੂੰ ਰੋਟੀ ਕਪੜਾ ਚਾਹੀਦਾ, ਉਹ ਮਿਲ ਜਾਂਦਾ, ਤੂੰ ਲੰਬੜਦਾਰ ਨੂੰ
ਗਾਲ੍ਹਾਂ ਨਾ ਕਢਿਆ ਕਰ। ਕਿਸੇ ਵੇਲੇ ਦਾ ਬੋਲ ਪੂਰਾ ਹੋ ਜਾਂਦਾ”। ਉਸਨੇ ਬੀਜੀ ਦੇ ਕਹੇ
ਗਾਲ੍ਹਾਂ ਕਢਣੀਆਂ ਤਾਂ ਛੱਡ ਦਿਤੀਆਂ, ਪਰ ਆਪਣੀ ਜ਼ਮੀਨ ਨੂੰ ਯਾਦ ਕਰਕੇ ਹੌਕੇ ਲੈ ਲੈ ਕੇ ਰੋ
ਪੈਂਦੀ। ਬੀਜੀ ਨੂੰ ਬਹੁਤ ਅਸੀਸਾਂ ਦੇਂਦੀ,”ਚੰਨਣ ਕੁਰੇ ਤੇਰੇ ਕੋ ਈਸ਼ਵਰ ਬਹੁਤ ਦੇਗਾ। ਤੇਰੇ
ਬਾਲ ਬੱਚੇ ਵਸਦੇ ਰਹਿਣ”। ਬੀਜੀ ਦਾ ਨਾਂ ਤਾਂ ਭਾਵੇ ਚਰਨ ਕੌਰ ਸੀ, ਪਰ ਪਿੰਡ ਦੇ ਲੋਕ ਉਸਨੂੰ
ਚੰਨਣ ਕੌਰ ਕਹਿ ਕੇ ਬੁਲਾਉਂਦੇ ਹੋਣ ਕਰਕੇ, ਉਹ ਵੀ ਬਾਕੀ ਲੋਕਾਂ ਦੀ ਤਰ੍ਹਾਂ ਚੰਨਣ ਕੌਰ
ਕਹਿਕੇ ਬੁਲਾਉਣ ਲਗ ਪਈ। ਸੰਤੀ ਦੇ ਸੁਭਾਅ ਵਿੱਚ ਬਹੁਤ ਤਬਦੀਲੀ ਆ ਰਹੀ ਸੀ।
ਬੀਜੀ ਦੀ ਸਾਡੀ ਗਲੀ ਵਿੱਚ ਇੱਕ ਹੋਰ ਜਨਾਨੀ ਨਾਲ ਭੈਣਾਂ ਵਰਗੀ ਸਾਂਝ ਸੀ। ਅਸੀਂ ਵੀ ਉਸ ਨੂੰ
ਮਾਸੀ ਕਹਿ ਕੇ ਬੁਲਾਉਂਦੇ ਸੀ। ਉਹ ਅਕਸਰ ਸਾਡੇ ਘਰ ਤੇ ਬੀਜੀ ਉਸ ਦੇ ਘਰ ਆਇਆ ਜਾਇਆ ਕਰਦੀਆਂ
ਤੇ ਆਪਣੇ ਦੁੱਖ ਸੁਖ ਵੀ ਸਾਂਝੇ ਕਰਦੀਆਂ। ਇੱਕ ਦਿਨ ਦੁਪਹਿਰ ਦੀ ਰੋਟੀ ਦਾ ਕੰਮ ਮੁਕਾ ਕੇ
ਬੀਜੀ ਉਹਦੇ ਘਰ ਗਏ। ਉਹ ਘਰ ਨਹੀਂ ਸੀ। ਉਸਦੀ ਅੰਨੀ ਸੱਸ ਮੰਜੇ ਤੇ ਬੈਠੀ ਸਵੇਰ ਦੀਆ ਪੱਕੀਆ,
ਠੰਡੀਆਂ ਹੋਈਆਂ ਰੋਟੀਆਂ ਹੱਥ ਤੇ ਰਖਕੇ ਅਚਾਰ ਨਾਲ ਖਾ ਰਹੀ ਸੀ। ਬੀਜੀ ਨੇ ਉਸ ਤੋਂ ਉਹਦੀ
ਨੂੰਹ ਬਾਰੇ ਪੁਛਿਆ ਤਾਂ ਉਹ ਕਹਿਣ ਲਗੀ,”ਉਹ ਤਾਂ ਸਵੇਰ ਤੋਂ ਖੇਤਾਂ ਵਿੱਚ ਚਲੀ ਜਾਂਦੀ ਆ।
ਉਥੇ ਹੀ ਦੁਪਹਿਰ ਦਾ ਰੋਟੀ ਟੁਕ ਕਰ ਲੈਂਦੀ ਆ। ਰਾਤ ਨੂੰ ਘਰ ਆਉਂਦੀ ਆ। ਕਹਿੰਦੀ ਆ ਬਈ ਮੇਰੇ
ਕੋਲੋੰ ਖੂਹ ਤੇ ਜਿ਼ਆਦਾ ਗੇੜੇ ਨਹੀਂ ਵਜਦੇ”। ਬੀਜੀ ਨੂੰ ਉਸਤੇ ਬੜਾ ਤਰਸ ਆਇਆ। ਉਹਦੇ ਹਥੋਂ
ਰੋਟੀ ਫੜ ਕੇ ਗਲੀ ਵਿੱਚ ਬੈਠੇ ਕੁਤੇ ਅਗੇ ਸੁਟੀ ਤੇ ਉਸਨੂੰ ਘਰ ਲਿਆ ਕੇ ਤਾਜ਼ੀ ਰੋਟੀ ਪੱਕਾ
ਕੇ ਸਬਜ਼ੀ ਨਾਲ ਖੁਆਈ। ਨਾਲ ਹੀ ਉਸਨੂੰ ਦੁਪਹਿਰ ਵੇਲੇ ਰੋਜ਼ ਰੋਟੀ ਖਾਣ ਦਾ ਸੱਦਾ ਵੀ ਦੇ
ਦਿਤਾ। ਉਹ ਵੀ ਦੁਪਹਿਰ ਵੇਲੇ ਆਪਣੀ ਨੂੰਹ ਵਲੋ਼ ਦਿਤੀ ਰੋਟੀ ਨੂੰ ਚੁੰਨੀ ਦੇ ਪੱਲੇ ਨਾਲ ਬੰਨ
ਕੇ ਇੱਕ ਹੱਥ ਵਿੱਚ ਸੋਟੀ ਫੜੀ ਤੇ ਦੂਸਰੇ ਹੱਥ ਨਾਲ ਕੰਧਾਂ ਨੂੰ ਟੋਂਹਦੀ ਹੋਈ, ਸਾਡੇ ਘਰ ਆ
ਜਾਂਦੀ। ਬੀਜੀ ਉਹਦੇ ਵਾਲੀ ਬਹੀ ਰੋਟੀ ਮੱਝਾਂ ਦੇ ਵੰਡ ਵਾਲੇ ਭਾਡੇ ‘ਚ ਸੁਟ ਦੇਂਦੀ ਜਾਂ
ਸਾਡੇ ਕੁੱਤੇ ਨੂੰ ਪਾ ਦੇਂਦੀ, ਉਸਨੂੰ ਤਾਜ਼ੀ ਰੋਟੀ ਪਕਾ ਕੇ ਦੇਂਦੀ।
ਇੱਕ ਦਿਨ ਦੋਂਵੇ ਸੰਤੀ ਤੇ ਰੱਖੀ ਰੋਟੀ ਖਾਣ ਲਈ ਪਿਹ੍ਹੜੀਆਂ ਤੇ ਬੈਠੀਆਂ ਹੋਈਆਂ ਸੀ। ਜਦੋਂ
ਬੀਜੀ ਸੰਤੀ ਨੂੰ ਰੋਟੀ ਦੇਣ ਲੱਗੀ ਤਾਂ ਉਹ ਕਹਿਣ ਲਗੀ,”ਚੰਨਣ ਕੁਰੇ ਪਹਿਲੇ ਰੱਖੀ ਕੋ ਰੋਟੀ
ਦੋ ਵੋਹ ਵਿਚਾਰੀ ਅੰਧੀ ਹੈ”। ਸੁਣ ਕੇ ਬੀਜੀ ਨੂੰ ਬੜੀ ਖੁਸ਼ੀ ਹੋਈ ਤੇ ਨਾਲ ਹੀ ਭੁਲੇਖਾ
ਜਿਹਾ ਪਿਆ ਕਿ ਇਹ ਪਹਿਲਾ ਵਾਲੀ ਹੀ ਸੰਤੀ ਹੈ। ਸੰਤੀ ਕਈ ਸਾਲਾਂ ਤੋਂ ਸਾਡੇ ਘਰ ਆਉਂਦੀ ਹੋਣ
ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਉਸਦੀ ਵਾਕਫ਼ੀ ਹੋ ਗਈ। ਉਹ ਵੀ ਆਉਂਦਿਆਂ ਸਾਰ ਬਾਕੀ
ਪ੍ਰੀਵਾਰ ਦੇ ਜੀਆਂ ਨਾਲ ਸੰਤੀ ਦਾ ਵੀ ਹਾਲ ਚਾਲ ਪੁਛਦੇ।
ਸਾਡੇ ਵੇਖਦਿਆਂ ਵੇਖਦਿਆਂ ਉਨ੍ਹਾਂ ਸਾਲਾਂ ਦੌਰਾਨ ਲੰਬੜਦਾਰ ਦੀ ਤੀਵੀਂ ਪਾਗਲ ਹੋ ਗਈ।
ਗਲ੍ਹੀਆਂ ਵਿੱਚ ਲੌਕਾਂ ਨੂੰ ਗਾਲ੍ਹਾਂ ਕਢਦੀ ਫਿਰਨ ਲਗੀ। ਲੋਕ ਉਸਨੂੰ ਕੁੱਟ ਸੁਟਿਆ ਕਰਨ।
ਲੰਬੜਦਾਰ ਨੂੰ ਲੋਕ ਉਲਾਮ੍ਹੇ ਤੇ ਉਲਾਮ੍ਹੇ ਦਈ ਜਾਣ ਲੱਗੇ। ਗਲ੍ਹੀਆਂ ਵਿੱਚ ਰੁਲ ਕੇ ਉਹ ਵੀ
ਮਰ ਗਈ। ਉਸ ਤੋਂ ਬਾਦ ਲੰਬੜਦਾਰ ਦਾ ਜਵਾਨ ਪੁੱਤ ਦੋ ਛੋਟੇ ਛੋਟੇ ਬੱਚਿਆਂ ਦਾ ਪਿਉ, ਨੰਗੇ
ਮੂੰਹ ਸਿਖ਼ਰ ਦੁਪਹਿਰੇ ਝੋਨੇ ਨੂੰ ਕੀੜੇਮਾਰ ਦਵਾਈ ਛਿੜਕਦਾ ਹੋਇਆ, ਜ਼ਹਿਰ ਚੜ੍ਹ ਜਾਣ ਨਾਲ
ਦਮ ਤੋੜ ਗਿਆ। ਜਾਣੀ ਕਿ ਲੰਬੜਦਾਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ। ਲੋਕ ਮੂੰਹੀਂ ਤੂੰਹੀਂ
ਗਲ੍ਹਾਂ ਕਰਨ ਲੱਗ ਪਏ । “ਇੱਹ ਕਲਯੁਗ ਤਾਂ ਹੱਥਯੁਗ ਆ, ਇੱਸ ਹੱਥ ਕਰ ਤੇ ਉਸ ਹੱਥ ਪਾ ਦਾ
ਸਮਾਂ ਆ । ਲੰਬੜਦਾਰ ਨੇ ਆਪਣੀ ਕੀਤੀ ਦਾ ਫ਼ਲ ਪਾ ਲਿਆ”। ਸੰਤੀ ਕੁਝ ਸਮੇਂ ਦੇ ਬਾਦ ਇੱਕ ਦਿਨ
ਬੀਜੀ ਨੂੰ ਕਹਿਣ ਲੱਗੀ, “ਚੰਨਣ ਕੁਰੇ ਲੰਬੜਦਾਰ ਕੇ ਸਾਥ ਬਹੁਤ ਬੁਰਾ ਹੁਆ”।
ਸੰਤੀ ਰੋਟੀ ਖਾਣ ਆਉਣ ਲਈ ਜਰਾ ਕੁ ਵੀ ਲੇਟ ਹੋ ਜਾਂਦੀ ਤਾਂ ਬੀਜੀ ਨੂੰ ਫਿ਼ਕਰ ਜਿਹਾ ਹੋ
ਜਾਂਦਾ ਕਿਉਂਕਿ ਸੇਹਿਤ ਪਖੋਂ ਉਹ ਕਾਫ਼ੀ ਢੱਲ ਗਈ ਸੀ। ਇੱਕ ਦਿਨ ਸਾਨੂੰ ਸਕੂ਼ਲੋਂ ਛੁੱਟੀ
ਹੋਣ ਕਰਕੇ ਮੈਂ ਘਰ ਹੀ ਸੀ। ਬੀਜੀ ਬੱਸ ਫੜ ਕੇ ਸ਼ਹਿਰੋਂ ਘਰ ਲਈ ਚੀਜ਼ਾਂ ਖਰੀਦਣ ਚਲੇ ਗਏ।
ਜਦੋਂ ਸ਼ਾਮ ਨੂੰ ਘਰ ਆਏ ਤਾਂ ਰੋਟੀ ਖਾਕੇ ਸੌਂਣ ਤੋਂ ਪਹਿਲਾਂ ਪੁਛਣ ਲਗੇ,” ਕੀ ਅੱਜ ਸੰਤੀ
ਟਾਇਮ ਨਾਲ ਰੋਟੀ ਖਾ ਗਈ ਸੀ”? ਮੈਂ ਦਸਿਆ,”ਉਹ ਸਵੇਰੇ ਤੋਂ ਬਾਦ ਨਹੀਂ ਆਈ” ਕੋਈ ਰਾਤ ਦੇ
ਨੌਂ ਕੁ ਵੱਜੇ ਬੀਜੀ ਨੇ ਸੰਤੀ ਲਈ ਤਾਜ਼ੀ ਰੋਟੀ ਪਕਾਈ , ਮੇਰੇ ਤੋਂ ਛੋਟੇ ਮੇਰੇ ਭਰਾ ਨੂੰ
ਨਾਲ ਲਿਆ, ਹੱਥ ਵਿੱਚ ਲੈਂਪ ਫੜੀ ਤੇ ਤੁਰ ਪਈ ਸੰਤੀ ਦੇ ਘਰ ਵੱਲ ਨੂੰ। ਮੈਂ ਸੋਚ ਰਹੀ ਸੀ ਕਿ
ਬੀਜੀ ਨੂੰ ਸ਼ਹਿਰ ਜਾਕੇ ਆਉਣ ਦਾ ਕੋਈ ਥਕੇਵਾਂ ਵੀ ਨਹੀਂ ਸੀ ਨਜ਼ਰ ਆ ਰਿਹਾ। ਭਾਪਾ ਜੀ ਤਾਂ
ਆਪਣੀ ਨੌਕਰੀ ਦਾ ਕਰਕੇ ਬਹੁਤਾ ਬਾਹਰ ਹੀ ਰਹਿੰਦੇ। ਬੀਜੀ ਨੌਕਰਾਂ ਤੋਂ ਖੇਤੀ ਦਾ ਕੰਮ ਵੀ
ਕਰਾਉਂਦੇ ਹਨ। ਨਾਲੇ ਸਾਨੂੰ ਚੌਹਾਂ ਭੈਣ ਭਰਾਵਾਂ ਨੂੰ ਪੜ੍ਹਣ ਵੀ ਭੇਜਦੇ ਹਨ, ਇਹ ਜਰਾ ਵੀ
ਕਿਸੇ ਗਲ ਦੀ ਸ਼ਕਾਇਤ ਵੀ ਨਹੀਂ ਕਰਦੇ। ਜਦੋਂ ਉਹ ਸੰਤੀ ਦੀ ਝੌਂਪੜੀ ਵਿੱਚ ਪਹੁੰਚੇ ਤਾਂ
ਮੇਰੇ ਭਰਾ ਨੂੰ ਕਿਹਾ,”ਤੂੰ ਲੈਂਪ ਫੜ ਮੈਂ ਸੰਤੀ ਨੂੰ ਦੇਖਦੀ ਆ”। ਕਿੳਂੁਕਿ ਉਹ ਆਵਾਜ਼
ਮਾਰਨ ਤੇ ਬੋਲ ਨਹੀਂ ਸੀ ਰਹੀ। ਬੀਜੀ ਨੇ ਉਸਨੂੰ ਹਿਲਾਇਆ। ਉਹ ਤੇਜ਼ ਬੁਖ਼ਾਰ ਨਾਲ ਬੇਹੋਸ਼
ਪਈ ਸੀ। ਉਸਨੇ ਰੋਟੀ ਨਾ ਖਾਧੀ। ਬੀਜੀ ਵਾਪਸ ਘਰ ਆ ਕੇ ਦੁੱਧ ਗਰਮ ਕਰਕੇ ਲੈ ਕੇ ਗਏ। ਉਸ ਨੂੰ
ਦੁੱਧ ਪਿੱਲਾ ਕੇ ਉਸਦੇ ਮੱਥੇ ਤੇ ਗਿਲ੍ਹਾ ਤੌਲੀਆ ਰਖਿਆ ਤਾਂਕਿ ਉਸਦਾ ਬੁਖ਼ਾਰ ਘਟ ਜਾਵੇ।
ਸੰਤੀ ਦੇ ਘਰੋਂ ਵਾਪਸ ਆਉਂਦਿਆ ਹੋਇਆ ਮੇਰਾ ਭਰਾ ਬੀਜੀ ਨੂੰ ਕਹਿਣ ਲੱਗਾ,” ਬੀਜੀ ਮੈਂਨੁੰ
ਲੱਗਦਾ, ਤੁਹਾਡਾ ਨੱਕ ਮਰਿਆ ਹੋਇਆ। ਤੁਹਾਨੂੰ ਸੰਤੀ ਦੇ ਅੰਦਰੋਂ ਮੁਸ਼ਕ ਨਹੀਂ ਆਇਆ, ਮੇਰਾ
ਤਾਂ ਨੱਕ ਹੀ ਸੜ ਗਿਆ”। ਬੀਜੀ ਮੇਰੇ ਭਰਾ ਦੀ ਗਲ ਦਾ ਜਵਾਬ ਦੇਣ ਦੀ ਬਜਾਏ, ਆਪਣੇ ਪਿਉ
ਜਿਸਨੂੰ ਉਹ ਚਾਚਾ ਜੀ ਕਹਿਕੇ ਬੁਲਾਉਂਦੇ ਸੀ, ਉਨ੍ਹਾਂ ਦੀ ਗਲ੍ਹ ਸੁਨਾਉਣ ਲੱਗ ਪਏ। “ਇਕ ਵਾਰ
ਮੇਰੇ ਚਾਚਾ ਜੀ ਕਿਸੇ ਕੋਲੋਂ ਖ਼ਰੀਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਸ਼ਹਿਰ ਗਏ। ਜਦੋਂ ਉਹ
ਕਚਿਹਿਰੀ ਪਹੁੰਚੇ ਤਾਂ ਉਨ੍ਹਾਂ ਕਚਹਿਰੀ ਦੇ ਲਾਗੇ ਰਸਤੇ ਵਿੱਚ ਪਿਆ ਇੱਕ ਆਦਮੀ ਦੇਖਿਆ ਜੋ
ਟੱਟੀਆਂ ਤੇ ਉਲਟੀਆਂ ਨਾਲ ਲਿਬੜਿਆ ਪਿਆ ਸੀ। ਲੋਕ ਕੋਲੋਂ ਦੀ ਨੱਕ, ਮੂੰਹ ਢੱਕ ਕੇ ਲੰਘ ਰਹੇ
ਸੀ। ਉਸ ਤੇ ਮੱਖੀਆਂ ਭਿਣਕਣ ਲੱਗੀਆ ਹੋਈਆ ਸਨ। ਮੇਰੇ ਚਾਚਾ ਜੀ ਨੇ ਉਸ ਬੰਦੇ ਨੂੰ ਉਠਾਇਆ ਤੇ
ਕਚਹਿਰੀ ਦੇ ਹਾਤੇ ‘ਚ ਪੈਂਦੇ ਨਲਕੇ ਤੇ ਲਿਜਾ ਕੇ ਉਸਨੂੰ ਧੋਤਾ। ਆਪਣੀ ਚਾਦਰ ਮੋਢੇ ਤੋਂ
ਲਾਹਕੇ ਉਸਨੂੰ ਲਪੇਟਿਆ ਫਿਰ ਡਾਕਟਰ ਕੋਲ ਲਿਜਾ ਕੇ ਉਸਨੂੰ ਦੁਵਾਈ ਲੈ ਕੇ ਦਿੱਤੀ। ਜਦੋਂ
ਸਾਡੇ ਚਾਚਾ ਜੀ ਨੇ ਘਰ ਕੇ ਦਸਿਆ ਤਾਂ ਸਾਨੂੰ ਬਹੁਤ ਚੰਗਾ ਲੱਗਾ ਸੀ”। ਬੀਜੀ ਬੜੇ ਮਾਣ ਨਾਲ
ਮੇਰੇ ਭਰਾ ਨੂੰ ਦੱਸ ਰਹੀ ਸੀ ਕਿ ਮੇਰੇ ਚਾਚਾ ਜੀ ਕਹਿੰਦੇ ਹੁੰਦੇ ਹਨ ਕਿ ਰੱਬ ਕਿਤੇ ਬਾਹਰ
ਨਹੀਂ, ਇਨਸਾਨਾਂ ਵਿੱਚ ਹੀ ਵੱਸਦਾ। ਇਨਸਾਨਾਂ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਮੇਰਾ ਭਰਾ
ਨਾਨਾ ਜੀ ਬਾਰੇ ਬੀਜੀ ਦੀਆ ਗਲ੍ਹਾਂ ਮੈਨੂੰ ਘਰ ਆਕੇ ਦੱਸਣ ਲਗਾ ਤਾਂ ਮੈਂ ਕਿਹਾ,” ਮੈਂਨੂੰ
ਪਤਾ ਹੈ ਕਿਉਂਕਿ ਮੈਂਨੂੰ ਬੀਜੀ ਨਾਨਾ ਜੀ ਬਾਰੇ ਅਕਸਰ ਦਸਦੇ ਹੀ ਰਹਿੰਦੇ ਹਨ”। ਮੈਂ ਖ਼ੁਦ
ਵੀ ਨਾਨਾ ਜੀ ਕੋਲੋਂ ਮਨੁੱਖਤਾ ਦੀ ਸੇਵਾ ਨਾਲ ਸਬੰਧਤ ਬਹੁਤ ਸਾਖੀਆ ਸੁਣ ਚੁਕੀ ਸੀ। ਉਹ ਭਾਈ
ਘਨਈਆ ਜੀ ਦੀ ਸਾਖੀ ਤਾਂ ਅਕਸਰ ਸੁਣਾਉਂਦੇ ਹੀ ਰਹਿੰਦੇ ਕਿ ਕਿਵੇਂ ਭਿੰਨ ਭਾਂਤ ਤੋਂ ਉਪਰ ਉਠ
ਕੇ ਉਹ ਜ਼ਖਮੀ ਸਿਪਾਹੀਆ ਨੂੰ ਪਾਣੀ ਪਿਲਾਉਂਦਾ ਤੇ ਉਨ੍ਹਾਂ ਦੀ ਮਲ੍ਹਮ ਪੱਟੀ ਕਰਦਾ ਸੀ ਉਹ
ਭਾਵੇ ਦੁਸ਼ਮਣ ਦੀ ਫੋਜ਼ ਦੇ ਹੀ ਹੋਣ। ਜਦੋਂ ਕਿਸੇ ਨੇ ਉਸਦੀ ਸ਼ਕਾਇਤ ਗ੍ਰ੍ਰੁਰੂ ਗੋਬਿੰਦ
ਸਿੰਘ ਜੀ ਕੋਲ ਲਗਾਈ ਤਾਂ ਗੁਰੂ ਜੀ ਦੇ ਪੁਛਣ ਤੇ ਉਹ ਕਹਿਣ ਲਗਾ,”ਮੈਂਨੂੰ ਤਾਂ ਹਰ ਇਨਸਾਨ
‘ਚ ਤੂੰ ਹੀ ਦਿਸਦਾ ਏ।”
ਕੋਈ ਛੇ ਸਤ ਦਿਨ ਬੀਜੀ ਸੰਤੀ ਲਈ ਕਦੇ ਖਿਚੜੀ ਕਦੇ ਦੱਲੀਆ ਬਣਾ ਕੇ ਉਸਨੂੰ ਉਸਦੇ ਘਰੇ ਖੁਵਾ
ਕੇ ਆਉਂਦੇ। ਉਹ ਇਕ ਜਾਂ ਦੋ ਬੁਰਕੀਆ ਤੋਂ ਵੱਧ ਨਾ ਖਾਂਦੀ। ਇੱਕ ਦਿਨ ਬੀਜੀ ਸਵੇਰੇ ਚਾਹ ਲੈ
ਕੇ ਗਏ ਤਾਂ ਉਹ ਆਪਣੀ ਟੁਟੀ ਜਿਹੀ ਮੰਜੀ ਤੇ ਗੁਛਾ ਮੁਛਾ ਹੋਈ, ਟੱਟੀ ਪਿਸ਼ਾਬ ਤੇ ਉਲਟੀਆ
ਨਾਲ ਲਿਬੜੀ ਪਈ ਸੀ। ਬੀਜੀ ਵਾਪਸ ਘਰ ਜਾਕੇ ਆਪਣਾ ਸੂਟ, ਤੌਲੀਆ ਤੇ ਸਾਬਣ ਲੈ ਕੇ ਗਏ। ਸਕੂਲ
ਦੇ ਨਲਕੇ ਤੋ ਪਾਣੀ ਦੀ ਬਾਲਟੀ ਲਿਆਏ । ਉਸ ਦੇ ਗੰਦੇ ਕਪੜੇ ਲਾਹ ਕੇ ਬਾਹਰ ਢੇਰ ਤੇ ਸੁਟੇ।
ਗਿੱਲੇ ਤੌਲੀਏ ਤੇ ਸਾਬਣ ਲਾ ਕੇ ਉਸ ਨੂੰ ਸ਼ਾਫ ਕੀਤਾ। ਘਰੋਂ ਲਿਆਦਾਂ ਆਪਣਾ ਸੂਟ ਪਾਕੇ ਉਸ
ਨੂੰ ਚਾਹ ਪਿਲਾਉਣ ਦੀ ਕੋਸਿ਼ਸ਼ ਕੀਤੀ ਜੋ ਉਸਨੇ ਮਸੀਂ ਦੋ ਕੁ ਘੁੱਟ ਭਰੇ ਤੇ ਮੰਜੇ ਤੇ ਲੁਟਕ
ਗਈ। ਬੀਜੀ ਨੇ ਆਪਣੇ ਨੌਕਰ ਕਾਕੇ ਨੂੰ ਭੇਜਕੇ ਨਾਲ ਦੇ ਪਿੰਡ ਦੀ ਡਿਸਪਿੰਸਰੀ ਤੋਂ ਦੁਵਾਈ
ਮੰਗਾ ਕੇ ਦਿਤੀ। ਸ਼ਾਮ ਨੂੰ ਸੂਰਜ ਢਲਣ ਵਾਲਾ ਸੀ, ਬੀਜੀ ਫਿਰ ਬਿਨਾਂ ਦੁਧ ਤੋਂ ਚਾਹ ਵਿੱਚ
ਨਿਬੂੰ ਨਚੋੜ ਕੇ ਤੇ ਨਾਲ ਸਾਬੂਦਾਣਾ ਬਣਾ ਕੇ ਉਸਨੰ ਖੁਵਾਉਣ ਗਏ। ਸੂਰਜ ਦੀਆਂ ਮਧੱਮ ਜਿਹੀਆ
ਕਿਰਨਾਂ ਦਾ ਚਾਨਣ ਉਸ ਤੇ ਪੈ ਰਿਹਾ ਸੀ। ਬੀਜੀ ਨੇ ਉਸ ਨੂੰ ਹਿਲਾਇਆ, ਪਰ ਉਹ ਸਦਾ ਦੀ
ਨੀਂਦਰੇ ਸੌਂ ਚੁਕੀ ਸੀ। ਬੀਜੀ ਨੇ ਮੇਰੇ ਭਰਾ ਨੂੰ ਭੇਜਕੇ ਪਿੰਡ ਦੇ ਸਰਪੰਚ ਨੂੰ ਖਬਰ ਦਿਤੀ।
ਸਰਪੰਚ ਨੇ ਪਿੰਡ ਦੇ ਕੁਝ ਹੋਰ ਬੰਦਿਆ ਨੂੰ ਨਾਲ ਲੈ ਕੇ ਬਾਲਣ ਇੱਕਠਾ ਕਰਕੇ, ਰਾਤ ਹੋਣ ਤੋਂ
ਪਹਿਲਾ ਪਹਿਲਾ ਸੰਤੀ ਦਾ ਸਸਕਾਰ ਕਰ ਦਿਤਾ। ਦੂਸਰੇ ਦਿਨ ਪਿੰਡ ਦੀ ਪੰਚਾਇਤ ਨੇ ਸੰਤੀ ਦੀ
ਬੱਦਬੂ ਮਾਰਦੀ ਝੌਂਪੜੀ ਨੂੰ ਅੱਗ ਨਾਲ ਸਾੜ ਦਿਤਾ। ਹੁਣ ਮੈਂ ਜਦੋਂ ਵੀ ਕਦੇ ਕਿਸੇ ਨੂੰ ਇਹ
ਕਹਿੰਦੇ ਸੁਣਦੀ ਹਾਂ ਕਿ ਮੱਤ ਸਤਾ ਗਰੀਬ ਕੋ, ਵੋਹ ਰੋ ਦੇਗਾ। ਸੁਣੇਗਾ ਉਸਕਾ ਮਾਲਕ ਤੋ ਜੜ੍ਹ
ਸੇ ਖੋ ਦੇਗਾ। ਤਾਂ ਮੈਂਨੂੰ ਨੌਕਰ ਦੀ ਸੰਤੀ ਤੇ ਲੰਬੜਦਾਰ ਦਾ ਚੇਤਾ ਆ ਜਾਂਦਾ ਹੈ।
-0-
|