Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ
- ਮਲਿਕਾ ਮੰਡ

 

ਬਚਪਨ ਤੋਂ ਹੀ ਸਦਾ ਜਦੋਂ ਵੀ ਮੈਂ ਕਦੀ ਕਿਸੇ ਕਿਤਾਬ ਵਿੱਚ ਦੇਸ਼ ਭਗਤਾਂ ਜਾਂ ਕਿਸੇ ਵਿਚਾਰਧਾਰਾ ਨੂੰ ਪਰਨਾਏ ਹੋਏ ਇਨਕਲਾਬੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਪੜ੍ਹਨਾ ਤਾਂ ਮੇਰੇ ਮਨ ਵਿਚ ਕੁੱਝ ਸੁਆਲਾਂ ਨੇ ਸਦਾ ਹੀ ਖੌਰੂ ਪਾਉਣਾ, ਜਿਵੇਂ ਕਿ ਉਹ ਕੀ ਹੈ ਜੋ ਇਨਸਾਨ ਨੂੰ ਜੂਝਣ ਲਈ ਪ੍ਰੋਰਿਤ ਕਰਦਾ ਹੈ, ਉਹਨੂੰ ਸਖਤ ਸਰੀਰਕ ਅਤੇ ਮਾਨਸਿਕ ਤਸ਼ੱਦਦ ਬਰਦਾਸ਼ਤ ਕਰਨ ਦੀ ਤਾਕਤ ਦਿੰਦਾ ਹੈ? ਆਖਰ ਐਸਾ ਕੀ ਹੈ ਜੋ ਇਨਸਾਨ ਨੂੰ ਆਪਣੀ ਹਸਤੀ ਤੋਂ ਵੀ ਵੱਧ ਪਿਆਰਾ ਹੋ ਜਾਂਦਾ ਹੈ ਤੇ ਉਹ ਆਪਾ ਵਾਰਨ ਤੋਂ ਵੀ ਪਿਛਾਂਹ ਨਹੀਂ ਹਟਦਾ ?ਤੇ ਨਾਲ ਲਗਵਾਂ ਹੀ ਇਹ ਖਿਆਲ ਵੀ, ਕਿ ਜਾਨ ਦੀ ਬਾਜੀ ਲਾਉਣ ਵਾਲੇ ਉਹ ਸੂਰਮੇ ਆਖਰ ਕਿਹੋ ਜਿਹੇ ਹੁੰਦੇ ਹੋਣਗੇ? ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਉਤੇ ਮੇਰੇ ਮਨ ਵਿਚ ਇਕ ਗਲਤ ਜਿਹੀ ਧਾਰਨਾ ਬਣੀ ਹੋਈ ਸੀ ਕਿ ਐਸੇ ਬਹਾਦਰ ਲੋਕ ਸ਼ਾਇਦ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਣਗੇ। ਮੈਂ ਮਨ ਵਿਚ ਚਿਤਵਣਾ ਕਿ ਉਹ ਸ਼ਾਇਦ ਸਰੀਰਕ ਤੌਰ ਤੇ ਬੜੇ ਹੀ ਤਕੜੇ, ਮਨੋ ਸਖਤ, ਭਾਵ-ਵਿਹੂਣੇ ਤੇ ਗੈਰ ਜ਼ਜਬਾਤੀ ਜਿਹੇ ਲੋਕ ਹੁੰਦੇ ਹੋਣਗੇ, ਜ਼ਿੰਦਗੀ ਦੇ ਸੂਖ਼ਮ ਸੁਹੱਪਣ ਦੀ ਸਮਝ ਤੋ ਸੱਖਣੇ। ਜੋ ਸਦਾ ਮਰਨ ਮਾਰਨ ਬਾਰੇ ਹੀ ਸੋਚਦੇ ਰਹਿੰਦੇ ਹੋਣਗੇ। ਪਰ ਮੇਰੀ ਇਹ ਗਲਤ ਧਾਰਨਾ ਟੁੱਟੀ ਜੂਲੀਅਸ ਫਿਊਚਿਕ ਦੀ ‘ਫਾਂਸੀ ਤੇ ਤਖਤੇ ਤੋਂ‘ ਕਿਤਾਬ ਨੂੰ ਪੜ੍ਹਕੇ। ਤੇ ਆਪਣੇ ਮਨ ਵਿਚਲੇ ਸਾਰੇ ਸੁਆਲਾਂ ਦੇ ਜੁਆਬ ਵੀ ਮੈਨੂੰ ਇਸ ਲਿਖਤ ਵਿਚੋਂ ਆਪ ਮੁਹਾਰੇ ਹੀ ਮਿਲ ਗਏ। ‘ਇਨਕਲਾਬੀ ਦੇਸ਼ ਭਗਤ‘ ਇਹ ਲਫਜ਼ ਇਕ ਨਵੀਂ ਮਹਾਨਤਾ ਨਾਲ ਮੇਰੇ ਸਾਹਮਣੇ ਪ੍ਰਗਟ ਹੋਇਆ।
‘ਫਾਂਸੀ ਦੇ ਤਖਤੇ ਤੋਂ‘ ਇੱਕ ਚੈੱਕ ਅਖਬਾਰ ਨਵੀਸ, ਸਾਹਿਤ ਚਿੰਤਕ ਅਤੇ ਖੱਬੇ ਪੱਖੀ ਆਗੂ ਜੂਲੀਅਸ ਫਿਊਚਿਕ ਦੀ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀ ਆਤਮ ਕਥਾ ਹੈ ਜਿਸਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਪੁਲਿਸ ਦੁਆਰਾ ਭਿਆਨਕ ਤਸੀਹੇ ਦੇਣ ਤੋਂ ਬਾਦ ਫਾਹੇ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਦੀ ਇਸ ਸ਼ਾਹਕਾਰ ਕਿਰਤ ਬਾਰੇ ਗੱਲ ਕਰਨ ਤੋਂ ਪਹਿਲਾਂ ਉਹਦੇ ਨਿੱਜੀ ਜੀਵਨ ਉੱਤੇ ਇਕ ਝਾਤ ਪਾਉਣੀ ਬਣਦੀ ਹੈ।
ਜੂਲੀਅਸ ਫਿਊਚਿਕ ਦਾ ਜਨਮ ਇੱਕ ਅਸਪਾਤ ਮਜ਼ਦੂਰ ਪਰਿਵਾਰ ਵਿੱਚ 23 ਫਰਵਰੀ 1903 ਨੂੰ ਪ੍ਰਾਗ ਸਮੀਖੋਵ ਵਿੱਚ ਹੋਇਆ। ਸਾਹਿਤ, ਸੰਗੀਤ ਤੇ ਕਲਾ ਦਾ ਸ਼ੌਕ ਉਸਨੂੰ ਵਿਰਾਸਤ ਵਿਚ ਹੀ ਮਿਲਿਆ ਕਿਊਂਕਿ ਉਸਦਾ ਪਿਤਾ ਖੁਦ ਸੰਗੀਤ ਅਤੇ ਅਦਾਕਾਰੀ ਵਿਚ ਡੂੰਘੀ ਦਿਲਚਸਪੀ ਰੱਖਦਾ ਸੀ। ਇਹਨਾਂ ਵਿਸ਼ਿਆ ਦੀ ਰਸਮੀ ਸਿੱਖਿਆ ਫਿਊਚਿਕ ਨੇ ਪ੍ਰਾਗ ਯੂਨੀਵਰਸਿਟੀ ਦੇ ਵਿਦਿਆਰਥੀ ਜੀਵਨ ਸਮੇਂ ਹਾਸਲ ਕੀਤੀ। ਆਪਣੇ ਜੀਵਨ ਦੇ ਮੁੱਢਲੇ ਸਾਲਾਂ ਵਿੱਚ ਹੀ ਉਸਨੇ ਚੈਕੋਸਲਵਾਕੀਆ ਦੀ ਮਜਦੂਰ ਲਹਿਰ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਹ ਵਿਦਿਆਰਥੀਆਂ ਦੀ ਜਥੇਬੰਦੀ ਦਾ ਮੋਹਰੀ ਆਗੂ ਬਣ ਕੇ ਉੱਭਰਿਆ ਅਤੋ ਉਸਨੇ ਅਖਬਾਰਾਂ, ਰਸਾਲਿਆਂ, ਲਈ ਲਿਖਣਾ ਸ਼ੁਰੂ ਕਰ ਦਿੱਤਾ। 1929 ਵਿਚ ਉਹ ‘ਤਵੋਰਬਾ‘ (‘ਉਸਾਰੀ‘) ਤੇ ਉਸ ਮਗਰੋਂ ਚੈਕੋਸਲਵਾਕੀਆ ਦੀ ਇਨਕਲਾਬੀ ਅਖਬਾਰ ‘ਰੂਦੇ ਪ੍ਰਾਵੇ‘ (‘ਲਾਲ ਹੱਕ‘) ਦਾ ਐਡੀਟਰ ਬਣਿਆ।
ਦੂਜੀ ਸੰਸਾਰ ਜੰਗ ਵੇਲੇ ਹਿਟਲਰੀ ਜਰਮਨੀ ਦੀਆਂ ਨਾਜ਼ੀ ਫੌਜਾਂ ਨੇ ਪੋਲੈਂਡ, ਹੰਗਰੀ, ਰੁਮਾਨੀਆਂ, ਬੁਲਗਾਰੀਆ, ਫਰਾਂਸ ਤੇ ਆਸਟਰੀਆ ਵਾਗੂੰ ਚੈਕੋਸਲਵਾਕੀਆ ਤੇ ਵੀ ਕਬਜ਼ਾ ਕਰ ਕੇ ਆਪਣਾ ‘ਕਾਲਾ ਸਵਾਸਤਿਕਾ‘ ਲਹਿਰਾ ਦਿੱਤਾ। ਇਸ ਤੋਂ ਮਗਰੋਂ, ਹਰਾ ਦਿੱਤੇ ਗਏ ਬਾਕੀ ਮੁਲਕਾਂ ਵਾਂਗੂੰ ਉੱਥੇ ਵੀ ਨਾਜ਼ੀਆਂ ਦਾ ਦਮਨ ਚੱਕਰ ਸ਼ੁਰੂ ਹੋਇਆ ਤੇ ਨਾਲ ਸ਼ੁਰੂ ਹੋਇਆ ਲਗਭਗ ਸਾਰੀਆਂ ਹੀ ਰਾਸ਼ਟਰਵਾਦੀ ਤੇ ਖੱਬੇ ਪੱਖੀ ਪਾਰਟੀਆਂ ਦੇ ਪਾਬੰਦੀ ਲੱਗਣ ਤੋਂ ਬਾਦ ਯਹੂਦੀਆਂ, ਦੇਸ਼ ਭਗਤਾਂ ਤੇ ਵਿਰੋਧੀ ਰਾਜਸੀ ਪਾਰਟੀਆਂ ਦੇ ਆਗੂਆਂ ਤੇ ਕਾਰਕੂੰਨਾਂ ਦੀ ਫੜੋਫੜੀ ਤੋਂ ਬਾਦ ਗੈਸਟਾਪੋ (ਨਾਜ਼ੀ ਪੁਲਿਸ ਜੋ ਆਪਣੇ ਵਹਿਸ਼ੀਆਨਾ ਜਬਰ ਲਈ ਮਸ਼ਹੂਰ ਸੀ) ਦਿਲ ਕੰਬਾਊ ਤਸੀਹੇ ਦੇਣ ਤੇ ਮਗਰੋਂ ਕੰਸਨਟਰੇਸ਼ਨ ਕੈਂਪਾਂ, ਜੇਲਾਂ ਤੇ ਗੈਸ ਚੈਂਬਰ ਰੂਪੀ ਮੌਤ ਦੇ ਜਬਾੜਿਆਂ ਵਿੱਚ ਧੱਕੇ ਜਾਣ ਦਾ ਭਿਆਨਕ ਦੌਰ।
ਇਸ ਸਮੇਂ ਜਥੇਬੰਦੀ ਦੇ ਬਾਕੀ ਕਾਰਕੂੰਨਾ ਵਾਂਗੂੰ ਫਿਊਚਿਕ ਵੀ ਰੂਪੋਸ਼ ਹੋ ਕੇ ਗੁਪਤ ਜੱਥੇਬੰਦੀ ਨੂੰ ਸੰਗਠਿਤ ਕਰਨ ਦੇ ਸੰਘਰਸ਼ ਵਿਚ ਜੁੱਟ ਪਿਆ। ਉਸ ਨੇ ਪਾਰਟੀ ਦਾ ਖੁਫੀਆ ਹੈਡਕੁਆਟਰ ਕਾਇਮ ਕਰਨ ਵਿੱਚ ਯੋਗਦਾਨ ਪਾਇਆ। ਉਸਨੇ ਏਸ ਸਮੇਂ ਦੌਰਾਨ ਸਾਹਿਤਕ ਇਤਿਹਾਸਿਕ ਮਾਰਕਸੀ ਖੋਜ ਬਾਰੇ ਵੀ ਕੰਮ ਕਰਨਾ ਸ਼ੁਰੂ ਕੀਤਾ। ਆਪਣੇ ਸਾਥੀਆਂ ਨਾਲ ਰਲ ਕੇ ਉਸਨੇ ਪਾਰਟੀ ਦਾ ਖੁਫੀਆ ਕੇਂਦਰੀ ਅਖਬਾਰ ਵੀ ਕੱਢਿਆ, ਜਿਸ ਦਾ ਐਡੀਟਰ ਉਹ ਆਪ ਸੀ। ਇਸ ਤੋਂ ਇਲਾਵਾ ਉਸ ਨੇ ਹੋਰ ਖੁਫੀਆ ਕਿਤਾਬਾਂ ਵੀ ਛਾਪੀਆਂ, ਜਿਨ੍ਹਾਂ ਵਿਚੋਂ ਇੱਕ ਵਿਅੰਗਮਈ ਅਖਬਾਰ ‘ਤ੍ਰਨਾਵੇਂ ਚੈੱਕ‘ (ਛੋਟਾ ਜਿਹਾ ਕੰਡਾ) ਵੀ ਸੀ। ਪਰ ਬਦਕਿਸਮਤੀ ਨਾਲ ਇਕ ਰਾਜ਼ਦਾਰ ਦੀ ਗਦਾਰੀ ਕਰਕੇ ਉਹ 25 ਅਪ੍ਰੈਲ 1942 ਨੂੰ ਅਚਿੰਤਾ ਹੀ ਫੜ ਲਿਆ ਗਿਆ। ਨਾਜ਼ੀਆਂ ਦੁਆਰਾ 8 ਸਤੰਬਰ 1943 ਨੂੰ ਬਰਲਿਨ ਦੀ ਪਲੋਟਜ਼ਨਸੇ ਜੇਲ੍ਹ ਵਿੱਚ ਲਗਭਗ ਚਾਲੀ ਵਰਿਆਂ ਦੀ ਉਮਰੇ ਉਹਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
‘ਫਾਂਸੀ ਦੇ ਤਖਤੇ ਤੋਂ‘ ਰਾਜਨੀਤਿਕ, ਸੱਭਿਆਚਾਰਕ, ਮੁਲਕ ਦੇ ਘਰੇਲੂ ਮਸਲਿਆਂ, ਸਾਹਿਤ ਅਤੇ ਨਾਟਕ ਬਾਰੇ ਪੜਚੋਲ ਵਰਗੇ ਬਹੁਪੱਖੀ ਵਿਸ਼ਿਆਂ ਬਾਰੇ ਲਿਖਣ ਵਾਲੇ ਫਿਊਚਿਕ ਦੀ ਅੰਤਿਮ ਲਿਖਤ ਹੈ। ਜਿਸਦੀ ਰਚਨਾ ਉਹਨੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਦ ਤਸੀਹਾ ਘਰ ਤੇ ਪ੍ਰੇਕਾਤਸ ਜੇਲ੍ਹ ਵਿਚਲੀ ਕੈਦ ਦੇ ਦੌਰਾਨ ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦਿਆਂ, ਅਕਹਿ ਤੇ ਅਸਹਿ ਸਰੀਰਕ ਤੇ ਮਾਨਸਿਕ ਤਸ਼ੱਦਦ ਬਰਦਾਸ਼ਤ ਕਰਦਿਆਂ ਕੀਤੀ।
‘ਫਾਂਸੀ ਤੇ ਤਖਤੇ ਤੋਂ‘ ਸਵੈ ਜੀਵਨੀ ਰੂਪੀ ਲਿਖਤ ਹੈ ਪਰ ਇਹ ਕੋਈ ਸਧਾਰਣ ਸਵੈ ਜੀਵਨੀ ਬਿਲਕੁਲ ਨਹੀਂ। ਇਹਦਾ ਇਕ ਸਧਾਰਣ ਲਿਖਤ ਨਾਲੋਂ ਫਰਕ ਸਮਝਣ ਲਈ ਜ਼ਰੂਰੀ ਹੈ ਇਹ ਜਾਨਣਾ ਕਿ ਇਹ ਲਿਖਤ ਫਿਊਚਿਕ ਨੇ ਕਿਹੜੇ ਹਾਲਾਤਾਂ ਵਿਚੋਂ ਗੁਜ਼ਰਦਿਆਂ ਲਿਖੀ। ਸਾਹਿਤਿਕ ਰਚਨਾ ਪ੍ਰਕਿਰਿਆ ਦੀਆਂ ਕੁੱਝ ਮੁਢਲੀਆਂ ਲੋੜਾਂ ਹੁੰਦੀਆ ਹਨ। ਜਦੋਂ ਕੋਈ ਲੇਖਕ ਕੋਈ ਸਾਹਿਤਿਕ ਕਿਰਤ ਰਚਦਾ ਹੈ ਤਾਂ ਇਹ ਉਹਦੇ ਤੋਂ ਮੰਗ ਕਰਦੀ ਹੈ ਬਈ ਉਹ ਪਹਿਲਾਂ ਉਸ ਲਿਖਤ ਦਾ ਇਕ ਮੁਢਲਾ ਖਾਕਾ ਆਪਣੇ ਮਨ ਵਿਚ ਬਣਾਵੇ। ਉਸ ਦੇ ਵਿਸ਼ੇ ਤੇ ਉਸ ਵਿਸ਼ੇ ਨਾਲ ਜੁੜੇ ਹਰ ਵੇਰਵੇ ਨਾਲ ਆਪਣੇ ਆਪ ਨੂੰ ਇਕਸੁਰ ਕਰੇ, ਆਪਣੇ ਮਨ ਨੂੰ ਇਕਾਗਰ ਕਰੇ, ਫੇਰ ਪਹਿਲਾਂ ਆਪਣੇ ਮਨ ਦੇ ਅੰਦਰ ਤੇ ਫੇਰ ਅਨੇਕਾਂ ਵਾਰ ਕਾਗਜ਼ ਦੀ ਹਿੱਕ ਉੱਤੇ ਉਸ ਨੂੰ ਮਿੱਟੀ ਦੇ ਭਾਂਡੇ ਬਣਾਉਣ ਵਾਂਗ ਬਾਰ ਬਾਰ ਭੰਨੇ ਤੇ ਮੁੜ ਉਸਾਰੇ, ਸੋਧੇ, ਕਦੀ ਕੁਝ ਲੋੜੀਂਦਾ ਉਸ ਵਿਚ ਜੋੜੇ ਤੇ ਅਣਲੋੜੀਂਦਾ ਕੱਟ ਛਾਂਟ ਦਏ, ਉਹਦੇ ਵਿਚ ਪਕਿਆਈ ਤੇ ਨਿਖਾਰ ਲਿਆਏ ਤੇ ਫਿਰ ਉਹਨੂੰ ਅੰਤਿਮ ਰੂਪ ਮੁਹਾਂਦਰਾ ਦਏ। ਸ਼ਾਇਦ ਏਸੇ ਕਰਕੇ ਲਿਓ ਤਾਲਾਸਤਾਏ ਦਾ ‘ਜੰਗ ਤੇ ਅਮਨ‘ ਅਤੇ ਸ਼ੋਲੇਖੋਵ ਦਾ ‘ਤੇ ਡਾਨ ਵਹਿੰਦਾ ਰਿਹਾ‘ ਵਰਗੇ ਸੰਸਾਰ ਸਾਹਿਤ ਦੇ ਸ਼ਾਹਕਾਰ ਕਈ ਕਈ ਦਹਾਕਿਆਂ ਲੰਮੀ ਘਾਲ ਦਾ ਨਤੀਜਾ ਹਨ। ਪਰ ਇਹ ਲਿਖਤ ਰਚਣ ਲਈ ਨਾ ਤਾਂ ਫਿਊਚਿਕ ਕੋਲ ਸੁਖਾਵਾਂ ਮਾਹੌਲ ਸੀ, ਨਾ ਖੁੱਲ੍ਹਾ ਸਮਾਂ ਤੇ ਨਾ ਹੀ ਇਕਾਂਤ।
ਸਮਾਂ ਸੀ ਉਹਦੇ ਕੋਲ ਉਹ ਘੜੀਆਂ ਜੋ ਉਸਨੂੰ ਨਾਜ਼ੀ ਮੌਤ ਤੋਂ ਉਧਾਰੀਆਂ ਮਿਲੀਆਂ ਸਨ। ਲਗਭਗ ਯਕੀਨੀ ਮੌਤ ਤੋਂ ਪਹਿਲਾਂ ਦੇ ਉਹ ਚੰਦ ਕੁ ਦਿਨ, ਉਹ ਮੌਤ ਜੀਹਦੇ ਆਉਣ ਬਾਰੇ ਉਹਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੀ। ਆਪਣੀ ਜਿੰਦਗੀ ਦੀ ਆਖਰੀ ਬਸੰਤ ਦੇ ਉਹ ਉਹ ਕੁੱਝ ਅੰਤਲੇ ਰਾਖਵੇਂ ਦਿਨ ਉਸਨੇ ਇਸ ਮਹਾਨ ਲਿਖਤ ਦੇ ਲੇਖੇ ਲਾਏ। ਤੇ ਲਿਖਣ ਲਈ ਉਹਦੇ ਹਿੱਸੇ ਆਈ ਸ਼ਾਇਦ ਦੁਨੀਆਂ ਦੀ ਸਭ ਅਣਸੁਖਾਵੀਂ ਤੇ ਅਢੁਕਵੀਂ ਥਾਂ, ਨਾਜ਼ੀ ਪੁਲਿਸ ਗੈਸਟਾਪੋ ਦੇ ਕਬਜ਼ੇ ਹੇਠਲੀ ਪ੍ਰਾਗ ਦੀ ਪ੍ਰੰਕਾਤਸ ਜੇਲ੍ਹ।
ਇਸ ਤਰਾਂ ‘ਫਾਂਸੀ ਦੇ ਤਖਤੇ ਤੋਂ‘ ਕਿਤਾਬ ਫਿਊਚਿਕ ਨੇ ਨਾਜ਼ੀ ਤਸੀਹਾ ਕੇਂਦਰ ਵਿੱਚ ਗੈਸਟਾਪੋ ਹੱਥੋਂ ਭਿਆਨਕ ਤਸੀਹੇ ਸਹਿੰਦਿਆਂ, ਪੀੜ ਨਾਲ ਘੁਲਦਿਆਂ ਜੇਲ੍ਹ ਵਿਚ ਨਾਜ਼ੀ ਬੰਦੂਕਾਂ ਦੀ ਛਾਂ ਹੇਠ ਤੇ ਪਲੋ ਪਲੀ ਵਧੇਰੇ ਨੇੜੇ ਆ ਰਹੀ ਮੌਤ ਨੂੰ ਮਹਿਸੂਸਦਿਆਂ, ਸਿਗਰਟ ਦੀ ਡੱਬੀ ਦੇ ਅੰਦਰਲੇ ਮਹੀਨ ਕਾਗਜ਼ਾਂ ਤੇ ਗੁਪਤ ਰੂਪ ਵਿਚ ਲਿਖੀ, ਜੋ ਇੱਕ ਹਮਦਰਦ ਚੈੱਕ ਵਾਰਡਨ ਕੇਲਿੰਸਕੀ ਦੀ ਮਦਦ ਨਾਲ ਜੇਲੋਂ ਬਾਹਰ ਪੁਚਾਈ ਗਈ। ਉਹਦੇ ਲਿਖੇ ਅੱਡ-ਅੱਡ ਪੱਤਰਿਆਂ ਨੂੰ ਜਿਨਾਂ ਤੇ ਨੰਬਰ ਲੱਗੇ ਹੋਏ ਸਨ ਨੂੰ ਅੱਡ ਅੱਡ ਵਫਾਦਾਰ ਲੋਕਾਂ ਕੋਲ ਛੁਪਾਇਆ ਗਿਆ ਸੀ। ਇਹ ਲਿਖਤ ਫਿਊਚਿਕ ਦੇ ਸ਼ਹੀਦ ਹੋਣ ਤੋਂ ਬਾਦ ਹੀ ਛਪਾਈ ਜਾ ਸਕੀ। ਜੰਗ ਮੁਕਣ ਤੋਂ ਬਾਦ ਫਿਊਚਿਕ ਦੀ ਪਤਨੀ ਅਗੁਸਤੀਫਾ ਫਿਊਚਿਕ (ਜੋ ਨਾਜੀ ਕੇਂਸਨਟਰੇਸ਼ਨ ਕੈਂਪ ਚੋਂ ਖੁਸ਼ਕਿਸਮਤੀ ਨਾਲ ਬਚ ਗਈ) ਨੇ ਇਹ ਜਾਣਦਿਆਂ ਕਿ ਫਿਊਚਿਕ ਨੇ ਸ਼ਹੀਦ ਹੋਣ ਤੋਂ ਪਹਿਲਾਂ ਜੇਲ੍ਹ ਵਿਚ ਆਪਣੀਆਂ ਯਾਦਾਂ ਲਿਖੀਆਂ ਸਨ, ਉਹਦੀ ਲਿਖਤ ਨੂੰ ਇੱਕਠਿਆਂ ਕਰਨ ਦਾ ਹੰਭਲਾ ਮਾਰਿਆ ਤੇ ਉਸਨੂੰ 1947 ਵਿੱਚ ‘ਂੋਟੲਸ ਾਰੋਮ ਟਹੲ 7ਅਲਲੋੱਸ’ ਦੇ ਨਾਂ ਹੇਠ ਲੋਕ ਅਰਪਣ ਕੀਤਾ ਜਿਸ ਨੂੰ 90 ਤੋਂ ਵੱਧ ਭਾਸ਼ਵਾਂ ਵਿੱਚ ਉਲਥਾਇਆ ਜਾ ਚੁੱਕਾ ਹੈ। ਇਸ ਪੱਖੋਂ ਹੋਈ ਨਾ ਇਹ ਇਕ ਇਨਕਲਾਬੀ ਲੇਖਕ ਦੀ ਅਣਮਨੁੱਖੀ ਹਾਲਤਾਂ ਵਿੱਚ ਲਿਖੀ ਅਸਾਧਾਰਣ ਲਿਖਤ।
ਜਿਹੜੀ ਗੱਲ ਇਸ ਲਿਖਤ ਨੂੰ ਬਲ ਬਖਸ਼ਦੀ ਹੈ ਉਹ ਐ ਲੇਖਕ ਦਾ ਉਸ ਮੰਦਭਾਗੇ ਸਮਕਾਲੀ ਇਤਿਹਾਸਿਕ ਵਰਤਾਰੇ ਦਾ ਹੱਢੀਂ ਹੰਢਾਇਆ ਅਨੁਭਵ ਅਤੇ ਜਿਸ ਸਾਫਗੋਈ ਨਾਲ ਉਹ ਉਸ ਬਾਰੇ ਲਿਖਦਾ ਹੈ। ਜਿਵੇਂ ਉਹ ਆਪ ਕਹਿੰਦਾ ਹੈ ਕਿ ਜਿੰਦਗੀ ਵਿਚ ਵਾਪਰਨ ਵਾਲੇ ਵਰਤਾਰੇ ਦੀ ਤਰਾਂ ਹੀ ਉਹ ਆਪ ਇਸ ਸਾਰੇ ਸਮਕਾਲੀ ਘਟਨਾਕ੍ਰਮ ਦਾ ਕੇਵਲ ਦਰਸ਼ਕ ਨਹੀਂ ਬਲਕਿ ਇਸ ਵਿਚ ਹਿੱਸਾ ਪਾਉਣ ਵਾਲਾ ਅਦਾਕਾਰ ਵੀ ਹੈ। ਮੌਤ ਦੀ ਉਸ ਕਾਲ ਕੋਠੜੀ ਵਿੱਚ ਬੈਠਾ ਜਿੱਥੇ ਹਰ ਪਲ ਜੰਗ ਹੈ ਸਰੀਰਕ ਤੇ ਮਾਨਸਿਕ ਕਮਜ਼ੋਰੀ (ਗੱਦਾਰ ਹੋ ਜਾਣ) ਤੇ ਮੌਤ ਨਾਲ, ਉਹ ਉਹਨਾ ਭਿਆਨਕ ਦਿਨਾਂ ਵਿੱਚ ਹੰਢਾਏ ਇਨਸਾਨੀ ਸਹਿਣਸ਼ਕਤੀ ਤੋਂ ਪਰ੍ਹੇ ਦੇ ਤਸ਼ੱਦਦ ਬਾਰੇ ਲਿਖਦਾ ਹੈ। ਪੇਚੈਕ ਇਮਾਰਤ ਦੇ ਗੈਸਟਾਪੋ ਹੈਡਕੁਆਟਰ ਵਿਚਲੇ ਨਾਜ਼ੀ ਪੁੱਛਗਿੱਛ ਕੇਂਦਰ, ਜਿਸ ਨੂੰ ਉਹ ‘ਸਿਨੇਮਾ‘ ਆਖਦਾ ਹੈ ਵਿੱਚ ਵੇਖੀਆਂ ਅਣਗਿਣਤ ਦਿਲ ਹਿਲਾਊ ਝਾਕੀਆਂ ਦੀ ਗੱਲ ਕਰਦਾ ਹੈ,‘‘ਝਾਕੀ ਇਕ ਹੋਰ ਪੇਸ਼ੀ ਦੀ, ਤਸੀਹਿਆਂ ਜਾਂ ਮੌਤ ਦੇ ਸੱਦੇ ਦੇ ਉਡੀਕਵਾਨ ਜਿੰਨਾਂ ਨੂੰ ਨਿੱਤ ਵੇਖਦੇ ਸਨ। ਕਿਸੇ ਦੀ ਜਿੰਦਗੀ, ਪਰਿਵਾਰ, ਟੁੱਟੇ ਘਰ ਜਾਂ ਬਰਬਾਦ ਜ਼ਿੰਦਗੀ ਦੀ ਝਾਕੀ, ਹਿੰਮਤੀ ਸਾਥੀਆਂ ਜਾਂ ਗਦਾਰੀ ਦੀਆਂ ਫਿਲਮਾਂ ਬਹਾਦੁਰ ਫੈਸਲਿਆਂ ਦੀਆਂ, ਨਫਰਤ ਜਾਂ ਪਿਆਰ ਦੀਆਂ, ਡਰ ਤੇ ਉਮੀਦ ਦੀਆਂ “, ਉਹ ਅੱਗੇ ਕਹਿੰਦਾ ਹੈ,‘‘ਜ਼ਿੰਦਗੀ ਵੱਲ ਸਾਡੀਆਂ ਪਿੱਠਾਂ ਸਨ, ਤੇ ਸਾਡੇ ਵਿਚੋਂ ਹਰ ਇੱਕ ਏਥੇ ਹਰ ਰੋਜ਼ ਆਪਣੀਆਂ ਅੱਖਾਂ ਸਾਹਵੇਂ ਮਰਦਾ ਸੀ। ਪਰ ਸਾਰੇ ਮੁੜ ਨਹੀਂ ਸਨ ਜੰਮਦੇ।‘‘
ਫਿਊਚਿਕ ਆਪਣੇ ਬੇਨਾਮ ਵਫਾਦਾਰ ਸਾਥੀਆਂ ਨੂੰ, ਆਪਣੀ ਪਿਆਰੀ ਪਤਨੀ ਅਗੁਸਤੀਨਾ ਨੂੰ, ਵਿਸ਼ਸ਼ਿਲ ਪਰਿਵਾਰ, ਯੋਜ਼ਫ ਤੇ ਮਾਰੀਏ, ਲੀਡਾ ਤੇ ਯੈਲੀਲੇਕ ਪਰਿਵਾਰ ਨੂੰ ਜਿਹੜੇ ਅੰਤ ਤੱਕ ਉਹਦੇ ਵਾਂਗ ਹੀ ਡਟੇ ਰਹੇ, ਜੇਲ੍ਹ ਦੇ ਉਹਨਾਂ ਹਮਦਰਦ ਚੈੱਕ ਵਾਰਡਨਾ ਤੇ ਪਹਿਰੇਦਾਰਾਂ ਨੂੰ ਜਿਹਨਾਂ ਦੀ ਅਪਣੱਤ ਤੇ ਹਮਦਰਦੀ ਨੇ ਉਹਦੇ ਅੰਤਲੇ ਦਿਨਾਂ ਵਿਚ ਵੀ ਉਹਦਾ ਵਿਸ਼ਵਾਸ਼ ਇਨਸਾਨੀਅਤ ਤੋਂ ਉੱਠਣ ਨਾ ਦਿੱਤਾ ਉਨਾਂ ਸਾਰਿਆਂ ਨੂੰ ਉਹਨਾਂ ਦੀਆਂ ਹੱਥ ਘੁੱਟਣੀਆਂ, ਕੰਨ ਗੋਸ਼ਿਆਂ ਵਿੱਚ ਕਹੀਆਂ ਹੌਂਸਲਾ ਵਧਾਊ ਗੱਲਾਂ ਲਈ ਤੇ ਅੱਖਾਂ ਰਾਹੀਂ ਕਹੀਆਂ ਚੁੱਪ ਸਲਾਮਾਂ ਲਈ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਦੂਜੇ ਪਾਸੇ ਉਹ ਗਦਾਰੀ ਕਰ ਜਾਣ ਵਾਲੇ ਬੁਜ਼ਦਿਲ, ਜਿਨਾਂ ਆਪਣੀ ਚਮੜੀ ਬਚਾਉਣ ਖਾਤਰ ਆਪਣੇ ਸਾਥੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਮੁਖਬਰੀ ਕਰਕੇ ਆਪਣੇ ਮੁਲਕ ਤੇ ਕੌਮ ਨਾਲ ਧਰੋਹ ਕਮਾਇਆ ਬਾਰੇ ਹਿਕਾਰਤ ਨਾਲ ਲਿਖਦਾ ਹੈ। ਉਹਨਾਂ ਨੂੰ ਉਹ ‘ਜ਼ਿਹਨੀ ਤੌਰ ਤੇ ਮਰਿਆ ਹੋਇਆ ਤੇ ਆਪਣੀ ਜਿੰਦ ਤੋਂ ਕਈ ਕੁਝ ਵਧੇਰੇ ਗੁਆਉਣ ਵਾਲਾ ਕਹਿੰਦਾ ਹੈ‘। ਕਈ ਥਾਵਾਂ ਤੇ ਫਿਊਚਿਕ ਦੇ ਨਿੱਜੀ ਅਨੁਭਵ ਵਿੱਚੋਂ ਅਸੀਂ ਲੋਕਾਈ ਦਾ ਦਰਦ ਬੋਲਦਾ ਵੀ ਮਹਿਸੂਸ ਕਰਦੇ ਹਾਂ।
‘ਫਾਂਸੀ ਦੇ ਤਖਤੇ ਤੋਂ‘ ਅਸਲ ਵਿੱਚ ਜਿੰਦਗੀ ਦਾ ਇੱਕ ਪੂਰਾ ਸੂਰਾ ਟੋਟਾ ਹੈ ਆਪਣੀ ਪੂਰੀ ਸਾਦਗੀ, ਸਾਫਗੋਈ ਤੇ ਵੰਨ ਸੁਵੰਨਤਾ ਵਿੱਚ। ਇੱਕ ਸਹੁੰ, ਇੱਕ ਅਟੱਲ ਪ੍ਰਤੀਬੱਧਤਾ ਵੀ ਹੈ ਕਿ ਉਹ ਤੇ ਉਹਦੇ ਸਾਥੀ ਅਣਮਨੁੱਖੀ ਤਸੀਹੇ ਝੱਲਦੇ ਹੋਏ ਵੀ ਡੋਲਣਗੇ ਨਹੀਂ ਤੇ ਆਪਣੇ ਆਦਰਸ਼ਾਂ ਉੱਤੇ ਸਾਬਤ ਕਦਮ ਖੜ੍ਹੇ ਰਹਿਣਗੇ ਮੌਤ ਤੱਕ।
‘ਫਾਂਸੀ ਤੇ ਤਖਤੇ ਤੋਂ‘ ਦਾ ਮੁੱਖ ਹਿੱਸਾ ਭਾਵੇਂ ਫਿਊਚਿਕ ਦੇ ਜੀਵਨ ਦੇ ਆਖਰੀ ਦੌਰ ਬਾਰੇ ਹੈ। ਪਰ ਇਸ ਨਿੱਕੇ ਅਕਾਰ ਦੀ ਪਰ ਗੁੱਧੀ ਹੋਈ ਲਿਖਤ ਵਿਚੋਂ ਵੀ, ਉਸਦੇ ਜੀਵਨ ਦੇ ਇਕ ਟੋਟੇ ਵਿਚੋਂ ਸਾਨੂੰ ਉਸ ਦੀ ਸ਼ਖਸ਼ੀਅਤ ਦੇ ਰੂਪ ਵਿਚ ਅਸੀਂ ਇੱਕ ਪੂਰੇ ਸੂਰੇ ਇਨਸਾਨ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਅਸੀਂ ਇੱਕ ਸਾਫ਼ ਸੁੱਚੀ ਰੂਹ ਵਾਲੇ ਬੰਦੇ ਨੂੰ ਮਿਲਦੇ ਹਾਂ। ਪਿਆਰ ਕਰਨ ਵਾਲਾ ਬੇਟਾ ਤੇ ਪਤੀ, ਸੁਹਿਰਦ ਦੋਸਤ, ਪ੍ਰਤੀਬੱਧ ਸਾਥੀ, ਚੈਕ ਮਾਂ ਭੂਮੀ ਦਾ ਮਾਣਮੱਤਾ ਅਣਖੀ ਪੁੱਤਰ, ਸੋਚਵਾਨ ਮਨੁੱਖ, ਇਕ ਦਾਰਸ਼ਨਿਕ, ਇੱਕ ਯੋਧਾ, ਇੱਕ ਅਸਲੀ ਇਨਸਾਨ ਜੋ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖ ਸਕਦਾ ਹੋਵੇ ਜੋ ਫਾਂਸੀ ਦੇ ਤਖਤੇ ਵੱਲ ਅਡੋਲ ਤੁਰਿਆ ਜਾਦਿਆਂ ਜਿੰਦਗੀ ਦਾ ਗੀਤ ਗੁਣਗੁਣਾ ਸਕਦਾ ਹੋਵੇ। ਇੱਕ ਐਸਾ ਇਨਸਾਨ ਜੋ ਜ਼ਿੰਦਗੀ ਦੇ ਸੁਹੱਪਣ ਦਾ ਕਵੀਆਂ ਵਾਂਗ ਕਾਇਲ ਹੈ। ਉਹ ਵੀ ਆਪਣੇ ਪਿਆਰਿਆਂ ਲਈ ਸਿੱਕਦਾ ਹੈ ਤੇ ਸ਼ਿੱਦਤ ਨਾਲ ਜਿੰਦਗੀ ਜਿਊਣਾ ਲੋਚਦਾ ਹੈ।
ਫਿਊਚਿਕ ਦੀ ਇਸ ਲਿਖਤ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਇਹ ਇਕ ਹਰ ਪਲ ਆਪਣੀ ਮੌਤ ਵੱਲ ਵਧ ਰਹੇ ਇਨਸਾਨ ਨੇ ਲਿਖੀ ਪਰ ਇਹਦੇ ਵਿਚ ਨਾ ਤਾਂ ਮੌਤ ਦਾ ਡਰ ਹੈ ਝਲਕਦਾ ਤੇ ਨਾ ਹੀ ਸਹਿਮ। ਨਿਰਾਸ਼ਾ ਤਾਂ ਜਿਵੇਂ ਉਹਨੂੰ ਕਦੀ ਛੂਹ ਕੇ ਵੀ ਨਾ ਲੰਘੀ ਹੋਏ। ਉਹਦੀ ਚੜ੍ਹਦੀ ਕਲਾ ਦਾ ਅੰਦਾਜ਼ਾ ਉਸ ਸਾਫਗੋਈ ਤੇ ਸਪੱਸ਼ਟਤਾ ਤੋਂ ਲਗਦਾ ਹੈ ਜਿਸ ਨਾਲ ਉਹ ਮੌਤ ਬਾਰੇ ਗੱਲ ਕਰਦਾ ਹੈ। ਪਰ ਉਹ ਮੌਤ ਤੋਂ ਵੀ ਵੱਧ ਗੱਲ ਕਰਦਾ ਹੈ ਜਿੰਦਗੀ ਦੀ, ਆਉਣ ਵਾਲੇ ਭਲਕ ਦੀ, ਸ਼ਾਨਦਾਰ ਅਜ਼ਾਦ ਭਵਿੱਖ ਦੀ, ਸੁਨਿਹਰੇ ਕੱਲ੍ਹ ਦੀ ਜਿਸ ਖਾਤਰ ਉਹ ਤੇ ਉਹਦੇ ਸਾਥੀ ਕੁਰਬਾਨ ਹੋਣ ਨੂੰ ਤਿਆਰ ਹਨ ਤੇ ਜਿਸ ਵਿੱਚ ਉਹਨਾ ਨੂੰ ਅਟੁੱਟ ਵਿਸ਼ਵਾਸ਼ ਹੈ। ਵਿਸ਼ਵਾਸ਼ ਇਸ ਗੱਲ ਵਿਚ ਕਿ ਇਕ ਦਿਨ ਇਹ ਸਭ ਬੀਤ ਜਾਏਗਾ ਤੇ ਜਿੰਦਗੀ ਫਿਰ ਆਪਣੇ ਰਾਹ ਤੁਰ ਪਵੇਗੀ। ਉਹ ਆਪ ਕਹਿ ਉੱਠਦਾ ਹੈ,‘‘ਉਫ਼, ਇਸ ਭਿਆਨਕ ਬਿਜਾਈ ਤੋਂ ਇਕ ਦਿਨ ਕਿੰਨੀ ਸ਼ਾਨਦਾਰ ਫਸਲ ਉੱਗੇਗੀ।‘‘ ਉਸਦੀ ਇਹ ਭਵਿੱਖ ਤੇ, ਆਉਣ ਵਾਲੇ ਕੱਲ ਤੇ ਚੰਗੇਰੀ ਜਿੰਦਗੀ ਵਿੱਚ ਉਮੀਦ ਉਸਦੀ ਲਿਖਤ ਦੀ ਰੂਹ ਵੀ ਐ ਤੇ ਇਹੀ ਉਸਦੀ ਤੇ ਉਸਦੇ ਸਾਥੀਆਂ ਦੀ ਪ੍ਰੇਰਨਾ ਵੀ। ਹਾਲਾਂਕਿ ਆਪਣੇ ਪਲ ਪਲ ਨੇੜੇ ਆ ਰਹੀ ਹੋਣੀ ਦੀ ਅਟੱਲਤਾ ਬਾਰੇ ਉਹਨੂੰ ਕੋਈ ਸ਼ੱਕ ਨਹੀਂ। ਉਹ ਆਪਣੀ ਲਿਖਤ ਦੀ ‘ਖੁਸ਼ੀ ਭਰੀ ਅੰਤਿਕਾ‘ ਦਾ ਗੱਲ ਕਰਦਾ ਹੈ, ਜਿਸਨੂੰ ਉਹ ਆਪ ਨਹੀਂ ਤਾਂ ਸਹੀ ਮਾਮਲਿਆਂ ਵਿਚ ਕੋਈ ਹੋਰ ਲੋਕ ਲਿਖਣਗੇ।
‘ਫਾਂਸੀ ਦੇ ਤਖਤੇ ਤੋਂ‘ ਇਕ ਅਡੋਲ ਕਦਮਾਂ ਨਾਲ ਮੌਤ ਵੱਲ ਤੁਰੇ ਜਾ ਰਹੇ ਇਨਕਲਾਬੀ ਦਾ, ਆਪਣੇ ਲੋਕਾਂ, ਆਉਣ ਵਾਲੇ ਭਵਿੱਖ, ਨਸਲਾਂ ਤੇ ਸਭ ਤੋਂ ਵੱਧ ਜਿੰਦਗੀ ਦੇ ਨਾਂ ਪ੍ਰੇਮ ਪੱਤਰ ਵੀ ਹੈ ਤੇ ਆਖਰੀ ਸੁਨੇਹਾ ਵੀ। ਜਿਸ ਵਿਚ ਉਹ ਉਹਨਾਂ ਨੂੰ ਆਪਣੇ ਵਰਗੇ ਕੁਰਬਾਨ ਹੋ ਗਏ ਸੰਗਰਾਮੀਆਂ ਨੂੰ ਯਾਦ ਰੱਖਣ ਲਈ ਕਹਿੰਦਾ ਹੈ। ‘ਉਹ ਜਿੰਨਾ ਨੇ ਆਪਣਾ ਫਰਜ਼ ਨਿਭਾਇਆ‘। ਇਹਦੇ ਵਿਚ ਅਸੀਂ ਇਕ ਗਰਜ਼ ਵੀ ਸੁਣਦੇ ਹਾਂ, ਇੱਕ ਅਜਿੱਤ ਅਝੁੱਕ ਰੂਹ ਦੀ ਗਰਜ, ਜਿਸਨੂੰ ਆਪਣੇ ਕਾਜ਼ ਦੀ ਕਾਮਯਾਬੀ ਤੇ ਅੰਤਿਮ ਜਿੱਤ ਵਿੱਚ ਅਟੁੱਟ ਭਰੋਸਾ ਹੈ। ਫਿਊਚਿਕ ਰਾਹੀਂ ਅਸੀਂ ਜਾਣਦੇ ਹਾਂ ਕਿ ਅਸਲੀ ਜਿੱਤ ਹਾਰ ਨਾ ਮੰਨਣ ਵਿੱਚ ਹੈ, ਅੰਤ ਵਿਚ ਡਟੇ ਰਹਿਣ ਦੀ ਦ੍ਰਿੜਤਾ ਵਿੱਚ ਤੇ ਮੌਤ ਤੱਕ ਆਪਣੇ ਆਦਰਸ਼ਾਂ ਨਾਲ ਵਫਾ ਤੋੜ ਨਿਭਾਉਣ ਵਿੱਚ ਹੈ ।
‘ਫਾਂਸੀ ਦੇ ਤਖਤੇ ਤੋਂ‘ ਨੂੰ ਪੜ੍ਹਦਿਆਂ ਪ੍ਰਾਚੀਨ ਯੂਨਾਨੀ ਕਵੀ ਸਿਮੋਨਾਈਡਸ (556 2.3.- 468 2.3.) ਦੁਆਰਾ ਹਜ਼ਾਰਾਂ ਸਾਲ ਪਹਿਲਾਂ 300 ਸਪਾਰਟਨ (ਯੂਨਾਨੀ) ਸਿਪਾਹੀਆਂ ਦੁਆਰਾ ਰਾਜਾ ਲਿਉਨਾਈਡਸ ਦੀ ਅਗਵਾਈ ਵਿੱਚ ਲੱਖਾਂ ਦੀ ਗਿਣਤੀ ਵਾਲੀ ਜ਼ਰਕਸੀਜ਼ ਦੀ ਫਾਰਸੀ ਫੌਜ ਵਿਚਕਾਰ ਲੜੀ ਗਈ “ਹੲਰਮੋਪੇਲੲ ਦੀ ਅਸਾਵੀਂ ਜੰਗ (ੰੲਪ, 480 2.3.) ਬਾਰੇ ਲਿਖੀਆਂ ਸਤਰਾਂ ਯਾਦ ਆਉਂਦੀਆਂ ਹਨ ਜੋ ਅੱਜ ਵੀ ਉਸ ਥਾਂ ਤੇ ਉੱਸਰੀ ਜੰਗੀ ਯਾਦਗਾਰ ਉੱਤੇ ਸ਼ਿਲਾਲੇਖ ਰੂਪ ਵਿੱਚ ਖੁਣੀਆਂ ਹੋਈਆਂ ਹਨ।
ਕਹਿੰਦੇ ਹਨ ਕਿ ਫਾਰਸ ਦੇ ਰਾਜਾ ਜ਼ਰਕਸੀਜ਼ ਵੱਲੋਂ ਯੂਨਾਨ ਨੂੰ ਗੁਲਾਮ ਬਨਾਉਣ ਲਈ ਕੀਤੇ ਹਮਲੇ ਨੂੰ ਠੱਲ੍ਹਣ ਲਈ ਸਪਾਰਟਾ ਦੇ ਰਾਜਾ ਲਿਉਨਾਈਡਸ ਨੇ ਵੱਖ ਵੱਖ ਯੂਨਾਨੀ ਗਣਰਾਜਾਂ ਦੀਆਂ ਸੰਯੁਕਤ ਫੌਜਾਂ ਦੀ ਜਿਸ ਵਿਚ ਕਰੀਬ 7000 ਸੈਨਿਕ ਸਨ ਦੀ ਅਗਵਾਈ ਕੀਤੀ। ਆਪਣੀ ਬੇਹੱਦ ਥੋੜੀ ਗਿਣਤੀ ਦੇ ਬਾਵਜੂਦ ਉਹਨਾਂ ਲੱਖਾਂ ਦੀ ਗਿਣਤੀ ਵਾਲੀ ਫਾਰਸੀ ਫੌਜ ਦੇ ਪੈਰ ਨਾ ਲੱਗਣ ਦਿੱਤੇ ਤੇ ਇਕ ਤੰਗ ਘਾਟੀ ਵਿੱਚ ਉਹਨਾ ਦਾ ਮੁਕਾਬਲਾ ਕੀਤਾ। ਪੂਰੇ ਤਿੰਨ ਦਿਨ ਭਿੰਅਕਰ ਯੁੱਧ ਹੋਇਆ ਪਰ ਦੁਸ਼ਮਣ ਇੱਕ ਇੰਚ ਵੀ ਅਗਾਂਹ ਨਾ ਵੱਧ ਸਕਿਆ। ਪਰ ਇੱਕ ਗੱਦਾਰ ਨੇ ਮੁਖਬਰੀ ਕਰਕੇ ਫਾਰਸੀ ਫੌਜ ਨੂੰ ਉਸ ਘਾਟੀ ਤੋਂ ਯੂਨਾਨੀ ਫੌਜ ਦੇ ਪਿੱਛੇ ਨਿਕਲਦਾ ਇਕ ਗੁਪਤ ਰਸਤਾ ਵਿਖਾ ਦਿੱਤਾ। ਇਹ ਪਤਾ ਲੱਗਣ ਤੋਂ ਬਾਦ ਕਿ ਉਹ ਛੇਤੀ ਹੀ ਚਾਰੇ ਪਾਸਿਓ ਘਿਰ ਜਾਣਗੇ, ਲਿਉਨਾਈਡਸ ਨੇ ਯੂਨਾਨੀ ਗਣਰਾਜਾਂ ਦੀ ਸੈਨਾ ਨੂੰ ਵਾਪਸ ਭੇਜ ਦਿੱਤਾ। ਕੇਵਲ ਉਹ ਤੇ ਉਸਦੇ 300 ਸਾਥੀ ਹੀ ਅੰਤ ਤੱਕ ਡਟੇ ਰਹੇ। ਈਨ ਨਾ ਮੰਨਦੇ ਹੋਏ ਉਹ ਸਾਰੇ ਲੜਦੇ ਹੋਏ ਸ਼ਹੀਦ ਹੋ ਗਏ। ਫਿਊਚਿਕ ਦੀ ਫਾਂਸੀ ਦੇ ਤਖਤੇ ਤੋਂ ਪੜ੍ਹਦਿਆਂ ਵੀ ਅਸੀਂ ਸਦੀਆਂ ਪੁਰਾਣਾ ਲਿਉਨਾਈਡਸ ਦਾ ਦਲੇਰ ਸੁਨੇਹਾ ਆਪਣੇ ਕੰਨਾ ਵਿੱਚ ਗੂੰਜਦਾ ਸੁਣਦੇ ਹਾਂ।

 “To tell the spartans, stranger passing by
that here, obedient to their law we lie.’’

‘‘ਐ ਅਣਜਾਣ ਯਾਤਰੀ, ਮੇਰੇ ਦੇਸ਼ ਵਾਸੀਆਂ ਨੂੰ ਦੱਸਣਾ ਕਿ ਨਾ ਅਸੀਂ ਮੈਦਾਨ
ਚੋਂ ਭੱਜੇ ਤੇ ਨਾ ਹੀ ਜਾਬਰ ਦੁਸ਼ਮਣ ਅੱਗੇ ਗੋਡੇ ਟੇਕੇ
ਕਿ ਅਸੀਂ ਸਾਰੇ ਏਥੇ ਸ਼ਹੀਦ ਹੋਏ ਕਿਉਂਕਿ ਇਹੀ ਫਰਜ਼ ਦੀ ਮੰਗ ਸੀ।‘‘

ਆਪਣੀ ਮੁਕਤੀ ਦੇ ਰਾਹ ਤੇ ਤੁਰਦਿਆਂ ਇਨਸਾਨੀਅਤ ਕਿੰਨੀਆਂ ਹਜ਼ਾਰਾਂ ਕਾਲ ਕੋਠੜੀਆਂ ਤੇ ਸਲੀਬਾਂ ਦੇ ਰਾਹਾਂ ਚੋਂ ਲੰਘੀ ਹੈ ਈਸਾ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ, ਸੁਕਰਾਤ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਤੱਕ, ਸਰਹਿੰਦ ਦੀਆਂ ਕੰਧਾਂ ਤੋਂ ਚਮਕੌਰ ਦੀ ਗੜ੍ਹੀ ਤੱਕ, ਮਾਓ ਤੋਂ ਗੁਵੇਰਾ ਤੱਕ, ਭਗਤ ਸਿੰਘ ਤੋਂ ਲੈ ਕੇ ਨੇਲਸਨ ਮੰਡੇਲਾ ਤੱਕ ਤੇ ਕਿੰਨੀਆਂ ਹਜ਼ਾਰਾਂ ਤੋਂ ਅਜੇ ਇਹਨੇ ਲੰਘਣਾ ਹੈ। ਫਿਊਚਿਕ ਦੀ ਇਹ ਅਮਰ ਲਿਖਤ ਸਾਨੂੰ ਵੱਖ ਵੱਖ ਯੁੱਗਾਂ ਵਿਚ ਹੋਏ ਉਹਨਾਂ ਸਾਰੇ ਜੁਝਾਰੂ ਲੋਕਾਂ ਦੇ ਮਨਾਂ ਅੰਦਰ ਝਾਤੀ ਮਾਰਨ ਦਾ ਮੌਕਾ ਦਿੰਦੀ ਹੈ ਜੋ ਕਦੀ ਵੀ ਕਿਸੇ ਵਿਚਾਰਧਾਰਕ ਆਦਰਸ਼ ਨਾਲ ਤੋੜ ਤੱਕ ਨਿਭੇ। ਉਹ ਸਾਰੇ ਕੀ ਸੋਚਦੇ ਸਨ? ਸਾਵੀਂ ਪੱਧਰੀ ਜਿੰਦਗੀ ਦੇ ਉਲਟ ਇਹ ਔਝੜਾ ਰਾਹ ਉਹਨਾਂ ਨੇ ਕਿਉਂ ਚੁਣਿਆ? ਕਾਹਦੇ ਲਈ ਉਹ ਸਾਰੇ ਦੁੱਖ ਤਕਲੀਫਾਂ ਝੱਲੇ? ਇਹਨਾਂ ਸਾਰੇ ਸੁਆਲਾਂ ਦੇ ਜੁਆਬ ਫਿਊਚਿਕ ਕਿੰਨੀ ਸਾਦਗੀ ਦੇ ਸਾਫਗੋਈ ਨਾਲ ਦੇ ਜਾਂਦਾ ਹੈ।

‘‘ਮੈਂ ਜਿੰਦਗੀ ਨੂੰ ਪਿਆਰ ਕਰਦਾ ਸਾਂ ਤੇ ਇਹਦੇ ਸੁਹੱਪਣ ਖਾਤਰ ਸੰਗਰਾਮ ਵਿੱਚ ਪਿਆ। ਮੈ ਤੁਹਾਨੂੰ ਪਿਆਰ ਕਰਦਾ ਸਾਂ, ਮੇਰਿਓ ਲੋਕੋ, ਤੇ ਖਿੜ ਜਾਂਦਾ ਸਾਂ ਜਦੋਂ ਤੁਸੀਂ ਮੇਰਾ ਪਿਆਰ ਮੋੜਦੇ ਸਉ। ਮੈਂ ਦੁਖੀ ਹੁੰਦਾ ਸਾਂ ਜਦੋਂ ਤੁਸੀਂ ਮੈਨੂੰ ਗਲਤ ਸਮਝਦੇ ਸੋ। ਤੁਸੀਂ, ਜਿਨਾਂ ਨੂੰ ਮੈਂ ਕਦੀ ਠੇਸ ਲਾਈ, ਮੈਨੂੰ ਮੁਆਫ ਕਰ ਦਿਓ। ਤੁਸੀਂ, ਜਿਨਾਂ ਨੂੰ ਮੈਂ ਖੁਸ਼ੀ ਦਿੱਤੀ, ਮੈਨੂੰ ਭੁੱਲ ਜਾਓੇ ਉਦਾਸੀ ਮੇਰੇ ਨਾਂਅ ਨਾਲ ਨਾ ਜੋੜੀ ਜਾਏ। ਇਹ ਮੇਰੀ ਆਖਰੀ ਵਸੀਅਤ ਹੈ ਤੁਸਾਂ ਲਈ, ਉਹਨਾਂ ਸਾਰਿਆਂ ਲਈ, ਜਿਨਾਂ ਨੂੰ ਮੈਂ ਪਿਆਰਦਾ ਸਾਂ। ਜੇ ਤੁਸੀਂ ਸਮਝੋ ਕਿ ਅੱਥਰੂ ਗ਼ਮ ਦੀ ਉਦਾਸ ਧੂੜ ਧੋ ਸਕਦੇ ਹਨ, ਥੋੜਾ ਕੁ ਰੋ ਲਓ। ਪਰ ਅਫਸੋਸ ਕਦੇ ਨਾ ਕਰਿਓ, ਮੈਂ ਖੁਸ਼ੀ ਖਾਤਰ ਜੀਵਿਆ, ਖੁਸ਼ੀ ਖਾਤਰ ਮਰ ਰਿਹਾ ਹਾਂ। ਗ਼ਮ ਦੇ ਫਰਿਸ਼ਤੇ ਨੂੰ ਮੇਰੀ ਕਬਰ ਤੇ ਬਿਠਾਉਣਾ ਨਾਇਨਸਾਫੀ ਹੋਏਗੀ।‘‘

ਇਹ ਲਿਖਤ ਪੜ੍ਹਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਫਿਊਚਿਕ ਵਰਗੇ ਇਨਕਲਾਬੀ ਵੀ ਸਾਡੇ ਵਰਗੇ ਲੋਕ ਹੁੰਦੇ ਹਨ। ਬਲਕਿ ਸਾਡੇ ਤੋਂ ਵੱਧ ਸੰਵੇਦਨਸ਼ੀਲ ਲੋਕ ਜੋ ਜੀਵਨ ਦੇ ਸੁਹੱਪਣ ਤੋ ਸੂਖਮਤਾ ਤੋਂ ਵਾਕਿਫ਼ ਹੁੰਦੇ ਨੇ। ਉਹ ਵੀ ਆਪਣੇ ਪਿਆਰਿਆ ਲਈ ਸਿੱਕਦੇ ਨੇ, ਨੂੰ ਜਊਣਾ ਲੋਚਦੇ ਨੇ ਤੇ ਜਿੰਦਗੀ ਦੀ ਬਸੰਤ ਰੁੱਤੇ ਇਹਦੇ ਤੋਂ ਵਿੱਛੜਨਾ ਉਹਨਾ ਲਈ ਡਾਢਾ ਔਖਾ ਹੁੰਦਾ ਐ। ਪਰ ਉਹ ਸ਼ਾਇਦ ਜਿੰਦਗੀ ਨੂੰ ਸਾਡੇ ਤੋਂ ਵੀ ਵੱਧ ਪਿਆਰ ਕਰਨ ਵਾਲੇ ਲੋਕ ਹੁੰਦੇ ਨੇ ਜੋ ਇਹਨੂੰ ਹੋਰ ਸੋਹਣੀ, ਚੰਗੇਰੀ ਤੇ ਸਾਰਿਆਂ ਦੇ ਰਹਿਣਯੋਗ ਬਣਾਉਣ ਲਈ ਆਪਣਾ ਸਭ ਕੁਝ ਵਾਰ ਦੇਂਦੇ ਨੇ।
ਜੂਲੀਅਸ ਫਿਊਚਿਕ ਦੀ ਇਸ ਲਿਖਤ ਨੂੰ ਲਿਖਿਆ 70 ਸਾਲ ਤੋਂ ਵੱਧ ਹੋ ਗਏ ਹਨ ਤੇ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਕਿ ਉਹਨੇ ਇਸ ਦੀ ਭਵਿੱਖਬਾਣੀ ਕੀਤੀ ਸੀ। ਜਾਬਰ ਹਿਟਲਰੀ ਫਾਸ਼ਿਜ਼ਮ ਦਾ ਨਾਮੋ ਨਿਸ਼ਾਨ ਮਿਟ ਗਿਆ। ਪਰ ਉਹਦੇ ਖਿਲਾਫ ਅੰਤ ਤੱਕ ਲੜਨ ਵਾਲੇ ਫਿਊਚਿਕ ਤੇ ਉਹਦੇ ਜੁਝਾਰੂ ਸਾਥੀਆਂ ਦੀ ਆਦਰਮਈ ਯਾਦ ਸਾਡੇ ਮਨਾਂ ਵਿੱਚ ਅੱਜ ਵੀ ਜ਼ਿੰਦਾ ਹੈ ਅਤੇ ਸਦਾ ਰਹੇਗੀ। ਭਾਵੇਂ ਇਹ ਲਿਖਤ ਇਤਿਹਾਸ ਦੇ ਇਕ ਖਾਸ ਪੜਾਅ ਤੇ ਉਹਦੇ ਦੌਰਾਨ ਵਾਪਰੇ ਘਟਨਾਕ੍ਰਮ ਨਾਲ ਜੁੜੀ ਹੈ ਪਰ ਜਦੋਂ ਵੀ ਇਤਿਹਾਸ ਵਿਚ ਕੋਈ ਜੁਲਮ ਤੇ ਨਾ ਬਰਾਬਰੀ ਖਿਲਾਫ ਲੜੇਗਾ ਤਾਂ ਫਿਊਚਿਕ ਦੀ ‘ਫਾਂਸੀ ਦੇ ਤਖਤੇ ਤੋਂ‘ ਉਸਦਾ ਹੌਂਸਲਾ ਵਧਾਏਗੀ। ਉਹਦਾ ਨਾਂ ਯਾਦ ਰੱਖਿਆ ਜਾਵੇਗਾ ਤੇ ਜਿਵੇਂ ਹਾਵਰਡ ਫਾਸਟ ਆਪਣੇ ਨਾਵਲ ‘ਸਪਾਰਟਕਸ‘ ਵਿੱਚ ਕਹਿੰਦਾ ਹੈ,‘‘ਕਈ ਵਾਰ ਉਹਦਾ ਨਾਂ ਕੰਨ ਗੋਸ਼ਿਆਂ ਵਿੱਚ ਸੁਣਿਆ ਜਾਵੇਗਾ ਤੇ ਦੂਸਰਿਆਂ ਸਮਿਆਂ ਵਿੱਚ ਉੱਚੀ ਅਤੇ ਸਾਫ਼ ਪੁਕਾਰਿਆ ਜਾਵੇਗਾ।‘‘
ਚੰਗਿਆਈ ਤੇ ਬੁਰਿਆਈ ਵਿਚਕਾਰ ਇੱਕ ਸਦੀਵੀਂ ਜੰਗ ਹਰ ਯੁੱਗ ਵਿੱਚ ਚੱਲਦੀ ਰਹਿੰਦੀ ਹੈ ਜੋ ਅੱਜ ਵੀ ਜਾਰੀ ਹੈ। ਬੱਸ ਉਹਨਾਂ ਨਾਂਹ ਪੱਖੀ ਸ਼ਕਤੀਆਂ ਦੇ ਨਾਮ ਤੇ ਚਿਹਰੇ ਮੋਹਰੇ ਬਦਲ ਜਾਂਦੇ ਹਨ। ਨਾਜ਼ੀ ਜਰਮਨੀ ਦੀ ਥਾਂ ਸਾਮਰਾਜੀ ਨਵ ਬਸਤੀਵਾਦ ਨੇ ਲੈ ਲਈ ਜੋ ਮਾੜੇ ਮੁਲਕਾਂ ਦੇ ਕੁਦਰਤੀ ਸਾਧਨਾਂ ਤੇ ਕਬਜੇ ਲਈ ਸੰਸਾਰ ਨੂੰ ਫਿਰ ਜੰਗ ਵਿਚ ਝੋਕ ਰਿਹਾ ਹੈ। ਇਰਾਕ, ਅਫਗਾਨਿਸਤਾਨ, ਸੀਰੀਆ, ਇਰਾਨ, ਲੀਬੀਆ, ਮਿਸਰ ਤੇ ਫਲਸਤੀਨ ਚਾਰੇ ਪਾਸੇ ਲੋਕ ਮਰ ਰਹੇ ਹਨ, ਸਾਮਰਾਜੀ ਮੌਤ ਦਾ ਤਾਂਡਵ ਹੋ ਰਿਹਾ ਹੈ। ਅੱਜ ਫਿਰ ਤੋਂ ਇਨਸਾਨੀਅਤ ਇਤਿਹਾਸ ਦੇ ਇੱਕ ਨਿਰਣਾਇਕ ਮੋੜ ਤੇ ਖੜੀ ਹੈ।
ਐਸੇ ਸਮਿਆਂ ਵਿਚ ਫਿਊਚਿਕ ਦੀ ਇਹ ਲਿਖਤ ਸਾਨੂੰ ਸਾਡਾ ਇਨਸਾਨੀ ਫਰਜ਼ ਯਾਦ ਕਰਵਾਉਂਦੀ ਹੈ ਤਾਂ ਕਿ ਅਸੀਂ ਆਪਣੇ ਯੁੱਗ ਦੀ ਮਹਾਂਭਾਰਤ ਵਿਚ ਸੱਚੀ ਧਿਰ ਪਛਾਣ ਸਕੀਏ ਤੇ ਉਹਦੇ ਵਾਸਤੇ ਆਪਣੇ ਆਪਣੇ ਮੋਰਚਿਆਂ ਤੇ ਜੂਝ ਸਕੀਏ। ਇਕ ਇਨਸਾਨ ਹੋਣ ਦੇ ਨਾਤੇ ਇਹੀ ਤਾਂ ਸਾਡਾ ਫਰਜ਼ ਬਣਦਾ ਹੈ। ਮੈਂ ਇਸ ਕਿਤਾਬ ਨੂੰ ਕਈ ਵਾਰ ਪੜ੍ਹਿਆ ਹੈ ਅਤੇ ਹਰ ਵਾਰ ਕੁਛ ਐਸਾ ਹੀ ਮਹਿਸੂਸ ਹੋਇਆ ਹੈ ਜੋ ਮੈਂ ਆਪ ਸਭ ਨਾਲ ਸਾਂਝਾ ਕੀਤਾ ਹੈ।

ਮਲਿਕਾ ਮੰਡ
ਅਸਿਸਟੈਂਟ ਪ੍ਰੋਫੈਸਰ (ਇੰਗਲਿਸ਼)
ਖਾਲਸਾ ਕਾਲਜ ਗੜ੍ਹਦੀਵਾਲਾ (ਹੁਸ਼ਿਆਰਪੁਰ)
ਘਰ: 148 ਸੁੰਦਰ ਵਿਹਾਰ, ਤਲਵਾੜਾ (ਹੁਸ਼ਿਆਰਪੁਰ)
ਫੋਨ - 9464010906

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346