ਨਿਬੰਧ ਮੇਰੀ ਹੁਣ ਤਕ ਦੀ ਜ਼ਿੰਦਗੀ ਦੇ ਤਜ਼ਰਬੇ, ਸੋਚ, ਸਮਝ ਅਤੇ ਜਜ਼ਬਾਤਾਂ
ਦਾ ਨਿਚੋੜ ਹਨ। ਇਹ ਇਨਸਾਨੀ ਜੀਵਨ, ਕੁਦਰਤ ਅਤੇ ਆਲੇ-ਦੁਆਲੇ ਨੂੰ ਸਮਝਣ ਦੀ
ਕੋਸ਼ਿਸ਼ ਹੈ। ਇਸ ਕੋਸ਼ਿਸ਼ ਦੇ ਨਾਲ ਨਾਲ ਰੀਝ ਹੈ ਕਿ ਇਨਸਾਨ ਜਿਹੋ ਜਿਅ੍ਹਾ
ਹੈ, ਇਸ ਤੋਂ ਹੋਰ ਸਿਆਣਾ, ਚੰਗਾ ਤੇ ਸੋਹਣਾ ਬਣਜੇ। ਏਸੇ ਵਿਚ ਧਰਤੀ ਅਤੇ
ਇਨਸਾਨੀਅਤ ਦਾ ਭਲਾ ਹੈ। ਸੋਹਣੇ ਅਤੇ ਸਿਆਣੇ ਇਨਸਾਨ ਹੀ ਸਮਾਜ ਵਿਚ
ਸੁਚੱਜੀਆਂ ਤਬਦੀਲੀਆਂ ਦੇ ਮੁਦਈ ਬਣਦੇ ਹਨ। ਸੱਚ ਲਈ ਖਲੋਂਦੇ ਹਨ। ਸਫਲ
ਜਿੰਦਗਾਨੀ ਭੋਗਦੇ ਹਨ।
ਸਾਹਿਤ ਵਿਚ ਚੰਗੀ ਲਿਖਤ ਮੈਂ ਸਿਰਫ਼ ਉਸਨੂੰ ਸਮਝਦਾ ਹਾਂ, ਜਿਸਨੂੰ ਪੜ੍ਹਨ
ਸੁਣਨ ਉਪਰੰਤ ਹਰ ਕੋਈ ਮਹਿਸੂਸ ਕਰੇ ਕਿ ਮੈਂ ਹੁਣ ਉਹ ਨਹੀਂ ਹਾਂ, ਜਿਹੜਾ
ਪਹਿਲਾਂ ਸਾਂ। ਮੇਰੇ ਅੰਦਰ ਕੁਝ ਨਵਾਂ ਜੁੜ ਗਿਆ ਹੈ, ਕੁਝ ਝੜ ਗਿਆ ਹੈ,
ਕੋਈ ਰਸ ਦੀਆਂ ਬੂੰਦਾਂ ਸਿੰਮੀਆਂ ਹਨ।
‘ਨਿਬੰਧ‘ ਅਜੋਕੇ ਯੁੱਗ ਦੀ ਇਕ ਸਭ ਤੋਂ ਸਪੱਸ਼ਟ, ਵਿਚਾਰਸ਼ੀਲ, ਸਮੇਂ ਦੀ
ਹਾਣੀ ਅਤੇ ਖ਼ੂਬਸੂਰਤ ਸਾਹਿਤਕ ਵੰਨਗੀ ਹੈ। ਨਿਬੰਧ ਆਪਣੇ ਵਿਸ਼ੇ ਬਾਰੇ ਸਿੱਧਾ
ਸੰਵਾਦ ਰਚਾਉਂਦਾ ਹੈ। ਇਸਦੀ ਹਰ ਸਤਰ ਸੰਪੂਰਨ, ਅਰਥ ਭਰਪੂਰ ਅਤੇ ਮਾਣਨਯੋਗ
ਹੁੰਦੀ ਹੈ। ਨਿਬੰਧ ਨੂੰ ਹੋਰ ਬਹੁਤ ਸਾਰੇ ਸਾਹਿਤ ਰੂਪਾਂ ਵਾਂਗ ਸਾਰਾ
ਪੜ੍ਹਨ ਤੋਂ ਬਾਅਦ ਕੋਸ਼ਿਸ਼ ਕਰਕੇ ਲੱਭਣ ਦੀ ਲੋੜ ਨਹੀਂ ਕਿ ਇਸ ਵਿਚ ਕੀ ਹੈ ?
ਸਗੋਂ ਜਿੰਨਾ ਕੁ ਅਤੇ ਜਿੱਥੋਂ ਮਰਜ਼ੀ ਪੜ੍ਹੀਏ, ਓਨਾ ਹੀ ਆਪਣੇ ਵੰਡੇ ਦਾ
ਅਨੰਦਮਈ ਗਿਆਨ ਹੱਥ ਤੇ ਧਰ ਦਿੰਦਾ ਹੈ।
ਪੰਜਾਬੀ ਜ਼ੁਬਾਨ ਵਿਚ ‘ਨਿਬੰਧ‘ ਨੂੰ ‘ਲੇਖ‘ ਕਹਿਣ ਦਾ ਰਿਵਾਜ਼ ਵੀ ਹੈ। ਪਰ
ਮੈਂ ਇਸ ਨਾਲ ਸਹਿਮਤ ਨਹੀਂ। ਰੋਜ਼ਾਨਾ ਅਖ਼ਬਾਰਾਂ ਰਸਾਲਿਆਂ ਵਿਚ ਛਪਦੀਆਂ
ਵਕਤੀ ਸੁਭਾਅ ਵਾਲੀਆਂ ਰਚਨਾਵਾਂ ਲੇਖ ਹਨ। ਇਹ ਅੰਕੜਿਆਂ ਦਾ ਜਿੰਨਾ ਮਰਜ਼ੀ
ਬੋਝ ਚੁੱਕ ਸਕਦੇ ਹਨ। ਅੰਕੜੇ ਜੋ ਬਦਲਦੇ ਵੀ ਰਹਿੰਦੇ ਹਨ। ਲੇਖ ਦਾ
ਮੂੰਹ-ਮੜ੍ਹੰਗਾਂ ਤਾਂ ਨਿਬੰਧ ਵਰਗਾ ਹੀ ਹੈ ਪਰ ਆਦਤਾਂ ਫਿਰਵੇਂ ਚੁੱਲ੍ਹੇ
ਵਾਲੀਆਂ ਹਨ। ਇਹ ਹੈ ਤਾਂ ਨਿਬੰਧ ਹੋਰਾਂ ਦੇ ਮੱਹਲੇ ਦਾ ਵਾਸੀ ਹੀ, ਪਰ ਜਦ
ਦਾਅ ਲੱਗੇ ਤਾਂ ਮਰਾਸਪੁਣਾ ਵੀ ਕਰ ਆਉਂਦਾ ਹੈ। ਜ਼ੁਬਾਨ ਵੱਲੋਂ ਇਹ ਰੁੱਖਾ
ਅਤੇ ਖਰ੍ਹਵਾ ਹੈ। ਪਰ ਇਸਦੇ ਵਿਹੜੇ ਵਿਚ ਵੀ ਫੁੱਲ ਗਿਆਨਮਈ ਤਸੀਰ ਵਾਲੇ ਹੀ
ਖਿੜਦੇ ਹਨ। ਉਂਜ ਮੈਂ ਲੇਖਾਂ ਨੂੰ ਵੀ ਇਸਦੀਆਂ ਸੀਮਾਵਾਂ ਤੋਂ ਪਾਰ ਲੈ ਜਾਣ
ਲਈ ਨਿਬੰਧ ਦੀ ਸ਼ੈਲੀ ਵਿਚ ਲਿਖਿਆ ਹੈ ਤਾਂ ਕਿ ਇਹ ਸਦਾ ਜਿਊਂਦੇ ਰਹਿਣ ਤੇ
ਆਪਣੇ 400 ਤੋਂ ਵੱਧ ਛਪੇ ਲੇਖਾਂ ਵਿਚੋਂ 56 ਲੇਖਾਂ ਨੂੰ ‘ਸਾਡੇ ਸਮਿਆਂ ਦਾ
ਸੱਚ‘ ਕਿਤਾਬ ਵਿਚ ਛਾਪਿਆ ਹੈ। ਜਿਸਦਾ ਪਾਠਕਾਂ ਵੱਲੋਂ ਹੈਰਾਨਕੁਨ ਉਤਸ਼ਾਹ
ਵਧਾਊ ਹੁੰਗਾਰਾ ਮਿਲਿਆ ਹੈ।
ਪਰ ਨਿਬੰਧ ਦੀ ਮੂਲ ਪ੍ਰਕਿਰਤੀ ਸਾਹਿਤਕ ਹੈ। ਇਹ ਗਿਆਨਮਈ ਹੋਣ ਦੇ ਨਾਲ-ਨਾਲ
ਅਨੰਦ ਵੀ ਦਿੰਦਾ ਹੈ। ਇਸ ਦੀ ਉਮਰ ਧਰਤੀ ਉ੍ਯੱਤੇ ਮਨੁੱਖੀ ਨਸਲ ਜਿੰਨੀ ਹੈ।
‘ਤੱਥ‘ ਇਸਦੇ ਵਿਹੜੇ ਵਿਚ ਸਾਹਿਤਕ ਪੁਸ਼ਾਕ ਪਾ ਕੇ ਹੀ ਆ ਸਕਦੇ ਹਨ। ਇਹ ਦੇਸ਼
ਕਾਲ ਦੇ ਬੰਧਨਾਂ ਤੋਂ ਅਜ਼ਾਦ ਹੈ।
ਨਿਬੰਧਕਾਰ ਦੀਆਂ ਜੜ੍ਹਾਂ ਆਪਣੇ ਵਿਰਸੇ, ਆਪਣੀ ਧਰਤੀ ਵਿਚ ਹੋਣੀਆਂ
ਚਾਹੀਦੀਆਂ ਹਨ ਅਤੇ ਫੈਲਾਓ ਖੁੱਲ੍ਹੇ ਅਸਮਾਨਾਂ ਵੱਲ। ਉਸਦੀ ਸੋਚ ਸੌੜੀ
ਨਹੀਂ ਵਿਸ਼ਾਲ ਹੋਵੇ। ਉਹ ਵਿਭਿੰਨ ਗਿਆਨ-ਖੇਤਰਾਂ, ਵਰਤਾਰਿਆਂ ਨੂੰ ਮੇਲ ਕੇ,
ਨਿਖੇੜ ਕੇ, ਤੁਲਨਾਅ ਕੇ ਵੇਖ ਸਕਣ ਵਾਲੀ ਦਾਰਸ਼ਨਿਕ ਬਿਰਤੀ ਦਾ ਜਿਗਿਆਸੂ
ਕਿਸਮ ਦਾ ਇਨਸਾਨ ਹੋਵੇ। ਉਹ ਲੋੜ ਅਨੁਸਾਰ ਮੋਮ, ਪੱਥਰ, ਤਲਵਾਰ ਅਤੇ ਫੁੱਲ
ਦੇ ਰੂਪ ਵਿਚ ਢਲ ਜਾਣ ਵਾਲਾ ਸੂਖ਼ਮ ਭਾਵੀ ਹੋਵੇ। ਉਸ ਕੋਲ ਮਜ੍ਹਮਾ ਲਾਉਣ
ਵਾਲਿਆਂ ਵਰਗਾ ਬੰਨ੍ਹ ਕੇ ਖਲ੍ਹਾਰ ਛੱਡਣ ਵਾਲਾ ਸੰਬੋਧਨੀ ਹੁਨਰ ਵੀ ਚਾਹੀਦਾ
ਹੈ। ਉਹ ਆਪ ਕਹਿਣੀ ਤੇ ਕਰਨੀ ਪੱਖੋਂ ਗਿਆ ਗੁਜ਼ਰਿਆ ਨਾ ਹੋਵੇ।
ਅਨੁਭਵ ਹੀ ਜਾਣਕਾਰੀ ਨੂੰ ਗਿਆਨ ਵਿਚ ਬਦਲਦਾ ਹੈ। ਖਾਲੀ ਜਾਣਕਾਰੀ ਤਾਂ
ਨਿਰੀਆਂ ਗੱਲਾਂ ਹਨ। ਅਨੁਭਵੀ ਹੀ ਵਧੀਆ ਨਿਬੰਧਕਾਰ ਹੋ ਸਕਦਾ।
ਮੈਂ ਨਿਬੰਧ ਦੇ ਸਥਾਪਤ ਵਿਧਾਗਤ ਨੇਮਾਂ ਦੀ ਵਲਗਣ ਵਿਚ ਵਲਿਆ ਜਾਣ ਦੇ ਹੱਕ
ਵਿਚ ਨਹੀਂ ਹਾਂ। ਮੈਂ ਨਿਬੰਧ ਦੀ ਸਲਤਨਤ ਨੂੰ ਵਿਸ਼ਾਲ ਕਰਨ, ਇਸ ਦੀਆਂ
ਅਦਾਵਾਂ ਨੂੰ ਆਕਰਸ਼ਕ ਬਣਾਉਣ ਅਤੇ ਇਸਨੂੰ ਇਸ ਦੀਆਂ ਸੀਮਾਵਾਂ ਤੋਂ ਦੂਰ ਪਾਰ
ਘੁਮਾ ਫਿਰਾ ਲਿਆਉਣ ਲਈ ਉਤਸੁਕ ਰਹਿੰਦਾ ਹਾਂ।
ਇਹਨਾਂ ਘੁਮਾ ਫਿਰਾ ਲਿਆਉਣ ਵਾਲੇ ਪਲੀਂ ਕਦੀ-ਕਦੀ ਇਸ ਤਰ੍ਹਾਂ ਮਹਿਸੂਸ
ਹੋਵੇਗਾ, ਜਿਵੇਂ ਨਿਬੰਧ ਮੇਰੇ ਕੰਨ ਵਿਚ ਕਹਿ ਰਿਹਾ ਹੋਵੇ, ‘‘ਆਪਾਂ ਯਾਰੀ
ਨਿਭਾਉਣੀ ਹੈ। ਮੈਂ ਤੇਰੇ ਹਰ ਜਜ਼ਬੇ ਅਤੇ ਖ਼ਿਆਲ ਨੂੰ ਆਪਣੇ ਗਲ ਨਾਲ ਲਾ
ਲਵਾਂਗਾ। ਮੈਂ ਤਾਂ ਉਸ ਮਿੱਟੀ ਦਾ ਬਣਿਆ ਹਾਂ, ਜਿਸ ਉ੍ਯੱਤੇ ਕਾਵਿਕ ਰੰਗ
ਵੀ ਚੜ੍ਹ ਸਕਦਾ ਹੈ। ਮੇਰੇ ਕੋਲ ਨਾਟਕੀ ਅੰਦਾਜ਼ ਵੀ ਹੈਗਾ। ਮੈਨੂੰ ਗਲਪ ਨੂੰ
ਆਪਣੇ ਰੂਪ ਵਿਚ ਢਾਲਣ ਦੀ ਜਾਚ ਵੀ ਹੈ। ਦੂਜਿਆਂ ਦੇ ਮਨਾਂ ਅੰਦਰ ਝਾਕਣ ਦੀ
ਸਮਰੱਥਾ ਵੀ ਹੈ ਮੇਰੇ ਕੋਲ। ਮੈਂ ਤੇਰੀਆਂ ਪੀੜਾਂ, ਚਾਵਾਂ, ਰੋਸਿਆਂ,
ਸੁਪਨਿਆਂ ਤੇ ਖਿਆਲਾਂ ਨੂੰ ਖੰਭ ਲਾ ਦਿਆਂਗਾ। ਮੇਰੇ ਵਿਚ ਹਰ ਸੋਚ ਉਡਾਰੀ
ਦੇ ਹਾਣ ਦੀ ਪਰਵਾਜ਼ ਭਰਨ ਦੀ ਕਲਾ ਹੈ।‘‘ ਏਨਾ ਸੁਣ ਕੇ ਮੈਂ ਉਸਦੇ ਵਿਰਾਟ
ਰੂਪ ਨੂੰ ਸਮਝਣ ਅਤੇ ਸਿਰਜਣ ਦੇ ਯੋਗ ਹੋਣ ਦੇ ਰਿਆਜ਼ ਵਿਚ ਮਘਨ ਹੋ ਜਾਂਦਾ
ਹਾਂ।
ਨਿਬੰਧ ਵਿਚ ਹਰ ਸਾਹਿਤ ਰੂਪ ਦੇ ਰੰਗ ਨੂੰ ਸਮੋ ਲੈਣ ਦੀ ਸਮਰੱਥਾ ਹੈ। ਏਥੋਂ
ਤੱਕ ਕਿ ਇਹ ਜਜ਼ਬਿਆਂ ਨੂੰ ਹਲੂਣ ਸੁੱਟਣ ਪੱਖੋਂ ਵੀ ਕਿਸੇ ਨਾਲੋਂ ਘੱਟ
ਨਹੀਂ। ਪਰ ਇਨਸਾਨ ਦੇ ਜਜ਼ਬਿਆਂ ਨੂੰ ਝੰਜੋੜਨ ਵਾਲਾ ਬੌਧਿਕ ਅੰਦਾਜ਼ ਇਸ ਵਰਗਾ
ਕਿਸੇ ਦੇ ਹਿੱਸੇ ਨਹੀਂ ਆਇਆ।
ਹਰ ਸਾਹਿਤ ਰੂਪ ਦੇ ਰੰਗ ਨੂੰ ਆਪਣੇ ਵਿਚ ਸਮੋਣ ਦਾ ਅੰਦਾਜ਼ ਨਿਬੰਧ ਦਾ ਐਸਾ
ਹੈ ਕਿ ਇਹ ਆਪਣੇ ਰੰਗ ਨੂੰ ਬੇਰੰਗ ਨਹੀਂ ਹੋਣ ਦਿੰਦਾ। ਗਲਪ ਅੰਸ਼,
ਨਾਟਕੀਅਤਾ, ਕਾਵਿਕਤਾ ਨਿਬੰਧ ਦੇ ਮਦਦਗੀਰ ਬਣ ਕੇ ਆਉਂਦੇ ਹਨ, ਚੌਧਰੀ ਬਣ
ਕੇ ਨਹੀਂ।
ਨਿਬੰਧਕਾਰ ਆਪਣੇ ਨਿਬੰਧਾਂ ਵਿਚੋਂ ਪਛਾਣ ਲਿਆ ਜਾਂਦਾ ਹੈ। ਜੇ ਨਹੀਂ
ਪਛਾਣਿਆਂ ਜਾਂਦਾ ਤਾਂ ਉਸਦੀ ਮੌਲਿਕਤਾ ਵਿਚ ਕੋਈ ਵੱਡੀ ਕਸਰ ਹੈ।
ਨਿਬੰਧ ਕਿਸੇ ਹੋਰ ਦੀ ਲਿਖਤ ਦਾ ਅਨੁਵਾਦ ਨਹੀਂ। ਇਹ ਦੂਜਿਆਂ ਦੀਆਂ
ਬੇਹਿਸਾਬ ਟੂਕਾਂ ਦੀਆਂ ਥੰਮ੍ਹੀਆਂ ਉ੍ਯੱਤੇ ਖਲੋਤਾ ਢਾਰਾ ਨਹੀਂ। ਇਹ ਕਿਸੇ
ਹੋਰ ਦੀ ਲਿਖਤ ਦੀ ਪ੍ਰਸੰਗ ਸਹਿਤ ਵਿਆਖਿਆ ਨਹੀਂ ਤੇ ਨਾ ਹੀ ਇਹ ਨਿਰੋਲ
ਆਦਰਸ਼ਵਾਦ ਦੇ ਹਵਾਈ ਘੋੜਿਆਂ ਦਾ ਸ਼ਬਦੀ ਮਾਇਆ ਜਾਲ ਹੈ।
ਇਹ ਤਾਂ ਜ਼ਿੰਦਗੀ ਦੇ ਕੌੜੇ ਮਿੱਠੇ ਸੱਚ ਦੀ ਸੁੱਚੀ ਤੇ ਸੱਜਰੀ ਬਾਤ ਹੈ।
ਜ਼ਿੰਦਗੀ ਦੀਆਂ ਗੰਢਾਂ ਖੋਲ੍ਹਣ ਵਾਲੀ, ਗੁੰਝਲਾਂ ਸੁਲਝਾਉਣ ਵਾਲੀ, ਆਸ਼ਾਵਾਦੀ
ਤੇ ਸੋਹਣੀ ਗੱਲਬਾਤ। ਯੁੱਗ ਦੀ ਹਾਣੀ, ਦੂਰ ਦੀ ਸੋਚ ਵਾਲੀ ਤੇ ਸਦੀਵੀ
ਅਰਥਾਂ ਵਾਲੀ ਤੇਹ-ਮੋਹ ਵਿਚੋਂ ਨਿਕਲੀ ਗੱਲਬਾਤ।
ਲਿਖਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ। ਜਦ ਲਿਖਣ ਦੀ ਅੰਦਰੋਂ ਤਾਰ ਖੜਕਦੀ
ਹੈੇ ਤਾਂ ਮੇਰੇ ਲਈ ਹੋਰ ਸਾਰੇ ਕੰਮ ਗੈਰ ਜ਼ਰੂਰੀ ਹੋ ਜਾਂਦੇ ਹਨ। ਕਿਉਂਕਿ
ਇਕੇਰਾਂ ਦਿਮਾਗੋਂ ਤਿਲਕਿਆ ਵਿਸ਼ਾ ਕਈ ਕਈ ਚਿਰ ਨੇੜੇ ਨਹੀਂ ਆਉਂਦਾ। ਜਿਵੇਂ
ਰੁੱਸ ਕੇ ਕਹਿ ਰਿਹਾ ਹੋਵੇ, ‘‘ਜਾਹ ਵੇ ਬੇਕਦਰਿਆ, ਓਦੋਂ ਤੇਰੇ ਕੋਲ ਵਕਤ
ਨਹੀਂ ਸੀ। ਅਜੇ ਉਡੀਕ ਕਰ, ਮੈਂ ਫੇਰ ਕਦੀ ਆਊਂ, ਆਪਣੀ ਮਰਜ਼ੀ ਨਾਲ।‘‘
ਲਿਖਣ ਬੈਠਣ ਤੋਂ ਕੁਝ ਸਮਾਂ ਪਹਿਲਾਂ ਮੇਰੀ ਮਾਨਸਿਕ ਹਾਲਤ ਸਮਾਧੀ ਵਰਗੀ
ਸਹਿਜ ਅਤੇ ਆਪਣੇ ਆਪ ਨਾਲ ਇਕਸੁਰਤਾ ਵਾਲੀ ਹੋ ਜਾਂਦੀ ਹੈ। ਮੈਂ ਆਪਣੀ ਸੋਚ
ਵਿਚ ਸਿਰਜੇ ਜਾ ਚੁੱਕੇ ਨਿਬੰਧ ਦੇ ਖੁੱਲ੍ਹੇ ਵਿਹੜੇ ਵਿਚ ਵੜ ਜਾਂਦਾ ਹੈ।
ਉਸਨੂੰ ਨਿਹਾਰਦਾ ਹਾਂ। ਉਸਦਾ ਸਾਰਾ ਵਜੂਦ ਮੈਨੂੰ ਇਕ ਜਿਊਂਦੀ ਜਾਗਦੀ ਚੀਜ਼
ਜਾਪਦਾ ਹੈ। ਇਸ ਆਲਮ ਵਿਚ ਮੇਰਾ ਸਮਾਜਕ ਆਪਾ ਕਾਫ਼ੀ ਹੱਦ ਤੀਕ ਮਨਫ਼ੀ ਹੋ
ਜਾਂਦਾ ਹੈ। ਤੇ ਮੈਂ ਕੁਦਰਤੀ ਰੌਂ ਦੀ ਲਹਿਰ ਨਾਲ ਵਹਿ ਤੁਰਦਾ ਹਾਂ। ਮੇਰੇ
ਅੰਦਰਲਾ ਲੇਖਕ, ਮੇਰੇ ਤੋਂ ਵੀ ਅਜ਼ਾਦ ਹੋ ਕੇ ਆਪਣੇ ਕਰਮ ਵਿਚ ਲੀਨ ਹੋ
ਜਾਂਦਾ ਹੈ।
ਜੇ ਲਿਖਣ ਦੌਰਾਨ ਮੇਰੇ ਮਨ ਨੂੰ ਕੋਈ ਤਲਖ਼ ਚਿੰਗਾੜੀ ਛੂਹ ਕੇ ਲੰਘ ਜਾਵੇ
ਤਾਂ ਫਿਰ ਸਾਰਾ ਲਿਖਣ ਮੰਡਪ ਸੜ ਕੇ ਸਵਾਹ ਹੋ ਜਾਂਦਾ ਹੈ। ਜੇ ਕਿਸੇ ਵਿਸ਼ੇ
ਵਿਚ ਕਿਸੇ ਗੱਲ ਨੂੰ ਬੇਕਿਰਕੀ ਨਾਲ ਵੀ ਚਿਤਰਨਾ ਹੋਵੇ ਤਾਂ ਓਦੋਂ ਵੀ
ਬੌਧਿਕ ਸਥਿਤੀ ਹੀ ਬੇਕਿਰਕ ਅਤੇ ਸਮਝੌਤਾ ਰਹਿਤ ਹੁੰਦੀ ਹੈ ਜਦਕਿ ਮਨ ਦਾ
ਮਾਹੌਲ ਸਹਿਜ ਹੀ ਹੁੰਦਾ ਹੈ।
ਨਿਬੰਧਾਂ ਦੀ ਸਿਰਜਣ ਪ੍ਰਕਿਰਿਆ ਵਿਚ ਸ਼ੈਲੀ ਪੱਖੋਂ ਸਹਿਜ ਸੁਭਾਵਕ ਹੀ ਬੜੇ
ਨਵੇਂ ਅਤੇ ਵਿਚਿੱਤਰ ਤਜ਼ਰਬੇ ਹੋ ਜਾਂਦੇ ਹਨ। ਜਿੰਨ੍ਹਾਂ ਨੂੰ ਪੜ੍ਹ-ਪੜ੍ਹ
ਕੇ ਆਪ ਹੀ ਮਾਣਨ ਦਾ ਖੂਬ ਆਨੰਦ ਆਉਂਦਾ ਹੈ।
ਲਿਖਤਾਂ ਇਨਸਾਨੀਅਤ ਦੀ ਰੂਹḲਮਨ ਦੀ ਖੁਰਾਕ ਹਨ। ਇਸ ਲਈ ਇਨ੍ਹਾ ਨੂੰ
ਪ੍ਰਦੂਸ਼ਿਤ ਹੋਣ ਤੋਂ ਬਚਾ ਕੇ ਸ਼ੁੱਧ ਅਤੇ ਸੁੰਦਰ ਰੱਖਣ ਲਈ ਮੈਂ ਹਮੇਸ਼ਾਂ
ਚੇਤੰਨ ਰਹਿੰਦਾ ਹਾਂ।
ਅੰਤਿਮ ਤੌਰ ਉ੍ਯੱਤੇ ਆਪਣੀ ਨਿਬੰਧ ਰਚਨਾ ਨੂੰ ਬਿਗਾਨੀ ਸਮਝ ਕੇ ਇਕ ਵਿੱਥ
ਉ੍ਯੱਤੇ ਖਲੋ ਕੇ ਗਹੁ ਨਾਲ ਵੇਖਦਾ ਹਾਂ ਕਿ ਭਲਾ ਕਿੱਦਾਂ ਦੀ ਲੱਗਦੀ ਹੈ ?
ਜੇ ਪਿਆਰੀ ਲੱਗੇ ਤਾਂ ਸੋਚਦਾ ਹਾਂ ਕਿ, ਹਾਂ ਮੇਰੀ ਇਹ ਲਿਖਤ ਸਭਨਾਂ ਦੇ
ਪਿਆਰਨ ਯੋਗ ਹੈ। ਉਸ ਨੂੰ ਛਪਣ ਯੋਗ ਸਮਝ ਲੈਂਦਾ ਹਾਂ।
ਅਕਸਰ ਪੰਜਾਬੀ ਵਾਰਤਕ ਲਿਖਤਾਂ ਨੂੰ ਦਿਲਾਸਾ ਦਿੰਦਿਆਂ ਆਖਦਾ ਹਾਂ, ‘‘ਉਦਾਸ
ਨਾ ਹੋਵੋ, ਤੁਹਾਡੇ ਪਾਰਖੂḲਅਲੋਚਕ ਅਜੇ ਪਹਿਲੇ ਪ੍ਰਧਾਨ ਸਾਹਿਤ ਰੂਪਾਂ ‘ਚ
ਰੁੱਝੇ ਨੇ। ਤੁਹਾਨੂੰ ਵੀ ਜ਼ਰੂਰ ਮਿਲਣਗੇ। ਆਪਣੇ ਆਪ ਤੇ ਭਰੋਸਾ ਰੱਖੋ।
ਆਖਿਰ ਤੁਸੀਂ ਵੀ ਸਾਹਿਤ ਦਾ ਵਰਤਮਾਨ ਹੋ ।‘‘
94173 24543
ਸਰਕਾਰੀ ਕਾਲਜ ਤਲਵਾੜਾ (ਹੁਸ਼ਿਆਰਪੁਰ)
-0- |