( 1 ) ਖ਼ਰਾਬ
......................
ਬਿਨਾਂ ਜੁਰਮ ਦੇ ,
ਦੰਡ ,
ਖ਼ਰਾਬ ਕਰਦਾ ਹੈ ।
ਹਰ ਵੇਲੇ ਦਾ
ਪਾਖ਼ੰਡ ,
ਖ਼ਰਾਬ ਕਰਦਾ ਹੈ ।
ਬੰਦਾ ਅਸਲ ਵਿੱਚ
ਬੁਰਾ ਨਹੀਂ ਹੁੰਦਾ
ਨਵੀਂ ਦੌਲਤ ਦਾ
ਘੁਮੰਡ ,
ਖ਼ਰਾਬ ਕਰਦਾ ਹੈ ।
ਗ਼ਜ਼ਲ
ਚਿਹਰੇ ਉੱਤੇ ਹਰ ਦਮ ਟੋਪ ਸਜਾਵਣ ਵਾਲੜਿਆ ।
ਕਦ ਤਕ ਲੁਕਿਆ ਰਹੇਂ ਗਾ ਮੁੱਖ ਲੁਕਾਵਣ ਵਾਲੜਿਆ।
ਆਪਣਾ ਵਾਰ ਚਲਾ ਕੇ ਕਿੱਧਰ ਜਾਵੇਂ ਗਾ ਹੁਣ ਤੂੰ
ਮੇਰਾ ਵੀ ਹੁਣ ਝੱਲ ਕੇ ਜਾਵੀਂ , ਜਾਵਣ ਵਾਲੜਿਆ ।
ਇਸ ਧਰਤੀ ਦੀ ਮਿੱਟੀ ਸੋਨਾ ਉਗਲਣ ਵਾਲੀ ਹੈ
ਹਾਏ ! ਜ਼ਖ਼ਮ ਨਾ ਬੀਜੀਂ ਹੱਲ ਚਲਾਵਣ ਵਾਲੜਿਆ ।
ਤੇਰੀਆਂ ਅੱਖਾਂ ਨੇ ਵੀ ਬਚ ਨਹੀਂ ਸਕਣਾ ਇਸ ਕੋਲੋਂ
ਨਹਿਰ ਦਾ ਨੀਰ ਸੁਕਾ ਕੇ ਰੇਤ ਉਡਾਵਣ ਵਾਲੜਿਆ ।
ਤੇਰੇ ਘਰ ਤਕ ਸੇਕ ਵੀ ਇੱਕ ਦਿਨ ਆਵੇ ਗਾ ਵੇਖੀਂ !
ਮੇਰੇ ਘਰ ਨੂੰ ਨਿੱਤ ਹੀ ਤੀਲੀ ਲਾਵਣ ਵਾਲੜਿਆ ।
ਠਰ ਗਏ ਕੁੱਲ ਜਜ਼ਬਾਤ ਤੇ ਜੀਭਾਂ ਵੀ ਨੇ ਜੰਮ ਚੱਲੀਆਂ
ਰੋਹ ਦਾ ਗੀਤ ਸੁਣਾ ਹੁਣ ਗੀਤ ਸੁਣਾਵਣ ਵਾਲੜਿਆ ।
ਪੱਤੀਆਂ ਦੀ ਪਲਕਾਂ ਤੇ ਛਿੜਕ ਬਰੂਦ ਨਾ ਦੇਵੀਂ ਤੂੰ
ਬੱਦਲਾ ਵੇ ! ਅੰਬਰ ਤੇ ਮੀਂਹ ਬਰਸਾਵਣ ਵਾਲੜਿਆ ।
ਮੇਰੀਆਂ ਅੱਖਾਂ ਵਿੱਚੋਂ ਡੁੱਲ੍ਹਿਆ ਏਹ ਸਮੁੰਦਰ ਸੀ
ਜਿਸ ਨੂੰ ਕੋਸਾ ਪਾਣੀ ਸਮਝ ਕੇ ਨ੍ਹਾਵਣ ਵਾਲੜਿਆ ।
ਹਿੰਮਤ ਦੇ ਖੰਭਾਂ ਵਿੱਚ ਸ਼ਕਤੀ ਭਰ ਕੇ ਰੱਖੀਂ ਤੂੰ
ਜਿਤ ਜਾਵੇਂ ਗਾ ਇੱਕ ਦਿਨ ਹਾਰਾਂ ਖਾਵਣ ਵਾਲੜਿਆ ।
27--08--2014
-0-
|