Welcome to Seerat.ca
|
|
ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?
- ਗੁਰਦੇਵ ਚੌਹਾਨ
|
ਕੈਨੇਡਾ ਵਿਚ ਪੰਜਾਬ ਨਾਲੋਂ ਕੁਝ ਵੀ ਨਵਾਂ ਨਹੀਂ। ਬਸ ਇਸ ਵਿਚ ਰਾਤ ਅਤੇ
ਸਵੇਰ ਜਿਨਂਾ ਫਰਕ ਹੈ ਅਤੇ ਮਾਤਰ ਪੂਰਬ ਅਤੇ ਪਛਮ ਜਿੰਨਾ। ਭਲਾ ਇਤਨਾ ਫਰਕ
ਵੀ ਕੋਈ ਫਰਕ ਹੁੰਦਾ ਹੈ ਅਤੇ ਫਿਰ ਜੇਕਰ ਹੋਵੇ ਵੀ ਤਾਂ ਵੀ ਕੁਝ ਕੁ ਦਿਨਾਂ
ਜਾਂ ਮਹੀਨਿਆਂ ਦੀ ਗਲ ਹੈ, ਫਿਰ ਤੁਹਾਨੂੰ ਇਹਨਾਂ ਵਿਚਲੇ ਰਹਿੰਦੇ ਖੂੰਹਦੇ
ਫਰਕ ਦਾ ਫਰਕ ਵੀ ਦਿਸਣਾ ਬੰਦ ਹੋ ਜਾਵੇਗਾ।
ਜੇਕਰ ਤੁਸੀਂ ਖਾਲਸ ਪੰਜਾਬੀ ਹੋ ਜਾਂ ਭਾਰਤੀ ਹੋ ਤਾਂ ਤੁਸੀਂ ਇੱਥੇ ਦੋ ਚਾਰ
ਦਿਨਾਂ ਵਿਚ ਹੀ ਕੋਈ ਨਾ ਕੋਈ ਕੰਮ ਢੂੰਡਣ ਲਗ ਪਵੋਗੇ। ਜੇਕਰ ਕੰਮ ਨਹੀਂ ਵੀ
ਕਰਨਾ ਚਾਹੋਗੇ ਤਾਂ ਵੀ ਤੁਹਾਨੂੰ ਦੇਰ ਸਵੇਰ ਕੋਈ ਨਾ ਕੋਈ ਇਹ ਸਲਾਹ ਦੇ ਕੇ
ਹੀ ਦੰਮ ਲਵੇਗਾ ਕਿ ਤੁਹਾਨੂੰ ਵਿਹਲਾ ਨਹੀਂ ਬੈਠਣਾ ਚਾਹੀਦਾ। ਇਸ ਤਰ੍ਹਾਂ
ਬੰਦੇ ਨੂੰ ਉੱਲੀ ਲਗ ਜਾਂਦੀ ਹੈ। ਉਹ ਕਿਸੇ ਨਾ ਕਿਸੇ ਕੰਪਨੀ ਦਾ ਅਤਾ ਪਤਾ
ਦੇ ਕੇ ਕਹੇਗਾ ਕਿ ਤੁਸੀਂ ਇਸ ਪਤੇ ਤੇ ਮੇਰਾ ਨਾਂ ਲੈ ਕੇ ਊੱਥੇ ਬੈਠੇ ਬੰਦੇ
ਨੂੰ ਮਿਲਣਾ। ਉਹ ਜ਼ਰੂਰ ਹੀ ਤੁਹਾਡੇ ਲਈ ਕੋਈ ਨਾ ਕੋਈ ਕੰਮ ਢੂੰਡ ਦੇਵੇਗਾ।
ਖ਼ੈਰ ਮੇਰੇ ਤਜਰਬੇ ਅਨੁਸਾਰ ਤੁਸੀਂ ਬਹੁਤੇ ਦਿਨ ਕੰਪਨੀ ਦੇ ਇਸ ਪਤੇ ਨੂੰ
ਅਣਗੌਲਿਆਂ ਨਹੀਂ ਕਰ ਸਕਦੇ। ਦੇਰ ਸਵੇਰ ਰੱਸਾ ਤੁੜਾ ਕੇ ਘਾ ਚਰਨ ਗਈ ਗਾਂ
ਵਾਪਸ ਆ ਗਈ ਹੋਵੇ ਅਤੇ ਉਸ ਦੇ ਗਲ ਵਿਚ ਮੁੜ ਕੇ ਪਾਏ ਰੱਸੇ ਵਾਂਗ ਕਦੇ ਨਾ
ਕਦੇ ਨਾ ਚਾਹੁੰਦਿਆਂ ਵੀ ਗਾਂ ਵਾਂਗ ਤੁਹਾਡੇ ਗਲ ਵਿਚ ਵੀ ਕੰਪਨੀ ਦੇ ਕੰਮ
ਦਾ ਰੱਸਾ ਇਕ ਨਾ ਇਕ ਦਿਨ ਪੈਣਾ ਹੀ ਹੈ। ਸੋ ਤੁਸੀਂ ਇਸ ਜਾਂ ਕਿਸੇ ਹੋਰ ਦੀ
ਸੁਝਾਈ ਕੰਪਨੀ ਦੇ ਦਫਤਰ ਵਿਚ ਜਾਦੇ ਹੋ। ਉੱਥੇ ਇਕ ਥਕਿਆ ਜਿਹਾ ਕਲਰਕ ਨੁਮਾ
ਬੰਦਾ ਹੁੰਦਾ ਹੈ ਅਤੇ ਕੁਝ ਖਾ਼ਲੀ ਫਾਰਮ਼। ਤੁਸੀਂ ਇਕ ਫਾਰਮ ਭਰ ਦਿੰਦੇ ਹੋ
ਅਤੇ ਉੱਥੋਂ ਉੱਠ ਆਉਂਦੇ ਹੋ।ਸ਼ਾਮ ਹੋ ਗਈ ਹੁੰਦੀ ਹੈ। ਤੁਹਾਡੇ ਜਾਣੂ ਬੰਦੇ
ਕੰਮ ਤੋਂ ਵਾਪਸ ਆ ਗਏ ਹੁੰਦੇ ਹਨ। ਤੁਸੀਂ ਫਿਰ ਕੰਮ ਤੇ ਜਾਣ ਨੂੰ ਰਾਤ ਤੀਕ
ਲਈ ਭੁੱਲ ਚੁੱਕੇ ਹੁੰਦੇ ਹੋ।
ਰਾਤ ਜਲਦੀ ਬੀਤ ਜਾਂਦੀ ਹੈ। ਅਗਲਾ ਦਿਨ ਗਲੀ ਦੇ ਅਵਾਰਾ ਕੁੱਤੇ ਵਾਂਗ ਫਿਰ
ਤੁਹਾਡੇ ਬੂਹੇ ਦੇ ਮੂਹਰੇ ਪੂਰੀ ਢੀਠਤਾ ਨਾਲ ਬੈਠ ਜਾਂਦਾ ਹੈ। ਤੁਹਾਡੇ
ਜਾਣੂ ਫਿਰ ਆਪੋ ਆਪਣੇ ਕੰਮ ਤੇ ਚਲੇ ਜਾਂਦੇ ਹਨ। ਤੁਸੀਂ ਫਿਰ ਗੱਡੀ ਦੇ
ਪਿੱਛੇ ਬੱਝੇ ਕੱਟੇ ਵਾਂਗ ਵਿਹਲੇ ਅਤੇ ਫਾਲਤੂ ਹੋ ਜਾਂਦੇ ਹੋ। ਹੁੰਦੇ ਤਾਂ
ਹੋ ਵੀ, ਮਸਿਸੂਸ ਵੀ ਕਰਨ ਪੈਂਦੇ ਹੋ ਕਿ ਤੁਸੀਂ ਵਿਹਲੇ ਹੋ। ਅਗਲਾ ਦਿਨ
ਫਿਰ ਆ ਕੇ ਕੰਧ ਦੇ ਪਿਛੇ ਲੁਕ ਜਾਂਦਾ ਹੈ। ਤੁਸੀਂ ਫਿਰ ਆਪਣੀ ਬੇਸਮੈਂਟ
ਵਿਚ ਚਲੇ ਜਾਦੇ ਹੋ, ਜਿਵੇਂ ਮੱਝ ਆਪਣੀ ਖੁਰਲੀ ਦੇ ਕੋਲ ਜਾਂ ਆਪਣੇ ਥਣਾਂ
ਨਾਲ ਲਾਈ ਦੁਧ ਵਾਲੀ ਬਾਲਟੀ ਤੋਂ ਦੂਰ ਚਲੀ ਜਾਂਦੀ ਹੈ।
ਅਗਲਾ ਦਿਨ ਜਿਵੇਂ ਇਕ ਦਿਨ ਪਹਿਲਾਂ ਹੀ ਆ ਜਾਂਦਾ ਹੈ। ਤੁਹਾਨੂੰ ਅਜ ਕੰਮ
ਤੇ ਜਾਣਾ ਹੈ। ਸੋ ਵਿਹਲ ਖਤਮ ਅਤੇ ਸੂਰਜ ਵਾਲਾ ਦਿਨ ਦਿਨ ਵੇਲੇ ਹੀ ਖਤਮ।
ਜਦ ਤੁਸੀ ਆਪਣੀ ਡਿਊਟੀ ਤੋਂ ਵਾਪਸ ਆਂਦੇ ਹੋ ਤਾਂ ਦਿਨ ਨੂੰ ਗਿਆਂ ਕੇਵਲ
ਪੰਜ ਘੰਟੇ ਹੋ ਗਏ ਹੁੰਦੇ ਹਨ ਅਤੇ ਅਗਲੀ ਸਵੇਰ ਦੇ ਆਣ ਲਈ ਵੀ ਕੇਵਲ ਪੰਜ
ਘੰਟੇ ਹੀ ਰਹਿ ਗਏ ਹੁੰਦੇ ਹਨ। ਕੂਝ ਦਿਨਾਂ ਬਾਅਦ ਤੁਹਾਡੀ ਸਿ਼ਫਟ ਬਦਲ
ਜਾਂਦੀ ਹੈ। ਹੁਣ ਤੁਸੀਂ ਰਾਤ ਨੂੰ ਕੰਮ ਤੇ ਜਾਂਦੇ ਹੋ ਅਤੇ ਸਵੇਰੇ ਘਰ ਨੂੰ
ਆਂਦੇ ਹੋ। ਫਿਰ ਘਰੋਂ ਬਾਹਰ ਗਿਆਂ ਵੀ ਹਨੇਰਾ ਹੁੰਦਾ ਹੈ ਅਤੇ ਵਾਪਸ
ਆਉਂਦਿਆਂ ਵੀ ਬਾਹਰ ਅਤੇ ਅੰਦਰ ਹਨੇਰਾ ਹੁੰਦਾ ਹੈ। ਫਿਰ ਅੰਦਰਲੇ ਅਤੇ
ਬਾਹਰਲੇ ਹਨੇਰੇ ਵਿਚ ਫਰਕ ਵੀ ਮਿਟਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕੁਝ ਹੋਰ
ਦਿਨ। ਸਿ਼ਫਟਾਂ ਦੀ ਬਦਲੀ ਅਤੇ ਅਦਲੀ ਬਦਲੀ। ਇਸ ਉਪਰੰਤ ਤੁਸੀਂ ਫਿਰ ਜਦ
ਆਪਣੇ ਘੁਰਨੇ ਤੋਂ ਬਾਹਰ ਨਿਕਲਦੇ ਹੋ ਜਾਂ ਘੁਰਨੇ ਵਿਚ ਵਾਪਸ ਆਂਦੇ ਹੋ ਤਾਂ
ਤੁਹਾਨੂੰ ਜਿਹੜਾ ਸੂਰਜ ਦਿਸਦਾ ਹੈ ਉਸ ਵਲ ਵੇਖਦਿਆਂ ਤੁਹਾਨੂੰ ਇਸ ਗਲ ਦਾ
ਪਤਾ ਲਗਣਾ ਕਿ ਉਹ ਚੜ੍ਹ ਰਿਹਾ ਹੈ ਜਾਂ ਛੁੱਪ ਰਿਹਾ ਹੈ ਬੰਦ ਹੀ ਹੋ ਗਿਆ
ਹੁੰਦਾ ਹੈ ਜਾਂ ਇਹ ਪਤਾ ਲਗਾਉਣਾ ਹੀ ਫਜ਼ੂਲ ਹੋ ਗਿਆ ਹੁੰਦਾ ਹੈ। ਕੁਝ
ਦਿਨਾਂ ਬਾਅਦ ਤੁਹਾਡੇ ਸਰੀਰ ਨੂੰ ਵੀ ਇਹ ਪਤਾ ਲਗਣਾ ਬੰਦ ਹੋ ਗਿਆ ਹੁੰਦਾ
ਹੈ ਕਿ ਹੁਣ ਉਸ ਨੂੰ ਨੀਦ ਆਣੀ ਚਾਹੀਦੀ ਹੈ ਜਾਂ ਜਾਗ; ਕਿ ਉਸ ਨੂੰ ਦੁਪੈਹਰ
ਦੀ ਰੋਟੀ ਵਾਲੀ ਭੁਖ ਲਗਣੀ ਚਾਹੀਦੀ ਹੈ ਜਾਂ ਸਵੇਰ ਵਾਲੇ ਨਾਸ਼ਤੇ ਦੀ। ਕੁਝ
ਹੋਰ ਕੈਨੇਡੀਅਨ ਦਿਹਾੜੀਆਂ ਅਤੇ ਤੁਸੀਂ ਭੱਲ ਜਾਂਦੇ ਹੋ ਕਿ ਹੁਣ ਤੁਹਾਨੂੰ
ਨਹਾਉਣਾ ਚਾਹੀਦਾ ਹੈ ਜਾਂ ਸੌਣਾ, ਰਾਤ ਦਾ ਦੁਧ ਪੀਣਾ ਚਾਹੀਦਾ ਹੈ ਜਾਂ
ਸਵੇਰ ਵਾਲੀ ਚਾਹ। ਕਸਰਤ ਕਰਨੀ ਚਾਹੀਦੀ ਹੈ ਜਾਂ ਅਰਾਮ। ਜਾਗਣਾ ਚਾਹੀਦਾ ਹੈ
ਜਾਂ ਸੌਣਾ। ਦਾਤਣ ਕਰਨੀ ਚਾਹੀਦੀ ਹੈ ਕੁਰਲੀ।
ਤੁਹਾਡੀਆਂ ਅੱਖਾਂ ਵਾਗ ਤੁਹਾਡੇ ਸਰੀਰ ਨੂੰ ਵੀ ਆਪਣਾ ਸਕੈਯੂਅਲ ਭੁਲ ਗਿਆ
ਹੁੰਦਾ ਹੈ। ਪੱਛਮ ਅਤੇ ਪੂਰਬ ਦੀ ਪਛਾਣ ਤਾਂ ਤੁਸੀਂ ਉਦੋਂ ਹੀ ਗੁਆ ਲਈ ਸੀ
ਜਦੋਂ ਤੁਸੀਂ ਆਪਣੀ ਗਲੀ ਵਿਚ ਆਪਣੇ ਘਰ ਨੂੰ ਭੁਲ ਕੇ ਅਗਲੀ ਗਲੀ ਵਿਚ ਬੜ
ਗਏ ਸੀ। ਕੈਨੇਡਾ ਹੁਣ ਕਦੇ ਤੁਹਾਡੀ ਸਵੇਰ ਬਣ ਜਾਂਦਾ ਹੈ ਕਦੇ ਸ਼ਾਮ। ਕਦੇ
ਪੂਰਬ ਪਛਮ ਵਿਚ ਬਦਲ ਜਾਂਦਾ ਹੈ ਕਦੇ ਪਛਮ ਪੂਰਬ ਵਿਚ। ਕਦੇ ਪੱਛਮ ਅਤੇ
ਪੂਰਬ ਦੋਵੇ ਅਤੇ ਨਾਲ ਹੀ ਉੱਤਰ ਨੂੰ ਲੈ ਕੇ ਦੱਖਣ ਵਿਚ ਜਾ ਬੜਦੇ ਹਨ। ਇੰਜ
ਕੁਝ ਦੇਰ ਬਾਅਦ ਤੁਹਾਡੇ ਲਈ ਕੈਨੇਡਾ ਦਿਲੀ ਦੀ ਕੁਤਬ ਮੀਨਾਰ ਦੇ ਕੋਲ ਵਾਲੀ
ਭੂਲਭੁਲੱਈਆਂ ਬਣ ਜਾਂਦਾ ਹੈ!
-0- |
|