Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


ਬਾਜਵਾ ਹੁਣ ਗੱਲ ਨਹੀਂ ਕਰਦਾ

- ਜ਼ੁਬੈਰ ਅਹਿਮਦਾ
 

 

ਬਾਜਵਾ ਆਂਦਾ ਏ, ਮੈਂ ਅਗਦੋਂ ਈ ਉਡੀਕਦਾ ਹੋਣਾ, ਕੁਝ ਚਿਰ ਉਹ ਬਹਿੰਦਾ ਏ ਤੇ ਮੁੜ ਝਬਦੇ ਉਹਦੇ ਪੈਰਾਂ ਨੂੰ ਮੱਛਰ ਵਢਣ ਲੱਗ ਪੌਂਦੇ ਨੇ ਤੇ ਆਂਹਦਾ ਏ: ਚੱਲੀਏ ਨਾ। ਕਈ ਦਿਨਾਂ ਤੋਂ ਫ਼ੋਨ ਦੀ ਟੱਲੀ ਖੜਕਾਣ ਪਿੱਛੋਂ ਅਸਾਂ ਮਾਲ ਰੋਡ ਦੇ ਉਸ ਪੁਰਾਣੇ ਕੈਫ਼ੇ ਮਸਾਂ ਮਿਲਣ ਦਾ ਆਹਰ ਕੀਤਾ ਸੀ, ਜੋ ਹੁਣ ਉੱਕਾ ਨਵਾਂ ਨਕੋਰ ਹੋਰ ਦਾ ਹੋਰ ਹੋ ਗਿਆ ਸੀ। ਇਹ ਉਹ ਅਖ਼ੀਰੀ ਮਿਲਣੀਆਂ ਸਨ, ਜਦ ਮਿਲਣ ਦਾ ਸਵਾਦ ਮੁੱਕਦਾ ਗਿਆ ।
ਲਾਲ ਸ਼ਾਹ ਕਹਿੰਦਾ ਏ: ਖ਼ਲਕਤ ਵਧ ਗਈ ਏ, ਪਰ ਮਿਲਣੀ ਘੱਟ ਗਈ ਏ।
ਇਕ ਵੇਲਾ ਸੀ, ਜਦ ਅੱਧੀਂ ਰਾਤੀਂ ਘਰੇ ਜਾਣ ਨੂੰ ਜੀਅ ਨਾ ਕਰਨਾ।
ਪਿੱਛੇ ਜਿਹੇ ਮਾਲ ਰੋਡੋਂ ਲੰਘਦੇ ਐਵੇਂ ਇਥੇ ਅਝਕ ਗਿਆ। ਇਹ ਵੀ ਅਖ਼ੀਰੀ ਮਿਲਣੀਆਂ ਦੀ ਈ ਗੱਲ ਏ। ਕਈ ਵਾਰੀ ਬੰਦਿਆਂ ਦੇ ਸਾਂਗੇ ਭੇਤ ਬਣ ਜਾਂਦੇ ਨੇ ਯਾਂ ਇਹ ਸਾਥ ਹਨ ਈ ਹਯਾਤੀ ਦਾ ਭੇਤ। ਸਾਂਗੇ ਖੌਰੇ ਬੱਦਲਾਂ ਦੀ ਛਾਂ ਨੇ। ਬੁਹਤਾ ਪੈਂਡਾ ਤਾਂ ਨੰਗੀ ਧੁੱਪ ਏ। ਉਹ ਸਾਥ ਨੰਗੀ ਧੁੱਪ ਵਿਚ ਬੱਦਲਾਂ ਦੀ ਯਾਦ ਨੇ। ਨੰਗੀ ਧੁੱਪ ਕਿੰਨੀ ਸੱਖਣੀ ਹੁੰਦੀ ਏ, ਕਿੰਨੀ ਕੋਰੀ।
ਬੱਦਲਾਂ ਦੀ ਛਾਂ ਪਾਣੀ ਉੱਤੇ ਤੁਰਦੇ ਪਖੇਰੂ ੳੁੱਤੇ ਇਕ ਛਿਣ ਪਰਛਾਵਾਂ ਕਰ ਲੰਘ ਜਾਂਦੀ ਏ। ਹਰ ਸ਼ੈਅ ਯਾਦ ਨਹੀਂ ਰਹਿੰਦੀ; ਪਰ ਚੇਤੇ ਦੀ ਧੁਖਣੀ ਧੁਖਦੀ ਰਹਿੰਦੀ ਏ ਤੇ ਕਈ ਵਾਰ ਖਲ੍ਹਾਰ ਵੀ ਲੈਂਦੀ ਏ।
ਕੈਫ਼ੇ ਮੈਂ ਬਹਿ ਜਾਣਾ। ਚਾਹ ਦਾ ਆਖਣਾ ਨਹੀਂ ਪੈਂਦਾ। ਮਾਲ ਰੋਡ ਦੀ ਸ਼ਾਮ ਕਦੇ ਹੁੰਦੀ ਸੀ। ਹੁਣ ਚੇਤੇ ਦੀ ਧੁਖਣੀ ਤੋਂ ਬਹੁਤੀ ਕਾਲੀ ਏ ਤੇ ਗੱਡੀਆਂ ਦੇ ਧੂੰਏਂ ਵਿਚ ਸਾਹ ਘੁੱਟਦਾ ਏ; ਪਰ ਚੇਤੇ ਦੀ ਧੁਖਣੀ ਸਾਹ ਦਿੰਦੀ ਏ, ਯਾਦ ਹਵਾ ਦਿੰਦੀ ਏ।
ਚਾਚਾ ਸਿਆਸੀ ਮੈਨੂੰ ਸਿਆਣ ਲੈਂਦਾ ਏ ਤੇ ਆਪੇ ਈ ਦੋ ਚਾਹਵਾਂ ਲੈ ਆਉਂਦਾ ਏ।
ਉਹਦਾ ਖ਼ਿਆਲ ਏ, ਥੋੜੇ ਚਿਰ ਨੂੰ ਬਾਜਵੇ ਵੀ ਤਾਂ ਆ ਜਾਣਾ ਹੋਇਆ। ਝਬਦੇ ਜਾਵਣ ਲਈ।
‘ਨਾ ਪਾਲਿਆ ਕਰ ਮਾਅਸ਼ੂਕ, ਨਾ ਕਰਿਆ ਕਰ ਇਸ਼ਕ ਮਸ਼ੂਕੀਆਂˆ,’ ਮੱਟੂ ਪੀਆਕ ਤੀਜਾ (ਪੈੱਗ) ਸੁਟਦਿਆਂ ਨਿੱਤ ਕਹਿੰਦਾ ਏ।
ਇਹ ਸ਼ਹਿਰ ਮੇਰੇ ਕੰਡ ਉਤੇ ਕੱਕੀ ਕੀੜੀ ਵਾਂਗ ਤਿਲਕਦਾ ਰਹਿੰਦਾ ਏ।
ਉਦੋਂ ਨਹੀਂ ਸੀ ਸ਼ਹਿਰ ਬੁਹਤਾ ਭਰਿਆ ਹੋਇਆ। ਸੜਕਾਂ ਉਤੇ ਐਵੇਂ ਈ ਜਾਨਣ ਆਲੇ ਮਿਲ ਪੈਂਦੇ ਸਨ। ਜਿਹੜੇ ਜਾਣੂ ਨਹੀਂ ਸਨ ਵੇਖੇ-ਜਿਹੇ ਲੱਗਣੇ, ਤੱਕਣੀ ਵਿਚ ਓਪਰੀਅਤ ਨਹੀਂ ਸੀ; ਸਾਂਗਿਆਂ ਦਾ ਕੋਈ ਭਾਰ ਨਹੀਂ ਸੀ। ਕਿਥੋਂ ਸਨ ਉਹ ਆਂਦੇ ਸਾਂਗੇ ਤੇ ਕਿਵੇਂ ਸਨ ਬਣ ਜਾਂਦੇ।
‘ਛੱਡ ਦੇ, ਡੋਰ ਦਿਲੇ ਦੀ ਹੱਥੋਂ ਛੱਡ ਦੇ,’ ਮੱਟੂ ਤੇ ਚੌਧਰੀ ਅੱਜ ਖੌਰੇ ਕਿੰਨੀ ਪੀਵਣੀ ਏ।
ਮੈਨੂੰ ਇਫ਼ੀ ਚਿੱਟਾ ਚੇਤੇ ਆਉਂਦਾ ਏ। ਅਜੇਹੀਆਂ ਥਾਵਾਂ ਉਹਦੇ ਚੇਤੇ ਦੀ ਸੁਗੰਧ ਨਾਲ ਭਰੀਆਂ ਹੋਈਆਂ ਨੇ। ਇਫ਼ੀ ਛੇਵੀਂ ਵਿਚ ਸੀ ਮੇਰਾ ਬੇਲੀ। ਸਕੂਲੇ ਅਸੀਂ ਇਕੱਠੇ ਹੁੰਦੇ ਤੇ ਮਗਰੋਂ ਮੈਂ ਉਹਨੂੰ ਸੈਕਲੇ ਬਹਾ ਭਜਾਈ ਫਿਰਨਾ। ਚਿੱਟਾ ਖੀਰ ਵਰਗਾ ਰੰਗ, ਪਿਓ ਕਿਸੇ ਦੂਜੇ ਸ਼ਹਿਰ ਪੁਲਿਸ ਦਾ ਅਫ਼ਸਰ ਸੀ। ਕਦੀ-ਕਦਾਰ ਘਰੀਂ ਆਉਂਦਾ ਇਹ ਵੀ ਧੁੰਮੀ ਹੋਵੇ ਪਈ ਕਿਸੇ ਹੋਰ ਸ਼ਹਿਰ ਦੂਈ ਜ਼ਨਾਨੀ ਵੀ ਪਾਈ ਬੈਠਾ ਏ। ਉਸ ਬੁਹਤਾ ਚਿਰ ਮੇਰੇ ਨਾਲ ਈ ਰਹਿਣਾ ਤੇ ਰਾਤੀਂ ਮੈਂ ਉਹਨੂੰ ਉਹਦੇ ਘਰ ਛੱਡ ਆਣਾ। ਦੂਜੇ ਤੀਜੇ ਮੁਹੱਲੇ ਸੀ ਉਹਦਾ ਘਰ। ਮਾਂ ਉਹਦੀ ਨੇ ਆਖਦੇ ਰਹਿਣਾ: ‘ਆਹੋ ਆਹੋ, ਲੈ ਜਾ ਇਹਨੂੰ ਹੋਰ ਕਦੇ ਨਾਲ ਖੇਡੇ ਸ਼ੋਹਦਾ।’ ਸੈਕਲ ਦਾ ਕਿਰਾਇਆ ਦੇਣਾ ਉਹਨੇ ਚਲਾਣਾ ਮੈਂ। ਚਾਰ ਆਨੇ ਘੰਟਾ। ਐਵੇਂ ਈ ਮੈਂ ਉਹਦਾ ਮੋਹਰੀ ਸਾਂ ਬਣ ਬੈਠਾ। ਉਂਜ ਵੀ ਮੇਰੀ ਫ਼ੀਸ ਤਾਂ ਮੁਆਫ਼ ਸੀ ਤੇ ਨਾਲੇ ਅਸਾਂ ਕਿਹੜਾ ਡਾਕਟਰ ਇੰਜੀਨਿਅਰ ਬਣਨਾ ਹੋਇਆ। ਇਕ ਜਮਾਤੇ ਪਾਸ ਹੋਏ, ਤਾਂ ਅਗਲੀ ਚੜ੍ਹ ਗਏ। ਨਾ ਕਦੀ ਕਿਸੇ ਸਾਡੇ ਪਿੱਛੇ ਸਕੂਲੇ ਆਣਾ ਸੀ ਤੇ ਨਾ ਅਸਾਂ ਸਕੂਲੋਂ ਆ ਘਰ ਬਸਤਾ ਖੋਲ੍ਹਣਾ। ਇਮਤਿਹਾਨਾਂ ਨੇੜੇ ਵੱਡਿਆਂ ਦੀ ਮਾਰ ਖਾ ਇਕ ਦੋ ਅੱਖਰ ਪੜ੍ਹ ਲੈਣੇ ਤੇ ਪਾਸ ਹੋ ਜਾਣਾ।
ਪਰ ਉਹ ਮੇਰੇ ਨਾਲ ਲੇਸ ਈ ਹੋ ਗਿਆ; ਸਗੋਂ ਆਖੋ ਨੱਥੀ। ਮੇਰੀ ਤਾਂ ਅਪਣੀ ਕੋਈ ਓਟ ਨਹੀਂ ਸੀ, ਪਰ ਉਹ ਮੇਰੀ ਓਟ ਪਿਆ ਭਾਲਣ ਲੱਗ ਪਿਆ। ਮੁੰਡੇ ਗੱਲ੍ਹਾਂ ਉਤੇ ਚੂੰਢੀਆਂ ਵੱਢ ਤੁਰ ਜਾਂਦੇ ਤੇ ਉਹ ਮੇਰੇ ਨੇੜੇ ਢੁੱਕ-ਢੁੱਕ ਬਹਿੰਦਾ। ਮੈਨੂੰ ਹੋਰ ਗੂੜ੍ਹਾ ਹੋ ਮਿਲਦਾ। ਸੈਕਲ ਚਲਾ-ਚਲਾ ਹਫ਼ ਜਾਂਦਾ ਮੈਂ। ਪਰ ਮੈਥੋਂ ਉਹਦਾ ਸਾਂਗਾ ਸੁਚੇਤ ਨਾ ਹੋਇਆ। ਮੁੰਡੀਰ ਵਿਚ ਉਹਦਾ ਹਾਸਾ ਬਣਨਾ ਤੇ ਰਲ ਜਾਣਾ ਮੈਂ ਵੀ। ਉਹਨੂੰ ਮਿਲਣਾ ਪਰ ਕੰਡ ਨਾ ਦੇਣੀ। ਇਕ ਵਾਰ ਤਾਂ ਅਖ਼ੀਰ ਹੋ ਗਈ। ਫੀਕੇ ਉਹਦੀ ਪਿੱਠ ਉਤੇ ਹੱਥ ਮਾਰਿਆ ਤੇ ਮੈਨੂੰ ਧੱਕਾ ਮਾਰ ਆਖਣ ਲੱਗਾ: ‘ਬੜੀਆਂ ਗੂੜ੍ਹੀਆਂ ਯਾਰੀਆਂ ਨੇ।’
ਮੈਂ ਖਚਰਾ ਹਾਸਾ ਹੱਸ ਗੱਲ ਵਲਾ ਦਿੱਤੀ।
‘ਤੂੰ ਉਹਦੇ ਮੂੰਹ ਉੱਤੇ ਚੰਡ ਮਾਰਦੋਂ,’ ਇਫ਼ੀ ਨੂੰ ਪਤਾ ਤਾਂ ਸੀ, ਮੈਂ ਨਹੀਂ ਸਾਂ ਮਾਰ ਸਕਦਾ। ਬੱਸ ਇਸ ਤੋਂ ਮਗਰੋਂ ਉਸ ਮੇਰੇ ਨਾਲ ਗੱਲ ਨਾ ਕੀਤੀ। ਉੱਕਾ ਨਾਂਹ ਕਰ ਦਿੱਤੀ। ਤੇ ਅੱਠਵੀਂ ਵਿਚ ਸਕੂਲ ਈ ਛੱਡ ਗਿਆ।
ਬੰਦੇ ਦਾ ਦੁਖਾਂਤ ਇਹ ਵੇ ਪਈ ਵੇਲੇ ਦੀ ਧੂੜ ਵਿਚ ਜਦ ਗੱਲਾਂ ਦੀ ਸਮਝ ਆਂਦੀ ਏ, ਤਾਂ ਵੇਲਾ ਲੰਘ ਗਿਆ ਹੁੰਦਾ ਏ। ਮੈਂ ਇਫ਼ੀ ਨੂੰ ਵਿਸਾਰ ਨਹੀਂ ਸਕਿਆ। ਅੱਜ ਵੀ ਬੁੱਢੇ ਵਾਰੇ ਮੈਨੂੰ ਸੰਤ ਨਗਰ ਦੀ ਉਹ ਗਲੀ ਚੇਤੇ ਹੈ, ਜਿੱਥੇ ਉਹਦਾ ਘਰ ਸੀ। ਮੈਂ ਜਦ ਵੀ ਉਸ ਮੁਹੱਲੇ ਜਾਵਾਂ, ਉਹਦੀ ਗਲੀ ਅੱਗੋਂ ਜ਼ਰੂਰ ਲੰਘਣਾ। ਕਈ ਵਾਰ ਮੈਂ ਉਨ੍ਹਾਂ ਗਲੀਆਂ ਵਿਚ ਮੁੜ ਮੁੜ ਫਿਰਿਆ ਆਂ, ਪਰ ਉਹ ਡਿੱਠਾ ਨਹੀਂ। ਉਹਦੀ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਸੀ। ਅੱਜ ਵੀ ਰਾਹ ਬੰਦ ਏ। ਅੱਜ ਵੀ ਉਹ ਗਲੀ ਉਂਜੇ ਈ ਏ ਇਫ਼ੀ ਦਾ ਮਕਾਨ ਵੀ ਉਂਜੇ ਏ। ਪਰ ਆਪ ਕਿੱਥੇ ਏ?
ਪਿੱਛੇ ਜਹੇ ਮੇਰੀ ਧੀ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲੇ ਗਈ ਤੇ ਰੋਜ਼ ਘਰ ਆ ਰੋਇਆ ਕਰੇ ਉੱਚੀ-ੳੁੱਚੀ। ਪਰ ਉਹ ਗੱਲ ਨਾ ਦੱਸੇ। ਸੱਤਵੀਂ ਵਿਚ ਉਹ ਸੀ। ਚੰਗੀ ਪੜ੍ਹਾਕੂ ਲਾਇਕ-ਫ਼ਾਇਕ। ਰੋਜ਼ ਘਰ ਆ ਰੋਏ, ਪਰ ਗੱਲ ਨਾ ਦੱਸੇ। ਸਾਥੋਂ ਉਹਦਾ ਰੋਣ ਤੱਕਿਆ ਨਾ ਜਾਵੇ, ਪਰ ਮੁੜ ਉਹ ਆਪੇ ਈ ਰੋਣਾ ਛੱਡ ਗਈ ਤੇ ਨਾਲ ਈ ਕੁਝ ਬਦਲ ਵੀ ਗਈ। ਕੁਝ ਵੱਡੀ ਜਿਹੀ ਹੋ ਗਈ ਵੀ ਜਾਪਦੇ, ਕੁਝ ਉਸ ਵਿਚ ਅਪਣੇ ਆਪ ੳੁੱਤੇ ਵਿਸਾਹ ਵੀ ਕੁਝ ਬਹੁਤਾ ਲੱਗਿਆ। ਬਹੁਤ ਚਿਰ ਮਗਰੋਂ ਮੇਰੀ ਵਹੁਟੀ ਦੱਸਿਆ, ਉਹਦੀ ਅਪਣੀ ਸਹੇਲੀ ਨਾਲ ਲੜਾਈ ਹੋ ਗਈ ਸੀ। ਉਹਦੀ ਸਹੇਲੀ ਨੇ ਕਿਸੇ ਹੋਰ ਨਾਲ ਗੂੜ੍ਹ ਪਾ ਲਿਆ ਸੀ ਤੇ ਇਹਨੂੰ ਛੱਡ ਦਿੱਤਾ ਸੀ। ਇਹ ਕੁਝ ਚਿਰ ਉਹਨੂੰ ਮਨਾਂਦੀ ਰਹੀ; ਜਦ ਉਹ ਨਾ ਮੰਨੀ, ਤਾਂ ਇਸ ਨੇ ਵੀ ਉਹਨੂੰ ਸਦਾ ਲਈ ਛੱਡ ਦਿੱਤਾ ਤੇ ਅਪਣੀ ਹੋਰ ਢਾਣੀ ਬਣਾ ਲਈ । ਹੋਰ ਢਾਣੀ ਬਣ ਗਈ ਤੇ ਇਹ ਸਭ ਕੁਝ ਭੁਲ ਗਈ। ਪਰ ਇਸ ਗੱਲ ਨੇ ਇਹਨੂੰ ਵੱਡਾ ਵੀ ਕਰ ਦਿੱਤਾ, ਪਰ ਇੰਜ ਈ ਕਿਉਂ ਹੁੰਦਾ ਏ। ਰਹਿੰਦਾ ਬੰਦਾ ਢਾਣੀ ਵਿਚ ਈ ਏ। ਪਰ ਇਹ ਸੱਤਵੀਂ ਵਿਚ ਈ ਕਿਉਂ ਹੁੰਦਾ ਏ?
ਸ਼ਾਮੀਂ ਮਾਲ ਰੋਡ ਹਾਈ ਕੋਰਟ ਉਤੇ ਕਿੰਨੇ ਈ ਪਖੇਰੂ ਉਡਦੇ ਪਏ ਨੇ। ਲਾਲ ਇੱਟਾਂ ਦਾ ਰੰਗ ਜੰਗਲੀ ਕਬੂਤਰਾਂ ਵਰਗਾ ਸਲੇਟੀ ਸ਼ਾਮ ਵਰਗਾ ਏ।
ਚੇਤੇ ਦੀ ਧੁਖਣੀ ਧੁਖਦੀ, ਯਾਦ ਦੀ ਅੱਧ ਖੁੱਲ੍ਹੀ ਸਾਵੀ ਤਾਕੀ, ਅੱਧ ਪੁੱਗਣ, ਪਿਛਲੀ ਰਾਤ ਦੇ ਮੀਂਹ ਪਾਰੋਂ ਹਵਾ ਵਿਚ ਜਾਂਦੇ ਸਿਆਲ ਦੀ ਕਿੰਨੀ ਏ। ਇਹ ਹਵਾ ਮੈਂ ਪਹਿਲੇ ਵੀ ਭੋਗੀ ਏ ਕਈ ਵਾਰੀ ਜੁੱਸਿਉਂ ਲੰਘੀ ਐ ਮੇਰੇ, ਇਹ ਹਵਾ ਮੈਂ ਹਰ ਵਾਰ ਹੰਢਾਈ ਏ।
ਉਹਨੇ ਤਰੀਜ਼ਾਂ ਆਲਾ ਕੁਰਤਾ ਪਾਇਆ ਹੋਇਆ ਏ ਤੇ ਪੈਰੀਂ ਚਮੜੇ ਦੀ ਖੁੱਲ੍ਹੀ ਜੁੱਤੀ ਏ। ਉਹ ਸ਼ਾਇਰ ਜਿਹਾ ਲਗਦਾ ਏ ਪਰ ਹੈ ਨਹੀਂ, ਹੈਗਾ ਈ ਨਹੀਂ ਸੀ ਕਦੇ ਵੀ। ਕਾਮਰੇਡ ਟੀ ਟੀ ਨਾਲ ਗੁਟੇ ਲੱਗੀ ਬੈਠਾ ਏ। (ਕਾਮਰੇਡ ਦੇ ਕਈ ਨਾਂ ਪਏ - ਕਦੀ ਕਾਮਰੇਡ ਰੇਡਵਾ, ਕਦੀ ਵਾਇਰਲੈਸ ਤੇ ਮੁੜ ਕਾਮਰੇਡ ਟੇਬਲ ਟਾਕ ਹੋ ਗਿਆ। ਜਦ ਉਸ ਇਕ ਵਾਰੀ ਇਹ ਥੀਸਿਜ਼ ਦਿੱਤਾ ਪਈ ਅਸਲ ਗੱਲ ਟੇਬਲ ਟਾਕ ਦਾ ਗੁਣੀ ਹੋਵਣ ਏ ਤੇ ਉਸ ਦਾ ਨਾਂ ਟੇਬਲ-ਟਾਕ ਪੈ ਗਿਆ ਤੇ ਮੁੜ ਟੀ ਟੀ ਹੋ ਗਿਆ।) ਉਹਦਾ ਆਖਣਾ ਸੀ ਲੈਨਿਨ ਤੇ ਮਾਓ ਜ਼ੇਤੁੰਗ ਅਸਲ ਵਿਚ ਟੇਬਲ ਟਾਕਰ ਸਨ ਤੇ ਜਿੰਨੇ ਵੀ ਇਨਕਲਾਬ ਸਫਲ ਹੋਏ, ਉਨ੍ਹਾਂ ਪਿੱਛੇ ਸਾਰੀ ਗੱਲ ਆਗੂਆਂ ਦਾ ਟੇਬਲ ਟਾਕਰ ਹੋਣਾ ਸੀ। ਉਹ ਆਖਦਾ ਸੀ: ਟੇਬਲ ਟਾਕਰ ਹੋਵਣ ਲਈ ਜ਼ਰੂਰੀ ਏ ਪਈ ਅਗਲੇ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤੇ ਉਹਦੀ ਗੱਲ ਵਿਚ ਜਿਹੜਾ ਦੁਫਾੜ ਹੁੰਦਾ ਏ, ਉਸ ਨੂੰ ਫੜ ਕੇ ਉਸ ਉੱਤੇ ਖੇਡ ਕੀਤੀ ਜਾਵੇ।
ਪਹਿਲੀ ਵਾਰ ਆਇਆ ਏ ਉਹ ਕੈਫ਼ੇ ਦੀ ਮੰਡਲੀ, ਜਿਹੜੀ ਅਜੇ ਹੌਲੀ-ਹੌਲੀ ਜੁੜਨੀ ਏ। ਕਾਮਰੇਡ ਟੀ ਟੀ ਦੇ ਸਿਗੱਟ ਮੁੱਕਣੇ ਨੇ ਤੇ ਉਸ ਲਿਆਣੇ ਨੇ। ਇਹ ਸਿਗੱਟ ਲਿਆਉਣ ਤੇ ਉਠ ਕੇ ਚਾਹ ਦਾ ਆਖਣ ਤੇ ਈ ਤਾਂ ਸਾਰੀ ਕਹਾਣੀ ਕਈ ਵਾਰੀ ਫਸ ਜਾਂਦੀ ਏ। ਕੁਝ ਚਿਰ ਮਗਰੋਂ ਉਠ ਕੇ ਸਿਗੱਟ ਲਿਆਉਣ ਆਲੇ ਨੂੰ ਲਗਦਾ ਏ ਪਈ ਇਸ ਨਾਲ ਉਹਦਾ ਰੁਤਬਾ ਘਟਦਾ ਏ ਤੇ ਉਹ ਖਿਝਣ ਲੱਗ ਪਾਉਂਦਾ ਏ। ਅਖ਼ੀਰ ਇਸ ਗੱਲ ਉਤੇ ਦੋਏ ਲੜਨ ਲੱਗ ਪੈਂਦੇ ਨੇ। ਪਰ ਕਾਮਰੇਡ ਟੀ ਟੀ ਨੂੰ ਸਿਗੱਟ ਲਿਆਣ ਆਲਿਆਂ ਦਾ ਕਦੀ ਘਾਟਾ ਨਹੀਂ ਹੋਇਆ, ਜਦ ਤੀਕ ਉਸ ਨੂੰ ਕਾਮਰੇਡ ਦੇ ਥੀਸਿਜ਼ ਫਿੱਕੇ ਲੱਗਣੇ ਨੇ ਕਾਮਰੇਡ ਇਕ ਹੋਰ ਲਬੇੜ ਲਿਆ ਹੋਣਾ ਏ। ਉਹ ਹਮੇਸ਼ ਅਪਣਿਆਂ ਤੋਂ ਨਿੱਕਿਆਂ ਨਾਲ ਯਾਰੀ ਲਾਂਦਾ ਏ। ਹਮੇਸ਼ ਉਨ੍ਹਾਂ ਨੁੂੰ ਦੱਸਦਾ, ਪੜ੍ਹਾਂਦਾ ਏ ਤੇ ਜਦ ਉਹ ਜ਼ਰੀ ਵੀ ਸਿਆਣੇ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਕਾਮਰੇਡ ਨਾਲ ਕਿਉਂ ਲੜ ਪੈਂਦੇ ਨੇ। ਕਾਮਰੇਡ ਦੇ ਵੈਰੀ ਕਹਿੰਦੇ ਨੇ: ਂਉਹ ਮੱਲ ਮਾਰਦਾ ਏ, ਖੁੱਲ੍ਹ ਨਹੀਂ ਦਿੰਦਾ, ਸਾਵਾਂ ਨਹੀਂ ਮਿਲਦਾ, ਕਬੂਤਰਾਂ ਹਾਰ ਰੱਖਦਾ ਏ ਬਿੱਲੀਆਂ ਨੂੰ। ਉਨ੍ਹਾਂ ਨੂੰ ਸਾਂਭਦਾ ਏ, ਪਾਲਦਾ ਏ, ਦਾਣਾ ਪਾਂਦਾ ਏ; ਪਰ ਜਦ ਉਡਾਂਦਾ ਏ ਤੇ ਉਹ ਉਹਦੀ ਛੱਤ ਤੇ ਨਹੀਂ ਲੱਥਦੇ।
ਮੈਨੂੰ ਨਵੇਂ ਆਏ ਨੂੰ ਵੇਖ ਅਫ਼ਸੋਸ ਹੋਇਆ। ਵੇਲੇ ਦੇ ਧੂੜ ਦੀ ਵਹਿਣ ਵਿਚ ਮੈਨੂੰ ਉਹਦੇ ਵਰ੍ਹੇ ਖੁੰਝਦੇ ਜਾਪੇ। ਨਿੱਕੀ ਜਿਹੀ ਉਮਰੇ ਸਸਤੇ ਸਿਗੱਟਾਂ ਨਾਲ ਉਹਦੇ ਬੁੱਲ੍ਹ ਧਵਾਂਖੇ ਲੱਗੇ। ਮੈਂ ਤਾਂ ਪਹਿਲਾਂ ਈ ਉਹ ਮੰਡਲੀ ਛੱਡੂ ਸਾਂ। ਕਾਮਰੇਡ ਟੀ-ਟੀ ਵੀ ਚਾਹੁੰਦਾ ਸੀ, ਹੁਣ ਮੈਂ ਉਥੇ ਨਾ ਆਵਾਂ। ਇਕੋ ਜੇਹੀਆਂ ਗੱਲਾਂ ਤੇ ਰੋਜ਼ ਉਹੋ ਗੱਲਾਂ ਬੱਸ ਕਾਮਰੇਡ ਲਈ ਈ ਨਵੀਆਂ ਸਨ। ਉਹਦਾ ਲਾਭ ਸੀ ਇਹਦੇ ਈ ਵਿਚ ਉਹ ਲੀਡਰੀ ਘੁਕਾਂਦਾ ਸੀ ਇਸੇ ਆਹਰ ਵਿਚ। ਘਰੋਂ ਉੱਖੜਿਆ ਤੇ ਪਾਰਟੀਆਂ ਦੇ ਸੌੜੇ ਵਰਤਾਰੇ ਤੋਂ ਨੱਸਿਆ ਹੋਇਆ । ਬਾਜਵਾ ਸਿਗੱਟ ਲੈਣ ੳੁੱਠਿਆ ਤੇ ਮੈਂ ਉਹਨੂੰ ਅਪਣੇ ਖਸੀਏ ਵਿੱਚੋਂ ਡੱਬੀ ਕਢ ਸਲਾਹ ਮਾਰੀ। ਉਸ ਝਕਦੇ ਝਕਦੇ ਸਿਗੱਟ ਲੈ ਲਈ ਤੇ ਕੁਝ ਚਿਰ ਮੇਰੀ ਟੇਬਲ ਬਹਿ ਗਿਆ। ਕਾਮਰੇਡ ਟੀ ਟੀ ਲਾਲ ਅੱਖਾਂ ਨਾਲ ਡੇਲੇ ਪਾੜ-ਪਾੜ ਮੈਨੂੰ ਤੱਕਦਾ ਰਿਹਾ। ਬਾਜਵੇ ਦਾ ਉਸ ਮੰਡਲੀ ਵਿਚ ਉਹ ਪਹਿਲਾ ਦਿਨ ਸੀ ਤੇ ਮੇਰਾ ਅਖ਼ੀਰਲਾ।
ਮੈਨੂੰ ਬਹੁਤਾ ਨਹੀਂ ਉਡੀਕਣਾ ਪਿਆ। ਬਾਜਵਾ ਕੁਝ ਦਿਨਾਂ ਮਗਰੋਂ ਮੈਨੂੰ ਪੁਰਾਣੀ ਅਨਾਰਕਲੀ ਆਪੇ ਮਿਲ ਗਿਆ। ਉਹ ਚਮੜਾ ਮੰਡੀ ਲਾਗੇ ਕਿਸੀ ਵਸਤੀ ਦਾ ਰਹਿਣ ਆਲਾ ਸੀ। ਪਿਓ ਉਹਦਾ ਕਿਸੀ ਸਰਕਾਰੀ ਮਹਿਕਮੇ ਵਿਚ ਮੁਲਾਜ਼ਿਮ ਸੀ ਤੇ ਸੀ ਉਹ ਸਾਡੇ ਵਰਗਾ ਈ। ਮੈਂ ਉਸ ਨੂੰ ਪੜ੍ਹਾਈ ਚਾਲੂ ਰੱਖਣ ਦੀ ਸਲਾਹ ਵੀ ਦਿੱਤੀ। ਗੱਲਾਂ ਉਹਦੀਆਂ ਮੁਕਦੀਆਂ ਨਹੀਂ ਪਈਆਂ ਸਨ। ਅਸੀਂ ਮੁੜ ਫ਼ਿਲਮ ਵੇਖਣ ਤੁਰ ਗੇ ਤੇ ਯਾਰ ਬਣ ਗੇ ਤੇ ਅੱਜ ਤੀਕ ਆਂ। ਉਹ ਐਵੇਂ ਮੇਰਾ ਭਰਮ ਬਣਾਈ ਰੱਖਦਾ ਸੀ। ਕਿੱਥੇ ਮੈਂ ਉਸ ਤੋਂ ਅੱਗੇ ਸਾਂ ਇਕ ਦੋ ਜਮਾਤਾਂ ਖੌਰੇ। ਯਾਂ ਫਿਰ ਮੈਂ ਸਿਆਸੀ ਮੰਡਲੀ ਦਾ ਪੁਰਾਣਾ ਘਾਗ ਬਣੀ ਬੈਠਾ ਸਾਂ ਤੇ ਕੁਝ ਲੋਕਾਂ ਨੂੰ ਬਹੁਤਾ ਤੇ ਪੁਰਾਣਾ ਜਾਣਦਾ ਸਾਂ। ਅਸੀਂ ਦੋਵੇਂ ਇਕੱਲੇ ਤੇ ਸਾਂਝ ਤਾਂ ਉਸਰਨੀ ਸੀ।
ਜਵਾਨੀ ਅਸਾਂ ਇਕੱਠੀ ਲੰਘਾਈ ਤੇ ਸਾਰੇ ਕੰਮਾਂ ਵਿਚ ਰੁਲੇ ਰਹੇ। ਯਾਰੀਆਂ, ਵੈਰ, ਸਿਆਸਤਾਂ ਸਾਡੀ ਜੋੜੀ ਸ਼ਹਿਰੀਂ ਲੋਕ ਜਾਣਦਾ ਸੀ। ਹਰ ਥਾਂ ਇਕੱਠੇ, ਹਰ ਸਾਹੀਂ ਇਕ-ਮਿਕ। ਰੋਜ਼ ਈ ਮਿਲਣਾ ਤੇ ਰਾਤਾਂ ਸਵੇਰਾਂ ਕਰਨੀਆਂ। ਜਦ ਜ਼ਿਆ ਨੇ ਮਾਰਸ਼ਲ ਲਾਈ ਛੋਹੀ, ੳੁੱਚੀ ਤੇ ਸੁੱਚੀ ਪਾਰਟੀ ਦਾ ਕੋਈ ਮੈਂਬਰ ਸਾਨੂੰ ਇਕ ਹਜ਼ਾਰ ਪੰਫ਼ਲਟ ਦੇ ਗਿਆ ਪਈ ਇੱਕੋ ਰਾਤ ਮਾਲ ਰੋਡ ਦੀ ਹਰ ਹੱਟੀ ਅੰਦਰ ਸੁੱਟਣੇ ਨੇ। ਸਰਘੀ ਵੇਲੇ ਕੰਮ ਮੁਕਾ ਘਰੀਂ ਜਾਂਦਿਆਂ ਸਾਨੂੰ ਦੋਵਾਂ ਨੂੰ ਜ਼ਰਾ ਵੀ ਡਰ ਭੌ ਨਾ ਆਇਆ। ਜਮਹੂਰੀਅਤ ਪਰਤਾਅ ਲਹਿਰ ਦੇ ਇਕ ਵਿਖਾਲੇ ਵਿਚ ਅਨਾਰਕਲੀ ਕੋਲ ਮਾਲ ਰੋਡ ਉਤੇ ਜਦ ਪੁਲਸ ਦੇ ਲਾਠੀ ਧਾਈ, ਵਿਚ ਇਕ ਪੁਲਸੀਆ ਮੈਨੂੰ ਕਮੀਜ਼ ਦੇ ਕਾਲਰ ਤੂੰ ਨੱਪ ਕੇ ਧਰੂਣ ਲੱਗਾ, ਤਾਂ ਬਾਜਵੇ ਨੇ ਹੰਭਲਾ ਮਾਰ ਕੇ ਉਸ ਦੇ ਹੱਥੋਂ ਮੈਨੂੰ ਛੁਡਾ ਕੇ ਨਸਾ ਦਿੱਤਾ ਤੇ ਆਪੇ ਵੀ ਨੱਸ ਗਿਆ। ਉਹ ਪੁਲਸੀਆ ਭੰਗੀਆਂ ਦੀ ਤੋਪ ਤੀਕ ਸਾਡੇ ਪਿੱਛੇ ਨੱਸਦਾ ਆਇਆ, ਪਰ ਇਥੇ ਲੋਕਾਂ ਦੀ ਭੀੜ ਵੇਖ ਕੇ ਦੂਰੋਂ ਈ ਪਿੱਛੇ ਮੁੜ ਗਿਆ।
ਪਰ ਹੁਣ ਉਹ ਮੈਥੋਂ ਰੁੱਸ ਗਿਆ ਏ। ਕਈ ਵਰ੍ਹੇ ਪਹਿਲਾਂ ਉਸ ਮੇਰੇ ਨਾਲ ਕਲਾਮ ਕਰਨਾ ਛੱਡ ਦਿੱਤਾ ਦੱਸੇ ਬਿਨਾਂ। ਉਹ ਇਕ ਦਮ ਗ਼ੈਬ ਹੋ ਗਿਆ। ਥੋੜੀ ਜਿਹੜੀ ਕੌੜ ਮੈਨੂੰ ਵੀ ਸੀ ਮੈਂ ਇਹ ਖ਼ਿਆਲ ਨਾ ਕੀਤਾ ਪਈ ਉਹ ਉੱਕਾ ਮੈਨੂੰ ਛੱਡ ਜਾਵੇਗਾ। ਕੁਝ ਚਿਰ ਮੈਂ ਉਡੀਕ ਕੀਤੀ ਉਹ ਪਰਤ ਆਏਗਾ, ਮੇਰੇ ਬਿਨਾਂ ਉਹ ਰਹਿ ਸਕਦਾ ਏ, ਉਹਦਾ ਦੂਜਾ ਪਾਸਾ ਆਂ ਮੈਂ; ਅਧੂਰਾ ਏ ਮੇਰੇ ਬਿਨਾਂ, ਪਰਛਾਵਾਂ ਏ।
‘ਯਾਰੀ ਗ਼ੈਰ ਸਾਇੰਸੀ ਤਾਅਲੁੱਕ ਏ, ਗ਼ੈਰ ਜੱਦਲੀਆਤੀˆ,’ ਮਾਸਟਰ ਕਹਿੰਦਾ ਏ।
‘ਯਾਰੀ ਹਮੇਸ਼ ਹਾਜ਼ਰ ਵਿਚ ਹੁੰਦੀ ਏ’, ਝਕ ਵਿਚ ਰੰਗ ਸ਼ਾਹ ਕਹਿੰਦਾ ਏ।
ਤਾਕੀ ਬੰਦ ਜਿਹੀ ਹੁੰਦੀ ਲਗਦੀ ਏ। ਰਾਤ ਗੂੜ੍ਹੀ ਹੁੰਦੀ ਜਾਂਦੀ ਏ। ਰੀਗਲ ਲਾਗੇ ਮੈਨੂੰ ਬੈਠਣ ਦੀ ਕੋਈ ਥਾਂ ਨਹੀਂ ਲੱਭਦੀ। ਮਾਲ ਲਗਜ਼ਰੀਜ਼, ਲਾਰਡਜ਼ ਸਭ ਕੈਫ਼ੇ ਬੰਦ ਹੋ ਗੇ ਨੇ।
ਇਸ ਸ਼ਹਿਰ ਦੀਆਂ ਸੜਕਾਂ ਮੈਨੂੰ ਰੋਗੀ ਕਰ ਛੱਡਿਆ ਏ ਕਿੱਥੇ ਨਾ ਕਿੱਥੇ ਕਿਸੀ ਨੁੱਕਰੇ ਯਾਦਾਂ ਦੇ ਪਰਛਾਵੇਂ ਨਿਮੀ-ਨਿਮੀ ਲੋ ਵਾਂਗਰ ਕੰਬਦੇ ਰਹਿੰਦੇ ਨੇ।
ਉਹ ਮੈਥੋਂ ਰੁਸ ਕਿਉਂ ਗਿਆ। ਕੋਈ ਗੱਲ ਤਾਂ ਹੋਣੀ ਏ। ਪਰ ਇਹ ਤਾਂ ਬੜੇ ਵਰ੍ਹਿਆਂ ਪਿੱਛੋਂ ਹੋਇਆ ਸੀ। ਅਸੀਂ ਦੋਵੇਂ ਇੱਕੋ ਜਿੰਨਾ ਪੜ੍ਹੇ ਹੋਏ ਸਾਂ। ਮੈਨੂੰ ਨੌਕਰੀ ਮਿਲ ਗਈ; ਉਸ ਨੂੰ ਨਾ ਮਿਲੀ। ਖੌਰੇ ਉਹ ਰੁੱਸਿਆ ਨਹੀਂ ਸੀ। ਉਸ ਨੂੰ ਲੱਗਾ ਸੀ ਸਾਡਾ ਵੇਲਾ ਮੁੱਕ ਗਿਆ ਏ ਸਾਂਝ ਦਾ ਵੇਲਾ ਕੁਝ ਕਰਨ ਦਾ। ਹਰ ਸ਼ੈਅ ਬਦਲ ਗਈ ਸੀ – ਵੇਲਾ, ਲੋਕ, ਥਾਵਾਂ, ਸ਼ਹਿਰ ਤੇ ਯਾਰਾਂ ਨੇ ਵੀ ਤਾਂ ਬਦਲਣਾ ਸੀ। ਚੁਪ ਉਹ ਸਦਾ ਤੋਂ ਸੀ; ਖ਼ਾਸ ਬਹਿਣੀ ਵਿਚ ਈ ਉਸ ਗੱਲ ਕਰਨੀ ਤੇ ਇਕ ਦੋ ਨਾਲ ਸਾਂਝੀ ਕਰਨੀ ਤੇ ਕਿਸੇ ਆਖਣਾ: ਇਹਦੀ ਵੀ ਸੁਣੋ। ਪਰ ਕਿਸ ਕੋਲ ਏਨਾ ਵੇਲਾ ਹੁੰਦਾ ਏ ਦੂਜੇ ਦੀ ਗੱਲ ਸੁਣਨ ਦਾ। ਅਪਣੀ ਤਾਂ ਸੁਨਾਣੀ ਈ ਪੈਂਦੀ ਏ ਬਦੋ-ਬਦੀ ਕਿਸੇ ਨੁੂੰ ਡੱਕ ਕੇ, ਕਿਸੇ ਦੀ ਗੱਲ ਟੁੱਕ ਕੇ।
ਮੈਨੂੰ ਇਹ ਲਗਦਾ ਸੀ, ਉਹ ਪਿੱਛੇ ਰਹਿ ਗਿਆ ਏ। ਨਾ ਉਸ ਵੇਲੇ ਸਿਰ ਪੜ੍ਹਾਈ ਮੁਕਾਈ। ਜਦ ਮੈਂ ਇਕ ਬਾਲ ਦਾ ਪਿਓ ਬਣੀ ਬੈਠਾ ਸੀ, ਉਹ ਯੂਨੀਵਰਸਿਟੀ ਪੜ੍ਹਦਾ ਪਿਆ ਸੀ। ਯੂਨੀਵਰਸਿਟੀ ਈ ਉਹ ਟੱਕਰੀ, ਜਿਸ ਉਸ ਦੀ ਕੁਲ ਹਯਾਤੀ ਈ ਬਦਲ ਦਿੱਤੀ। ਉਸ ਕੁੜੀ ਉਹਦੇ ਨਾਲ ਵਿਆਹ ਤਾਂ ਕਰ ਲਿਆ, ਪਰ ਉਹਨੂੰ ਮਾਣਿਆ ਨਾ। ਪਰ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਨਰ ਨਾਰੀ ਨਾਲ ਈ ਖ਼ੁਸ਼ ਹੋ ਸਕਦਾ ਏ। ਬੰਦੇ ਨੂੰ ਨਾਰੀ ਦੀ ਈ ਮੰਨਣੀ ਚਾਹੀਦੀ ਏ। ਮੇਰਾ ਇਹ ਵਿਚਾਰ ਸੀ ਉਹ ਮੇਰੇ ਨਾਲ ਅਪਣਾ ਇਸ਼ਕ ਜ਼ਰੂਰ ਸਾਂਝਾ ਕਰਸੀ, ਪਰ ਉਸ ਇਹ ਵੀ ਨਾ ਕੀਤਾ ਤੇ ਇਥੋਂ ਈ ਸਾਡੇ ਵਿਚਕਾਰ ਵਿੱਥ ਆਣੀ ਸ਼ੁਰੂ ਹੋਈ। ਮੁੜ ਉਹ ਮਿਲਿਆ ਵੀ ਤੇ ਉਹਦੀ ਤੀਵੀਂ ਵੀ ਕੁਝ ਖੁੱਲ੍ਹ ਗਈ ਤੇ ਇਥੋਂ ਗੱਲ ਸਦਾ ਲਈ ਵੇਰਾਂ ਹੋ ਗਈ। ਪਤਾ ਨਹੀਂ ਕੀ ਗੱਲ ਹੋਈ; ਉਹ ਉੱਕਾ ਮਿਲਣਾ ਛੱਡ ਗਿਆ। ਮੈਨੂੰ ਲਗਦਾ ਸੀ ਉਹਦੀ ਤੀਵੀਂ ਨੇ ਉਹਨੂੰ ਮੇਰੇ ਨਾਲ ਮਿਲਣ ਤੋਂ ਮਨਾਹੀ ਕਰ ਦਿੱਤੀ ਸੀ। ਇਕ ਦੋ ਵਾਰ ਉਹਦੀ ਤੀਵੀਂ ਨਾਲ ਫ਼ੋਨ ’ਤੇ ਗੱਲ ਹੋਈ ਤੇ ਉਸ ਰੂਹ ਨਾਲ ਇਕ ਦੋ ਗੱਲਾਂ ਕਰਕੇ ਫ਼ੋਨ ਬੰਦ ਕਰ ਦਿੱਤਾ।
ਮੈਨੂੰ ਇਹ ਵੀ ਖ਼ਿਆਲ ਆਂਦਾ ਸੀ, ਇਹ ਖੌਰੇ ਮੱਟੂ ਤੇ ਮੁਰਸ਼ਦ ਪਾਰੋਂ ਨਾ ਹੋਵੇ; ਜਿਨ੍ਹਾਂ ਨਾਲ ਮੇਰਾ ਦਾਰੂ ਪੀਣਾ ਕੁਝ ਬਹੁਤਾ ਈ ਵਧ ਗਿਆ ਸੀ। ਵਿਆਹ ਮਗਰੋਂ ਉਹ ਉਂਜ ਵੀ ਦਾਰੂ ਪੀ ਕੇ ਮੂੰਹ ਵਿਚ ਪਾਨ ਲਾ ਕੇ ਜਾਂਦਾ ਸੀ। ਤੇ ਮੈਨੂੰ ਬੜਾ ਰੋਹ ਚੜ੍ਹਦਾ ਸੀ ਪਈ ਚੰਗਾ ਇਸ਼ਕ ਦਾ ਵਿਆਹ ਏ; ਬੰਦਾ ਦਿਲ ਦੀ ਗੱਲ ਈ ਨਹੀਂ ਕਰ ਸਕਦਾ।
ਫਿਰ ਪਤਾ ਨਹੀਂ ਕੀ ਹੋਇਆ, ਸ਼ਹਿਰ ਓਭੜ ਹੋ ਗਿਆ। ਬੰਦੇ ਸਾਰੇ ਗਵਾਚ ਗਏ। ਸਾਥ ਈ ਛੁਟ ਗਿਆ। ਪਤਾ ਨਹੀਂ ਕਿੰਨੇ ਈ ਵਰ੍ਹੇ ਬੀਤ ਗਏ। ਜਿਵੇਂ ਰਾਤ ਨੂੰ ਗਲੀ ਵਿਚ ਬੈਠਿਆਂ ਪਤਾ ਨਹੀਂ ਲਗਦਾ ਕਿੰਨੇ ਈ ਸ਼ਹਿਰ ਲੰਘ ਜਾਂਦੇ ਨੇ। ਮਿਲਿਆਂ ਕਈ ਰੁੱਤਾਂ ਲੰਘ ਗਈਆਂ। ਪਰ ਮੈਥੋਂ ਉਹ ਵਿੱਸਰਿਆ ਨਾ ਇਕ ਚੀਸ ਜਿਹੀ ਛੱਡ ਗਈ ਉਹਦੀ ਯਾਦ, ਮਨ ਮਘੋਰਾ ਕਰ ਗਈ, ਚਿੱਤ ਠੰਢਾ ਕਰ ਦਿਨ ਸੱਖਣੇ ਕਰ ਗਈ। ਮੈਥੋਂ ਉਹ ਕਿਉਂ ਰੁੱਸ ਗਿਆ। ਸ਼ਹਿਰ ਵਿਚ ਲੰਘਦੇ ਇਉਂ ਝਉਲਾ ਜਿਹਾ ਪੈਣਾ - ਉਹ ਖਲੋਤਾ ਏ ਮੋਟਰ ਸੈਕਲ ਉੱਤੇ ਜਾਂਦਾ ਪਿਆ ਏ ਹੈਲਮਟ ਪਾਰੋਂ ਸਿਆਣ ਨਹੀਂ ਹੁੰਦੀ ਪਈ। ਕਦੇ-ਕਦੇ ਸਿਆਸੀ ਇਕੱਠਾਂ ਵਿਚ ਵੀ ਦਿਸ ਪੈਂਦਾ ਤੇ ਮੈਂ ਸੋਚਣਾ ਪਈ ਮਿਲਦੇ ਆਂ ਹਾਲ ਪੁੱਛਦੇ ਆਂ, ਪਰ ਮੁੜ ਉਸ ਨਜ਼ਰ ਨਾ ਆਣਾ। ਕੁਝ ਵਰ੍ਹੇ ਬਾਲ ਨਾ ਹੋਇਆ, ਤਾਂ ਕਿਸੇ ਦੱਸਿਆ ਹਕੀਮਾਂ ਦੇ ਹੱਥ ਚੜ੍ਹਿਆ ਹੋਇਆ ਏ। ਇਕਦਮ ਉਹ ਗੰਜਾ ਹੋ ਗਿਆ ਬੁੱਢਾ।
ਪਿੱਛੇ ਵਕੀਲਾਂ ਦੀ ਲਹਿਰ ਉਠੀ ਤੇ ਪੁਰਾਣੀ ਠਰਕ ਪੂਰਨ ਲਈ ਮੈਂ ਇਕ ਦੋ ਬੇਲੀਆਂ ਨਾਲ ਤੁਰ ਜਾਣਾ। ਹਾਈ ਕੋਰਟ ਤੋਂ ਅਸਾਂ ਰਲਣਾ ਤੇ ਚੈਰਿੰਗ-ਕਰਾਸ ਉਤੇ ਰੱਜ ਨਾਅਰੇ ਮਾਰ ਕੇ ਹਾਕਮਾਂ ਨੂੰ ਲਾਆਨ-ਤਾਨ ਕਰਕੇ ਖਿੰਡ ਫੁੰਡ ਜਾਣਾ। ਪੁਰਾਣੇ ਵਕੀਲ ਬੇਲੀਆਂ ਦੇ ਵੀ ਸੁਨੇਹੇ ਆਉਂਦੇ ਸਨ - ਯਾਰ ਰਲੋ, ਕੰਮ ਪੈ ਗਿਆ ਜੇ। ਪਾਸਾ ਪਲੱਟ ਗਿਆ ਜੇ। ਇਕ ਦਿਨ ਐਵੇਂ ਸਿਖਰ ਦੁਪਿਹਰੀਂ ਰੱਜ ਗਰਮੀ ਵਿਚ ਜਲੂਸ ਵਿਚ ਆ ਰਲੇ । ਵਕੀਲ ਜ਼ਨਾਨੀਆਂ ਨੇ ਕਾਲੀਆਂ ਐਣਕਾਂ ਤੇ ਛਤਰੀਆਂ ਲਈਆਂ ਹੋਵਣ, ਵਕੀਲਾਂ ਦੇ ਹੱਥ ਵਿਚ ਪਾਣੀ ਦੀਆਂ ਬੋਤਲਾਂ। ਪਰ ਨਾਅਰੇ ਮਾਰਨ ਦਾ ਜ਼ੋਰ ਓਨਾਂ ਈ ਸੀ। ਰੀਗਲ ਟੱਪ ਜਦ ਅਸੀਂ ਅਗਾਂਹ ਹੋਏ ਤੇ ਪੈਨੋਰਾਮਾ ਸ਼ੌਪਿੰਗ ਸੈਂਟਰ ਸਾਹਮਣੇ ਓਵਰ ਹੈੱਡ ਬ੍ਰਿੱਜ ਅਖ਼ਬਾਰਚੀਆਂ ਤੇ ਬੰਦਿਆਂ ਦੀ ਭੀੜ ਨਜ਼ਰੀਂ ਆਈ। ਬੰਦੇ ਹੱਥਾਂ ਵਿਚ ਫੁਲ ਲਏ ਖਲੋਤੇ ਸਨ ਤੇ ਜਦ ਜਲੂਸ ਹੇਠੋਂ ਲੰਘਣ ਲੱਗਾ ਤੇ ਉਨ੍ਹਾਂ ਫੁੱਲਾਂ ਦਾ ਮੀਂਹ ਵਿਰਸਾ ਦਿੱਤਾ। ਮੈਂ ਜਲੂਸ ਦੇ ਚੋਖਾ ਪਿੱਛੇ ਸਾਂ, ਇਸ ਲਈ ਸਾਨੂੰ ਦੂਰੋਂ ਲੋਕ ਫੁੱਲ ਸੁੱਟਦੇ ਨਜ਼ਰੀਂ ਪੈਂਦੇ ਪਏ ਸਨ। ਇਕ ਛਿਣ ਲਈ ਮੈਨੂੰ ਫੁੱਲ ਸੁੱਟਦੇ ਬੰਦਿਆਂ ਵਿਚ ਬਾਜਵਾ ਵਿਖਾਲੀ ਦਿੱਤਾ। ਉਹੋ ਈ ਸੀ ਯਾਂ ਕੋਈ ਹੋਰ। ਦੂਰੋਂ ਤਾਂ ਉਹੀ ਜਾਪੇ। ਉਸ ਹੱਥ ਵਿਚ ਵੱਡਾ ਸਾਰਾ ਫੁੱਲਾਂ ਦਾ ਸ਼ਾਪਰ ਫੜਿਆ ਹੋਇਆ ਸੀ ਤੇ ਹੌਲੀ-ਹੌਲੀ ਹੇਠਾਂ ਫੁੱਲ ਸੁੱਟਦਾ ਪਿਆ ਸੀ। ਉਹ ਲਿੱਸਾ ਜਿਹਾ ਤੇ ਮਾੜਕੂ ਲੱਗਾ। ਮੈਂ ਉਹਨੂੰ ਦੂਰੋਂ ਸਿਆਣ ਕੇ ਹੱਥ ਹਿਲਾਇਆ ਤੇ ਜਦ ਅਸੀਂ ਹੇਠੋਂ ਲੰਘੇ, ਤਾਂ ਉਸ ਸਾਡੇ ਉੱਤੇ ਢੇਰ ਫੁੱਲ ਸੁੱਟੇ। ਫੁੱਲ ਮੇਰੇ ਵਾਲਾਂ ਨੂੰ ਚਿੰਬੜ ਗਏ ਤੇ ਕਮੀਜ਼ ਦੀ ਜੇਬ ਵਿਚ ਫਸ ਗਏ। ਮੈਂ ਨਾ ਵਾਲਾਂ ਤੋਂ ਫੁੱਲ ਝਾੜੇ ਨਾ ਕਪੜਿਆਂ ਤੋਂ।
ਕਿੰਨੇ ਦਿਨ ਮੈਨੂੰ ਬਾਜਵੇ ਦੇ ਉਤੋਂ ਸੁੱਟੇ ਫੁੱਲਾਂ ਦੇ ਸੁਪਨੇ ਆਂਦੇ ਰਹੇ। ਮੈਂ ਪੁਲ ਹੇਠੋਂ ਲੰਘਦਾ ਪਿਆ ਆਂ ਤੇ ਬਾਜਵਾ ਫੁੱਲ ਸੁੱਟਦਾ ਪਿਆ ਏ। ਹਯਾਤੀ ਲੰਘ ਗਈ ਏ ਬਾਜਵੇ ਦੇ ਫੁੱਲਾਂ ਦੀ ਵਾਸ਼ਨਾ ਨਹੀਂ ਮੁੱਕੀ। *


ਜ਼ੁਬੈਰ ਅਹਿਮਦ ਦੀਆਂ ਕਹਾਣੀਆਂ ਦੀ ਕਿਤਾਬ ਕਬੂਤਰ ਬਨੇਰੇ ਤੇ ਗਲ਼ੀਆਂ (ਲੋਕਗੀਤ 2008) ਪੰਜਾਬੀ ਲਿਪੀ ਵਿਚ ਛਪ ਚੁੱਕੀ ਹੈ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346