( ਜਸਵੰਤ ਜ਼ਫ਼ਰ ਪੰਜਾਬੀ ਦਾ ਅਸਲੋਂ ਹੀ ਵੱਖਰਾ ਤੇ ਉੱਚਾ ਦਿਸਣ ਵਾਲਾ ਸ਼ਾਇਰ ਇਸ ਕਰਕੇ ਬਣ
ਗਿਐ ਕਿ ਉਸਨੇ ਜਿ਼ੰਦਗੀ, ਇਤਿਹਾਸ, ਨਾਇਕਾਂ ਤੇ ਮਨੁੱਖੀ ਮਨ ਨੂੰ ਰਵਾਇਤੀ ਅੰਦਾਜ਼ ਵਿਚ
ਵੇਖਣ ਦੀ ਥਾਂ ਨਜ਼ਰ ਦੀ ਅਜਿਹੀ ਤਾਜ਼ਗੀ ਨਾਲ ਵੇਖਿਆ/ਵਿਖਾਇਆ ਹੈ ਕਿ ਉਸਦੀ ਕਵਿਤਾ ਹੁਣ ਤੱਕ
ਅਣਦੇਖੇ ਰੰਗਾਂ ਦੇ ਭੇਤ ਸਮਝਾਉਂਦੀ ਪਾਠਕ ਦੀ ਚੇਤਨਾ ਵਿਚ ਚੰਗਿਆੜੇ ਬੀਜਦੀ ਹੈ। ਪਾਠਕ ਉਸਦੀ
ਕਵਿਤਾ ਪੜ੍ਹ-ਸੁਣ ਕੇ ਆਪਣੇ ਅੰਦਰ ਬਣੇ ‘ਜਾਣੇ-ਪਛਾਣੇ’ ਸੱਚ ਦੇ ਚਿੱਬ ਕੱਢਣੇ ਸ਼ੁਰੂ ਕਰਦਾ
ਹੋਇਆ ਅਸਲੋਂ ਨਵੇਂ ਸੱਚ ਦੇ ਰੂਬਰੂ ਖਲੋਤਾ ਮਹਿਸੂਸ ਕਰਦਾ ਸੋਚਦਾ ਹੈ, ‘ਯਾਰ! ਅਸੀਂ ਤਾਂ
ਇੰਜ ਸੋਚਿਆ ਈ ਨਹੀਂ ਸੀ।’
ਜ਼ਫ਼ਰ ਨੇ ਸਾਡੀ ਬੇਨਤੀ ਮੰਨ ਕੇ ‘ਸੀਰਤ’ ਲਈ ਲਗਾਤਾਰ ਕੁਝ ਲਿਖਣ ਦਾ ਵਾਅਦਾ ਕੀਤਾ ਹੈ। ਇਸ
ਵਾਰ ਅਸੀਂ ਜ਼ਫ਼ਰ ਦੀ ਵਾਰਤਕ ਦਾ ਦਿਲਚਸਪ ਪੜ੍ਹਨ-ਯੋਗ ਨਮੂਨਾ ਛਾਪ ਰਹੇ ਹਾਂ। ਇਸ ਵਿਚ
ਹਕੀਕਤ, ਮਸ਼ਕਰੀ ਤੇ ਲਿਖਣ-ਅੰਦਾਜ਼ ਦੀ ਸ਼ਗੁਫ਼ਤਗੀ ਦਾ ਸੁਮੇਲ ਪਾਠਕਾਂ ਨੂੰ ਜ਼ਰੂਰ ਚੰਗਾ
ਲੱਗੇਗਾ।-ਸੰਪਾਦਕ)
ਨਵੇਂ ਇੰਟਰਨੈਟੀ ਦੋਸਤ ਜਦ
ਮੇਰੇ ਨਾਲ ਚੈਟ ਕਰਨਾ ਚਾਹੁੰਦੇ ਹਨ ਤਾਂ ਗੱਲਬਾਤ ਇੰਜ ਸ਼ੁਰੂ ਹੁੰਦੀ ਹੈ:
ਸਤਿ ਸ੍ਰੀ ਆਕਾਲ ਸਰ ਜੀ
ਜੀ, ਸਤਿ ਸ੍ਰੀ ਆਕਾਲ
ਕੀ ਹਾਲ ਚਾਲ ਜੀ?
ਬੱਸ ਠੀਕ ਠਾਕ ਹੈ।
ਕੋਈ ਨਵੀਂ ਤਾਜ਼ੀ?
ਕੋਈ ਖਾਸ ਨਹੀਂ।
ਪੁਰਾਣੀ ਹੀ ਸੁਣਾ ਦਿਓ ਹੋਈ ਬੀਤੀ।
ਐਸ ਵੇਲੇ ਤੇ ਕੋਈ ਯਾਦ ਨਹੀਂ।
ਬੱਸ ਇਥੇ ਕੁ ਆ ਕੇ ਗੱਲਬਾਤ ਅਕਸਰ ਟੁੱਟ ਜਾਂਦੀ ਹੈ। ਉਹ ਸਭ ਸੋਚਦੇ ਹੋਣੇ ਕਿ ਬੰਦਾ ਬੜਾ
ਖੁਸ਼ਕੀ ਰਾਮ ਜਿਹਾ ਹੈ।ਅਸਲ ਵਿਚ ਸਾਡੇ ਕੋਲ ਹੋਈਆਂ ਬੀਤੀਆਂ ਤਾਂ ਬਹੁਤ ਹੁੰਦੀਆਂ, ਕੋਈ
ਅਚਾਨਕ ਸੁਣਾਉਣ ਨੂੰ ਕਹੇ ਤੇ ਯਾਦ ਨਹੀਂ ਆਉਂਦੀਆਂ।ਨਾਲੇ ਯਾਦ ਹੋਣ ਤੇ ਵੀ ਕਿਸੇ ਅਣਜਾਣ ਨੂੰ
ਪਹਿਲੀ ਵਾਰੀ ਮਿਲਣ ਤੇ ਬੰਦਾ ਕੀ ਸੁਣਾਵੇ? ਸੋ ਅੱਜ ਮੈਂ ਸੋਚਿਆ ਕਿ ਅਜਿਹੇ ਸਾਰੇ ਦੋਸਤਾਂ
ਨੂੰ ਕੁਝ ਹੋਈ ਬੀਤੀ ਸੁਣਾ ਹੀ ਦਿੰਦਾ ਹਾਂ।
ਮੇਰੇ ਦਾਹੜੀ ਦੇ ਵਾਲ 30 ਸਾਲ ਦੀ ਉਮਰ ਵਿਚ ਸਫੈਦ ਹੋਣੇ ਸ਼ੁਰੂ ਹੋ ਗਏ ਸਨ ਅਤੇ ਮੈਂ 40 ਸਾਲ
ਦੀ ਉਮਰ ਤੱਕ ਇਹਨਾਂ ਨੂੰ ਕਾਲੇ ਕਰਨ ਦਾ ਫੈਸਲਾ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।40 ਸਾਲ ਦਾ
ਹੋਣ ਤੇ ਮੇਰੇ ਮਾਤਾ ਜੀ ਕਹਿੰਦੇ, "5 ਕੁ ਸਾਲ ਹੋਰ ਖੇਚਲ ਕਰ ਲੈ"। ਸ਼ਾਇਦ ਮਾਵਾਂ ਨੂੰ
ਪੁੱਤਰ ਉਮਰੋਂ ਪਹਿਲਾਂ ਬੁੱਢੇ ਨਜ਼ਰ ਆਉਂਦੇ ਚੰਗੇ ਨਹੀਂ ਲਗਦੇ।ਉਹਨਾਂ ਮੈਨੂੰ ਕੈਨੇਡਾ ਤੋਂ
ਮਹਿੰਗੀ ਜਿਹੀ ਡਾਈ ਲਿਆ ਕੇ ਵੀ ਦਿੱਤੀ ਜੋ ਸਿਰਫ ਡੇਢ ਦੋ ਮਿੰਟ ਹੀ ਲਗਾ ਕੇ ਰੱਖਣੀ ਪੈਂਦੀ
ਸੀ।ਦੇਖਣ ਨੂੰ ਵਾਲ ਵੀ ਕੁਦਰਤੀ ਕਾਲਿਆਂ ਵਰਗੇ ਲਗਦੇ ਸਨ।
ਸੰਨ 2008 ਵਿਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਚੋਣ ਵੇਲੇ ਦੀ ਗੱਲ ਹੈ।ਮੈਂ, ਡਾ.
ਸੁਰਜੀਤ ਤੇ ਸਵਰਨਜੀਤ ਸਵੀ ਆਪਣੇ ਵਡਾਰੂ ਸਾਹਿਤਕਾਰਾਂ ਡਾ. ਸੁਤਿੰਦਰ ਸਿੰਘ ਨੂਰ, ਡਾ.
ਸੁਰਜੀਤ ਪਾਤਰ, ਸ. ਅਮਰਜੀਤ ਗਰੇਵਾਲ, ਗੁਰਭਜਨ ਗਿੱਲ ਆਦਿ ਤੋਂ ਬਾਗੀ ਹੋ ਗਏ ਅਤੇ ਆਪਣੇ ਤੌਰ
ਤੇ ਚੋਣ ਵਿਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ। ਕਹਾਣੀਕਾਰ ਸੁਖਜੀਤ ਵੀ ਸਾਡੇ ਨਾਲ ਮਿਲ
ਗਏ।ਮੈਂ ਜਨਰਲ ਸਕੱਤਰ ਲਈ, ਸੁਖਜੀਤ ਨੇ ਸੀਨੀਅਰ ਮੀਤ ਪ੍ਰਧਾਨ ਲਈ ਅਤੇ ਡਾ. ਸੁਰਜੀਤ ਨੇ ਮੀਤ
ਪ੍ਰਧਾਨ ਲਈ ਆਪਣੇ ਉਮੀਦਵਾਰੀ ਪਰਚੇ ਦਾਖਲ ਕਰ ਦਿੱਤੇ। ਪ੍ਰਧਾਨਗੀ ਅਹੁਦੇ ਜਿੱਡਾ ਸਾਡੇ ਕੋਲ
ਕੋਈ ਉਮੀਦਵਾਰ ਹੈ ਨਹੀਂ ਸੀ।ਇਸ ਲਈ ਅਸੀਂ ਨੂਰ, ਪਾਤਰ ਅਤੇ ਸੱਜੇ ਕਾਮਰੇਡਾਂ ਦੇ ਇਕ ਧੜੇ ਦੇ
ਸਮਰਥਨ ਨਾਲ ਖੜ੍ਹੇ ਡਾ. ਦਲੀਪ ਕੌਰ ਟਿਵਾਣਾ ਦੀ ਬਿਨਾ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ।ਸਵੀ
ਸਾਡਾ ਚੋਣ ਪ੍ਰਬੰਧਕ ਸੀ। ਸਾਡੇ ਇਕਲੌਤੇ ਚੋਣ ਪ੍ਰਚਾਰਕ ਸਵ. ਡਾ. ਰੁਪਿੰਦਰ ਮਾਨ ਸਨ, ਜੋ
ਸਾਡੇ ਹੱਕ ‘ਚ ਵੋਟਾਂ ਪਾਉਣ ਲਈ ਮੈਂਬਰਾਂ ਨੂੰ ਵਾਰ ਵਾਰ ਅਤੇ ਲੰਮੇ ਲੰਮੇ ਫੋਨ ਕਰਿਆ ਕਰਨ।
ਰਾਤਾਂ ਨੂੰ ਵੀ ਸੌਣ ਨਾ ਦਿਆ ਕਰਨ।ਲੋਕ ਸਾਨੂੰ ਕਹਿਣ, "ਰੱਬ ਦਾ ਵਾਸਤਾ, ਤੁਹਨੂੰ ਵੋਟ ਪਾ
ਦਿਆਂਗੇ, ਸਾਡੀ ਰੁਪਿੰਦਰ ਤੋਂ ਜਾਨ ਛੁਡਾਓ।"
ਚੋਣ ਤੋਂ ਚਾਰ ਕੁ ਦਿਨ ਪਹਿਲਾਂ ਸਵੀ ਦੇ ਦਫਤਰ ਆਰਟਕੇਵ ਵਿਖੇ ਅਸੀਂ ਪਰੈਸ ਕਾਨਫਰੰਸ ਬੁਲਾਈ,
ਸਾਰੇ ਸ਼ਹਿਰ ਦੇ ਮੀਡੀਆ ਵਾਲਿਆਂ ਨੂੰ ਬੁਲਾਇਆ ਗਿਆ।ਤਿਆਰੀ ਵਜੋਂ ਮੈਂ ਸਵੇਰੇ ਡਾਈ ਲਗਾਈ।
ਨਾਲ ਹੀ ਰੁਪਿੰਦਰ ਦਾ ਫੋਨ ਆ ਗਿਆ। ਉਹ ਬੀਤੀ ਰਾਤ ਕੀਤੇ ਚੋਣ ਪਰਚਾਰ ਦੀ ਪ੍ਰਗਤੀ ਦੱਸਣ ਲੱਗ
ਗਏ। ਫੋਨ ਕਾਲ ਨੇ ਤਾਂ ਰੁਪਿੰਦਰ ਦੀ ਮਰਜ਼ੀ ਨਾਲ ਹੀ ਖਤਮ ਹੋਣਾ ਸੀ ਪਰ ਜਿਹੜੀ ਡਾਈ 2 ਮਿੰਟ
ਤੋਂ ਪਹਿਲਾਂ ਧੋਣੀ ਸੀ ਉਹ 20 ਮਿੰਟ ਤੋਂ ਵੱਧ ਸਮਾਂ ਲੱਗੀ ਰਹਿ ਗਈ। ਲੈਂਡ ਲਾਈਨ ਦਾ ਫੋਨ
ਸੁਣਦਿਆਂ ਬੰਦਾ ਹੋਰ ਜੋ ਮਰਜ਼ੀ ਕਰ ਲਵੇ, ਮੂੰਹ ਤੇ ਲੱਗੀ ਡਾਈ ਨਹੀਂ ਧੋ ਸਕਦਾ।ਵਾਲਾਂ ਲਈ
ਲਗਾਇਆ ਰੰਗ ਕਾਲਾ ਸ਼ਾਹ ਹੋ ਕੇ ਚਮੜੀ ਤੇ ਵੀ ਭਿਆਨਕ ਤਰੀਕੇ ਨਾਲ ਚੜ੍ਹ ਗਿਆ।ਗੱਲ੍ਹਾਂ ਤੋਂ
ਗਰਦਣ ਤੱਕ ਗੂੜੀ ਕਾਲਖ ਦਾ ਪੋਚਾ ਫਿਰਿਆ ਦਿਸੇ।ਜ਼ਿਆਦਾ ਦੇਰ ਕੈਮੀਕਲ ਲੱਗਾ ਰਹਿਣ ਕਰਕੇ ਚਮੜੀ
ਤੇ ਬਾਰੀਖ ਫਿੰਸੀਆਂ ਵੀ ਹੋ ਗਈਆਂ।ਜਿਹੜੀ ਸ਼ਕਲ ਘਰਦਿਆਂ ਨੂੰ ਵੀ ਦਿਖਾਉਣ ਲਾਇਕ ਨਹੀਂ ਸੀ
ਰਹੀ ਉਹ ਪਰੈਸ ਕਾਨਫਰੰਸ ‘ਚ ਸਾਰੇ ਮੀਡੀਏ ਨੂੰ ਦਿਖਾਉਣੀ ਪੈਣੀ ਸੀ ਤੇ ਉਹਨਾਂ ਨੇ ਕਿੰਨੀ
ਦੁਨੀਆਂ ਨੂੰ ਦਿਖਾਉਣੀ ਸੀ। ਬੜੀ ਪ੍ਰੇਸ਼ਾਨੀ ਹੋਈ। ਸੋਚਿਆ ਅੱਗੇ ਤੋਂ ਇਹ ਕੁੱਤਾ ਕੰਮ ਨਹੀਂ
ਕਰਨਾ।ਦੇਖੋ ਅਸੀਂ ਕਿਸੇ ਕੰਮ, ਜਾਂ ਬੰਦੇ ਨੂੰ ਭੈੜਾ ਕਹਿਣ ਲਈ ਵਿਚਾਰੇ ਕੁੱਤਿਆਂ ਨੂੰ
ਕਿਵੇਂ ਵਿਚ ਲਿਆ ਕੇ ਗਾਲ੍ਹ ਦੇ ਜਾਂਦੇ ਹਾਂ।ਜਦ ਕਿ ਕੁੱਤੇ ਦਾ ਅਜਿਹੀਆਂ ਗੱਲਾਂ ਨਾਲ ਕੋਈ
ਸਬੰਧ ਨਹੀਂ ਹੁੰਦਾ।ਇਹ ਬੰਦੇ ਦਾ ਆਪਣੀ ਪ੍ਰੇਸ਼ਾਨੀ ਨੂੰ ਥੁੱਕਣ ਦਾ ਨਜ਼ਾਇਜ਼ ਢੰਗ ਹੈ।
…ਖ਼ੈਰ, ਨਵੀਆਂ ਅਤੇ ਵੱਡੀਆਂ ਪ੍ਰੇਸ਼ਾਨੀਆਂ ਬੰਦੇ ਨੂੰ ਪੁਰਾਣੀਆਂ ਪ੍ਰੇਸ਼ਾਨੀਆਂ ਭੁਲਾਉਣ ‘ਚ
ਸਹਾਈ ਹੁੰਦੀਆਂ ਹਨ।ਅਕੈਡਮੀ ਦੀ ਚੋਣ ‘ਚ ਸਾਡੇ ਨਾਲ ਬੜੀ ਬੁਰੀ ਹੋਈ।ਸਾਡੇ ਪੈਨਲ ‘ਚੋਂ ਕੇਵਲ
ਸੁਖਜੀਤ ਹੀ ਸਫਲ ਹੋਏ, ਉਹ ਵੀ ਤਕਨੀਕੀ ਕਾਰਨਾਂ ਕਰਕੇ।ਮੇਰੇ ਨਾਲ ਤਾਂ ਸਭ ਤੋਂ ਭੈੜੀ
ਹੋਈ।ਸਾਡੇ ਬਿਨਾਂ ਸ਼ਰਤ ਸਮਰਥਨ ਨਾਲ ਡਾ. ਦਲੀਪ ਕੌਰ ਟਿਵਾਣਾ ਪ੍ਰਧਾਨਗੀ ਪਦ ਲਈ ਜ਼ਰੂਰ ਸਫਲ
ਹੋਏ, ਉਹ ਵੀ ਤੀਹ ਕੁ ਵੋਟਾਂ ਦੇ ਫਰਕ ਨਾਲ।ਮੈਡਮ ਟਿਵਾਣਾ ਨੇ ਤਾਂ ਭਾਵੇਂ ਸਾਨੂੰ ਨਹੀਂ
ਗੌਲਿਆ ਪਰ ਉਹਨਾਂ ਤੋਂ ਤੀਹ ਵੋਟਾਂ ਤੇ ਹਾਰਨ ਵਾਲੇ ਪ੍ਰੋ. ਗੁਰਭਜਨ ਗਿੱਲ ਅਤੇ ਉਹਨਾਂ ਦੇ
ਸਥਾਨਕ ਸਮਰਥਕ ਸਾਡੇ ਤੇ ਬੜੇ ਔਖੇ ਹੋਏ। ਜਿੰਨੀਆਂ ਕੁ ਸਾਨੂੰ ਵੋਟਾਂ ਪਈਆਂ ਓਦੂੰ ਵੱਧ
ਉਹਨਾਂ ਸਾਨੂੰ ਗਾਲ੍ਹਾਂ ਦਿੱਤੀਆਂ।ਇਸ ਉਦਾਸੀ ਅਤੇ ਪ੍ਰੇਸ਼ਾਨੀ ਦੇ ਮਾਹੌਲ ਵਿਚ ਡਾਈ ਵਾਲੀ
ਪ੍ਰੇਸ਼ਾਨੀ ਤਾਂ ਕਿਤੇ ਪਿੱਛੇ ਰਹਿ ਗਈ, ਭੁੱਲ ਭਲਾ ਗਈ।ਨਤੀਜਾ, ਦਾਹੜੀ ਕਾਲੀ ਕਰਨ ਵਾਲਾ
‘ਪਤਿਤਪੁਣਾ‘ ਜਾਰੀ ਰਿਹਾ।
ਕੁਝ ਮਹੀਨਿਆਂ ਬਾਅਦ ਅਮਰੀਕਾ ਤੋਂ ਮੇਰੇ ਕਾਲਜ ਦੇ ਵਕਤਾਂ ਦੇ ਦੋਸਤ ਜਗਗੀਤ ਸੰਧੂ (ਹੁਣ
ਜਗਜੀਤ ਨੌਸ਼ਹਿਰਵੀ) ਦਾ ਫੋਨ ਆਇਆ। ਉਹ ਕੈਲੇਫੋਰਨੀਆਂ ਦੇ ਪੰਜਾਬੀ ਲੇਖਕਾਂ ਦੀ ਵੱਡੀ ਸਭਾ ਦੇ
ਅਹੁਦੇਦਾਰ ਸਨ (ਉਮੀਦ ਹੈ ਅਜੇ ਵੀ ਹੋਣਗੇ), ਜੋ ਹਰ ਸਾਲ ਅੰਤਰਾਸ਼ਟਰੀ ਪੱਧਰ ਦਾ 2-3 ਰੋਜ਼ਾ
ਵੱਡਾ ਸਮਾਗਮ ਰਚਾਉਂਦੀ ਹੈ। ਉਨ੍ਹਾਂ ਮੈਨੂੰ ਆਪਣੇ ਕਵੀ ਦਰਬਾਰ ਵਾਲੇ ਸੈਸ਼ਨ ਦੀ ਪ੍ਰਧਾਨਗੀ
ਕਰਨ ਲਈ ਕਿਹਾ। ਮੇਰੇ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਹੋਣੀ ਸੀ, ਸੋ ਹਾਂ ਕਰ ਦਿੱਤੀ।ਸਭਾ
ਵਲੋਂ ਸਤਿਕਾਰ ਭਰੇ ਸ਼ਬਦਾਂ ਵਾਲਾ ਬਕਾਇਦਾ ਸੱਦਾ ਪੱਤਰ ਵੀ ਪਹੁੰਚ ਗਿਆ।ਵੀਜ਼ਾ ਲੈਣ ਲਈ
ਲੋੜੀਂਦੇ ਫਾਰਮ ਭਰੇ।ਆਪਣਾ ਰੁਤਬਾ ਅਤੇ ਮਹਾਨਤਾ ਸਿੱਧ ਕਰਨ ਵਾਲੇ ਕਾਗਜ਼ਾਤ ਇਕੱਠੇ
ਕੀਤੇ।ਪੂਰੀ ਅਹਿਤਿਆਤ ਅਤੇ ਸਲੀਕੇ ਨਾਲ ਵਾਲ ਕਾਲੇ ਕੀਤੇ, ਦੇਖਣ ਨੂੰ ਪੂਰੀ ਤਰ੍ਹਾਂ ਕੁਦਰਤੀ
ਕਾਲੇ ਲੱਗਣ ਵਾਲੇ।ਦਿੱਲੀ ਵਾਲੇ ਅਮਰੀਕੀ ਸਫ਼ਾਰਤਖਾਨੇ ਵੀਜ਼ਾ ਮੰਗਣ ਪਹੁੰਚ ਗਏ। ਵੀਜ਼ਾ ਅਫਸਰ
ਬੀਬੀ ਨੇ ਸਿਰਫ ਵੀਜ਼ਾ ਅਰਜ਼ੀ ਫੜੀ, ਫਿਰ ਸੱਦਾ ਪੱਤਰ ਦਿਖਾਉਣ ਲਈ ਕਿਹਾ।ਫੜ ਕੇ ਪਹਿਲਾਂ ਤਾਂ
ਉਹ ਸੱਦਾ ਪੱਤਰ ਦੀ ਇਬਾਰਤ ਨੂੰ ਸਹਿਜ ਭਾਅ ਪੜ੍ਹਨ ਲੱਗੀ। ਪਰ ਪ੍ਰਧਾਨਗੀ ਵਾਲੀ ਗੱਲ ਤੇ
ਪਹੁੰਚ ਕੇ ਉਸ ਭਰਵੱਟੇ ਥੋੜ੍ਹੇ ਉਪਰ ਨੂੰ ਤਾਣ ਲਏ। ਫਿਰ ਮੇਰੇ ਮੂੰਹ ਵੱਲ ਦੇਖਿਆ, ਬਹੁਤ
ਹਲਕਾ ਜਿਹਾ ਮੁਸਕਰਾਈ ਅਤੇ ਕਹਿਣ ਲੱਗੀ, "ਯੂ ਲੁੱਕ ਟੂ ਯੰਗ ਟੂ ਪ੍ਰੀਜ਼ਾਈਡ ਓਵਰ ਐਨੀ
ਇੰਟਰਨੈਸ਼ਨਲ ਲਿਟਰੇਰੀ ਫੰਕਸ਼ਨ।" ਮੇਰਾ ਪਾਸਪੋਰਟ ਮੇਰੇ ਸਾਹਮਣੇ ਰੱਖ ਕੇ ਬੋਲੀ, "ਨੋ ਵੀਜ਼ਾ।"
ਮੈਨੂੰ ਪੰਜਾਬੀ ਵਿਚ ਇਹ ਸੁਣਿਆਂ, "ਪ੍ਰਧਾਨਗੀ ਕਰਨ ਵਾਲੀ ਸ਼ਕਲ ਦੇਖੀ ਜੇ ਆਪਣੀ?" ਮੈਂ
ਅੱਗੋਂ ਕੁਝ ਬੋਲਣ ਲਈ ਅਜੇ ਅੰਗਰੇਜ਼ੀ ਇਕੱਠੀ ਹੀ ਕਰ ਰਿਹਾ ਸੀ ਕਿ ਉਹ ਪਹਿਲਾਂ ਨਾਲੋਂ ਉਚੀ
ਅਤੇ ਆਵਾਜ਼ ਨੂੰ ਲਮਕਾ ਕੇ ਦੁਬਾਰਾ ਬੋਲੀ, "ਨੋ ਵੀਜ਼ਾ।"
ਮੈਂ ਆਪਣੇ ਹੱਥੀਂ ਕਾਲਾ ਕੀਤਾ ਮੂੰਹ ਲੈ ਕੇ ਦਿੱਲੀਓਂ ਪਰਤ ਆਇਆ।ਮੁੜ ਦਾਹੜੀ ਰੰਗਣ ਵਾਲੇ
ਸਾਜ਼ੋ ਸਮਾਨ ਵੱਲ ਨਹੀਂ ਝਾਕਿਆ।ਦਿਨਾਂ ਦੇ ਬੀਤਣ ਨਾਲ ਵਾਲ ਆਪਣੀਆਂ ਜੜ੍ਹਾਂ ਵਲੋਂ ਅਸਲੀ ਰੰਗ
ਦਿਖਾਉਣ ਲੱਗੇ।ਹੌਲੀ ਹੌਲੀ ਦਾੜ੍ਹੀ ਕਾਲੀ ਤੇ ਚਿੱਟੀ ਦੋ ਮੰਜ਼ਲੀ ਹੋ ਗਈ। ਯਾਰ, ਦੋਸਤ ਅਤੇ
ਵਾਕਿਫ ਪੁੱਛਣ, "ਕੀ ਹੋਇਆ?" ਮੈਂ ਕਹਾਂ, "ਛੱਡਤੀ ਬੱਸ।" ਸੁਭਾਵਕ ਤੌਰ ਤੇ ਅਗਲਾ ਸਵਾਲ
ਹੁੰਦਾ ਸੀ, "ਕਿਉਂ ਛੱਡਤੀ?" ਇਸ ‘ਕਿਉਂ‘ ਦਾ ਜਵਾਬ ਮੈਂ ਬੰਦਾ ਦੇਖ ਕੇ ਅਲੱਗ ਦਿੰਦਾ ਰਿਹਾ,
ਵਿਚਲੀ ਗੱਲ ਕਿਸੇ ਨੂੰ ਘੱਟ ਹੀ ਦੱਸੀ।ਇਸ ਨਾਲ ਮੈਂ ਆਪਣਾ ਅਤੇ ਪੁੱਛਣ ਵਾਲਿਆਂ ਦਾ ਮਨੋਰੰਜਨ
ਕਰਦਾ ਰਿਹਾ।
ਕਿਸੇ ਨੂੰ ਤਾਂ ਕਹਿ ਦੇਣਾ, "ਮੈਨੂੰ ਪੰਡਤ ਨੇ ਦੱਸਿਆ"।
ਕਿਸੇ ਹੋਰ ਨੂੰ ਕਹਿ ਦੇਣਾ, "ਆਪਣਾ ਮਕਾਨ ਬਣਦਾ ਹੋਣ ਕਰਕੇ ਜ਼ਰਾ ਪੈਸੇ ਦੀ ਤੰਗੀ ਆ ਗਈ ਸੀ,
ਇਸ ਲਈ ਕਈ ਪਾਸਿਆਂ ਤੋਂ ਵਾਧੂ ਖਰਚੇ ਘਟਾਏ ਹਨ।"
ਕਿਸੇ ਨੂੰ ਕਹਿਣਾ, "ਮੈਂ ਸੋਚਿਆ, ਜਿਹੜਾ ਖੋਹਣ ਅਸਲੀ ਕਾਲ਼ੀ ਨਾਲ ਨਹੀਂ ਖੋਹ ਸਕੇ, ਉਹ ਨਕਲੀ
ਨਾਲ ਕਿਹੜਾ ਖੋਹ ਲਵਾਂਗੇ, ਇਸ ਕਰਕੇ ਕਾਲ਼ੀ ਕਰਨੀ ਛੱਡਤੀ।"
ਕਈਆਂ ਨੂੰ ਬੜੇ ਵਿਦਵਾਨੀ ਲਹਿਜ਼ੇ ‘ਚ ਕਹਿਣਾ, "ਅਸਲ ਵਿਚ ਬੰਦੇ ਦੇ ਵਾਲ਼ ਕਾਲੇ ਕਰਨ ਪਿੱਛੇ
ਇਕ ਮਨੋਵਿਗਿਆਨਕ ਕਾਰਨ ਹੁੰਦੈ। ਬੰਦਾ ਸੋਚਦਾ ਕਿ ਮੈਂ ਦੇਖਣ ਨੂੰ ਜਿੰਨੀ ਉਮਰ ਦਾ ਲੱਗਦਾਂ
ਓਨੀ ਅਕਲ ਤੇ ਮੈਨੂੰ ਆਈ ਨਹੀਂ। ਫਿਰ ਬੰਦਾ ਸੋਚਦਾ, ਅਕਲ ਲਿਆਉਣੀ ਤੇ ਔਖੀ ਹੈ, ਚਲੋ ਸੌਖਾ
ਕੰਮ ਕਰ ਲੈਨੇਂ ਆਂ, ਵਾਲ ਰੰਗ ਕੇ ਆਪਣੀ ਦਿੱਖ ਨੂੰ ਆਪਣੀ ਅਕਲ ਦੇ ਹਾਣ ਦੀ ਕਰ ਲੈਨੇਂ ਆਂ।
ਮੈਂ ਵੀ ਇਸੇ ਕਰਕੇ ਵਾਲ਼ ਕਾਲ਼ੇ ਕਰਦਾ ਸੀ। ਪਰ ਹੁਣ ਸੋਚਿਆ, ਮਨਾਂ ਅਕਲ ਨੇ ਤਾਂ ਸਾਰੀ ਉਮਰ
ਆਉਣਾ ਹੀ ਨਾ ਹੋਊ, ਸਾਰੀ ਉਮਰ ਦਾੜ੍ਹੀ ਦੇ ਨੌਕਰ ਕਿਉਂ ਲੱਗੇ ਰਹਿਣਾ?"
ਮੇਰੇ ਵੰਨ-ਸੁਵੰਨੇ ਜਵਾਬਾਂ ਨਾਲ ਕਿਸੇ ਦੀ ਤਸੱਲੀ ਹੋ ਜਾਂਦੀ, ਕੋਈ ਹੱਸ ਛੱਡਦਾ।ਪਰ ਇਸ ਕੰਮ
ਤੋਂ ਛੁਟਕਾਰਾ ਪਾ ਕੇ ਜਾਨ ਬੜੀ ਸੌਖੀ ਹੋ ਗਈ।ਨੁਕਸਾਨ ਕੋਈ ਨਹੀਂ ਹੋਇਆ, ਨੌਜਵਾਨ ਇੱਜ਼ਤ
ਵਾਧੂ ਕਰਦੇ ਹਨ।ਸਿਆਣੇ ਲੋਕ ਮੈਨੂੰ ਵੀ ਸਿਆਣਾ ਸਮਝਦੇ ਹਨ।ਪਰ ਓਦੋਂ ਥੋੜ੍ਹੀ ਹੈਰਾਨੀ ਹੁੰਦੀ
ਹੈ ਜਦ ਕੋਈ ਪੁੱਛ ਲੈਂਦਾ, "ਰਿਟਾਇਰ ਹੋਇਆਂ ਕਿੰਨੇ ਸਾਲ ਹੋ ਗਏ?" ਪਰ ਮੈਂ ਇਸ ਹੈਰਾਨੀ ਦੀ
ਗੇਂਦ ਮੋੜ ਕੇ ਪੁੱਛਣ ਵਾਲੇ ਦੇ ਪਾੜੇ ‘ਚ ਹੀ ਵਾਪਸ ਮੋੜ ਦਿੰਨਾਂ, "ਅਜੇ ਤਾਂ ਪੂਰਨ ਦੇ
ਭੋਰੇ ਜਿੰਨੇ ਜਾਂ ਰਾਮ ਦੇ ਬਨਵਾਸ ਜਿੰਨੇ ਨੌਕਰੀ ਦੇ 12 ਸਾਲ ਪਏ ਹਨ, ਪਰ ਮੈਂ ਪਹਿਲਾਂ ਹੀ
ਰਿਟਾਇਰਮੈਂਟ ਲੈਣੀ ਸੋਚਦਾਂ।"
2008 2010
28, ਬਸੰਤ ਵਿਹਾਰ,
ਜਵੱਦੀ,
ਲੁਧਿਆਣਾ- 141013, ਫੋ. 96461-18208
-0-
|