Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 

 


ਵਿਕਾਸ, ਪ੍ਰਗਤੀ ਅਤੇ ਇਨਸਾਨ

- ਬਲਦੇਵ ਦੂਹੜੇ

 

{ਇਸ ਲੇਖ ਵਿੱਚ ਇਹ ਦਰਸਾਉਣ ਦੀ ਕੋਸ਼ਸ਼ ਕੀਤੀ ਗਈ ਹੈ, ਕਿ ਪ੍ਰਗਤੀ ਦਾ ਅਸਲ ਅਧਾਰ, ਭੌਤਕ ਹਾਲਾਤ ਵਿੱਚ ਇਨਸਾਨੀ ਮੁਦਾਖਲਤ ਹੈ ਜੋ ਬਿਨਾਂ ਸ੍ਰਿਜਣਾਤਕਤਾ ਅਤੇ ਵਿਦਵਤਾ ਬੇਮਾਹਨੀ ਹੈ। ਪਹਿਲੇ ਹਿੱਸੇ ਵਿੱਚ ਇਨਸਾਨ ਦੇ ਇਤਹਾਸਕ ਵਿਕਾਸ ਦਾ ਆਮ ਚਰਚਾ ਹੈ, ਜੋ ਵਿਸ਼ਵਮਈ ਇਨਸਾਨ ਉਤੇ ਲਾਗੂ ਹੁੰਦਾ ਹੈ। ਦੂਜਾ ਹਿੱਸਾ ਪੰਜਾਬੀ ਲੋਕਾਂ ਦੇ ਆਦਰਸ਼ਵਾਦ ਅਤੇ ਉਹਨਾਂ ਦੀ ਹਕੀਕਤ ਦੇ ਬੇਜੋੜ ਬਾਰੇ ਹੈ ਅਤੇ ਕੁੱਝ ਸੁਝਾਅ ਹਨ। -ਲੇਖਕ}
-----------------------
ਭਾਗ 1
ਇਨਸਾਨ ਸਿਰਜਣਹਾਰ ਹੈ:

ਇਨਸਾਨ ਇੱਕ ਹੈ, ਕਰਤਾ ਪੁਰਖ, ਸਿਰਜਣਹਾਰ ਅਤੇ ਸਵੈਭੰ ਹੈ। ਇਨਸਾਨੀ ਫਿਤਰਤ ਦੇ ਇਹਨਾਂ ਮੂਲਵਰਤੀ ਗੁਣਾਂ ਵਿਚੋਂ, ਮੌਜੂਦਾ ਲੇਖ ਵਿੱਚ, ਸਾਡਾ ਬਹੁਤਾ ਸਰੋਕਾਰ ਇਨਸਾਨ ਦੀ ਸਿਰਜਣਹਾਰਤਾ ਨਾਲ ਹੀ ਹੈ। ਇਨਸਾਨ ਦੇ ਸਿਰਜਣਹਾਰ ਹੋਣ ਬਾਰੇ ਬਹੁਤੀ ਬਹਿਸ ਦੀ ਲੋੜ ਨਹੀਂ ਕਿਉਂਕਿ ਇਨਸਾਨ ਦੀਆਂ ਸਿਰਜਤ ਵਸਤੂਆਂ ਨਾਲ ਸਾਡੀ ਦੁਨੀਆਂ ਭਰੀ ਪਈ ਹੈ। ਤੁਹਡੇ ਕਪੜਿਆਂ ਤੋਂ ਲੈ ਕੇ ਤੁਹਾਡੇ ਸੁਭਾਅ ਤੱਕ, ਅਤੇ ਤੁਹਾਡੇ ਘਰ ਤੋਂ ਲੈਕੇ ਤੁਹਾਡੇ ਖੁਦਾ ਤੱਕ, ਸੱਭ ਕੁੱਝ ਇਨਸਾਨ ਦੀ ਸਿਰਜਣਾ ਹੈ। ਇੱਕ ਇੱਕ ਚੀਜ਼ ਦੀ ਸਿਰਜਣਾ ਕਰਕੇ ਇਨਸਾਨ ਨੇ ਇੱਕ ਦੁਨੀਆਂ ਉਸਾਰੀ ਹੈ ਜੋ ਇਸ ਧਰਤੀ ਉੇਤੇ ਇਨਸਾਨ ਦਾ ਇਕੋ ਇੱਕ ਘਰ ਹੈ। ਪਦਾਰਥਕ ਚੀਜ਼ਾਂ ਦੀ ਸਿਰਜਣਾ ਨਾਲ ਇਨਸਾਨ ਕੁਦਰਤੀ ਸ਼ਕਤੀਆਂ ਨੂੰ ਆਪਣੇ ਵੱਸ ਵਿੱਚ ਲਿਆ ਰਿਹਾ ਹੈ। ਇਹ ਇੱਕ ਇਤਿਹਾਸਕ ਵਰਤਾਰਾ ਹੈ ਜਿਸ ਰਾਹੀਂ ਇਨਸਾਨ ਆਪਣੀ ਸੀਮਤਤਾ ਤੋਂ ਸੁਤੰਤਰਤਾ ਪੈਦਾ ਕਰ ਰਿਹਾ ਹੈ ਅਤੇ ਕੁਦਰਤੀ ਨਿਸਚਨਵਾਦ ਤੋਂ ਮੁਕਤੀ ਹਾਸਲ ਕਰ ਰਿਹਾ ਹੈ। ਇਸ ਪ੍ਰਕ੍ਰਿਆ ਲਈ ਲੋੜੀਂਦੀਆਂ ਸ਼ਕਤੀਆਂ ਇਨਸਾਨੀ ਫਿਤਰਤ ਦਾ ਜ਼ਰੂਰੀ ਅੰਸ਼ ਹਨ।
ਉਤਪਾਦਨ
ਸਿਰਜਣਾ ਦਾ ਸਫਰ ਇਨਸਾਨ ਦੇ ਪੂਰਵ-ਇਤਹਾਸ ਵਿੱਚ ਸ਼ੁਰੂ ਹੋਇਆ ਸੀ। ਜਦੋਂ ਇਹ ਪ੍ਰਕ੍ਰਿਆ ਵਿਕਾਸ ਕਰਕੇ ਸਿਰਜਤ ਕੀਤੀਆਂ ਵਸਤੂਆਂ ਦੇ ਉਤਪਾਦਨ ਤੱਕ ਪਹੁੰਚੀ, ਤਾਂ ਇਨਸਾਨ ਦਾ ਇਤਹਾਸ ਸ਼ੁਰੂ ਹੋਇਆ। ਸਿਰਜਣਾ ਦੇ ਪਰਾਭੌਤਕ ਵਰਤਾਰੇ ਵਿਚੋਂ ਨਿਕਲ ਕੇ, ਉਤਪਾਦਨ ਨਾਲ, ਇਨਸਾਨ ਸਿਆਸੀ ਅਰਥਚਾਰੇ ਦੀ ਦੁਨੀਆਂ ਵਿੱਚ ਦਾਖਲ ਹੋਇਆ। ਉਤਪਾਦਨ ਨਾਲ ਕਿਰਤ ਦੀ ਵੰਡ ਅਤੇ ਵਟਾਂਦਰਾ ਸ਼ੁਰੂ ਹੋਏ। ਨਤੀਜੇ ਵਜੋਂ ਮੰਡੀਆਂ ਅਤੇ ਸ਼ਹਿਰ ਹੋਂਦ ਵਿੱਚ ਆਉਣ ਲੱਗੇ। ਉਤਪਾਦਨ, ਇਨਸਾਨ ਲਈ ਇੱਕ ਬਹੁਤ ਵੱਡਾ ਵਿਕਾਸਮਈ ਕਦਮ ਸੀ। ਪਰ ਕੀ ਇਹ ਪ੍ਰਗਤੀ ਵੀ ਸੀ?
ਉਤਪਾਦਨ ਦਾ ਸ਼ੁਰੂ ਹੋਣਾ ਇੱਕ ਪਾਸੇ ਪ੍ਰਗਤੀ ਸੀ ਪਰ ਦੂਜੇ ਪਾਸੇ ਦੁਰਗਤੀ ਵੀ ਸੀ। ਪ੍ਰਗਤੀ ਇਸ ਲਈ ਸੀ ਕਿ ਹੁਣ ਸੰਭਵ ਸੀ ਕਿ ਇਨਸਾਨ ਕੁਦਰਤੀ ਤਾਕਤਾਂ ਨੂੰ ਸਰ ਕਰਕੇ ਆਪਣੀ ਤਕਦੀਰ ਦਾ ਮਾਲਕ ਆਪ ਬਣ ਸਕੇ। ਦੁਰਗਤੀ ਇਸ ਲਈ ਕਿ ਉਤਪਾਦਨ ਨਾਲ ਪਹਿਲੀ ਵਾਰ ਇਨਸਾਨ ਜਮਾਤਾਂ ਅਤੇ ਪੇਸਿ਼ਆਂ ਵਿੱਚ ਵੰਡਿਆ ਗਿਆ, ਜਿਸ ਨਾਲ ਇਨਸਾਨੀ ਬਰਾਬਰੀ ਭੰਗ ਹੋਈ ਅਤੇ ਪੁਰਾਤਨ ਸਾਮਵਾਦ ਦਾ ਸਤਿਯੁੱਗੀ ਦੌਰ ਖਤਮ ਹੋ ਗਿਆ। ਇਸ ਨਾਲ, ਅੰਜੀਲੀ ਮਿੱਥ ਅਨੁਸਾਰ, ਇਨਸਾਨ ਅਦਨ ਦੇ ਬਾਗ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਤਪਾਦਨ ਦੇ ਮੁਢਲੇ ਪੜਾਅ ਤੇ ਉਤਪਾਦਨ ਦੀ ਮੁੱਖ ਸ਼ਕਤੀ ਇਨਸਾਨ ਦੀ ਜਿਸਮਾਨੀ ਸ਼ਕਤੀ ਹੋਣ ਕਰਕੇ ਇਨਸਾਨ ਸਰਮਾਏਦਾਰੀ ਜਿਨਸ (ਛਅਪਟਿਅਲ ਚੋਮਮੋਦਟਿੇ) ਬਣ ਗਿਆ। ਇਸ ਨਾਲ ਗੁਲਾਮੀ ਦਾ ਯੁੱਗ ਸ਼ੁਰੂ ਹੋਇਆ ਅਤੇ ਇਨਸਾਨਾਂ ਦੀ ਖਰੀਦੋ ਫਰੋਖਤ ਇੰਜ ਹੋਣ ਲੱਗੀ ਜਿਵੇਂ ਅੱਜ ਕੱਲ ਟਰੈਕਟਰ ਵਿਕਦੇ ਹਨ। ਇਨਸਾਨ ਦੀ ਇਹੋ ਜਹੀ ਦੁਰਦਸ਼ਾ ਪੂਰਵਇਤਹਾਸ ਵਿੱਚ ਕਿਤੇ ਨਹੀਂ ਮਿਲਦੀ। ਉਸ ਤੋਂ ਬਾਅਦ ਦਾ ਵੀ ਇਤਹਾਸ ਇਨਸਾਨੀ ਖੂਨ ਅਤੇ ਪਸੀਨੇ ਨਾਲ ਭਰਿਆ ਪਿਆ ਹੈ। ਪਹਿਲੀ ਹੀ ਸਭਿਅਤਾ ਤੋਂ ਇਨਸਾਨ ਲਈ ਦੋ ਸਮਸਿਆਵਾਂ ਖੜੀਆਂ ਹੋ ਗਈਆਂ; ਇੱਕ ਸੀ ਇਨਸਾਨ ਦੀ ਬਰਾਬਰੀ ਦੇ ਭੰਗ ਹੋਣ ਦੀ ਅਤੇ ਦੂਜੀ ਸੀ ਇਨਸਾਨ ਦੀ ਆਪਣੀ ਸਿਰਜੀ ਦੁਨੀਆਂ ਦੀ ਇਨਸਾਨ ਵਲ ਬੇਗਾਨਗੀ ਦੀ।
ਆਪ-ਮੁਹਾਰਾ ਵਿਕਾਸ
ਕੋਈ ਦਸ ਕੁ ਹਜ਼ਾਰ ਸਾਲ ਦੇ ਛੋਟੇ ਜਹੇ ਸਮੇਂ ਵਿੱਚ ਇਨਸਾਨ ਧਰਤੀ ਉਤੇ ਇੱਕ ਦਿਉਦਾਨੂੰ ਸਭਿਅਤਾ ਉਸਾਰ ਗਿਆ ਹੈ। ਇਹ ਵਿਕਾਸ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਇਨਸਾਨ ਦੀ ਪ੍ਰਗਤੀ ਦਾ ਸਵਾਲ, ਇਸ ਆਪਮੁਹਾਰੇ ਵਿਕਾਸ ਵਿੱਚ, ਰੁਲਦਾ ਰਹਿ ਗਿਆ। ਸ਼ਹਿਰ, ਮੁਲਕ, ਸਭਿਆਤਾਵਾਂ, ਬਾਦਸ਼ਾਹੀਆਂ, ਅਤੇ ਸਲਤਨਤਾਂ ਹੋਂਦ ਵਿੱਚ ਆਈਆਂ ਅਤੇ ਇਹਨਾਂ ਦੇ ਆਪਸੀ ਅੰਤਰਅਮਲ ਵਿੱਚ ਇਨਸਾਨੀ ਖੂਨ ਡੋਲ੍ਹਣ ਵਿੱਚ ਤਾਕਤ ਅਤੇ ਤਰਕ ਦੋਹਵਾਂ ਦਾ ਬਹੁਤ ਹੱਥ ਰਿਹਾ ਹੈ। ਪਰ ਇੱਕ ਗੱਲ ਸਾਫ ਜ਼ਾਹਰ ਹੈ ਕਿ ਇਨਸਾਨ ਨੇ ਆਪਣੀ ਸਿਰਜਣਾ ਨਾਲ ਜੋ ਦੁਨੀਆਂ ਉਸਾਰੀ, ਉਸ ਦੇ ਆਪਣੇ ਹੀ ਨਿਯਮ ਹਨ ਅਤੇ ਉਸਦਾ ਵਿਕਾਸ ਇਨਸਾਨ ਦੀ ਸੁਚੇਤ ਇੱਛਾ ਤੋਂ ਬਾਹਰ ਹੈ। ਇਨਸਾਨ ਨੇ, ਕੁਦਰਤੀ ਤਾਕਤਾਂ ਨੂੰ ਵੱਸ ਕਰਨ ਦੀ ਦੌੜ ਵਿੱਚ ਅਜਿਹੀਆਂ ਆਰਥਕ ਅਤੇ ਸਮਾਜਕ ਤਾਕਤਾਂ ਦੇ ਸੰਗਲ ਖੋਲ੍ਹ ਦਿਤੇ ਹਨ ਜਿਹਨਾਂ ਨੂੰ ਵੱਸ ਕਰਨ ਦਾ ਮੰਤਰ ਅਜੇ ਤੱਕ ਨਹੀਂ ਲੱਭਾ। ਇਸ ਆਪ-ਮੁਹਾਰੇ ਵਿਕਾਸ ਨੂੰ ਸਮਝਣ, ਸੋਧਣ ਅਤੇ ਇਨਸਾਨ ਦੇ ਸੁਪਨਿਆਂ ਦੀ ਨਗਰੀ ਪੈਦਾ ਕਰਨ ਦੀ ਕੋਸ਼ਸ਼ ਵਿੱਚ ਪਲੈਟੋ ਤੋਂ ਹੁਣ ਤੱਕ ਕਈ ਕਿਸਮ ਦੇ ਸਿਧਾਂਤ ਅਤੇ ਬੇਗਮਪੁਰੇ ਸੋਚੇ ਅਤੇ ਬਣਾਏ ਗਏ, ਪਰ ਹਰ ਮਾਡਲ ਅਤੇ ਹਰ ਯੁਟੋਪੀਆ ਨਾਕਾਮ ਰਿਹਾ। ਧਰਮਾਂ ਵਿੱਚ ਸਵਰਗ ਦਾ ਸੰਕਲਪ ਇਸੇ ਹੀ ਲੋੜ ਦਾ ਮਿਥਿਹਾਸਕ ਹੱਲ ਸੀ ਜੋ ਮਿਥਹਾਸ ਹੀ ਰਿਹਾ। ਥੋੜੀ ਦੇਰ ਆਦਰਸ਼ ਸਮਾਜ ਦੀ ਆਸ ਯੂਰਪ ਵਿੱਚ ਚਮਕੀ ਸੀ ਪਰ ਹੁਣ ਫਿਰ ਇਹ ਤਾਕਤਾਂ ਬੇਕਾਬੂ ਹਨ।
ਸਮਾਜਕ ਵਿਕਾਸ ਅਜੇ ਬੁਝਾਰਤ ਹੈ
ਜਦੋਂ ਯੂਰਪ ਵਿੱਚ ਜਾਗਰਤੀ ਆਈ ਤਾਂ ਇਨਸਾਨ ਆਪਣੇ ਆਪ ਤੋਂ ਅਤੇ ਆਪਣੀਆਂ ਸ਼ਕਤੀਆਂ ਤੋਂ ਸੁਚੇਤ ਹੋਇਆ। ਯੂਰਪ ਵਿੱਚ ਤਰਕ ਅਤੇ ਵਿਗਿਆਨ ਦੇ ਯੁੱਗ ਵਿੱਚ ਪਹਿਲੀ ਵਾਰ ਇਨਸਾਨੀ ਹੱਕਾਂ ਨੂੰ ਪਰੀਭਾਸ਼ਤ ਕੀਤਾ ਗਿਆ ਅਤੇ ਸੱਭ ਇਨਸਾਨਾਂ ਦੀ ਬਰਾਬਰੀ ਦਾ ਸੁਨੇਹਾ ਦਿੱਤਾ ਗਿਆ। ਰੂਸੋ ਨੇ ਕਿਹਾ ਸੀ: ਇਨਸਾਨ ਸੁਤੰਤਰ ਪੈਦਾ ਹੋਇਆ ਸੀ ਪਰ ਹਰ ਥਾਂ ਉਹ ਜੰਜ਼ੀਰਾਂ ਵਿੱਚ ਜਕੜਿਆ ਪਿਆ ਹੈ। (ਸੋਸ਼ਲ ਕਾਂਟਰੈਕਟ 1763)। ਲਾਕ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜਿ਼ੰਦਗੀ, ਅਜ਼ਾਦੀ ਅਤੇ ਜਾਇਦਾਦ ਦੀ ਸੁਰੱਖਿਆ ਕਰਨ ਦਾ ਕੁਦਰਤੀ ਹੱਕ ਹੈ। ਲਾਕ ਦਾ ਇਹ ਫਿਕਰਾ ਥੋੜਾ ਬਦਲ ਕੇ ਅਮਰੀਕਣ ਸੰਵਿਧਾਨ ਵਿੱਚ ਪਾਇਆ ਗਿਆ। ਇਹ ਆਸ਼ਾਵਾਦ ਦਾ ਸਮਾਂ ਸੀ। ਇਨਸਾਨ ਹੁਣ ਆਦਰਸ਼ ਸਮਾਜ ਦੇ ਸੁਪਨੇ ਦੇਖਣ ਲੱਗਾ। ਇੰਜ ਲੱਗਣ ਲੱਗਾ ਕਿ ਇਨਸਾਨ ਇਸ ਦੁਨੀਆਂ ਉਤੇ ਸਵਰਗ ਪੈਦਾ ਕਰ ਸਕਦਾ ਹੈ। ਇਸ ਸਮੇਂ ਦੇ ਸਾਹਿਤ, ਫਲਸਫੇ ਅਤੇ ਵਿਗਿਆਨ ਨੇ ਇਹ ਸਾਬਤ ਕੀਤਾ ਕਿ ਇਨਸਾਨੀ ਸਿਰਜਣਾ ਸਭਿਆਚਾਰਕ ਵਿਕਾਸ ਵਿੱਚ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਸਮਾਜ ਦੇ ਪਦਾਰਥਕ ਵਿਕਾਸ ਵਿੱਚ। ਯੂਰਪੀਨ ਲੋਕਾਂ ਨੇ ਅਰਥ-ਸ਼ਾਸਤਰ ਨੂੰ ਸਮਝਣ ਵਿੱਚ ਬੜੀ ਤਰੱਕੀ ਕੀਤੀ। ਇਵੇਂ ਹੀ ਸਮਾਜਕ ਵਿਕਾਸ ਨੂੰ ਸਮਝਣ ਵਿੱਚ ਬਹੁਤ ਕੰਮ ਚੱਲ ਰਿਹਾ ਸੀ, ਪਰ ਇਸ ਵਿੱਚ ਯੂਰਪੀਨ ਵਿਦਵਾਨ ਕਾਮਯਾਬ ਨਹੀਂ ਹੋ ਸਕੇ। ਪ੍ਰਸਪਰ ਵਿਰੋਧੀ ਵਿਚਾਰਾਂ ਵਾਲੇ ਚਿੰਤਕਾਂ ਜਿਵੇਂ ਕਿ ਹੇਗਲ, ਕਾਮਟੇ, ਸਪੈਂਸਰ ਅਤੇ ਮਾਰਕਸ ਨੇ ਕਿਹਾ ਕਿ ਇਤਹਾਸ ਇੱਕ ਵਿਕਾਸਮਈ ਪ੍ਰਕ੍ਰਿਆ ਹੈ। ਮਾਰਕਸ ਨੇ ਵਿਗਿਆਨਕ ਸਮਾਜਵਾਦ ਦਾ ਸੰਕਲਪ ਦਿੱਤਾ ਅਤੇ ਕਿਹਾ ਕਿ ਇਤਹਾਸਕ ਵਿਕਾਸ ਇੱਕ ਅਟੱਲ ਪ੍ਰਗਤੀਸ਼ੀਲ ਪ੍ਰਕਿਰਿਆ ਹੈ ਜਿਸਨੂੰ ਅਸੀਂ ਇਨਕਲਾਬ ਰਾਹੀਂ ਤੇਜ਼ ਕਰ ਸਕਦੇ ਹਾਂ ਅਤੇ ਇੱਕ ਆਦਰਸ਼ ਸਮਾਜ ਸਿਰਜ ਸਕਦੇ ਹਾਂ। ਪਹਿਲੀ ਵਾਰ ਇਤਹਾਸ ਵਿੱਚ ਕਿਸੇ ਵਿਦਵਾਨ ਦੇ ਦਿੱਤੇ ਸਿਧਾਂਤਾਂ ਦੇ ਅਧਾਰ ਤੇ ਲੱਖਾਂ ਲੋਕਾਂ ਦੀ ਕੁਰਬਾਨੀ ਦੇ ਕੇ, ਇਨਕਲਾਬ ਲਿਆਂਦੇ ਗਏ ਅਤੇ ਅਖੀਰ ਸਮਾਜਵਾਦੀ ਸਮਾਜ ਦੀ ਸਿਰਜਣਾ ਕੀਤੀ ਗਈ। ਪਰ ਅਦਿੱਸ ਆਰਥਕ ਅਤੇ ਸਮਾਜਕ ਤਾਕਤਾਂ ਨੇ ਇਹ ਸੱਭ ਕੁੱਝ਼ ਤਹਿਸ ਨਹਿਸ ਕਰ ਦਿੱਤਾ। ਸਮਜਾਵਾਦ ਤੋਂ ਵਾਪਿਸ ਸਰਮਾਇਦਾਰੀ ਵੱਲ ਦਾ ਇਤਹਾਸਕ ਸਫਰ ਮਾਰਕਸ ਦੇ ਇਤਹਾਸਕ ਪਦਾਰਥਵਾਦ ਦੀ ਅਟੱਲਤਾ ਦੇ ਸੰਕਲਪ ਦੀ ਸਿੱਧੀ ਉਲੰਘਣਾ ਸੀ। ਪੋਸਟ ਮਾਰਟਮ ਅਜੇ ਵੀ ਚੱਲ ਰਿਹਾ ਹੈ।
ਇੱਕ ਗੱਲ ਜੋ ਆਮ ਤੌਰ ਤੇ ਭੁਲਾਈ ਜਾ ਚੁੱਕੀ ਹੈ, ਉਹ ਹੈ ਅਮਰੀਕਣ ਇਨਕਲਾਬ ਦੀ ਕਾਮਯਾਬੀ। ਅਮਰੀਕਣਾਂ ਨੇ ਹਥਿਆਰਬੰਦ ਇਨਕਲਾਬ ਨਾਲ ਅਮਰੀਕਾ ਨੂੰ ਬਰਤਾਨਵੀ ਸਾਮਰਾਜ ਤੋਂ ਅਜ਼ਾਦ ਕਰਵਾਕੇ, 18ਵੀਂ ਸਦੀ ਦੇ ਅੰਤ ਵਲ, ਜੋ ਸੰਵਿਧਾਨ ਲਿਖਿਆ ਸੀ, ਉਹ ਉਸ ਵੇਲੇ ਦੀ ਅਤਿ ਪ੍ਰਗਤੀਸ਼ੀਲ ਦਸਤਾਵੇਜ਼ ਸੀ। ਸਨਅਤੀ ਇਨਕਲਾਬ ਨਾਲ ਉਨੀਂਵੀ ਸਦੀ ਵਿੱਚ ਅਮਰੀਕਾ ਵਿੱਚ ਅੰਧਾਧੁੰਦ ਵਿਕਾਸ ਹੋਇਆ ਪਰ ਸਰਮਾਇਦਾਰੀ ਨਿਜ਼ਾਮ ਬੇਲਗਾਮ ਚੱਲ ਰਿਹਾ ਸੀ। ਇਸ ਨੂੰ ਰੌਬਰ ਬੈਰਨਜ਼ (ਅਮਰੀਕਾ ਦੇ ਉਸ ਵੇਲੇ ਦੇ ਲੁਟੇਰੇ ਸਰਮਾਇਦਾਰਾਂ ਲਈ ਵਰਤੇ ਜਾਂਦੇ ਸ਼ਬਦ) ਦਾ ਸਮਾਂ ਕਿਹਾ ਜਾਂਦਾ ਹੈ। ਫਿਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸੁਧਾਰਾਂ ਦਾ ਦੌਰ ਚਲਿਆ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਵਿਕਾਸ ਨੂੰ ਪ੍ਰਗਤੀ ਵਿੱਚ ਬਦਲਣ ਅਤੇ ਉਤਪਾਦਨ ਦੇ ਨਿਜ਼ਾਮ ਨੂੰ ਚਲਾਉਣ ਲਈ ਉਚਿਤ ਸਭਿਆਚਾਰ ਪੈਦਾ ਕਰਨ ਦੀ ਕੋਸਿ਼ਸ਼ ਸੀ। ਇਹ ਇੱਕ ਕਾਮਯਾਬ ਮਾਡਲ ਸੀ ਪਰ ਅਜੇ ਵਿਕਾਸਮਈ ਆਰਥਕ ਤਾਕਤਾਂ ਦੀ ਪੂਰੀ ਸਮਝ ਨਾਂ ਹੋਣ ਕਰਕੇ ਅਮਰੀਕਾ 1930ਵਿਆਂ ਵਿੱਚ ਮਹਾਂ ਮੰਦਵਾੜੇ ਦਾ ਸਿ਼ਕਾਰ ਹੋਇਆ।
ਸਮਾਜਕ ਵਿਗਿਆਨ ਅਜੇ ਵੀ ਸਮਾਜਕ ਵਿਕਾਸ ਦੀ ਦਰੁਸਤ ਕਾਰਨਾਤਮਕਤਾ ਤੈਅ ਨਹੀਂ ਕਰ ਸਕਿਆ। ਮਿਸਾਲ ਵਜੋਂ ਜੇਅਰਡ ਡਾਇਮੰਡ ਦੀ 1997 ਵਿੱਚ ਛਪੀ ਇਨਾਮ ਜੇਤੂ ਕਿਤਾਬ (ਗਨਜ਼ ਜਰਮਜ਼ ਐਂਡ ਸਟੀਲ) ਵਿੱਚ ਉਹ ਭੂਗੋਲਕ ਅੰਸ਼ਾਂ ਨੂੰ ਸੱਭ ਤੋਂ ਮਹੱਤਵਪੂਰਨ ਕਾਰਨ ਦੱਸਦਾ ਹੈ। ਰੌਨਾਲਡ ਰਾਈਟ ਇਨਸਾਨ ਨੂੰ ਵਿਕਸਤ ਚਿੰਪੈਨਜ਼ੀ ਦੀ ਕਿਸਮ ਦੱਸਦਾ ਹੈ ਅਤੇ ਵਿਕਾਸ ਨੂੰ ਦੁਰਗਤੀ ਕਹਿ ਰਿਹਾ ਹੈ। ਇਸ ਗੱਲ ਦਾ ਪੂਰਾ ਵਿਸ਼ਲੇਸ਼ਣ ਇਸ ਲੇਖ ਦੇ ਦਾਇਰੇ ਤੋਂ ਬਾਹਰ ਹੈ। ਪਰ ਇੱਕ ਗੱਲ ਉਤੇ ਆਮ ਸਹਿਮਤੀ ਹੈ ਕਿ ਹਰ ਸਭਿਅਤਾ ਦਾ ਪਦਾਰਥਕ ਅਧਾਰ ਕਈ ਕਿਸਮ ਦੇ ਵੱਖ ਵੱਖ ਸਿਆਸੀ ਅਤੇ ਸਭਿਆਚਾਰਕ ਨਿਜ਼ਾਮਾਂ ਨਾਲ ਚਲਾਇਆ ਜਾ ਸਕਦਾ ਹੈ, ਪਰ ਉਚਿਤਮ (ੋਪਟਮਿੁਮ) ਸਭਿਆਚਾਰ ਹੀ ਪਦਾਰਥਕ ਅਧਾਰ ਦੀ ਪੂਰੀ ਸੰਭਾਵਨਾ-ਭਰਪੂਰਤਾ ਦਾ ਵਾਸਤਵੀਕਰਨ ਕਰ ਸਕਦਾ ਹੈ ਅਤੇ ਇਨਸਾਨੀ ਰਿਸ਼ਤਿਆਂ ਨੂੰ ਤਰੱਕੀ ਦੇ ਰਾਹ ਤੋਰ ਸਕਦਾ ਹੈ। ਮਿਸਾਲ ਵਜੋਂ ਸਨਅਤੀ ਦੌਰ ਦੇ ਅਧਾਰ ਨੂੰ ਬਾਦਸ਼ਾਹੀ, ਤਾਨਾਸ਼ਾਹੀ, ਸਮਾਜਵਾਦੀ ਅਤੇ ਲੋਕਤੰਤਰ ਆਦਿ ਵੱਖ ਵੱਖ ਸਿਆਸੀ ਨਿਜ਼ਾਮਾਂ ਨਾਲ ਚਲਾਇਆ ਜਾ ਚੁੱਕਾ ਹੈ। ਪਰ ਇਹਨਾਂ ਵਿਚੋਂ ਹੁਣ ਤੱਕ, ਸੱਭ ਤੋਂ ਵੱਧ ਕਾਮਯਾਬ ਉਹ ਹਨ ਜਿਥੇ ਨਿਸਬਤਨ ਸੁਤੰਤਰ ਮੰਡੀ ਅਤੇ ਸੈਕੂਲਰ ਸਮਾਜਕ-ਜਮਹੂਰੀਅਤ ਹੈ, ਅਤੇ ਜਿਥੇ ਵੱਖ ਵੱਖ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਅਤੇ ਅਦਾਰੇ ਹੁੰਦੇ ਹਨ। ਜਮਾਤੀ ਵੰਡ ਵਿੱਚ ਮੱਧਵਰਗੀ ਜਮਾਤ ਦਾ ਸੱਭ ਤੋਂ ਵੱਡੇ ਹੋਣਾ ਸਮਾਜ ਨੂੰ ਸਥਿਰਤਾ ਦਿੰਦਾ ਹੈ। ਕੈਨੇਡਾ ਇਸ ਦੀ ਇੱਕ ਚੰਗੀ ਮਿਸਾਲ ਹੈ ਭਾਵੇਂ ਸੰਪੂਰਨ ਨਹੀਂ। ਪਰ ਕੈਨੇਡਾ ਦੇ ਸਮਾਜਕ ਸੁਧਾਰ, ਬਿਨਾਂ ਪ੍ਰਗਤੀਸ਼ੀਲ ਵਿਚਾਰਾਂ, ਸਾਹਿਤ ਅਤੇ ਜਦੋਜਹਿਦਾਂ ਦੇ ਨਹੀਂ ਆਏ।
ਬਾਵਜੂਦ ਇਸ ਕਾਮਯਾਬੀ ਦੇ, ਸਮਾਜਕ ਵਿਕਾਸ ਅਜੇ ਵੀ ਇੱਕ ਬੁਝਾਰਤ ਹੈ, ਜਿਸ ਕਰਕੇ, ਆਖਰੀ ਮੰਜਿ਼ਲ ਦਿਖਾਉਣ ਵਾਲੇ ਸਵਰਗ ਜਾਂ ਯੁਟੋਪੀਅਨ ਹੱਲ ਅਕਸਰ ਮਿਥਹਾਸ ਬਣ ਕੇ ਰਹਿ ਜਾਂਦੇ ਹਨ। ਇਸ ਲਈ ਇੱਕ ਪਾਸੇ ਤਾਂ ਇਸ ਵਿਕਾਸ ਨੂੰ ਵਿਗਿਆਨਕ ਪੱਧਰ ਤੇ ਸਮਝਣ ਦੀ ਲੋੜ ਹੈ ਅਤੇ ਦੂਜੇ ਪਾਸੇ ਮੌਜੂਦਾ ਦੁਨੀਆਂ ਨੂੰ ਬੇਹਤਰ ਬਣਾਉਣ ਦੇ ਕਾਰਜ ਨੂੰ ਕਿਸੇ ਭਵਿੱਖ ਦੇ ਯੁਟੋਪੀਆ ਦੀ ਉਡੀਕ ਵਿੱਚ ਮੁਲਤਵੀ ਨਹੀਂ ਕੀਤਾ ਜਾ ਸਕਦਾ।
ਤਿੰਨ ਜਮਾਤਾਂ
ਇਨਸਾਨ ਤਿੰਨ ਜਮਾਤਾਂ ਵਿੱਚ ਵੰਡਿਆ ਗਿਆ ਹੈ: ਇੱਕ ਉਹ ਹਨ ਜੋ ਆਪਣੀਆਂ ਸਿਰਜਣਾਵਾਂ ਨਾਲ ਨਵੀਆਂ ਸਭਿਆਤਾਵਾਂ ਨੂੰ ਜਨਮ ਦਿੰਦੇ ਹਨ ਅਤੇ ਸਭਿਆਚਾਰਕ ਵਿਕਾਸ ਵਿੱਚ ਹਿੱਸਾ ਪਾਉਂਦੇ ਹਨ, ਦੂਜੇ ਉਹ ਜੋ ਸਿਰਜਤ ਵਸਤਾਂ ਦਾ ਉਤਪਾਦਨ ਕਰਕੇ ਦੌਲਤ ਅਤੇ ਤਾਕਤ ਹਾਸਲ ਕਰ ਲੈਂਦੇ ਹਨ ਅਤੇ ਤਾਕਤ ਦੀ ਦੁਰਵਰਤੋਂ ਨਾਲ ਦੂਜਿਆਂ ਦੇ ਹੱਕ ਖੋਹ ਲੈਂਦੇ ਹਨ ਜਾਂ ਖੋਹਣ ਦੀ ਤਾਕਤ ਰੱਖਦੇ ਹਨ, ਤੀਜੇ ਉਹ ਜੋ ਬਲਦਾਂ ਵਾਂਗ ਕੰਮ ਕਰਕੇ ਉਤਪਾਦਨ ਤਾਂ ਕਰਦੇ ਹਨ ਪਰ ਆਪ ਦਲੇ ਕੁਚਲੇ ਜਾਂਦੇ ਹਨ। ਫਿਰ ਹੱਕਾਂ ਦੀ ਜਦੋਜਹਿਦ ਕਰਕੇ ਇਹ ਆਪਣੇ ਗੁਆਚੇ ਹੱਕਾਂ ਨੂੰ ਵਾਪਸ ਲੈਂਦੇ ਹਨ। ਹੱਕਾਂ ਦੀ ਇਹ ਜਦੋਜਹਿਦ ਪ੍ਰਗਤੀਸ਼ੀਲ ਵਿਚਾਰਧਾਰਾਵਾਂ ਨੂੰ ਜਨਮ ਦਿੰਦੀ ਹੈ। ਇਹ ਪ੍ਰਗਤੀਸ਼ੀਲ ਵਿਚਾਰਧਾਰਾਵਾਂ ਵੱਖ ਵੱਖ ਵਰਗਾਂ ਦੇ ਇਨਸਾਨੀ ਹੱਕਾਂ ਦੀ ਤਰਜਮਾਨੀ ਕਰਕੇ, ਉਚਿਤ ਕਾਨੂੰਨ ਅਤੇ ਅਦਾਰੇ ਬਣੁੳਣ ਵਿੱਚ ਸਹਾਇਕ ਹੁੰਦੀਆਂ ਹਨ ਜਾਂ ਇਹਨਾਂ ਨੂੰ ਹੋਣਾ ਚਾਹੀਦਾ ਹੈ। ਬੇਇਨਸਾਫੀ ਦੇ ਮਾਹੌਲ ਵਿੱਚ ਬਹੁਤ ਕਿਸਮ ਦੀਆਂ ਬੇਹੂਦਾ ਅਤੇ ਪਿਛਾਂਹ ਖਿਚੂ ਵਿਚਾਰਧਾਰਾਵਾਂ ਵੀ ਕਈ ਵਾਰ ਇਨਸਾਨੀ ਪ੍ਰਤੀਕਰਮ ਵਿਚੋਂ ਪੈਦਾ ਹੋ ਸਕਦੀਆਂ ਹਨ: ਜਿਵੇਂ ਕਿ ਫਾਸਿ਼ਸਟ, ਧਾਰਮਕ ਬੁਨਿਆਦ-ਪ੍ਰਸਤੀ ਜਾਂ ਫਿਰਕਾ-ਪ੍ਰਸਤੀ ਵਾਲੀਆਂ। ਇਹ ਸਮਾਜ ਨੂੰ ਦੁਰਗਤੀ ਵੱਲ ਲਿਜਾਣ ਦੀ ਕੋਸ਼ਸ਼ ਕਰਦੀਆਂ ਹਨ। ਕਿਸੇ ਕੌਮ ਜਾਂ ਵਰਗ ਦੇ ਲੋਕਾਂ ਉਤੇ ਨਿਰਭਰ ਹੈ ਕਿ ਉਹਨਾਂ ਦੀ ਵਿਦਵਤਾ ਦੀ ਪੱਧਰ ਕੀ ਹੈ ਅਤੇ ਉਹ ਆਪਣੀ ਸਿਰਜਣਾਤਮਕ ਸ਼ਕਤੀ ਨੂੰ ਕਿਸ ਪਾਸੇ ਵਰਤਣਾ ਚਾਹੁੰਦੇ ਹਨ।
ਸਿਰਜਣਹਾਰਤਾ ਅਤੇ ਕੌਮਾਂ ਦਾ ਵਿਕਾਸ

ਇਹ ਗੱਲ ਸਿਰਫ ਸਮਾਜਕ ਜਮਾਤਾਂ ਉਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਕੌਮਾਂ ਉਤੇ ਵੀ ਲਾਗੂ ਹੁੰਦੀ ਹੈ। ਉਹ ਕੌਮਾਂ ਜਿਹਨਾਂ ਦੇ ਵਿਦਵਾਨ ਇੱਕ ਸ੍ਰਿਜਣਾਤਮਕ ਮਾਹੌਲ ਕਾਇਮ ਕਰਕੇ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹਨ ਅਤੇ ਕੁਦਰਤੀ ਸ਼ਕਤੀਆਂ ਨੂੰ ਵਸ ਕਰਨ ਦੇ ਵਸੀਲੇ ਪੈਦਾ ਕਰਦੇ ਹਨ, ਅੱਗੇ ਨਿਕਲ ਜਾਂਦੀਆਂ ਹਨ। ਇਹੋ ਜਹੇ ਲੋਕ ਅਤਿਅੰਤ ਤਾਕਤ ਹਾਸਲ ਕਰ ਜਾਂਦੇ ਹਨ ਅਤੇ ਬਹੁਤ ਵਾਰ ਦੂਜੇ ਲੋਕਾਂ ਉਤੇ ਗਲਬਾ ਪੈਦਾ ਕਰ ਲੈਂਦੇ ਹਨ। ਜਿਹਨਾਂ ਕੌਮਾਂ ਦੇ ਲੋਕ ਅਧਿਅਨ, ਖੋਜ ਅਤੇ ਸਿਰਜਣਾ ਵਿੱਚ ਪਿਛੇ ਰਹਿ ਜਾਂਦੇ ਹਨ, ਉਹ ਆਪਣੇ ਹੱਕ ਗੁਆ ਬਹਿੰਦੇ ਹਨ। ਗੁਆਚੇ ਹੱਕਾਂ ਨੂੰ ਵਾਪਿਸ ਲੈਣ ਲਈ ਉਹ ਕੁਰਬਾਨੀਆਂ ਦਿੰਦੇ ਹਨ ਅਤੇ ਜਦੋਜਹਿਦਾਂ ਕਰਦੇ ਹਨ।
ਅਸੀਂ ਦੇਖ ਸਕਦੇ ਹਾਂ ਕਿ ਜਦੋਂ ਬਾਬਾ ਫਰੀਦ ਅਧਿਆਤਮਕ ਸ਼ਲੋਕ ਼ਿਲਖ ਰਿਹਾ ਸੀ, ਉਸ ਵੇਲੇ ਇੰਗਲੈਂਡ ਵਿੱਚ ਰੌਜਰ ਬੇਕਨ ਨੇ ਇਬਨ ਸਿਨਹਾ ਅਤੇ ਇਬਨ ਰੁਸ਼ਦ ਦਾ ਪੁਰਾਤਨ ਗਰੀਕ ਕਿਤਾਬਾਂ ਦਾ ਤਬਸਰਾ ਪੜਿਆ, ਖਾਸ ਕਰ ਅਰਸਤੂ ਦਾ। ਇਹ ਪੜ੍ਹ ਕੇ ਉਸ ਨੇ ਕਿਹਾ ਕਿ ਕੁਦਰਤ ਨੂੰ ਸਮਝਣ ਲਈ ਤਜਰੁਬੇ ਕਰਨੇ ਚਾਹੀਦੇ ਹਨ। ਫਿਰ ਇੱਕ ਤੋਂ ਬਾਅਦ ਇੱਕ ਵਿਦਵਾਨ ਤਰਕ ਅਤੇ ਤਜੁਰਬੇ ਦੀ ਗੱਲ ਕਰਦਾ ਗਿਆ। ਨਤੀਜਾ ਇਹ ਹੋਇਆ ਕਿ ਛੇਤੀ ਹੀ ਯੂਰਪ ਵਿੱਚ ਉਹ ਵਿਗਿਆਨਕ ਇਨਕਲਾਬ ਆਇਆ, ਜਿਸ ਨਾਲ ਯੂਰਪੀਨ ਲੋਕ ਸਾਰੀ ਦੁਨੀਆਂ ਉਤੇ ਕਾਬਜ ਹੋ ਗਏ। ਭਾਰਤ, ਗੁਲਾਮੀ ਦੀ ਕੁੜੱਤਣ ਚੱਖਣ ਤੋਂ ਬਾਅਦ, ਆਪਣੀ ਰੂਹਾਨੀ ਨੀਂਦ ਤੋਂ ਜਾਗਿਆ, ਅਜ਼ਾਦੀ ਦੀ ਜੰਗ ਸ਼ੁਰੂ ਹੋਈ ਅਤੇ ਕੁਰਬਾਨੀਆਂ ਦਾ ਮੌਸਮ ਆਇਆ। ਸਾਡੇ ਵਿੱਚ ਇਹ ਪ੍ਰਗਤੀਸ਼ੀਲ ਵਿਚਾਰਧਾਰਾਵਾਂ ਦਾ ਸਮਾਂ ਸੀ।
ਕੌਮਾਂ ਲਈ ਹੱਕ ਗੁਆ ਕੇ ਵਾਪਿਸ ਲੈਣਾ ਪ੍ਰਗਤੀਸ਼ੀਲਤਾ ਹੈ ਜਾਂ ਪ੍ਰਤੀਕਰਮ? ਕੀ ਮਾਨੁਖਤਾ ਦੀਆਂ ਅਗਲੀਆਂ ਸਫਾਂ ਵਿੱਚ ਰਹਿ ਕੇ ਕੁਦਰਤ ਦਾ ਗਿਆਨ ਹਾਸਲ ਕਰਨਾ ਅਤੇ ਇਨਸਾਨੀ ਵਿਕਾਸ ਨੂੰ ਪ੍ਰਗਤੀ ਵਿੱਚ ਬਦਲਣ ਵਿੱਚ ਕ੍ਰਿਆਸ਼ੀਲ ਹੋਣਾ ਅਸਲ ਪ੍ਰਗਤੀਵਾਦ ਨਹੀਂ? ਇਹ ਸਵਾਲ ਮੈਂ ਪਾਠਕਾਂ ਲਈ ਛੱਡਦਾ ਹਾਂ।
ਇਨਸਾਨੀ ਸੀਮਤਤਾ ਤੋਂ ਸੁਤੰਤਰ ਹੋਣ ਲਈ ਕੁਦਰਤੀ ਵਰਤਾਰਿਆਂ ਦੀ ਸਮਝ ਅਤਿ ਜ਼ਰੂਰੀ ਹੈ। ਪਰ ਹੁਣ ਸਮਾਜਕ ਵਿਕਾਸ ਨੂੰ ਸਮਝਣਾ ਵੀ ਅਤਿ ਜ਼ਰੂਰੀ ਹੋ ਗਿਆ ਹੈ ਕਿਉਂਕਿ ਅਸੀਂ ਹੁਣ ਆਰਥਕ ਅਤੇ ਸਮਾਜਕ ਨਿਸਚਨਵਾਦ ਵਿੱਚ ਉਲਝੇ ਆਦਰਸ਼ ਸਮਾਜ ਨੂੰ ਉਡੀਕ ਰਹੇ ਹਾਂ।

ਭਾਗ 2
ਪੰਜਾਬ ਅਤੇ ਪ੍ਰਗਤੀਸ਼ੀਲ ਸਾਹਿਤ

ਪ੍ਰਗਤੀ ਇਨਸਾਨ ਦੀ ਲਗਾਤਾਰ ਹੋ ਰਹੀ ਬੇਹਤਰੀ ਦਾ ਨਾਂ ਹੈ। ਇਨਸਾਨ ਦੀ ਬੇਹਤਰੀ ਲਈ ਅਵਾਜ਼ ਬੁਲੰਦ ਕਰਨ ਵਾਲੇ ਲੇਖਕ ਅਤੇ ਚਿੰਤਕ ਪ੍ਰਗਤੀਸ਼ੀਲ ਅਖਵਾਉਂਦੇ ਹਨ। ਪ੍ਰਗਤੀ ਤੋਂ ਬਿਨਾਂ ਪਦਾਰਥਕ ਵਿਕਾਸ ਬੇਮਾਹਨੀ, ਬੇਹੂਦਾ ਅਤੇ ਖਤਰਨਾਕ ਹੈ। ਪਰ ਵਿਕਾਸ ਨੂੰ ਪ੍ਰਗਤੀ ਦਾ ਰੰਗ ਦੇਣਾ ਭਾਵੇਂ ਸਿਰਫ ਲੇਖਕਾਂ ਦੀ ਜਿ਼ੰਮੇਦਾਰੀ ਨਹੀਂ, ਪਰ ਲੇਖਕਾਂ, ਸਮਾਜ ਸੇਵਕਾਂ, ਸਮਾਜਕ ਚਿੰਤਕਾਂ ਅਤੇ ਵਿਗਿਆਨੀਆਂ ਦੀਆਂ ਘਾਲਾਂ ਅਤੇ ਸਮੂਹਕ ਕੋਸਿ਼ਸ਼ਾਂ ਹੀ ਇਹ ਕੰਮ ਸਿਰੇ ਚਾੜ੍ਹ ਸਕਦੀਆਂ ਹਨ। ਪੰਜਾਬ ਵਿੱਚ ਵੀਹਵੀਂ ਸਦੀ ਦੇ ਪਹਿਲੇ ਹਿੱਸੇ ਤੋਂ ਚਲਦੀ ਆ ਰਹੀ ਪ੍ਰਗਤੀਸ਼ੀਲਤਾ ਇੱਕ ਮਿਠਾ ਜਿਹਾ ਸੁਪਨਾ ਸੀ ਜੋ ਮਾਰਕਸਵਾਦ ਦੇ ਅਤਿ-ਸਾਦਗੀਕਰਨ ਵਿਚੋਂ ਪੈਦਾ ਹੋਇਆ ਸੀ। ਇਹ ਦਿਹਾਤੀ ਪੰਜਾਬੀ ਸੁਭਾ ਲਈ ਬੜਾ ਢੁੱਕਵਾਂ ਸੀ। ਪਰ ਹੁਣ ਜਿਸ ਹਾਲਾਤ ਵਿੱਚ ਪੰਜਾਬ (ਅਤੇ ਭਾਰਤ) ਦਾਖਲ ਹੋ ਰਿਹਾ ਹੈ, ਉਸ ਵਿੱਚ ਪ੍ਰਗਤੀਸ਼ੀਲਤਾ ਇੱਕ ਅਤਿ ਗੰਭੀਰ ਜਿ਼ੰਮੇਦਾਰੀ ਹੈ। ਅਸੀਂ ਉਹ ਪਦਾਰਥਕ ਤਾਕਤਾਂ ਨੂੰ ਹਰਕਤ ਵਿੱਚ ਲਿਆ ਚੁੱਕੇ ਹਾਂ ਜੋ, ਜੇਕਰ ਸੰਭਾਲੀਆਂ ਨਾ ਗਈਆਂ, ਤਾਂ ਨਤੀਜੇ ਬੜੇ ਗੰਭੀਰ ਹੋ ਸਕਦੇ ਹਨ। ਇਹਨਾਂ ਤਾਕਤਾਂ ਨਾਲ ਨਜਿੱਠਣ ਲਈ ਇੱਕ ਉਚਿਤ ਸਭਿਆਚਾਰ ਉਸਾਰਨਾ ਹੋਵੇਗਾ। ਕੈਨੇਡਾ ਵਿੱਚ ਪੰਜਾਬੀ ਲੇਖਕਾਂ ਅਤੇ ਚਿੰਤਕਾਂ ਦੀ ਜਿ਼ੰਮੇਦਾਰੀ ਦੋਹਰੀ ਹੈ। ਅਸੀਂ ਇਤਹਾਸ ਦੇ ਦੋ ਪੜਾਵਾਂ ਤੋਂ ਵਾਕਫ ਹਾਂ। ਕੈਨੇਡਾ ਜੋ ਇੱਕ ਸਨਅਤੀ ਤੌਰ ਤੇ ਵਿਕਸਤ ਮੁਲਕ ਹੈ, ਅਤੇ ਪੰਜਾਬ ਜੋ ਇਸ ਵਿੱਚ ਨਵਾਂ ਨਵਾਂ ਦਾਖਲ ਹੋਇਆ ਹੈ। ਸਾਡੀ ਜਿ਼ੰਮੇਦਾਰੀ ਪੰਜਾਬੀ ਪੜ੍ਹਨ ਵਾਲੇ ਲੋਕਾਂ ਵਲ ਭਾਵੇਂ ਵਧੇਰੇ ਹੈ ਕਿਉਂਕਿ ਉਹ ਹੋਰ ਭਾਸ਼ਾਵਾਂ ਦੇ ਸਾਹਿਤ ਨਾਲ ਸਿਧੇ ਤੌਰ ਤੇ ਸ਼ਾਇਦ ਸੰਪਰਕ ਵਿੱਚ ਨਾ ਹੋਣ, ਪਰ ਸੂਬਾਈ, ਕੌਮੀ ਜਾਂ ਧਾਰਮਕ ਹੱਦਾਂ ਮਸਨੂਈ ਹਨ ਅਤੇ ਸਾਡਾ ਸਰੋਕਾਰ ਅਸਲ ਵਿੱਚ ਇਨਸਾਨ ਨਾਲ ਹੈ।
ਹੁਣ ਅਸੀਂ ਕਿਥੇ ਹਾਂ?
ਇੱਕ ਵੇਲੇ ਬਰਤਾਨੀਆਂ ਦੇ ਸਨਅਤੀ ਇਨਕਲਾਬ ਨੇ ਸਾਨੂੰ ਗੁਲਾਮ ਬਣਾ ਦਿੱਤਾ ਸੀ। ਪਰ ਹੁਣ ਬਰਤਾਨੀਆਂ ਵਿਚੋਂ ਚਲਿਆ ਸਨਅਤੀ ਇਨਕਲਾਬ ਚੀਨ ਅਤੇ ਭਾਰਤ ਵਿੱਚ ਹੜ੍ਹ ਵਾਂਗ ਆ ਰਿਹਾ ਹੈ। ਮਸ਼ੀਨੀ ਸੰਦਾਂ ਨਾਲ ਵਧੀ ਉਤਪਦਕਤਾ ਦੌਲਤ ਦੇ ਭੰਡਾਰ ਪੈਦਾ ਕਰ ਰਹੀ ਹੈ। ਤਕਨੀਕੀ ਤਬਦੀਲੀ ਇੰਨੀ ਤੇਜ਼ੀ ਨਾਲ ਆ ਰਹੀ ਹੈ ਕਿ ਬਹੁਤ ਸਾਰੇ ਲੋਕ ਮਾਨਸਕ ਤੌਰ ਤੇ ਇਸ ਤੋਂ ਕਿਤੇ ਪਿਛੇ ਬੈਠੇ ਹਨ। ਭਾਰਤ ਵਿੱਚ ਸਨਅਤੀ ਅਤੇ ਉਤਰ-ਸਨਅਤੀ ਸਭਿਆਤਾਵਾਂ ਪਹੁੰਚ ਕੇ ਸੁਨਾਮੀ ਵਾਂਗ ਹਾਲਾਤ ਨੂੰ ਬਦਲ ਰਹੀਆਂ ਹਨ। ਨਾ ਸਿਰਫ ਰਿਸ਼ਤੇ ਹੀ ਲਾਈਨ ਤੇ ਲੱਗ ਰਹੇ ਹਨ ਸਗੋਂ ਇਨਸਾਨੀ ਜਿ਼ੰਦਗੀ ਵੀ। ਪੰਜਾਬ ਵਿੱਚ ਖੇਤੀ ਬਾੜੀ ਦੇ ਮਸ਼ੀਨੀਕਰਨ ਨਾਲ ਪਾਣੀ ਦੀ ਸਤਹ ਇੱਕ ਮੀਟਰ ਪ੍ਰਤੀ ਸਾਲ ਡਿੱਗ ਰਹੀ ਹੈ। ਪਾਣੀ ਅਤੇ ਮਿੱਟੀ ਵਿਚੋਂ ਉਹ ਰਸਾਇਣ ਮਿਲ ਰਹੇ ਹਨ ਜੋ ਅਸੀਂ ਕਦੀ ਕੈਮਿਸਟਰੀ ਦੀ ਜਮਾਤ ਵਿੱਚ ਵੀ ਨਹੀਂ ਸਨ ਪੜ੍ਹੇ; ਜਿਵੇਂ ਕਿ ਇੱਕ ਪੀ ਜੀ ਆਈ ਸਰਵੇ ਵਿੱਚ ਦੇਖਿਆ ਗਿਆ ਕਿ ਗੋਭੀ ਵਿਚ ਹੈਪਟਾਕਲੋਰ ਐਂਡੋਪਾਕਸਾਈਡ, ਕਲੋਰਪਾਈਰੀਫੋਜ਼, ਐਲਫਾ ਐਂਡੋਸਲਫੈਨ ਅਤੇ ਐਚ ਸੀ ਐਚ ਮਿਲੇ। ਅਤੇ ਆਰਗੈਨਿਕ ਪੀ ਓ ਪੀ ਦੀ ਧੂੜ ਪੰਜਾਬ ਵਿੱਚ ਆਮ ਮਿਲ ਰਹੀ ਹੈ ਜੋ ਅਣਗਿਣਤ ਬਿਮਾਰੀਆਂ ਦਾ ਕਾਰਨ ਬਣਦੀ ਹੈ ਜਿਵੇਂ ਕਿ ਅਗੜੇ ਦੁਗੜੇ ਅੰਗਾਂ ਵਾਲੇ ਬੱਚੇ ਪੈਦਾ ਹੋਣੇ। ਇੱਕ ਵਕਤ ਸੀ ਕਿ ਸਰਕਾਰੀ ਭ੍ਰਸ਼ਟਾਚਾਰ ਸਿਰਫ ਰਿਸ਼ਵਤ ਦੇਣ ਵਾਲੇ ਨੂੰ ਹੀ ਨੁਕਸਾਨ ਪਹੁੰਚਾਉਂਦਾ ਸੀ। ਪਰ ਹੁਣ ਪਰਦੂਸ਼ਣ ਰੋਕੂ ਅਧਿਕਾਰੀਆਂ ਦਾ ਭ੍ਰਸ਼ਟਾਚਾਰ ਸਾਰੇ ਪੰਜਾਬ ਲਈ ਆਤਮਘਾਤ ਬਣ ਰਿਹਾ ਹੈ। ਅਜਾਇਬ ਘਰਾਂ ਵਿੱਚ ਟਿਕਾਏ ਜਾਣ ਵਾਲੇ ਬੁੱਢੇ ਪੰਜਾਬ ਨੂੰ ਚਲਾ ਰਹੇ ਹਨ ਅਤੇ ਸਿਵਾਏ ਕੁਨਬਾਪ੍ਰਸਤੀ ਅਤੇ ਭ੍ਰਸ਼ਟ ਧਾਰਮਕ ਸਿਆਸਤ ਤੋਂ ਉਹਨਾਂ ਨੂੰ ਕੁੱਝ ਨਹੀਂ ਆਉਂਦਾ। ਸਾਫ ਜ਼ਾਹਰ ਹੈ ਕਿ ਪੰਜਾਬ ਨੂੰ ਸਭਿਆਚਾਰਕ ਨਵੀਨੀਕਰਨ ਦੀ ਲੋੜ ਹੈ।
ਸਭਿਆਚਾਰਕ ਨਵੀਨੀਕਰਨ

ਪੰਜਾਬੀ ਦੇ ਪ੍ਰਗਤੀਸ਼ੀਲ ਲੇਖਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਭਿਆਚਾਰਕ ਨਵੀਨੀਕਰਨ ਵਿੱਚ ਰਹਿਬਰੀ ਕਰਨ। ਨਵੀਨੀਕਰਨ ਤੋਂ ਭਾਵ ਹੈ ਕਿ ਪਨਪ ਰਹੀ ਸਨਅਤੀ ਸਭਿਅਤਾ ਲਈ ਉਹ ਉਚਿਤ ਸਭਿਆਚਾਰ ਸਿਰਜਣ ਦੀ ਲੋੜ ਹੈ ਜੋ ਮੌਜੂਦਾ ਹਾਲਾਤ ਵਿੱਚ ਪ੍ਰਗਤੀਸ਼ੀਲ ਵੀ ਹੋਵੇ ਅਤੇ ਯਥਾਰਥਕ ਵੀ। ਪਰ ਪੰਜਾਬੀ ਲੇਖਕ ਮਾਰਕਸਵਾਦ ਦਾ ਅਤਿ ਸਾਦਗੀਕਰਨ ਕੀਤਾ ਪੈਰਾਡਾਈਮ, ਜੋ ਵੀਹਵੀਂ ਸਦੀ ਦੇ ਸ਼ੁਰੂ ਤੋਂ ਚਲਦਾ ਆ ਰਿਹਾ ਹੈ, ਲੈ ਕੇ ਕਿਸੇ ਕ੍ਰਿਸ਼ਮੇ ਨੂੰ ਉਡੀਕ ਰਿਹਾ ਹੈ। ਸੱਜੇ ਪਾਸੇ ਧਾਰਮਕ ਲੋਕਾਂ ਦਾ ਯਕੀਨ-ਅਧਾਰਤ ਪੈਰਾਡਾਈਮ ਹੈ ਅਤੇ ਖੱਬੇ ਪਾਸੇ ਮਾਰਕਸਵਾਦ ਵਿੱਚ ਯਕੀਨ ਰੱਖਣ ਵਾਲਿਆਂ ਦਾ। ਵਿਚਕਾਰ ਉਹ ਹਨ ਜੋ ਬੇਫਿਕਰ ਹਨ। ਮਾਰਕਸ ਵਿੱਚ ਅਟੱਲ ਯਕੀਨ ਰੱਖਣ ਦੀ ਥਾਂ ਉਸ ਰਾਹੀਂ ਅਤੇ ਹੋਰ ਵਿਦਵਾਨਾਂ ਰਾਹੀਂ ਦਿੱਤੇ ਸਮਾਜਕ ਸਿਧਾਂਤਾਂ ਨੂੰ ਵਿਕਸਤ ਕਰਨ ਦੀ ਲੋੜ ਹੈ।
ਸਾਦਾ ਮਾਰਕਸਵਾਦ

ਮਾਰਕਸ ਦੇ ਫਲਸਫੇ ਵਿੱਚ ਅਤਿਅੰਤ ਚੰਗੇ ਅੰਸ਼ ਹਨ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਸਾਨੂੰ ਗੱਲ ਅੱਗੇ ਤੋਰਨੀ ਚਾਹੀਦੀ ਹੈ। ਮਾਰਕਸ ਦੇ ਆਪਣੇ ਫਲਸਫੇ ਅਨੁਸਾਰ ਇਹ ਸੱਚ ਹੈ ਕਿ ਹਰ ਫਲਸਫਾ ਆਪਣੇ ਇਤਹਾਸਕ ਸਮੇਂ ਦੀ ਗੱਲ ਕਰਦਾ ਹੈ। ਭਾਵੇਂ ਮਾਰਕਸ ਦਾ ਮਾਨਵਵਾਦ ਕਦੇ ਵੀ ਪੁਰਾਣਾ ਹੋਣ ਵਾਲਾ ਨਹੀਂ ਅਤੇ ਅਗੇ ਵਿਕਸਤ ਕਰਨ ਲਈ ਇੱਕ ਚੰਗਾ ਅਧਾਰ ਹ,ੈ ਪਰ ਉਸ ਦਾ ਪ੍ਰੋਲੇਤਾਰੀ ਦੇ ਇਨਕਲਾਬ ਦਾ ਮਾਡਲ ਉਨੀਵੀਂ ਸਦੀ ਦੇ ਪਹਿਲੇ ਹਿੱਸੇ ਦੇ ਪਦਾਰਥਕ ਹਾਲਾਤ ਦੀ ਤਸਵੀਰ ਹੈ। ਕਾਮਿਊਨਿਸਟ ਮੈਨੀਫੈਸਟੋ ਵਿੱਚ ਮਾਰਕਸ ਅਤੇ ਐਂਗਲਜ਼ ਲਿਖਦੇ ਹਨ: ਕੀ ਕਿਰਤ ਦਾ ਵੇਤਨ ਕਿਰਤੀ ਲਈ ਕੋਈ ਜਾਇਦਾਦ ਬਣਾਉਂਦਾ ਹੈ? ਭੋਰਾ ਵੀ ਨਹੀਂ। (ਸਫਾ 235 ਪੈਂਗੁਇਨ ਕਲਾਸਿਕਸ 1967) ਉਹ ਇਹ ਵੀ ਲਿਖਦੇ ਹਨ ਕਿ (ਉਸ ਵੇਲੇ ਦੇ ਇੰਗਲੈਂਡ ਵਿੱਚ) 90 ਫੀ ਸਦੀ ਲੋਕਾਂ ਕੋਲ ਕੋਈ ਜਾਇਦਾਦ ਨਹੀਂ ਸੀ (ਉਪਰੋਕਤ ਸਫਾ 237)। ਅੱਜ ਦੇ ਇੰਗਲੈਂਡ ਵਿੱਚ ਅਤੇ ਅੱਜ ਦੇ ਕੈਨੇਡਾ ਵਿੱਚ ਇੱਹ ਗੱਲ ਬਿਲਕੁਲ ਲਾਗੂ ਨਹੀਂ ਹੁੰਦੀ। ਪੰਜਾਬ ਵਿੱਚ ਵੀ 90 ਫੀ ਸਦੀ ਲੋਕ ਜਾਇਦਾਦ ਤੋਂ ਵਾਂਝੇ ਨਹੀਂ ਹਨ। ਵਿਕਸਤ ਦੇਸ਼ਾਂ ਵਿੱਚ ਪ੍ਰਲੇਤਾਰੀ ਜਮਾਤ ਇੱਕ ਘਟ ਰਹੀ ਜਮਾਤ ਹੈ, ਜਦੋਂ ਕਿ ਮਾਰਕਸ ਵੇਲੇ ਇਹ ਜਮਾਤ ਅਤਿਅੰਤ ਤੇਜ਼ੀ ਨਾਲ ਵਧ ਰਹੀ ਸੀ। ਮਾਰਕਸ ਦਾ ਕਹਿਣਾ ਸੀ ਕਿ ਬੁਰਯਵਾਜ਼ੀ ਦੇ ਨਿਜ਼ਾਮ ਵਿੱਚ ਸਾਰੀ ਅਬਾਦੀ ਦੋ ਜਮਾਤਾਂ ਵਿੱਚ ਵੰਡੀ ਜਾ ਰਹੀ ਹੈ - ਬੁਰਯਵਾ ਅਤੇ ਪ੍ਰਲੇਤਾਰੀ। ਹਾਲਾਤ ਬਹੁਤ ਬਦਲ ਚੁੱਕੇ ਹਨ ਅਤੇ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਅੱਖਾਂ ਖੋਹਲ ਕੇ ਤੁਰਨ ਦਾ ਹੋਰ ਕੋਈ ਬਦਲ ਨਹੀਂ। ਅੰਨ੍ਹਾਂ ਆਦਰਸ਼ਵਾਦ ਪ੍ਰਗਤੀ ਦੇ ਰਾਹ ਵਿੱਚ ਰੋੜਾ ਹੈ।
ਸਿਆਸੀ ਇਨਕਲਾਬ ਆਰਥਕ ਨਿਜ਼ਾਮ ਦੇ ਅਧਾਰ ਨੂੰ (ਉਤਪਾਦਨ ਦੇ ਸਾਧਨਾਂ ਆਦਿ ਨੂੰ) ਨਹੀਂ ਬਦਲ ਸਕਦੇ, ਸਗੋਂ ਆਰਥਕ ਨਿਜ਼ਾਮ ਸਿਆਸੀ ਨਿਜ਼ਾਮ ਉਤੇ ਤਬਦੀਲੀ ਦੇ ਡੂੰਘੇ ਨਿਸ਼ਾਨ ਪੈਦਾ ਕਰਦਾ ਹੈ। ਇਹ ਗੱਲ ਮਾਰਕਸ ਦੇ ਇਤਹਾਸਕ ਫਲਸਫੇ ਦਾ ਅਟੁੱਟ ਹਿੱਸਾ ਸੀ, ਪਰ ਉਸ ਨੇ ਫਿਰ ਵੀ ਰੂਸੀ ਇਨਕਲਾਬੀਆਂ ਨੂੰ ਕਿਹਾ ਕਿ ਇਨਕਲਾਬ ਲਿਆਓ ਅਤੇ ਸਰਮਾਏਦਾਰੀ ਨੂੰ ਬਾਈਪਾਸ ਕਰ ਜਾਓ। ਪਰ ਉਸ ਨੇ ਇਹ ਨਹੀਂ ਦਸਿਆ ਕਿ ਸਰਮਾਏਦਾਰੀ ਨਿਜ਼ਾਮ ਨੂੰ ਬਾਈਪਾਸ ਕਿਵੇਂ ਕੀਤਾ ਜਾ ਸਕਦਾ ਹੈ। ਮਾਰਕਸ ਨੂੰ ਸਰਮਾਏਦਾਰੀ ਬਾਰੇ ਇਹ ਇਤਰਾਜ਼ ਸੀ ਕਿ ਸਰਮਾਏਦਾਰ ਕਿਰਤੀ ਦੀ ਕਿਰਤ ਵਿਚੋਂ ਵਾਧੂ ਮੁੱਲ ਹਥਿਆ ਲੈਂਦਾ ਹੈ। ਪਰ ਸੋਵੀਅਤ ਯੂਨੀਅਨ ਵਿੱਚ ਵੀ ਵਾਧੂ ਮੁੱਲ ਕਿਰਤੀ ਨੂੰ ਨਹੀਂ ਮਿਲਿਆ। ਹੁਣ ਸਟੇਟ ਉਹ ਕੰਮ ਕਰਨ ਲੱਗਾ ਜੋ ਸਰਮਾਏਦਾਰ ਕਰਦਾ ਸੀ। ਸਾਡੇ ਕੋਲ ਇਸ ਗੱਲ ਦੀ ਤਫਸੀਲ ਵਿੱਚ ਜਾਣ ਦਾ ਥਾਂ ਨਹੀਂ ਹੈ। ਪਰ ਵਾਧੂ ਮੁੱਲ ਨੂੰ ਹਥਿਆਉਣਾ ਹੀ, ਮਾਰਕਸ ਲਈ, ਲੁੱਟ ਖਸੁੱਟ ਦਾ ਅਧਾਰ ਸੀ। ਬਾਵਜੂਦ ਚੰਗੀਆਂ ਭਾਵਨਾਵਾਂ ਦੇ ਇਹ ਅਧਾਰ ਸੋਵੀਅਤ ਯੂਨੀਅਨ ਵਿੱਚ ਵੀ ਉਂਜ ਦਾ ਉਂਜ ਚਲਦਾ ਰਿਹਾ ਅਤੇ ਲੁੱਟ ਖਸੁੱਟ ਜਾਰੀ ਰਹੀ। ਸੋ ਸਿਆਸੀ ਇਨਕਲਾਬ ਨਾਲ ਮੁੜ ਸੋਵੀਅਤ ਤਜੁਰਬੇ ਨੂੰ ਦੁਹਰਾਉਣ ਦੇ ਸੁਪਨੇ ਅਣਯਥਾਰਥਕ ਆਦਰਸ਼ਵਾਦ ਹੈ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਆਰਥਕ ਨਿਜ਼ਾਮ ਜੋ ਉਤਪਾਦਨ ਦੇ ਸਾਧਨਾਂ ਦੇ ਇਤਹਾਸਕ ਵਿਕਾਸ ਉਤੇ ਨਿਰਭਰ ਹੁੰਦਾ ਹੈ, ਨੂੰ ਸਿਆਸੀ ਨਿਜ਼ਾਮ ਨਹੀਂ ਬਦਲ ਸਕਦਾ ਤਾਂ ਇਸ ਨੂੰ ਕੌਣ ਬਦਲਦਾ ਹੈ? ਜਵਾਬ ਹੈ ਸਿਰਜਣਹਾਰ ਇਨਸਾਨ ਅਤੇ ਸ੍ਰਿਜਾਣਤਮਕ ਸਭਿਆਚਾਰ। ਜਦੋਂ ਨਿਊਕਾਮਨ ਨੇ ਸਟੀਮ ਇੰਜਣ ਨੂੰ ਵਰਤਣਯੋਗ ਬਣਾਇਆ ਤਾਂ ਉਸ ਨੇ ਸੁਤੇ ਸਿੱਧ ਸਨਅਤੀ ਇਨਕਲਾਬ ਦੀ ਸ਼ੁਰੂਆਤ ਕਰ ਦਿੱਤੀ। ਨਿਊਕਾਮਨ ਅਤੇ ਉਸ ਤੋਂ ਬਾਅਦ ਜੇਮਜ਼ ਵਾਟ ਨੇ ਕੰਬਸਚਨ ਦੀ ਤਾਕਤ ਦਾ ਯੁੱਗ ਸ਼ੁਰੂ ਕੀਤਾ। ਇਹ ਇੱਕ ਵਿਅਕਤੀਗਤ ਸਿਰਜਣਾ ਨਹੀਂ ਸੀ, ਸਗੋਂ ਬੇਗਿਣਤ ਹੋਰ ਕਾਢਾਂ ਅਤੇ ਸਿਧਾਂਤਾਂ ਨਾਲ ਸੰਭਵ ਹੋਇਆ ਇਨਸਾਨੀ ਕਾਰਨਾਮਾ ਸੀ। ਇਸ ਨਾਲ ਆਇਆ ਸਨਅਤੀ ਇਨਕਲਾਬ ਹੁਣ ਤੱਕ ਵੀ ਚੱਲ ਰਿਹਾ ਹੈ ਅਤੇ ਹੁਣ ਚੀਨ ਅਤੇ ਭਾਰਤ ਨੂੰ ਅਤਿਅੰਤ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਨਾਲ ਸਭਿਅਤਾ ਦੇ ਅਧਾਰ ਦਾ ਜੋ ਇਨਕਲਾਬ ਆਇਆ, ਉਸ ਨੇ ਗੰਭੀਰ ਸਭਿਆਚਾਰਕ ਤਬਦੀਲੀਆਂ ਲਿਆਂਦੀਆਂ। ਹੁਣ ਵੇਤਨ ਦੇ ਨਿਸਬਤਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਇੰਨੀਆਂ ਘਟ ਗਈਆਂ ਕਿ ਵਾਧੂ ਮੁੱਲ ਦੀ ਵਾਪਸੀ ਕੀਮਤਾਂ ਵਲੋਂ ਹੋਣ ਲੱਗੀ। ਸੋ ਉਤਪਾਦਨ ਦੇ ਵਾਧੇ ਦਾ ਫਾਇਦਾ ਸਾਰੇ ਸਮਾਜ ਨੂੰ ਹੋਇਆ। ਸੋਵੀਅਤ ਯੂਨੀਅਨ ਵਿੱਚ ਕੈਪੀਟਲ ਗੁਡਜ਼ ਸੈਕਟਰ ਦਾ ਬੜੀ ਤੇਜ਼ੀ ਨਾਲ ਵਾਧਾ ਹੋਕੇ ਅਰਥਚਾਰਾ ਸਥਗਤ ਹੋ ਗਿਆ ਅਤੇ ਖਪਤਕਾਰੀ ਸੈਕਟਰ ਵਿੱਚ ਇਹ ਵਾਧਾ ਨਾਂ ਹੋ ਸਕਿਆ। ਉਤਪਾਦਕਤਾ ਇੰਨੀ ਘਟ ਗਈ ਕਿ ਆਮ ਜ਼ਰੂਰੀ ਵਸਤੂਆਂ ਦੀ ਕਮੀ ਅਤਿਅੰਤ ਗੰਭੀਰ ਸੱਮਸਿਆ ਬਣ ਗਈ। ਹੁਣ ਇਹ ਗੱਲ ਸਪਸ਼ਟ ਹੈ ਕਿ ਸਿਆਸੀ ਇਨਕਲਾਬ ਸਰਮਾਏਦਾਰੀ ਨੂੰ ਖਤਮ ਕਰਨ ਲਈ ਕਾਫੀ ਨਹੀਂ। ਸਰਮਾਏਦਾਰੀ ਦਾ ਖਾਤਮਾ ਤਕਨੀਕੀ ਇਨਕਲਾਬ ਹੀ ਕਰ ਸਕਦਾ ਹੈ ਜੋ ਉਤਪਾਦਨ ਦੇ ਸਾਧਨਾਂ ਦੇ ਵਿਕਾਸ ਨੂੰ ਇੱਕ ਦਿਨ ਸਰਮਾਏਦਾਰੀ ਦੇ ਗੇੜ ਵਿਚੋਂ ਅੱਗੇ ਤੋਰ ਦੇਵੇਗਾ।
ਪਰ ਕੌਣ ਲਿਆਵੇਗਾ ਉਹ ਤਕਨੀਕੀ ਇਨਕਲਾਬ ਜੋ ਸਰਮਾਏਦਾਰੀ ਨੂੰ ਇੱਕ ਦਿਨ ਬੇਸੰਦਰਭ ਕਰ ਦੇਣ ਦੀ ਸੰਭਾਵਨਾ ਰੱਖਦਾ ਹੈ। ਇਹ ਸ਼ਕਤੀਆਂ ਪਹਿਲਾਂ ਹੀ ਮੰਡੀ ਦੇ ਮੁਕਾਬਲੇ ਵਿੱਚ ਮੌਜੂਦ ਹਨ ਅਤੇ ਬੜੇ ਜੋਸ਼ੋ ਖਰੋਸ਼ ਨਾਲ ਕੰਮ ਕਰ ਰਹੀਆਂ ਹਨ। ਮਾਰਕਸ ਅਤੇ ਐਗਲਜ਼ ਨੇ ਕਿਹਾ ਸੀ: ਬੁਰਯਵਾਜ਼ੀ ਬਚ ਹੀ ਨਹੀਂ ਸਕਦੀ ਉਤਪਾਦਨ ਦੇ ਔਜ਼ਾਰਾਂ ਵਿੱਚ ਲਗਾਤਾਰ ਇਨਕਲਾਬੀ ਪਰਿਵਰਤਨ ਲਿਆਏ ਬਿਨਾਂ; ਇਸ ਨਾਲ ਉਤਪਾਦਨ ਦੇ ਰਿਸ਼ਤਿਆਂ ਵਿੱਚ, ਅਤੇ ਸਮਾਜਕ ਰਿਸ਼ਤਿਆਂ ਵਿੱਚ (ਉਕਤ ਸਫਾ 222)। ਇਸ ਕੰਮ ਲਈ ਬੁਰਯਵਾਜ਼ੀ ਤਕਨੀਕੀ ਵਿਦਵਾਨਾਂ ਨੂੰ ਵਰਤਦੀ ਹੈ। ਅਮਰੀਕਾ ਵਿੱਚ ਭਾਰਤੀ ਆਈ ਆਈ ਟੀ ਦੇ ਇੰਜਨੀਅਰਾਂ ਦੀ ਵਾਰਤਾ ਕੌਣ ਨਹੀਂ ਜਾਣਦਾ। ਪਰ ਕਿਉਂਕਿ ਇਹ ਪਰੀਵਰਤਨ ਆਪ ਮੁਹਾਰਾ ਹੈ, ਇਸ ਲਈ ਹੁਣ ਉਹਨਾਂ ਵਿਦਵਾਨਾਂ ਦੀ ਲੋੜ ਹੈ ਜੋ ਸਮੁੱਚੀ ਤਸਵੀਰ ਉਤੇ ਨਜ਼ਰ ਰੱਖਣ ਅਤੇ ਮਾਨੁਖਤਾ ਦੇ ਇਸ ਕਾਫਲੇ ਦੀ ਭਲਾਈ ਬਾਰੇ ਚਿੰਤਾਤੁਰ ਅਤੇ ਸੁਚੇਤ ਰਹਿਣ।
ਵਿਗਿਆਨ ਅਤੇ ਫਲਸਫੇ ਦੇ ਵਿਦਵਾਨ ਇਨਸਾਨੀ ਸਭਿਅਤਾ ਦੇ ਟਰੱਸਟੀ ਹੋਣੇ ਚਾਹੀਦੇ ਹਨ। ਪਰ ਕਦੇ ਵੀ ਇੱਕ ਵਿਅਕਤੀ ਇਹ ਕੰਮ ਨਹੀਂ ਕਰ ਸਕਦਾ। ਵਿਦਵਾਨੀ ਦਾ ਮਾਹੌਲ ਜਦੋਂ ਬਣਦਾ ਹੈ ਉਸ ਵਕਤ ਬਹੁਤ ਸਾਰੇ ਲੋਕ ਇਨਸਾਨ ਦੇ ਗਿਆਨ ਦੀ ਸੀਮਾਂ ਨੂੰ ਅੱਗੇ ਤੋਰਦੇ ਹਨ। ਪੁਰਾਤਨ ਯੁਨਾਨ ਵਿੱਚ ਅਜਿਹਾ ਮਾਹੌਲ ਬਣਿਆ ਸੀ ਅਤੇ ਉਹਨਾਂ ਨੇ ਜੋ ਇਨਸਾਨੀ ਵਿਕਾਸ ਲਈ ਕੰਮ ਕੀਤਾ ਉਹ ਬੇਮਿਸਾਲ ਹੈ। ਫਿਰ ਇਹ ਹਾਲਾਤ ਮੱਧਯੁਗੀ ਯੂਰਪ ਵਿੱਚ ਬਣੇ ਜਿਸ ਨਾਲ ਐਨਲਾਈਟਨਮੈਂਟ ਦਾ ਦੌਰ ਆਇਆ, ਜਿਸ ਦੁਆਰਾ ਆਏ ਵਿਗਿਆਨਕ ਵਿਕਾਸ ਦੇ ਨਾਲ ਸੱਭ ਕੁੱਝ ਬਦਲ ਗਿਆ। ਜੇਕਰ ਇਸ ਨਾਲ ਇਨਸਾਨ ਨੇ ਕੁਦਰਤੀ ਸ਼ਕਤੀਆਂ ਨੂੰ ਵਸ ਕਰਨ ਦੀ ਪ੍ਰਕ੍ਰਿਆ ਆਰੰਭੀ ਤਾਂ ਉਸ ਦੇ ਨਾਲ ਨਾਲ ਇਨਸਾਨੀ ਹੱਕ ਵੀ ਸਥਾਪਤ ਕੀਤੇ।
ਵਿਦਵਤਾਹੀਨ ਸਭਿਆਚਾਰ

ਪੰਜਾਬੀ ਸਭਿਆਚਾਰ ਵਿੱਚ ਕਿਤਾਬਾਂ ਨਹੀਂ ਪੜ੍ਹਨ ਦਾ ਝੁਕਾਅ ਇੱਕ ਅਤਿਅੰਤ ਖਤਰਨਾਕ ਗੱਲ ਹੈ। ਇਵੇਂ ਹੀ ਵਿਗਿਆਨ ਅਤੇ ਫਲਸਫੇ ਦੇ ਮੌਲਿਕ ਵਿਸਿ਼ਆਂ ਉਤੇ ਗੱਲ ਬਾਤ ਗੁੰਮ ਹੈ। ਮਾਦਾ ਭਰੂਣ-ਹੱਤਿਆ ਅਤੇ ਵਿਦਵਤਾ ਦੀ ਕਮੀ ਸਾਨੂੰ ਅਤਿਅੰਤ ਨੁਕਸਾਨ ਪਹੁੰਚਾ ਰਹੀ ਹੈ। ਅਸੀਂ ਅਣਯਥਾਰਥਕ ਆਦਰਸ਼ਵਾਦ ਫੜ ਕੇ ਬਾਬੇ ਫਰੀਦ ਵੇਲੇ ਵਾਲੀ ਗਫਲਤ ਫਿਰ ਕਰ ਰਹੇ ਹਾਂ। ਭਾਵੇਂ ਸਿੱਖ ਧਰਮ ਉਸ ਵੇਲੇ ਇੱਕ ਪ੍ਰਗਤੀਸ਼ੀਲ ਫਲਸਫਾ ਸੀ, ਪਰ ਰੱਬ ਦੀ ਭਗਤੀ ਅਤੇ ਕੁਦਰਤ ਦਾ ਅਧਿਅਨ ਵੱਖ ਵੱਖ ਨਤੀਜੇ ਪੈਦਾ ਕਰਦੇ ਹਨ। ਪੰਜਾਬੀ ਲੋਕਾਂ ਨੂੰ ਜਾਗਰਤੀ ਦੀ ਲੋੜ ਹੈ ਅਤੇ ਉਹੀ ਸਾਹਿਤ ਪ੍ਰਗਤੀਸ਼ੀਲ ਹੈ ਜੋ ਇਹਨਾਂ ਨੂੰ ਜਗਾ ਸਕੇ।
ਇਸ ਧਰਤੀ ਉਤੇ ਇਨਸਾਨ ਦੀ ਹੋਂਦ ਇੱਕ ਬ੍ਰਹਮੰਡੀ ਇਤਫਾਕ ਅਤੇ ਅਜੀਬ ਚਮਤਕਾਰ ਹੈ ਜਿਸ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਦੀ ਬਰਕਰਾਰੀ ਅਤੇ ਬੇਹਤਰੀ ਲਈ ਕੰਮ ਕਰਨਾ ਹੀ ਅਸਲ ਪ੍ਰਗਤੀਸ਼ੀਲਤਾ ਹੈ, ਜੋ ਵੱਖ ਵੱਖ ਸੰਦਰਭਾਂ ਵਿੱਚ ਵੱਖ ਵੱਖ ਰੂਪ ਧਾਰਨ ਕਰਦੀ ਹੈ। ਸਵਰਗ ਅਤੇ ਨਰਕ ਦੋਹਵੇਂ ਸੰਭਵ ਹਨ ਅਤੇ ਦੋਹਵੇਂ ਸਾਡੀ ਆਪਣੀ ਨੀਯਤ ਅਤੇ ਕੋਸਿ਼ਸ਼ ਉਤੇ ਨਿਰਭਰ ਹਨ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346