Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 

ਨੌਕਰੀ
- ਇਕਬਾਲ ਰਾਮੂਵਾਲੀਆ (905-792-7357)

 

ਐਮ. ਏ. ਪਾਰਟ ਟੂਅ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਸਵੇਰ: ਮੈਂ ਦੇਖਿਆ, ਸਾਡੇ ਕਲਾਸਰੂਮ ਦੇ ਬਾਹਰ, ਵਿਰਲੇ-ਵਿਰਲੇ ਪੌਦੇ ਹੀ ਐਧਰ-ਓਧਰ ਘੁੰਮ ਰਹੇ ਸਨ, ਖਿੜੇ ਹੋਏ ਬੁਲ੍ਹ ਤੇ ਚਮਕ ਵੰਡਦੀਆਂ ਅੱਖਾਂ! ਪਾਰਟ ਵਨ ਵਾਲ਼ੀ ਕਲਾਸ ਦਾ ਸਾਰਾ ਘਾਹ-ਫੂਸਅਲੋਪ ਸੀ। ਪਿਛਲੇ ਵਰ੍ਹੇ ਇਨ੍ਹਾਂ ਹੀ ਦਿਨਾਂ ਚ ਇਤਰ-ਫੁਲੇਲ ਦਾ ਸੇਕ ਮਾਰਦੀਆਂ ਕੁੜਤੀਆਂ ਦੇ ਨਾਲ਼-ਨਾਲ਼ ਅੰਗਰੇਜ਼ੀ ਦੀ ਕਿਚਰ-ਕਿਚਰ ਵੀ ਗ਼ਾਇਬ ਸੀ, ਤੇ ਟੈਲਕਮ ਪਾਊਡਰ ਨਾਲ਼ ਲੇਪੀਆਂ ਧੌਣਾਂ ਵੀ ਕਿਧਰੇ ਨਜ਼ਰ ਨਹੀਂ ਸਨ ਆ ਰਹੀਆਂ।
ਯਾਰ, ਕਿੱਧਰ ਗਈਆਂ ਸਾਰੀਆਂ ਦੀਆਂ ਸਾਰੀਆਂ ਕਾਨਵੈਂਟਣਾ? ਮੈਂ ਗੁਰਮੀਤ ਨੂੰ ਪੁੱਛਿਆ।
ਉਨ੍ਹੇ ਆਪਣੀ ਸੱਜੀ ਅੱਖ ਨੂੰ ਮੀਟਿਆ ਤੇ ਬੁੱਲ੍ਹਾਂ ਚ ਘੁੱਟੀ ਸ਼ਰਾਰਤ ਨੂੰ ਪੁੜੀ ਵਾਂਗ ਖਿਲਾਰ ਦਿੱਤਾ: -ਸਾਲ਼ੀਆਂ ਐਸਪਰੀਨ ਦੀਆਂ ਗੋਲ਼ੀਆਂ ਨਿਗਲ ਕੇ, ਸੂਟਕੇਸਾਂ ਨੂੰ ਫਰੋਲ਼ਦੀਆਂ ਹੋਣਗੀਆਂ!
-ਸੂਟਕੇਸਾਂ ਨੂੰ ਉਹ ਕਾਹਦੇ ਲਈ ਫਰੋਲਣਗੀਆਂ? ਮੈਂ ਆਪਣੀਆਂ ਅੱਖਾਂ ਨੂੰ ਸੁੰਗੇੜਿਆ। -ਉਹ ਤਾਂ ਹੁਣ ਬੀ. ਐੱਡ. ਕਾਲਜਾਂ ਦੇ ਪ੍ਰਾਸਪੈਕਟਸ ਫਰੋਲਣਗੀਆਂ।
-ਉਏ ਕੰਮਲਿ਼ਆ, ਸੂਟਕੇਸਾਂ ਚ ਕਰੂਲ਼ਾ ਦੇਣਗੀਆਂ ਉਹ ਸਕਾਰਫ਼ਾਂ ਨੂੰ ਲੱਭਣ ਲਈ!
-ਪਰ, ਜਨਾਬ ਜੀ, ਗਰਮੀਆਂ ਚ ਸਕਾਰਫ਼ ਕੀ ਕਰਨੇ ਐਂ ਉਨ੍ਹਾਂ ਨੇ? ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ। ਤੂੰ ਵੀ, ਗੁਰਮੀਤ ਸਿਅ੍ਹਾਂ, ਮੁਕਸਰ ਦੇ ਪਿੰਡਾਂ ਨੂੰ ਨਾਲ਼ ਈ ਧੂਈ ਫਿਰਦੈਂ ਲੁਧਿਆਣੇ ਦੇ ਬਜ਼ਾਰਾਂ ਚ ਵੀ!
-ਉਏ ਦੁਖਦੇ ਸਿਰਾਂ ਉਦਾਲ਼ੇ ਹੋਰ ਉਹ ਰਜਾਈਆਂ ਨੂੰ ਕਸਣਗੀਆਂ? ਗੁਰਮੀਤ ਨੇ ਆਪਣੇ ਖੱਬੇ ਭਰਵੱਟੇ ਨੂੰ ਉੱਪਰ ਵੱਲ ਨੂੰ ਝਟਕਿਆ।
-ਹਾ, ਹਾ, ਹਾ, ਹਾ!
-ਹਾਲੇ ਤਾਂ ਦੇਖੀਂ ਆਥਣ ਵੇਲੇ ਨੀਂਦ ਦੀਆਂ ਗੋਲ਼ੀਆਂ ਮੰਗਵਾਉਣਗੀਆਂ ਨੌਕਰਾਣੀਆਂ ਤੋਂ, ਉਹ ਵੀ ਘਰਦਿਆਂ ਤੋਂ ਚੋਰੀ!
ਮੇਰੀ, ਸੁਖਸਾਗਰ, ਬਲਜੀਤ ਗਰਚਾ, ਤੇ ਗੁਰਮੀਤ ਬਰਾੜ ਦੀ ਢਾਣੀ ਜਿਉਂ ਹੀ ਮੂਹਰਲੇ ਦਰਵਾਜਿ਼ਓਂ ਕਲਾਸਰੂਮ ਚ ਦਾਖ਼ਲ ਹੋਈ, ਖੱਬੀ ਬਾਹੀ ਤੋਂ, ਪਿਛਲੇ ਸਾਲ ਵਾਲ਼ੇ ਅਖ਼ੀਰਲੇ ਡੈਸਕ ਦਬਵੀਂ ਸੁਰ ਚ ਸਾਨੂੰ ਆਵਾਜ਼ਾਂ ਮਾਰਨ ਲੱਗੇ। ਗੁਰਮੀਤ ਨੇ ਆਪਣੇ ਰੁਮਾਲ ਨਾਲ਼ ਸਾਡੇ ਵਾਲ਼ੇ ਡੈਸਕ ਤੋਂ, ਪਿਛਲੇ ਸਾਲ ਵਾਲ਼ੇ ਭੈਅ ਨੂੰ ਝਾੜਿਆ, ਤੇ ਨੋਟਬੁੱਕ ਚ ਪਹਿਲੇ ਸਫ਼ੇ ਤੇ ਓਸ ਦਿਨ ਦੀ ਤਰੀਕ ਲਿਖਣ ਲੱਗਾ। ਪਿਛਲਾ ਸਾਰਾ ਸਾਲ ਪਹਿਲੀਆਂ ਕਤਾਰਾਂ ਚ ਬੈਠਣ ਵਾਲ਼ੀਆਂ ਪੰਜ-ਛੇ ਕੁੜਤੀਆਂ ਆਪਣੀਆਂ ਥਰਡ ਡਵਿਯਨਾਂ ਨੂੰ ਚੁੰਨੀਆਂ ਹੇਠ ਲੁਕੋਂਦੀਆਂ, ਸੱਜੇ ਪਾਸੇ ਵਾਲ਼ੇ ਅਖ਼ੀਰਲੇ ਡੈਸਕਾਂ ਵੱਲ ਨੂੰ ਵਧੀਆਂ। ਮੂਹਰਲੇ ਸਾਰੇ ਡੈਸਕਾਂ ਨੂੰ ਇਕੱਲਤਾ ਚ ਡੁੱਬੇ ਦੇਖ ਕੇ ਪ੍ਰਫ਼ੈਸਰ ਨੇ ਮੇਰੇ ਤੇ ਗੁਰਮੀਤ ਵੱਲੀਂ ਆਪਣੀਆਂ ਨਜ਼ਰਾ ਗੇੜੀਆਂ।
-ਇਕਬਾਲ ਸਿੰਘ! ਉਨ੍ਹੇ ਬਾਂਹ ਨੂੰ ਸਾਹਮਣੇ ਵਧਾਅ ਕੇ, ਪੰਜੇ ਨੂੰ ਆਪਣੇ ਵੱਲ ਨੂੰ ਝੱਲਿਆ। ਕਮ ਫ਼ੋਰਵਰਡ ਹੀਅਰ... ਦੀਜ਼ ਸੀਟਸ ਆਰ ਫ਼ੋਰ ਯੂ! ਯੂ ਸ਼ੁਡਅੰਟ ਬੀ ਸਿਟਿੰਗ ਐਟ ਦ ਬੈਕ ਦਿਸ ਯੀਅਰ!
ਅਸੀਂ ਚਾਰਾਂ ਨੇ ਇੱਕ-ਦੂਜੇ ਨਾਲ਼ ਨਜ਼ਰਾਂ ਮਿਲਾਈਆਂ; ਤੇ ਮੇਰੇ ਸਿਰ ਦਾ ਝਟਕਾ ਵਜਦਿਆਂ ਹੀ, ਅਸੀਂ ਚਾਰੇ ਜਕਦੇ-ਜਕਦੇ ਉੱਠ ਕੇ ਮੂਹਰਲੇ ਡੈਸਕਾਂ ਤੇ ਜਾ ਬੈਠੇ।
ਪ੍ਰੋਫ਼ੈਸਰ ਨੇ, ਸਾਡੀ ਵਿਰਲੀ ਹੋ ਗਈ ਕਲਾਸ ਨੂੰ, ਐਮ. ਏ. ਪਾਰਟ ਵਨ ਪਾਸ ਕਰਨ ਲਈ ਕਾਨਗਰੈਚੂਲੇਟ ਕੀਤਾ, ਤੇ ਫਿ਼ਰ ਪੂਰੇ ਬਲੈਕ-ਬੋਰਡ ਨੂੰ ਐਮ. ਏ. ਪਾਰਟ ਟੂਅ ਦੇ ਸਲੇਬਸ ਨਾਲ਼ ਲਿੱਪ ਦਿੱਤਾ। ਸਲੇਬਸ ਨੂੰ ਕਾਪੀ ਕਰਦਿਆਂ ਮੈਂ ਦੇਖਿਆ ਕਿ ਸ਼ੈਕਸਪੀਅਰ ਤੇ ਟਾਮਸ ਹਾਰਡੀ ਵਰਗੇ ਬਜ਼ੁਰਗ ਲੇਖਕ ਸਾਨੂੰ ਐਮ. ਏ. ਪਾਰਟ ਟੂਅ ਦੇ ਸਲੇਬਸ ਵਿਚਲੀਆਂ ਨਵੀਆਂ ਕਲਮਾਂ ਦੀਆਂ ਉਂਗਲ਼ਾਂ ਫੜਾਅ ਕੇ, ਆਪ ਪਾਰਟ ਵਨ ਦੇ ਗੁਰਮੀਤਾਂ-ਇਕਬਾਲਾਂ ਨੂੰ ਸ਼ਸ਼ੋਪੰਜ ਚ ਧੱਕਣ ਵਿੱਚ ਰੁੱਝ ਗਏ ਸਨ। ਉਸੇ ਸ਼ਾਮ ਅਮਰੀਕਨ ਸ਼ਾਇਰ ਟੀ ਐਸ ਏਲੀਅਟ ਨਵੇਂ ਮੁਹਾਂਦਰੇ ਵਾਲ਼ੀ ਆਪਣੀ ਸ਼ਾਇਰੀ ਲੈ ਕੇ, ਚੌੜੇ ਬਾਜ਼ਾਰ ਵਾਲ਼ੇ ਲਾਇਲ ਬੁੱਕ ਸਟੋਰ ਤੇ ਸਾਡੀ ਇੰਤਜ਼ਾਰ ਕਰ ਰਿਹਾ ਸੀ। ਅਗਲੇ ਦਿਨਾਂ ਚ, ਨਾਵਲਕਾਰ ਡੀ. ਐਚ. ਲਾਅਰੰਸ ਲੇਡੀ ਚੈਟਰਲੀ ਦੇ ਪ੍ਰੇਮੀ ਦੀਆਂ ਕਾਮੁਕ ਖੁਲ੍ਹਾਂ ਨੂੰ ਬੇਪਰਦ ਕਰਨ ਲੱਗਾ, ਤੇ ਜੇਮਜ਼ ਜੋਆਇਸ, ਵਰਜਿਨੀਆ ਵੁਲਫ਼, ਅਤੇ ਔਲਡਸ ਹਕਸਲੀ ਵਰਗੇ ਲੇਖਕ ਸਾਡੇ ਸਿਰਾਂ ਉਦਾਲ਼ੇ ਰੌਸ਼ਨਦਾਨ ਖੋਦਣ ਲੱਗੇ। ਇਨ੍ਹਾਂ ਰੌਸ਼ਨਦਾਨਾਂ ਦੀ ਤਾਜ਼ੀ ਹਵਾ ਰਾਹੀਂ ਨਵੇਂ ਹਾਸ਼ੀਆਂ ਚੋਂ ਉੱਛਲ਼ਦੇ ਨਵੇਂ ਮੁਹਾਵਰੇ, ਵਲ਼ੇਵੇਂਦਾਰ ਵਾਕ-ਬਣਤਰ, ਤੇ ਨਵੀਂ ਸ਼ਬਦਾਵਲੀ ਸਾਡੀਆਂ ਨੋਟਬੁੱਕਾਂ ਚ ਅੰਕਿਤ ਹੋਣ ਲਈ ਤਾਂਘਣ ਲੱਗੀ। ਮੈਂ ਗੁਰਮੀਤ ਨੂੰ ਕਿਹਾ, ਨਵੇਂ ਸ਼ਬਦ ਨੂੰ ਘੋਟਾ ਲਾ ਕੇ ਮਨ ਚ ਨਹੀਂ ਵਸਾਇਆ ਜਾ ਸਕਦਾ; ਇਹ ਤਾਂ ਤਦ ਹੀ ਆਪਣਾ ਬਣਦਾ ਹੈ ਅਗਰ ਇਸ ਨੂੰ ਅਸੀਂ ਅਰਥ-ਭਰਪੂਰ ਫਿ਼ਕਰਿਆਂ ਚ ਵਰਤ ਕੇ, ਪੂਰੇ ਫਿ਼ਕਰੇ ਨੂੰ ਵਾਰ-ਵਾਰ ਪੜ੍ਹਾਂਗੇ ਤੇ ਨਵੇਂ ਲਫ਼ਜ਼ਾਂ ਨੂੰ ਆਮ ਜਿ਼ੰਦਗੀ ਚ ਇਸਤੇਮਾਲ ਵੀ ਕਰਾਂਗੇ। ਉਸ ਦਿਨ ਤੋਂ ਬਾਅਦ, ਜਿਹੜਾ ਨਵਾਂ ਲਫ਼ਜ਼ ਸਾਡੇ ਅੜਿੱਕੇ ਆ ਜਾਂਦਾ, ਉਹਨੂੰ ਫਿ਼ਕਰੇ ਚ ਪ੍ਰੋਅ ਕੇ ਅਸੀਂ ਇੱਕ ਵੱਖਰੀ ਕਾਪੀ ਦੇ ਸਪੁਰਦ ਕਰੀ ਜਾਂਦੇ ਤੇ ਫਿ਼ਕਰਿਆਂ ਦੀ ਲਗਾਤਾਰ-ਫੈਲ-ਰਹੀ ਇਸ ਮਾਲ਼ਾ ਨੂੰ ਅਸੀਂ ਹਰ ਰੋਜ਼ ਫੇਰਨ ਲੱਗੇ।
ਸੁਆਲਾਂ ਦੇ ਜਵਾਬਾਂ ਲਈ ਅਸੀਂ ਪਿਛਲੇ ਸਾਲ ਵਾਲੇ ਨੋਟਸ-ਫ਼ਾਰਮੂਲੇ ਦੀ ਝਾੜ-ਪੂੰਝ ਕਰਨ ਲੱਗੇ: ਰੁਟੀਨ ਜਾਣਿਆਂ-ਪਹਿਚਾਣਿਆਂ ਸੀ, ਪਰ ਕਿਤਾਬਾਂ ਓਪਰੀਆਂ! ਜਿਸ ਕਿਤਾਬ ਦਾ ਸਫ਼ਰ ਅਸੀਂ ਚਾਹ ਦੀਆਂ ਚੁਸਕੀਆਂ ਵਾਂਗ ਰੁਕ-ਰੁਕ ਕੇ ਮੁਕਾਉਂਦੇ, ਉਸ ਨੂੰ ਤਹਿ ਕਰ ਕੇ, ਅਸੀਂ ਉਸ ਬਾਰੇ ਪਿਛਲੇ ਛੇ-ਸੱਤ ਸਾਲਾਂ ਦੌਰਾਨ ਇਮਤਿਹਾਨ ਚ ਆਏ ਸੁਆਲਾਂ ਨੂੰ ਲੱਭਣ ਲਈ, ਕੁੰਡੀਆਂ ਸੁੱਟਣ ਲਗਦੇ। ਕਿਤਾਬਾਂ ਲਈ ਸੰਭਾਵਤ ਸਵਾਲਾਂ ਦੇ ਜਵਾਬ ਮੇਰੀ ਤੇ ਗੁਰਮੀਤ ਦੀ ਜਿਹੜੀ ਵੀ ਕਾਪੀ ਚ ਜੁੜਦੇ, ਉਹ ਨਿੱਕਿਆਂ ਲੜਕੀਆਂ ਦੇ ਹਾਸਟਲ ਚ ਸੁਖਸਾਗਰ ਕੋਲ਼ ਰਾਤਾਂ ਬਿਤਾਉਣ ਲਈ ਨਿਆਣਿਆਂ ਵਾਂਗੂੰ ਰਿਹਾੜ ਕਰਨ ਲਗਦੀ।
ਦਸੰਬਰ ਦੀਆਂ ਇੱਕ-ਸਪਤਾਹੀ ਛੁੱਟੀਆਂ ਮੁੱਕਦਿਆਂ ਹੀ, ਸਾਰੀਆਂ ਕਿਤਾਬਾਂ ਦਾ ਨੋਟਸੀ-ਸਫ਼ਰ ਵੀ ਸੰਪੂਰਨ ਹੋ ਗਿਆ ਸੀ।
ਹੁਣ ਅਪਰੈਲ ਚ ਪੈਣ ਵਾਲ਼ੇ ਫ਼ਾਈਨਲ ਪਰਚੇ ਸੁਪਨਿਆਂ ਚ ਤੈਰਨ ਲੱਗੇ: ਮੈਂ ਉਨ੍ਹਾਂ ਨੂੰ ਫੜਨ ਲਈ ਉੱਛਲ਼ਦਾ ਪਰ ਉਹ ਮੇਰੀਆਂ ਉਂਗਲ਼ਾਂ ਚੋਂ ਤਿਲਕ ਕੇ ਹਵਾ ਚ ਰਲ਼ ਜਾਂਦੇ। ਡੌਰ-ਭੌਰ ਹੋਇਆ ਮੈਂ ਹੋਰ ਉੱਚਾ ਉੱਛਲ਼ਦਾ, ਤਾਂ ਪਰਚੇ ਮੇਰੇ ਹੱਥਾਂ ਉਦਾਲ਼ੇ ਲਿਪਟ ਜਾਂਦੇ: ਉਨ੍ਹਾਂ ਵਿੱਚ ਅੰਗਰਜੀ ਵਾਲਾ ਮਾਸ਼ਟਰ ਬੈਂਤ ਘੁਮਾਉਂਦਾ ਸਾਡੀ ਕਲਾਸ ਚ ਖਲੋਤਾ ਦਿਸਦਾ, ਪਰ ਮੈਨੂੰ ਦੇਖਦਿਆਂ ਹੀ ਉਸ ਦੇ ਬੁੱਲ੍ਹ ਕੰਬਣ ਲਗਦੇ ਤੇ ਉਹ ਪਿੱਛੇ ਹਟਦਾ-ਹਟਦਾ ਦੌੜ ਕੇ ਦੂਸਰੇ ਕਮਰੇ ਚ ਵੜ ਜਾਂਦਾ। ਸੋਹਣ ਸਿੰਘ ਮਲੀਟਰ ਆਖ਼ਦਾ: ਉਏ ਅਕਵਾਲ! ਜਾਰ ਤੂੰ ਈ ਹੁਣ ਭੜਾਅ ਸਾਨੂੰ ਅੰਗਰੇਜੀ! ਆਹ ਮਾਸ਼ਟਰ ਜੀ ਤਾਂ ਤੈਨੂੰ ਦੇਖ ਕੇ ਹੁਣ ਬੋਲਦੇ-ਬੋਲਦੇ ਈ ਉੱਖੜ ਜਾਂਦੇ ਐ!
ਗੁਰਮੀਤ ਹਰ ਵੇਲ਼ੇ ਨੋਟਸ ਵਾਲ਼ੀਆਂ ਕਾਪੀਆਂ ਨੂੰ ਸੁੰਘਦਾ ਰਹਿੰਦਾ। ਮੈਂ ਕਹਿੰਦਾ: ਛੱਡ ਯਾਰ... ਨੋਟਸ ਨਾਲ਼ ਮੱਥਾ ਰਾਤ ਨੂੰ ਮਾਰਲਾਂਗੇ; ਚੱਲ ਅੱਜ ਚੌੜੇ ਬਜ਼ਾਰ ਚ ਛੋਲੇ-ਭਟੂਰਿਆਂ ਨਾਲ਼ ਕੁੱਖਾਂ ਕੱਢ ਕੇ ਆਈਏ।
ਰਾਤੀਂ ਨੋਟਸ ਵਾਲ਼ੀਆਂ ਕਾਪੀਆਂ ਮੈਨੂੰ ਤੇ ਗੁਰਮੀਤ ਨੂੰ ਸੰਗਲ਼ੀ ਪਾਈ ਰਖਦੀਆਂ, ਪਰ ਉਨ੍ਹਾਂ ਚੋਂ ਨੋਟਸ ਪੜ੍ਹਦੇ-ਪੜ੍ਹਦੇ, ਅਸੀਂ ਵਾਰ-ਵਾਰ ਟਾਣ ਤੇ ਬੈਠੇ ਅਲਾਰਮ-ਕਲਾਕ ਨੂੰ ਵੀ ਘੂਰਦੇ ਰਹਿੰਦੇ। ਘੰਟਿਆਂ-ਮਿੰਟਾਂ ਵਾਲ਼ੀਆਂ ਸੂਈਆਂ ਦੇ ਮਿਲਾਪ ਨੂੰ ਤਾਂਘਦੇ, ਅਸੀਂ ਅਲਮਾਰੀ ਚ ਬੈਠੀ ਗੁਰਦਾਸ ਬਾਈ ਵਾਲ਼ੀ ਪੀਪੀ ਦਾ ਫਿ਼ਕਰ ਵੀ ਕਰਨ ਲਗਦੇ:
-ਕਿੰਨੀ ਕੁ ਰਹਿਗੀ ਬਾਕੀ? ਗੁਰਮੀਤ ਪੁਛਦਾ। -ਕੱਢਜੂਗੀ ਹਫ਼ਤਾ ਕਿ ਨੲ੍ਹੀਂ?
ਕਲਾਕ ਦੀਆਂ ਸੂਈਆਂ ਦੋ-ਮੂਰਤੀ ਤੋਂ ਜਿਓਂ ਹੀ ਏਕ ਜੋਤ ਹੁੰਦੀਆਂ, ਪੀਪੀ ਅੰਦਰ ਸੁੱਤਾ ਤਰਲ-ਸਰੂਰ ਹੌਕੇ ਭਰਨ ਲਗਦਾ। ਇੱਕ-ਇੱਕ ਗਲਾਸੀ ਜਿਓਂ ਹੀ ਮੇਹਦਿਆਂ ਚ ਆਪਣੀ ਸਿੱਲ੍ਹ ਖਿਲਾਰਦੀ, ਗੁਰਮੀਤ ਦੀਆਂ ਮੋਟੀਆਂ ਅੱਖਾਂ ਚ ਚਿਰਾਗ਼ ਜਗਣ ਲਗਦੇ!
ਸੈਕੰਡ ਡਵਿਯਨ ਤਾਂ ਹੁਣ ਆਪਾਂ ਛੱਡਦੇ ਨੀ, ਇੱਕ ਦਿਨ ਉਹ ਪੀਪੀ ਨੂੰ ਗਲਾਸ ਉੱਪਰ ਟੇਢੀ ਕਰਦਿਆਂ ਬੋਲਿਆ। -ਪਰ ਗਾਹਾਂ ਨੌਕਰੀ ਦਾ ਕੀ ਬਣੂੰ?
-ਤੈਨੂੰ ਦੱਸਾਂ ਇੱਕ ਜ਼ਰੂਰੀ ਨੁਕਤਾ? ਗੜਵੀ ਨੂੰ ਗਲਾਸਾਂ ਦੇ ਸਿਰਾਂ ਉੱਪਰ ਟੇਢੇ ਰੁਖ਼ ਕਰਦਿਆਂ ਮੈਂ ਬੋਲਿਆ।
-ਨੁਕਤਾ ਦੱਸਣੈ ਤਾਂ ਕੰਮ ਦਾ ਦੱਸੀਂ... ਐਵੇਂ ਨਾ ਖੁੰਢਾਂ ਤੇ ਬੈਠੇ ਬੁੜ੍ਹਿਆਂ ਆਂਗੂੰ ਕੋਈ ਛੁਰਲ੍ਹੀ ਛੱਡ ਕੇ ਆਪ ਈ ਹੱਸ ਪੀਂ!
-ਨੁਕਤਾ ਤਾਂ ਕੰਮ ਦੈ, ਮੈਂ ਗਲਾਸ ਦੇ ਕਿਨਾਰੇ ਨੂੰ ਪਲ਼ੋਸਦਿਆਂ ਬੋਲਿਆ। ਪਰ ਤੂੰ ਉਹਨੂੰ ਮੰਨਣਾ ਨੀ!
-ਮੰਨਣ ਆਲ਼ਾ ਹੋਇਆ ਤਾਂ ਜ਼ਰੂਰ ਮੰਨੂੰ, ਗੁਰਮੀਤ ਨੇ ਆਪਣੇ ਜੂੜੇ ਨੂੰ ਕਸਦਿਆਂ ਆਖਿਆ।
ਨੌਕਰੀਆਂ ਆਪਣੇ ਲਈ ਨਿੱਕਲਣੀਐਂ ਆਪਣੀਆਂ ਦਾਹੜੀਆਂ ਚੋਂ!
-ਦਾਹੜੀਆਂ ਚੋਂ? ਗੁਰਮੀਤ ਅਚਾਰ ਦੀ ਫਾੜੀ ਨੂੰ ਚਮਚੇ ਨਾਲ਼ ਕਟਦਿਆਂ ਬੋਲਿਆ। ਮੈਨੂੰ ਪਤਾ ਸੀ ਤੂੰ ਕੋਈ ਪੁੱਠੀ ਗੱਲ ਈ ਕਰੇਂਗਾ। ਦਾਹੜੀਆਂ ਚ ਕਿਹੜੀ ਐਂਪਲਾਏਮੈਂਟ ਐਸਚੇਂਜ ਖੋਲ੍ਹੀ ਐ ਤੂੰ, ਭੜੂਆ?
-ਇਹੀ ਤਾਂ ਚਮਤਕਾਰ ਐ ਅੱਜ ਦੇ ਜ਼ਮਾਨੇ ਦਾ, ਮੈਂ ਖਾਲੀ ਗਲਾਸ ਚ ਫੂਕਾਂ ਮਾਰਨ ਲੱਗਾ। ਕਈਆਂ ਨੂੰ ਨੌਕਰੀਆਂ ਮਿਲ਼ਦੀਐਂ ਉਨ੍ਹਾਂ ਦੀਆਂ ਭਰਵੀਆਂ ਦਾਹੜੀਆਂ ਚੋਂ ਤੇ ਕਈਆਂ ਨੂੰ ਪੁੱਠੇ ਉਸਤਰੇ ਨਾਲ਼ ਚਟਮ ਕੀਤੀਆਂ ਠੋਡੀਆਂ ਚੋਂ।
-ਬੁਝਾਰਤਾਂ ਦਾ ਟਾਈਮ ਨੀ ਅੱਧੀ ਰਾਤੇ, ਗੁਰਮੀਤ ਨੇ ਮੱਥਾ ਸੁੰਗੇੜਿਆ। ਭਕਾਈ ਮਾਰ-ਮਾਰ ਕੇ ਪੀਤੀ ਉੱਪਰ ਮਿੱਟੀ ਕਿਉਂ ਭੁੱਕੀ ਜਾਨੈਂ, ਯਾਰ!
-ਉਏ ਆਪਾਂ ਲੱਗਣੈ ਲੈਕਚਰਰ ਕਿਸੇ ਕਾਲਜ ਚ, ਮੈਂ ਆਪਣੇ ਗਲਾਸ ਤੇ ਠੋਲਾ ਮਾਰਿਆ। ਹਿੰਦੂ ਕਾਲਜਾਂ ਨੇ ਆਪਣੀਆਂ ਪੇਂਡੂ-ਪਗੜੀਆਂ ਨੂੰ ਥੜ੍ਹੇ ਨੀ ਚੜ੍ਹਨ ਦੇਣਾ, ਤੇ ਖ਼ਾਲਸਾ ਕਾਲਜਾਂ ਵਾਲ਼ੇ ਸਿੰਘ ਸਰਟੀਫ਼ਕੇਟ ਦੇਖਣ ਤੋਂ ਪਹਿਲਾਂ ਦਾਹੜੀ ਦੀ ਲੰਬਾਈ ਮਿਣਦੇ ਐ।
ਗੱਲ ਤਾਂ ਤੇਰੀ ਠੀਕ ਐ, ਗੁਰਮੀਤ ਆਪਣੀ ਕੁਤਰੀ ਹੋਈ ਦਾਹੜੀ ਨੂੰ ਪਲੋਸਣ ਲੱਗਾ। ਮੈਂ ਨੀ ਕਰਦਾ ਕੈਂਚੀ ਦੇ ਦਰਸ਼ਨ ਅੱਜ ਤੋਂ ਬਾਅਦ... ਜੁਲਾਈ-ਅਗਸਤ ਤਾਈਂ ਧੁੰਨੀਂ ਨੂੰ ਲੁਕਣ ਲਾਦੂੰ।
***
ਪੀਪੀ ਅੰਦਰ ਛਲਕਦੇ ਸਰੂਰ ਨੂੰ ਲਹੂ ਚ ਪਹਿਨ ਕੇ ਮੈਂ ਨੀਂਦ ਚ ਵੜਦਾ, ਤਾਂ ਸ਼ੇਕਸਪੀਅਰ ਮੇਰੇ ਬਚਪਨ ਨੂੰ ਝੰਜੋੜ ਕੇ ਉਠਾਲ਼ ਲੈਂਦਾ। ਉਹ ਮੈਂਨੂੰ ਆਪਣੀ ਉਂਗਲ਼ ਫੜਾਉਂਦਾ ਤੇ ਮੇਰੇ ਪਿੰਡ ਦੇ ਸਕੂਲ ਚ ਅੱਠਵੀਂ ਜਮਾਤ ਵਾਲ਼ੇ ਕਮਰੇ ਦੇ ਦਰਵਾਜ਼ੇ ਉੱਤੇ ਲੈ ਜਾਂਦਾ। ਪਿੱਛੇ ਮੁੜਨ ਤੋਂ ਪਹਿਲਾਂ ਮੈਨੂੰ ਅੰਦਰ ਵੱਲ ਨੂੰ ਧੱਕਾ ਦੇ ਕੇ ਆਖਦਾ: ਪੁੱਤਰਾ, ਅੱਜ ਵੱਜ ਅੰਗਰੇਜੀ ਮਾਸ਼ਟਰ ਦੀ ਹਿੱਕ ਚ, ਪਰ ਜ਼ਿੰਦਗੀ ਭਰ ਆਪਣੇ ਫਾਂਟਾਂ ਵਾਲ਼ੇ ਪਜਾਮੇ ਨੂੰ ਆਪਣੇ ਜਿ਼ਹਨ ਚ ਤਹਿ ਲਾ ਕੇ ਰੱਖੀਂ!
ਮੈਨੂੰ ਦੇਖਦਿਆਂ ਅੰਗਰੇਜੀ ਮਾਸ਼ਟਰ ਆਪਣੀ ਬੈਂਤ ਨੂੰ ਕੁਰਸੀ ਦੇ ਪਿਛਾੜੀ ਲੁਕੋਣ ਲਗਦਾ, ਤੇ ਮੇਜ਼ ਤੇ ਪਏ ਅੰਗਰੇਜ਼ੀ ਅਖ਼ਬਾਰ ਦ ਟ੍ਰਿਬਿਊਨ ਨੂੰ ਦਰਾਜ਼ ਚ ਸੁੱਟ ਕੇ ਅੱਖਾਂ ਮੀਟ ਲੈਂਦਾ। ਮੈਂ ਜਮਾਤ ਦੇ ਆਖ਼ਰੀ ਡੈਸਕ ਤੇ ਜਾ ਬੈਠਦਾ, ਤਾਂ ਮਾਸ਼ਟਰ ਦੇ ਬਣਾਉਟੀ ਦੰਦਾਂ ਚ ਪੀੜਾਂ ਉੱਠਣ ਲਗਦੀਆਂ।
-ਇਕਬਾਲ ਸਿੰਘ! ਮਾਸ਼ਟਰ ਦੇ ਬਣਾਉਟੀ ਦੰਦ ਨੰਗੇ ਹੁੰਦੇ। ਅੱਗੇ ਆ ਜਾ, ਬਈ, ਅੱਗੇ! ਮਨੀਟਰ ਬਣਾਉਣੈਂ ਤੈਨੂੰ ਮਨੀਟਰ!
***
ਸਾਲਾਨਾ ਇਮਤਿਹਾਨ ਮੁੱਕੇ, ਤਾਂ ਮੇਰਾ ਕੱਪੜਿਆਂ ਵਾਲ਼ਾ ਬੈਗ਼ ਲੁਧਿਆਣਿਓਂ ਉੱਠ ਕੇ, ਪਿੰਡ ਟਿਊਬਵੈੱਲ ਵਾਲ਼ੀ ਬੈਠਕ ਦੀ ਟਾਂਡ ਤੇ ਜਾ ਬੈਠਾ। ਤੂਤ ਹੇਠ ਡਹੇ ਮੰਜਿਆਂ ਦਾ ਗਰਦਾ ਹਰ ਰੋਜ਼ ਝੜਨ ਲੱਗਾ। ਟਿਊਬਵੈੱਲ ਦੀ ਮੋਟੀ ਧਾਰ ਦੀ ਸ਼ਰਨ-ਸ਼ਰਨ, ਚੁਬੱਚੇ ਚ ਆਪਣੇ-ਆਪ ਨਾਲ਼ ਦਿਨ-ਰਾਤ ਖੇਡਦੀ ਰਹਿੰਦੀ। ਦੋ ਮਹੀਨੇ, ਹਰ ਸ਼ਾਮ, ਤੂਤ ਹੇਠਲੇ ਮੰਜਿਆਂ ਵਿਚਕਾਰ ਬੋਤਲ ਛਲਕਦੀ ਤਾਂ ਤੂਤ ਦੀਆਂ ਲਗਰਾਂ ਚ ਚਿੜੀਆਂ ਚੂਕਣ ਲਗਦੀਆਂ।
ਜੂਨ ਦਾ ਆਖ਼ਰੀ ਪੱਖ ਬੜੇ ਹੀ ਆਰਾਮ ਨਾਲ਼ ਸ਼ੁਰੂ ਹੋਇਆ: ਜੁਲਾਈ ਦੇ ਪਹਿਲੇ ਹਫ਼ਤੇ ਆਉਣ ਵਾਲ਼ਾ ਰੀਜ਼ਲਟ ਮੇਰੇ ਸੁਪਨਿਆਂ ਚ ਛਪਣ ਲੱਗਾ। ਸੁਪਨਾ ਜੁੜਦਾ, ਤਾਂ ਮੈਂ ਕਾਹਲ਼ੀ-ਕਾਹਲ਼ੀ ਅਖ਼ਬਾਰ ਫਰੋਲ਼ਦਾ: ਰਜ਼ਲਟ ਵਾਲ਼ੇ ਸਫ਼ੇ ਦੇ ਖੁਲ੍ਹਦਿਆਂ ਹੀ, ਸੈਕੰਡ ਡਵਿਯਨ ਗੇਂਦ ਵਾਂਗ ਉੱਛਲ਼ਦੀ ਮੇਰੇ ਅੱਗੇ-ਅੱਗੇ ਤੁਰਨ ਲਗਦੀ: ਕਦੇ ਉਹ ਮੈਂਨੂੰ ਮੋਗੇ ਵਾਲ਼ੇ ਡੀ ਐਮ ਕਾਲਜ ਦੇ ਦਰਵਾਜ਼ੇ ਤੇ ਛੱਡ ਦੇਂਦੀ ਤੇ ਕਦੇ ਖਿਚਦੀ-ਖਿਚਦੀ ਉਹ ਮੈਨੂੰ ਇੱਕ ਦਫ਼ਤਰ ਅੱਗੇ ਖਲਿਅ੍ਹਾਰ ਦੇਂਦੀ। -ਪੜ੍ਹ ਐਸ ਨੇਮ-ਪਲੇਟ ਨੂੰ, ਉਹ ਮੇਰੇ ਮੋਢਿਆਂ ਨੂੰ ਝੰਜੋੜ ਕੇ ਆਖਦੀ: ਪ੍ਰੋਫ਼ੈਸਰ ਇਕਬਾਲ ਗਿੱਲ, ਡੀਪਾਰਟਮੈਂਟ ਆਫ਼ ਇੰਗਲਿਸ਼!
ਸੁਪਨਿਆਂ ਚ ਉਡਦੀ ਸੈਕੰਡ ਡਵਿਯਨ ਕਦੇ-ਕਦੇ ਮੈਨੂੰ ਮੇਰੇ ਅੱਠਵੀਂ ਵਾਲ਼ੇ ਅੰਗਰੇਜੀ ਮਾਸ਼ਟਰ ਦੇ ਸਾਹਮਣੇ ਵੀ ਬਿਠਾਅ ਦਿੰਦੀ: ਮੈਂ ਪੁੱਛਦਾ, ਮਾਸ਼ਟਰ ਜੀ ਦਾ ਸਿਰ ਕਿੱਧਰ ਅਲੋਪ ਹੋ ਕਰਤਾ, ਮੇਰੀਏ ਸੈਕੰਡ ਡਵਿਯਨੇ? ਉਹ ਆਖਦੀ, ਇਸ ਭੜੂਏ ਦੇ ਧੜ ਉੱਪਰ ਸਿਰ ਤਾਂ ਕਦੇ ਹੈ ਈ ਨੀ ਸੀ!
ਜਿਸ ਦਿਨ ਰੀਜ਼ਲਟ ਆਇਆ ਉਸੇ ਦਿਨ ਦੇ ਅਖ਼ਬਾਰ ਚ ਹੀ ਕਈ ਕਾਲਜਾਂ ਲਈ ਅੰਗਰੇਜ਼ੀ ਦੇ ਲੈਕਚਰਰਾਂ ਦੀ ਮੰਗ ਵਾਲ਼ੀਆਂ ਵਾਂਟ ਐਡਜ਼ ਵੀ ਛਪੀਆਂ ਹੋਈਆਂ ਸਨ। ਪਹਿਲੀ ਐਡ ਤੇ ਨਜ਼ਰ ਵੱਜੀ: ਰਾਮਗੜ੍ਹੀਆ ਕਾਲਜ ਫਗਵਾੜਾ! ਸੀ ਤਾਂ ਇਹ ਲੁਧਿਆਣੇ ਤੋਂ ਜਲੰਧਰ ਨੂੰ ਜਾਂਦਿਆਂ ਜੀ. ਟੀ. ਰੋਡ ਉੱਤੇ ਹੀ, ਪਰ ਸਾਡੇ ਮਾਡਲ ਗਰਾਮ ਵਾਲ਼ੇ ਮਕਾਨ ਤੋਂ ਫਗਵਾੜੇ ਲਈ ਬੱਸ ਦਾ ਸਫ਼ਰ ਕੁਝ ਕਲੋਟਾ ਜਿਹਾ ਸੀ। ਅਗਲਾ ਸੀ ਢੁੱਡੀਕੇ ਕਾਲਜ ਜੀਹਦੀ ਐਡ ਚੋਂ ਭੁਜਦੀਆਂ ਹੋਈਆਂ ਹੋਈਆਂ ਛੱਲੀਆਂ ਦੀ ਮਹਿਕ ਆਉਣ ਲੱਗੀ, ਬੌਲ਼ਦਾਂ ਦੀਆਂ ਟੱਲੀਆਂ ਖੜਕਣ ਲੱਗੀਆਂ, ਤੇ ਕਣਕ ਗਾਹੁਣੀਆਂ ਮਸ਼ੀਨਾਂ ਗੂੰਜਣ ਲੱਗੀਆਂ। ਇਹ ਕਾਲਜ ਮੇਰੇ ਪੇਂਡੂ ਪਿਛੋਕੜ ਲਈ ਢੁੱਕਵਾਂ ਸੀ, ਪਰ ਲੁਧਿਆਣੇ ਤੋਂ ਹਰ ਰੋਜ਼ ਜਾਣ-ਆਉਣ ਵਾਲਾ ਨਹੀਂ ਸੀ। ਤੀਸਰਾ ਸੀ ਸੁਧਾਰ ਕਾਲਜ, ਲੁਧਿਆਣੇ ਤੋਂ ਰਾਇਕੋਟ ਨੂੰ ਜਾਂਦਿਆਂ ਨਹਿਰ ਦੇ ਨੇੜੇ!
ਅਗਲੀ ਸ਼ਾਮ, ਬਲਵੰਤ ਦਾ ਮੋਟਰਸਾਈਕਲ ਗਲ਼ੀ ਚ ਭਿੱਟ-ਭਿਟਾਇਆ ਤੇ ਹਫ਼ੇ ਹੋਏ ਦੌੜਾਕ ਵਾਂਗ ਸਾਡੇ ਵਿਹੜੇ ਚ ਬੇਚੈਨ ਖਲੋਤੇ ਜਾਮਣਾਂ ਦੇ ਬਿਰਖ਼ ਹੇਠ ਆ ਕੇ ਰੁਕ ਗਿਆ।
-ਕਿੰਨੇ ਨੰਬਰ ਲੈ ਗਿਐਂ, ਉਏ ਢੋਲਾ? ਬਲਵੰਤ ਨੇ ਚਮੜੇ ਦੇ ਬੈਗ਼ ਨੂੰ ਮੋਟਰਸਾਈਕਲ ਦੀ ਟੋਕਰੀ ਚੋਂ ਕੱਢਦਿਆਂ ਪੁੱਛਿਆ।
ਮੇਰੇ ਮੂੰਹ ਚੋਂ ਸੈਕੰਡ ਡਵਿਯਨ ਕਿਰਦਿਆਂ ਹੀ, ਬਲਵੰਤ ਦੀਆਂ ਮੁੱਛਾਂ ਕੰਨਾਂ ਵੱਲ ਨੂੰ ਖਿੱਚੀਆਂ ਗਈਆਂ।
-ਉਏ ਕੀ ਕਿਹਾ ਸੀ ਤੈਨੂੰ ਮੈਂ ਦੋ ਸਾਲ ਪਹਿਲਾਂ? ਬਲਵੰਤ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਖਿਚਦਿਆਂ ਬੋਲਿਆ। ਡਰਪੋਕਾ ਐਵੇਂ ਤ੍ਰਭਕੀ ਜਾਂਦਾ ਸੀ ਅੰਗਰੇਜ਼ੀ ਤੋਂ! ਕਹਿੰਦਾ ਸੀ ਕਿਉਂ ਫ਼ਸਾਈ ਜਾਨੈ ਮੈਨੂੰ ਅੰਗਰੇਜ਼ੀ ਚ! ਲੈ ਗਿਆ ਨਾ ਸੈਕੰਡ ਡਵਿਯਨ?
-ਮੈਂ ਤਾਂ ਅਪਲਾਈ ਵੀ ਕਰਤਾ, ਮੈਂ ਗੱਲ ਨੂੰ ਟਾਲਣ ਲਈ ਬੋਲਿਆ।
-ਕਿਹੜੇ ਕਾਲਜ ਚ?
-ਖ਼ਾਲਸਾ ਕਾਲਜ ਸੁਧਾਰ!
-ਅੱਛਾ? ਉਨ੍ਹੇਂ ਸੌਂਫ਼ੀਆ ਦੀ ਬੋਤਲ ਨੂੰ ਬਾਹਰ ਕੱਢਣ ਲਈ ਬੈਗ਼ ਦੀਆਂ ਵੱਧਰੀਆਂ ਖੋਲ੍ਹੀਆਂ।
-ਦੋ ਲੈਕਚਰਰ ਚਾਹੀਦੇ ਐ ਉਨ੍ਹਾਂ ਨੂੰ ਅੰਗਰੇਜ਼ੀ ਦੇ!
-ਬੰਦਾ ਲੱਭਣਾ ਪਊ ਜੇ ਨੌਕਰੀ ਲੈਣੀ ਐਂ, ਬਲਵੰਤ ਨੇ ਮੱਥੇ ਨੂੰ ਸੁੰਗੇੜ ਕੇ ਆਪਣੇ ਦਿਮਾਗ਼ ਦੀ ਯਾਤਰਾ ਸ਼ੁਰੂ ਕਰ ਦਿੱਤੀ। ਸਿਫ਼ਾਰਸ਼ ਬਿਨਾ, ਕਾਕਾ, ਏਸ ਚੰਦਰੇ ਮੁਲਕ ਚ ਨੌਕਰੀ ਦੀ ਪੂਛ ਵ ਨੀ ਦਿਸਦੀ!
-ਕੋਈ ਕੁੰਦਨ ਸਿੰਘ ਐ ਪ੍ਰਿੰਸੀਪਲ ਓਥੇ, ਮੈਂ ਆਪਣੇ ਹੇਠਾਂ ਨੂੰ ਢਿਲ਼ਕ ਰਹੇ ਬੁੱਲ੍ਹਾਂ ਚੋਂ ਬੋਲਿਆ।
-ਬੰਦਾ ਤਾਂ ਚੰਗੈ ਕੁੰਦਨ ਸਿਓ੍ਹਂ, ਬਲਵੰਤ ਨੇ ਪੱਗ ਦੇ ਲੜ ਹੇਠੋਂ ਦੀ ਕੰਨ ਨੂੰ ਖੁਰਕਿਆ। ਤੂੰ ਜਾਣਦੈਂ ਜੰਗੀ ਗਰੇਵਾਲ ਨੂੰ ਜਿਹੜਾ ਪਿਛਲੇ ਸਾਲ ਪੰਜਾਬੀ ਦੀ ਐਮ. ਏ. ਚ ਸੀ ਗੌਰਮਿੰਟ ਕਾਲਜ ਚ ਈ?
-ਉਹ ਜਿਹੜਾ ਅਮਰਜੀਤ ਆਂਡਲੂ ਹੋਣਾ ਨਾਲ਼ ਭੰਗੜੇ ਦੀ ਟੀਮ ਚ ਸੀ?
-ਹਾਂ, ਉਹੀ, ਬਲਵੰਤ ਨੇ ਬੋਤਲ ਨੂੰ ਸੁਤੇ-ਸਿੱਧ ਛਲਕਾਅ ਕੇ ਉਸ ਚ ਬੁਲਬੁਲੇ ਖਿਲਾਰ ਦਿੱਤੇ। -ਕੁੰਦਨ ਸਿਓਂ ਫ਼ਾਦਰ ਐ ਜੰਗੀ ਦਾ... ਪਰ ਪ੍ਰਾਈਵੇਟ ਕਾਲਜਾਂ ਚ ਪਾਵਰ ਸਾਰੀ ਪ੍ਰਧਾਨ ਕੋਲ਼ ਈ ਹੁੰਦੀ ਐ!
-ਪ੍ਰਧਾਨ ਕੌਣ ਐ ਏਸ ਕਾਲਜ ਦਾ? ਮੈਂ ਚਾਹ ਵਾਲ਼ੀ ਪਤੀਲੀ ਚ ਪਾਣੀ ਉਲੱਦ ਦਿੱਤਾ।
-ਉਏ ਉਹ ਵੀ ਦੱਸ ਦਿੰਨੇ ਆਂ, ਬਲਵੰਤ ਨੇ ਬੋਤਲ ਨੂੰ ਕਮਰੇ ਦੇ ਖੂੰਜੇ ਚ ਬਿਠਾਲ਼ ਦਿੱਤਾ।
-ਯਾਦ ਐ ਤੈਨੂੰ ਪਿਛਲੇ ਸਾਲ ਆਪਾਂ ਬਰਾਤ ਗਏ ਸੀ ਬਿਆਸ ਵਾਲ਼ੇ ਡੇਰੇ? ਉਹ ਆਪਣੇ ਜੂੜੇ ਨੂੰ ਖੋਲ੍ਹਣ ਲੱਗਾ। ਬਾਬੇ ਦੀ ਭਤੀਜੀ ਦਾ ਵਿਆਹ ਸੀ ਅਮਰੀਕਾ ਤੋਂ ਆਏ ਇੱਕ ਮੁੰਡੇ ਨਾਲ਼!
-ਆਹੋ, ਮੈਂ ਪਤੀਲੀ ਨੂੰ ਸਟੋਵ ਦੇ ਸਿਰ ਤੇ ਸਵਾਰ ਕਰ ਦਿੱਤਾ। ਯਾਦ ਐ ਮੈਨੂੰ ਆਪਣੀ ਮਾਸੀ ਦੇ ਮੁੰਡੇ ਹਰਿੰਦਰ ਹੋਣੀ ਲੈ ਕੇ ਗਏ ਸੀ ਆਪਾਂ ਨੂੰ ਓਸ ਬਰਾਤ ਚ! ਹਾ,ਹਾ,ਹਾ! ਉਨ੍ਹਾਂ ਅਮਰੀਕਾ ਆਲਿ਼ਆਂ ਨੂੰ ਨੌਜਵਾਨ ਬਰਾਤੀ ਨੀ ਸੀ ਮਿਲ਼ ਰਹੇ... ਉਹ ਫਿਰ ਆਪਣੇ ਵਰਗੇ ਕਈਆਂ ਨੂੰ ਸਿਫ਼ਾਰਸ਼ ਪੁਆ ਕੇ ਲਗਏ ਸੀ!
-ਓਥੇ ਇੱਕ ਬੰਦਾ ਸੀ ਅਸਮਾਨੀ ਜ੍ਹੀ ਪੱਗ ਵਾਲ਼ਾ, ਕਲਫ਼-ਲੱਗੀ ਦਾਹੜੀ ਸੀ ਓਹਦੀ... ਜਦੋਂ ਆਪਾਂ ਗਾਉਂਦੇ ਸੀ ਤਾਂ ਬਾਹਲ਼ਾ ਈ ਖ਼ੁਸ਼ ਹੋਈ ਜਾਂਦਾ ਸੀ ਤੇਰੀਆਂ ਰੁਬਾਈਆਂ ਸੁਣ-ਸੁਣ ਕੇ!
ਮੇਰੇ ਸਾਹਮਣੇ ਪਿਛਲੇ ਸਾਲ ਦੇਖੀਆਂ ਬਿਆਸ ਵਾਲ਼ੇ ਡੇਰੇ ਦੀਆਂ ਕਿਲਿਆਂ ਵਰਗੀਆਂ ਇਮਾਰਤਾਂ ਉੱਠ ਖਲੋਈਆਂ, ਜਿਵੇਂ ਟਿੱਬਿਆਂ ਚ ਬੋਤੇ ਉੱਠਦੇ ਨੇ। ਬਰਾਤ ਵਾਲਿ਼ਆਂ ਦੀਆਂ ਕਾਰਾਂ ਚ ਅਸੀਂ ਕਈ ਜਾਣੇ ਸਾਂ; ਸਾਰੇ ਈ ਖੇਤਾਂ ਚ ਚਰ੍ਹੀਆਂ ਵੱਢਣ ਵਾਲ਼ੇ! ਡੌਰ-ਭੌਰ ਹੋਏ ਅਸੀਂ ਜਦੋਂ ਇਮਾਰਤਾਂ ਦੇ ਨੇੜੇ ਪਹੁੰਚੇ, ਤਾਂ ਹਰ ਬਾਰਾਤੀ ਲਈ ਇੱਕ-ਇੱਕ ਕਮਰਾ... ਕਮਰੇ ਚ ਵੜਦਿਆਂ ਇੰਝ ਲੱਗਿਆ ਜਿਵੇਂ ਗੁਰਦਵਾਰਿਆਂ ਚ ਕਥਾ ਸੁਣਦਿਆਂ ਤਸੱਵਰ ਕੀਤੀ ਸੁਰਗ ਦੇ ਟਰੇਲਰ ਚ ਘਿਰ ਗਏ ਹੋਈਏ! ਬੈੱਡ ਨੂੰ ਇੱਕ ਅਮੁੱਕ ਚਾਦਰ ਨੇ ਚਾਰਾਂ ਪਾਸਿਆਂ ਤੋਂ ਗਲਵਕੜੀ ਚ ਘੁੱਟਿਆ ਹੋਇਆ ਸੀ: ਉਸ ਦੀ ਚਾਦਰ ਦੀ ਬੇਦਾਗ਼ਤਾ ਦੇਖ ਕੇ ਸੁੰਗੜ ਗਏ ਮੇਰੇ ਮੋਢਿਆਂ ਵਿੱਚਕਾਰ ਮੇਰੀ ਧੌਣ ਚੋਂ ਫੂਕ ਨਿਕਲਣ ਲੱਗੀ। ਮੈਨੂੰ ਇਹ ਸਮਝ ਨਾ ਲੱਗੇ ਪਈ ਇਹ ਬੈੱਡ ਸੌਣ ਲਈ ਹੈ ਜਾਂ ਮੈਨੂੰ ਡਰਾਉਣ ਲਈ! ਬਾਥਰੂਮ ਵਿੱਚ ਵੜਿਆ ਤਾਂ ਚਮਕਦੀਆਂ ਕੰਧਾਂ, ਸਿੰਕ, ਤੇ ਟਾਇਲਟ ਦੀ ਨਿਹਕਲੰਕ ਘੂਰੀ ਦੇਖ ਕੇ ਤੁਰੰਤ ਵਾਪਿਸ ਨਿੱਕਲ਼ ਆਇਆ।
ਬਰਾਤੀਆਂ ਨੂੰ ਹੁਕਮ ਹੋਇਆ ਕਿ ਹਾਲ ਚ ਚੱਲਣਾ ਹੈ: ਉਹੀ ਹਾਲ ਜਿੱਥੇ ਸਾਨੂੰ ਕਲਫ਼-ਦਾਹੜੀਆ ਉਹ ਵਿਅਕਤੀ ਮਿਲਿ਼ਆ ਸੀ ਜਿਸਦਾ ਜਿ਼ਕਰ ਬਲਵੰਤ ਨੇ ਹੁਣੇ-ਹੁਣੇ ਕੀਤਾ ਸੀ। ਹਾਲ ਚ ਚਾਰ-ਚੁਫ਼ੇਰੇ ਇਕੱਲੇ-ਇਕੱਲੇ ਮੇਜ਼ ਉਦਾਲ਼ੇ ਛੇ-ਛੇ ਚਮਕਦਾਰ ਕੁਰਸੀਆਂ... ਛੇ-ਛੇ ਕੁਰਸੀਆਂ ਦੇ ਹਰੇਕ ਝੁੰਡ ਵਿਚਾਲ਼ੇ ਸੁਫ਼ੇਦ ਮੇਜ਼ਪੋਸ਼ਾਂ ਚ ਲਿਪਟਿਆ ਗੋਲ਼-ਚੱਕਰੀ ਮੇਜ਼! ਮੇਜ਼ ਉੱਪਰ ਚਿਣੀਆਂ ਕੋਕਾ-ਕੋਲਾ ਦੀਆਂ ਠੁਰ-ਠੁਰ ਕਰਦੀਆਂ ਬੋਤਲਾਂ... ਤੇ ਬੋਤਲਾਂ ਦੇ ਪੈਰਾਂ ਚ ਵਿਛੀ ਮਖ਼ਮਲਤਾ ਨੂੰ ਸਿੱਲ੍ਹੀ ਕਰ ਰਿਹਾ ਬੋਤਲਾਂ ਦੇ ਪਿੰਡਿਆਂ ਉਦਾਲਿ਼ਓਂ ਸਿੰਮ ਰਿਹਾ ਠੰਡਾ-ਠਾਰ ਪਸੀਨਾ!
ਤੇ ਫਿ਼ਰ ਗੋਲਾਈਦਾਰ ਮੇਜ਼ਾਂ ਦੇ ਕਿਨਾਰਿਆਂ ਉੱਪਰ, ਹਰ ਕੁਰਸੀ ਦੇ ਅਗਾੜੀ ਟਿਕੀਆਂ ਅੰਗੂਰੀ ਝਲਕ ਵਾਲ਼ੀਆਂ ਪਲੇਟਾਂ... ਹਰ ਪਲੇਟ ਚ ਹਲੀਮੀ ਖਿਲਾਰਦੀ ਪਿਸਤਿਆਂ-ਕਾਜੂਆਂ-ਅਖ਼ਰੋਟਾਂ ਦੀ ਢੇਰੀ!
ਉਏ ਕਾਜੂ? ਤੇ ਉਹ ਵੀ ਐਨੇ?? ਮੇਰੀ ਛਾਤੀ ਚ ਸੁਆਲ ਬੁੜ੍ਹਕਿਆ, ਤੇ ਮੈਂ ਤ੍ਰਭਕ ਕੇ ਸੋਚਿਆ: ਇਹ ਤਾਂ ਚੌੜੇ ਬਜ਼ਾਰ ਦੀਆਂ ਰੇੜ੍ਹੀਆਂ ਉੱਪਰ ਇੱਕ ਰੁਪਏ ਦੇ ਮਸਾਂ ਚਾਰ-ਪੰਜ ਦਾਣੇ ਈ ਮਿਲ਼ਦੇ ਹੁੰਦੇ ਐ!
ਇੱਕ ਦਮ ਆਪਣੀ ਪਿੱਠ ਨੂੰ ਕੁਰਸੀ ਨਾਲ਼ ਜੋੜਦਿਆਂ, ਮੈਂ ਕੰਧਾਂ ਵੱਲ ਨਜ਼ਰ ਮਾਰੀ: ਹਰ ਪਾਸੇ ਖਿੜਕੀਆਂ ਦੇ ਮੱਥਿਆਂ ਦੇ ਕੋਨਿਆਂ ਤੋਂ ਸਾਡੇ ਵੱਲ ਨੂੰ ਵਧੇ ਮੀਨਾਕਾਰੀ ਪਾਵੇ... ਹਰ ਪਾਵੇ ਉੱਪਰ ਇੱਕ ਤੋਂ ਦੂਸਰੇ ਵੱਲ ਨੂੰ ਜਾਂਦਾ ਪਿੱਤਲ਼ ਦਾ ਗੋਲ਼ਾਈਦਾਰ ਡੰਡਾ... ਹਰ ਡੰਡੇ ਉਦਾਲ਼ੇ ਅਸਮਾਨੀ ਭਾਅ ਮਾਰਦੇ ਕੰਗਣ... ਕੰਗਣਾਂ ਤੋਂ ਲਟਕਦੇ ਪਾਰਦਰਸ਼ੀ ਪਰਦਿਆਂ ਚੋਂ ਫ਼ਰਸ਼ ਤੇ ਕਿਰ ਰਿਹਾ ਦੂਧੀਆ ਮੂੰਹ-ਹਨੇਰਾ!
ਮੁੱਖ ਦਰਵਾਜ਼ੇ ਦੀ ਵੱਖੀ ਚ ਉੱਸਰੀ ਸਟੇਜ ਤੋਂ ਹਾਰਮੋਨੀਅਮ ਦੀ ਪੀਂਅਅਅ-ਪੀਂਅਅਅ, ਢੋਲਕੀ ਦੀ ਡੁੱਗ-ਡੁੱਗ, ਧੁੱਕ-ਧੁੱਕ, ਤੇ ਘੁੰਗਰੂਆਂ ਦੀ ਛਣ-ਛਣ ਉੱਭਰਨ ਲੱਗੀ। ਸਾਡੇ ਨਾਲ਼ ਦੇ ਟੇਬਲ ਤੇ ਬੈਠਾ ਇਹ ਕਲਫ਼-ਦਾਹੜੀਆ, ਡੋਰੀ ਚ ਥੁੰਨੀ ਆਪਣੀ ਦਾਹੜੀ ਦੇ ਭੂਸਲ਼ੇਪਣ ਨੂੰ ਖੁਰਕਣ ਲੱਗਾ। ਏਨੇ ਨੂੰ ਇੱਕ ਨੌਜਵਾਨ ਲੜਕੀ ਗੂੜ੍ਹੇ ਉਨਾਭੀ ਰੰਗ ਦੀ ਆਪਣੀ ਸਲੀਵਲੈੱਸ ਕੁੜਤੀ ਨੂੰ ਲੱਕ ਤੋਂ ਹੇਠਾਂ ਵੱਲ ਨੂੰ ਖਿਚਦਿਆਂ ਸਟੇਜ ਵੱਲ ਨੂੰ ਵਧੀ। ਉਹ ਆਪਣੇ ਵਾਰ-ਵਾਰ ਢਿਲ਼ਕਦੇ ਦੁੱਪਟੇ ਨੂੰ ਆਪਣੇ ਬੇਪਰਦ ਮੋਢਿਆਂ ਉੱਪਰ ਸੰਵਾਰਦੀ ਹੋਈ ਹਾਰਮੋਨੀਅਮ-ਵਾਦਿਕ ਤੋਂ ਇਸ਼ਾਰੇ ਦੀ ਉਡੀਕ ਵਿੱਚ ਮੁਸਕਰਾਅ ਰਹੀ ਸੀ। ਉਨ੍ਹੇ ਲਾਲ ਮਿਰਚਾਂ ਦੀ ਭਾਅ ਮਾਰਦੇ ਆਪਣੇ ਬੁੱਲ੍ਹਾਂ ਵਿੱਚੋਂ, ਇਕ ਗੀਤ ਦੀਆਂ ਹਾਲੇ ਸੱਤ-ਅੱਠ ਸਤਰਾਂ ਹੀ ਗੁਣਗੁਣਾਈਆਂ ਸਨ ਕਿ ਕਲਫ਼-ਦਾਹੜੀਆ ਘਿਸੜਵੀਂ ਆਵਾਜ਼ ਚ ਬੋਲ ਉੱਠਿਆ: ਬਕਵਾਸ! ਨਿਰਾ ਬਕਵਾਸ!
ਮੈਂ ਆਪਣੀ ਧੌਣ ਉਸ ਵੱਲ ਘੁੰਮਾਈ: ਉਸ ਦੇ ਮੱਥੇ ਚ ਉੱਭਰੀ ਜਲੇਬੀ ਪਿਚਕ ਕੇ ਗੁੱਛਾ-ਮੁੱਛਾ ਹੋਣ ਲੱਗੀ। ਬੰਦ ਕਰੋ ਇਸ ਨੂੰ, ਉਹ ਭਬਕਿਆ। -ਕੀ ਕੰਜਰਪੁਣਾ ਗਾਉਣ ਲੱਗੀ ਐ ਏਹ ਬੇਵਕੂਫ਼ ਤੀਵੀਂ!
ਕੁੜੀ ਦੀਆਂ ਗੱਲ੍ਹਾਂ ਤੇ ਮਲ਼ੀ ਗੁਲਾਲੀ ਕੰਬਣ ਲੱਗੀ, ਤੇ ਹਾਰਮੋਨੀਅਮ ਦੀ ਪੀਂਅਅ-ਪੀਂਅਅ ਬੀਮਾਰ ਆਦਮੀ ਦੇ ਹੂੰਗਰਿਆਂ ਚ ਬਦਲਣ ਲੱਗੀ।
-ਕੋਈ ਮਾਅਰਫ਼ਤ ਦੀ ਚੀਜ਼ ਗਾਓ ਜੇ ਗਾਉਂਣੀ ਈ ਐ; ਨਹੀਂ ਤਾਂ ਬੰਦ ਕਰੋ ਇਹ ਲੱਚਰ ਬਕਵਾਸ, ਕਲਫ਼-ਦਾਹੜੀਆ ਆਪਣੀਆਂ ਗੱਲ੍ਹਾਂ ਦੇ ਝੁਰੜਾਅ ਨੂੰ ਖੁਰਕਦਿਆਂ ਬੋਲਿਆ। ਉਹਦੀਆਂ ਚਿੱਟੀਆ ਐਨਕਾਂ ਪਿੱਛੇ ਉਸ ਦੇ ਘਸਮੈਲ਼ੇ ਡੇਲੇ ਲਗਾਤਾਰ ਸੱਜੇ-ਖੱਬੇ ਘੁੰਮਣ ਲੱਗੇ। ਉਨ੍ਹੇਂ ਆਪਣੀ ਨੈਕਟਾਈ ਦੀ ਗੰਢ ਨੂੰ ਬਿਨਾ-ਵਜ੍ਹਾ ਹੀ ਸੰਵਾਰਿਆ, ਤੇ ਮੱਥੇ ਚ ਉੱਭਰੀ ਖੱਖਰ ਨੂੰ ਕਸਦਿਆਂ ਕੋਕਾ-ਕੋਲਾ ਦੀ ਬੋਤਲ ਨੂੰ ਮੇਜ਼ ਤੋਂ ਪੁੱਟ ਕੇ, ਗਲਾਸ ਵਿੱਚ ਮੂਧੇ-ਮੂੰਹ ਕਰ ਦਿੱਤਾ। ਬੋਤਲ ਚੋਂ ਗਲਾਸ ਚ ਡਿੱਗਿਆ ਨਸਵਾਰੀ ਰਸ ਗਲਾਸ ਤੋਂ ਬਾਹਰ ਉੱਛਾਲ਼ਾ ਮਾਰ ਕੇ ਮੇਜ਼ਪੋਸ਼ ਦੀ ਮਖ਼ਮਲਤਾ ਤੇ ਫ਼ੈਲ ਗਿਆ।
ਹਾਲ ਚ ਪੱਸਰ ਗਈ ਗਹਿਰੀ ਚੁੱਪ ਨੂੰ ਭਾਂਪਦਿਆਂ, ਗਾਇਕਾ ਕੁੜੀ ਸਟੇਜ ਤੋਂ ਹੇਠਾਂ ਉੱਤਰ ਕੇ ਦਰਵਾਜਿ਼ਓਂ ਬਾਹਰ ਨੂੰ ਨਿੱਕਲ਼ ਗਈ।
ਬਲਵੰਤ ਨੇ ਮੇਰੇ ਨਾਲ਼ ਅੱਖ ਮਿਲਾਈ, ਤੇ ਮੈਂ ਆਪਣੇ ਖੱਬੇ ਭਰਵੱਟੇ ਨੂੰ ਤੁਣਕਾ ਮਾਰ ਕੇ ਸਟੇਜ ਵੱਲ ਨੂੰ ਹੋ ਤੁਰਿਆ। ਬਲਵੰਤ ਹਾਲੇ ਤੂੰਬੀ ਵਾਲ਼ੇ ਗਿਲਾਫ਼ ਚੋਂ ਤੂੰਬੀ ਦੀਆਂ ਕੀਲੀਆਂ ਨੂੰ ਹੀ ਟਟੋਲ਼ ਰਿਹਾ ਸੀ ਕਿ ਮੈਂ ਕਲਫ਼-ਦਾੜ੍ਹੀਏ ਵੱਲ ਆਪਣੀ ਨਜ਼ਰ ਸੇਧਦਿਆਂ ਮਾਈਕਰੋਫ਼ੋਨ ਦੇ ਸਟੈਂਡ ਨੂੰ ਆਪਣੇ ਮੂੰਹ ਦੇ ਮੇਚ ਦਾ ਕਰਨ ਲੱਗਾ। ਅਗਲੇ ਹੀ ਪਲ ਮੈਂ ਲੰਮੀ ਹੂੰਅਅਅਅ ਕਰ ਕੇ ਗਲ਼ੇ ਨੂੰ ਸਾਫ਼ ਕੀਤਾ। ਕਲਫ਼-ਦਾੜ੍ਹੀਏ ਨੇ ਆਪਣੇ ਕੋਟ ਦਾ ਉੱਪਰਲਾ ਬਟਨ ਬੰਦ ਕਰ ਕੇ ਮੁੱਠੀਆਂ ਆਪਣੀਆਂ ਬਗ਼ਲਾਂ ਚ ਥੁੰਨ ਲਈਆਂ , ਤੇ ਆਪਣੀਆਂ ਚਿੱਟੀਆਂ ਐਨਕਾਂ ਦੇ ਸ਼ੀਸ਼ੇ ਮੇਰੇ ਤੇ ਸੇਧ ਲਏ। ਮੈਂ ਗੁਣਗੁਣਾਉਣ ਲੱਗਾ:
ਪੱਲੇ ਰਿਜ਼ਕ ਨੀ ਬੰਨ੍ਹਦੇ, ਪੰਛੀ ਤੇ ਦਰਵੇਸ਼
ਕਲਫ਼-ਦਾਹੜੀਏ ਦੀ ਧੌਣ ਖੱਬੇ ਪਾਸੇ ਨੂੰ ਉੱਲਰੀ, ਤੇ ਉਹਦੇ ਮੱਥੇ ਤੇ ਸੁੰਗੜ ਗਈ ਜਲੇਬੀ ਨਰਮਾਈ ਫ਼ੜ੍ਹਨ ਲੱਗੀ। ਮੈਂ ਆਪਣੀ ਸੁਰ ਨੂੰ ਰਤਾ ਕੁ ਉੱਪਰ ਨੂੰ ਖਿੱਚਿਆ, ਤੇ ਪਹਿਲੀ ਸਤਰ ਨੂੰ ਗਾਉਂਦਿਆਂ ਆਪਣੇ ਹੱਥਾਂ ਨੂੰ ਪਾਸਿਆਂ ਵੱਲ ਨੂੰ ਫ਼ੈਲਾਅ ਦਿੱਤਾ। ਮੇਰੀਆਂ ਉੱਪਰਲੇ ਰੁਖ਼ ਖੁੱਲ੍ਹੀਆਂ ਤਲ਼ੀਆਂ ਨੂੰ ਦੇਖ ਕੇ ਕਲਫ਼-ਦਾੜ੍ਹੀਆ ਆਪਣੀ ਸਿਰ ਨੂੰ ਗੇੜਨ ਲੱਗਾ:
ਪੱਲੇ ਰਿਜ਼ਕ ਨੀ... ਹਾਂਅ, ਹਾਂਅ, ਹਾਂਅ, ਹਾਂਅ!
ਪੱਲੇ ਰਿਜ਼ਕ ਨੀ ਬੰਨ੍ਹਅੰਅੰਅੰ ਦੇ, ਪੰਛੀ ਤੇ ਦਰਵੇਸ਼
ਜਿੰਨ੍ਹਾਂ ਨੂੰ ਰੱਬ ਦਾ ਆਸਰਾ, ਓਹਨਾ ਰਿਜ਼ਕ ਹਮੇਸ਼
ਆਖ਼ਰੀ ਸ਼ਬਦ ਦੇ ਮੁਕਦਿਆਂ ਹੀ ਹਾਰਮੋਨੀਅਮ ਵਾਲ਼ੇ ਨੇ ਆਪਣੀ ਪੀਂਅਅ ਪੀਂਅਅਅ ਮੇਰੀ ਸੁਰ ਨਾਲ ਇੱਕ-ਮਿੱਕ ਕਰ ਦਿੱਤੀ। ਢੋਲਕੀ ਵਾਲ਼ੇ ਨੇ ਧੁੱਕ, ਧੁੱਕ ਤੋਂ ਬਾਅਦ ਢੋਲਕੀ ਦੇ ਮੜ੍ਹਾਂ ਦੀ ਤਬੜਕਾ,ਤਬੜਕਾ ਕਰਾਈ ਤੇ ਤੋੜਾ ਮਾਰ ਦਿੱਤਾ।
ਕਲਫ਼-ਦਾੜ੍ਹੀਆ ਰਗੜਵੀਂ ਆਵਾਜ਼ ਚ ਬੋਲਿਆ: ਇੱਕ ਵਾਰੀ ਫੇਰ, ਕਾਕਾ, ਇੱਕ ਵਾਰੀ ਫੇਰ! ਵਾਹ, ਵਾਹ, ਵਾਹ!
ਏਨੇ ਨੂੰ ਬਲਵੰਤ ਨੇ ਤੂੰਬੀ ਨੂੰ ਮਾਈਕਰੋਫ਼ੋਨ ਦੇ ਚਿਹਰੇ ਦੇ ਸਨਮੁੱਖ ਕੀਤਾ ਤੇ ਸਪੀਕਰਾਂ ਚ ਤੁਣ-ਤੁਣਾ-ਤੁਣ-ਤੁਣ, ਤੁਣ-ਤੁਣ-ਤੁਣ ਹੋਣ ਲੱਗੀ। ਢੋਲਕੀ ਦੀ ਡੁੰਗ-ਟੱਕ, ਡੁੰਗ-ਟੱਕ ਦਾ ਤੁਣ-ਤੁਣ ਨਾਲ਼ ਤਾਲ ਮਿਲਦਿਆਂ ਹੀ, ਮੈਂ ਹੋਅਅਅਅ ਦੇ ਲੰਮੇ ਅਲਾਪ ਵਿੱਚ ਫੈਲ ਗਿਆ। ਕਲਫ਼-ਦਾੜ੍ਹੀਏ ਦੀਆਂ ਮੁੱਠੀਆਂ ਬਗ਼ਲਾਂ ਚੋਂ ਨਿੱਕਲ਼ੀਆ ਤੇ ਉਸ ਦਾ ਸੱਜਾ ਹੱਥ ਉਸ ਦੇ ਕੋਟ ਅੰਦਰਲੀ ਜੇਬ ਨੂੰ ਟਟੋਲਣ ਲੱਗਾ। ਅਗਲੇ ਪਲੀਂ ਉਸ ਦਾ ਬਟੂਆ ਖੁਲ੍ਹਿਆ ਤੇ ਦਸਾਂ ਦਾ ਨੋਟ ਸਾਡੇ ਵੱਲ ਨੂੰ ਵਧਣ ਲੱਗਾ!
ਮੇਰਾ ਲੰਮਾ ਅਲਾਪ ਮੁਕਦਿਆਂ ਹੀ ਤੂੰਬੀ ਦੀ ਤੁਣ-ਤੁਣ ਜਲਾਲ ਫੜ੍ਹਨ ਲੱਗੀ। ਢੋਲਕੀ ਦਾ ਤੋੜਾ ਵਜਦਿਆਂ ਹੀ ਅਸੀਂ ਇੱਕ-ਆਵਾਜ਼ ਚ ਬੋਲ ਉੱਠੇ:
ਮਾਣ ਕਰੀਂ ਈਂ,
ਤੁਣ-ਤੁਣ-ਤੁਣ-ਤੁਣ,
ਮਾਣ ਕਰੀਂ ਨਾ ਹੀਰੇ, ਕਰੀਂ ਨਾ ਹੀਰੇ!
ਨੀ ਤੋਤਿਆਂ ਨੂੰ ਬਾਗ਼ ਬੜੇ ਏ, ਨਿੰਮ ਦਾ ਮਾਣ ਕਰੀਂ ਨਾ ਹੀਰੇ

ਕਲਫ਼-ਦਾਹੜੀਏ ਦੇ ਬੁਲ੍ਹ ਪਾਸਿਆਂ ਵੱਲ ਨੂੰ ਖਿੱਚੇ ਜਾਣ ਲੱਗੇ, ਤੇ ਉਦ੍ਹੀਆਂ ਗੱਲ੍ਹਾਂ ਦੀਆਂ ਸਿਲਵਟਾਂ ਚ ਭਰਤ ਪੈਣ ਲੱਗੀ। ਇਕ ਤੋਂ ਬਾਅਦ ਦੂਸਰਾ ਗੀਤ, ਤੇ ਵਿੱਚ-ਵਿੱਚ ਸ਼ਾਇਰ ਪੀਲੂ ਦੇ ਦੋਹਰੇ:
ਪੀਲੂ ਆਖੇ ਸ਼ਾਇਰਾ, ਕਿਤ ਵੱਲ ਗਿਆ ਜਹਾਨ
ਲੱਗ ਲੱਗ ਗਈਆਂ ਮਹਿਫ਼ਲਾਂ, ਭਰ ਭਰ ਗਏ ਦੀਵਾਨ
ਜਾਂ ਫਿਰ ਹਾਸ਼ਮ ਦੀ ਸੱਸੀ ਚੋਂ ਚੌਬਰਗੇ:
ਸੱਸੀ ਦੀ ਮਾਂ ਮੱਤਾਂ ਦੇਂਦੀ: ਛੱਡ ਬਲੋਚਾਂ ਦੀ ਯਾਰੀ
ਛੱਪੜੀਆਂ ਦਾ ਪੀੰਂਦੇ ਪਾਣੀ,
ਤੁਣ-ਤੁਣ-ਤੁਣ-ਤੁਣ, ਤੁਣ-ਤੁਣ-ਤੁਣ-ਤੁਣ
ਛੱਪੜੀਆਂ ਦਾ ਪੀਂਦੇ ਪਾਣੀ ਰਾਤੀਂ ਰਹਿਣ ਉਜਾੜੀ
ਪਹਿਲੇ ਪਹਿਰ ਮੁਕਾਮ ਜਿੰਨ੍ਹਾ ਦੇ,
ਤੁਣ-ਤੁਣ-ਤੁਣ-ਤੁਣ, ਤੁਣ-ਤੁਣ-ਤੁਣ-ਤੁਣ
ਪਹਿਲੇ ਪਹਿਰ ਮੁਕਾਮ ਜਿੰਨ੍ਹਾਂ ਦੇ, ਅਗਲੇ ਪਹਿਰ ਤਿਆਰੀ
ਹਾਸ਼ਮ ਡਰਦੀ ਵਾਜ ਨਾ ਮਾਰਾਂ,
ਤੁਣ-ਤੁਣ-ਤੁਣ-ਤੁਣ, ਤੁਣ-ਤੁਣ-ਤੁਣ-ਤੁਣ
ਹਾਸ਼ਮ ਡਰਦੀ ਵਾਜ ਨਾ ਮਾਰਾਂ, ਭੰਗ ਨਾ ਪਵੇ ਯਾਰੀ
ਗੀਤ ਮੁਕਦਾ, ਕਲਫ਼-ਦਾੜ੍ਹੀਏ ਦਾ ਹੱਥ ਹਵਾ ਚ ਲਹਿਰਦਾ: ਇੱਕ ਹੋਰ, ਬਈ ਮੁੰਡਿਓ, ਇੱਕ ਹੋਰ!
-ਹਾਂ, ਹਾਂ, ਹਾਂ! ਆ ਗਿਆ ਯਾਦ, ਮੈਂ ਚਾਹ ਨੂੰ ਪਿਆਲੀਆਂ ਚ ਉਲੱਦਦਿਆਂ ਬਲਵੰਤ ਨੂੰ ਆਖਿਆ। ਗਾਉਣ ਜਦੋਂ ਮੁੱਕਿਆ ਸੀ ਤਾਂ ਉਨ੍ਹੇ ਮੈਨੂੰ ਥਾਪੜਾ ਦੇਂਦਿਆਂ ਪੁਛਿਆ ਸੀ, ਕਿਤੇ ਪੜ੍ਹਨੋਂ ਤਾਂ ਨੀ ਹਟ ਗਿਆ ਮੁੰਡਿਆ?
-ਆਹੋ, ਬਲਵੰਤ ਨੇ ਸਿਰ ਨੂੰ ਹੇਠਾਂ-ਉੱਪਰ ਫੇਰਿਆ। ਤੇ ਮੈਂ ਉਹਨੂੰ ਦੱਸਿਆ ਸੀ ਬਈ ਇਹ ਮੁੰਡਾ ਜੀ ਅੰਗਰੇਜ਼ੀ ਦੀ ਐਮ. ਏ. ਦੇ ਸੈਕੰਡ ਯੀਅਰ ਚ ਐ।
-ਹਾਂ, ਹਾਂ! ਮੈਂ ਪਿਆਲੀ ਨੂੰ ਉਠਾਉਂਦਿਆਂ ਬੋਲਿਆ। ਉਹ ਕਹਿੰਦਾ ਸੀ ਜੱਟਾਂ ਦੇ ਮੁੰਡੇ ਪੜ੍ਹਨ ਤੋਂ ਕੰਨੀ ਕਤਰਾਉਂਦੇ ਐ; ਤੂੰ ਵੀ ਕਿਧਰੇ ਕਾਲਜ ਛੱਡ ਕੇ ਟੂ-ਵੈੱਲ ਤੇ ਨਾ ਜਾ ਬੈਠੀਂ!
-ਹਾਂ, ਇਕਬਾਲ ਸਿਅ੍ਹਾਂ, ਹਾਂ, ਬਲਵੰਤ ਨੇ ਪਿਆਲੀ ਨੂੰ ਠੰਗੋਰਿਆ। ਇਸ ਬੰਦੇ ਨਾਂ ਐ ਬਖ਼ਤਾਵਰ ਸਿੰਘ ਗਿੱਲ ਤੇ ਇਹ ਪ੍ਰਧਾਨ ਐ ਖ਼ਾਲਸਾ ਕਾਲਜ ਸੁਧਾਰ ਦਾ।
ਅਗਲੇ ਦਿਨ ਐਤਵਾਰ ਸੀ, ਤੇ ਮੈਂ ਤੇ ਬਲਵੰਤ ਸਵੇਰੇ ਦਸ ਵਜਦੇ ਨੂੰ, ਲੁਧਿਆਣੇ ਦੇ ਗੁਰਦੇਵ ਨਗਰ ਚ ਬਣੀ, ਬਖ਼ਤਾਵਰ ਸਿੰਘ ਗਿੱਲ ਦੀ ਕੋਠੀ ਸਾਹਮਣੇ ਖਲੋਤੇ ਸਾਂ।
-ਅੜਬ ਬਹੁਤ ਐ ਇਹ ਬੰਦਾ, ਬਲਵੰਤ ਨੇ ਉੱਚ-ਦੀਵਾਰੇ ਵਾਗਲ਼ੇ ਦੇ ਹਵੇਲੀਏ ਦਰਵਾਜ਼ੇ ਦੀ ਮੋਟੀ ਟੀਨ ਵੱਲ ਝਾਕਦਿਆਂ ਡੋਰ-ਬੈੱਲ ਦਾ ਬਟਨ ਨੱਪ ਦਿੱਤਾ। ਕਿਤੇ ਗਲ਼ ਈ ਨਾ ਪੈ ਜੇ, ਇਹ ਅੜਬ ਸੰਢਾ!
ਅੰਦਰ ਵੜੇ ਤਾਂ ਪੋਰਚ ਦੇ ਸਾਹਮਣੇ ਵਾਲ਼ੇ ਲਾਅਨ ਚ ਜਾਮਣਾਂ ਦੇ ਦਰਖ਼ਤ ਹੇਠ, ਮਧਰ-ਕੱਦੀ ਅਰਾਮ ਕੁਰਸੀ ਤੇ ਬੈਠਾ, ਉਹ ਆਪਣੇ ਵਾਲ਼ ਸੁਕਾਅ ਰਿਹਾ ਸੀ। ਉਹਦੀਆਂ ਦੋਵੇਂ ਕੂਹਣੀਆਂ ਕੁਰਸੀ ਦੀਆਂ ਬਾਹਾਂ ਉੱਪਰ ਟਿਕੀਆਂ ਹੋਈਆਂ ਸਨ ਤੇ ਉਸਦੇ ਝੁਕੇ ਹੋਏ ਮੱਥੇ ਨੂੰ ਉਸ ਦੀਆਂ ਤਲ਼ੀਆਂ ਨੇ ਹੋਰ ਹੇਠਾਂ ਝੁਕਣ ਤੋਂ ਰੋਕਿਆ ਹੋਇਆ ਸੀ। ਸਾਡੀ ਸਾ ਸਰੀ ਕਾਲ ਉਨ੍ਹੇਂ ਆਪਣੇ ਝੁਕੇ ਹੋਏ ਮੱਥੇ ਦੇ ਅਗਾੜੀ ਲਟਕਦੇ ਵਾਲ਼ਾਂ ਦੇ ਓਹਲਿਓਂ ਹੀ ਮੰਨੀ!
-ਬਹਿ ਜੋ ਕੁਰਸੀਆਂ ਤੇ, ਉਹ ਤਲ਼ੀਆਂ ਤੇ ਟਿਕਾਏ ਆਪਣੇ ਮੱਥੇ ਨੂੰ ਰਤਾ ਕੁ ਖੱਬੇ ਪਾਸੇ ਨੂੰ ਗੇੜਦਿਆਂ ਬੋਲਿਆ।
ਉਦ੍ਹੇ ਸਾਹਮਣੇ ਡਹੇ ਕਾਫ਼ੀ-ਟੇਬਲ ਉੱਪਰ ਬੈਠੀ ਕੱਲੀ-ਕਹਿਰੀ ਪਿਆਲੀ ਅੰਦਰ ਬਚ ਗਈ ਦੋ ਕੁ ਘੁਟਾਂ ਚਾਹ ਉਦਾਲ਼ੇ ਉਡਦੀਆਂ ਮੱਖੀਆਂ, ਉਹਦੇ ਸਿਰ ਤੋਂ ਗੋਡਿਆਂ ਵੱਲ ਨੂੰ ਲਟਕੇ ਹੋਏ ਵਾਲ਼ਾਂ ਤੇ ਜਾ ਬੈਠੀਆਂ, ਪਰ ਅਗਲੇ ਪਲ ਉਹ ਪਿਆਲੀ ਦੇ ਖ਼ਾਲੀਪਣ ਚ ਭਿਣਕਣ ਲੱਗੀਆਂ। ਅਸੀਂ ਸੋਚਿਆ ਉਹ ਮੱਥਾ ਉਤਾਂਹ ਚੁੱਕ ਕੇ ਆਪਣੇ ਧੁੰਦਲ਼ੇ ਡੇਲੇ ਸਾਡੇ ਚਿਹਰਿਆਂ ਤੇ ਸੇਧੇਗਾ, ਤੇ ਸਾਨੂੰ ਪਹਿਚਾਣ ਕੇ ਸਾਡੀ ਆਓ ਭਗਤ ਕਰੇਗਾ, ਪਰ ਆਪਣੀ ਝੁਕਣ-ਮੁਦਰਾ ਨੂੰ ਜਾਰੀ ਰਖਦਿਆਂ, ਉਹ ਭਰੜਾਇਆ: ਜਲਦੀ ਦੱਸੋ ਕੀ ਕੰਮ ਐ ਥੋਨੂੰ?
ਅਸੀਂ ਇੱਕ-ਦੂਜੇ ਵੱਲ ਝਾਕੇ ਤਾਂ ਚਾਹ ਵਾਲ਼ੀਆਂ ਮੱਖੀਆਂ ਬਖ਼ਤਾਵਰ ਸਿੰਘ ਦੀ, ਗੋਡਿਆਂ ਤੀਕ ਆਉਂਦੀ ਨਿੱਕਰ ਦੀ ਸੁਫ਼ੇਦੀ ਨੂੰ ਧੱਬਣ ਲੱਗੀਆਂ। ਝੁਕਣ-ਮੁਦਰਾ ਨੂੰ ਬਰਕਰਾਰ ਰਖਦਿਆਂ ਉਨ੍ਹੇ ਆਪਣੀਆਂ ਚਿੱਟੀਆਂ ਜੁਰਾਬਾਂ ਨੂੰ ਰਤਾ ਕੁ ਉੱਪਰ ਵੱਲ ਨੂੰ ਖਿੱਚਿਆ, ਤੇ ਸੱਜੇ ਬੂਟ ਦੇ ਪੰਜੇ ਨਾਲ ਖੱਬੇ ਬੂਟ ਦੀ ਅੱਡੀ ਨੂੰ ਦਬਾਅ ਕੇ, ਪੈਰ ਨੂੰ ਬੂਟ ਤੋਂ ਸੁਰਖ਼ਰੂ ਕਰ ਦਿੱਤਾ।
-ਅਸੀਂ ਜੀ... ਤੁਹਾਨੂੰ ਬਿਆਸ ਵਾਲ਼ੇ ਡੇਰੇ ਚ ਮਿਲ਼ੇ ਸੀ, ਬਲਵੰਤ ਨੇ ਆਪਣੀ ਤਿੜਕਦੀ ਆਵਾਜ਼ ਨੂੰ ਠੁੰਮਣਾ ਦੇਂਦਿਆਂ ਆਖਿਆ।
-ਕਿਹੜੇ ਡੇਰੇ? ਬਖ਼ਤਾਵਰ ਸਿੰਘ ਘੁਰਕਿਆ। ਮੈਂ ਨੀ ਕਿਸੇ ਡੇਰੇ-ਡੂਰੇ ਨੂੰ ਮੰਨਦਾ।
-ਓ ਜੀ ਵਿਆਹ ਸੀ ਨਾ ਰਾਧਾਸੁਆਮੀ ਬਾਬਿਆਂ ਦੀ ਭਤੀਜੀ ਦਾ ਪਿਛਲੇ ਦਸੰਬਰ ਚ... ਉਨ੍ਹਾਂ ਦੇ ਬਿਆਸ ਵਾਲ਼ੇ ਡੇਰੇ...
-ਹਾਂ, ਹਾਂ... ਓਥੇ ਗਿਆ ਸੀ ਮੈਂ ਬਰਾਤ ਚ... ਕੰਮ ਦੱਸੋ ਕੀ ਐ!
-ਓਥੇ ਅਸੀਂ ਦੋਹਾਂ ਭਰਾਵਾਂ ਨੇ ਗਾਇਆ ਸੀ...ਤੂੰਬੀ ਨਾਲ਼... ਯਾਦ ਹੋਣੈ ਥੋਨੂੰ?
-ਹਾਂ, ਯਾਦ ਆ ਮੈਨੂੰ... ਸੋਹਣਾ ਗਾਇਆ ਸੀ ਤੁਸੀਂ... ਪਰ ਕੰਮ ਦੀ ਗੱਲ ਕਰੋ!
-ਓ ਜੀ ਮੇਰੇ ਭਰਾ ਨੇ ਐਮ. ਏ. ਫਿ਼ਨਿਸ਼ ਕਰਲੀ ਐ ਕੱਲ੍ਹ..
-ਏਹ ਓਹੀ ਭਰਾ ਐ ਤੇਰਾ ਜਿਹੜਾ ਰੁਬਾਈਆਂ ਗਾਉਂਦਾ ਸੀ ਉਸ ਦਿਨ ਤੇਰੇ ਨਾਲ਼?
-ਹਾਂ ਜੀ, ਓਹੀ ਐ!
-ਲੰਮਾਂ ਜਿਹਾ... ਅਕਹਿਰੇ ਜ੍ਹੇ ਸਰੀਰ ਆਲ਼ਾ!
-ਹਾਂ ਜੀ, ਉਹੀ ਐ!
-ਚੰਗਾ ਗਾਉਂਦਾ ਸੀ... ਕਿਹੜੇ ਸਬਜੈਕਟ ਚ ਕੀਤੀ ਐ ਏਹਨੇ ਐਮ. ਏ.?
-ਅੰਗਰੇਜ਼ੀ ਚ...
-ਹੱਛਾਅ? ਉਸ ਨੇ ਝੁਕਣ-ਮੁਦਰਾ ਚ ਹੀ ਆਪਣੇ ਸਿਰ ਨੂੰ ਝਟਕਾ ਮਾਰਿਆ। ਨੰਬਰ ਵੀ ਲਏ ਐ ਸੈਕੰਡ ਡਵੀਯਨ ਜੋਕਰੇ ਕਿ ਤੁਣ-ਤੁਣੀ ਵਜਾਉਣ ਚ ਈ ਲੱਗਿਆ ਰਿਹੈ?
-ਮਿਹਨਤੀ ਐ ਜੀ... ਸੈਕੰਡ ਡਵਿਯਨ ਲੈ ਗਿਆ!
-ਚੰਗੀ ਗੱਲ ਐ...
-ਤੁਹਾਡੇ ਕਾਲਜ ਚ ਪੋਸਟਾਂ ਨਿੱਕਲ਼ੀਐਂ ਦੋ ਅੰਗਰੇਜ਼ੀ ਦੇ ਲੈਕਚਰਾਰਾਂ ਦੀਆਂ...
-ਹਾਂ, ਨਿੱਕਲ਼ੀਐਂ...
-ਉਨ੍ਹਾਂ ਚ ਇਨਟਰੈਸਟ ਐ ਏਹਦਾ...
-ਅਪਲਾਈ ਕਰਤਾ?
-ਹਾਂ ਜੀ, ਮੈਂ ਮਿਮਕਿਆ। ਅੱਜ ਈ ਡਾਕ ਚ ਪਾਈ ਐ ਐਪਲੀਕੇਸ਼ਨ!
-ਦਾੜ੍ਹੀ ਰੱਖੀ ਕਿ ਕੁਤਰੀ ਵੀ ਐ?
-ਨਾ ਜੀ, ਬਲਵੰਤ ਮੇਰੇ ਵੱਲੀਂ ਅੱਖ ਦਬਾਅ ਕੇ ਬੋਲਿਆ। ਏਹਨੇ ਤਾਂ ਹਾਲੇ ਤੀਕ ਕੈਂਚੀ ਨੀ ਉਂਗਲ਼ਾਂ ਚ ਫੜ ਕੇ ਦੇਖੀ!
-ਸ਼ਰਾਰਤਾਂ ਤਾਂ ਨੀ ਕਰਦਾ?
-ਨਾ ਜੀ... ਬੱਸ ਕਿਤਾਬਾਂ ਚ ਹੀ ਖੁੱਭਿਆ ਰਹਿੰਦੈ ਤੇ ਜਾਂ ਫਿਰ ਤੂੰਬੀ ਖੜਕਾਅ ਲੈਂਦੈ ਕਦੇ-ਕਦੇ।
-ਓਦੇਂ ਜਦੋਂ ਏਹ ਰੁਬਾਈਆਂ ਗੌਂਦਾ ਸੀ ਤਾਂ ਏਹ ਮੈਨੂੰ ਕੁਸ਼ ਤਿੱਖੂ ਜਿਅ੍ਹਾ ਲਗਦਾ ਸੀ...
-ਨੲ੍ਹੀਂ ਜੀ, ਬਲਵੰਤ ਮੇਰੇ ਵੱਲ ਦੇਖ ਕੇ ਮੁਸਕਾਇਆ। ਪਿੰਡਾਂ ਦੇ ਮੁੰਡੇ ਐਂ ਜੀ ਅਸੀਂ ਤਾਂ... ਸ਼ਰਾਰਤੀ ਹੋਣਾ ਅਫ਼ੋਰਡ ਈ ਨੀ ਕਰ ਸਕਦੇ...
-ਸ਼ਰਾਬ ਕਿੰਨੀ ਕੁ ਪੀਂਦੈ?
-ਨਾ ਜੀ, ਮੂੰਹ ਤੇ ਨੀ ਧਰਦਾ...
-ਕਿਹੜਾ ਪਿੰਡ ਐ ਥੋਡਾ?
-ਮੋਗੇ ਕੋਲ਼ੇ ਐ ਜੀ, ਰਾਮੂਵਾਲ਼ਾ
-ਜ਼ਮੀਨ ਕਿੰਨੀ ਐਂ ਥੋਡੇ ਕੋਲ਼?
-ਹੈਗੀ ਐ ਜੀ ਗੁਜ਼ਾਰੇ ਜੋਗੀ... ਸੋਲ਼ਾਂ-ਸਤਾਰਾਂ ਕਿੱਲੇ...
-ਕੀ ਨਾਮ ਐ ਏਹਦਾ?
-ਇਕਬਾਲ ਸਿੰਘ ਗਿੱਲ...
-ਗਿੱਲ?
-ਹਾਂ ਜੀ...
-ਗਿੱਲਾਂ ਤੇ ਤਾਂ ਮੈਂ ਇਤਬਾਰ ਈ ਨੀ ਕਰਦਾ, ਪੱਟਾਂ ਵੱਲ ਨੂੰ ਲਟਕੇ ਹੋਏ ਉਦ੍ਹੇ ਵਾਲ਼ ਖੱਬੇ-ਸੱਜੇ ਹਿੱਲੇ। ਗਿੱਲ ਪੰਗਿਆਂ-ਹੱਥੇ ਹੁੰਦੇ ਐ...
-ਨੲ੍ਹੀਂ ਜੀ... ਏਹ ਜੇ ਸ਼ਰਾਰਤੀ ਹੁੰਦਾ ਤਾਂ ਅੰਗਰੇਜ਼ੀ ਦੀ ਐਮ. ਏ. ਨੀ ਸੀ ਹੋਣੀ ਏਹਤੋਂ...
ਹੁਣ ਆਪਣੀਆਂ ਉਂਗਲ਼ਾਂ ਤੇ ਅੰਗੂਠਿਆਂ ਨਾਲ਼, ਕਦੇ ਉਹ ਪੱਟਾਂ ਉੱਪਰ ਝੁਕੇ ਹੋਏ ਆਪਣੇ ਮੱਥੇ ਨੂੰ ਮਲਣ ਲੱਗਾ ਤੇ ਕਦੇ ਮੀਟੀਆਂ ਹੋਈਆਂ ਅੱਖਾਂ ਨੂੰ।
-ਉਏ ਬਹਾਦਰ! ਉਹਨੇ ਆਪਣੀ ਖੱਬੀ ਕੂਹਣੀ ਨੂੰ ਆਪਣੇ ਪੱਟ ਤੇ ਟਿਕਾਉਂਦਿਆਂ ਆਵਾਜ਼ ਮਾਰੀ।
ਘਾਹ ਉੱਤੇ ਪਾਣੀ ਛਿੜਕਣ ਵਾਲ਼ੀ ਟਿਊਬ ਨੂੰ ਥਾਂਏਂ ਈ ਸੁੱਟ ਕੇ, ਬਹਾਦਰ ਦੌੜਿਆ ਆਇਆ: ਜੀ ਸਾਹਿਬ!
-ਆਹ ਨਾਂ ਲਿਖ ਉਏ ਐਸ ਮੁੰਡੇ ਦਾ ਕਾਪੀ ਚ!
ਬਹਾਦੁਰ ਨੇ ਆਪਣੀਆਂ ਉਂਗਲ਼ਾਂ ਆਪਣੇ ਪਟਿਆਂ ਚ ਫੇਰੀਆਂ ਤੇ ਕਾਫ਼ੀ-ਟੇਬਲ ਤੇ ਪਈ ਕਾਪੀ ਕੋਲ਼ ਪਏ ਪੈਂੱਨ ਦੇ ਪੋਪਲੇ ਨੂੰ ਪਿਛਲੇ ਪਾਸੇ ਨੂੰ ਗੇੜ ਦਿੱਤਾ।
-ਲਿਖ ਇਕਬਾਲ ਸਿੰਘ ਗਿੱਲ, ਬਖ਼ਤਾਵਤ ਸਿੰਘ ਸਿਹਰਿਆਂ ਵਾਂਗ ਲਟਕਦੇ ਵਾਲ਼ਾਂ ਦੇ ਪਿਛਾੜੀਓਂ ਬੋਲਿਆ। -ਨਾਲ਼ ਬਰੈਕਟਾਂ ਚ ਲਿਖਦੇ ਅੰਗਰੇਜ਼ੀ!
***
ਇੰਟਰਵਿਊ ਦੀ ਚਿੱਠੀ ਖੋਲ੍ਹੀ ਤਾਂ ਮੇਰੇ ਭਰਵੱਟੇ ਉੱਪਰ ਨੂੰ ਖਿੱਚੇ ਗਏ। ਛਾਤੀ ਚ ਹੇਠਾਂ ਤੀਕ ਲਹਿ ਗਏ ਅਮੁੱਕ ਸਾਹ ਨੂੰ ਮੈਂ ਹੌਲ਼ੀ-ਹੌਲ਼ੀ ਬਾਹਰ ਨੂੰ ਕੱਢਿਆ ਜਿਵੇਂ ਬਲੱਡ-ਪ੍ਰੈਸ਼ਰ ਚੈੱਕ ਕਰਨ ਵੇਲੇ ਡਾਕਟਰ ਆਪਣੇ ਸਟੈਥੋਸਕੋਪ ਨੂੰ, ਇੱਕ ਬਟਨ ਮਰੋੜ ਕੇ, ਸਹਿਜੇ-ਸਹਿਜੇ ਖ਼ਾਲੀ ਕਰਦਾ ਹੈ। ਪੈਂਟ-ਕਮੀਜ਼ ਦੀਆਂ ਸਿਲਵਟਾਂ ਸੁਧਾਰਨ ਲਈ, ਉਨ੍ਹਾਂ ਨੂੰ ਮੈਂ ਧੋਬੀ ਦੇ ਹਵਾਲੇ ਕੀਤਾ, ਤੇ ਕਮੀਜ਼ ਦੀਆਂ ਧਾਰੀਆਂ ਨਾਲ਼ ਮੇਲ਼ ਖਾਂਦੀ ਉਨਾਭੀ ਪੱਗ ਨੂੰ ਪਾਣੀ ਚ ਘਚੋਲ਼ ਕੇ ਵਿਹੜੇ ਚ ਬੰਨ੍ਹੀ ਤਾਰ ਤੇ ਪਾ ਦਿੱਤਾ।
ਇੰਟਰਵਿਊ ਦੇ ਦਿਨ ਖ਼ਾਲਸਾ ਕਾਲਜ, ਸੁਧਾਰ, ਦੇ ਸਟਾਫ਼ਰੂਮ ਚ ਦਰਜਣ ਦੇ ਕਰੀਬ ਕੈਂਡੀਡੇਟਾਂ ਨੂੰ ਦੇਖ ਕੇ, ਮੇਰੇ ਕੱਛੇ ਚ ਸਿਲ੍ਹ ਜੀਰਨ ਲੱਗੀ। ਸੇਵਾਦਾਰ ਰੱਖਾ ਸਿੰਘ ਕੈਂਡੀਡੇਟ ਦਾ ਨਾਮ ਪੁਕਾਰਦਾ ਤੇ ਉਸ ਨੂੰ ਪਿੰ੍ਰਸੀਪਲ ਦੇ ਦਫ਼ਤਰ ਚ ਧੱਕ ਦੇਂਦਾ। ਹਰ ਕੈਂਡੀਡੇਟ ਪੰਜਾਂ-ਸੱਤਾਂ ਮਿੰਟਾਂ ਚ ਆਪਣੀਆਂ ਅੱਖਾਂ ਤੇ ਚਿਹਰੇ ਦੇ ਜਲਾਲ ਨੂੰ ਪ੍ਰਿੰਸੀਪਲ ਦੇ ਦਫ਼ਤਰ ਚ ਲੁਹਾਅ ਕੇ, ਸਟਾਫ਼ਰੂਮ ਵਿੱਚ ਪਰਤ ਆਉਂਦਾ।
ਮੇਰੀ ਵਾਰੀ ਆਈ: ਬਖ਼ਤਾਵਰ ਸਿੰਘ ਗਿੱਲ ਪ੍ਰਿੰਸੀਪਲ ਦੇ ਖੱਬੇ ਪਾਸੇ ਬੈਠਾ ਸੀ। ਕੂਹਣੀਆਂ ਨੂੰ ਮੇਜ਼ ਤੇ ਟਿਕਾਅ ਕੇ ਉਸ ਨੇ ਆਪਣੀਆਂ ਚਿੱਟੀਆਂ ਐਨਕਾਂ ਦਾ ਸੇਕ ਮੇਰੇ ਵੱਲ ਸੇਧ ਦਿੱਤਾ। ਆਪਣੀਆਂ ਤਿਊੜੀਆਂ ਨੂੰ ਡੂੰਘਦਿਆਂ ਉਸ ਨੇ ਆਪਣੇ ਬੁੱਲ੍ਹਾਂ ਨੂੰ ਸੁੰਗੇੜਿਆ।
-ਸਰਟੀਫ਼ਕੇਟ ਦਿਖਾਅ ਪਹਿਲਾਂ, ਉਨ੍ਹੇ ਦਬਕਾ ਮਾਰਨ ਵਾਂਗ ਹੁਕਮ ਕੀਤਾ। ਦੇਖੀਏ ਕਿੰਨੇ ਨੰਬਰ ਲਏ ਐ ਤੂੰ।
ਲਿਫ਼ਾਫ਼ੇ ਚੋਂ ਐਮ ਏ ਦੀਆਂ ਡੀਟੇਲ ਆਫ਼ ਮਾਰਕਸ ਸ਼ੀਟਸ ਕੱਢ ਕੇ, ਮੈਂ ਬਖ਼ਤਾਵਰ ਸਿੰਘ ਦੇ ਸਾਹਮਣੇ ਟਿਕਾਅ ਦਿੱਤੀਆਂ। ਸ਼ੀਟਸ ਨੂ ਪ੍ਰਿੰਸੀਪਲ ਵੱਲ ਵਧਾਉਂਦਿਆਂ ਉਹ ਆਪਣੀਆਂ ਭੂਸਲ਼ੀਆਂ ਮੁੱਛਾਂ ਨੂੰ ਫਰਕਾਅ ਕੇ ਬੋਲਿਆ: ਟੈੱਲ ਮੀ ਵਿਚ੍ਹ ਪੋਇਟ ਯੂ ਲਾਈਕ!
-ਟੀ. ਐਸ. ਏਲੀਅਟ ਇਜ਼ ਮਾਈ ਫੇਵਰਟ ਪੋਇਟ, ਸਰ, ਮੈਂ ਆਪਣੇ ਭਰਵੱਟਿਆਂ ਨੂੰ ਉੱਪਰਲੇ ਰੁਖ਼ ਖਿਚਦਿਆਂ ਬੋਲਿਆ।
-ਹੂਅ? ਬਖ਼ਤਾਵਰ ਸਿੰਘ ਨੇ ਆਪਣੇ ਭਰਵੱਟੇ ਅੰਦਰ ਵੱਲ ਨੂੰ ਖਿੱਚੇ। ਹੂ ਇਜ਼ ਦਿਸ ਏ... ਏ... ਏਲੀਅਟ? ਆਈ ਨੈਵਰ ਹਰਡ ਆਫ਼ ਇਟ!
-ਟੀ. ਐਸ. ਏਲੀਅਟ ਇਜ਼ ਏ ਸੈਲੀਬਰੇਟਡ ਅਮੈਰੀਕਨ ਪੋਇਟ, ਸਰ, ਮੈਂ ਆਪਣੇ ਬੁੱਲ੍ਹਾਂ ਨੂੰ ਪਾਸਿਆਂ ਵੱਲ ਨੂੰ ਵਧਾਉਂਦਿਆਂ ਦੱਸਿਆ। ਹੀ ਇਨਟਰੋਡਿਊਸਡ ਏ ਨਿਊ ਟਰੈਂਡ ਇਨ ਇੰਗਲਿਸ਼ ਪੋਇਟਰੀ।
- ਵੱਟ੍ਹ ਅਬਾਊਟ ਕੀਟਸ ਐਂਡ ਵਰਡਜ਼ਵਰਥ?
-ਦੇਅ ਆਰ ਓ ਕੇ, ਮੈਂ ਆਪਣਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਹਿਲਾਇਆ। ਦੇ ਵਰ ਗਰੇਟ ਇਨ ਦੇਅਰ ਓਅਨ ਟਾਈੰਮਜ਼, ਬਟ ਏਲੀਅਟ... ਦਿਸ ਮੈਨ ਹੈਜ਼ ਗਿਵਨ ਏ ਫ਼ਰੈਸ਼ ਡਾਇਰੈਕਸ਼ਨ ਟੂ ਪੋਇਟਰੀ ਐਂਡ ਕਰਿਟੀਸਿਜ਼ਮ। ਅ ਲਾਟ ਆਫ਼ ਐਕਸਪੈਰੀਮੈਂਟੇਸ਼ਨ ਇਨ ਹਿਜ਼ ਪੋਇਟਰੀ।
ਹੁਣ ਉਹਦਾ ਸਿਰ ਫੁਰਕ ਕਰਦਾ ਕੁੰਦਨ ਸਿੰਘ ਵੱਲ ਮੁੜਿਆ।
ਕੁੰਦਨ ਸਿੰਘ ਨੇ ਆਪਣੀਆਂ ਭੀੜੀਆਂ ਅੱਖਾਂ ਝਮਕੀਆਂ ਤੇ ਮੇਰੀ ਐਪਲੀਕੇਸ਼ਨ ਨੂੰ ਇੱਕ ਫੋਲਡਰ ਵਿੱਚ ਟਿਕਾਉਂਦਿਆਂ ਬੋਲਿਆ: ਪਰਧਾਨ ਸਾਹਿਬ ਟੋਡਲ ਮੀ ਯੂ ਆਰ ਏ ਸਿੰਗਰ।
-ਯੈੱਸ ਸਰ, ਮੈਂ ਆਪਣੇ ਸਿਰ ਨੂੰ ਆਪਣੇ ਖੱਬੇ ਮੋਢੇ ਵੱਲ ਨੂੰ ਝੁਕਾਇਆ।
-ਵਟ੍ਹ ਡੂ ਯੂ ਸਿੰਗ?
-ਪੰਜਾਬੀ ਫੋਕ ਸਾਂਗਜ਼, ਸਰ। ਆਈ ਆਲਸੋ ਸਿੰਗ ਆਨ ਰੇਡੀਓ।
-ਅੱਛਾ? ਕੁੰਦਨ ਸਿੰਘ ਨੇ ਆਪਣੀਆਂ ਐਨਕਾਂ ਉਤਾਰ ਕੇ ਮੇਜ਼ ਉੱਪਰ ਰੱਖ ਦਿੱਤੀਆਂ ਤੇ ਆਪਣੀਆਂ ਅੱਖਾਂ ਨੂੰ ਬਖ਼ਤਾਵਰ ਸਿੰਘ ਦੇ ਹਵਾਲੇ ਕਰ ਦਿੱਤਾ।
ਬਖ਼ਤਾਵਰ ਸਿੰਘ ਨੇ ਆਪਣੇ ਮੱਥੇ ਦੇ ਸੁੰਗੜੇਵੇਂ ਨੂੰ ਕੱਸਿਆ, ਤੇ ਅੱਖਾਂ ਨੂੰ ਸੁੰਗੇੜਿਆ।
-ਮੈਂ ਜੱਟਾਂ ਦੇ ਮੁੰਡਿਆਂ ਨੂੰ ਪ੍ਰੋਫ਼ੈਸਰ ਨੀ ਰਖਦਾ, ਉਹ ਦੋਹਾਂ ਹੱਥਾਂ ਦੀਆਂ ਉਂਗਲ਼ਾਂ ਨੂੰ ਆਪਸ ਚ ਫਸਾਉਂਦਿਆਂ ਬੋਲਿਆ। ਇਹ ਪੱਕੇ ਹੋ ਕੇ ਮਨੇਜਮੈਂਟ ਦੇ ਗਲ਼ ਪੈ ਜਾਂਦੇ ਐ... ਆਥਣ ਨੂੰ ਗੁੱਟ ਹੋ ਕੇ ਸੌਂ ਜਾਂਦੇ ਐ... ਆਈ ਲਾਈਕ ਬਣੀਆਂਜ਼... ਦੇਅ ਆਲਵੇਜ਼ ਕੀਪ ਦੇਅਰ ਹੈਂਡਜ਼ ਫੋਲਡਡ... ਕਾਅਜ਼ ਨੋ ਪ੍ਰਾਬਲਮ ਟੂ ਮਨੇਜਮੈਂਟ! ਕੁਸਕਦੇ ਨੀ ਮਨੇਜਮੈਂਟ ਮੂਹਰੇ... ਜੱਟ ਤਾਂ ਮਹੀਨੇ ਚ ਪ੍ਰਿੰਸੀਪਲ ਨਾਲ ਹੱਲਾ-ਗੁੱਲਾ ਕਰ ਕੇ ਦੌੜ ਜਾਂਦੇ ਐ... ਜੱਟ ਤਾਂ ਇਡੀਅਟ ਹੁੰਦੇ ਐ... ਏਹਨਾਂ ਨੂੰ ਅਕਲ ਆਊ ਇੱਕੀਵੀਂ ਸਦੀ ਦੇ ਅਖ਼ੀਰ ਚ ਜਾ ਕੇ...
ਫਿਰ ਉਨ੍ਹੇ ਝਟਕਾ ਮਾਰ ਕੇ ਆਪਣੇ ਸਿਰ ਨੂੰ ਪ੍ਰਿੰਸੀਪਲ ਵੱਲੀਂ ਘੁਮਾਇਆ: ਕਿਉਂ ਸਰਦਾਰ ਕੁੰਦਨ ਸਿੰਘ?
-ਗਿੱਲ ਸਾਹਿਬ ਇਜ਼ ਰਾਈਟ, ਪ੍ਰਿੰਸੀਪਲ ਆਪਣੇ ਸਿਰ ਨੂੰ ਉੱਪਰ-ਹੇਠਾਂ ਹਿਲਾਅ ਕੇ ਬੋਲਿਆ। ਤੂੰ ਕੋਈ ਗੱਲ ਪੁੱਛਣੀ ਐਂ, ਇਕਬਾਲ ਸਿੰਘ?
ਸਿਰ ਨੂੰ ਖੱਬੇ-ਸੱਜੇ ਗੇੜਦਿਆਂ ਮੈਂ ਬੋਲਿਆ: ਆਈ ਡੌਂਟ ਥਿੰਕ ਆਈ ਹੈਵ ਐਨੀ ਕੁਇਸਚਨ, ਸਰ। ਆਈ ਜਸਟ ਵਾਂਟ ਟੂ ਸੇ ਦੈਟ ਯੂਅਰ ਕੈਂਪਸ ਇਜ਼ ਵੈਰੀ ਇਮਪਰੈੱਸਿਵ!
-ਚੰਗਾ ਫਿਰ ਸਟਾਫ਼ਰੂਮ ਚ ਵੇਟ ਕਰ, ਕੁੰਦਨ ਸਿੰਘ ਨੇ ਐਨਕਾਂ ਦੇ ਫ਼ਰੇਮ ਉਲੱਦਦਿਆਂ ਆਖਿਆ।
ਮੋਢਿਆਂ ਨੂੰ ਸੁੰਗੇੜਦਾ ਹੋਇਆ ਮੈਂ ਸਟਾਫ਼ਰੂਮ ਚ ਕੁਰਸੀ ਤੇ ਜਾ ਬਿਰਾਜਿਆ: ਸੇਵਾਦਾਰ ਰੱਖਾ ਸਿੰਘ ਬੁੱਲ੍ਹ ਮੀਟ ਕੇ ਮੁਸਕਰਾਇਆ ਤੇ ਪਾਣੀ ਦਾ ਗਲਾਸ ਮੇਰੇ ਸਾਹਮਣੇ ਮੇਜ਼ ਤੇ ਧਰ ਕੇ ਸਟਾਫ਼ਰੂਮ ਚੋਂ ਬਾਹਰ ਨਿੱਕਲ਼ ਗਿਆ। ਜੇ ਸਟਾਫ਼ਰੂਮ ਖਾਲੀ ਹੁੰਦਾ ਤਾਂ ਪਾਣੀ ਰਖਦਿਆਂ ਉਸ ਨੇ ਇਹ ਜ਼ਰੂਰ ਕਹਿਣਾ ਸੀ ਕਿ ਬਖ਼ਤਾਵਰ ਸਿੰਘ ਨਾਲ ਸਾਹਮਣਾ ਕਰਨ ਤੋਂ ਬਾਅਦ ਹਰ ਬੰਦੇ ਦੀ ਜੀਭ ਤੋਂ ਥੁੱਕ ਅਲੋਪ ਹੋ ਜਾਂਦੈ।
ਬਾਕੀ ਦੇ ਕੈਂਡੀਡੇਟਾਂ ਦੇ ਭੁਗਤ ਜਾਣ ਤੋਂ ਬਾਅਦ, ਸਟਾਫ਼ਰੂਮ ਚ ਚੁੱਪ-ਚਾਪ ਬੈਠੇ ਸਾਰੇ ਕੈਂਡੀਡੇਟ ਵਾਰ-ਵਾਰ ਦਰਵਾਜ਼ੇ ਵੱਲ ਝਾਕਦੇ। ਰੱਖਾ ਸਿੰਘ ਚਾਹ ਦੀਆਂ ਪਿਆਲੀਆਂ ਟੇਬਲਾਂ ਤੇ ਟਿਕਾਅ ਕੇ ਬਾਹਰ ਨਿੱਕਲ਼ ਗਿਆ। ਪਿਆਲੀਆਂ ਚ ਪਈ ਚਾਹ ਚੋਂ ਗਰਮੀ ਖ਼ਾਰਜ ਹੋਣ ਲੱਗੀ। ਕਈ ਜਾਣੇ ਉਂਗਲ਼ਾਂ ਚ ਉਂਗਲ਼ਾਂ ਫ਼ਸਾਅ ਕੇ ਬਾਹਾਂ ਨੂੰ ਸਿਰ ਦੇ ਉੱਪਰ ਲੈ ਜਾਂਦੇ ਤੇ ਲੰਮੀ ਉਬਾਸੀ ਕਮਰੇ ਚ ਖਿਲਾਰ ਕੇ, ਇੱਕ ਦੂਜੀ ਚ ਜੁੜੀਆਂ ਉਂਗਲ਼ਾਂ ਨੂੰ ਆਪਣੇ ਸਿਰਾਂ ਤੇ ਟਿਕਾਅ ਦਿੰਦੇ, ਤੇ ਕਈ ਲੱਤਾਂ ਨੂੰ ਪਸਾਰ ਕੇ ਆਪਣੇ ਧੜਾਂ ਨੂੰ ਖੱਬੇ-ਸੱਜੇ ਨੂੰ ਉਲਾਰ ਦੇਂਦੇ।
ਦਸ ਕੁ ਮਿੰਟਾਂ ਬਾਅਦ ਰੱਖਾ ਸਿੰਘ ਅਚਾਨਕ ਹੀ ਦਰਵਾਜ਼ੇ ਤੇ ਪਰਗਟ ਹੋਇਆ। ਮੈਂ ਸੋਚਿਆ ਉਹ ਠਰੀ ਹੋਈ ਚਾਹ ਵਾਲ਼ੀਆਂ ਅਰਧ-ਖ਼ਾਲੀ ਪਿਆਲੀਆਂ ਲੈਣ ਆਇਆ ਹੋਵੇਗਾ, ਪਰ ਕੈਂਡੀਡੇਟਾਂ ਉੱਪਰ ਘੜੀਸਵੀਂ ਨਜ਼ਰ ਮਾਰਦਿਆਂ, ਉਹ ਮੇਰੇ ਚਿਹਰੇ ਤੇ ਆ ਕੇ ਰੁਕ ਗਿਆ: ਤੁਸੀਂ... ਸਰਦਾਰ ਇਕਬਾਲ ਸਿੰਘ?
ਮੈਂ ਕੁਰਸੀ ਚ ਢਿਲ਼ਕੇ ਆਪਣੇ ਸਰੀਰ ਨੂੰ ਝਟਕੇ ਨਾਲ ਉੱਪਰ ਨੂੰ ਉੱਛਾਲਿ਼ਆ: -ਹਾਂ ਜੀ, ਮੈਂ ਆਂ ਇਕਬਾਲ ਸਿੰਘ!
ਸਰਦਾਰ ਜੀ ਦਾ ਹੁਕਮ ਐ ਤੁਹਾਨੂੰ ਕਿ ਤੁਸੀਂ ਬਾਬੂ ਧਰਮ ਸਿੰਘ ਜੀ ਨੂੰ ਮਿਲੋ ਦਫ਼ਤਰ ਚ ਜਾ ਕੇ... ਬਾਕੀ ਕੈਂਡੀਡੇਟ ਜਾ ਸਕਦੇ ਨੇ... ਤੁਹਾਨੂੰ ਚਿੱਠੀਆਂ ਭੇਜੀਆਂ ਜਾਣਗੀਆਂ ਘਰੀਂ, ਡਾਕ ਰਾਹੀਂ!
(ਛਪਣ-ਵਾਲ਼ੀ ਕਿਤਾਬ ਸੜਦੇ ਸਾਜ਼ ਦੀ ਸਰਗਮ ਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346