Welcome to Seerat.ca
Welcome to Seerat.ca

ਸਿ਼ਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ

 

- ਸੁਰਜੀਤ ਪਾਤਰ

ਮੇਰੀ ਮੰਗਣੀ ਤੇ ਮੇਰਾ ਵਿਆਹ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਇਹ ਵੀ

 

- ਸਰਵਣ ਸਿੰਘ

ਪੜ੍ਹਨ ਤੇ ਸਮਝਣ ਵਾਲੀਆਂ ਗੱਲਾਂ

 

- ਹਰਪਾਲ ਸਿੰਘ ਪੰਨੂੰ

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ

 

- ਡਾ.ਸਤੀਸ਼ ਕੁਮਾਰ ਵਰਮਾ

ਮੇਰਾ ਪਾਕਿਸਤਾਨ

 

- ਸੁਖਦੇਵ ਸਿੱਧੂ

ਮੇਰੀ ਫਿਲਮੀ ਆਤਮਕਥਾ

 

-  ਬਲਰਾਜ ਸਾਹਨੀ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਮੌਤ ਦੇ ਰੰਗ

 

- ਬਲਬੀਰ ਸਿਕੰਦ

‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ‘ / ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ / ਸ਼੍ਰੋਮਣੀ ਕਮੇਟੀ,‘ਸਰਬੱਤ ਖਾਲਸਾ‘ਅਤੇ ਗੁਰਮਰਿਆਦਾ ਦਾ ਪ੍ਰਸੰਗ

 

- ਡਾ. ਸੁਮੇਲ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

ਸਮੁਰਾਈ

 

- ਰੂਪ ਢਿੱਲੋਂ

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ".....!

 

- ਕਰਨ ਬਰਾੜ ਹਰੀ ਕੇ ਕਲਾਂ

ਵਲਾਦੀਮੀਰ ਲੈਨਿਨ.....

 

- ਪਰਮ ਪੜਤੇਵਾਲਾ

ਦੋ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਕਿਉ ਹੁੰਦਾ ਹੈ ਏਸ ਤਰਾਂ ?

 

- ਬੇਅੰਤ ਗਿੱਲ ਮੋਗਾ

ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਪੰਜਾਬੀ ਦੇ ਮਿਆਰੀਕਰਨ ਵੱਲ੍ਹ ਇਨਕਲਾਬੀ ਕਦਮ

 

- ਸ਼ਿੰਦਰ (ਯੂ. ਕੇ.)

ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . .

 

- ਜਸਪ੍ਰੀਤ ਸਿੰਘ

ਦੋ ਕਹਾਣੀਆਂ

 

- ਸੁਖਵਿੰਦਰ ਕੌਰ 'ਹਰਿਆਓ'

ਗ਼ਜ਼ਲ

 

- ਗੁਰਬਚਨ ਸਿੰਘ ਚਿੰਤਕ

ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

 

- ਡਾ.ਅਮਰਜੀਤ ਟਾਂਡਾ

ਸਾਹਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਅਦਬੀ ਮੁਲਾਕਾਤਾਂ

 

- ਦੀਪ ਦੇਵਿੰਦਰ ਸਿੰਘ

ਰੰਗਾਂ ਦਾ ਸਾਗਰ ਸੁਆਗਤ ਹੈ

 

- ਗੁਰਭਜਨ ਗਿੱਲ

ਸਾਹਿਤਕ ਮਹਿਕ ਨਾਲ ਭਰਪੂਰ ਰਹੀ ‘ਕਾਫ਼ਲੇ’ ਦੀ ਅਪ੍ਰੈਲ 2016 ਮਿਲਣੀ

 

- ਉਂਕਾਰਪ੍ਰੀਤ

ਪੜਪੋਤਰੇ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮਹਿੰਦਰਦੀਪ ਗਰੇਵਾਲ

ਬਹਿਰ=ਮੁਤਕਾਰਿਬ

 

- ਸਚਦੇਵ ਗਿੱਲ

ਮਜਦੂਰ ਦਿਵਸ

 

- ਮਲਕੀਅਤ “ਸੁਹਲ”

The Jat-Scythian Nexus

 

- Dr V.B.L. Sharma

Migrants from India Settled in Australia 4,000 Years Before Captain Cook’s Arrivalਕਵਿਤਾਵਾਂ

ਹੁੰਗਾਰੇ

 
Online Punjabi Magazine Seerat

ਮੇਰਾ ਪਾਕਿਸਤਾਨ
- ਸੁਖਦੇਵ ਸਿੱਧੂ

 

ਮੇਰਾ ਜਨਮ ਰੌਲ਼ਿਆਂ ਤੋਂ ਨੌਂ ਦਸ ਸਾਲ ਬਾਅਦ ਦਾ ਹੈ। ਮੈਂ ਪਾਕਿਸਤਾਨ ਕਦੇ ਨਹੀਂ ਗਿਆ। ਨਕਸ਼ੇ ਤੇ ਹੀ ਦੇਖਿਆ ਹੈ। ਤਾਂ ਵੀ ਮੈਨੂੰ ਰੌਲ਼ਿਆਂ ਬਾਰੇ ਵਾਹਵਾ ਪਤਾ ਹੈ। ਮੇਰੇ ਲਈ ਇਹ ਕਿਸੇ ਹੱਦ ਤਕ ਅਭਿਮੰਨੂ ਦੇ ਚੱਕਰ-ਵਿਯੂ ਸੁਣਨ ਵਾਂਗੂੰ ਹੈ। ਆਪਣੇ ਪੁਰਖਿਆਂ ਤੋਂ ਪਾਕਿਸਤਾਨ ਬਣਨ ਦਾ ਦੁੱਖ ਸੁਣਦਾ ਸੁਣਦਾ ਮੈਂ ਇਹਦੇ ਬਹੁਤ ਨੇੜੇ ਹੋ ਗਿਆ ਹਾਂ। ਇਹ ਮੇਰੇ ਲਈ ਖ਼ਾਸ ਅਹਿਮੀਅਤ ਵਾਲ਼ਾ ਹੈ। ਵੱਡੀ ਨਿਮੋਸ਼ੀ ਵਾਲ਼ਾ ਹੈ। ਇਹ ਮੇਰੇ ਲਈ ਨਿੱਜ ਹੋਣਾ ਹੈ। ਮੇਰੇ ਵੱਡਿਆਂ ਵਡੇਰਿਆਂ ਨੂੰ ਗ਼ੁਰਬਤ ਦੇ ਬੂਥੇ 'ਚ ਧੱਕਣ ਵਾਲਾ ਹੈ।
ਮੇਰਾ ਬਾਬਾ -ਰਾਮ ਸਿੰਘ ਤੇ ਪੜਦਾਦਾ ਪਿੰਡ ਛੱਡ ਕੇ ਬਾਰ ਨੂੰ ਗਏ ਸੀ ਮੁਰੱਬਿਆਂ ਦੇ ਮਾਲਕ ਬਨਣ। ਅੱਠ-ਦਸ ਸਾਲ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਦੋ ਮੁਰੱਬਿਆਂ ਦੇ ਵਣਾਂ ਕਰੀਰਾਂ ਨੂੰ ਪੱਟ ਕੇ ਆਬਾਦ ਕੀਤਾ ਸੀ। ਬੜੀ ਮੋਟੀ ਜ਼ਮੀਨ ਸੀ। ਇਹ ਮੁਰੱਬੇ ਇਨ੍ਹਾਂ ਦੇ ਨਾਂ ਨਾ ਹੋਏ - ਪਤਾ ਨਹੀਂ ਲਗਦਾ ਕਿਓਂ। ਵਰ੍ਹਿਆਂ ਦੀ ਕਮਾਈ ਕੋਈ ਹੋਰ ਲੈ ਗਿਆ। ਇਹ ਕਹਿੰਦੇ ਆ ਕਿ ਅੰਗਰੇਜ਼ ਅਫਸਰ ਨੂੰ ਕਿਸੇ ਨੇ
ਗ਼ਲਤ ਦੱਸ ਦਿੱਤਾ। ਮਾਲਕੀ ਦੇਣ ਆਇਆ ਉਹ ਕਲਮ ਹੋਰ ਪਾਸੇ ਵਾਹ ਗਿਆ ਸੀ। ਪਰ ਇਹ ਜ਼ਮੀਨ ਵਾਹੁੰਦੇ ਰਹੇ ਸੀ। ਮੇਰਾ ਬਾਪ ਦਸਦਾ ਹੈ ਕਿ "ਪੰਜ ਸੌ ਰੁਪਏ ਨੂੰ ਮੁਰੱਬਾ ਸੀ। ਬੜੀ ਮੋਟੀ ਜ਼ਮੀਨ ਸੀ; ਬੰਦਾ ਵੱਢ ਕੇ ਸੁੱਟਿਆ ਉੱਗ ਆਉਂਦਾ। ਓਦੋਂ ਫ਼ਸਲ ਵੀ ਸੰਨਵੀਂ ਹੀ ਕੱਢਦੇ ਸੀ; ਪਾਣੀ ਦੀ ਤੰਗੀ ਸੀ। ਅੱਜਕਲ ਤਾਂ ਧਰਤੀ ਨੂੰ ਯੂਰੀਏ-ਸ਼ੂਰੀਏ ਪਾ ਪਾ ਨਿਚੋੜੀ ਜਾਂਦੇ ਆ, ਇਹ ਵਿਚਾਰੀ ਕੀ ਕਰੇ"।
ਬਾਬੇ ਦਾ ਟੱਬਰ ਵੱਡਾ ਸੀ। ਵਾਹਵਾ ਮਾਲ ਡੰਗਰ ਸੀ। ਚੰਗੀ ਫ਼ਸਲ-ਬਾੜੀ ਹੋ ਜਾਂਦੀ ਸੀ। ਚੰਗੇ ਖਾਂਦੇ ਪੀਂਦੇ ਹੋ ਗਏ ਸੀ। ਬਾਬਾ ਵਰ੍ਹੇ ਛਮਾਹੀ ਇਕ ਦੋ ਧੀਆਂ ਦੇ ਵਿਆਹ ਕਰ ਦਿੰਦਾ। ਸ਼ਰੀਕ ਖਿੱਝਦੇ; ਸੜਦੇ, ਝੁਰਦੇ ਰਹਿੰਦੇ ਫਿਰ ਹੌਲ਼ੀ ਹੌਲ਼ੀ ਖਾਰ ਖਾਣ ਲੱਗ ਪਏੇ। ਬਾਬਾ, ਉਪਰੋਥਲ਼ੀ ਦੇ ਤੇਰ੍ਹਾਂ ਧੀਆਂ-ਪੁੱਤਾਂ ਦਾ ਬਾਪ ਸੀ। ਮੇਰਾ ਬਾਪ- ਹਜ਼ਾਰਾ ਸਿੰਘ- ਸੱਤਵੇਂ ਥਾਂ ਹੈ। ਉਨ੍ਹਾਂ ਵੇਲ਼ਿਆਂ ਦੀਆਂ ਗੱਲਾਂ ਕਰਦਾ ਕਰਦਾ
ਮੇਰਾ ਬਾਪ ਦੁਖੀ ਹੋ ਜਾਂਦਾ ਸੀ। ਫਿਰ ਕਹਿੰਦਾ ਹੈ ਚਲੋ ਜਾਨ ਤਾਂ ਬਚ ਗਈ ਸੀ। ਕਦੇ ਕਦੇ ਕਹਿ ਦਿੰਦਾ, ਇਹੋ ਜਿਹੀ ਭੁੱਖ ਮਰੀ ਦੀ ਵੀ ਕਾਹਦੀ ਜ਼ਿੰਦਗ਼ੀ?
ਸਰਦੇ ਦਿਨਾਂ ਦੀ ਗੱਲ ਕਰਦਾ ਮੇਰਾ ਬਾਪ ਦਸਦਾ ਹੈ ਕਿ ਇਕ ਵਾਰੀ ਕੋਈ ਪ੍ਰਾਹੁਣਾ ਮਿਲਣ ਚਲਾ ਗਿਆ ਤਾਂ ਇਨ੍ਹਾਂ ਨੇ ਮੀਜ਼ਬਾਨੀ ਹਿਤ ਮੰਜਾ ਬਿਸਤਰਾ ਕਰਕੇ ਸਿਰ੍ਹਾਣਾ ਦੇ ਦਿੱਤਾ। ਪ੍ਰਾਹੁਣੇ ਨੇ ਜਦੋਂ ਢੋਅ ਲਾਈ ਤਾਂ ਬੋਲਿਆ: ਸਿਰਹਾਣੇ ਲਈ ਰੂੰਅ ਥੁੜ ਗਿਆ ਸੀ ਜੋ ਕਾਗਤ ਵਿਚ ਪਾ ਤੇ। ਦਾਦੀ ਨੂੰ ਪਤਾ ਲੱਗਾ ਤਾਂ ਨੋਟਾਂ ਨਾਲ ਭਰਿਆ ਸਿਰਹਾਣਾ ਛੇਤੀ ਬਦਲ ਦਿੱਤਾ। ਬਾਪ ਕਹਿੰਦਾ ਹੈ: ਓਦੋਂ ਅਸੀਂ ਕਿਹੜਾ ਕਿਸੇ ਨੇ
ਬੈਂਕਾਂ ਦੇਖੀਆਂ ਸੀ। ਨਾ ਹੀ ਪਤਾ ਸੀ ਬਈ ਬੈਂਕਾਂ ਕੀ ਹੁੰਦੀਆਂ। ਬੱਸ ਏਦਾਂ ਹੀ ਪੈਸੇ ਸਾਂਭ ਲਈਦੇ ਸੀ।
ਹੋਰ ਦਸਦਾ ਹੈ ਇਕ ਵਾਰ ਨਰਮੇ ਦੀ ਫ਼ਸਲ ਵੇਚ ਕੇ ਬਾਬੇ ਨੇ ਇਕ ਸੌ ਅੱਸੀ ਰੁਪਏ ਪੜਦਾਦੀ ਨੂੰ ਫੜਾਏ। ਕਹਿੰਦਾ: ਲੈ ਆਹ ਸਾਂਭ ਕੇ ਰੱਖੀਂ। ਜਦੋਂ ਦੇਸ ਜਾਣਾ ਓਦੋਂ ਚਾਹੀਦੇ ਆ। ਇਹ ਪਿੰਡ ਨੂੰ ਦੇਸ ਕਹਿੰਦੇ ਸੀ। ਮਾਈ ਨੂੰ ਪਤਾ ਨਾ ਲੱਗੇ ਬਈ ਏਨਿਆਂ ਪੈਸਿਆਂ ਨੂੰ ਕਿੱਥੇ ਸਾਂਭੇ। ਆਖ਼ਰ ਓਹਨੇ ਕੰਧ ਚ ਮੋਰੀ ਕੀਤੀ। ਪੈਸੇ ਰੂੰਅ ਚ ਲਪੇਟੇ ਤੇ ਮੋਰੀ ਚ ਰੱਖ ਦਿੱਤੇ; ਉੱਤੋਂ ਫਿਰ ਲਿਪ ਦਿੱਤਾ। ਜਦੋਂ ਅਰਸੇ ਬਾਅਦ ਲੋੜ ਪਈ ਤਾਂ ਬਾਬੇ ਨੇ ਪੈਸੇ ਪੁੱਛੇ ਤਾਂ ਮਾਈ ਨੂੰ ਥਹੁ ਭੁੱਲ ਗਿਆ। ਪੈਸੇ ਲੱਭਣ ਨਾ। ਮਾਈ ਅੱਕੀਂ ਪਲ਼ਾਹੀਂ ਹੱਥ ਮਾਰਦੀ ਫਿਰੇ। ਆਖ਼ਰ ਦਾਤੀ ਦੀ ਚੁੰਝ ਨਾਲ ਟੋਹ ਟੋਹ ਕੇ ਜਿੱਥੇ ਦੱਬੇ ਸੀ ਮੋਰੀ ਲੱਭ ਪਈ। ਪਰ ਜਦੋਂ ਪੱਟ ਕੇ ਦੇਖਿਆਂ ਤਾਂ ਅੱਧਿਓਂ ਵੱਧ ਨੋਟ ਸਿੳਂਕ ਨੇ ਖਾ ਲਏ ਸੀ। ਵੱਡਾ ਨੁਕਸਾਨ ਹੋ ਗਿਆ ਸੀ। ਮਾਈ ਹੌਕਾ ਕਰ ਗਈ। ਬੀਮਾਰ ਹੋ ਗਈ। ਖ਼ੂਨ ਦੇ ਜਲਾਬ ਲੱਗ ਗਏ। ਫਿਰ ਕਿਸੇ ਹਕੀਮ ਤੋਂ ਓਹਦਾ ਇਲਾਜ ਕਰਾਇਆ। ਹਕੀਮ ਨੇ ਸਲਾਹ ਦਿੱਤੀ: ਇਹਦਾ ਹੌਂਸਲਾ ਵਧਾਓ। ਕੋਈ ਗ਼ਮ ਦਿਲ ਨੂੰ ਲਾ ਬੈਠੀ ਹੈ।
ਇਹ ਬਾਰ ਨੂੰ ਜਾਣ ਵੇਲ਼ੇ ਲੋਹੀਆਂ ਤੋਂ ਰੇਲ ਗੱਡੀ ਫੜਦੇ ਸੀ ਤੇ ਫਿਰੋਜ਼ਪੁਰ, ਹੁਸੈਨੀਵਾਲ਼, ਕਸੂਰ, ਸੱਖਰਰੋੜੀ ਦੇ ਪੁਲ਼ ਥਾਣੀਂ ਰਾਏਵਿੰਡ ਤੋਂ 'ਗਾਂਹ ਪੱਤੋਕੀ, ਓਕਾੜਾ, ਸ਼ਾਹੀਵਾਲ਼ ਜ਼ਿਲੇ ਵਿਚਦੀ ਹੜੱਪਾ, ਮੁਰਦਾਰ-ਕਾਫੀ ਤੋਂ ਚੀਚਾਵਤਨੀ ਤਸੀਲ ਥਾਣੀਂ ਹੋਕੇ ਜਿੰਦਾਰਾਮ ਕੋਟਲਾ ਦੇ ਲਾਗੇ ਚੱਕ ਨੰਬਰ 67 ਪਹੁੰਚ ਜਾਂਦੇ। ਇਹੋ ਗੱਡੀ ਗਾਂਹ' ਮੀਏਂ ਚੰਨੂੰ ਰਾਂਹੀ ਮੁਲਤਾਨ ਨੂੰ ਚਲੇ ਜਾਂਦੀ ਸੀ। ਇਹ ਅਜੇ ਵੀ ਸ਼ਾਹੀਵਾਲ ਹੀ ਕਹਿੰਦੇ ਹਨ, ਗੋਰਿਆਂ ਇਹਦਾ ਨਾਂ ਮਿੰਟਗੁਮਰੀ ਧਰਿਆ ਸੀ। ਤੇ ਜਾਂ ਫਿਰ ਅੰਬਰਸਰ, ਅਟਾਰੀ ਥਾਂਣੀ ਲਾਹੌਰ ਤੇ ਫਿਰ ਅੱਗੇ ਰਾਏਵਿੰਡ ਵਾਲ਼ੇ ਰੂਟ ਰਾਹੀਂ ਘਰ ਪੁੱਜਦੇ। ਕਈ ਵਾਰ ਤਾਂ ਰੋਟੀ ਵੀ ਘਰੇ ਆ ਕੇ ਹੀ ਖਾਂਦੇ। ਪਹਿਲੀ ਵਾਰ ਇਹ ਤੁਰ ਕੇ ਗਏ ਸੀ। ਪੰਦਰਾਂ ਦਿਨਾਂ 'ਚ ਪੁਹੰਚੇ ਸੀ। ਜਿੱਥੇ ਨੇਰ੍ਹਾ ਹੋਣਾ, ਗੁਰਦੁਆਰੇ ਰਹਿ ਲੈਣਾ ਜਾਂ ਲੰਬੜਦਾਰ ਨੂੰ ਕਹਿਣਾ ਬਈ ਫਲਾਨੇ ਪਿੰਡੋ ਆਏ ਆਂ ਤੇ ਬਾਰ ਨੂੰ ਚੱਲੇ ਆਂ। ਉਹਨੇ ਸੱਭ ਬੰਦੋਬਸਤ ਕਰ ਦੇਣਾ। ਇਹ ਰੂਟ ਮੈਨੂੰ ਦੂਣੀ ਦੇ ਪਹਾੜੇ ਵਾਂਗ ਯਾਦ ਹਨ। ਮੈਂ ਆਪਣੀ ਦਾਦੀ ਤੇ ਬਾਪ ਤੋਂ ਅਨੇਕਾਂ ਵਾਰ ਸੁਣੇ ਹੋਏ ਆ। ਇਨ੍ਹਾਂ ਪਿੱਛੇ ਚੰਗੀਆਂ ਯਾਦਾਂ ਵੀ ਹਨ - ਇਨਸਾਨੀਅਤ ਦੀਆਂ ਮਿਸਾਲਾਂ ਹਨ। ਆਪਸੀ ਸਾਂਝ ਦੀਆਂ, ਦੁਖ ਸੁਖ ਦੀਆਂ, ਔਖੇ- ਭੀੜੇ ਵੇਲੇ ਸਰ ਕਰਨ ਦੀਆਂ ਗੱਲਾਂ ਹਨ- ਜਾਣੀ ਭਲੇ ਵੇਲ਼ਿਆਂ ਦੀਆਂ ਭਲੀਆ ਗੱਲਾਂ।
ਜਦੋਂ ਮੈਨੂੰ ਮਹਿੰਜੋਦਾੜੋ ਤੇ ਹੜੱਪਾ ਦੀ ਸੱਭਿਅਤਾ ਦੀ ਵਡਿਆਈ ਦਾ ਪਤਾ ਲੱਗਾ ਤਾਂ ਮੈਂ ਆਪਣੇ ਬਾਪ ਨਾਲ ਸਾਂਝੀ ਕੀਤੀ ਤਾਂ ਓਹ ਮੋੜ ਕੇ ਝੱਟ ਬੋਲਿਆ, "ਹੜੱਪਾ ਨਹੀਂ, ਅੜ੍ਹੱਪਾ, ਅੜ੍ਹੱਪਾ। ਬੱਲੇ ਬੱਲੇ, ਓਹ ਤਾਂ ਥੇਹ ਸੀ। ਬਹੁਤ ਵੱਡਾ। ਕਈਆਂ ਪਿੰਡਾਂ ਜਿੱਡਾ ਸੀ ਇਹ। ਇਹ ਗ਼ਰਕ ਗਿਆ ਸੀ। ਇਹਦਾ ਟੇਸ਼਼ਣ ਸ਼ਾਹੀਵਾਲ਼ ਤੇ ਚੀਚਾਵਤਨੀ ਦੇ ਵਿਚਾਲੇ਼ ਆ। ਲੋਕ ਏਥੇ ਡਰਦੇ ਜਾਂਦੇ ਨਹੀਂ ਸੀ ਹੁੰਦੇ। ਗਰਕੀ ਹੋਈ ਥਾਂ ਤੋਂ ਲੋਕ ਡਰਦੇ ਆ।" ਮੈਨੂੰ ਆਪਣੇ ਨਵੇਂ ਗਿਆਨ ਤੇ ਨਿਮੋਸ਼ੀ ਹੋਈ।
ਚੱਕ ਨੰਬਰ 67 (167ਘ) ਵਿਚ ਮੇਰੇ ਬਾਪ ਦਾ ਗੱਭਰੂ ਹੋਣਾ ਤੇ ਸ਼ਾਦੀਸ਼ੁਦਾ ਹੋਣਾ ਰਹਿ ਗਿਆ ਹੈ। ਅਸਲ ਚ ਪਿੰਡ ਦਾ ਨਾਂ ਚੱਕ ਨੰਬਰ ਇਕ ਸੌ ਸਤਾਠ ਜੀ ਸੀ। ਪਰ ਇਹ ਸਤਾਠ ਚੱਕ ਹੀ ਕਹਿੰਦੇ। ਸਾਰੇ ਚੱਕਾਂ ਦੇ ਨਾਂ ਇਨ੍ਹਾਂ ਛੋਟੇ ਕੀਤੇ ਹੋਏ ਸੀ। ਮੇਰੀ ਮਾਂ ਨੂੰ ਮੇਰਾ ਨਾਨਾ ਕੁਛ ਮਹੀਨੇ ਪਹਿਲਾਂ ਦੇਸ ਲੈ ਆਇਆ ਸੀ। ਪਿੰਡ ਇਨ੍ਹਾਂ ਲਈ ਦੇਸ ਸੀ। ਓਦੂੰ ਕੁਛ ਮਹੀਨੇ ਪਹਿਲਾਂ ਬਾਬਾ ਮੇਰੀ ਤਾਈ ਨੂੰ ਵੀ ਛੱਡ ਗਿਆ ਸੀ। ਮੈਂ ਕਈ ਵਾਰ ਕਹਿੰਦਾਂ ਹਾਂ: ਤੁਸੀਂ ਪਾਕਿਸਤਾਨ ਜਾ ਆਓ। ਦੇਖ ਆਓ। ਉਹ ਚੁੱਪ ਹੋ ਜਾਂਦਾ ਹੈ। ਮੂੰਹ ਦੂਸਰੇ ਪਾਸੇ ਕਰ ਲੈਂਦਾ ਹੈ, ਜਿਵੇਂ ਓਸ ਅੱਗ ਦੇ ਸੇਕ ਤੋਂ ਅਜੇ ਵੀ ਡਰਦਾ ਹੋਵੇ। ਕਈ ਵਾਰ ਆਖੇਗਾ ਓਥੇ ਕੋਈ ਹੁਣ ਤਾਂ ਪਛਾਣੂੰ ਵੀ ਨਾ। ਕੀ ਪਤਾ ਕੋਈ ਬਚਿਆ ਵੀ ਹੈਗਾ ਕਿ ਨਹੀਂ। ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਮੇਰਾ ਬਾਪ ਰੋਣਹਾਕਾ ਹੋ ਜਾਂਦਾ ਹੈ। ਕੀ ਲੈਣਾ ਓਥੇ ਜਾ ਕੇ - ਮਸੀਂ ਤਾਂ ਜਾਨ ਬਚਾ ਕੇ ਨਿਕਲ਼ੇ ਸੀ। ਜਦੋਂ ਖਾਧੀ-ਪੀਤੀ ਹੋਵੇ ਤਾਂ ਕਹੇਗਾ: ਕਿਹੜੇ ਵੇਲੇ ਯਾਦ ਕਰਾਤੇ। ਸਾਰੇ ਖਾਧੇ-ਪੀਤੇ ਦਾ ਸੁਆਦ ਜਾਂਦਾ ਕਰਤਾ। ਜਦੋਂ ਕਿਤੇ ਸੋਫ਼ੀ ਹੋਵੇ ਤਾਂ ਦੋਵਂੇ ਹੱਥ ਪਹਿਲਾਂ ਧਰਤੀ ਨੂੰ ਲਾ ਕੇ ਤੇ ਮਗਰੋਂ ਕੰਨਾਂ ਨੂੰ ਲਾਕੇ ਕਹਿੰਦਾ ਹੈ: "ਹੇ ਸੱਚਿਆ ਪਾਤਸ਼ਾਹ, ਓਹੋ ਜਿਹੇ ਦਿਨ ਤਾਂ ਕਿਸੇ ਵੈਰੀ ਦੁਸ਼ਮਣ ਤੇ ਵੀ ਨਾ ਲਿਆਂਵੀਂ। ਇਨਸਾਨ ਹੈਵਾਨ ਬਣ ਗਏ ਸੀ। ਚੰਗੇ ਭਲੇ ਖੁਸ਼ੀ-ਖੁਸ਼ਹਾਲੀ ਵਸਦੇ ਰਸਦੇ ਇਕ ਦੂਜੇ ਦੇ ਖ਼਼ੂਨ ਦੇ ਪਿਆਸੇ ਹੋ ਗਏ ਸੀ"। ਇਹ ਵਾਰਤਾ ਮੈਂ ਵਰ੍ਹਿਆਂ ਤੋਂ ਇੰਨ-ਬਿੰਨ ਦੇਖਦਾ-ਸੁਣਦਾ ਵੱਡਾ ਹੋਇਆਂ ਹਾਂ। ਮੇਰੀ ਦਾਦੀ ਵੀ ਏਦਾਂ ਹੀ ਕਰਦੀ ਸੀ। ਪਹਿਲਾਂ ਧਰਤੀ ਨੂੰ ਦੋਵੇਂ ਹੱਥ ਲਾਉਂਦੀ ਤੇ ਫਿਰ ਕੰਨਾਂ ਨੂੰ ਲਾਕੇ ਬਿਆਨ-ਵਾਰਤਾ ਸ਼ੁਰੂ ਕਰਦੀ ਹੁੰਦੀ ਸੀ।
ਬਿਲਕੁਲ ਹਮੇਸ਼ਾਂ ਵਾਂਗ। ਮੈਨੂੰ ਪਤਾ ਹੈ ਕਿੱਥੇ ਇਨ੍ਹਾਂ ਨੇ ਹਉਕਾ ਭਰਨਾ ਹੈ। ਕਿੱਥੇ ਸਾਹ ਲੈਣਾ ਹੈ ਤੇ ਕਿੱਥੇ ਜਾ ਕੇ ਰੁਕਣਾ। ਇਹ ਸਮੇਂ ਇਨ੍ਹਾਂ ਦੇ ਮਨਾਂ ਚ ਉੱਕਰੇ ਹੋਏ ਹਨ। ਜਦੋਂ ਪ੍ਰਸੰਗ ਏਥੇ ਆਉਂਦਾ ਤਾਂ ਮੈਂ ਆਪਣੇ ਬਾਪ ਜਾਂ ਦਾਦੀ ਤੋਂ ਪੁੱਛਦਾ ਕਿ ਓਹੋ ਬੰਦੇ ਪਹਿਲਾਂ ਰਲ਼-ਮਿਲ਼ ਕੇ ਰਹਿੰਦੇ ਸੀ। ਫਿਰ ਇਕ ਦਮ ਕਿੱਦਾਂ ਬਦਲ ਗਏ। ਬਹੁਤੀ ਧਾਰਮਿਕ ਬਿਰਤੀ ਵਾਲ਼ੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਇਨ੍ਹਾਂ ਤੋਂ ਕੋਈ ਭੁੱਲ ਹੋ ਗਈ ਸੀ। ਪਿਛਲੇ ਜਨਮਾਂ ਦਾ ਕੋਈ ਲੈਣ-ਦੇਣ ਹੀ ਹੋਊ, ਜੋ ਆਪਣੇ ਭੇਣਾਂ ਭਰਾਵਾਂ (ਹਮਸਾਇਆਂ) ਦੇ ਹੀ ਤੂੰਬੇ ਉਡੌਣ ਤੁਰ ਪਏ ਸੀ। ਜਿਹੜੇ ਇਕ ਦੂਜੇ ਦੀਆਂ ਇੱਜ਼ਤਾਂ ਦੇ ਸਾਂਝੀ ਸੀ, ਓਹੀ ਹੁਣ ਉਨ੍ਹਾਂ ਹੀ ਇਜ਼ਤਾਂ ਦੀ ਖਿੱਲੀ ਉਡੌਂਦੇ। ਔਰਤਾਂ ਦੀ ਬੇਪਤੀ ਕਰਕੇ ਖ਼ੁਸ਼ ਹੁੰਦੇ। ਵੱਢ ਵਢਾਂਗਾ ਕਰਦੇ। ਲਲਕਾਰੇ ਮਾਰਦੇ। ਉੱਪਰੋਂ ਅੱਲਾ ਹੂ ਅਕਬਰ, ਹਰ ਹਰ ਮਹਾਂਦੇਵ ਤੇ ਵਾਹਿਗੁਰੂ ਜੀ ਕਾ ਖਾਲਸਾ ਦੇ ਜੈਕਾਰੇ ਛੱਡਦੇ। ਉਹ ਫਿਰ ਕਹਿੰਦੀ ਕਿ ਪਹਿਲੋਂ ਸਾਡੇ ਬੰਦਿਆਂ ਨੇ ਹੀ ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਦੀ ਬਿੱਜਤੀ ਕੀਤੀ ਸੀ। ਮੈਂ ਸੁਆਲਾਂ ਦੇ ਢੇਰ ਲਾ ਦਿੰਦਾ, ਪਰ ਏਦੂੰ ਅੱਗੇ ਮੇਰੀ ਦਾਦੀ ਕੁਛ ਨਾ ਬੋਲਦੀ। ਚੁੱਪ ਕਰ ਜਾਂਦੀ। ਕਈ ਵਾਰੀ ਤਾਂ ਸਾਰਾ ਦਿਨ ਹੀ ਚੁੱਪ ਗੜੁੱਪ ਰਹਿੰਦੀ। ਕਈ ਵਾਰ ਦੋ ਦੋ ਦਿਨ। ਜਦੋਂ ਉਹ ਖ਼ੁਸ਼ ਹੁੰਦੀ ਤਾਂ ਓਥੇ ਦੇ ਆਂਢ-ਗੁਆਂਢ ਬਾਰੇ ਗੱਲਾਂ ਕਰਦੀ। ਦਸਦੀ ਕਿ ਇਨ੍ਹਾਂ ਦੇ ਲਾਗੇ ਕੋਈ ਮੱਦੂ ਜਾਂਗਲੀ ਹੁੰਦਾ ਸੀ। ਪਤਾ ਨਹੀਂ ਹੁਣ ਸ਼ੈਤ ਪੂਰਾ ਈ ਹੋ ਗਿਆ ਹੋਊ। ਉਹਦੇ ਨਾਲ ਇਨ੍ਹਾਂ ਦਾ ਭਰੱਪਾ ਸੀ। ਉਹ ਇਨ੍ਹਾਂ ਦੇ ਪਸ਼ੂ ਵੀ ਚਾਰ ਲਿਆਉਂਦਾ। ਹਲ਼ ਦਾ ਜੋਤਾ ਵੀ ਲੁਆ ਦਿੰਦਾ। ਹੋਰ ਵੀ ਵੇਲੇ ਕੁਵੇਲੇ ਮਦਦ ਕਰਦਾ।
ਮੇਰਾ ਬਾਪ ਆਪਣੇ ਮਾਮੇ ਦੇ ਭਲਵਾਨ ਪੁੱਤ ਦੀਆਂ ਗੱਲਾਂ ਕਰਦਾ ਕਹਿੰਦਾ: ਉਹਦਾ ਨਾਂ ਬੱਗਾ ਸੀ, ਬੜਾ ਤਕੜਾ ਸੀ। ਰੰਗ ਵੀ ਉਹਦਾ ਗੋਰਾ ਨਿਸ਼ੋਹ ਸੀ, ਅੰਗਰੇਜਾਂ ਵਰਗਾ। ਇਹ ਪਿੱਛੇ ਹੀ ਰਹਿ ਗਏ ਸੀ। ਏਹ ਮੇਰੇ ਬਾਪ ਤੋਂ ਵੱਡਾ ਸੀ, ਮੇਰੇ ਤਾਏ ਦਾ ਹਾਣੀ। ਜਦੋਂ ਇਹਦਾ ਵਿਆਹ ਹੋਇਆ ਤਾਂ ਠੱਠੇ ਮਖ਼ੌਲ ਚ ਇਹਦੀਆਂ ਸਾਲ਼ੀਆਂ ਨੇ ਮਾਰ ਮਾਰ ਕੇ ਇਹਨੂੰ ਰੋਣ ਹਾਕਾ ਕਰ ਦਿੱਤਾ ਸੀ। ਮੇਰਾ ਬਾਪ ਖੁਸ਼ ਹੁੰਦਾ ਦੱਸ ਦਿੰਦਾ ਹੈ ਕਿ ਜਦੋਂ ਉਹ ਇਹਨੂੰ ਤੰਗ ਕਰਦਾ ਤਾਂ ਇਹ ਉਹਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਕਿ "ਜਾਹ ਪਰ੍ਹੇ ਵੱਡਾ ਭਲਵਾਨ ਬਣਿਆਂ ਫਿਰਦਾ, ਤੈਨੂੰ ਤਾਂ ਬੁੜ੍ਹੀਆਂ ਨੇ ਰੁਆ ਦਿੱਤਾ ਸੀ"।
ਮੁਸਲਮਾਨ ਦੰਗੇਦਾਰ ਫੜੇ ਹਿੰਦੂਆਂ ਸਿੱਖਾਂ ਨੂੰ ਬੜੀ ਜੁਗਤ ਨਾਲ ਮਾਰਦੇ ਸੀ। ਇੱਕ ਨੇ ਢਿੱਡ ਚ ਜਾਂ ਵੱਖੀ ਚ ਬਰਛਾ ਮਾਰਨਾ। ਜਦੋਂ ਅਗਲੇ ਨੇ ਦਰਦ ਨਾਲ਼ ਰਤਾ ਕੁ ਮੋਹਰ ਨੂੰ ਕੋਡਾ ਹੋਣਾ, ਦੂਸਰੇ ਨੇ ਗਾਟਾ ਲਾਹ ਕੇ ਔਹ ਮਾਰਨਾ। ਜੇ ਕਿਸੇ ਨੇ ਧੜ ਜਾਂ ਸਿਰ ਤੇ ਨਿਵਣਾ ਤਾਂ ਓਹਦਾ ਵੀ ਇਹੋ ਹਾਲ ਕਰਨਾ। ਨਾਲ਼ ਹੀ ਕਈ ਹੋਰ ਮੱਲੋ ਜ਼ੋਰੀ ਫੜੇ ਹੋਣੇ। ਉਨ੍ਹਾਂ ਨੁੰ ਕਹਿਣਾ ਇਨ੍ਹਾਂ ਲਾਸ਼ਾਂ ਨੂੰ ਗੱਡੇ ਤੇ ਲੱਦੀ ਜਾਓ। ਜੇ ਕਿਸੇ ਨੇ ਨਾਂਹ ਨੁਕਰ ਕਰਨੀ ਤਾਂ ਓਹਦਾ ਹਾਲ ਵੀ ਇਹੋ ਕਰਨਾ। ਬੰਦਿਆਂ ਚ ਪਸ਼ੂਆਂ ਦੀਆਂ ਰੂਹਾਂ ਆ ਵੜੀਆਂ ਸੀ। ਆ ਕਿੱਥੋਂ ਵੜਨੀਆਂ ਸੀ। ਵਿੱਚੇ ਹੀ ਸੀ। ਹੁਣ ਬਾਹਰ ਨਿਕਲ਼ ਆਈਆਂ ਸੀ।
ਉਠਾਲ਼ੇ ਦਾ ਸਮਾਂ ਇਨ੍ਹਾਂ ਦੀ ਦੁਖਦੀ ਰਗ ਹੈ। ਸਰਦੇ ਪੁੱਜਦੇ ਜ਼ਿਮੀਂਦਾਰ ਤਾਂ ਆਨੇ-ਬਹਾਨੇ ਓਥੋਂ ਬੋਰੀਆ-ਬਿਸਤਰਾ ਗੋਲ਼ ਕਰ ਲਿਆਏ। ਉਨ੍ਹਾਂ ਨੂੰ ਖਬਰ ਹੋਣੀ ਆਂ। ਪਰ ਹਮਾਤੜਾਂ ਨੂੰ ਸਲਾਹ ਦਿੰਦੇ ਸੀ ਕਿ ਰਿਆਸਤਾਂ ਹੀ ਬਦਲਦੀਆਂ ਹੁੰਦੀਆਂ, ਪਰਜਾ ਨਹੀਂ। ਏਸ ਕਰਕੇ ਜੇ ਮੁਲਕ ਬਦਲਿਆ ਵੀ ਤਾਂ ਆਪਾਂ ਨੂੰ ਫਰਕ ਨਹੀਂ ਪੈਣਾ। ਤੁਸੀਂ ਏਥੇ ਹੀ ਟਿਕੇ ਰਹੋ। ਬਾਬਾ ਏਦਾਂ ਹੀ ਮੰਨ ਗਿਆ। ਐਨਾ ਮਾਲ਼ ਡੰਗਰ, ਫਸਲ
ਛੱਡ ਕੇ ਜਾਣ ਨੂੰ ਦਿਲ ਵੀ ਕਿਹਦਾ ਕਰਦਾ ਹੋਣਾ।
ਜਦੋਂ ਰੌਲ਼ਾ ਪੈ ਹੀ ਗਿਆ, ਘਰਦਿਆਂ ਨੇ ਬਾਬੇ ਸਾਹਮਣੇ ਫਿਰ ਗੱਲ ਕੀਤੀ ਤਾਂ ਬਾਬੇ ਨੇ ਮੋਰ੍ਹਿਓਂ ਸੱਭ ਨੂੰ ਡਾਂਟਿਆ ਕਿ ਉਹ ਐਵੇਂ ਹਰ ਵੇਲੇ ਇਕੋ ਰਟ ਲਾਈ ਰਖਦੇ ਆ। ਤੇ ਫਿਰ ਸਿਰ ਤੇ ਹੀ ਆ ਪਈ। ਬਾਬੇ ਨੇ ਹੁਣ ਕੀ ਕਹਿਣਾ ਸੀ। ਬਾਪ ਦਸਦਾ ਹੈ ਕਿ ਇਨ੍ਹਾਂ ਕੋਲ ਛਿੱਗੇ ਵੈਹੜਿਆਂ ਦੀਆਂ ਤਿੰਨ ਜੋਗਾਂ ਸੀ। ਕੁਝ ਮਹੀਨੇ ਪਹਿਲਾਂ ਇਨ੍ਹਾਂ ਨੂੰ ਉਨ੍ਹਾਂ ਦਾ ਤਿੰਨ ਤਿੰਨ ਸੌ ਮਿਲਦਾ ਸੀ। ਅਗਲੇ ਇਨ੍ਹਾਂ ਦੀਆਂ ਅੱਖਾਂ ਸਾਹਮਣੇ ਰੱਸੇ ਖੋਲ੍ਹ ਕੇ ਲੈ ਗਏ। ਮੱਝਾਂ ਵੀ ਲੈ ਗਏ। ਬੱਕਰੀਆਂ ਵੀ। ਇਨ੍ਹਾਂ ਤੋਂ ਕਿਸੇ ਕੋਲੋਂ ਦੁਰ ਫਿੱਟੇ ਵੀ ਨਾ ਕਹਿ ਹੋਈ। ਜਦੋਂ ਸਿਰ ਲੁਕੌਣ ਨੂੰ ਮੱਦੂ ਜਾਂਗਲੀ ਇਨ੍ਹਾਂ ਨੂੰ ਆਪਣੇ ਘਰ ਲੈ ਗਿਆ ਤਾਂ ਦੰਗੇਕਾਰ ਮੁਸਲਮਾਨ, ਉਹਨੂੰ ਵੀ ਮਾਰਨ ਪੈ ਗਏ। ਅਖੇ ਤੂੰ ਸਿੱਖਾਂ ਨੂੰ ਆਪਣੇ ਘਰ ਚ ਲੁਕੋਇਆ ਹੈ। ਓਹਨੇ ਭਲੇ ਪੁਰਸ਼ ਨੇ ਫਿਰ ਇਨ੍ਹਾਂ ਨੂੰ ਕਿਹਾ: ਹੁਣ ਮੇਰੇ ਵੱਸੋਂ ਬਾਹਰ ਦੀ ਗੱਲ ਹੋ ਗਈ ਆ। ਇਨ੍ਹਾਂ ਦਾ ਕੋਈ ਪਤਾ ਨਹੀਂ ਕੀ ਕਰਨ। ਤੁਸੀਂ ਆਪਣੀ ਜਾਨ ਬਚਾਵੋ। ਜਿਵੇਂ ਵੀ ਬਚਦੀ ਆ।
ਮੇਰਾ ਬਾਪ ਤੇ ਤਾਇਆ ਹੋਰ ਰਿਸ਼ਤੇਦਾਰਾਂ ਕੋਲ਼ ਰੌਲ਼ੇ ਦੀ ਖ਼ਬਰ ਲੈਣ ਗਏ, ਘੇਰੇ ਗਏ ਸੀ। ਡਰਦਿਆਂ ਉਨ੍ਹਾਂ ਨੇ ਓਥੇ ਹੀ ਇਨ੍ਹਾਂ ਦੇ ਕੇਸ ਲਾਹ ਦਿੱਤੇ ਸੀ। ਬਾਬੇ ਦੀ ਜਾਨ ਮੁੱਠ 'ਚ ਆਈ ਹੋਈ ਸੀ। ਇਹਦੇ ਦੋ ਜੁਆਨ ਪੁੱਤਾਂ ਦਾ ਕੋਈ ਪਤਾ ਥਹੁ ਨਹੀਂ ਸੀ ਲੱਭਦਾ। ਧੀਆਂ ਨੂੰ 'ਕੱਲੀਆਂ ਛੱਡ ਆਪ ਲੱਭਣ ਜਾਣੋਂ ਰਿਹਾ। ਜੁਆਨਜਹਾਨ ਪੁੱਤਾਂ ਬਿਨਾਂ ਮੈਂ ਧੀਆਂ ਨੂੰ ਕੀ ਕਰਨਾ, ਉਹ ਕਹਿੰਦਾ। ਸਾਰਿਆਂ ਤੋਂ ਛੋਟਾ ਤਾਂ ਸਾਲ ਡੇੜ ਸਾਲ ਦਾ ਹੀ ਸੀ ਓਦੋਂ। ਲੁਕਦੇ ਲੁਕਾਉਂਦੇ ਬਿਨਾਂ ਕੇਸਾਂ ਤੋਂ ਘਰ ਆਏ ਬਾਪ ਤੇ ਤਾਏ ਵੱਲ ਬਾਬਾ ਔਰ੍ਹਾ ਔਰ੍ਹਾ ਦੇਖੇ, ਪਰ ਕਿਹਾ ਕੁਝ ਨਾ। ਖ਼ੁਸ਼ ਹੋਣਾ ਬਈ ਘਰ ਤਾਂ ਆ ਗਏ। ਕੇਸ ਤਾਂ ਫਿਰ ਰੱਖੇ ਜਾਣਗੇ।
ਜਦੋਂ ਉਜੜੇ ਤਾਂ ਸਾਰਾ ਸਮਾਨ ਵਿਹੜੇ ਵਿਚਲ਼ੀ ਖੂਹੀ 'ਚ ਸੁੱਟ ਤਾ। ਇਨ੍ਹਾਂ ਨੂੰ ਅਜੇ ਵੀ ਆਸ ਸੀ ਕਿ ਠੰਢ ਪਈ ਤੋਂ ਸ਼ਾਇਦ ਫਿਰ ਮੁੜ ਆਉਣਾ ਹੈ। ਰਾਹ ਵਿਚ ਦਾਦੀ ਪੜਦੇ ਨਾਲ਼ ਆਪਣੇ ਡੇੜ੍ਹ ਸਾਲ ਦੇ ਪੁੱਤ ਨੂੰ ਵਾਹਣ 'ਚ ਢੀਮਾਂ ਦੇ ਢੇਰ ਕੋਲ ਬਿਠਾ ਆਈ। ਜਦੋਂ ਭੂਆ ਚੰਨੋ ਨੂੰ ਪਤਾ ਲੱਗਾ ਤਾਂ ਉਹ 'ਕੱਲੀ ਦੋ-ਤਿੰਨ ਮੀਲ ਪਿਛੇ ਜਾਕੇ ਚੁੱਕ ਲਿਆਈ। ਉਹ ਕਹਿੰਦੀ ਜੇ ਮਰਾਂਗੇ ਤਾਂ ਸਾਰੇ ਇਕੱਠੇ ਹੀ ਮਰਾਂਗੇ; ਇਹਨੂੰ
'ਕੱਲੀ ਜਾਨ ਨੂੰ ਕਿਓਂ ਛੱਡ ਜਾਈਏ। ਮੇਰੀ ਇਹ ਭੂਆ ਦੋ ਵੇਲੇ ਪਾਠ ਕਰਦੀ ਸੀ ਤੇ ਵਾਹਿਗੁਰੂ ਤੇ ਵੱਡਾ ਭਰੋਸਾ ਸੀ ਇਹਨੂੰ। ਉਹਦਾ ਕਹਿਣਾ ਸੀ ਕਿ ਸਾਡਾ ਵਾਲ ਵਿੰਗਾ ਨਹੀਂ ਹੋਣਾ। ਦੇਖ ਲਿਓ ਕਿਸੇ ਨੇ ਅੱਖ ਚੱਕ ਕੇ ਨਹੀਂ ਦੇਖਣਾ, ਸਾਡੇ ਵਲ। ੰਾਡਾ ਵਾਹਿਗੁਰੂ ਹੱਥ ਦੇ ਕੇ ਰੱਖਿਆ ਕਰੂਗਾ, ਸਾਡੀ।
ਉਦੋਂ ਝੱਖੜ ਵੀ ਬੜਾ ਆਇਆ ਸੀ। ਰੁੱਖ ਨਹਿਰਾਂ 'ਚ ਜਾ ਪਏ ਸਨ; ਉਨ੍ਹਾਂ 'ਚ ਫਸੀਆਂ, ਕੱਟੀਆਂ-ਵੱਢੀਆਂ ਲਾਸ਼ਾਂ ਸਨ। ਜਾਂ ਲੱਤਾਂ, ਬਾਹਾਂ, ਸਿਰ ਤੇ ਧੜ। ਝੁਆਨ ਕੁੜੀਆਂ ਦੀਆਂ ਛਾਤੀਆਂ ਵੱਢੀਆਂ ਹੋਈਆਂ ਹੁੰਦੀਆਂ ਜਾਂ ਨੱਕ ਵੱਢੇ ਹੁੰਦੇ। ਲਾਸ਼ਾਂ ਡਾਡ ਮਾਰਦੀਆਂ। ਮਰੇ ਪਸ਼ੂਆਂ ਦੀ ਬੋਅ ਆੳਂੁਦੀ। ਬਾਪ ਦਸਦਾ ਹੈ ਕਿ ਓਦੋਂ ਦੋਹੀਂ ਪਾਸੀਂ ਹੱਈਆ (ਹੈਜ਼ਾ) ਪੈ ਗਿਆ ਸੀ। ਇਹ ਗੱਲਾਂ ਕਰਦਾ ਮੇਰਾ ਬਾਪ ਫਿਰ ਪਹਿਲਾਂ ਧਰਤੀ ਨੂੰ ਲਾ ਕੇ ਫਿਰ ਕੰਨਾਂ ਨੂੰ ਲਾਕੇ ਕਹਿੰਦਾ ਹੈ "ਤੋਬਾ ਤੋਬਾ, ਹੇ ਸੱਚਿਆ ਪਾਤਸ਼ਾਹ ਓਹੋ ਜਿਹੇ ਦਿਨ ਤਾਂ…………। ਜੇ ਮੈਂ ਮੁੜ ਕੇ ਕੋਈ ਗੱਲ ਪੁੱਛ ਬੈਠਾਂ ਤਾਂ ਕਹਿੰਦਾ ਹੈ "ਲੈ…, ਤੈਨੂੰ ਦੱਸਿਆ ਤਾਂ ਹੈ" ਅਸਲ 'ਚ ਉਹ ਇਹ ਗੱਲ ਛੇੜ ਕੇ ਖੁਸ਼ ਨਹੀਂ ਹੁੰਦਾ। ਅਜੇ ਵੀ ਕਦੇ ਟੈਲੀ ਤੇ ਮਨੁੱਖੀ-ਘਾਣ ਦੇਖ ਲਏ ਤਾਂ ਤਣ ਜਾਂਦਾ ਹੈ। ਨੇੜੇ ਹੋ ਕੇ ਦੇਖਣ ਲਗ ਪੈਂਦਾ ਹੈ। ਜੁਆਕਾਂ ਨੂੰ ਦਬਕ ਕੇ ਚੁਪ ਕਰਾ ਦਿੰਦਾ ਹੈ। ਹੋਰ ਧਿਆਨ ਨਾਲ਼ ਸੁਣਦਾ-ਦੇਖਦਾ ਹੈ। ਓ ਹੋ ਹੋ ਹੋ ਇਹ ਕਹਿਰ ਦਾ ਭਾਣਾ ਕਿੱਥੇ ਵਰਤ ਗਿਆ, ਪੁੱਛਦਾ ਹੈ?
ਉਜਾੜੇ ਤੋਂ ਬਾਅਦ ਚੀਚਾਵਤਨੀ ਤੋਂ ਆ ਕੇ ਮਿੰਟਗੁਮਰੀ ਟੇਸ਼ਣ ਤੇ ਤਿੰਨ ਦਿਨ ਬੈਠ ਰਹੇ, ਲਾਹੌਰ ਜਾਣ ਲਈ। ਅੰਮ੍ਰਿਤਧਾਰੀ ਬਾਬੇ ਦੀ ਕੇਸ ਨਾ ਕਟਾਉਣ ਦੀ ਜਿੱ਼ਦ ਇਹਦੀਆਂ ਧੀਆਂ ਤੇ ਭੈਣ ਨੇ ਭੰਨੀ। ਇਨ੍ਹਾਂ ਨੇ ਤਰਲ਼ਾ ਮਾਰਿਆ: ਧੀਆਂ ਦੀ ਧਾੜ੍ਹ ਤੇਰੇ ਨਾਲ਼ ਹੈ। ਤੇਰਾ ਕਰਕੇ ਇਨ੍ਹਾਂ ਨਾਲ਼ ਕੋਈ ਧੱਕਾ ਹੋ ਜਊ। ਬਾਬੇ ਨੂੰ ਮੰਨਣਾ ਪੈ ਗਿਆ।
ਅੱਗੇ ਜਿਹੜੀ ਗੱਡੀ ਤਿੰਨਾਂ ਘੰਟਿਆਂ ਵਿਚ ਲਾਹੌਰ ਲੱਗ ਜਾਂਦੀ ਸੀ, ਓਦਣ ਪੂਰੇ 24 ਘੰਟਿਆਂ 'ਚ ਪਹੁੰਚੀ। ਸਾਰੀ ਵਾਟ ਸਵਾਰੀਆਂ ਦੇ ਸਾਹ ਸੂਤੇ ਰਹੇ। ਚਿਹਰੇ ਪੀਲ਼ੇ ਭੂਕ ਹੋਏ ਹੋਏ ਸੀ। ਏਦੂੰ ਪਹਿਲੀ ਗੱਡੀ ਪੂਰੇ ਦੀ ਪੂਰੀ ਵੱਢ ਦਿੱਤੀ ਸੀ। ਕੋਈ ਨਹੀਂ ਸੀ ਬਚਿਆ। ਜਿਥੇ ਗੱਡੀ ਖੜ੍ਹੀ ਹੋ ਜਾਂਦੀ, ਦੋ-ਦੋ ਤਿੰਨ-ਤਿੰਨ ਘੰਟੇ ਰੁਕੀ ਰਹਿੰਦੀ। ਲਾਹੌਰ ਪਹੁੰਚ ਕੇ ਤਿੰਨ ਦਿਨ ਵੱਡੇ ਸਾਰੇ ਕੈਂਪ 'ਚ ਬੈਠੇ ਰਹੇ। ਇਹ ਕਿਸੇ ਕਾਲਜ ਦੀ ਗਰਾਊਂਡ ਸੀ। ਏਥੇ ਏਨਾ ਮੁਲਕ 'ਕੱਠਾ ਹੋਇਆ ਸੀ ਕਿ ਰਹੇ ਰੱਬ ਦਾ ਨਾਂ। ਲੱਗੇ ਸਾਰੀ ਦੁਨੀਆਂ ਏਥੇ ਹੀ ਆ ਗਈ ਹੈ। ਜੰਗਲ ਪਾਣੀ ਦੀ ਬੜੀ ਔਖ। ਉਤੋਂ ਮਾਰੇ ਜਾਣ ਦਾ ਡਰ। ਭੁੱਖੇ ਨਿਆਣੇ ਕੁਰਬਲ ਕੁਰਬਲ ਕਰਦੇ। ਬੀਮਾਰ ਅੜ੍ਹਾਟ ਪਾਉਂਦੇ। ਬੀਬੀਆਂ, ਮਰਿਆਂ ਦੇ ਕੀਰਨੇ ਪਾਉਂਦੀਆਂ। ਸੁੱਤੇ ਉੱਭੜ ਉੱਭੜ ਕੇ ਉੱਠਦੇ। ਲਾਹੌਰੋਂ, ਮਿਲਟਰੀ ਦੇ ਟਰੱਕ ਅਟਾਰੀ ਥਾਣੀਂ ਅੰਮ੍ਰਿਤਸਰ ਵਿਚਦੀ ਹੋ ਕੇ ਜਲੰਧਰ ਛੱਡ ਜਾਂਦੇ।
ਵਿਰਲੇ ਹੀ ਪੂਰੇ ਟੱਬਰਾਂ ਨਾਲ ਆਏ ਸੀ। ਦੇਖੋ ਕੁਦਰਤ ਦੇ ਰੰਗ, ਇਹ ਸਾਰਾ ਕਹਿਰ ਬੁੱਧ ਤੇ ਨਾਨਕ ਦੀਆਂ ਜੰਮਣ-ਭੋਆਂ ਤੇ ਹੀ ਹੋਇਆ ਹੈ। ਜਦੋਂ ਇਨ੍ਹਾਂ ਨੂੰ ਜਲੰਧਰ ਦੇ ਕੰਪਨੀ ਬਾਗ਼ ਚੌਕ ਚ ਲਾਹਿਆ ਉਦੋਂ ਰਾਤ ਦੇ ਦਸ-ਗਿਆਰਾਂ ਵੱਜੇ ਸੀ। ਛੋਟੇ ਨਿਆਣੇ ਪਾਣੀ ਮੰਗਣ ਲੱਗੇ। ਬਾਬੇ ਨੇ ਪਰੇ ਹੋ ਕੇ ਚੌਂਕ 'ਚ ਦੂਸਰੇ ਪਾਸੇ ਮੂੰਹ ਕਰੀ ਖੜੇ ਪਹਿਰੇਦਾਰ ਨੂੰ ਕਿਹਾ, ਖਾਲਸਾ ਜੀ ਨਿਆਣੇ ਤਿਆਹੇ ਆ। ਪਾਣੀ ਦੀ ਸੇਵਾ ਕਰ ਦਿਓ। ਉਹਨੇ ਪਿੱਛੇ ਮੁੜ ਕੇ ਪੁੱਛਿਆ: ਓ ਤੂੰ ਰਾਮ ਸਿਓਂ ਆ? ਕੇਸਾਂ-ਦਾਹੜੀ ਤੋਂ ਬਿਨਾਂ ਓਹਨੇ ਬਾਬੇ ਨੂੰ ਪਛਾਣਿਆਂ ਹੀ ਨਾ। ਆਵਾਜ਼ ਪਛਾਣ ਲਈ ਸੀ। ਦੋਹਾਂ ਨੇ ਧਾਹ ਗਲਵਕੜੀ ਪਾਈ। ਫਿਰ ਕਿੰਨਾ ਚਿਰ ਦੋਵੇਂ ਰੋਂਦੇ ਰਹੇ। ਇਹ ਪਿੰਡ ਦਾ ਭਰੱਪੇ ਵਾਲਾ ਖੇਲਿਆਂ ਦਾ ਸੰਤਾ ਸਿਓਂ ਸੀ। ਇਹਨੇ ਬਾਬੇ ਨੂੰ ਦੱਸਿਆ ਕਿ ਜਦੋਂ ਵੀ ਕੋਈ ਟਰੱਕ ਆਉਂਦਾ ਤਾਂ ਇਹ ਦੇਖਦਾ, ਕਿ ਸਾਡੇ ਬੰਦੇ ਕਦੋਂ ਆਉਣਗੇ। ਦਿਲ ਡਰ ਵੀ ਜਾਂਦਾ ਕਿਤੇ ਮਾੜੀ ਗੱਲ ਹੀ ਨਾ ਹੋ ਗਈ ਹੋਵੇ। ਉਹ ਸਾਰੇ ਟੱਬਰ ਨੂੰ ਆਪਣੇ ਇੱਕੋ ਕਮਰੇ ਦੇ ਕੁਆਟਰ 'ਚ ਛੱਡ ਆਇਆ। ਰਾਸ਼ਨ ਪਾਣੀ ਦੇ ਕੇ ਕਹਿੰਦਾ: 'ਰਾਮ ਕਰੋ। ਖਾਓ ਪੀਓ। ਵਾਹਿਗੁਰੂ ਨੇ ਭਲੀ ਕੀਤੀ ਹੈ, ਸੁਖਸੁਖੀਲ਼ੀ ਨਾਲ਼ ਆ ਗਏ। ਹੁਣ ਕਿਸੇ ਦਾ ਡਰ ਨਹੀਂ। ਜਿੰਨਾ ਚਿਰ ਰਹਿਣਾ ਹੈ ਰਹੋ। ਆਪ ਫਿਰ ਡਿਊਟੀ ਤੇ ਚਲਾ ਗਿਆ।
ਸਵੇਰੇ ਜਲੰਧਰੋਂ ਨਕੋਦਰ ਨੂੰ ਬੱਸ ਫੜੀ ਤੇ ਅੱਗੇ ਪਿੰਡ ਨੂੰ ਪੈਰੀਂ ਤੁਰ ਪਏ - ਸਿੱਧਾ ਮਹੇੜੂ, ਢਾਹੇ-ਮੰਢਿਆਲ਼ੇ ਥਾਣੀਂ। ਸਾਰੀ ਵਾਟ ਸੜਕ ਦੇ ਕੰਢ ਕੰਢੇ ਮੁਸਲਮਾਨਾਂ ਦੇ ਕਾਫ਼ਲੇ ਬੈਠੇ ਸੀ, ੳੱਜੜਨ ਲਈ- ਪਾਕਿਸਤਾਨ ਜਾਣ ਲਈ। ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਸੀ ਉਹ ਕਾਫ਼ਲੇ ਵਾਲਿਆਂ ਨੂੰ ਬੁਰਾ-ਭਲਾ ਬੋਲਦੇ। ਉਹ ਤਾਂ ਵਿਚਾਰੇ ਆਪ ਸਹਿਮੇ ਹੋਏ ਸੀ। ਵਿਚਾਰੇ ਚੁੱਪ ਕਰਕੇ ਨੀਵੀਂ ਪਾ ਲੈਂਦੇ। ਕੁਝ ਫਿਸ ਪੈਂਦੇ। ਕੁਝ ਡੌਰ-ਭੌਰ ਝਾਕੀ ਹੀ ਜਾਂਦੇ। ਖੌਪੀਏ ਘਰ ਆਏ ਤਾਂ ਰੌਲ਼ਾ ਪੈ ਗਿਆ, ਰਾਮ ਸਿਓਂ ਕੇ ਆ ਗਏ, ਰਾਮ ਸਿਓਂ ਕੇ ਆ ਗਏ। ਲੋਕਾਂ ਨੇ ਮਰ ਮੁਕ ਗਏ ਸਮਝ ਕੇ ਕੋਠਿਆਂ ਤੇ ਕਬਜ਼ੇ ਕਰਨੇ ਸ਼ਲੁਰੂ ਕਰਤੇ ਸੀ।
ਇਹ ਬਾਤ ਪਾਉਂਦਿਆਂ ਮੇਰੇ ਦਿਲ ਨੂੰ ਡੋਬੂ ਪੈਣ ਲਗ ਪੈਂਦੇ ਹਨ। ਮੈ ਸੋਚਦਾ ਹਾਂ ਜਿਨ੍ਹਾਂ ਇਹ ਸਾਰਾ ਕਹਿਰ ਸਿਰ ਤੇ ਝੱਲਿਆ ਹੈ, ਅੱਖੀਂ ਦੇਖਿਆ ਹੈ ੳਨ੍ਹਾਂ ਦੇ ਦਿਲ ਤੇ ਕੀ ਗੁਜ਼ਰਦੀ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346