Welcome to Seerat.ca
Welcome to Seerat.ca

ਸਿ਼ਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ

 

- ਸੁਰਜੀਤ ਪਾਤਰ

ਮੇਰੀ ਮੰਗਣੀ ਤੇ ਮੇਰਾ ਵਿਆਹ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਇਹ ਵੀ

 

- ਸਰਵਣ ਸਿੰਘ

ਪੜ੍ਹਨ ਤੇ ਸਮਝਣ ਵਾਲੀਆਂ ਗੱਲਾਂ

 

- ਹਰਪਾਲ ਸਿੰਘ ਪੰਨੂੰ

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ

 

- ਡਾ.ਸਤੀਸ਼ ਕੁਮਾਰ ਵਰਮਾ

ਮੇਰਾ ਪਾਕਿਸਤਾਨ

 

- ਸੁਖਦੇਵ ਸਿੱਧੂ

ਮੇਰੀ ਫਿਲਮੀ ਆਤਮਕਥਾ

 

-  ਬਲਰਾਜ ਸਾਹਨੀ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਮੌਤ ਦੇ ਰੰਗ

 

- ਬਲਬੀਰ ਸਿਕੰਦ

‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ‘ / ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ / ਸ਼੍ਰੋਮਣੀ ਕਮੇਟੀ,‘ਸਰਬੱਤ ਖਾਲਸਾ‘ਅਤੇ ਗੁਰਮਰਿਆਦਾ ਦਾ ਪ੍ਰਸੰਗ

 

- ਡਾ. ਸੁਮੇਲ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

ਸਮੁਰਾਈ

 

- ਰੂਪ ਢਿੱਲੋਂ

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ".....!

 

- ਕਰਨ ਬਰਾੜ ਹਰੀ ਕੇ ਕਲਾਂ

ਵਲਾਦੀਮੀਰ ਲੈਨਿਨ.....

 

- ਪਰਮ ਪੜਤੇਵਾਲਾ

ਦੋ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਕਿਉ ਹੁੰਦਾ ਹੈ ਏਸ ਤਰਾਂ ?

 

- ਬੇਅੰਤ ਗਿੱਲ ਮੋਗਾ

ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਪੰਜਾਬੀ ਦੇ ਮਿਆਰੀਕਰਨ ਵੱਲ੍ਹ ਇਨਕਲਾਬੀ ਕਦਮ

 

- ਸ਼ਿੰਦਰ (ਯੂ. ਕੇ.)

ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . .

 

- ਜਸਪ੍ਰੀਤ ਸਿੰਘ

ਦੋ ਕਹਾਣੀਆਂ

 

- ਸੁਖਵਿੰਦਰ ਕੌਰ 'ਹਰਿਆਓ'

ਗ਼ਜ਼ਲ

 

- ਗੁਰਬਚਨ ਸਿੰਘ ਚਿੰਤਕ

ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

 

- ਡਾ.ਅਮਰਜੀਤ ਟਾਂਡਾ

ਸਾਹਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਅਦਬੀ ਮੁਲਾਕਾਤਾਂ

 

- ਦੀਪ ਦੇਵਿੰਦਰ ਸਿੰਘ

ਰੰਗਾਂ ਦਾ ਸਾਗਰ ਸੁਆਗਤ ਹੈ

 

- ਗੁਰਭਜਨ ਗਿੱਲ

ਸਾਹਿਤਕ ਮਹਿਕ ਨਾਲ ਭਰਪੂਰ ਰਹੀ ‘ਕਾਫ਼ਲੇ’ ਦੀ ਅਪ੍ਰੈਲ 2016 ਮਿਲਣੀ

 

- ਉਂਕਾਰਪ੍ਰੀਤ

ਪੜਪੋਤਰੇ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮਹਿੰਦਰਦੀਪ ਗਰੇਵਾਲ

ਬਹਿਰ=ਮੁਤਕਾਰਿਬ

 

- ਸਚਦੇਵ ਗਿੱਲ

ਮਜਦੂਰ ਦਿਵਸ

 

- ਮਲਕੀਅਤ “ਸੁਹਲ”

The Jat-Scythian Nexus

 

- Dr V.B.L. Sharma

Migrants from India Settled in Australia 4,000 Years Before Captain Cook’s Arrivalਕਵਿਤਾਵਾਂ

ਹੁੰਗਾਰੇ

 

Online Punjabi Magazine Seerat

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ
- ਡਾ.ਸਤੀਸ਼ ਕੁਮਾਰ ਵਰਮਾ

 

(ਪਹਿਲੀ ਮਈ ਨੂੰ ਬਲਰਾਜ ਸਾਹਨੀ ਦਾ ਜਨਮ ਦਿਨ ਸੀ। ਉਸਦੀ ਯਾਦ ਨੂੰ ਸਮਰਪਤ ਡਾ ਸਤੀਸ਼ ਵਰਮਾ ਦਾ ਲੇਖ ਹਾਜ਼ਰ ਹੈ)
ਬਲਰਾਜ ਸਾਹਨੀ ਭਾਰਤ ਦੇ ਸਿਨੇਮਾ, ਸਾਹਿਤ ਅਤੇ ਜਨ ਜੀਵਨ ਵਿਚ ਰਚਿਆ ਬਚਿਆ ਅਤਿ ਸਤਿਕਾਰਤ ਅਤੇ ਅਤਿ ਪਿਆਰਿਤ ਨਾਂ ਹੈ ਜਿਸ ਨੇ ਆਪਣੀ ਕੁੱਲ ਹਯਾਤੀ ਦੇ 60 ਵਰ੍ਹਿਆਂ (1913-1973) ਵਿਚੋਂ ਆਪਣੀ ਅਕਾਦਮਿਕ ਸੁਰਤ ਦੇ ਚਾਰ ਦਹਾਕੇ‘ਜੀਵਨ-ਮੰਚ’ ਅਤੇ ‘ਸਾਹਿਤ-ਕਲਾ ਮੰਚ’ ਉਤੇ ਇਕ ਮੁਕੰਮਲ ਜੀਵਨ ਜੀਵਿਆ । ਉਨ੍ਹਾਂ ਦੀ ਸ਼ਤਾਬਦੀ ਦਾ ਵਰ੍ਹਾ 2013 ਇਸ ਮੁਕੰਮਲਤਾ ਨੂੰ ਪ੍ਰਗਟ ਕਰਨ ਵਾਲੀ ਪ੍ਰਤਿਭਾ, ਉਸ ਪ੍ਰਤਿਭਾ ਦੇ ਦ੍ਰਿਸ਼ਗਤ ਸੁਹਜ,ਦ੍ਰਿਸ਼ਟੀਗਤ ਗੁਹਜ ਅਤੇ ਇਸਦੇ ਪਿਛੋਕੜ ਵਿਚ ਪਏ ਦ੍ਰਿਸ਼ਟੀਕੋਣ ਨੂੰ ਸਮਝ ਕੇ ਇਸ ਵਡੇਰੀ ਸ਼ਖ਼ਸੀਅਤ ਨੂੰ ਸਨਮਾਨਣ ਦੇ ਪ੍ਰਸੰਗ ਵਿਚ ਹੀ ਅਰਥਵਾਨ ਹੈ । ਬਲਰਾਜ ਸਾਹਨੀ ਜਿਹੀਆਂ ਸ਼ਖ਼ਸੀਅਤਾਂ ਰੋਜ਼ ਰੋਜ਼ ਨਹੀਂ ਜੰਮਦੀਆਂ । ਇਹ ਟਿੱਪਣੀ ਆਮ ਟਿੱਪਣੀ ਨਹੀਂ ਹੈ ਬਲਕਿ ਇਸ ਦੀ ਸਾਰਗਰਭਿਤਾ ਨੂੰ ਜਾਨਣਾ ਜ਼ਰੂਰੀ ਹੈ । ਦੁਨੀਆਂ ਵਿਚ ਕਲਾਕਾਰ,ਲੇਖਕ, ਚਿੰਤਕ ਵਜੋਂ ਹਰ ਖੇਤਰ ਵਿਚ ਸੈਂਕੜੇ ਨਾਂ ਹਨ । ਦੂਜੇ ਪਾਸੇ ਸਮਾਜ ਸੇਵਕ, ਰਾਜਨੀਤੀਵਾਨ, ਵਿਭਿੰਨ ਖੇਤਰਾਂ ਦੇ ਐਕਟਿਵਿਸਟਾਂ ਦੀ ਗਿਣਤੀ ਵੀ ਬਹੁਤ ਵੱਡੀ ਹੋਵੇਗੀ । ਲੇਕਿਨ ਸਿਧਾਂਤ ਨੂੰ ਵਿਹਾਰ ਨਾਲ ਜੋੜਨ, ਕਲਾ ਨੂੰ ਜੀਵਨ ਨਾਲ ਇਕਮਿਕ ਕਰਨ, ਸਾਹਿਤ ਨੂੰ ਸਮਾਜੀ ਸਰੋਕਾਰਾਂ ਨਾਲ ਆਤਮਸਾਤ ਕਰਨ ਦਾ ਪਰਾਕ੍ਰਮ ਕਰਕੇ ਖ਼ੁਦ ਆਪਣੇ ਜੀਵਨ ਅਤੇ ਜਨਜੀਵਨ ਦਾ ਸੁਮੇਲ ਸਿਰਜਣ ਵਾਲੀ ਇੱਕਲੀ,ਇਕਹਿਰੀ ਤੇ ਅਲੋਕਾਰੀ ਸ਼ਖ਼ਸੀਅਤ ਦਾ ਨਾਂ ਬਲਰਾਜ ਸਾਹਨੀ ਹੈ । ਇਸ ਦੇ ਪਿਛੋਕੜ ਵਿਚ ਕੁਝ ਕੁਦਰਤੀ ਵਰਤਾਰਿਆਂ ਅਤੇ ਇਤਫ਼ਾਕਾਂ ਦੀ ਵੀ ਭੂਮਿਕਾ ਹੈ । ਮਸਲਨ ਜਿਹੜੇ 1913 ਦੇ ਵਰ੍ਹੇ ਬਲਰਾਜ ਸਾਹਨੀ ਦਾ ਜਨਮ ਹੋਇਆ, ਉਹ ਵਰ੍ਹਾ ‘ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ’ ਦੇ ਸੁਮੇਲ ਦਾ ਵਰ੍ਹਾ ਸੀ । ਮਸਲਨ ਭਾਰਤ ਵਿਚ ਸਿਨੇਮਾ ਦੇ ਰੂਪ ਵਿਚ ਮੁਕੰਮਲ‘ਦ੍ਰਿਸ਼’ ਦਾ ਆਗਮਨ-ਵਰ੍ਹਾ ਵੀ ਇਹੀ ਹੈ, ਬਲਰਾਜ ਸਾਹਨੀ ਦੀ ਮਾਤ ਭਾਸ਼ਾ ਪੰਜਾਬੀ ਵਿਚ ਆਧੁਨਿਕ ‘ਦ੍ਰਿਸ਼ਟੀ’ ਸੰਪੰਨ ਨਾਟਕ ਦੀ ਵਿਧਾ ਦੇ ਜਨਮ ਦਾ ਵਰ੍ਹਾ ਵੀ ਇਹੀ ਹੈ ਅਤੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਲੋਕਪੱਖੀ ‘ਦ੍ਰਿਸ਼ਟੀਕੋਣ’ ਨਾਲ ਜੁੜੀ ਪਹਿਲੀ ਜਥੇਬੰਦਕ ਸੰਸਥਾ ‘ਗਦਰ ਪਾਰਟੀ’ ਦੇ ਸਥਾਪਨ ਦਾ ਵਰ੍ਹਾ ਵੀ ਇਹੀ ਹੈ । ਜਿਥੇ ‘ਦ੍ਰਿਸ਼’ ਦੇ ਰੂਪ ਸਿਨੇਮਾ ਦੇ ਜਨਕ ਦਾਦਾ ਸਾਹਿਬ ਫਾਲਕੇ ਦਾ ਸੰਬੰਧ ਬਲਰਾਜ ਦੀ ਕਰਮਭੂਮੀ ਮਹਾਂਰਾਸ਼ਟਰ ਨਾਲ ਸੀ, ਉਥੇ‘ਦ੍ਰਿਸ਼ਟੀ’ ਦੇ ਰੂਪ ਵਿਚ ਆਧੁਨਿਕ ਨਾਟਕ ਦੇ ਪਿਤਾਮਾ ਆਈ. ਸੀ. ਨੰਦਾ ਦਾ ਸੰਬੰਧ ਬਲਰਾਜ ਸਾਹਨੀ ਦੀ ਜਨਮਭੂਮੀ ਪੰਜਾਬ ਤੇ ਵਿਦਿਆ-ਭੂਮੀ ਲਾਹੌਰ ਨਾਲ ਸੀ, ਉਥੇ ‘ਦ੍ਰਿਸ਼ਟੀਕੋਣ’ ਨਾਲ ਸੰਬੰਧਿਤ ਸਨਫ੍ਰਾਂਸਿਸਕੋ (ਅਮਰੀਕਾ) ਵਿਚ ਸਥਾਪਿਤ ਹੋਈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ (ਬਾਬਾ ਸੋਹਨ ਸਿੰਘ ਭਕਨਾ) ਤੇ ਸਕੱਤਰ (ਲਾਲਾ ਹਰਦਿਆਲ) ਵੀ ਬਲਰਾਜ ਦੇ ਪੂਰਬਲੇ ਪੰਜਾਬੀ ਹੀ ਸਨ । ਇਉਂ ‘ਤਤਕਾਲ’ ਵਿਚ ਆਪਣੇ ਜਨਮ ਦੇ ਨਾਲ ਹੀ ਇਕ ਬੱਚੇ ਨੂੰ ਵਿਰਸੇ ਵਿਚ ‘ਦ੍ਰਿਸ਼’, ‘ਦ੍ਰਿਸ਼ਟੀ’ ਤੇ‘ਦ੍ਰਿਸ਼ਟੀਕੋਣ’ ਮਿਲੇ ਜਿਨ੍ਹਾਂ ਤਿੰਨਾਂ ਦੇ ਸੁਮੇਲ ਵਿਚੋਂ ‘ਸਮਕਾਲ’ ਨੂੰ ਰੋਸ਼ਨ ਕਰਨ ਵਾਲੀ ਬਲਰਾਜ ਸਾਹਨੀ ਨਾਂ ਦੀ ‘ਚਿਰਕਾਲੀ’ ਸ਼ਖ਼ਸੀਅਤ ਨੇ ਉਦੈ ਹੋਣਾ ਸੀ । ਦੂਜਾ ਇਤਫ਼ਾਕ ਇਹ ਵੀ ਬਣਿਆ ਕਿ ਪਹਿਲਾਂ ਬਲਰਾਜ ਜੀ ਦਾ ਨਾਂ ਯੁਧਿਸ਼ਟਰ ਰਖਿਆ ਗਿਆ ਜਿਹੜਾ ਬਦਲ ਕੇ ਭਾਵੇਂ ਬਲਰਾਜ ਹੋ ਗਿਆ ਪਰੰਤੂ ਬਲਰਾਜ ਨੇ ਤਾਉਮਰ ਆਪਣੇ‘ਯੁਧਿਸ਼ਟਰੀ ਆਪੇ’ ਦੀ ਲੱਜ ਪਾਲੀ ਤੇ ਸੱਚ ਦਾ ਝੰਡਾਬਰਦਾਰ ਬਣਿਆ ।
ਬਲਰਾਜ ਸਾਹਨੀ ਦੀ ਉਪਰੋਕਤ ਸਮੱਗਰਵਾਦੀ ਸ਼ਖ਼ਸੀਅਤ ਦੇ ਪ੍ਰਸੰਗ ਵਿਚ ਸਭ ਤੋਂ ਪਹਿਲਾ ਪੱਖ ‘ਦ੍ਰਿਸ਼’ ਦਾ ਹੈ । ਇਹ ਦ੍ਰਿਸ਼ ਮੁਢਲੇ ਸਮੇਂ ਬੀ.ਬੀ.ਸੀ. ਰੇਡੀਓ ਤੇ ਕੰਮ ਕਰਦਿਆਂ ‘ਧੁਨੀ ਰਾਹੀਂ ਦ੍ਰਿਸ਼ ਸਿਰਜਣ’ ਦੇ ਨਾਲ ਸੰਬੰਧਿਤ ਹੈ ਤੇ ਨਾਲ ਹੀ ਥੀਏਟਰ ਪ੍ਰਤੀ ਜਨੂਨ ਨਾਲ ਵਾਬਸਤਾ ਹੈ । ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਲਾਹੌਰ ਵਿਚਲੇ ਨੋਰਾ ਰਿਚਰਡਜ਼ ਦੇ ਥੀਏਟਰ ਨਾਲ ਜੁੜਿਆ ਰਿਹਾ ਸੀ। ਮੁਢੋਂ ਹੀ ਮਨ ਵਿਚ ਲੋਕਪੱਖੀ ਦ੍ਰਿਸ਼ਟੀ ਨੂੰ ਪ੍ਰਣਾਏ ਜਾਣ ਕਾਰਨ ਉਹ ਬੀ.ਬੀ.ਸੀ. ਤੇ ਕੰਮ ਕਰਦਿਆਂ ਵੀ ਆਪਣੀ ਪਤਨੀ ਦਮਯੰਤੀ ਸਮੇਤ ਲੋਕਪੱਖੀ ਥੀਏਟਰੀ ‘ਦ੍ਰਿਸ਼’ ਦੇ ਸੁਪਨੇ ਵੇਖਦਾ ਸੀ । ਦੂਜੀ ਵਿਸ਼ਵ ਜੰਗ ਸਮੇਂ ਦੇ ਮਾਹੌਲ ਵਿਚ ਵਿਚਰਦਿਆਂ ਲਏ ਅਜਿਹੇ ਸੁਪਨੇ ਦਾ ਇਜ਼ਹਾਰ ਉਸਦੀ ਰਚਨਾ ‘ਮੇਰੀ ਫ਼ਿਲਮੀ ਆਤਮਕਥਾ’ ਵਿਚ ਹੋਇਆ ਹੈ । ਇਸ ਸੁਪਨੇ ਦਾ ਬੀਜ ਬੀਜਣ ਸਮੇਂ ਉਦੋਂ ਹਾਲੇ ਪਲੇਠਾ ਬੱਚਾ ਪ੍ਰੀਕਸ਼ਤ ਉਨ੍ਹਾਂ ਦੀ ਜ਼ਿੰਦਗੀ ਵਿਚ ਆਇਆ ਹੀ ਸੀ :
ਅਸੀਂ ਆਪਣੇ ਲਾਡਲੇ ਲਾਲ ਪਰੀਖਸ਼ਤ ਨੂੰ, ਜੋ ਮਸਾਂ ਦਸਾਂ ਮਹੀਨਿਆਂ ਦਾ ਸੀ, ਅਸੀਂ ਮਾਂ ਕੋਲ ਛੱਡ ਆਏ ਸਾਂ । ਮੇਰੀ ਮਾਂ ਨੇ ਲੜਾਈ ਦੇ ਜ਼ਮਾਨੇ ਵਿਚ ਉਹਨੂੰ ਸਾਡੇ ਨਾਲ ਘੱਲਣ ਤੋਂ ਸਾਫ਼ ਇਨਕਾਰ ਕਰ ਦਿਤਾ ਸੀ । ਮੈਂ ਦਮੋਂ ਦੀਆਂ ਅੱਖਾਂ ਨੂੰ ਆਪਣੇ ਬੱਚੇ ਲਈ ਸਹਿਕਦਾ ਵੇਖ ਕੇ ਕਈ ਵਾਰੀ ਤੜਪ-ਤੜਪ ਜਾਂਦਾ ਸੀ ।1
ਬਲਰਾਜ ਸਾਹਨੀ ਅਨੁਸਾਰ :
ਅਜਿਹੇ ਸਮੇਂ ਭਾਰਤ ਵਾਪਿਸ ਜਾਣ ਦਾ ਫੈਸਲਾ ਹੋ ਗਿਆ ਪਰ ਬੀ.ਬੀ.ਸੀ. ਦਾ ਇਕ ਪ੍ਰਤੀਨਿਧ-ਦਲ ਸਾਰੇ ਚੀਨ ਦਾ ਚੱਕਰ ਲਗਾ ਕੇ ਆਇਆ ਅਤੇ ਉਨ੍ਹਾਂ ਦੇ ਦਿਤੇ ਬਿਆਨ ਅਤੇ ਭਾਸ਼ਣ ਸਾਡੇ ਵਿਭਾਗ ਵਿਚ ਵੀ ਆਏ । ਉਹਨਾਂ ਤੋਂ ਪਤਾ ਲੱਗਾ ਕਿ ਜਾਪਾਨ ਦੇ ਖ਼ਿਲਾਫ ਸਭ ਤੋਂ ਵੱਧ ਜਾਂ- ਨਿਸਾਰੀ ਨਾਲ ਉਤਰੀ ਚੀਨ ਦੀਆਂ ਕਮਿਊਨਿਸਟ ਫ਼ੌਜਾਂ ਲੜ ਰਹੀਆਂ ਸਨ । ਉਹਨਾਂ ਫ਼ੌਜਾਂ ਬਾਰੇ ਬੜੇ ਵਚਿੱਤਰ ਹਾਲ ਉਹਨਾਂ ਲਿਖੇ ਸਨ । ਉਹ ਫ਼ੌਜੀ ਲੜਦੇ ਵੀ ਸਨ ਅਤੇ ਨਾਲ-ਨਾਲ ਕਿਸਾਨਾਂ ਨਾਲ ਮਿਲ ਕੇ ਖੇਤੀ ਵੀ ਕਰਦੇ ਸਨ । ਹਰ ਫ਼ੌਜੀ ਜੱਥੇ ਨੇ ਆਪਣਾ ਨਾਟਕ-ਮੰਡਲ ਵੀ ਬਣਾਇਆ ਹੋਇਆ ਸੀ, ਜੋ ਨਿੱਤ ਦੀਆਂ ਜੰਗੀ, ਸਿਆਸੀ ਅਤੇ ਸਮਾਜਿਕ ਘਟਨਾਵਾਂ ਨੂੰ ਲੈ ਕੇ ਝਟ ਨਾਟਕ ਤਿਆਰ ਕਰ ਲੈਂਦਾ ਸੀ ਤੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਵੀ ਕਰਦਾ ਸੀ, ਉੱਤਮ ਸਿਖਿਆ ਵੀ ਦੇਂਦਾ ਸੀ ਤੇ ਉਹਨਾਂ ਦੇ ਗਿਆਨ-ਚਖਸ਼ੂ ਵੀ ਖੋਲ੍ਹਦਾ ਸੀ । ਉਸ ਥੇਟਰ ਦਾ ਨਾਂ ਸੀ, ‘ਪੀਪਲਜ਼ ਥੇਟਰ’ । ਪ੍ਰਤੀਨਿਧ-ਦਲ ਆਪਣੇ ਨਾਲ ਬਹੁਤ ਸਾਰਾ ਚੀਨੀ ਸੰਗੀਤ ਵੀ ਰਿਕਾਰਡ ਕਰਕੇ ਲਿਆਇਆ ਸੀ, ਜਿਸ ਵਿਚੋਂ ਬਹੁਤ ਸਾਰਾ “ਚੀਨੀ ਪੀਪਲਜ਼ ਥੇਟਰ” ਦੇ ਕਲਾਕਾਰਾਂ ਦਾ ਸੀ । ਕੁਝ ਇਕ ਨਾਟਕਾਂ ਦੇ ਖਰੜੇ ਵੀ ਉਹ ਲਿਆਏ ਸਨ, ਜੋ ਅਸਾਂ ਅਨੁਵਾਦ ਕਰਕੇ ਬ੍ਰਾਕਾਸਟ ਕੀਤੇ । ਮੈਂ ਅਤੇ ਮੇਰੀ ਪਤਨੀ ਏਸ ਪੀਪਲਜ਼ ਥੇਟਰ ਵਲ ਬਹੁਤ ਖਿਚੇ ਗਏ । ਅਜਿਹੇ ਥੇਟਰ ਦੀ ਤਾਂ ਸਾਡੇ ਭਾਰਤ ਵਿਚ ਵੀ ਲੋੜ ਹੈ, ਅਸੀਂ ਸੋਚਦੇ । ਕਿਉਂ ਨਾ ਸਾਡੇ ਦੇਸ਼ ਵਿਚ ਵੀ ਪਿੰਡ-ਪਿੰਡ ਨਾਟਕ-ਮੰਡਲੀਆਂ ਹੋਣ, ਜੋ ਲੋਕਾਂ ਦੀ ਚੇਤਨਾ ਜਾਗਰਤ ਕਰਨ । ਮੈਂ ਆਪਣੇ ਕਾਲਜ ਦੇ ਜ਼ਮਾਨੇ ਵਿਚ ਨੋਰਾ ਰਿਚਰਡ ਨੂੰ ਇਹੋ ਜਿਹਾ ਇਕ ਤਜਰਬਾ ਕਰਦੇ ਵੇਖਿਆ ਸੀ ਅਤੇ ਉਹ ਬੜਾ ਸਫਲ ਰਿਹਾ ਸੀ । ਨੋਰਾ ਰਿਚਰਡ ਨੇ ਪੇਂਡੂ ਜੀਵਨ ਦੀਆਂ ਝਾਕੀਆਂ ਬੜੇ ਯਥਾਰਥ ਨਾਲ ਪੇਸ਼ ਕੀਤੀਆਂ ਸਨ । ਕੋਈ ਵਡੇ ਸੈੱਟ ਨਹੀਂ ਸਨ ਲਾਏ, ਕੋਈ ਸਟੇਜੀ ਅਡੰਬਰ ਨਹੀਂ ਸੀ ਰਚਿਆ । ਸਾਰੇ ਪਰੋਗਰਾਮ ਉਤੇ ਮੁਸ਼ਕਲ ਨਾਲ ਦਸ ਰੁਪਏ ਖ਼ਰਚ ਹੋਏ ਹੋਣਗੇ । ਉਹਨਾਂ ਨਾਟਕਾਂ ਦਾ ਮੈਂ ਰਾਵਲਪਿੰਡੀ ਦੇ ਰੇਲ-ਮਜ਼ਦੂਰਾਂ ੳਤੇ ਉਹਨਾਂ ਦੇ ਪਰਵਾਰਾਂ ਉਪਰ ਅਤਿਅੰਤ ਡੂੰਘਾ ਪ੍ਰਭਾਵ ਪੈਂਦਾ ਵੇਖਿਆ ਸੀ ।2
ਮੁੜ ਬਲਰਾਜ ਸਾਹਨੀ ਨੇ ਆਪਣੇ ਇਸ ਸੁਪਨੇ ਦੀ ਪੂਰਤੀ ਲਈ ਸ਼ਾਤੀ ਨਿਕੇਤਨ ਰਹਿੰਦਿਆਂ ਵੀ ਹੱਥ ਪੈਰ ਮਾਰੇ ਜਦੋਂ ਨੰਦ ਲਾਲ ਬੋਸ ਤੋਂ ਉਸ ਨੂੰ ਸਿਖਿਆ ਮਿਲੀ :
ਇਕ ਗੱਲ ਹਮੇਸ਼ਾਂ ਯਾਦ ਰਖੀਂ । ਹਜ਼ਾਰ ਰੁਪਏ ਖ਼ਰਚ ਕਰ ਕੇ ਕੋਈ ਬੁੱਧੂ ਵੀ ਨਾਟਕ ਖੇਡ ਸਕਦਾ ਏ । ਕਲਾਕਾਰ ਉਹ ਹੈ, ਜੋ ਉਹੀ ਨਾਟਕ ਦਸ ਰੁਪਏ ਵਿਚ ਖੇਡ ਕੇ ਦਿਖਾ ਦੇਵੇ ।3
ਅਜਿਹੇ ਲੋਕਪੱਖੀ ਥੀਏਟਰੀ ‘ਦ੍ਰਿਸ਼’ ਦੀ ‘ਕਲਪਨਾ’ ਨੂੰ ‘ਯਥਾਰਥ’ਬਣਾਉਣ ਦੀ ਇੱਛਾ ਅਧੀਨ ਹੀ ਉਹ ਭਾਰਤ ਆ ਕੇ ‘ਇਪਟਾ’ ਨਾਲ ਜੁੜਿਆ । ਮੁੜ ਪੰਜਾਬ ਜਾ ਕੇ ਗੁਰਸ਼ਰਨ ਸਿੰਘ ਨੂੰ ਹੱਲਾ ਸ਼ੇਰੀ ਦਿੱਤੀ । ਕਰਤਾਰ ਸਿੰਘ ਦੁੱਗਲ ਦਾ ਇਕ ਪਾਤਰੀ ਨਾਟਕ ‘ਉਪਰਲੀ ਮੰਜ਼ਿਲ’ਵੀ ਖੇਡਿਆ । ਬੰਬਈ ਵਿਚ ‘ਪੰਜਾਬੀ ਕਲਾ ਕੇਂਦਰ’ ਸਥਾਪਿਤ ਕਰਕੇ ਮਹਾਂਰਾਸ਼ਟਰ ਵਿਚ ਪੰਜਾਬੀ ਥੀਏਟਰ ਦੀ ਮੋੜ੍ਹੀ ਗੱਡਣ ਦਾ ਉਪਰਾਲਾ ਵੀ ਕੀਤਾ । ਅਫਸੋਸ ਇਸ ਗੱਲ ਦਾ ਹੈ ਕਿ 1973 ਵਿਚ ਬਲਰਾਜ ਸਾਹਨੀ ਉਹ ਸੁਪਨਾ ਮਨ ਵਿਚ ਲੈ ਕੇ ਇਸ ਧਰਤੀ ਤੋਂ ਤੁਰ ਗਏ ਜਿਹੜਾ ਸੁਪਨਾ ਉਨ੍ਹਾਂ ਨੇ ਸ਼ਾਤੀ ਨਿਕੇਤਨ ਰਹਿੰਦਿਆਂ ਲਿਆ ਸੀ :
ਚੀਨ ਦੇ ਪੀਪਲਜ਼ ਥੇਟਰ ਦੇ ਹਾਲ ਪੜ੍ਹ ਕੇ ਨੋਰਾ ਰਿਚਰਡ ਅਤੇ ਨੰਦਾ ਲਾਲ ਬੋਸ ਦੀ ਸਿਖਿਆ ਮੁੜ ਚੇਤੇ ਆਈ । ਦਿਲ ਵਿਚ ਰੀਝਾਂ ਜਾਗੀਆਂ- ਕਾਸ਼, ਜੇ ਕਦੇ ਸਾਡੇ ਦੇਸ਼ ਵਿਚ ਵੀ ਇਹੋ ਜਹੇ ਪੀਪਲਜ਼ ਥੇਟਰ ਦੀ ਲਹਿਰ ਟੁਰ ਪਏ ! ਕਿਤਨਾ ਸੁਆਦ ਆਏ ਇਹੋ ਜਿਹੇ ਨਾਟਕ-ਮੰਡਲ ਵਿਚ ਕੰਮ ਕਰਕੇ ।4
ਲੇਕਿਨ ਅੱਜ ਜੇ ਉਹ ਜੀਊਂਦੇ ਹੁੰਦੇ ਤਾਂ ਉਹਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਕਿ ਜਿਸ ਗੁਰਸ਼ਰਨ ਸਿੰਘ ਨੂੰ ਉਸ ਨੇ ਹੱਲਾ ਸ਼ੇਰੀ ਦਿੱਤੀ ਸੀ ਅਤੇ ਭਾਸ਼ਾ ਵਿਭਾਗ, ਪੰਜਾਬ ਤੋਂ ਮਿਲੇ ਇਨਾਮ ਦੇ 5000/- ਰੁਪਏ ਪੁਸਤਕ ਸਭਿਆਚਾਰ ਦੇ ਪ੍ਰਸਾਰ ਲਈ ਸੌਂਪੇ ਸਨ (ਜਿਨ੍ਹਾਂ ਨਾਲ ਗੁਰਸ਼ਰਨ ਸਿੰਘ ਨੇ ਬਲਰਾਜ ਸਾਹਨੀ ਪ੍ਰਕਾਸ਼ਨ ਦੀ ਸਥਾਪਨਾ ਕੀਤੀ ਤੇ ਪਾਸ਼, ਵਰਿਆਮ ਸੰਧੂ, ਪ੍ਰੇਮ ਗੋਰਖੀ ਤੋਂ ਲੈ ਕੇ ਅਗਲੀ ਪੀੜ੍ਹੀ ਤਕ ਸੈਂਕੜੇ ਲੇਖਕ ਪੰਜਾਬੀ ਸਾਹਿਤ ਨੂੰ ਦਿੱਤੇ), ਉਸ ਗੁਰਸ਼ਰਨ ਸਿੰਘ ਅਤੇ ਸਾਥੀਆਂ ਨੇ ਉਹ ਸੁਪਨਾ ਪੂਰਾ ਕਰ ਦਿੱਤਾ ਹੈ ਤੇ ਅੱਜ ਪੰਜਾਬ ਵਿਚ ਉਹੋ ਜਿਹਾ ਹੀ ਰੰਗਮੰਚ ਹੋ ਰਿਹਾ ਹੈ ਜਿਸ ਦੀ ਕਲਪਨਾ ਬਲਰਾਜ ਜੀ ਨੇ ਚੀਨ ਦੇ ਪੀਪਲਜ਼ ਥੀਏਟਰ ਦੇ ਹਵਾਲੇ ਨਾਲ ਨੋਰ੍ਹਾ ਰਿਚਰਡਜ਼ ਦੀਆਂ ਯਾਦਾਂ ਸਮੇਤ ਸ਼ਾਤੀ ਨਿਕੇਤਨੀ ਦੌਰ ਵਿਚ ਕੀਤੀ ਸੀ ।
ਬਲਰਾਜ ਸਾਹਨੀ ਦੇ ਸੱਠ ਸਾਲਾ ਜੀਵਨ-ਕਾਲ ਨੂੰ ਵੇਖਦਿਆਂ,ਨਿਰਖਦਿਆਂ ਤੇ ਪਰਖਦਿਆਂ ਪਤਾ ਚੱਲਦਾ ਹੈ ਕਿ ਬਲਰਾਜ ਸਾਹਨੀ ਦਾ ਰੰਗਮੰਚ ਦੇ ਰੂਪ ਵਿਚ ਸੰਕਲਪਿਆ ਤੇ ਉਸਰਿਆ ‘ਦ੍ਰਿਸ਼’ ਸਿਨੇਮਾ ਨੂੰ ਆਪਣਾ ਪ੍ਰੋਫੈਸ਼ਨ ਤੇ ਪੈਸ਼ਨ ਬਣਾਉਣ ਨਾਲ ਹੀ ‘ਸਿਨੇਮਾ’ ਦੇ ਰੂਪ ਵਿਚ ‘ਮਹਾਂਦ੍ਰਿਸ਼’ ਗ੍ਰਹਿਣ ਕਰਦਾ ਹੈ । ਇਹ ਮਹਾਂਦ੍ਰਿਸ਼ ‘ਦੋ ਬੀਘਾ ਜ਼ਮੀਨ’ ਤੋਂ ਲੈ ਕੇ ਆਖਰੀ ਫ਼ਿਲਮ ‘ਗਰਮ ਹਵਾ’ ਤਕ ਫੈਲਿਆ ਹੋਇਆ ਹੈ ਜਿਸ ਰਾਹੀਂ ਉਹ ਸਿਨੇਮਾਈ ‘ਦ੍ਰਿਸ਼’ ਨੂੰ ਆਪਣੇ ਅੰਦਰਲੇ ਕਲਾਕਾਰ ਦੀ ਯਥਾਰਥਕ ‘ਦ੍ਰਿਸ਼ਟੀ’ ਨਾਲ ਉਸਾਰਦੇ ਹਨ । ਅਸੀਂ ਜਾਣਦੇ ਹਾਂ ਕਿ ਸਿਨੇਮਾ ਨਿਰਦੇਸ਼ਕ ਦਾ ਮਾਧਿਅਮ ਹੈ ਜਿਸ ਦਾ ‘ਦ੍ਰਿਸ਼ਟੀਕੋਣ’ ਫ਼ਿਲਮ ਦੇ ਅੰਦਰ-ਬਾਹਰ ਫੈਲਿਆ ਹੁੰਦਾ ਹੈ ਲੇਕਿਨ ਇਸ ਦੇ ਪਿਛੋਕੜ ਵਿਚ ਫ਼ਿਲਮ ਦੇ ਲੇਖਕ ਦੀ ‘ਦ੍ਰਿਸ਼ਟੀ’ ਪਈ ਹੁੰਦੀ ਹੈ । ਲੇਖਕ ਦੀ ‘ਦ੍ਰਿਸ਼ਟੀ’ਨਾਲ ਘੜੇ ਪਾਤਰ ਦੀ ਉਸਾਰੀ ਨਿਰਦੇਸ਼ਕ ਦੇ ‘ਦ੍ਰਿਸ਼ਟੀਕੋਣ’ ਨਾਲ ਹੋਣੀ ਹੁੰਦੀ ਹੈ ਅਤੇ ਦੋਹਾਂ ਦੇ ਵਿਚਕਾਰ ‘ਅਦਾਕਾਰ’ ਕੇਵਲ ਇਕ ਮਾਧਿਅਮ ਜਾਂ ਟੂਲ ਹੁੰਦਾ ਹੈ । ਲੇਕਿਨ ਚੰਗਾ ਅਦਾਕਾਰ ਲੇਖਕ ਦੀ ‘ਦ੍ਰਿਸ਼ਟੀ’ ਅਤੇ ਨਿਰਦੇਸ਼ਕ ਦੇ ‘ਦ੍ਰਿਸ਼ਟੀਕੋਣ’ ਦੇ ਬਾਵਜੂਦ ‘ਆਪਣੀ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ’ ਦੀ ਮਦਦ ਨਾਲ ਪਾਤਰ ਅਭਿਨੀਤ ਕਰਦਾ ਹੈ । ਇਸ ਵਿਚਾਰ ਦੀ ਤਾਈਦ ਉਤਪਲ ਦੱਤ ਵੀ ਕਰਦੇ ਹਨ, ਜਦੋਂ ਉਹ ਕਹਿੰਦੇ ਹਨ ਕਿ ਮੰਚ ਪੇਸ਼ਕਾਰੀ ਦੌਰਾਨ ਅਦਾਕਾਰ ਆਪਣੀ ਵਿਚਾਰਧਾਰਾ ਨਾਲ ਲੈ ਕੇ ਆਉਂਦਾ ਹੈ । ਉਨ੍ਹਾਂ ਦੀ ਰਾਇ ਹੈ ਕਿ ਨਾਟਕ ਵਿਚ ਰੋਲ ਕਰਨ ਵਾਲੇ ਅਭਿਨੇਤਾ ਅਤੇ ਦਰਸ਼ਕ ਦੀ ਆਪਣੀ ਵਿਚਾਰਧਾਰਾ ਦਾ ਵੀ ਨਾਟਕ ਵਿਚ ਦਖਲ ਹੁੰਦਾ ਹੈ ।5 ਨਾਟਕ ਅਭਿਨੇਤਾ ਰਾਹੀਂ ਦਰਸ਼ਕ ਤਕ ਪੁੱਜਦਾ ਹੈ । ਭਾਵੇਂ ਥੀਏਟਰ ਦੇ ਹੋਰ ਆਰਗਨ ਵੀ ਮਹੱਤਵਪੂਰਨ ਹਨ ਪਰੰਤੂ ਅਭਿਨੇਤਾ ਸਭ ਤੋਂ ਮਹੱਤਵਪੂਰਨ ਜੁਜ਼ ਹੈ ਜਿਸ ਨੂੰ ਅਜੋਕੇ ਸਮਿਆਂ ਵਿਚ ਗਰੋਟੋਵਸਕੀ ਤੇ ਬੰਗਾਲ ਵਿਚ ਬਾਦਲ ਸਰਕਾਰ ਨੇ ਗੰਭੀਰਤਾ ਨਾਲ ਵਿਚਾਰਿਆ ਤੇ ਸਵੀਕਾਰਿਆ ਹੈ । ਅਭਿਨੇਤਾ ਦੀ ਇਸੇ ਕਾਬਲੀਅਤ ਕਾਰਨ ਦਰਸ਼ਕ ਵੀ ਮਹੱਤਵਪੂਰਨ ਜੁਜ਼ ਬਣ ਜਾਂਦਾ ਹੈ । ਇਸੇ ਲਈ ਦਰਸ਼ਕ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਵੀ ਉਤਪਲ ਦੱਤ ਆਖਦਾ ਹੈ ਕਿ ਦਰਸ਼ਕ ਨਾਟਕ ਦੀਆਂ ਵਿਰੋਧਤਾਵਾਂ ਵਿਚ ਸ਼ਾਮਿਲ ਹੁੰਦੇ ਹਨ । ਉਹ ਆਪਣਾ ਜੀਵਨ-ਤਜਰਬਾ ਮੰਚ ਤੇ ਲੈ ਕੇ ਆਉਂਦੇ ਹਨ । ਉਹ ਆਪਣੀਆਂ ਸਮੱਸਿਆਵਾਂ ਤੇ ਦੁਖ ਦਰਦਾਂ ਨੂੰ ਮੰਚ ਤੇ ਹੋ ਰਹੀ ਪੇਸ਼ਕਾਰੀ ਦੇ ਪ੍ਰਸੰਗ ਵਿਚ ਵੇਖਦੇ ਹਨ । ਇਉਂ ਦਰਸ਼ਕ ਜ਼ਿੰਦਗੀ ਤੇ ਥੀਏਟਰ ਵਿਚ ਇਕ ਕੜੀ ਬਣ ਜਾਂਦਾ ਹੈ ।6 ਇਹੀ ਸਥਿਤੀ ਸਿਨੇਮਾ ਵਿਚ ਵੀ ਵਾਪਰਦੀ ਹੈ । ਜਿਥੇ ਥੀਏਟਰ ਵਿਚ ਇਹ ਕ੍ਰਿਸ਼ਮਾ ਇਕ ਸਮੇਂ ਸੈਂਕੜੇ ਦਰਸ਼ਕਾਂ ਨਾਲ ਵਾਪਰਦਾ ਹੈ ਉਥੇ ਸਿਨੇਮਾ ਵਿਚ ਇਕੋ ਸਮੇਂ ਕਰੋੜਾਂ ਦਰਸ਼ਕਾਂ ਨਾਲ ਵਾਪਰਦਾ ਹੈ ।
ਬਲਰਾਜ ਸਾਹਨੀ ਅਜਿਹੇ ਹੀ ਅਦਾਕਾਰ ਸਨ ਜਿਨ੍ਹਾਂ ਦੇ ਨਿਭਾਏ ਪਾਤਰ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਤੋਂ ਇਲਾਵਾ ਬਲਰਾਜ ਸਾਹਨੀ ਨਾਂ ਦੇ ਅਦਾਕਾਰ ਕਰਕੇ ਵੀ ਜਾਣੇ ਜਾਂਦੇ ਹਨ ਕਿਉਂਕਿ ਉਨ੍ਹਾਂ ਪਾਤਰਾਂ ਵਿਚ ਬਲਰਾਜ ਸਾਹਨੀ ਦੀ ‘ਮਾਨਵੀ ਦ੍ਰਿਸ਼ਟੀ’ ਅਤੇ‘ਮਾਰਕਸਵਾਦੀ ਦ੍ਰਿਸ਼ਟੀਕੋਣ’ ਦੀ ਝਲਕ ਮਿਲਦੀ ਹੈ ਜਿਸ ਕਰਕੇ ਉਹ ਪਾਤਰ ਧਰਤੀ ਦੇ ਨੇੜੇ ਅਤੇ ਸੰਘਰਸ਼ ਲਈ ਤਿਆਰ ਜਾਪਦੇ ਹਨ । ਇਸ ਵਿਚ ਬਲਰਾਜ ਸਾਹਨੀ ਦੀ ਨੈਚੂਰਲ ਅਦਾਕਾਰੀ ਵਾਲੀ ਵਿਧੀ ਵੀ ਕਾਰਜਸ਼ੀਲ ਹੁੰਦੀ ਹੈ ਜਿਸ ਵਿਚ ਕਲਾਕਾਰ ਨਿਰਉਚੇਚ ਰਹਿ ਕੇ ਦਰਸ਼ਕ ਦਾ ਉਚੇਚਾ ਧਿਆਨ ਖਿੱਚਣ ਵਿਚ ਕਾਮਯਾਬ ਹੋ ਜਾਂਦਾ ਹੈ । ਜਿੱਥੇ ਬਲਰਾਜ ਸਾਹਨੀ ਥੀਏਟਰ ਤੇ ਸਿਨੇਮਾ ਰਾਹੀਂ ‘ਦ੍ਰਿਸ਼’ ਸਿਰਜਣ ਵਿਚ ਆਪਣੀ ‘ਦ੍ਰਿਸ਼ਟੀ’ ਦਾ ਇਸਤੇਮਾਲ ਕਰਦਾ ਹੈ ਉੱਥੇ ਆਪਣੇ ਸਾਹਿਤ ਵਿਚ ਆਪਣੀ ‘ਦ੍ਰਿਸ਼ਟੀ’ ਦੇ ਮਾਧਿਅਮ ਰਾਹੀਂ ਆਪਣੇ‘ਦ੍ਰਿਸ਼ਟੀਕੋਣ’ ਦਾ ਨਿਰੂਪਣ ਕਰਦਾ ਹੈ । ਇਹ ਭਾਵੇਂ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਹੋਵੇ ਜਾਂ ‘ਮੇਰਾ ਰੂਸੀ ਸਫ਼ਰਨਾਮਾ’ ਰੂਪੀ ਸਫ਼ਰਨਾਮਾ ਵਾਰਤਕ ਹੋਵੇ, ‘ਮੇਰੀ ਫ਼ਿਲਮੀ ਆਤਮਕਥਾ’ ਤੇ ‘ਗ਼ੈਰ ਜਜ਼ਬਾਤੀ ਡਾਇਰੀ’ਰਾਹੀਂ ਆਤਮਕਥਾਤਮਕ ਰਚਨਾਵਾਂ ਹੋਣ, ‘ਸਿਨੇਮਾ ਤੇ ਸਟੇਜ’ ਦੇ ਰੂਪ ਵਿਚ ਸਿਧਾਂਤਕ ਤੇ ਵਿਹਾਰਕ ਨਿਬੰਧ ਹੋਣ, ‘ਅਰਸ਼ ਫਰਸ਼ (ਕੀ ਏ ਸੱਚ ਹੈ ਬਾਪੂ)’ ਰੂਪੀ ਨਾਟਕ ਹੋਵੇ ਜਾਂ ‘ਵੇਟਰ ਦੀ ਵਾਰ’ ਦੇ ਰੂਪ ਵਿਚ ਕਾਵਿ-ਸੰਗ੍ਰਹਿ ਹੋਵੇ¬- ਬਲਰਾਜ ਸਾਹਨੀ ਦੀ ਮਾਨਵੀ ਦ੍ਰਿਸ਼ਟੀ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਇਨ੍ਹਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਰਹਿੰਦੇ ਹਨ । ਇਸੇ ਲਈ ਉਹ ਲੋਕ ਪੱਖੀ ਲੇਖਕ ਹੈ ਜਿਸ ਨੂੰ ਉਸ ਦੇ ਕਾਵਿ-ਸੰਗ੍ਰਹਿ ‘ਵੇਟਰ ਦੀ ਵਾਰ’ ਦੇ ਪ੍ਰਸੰਗ ਵਿਚ ਸਵੀਕਾਰਿਆ ਗਿਆ ਹੈ :
ਬਲਰਾਜ ਸਾਹਨੀ ਦੇ ਇਸ ਕਾਵਿ ਦੀ ਨੁਹਾਰ ਲੋਕ-ਪੱਖੀ ਹੈ । ਇਸ ਵਿਚ ਜਨ-ਸਾਧਾਰਣ ਨਾਲ ਸੰਬੰਧਿਤ ਮਨੁੱਖੀ ਸਮਾਜ ਦੇ ਮਸਲੇ ਵੱਡੀ ਹਮਦਰਦੀ ਨਾਲ ਚਿਤਰੇ ਹੋਏ ਹਨ । ਇਸ ਵਿਚ ਸਮਾਜ ਦੇ ਦੋ ਪ੍ਰਧਾਨ ਵਰਗਾਂ ਦਾ ਭਾਵਪੂਰਤ ਅਤੇ ਤਰਕ-ਯੁਕਤ ਵਿਸ਼ਲੇਸ਼ਣ ਹੈ । ਇਹ ਇਸ ਕਾਰਣ ਕਿ ਬਲਰਾਜ ਸਾਹਨੀ ਮਾਰਕਸੀ ਫ਼ਲਸਫ਼ੇ ਦਾ ਵਿਦਿਆਰਥੀ,ਸ਼ਰਧਾਲੂ ਅਤੇ ਚੰਗਾ ਗਿਆਤਾ ਸੀ ਤੇ ਜਨ-ਸਾਧਾਰਣ ਦੀ ਪੀੜਾ ਉਸ ਦੇ ਅੰਦਰ ਵਸੀ ਹੋਈ ਸੀ । ਪੁਸਤਕ ਦੇ ਵਿਸ਼ੈ ਵੇਖਣ ਨੂੰ ਨਿਗੂਣੇ ਹਨ, ਪਰ ਉਨ੍ਹਾਂ ਦਾ ਭਾਵ ਗੂਹੜਾ ਹੈ । ਮਜ਼੍ਹਬੀ ਵਿਤਕਰੇ ਕਾਰਣ ਹੋਏ ਫ਼ਸਾਦਾਂ ਵਿਚ ਮਨੁੱਖਤਾ ਦਾ ਲਹੂ ਡੁਲ੍ਹਦਾ ਵੇਖਕੇ ਬਲਰਾਜ ਦੇ ਦਿਲ ਨੇ ਘੇਰਣੀ ਖਾਧੀ ਤੇ ਉਹ ਵੀ ਦੀਨਾਂ ਦੇ ਨਾਥ ਗੁਰੂ ਨਾਨਕ ਦੇ “ਤੈਂ ਕੀ ਦਰਦ ਨ ਆਇਆ”ਕਹਿਣ ਵਾਂਗ “ਰੱਬਾ ਤੂੰ ਅਸਤੀਫ਼ਾ ਕਿਉਂ ਨਹੀਂ ਦੇ ਛਡਦਾ ?” ਕਹਿ ਕੇ ਚਿਲਾ ਉਠਿਆ ।7
ਇਸ ਦਾ ਪ੍ਰਮਾਣ ਉਸ ਦੇ ਕਾਵਿ-ਸੰਗ੍ਰਹਿ ਦੇ ਸਿਰਲੇਖ ਤੋਂ ਵੀ ਮਿਲ ਜਾਂਦਾ ਹੈ । ਪੰਜਾਬੀ ਵਿਚ ਕਾਵਿ ਰੂਪ ਵਾਰ ਬੀਰ ਰਸੀ ਵਾਰਾਂ ਰਾਹੀਂ ਬਹਾਦਰ ਨਾਇਕ ਦੀ ਸਿਰਜਣਾ ਅਤੇ ਅਧਿਆਤਮਕ ਵਾਰਾਂ ਰਾਹੀਂ ਅਧਿਆਤਮਕ ਆਭਾਮੰਡਲ ਦੀ ਸਿਰਜਣਾ ਨਾਲ ਜੁੜਿਆ ਹੋਇਆ ਹੈ । ਪਹਿਲੀ ਵਾਰ ਹਰਿੰਦਰ ਸਿੰਘ ਰੂਪ ਨੇ ਦੋਹਾਂ ਪ੍ਰਕਾਰ ਦੇ ਨਾਇਕਤਵ ਤੋਂ ਉਪਰ ਉੱਠ ਕੇ ‘ਮਨੁੱਖ ਦੀ ਵਾਰ’ ਲਿਖੀ ਸੀ । ਬਲਰਾਜ ਸਾਹਨੀ ਨੇ ਇਸ ਤੋਂ ਇਕ ਕਦਮ ਅੱਗੇ ਜਾ ਕੇ ਸਰਵਹਾਰਾ ਵਰਗ ਦੇ ਪ੍ਰਤੀਨਿਧ ਵੇਟਰ ਦੀ ਵਾਰ ਲਿਖੀ ਹੈ । ਲੇਕਿਨ ਇਸ ਦੇ ਨਾਲ ਹੀ ਆਪਣੇ ਮੱਧਸ਼੍ਰੇਣਿਕ ਕਿਰਦਾਰ ਨੂੰ ਨੰਗਾ ਕਰਨ ਦਾ ਵੀ ਜੇਰਾ ਕੀਤਾ ਹੈ :
ਭਾਲ ਨਵਾਂ ਗਿਆਨ ਹੁਸ਼ਿਆਰ ਹੋ ਜਾ
ਲੜ ਆਪਣੇ ਹੱਕਾਂ ਲਈ ਤਾਣ ਛਾਤੀ
ਇਹਨਾਂ ਹੋਟਲ ਦੇ ਮਾਲਕਾਂ ਖਚਰਿਆਂ ਨੇ
ਛੇਤੀ ਤੈਨੂੰ ਵੀ ਠੁੱਠ ਵਿਖਾਵਣਾ ਈਂ ।
ਇਹ ਗੱਲਾਂ ਤੇ ਕਿਤਨੀਆਂ ਹੋਰ ਗੱਲਾਂ,
ਉਹਨੂੰ ਆਖਣ ਲਈ ਮਨ ਵਿਚ ਉੱਠ ਪਈਆਂ
ਪਰ ਮੈਂ ਮੂੰਹੋਂ ਨ ਕੁਝ ਵੀ ਬੋਲ ਸਕਿਆ
ਰਖ ਕੇ ‘ਟਿਪ’ ਰੁਪਈਆ ਇਕ, ਉਠ ਆਇਆ ।
ਇਕ ਤਾਂ ਅੱਤ ਸੰਗਾਊ ਮਿਜਾਜ਼ ਮੇਰਾ
ਆਪਣੇ ਆਪ ਵਿਚ ਰਹਿਣਾ ਪਸੰਦ ਕਰਦੈ
ਫੇਰ, ਜ਼ਾਤੀ ਰੁਝੇਵਿਆਂ-ਝੇੜਿਆਂ ਚੋਂ
ਵਿਹਲ ਕਢਣਾ ਕਿਹੜੀ ਆਸਾਨ ਗੱਲ ਹੈ ?8
ਬਲਰਾਜ ਸਾਹਨੀ ਦੀ ਇਕ ਵੱਖਰਤਾ ਇਹ ਹੈ ਕਿ ਉਹ ਆਪਣੀ ਰਚਨਾਕਾਰੀ ਵਿਚ ਆਪਣੇ ਕਮਿਊਨਿਸਟ ਵਿਚਾਰਾਂ ਭਾਵ ਮਾਰਕਸਵਾਦੀ ਦ੍ਰਿਸ਼ਟੀਕੋਣ ਦਾ ਸੰਚਾਰ ਕਰਦਾ ਹੋਇਆ ‘ਯਥਾਰਥਕ ਦ੍ਰਿਸ਼ਟੀ’ ਦਾ ਪੱਲਾ ਵੀ ਨਹੀਂ ਛੱਡਦਾ । ਇਸੇ ਲਈ ਯੂ.ਐੱਸ.ਐੱਸ.ਆਰ ਦੀ ਚੜ੍ਹਤ ਦੇ ਦਿਨਾਂ ਵਿਚ ਇਕ ਡੈਲੀਗੇਸ਼ਨ ਦੇ ਮੈਂਬਰ ਵਜੋਂ ਕੀਤੀ ਯਾਤਰਾ ਕਰਨ ਸਮੇਂ ਉਹ ਉਸ ਸਿਸਟਮ ਦੀ ਚੜ੍ਹਤ ਦੇ ਨਾਲ-ਨਾਲ ਉਸ ਮਾਹੌਲ ਦੀ ਨਕਾਬਕੁਸ਼ਾਈ ਕਰਦਾ ਹੈ, ਜਿਸ ਮਾਹੌਲ ਦਾ ਸਿਖਰ ਬਲਰਾਜ ਜੀ ਦੇ ਇਸ ਧਰਤੀ ਤੋਂ ਜਾਣ ਦੇ 18 ਸਾਲ ਬਾਅਦ (1991) ਯੂ.ਐੱਸ. ਐੱਸ.ਆਰ ਦੇ ਟੁੱਟਣ ਨਾਲ ਬਣਿਆ । ਇਸ ਦੀ ਝਲਕ ਵੇਖੀ ਜਾ ਸਕਦੀ ਹੈ :
“ਇਕ ਸਾਡਾ ਵੀ ਸਵਾਲ ਹੱਲ ਕਰ ਦਿਓ ਕਾਮਰੇਡ ਬੈਦਾਕਾਫ” , ਇਕ ਭਾਰਤੀ ਕਾਮਰੇਡ ਬੋਲਿਆ, “ਸਾਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਤਾਂ ਉਹ ਅਸਾਇਸ਼ਾਂ ਦਿਤੀਆਂ ਗਈਆਂ ਹਨ, ਜੋ ਸਾਡੀ ਕਲਪਨਾ ਤੋਂ ਵੀ ਬਾਹਰ ਸਨ । ਬਲਕਿ ਜਿਵੇਂ ਸਾਡੀ ਪੰਜਾਬੀ ਬੋਲੀ ਵਿਚ ਵੀ ਆਖਦੇ ਨੇ, ਖੁਆ ਖੁਆ ਕੇ ਦੁੰਬਾ ਕਰ ਛੱਡਿਆ ਨੇ, ਪਰ ਸਾਡੇ ਨਾਲ ਦਿਲ ਖੋਲ੍ਹ ਕੇ ਗੱਲ ਕੋਈ ਨਹੀਂ ਕਰਦਾ । ਇਸ ਦਾ ਕੀ ਕਾਰਨ ਹੈ? ਅਸੀਂ ਕਮਿਊਨਿਸਟ ਹਾਂ, ਹਜ਼ਾਰ ਤਰ੍ਹਾਂ ਦੀਆਂ ਤਕਲੀਫ਼ਾਂ ਝੱਲਣ ਦੇ ਆਦੀ ਹਾਂ, ਸਾਨੂੰ ਇਤਨੇ ਸੁਖ ਅਰਾਮ ਦੀ ਕੋਈ ਲੋੜ ਨਹੀਂ । ਅਸੀਂ ਤਾਂ ਆਪਣੀ ਰੂਹਾਨੀ ਭੁੱਖ ਲਾਹੁਣੀ ਚਾਹੁੰਦੇ ਹਾਂ, ਤੁਹਾਡੇ ਤਜਰਬੇ ਤੋਂ ਕੁਝ ਸਿਖਣਾ ਚਾਹੁੰਦੇ ਹਾਂ, ਆਪਣਾ ਕੁਝ ਦਸਣਾ ਚਾਹੁੰਦੇ ਹਾਂ । ਪਰ ਕੋਈ ਇਕ ਰੂਸੀ ਵੀ ਸਾਡੇ ਨਾਲ ਰਾਜਨੀਤਿਕ ਵਿਸ਼ੇ ਤੇ ਦੋ ਸ਼ਬਦ ਵੀ ਸਾਂਝੇ ਕਰਨ ਨੂੰ ਤਿਆਰ ਨਹੀਂ । ਨਾ ਕਾਮਰੇਡ ਤੇ ਨਾ ਗ਼ੈਰ-ਕਾਮਰੇਡ । ਝੱਟ ਟਾਲ ਜਾਂਦੇ ਹਨ, ਗੱਲ ਦਾ ਰੁਖ਼ ਬਦਲ ਦੇਂਦੇ ਹਨ । ਇਸ ਦਾ ਮਤਲਬ ਕੀ ਹੋਇਆ ?”
“ਮੈਂ ਕੀ ਕਹਾਂ, ਜਿਸ ਸੰਸਥਾ ਨੇ ਤੁਹਾਨੂੰ ਨਿਮੰਤਰਤ ਕੀਤਾ ਹੈ ਉਸ ਨਾਲ ਮੇਰਾ ਕੋਈ ਸੰਬੰਧ ਨਹੀਂ ।” ਬੈਦਾਕਾਫ਼ ਨੇ ਕਮਾਲ ਮਸਲਤ- ਭਰਿਆ ਜਵਾਬ ਦੇ ਕੇ ਦਰਵਾਜ਼ਿਆਂ ਨੂੰ ਜਿਵੇਂ ਫਿਰ ਬੰਦ ਕਰ ਦਿੱਤਾ । ਕਨੇਡੀਅਨ ਨੇ ਫਿਰ ਹੰਭਲਾ ਮਾਰਿਆ –
“ਅਸੀਂ ਵੀ ਕਮਿਊਨਿਸਟ ਹਾਂ ਤੁਸੀਂ ਵੀ ਕਮਿਊਨਿਸਟ । ਇਕੋ ਦ੍ਰਿਸ਼ਟੀਕੋਣ ਸਾਡੇ, ਇਕੋ ਵਿਚਾਰਧਾਰਾ, ਇਕੋ ਜੀਵਨ ਆਦਰਸ਼ । ਸਾਨੂੰ ਇਕ ਦੂਜੇ ਨਾਲ ਇੰਜ ਘੁਲ-ਮਿਲ ਜਾਣਾ ਚਾਹੀਦਾ ਹੈ ਕਿ ਕੋਈ ਫ਼ਰਕ ਈ ਨਾ ਦਿਸੇ ? ਪਰ ਇਥੇ ਅਜੇ ਤੀਕਰ ਸਾਨੂੰ ਮਾਨਸਕ ਨੇੜਤਾ ਦਾ ਅਹਿਸਾਸ ਈ ਨਹੀਂ ਹੋਇਆ ?”
“ਮਾਫ਼ ਕਰਨਾ ਹੁਣ ਮੈਨੂੰ ਘਰ ਜਾਣਾ ਪਏਗਾ, ਕਿਉਂਕਿ ਫੇਰ ਥੋੜੀ ਦੇਰ ਬਾਅਦ ਲੰਚ ਲਈ ਏਥੇ ਆਉਣਾ ਹੈ । ਮਿਸਤਰ ਸਾਹਨੀ,ਤੁਹਾਨੂੰ ਯਾਦ ਹੈ ਨਾ, ਪ੍ਰੋਫ਼ੈਸਰ ਦਯਾਕਾਫ਼, ਪ੍ਰੋਫ਼ੈਸਰ ਬਾਲਾਬੂਸ਼ੇਵਿਚ,ਮਿਸਤਰ ਚੈਲੀਸ਼ੇਵ, ਮਿਸਤਰ ਪੰਨਕਾਫ਼ ਤੁਹਾਡੇ ਡੈਲੀਗੇਸ਼ਨ ਨਾਲ ਲੰਚ ਖਾਣ ਆ ਰਹੇ ਹਨ ?” ਅਤੇ ਇਹ ਕਹਿ ਕੇ ਉਹ ਕਮਰੇ ’ਚੋਂ ਬਾਹਰ ਨਿਕਲ ਗਏ ।
“ਰੂਸੀ ਨੂੰ ਜਰਮਨ ਨਹੀਂ ਨਠਾ ਸਕਿਆ, ਪਰ ਤੁਸੀਂ ਨਠਾ ਕੇ ਵਿਖਾ ਦਿਤੈ ਕਾਮਰੇਡ,” ਗਿਆਨੀ ਜੀ ਨੇ ਮਿੱਠਾ ਵਿਅੰਗ ਕੀਤਾ ਤੇ ਸਭ ਜ਼ੋਰ ਦੀ ਹੱਸ ਪਏ ।9
ਇਸੇ ਲਈ ਬਲਰਾਜ ਸਾਹਨੀ ਆਪਣੀ ਰਚਨਾਕਾਰੀ ਵਿਚ ਆਪਣੇ ਸਪਸ਼ਟ ‘ਮਾਰਕਸੀ ਦ੍ਰਿਸ਼ਟੀਕੋਣ’ ਦੀ ਪੂਰਕ ‘ਮਾਨਵੀ ਦ੍ਰਿਸ਼ਟੀ’ ਨੂੰ ਹਮੇਸ਼ਾ ਅਗ੍ਰਭੂਮ ਵਿਚ ਰਖਦਾ ਹੈ ਜਿਸ ਦੀ ਝਲਕ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’, ‘ਮੇਰੀ ਫ਼ਿਲਮੀ ਆਤਮਕਥਾ’, ‘ਗ਼ੈਰ ਜਜ਼ਬਾਤੀ ਡਾਇਰੀ’ਅਤੇ ‘ਸਿਨੇਮਾ ਤੇ ਸਟੇਜ’ ਵਿਚ ਮਿਲਦੀ ਹੈ । ਇਨ੍ਹਾਂ ਸਾਰੀਆਂ ਰਚਨਾਵਾਂ ਵਿਚ ਆਪਣੇ ਫ਼ਿਲਮ ਸਟਾਰੀ ਆਪੇ ਦੇ ਬਾਵਜੂਦ ਉਸ ਦਾ ਆਮ ਇਨਸਾਨ ਬਣ ਕੇ ਵਿਚਰਨਾ ਸ਼ਾਮਿਲ ਹੈ । ਜਿਸ ਦੇ ਤਹਿਤ ਕਦੇ ਉਹ ਆਪਣੇ ਆੜੀ ਜਸਵੰਤ ਸਿੰਘ ਕੰਵਲ ਦੇ ਪਿੰਡ ਢੁਡੀਕੇ ਜਾ ਕੇ ਕੰਮੀਆਂ-ਕਿਸਾਨਾਂ ਨਾਲ ਵਿਚਰਦਾ ਹੈ, ਕਦੇ ਪੰਜਾਬੀ ਲੇਖਕਾਂ ਦੀ ਆਪਣੇ ਬੰਬਈ ਵਾਲੇ ਬੰਗਲੇ ਵਿਚ ਮਹਿਮਾਨ ਨਿਵਾਜ਼ੀ ਦੀ ਖੁਸ਼ੀ ਪ੍ਰਾਪਤ ਕਰਦਾ ਹੈ,ਕਦੇ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਕੁੜਤਾ-ਚਾਦਰਾ ਪਾ ਕੇ ਪੰਜਾਬੀ ਰੂਪ ਧਾਰ ਕੇ ਜਾਂਦਾ ਹੈ ਅਤੇ ਕਦੇ ਚੰਡੀਗੜ੍ਹ ਵਿਚ ਆਪਣੇ ਕਿਸੇ ਫੈਨ ਦੇ ਇਸਰਾਰ ਤੇ ਉਸ ਦੇ ਅਤਿ ਸਾਧਾਰਨ ਘਰ ਵਿਚ ਪਹੁੰਚ ਜਾਂਦਾ ਹੈ ।
ਅਸਲ ਵਿਚ ਬਲਰਾਜ ਸਾਹਨੀ ਦਾ ‘ਜੀਵਨ-ਮੰਚ’ ਅਤੇ‘ਸਾਹਿਤ ਕਲਾ-ਮੰਚ’ ਇਕ ਦੂਜੇ ਵਿਚ ਘੁਲੇ ਮਿਲੇ ਹਨ । ਇਸੇ ਲਈ ਉਸ ਦੇ ‘ਦ੍ਰਿਸ਼’, ‘ਦ੍ਰਿਸ਼ਟੀ’ ਤੇ ‘ਦ੍ਰਿਸ਼ਟੀਕੋਣ’ ਵੀ ਆਪਸ ਵਿਚ ਘੁਲੇ ਮਿਲੇ ਹਨ । ਉਹ ਮੂਲ ਰੂਪ ਵਿਚ ਇਕ ਪੰਜਾਬੀ ਹੈ ਅਤੇ ਪੰਜਾਬੀਅਤ ਉਸ ਦੀ ਰਗ ਰਗ ਵਿਚ ਵਸਦੀ ਹੈ । ਜਿਸ ਦੀ ਸਵੀਕ੍ਰਿਤੀ ਉਸ ਦੀ ਕਾਵਿਕਾਰੀ ਦੇ ਹਵਾਲੇ ਨਾਲ ਇਸ ਪ੍ਰਕਾਰ ਹੋਈ ਹੈ :
ਬਲਰਾਜ ਸਾਹਨੀ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨਾਲ ਅਤਿ ਭਾਵਕ ਪੱਧਰ ਤੇ ਜੁੜਿਆ ਹੋਇਆ ਸੀ । ਉਸਨੂੰ ਆਪਣੀ ਜਨਮ ਭੂਮੀ ਪੰਜਾਬ, ਨਾਲ ਬੜਾ ਲਗਾਉ ਸੀ । ਉਹ ਸਦਾ ਪੰਜਾਬ ਦੇ ਦਰਿਆਵਾਂ, ਜੂਹਾਂ, ਲਹਿਲਹਾਉਂਦੇ ਖੇਤਾਂ, ਆਕਾਸ਼ ਵਿਚ ਮੰਡਲਾਉਂਦੇ ਬੱਦਲਾਂ, ਚਿਚਲਾਉਂਦੀਆਂ ਚਿੜੀਆਂ, ਅਠਖੇਲੀਆਂ ਕਰਦੀਆਂ ਹਵਾਵਾਂ ਨਾਲ ਇਕਸੁਰ ਹੋਣਾ ਲੋਚਦਾ ਸੀ । ਬਾਹਰ ਰਹਿੰਦਾ ਹੋਇਆ ਉਹ ਆਪਣੇ ਆਪ ਨੂੰ ‘ਬੇਘਰਾ’ ਆਖਦਾ ਸੀ । ਇਸ ਪੱਖ ਤੋਂ ਉਹ ਪ੍ਰਸਿੱਧ ਪੰਜਾਬੀ ਕਵੀ ਪੂਰਨ ਸਿੰਘ ਨਾਲ ਕਦਮ ਮੇਲ ਕੇ ਚਲਦਾ ਪ੍ਰਤੀਤ ਹੁੰਦਾ ਹੈ, ਉਨ੍ਹਾਂ ਵਿਚ ਇਕ ਹੋਰ ਵੀ ਸਾਂਝ ਹੈ, ਖੁਲ੍ਹੀ ਕਵਿਤਾ ਦੀ । ਭਾਵੇਂ ਉਸ ਨੇ ਕਿਤੇ ਕਿਤੇ ਛੰਦ-ਬਧ ਕਵਿਤਾ ਵੀ ਲਿਖੀ ਹੈ ; ਆਜ਼ਾਦ ਤਬੀਅਤ ਨੂੰ ਮੁਕਤ ਛੰਦ ਹੀ ਭਾਉਂਦਾ ਹੈ ਤੇ ਇਸੇ ਦਾ ਉਸ ਨੇ ਵਧੇਰੇ ਕਰਕੇ ਆਪਣੀ ਕਵਿਤਾ ਵਿਚ ਅਨੁਸਰਣ ਕੀਤਾ ਹੈ ।10
ਉਸ ਦੀ ਇਸ ਪੰਜਾਬੀਅਤ ਦਾ ਇਜ਼ਹਾਰ ਉਸ ਦੀ ਸਮੁੱਚੀ ਸਾਹਿਤਕਾਰੀ ਵਿਚੋਂ ਹੀ ਹੁੰਦਾ ਹੈ । ਇਸੇ ਲਈ ਉਸ ਦਾ ਨਾਂ ‘ਸਿਨੇਮਾ ਅਦਾਕਾਰੀ’ ਤੋਂ ਇਲਾਵਾ ‘ਪੰਜਾਬੀ ਵਾਰਤਕਕਾਰੀ’ ਦੇ ਖੇਤਰ ਵਿਚ ਸਦਾ-ਸਦਾ ਲਈ ਸਥਾਪਤ ਹੈ । ਇਸ ਤੋਂ ਵਡੇਰੇ ਰੂਪ ਵਿਚ ਉਹ ਇਕ ਭਾਰਤੀ ਹੈ ਜਿਹੜਾ ਆਪਣੇ ਸਿਨੇਮਾਈ ‘ਦ੍ਰਿਸ਼’ ਦੇ ਕ੍ਰਿਸ਼ਮੇ ਸਮੇਤ ਸਮੁੱਚੇ ਭਾਰਤ ਵਿਚ ਸਵੀਕ੍ਰਿਤ ਹੈ । ਆਪਣੇ ਧੁਰ ਅੰਦਰੋਂ ਉਹ ਇਕ ਅਜਿਹਾ ਗਲੋਬਲ ਵਿਅਕਤੀ ਹੈ ਜਿਹੜਾ ਪੂਰੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈਣਾ ਚਾਹੁੰਦਾ ਹੈ ਅਤੇ ਹੱਦਾਂ-ਸਰਹੱਦਾਂ ਤੋਂ ਪਾਰ ਜਾ ਕੇ ਦੁਨੀਆਂ ਭਰ ਵਿਚ ਵਸਦੇ ਮਨੁੱਖਾਂ ਨੂੰ ਇਨਸਾਨ-ਦੋਸਤੀ ਦੇ ਰਿਸ਼ਤੇ ਵਿਚ ਬੰਨ੍ਹ ਕੇ ਇਨਸਾਨੀਅਤ ਦਾ ਪਰਚਮ ਲਹਿਰਾਉਣਾ ਚਾਹੁੰਦਾ ਹੈ ਅਤੇ ਇਕ ਅਜਿਹੇ ਸੰਸਾਰ ਦੀ ਸਿਰਜਣਾ ਲੋਚਦਾ ਹੈ ਜਿਸ ਵਿਚ ਊਚ-ਨੀਚ, ਗਰੀਬ-ਅਮੀਰ, ਰੰਗ-ਭੇਦ ਵਰਗੀ ਕੋਈ ਅਲਾਮਤ ਨਾ ਹੋਵੇ ਅਤੇ ਹਰ ਬਸ਼ਰ ਧੌਣ ਚੁੱਕ ਕੇ ਜੀਅ ਸਕੇ । ਇਹੀ ਕਾਰਨ ਹੈ ਕਿ 60 ਵਰ੍ਹਿਆਂ ਦੀ ਅਲਪ ਜਿਹੀ ਉਮਰ ਵਿਚ ਉਸ ਨੇ ਜੀਵਨ-ਮੰਚ ਤੇ ਵਿਚਰਦਿਆਂ ਸਾਬਰਮਤੀ ਆਸ਼ਰਮ, ਬੀ.ਬੀ.ਸੀ. ਲੰਡਨ, ਸ਼ਾਂਤੀ ਨਿਕੇਤਨ, ਫ਼ਿਲਮੀ ਦੁਨੀਆਂ ਆਦਿ ਵਰਤਾਰਿਆਂ ਨਾਲ ਵਾਬਸਤਾ ਰਹਿ ਕੇ ਆਪਣੀ ‘ਜੀਵਨ-ਦ੍ਰਿਸ਼ਟੀ’ ਨੂੰ ਢਾਲਿਆ ਅਤੇ ਸਾਹਿਤ ਕਲਾ-ਮੰਚ ਤੇ ਵਿਚਰਦਿਆਂ ਇਸੇ ਦ੍ਰਿਸ਼ਟੀ ਨੂੰ ‘ਮਾਰਕਸਵਾਦੀ ਦ੍ਰਿਸ਼ਟੀਕੋਣ’ ਵਿਚ ਬਦਲ ਕੇ ਉਸ‘ਮਹਾਂਦ੍ਰਿਸ਼’ ਦੀ ਸਿਰਜਣਾ ਕਰਨੀ ਚਾਹੀ ਜਿਸ ਵਿਚ ਜੀਵਨ-ਮੰਚ ਅਤੇ ਸਾਹਿਤ ਕਲਾ-ਮੰਚ ਇਕ ਦੂਜੇ ਵਿਚ ਅਭੇਦ ਹੋ ਜਾਣ, ਸਿਧਾਂਤ ਤੇ ਵਿਹਾਰ ਦਾ ਸੁਮੇਲ ਹੋ ਜਾਵੇ ਅਤੇ ਪੂਰਾ ਵਿਸ਼ਵ ਇਕ ਅਜਿਹਾ ਮੰਚ ਬਣ ਜਾਵੇ ਜਿਥੇ ‘ਇਨਸਾਨੀਅਤ ਦੇ ਮਹਾਂ ਦ੍ਰਿਸ਼’ ਦੀ ਸਿਰਜਣਾ ਸੰਭਵ ਹੋ ਸਕੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346