•
ਅਮਰਜੀਤ ਚੰਦਨ: ਪਰਦੇਸੀ ਢੋਲਾ, ਪਰਦੇਸ ਬਾਰੇ ਲਿਖੀ ਚੋਣਵੀਂ ਕਵਿਤਾ, ਆਦਿਕਾ ਨਵਤੇਜ ਭਾਰਤੀ;
ਨਈ ਦਿੱਲੀ: ਨਵਯੁਗ, 2013. ਸਫ਼ੇ 81. ਭਾਅ 100 ਰੁਪੱਈਏ. ਰੂਪਕਾਰ ਗੁਰਵਿੰਦਰ ਸਿੰਘ
•
ਪਰਦੇਸੀ ਢੋਲਾ ਦੀਆਂ ਬਹੁਤੀਆਂ ਕਵਿਤਾਵਾਂ ਭੁਲੇਖਾ ਪਾਉਂਦੀਆਂ ਹਨ। ਪੜ੍ਹਨ ਪਿੱਛੋਂ ਲਗਦਾ
ਹੈ, ਇਹ ਪੂਰੀਆਂ ਪੜ੍ਹੀਆਂ ਨਹੀਂ ਗਈਆਂ; ਕਿਤੋਂ ਅਣਪੜ੍ਹੀਆਂ ਰਹਿ ਗਈਆਂ ਹਨ। ‘ਪਰਦੇਸ’
ਰਹਿੰਦੇ ਬੰਦੇ ਨੂੰ ਵੀ ਭੁਲੇਖਾ ਪੈਂਦਾ ਹੈ ਕਿ ਉਹ ਏਥੇ ਪੂਰਾ ਨਹੀਂ ਰਹਿੰਦਾ; ਕਿਤੇ ਹੋਰ ਵੀ
ਰਹਿੰਦਾ ਹੈ। ਇਕ ਪੈਰ ਲੰਡਨ ਵਿਚ ਧਰਦਾ ਹੈ; ਦੂਜਾ ਪੈਰ ਨਕੋਦਰ ਵਿਚ। ਦੇਸ ਪਰਦੇਸ ਦਾ ਇੱਕੋ
ਵਿਹੜਾ ਹੈ। ਪਰਦੇਸੀ ਲਈ ਪਰਦੇਸ ਉਹਦੇ ਏਧਰ ਜੰਮੇ ਬੱਚਿਆਂ ਲਈ ਦੇਸ। ਇਕ ਦੂਜੇ ਲਈ ਦੋਵੇਂ
ਪਰਦੇਸੀ, ਫਿਰ ਵੀ ਅਪਣੇ। ਪਰਦੇਸੀ ਅਪਣੇ ਬੱਚਿਆਂ ਰਾਹੀਂ ‘ਬੇਗਾਨੀ ਮਿੱਟੜੀ ਅੰਦਰ’ ਮੁੜ ਕੇ
ਜੜ੍ਹਾਂ ਫੜਦਾ ਹੈ; ਉੱਖੜੇ ਰੁੱਖ ਵਾਂਙੂੰ।
ਉੱਖੜੇ ਰੁੱਖੜੇ ਜੜ੍ਹਾਂ ਮੁੜ ਕੇ ਫੜ ਲਈਆਂ
ਬੇਗਾਨੀ ਮਿੱਟੜੀ ਅੰਦਰ
ਹੁਣ ਮੈਂ ਏਥੇ ਤੇ ਓਥੇ ਵੀ ਰਹਿੰਦਾ ਹਾਂ
ਅਮਰਜੀਤ ਚੰਦਨ ਤੇ ਨਵਤੇਜ ਭਾਰਤੀ, ਔਟਵਾ, 2005. ਫ਼ੋਟੋਕਾਰ ਅਮਰਜੀਤ ਸਾਥੀ
ਇਹ ਵੀ ਸ਼ਾਇਦ ਉੱਖੜੇ ਬੰਦੇ ਦਾ ਭੁਲੇਖਾ ਹੈ। ਭੁਲੇਖਾ ਉਹਨੂੰ ਪਿਆ ਹੈ, ਜਾਂ ਉਹਨੇ ਆਪ ਪਾਇਆ
ਹੈ; ਅਮਰਜੀਤ ਚੰਦਨ ਇਹਦਾ ਨਿਰਣਾ ਨਹੀਂ ਕਰਨ ਲਗਦਾ। ਇਹ ਭੁਲੇਖੇ ਨੂੰ ਤੋੜਦਾ ਵੀ ਨਹੀਂ;
ਇਹਨੂੰ ਕਾਵਿਕ ਜੁਗਤ ਵਜੋਂ ਵਰਤਦਾ ਹੈ। ‘ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ/ਜਿਥੇ ਮਾਂ
ਦੀ ਬੁੱਕਲ਼ ਵਿਚ ਵੀ ਚੈਨ ਨਹੀਂ’, ਪਰਦੇਸੀ ਕਹਿੰਦਾ ਹੈ। ਇਹ ਤਾਂ ਦੇਸ ਪਰਦੇਸ ਦੀ ਤਾਂ ਕੀ,
ਪਰਾਦੇਸ ਦੀ ਗੱਲ ਲਗਦੀ ਹੈ। ਕੀ ਉਹਦੇ ਘਰ ਵੀ ਮਾਂ ਦੀ ਬੁੱਕਲ਼ ਵਿਚ ਵੀ ਸੁਖਚੈਨ ਨਾ ਸੀ? ਜੇ
ਨਹੀਂ, ਤਾਂ ਉਹ ਉਸ ਭੋਇੰ ਨੂੰ ਕਿਉਂ ਛੱਡਦਾ ਹੈ? ਬੱਚਾ ਮਾਂ ਦੀ ਕੁੱਖ ਕਿਉਂ ਛੱਡਦਾ ਹੈ? ਇਹ
ਪ੍ਰਸ਼ਨ ਹਨ ਹੀ ਮਾਨਵੀ ਹੋਣੀ ਦੇ। ਪਰਦੇਸੀ ਹੋਣਾ ਵੀ ਮਾਂ ਦੀ ਕੁੱਖ ਛੱਡਣ ਦੇ ਤੁਲ ਹੈ। ਇਹ
ਬਾਬੇ ਨਾਨਕ ਵਾਲ਼ਾ ਪਰਦੇਸ ਹੈ (ਮਨ ਪਰਦੇਸੀ ਜੇ ਥੀਆ...); ਪਾਸਪੋਰਟ ਵਾਲ਼ਾ ਨਹੀਂ। ਚੰਦਨ ਦੀ
ਕਵਿਤਾ ਬੰਦੇ ਦੀ ਹੋਣੀ ਦੀਆਂ ਅਨੇਕ ਤੈਹਾਂ ਫਰੋਲ਼ਦੀ ਹੈ।
ਦੇਸ ਪਰਦੇਸ ਦਾ ਮੁਹਾਵਰਾ ਇਸ ਦੁੱਖ ਨੂੰ ਦੱਸਣ ਜੋਗਾ ਨਹੀਂ। ਨਵਾਂ ਮੁਹਾਵਰਾ ਪੰਜਾਬੀ ਕਵਿਤਾ
ਨੇ ਅਜੇ ਘੜਿਆ ਨਹੀਂ। ਚੰਦਨ ਅਣਸਰਦੇ ਨੂੰ ਏਸੇ ਨਾਲ਼ ਸਾਰਦਾ ਹੈ। ਇਹਦੇ ਨਾਲ਼ ਲੜਦਾ ਵੀ ਹੈ,
ਕਿਉਂਕਿ ਇਹ ਇਹਦੀ ਗੱਲ ਨੂੰ ਅੱਤਭਾਵੁਕਤਾ ਵਿਚ ਲਬੇੜ ਦਿੰਦਾ ਹੈ। ਕਵਿਤਾ ਵਿਚ ਅਚੇਤ ਹੀ ਮਾਂ
ਦੀ ਮੌਤ ਦਾ ਸੋਗ, ਜੰਮਣ-ਭੋਇੰ ਦਾ ਹੇਰਵਾ, ਮਾਂ ਬੋਲੀ ਦਾ ਕ਼ਾਤਿਲ, ਦੰਮਾਂ ਦਾ ਲੋਭ, ਮਿੱਠੀ
ਕੈ਼ਦ, ਸਾਗਰੋਂ ਵਿਛੜੀ ਮੱਛਲੀ, ਡਾਰ ਵਿਛੁੰਨੀਆਂ ਕੂੰਜਾਂ ਵਰਗੇ ਹੰਢੇ-ਵਰਤੇ ਵਿਚਾਰ ਤੇ
ਵਾਕੰਸ਼ (ਕਲੀਸ਼ੇ) ਸ਼ਾਮਿਲ ਹੋ ਜਾਂਦੇ ਹਨ। ਉੱਖੜੇ ਬੰਦੇ ਦਾ ਦੁੱਖ ਉਪਹਾਸ ਬਣ ਜਾਂਦਾ ਹੈ:
ਕਿਸ ਨੂੰ ਚੀਰ ਕੇ ਦਿਖਾਵਾਂਗੇ ਦਿਲ
ਜਦੋਂ ਜਾਗੀ ਨਾ ਵਰ੍ਹਿਆਂ ਤੋਂ ਸੁੱਤੀ ਪਈ ਮਾਂ
…
ਨਾ ਹੁਣ ਮੋਰ ਕਲਹਿਰੀ ਬੋਲੇ
ਨਾ ਚੰਨ ਚਾਨਣੀ ਖਿੜਦੀ
ਨਾ ਹੁਣ ਬੂਰ ਅੰਬਾਂ ‘ਤੇ ਪੈਂਦਾ
ਹੁਣ ਨ੍ਹੀਂ ਜਵਾਨੀ ਭਿੜਦੀ
…
ਜੋ ਕੋਠੀ ਬੰਗਲਿਆਂ ਸੋਨੇ ਖ਼ਾਤਿਰ
ਬੇਵਤਨਾ ਬੇਗ਼ੈਰਤ ਹੋ ਕੇ
ਦੇਸ ਬੇਗਾਨੇ ਨੱਠਾ ਆਇਆ
ਇਹ ਅੱਤਭਾਵੁਕਤਾ ਚੰਦਨ ਦੀ ਕਵਿਤਾ ਦਾ ਸੁਭਾਅ ਨਹੀਂ ਹੈ; ਨਾ ਇਹਦੀ ਭਾਸ਼ਾ ਦਾ ਸਲੀਕਾ। ਇਹ
ਪੰਜਾਬੀ ਦਾ ਵਿਰਲਾ ਕਵੀ ਹੈ, ਜਿਹੜਾ ਸ਼ਬਦਾਂ ਨੂੰ ਭੀਲਣੀ ਵਾਂਙ ਚਖ-ਚਖ ਕੇ ਵਰਤਦਾ ਹੈ। ਇਹਦੀ
ਕਵਿਤਾ ਬਾਬ੍ਹੜ ਕੇ ਨਹੀਂ ਬੋਲਦੀ, ਜਿਵੇਂ ਉਪਰਲੀਆਂ ਟੂਕਾਂ ਤੋਂ ਭੁਲੇਖਾ ਪੈਂਦਾ ਹੈ। ਇਹਦੀ
ਆਵਾਜ਼ ਦੇ ਦੋ ਉਘੜਵੇਂ ਲੱਛਣ ਹਨ: ਸੰਜਮ ਤੇ ਸੈਨਤ। ਜਦੋਂ ਬੋਲ ਲੋੜ ਨਹੀਂ ਸਾਰਦਾ, ਇਹ ਸੈਨਤ
ਵਰਤਦਾ ਹੈ; ਪੱਲਾ ਮਾਰ ਕੇ ਦੀਵਾ ਬੁਝਾਉਣ ਵੇਲੇ ਅੱਖ ਨਾਲ਼ ਗੱਲ ਕਰਨ ਵਾਂਙੂੰ। ਚੰਦਨ ਸ਼ਬਦ ਤੇ
ਅੱਖ ਦੋਹਾਂ ਨਾਲ਼ ਕਵਿਤਾ ਲਿਖਦਾ ਹੈ। ਕਈ ਵਾਰ ਅੱਖ-ਲਿਖਿਤ, ਸ਼ਬਦ-ਲਿਖਿਤ ਕਵਿਤਾ ਦਾ ਸਮਰਥਨ
ਕਰਦੀ ਹੈ; ਕਈ ਵਾਰ ਉਹਨੂੰ ਕਟਦੀ ਜਾਪਦੀ ਹੈ। ਜਦੋਂ ਪਰਦੇਸ ਨੂੰ ‘ਚਲੋ-ਚਲੀ ਦੇ ਵੇਲੇ ਜਹਾਜ਼
ਦਾ ਘੁੱਗੂ ਪਰਲੋ ਦੀ ਨੌਬਤ ਵਾਂਙ ਵੱਜਦਾ’ ਹੈ, ਤਾਂ ਚੰਦਨ ਦੀ ਕਵਿਤਾ ਸੈਨਤ ਕਰਦੀ ਹੈ: ‘ਘਰ
ਦਾ ਰਸਤਾ ਪਰਦੇਸ ਦੇ ਥਾਣੀਂ ਹੀ ਹੈ।’ ਪਰਦੇਸ ਨੂੰ ਜਾਣ ਵਾਲਾ ਜਹਾਜ਼ ਘਰ ਨੂੰ ਜਾਂਦਾ ਦਿਸਦਾ
ਹੈ। ਦੇਸ ਪਰਦੇਸ ਵਿਚਲੀ ਸਰਹੱਦ ਮਿਟ ਜਾਂਦੀ ਹੈ। ਏਹੋ ਜਿਹਾ ਯਥਾਰਥ ਜਦੋਂ ਦੇਸ/ਪਰਦੇਸ ਦੇ
ਖ਼ਾਨੇ ਵਿਚ ਪੈਂਦਾ ਹੈ, ਉਪਹਾਸ ਬਣ ਜਾਂਦਾ ਹੈ।
ਚੰਦਨ ਦੀ ਵਡਿਆਈ ਇਸ ਖ਼ਾਨਾਬੰਦੀ ਨੂੰ ਨਕਾਰਨ ਵਿਚ ਹੈ। ਇਹ ਹੱਥਾਂ ਨਾਲ਼ ਬਣਾ ਕੇ ਪੈਰਾਂ ਨਾਲ
ਢਾਹੁਣ ਵਰਗੀ ਖੇਡ ਖੇਡਦਾ ਹੈ। ਕੁਝ ਕਵਿਤਾਵਾਂ ਵਿਚ ਉਹ ਇਹ ਖ਼ਾਨੇ ਵਰਤਦਾ ਹੈ; ਬਹੁਤੀਆਂ ਵਿਚ
ਢਾਹੁੰਦਾ ਹੈ। ਜੋ ਇਕ ਕਵਿਤਾ ਵਿਚ ਕਹਿੰਦਾ ਹੈ; ਦੂਜੀ ਵਿਚ ਅਣਕਿਹਾ ਕਰ ਦਿੰਦਾ ਹੈ। ਇਕ ਵਿਚ
ਮਾਂ ਦੇਸ ਚ ਹੈ, ਵਰ੍ਹਿਆਂ ਤੋਂ ਸੁੱਤੀ ਪਈ, ‘ਪਰਦੇਸੀ’ ਪੁੱਤ ਉਹਨੂੰ ਅਪਣਾ ਦਿਲ ਚੀਰ ਕੇ
ਨਹੀਂ ਵਿਖਾ ਸਕਦਾ। ਦੂਜੀ ਕਵਿਤਾ ਵਿਚ ਮਾਂ ਓਥੇ ਹੀ ਹੈ, ਜਿਥੇ ਉਹ ਆਪ ਹੈ: ‘ਮੈਂ ਜਿਥੇ ਵੀ
ਹੁੰਦਾ ਹਾਂ / ਓਥੇ ਹੀ ਹੁੰਦੀ ਹੈ ਮਾਂ।’ ਦੋਨੋਂ ਕਵਿਤਾਵਾਂ ਇਕ ਦੂਜੀ ਨੂੰ ਕਟਦੀਆਂ ਲਗਦੀਆਂ
ਹਨ। ਸ਼ਾਇਦ ਇਸ ਕਰਕੇ ਕਿ ਅਸੀਂ ਇਨ੍ਹਾਂ ਨੂੰ ਸੁਤੰਤਰ ਇਕਾਈਆਂ ਸਮਝ ਕੇ ਪੜ੍ਹਦੇ ਹਾਂ। ਪਰਵਾਹ
ਦੇ ਰੂਪ ਵਿਚ ਪੜ੍ਹੀਏ, ਤਾਂ ਇਹਨਾਂ ਵਿਚ ਦਿਸਦੇ ਵਿਰੋਧ ਅਲੋਪ ਹੋ ਜਾਂਦੇ ਹਨ। ਇਹ ਕਵਿਤਾਵਾਂ
ਅੰਤ ‘ਤੇ ਪਹੁੰਚ ਕੇ ਅੰਤ ਨਹੀਂ ਹੁੰਦੀਆਂ, ਕਿਸੇ ਹੋਰ ਕਵਿਤਾ ਵਿਚ ਆਰੰਭ ਹੋ ਜਾਂਦੀਆਂ ਹਨ।
ਜਿਵੇਂ ਇਕ ਪਗਡੰਡੀ ਦੂਜੀ ਵਿਚ ਪੈ ਜਾਂਦੀ ਹੈ। ਹਰ ਕਵਿਤਾ ਦਾ ਇਕ ਦੂਜੀ ਨਾਲ਼ ਲੈਣ-ਦੇਣ ਹੈ।
ਇਕ ਦੀ ਅਣਕਹੀ ਦੂਜੀ ਕਹਿ ਦਿੰਦੀ ਹੈ, ਅੱਧ-ਕਹੀ ਪੂਰੀ ਕਰ ਦਿੰਦੀ ਹੈ। ਕਈ ਵਾਰ ਇਕ ਦੀ
ਪੰਕਤੀ ਦੂਜੀ ਵਿਚ ਰਲ਼ ਜਾਂਦੀ ਹੈ। ਚੰਦਨ ਨੂੰ ਪੜ੍ਹਦਿਆਂ ਕਵਿਤਾ ਨੂੰ ਇਉਂ ਪੜ੍ਹਨ ਦੀ ਜੁਗਤ
ਦਾ ਅਭਿਆਸ ਵੀ ਹੁੰਦਾ ਹੈ। ਕਵਿਤਾ ਨੂੰ ਪੜ੍ਹਨ ਦਾ ਹੀ ਨਹੀਂ, ਉਸ ਵਿਚਲੇ ਜਗਤ ਨੂੰ ਵੇਖਣ ਦਾ
ਵੀ।
ਵਿਥਿਆ ਤਾਂ ਉੱਖੜੇ ਰੁੱਖ ਦੇ ਦੁੱਖ ਦੀ ਹੀ ਹੈ। ਜਦੋਂ ਦੇਸ ਪਰਦੇਸ ਦੇ ਰੂਪਕ ਵਿਚ ਨਹੀਂ ਕਹੀ
ਜਾਂਦੀ, ਚੰਦਨ ਖੇਡ ਦਾ ਰੂਪਕ ਵਰਤਦਾ ਹੈ; ਦੋ ਧਰਾਤਲਾਂ ਉੱਤੇ। ਇਕ ਨੂੰ ਉਹ ‘ਚੇਤਿਆਂ ਦੀ
ਖੇਡ’; ਦੂਜੇ ਨੂੰ ‘ਹੋਣ ਦੀ ਖੇਡ’ ਕਹਿੰਦਾ ਹੈ।
ਰੁੱਖ ਓਦੋਂ ਉੱਖੜਦਾ ਹੈ, ਜਦੋਂ ਜੜ੍ਹਾਂ ਤੋ ਮਿੱਟੀ ਝੜਦੀ ਹੈ। ਮਿੱਟੀ ਸਿਮਰਤੀ ਹੈ, ਜੋ
ਜੜ੍ਹਾਂ ਨੂੰ ਫੜ ਕੇ ਰਖਦੀ ਹੈ। ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼ ਕਹਿੰਦਾ ਹੈ: ‘ਅਪਣੀ ਮਿੱਟੀ
ਨੂੰ ਭੁੱਲਣਾ ਪਰਦੇਸ ਹੈ।’ ਚੰਦਨ ਇਕ ਕਦਮ ਅੱਗੇ ਤੁਰਦਾ ਹੈ। ਕਹਿੰਦਾ ਹੈ: ਭੁੱਲੇ ਬੰਦੇ ਦਾ
ਪਰਦੇਸ ਵੀ ਨਹੀਂ ਹੈ। ਚੇਤਿਆਂ ਦੀ ਖੇਡ ਵਿਚ ਦੋਵੇਂ ਲੁਕ ਜਾਂਦੇ ਹਨ। ਜਾਣਦੇ ਅਣਜਾਣ ਹੋ
ਜਾਂਦੇ ਹਨ। ਕੇਵਲ ਪ੍ਰਸ਼ਨ ਪਿੱਛੇ ਰਹਿ ਜਾਂਦਾ ਹੈ – ਹੁਣ ਸਵੇਰਾਂ ਦੇ ਭੁੱਲੇ ਕਿੱਥੇ
ਜਾਵਾਂਗੇ?
ਜੜ੍ਹਾਂ ਤੋ ਮਿੱਟੀ ਹੌਲ਼ੀ-ਹੌਲ਼ੀ ਝੜਦੀ ਹੈ। ਬੰਦਾ ਹੌਲ਼ੀ-ਹੌਲ਼ੀ ਭੁੱਲਦਾ ਹੈ। ਹੌਲ਼ੀ-ਹੌਲ਼ੀ
ਪਰਦੇਸੀ ਹੁੰਦਾ ਹੈ। ਜਿਵੇਂ-ਜਿਵੇਂ ਭੁੱਲੀ ਜਾਂਦਾ ਹੈ, ਪਰਦੇਸੀ ਹੋਈ ਜਾਂਦਾ ਹੈ:
ਇਸ ਮੁਲਕ ਵਿਚ ਪਰਦੇਸੀ ਯਾਦਾਂ ਭੁੱਲਦਾ ਹੈ
ਭੁੱਲਦਾ ਰਹਿੰਦਾ ਹੈ ਭੁੱਲ ਜਾਂਦਾ ਹੈ
...
ਏਥੇ ਉਹ ਪਰਦੇਸੀ ਹੋਈ ਜਾਂਦਾ ਹੈ
ਪਰਦੇਸੀ ਹੋਣ ਤੇ ਹੋਈ ਜਾਣ ਵਿਚ ਢੇਰ ਅੰਤਰ ਹੈ। ਹੋਣਾ ਘਟਨਾ ਹੈ। ਹੋਈ ਜਾਣਾ ਪਰਵਾਹ ਹੈ:
ਜੜ੍ਹ ਦਾ ਨਿਤ ਉੱਖੜਨਾ, ਜ਼ਖ਼ਮ ਦਾ ਨਿਤ ਉਚੜਨਾ, ਅਦਨ ਦੇ ਬਾਗ਼ ਵਿੱਚੋਂ ਨਿਤ ਉਜੜਨਾ। ਚੰਦਨ ਇਹ
ਦੁੱਖ ਰੁੜਕੇ ਪਿੰਡ ਦੇ ਬਿੱਕਰ ਜੱਟ ਦੀ ਕਥਾ ਰਾਹੀਂ ਨੰਗਾ ਕਰਦਾ ਹੈ, ਜਿਹੜਾ ‘ਵਿਚ ਵਲੈਤੀਂ
ਫੁੱਲ ਵੇਚਦਾ’ ਹੈ; ‘ਨਗਰੀ ਨਗਰੀ ਦੁਆਰੇ ਦੁਆਰੇ’। ਬਿੱਕਰ ਕਵੀ ਨੂੰ ਯੂਰਪ ਦੇ ਹਰ ਨੱਗਰ ਚ
ਦਿਸਦਾ ਹੈ- ਕਦੇ ਪੈਰਿਸ, ਕਦੇ ਬਰਲਿਨ, ਫੇਰ ਅਮਸਟਰਡਮ, ਤੇ ਵੀਆਨਾ, ਰੋਮ ਤੇ ਕਦੇ ਪਰਾਗ।
ਕਵੀ ਪੁੱਛਦਾ ਹੈ –
ਭਾਈ ਬਿੱਕਰ ਸਿੰਘਾ
ਤੂੰ ਖ਼ੁਸ਼ ਨਹੀਂ ਲਗਦਾ
ਤੈਨੂੰ ਚੁੱਪ ਕਾਹਦੀ ਐ ਲੱਗੀ?
ਚੰਦਨ ਕਿਸੇ ਉੱਤਰ ਲਈ ਇਹ ਪ੍ਰਸ਼ਨ ਨਹੀਂ ਕਰਦਾ। ਬਿੱਕਰ ਸਿੰਘ ਦਾ ਦੁੱਖ ਪੁੱਛ-ਦੱਸ ਤੋਂ
ਡੂੰਘਾ ਹੈ। ਏਸੇ ਕਰਕੇ ਉਹਨੂੰ ਚੁੱਪ ਲੱਗੀ ਹੋਈ ਹੈ। ਚੰਦਨ ਦੀ ਪੁੱਛ-ਗਿੱਛ ਬਿੱਕਰ ਦੇ ਦੁੱਖ
ਨੂੰ ਵਧੇਰੇ ਉਜਾਗਰ ਕਰਨ ਦੀ ਕਾਵਿਕ ਜੁਗਤ ਹੈ। ਤੇ ਸੈਨਤ ਕਰਨ ਦੀ ਕਿ ਇਹ ਦੁੱਖ ਇਕੱਲੇ
ਬਿੱਕਰ ਦਾ ਨਹੀਂ, ਉਹਤੋਂ ਫੁੱਲ ਖ਼ਰੀਦਦੇ ਕੁੜੀ ਮੁੰਡੇ ਦਾ ਵੀ ਹੈ, ਜਿਹੜੇ ਪਿਆਰ ਦਾ ਖੇਖਣ
ਕਰਦੇ ਹਨ; ਸਿਰਫ਼ ‘ਅੱਜ ਦੀ ਰਾਤ’ ਲਈ। ਉੱਖੜੇ ਰੁੱਖ ਦੀ ਜੜ੍ਹ ਲੱਗੇ, ਭਾਵੇਂ ਝੂਠ ਦੀ ਮਿੱਟੀ
ਵਿਚ ਹੀ ਲੱਗੇ, ਭਾਵੇਂ ਇਕ ਰਾਤ ਲਈ ਹੀ ਲੱਗੇ। ਬਿੱਕਰ ਫੁੱਲ ਵੇਚਦਾ ਇਸ ਤਰਲੇ ਦਾ ਅਭਿਨੰਦਨ
ਵੀ ਕਰਦਾ ਹੈ।
ਬਿੱਕਰ ਦੀ ਚੁੱਪ ਵਿਚ ਅਰਥ ਨਹੀਂ, ਰਹੱਸ ਹੈ ਤੇ ਦੁੱਖ ਹੈ। ਇਹ ਦੁੱਖ ਰੁੱਖ ਦੇ ਉਖੜਨ ਦੇ
ਦੁੱਖ ਤੋਂ ਡੂੰਘਾ ਜਾਪਦਾ ਹੈ। ਦੁੱਖ ਉੱਖੜਨ ਦਾ ਨਹੀਂ, ਜੜ੍ਹ ਨਾ ਲਗਣ ਦਾ ਹੈ। ਉੱਖੜਨਾ,
ਚੰਦਨ ਕਹਿੰਦਾ ਹੈ, ਬੰਦੇ ਦੀ ਹੋਣੀ ਹੈ। ਇਸ ‘ਤੇ ਉਹਦਾ ਵਸ ਨਹੀਂ। ਇਹ ਬਿਜਲੀ ਵਾਂਙ ਡਿਗਦੀ
ਹੈ, ਤੇ ਪਰਛਾਵੇਂ ਵਾਂਙ ਪਿੱਛਾ ਕਰਦੀ ਹੈ।
ਹੋਣੀ ਦੀ ਆਵਾਜ਼ ਬਿਜਲੀ ਵਾਂਙ ਦੁਮੇਲ ‘ਤੇ ਡਿੱਗੀ
ਇਹ ਹੋਣੀ ਦੀ ਆਵਾਜ਼ ਨਾਲ਼ ਨਾਲ਼ ਚੱਲਣੀ ਪਰਛਾਵੇਂ ਵਾਂਙੂੰ
ਸ਼ਾਇਦ ਜੜ੍ਹ ਲੱਗਣੀ ਵੀ ਬੰਦੇ ਦੇ ਪੂਰੀ ਵਸ ਵਿਚ ਨਹੀਂ। ਇਸ ਅਸਗਾਹ ਸੁੰਨ ਵਿਚ ਉਹਦਾ ਅਸਤਿਤਵ
ਨਾਂਹ ਵਰਗਾ ਹੈ। ਸਾਡੀ ਮਿਥ ਕਹਿੰਦੀ ਹੈ – ਉਹ ਮ੍ਰਿਤ ਮੰਡਲ ਦਾ ਵਾਸੀ ਹੈ। ਜੇ ਉਹਦੀ ਕੋਈ
ਜੜ੍ਹ ਹੈ, ਤਾਂ ਉਹ ਮ੍ਰਿਤਯੂ ਵਿਚ ਲੱਗੀ ਹੋਈ ਹੈ। ਜਦੋਂ ਚੰਦਨ ਬਿੱਕਰ ਨੂੰ ਪੁੱਛਦਾ ਹੈ:
‘ਤੈਨੂੰ ਚੁੱਪ ਕਾਹਦੀ ਹੈ ਲੱਗੀ’, ਤਾਂ ਉਹਦੀ ਕਵਿਤਾ ਬੰਦੇ ਦੀ ਇਸ ਹੋਣੀ ਵਲ ਸੈਨਤ ਕਰਦੀ
ਹੈ। ਫੇਰ ਵੀ ਬਿਕਰ ਫੁੱਲ ਵੇਚਣਾ ਨਹੀਂ ਛੱਡਦਾ। ਜੰਗਲੇ ਵਿਚ ਕੈਦ ਮੋਰ ਝੁਰਦਾ ਹੋਇਆ ਵੀ
ਨੱਚਦਾ ਰਹਿੰਦਾ ਹੈ। ਬੰਦੇ ਦੀ ਡਿੱਠ ਨੂੰ ਅਣਡਿੱਠ ਕਰ ਕੇ ਜਿਉਣ ਦੀ ਇਸ ਸਮਰੱਥਾ ਨੂੰ ਚੰਦਨ
ਹੋਣ ਦੀ ਖੇਡ ਕਹਿੰਦਾ ਹੈ। ਇਸ ਖੇਡ ਵਿਚ ਹੀ ਉਹਦੀ ਜੜ੍ਹ ਲੱਗੀ ਹੋਈ ਹੈ। ਉਹ ਜਿੱਥੇ ਵੀ ਹੈ,
ਹੋਣ ਦੀ ਖੇਡ ਖੇਡ ਰਿਹਾ ਹੈ; ਉਹ ਕਿਤੇ ਆਇਆ-ਗਇਆ ਨਹੀਂ ਹੁੰਦਾ।
ਜੰਮਣ-ਭੋਂ ਛੱਡ ਗਏ ਬੰਦੇ ਨੂੰ ਕਦੇ ਗ਼ੈਰਹਾਜ਼ਿਰ ਨਹੀਂ ਸਮਝਦੀ
ਛੱਡ ਕੇ ਆਏ ਬੰਦੇ ਨੂੰ ਕਦੇ ਪਤਾ ਨਹੀਂ ਲੱਗਦਾ
ਕਿ ਉਹ ਕਿਤੇ ਆਇਆ ਜਾਂ ਗਇਆ ਨਹੀਂ
ਉਹ ਕਿਤੇ ਛੱਡ ਕੇ ਨਹੀਂ ਜਾਣ ਜੋਗਾ
ਉਹ ਓਥੇ ਹੀ ਕਿਤੇ ਹੁੰਦਾ ਹੈ
ਅਪਣੇ ਹੋਣ ਦੀ ਖੇਡ ਵਿਚ ਲੱਗਾ
ਚੰਦਨ ਦੀ ਕਵਿਤਾ ਦੀ ਸ਼ਕਤੀ ਤੇ ਸੁਹਜ ਇਸ ਅੰਤਰ-ਝਾਤ ਵਿਚ ਹੈ। •
-0- |