ਬੜੀਆਂ ਅਫਵਾਹਾਂ ਉੱਡੀਆਂ
ਅਵਨੀਤ ਦੇ ਲਾਪਤਾ ਹੋਣ ਬਾਰੇ। ਕੈਂਪੱਸ ’ਚ ਕਿਤੇ ਗੱਲਾਂ ਹੋ ਰਹੀਆਂ ਸੀ ਕਿ ਉਹ ਜਿਸ ਆਦਮੀ
ਨੂੰ ‘ਡੇਟਿੰਗ ਸਾਈਟ’ ਤੋਂ ਕੁਝ ਦੇਰ ਪਹਿਲਾਂ ਮਿਲੀ ਸੀ, ਉਹਦੇ ਨਾਲ ਦੌੜ ਗਈ ਤੇ ਉਹਨੇ
ਅੱਗੋਂ ਸ਼ਾਇਦ ਅਵਨੀਤ ਨੂੰ ਮਾਫ਼ੀਆ ਰਿੰਗ ’ਚ ਧੱਕ ਦਿੱਤਾ ਹੋਵੇ।
ਕਿਤੋਂ ਇਹ ਵੀ ਗੱਲ ਨਿਕਲ ਤੁਰੀ ਕਿ ਸਟੀਵ ਤੋਂ ਇਲਾਵਾ ਉਹਦਾ ਇੱਕ ਹੋਰ ਬੁਆਏਫਰੈਂਡ ਵੀ ਸੀ
ਜਿਹੜਾ ਉਹਨੂੰ ਮੋਟਰਸਾਈਕਲ ਤੇ ਲੈਣ ਆਉਂਦਾ ਸੀ। ਬਿਨਾਂ ਹੈੱਲਮੈਟ ਤੋਂ ਜਦੋਂ ਉਹ ਮੋਟਰਸਾਈਕਲ
ਚਲਾਉਂਦਾ ਤਾਂ ਉਹਦੀਆਂ ਜ਼ੁਲਫ਼ਾਂ ਉਹਦਾ ਮੱਥਾ ਚੁੰਮਦੀਆਂ ਤੇ ਪਿੱਛੇ ਬੈਠੀ ਅਵਨੀਤ ਅਪਣੇ
ਹੱਥ ਨਾਲ ਉਹਨਾਂ ਨੂੰ ਪਿੱਛੇ ਕਰਦੀ ਮੈਂ ਖ਼ੁਦ ਵੇਖੀ ਸੀ। ਕਿਸੇ ਨੇ ਕਹਾਣੀ ਘੜੀ -
“ਇਹੋ ਜਿਹਾ ਤਾਂ ਜੇ ਮੈਨੂੰ ਵੀ ਕੋਈ ਮਿਲ ਜਾਂਦਾ ਤਾਂ ਸ਼ਾਇਦ ਮੈਂ ਵੀ ਇਹੀ ਕਰਦੀ” ਸੰਗੀਤਾ
ਅਮੀਨਾ ਨੂੰ ਕੂਹਣੀ ਮਾਰ ਕਹਿੰਦੀ।
ਪੁਲਿਸ ਨੇ ਆ ਕੇ ਉਹਦੇ ਨਜ਼ਦੀਕੀ ਦੋਸਤਾਂ ਨਾਲ ਗੱਲਬਾਤ ਕੀਤੀ। ਉਹਦੀ ਬਾਸਕਿਟ ਬਾਲ ਦੀ ਟੀਮ
ਨਾਲ ਗੋਸ਼ਟੀਆਂ ਹੋਈਆਂ। ਕਈਆਂ ਨੂੰ ਤਾਂ ਇਕੱਲਿਆਂ ਅੰਦਰ ਬੁਲਾ ਕੇ ਵੀ ਪੁੱਛ ਗਿੱਛ ਕੀਤੀ।
ਇੱਕ ਔਰਤ ਤੇ ਇੱਕ ਮਰਦ ਪੁਲਿਸ ਆਫੀਸਰ ਜਦੋਂ ਇੱਕ ਤੋਂ ਬਾਅਦ ਦੂਜੇ ਸੁਆਲ ਦੀ ਬੁਛਾੜ ਕਰਦੇ
ਤਾਂ ਕਈ ਤਾਂ ਘਬਰਾ ਕੇ ਪਸੀਨੋ ਪਸੀਨੀ ਹੋ ਜਾਂਦੇ। ਉਹਨਾਂ ਨੂੰ ਪਾਣੀ ਪਿਲਾ ਫੇਰ ਦੌਰ ਸ਼ੁਰੂ
ਹੋ ਜਾਂਦਾ।
“ਨਹੀਂ, ਮੈਂ ਉਹਨੂੰ ਕਿਸੇ ਨਾਲ ਫ਼ੋਨ ਤੇ ਗੱਲਾਂ ਕਰਦੇ ਨਹੀਂ ਸੁਣਿਆ”
“ਹਾਂ, ਉਹ ਉਸ ਦਿਨ ਵੀ ਉੱਦਾਂ ਹੀ ਲੱਗ ਰਹੀ ਸੀ ਜਿਵੇਂ ਆਮ ਹੁੰਦੀ ਸੀ”।
“ਹਾਂ, ਉਹ ਬਾਸਕਿਟ ਬਾਲ ਖੇਡ ਕੇ ਕੈਂਟੀਨ ਵੱਲ ਨੂੰ ਜਾ ਰਹੀ ਮੈਂ ਆਖਰੀ ਵਾਰ ਦੇਖੀ ਸੀ”।
“ਹਾਂ, ਸਟੀਵ ਉਹਦਾ ਬੁਆਏਫਰੈਂਡ ਹੈ, ਜੋ ਉਹਨੂੰ ਬਹੁਤ ਪਿਆਰ ਕਰਦਾ ਹੈ”।
ਲੱਗਭਗ ਸਾਰਿਆਂ ਦੇ ਇਹੀ ਜੁਆਬ ਸਨ ਜਦੋਂ ਉਹਨਾਂ ਨੂੰ ਪੁੱਛ ਪੜਤਾਲ ਵਾਲੇ ਸੈੱਲ ’ਚ ਬਿਠਾਇਆ
ਗਿਆ ਸੀ।
ਬੁਆਏਫਰੈਂਡ ਸਟੀਵ ਲਈ ਤਾਂ ਖ਼ਾਸ ਫੋਰਸ ਬੁਲਾਈ ਗਈ।
“ਆਇ ਐਮ ਡਿਟੈਕਟਿਵ ਮੋਰਿਸ” ਇੱਕ ਨੇ ਸਟੀਵ ਨਾਲ ਜਾਣ ਪਛਾਣ ਕਰਾਉਂਦੇ ਹੋਏ ਕਿਹਾ, “ਦਿਸ ਇਜ਼
ਡਿਟੈਕਟਿਵ ਰੀਸਲਿੰਗ”। ਮੇਰੀ ਗੱਲ ਹੋਈ ਸੀ ਫ਼ੋਨ ਤੇ ਤੇਰੇ ਨਾਲ।
ਉਹ ਸਟੀਵ ਦੇ ਲਿਵਿੰਗਰੂਮ ’ਚ ਬੈਠੇ ਸਨ।
“ਇਜ਼ ਅਵਨੀਤ ਡੈੱਡ?” ਉਹਦੀ ਐਨੀ ਕੁ ਹੀ ਅਵਾਜ਼ ਨਿਕਲੀ।
“ਤੇਰੀ ਆਖਰੀ ਵਾਰ ਕਦੋਂ ਹੋਈ ਸੀ ਅਵਨੀਤ ਨਾਲ ਗੱਲ?” ਮੋਰਿਸ ਨੇ ਉਹਨੂੰ ਜੁਆਬ ਦਿੱਤੇ ਬਗੈਰ
ਅਪਣੀਆਂ ਅੱਖਾਂ ਸਟੀਵ ਦੀਆਂ ਅੱਖਾਂ ’ਚ ਗੱਡ ਦਿੱਤੀਆਂ।
“ਸ਼ੁੱਕਰਵਾਰ ਨੂੰ, ਜਦੋਂ ਉਹ ਮਿਲਟਨ ਨੂੰ ਜਾਣ ਲੱਗੀ ਸੀ...” ਸਟੀਵ ਦੀ ਨਜ਼ਰ ਸਾਹਮਣੇ
ਸ਼ੈਲਫ਼ ਤੇ ਪਈ ਉਹਨਾਂ ਦੋਹਾਂ ਦੀ ਫੋਟੋ ਤੇ ਗਈ... ਹੱਸਦੀ ਹੋਈ ਬਿਲਕੁਲ ਫੁੱਲਝੜੀ ਜਿਹੀ
ਲੱਗਦੀ ਸੀ ਉਹ।
ਇੱਕ ਡਿਟੈਕਟਿਵ ਉੱਠਿਆ ਤੇ ਬੈੱਡਰੂਮ ਵੱਲ ਨੂੰ ਜਾਣ ਲੱਗਾ। ਵਾਪਸ ਆ ਉਹਨੇ ਸਟੀਵ ਨੂੰ ਘਰ
’ਚੋਂ ਬਾਹਰ ਜਾਣ ਲਈ ਕਿਹਾ ਤੇ ਦੋਨੋਂ ਡਿਟੈਕਟਿਵ ਘਰ ਨੂੰ ਅਪਣਾ ਲਿਆਂਦਾ ਤਾਲਾ ਮਾਰ ਚਲੇ
ਗਏ।
ਇੱਕ ਵਾਰ ਤਾਂ ਇਹ ਵੀ ਖ਼ਬਰ ਉੱਡੀ ਕਿ ਉਹਦਾ ਮੈਰੀਨ ਬਾਇਔਲੋਜੀ ਵਾਲੇ ਪ੍ਰੋਫੈਸਰ ਨਾਲ
ਅਫ਼ੇਅਰ ਹੋ ਗਿਆ ਸੀ ਤੇ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਕਿੰਨੀ ਹਾਸੋਹੀਣੀ ਜਿਹੀ
ਗੱਲ ਲੱਗਦੀ ਸੀ ਕਿ ਕਿੱਥੇ ਅਵਨੀਤ ਤੇ ਕਿੱਥੇ ਉਹ ਪ੍ਰੋਫੈਸਰ...
“ਮਿੱਸਿੰਗ” ਸਿਰਲੇਖ ਹੇਠਾਂ ਅਵਨੀਤ ਦੀ ਫੋਟੋ ਤੇ ਹੋਰ ਜਾਣਕਾਰੀ ਦੇ ਪੋਸਟਰ ਹਰ ਜਗ੍ਹਾ ਲੱਗ
ਚੁੱਕੇ ਸਨ। ਬੇਕਰੀ ਦੀ ਦੁਕਾਨ, ਗਰੋਸਰੀ ਸਟੋਰਾਂ, ਫਾਰਮੇਸੀ, ਵਾਲਮਾਰਟ, ਸੁੱਪਰ ਮਾਰਕੀਟਾਂ
ਤੇ ਸਾਰੇ ਬਿਜਲੀ ਦੇ ਖੰਭਿਆਂ ਤੇ। ਉਸ ਦਾ ਗੋਲ ਗੁਲਾਬੀ ਚਿਹਰਾ ਤੇ ਕੱਜਲ ਨਾਲ ਲੱਦੀਆਂ
ਕਾਲੀਆਂ ਅੱਖਾਂ ਤੇ ਖੁਲ੍ਹੇ ਲੰਬੇ ਵਾਲ ਤੇ ਉਪਰੋਂ ਮਹਿੰਦੀ ਰੰਗੇ ਟੌਪ ’ਚ ਉਸ ਦੀ ਫੋਟੋ
ਹਰੇਕ ਨੂੰ ਗਰਦਨ ਘੁਮਾ ਦੇਖਣ ਲਈ ਮਜਬੂਰ ਕਰਦੀ।
ਤੌਖਲੇ ਨਾਲ ਭਰੇ ਉਹਦੇ ਮੌਮ ਡੈਡ ਟੀ ਵੀ ਤੇ ਪਬਲਿਕ ਨੂੰ ਮੁਖਾਤਿਬ ਹੋਏ। ਦੋ ਦਿਨਾਂ ’ਚ ਇਸ
ਪਹਾੜ ਜਿੱਡੇ ਦੁੱਖ ਨੇ ਉਹਨਾਂ ਨੂੰ ਝੰਭ ਸੁੱਟਿਆ ਸੀ। ਕਿਸੇ ਮਹੀਨ ਜਿਹੀ ਆਸ ਨਾਲ ਉਹ ਲੋਕਾਂ
ਨੂੰ ਮਦਦ ਦੀ ਫ਼ਰਿਆਦ ਕਰ ਰਹੇ ਸਨ।
“ਕੀ ਕੋਈ ਘਰ ’ਚ ਕੋਈ ਤਨਾਅ ਦੀ ਸਥਿਤੀ ਚੱਲ ਰਹੀ ਸੀ?” ਟੀ ਵੀ ਹੋਸਟ ਦੇ ਇਸ ਸੁਆਲ ਨਾਲ ਇੱਕ
ਚੀਖ ਮੌਮ ਦੇ ਕਲੇਜੇ ’ਚੋਂ ਉੱਠੀ ਤੇ ਸੰਘ ’ਚ ਜਾ ਕੇ ਅੜ ਗਈ। ਉਹਨਾਂ ਨੇ ਰੋਣਹਾਕੇ ਹੋਇਆਂ
ਨਾਂਹ ’ਚ ਸਿਰ ਹਿਲਾਇਆ। ਉਹਨਾਂ ਨੇ ਟਿਸ਼ੂ ਪੇਪਰ ਨੂੰ ਹੱਥਾਂ ’ਚ ਘੁੱਟ ਘੁੱਟ ਕੇ ਗੋਲੀ ਬਣਾ
ਲਈ ਸੀ।
“ਜਿਸ ਦੁਖ ਤੇ ਪਰੇਸ਼ਾਨੀ ’ਚੋਂ ਤੁਸੀਂ ਲੰਘ ਰਹੇ ਹੋ, ਅਸੀਂ ਤਾਂ ਕਲਪਨਾ ਵੀ ਨਹੀਂ ਕਰ
ਸਕਦੇ” ਟਾਕ ਸ਼ੋਅ ਹੋਸਟ ਨੇ ਹਮਦਰਦੀ ਭਰੀ ਅਵਾਜ਼ ’ਚ ਕਿਹਾ। ਉਸ ਸ਼ੁੱਕਰਵਾਰ ਦੀ ਦੁਪਹਿਰ
ਅਸੀਂ ਇਕੱਠੀਆਂ ਹੀ ਤਾਂ ਟਰੇਨ ਪਕੜ ਮਿਲਟਨ ਪਹੁੰਚੀਆਂ ਸੀ। ਸੋਹਣੀ ਨਿੱਘੀ ਜਿਹੀ ਧੁੱਪ ’ਚ
ਪੈਦਲ ਚੱਲਣ ਨੂੰ ਦਿਲ ਕਰਦਾ ਸੀ। ਕਿੰਨੀ ਦੇਰ ਤੱਕ ਤਾਂ ਅਸੀਂ ਅਪਣੇ ਬੈਕਪੈਕ ਪਿੱਛੇ ਲੱਦੀਂ
ਗੱਲਾਂ ਕਰਦੀਆਂ ਤੁਰਦੀਆਂ ਗਈਆਂ। ਸਟੀਵ ਦਾ ਦਿੱਤਾ ਹੋਇਆ ਗੁਲਾਬੀ ਸਕਾਰਫ਼ ਉਹਨੇ ਚੰਗੀ
ਤਰ੍ਹਾਂ ਗਲੇ ਦੁਆਲੇ ਲਪੇਟਿਆ ਹੋਇਆ ਸੀ। ਹੁਣ ਉਹ ਮੋੜ ਆ ਗਿਆ ਸੀ ਜਿਹੜਾ ਮੇਰੇ ਘਰ ਨੂੰ
ਜਾਂਦਾ ਸੀ ਤੇ ਅਵਨੀਤ ਨੇ ਹਾਲੇ ਸਿੱਧਾ ਹੀ ਜਾਣਾ ਸੀ।
ਮੇਪਲ ਦੇ ਦਰੱਖਤਾਂ ਦੇ ਸੰਧੂਰੀ ਪੱਤੇ ਬੱਸ ਕੁਝ ਦਿਨਾਂ ਦੇ ਮਹਿਮਾਨ ਹੀ ਰਹਿ ਗਏ ਸਨ। ਠੰਢੀ
ਹਵਾ ਚੱਲਣੀ ਸ਼ੁਰੂ ਹੋ ਗਈ ਸੀ।
“ਹੇ ਮੰਮ! ਕਿਵੇਂ ਓ?” ਕਹਿ ਅਵਨੀਤ ਨੇ ਅੰਦਰ ਦਾਖ਼ਲ ਹੋ ਦਰਵਾਜ਼ਾ ਬੰਦ ਕੀਤਾ।
“ਸਟੇਸ਼ਨ ਤੋਂ ਫ਼ੋਨ ਕਰ ਦੇਣਾ ਸੀ ਬੇਟੇ” ਮਾਂ ਨੇ ਧੀ ਦਾ ਮੂੰਹ ਚੁੰਮਦਿਆਂ ਕਿਹਾ।
ਅਵਨੀਤ ਨੂੰ ਕੋਟ ਦੇ ਬਟਨ ਖੋਲ੍ਹਦਿਆਂ ਘਰ ਦੀ ਉਹੀ ਜਾਣੀ ਪਛਾਣੀ ਜਿਹੀ ਗੰਧ ਬੜੀ ਚੰਗੀ ਲੱਗ
ਰਹੀ ਸੀ।
“ਡੈਡ ਲਿਵਿੰਗ ਰੂਮ ’ਚ ਨੇ, ਮਿਲ ਲੈ ਜਾ ਕੇ, ਬੱਸ ਥੋੜ੍ਹੀ ਦੇਰ ਗੱਲਾਂ ਬਾਤਾਂ ਕਰਕੇ ਫੇਰ
ਲੰਚ ਕਰਨੇ ਆਂ। ਤੇਰੀ ਪਸੰਦ ਦੇ ਰਾਜਮਾਂਹ ਚਾਵਲ ਤੇ ਭਿੰਡੀ ਬਣਾਈਆਂ ਨੇ... ਤਿਆਰ ਕੀਤਾ ਪਿਆ
ਸਭ ਕੁਝ” ਕਹਿ ਮਾਂ ਨੇ ਉਸ ਦਾ ਬੈਗ ਤੇ ਕੋਟ ਅਲਮਾਰੀ ’ਚ ਟਿਕਾ ਦਿੱਤਾ।
“ਹੇ ਡੈਡ, ਹਾਓ ਆਰ ਯੂ ਡੂਇੰਗ?”
ਡੈਡੀ ਗੋਢਿਆਂ ਭਾਰ ਬੈਠੇ ਫਾਇਰਪਲੇਸ ’ਚ ਲੱਕੜਾਂ ਚਿਣ ਰਹੇ ਸਨ ਤੇ ਧੀ ਨੂੰ ਦੇਖ ਅਪਣੇ ਹੱਥ
ਝਾੜ ਤੇ ਜੀਨ ਨਾਲ ਪੂੰਝ ਉਹ ਅਪਣੀ ਬਾਂਹ ਉਸਦੇ ਮੋਢਿਆਂ ਦੁਆਲੇ ਵਲਦੇ ਹੋਏ ਆਏ, “ਆ ਗਿਆ
ਮੇਰਾ ਸ਼ੇਰ ਪੁੱਤ”
ਐਤਕੀਂ ਅਪਣੇ ਬਾਪ ਨੂੰ ਦੇਖ ਉਹ ਅੰਦਰੋਂ ਪਤਾ ਨਹੀਂ ਕਿਉਂ ਥੋੜ੍ਹਾ ਹਿੱਲ ਜਿਹੀ ਗਈ। ਉਹਨੂੰ
ਲੱਗਾ ਜਿਵੇਂ ਉਹ ਕੁਝ ਕੁੱਬੇ ਜਿਹੇ ਹੋ ਗਏ ਹੋਣ ਤੇ ਚਿਹਰਾ ਵੀ ਪੀਲਾ ਤੇ ਬਿਮਾਰ ਜਿਹਾ।
“ਆਰ ਯੂ ਓ ਕੇ ਡੈਡ?”
“ਯੈੱਸ ਯੈੱਸ, ਆਈ ਐਮ ਫ਼ਾਈਨ”
“ਆਈ ਮਿੱਸਡ ਯੂ” ਕਹਿ ਉਹ ਫੇਰ ਗਲੇ ਮਿਲੀ।
“ਕੁਝ ਪੀਣ ਨੂੰ ਲਿਆਵਾਂ?” ਮੌਮ ਨੇ ਅੰਦਰ ਆ ਪੁੱਛਿਆ।
‘ਨਹੀਂ ਮਾਂ, ਆ ਜਓ ਤੁਸੀਂ ਵੀ, ਬੈਠਦੇ ਆਂ... ਗੱਲਾਂ ਕਰਦੇ ਆਂ”
ਫਾਇਰਪਲੇਸ ਦੇ ਦੁਆਲੇ ਪਈਆਂ ਤਿੰਨ ਆਰਾਮ ਕੁਰਸੀਆਂ ’ਚ ਬੈਠੇ ਉਹ ਯੂਨੀਵਰਸਿਟੀ ਦੀਆਂ ਚੋਣਾਂ,
ਟਿਊਸ਼ਨ ਫੀਸਾਂ ਤੇ ਹੋਰ ਕਿੰਨੇ ਹੀ ਮੁੱਦਿਆਂ ਤੇ ਗੱਲਾਂ ਕਰਦੇ ਰਹੇ। ਪਰ ਅਵਨੀਤ ਤਾਂ ਅੱਜ
ਇੱਕ ਬਹੁਤ ਹੀ ਅਹਿਮ ਖ਼ਬਰ ਮਾਂ ਬਾਪ ਨਾਲ ਸਾਂਝੀ ਕਰਨ ਆਈ ਸੀ।
ਉਹਨੇ ਅਪਣੇ ਦੋਨੋਂ ਹੱਥ ਇੱਕ ਦੂਜੇ ’ਚ ਜਕੜੇ ਤੇ ਬੋਲੀ,
“ਸੋ, ਆਰ ਯੂ ਰੈਡੀ ਫੌਰ ਦ ਗੁੱਡ ਨਿਊਜ਼?” ਉਸ ਦੀਆਂ ਬਲੌਰੀ ਅੱਖਾਂ ’ਚ ਸ਼ਰਾਰਤ ਸੀ। ਅਪਣੀ
ਮੁਸਕਾਨ ’ਚ ਹੀ ਅਪਣੇ ਡਰ ਨੂੰ ਸਮੇਟ ਉਹ ਦੋਹਾਂ ਵੱਲ ਦੇਖ ਰਹੀ ਸੀ।
ਦੋਹਾਂ ’ਚੋਂ ਕੋਈ ਨਾ ਬੋਲਿਆ।
ਯੂਨੀਵਰਸਿਟੀ ਪੈਰ ਧਰਦਿਆਂ ਹੀ ਮਾਂ ਬਾਪ ਤੇ ਧੀ ਦੇ ਵਿਚਕਾਰ ਕਿੰਨੇ ਹੀ ਮਸਲੇ ਖੜੇ ਹੋ ਗਏ
ਸਨ। ਇਹ ਅਵਨੀਤ ਦੀ ਸਕੂਲਿੰਗ ਕਿਚਨਰ ਖ਼ਤਮ ਹੋਣ ਤੋਂ ਬਾਅਦ ਉਹ ਮੈਕਮਾਸਟਰ ਯੂਨੀਵਰਸਿਟੀ ਜਾ
ਚੁੱਕੀ ਸੀ।
ਲਿਵਿੰਗ ਰੂਮ ’ਚ ਮਾਂ ਬਾਪ ਕ੍ਰੀਮ ਲੈਦਰ ਦੀਆਂ ਕੁਰਸੀਆਂ ’ਚ ਨਾਲ ਨਾਲ ਬੈਠੇ ਤੇ ਉਹ ਉਹਨਾਂ
ਦੇ ਸਾਹਮਣੇ ਬੈਠੀ ਅਪਣੀ ਖੁਸ਼ਖਬਰੀ ਦੱਸਣ ਲਈ ਉਤਾਵਲੀ। ਉਹਨੂੰ ਅਪਣੀ ਦਾਦੀ ਦੀ ਵੀ ਬਹੁਤ
ਯਾਦ ਆਈ। ਜੇ ਅੱਜ ਉਹ ਜਿਊਂਦੀ ਹੁੰਦੀ ਤਾਂ ਆਪੇ ਮੂਹਰੇ ਹੋ ਸਭ ਨਜਿੱਠ ਲੈਂਦੀ। ਪਿਛਲੇ ਸਾਲ
ਗਰੈਂਡ ਮਾਂ ਅਕਾਲ ਚਲਾਣਾ ਕਰ ਗਈ ਸੀ। ਉਸ ਨੂੰ ਅਪਣੇ ਮਾਂ ਬਾਪ ਨਾਲ ਹਾਲੇ ਵੀ ਬਹੁਤ ਗੁੱਸਾ
ਸੀ ਕਿ ਉਹਨਾਂ ਨੇ ਗਰੈਂਡ ਨੂੰ ਇੰਡੀਆ ਭੇਜ ਦਿੱਤਾ ਸੀ। ਪਿਛਲੇ ਅੱਠ ਸਾਲ ਤੋਂ ਉਹ ’ਕੱਲੀ ਹੀ
ਉਥੇ ਬਣਾਈ ਨਵੀਂ ਕੋਠੀ ’ਚ ਰਹਿ ਰਹੀ ਸੀ। ਮੌਮ ਡੈਡ ਨੇ ਛੁੱਟੀਆਂ ’ਚ ਕਿਤੇ ਘੁੰਮਣ ਜਾਣਾ
ਹੁੰਦਾ ਸੀ ਤੇ ਗਰੈਂਡ ਮਾਂ ਦਾ ਪਿੱਛੇ ਇਕੱਲੇ ਰਹਿਣਾ ਉਹਨਾਂ ਲਈ ਇੱਕ ਮਸਲਾ ਸੀ।
ਮੌਮ ਡੈਡ ਬਹੁਤ ਪਿਆਰ ਕਰਦੇ ਸੀ ਉਹਨੂੰ, ਜਾਣਦੀ ਸੀ ਉਹ। ਉਹਨੂੰ ਇਹ ਵੀ ਅਹਿਸਾਸ ਹੋ ਗਿਆ ਸੀ
ਕਿ ਉਹ ਜੇ ਕਿਸੇ ਮੁੱਦੇ ਤੇ ਅੜ ਜਾਣ ਤਾਂ ਜਿ਼ੱਦੀ ਵੀ ਪੂਰੇ ਸਨ। ਉਹਦੇ ਕੈਰੀਅਰ ਬਾਰੇ ਵੀ
ਉਹਨਾਂ ਦੀ ਸੋਚ ਹੈ ਕਿ ਜੋ ਬੱਸ ਉਹਨਾਂ ਨੇ ਕਹਿ ਦਿੱਤਾ, ਉਹੀ ਹੋਣਾ ਚਾਹੀਦਾ ਹੈ। ਹੁਣ ਉਸ
ਨੂੰ ਇਹ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਆਪ ਵੀ ਉਹਨਾਂ ਵਾਂਗ ਹੀ ਜਿ਼ੱਦੀ ਸੁਭਾਅ ਦੀ
ਮਾਲਿਕ ਸੀ। ਗੁੱਸਾ ਵੀ ਉਹਨਾਂ ਦੀ ਤਰ੍ਹਾਂ ਸੀ ਉਸ ਦਾ ਤੇ ਉਸ ਨੇ ਜਿ਼ੰਦਗੀ ’ਚ ਕੀ ਬਣਨਾ
ਹੈ, ਕੋਈ ਹੋਰ ਨਹੀਂ ਸੀ ਫੈਸਲਾ ਕਰ ਸਕਦਾ ਉਸ ਤੋਂ ਸਿਵਾ।
ਅਪਣੇ ਅੰਦਰਲੀ ਬੇਚੈਨੀ ਨੂੰ ਥੋੜ੍ਹਾ ਜਿਹਾ ਲੁਕਾਉਂਦੇ ਉਹਨੇ ਅਪਣੇ ਅਗਲੇ ਸ਼ਬਦਾਂ ਬਾਰੇ
ਸੋਚਿਆ ਕਿ ਕੀ ਕਹੇ। ਹਾਲਾਂਕਿ ਵਾਰੀ ਤਾਂ ਮੌਮ ਡੈਡ ਦੀ ਸੀ ਕੁਝ ਕਹਿਣ ਦੀ। ਉਹਨੇ ਸਵਾਲ
ਕੀਤਾ ਸੀ ਉਹਨਾਂ ਨੂੰ ਪਰ ਉਹਨਾਂ ਨੇ ਤਾਂ ਚੁੱਪ ਹੀ ਧਾਰ ਲਈ।
ਡੈਡ ਨੇ ਅਪਣੇ ਆਈ ਫ਼ੋਨ ਤੇ ਈਮੇਲ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਇਹ ਜਿ਼ਆਦਾ
ਜ਼ਰੂਰੀ ਹੋਵੇ ਅਪਣੀ ਬੇਟੀ ਦੀ ਗੱਲ ਸੁਣਨ ਤੋਂ। ਉਹ ਇਹ ਹਥਕੰਡਾ ਅਪਣੇ ਬਿਜ਼ਨਸ ’ਚ ਵੀ
ਅਪਣਾਉਂਦੇ ਕਈ ਵਾਰ ਦੇਖੇ ਗਏ। ਜਦੋਂ ਕੋਈ ਕਲਾਇੰਟ ਅਪਣੀਆਂ ਹੀ ਸ਼ਰਤਾਂ ਅੱਗੇ ਰੱਖੀ ਜਾਵੇ
ਤਾਂ ਉਹ ਅਪਣਾ ਧਿਆਨ ਕਿਸੇ ਹੋਰ ਪਾਸੇ ਕਰ ਲੈਂਦੇ, ਇਸ ਤਰ੍ਹਾਂ ਉਹ ਸਾਹਮਣੇ ਬੈਠੇ ਬੰਦੇ ਨੂੰ
ਚੁੱਪ ਕਰਾਉਣ ’ਚ ਕਾਮਯਾਬ ਹੋ ਜਾਂਦੇ।
ਉਹਨੂੰ ਅਪਣੇ ਬਚਪਨ ਦੀ ਯਾਦ ਆ ਗਈ ਜਦੋਂ ਡੈਡ ਉਹਨੂੰ ਅਪਣੀਆਂ ਬਾਹਾਂ ’ਚ ਹੁਲਾਰੇ ਦਿੰਦੇ,
ਮੂੰਹ ਚੁੰਮਦੇ ਤੇ ਉਹਦੀਆਂ ਛੋਟੀਆਂ ਛੋਟੀਆਂ ਪ੍ਰਾਪਤੀਆਂ ਤੇ ਕਿੰਨੇ ਮਾਣ ਮੱਤੇ ਹੁੰਦੇ।
ਹਮੇਸ਼ਾਂ ਹੀ ਉਹਨੂੰ ਹੋਮਵਰਕ ਲਈ ਕੋਲ ਬਿਠਾਉਂਦੇ ਤੇ ਬੱਚਿਆਂ ਦੇ ਸ਼ੋਆਂ ਤੇ ਲੈ ਕੇ ਜਾਂਦੇ।
ਪਰ ਜਦੋਂ ਤੋਂ ਯੂਨੀਵਰਸਿਟੀ ਸ਼ੁਰੂ ਹੋਈ, ਉਹ ਕਿੰਨਾ ਬਦਲ ਗਏ। ਕਿੰਨੇ ਸੰਜੀਦਾ ਜਿਹੇ ਹੋ ਗਏ
ਜਿਵੇਂ ਕਿਸੇ ਉਦਾਸ ਆਤਮਾ ਨੇ ਉਹਨਾਂ ਅੰਦਰ ਪ੍ਰਵੇਸ਼ ਕਰ ਲਿਆ ਹੋਵੇ। ਬੱਸ, ਧੀ ਨੂੰ ਕੀ
ਬਣਾਉਣਾ ਹੈ – ਇਹੀ ਸੋਚ ਉਹਨਾਂ ਦੇ ਜਿ਼ਹਨ ਤੇ ਭਾਰੂ ਰਹਿੰਦੀ। ਜੇ ਉਹ ਕੰਮ ਦੇ ਸਬਜੈਕਟ
ਲਵੇ, ਕਿਸੇ ਚੰਗੀ ਯੂਨੀਵਰਸਿਟੀ ’ਚ ਪੜ੍ਹੇ ਤੇ ਚੱਜ ਦੇ ਦੋਸਤਾਂ ਦੇ ਦਾਇਰੇ ’ਚ ਵਿਚਰੇ ਤਾਂ
ਹੀ ਇੱਕ ਦਿਨ ਬਾਪ ਦੀ ਤਰ੍ਹਾਂ ਫਾਇਨਾਂਸ ਦੀ ਦੁਨੀਆਂ ’ਚ ਚੰਗਾ ਨਾਮਣਾ ਖੱਟ ਸਕਦੀ ਹੈ ਅਤੇ
ਪੈਸੇ ’ਚ ਖੇਡ ਸਕਦੀ ਹੈ। ਪਰ ਤ੍ਰਾਸਦੀ ਇਹ ਸੀ ਕਿ ਬਾਪ ਦੀਆਂ ਤਰਕੀਬਾਂ ਤਾਂ ਧੀ ਦੇ
ਸੁਪਨਿਆਂ ਦੇ ਲਾਗੇ ਚਾਗੇ ਵੀ ਨਹੀਂ ਸਨ ਢੁਕਦੀਆਂ। ਮਾਂ ਬਾਪ ਨੂੰ ਇੱਕ ਅਸਹਿ ਜਿਹਾ ਸਦਮਾ ਹੀ
ਲੱਗਾ ਸੀ ਜਦ ਉਸ ਨੇ ਯੂਨੀਵਰਸਿਟੀ ਦੇ ਪਹਿਲੇ ਸਾਲ ਹੀ ਬਿਜ਼ਨਸ ਦੇ ਸਬਜੈਕਟ ਬਦਲ ਕੇ
‘ਕ੍ਰੀਏਟਿਵ ਰਾਈਟਿੰਗ’ ਦੀ ਪੜ੍ਹਾਈ ਦੀ ਇੱਛਾ ਉਹਨਾਂ ਸਾਹਮਣੇ ਰੱਖੀ ਸੀ। ਡੈਡ ਨੂੰ ਤਾਂ
ਜਿਵੇਂ ਹਾਰਟਅਟੈਕ ਹੀ ਹੋਣ ਲੱਗਾ ਹੋਵੇ। ਉਹ ਨਿਢਾਲ ਜਿਹੇ ਹੋ ਅਪਣੀ ਗਰਦਨ ਇੱਕ ਪਾਸੇ ਸੁੱਟ
ਪਸਰ ਗਏ ਸਨ ਅਪਣੀ ਕੁਰਸੀ ’ਚ। ਉਹਨਾਂ ਦੀਆਂ ਉਮੀਦਾਂ ਤੇ ਤਾਂ ਜਿਵੇਂ ਪਾਣੀ ਫਿਰ ਗਿਆ ਹੋਵੇ
ਜੋ ਅਪਣੇ ਦਿਲ ’ਚ ਸੰਜੋਈ ਬੈਠੇ ਸਨ ਕਿ ਬੇਟੀ ਇੱਕ ਦਿਨ ਫਾਇਨਾਂਸ ਤੇ ਬਿਜ਼ਨਸ ਮੇਜਰ ਕਰ ਬਾਪ
ਦੀ ਫ਼ਰਮ ’ਚ ਹੀ ਕੰਮ ਕਰੇਗੀ। ਪਰ ਧੀ ਨੂੰ ਇਹ ਸਭ ਕਰਨਾ ਮਨਜ਼ੂਰ ਨਹੀਂ ਸੀ। ਉਹਨੇ ਚੁੱਪ
ਚਾਪ ਓਹੀ ਕਰ ਮਾਰਿਆ ਜੋ ਉਹ ਕਰਨਾ ਚਾਹੁੰਦੀ ਸੀ।
ਹੁਣ ਤਾਂ ਊਹ ਇੱਕੀ ਦੀ ਹੋ ਗਈ ਸੀ ਤੇ ਉਹਦੀ ਕ੍ਰੀਏਟਿਵ ਰਾਈਟਿੰਗ ਦੀ ਡਿਗਰੀ ਵੀ ਅਗਲੇ ਸਾਲ
ਪੂਰੀ ਹੋ ਜਾਣੀ ਸੀ। ਇੱਕ ਲਘੂ ਫਿ਼ਲਮ ਦੀ ਸਕਰਿਪਟ ਲਿਖਣ ਲਈ ਉਹਨੂੰ ਇਨਾਮ ਵੀ ਮਿਲ ਚੁੱਕਾ
ਸੀ। ਸਟੀਵ ਨੇ ਇਹ ਫਿ਼ਲਮ ਬਣਾਈ ਤੇ ਨਿਰਦੇਸ਼ਨ ਦਿੱਤਾ ਜਿਸ ਲਈ ਬੈਸਟ ਫਿ਼ਲਮ ਦਾ ਐਵਾਰਡ ਵੀ
ਮਿਲਿਆ। ਉਹਨੇ ਅਪਣੀ ਸਪੀਚ ’ਚ ਵੀ ਕਿਹਾ ਸੀ ਕਿ ਅਵਨੀਤ ਤੋਂ ਬਿਨਾਂ ਉਹ ਇਸ ਮੁਕਾਮ ਤੇ ਨਹੀਂ
ਸੀ ਪਹੁੰਚ ਸਕਦਾ।
ਮੌਮ ਡੈਡ ਉਸ ਦਿਨ ਪੰਡਾਲ ’ਚ ਨਹੀਂ ਸਨ। ਉਹਨਾਂ ਨੇ ਅਪਣੇ ਕਿਸੇ ਹੋਰ ਫੰਕਸ਼ਨ ਤੇ ਜਾਣਾ
ਸ਼ਾਇਦ ਜਿ਼ਆਦਾ ਜ਼ਰੂਰੀ ਸਮਝਿਆ। ਪਰ ਉਹਨੇ ਬਹੁਤੀ ਦਿਲ ਨੂੰ ਵੀ ਨਹੀਂ ਸੀ ਲਾਈ ਉਹਨਾਂ ਦੀ
ਗ਼ੈਰਹਾਜ਼ਰੀ। ਉਹ ਕਰਦੇ ਵੀ ਕੀ ਉਥੇ ਆ ਕੇ? ਇਹ ਰਸਮ ਤਾਂ ਇੱਕ ਸਾਦੇ ਜਿਹੇ ਹਾਲ ’ਚ ਸੀ
ਜਿੱਥੇ ਥੀਏਟਰ, ਫਿਲਮਜ਼ ਤੇ ਮੀਡੀਆ ਆਰਟਿਸਟ ਹੀ ਸਨ ਤੇ ਉਹਨਾਂ ਦੇ ਹੁਲੀਏ ਦੇਖ ਤਾਂ ਉਹਨਾਂ
ਨੇ ਐਵੇਂ ਅੰਦਰੋਂ ਔਖੇ ਜਿਹੇ ਹੀ ਹੋਣਾ ਸੀ।
“ਦੱਸੋ ਬੇਟੇ, ਕੀ ਗੱਲ ਐ?” ਮਾਂ ਨੇ ਮੁਸਕਰਾਉਂਦੇ ਹੋਏ ਯਾਦ ਕਰਾਇਆ।
ਇੱਕ ਵਾਰ ਤਾਂ ਉਹਦਾ ਦਿਲ ਕੀਤਾ ਕਿ ਕਹਿ ਦੇਵੇ ਕਿ ਉਹ ਤਾਂ ਮਜ਼ਾਕ ਕਰ ਰਹੀ ਸੀ, ਕੋਈ ਐਡੀ
ਗੱਲ ਨਹੀਂ ਸੀ ਦੱਸਣ ਵਾਲੀ। ਪਰ ਕਿੰਨੀ ਕੁ ਦੇਰ ਉਹ ਭੱਜਦੀ ਰਹੇਗੀ? ਹੁਣ ਮਾਂ ਦੀਆਂ ਅੱਖਾਂ
’ਚ ਡਰ ਸਾਫ਼ ਝਲਕ ਰਿਹਾ ਸੀ ਕਿ ਕੋਈ ਬੰਬ ਡਿੱਗਣ ਵਾਲਾ ਹੈ।
ਅਵਨੀਤ ਨੇ ਅਪਣਾ ਗਲਾ ਸਾਫ਼ ਜਿਹਾ ਕੀਤਾ ਤੇ ਅਪਣੇ ਖੁਲ੍ਹੇ ਵਾਲ ਪਿੱਛੇ ਢਿੱਲੇ ਜਿਹੇ ਜੂੜੇ
’ਚ ਬੰਨ੍ਹ ਲਏ। ਡੈਡ ਨੂੰ ਤਾਂ ਉਹਦੇ ਖੁਲ੍ਹੇ ਵਾਲ ਕਦੀ ਵੀ ਚੰਗੇ ਨਹੀਂ ਸਨ ਲੱਗੇ। ਉਹਨਾਂ
ਨੇ ਕਿੰਨੀ ਵਾਰ ਉਹਨੂੰ ਟੋਕਿਆ ਸੀ ਕਿ ਘੱਟੋ ਘੱਟ ਜਦ ਘਰ ਆਉਂਦੀ ਹੈ ਤਾਂ ਵਾਲ ਬੰਨ੍ਹ ਕੇ
ਰੱਖਿਆ ਕਰੇ, ਬਾਹਰ ਤਾਂ ਅਪਣੀ ਮਰਜ਼ੀ ਕਰਨੀ ਹੀ ਹੋਈ।
“ਡੈਡ! ਮੈਨੂੰ ਤੁਹਾਡਾ ਕੈਰੀਅਰ ਪਤਾ ਕਿਉਂ ਨਹੀਂ ਚੰਗਾ ਲੱਗਦਾ? ਤੁਸੀਂ ਅਮੀਰਾਂ ਨੂੰ ਉਹਨਾਂ
ਦੀਆਂ ਇਨਵੈਸਟਮੈਂਟਾਂ ਕਰਾ ਕੇ ਹੋਰ ਅਮੀਰ ਬਣਾਈ ਜਾਂਦੇ ਓ... ਇਹ ਵਰਤਾਰਾ ਸਮਾਜ ’ਚ ਪੂੰਜੀ
ਦਾ ਪਾੜਾ ਹੋਰ ਚੌੜਾ ਕਰਦਾ ਹੈ...”
“ਮੈਨੂੰ ਤੇਰੀ ਬੋਲੀ, ਸਲੀਕਾ ਤੇ ਵੱਡਿਆਂ ਲਈ ਇੱਜ਼ਤ ਦੀ ਘਾਟ ਇਹ ਸਭ ਚੁਭਦਾ ਹੈ। ਤੈਨੂੰ
ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੇਰੀ ਪਰਵਰਿਸ਼ ਇੱਕ ਅਜਿਹੇ ਮਾਂ ਬਾਪ ਨੇ ਕੀਤੀ
ਜਿਨ੍ਹਾਂ ਨੇ ਤੈਨੂੰ ਸੁਖਾਵਾਂ ਮਾਹੌਲ ਤੇ ਚੰਗੀ ਪੜ੍ਹਾਈ ਦੀ ਦਾਤ ਦਿੱਤੀ। ਪੜ੍ਹਾਈ ਵੀ ਤੇਰੀ
ਮਰਜ਼ੀ ਦੀ ਹੋਈ ਜਿਹਦੀ ਜੇ ਜਿ਼ਆਦਾ ਵੁੱਕਤ ਨਾ ਵੀ ਹੋਵੇ ਤਾਂ ਤੇਰੇ ਲਈ ਅਸੀਂ ਐਨਾ ਕੁ ਛੱਡ
ਕੇ ਜਾਵਾਂਗੇ ਕਿ ਤੇਰਾ ਗੁਜ਼ਾਰਾ ਵਧੀਆ ਚੱਲਦਾ ਰਹੇ”, ਨਰਿੰਦਰ ਸਿੰਘ ਨੇ ਹਾਲੇ ਵੀ ਜਿਵੇਂ
ਅਪਣੀ ਇਕਲੌਤੀ ਧੀ ਨੂੰ ਲੇਖਕ ਬਣਨ ਲਈ ਮਾਫ਼ ਨਹੀਂ ਸੀ ਕੀਤਾ।
‘ਇਹ ਕੀ ਹੋ ਗਿਆ ਸੀ ਡੈਡ ਨੂੰ? ਮੇਰੇ ਰਵੱਈਏ ਨੇ ਉਹਨਾਂ ਨੂੰ ਇੰਨਾ ਬਦਲ ਦਿੱਤਾ ਜਾਂ ਫੇਰ
ਕੁਝ ਹੋਰ ਵਾਪਰਿਆ ਹੈ ਉਹਨਾਂ ਦੀ ਜਿ਼ੰਦਗੀ ’ਚ ਜਿਸ ਦਾ ਮੈਨੂੰ ਇਲਮ ਨਹੀਂ। ਜੇ ਮੈਨੂੰ ਮੇਰੇ
ਉਹ ਡੈਡ ਜਿਹੜੇ ਮੈਨੂੰ ਬੈੱਡਟਾਈਮ ਸਟੋਰੀ ਸੁਣਾ ਕੇ ਹੀ ਆਪ ਸੌਂਦੇ, ਮੇਰੇ ਲਈ ਘਰ ਦੇ
ਪਿਛਵਾੜੇ ’ਚ ਟਰੀ ਹਾਊਸ ਬਣਾਉਂਦੇ, ਮੇਰੇ ਸਾਰੇ ਦੋਸਤਾਂ ਨਾਲ ਖੇਡਦੇ ਤੇ ਉਹਨਾਂ ਨੂੰ ਅਪਣੇ
ਹੱਥੀਂ ਸਨੈਕ ਵੰਡਦੇ... ਦੁਬਾਰਾ ਲੱਭ ਜਾਣ ਤਾਂ ਕਿੰਨਾ ਅਸਾਨ ਹੋ ਜਾਵੇ ਅੱਜ ਅਪਣੇ ਮਨ ਦੀ
ਗੱਲ ਕਹਿਣੀ...
“ਓ ਕੇ, ਦ ਰੀਜ਼ਨ ਵਾਇ ਆਈ ਐਮ ਹੋਮ ਟੁਡੇ ਇਜ਼...” ਕਹਿ ਉਹਨੇ ਫੇਰ ਉਹਨਾਂ ਵੱਲ ਨਜ਼ਰ
ਮਾਰੀ। ਉਹ ਤਾਂ ਸਕੂਲ ਦੇ ਪ੍ਰਿੰਸੀਪਲ ਦੀ ਤਰ੍ਹਾਂ ਬੈਠੇ ਉਹਦੇ ਮੂੰਹ ਵੱਲ ਝਾਕ ਰਹੇ ਸਨ। ਜੇ
ਗੱਲ ਉਹਨਾਂ ਦੀ ਸੋਚ ਦੇ ਖਿ਼ਲਾਫ਼ ਜਾਂਦੀ ਹੋਈ ਤਾਂ ਉਹਨਾਂ ਨੇ ਕਹਿ ਮਾਰਨੈ,
“ਗੈੱਟ ਆਊਟ, ਡੂ ਹੰਡਰੱਡ ਪੁਸ਼ ਅੱਪਸ ਜਸਟ ਨਾਓ” ਤੇ ਉਸ ਤੋਂ ਬਾਅਦ ਮੌਮ ਕਹੇਗੀ,
“ਗੋ ਟੂ ਯੂਅਰ ਰੂਮ, ਡੋਂਟ ਕਮ ਬੈਕ ਅਨਟਿਲ ਯੂਅਰ ਐਟੀਟਿਊਡ ਇਜ਼ ਕਲੀਨ” ਸੋਚ ਉਹ ਫਿੱਕਾ
ਜਿਹਾ ਮੁਸਕਰਾਈ।
ਪਰ ਹੁਣ ਉਹ ਉਹਨਾਂ ਤੋਂ ਕਦੋਂ ਡਰਦੀ ਸੀ? ਉਹ ਹੁਣ ਸਿਆਣੀ ਹੈ ਤੇ ਅਪਣਾ ਚੰਗਾ ਮਾੜਾ ਆਪ ਸੋਚ
ਸਕਦੀ ਹੈ ੈ। ਉਹ ਤਾਂ ਬਲਕਿ ਉਹਨਾਂ ਤੇ ਅਹਿਸਾਨ ਹੀ ਕਰ ਰਹੀ ਹੈ ਘਰ ਆ ਕੇ ਉਹਨਾਂ ਨੂੰ ਇਹ
ਖ਼ਬਰ ਸੁਣਾ ਕੇ। ਨਹੀਂ ਤਾਂ ਫ਼ੋਨ ਜਾਂ ਈਮੇਲ ਵੀ ਕਰ ਸਕਦੀ ਸੀ।
‘ਕਾਸ਼, ਈਮੇਲ ਜਾਂ ਫ਼ੋਨ ਹੀ ਕਰ ਦਿੱਤਾ ਹੁੰਦਾ’ ਇੱਕ ਲੰਮਾ ਸਾਹ ਖਿੱਚ ਉਸ ਨੇ ਅਪਣੇ ਹੱਥ
ਮਰੋੜਦਿਆਂ ਇੱਕੋ ਸਾਹ ਕਹਿ ਹੀ ਦਿੱਤਾ,
“ਆਇ ਐਮ ਇਨ ਲਵ ਵਿਦ ਸਟੀਵ”
ਬੜਾ ਰਾਹਤ ਦਾ ਸਾਹ ਆਇਆ ਉਹਨੂੰ ਪਰ ਡੈਡ ਦਾ ਸੰਗੀਨ ਚਿਹਰਾ ਆਉਣ ਵਾਲੇ ਤੂਫ਼ਾਨ ਦਾ ਸੰਕੇਤ
ਦੇਣ ਲੱਗਾ ਤੇ ਮਾਂ ਦੇ ਤਾਂ ਹੱਥਾਂ ਦੇ ਤੋਤੇ ਉੱਡ ਗਏ। ਉਦਾਂ ਉਹ ਦੋਨੋਂ ਪੜ੍ਹੇ ਲਿਖੇ,
ਵਧੀਆ ਲਾਈਫ਼ ਸਟਾਈਲ ਤੇ ਅੱਪਰ ਕਲਾਸ ਸੋਸ਼ਲ ਸਰਕਲ ’ਚ ਵਿਚਰਨ ਵਾਲੇ ਰਸਨ। ਦੋਨੋਂ ਪੰਜਾਹ
ਤੋਂ ਉੱਪਰ ਪਰ ਅਪਣੀ ਉਮਰ ਤੋਂ ਕਿਤੇ ਛੋਟੇ ਦਿਸਦੇ। ਅਪਣੇ ਵਿਕਟੋਰੀਅਨ ਸਟਾਇਲ ਘਰ ’ਚ ਡੈਡ
ਕਦੋਂ ਕੁ ਤੋਂ ਤਾਨਾਸ਼ਾਹੀ ਤੇ ਉੱਤਰ ਆਏ ਸਨ ਸ਼ਾਇਦ ਮੌਮ ਨੂੰ ਵੀ ਪਤਾ ਨਹੀਂ ਸੀ ਲੱਗਾ।
“ਫੇਰ?” ਡੈਡ ਨੇ ਮਰੀ ਜਿਹੀ ਅਵਾਜ਼ ’ਚ ਪੁੱਛਿਆ।
“ਬੱਸ, ਇਹੀ ਕਹਿਣਾ ਸੀ” ਉਹਨੇ ਮੋਢੇ ਹਿਲਾਉਂਦਿਆਂ ਉਪਰੋਂ ਤਾਂ ਬਹੁਤ ਬਹਾਦਰੀ ਦਿਖਾਈ ਪਰ
ਅੰਦਰੋਂ ਉਹ ਪੱਤੇ ਵਾਂਗ ਹਿੱਲ ਗਈ। ਮਾਂ ਨੇ ਤਾਂ ਕਦੇ ਵੀ ਡੈਡ ਦੀ ਗੱਲ ਨਹੀਂ ਸੀ ਪਰਤੀ। ਪਰ
ਅੱਜ ਜੇ ਥੋੜ੍ਹਾ ਜਿਹਾ ਧੀ ਵੱਲ ਹੋ ਜਾਣ ਤੇ ਮਮਤਾ ਦੀ ਓਟ ਦੇ ਦੇਣ ਤਾਂ ਸ਼ਾਇਦ ਪਿਛਲੇ
ਕਿੰਨੇ ਹੀ ਜ਼ਖ਼ਮ ਭਰ ਜਾਣ ਪਰ ਕਿੱਥੇ? ਮਾਂ ਦੇ ਹਾਵ ਭਾਵ ਤੋਂ ਹੀ ਲੱਗਦਾ ਸੀ ਕਿ ਉਹ ਵੀ
ਡੈਡ ਨਾਲ ਹੀ ਨੇ।
“ਸਟੀਵ ਐਂਡ ਆਈ ਆਰ ਗੈਟਿੰਗ ਮੈਰਿਡ”
ਮੌਤ ਵਰਗੀ ਘੋਰ ਚੁੱਪ...
ਨਰਿੰਦਰ ਸਿੰਘ ਅਪਣੀ ਕੁਰਸੀ ਤੋਂ ਉੱਠਿਆ ਤੇ ਫਾਇਰਪਲੇਸ ਦੇ ਦੂਜੇ ਪਾਸੇ ਨਪੇ ਤੁਲੇ ਕਦਮ
ਪੁੱਟਦਾ ਪਹੁੰਚ ਗਿਆ। ਅਪਣੇ ਹੱਥ ਉਸ ਨੇ ਪਿੱਠ ਪਿੱਛੇ ਜਕੜ ਲਏ ਤੇ ਪੈਰਾਂ ਤੇ ਅਪਣਾ ਭਾਰ
ਸੰਤੁਲਿਤ ਕਰਦਾ ਅਪਣੀ ਧੀ ਤੇ ਭਸਮ ਕਰ ਦੇਣ ਵਾਲੀ ਨਿਗਾਹ ਟਿਕਾਉਂਦਾ ਬੋਲਿਆ,
“ਜੇ ਤੂੰ ਸੋਚੇਂ ਕਿ ਤੇਰੀ ਇਹ ਖੁਸ਼ਖ਼ਬਰੀ ਸਾਡੇ ਲਈ ਸੀਨਾ ਠਾਰਨ ਵਾਲੀ ਖ਼ਬਰ ਹੈ, ਇਹ ਤੇਰੀ
ਗਲਤਫਹਿਮੀ ਹੈ। ਮੈਂ ਕਿਸੇ ਵਿਆਹ ਦਾ ਖਰਚਾ ਚੁੱਕਣ ਲਈ ਰਾਜ਼ੀ ਨਹੀਂ ਤੇ ਨਾ ਹੀ ਅਸੀਂ
ਸ਼ਾਮਿਲ ਹੋਣੈ। ਸਟੀਵ ਨੂੰ ਮੈਂ ਇੱਕ ਦੋ ਵਾਰ ਕੈਂਪੱਸ ਤੇਰੇ ਨਾਲ ਮਿਲਿਆ ਹਾਂ। ਮੈਂ ਕਦੇ
ਸੋਚ ਵੀ ਨਹੀਂ ਸੀ ਸਕਦਾ ਕਿ ਮੇਰੀ ਔਲਾਦ ਜਿ਼ੰਦਗੀ ਦੇ ਐਨੇ ਅਹਿਮ ਫੈਸਲੇ ’ਚ ਮੇਰਾ ਸਿਰ ਇਉਂ
ਨੀਵਾਂ ਕਰੇਗੀ”
“ਆਈ ਡੋਂਟ ਕੇਅਰ... ਸਟੀਵ ਇਜ਼ ਮਾਈਨ ਐਂਡ ਵਿੱਲ ਬੀ” ਕਹਿ ਉਹ ਵੀ ਅਪਣੀ ਸੀਟ ਤੋਂ ਉੱਠ ਉਸ
ਅੱਗੇ ਬਿਫਰ ਗਈ।
“ਤੈਨੂੰ ਤਾਂ ਇਹ ਵੀ ਨ੍ਹੀ ਪਤਾ ਕਿ ਤੂੰ ਆਪ ਹੀ ਹਾਲੇ ਬੱਚੀ ਐਂ... ਵਿਆਹ ਦੀ ਕੋਈ ਉਮਰ ਐ
ਹਾਲੇ ਤੇਰੀ?” ਜੇ ਤੂੰ ਸੋਚੇਂ ਬਈ ਅਸੀਂ ਤੈਨੂੰ ਉਸ ਟੁੱਟੇ ਜਿਹੇ ਗਰੀਕ ਮੁੰਡੇ ਨਾਲ ਅਪਣਾ
ਭਵਿੱਖ ਬਲੀ ਤੇ ਚੜ੍ਹਾਉਣ ਦੀ ਇਜਾਜ਼ਤ ਦੇਵਾਂਗੇ ਤਾਂ ਇਹ ਤੇਰੀ ਬਹੁਤ ਵੱਡੀ ਭੁੱਲ ਹੋਵੇਗੀ”,
ਡੈਡ ਦੀਆਂ ਅੱਖਾਂ ਪਥਰਾ ਗਈਆਂ ਸਨ।
“ਤੁਸੀਂ ਉਹਨੂੰ ਜਾਣਦੇ ਵੀ ਨਹੀਂ ਚੰਗੀ ਤਰ੍ਹਾਂ... ਗਾਲ੍ਹਾਂ ਕੱਢਣੀਆਂ ਸ਼ੁਰੂ ਕਰ
ਦਿੱਤੀਆਂ” ਉਸ ਦਾ ਗੱਚ ਭਰ ਆਇਆ ਸੀ।
“ਦੇਖ, ਮੈਂ ਬਹਿਸ ਨਹੀਂ ਕਰਨਾ ਚਾਹੁੰਦਾ... ਉਹਦੀਆਂ ਬਾਹਾਂ ਤੇ ਖੁਣੇ ਟੈਟੂ ਹੀ ਬੋਲਦੇ ਨੇ
ਕਿ ਉਹ ਕੀ ਚੀਜ਼ ਐ। ਮੈਂ ਪੁਲਿਸ ਤੋਂ ਮੁੰਡੇ ਦਾ ਬੈਕਗਰਾਊਂਡ ਵੀ ਚੈੱਕ ਕਰਵਾ ਰਿਪੋਰਟ ਤੇਰੇ
ਹੱਥ ਫੜਾ ਦਿਆਂਗਾ”
“ਨਹੀਂ, ਉਹ ਅਮੀਰ ਘਰ ਨ੍ਹੀ ਜੰਮਿਆ... ਕਿਉਂਕਿ ਉਹਦੇ ਡੈਡ ਕੋਲ ਤੁਹਾਡੇ ਵਰਗਾ ਬਿਜ਼ਨਸ
ਨਹੀਂ ਸੀ, ਤਾਂ ਕਰਕੇ ਸ਼ਰਮ ਆਉਂਦੀ ਹੈ ਤੁਹਾਨੂੰ ਉਹਦੇ ਨਾਲ ਨਾਤਾ ਜੋੜਦੇ ਹੋਏ” ਹੁਣ ਉਹ ਵੀ
ਚੀਖ ਰਹੀ ਸੀ।
ਸਟੀਵ ਦੇ ਪਿਤਾ ਦੀ ਮੌਤ ਜਦੋਂ ਊਹ ਪੰਜ ਸਾਲ ਦਾ ਸੀ, ਹੋ ਗਈ ਸੀ। ਮਾਂ ਨੇ ਆਫਿਸਾਂ ਦੀਆਂ
ਸਫ਼ਾਈਆਂ ਦਾ ਕੰਮ ਕਰਕੇ ਉਹਨੂੰ ਯੂਨੀਵਰਸਿਟੀ ਭੇਜਿਆ। ਬੜਾ ਔਖਾ ਸਮਾਂ ਕੱਟਿਆ ਮਾਂ ਬੇਟੇ
ਨੇ।
“ਅੱਜ ਤੇਰੇ ਨਾਲ ਕਿਉਂ ਨਾ ਆਇਆ ਫੇਰ? ਮੈਨੂੰ ਤਾਂ ਇਹੀ ਬਹੁਤ ਕੁਝ ਦੱਸਦਾ ਹੈ ਉਸ ਦੇ
ਇਖ਼ਲਾਕ ਬਾਰੇ... ਡਰ ਲੱਗਦਾ ਸੀ ਮੈਥੋਂ ਉਸ ਨੂੰ?” ਬਾਪ ਨੇ ਇੱਕ ਹੋਰ ਤੀਰ ਛੱਡਿਆ।
“ਤੁਸੀਂ ਤਾਂ ਕੈਂਪੱਸ ’ਚ ਵੀ ਉਹਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ। ਉਹ ਜਾਣ ਗਿਆ
ਸੀ, ਤੁਸੀਂ ਕਿੰਨਾ ਮਾਣ ਕਰੋਗੇ ਉਸ ਦਾ ਘਰ ਆਏ ਦਾ...” ਅਸਲ ’ਚ ਮੈਂ ਤੁਹਾਡੇ ਨਾਲ ਗੱਲ ਹੀ
ਨਹੀਂ ਕਰ ਸਕਦੀ ਜਾਂ ਫੇਰ ਮੈਂ ਊਹੀ ਕਹਾਂ ਜੋ ਤੁਹਾਨੂੰ ਚੰਗਾ ਲੱਗਦਾ ਹੋਵੇ... ਇਟਜ਼ ਨੌਟ
ਗੋਨਾ ਹੈਪਨ... ਆਇ ਐਮ ਗੈਟਿਰੰਗ ਮੈਰਿਡ... ਪੀਰੀਅਡ”।
ਨਰਿੰਦਰ ਸਿੰਘ ਨੇ ਅਪਣੇ ਭਰਵੱਟੇ ਉਪਰ ਨੂੰ ਚੁੱਕੇ ਤੇ ਥੋੜ੍ਹੀ ਨਰਮੀ ਨਾਲ ਬੋਲਿਆ, “ਮੈਨੂੰ
ਪਤੈ ਕਾਨੂੰਨ ਮੁਤਾਬਿਕ ਤੂੰ ਅਪਣੇ ਫੈਸਲੇ ਆਪ ਕਰ ਸਕਦੀ ਹੈ ਪਰ ਐਨਾ ਕੁ ਧਿਆਨ ਰੱਖੀਂ ਕਿ
ਤੁਸੀਂ ਦੋਹਾਂ ਨੇ ਅਪਣੇ ਖਰਚੇ ਆਪ ਚੁੱਕਣੇ ਹੋਣਗੇ। ਅਖ਼ਬਾਰਾਂ ਨੂੰ ਆਰਟੀਕਲ ਭੇਜ ਤੇ ਜਾਂ
ਇੱਕ ਦੋ ਛੋਟੀਆਂ ਮੋਟੀਆਂ ਫਿ਼ਲਮਾਂ ਬਣਾਉਣ ਨਾਲ ਲੋਕੀਂ ਘਰ ਨਹੀਂ ਚਲਾਉਂਦੇ ਵੇਖੇ”
“ਵੀ ਵਿੱਲ ਮੈਨੇਜ” ਉਹ ਜਾਣਦੀ ਸੀ ਕਿ ਬਾਪ ਕੋਲ ਸਭ ਤੋਂ ਵੱਡਾ ਹਥਿਆਰ ਉਸ ਦਾ ਪੈਸਾ ਹੈ ਤੇ
ਹੱਥ ਤਾਂ ਉਹ ਵੀ ਨਹੀਂ ਅੱਡਣ ਵਾਲੀ।
“ਡੂਇੰਗ ਵੱਟ?” ਬਾਪ ਦਾ ਅਗਲਾ ਸੁਆਲ ਸੀ।
“ਐਨੀਥਿੰਗ ਦੈਟ ਪੇਜ਼”
“ਤੇ ਉਹੀ ਸੂਰਾਂ ਦਾ ਤਬੇਲਾ ਜਿੱਥੇ ਹੁਣ ਤੁਸੀਂ ਰਹਿੰਦੇ ਓ ਇਕੱਠੇ ਹੋ ਕੇ... ਕਿੰਨੇ ਜਣੇ
ਓ, ਛੇ ਕਿ ਸੱਤ? ਉਥੇ ਹੀ ਰਹੇਂਗੀ ਵਿਆਹ ਤੋਂ ਬਾਅਦ? ਮੈਨੂੰ ਤਾਂ ਇਹ ਨ੍ਹੀ ਸਮਝ ਆਉਂਦੀ ਬਈ
ਤੇਰੇ ਦੋਸਤ ਚੰਗੇ ਘਰਾਂ ਦੇ ਬੱਚੇ ਕਿਉਂ ਨ੍ਹੀ ਬਣੇ? ਉਹੀ ਸਾਲੇ ਟੁੱਟੇ ਘਰਾਂ ਦੀਆਂ
ਔਲਾਦਾਂ, ਵੈਲਫੇਅਰ ਆਲਿਆਂ ਦੇ ਸ਼ਹਿਜ਼ਾਦੇ, ਨਵੇਂ ਇੰਮੀਗ੍ਰੈਂਟਾਂ ਦੇ ਨਿਆਣੇ ਤੇ ਹੋਮੋ...”
“ਪਲੀਜ਼ ਸਟੌਪ ਦੀਜ਼ ਰੇਸ਼ੀਅਲ ਸਲੱਰਜ਼ ਡੈਡ... ਆਈ ਹੇਟ ਯੂ ਫੌਰ ਸੇਇੰਗ ਇਟ” ਉਹ ਚਿੱਲਾਈ।
ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਨਾਰਮਲ ਬੱਚੇ ਸਾਡੇ ਵਰਗੇ ਘਰਾਂ ਦੇ ਤੇਰੇ ਨਾਲ
ਕਿਉਂ ਨ੍ਹੀ ਮਿਲਦੇ ਜੁਲਦੇ? ਇਹ ਵੀ ਤੇਰਾ ਇੱਕ ਤਰੀਕਾ ਹੈ ਸਾਥੋਂ ਬਦਲਾ ਲੈਣ ਦਾ” ਹੁਣ ਡੈਡ
ਦੀ ਅਵਾਜ਼ ਇੰਨੀ ਕੁ ਨਾਰਮਲ ਸੀ ਜਿਵੇਂ ਕੋਈ ਪੀਜ਼ਾ ਆਰਡਰ ਕਰ ਰਿਹਾ ਹੋਵੇ।
“ਬਦਲੇ ਆਲੀ ਕੋਈ ਗੱਲ ਨਹੀਂ ਡੈਡ... ਜੇ ਤੁਸੀਂ ਕਦੇ ਬਾਹਰ ਹਰ ਤਰ੍ਹਾਂ ਦੇ ਲੋਕਾਂ ਨਾਲ ਮੇਲ
ਮਿਲਾਪ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਦੁਨੀਆਂ ’ਚ ਹਰ ਬੰਦਾ ਅਪਣੀ ਅਪਣੀ ਲੜਾਈ
ਲੜ ਰਿਹਾ ਹੈ, ਸੰਘਰਸ਼ਸ਼ੀਲ ਹੈ...ਭਾਵਨਾਵਾਂ ਦੀ ਕੋਈ ਜਾਤ ਨਹੀਂ ਹੁੰਦੀ”
“ਤੇਰਾ ਸੰਘਰਸ਼ ਇਹ ਹੈ ਕਿ...”
ਉਹਨੂੰ ਇੱਕਦਮ ਕੋਈ ਜੁਆਬ ਨਾ ਸੁੱਝਣ ਕਰਕੇ ਉਹ ਛਟਪਟਾਈ ਤੇ ਫੇਰ ਥਾੜ ਦੇਣੇ ਮੂੰਹ ’ਚੋਂ
ਨਿਕਲਿਆ,
“ਮੈਂ ਤੁਹਾਡਾ ਇੱਕੋ ਇੱਕ ਬੱਚਾ ਹਾਂ ਤੇ ਉਪਰੋਂ ਤੁਸੀਂ ਮੇਰੇ ਨਾਲ ਇਉਂ ਪੇਸ਼ ਆਉਂਦੇ
ਹੋ...”
“ਹਾਸਾ ਆਉਂਦੈ ਮੈਨੂੰ ਇਹ ਸੁਣ ਕੇ... ਕਮਲ! ਤੂੰ ਮੁੰਡੇ ਦੀ ਮਾਂ ਨਾਲ ਗੱਲ ਕਰ। ਕਹਿ ਸਾਨੂੰ
ਨ੍ਹੀ ਇਹ ਰਿਸ਼ਤਾ ਪੁੱਗਦਾ...” ਡੈਡ ਨੇ ਮੰਮਾ ਨੂੰ ਵੀ ਨਾਲ ਧੁਹ ਲਿਆ।
“ਡੋਂਟ ਯੂ ਡੇਅਰ!” ਅਵਨੀਤ ਹਾਲੇ ਵੀ ਬਿਫਰੀ ਖੜੀ ਸੀ।
ਡੈਡ ਦੀਆਂ ਅੱਖਾਂ ਪਥਰਾ ਗਈਆਂ ਸਨ ਤੇ ਧੀ ਵੀ ਉਹਨਾਂ ’ਚ ਛੁਪੀ ਨਿਰਾਸ਼ਾ, ਦਰਦ, ਹਾਰ ਤੇ
ਬੌਂਦਲਾਹਟ ਮਹਿਸੂਸ ਕਰ ਰਹੀ ਸੀ। ਉਹਨੂੰ ਪਤਾ ਸੀ ਕਿ ਬਚਪਨ ਤੋਂ ਹੀ ਇੰਨੀ ਜਿ਼ੱਦੀ ਹੈ ਕਿ
ਉਦੋਂ ਵੀ ਉਹਦੀ ਜਿ਼ੱਦ ਮਾਂ ਬਾਪ ਨੂੰ ਇੱਕ ਡਰ ਜਿਹੇ ਦਾ ਅਹਿਸਾਸ ਕਰਵਾਉਂਦੀ ਸੀ। ਜਿੰਨੀਆਂ
ਮਰਜ਼ੀ ਚੀਜ਼ਾਂ ਉਹਦੇ ਅੱਗੇ ਰੱਖੋ, ਉਹਨੇ ਕਰਨਾ ਉਹੀ ਜੋ ਉਸ ਨੇ ਦਿਲ ’ਚ ਧਾਰ ਲਿਆ ਹੁੰਦਾ।
“ਤੇਰੀ ਧੀ ਐ, ਤੂੰ ਹੀ ਸਾਂਭ” ਕਹਿ ਨਰਿੰਦਰ ਸਿੰਘ ਹੌਲੀ ਜਿਹੀ ਦਰਵਾਜ਼ੇ ’ਚੋਂ ਬਾਹਰ ਹੋ
ਗਿਆ।
ਜਦੋਂ ਵੀ ਉਹ ਐਦਾਂ ਪੇਸ਼ ਆਉਂਦੀ ਤਾਂ ਡੈਡ ਉਹਦੇ ਤੇ ‘ਮਾਂ ਦੀ ਧੀ’ ਦਾ ਲੇਬਲ ਲਗਾਉਣੋਂ ਨਾ
ਹਟਦੇ। ਬਾਕੀ ਸੁਖਾਵੇਂ ਪਲਾਂ ’ਚ ਉਹ ਹਮੇਸ਼ਾਂ ਹੀ ਡੈਡੀ ਦੀ ‘ਲਿਟਲ ਗਰਲ’ ਹੁੰਦੀ। ਅਪਣੇ
ਬਿਜ਼ਨਸ ਦੇ ਦਾਇਰੇ ’ਚ ਉਹ ਅਕਸਰ ਮਜ਼ਾਕ ਨਾਲ ਕਹਿੰਦਾ,
“ਮੇਰੀ ਧੀ ਮੇਰੇ ਨਕਸ਼ੇ ਕਦਮ ਤੇ ਚੱਲ ਬੁੱਢੇ ਬਾਪ ਦੇ ਕੰਮ ਦਾ ਭਾਰ ਵੰਡਾਏਗੀ ਜਾਂ ਫੇਰ
ਕਿਸੇ ਨਾਲ ਜਾਣ ਪਛਾਣ ਕਰਾਉਣ ਲਈ ਅਵਨੀਤ ਦੇ ਮੋਢੇ ਤੇ ਹੱਥ ਰੱਖ ਅਗਲੇ ਨੂੰ ਦੱਸਦਾ, “ਮਾਈ
ਡਾਟਰ, ਅਵਨੀਤ... ਬਿਜ਼ਨਸ ਦੀ ਦੁਨੀਆਂ ’ਚ ਛੇਤੀ ਹੀ ਇੱਕ ਜਾਣਿਆ ਪਛਾਣਿਆ ਨਾਮ...” ਇਹ ਹਾਈ
ਸਕੂਲ ਦੇ ਸਮੇਂ ਦੀਆਂ ਗੱਲਾਂ ਸਨ।
ਅਵਨੀਤ ਨੇ ਮਿਲਟਨ ’ਚ ਇੱਕ ਰੈਲੀ ਵੀ ਆਯੋਜਿਤ ਕੀਤੀ ਜਿਹਦੇ ’ਚ ਕਈ ਗੋਰਿਆਂ ਦਾ ਪ੍ਰਵਾਸੀਆਂ
ਨੂੰ ਉਲਟੇ ਸਿੱਧੇ ਨਾਵਾਂ ਨਾਲ ਪੁਕਾਰਨ ਬਾਰੇ ਚੇਤਨਾ ਮੁੱਖ ਮੁੱਦਾ ਸੀ। ਸਿਸਟਮ ਦੇ ਨਾਲ
ਟੱਕਰ ਲੈਣੀ ਤੇ ਚੁਨੌਤੀ ਦੇਣੀ ਧੀ ਦੇ ਸੁਭਾਅ ’ਚ ਵੇਖ ਉਹ ਮਾਣ ਨਾਲ ਲਬਰੇਜ਼ ਹੋ ਜਾਂਦਾ ਪਰ
ਅੱਜ ਤਾਂ ਚੁਨੌਤੀ ਉਹਦੇ ਅਪਣੇ ਸਿਸਟਮ ਨੂੰ ਹੀ ਦਿੱਤੀ ਜਾ ਰਹੀ ਸੀ...
“ਤੈਨੂੰ ਪਤੈ ਤੇਰਾ ਸਿਰ ਫਿਰ ਗਿਐ ਅਵੀ... ਤੇਰੇ ਲਈ ਅਸੀਂ ਕੀ ਕੀ ਨ੍ਹੀ ਕੀਤਾ ਤੇ ਅੱਜ
ਸਾਨੂੰ ਇਹ ਇਨਾਮ ਦੇ ਰਹੀ ਐਂ ਤੂੰ?” ਮਾਂ ਨੇ ਬਾਪ ਦੇ ਥੋੜ੍ਹਾ ਹੋਰ ਦੂਰ ਚਲੇ ਜਾਣ ਬਾਅਦ
ਕਿਹਾ।
“ਮੈਂ ਤਾਂ ਤੁਹਾਨੂੰ ਕੁਝ ਵੀ ਨ੍ਹੀ ਕਿਹਾ ਸੀ ਦੇਣ ਲਈ... ਤੁਸੀਂ ਜੋ ਚਾਹੁੰਦੇ ਸੀ, ਤੁਸੀਂ
ਉਹੀ ਕੀਤਾ” ਉਹਦੀਆਂ ਲਾਲ ਹੋ ਗਈਆਂ ਗੱਲ੍ਹਾਂ ਤੇ ਹੰਝੂ ਟੱਪ ਟੱਪ ਡਿੱਗਣ ਲੱਗੇ।
“ਕੀ ਬੁਰਾਈ ਹੈ ਅਪਣੇ ਬੱਚੇ ਨੂੰ ਸਿੱਧੇ ਰਸਤੇ ਪਾਉਣ ’ਚ? ਤੇਰੇ ਭਵਿੱਖ ਦੀ ਚਿੰਤਾ ਜੇ ਅਸੀਂ
ਨਹੀਂ ਕਰਾਂਗੇ ਤਾਂ ਕੌਣ ਕਰੇਗਾ? ਜੇ ਫੇਰ ਵੀ ਗਾਲ਼ਣੀ ਐ ਅਪਣੀ ਜਿ਼ੰਦਗੀ ਤਾਂ ਅਸੀਂ ਤਾਂ ਕੀ
ਕੋਈ ਵੀ ਕੁਝ ਨਹੀਂ ਕਰ ਸਕਦਾ...” ਕਮਲ ਦੇ ਬੁੱਲ੍ਹ ਭਾਵੁਕਤਾ ਨਾਲ ਫਰਕ ਰਹੇ ਸਨ।
“ਵਿਆਹ ਕਰਾਉਣ ਨਾਲ ਜਿ਼ੰਦਗੀ ਕਿਵੇਂ ਗਾਲ਼ੀ ਜਾਏਗੀ ਮੌਮ? ਤੁਹਾਡਾ ਨ੍ਹੀ ਹੋਇਆ ਵਿਆਹ?
ਤੁਸੀਂ ਜਿ਼ੰਦਗੀ ਖਰਾਬ ਕਰ ਲਈ?”
“ਮੈਂ ਨਾ ਤਾਂ ਇੱਕੀ ਸਾਲ ਦੀ ਸੀ ਤੇ ਨਾ ਹੀ ਮੈਂ ਪੜ੍ਹਦੀ ਨੇ ਵਿੱਚ ਵਿਚਾਲੇ ਸਬਜੈਕਟ ਬਦਲੇ
ਤੇ ਨਾ ਹੀ ਪੜ੍ਹਾਈ ਖ਼ਤਮ ਹੋਣ ਤੋਂ ਪਹਿਲਾਂ ਵਿਆਹ ਕਰਾਇਆ, ਤੇ ਜਦੋਂ ਕਰਾਇਆ ਤਾਂ ਕੈਰੀਅਰ,
ਸੋਸ਼ਲ ਸਟੇਟੱਸ ਦੇਖ ਕੇ...
“ਆਹ ਮੁੰਡਾ ਸਟੀਵ, ਕਿੰਨੀ ਕੁ ਦੇਰ ਤੇਰੇ ਪਿਆਰ ’ਚ ਪਾਗਲ ਰਹੂ ਤੇ ਗ੍ਰਹਿਸਥੀ ਦਾ ਭਾਰ ਚੁੱਕ
ਸਕੂ?”
“ਮੌਮ! ਮੇਰੇ ਕੋਲ ਤੁਹਾਡੇ ਸੁਆਲਾਂ ਦਾ ਕੋਈ ਜੁਆਬ ਨਹੀਂ। ਕਦੇ ਮੈਨੂੰ ਪੁੱਛਿਐ, ਮੈਂ ਸਟੀਵ
ਬਾਰੇ ਕੀ ਸੋਚਦੀ ਹਾਂ?”
“ਸਾਨੂੰ ਲੋੜ ਹੀ ਨ੍ਹੀ... ਤੈਨੂੰ ਪਤਾ ਤਾਂ ਉਦੋਂ ਲੱਗਣੈ ਜਦੋਂ ਤੇਰੇ ਹੱਥੋਂ ਸਾਰੇ
ਸੁਨਹਿਰੀ ਮੌਕੇ, ਸੁਪਨੇ, ਦੋਸਤ ਤੇ ਮਾਂ ਬਾਪ ਦੀ ਮਦਦ ਸਭ ਜਾਂਦਾ ਰਹੇਗਾ। ਮੇਰੀ ਗੱਲ ਯਾਦ
ਰੱਖੀਂ, ਤੇਰਾ ਇਹ ਬੁਆਏਫਰੈਂਡ ਜਦੋਂ ਇਹਨੂੰ ਕੋਈ ਹੋਰ ਮਿਲ ਗਈ ਤਾਂ ਉਹ ਅਪਣੀ ਐਸ਼ ਕਰੇਗਾ
ਤੇ ਤੂੰ ਬੈਠੀ ਰਹੀਂ ਅਪਣੇ ਘਰ ਇੱਕ ਦੋ ਬੱਚਿਆਂ ਦੀ ਮਾਂ ਬਣ... ਤੇਰੀਆਂ ਸਹੇਲੀਆਂ ਅਪਣੇ
ਕੈਰੀਅਰ ’ਚ ਕਿਤੇ ਅੱਗੇ ਨਿਕਲ ਚੁੱਕੀਆਂ ਹੋਣਗੀਆਂ ਤੇ ਉਹਨਾਂ ਨੂੰ ਕੀ ਲੋੜ ਪਿੱਛੇ ਮੁੜ ਕੇ
ਦੇਖਣ ਤੇ ਤੇਰੇ ਬੱਚਿਆਂ ਦੀਆਂ ਚੀਕਾਂ ਚਿਹਾੜਾਂ ’ਚ ਆ ਕੇ ਤੇਰੇ ਨਾਲ ਕੁਝ ਪਲ ਬਿਤਾਉਣ? ਮੈਂ
ਤੇਰੇ ਲਈ ਅਪਣਾ ਕੈਰੀਅਰ ਛੱਡਿਆ ਤਾਂ ਕਿ ਮਾਂ ਤਾਂ ਘਰ ਹੋਵੇ ਜਦੋਂ ਤੂੰ ਸਕੂਲੋਂ ਮੁੜ ਕੇ
ਆਵੇਂ। ਉਂਗਲੀ ਫੜ ਸਕੂਲ ਜਾਣਾ ਤੇ ਛੁੱਟੀ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਜਾ ਖੜੇ ਹੋਣਾ।
ਉਸ ਤੋਂ ਬਾਅਦ ਹੋਮਵਰਕ ਤੇ ਕਿੰਨੀ ਤਰ੍ਹਾਂ ਦੀਆਂ ਬਾਹਰਲੀਆਂ ਗਤੀਵਿਧੀਆਂ... ਮੈਂ ਤੈਨੂੰ
ਚੰਗੀ ਤਰ੍ਹਾਂ ਜਾਣਦੀ ਹਾਂ ਅਵੀ। ਮੇਰੀ ਤਰ੍ਹਾਂ ਇਕੱਲੀ ਮਾਂ ਜਾਂ ਪਤਨੀ ਬਣਨਾ ਤੇਰੇ
ਸੁਪਨਿਆਂ ਦੀ ਮੰਜਿ਼ਲ ਨਹੀਂ ਹੈ”।
ਅਵਨੀਤ ਨੇ ਇੱਕ ਵਾਰ ਤਾਂ ਅੱਖਾਂ ਪਾੜ ਕੇ ਅਪਣੀ ਮਾਂ ਵੱਲ ਦੇਖਿਆ। ਉਹਨੇ ਕਦੇ ਪਹਿਲਾਂ
ਉਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਸੀ ਸੁਣਿਆ।
“ਤੁਹਾਡਾ ਮਤਲਬ, ਡੈਡ ਨੇ ਤੁਹਾਨੂੰ ਕੰਮ ਨ੍ਹੀ ਕਰਨ ਦਿੱਤਾ?”
“ਨਹੀਂ, ਮੈਂ ਕਹਿ ਰਹੀ ਸੀ ਕਿ ਮੈਨੂੰ ਪੁੱਛ ਕੇ ਦੇਖ ਕਿਵੇਂ ਲੱਗਦੈ ਕੈਰੀਅਰ ਤੋਂ ਬਿਨਾਂ
ਜੀਣਾ?”
“ਤਾਂ ਫੇਰ ਤੁਸੀਂ ਮਰਜ਼ੀ ਨਾਲ ਨਹੀਂ ਕੀਤਾ ਜੌਬ?”
“ਹਾਂ, ਪਰ...”
“ਤਾਂ ਕੀ ਮੈਂ ਅਪਣੀ ਮਰਜ਼ੀ ਨ੍ਹੀ ਕਰ ਸਕਦੀ?”
“ਜੇ ਤੂੰ ਮਰਜ਼ੀ ਗਲਤ ਫੈਸਲਿਆਂ ਲਈ ਕਰਨੀ ਐਂ ਤਾਂ ਮੇਰੇ ਤੇ ਡੈਡ ਤੋਂ ਤਾਂ ਕੋਈ ਉਮੀਦ ਨਾ
ਰੱਖੀਂ”
“ਮੈਨੂੰ ਅਫ਼ਸੋਸ ਹੈ ਕਿ ਮੇਰੇ ਕਰਕੇ ਤੁਹਾਡੇ ਸੁਪਨਿਆਂ ਤੇ ਪਾਣੀ ਫਿਰ ਗਿਆ। ਪਰ ਮੈਂ ਕਦੇ
ਵੀ ਅਪਣੇ ਬੱਚਿਆਂ ਨੂੰ ਆਹ ਕੁਝ ਨਹੀਂ ਸੁਣਾਵਾਂਗੀ। ਜੇ ਮੇਰੇ ਵੱਸ ਦੀ ਗੱਲ ਹੁੰਦੀ ਤਾਂ
ਸ਼ਾਇਦ ਮੈਂ ਨਾ ਹੀ ਆਉਂਦੀ ਇਸ ਸੰਸਾਰ ’ਚ...” ਉਹਨੇ ਰੋਂਦੀ ਹੋਈ ਨੇ ਜੈਕਟ ਤੇ ਬੂਟ ਪਾਏ,
ਅਪਣਾ ਬੈਗ ਚੁੱਕਿਆ, ਸਕਾਰਫ਼ ਗਲ ਦੁਆਲੇ ਲਪੇਟਿਆ ਤੇ ਦਰਵਾਜ਼ੇ ਵੱਲ ਨੂੰ ਮੂੰਹ ਕਰ ਲਿਆ।
“ਅਵੀ, ਰੁਕ... ਮੇਰਾ ਮਤਲਬ ਇਹ ਨਹੀਂ ਸੀ... ਨਾਲੇ ਡੈਡ ਨੇ ਮੁੜ ਵੜਨ ਨ੍ਹੀ ਦੇਣਾ ਘਰ ਜੇ
ਤੇਰੇ ਇਹੀ ਚਾਲੇ ਰਹੇ...”
“ਨਹੀਂ, ਨਹੀਂ... ਮੈਂ ਸਭ ਸਮਝ ਗਈ ਹਾਂ। ਹੁਣ ਤੁਸੀਂ ਮੈਨੂੰ ਕੁਝ ਨਾ ਕਹੋ ਕਿ ਮੈਂ ਕਿਵੇਂ
ਰਹਿਣੈ ਤੇ ਕੀਹਦੇ ਨਾਲ ਰਹਿਣੈ... ਨੱਨ ਔਫ਼ ਯੂਅਰ ਬਿਜ਼ਨਸ...”
“ਅਵੀ, ਤੇਰੀਆਂ ਪ੍ਰਾਬਲਮਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੋ ਰਿਹੈ ਸਾਡੇ ਨਾਲ। ਜਿਹੜੇ
ਫ਼ੰਡ ਪੈਸਾ ਬਣਾ ਰਹੇ ਸੀ, ਉਹ ਬਹੁਤ ਹੇਠਾਂ ਆਏ ਪਏ ਨੇ... ਹੁਣ ਤਾਂ ਇਹ ਵੀ ਨਹੀ ਪਤਾ
ਕਿੰਨਾ ਕੁ ਚਿਰ ਆਹ ਵੱਡਾ ਘਰ ਅਸੀਂ ਰੱਖ ਸਕਾਂਗੇ... ਸ਼ਾਇਦ ਕਿਤੇ ਹੋਰ ਛੋਟਾ ਮੋਟਾ ਫ਼ਲੈਟ
ਹੀ ਲੈਣਾ ਪਵੇ... ਡੈਡ ਨੂੰ ਤਾਂ ਰਾਤ ਨੂੰ ਨੀਂਦ ਨ੍ਹੀ ਆਉਂਦੀ। ਪਿੱਛੇ ਜਿਹੇ ਤਾਂ ਹਾਰਟ ਦੀ
ਪ੍ਰਾਬਲਮ ਹੋਈ, ਤੈਨੂੰ ਦੱਸਿਆ ਨ੍ਹੀ ਅਸੀਂ...”
“ਸਟੌਪ ਦ ਇਮੋਸ਼ਨਲ ਬਲੈਕਮੇਲ... ਜਦੋਂ ਮੈਂ ਕਦੇ ਤੁਹਾਨੂੰ ਤੰਗ ਨ੍ਹੀ ਕਰਨਾ ਤਾਂ ਤੁਸੀਂ
ਭੁੱਲ ਜਾਓ ਕਿ ਮੈਂ ਵੀ ਕੋਈ ਸੀ ਕਦੇ ਤੁਹਾਡੀ ਕੁਝ ਲੱਗਦੀ। ਮੈਂ ਤੇ ਸਟੀਵ, ਅਸੀਂ ਤੁਹਾਡੀ
ਹੈਲਪ ਤੋਂ ਬਿਨਾਂ ਰਹਿ ਸਕਦੇ ਹਾਂ...”
ਕਮਰੇ ’ਚੋਂ ਨਿਕਲ ਜਦ ਉਹ ਵੱਡੇ ਦਰਵਾਜ਼ੇ ਵੱਲ ਨੂੰ ਆਈ ਤਾਂ ਡੈਡ ਇੱਕ ਪਾਸੇ ਦਾ ਦਰਵਾਜ਼ਾ
ਖੋਲ੍ਹ ਉਸ ਦੇ ਬਾਹਰ ਨਿਕਲਣ ਲਈ ਹੀ ਖੜੇ ਸਨ। ਡੈਡ ਦਾ ਇਸ ਤਰ੍ਹਾਂ ਕਰਨਾ ਉਸ ਦੇ ਧੁਰ ਅੰਦਰ
ਖੰਜਰ ਵਾਂਗ ਜਾ ਲੱਗਾ ਪਰ ਉਸ ਨੇ ਕਚੀਚੀ ਵੱਟ ਇਹ ਵੀ ਸਹਿ ਲਿਆ।
“ਇੱਕ ਦਿਨ ਤੂੰ ਪਛਤਾਏਂਗੀ ਅਵੀ ਕਿ ਕਿੰਨੀ ਗੁਮਰਾਹ ਹੋ ਗਈ ਤੂੰ ਕਿਸੇ ਤੇ ਬਲਾਈਂਡ ਫੇਥ ਕਰ
ਕੇ...”
ਇੱਕ ਵਾਰ ਤਾਂ ਉਸ ਨੂੰ ਡੈਡੀ ਦੇ ਕਹੇ ਤੇ ਸੋਚਣ ਨੂੰ ਦਿਲ ਕੀਤਾ ਪਰ ਨਾਲ ਦੀ ਨਾਲ ਹੀ ਜੁਆਬ
ਆਇਆ...
“ਡੋਂਟ ਐਵਰ ਐਕਸਪੈਕਟ ਟੂ ਸੀ ਮੀ ਅਗੇਨ... ਔਰ ਯੂਅਰ ਗਰੈਂਡ ਚਿਲਡਰੱਨ...”
ਨਰਿੰਦਰ ਸਿੰਘ ਉਸ ਨੂੰ ਤੁਰੀ ਜਾਂਦੀ ਨੂੰ ਦੂਰ ਤੱਕ ਦੇਖਦਾ ਰਿਹਾ। ਉਹਦੀਆਂ ਅੱਖਾਂ ਦੀ
ਉਦਾਸੀ ਤੇ ਹਾਰ ਦੇ ਅਹਿਸਾਸ ਨੇ ਉਹਨੂੰ ਝੰਜੋੜ ਕੇ ਰੱਖ ਦਿੱਤਾ। ਫੇਰ ਮਨ ਪਿਆਰ ਨਾਲ ਭਰ ਗਿਆ
ਅਪਣੀ ਬੱਚੀ ਦਾ ਬਚਪਨ ਯਾਦ ਕਰ... ਕਿਵੇਂ ਉਹਦੀਆਂ ਬਾਹਾਂ ਨਾਲ ਲਟਕ ਉਹ ਝੂਟੇ ਲੈਂਦੀ...
ਛੋਟੀਆਂ ਛੋਟੀਆਂ ਬਾਹਾਂ ਗਲ ’ਚ ਪਾ ਕਿੰਨੀ ਕਿੰਨੀ ਦੇਰ ਚੁੱਪ ਚਾਪ ਮੋਢੇ ਤੇ ਸਿਰ ਰੱਖੀ
ਛੱਡਦੀ। ਉਹਦੇ ਬੇਬੀ ਪਾਊਡਰ ਦੀ ਖੁਸ਼ਬੂਅ ਜਦੋਂ ਰਾਤ ਨੂੰ ਡੈਡ ਨਾਲ ਸੌਂਦੀ... ਫੇਰ ਜੁਆਨੀ
’ਚ ਪੈਰ ਰੱਖਿਆ – ਘਰ ’ਚ ਗਾਣੇ ਗਾਉਂਦੀ ਫਿਰਦੀ, ਚਿੜੀ ਵਾਂਗ ਟਹਿਕਦੀ, ਮੌਮ ਨਾਲ ਸ਼ੌਪਿੰਗ
ਜਾਂਦੀ ਤੇ ਟਾਈਮ ਸਿਰ ਨਾ ਖਾਣ ਪੀਣ ਦੀ ਜਿ਼ੱਦ ਕਰਦੀ... ਉਹਨਾਂ ਵਿਸਿ਼ਆਂ ਤੇ ਬਹਿਸ ਕਰਦੀ
ਜਿਹਨਾਂ ਦਾ ਉਸ ਨੂੰ ਕੋਈ ਇਲਮ ਨਾ ਹੁੰਦਾ। ਇਨ੍ਹਾਂ ਸਾਲਾਂ ’ਚ ਉਸ ਨੇ ਅਹਿਸਾਸ ਕੀਤਾ ਕਿ ਉਸ
ਅੰਦਰ ਕਿੰਨਾ ਸਬਰ ਦਾ ਮਾਦਾ ਹੈ... ਕਿੰਨਾ ਕੁਝ ਬਰਦਾਸ਼ਤ ਕਰ ਸਕਦਾ ਹੈ ਉਹ ਅਪਣੀ ਔਲਾਦ ਦੇ
ਪਿਆਰ ਵਿੱਚ... ਉਹ ਅਪਣੀ ਧੀ ਦੇ ਸਾਹਾਂ ’ਚ ਸਾਹ ਲੈਂਦਾ ਸੀ... ਇਹ ਪਿਆਰ ਉਹਨੇ ਕਦੇ ਵੀ
ਕਿਸੇ ਹੋਰ ਲਈ ਨਹੀਂ ਸੀ ਮਹਿਸੂਸ ਕੀਤਾ।
ਅਪਣੀ ਪਤਨੀ ਦੇ ਕਦਮਾਂ ਦੀ ਅਵਾਜ਼ ਨਾਲ ਉਹ ਮੁੜਿਆ ਤੇ ਉਸ ਦੇ ਚਿਹਰੇ ਤੇ ਉਮਰਾਂ ਤੋਂ ਲੰਮੀ
ਗੰਭੀਰਤਾ ਉੱਕਰ ਆਈ ਸੀ...
“ਮੈਂ ਹਾਲੇ ਕੋਈ ਗੱਲ ਕਰਨ ਦੀ ਹਾਲਤ ’ਚ ਨਹੀਂ... ਬੱਸ, ਇੰਨਾ ਹੀ ਕਹਾਂਗਾ ਕਿ ਮੈਂ ਉਸ
ਲੱਲੂ ਪੰਜੂ ਨੂੰ ਅਪਣਾ ਜੁਆਈ ਬਣਨ ਦੀ ਇਜਾਜ਼ਤ ਨਹੀਂ ਦੇ ਸਕਦਾ”।
ਅਵਨੀਤ ਕਾਹਲੀ ਕਾਹਲੀ ਕਦਮ ਪੁੱਟਦੀ ਪੁਲ ਪਾਰ ਕਰ ਢਲਾਨ ’ਚ ਬਣੇ ਪਾਰਕ ਤੱਕ ਪਹੁੰਚ ਚੁੱਕੀ
ਸੀ। ਬਜ਼ੁਰਗ ਅਪਣੇ ਕੁੱਤਿਆਂ ਨੂੰ ਸੈਰ ਕਰਾਉਂਦੇ ਘੁੰਮ ਰਹੇ ਸਨ ਉਸ ਪਾਰਕ ’ਚ। ਕੁਝ ਮਾਵਾਂ
ਜਾਂ ਨੈਨੀਆਂ ਬੱਚਿਆਂ ਨੂੰ ਸਟਰੋਲਰਾਂ ’ਚ ਪਾਈ ਸ਼ਾਮ ਦਾ ਨਜ਼ਾਰਾ ਲੈ ਰਹੀਆਂ ਸਨ। ਅਵਨੀਤ
ਉਹਨਾਂ ਦੇ ਵਿੱਚੋਂ ਗੁਜ਼ਰਦੀ ਹਾਲੇ ਵੀ ਹਟਕੋਰਿਆਂ ਤੇ ਕਾਬੂ ਪਾਉਂਦੀ ਤੁਰੀ ਜਾ ਰਹੀ ਸੀ।
ਥੋੜ੍ਹਾ ਅਗਾਂਹ ਜਾ ਉਸ ਦਾ ਦਰੱਖਤ ਆ ਗਿਆ ਜਿਸ ਦੇ ਥੱਲੇ ਬੈਠ ਉਸ ਨੇ ਪਤਾ ਨਹੀਂ ਕਿੰਨੇ ਕੁ
ਟੈਸਟਾਂ ਦੀ ਤਿਆਰੀ ਕੀਤੀ ਸੀ। ਕਿੰਨੇ ਕੁ ਟੈਕਸਟ ਮੈਸੇਜ ਕੀਤੇ ਸਨ... ਉਹਦਾ ਦਿਲ ਤਣੇ ਨੂੰ
ਜੱਫੀ ਪਾ ਧਾਹਾਂ ਮਾਰ ਕੇ ਰੋਣ ਨੂੰ ਕੀਤਾ। ਅੱਖਾਂ ਬੰਦ ਕਰ ਉਹ ਬੈਠ ਗਈ। ਮਨ ’ਚੋਂ ਸਾਰਾ
ਗੁੱਸਾ ਇੱਕ ਪਾਸੇ ਕਰ ਉਸ ਦੀ ਜਗ੍ਹਾ ਤੇ ਬੱਚਿਆਂ ਦੀਆਂ ਅਵਾਜ਼ਾਂ, ਪੁਲ ਹੇਠ ਵਗਦੇ ਦਰਿਆ ਦਾ
ਸ਼ੋਰ ਤੇ ਤਾਜ਼ੇ ਕੱਟੇ ਘਾਹ ਦੀ ਖੁਸ਼ਬੂਅ ਭਰਨ ਦੀ ਕੋਸਿ਼ਸ਼ ਕਰਨ ਲੱਗੀ। ਕੁਝ ਦੇਰ ਬਾਅਦ
ਸਹਿਜ ਹੋ ਕੇ ਉਸ ਨੇ ਸਟੀਵ ਨੂੰ ਫ਼ੋਨ ਕੀਤਾ, ਮਿਲਿਆ ਨਹੀਂ ਉਹ ਪਰ ਮੈਸੇਜ ਛੱਡ ਦਿੱਤਾ।
ਅਪਣੇ ਬੈਗ ’ਚੋਂ ਨੋਟਬੁੱਕ ਕੱਢ ਉਸ ਨੇ ਕੁਝ ਲਿਖ ਅਪਣੇ ਦਿਲ ਦਾ ਭਾਰ ਹਲਕਾ ਕਰਨਾ ਚਾਹਿਆ।
“ਅੱਜ ਜੋ ਕੁਝ ਵੀ ਸਾਡੇ ਘਰ ਹੋਇਆ, ਸ਼ਾਇਦ ਸਮੇਂ ਦੇ ਨਾਲ ਇਹ ਜ਼ਖ਼ਮ ਭਰ ਜਾਵੇ... ਮੌਮ
ਸੋਚਦੇ ਨੇ ਕਿ ਮੈਂ ਹਾਲੇ ਇੰਨੀ ਛੋਟੀ ਹਾਂ ਕਿ ਅਪਣੇ ਫ਼ੈਸਲੇ ਆਪ ਨਹੀਂ ਕਰ ਸਕਦੀ... ਇਹ
ਸੱਚ ਨਹੀਂ ਹੈ। ਅੱਜ ਮੈਂ ਉਹਨਾਂ ਨੂੰ ਇੰਨਾ ਹੀ ਕਿਹਾ ਸੀ ਨਾ ਕਿ ਸਟੀਵ ਨੂੰ ਵੀ ਅਪਣਾ ਲਓ
ਪਰ ਉਹਨਾਂ ਨੇ ਮੈਨੂੰ ਹੀ ਬਾਹਰ ਕਰ ਦਿੱਤਾ। ਹੁਣ ਨਾ ਤਾਂ ਉਹਨਾਂ ਦਾ ਪੈਸਾ ਮੇਰੇ ਲਈ ਹੈ ਤੇ
ਨਾ ਹੀ ਪਿਆਰ। ਸੋਚਦੇ ਨੇ ਕਿ ਐਦਾਂ ਕਰਕੇ ਉਹ ਮੈਨੂੰ ਭੁਲਾ ਲੈਣਗੇ। ਮੈਨੂੰ ਇਹੋ ਜਿਹੇ
ਸਹਾਰੇ ਦੀ ਲੋੜ ਵੀ ਨਹੀਂ... ਜੋ ਵੀ ਜਿ਼ੰਦਗੀ ’ਚ ਹੋਵੇਗਾ, ਮੈਂ ਤੇ ਸਟੀਵ, ਅਸੀਂ ਉਸ ਦਾ
ਸਾਹਮਣਾ ਕਰਾਂਗੇ...” ਹਾਲੇ ਲਿਖ ਹੀ ਰਹੀ ਸੀ ਕਿ ਕਿਸੇ ਦਾ ਕੁੱਤਾ ਰੱਸੀ ਛੁੜਾ ਕੇ ਉਸ ਕੋਲ
ਭੱਜਿਆ ਆਇਆ ਤੇ ਲਾਡ ਕਰਨ ਲੱਗਾ। ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ ਤੇ ਉਸ ਨੇ ਅਪਣਾ ਸਮਾਨ
ਸਮੇਟ ਸਟੇਸ਼ਨ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ।
ਹਨੇਰੇ ਤੋਂ ਥੋੜ੍ਹਾ ਡਰਦੀ ਨੇ ਸਟੇਸ਼ਨ ਨੂੰ ਜਾਂਦੀ ਸਿੱਧੀ ਸੜਕ ਨਾ ਲੈ ਕੇ, ਛੋਟੀ ਜਿਹੀ
ਪਗਡੰਡੀ ਫੜ ਲਈ। ਕਈ ‘ਲਵ ਬਰਡਜ਼’ ਵੀ ਆਪਣੀ ਹੀ ਦੁਨੀਆਂ ’ਚ ਗੁਆਚੇ ਉਸ ਨੂੰ ਰਸਤੇ ’ਚ ਮਿਲੇ
ਪਰ ਅੱਗੇ ਜਾ ਕੇ ਰਸਤਾ ਜਿ਼ਆਦਾ ਸੁੰਨਾ ਜਿਹਾ ਹੋ ਗਿਆ।
ਉਹਨੂੰ ਪਿੱਛੇ ਕਦਮਾਂ ਦੀ ਅਵਾਜ਼ ਆਈ ਜਿਹੜੀ ਨਾ ਤਾਂ ਬਹੁਤੀ ਨੇੜੇ ਸੀ ਤੇ ਨਾ ਹੀ ਦੂਰ।
ਪਿੱਛੇ ਮੁੜ ਕੇ ਦੇਖਣਾ ਚਾਹਿਆ ਪਰ ਹਿੰਮਤ ਨਾ ਪਈ। ਅਪਣੇ ਸਕਾਰਫ਼ ਨੂੰ ਉਹਨੇ ਥੋੜ੍ਹਾ ਢਿੱਲਾ
ਜਿਹਾ ਕੀਤਾ ਤੇ ਦੌੜਣਾ ਸ਼ੁਰੂ ਕਰ ਦਿੱਤਾ।
ਉਹ ਵੀ ਦੌੜਣ ਲੱਗਾ।
ਅਵਨੀਤ ਦੀ ਜ਼ੋਰ ਦੀ ਚੀਕ ਨਿਕਲ ਗਈ ਜਦੋਂ ਉਹਨੂੰ ਫੜ ਕੇ ਸੁੱਟ ਲਿਆ ਗਿਆ। ਸਕਾਰਫ਼ ਨਾਲ
ਉਹਦਾ ਮੂੰਹ ਬੰਨ੍ਹ ਉਹ ਉਹਨੂੰ ਘੜੀਸਦਾ ਦਰੱਖਤਾਂ ਦੇ ਝੁੰਡ ’ਚ ਲੈ ਗਿਆ।
ਜੰਗਲਾਤ ਵਿਭਾਗ ਦਾ ਕਰਮਚਾਰੀ ਡੈਨ ਹੀ ਇੱਕੋ ਇੱਕ ਗਵਾਹ ਸੀ ਜਿਹਨੇ ਉਸ ਨੂੰ ਅਵਨੀਤ ਦਾ
ਪਿੱਛਾ ਕਰਦੇ ਦੇਖਿਆ ਪਰ ਉਹ ਉਸ ਸ਼ਾਮ ਐਨੀ ਕੁ ਸ਼ਰਾਬ ਪੀ ਚੁੱਕਾ ਸੀ ਕਿ ਦੋ ਦਿਨ ਬਾਅਦ ਵੀ
ਉਹ ਮੰਜੇ ਤੋਂ ਨਾ ਉੱਠ ਸਕਿਆ। ਜਦੋਂ ਉਸ ਦੇ ਹੋਸ਼ ਠਿਕਾਣੇ ਆਏ ਤਾਂ ਉਹਨੂੰ ਪਿੱਛਾ ਕਰਨ
ਵਾਲੀ ਗੱਲ ਯਾਦ ਆਈ, ਉਹ ਵੀ ਜਦੋਂ ਟੀ ਵੀ ਤੇ ਇਹ ਖ਼ਬਰ ਬਾਰ ਬਾਰ ਨਸ਼ਰ ਹੋ ਰਹੀ ਸੀ। ਉਸ ਨੇ
ਹਿੰਮਤ ਕਰ ਪੁਲਿਸ ਨੂੰ ਫ਼ੋਨ ਕੀਤਾ।
ਅਵਨੀਤ ਨੂੰ ਬੇਹੋਸ਼ੀ ਦੀ ਹਾਲਤ ’ਚ ਹੈਲੀਕੌਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਜਦੋਂ
ਉਹਨੂੰ ਹੋਸ਼ ਆਇਆ ਤਾਂ ਡਿਟੈਕਟਿਵ ਮੋਰਿਸ ਨੇ ਪੱਚੀ ਮੱਗਸ਼ੌਟਸ ਉਹਦੇ ਸਾਹਮਣੇ ਲਿਆ ਧਰੇ।
ਉਹਦੀ ਉਂਗਲ ਸਿੱਧੀ ਮਾਰਟਿਨ ਫੈਂਗ ਦੀ ਫੋਟੋ ਤੇ ਗਈ।
ਕੋਲ ਬੈਠੇ ਸਟੀਵ ਨੇ ਪੱਟੀਆਂ ’ਚ ਲਪੇਟੀ ਅਵਨੀਤ ਨੂੰ ਸੀਨੇ ਨਾਲ ਲਾ ਕੇ ਘੁੱਟੀ ਰੱਖਿਆ। ਆਲੇ
ਦੁਆਲੇ ਤੋਂ ਬੇਖ਼ਬਰ ਉਹ ਇੰਜ ਮਿਲੇ ਜਿਵੇਂ ਸੱਜਰੇ ਹਾਦਸੇ ਦਾ ਸਾਰਾ ਗ਼ਮ ਇੱਕੋ ਜੱਫੀ ਰਾਹੀਂ
ਪੀ ਜਾਣਾ ਚਾਹੁੰਦੇ ਹੋਣ।
-0-
|