ਫ਼ੋਨ ਦੀ ਘੰਟੀ ਸੁਣ ਮੈਂ
ਤ੍ਰਭਕ ਕੇ ਉੱਠੀ।
“ਹੈਲੋ...” ਬੜੀ ਮੁਸ਼ਕਿਲ ਨਾਲ ਮੇਰੀ ਆਵਾਜ਼ ਨਿਕਲੀ।
“ਹਾਇ, ਮੇ ਆਈ ਸਪੀਕ ਵਿਦ ਮਿਸਜ਼ ਗ੍ਰੀਵਲ?”ਗਰੇਵਾਲ ਤਾਂ ਇਹ ਲੋਕ ਬੋਲ ਹੀ ਨਹੀਂ ਸਕਦੇ
ਸ਼ਾਇਦ।
“ਸਪੀਕਿੰਗ”
“ਮਿਸਜ਼ ਗ੍ਰੀਵਲ, ਆਇ’ਮ ਸਪੀਕਿੰਗ ਫਰੌਮ...” ਟੂਰਿਜ਼ਮ ਦੇ ਕਿਸੇ ਗਰੁੱਪ ’ਚੋਂ ਦੱਸ ਰਹੀ ਸੀ
ਕਿ ਲੌਟਰੀ ਰਾਹੀਂ ਮੇਰਾ ਨਾਂ ਮੈਕਸੀਕੋ ’ਚ ਦੋ ਦਿਨ ਤੇ ਦੋ ਰਾਤਾਂ ਰਹਿਣ ਲਈ ਚੁਣ ਲਿਆ ਗਿਆ
ਹੈ ਪਰ ਪੂਰੀ ਗੱਲ ਮੈਨੂੰ ਸਮਝ ਨਹੀਂ ਪੈ ਰਹੀ ਸੀ।
“ਐਕਸਿਊਜ਼ ਮੀ... ਐਕਸਿਊਜ਼ ਮੀ” ਮੈਂ ਉਸ ਨੂੰ ਟੋਕਦਿਆਂ ਕਿਹਾ, “ਟਾਈਮ ਪਤੈ ਕੀ ਹੋਇਐ?”
“ਇਟ ’ਸ ਫਾਈਵ ਟਵੈਂਟੀ”
“ਅਰਲੀ ਮੌਰਨਿੰਗ... ਇਜ਼ ਦਿਸ ਅ ਟਾਇਮ ਟੂ ਕਾਲ ਸਮਬਡੀ?” ਮੈਂ ਗੁੱਸੇ ’ਚ ਫ਼ੋਨ ਬੰਦ ਕਰ
ਦਿੱਤਾ।
“ਹੈਂ, ਸਵੇਰੇ ਸਵੇਰੇ ਮੂੰਹ ਹਨੇਰੇ, ਇਹ ਟੈਲੀਮਾਰਕੀਟਿੰਗ ਵਾਲੇ... ਕੌਣ ਸਮਝਾਏ ਇਹਨਾਂ
ਨੂੰ... ਕਿਸੇ ਵੀ ਵਕਤ ਫ਼ੋਨ ਖੜਕਾ ਦਿੰਦੇ ਨੇ” ਬੁੜਬੁੜ ਕਰਦੀ ਨੇ ਫ਼ੋਨ ਪਟਕਾ ਕੇ ਰੱਖਿਆ
ਤੇ ਰਜਾਈ ਲੈ ਪਈ ਰਹੀ। ਗਰਦਨ ਤੇ ਹੱਥ ਲਾਇਆ, ਪਸੀਨੇ ਨਾਲ ਭਰੀ ਪਈ ਸੀ।
“ਮਾਈਨਸ ਪੰਦਰਾਂ ਡਿਗਰੀ ਸੈਲਸੀਅਸ ਵਿੱਚ ਵੀ ਪਸੀਨਾ?” ਬੁੜਬੁੜਾਉਂਦੀ ਨੇ ਖਿੜਕੀ ’ਚੋਂ ਬਾਹਰ
ਨਜ਼ਰ ਮਾਰੀ, ਹਨੇਰਾ ਜਿਹਾ ਹੀ ਦਿਸਿਆ। ਕੁਝ ਦੇਰ ਬਾਅਦ ਅਹਿਸਾਸ ਹੋਇਆ ਕਿ ਵਕਤ ਸਵੇਰੇ ਮੂੰਹ
ਹਨੇਰੇ ਦਾ ਨਹੀਂ, ਸ਼ਾਮ ਦਾ ਸੀ। ਆਪਣੇ ਆਪ ਤੇ ਸ਼ਰਮ ਆਈ ਕਿ ਉਹ ਫ਼ੋਨ ਕਰਨ ਵਾਲੀ ਕੀ ਸੋਚਦੀ
ਹੋਵੇਗੀ ਮੇਰੇ ਬਾਰੇ। ਫਿੱਕੀ ਜਿਹੀ ਸ਼ਰਮਿੰਦਗੀ ਭਰੀ ਮੁਸਕਾਨ ਮੇਰੇ ਚਿਹਰੇ ਤੇ ਆ ਗਈ।
ਜਿਸ ਸੁਪਨੇ ’ਚੋਂ ਫ਼ੋਨ ਨੇ ਮੈਨੂੰ ਜਗਾਇਆ, ਲੱਗਦੈ ਜਿਵੇਂ ਹੁਣ ਵੀ ਮੇਰੇ ਨਾਲ ਹੀ ਚੱਲ
ਰਿਹਾ ਹੋਵੇ। ਉਸ ’ਚੋਂ ਬਾਹਰ ਨਿਕਲਣ ਦੀ ਨਾਕਾਮ ਕੋਸਿ਼ਸ਼ ਨੇ ਪਰੇਸ਼ਾਨੀ ਤੇ ਸਿਰਦਰਦ ਦਿੱਤੀ
ਹੋਈ ਹੈ।
ਕੀ ਦੇਖਦੀ ਹਾਂ... ਕਿਲ੍ਹੇ ਵਾਂਗ ਦੂਰ ਤੱਕ ਫੈਲੀਆਂ ਸੁੱਕੀਆਂ ਜਿਹੀਆਂ ਪਹਾੜੀਆਂ ਤੇ
ਵਿੱਚੋਂ ਲੰਘਦੀ ਇੱਕ ਸੁੰਨਸਾਨ ਸੜਕ। ਬੱਸ ’ਚ ਬੈਠੀ ਸੋਚ ਰਹੀ ਸਾਂ ਸਾਰੇ ਇਲਾਕੇ ਦੇ ਬਦਲਦੇ
ਰੂਪ ਦਾ। ਕਦੇ ਪਾਣੀ ਨਾਲ ਠਾਠਾਂ ਮਾਰਦਾ ਘੱਗਰ ਦਰਿਆ ਅੱਜ ਸਿਰਫ਼ ਕਿਨਾਰਿਆਂ ਕੋਲ ਛੋਟੀਆਂ
ਜਿਹੀਆਂ ਨਦੀਆਂ ਦੇ ਰੂਪ ’ਚ ਵਹਿ ਰਿਹਾ ਸੀ। ਅਹਿਸਾਸ ਦੇ ਰਿਹਾ ਸੀ ਕਿ ਕਦੀ ਹੜ੍ਹ ਨਾਲ
ਤਬਾਹੀ ਲਿਆਉਣ ਵਾਲੇ ਦਰਿਆ ਵੀ ਸੁੱਕ ਜਾਂਦੇ ਨੇ, ਮੁੱਕ ਜਾਂਦੇ ਨੇ...
ਘੱਗਰ ਦੇ ਪੁਲ ਦੇ ਖ਼ਤਮ ਹੋਣ ਤੇ ਸੁੱਕੀਆਂ ਪਹਾੜੀਆਂ ਵਿੱਚੋਂ ਲੰਘਦੀ ਸੜਕ ਜਿਸ ਨੂੰ ਕਾਲਜ
ਵੇਲੇ ਅਸੀਂ ਦੱਰਾ ਖ਼ੈਬਰ ਦਾ ਛੋਟਾ ਜਿਹਾ ਨਮੂਨਾ ਕਹਿੰਦੀਆਂ ਸਾਂ। ਗੁਰਦੁਆਰਾ ਨਾਢਾ ਸਾਹਿਬ
ਕੋਲੋਂ ਲੰਘਦਿਆਂ ਪੁਰਾਣੇ ਸਮੇਂ ਦੀ ਯਾਦ ਆਈ। ਉਸ ਛੋਟੇ ਜਿਹੇ ਇਤਿਹਾਸਕ ਗੁਰਦੁਆਰੇ ਦੇ
ਦਰਸ਼ਨ ਨਾਲ ਹਵਾ ’ਚ ਪਵਿੱਤਰ ਲਹਿਰਾਂ ਵਹਿੰਦੀਆਂ ਸਾਡੇ ਮਨ ਵਿੱਚ ਵੀ ਸ਼ਾਂਤੀ ਭਰ ਦਿੰਦੀਆਂ
ਸਨ ਪਰ ਅੱਜ... ਗੁਰਦੁਆਰਿਆਂ ਦੇ ਉੱਚੇ ਸੁਨਹਿਰੀ ਗੁੰਬਦ, ਸੰਗਮਰਮਰ ਦੇ ਫ਼ਰਸ਼ ਤੇ ਹੋਰ ਵੀ
ਬਹੁਤ ਕੁਝ ਧਰਮ ਦੇ ਕਮਰਸ਼ੀਅਲ ਹੋਈ ਜਾਣ ਦੀ ਝਲਕ ਪਾਉਂਦੇ ਨੇ।
ਮੈਂ ਤਾਂ ਹੁਣ ਵੀ ਮੋਰਨੀ ਹਿੱਲਜ਼ ਜਾਣ ਵਾਲੀ ਬੱਸ ’ਚ ਮਿਲਦੇ ਝਟਕੇ ਮਹਿਸੂਸ ਕਰ ਰਹੀ ਹਾਂ,
ਪਰ ਸਭ ਤੋਂ ਵੱਧ ਡਰਾਉਂਦਾ ਹੈ ਉਸ ਤੋਂ ਬਾਅਦ ਦਾ ਭਿਆਨਕ ਸਫ਼ਰ...
ਸੜਕ ਦੇ ਇੱਕ ਮੋੜ ਤੇ ਬੱਸ ਰੋਕਣ ਲਈ ਜਦੋਂ ਬੱਸ ਡਰਾਈਵਰ ਨੂੰ ਕਿਹਾ, ਉਹ ਹੈਰਾਨ ਪਰੇਸ਼ਾਨ
ਜਿਹਾ ਮੇਰੇ ਵੱਲ ਘੂਰੀ ਪਾ ਦੇਖਣ ਲੱਗਾ, ਫਿਰ ਹੱਥ ਨਾਲ ਬਾਹਰ ਵੱਲ ਇਸ਼ਾਰਾ ਕਰਦਾ ਬੋਲਿਆ,
“ਐਥੇ?”
“ਜੀ ਹਾਂ, ਐਥੇ... ਐਥੋਂ ਈ ਤਾਂ ਦੂਸਰੀ ਬੱਸ ਲਵਾਂਗੀ” ਮੈਂ ਉਹਦੇ ਹੀ ਲਹਿਜ਼ੇ ’ਚ ਬੋਲਦਿਆਂ
ਜੁਆਬ ਦਿੱਤਾ। ਬੱਸ ’ਚ ਬੈਠੇ ਗੱਲਾਂ ਕਰਦੇ ਹੋਰ ਮੁਸਾਫਿ਼ਰ ਇਕਦਮ ਚੁੱਪ ਹੋ, ਮੇਰਾ ਜੁਆਬ
ਸੁਣ ਮੇਰੇ ਵੱਲ ਗਹੁ ਨਾਲ ਦੇਖਣ ਲੱਗੇ।
“ਪਰ ਐਥੇ... ਐਥੇ ਕਿਹੜੀ ਬੱਸ?” ਡਰਾਈਵਰ ਨੇ ਫੇਰ ਪੁੱਛਿਆ।
“ਮੈਂ ਐਥੇ ਨਵੀਂ ਨਹੀਂ, ਪਹਿਲਾਂ ਵੀ ਆਈ ਹੋਈ ਆਂ” ਮੇਰੇ ਕਹਿਣ ’ਤੇ ਉਸ ਨੇ ਨਾਂਹ ’ਚ ਸਿਰ
ਮਾਰਦੇ ਨੇ ਬੱਸ ਰੋਕੀ ਤੇ ਮੈਂ ਬੜੇ ਹੀ ਆਤਮ ਵਿਸ਼ਵਾਸ ਨਾਲ ਹੇਠਾਂ ਉੱਤਰੀ।
ਮੈਨੂੰ ਐਨਾ ਯਾਦ ਸੀ ਕਿ ਇਸੇ ਮੋੜ ਤੇ ਪੌਣੇ ਘੰਟੇ ਬਾਅਦ ਦੂਸਰੀ ਬੱਸ ਨੇ ਆਉਣਾ ਐ। ਮੈਂ ਸੜਕ
ਦੇ ਆਲੇ ਦੁਆਲੇ ਕੋਈ ਦਰੱਖਤ ਲੱਭਣ ਲਈ ਨਜ਼ਰ ਦੌੜਾਈ ਜਿਸ ਹੇਠ ਮੈਂ ਖੜ੍ਹ ਸਕਾਂ ਜਾਂ ਸ਼ਾਇਦ
ਬੈਠਣ ਲਈ ਕੋਈ ਪੱਥਰ ਹੀ ਲੱਭ ਪਵੇ ਪਰ ਕਿੱਥੇ? ਆਪਣਾ ਅਟੈਚੀ ਰੱਖ ਮੈਂ ਉਸ ਉੱਪਰ ਹੀ ਬੈਠ ਗਈ
‘ਕਿੰਨਾ ਬਦਲ ਗਿਆ ਹੈ ਇਹ ਇਲਾਕਾ’। ਪਹਾੜੀਆਂ ਵਿੱਚ ਥਾਂ ਥਾਂ ਤੇ ਮੋਰੀਆਂ ਹੋਈਆਂ ਦਿਸੀਆਂ
ਜਿਵੇਂ ਪੰਛੀ ਜਾਂ ਕੀੜੇ ਮਕੌੜੇ ਰਹਿੰਦੇ ਹੋਣ। ਇੱਕ ਵੀ ਹਰਾ ਦਰੱਖਤ ਨਜ਼ਰ ਨਹੀਂ ਸੀ ਆ
ਰਿਹਾ। ਵਕਤ ਲੰਘਾਉਣ ਲਈ ਇੱਕ ਨਾਵਲ ਕੱਢ ਪੜ੍ਹਣ ਬੈਠ ਗਈ। ਪੌਣਾ ਘੰਟਾ ਤਾਂ ਕੀ, ਦੋ ਘੰਟੇ
ਹੋ ਚੁੱਕੇ ਸਨ ਮੈਨੂੰ ਉੱਥੇ ਬੈਠਿਆਂ ਜਦੋਂ ਬੱਸ ਦਾ ਹੌਰਨ ਸੁਣਿਆ ਪਰ ਉਹ ਤਾਂ ਦੂਰ ਕਿਸੇ
ਹੋਰ ਪਾਸੇ ਨੂੰ ਜਾ ਰਹੀ ਸੀ। ਹੁਣ ਮੈਨੂੰ ਸਮਝ ਆਈ ਕਿ ਡਰਾਈਵਰ ਕਿਉਂ ਪਰੇਸ਼ਾਨ ਹੋਇਆ ਸੀ।
ਮੈਂ ਗਲਤ ਮੋੜ ਤੇ ਉੱਤਰ ਰਹੀ ਸਾਂ। ਇਹ ਨਾ ਸਮਝ ਸਕੀ ਕਿ ਐਨੇ ਸਾਲਾਂ ’ਚ ਕਿੰਨਾ ਕੁਝ ਬਦਲ
ਚੁੱਕਾ ਸੀ। ਜੇ ਕਿਤੇ ਬੱਸ ’ਚੋਂ ਉਤਰਨ ਤੋਂ ਪਹਿਲਾਂ ਹੀ ਦੇਖ ਲੈਂਦੀ ਕਿ ਨਾ ਤਾਂ ਉਥੇ ਉਹ
ਖੋਖਾ ਸੀ, ਨਾ ਹੀ ਉਹ ਟੁੱਟਾ ਜਿਹਾ ਹੈਂਡਪੰਪ ਤੇ ਨਾ ਹੀ ਕੇਲਿਆਂ ਵਾਲੇ ਦੀ ਰੇੜ੍ਹੀ... ਬੱਸ
ਸਟੌਪ ਦੀਆਂ ਪੱਕੀਆਂ ਨਿਸ਼ਾਨਦੇਹੀਆਂ...
“ਲੈ ਲਿਆ ਸੁਆਦ ਬਹੁਤੀ ਜਾਣਕਾਰੀ ਦਾ... ਬਹੁਤੀ ਸਿਆਣੀ ਬਣਨ ਦਾ... ਆਪਹੁਦਰੀ! ਜੇ ਡਰਾਈਵਰ
ਦੀ ਪੂਰੀ ਗੱਲ ਸੁਣ ਲੈਂਦੀ ਤਾਂ ਇਹ ਹਾਲ ਨਾ ਹੁੰਦਾ। ਲੈ, ਹੁਣ ਬੱਸ ਪਤਾ ਨਹੀਂ ਕਦੋਂ
ਆਏਗੀ... ਉਸ ਸੜਕ ਤੱਕ ਪਹੁੰਚਣ ’ਚ ਵੀ ਘੰਟਾ ਤਾਂ ਲੱਗ ਈ ਜਾਏਗਾ ਪਰ ਜੇ ਉੱਥੇ ਦੀ ਜਗ੍ਹਾ
ਬੱਸ ਇਸੇ ਸੜਕ ਤੇ ਆ ਗਈ, ਫੇਰ?” ਆਪਣੇ ਆਪ ਨੂੰ ਲਾਹਨਤਾਂ ਪਾਉਂਦੀ, ਖਿਝਦੀ ਨੇ ਫੈਸਲਾ ਕੀਤਾ
ਕਿ ਜਿੱਥੇ ਦੋਵੇਂ ਸੜਕਾਂ ਮਿਲਦੀਆਂ ਨੇ, ਉੱਥੇ ਤੱਕ ਤਾਂ ਤੁਰਨਾ ਈ ਪੈਣਾ ਐ। ਜਿੱਥੇ ਤੱਕ
ਨਜ਼ਰ ਜਾਏ ਖਾਲੀ ਸੁੰਨਸਾਨ ਸੜਕ ਤੇ ਮੈਂ ਇਕੱਲੀ। ਝਾੜੀਆਂ ਦੀ ਓਟ ’ਚ ਥੋੜ੍ਹੀ ਉੱਚੀ ਜਿਹੀ
ਥੜ੍ਹੇ ਵਰਗੀ ਥਾਂ ਦਿਸੀ, ਸੋਚਿਆ ਉਸ ਤੇ ਚੜ੍ਹ ਦੂਰ ਤੱਕ ਦੇਖਾਂ ਤਾਂ ਸਹੀ। ਸੜਕ ਤੋਂ ਉੱਤਰ
ਕੱਚੇ ਤੇ ਤੁਰਨ ਲੱਗੀ। ਹਾਲੇ ਝਾੜੀਆਂ ਤੱਕ ਪਹੁੰਚੀ ਵੀ ਨਹੀਂ ਸੀ ਜਦੋਂ ਮੇਰੇ ਪੈਰਾਂ ਹੇਠ
ਜ਼ਮੀਨ ਖਿਸਕਦੀ ਲੱਗੀ। ਮੇਰਾ ਤਾਂ ਜਿਵੇਂ ਤ੍ਰਾਹ ਈ ਨਿਕਲ ਗਿਆ। ਕੀ ਦੇਖਦੀ ਹਾਂ... ਹੇਠਾਂ
ਸਿਓਂਕ ਦਾ ਭੌਣ...
ਫਟਾਫਟ ਪੈਰ ਚੁੱਕ, ਮਸੀਂ ਬਚੀ ਮੈਂ। ਸਮਝ ਨਹੀਂ ਆ ਰਹੀ ਸੀ, ਕੀ ਕਰਾਂ। ਹੁਣ ਆਰਾਮ ਨਾਲ ਖੜ,
ਆਲੇ ਦੁਆਲੇ ਦੇ ਦਰੱਖਤਾਂ ਨੂੰ ਘੋਖਣ ਵਾਲੀ ਨਜ਼ਰ ਨਾਲ ਦੇਖਿਆ। ਤਕਰੀਬਨ ਸਭ ਪਾਸੇ ਸਿਓਂਕ ਦਾ
ਰਾਜ ਦਿਸਦਾ ਸੀ। ਯਾਦ ਆਇਆ ਚੰਡੀਗੜ੍ਹ ਵਾਲਾ ਘਰ ਜਿਸ ਵਿੱਚ ਅਸੀਂ ਟੀਕ ਦੀ ਲੱਕੜ ਹੀ ਵਰਤੀ
ਸੀ ਕਿਉਂਕਿ ਕਹਿੰਦੇ ਸਨ ਕਿ ਜ਼ਮੀਨ ਹੇਠ ਉਸ ਇਲਾਕੇ ’ਚ ਸਿਓਂਕ ਰਾਣੀ ਦਾ ਜ਼ੋਰ ਸੀ। ਇੱਕ
ਅਲਮਾਰੀ ਦੀ ਚੁਗਾਠ ਲਈ ਟੀਕ ਘਟ ਗਈ ਤਾਂ ਠੇਕੇਦਾਰ ਨੇ ਕੋਈ ਹੋਰ ਲੱਕੜ ਲਗਾ ਦਿੱਤੀ। ਜਿਸ
’ਚੋਂ ਕੁਝ ਸਾਲਾਂ ਬਾਅਦ ਉਸ ਕਮਰੇ ’ਚ ਰਹਿਣ ਵਾਲਾ ਨਾਈਜੀਰੀਅਨ ਕਿਰਾਏਦਾਰ ਰਾਤ ਦੀ ਚੁੱਪ
ਵਕਤ ਟੱਕ, ਟੱਕ... ਤਿੜ ਤਿੜ ਕਰਦੀ ਸਿਓਂਕ ਦੀ ਮੱਧਮ ਜਿਹੀ ਆਵਾਜ਼ ਸੁਣਦਾ।
“ਸਿੱਸ, ਕਮ ਹਿਅਰ... ਆਈ ਵਾਂਟ ਟੂ ਸ਼ੋਅ ਯੂ ਸਮਥਿੰਗ” ਇੱਕ ਰਾਤ ਉਸ ਮੈਨੂੰ ਆਵਾਜ਼ ਦਿੱਤੀ।
“ਯੈੱਸ ਜੌਹਨ, ਵੱਟ’ਸ ਇਟ?”
“ਜਸਟ ਲਿੱਸਨ”, ਉਸ ਨੇ ਮੂੰਹ ਤੇ ਉਂਗਲੀ ਰੱਖ ਮੈਨੂੰ ਚੁੱਪ ਕਰ ਕੇ ਸੁਣਨ ਲਈ ਇਸ਼ਾਰਾ ਕੀਤਾ।
ਅਸੀਂ ਦੋਵੇਂ ਕੁਝ ਦੇਰ ਸੁਣਦੇ ਰਹੇ ਉਹ ਟੱਕ, ਟੱਕ... ਤਿੜ ਤਿੜ ਦੀ ਆਵਾਜ਼। ਮੈਂ ਹੈਰਾਨ ਹੋ
ਉਸ ਵੱਲ ਦੇਖ ਰਹੀ ਸਾਂ ਕਿਉਂਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਆਵਾਜ਼ ਕਿਉਂ ਆ ਰਹੀ
ਹੈ। ਮੈਂ ਹੱਥ ਨਾਲ ਇਸ਼ਾਰਾ ਕਰਦਿਆਂ ਹੌਲੀ ਜਿਹੀ ਬੋਲੀ, “ਇਹ ਕਿਸ ਦੀ ਆਵਾਜ਼ ਹੋ ਸਕਦੀ
ਹੈ?”
“ਵ੍ਹਾਈਟ ਐਂਟਸ”, ਉਸ ਨੇ ਅੱਖਾਂ ਨੂੰ ਪੂਰੀਆਂ ਖੋਲ੍ਹ ਖਤਰੇ ਵਾਲੀ ਗੱਲ ਦਾ ਅਹਿਸਾਸ ਦੁਆਇਆ।
ਸ਼ੁਕਰ ਐ ਕਿ ਸਾਰੇ ਘਰ ਦੇ ਫ਼ਰਸ਼ ਵਿੱਚ ਮੋਰੀਆਂ ਕਰ ਕੇ ਦੁਆਈ ਪੁਆਉਣ ਅਤੇ ਉਸ ਚੁਗਾਠ ਨੂੰ
ਬਦਲਾਉਣ ਤੋਂ ਬਾਅਦ ਮੁੜ ਉਹ ਆਵਾਜ਼ ਨਹੀਂ ਸੁਣੀ।
ਹੁਣ ਮੈਨੂੰ ਉਨ੍ਹਾਂ ਹੀ ‘ਵਾੲ੍ਹੀਟ ਐਂਟਸ’ ਦੇ ਚੰਗੁਲ ’ਚ ਫਸਣ ਦਾ ਅਹਿਸਾਸ ਹੋ ਰਿਹਾ ਸੀ।
ਡਰ ਵੀ ਸੀ ਕਿ ਜੇ ਹੋਰ ਕੋਈ ਬੱਸ ਅੱਜ ਆਉਣੀ ਹੀ ਨਾ ਹੋਈ ਤਾਂ ਇਸ ਸੁੰਨਸਾਨ ਅਤੇ ਸੁੱਕੇ ਸੜੇ
ਦਰੱਖਤਾਂ ਵਾਲੀ ਜ਼ਮੀਨ ’ਤੇ ਸਿਓਂਕ ਦੀ ਮਹਾਰਾਣੀ ਦੇ ਰਹਿਮੋ ਕਰਮ ਤੇ ਹੀ ਹੋਵਾਂਗੀ। ਮੈਂ
ਪੈਰ ਚੁੱਕ ਚੁੱਕ ਇੰਜ ਝਾੜਦੀ ਜਿਵੇਂ ਮੇਰੇ ਪੈਰਾਂ ਤੇ ਸਿਓਂਕ ਦੇ ਦਲ ਨੇ ਹੱਲਾ ਬੋਲ ਦਿੱਤਾ
ਹੋਵੇ। ਆਪਣਾ ਅੰਤ ਹੁਣ ਨੇੜੇ ਆਉਂਦਾ ਲੱਗਾ। ਮੈਂ ਤੁਰੀ ਵੀ ਜਾਂਦੀ ਤੇ ਬੋਲੀ ਵੀ ਜਾਂਦੀ,
“ਸੱਚ ਹੀ ਕਹਿੰਦੇ ਨੇ ਬਈ ਬੰਦਾ ਆਪਣੇ ਅੰਤ ਕੋਲ ਖ਼ੁਦ ਜਾ ਪਹੁੰਚਦਾ ਹੈ... ਲੈ ਆ ਗਈ ਓਹੀ
ਥਾਂ ਜਿੱਥੇ...”
‘ਭਲਾ ਹੋਵੇ ਉਸ ਟੈਲੀਮਾਰਕੀਟਿੰਗ ਵਾਲੀ ਔਰਤ ਦਾ ਜਿਸ ਨੇ ਮੈਨੂੰ ਉਸ ਭਿਆਨਕ ਸੁਪਨੇ ’ਚੋਂ
ਕੱਢ ਲਿਆ’ ਸੋਚਦੀ ਮੈਂ ਬਿਸਤਰੇ ’ਚੋਂ ਉੱਠੀ। ਜ਼ਮੀਨ ਤੇ ਪੈਰ ਧਰਦਿਆਂ ਹੁਣ ਵੀ ਮੈਨੂੰ
ਜ਼ਮੀਨ ਪੋਲੀ ਜਿਹੀ, ਸਿਓਂਕ ਖਾਧੀ ਮਹਿਸੂਸ ਹੋ ਰਹੀ ਸੀ। ਪਾਣੀ ਦਾ ਘੁੱਟ ਪੀ ਰੱਬ ਦਾ
ਸ਼ੁਕਰੀਆ ਕੀਤਾ ਕਿ ਇਹ ਸੁਪਨਾ ਹੀ ਸੀ। ਚਾਹ ਦਾ ਪਾਣੀ ਰੱਖਦਿਆਂ ਵੀ ਸੋਚਦੀ ਰਹੀ ਕਿ ਇਸ
ਸੁਪਨੇ ਦਾ ਸਬੱਬ ਕੀ ਹੋ ਸਕਦਾ ਹੈ? ਸੌਣ ਤੋਂ ਪਹਿਲਾਂ ਭਲਾ ਮੈਂ ਕੀ ਸੋਚ ਰਹੀ ਸੀ, ਕਰ ਕੀ
ਰਹੀ ਸੀ?
ਯਾਦ ਆਇਆ ਕਿ ਚਾਰ ਫਰਵਰੀ ਨੂੰ ਵਰਲਡ ਕੈਂਸਰ ਡੇਅ ਹੈ, ਉਸੇ ਬਾਰੇ ਲਿਖਣ ਦਾ ਸੋਚਦੀ ਸੋਚਦੀ
ਦੀ ਤਾਂ ਅੱਖ ਲੱਗ ਗਈ ਸੀ। ਹੋ ਸਕਦੈ ਸੁਪਨੇ ’ਚ ਦਿਸਦੀ ਸਿਓਂਕ ਸਰੀਰਾਂ ’ਚ ਪਣਪਦੇ, ਫੈਲਦੇ
ਕੈਂਸਰ ਵੱਲ ਹੀ ਇਸ਼ਾਰਾ ਹੋਵੇ।
ਕੈਨੇਡਾ ਵਿੱਚ ਆ ਕੇ ਜਦੋਂ ਬੱਚਿਆਂ ਨੂੰ ਵੌਲੰਟੀਅਰ ਕਰਦਿਆਂ ਦੇਖਦੀ, ਮੇਰਾ ਵੀ ਦਿਲ ਕਰਦਾ
ਜੇ ਕਿਤੇ ਕਿਸੇ ਦੇ ਕੰਮ ਆ ਸਕਾਂ। ਮੈਂ ਫਰੈਂਡਲੀ ਵਿਜਿ਼ਟ ਲਈ ਬਿਮਾਰਾਂ ਦੇ, ਬਜ਼ੁਰਗਾਂ ਦੇ
ਘਰਾਂ ’ਚ ਜਾਂਦੀ ਰਹੀ ਹਾਂ। ਅਸੀਂ ਸਿਰਫ਼ ਉਨ੍ਹਾਂ ਨਾਲ ਦੋ ਕੁ ਘੰਟੇ ਗੱਲ ਬਾਤ ’ਚ ਕੁਝ
ਉਨ੍ਹਾਂ ਦੀਆਂ ਸੁਣਦੇ ਤੇ, ਕੁਝ ਪੜ੍ਹ ਕੇ ਸੁਣਾ ਆਉਂਦੇ। ਫਿਰ ਹਸਪਤਾਲ ਜਾਣ ਲੱਗ ਪਈ ਜਿੱਥੇ
ਕੈਂਸਰ ਦੇ ਮਰੀਜ਼ ਸਨ ਜਿਨ੍ਹਾਂ ਨਾਲ ਥੋੜ੍ਹਾ ਵਕਤ ਖੁਸ਼ੀ ਸਾਂਝੀ ਕਰ ਆਉਂਦੀ ਸਾਂ। ਕਿਸੇ
ਨੂੰ ਪੈਂਕਰੀਆਜ਼ ਦਾ, ਕਿਸੇ ਨੂੰ ਛਾਤੀ ਦਾ ਅਤੇ ਕਿਸੇ ਦੇ ਫੇਫੜਿਆਂ ਦਾ ਜਾਂ ਫਿਰ ਮੂੰਹ
ਅੰਦਰ ਕੈਂਸਰ... ਦਰਦ ਹੀ ਦਰਦ... ਕੀਮੋਥਿਰੈਪੀ ਨਾਲ ਝੜਦੇ ਵਾਲ... ਬਾਕੀ ਤਕਲੀਫ਼ਾਂ ਨਾਲ
ਅੱਖਾਂ ਦਾ ਖਾਲੀਪਨ ਦੇਖਣਾ ਬਹੁਤ ਦੁਖਦਾਈ ਲੱਗਦਾ, ਉਨ੍ਹਾਂ ਨੂੰ ਪਤਾ ਨਹੀਂ ਕਿੰਨੀ ਦਰਦ
’ਚੋਂ ਲੰਘਣਾ ਪੈਂਦਾ ਹੋਵੇਗਾ ਜਿਸ ਦਾ ਸ਼ਾਇਦ ਅਸੀਂ ਅਹਿਸਾਸ ਕਰ ਹੀ ਨਹੀਂ ਸਕਦੇ...
ਪਰ ਕੋਸਿ਼ਸ਼ ਹੁੰਦੀ, ਕੁਝ ਦੇਰ ਲਈ ਹੀ ਸਹੀ, ਉਸ ਦਰਦ ਤੋਂ, ਉਸ ਤਕਲੀਫ਼ ਦੇ ਅਹਿਸਾਸ ਤੋਂ
ਨਿਜਾਤ ਦੁਆਉਣਾ ਤੇ ਉਨ੍ਹਾਂ ਦੇ ਚਿਹਰਿਆਂ ਤੇ ਖੇੜਾ ਦੇਖਣਾ।
ਉਹਨਾਂ ਦਿਨਾਂ ਵਿੱਚ ਹੀ ਹਸਪਤਾਲ ’ਚ ਉਹ ਟੀਚਰ ਨਜ਼ਰ ਆਈ ਜਿਸ ਨੂੰ ਮੈਂ ਕੁਝ ਸਾਲਾਂ ਤੋਂ
ਸਕੂਲ ਦੇ ਬਾਹਰ “ਹੈਲੋ, ਹਾਓ ਆਰ ਯੂ” ਕਹਿੰਦੀ ਰਹੀ ਸਾਂ। ਇੱਕ ਬੱਚੇ ਦੀ ਬੇਬੀ ਸਿਟਿੰਗ
ਕਰਦਿਆਂ ਮੈਂ ਉਸ ਨੂੰ ਸਕੂਲ ਛੱਡ ਆਉਂਦੀ ਤੇ ਲੈ ਵੀ ਆਉਂਦੀ। ਛੁੱਟੀ ਵਕਤ ਸਕੂਲ ਦੇ ਸਾਹਮਣੇ
ਬੱਸ ਸਟੌਪ ਤੇ ਖੜੀ ਉਹ ਟੀਚਰ ਮਿਲਦੀ ਸੀ, ਹਮੇਸ਼ਾਂ ਮੁਸਕਰਾਉਂਦਾ ਤੇ ਸ਼ਾਂਤ ਜਿਹਾ ਚਿਹਰਾ।
ਪਰ ਹੁਣ ਉਹ ਬਹੁਤ ਹੀ ਕਮਜ਼ੋਰ ਜਿਹੀ ਲੱਗੀ। ਜਦ ਮਿਲੀ ਤਾਂ ਪਤਾ ਲੱਗਾ ਕਿ ਉਹ ਮੁਸਕਰਾਉਂਦੀ
ਔਰਤ ਸੀ ਹੁਣ ਓਵੇਰੀਅਨ ਕੈਂਸਰ ਦੀ ਮਰੀਜ਼...
ਉਸ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਜਿ਼ੰਦਗੀ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ।
ਉਸ ਦੇ ਵਾਲ ਤਕਰੀਬਨ ਸਾਰੇ ਹੀ ਝੜ ਗਏ ਸਨ। ਮੈਂ ਉਸ ਨੂੰ ਮਿਲਦੀ, ਉਹ ਜਿੰਨੀ ਮਰਜ਼ੀ ਔਖੀ
ਹੋਵੇ, ਮੁਸਕਰਾਉਣ ਦਾ ਯਤਨ ਕਰਦੀ, ਕਿਸੇ ਨਾ ਕਿਸੇ ਨਾਲ ਦੋ ਗੱਲਾਂ ਕਰਨ ਲੱਗ ਪੈਂਦੀ ਜਿਵੇਂ
ਆਪਣੀ ਰਹਿ ਗਈ ਜਿ਼ੰਦਗੀ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੇ ਦਿਲਾਂ ’ਚ ਆਪਣੀ ਜਗ੍ਹਾ
ਬਣਾਉਣਾ ਚਾਹੁੰਦੀ ਹੋਵੇ। ਹਰ ਵਕਤ ਮਸਰੂਫ਼ ਰਹਿਣ ਦੀ ਕੋਸਿ਼ਸ਼ ਕਰਦੀ। ਵੌਲੰਟੀਅਰਜ਼ ਨੂੰ
ਮਾਣ ਦੇਣ ਵਾਲੇ ਫ਼ੰਕਸ਼ਨ ’ਚ ਆਖਰੀ ਵਾਰ ਮਿਲੀ ਸਾਂ ਉਹਨੂੰ। ਉਸ ਨੇ ਮੈਨੂੰ ਇੱਕ ਛੋਟਾ ਜਿਹਾ
ਹਰੇ ਤਾਜ਼ੇ ਪੱਤੇ ਅਤੇ ਲਾਲ ਤਿਤਲੀ ਵਰਗੇ ਫੁੱਲਾਂ ਵਾਲਾ ਬੂਟਾ ਦਿੱਤਾ ਸੀ। ਹੁਣ ਭਾਵੇਂ
ਸੁੱਕ ਚੁੱਕਾ ਹੈ ਪਰ ਮੈਂ ਹਾਲੇ ਵੀ ਆਪਣੀ ਬੈਲਕਨੀ ’ਚ ਰੱਖਿਆ ਹੋਇਆ ਹੈ।
ਲੇਖ ਲਿਖਣ ਕੰਪਿਊਟਰ ਕੋਲ ਜਾ ਪਹੁੰਚੀ। ਸੋਚਿਆ, ਪਹਿਲਾਂ ਈ ਮੇਲ ਚੈੱਕ ਕਰ ਲਵਾਂ। ਇੱਕ ਖ਼ਬਰ
ਨੇ ਮੇਰਾ ਧਿਆਨ ਖਿੱਚਿਆ, ਲਿਖਿਆ ਸੀ –
ਔਰਤ ਨੇ ਮਰਨ ਤੋਂ ਦੋ ਸਾਲ ਬਾਅਦ ਦਿੱਤਾ ਕ੍ਰਿਸਮਸ ਦਾ ਤੋਹਫ਼ਾ – “ਹੈਂ, ਇਹ ਕਿਵੇਂ ਹੋ
ਸਕਦਾ ਐ ਬਈ? ਪਹਿਲਾਂ ਇਹੀ ਖ਼ਬਰ ਦੇਖਦੀ ਹਾਂ”। ਕਲਿੱਕ ਕੀਤਾ ਤਾਂ ਵੀਡੀਓ ਆ ਰਿਹਾ ਸੀ ਇੱਕ
ਰੇਡੀਓ ਸਟੇਸ਼ਨ ਦਾ ਜਿੱਥੇ ਹੋਸਟ ਦੇ ਨਾਲ ਕੋਈ ਬੈਠਾ ਸੀ ਜਿਸ ਨੂੰ ਹਾਲੇ ਦਿਖਾਇਆ ਨਹੀਂ ਗਿਆ
ਸੀ। ਹੋਸਟ ਬੋਲਿਆ, “ਅੱਜ ਅਸੀਂ ਤੁਹਾਡੇ ਨਾਲ ਇੱਕ ਖ਼ਾਸ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ...
ਬੱਸ ਇਸ ਕਮਰਸ਼ੀਅਲ ਤੋਂ ਬਾਅਦ... ਸਾਡੇ ਨਾਲ ਇਵੇਂ ਹੀ ਬਣੇ ਰਹਿਣਾ” ਤੇ ਨਾਲ ਹੀ ਕਮਰਸ਼ੀਅਲ
ਐਡਜ਼ ਸ਼ੁਰੂ ਹੋ ਗਈਆਂ।
“ਅੱਜ ਮੇਰੇ ਸਾਹਮਣੇ ਬੈਠੇ ਨੇ ਵਿਲੀਅਮ ਜਿਨ੍ਹਾਂ ਦੀ ਪਤਨੀ ਦੋ ਸਾਲ ਪਹਿਲਾਂ ਕੈਂਸਰ ਨਾਲ
ਚੱਲ ਵੱਸੀ ਸੀ ਪਰ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਲਈ ਇੱਕ ਤੋਹਫਾ ਦੇ ਗਈ... ਵਿਲੀਅਮ,
ਤੁਸੀਂ ਜੇਨ ਬਾਰੇ ਕੁਝ ਸਾਂਝਾ ਕਰਨਾ ਚਾਹੋਗੇ?” ਕਮਰਸ਼ੀਅਲ ਖ਼ਤਮ ਹੋਣ ਤੇ ਹੋਸਟ ਨੇ
ਪੁੱਛਿਆ।
“ਜੇਨ! ਇਹੀ ਤਾਂ ਉਸ ਟੀਚਰ ਦਾ ਨਾਂ ਸੀ ਜਿਸ ਬਾਰੇ ਮੈਂ ਹੁਣੇ ਸੋਚ ਰਹੀ ਸੀ।” ਮੈਂ ਧਿਆਨ
ਨਾਲ ਵਿਲੀਅਮ ਵੱਲ ਦੇਖਿਆ, “ਹਾਂ ਇਹ ਤਾਂ ਉਸੇ ਜੇਨ ਦਾ ਹਸਬੈਂਡ ਹੈ। ਹਸਪਤਾਲ ’ਚ ਜੇਨ ਨਾਲ
ਇਸ ਨੂੰ ਇੱਕ ਦੋ ਵਾਰ ਦੇਖਿਆ ਤਾਂ ਹੈ”।
ਸਕਰੀਨ ’ਤੇ ਵਿਲੀਅਮ ਨੇ ਹਾਂ ’ਚ ਸਿਰ ਹਿਲਾਇਆ ਅਤੇ ਇੱਕ ਲੰਮਾ ਹੌਕਾ ਭਰ ਕੇ ਬੋਲਿਆ, “ਜੇਨ
ਟੀਚਰ ਸੀ ਤੇ ਮੈਂ ਗਰਾਫਿ਼ਕ ਡੀਜ਼ਾਈਨਰ, ਘਰੋਂ ਹੀ ਕੰਮ ਕਰਦਾ ਸਾਂ। ਜਦ ਜੇਨ ਨਾਲ ਮੇਰਾ
ਵਿਆਹ ਹੋਇਆ ਤਾਂ ਮੇਰੇ ਕੋਲ ਇੱਕ ਬੇਟਾ ਪਹਿਲਾਂ ਹੀ ਸੀ। ਉਸ ਨੇ ਮੇਰੇ ਉਸ ਲੜਕੇ ਨੂੰ ਰੱਜ
ਕੇ ਪਿਆਰ ਦਿੱਤਾ। ਕਦੇ ਇੱਕ ਵਾਰ ਵੀ ਨਹੀਂ ਲੱਗਾ ਕਿ ਉਹ ਉਸ ਦੀ ਸਟੈੱਪ ਮਦਰ ਸੀ”।
“ਉਹ ਸੀ ਹੀ ਐਨੀ ਚੰਗੀ”, ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ।
“ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਚਾਰ ਬੱਚੇ ਸਨ ਜਦੋਂ ਜੇਨ ਚੱਲ ਵੱਸੀ ਸੀ?” ਹੋਸਟ ਨੇ ਗੱਲ
ਅੱਗੇ ਤੋਰੀ।
“ਯੈੱਸ, ਸਾਡੇ ਚਾਰ ਬੇਟੇ ਹਨ। ਸਭ ਤੋਂ ਛੋਟਾ ਦੋ ਸਾਲ ਪਹਿਲਾਂ ਹੀ ਪੈਦਾ ਹੋਇਆ। ਜੇਨ ਦੀ
ਮਟਰਨਿਟੀ ਲੀਵ ਵਾਲਾ ਸਾਲ ਹਾਲੇ ਖ਼ਤਮ ਨਹੀਂ ਸੀ ਹੋਇਆ... ਜਦ ਉਸ ਨੂੰ ਕੈਂਸਰ ਨੇ ਘੇਰ
ਲਿਆ’, ਉਹ ਗੱਲ ਕਰਦਿਆਂ ਵਿੱਚ ਵਿੱਚ ਕਲੀਨੈਕਸ ਦੇ ਡੱਬੇ ’ਚੋਂ ਇੱਕ ਇੱਕ ਟਿਸ਼ੂ ਲੈ ਕੇ
ਆਪਣੀਆਂ ਅੱਖਾਂ ਸਾਫ਼ ਕਰਦਾ ਰਿਹਾ। ਹੋਸਟ ਦੀਆਂ ਅੱਖਾਂ ਵੀ ਭਰ ਆਈਆਂ।
ਮੇਰੀਆਂ ਅੱਖਾਂ ਵੀ ਨਮ ਹੋ ਗਈਆਂ। ਮੈਂ ਥੋੜ੍ਹੀ ਦੇਰ ਲਈ ਵੀਡੀਓ ਨੂੰ ਪੌਜ਼ ਕੀਤਾ ਤੇ ਕਿਚਨ
’ਚ ਰੱਖੇ ਚਾਹ ਦੇ ਪਾਣੀ ਨੂੰ ਬੰਦ ਕਰ ਆਈ ਇਹ ਸੋਚ ਕੇ ਕਿ ਜੇ ਕਿਤੇ ਇੱਥੇ ਬੈਠੀ ਭੁੱਲ ਗਈ
ਤਾਂ ਸਮੋਕ ਅਲਾਰਮ ਵੱਜਣ ਲੱਗ ਜਾਵੇਗਾ ਤਾਂ ਨਵੀਂ ਮੁਸੀਬਤ...
ਯਾਦ ਆਇਆ ਜਦੋਂ ਮੈਂ ਜੇਨ ਨੂੰ ਪਹਿਲੀ ਵਾਰ ਹਸਪਤਾਲ ’ਚ ਮਿਲੀ ਸਾਂ। ਜਿਹੜੇ ਮਰੀਜ਼ ਨੂੰ
ਮਿਲਣ ਲਈ ਮੈਂ ਉਸ ਦਿਨ ਆਈ ਸੀ, ਉਸ ਕੋਲ ਡਾਕਟਰ ਤੇ ਨਰਸਾਂ ਖੜੇ ਦੇਖ ਮੈਂ ਬਾਹਰ ਹਾਲ ਵਿੱਚ
ਹੀ ਕੁਰਸੀ ਤੇ ਬੈਠ ਸੋਚਣ ਲੱਗੀ ‘ਉਹਦੀ ਹਾਲਤ ਵਿਗੜ ਗਈ ਲੱਗਦੀ ਐ ਜਾਂ ਇਲਾਜ ਵਿੱਚ ਕੋਈ ਹੋਰ
ਤਬਦੀਲੀ ਕਰਨ ਲਈ ਵਿਚਾਰ ਕਰ ਰਹੇ ਨੇ’ ਉਸ ਨੂੰ ਮਿਲਣ ਅੱਜ ਮੈਂ ਤਿੰਨ ਦਿਨਾਂ ਬਾਅਦ ਆਈ ਸਾਂ,
ਹਫ਼ਤੇ ’ਚ ਦੋ ਦਿਨ ਜੁ ਆਉਣਾ ਹੁੰਦਾ ਐ। ਮੇਰੇ ਨਾਲ ਦੀ ਕੁਰਸੀ ਤੇ ਬੈਠਦਿਆਂ ਹੀ ਜੇਨ ਬੋਲੀ,
“ਹਾਇ”।
“ਹਾਇ” ਮੈਂ ਮੈਗਜ਼ੀਨ ’ਚ ਅੱਖਾਂ ਗੱਡੀ ਸਰਸਰਾ ਜਿਹਾ ਜਵਾਬ ਦਿੱਤਾ।
ਉਸ ਨੇ ਸਾਹਮਣੇ ਮੇਜ਼ ਤੋਂ ਇੱਕ ਮੈਗਜ਼ੀਨ ਚੁੱਕਿਆ ਤਾਂ ਮੈਂ ਦੇਖਿਆ ਕਿ ਇਹ ਤਾਂ ਓਹੀ ਟੀਚਰ
ਹੈ, ਬੱਸ ਐਨਾ ਹੀ ਤਾਂ ਜਾਣਦੀ ਸੀ ਮੈਂ ਉਸ ਨੂੰ। ਆਪਣੇ ਬਾਰੇ ਦੱਸਦਿਆਂ ਉਸ ਨੇ ਗੱਲ ਤੋਰੀ,
“ਆਇ ’ਮ ਜੇਨ”।
ਆਇ ’ਮ ਨੈਂਸੀ” ਕਹਿ ਮੈਂ ਹਲਕੀ ਜਿਹੀ ਮੁਸਕਰਾਈ।
“ਨਾਈਸ ਟੂ ਮੀਟ ਯੂ” ਅਸੀਂ ਤਕਰੀਬਨ ਇਕੱਠੀਆਂ ਨੇ ਕਿਹਾ।
“ਵਰਕਿੰਗ ਹੀਅਰ?”
“ਨੋਅ... ਆਇ ’ਮ ਵੌਲੰਟੀਅਰਿੰਗ” ਮੈਂ ਜਵਾਬ ਦਿੱਤਾ। ਉਹ ਵੀ ਮੁਸਕਰਾਈ। ਮੇਰੇ ਮਰੀਜ਼ ਦੇ
ਕਮਰੇ ਵਿੱਚੋਂ ਡਾਕਟਰ ਨਰਸਾਂ ਬਾਹਰ ਆਉਂਦੇ ਦੇਖੇ ਤੇ ਮੈਂ ਉਧਰ ਜਾਂਦਿਆਂ ਜੇਨ ਨੂੰ ਕਿਹਾ
“ਐਕਸਿਊਜ਼ ਮੀ, ਆਇ ’ਵ ਗੌਟ ਟੂ ਗੋਅ”।
ਮੇਰਾ ਅੰਦਾਜ਼ਾ ਠੀਕ ਸੀ। ਮਰੀਜ਼ ਦੀ ਤਬੀਅਤ ਵਿੱਚ ਨਿਘਾਰ ਆ ਜਾਣ ਕਰਕੇ ਉਸ ਨੂੰ ਕਿਤੇ ਹੋਰ
ਭੇਜਣ ਵਾਲੇ ਸਨ। ਮੈਂ ਉਸ ਦੇ ਕਮਰੇ ਵਿੱਚ ਜਾ ਕੁਝ ਪੁੱਛ ਗਿੱਛ ਕੀਤੀ। ਉਸ ਦਾ ਹੱਥ ਫੜ
ਹਮਦਰਦੀ ਨਾਲ ਦੋ ਗੱਲਾਂ ਕੀਤੀਆਂ, ਹਿੰਮਤ ਭਰੇ ਦੋ ਸ਼ਬਦ ਬੋਲੇ ਅਤੇ “ਬੈਸਟ ਔਫ਼ ਲੱਕ” ਕਹਿ
ਬਾਹਰ ਕਾਊਂਟਰ ਤੇ ਆ ਨਰਸ ਨਾਲ ਗੱਲ ਕਰਨ ਲੱਗੀ।
ਕਿਚਨ ’ਚੋਂ ਵਾਪਸ ਆ ਮੈਂ ਫੇਰ ਵੀਡੀਓ ਔਨ ਕੀਤਾ। ਹੋਸਟ ਵਿਲੀਅਮ ਨੂੰ ਪੁੱਛ ਰਿਹਾ ਸੀ,
“ਇਫ਼ ਯੂ ਡੋਂਟ ਮਾਈਂਡ ਮਾਈ ਆਸਕਿੰਗ, ਹੁਣ ਕੋਈ ਹੈ ਤੁਹਾਡੇ ਜੀਵਨ ’ਚ?”
“ਯੈੱਸ, ਮੇਰੇ ਬੱਚਿਆਂ ਦੀ ਮਾਂ ਬਣਨ ਲਈ, ਇੱਕ ਔਰਤ ਮੇਰੀ ਜਿ਼ੰਦਗੀ ’ਚ ਆਈ ਹੈ”।
“ਯੂ ਮੀਨ, ਜੇਨ ਦੀ ਜਗ੍ਹਾ...”
“ਨੋਅ” ਇਕਦਮ ਹੋਸਟ ਨੂੰ ਟੋਕਦਿਆਂ ਵਿਲੀਅਮ ਬੋਲਿਆ, “ਜੇਨ ਦੀ ਜਗ੍ਹਾ ਤਾਂ ਕੋਈ ਨਹੀਂ ਲੈ
ਸਕਦਾ... ਪਰ ਕੁਝ ਮਹੀਨੇ ਪਹਿਲਾਂ ਮੈਂ ਮਾਰਥਾ ਨੂੰ ਮਿਲਿਆਂ। ਸਾਡੇ ਵਿਚਾਰ ਕਾਫ਼ੀ ਮਿਲਦੇ
ਨੇ। ਉਸ ਦੇ ਦੋ ਬੱਚੇ ਨੇ ਤੇ ਮੇਰੇ ਚਾਰ... ਉਹ ਵੀ ਆਪਣੇ ਪਤੀ ਤੋਂ ਬਾਅਦ ਕਾਫ਼ੀ ਇਕੱਲੀ
ਮਹਿਸੂਸ ਕਰਦੀ ਹੈ। ਅਸੀਂ ਦੋਹਾਂ ਨੇ ਕਾਫ਼ੀ ਸੋਚ ਵਿਚਾਰ ਅਤੇ ਆਪਣੇ ਵੱਡੇ ਬੱਚਿਆਂ ਨਾਲ ਗੱਲ
ਬਾਤ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਹੈ ਕਿ ਅਸੀਂ ਦੋ ਤੋਂ ਇੱਕ ਪਰਿਵਾਰ ਬਣ ਜਾਈਏ”।
ਹੋਸਟ ਦੱਸਣ ਲੱਗਾ, “ਅਸੀਂ ਹਰ ਕ੍ਰਿਸਮਸ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੇ ਹਾਂ ਕਿ ਉਹ
ਆਪਣੀ ਕ੍ਰਿਸਮਸ ਵਿਸ਼ ਭੇਜਣ। ਸਾਡੀ ਕੋਸਿ਼ਸ਼ ਹੁੰਦੀ ਹੈ ਕਿ ਕੁਝ ਲੋਕਾਂ ਨੂੰ ਤਾਂ ਕ੍ਰਿਸਮਸ
ਵਕਤ ਖੁਸ਼ੀ ਦੇ ਸਕੀਏ। ਇਹ ਖੁਸ਼ੀਆਂ ਵੰਡਣ ਦਾ ਸਮਾਂ ਹੁੰਦਾ ਹੈ। ਕੁਝ ਦਿਨ ਪਹਿਲਾਂ ਜੇਨ ਦੀ
ਇੱਕ ਸਹੇਲੀ ਨੇ ਸਾਡੇ ਰੇਡੀਓ ਸਟੇਸ਼ਨ ਦੇ ਨਾਂ ਇੱਕ ਲਿਫ਼ਾਫ਼ਾ ਭੇਜਿਆ, ਜਿਸ ਵਿੱਚ ਤੁਹਾਡੇ
ਲਈ ਵੀ ਇੱਕ ਚਿੱਠੀ ਸੀ... ਵਿਲੀਅਮ, ਇਸੇ ਲਈ ਤੁਹਾਨੂੰ ਬੁਲਾਇਆ ਹੈ” ਤੇ ਆਪਣੀ ਕੋ-ਹੋਸਟ
ਸਿਲਵੀਆ ਨੂੰ ਰੇਡੀਓ ਸਟੇਸ਼ਨ ਦੇ ਨਾਂ ਭੇਜੀ ਚਿੱਠੀ ਪੜ੍ਹਣ ਨੂੰ ਕਿਹਾ।
“ਜਦੋਂ ਤੁਹਾਨੂੰ ਇਹ ਚਿੱਠੀ ਮਿਲੇਗੀ, ਮੈਂ ਇਸ ਦੁਨੀਆਂ ਨੂੰ ਛੱਡ ਚੁੱਕੀ ਹੋਵਾਂਗੀ”
ਪੜ੍ਹਦਿਆਂ ਸਿਲਵੀਆ ਦਾ ਗੱਚ ਭਰ ਆਇਆ। ਇੱਕ ਲੰਮਾ ਸਾਹ ਭਰ ਫਿਰ ਪੜ੍ਹਣ ਲੱਗੀ, “ਮੈਂ ਆਪਣੀ
ਸਹੇਲੀ ਨੂੰ ਕਿਹਾ – ਜਦੋਂ ਮੇਰੇ ਹਸਬੈਂਡ ਨੂੰ ਕੋਈ ਹੋਰ ਸਾਥ ਨਿਭਾਉਣ ਵਾਲੀ, ਪਿਆਰ ਕਰਨ
ਵਾਲੀ ਔਰਤ ਮਿਲ ਜਾਵੇ, ਉਸ ਵਕਤ ਇਹ ਚਿੱਠੀ ਰੇਡੀਓ ਸਟੇਸ਼ਨ ਨੂੰ ਭੇਜਣੀ ਹੈ” ਕਹਿ ਵਿਲੀਅਮ
ਵੱਲ ਦੇਖਦਿਆਂ ਸਿਲਵੀਆ ਬੋਲੀ,
“ਵਿਲੀਅਮ, ਤੁਹਾਡੇ ਬੱਚਿਆਂ ਦੀ ਮਦਰ ਅੱਗੇ ਲਿਖਦੀ ਹੈ - ਉਹ ਜੋ ਵੀ ਕੋਈ ਹੈ, ਮੇਰੇ ਬੱਚਿਆਂ
ਦੀ ਸਟੈੱਪ ਮਦਰ ਬਣ ਕੇ, ਖ਼ਾਸ ਤੌਰ ਤੇ ਮੇਰੇ ਸਭ ਤੋਂ ਛੋਟੇ ਮਾਈਕ ਨੂੰ ਮਾਂ ਦਾ ਪਿਆਰ ਦੇ
ਕੇ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ। ਉਸ ਦੀ ਮੁਸਕਰਾਹਟ ਬਣਾਈ ਰੱਖਣਾ ਤੇ ਉਸ ਨੂੰ ਦੱਸਣਾ
ਕਿ ਉਸ ਦੀ ਇਸ ਕੋਸਿ਼ਸ਼ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਹੈ... ਉਸ ਦਾ ਬਹੁਤ ਬਹੁਤ
ਸੁ਼ਕਰੀਆ”, ਸਿਲਵੀਆ ਨੇ ਚੁੱਪ ਹੋ ਕੇ ਹੋਸਟ ਵੱਲ ਦੇਖਿਆ।
“ਤੁਸੀਂ ਹੈਰਾਨ ਹੋ ਰਹੇ ਹੋਵੋਗੇ?” ਹੋਸਟ ਨੇ ਵਿਲੀਅਮ ਨੂੰ ਪੁੱਛਿਆ।
“ਹੈਰਾਨ ਤਾਂ ਹੋਇਆਂ ਪਰ ਜੇਨ ਸੀ ਹੀ ਐਸੀ... ਉਸ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਕੁਝ ਸੋਚ
ਰੱਖਿਆ ਹੋਵੇਗਾ। ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਆਪਣੀ
ਜਿ਼ੰਦਗੀ ’ਚ ਜਗ੍ਹਾ ਜ਼ਰੂਰ ਦੇਣਾ ਜਿਹੜੀ ਮੇਰੇ ਬੱਚਿਆਂ ਨੂੰ ਆਪਣੇ ਸਮਝ ਕੇ ਪਿਆਰ ਕਰੇ”
ਵਿਲੀਅਮ ਇੱਕ ਲੰਮਾ ਹੌਕਾ ਭਰ ਫੇਰ ਬੋਲਿਆ, “ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਕਿਵੇਂ ਪਤਾ
ਲੱਗੇਗਾ ਕਿ ਜਿਸ ਤਰ੍ਹਾਂ ਦੀ ਤੂੰ ਸੋਚਦੀ ਐਂ, ਉਹ ਉਸੇ ਤਰ੍ਹਾਂ ਦੀ ਹੋਵੇਗੀ? ਉਹ ਕਹਿੰਦੀ –
ਤੈਨੂੰ ਪਤਾ ਲੱਗ ਜਾਵੇਗਾ ਆਪਣੇ ਆਪ, ਨਾਲੇ ਮੈਂ ਵੀ ਤਾਂ ਤੇਰੇ ਨਾਲ ਹੋਵਾਂਗੀ ਨਾ” ਉਸ ਤੋਂ
ਹੋਰ ਨਾ ਬੋਲਿਆ ਗਿਆ।
“ਸਿਲਵੀਆ, ਹੁਣ ਉਸ ਦੀ ਵਿਸ਼ ਪੜ੍ਹ ਕੇ ਸੁਣਾ” ਹੋਸਟ ਨੇ ਕਿਹਾ।
“ਵਿਲੀਅਮ ਦੀ ਨਵੀਂ ਸਾਥਣ ਨੂੰ ਇੱਕ ਦਿਨ ਸਪਾਅ ਵਿੱਚ ਭੇਜਣਾ ਜਿਸ ਨਾਲ ਉਸ ਨੂੰ ਰਿਲੈਕਸੇਸ਼ਨ
ਮਿਲੇ; ਕੈਂਸਰ ਸੈਂਟਰ ਦਾ ਮੈਡੀਕਲ ਸਟਾਫ਼ ਜਿਹੜਾ ਕੈਂਸਰ ਦੇ ਮਰੀਜ਼ਾਂ ਦਾ ਉਨ੍ਹਾਂ ਦੇ ਔਖੇ
ਦੌਰ ’ਚ ਵੀ ਧਿਆਨ ਰੱਖਦਾ ਹੈ, ਉਹਨਾਂ ਲਈ ਇੱਕ ਸ਼ਾਮ ਦਾ ਡਿਨਰ; ਅਤੇ ਡੀਅਰ ਵਿਲੀਅਮ ਦੇ
ਸਾਰੇ ਨਵੇਂ ਪਰਿਵਾਰ ਨੂੰ ਡਿਜ਼ਨੀਲੈਂਡ ਦਾ ਟੂਅਰ” ਸਿਲਵੀਆ ਨੇ ਉਹ ਚਿੱਠੀ ਪੜ੍ਹੀ।
“ਇਹ ਚਿੱਠੀ ਤਾਂ ਸਾਡੇ ਨਾਂ ਸੀ। ਸਿਲਵੀਆ! ਵਿਲੀਅਮ ਨੂੰ ਉਸ ਦੇ ਅਤੇ ਬੱਚਿਆਂ ਦੇ ਨਾਂ ਦੀਆਂ
ਚਿੱਠੀਆਂ ਦੇ ਦੇ” ਹੋਸਟ ਬੋਲਿਆ।
ਜੇਨ ਦੀ ਵਿਸ਼ ਲਿਸਟ ਸੁਣ ਕੇ ਵਿਲੀਅਮ ਦਾ ਬੁਰਾ ਹਾਲ ਸੀ। ਕੋ-ਹੋਸਟ ਸਿਲਵੀਆ ਵੀ ਰੋ ਪਈ ਤੇ
ਮੈਂ ਵੀ। ਜਾਣਦੀ ਹਾਂ ਕਿ ਜਿਸ ਕਿਸੇ ਵੀ ਵੀਡੀਓ ਦੇਖੀ ਹੋਵੇਗੀ, ਉਸ ਦਾ ਇਹੀ ਹਾਲ ਹੋਇਆ
ਹੋਵੇਗਾ।
ਹੋਸਟ ਦੱਸ ਰਿਹਾ ਸੀ ਕਿ ਮੈਡੀਕਲ ਸਟਾਫ਼ ਦੇ ਡਿਨਰ ਦਾ ਇੰਤਜ਼ਾਮ ਇੱਕ ਕੇਟਰਿੰਗ ਕੰਪਨੀ ਕਰ
ਰਹੀ ਹੈ, ਇੱਕ ਸਪਾਅ ਵਾਲੇ ਮਾਰਥਾ ਨੂੰ ਇੱਕ ਦਿਨ ਦਾ ਵਾਊਚਰ ਦੇ ਰਹੇ ਨੇ। ਫਿਰ ਉਹ ਦੋ ਤਿੰਨ
ਹੋਰ ਬਿਜ਼ਨਸ ਵਾਲਿਆਂ ਦੇ ਨਾਂ ਦੱਸਣ ਲੱਗਾ ਜਿਨ੍ਹਾਂ ਰਲ ਕੇ ਵਿਲੀਅਮ ਦੇ ਪਰਿਵਾਰ ਨੂੰ
ਡਿਜ਼ਨੀਲੈਂਡ ਭੇਜਣ ਦੇ ਸਾਰੇ ਖਰਚੇ ਦਾ ਜਿ਼ੰਮਾ ਲਿਆ ਹੈ। ਮੈਂ ਸੋਚਣ ਲੱਗੀ ਕਿ ਕਿੰਨਾ ਕੁਝ
ਕਰਦੇ ਨੇ ਇਹ ਲੋਕ ਕ੍ਰਿਸਮਸ ਵਕਤ ਲੋਕਾਂ ਦੀ ਖੁਸ਼ੀ ਵਾਸਤੇ।
ਵੀਡੀਓ ਬੰਦ ਕਰ ਮੈਂ ਆਪਣੇ ਮੇਜ਼ ਵੱਲ ਗਈ ਜਿੱਥੇ ਮੇਰੀ ਚੈੱਕ ਬੁੱਕ ਪਈ ਸੀ। ਕੋਲ ਹੀ ਉਹ
ਬਲੈਂਕ ਚੈੱਕ ਪਿਆ ਸੀ ਛੇ ਸੌ ਡੌਲਰ ਦਾ ਜਿਸ ’ਤੇ ਹਾਲੇ ਕਿਸੇ ਦਾ ਨਾਂ ਨਹੀਂ ਸੀ ਲਿਖਿਆ। ਇਹ
ਪੈਸੇ ਮੈਂ ਪਿਛਲੇ ਸਾਲ ਬਚਾਏ ਸਨ। ਹਰ ਮਹੀਨੇ ਪੰਜਾਹ ਡੌਲਰ ਇੱਕ ਪਾਸੇ ਰੱਖ ਦਿੰਦੀ ਸੀ ਇਹ
ਸੋਚ ਕੇ ਕਿ ਇਹ ਨਹੀਂ ਖਰਚਣੇ। ਮੈਨੂੰ ਲੱਗਾ ਇਹ ਪੈਸੇ ਮੇਰੇ ਨਹੀਂ...
‘ਕਨੇਡੀਅਨ ਕੈਂਸਰ ਸੁਸਾਇਟੀ’ ਲਿਖਦਿਆਂ ਲੱਗਾ ਆਪਣੇ ਬੀ ਜੀ, ਮੇਰੀ ਸੱਸ ਦੀ ਯਾਦ ਵਿੱਚ ਚੈੱਕ
ਲਿਖ ਰਹੀ ਹੋਵਾਂ ਜਿਨ੍ਹਾਂ ਨੂੰ ਲਾਇਲਾਜ ਕੈਂਸਰ ਨੇ ਜਕੜਣ ਦੀ ਕੋਸਿ਼ਸ਼ ਕੀਤੀ ਜ਼ਰੂਰ ਪਰ
ਪਹਿਲੀ ਸਟੇਜ ਤੇ ਫੜੇ ਜਾਣ ਕਾਰਨ ਬਚਾਅ ਹੋ ਗਿਆ ਤੇ ਮੁੜ ਉਸ ਦਾ ਸਾਹਮਣਾ ਨਹੀਂ ਕਰਨਾ ਪਿਆ।
ਬਾਹਰ ਬੈਲਕਨੀ ਵੱਲ ਗਈ ਤਾਂ ਜੇਨ ਦੇ ਦਿੱਤੇ ਬੂਟੇ ਤੇ ਨਜ਼ਰ ਪਈ ਜਿਸ ਨੂੰ ਮੈਂ ਪੱਥਰ ਦੇ
ਖ਼ੂਬਸੂਰਤ ਗਮਲੇ ’ਚ ਲਗਾਇਆ ਹੋਇਐ। ਦੇਖ ਕੇ ਬੜੀ ਖੁਸ਼ੀ ਹੋਈ ਕਿ ਉਸ ਸੁੱਕੇ ਪਏ ਬੂਟੇ ’ਚੋਂ
ਇੱਕ ਕਰੂੰਬਲ ਫੁੱਟ ਰਹੀ ਸੀ।
-0-
|