Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

‘ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 


ਕੁਵੇਲਾ ਹੋ ਗਿਆ
- ਵਕੀਲ ਕਲੇਰ
 

 

ਮਹਿੰਦਰ ਕੇ ਗੁਆਂਢ ਪਿਛਲੇ ਵੀਕ ਐਂਡ ਤੇ ਨਵੀਂ ਫੈਮਿਲੀ ਮੂਵ ਹੋਕੇ ਆਈ ਸੀ, ਦੋ ਬਜੁਰਗ, ਤੀਵੀਂ ਆਦਮੀ, ਉਹਨਾਂ ਦੀਆਂ ਝੁਰੜੀਆਂ ਤੋਂ ਅੰਦਾਜਾ ਲਗਦਾ ਸੀ ਬਈ ਹੋਣਗੇ ਕੋਈ ਪੌਣੀ ਸਦੀ ਦੇ ਹਾਣੀ ਤੇ ਨਾਲ ਸੀ ਅਠਾਰਾਂ ਵੀਹਾਂ ਸਾਲਾਂ ਦਾ ਕਾਲਾ ਮੁੰਡਾ । ਮਹਿੰਦਰ ਦੀ ਘਰ ਵਾਲੀ ਮਨਜੀਤ ਨੇ ਆਥਣੇ ਆਏ ਮਹਿੰਦਰ ਕੋਲੇ ਸਰਸਰੀ ਗੱਲ ਕੀਤੀ, “ਆਹ ਜਿਹੜੇ ਆਪਣੇ ਗੁਆਂਢ ਪਰਸੋਂ ਆਏ ਐ ਬੱਸ ਤਿੰਨ ਜਾਣੇ ਈ ਐ, ਬੁੜ੍ਹੀ ਤੇ ਬੰਦਾ ਤਾਂ ਪੰਜਾਬੀ ਲਗਦੇ ਐ ਪਰ ਨਾਲ ਇੱਕ ਕਾਲਾ ਐ, ਸਮਝ ਨੀ ਆਉਂਦੀ ਬਈ ਇਹ ਕੀ ਰੌਣਕ-ਮੇਲਾ ਜਾ ਹੋਇਆ...”
“ਤੂੰ ਰੌਣਕ ਮੇਲੇ ਤੋਂ ਕੀ ਟਿੰਢੀਆਂ ਲੈਣੀਐਂ ਤੈਨੂੰ ਆਵਦੇ ਘਰ ਨਾਲੋਂ ਦੂਜਿਆਂ ਦੇ ਘਰਾਂ ਦਾ ਫਿਕਰ ‘ਕੁਸ‘ ਬਾਹਲਾ ਈ ਨੀ ਰਹਿੰਦਾ” ਮਹਿੰਦਰ ਟਰੱਕ ਚਲਾਉਂਦਾ ਸੀ ਤੇ ਚਾਰੀਂ ਪੰਜੀਂ ਦਿਨੀ ਘਰੇ ਮੁੜਦਾ । ਉਹ ਅੱਕਿਆ ਥੱਕਿਆਂ ਜਿਹਾ ਰਹਿੰਦਾ ।
“ਵੇ ਫੋਟ ਜੈਅ-ਖਾਣੇ ਦਾ ਪੁੱਠੀ ਗੱਲ ਈ ਪਾਕੇ ਬਹਿ ਗਿਆ ਮੈਂ ਤਾਂ ਸਭੈਕੀਂ ਗੱਲ ਈ ਕੀਤੀ ਸੀ ਬਈ ਨਾਲ ਕਾਲਾ...”
“ਫੇਰ ਉਹੀ ਗੱਲ ਆਪਾਂ ਕੀ ਲੈਣੈ ਭਾਵੇਂ ਕੋਈ ਕਾਲਾ ਐ ਤੇ ਭਾਵੇਂ ਪੀਲਾ ਐ, ਗੁਆਂਢ ਮੱਥੇ ਐ ਜਿਹੋ ਜੀ ਉਹ ਸਾਹਬ-ਸਲਾਮ ਜੀ ਕਰਿਆ ਕਰਨਗੇ ਆਪਾਂ ਕਰ ਛੱਡਾਂਗੇ, ਤੂੰ ਚਾਹ ਧਰ ‘ਕੈੜੀ‘ ਜੀ ਮੈਂ ਪਿੰਡੇ ਤੇ ਪਾਣੀ ਪਾਲਾਂ, ਸਾਰਾ ਸਰੀਰ ਈ ਟੱਸ ਟੱਸ ਕਰੀ ਜਾਂਦੈ, ਪਤਿਉਰਿਆਂ ਨੇ ਐਤਕੀਂ ਗੇੜਾ ਵੀ ਤਿੰਨ ਦਿਨ ਬਠਾਕੇ ਈ ਦਿੱਤਾ, ਆਹ ਜਿਹੜਾ ਨਵਾਂ ਡਿਸਪੈਚੱਰ ਰੱਖਿਐ ਸਾਲਾ ਭੂਸਲਾ ਜਾ ਗੱਲ ਕਿਹੜਾ ਸੁਣਦੈ, ਬੱਸ ਆਵਦਾ ਉੱਲੂ ਈ ਸਿੱਧਾ ਰੱਖੂ” ਆਖਕੇ ਮਹਿੰਦਰ ਪੌੜੀਆਂ ਚੜ੍ਹਕੇ ਨਹਾਉਣ ਚਲਾ ਗਿਆ । ਮਨਜੀਤ ਕਿਚਨ ‘ਚ ਜਾਕੇ ਚਾਹ ਬਨਾਉਣ ਲੱਗ ਪਈ ।
ਬਚਿਤੱਰ ਸਿੰਘ ਧਾਲੀਵਾਲ ਇੱਕ ਸਾਧਾਰਣ ਜੱਟਕਾ ਪਰਿਵਾਰ ਵਿੱਚ ਪੈਦਾ ਹੋਇਆ ਸੀ । ਤਿੰਨ ਭੈਣ ਭਰਾਵਾਂ ‘ਚੋਂ ਸਾਰਿਆਂ ਤੋਂ ਛੋਟਾ ਹੋਣ ਕਰਕੇ ਘਰਦਿਆਂ ਦਾ ਲਾਡਲਾ ਜਿਹਾ ਰੱਖਿਆ ਸੀ । ਵੱਡਾ ਭਾਈ ਦਸਵੀਂ ਵਿੱਚੇ ਛੱਡਕੇ ਵਾਹੀ ਦੇ ਕੰਮ ਤੇ ਲੱਗ ਗਿਆ, ਉਸਤੋਂ ਛੋਟੀ ਭੈਣ, ਛਿੰਦਰ ਦਸਵੀਂ ਪਾਸ ਕਰਕੇ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਉਸਦੇ ਮਾਪਿਆਂ ਨੇ ਸ਼ਹਿਰ ਭੇਜਣਾ ਠੀਕ ਨਾ ਸਮਝਿਆ ਤੇ ਉਸਦਾ ਅਠਾਰਾਂ ਸਾਲ ਦੀ ਦਾ ਹੀ ਵਿਆਹ ਕਰ ਦਿੱਤਾ । ਬਚਿਤੱਰ ਪੜ੍ਹਾਈ ‘ਚ ਹੁਸ਼ਿਆਰ ਸੀ, ਬੀ. ਏ. ਕਰਕੇ ਪੰਜਾਬੀ ਦੀ ਐਮ. ਏ. ਕਰਨ ਜਾ ਲੱਗਿਆ । ਐਮ. ਏ. ਦਾ ਦੂਜਾ ਸਾਲ ਚੱਲ ਰਿਹਾ ਸੀ ਤਾਂ ਉਸਦੀ ਭਰਜਾਈ ਨੇ ਜੋਰ ਪਾਕੇ ਆਵਦੀ ਭੂਆ ਦੀ ਕੁੜੀ ਦਾ ਰਿਸ਼ਤਾ ਕਰਾ ਦਿੱਤਾ । ਬਚਿਤੱਰ ਨੇ ਵਥੇਰਾ ਕਿਹਾ ਕਿ ਅਜੇ ਮੈਂ ਅਪਣਾ ਕੈਰੀਅਰ ਬਨਾਉਣਾ ਹੈ ਪਰ ਕੁੜੀ ਦਾ ਪਿਉ ਬਚਿਤੱਰ ਦੇ ਬਾਪੂ ਨੂੰ ਕਹਿੰਦਾ , “ਸਰਦਾਰ ਬਾਹਾਦਰ ਤੁਸੀਂ ਰਿਸ਼ਤਾ ਪੱਕਾ ਕਰਲੋ ਕਾਕਾ ਜੀ ਪੜ੍ਹੀ ਜਾਣ ਜਦੋਂ ਕਾਕਾ ਜੀ ਪੜ੍ਹਾਈ ਪੂਰੀ ਕਰ ਲੈਣਗੇ ਵਿਆਹ ਓਦੋਂ ਕਰ ਦਿਆਂਗੇ” ਇਹ ਗੱਲ ਸਾਰਿਆਂ ਨੂੰ ਜਚ ਗਈ । ਬਚਿਤੱਰ ਦਾ ਮੰਗਣਾ ਕਰ ਦਿੱਤਾ । ਬਚਿਤੱਰ ਦੀ ਮੰਗੇਤੱਰ, ਬਲਵਿੰਦਰ ਹੋਰੀਂ ਦੋ ਭੇਣਾ ਹੀ ਸਨ ਭਰਾ ਕੋਈ ਨਹੀਂ ਸੀ । ਉਹਨਾਂ ਦੇ ਬਾਪ ਕੋਲ ਪੰਦਰਾਂ ਕਿੱਲੇ ਜ਼ਮੀਨ ਸੀ ਤੇ ਬਲਵਿੰਦਰ ਅੱਧ ਦੀ ਮਾਲਕ, ਭਾਵ ਕੇ ਸਾਢ੍ਹੇ ਸੱਤ ਕਿਲਿਆਂ ਦੀ ਮਾਲਕਣ ਬਣਦੀ ਸੀ । ਬਚਿਤੱਰ ਦੇ ਬਾਪੂ ਨੂੰ ਇਹ ਲਾਲਚ ਵੀ ਸੀ ਕਿ ਮੁੰਡੇ ਨੂੰ ਸਹੁਰਿਆਂ ਵੱਲੋਂ ਸਾਢ੍ਹੇ ਸੱਤ ਕਿੱਲੇ ਜ਼ਮੀਨ ਵੀ ਆਊ ਏਸ ਕਰਕੇ ਵੀ ਰਿਸ਼ਤਾ ਲੈ ਲਿਆਂ ।
ਅਜੇ ਬਚਿਤੱਰ ਦਾ ਮੰਗਣਾ ਹੋਏ ਨੂੰ ਛੇ ਮਹੀਨੇ ਵੀ ਨਹੀਂ ਸਨ ਹੋਏ ਕਿ ਬਲਵਿੰਦਰ ਦੇ ਡੈਡੀ ਨੂੰ ਹਾਰਟ ਅਟੈਕ ਹੋ ਗਿਆ ਪਰ ਵੇਲੇ ਸਿਰ ਡਾਕਟਰੀ ਸਹਾਇਤਾ ਮਿਲ ਜਾਣ ਕਰਕੇ ਬਚਾ ਹੋ ਗਿਆ । ਉਹ ਬਚਿਤੱਰ ਦੇ ਬਾਪੂ ਕੋਲ ਆਇਆ ਤੇ ਕਹਿੰਦਾ, “ਵੇਖੋ ਸਰਦਾਰ ਬਾਹਾਦਰ ਮੈਂ ਨਦੀ ਕਿਨਾਰੇ ਰੁਖੱੜਾ ਆਂ, ਡਿੱਗੂੰ ਡਿੱਗੂੰ ਕਰਦਾਂ ਭਾਵੇਂ ਕਲ੍ਹ ਨੂੰ ਅੱਖਾਂ ਮੀਚਜਾਂ ਮੇਰੇ ਕਿਹੜਾ ਜੀ ਮਗਰ ਪੁੱਤ ਬੈਠੇ ਐ ਬਈ ਸਾਰੀ ਕਬੀਲਦਾਰੀ ਕਿਉਂਟ ਲੈਣਗੇ, ਮੈਂ ਜਿਉਂਦਾ ਜਿਉਂਦਾ ਆਵਦੀ ਲੜਕੀ ਦੇ ਹੱਥ ਪੀਲੇ ਕਰਨਾ ਚਾਹੁੰਦਾ ਹਾਂ...”
“ਪਰ ਸਰਦੂਲ ਸਿਆਂ ਬਚਿਤੱਰ ਤਾਂ ਅਜੇ ਪੜ੍ਹੀ ਜਾਂਦੈ ਤੂੰ ਸਿਆਣੈਂ ਵਿਆਹ ਮਗਰੋਂ ‘ਭੜਾਈ-ਭੜੂਈ‘ ਵਿੱਚੇ ਰਹਿ ਜਾਂਦੀ ਐ ਓਸਨੇ ਪਹਿਲਾਂ ਵੀ ਕਿਹਾ ਸੀ ਬਈ ਉਹ ਪਹਿਲਾਂ ਪੜ੍ਹ ਲਿਖਕੇ ਨੌਕਰੀ ਤੇ ਲੱਗਕੇ ਵਿਆਹ ਕਰਾਊ...”
“ਥੋਡੀਆਂ ਸਾਰੀਆਂ ਗੱਲਾਂ ਸਹੀ ਹਨ ਸਰਦਾਰ ਸਾਹਬ ਪਰ ਮੇਰੀ ਮਜ਼ਬੂਰੀ ਵੀ ਵੇਖੋ ਥੋਨੂੰ ਪਤਾ ਈ ਐ ਜਿਵੇਂ ਮੈਨੂੰ ਦਿਲ ਦਾ ਦੌਰਾ ਪਿਆ ਸੀ ਜੇ ਵੇਲੇ ਸਿਰ ਸਾਡੇ ਗੁਆਂਢ੍ਹੀ ਹਸਪਤਾਲ ਨਾ ਲੈਕੇ ਜਾਦੇ ਤਾਂ ਮੇਰਾ ਤਾਂ ਕੀਰਤਨ ਸੋਹਲਾ ਪੜ੍ਹਿਆ ਗਿਆ ਸੀ ਨਾ । ਮੇਰੀ ਜੀ ਹੱਥ ਬਨ੍ਹਕੇ ਬੇਨਤੀ ਐ ਐਤਕੀਂ ਸਿਆਲ ‘ਚ ਵਿਆਹ ਲੈਲੋ” ਬਚਿਤੱਰ ਦਾ ਬਾਪੂ ਸਰਬਣ ਸਿਉਂ ਸੋਚੀਂ ਪੈ ਗਿਆ, ਮਨਾ ਗੱਲ ਤਾਂ ਸਰਦੂਲ ਸਿਉਂ ਦੀ ਵੀ ਠੀਕ ਐ ਪਰ ਮੁੰਡੇ ਨੇ ਲੱਤ ਨੀ ਲਾਉਣੀ । ਚਲੋ ਗੱਲ ਕਰਕੇ ਵੇਖਾਗੇ ਵਿਆਹ ਪਿੱਛੋਂ ਕਿਹੜਾ ‘ਭੜਾਈ‘ ਨਾ ਹੋਊ ਉਸਨੇ ਬਲਵਿੰਦਰ ਦੇ ਪਿਉ ਨੂੰ ਕਿਹਾ, “ਠੀਕ ਐ ਸਰਦੂਲ ਸਿਆਂ ਅਸੀਂ ਮੁੰਡੇ ਨਾਲ ਗੱਲ ਕਰਦੇ ਆਂ”
“ਗੱਲ ਨਹੀਂ ਜੀ ਤੁਸੀਂ ਵਿਆਹ ਲਵੋ ਤੇ ਮੈਨੂੰ ਕਰੋ ਸੁਰਖਰੂ, ਵੱਡੀ ਬੀਬੀ ਆਵਦੈ ਘਰੇ ਵਸਦੀ ਰਸਦੀ ਐ ਬੱਸ ਆਹ ਬਿੰਦਰੀ (ਬਲਵਿੰਦਰ) ਦਾ ਵਿਆਹ ਹੋਜੇ ਮੈਂ ਆਵਦਾ ਫਰਜ਼ ਪੂਰਾ ਕਰਲਾਂ ਫੇਰ ਭਾਵੇਂ ਚੜ੍ਹਾਈ ਕਰਜੀਏ, ਆਪਾਂ ਨੂੰ ਕੋਈ ਤੌਖਲਾ ਨੀ”
ਬਚਿਤੱਰ ਨਾਲ ਗੱਲ ਕੀਤੀ ਗਈ ਬਚਿਤੱਰ ਨੇ ਵਥੇਰਾ ਕਿਹਾ ਕਿ ਮੈਂਨੂੰ ਸਿਰੇ ਲੱਗ ਲੈਣ ਦਿਉ ਪਰ ਘਰਦਿਆਂ ਨੇ ਓਸਦੀ ਇੱਕ ਨਾ ਸੁਣੀ ਤੇ ਵਿਆਹ ਕਰ ਦਿੱਤਾ । ਸਾਲ ਪਿੱਛੋਂ ਹੀ ਬਚਿਤੱਰ ਦੇ ਘਰ ਕੁੜੀ ਹੋਗੀ, ਬਚਿਤੱਰ ਅਜੇ ਐਮ. ਏ. ਕਰਕੇ ਨੌਕਰੀ ਲੱਭ ਰਿਹਾ ਸੀ ਜੋ ਮਿਲੀ ਨਹੀਂ ਸੀ । ਘਰਦੇ ਵੀ ਆਨੀ ਬਹਾਨੀ ਉਸਨੂੰ ਉਸਦੀ ਵਿਹਲ ਦਾ ਅਹਿਸਾਸ ਕਰਾਉੰਦੇ ਰਹਿੰਦੇ ਜਿਸ ਨਾਲ ਬਚਿਤੱਰ ਬਹੁਤ ਦੁਖੀ ਹੋ ਜਾਂਦਾ । ਇੱਕ ਵਾਰੀ ਉਸਦੀ ਵਾਈਫ ਨੇ ਸਲਾਹ ਦਿੱਤੀ ਕਿ ਆਪਾਂ ਮੇਰੇ ਪੇਕੀਂ ਜਾਕੇ ਡੈਡੀ ਦੀ ਜ਼ਮੀਨ ਸਾਂਭ ਲਈਏ ਪਰ ਬਚਿਤੱਰ ਦੀ ਅਣਖ ਆੜੇ ਆ ਗਈ ਬਈ ਲੋਕ ਕੀ ਆਖਣਗੇ ਘਰ ਜਵਾਈ ਬਣ ਗਿਆ, ਉਸਨੇ ਇਹ ਵੀ ਸੁਣਿਆ ਹੋਇਆ ਸੀ ‘ਭੇਣ ਘਰ ਭਾਈ ਕੁੱਤਾ ਤੇ ਸਹੁਰੇ ਘਰ ਜਵਾਈ ਕੁੱਤਾ‘ ਉਸਨੇ ਬਲਵਿੰਦਰ ਦਾ ਇਹ ਪਰਸਤਾਵ ਮੁਢ੍ਹੋਂ ਹੀ ਨਕਾਰ ਦਿੱਤਾ ।
ਰੁੱਤਾਂ ਬਦਲਦੀਆਂ ਰਹੀਆਂ
ਵਾਅ ਵਰੋਲੇ ਉਠਦੇ ਰਹੇ
ਰਾਹੀ ਆਵਦੀ ਵਾਟ ਨਬੇੜਦੇ ਰਹੇ
ਬੱਚਿਤੱਰ ਨੂੰ ਕਿਸੇ ਯਾਰ ਦੋਸਤ ਕੋਲੋਂ ਪਤਾ ਲੱਗਿਆ ਕਿ ਲੋਕ ਅੱਜ-ਕਲ੍ਹ ਕੈਨੇਡਾ ਜਾਕੇ ਰਾਜਸੀ ਸ਼ਰਣ ਲੈ ਰਹੇ ਹਨ । ਪਰ ਸਮੱਸਿਆ ਇਹ ਸੀ ਕਿ ਬਚਿਤੱਰ ਹੋਰਾਂ ਦਾ ਕੈਨੇਡਾ ਵਿੱਚ ਕੋਈ ਵੀ ਰਿਸ਼ਤੇਦਾਰ ਨਹੀਂ ਸੀ । ਬਿਗਾਨੇ ਮੁਲਕ ਵਿੱਚ ਜਿਨੀਂ ਦੇਰ ਕੋਈ ਬਾਂਹ ਫੜਹਨ ਵਾਲਾ ਨਾ ਹੋਵੇ ਤਾ ਬਹੁਤ ਮੁਸ਼ਕਿਲ ਆ ਜਾਂਦੀ ਹੈ । ਉਸਦੇ ਕਾਲਜ ਟਾਈਮ ਦੇ ਇੱਕ ਦੋਸਤ ਦੀ ਮਾਮੇ ਦੀ ਕੁੜੀ ਕੈਨੇਡਾ ਵਿਆਹੀ ਹੋਈ ਸੀ, ਉਸਨੇ ਮਦਦ ਕਰਨ ਦੀ ਹਾਮੀ ਭਰ ਦਿੱਤੀ । ਬਚਿਤੱਰ ਨੇ ਅਪਣੇ ਘਰੇ ਗੱਲ ਕੀਤੀ ਬਾਕੀ ਤਾਂ ਸਾਰੇ ਸਹਿਮਤ ਹੋ ਗਏ ਪਰ ਬਲਵਿੰਦਰ ਦਾ ਦਿਲ ਹਾਮੀ ਨਹੀਂ ਸੀ ਭਰਦਾ ਉਸਦਾ ਤਰਕ ਸੀ ਕਿ ਕੁਛ ਜ਼ਮੀਨ ਤਾਂ ਬਚਿਤੱਰ ਨੂੰ ਆਵਦੇ ਪਿਤਾ ਕੋਲੋਂ ਮਿਲਣੀ ਹੈ ਬਾਕੀ ਸਾਢ੍ਹੇ ਸੱਤ ਕਿੱਲੇ ਬਲਵਿੰਦਰ ਵੱਲੋਂ ਆ ਜਾਣੀ ਹੈ ਸੋ ਗੁਜਾਰਾ ਤਾਂ ਹੋ ਹੀ ਜਾਣਾ ਹੈ । ਨਾਲੇ ਉਸਨੇ ਸੁਣਿਆ ਹੋਇਆ ਸੀ ਕਿ ਬਾਹਰ ਗਏ ਮੁੰਡੇ ਹੋਰ ਚੱਕਰਾਂ ਵਿੱਚ ਪੈਕੇ ਪਿਛਲਿਆਂ ਨੂੰ ਭੁੱਲ ਭੁਲਾ ਈ ਜਾਂਦੇ ਹਨ ਅਸਲ ‘ਚ ਉਸਨੂੰ ਇਹੀ ਡਰ ਸੀ ਕਿ ਕਿਤੇ ਬਚਿਤੱਰ ਕਿਸੇ ਹੋਰ ਦੇ ਚੱਕਰ ਵਿੱਚ ਪੈਕੇ ਉਸਨੂੰ ਧੋਖਾ ਹੀ ਨਾ ਦੇ ਜਾਵੇ ਪਰ ਬਚਿਤੱਰ ਨੇ ਉਸਨੂੰ ਮਨਾ ਲਿਆ । ਬਚਿਤੱਰ ਤੇ ਉਸਦਾ ਦੋਸਤ ਗੁਰਨਾਮ ਮਈ 1981 ਨੂੰ ਕੈਲਗਰੀ ਜਾ ਉੱਤਰੇ । ਗੁਰਨਾਮ ਦੇ ਭਨੋਈਏ ਨੇ ਦੋਹਾਂ ਦੀ ਜਮਾਨਤ ਰੱਖਕੇ ਬਾਹਰ ਕਢ੍ਹ ਲਿਆ ।
ਬਚਿਤੱਰ ਹੋਰਾਂ ਨੇ ਰਿਫਿਊਜੀ ਕੇਸ ਕਰ ਦਿੱਤੇ ਪਰ ਉਹਨਾਂ ਨੂੰ ਕੰਮ ਕਰਨ ਦੀ ਇਜ਼ਾਜਤ ਨਾ ਮਿਲੀ । ਬਚਿਤੱਰ ਨੂੰ ਗੁਰਨਾਮ ਦੇ ਭਨੋਈਏ, ਕਰਤਾਰ ਧਾਲੀਵਾਲ ਨੇ, ਅਪਣੇ ਕਿਸੇ ਜਾਣਕਾਰ ਦੇ ਰੈਸਟੋਰੈਂਟ ਵਿੱਚ ਹੈਲਪਰ ਦੇ ਤੌਰ ਤੇ ਕੈਸ਼ ਤੇ ਹੀ ਕੰਮ ਤੇ ਲਵਾ ਦਿੱਤਾ । ਸਵੇਰੇ ਦਸ ਵਜੇ ਤੋਂ ਲੈਕੇ ਰਾਤ ਦੇ ਗਿਆਰਾਂ ਬਾਰਾਂ ਵਜੇ ਤੀਕ ਬਚਿਤੱਰ ਊਰੀ ਵਾਂਗੂੰ ਘੁਕਿਆ ਫਿਰਦਾ, ਉਹ ਕੰਮ ਕਰਨ ਨੂੰ ਤਕੜਾ ਸੀ, ਕਾਲਜ ਟਾਈਮ ਚੰਗਾ ਐਥਲੀਟ ਰਿਹਾ ਸੀ ਪਹਿਲਾਂ ਤਾਂ ਮਾਲਕ ਉਸਨੂੰ ਪੰਜ ਡਾਲਰ ਹੀ ਘੰਟੇ ਦੇ ਦਿੰਦਾ ਸੀ ਫਿਰ ਛੇ ਡਾਲਰ ਕਰ ਦਿੱਤੇ, ਬਚਿਤੱਰ ਖੁਸ਼ ਸੀ ਚਲੋ ਰੋਟੀ ਪਾਣੀ ਮਾਲਕ ਦੇ ਸਿਰੋਂ ਸੀ ਤੇ ਰਹੈਸ ਵੀ ਰੈਸਟੋਰੈਂਟ ਦੇ ਉਪਰ ਹੀ ਇੱਕ ਕਮਰੇ ਵਿੱਚ ਸੀ, ਬਚਿਤੱਰ ਨੂੰ ਜੋ ਮਿਲਦਾ ਸੀ ਉਹ ਬਚੱਤ ਹੀ ਹੋਈ ਜਾਂਦੀ ਸੀ ।
ਬਚਿਤੱਰ ਦੇ ਕੈਨੇਡਾ ਆਉਣ ਤੋਂ ਛੇ ਮਹੀਨਿਆਂ ਪਿੱਛੋਂ, ਬਲਵਿੰਦਰ ਨੇ ਪੁੱਤ ਨੂੰ ਜਨਮ ਦਿੱਤਾ, ਓਸ ਦਿਨ ਬਚਿਤੱਰ ਨੇ ਅਪਣੇ ਦੋ-ਚਾਰ ਯਾਰਾਂ ਦੋਸਤਾਂ ਨੂੰ ਪਾਰਟੀ ਦਿੱਤੀ । ਹੁਣ ਬਚਿਤੱਰ ਦੋ ਬੱਚਿਆਂ ਦਾ ਬਾਪ ਬਣ ਗਿਆ ਸੀ । ਇਮੀਗਰੇਸ਼ਨ ਵੱਲੋਂ ਕੋਈ ਪਾਜ਼ੇਟਿਵ ਰਿਸਪੌਂਸ ਨਹੀਂ ਮਿਲ ਰਿਹਾ ਸੀ ਕਬੀਲਦਾਰੀ ਵੱਡੀ ਹੋ ਗਈ ਸੀ ਬਚਿਤੱਰ ਨੂੰ ਨਿੱਕੀ ਨਿੱਕੀ ਚਿੰਤਾ ਲੱਗੀ ਰਹਿੰਦੀ ਬਈ ਅੱਗੇ ਕੀ ਹੋਊਗਾ, ਜ਼ਿੰਦਗੀ ਦਾ ਕੋਈ ਮੂੰਹ-ਸਿਰ ਜਾ ਨੀ ਬਣ ਰਿਹਾ ਏਸ ਉਧੇੜ ਬੁਣ ਵਿੱਚ ਹੀ ਸਮਾਂ ਲੰਘ੍ਹੀ ਜਾ ਰਿਹਾ ਸੀ ।
ਸਾਗਰਾਂ ਦੇ ਪਾਣੀ ਝੱਗ ਸਿੱਟ ਰਹੇ ਸਨ
ਸਾਏਬੇਰੀਆ ਦੇ ਪੰਛੀ ਆਹਲਿਣਿਆਂ ਨੂੰ ਪਰਤ ਆਏ
ਸੁੱਕੇ ਰੁੱਖਾ ਨੇ ਕਰੂੰਬਲਾਂ ਕਢ੍ਹ ਲਈਆਂ
ਵੋਟਾਂ ਪੱਈਆਂ ਲਿਬਰਲ ਪਾਰਟੀ ਚੋਣਾਂ ਹਾਰ ਗਈ, ਟੋਰੀ ਪਾਰਟੀ ਦੀ ਸਰਕਾਰ ਬਣ ਗਈ, ਨਵੀਂ ਸਰਕਾਰ ਨੇ ਤਕਰੀਬਨ ਸਾਰੇ ਰਫਿਊਜੀ ਪੱਕੇ ਕਰ ਦਿੱਤੇ । ਹਾਲਾਤਾਂ ਨੇ ਕਰਵਟ ਲਈ, ਓਸ ਰਾਤ ਬਚਿਤੱਰ ਨੇ ਬਲਵਿੰਦਰ ਨੂੰ ਦੱਸਿਆ ਕਿ ਉਸਨੂੰ ਰਫਿਊਜੀ ਮੰਨ ਲਿਆ ਗਿਆ ਤੇ ਉਹ ਇਮੀਗਰਾਂਟ ਹੋ ਗਿਆ ਹੈ, ਹਨੇਰਿਆਂ ਦਾ ਸਫਰ ਖਤਮ ਹੋ ਚੱਲਿਆ ਹੁਣ ਰੌਸ਼ਨੀਆਂ ਦੇ ਹਾਣੀ ਹੋ ਨਿਬੜਾਂਗੇ । ਬਲਵਿੰਦਰ ਨੇ ਦੋਹਾਂ ਬੱਚਿਆਂ ਨੂੰ ਨਾਲ ਲਿਜਾਕੇ ਗੁਰਦਵਾਰੇ ਭਾਈ ਜੀ ਤੋਂ ਸ਼ੁਕਰਾਨੇ ਵੱਜੋਂ ਅਰਦਾਸ ਕਰਾਈ ।
ਪੱਕਾ ਹੋਣ ਪਿੱਛੋਂ ਬਚਿਤੱਰ ਨੇ ਸੋਫਿਆਂ ਦੀ ਫੈਕਟਰੀ ਵਿੱਚ ਕੰਮ ਲੱਭ ਲਿਆ, ਏਥੇ ਉਸਨੂੰ ਪੈਸੇ ਚੰਗੇ ਮਿਲਣ ਲੱਗ ਪਏ, ਗੱਡੀ ਵਾਹਵਾ ਰਿੜ੍ਹ ਪਈ । ਪੰਜ ਸਾਲਾਂ ਪਿੱਛੋਂ ਬਚਿਤੱਰ ਨੂੰ ਇਮੀਗ੍ਰੇਸ਼ਨ ਮਿਲੀ ਉਹ ਅਪਣੇ ਬੱਚਿਆਂ ਨੂੰ ਮਿਲਣ ਲਈ ਤਰਸਿਆ ਪਿਆ ਸੀ । ਉਸਨੇ ਕੰਮ ਤੋਂ ਮਹੀਨੇ ਦੀ ਛੁੱਟੀ ਲਈ ਤੇ ਇੰਡੀਆ ਅਪਣੇ ਬੱਚਿਆਂ ਕੋਲ ਚਲਾ ਗਿਆ । ਅਪਣੇ ਪਰਿਵਾਰ ਨੂੰ ਮਿਲਿਆ ਸਾਕਾਂ ਸਬੰਧੀਆਂ ਨੂੰ ਮਿਲਿਆ ਹਰ ਇੱਕ ਨੇ ਹੀ ਸਵਾਲ ਪਾਇਆ, ਸਾਡੀ ਕੁੜੀ ਨੂੰ ਸੱਦ ਕੋਈ ਆਖੇ ਸਾਡੇ ਮੁੰਡੇ ਨੂੰ ਸੱਦੀਂ, ਭਾਈ ਕਹੇ ਆਵਦੇ ਭਤੀਜੇ ਦਾ ਵੀ ਕੁਸ ਕਰ । ਢੁਕਦੇ ਜਵਾਬ ਦੇਕੇ ਉਹ ਵੇਲਾ ਪੂਰਾ ਕਰਦਾ ਰਿਹਾ ਪਰ ਸੋਚਦਾ ਸੀ ‘ਮੇਰੇ ਕੀ ਵੱਸ ਹੈ ਮੈਂ ਐਂ ਕਿਵੇਂ ਕਿਸੇ ਨੂੰ ਸੱਦ ਸਕਦਾ ਹਾਂ‘ ਮਹੀਨਾ ਕਦੋਂ ਲੰਘ ਗਿਆ ਪਤਾ ਹੀ ਨਾ ਲੱਗਿਆ ।
ਵਾਪਿਸ ਕੈਨੇਡਾ ਆਕੇ ਸਭ ਤੋਂ ਪਹਿਲਾਂ ਕੰਮ ਉਸਨੇ ਇਹ ਕੀਤਾ ਅਪਣੀ ਫੈਮਿਲੀ ਨੂੰ ਸਪੌਂਸ ਕੀਤਾ । ਡੇਢ ਕੁ ਸਾਲ ਵਿੱਚ ਦੋਵਾਂ ਬੱਚਿਆਂ, ਹਰਕੀਰਤ ਤੇ ਗੁਰਕੀਰਤ ਨੂੰ ਲੈਕੇ ਬਲਵਿੰਦਰ ਕੈਨੇਡਾ ਆ ਗਈ । ਪਹਿਲਾਂ ਕੁਛ ਦੇਰ ਕਿਰਾਏ ਦੀ ਬੇਸਮੈਂਟ ਵਿੱਚ ਕੱਟੇ, ਹੁਣ ਬਲਵਿੰਦਰ ਵੀ ਕੰਮ ਤੇ ਲੱਗ ਗਈ ਸੀ ਬਚਿਤੱਰ ਵੀ ਸੋਫਿਆਂ ਵਾਲੀ ਫੈਕਟਰੀ ਵਿੱਚ ਸੁਪਰਵਾਈਜ਼ਰ ਬਣ ਗਿਆ ਸੀ । ਸੋਹਣਾ ਕੰਮ ਰਿੜ੍ਹ ਪਿਆ । ਨਵੇਂ ਘਰ ਬਣਦੇ ਸਨ ਉਹਨਾਂ ਨੇ ਵੀ ਘਰ ਬੁੱਕ ਕਰਾ ਲਿਆ ਜੋ ਅਜੇ ਸਾਲ ਨੂੰ ਮਿਲਣਾ ਸੀ । ਓਧਰੋਂ ਭਰਾ ਭਰਜਾਈ ਦੇ ਫੋਨ ਆਉਣ ਬਈ ਆਵਦੇ ਭਤੀਜੇ ਜਗਤਾਰ ਬਾਰੇ ਕੁਸ ਸੋਚ । ਬਲਵਿੰਦਰ ਦੇ ਡੈਡੀ ਸਵਰਗਵਾਸ ਹੋ ਗਏ ਸਨ, ਬਲਵਿੰਦਰ ਦੋ ਵੀਕਾਂ ਦੀਆਂ ਛੁੱਟੀਆਂ ਲੈਕੇ ਇੰਡੀਆ ਜਾ ਆਈ ਸੀ ਬਚਿਤੱਰ ਨਹੀਂ ਸੀ ਗਿਆ, ਹੋਰ ਤਿੰਨ ਮਹੀਨਿਆਂ ਨੂੰ ਘਰ ਦੀ ਕਲੋਜ਼ਿੰਗ ਸੀ ਡਾਊਨ ਪੇਮੈਂਟ ਵੀ ਦੇਣੀ ਸੀ ਨਾਲੇ ਚੰਗੀ ਜਾਬ ਸੀ ਜੇ ਜੌਬ ਚਲੀ ਗਈ ਤਾਂ ਹੋਰ ਚੰਗੀ ਜੌਬ ਮਿਲੇ ਨਾ ਮਿਲੇ ਨਾਲੇ ਏਸ ਫੈਕਟਰੀ ਵਿੱਚ ਉਸਦੀ ਸਿਨਿਓਰਿਟੀ ਵੀ ਕਾਫੀ ਬਣ ਗਈ ਸੀ । ਸੋ ਇਕੱਲੀ ਬਲਵਿੰਦਰ ਨੂੰ ਹੀ ਭੇਜ ਦਿੱਤਾ । ਓਥੇ ਗਈ ਨੂੰ ਬਲਵਿੰਦਰ ਦੇ ਭੈਣ ਭਣੋਈਏ ਨੇ ਜੋਰ ਪਾਇਆ ਸਾਡਾ ਮੁੰਡਾ ਜਾਂ ਕੁੜੀ ਬਾਹਰ ਕਢ੍ਹੋ ਪਰ ਬਲਵਿੰਦਰ ਨੇ ਸਾਫ ਕਹਿ ਦਿੱਤਾ ਕਿ ਵਿਆਹ ਦੇ ਬੇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ, ਹਾਂ ਇਹ ਕੋਸ਼ਿਸ਼ ਕਰਕੇ ਵੇਖਲਾਂਗੇ ਪਰ ਗਰੰਟੀ ਕੋਈ ਨਹੀਂ ਅੱਜ ਕਲ੍ਹ ਕੈਨੇਡਾ ਤੋਂ ਜੋ ਮੁੰਡੇ ਕੁੜੀਆਂ ਵਿਆਹ ਕਰਾਉਣ ਇੰਡੀਆਂ ਆਉਂਦੇ ਹਨ ਉਹਨਾਂ ਦੇ ਨਖਰੇ ਈ ਨਹੀਂ ਲਈਦੇ, ਧਰਤੀ ਤੋਂ ਹੱਥ ਭਰ ਉਪਰ ਈ ਤੁਰਦੇ ਐ । ਇਸ ਜਵਾਬ ਨਾਲ ਬਲਵਿੰਦਰ ਦਾ ਭਨੋਈਆਂ ਨਰਾਜ ਹੋ ਗਿਆ ਤੇ ਕਹਿੰਦਾ, “ਬਿੰਦਰੋ ਜੇ ਕੰਮ ਕਰਨਾ ਹੋਵੇ ਤਾਂ ਸਾਰਾ ਕੁਛ ਹੀ ਹੋ ਜਾਂਦਾ ਐ, ਪਰ ਜੇ ਲਾਰੇ ਈ ਲਾਉਣੇ ਐ ਫੇਰ ਗੱਲ ਹੋਰ ਐ” ਉਸਨੂੰ ਬਲਵਿੰਦਰ ਦੀ ਗੱਲ ਲਾਰਾ ਹੀ ਲੱਗੀ ਸੀ । ਬਲਵਿੰਦਰ ਕਹਿੰਦੀ, “ਬਾਈ ਜੀ ਕਰਨ ਨੂੰ ਤਾਂ ਅਸੀਂ ਤਿਆਰ ਹਾਂ ਪਰ ਕੋਈ ਸਬਬ ਵੀ ਬਣੇ”
“ਵਿਧਾ ਮੈਂ ਦੱਸ ਦਿਨਾਂ, ਤੂੰ ਤੇ ਬਚਿਤੱਰ ਕਰੋ ਤਲਾਕ ਏਧਰੋਂ ਮੈਂ ਤੇ ਤੇਰੀ ਭੈਣ ਤਲਾਕ ਕਰ ਲੈਨੇ ਆਂ, ਜਾਂ ਤਾਂ ਬਚਿਤੱਰ ਤੇਰੀ ਭੇਣ ਦੇ ਪੇਪਰ ਭਰੇ ਜਾਂ ਤੂੰ ਮੇਰੇ ਭਰ, ਹੁਣ ਦੱਸੋ ਕਿਵੇਂ ਕਰਨੀ ਐ ?”
“ਬਾਈ ਜੀ ਏਸਦਾ ਜਵਾਬ ਤਾਂ ਹੁਣ ਮੈਂ ਬਚਿਤੱਰ ਨਾਲ ਰੈਅ ਕਰਕੇ ਈ ਦੇ ਸਕਦੀ ਆਂ ਜੇ ਅਗਲਾ ਮੰਨੂੰ ਤਾਂ ਈ ਐ ਨਾ”
“ਹਾਂ ਠੀਕ ਐ ਤੂੰ ਬਚਿਤੱਰ ਨੂੰ ਪੁੱਛਕੇ ਸਾਨੂੰ ਦੱਸਦੀਂ ‘ਫੇ ਅਸੀਂ ਵੀ ਕੋਈ ਜੁਗਾੜ ਬਣਾਵਾਂਗੇ” ਏਨੀ ਗੱਲ ਕਹਿਕੇ ਸਾਧੂ ਸਿਉਂ ਬਾਹਰ ਨੂੰ ਚਲਾ ਗਿਆ ਪਿੱਛੋਂ ਬਲਵਿੰਦਰ ਦੀ ਭੈਣ ਕਹਿੰਦੀ, “ਬਿੰਦਰੋ ਤੂੰ ਸਹਿਜ ਨਾਲ ਗੱਲ ਕਰੀਂ ਬਚਿਤੱਰ ਸਿਉਂ ਨਾਲ ਕਈ ਵਾਰੀ ਮਰਦ ਮਨਦੇ ਨੀ ਹੁੰਦੇ ਸਾਡੇ ਪਿੱਛੇ ਭੈਣ ਮੇਰੀਏ ਤੂੰ ਆਵਦਾ ਘਰ ਨਾ ਪੱਟ ਕੇ ਬਹਿਜੀਂ, ਕੋਈ ਨੀ ਜੇ ਹੋ ਸਕਿਆ ਤਾਂ ਕਿਸੇ ਜੁਆਕ ਦਾ ਵੇਖ ਲਿਆ ਜੇ ਨਹੀਂ ਤਾਂ ਜੋ ਕਿਸਮਤ ‘ਚ ਹੋਊ ਓਹੀ ਭੋਗਣੈ ਨਾ, ਜੋ ਭਾਈ ਬਿਧ ਮਾਤਾ ਨੇ ਲੇਖ ਲਿਖਤੇ ਓਸਤੋਂ ਕਿਧਰ ਭੱਜ ਜੀਏ, ਹੈਂ ਕਿਤੇ ਨੀ ਭੱਜਿਆ ਜਾਂਦਾ”। ਦੋਹੇਂ ਭੈਣਾ ਹੋਰ ਵੀ ਨਿੱਕੀਆਂ ਨਿੱਕੀਆਂ ਗੱਲਾ ਕਰਦੀਆਂ ਰਹੀਆਂ, ਸਾਧੂ ਸਿਉਂ ਵਾਹਵਾ ਕੁਵੇਲੇ ਜੇ ਘਰੇ ਆਇਆ ਤੇ ਬਿਨਾ ਰੋਟੀ ਖ੍ਹਾਧੇ ਈ ਸੌਂ ਗਿਆ । ਬਲਵਿੰਦਰ ਕੈਨੇਡਾ ਵਾਪਿਸ ਆ ਗਈ ।
ਕੂੰਜਾਂ ਦੀਆਂ ਡਾਰਾਂ ਗੀਤ ਗਾਉਂਦੀਆਂ ਪੈਂਡਾ ਮੁਕਾ ਰਹੀਆਂ ਸਨ
ਕਿਸਾਨ ਧਰਤੀ ਵਿੱਚ ਭਵਿੱਖ ਦੇ ਬੀਜ ਬੀਜ ਰਹੇ ਸਨ
ਬਚਿਤੱਰ ਦੇ ਬੱਚੇ ਜਵਾਨੀ ਵਿੱਚ ਪੈਰ ਰੱਖ ਚੁੱਕੇ ਸਨ
ਬਚਿਤੱਰ ਦੀ ਧੀ ਗੁਰਕੀਰਤ, ਤਾਂ ਪੜ੍ਹਾਈ ਵਿੱਚ ਚੰਗੀ ਸੀ ਸੀ ਪਰ ਪੁੱਤ ਹਰਕੀਰਤ ਦੇ ਲੱਛਣ ਬਾਹਲੇ ਵਧੀਆ ਨਹੀਂ ਸਨ । ਉਸਦੇ ਕਰੈਡਿਟ ਚੰਗੇ ਨਾ ਹੋਣ ਕਰਕੇ ਉਹ ਯੂਨੀਵਰਸਿਟੀ ਤਾਂ ਜਾ ਨਹੀਂ ਸਕਦਾ ਸੀ, ਉਹ ਕਾਲਜ ਵਿੱਚ ਬਿਜਨਸ ਐਡਮਿਨ ਕਰਨ ਲੱਗ ਗਿਆ । ਗੁਰਕੀਰਤ ਯੂਨੀਵਰਸਿਟੀ ਚਲੀ ਗਈ । ਗੁਰਕੀਰਤ ਨੇ ਕਾਮਰਸ ਵਿੱਚ ਡਿਗਰੀ ਲੈ ਲਈ , ਪਰ ਹਰਕੀਰਤ ਪੜ੍ਹਾਈ ਵਿੱਚੇ ਛੱਡ ਛਡਾ ਗਿਆ । ਮਾੜੀ ਸੰਗਤ ਵਿੱਚ ਪੈਕੇ ਨਸ਼ਾ-ਪੱਤਾ ਵੀ ਕਰਨ ਲੱਗ ਪਿਆ । ਕਈ ਕਈ ਦਿਨ ਘਰੇ ਹੀ ਨਾ ਵੜਦਾ । ਇੱਕ ਦੋ ਵਾਰ ਕਿਸੇ ਨਾਲ ਜੁੱਤੀਓ-ਜੁੱਤੀ ਹੋਣ ਕਰਕੇ ਚਾਰਜ ਵੀ ਹੋ ਚੁੱਕਿਆ ਸੀ । ਕਿਸੇ ਜਮੀਕਣ ਕੁੜੀ ਨੂੰ ਅਪਣੀ ਗਰਲ-ਫਰੈਂਡ ਬਣਾਈ ਫਿਰਦਾ ਸੀ, ਬਚਿਤੱਰ ਤੇ ਬਲਵਿੰਦਰ ਦੀ ਗੱਲ ਨਹੀਂ ਸੁਣਦਾ ਸੀ ਸਗੋਂ ਬਲਵਿੰਦਰ ਦੇ ਤਾਂ ਇੱਕ ਦੋ ਵਾਰ ਧੌਲ ਧੱਫਾ ਵੀ ਕਰ ਚੁੱਕਿਆ ਸੀ । ਬਚਿਤੱਰ ਦੇ ਫੈਕਟਰੀ ਵਿੱਚ ਸੱਟ ਲੱਗਣ ਕਰਕੇ ਲੋਅਰ-ਬੈਕ ਦੇ ਮਣਕੇ, ਡਿਸਕਾਂ, ਹਿੱਲ ਗਈਆਂ ਉਸਤੋਂ ਕੰਮ ਨਹੀਂ ਹੁੰਦਾ ਸੀ ਕਮੰਨਸੇਸ਼ਨ ਦਾ ਕੇਸ ਅਜੇ ਲਮਕਿਆ ਪਿਆ ਸੀ, ਕੁੜੀ ਗੁਰਕੀਰਤ ਡਿਗਰੀ ਲੈਕੇ ਚਾਰਟੱਡ ਅਕਾਉਂਟੈਂਟ ਬਣ ਗਈ ਸੀ । ਉਸਦੇ ਨਾਲ ਹੀ ਮੁੰਡਾ ਜੌਬ ਕਰਦਾ ਸੀ । ਬਚਿਤੱਰ ਹੋਰਾਂ ਨੇ ਗੁਰਕੀਰਤ ਦਾ ਉਸੇ ਮੁੰਡੇ ਨਾਲ ਵਿਆਹ ਕਰ ਦਿੱਤਾ । ਗੁਰਕੀਰਤ ਆਵਦੇ ਘਰੇ ਸੁਖੀ ਸੀ ਪਰ ਹਰਕੀਰਤ ਵੱਲੋਂ ਬਚਿਤੱਰ ਹੋਰੀਂ ਬਹੁਤ ਦੁਕੀ ਸਨ । ਕਹਿੰਦੇ ਹੁੰਦੇ ਐ ਮੁਸੀਬਤ ਕਦੇ ਕੱਲੀ ਨੀ ਆਉਂਦੀ ਬਲਵਿੰਦਰ ਨੂੰ ਡਾਇਬੀਟੀਜ਼ ਹੋ ਗਈ ਉਸਤੋਂ ਹੁਣ ਕੰਮ ਨਹੀਂ ਸੀ ਹੁੰਦਾ । ਬਲਵਿੰਦਰ ਨੇ ਆਕੇ ਬਚਿਤੱਰ ਨੂੰ ਅਪਣੇ ਭੈਣ ਭਣੋਈਏ ਵਾਲੀ ਗੱਲ ਦੱਸੀ ਤਾਂ ਡਾਇਵੋਰਿਸ ਕਰਨ ਨੂੰ ਤਾਂ ਬਚਿਤੱਰ ਨੇ ਹਾਂ ਨਾ ਕੀਤੀ ਪਰ ਉਹਨਾਂ ਦੇ ਬੱਚਿਆਂ ਵਾਸਤੇ ਜੇ ਕੋਈ ਰਿਸਤਾ ਮਿਲਦਾ ਹੋਵੇ ਤਾਂ ਮਦਦ ਕਰਨ ਦਾ ਵਾਅਦਾ ਕਰ ਲਿਆ । ਬਲਵਿੰਦਰ ਨੇ ਆਵਦੀ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ, ਪਰ ਸਾਧੂ ਸਿਉਂ ਦਾ ਤਰਕ ਸੀ ਕਿ ਬਚਿਤੱਰ ਹੋਰੀਂ ਉਹਨਾਂ ਦੀ ਮਦਦ ਹੀ ਨਹੀਂ ਕਰਨਾ ਚਾਹੁੰਦੇ, ਉਹ ਨਰਾਜ ਹੋ ਗਿਆ । ਬਲਵਿੰਦਰ ਦੀ ਮਾਤਾ ਵੀ ਚੜ੍ਹਾਈ ਕਰ ਗਈ । ਸਾਧੂ ਸਿੰਘ ਨੇ ਝੂਠੇ ਸੱਚੇ ਕਾਗਜ਼ ਤਿਆਰ ਕਰਵਾਕੇ ਸਾਰੀ ਦੀ ਸਾਰੀ ਜ਼ਮੀਨ, ਪੰਦਰਾਂ ਦੇ ਪੰਦਰਾਂ ਕਿੱਲੇ ਹੀ ਅਪਣੀ ਵਾਈਫ ਮਹਿੰਦਰ ਦੇ ਨਾਮ ਕਰਾ ਲਏ, ਮਹਿੰਦਰ ਨੇ ਵਥੇਰਾ ਰੋਕਿਆ ਪਰ ਉਹ ਬਲਵਿੰਦਰ ਹੋਰਾਂ ਤੇ ਨਰਾਜ ਸੀ ਬਈ ਸਾਡਾ ਕੰਮ ਨਹੀਂ ਕੀਤਾ, ਝੂਠੀ ਵਸੀਅਤ ਬਣਾ ਲਈ ਕਿ ਬਲਵਿੰਦਰ ਦੇ ਮਾਂ ਬਾਪ ਨੇ ਸਾਰੀ ਜਾਇਦਾਦ ਅਪਣੀ ਵੱਡੀ ਲੜਕੀ ਮਹਿੰਦਰ ਦੇ ਨਾਂ ਕਰ ਦਿੱਤੀ ਹੈ । ਮਹਿੰਦਰ ਦੇ ਹਟਾਉਣ ਤੇ ਵੀ ਸਾਧੂ ਸਿੰਘ ਨਹੀਂ ਸੀ ਹਟਿਆ, ਮਹਿੰਦਰ ਨੇ ਇਹ ਗੱਲ ਬਲਵਿੰਦਰ ਨੂੰ ਫੋਨ ਕਰਕੇ ਦੱਸ ਦਿੱਤੀ ਪਰ ਬਲਵਿੰਦਰ ਨੇ ਬਚਿਤੱਰ ਕੋਲ ਗੱਲ ਨਾਂ ਕੀਤੀ ਉਹ ਤਾਂ ਪਹਿਲਾਂ ਹੀ ਬੈਕ ਪਰਾਬਲਮ ਕਰਕੇ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਤੇ ਉਪਰੋਂ ਇਹ ਖਬਰ ਦੱਸਕੇ ਬਲਵਿੰਦਰ ਉਸਨੂੰ ਹੋਰ ਤੰਗ ਨਹੀਂ ਸੀ ਕਰਨਾ ਚਾਹੁੰਦੀ ।
ਸਮਾ ਬੀਤਦਾ ਗਿਆ
ਰੁੱਤਾਂ ਬਦਲਦੀਆਂ ਰਹੀਆਂ
ਅਕਾਸ਼ ‘ਚ ਬੱਦਲ ਭਰਮਣ ਕਰਦੇ ਰਹੇ
ਹਰਕੀਰਤ ਨੇ ਜਮੀਕਣ ਕੁੜੀ ਨਾਲ, ਬਿਨਾਂ ਬਲਵਿੰਦਰ ਹੋਰਾਂ ਨੂੰ ਦੱਸਿਆਂ, ਵਿਆਹ ਕਰਾ ਲਿਆ ਤੇ ਕੈਲਗਰੀ ਤੋਂ ਮੂਵ ਹੋਕੇ ਐਬਟਸਫੋਰਡ ਚਲਾ ਗਿਆ । ਉਸਦਾ ਬਲਵਿੰਦਰ ਹੋਰਾਂ ਨਾਲ ਕੋਈ ਸੰਪਰਕ ਹੀ ਨਹੀਂ ਸੀ ਰਹਿ ਗਿਆ ਉਹਨਾਂ ਵੱਲੋਂ ਉਹ ਹੋਇਆ ਨਾ ਹੋਇਆ ਇੱਕ ਬਰਾਬਰ ਸੀ । ਬਲਵਿੰਦਰ ਦੀ ਸਿਹਤ ਦਿਨੋ ਦਿਨ ਡਿਗਦੀ ਜਾਦੀ ਸੀ ਉਧਰੋਂ ਬਚਿਤੱਰ ਇੱਕ ਤਾਂ ਸੱਟ ਲੱਗਣ ਕਰਕੇ, ਦੂਜਾ ਹਰਕੀਰਤ ਕਰਕੇ, ਅਤੀ ਦੁਖੀ ਰਹਿਣ ਲੱਗ ਪਿਆ ਅਤੇ ਡੀਪ ਡਿਪਰੈਸਨ ਵਿੱਚ ਚਲਾ ਗਿਆ । ਉਸਨੂੰ ਦੋ ਵਾਰੀ ਮਾਈਲਡ ਹਾਰਟ ਅਟੈਕ ਹੋ ਚੁੱਕਾ ਸੀ । ਹੁਣ ਸਮੱਸਿਆ ਇਹ ਬਣੀ ਹੋਈ ਸੀ ਕਿ ਦੋਹੇਂ ਜੀਅ ਤਾਂ ਮੰਜੇ ਫੜ੍ਹੀ ਬੈਠੇ ਸੀ, ਘਰੇ ਕੋਈ ਚਾਹ ਪਾਣੀ ਫੜਾਉਣ ਵਾਲਾ ਵੀ ਨਹੀਂ ਸੀ ਰਿਹਾ । ਕਦੇ ਕਦੇ ਗੁਰਕੀਰਤ ਵੀਕ ਐਂਡ ਤੇ ਗੇੜਾ ਮਾਰਦੀ ਸੀ ਉਸਦੇ ਹਸਬੈਂਡ ਦਾ ਵੱਡਾ ਭਾਈ ਅਮਰੀਕਾ ਵਿੱਚ ਸੀ ਉਸਨੇ ਅਪਣੇ ਮਾਂ ਬਾਪ ਤੇ ਬਾਕੀ ਦੇ ਦੋਵੇਂ ਭਰਾ ਵੀ ਅਮੈਰਿਕਾ ਸੱਦ ਲਏ ਅਤੇ ਗੁਰਕੀਰਤ ਹੋਰਾਂ ਨੂੰ ਵੀ ਅਪਣੇ ਕੋਲ ਹੀ ਸੱਦ ਲਿਆ । ਹੁਣ ਬਚਿਤੱਰ ਹੋਰਾ ਦਾ ਲਿੰਕ ਗੁਰਕੀਰਤ ਵੱਲੋਂ ਵੀ ਟੁੱਟਿਆਂ ਵਰਗਾ ਹੀ ਸੀ ਉਹ ਵੀ ਅਪਣੀ ਕਬੀਲਦਾਰੀ ਵਿੱਚ ਬਿਜੀ ਹੋ ਗਈ ਸੀ ਕਦੇ ਕਦਾਈਂ ਫੋਨ ਤੇ ਗੱਲ ਹੋ ਜਾਂਦੀ ਜਾਂ ਕਦੇ ਸਾਲ ‘ਚ ਇੱਕ ਅੱਧਾ ਗੇੜਾ ਮਾਰ ਜਾਂਦੀ । ਬਚਿਤੱਰ ਹੋਰਾਂ ਨੂੰ ਇਕੱਲ ਬਹੁਤ ਖਟਕਦੀ ਰਹਿੰਦੀ । ਪਹਿਲਾਂ ਸੋਚਿਆ ਕੋਈ ਕੁੱਤਾ-ਬਿੱਲੀ ਹੀ ਰੱਖ ਲਈਏ ਪਰ ਉਸਦੀ ਕੇਅਰ ਕਰਨੀ ਕਿਹੜਾ ਸੌਖੀ ਐ ਬਾਹਰ ਕੌਣ ਲੈਕੇ ਜਾਊ ਕੁੱਤੇ ਨੂੰ, ਬਚਿਤੱਰ ਤੋਂ ਤਾਂ ਅਪਣਾ-ਆਪ ਵੀ ਨੀ ਸਾਂਭਿਆ ਜਾਂਦਾ, ਤੇ ਇਹੋ ਹਾਲ ਹੀ ਬਲਵਿੰਦਰ ਦਾ ਸੀ ।
ਅੱਜ ਸੈਚਰਡੇਅ ਸੀ ਦੋਹੇਂ ਜੀਅ ਟੀਵੀ ਵੇਖ ਰਹੇ ਸਨ ਤਾਂ ਟੀ ਵੀ ਤੇ ਕੋਈ ਕਰਿਸਚੀਅਨ ਚਿਲਡਰਨਜ਼ ਫੰਡ ਆਫ ਕੈਨੇਡਾ ਵੱਲੋਂ ਅਪੀਲ ਕਰ ਰਿਹਾ ਸੀ ਕਿ ਅਫਰੀਕਾ ਦੇ ਦੇਸ਼ਾਂ ਦੇ ਬੱਚਿਆਂ ਕੋਲ ਨਾ ਤਾਂ ਰਹਿਣ ਨੂੰ ਘਰ ਹੈ ਨਾ ਖਾਣ ਨੂੰ ਰੋਟੀ, ਬਿਮਾਰੀ ਦੀ ਹਾਲਤ ਵਿੱਚ ਦਵਾਈ ਲੈਣੀ ਤਾਂ ਦੂਰ ਦੀ ਗੱਲ ਐ,ਸੋ ਤੁਸੀਂ ਕਿਸੇ ਬੱਚੇ ਨੂੰ ਗੋਦ ਲੈਣਾ ਚਾਹੋ ਤਾਂ ਯੂ ਆਰ ਵੈੱਲਕਮ ਨਹੀਂ ਤਾਂ ਜਿਨਾ ਸਰਦਾ ਬਣਦਾ ਹੈ ਮਦਦ ਕਰੋ । ਬਚਿਤੱਰ ਨੂੰ ਖਿਆਲ ਆਇਆ ‘ਮਨਾ ਲੋਕ ਕੁੱਤੇ ਬਿੱਲੀਆਂ ਲੈਕੇ ਪਾਲਦੇ ਐ ਕਿਉਂ ਨਾ ਕਿਸੇ ਇਨਸਾਨ ਦਾ ਬੱਚਾ ਲੈਕੇ ਪਾਲਿਆ ਜਾਵੇ ਜਿਹੜਾ ਆਵਦਾ ਜੰਮਿਆ ਸੀ ਓਸਨੂੰ ਤਾਂ ਪਤਾ ਹੀ ਨਹੀਂ ਬਈ ਮੇਰੇ ਮਾਂ ਬਾਪ ਦੀ ਕੀ ਹਾਲਤ ਐ, ਕੀ ਕਰਾਉਣੈ ਐਹੇ ਜੀ ‘ਲਾਦ ਤੋਂ‘ ਉਸਨੇ ਇਹ ਗੱਲ ਬਲਵਿੰਦਰ ਨਾਲ ਸਾਝੀ ਕੀਤੀ ਤਾਂ ਬਲਵਿੰਦਰ ਪਹਿਲਾਂ ਤਾਂ ਝਿਜਕੀ ਪਰ ਬਚਿਤੱਰ ਦੀਆਂ ਦਲੀਲਾਂ ਨਾਲ ਉਹ ਵੀ ਸਹਿਮਤ ਹੋ ਗਈ । ਉਹਨਾਂ ਨੇ ਫੈਸਲਾ ਕੀਤਾ ਕਿ ਏਸ ਕਰਿਸਚੀਅਨ ਚਿਲਡਰਨਜ਼ ਫੰਡ ਵਾਲਿਆਂ ਨਾਲ ਸੰਪਰਕ ਕਰਕੇ ਹੋਰ ਜਾਕਾਰੀ ਲਈ ਜਾਵੇ ਤੇ ਇੱਕ ਬੱਚਾ, ਮੁੰਡਾ ਜਾਂ ਕੁੜੀ, ਅਡਾਪਟ ਕਰ ਲਿਆ ਜਾਵੇ ਉਸ ਨਾਲ ਘਰ ਵਿੱਚ ਰੌਣਕ ਤਾਂ ਹੋਜੂ । ਉਹਨਾਂ ਨੇ ਏਸ ਏਜੰਸੀ ਨਾਲ ਸੰਪਰਕ ਕਰਕੇ ਜਾਣਕਾਰੀ ਲਈ ਤਾਂ ਉਹਨਾਂ ਨੇ ਦਸ ਵੀਹ ਬੱਚਿਆਂ ਦਾ ਬਾਇਓ ਡੈਟਾ, ਸਮੇਤ ਫੋਟੋਆਂ ਦੇ, ਭੇਜ ਦਿੱਤਾ । ਬਚਿਤੱਰ ਹੋਰਾਂ ਨੇ ਇੱਕ ਅੱਠ ਦੱਸ ਸਾਲ ਦੇ ਭੋਲੇ ਜਿਹੇ ਚਿਹਰੇ ਵਾਲੇ ਜੋਸ਼ੂਆ ਨੂੰ ਸਿਲੈਕਟ ਕਰ ਲਿਆ । ਛੇ ਮਹੀਨਿਆਂ ਵਿੱਚ ਹੀ ਜੌਸ਼ੂਆ ਉਹਨਾ ਕੋਲ ਪੁੱਜ ਗਿਆ । ਉਸਨੂੰ ਸੋਮਾਲੀਆ ਤੋਂ ਲਿਆਦਾ ਗਿਆ ਸੀ । ਬਚਿਤੱਰ ਹੋਰਾਂ ਨੇ ਉਸਦਾ ਨਾਮ ਜੌਸ਼ੂਆ ਤੋਂ ਬਦਲਕੇ ਜੋਗਿੰਦਰ ਰੱਖ ਲਿਆ ਅਤੇ ਗੁਰਦਵਾਰੇ ਵਿੱਚ ਪੰਜਾਬੀ ਦੀਆਂ ਕਲਾਸਾਂ ਵੀ ਲੁਵਾਉਣੀਆਂ ਸ਼ੁਰੂ ਕਰ ਦਿੱਤੀਆਂ । ਜੋਗਿੰਦਰ ਜੌਸ਼ੂਆ ਬਹੁਤ ਹੀ ਬੀਬਾ ਮੁੰਡਾ ਸੀ ਉਸਨੂੰ ਅਪਣੇ ਅਸਲੀ ਮਾਂ ਬਾਪ ਦਾ ਕੋਈ ਪਤਾ ਨਹੀਂ ਸੀ । ਬਿਲਕੁਲ ਤੰਗ ਨਹੀਂ ਸੀ ਕਰਦਾ । ਏਜੰਸੀ ਵਾਲੇ ਮਹੀਨੇ ਵਿੱਚ ਦੋ ਵਾਰ ਆਕੇ ਚੈੱਕ ਕਰ ਜਾਂਦੇ ਸਨ ਕਿ ਕੀ ਉਹ ਠੀਕ ਠਾਕ ਹੈ ਸਰਕਾਰ ਉਸਨੂੰ ਪਾਲਣ ਦੇ ਕੁਛ ਪੈਸੇ ਵੀ ਬਚਿਤੱਰ ਹੋਰਾਂ ਨੂੰ ਦਿੰਦੇ ਸਨ । ਜੌਸ਼ੂਆ ਦੇ ਆਉਣ ਨਾਲ ਘਰ ਵਿੱਚ ਰੌਣਕ ਹੋ ਗਈ । ਹੌਲੀ ਹੌਲੀ ਜੌਸ਼ੂਆ ਨੇ ਪੰਜਾਬੀ ਸਟਾਈਲ ਚਾਹ-ਪਾਣੀ ਬਨਾਉਣਾ ਸਿੱਖ ਲਿਆ ਅਤੇ ਜਦੋਂ ਵੀ ਬਚਿਤੱਰ ਹੋਰਾਂ ਨੂੰ ਕਿਸੇ ਚੀਜ ਦੀ ਲੋੜ ਹੁੰਦੀ ਉਹ ਝੱਟ ਦੇਣੀ ਲਿਆ ਦਿੰਦਾ ਉਹਨਾਂ ਦੀ ਦਵਾਈ ਦਾ ਖਿਆਲ ਰਖਦਾ ਕਿ ਕਿਹੜੀ ਕਦੋਂ ਤੇ ਕਿਨੀ ਲੈਣੀ ਹੈ । ਦੋ ਕੁ ਸਾਲਾਂ ‘ਚ ਜੌਸ਼ੂਆ ਫਰਾਟੇਦਾਰ ਪੰਜਾਬੀ ਬੋਲਣ, ਪੜਨ ਤੇ ਲਿਖਣਾ ਸਿੱਖ ਗਿਆ । ਮਿਹਨਤੀ ਹੋਣ ਕਰਕੇ ਸਕੂਲ ਵਿੱਚੋਂ ਵੀ ਚੰਗੀਆਂ ਰਿਪੋਰਟਾਂ ਆਉਂਦੀਆ, ਬਚਿਤੱਰ ਤੇ ਬਲਵਿੰਦਰ ਅਪਣੀ ਇਸ ਚੋਣ ਤੇ ਬਹੁਤ ਖੁਸ਼ ਸਨ ।
ਸਿਆਲਾਂ ਦੀਆਂ ਰਾਤਾਂ ਵੱਡੀਆਂ ਹੋ ਗਈਆਂ
ਸੁਰਜ ਥੱਕਿਆ ਥੱਕਿਆ ਜਿਹਾ ਰਹਿੰਦਾ
ਰੁੱਖਾ ਦੇ ਪੱਤੇ ਝੜਨ ਲਗ ਪਏ
ਜੌਸ਼ੂਆ ਜਵਾਨ ਹੋ ਗਿਆ
ਹੁਣ ਜੌਸ਼ੂਆ ਅਪਣੇ ਯਾਰਾਂ ਦੋਸਤਾਂ ਨਾਲ ਜਿਆਦਾ ਸਮਾ ਗੁਜਾਰਦਾ ਸੀ ਪਰ ਬਲਵਿੰਦਰ ਦੇ ਕਹਿਣ ਤੇ ਉਸਨੇ ਘਰੋਂ ਜਿਆਦਾ ਦੇਰ ਰਹਿਣਾ ਘਟ ਕਰ ਦਿੱਤਾ । ਉਹ ਬਚਿਤੱਰ ਤੇ ਬਲਵਿੰਦਰ ਨੂੰ ਕਿਸੇ ਪਾਸਿਉਂ ਵੀ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦਾ । ਪੂਰਾ ਆਗਿਆਕਾਰੀ ਪੁੱਤ ਬਣਕੇ ਰਹਿੰਦਾ । ਗੁਰਕੀਰਤ ਵੀ ਬੇ ਫਿਕਰ ਸੀ ਕਿ ਉਸਦੇ ਮਾਂ ਬਾਪ ਨੂੰ ਸਾਂਭ ਸੰਭਾਈ ਵਾਸਤੇ ਪੁੱਤ ਮਿਲ ਗਿਆ । ਹਰਕੀਰਤ ਸਾਲ ਵਿੱਚ ਦੋ ਚਾਰ ਵਾਰੀ ਗੁਰਕੀਰਤ ਨੂੰ ਟੈਕਸ ਮੈਸੇਜ ਕਰ ਦਿੰਦਾ ਜਿਸਤੋਂ ਉਸਦੇ ਜਿੰਦਾ ਹੋਣ ਦਾ ਅਹਿਸਾਸ ਜਾਗ ਪੈਂਦਾ । ਮਾਂ ਬਾਪ ਦੀ ਉਸਨੇ ਕਦੇ ਬਾਤ ਨਹੀਂ ਪੁੱਛੀ ਬਈ ਉਹ ਜਿੳਦੇ ਵੀ ਹਨ ਜਾਂ ਮਰ-ਮੁੱਕ ਗਏ । ਏਧਰ ਜੌਸ਼ੂਆ ਸਕੂਲ ਖਤਮ ਕਰਕੇ ਕੈਲਗਰੀ ਯੂਨੀਵਰਸਿਟੀ ਵਿੱਚ ਚਲਾ ਗਿਆ । ਛੁੱਟੀਆਂ ਅਤੇ ਵੀਕ ਐਂਡ ਤੇ ਉਹ ਕਿਸੇ ਰੈਂਟੱਲ ਕੰਪਨੀ ਵਿੱਚ ਪਾਰਟ ਟਾਈਮ ਜੌਬ ਕਰ ਲੈਂਦਾ ਅਤੇ ਅਪਣੀ ਪ੍ਹੜਾਈ ਲਿਖਾਈ ਦਾ ਖਰਚਾ ਸਰਕਾਰ ਤੋਂ ਸਟੂਡੈਂਟ ਲੋਨ ਲੈਕੇ ਚਲਾ ਲੈਂਦਾ । ਬਚਿਤੱਰ ਹੋਰਾਂ ਤੇ ਘੱਟ ਤੋਂ ਘੱਟ ਹੀ ਬੋਹਜ ਪੈਣ ਦਿੰਦਾ । ਯੂਨੀਵਰਸੀਟੀ ਦੇ ਦੂਜੇ ਸਾਲ ਉਹ ਅਪਣੇ ਇੱਕ, ਕਾਮਰਸ ਦੇ, ਪਰੋਫੈਸਰ ਦਾ ਟੀ.ਏ. (ਟੀਚਰ ਅਸਿਸਟੈਂਟ) ਲੱਗ ਗਿਆ ਉਹ ਪਰੋਫੈਸਰ ਵੀਕ ਦੇ ਤਿੰਨ ਸੌ ਡਾਲਰ ਉਸਨੂੰ ਦੇ ਦਿੰਦਾ ਸੋ ਬਚਿਤੱਰ ਹੋਰਾਂ ਨੂੰ ਉਸਦੀ ਪੜ੍ਹਾਈ ਵਾਸਤੇ ਕੋਈ ਵੀ ਖਰਚ ਨਹੀਂ ਸੀ ਕਰਨਾ ਪੈਂਦਾ ।
ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੌਸ਼ੂਆ ਤੇ ਜੱਸੀ (ਜਸਵਿੰਦਰ) ਚੰਗੇ ਦੋਸਤ ਬਣ ਗਏ । ਜੌਸ਼ੂਆ ਨੇ ਜੱਸੀ ਨੂੰ ਅਪਣੇ ਮਾਂ ਬਾਪ ਨਾਲ ਮਿਲਾਇਆ ਉਹਨਾਂ ਨੂੰ ਕੁੜੀ ਬਹੁਤ ਪਸੰਦ ਆਈ ਤਾਂ ਉਹਨਾਂ ਨੇ ਜੌਸ਼ੂਆ ਨੂੰ ਵਿਆਹ ਕਰਾਉਣ ਲਈ ਹਰੀ ਝੰਡੀ ਦੇ ਦਿੱਤੀ । ਪਰ ਜੌਸ਼ੂਆ ਨੇ ਜੱਸੀ ਅੱਗੇ ਇੱਕ ਸ਼ਰਤ ਰੱਖੀ ਕਿ ਵਿਆਹ ਇੱਕ ਸ਼ਰਤ ਤੇ ਹੀ ਕਰੇਗਾ ੳਸਦੇ ਪੇਰੈਂਟਸ ਉਹਨਾਂ ਦੇ ਨਾਲ ਰਹਿਣਗੇ । ਜੱਸੀ ਨੂੰ ਮਨਜੂਰ ਸੀ । ਜੱਸੀ ਨੇ ਅਪਣੇ ਮਾਮ ਡੈਡ ਨਾਲ ਗੱਲ ਕੀਤੀ ਪਹਿਲਾਂ ਤਾਂ ਉਹ ਲੱਤ ਨਹੀਂ ਸਨ ਲਾਉਂਦੇ ਪਰ ਜੱਸੀ ਨੇ ਕਿਹਾ, “ਤੁਸੀਂ ਇੱਕ ਵਾਰੀ ਉਸਨੂੰ ਮਿਲ ਤਾਂ ਲਊ ਜੇ ਤੁਹਾਨੂੰ ਪਸੰਦ ਨਾ ਆਇਆ ਤਾਂ ਮੈਂ ਉਸ ਨਾਲੌ ਨਾਤਾ ਤੋੜ ਲਵਾਂਗੀ” ਜੱਸੀ ਦੇ ਮੰਮ ਡੈਡ ਨੇ ਇਹ ਮੰਨਜੂਰ ਕਰ ਲਿਆ । ਜੌਸ਼ੂਆ ਜੋਗਿੰਦਰ ਨੂੰ ਚਾਹ ਤੇ ਸੱਦ ਲਿਆ ਗਿਆ, ਜੱਸੀ ਦੇ ਪੇਰੈਂਟਸ ਨਹੀਂ ਸਨ ਚਾਹੁਂਦੇ ਜੌਸ਼ੂਆ ਨਾਲ ਜਿਆਦਾ ਗੱਲ ਬਾਤ ਕੀਤੀ ਜਾਵੇ ਬੱਸ ਜੱਸੀ ਦਾ ਦਿਲ ਰੱਖਣ ਵਾਸਤੇ ਹੀ ਇਹ ਮੀਟਿੰਗ ਅਰੇਂਜ ਕਰ ਲਈ । ਸਨਿਚੱਰਵਾਰ ਦਾ ਦਿਨ ਸੀ ਜੌਸ਼ੂਆ ਆਇਆ ਉਸਨੇ ਜੱਸੀ ਦੇ ਪੇਰੈਂਟਸ ਦੇ ਗੋਡੀਂ ਹੱਥ ਲਾਏ ਬੜੇ ਅਦਬ ਨਾਲ ਮਿਲਿਆ । ਜੱਸੀ ਦੇ ਡੈਡ ਨੇ ਉਸਨੂੰ ਪੁੱਛਿਆ, “ਵਹਟ ਇਜ ਯੂਅਰ ਫੁੱਲ ਨੇਮ?”
“ਮੇਰਾ ਪੂਰਾ ਨਾਂ ਐ ਜੀ ਜੋਗਿੰਦਰ ਸਿੰਘ ਧਾਲੀਵਾਲ, ਵੈਸੇ ਮੇਰਾ ਨਿੱਕਾ ਨਾਂ ਐ ਜੌਸ਼ੂਆ” ਉਸਦੇ ਮੂੰਹੋਂ ਲੱਛੇਦਾਰ ਪੰਜਾਬੀ ਸੁਣਕੇ ਜੱਸੀ ਦੇ ਮੰਮ ਡੈਡ ਹੈਰਾਨ ਹੀ ਰਹਿ ਗਏ । ਜੱਸੀ ਦੇ ਫਾਦਰ ਨੇ ਫਿਰ ਸਵਾਲ ਕੀਤਾ, “ਵ੍ਹਟ ਇਜ ਯੂਅਰ ਪਲਾਨ ਆਈ ਮੀਨ ੜ੍ਹਟ ਯੂ ਵਾਂਟ ਬੀ ਇਨ ਦ ਲਾਈਫ ਯੂ ਨੋ...”
“ਮੇਰੀ ਪੁਰਜੋਰ ਕੋਸ਼ਿਸ਼ ਤਾਂ ਇਹੀ ਐ ਜੀ ਕਿ ਮੈਂ ਸਿਰਫ ਇਨਸਾਨ ਹੀ ਬਣ ਜਾਵਾਂ ਤਾਂ ਬਹੁਤ ਹੈ, ਇਨਸਾਨ ਬਣਨ ਦੀਆਂ ਕੋਸ਼ਿਸ਼ਾਂ ਜਾਰੀ ਐ ਅੱਗੇ ਜੋ ਵਾਹਿਗੁਰੂ ਨੂੰ ਮਨਜੂਰ” ਉਸਦੇ ਇਹਨਾਂ ਜਵਾਬਾਂ ਨਾਲ ਜੱਸੀ ਦੇ ਪੇਰੈਂਟਸ ਐਨੇ ਪ੍ਰਭਾਵਤ ਹੋਏ ਕਿ ਜੱਸੀ ਦੇ ਡੈਡ ਨੇ ਹੋਰ ਸਵਾਲ ਹੀ ਨਾ ਕੀਤਾ ਪਰ ਜੱਸੀ ਦੀ ਮੰਮ ਨੇ ਸਵਾਲ ਕੀਤਾ, “ਕਲ੍ਹ ਨੂੰ ਜੱਸੀ ਨੂੰ ਧੋਖਾ ਤਾਂ ਨਹੀਂ ਦੇਵੇਂਗਾ?”
“ਜੱਸੀ ਤਾਂ ਜੀ ਮੇਰਾ ਮਾਰਗ ਦਰਸ਼ਨ ਹੈ ਮੈਂ ਇਸਦੇ ਦੱਸੇ ਰਾਹਾਂ ਤੇ ਚੱਲਕੇ ਜ਼ਿੰਦਗੀ ਵਿੱਚ ਪਹਿਲਾਂ ਹੀ ਬੜਾ ਕੁਛ ਸਿੱਖ ਚੁੱਕਾ ਹਾਂ ਏਸਦੀ ਡਾਇਰੈਕਸ਼ਨ ਬਿਨਾ ਤਾਂ ਮੈਂ ਔਝੜੀਂ ਪੈਜੂੰ” ਜੱਸੀ ਦੀ ਮਾਂ ਨੇ ਜੱਸੀ ਵੱਲ ਵੇਖਿਆ ਜੋ ਮਹਿਸੂਸ ਕਰ ਰਹੀ ਸੀ ਕਿ ਮੇਰੀ ਚੋਣ ਸਵੀਕਾਰ ਹੋ ਗਈ ਹੈ । ਸੱਦਿਆ ਤਾਂ ਸਿਰਫ ਚਾਹ ਵਾਸਤੇ ਹੀ ਸੀ ਪਰ ਰਾਤ ਦੇ ਖਾਣੇ ਲਈ ਵੀ ਰੋਕ ਲਿਆ । ਜੱਸੀ ਦੇ ਪੇਰੈਨਟਸ ਬਹੁਤ ਜਿਆਦਾ ਪਰਭਾਵਤ ਹੋਏ ਜੌਸ਼ੂਆ ਤੋਂ ।
ਹਵਾ ਸ਼ੂਕਦੀ ਸੀ
ਕੱਖ ਕਾਣ ਬਿਨਾਂ ਮੰਜਲ ਵਹੀਰਾਂ ਘੱਤੀ ਜਾਦੇ ਸੀ
ਸੜਕਾਂ ਰੌਸ਼ਨੀ ਨਾਲ ਕਲੋਲ ਕਰ ਰਹੀਆਂ ਸਨ
ਜੌਸ਼ੂਆ ਖੁਸ਼ ਸੀ
ਜੌਸ਼ੂਆ ਨੇ ਆਕੇ ਘਰੇ ਦੱਸਿਆ, “ਮੰਮ ਡੈਡ ਮੈਨੂੰ ਅੱਜ ਜੱਸੀ ਦੇ ਪੇਰੈਂਟਸ ਨੇ ਘਰੇ ਸੱਦਿਆ ਸੀ ਚਾਹ ਤੇ ਪਰ ਫਿਰ ਡਿਨਰ ਵੀ ਕਰਾਇਆ”
“ਅੱਛਾ ਕੀ ਗੱਲ ਬਾਤ ਹੋਈ?”
“ਕੁਸ਼ਨੀ ਬੱਸ ਸਰਸਰੀ ਜੀਆਂ ਗੱਲਾਂ ਈ ਕੀਤੀਆਂ ਹਾਂ ਸੱਚ ਕਹਿੰਦੇ ਸੀ ਤੇਰੀ ਮੰਮੀ ਸਾਡੀ ਕੁੜੀ ਨੂੰ ਤੰਗ ਤਾਂ ਨੀ ਕਰੂ”
“ਫੇਰ ਤੂੰ ਕੀ ਆਖਿਆ?”
“ਮੈਂ ਕਿਹਾ ਹੈ ਤਾਂ ਸਾਡੀ ਬੁੜ੍ਹੀ ਥੋੜੀ ਜੀ ਕੱਬੀ, ਜੇ ਜੱਸ ਨੇ ਉੱਨੀ ਇੱਕੀ ਕੀਤੀ ਤਾਂ ਧੌਲ ਧੱਫਾ ਵੀ ਕਰਦੂਗੀ...”
“ਖੜ੍ਹ ਤੇਰੇ ਦਾਦੇ ਮਹਿਗਾਇਆ, ਹੈ ਅੰਨਾ ਜੁਲਾਹਾ ਤੇ ਮਾਂ ਨੂੰ ਮਸ਼ਕਰੀਆਂ” ਜੋਸ਼ੂਆ ਨੇ ਲਾਡ ਨਾਲ ਬਲਵਿੰਦਰ ਨੂੰ ਜੱਫੀ ਪਾ ਲਈ । ਬਚਿਤੱਰ, ਮਾਂ ਪੁੱਤ ਦੀ ਨੋਕ ਝੋਕ ਸੁਣਕੇ ਆਵਦੀ ਬੈਕ ਪਰਾਬਲਮ ਭੁੱਲਿਆ ਬੈਠਾ ਸੀ ।
ਜੌਸ਼ੂਆ ਨੇ ਕਾਮਰਸ ਦੀ ਡਿਗਰੀ ਲੈਣ ਪਿੱਛੋਂ ਟਰਾਂਟੋ ਦੇ ਓਸਗੁੱਡ ਹਾਲ ‘ਚੋਂ ਵਕਾਲਤ ਪਾਸ ਕਰ ਲਈ । ਹੁਣ ਕਿਸੇ ਨਾਮਵਰ ਫਰਮ ਨਾਲ ਆਰਟੀਕਲਿੰਗ ਕਰ ਰਿਹਾ ਸੀ । ਬਲਵਿੰਦਰ ਹੋਰਾਂ ਨੇ ਤੇ ਜੱਸੀ ਦੇ ਪੇਰੈਨਟਸ ਨੇ ਉਹਨਾਂ ਦੇ ਵਿਆਹ ਦੀ ਤਰੀਕ ਪੱਕੀ ਕਰ ਲਈ । ਜੌਸ਼ੂਆ ਨੇ ਸਲਾਹ ਕੀਤੀ, “ਡੈਡ ਆਪਾਂ ਘਰ ਨਾ ਬਦਲ ਲਈਏ?” ਬੱਚਿਤੱਰ ਤਾਂ ਅਜੇ ਸੋਚਦਾ ਈ ਸੀ ਪਰ ਬਲਵਿੰਦਰ ਬੋਲ ਉੱਠੀ, “ਤੇਰੀ ਮਹਾਰਾਣੀ ਦਾ ਐਸ ਘਰੇ ਗੁਜਾਰਾ ਨੀ ਹੁੰਦਾ?”
“ਨਹੀਂ ਮੰਮ ਮੈਰਾ ਤੇ ਜੱਸੀ ਦਾ ਕੰਮ ਦੂਰ ਪੈਂਦੈ ਓਧਰੇ ਕਿਧਰੇ ਈ ਵੇਖ ਲੈਨੇ ਆਂ”
“ਜਿਵੇਂ ਤੇਰੀ ਮਰਜੀ ਸ਼ੇਰਾ ਜਿੱਥੇ ਜੀਅਕਰਦੈ ਲੈਲੋ ਘਰ ਅਸੀਂ ਤੈਥੋਂ ਨਾਬਰ ਤਾਂ ਨੀ” ਹੁਣ ਬਚਿਤੱਰ ਨੇ ਕਿਹਾ । ਜੌਸ਼ੂਆ ਵਿਆਹ ਤੋਂ ਪਹਿਲਾਂ ਪਹਿਲਾਂ ਘਰ ਬਦਲਣਾ ਚਾਹੁੰਦਾ ਸੀ ਉਸਨੇ ਭੱਜ ਨੱਠ ਕਰਕੇ ਮਹਿੰਦਰ ਹੋਰਾਂ ਦੇ ਗੁਆਂਡ ‘ਚ ਘਰ ਲੈ ਲਿਆ ਤੇ ਪਿਛਲੇ ਵੀਕ ਐਂਡ ਤੇ ਓਥੇ ਮੂਵ ਹੋ ਗਏ । ਅਗਲੇ ਦਿਨ ਮਹਿੰਦਰ ਕਮੰ ਤੇ ਜਾਣ ਲੱਗਿਆ ਤਾਂ ਜੌਸ਼ੂਆ ਵੀ ਆਵਦੀ ਕਾਰ ਸਟਾਰਟ ਕਰਨ ਡਰਾਈਵ ਵੇਅ‘ਚ ਆ ਗਿਆ ਮਹਿੰਦਰ ਨੂੰ ਵੇਖਕੇ ਕਹਿੰਦ, “ਸਾਸਰੀ ਕਾਲ ਬਾਈ ਜੀ ਕੀ ਹਾਲ ਐ” ਤੇ ਅੱਗੇ ਹੋਕੇ ਮਹਿੰਦਰ ਨਾਲ ਹੱਥ ਮਿਲਾਇਆ । ਮਹਿੰਦਰ ਇੱਕ ਕਾਲੇ ਦੇ ਮੂੰਹੋਂ ਧੜੱਲੇਦਾਰ ਪੰਜਾਬੀ ਸੁਣਕੇ ਹੈਰਾ ਈ ਹੋ ਗਿਆ । ਜੌਸ਼ੂਆ ਨੂੰ ਪਤਾ ਲੱਗ ਗਿਆ ਬਈ ਮਹਿੰਦਰ ਕਿਉਂ ਹੈਰਾਨ ਐ ਕਹਿੰਦਾ, “ਚੰਗਾ ਬਾਈ ਜੀ ਮੈਂ ਚਲਦਾਂ ਮੈਨੂੰ ਤਾਂ ਅੱਗੇ ਈ ਕੁਵੇਲਾ ਹੋ ਗਿਆ” ਉਹ ਮਹਿੰਦਰ ਨੂੰ ਸਪੀਚਲੈੱਸ ਛੱਡਕੇ ਆਵਦੀ ਕਾਰ ‘ਚ ਜਾ ਬੈਠਾ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346