Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 

 


ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ
 

 

(ਇਹ ਮੁਲਾਕਾਤ ਟੋਰਾਂਟੋ ਦੇ ਇੱਕ ਰੇਡੀਓ ਤੇ 17 ਜਨਵਰੀ, 2006 ਨੂੰ ਟੈਲੀਫੋਨ ਰਾਹੀਂ ਲਾਈਵ ਨਸ਼ਰ ਕੀਤੀ ਗਈ ਸੀ। ਉਸ ਸਮੇਂ ਇੰਦਰਜੀਤ ਹਸਨਪੁਰੀ ਦੁਆਬੇ ਦੇ ਇੱਕ ਪਿੰਡ ਜਗਤਪੁਰ ਵਿਖੇ ਪੰਜਾਬ ਦੇ ਸਫਲ ਖੇਤੀ ਮਾਹਿਰ ਕਿਰਸਾਨ ਸਰਦਾਰ ਮਹਿੰਦਰ ਸਿੰਘ ਦੋਸਾਂਝ ਦੇ ਘਰ ਹੋਰ ਦੋਸਤਾਂ ਨਾਲ ਮਹਿਮਾਨ ਵੱਜੋਂ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਟੋਰਾਂਟੋ ਤੋਂ ਲੇਖਕ, ਪੱਤਰਕਾਰ ਅਤੇ ਕਵੀ ਗੁਰਦਿਆਲ ਕੰਵਲ, ਉਦਯੋਗਪਤੀ ਸਤਪਾਲ ਲੋਟੇ ਵੀ ਹਾਜ਼ਰ ਸਨ। ਇਨ੍ਹਾਂ ਸੱਜਣਾਂ ਵਲੋਂ ਇੰਦਰਜੀਤ ਹਸਨਪੁਰੀ ਬਾਰੇ ਦਿੱਤੇ ਬਿਆਨ ਅਤੇ ਕੁਮੈਂਟਸ ਨੂੰ ਵੀ ਅਸੀਂ ਆਪਣੇ ਪਾਠਕਾਂ ਲਈ ਦਰਜ ਕਰ ਰਹੇ ਹਾਂ ਤਾਂ ਕਿ ਹਸਨਪੁਰੀ ਦੀ ਸ਼ਖ਼ਸੀਅਤ ਬਾਰੇ ਪਾਠਕਾਂ ਨੂੰ ਹੋਰ ਵੀ ਜਾਣਕਾਰੀ ਮਿਲ ਸਕੇ। ਇਹ ਮੁਲਾਕਾਤ ਮੇਜਰ ਸਿੰਘ ਨਾਗਰਾ ਅਤੇ ਪੇਸ਼ਕਾਰ ਹਰਜੀਤ ਗਿੱਲ ਵੱਲੋਂ ਰੇਡੀਓ ਹੋਸਟ ਵੱਜੋਂ ਲਈ ਗਈ ਸੀ।)

ਸੁਆਲ: ਅਸੀਂ ਮੇਜਰ ਸਿੰਘ ਨਾਗਰਾ ਅਤੇ ਹਰਜੀਤ ਗਿੱਲ, ਰੇਡੀਓ ਹੋਸਟ ਵੱਜੋਂ ਟੋਰਾਂਟੋ ਦੇ ਰੇਡੀਓ ਪ੍ਰੋਗਰਾਮ ਇਹ ਮੇਰਾ ਪੰਜਾਬ ਵਿਚ ਆਪ ਸਭ ਮਹਿਮਾਨਾਂ ਦਾ ਸੁਆਗਤ ਕਰਦੇ ਹਾਂ ਜੀ?
ਹਸਨਪੁਰੀ: ਮੈਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਕਿ ਤੁਸੀਂ ਪੰਜਾਬ ਤੋਂ ਦੂਰ ਰਹਿ ਕੇ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਕੇ ਪੰਜਾਬੀਅਤ ਦਾ ਨਾਂ ਉੱਚਾ ਕਰ ਰਹੇ ਹੋ।
ਸੁਆਲ: ਹਸਨਪੁਰੀ ਜੀ ਟੋਰਾਂਟੋ ਦੇ ਸਰੋਤਿਆਂ ਨਾਲ ਸਾਂਝ ਪਾਉਂਦੇ ਹੋਏ ਆਪਣੇ ਸਾਹਿਤਕ ਸਫ਼ਰ ਬਾਰੇ ਕੁਝ ਦੱਸਣ ਦੀ ਕ੍ਰਿਪਾਲਤਾ ਕਰੋ ਜੀ?
ਹਸਨਪੁਰੀ: ਦੋਸਤੋ ਪੰਜਾਬ ਹੁਣ ਨਿੱਕਾ ਜਿਹਾ ਨਹੀਂ ਰਿਹਾ, ਸਗੋਂ ਸਾਰੀ ਦੁਨੀਆਂ ਵਿਚ ਪੰਜਾਬ ਵੱਸਿਆ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਆਪ ਜੀ ਦੇ ਮਾਧਿਅਮ ਰਾਹੀਂ ਮੈਨੂੰ ਕੈਨੇਡਾ ਦੇ ਸਰੋਤਿਆਂ ਦੇ ਰੂ-ਬ-ਰੂ ਹੋਣ ਦਾ ਸੁਭਾਗ ਹਾਸਲ ਹੋਇਆ ਹੈ।
ਸੁਆਲ: ਹਸਨਪੁਰੀ ਜੀ ਆਪਣੀ ਲੇਖਣੀ ਅਤੇ ਗੀਤਕਾਰੀ ਦੀ ਸ਼ੁਰੂਆਤ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਜਾਣਕਾਰੀ ਦਿਉ?
ਹਸਨਪੁਰੀ: ਮੈਂ ਸਭ ਤੋਂ ਪਹਿਲਾਂ ਇਹ ਦੱਸ ਦੇਵਾਂ ਕਿ ਮੇਰੀ ਗੀਤਕਾਰੀ ਦੇ ਸ਼ੁਰੂ ਦੇ ਦਿਨਾਂ ਵਿਚ ਮੇਰੇ ਗੀਤ ਗਾਉਣ ਅਤੇ ਰਿਕਾਰਡ ਕਰਵਾਉਣ ਵਾਲਿਆਂ ਵਿਚ ਹੁਣ ਟੋਰਾਂਟੋ ਵਿਚ ਵੱਸਦੇ ਨਾਮਵਰ ਅਤੇ ਬਜ਼ੁਰਗ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਬੜਾ ਯੋਗਦਾਨ ਹੈ। ਬਾਅਦ ਵਿਚ ਤਕਰੀਬਨ ਇੱਕ ਸੌ ਤੋਂ ਵਧੇਰੇ ਗਾਇਕਾਂ ਨੇ ਮੇਰੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ।
ਸੁਆਲ: ਹਸਨਪੁਰੀ ਜੀ ਤੁਹਾਡਾ ਸਭ ਤੋਂ ਪਹਿਲਾ ਗੀਤ ਕਿਸ ਆਵਾਜ਼ ਵਿਚ ਰਿਕਾਰਡ ਹੋਇਆ ਸੀ?
ਹਸਨਪੁਰੀ: ਬਖਸ਼ੀ ਐਂਡ ਪਾਰਟੀ ਨੇ ਮੇਰਾ ਲਿਖਿਆ ਪਹਿਲਾ ਗੀਤ ਰਿਕਾਰਡ ਕਰਵਾਇਆ ਸੀ, ਜਿਸ ਦੇ ਬੋਲ ਸਨ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ। ਇਹ ਗੀਤ ਏਨਾ ਮਕਬੂਲ ਹੋਇਆ ਕਿ ਇੱਕ ਹੀ ਗੀਤ ਨੇ ਮੈਨੂੰ ਰਾਤੋ-ਰਾਤ ਇੰਦਰਜੀਤ ਤੋਂ ਹਸਨਪੁਰੀ ਬਣਾ ਦਿੱਤਾ। ਜਦੋਂ ਮੈਂ ਸਵੇਰੇ ਉਠਿਆ ਤਾਂ ਪਤਾ ਲੱਗਾ ਇਸ ਰਿਕਾਰਡ ਦੀ ਸੇਲ ਬੇਹੱਦ ਹੋ ਰਹੀ ਹੈ। ਉਸ ਇੱਕ ਗੀਤ ਨੇ ਮੇਰਾ ਨਾਂਅ ਬਣਾ ਦਿੱਤਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਪੰਜਾਬ ਨੇ ਮੇਰੇ ਗੀਤ ਗਾਏ ਅਤੇ ਕੋਈ ਆਦਮੀ ਉਂਗਲੀ ਨਹੀਂ ਕਰ ਸਕਦਾ, ਕੋਈ ਅਸ਼ਲੀਲ ਗੀਤ ਨਹੀਂ ਲਿਖਿਆ, ਸਾਰੇ ਸਭਿਆਚਾਰਕ ਗੀਤ ਲਿਖੇ ਨੇ, ਖਾਸ ਕਰਕੇ ਮਜ਼ਦੂਰਾਂ ਦੇ, ਕਿਰਤੀਆਂ-ਕਾਮਿਆਂ ਦੇ, ਕਿਰਸਾਨਾਂ ਦੇ ਮੈਂ ਗੀਤ ਲਿਖੇ ਨੇ ਜੋ ਬਹੁਤ ਹੀ ਘੱਟ ਗੀਤਕਾਰਾਂ, ਇੱਕ-ਦੋ ਨੂੰ ਛੱਡ ਕੇ, ਨੇ ਲਿਖੇ ਨੇ। ਹੁਣ ਮੈਂ ਇੱਕ ਕਿਤਾਬ ਛਾਪੀ ਹੈ ਕਿਰਤੀਆ ਕਿਰਤ ਕਰੇਂਦਿਆ ਉਸ ਵਿਚ ਸਾਰੇ ਹੀ ਮਿਹਨਤਕਸ਼ਾਂ ਦੇ ਗੀਤ ਲਿਖੇ ਨੇ। ਉਨ੍ਹਾਂ ਦੇ ਦੁੱਖ, ਮੁਸੀਬਤਾਂ, ਉਨ੍ਹਾਂ ਨੂੰ ਕੀ-ਕੀ ਔਕੜਾਂ ਪੇਸ਼ ਆ ਰਹੀਆਂ ਨੇ, ਉਹ ਸਾਰੀਆਂ ਮੈਂ ਬਿਆਨ ਕੀਤੀਆਂ ਨੇ ਅਤੇ ਬਹੁਤ ਹੀ ਖ਼ੂਬਸੂਰਤੀ ਨਾਲ ਉਸਨੂੰ ਪਸੰਦ ਕੀਤਾ ਜਾ ਰਿਹਾ ਹੈ। ਉਸ ਵਿਚ ਮੈਂ ਵਿਅੰਗ ਲਿਖੇ ਨੇ। ਇੱਕ ਦੋਹਾ ਪੇਸ਼ ਹੈ...।
ਰਾਜਿਆ ਰਾਜ ਕਰੇਂਦਿਆ,
ਲਈਂ ਅਕਲ ਤੋਂ ਕੰਮ।
ਸੌ ਚਮਚਾ ਨਾ ਕਰ ਸਕੇ,
ਇੱਕ ਚੱਪੂ ਦਾ ਕੰਮ।
ਰਾਜਿਆ ਰਾਜ ਕਰੇਂਦਿਆ,
ਅੱਕ ਨਾ ਬੈਠੀਂ ਚੱਬ,
ਤੂੰ ਲੋਕਾਂ ਦਾ ਬਾਦਸ਼ਾਹ,
ਲੋਕੀਂ ਤੇਰੇ ਰੱਬ।
ਸੋ ਇਸ ਤਰ੍ਹਾਂ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਮੈਂ ਇੱਕ ਹੋਰ ਗੀਤ ਲਿਖਿਆ,
ਇੱਕ ਵੀ ਘਰ ਨਹੀਂ ਜਿਨ੍ਹਾਂ ਕੋਲੇ,
ਇੱਥੇ ਲੱਖਾਂ ਹੀ ਇਨਸਾਨ।
ਇੱਕ ਭਗਵਾਨ ਦੇ ਲੱਖਾਂ ਘਰ ਨੇ,
ਰਹੇ ਨਾ ਇੱਕ ਵਿਚ ਵੀ ਭਗਵਾਨ।
ਇਸੇ ਤਰ੍ਹਾਂ ਮੈਂ ਕਿਰਸਾਨ ਦਾ ਇੱਕ ਗੀਤ ਲਿਖਿਆ ਹੈ,
ਕਾਰੀਗਰ ਨਾ ਵਪਾਰੀ,
ਦੋ ਹੀ ਵਿਘੇ ਭੋਏਂ ਸਾਰੀ।
ਕੀ ਮੈਂ ਸਕਦਾ ਹਾਂ ਵੇਚ ਅਤੇ ਵੱਟ ਬੇਲੀਓ।
ਸਾਂਝੀ ਸੀਰੀ ਤੋਂ ਵੀ ਮਾੜਾ ਹਾਂ ਮੈਂ ਜੱਟ ਬੇਲੀਓ ।
ਜੋ ਆਰਥਿਕਤਾ ਇਥੇ ਹੈ, ਮੈਂ ਉਹ ਚੀਜ਼ਾਂ ਹੀ ਲਿਖਦਾ ਹਾਂ, ਮੇਰਾ ਇਹ ਨਹੀਂ ਹੈਗਾ ਕਿ ਮੈਂ ਐਵੇਂ ਲੱਚਰ ਗੀਤ ਲਿਖ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰਾਂ। ਇੱਕ ਲੇਖਕ ਦਾ ਫਰਜ਼ ਪਛਾਣ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਅਜੇ ਵੀ ਮੇਰੇ ਕੋਲ ਪੁਰਾਣਾ ਟੁੱਟਾ ਹੋਇਆ ਸਕੂਟਰ ਹੈ, ਉਸ ਉਪਰ ਹੀ ਮੈਂ ਸੈਰ ਕਰਦਾ ਹਾਂ, ਉਸ ਉਪਰ ਹੀ ਘੁੰਮਦਾ ਹਾਂ।
ਸੁਆਲ: ਇਸੇ ਕਰਕੇ ਹੀ ਤੁਸੀਂ ਲੋਕ ਕਵੀ ਦਾ ਖਿਤਾਬ ਹਾਸਲ ਕਰ ਚੁੱਕੇ ਹੋ।
ਹਸਨਪੁਰੀ: ਮੈਂ ਲੋਕਾਂ ਦਾ ਕਵੀ ਹਾਂ, ਕਿਰਸਾਨਾਂ ਦਾ ਕਵੀ ਹਾਂ।
ਸੁਆਲ: ਤੁਹਾਡੀ ਕਿਤਾਬ, ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ, ਉਸ ਵਿੱਚੋਂ ਕੋਈ ਗੀਤ ਰਿਕਾਰਡ ਹੋਏ ਹਨ?
ਹਸਨਪੁਰੀ: ਇਨ੍ਹਾਂ ਗੀਤਾਂ ਨੂੰ ਕੰਪਨੀਆਂ ਰਿਕਾਰਡ ਕਰਦੀਆਂ ਹੀ ਨਹੀਂ, ਉਹ ਰਿਟਰਨ ਮੰਗਦੀਆਂ ਨੇ ਆਪਣੇ ਪੈਸੇ ਦੀ ਤੇ ਕੋਈ ਵੀ ਗਾਉਣ ਵਾਲਾ ਇਨ੍ਹਾਂ ਗੀਤਾਂ ਨੂੰ ਗਾਉਣ ਲਈ ਤਿਆਰ ਨਹੀਂ, ਇਨ੍ਹਾਂ ਮਜ਼ਦੂਰਾਂ ਕਿਰਸਾਨਾਂ ਦੇ ਗੀਤਾਂ ਨੂੰ। ਇਹ ਸਾਡੀ ਬੜੀ ਵੱਡੀ ਸਮੱਸਿਆ ਹੈ। ਇਸ ਵਿਸ਼ੇ ਤੇ ਮੇਰੀ ਬੜੀ ਬਹਿਸ ਹੁੰਦੀ ਹੈ, ਉਹ ਉਹੀ ਚਾਹੁੰਦੇ ਨੇ, ਜੋ ਮਾਲ ਵਿਕ ਰਿਹਾ ਹੈ ਮਾਰਕੀਟ ਵਿਚ, ਉਸ ਨੂੰ ਹੀ ਰਿਕਾਰਡ ਕਰਨਾ ਚਾਹੁੰਦੇ ਨੇ। ਪੈਸੇ ਦੇ ਪਿੱਛੇ ਲੋਕ ਪਾਗਲ ਹੋਏ ਬੈਠੇ ਨੇ।
ਸੁਆਲ: ਤੁਹਾਡੇ ਵਰਗੇ ਸੀਨੀਅਰ ਲੇਖਕਾਂ ਅਤੇ ਗੀਤਕਾਰਾਂ ਕੋਲੋਂ ਇਹ ਬੜੀ ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਇਹ ਜੋ ਲੱਚਰਪੁਣੇ ਦੀ ਮੁਹਿੰਮ ਚਲ ਰਹੀ ਹੈ, ਉਸ ਵਿਰੁੱਧ ਉਸ ਨੂੰ ਰੋਕਣ ਲਈ ਕੋਈ ਉਪਰਾਲੇ ਕੀਤੇ ਜਾਣ। ਲੋਕ ਚਾਹੁੰਦੇ ਨੇ ਕਿ ਤੁਸੀਂ ਸੰਜੀਦਾ ਲੇਖਕ ਅਤੇ ਗੀਤਕਾਰ ਇਸ ਦੀ ਅਗਵਾਈ ਆਪਣੇ ਹੱਥਾਂ ਵਿਚ ਲਵੋ ਅਤੇ ਲੋਕਾਂ ਦੇ ਗੀਤ, ਮਜ਼ਦੂਰਾਂ ਦੇ ਦਰਦ, ਕਿਰਸਾਨਾਂ ਦੀ ਤ੍ਰਾਸਦੀ ਨੂੰ ਉਭਾਰ ਸਕੋ। ਲੋੜ ਹੈ ਅਜਿਹੇ ਲੇਖਕ ਅੱਗੇ ਆਉਣ ਅਤੇ ਆਪਣੀ ਪਵਿੱਤਰ ਮਾਂ-ਬੋਲੀ ਨੂੰ ਦੂਸ਼ਿਤ ਹੋਣੋਂ ਬਚਾਇਆ ਜਾ ਸਕੇ?
ਹਸਨਪੁਰੀ: ਵੇਖੋ ਜੀ ਲੇਖਕ ਤਾਂ ਕੁਝ ਜਿਹੜੇ ਹੈਗੇ ਨੇ ਇਸ ਸਬੰਧੀ ਕੰਮ ਕਰ ਰਹੇ ਨੇ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੀਆਂ ਗੱਲਾਂ ਲੋਕਾਂ ਤਾਈਂ ਕਿਤਾਬਾਂ ਰਾਹੀਂ ਤਾਂ ਪਹੁੰਚਦੀਆਂ ਨੇ। ਫਿਰ ਸਟੇਜ ਰਾਹੀਂ ਜਾਂ ਫਿਰ ਟੈਲੀਵੀਜ਼ਨ ਦਾ ਜਿਹੜਾ ਮਾਧਿਅਮ ਹੈ ਜਾਂ ਰੇਡੀਓ ਦੇ ਜਿਹੜੇ ਮਾਧਿਅਮ ਨੇ, ਸਾਡਾ ਮੀਡੀਆ ਹੈ, ਅਖ਼ਬਾਰਾਂ ਨੇ, ਉਨ੍ਹਾਂ ਰਾਹੀਂ ਇਹ ਲੋਕਾਂ ਵਿਚ ਬਹੁਤ ਘੱਟ ਪਹੁੰਚਦੀਆਂ ਨੇ। ਪਰਚਿਆਂ ਰਾਹੀਂ ਤਾਂ ਫਿਰ ਵੀ ਕੁਝ ਨਾ ਕੁਝ ਪਹੁੰਚਦੇ ਨੇ ਪਰ ਰਿਕਾਰਡ ਰਾਹੀਂ ਨਹੀਂ ਪਹੁੰਚਦੇ। ਅੱਜ ਰਿਕਾਰਡ ਵੀ ਇੱਕ ਬਹੁਤ ਵੱਡਾ ਮਾਧਿਅਮ ਹੈ ਲੋਕਾਂ ਤਾਈਂ ਆਪਣੀ ਗੱਲ ਪਹੁੰਚਾਉਣ ਦਾ। ਸੋ ਜੋ ਲੋਕ ਇਹ ਗੱਲ ਸਮਝਦੇ ਨੇ, ਉਨ੍ਹਾਂ ਨੂੰ ਚਾਹੀਦਾ ਹੈ ਖਾਸ ਕਰਕੇ ਬਾਹਰ ਬੈਠੇ ਲੋਕ ਜੇ ਮੇਰੀ ਗੱਲ ਸੁਣਦੇ ਹੋਣ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਚੈਨਲ ਬਣਾਉਣਾ ਚਾਹੀਦਾ ਹੈ, ਜਿਸ ਦੇ ਨਾਲ ਅਸੀਂ ਲੱਚਰਪੁਣੇ ਦੇ ਮੁਕਾਬਲੇ ਤੇ ਚੰਗੇ ਗੀਤ ਪੇਸ਼ ਕਰੀਏ ਤਾਂ ਅਸੀਂ ਅਮਲੀ ਤੌਰ ਤੇ ਉਨ੍ਹਾਂ ਨਾਲ ਟੱਕਰ ਲੈ ਸਕਦੇ ਹਾਂ। ਜਿੰਨਾ ਚਿਰ ਸਾਡੇ ਹੱਥ ਵਿਚ ਅਜਿਹਾ ਮਾਧਿਅਮ ਨਹੀਂ ਆਉਂਦਾ, ਅਸੀਂ ਜਿੰਨਾ ਮਰਜ਼ੀ ਲਿਖੀ ਜਾਈਏ, ਉਹ ਕੁਝ ਕੁ ਲੋਕ ਜੋ ਪੜ੍ਹਦੇ ਨੇ, ਉਨ੍ਹਾਂ ਤਕ ਹੀ ਪੁੱਜਦਾ ਹੈ ਤੇ ਉਨ੍ਹਾਂ ਤੇ ਹੀ ਅਸਰ ਹੁੰਦਾ ਹੈ। ਜਿੰਨਾ ਚਿਰ ਅਸੀਂ ਆਮ ਲੋਕਾਂ ਤਕ ਪਹੁੰਚਦੇ ਹੀ ਨਹੀਂ ਜਾਂ ਫਿਰ ਜਿੱਥੇ ਅਸੀਂ ਸਟੇਜ ਤੇ ਜਾਂਦੇ ਹਾਂ ਗੀਤ ਗਾਉਂਦੇ ਹਾਂ, ਉਥੇ ਬੋਲਦੇ ਹਾਂ, ਇਸ ਕਰਕੇ ਇਹ ਜਿਹੜੀ ਸਮੱਸਿਆ ਹੈਗੀ ਐ, ਇਹ ਸਭ ਪੈਸੇ ਦਾ ਚੱਕਰ ਹੈ। ਵਪਾਰੀ ਆ ਗਿਆ ਹੈ ਅੱਗੇ ਤੇ ਆਰਟਿਸਟ ਪਿੱਛੇ ਰਹਿ ਗਿਆ ਹੈ।
ਸੁਆਲ: ਜਿਹੜੇ ਗੀਤ ਤੁਸੀਂ ਹੁਣ ਤਕ ਲਿਖੇ ਨੇ ਅਤੇ ਨਾਮਵਰ ਗਾਇਕਾਂ ਨੇ ਇਹ ਗੀਤ ਗਾਏ ਨੇ, ਤੁਸੀਂ ਕੋਈ ਅਜਿਹੇ ਕਲਾਕਾਰ ਬਾਰੇ ਦੱਸਣਾ ਚਾਹੋਗੇ, ਜਿਸ ਨੇ ਤੁਹਾਡੇ ਗੀਤ ਬਹੁਤ ਅਧਿਕ ਗਾਏ ਹੋਣ ਅਤੇ ਕਿਸੇ ਦੌਰ ਵਿਚ ਅਜਿਹੇ ਗੀਤਾਂ ਨੇ ਤੁਹਾਨੂੰ ਮਾਨਸਿਕ ਤਸੱਲੀ ਦਿੱਤੀ ਹੋਵੇ, ਤੁਹਾਡੀ ਸੰਤੁਸ਼ਟੀ ਹੋਈ ਹੋਵੇ, ਉਨ੍ਹਾਂ ਦਾ ਜ਼ਿਕਰ ਕਰਨਾ ਪਸੰਦ ਕਰੋਗੇ?
ਹਸਨਪੁਰੀ: ਵੇਖੋ ਹਾਲ ਇਹ ਹੈ ਕਿ ਬੋਲ ਪਬਲਿਕ ਨੂੰ ਪਸੰਦ ਆਉਣੇ ਚਾਹੀਦੇ ਹਨ। ਪਿਉ ਨੂੰ ਤਾਂ ਸਾਰੇ ਪੁੱਤਰ ਇੱਕੋ ਜਿਹੇ ਹੁੰਦੇ ਨੇ, ਧੀਆਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ। ਮੈਂ ਇਕ ਗੀਤ ਦਾ ਜ਼ਿਕਰ ਕਰਦਾਂ, ਜਿਸ ਨੂੰ ਸ਼ਾਇਦ ਤੁਸੀਂ ਕਦੇ ਸੁਣਿਆ ਹੋਵੇ...
ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ...।
ਜ਼ਿਕਰ ਕਰਨਾ ਚਾਹਾਂਗਾ ਕਿ 50 ਸਾਲ ਪਹਿਲਾਂ ਲਿਖੇ ਇਸ ਗੀਤ ਨੂੰ ਲੋਕ ਅੱਜ ਵੀ ਸੁਣਦੇ ਨੇ। ਇਹ ਗੀਤ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਆਵਾਜ਼ ਵਿਚ ਰਿਕਾਰਡ ਹੋਇਆ ਸੀ। ਇੱਕ ਹੋਰ ਗੀਤ ਸੀਗਾ
ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ,
ਗੜਵਾ ਲੈ ਦੇ ਚਾਂਦੀ ਦਾ,
ਲੱਕ ਹਿੱਲੇ ਮਜਾਜਣ ਜਾਂਦੀ ਦਾ।
ਇਹ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ। ਇਸੇ ਤਰ੍ਹਾਂ ਹੀ ਇੱਕ ਹੋਰ ਗੀਤ
ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ
ਬੜਾ ਮਸ਼ਹੂਰ ਗੀਤ ਸੀ।
ਬੋਤਾ ਹੌਲੀ ਤੋਰ ਮਿੱਤਰਾ, ਮੇਰਾ ਨਰਮ ਕਾਲਜਾ ਧੜਕੇ
ਇਹ ਸੁਰਿੰਦਰ ਕੌਰ ਦਾ ਸੀਗਾ। ਇੱਕ ਗੀਤ ਨਰਿੰਦਰ ਬੀਬਾ ਦਾ ਗਾਇਆ ਹੈ।
ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ
ਸੋ ਇਸ ਤਰ੍ਹਾਂ ਬੜੇ ਗੀਤ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਗਿਣਤੀ ਕਰਨ ਲੱਗੀਏ ਤਾਂ ਬਹੁਤ ਸਮਾਂ ਲੱਗ ਜਾਵੇਗਾ। ਮੈਂ ਤਾਂ ਫਿਲਮਾਂ ਵਿਚ ਵੀ ਕੋਸ਼ਿਸ਼ ਕੀਤੀ ਹੈ।
ੳ ਅ ੲ ਸ ਹ ਬੋਲਣਾ ਵਰਗੇ ਗੀਤ ਲਿਖ ਕੇ, ਪੰਜਾਬੀ ਲਈ ਕੁਝ ਕਰਨ ਦਾ, ਉਪਰਾਲਾ ਕੀਤਾ। ਤੁਹਾਨੂੰ ਮੇਰੀਆਂ ਫਿਲਮਾਂ ਵਿਚ ਵੀ ਅਜਿਹੇ ਗੀਤ ਮਿਲਣਗੇ।
ਸੁਆਲ: ਇਹ ਗੀਤ ਵੀ ਨਰਿੰਦਰ ਬੀਬਾ ਜੀ ਨੇ ਗਾਇਆ ਸੀ?
ਹਸਨਪੁਰੀ: ਨਹੀਂ ਇਹ ਗੀਤ ਫਿਲਮ ਮਨ ਜੀਤੇ ਜਗ ਜੀਤ ਲਈ ਲਿਖਿਆ ਸੀ। ਉਥੇ ਮੇਰਾ ਖਿਆਲ ਏ ਪੰਜਾਬੀ ਕੁੜੀ ਆ ਦਿਲਰਾਜ ਕੌਰ। (ਪਰ ਇਹ ਗੀਤ ਸੁਮਨ ਕਲਿਆਣਪੁਰੀ ਦੀ ਆਵਾਜ਼ ਵਿਚ ਰਿਕਾਰਡ ਹੋਇਆ ਸੀ:- ਲੇਖਕ) ਬਾਕੀ ਮੇਰੇ ਵੀਰ ਪਾਕਿਸਤਾਨੀ ਦੋਸਤ ਏਥੇ ਰਹਿੰਦੇ ਨੇ, ਮੇਰੇ ਮੁਸਲਿਮ ਭਰਾ। ਮੈਂ ਇਕ ਕਿਤਾਬ ਲਿਖੀ ਏ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਤੇ ਕਿੱਥੇ ਗਏ ਉਹ ਦਿਨ ਓ ਅਸਲਮ ਉਹਦੇ ਵਿੱਚੋਂ ਆਪਣੇ ਦੋਸਤਾਂ ਨੂੰ ਇੱਕ ਸ਼ੇਅਰ ਸੁਣਾਉਂਦਾ ਹਾਂ...
ਤਰਸਦੇ ਨੇ ਮੇਰੇ ਦੀਦੇ, ਕਿ ਤੇਰੀ ਦੀਦ ਹੋ ਜਾਵੇ,
ਤੇਰਾ ਕੁਝ ਘਟ ਨਹੀਂ ਜਾਣਾ, ਤੇ ਮੇਰੀ ਈਦ ਹੋ ਜਾਵੇ
ਅੰਤਿਕਾ:
ਸਰਦਾਰ ਮਹਿੰਦਰ ਸਿੰਘ ਦੋਸਾਂਝ: ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਦੀ ਜਾਣੀ-ਪਹਿਚਾਣੀ ਹਸਤੀ ਹਸਨਪੁਰੀ ਮਾਲਵੇ ਤੋਂ ਚਲ ਕੇ ਸਾਡੇ ਦੁਆਬੇ ਦੇ ਪਿੰਡ ਜਗਤਪੁਰ ਆਏ ਨੇ, ਅਸੀਂ ਇਨ੍ਹਾਂ ਨੂੰ ਜੀ ਆਇਆਂ ਆਖਦੇ ਹਾਂ। ਇਨ੍ਹਾਂ ਨੇ ਏਨੇ ਖ਼ੂਬਸੂਰਤ ਗੀਤ ਲਿਖੇ ਨੇ ਪੰਜਾਬੀ ਸਭਿਆਚਾਰ ਨੂੰ ਬੜਾ ਮਾਣ ਬਖਸ਼ਿਆ ਹੈ। ਇਨ੍ਹਾਂ ਨੇ ਜੱਟਾਂ-ਜੱਟੀਆਂ ਦੇ ਗੀਤ ਲਿਖੇ ਨੇ। ਉਨ੍ਹਾਂ ਦੀਆਂ ਭਾਵਨਾਵਾਂ ਨੂੰ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ, ਤੰਗੀਆਂ-ਤੁਰਸ਼ੀਆਂ ਨੂੰ, ਤਲਖ਼ੀਆਂ ਨੂੰ ਇਨ੍ਹਾਂ ਨੇ ਆਪਣੇ ਗੀਤਾਂ ਵਿਚ ਬਿਆਨ ਕੀਤਾ ਹੈ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਇਹ ਮਾਲਵੇ ਤੋਂ ਚਲ ਕੇ ਦੁਆਬੇ ਵਿਚ ਸਾਡੇ ਮਹਿਮਾਨ ਵੱਜੋਂ ਆਏ ਨੇ ਅਤੇ ਅਸੀਂ ਇਨ੍ਹਾਂ ਦਾ ਸੁਆਗਤ ਕੀਤਾ ਹੈ। ਮੈਨੂੰ ਇਨ੍ਹਾਂ ਨਾਲ ਗੱਲਬਾਤ ਕਰਕੇ ਬੜੀ ਸੰਤੁਸ਼ਟੀ ਹੋਈ ਹੈ। ਇਨ੍ਹਾਂ ਦੇ ਵਿਚਾਰ ਜਾਣ ਕੇ ਮੈਂ ਬਹੁਤ ਖੁਸ਼ ਹੋਇਆ ਹਾਂ। ਮੈਂ ਨਿੱਜੀ ਤੌਰ ਤੇ ਇਨ੍ਹਾਂ ਦਾ ਸ਼ੁਭਚਿੰਤਕ ਅਤੇ ਪ੍ਰਸੰਸਕ ਹਾਂ। ਇਨ੍ਹਾਂ ਨੇ ਬੜੀ ਸਰਪ੍ਰਸਤੀ ਕੀਤੀ ਹੈ ਪੰਜਾਬੀ ਸਭਿਆਚਾਰ ਦੀ। ਪੰਜਾਬੀ ਗੀਤ ਲਿਖ ਕੇ, ਪੰਜਾਬੀ ਪਾਠਕਾਂ ਨੂੰ, ਸਰੋਤਿਆਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਸੰਦੇਸ਼ ਵਿਚ ਜਿਹੜਾ ਕਿਰਤੀਆਂ ਦੀਆਂ, ਕਾਮਿਆਂ ਦੀਆਂ, ਮਿਹਨਤਕਸ਼ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਅਕਤ ਕੀਤਾ ਹੈ। ਇਹ ਕੁਝ ਕੁ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਨੇ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਗਹਿਰਾਈ ਬਖਸ਼ੀ ਹੈ ਅਤੇ ਭਾਵੁਕਤਾ, ਅਸ਼ਲੀਲਤਾ ਵਰਗੀਆਂ ਚੀਜ਼ਾਂ ਤੋਂ ਦੂਰ ਰਹੇ ਹਨ। ਅਸੀਂ ਇਨ੍ਹਾਂ ਦੀ ਮੌਲਿਕਤਾ ਭਰੀ ਪੇਸ਼ਕਾਰੀ ਨੂੰ ਸਲਾਮ ਕਰਦੇ ਹਾਂ, ਇਨ੍ਹਾਂ ਨੇ ਗੀਤਾਂ ਦੇ ਮਾਧਿਅਮ ਰਾਹੀਂ ਬੜੀ ਸੇਵਾ ਕੀਤੀ ਹੈ। ਇਹ ਇਨ੍ਹਾਂ ਦੀ ਮਹਾਨਤਾ ਹੈ। ਅਜਿਹੇ ਲੇਖਕਾਂ, ਗੀਤਕਾਰਾਂ ਦੇ ਉਸਾਰੂ ਪੱਖ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਪੰਜਾਬੀ ਸਭਿਆਚਾਰ ਨੂੰ ਦਿੱਤੀ ਦੇਣ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

-0-