Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

‘ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ
- ਹਰਪ੍ਰੀਤ ਸੇਖਾ

 

ਸ਼ਨਿੱਚਰਵਾਰ, ਨਵੰਬਰ 2009
ਮੈਂ ਸਵੇਰੇ ਦੋ ਵੱਜ ਕੇ ਪੰਜਾਹ ਮਿੰਟ ‘ਤੇ ਜਾਗਦਾ ਹਾਂ ਅਤੇ ਤਿੰਨ ਪਚਵੰਜਾ ‘ਤੇ ਟੈਕਸੀ ਮਾਲਕ ਦੇ ਘਰ ਮੂਹਰੇ ਪਹੁੰਚ ਜਾਂਦਾ ਹਾਂ। ਉੱਥੇ ਪਹਿਲਾਂ ਹੀ ਟੈਕਸੀ ਖੜ੍ਹੀ ਦੇਖ ਕੇ ਮੈਨੂੰ ਚੰਗਾ ਲੱਗਦਾ ਹੈ। ਸਵੇਰ ਦੇ ਉਸ ਵਕਤ ਉਡੀਕ ਕਰਨੀ ਬਹੁਤ ਹੀ ਔਖੀ ਲਗਦੀ ਹੈ; ਭਾਵੇਂ ਦੋ ਮਿੰਟ ਦੀ ਹੀ ਉਡੀਕ ਕਿਓਂ ਨਾ ਹੋਵੇ। ਟੈਕਸੀ ਦਾ ਦਰਵਾਜ਼ਾ ਖੋਹਲਦਾ ਹਾਂ ਤਾਂ ਕਾਰ ਵਿੱਚੋਂ ਮੁਸ਼ਕ ਦੀ ਭਬਕ ਨੱਕ ਨੂੰ ਚੜ੍ਹਦੀ ਹੈ। ਮੇਰਾ ਜੀਅ ਕਰਦਾ ਹੈ ਕਿ ਟੈਕਸੀ ਦੇ ਸ਼ੀਸ਼ੇ ਖੋਹਲ ਦੇਵਾਂ ਪਰ ਬਾਹਰ ਮੀਂਹ ਪੈ ਰਿਹਾ ਹੈ। ਗਲਵ ਕੰਪਾਰਟਮੈਂਟ ਵਿਚ ਦੇਖਦਾ ਹਾਂ ਜੇ ਏਅਰ ਫਰੈਸ਼ਨਰ ਸਪਰੇਅ ਪਈ ਹੋਵੇ। ਉਥੇ ਸਟਰਾਅ ਬੇਰੀ ਸੈਂਟ ਦੀ ਸਪਰੇਅ ਪਈ ਹੈ। ਇਹ ਸੈਂਟ ਮੈਨੂੰ ਚੰਗਾ ਨਹੀਂ ਲੱਗਦਾ। ਪਰ ਉਹ ਟੈਕਸੀ ਵਿੱਚੋਂ ਆ ਰਹੀ ਭੈੜੀ ਬੋਅ ਨਾਲੋਂ ਤਾਂ ਬੇਹਤਰ ਹੀ ਹੋਵੇਗਾ ਇਹ ਸੋਚਕੇ ਮੈਂ ਟੈਕਸੀ ਅੰਦਰ ਛਿੜਕ ਦਿੰਦਾ ਹਾਂ। ਟੈਕਸੀ ਵਿਚ ਆਪਣੀ ਫੋਟੋ ਵਾਲਾ ਪਛਾਣ ਪੱਤਰ ਟੰਗ ਕੇ ਮੈਂ ਕੰਪਿਊਟਰ ਸਕਰੀਨ ਔਨ ਕਰ ਕੇ ਆਪਣਾ ਪਾਸਵਰਡ ਪਾ ਦਿੰਦਾ ਹਾਂ। ਟੈਕਸੀ ਨੂੰ 180 ਤੇ 150 ਜ਼ੋਨ ਵਿਚ ਬੁੱਕ ਕਰ ਦਿੰਦਾ ਹਾਂ। ਫਿਰ ਨਵੀਂ ਟ੍ਰਿੱਪ ਸ਼ੀਟ ਕੱਢ ਕੇ ਉਸ ਵਿਚ ਕਿਰਾਏ ਵਾਲੇ ਮੀਟਰ ‘ਤੇ ਪਹਿਲਾਂ ਚੱਲਿਆ ਕਿਰਾਇਆ, ਕੁਲ ਕਿਲੋਮੀਟਰ, ਕਿਰਾਏ ਵਾਲੇ ਕਿਲੋਮੀਟਰ, ਕੰਮ ਸ਼ੁਰੂ ਕਰਨ ਦਾ ਸਮਾਂ, ਟੈਕਸੀ ਨੰਬਰ ਤੇ ਆਪਣਾ ਨਾਂ ਪਤਾ ਭਰ ਕੇ ਟੈਕਸੀ ਤੋਰ ਲੈਂਦਾ ਹਾਂ। ਮੇਰਾ ਵਿਚਾਰ ਹੈ ਕਿ ਸਿੱਧਾ ਡਾਊਨ-ਟਾਊਨ ਵੱਲ ਜਾਵਾਂਗਾ। ਰਾਹ ਵਿਚ ਜੇ ਬੁੱਕ ਕੀਤੇ ਜ਼ੋਨਾਂ ਵਿੱਚੋਂ ਕੋਈ ਟ੍ਰਿੱਪ ਮਿਲ ਗਿਆ ਤਾਂ ਠੀਕ ਨਹੀਂ ਤਾਂ ਸਿੱਧਾ ਡਾਊਨ-ਟਾਊਨ ਦੇ ਕਿਸੇ ਹੋਟਲ ਮੂਹਰੇ ਜਾ ਲਾਵਾਂਗਾ, ਉਥੋਂ ਕਈ ਵਾਰ ਸਵੇਰੇ ਸਵੇਰੇ ਲੰਮਾ ਟ੍ਰਿੱਪ ਮਿਲ ਜਾਂਦਾ ਹੈ। ਪਰ ਮੈਨੂੰ 150 ਜ਼ੋਨ ਵਿੱਚੋਂ ਹੀ ਟ੍ਰਿੱਪ ਮਿਲ ਜਾਂਦਾ ਹੈ। ਮੈਂ ਦੋ-ਤਿੰਨ ਮਿੰਟਾਂ ਵਿਚ ਹੀ ਉਸ ਅਪਾਰਟਮੈਂਟ ਦੇ ਮੂਹਰੇ ਪਹੁੰਚ ਜਾਂਦਾ ਹਾਂ। ਕੰਪਿਊਟਰ ‘ਤੇ ਦੱਸੇ ਪਤੇ ਵਿਚ ਸੂਈਟ ਨੰਬਰ ਨਹੀਂ ਦਿੱਤਾ ਹੋਇਆ ਪਰ ‘ਕਾਲ-ਆਊਟ’ ਲਿਖਿਆ ਹੋਇਆ ਹੈ। ਇਹ ਨਵਾਂ ਹੀ ਸ਼ੁਰੂ ਹੋਇਆ ਹੈ। ਇਸ ਦੀ ਇੱਕ ਮੌਜ ਇਹ ਹੈ ਕਿ ਟੈਕਸੀ ਵਿਚੋਂ ਨਿਕਲ ਕੇ ਘਰ ਦੀ ਘੰਟੀ ਨਹੀਂ ਖੜਕਾਉਣੀ ਪੈਂਦੀ। ਕੰਪਿਊਟਰ ਸਕਰੀਨ ‘ਤੇ ਲੱਗੇ ‘ਕਾਲ-ਆਊਟ’ ਬਟਨ ਨੂੰ ਦੱਬਣ ਨਾਲ ਉਹ ਆਪ ਹੀ ਉਸ ਪਤੇ ‘ਤੇ ਫ਼ੋਨ ਕਰਕੇ ਟੈਕਸੀ ਦੇ ਪਹੁੰਚ ਚੁੱਕੀ ਹੋਣ ਦੀ ਸੂਚਨਾ ਦੇ ਦਿੰਦਾ ਹੈ। ਇਸ ਪਤੇ ‘ਤੇ ‘ਕਾਲ-ਆਊਟ’ ਨੱਪਣ ਨਾਲ ਕੁਝ ਸਕਿੰਟਾਂ ਬਾਅਦ ‘ਨੋ ਅਨਸਰ’ ਦਾ ਸੁਨੇਹਾ ਆ ਜਾਂਦਾ ਹੈ। ‘ਹੋ ਸਕਦਾ ਹੈ ਕਿ ਸਵਾਰੀ ਘਰੋਂ ਚੱਲ ਪਈ ਹੋਵੇ,’ ਸੋਚ ਕੇ ਮੈਂ ਦੋ ਕੁ ਮਿੰਟ ਉਡੀਕ ਕਰਨ ਬਾਰੇ ਸੋਚਦਾ ਹਾਂ। ਉਸੇ ਵਕਤ ਇਕ ਵੀਹ-ਬਾਈ ਸਾਲ ਦਾ ਮੁੰਡਾ ਟੈਕਸੀ ਦਾ ਮੂਹਰਲਾ ਦਰਵਾਜ਼ਾ ਖੋਲ੍ਹ ਕੇ ਵਿਚ ਆ ਬੈਠਦਾ ਹੈ। ਉਹ ਨੌਰਥ ਵੈਨਕੂਵਰ ਚੱਲਣ ਲਈ ਆਖਦਾ ਹੈ। ਮੈਨੂੰ ਉਸ ਤੋਂ ਬੀਅਰ ਦਾ ਮੁਸ਼ਕ ਆਉਂਦਾ ਹੈ। ਮੈਂ ਉਸਦੀਆਂ ਅੱਖਾਂ ਵਿਚ ਦੇਖਦਾ ਹਾਂ। ਉਹ ਲਾਲ ਭਾਅ ਮਾਰਦੀਆਂ ਹਨ। ਮੈਂ ਨਰਮੀ ਨਾਲ ਉਸ ਨੂੰ ਦੱਸਦਾ ਹਾਂ ਕਿ ਲੰਮੇ ਟ੍ਰਿੱਪ ਲਈ ਟੈਕਸੀ ਦੀ ਨੀਤੀ ਪਹਿਲਾਂ ਅੰਦਾਜ਼ਨ ਕਰਾਇਆ ਵਸੂਲਣ ਦੀ ਹੈ। ਉਹ ਫਿ਼ਕਰ ਨਾ ਕਰਨ ਲਈ ਆਖ ਕੇ ਚੱਲਣ ਦਾ ਇਸ਼ਾਰਾ ਕਰਦਾ ਹੈ। ਮੈਨੂੰ ਸ਼ੱਕ ਹੁੰਦਾ ਹੈ ਕਿ ਉਸ ਕੋਲ ਕਰਾਏ ਜੋਗੇ ਡਾਲਰ ਨਹੀਂ ਹਨ। ਮੈਂ ਫਿਰ ਆਪਣੀ ਬੇਨਤੀ ਦੁਹਰਾਉਂਦਾ ਹਾਂ। ਉਹ ਖ਼ਰ੍ਹਵੀ ਆਵਾਜ਼ ਵਿਚ ਚੱਲਣ ਲਈ ਆਖਦਾ ਹੈ। ਮੈਂ ਕਿਸੇ ਪੰਗੇ ਤੋਂ ਬਚਣ ਲਈ ਟੈਕਸੀ ਤੋਰ ਲੈਂਦਾ ਹਾਂ। ਮੇਰਾ ਦਿਮਾਗ ਚੌਕਸ ਹੋ ਜਾਂਦਾ ਹੈ। ਉਹ ਆਖਦਾ ਹੈ, “ਮੈਨ, ਯੂ ਥਿੰਕ ਆਈ ‘ਇੱਲ ਰੌਬ ਯੂ ਔਰ ਸਮਥਿੰਗ!” ਮੈਂ ਫਿਰ ਅਧੀਨਗੀ ਨਾਲ ਨਾਲ ਆਖਦਾ ਹਾਂ ਕਿ ਮੇਰਾ ਮਤਲਬ ਉਸ ਨੂੰ ਇਸ ਤਰ੍ਹਾਂ ਦਾ ਬੰਦਾ ਸਮਝਣ ਤੋਂ ਨਹੀਂ ਸਿਰਫ਼ ਕੰਪਨੀ ਦੀ ਨੀਤੀ ਦੱਸਣ ਤੋਂ ਸੀ। ਫਿਰ ਮੈ ਸਧਾਰਣ ਜਿਹੇ ਲਹਿਜ਼ੇ ਵਿਚ ਆਖਦਾ ਹਾਂ ਕਿ ਉਸਨੇ ਤਾਂ ਕਰਾਇਆ ਦੇਣਾ ਹੀ ਦੇਣਾ ਹੈ ਪਹਿਲਾਂ ਕੀ ਤੇ ਪਿੱਛੋਂ ਕੀ। ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ। ਮੈਂ ਕੁਝ ਬਲਾਕ ‘ਤੇ ਹੀ ਯੈਲੋ ਕੈਬ ਦੀ ਪਾਰਕਿੰਗ ਲਾਟ ਵਿਚ ਟੈਕਸੀ ਲਿਜਾ ਖੜ੍ਹਾਉਂਦਾ ਹਾਂ। ਸਿ਼ਫਟ ਬਦਲਣ ਦਾ ਸਮਾਂ ਹੋਣ ਕਰਕੇ ਉੱਥੇ ਬਹੁਤ ਸਾਰੀਆਂ ਟੈਕਸੀਆਂ ਤੇ ਡਰਾਈਵਰ ਹਨ। ਆਪਣੇ ਘਰ ਆ ਕੇ ਮੈਂ ਸ਼ੇਰ ਹੋ ਜਾਂਦਾ ਹਾਂ। ਮੈਂ ਸਖ਼ਤ ਆਵਾਜ਼ ਵਿਚ ਆਖਦਾ ਹਾਂ ਕਿ ਜਾਂ ਤਾਂ ਕਰਾਇਆ ਪਹਿਲਾਂ ਦੇ ਜਾਂ ਟੈਕਸੀ ਵਿਚੋਂ ਬਾਹਰ ਨਿਕਲ। ਉਹ ਨਰਮ ਆਵਾਜ਼ ਵਿਚ ਆਖਦਾ ਹੈ ਕਿ ਉਸ ਕੋਲ ਕਰਾਇਆ ਨਹੀਂ ਹੈ ਪਰ ਉਹ ਟਿਕਾਣੇ ‘ਤੇ ਪਹੁੰਚ ਕੇ ਘਰੋਂ ਲਿਆ ਕੇ ਦੇ ਦੇਵੇਗਾ। ਮੇਰਾ ਤਜਰਬਾ ਉਸ ‘ਤੇ ਵਿਸ਼ਵਾਸ਼ ਨਾ ਕਰਨ ਲਈ ਆਖਦਾ ਹੈ। ਮੈਂ ਉਸ ਨੂੰ ਟੈਕਸੀ ਵਿੱਚੋਂ ਬਾਹਰ ਨਿਕਲਣ ਲਈ ਆਖ ਦਿੰਦਾ ਹਾਂ। ਉਸਦੇ ਟੈਕਸੀ ‘ਚੋਂ ਬਾਹਰ ਨਿਕਲਦਿਆਂ ਹੀ ਮੈਂ ਉਸ ਬਾਰੇ ਡਿਸਪੈਚਰ ਨੂੰ ਰੇਡੀਓ ਰਾਹੀਂ ਦੱਸ ਦਿੰਦਾ ਹਾਂ। ਉਹ ਮਿੰਟ ਕੁ ਵਿਚ ਹੀ ਸਾਰੀਆਂ ਟੈਕਸੀਆਂ ਨੂੰ ਸੁਨੇਹਾ ਪਾ ਦਿੰਦੀ ਹੈ : ‘ਯੈਲੋ ਕੈਬ ਦੀ ਪਾਰਕਿੰਗ ਲਾਟ ਵਿਚ ਇਕ ਵੀਹ-ਬਾਈ ਸਾਲ ਦਾ ਗੋਰਾ ਮੁੰਡਾ, ਜਿਸਨੇ ਨੌਰਥ ਵੈਨਕੂਵਰ ਜਾਣਾ ਹੈ, ਉਸ ਕੋਲ ਕਰਾਇਆ ਨਹੀਂ ਹੈ।’ ਮੈਂ ਟੈਕਸੀ ਡਾਊਨ-ਟਾਊਨ ਵੱਲ ਕਰ ਦਿੰਦਾ ਹਾਂ। ਅਤੇ ‘ਦਾ ਵੈਸਟਰਨ ਗਰੈਂਡ ਹੋਟਲ’ ਮੂਹਰੇ ਜਾ ਰੋਕਦਾ ਹਾਂ। ਉਥੋਂ ਛੇਤੀ ਹੀ ਇਕ ‘ਸ਼ੌਰਟੀ’* ਮਿਲ ਜਾਂਦੀ ਹੈ। ਉਨ੍ਹਾਂ ਨੂੰ ਟਿਕਾਣੇ ‘ਤੇ ਪਹੁੰਚਾ ਕੇ ਮੈਂ ਟੈਕਸੀ ਹੋਟਲ ‘ਸੈਂਡਮੈਨ’ ਮੂਹਰੇ ਜਾ ਪਾਰਕ ਕਰਦਾ ਹਾਂ। ਛੇਤੀ ਹੀ ਇੱਕ ਟ੍ਰਿੱਪ ਸਿਟਡੇਲ ਪਲੇਸ ਤੋਂ ਡਿਸਪੈਚ ਹੁੰਦਾ ਹੈ। ਇਹ ਬਾਈ-ਤੇਈ ਸਾਲ ਦੇ ਗੇੜ ‘ਚ ਦੋ ਮੁੰਡੇ ਹਨ। ਇਨ੍ਹਾਂ ਨੇ ਕੈਟਸੀਲੈਨੋ ਏਰੀਏ ਵੱਲ ਜਾਣਾ ਹੈ। ਮੈਂ ਉਨ੍ਹਾਂ ਦਾ ਹਾਲ ਪੁੱਛਦਾ ਹਾਂ। ਉਨ੍ਹਾਂ ਚੋਂ ਇਕ ਆਖਦਾ ਹੈ ਕਿ ਉਹ ਥੱਕੇ ਹੋਏ ਹਨ ਤੇ ਸ਼ਰਾਬੀ ਵੀ ਹਨ। “ਫਿਰ ਤਾਂ ਪਾਰਟੀ ਵਧੀਆ ਰਹੀ ਹੋਵੇਗੀ?” ਮੈਂ ਤੁੱਕਾ ਮਾਰਦਾ ਹਾਂ। ਪਰ ਉਹ ਨਿਰਾਸ਼ਾ ‘ਚ ਸਿਰ ਮਾਰਦੇ ਹਨ। ਉਨ੍ਹਾਂ ਦੀ ਰਾਤ ਅਜਾਈਂ ਹੀ ਲੰਘ ਗਈ ਸੀ, ਉਨ੍ਹਾਂ ਨੂੰ ਮਨਭਾਉਂਦੀਆਂ ਕੁੜੀਆਂ ਦਾ ਸਾਥ ਨਹੀਂ ਸੀ ਮਿਲਿਆ। ਮੈਂ ਕੰਪਿਊਟਰ ਸਕਰੀਨ ‘ਤੇ ਉਂਗਲ ਮਾਰ ਕੇ ਦੇਖਦਾ ਹਾਂ ਕਿ ਉਨ੍ਹਾਂ ਦੇ ਟਿਕਾਣੇ ਵਾਲੇ ਜ਼ੋਨ ਵਿਚ ਕਿੰਨੀਆਂ ਕੁ ਟੈਕਸੀਆਂ ਪਹਿਲਾਂ ਹੀ ਬੁੱਕ ਹਨ। ਉੱਥੇ ਪੰਦਰਾਂ ਟੈਕਸੀਆਂ ਬੁੱਕ ਹਨ। ਮੈਂ ਆਸੇ-ਪਾਸੇ ਦੇ ਜੋ਼ਨਾਂ ਵਿਚ ਦੇਖਦਾ ਹਾਂ। ਉੱਥੇ ਕੁਝ ਘੱਟ ਹਨ। ਉਨ੍ਹਾਂ ਨੂੰ ਉਤਾਰ ਕੇ ਮੈਂ ਟੈਕਸੀ ਬੁੱਕ ਕਰਨ ‘ਪਲਾਜ਼ਾ 500’ ਹੋਟਲ ਵੱਲ ਚੱਲ ਪੈਂਦਾ ਹਾਂ। ਉੱਥੇ ਕੁਝ ਚਿਰ ਉਡੀਕ ਤੋਂ ਬਾਅਦ ਕੈਂਸਰ ਸੁਸਾਇਟੀ ਤੋਂ ਡਲਿਵਰੀ ਮਿਲ ਜਾਂਦੀ ਹੈ। ਇਕ ਛੋਟਾ ਲਿਫਾਫਾ, ਜਿਸ ਵਿਚ ਦੋ ਸ਼ੀਸ਼ੀਆਂ ਲੱਗਦੀਆਂ ਹਨ ਨੂੰ ਦੋ-ਤਿੰਨ ਬਲਾਕ ਦੀ ਵਿੱਥ ‘ਤੇ ਵੈਕਨੂਵਰ ਜਨਰਲ ਹਸਪਤਾਲ ਵਿਚ ਪਹੁੰਚਾਉਣਾ ਹੈ। ਇਸਦਾ ਕਰਾਇਆ ਪੰਦਰਾਂ ਡਾਲਰ ਫਲੈਟ ਰੇਟ ਹੈ। ਇਹ ਚਾਰਜ ਟ੍ਰਿੱਪ** ਹੈ। ਇਸ ਤੋਂ ਵੇਹਲਾ ਹੋ ਕੇ ਮੈਂ ਨੇੜੇ ਹੀ ਵੈਸਟ ਬਰਾਡਵੇ ‘ਤੇ ਸਥਿਤ ਹੋਟਲ ‘ਹੌਲੀਡੇਅ ਇੰਨ’ ਵੱਲ ਚਲਿਆ ਜਾਂਦਾ ਹਾਂ। ਉੱਥੇ ਮੇਰੇ ਮੂਹਰੇ ਇਕ ਹੋਰ ਟੈਕਸੀ ਬੁੱਕ ਹੈ। ਮੈਂ ਆਪਣੇ ਨਾਲ ਲਿਆਂਦੀ ‘ਐਲਕਸ ਮਨਰੋ’ ਦੀ ਕਹਾਣੀਆਂ ਦੀ ਕਿਤਾਬ ‘ਓਪਨ ਸੀਕਰੇਟ’ ਖੋਲ੍ਹ ਲੈਂਦਾ ਹਾਂ। ਵਿਚ-ਵਿਚ ਨਿਗ੍ਹਾ ਕੰਪਿਊਟਰ ਸਕਰੀਨ ‘ਤੇ ਵੀ ਚਲੀ ਜਾਂਦੀ ਹੈ। ਉੱਥੇ ਸੁਨੇਹੇ ਆਉਂਦੇ ਹਨ: ਟੈਕਸੀ ਸਾਵਧਾਨੀ ਨਾਲ ਚਲਾਓ। ਸਵਾਰੀ ਦੇ ਉੱਤਰਨ ਤੋਂ ਬਾਅਦ ਪਿਛਲੀ ਸੀਟ ‘ਤੇ ਨਿਗ੍ਹਾ ਮਾਰੋ, ਤਾਂ ਕਿ ਉਹ ਟੈਕਸੀ ਵਿਚ ਨਾ ਕੁਝ ਭੁੱਲ ਜਾਏ। ਹੋਟਲਾਂ ਨੂੰ ਕਵਰ ਰੱਖੋ। ਇਹ ਸੁਨੇਹਾ ਪੜ੍ਹ ਕੇ ਮੈਂ ਸੋਚਦਾ ਹਾਂ ਕਿ ਹੋਟਲ ਤਾਂ ਪੂਰੀ ਤਰ੍ਹਾਂ ਕਵਰ ਹੀ ਹਨ , ਇਨ੍ਹਾਂ ‘ਚੋਂ ਕੋਈ ਸਵਾਰੀ ਵੀ ਨਿਕਲੇ। ਫਿਰ ਇਕ ਹੋਰ ਸੁਨੇਹਾ ਆਉਂਦਾ ਹੈ ਕਿ ਬਰਾਡਵੇ ਸਕਾਈਟ੍ਰੇਨ ਸਟੇਸ਼ਨ ‘ਤੇ ਇਕ ਆਦਮੀ ਤੇ ਔਰਤ ਖੜ੍ਹੇ ਹਨ, ਉਨ੍ਹਾਂ ਨੇ ਸਰੀ ਜਾਣਾ ਹੈ, ਉਨ੍ਹਾਂ ਕੋਲ ਕਰਾਇਆ ਨਹੀਂ ਹੈ । ਸਾਵਧਾਨੀ ਵਰਤੋ। “ਉਹ ਯਾਰ, ਸੁਨੇਹੇ ਜੇ ਭੇਜੀ ਜਾਨੈਂ ਕੋਈ ਟ੍ਰਿੱਪ ਵੀ ਭੇਜ,” ਮੈਂ ਬੁੜਬੜਾਉਂਦਾ ਹਾਂ। ਉਸੇ ਵੇਲੇ ਮੇਰੇ ਇਕ ਬੇਲੀ, ਹਰਜੀਤ ਦਾ ਫੋਨ ਆ ਜਾਂਦਾ ਹੈ। ਉਹ ਪੁੱਛਦਾ ਹੈ, “ਕਿਤੇ ਟ੍ਰਿੱਪ ‘ਤੇ ਤਾਂ ਨੀ?”
“ਕਿੱਥੇ ਯਾਰ, ਘੰਟਾ ਹੋ ਗਿਆ ਹੌਲੀਡੇਅ ਇਨ ਮੂਹਰੇ ਬੈਠੇ ਨੂੰ।”
“ਕਿਤਾਬ ਪੜ੍ਹਣ ਲੱਗ ਪਿਆ ਹੋਵੇਂਗਾ!”
“ਹੋਰ ਕੀ ਕਰਾਂ?”
“ਪੜ੍ਹਣ ਆਉਣੈਂ ਕਿ ਕੰਮ ਕਰਨ? ਕਿਸੇ ਨੂੰ ਫੋਨ-ਫਾਨ ਕਰ ਲਈਦੈ ਹੁੰਦੈ। ਪਤਾ ਲੱਗਦਾ ਰਹਿੰਦਾ ਬਈ ਕਿਹੜਾ ਹੋਟਲ ਚੱਲਦੈ। ਐਂ ਕਰੀਂ ਐਧਰ ਆ ਜੀਂ ਹੋਟਲ ਵੈਨਕੂਵਰ ਵੱਲ। ਇਹ ਚੱਲਦੈ ਅੱਜ ਪੂਰਾ। ਕੱਲ੍ਹ ਕੋਈ ਕੜੀ-ਕਾਨਫਰੰਸ ਹੋ ਕੇ ਹਟੀ ਐ ਇੱਥੇ।”
“ਲੈ ਬਣਗੀ ਗੱਲ। ਆ ਗਿਆ ਟ੍ਰਿੱਪ,” ਮੈਂ ਕੰਪਿਊਟਰ ਦੀ ਬੀਪ ਸੁਣ ਕੇ ਕਿਹਾ।
ਇਹ ਟ੍ਰਿੱਪ ਵੈਨਕੂਵਰ ਜਨਰਲ ਹਸਪਤਾਲ ਦੇ ਐਮਰਜੈਂਸੀ ਵਿੱਚੋਂ ਹੈ। ਇੱਕ ਅਧੇੜ ਉਮਰ ਦਾ ਆਦਮੀ ਹੈ। ਉਸਦੀ ਇਕ ਅੱਖ ਸੁੱਝੀ ਹੋਈ ਹੈ। ਮੱਥੇ ‘ਤੇ ਪੱਟੀ ਬੰਨ੍ਹੀ ਹੋਈ ਹੈ। ਉਸ ਨੇ ਈਸਟ ਵੈਨਕੂਵਰ ਵਿਚ ਹੇਸਟਿੰਗਜ਼ ਤੇ ਨਨਾਇਮੋ ਸਟਰੀਟ ਤੇ ਜਾਣਾ ਹੈ। ਇਹ ਸੱਟਾਂ ਉਸਦੇ ਪਿਛਲੀ ਰਾਤ ਇੱਕ ਲੜਾਈ ਦੌਰਾਨ ਲੱਗੀਆਂ ਹਨ। ਉਸ ਨੂੰ ਉਤਾਰ ਕੇ ਮੈਂ ਹਰਜੀਤ ਦੇ ਆਖੇ ਲੱਗਣਾ ਹੀ ਮੁਨਾਸਿਬ ਸਮਝਿਆ ਅਤੇ ਹੋਟਲ ਵੈਨਕੂਵਰ ਵੱਲ ਚੱਲ ਪਿਆ। ਹੁਣ ਰਾਤ ਦਾ ਹਨੇਰਾ ਨਹੀਂ ਸੀ ਰਿਹਾ। ਚਾਨਣ ਸੀ ਪਰ ਮੇਨ ਤੇ ਹੇਸਟਿੰਗ ਇਲਾਕੇ ਵਿੱਚੋਂ ਗੁਜ਼ਰਦਿਆਂ ਮੈਂ ਟੈਕਸੀ ਦੇ ਚਾਰੇ ਲੌਕ ਲਾ ਦਿੱਤੇ। ਇਹ ਡਰੱਗ ਅਤੇ ਵੇਸਵਾਗਿਰੀ ਵਾਲਾ ਇਲਾਕਾ ਹੈ। ਇੱਥੇ ਕਈ ਵਾਰ ਲਾਲ ਬੱਤੀ ‘ਤੇ ਰੁਕੀ ਟੈਕਸੀ ਵਿਚ ਬਿਨ੍ਹਾਂ ਪੁੱਛਿਆਂ ਹੀ ਕੋਈ ਆ ਬੈਠਦਾ ਹੈ। ਕਿਸੇ ਸੰਭਾਵੀ ਮੁਸੀਬਤ ਤੋਂ ਬਚਣ ਲਈ ਪਹਿਲਾਂ ਹੀ ਬਚਾਅ ਕੀਤਾ ਚੰਗਾ ਹੈ।
ਹੋਟਲ ਵੈਨਕੂਵਰ ਮੂਹਰੇ ਪਹਿਲਾਂ ਹੀ ਦੋ ਟੈਕਸੀਆਂ ਖੜ੍ਹੀਆਂ ਸਨ। ਉਨ੍ਹਾਂ ਦੇ ਪਿੱਛੇ ਮੈਂ ਪਾਰਕ ਕਰ ਲਈ। ਕਿਤਾਬ ਫਿਰ ਖੋਲ੍ਹ ਲਈ। ਅੱਧੇ ਘੰਟੇ ਬਆਦ ਮੇਰੀ ਵਾਰੀ ਪਹਿਲੀ ਹੋ ਗਈ। ਮੈਂ ਕਿਤਾਬ ਬੰਦ ਕਰ ਦਿੱਤੀ। ਹੁਣ ਮੈਂ ਸਾਹਮਣੇ ਦੇਖਦਾ ਹਾਂ। ਕੀ ਪਤਾ ਕਿ ਕਦੋਂ ਡੋਰਮੈਨ ਜਾਂ ਕਿਸੇ ਸਵਾਰੀ ਨੇ ਇਸ਼ਾਰਾ ਕਰਕੇ ਸੱਦ ਲੈਣਾ ਹੈ। ਕੁਝ ਮਿੰਟ ਬਾਅਦ ਹੀ ਇੱਥੋਂ ਟ੍ਰਿੱਪ ਮਿਲ ਜਾਂਦਾ ਹੈ। ਪੰਤਾਲੀ-ਪੰਜਾਹ ਦੇ ਗੇੜ ਵਿਚ ਇਸ ਸਵਾਰੀ ਨੇ ਏਅਰਪੋਰਟ ਜਾਣਾ ਹੈ। ‘ਸਵਾਰੀ ਕਿੱਥੋਂ ਹੈ ਅਤੇ ਕਿਸ ਕਿੱਤੇ ਵਿਚ ਹੈ’ ਬਾਰੇ ਘੋਖਣ ਦੀ ਮੇਰੀ ਆਦਤ ਹੈ। ਇਸ ਬਾਰੇ ਸਿੱਧਾ ਪੁੱਛਣਾ ਠੀਕ ਨਹੀਂ ਲੱਗਦਾ। ਟੇਢੀ ਤਰ੍ਹਾਂ ਪੁੱਛਣ ਲਈ ਮੈਂ ਕੁਝ ਪ੍ਰਸ਼ਨ ਘੜ ਰੱਖੇ ਹਨ। ਮੈਂ ਆਪਣਾ ਪਹਿਲਾ ਪ੍ਰਸ਼ਨ ਦਾਗਣ ਲਈ ਆਖਦਾ ਹਾਂ, “ ਤੂੰ ਕਿਸਮਤ ਵਾਲਾ ਹੈਂ ਕਿ ਮੀਂਹ ਵਾਲਾ ਮੌਸਮ ਪਿੱਛੇ ਛੱਡ ਕੇ ਜਾ ਰਿਹਾ ਹੈਂ।”
“ ਅਸਲ ‘ਚ ਮੈਂ ਮੀਂਹ ਪਸੰਦ ਕਰਦਾਂ। ਮੈਂ ਕੁਬੈਕ ਤੋਂ ਹਾਂ। ਉੱਥੇ ਬਰਫ਼ਾਂ ਦੇ ਢੇਰ ਲੱਗ ਜਾਂਦੇ ਆ। ਬਰਫ਼ਾਂ ਨੂੰ ਸ਼ਾਵਲ ਨਾਲ ਚੁੱਕਣਾ ਪੈਂਦਾ ਮੀਂਹ ਨੂੰ ਕਿਹੜਾ ਚੁੱਕਣਾ ਪੈਂਦਾ।” ਮੈਂ ਉਸ ਬਾਰੇ ਹੋਰ ਜਾਨਣ ਲਈ ਦੂਜਾ ਪ੍ਰਸ਼ਨ ਕਰਦਾ ਹਾਂ, “ ਕਿਵੇਂ ਹੈਂ ਆਰਥਿਕਤਾ ਉੱਥੋਂ ਦੀ? ਤੇਰੇ ‘ਤੇ ਕੋਈ ਅਸਰ ਪਿਆ ਇਸ ਮੰਦਵਾੜੇ ਦਾ?”
“ਠੀਕ ਹੋ ਰਹੀ ਹੈ। ਇਸ ਮੰਦਵਾੜੇ ਦੇ ਅਸਰ ਤੋਂ ਤਾਂ ਕੋਈ ਹੀ ਬਚਿਆ ਹੋਵੇਗਾ!”
“ਹਾਂ ਅਸਰ ਤਾਂ ਸਭ ਤੇ ਹੀ ਹੋਇਆ ਹੋਵੇਗਾ। ਕਿਸੇ ‘ਤੇ ਚੰਗਾ ਕਿਸੇ ‘ਤੇ ਮੰਦਾ।”
“ਚੰਗਾ ਕਿਵੇਂ?”
“ਮੈਂ ਪਿੱਛੇ ਜਿਹੇ ਕਿਤਾਬ ਪੜ੍ਹ ਰਿਹਾ ਸੀ ਸ਼ੌਕ ਡੌਕਟਰੀਨ ----। ਉਸ ਵਿਚ ਲੇਖਕ ਨੇ ਬੜੇ ਵਿਸਤਾਰ ਵਿਚ ਦੱਸਿਆ ਹੈ ਕਿ ਅਜੇਹੇ ਮੰਦਵਾੜੇ ਦੇ ਮੌਕਿਆਂ ‘ਤੇ ਸਰਕਾਰਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਲੋਕਾਂ ਅੰਦਰਲੇ ਡਰ ਦਾ ਕਿਵੇਂ ਨਜਾਇਜ਼ ਫਾਇਦਾ ਉਠਾਉਂਦੀਆਂ ਹਨ। ਤੇ ਕਿਵੇਂ ਨਵੇਂ ਟੈਕਸ ਲਾਉਂਦੇ ਹਨ ਜਾਂ ਤਨਖਾਹਾਂ ਵਗੈਰਾ ਵਿਚ ਕੱਟ ਲਾਉਂਦੇ ਹਨ।”
“ਇਹ ਬਲੱਡੀ ਸੋਸ਼ਲਿਸਟਾਂ ਦਾ ਪ੍ਰਾਪੇਗੰਡਾ ਹੈ।”
ਮੈਨੂੰ ਉਸਦੀ ਗੱਲ ਚੁੱਭਦੀ ਹੈ। ਜੇ ਮੈਂ ਕੁਝ ਕਿਹਾ ਤਾਂ ਗੱਲ-ਬਾਤ ਹੋਰ ਤਿੱਖਾ ਰੁਖ ਅਖਤਿਆਰ ਕਰ ਸਕਦੀ ਹੈ। ਮੈਂ ਚੁੱਪ ਵੱਟ ਲੈਂਦਾ ਹਾਂ। ਏਅਰਪੋਰਟ ‘ਤੇ ਜਾ ਕੇ ਉਹ ਕਰੈਡਿਟ ਕਾਰਡ ਮੂਹਰੇ ਕਰ ਦਿੰਦਾ ਹੈ। ਜੇ ਉਹ ਕਰੈਡਿਟ ਕਾਰਡ ਰਾਹੀਂ ਕਰਾਇਆ ਦਿੰਦਾ ਤਾਂ ਮੈਨੂੰ ਇਹ ਟ੍ਰਿੱਪ ਸ਼ੀਟ ‘ਤੇ ਲਿਖਣਾ ਪਵੇਗਾ। ਜੇ ਕੈਸ਼ ਦੇਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਕਿਓਂ ਕਿ ਇਹ ਟ੍ਰਿੱਪ ਡਿਸਪੈਚ ਨਹੀਂ ਹੋਇਆ ਹੈ। ਕੰਪਿਊਟਰ ਵਿਚ ਇਸਦਾ ਕੋਈ ਰਿਕਾਰਡ ਨਹੀਂ ਹੈ। ਸਿੱਧਾ ਆਖਣਾ ਔਖਾ ਲੱਗਦਾ ਹੈ ਕਿ ਕੈਸ਼ ਦੇਵੇ। ਇਹ ਹੈ ਵੀ ਗਲਤ। ਇਸ ਕਰਕੇ ਮੈਂ ਆਪਣਾ ਇਕ ਟ੍ਰਿੱਕ ਵਰਤਦਾ ਹਾਂ। ਮੈਂ ਆਖਦਾ ਹਾਂ, “ਤੈਨੂੰ ਯਕੀਨ ਹੈ ਕਿ ਤੂੰ ਕਰੈਡਿਟ ਕਾਰਡ ਹੀ ਵਰਤਣਾ ਹੈ?”
“ਕੀ ਤੂੰ ਇਹ ਨਹੀਂ ਲੈਂਦਾ?”
“ਨਹੀਂ ਲੈ ਲੈਂਦਾ ਹਾਂ ਪਰ ਕੈਸ਼ ਨੂੰ ਤਰਜੀਹ ਦਿੰਦਾ ਹਾਂ।”
“ਮੈਨੂੰ ਦੁੱਖ ਹੈ। ਮੇਰੇ ਕੋਲ ਕੈਸ਼ ਨਹੀਂ ਹੈ।”
“ਕੋਈ ਗੱਲ ਨਹੀਂ,” ਆਖ ਕੇ ਮੈਂ ਕਰੈਡਿਟ ਕਾਰਡ ਫੜ੍ਹ ਲੈਂਦਾ ਹਾਂ ਅਤੇ ਕੰਪਿਊਟਰ ਵਿਚ ਉਸਦਾ ਨੰਬਰ ਪਾ ਕੇ ਉਸ ਦੇ ਪ੍ਰਮਾਣਿਕ ਹੋਣ ਦੀ ਪੜਤਾਲ ਕਰਦਾ ਹਾਂ। ਇਸ ਤੋਂ ਵੇਹਲਾ ਹੋ ਕੇ ਮੈਂ ਫਿਰ ਸ਼ਹਿਰ ਵੱਲ ਮੁੜ ਪੈਂਦਾ ਹਾਂ। ‘ਮੇਨ ਸਟਰੀਟ ਤੋਂ ਪੰਜਾਬੀ ਦਾ ਕੋਈ ਅਖਬਾਰ ਚੁੱਕ ਲਵਾਂਗਾ,’ ਸੋਚ ਕੇ ਮੈਂ ਟੈਕਸੀ ੳੁੱਧਰ ਕਰ ਲੈਂਦਾ ਹਾਂ। ਦਿਲ ‘ਚ ਇੱਛਾ ਹੈ ਕਿ ਸ਼ਹਿਰ ਵੱਲ ਮੁੜਦਿਆਂ ਕੋਈ ਫਲੈਗ (ਰਾਹ ਜਾਂਦਿਆਂ ਸੜਕ ਤੋਂ ਮਿਲੀ ਸਵਾਰੀ) ਹੀ ਮਿਲ ਜਾਵੇ। ਪਰ ਇਹ ਇੱਛਾ ਪੂਰੀ ਨਹੀਂ ਹੁੰਦੀ। ਪੰਜਾਬੀ ਮਾਰਕੀਟ ਵਿਚ ਦੁਕਾਨਾਂ ਦੇ ਬਾਹਰ ਅਖਬਾਰਾਂ ਦੇ ਢੇਰ ਪਏ ਹਨ। ਇੱਕ ਅਖਬਾਰ ਚੁੱਕ ਕੇ ਮੈਂ ਪੜ੍ਹਨ ਲੱਗਦਾ ਹਾਂ। ਅੱਧੇ ਕੁ ਘੰਟੇ ਬਾਅਦ ਇਕ ‘ਸ਼ੌਰਟੀ’ ਮਿਲ ਜਾਂਦੀ ਹੈ। ਮੈਂ ਫਿਰ ਅਖਬਾਰ ਪੜ੍ਹਣ ਲੱਗਦਾ ਹਾਂ। ਪੰਦਰਾਂ ਕੁ ਮਿੰਟ ਬਾਅਦ ਫਿਰ ਟ੍ਰਿੱਪ ਮਿਲ ਜਾਂਦਾ ਹੈ। ਮੀਟਰ ‘ਤੇ ਪੰਜ ਡਾਲਰ ਤੇ ਪੈਂਹਠ ਸੈਂਟ ਕਰਾਇਆ ਚੱਲਦਾ ਹੈ। ਉਹ ਵੀਹ ਡਾਲਰ ਦਾ ਨੋਟ ਮੂਹਰੇ ਕਰ ਕੇ ਤੇਰਾਂ ਡਾਲਰ ਦੀ ਮੰਗ ਕਰਦੀ ਹੈ। ਮੇਰੇ ਕੋਲ ਇਕ ਦਸ ਡਾਲਰ ਦਾ ਨੋਟ ਹੈ ਅਤੇ ਇੱਕ ਪੰਜ ਡਾਲਰ ਦਾ। ਘਰੋਂ ਲਿਆਂਦੀਂ ਬਾਕੀ ਭਾਨ ਮੁੱਕ ਚੁੱਕੀ ਹੈ। ਮੈਂ ਉਸ ਨੂੰ ਪੰਦਰਾਂ ਡਾਲਰ ਦੇ ਦਿੰਦਾ ਹਾਂ। ਇਹ ਪਤਾ ਨਹੀ ਕੀ ਚੱਕਰ ਹੈ ਕਿ ਕਿਸੇ ਦਿਨ ਤਾਂ ਡਾਲਰ ਤੇ ਦੋ ਡਾਲਰ ਦੇ ਸਿੱਕਿਆਂ ਨਾਲ ਭਾਰ ਕਰਕੇ ਜੇਬ ਪਾਟਣ ‘ਤੇ ਆ ਜਾਂਦੀ ਹੈ ਤੇ ਕਈ ਵਾਰੀ ਜਿਓਂ ਵੀਹਾਂ ਦੇ ਨੋਟ ਮਿਲਣ ਲੱਗਦੇ ਹਨ ਕਿ ਭਾਨ ਮੁੱਕੀ ਹੀ ਰਹਿੰਦੀ ਹੈ। ‘ਕਿਸੇ ਹੋਰ ਨੂੰ ਨਾ ਇਸ ਤਰ੍ਹਾਂ ਛੱਡਣੇ ਪੈ ਜਾਣ,’ ਸੋਚ ਕੇ ਮੈਂ ਵੀਹ ਡਾਲਰ ਦਾ ਨੋਟ ਤੜਵਾਉਣ ਲਈ ਗੈਸ ਸਟੇਸ਼ਨ ‘ਤੇ ਰੁਕ ਜਾਂਦਾ ਹਾਂ। ਦੋ ਡਾਲਰ ਦੀ ਚਾਕਲੇਟ ਖ੍ਰੀਦ ਲੈਂਦਾ ਹਾਂ। ਟੈਕਸੀ ਚਲਾਉਂਦਿਆਂ ਮੈਂ ਕਾਫ਼ੀ ਨਹੀਂ ਪੀਂਦਾ। ਇਸ ਨਾਲ ਪਿਸ਼ਾਬ ਦਾ ਜ਼ੋਰ ਪੈਣ ਦਾ ਡਰ ਰਹਿੰਦਾ ਹੈ। ਹੁਣ ਵੀ ਜ਼ੋਰ ਹੈ। ਗੈਸ ਸਟੇਸ਼ਨ ਵਾਲੇ ਨੂੰ ਦੋ ਡਾਲਰ ਵੀ ਵਟਾਏ ਹਨ ਇਸ ਲਈ ਵਾਸ਼ਰੂਮ ਵਰਤਣ ਵਿਚ ਕੋਈ ਸ਼ਰਮ ਨਹੀਂ ਮਹਿਸੂਸ ਹੋਵੇਗੀ। ਭਾਨ ਅਤੇ ਵਾਸ਼ਰੂਮ ਦੀ ਸਮੱਸਿਆ ਦਾ ਹੱਲ ਕਰਕੇ ਮੈਂ ਅਗਲੇ ਟ੍ਰਿੱਪ ਲਈ ਤਿਆਰ ਬਰ ਤਿਆਰ ਹਾਂ। ਮੀਂਹ ਹਟ ਗਿਆ ਹੈ। ਸਾਰੇ ਜ਼ੋਨਾਂ ਵਿਚ ਟੈਕਸੀਆਂ ਦੀ ਭਰਮਾਰ ਹੈ। ‘ਕਿੱਥੇ ਬੁੱਕ ਕਰਾਵਾਂ?’ ਮੈਂ ਸੋਚੀਂ ਪੈ ਜਾਂਦਾ ਹਾਂ। ‘ਸ਼ਾਇਦ ਡਾਊਨ-ਟਾਊਨ ਦੇ ਕਿਸੇ ਹੋਟਲ ਤੋਂ ਲੰਮਾ ਟ੍ਰਿੱਪ ਮਿਲ ਜਾਵੇ,’ ਸੋਚ ਕੇ ਮੈਂ ਟੈਕਸੀ ਡਾਊਨ-ਟਾਊਨ ਵੱਲ ਸਿੱਧੀ ਕਰ ਦਿੰਦਾ ਹਾਂ। ਨਾਲ- ਨਾਲ ਮੈਂ ਕੰਪਿਊਟਰ ਸਕਰੀਨ ‘ਤੇ ਵੀ ਉਂਗਲ ਮਾਰਦਾ ਹਾਂ। ਹੌਲੀਡੇਅ ਇੰਨ ਹੋਟਲ ਵੈਸਟ ਬਰਾਡਵੇ ਵਾਲਾ ਸਟੈਂਡ ਖਾਲੀ ਹੋ ਜਾਂਦਾ ਹੈ। ਟੈਕਸੀ ਦਾ ਰੁਖ ਉੱਧਰ ਕਰਕੇ ਮੈਂ ਸਪੀਡ ਵਧਾ ਦਿੰਦਾ ਹਾਂ। ਕਿਸੇ ਹੋਰ ਟੈਕਸੀ ਦੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਣਾ ਚਾਹੁੰਦਾ ਹਾਂ। ਪਰ ਮੇਰੇ ਤੋਂ ਪਹਿਲਾਂ ਹੀ ਉੱਥੇ ਦੋ ਟੈਕਸੀਆਂ ਅੱਪੜ ਜਾਂਦੀਆਂ ਹਨ। ਮੈਂ ਫਿਰ ਕੰਪਿਊਟਰ ਸਕਰੀਨ ‘ਤੇ ਉਂਗਲ ਮਾਰਦਾ ਹਾਂ। ਉਹ ਪਲਾਜ਼ਾ 500 ਹੋਟਲ ਵਾਲੇ ਸਟੈਂਡ ‘ਤੇ ਇੱਕ ਟੈਕਸੀ ਦਿਖਾਉਂਦਾ ਹੈ। ਉਹ ਦੋ ਟੈਕਸੀਆਂ ਦਾ ਸਟੈਂਡ ਹੈ। ਮੈਂ ਟੈਕਸੀ ਉਧਰ ਮੋੜ ਲੈਂਦਾ ਹਾਂ। ਉੱਥੇ ਵੀ ਮੇਰੇ ਪਹੁੰਚਣ ਤੱਕ ਸਟੈਂਡ ਭਰ ਜਾਂਦਾ ਹੈ। ਹੁਣ ਹੋਰ ਕਿਸੇ ਪਾਸੇ ਵੱਲ ਭੱਜਣ ਲਈ ਦਿਲ ਨਹੀਂ ਮੰਨਦਾ। ਮੈਂ ਉੱਥੇ ਹੀ ਸੜਕ ‘ਤੇ ਟੈਕਸੀ ਰੋਕ ਲੈਂਦਾ ਹਾਂ ਅਤੇ ਵਾਰੀ ਦੀ ਉਡੀਕ ਕਰਦਾ ਹਾਂ ਕਿ ਕਦੋਂ ਪਹਿਲੇ ਨੰਬਰ ਵਾਲੀ ਟੈਕਸੀ ਸਟੈਂਡ ਤੋਂ ਜਾਵੇ ਅਤੇ ਮੈਂ ਉੱਥੇ ਬੁੱਕ ਕਰਾਵਾਂ। ਇੱਥੇ ਸੜਕ ‘ਤੇ ਟੈਕਸੀ ਪਾਰਕ ਨਹੀਂ ਕਰ ਸਕਦਾ। ਜੁਰਮਾਨਾ ਹੋ ਸਕਦਾ ਹੈ। ਚੌਕਸੀ ਦੀ ਲੋੜ ਹੈ। ਕਿਤਾਬ ਪੜ੍ਹਣ ਲਈ ਇਹ ਢੁੱਕਵੀਂ ਥਾਂ ਨਹੀਂ ਹੈ। ਮੈਂ ਰੇਡੀਓ ਚਲਾ ਲੈਂਦਾ ਹਾਂ। ਪੰਜਾਬੀ ਰੇਡੀਓ ਸਟੇਸ਼ਨ ‘ਤੇ ‘ਟਾਕ ਸ਼ੋਅ’ ਚੱਲ ਰਿਹਾ ਹੈ। ਸਰੀ ਗੁਰਦੁਆਰੇ ਦੀਆਂ ਚੋਣਾ ਕਰਕੇ ਰੇਡੀਓ ‘ਤੇ ਰੌਣਕਾਂ ਹਨ। ਮੇਰਾ ਧਿਆਨ ਸੜਕ ‘ਤੇ ਵੀ ਹੈ। ਕਿਸੇ ਪੁਲੀਸ ਵਾਲੇ ਦੀ ਕਾਰ ਦੇਖ ਕੇ ਮੈਂ ਟੈਕਸੀ ਨੂੰ ਅਗਾਂਹ ਤੋਰ ਲੈਣਾ ਹੈ ਅਤੇ ਬਲਾਕ ਤੋਂ ਦੀ ਗੇੜਾ ਕੱਢ ਕੇ ਵਾਪਸ ਫਿਰ ਮੁੜ ਆਉਣਾ ਹੈ। ਪਰ ਇਸ ਦੀ ਨੌਬਤ ਨਹੀਂ ਆਉਂਦੀ। ਛੇਤੀ ਹੀ ਹੋਟਲ ਦੀ ਪਾਰਕਿੰਗ ‘ਚੋਂ ਪਹਿਲੇ ਨੰਬਰ ਵਾਲੀ ਟੈਕਸੀ ਬਾਹਰ ਨਿਕਲ ਆਉਂਦੀ ਹੈ ਅਤੇ ਮੈਂ ਟੈਕਸੀ ਸਟੈਂਡ ‘ਤੇ ਲਾ ਕੇ ਸੁਰਖਰੂ ਹੋ ਕੇ ਰੇਡੀਓ ਸੁਨਣ ਲੱਗਦਾ ਹਾਂ। ਲੋਕ ਧੜਾ-ਧੜ ਫ਼ੋਨ ਕਰ ਰਹੇ ਹਨ। ਗੁਰਦੁਆਰੇ ਦੇ ਲੰਗਰ ਹਾਲ ਵਿਚ ਤੱਪੜਾਂ ‘ਤੇ ਬੈਠ ਕੇ ਲੰਗਰ ਛਕਣ ਦੇ ਹਾਮੀ ਬੋਲ ਰਹੇ ਹਨ। ਮੈਂ ਟੈਕਸੀ ਨੰਬਰ 0 ਵਾਲੇ ਗਿਆਨੀ ਦੀ ਆਵਾਜ਼ ਪਛਾਣ ਲੈਂਦਾ ਹਾਂ। ਉਸ ਅਨੁਸਾਰ ਲੰਗਰ ਹਾਲ ਵਿਚ ਕੁਰਸੀਆਂ ਵਾਲਿਆਂ ਤੋਂ ਪੰਥ ਨੂੰ ਖਤਰਾ ਲੱਗਦਾ ਹੈ। ਕੱਲ੍ਹ ਇਸੇ ਸਮੇਂ, ਇਸੇ ਰੇਡੀਓ ਸਟੇਸ਼ਨ ‘ਤੇ , ਇਸੇ ਸੰਚਾਲਕ ਨਾਲ ਕੁਰਸੀਆਂ ਦੇ ਹੱਕ ਵਿਚ ਬੋਲਣ ਵਾਲੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਹਮਾਇਤੀ ਤੱਪੜਾਂ ਵਾਲਿਆਂ ਤੋਂ ਕੌਮ ਨੂੰ ਖਤਰਾ ਦੱਸ ਰਹੇ ਸਨ। ਰੇਡੀਓ ਸੁਣਦਿਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਧਾ ਘੰਟਾ ਲੰਘ ਗਿਆ। ਸਟੈਂਡ ‘ਤੇ ਖੜ੍ਹੀ ਦੂਜੀ ਟੈਕਸੀ ਵਾਲਾ ਸ਼ੀਸ਼ਾ ਹੇਠ ਕਰਕੇ ਪੁੱਛਦਾ ਹੈ, “ਰੇਡੀਓ ਸੁਣਦੈਂ?”
“ਹਾਂ।”
“ਸੰਤ ਆਲੀ ਗੱਲ-ਬਾਤ ਸੁਣਦੈਂ?”
“ਨਹੀਂ, ਗੁਰਦੁਆਰੇ ਆਲੀਆਂ ਚੋਣਾਂ ਵਾਲੀ।”
“ਦੂਜੇ ਸਟੇਸ਼ਨ ‘ਤੇ ਲਾ, ਉੱਥੇ ਜਿ਼ਆਦਾ ਰੌਣਕਾਂ। ਮੈਂ ਵੀ ਕਾਲ ਕਰਨ ਲੱਗੈਂ,” ਆਖ ਕੇ ਉਹ ਸ਼ੀਸ਼ਾ ਉੱਪਰ ਚੜ੍ਹਾ ਲੈਂਦਾ ਹੈ। ਬਾਹਰ ਠੰਡ ਹੈ। ਮੈਂ ਸਟੇਸ਼ਨ ਬਦਲ ਲੈਂਦਾ ਹਾਂ। ਇਸ ਸਟੇਸ਼ਨ ਨੂੰ ਸੁਣ ਕੇ ਲੱਗਦਾ ਹੈ ਕਿ ਕੌਮ ਲਈ ਇਹ ਵੱਡਾ ਸੰਕਟ ਹੈ। ਇੱਕ ਗਾਉਣ ਵਾਲੇ ਨੇ ਆਪਣੇ ਗੀਤ ਵਿਚ ਇਕ ਸੰਤ ‘ਤੇ ਵਿਅੰਗ ਕੱਸ ਦਿੱਤਾ। ਜਵਾਬ ਵਿਚ ਸੰਤ ਨੇ ਗਾਇਕ ਦੇ ਪੋਤੜੇ ਫੋਲ ਦਿੱਤੇ। ਨਾਲ ਵਾਲੀ ਟੈਕਸੀ ਸਟਾਰਟ ਹੋ ਜਾਂਦੀ ਹੈ। ਮੈਂ ਸੀਸ਼ਾ ਥੱਲੇ ਕਰਕੇ ਪੁੱਛਦਾ ਹਾਂ, “ਕਰਤੀ ਕਾਲ?”
“ਨਹੀਂ ਯਾਰ, ਲਾਈਨ ਈ ਨੀਂ ਮਿਲੀ। ਬਿਜ਼ੀ ਬਹੁਤ ਐ।”
“ ਐਂ ਲੱਗਦੈ ਜਿਵੇਂ ਸਾਰੀ ਕਮਿਊਨਿਟੀ ਈ ਇਸ ਸਦਮੇ ਦੀ ਮਾਰ ‘ਚ ਹੋਵੇ।”
“ਟੈਮ ਪਾਸ ਕਰਦੇ ਆਂ ਭਰਾ। ਏਨੇ ਨਾਲ ਟੈਮ ਲੰਘ ਜਾਂਦੈ। ਨਹੀਂ ਤਾਂ ਕੰਪਿਊਟਰ ਸਕਰੀਨ ਵੱਲ ਈ ਝਾਕੀ ਜਾਈਦੈ ਕਿ ਹੁਣ ਟ੍ਰਿੱਪ ਆਇਆ ਕਿ ਹੁਣ ਆਇਆ। ਚੰਗਾ, ਮੈਂ ਤਾਂ ਚੱਲਦੈਂ। ਮਿਲ ਗਿਆ ਟ੍ਰਿੱਪ, ਤੂੰ ਕਰ ਟੈਮ ਪਾਸ ਲੋਕਾਂ ਦੇ ਪ੍ਰਵਚਨ ਸੁਣ ਕੇ,” ਆਖ ਕੇ ਉਹ ਡੰਡੀ ਪਿਆ। ਮੈਨੂੰ ਵੀ ਮਗਰ ਹੀ ਟ੍ਰਿੱਪ ਡਿਸਪੈਚ ਹੋ ਗਿਆ। ਜਦ ਉਹ ਔਰਤ ਘਰ ਚੋਂ ਨਿਕਲੀ, ਮੈਂ ਅੰਦਾਜਾ ਲਾ ਲਿਆ ਕਿ ਏਅਰਪੋਰਟ ਦਾ ਟ੍ਰਿੱਪ ਹੋਵੇਗਾ। ਉਸ ਕੋਲ ਵੱਡਾ ਸੂਟਕੇਸ ਅਤੇ ਹੈਂਡਬੈਗ ਹਨ। ਮੈਂ ਉਸਦੀ ਮੱਦਦ ਕਰਨ ਲਈ ਦੋ ਕੁ ਕਦਮ ਪੁੱਟ ਕੇ ਉਸ ਤੋਂ ਸੂਟਕੇਸ ਦਾ ਹੱਥਾ ਫੜ ਲੈਂਦਾ ਹਾਂ। ਟ੍ਰਿੱਪ ਇਹ ਏਅਰਪੋਰਟ ਦਾ ਹੀ ਹੈ, ਪਰ ਉਸਨੇ ਉੱਥੇ ਟੈਕਸੀ ਰਾਹੀਂ ਨਹੀਂ, ਟ੍ਰੇਨ ਰਾਹੀਂ ਜਾਣਾ ਹੈ। ਉਹ ਮੈਨੂੰ ਬਰਾਡਵੇ ਤੇ ਕੈਂਬੀ ਵਾਲੇ ਸਟੇਸ਼ਨ ‘ਤੇ ਛੱਡਣ ਲਈ ਆਖਦੀ ਹੈ। ਇਸ ਨਵੀਂ ਟ੍ਰੇਨ ਨੇ ਟੈਕਸੀਆਂ ਦਾ ਏਅਰਪੋਰਟ ਦਾ ਬਹੁਤ ਸਾਰਾ ਕੰਮ ਖੋਹ ਲਿਆ ਹੈ। ਇਹ ‘ਸ਼ੌਰਟੀ’ ਲਾ ਕੇ ਮੈਂ ਫਿਰ ਪਲਾਜ਼ਾ 500 ਹੋਟਲ ਵੱਲ ਜਾਣ ਬਾਰੇ ਸੋਚਦਾ ਹਾਂ। ਉਹ ਨਜਦੀਕ ਹੀ ਹੈ ਪਰ ਉੱਥੇ ਪਹਿਲਾਂ ਹੀ ਦੋ ਟੈਕਸੀਆਂ ਬੁੱਕ ਹਨ। ਮੈਂ ਟੈਕਸੀ 150 ਜ਼ੋਨ ਵਿਚ ਬੁੱਕ ਕਰਵਾ ਕੇ ਹਾਵਰਡ ਜੌਨਸਨ ਹੋਟਲ ਵੱਲ ਚੱਲ ਪੈਂਦਾ ਹਾਂ। ਬਰਾਡਵੇ ਤੇ ਕਿੰਗਜ਼ਵੇਅ ਦੇ ਕੋਨੇ ‘ਤੇ ਖੜ੍ਹੀ ਇਕ ਕੁੜੀ ਟੈਕਸੀ ਰੋਕਣ ਦਾ ਇਸ਼ਾਰਾ ਕਰਦੀ ਹੈ। ਉਸਦੇ ਕੱਪੜੇ ਭੜਕੀਲੇ ਹਨ। ਹੱਥ ਵਿਚ ਸਿਗਰਟ ਹੈ। ਟੈਕਸੀ ਵਿਚ ਬੈਠਣ ਲੱਗਿਆਂ ਉਹ ਸਿਗਰਟ ਬਾਹਰ ਨਹੀਂ ਸੁੱਟਦੀ। ਸਗੋਂ ਧੂੰਆਂ ਉਡਾ ਕੇ ਆਖਦੀ ਹੈ, “ਬਰਾਡਵੇ ਸਟੇਸ਼ਨ।” ਮੈਂ ਆਖਦਾ ਹਾਂ, “ ਆਈ ਐਮ ਸੌਰੀ ਮੈਡਮ, ਦਿਸ ਇਜ਼ ਨਾਨ-ਸਮੋਕਿੰਗ ਕੈਬ।” ਮੈਨੂੰ ਲੱਗਦਾ ਹੈ ਕਿ ਉਹ ਸੁਣ ਕੇ ਸਿਗਰਟ ਬਾਹਰ ਸੁੱਟ ਦੇਵੇਗੀ। ਪਰ ਉਹ ਟੈਕਸੀ ਵਿੱਚੋਂ ਬਾਹਰ ਨਿਕਲ ਕੇ ਆਖਦੀ ਹੈ, “ਫੱਕ ਯੂ ਦੈਨ।” ਟੈਕਸੀ ਦਾ ਦਰਵਾਜ਼ਾ ਉਹ ਉਵੇਂ ਹੀ ਖੁੱਲ੍ਹਾ ਛੱਡ ਜਾਂਦੀ ਹੈ। ਮੈਂ ਟੈਕਸੀ ‘ਚੋਂ ਉੱਤਰ ਕੇ ਦਰਵਾਜ਼ਾ ਬੰਦ ਕਰਦਾ ਹਾਂ ਅਤੇ ਹੌਵਰਡ ਜੌਨਸਨ ਹੋਟਲ ਵੱਲ ਚੱਲ ਪੈਂਦਾ ਹਾਂ। ਆਪਣੇ ਨਾਲ ਲਿਆਂਦੇ ਫਲਾਂ ਵਿੱਚੋਂ ਮੈਂ ਕੇਲਾ ਖਾ ਲੈਂਦਾ ਹਾਂ। ਛਿਲਕਾ ਸੁੱਟਣ ਗਿਆ ਅੰਗੜਾਈ ਲੈ ਕੇ ਲੱਤਾਂ-ਬਾਹਾਂ ਸਿੱਧੀਆਂ ਕਰ ਲੈਂਦਾ ਹਾਂ। ਇਸ ਜ਼ੋਨ ਵਿੱਚੋਂ ਗਰੈਨਵੈਲ ਆਈਲੈਂਡ ਦਾ ਟ੍ਰਿੱਪ ਮਿਲ ਜਾਂਦਾ ਹੈ। ਉਸ ਨੂੰ ਉਤਾਰ ਕੇ ਮੈਂ ਡਾਊਨ-ਟਾਊਨ ਜਾਣ ਲਈ ਬੁਰਾਰਡ ਸਟਰੀਟ ਵੱਲ ਟੈਕਸੀ ਪਾ ਲੈਂਦਾ ਹਾਂ। ਰਾਹ ਵਿੱਚੋਂ ਹੀ ਇਕ ਮੁੰਡਾ ਟੈਕਸੀ ਰੋਕਣ ਦਾ ਇਸ਼ਾਰਾ ਕਰਦਾ ਹੈ। ਉਸ ਕੋਲ ਸਨੋਅ ਬੋਰਡ ਚੁੱਕਿਆ ਹੋਇਆ ਹੈ। ਟੈਕਸੀ ਰੁਕਦਿਆਂ ਹੀ ਉਹ ਪੁੱਛਦਾ ਹੈ, “ਨੌਰਥ ਵੈਨਕੂਵਰ ਲਿਜਾ ਸਕਦੈਂ।”
“ਯਕੀਨਨ,” ਆਖ ਕੇ ਮੈਂ ਉਸਦਾ ਸਨੋਅ ਬੋਰਡ ਫੜ ਕੇ ਟੈਕਸੀ ਦੇ ਟਰੰਕ ਵਿਚ ਰੱਖਣ ਲਈ ਟੈਕਸੀ ‘ਚੋਂ ਬਾਹਰ ਨਿਕਲਣ ਲਈ ਅਹੁਲਦਾ ਹਾਂ ਪਰ ਉਹ ਮੈਨੂੰ ਬੈਠਾ ਰਹਿਣ ਲਈ ਆਖ ਕੇ ਟਰੰਕ ਖੋਲ੍ਹਣ ਦਾ ਇਸ਼ਾਰਾ ਕਰਦਾ ਹੈ। ਆਪਣੇ ਸਨੋਅ ਬੋਰਡ ਟਿਕਾਅ ਕੇ ਉਹ ਮੇਰੇ ਬਰਾਬਰ ਮੂਹਰਲੀ ਸੀਟ ‘ਤੇ ਆਣ ਬੈਠਦਾ ਹੈ। ਉਸ ਨੇ ਸਾਈਪਰਸ ਪਹਾੜ ‘ਤੇ ਬਰਫ਼ ਵਿਚ ਖੇਡਣ ਜਾਣਾ ਹੈ। ਉਸ ਨੇ ਨੌਰਥ ਵੈਨਕੂਵਰ ਤੋਂ ਉੱਥੋਂ ਦੀ ਬੱਸ ਲੈਣੀ ਹੈ। ਪਹਾੜਾਂ ‘ਤੇ ਸਾਲ ਦੀ ਪਹਿਲੀ ਬਰਫ ਪੈ ਚੁੱਕੀ ਹੈ। ਉਹ ਬਹੁਤ ਉਤਸ਼ਾਹਤ ਹੈ। ਗੱਲਾਂ ਦਾ ਗਲਾਧੜ। ਲੰਮੇ ਟ੍ਰਿੱਪ ਲਈ ਮੈਨੂੰ ਐਹੋ-ਜਿਹੀਆਂ ਸਵਾਰੀਆਂ ਚੰਗੀਆਂ ਲੱਗਦੀਆਂ ਹਨ। ਗੱਲਾਂ ਦੀ ਸ਼ੁਰੂਆਤ ਕਰਨ ਲਈ ਦਿਮਾਗ ਨੂੰ ਕਸ਼ਟ ਨਹੀਂ ਦੇਣਾ ਪੈਂਦਾ। ਉਹ ਮੈਨੂੰ ਵੀ ਕਿਸੇ ਦਿਨ ‘ਸਨੋਅ ਬੋਰਡਿੰਗ’ ਕਰਨ ਦੀ ਸਲਾਹ ਦਿੰਦਾ ਹੈ। ਨੌਰਥ ਵੈਨਕੂਵਰ ਤੋਂ ਬੱਸ ਦੇ ਚੱਲਣ ਵਿਚ ਹਾਲੇ ਘੰਟਾ ਪਿਆ ਹੈ। ਪਹਾੜ ਤੋਂ ਵਾਪਸੀ ਲਈ ਚਾਰ ਵਜੇ ਆਖਰੀ ਬੱਸ ਚਲਦੀ ਹੈ। “ਫਿਰ ਮੇਰੇ ਕੋਲ ਖੇਡਣ ਲਈ ਕੀ ਸਮਾਂ ਬਚੇਗਾ?” ਉਹ ਆਖਦਾ ਹੈ। ਫਿਰ ਉਹ ਅੱਧਾ ਕੁ ਮਿੰਟ ਚੁੱਪ ਰਹਿ ਕੇ ਆਖਦਾ ਹੈ, “ ਪਹਾੜ ‘ਤੇ ਚੱਲੇਂਗਾ?” ਮੈਨੂੰ ਯਕੀਨ ਨਹੀਂ ਆਉਂਦਾ। ਲੱਗਦਾ ਹੈ ਕਿ ਉਹ ਮਜ਼ਾਕ ਕਰਦਾ ਹੈ। ਉਹ ਫਿਰ ਆਖਦਾ ਹੈ, “ ਚੱਲ ਚੱਲੀਏ, ਯਾਰ।” ਮੇਰੀ ‘ਓ ਕੇ’ ਸੁਣਦਿਆਂ ਹੀ ਉਹ ਪੁੱਛਦਾ ਹੈ, “ਕਰੈਡਿਟ ਕਾਰਡ ਲੈ ਲਵੇਂਗਾ।”
ਉਸਦਾ ਖੁਲ੍ਹਾ-ਡੁੱਲ੍ਹਾ ਵਤੀਰਾ ਦੇਖ ਕੇ ਮੈਂ ਸਿੱਧਾ ਹੀ ਆਖ ਦਿੰਦਾ ਹਾਂ, “ਕਿਸੇ ਬੈਂਕ ਮਸ਼ੀਨ ‘ਚੋਂ ਕੈਸ਼ ਕਢਾ ਲੈ।” ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸਗੋਂ ਉਹ ਆਖਦਾ ਹੈ, “ਇਹ ਵਧੀਆ ਸੁਝਾਅ ਹੈ। ਇਸ ਬਹਾਨੇ ਕੌਫੀ ਵੀ ਲੈ ਲਵਾਂਗਾ।”
ਗੈਸ ਸਟੇਸ਼ਨ ਤੋਂ ਕੈਸ਼ ਲੈਣ ਗਿਆ ਉਹ ਕਾਫ਼ੀ ਦੇ ਦੋ ਕੱਪ ਲੈ ਆਉਂਦਾ ਹੈ। ਇੱਕ ਮੈਨੂੰ ਦੇ ਦਿੰਦਾ ਹੈ। ਦੂਜੇ ਕੱਪ ਵਿੱਚੋਂ ਚੁਸਕੀਆਂ ਲੈਂਦਾ ਉਹ ਪਹਾੜਾਂ ‘ਤੇ ਪਈ ਬਰਫ਼ ਦੀਆਂ ਤਰੀਫਾਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਉਹ ਬਰਫਾਂ ਦੀ ਸੁੰਦਰਤਾ ਦੇ ਗੀਤ ਗਾ ਰਿਹਾ ਹੋਵੇ। ਮੈਨੂੰ ਵੀ ਬਰਫ਼ ਚੰਗੀ-ਚੰਗੀ ਲੱਗਦੀ ਹੈ। ਸ਼ਾਇਦ ਸੱਚੀਂ ਹੀ ਸੋਹਣੀ ਹੈ ਜਾਂ ਲੰਮੇ ਟ੍ਰਿੱਪ ਦੀ ਖੁਸ਼ੀ ਕਾਰਣ ਇਹ ਸੋਹਣੀ ਲੱਗਦੀ ਹੈ। ਐਹੋ-ਜਿਹੇ ਟ੍ਰਿੱਪ ਵਰ੍ਹੇ-ਛਿਮਾਹੀ ਹੀ ਮਿਲਦੇ ਹਨ।
ਵਾਪਸੀ ਵੇਲੇ ਮੈਂ ਫਿਰ ਕੰਪਿਊਟਰ ਸਕਰੀਨ ‘ਤੇ ਉਂਗਲਾ ਮਾਰਦਾ ਹਾਂ। ਪਰ ਉੱਥੇ ਸਿਗਨਲ ਨਹੀਂ ਹੈ। ਮੈਂ ਰੇਡੀਓ ਚਲਾ ਕੇ ਦੇਖਦਾ ਹਾਂ, ਉਹ ਵੀ ਘਰੜ ਘਰੜ ਕਰਦਾ ਹੈ। ਮੈਂ ਸੀ ਡੀ ਚਲਾ ਲੈਂਦਾ ਹਾਂ। ਟੈਕਸੀ ਚਲਾਉਂਦਿਆਂ ਹੀ ਸੇਬ ਅਤੇ ਅੰਗੂਰ ਖਾ ਕੇ ਆਪਣਾ ‘ਲੰਚ’ ਖਾਣ ਦਾ ਕੰਮ ਵੀ ਨਬੇੜ ਲੈਂਦਾ ਹਾਂ । ਟੈਕਸੀ 148 ਜ਼ੋਨ ਵਿਚ ਬੁੱਕ ਕਰਵਾ ਦਿੰਦਾ ਹਾਂ। ਹਾਲੇ ਮੈਂ ਸੈਕਿੰਡ ਨੈਰੋਜ਼ ਪੁਲ ‘ਤੇ ਹੀ ਹਾਂ, ਜਦੋਂ ਜ਼ੋਨ ਵਿਚ ਮੇਰਾ ਨੰਬਰ ਪਹਿਲਾ ਹੋ ਜਾਂਦਾ ਹੈ। ਮੈਨੂੰ ਡਰ ਹੈ ਕਿ ਹੁਣੇ ਹੀ ਟ੍ਰਿੱਪ ਨਾ ਮਿਲ ਜਾਵੇ। ਇਸ ਲਈ ਮੈਂ ‘ਟੈਂਪ੍ਰੇਰੀ ਆਫ਼’ ਵਾਲਾ ਬਟਨ ਦੱਬ ਦਿੰਦਾ ਹਾਂ। ਇਸ ਤਰ੍ਹਾਂ ਮੈਂ ਵੀਹ ਮਿੰਟ ਲਈ ‘ਆਫ਼’ ਰਹਿ ਸਕਦਾ ਹਾਂ। ਜ਼ੋਨ ਵਿਚ ਮੇਰੀ ਪੁਜ਼ੀਸ਼ਨ ਪਹਿਲੀ ਹੀ ਰਹੇਗੀ। ਉਨੀ ਦੇਰ ਵਿਚ ਮੈਂ ਉੱਥੇ ਅੱਪੜ ਹੀ ਜਾਵਾਂਗਾ। ਨੇੜੇ ਪਹੁੰਚ ਕੇ ਮੈਂ ਫਿਰ ‘ ਅਵੇਲੇਬਲ’ ਬਟਨ ਟੱਪ ਦਿੰਦਾ ਹਾਂ। ਛੇਤੀਂ ਹੀ ਮੈਨੂੰ ਸੇਫ਼ਵੇਅ ਗਰੋਸਰੀ ਸਟੋਰ ‘ਤੋਂ ਟ੍ਰਿੱਪ ਡਿਸਪੈਚ ਹੋ ਜਾਂਦਾ ਹੈ। ਮੇਰਾ ਜੀਅ ਨਹੀਂ ਕਰਦਾ ਕਿ ਇਹ ਟ੍ਰਿੱਪ ‘ਐਕਸਿਪਟ’ ਕਰਾਂ। ਨਾ ਹੋਇਆਂ ਵਰਗਾ ਹੋਵੇਗਾ ਇਹ ਟ੍ਰਿੱਪ। ਹੋ ਸਕਦਾ ਹੈ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕੋਈ ਹੋਰ ਟੈਕਸੀ ਲੈ ਜਾਵੇ। ਜੇ ਮੈਂ ਇਹ ਟ੍ਰਿੱਪ ‘ਰੀਜੈਕਟ’ ਕਰਦਾ ਹਾਂ ਤਾਂ ਜ਼ੋਨ ਵਿਚ ਮੇਰਾ ਨੰਬਰ ਅਖ਼ੀਰ ‘ਤੇ ਚਲਿਆ ਜਾਵੇਗਾ। ਇਸ ਲਈ ਮੈਂ ਅਣਮੰਨੇ ਜਿਹੇ ਮਨ ਨਾਲ ਉਹ ਟ੍ਰਿੱਪ ਲੈ ਲੈਂਦਾ ਹਾਂ। ਇਹ ਇਕ ਬੁੱਢੀ ਔਰਤ ਹੈ। ਉਸ ਕੋਲ ਵਾਕਰ ਹੈ। ਇਕ ਦਵਾਈਆਂ ਵਾਲਾ ਲਿਫਾਫਾ ਹੈ। ਮੈਂ ਉਸ ਨੂੰ ਸਹਾਰਾ ਦੇ ਕੇ ਟੈਕਸੀ ਦੀ ਮੂਹਰਲੀ ਸੀਟ ‘ਤੇ ਬਿਠਾਉਂਦਾ ਹਾਂ। ਉੱਥੇ ਬੈਠਣਾ ਉਸ ਲਈ ਆਸਾਨ ਹੈ। ਫਿਰ ਉਸਦਾ ਵਾਕਰ ਟਰੰਕ ਵਿਚ ਰੱਖਦਾ ਹਾਂ। ਸੀਟ ਬੈਲਟ ਲਾਉਣ ਵਿਚ ਉਸ ਦੀ ਮੱਦਦ ਕਰਦਾ ਹਾਂ। ਉਸ ਨੇ ਬਹੁਤ ਹੀ ਨਜ਼ਦੀਕ ਜਾਣਾ ਹੈ। ਉੱਥੇ ਪਹੁੰਚ ਕੇ ਉਹ ‘ਟੈਕਸੀ ਸੇਵਰ ਕੂਪਨ’ ਦੇ ਦਿੰਦੀ ਹੈ। ਉਨ੍ਹਾਂ ਨੂੰ ਭਰਨ ਦਾ ਵੀ ਖਲਜਗਣ ਹੈ। ਮੈਂ ਟਰੰਕ ਵਿੱਚੋਂ ਉਸਦਾ ਵਾਕਰ ਕੱਢਦਾ ਹਾਂ । ਫਿਰ ਉਸ ਔਰਤ ਦਾ ਦਰਵਾਜ਼ਾ ਖੋਹਲ ਕੇ ਮੈਂ ਉਸ ਨੂੰ ਸਹਾਰਾ ਦੇ ਕੇ ਉਸਦਾ ਵਾਕਰ ਉਸਦੇ ਹੱਥ ਹੇਠ ਕਰਕੇ ‘ਸਾਈਡ ਵਾਕ’ ਤੱਕ ਛੱਡ ਆਉਂਦਾ ਹਾਂ। ਚਾਰ ਡਾਲਰ ਦੇ ਇਸ ਟ੍ਰਿੱਪ ਵਿਚ ਮੇਰਾ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਟ੍ਰਿੱਪ ਤੋਂ ਵਿਹਲਾ ਹੋ ਕੇ ਮੈਂ ਘਰ ਫੋਨ ਕਰਕੇ ਹਾਲ-ਚਾਲ ਪੁੱਛਦਾ ਹਾਂ। ਮੇਰੀ ਬੇਟੀ ਵਾਪਸੀ ‘ਤੇ ਪੀਜ਼ਾ ਲੈ ਕੇ ਆਉਣ ਦੀ ਤਾਕੀਦ ਕਰਦੀ ਹੈ। ਪਿੱਛੋਂ ਬੇਟਾ ‘ਮੈਕਡੋਨਲਡ ਤੋਂ ਚਿਕਨ ਨਗਟ’ ਦਾ ਰੌਲਾ ਪਾਉਂਦਾ ਹੈ। ਉਹ ਆਪਸ ਵਿਚ ਖਹਿਬੜਣ ਲੱਗਦੇ ਹਨ। ਮੈਂ ਦੋਹੇਂ ਚੀਜ਼ਾਂ ਲੈ ਆਉਣ ਦਾ ਵਾਅਦਾ ਕਰਦਾ ਹਾਂ। ਮੈਂ ਮਾਂ ਦਾ ਹਾਲ ਪੁੱਛਣ ਲਈ ਫੋਨ ਉਸ ਨੂੰ ਫੜਾਉਣ ਲਈ ਆਖਦਾ ਹਾਂ। ਫੋਨ ਫੜ ਕੇ ਉਹ ਪੁੱਛਦੀ ਹੈ, “ਆਉਂਦੇ ਨੂੰ ਕੀ ਬਣਾ ਕੇ ਰੱਖਾਂ, ਸਵੇਰ ਦਾ ਗਿਐਂ।”
ਫੋਨ ‘ਤੇ ਗੱਲ ਕਰਦਿਆਂ ਮੇਰੀ ਨਿਗਾਹ ਸੜਕ ਦੇ ਦੂਸਰੇ ਪਾਸੇ ਟੈਕਸੀ ਲਈ ਹੱਥ ਹਿਲਾ ਰਹੀ ਕੁੜੀ ‘ਤੇ ਪੈਂਦੀ ਹੈ। ਮੈਂ ਝੱਟ ਫ਼ੋਨ ਬੰਦ ਕਰ ਦਿੰਦਾ ਹਾਂ। ਇਹ ਸੜਕ ਕਮਰਸ਼ੀਅਲ ਡਰਾਈਵ ਕਾਫੀ ਟ੍ਰੈਫਿਕ ਵਾਲੀ ਹੈ। ਜੇ ਟ੍ਰੈਫਿਕ ਲਾਈਟਾਂ ਤੋਂ ਟੈਕਸੀ ਮੋੜ ਕੇ ਲਿਆਵਾਂ ਤਾਂ ਉਦੋਂ ਤੱਕ ਕੋਈ ਹੋਰ ਟੈਕਸੀ ਇਸ ਨੂੰ ਚੁੱਕ ਸਕਦੀ ਹੈ। ਮੈਂ ਆਸਾ-ਪਾਸਾ ਦੇਖ ਕੇ ਯੂ-ਟਰਨ ਮਾਰਦਾ ਹਾਂ ਅਤੇ ਕੁੜੀ ਦੇ ਮੂਹਰੇ ਟੈਕਸੀ ਰੋਕ ਦਿੰਦਾ ਹਾਂ। ਇਸ ਕੁੜੀ ਨੇ ਮੈਰੀਨ ਡਰਾਈਵ ਤੇ ਮੇਨ ਸਟਰੀਟ ‘ਤੇ ਜਾਣਾ ਹੈ। ਚੰਗਾ ਟ੍ਰਿੱਪ ਹੈ। ਦਸਾਂ ਡਾਲਰਾਂ ਤੋਂ ਉੱਪਰ ਦੇ ਟ੍ਰਿੱਪ ਨੂੰ ਮੈਂ ਚੰਗਾ ਟ੍ਰਿੱਪ ਹੀ ਮੰਨਦਾ ਹਾਂ। ਉਸ ਨੂੰ ਕਾਹਲੀ ਹੈ। ਕੰਮ ਲਈ ਲੇਟ ਹੋ ਰਹੀ ਹੈ। ਤੇਜ਼ ਚੱਲਣ ਦੀ ਬੇਨਤੀ ਕਰਕੇ ਆਪਣੇ ਫੋਨ ਨਾਲ ਖੇਡਣ ਲੱਗ ਜਾਂਦੀ ਹੈ। ਮੈਨੂੰ ਇਹ ਚੰਗਾ ਲੱਗਦਾ ਹੈ। ਜੇ ਇਹ ਖੇਡਣ ਵਿਚ ਨਾ ਰੁੱਝਦੀ ਤਾਂ ਇਸ ਨੇ ਤੇਜ਼ ਚੱਲਣ ਲਈ ਅੱਗ ਮਚਾਉਣੀ ਸੀ।
ਉਸ ਤੋਂ ਬਾਅਦ ਮੈਂ ਦੋ ਹੋਰ ਨਿੱਕੇ-ਨਿੱਕੇ ਟ੍ਰਿੱਪ ਲਾਉਂਦਾ ਹਾਂ। ਤਿੰਨ ਵਜ ਗਏ ਹਨ। ਮੇਰੀ ਇੱਛਾ ਹੈ ਕਿ ਇੱਕ ਹੋਰ ਛੋਟਾ ਜਿਹਾ ਟ੍ਰਿੱਪ ਮਿਲੇ। ਲੰਮੇ ਟ੍ਰਿੱਪ ਲਈ ਸਮਾਂ ਨਹੀਂ ਹੈ।ਤਿੰਨ ਤੋਂ ਪੰਜ ਵਜੇ ਦੇ ਵਿਚਕਾਰ ਟੈਕਸੀਆਂ ਦੇ ਸਿ਼ਫ਼ਟ ਬਦਲਣ ਦਾ ਸਮਾਂ ਹੈ। ਕੋਈ ਤਿੰਨ ਵਜੇ ਬਦਲਦਾ ਹੈ, ਕੋਈ ਚਾਰ ਕੋਈ ਸਾਢੇ ਚਾਰ। ਮੇਰੀ ਟੈਕਸੀ ਦਾ ਸਮਾਂ ਚਾਰ ਵਜੇ ਦਾ ਹੈ। ਇਸ ਵੇਲੇ ਕੰਪਿਊਟਰ ਤੇ ਮਿਲਣ ਵਾਲੇ ਟ੍ਰਿੱਪ ਵਿਚ ਸਵਾਰੀ ਦੀ ਡੈਸਟੀਨੇਸ਼ਨ ਵੀ ਦੱਸੀ ਹੁੰਦੀ ਹੈ ਤਾਂ ਕਿ ਡਰਾਈਵਰ ਫੈਸਲਾ ਕਰ ਸਕੇ ਕਿ ਉਸ ਕੋਲ ਇਸ ਟ੍ਰਿੱਪ ਲਈ ਸਮਾਂ ਹੈ ਜਾਂ ਨਹੀਂ। ਜੇ ਇਸ ਵੇਲੇ ਮਿਲੇ ਟ੍ਰਿੱਪ ਦੀ ਡੈਸਟੀਨੇਸ਼ਨ ਦੂਰ ਦੀ ਲਿਖੀ ਹੋਵੇ ਤਾਂ ਚਿੱਤ ਵਿਚ ਖੋਹ ਪੈਣ ਲੱਗਦੀ ਹੈ ਕਿ ਜੇ ਕਿਤੇ ਇਹੀ ਟ੍ਰਿੱਪ ਅੱਧਾ ਘੰਟਾ ਪਹਿਲਾਂ ਮਿਲ ਜਾਂਦਾ! ਲੱਗਦਾ ਨਹੀਂ ਕਿ ਛੋਟੇ ਟ੍ਰਿੱਪ ਦੀ ਇੱਛਾ ਪੂਰੀ ਹੋਵੇਗੀ। ਸਾਢੇ ਕੁ ਤਿੰਨ ਵਜੇ ਜਾ ਕੇ ਜ਼ੋਨ ਵਿਚ ਪਹਿਲਾ ਨੰਬਰ ਹੁੰਦਾ ਹੈ। ਪਰ ਹੁਣ ਛੋਟੇ ਟ੍ਰਿੱਪ ਦਾ ਵੀ ਸਮਾਂ ਨਹੀਂ ਹੈ। ਟੈਕਸੀ ਵਿਚ ਗੈਸ ਪਵਾ ਕੇ ਮੈਂ ਟ੍ਰਿੱਪ ਸ਼ੀਟ ਪੂਰੀ ਕਰਦਾ ਹਾਂ। ਜਿਹੜੇ ਟ੍ਰਿੱਪ ਡਿਸਪੈਚ ਨਹੀਂ ਹੋਏ, ਉਹ ਮੈਂ ਸ਼ੀਟ ਵਿਚ ਨਹੀਂ ਭਰਦਾ। ਜੇ ਉਹ ਭਰਦਾ ਹਾਂ ਤਾਂ ਉਨ੍ਹਾਂ ‘ਤੇ ਵੀ ਟੈਕਸ ਕਟਵਾਉਣਾ ਪੈਣਾ ਹੈ। ਉਨ੍ਹਾਂ ‘ਤੇ ਟੈਕਸ ਤੋਂ ਬਚਣਾ ਚਾਹੁੰਦਾ ਹਾਂ। ਉਨ੍ਹਾਂ ਦਾ ਅੱਧ ਕਰਕੇ ਮੈਂ ਟੈਕਸੀ ਮਾਲਕ ਨੂੰ ਕੈਸ਼ ਦੇ ਦਿੰਦਾ ਹਾਂ। ਇਹ ਮਾਲਕ ਦੇ ਹਿੱਤ ਵਿਚ ਵੀ ਹੈ ਤੇ ਮੇਰੇ ਵੀ।
ਬਾਰ੍ਹਾਂ ਘੰਟਿਆਂ ਦੀ ਦਿਹਾੜੀ ਲਾ ਕੇ ਸਰੀਰ ਥੱਕ ਕੇ ਚੂਰ ਹੋਇਆ ਪਿਆ ਹੈ। ਸਿਰ ਪਾਟਣ-ਪਾਟਣ ਕਰ ਰਿਹਾ ਹੈ। ਜੇਬ ਵਿਚਲੇ ਨੋਟ: ਮੇਰੀ ਕਮਾਈ, ਮੇਰੀ ਦੂਜੀ ਰੈਗੂਲਰ ਅੱਠ ਘੰਟਿਆਂ ਦੀ ਦਿਹਾੜੀ ਵਾਲੀ ਨੌਕਰੀ ਤੋਂ ਕਿਤੇ ਘੱਟ ਬਣਦੀ ਹੈ। ਪਰ ਜਦ ਮੈਂ ਘਰ ਪਹੁੰਚ ਕੇ ਖਾਣੇ ਵਾਲੇ ਮੇਜ਼ ‘ਤੇ ਪ੍ਰੀਵਾਰ ਲਈ ਖਾਣੇ ਵਾਲੇ ਡੱਬੇ ਰੱਖਦਾ ਹਾਂ ਤਾਂ ਮੈਨੂੰ ਤਸੱਲੀ ਭਰਪੂਰ ਖੁਸ਼ੀ ਹੁੰਦੀ ਹੈ। ਅੰਦਰ ਭਰਿਆ-ਭਰਿਆ ਲੱਗਦਾ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346