Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ਪੰਜਾਬ ਦੀ ਇਤਿਹਾਸਕ ਗਾਥਾ

 

- ਡਾ ਸੁਭਾਸ਼ ਪਰਿਹਾਰ

ਨਾਵਲ / ਝੱਖੜ ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 

Online Punjabi Magazine Seerat


ਕਾਮਰੇਡ ਚਤਰਭੁਜੀ ਚੁੱਪ ਕਿਉਂ ?

- ਅਮਰਜੀਤ ਸਿੰਘ ਭੁੱਲਰ
 

 

ਕਾਮਰੇਡ ਚਤਰਭੁਜੀ ਦਾ ਅਸਲੀ ਨਾਂ ਭਾਵੇ ਰਾਮ ਕ੍ਰਿਸ਼ਨ ਸੀ ਪਰ ਪੜਦੇ ਸਮੇਂ ਯੂਨੀਵਰਸਿਟੀ ਵਿੱਚ ਉਸ ਨੂੰ ਕਾਮਰੇਡ ਚਤਰਭੁਜੀ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ । ਰਾਮ ਕ੍ਰਿਸ਼ਨ ਤਾਂ ਸਰਕਾਰੀ ਤੰਤਰ ਦੇ ਕਾਗਜਾਂ ਵਿੱਚ ਹੀ ਦਰਜ਼ ਸੀ । ਰਾਮ ਕ੍ਰਿਸ਼ਨ ਤੋਂ ਚਤਰਭੁਜੀ ਬਣਨ ਦਾ ਸਫਰ ਵੀ ਬੜਾ ਦਿਲਚਸਪ ਰਿਹਾ । ਬਚਪਨ ਵਿੱਚ ਰਾਮ ਕ੍ਰਿਸ਼ਨ ਕਿਸੇ ਵੀ ਧਾਰਮਕ ਬੰਦੇ ਵੱਲੋਂ ਚਿਤਵੇ ਰਾਮ ਜਾਂ ਕ੍ਰਿਸ਼ਨ ਤੋਂ ਘੱਟ ਨਹੀਂ ਸੀ। ਗੋਰਾ ਚਿੱਟਾ ਰੰਗ, ਤਿੱਖਾ ਨੱਕ, ਚਮਕਦੀਆਂ ਅੱਖਾਂ ਤੇ ਭੋਲੀ ਜਿਹੀ ਸੂਰਤ । ਸੂਰਤ ਦੇ ਨਾਲ ਸੀਰਤ ਦੀ ਅਪਾਰ ਬਖ਼ਸ਼ਿਸ਼ ਸੀ । ਦਿਮਾਗ ਐਨਾ ਤੇਜ਼ ਕਿ ਹਰ ਗੱਲ ਸਿਆਣਿਆਂ ਤੋਂ ਪਹਿਲਾਂ ਸਮਝ ਲੈਣੀ ।
ਰਾਮ ਕ੍ਰਿਸ਼ਨ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਪੜ੍ਹਨ ਲਿਖਣ ਚ ਆਪਣੇ ਸਾਥੀਆਂ ਤੋਂ ਅੱਗੇ ਰਹਿਣਾ। ਆਪਣੀ ਕਲਾਸ ਦਾ ਮਨੀਟਰ ਤੇ ਸਦਾ ਫ਼ਸਟ ਆਉਣ ਵਾਲਾ ਬੱਚਾ। ਉਸ ਸਮੇਂ ਦੇ ਆਪਣੇ ਕਿਤੇ ਨਾਲ ਤਣੋ ਮਨੋਂ ਜੁੜੇ ਸਮਰਪਿਤ ਅਧਿਆਪਕ ਰਾਮ ਕ੍ਰਿਸ਼ਨ ਤੋਂ ਬੜੇ ਆਸਵੰਦ ਰਹਿੰਦੇ । ਇਸ ਮੁੰਡੇ ਚ ਸੰਭਾਵਨਾਵਾਂ ਬਹੁਤ ਨੇ, ਇਹ ਕੁਝ ਵੀ ਬਣ ਸਕਦਾ ਹੈ, ਗਣਿਤ ਦੇ ਅਧਿਆਪਕ ਰੇਖਾ ਰਾਮ ਨੇ ਅਕਸਰ ਕਹਿਣਾ । ਬਹੁਤ ਸਾਰੇ ਪ੍ਰਤਿਭਾ ਵਾਨ ਬੱਚੇ ਪਿੰਡਾਂ ਵਿੱਚ ਪੈਦਾ ਹੋਣ ਕਰਕੇ ਜਾਂ ਗਰੀਬੀ ਕਰਕੇ ਅਕਸਰ ਉਹ ਬੁਲੰਦੀਆਂ ਨਹੀਂ ਛੁਹ ਸਕਦੇ , ਜਿਸ ਦੇ ਉਹ ਕਾਬਲ ਹੁੰਦੇ ਹਨ, ਸਮਾਜਕ ਵਿਗਿਆਨ ਦੇ ਅਧਿਆਪਕ, ਜੋ ਕਿ ਅਧਿਆਪਕ ਯੂਨੀਅਨ ਚ ਵੀ ਸਰਗਰਮ ਸੀ, ਨੇ ਆਪਣੀ ਚਿੰਤਾ ਪ੍ਰਗਟ ਕਰਨੀ । ਦਸਵੀ ਚ ਰਾਮ ਕ੍ਰਿਸ਼ਨ ਆਪਣੇ ਸਕੂਲ ਵਿਚੋਂ ਭਾਵੇਂ ਫ਼ਸਟ ਆਇਆ ਤੇ ਨੰਬਰ ਵੀ ਚੰਗੇ ਸਨ , ਪਰ ਟਿਊਸ਼ਨ ਰੱਖਣ ਵਾਲੇ ਸ਼ਹਿਰੀਆਂ ਤੋਂ ਮਾਰ ਖਾ ਗਿਆ ਅਤੇ ਥੋੜੇ ਜਿਹੇ ਨੰਬਰਾਂ ਪਿਛੇ ਜ਼ਿਲ੍ਹੇ ਚੋਂ ਫ਼ਸਟ ਆਉਂਣੋਂ ਰਹਿ ਗਿਆ। ਆਰਥਕ ਤੇ ਸਮਾਜਕ ਨਾਬਰਾਬਰੀ ਵਾਲੇ ਸਮਾਜ ਨੇ ਪਿੰਡ ਦਾ ਇਹ ਰਾਮ ਕ੍ਰਿਸ਼ਨ ਸਮਰੱਥਾ ਦੇ ਬਾਵਜੂਦ ਵੀ ਕੁਝ ਕਦਮ ਪਿਛੇ ਖਿਸਕਾ ਦਿੱਤਾ ਸੀ। ਪਰ ਇਸ ਸਭ ਵਰਤਾਰੇ ਤੋਂ ਬੇਖ਼ਬਰ ਰਾਮ ਕ੍ਰਿਸ਼ਨ ਨਤੀਜੇ ਵਾਲੇ ਦਿਨ ਪਿੰਡ ਦਾ ਹੀਰੋ ਸੀ । ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ ।
ਮੁੰਡੇ ਨੂੰ ਹੁਣ ਅੱਗੇ ਜਰੂਰ ਪੜ੍ਹਾਂ ਵੀਂ , ਮੁੰਡਾ ਤੇਰਾ ਲਾਇਕ ਹੈ, ਪਰਮਾਤਮਾ ਦੀ ਮਿਹਰ ਨਾਲ ਜਰੂਰ ਕੁਝ ਬਣੇਗਾ, ਪਿੰਡ ਦੇ ਗੁਰਦਵਾਰੇ ਦੇ ਗ੍ਰੰਥੀ ਕਰਤਾਰ ਸਿੰਘ ਨੇ ਰਾਮ ਕ੍ਰਿਸ਼ਨ ਨੂੰ ਮੋਢੇ ਤੇ ਥਾਪੀ ਦਿੰਦਿਆਂ ਉਸ ਦੇ ਪਿਉ ਨੂੰ ਕਿਹਾ ।
ਬਾਬਾ ਜੀ ਮੈਂ ਤਾਂ ਆਵਦੀ ਵਾਹ ਲਾਦੂੰ, ਅੱਗੇ ਇਸਦੀ ਕਿਸਮਤ, ਰਾਮ ਕ੍ਰਿਸ਼ਨ ਦੇ ਪਿਉ ਨੇ ਕਰਤਾਰ ਸਿਉਂ ਦੀ ਗੱਲ ਦਾ ਹੁੰਗਾਰਾ ਭਰਿਆ। ਪਰਮਾਤਮਾ ਜਰੂਰ ਭਲੀ ਕਰੂ, ਕਹਿੰਦਿਆਂ ਕਰਤਾਰ ਸਿੰਘ ਦਾ ਸਿਰ ਆਪਣੇ ਆਪ ਅਕਾਸ਼ ਵੱਲ ਨੂੰ ਉਠ ਗਿਆ ।
ਹੁਣ ਰਾਮ ਕ੍ਰਿਸ਼ਨ ਨੇ ਸਾਲ ਦੀ ਫ਼ੀਸ ਭਰ ਕੇ ਨੇੜੇ ਦੇ ਸ਼ਹਿਰ ਕਾਲਜ ਚ ਦਾਖ਼ਲਾ ਲੈ ਲਿਆ । ਹਰ ਰੋਜ਼ ਸਵੇਰੇ ਉਪਰੋਂ ਹੇਠੋਂ ਭਰੀ ਬੱਸ ਚ ਜਾਣਾ ਤੇ ਸ਼ਾਮੀਂ ਵਾਪਸ ਆਉਣਾ । ਵੀਹ ਰੁਪਏ ਮਹੀਨਾ ਪਾਸ ਤੇ ਇਕ ਪਿਆਲੀ ਚਾਹ ਤੋਂ ਇਲਾਵਾ ਹੋਰ ਕੋਈ ਖਰਚਾ ਨਹੀਂ ਸੀ ।
ਰਾਮ ਕ੍ਰਿਸ਼ਨ ਦੇ ਜਗਿਆਸੂ ਦਿਮਾਗ ਨੇ ਇਥੇ ਅਧਿਆਪਕਾਂ ਵਿਚੋਂ ਅਧਿਆਪਕਤਾ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਤਿੰਨ ਤਰ੍ਹਾਂ ਦੇ ਅਧਿਆਪਕ ਮਿਲੇ । ਪਹਿਲੇ ਟਿਊਸ਼ਨਿਸ਼ਟ , ਜਿਨ੍ਹਾਂ ਲਈ ਪੜ੍ਹਾਈ ਪੈਸੇ ਇਕੱਠੇ ਕਰਨ ਦਾ ਸਾਧਨ ਸੀ ਤੇ ਵਿਦਿਆਰਥੀ ਅੰਡੇ ਦੇਣ ਵਾਲੀਆਂ ਮੁਰਗ਼ੀਆਂ । ਦੂਸਰੀ ਕਿਸਮ ਦੇ ਅਧਿਆਪਕ ਉਹ ਸਨ, ਜਿਨ੍ਹਾਂ ਦਾ ਨਾਂ ਵਿਦਿਆਰਥੀਆਂ ਨੇ ਮੌਜ਼ੀ ਰੱਖਿਆ ਸੀ । ਪ੍ਰੋਫੈਸਰੀ ਇਨ੍ਹਾਂ ਲਈ ਵਾਧੂ ਆਮਦਨ ਵਾਲਾ ਧੰਦਾ ਸੀ , ਖੇਤੀ ਜਾਂ ਕੁਝ ਹੋਰ ਉਨ੍ਹਾਂ ਦਾ ਮੁੱਖ ਕਾਰੋਬਾਰ ਸੀ । ਉਨ੍ਹਾਂ ਦੀ ਦਿਲਚਸਪੀ ਪੜ੍ਹਨ ਪੜ੍ਹਾਉਣ ਚ ਘੱਟ ਤੇ ਮਸ਼ਕੂਲੇ ਸੁਣਨ ਸੁਣਾਉਣ ਚ ਜਿਆਦਾ ਸੀ । ਤੀਸਰੀ ਕਿਸਮ ਦੇ ਅਧਿਆਪਕ ਉਹ ਸਨ, ਜੋ ਹਰ ਵੇਲੇ ਪੜ੍ਹਨ ਪੜ੍ਹਾਉਣ ਤੇ ਵਿਦਿਆਰਥੀ ਦਾ ਬੌਧਿਕ ਪੱਧਰ ਉਪਰ ਚੁੱਕਣ ਚ ਦਿਲਚਸਪੀ ਰੱਖਦੇ ਸਨ । ਉਹ ਪੜ੍ਹਾਈ, ਖੇਡਾਂ ਤੇ ਹੋਰ ਕੰਮਾਂ ਚ ਵਧ ਚੜ ਕੇ ਹਿਸਾ ਲੈਂਦੇ ਸਨ । ਉਸ ਸਮੇਂ ਦੇ ਵਿਦਿਆਰਥੀ ਦਿਲੋਂ ਉਨ੍ਹਾਂ ਦੀ ਕਦਰ ਕਰਦੇ ਸਨ। ਪ੍ਰੋਫੈਸਰੀ ਉਨ੍ਹਾਂ ਲਈ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਦੇ ਨਾਲ ਨਾਲ ਚੜਦੀ ਜਵਾਨੀ ਨੂੰ ਉਸਾਰੂ ਸੇਧ ਦੇਣ ਦਾ ਜ਼ਰੀਆ ਵੀ ਸੀ । ਉਹ ਅਕਸਰ ਵਿਦਿਆਰਥੀਆਂ ਨਾਲ ਗੱਲਾਂ ਕਰਦੇ ਅਤੇ ਦੋਸਤਾਂ ਵਾਂਗ ਵਿਚਰਦੇ । ਟਿਊਸਨਿਸ਼ਟ ਉਨ੍ਹਾਂ ਬਾਰੇ ਚੁੱਪ ਰਹਿੰਦੇ ਤੇ ਮੌਜ਼ੀ ਉਨ੍ਹਾਂ ਨੁੰ ਝੋਲੇ ਵਾਲੇ ਕਹਿੰਦੇ ।
ਰਾਮ ਕ੍ਰਿਸ਼ਨ ਨੂੰ ਇਨ੍ਹਾਂ ਅਧਿਆਪਕਾਂ ਚੋਂ ਅਧਿਆਪਕਤਾ ਲੱਭੀ ਤੇ ਉਹ ਉਨ੍ਹਾਂ ਦੇ ਨੇੜੇ ਹੋਣ ਲੱਗਾ । ਹੋਣਹਾਰ ਅਤੇ ਜਗਿਆਸੂ ਹੋਣ ਕਰਕੇ ਛੇਤੀ ਹੀ ਉਸ ਨੇ ਉਨ੍ਹਾਂ ਦੇ ਦਿਲਾਂ ਚ ਥਾਂ ਬਣਾ ਲਈ । ਹੌਲੀ ਹੌਲੀ ਸਬੰਧ ਗੂੜ੍ਹੇ ਹੋਣ ਤੇ ਰਾਮ ਕ੍ਰਿਸ਼ਨ ਨੂੰ ਪਤਾ ਲੱਗਾ ਕਿ ਇਹ ਅਧਿਆਪਕ ਸੱਤਰਵਿਆਂ ਦੀ ਖੱਬੀ ਲਹਿਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ ਹਨ। ਜੇ ਨਹੀਂ ਵੀ ਜੁੜੇ ਸਨ ਤਾਂ ਘਟੋ ਘੱਟ ਹਮਦਰਦ ਜਰੂਰ ਸਨ । ਭਾਵੇਂ ਇਨ੍ਹਾਂ ਅਧਿਆਪਕਾਂ ਦਾ ਪਿਛੋਕੜ ਸਧਾਰਨ ਘਰਾਂ ਨਾਲ ਸੀ ਪਰ ਇਨ੍ਹਾਂ ਦੀ ਅਕਾਦਮਿਕ ਤੇ ਸਾਹਿਤਕ ਪ੍ਰਾਪਤੀਆਂ ਬਾਕਮਾਲ ਸਨ। ਇਨ੍ਹਾਂ ਅਧਿਆਪਕਾਂ ਨੇ ਰਾਮ ਕ੍ਰਿਸ਼ਨ ਦੀ ਪੜ੍ਹਨ ਦੀ ਚੇਟਕ ਨੂੰ ਹੋਰ ਪਰਪੱਕ ਕੀਤਾ । ਹੁਣ ਰਾਮ ਕ੍ਰਿਸ਼ਨ ਨੇ ਖੱਬੇ ਪੱਖੀ ਸਹਿਤ ਪੜ੍ਹਨਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਉਸ ਨੂੰ ਆਰਥਕ, ਸਮਾਜਕ ਤੇ ਰਾਜਨੀਤਿਕ ਢਾਂਚੇ ਦੀਆਂ ਬਰੀਕੀਆਂ ਸਮਝ ਆਉਣ ਲੱਗੀਆਂ। ਉਸਨੂੰ ਇਹ ਵੀ ਪਤਾ ਲੱਗਿਆ ਕਿ ਕੋਈ ਗਰੀਬ ਪਿਛਲੇ ਜਨਮ ਦੇ ਕਰਮਾਂ ਕਰਕੇ ਗਰੀਬ ਨਹੀਂ ਹੁੰਦਾ ਬਲਕਿ ਇਸ ਦੀਆਂ ਜੜਾਂ ਪ੍ਰਚਲਤ ਥੋਥੀ ਆਰਥਕ ਪ੍ਰਣਾਲੀ ਚ ਹਨ । ਕਾਲਜ ਦੀ ਜ਼ਿੰਦਗੀ ਤੋਂ ਉਸ ਨੇ ਇਕ ਦ੍ਰਿਸ਼ਟੀ ਕੋਨ ਗ੍ਰਹਿਣ ਕੀਤਾ ਜਿਸ ਨਾਲ ਸਮਾਜ ਅਤੇ ਦੂਸਰੀਆਂ ਚੀਜ਼ਾਂ ਨੂੰ ਵਿਲੱਖਣ ਤਰੀਕੇ ਨਾਲ ਦੇਖਿਆ ਜਾ ਸਕਦਾ ਸੀ । ਇਨ੍ਹਾਂ ਅਧਿਆਪਕਾਂ ਨੇ ਹੀ ਰਾਮ ਕ੍ਰਿਸ਼ਨ ਨੂੰ ਉਚੇਰੀ ਪੜਾਈ ਲਈ ਯੂਨੀਵਰਸਿਟੀ ਜਾਣ ਲਈ ਉਤਸ਼ਾਹਿਤ ਕੀਤਾ । ਇਕ ਦੋ ਨੇ ਤਾਂ ਮਾਇਕ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ । ਭਾਵੇਂ ਰਾਮ ਕ੍ਰਿਸ਼ਨ ਵਿੱਚ ਉਚੇਰੀ ਪੜਾਈ ਲਈ ਅੰਤਾਂ ਦੀ ਇੱਛਾ ਸੀ ਪਰ ਉਸ ਨੂੰ ਆਪਣੇ ਪਿਤਾ ਦਾ ਖਿਆਲ ਆਉਂਦਾ , ਜੋ ਸਾਰਾ ਦਿਨ ਢਿੱਡ ਬੰਨ ਕੇ ਕੰਮ ਕਰਦਿਆਂ ਉਸ ਨੂੰ ਪੜ੍ਹਾ ਰਿਹਾ ਸੀ । ਜਦ ਉਸ ਨੇ ਆਪਣੇ ਪਿਤਾ ਨਾਲ ਉਚੇਰੀ ਪੜ੍ਹਾਈ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ, ਪੁੱਤ, ਮੈਂ ਚੰਗਾ ਭਲਾ ਹਾਂ, ਮੈਨੂੰ ਕੰਮ ਕਰਨ ਨੂੰ ਕੀ ਹੋਇਆ , ਤੂੰ ਮਨ ਲਗਾ ਕੇ ਪੜ੍ਹਾਈ ਕਰ ਬਾਕੀ ਸਭ ਮੇਰੇ ਤੇ ਛੱਡ ਦੇ । ਪਿਉ ਦੇ ਧਰਵਾਸ ਨਾਲ ਰਾਮ ਕ੍ਰਿਸ਼ਨ ਦਾ ਪਿਛੇ ਦਾ ਫਿਕਰ ਥੋੜਾ ਘੱਟ ਗਿਆ।
ਦਰੀ, ਖੇਸ, ਚਾਦਰ ਤੇ ਸਿਰਹਾਣਾ ਲੈ ਕੇ ਰਾਮ ਕ੍ਰਿਸ਼ਨ ਯੂਨੀਵਰਸਿਟੀ ਦੇ ਹੋਸਟਲ ਪਹੁੰਚ ਗਿਆ । ਸਭ ਕੁਝ ਉਪਰਾ ਜਿਹਾ ਲੱਗਦਾ ਸੀ ਪਰ ਛੇਤੀ ਹੀ ਉਹ ਇਸ ਮਾਹੌਲ ਚ ਰਚ ਮਿਚ ਗਿਆ । ਆਪਣੇ ਸੁਭਾਅ ਮੁਤਾਬਕ ਉਸ ਨੇ ਫਿਰ ਅਧਿਅਪਕਤਾਂ ਵਾਲੇ ਅਧਿਆਪਕਾਂ ਦੀ ਖੋਜ ਸ਼ੁਰੂ ਕੀਤੀ । ਇਥੇ ਕੁਝ ਫਰਕ ਸੀ । ਟਿਊਸ਼ਨਿਸ਼ਟ ਗਾਇਬ ਸਨ ਤੇ ਮੌਜੀਆਂ ਦੀ ਗਿਣਤੀ ਘੱਟ ਸੀ । ਇਥੇ ਵਿਦਿਆਰਥੀਆਂ ਵਿੱਚ ਵੀ ਫਰਕ ਸੀ । ਥੋੜੇ ਰਾਮ ਕ੍ਰਿਸ਼ਨ ਵਰਗੇ ਸਨ । ਕੁਝ ਕਾਕੇਨੁਮਾਂ ਸਨ ਜੋ ਸਿਰਫ ਐਸ਼ ਹੀ ਕਰਨ ਆਏ ਸਨ । ਕੁਝ ਕਾਨਵੈਟਾਂ ਤੋਂ ਕੁਝ ਵੱਡੇ ਸ਼ਹਿਰਾਂ ਤੋਂ ਅਤੇ ਕੁਝ ਪਿੰਡਾਂ ਤੋਂ । ਮਾਹੌਲ ਖੁਲ੍ਹਾਂ ਸੀ ਤੇ ਲਾਇਬ੍ਰੇਰੀ ਦੁਨੀਆਂ ਭਰ ਦੀਆਂ ਕਿਤਾਬਾਂ ਨਾਲ ਭਰੀ ਪਈ ਸੀ ।
ਜਿਸ ਗੱਲ ਤੋਂ ਰਾਮ ਕ੍ਰਿਸ਼ਨ ਬਹੁਤ ਪ੍ਰਭਾਵਤ ਹੋਇਆ ਉਹ ਸੀ, ਯੂਨੀਵਰਸਿਟੀ ਦੇ ਅਧਿਆਪਕਾਂ ਦੀ ਵਿਚਾਰਧਾਰਕ ਪਰਪੱਕਤਾ । ਉਹ ਭਾਵੇਂ ਖੱਬੇ ਪੱਖੀ ਸਨ ਜਾਂ ਸਿੱਖ ਉਦਾਰਵਾਦੀ ਜਾਂ ਦਲਿਤ ਪੱਖੀ, ਉਹ ਸਾਰੇ ਤਰਕ ਦਾ ਪੱਲਾ ਫੜਦੇ ਸਨ। ਗੱਲਾਂ ਕਾਲਜ ਦੇ ਮੌਜੀਆਂ ਵਰਗੀਆਂ ਨਹੀਂ ਸਨ, ਸਗੋਂ ਹਾਸਾ ਠੱਠਾ ਵੀ ਉੱਚ ਪਾਏ ਦਾ ਹੁੰਦਾ ਸੀ । ਰਾਮ ਕ੍ਰਿਸ਼ਨ ਕਾਫੀ ਹਾਉਸ ਚ ਅਧਿਆਪਕਾਂ ਦੇ ਨਾਲ ਵਾਲੀਆਂ ਕੁਰਸੀਆਂ ਤੇ ਬੈਠ ਉਨ੍ਹਾਂ ਦੀਆਂ ਗੱਲਾਂ ਸੁਣਦਾ । ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਉਸ ਨੂੰ ਇਹ ਸਮਝ ਆ ਗਈ ਕਿ ਵਿਚਾਰਧਾਰਾ ਤੋਂ ਹੀਣਾ ਬੰਦਾ ਅਸਲ ਚ ਦਿਮਾਗੀ ਤੌਰ ਤੇ ਬੌਣਾ ਹੁੰਦਾ ਹੈ। ਖੱਬੇ ਪੱਖੀ ਗੁੜਤੀ ਤਾਂ ਕਾਲਜ ਚ ਹੀ ਮਿਲ ਗਈ ਸੀ ਪਰ ਲਗਾਤਾਰ ਕਿਤਾਬਾਂ ਪੜ੍ਹਨ ਅਤੇ ਅਧਿਆਪਕਾਂ ਨਾਲ ਬਹਿਸ-ਚਰਚਾਵਾਂ ਨੇ ਉਸ ਨੂੰ ਮਾਰਕਸਵਾਦੀ ਧਾਰਾ ਦਾ ਵਿਸ਼ਵਾਸੀ ਬਣਾ ਦਿੱਤਾ । ਹੁਣ ਰਾਮ ਕ੍ਰਿਸ਼ਨ ਨੂੰ ਉਸ ਦੇ ਸਾਥੀ ਕਾਮਰੇਡ ਕਹਿਣ ਲੱਗ ਪਏ । ਮੌਜੂਦਾ ਅਰਥ ਵਰਤਾਰੇ ਨੂੰ ਸਮਝਣ ਦੇ ਨਾਲ ਨਾਲ ਉਸ ਨੂੰ ਸਵੈ -ਪ੍ਰਚੋਲ ਦੀ ਆਦਤ ਵੀ ਪੈ ਗਈ ।
ਮੈਂ ਕੀ ਹਾਂ ? , ਮੇਰਾ ਸਮਾਜ ਚ ਕੀ ਰੋਲ ਹੈ? ਉਹ ਅਕਸਰ ਆਪਣੇ ਆਪ ਤੇ ਸਵਾਲ ਕਰਦਾ । ਕਈ ਵਾਰ ਪੜ੍ਹਦਾ ਪੜ੍ਹਦਾ ਉਹ ਦੂਰ ਖਿਆਲਾਂ ਚ ਗੁਆਚ ਜਾਂਦਾ।
ਅਜਿਹਾ ਹੀ ਇਕ ਵਾਰ ਵਾਪਰਿਆਂ ਜਿਸ ਨੇ ਉਸ ਨੂੰ ਕਾਮਰੇਡ ਤੋਂ ਕਾਮਰੇਡ ਚਤਰਭੁਜੀ ਬਣਾ ਦਿੱਤਾ । ਇਕ ਦਿਨ ਉਹ ਅਰਥ-ਵਿਗਿਆਨ ਚ ਵਰਤੇ ਜਾਣ ਵਾਲੇ ਰੇਖਾ ਗਣਿਤ ਦੀ ਕਿਤਾਬ ਪੜ੍ਹ ਰਿਹਾ ਸੀ । ਉਹ ਇਕ ਚਤੁਰਭੁਜ ਚ ਗੁਆਚ ਗਿਆ । ਉਸ ਨੂੰ ਚਤਰਭੁਜ ਚ ਸਮੁਚਤਾ ਦਿੱਸੀ । ਉਸ ਨੇ ਕਾਗਜ ਪੈਨ ਲੈ ਕੇ ਇਕ ਸਮਕੋਣੀ ਚਤਰਭੁਜ ਵਾਹੀ । ਖੱਬੇ ਪਾਸੇ ਨੀਚੇ ਵਾਲੇ ਕੋਣ ਚ ਉਸ ਨੇ ਵਿਚਾਰਧਾਰਾ ਲਿਖ ਦਿੱਤਾ । ਇਸ ਤੋਂ ਉਪਰ ਵਾਲੇ ਕੋਣ ਚ ਉਸ ਨੇ ਗਿਆਨ ਲਿਖ ਦਿੱਤਾ । ਗਿਆਨ ਵਿਚਾਰਧਾਰਾ ਨੂੰ ਪਰਪੱਕ ਕਰਦਾ ਹੈ, ਉਸਦੇ ਮੁੰਹੋਂ ਸਹਿਜੇ ਹੀ ਨਿਕਲ ਗਿਆ । ਕੁਝ ਸੋਚ ਕੇ ਉਸ ਨੇ ਸੱਜੇ ਪਾਸੇ ਹੇਠਲੇ ਕੋਣ ਚ ਨਿੱਜ ਲਿਖ ਦਿੱਤਾ ਅਤੇ ਉਸ ਤੋਂ ਉਪਰ ਵਾਲੇ ਕੋਣ ਚ ਲੋਕ ਲਿਖ ਦਿੱਤਾ । ਗਿਆਨ , ਵਿਚਾਰਧਾਰਾ , ਲੋਕਾਂ ਪ੍ਰਤੀ ਸੋਚ ਤੇ ਨਿੱਜੀ ਵਰਤਾਰਾ ਮਿਲ ਕੇ ਹੀ ਤੁਹਾਡਾ ਦ੍ਰਿਸ਼ਟੀਕੋਣ ਬਣਦਾ ਹੈ, ਤੇ ਚਤਰਭੁਜ ਦੇ ਵਿਚਕਾਰ ਉਸਨੇ ਵੱਡੇ ਅੱਖਰਾਂ ਚ ਦ੍ਰਿਸ਼ਟੀਕੋਣ ਲਿਖ ਦਿੱਤਾ। ਐਨ ਉਸ ਸਮੇਂ ਉਸ ਦੇ ਦੋਸਤ ਕਮਰੇ ਚ ਦਾਖਲ ਹੋਏ ਜੋ ਮੈਸ ਚ ਰੋਟੀ ਖਾਣ ਲਈ ਉਸ ਨੂੰ ਬੁਲਾਉਣ ਆਏ ਸਨ।
ਕਾਮਰੇਡ ਕੀ ਪੇਂਟਿੰਗ ਜਿਹੀ ਕਰ ਰਿਹਾ ਏ, ਇਕ ਚੁਲਬੁਲੇ ਜਿਹੇ ਨੇ ਸ਼ਰਾਰਤ ਨਾਲ ਕਿਹਾ । ਰਾਮਕ੍ਰਿਸ਼ਨ ਨੇ ਜੋ ਸੋਚਿਆ ਸੀ, ਉਸ ਦਾ ਵਿਖਿਆਨ ਕਰ ਦਿੱਤਾ ।
ਚਤਰਭੁਜ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ, ਇਸਦੇ ਸਾਰੇ ਕੋਣ ਇਕ ਸੰਤੁਲਨ ਚ ਹਨ । ਇਕ ਕੋਣ ਵੀ ਅਸੰਤੁਲਨ ਹੋ ਜਾਵੇ ਤਾਂ ਸਾਰਾ ਕੁਝ ਹਿੱਲ ਜਾਂਦਾ ਹੈ ।ਜਿਵੇਂ ਕਿ ਜੇ ਨਿਜ ਦੇ ਕੋਣ ਦਾ ਵਿਸਥਾਰ ਹੋਣ ਲੱਗ ਜਾਵੇ ਤਾਂ ਚਤਰਭੁਜ ਦੀ ਸ਼ਕਲ ਇਸ ਤਰ੍ਹਾਂ ਬਦਲ ਜਾਵੇਗੀ ਕਿ ਵਿਚਾਰਧਾਰਾ ਅਤੇ ਲੋਕਾਂ ਵਾਲੇ ਕੋਣ ਸੁੰਗੜ ਜਾਣਗੇ। ਗਿਆਨ ਨਿਜ ਦੇ ਨੇੜੇ ਹੋ ਜਾਵੇਗਾ, ਭਾਵ ਕਿ ਨਿਜ ਲਈ ਵਰਤਿਆ ਜਾਣ ਲੱਗੇਗਾ । ਭਾਵੇਂ ਉਸ ਨੂੰ ਲੱਗ ਰਿਹਾ ਸੀ ਕਿ ਰੇਖਾ-ਚਿੱਤਰ ਰਾਹੀ ਕੀਤਾ ਇਹ ਸੰਕਲਨ ਕਿਸੇ ਤਰ੍ਹਾਂ ਵੀ ਵਿਗਿਆਨਕ ਨਹੀ ਪਰ ਫਿਰ ਵੀ ਚਤਰਭੁਜ ਨੂੰ ਇਸ ਤਰ੍ਹਾਂ ਪੜ੍ਹਨਾ ਉਸ ਨੂੰ ਵਧੀਆ ਲੱਗ ਰਿਹਾ ਸੀ ।
ਯਾਰ ਇਹ ਤਾਂ ਫ਼ਿਲਾਸਫ਼ਰ ਬਣ ਗਿਆ ਹੈ, ਹੁਣ ਇਕੱਲਾ ਕਾਮਰੇਡ ਨਹੀਂ ਜਚਦਾ, ਇਸ ਦਾ ਨਾਂ ਕਾਮਰੇਡ ਚਤਰਭੁਜੀ ਰੱਖ ਦੇਈਏ ਚੁਲਬੁਲੇ ਦੋਸਤ ਨੇ ਕਸੀਦਾ ਕਸਿਆ ਤੇ ਚੁਫੇਰੇ ਹਾਸੜ ਮੱਚ ਗਈ। ਚਲੋ ਕਾਮਰੇਡ ਚਤਰਭੁਜੀ ਜੀ ਰੋਟੀ ਖਾ ਆਈਏ, ਇਕ ਹੋਰ ਨੇ ਕਿਹਾ ਤੇ ਉਸ ਦਿਨ ਤੋਂ ਰਾਮਕ੍ਰਿਸ਼ਨ ਕਾਮਰੇਡ ਚਤਰਭੁਜੀ ਬਣ ਗਿਆ ।
ਯੂਨੀਵਰਸਿਟੀ ਚ ਰਾਮ ਕ੍ਰਿਸ਼ਨ ਚੰਗੇ ਨੰਬਰ ਲੈ ਕੇ ਐਮ.ਏ, ਐਮ ਫਿਲ ਕਰ ਗਿਆ। ਹੁਣ ਨੌਕਰੀ ਲੱਭਣ ਦਾ ਸਮਾਂ ਸੀ । ਪੰਜਾਬ ਮਾੜੇ ਦਿਨਾਂ ਚੋਂ ਗੁਜ਼ਰ ਰਿਹਾ ਸੀ, ਕੋਈ ਸਰਕਾਰ ਨਹੀਂ ਸੀ । ਏ.ਕੇ 47 ਵਾਲਿਆਂ ਦਾ ਜਾਂ ਪੁਲਿਸ ਦਾ ਬੋਲ ਬਾਲਾ ਸੀ । ਅਜਿਹੇ ਦੌਰ ਚ ਕਿਸੇ ਨੂੰ ਰੁਜ਼ਗਾਰ ਪੈਦਾ ਕਰਨ ਦੀ ਕੀ ਸੁਝਦੀ ਸੀ? ਰਾਮ ਕ੍ਰਿਸ਼ਨ ਨੇ ਬਹੁਤ ਥਾਈਂ ਅਰਜ਼ੀਆਂ ਭੇਜਣੀਆਂ । ਕਿਤੇ ਪ੍ਰਸੂਤੀ ਛੁੱਟੀ ਗਈ ਮੈਡਮ ਦੀ ਥਾਂ ਤਿੰਨ ਮਹੀਨੇ ਨੌਕਰੀ ਮਿਲਣੀ । ਕਿਸੇ ਕਾਲਜ ਚ ਕੰਟਰੈਕਟ ਤੇ ਛੇ ਮਹੀਨੇ ਜਾਂ ਸਾਲ ਦੀ ਨੌਕਰੀ ਮਿਲਣੀ । ਕਈ ਸਾਲ ਇਸ ਤਰ੍ਹਾਂ ਚਲਦਾ ਰਿਹਾ । ਇਸ ਤਰ੍ਹਾਂ ਦਾ ਜੀਵਨ ਜਿਉਂਦਿਆਂ ਉਸ ਚ ਅਸੁਰੱਖਿਅਤਾ ਦੀ ਭਾਵਨਾ ਪੈਦਾ ਹੋਣ ਲੱਗੀ । ਉਸ ਤੋਂ ਘੱਟ ਨੰਬਰਾਂ ਵਾਲੇ ਵਿੰਗੇ ਟੇਢੇ ਢੰਗ ਨਾਲ ਨੌਕਰੀਆਂ ਲੈ ਗਏ ਸਨ। ਇਸ ਦਾ ਜ਼ਿਕਰ ਉਹ ਆਪਣੇ ਕਾਲਜਾਂ-ਯੂਨੀਵਰਸਿਟੀਆਂ ਚ ਲੱਗੇ ਖੱਬੇ-ਪੱਖੀ ਸਾਥੀਆਂ ਨਾਲ ਕਰਦਾ। ਇਨ੍ਹਾਂ ਦੋਸਤਾਂ ਦੀਆਂ ਘਾਲਣਾਵਾਂ ਸਦਕਾ ਆਖਰ ਰਾਮ ਕ੍ਰਿਸ਼ਨ ਨੁੰ ਕਾਲਜ ਚ ਨੌਕਰੀ ਮਿਲ ਗਈ । ਭਾਵੇਂ ਕਿ ਇਸ ਨੌਕਰੀ ਲਈ ਸਿਫ਼ਾਰਿਸ਼ਾਂ ਲਾਉਂਦਿਆਂ ਚਤਰਭੁਜ ਕਈ ਵਾਰ ਹਿੱਲ ਗਈ ਸੀ। ਕਾਲਜ ਵਿੱਚ ਪੜ੍ਹਾਉਣ ਦੇ ਨਾਲ ਨਾਲ ਉਸ ਨੇ ਪੀ.ਐਚ.ਡੀ ਵੀ ਸ਼ੁਰੂ ਕਰ ਦਿੱਤੀ ਸੀ ਤੇ ਛੇਤੀ ਹੀ ਉਹ ਰਾਮ ਕ੍ਰਿਸ਼ਨ ਤੋਂ ਡਾਕਟਰ ਰਾਮ ਕ੍ਰਿਸ਼ਨ ਬਣ ਗਿਆ।
ਪੀ ਐਚ ਡੀ ਕਰਨ ਉਪਰੰਤ ਉਸ ਦਾ ਮਨ ਕਾਲਜ ਵਿਚੋਂ ਉਚਾਟ ਹੋ ਗਿਆ ਤੇ ਉਸ ਨੂੰ ਹਰ ਸਮੇਂ ਯੂਨੀਵਰਸਿਟੀ ਚ ਅਧਿਆਪਕ ਲੱਗਣ ਦਾ ਖਿਆਲ ਆਉਂਦਾ । ਹੌਲੀ ਹੌਲੀ ਇਹ ਖਿਆਲ ਏਨਾ ਭਾਰੂ ਹੋ ਗਿਆ ਕਿ ਉਹ ਆਪਣੇ ਯੂਨੀਵਰਸਿਟੀ ਵਾਲੇ ਸਾਥੀਆਂ ਨੁੰ ਜਦੋਂ ਵੀ ਮਿਲਦਾ ਤਾਂ ਕਹਿੰਦਾ, ਯਾਰ ਮੈਨੂੰ ਵੀ ਯੂਨੀਵਰਸਿਟੀ ਲੈ ਆਵੋ, ਕਾਲਜ ਚ ਤਾਂ ਕੋਈ ਅਜਿਹਾ ਨਹੀਂ ਜਿਸ ਨਾਲ ਤੁਸੀਂ ਆਪਣੇ ਬੌਧਿਕ ਪੱਧਰ ਦੀ ਗੱਲ ਕਰ ਸਕਦੇ ਹੋਵੋ। ਭਾਵੇਂ ਕਿ ਉਸ ਨੂੰ ਪੱਕਾ ਪਤਾ ਸੀ ਕਿ ਇਹ ਉਸ ਦਾ ਇਕ ਬਹਾਨਾ ਹੈ । ਕਾਲਜਾਂ ਵਿੱਚ ਵੀ ਪੜ੍ਹਨ ਲਿਖਣ ਵਾਲੇ ਅਧਿਆਪਕ ਮੌਜੂਦ ਸਨ ਜਿਨ੍ਹਾਂ ਦਾ ਬੌਧਿਕ ਪੱਧਰ ਯੂਨੀਵਰਸਿਟੀ ਅਧਿਆਪਕਾਂ ਦੇ ਬਰਾਬਰ ਸੀ । ਕਦੇ ਕਦੇ ਡਾ ਰਾਮ ਕ੍ਰਿਸ਼ਨ ਨੂੰ ਲਗਦਾ ਕਿ ਉਸ ਦੇ ਚਤਰਭੁਜ ਵਿਚਲੇ ਨਿਜੀ ਕੋਣ ਦਾ ਵਿਸਥਾਰ ਹੋਣ ਲਗ ਪਿਆ ਹੈ । ਇਹ ਗੱਲ ਸੋਚ ਕੇ ਉਹ ਤ੍ਰਭਕ ਜਾਂਦਾ ਪਰ ਛੇਤੀ ਹੀ ਆਪਣੇ ਤੇ ਕਾਬੂ ਪਾ ਲੈਂਦਾ ।
ਸੂਬੇ ਚ ਅਤਿਵਾਦ ਖਤਮ ਹੋਣ ਉਪਰੰਤ ਇਕ ਵਾਰ ਫਿਰ ਕੁਝ ਖਾਲੀ ਅਸਾਮੀਆਂ ਭਰਨ ਦੀ ਗੱਲ ਚੱਲੀ । ਡਾ ਰਾਮ ਕ੍ਰਿਸ਼ਨ ਬਹੁਤ ਉਤਾਵਲਾ ਹੋ ਗਿਆ ਤੇ ਉਸ ਨੇ ਸਿਫ਼ਾਰਿਸ਼ਾਂ ਦਰ ਸਿਫ਼ਾਰਿਸ਼ਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ । ਇਸ ਵਿੱਚ ਉਸ ਦੇ ਸਾਥੀਆਂ ਨੇ ਵੀ ਆਪਣੇ ਬੰਦੇ ਦੀ ਬਹੁਤ ਮਦਦ ਕੀਤੀ । ਆਖਰਕਾਰ ਡਾ. ਰਾਮ ਕ੍ਰਿਸ਼ਨ ਯੂਨੀਵਰਸਿਟੀ ਪਹੁੰਚਣ ਚ ਸਫਲ ਹੋ ਗਿਆ । ਹੁਣ ਉਸ ਨੂੰ ਵਿਭਾਗ ਚ ਉਹ ਕਮਰਾ ਮਿਲ ਗਿਆ ਜਿਸ ਦੇ ਬਾਹਰ ਉਸ ਦੇ ਨਾਂ ਦੀ ਤਖ਼ਤੀ ਲਟਕਣੀ ਸੀ । ਹੁਣ ਤਖਤੀ ਤੇ ਡਾ. ਰਾਮ ਕ੍ਰਿਸ਼ਨ ਦੀ ਥਾਵੇਂ ਡਾ. ਆਰ ਕੇ ਸ਼ਰਮਾਂ ਲਿਖਿਆ ਗਿਆ।
ਡਾ. ਆਰ ਕੇ ਸ਼ਰਮਾਂ ਦਾ ਯੂਨੀਵਰਸਿਟੀ ਵਿੱਚ ਦੂਸਰਾ ਤਜ਼ਰਬਾ ਬਿਲਕੁਲ ਵੱਖਰਾ ਸੀ । ਯੂਨੀਵਰਸਿਟੀ ਚ ਪੇਂਡੂ ਪਿਛੋਕੜ ਵਾਲੇ ਵਿਦਿਆਰਥੀ ਲਗਭਗ ਗਾਇਬ ਸਨ । ਉਨ੍ਹਾਂ ਦੀ ਥਾਂ ਫੇਸਬੁਕੀਆਂ ਨੇ ਲੈ ਲਈ ਸੀ । ਇਹ ਵਿਦਿਆਰਥੀ ਸਮਾਜ ਨਾਲੋਂ ਪੂਰੀ ਤਰ੍ਹਾਂ ਤੋੜ ਦਿੱਤੇ ਗਏ ਸਨ । ਸਮਾਜਕ ਸਰੋ ਕਾਰਾਂ ਦਾ ਗਿਆਨ ਵਿਰਲੇ ਟਾਵੇਂ ਨੂੰ ਹੀ ਸੀ । ਅਧਿਆਪਕਾਂ ਚੋਂ ਅਧਿਆਪਕਤਾ ਲੱਭਣ ਵਾਲੇ ਨੂੰ ਹੁਣ ਵਿਦਿਆਰਥੀਆਂ ਵਿਚੋਂ ਵਿਦਿਆਰਥੀਪਨ ਗਾਇਬ ਹੋਇਆ ਨਜ਼ਰ ਆਉਂਦਾ ਸੀ । ਕੈਰੀਅਰਇਸ਼ਟ ਅਪਰੋਚ ਨੇ ਇਹ ਮਸ਼ੀਨਾਂ ਬਣਾ ਦਿੱਤੇ ਸਨ । ਸਰਕਾਰੀ ਤੰਤਰ ਤੇ ਮੀਡੀਆਂ ਮਸ਼ੀਨਾਂ ਬਣਾਉਂਣ ਦੀ ਪ੍ਰਕਿਰਿਆਂ ਨੁੰ ਲਗਾਤਾਰ ਪ੍ਰਚੰਡ ਕਰ ਰਿਹਾ ਸੀ । ਮੰਡੀ ਨੇ ਭੌਤਿਕ ਗੁਲਾਮ ਬਣਾਉਂਣ ਦਾ ਰਾਹ ਛੱਡ ਕੇ ਜ਼ਿਹਨੀ ਗੁਲਾਮ ਬਣਉਂਣ ਦਾ ਰਾਹ ਚੁਣ ਲਿਆ ਸੀ । ਲੋਕ ਨਾਇਕ , ਸ਼ਹੀਦ, ਦੇਸ਼ ਭਗਤ ਆਦਿ ਵਿਸਾਰ ਦਿੱਤੇ ਗਏ ਸਨ ਤੇ ਇਨ੍ਹਾਂ ਦੀ ਥਾਂ ਕਰੋੜ ਪਤੀ ਬਣਾਉਣ ਵਾਲੇ ਫ਼ਿਲਮੀ ਅਦਾਕਾਰਾਂ ਤੇ ਕੋਲਡ ਡਰਿੰਕ ਪੀ ਕੇ ਸਰੀਰ ਬਣਾਉਣ ਦਾ ਝਾਂਸਾ ਦੇਣ ਵਾਲੇ ਕ੍ਰਿਕਟੀਆਂ ਨੇ ਲੈ ਲਈ ਸੀ । ਸਰੀਰਾਂ ਦਾ ਨੰਗਾ ਨਾਚ ਇਨ੍ਹਾਂ ਵਿਦਿਆਰਥੀਆਂ ਲਈ ਆਧੁਨਿਕਤਾ ਸੀ । ਕੁੜੀਆਂ ਦੇ ਇਕ ਵਰਗ ਲਈ ਇਹ ਵੂਮੈਨ ਲਿਬਰੇਸ਼ਨ ਦਾ ਚਿੰਨ ਵੀ ਸੀ । ਖੈਰ ਕੋਈ ਕੋਈ ਚਿਣਗ ਹਾਲੇ ਵੀ ਬਾਕੀ ਸੀ ।
ਰਾਮ ਕ੍ਰਿਸ਼ਨ ਵੀ ਹੁਣ ਉਹ ਨਹੀਂ ਰਿਹਾ ਸੀ । ਪੱਕੀ ਨੌਕਰੀ, ਨੌਕਰੀ ਕਰਦੀ ਬੀਵੀ, ਚੰਗੀ ਤਨਖਾਹ ਤੇ ਵਿਦੇਸ਼ੀ ਕੰਪਨੀ ਦੀ ਕਾਰ। ਨਾਂ ਵੀ ਰਾਮ ਕ੍ਰਿਸ਼ਨ ਤੋਂ ਬਦਲ ਕੇ ਆਰ.ਕੇ ਸ਼ਰਮਾਂ ਹੋ ਗਿਆ ਸੀ । ਨਾਂ ਨਾਲ ਪ੍ਰੋਫੈਸਰ ਤੇ ਡਾਕਟਰ ਦੇ ਵਿਸ਼ੇਸ਼ਣ ਚਿਪਕ ਗਏ ਸਨ । ਬੱਚਿਆਂ ਦਾ ਭਵਿੱਖ ਸੁਧਾਰਨ ਲਈ ਕਨੇਡਾ ਦੀ ਪੱਕੀ ਰੈਜ਼ੀਡੈਂਟ ਲੈਣ ਲਈ ਵੀ ਕਾਗਜ ਭਰ ਦਿੱਤੇ ਗਏ ਸਨ । ਕਾਮਰੇਡ ਅਤੇ ਕਾਮਰੇਡ ਚਤਰਭੁਜੀ ਸਿਰਫ ਪੁਰਾਣੇ ਦੋਸਤਾਂ ਦੀ ਯਾਦਗਾਰ ਸਨ । ਕੁਝ ਦੋਸਤ ਕਦੇ ਕਦੇ ਇਹ ਸ਼ਬਦ ਆਪਣੀ ਦੋਸਤੀ ਦੇ ਘੇਰੇ ਚ ਵਰਤ ਲੈਂਦੇ। ਆਮ ਪਬਲਿਕ ਵਿਚ ਡਾ. ਸਰਮਾਂ ਕਹਿਣਾ ਹੀ ਮੁਨਾਸਬ ਸਮਝਿਆ ਜਾਂਦਾ ਸੀ।
ਡਾ ਸ਼ਰਮਾਂ ਦਾ ਕਮਰਾ ਵਿਭਾਗ ਚ ਗਰਾਉਂਡ ਫਲੋਰ ਤੇ ਪੌੜੀਆਂ ਕੋਲ ਸੀ । ਪਹਿਲੀ ਮੰਜ਼ਿਲ ਤੇ ਹੈਡ, ਡੀਨ, ਡਾਇਰੈਕਟਰ ਆਦਿ ਅਫਸਰਾਂ ਦੇ ਦਫਤਰ ਸਨ । ਫੁਰਮਾਣ ਲੈਣ ਲਈ ਅਧਿਆਪਕ ਤੇ ਦੂਸਰੇ ਮੁਲਾਜ਼ਮ ਦਗੜ ਦਗੜ ਕਰਦੇ ਪੌੜੀਆਂ ਚੜ੍ਹਦੇ ਤੇ ਫੁਰਮਾਣ ਲੈ ਕੇ ਦਗੜ ਦਗੜ ਪੌੜੀਆਂ ਉਤਰਦੇ । ਉਪਰਲੇ ਕਮਰਿਆਂ ਚ ਅਕਸਰ ਹਾਸੇ ਦੀ ਟੁਣਕਾਰ ਵੀ ਸੁਣਾਈ ਦਿੰਦੀ । ਕੋਈ ਨਾ ਕੌਈ ਵਿਦੇਸ਼ ਦੌਰੇ ਤੇ ਗਿਆ ਰਹਿੰਦਾ । ਡਾ ਸ਼ਰਮਾਂ ਵਿਚ ਵੀ ਉਨ੍ਹਾਂ ਕਮਰਿਆਂ ਚ ਪਹੁੰਚਣ ਦੀ ਲਾਲਸਾ ਉਤਪੰਨ ਹੋਣ ਲੱਗੀ । ਕਦੇ ਕਦੇ ਉਸ ਨੂੰ ਚਤਰਭੁਜ ਦੇ ਨਿਜ ਵਾਲੇ ਕੋਣ ਦਾ ਵਿਸਥਾਰ ਹੁੰਦਾ ਨਜ਼ਰ ਆਉਂਦਾ ਪਰ ਉਹ ਹੁਣ ਇਸ ਦੀ ਬਹੁਤੀ ਪਰਵਾਹ ਨਹੀਂ ਕਰਦਾ ਸੀ । ਪਰੇਸ਼ਾਨੀ ਤਾਂ ਖੱਬੇ ਪੱਖੀ ਸਮਾਜਿਕ ਦਿੱਖ ਸੀ ਜੋ ਪਿਛਲੇ ਸਾਲਾਂ ਦੇ ਵਰਤਾਰੇ ਕਰਕੇ ਬਣ ਗਈ ਸੀ। ਉਸ ਨੂੰ ਇਹ ਪੂਰਾ ਪਤਾ ਲੱਗ ਗਿਆ ਸੀ ਕਿ ਜੇਕਰ ਉਪਰਲੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਸਥਾਪਤ ਹੋ ਚੁਕੀ ਸਮਾਜਿਕ ਦਿੱਖ ਦੇ ਉਲਟ ਚਲਣਾ ਪਵੇਗਾ । ਉਸ ਨੂੰ ਇਹ ਵੀ ਪੂਰਾ ਗਿਆਨ ਹੋ ਚੁਕਿਆ ਸੀ ਕਿ ਪੌੜੀਆਂ ਚੜ੍ਹਨ ਲਈ ਸਮਝੌਤੂ ਸੁਭਾਅ, ਪੂਰਨ ਸਮਰਪਣ ਤੇ ਸਿਆਸੀ ਅਸ਼ੀਰਵਾਦ ਦੇ ਸਾਹਮਣੇ ਵਿਦਿਅਕ ਯੋਗਤਾਵਾਂ ਨਿਗੂਣੀਆਂ ਹਨ। ਇਸ ਦੁਬਿਧਾ ਚ ਬੈਠਾ ਉਹ ਪੌੜੀਆਂ ਵੱਲ ਲਾਲਸਾ ਭਰੀ ਨਜ਼ਰ ਨਾਲ ਦੇਖਦਾ ਰਹਿੰਦਾ ।
ਇੱਕ ਦਿਨ ਸ਼ਹਿਰ ਵਿਚ ਮਾਂ ਬੋਲੀ ਪੰਜਾਬੀ ਬਾਰੇ ਸਰਕਾਰੀ-ਗੋਸ਼ਟੀ ਹੋ ਰਹੀ ਸੀ, ਜਿਸ ਵਿਚ ਸਿਆਸਤਦਾਨ, ਪ੍ਰਸ਼ਾਸਨਿਕ ਅਧਿਕਾਰੀ ਤੇ ਲੇਖਕ ਆਦਿ ਸ਼ਾਮਿਲ ਹੋਣੇ ਸਨ । ਆਮ ਜਨਤਾ ਨੂੰ ਖੁੱਲ੍ਹਾ ਸੱਦਾ ਸੀ । ਦਿਨ ਐਤਵਾਰ, ਬੀਵੀ ਪੇਕੇ ਅਤੇ ਬੱਚੇ ਨਾਨਕੀ ਜਾਣ ਕਰਕੇ ਡਾ ਸ਼ਰਮਾਂ ਵਿਹਲੇ ਸਨ । ਉਹ ਵੀ ਗੋਸ਼ਟੀ ਚ ਬਤੌਰ ਸਰੋਤਾ ਸ਼ਾਮਿਲ ਹੋਣ ਚਲੇ ਗਏ । ਇਸ ਕੁਝ ਘੰਟਿਆਂ ਦੀ ਗੋਸ਼ਟੀ ਨੇ ਉਸ ਦੀ ਸਮਾਜਕ ਦਿੱਖ ਵਾਲੀ ਉਲਝਣ ਵੀ ਹੱਲ ਕਰ ਦਿੱਤੀ ।
ਗੱਲ ਇਸ ਤਰ੍ਹਾਂ ਹੋਈ ਕਿ ਇਕ ਪ੍ਰਾਪਤੀ ਵਾਨ ਵਿਦਵਾਨ ਗੋਸ਼ਟੀ ਦੀ ਭੂਮਿਕਾ ਬੰਨ ਰਿਹਾ ਸੀ । ਉਸ ਦਾ ਭਾਸ਼ਣ ਅਤਿਅੰਤ ਭਾਵੁਕ ਸੀ ਜਿਸ ਨੂੰ ਸੁਣ ਕੇ ਸਿਆਸਤਦਾਨ ਤਾੜੀਆਂ ਮਾਰ ਰਹੇ ਸਨ । ਪ੍ਰਸ਼ਾਸਨਿਕ ਅਧਿਕਾਰੀ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਹੀਂ ਵੀ ਸੀ, ਉਹ ਵੀ ਸਿਆਸਤਦਾਨਾਂ ਨੁੰ ਦਿਖਾਉਣ ਲਈ ਕੁਰਸੀਆਂ ਤੋਂ ਉਠ-ਉਠ ਕੇ ਤਾੜੀਆਂ ਮਾਰ ਰਹੇ ਸਨ । ਸਾਰਾ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ ।
ਡਾ. ਸ਼ਰਮਾਂ ਦੇ ਚਤੁਰ ਦਿਮਾਗ ਨੇ ਗੱਲ ਇਕਦਮ ਫੜ ਲਈ । ਉਹ ਸਮਝ ਗਿਆ ਕਿ ਭਾਵੁਕ ਮੁੱਦਿਆਂ ਤੇ ਖੋਜ਼ ਸਰਵਪ੍ਰਵਾਨਿਤ ਹੋਵੇਗੀ । ਭਾਵੇਂ ਕਿ ਉਹ ਜਾਣਦਾ ਸੀ ਕਿ ਅਜਿਹੀ ਖੋਜ਼ ਕੋਈ ਸਾਰਥਕ ਤਬਦੀਲੀ ਨਹੀਂ ਲਿਆ ਸਕੇਗੀ । ਉਹ ਜਾਣ ਗਿਆ ਸੀ, ਕਿ ਜਿਥੇ ਵੀ ਭਾਵੁਕਤਾ ਹੁੰਦੀ ਹੈ, ਸਿਆਸਤਦਾਨ ਉਥੇ ਵਲ ਪਾ ਕੇ ਜਾਂਦਾ ਹੈ, ਪ੍ਰਸ਼ਾਸਨ ਉਸ ਦੇ ਜਾਣ ਲਈ ਰਾਹ ਸਾਫ ਕਰਦਾ ਹੈ, ਮੀਡੀਆਂ ਭਾਵੁਕ ਮੁੱਦੇ ਉਛਾਲਣ ਵਾਲਿਆਂ ਦਾ ਨਾਂ ਚਮਕਾਉਂਦਾ ਹੈ , ਸੱਤਾਧਾਰੀ ਅਤੇ ਸੱਤਾ ਹੀਣ ਦੋਵੇਂ ਅਜਿਹੇ ਲੋਕਾਂ ਕੋਲ ਆਉਂਦੇ ਹਨ, ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਸਮੱਸਿਆਵਾਂ ਦਾ ਸਤਹੀ ਪੱਧਰ ਦਾ ਹੱਲ ਪੁੱਛਦੇ ਹਨ । ਅਜਿਹਾ ਵਿਅਕਤੀ ਗੋਸ਼ਟੀਆਂ ਦੀ ਖਿੱਚ ਦਾ ਕੇਂਦਰ ਹੁੰਦਾ ਹੈ। ਗੱਲ ਕੀ ਦੋਵੇਂ ਹੱਥ ਲੱਡੂ ਹੋਣ ਦੇ ਨਾਲ ਨਾਲ ਮੁੰਹ ਚ ਰਸਗੁਲਾ ਹੁੰਦਾ ਹੈ।
ਡਾ ਆਰ ਕੇ ਸ਼ਰਮਾਂ ਹੁਣ ਪੂਰੇ ਜਲੌਅ ਚ ਸਨ । ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿਚ ਭਾਵੁਕ ਮੁੱਦਿਆਂ ਦੀ ਕੋਈ ਘਾਟ ਨਹੀਂ ਹੈ । ਕੋਈ ਵੀ ਭਾਵੁਕ ਮੁੱਦਾ ਖੋਜ਼ ਲਈ ਚੁਣਿਆਂ ਜਾ ਸਕਦਾ ਸੀ, ਜਿਵੇਂ ਕਿ ਗਰੀਬੀ, ਖਤਮ ਹੋ ਰਹੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਜਾਂ ਖੁਦਕੁਸ਼ੀਆਂ । ਕਿਸੇ ਵੀ ਵਿਸ਼ੇ ਨੂੰ ਮੂਲ ਕਾਰਨਾਂ ਤੋਂ ਅਲੱਗ ਕਰਕੇ ਸਿਰਫ ਲੱਛਣਾਂ ਤੇ ਅੰਕੜੇ ਇਕੱਠੇ ਕਰ ਕੇ ਵਾਹ ਵਾਹ ਖੱਟੀ ਜਾ ਸਕਦੀ ਸੀ । ਡਾ ਸ਼ਰਮਾ ਨੇ ਇਹੀ ਕੀਤਾ । ਉਸ ਦੇ ਇਕੱਠੇ ਕੀਤੇ ਤੱਥ ਅਖ਼ਬਾਰਾਂ ਚ ਛਪੇ, ਟੀ ਵੀ ਅਤੇ ਰੇਡੀਉ ਤੇ ਬਹਿਸਾਂ ਹੋਈਆਂ। ਮੀਡੀਆਂ ਅਤੇ ਡਾ. ਸ਼ਰਮਾਂ ਇਕ ਦੂਜੇ ਦੇ ਪੂਰਕ ਹੋ ਗਏ । ਸਿਆਸਤਦਾਨ ਇਸ ਤਰ੍ਹਾਂ ਦੀ ਭਾਵੁਕਤਾ ਵਾਲੀ ਖੋਜ਼ ਨੂੰ ਵੋਟਾਂ ਚ ਬਦਲਣ ਲਈ ਡਾ. ਸਾਹਿਬ ਤੱਕ ਪਹੁੰਚ ਕਰਨ ਲੱਗੇ । ਡਾ. ਸਾਹਿਬ ਨੁੰ ਹੁਣ ਪੌੜੀਆਂ ਚੜ੍ਹਨ ਤੋਂ ਕੋਈ ਵੀ ਰੋਕ ਨਹੀਂ ਸੀ ਸਕਦਾ।
ਇਕ ਚਤਰਭੁਜ ਹੋਰ ਬਣ ਗਈ ਸੀ , ਜਿਸ ਦੇ ਚਾਰ ਕੋਣਾ ਚ ਕ੍ਰਮਵਾਰ, ਸਿਆਸਤਦਾਨ , ਪ੍ਰਸ਼ਾਸ਼ਨ , ਮੀਡੀਆਂ ਤੇ ਡਾ. ਸਾਹਿਬ ਖ਼ੁਦ ਸ਼ਸ਼ੋਬਤ ਸਨ । ਹੁਣ ਦੋਵਾਂ ਚਤਰਭੁਜਾਂ ਚ ਆਮ ਲੋਕਾਂ ਨੁੰ ਉਲਝਾਉਣ ਦੇ ਡਾ ਸ਼ਰਮਾਂ ਪੂਰੇ ਮਾਹਿਰ ਹੋ ਗਏ ਸਨ । ਕਿਸ ਨੂੰ ਕਿਸ ਸਮੇਂ ਕਿਹੜੀ ਚਤਰਭੁਜ ਦਿਖਾਉਣੀ ਹੈ, ਜਾਂ ਦੋਹਾਂ ਦਾ ਕਿੰਨੇ ਕਿੰਨੇ ਅਨੁਪਾਤ ਵਿਚ ਮਿਸ਼ਰਣ ਦਿਖਾਉਣਾ ਹੈ, ਇਸ ਦਾ ਜੋੜ-ਤੋੜ ਕਰਨ ਦੀ ਸੰਪੂਰਨ ਮੁਹਾਰਤ ਡਾ ਸਾਹਿਬ ਨੂੰ ਹਾਸਿਲ ਹੋ ਚੁਕੀ ਸੀ ।
ਸੁਪਨੇ ਚ ਕਈ ਵਾਰ ਉਸ ਨੂੰ ਪੁਰਾਣੀ ਚਤਰਭੁਜ ਦੇ ਹੂ-ਬਹੂ ਦਰਸ਼ਨ ਹੁੰਦੇ । ਜਿਸ ਵਿਚ ਉਸ ਨੂੰ ਦਿਖਾਈ ਦਿੰਦਾ ਕਿ ਨਿਜ ਵਾਲਾ ਕੋਨ ਪਸਰ ਕੇ ਹੁਣ ਇਕ ਸੋ ਅੱਸੀ ਡਿਗਰੀ ਦਾ ਹੋ ਗਿਆ ਹੈ । ਵਿਚਾਰਧਾਰਾ ਤੇ ਲੋਕਾਂ ਵਾਲੇ ਕੋਣ ਸਿਫ਼ਰ ਹੋ ਗਏ ਹਨ । ਗਿਆਨ ਵਾਲਾ ਕੋਣ ਨਿਜ ਦੇ ਕੋਣ ਵਿਚ ਸਮਿੱਲਤ ਹੋ ਗਿਆ ਹੈ। ਚਤਰਭੁਜ ਦੀ ਇਸ ਭੰਨ ਤੋੜ ਚ ਦ੍ਰਿਸ਼ਟੀਕੋਣ ਲਾ ਪਤਾ ਹੈ ।
ਇਹ ਸੁਪਨਾ ਤਾ ਵੱਧ ਤੋਂ ਵੱਧ ਇਕ ਮਿੰਟ ਦਾ ਹੈ , ਬਾਕੀ ਤੇਈ ਘੰਟੇ ਉਣਾਹਠ ਮਿੰਟ ਤਾਂ ਐਸ਼ ਕਰਦੇ ਹਾ , ਤਰੱਕੀਆਂ ਰਾਹ ਦੇਖ ਰਹੀਆਂ ਹਨ , ਸਿਆਸਤ ਤੇ ਪ੍ਰਸ਼ਾਸਨ ਚ ਪੁੱਛ-ਗਿਛ ਹੈ, ਗੋਸ਼ਟੀਆਂ ਦਾ ਸ਼ਿੰਗਾਰ ਹਾਂ । ਅਕਸਰ ਅਖ਼ਬਾਰਾਂ ਵਿੱਚ ਨਾਂ ਛਪਦਾ ਹੈ, ਟੀ ਵੀ ਤੇ ਤਸਵੀਰ ਆਉਂਦੀ ਹੈ, ਇਹ ਸੋਚ ਕੇ ਉਹ ਝੱਟ ਗੂੜ੍ਹੀ ਨੀਂਦ ਸੌਂ ਜਾਂਦਾ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346