Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ਪੰਜਾਬ ਦੀ ਇਤਿਹਾਸਕ ਗਾਥਾ

 

- ਡਾ ਸੁਭਾਸ਼ ਪਰਿਹਾਰ

ਨਾਵਲ / ਝੱਖੜ ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 

Online Punjabi Magazine Seerat


ਨਾਵਲ
ਝੱਖੜ ਦਾ ਇਕ ਅੰਸ਼ ?
- ਕੰਵਰਜੀਤ ਸਿੰਘ ਸਿੱਧੂ

 

ਮੀਤ ਸ਼ਨੀਵਾਰ ਸ਼ਾਮ ਨੂੰ ਕਾਲਜ ਤੋਂ ਬਾਅਦ ਆਪਣੇ ਸ਼ਹਿਰ ਦੀ ਬੱਸ ਚੜ੍ਹ ਗਿਆ। ਘੰਟੇ ਕੁ ਦੇ ਸਫਰ ਤੋਂ ਬਾਅਦ ਉਹ ਸ਼ਹਿਰ ਦੇ ਬਾਹਰਲੇ ਬਾਈਪਾਸ ਤੇ ਹੀ ਉੱਤਰ ਗਿਆ, ਇੱਥੋਂ ਉਸਦਾ ਪਿੰਡ ਨੇੜੇ ਪੈਂਦਾ ਸੀ। ਉਥੋਂ ਉਹ ਪੈਦਲ ਹੀ ਸੂਏ ਦੇ ਨਾਲ-ਨਾਲ ਚੱਲ ਪਿਆ, ਸੂਏ ਦੀ ਪਟੜੀ ਹੀ ਅੱਗੇ ਜਾ ਕੇ ਪਿੰਡ ਵਾਲੀ ਲਿੰਕ ਸੜਕ ਤੇ ਜਾ ਚੜ੍ਹਦੀ ਸੀ। ਸੂਆ ਪਾਣੀ ਨਾਲ ਭਰਿਆ ਵਗ ਰਿਹਾ ਸੀ। ਆਸੇ ਪਾਸੇ ਸਰਕੰਡੇ ਉੱਗੇ ਹੋਏ ਸਨ। ਫੱਗਣ ਦਾ ਮਹੀਨਾ ਸੀ, ਠੰਡ ਦਾ ਜੋਰ ਮੱਠਾ ਪੈ ਚੱਲਿਆ ਸੀ ਅਤੇ ਕਣਕਾਂ ਦੇ ਸਿੱਟੇ ਬਣਨੇ ਸ਼ੁਰੂ ਹੋ ਗਏ ਸਨ। ਮੀਤ ਰੋਮਾਂਚਕ ਹੋਇਆ ਕੋਈ ਕਵਿਤਾ ਗੁਣਗੁਣਾਉਣ ਲੱਗਿਆ। ਏਨੇ ਵਿਚ ਹੀ ਪਿੱਛੋਂ ਕਿਸੇ ਨੇ ਸਾਈਕਲ ਦੀ ਟੱਲੀ ਵਜਾਈ ਤਾਂ ਮੀਤ ਦੀ ਲੈਅ ਟੁੱਟ ਗਈ ਅਤੇ ਉਹਨੇ ਪਿਛਾਂਹ ਸਿਰ ਘੁਮਾ ਕੇ ਦੇਖਿਆ। ਪਿੱਛੇ ਘਰਾਂ ਵਿਚੋਂ ਚਾਚਾ ਰੌਸ਼ਨ ਸੀ।
ਕਿਵੇਂ ਆ ਚਾਚਾ ਸਿਆਂ ਮੀਤ ਨੇ ਚਾਚੇ ਦਾ ਹਾਲ ਪੁੱਛਿਆ।
ਠੀਕ ਆਂ ਸ਼ੇਰਾ। ਆਜਾ ਬੈਠ ਪਿੱਛੇ। ਚਾਚੇ ਨੇ ਅਪਣੱਤ ਨਾਲ ਕਿਹਾ।
ਨਹੀਂ ਚਾਚਾ ਜੀ, ਬਸ ਆਉਨੈਂ ਮੈਂ ਮਗਰੇ ਹੀ, ਤੁਸੀਂ ਚੱਲੋ। ਐਂਵੇ ਔਖੇ ਹੋਵੋਗੇ। ਮੀਤ ਇਕ ਤਾਂ ਚਾਚੇ ਤੇ ਬੋਝ ਬਣਨ ਤੋਂ ਟਲਦਾ ਸੀ, ਦੂਜਾ ਉਸਦਾ ਕੁਦਰਤ ਨੂੰ ਮਾਣਦੇ ਹੋਏ ਤੁਰਦੇ-ਤੁਰਦੇ ਪਿੰਡ ਪਹੁੰਚਣ ਦਾ ਮਨ ਸੀ।
ਔਖੇ ਹੋਣ ਦੀ ਕਿਹੜੀ ਗੱਲ ਆ ਸ਼ੇਰਾ, ਮੈਂ ਕਿਹੜਾ ਹੁਣ ਵਧਣਾ। ਚਾਚੇ ਨੇ ਫੇਰ ਕਿਹਾ।
ਲੈ ਚਾਚਾ, ਆਹ ਬੈਗ ਲੈਜਾ ਮੇਰਾ। ਆਪ ਮੈਂ ਆ ਜਾਨਾ ਤੁਰ ਕੇ ਹੁਣੇ......ਆਹ ਕਿਹੜੀ ਵਾਟ ਆ....ਦੋ ਮਿੰਟ ਲੱਗਣੇ। ਮੀਤ ਨੇ ਆਪਣਾ ਬੈਗ ਸਾਈਕਲ ਦੀ ਮਗਰਲੀ ਕਾਠੀ ਤੇ ਰੱਖਦਿਆਂ ਚਾਚੇ ਨੂੰ ਤੋਰ ਦਿੱਤਾ। ਆਪ ਮੀਤ ਮਸਤ ਚਾਲ ਤੁਰਦਾ ਪਿੰਡ ਪਹੁੰਚਿਆ। ਉਦੋਂ ਤੱਕ ਆਥਣ ਹੋ ਚੁੱਕੀ ਸੀ।
ਮੀਤ ਦਾ ਪਿੰਡ ਸ਼ਹਿਰ ਦੇ ਨਾਲ ਲੱਗਵਾਂ ਹੀ ਸੀ। ਪਿੰਡ ਛੋਟਾ ਹੀ ਸੀ, ਮਸਾਂ ਦੋ ਕੁ ਸੌ ਘਰ ਸਨ ਅਤੇ ਇਸ ਪਿੰਡ ਦੀ ਬਾਹਰ-ਅੰਦਰ ਕੋਈ ਖਾਸ ਪਹਿਚਾਣ ਵੀ ਨਹੀਂ ਸੀ। ਮੀਤ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਬਾਹਰਲੀ ਫਿਰਨੀ ਤੇ ਹੀ ਸੀ। ਘਰ ਛੋਟਾ ਸੀ ਪਰ ਸੋਹਣਾ ਬਣਿਆ ਹੋਇਆ ਸੀ। ਬਾਹਰਲਾ ਬੂਹਾ ਲੱਕੜ ਦਾ ਸੀ ਜਿਸਦੀ ਬਣਤਰ ਖਿੱਚਪਾਊ ਸੀ। ਸਾਰੇ ਵਿਹੜੇ ਵਿਚ ਫਰਸ਼ ਲੱਗੀ ਹੋਈ ਸੀ। ਤਿੰਨ ਕਮਰਿਆਂ ਅਤੇ ਇਕ ਬੈਠਕ ਤੋਂ ਇਲਾਵਾ ਚੁਬਾਰਾ ਵੀ ਸੀ। ਘਰ ਦੇ ਇਕ ਪਾਸੇ ਪਸ਼ੂਆਂ ਅਤੇ ਖੇਤੀ ਦੇ ਸੰਦ ਵਲੇਵਿਆਂ ਲਈ ਦੋ ਵਰਾਂਡੇ ਸਨ।
ਮੀਤ ਜਿਉਂ ਹੀ ਘਰ ਵੜਿਆ ਤਾਂ ਮਾਂ ਪੌੜੀਆਂ ਕੋਲ ਭਾਂਡੇ ਮਾਂਜ ਰਹੀ ਸੀ। ਮਾਂ ਪੰਜਤਾਲੀ ਕੁ ਸਾਲ ਦੀ ਸੀ ਅਤੇ ਉਸਦੇ ਚਿਹਰੇ ਤੋਂ ਇਕ ਲੰਮੀ ਮੁਸ਼ੱਕਤੀ ਜਿੰਦਗੀ ਦੇ ਨਕਸ਼ ਪੜ੍ਹੇ ਜਾ ਸਕਦੇ ਸਨ। ਘਰ ਦਾ ਮਣਾਂ ਮੂੰਹੀ ਕੰਮ, ਸਾਰੀ ਉਮਰ, ਦਿਨ-ਰਾਤ ਕਰਨ ਕਰਕੇ ਮਾਂ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਸੀ। ਪੁੱਤਾਂ ਦੇ ਵਿਆਹ, ਰੋਜਗਾਰ ਦੇ ਸੰਸਿਆਂ ਨੇ ਉਮਰ ਤੋਂ ਪਹਿਲਾਂ ਹੀ ਉਸਨੂੰ ਬੁੱਢੀਆਂ ਵਰਗਾ ਹੀ ਕਰ ਦਿੱਤਾ ਸੀ। ਜਦੋਂ ਦਾ ਚਾਚਾ ਬੈਗ ਰੱਖ ਕੇ ਗਿਆ ਸੀ, ਉਦੋਂ ਤੋਂ ਹੀ ਮਾਂ ਨੂੰ ਬੂਹੇ ਵੱਲ ਵਿੜਕ ਸੀ। ਮੀਤ ਪਿਛਲੇ ਸੱਤ ਅੱਠ ਸਾਲ ਤੋਂ ਘਰੋਂ ਬਾਹਰ ਰਹਿ ਕੇ ਪੜ੍ਹ ਰਿਹਾ ਸੀ ਅਤੇ ਪਿੰਡ ਕਦੇ ਮਹੀਨੇ ਬਾਅਦ ਹੀ ਗੇੜਾ ਮਾਰਦਾ ਸੀ। ਸੋ ਮਾਂ ਅਕਸਰ ਹੀ ਪੁੱਤ ਲਈ ਵੈਰਾਗੀ ਹੀ ਰਹਿੰਦੀ ਸੀ। ਮੀਤ ਆਪਣੀ ਮਾਂ ਨੂੰ ਬੀਬੀ ਹੀ ਕਹਿੰਦਾ ਸੀ। ਅੱਜ ਵੀ ਮਾਂ ਨੂੰ ਪੁੱਤ ਦੇਖ ਕੇ ਚਾਅ ਹੀ ਚੜ੍ਹ ਗਿਆ। ਉਹ ਭਾਂਡੇ ਧੋਂਦੀ ਉੱਠ ਕੇ ਕਾਹਲੇ ਕਦਮੀਂ ਵਿਹੜੇ ਵੱਲ ਆਈ।
ਪੈਰੀਂ ਪੈਨਾ ਬੀਬੀ ਏਨਾ ਕਹਿੰਦਿਆਂ ਮੀਤ ਨੇ ਮਾਂ ਦੇ ਪੈਰਾਂ ਵੱਲ ਹੱਥ ਵਧਾਏ।
ਮਾਂ ਨੇ ਸਿਰ ਪਲੋਸਦਿਆਂ ਅਸੀਸ ਦਿੱਤੀ ਅਤੇ ਆਪਣੇ ਲਾਲ ਨੂੰ ਹਿੱਕ ਨਾਲ ਘੁੱਟ ਲਿਆ। ਫੇਰ ਦੋਵੇਂ ਮਾਂ ਪੁੱਤ ਗੱਲਾਂ ਕਰਦੇ ਰਸੋਈ ਵੱਲ ਆ ਗਏ।
ਕਿਵੇਂ ਆ ਮੇਰਾ ਪੁੱਤ? ਸੁੱਖ-ਸਾਂਦ ਆ? ਪੜ੍ਹਾਈ ਕਿਵੇਂ ਚਲਦੀ ਏ? ਵਿਸ਼ਵ ਦੀ ਮਾਂ ਦਾ ਕੀ ਹਾਲ ਆ? ਮਾਂ ਨੇ ਕਿੰਨੇ ਸਾਰੇ ਸਵਾਲ ਇਕੱਠੇ ਹੀ ਕਰ ਦਿੱਤੇ ਜੋ ਉਹ ਰੋਜ ਆਪਣੇ ਪੁੱਤ ਤੋਂ ਪੁੱਛਣ ਲਈ ਸੋਚਦੀ ਰਹਿੰਦੀ ਸੀ।
ਮੈਂ ਠੀਕ ਆਂ ਬੀਬੀ। ਪੜ੍ਹਾਈ ਵੀ ਵਧੀਆ। ਵਿਸ਼ਵ ਬਾਈ ਦੇ ਘਰ ਵੀ ਸਭ ਵਧੀਆ। ਮੀਤ ਨੇ ਇੱਕੋ ਸਾਹੇ ਹੀ ਸਾਰੇ ਜਵਾਬ ਦਿੰਦਿਆਂ ਪੁੱਛਿਆ, ਤੂੰ ਦੱਸ ਬੀਬੀ , ਤੇਰੀ ਸਿਹਤ ਕਿਵੇਂ ਹੈ?
ਮੈਂ ਤਾਂ ਵਾਹਵਾ ਹੀ ਆਂ ਪੁੱਤ। ਬੱਸ ਦਵਾਈ ਬੂਟੀ ਲੈ ਕੇ ਰਿੜੀ ਫਿਰਦੀ ਹਾਂ। ਮਾਂ ਏਨਾ ਕਹਿੰਦਿਆਂ ਪਾਣੀ ਲੈਣ ਰਸੋਈ ਵਿਚ ਚਲੀ ਗਈ।
ਮੀਤ ਨੇ ਪੈਰਾਂ ਵਿਚੋਂ ਬੂਟ ਲਾਹ ਕੇ ਚੱਪਲਾਂ ਪਾ ਲਈਆਂ। ਏਨੇ ਚਿਰ ਨੂੰ ਬੀਬੀ ਪਾਣੀ ਦਾ ਗਲਾਸ ਲੈ ਆਈ ਅਤੇ ਮੀਤ ਨੇ ਪਾਣੀ ਪੀਂਦਿਆਂ ਹੀ ਪੁੱਛਿਆ, ਬੀਬੀ, ਪਾਪਾ ਕਿੱਥੇ ਆ?
ਖੇਤ ਗੇੜਾ ਮਾਰਨ ਗਿਆ। ਅੱਜਕੱਲ੍ਹ ਪੱਠਿਆਂ ਦੀ ਚੋਰੀ ਬੜੀ ਹੁੰਦੀ ਆ। ਗੇੜਾ ਮਾਰੇ ਤੋਂ ਥੋੜ੍ਹਾ ਬਚਾਅ ਰਹਿੰਦਾ। ਮਾਂ ਨੇ ਸਾਰੀ ਗੱਲ ਦੱਸੀ।
ਮੀਤ ਕੱਪੜੇ ਬਦਲਣ ਲਈ ਕਮਰੇ ਵਿਚ ਚਲਾ ਗਿਆ। ਚਾਹ ਦਾ ਤਾਂ ਵਕਤ ਨਹੀਂ ਸੀ ਇਸ ਵੇਲੇ, ਸੋ ਮਾਂ ਨੇ ਦੁੱਧ ਹੀ ਗਰਮ ਕਰਕੇ ਖੰਡ ਪਾ ਲਈ। ਮੀਤ ਦੇ ਦੁੱਧ ਨੂੰ ਫੂਕਾਂ ਮਾਰ ਕੇ ਠੰਡਾ ਕਰਦਿਆਂ ਹੀ ਪਾਪਾ ਜੀ ਵੀ ਆ ਗਏ। ਪਾਪਾ ਜੀ ਦੀ ਉਮਰ ਪੰਜਾਹਾਂ ਦੇ ਨੇੜੇ ਸੀ ਅਤੇ ਸਖਤ ਮੁਸ਼ੱਕਤ ਭਰੇ ਜੀਵਨ ਦਾ ਝਲਕਾਰਾ ਉਹਨਾਂ ਦੇ ਚਿਹਰੇ ਤੋਂ ਦੇਖਿਆ ਜਾ ਸਕਦਾ ਸੀ। ਸਾਰੀ ਉਮਰ ਉਨ੍ਹਾਂ ਲੱਖਾਂ ਕਿਲੋਮੀਟਰ ਸਾਈਕਲ ਚਲਾਇਆ ਸੀ। ਪਿਛਲੇ ਸਾਲ ਭਾਵੇਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਇਕ ਨਾੜੀ ਬੰਦ ਹੋ ਗਈ ਸੀ ਪਰ ਲਗਾਤਾਰ ਵਰਜਿਸ਼ ਨਾਲ ਉਹ ਬਿਨਾਂ ਅਪਰੇਸ਼ਨ ਤੋਂ ਹੀ ਖੇਤੀਬਾੜੀ ਦਾ ਕੰਮ ਕਰੀ ਜਾਂਦੇ ਸਨ। ਉਹ ਵਿਹੜੇ ਵਿਚ ਹੀ ਸਾਈਕਲ ਨੂੰ ਸਟੈਂਡ ਲਾ ਕੇ ਰਸੋਈ ਵੱਲ ਆ ਗਏ। ਮੀਤ ਨੇ ਮੰਜੇ ਤੋਂ ਉੱਠ ਕੇ ਪਾਪਾ ਜੀ ਦੇ ਪੈਰੀਂ ਹੱਥ ਲਾਏ। ਪਾਪਾ ਜੀ ਨੇ ਸਿਰ ਪਲੋਸਿਆ ਅਤੇ ਉਸ ਕੋਲ ਹੀ ਮੰਜੇ ਤੇ ਬੈਠ ਗਏ। ਬੀਬੀ ਉਨ੍ਹਾਂ ਲਈ ਵੀ ਪਾਣੀ ਅਤੇ ਦੁੱਧ ਦਾ ਗਲਾਸ ਲੈ ਆਈ। ਉਹ ਤਿੰਨੇ ਆਪੋ ਵਿਚ ਗੱਲਾਂ ਕਰਨ ਲੱਗੇ। ਮੀਤ ਨੇ ਆਪਣੇ ਅਚਾਨਕ ਆਉਣ ਬਾਰੇ ਦੱਸਿਆ ਤਾਂ ਮਾਂ ਪਿਉ ਨੂੰ ਚਾਅ ਚੜ੍ਹ ਗਿਆ।
ਘਰ ਵਿਚ ਮਾਂ ਪਿਉ ਤੋਂ ਇਲਾਵਾ ਮੀਤ ਦਾ ਨਿੱਕਾ ਭਰਾ ਪ੍ਰੀਤ ਵੀ ਸੀ। ਪ੍ਰੀਤ, ਮੀਤ ਤੋਂ ਤਿੰਨ-ਚਾਰ ਵਰ੍ਹੇ ਛੋਟਾ ਸੀ ਅਤੇ ਉਸਦਾ ਕੱਦ ਮੀਤ ਤੋਂ ਵੀ ਵੱਧ ਸੀ। ਉਹ ਸਿਰੋਂ ਮੋਨਾ ਸੀ ਅਤੇ ਵਾਲਾਂ ਦੀਆਂ ਪੱਟੀਆਂ ਪੋਚਕੇ ਰੱਖਦਾ ਸੀ। ਉਸਦਾ ਸਰੀਰ ਛੀਂਟਕਾ ਸੀ। ਮੀਤ ਦੇ ਪਿਤਾ ਕੋਲ ਥੋੜ੍ਹੀ ਜਿਹੀ ਖੇਤੀ ਵਾਲੀ ਜਮੀਨ ਸੀ ਜਿਸ ਵਿਚੋਂ ਹੀ ਉਸਨੇ ਹੱਡ ਭੰਨਵੀਂ ਕਮਾਈ ਕਰਕੇ ਬੱਚੇ ਪਾਲ਼ੇ-ਪੜ੍ਹਾਏ ਸਨ, ਘਰ ਬਣਾਇਆ ਸੀ, ਖੇਤੀ ਦੇ ਸਾਰੇ ਸੰਦ ਬਣਾਏ ਸਨ। ਏਨੇ ਕੁਝ ਦੇ ਨਾਲ ਉਸਨੇ ਕਿਸੇ ਆੜ੍ਹਤੀਏ ਜਾਂ ਬੈਂਕ ਦਾ ਕੋਈ ਕਰਜ਼ਾ ਤਾਂ ਕੀ ਦੇਣਾ ਸਗੋਂ ਕੁਝ ਰਕਮ ਔਖੇ-ਸੌਖੇ ਵੇਲੇ ਲਈ ਬਚਾ ਕੇ ਹੀ ਰੱਖੀ ਸੀ। ਪਿਤਾ ਜੀ ਮੈਟਰਿਕ ਪਾਸ ਸਨ ਅਤੇ ਮਾਤਾ ਅਨਪੜ੍ਹ ਸੀ, ਪਰ ਮਾਂ ਨੇ ਵੀ ਹਰੇਕ ਚੰਗੇ ਮਾੜੇ ਸਮੇਂ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਦੁਸ਼ਵਾਰੀਆਂ ਝੱਲੀਆਂ ਸਨ। ਮਾਂ ਪਿਉ ਜਿੱਥੇ ਦੱਬ ਕੇ ਮਿਹਨਤ ਕਰਦੇ ਸਨ, ਉੱਥੇ ਸੰਜਮੀ ਖਰਚ ਕਰਕੇ ਵੀ ਪਾਈ-ਪਾਈ ਬੱਚਿਆਂ ਦੇ ਭਵਿੱਖ ਲਈ ਬਚਾਉਣ ਦਾ ਤਰੱਦਦ ਕਰਦੇ ਸਨ।
ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਰਕੇ ਛੋਟਾ ਪ੍ਰੀਤ ਜਿਆਦਾ ਨਾ ਪੜ੍ਹ ਸਕਿਆ ਅਤੇ ਉਸਨੇ ਸਕੂਲੀ ਪੜ੍ਹਾਈ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰ ਲਈ ਸੀ। ਮੀਤ ਕਿਸਮਤ ਦਾ ਬਲੀ ਨਿਕਲਿਆ ਅਤੇ ਉਸਨੂੰ ਲਿਖਣ ਪੜ੍ਹਣ ਦੇ ਸ਼ੌਂਕ ਕਾਰਨ ਬਹੁਤ ਸਾਰੇ ਮਦਦਗਾਰ ਵੀ ਮਿਲਦੇ ਰਹੇ ਜਿਨ੍ਹਾਂ ਕਰਕੇ ਉਹ ਯੂਨੀਵਰਸਿਟੀ ਤੋਂ ਐਮ.ਏ. ਤੱਕ ਦੀ ਪੜ੍ਹਾਈ ਕਰਨ ਵਿਚ ਸਫਲ ਹੋਇਆ ਅਤੇ ਹੁਣ ਬੀ.ਐੱਡ. ਦਾ ਕੋਰਸ ਕਰ ਰਿਹਾ ਸੀ।
ਅਗਲੇ ਦਿਨ ਸਵੇਰੇ ਹੀ ਮਾਂ ਨੇ ਸਾਰਾ ਘਰ ਹੂੰਝਿਆ, ਸਵਾਰਿਆ ਅਤੇ ਪੋਚੇ ਲਾਏ। ਪਿਤਾ ਜੀ ਸ਼ਹਿਰ ਤੋਂ ਖਾਣ-ਪੀਣ ਲਈ ਸਮਾਨ ਲੈ ਆਏ। ਮੀਤ ਨੇ ਕੁੜਤੇ ਪਜਾਮੇ ਨਾਲ ਉਨਾਭੀ ਪੱਗ ਸਜਾ ਲਈ। ਦਸ ਕੁ ਵਜੇ ਬੂਹੇ ਵਿਚ ਗੱਡੀ ਨੇ ਆ ਹਾਰਨ ਮਾਰਿਆ। ਪਿਤਾ ਜੀ ਨੇ ਬਾਹਰਲਾ ਬੂਹਾ ਖੋਲ੍ਹ ਦਿੱਤਾ ਤੇ ਗੱਡੀ ਵਿਹੜੇ ਅੰਦਰ ਆ ਗਈ। ਗੱਡੀ ਵਿਚ ਕੁੱਲ ਪੰਜ ਜਣੇ ਸਨ, ਇਕ ਵਿਚੋਲਾ, ਤਿੰਨ ਕੁੜੀ ਵਾਲੇ ਅਤੇ ਪੰਜਵਾਂ ਡਰਾਈਵਰ। ਕੁੜੀ ਵਾਲੇ ਤਿੰਨੇ ਜਣੇ ਸਕੇ ਭਰਾ ਜਾਪਦੇ ਸਨ। ਵੱਡੇ ਦਾ ਸਰੀਰ ਗੱਠਵਾਂ ਸੀ ਤੇ ਕੱਦ ਦਰਮਿਆਨਾ। ਉਸਦੀ ਲੰਮੀ ਦਾੜ੍ਹੀ ਬੱਗੀ ਹੋ ਚੁੱਕੀ ਸੀ। ਉਮਰੋਂ ਉਹ ਸੱਠਾਂ-ਪੈਹਠਾਂ ਦਾ ਲਗਦਾ ਸੀ ਪਰ ਉਂਜ ਸਿਹਤਮੰਦ ਸੀ। ਦੂਜਾ ਉਸਤੋਂ ਦੋ-ਚਾਰ ਵਰ੍ਹੇ ਛੋਟਾ ਹੋਵੇਗਾ ਪਰ ਸਿਹਤ ਪੱਖੋਂ ਢਿੱਲਾ ਜਿਹਾ ਸੀ। ਦਾੜ੍ਹੀ ਕੁਤਰੀ ਹੋਈ ਸੀ ਅਤੇ ਪੁਰਾਣੇ ਰਿਵਾਜ ਅਨੁਸਾਰ ਲੜ ਛੱਡਕੇ ਪੱਗ ਬੰਨੀ ਹੋਈ ਸੀ। ਉਸਦੇ ਮੋਢੇ ਤੇ ਪਰਨਾ ਵੀ ਸੀ। ਦੋਵਾਂ ਨੇ ਰੰਗਦਾਰ ਕੁੜਤੇ ਪਜਾਮੇ ਨਾਲ ਜੁੱਤੀ ਪਾਈ ਹੋਈ ਸੀ। ਤੀਜਾ ਅਜੇ ਜਿਆਦਾ ਵੱਡੀ ਉਮਰ ਦਾ ਨਹੀਂ ਸੀ ਅਤੇ ਪੜਿਆ-ਲਿਖਿਆ ਲਗਦਾ ਸੀ। ਉਸਨੇ ਪੈਂਟ ਸ਼ਰਟ ਨਾਲ ਬੂਟ ਪਾਏ ਹੋਏ ਸਨ ਅਤੇ ਹਰੇ ਰੰਗ ਦੀ ਪੱਗ ਘੋਟ ਕੇ ਬੰਨ੍ਹੀ ਹੋਈ ਸੀ। ਸਰੀਰ ਉਸਦਾ ਵੀ ਤਕੜਾ ਸੀ ਤੇ ਉਹ ਆਲੇ ਦੁਆਲੇ ਘੋਖਵੀਂ ਨਿਗ੍ਹਾ ਨਾਲ ਦੇਖਦਾ ਸੀ। ਕਈ ਵਾਰ ਉਹ ਚੋਰ ਅੱਖ ਨਾਲ ਵੀ ਆਲਾ-ਦੁਆਲਾ ਤਾੜਦਾ ਸੀ। ਡਰਾਈਵਰ ਵੀ ਦੇਖਣ ਪਾਖਣ ਨੂੰ ਸਿਆਣਾ ਸੀ ਤੇ ਉਨ੍ਹਾਂ ਦਾ ਪੁਰਾਣਾ ਭੇਤੀ ਸੀ। ਇਸੇ ਲਈ ਉਹ ਵੀ ਉਨ੍ਹਾਂ ਨਾਲ ਹੀ ਅੰਦਰ ਚਲਾ ਆਇਆ।
ਮੀਤ ਅਤੇ ਬੀਬੀ ਨੇ ਸਭ ਨੂੰ ਹੱਥ ਬੰਨ ਸਤਿ ਸ੍ਰੀ ਅਕਾਲ ਆਖੀ। ਪਿਤਾ ਜੀ ਨਾਲ ਹੱਥ ਮਿਲਾਕੇ ਉਹ ਸਾਰੇ ਬੈਠਕ ਵਿਚ ਬੈਠ ਗਏ। ਮੀਤ ਉਹਨਾਂ ਨੂੰ ਪਹਿਲਾਂ ਪਾਣੀ ਅਤੇ ਕੁਝ ਦੇਰ ਬਾਅਦ ਚਾਹ ਫੜਾ ਆਇਆ। ਵਿਚੋਲੇ ਨੇ ਸਾਰਿਆਂ ਦੀ ਜਾਣ ਪਹਿਚਾਣ ਕਰਵਾਈ।
ਇਹ ਤਿੰਨੋਂ ਕੁੜੀ ਦੇ ਮਾਮੇ ਹਨ। ਵਿਚੋਲੇ ਦੀ ਇਹ ਗੱਲ ਸੁਣ ਕੇ ਪਿਤਾ ਜੀ ਕੁੜੀ ਦੇ ਪਿਤਾ ਬਾਰੇ ਜਾਨਣ ਲਈ ਉਤਸੁਕ ਹੋਏ।
ਸਾਡੀ ਭੈਣ ਵਿਆਹੀ ਸੀ ਸਰਦਾਰ ਜੀ। ਪ੍ਰਾਹੁਣਾ ਸਾਡਾ ਸਿਧਰਾ ਜਿਹਾ ਸੀ ਅਤੇ ਭੈਣ ਦਾ ਜੇਠ ਚੁਸਤ ਚਲਾਕ ਸੀ ਅਤੇ ਮਾੜੇ ਲੱਛਣਾਂ ਵਾਲਾ। ਸੋ ਸਾਡੀ ਕੁੜੀ ਨੇ ਉੱਥੇ ਨਹੀਂ ਕੱਟਿਆ ਅਤੇ ਚਾਰ ਕੁ ਮਹੀਨੇ ਬਾਅਦ ਹੀ ਉਹ ਉੱਥੋਂ ਉੱਠ ਆਈ। ਵੱਡੇ ਮਾਮੇ ਨੇ ਰਾਮ ਕਹਾਣੀ ਸੁਣਾਈ।
ਇੱਥੇ ਸਾਡੇ ਕੋਲ ਹੀ ਸਾਡੀ ਭਾਣਜੀ ਦਾ ਜਨਮ ਹੋਇਆ, ਅਸੀਂ ਹੀ ਉਸਦਾ ਪਾਲਣ-ਪੋਸ਼ਣ ਕੀਤਾ, ਪੜ੍ਹਾਇਆ-ਲਿਖਾਇਆ, ਅਸੀਂ ਹੀ ਉਸਦਾ ਕਾਰਜ ਕਰਨਾ ਹੈ। ਛੋਟੇ ਮਾਮੇ ਨੇ ਅਗਲੀ ਗੱਲ ਦੱਸੀ।
ਕੁੜੀ ਦਾ ਪਿਉ ਹੈਗਾ ਜਾਂ ਨਹੀਂ? ਤੁਹਾਡਾ ਕੀ ਫੈਸਲਾ ਹੋਇਆ ਸੀ ਉਹਨਾਂ ਨਾਲ। ਪਿਤਾ ਜੀ ਨੇ ਅਗਲੀ ਗੱਲ ਛੇੜੀ।
ਸਰਦਾਰ ਜੀ ਸਾਡਾ ਉਹਨਾਂ ਨਾਲ ਕੋਈ ਫੈਸਲਾ ਨਹੀਂ ਹੋਇਆ। ਉਹ ਇੱਕ ਦੋ ਵਾਰ ਪੰਚਾਇਤ ਲੈ ਕੇ ਆਏ ਸੀ, ਸਾਡੇ ਪਿਉ ਨੇ ਕੁੜੀ ਤੋਰਨ ਤੋਂ ਇਨਕਾਰੀ ਕਰ ਦਿੱਤੀ। ਨਾ ਅਸੀਂ ਤਲਾਕ ਕਰਵਾਏ ਤੇ ਨਾ ਹੀ ਸਮਾਨ ਚੁੱਕਿਆ। ਪਿਉ ਕੁੜੀ ਦਾ ਅਜੇ ਜਿਉਂਦਾ। ਇਸ ਵਾਰ ਫੇਰ ਵੱਡੇ ਮਾਮੇ ਨੇ ਜਵਾਬ ਦਿੱਤਾ।
ਮੰਝਲਾ ਮਾਮਾ ਤਾਂ ਚੁੱਪ ਕੀਤਾ ਜਿਹਾ ਹੀ ਸੀ। ਮੰਝਲੇ ਮਾਮੇ ਨੇ ਹੁਣ ਪਿਤਾ ਜੀ ਨੂੰ ਪੁੱਛਿਆ, ਤੁਹਾਡੇ ਕੋਲ
ਕੀ ਜਮੀਨ ਜਾਇਦਾਦ ਹੈ ਜੀ?
ਜਮੀਨ ਆਹੀ ਆ ਚਾਰ ਪੰਜ ਕਿੱਲੇ। ਬਾਕੀ ਆਹ ਘਰ ਤੁਹਾਡੇ ਸਾਹਮਣੇ ਆ। ਬਾਹਰ ਵੀ ਕਨਾਲ ਕੁ ਜਗ੍ਹਾ ਹੈਗੀ ਆ ਤੂੜੀ ਤੰਦ ਰੱਖਣ ਨੂੰ। ਪਿਤਾ ਜੀ ਨੇ ਜਵਾਬ ਦਿੱਤਾ।
ਉਸੇ ਮਾਮੇ ਦਾ ਅਗਲਾ ਸਵਾਲ ਸੀ, ਤੁਹਾਡੀ ਕੋਈ ਮੰਗ?
ਮੰਗ-ਮੁੰਗ ਸਾਡੀ ਕੋਈ ਨਹੀਂ ਜੀ। ਬੱਸ ਕੁੜੀ ਸਿਆਣੀ ਹੋਵੇ। ਬਾਕੀ ਕਾਕਾ ਜੀ ਨੂੰ ਵੀ ਪੁੱਛ ਲਵੋ। ਪਿਤਾ ਜੀ ਨੇ ਸਪੱਸ਼ਟ ਗੱਲ ਮੁਕਾਈ।
ਵਿਚੋਲੇ ਨੇ ਮੀਤ ਨੂੰ ਬੁਲਾਇਆ ਜੋ ਰਸੋਈ ਵਿਚ ਆਪਣੀ ਮਾਂ ਦੀ ਰੋਟੀ ਟੁੱਕ ਵਿਚ ਮਦਦ ਕਰ ਰਿਹਾ ਸੀ।
ਕਾਕਾ ਜੀ, ਤੁਹਾਡੀ ਕੋਈ ਮੰਗ ਹੋਵੇ ਤਾਂ ਦੱਸੋ। ਵਿਚੋਲੇ ਨੇ ਤਾਬੜਤੋੜ ਹੀ ਪੁੱਛਿਆ।
ਮੀਤ ਨੇ ਵੀ ਓਨੀ ਫੁਰਤੀ ਨਾਲ ਹੀ ਜਵਾਬ ਦਿੱਤਾ, ਦੇਖੋ ਜੀ, ਮੰਗ ਮੇਰੀ ਕੋਈ ਨਹੀਂ ਹੈ। ਮੈਨੂੰ ਲਾਲਚ ਵੀ ਕੋਈ ਨਹੀਂ ਹੈ, ਬੱਸ ਕੁੜੀ ਸੰਜੀਦਾ ਹੋਵੇ ਘਰ ਚਲਾਉਣ ਪ੍ਰਤੀ।
ਉਹ ਤੂੰ ਫਿਕਰ ਨਾ ਕਰ, ਮੇਰੀ ਗਰੰਟੀ ਆ ਫੁੱਲ। ਵਿਚੋਲੇ ਨੇ ਹਿੱਕ ਥਾਪੜੀ।
ਬੱਸ ਜੀ ਸਾਡੀ ਕੁੜੀ ਨੇ ਜਿਆਦਾ ਕੰਮ ਨਹੀਂ ਕੀਤਾ। ਕੋਈ ਕੰਮ ਹੈ ਵੀ ਨਹੀਂ ਸੀ, ਨਾ ਹੀ ਸਾਡੀ ਭੈਣ ਨੇ ਉਸਨੂੰ ਕੰਮ ਲਾਇਆ। ਵੱਡੇ ਮਾਮੇ ਨੇ ਦੱਸਿਆ।
ਦੇਖੋ ਜੀ, ਇੱਥੇ ਕੰਮ ਕੋਈ ਜਿਆਦਾ ਹੈ ਵੀ ਨਹੀਂ। ਬੱਸ ਆਹ ਰੋਟੀ ਟੁੱਕ ਹੀ ਆ। ਨਾਲੇ ਆਪੇ ਕੰਮ ਕਰਨ ਲੱਗ ਜਾਂਦਾ ਧੀ-ਪੁੱਤ। ਮੀਤ ਦੇ ਪਿਤਾ ਨੇ ਸਿਆਣੀ ਗੱਲ ਕੀਤੀ।
ਫਿਰ ਵਿਚੋਲੇ ਨੇ ਕੁੜੀ ਦੀ ਪੜ੍ਹਾਈ ਬਾਰੇ ਪਰਚੀ ਮੀਤ ਨੂੰ ਫੜਾਈ। ਕੁੜੀ ਦਾ ਨਾਮ ਰੱਜੋ ਸੀ ਅਤੇ ਪੜ੍ਹਾਈ ਲਿਖਾਈ ਵੀ ਵਧੀਆ ਸੀ। ਮੀਤ ਅਤੇ ਉਸਦੇ ਘਰਦਿਆਂ ਦੀ ਇਹੀ ਇੱਛਾ ਸੀ ਕਿ ਕੁੜੀ ਪੜ੍ਹੀ-ਲਿਖੀ ਹੋਵੇ ਤਾਂ ਕਿ ਉਹ ਦੋਵੇਂ ਨੌਕਰੀ ਲੱਗ ਕੇ ਘਰ ਦਾ ਭਵਿੱਖ ਹੋਰ ਸੁਆਰ ਸਕਣ। ਖੇਤੀ ਵਾਲੇ ਪਾਸੇ ਮੀਤ ਦਾ ਪਹਿਲੇ ਦਿਨੋਂ ਹੀ ਰੁਝਾਨ ਨਹੀਂ ਸੀ ਅਤੇ ਜਮੀਨ ਵੀ ਥੋੜ੍ਹੀ ਹੋਣ ਕਰਕੇ ਉਸਨੂੰ ਖੇਤੀ ਤੋਂ ਗੁਜ਼ਾਰਾ ਹੋਣ ਦੀ ਆਸ ਨਹੀਂ ਸੀ। ਕੁੜੀ ਦੇ ਮਾਮਿਆਂ ਨੂੰ ਵੀ ਇਹ ਘਰ ਸੂਤ ਲਗਦਾ ਸੀ। ਇੱਕ ਤਾਂ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਸੀ, ਦੂਜਾ ਘਰ ਵੀ ਕੰਮ ਜਿਆਦਾ ਨਹੀਂ ਸੀ। ਨਾ ਖੇਤੀ ਦਾ ਖਿਲਾਰਾ ਸੀ ਤੇ ਨਾ ਹੀ ਪਸ਼ੂ ਢਾਂਡੇ ਦਾ ਕੰਮ ਜਿਆਦਾ ਸੀ। ਸੋ ਉਨ੍ਹਾਂ ਸਾਰੇ ਪੱਖ ਵਿਚਾਰ ਕੇ ਹਾਂ ਕਰਦਿਆਂ ਉਨ੍ਹਾਂ ਦੇਖਾ ਦਿਖਾਈ ਦਾ ਦਿਨ ਪੱਕਾ ਕਰ ਲਿਆ ਅਤੇ ਇਹ ਵੀ ਵਿਚਾਰ ਕਰ ਲਿਆ ਕਿ ਜੇ ਸਭ ਕੁਝ ਠੀਕ ਹੋਵੇ ਤਾਂ ਉਸੇ ਵਕਤ ਹੀ ਸ਼ਗਨ ਪਾ ਕੇ ਗੱਲ ਪੱਕੀ ਕਰ ਦਿੱਤੀ ਜਾਵੇ।
ਦੁਪਹਿਰ ਤੋਂ ਬਾਅਦ ਉਹ ਰੋਟੀ ਖਾ ਕੇ ਚਲੇ ਗਏ। ਸ਼ਾਮ ਵੇਲੇ ਮੀਤ ਵੀ ਪਿੰਡੋਂ ਵਾਪਿਸ ਚੱਲ ਪਿਆ ਕਿਉਂਕਿ ਅਗਲੇ ਦਿਨ ਉਸਨੇ ਕਾਲਜ ਵੀ ਜਾਣਾ ਸੀ। ਜਦੋਂ ਉਹ ਵਿਸ਼ਵ ਕੋਲ ਪਹੁੰਚਿਆ ਤਾਂ ਵਾਹਵਾ ਘੁਸਮੁਸਾ ਜਿਹਾ ਹੋ ਗਿਆ ਸੀ। ਰੋਟੀ ਬਣੀ ਹੋਈ ਸੀ ਅਤੇ ਮੀਤ ਨੂੰ ਭੁੱਖ ਵੀ ਵਾਹਵਾ ਲੱਗੀ ਹੋਈ ਸੀ। ਵਿਸ਼ਵ, ਦੀਪੀ ਅਤੇ ਮੀਤ ਰੋਟੀ ਖਾਣ ਲੱਗੇ। ਦੀਪੀ ਅਚਾਨਕ ਹੱਸੀ ਤਾਂ ਵਿਸ਼ਵ ਨੇ ਸੰਕੇਤ ਸਮਝਦਿਆਂ ਮੀਤ ਨੂੰ ਟਕੋਰ ਲਾਈ;
ਕਿਵੇਂ ਕਾਕਾ, ਕੀ ਬਣਿਆ ਅੱਜ?
ਬਨਣਾ ਕੀ ਸੀ ਬਾਈ, ਬੱਸ ਆਏ ਸੀ, ਦੇਖ ਗਏ। ਮੀਤ ਨੇ ਬਿਨਾਂ ਨੀਵੀਂ ਚੁੱਕੇ ਜਵਾਬ ਦਿੱਤਾ
ਫੇਰ ਵੀ ਦੱਸ ਕੁਝ, ਸੰਗੀ ਕਿਉਂ ਜਾਨਾ..... ਵਿਸ਼ਵ ਨੇ ਫੇਰ ਟੋਹਿਆ।
ਬਾਈ ਜੀ, ਉਹ ਦੇਖ ਗਏ। ਅਗਲੇ ਐਤਵਾਰ ਦੇਖਾ-ਦਿਖਾਈ ਆ। ਜੇ ਸਭ ਕੁਝ ਠੀਕ ਹੋਇਆ ਤਾਂ ਸ਼ਗਨ ਪਾ ਦੇਣਾ ਆ। ਮੀਤ ਨੇ ਫਿਰ ਪਹਿਲੀ ਮੁਦਰਾ ਵਿਚ ਹੀ ਜਵਾਬ ਦਿੱਤਾ।
ਕਾਹਲੀ ਬਾਹਲੀ ਆ ਤੈਨੂੰ ਵਿਆਹ ਦੀ। ਫੋਟੋ-ਫਾਟੋ ਵੀ ਦੇਖੀ ਕੁੜੀ ਦੀ। ਵਿਸ਼ਵ ਅਜੇ ਵੀ ਛੱਡਣ ਵਾਲਾ ਨਹੀਂ ਸੀ।
ਨਹੀਂ ਬਾਈ.... ਮੀਤ ਨੇ ਹੌਲੀ ਅਵਾਜ ਵਿਚ ਜਵਾਬ ਦਿੱਤਾ ਤੇ ਨਾਲ ਹੀ ਸਿਰ ਉਤਾਂਹ ਚੁੱਕਿਆ। ਵਿਸ਼ਵ ਇੱਕ ਦਮ ਹੱਸਿਆ ਤਾਂ ਪਹਿਲਾਂ ਮੀਤ ਭੌਚੱਕਾ ਹੀ ਰਹਿ ਗਿਆ, ਫਿਰ ਨਾਲ ਹੀ ਹੱਸਣ ਲੱਗਿਆ। ਦੀਪੂ ਅਤੇ ਮੰਮੀ ਜੀ ਵੀ ਹੱਸਣ ਲੱਗ ਪਏ।
ਉਦਾਸ ਨਾ ਹੋ ਕਾਕਾ, ਫੋਟੋ ਵੀ ਦਿਖਾ ਦਿੰਨੇ ਹਾਂ। ਵਿਸ਼ਵ ਦੇ ਏਨਾ ਕਹਿੰਦਿਆਂ ਹੀ ਦੀਪੀ ਅੰਦਰੋਂ ਫੋਟੋ ਚੁੱਕਣ ਚਲੀ ਗਈ। ਅਸਲ ਵਿਚ ਉਹ ਮੀਤ ਦੇ ਘਰ ਫੋਟੋ ਦਿਖਾਉਣਾ ਭੁੱਲ ਗਏ ਸਨ ਅਤੇ ਇਹ ਫੋਟੋ ਵਿਚੋਲੇ ਨੇ ਉਹਨਾਂ ਤੋਂ ਲੈ ਕੇ ਸਿ਼ਲਪਾ ਅੰਟੀ ਰਾਹੀਂ ਵਿਸ਼ਵ ਦੇ ਘਰ ਸ਼ਾਮ ਵੇਲੇ ਪਹੁੰਚਾ ਦਿੱਤੀ ਸੀ।
ਦੀਪੀ ਨੇ ਫੋਟੋ ਲਿਫਾਫੇ ਵਿਚੋਂ ਬਾਹਰ ਕੱਢੀ ਤੇ ਮੀਤ ਵੱਲ ਵਧਾਈ। ਜਿਉਂ ਹੀ ਮੀਤ ਨੇ ਫੋਟੋ ਫੜਣ ਲਈ ਹੱਥ ਅੱਗੇ ਕੀਤਾ ਤਾਂ ਦੀਪੀ ਨੇ ਫੋਟੋ ਪਿੱਛੇ ਕਰ ਲਈ। ਵਿਸ਼ਵ ਨੇ ਫਿਰ ਮਿੱਠੀ ਝਿੜਕ ਦਿੰਦਿਆਂ ਕਿਹਾ,
ਕਾਕਾ ਏਨੀਆਂ ਕਾਹਲੀਆਂ ਨਹੀਂ ਕਰੀਦੀਆਂ। ਸਬਰ ਰੱਖ।
ਵੀਰੇ ਫੀਸ ਲੱਗੂ ਫੋਟੋ ਦਿਖਾਈ ਦੀ। ਦੀਪੀ ਨੇ ਹੋਰ ਤਰਸਾਇਆ।
ਮੀਤ ਤਿਲਮਿਲਾ ਗਿਆ, ਨਹੀਂ ਦਿਖਾਉਣੀ ਤਾਂ ਨਾ ਦਿਖਾ। ਹੈਨੀ ਫੀਸ ਮੇਰੇ ਕੋਲ।
ਦੀਪੀ ਨੇ ਹੱਸਦੀ-ਹੱਸਦੀ ਨੇ ਫੋਟੋ ਮੀਤ ਦੇ ਹੱਥ ਫੜਾ ਦਿੱਤੀ। ਮੀਤ ਨੇ ਕੁਝ ਚਿਰ ਫੋਟੋ ਦੇਖੀ। ਫੋਟੋ ਕੁਝ ਪੁਰਾਣੀ ਜਿਹੀ ਸੀ। ਕਾਲਜ ਵੇਲੇ ਦੀ ਗਰੁੱਪ ਫੋਟੋ ਸੀ ਤੇ ਨਾਲ ਤਿੰਨ ਹੋਰ ਕੁੜੀਆਂ ਸਨ। ਆਖਰ ਦੀਪੀ ਨੇ ਮੀਤ ਨੂੰ ਦੱਸਿਆ ਕਿ ਇਹਨਾਂ ਵਿਚੋਂ ਰੱਜੋ ਕਿਹੜੀ ਹੈ। ਮੀਤ ਨੇ ਦੁਬਾਰਾ ਫਿਰ ਗਹੁ ਨਾਲ ਦੇਖਿਆ। ਕੁੜੀ ਬਾਕੀ ਕੁੜੀਆਂ ਨਾਲੋਂ ਕੱਦ ਵਿਚ ਲੰਮੇਰੀ ਸੀ ਤੇ ਰੰਗ ਕਣਕਵੰਨਾ ਸੀ। ਕੱਪੜੇ ਸਾਦੇ ਜਿਹੇ ਰੰਗ ਦੇ ਪਾਏ ਹੋਏ ਸਨ। ਨਕਸ਼ ਬਣਦੇ-ਫੱਬਦੇ ਸਨ। ਮੀਤ ਨੇ ਫੋਟੋ ਦੇਖਣ ਤੋਂ ਬਾਅਦ ਵਿਸ਼ਵ ਵੱਲ ਨਿਗ੍ਹਾ ਮਾਰੀ। ਵਿਸ਼ਵ ਉਸਦਾ ਇਸ਼ਾਰਾ ਸਮਝ ਗਿਆ ਕਿ ਮੀਤ ਉਸਦੀ ਰਾਇ ਪੁੱਛਣੀ ਚਾਹੁੰਦਾ। ਵਿਸ਼ਵ ਨੇ ਫੋਟੋ ਪਹਿਲਾਂ ਹੀ ਦੇਖੀ ਹੋਈ ਸੀ, ਇਸ ਲਈ ਉਸਨੇ ਉਦੋਂ ਹੀ ਸਭ ਕੁਝ ਠੀਕ ਹੋਣ ਦਾ ਇਸ਼ਾਰਾ ਕਰ ਦਿੱਤਾ। ਏਨਾ ਇਸ਼ਾਰਾ ਹੁੰਦੇ ਹੀ ਮੀਤ ਮੁਸਕੜੀਏਂ ਹੱਸਦਾ ਬੈਠਕ ਵੱਲ ਤੁਰ ਗਿਆ। ਵਿਸ਼ਵ ਨੇ ਤੁਰੇ ਜਾਂਦੇ ਮੀਤ ਨੂੰ ਪਿੱਛੋਂ ਵਾਜ਼ ਮਾਰੀ, ਸੋਹਣਿਆ ਵਿਆਹ ਤਾਂ ਬਾਹਲੇ ਚਾਅ ਨਾਲ ਕਰਾਉਣ ਲੱਗਿਆਂ ਪਰ ਰੂਸ ਵਾਲਿਆਂ ਦਾ ਇਹ ਮੁਹਾਵਰਾ ਯਾਦ ਰੱਖੀਂ ਕਿ ਜੇ ਯੁੱਧ ਤੇ ਜਾ ਰਹੇ ਹੋ ਤਾਂ ਇਕ ਵਾਰ ਜਰੂਰ ਪ੍ਰਾਰਥਨਾ ਕਰੋ, ਜੇ ਸਮੁੰਦਰੀ ਸਫਰ ਤੇ ਜਾ ਰਹੇ ਹੋ ਤਾਂ ਦੋ ਵਾਰ ਪ੍ਰਾਰਥਨਾ ਕਰੋ, ਪਰ ਉਦੋਂ ਤਿੰਨ ਵਾਰ ਪ੍ਰਾਰਥਨਾ ਕਰੋ ਜਦੋਂ ਵਿਆਹ ਕਰਵਾਉਣ ਜਾ ਰਹੇ ਹੋਵੋ। ਬੈਠਕ ਦੀ ਸਰਦਲ ਕੋਲੋਂ ਮੀਤ ਧੌਣ ਮੋੜ ਕੇ ਪਿਛਾਂਹ ਝਾਕਿਆ ਤੇ ਫਿਰ ਹੱਸਦਾ-ਹੱਸਦਾ ਬੈਠਕ ਵਿਚ ਵੜ ਗਿਆ।
ਮੀਤ ਭਾਵੇਂ ਅੱਜ ਵਿਹਲਾ ਹੀ ਰਿਹਾ ਸੀ ਪਰ ਤਾਂ ਵੀ ਅਕੇਵੇਂ ਕਰਕੇ ਥਕਾਵਟ ਮਹਿਸੂਸ ਕਰ ਰਿਹਾ ਸੀ। ਉਸਨੂੰ ਲਗਦਾ ਸੀ ਕਿ ਅੱਜ ਮੰਜੇ ਤੇ ਡਿੱਗਦੇ ਸਾਰ ਹੀ ਨੀਂਦ ਆ ਜਾਊ ਪਰ ਹੋਇਆ ਉਲਟ। ਉਹ ਮੰਜੇ ਤੇ ਪਿਆ ਛੱਤ ਵੱਲ ਝਾਕਦਾ ਰਿਹਾ ਤੇ ਖਿਆਲਾਂ ਹੀ ਖਿਆਲਾਂ ਵਿਚ ਆਪਣੀ ਹੋਣ ਵਾਲੀ ਜੀਵਨ ਸਾਥਣ ਦੇ ਨਕਸ਼ ਘੜਦਾ ਰਿਹਾ। ਹਰੇਕ ਗੱਭਰੂ ਦੇ ਦਿਲ ਵਿਚ ਆਪਣੀ ਹੋਣ ਵਾਲੀ ਸ਼ਰੀਕੇ ਹਯਾਤ ਦਾ ਤਸੱਵਰ ਹੁੰਦਾ ਹੈ। ਮੀਤ ਦੇ ਮਨ ਵਿਚ ਵੀ ਅਜਿਹਾ ਹੀ ਸੀ ਕਿ ਉਹ ਲੰਮ ਸਲੰਮੀ, ਪਤਲੀ, ਸੋਹਣੀ ਨਾਲੋਂ ਵੱਧ ਸਿਆਣੀ, ਸਾਦਗੀ ਪਸੰਦ ਅਤੇ ਖੁਸ਼ਦਿਲ ਸੁਭਾਅ ਦੀ ਹੋਵੇ। ਉਸ ਦੇ ਦਿਲ ਵਿਚ, ਬੋਲਾਂ ਵਿਚ ਮੀਤ ਲਈ ਅੰਤਾਂ ਦਾ ਪਿਆਰ ਭਰਿਆ ਹੋਵੇ। ਫੇਰ ਉਹ ਉਸਦੀਆਂ ਮਨਮੋਹਕ ਅਦਾਵਾਂ ਨੂੰ ਆਪਣੇ ਗੀਤਾਂ ਵਿਚ ਪੇਸ਼ ਕਰੇ। ਉਸਦੇ ਪਿਆਰ ਦੀਆਂ ਗਜ਼ਲਾਂ ਲਿਖੇ। ਨਜਮਾਂ ਵਿਚ ਉਸਦੇ ਗੁਣਾਂ ਦੀ ਚਰਚਾ ਕਰੇ।
ਏਦਾਂ ਦੇ ਖਿਆਲ ਸੋਚਦਿਆਂ ਹੀ ਰਾਤ ਅੱਧੋਂ ਵੱਧ ਲੰਘ ਗਈ ਸੀ। ਆਖਰ ਮੀਤ ਨੇ ਰਸੋਈ ਵਿਚ ਜਾ ਕੇ ਪਾਣੀ ਦਾ ਗਲਾਸ ਪੀਤਾ ਅਤੇ ਕੁਝ ਦੇਰ ਇਧਰ-ਉਧਰ ਪਾਸੇ ਮਾਰਨ ਤੋਂ ਬਾਅਦ ਸੌਂ ਗਿਆ।
ਮੀਤ ਦੇ ਅਗਲੇ ਕੁਝ ਦਿਨ ਆਪਣੀ ਹੋਣ ਵਾਲੀ ਸਾਥਣ ਦੇ ਖਿਆਲਾਂ ਵਿਚ ਹੀ ਬੀਤੇ। ਉਹ ਮੂੰਹ ਵਿਚ ਹੀ ਕੁਝ ਗੁਣਗੁਣਾਉਂਦਾ ਰਹਿੰਦਾ। ਕਾਲਜ ਵਿਚ ਵੀ ਸਾਥੀਆਂ ਨਾਲ ਘੱਟ ਹੀ ਗੱਲ ਕਰਦਾ। ਮਨਿੰਦਰ ਕੋਲੋਂ ਲੰਘਦੀ ਤਾਂ ਉਸਦੇ ਸੀਨੇ ਜਰਾ ਕੁ ਕਸਕ ਜਰੂਰ ਉੱਠਦੀ ਪਰ ਜਲਦ ਹੀ ਹੋਣ ਵਾਲੀ ਮੁਲਾਕਾਤ ਦਾ ਸਰੂਰ ਇਸਨੂੰ ਦੱਬ ਲੈਂਦਾ। ਖੈਰ ਦਿਨ ਕਾਫੀ ਤੇਜੀ ਨਾਲ ਬੀਤੇ ਅਤੇ ਦੇਖਾ-ਦਿਖਾਈ ਦਾ ਦਿਨ ਆ ਗਿਆ। ਸ਼ਹਿਰ ਦੇ ਹੀ ਇੱਕ ਗੁਰੂ ਘਰ ਵਿਚ ਇਹ ਰਸਮ ਹੋਣੀ ਸੀ। ਮੀਤ ਤਾਂ ਉੱਥੇ ਹੀ ਸੀ। ਮੀਤ ਦੇ ਮਾਤਾ ਪਿਤਾ, ਮੀਤ ਦੇ ਮਾਮੇ ਅਤੇ ਮਾਮੀ ਨਾਲ, ਮਾਮੇ ਦੀ ਕਾਰ ਰਾਹੀਂ ਵਿਸ਼ਵ ਦੇ ਘਰ ਆ ਗਏ। ਇੱਥੇ ਚਾਹ ਪਾਣੀ ਪੀ ਕੇ ਅਤੇ ਕੁਝ ਹੋਰ ਸਲਾਹ-ਮਸ਼ਵਰੇ ਕਰਕੇ ਉਹ ਵਿਸ਼ਵ ਦੇ ਮੰਮੀ ਨੂੰ ਵੀ ਨਾਲ ਹੀ ਕਾਰ ਵਿਚ ਬਿਠਾ ਕੇ ਗੁਰੂ ਘਰ ਪਹੁੰਚ ਗਏ। ਕਾਰ ਵਿਚ ਹੋਰ ਜਗ੍ਹਾ ਨਾ ਹੋਣ ਕਾਰਨ ਮੀਤ, ਵਿਸ਼ਵ ਨਾਲ ਉਸਦੇ ਮੋਟਰਸਾਈਕਲ ਤੇ ਗਿਆ। ਵਿਚੋਲਾ ਤੇ ਵਿਚੋਲਣ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸਨ। ਮਿਥੇ ਵਕਤ ਤੇ ਰੱਜੋ ਤੇ ਉਸਦੇ ਦੋ ਮਾਮੇ ਅਤੇ ਦੋ ਮਾਮੀਆਂ ਵੀ ਉੱਥੇ ਪਹੁੰਚ ਗਈਆਂ।
ਇਹ ਗੁਰੂ ਘਰ ਸ਼ਹਿਰ ਤੋਂ ਬਾਹਰਵਾਰ ਬਣਿਆ ਹੋਇਆ ਸੀ। ਦਰਬਾਰ ਸਾਹਿਬ ਦੇ ਖੱਬੇ ਹੱਥ ਇਕ ਵੱਡਾ ਹਾਲ ਸੀ ਜਿੱਥੇ ਖੁਸ਼ੀ,ਗਮੀ ਦੇ ਭੋਗ ਜਾਂ ਵਿਆਹ ਸਮਾਗਮ ਵੀ ਹੁੰਦੇ ਸਨ। ਹਾਲ ਦੇ ਅੱਗੇ ਵਿਸ਼ਾਲ ਸਰੋਵਰ ਸੀ ਤੇ ਸਰੋਵਰ ਦੇ ਸੱਜੇ ਹੱਥ ਪਾਰਕਿੰਗ ਦੀ ਜਗ੍ਹਾ ਸੀ। ਇਸ ਗੁਰੂ ਘਰ ਦਾ ਪ੍ਰਬੰਧ ਇਕ ਕਮੇਟੀ ਕਰਦੀ ਸੀ ਪਰ ਫਿਰ ਵੀ ਸਰਵੋ ਸਰਵਾ ਚੇਅਰਮੈਨ ਸਾਹਿਬ ਹੀ ਮੰਨੇ ਜਾਂਦੇ ਸਨ ਜਿਨ੍ਹਾਂ ਦੀ ਰਹਿਨੁਮਮਾਈ ਹੇਠ ਦੋ ਗੁਰੂ ਘਰ, ਇਕ ਪਬਲਿਕ ਸਕੂਲ ਅਤੇ ਦੋ ਕਾਲਜ ਚੱਲ ਰਹੇ ਸਨ।
ਮੀਤ ਨੇ ਰੱਜੋ ਨੂੰ ਦੇਖਿਆ ਤਾਂ ਪਹਿਲੀ ਨਜ਼ਰ ਪਛਾਨਣਾ ਮੁਸ਼ਕਿਲ ਲੱਗਿਆ। ਜੋ ਰੱਜੋ ਉਸਨੇ ਫੋਟੋ ਵਿਚ ਦੇਖੀ ਸੀ, ਉਸ ਨਾਲੋਂ ਇਹ ਰੱਜੋ ਬਹੁਤ ਵੱਖਰੀ ਲਗਦੀ ਸੀ। ਇਹ ਜਰੂਰਤ ਨਾਲੋਂ ਵੱਧ ਕਮਜੋਰ ਸੀ ਅਤੇ ਰੰਗ ਵੀ ਕਾਫੀ ਪੱਕਾ ਸੀ। ਚਿਹਰੇ ਉੱਪਰ ਰੋਈ ਵੀ ਨਜਰ ਨਹੀਂ ਸੀ ਆਉਂਦੀ। ਰੱਜੋ ਅਤੇ ਮੀਤ ਦੀ ਉਮਰ ਦਾ ਛੇ-ਸੱਤ ਮਹੀਨਿਆਂ ਦਾ ਫਰਕ ਸੀ ਅਤੇ ਕੱਦ ਪੱਖੋਂ ਉਹ ਮੀਤ ਤੋਂ ਵੀ ਉੱਚੀ ਉਠਦੀ ਸੀ। ਮੀਤ ਦੇ ਆਪਣੇ ਕੋਈ ਭੈਣ ਨਾ ਹੋਣ ਕਰਕੇ ਮੀਤ ਦੇ ਮਾਪਿਆਂ ਦੀ ਸੋਚ ਸੀ ਕਿ ਕੋਈ ਕੁੜੀ ਦੇਖ ਕੇ ਥੋੜ੍ਹੀ ਬਹੁਤੀ ਕਮੀ ਪੇਸ਼ੀ ਦਾ ਬਹਾਨਾ ਬਣਾ ਕੇ ਕਿਸੇ ਨੂੰ ਜਵਾਬ ਨਹੀਂ ਦੇਣਾ। ਮੀਤ ਦੀ ਪਾਲਣਾ ਵੀ ਇਸ ਤਰ੍ਹਾਂ ਦੇ ਵਿਚਾਰਾਂ ਦੇ ਮਾਹੌਲ ਵਿਚ ਹੋਈ ਸੀ। ਸੋ ਉਸਨੇ ਇਸ ਬਾਰੇ ਕੋਈ ਉਜਰ ਨਾ ਕੀਤਾ।
ਉਹ ਸਾਰੇ ਗੁਰੂਦੁਆਰਾ ਸਾਹਿਬ ਦੇ ਹਾਲ ਵਿਚ ਬੈਠ ਗਏ। ਮਾਤਾ ਅਤੇ ਮਾਮੀ ਹੋਰਾਂ ਨੂੰ ਕੁੜੀ ਜਚ ਜਾਣ ਤੇ ਮੀਤ ਦੀ ਮਰਜੀ ਪੁੱਛੀ ਗਈ ਤਾਂ ਮੀਤ ਨੇ ਰੱਜੋ ਨਾਲ ਇਕੱਲਿਆਂ ਗੱਲ ਕਰਨ ਦੀ ਆਗਿਆ ਮੰਗੀ। ਫਿਰ ਮੀਤ ਅਤੇ ਰੱਜੋ ਹਾਲ ਤੋਂ ਬਾਹਰ ਆ ਕੇ ਸਰੋਵਰ ਦੇ ਕਿਨਾਰੇ-ਕਿਨਾਰੇ ਤੁਰਦੇ ਹੋਏ ਗੱਲਾਂ ਕਰਨ ਲੱਗੇ। ਸੂਰਜ ਲਿਸ਼ਕ ਰਿਹਾ ਸੀ ਤੇ ਨਾਲ ਹੀ ਠੰਡੀ ਹਵਾ ਵੀ ਵਗ ਰਹੀ ਸੀ। ਇਸ ਮਨਮੋਹਕ ਵਾਤਵਰਣ ਵਿਚ ਗੁਰੂਦੁਆਰਾ ਸਾਹਿਬ ਵਿਚ ਚੱਲ ਰਿਹਾ ਰਸਭਿੰਨਾ ਗੁਰਬਾਣੀ ਕੀਰਤਨ ਅਨੰਦਿਤ ਕਰ ਰਿਹਾ ਸੀ। ਕੁਝ ਦੇਰ ਇੱਕ ਦੂਜੇ ਦੇ ਘਰ ਬਾਰ, ਸ਼ੌਕ, ਰੁਚੀਆਂ ਬਾਰੇ ਮੁਖਤਸਰ ਜਿਹੀ ਗੱਲ ਕਰਨ ਤੋਂ ਬਾਅਦ ਮੀਤ ਨੇ ਸਿੱਧੀ ਗੱਲ ਛੇੜੀ, ਹਾਂ ਜੀ, ਦੱਸੋ ਫਿਰ ਤੁਹਾਡੀ ਕੀ ਰਾਇ ਹੈ?
ਜਿਵੇਂ ਮਾਮਿਆਂ ਕੀਤਾ, ਵਧੀਆ ਹੀ ਆ। ਰੱਜੋ ਨੇ ਅੱਗੋਂ ਫਾਹਾ ਵੱਢਿਆ।
ਪਰ ਤੈਨੂੰ ਮੈਂ ਪਸੰਦ ਤਾਂ ਹਾਂ ਨਾ? ਮੀਤ ਨੇ ਫੇਰ ਟੋਹਿਆ।
ਹਾਂ ਜੀ। ਰੱਜੋ ਦਾ ਸੰਖੇਪ ਜਵਾਬ ਸੀ।
ਰੱਜੋ ਤਾਂ ਨੀਵੀਂ ਪਾ ਕੇ ਗੱਲ ਕਰ ਹੀ ਰਹੀ ਸੀ, ਮੀਤ ਵੀ ਕਦੇ ਕਦੇ ਹੀ ਨਜ਼ਰ ਚੁੱਕ ਕੇ ਉਸ ਵੱਲ ਦੇਖਦਾ ਸੀ, ਬਹੁਤਾ ਤਾਂ ਉਹ ਸਰੋਵਰ ਦੇ ਪਾਣੀ ਵਿਚ ਹੀ ਨਿਗ੍ਹਾ ਗੱਡੀ ਰੱਖਦਾ ਸੀ।
ਤੁਹਾਡਾ ਸ਼ਹਿਰ ਹੈ ਅਤੇ ਸਾਡਾ ਪਿੰਡ। ਕੋਈ ਮੁਸ਼ਕਿਲ ਤਾਂ ਨਹੀਂ, ਰਹਿ ਲਵੋਗੇ।
ਹਾਂ, ਸਾਡਾ ਵੀ ਕੋਈ ਬਾਹਲਾ ਵੱਡਾ ਸ਼ਹਿਰ ਨਹੀਂ।
ਮੇਰੀ ਮਾਂ ਬਿਮਾਰ ਰਹਿੰਦੀ ਹੈ, ਘਰ ਦੇ ਕੰਮ ਵਿਚ ਮਦਦ ਕਰਨੀ ਪਵੇਗੀ।
ਕੰਮ ਮੈਨੂੰ ਥੋੜ੍ਹਾ ਬਹੁਤ ਹੀ ਆਉਂਦਾ ਆ। ਪਰ ਕੋਸਿ਼ਸ਼ ਕਰਾਂਗੀ
ਜੇ ਤੇਰੇ ਮਨ ਵਿਚ ਕੁਝ ਹੈ ਤਾਂ ਦੱਸ ਦੇ। ਕੋਈ ਗੱਲ ਪੁੱਛਣੀ ਹੈ ਤਾਂ ਉਹ ਵੀ ਪੁੱਛ ਲੈ। ਮੀਤ ਨੇ ਆਖਰੀ ਗੱਲ ਕਹੀ।
ਨਹੀਂ, ਕੁਝ ਨਹੀਂ।
ਫਿਰ ਚੱਲੀਏ। ਰੱਜੋ ਦੇ ਜਵਾਬ ਤੋਂ ਬਾਅਦ ਮੀਤ ਨੇ ਕਿਹਾ ਅਤੇ ਉਹ ਦੋਵੇਂ ਬਰਾਬਰ-ਬਰਾਬਰ ਤੁਰਦੇ ਹੋਏ ਗੁਰੂ ਘਰ ਦੇ ਹਾਲ ਵੱਲ ਆ ਗਏ ਜਿੱਥੇ ਸਾਰੇ ਬੰਦੇ ਖੜੇ ਉਡੀਕ ਰਹੇ ਸਨ। ਔਰਤਾਂ ਹਾਲ ਦੇ ਅੰਦਰ ਹੀ ਬੈਠੀਆਂ ਸਨ। ਦੋਵਾਂ ਨੇ ਆਪਣੇ-ਆਪਣੇ ਘਰਦਿਆਂ ਨੂੰ ਸਹਿਮਤੀ ਦੇ ਦਿੱਤੀ ਤਾਂ ਬਾਕੀ ਗੱਲਾਂ ਵੀ ਵਿਚਾਰੀਆਂ ਜਾਣ ਲੱਗੀਆਂ। ਰੱਜੋ ਦੇ ਮਾਮੇ ਜਲਦੀ ਵਿਆਹ ਕਰਨਾ ਚਾਹੁੰਦੇ ਸਨ, ਸਿਰਫ ਇੱਕ ਦੋ ਮਹੀਨੇ ਵਿਚ ਹੀ। ਮੀਤ ਦੀ ਬੀ.ਐੱਡ ਦੀ ਪੜ੍ਹਾਈ ਚੱਲ ਰਹੀ ਸੀ ਅਤੇ ਦੋ ਢਾਈ ਮਹੀਨੇ ਬਾਅਦ ਮੀਤ ਦੇ ਪੇਪਰ ਵੀ ਆ ਜਾਣੇ ਸਨ। ਵਿਆਹ ਦੀ ਤਿਆਰੀ ਲਈ ਵੀ ਵਕਤ ਚਾਹੀਦਾ ਸੀ। ਮੀਤ ਮਾਪਿਆਂ ਦਾ ਵੱਡਾ ਪੁੱਤਰ ਸੀ, ਸੋ ਪਹਿਲੇ ਵਿਆਹ ਦਾ ਬਹੁਤ ਜਿਆਦਾ ਚਾਅ ਹੁੰਦਾ ਹੈ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ। ਪਰ ਰੱਜੋ ਦੇ ਮਾਮੇ ਤਾਂ ਜਲਦੀ ਵਿਆਹ ਲਈ ਬਜਿਦ ਸਨ। ਉਹ ਛੇ ਮਹੀਨੇ ਰੁਕਣ ਲਈ ਤਿਆਰ ਨਹੀਂ ਸਨ ਸਗੋਂ ਰੱਜੋ ਦਾ ਨਾਨਾ ਬਿਮਾਰ ਹੋਣ ਦਾ ਬਹਾਨਾ ਲਾ ਕੇ ਵਿਆਹ ਛੇਤੀ ਕਰਨ ਲਈ ਜੋਰ ਲਾ ਰਹੇ ਸਨ। ਆਖਰ ਕਾਫੀ ਬਹਿਸ-ਮੁਬਾਹਿਸੇ ਮਗਰੋਂ ਪੰਦਰ੍ਹਾਂ ਦਿਨਾਂ ਬਾਅਦ ਹੀ ਵਿਆਹ ਬੰਨ੍ਹ ਲਿਆ ਗਿਆ। ਭਾਈ ਸਾਹਿਬ ਤੋਂ ਅਰਦਾਸ ਕਰਵਾਉਣ ਤੋਂ ਬਾਅਦ ਸ਼ਗਨ ਪਾ ਕੇ ਦੋਵਾਂ ਨੂੰ ਸਾਰਿਆਂ ਨੇ ਅਸ਼ੀਰਵਾਦ ਦਿੱਤਾ।
ਪੰਦਰ੍ਹਾਂ ਦਿਨ ਬਹੁਤੇ ਨਹੀਂ ਸਨ, ਸੋ ਲਗਾਤਾਰ ਭੱਜ ਦੌੜ ਸ਼ੁਰੂ ਹੋ ਗਈ। ਬਹੁਤਾ ਇਕੱਠ ਨਹੀਂ ਹੋ ਸਕਦਾ ਸੀ, ਇਸ ਲਈ ਨੇੜਲੇ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਹੀ ਬੁਲਾਏ ਗਏ। ਜਲਦੀ ਹੀ ਵਿਆਹ ਦਾ ਦਿਨ ਆ ਗਿਆ। ਮੀਤ ਕਦੇ ਕਾਲਜ ਜਾਂਦਾ, ਕਦੇ ਪਿੰਡ ਆਉਂਦਾ। ਘਰ ਕੜਾਹੀ ਵੀ ਨਹੀਂ ਚੜ੍ਹਾਈ ਗਈ ਸਗੋਂ ਮਠਿਆਈ ਵੀ ਮੁੱਲ ਹੀ ਲੈ ਲਈ ਗਈ। ਮੀਟ, ਸ਼ਰਾਬ ਬਾਰੇ ਮੀਤ ਨੇ ਸਖਤ ਮਨਾਹੀ ਕੀਤੀ ਹੋਈ ਸੀ ਜਿਸ ਕਰਕੇ ਕਾਫੀ ਰਿਸ਼ਤੇਦਾਰ ਨਾਰਾਜ ਵੀ ਹੋਏ। ਚੜ੍ਹੇ ਵਿਸਾਖ ਹੀ ਵਿਆਹ ਸੀ, ਉਦੋਂ ਤੱਕ ਮੌਸਮ ਵੀ ਕਾਫੀ ਗਰਮ ਹੋ ਜਾਂਦਾ ਹੈ ਪਰ ਰੱਬੋਂ ਹੀ ਇਕ ਦਿਨ ਪਹਿਲਾਂ ਵਾਹਵਾ ਸਾਰਾ ਮੀਂਹ ਪੈ ਗਿਆ ਅਤੇ ਮੌਸਮ ਠੰਡਾ ਹੋ ਗਿਆ। ਮੀਤ ਦੇ ਘਰ ਲਗਦਾ ਹੀ ਨਹੀਂ ਸੀ ਕਿ ਵਿਆਹ ਵੀ ਹੈ। ਖੈਰ ਵਿਆਹ ਵਾਲੇ ਦਿਨ ਕੁੱਲ ਪੰਦਰ੍ਹਾਂ ਕੁ ਬੰਦੇ ਬਰਾਤੀ ਸਨ।
ਡੇਢ ਕੁ ਘੰਟੇ ਦਾ ਸਫਰ ਸੀ ਅਤੇ ਗਿਆਰਾਂ ਕੁ ਵਜੇ ਉਹ ਮੀਤ ਦੇ ਸਹੁਰਿਆਂ ਦੇ ਕਸਬੇ ਵਿਚ ਪਹੁੰਚ ਗਏ। ਇਹ ਕਾਫੀ ਫੈਲਿਆ ਹੋਇਆ ਕਸਬਾ ਸੀ ਅਤੇ ਲੋਹੇ ਦੀ ਮਸ਼ੀਨਰੀ ਕਰਕੇ ਸਾਰੇ ਪਂੰਜਾਬ ਵਿਚ ਮਸ਼ਹੂਰ ਸੀ। ਰੱਜੋ ਦੇ ਮਾਮਿਆਂ ਨੇ ਬਾਹਰਲੀ ਸੜਕ ਤੇ ਹੀ ਇਕ ਮੈਰਿਜ ਪੈਲੇਸ ਵਿਚ ਸਾਰਾ ਪ੍ਰਬੰਧ ਕੀਤਾ ਹੋਇਆ ਸੀ, ਹਾਲਾਂਕਿ ਮੀਤ ਦੀ ਇੱਛਾ ਸੀ ਕਿ ਸਾਰਾ ਕਾਰਜ ਘਰ ਵਿਚ ਹੀ ਹੋਵੇ ਅਤੇ ਅਨੰਦ ਕਾਰਜ ਵੀ ਘਰੇ ਹੀ ਹੋਣ। ਖੈਰ ਹੁਣ ਉਹ ਕਰ ਵੀ ਕੀ ਸਕਦਾ ਸੀ। ਸਾਦਗੀ ਨਾਲ ਸਾਰੇ ਕਾਰ ਵਿਹਾਰ ਹੋਏ ਅਤੇ ਦੁਪਹਿਰ ਢਲਦੇ ਹੀ ਉਹ ਵਾਪਿਸ ਪਰਤ ਆਏ।
ਫੇਰ ਉਹ ਵਕਤ ਆਇਆ ਜਿਸਦੀ ਚਾਹਤ ਜਵਾਨੀ ਦੀ ਦਹਿਲੀਜ ਚੜ੍ਹਦੇ ਹਰ ਗੱਭਰੂ-ਮੁਟਿਆਰ ਦੇ ਸੀਨੇ ਵਿਚ ਮਚਲਦੀ ਹੈ। ਇਹ ਉਹਨਾਂ ਦੀ ਸ਼ਗਨਾਂ ਦੀ ਰਾਤ ਸੀ। ਇਸ ਮੌਕੇ ਨੂੰ ਲੈ ਕੇ ਮੀਤ ਦੇ ਮਨ ਵਿਚ ਬੜੀਆਂ ਰੀਝਾਂ ਸਨ। ਭਾਵੇਂ ਕਿ ਮੀਤ ਦੀ ਆਰਥਿਕ ਹਾਲਤ ਤੰਗਦਸਤੀ ਵਾਲੀ ਸੀ ਪਰ ਤਾਂ ਵੀ ਉਸਨੇ ਇਸ ਮੌਕੇ ਰੱਜੋ ਨੂੰ ਦੇਣ ਲਈ ਇਕ ਸ਼ਾਨਦਾਰ ਗੁੱਟ ਘੜੀ ਲਈ ਹੋਈ ਸੀ। ਏਨੇ ਵਰ੍ਹਿਆਂ ਤੋਂ ਮੁਹੱਬਤ ਲਈ ਤਰਸ ਰਹੇ ਕਵੀ ਮਨ ਦੀ ਜਿੰਦਗੀ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਉਸਨੇ ਇਹ ਤੋਹਫਾ ਭੇਂਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸੀ।
ਰੋਟੀ ਖਾਣ ਤੋਂ ਵਿਹਲੇ ਹੋ ਕੇ ਮੀਤ ਅਤੇ ਰੱਜੋ ਆਪਸ ਵਿਚ ਗੱਲਾਂ ਕਰਨ ਲੱਗੇ। ਪਰ ਮੀਤ ਜਿੰਨੇ ਉਤਸ਼ਾਹ ਵਿਚ ਸੀ, ਰੱਜੋ ਦਾ ਹੂੰਗਾਰਾ ਓਨਾ ਹੀ ਮੱਠਾ ਸੀ। ਉਹ ਜੋ ਵੀ ਗੱਲ ਕਰਦਾ, ਰੱਜੋ ਹਾਂ, ਹੂੰ ਕਰ ਛੱਡਦੀ। ਆਖਰ ਉਹ ਇਕੱਲਾ ਕਿੰਨਾ ਕੁ ਚਿਰ ਮੁਹੱਬਤ ਦੀ ਬਾਤ ਪਾਉਂਦਾ ਰਹਿੰਦਾ। ਫੇਰ ਉਹਨਾਂ ਦੁੱਧ ਪੀਤਾ ਅਤੇ ਮੀਤ ਨੇ ਭਰੇ ਮਨ ਨਾਲ ਉਸਦੇ ਠੰਡੇ ਵਤੀਰੇ ਦੀ ਵਜ੍ਹਾ ਪੁੱਛੀ ਤਾਂ ਰੱਜੋ ਦਾ ਇੱਕੋ ਵਾਕ ਦਾ ਜਵਾਬ ਮੀਤ ਦੇ ਸਾਲਾਂ ਤੋਂ ਪਾਲ਼ੇ ਸਾਰੇ ਕੁਆਰੇ ਚਾਵਾਂ ਨੂੰ ਲਾਂਬੂ ਲਾ ਗਿਆ:
ਮੇਰਾ ਤਾਂ ਮਨ ਅੱਕਿਆ ਪਿਆ, ਮੇਰਾ ਤਾਂ ਮਰਨ ਨੂੰ ਜੀਅ ਕਰਦਾ ਏ।
ਇਸ ਇਕ ਵਾਕ ਨੇ ਮੀਤ ਨੂੰ ਏਦਾਂ ਉਖਾੜ ਸੁੱਟਿਆ ਜਿਵੇਂ ਕੋਈ ਤੇਜ ਝੱਖੜ ਹਨੇਰੀ ਮਾਸੂਮ ਰੁੱਖ ਨੂੰ ਜੜੋਂ ਉਖਾੜ ਸੁੱਟਦੀ ਹੈ। ਅੱਜ ਮੀਤ ਨੂੰ ਕਿਤੋਂ ਪੜ੍ਹੀ ਹੋਈ ਹੋਈ ਇਹ ਗੱਲ ਬਹੁਤ ਯਾਦ ਆ ਰਹੀ ਸੀ ਕਿ ਵਿਆਹ ਕਰਵਾਉਣ ਤੋਂ ਬਾਅਦ ਆਦਮੀ ਨਰਕ ਤੋਂ ਡਰਨਾ ਛੱਡ ਦਿੰਦਾ ਹੈ।
ਵੇਰਵਾ-
ਕੰਵਰਜੀਤ ਸਿੰਘ ਸਿੱਧੂ
ਮੋਬਾ. 8968708283
ਪਿੰਡ-ਸੰਗੂਧੌਣ, ਜਿ਼ਲ੍ਹਾ-ਸ੍ਰੀ ਮੁਕਤਸਸਰ ਸਾਹਿਬ

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346