Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ਪੰਜਾਬ ਦੀ ਇਤਿਹਾਸਕ ਗਾਥਾ

 

- ਡਾ ਸੁਭਾਸ਼ ਪਰਿਹਾਰ

ਨਾਵਲ / ਝੱਖੜ ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 

Online Punjabi Magazine Seerat


ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨਾਂ
- ਕਰਮ ਸਿੰਘ ਹਿਸਟੋਰੀਅਮਨ
 

 

(ਸ ਕਰਮ ਸਿੰਘ ਹਿਸਟੋਰੀਅਨ ਦਾ ਦਾ ਇਹਨਾਂ ਆਸ਼ਕਾਂ ਬਾਰੇ ਆਮ ਰਵਾਇਤ ਤੋਂ ਹਟ ਕੇ ਵੱਖਰਾ ਨਜ਼ਰੀਆ ਹੈ। ਪਾਠਕਾਂ ਦੀ ਦਿਲਚਸਪੀ ਲਈ ਉਹਨਾਂ ਦੀ ਇਕ ਪੁਰਾਣੀ ਲਿਖਤ ਪੇਸ਼ ਹੈ-ਅਦਾਰਾ ਸੀਰਤ)
ਮਿਰਜ਼ਾ ਸਾਹਿਬਾਂ-1
ਸਾਡਾ ਇਹ ਸੁਭਾਵ ਹੈ ਕਿ ਅਸੀਂ ਬੁਰਾਈ ਵੱਲ ਛੇਤੀ ਝੁਕ ਪੈਂਦੇ ਹਾਂ ਤੇ ਚੰਗਿਆਈ ਸਾਨੂੰ ਅਲੂਣੀ ਸਿਲ ਜਾਪਦੀ ਹੈ। ਸੰਸਾਰ ਵਿੱਚ ਚੰਗੇ ਮੁੰਡੇ ਕੁੜੀਆਂ ਵੀ ਹੋਏ ਹਨ, ਪਰ ਲੋਕਾਂ ਨੇ ਉਹਨਾਂ ਦੇ ਨਾਮ ਯਾਦ ਨਹੀਂ ਰੱਖੇ। ਜਿਹੜੇ ਗੰਦੇ ਕੁੜੀਆਂ ਮੁੰਡੇ ਹੋਏ ਹਨ, ਉਹ ਲੋਕਾਂ ਨੂੰ ਅੱਜ ਤੀਕ ਯਾਦ ਹਨ ਅਤੇ ਕਵੀਆਂ ਨੇ ਲੋਕਾਂ ਦੀ ਇਸ ਮੰਦ-ਵਾਸ਼ਨਾ ਨੂੰ ਪੂਰਾ ਕਰਨ ਲਈ ਗੰਦਿਆਂ ਦੀਆਂ ਮੰਦਿਆਈਆਂ ਉੱਤੇ ਐਸੀ ਪੋਚਾ-ਪਾਚੀ ਕੀਤੀ ਹੈ ਕਿ ਉਹਨਾਂ ਨੂੰ ਪ੍ਰੇਮ ਦੇ ਪੁਤਲੇ ਬਣਾ ਕੇ ਉਹਨਾਂ ਨੂੰ ਪੂਜਣ ਦੀ ਥਾਂ ਬਣਾ ਦਿੱਤੀ ਹੈ।
ਸਿੱਧੀ ਮੋਟੀ ਬੋਲੀ ਵਿੱਚ ਹੀਰ ਤੇ ਰਾਂਝਾ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ, ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ, ਜਿਹਨਾਂ ਆਪਣੇ ਮਾਪਿਆਂ ਤੇ ਕੌਮ ਦੀ ਇੱਜ਼ਤ ਦਾ ਖ਼ਿਆਲ ਨਾ ਕਰਕੇ ਉਹ ਕੰਮ ਕੀਤੇ ਜਿਹਨਾਂ ਨੂੰ ਲੋਕੀਂ ਚੰਗਾ ਨਹੀਂ ਸਮਝਦੇ ਸਨ, ਪਰ ਹੌਲੀ-ਹੌਲੀ ਲੋਕਾਂ ਨੇ ਉਹਨਾਂ ਦੇ ਔਗੁਣਾਂ ਨੂੰ ਗੁਣ ਬਣਾ ਦਿੱਤਾ ਤੇ ਇਹਨਾਂ ਮੁੰਡੇ ਕੁੜੀਆਂ ਨੂੰ ਪ੍ਰੇਮ ਦੇ ਆਦਰਸ਼ ਸਮਝਣ ਲੱਗ ਪਏ। ਪ੍ਰੇਮ ਆਪਣਿਆਂ ਨਾਲ ਹੁੰਦਾ ਹੈ, ਬਿਗਾਨਿਆਂ ਨਾਲ ਪ੍ਰੇਮ ਦੇ ਕੀ ਅਰਥ?
ਇਸ ਸੰਸਾਰ ਵਿੱਚ ਐਸੀਆਂ ਗੱਲਾਂ ਰੋਜ਼ ਹੁੰਦੀਆਂ ਹਨ ਪਰ ਜੋ ਗੱਲ ਲੋਕਾਂ ਦੇ ਮੂੰਹ ਚੜ੍ਹ ਗਈ ਤੇ ਕਵੀਆਂ ਦੇ ਕਾਬੂ ਆ ਗਈ, ਉਹ ਅਸਲੋਂ ਬੇ-ਅਸਲ ਹੋ ਕੇ ਕੁਝ ਦੀ ਕੁਝ ਹੋ ਜਾਂਦੀ ਹੈ। ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਦੀਆਂ ਗੱਲਾਂ ਅਜੇ ਕੱਲ੍ਹ ਦੀਆਂ ਗੱਲਾਂ ਹਨ। ਇਹਨਾਂ ਨੂੰ ਹੋਇਆਂ ਅਜੇ ਦੋ ਸੌ ਸਾਲ ਵੀ ਨਹੀਂ ਹੋਏ, ਪਰ ਲੋਕਾਂ ਨੇ ਖੰਭਾਂ ਦੀਆਂ ਡਾਰਾਂ ਬਣਾ ਦਿੱਤੀਆਂ ਹਨ।
ਗੁਜਰਾਤ ਦੇ ਵਸਨੀਕ ਗਣੇਸ਼ ਦਾਸ ਜੀ ਹੋਏ ਹਨ ਜਿਨ੍ਹਾਂ ਨੇ ਚਹਾਰ ਬਾਗ ਪੰਜਾਬ ਨਾਮੇ ਇਕ ਤਵਾਰੀਖ ਲਿਖ਼ੀ ਸੀ। ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਤੋਂ ਕੇਵਲ ਸੱਤਰ ਅੱਸੀ ਸਾਲ ਪਿੱਛੋਂ ਹੀ ਗਣੇਸ਼ ਦਾਸ ਜੀ ਹੋਏ ਹਨ। ਭਾਵੇਂ ਇਹਨਾਂ ਦੇ ਸਮੇਂ ਵੀ ਲੋਕਾਂ ਨੇ ਅਸਲ ਗੱਲ ਨੂੰ ਵਧਾ ਘਟਾ ਛੱਡਿਆ ਸੀ ਪਰ ਤਦ ਵੀ ਇਹਨਾਂ ਦੀ ਲਿਖਤ ਬਹੁਤ ਕੁਝ ਸੱਚ ਦੇ ਲਾਗੇ ਚਾਗੇ ਹੈ। ਮੈਂ ਇਹਨਾਂ ਦੇ ਆਧਾਰ ਤੇ ਹੀ ਸੰਖੇਪ ਜਿਹੇ ਹਾਲ ਲਿਖਦਾਂ ਹਾਂ:
ਸੋਹਣੀ ਮਹੀਂਵਾਲ ਦੀ ਘਟਨਾ ਸੰਮਤ 1789 (1732 ਈਸਵੀਂ) ਵਿੱਚ ਹੋਈ ਹੈ ਜਿਸ ਸਾਲ ਕਿ ਭਾਈ ਤਾਰਾ ਸਿੰਘ ਜੀ ਵਾਂਈਏ ਸ਼ਹੀਦ ਹੋਏ ਹਨ। ਇਸ ਤੋਂ ਕੁਝ ਸਾਲ ਮਗਰੋਂ ਮਿਰਜ਼ਾ ਸਾਹਿਬਾਂ ਦੀ ਘਟਨਾ ਹੋਈ ਹੈ। ਇਹ ਉਹ ਸਮਾਂ ਸੀ, ਜਦ ਕਿ ਦਿੱਲੀ ਦੇ ਤਖ਼ਤ ਉੱਤੇ ਮੁਹੰਮਦ ਸ਼ਾਹ ਸੀ ਅਤੇ ਲਾਹੌਰ ਦਾ ਸੂਬਾ ਖ਼ਾਨ ਬਹਾਦਰ ਸੀ ਜੋ ਸਿੱਖਾਂ ਨੂੰ ਥਾਂ-ਥਾਂ ਮਾਰਦਾ ਤੇ ਕਤਲ ਕਰੀ ਜਾਂਦਾ ਸੀ ਅਤੇ ਸਿੱਖ ਪੰਜਾਬ ਨੂੰ ਛੱਡ ਕੇ ਪ੍ਰਦੇਸਾਂ ਵਿੱਚ ਦਿਨ ਬਤੀਤ ਕਰ ਰਹੇ ਸਨ।
ਸਿਆਲ ਤੇ ਖਰਲ ਦੋ ਪ੍ਰਸਿੱਧ ਗੋਤਾਂ ਹਨ, ਜੋ ਮੁਗਲਾਂ ਦੇ ਸਮੇਂ ਸੁਤੰਤਰ ਜੀਵਨ ਬਤੀਤ ਕਰਦੇ ਅਤੇ ਆਪਣੇ ਕਬੀਲਿਆਂ ਨਾਲ ਖੁੱਲ੍ਹ ਖੁਲਾਸੇ ਰਿਹਾ ਕਰਦੇ ਸਨ। ਇਹਨਾਂ ਦੀ ਰਹਿਤ-ਬਹਿਤ ਅੱਜ ਤੀਕ ਖੁਲਾਸੀ ਹੈ। ਸ਼ਾਦੀਆਂ ਵੱਡੀਆਂ ਉਮਰਾਂ ਵਿੱਚ ਹੁੰਦੀਆਂ ਸਨ ਅਤੇ ਅਠਾਰ੍ਹਾਂ-ਵੀਹ ਵਰ੍ਹੇ ਦੇ ਕੁਆਰੇ ਮੁੰਡੇ ਕੁੜੀਆਂ ਇੱਕਠੇ ਖੇਡਦੇ-ਮੱਲਦੇ ਤੇ ਖੁੱਲ੍ਹੇ-ਖੁਲਾਸੇ ਰਿਹਾ ਕਰਦੇ ਸਨ।
ਖੀਵੇ ਸਿਆਲ ਨੇ ਇੱਕ ਪਿੰਡ ਵਸਾਇਆ ਸੀ ਜੋ ਹੌਲੀ-ਹੌਲੀ ਚੰਗਾ ਤਕੜਾ ਪਿੰਡ ਹੋ ਗਿਆ। ਇਸ ਨੂੰ ਲੋਕੀਂ ਸਿਆਲਾਂ ਦਾ ਖੀਵਾ ਆਖਦੇ ਹਨ। ਸਮੇਂ ਦੇ ਰਿਵਾਜ ਅਨੁਸਾਰ ਇਥੇ ਇਕ ਮਸੀਤ ਵੀ ਸੀ, ਜਿਸ ਵਿੱਚ ਪਿੰਡ ਦੇ ਮੁੰਡੇ ਕੁੜੀਆਂ ਇੱਕਠੇ ਪੜ੍ਹਿਆ ਕਰਦੇ ਸਨ। ਇਸ ਖੀਵੇ ਦੇ ਦੋ ਪੁੱਤਰ, ਖਾਨ ਸੁਮੀਰ ਅਤੇ ਖਾਨ ਅਮੀਰ ਸਨ ਅਤੇ ਬੀਬੀ ਸੀ ਜਿਸ ਦਾ ਨਾਮ ਸਾਹਿਬਾਂ ਸੀ। ਸਮੇਂ ਦੇ ਰਿਵਾਜ ਅਨੁਸਾਰ ਇਹ ਸਾਹਿਬਾਂ ਵੀ ਆਪਣੇ ਪਿੰਡ ਦੀ ਮਸੀਤ ਵਿੱਚ ਪੜ੍ਹਨ ਜਾਇਆ ਕਰਦੀ ਸੀ।
ਰਾਵੀ ਦਰਿਆ ਦੇ ਕੰਢੇ ਫਰੀਦਾਬਾਦ ਇਕ ਪ੍ਰਸਿੱਧ ਕਸਬਾ ਹੈ। ਇਹ ਪੁਰਾਣੀ ਬਸਤੀ ਹੈ। ਜਿਸ ਸਮੇਂ ਪਹਿਲਾਂ ਪਹਿਲ ਬੰਦਾ ਬਹਾਦਰ ਦੜਕਿਆ ਅਤੇ ਖ਼ਾਲਸੇ ਨੇ ਵਜ਼ੀਰ ਖਾਂ ਨੂੰ ਮਾਰ ਕੇ ਸਰਹੰਦ ਨੂੰ ਸੋਧਿਆ ਤੇ ਸਾਹਿਬਜ਼ਾਦਿਆਂ ਦੇ ਬਦਲੇ ਲਏ, ਉਸ ਸਮੇਂ ਲਾਹੌਰ ਦਾ ਹਾਕਮ ਅਸਲਮ ਖਾਂ ਸੀ ਅਤੇ ਫਰੀਦਾਬਾਦ ਦਾ ਚੌਧਰੀ ਨਜੀਬ ਖਾਂ ਖਰਲ ਇਸ ਪਾਸ ਨੌਕਰ ਸੀ। ਪਹਿਲਾਂ ਤਾਂ ਅਸਲਮ ਖਾਂ ਡਰ ਦਾ ਮਾਰਿਆ ਲਾਹੌਰ ਦੜ ਵੱਟੀ ਪਿਆ ਰਿਹਾ ਪਰ ਜਦ ਬਹਾਦਰ ਸ਼ਾਹ ਪਾਤਸ਼ਾਹ ਫੌਜਾਂ ਲੈ ਕੇ ਪੰਜਾਬ ਵੱਧ ਵਧਿਆ ਤਾਂ ਲਾਹੌਰ ਦੇ ਮੁਸਲਮਾਨਾਂ ਨੂੰ ਵੀ ਸੁਰਤ ਆ ਗਈ ਅਤੇ ਉਹਨਾਂ ਨੇ ਖ਼ਾਲਸੇ ਨਾਲ ਲੜਾਈ ਕਰਨ ਲਈ ਹੈਦਰੀ ਝੰਡਾ ਕੱਢਿਆ। ਉਸ ਸਮੇਂ ਅਸਲਮ ਖਾਂ ਨੇ ਪੰਜ ਸੌ ਪਿਆਦਾ ਦੇ ਕੇ ਇਸੇ ਨਜੀਬ ਖਾਂ ਖਰਲ ਨੂੰ ਗਾਜ਼ੀਆਂ ਨਾਲ ਤੋਰਿਆ ਸੀ।
ਇਸ ਸਮੇਂ ਤੋਂ ਦੋ ਚਾਰ ਸਾਲ ਮਗਰੋਂ ਨਜੀਬ ਖਾਂ ਦੇ ਘਰ ਪੁੱਤਰ ਹੋਇਆ, ਜਿਸ ਦਾ ਨਾਮ ਮਿਰਜ਼ਾ ਰੱਖਿਆ ਗਿਆ। ਜਦ ਇਹ ਕੁਝ ਵੱਡਾ ਹੋਇਆ ਤਾਂ ਇਸ ਦੀ ਮਾਸੀ ਇਸ ਨੂੰ ਪੜ੍ਹਾਉਣ ਲਈ ਆਪਣੇ ਪਿੰਡ ਖੀਵੇ (ਸਿਆਲਾਂ ਦੇ) ਲੈ ਗਈ। ਇਹ ਉਸੇ ਮਸੀਤ ਵਿੱਚ ਪੜ੍ਹਨ ਲੱਗ ਗਿਆ ਜਿਥੇ ਪਿੰਡ ਦੇ ਚੌਧਰੀ ਦੀ ਬੀਬੀ ਸਾਹਿਬਾਂ ਪੜ੍ਹਿਆ ਕਰਦੀ ਸੀ।
ਦੋਵੇਂ ਹੀ ਹੁੰਦਲ-ਹੇੜ ਤੇ ਸੋਹਣੇ ਸਨ। ਇੱਕਠੇ ਪੜ੍ਹਦੇ, ਇੱਕਠੇ ਹੀ ਖੇਡਦੇ। ਸਮਾਂ ਹੀ ਐਸਾ ਸੀ, ਪੁੰਨ-ਪਾਪ ਦਾ ਕੋਈ ਖ਼ਿਆਲ ਨਹੀਂ ਸੀ, ਦੋਹਾਂ ਵਿੱਚ ਪਿਆਰ ਸੀ ਅਤੇ ਦੋਵੇਂ ਇਕ ਦੂਜੇ ਦੇ ਘਰ ਆਉਂਦੇ ਜਾਂਦੇ ਸਨ।
ਜਦ ਮਿਰਜ਼ਾ ਕੁਝ ਵੱਡਾ ਹੋ ਗਿਆ ਤਾਂ ਇਸ ਦੇ ਮਾਪਿਆਂ ਨੇ ਇਸ ਨੂੰ ਫਰੀਦਾਬਾਦ ਸਦਵਾ ਲਿਆ। ਹੌਲੀ ਹੌਲੀ ਇਹ ਜਵਾਨ ਹੋ ਗਿਆ ਅਤੇ ਸਮੇਂ ਦੇ ਰਿਵਾਜ ਅਨੁਸਾਰ ਘੋੜੇ ਦੀ ਸਵਾਰੀ ਤੇ ਤੀਰ ਚਲਾਉਣ ਦਾ ਹੁਨਰ ਚੰਗੀ ਤਰ੍ਹਾਂ ਸਿੱਖ ਗਿਆ। ਉਹ ਸਮੇਂ ਮਾਰਾਂ-ਧਾੜਾਂ ਦੇ ਸਨ ਅਤੇ ਹਰ ਇਕ ਗੱਭਰੂ ਸਵਾਰੀ ਤੇ ਤੀਰ ਚਲਾਉਣ ਦਾ ਚੰਗਾ ਜਾਣੂ ਹੋਇਆ ਕਰਦਾ ਸੀ। ਭਾਵੇਂ ਮੁਗਲਾਂ ਦੀਆਂ ਫੌਜਾਂ ਵਿੱਚ ਤੋੜੇਦਾਰ ਬੰਦੂਕਾਂ ਦਾ ਰਿਵਾਜ ਸੀ, ਪਰ ਪਿੰਡਾਂ ਵਿੱਚ ਬੰਦੂਕ ਨੂੰ ਕੋਈ ਨਹੀਂ ਜਾਣਦਾ ਸੀ। ਇਹਨਾਂ ਦਾ ਵੱਡਾ ਹਥਿਆਰ ਤੀਰ ਕਮਾਨ ਸੀ ਅਤੇ ਇਸ ਤੋਂ ਉਪਰ ਸਨ ਸੇਲਾ, ਭਾਲਾ ਅਤੇ ਤਲਵਾਰ।
ਹੁਣ ਮਿਰਜ਼ਾ ਭਰਵਾਂ ਜਵਾਨ ਸੀ। ਇਕ ਦਿਨ ਮੰਗਤਾ ਜੋ ਪਿੰਡੋ ਪਿੰਡ ਮੰਗਦਾ ਫਿਰਦਾ ਸੀ, ਫਰੀਦਾਬਾਦ ਪੁੱਜਾ। ਇਹ ਆਪਣੇ ਆਪ ਨੂੰ ਪੀਰ ਅਖਵਾਉਂਦਾ ਸੀ। ਸਮੇਂ ਦੇ ਰਿਵਾਜ਼ ਅਨੁਸਾਰ ਪਿੰਡ ਦੇ ਆਦਮੀ ਤਕੀਏ ਵਿੱਚ ਇੱਕਠੇ ਹੋਏ ਅਤੇ ਇਸ ਨਵੇਂ ਆਏ ਸੈਲਾਨੀ ਦੀਆਂ ਗੱਲਾਂ ਸੁਣਨ ਲੱਗੇ। ਇਸ ਨੇ ਸਾਹਿਬਾਂ ਦੀ ਜੁਆਨੀ ਤੇ ਹੁਸਨ ਦੀ ਬੜੀ ਉਪਮਾ ਕੀਤੀ ਅਤੇ ਮੰਗਦਾ ਖਾਂਦਾ ਅੱਗੇ ਨੂੰ ਚਲਿਆ ਗਿਆ।
ਮਿਰਜ਼ੇ ਨੂੰ ਆਪਣੀ ਬਾਲੀ ਉਮਰ ਦੀਆਂ ਗੱਲਾਂ ਚੇਤੇ ਆ ਗਈਆਂ। ਉਹ ਆਪਣੀ ਘੋੜੀ ਉੇੱਤੇ ਸਵਾਰ ਹੋਇਆ ਅਤੇ ਰਵਾਂ ਰਵੀਂ ਪਿੰਡ ਆਪਣੀ ਮਾਸੀ ਪਾਸ ਚਲਿਆ ਗਿਆ। ਮਾਸੀ ਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸੀ ਜਿਸ ਨੇ ਸਾਰੀਆਂ ਗੱਲਾਂ ਸਾਹਿਬਾਂ ਦੇ ਕੰਨੀਂ ਪਾਈਆਂ। ਉਸ ਨੂੰ ਵੀ ਆਪਣੀ ਛੋਟੀ ਉਮਰ ਦੀਆਂ ਗੱਲਾਂ ਚੇਤੇ ਆ ਗਈਆਂ ਤੇ ਮਿਰਜ਼ੇ ਨੂੰ ਵੇਖ ਕੇ ਉਹ ਵੀ ਪਿਆਰ ਕਰਨ ਲੱਗ ਗਈ।
ਭਾਵੇਂ ਕੋਈ ਪੜਦਾ ਤਾਂ ਨਹੀਂ ਸੀ, ਪਰ ਤਦ ਵੀ ਇਕ ਜਵਾਨ ਕੁੜੀ ਦਾ ਇਕ ਓਪਰੇ ਜਵਾਨ ਮੁੰਡੇ ਨੂੰ ਹਨੇਰੇ ਸਵੇਰੇ ਇਕਾਂਤ ਵਿੱਚ ਮਿਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਕ ਦਿਨ ਮਿਰਜ਼ੇ ਦੀ ਮਾਸੀ ਨੇ ਸਾਹਿਬਾਂ ਦੀ ਮਾਂ ਨੂੰ ਜਾ ਕੇ ਆਖਿਆ ਕਿ ਕੁੜੀ ਬੀਮਾਰ ਜੇਹੀ ਰਹਿੰਦੀ ਹੈ, ਜੇਕਰ ਤੂੰ ਇਸ ਨੂੰ ਮੇਰੇ ਸਪੁਰਦ ਕਰ ਦੇਵੇਂ ਤਾਂ ਮੈਂ ਇਸ ਦਾ ਦਵਾ-ਦਾਰੂ ਕਰਾਂ, ਜ਼ਰੂਰ ਰਾਜ਼ੀ ਹੋ ਜਾਊ। ਸਾਹਿਬਾਂ ਦੀ ਮਾਂ ਨੇ ਕਹਿਆ:-ਕੀ ਡਰ ਹੈ, ਇਹ ਵੀ ਤੁਹਾਡੀ ਹੀ ਧੀ ਹੈ। ਆਪਣੇ ਘਰ ਲੈ ਜਾਓ ਤੇ ਦਵਾ-ਦਾਰੂ ਕਰੋ।
ਇਸ ਤਰ੍ਹਾਂ ਮਿਰਜ਼ਾ ਤੇ ਸਾਹਿਬਾਂ ਇੱਕਠੇ ਹੋ ਗਏ ਅਤੇ ਆਪੋ ਵਿੱਚ ਇਹਨਾਂ ਦਾ ਪਿਆਰ ਵਧ ਗਿਆ ਪਰ ਮਾਲੂਮ ਹੁੰਦਾ ਹੈ ਕਿ ਮਿਰਜ਼ਾ ਹੁਣ ਆਪਣੀ ਮਾਸੀ ਦੇ ਘਰ ਚੋਰਾਂ ਵਾਂਗ ਲੁਕ ਕੇ ਰਹਿੰਦਾ ਸੀ, ਨਸ਼ੰਗ ਹੋ ਕੇ ਨਹੀਂ ਰਹਿੰਦਾ ਸੀ।
ਇਕ ਦਿਨ ਸਾਹਿਬਾਂ ਦੇ ਕਿਸੇ ਨਜ਼ਦੀਕੀ ਨੇ ਇਹਨਾਂ ਦੋਹਾਂ ਨੂੰ ਪਿਆਰ ਕਰਦੇ ਵੇਖ ਲਿਆ। ਉਸ ਨੇ ਮਿਰਜ਼ੇ ਦੀ ਮਾਸੀ ਨੂੰ ਬਹੁਤ ਬੁਰਾ ਭਲਾ ਕਹਿਆ ਅਤੇ ਸਾਹਿਬਾਂ ਨੂੰ ਫੜ ਕੇ ਉਸ ਦੀ ਮਾਂ ਪਾਸ ਲੈ ਗਿਆ।
ਸਾਹਿਬਾਂ ਖੇਖਨ-ਹੱਥੀ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਇਸ ਸ਼ਰੀਕ ਨੇ ਮੈਨੂੰ ਝੂਠੀ ਊਜ ਲਾਈ ਹੈ, ਭਲਾ ਮੈਂ ਕਿਥੇ ਤੇ ਮਿਰਜ਼ਾ ਕਿਥੇ? ਭਾਲ ਕੀਤੀ ਤਾਂ ਮਿਰਜ਼ੇ ਦਾ ਕੁਝ ਥਹੁ ਨਾ ਲੱਗਾ, ਕਿਉਂ ਜੁ ਮਿਰਜ਼ਾ ਡਰਦਾ ਮਾਰਾ ਉਦੋਂ ਹੀ ਫਰੀਦਾਬਾਦ ਨੂੰ ਨੱਸ ਗਿਆ ਸੀ।
ਮਾਪਿਆਂ ਨੇ ਸੋਚਿਆ ਕਿ ਸਾਹਿਬਾਂ ਜਵਾਨ ਹੈ। ਇਸ ਦਾ ਕਿਤੇ ਨਿਕਾਹ ਕਰ ਦੇਣਾ ਚਾਹੀਦਾ ਹੈ। ਤਾਹਰ ਖਾਂ ਇੱਕ ਸਰਦਾਰ ਸੀ,ਇਸ ਦੀ ਮੰਗਣੀ ਕੀਤੀ ਗਈ ਤੇ ਨਿਕਾਹ ਦਾ ਦਿਨ ਵੀ ਮਿਥ ਦਿੱਤਾ। ਸਾਹਿਬਾਂ ਨੇ ਮਿਰਜ਼ੇ ਪਾਸ ਸੁਨੇਹਾਂ ਘਲਵਾਇਆ ਕਿ ਫਲਾਣੇ ਦਿਨ ਮੇਰਾ ਨਿਕਾਹ ਹੈ, ਜੇ ਹੋ ਸਕਦਾ ਹੈ ਤਾਂ ਮੈਨੂੰ ਆ ਕੇ ਲੈ ਜਾਵੇ।
ਮਿਰਜ਼ਾ ਫਰੀਦਾਬਾਦੋਂ ਤੁਰਿਆ ਤੇ ਖੀਵੇ ਆ ਕੇ ਜਨੇਤੀਆਂ ਨਾਲ ਰਲ ਗਿਆ। ਥਾਂ ਥਾਂ ਦੇ ਆਦਮੀ, ਕਿਸੇ ਨੂੰ ਕੀ ਪਤਾ ਕਿ ਕੌਣ ਕਿਥੋਂ ਦਾ ਹੈ? ਮਿਰਜ਼ੇ ਨੇ ਸਾਹਿਬਾਂ ਪਾਸ ਸੁਨੇਹਾ ਭਿਜਵਾ ਦਿੱਤਾ ਕਿ ਉਹ ਲੈਣ ਆ ਗਿਆ ਹੈ। ਬੇਸ਼ਰਮ ਸਾਹਿਬਾਂ ਘਰੋਂ ਨਿਕਲੀ ਅਤੇ ਮਿਰਜ਼ੇ ਨੂੰ ਆ ਮਿਲੀ। ਪਿੰਡ ਵਿੱਚ ਤਾਂ ਚੁਤਰਫੀਂ ਜਨੇਤ ਦਾ ਰਾਮ-ਰੌਲਾ ਪਿਆ ਹੋਇਆ ਸੀ, ਮਿਰਜ਼ੇ ਨੇ ਸਾਹਿਬਾਂ ਨੂੰ ਆਪਣੇ ਪਿੱਛੇ ਘੋੜੇ ਉੱਤੇ ਸੁੱਟਿਆ ਅਤੇ ਫਰੀਦਾਬਾਦ ਨੂੰ ਵਗ ਤੁਰਿਆ। ਜਦ ਸਿਆਲਾਂ ਦੀ ਹੱਦ ਟੱਪ ਕੇ ਖਰਲਾਂ ਦੀ ਹੱਦ ਅੰਦਰ ਅੱਪੜ ਪਿਆ ਤਾਂ ਬੇ-ਫ਼ਿਕਰ ਹੋ ਕੇ ਖੜੋ ਗਿਆ ਅਤੇ ਚਾਹਿਆ ਕਿ ਥੋਹੜੀ ਜਿਹੀ ਅੱਖ ਲਾ ਕੇ ਫੇਰ ਪਿੰਡ ਨੂੰ ਤੁਰਾਂਗੇ।
ਹੁਣ ਖੀਵੇ ਵੱਲ ਦੀ ਸੁਣੋ। ਜਦ ਨਿਕਾਹ ਦਾ ਸਮਾਂ ਆਇਆ ਤਾਂ ਸਾਹਿਬਾਂ ਦਾ ਕਿਤੇ ਪਤਾ ਨਹੀਂ ਸੀ। ਭਰਾ ਸਮਝ ਗਏ ਕਿ ਇਹ ਮਿਰਜ਼ੇ ਦਾ ਕਾਰਾ ਹੈ। ਸਾਹਿਬਾਂ ਦੇ ਦੋਵੇ ਭਰਾ ਤੇ ਹੋਰ ਰਿਸ਼ਤੇਦਾਰ ਘੋੜੀਆਂ ਪੀੜ ਕੇ ਪਿੱਛੇ ਨੱਠੇ ਅਤੇ ਚਾਹਿਆ ਕਿ ਮਿਰਜ਼ੇ ਨੂੰ ਪਿੰਡ ਪੁੱਜਣ ਤੋਂ ਪਹਿਲਾਂ ਹੀ ਫੜ ਲਈਏ।
ਮਿਰਜ਼ਾ ਤਾਂ ਉਨੀਂਦੇ ਦਾ ਮਾਰਿਆ ਸੁੱਤਾ ਪਿਆ ਸੀ ਅਤੇ ਸਾਹਿਬਾਂ ਉਸ ਦੇ ਪਾਸ ਰਾਖੀ ਲਈ ਜਾਗਦੀ ਬੈਠੀ ਸੀ। ਇਸ ਨੇ ਮਿਰਜ਼ੇ ਦਾ ਤੀਰਾਂ ਦਾ ਭੱਥਾ ਤੇ ਉਸ ਦੀ ਕਮਾਨ ਰੁੱਖ ਨਾਲ ਲਟਕਾ ਦਿੱਤੇ ਸਨ, ਜਿਸ ਹੇਠ ਮਿਰਜ਼ਾ ਸੁੱਤਾ ਹੋਇਆ ਸੀ। ਜਦ ਸਾਹਿਬਾਂ ਨੇ ਦੂਰੋਂ ਘੋੜਿਆਂ ਦੇ ਹਿਣਕਣ ਤੇ ਟਾਪਾਂ ਨੂੰ ਸੁਣਿਆਂ ਤਾਂ ਮਿਰਜ਼ੇ ਨੂੰ ਜਗਾਇਆ। ਕਾਇਰ ਛੇਤੀ ਨਾਲ ਘੋੜੇ ਉੱਤੇ ਸਵਾਰ ਹੋਇਆ ਤੇ ਸਾਹਿਬਾਂ ਨੂੰ ਆਪਣੇ ਪਿੱਛੇ ਸੁੱਟ ਕੇ ਨੱਠਾ, ਪਰ ਅਫੜਾ-ਤਫੜੀ ਵਿੱਚ ਆਪਣੇ ਤੀਰ ਦਾ ਭੱਥਾ ਤੇ ਕਮਾਨ ਲਾਹੁਣੀ ਭੁੱਲ ਗਿਆ। ਵੈਰੀ ਮਗਰੇ ਮਗਰ ਖੋਜ ਨੱਪੀ ਆ ਰਹੇ ਸਨ। ਉਹ ਸਮਝ ਗਏ ਕਿ ਮਿਰਜ਼ਾ ਹੁਣੇ ਹੀ ਇਥੋਂ ਨੱਸਿਆ ਹੈ। ਉਹ ਰਤਾ ਤਿੱਖੇ ਹੋਏ ਤੇ ਮਿਰਜ਼ੇ ਨੂੰ ਜਾ ਮਿਲੇ। ਮਿਰਜ਼ੇ ਨੇ ਹਿਰਖ ਕੀਤਾ ਕਿ ਉਸ ਦੇ ਤੀਰ ਕਮਾਨ ਉਸ ਪਾਸ ਨਹੀਂ ਹਨ। ਲਾਚਾਰ ਤਲਵਾਰ ਧੂਹ ਕੇ ਲੜਿਆ ਪਰ ਵੈਰੀਆਂ ਹੱਥੋਂ ਮਾਰਿਆ ਗਿਆ।
ਗਿਰਦ-ਨਵਾਹੀ ਦੇ ਮੁਸਲਮਾਨਾਂ ਨੇ ਮਿਰਜ਼ੇ ਦੀ ਲੋਥ ਨੂੰ ਉਥੇ ਹੀ ਦੱਬ ਦਿੱਤਾ। ਜਿਥੇ ਫਰੀਦਾਬਾਦ ਦੇ ਰਾਹ ਉੱਤੇ ਉਸ ਦੀ ਕਬਰ ਜ਼ਿਆਰਤ ਦੀ ਥਾਂ ਬਣ ਗਈ। ਗਣੇਸ਼ ਦਾਸ ਲਿਖਦਾ ਹੈ ਕਿ ਖੀਵਾ ਪਿੰਡ ਕਦੇ ਦਾ ਉੱਜੜ ਚੁੱਕਾ ਹੈ ਅਤੇ ਜਿਸ ਮਸੀਤ ਵਿੱਚ ਮਿਰਜ਼ਾ ਤੇ ਸਾਹਿਬਾਂ ਪੜ੍ਹਿਆ ਕਰਦੇ ਸਨ, ਉਸ ਦੀ ਕੰਧ ਅਜੇ ਤੀਕ ਖੜ੍ਹੀ ਹੈ।
ਮੇਰੀ ਜਾਚੇ ਇਹ ਘਟਨਾ ਉਸ ਸਮੇਂ ਦੇ ਏੜ ਗੇੜ ਹੋਈ ਹੈ ਜਦ ਕਿ ਨਾਦਰ ਸ਼ਾਹ ਇਸ ਦੇਸ਼ ਵਿੱਚ ਆਇਆ ਸੀ। ਇਸ ਗੱਲ ਤੋਂ ਸਿਆਲਾਂ ਤੇ ਖਰਲਾਂ ਦਾ ਆਪੋ ਵਿੱਚ ਇਤਨਾ ਵੈਰ ਵਧ ਗਿਆ ਕਿ ਹੁਣ ਤੀਕ ਉਨ੍ਹਾਂ ਦੇ ਮਨ ਆਪੋ ਵਿੱਚ ਸਾਫ਼ ਨਹੀਂ ਹੋਏ ਪਰ ਲੋਕੀਂ ਮਿਰਜ਼ੇ ਨੂੰ ਸੂਰਮਾ ਕਹਿੰਦੇ ਹਨ ਤੇ ਉਸ ਦੀ ਬਹਾਦਰੀ ਦੇ ਦਿਨੇ ਰਾਤ ਗੀਤ ਗਾਉਂਦੇ ਹਨ। ਜੇ ਸੱਚ ਮੁਚ ਮਿਰਜ਼ਾ ਸੂਰਮਾ ਹੁੰਦਾ ਤਾਂ ਐਸਾ ਨੀਚ ਕੰਮ ਕਦੇ ਨਾ ਕਰਦਾ ਅਤੇ ਜੇ ਕਾਇਰ ਨਾ ਹੁੰਦਾ ਤਾਂ ਉਸੇ ਰੁੱਖ ਹੇਠ ਖਲੋ ਕੇ ਲੜਦਾ, ਜਿਸ ਹੇਠ ਸੁੱਤਾ ਸੀ। ਵੈਰੀ ਨੂੰ ਨੇੜੇ ਆਇਆ ਵੇਖ ਕੇ ਨੱਸ ਨਾ ਉੱਠਦਾ ਤੇ ਅਫੜਾ-ਤਫੜੀ ਵਿੱਚ ਆਪਣੇ ਤੀਰ ਤੇ ਕਮਾਨ ਨਾ ਭੁੱਲ ਜਾਂਦਾ।
ਅਜੇਹਾ ਮਾਲੂਮ ਹੁੰਦਾ ਹੈ ਕਿ ਨਿੱਕੇ ਹੁੰਦੇ ਮਿਰਜ਼ੇ ਦੀ ਮਾਂ ਮਰ ਚੁੱਕੀ ਹੋਵੇਗੀ ਤੇ ਇਸੇ ਤਰ੍ਹਾਂ ਨਿੱਕੀ ਹੁੰਦੀ ਸਾਹਿਬਾਂ ਦਾ ਪਿਤਾ ਵੀ ਮਰ ਚੁੱਕਾ ਹੋਵੇਗਾ। ਸਾਹਿਬਾਂ ਆਪਣੇ ਦੋਹਾਂ ਭਰਾਵਾਂ ਤੋਂ ਛੋਟੀ ਤੇ ਮਾਂ ਦੀ ਲਡਿੱਕੀ ਹੋਵੇਗੀ,ਜੋ ਸਮੇਂ ਦੇ ਰਿਵਾਜ ਅਨੁਸਾਰ ਉਸ ਦੇ ਖੁੱਲ-ਖੁਲਾਸੇ ਸੁਭਾਅ ਤੋਂ ਬੁਰਾ ਨਹੀਂ ਮਨਾਉਂਦੀ ਹੋਵੇਗੀ। ਮਾਵਾਂ ਆਪਣੀਆਂ ਧੀਆਂ ਦੇ ਮਾਮਲੇ ਵਿੱਚ ਸਦਾ ਕਮਜ਼ੋਰ ਹੋਇਆ ਕਰਦੀਆਂ ਹਨ। ਜੇ ਖੀਵਾ ਜੀਉਂਦਾ ਹੁੰਦਾ ਤਾਂ ਸਾਹਿਬਾਂ ਸ਼ਾਇਦ ਇਤਨਾ ਹੌਸਲਾ ਹੀ ਨਾ ਕਰਦੀ।


ਮਿਰਜ਼ਾ-ਸਾਹਿਬਾਂ ਨੰਬਰ 2
ਮਿਰਜ਼ਾ-ਸਾਹਿਬਾਂ ਲੇਖ ਉਤੇ ਬਾਵਾ ਬੁੱਧ ਸਿੰਘ ਦੇ ਇਤਰਾਜ਼ ਤੇ ਕਰਮ ਸਿੰਘ ਜੀ ਦਾ ਉੱਤਰ-
ਪਿਆਰੇ ਦਰਦ ਜੀ!
ਸਾਉਣ ਭਾਦਰੋਂ ਕੀ ਫੁਲਵਾੜੀ ਵਿਚ ਬਿਨਾਂ ਬਰਖਾ ਈ ਆਨੰਦ ਸੀ। ਮਿਰਜ਼ਾਂ ਸਾਹਿਬਾਂ ਦੇ ਪੀਂਘ ਹੁਲਾਰੇ ਮਨ ਨੂੰ ਜ਼ਰੂਰ ਹਿਲਾਉਂਦੇ, ਪਰ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਨੇ ਆਨੰਦ ਵਿਚ ਭੰਗ ਪਾਇਆ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਆਖਦੇ ਨੇ ਜੇ ਉਨ੍ਹਾਂ ਦੀ ਖੋਜ ਉਹੀ ਹੈ, ਜੋ ਮਿਰਜ਼ਾ-ਸਾਹਿਬਾਂ ਦੇ ਲੇਖ ਵਿਚ ਰੌਸ਼ਨ ਹੈ ਤਾਂ ਬੱਸ ਫਿਰ ਰੱਬ ਹੀ ਰਾਖਾ।
ਮੈਨੂੰ ਲੰਮਾ ਚੌੜਾ ਲੇਖ ਲਿਖਣ ਦੀ ਵੇਹਲ ਨਹੀਂ ਮੋਟੀਆਂ ਮੋਟੀਆਂ ਭੁੱਲਾਂ ਦੱਸਦਾ ਹਾਂ, ਕਿਉਂਕਿ ਇਸ ਲੇਖ ਨੂੰ ਜਿਹੜਾ ਪਾਠਕਾਂ ਨੂੰ ਟਪਲੇ ਵਿਚ ਪਾਵੇ, ਬਿਨਾਂ ਵੰਗਾਰੇ ਨਹੀਂ ਜਾਣ ਦੇਣਾ ਚਾਹੀਦਾ। ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ ਤੇ ਹੀਰ ਰਾਂਝਾ ਨੂੰ ਹਿਸਟੋਰੀਅਨ ਸਾਹਿਬ ਨੇ ਵਿਗੜੇ ਹੋਏ ਤੇ ਗੰਦੇ ਮੁੰਡੇ-ਕੁੜੀਆਂ ਕਹਿਆ ਹੈ, ਸੋ ਆਖਣਾ ਕਿੱਥੋਂ ਤੱਕ ਦਰੁਸਤ ਹੈ, ਪਾਠਕ ਜਨ ਵਿਚਾਰ ਕਰ ਸਕਦੇ ਹਨ। ਇਸ਼ਕ ਵਿਚ ਸਿਰ-ਧੜ ਦੀ ਬਾਜ਼ੀ ਕਿੰਨੇ ਕੁ ਲਾ ਸਕਦੇ ਹਨ? ਹਰ ਗਰਾਂ, ਹਰ ਸ਼ਹਿਰ, ਗਲੀ ਮਹੱਲੇ ਕਿੰਨੇ ਹੀ ਗੰਦੇ ਤੇ ਵਿਗੜੇ ਹੋਏ ਮੁੰਡੇ ਕੁੜੀਆਂ ਅੱਜ ਕੱਲ੍ਹ ਵੀ ਹੋਸਨ। ਪਰ ਕੀ ਸਭ ਹੀਰ ਰਾਂਝਾ ਹੋ ਗਏ ? ਕੋਈ ਕਵੀ ਬਣਾ ਕੇ ਤਾਂ ਵਿਖਾਵੇ! ਮੈਂ ਹਿਸਟੋਰੀਅਨ ਸਾਹਿਬ ਦਾ ਧਿਆਨ ਭਾਈ ਗੁਰਦਾਸ ਜੀ ਦੇ ਬਚਨਾਂ ਵੱਲ ਦਿਵਾਉਂਦਾ ਹਾਂ:-
ਲੈਲਾ ਮਜਨੂੰ ਆਸ਼ਕੀ ਚਹੁੰ ਚਕੀ ਜਾਤੀ।
ਫੇਰ ਆਪ ਜੀ ਇਕ ਅਨੋਖਾ ਅਸੂਲ ਲਿਖਦੇ ਹਨ, ਪ੍ਰੇਮ ਆਪਣਿਆਂ ਨਾਲ ਹੁੰਦਾ ਹੈ, ਬਿਗਾਨਿਆਂ ਨਾਲ ਨਹੀਂ?
ਪ੍ਰੇਮ ਨੂੰ ਸਮਝਦਿਆ ਹੋਇਆਂ ਫੇਰ ਠੋਕਰ ਖਾਧੀ, ਪ੍ਰੇਮ ਕੇਵਲ ਮਾਂ ਪੁੱਤਰ, ਭੈਣ ਭਰਾ, ਮਾਂ ਧੀ ਦੇ ਸਾਕਾਂ ਵਿਚ ਹੀ ਨਹੀਂ ਬੱਧਾ, ਇਹ ਸਾਕਾਦਾਰੀ ਦੀ ਮਮਤਾ ਹੁੰਦੀ ਹੈ, ਲਹੂ ਮਾਸ ਦਾ ਸਾਕ। ਪਰ ਪਿਆਰ ਇਸ ਤੋਂ ਅੱਗੇ ਹੈ। ਜਿਨ੍ਹਾਂ ਦੇ ਦਿਲਾਂ ਵਿਚ ਹੋ ਗਿਆ ਤਾਂ ਆਪਸ ਵਿਚ ਮਿਕਨਾਤੀਸੀ ਖਿੱਚ ਜੰਮ ਗਈ। ਭਲਾ ਜੀ, ਜਿਥੇ ਪਿਆਰ ਉਥੇ ਬਿਗਾਨਾਪਨ ਕਿਥੇ ? ਕੀ ਹਿਸਟੋਰੀਅਨ ਜੀ ਦੱਸ ਸਕਦੇ ਹਨ ਕਿ ਵਿਆਹ ਤੋਂ ਪਹਿਲੇ ਵਹੁਟੀ-ਗੱਭਰੂ ਆਪਣੇ ਹੁੰਦੇ ਹਨ ਕਿ ਬਿਗਾਨੇ ? ਪ੍ਰੇਮ-ਗਾਥਾ ਨੂੰ ਸਮਝਣ ਲਈ ਕੋਮਲ ਹਿਰਦਾ ਚਾਹੀਏ, ਪੱਥਰ ਹਿਰਦੇ ਪਿਆਰ ਦੀ ਫਿਲਾਸਫੀ ਨਹੀਂ ਸਮਝ ਸਕਦੇ। ਹਾਂ ਜੀ, ਪਰ ਅੱਜ ਕੱਲ੍ਹ ਦੇ ਨਹੀਂ, ਰਤੀ ਪੁਰਾਤਨ ਸੋਸ਼ਲ ਰੀਫਾਰਮਰ ਤਾਂ ਇਸ਼ਕ ਦੇ ਨਾਂ ਤੋਂ ਹੀ ਤ੍ਰਬਕਦੇ ਹਨ। ਹਿਸਟੋਰੀਅਨ ਸਾਹਿਬ ਆਪ ਸ਼ਾਇਦ ਉਸ ਲੀਕ ਤੇ ਟੁਰੇ ਜਾਂ ਅਸੀਂ ਉਨ੍ਹਾਂ ਦਾ ਮੰਤਵ ਨਹੀਂ ਸਮਝੇ। ਖ਼ੈਰ ਜੇ ਇਨ੍ਹਾਂ ਦੀ ਆਵਾਜ਼ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਨੂੰ ਬਚਾਵੇ, ਹਾਂ ਜੀ ਗੰਦੇ ਤੇ ਵਿਗੜੇ ਮੁੰਡੇ ਕੁੜੀਆਂ ਨੂੰ ਉੱਚਾ ਕਰੇ ਤਾਂ ਲਾਭ ਦੀ ਨੀਂਹ ਰੱਖੀ ਗਈ ਸਮਝੋ। ਹਿਸਟੋਰੀਅਨ ਸਾਹਿਬ ਨੇ ਲਾਲਾ ਗਣੇਸ਼ ਦਾਸ ਰੁਹਤਾਸੀਏ ਦੀ ਚਹਾਰ ਬਾਗ ਪੰਜਾਬ ਨੂੰ ਮੁੱਖ ਰੱਖਿਆ ਹੈ। ਪਰ ਜੇ ਗਣੇਸ਼ ਦਾਸ ਹੀ ਭੁੱਲਾ ਹੋਵੇ ਤਾਂ ਫੇਰ ਖੋਜ ਕਾਹਦੀ?
ਸੋਹਣੀ-ਮਹੀਂਵਾਲ ਸ਼ਾਹ ਜਹਾਨ ਦੇ ਸਮੇਂ ਹੋਏ। ਉਨ੍ਹਾਂ ਦੀ ਵਾਰ ਤੇ ਕਿੱਸੇ ਵੀ ਇਸ ਗੱਲ ਦੇ ਗਵਾਹ ਹਨ ਪਰ ਅਸਾਂ ਤਾਂ ਮਿਰਜ਼ਾਂ ਸਾਹਿਬਾਂ ਦਾ ਇਤਿਹਾਸ ਵੇਖਣਾ ਹੈ। ਸਿਆਲ ਰਾਜਪੂਤਾਂ ਤੇ ਖਰਲ ਜੱਟਾਂ ਦੇ ਅੱਡ-ਅੱਡ ਫਿਰਕੇ ਹਨ। ਪੁਰਾਣੇ ਸਮਿਆਂ ਵਿਚ ਜੱਟਾਂ ਤੇ ਰਾਜਪੂਤਾਂ ਦੇ ਆਪਸ ਵਿਚ ਸਾਕ ਨਹੀਂ ਹੁੰਦੇ ਹਨ। ਇਹੀ ਰੁਕਾਵਟ ਹੀਰ ਰਾਂਝੇ ਤੇ ਮਿਰਜ਼ਾ ਸਾਹਿਬਾਂ ਦੇ ਵਿਆਹ ਹੋਣ ਵਿਚ ਸੀ।
ਆਪ ਮਿਰਜ਼ੇ ਸਾਹਿਬਾਂ ਦੀ ਘਟਨਾ ਨਾਦਰ ਸ਼ਾਹ ਦੇ ਵੇਲੇ ਦੱਸਦੇ ਹਨ। ਇਹ ਉੱਕਾ ਹੀ ਗਲਤ ਹੈ। ਮਿਰਜ਼ਾਂ ਸਾਹਿਬਾਂ ਦੀ ਪਹਿਲੀ ਵਾਰ ਪੀਲੂ ਸ਼ਾਇਰ ਨੇ ਲਿਖੀ ਜੋ ਔਰੰਗਜ਼ੇਬ ਦੇ ਰਾਜ ਸਮੇਂ ਹੋਇਆ (ਦੇਖੋ ਬੰਬੀਹਾ ਬੋਲ)। ਦੂਜੀ ਵਾਰ ਜਿਸ ਦਾ ਸਾਨੂੰ ਪਤਾ ਹੈ, ਹਾਫ਼ਜ਼ ਬਰਖੁਰਦਾਰ ਨੇ ਲਿਖੀ (ਦੇਖੋ ਕੋਇਲ ਕੂਕ) ਅਰ ਇਹ ਕਵੀ ਔਰੰਗਜ਼ੇਬ ਦੇ ਸਮੇਂ ਹੋਏ ਹਨ। ਇਨ੍ਹਾਂ ਦੀ ਕਿਤਾਬ ਯੂਸਫ ਜ਼ੁਲੈਖਾਂ 1090 ਹਿਜਰੀ (ਸੰਮਤ 1677) ਵਿਚ ਲਿਖੀ ਗਈ ਸੀ ਪਰ ਪੀਲੂ ਕਵੀ ਇਸ ਤੋਂ ਵੀ ਪੁਰਾਣਾ ਹੈ, ਕਿਉਂਕਿ ਹਾਫਜ਼ ਬਰਖੁਰਦਾਰ ਆਪਣੀ ਵਾਰ ਵਿਚ ਪੀਲੂ ਦੀ ਤਾਰੀਫ ਕਰਦਾ ਹੈ। ਔਰੰਗਜ਼ੇਬ 1658 ਈ. ਨੂੰ ਤਖ਼ਤ ਤੇ ਬੈਠਾ ਇਸ ਕਰਕੇ ਮਿਰਜ਼ਾ ਸਾਹਿਬਾਂ ਸ਼ਾਹ ਜਹਾਨ ਦੇ ਰਾਜ ਦੇ ਅੰਤਲੇ ਸਮੇਂ ਜਾਂ ਔਰੰਗਜ਼ੇਬ ਦੇ ਮੁੱਢ ਵਿਚ ਹੋਏ ਹੋਣਗੇ। ਮਿਰਜ਼ਾਂ ਸੂਰਮਾ ਸੀ ਤੇ ਸਾਹਿਬਾਂ ਨੂੰ ਘਰੋਂ ਕੱਢ ਘੋੜੇ ਤੇ ਬਿਠਾ ਕੇ ਨਠਾ ਲੈ ਜਾਣਾ, ਕਾਇਰਤਾ ਨਹੀਂ। ਕੀ ਹਿਸਟੋਰੀਅਨ ਜੀ ਮਹਾਂਭਾਰਤ ਭੁੱਲ ਗਏ? ਕੀ ਕ੍ਰਿਸ਼ਨ ਜੀ ਦਾ ਰੁਕਮਣੀ ਨੂੰ ਲੈ ਕੇ ਨੱਠਣਾ ਜਾਂ ਅਰਜਨ ਦਾ ਕ੍ਰਿਸ਼ਨ ਦੀ ਭੈਣ ਨੂੰ ਲੈ ਜਾਣਾ ਕਾਇਰਤਾ ਦੀਆਂ ਗੱਲਾਂ ਹਨ? ਪਾਠਕ ਆਪੇ ਸੋਚ ਵਿਚਾਰ ਕਰ ਲੈਣ। ਆਪ ਨੇ ਜੋ ਲਿਖਿਆ ਹੈ ਕਿ ਮਿਰਜ਼ਾ ਵੈਰੀਆਂ ਨੂੰ ਵੇਖ ਘੋੜੀ ਤੇ ਚੜ੍ਹ ਉੱਠ ਨੱਠਿਆ, ਤਰਕਸ਼ ਵੀ ਭੁੱਲ ਗਿਆ, ਇਹ ਕਿਸੇ ਪੁਰਾਤਨ ਵਾਰ ਤੋਂ ਸਿੱਧ ਨਹੀਂ ਹੁੰਦਾ। ਮਿਰਜ਼ਾ ਤੇ ਸਾਹਿਬਾਂ ਨੂੰ ਕਹਿੰਦਾ ਰਿਹਾ ਕਿ ਤੂੰ ਮੇਰਾ ਤਰਕਸ਼ ਕਿਉਂ ਟੰਗ ਦਿੱਤਾ। ਏਸੇ ਹਾੜੇ ਵਿਚ ਜ਼ਖ਼ਮੀ ਹੋ ਮਰ ਗਿਆ। ਮਿਰਜ਼ਾ ਸੂਰਮਾ ਸੀ, ਬਹਾਦਰ ਸੀ, ਇਸ ਵਿਚ ਰਤੀ ਵੀ ਸ਼ੱਕ ਨਹੀਂ। ਅੰਤ ਵੈਰੀਆਂ ਨੇ ਜ਼ਖ਼ਮੀ ਕੀਤਾ ਤੇ ਕਹਿੰਦਾ ਹੈ :-
ਮਿਰਜ਼ਾ- ਮੰਦਾ ਕੀਤੋ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਓਈ ਜੰਡ।
ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦਿੰਦਾ ਸਿਆਲਾਂ ਨੂੰ ਵੰਡ।
ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ।
ਤੀਜੀ ਮਾਰਾਂ ਜੋੜ ਕੇ, ਜਿਹਦੀ ਹੈਂ ਤੂੰ ਮੰਗ।
ਮੇਰੀ ਖੋਜ ਵਿਚ ਜੋ ਗੱਲਾਂ ਇਨ੍ਹਾਂ ਆਸ਼ਕ-ਮਾਸ਼ੂਕਾਂ ਬਾਬਤ ਆਈਆਂ, ਆਪਣੇ ਪਾਠਕਾਂ ਦੀ ਅੱਖ ਗੋਚਰੀਆਂ ਕਰ ਦਿੱਤੀਆਂ ਹਨ। ਮੈਂ ਲਾਲਾ ਗਣੇਸ਼ ਦਾਸ ਦੀ ਖੋਜ ਭਰੀ ਚਹਾਰ ਬਾਗ ਬਾਬਤ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਪੜ੍ਹੀ ਨਹੀਂ।
ਜੋ ਲਿਖਿਆ ਹੈ ਪੁਰਾਣੇ ਲਿਟਰੇਚਰ ਦੀ ਖੋਜ ਨੂੰ ਮੁੱਖ ਰੱਖ ਕੇ ਲਿਖਿਆ ਹੈ, ਪਾਠਕ ਜਨ ਭੁੱਲ-ਚੁੱਕ ਮੁਆਫ਼ ਕਰਨਾ।
ਦਾਸ-ਬਾਵਾ ਬੁੱਧ ਸਿੰਘ
ਮੁਲਤਾਨ, 10 ਅਗਸਤ, 1928
ਇਸ ਲੇਖ ਦੇ ਉੱਤਰ ਵਿਚ ਸ: ਕਰਮ ਸਿੰਘ ਜੀ ਨੇ ਜੋ ਉੱਤਰ ਦਿੱਤਾ ਉਹ ਅੱਗੇ ਦਰਜ ਕੀਤਾ ਜਾਂਦਾ ਹੈ।


ਮਿਰਜ਼ਾ-ਸਾਹਿਬਾਂ ਨੰਬਰ 3
ਮੇਰੇ ਲੇਖ ਮਿਰਜ਼ਾ-ਸਾਹਿਬਾਂ ਸਬੰਧੀ ਜੋ ਖ਼ਿਆਲ ਬਾਵਾ ਬੁੱਧ ਸਿੰਘ ਜੀ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਲਈ ਮੈਂ ਆਪ ਦਾ ਅਤਿਅੰਤ ਧੰਨਵਾਦੀ ਹਾਂ ਪਰ ਆਮ ਪਾਠਕਾਂ ਨੂੰ ਭੁਲੇਖੇ ਤੋਂ ਬਚਾਉਣ ਲਈ ਹੇਠ ਲਿਖੀਆਂ ਸਤਰਾਂ ਲਿਖਦਾ ਹਾਂ-
1. ਮੇਰਾ ਇਹ ਲੇਖ ਯਾ ਸੋਹਣੀ ਮਹੀਂਵਾਲ ਮੇਰੀ ਕਿਸੇ ਖੋਜ ਦਾ ਸਿੱਟਾ ਨਹੀਂ ਹਨ। ਮੈਂ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਮੈਂ ਇਹ ਲੇਖ ਗਣੇਸ਼ ਦਾਸ ਜੀ ਦੇ ਆਧਾਰ ਉੱਤੇ ਲਿਖ ਰਿਹਾ ਹਾਂ। ਜੋ ਕੁਝ ਗਣੇਸ਼ ਦਾਸ ਜੀ ਨੇ ਲਿਖਿਆ ਸੀ ਉਸ ਦਾ ਸਾਰ ਮੈਂ ਪਾਠਕਾਂ ਅੱਗੇ ਰੱਖ ਦਿੱਤਾ ਹੈ ਅਤੇ ਉਸ ਦੇ ਆਧਾਰ ਉਤੇ ਆਪਣੀ ਰਾਇ ਕਾਇਮ ਕੀਤੀ ਹੈ। ਇਸ ਲੇਖ ਲਿਖਣ ਦਾ ਮੇਰਾ ਭਾਵ ਇਹ ਸੀ ਕਿ ਜਿਹਨਾਂ ਸੱਜਣਾਂ ਨੂੰ ਇਨ੍ਹਾਂ ਲੇਖਾਂ ਨਾਲ ਦਿਲਚਸਪੀ ਹੋਵੇ, ਉਨ੍ਹਾਂ ਨੂੰ ਗਣੇਸ਼ ਦਾਸ ਜੀ ਦੇ ਬਿਆਨ ਦਾ ਵੀ ਪਤਾ ਲੱਗ ਜਾਵੇ, ਕਿਉਂਕਿ ਆਪ ਦੀ ਤਵਾਰੀਖ ਛਪੀ ਨਾ ਹੋਣ ਕਰਕੇ ਆਮ ਨਹੀਂ ਮਿਲਦੀ।
2. ਸੋਹਣੀ ਮਹੀਂਵਾਲ ਦੀ ਘਟਨਾ ਗਣੇਸ਼ ਦਾਸ ਜੀ ਸੰਮਤ 1789 ਬਿਕ੍ਰਮੀ (1732 ਈ.) ਦੀ ਲਿਖਦੇ ਹਨ ਕਿਉਂਕਿ ਆਪ ਗੁਜਰਾਤ ਦੇ ਵਸਨੀਕ ਸਨ। ਇਸ ਲਈ ਕਿਸੇ ਵਧੀਕ ਜ਼ੋਰਦਾਰ ਸਬੂਤ ਤੋਂ ਬਿਨਾਂ ਆਪ ਦੀ ਤਰੀਕ ਨੂੰ ਝੂਠ ਨਹੀਂ ਕਹਿਆ ਜਾ ਸਕਦਾ। ਆਪ ਨੇ ਸਪੱਸ਼ਟ ਲਿਖਿਆ ਹੈ ਕਿ ਇਹ ਗੱਲ ਮੁਹੰਮਦ ਸ਼ਾਹ ਦੇ ਸਮੇਂ ਸੰਮਤ 1145 ਹਿਜਰੀ ਵਿਚ ਹੋਈ ਸੀ। ਆਪ ਨੇ ਜ਼ਰੂਰ ਗੁਜਰਾਤ ਦੇ ਬੁੱਢਿਆਂ ਪਾਸੋਂ ਇਹ ਹਾਲ ਸੁਣਿਆ ਹੋਵੇਗਾ। ਨਹੀਂ ਤਾਂ ਉਹ ਐਸਾ ਸਪੱਸ਼ਟ ਨਾ ਲਿਖਦੇ। ਐਸੇ ਸਬੂਤ ਦੇ ਹੁੰਦਿਆਂ ਮੇਰਾ ਮਨ ਨਹੀਂ ਮੰਨਦਾ ਕਿ ਇਹ ਘਟਨਾ ਸ਼ਾਹ ਜਹਾਨ ਦੇ ਸਮੇਂ ਹੋਈ ਹੋਵੇ।
3. ਗਣੇਸ਼ ਦਾਸ ਜੀ ਨੇ ਇਹ ਵੀ ਲਿਖਿਆ ਹੈ ਕਿ ਮਿਰਜ਼ਾ ਦਾ ਪਿਤਾ ਨਜੀਬ ਖ਼ਾਂ ਫ਼ਰੁੱਖ਼ਸੀਅਰ ਦਾ ਸਮਕਾਲੀ ਸੀ ਅਤੇ ਮਿਰਜ਼ਾ ਉਸ ਦੇ ਪਿਛਲੇ ਦਿਨਾਂ ਵਿਚ ਹੋਇਆ ਸੀ।
ਮੁਹੰਮਦ ਕਾਸਮ ਲਾਹੌਰੀ ਦੇ ਸਾਹਮਣੇ ਨਜੀਬ ਖਾਂ ਫਰੀਦਾਬਾਦ ਦਾ ਜ਼ਿਮੀਂਦਾਰ ਪੰਜ ਸੌ ਪਿਆਦਾ ਲੈ ਕੇ ਹੈਦਰੀ ਝੰਡੇ ਨਾਲ ਰਲਿਆ ਸੀ। ਇਹ ਗੱਲ ਬਹਾਦਰ ਸ਼ਾਹ ਦੇ ਸਮੇਂ ਦੀ ਹੈ। ਸੋ ਜਦ ਜੋ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹੋਣ ਅਤੇ ਇਕ ਆਪਣੀ ਅੱਖੀਂ ਡਿੱਠੇ ਹਾਲ ਲਿਖ ਰਿਹਾ ਹੋਵੇ ਤਾਂ ਉਨ੍ਹਾਂ ਦੀ ਗੱਲ ਨੂੰ ਸੱਚਾ ਹੀ ਮੰਨਣਾ ਪੈਂਦਾ ਹੈ। ਸੋ ਜੇ ਮਿਰਜ਼ੇ ਦਾ ਪੈਦਾ ਹੋਣਾ ਫਰੱਖਸੀਅਰ ਦੇ ਸਮੇਂ ਪਿਛਲੇ ਦਿਨਾਂ ਵਿਚ ਮੰਨਿਆ ਜਾਵੇ ਤਾਂ ਮਿਰਜ਼ਾ ਸਾਹਿਬਾਂ ਦੀ ਘਟਨਾ ਸਮੇਂ ਮਿਰਜ਼ੇ ਦੀ ਉਮਰ ਅਠਾਰਾਂ ਵੀਹ ਸਾਲ ਤੋਂ ਤਾਂ ਘੱਟ ਕੀ ਹੋ ਸਕਦੀ ਹੈ ? ਸੋ ਇਹ ਸਮਾਂ ਨਾਦਰ ਸ਼ਾਹ ਦੇ ਹਿੰਦ ਵੱਲ ਆਉਣ ਦੇ ਏੜ ਗੇੜ ਦਾ ਹੀ ਸਮਾਂ ਹੈ।
ਜੇਕਰ ਮੁਹੰਮਦ ਕਾਸਮ ਲਾਹੌਰੀ ਦਾ ਨਜੀਬ ਖਾਂ ਜ਼ਿਮੀਂਦਾਰ ਫਰੀਦਾਬਾਦ, ਕੋਈ ਹੋਰ ਨਜੀਬ ਖਾਂ ਕਿਸੇ ਹੋਰਸ ਫਰੀਦਾਬਾਦ ਦਾ ਹੈ, ਤਦ ਵੀ ਸਾਨੂੰ ਸੋਚਣਾ ਪਊ ਕਿ ਗਣੇਸ਼ ਦਾਸ ਨੇ ਨਜੀਬ ਖਾਂ ਨੂੰ ਫਰੁੱਖਸੀਅਰ ਦਾ ਸਮਕਾਲੀ ਕਿਉਂ ਲਿਖਿਆ? ਅੰਤ ਉਸ ਨੇ ਕਿਸੇ ਪਾਸੋਂ ਇਹ ਗੱਲ ਸੁਣੀ ਹੀ ਹੋਊ! ਪਰ ਮੇਰਾ ਨਿਸਚਾ ਇਹ ਹੈ ਕਿ ਮੁਹੰਮਦ ਕਾਸਮ ਦਾ ਨਜੀਬ ਖਾਂ ਜ਼ਿਮੀਂਦਾਰ ਫਰੀਦਾਬਾਦ ਤੇ ਗਣੇਸ਼ ਦਾਸ ਦਾ ਨਜੀਬ ਖਾਂ ਜ਼ਿਮੀਂਦਾਰ ਫਰੀਦਾਬਾਦ ਇਕੋ ਹੀ ਹਨ। ਇਸ ਲਈ ਮਿਰਜ਼ਾ ਸਾਹਿਬਾਂ ਦਾ ਸਮਾਂ ਨਾਦਰ ਸ਼ਾਹ ਦੇ ਏੜ ਗੇੜ ਦਾ ਹੀ ਹੋ ਸਕਦਾ ਹੈ।
ਇਸ ਗੱਲ ਦਾ ਨਿਰਣਾ ਕਰਨਾ ਕੋਈ ਔਖੀ ਗੱਲ ਨਹੀਂ। ਖਰਲਾਂ ਦੇ ਸ਼ਜਰਿਆਂ ਤੋਂ ਇਹ ਗੱਲ ਸਹਿਜੇ ਹੀ ਸਿੱਧ ਕੀਤੀ ਜਾ ਸਕਦੀ ਹੈ ਕਿ ਮਿਰਜ਼ਾ ਸਾਹਿਬਾਂ ਦੀ ਘਟਨਾ ਕਦ ਹੋਈ। ਮੇਰਾ ਖਿਆਲ ਹੈ ਕਿ ਸਿਆਲਾਂ ਦੀ ਜੋ ਤਵਾਰੀਖ ਇਕ ਮੁਸਲਮਾਨ ਇਤਿਹਾਸਕਾਰ ਨੇ ਲਿਖੀ ਸੀ, ਉਸ ਵਿਚ ਮਿਰਜ਼ਾ ਸਾਹਿਬਾਂ ਦੀ ਸਾਰੀ ਕਹਾਣੀ ਦਿੱਤੀ ਹੈ ਅਤੇ ਸਿਆਲਾਂ ਤੇ ਖਰਲਾਂ ਦੇ ਆਪੋ ਵਿਚ ਵੈਰ ਦਾ ਵੱਡਾ ਕਾਰਨ ਇਸੇ ਨੂੰ ਦੱਸਿਆ ਹੈ। ਜਿਨ੍ਹਾਂ ਸੱਜਣਾਂ ਨੂੰ ਇਨ੍ਹਾਂ ਗੱਲਾਂ ਦੀ ਵਧੀਕ ਖੋਜ ਦੀ ਲੋੜ ਹੋਵੇ, ਉਹ ਸਿਆਲਾਂ ਦੇ ਇਤਿਹਾਸ ਨੂੰ ਵੇਖਣ।
4. ਜੇਕਰ ਗਣੇਸ਼ ਦਾਸ ਦਾ ਇਹ ਲਿਖਣਾ ਗਲਤ ਨਾ ਹੋਵੇ ਕਿ ਨਜੀਬ ਖਾਂ ਫਰੁੱਖਸੀਅਰ ਦਾ ਸਮਕਾਲੀ ਸੀ ਤਾਂ ਗਣੇਸ਼ ਦਾਸ ਨੇ ਮਿਰਜ਼ਾ ਸਾਹਿਬਾਂ ਸਬੰਧੀ ਜੋ ਕੁਝ ਲਿਖਿਆ ਹੈ, ਉਸ ਨੂੰ ਕਿਸੇ ਕਵੀ ਦੇ ਲੇਖ ਤੋਂ ਵਧੀਕ ਸੱਚਾ ਮੰਨਿਆ ਜਾ ਸਕਦਾ ਹੈ। ਕਵੀ ਸਦਾ ਆਪਣੇ ਹੀਰੋ ਨੂੰ ਸੂਰਮਾ ਬਣਾ ਦਿਆ ਕਰਦੇ ਸਨ ਪਰ ਇਤਿਹਾਸਕਾਰ ਸਪੱਸ਼ਟ ਗੱਲਾਂ ਲਿਖਦਾ ਹੈ ਕਿ ਮਿਰਜ਼ਾ ਜੰਡ ਹੇਠ ਸੌਂ ਗਿਆ, ਸਾਹਿਬਾਂ ਜਾਗਦੀ ਰਹੀ, ਉਸ ਨੇ ਮਿਰਜ਼ੇ ਦੇ ਤੀਰਾਂ ਦਾ ਭੱਥਾ ਜੰਡ ਨਾਲ ਲਟਕਾ ਦਿੱਤਾ। ਜਦ ਤੜਕ ਸਾਰ ਦੂਰੋਂ ਘੋੜਿਆਂ ਦੀ ਟਾਪਾਂ ਤੇ ਹਿਣਕਣ ਦੀਆਂ ਅਵਾਜ਼ਾਂ ਆਈਆਂ ਤਾਂ ਸਾਹਿਬਾਂ ਨੂੰ ਆਪਣੇ ਪਿੱਛੇ ਸੁੱਟ ਕੇ ਘੋੜੀ ਦੁੜ੍ਹਾ ਕੇ ਫਰੀਦਾਬਾਦ ਵੱਲ ਵਧਿਆ ਅਤੇ ਇਸ ਕਾਹਲੀ ਵਿਚ ਜੰਡ ਨਾਲੋਂ ਤੀਰਾਂ ਦਾ ਭੱਥਾ ਤੇ ਕਮਾਨ ਲਾਹੁਣੀ ਵੀ ਉਹ ਭੁੱਲ ਗਏ। ਵਾਹਰੂਆਂ ਨੇ ਹਿੰਮਤ ਕਰ ਕੇ ਮਿਰਜ਼ੇ ਨੂੰ ਜਾ ਘੇਰਿਆ ਅਤੇ ਲੜ ਕੇ ਉਸ ਨੂੰ ਮਾਰ ਦਿੱਤਾ।
ਮੈਂ ਫੇਰ ਕਹਿੰਦਾ ਹਾਂ ਕਿ ਜੇ ਮਿਰਜ਼ਾ ਉਸ ਨਜੀਬ ਖਾਂ ਦਾ ਪੁੱਤਰ ਸੀ, ਜੋ ਨਜੀਬ ਖਾਂ ਬੰਦਾ ਬਹਾਦਰ ਦੇ ਸਮੇਂ ਸਿੱਖਾਂ ਨਾਲ ਲੜਿਆ ਸੀ ਤਾਂ ਗਣੇਸ਼ ਦਾਸ ਦੇ ਉਤਲੇ ਬਿਆਨ ਨੂੰ ਕਿਸੇ ਬਿਧ ਗਲਤ ਨਹੀਂ ਕਹਿਆ ਜਾ ਸਕਦਾ, ਕਿਉਂ ਜੁ ਗਣੇਸ਼ ਦਾਸ ਨੇ ਲਿਖਿਆ ਹੈ, ਉਸ ਅਨੁਸਾਰ ਮਿਰਜ਼ਾ ਪਰਲੇ ਦਰਜੇ ਦਾ ਕਾਇਰ ਸਿੱਧ ਹੁੰਦਾ ਹੈ। ਉਹ ਸੂਰਮਾ ਤਦ ਹੁੰਦਾ, ਜੇ ਉਹ ਜਾਗ ਕੇ ਉਸ ਜੰਡ ਹੇਠ ਖਲੋ ਕੇ ਲੜਦਾ ਅਤੇ ਉਥੇ ਹੀ ਸਰੀਰ ਛੱਡਦਾ। ਉਸ ਦਾ ਉਥੋਂ ਨੱਸਣਾ ਹੀ ਉਸ ਦੀ ਸੂਰਮਤਾਈ ਉਤੇ ਵੱਟਾ ਹੈ। ਸੂਰਮੇ ਨੱਸਿਆ ਨਹੀਂ ਕਰਦੇ।
(ੳ) ਖ਼ਾਲਸਾ ਜੀ ਮੀਰ ਮੰਨੂੰ ਦੀ ਸਹਾਇਤਾ ਲਈ ਲਾਹੌਰ ਜਾਂਦੇ ਹਨ। ਸੁੱਖਾ ਸਿੰਘ ਮਾੜੀ ਵਾਲਾ ਆਪਣੇ ਸਾਥੀਆਂ ਸਣੇ ਰਾਵੀ ਟੱਪ ਕੇ ਪਾਰ ਹੋ ਜਾਂਦਾ ਹੈ। ਲੜਾਈ ਦੇ ਖਿਆਲ ਕਰਕੇ ਨਹੀਂ, ਬਲਕਿ ਸੁੱਤੇ ਸਿਧ ਹੀ ਫਿਰਦਾ ਫਿਰਾਉਂਦਾ ਪਾਰ ਚਲਿਆ ਜਾਂਦਾ ਹੈ, ਅੱਗੋਂ ਪਠਾਣ ਇਨ੍ਹਾਂ ਵੱਲ ਵਧਦੇ ਹਨ। ਵੈਰੀ ਨੂੰ ਆਉਂਦਿਆਂ ਵੇਖ ਕੇ ਸੁੱਖਾ ਸਿੰਘ ਜੀ ਸਮਝ ਜਾਂਦੇ ਹਨ ਕਿ ਵੈਰੀ ਬਹੁਤੇ ਹਨ ਅਤੇ ਅਸੀਂ ਗਿਣਤੀ ਦੇ, ਇਸ ਲਈ ਬਚਣਾ ਔਖਾ ਹੈ। ਆਪ ਭੱਜ ਕੇ ਬਚ ਸਕਦੇ ਸਨ, ਪਰ ਇਸ ਨੂੰ ਆਪ ਕਾਇਰਤਾ ਸਮਝਦੇ ਸਨ। ਆਪ ਨੇ ਸਾਥੀਆਂ ਨੂੰ ਕਿਹਾ ਕਿ ਜਿਸ ਨੂੰ ਜਾਨ ਪਿਆਰੀ ਹੈ ਉਹ ਪਿੱਛੇ ਮੁੜ ਜਾਵੇ ਪਰ ਜਿਸ ਨੇ ਸ਼ਹੀਦ ਹੋਣਾ ਹੈ ਉਹ ਸਾਡੇ ਨਾਲ ਰਹੇ। ਕੁਝ ਕੁ ਸਿੰਘ ਮੁੜ ਪਏ ਅਤੇ ਕੁਝ ਕੁ ਸੁੱਖਾ ਸਿੰਘ ਜੀ ਨਾਲ ਹੀ ਰਹੇ। ਪਠਾਣ ਆਏ, ਲੜਾਈ ਹੋਈ ਅਤੇ ਸਾਰੇ ਸਿੰਘ ਸ਼ਹੀਦ ਹੋ ਗਏ। ਸੂਰਮੇ ਇਹ ਸਨ ਜੋ ਜਾਨਾਂ ਬਚਾ ਸਕਦੇ ਹਨ ਪਰ ਵੈਰੀ ਨੂੰ ਵੇਖ ਭੱਜਣਾ ਨਹੀਂ ਚਾਹੁੰਦੇ ਸਨ।
(ਅ) ਖ਼ਾਨ ਬਹਾਦਰ ਲਾਹੌਰ ਦੇ ਸੂਬੇ ਨੇ ਤਾਰਾ ਸਿੰਘ ਵਾਂਈਏ ਨੂੰ ਮਾਰਨ ਲਈ ਫ਼ੌਜ ਤਿਆਰ ਕੀਤੀ। ਫ਼ੌਜ ਨੇ ਅਗਲੇ ਦਿਨ ਕੂਚ ਕਰਨਾ ਸੀ। ਇਹ ਖਬਰ ਲਾਹੌਰ ਦੇ ਇਕ ਸਿੱਖ ਨੂੰ ਜਦ ਹੋਈ ਉਹ ਸੰਝ ਹੁੰਦਿਆਂ ਹੀ ਘੋੜੀ ਲੈ ਕੇ ਰਾਤੋ-ਰਾਤ ਵਾਈਂ ਪੁੱਜਾ ਤੇ ਤਾਰਾ ਸਿੰਘ ਜੀ ਨੂੰ ਖਬਰ ਕਰ ਦਿੱਤੀ ਕਿ ਸਵੇਰੇ ਲਾਹੌਰੋਂ ਆਪ ਵੱਲ ਫ਼ੌਜ ਦਾ ਕੂਚ ਹੋਵੇਗਾ। ਆਪ ਦੋ ਚਾਰ ਦਿਨ ਐਧਰ ਉਧਰ ਹੋ ਜਾਓ, ਫ਼ੌਜ ਫਿਰ ਤੁਰ ਕੇ ਲਾਹੌਰ ਨੂੰ ਮੁੜ ਜਾਊ। ਤਾਰਾ ਸਿੰਘ ਜੀ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਨੱਸ ਨਹੀਂ ਸਕਦੇ ਪਰ ਸੀਸ ਦੇ ਦੇਵਾਂਗੇ।
ਫ਼ੌਜ ਨੇ ਲਾਹੌਰੋਂ ਕੂਚ ਕੀਤਾ। ਉਨ੍ਹਾਂ ਦਾ ਖ਼ਿਆਲ ਸੀ ਕਿ ਤਾਰਾ ਸਿੰਘ ਨੂੰ ਸੁੱਤੇ ਪਿਆਂ ਹੀ ਜਾ ਫੜੀਏ ਪਰ ਵਾਂ ਪਿੰਡ ਦਾ ਪਤਾ ਨਹੀਂ ਸੀ। ਵਾਂ ਤੋ ਤਿੰਨ ਕੁ ਕੋਹਾਂ ਉਤੇ ਇਕ ਪਿੰਡ ਨੂੰ ਐਵੇਂ ਹੀ ਘੇਰ ਲਿਆ ਕਿ ਇਥੇ ਤਾਰਾ ਸਿੰਘ ਰਹਿੰਦਾ ਹੈ ਉਹ ਸਾਨੂੰ ਫੜਾ ਦੇਵੋ।
ਮੁਖੀਏ ਨੇ ਕਿਹਾ ਕਿ ਉਸ ਦਾ ਪਿੰਡ ਇਥੋਂ ਤਿੰਨ ਕੋਹ ਹੈ। ਚਲੋ ਮੈਂ ਰਾਹੇ ਪਾ ਆਉਂਦਾ ਹਾਂ। ਉਸ ਨੇ ਆਪਣੇ ਭਾਈ ਨੂੰ ਤਾਂ ਤਾਰਾ ਸਿੰਘ ਵੱਲ ਨਸਾ ਦਿੱਤਾ ਕਿ ਵੇਲੇ ਸਿਰ ਖ਼ਬਰ ਕਰ ਦੇਵੇ ਅਤੇ ਸ਼ਾਹੀ ਫ਼ੌਜ ਨੂੰ ਕੁਰਾਹੇ ਪਾ ਕੇ ਹੋਰਸ ਪਿੰਡ ਵੱਲ ਲੈ ਗਿਆ ਜਿਸ ਨਾਲ ਉਸ ਦਾ ਵੈਰ ਸੀ। ਤਾਰਾ ਸਿੰਘ ਨੂੰ ਜਦ ਫ਼ੌਜ ਦੇ ਆਉਣ ਦੀ ਖਬਰ ਲੱਗੀ ਤਾਂ ਆਪਣੇ ਗਵਾਂਢੀ ਦਾ ਧੰਨਵਾਦ ਕੀਤਾ ਪਰ ਕਿਹਾ ਕਿ ਅਸੀਂ ਨੱਸ ਨਹੀਂ ਸਕਦੇ। ਸਗੋਂ ਉਸੇ ਵੇਲੇ ਨਗਾਰੇ ਤੇ ਚੋਟ ਲਗਾ ਦਿੱਤੀ ਕਿ ਸ਼ਾਹੀ ਫੌਜ ਐਵੇਂ ਭਟਕਦੀ ਨਾ ਫਿਰੇ।
ਸ਼ਾਹੀ ਫ਼ੌਜ ਵਿਚੋਂ ਇਕ ਪਠਾਣ ਉਸੇ ਵੇਲੇ ਨਗਾਰੇ ਦੀ ਸੇਧੇ ਨੱਠਾ ਅਤੇ ਆ ਕੇ ਤਾਰਾ ਸਿੰਘ ਨੂੰ ਕਹਿਣ ਲੱਗਾ ਕਿ ਕਿਉਂ ਜਾਨ ਗਵਾਉਂਦੇ ਹੋ ਰਤਾ ਇਨ੍ਹਾਂ ਝਾੜਾਂ ਓਹਲੇ ਹੋ ਜਾਵੋ, ਅਸੀਂ ਇਥੇ ਆ ਕੇ ਲਾਹੌਰ ਨੂੰ ਮੁੜ ਜਾਵਾਂਗੇ। ਪਰ ਤਾਰਾ ਸਿੰਘ ਜੀ ਨੇ ਕਹਿਆ, ਖਾਨ ਜੀ! ਸਾਨੂੰ ਮੌਤ ਦਾ ਡਰ ਨਹੀਂ, ਅਸੀਂ ਨੱਸ ਨਹੀਂ ਸਕਦੇ!
ਉਹੋ ਗੱਲ ਹੋਈ! ਫ਼ੌਜ ਆਈ, ਬਾਈ ਸੂਰਮੇ ਉਨ੍ਹਾਂ ਦੇ ਸਾਹਮਣੇ ਹੋ ਕੇ ਲੜੇ ਅਤੇ ਲੜਦੇ ਲੜਦੇ ਸ਼ਹੀਦ ਹੋ ਗਏ। ਸੂਰਮੇ ਇਹ ਸਨ, ਸੋ ਜਾਨਾਂ ਬਚਾ ਸਕਦੇ ਸਨ ਪਰ ਵੈਰੀ ਨੂੰ ਆਉਂਦਾ ਸੁਣ ਕੇ ਨੱਸਣਾ ਨਹੀਂ ਚਾਹੁੰਦੇ ਸਨ।
(ੲ) ਸ: ਤਾਰਾ ਸਿੰਘ ਡੱਲੋਵਾਲੀਏ ਦੀ ਮਿਸਲ ਵਿਚ ਇਕ ਸਰਦਾਰ ਮਿੱਤ ਸਿੰਘ ਮਿਸਲਦਾਰ ਸੀ। ਅਹਿਮਦ ਸ਼ਾਹ ਸਰਹੰਦ ਗਿਰਦੇ ਸੀ ਤੇ ਸਾਰਾ ਖ਼ਾਲਸਾ ਜਮਨਾ ਕੰਢੇ ਪਿਆ ਸੀ। ਸਰਦਾਰ ਮਿੱਤ ਸਿੰਘ ਦੇ ਦਿਲ ਆਈ ਕਿ ਜਮਨਾ ਟੱਪ ਕੇ ਕੁਝ ਇਲਾਕਾ ਹੀ ਉਗਰਾਹ ਲਿਆਈਏ।
ਜਦ ਸਰਦਾਰ ਤਾਰਾ ਸਿੰਘ ਨੂੰ ਇਸ ਗੱਲ ਦੀ ਖ਼ਬਰ ਲੱਗੀ ਤਾਂ ਆਪ ਨੇ ਕਿਹਾ ਕਿ ਅਹਿਮਦ ਸ਼ਾਹ ਨੂੰ ਦੂਰ ਦੂਰ ਨਾ ਜਾਣੋ। ਥੋੜ੍ਹੇ ਜਿਹੇ ਖ਼ਾਲਸੇ ਨੂੰ ਲੈ ਜਾਵੋਗੇ ਤੇ ਸਾਰਿਆਂ ਨੂੰ ਮਰਵਾ ਆਵੋਗੇ। ਪਰ ਸਰਦਾਰ ਮਿੱਤ ਸਿੰਘ ਨੇ ਕਿਹਾ ਨਾ ਮੰਨਿਆ ਅਤੇ ਪੰਜ ਹਜ਼ਾਰ ਜਵਾਨ ਲੈ ਕੇ ਜਮਨਾ ਟੱਪ ਗਿਆ।
ਇਹ ਇਲਾਕਾ ਨਜੀਬ-ਉਲ-ਦੌਲਾ ਦਾ ਸੀ, ਜੋ ਆਪ ਤਾਂ ਉਸ ਸਮੇਂ ਅਹਿਮਦ ਸ਼ਾਹ ਪਾਸ ਸੀ ਤੇ ਇਲਾਕੇ ਦਾ ਪ੍ਰਬੰਧ ਉਸ ਦਾ ਪੁੱਤਰ ਜ਼ਾਬਤਾ ਖਾਂ ਕਰਦਾ ਸੀ। ਜ਼ਾਬਤਾ ਖਾਂ ਸਰਦਾਰ ਮਿੱਤ ਸਿੰਘ ਨੂੰ ਰੋਕ ਨਾ ਸਕਿਆ। ਇਨ੍ਹਾਂ ਨੇ ਦਿਨਾਂ ਵਿਚ ਹੀ ਬਹੁਤ ਸਾਰਾ ਇਲਾਕਾ ਉਗਰਾਹ ਲਿਆ ਅਤੇ ਮੇਰਠ ਨੂੰ ਲੈ ਕੇ ਉਸ ਨੂੰ ਵੀ ਜਾ ਉਗਰਾਹਿਆ। ਜ਼ਾਬਤਾ ਖਾਂ ਅਬਦਾਲੀ ਪਾਸ ਪੁੱਜਾ ਅਤੇ ਜਹਾਨ ਖਾਂ ਨੂੰ ਆਪਣੇ ਨਾਲ ਲੈ ਕੇ ਮੇਰਠ ਵੱਲ ਵਧਿਆ। ਜਹਾਨ ਖਾਂ ਨੇ ਛੂਟ ਕੀਤੀ ਅਤੇ ਤੜਕਸਾਰ ਸੁੱਤੇ ਪਏ ਸਿੰਘਾਂ ਨੂੰ ਜਾ ਲਿਆ, ਜਿਨ੍ਹਾਂ ਨੂੰ ਵੈਰੀ ਦੇ ਆਉਣ ਦਾ ਚਿਤ-ਚੇਤਾ ਵੀ ਨਹੀਂ ਸੀ। ਸਿੰਘ ਸੰਭਲੇ ਅਤੇ ਲੜਾਈ ਛੋਹ ਕੇ ਸਰਦਾਰ ਮਿੱਤ ਸਿੰਘ ਨੇ ਸਭ ਨੂੰ ਕਹਿ ਦਿੱਤਾ ਕਿ ਜੇ ਕੋਈ ਹਿੰਮਤ ਕਰ ਕੇ ਜਮਨਾ ਟੱਪ ਸਕਦਾ ਹੈ ਟੱਪ ਜਾਵੇ ਤੇ ਜਾਨ ਬਚਾ ਲਵੇ ਪਰ ਅਸੀਂ ਤਾਂ ਇਥੇ ਹੀ ਰਹਾਂਗੇ। ਜਾਨ ਬਚਾ ਕੇ ਗਏ ਤਾਂ ਸਾਰੇ ਸਿੰਘ ਕਹਿਣਗੇ ਕਿ ਸਿੰਘਾਂ ਨੂੰ ਮਰਵਾ ਕੇ ਆ ਗਿਆ ਹੈ। ਸੋ ਸਰਦਾਰ ਮਿੱਤ ਸਿੰਘ ਅੜ ਗਿਆ ਜੋ ਸਾਰੇ ਹੀ ਸ਼ਹੀਦ ਹੋ ਗਏ। ਸੂਰਮੇ ਇਹ ਸਨ!
ਮੈਂ ਸੂਰਮਿਆਂ ਦੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਹਨ। ਮੈਂ ਮਿਰਜ਼ੇ ਨੂੰ ਸੂਰਮਾ ਕੀਕੂੰ ਆਖਾਂ? ਰੰਨਾਂ ਕੱਢਣ ਵਾਲੇ ਕਦੇ ਸੂਰਮੇ ਨਹੀਂ ਹੋ ਸਕਦੇ। ਮਿਰਜ਼ਾ ਸੂਰਮਾ ਤਦ ਹੁੰਦਾ, ਜੇ ਉਹ ਆਪਣੇ ਸਾਥੀ ਨੂੰ ਲੈ ਕੇ ਜਾਂਦਾ ਅਤੇ ਮਰਦਾਂ ਦੀ ਜਨੇਤ ਪਾਸੋਂ ਖੋਹ ਕੇ ਸਾਹਿਬਾਂ ਨੂੰ ਲੈ ਜਾਂਦਾ। ਜਦ ਵੈਰੀਆਂ ਨੇ ਘੇਰ ਲਿਆ ਤਾਂ ਅੰਤ ਲੜਨਾ ਹੀ ਸੀ ਪਰ ਇਹ ਲੜਨਾ ਸੂਰਮਿਆਂ ਦਾ ਲੜਨਾ ਨਹੀਂ ਸੀ ਇਹ ਚੋਰਾਂ ਦਾ ਲੜਨਾਂ ਸੀ।
5. ਪ੍ਰੇਮ ਸੱਚਮੁਚ ਇਕ ਉੱਚੀ ਅਵਸਥਾ ਹੈ, ਪਰ ਹੀਰ-ਰਾਂਝੇ, ਮਿਰਜ਼ਾ-ਸਾਹਿਬਾਂ ਜਾਂ ਸੋਹਣੀ-ਮਹੀਂਵਾਲ ਵਿਚ ਮੈਂ ਉਹ ਪ੍ਰੇਮ ਨਹੀਂ ਵੇਖਦਾ, ਜਿਸ ਦੀ ਉਪਮਾ ਕੀਤੀ ਜਾ ਸਕੇ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਭ ਵਿਗੜੇ ਹੋਏ ਮੁੰਡੇ-ਕੁੜੀਆਂ ਸਨ। ਜੇਕਰ ਇਹ ਕਹਿ ਕੇ ਮੈਂ ਕਿਸੇ ਮਲੂਕ ਮਨ ਨੂੰ ਸੱਟ ਲਾਈ ਹੈ ਤਾਂ ਇਸ ਲਈ ਮੈਂ ਖ਼ਿਮਾ ਦਾ ਜਾਚਕ ਹਾਂ।
ਅੰਤ ਵਿਚ ਮੈਂ ਫੇਰ ਕਹਿੰਦਾ ਹਾਂ ਕਿ ਮੈਂ ਇਹ ਲੇਖ ਉਨ੍ਹਾਂ ਲਈ ਲਿਖੇ ਹਨ, ਜਿਨ੍ਹਾਂ ਨੂੰ ਇਨ੍ਹਾਂ ਲੇਖਾਂ ਨਾਲ ਦਿਲਚਸਪੀ ਹੈ ਅਤੇ ਇਕ ਇਤਿਹਾਸਕਾਰ ਦੇ ਲੇਖ ਦਾ ਸੰਖੇਪ ਉਨ੍ਹਾਂ ਅੱਗੇ ਰੱਖ ਦਿੱਤਾ ਹੈ ਕਿ ਸ਼ਾਇਦ ਕਿਸੇ ਦੇ ਕੁਝ ਕੰਮ ਆ ਸਕੇ! ਇਹ ਵਿਸ਼ਾ ਨਾ ਮੇਰੀ ਖੋਜ ਵਿਚ ਸ਼ਾਮਿਲ ਹੈ ਅਤੇ ਨਾ ਹੀ ਮੈਂ ਇਸ ਸਬੰਧੀ ਆਪਣਾ ਸਮਾਂ ਦੇ ਸਕਦਾ ਹਾਂ।
3. ਰਸਾਲਾ ਫੁਲਵਾੜੀ, ਅਕਤੂਬਰ 1928 ਈਸਵੀ, ਪੰਨਾ 928

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346