Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ਪੰਜਾਬ ਦੀ ਇਤਿਹਾਸਕ ਗਾਥਾ

 

- ਡਾ ਸੁਭਾਸ਼ ਪਰਿਹਾਰ

ਨਾਵਲ / ਝੱਖੜ ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 

Online Punjabi Magazine Seerat


ਮੁੜ ਵਿਧਵਾ

- ਸੰਤ ਸਿੰਘ ਸੇਖੋਂ
 

 

(1908-1997)
(ਬੀਤੀ 30 ਮਈ ਨੂੰ ਸੰਤ ਸਿੰਘ ਸੇਖੋਂ ਦੀ ਬਰਸੀ ਸੀ। ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਤੇ ਸਤਿਕਾਰਨ ਲਈ ਉਹਨਾਂ ਦੀ ਕਹਾਣੀ ਸੀਰਤ ਦੇ ਪਾਠਕਾਂ ਦੀ ਨਜ਼ਰ ਹੈ-ਅਦਾਰਾ ਸੀਰਤ)

ਗੱਡੀ ਤੁਰਨ ਦੀ ਉਡੀਕ ਵਿਚ ਉਹ ਪਲੈਟਫ਼ਾਰਮ ਉਤੇ ਇਧਰ ਉਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ ਡੱਬਿਆਂ ਵਿਚ ਉਸਨੇ ਲਗਭਗ ਸਾਰੇ ਚਿਹਰੇ ਮੁਹਰੇ ਚੰਗੀ ਤਰ੍ਹਾਂ ਤੱਕ ਲਏ ਸਨ, ਪਰ ਪੋਸਟ-ਗਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ।
ਫਿਰ ਉਸਦੀਆਂ ਅੱਖਾਂ ਅੰਦਰ ਔਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੈਟਫ਼ਾਰਮ ਉੱਤੇ ਔਣ ਵਾਲੇ ਬੰਦਿਆਂ ਨੂੰ ਦੇਖ ਸਕੇ। ਉਸ ਨੂੰ ਦੋ ਇਸਤ੍ਰੀਆਂ ਅੰਦਰ ਔਂਦੀਆਂ ਨਜ਼ਰੀਂ ਪਈਆਂ, ਇਕ ਬੁੱਢੀ, ਤਕਰੀਬਨ ਪੰਜਾਹ ਕੁ ਸਾਲਾਂ ਦੀ ਅਤੇ ਦੂਸਰੀ ਨੌਜਵਾਨ, ਕੋਈ ਵੀਹਾਂ ਕੁ ਸਾਲਾਂ ਦੀ, ਜਿਹਨੇ ਇਕ ਵਰ੍ਹੇ ਕੁ ਦਾ ਬੱਚਾ ਕੁੱਛੜ ਚੁਕਿਆ ਹੋਇਆ ਸੀ। ਉਸ ਨੇ ਇਸ ਸੁੰਦਰੀ ਵਲ ਕੁਝ ਚਿਰ ਬੜੀ ਗਹੁ ਨਾਲ ਵੇਖਿਆ ਅਤੇ ਕੋਈ ਹਾਵ-ਭਾਵ ਪਰਤੀਤ ਕੀਤਾ, ਜਿਸ ਤੋਂ ਉਸਦੇ ਦਿਲ ਵਿਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆ ਵਸੀ। ਉਹ ਬੁੱਢੀ ਤੀਵੀਂ ਉਸ ਸੁੰਦਰੀ ਦੀ ਮਾਂ ਸੀ, ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ। ਇਨ੍ਹਾਂ ਨਾਲ ਕੋਈ ਨਹੀਂ ਸੀ।
ਉਸ ਦੀਆਂ ਅੱਖਾਂ ਉਨ੍ਹਾਂ ਦੀ ਪੈੜ ਉੱਤੇ ਸਨ ਅਤੇ ਜਦੋਂ ਉਹ ਦੋਵੇਂ ਇਕ ਡੱਬੇ ਵਿਚ ਜਾ ਬੈਠੀਆਂ, ਉਹ ਵੀ ਉਧਰ ਚਲਾ ਗਿਆ। ਉਹ ਉਨ੍ਹਾਂ ਦੀ ਬਾਰੀ ਅਗੋਂ ਤਿੰਨ ਚਾਰ ਵਾਰੀ ਲੰਘਿਆ, ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਣ ਵਿਚ ਕਾਮਯਾਬ ਹੋ ਗਿਆ।
ਉਹ ਉਸ ਡੱਬੇ ਵਿਚ ਚੜ੍ਹ ਗਿਆ ਤੇ ਉਸ ਮੁਟਿਆਰ ਵਲ ਮੂੰਹ ਕਰ ਕੇ ਨਾਲ ਵਾਲੀ ਬੁੱਢੀ ਕੋਲ ਇਕ ਪਾਸੇ ਜਾ ਬੈਠਾ। ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪ ਚਾਪ ਬੈਠਾ ਰਿਹਾ, ਜਿਸ ਤਰ੍ਹਾਂ ਉਹਦੇ ਦਿਲ ਵਿਚ ਕੋਈ ਗੱਲ ਹੀ ਨਹੀਂ ਹੁੰਦੀ। ਉਸਨੇ ਬੜੀ ਇਹਤਿਆਤ ਨਾਲ ਆਪਣੇ ਆਪ ਨੂੰ ਹੋਰ ਮੁਸਾਫ਼ਰਾਂ ਵਿਚ ਇਕ ਭੋਲਾ ਭਾਲਾ ਜਿਹਾ ਪ੍ਰਗਟ ਕੀਤਾ। ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਸਦੇ ਗੋਰੇ ਸਰੀਰ ਨਾਲ ਸੋਹਣੇ ਫਬੇ ਹੋਏ ਸਨ। ਪਰ ਤਦ ਵੀ ਉਹ ਆਪਣੇ ਆਪ ਵਿਚ ਕੁਝ ਸ਼ਰਮ ਜਿਹੀ ਪਰਤੀਤ ਕਰ ਰਹੀ ਸੀ। ਨੌਜਵਾਨ ਨੇ ਉਸ ਵਲ ਇਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝਟ ਹੀ ਉਹ ਇਹ ਖਿ਼ਆਲ ਕਰ ਕੇ ਫ਼ੁੱਲਿਆ ਕਿ ਉਹ ਉਸ ਨਾਲ ਅਜਿਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ। ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿਧੀ ਸਾਦੀ ਰਹਿਮ ਦਿਲ ਅਰ ਗਾਲੜੋ ਸੀ।
ਭੈਣ ਜੀ! ਤੁਸੀਂ ਕਿਥੇ ਜਾਣੈ ਏਂ? ਇੱਕ ਅਧਖੜ ਉਮਰ ਦੀ ਤੀਵੀਂ ਜੋ ਇਸ ਡੱਬੇ ਵਿਚ ਹੁਣੇ ਵੜੀ ਸੀ ਅਤੇ ਬੱਢੀ ਤੀਵੀਂ ਦੇ ਪਰਲੇ ਪਾਸੇ ਆ ਬੈਠੀ ਸੀ, ਉਸਨੂੰ ਪੁੱਛਣ ਲੱਗੀ।
ਅਸੀਂ ਅਟਾਰੀ ਚਲੇ ਆਂ , ਉਸ ਬੁੱਢੀ ਤੀਵੀਂ ਨੇ ਉੱਤਰ ਦਿੱਤਾ।
ਇਸ ਤੋਂ ਪਿੱਛੋਂ ਆਪਸ ਵਿਚ ਗੱਲਾਂ ਛਿੜ ਪਈਆਂ, ਪਰ ਉਹ ਮੁਟਿਆਰ ਚੁਪ ਕਰਕੇ ਬੈਠੀ ਰਹੀ। ਉਹ ਉਸ ਵੱਲ ਤੱਕਦਾ ਰਿਹਾ, ਕਦੀ ਕਦੀ ਉਸ ਦੇ ਅੰਝਾਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ। ਉਸ ਨੂੰ ਯਕੀਨ ਸੀ ਕਿ ਉਸ ਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ।
ਉਸ ਨੇ ਅਨੁਮਾਨ ਲਾਇਆ ਕਿ ਇਸ ਦਾ ਵਿਆਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੇ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿ਼ਆਲ ਠੀਕ ਨਹੀਂ। ਭਾਵੇਂ ਉਹ ਬੜੀ ਸ਼ਰਮੀਲੀ ਸੀ, ਉਸ ਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਇਕ ਆਸਰਾ ਸੀ। ਉਹ ਤਾੜ ਗਿਆ ਕਿ ਆਪਣੀ ਸ਼ਰਾਫ਼ਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ, ਨਾ ਹੀ ਬੱਚੇ ਨਾਲ ਖੇਡ ਵਿਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ।
ਗੱਡੀ ਤੁਰ ਪਈ। ਉਨ੍ਹਾਂ ਤੀਵੀਆਂ ਨੇ ਕੁਝ ਹੁਝਕੇ ਜਿਹੇ ਪ੍ਰਤੀਤ ਕੀਤੇ ਅਤੇ ਇਕ ਛਿਨ ਭਰ ਲਈ ਉਨ੍ਹਾਂ ਦੀ ਗੱਲਬਾਤ ਰੁਕ ਗਈ। ਬੁੱਢੀ ਤੀਵੀਂ ਨੇ ਬੱਚੇ ਨੂੰ ਆਪਣੇ ਕੁੱਛੜ ਲਿਆ, ਪਿਆਰ ਕੀਤਾ, ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ।
"ਇਹ ਤੁਹਾਡੀ ਬੀਬੀ ਦਾ ਬਾਲ ਏ, ਮਾਤਾ ਜੀ!" ਉਸ ਨੇ ਮੌਕਾ ਤਾੜ ਕੇ ਪੁੱਛਿਆ।
"ਹਾਂ ਪੁੱਤਰ!" ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਅਤੇ ਬਾਲ ਵੱਲ ਦੇਖਣ ਲੱਗ ਪਈ ਤੇ ਉਸ ਨੂੰ ਹਸਾਣ ਲਈ ਸੀਟੀ ਵਜਾਣ ਲੱਗੀ। ਬੱਚਾ ਮੁਸਕਰਾਇਆ। ਇਸ ਨੂੰ ਦੇਖ ਉਹ ਸੁੰਦਰੀ, ਇਸ ਦੀ ਮਾਂ ਵੀ ਰਤਾ ਕੁ ਮੁਸਕਰਾਈ।
ਉਹ ਵੀ ਬਾਲ ਵੱਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸਦੀ ਮਾਂ ਦੇ ਚਿਹਰੇ ਵਲ ਤੱਕਣ ਲੱਗਾ। ਬਾਲ ਦੀਆਂ ਮੁਸਕੜੀਆਂ ਹਾਸੇ ਵਿਚ ਬਦਲ ਗਈਆਂ, ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ। ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲ੍ਹਾਂ ਵਿਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ, ਜਿਸ ਨੂੰ ਕੱਜਣ ਲਈ ਉਸ ਨੇ ਝੱਟ ਆਪਣਾ ਰੁਮਾਲ ਮੂੰਹ ਅੱਗੇ ਲੈ ਲਿਆ।
ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ। ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ।
ਬੱਚੇ ਦੇ ਨੌਜਵਾਨ ਦੇ ਕੁੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖ਼ਾਸ ਅਸਰ ਕੀਤਾ। ਉਸਦਾ ਉਦਾਸ ਚਿਹਰਾ ਖਿੜ ਗਿਆ, ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ। ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖ਼ਾਸ ਖ਼ੁਸ਼ੀ ਪ੍ਰਤੀਤ ਕੀਤੀ।
ਉਸ ਮੁਟਿਆਰ ਦੇ ਦਿਲ ਵਿਚ ਇਕ ਨਵੀਂ ਜੀਵਨ ਰੌ ਆ ਗਈ, ਉਸ ਦਾ ਚਿਹਰਾ ਦਗਦਗ ਕਰਨ ਲੱਗਾ ਤੇ ਉਸਨੇ ਇਸ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿ਼ਆਲ ਕਰਦਾ ਹੋਵੇਗਾ। ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਹੋਈ ਪਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿਚ ਬੈਠੇ ਹੁੰਦੇ ਹਨ। ਉਸਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿਚ ਇੱਕ ਅਜਿਹੀ ਤਾਰ ਖੜਕ ਗਈ ਜਿਵੇਂ ਖ਼ਾਵੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝੱਟ ਹੀ ਛੱਡ ਦਿੱਤਾ ਜਿਵੇਂ ਉਸ ਨੇ ਇਸ ਰਾਹੀਂ ਬਿਜਲੀ ਦਾ ਝਟਕਾ ਪਰਤੀਤ ਕੀਤਾ ਹੋਵੇ। ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ, ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ।
"ਮਾਤਾ ਜੀ! ਤੁਸੀਂ ਕਿੱਥੋਂ ਆਏ ਓ?" ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ। ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ।
"ਚੀਚਾ ਵਤਨੀ ਤੋਂ, ਕਾਕਾ," ਬੁੱਢੀ ਨੇ ਉੱਤਰ ਦਿੱਤਾ। "ਓਥੇ ਸਾਡਾ ਘਰ ਐ", ਉਸ ਨੇ ਆਪੇ ਹੀ ਕਿਹਾ। "ਅਤੇ ਅਸੀਂ ਅਟਾਰੀ ਚਲੇ ਆਂ, ਓਥੇ ਮੇਰੀ ਧੀ ਦੇ ਸਹੁਰੇ ਨੇ। ਇਹ ਵਿਧਵਾ ਏ, ਇਸ ਦੇ ਖ਼ਾਵੰਦ ਨੂੰ ਗੁਜ਼ਰਿਆਂ ਕੋਈ ਅੱਠ ਕੁ ਮਹੀਨੇ ਹੋ ਗਏ ਨੇ।" ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿਚੋਂ ਡਿਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੂੰਝਣ ਲਈ ਉੱਠਿਆ।
ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ, ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ, ਪਰ ਉਹ ਘਬਰਾਇਆ ਨਹੀਂ। ਉਹ ਉਸ ਕੁੜੀ ਵੱਲ ਵੇਖਣ ਲੱਗਾ, ਜਿਸ ਨੇ ਇਹ ਗੱਲ ਛਿੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ। ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸਦੀਆਂ ਅੱਖਾਂ ਅੱਗੋਂ ਲੰਘਦੇ ਜਾ ਰਹੇ ਸਨ, ਖੇਤਾਂ, ਪੈਲੀਆਂ ਤੇ ਤਾਰ ਖੰਭਿਆਂ ਵੱਲ ਜੋ ਉਸਦੇ ਸਾਹਮਣੇ ਉਡਦੇ ਜਾ ਰਹੇ ਸਨ।
"ਇਹ ਬਾਲ ਈ ਸਿਰਫ਼ ਸਾਡੀ ਜਿ਼ੰਦਗੀ ਦਾ ਆਸਰਾ ਏ" , ਬੁੱਢੀ ਨੇ ਬੜੀ ਦੁਖ ਭਰੀ ਰੋਣੀ ਆਵਾਜ਼ ਵਿਚ ਕਿਹਾ, "ਮੇਰੇ ਵੀ ਹੋਰ ਕੋਈ ਬਾਲ ਨਹੀਂ",( ਕੁੜੀ ਵੱਲ ਸੈਨਤ ਕਰਕੇ), "ਇਹਦੇ ਬਾਪ ਨੂੰ ਵੀ ਮਰਿਆਂ ਕੋਈ ਦਸ ਵਰ੍ਹੇ ਹੋ ਗਏ ਨੇ।"
"ਹਾਂ! ਏਥੇ ਤੁਸੀਂ ਇਕੱਲੇ ਓ।" ਨੌਜਵਾਨ ਨੇ ਆਪਣੇ ਆਪ ਹੀ ਕਿਹਾ।
"ਹਾਂ! ਬਿਨਾਂ ਮਰਦ ਦੇ, ਇਸੇ ਲਈ ਅਸੀਂ ਇਕੱਲੇ ਆਂ। ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ! ਸਮਾਂ ਐਡਾ ਭੈੜਾ ਜਾਂਦਾ ਪਿਆ ਏ।" ਇਸ ਤਰ੍ਹਾਂ ਸਮੇਂ ਦੀ ਸਿ਼ਕਾਇਤ ਕਰ ਕੇ ਉਹ ਚੁੱਪ ਹੋ ਗਈ।
ਨਹੀਂ! ਨਹੀਂ! ਅੱਜ ਕੱਲ੍ਹ ਇਸ ਤਰ੍ਹਾਂ ਦਾ ਕੋਈ ਡਰ ਨਹੀਂ। ਅੱਜ ਕੱਲ੍ਹ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਈ ਔਂਦੀਆਂ ਜਾਂਦੀਆਂ ਨੇ। ਬੁੱਢੀ ਦੀ ਗੱਲ ਉੱਤੇ ਉਸਨੇ ਕਿਹਾ।
ਹਾਂ ਜਾਂਦੀਆਂ ਨੇ , ਉਸ ਮਾਈ ਨੇ ਕਿਹਾ।
ਕੁਝ ਚਿਰ ਲਈ ਉਹ ਚੁਪ ਕਰ ਗਏ, ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ। ਅਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ। ਭਾਵੇਂ ਉਸਨੂੰ ਗੱਲ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਧੜ ਸੀ।
"ਪੁੱਤਰ! ਤੂੰ ਕਿੱਥੋਂ ਆਇਆ ਏਂ?" ਮਾਈ ਨੇ ਪੁੱਛਿਆ।
"ਮੈਂ ਮੀਆਂ ਚੰਨੂੰ ਤੋਂ ਆ ਰਿਹਾ ਹਾਂ, ਮਾਤਾ ਜੀ।" ਨੌਜਵਾਨ ਨੇ ਉੱਤਰ ਦਿੱਤਾ।
"ਤੂੰ ਕਿਤੇ ਨੌਕਰ ਏਂ ਕਾਕਾ?"
"ਨਹੀਂ ਜੀ, ਮੈਂ ਅਜੇ ਲਾਹੌਰ ਪੜ੍ਹਨਾ ਵਾਂ। ਪਰ ਹੁਣ ਮੈਂ ਪੱਤੋ ਕੀ ਚਲਿਆ ਵਾਂ।"
"ਕਿਹੜੀ ਜਮਾਤ ਚ ਪੜ੍ਹਨਾ ਏਂ?"
"ਜੀ ਮੈਂ ਐਮ:ਏ ਵਿਚ ਪੜ੍ਹਨਾ ਵਾਂ।"
"ਤੈਨੂੰ ਲਾਹੌਰ ਪੜ੍ਹਦਿਆਂ ਕਿੰਨਾ ਚਿਰ ਹੋ ਚੱਲਿਆ ਏ?"
"ਜੀ ਇਹ ਮੇਰਾ ਛੇਵਾਂ ਵਰ੍ਹਾ ਏ?"
ਇੰਨਾ ਚਿਰ ਉਹ ਚੋਰ ਅੱਖ ਨਾਲ ਉਸ ਮੁਟਿਆਰ ਵਲ ਤਕਦਾ ਰਿਹਾ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ। ਦੇਖਣ ਨੂੰ ਤਾਂ ਉਹ ਬੱਚੇ ਨੂੰ ਖਿਡਾ ਰਹੀ ਸੀ ਪਰ ਇਹ ਇਕ ਬਹਾਨਾ ਸੀ, ਉਹ ਚੰਗੀ ਤਰ੍ਹਾਂ ਸਮਝਦਾ ਸੀ। ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ। ਉਸਨੂੰ ਕੁੜੀ ਦੇ ਇਸ ਵਤੀਰੇ ਤੇ ਰਤਾ ਕੁ ਨਿਰਾਸਤਾ ਹੋਈ। ਕਿਡੀ ਬੇਪਰਵਾਹ ਏ? ਇਕ ਹੁਸਿ਼ਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦੇਂਦੀ, ਉਸ ਨੇ ਖਿ਼ਆਲ ਕੀਤਾ।
"ਤਦ ਤੇ ਤੂੰ ਕੋਈ ਵੱਡਾ ਅਫ਼ਸਰ ਬਣੇਂਗਾ," ਬੁੱਢੀ ਮਾਈ ਨੇ ਕੁਝ ਫੁਲਾਣ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ।
ਮੁੰਡਾ ਹੌਲੀ ਜਿਹਾ ਹੱਸਿਆ ਪਰ ਉਸ ਦੇ ਦਿਲ ਵਿਚ ਕੁਝ ਇਸ ਗੱਲ ਤੋਂ ਨਿਰਾਸਤਾ ਸੀ ਕਿ ਉਸ ਮੁਟਿਆਰ ਦਾ ਉਸ ਦੀਆਂ ਗੱਲਾਂ ਵਿਚ ਕੋਈ ਧਿਆਨ ਨਹੀਂ ਸੀ।
"ਮੇਰਾ ਜਵਾਈ ਸੌ ਰੁਪੈ ਮਹੀਨਾ ਲੈਂਦਾ ਸੀ। ਉਹ ਮਿੰਟਗੁਮਰੀ ਵਿਚ ਬਾਬੂ ਸੀ। ਤੂੰ ਤੇ ਬਹੁਤੀ ਤਨਖ਼ਾਹ ਲਵੇਂਗਾ?"
"ਮਾਤਾ ਜੀ, ਇਹ ਤੁਹਾਨੂੰ ਕਿਵੇਂ ਪਤਾ ਇ?" ਉਸ ਨੇ ਮੁਸਕਰਾਂਦੇ ਹੋਏ ਉਸ ਕੋਲੋਂ ਪੁੱਛਿਆ, ਜਿਵੇਂ ਕੋਈ ਸਿਆਣੇ ਜੋਤਸ਼ੀ ਕੋਲੋਂ ਪੁੱਛ ਰਿਹਾ ਹੋਵੇ।
"ਮੇਰਾ ਜਵਾਈ ਸਿਰਫ਼ ਚਾਰ ਵਰ੍ਹੇ ਲਾਹੌਰ ਰਿਹਾ ਸੀ। ਉਹ ਬੀ:ਏ ਪਾਸ ਸੀ। ਤੂੰ ਬਹੁਤ ਪੜ੍ਹਿਆ ਹੋਇਆ ਏਂ , ਇਸ ਲਈ ਜ਼ਰੂਰੀ ਏ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ।"
"ਇਨ੍ਹਾਂ ਦਿਨਾਂ ਵਿਚ, ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ," ਉਸ ਨੇ ਮੁਟਿਆਰ ਵਲ ਵੇਖਦੇ ਹੋਏ ਕਿਹਾ। ਉਹ ਪਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗ਼ਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ।
ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ, ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ, ਉਸ ਨੇ ਝੱਟ ਅੱਖ ਝਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ।
'ਕੀ ਇਹ ਕੋਈ ਅਜਿਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮਾਂਦੀ ਹੈ?' ਉਸਨੇ ਆਪਣੇ ਆਪ ਨੂੰ ਪੁੱਛਿਆ। ਉਸ ਨੇ ਬਾਲ ਵੱਲ ਦੇਖਕੇ ਸੀਟੀ ਮਾਰੀ ਤੇ ਉਸਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ। ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਿਹੀ ਆ ਗਈ। ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਕੁੱਿਦਆ। ਜਿਸ ਵੇਲੇ ਉਹ ਉਸਨੂੰ ਬਾਲ ਫੜਾਨ ਲੱਗੀ, ਤਾਂ ਉਨ੍ਹਾਂ ਦੇ ਹੱਥ ਇਕ ਦੂਜੇ ਨਾਲ ਛੁਹ ਗਏ। ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਆਪਣਾ ਧਿਆਨ ਉਸ ਮੁਟਿਆਰ ਵੱਲੋਂ ਮੋੜ ਨਹੀਂ ਸਕਦਾ ਸੀ। ਕੁੜੀ ਦੀ ਚੁੰਨੀ ਥੱਲੇ ਖਿਸਕ ਗਈ। ਉਹ ਉਸ ਵੱਲ ਦੇਖਦਾ ਰਿਹਾ। ਪਰ ਕੁੜੀ ਹੀਆ ਨਾ ਕਰ ਸਕੀ ਕਿ ਉਸ ਵੱਲ ਅੱਖ ਭਰ ਕੇ ਤੱਕੇ।
ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ। ਉਸ ਲਈ ਅਜੇ ਇੱਕ ਘੰਟੇ ਦਾ ਸਫ਼ਰ ਬਾਕੀ ਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ। ਗੱਡੀ ਖੜੀ ਹੋਣ ਨਾਲ ਉਸਨੂੰ ਮੌਕਾ ਮਿਲ ਗਿਆ। ਬਾਲ ਨੂੰ ਉਸ ਦੀ ਮਾਂ ਕੋਲ ਦੇ ਕੇ ਉਹ ਪਲੇਟਫ਼ਾਰਮ ਉੱਤੇ ਉੱਤਰ ਗਿਆ।
ਬੁੱਢੀ ਮਾਈ ਜੋ ਕੁਝ ਥਕੇਵਾਂ ਪਰਤੀਤ ਕਰ ਰਹੀ ਸੀ, ਆਪਣੇ ਨਾਲ ਦੀ ਥਾਂ ਵਿਹਲੀ ਦੇਖ ਕੇ ਲੰਮੀ ਪੈ ਗਈ। ਜਦੋਂ ਗੱਡੀ ਤੁਰ ਪਈ ਉਹ ਫਿਰ ਉਸ ਡੱਬੇ ਵਿਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇਖ ਦੇ ਉਸ ਕੁੜੀ ਕੋਲ ਜਾ ਬੈਠਾ।
ਪਹਿਲਾਂ ਤਾਂ ਉਹ ਕੁੜੀ ਝਿਜਕੀ ਪਰ ਫਿ਼ਰ ਉਸਨੇ ਕੋਈ ਪਰਵਾਹ ਨਾ ਕੀਤੀ। ਉਸ ਡੱਬੇ ਵਿਚ ਬਹੁਤੀ ਭੀੜ ਨਹੀਂ ਸੀ ਤੇ ਖ਼ਾਸ ਕਰਕੇ ਉਨ੍ਹਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅੱਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖਿਡਾਵੇ, ਪਰ ਬੱਚੇ ਨੂੰ ਨੀਂਦ ਆਈ ਹੋਈ ਸੀ, ਉਸ ਕੁੜੀ ਨੇ ਸ਼ਾਲ ਦੀ ਬੁੱਕਲ ਮਾਰੀ ਤੇ ਬਾਲ ਨੂੰ ਸੰਵਾਣ ਲਈ ਉਸ ਨੂੰ ਦੁੱਧ ਦੇਣ ਲਗ ਪਈ।
ਮੁੰਡੇ ਨੇ ਹੌਸਲਾ ਕਰ ਕੇ ਹਥ ਫੜ੍ਹ ਲਿਆ। ਪਹਿਲਾਂ ਤਾਂ ਉਹ ਬਹੁਤ ਡਰੀ, ਪਰ ਫਿਰ ਜਾਣੋ ਕੁਝ ਹੌਸਲਾ ਕਰ ਲਿਆ ਤੇ ਹਥ ਛੁੜਾਨ ਦੀ ਕੋਈ ਕੋਸਿ਼ਸ਼ ਨਾ ਕੀਤੀ। ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁਕੀ ਸੀ, ਜਿਸ ਵੇਲੇ ਉਸ ਦਾ ਬਾਲ ਉਸਦੀ ਗੋਦੀ ਵਿਚ ਪਿਆ ਦੁੱਧ ਚੁੰਘ ਰਿਹਾ ਸੀ ਤੇ ਉਸਦਾ ਪ੍ਰੇਮੀ ਹੱਥ ਫੜ੍ਹੀ ਬੈਠਾ ਸੀ।
ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ, ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ। ਉਹ ਚੁੱਪ ਚਾਪ ਇਸ ਓਪਰੀ ਜਿਹੀ ਛੁਹ ਦਾ ਆਨੰਦ ਮਾਣ ਰਹੇ ਸਨ, ਕਿ ਓੜਕ ਉਨ੍ਹਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪੱਤੋਕੀ ਦੇ ਸਟੇਸ਼ਨ ਤੇ ਖੜੀ ਹੋਈ। ਉਹ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਨਿਰਾਸਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ।
ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜਿਹੀ ਪਰਤੀਤ ਕਰਨ ਲੱਗੀ। ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ, ਆਪਣੇ ਆਪ ਨੂੰ ਮੁੜ ਵਿਧਵਾ ਪਰਤੀਤ ਕਰਨ ਲੱਗੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346