Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat

ਸਜ਼ਾ
-  ਗੁਰਮੀਤ ਪਨਾਗ

 


(ਗੁਰਮੀਤ ਪਨਾਗ ਨੇ ਨਵੇਂ ਵਿਸਿ਼ਆਂ ਤੇ ਤਾਜ਼ਗੀ ਭਰੇ ਬਿਆਨ ਨਾਲ ਪੰਜਾਬੀ ਕਹਾਣੀ ਵਿਚ ਆਪਣਾ ਵਿਸ਼ੇਸ਼ ਮੁਕਾਮ ਬਣਾ ਲਿਆ ਹੈ। ਉਸਦੀ ਨਵੀਂ ਕਹਾਣੀ 'ਸੀਰਤ' ਦੇ ਪਾਠਕ ਦੀ ਨਜ਼ਰ ਹੈ-ਸੰਪਾਦਕ)

ਜੇਲ੍ਹ ਕੋਠੜੀ ‘ਚ ਬੈਠੇ ਦਰਸ਼ਨ ਲਈ ਲੋਹੇ ਦੇ ਦਰਵਾਜਿ਼ਆਂ ਦੀ ਠਾਹ ਠਾਹ, ਕੈਦੀਆਂ ਦਾ ਰੌਲਾ ਰੱਪਾ ਤੇ ਗਾਰਡਾਂ ਦਾ ਚੀਖਣਾ ਚਿਲਾਉਣਾ ਅਸਹਿ ਹੋ ਜਾਂਦਾ। ਅੱਜ ਉਹ ਚਾਲੀ ਦਾ ਹੋ ਗਿਆ ਸੀ ਪਰ ਇੱਥੇ ਕਿਹੜਾ ਉਹਦਾ ਕਿਸੇ ਨੇ ਬਰਥਡੇਅ ਕੇਕ ਕੱਟਣਾ ਸੀ। ਪਹਿਲੀ ਵਾਰ ਤਾਂ ਅੰਦਰ ਹੋਇਆ ਨਹੀਂ ਸੀ ਉਹ।
‘ਹੁਣ ਬੱਸ ਹੋਰ ਨਹੀਂ... ਇਹ ਆਖਰੀ ਵਾਰ ਹੀ ਐ’ ਇੱਕ ਵਾਰ ਤਾਂ ਉਹਨੇ ਪੱਕਾ ਮਨ ਬਣਾ ਲਿਆ ਪਰ ਦੂਜੇ ਹੀ ਪਲ ਹੀ ਅੰਦਰੋਂ ਜੁਆਬ ਆਇਆ, ‘ਬਈ ਕਹਿ ਨੀ ਸਕਦਾ, ਪਤਾ ਨੀ ਕਦੋਂ ਅਕਲ ‘ਤੇ ਪੜਦਾ ਪੈ ਜਾਵੇ ਤੇ ਪੁਲਿਸ ਕਰੂਜ਼ਰ ‘ਚ ਫਿਰ ਬੈਠਣਾ ਪਵੇ’ ਇਹ ਭੰਨ ਤੜਿੱਕ ਲਗਾਤਾਰ ਉਹਦੇ ਅੰਦਰ ਚੱਲਦੀ ਰਹਿੰਦੀ।
‘ਜੇ ਕਿਤੇ ਯੂਨੀਵਰਸਿਟੀ ਗਿਆ ਹੁੰਦਾ ਫਿਰ ਤਾਂ ਗੱਲ ਹੀ ਹੋਰ ਸੀ ਨਾ। ਕੋਈ ਫਿਨਾਂਸ ‘ਚ ਡਿਗਰੀ ਸਿ਼ਗਰੀ ਕੀਤੀ ਹੁੰਦੀ। ਦਿਮਾਗ ਤਾਂ ਬਥੇਰੈ ਪਰ ਕਦੇ ਠੀਕ ਪਾਸੇ ਲਾਇਆ ਈ ਨੀ। ਪੜ੍ਹੇ ਲਿਖੇ ਵੀ ਤਾਂ ਫ਼ਰਾਡ ਕਰਦੇ ਹੀ ਨੇ, ਪਰ ਉਹਨਾਂ ਨੂੰ ਜੇਲ੍ਹ ਥੋੜ੍ਹੀ ਹੁੰਦੀ ਐ... ਜੇ ਹੋ ਵੀ ਜਾਵੇ ਤਾਂ ਸਵਿੱਸ ਬੈਂਕਾਂ ‘ਚ ਉਹਨਾਂ ਦੇ ਮੋਟੇ ਖਾਤੇ ਹੀ ਕਾਫ਼ੀ ਹੁੰਦੇ ਨੇ ਬਾਕੀ ਦੀ ਜਿੰਦਗੀ ਸ਼ਾਹੀ ਤੌਰ ਤਰੀਕੇ ਨਾਲ ਜੀਣ ਲਈ... ਪਰ ਯੂਨੀਵਰਸਿਟੀ ਤਾਂ ਕੀ ਮੈਂ ਤਾਂ ਸਕੂਲ ਵੀ ਪੂਰਾ ਨਾ ਕਰ ਸਕਿਆ। ਮੌਮ ਤੋਂ ਵੱਖ ਹੋਣ ਤੋਂ ਬਾਅਦ, ਦੱਸ ਸਾਲ ਦੀ ਉਮਰ ‘ਚ ਤਾਂ ਡੈਡ ਮੈਨੂੰ ਫਿ਼ਲਮਾਂ ‘ਚ ਰੋਲ ਦੁਆਉਣ ਲਈ ਬੰਬੇ ਲਈ ਫਿਰਦਾ। ਪਤਾ ਨਹੀਂ ਉਸ ਦੇ ਕਿਹੜੇ ਦੋਸਤ ਨੇ ਮੇਰੀ ਬਚਪਨ ਦੀ ਫ਼ੋਟੋ ਦੇਖ ਕੇ ਉਹਦੇ ਦਿਮਾਗ ‘ਚ ਇਹ ਕੀੜਾ ਪਾ ਦਿੱਤਾ। ਐਵੇਂ ਮਿੱਟੀ ਘੱਟਾ ਫਕ ਕੇ ਫੇਰ ਵਾਪਸ ਕਨੇਡਾ ਆ ਗਏ। ਬਾਰਾਂ ਸਾਲ ਦੀ ਉਮਰ ‘ਚ ਤਾਂ ਮੈਂ ਡਰੱਗਜ਼ ਤੋਂ ਵੀ ਅਣਜਾਣ ਨਹੀਂ ਸੀ... ਪੰਦਰਾਂ ਸਾਲ ਦਾ ਹੋ ਕੇ ਤਾਂ ਮੈਂ ਕੋਰਟ ਰਾਹੀਂ ਅਪਣੇ ਡੈਡ ਤੋਂ ਵੀ ਡਾਇਵੋਰਸ ਲੈ ਲਿਆ ਸੀ। ਗੌਰਮਿੰਟ ਵੱਲੋਂ ‘ਨਾਬਾਲਿਗਾਂ’ ਲਈ ਚਲਾਏ ਗਰੁੱਪ ਹੋਮਾਂ ਵਿੱਚ ਰਹਿਣ ਲੱਗਾ। ਉਹ ਜ਼ਬਰਦਸਤੀ ਸਕੂਲ ਭੇਜਦੇ। ਮੇਰਾ ਤਾਂ ਉੱਕਾ ਹੀ ਦਿਲ ਨਹੀਂ ਸੀ ਕਰਦਾ ਪੜ੍ਹਣ ਨੂੰ... ਹਾਂ, ਨਾਵਲ ਬੜੇ ਚੰਗੇ ਲੱਗਦੇ, ਉਹ ਤਾਂ ਪੜ੍ਹ ਕੇ ਹੀ ਸਾਹ ਲੈਂਦਾ’ ਉਹ ਅਕਸਰ ਸੋਚਦਾ।
ਜੇਲ੍ਹ ਦੇ ਨੋਟਿਸ ਬੋਰਡ ਤੇ ਕਿੰਨੇ ਹੀ ਕੋਰਸਾਂ ਦੇ ਇਸ਼ਤਿਹਾਰ ਲੱਗ ਚੁੱਕੇ ਸਨ। ‘ਡਿਗਰੀ ਇਨ ਸਾਈਕੌਲੋਜੀ’ ਪੜ੍ਹ ਕੇ ਉਹ ਮਨ ਹੀ ਮਨ ਹੱਸਿਆ। ‘ਇਹਦੀ ਭਲਾ ਮੈਨੂੰ ਕੀ ਲੋੜ ਹੋ ਸਕਦੀ ਹੈ... ਇਸ ‘ਚ ਤਾਂ ਮੈਂ ਸਪੈਸ਼ਲਿਸਟ ਹਾਂ ... ਹੁਣ ਤੱਕ ਕਿੰਨੇ ਹੀ ਬਜ਼ੁਰਗਾਂ ਨਾਲ ਧੋਖਾ ਧੜੀ ਤੇ ਉਹਨਾਂ ਦੇ ਪੈਸੇ ਦੀ ਲੁੱਟ ਖਸੁੱਟ ਤਾਂ ਹੀ ਕਰ ਸਕਿਆ ਨਾ ਜੇ ਉਹਨਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨਾ ਆਉਂਦਾ ਹੈ ਮੈਨੂੰ। ਕਦੇ ਉਹਨਾਂ ਦਾ ਪੋਤਾ ਜਾਂ ਦੋਹਤਾ ਬਣ ਕੇ ਫ਼ੋਨ ਕੀਤਾ ਕਿ ਮੈਨੂੰ ਪੈਸੇ ਛੇਤੀ ਵੈਸਟਰੱਨ ਯੂਨੀਅਨ ਰਾਹੀਂ ਭੇਜੋ ਤੇ ਕਦੀ ਰੈਵੇਨਿਊ ਕੈਨੇਡਾ ਵੱਲੋਂ ਫ਼ੋਨ ਕਰਕੇ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਤੁਸੀਂ ਟੈਕਸ ਨਹੀਂ ਭਰਿਆ, ਛੇਤੀ ਪੈਸਾ ਮਨੀਗ੍ਰਾਮ ਕਰੋ... ਸਤਾਸੀ ਸਾਲ ਦੀ ਬੈੱਥ ਬੇਕਰ ਟੀਚਰ ਰਿਟਾਇਰ ਹੋ ਚੁੱਕੀ ਸੀ। ਉਹ ਆਪਣੇ ਪੋਤੇ ਵਿੱਲ ਤੇ ਜਾਨ ਵਾਰਦੀ ਸੀ। ਮੇਰੇ ਲਈ ਤਾਂ ਬੱਸ, ਐਨਾ ਹੀ ਬਹੁਤ ਸੀ ਪੈਂਹਠ ਹਜ਼ਾਰ ਡੌਲਰ ਦੋ ਹਫ਼ਤੇ ਦੇ ਅੰਦਰ ਅੰਦਰ ਕਢਵਾਉਣ ਲਈ’।
“ਹੈਲੋ, ਤੇਰਾ ਪੋਤਾ ਜਮਾਇਕਾ ‘ਚ ਛੁੱਟੀਆਂ ਮਨਾਉਣ ਆਇਆ ਸੀ ਪਰ ਇੱਕ ਮੁਸੀਬਤ ‘ਚ ਫਸ ਗਿਆ...”
ਫੇਰ ਮੈਂ ਅਪਣੀ ਆਵਾਜ਼ ਬਦਲ ਕੇ ਵਿੱਲ ਵਰਗੀ ਰੋਣਹਾਕੀ ਕੀਤੀ।
“ਹੈਲੋ ਗਰੈਂਡਮਾਂ (ਤੇ ਰੋਣਾ ਸ਼ੁਰੂ)।
ਮੈਂ ਅਪਣੀ ਪਹਿਲੀ ਆਵਾਜ਼ ਤੇ ਆਇਆ ਤੇ ਘਬਰਾਹਟ ਨਾਲ ਛਟਪਟਾਉਂਦੀ ਬੈੱਥ ਨੂੰ ਦੱਸਿਆ ਕਿ ਵਿੱਲ ਕੋਲੋਂ ਐਕਸੀਡੈਂਟ ‘ਚ ਸੱਤ ਸਾਲ ਦਾ ਬੱਚਾ ਜ਼ਖ਼ਮੀ ਹੋ ਗਿਐ... ਵਕੀਲ ਕਰਨਾ ਹੈ ਨਹੀਂ ਤਾਂ ਜੇਲ੍ਹ ਪੱਕੀ। ਬਹੁਤੀਆਂ ਗੱਲਾਂ ਲਈ ਸਮਾਂ ਨਹੀਂ”
ਬੈੱਥ ਤਾਂ ਸਿੱਧੀ ਅਪਣੇ ਬੈਂਕ ਪਹੁੰਚੀ। ਦੱਸ ਹਜ਼ਾਰ ਡੌਲਰ ਕਢਵਾ ਕੇ ਉਹਨੇ ਦੱਸੇ ਹੋਏ ਨਾਂ ‘ਤੇ ਵੈਸਟਯੂਨੀਅਨ ਕੀਤੇ। ਤੀਜੇ ਦਿਨ ਮੈਂ ਫੇਰ ਮਿਸਜ਼ ਬੇਕਰ ਨੂੰ ਫ਼ੋਨ ਕੀਤਾ ਤੇ ਦੱਸਿਆ ਕਿ ਉਹ ਬੱਚਾ ਦਮ ਤੋੜ ਗਿਆ ਹੈ। ਵਿੱਲ ਕਾਨੂੰਨ ਦੀ ਕੁੜਿੱਕੀ ‘ਚ ਪੂਰੀ ਤਰ੍ਹਾਂ ਫਸ ਚੁੱਕਾ ਹੈ... ਹੁਣ ਤਾਂ ਕੇਸ ਚੱਲੇਗਾ। ਕਿਸੇ ਨੂੰ ਕੁਝ ਦੱਸਣ ਦੀ ਕੋਈ ਲੋੜ ਨਹੀਂ, ਵੀਹ ਹਜ਼ਾਰ ਜਲਦੀ ਭੇਜੋ। ਹਰੇਕ ਵਾਰ ਵਿੱਲ ਦੀ ਕਹਾਣੀ ਵਿੱਚ ਨਵਾਂ ਮੋੜ ਦੇ ਕੇ ਮੈਂ ਪੇਸ਼ ਕਰਦਾ, ਉਹ ਹਰੇਕ ਵਾਰ ਪੈਸੇ ਭੇਜ ਆਉਂਦੀ। ਇਥੇ ਕਿਹੜਾ ਪੋਤਰੇ ਦੋਹਤਰੇ ਕਿਸੇ ਨੂੰ ਕੋਈ ਜਿ਼ਆਦਾ ਫ਼ੋਨ ਕਰਦੇ ਨੇ। ਮੈਂ ਅਖ਼ਬਾਰਾਂ ‘ਚ ਪੜ੍ਹਿਆ ਕਿ ਉਹ ਤਾਂ ਦਿਨ ਰਾਤ ਦੇ ਫਿ਼ਕਰ ਨਾਲ ਹੋਰ ਤਰ੍ਹਾਂ ਦਿਖਣ ਲੱਗੀ ਸੀ। ਵਿੱਲ ਦਾ ਬਾਪ ਜਦੋਂ ਮਾਂ ਨੂੰ ਮਿਲਣ ਆਇਆ, ਉਹਨੇ ਵੈਸਟਰੱਨ ਯੂਨੀਅਨ ਦਾ ਕਾਰਡ ਤਾਂ ਫ਼ੋਨ ਕੋਲ ਪਿਆ ਦੇਖ ਲਿਆ ਸੀ ਪਰ ਮਾਂ ਨੂੰ ਪੁੱਛਣ ਦਾ ਹੌਸਲਾ ਨਾ ਹੋਇਆ। ਇਹ ਤਾਂ ਬੈਂਕ ਮੈਨੇਜਰ ਨੇ ਉਹਨੂੰ ਚੁਕੰਨਾ ਕੀਤਾ ਕਿ ਬੈੱਥ ਤਾਂ ਅਪਣੇ ਘਰ ‘ਤੇ ਵੀ ਪੰਦਰਾਂ ਹਜ਼ਾਰ ਦਾ ਲੋਨ ਲੈ ਚੁੱਕੀ ਹੈ ਤੇ ਉਹਨੂੰ ਪੈਰਵੀ ਕਰਨੀ ਚਾਹੀਦੀ ਹੈ ਕਿ ਕਿੱਥੇ ਜਾ ਰਿਹਾ ਹੈ ਇਹ ਪੈਸਾ।
ਪਰ ਜਦੋਂ ਸੱਚਾਈ ਸਾਹਮਣੇ ਆਈ, ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ। ਇਸੇ ਤਰ੍ਹਾਂ ਲੀਜ਼ਾ ਵਿਲੀਅਮਜ਼ ਨੂੰ ਜਦੋਂ ਮੈਂ ਫ਼ੋਨ ਕੀਤਾ ਕਿ ਤੇਰੀ ਦੋ ਮਿਲੀਅਨ ਦੀ ਲਾਟਰੀ ਨਿਕਲ ਚੁੱਕੀ ਹੈ ਪਰ ਤੈਨੂੰ ਗੌਰਮਿੰਟ ਨੂੰ ਟੈਕਸ ਪਹਿਲਾਂ ਦੇਣਾ ਪਵੇਗਾ ਤਾਂ ਉਹਨੇ ਅਪਣੇ ਫਾਰਮ ‘ਤੇ ਲੋਨ ਲੈ ਕੇ ਮੈਨੂੰ ਇੱਕ ਲੱਖ ਡਾਲਰ ਭੇਜੇ।
ਹਰਭਜਨ ਕੌਰ ਤੇ ਉਹਦਾ ਪਤੀ ਤਾਂ ਅਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਤੇ ਹੁਸਿ਼ਆਰ ਸਮਝਦੇ ਸੀ, ਅਪਣਾ ਟੈਕਸ ਦਾ ਕੰਮ ਵੀ ਖ਼ੁਦ ਹੀ ਕਰਦੇ ਪਰ ਮੇਰੇ ਵੱਲੋਂ ‘ਰੈਵੇਨਿਊ ਕੈਨੇਡਾ’ ਦਾ ਨਾਟਕ ਕਰਨ ‘ਤੇ ਉਹਨਾਂ ਦਾ ਡਰ ਨਾਲ ਬੁਰਾ ਹਾਲ... ਤੇ ਸੋਲਾਂ ਹਜ਼ਾਰ ਝੱਟ ਭੇਜ ਦਿੱਤੇ। ਮੈਂ ਕਹਿ ਜੁ ਦਿੱਤਾ ਸੀ ਕਿ ਜੇ ਦੋ ਘੰਟੇ ‘ਚ ਪੈਸੇ ਨਾ ਆਏ ਤਾਂ ਪੁਲਿਸ ਘਰ ਪਹੁੰਚ ਜਾਵੇਗੀ।
ਚਾਰਲਸ ਨੂੰ ਤਾਂ ਮੈਂ ਡਾਕ ਰਾਹੀਂ ਦੱਸ ਹਜ਼ਾਰ ਦਾ ਚੈੱਕ ਭੇਜਿਆ। ਉਹਨੂੰ ਫ਼ੋਨ ਕਰ ਕੇ ਦੱਸਿਆ ਕਿ ਇਹ ਪੈਸਾ ਐਡਵਾਂਸ ‘ਚ ਤੇਰੀ ਤਨਖ਼ਾਹ ਹੈ। ਅਸੀਂ ਤੇਰੇ ਕੋਲੋਂ ਕਈ ਬਿਜ਼ਨਸਾਂ ਦਾ ਔਨਲਾਈਨ ਸਰਵੇਅ ਕਰਵਾਵਾਂਗੇ, ਬੱਸ ਤੂੰ ਪੰਜ ਹਜ਼ਾਰ ਕੈਸ਼ ਮਨੀਗ੍ਰਾਮ ਕਰ ਦੇ। ਸਾਡਾ ਚੈੱਕ ਭਲਾ ਕਿੱਥੇ ਕੈਸ਼ ਹੋਣਾ ਸੀ? ਉਹ ਮਨੀਗ੍ਰਾਮ ਜ਼ਰੂਰ ਕਰ ਆਇਆ।
ਅਪਣੇ ਸ਼ਹਿਰ ਤੋਂ ਬਾਹਰ ਜਾ ਕੇ ਗੈਸ ਸਟੇਸ਼ਨਾਂ ‘ਤੇ ਵੀ ਕੈਸ਼ ‘ਤੇ ਕੰਮ ਕੀਤਾ। ਉੱਥੇ ਗ੍ਰਾਹਕਾਂ ਦੇ ਕ੍ਰੈਡਿਟ ਕਾਰਡਾਂ ‘ਤੇ ਬਥੇਰਾ ਸਮਾਨ ਖਰੀਦਿਆ।
ਪਿੱਛੇ ਜਿਹੇ ਇੱਕ ਰਿਟਾਇਰ ਹੋਈ ਨਰਸ ਔਨਲਾਈਨ ਪਾਰਟਨਰ ਲੱਭਦੀ ਲੱਭਦੀ ਮੇਰੇ ਅੜਿੱਕੇ ਆ ਗਈ। ਮੈਨੂੰ ਉਹਦੇ ਕੋਲ ਪੈਸੇ ਦੀ ਮੁਸ਼ਕ ਆ ਗਈ ਚਾਹੇ ਉਹ ਅਮਰੀਕਾ ਬੈਠੀ ਸੀ। ਬੱਸ, ਫੇਰ ਕੀ ਸੀ, ਰੋਮਾਂਟਿਕ ਟੈਕਸਟ ਮੈਸੇਜ ਤੇ ਈਮੇਲਾਂ ਨਾਲ ਉਹਨੂੰ ਕੀਲ ਲਿਆ। ਦੋ ਮਹੀਨੇ ‘ਚ ਹੀ ਉਹਦੇ ਕੋਲੋਂ ਸੱਠ ਹਜ਼ਾਰ ਡੌਲਰ ਕਢਵਾ ਲਿਆ। ਉਹ ਇਸ ਗੱਲ ‘ਚ ਰਾਜ਼ੀ ਸੀ ਕਿ ਵਿਆਹ ਤੋਂ ਪਹਿਲਾਂ ਥੋੜ੍ਹਾ ਬਿਜ਼ਨਸ ਸੈੱਟ ਕਰ ਲਿਆ ਜਾਵੇ ਤਾਂ ਕਿ ਵਿਆਹ ਤੋਂ ਬਾਅਦ ਸਾਰੀ ਉਮਰ ਪੈਸੇ ਧੇਲੇ ਦੀ ਫਿਕਰ ਨਾ ਰਹੇ... ਵਿਚਾਰੀ ਦੀ ਸਾਰੀ ਉਮਰ ਦੀ ਕੀਤੀ ਬੱਚਤ ਪਲਾਂ ‘ਚ ਹੀ ਰੁੜ੍ਹ ਗਈ। ਚਲੋ, ਜੇ ਮੈਂ ਅਪਣਾ ਪੈਂਤਰਾ ਨਾ ਚਲਾਉਂਦਾ ਤਾਂ ਕੋਈ ਹੋਰ ਚਲਾ ਲੈਂਦਾ।
ਲੋਕ ਐਨੇ ਭੋਲੇ ਕਿਉਂ ਹੁੰਦੇ ਨੇ ਭਲਾ? ਭੋਲੇ ਕਹਾਂ ਕਿ ਬੇਵਕੂਫ਼... ਸਮਝ ਨਹੀਂ ਆਉਂਦੀ। ਪਰ ਇਹ ਜ਼ਰੂਰ ਐ ਕਿ ਇਹ ਸਾਰੇ ਹਜੂਮ ਬਣਾ ਕੇ ਮੇਰੇ ਅੰਦਰ ਸ਼ੋਰ ਜ਼ਰੂਰ ਮਚਾਉਂਦੇ ਰਹੇ। ਬੜਾ ਤੜਪਿਆ, ਬੇਚੈਨ ਹੋਇਆ ਪਰ ਸਮੇਂ ਦੇ ਨਾਲ ਇਹ ਆਵਾਜ਼ਾਂ ਆਪੇ ਹੀ ਮੱਠੀਆਂ ਹੁੰਦੀਆਂ ਰਹੀਆਂ। ਬੱਸ, ਇਹਨਾਂ ਦੇ ਚਿਹਰੇ ਮਨ ਦੇ ਪਰਦੇ ‘ਤੇ ਚੱਲਦੇ ਰਹਿੰਦੇ ਨੇ। ਹਾਂ, ਇੰਮੀਗਰੈਂਟਾਂ ਦੀ ਤਾਂ ਮੈਂ ਗੱਲ ਹੀ ਕਰਨੀ ਭੁੱਲ ਗਿਆ। ਉਹਨਾਂ ਤੋਂ ਵੀ ਕਾਫ਼ੀ ਪੈਸਾ ਬਟੋਰਿਆ ਜਦੋਂ ਇੰਮੀਗ੍ਰੇਸ਼ਨ ਅਫ਼ਸਰ ਦਾ ਡਰਾਮਾ ਕਰ ਕੇ ਫ਼ੋਨ ਕੀਤਾ। ਉਹਨਾਂ ਨੂੰ ਤਾਂ ਐਨਾ ਕਹਿਣਾ ਹੀ ਕਾਫ਼ੀ ਸੀ ਕਿ ਤੁਸੀਂ ਇੰਮੀਗ੍ਰੇਸ਼ਨ ਪੇਪਰਾਂ ‘ਚ ਝੂਠ ਬੋਲਿਆ ਹੈ।
ਸ਼ਾਇਦ ਕੁਝ ਜਿ਼ਆਦਾ ਹੀ ਅੱਤ ਚੁੱਕ ਦਿੱਤੀ ਸੀ ਮੈਂ... ਇਸੇ ਲਈ ਉਹਨਾਂ ‘ਚੋਂ ਕੁਝ ਨੇ ਤਾਂ ਪੁਲਿਸ ਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਬੁੜ੍ਹੇ ਦੀ ਤਾਂ ਕੁੜੀ ਪੁਲਸ ਆਫੀਸਰ ਸੀ, ਹੁਣ ਮੈਨੂੰ ਥੋੜ੍ਹਾ ਪਤਾ ਸੀ ਇਸ ਗੱਲ ਦਾ? ਬੱਸ ਆਪਾਂ ਪਹੁੰਚ ਗਏ ਫੇਰ ਇਸ ਕਾਲ ਕੋਠੜੀ ‘ਚ। ਸ਼ਾਇਦ ਮੈਂ ਇੱਕ ਕਿਤਾਬ ਹੀ ਲਿਖ ਦਿਆਂ ਕਿ ‘ਫ਼ਰਾਡ ਤੋਂ ਕਿਵੇਂ ਬਚਿਆ ਜਾਵੇ’... ਹੁਣ ਤਾਂ ਇੱਕ ਵੱਡੀ ਝੁੱਟੀ ਲੱਗ ਜਾਵੇ ਬੱਸ, ਫੇਰ ਸੌਖੇ ਜਿਹੇ ਹੋ ਕੇ ਬਹਿ ਜਾਈਏ।
ਇਹ ਸੋਚਾਂ ਨਿਰੰਤਰ ਉਹਦੇ ਮਨ ‘ਚ ਦੌੜਦੀਆਂ ਰਹੀਆਂ ਤੇ ਉਹਨੇ ਜੇਲ੍ਹ ਦੀ ਲਾਇਬ੍ਰੇਰੀ ‘ਚੋਂ ‘ਐਬੋਰਿਜਨਲ ਸਟੱਡੀਜ਼, ਸਪਿਰਿਚੂਅਲ ਐਂਡ ਹੀਲਿੰਗ ਟਰੇਡੀਸ਼ਨਜ਼’ ਦੀ ਕਿਤਾਬ ਚੁੱਕੀ। ਯੂਨੀਵਰਸਿਟੀ ਔਫ਼ ਟਰਾਂਟੋ ਵੱਲੋਂ ਜਾਰੀ ਕੀਤੇ ਕੋਰਸਾਂ ‘ਚ ਇਹ ਕੋਰਸ ਉਪਲਭਦ ਸਨ। ਸਭ ਤੋਂ ਵੱਡੀ ਗੱਲ ਕਿ ਟੀਵੀ ‘ਤੇ ਹੀ ਲੈਕਚਰ ਸੁਣਨਾ ਪੈਣਾ ਸੀ ਪਰ ਹਰੇਕ ਟਰਮ ਤੋਂ ਬਾਅਦ, ਪੰਦਰਾਂ ਮਿੰਟ ਲਈ ਪ੍ਰੋਫੈਸਰ ਨੁੰ ਮਿਲਣਾ ਸੀ। ਛੇ ਜਣੇ ਹੋਰ ਇਹ ਕੋਰਸ ਲੈ ਰਹੇ ਸਨ ਪਰ ਇਕੱਲੇ ਦਰਸ਼ਨ ਨੂੰ ਹੀ ਪਤਾ ਨਹੀਂ ਕਿਉਂ ਪ੍ਰੋਫੈਸਰ ਕੈਥੀ ਵਿਲਸਨ ਦੀ ਬੈਕਗਰਾਊਂਡ ਚੈੱਕ ਕਰਨ ਦੀ ਬੇਚੈਨੀ ਲੱਗੀ ਹੋਈ ਸੀ। ਗੂਗਲ ਸਰਚ ਤੋਂ ਪਤਾ ਲੱਗਾ ਕਿ ਵਿਲਸਨ ਫੈਮਿਲੀ ਤਾਂ ਚਾਰ ਪੁਸ਼ਤਾਂ ਤੋਂ ਕਿੰਨੀਆਂ ਹੀ ਕੰਪਨੀਆਂ ਦੀ ਮਾਲਕ ਰਹੀ ਹੈ। ਉਹਨਾਂ ਦੀਆਂ ਤਾਂ ਜੇ ਅਗਲੀਆਂ ਚਾਰ ਪੁਸ਼ਤਾਂ ਵੀ ਕੋਈ ਕੰਮ ਨਾ ਕਰਨ ਤਾਂ ਵੀ ਨਾ ਮੁੱਕੇ, ਜਿੰਨਾ ਪੈਸਾ ਉਹਨਾਂ ਦੇ ਟਰੱਸਟ ਫੰਡ ‘ਚ ਪਿਆ ਸੀ।
‘ਇਹ ਕੈਥੀ ਫੇਰ ਪਤਾ ਨਹੀਂ ਕਿਉਂ ਪ੍ਰੋਫੈਸਰੀ ਕਰੀ ਜਾਂਦੀ ਹੈ, ਬਹੁਤੀ ਕਿਤਾਬੀ ਕੀੜਾ ਲੱਗਦੀ ਐ’
ਉਹਨੇ ਕੋਰਸ ਲਈ ਸਾਈਨ-ਅੱਪ ਕੀਤਾ।
ਸੱਤ ਜਣੇ ਦੋ ਜੇਲ੍ਹ ਗਾਰਡਾਂ ਦੀ ਨਿਗਰਾਨੀ ‘ਚ ਇੱਕ ਹਾਲ ‘ਚ ਬੈਠੇ ਟੀਵੀ ‘ਤੇ ਕੈਥੀ ਦਾ ਲੈਕਚਰ ਸੁਣ ਰਹੇ ਸਨ। ਉਹਨਾਂ ਨੂੰ ਇੱਕ ਕਿਤਾਬ, ਪੈਨਸਿਲ ਤੇ ਕਾਗਜ਼ ਦੇ ਦਿੱਤੇ ਗਏ। ‘ਕੋਈ ਪੰਜ ਕੁ ਸਾਲ ਵੱਡੀ ਹੋਊ ਮੈਥੋਂ... ਦੇਖਣ ਨੂੰ ਵੀ ਠੀਕ ਹੀ ਐ... ਜੇ ਅਪਣੇ ਪਤੀਲਾ ਕੱਟ ਜਿਹੇ ਵਾਲ ਥੋੜ੍ਹੇ ਠੀਕ ਕਰ ਲਵੇ ਤੇ ਥੋੜ੍ਹਾ ਜਿਹਾ ਮੇਕਅੱਪ ਕੀਤਾ ਹੋਵੇ ਤਾਂ ਇਹ ਨੀਲੀਆਂ ਅੱਖਾਂ ਜਿਹੜੀਆਂ ਪੜ੍ਹ ਪੜ੍ਹ ਕਾਲੀਆਂ ਕੀਤੀਆਂ ਪਈਐਂ, ਕੁਝ ਚਮਕਵੀਆਂ ਜਿਹੀਆਂ ਲੱਗਣ। ਸਕੱਰਟ ਤਾਂ ਪਾਈ ਐ ਪਰ ਲੱਤਾਂ ਲੱਗਦੈ ਸ਼ੇਵ ਨੀ ਕੀਤੀਆਂ... ਜੁੱਤੀ ਵੀ ਬੁੜ੍ਹੀਆਂ ਆਲੀ ਪਾਈ ਫਿਰਦੀ ਐ... ਪਰ ਜਿੰਨੀ ਅਮੀਰ ਐ, ਚਾਹੇ ਫੁੱਲਟਾਈਮ ਮੇਕਅੱਪ ਆਰਟਿਸਟ ਰੱਖ ਲਵੇ... ਮਾਰੋ ਗੋਲੀ ਇਹ ਸਭ ਨੂੰ। ਖੁਸ਼ੀ ਦੀ ਗੱਲ ਤਾਂ ਇਹ ਐ ਬਈ ਅੰਗੂਠੀ ਕੋਈ ਨੀ ਪਾਈ ਹੋਈ। ਇਹਦਾ ਮਤਲਬ... ਸਿੰਗਲ ਈ ਐ’
ਕੈਥੀ ਬਲੈਕਬੋਰਡ ਦੇ ਦੋਨੋਂ ਪਾਸੇ ਘੁੰਮਦੀ ਕਦੀ ਚਾਕ ਨਾਲ ਕੁਝ ਲਿਖਦੀ ਬੋਲੀ ਜਾ ਰਹੀ ਸੀ “ਹਰੇਕ ਟਰਮ ‘ਚ ਤੁਹਾਨੂੰ ਦੋ ਲੇਖ ਸਬਮਿੱਟ ਕਰਾਉਣੇ ਹੋਣਗੇ। ਇੱਕ ਟੈਸਟ ਹੋਏਗਾ ਤੇ ਉਸ ਤੋਂ ਬਾਅਦ ਫ਼ਾਈਨਲ ਐਗਜ਼ਾਮ... ਲੇਖ ਦੇ ਵਿਸ਼ੇ ਵੀ ਤੁਹਾਨੂੰ ਦੇ ਦਿੱਤੇ ਗਏ ਹਨ”
ਦਰਸ਼ਨ ਨੇ ਫਟਾਫਟ ਸਾਹਮਣੇ ਪਈ ਕਿਤਾਬ ਖੋਲ੍ਹੀ। ਵੀਹ ਵਿਸਿ਼ਆਂ ‘ਚੋਂ ਉਹਦੀ ਨਿਗਾਹ ‘ਨੇਟਿਵਜ਼ ਦੇ ਅਜੋਕੇ ਸਰੋਕਾਰ’ ‘ਤੇ ਟਿਕੀ। ਇਹੀ ਠੀਕ ਰਹੇਗਾ, ਉਹਨੇ ਸੋਚਿਆ।
‘ਨਾਲੇ ਐਨਾ ਕੁਝ ਤਾਂ ਰੋਜ਼ ਅਖ਼ਬਾਰਾਂ ‘ਚ ਪੜ੍ਹੀਦਾ ਐ... ਕੀ ਔਖਾ ਏ ਲਿਖਣਾ? ਉਪਰੋਂ ਕੈਥੀ ਵੀ ਖੁਸ਼ ਹੋ ਜਾਏਗੀ ਮੇਰਾ ਲੇਖ ਦੇਖ ਕੇ ਤਾਂ... ਕਸਰ ਨੀ ਆਪਾਂ ਕੋਈ ਛੱਡਣੀ ਚਾਹੇ ਲਾਇਬ੍ਰੇਰੀ ‘ਚ ਬੈਠ ਕੇ ਜਿੰਨੀਆਂ ਮਰਜ਼ੀ ਕਿਤਾਬਾਂ ਛਾਨਣੀਆਂ ਪੈਣ। ਵੈਸੇ ਵੀ ਯਾਰ ਹੈ ਤਾਂ ਇਹ ਨੇਟਿਵ ਸਾਡੇ ਵਰਗੇ ਹੀ ਨਾ! ‘ਰੈੱਡ ਇੰਡੀਅਨ’ ਤਾਂ ਹੀ ਤਾਂ ਗੋਰੇ ਇਹਨਾਂ ਨੂੰ ਕਹਿਣ ਲੱਗ ਪਏ’।
ਅਗਲੇ ਦਿਨ, ਉਹ ਲਾਇਬ੍ਰੇਰੀ ਤੋਂ ਕਿਤਾਬਾਂ ਇਕੱਠੀਆਂ ਕਰਕੇ ਇੱਕ ਕੋਨੇ ‘ਚ ਜਾ ਬੈਠਾ। ਉਹਨੇ ਸਾਰਾ ਦਿਨ ਨੇਟਿਵ ਇੰਡੀਅਨਾਂ ਦੀਆਂ ਬੋਲੀ ਤੇ ਸਭਿਆਚਾਰ, ਆਰਥਿਕ, ਜ਼ਮੀਨੀ ਹੱਕ, ਨੌਜਵਾਨ ਸਿੱਖਿਆ, ਸਿਹਤ ਤੇ ਸੋਸ਼ਲ ਸਰਵਿਸਜ਼ ਦਾ ਅਧਿਅਨ ਕੀਤਾ।
ਹੁਣ ਸਮਾਂ ਹੋ ਗਿਆ ਸੀ ਇਕੱਲੇ ਇਕੱਲੇ ਨੂੰ ਮਿਲਣ ਦਾ। ਦਰਸ਼ਨ ਅੰਦਰੋ ਅੰਦਰ ਹੱਸਿਆ। ਹੁਣ ਤਾਂ ਉਹਦੀ ਮਾਸਟਰੀ ਦੇ ਚਮਤਕਾਰ ਦਿਖਾਉਣ ਦਾ ਮੌਕਾ ਸੀ।
“ਤੈਨੂੰ ਇਹ ਡਿਗਰੀ ਪੂਰੀ ਕਰ ਲੈਣੀ ਚਾਹੀਦੀ ਐ ਦਰਸ਼ਨ”
“ਅਗਲੀ ਟਰਮ ਵਾਸਤੇ ਜੇ ਤੁਸੀਂ ਹੀ ਮੇਰੇ ਪ੍ਰੋਫੈਸਰ ਹੋਏ ਤਾਂ”
ਉਹਦਾ ਟੇਢਾ ਜਿਹਾ ਦੇਖਣਾ ਤੇ ਇੱਕ ਉਂਗਲ ਨਾਲ ਅਪਣੀ ਪੁੜਪੁੜੀ ‘ਤੇ ਧਰਨਾ ਦਰਸ਼ਨ ਨੂੰ ਦੱਸ ਗਿਆ ਕਿ ਉਹਦੇ ਜੁਆਬ ਨੇ ਕੈਥੀ ਦੇ ਦਿਲ ਨੂੰ ਟੁੰਬਿਆ ਹੈ।
“ਯੂ ਐਫ਼ ਟੀ ‘ਚ ਬੜੇ ਕਾਬਿਲ ਪ੍ਰੋਫੈਸਰ ਨੇ... ਮੈਂ ਤਾਂ ਕੁਝ ਦੇਰ ਲਈ ਪੜ੍ਹਾਉਣ ਤੋਂ ਛੁੱਟੀ ਲੈ ਰਹੀ ਹਾਂ... ਸੈਂਟਰ ਗੌਰਮਿੰਟ ਨੇ ਮੈਨੂੰ ਨੇਟਿਵ ਅਫੈਅਰਜ਼ ਦੇ ਪੈਨਲ ‘ਤੇ ਲੈ ਲਿਆ ਹੈ” ਕਹਿ ਉਹ ਥੋੜ੍ਹਾ ਮੁਕਰਾਈ।
‘ਸ਼ੇਖੀ ਤਾਂ ਦੇਖ ਕਿਵੇਂ ਮਾਰਦੀ ਐ, ਚਿਚੜੀ ਜਿਹੀ’, ਉਹਦੇ ਅੰਦਰੋਂ ਕਈ ਗਾਲ੍ਹਾਂ ਵੀ ਸੰਘ ‘ਚ ਆ ਰੁਕੀਆਂ।
“ਵੈਰੀ ਗੁੱਡ... ਮੈਂ ਵੀ ਸੋਚਦਾਂ ਕਿ ਮੈਂ ਇਸ ਵਿਸ਼ੇ ਬਾਰੇ ਹੋਰ ਵੀ ਪੜ੍ਹਾਂ... ਪਰ ਮੈਨੂੰ ਗਾਈਡ ਦੀ ਜਰੂਰਤ ਪਵੇਗੀ, ਸਮੇਂ ਸਮੇਂ ‘ਤੇ ਮੈਨੂੰ ਅਪਣਾ ਕੰਮ ਐਡਿਟ਼ ਵੀ ਕਰਾਉਣਾ ਹੋਵੇਗਾ”
“ਸ਼ੋਅਰ... ਯੂ ਕੈਨ ਈਮੇਲ ਮੀ” ਕੈਥੀ ਦੇ ਮੂੰਹੋਂ ਝੱਟ ਨਿਕਲਿਆ।
ਚਲੋ ਜੀ... ਕੁਝ ਤਾਂ ਬਣੀ ਗੱਲ! ਹੁਣ ਸੰਪਰਕ ਕਰਨ ਦੀ ਸਮੱਸਿਆ ਹੱਲ... ਹੁਣ ਤਾਂ ਕੈਥੀ ਕੁਰੇ, ਤੂੰ ਗਈ ਬੱਸ ਕੰਮ ਤੋਂ... ਆਹ ਲੈ ਪਹਿਲੀ ਈਮੇਲ -

“ਡੀਅਰ ਮਿੱਸ ਵਿਲਸਨ,
ਮੈਨੂੰ ਪਤੈ ਤੁਸੀਂ ਕਿੰਨੇ ਬਿਜ਼ੀ ਹੋ। ਜਦੋਂ ਵੀ ਦੋ ਮਿੰਟ ਤੁਹਾਡੇ ਕੋਲ
ਹੋਏ ਤਾਂ ਮੈਨੂੰ ਦੱਸਣਾ ਜਰੂਰ ਕਿ ਸੈਂਟਰਲ ਗੌਰਮਿੰਟ ਦੀਆਂ ਨਵੀਆਂ
ਪਾਲਸੀਆਂ ਕੀ ਆ ਰਹੀਆਂ ਨੇ ਨੇਟਿਵ ਵੈਲਫੇਅਰ ਲਈ”।

ਜੁਆਬ ਵੀ ਝੱਟ ਆ ਗਿਆ।

“ਡੀਅਰ ਦਰਸ਼ਨ ਗਿੱਲ,
ਪਲੀਜ਼ ਕਾਲ ਮੀ ਐਟ ਮਾਈ ਪਰਸਨਲ ਨੰਬਰ...”

ਇਸ ਤੋਂ ਅੱਗੇ, ਕੈਥੀ ਨੇ ਚਾਰ ਪੰਜ ਪੇਜ ਦੀ ਈਮੇਲ ਦਰਸ਼ਨ ਦੇ ਸੁਆਲ ਦੇ ਜੁਆਬ ‘ਚ ਹੀ ਲਿਖੀ ਤੇ ਅੰਤ ‘ਚ ਫੇਰ ਇੱਕ ਲਾਈਨ...
... ਆਈ ਵਾਂਟ ਟੂ ਨੋਅ ਮੋਰ ਅਬਾਊਟ ਯੂ, ਦਰਸ਼ਨ।

ਕੈਥੀ ਵੱਲੋਂ ਰਸਤਾ ਸਾਫ਼ ਦਿਖਾਈ ਦੇਣ ‘ਤੇ ਦਰਸ਼ਨ ਨੇ ਅਪਣੀ ਮੱਕਾਰ ਪ੍ਰਕਿਰਤੀ ਤੋਂ ਪੂਰਾ ਕੰਮ ਲਿਆ। ਪਤਾ ਨਹੀਂ ਕਿੰਨੇ ਹੀ ਈਮੇਲ ਦੇ ਸਫ਼ੇ ਉਹਨੇ ਅਪਣੇ ਲਈ ਕੈਥੀ ਦੀ ਹਮਦਰਦੀ ਹਾਸਿਲ ਕਰਨ ਲਈ ਕਾਲੇ ਕੀਤੇ। ਅਪਣੇ ਗੁਨਾਹਾਂ ਦਾ ਬੜਾ ਹੀ ਪਛਤਾਵਾ ਕੀਤਾ ਤੇ ਅਪਣਾ ਖਦਸ਼ਾ ਪ੍ਰਗਟ ਕੀਤਾ ਕਿ ਜੇਲ੍ਹ ਤੋਂ ਰਿਹਾ ਹੋ ਕੇ ਤਾਂ ਉਹਨੂੰ ਬੱਸ ਲੇਬਰ ਦੀ ਜੌਬ ਹੀ ਕਰਨੀ ਪਵੇਗੀ।
ਈਮੇਲਾਂ ਦਾ ਸਿਲਸਿਲਾ ਜਾਰੀ ਰਿਹਾ।
“ਜਦੋਂ ਤੈਨੂੰ ਜੇਲ੍ਹ ਤੋਂ ਪੈਰੋਲ ਤੇ ਰਿਹਾ ਕਰ ਦੇਣ ਤਾਂ ਤੈਨੂੰ ਤਾਂ ਜੌਬ ਮਿਲਣ ‘ਚ ਬਹੁਤ ਮੁਸ਼ਕਿਲ ਆਏਗੀ। ਕਰਿਮੀਨਲ ਰਿਕਾਰਡ ਤਾਂ ਨਾਲ ਹੀ ਚੱਲਣਾ ਹੈ ਤੇ ਹਰੇਕ ਕੰਪਨੀ ਨੂੰ ਕਾਨੂੰਨੀ ਹੱਕ ਹੈ ਕਿ ਤੁਹਾਡੀ ਬੈਕਗਰਾਊਂਡ ਚੈੱਕ ਕਰ ਸਕਦੀ ਹੈ। ਮੈਂ ਤਾਂ ਕਹਾਂਗੀ ਤੂੰ ਔਟਵਾ ਮੇਰੇ ਕੋਲ ਹੀ ਆ ਜਾ”
“ਤੁਸੀਂ ਤਾਂ ਮੇਰੇ ਮਨ ਦੀ ਬੁੱਝ ਲਈ। ਮੈਂ ਤਾਂ ਪਹਿਲਾਂ ਹੀ ਔਟਵਾ ਜਾਣ ਦੀ ਸੋਚ ਰਿਹਾ ਸੀ”
“ਲੱਗਦੈ ਹਾਲੇ ਮੈਂ ਅਪਣੀ ਸਿਹਤ ਬਾਰੇ ਨੀ ਤੈਨੂੰ ਦੱਸਿਆ। ਹੁਣ ਮੈਂ ਥੋੜ੍ਹਾ ਠੀਕ ਨੀ ਰਹਿੰਦੀ ਤੇ ਗੌਰਮਿੰਟ ਦਾ ਕੰਮ ਮੈਨੂੰ ਢੇਰ ਸਾਰਾ ਮਿਲਦਾ ਰਹਿੰਦਾ ਹੈ। ਮੈਨੂੰ ਇੱਕ ਸਹਾਇਕ ਚਾਹੀਦਾ ਹੈ। ਮੇਰੇ ਕੋਲ ਗਰਾਂਟ ਦੇ ਪੈਸੇ ਹਨ। ਮੈਂ ਇੱਕ ਬੰਦੇ ਨੂੰ ਜੌਬ ‘ਤੇ ਰੱਖ ਸਕਦੀ ਹਾਂ”
“ਯਾਅਅਅਅ ਹੂ...!” ਦਰਸ਼ਨ ਦੀ ਖੁਸ਼ੀ ਨਾਲ ਚੀਕ ਹੀ ਨਿਕਲ ਗਈ।
ਸਭ ਕੁਝ ਕਿੰਨੀ ਆਸਾਨੀ ਨਾਲ ਹੀ ਨੇਪਰੇ ਚੜ੍ਹ ਗਿਆ ਸੀ। ਪਹਿਲੀ ਤੱਕਣੀ ‘ਚ ਹੀ ਪਿਆਰ ਹੋ ਗਿਆ ਸੀ। ਕੈਥੀ ਨੇ ਉਹਦੇ ਹਰੇਕ ਅੱਗੇ ਵਧਦੇ ਕਦਮ ਨੂੰ ਹੌਸਲਾ ਦਿੱਤਾ ਸੀ।
ਤਿੰਨ ਸਾਲ ਅੰਦਰ ਰਹਿਣ ਤੋਂ ਬਾਅਦ, ਕੈਥੀ ਨਾਲ ਰਹਿਣਾ ਉਹਨੂੰ ਚੰਗਾ ਲੱਗ ਰਿਹਾ ਸੀ। ਚਾਹੇ ਆਪਸੀ ਰਿਸ਼ਤੇ ਦੀ ਤੰਦ ਕੋਈ ਬਹੁਤੀ ਮਜ਼ਬੂਤ ਨਹੀਂ ਸੀ ਜਾਪਦੀ ਪਰ ਉਹ ਕਦੋਂ ਚਾਹੁੰਦਾ ਸੀ ਕਿ ਇੱਦਾਂ ਹੋਵੇ? ਕੈਥੀ ਥੋੜ੍ਹੀ ਪੁਰਾਣੇ ਖਿਆਲਾਂ ਦੀ ਵੀ ਸੀ ਤੇ ਉਹਨੂੰ ਲੱਗਦਾ ਸੀ ਕਿ ਦਰਸ਼ਨ ਨੂੰ ਉਹਨੇ ਅਪਣੀ ਜਿ਼ੰਦਗੀ ਬਦਲਣ ਦਾ ਇੱਕ ਹੋਰ ਮੌਕਾ ਦਿੱਤਾ ਹੈ।
“ਆਪਾਂ ਦੋਨੋਂ ਵਿਚਾਰਾਂ ‘ਚ ਇੱਕ ਦੂਜੇ ਤੋਂ ਕਿੰਨੇ ਵੱਖਰੇ ਹਾਂ ਪਰ ਫੇਰ ਵੀ ਮੈਂ ਤੇਰੇ ਨਾਲ ਕਿੰਨੀ ਖੁਸ਼ ਹਾਂ” ਕੈਥੀ ਨੇ ਇੱਕ ਰਾਤ ਭਾਵੁਕ ਹੋ ਕੇ ਉਹਦੇ ਕੰਨ ‘ਚ ਬੁੜਬੁੜਾਇਆ।
“ਜੇ ਮੈਂ ਵਿਆਹ ਲਈ ਪਰਪੋਜ਼ ਕਰਾਂ ਤਾਂ?”ਦਰਸ਼ਨ ਨੇ ਮੌਕੇ ਨੂੰ ਸਾਂਭਦਿਆਂ ਝੱਟ ਹੀ ਪੁੱਛ ਲਿਆ।
“ਮੈਂ ਹਾਂ ਹੀ ਕਹਾਂਗੀ”
ਤਿੰਨ ਦਿਨ ਬਾਅਦ, ਉਹਨਾਂ ਨੇ ਵਕੀਲ ਕੋਲ ਜਾ ਕੇ ‘ਪ੍ਰੀਨੈਪਚੂਅਲ ਐਗਰੀਮੈਂਟ’ ਸਾਈਨ ਕੀਤਾ ਜਿਸ ਦੇ ਤਹਿਤ ਤਲਾਕ ਹੋਣ ਦੀ ਸੂਰਤ ‘ਚ ਅੱਜ ਜਿਸ ਕੋਲ ਜਿੰਨੀ ਪ੍ਰਾਪਰਟੀ ਹੈ, ਉਹ ਉਸ ਕੋਲ ਹੀ ਰਹੇਗੀ। ਕਾਨੂੰਨ ਉਹਨਾਂ ਦੀ ਜਾਇਦਾਦ ਨੂੰ ਅੱਧ ‘ਚ ਨਹੀਂ ਵੰਡ ਸਕਦਾ।
ਉਸ ਤੋਂ ਬਾਅਦ, ਦਰਸ਼ਨ ਨੂੰ ਲੱਗਾ ਜਿਵੇਂ ਉਹ ਇੱਕ ਹੋਰ ਜੇਲ੍ਹ ‘ਚ ਡੱਕ ਦਿੱਤਾ ਗਿਆ ਹੋਵੇ। ਕੈਥੀ ਨਾਲ ਉਸ ਦੀਆਂ ਕਦਰਾਂ ਕੀਮਤਾਂ ਦਾ ਟਕਰਾਅ ਹਰ ਰੋਜ਼ ਹੀ ਹੋਇਆ ਰਹਿੰਦਾ।
ਇੱਕ ਦਿਨ ਡਿਨਰ ‘ਤੇ ਗਏ ਤਾਂ ਮੀਟ ਖਾਣ ‘ਤੇ ਬਹਿਸ ਸ਼ੁਰੂ ਹੋ ਗਈ। ਕੈਥੀ ਨੂੰ ਮੀਟ ਤੋਂ ਹੋਈ ਬਿਮਾਰੀ ਤੋਂ ਬਾਅਦ ਉਹਨੇ ਮੀਟ ਖਾਣਾ ਉੱਕਾ ਹੀ ਛੱਡ ਦਿੱਤਾ ਸੀ ਪਰ ਦਰਸ਼ਨ ਤਾਂ ਮੀਟ ਤੋਂ ਬਿਨਾਂ ਕੁਝ ਹੋਰ ਖਾਂਦਾ ਹੀ ਨਹੀਂ ਸੀ।
ਬੜੀ ਚਲਾਕੀ ਨਾਲ ਉਹਨੇ ਕਿਚਨ ਦਾ ਸਾਰਾ ਕੰਮ ਵੀ ਸੰਭਾਲ ਲਿਆ ਤਾਂ ਕਿ ਅਪਣੇ ਮਨ ਪਸੰਦ ਦਾ ਖਾਣਾ ਬਣਾ ਤੇ ਖਾ ਸਕੇ। ਕੈਥੀ ਨੇ ਉਹਦੇ ਪੈਨਕੇਕਸ, ਸਪਰਿੰਗ ਰੋਲ ਤੇ ਮੱਕੀ ਦੇ ਭੁੰਨੇ ਦਾਣੇ ਬੜੇ ਪਸੰਦ ਕੀਤੇ ਪਰ ਉਹ ਘਰ ‘ਚ ਟੋਫ਼ੂ, ਪਨੀਰ, ਦਹੀਂ, ਸਬਜ਼ੀਆਂ ਤੋਂ ਬਿਨਾਂ ਕੁਝ ਹੋਰ ਵੜਣ ਹੀ ਨਹੀਂ ਸੀ ਦਿੰਦੀ। ਉਹ ਕਈ ਵਾਰ ਕੈਥੀ ਨਾਲ ਬੈਠਾ ਸਿਰਫ਼ ਫਰੈਂਚ ਫਰਾਈਆਂ ਤੇ ਟਮੈਟੋ ਸੌਸ ਹੀ ਖਾ ਸਕਦਾ।
ਉਪਰੋਂ ਉਹ ਸਾਰਾ ਦਿਨ ਅਪਣੀ ਸਿਹਤ ਦੇ ਹੀ ਰੋਣੇ ਰੋਂਦੀ ਰਹਿੰਦੀ। ਜੇ ਕਿਤੇ ਛਿੱਕ ਵੀ ਮਾਰੇ ਤਾਂ ਨਮੋਨੀਆਂ ਦੀ ਦਵਾਈ ਲੱਭਣਾ ਸ਼ੁਰੂ ਕਰ ਦਿੰਦੀ। ਜੇ ਖੰਘ ਹੋ ਗਈ, ਫੇਰ ਤਾਂ ਸਮਝੋ ਕਿ ਟੀਬੀ ਹੀ ਬਣੂ। ਉਹ ਸਾਰਾ ਦਿਨ ਉਹਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਤੋਂ ਬੋਰ ਹੁੰਦਾ ਰਹਿੰਦਾ। ਕਈ ਵਾਰ ਤਾਂ ਸੋਚਦਾ ਕਿ ਕਿੰਨਾ ਚੰਗਾ ਹੋਵੇ ਜੇ ਉਹਨੂੰ ਟੀਬੀ ਹੋ ਹੀ ਜਾਵੇ ਤੇ ਖਹਿੜਾ ਛੁਟੇ। ਆਖਰਕਰ, ਟਰੱਸਟ ਫ਼ੰਡ ਦਾ ਪੈਸਾ ਤਾਂ ਮਰੀ ਤੋਂ ਹੀ ਮਿਲੂ। ਤਲਾਕ ਨਾਲ ਤਾਂ ਹੁਣ ਕੁਝ ਨਹੀਂ ਮਿਲਣਾ। ਟਰੱਸਟ ਫ਼ੰਡ ਹੀ ਨਹੀਂ ਬਲਕਿ ਉਹਦਾ ਘਰ, ਕੌਟੇਜ, ਬੌਂਡ ਤੇ ਸਟੌਕ ‘ਚ ਲਗਾਇਆ ਪੈਸਾ, ਯੂਨੀਵਰਸਿਟੀ ਇਨਸ਼ੋਅਰੈਂਸ ਤੇ ਹੋਰ ਪਤਾ ਨਹੀਂ ਕੀ ਕੀ ਉਹਨੂੰ ਅਮੀਰ ਬਣਨ ‘ਚ ਸਹਾਈ ਹੋਊ। ਜਿਊਂਦੇ ਜੀ ਤਾਂ ਉਹ ਮਹੀਨੇਵਾਰ ਤਨਖ਼ਾਹ ਹੀ ਲੈ ਸਕਦਾ ਸੀ।
ਖਾਣੇ ਤੋਂ ਬਾਅਦ, ਉਹ ਸਿੱਧੀ ਅਪਣੇ ਡੈਸਕ ‘ਤੇ ਕਿਤਾਬਾਂ ਖੋਲ੍ਹ ਕੇ ਬੈਠ ਜਾਂਦੀ। ਘਰ ‘ਚ ਚੁੱਪ ਚਾਪ ਜਿਵੇਂ ਕੋਈ ਰਹਿੰਦਾ ਹੀ ਨਾ ਹੋਵੇ। ਇੱਕ ਦਿਨ, ਉਹ ਅਪਣਾ ਕੋਲੰਬੋ ਵਾਲਾ ਸ਼ੋਅ ਟੀਵੀ ‘ਤੇ ਲਗਾ ਕੇ ਬੈਠ ਗਿਆ। ਆਖਰਕਰ, ਉਹਦੇ ‘ਚ ਵੀ ਬਹੁਤ ਕੁਝ ਹੁੰਦੈ ਸਿੱਖਣ ਲਈ, ਨਵੇਂ ਨਵੇਂ ਦਾਅ ਪੇਚ ਜਿਹੜੇ ਹੋਰਨਾਂ ਨੇ ਵਰਤੇ ਹੁੰਦੇ ਨੇ, ਉਹ ਘਰ ਬੈਠੇ ਹੀ ਸਿੱਖੇ ਜਾ ਸਕਦੇ ਹਨ।
“ਦਰਸ਼ਨ! ਤੇਰੇ ਲਈ ਇਹ ਸ਼ੋਅ ਦੇਖਣੇ ਠੀਕ ਨਹੀਂ... ਉਪਰੋਂ ਮੈਥੋਂ ਫੋਕੱਸ ਨਹੀਂ ਹੁੰਦਾ। ਮੈਂ ਕੱਲ੍ਹ ਨੂੰ ਰਿਪੋਰਟ ਦੇਣੀ ਐ ਡਿਪਾਰਟਮੈਂਟ ਨੂੰ”
ਅਗਲੇ ਦਿਨ ਉਹ ਹੈੱਡਫ਼ੋਨ ਖਰੀਦ ਲਿਆਇਆ। ‘ਮਰਡੌਕ ਮਿਸਟਰੀਜ਼’ ਸ਼ੋਅ ਚੱਲ ਰਿਹਾ ਸੀ, ਫੇਰ ਸਿੱਖਣ ਨੂੰ ਬੜਾ ਕੁਝ ਸੀ।
“ਦਰਸ਼ਨ! ਆਹ ਟੀਵੀ ਦੀ ਝਿਲਮਿਲ ਜਿਹੀ ਮੇਰੀਆਂ ਅੱਖਾਂ ‘ਚ ਵੱਜਦੀ ਐ, ਸਿਰਦਰਦ ਹੋ ਜਾਣੈ ਮੈਨੂੰ”
ਉਹ ਵੀ ਕਈ ਨਵੇਂ ਨਵੇਂ ਤਰੀਕੇ ਅਪਣਾਉਂਦਾ ਰਿਹਾ। ਡੀਵੀਡੀ ਕਿਰਾਏ ‘ਤੇ ਲੈ ਆਇਆ ਤੇ ਲੈਪਟੌਪ ‘ਚ ਪਾ ਕੇ ਉਪਰੋਂ ਹੈੱਡਫ਼ੋਨ ਲਗਾ ਉਸ ਕੋਲ ਬੈਠ ਗਿਆ। ਪਰ ਉਹ ਉਹਨੂੰ ਕਦੇ ਚਾਹ ਬਣਾਉਣ, ਕਦੇ ਖਾਣ ਲਈ ਸਨੈਕ ਲਿਆਉਣ ਤੇ ਕਦੇ ਸੈਰ ਨੂੰ ਜਾਣ ਦੀਆਂ ਸਲਾਹਾਂ ਨਾਲ ਤੰਗ ਕਰਦੀ ਰਹੀ। ਕਈ ਵਾਰ ਉਹ ਸ਼ਾਮ ਨੂੰ ਬਾਰ ‘ਚ ਵੀ ਜਾ ਆਉਂਦਾ ਪਰ ਡਰ ਜਿਹਾ ਲੱਗਾ ਰਹਿੰਦਾ ਕਿ ਕਿਤੇ ਬੁੜ੍ਹੀ ਘਰੋਂ ਹੀ ਨਾ ਕੱਢ ਦੇਵੇ।
ਜਦੋਂ ਕਿਤੇ ਉਹ ਕਾਰ ‘ਚ ਕਿਤੇ ਜਾਂਦੇ ਤਾਂ ਉਹ ਸਾਰੇ ਰਸਤੇ ਪਤਾ ਨੀ ਕੀ ਗੁਣਗੁਣਾਉਂਦੀ ਰਹਿੰਦੀ। ਨਾ ਕੋਈ ਗੱਲ ਨਾ ਬਾਤ। ਉਹ ਕਾਰ ਚਲਾਉਂਦਾ ਲੇਰਾਂ ਜਿਹੀਆਂ ਸੁਣਦਾ ਤੰਗ ਆ ਜਾਂਦਾ। ਘਰ ਪਹੁੰਚ ਕੇ ਉਹ ਉਹਦੇ ਨਾਲ ਆਲੇ ਦੁਆਲੇ ਕੁਦਰਤ ਦੇ ਬਦਲਦੇ ਰੰਗਾਂ ਦੀਆਂ ਗੱਲਾਂ ਕਰਦੀ। ਉਹਨੂੰ ਘਾਹ ਕੱਟਣ ਲਈ ਯਾਦ ਕਰਾਉਂਦੀ। ਬਾਰਨ ਸਾਫ਼ ਕਰਨ ਦੀ ਸਲਾਹ ਦਿੰਦੀ।
“ਇਹ ਅਪਣਾ ਦੋਹਾਂ ਦਾ ਆਲ੍ਹਣਾ ਹੈ... ਕਿੰਨੇ ਖੁਸ਼ਕਿਸਮਤ ਆਂ ਆਪਾਂ”
‘ਆਲ੍ਹਣਾ ਨਹੀਂ, ਦੂਜੀ ਕੈਦ... ਕੈਦ ਹੀ ਵਧੀਆ ਸੀ ਇਸ ਤੋਂ ਤਾਂ... ਲੱਗਦੀ ਖੁਸ਼ਕਿਸਮਤੀ ਦੀ’ ਉਹ ਮਨ ਹੀ ਮਨ ਕਹਿੰਦਾ।
“ਹਾਲੇ ਤਾਂ ਮੈਂ ਤੈਨੂੰ ਅਪਣੀ ਕੌਟੇਜ ਨੀ ਲੈ ਕੇ ਗਈ, ਉਹ ਤਾਂ ਇਹਦੇ ਨਾਲੋਂ ਕਿਤੇ ਸ਼ਾਂਤ ਜਿਹੀ ਐ... ਨਾ ਉਥੇ ਬਿਜਲੀ ਨਾ ਟੌਇਲਿਟ... ਸਭ ਕੁਝ ਜਿਵੇਂ ਪੱਥਰ ਯੁੱਗ ‘ਚ ਹੋਵੇ”
‘ਤੈਨੂੰ ਪੱਥਰ ਯੁੱਗ ‘ਚ ਪੁੱਜਦੀ ਪਤਾ ਨਹੀਂ ਕਦੋਂ ਕਰ ਸਕੂੰਗਾ, ਮੈਂ ਤਾਂ ਟਰੌਂਟੋ ਡਾਊਨਟਾਊਨ ਅਪਾਰਟਮੈਂਟ ਲਊਂ ਜਦੋਂ ਵੀ ਪੈਸਾ ਹੱਥ ਆ ਗਿਆ’
ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਕੈਥੀ ਦੀਆਂ ਕਿਤਾਬਾਂ ਲਾਇਬ੍ਰੇਰੀ ‘ਚ ਵਾਪਸ ਕਰਨ ਗਿਆ ਤਾਂ ਉਹਦੀ ਨਜ਼ਰ ‘ਕਰਾਈਮ ਸੈਕਸ਼ਨ’ ‘ਤੇ ਪਈ। ਇੱਕ ਦਮ ਉਹਨੂੰ ਯਾਦ ਆਇਆ ਕਿ ਕਿੰਗਸਟਨ ਜੇਲ੍ਹ ‘ਚ ਵੀ ਤਾਂ ਨਾਲ ਦਾ ਕੈਦੀ ਢਿੱਲੋਂ ਜ਼ਹਿਰ ਦੀ ਗੱਲ ਕਰਦਾ ਸੀ ਕਿ ਕਿਵੇਂ ਕਈ ਜ਼ਹਿਰਾਂ ਦਾ ਇਥੇ ਲੈਬ ਨੂੰ ਵੀ ਟੈਸਟ ਨਹੀਂ ਕਰਨਾ ਆਉਂਦਾ। ਉਦੋਂ ਖੈ਼ਰ ਉਹਨੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਕਿਉਂਕਿ ਉਹ ਤਾਂ ਫਰੌਡ ਆਰਟਿਸਟ ਸੀ ਨਾ ਕਿ ਕਾਤਿਲ! ਪਰ ਹੁਣ ਤਾਂ ਲੱਗਦੈ...
ਕੈਥੀ ਦੀਆਂ ਕਿਤਾਬਾਂ ਵਾਪਸ ਕਰ ਕੇ ਤੇ ਹੋਰ ਕਢਵਾ ਕੇ ਉਹ ਤੁਰ ਪਿਆ। ਵਾਪਸ ਮੁੜ ਕੇ ਫੇਰ ਲਾਇਬ੍ਰੇਰੀ ਆਇਆ ਤੇ ‘ਘਾਤਕ ਜ਼ਹਿਰਾਂ’ ਵਾਲੀ ਕਿਤਾਬ ਅਪਣੇ ਕਾਰਡ ‘ਤੇ ਕਢਵਾ ਲਈ। ਘਰ ਦੇ ਨਾਲ ਹੀ ਮਿਲੇ ਸਰਕਾਰੀ ਆਫਿ਼ਸ ‘ਚ ਜਦੋਂ ਕੈਥੀ ਦੀਆਂ ਕਿਤਾਬਾਂ ਰੱਖਣ ਗਿਆ ਤਾਂ ਉਹਦੀ ਸੈਕਟਰੀ ਬੇਧਿਆਨੀ ਤੁਰੀ ਆਉਂਦੀ ਉਹਦੇ ‘ਚ ਵੱਜੀ। ਕਿਤਾਬਾਂ ਡਿੱਗ ਪਈਆਂ ਪਰ ਉਹ ਸੈਕਟਰੀ ਨੂੰ ਦੇਖਦਾ ਹੀ ਰਹਿ ਗਿਆ। ਰੌਬਿਨ ਨੇ ਕੁਝ ਕਿਤਾਬਾਂ ਚੁੱਕੀਆਂ, ਅਪਣੇ ਲੰਮੇ ਵਾਲਾਂ ਨੂੰ ਸਿਰ ਦੇ ਝਟਕੇ ਨਾਲ ਘੁਮਾ ਕੇ ਪਿੱਛੇ ਮਾਰਿਆ ਤੇ ਅਪਣੀਆਂ ਸੁਹਣੀਆਂ ਜਿਹੀਆਂ ਬਿੱਲੀਆਂ ਅੱਖਾਂ ਨਾਲ ਉਸ ਵੱਲ ਦੇਖਿਆ।
“ਆਈ ਐਮ ਸੋ ਸੌਰੀ, ਮੈਂ ਪ੍ਰੋ: ਕੈਥੀ ਵਿਲਸਨ ਦੀ ਨਵੀਂ ਸੈਕਟਰੀ ਹਾਂ, ਆਈ ਐਮ ਰੌਬਿਨ”
“ਆਈ ਐਮ ਦੈਰਸ਼ਨ, ਕੈਥੀ ਦਾ ਹਸਬੈਂਡ ਤੇ ਰਿਸਰਚ ਅਸਿਸਟੈਂਟ” ਰੌਬਿਨ ਦੇ ਚਿਹਰੇ ਤੋਂ ਉਹਨੇ ਭਾਂਪ ਲਿਆ ਕਿ ਉਹ ਬਹੁਤ ਪ੍ਰਭਾਵਿਤ ਹੋ ਚੁੱਕੀ ਹੈ। ਅਪਣੇ ਆਪ ਨੂੰ ਉਹਨੇ ਅੰਦਰੋਂ ਝਿੜਕਿਆ ਕਿ ਹੁਣ ਬਹੁਤਾ ਕਾਹਲਾ ਨਾ ਪੈ ਜਾਈਂ ਕਿਤੇ... ਤੂੰ ਰੌਬਿਨ ਦੇ ਪਿਓ ਦੀ ਉਮਰ ਦਾ ਏਂ... ਦੂਜੀ ਗੱਲ ਇਹ ਕਿ ਕੈਥੀ ਨਾਲ ਹਾਲੇ ਤੇਰੀ ਠੀਕ ਗੁਜ਼ਰ ਬਸਰ ਹੋ ਰਹੀ ਹੈ ਪਰ ‘ਪਿਓ’ ਵਾਲੀ ਗੱਲ ਨੂੰ ਉਹਦੇ ਮਨ ਨੇ ਹੀ ਝਟਕ ਕੇ ਔਹ ਮਾਰਿਆ।
‘ਕਿਓਂ, ਮੌਂਟਰੀਆਲ ਦੀ ਸਿੰਗਰ ਸਿਲਿਨ ਡੀਔਨ ਦਾ ਘਰ ਵਾਲਾ ‘ਰਿਨੇਅ’ ਨੀ ਉਹਦੇ ਪਿਓ ਵਰਗਾ ਲੱਗਦਾ? ਹੈਮਿੰਗਵੇਅ ਦੀ ਘਰਵਾਲੀ ਕਿੰਨੀ ਛੋਟੀ ਸੀ ਉਸ ਤੋਂ?’ ਸਾਈਡ ਤੇ ਰੌਬਿਨ ਵਰਗਾ ਪਟੋਲਾ ਰੱਖਿਆ ਹੋਵੇ ਤਾਂ ਹਰਜ ਵੀ ਕੀ ਐ? ਕੈਥੀ ਨਾਲ ਰਹਿਣਾ ਤਾਂ ਥੋੜ੍ਹਾ ਸੌਖਾ ਹੋ ਜੂ’
ਉਹ ਰੌਬਿਨ ਨੂੰ ਫਸਾਉਣ ਦੀਆਂ ਸਕੀਮਾਂ ਘੜਦਾ ਰਹਿਾ। ਥੋੜ੍ਹੀ ਦੇਰ ਬਾਅਦ ਹੀ ਉਹਨੂੰ ਪਤਾ ਲੱਗ ਗਿਆ ਕਿ ਉਹ ਉਹਨਾਂ ਔਰਤਾਂ ਵਰਗੀ ਨਹੀਂ ਜਿਹੜੀਆਂ ਉਹ ਅੱਜ ਤੱਕ ਵਰਤ ਚੁੱਕਿਆ ਹੈ। ਜੇ ਉਹਨੇ ਵਿਰੋਧ ਕੀਤਾ ਤਾਂ ਗੱਲ ਉਲਟੀ ਵੀ ਪੈ ਸਕਦੀ ਹੈ। ਬਹੁਤ ਹੀ ਸਾਵਧਾਨੀ ਨਾਲ ਚੱਲਣਾ ਪਵੇਗਾ।
ਸ਼ੁੱਕਰਵਾਰ ਨੂੰ ਰੌਬਿਨ ਨੂੰ ਅਪਣੀ ਕਾਰ ‘ਚ ਘਰ ਛੱਡਣ ਲਈ ਚੱਲ ਪਿਆ। ਰਸਤੇ ‘ਚ ਪੌਲਿਟਿਕਸ ਤੇ ਸਪੋਰਟਸ ਦੀਆਂ ਗੱਲਾਂ ਕਰਦਾ ਉਹ ਕੌਫ਼ੀ ਸ਼ੌਪ ਕੋਲ ਰੁਕਿਆ।
“ਕੈਥੀ ਲਈ ਵੀ ਮੈਂ ਕੌਫ਼ੀ ਲੈ ਕੇ ਜਾਣੀ ਐ। ਮੇਰੇ ਕੁਝ ਸਵਾਲ ਵੀ ਨੇ ਉਸ ਰਿਪੋਰਟ ‘ਤੇ ਜਿਹੜੀ ਤੂੰ ਟਾਈਪ ਕਰ ਰਹੀ ਐਂ... ਚਲੋ, ਕੌਫ਼ੀ ਹੋ ਜੇ”
ਕਾਰ ‘ਚ ਬੈਠੀ ਰੌਬਿਨ ਦਾ ਮੂੰਹ ਲਾਲ ਹੋ ਗਿਆ। ਅਪਣੇ ਹੇਠਲੇ ਬੁੱਲ੍ਹ ਨੂੰ ਦੰਦਾਂ ‘ਚ ਟੁੱਕਦੀ ਨੇ ‘ਨਾਂਹ’ ‘ਚ ਸਿਰ ਹਿਲਾਇਆ।
“ਥੈਂਕਸ, ਪਰ ਮੇਰੀ ਜੌਬ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਕਿਸੇ ਕੋਲੀਗ ਨਾਲ ਕੌਫ਼ੀ ‘ਤੇ ਜਾਵਾਂ”
ਦਰਸ਼ਨ ਥੋੜ੍ਹਾ ਜਿਹਾ ਉਹਦੇ ਵੱਲ ਨੂੰ ਝੁਕਿਆ। ਉਹਦੇ ਕਿਸੇ ਬੇਬੀ ਪਾਊਡਰ ਵਰਗੀ ਹਲਕੀ ਜਿਹੀ ਪਰਫਿਊਮ ਦਾ ਉਹਨੇ ਲੰਮਾ ਸਾਹ ਭਰਿਆ ਤੇ ਬੜਾ ਹੈਰਾਨ ਹੋਇਆ ਕਿ ਬਾਈ ਸਾਲ ਦੀ ਕੁੜੀ ਕਿੰਨੀ ਮਾਸੂਮ ਜਿਹੀ ਸੀ।
“ਕਿਤੇ ਤੂੰ ਕੱਲ੍ਹ ਕਿਤਾਬਾਂ ਡਿੱਗਣ ਵਾਲੀ ਗੱਲ ‘ਤੇ ਨਰਾਜ਼ ਤਾਂ ਨੀ ਹੋਗੀ?”
“ਨਹੀਂ ਨਹੀਂ...ਘਰ ਛੱਡ ਕੇ ਆਉਣ ਲਈ ਮੈਂ ਸ਼ੁਕਰਗੁਜ਼ਾਰ ਹਾਂ ਪਰ ਕਿਸੇ ਵਿਆਹੇ ਹੋਏ ਬੰਦੇ ਨਾਲ ਮੈਂ ਕਿਸੇ ਤਰ੍ਹਾਂ ਅੱਗੇ ਨਹੀਂ ਵਧਣਾ ਚਾਹੁੰਦੀ”
“ਨੋ ਪ੍ਰੌਬਲਮ” ਕਹਿ ਉਹ ਰੌਬਿਨ ਵੱਲ ਦੇਖ ਮੁਸਕਰਾਇਆ, “ਇਹ ਤਾਂ ਕੈਥੀ ਨੇ ਹੀ ਮੈਨੂੰ ਕਿਹਾ ਸੀ ਕਿ ਕੁੜੀ ਕੰਮ ‘ਤੇ ਲੇਟ ਹੋ ਜਾਂਦੀ ਐ... ਮੈਂ ਤਾਂ ਸਾਰਾ ਦਿਨ ਮੀਟਿੰਗ ‘ਚ ਹੋਣੈ, ਤੇ ਉਹਨੂੰ ਘਰ ਛੱਡ ਕੇ ਆਈਂ” ਉਹ ਝੂਠ ਬੋਲਿਆ।
“ਚਲੋ, ਫੇਰ ਠੀਕ ਐ... ਕੈਥੀ ਇਜ਼ ਵੈਰੀ ਨਾਈਸ” ਰੌਬਿਨ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਕੌਫ਼ੀ ਸ਼ੌਪ ਨੂੰ ਤੁਰ ਪਈ।
ਘਰ ਆ ਕੇ ਦਰਸ਼ਨ ਨੇ ਫ਼ੋਨ ‘ਤੇ ਮੈਸੇਜ ਚੈੱਕ ਕੀਤੇ। ਕੈਥੀ ਦਾ ਦੋ ਵਾਰ ਫ਼ੋਨ ਆ ਚੁੱਕਾ ਸੀ, “ਮੈਨੂੰ ਨੇਟਿਵ ਕਲੇਮ ਮੀਟਿੰਗ ‘ਚ ਦੇਰ ਰਾਤ ਤੱਕ ਬੈਠਣਾ ਪੈਣੈ... ਡਿਨਰ ਕਰ ਕੇ ਆਵਾਂਗੀ”
‘ਨੇਟਿਵ, ਨੇਟਿਵ, ਨੇਟਿਵ... ਇਸ ਔਰਤ ਦਾ ਤਾਂ ਸਾਰਾ ਸੰਸਾਰ ਹੀ ਕਿਤਾਬਾਂ ਜਾਂ ਨੇਟਿਵ... ਜਾਂ ਫੇਰ ਰਿਸਰਚ, ਕਿੱਥੇ ਵਾਹ ਪੈ ਗਿਆ ਗਲਤ ਲੋਕਾਂ ਨਾਲ’ ਉਹ ਅੰਦਰੋਂ ਖੌਲ ਰਿਹਾ ਸੀ, ‘ਵਾਈਫ਼ ਹੋਵੇ ਤਾਂ ਰੌਬਿਨ ਵਰਗੀ... ਜਿਹਦੇ ਨਾਲ ਤੁਸੀਂ ਮੂਵੀ ਜਾਓ, ਬਾਰ-ਬੇ-ਕਿਊ ਕਰੋ’ ਸੋਚ ਉਹਦਾ ਮੂਡ ਫੇਰ ਸੁਖਾਵਾਂ ਜਿਹਾ ਹੋ ਗਿਆ। ਉਹਨੂੰ ਰੌਬਿਨ ਦਾ ਗੋਲ ਚਿਹਰਾ, ਭੂਰੇ ਵਾਲ ਤੇ ਮੁਸਕਰਾਹਟ ਬੇਚੈਨ ਕਰਨ ਲੱਗੀ। ਉਹਦੇ ਹੱਥ ਰੌਬਿਨ ਦੇ ਕਿਸੇ ਆਕਾਰ ਨੂੰ ਹਵਾ ‘ਚੋਂ ਫੜਣ ਲਈ ਮਚਲਣ ਲੱਗੇ ਤੇ ਸਾਹ ਦੀ ਗਤੀ ਤੇਜ਼ ਹੋ ਗਈ।
“ਆਪਾਂ ਨੂੰ ਰੋਜ਼ ਕੌਫ਼ੀ ਲਈ ਨਹੀਂ ਜਾਣਾ ਚਾਹੀਦਾ” ਰੌਬਿਨ ਨੇ ਔਫਿ਼ਸ ‘ਚ ਬਣੇ ਅਪਣੇ ਕਿਊਬੀਕਲ ‘ਚੋਂ ਨਾਲ ਦੇ ਕਿਊਬੀਕਲ ‘ਚ ਬੈਠੇ ਦਰਸ਼ਨ ਨੂੰ ਕਿਹਾ।
“ਕੀ ਗੱਲ? ਮੈਥੋਂ ਕੋਈ ਗਲਤੀ ਹੋ ਗਈ?” ਕਿਤੇ ਉਸ ਦਿਨ ਕੀਤੀ ਕਿੱਸ ਤਾਂ ਨੀ ਮਾਈਂਡ ਕਰਗੀ... “ਦੇਖ ਬਈ ਰੌਬਿਨ, ਮੈਨੂੰ ਤਾਂ ਕੈਥੀ ਨੇ ਜੋ ਕਿਹਾ, ਮੈਂ ਕਰਤਾ। ਮੇਰਾ ਮਤਲਬ... ਘਰ ਛੱਡਣ ਦੀ ਡਿਊਟੀ, ਬਾਕੀ ਆਪਾਂ ਦੋਨੋਂ ਮੈਚਿਓਰ ਆਂ...” ਉਹ ਫੇਰ ਝੂਠ ਬੋਲਿਆ ਪਰ ਹੁਣ ਠਾਣ ਚੱਕਿਆ ਸੀ ਕਿ ਰੌਬਿਨ ਨੂੰ ਪਾ ਕੇ ਰਹੇਗਾ।
ਰੌਬਿਨ ਨੇ ਅਪਣਾ ਪਰਸ ਦਰਾਜ਼ ‘ਚ ਰੱਖ ਕੇ ਤਾਲਾ ਲਗਾਇਆ ਤੇ ਉੱਠ ਖੜੀ ਹੋਈ।
“ਪ੍ਰੋ: ਕੈਥੀ ਨੇ ਹੁਣੇ ਟੈਕਸਟ ਕੀਤੈ ਕਿ ਮੀਟਿੰਗ ‘ਚ ਬੈਠੇ ਸਾਰੇ ਮੈਂਬਰਾਂ ਲਈ ਕੌਫ਼ੀ ਬਣਾ ਕੇ ਬੋਰਡ ਰੂਮ ‘ਚ ਲਿਜਾਵਾਂ”
“ਅੱਛਾ, ਚਲੋ ਮੈਂ ਹੈਲਪ ਕਰ ਦਿੰਨਾਂ”
ਜਦੋਂ ਪੰਦਰਾਂ ਕੱਪਾਂ ਦੀ ਲੱਦੀ ਟਰੇਅ ਲੈ ਕੇ ਉਹ ਬੋਰਡ ਰੂਮ ‘ਚ ਦਾਖਲ ਹੋਇਆ, ਕੈਥੀ ਦੀ ਨਜ਼ਰ ਕਦੇ ਰੌਬਿਨ ‘ਤੇ ਕਦੀ ਦਰਸ਼ਨ ‘ਤੇ ਘੁੰਮਦੀ ਰਹੀ। ਅਪਣੇ ਬੁੱਲ੍ਹ ਘੁੱਟ ਕੇ ਉਹਨੇ ਦਰਸ਼ਨ ਨੂੰ ਘੂਰਿਆ ਵੀ।
‘ਕਿੰਨੀ ਬੇਵਕੂਫ਼ੀ ਕੀਤੀ ਮੈਂ ਵੀ... ਕਰ ਲਿਓ ਘਿਓ ਨੂੰ ਭਾਂਡਾ, ਬੁੜ੍ਹੀ ਸਭ ਤਾੜ ਗਈ ਲੱਗਦੀ ਐ’ ਸੋਚ ਉਹਦੇ ਜਿ਼ਹਨ ‘ਚੋਂ ਚੀਰਦੀ ਹੋਈ ਲੰਘੀ।
ਟੇਬਲ ‘ਤੇ ਗੱਲਬਾਤ ਉਵੇਂ ਹੀ ਜਾਰੀ ਰਹੀ। ਇੱਕ ਵੱਡਾ ਸਾਰਾ ਕਨੇਡਾ ਦਾ ਨਕਸ਼ਾ ਉਹਨਾਂ ਨੇ ਅਪਣੇ ਵਿਚਾਲੇ ਵਿਛਾਇਆ ਹੋਇਆ ਸੀ। ਕਈ ਨੇਟਿਵ ਮੈਂਬਰ ਕਿਸੇ ਦਰਿਆ ‘ਤੇ ਹੀ ਵਾਰ ਵਾਰ ਅਪਣੇ ਪੈੱਨ ਦਾ ਪੁੱਠਾ ਪਾਸਾ ਲਗਾ ਕੇ ਗੱਲ ਕਰ ਰਹੇ ਸਨ।
“ਪਰ ਇਹ ਸਮਝੌਤਾ ਤਾਂ 1760 ਵਿੱਚ ਹਿਊਰੌਨ ਨੇਟਿਵਜ਼ ਤੇ ਬ੍ਰਿਟਿਸ਼ ਕਰਾਊਨ ‘ਚ ਹੋ ਚੁੱਕਿਆ ਸੀ” ਇੱਕ ਗੋਰੇ ਨੇ ਅਪਣਾ ਪੱਖ ਰੱਖਿਆ।
“ਇਹ ਗੌਰਮਿੰਟ ਦਾ ਸੀਨੀਅਰ ਡਿਪਲੋਮੈਟ ਐ... ਸਟੀਵ ਪੋਰਟਰ” ਰੌਬਿਨ ਨੇ ਦਰਸ਼ਨ ਦੇ ਕੰਨ ‘ਚ ਹੌਲੀ ਜਿਹੀ ਦੱਸਿਆ।
“ਪਸੰਦ ਐ ਤੈਨੂੰ?” ਜਦੋਂ ਦਰਸ਼ਨ ਨੇ ਕਿਹਾ ਤਾਂ ਉਹਦਾ ਮੂੰਹ ਫੇਰ ਸੁਰਖ਼ ਹੋ ਗਿਆ। ਨਜ਼ਰ ਮਿਲਾ ਕੇ ਉਹਨੇ ਨੀਵੀਂ ਪਾਈ। ਕੈਥੀ ਦੀ ਨਜ਼ਰ ‘ਚ ਇਹ ਵੀ ਆ ਗਿਆ।
ਨੇਟਿਵ ‘ਚੋਂ ਉਹਨਾਂ ਦੀ ਮੀਟਿੰਗ ‘ਚ ਬੈਠੇ ਦੋ ਵਕੀਲਾਂ ਨੇ ਜਿਉਂ ਅਪਣੀ ਬੋਲੀ ‘ਚ ਉੱਥੇ ਕਚ ਕਚ ਸ਼ੁਰੂ ਕੀਤੀ ਕਿ ਸਟੀਵ ਵਰਗੇ ਕਈ ਟੈਨਸ਼ਨ ਨਾਲ ਫੁੰਕਾਰੇ ਜਿਹੇ ਮਾਰਨ ਲੱਗੇ।
ਰੌਬਿਨ ਦਾ ਹਾਸਾ ਨਿਕਲ ਗਿਆ ਪਰ ਛੇਤੀ ਹੀ ਉਹਨੇ ਅਪਣਾ ਹੱਥ ਮੂੰਹ ‘ਤੇ ਰੱਖ ਲਿਆ।
“ਲੱਗਦੈ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਹੀ ਉੱਤਰ ਕੇ ਆਏ ਨੇ” ਕਹਿ ਦਰਸ਼ਨ ਵੀ ਹੱਸਿਆ। ਇਹਨਾਂ ਨੂੰ ਤਾਂ ਕੋਈ ਪ੍ਰਾਈਵੇਟ ਗੱਲ ਕਰਨ ਲਈ ਬਾਹਰ ਜਾਣ ਦੀ ਲੋੜ ਵੀ ਨਾ ਪਈ, ਬੱਸ ਅਪਣੀ ਬੋਲੀ ‘ਚ ਸ਼ੁਰੂ ਹੋ ਗਏ”।
ਦਰਸ਼ਨ ਨੂੰ ਜੇਲ੍ਹ ‘ਚ ਉਹਦੇ ਨਾਲ ਦੇ ਕੈਦੀ ਯਾਦ ਆਏ। ਉੱਥੇ ਵੀ ਗਾਰਡਾਂ ਦਾ ਹਾਲ ਸਟੀਵ ਵਰਗਾ ਹੀ ਹੋ ਜਾਂਦਾ ਸੀ ਜਦੋਂ ਉਹ ਅਪਣੀ ਬੋਲੀ ‘ਚ ਕਾਚੋ ਮੀਚੋ ਕਰਦੇ।
ਕੌਫ਼ੀ ਸਰਵ ਕਰਨ ਤੋਂ ਬਾਅਦ, ਉਹ ਦੋਨੋਂ ਵਾਪਸ ਔਫਿ਼ਸ ‘ਚ ਆ ਗਏ।
“ਲੱਗਦਾ ਸੀ ਪ੍ਰੋਫੈਸਰ ਵਿਲਸਨ ਮੈਨੂੰ ਅੱਖਾਂ ਕੱਢ ਰਹੀ ਸੀ” ਜਦੋਂ ਰੌਬਿਨ ਨੇ ਅਪਣਾ ਡਰ ਉਹਦੇ ਨਾਲ ਸਾਂਝਾ ਕੀਤਾ ਤਾਂ ਉਹ ਸਮਝ ਗਿਆ ਕਿ ਹੁਣ ਅਪਣੀ ਪਲੈਨ ਨੂੰ ਅਸਲੀ ਜਾਮਾ ਦੇਣ ਦਾ ਸਮਾਂ ਆ ਗਿਆ ਹੈ।
“ਤੁਸੀਂ ਮੈਨੂੰ ਦੱਸਿਆ ਨਹੀਂ ਕਿ ਕੈਥੀ ਨੂੰ ਤੁਸੀਂ ਕਿਵੇਂ ਮਿਲੇ” ਕੌਫ਼ੀ ਸ਼ੌਪ ‘ਚ ਉਹ ਹਮੇਸ਼ਾਂ ਦੀ ਤਰ੍ਹਾਂ ਅਪਣੀ ਕੋਨੇ ਵਾਲੀ ਥਾਂ ਬੈਠੇ ਸਨ।
“ਮੈਂ ਟਰਾਂਟੋ ਯੂਨੀਵਰਸਿਟੀ ‘ਚ ਕੈਥੀ ਦਾ ਸਟੂਡੈਂਟ ਸੀ। ਡਿਗਰੀ ਤੋਂ ਬਾਅਦ ਮੈਂ ਉਹਨੂੰ ਫ਼ੋਨ ਕੀਤਾ ਕਿ ਜੇ ਕੋਈ ਜੌਬ ਉਹਦੇ ਡਿਪਾਰਟਮੈਂਟ ‘ਚ ਨਿਕਲੀ ਹੋਵੇ। ਕੈਥੀ ਨੇ ਮੇਰਾ ਕੰਮ ਦੇਖਿਆ ਪਰਖਿਆ ਹੋਇਆ ਸੀ। ਇਹਨੇ ਅਪਣਾ ਅਸਿਸਟੈਂਟ ਹੀ ਰੱਖ ਲਿਆ। ਮੈਂ ਵੀ ਅਗਲੇ ਦਿਨ ਕੈਥੀ ਨੂੰ ਡਿਨਰ ‘ਤੇ ਲੈ ਗਿਆ।
“ਹਾਓ ਰੋਮੈਂਟਿਕ! ਤੁਸੀਂ ਫੁੱਲ ਵੀ ਦਿੱਤੇ ਹੋਣਗੇ ਉਸ ਸ਼ਾਮ ਉਸ ਨੂੰ”
“ਤੈਨੂੰ ਕਿਵੇਂ ਪਤਾ ਲੱਗਾ ਬਈ? ਫੁੱਲ ਤੇ ਚੌਕਲੇਟ, ਦੋਨੋ ਹੀ ਲੈ ਗਿਆ ਸੀ” ਦਰਸ਼ਨ ਨੇ ਥੋੜ੍ਹਾ ਹੈਰਾਨ ਜਿਹਾ ਹੋਣ ਦਾ ਡਰਾਮਾ ਕੀਤਾ।
ਬੱਸ ਫੇਰ ਰੋਜ਼ ਦੀਆਂ ਮੁਲਾਕਾਤਾਂ, ਲੰਚ ਤੇ ਘੁੰਮਣਾ ਫਿਰਨਾ। ਵਿਚਾਰੀ ਇਕੱਲੀ ਔਰਤ ਦੀ ਵੀ ਕੀ ਜਿ਼ੰਦਗੀ ਹੁੰਦੀ ਐ... ਅਸੀਂ ਸੋਚਿਆ ਕਿਉਂ ਨਾ ਅਸੀਂ ਸੈਟਲ ਹੋ ਜਾਈਏ”
ਰੌਬਿਨ ਦੇ ਚਿਹਰੇ ‘ਤੇ ਉੱਭਰ ਆਏ ਸਵਾਲ ਨੂੰ ਉਹ ਆਪ ਹੀ ਭਾਂਪ ਗਿਆ ਸੀ। ਇਸ ਤੋਂ ਪਹਿਲਾਂ ਕਿ ਰੌਬਿਨ ਕੁਝ ਪੁੱਛੇ, ਉਹ ਬੋਲਿਆ,
“ਮੈਨੂੰ ਲੱਗਦੈ ਤੂੰ ਪੁੱਛਣਾ ਚਾਹੁੰਦੀ ਐਂ ਕਿ ਕਿਵੇਂ ਚੱਲ ਰਿਹੈ ਅੱਜਕਲ ਸਾਡਾ ਰਿਲੇਸ਼ਨਸਿ਼ੱਪ... ਚੱਲ ਤਾਂ ਨਹੀਂ ਰਿਹਾ ਬੱਸ, ਘਸੀਟਿਆ ਜਾ ਰਿਹੈ। ਕੈਥੀ ਨੂੰ ਤਾਂ ਅਪਣੀਆਂ ਕਿਤਾਬਾਂ ਤੇ ਬੋਰਡ ਮੀਟਿੰਗਾਂ ਜਿ਼ਆਦਾ ਪਿਆਰੀਆਂ ਨੇ। ਮੈਂ ਕਿਵੇਂ ਫ਼ੀਲ ਕਰਦਾਂ, ਇਹਦੀ ਕਿਸੇ ਨੂੰ ਕੀ ਪ੍ਰਵਾਹ? ਸ਼ਾਇਦ ਮੈਂ ਹੀ ਪਿਆਰ ਕੀਤਾ ਸੀ ਤੇ ਸਜ਼ਾ ਵੀ ਮੈਨੂੰ ਹੀ ਮਿਲਣੀ ਚਾਹੀਦੀ ਸੀ ਨਾ? ਭੁਗਤ ਰਿਹਾ ਹਾਂ” ਅਪਣੀ ਗੱਲ ਦਾ ਅਸਰ ਉਹਨੇ ਰੌਬਿਨ ਦੇ ਚਿਹਰੇ ‘ਤੇ ਵਾਪਰਦਾ ਸਾਫ਼ ਦੇਖਿਆ।
“ਪ੍ਰੋਫੈਸਰ ਵਿਲਸਨ ਨੂੰ ਏਦਾਂ ਨੀ ਕਰਨਾ ਚਾਹੀਦਾ। ਜੇ ਮੇਰਾ ਹਸਬੈਂਡ ਐਨਾ ਹੈਂਡਸਮ ਤੇ ਚੰਗਾ ਹੋਵੇ ਤਾਂ ਮੈਂ ਤਾਂ ਉਹਨੂੰ ਇੱਕ ਪਲ ਲਈ ਵੀ ਇਗਨੋਰ ਨਾ ਕਰਾਂ”
“ਮੈਨੂੰ ਪਤੈ ਰੌਬਿਨ, ਤੂੰ ਕਿੰਨੀ ਸਿਨਸੀਅਰ ਕੁੜੀ ਏਂ... ਪਰ ਲੱਗਦੈ ਕੈਥੀ ਮੈਨੂੰ ‘ਫਰੈਂਡਲੀ ਡਾਇਵੋਰਸ’ ਬੱਸ ਦੇਣ ਹੀ ਵਾਲੀ ਐ। ਨਾ ਕੋਈ ਲੜਾਈ, ਨਾ ਕੋਈ ਝਗੜਾ... ਆਪਸ ‘ਚ ਬੈਠ ਕੇ ਗੱਲ ਕਰ ਲਓ ਤੇ ਅਲੱਗ ਹੋ ਜਾਓ” ਅਪਣੀ ਗੱਲ ਖ਼ਤਮ ਕਰ ਕੇ ਉਹ ਅੰਦਰੋਂ ਅਪਣੇ ਆਪ ‘ਤੇ ਹੀ ਹੱਸਿਆ।
‘ਪਾਗਲਾ, ਤੈਨੂੰ ਡਾਇਵੋਰਸ ਕਰ ਕੇ ਕੀ ਮਿਲੂ, ਠੇਂਗਾ... ਪ੍ਰੀ ਨੈਪਚੂਅਲ ਨੀ ਤੈਨੂੰ ਯਾਦ? ਅਗਲੀ ਸਾਰਾ ਕੁਝ ਅਪਣਾ ਸਮੇਟ ਕੇ ਪਾਸੇ ਹੋਊ... ਹੁਣ ਤਾਂ ਜੇ ਸਾਰਾ ਕੁਝ ਸਮੇਟਣਾ ਚਾਹੁੰਨੈਂ ਤਾਂ ਇੱਕੋ ਹੀ ਰਸਤਾ ਬਾਕੀ ਐ... ਕੈਥੀ ਨੂੰ ਪਾਰ ਬੁਲਾਇਆ ਜਾਵੇ... ਐਵੇਂ ਤਾਂ ਨੀ ਸੱਤ ਮਹੀਨੇ ਬੁੜ੍ਹੀ ਨਾਲ ਖਰਾਬ ਕੀਤੇ’
ਰੌਬਿਨ ਨੂੰ ਘਰ ਛੱਡ ਵਾਪਸ ਆਉਂਦਿਆਂ ਉਹਨੇ ਬੀਅਰ ਤੇ ਪੀਜ਼ਾ ਖਰੀਦਿਆ। ਸੋਚਿਆ ਘਰ ਜਾ ਕੇ ਆਰਾਮ ਨਾਲ ਟੀਵੀ ਦੇਖੇਗਾ। ਕੈਥੀ ਤਾਂ ਕਿਤੇ ਮੀਟਿੰਗ ‘ਚ ਹੀ ਬੈਠੀ ਹੋਣੀ ਐ ਪਰ ਉਹ ਤਾਂ ਲਿਵਿੰਗ ਰੂਮ ‘ਚ ਅਪਣੀਆਂ ਕਿਤਾਬਾਂ ਦਾ ਖਿਲਾਰਾ ਪਾਈ ਪਹਿਲਾਂ ਹੀ ਬੈਠੀ ਸੀ। ਇੱਕ ਨਵੀਂ ਬੁੱਕਸ਼ੈਲਫ਼ ਵੀ ਖਰੀਦ ਲਿਆਈ ਸੀ ਤੇ ਉਹਨੂੰ ਝਾੜ ਪੂੰਝ ਰਹੀ ਸੀ।
“ਮੈਂ ਸੋਚਿਆ, ਤੇਰੀ ਤਾਂ ਹਾਲੇ ਮੀਟਿੰਗ ਚੱਲਦੀ ਹੋਣੀ ਐ... ਮੈਂ ਤਾਂ ਮੀਟ ਆਲਾ ਪੀਜ਼ਾ ਲੈ ਆਇਆ। ਪਤਾ ਹੁੰਦਾ ਤਾਂ ਵੈੱਜ ਵੀ ਲੈ ਆਉਂਦਾ”
“ਪਹਿਲਾਂ ਤਾਂ ਪੀਜ਼ੇ ਦਾ ਮੀਟ ਉਤਾਰ ਕੇ ਕੂੜੇ ‘ਚ ਸੁੱਟ ਕੇ ਆ... ਦੂਜੀ ਗੱਲ ਇਹ ਕਿ ਮੈਂ ਦੋ ਹਫ਼ਤੇ ਇਹ ਸਾਰੀਆਂ ਕਿਤਾਬਾਂ ਦਾ ਮੁਆਇਨਾ ਕਰਨੈ, ਜੇ ਮੈਨੂੰ ਕਿਤੇ ਕੁਝ ਤੱਥ ਨੇਟਿਵਾਂ ਦੀ ਟਰੀਟੀ ਦੇ ਮਿਲ ਜਾਣ”
‘ਵੱਟ ਏ ਬਿੱਚ! ਨਾ ਪੀਜ਼ੇ ਦਾ ਮੀਟ ਤੈਨੂੰ ਦੰਦੀਆਂ ਵੱਢਦੈ? ਸਾਲਾ ਬਾਹਰੋਂ ਵੀ ਲਿਆ ਕੇ ਮੀਟ ਨੀ ਖਾ ਸਕਦੇ’ ਸੋਚ ਉਹਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਪੀ ਗਿਆ।
“ਵਿਚਾਰੇ ਨੇਟਿਵਾਂ ਨੂੰ ਇਨਸਾਫ਼ ਮਿਲ ਜਾਵੇ, ਕਿੰਨੀਆਂ ਸਦੀਆਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਗੋਰਿਆਂ ਨਾਲ” ਦਰਸ਼ਨ ਨੇ ਸਹਿਜ ਹੋਣ ਦੀ ਕੋਸਿ਼ਸ਼ ਕੀਤੀ।
“ਸੰਘਰਸ਼? ਬੱਸ ਪੁੱਛੋ ਹੀ ਨਾ ਕਿੰਨੀਆਂ ਵਧੀਕੀਆਂ ਹੋਈਐਂ ਇਹਨਾਂ ਨਾਲ ਤਾਂ... ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਇਹਨਾਂ ਦਾ ਸ਼ੋਸ਼ਣ ਹੁਣ ਜਨਤਾ ਦੇ ਸਾਹਮਣੇ ਆਇਐ... ਤੇਰਾ ਕੀ ਖਿਆਲ ਐ ਕਿ ਬੱਸ ਜੇਲ੍ਹ ‘ਚ ਹੀ ਬੰਦੇ ਤਸ਼ੱਦਦ ਦਾ ਸਿ਼ਕਾਰ ਹੁੰਦੇ ਨੇ? ਮੇਰੇ ਤਾਂ ਇਹਨਾਂ ਦੀ ਹਿਸਟਰੀ ਪੜ੍ਹ ਪੜ੍ਹ ਕੇ ਲੂੰ ਕੰਡੇ ਖੜੇ ਹੋ ਰਹੇ ਨੇ ਤੇ ਮੈਂ ਐਵੇਂ ਕੁਝ ਨਾ ਕੁਝ ਖਾਣ ਲੱਗ ਜਾਂਦੀ ਆਂ ਤਾਂ ਕਿ ਪੜ੍ਹਣ ਦਾ ਹੌਸਲਾ ਬਣਿਆ ਰਹੇ। ਪਿਛਲੀ ਕਿਤਾਬ ਜਦੋਂ ਪੜ੍ਹ ਰਹੀ ਸੀ ਤਾਂ ਬਿਸਕੁਟਾਂ ਦਾ ਡੱਬਾ ਹੀ ਖ਼ਤਮ ਕਰ ਛੱਡਿਆ ਸੀ। ਹੈਗੇ ਘਰ ‘ਚ ਬਿਸਕੁਟ? ਦੇਈਂ ਤਾਂ ਜ਼ਰਾ ਚਾਰ ਕੁ”
“ਖ਼ਤਮ ਹੋਏ ਨੇ ਬਿਸਕੁਟ ਤਾਂ... ਕੋਈ ਨੀ ਮੈਂ ਲੈ ਆਉਨਾਂ, ਤੇਰੀ ਪੜ੍ਹਾਈ ‘ਚ ਵਿਘਨ ਨੀ ਪੈਣਾ ਚਾਹੀਦਾ” ਦਰਸ਼ਨ ਨੇ ਘੜੀ ਵੱਲ ਦੇਖਿਆ।
“ਚੱਲ ਫੇਰ ਲੈ ਹੀ ਆ”
ਅਗਲੀ ਸਵੇਰ ਦਰਸ਼ਨ ਜਿਉਂ ਹੀ ਔਫਿ਼ਸ ‘ਚ ਦਾਖਲ ਹੋਇਆ, ਉਹਨੇ ਰੌਬਿਨ ਨੂੰ ਢਿੱਡ ਫੜੀ ਦੇਖਿਆ।
“ਕੀ ਹੋਇਆ? ਤਬੀਅਤ ਠੀਕ ਨੀ?”
“ਪਤਾ ਨੀ ਕੀ ਹੋ ਰਿਹੈ ਮੈਨੂੰ, ਜਿਵੇਂ ਫਲੂਅ ਹੋ ਗਿਆ ਹੁੰਦੈ। ਸਿਰ ਦਰਦ ਤੇ ਦਿਲ ਕੱਚਾ ਹੋ ਰਿਹੈ। ਧੜਕਣ ਵਧੀ ਜਾਂਦੀ ਐ”
“ਰੈਸਟ ਕਰ ਲੈਣਾ ਸੀ, ਕੀ ਲੋੜ ਸੀ ਕੰਮ ‘ਤੇ ਆਉਣ ਦੀ? ਚੱਲ, ਚੁੱਕ ਅਪਣਾ ਬੈਗ, ਘਰ ਛੱਡ ਕੇ ਆਵਾਂ” ਉਹ ਉਹਦੇ ਨਜ਼ਦੀਕ ਨੂੰ ਗਿਆ।
“ਨਹੀਂ, ਮੈਂ ਤਾਂ ਪਹਿਲਾਂ ਡਾਕਟਰ ਦੇ ਜਾਵਾਂਗੀ... ਘਰ ਤੱਕ ਨਹੀਂ ਪਹੁੰਚਿਆ ਜਾਣਾ ਦਵਾਈ ਬਗੈਰ”
ਅਚਾਨਕ ਹੀ, ਉਹਦੀ ਨਜ਼ਰ ਰੌਬਿਨ ਦੇ ਡਸਟਬਿਨ ‘ਤੇ ਗਈ।
“ਓ ਮਾਈ ਗੌਡ! ਕੀ ਖਾਧਾ ਸੀ ਤੂੰ ਅੱਜ?”
“ਮੈਂ ਤਾਂ ਬਰੇਕਫਾਸਟ ਕਰਦੀ ਹੀ ਨੀ... ਪ੍ਰੋਫੈਸਰ ਵਿਲਸਨ ਸਵੇਰੇ ਮੇਨੂੰ ਟਾਈਪਿੰਗ ਦਾ ਕੰਮ ਸਮਝਾਉਣ ਆਏ ਸੀ, ਕੌਫ਼ੀ ਤੇ ਬਿਸਕੁਟ ਦੇ ਗਏ”
ਦਰਸ਼ਨ ਦਾ ਸਰੀਰ ਵੀ ਝੂਠਾ ਪੈ ਗਿਆ। ਦਿਲ ਡੱਕੇ ਡੋਲੇ ਖਾਣ ਲੱਗਾ। ਕੁਝ ਪਲ ਲਈ ਉਹਦੀਆਂ ਸੋਚਾਂ ‘ਤੇ ਚਿੰਤਾ ਦਾ ਪਰਦਾ ਪੈ ਗਿਆ।
ਰੌਬਿਨ ਦੇ ਨੀਲੇ ਹੋ ਰਹੇ ਸਰੀਰ ‘ਤੇ ਪਸੀਨੇ ਦੀਆਂ ਬੂੰਦਾਂ ਉੱਭਰਣ ਲੱਗੀਆਂ। ਉਹ ਅਪਣੇ ਪੇਟ ਨੂੰ ਫੜੀ ਦਰਦ ਨਾਲ ਕਰ੍ਹਾਉਂਦੀ ਰਹੀ। ਦਰਸ਼ਨ ਤੋਂ ਵੀ ਨਾ ਬੋਲਿਆ ਗਿਆ। ‘ਇਹਦਾ ਮਤਲਬ ਕੈਥੀ ਨੂੰ ਪਤਾ ਸੀ ਕਿ ਮੈਂ ਬਿਸਕੁਟਾਂ ‘ਤੇ ਜ਼ਹਿਰੀਲਾ ਪਾਊਡਰ ਧੂੜਿਆ ਸੀ... ਕੀ ਉਹ ਮੈਨੂੰ ਦੁਬਾਰਾ ਅੰਦਰ ਕਰਾਉਣਾ ਲੋਚਦੀ ਹੈ?’ ਉਹਦੇ ਜਿ਼ਹਨ ‘ਚ ਡਰਦਾ ਤੂਫ਼ਾਨ ਖੜਾ ਹੋ ਗਿਆ।
“ਮੈਂ ਤਾਂ ਸਵੇਰੇ ਕੈਥੀ ਨੂੰ ਮਿਲ ਨੀ ਸਕਿਆ ਕਿਉਂਕਿ ਰਾਤ ਮੈਂ ਦੋਸਤਾਂ ਨਾਲ ਗਿਆ ਹੋਇਆ ਸੀ ਤੇ ਸਵੇਰੇ ਪਤਾ ਨਹੀਂ ਕਿਹੜੇ ਵੇਲੇ ਉਹ ਚਲੀ ਵੀ ਗਈ”
ਉਹਨੇ ਇਹ ਕਹਿਣੋਂ ਗੁਰੇਜ਼ ਕੀਤਾ ਕਿ ਉਹ ਤਾਂ ਸਵੇਰੇ ਉਹਦੀ ਲਾਸ਼ ਹੀ ਦੇਖਣ ਦੀ ਉਮੀਦ ਨਾਲ ਰਾਤ ਨੂੰ ਸੁੱਤਾ ਸੀ।
ਰੌਬਿਨ ਨੇ ਅਪਣੇ ਪੇਟ ‘ਚ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹ ਜ਼ਮੀਨ ‘ਤੇ ਲੇਟੀ ਹੱਥ ਪੈਰ ਮਾਰਨ ਲੱਗੀ। ਉਸ ਦਾ ਕੰਬਦਾ ਹੋਇਆ ਸਰੀਰ ਫੁੱਲਣ ਲੱਗਾ।
ਦਰਸ਼ਨ ਨੂੰ ਵਿਅਤਨਾਮੀ ਦੇ ਕਹੇ ਬੋਲ ਯਾਦ ਆਉਣ ਲੱਗੇ “ਬੱਸ, ਬਿਸਕੁਟਾਂ ‘ਤੇ ਨਮਕ ਮਿਰਚ ਦੀ ਤਰ੍ਹਾਂ ਭੂਰ ਦੇਈਂ... ਪਹਿਲਾਂ ਦਿਲ ਫਟੂ ਤੇ ਫਿਰ ਦਿਮਾਗ... ਛੇ ਘੰਟੇ ਦੇ ਅੰਦਰ ਕੰਮ ਖਤਮ”
‘ਹੁਣ ਜੇ ਪੁਲਿਸ ਨੂੰ ਫ਼ੋਨ ਕਰਾਂ ਤਾਂ ਇਹ ਤਾਂ ਸ਼ਾਇਦ ਬਚ ਜਾਵੇ ਪਰ ਮੇਰਾ ਅੰਦਰ ਹੋਣਾ ਪੱਕਾ ਏ... ਜੇ ਕੁਝ ਨਹੀਂ ਕਰਦਾ ਤਾਂ ਕੈਥੀ ਤਾਂ ਮੇਰੇ ਖਿ਼ਲਾਫ਼ ਪੱਕੀ ਗਵਾਹੀ ਦਏਗੀ ਕਿ ਮੈਂ ਹੀ ਬਿਸਕੁਟ ਲਿਆਂਦੇ ਸਨ, ਉਪਰੋਂ ਪਿਛਲਾ ਰਿਕਾਰਡ ਵੀ ਤਾਂ ਪੁਲਸ ਨੇ ਕੱਢ ਹੀ ਲੈਣੈ... ਸਾਰੇ ਰਸਤੇ ਬੰਦ ਜਾਪਦੇ ਨੇ’
“ਮੈਨੂੰ ਬਚਾ ਲਓ ਦਰਸ਼ਨ” ਮਰੀ ਜਿਹੀ ਆਵਾਜ਼ ‘ਚ ਰੌਬਿਨ ਨੇ ਕਹਿਣ ਦੀ ਕੋਸਿ਼ਸ਼ ਕੀਤੀ ਪਰ ਗਰਦਨ ਇੱਕ ਪਾਸੇ ਨੂੰ ਲੁੜ੍ਹਕ ਗਈ।
ਦਰਸ਼ਨ ਨੇ ਫ਼ੋਨ ਚੁੱਕਿਆ, 9-1-1 ਡਾਇਲ ਕੀਤਾ, ‘ਚੱਲੋ, ਅੰਦਰ ਹੋ ਜਾਵਾਂਗੇ ਤਾਂ ਵੀ ਕੀ ਐ... ਕਿਹੜਾ ਪਹਿਲੀ ਵਾਰ ਹੋਣੈ... ਕੈਥੀ ਨਾਲੋਂ ਤਾਂ ਕਾਲ ਕੋਠੜੀ ਚੰਗੀ... ਅੰਦਰ ਜਾ ਕੇ ਪੜ੍ਹਾਈ ਜਾਰੀ ਰੱਖਾਂਗੇ’।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346