Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 

Online Punjabi Magazine Seerat


ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

- ਹਰਮੰਦਰ ਕੰਗ

 

ਬੱਸ ਰਾਹੀ ਬਠਿੰਡੇ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਜਾਣਾਂ ਹੋਵੇ ਤਾਂ ਮੋਗੇ ਜਾਂਣ ਦੀ ਲੋੜ ਨਹੀਂ ਪੈਂਦੀ।ਬਠਿੰਡੇ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਤੱਕ ਦਾ 186 ਕਿਲੋਮੀਟਰ ਲੰਬਾ ਸਫਰ ਬੱਸ ਤਕਰੀਬਨ ਚਾਰ ਕੁ ਘੰਟਿਆਂ ਵਿੱਚ ਹੀ ਪੂਰਾ ਕਰ ਲੈਂਦੀ ਹੈ।ਬਠਿੰਡੇ ਤੋਂ ਹਰ ਰੋਜ ਸਵੇਰੇ ਸਾਢੇ ਤਿੰਨ ਵਜੇ ਚੱਲਣ ਵਾਲੀ ਇਹ ਪਹਿਲੀ ਬੱਸ ਹੈ।ਨੌਕਰੀਪੇਸ਼ਾ ਜਾਂ ਹੋਰ ਕੰਮਾਕਾਰਾਂ ਤੇ ਜਾਂਣ ਵਾਲੇ ਲੋਕ ਇਸੇ ਬੱਸ ਵਿੱਚ ਚੜ੍ਹਨ ਨੂੰ ਤਰਜੀਹ ਦਿੰਦੇ ਹਨ ਤਾਂ ਕਿ ਸਮੇਂ ਸਿਰ ਕੰਮ ਕਾਰ ਨਿਪਟਾ ਕੇ ਸ਼ਾਂਮ ਨੂੰ ਵਾਪਸ ਘਰ ਮੁੜਿਆ ਜਾ ਸਕੇ।ਇਸੇ ਕਰਕੇ ਬੱਸ ਵਿੱਚ ਬਹੁਤੀਆਂ ਸਵਾਰੀਆਂ ਖੜ ਕੇ ਵੀ ਸਫਰ ਕਰਨ ਨੂੰ ਤਿਆਰ ਹਨ ਪਰ ਸਭ ਦੀ ਨਿਗ੍ਹਾ ਕਿਸੇ ਨਾ ਕਿਸੇ ਸੀਟ ਤੇ ਜਰੂਰ ਹੁੰਦੀ ਹੈ ਕਿ ਕਦ ਕਿਸੇ ਸ਼ਹਿਰ ਗਰਾਂ ਕੋਈ ਸਵਾਰੀ ਉੱਤਰੇ ਅਤੇ ਸਾਨੂੰ ਸੀਟ ਮਿਲੇ। ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਸ਼ਾਇਦ ਬੱਸ ਵਿੱਚ ਕਾਫੀ ਭੀੜ ਹੈ।ਬਹੁਤੇ ਸ਼ਰਧਾਲੂ ਤਾਂ ਹਰ ਮੱਸਿਆ ਜਾਂ ਸੰਗਰਾਂਦ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਹਨ।ਬੱਸ ਵਿੱਚ ਖੜੀਆਂ ਸਵਾਰੀਆਂ ਚੋਂ ਕਿਸੇ ਨੇਂ ਕੋਟਕਪੂਰੇ ਕਿਸੇ ਨੇਂ ਫਰੀਦਕੋਟ ਕਿਸੇ ਨੇ ਜੀਰੇ ਕਿਸੇ ਨੇਂ ਮੱਖੂ ਜਾਂ ਕਿਸੇ ਹੋਰ ਸ਼ਹਿਰ ਜਾਣਾਂ ਹੈ।ਅਮ੍ਰਿਤਸਰ ਸਾਹਿਬ ਤੱਕ ਦਾ ਲੰਮਾਂ ਸਫਰ ਤੈਅ ਕਰਨ ਵਾਲੀਆਂ ਸਵਾਰੀਆਂ ਵਿੱਚੋਂ ਬੁਹਤਿਆਂ ਨੇ ਸੀਟਾਂ ਮੱਲੀਆਂ ਹੋਈਆਂ ਹਨ।ਬੱਸ ਵਿੱਚ ਹਰ ਕਿਸਮ ਦਾ ਬੰਦਾ ਸਫਰ ਕਰ ਰਿਹਾ ਹੈ,ਅਮੀਰ ਗਰੀਬ,ਪੇਂਡੂ ਸ਼ਹਿਰੀ।ਪਰ ਸਭ ਦੀ ਮੰਜਿਲ ਅਲੱਗ ਅਲੱਗ ਹੈ।ਮੈਂ ਸ਼ੁਕਰ ਕਰਦਾ ਹਾਂ ਕਿ ਮੈਨੂੰ ਸੀਟ ਮਿਲੀ ਹੋਈ ਹੈ।ਸਵੇਰੇ ਸਵੇਰੇ ਪਹਿਲੀ ਬੱਸ ਫੜਨ ਦੇ ਚੱਕਰ ਵਿੱਚ ਸੁਵੱਖਤੇ ਜਾਗਣ ਕਾਰਨ ਬਹੁਤੀਆਂ ਸਵਾਰੀਆਂ ਦੀਆਂ ਅੱਖਾਂ ਵਿੱਚ ਉਨੀਂਦਰਾ ਸਾਫ ਝਲਕ ਰਿਹਾ ਹੈ।ਬੱਸ ਅੱਡੇ ਚੋਂ ਨਿੱਕਲਨ ਤੋਂ ਬਾਅਦ ਵੀ ਸ਼ਹਿਰ ਵਿੱਚਲੇ ਇੱਕ ਦੋ ਬੱਸ ਸਟਾਪੇਜ ਤੇ ਬੱਸ ਰੁੱਕ ਰੁੱਕ ਕੇ ਹੋਰ ਸਵਾਰੀਆਂ ਨੂੰ ਚੜ੍ਹਾ ਰਹੀ ਹੈ।“ਕੋਈ ਰਾਹ ਦੀ ਸਵਾਰੀ ਨਾਂ ਹੋਵੇ ਬਈ,ਇੱਥੋਂ ਚੱਲ ਕੇ ਬੱਸ ਸਿੱਧੀ ਕੋਟਕਪੂਰੇ ਰੁੱਕਣੀਂ ਐ।”ਕੰਡਕਟਰ ਵਾਰ ਵਾਰ ਇਹ ਸ਼ਬਦ ਦੁਹਰਾ ਰਿਹਾ ਹੈ।ਡਰਾਈਵਰ ਥੋੜੀ ਜਿਹੀ ਕਾਹਲ ਦਿਖਾ ਰਿਹਾ,ਇਸੇ ਕਰਕੇ ਉਹ ਕੰਡਕਟਰ ਨੂੰ ‘ਛੇਤੀ ਕਰ ਬਈ‘ ਦੀ ਤਾਕੀਦ ਕਰਦਾ ਹੈ।ਹਰ ਸਟਾਪੇਜ ‘ਤੇ ਬੱਸ ਵਿੱਚ ਸਵਾਰੀਆਂ ਚੜ੍ਹ ਰਹੀਆਂ ਹਨ ਬੱਸ ਵਿੱਚ ਭੀੜ ਵਧ ਰਹੀ ਹੈ ਅਤੇ ਕੰਡਕਟਰ ਬੱਸ ਵਿੱਚ ਚੜ੍ਹ ਰਹੀਆਂ ਸਵਾਰੀਆਂ ਲਈ ਜਗ੍ਹਾ ਬਣਾਉਣ ਲਈ ਅਗਲੀ ਤਾਕੀ ਵਿੱਚ ਖੜ੍ਹਾ ਬੱਸ ਵਿੱਚ ਪਹਿਲਾਂ ਤੋਂ ਹੀ ਖੜੀਆਂ ਸਵਾਰੀਆਂ ਨੂੰ ਕਦੇ ਅਗਾਹ ਅਤੇ ਕਦੇ ਪਿਛਲੀ ਤਾਕੀ ਵਿੱਚ ਖੜ ਕੇ ਉੱਚੀ ਆਵਾਜ ਲਗਾਉਂਦਾ ਹੈ, “ਗਾਂਹ ਨੂੰ ਹੋ ਜਾਓ ਬਈ,ਵਿਚਾਲਿਓ ਸਾਰੀ ਗੱਡੀ ਖਾਲੀ ਪਈ ਹੈ।” ਬੱਸ ਦੇ ਵਿਚਾਲੇ ਭੀੜ ਵਿੱਚ ਫਸਿਆ ਖੜਾ ਇੱਕ ਬਾਬਾ ਬੋਲ ਉੱਠਦਾ ਹੈ,“ ਨਾਂ ਹੁਣ ਇੱਕ ਦੂਜੇ ਦੀਆਂ ਜੇਬਾਂ ‘ਚ ਵੜ ਜਈਏ?ਕਦੇ ਗਾਂਹ ਨੂੰ ਹੋ ਜੋ ਕਦੇ ਪਿਛਾਂਹ ਨੂੰ ਹੋ ਜੋ।ਮੱਖੀ ਵੜਨ ਜੋਗੀ ਥਾਂ ਨੀਂ ਬੱਸ ਵਿੱਚ ਤੂੰ ਇਹਨੂੰ ਤੂੜੀ ਆਲੇ ਕੋਠੇ ਆਂਗੂ ਤੁੰਨੀ ਜਾਨੈ।” ਪਰ ਕੰਡਕਟਰ ਦੇ ਮੁਖਾਰਬਿੰਦ ਚੋਂ ਕੰਡਕਟਰੀ ਬੋਲੀ ਬਾ ਦਸਤੂਰ ਜਾਰੀ ਹੈ।“ ਆਹ ਕੋਟਕਪੂਰੇ ਤੋਂ ਚੜ੍ਹੀਆਂ ਸਵਾਰੀਆਂ ਟਿਕਟਾਂ ਲੈ ਲੋ ਬਈ,ਟਿਕਟ ਤੋਂ ਬਗੈਰ ਨਾਂ ਕੋਈ ਹੋਵੇ ਗੱਡੀ ਚ।ਫਰੀਦਕੋਟ ਉੱਤਰਨ ਵਾਲੇ ਤਾਕੀਆਂ ਲਾਗੇ ਆ ਜਾਓ ਬਈ।” ਸੀਟਾਂ ਤੇ ਬੈਠੀਆਂ ਸਵਾਰੀਆਂ ਆਪਣੀਆਂ ਅਗਲੀਆਂ ਸੀਟਾਂ ਦਾ ਸਹਾਰਾ ਲੈ ਕੇ ਸਿਰ ਸੁੱਟੀ ਸੌਣ ਦਾ ਅਸਫਲ ਜਿਹਾ ਯਤਨ ਕਰਦੀਆਂ ਹਨ।ਸੜਕ ਦੇ ਆਸੇ ਪਾਸੇ ਘੁੱਪ ਹਨੇਰਾ ਹੈ ਅਤੇ ਚੁੱਪ ਪਸਰੀ ਹੋਈ ਹੈ,ਪਰ ਸੜਕ ਤੇ ਸਰਪਟ ਦੌੜ ਰਹੀ ਬੱਸ ਦੀ ਘੂਕ ਸੁਣਾਈ ਦੇ ਰਹੀ ਹੈ।ਰਸਤੇ ਵਿੱਚ ਆਉਂਦੇ ਆਸ ਪਾਸ ਦੇ ਪਿੰਡਾਂ ਵਿੱਚ ਦੂਰ ਕਿਸੇ ਕਿਸੇ ਘਰ ਹੀ ਬੱਤੀ ਜਲਦੀ ਦਿਖਾਈ ਪੈਂਦੀ ਹੈ।ਤੇਜ ਦੌੜ ਰਹੀ ਬੱਸ ਸੁੱਤੀ ਪਈ ਸੜਕ ਨੂੰ ਵੀ ਸ਼ਾਇਦ ਗੂੜੀ ਨੀਂਦ ਤੋਂ ਜਗਾ ਰਹੀ ਹੈ।ਬੱਸ ਵਿੱਚ ਕੰਡਕਟਰ ਦੀ ਕੈਂ ਕੈਂ ਜਾਂ ਕਿਸੇ ਬੱਚੇ ਦੇ ਰੋਂਣ ਦੀ ਆਵਾਜ ਸੌਂ ਰਹੀਆਂ ਸਵਾਰੀਆਂ ਦੀ ਨੀਂਦ ਵਿੱਚ ਖਲਲ਼ ਵੀ ਪਾਉਂਦੀ ਹੈ।ਇੱਕ ਸਵਾਰੀ ਨੂੰ ਦੋ ਰੁਪਏ ਬਕਾਇਆ ਮੋੜਨ ਦੀ ਥਾਂ ਕੰਡਕਟਰ ਮਾਈ ਨੂੰ ਚਾਰ ਟੌਫੀਆਂ ਫੜਾ ਗਿਆ। “ਮੈਨੂੰ ਤਾਂ ਭਾਈ ਦੋ ਰਪੱਈਆਂ ਦੀ ਭਾਂਨ ਹੀ ਮੋੜ,ਮੈਂ ਆਹ ਗੋਲੀਆਂ ਕੀ ਕਰਨੀਂਐ? ਮਾਈ ਕੰਡਕਟਰ ਨੂੰ ਸ਼ਖਤ ਲਹਿਜੇ ਵਿੱਚ ਕਹਿੰਦੀ ਹੈ।ਛੋਟੇ ਸਿੱਕਿਆਂ ਦੀ ਘਾਟ ਕਾਰਨ ਹੁਣ ਕੰਡਕਟਰ ਸਵਾਰੀਆਂ ਨੂੰ ਬਕਾਏ ਦੇ ਰੂਪ ਵਿੱਚ ਟੌਫੀਆਂ ਆਦਿ ਦੇ ਛੱਡਦੇ ਹਨ।ਮੇਰੀ ਨਾਲ ਲੱਗਦੀ ਸੀਟ ਤੇ ਬੈਠੇ ਦੋ ਪੇਂਡੂ ਬਜੁਰਗਾਂ ਵਿੱਚੋਂ ਇੱਕ ਆਪਣੇਂ ਨਾਲ ਦੇ ਨੂੰ ਆਖਦਾ ਹੈ,“ਮੈਂਨੂੰ ਤਾਂ ਲੱਗਦੈ ਬਚਿੱਤਰਾ ਹੁਣ ਆਹ ਕਨੈਟਰ ਸਹੁਰੇ ਪੰਜ ਦਸ ਰੁਪਈਆਂ ਦਾ ਬਕਾਇਆ ਮੋੜਨ ਵੇਲੇ ਸਵਾਰੀਆਂ ਨੂੰ ਸਿਓ,ਕੇਲੇ,ਗੋਭੀ ਹੀ ਦੇ ਦਿਆ ਕਰਨਗੇ।” ਬੱਸ ਵਿੱਚ ਖੜੇ ਕਈ ਪੜ੍ਹੇ ਲਿਖੇ ਬਾਬੂ ਕਿਸਮ ਦੇ ਬੰਦੇ ਬਾਬਿਆ ਦੀ ਗੱਲ ਤੇ ਮੁਸ਼ਕੜੀਏਂ ਹੱਸਦੇ ਹਨ।ਬੱਸ ਸਫਰ ਨੂੰ ਨਿਬੇੜਦੀ ਲਗਾਤਾਰ ਸੜਕ ਤੇ ਦੌੜਦੀ ਜਾ ਰਹੀ ਹੈ।ਸੜਕ ਦੇ ਨਾਲ ਨਾਲ ਵਸੇ ਪਿੰਡਾਂ ਦੇ ਧਾਰਮਿੱਕ ਸਥਾਨਾਂ ਦੇ ਸਪੀਕਰਾਂ ਵਿੱਚੋਂ ਕਦੇ ਕਦੇ ਆਵਾਜ ਸੁਣਦੀ ਹੈ।ਸਵੇਰ ਦੇ ਸਵਾ ਕੁ ਪੰਜ ਵਜੇ ਦਾ ਟਾਈਮ ਹੈ ਸਰਦੀ ਦੇ ਸ਼ੁਰੁਆਤੀ ਦਿਨ ਹਨ,ਇਸੇ ਲਈ ਪਿੰਡਾਂ ਵਿੱਚਲੇ ਲੋਕ ਅਜੇ ਸ਼ਾਇਦ ਸੁੱਤੇ ਪਏ ਹਨ।ਝੋਨੇ ਦੀ ਪਰਾਲੀ ਸਾੜਨ ਕਾਰਨ ਆਸਮਾਨ ਵਿੱਚ ਚੜ੍ਹੇ ਧੂੰਏ ਕਾਰਨ ਪੰਜਾਬ ਦੀ ਆਬੋ ਹਵਾ ਸਵੱਸ਼ ਨਹੀਂ ਰਹੀ।ਬੱਸ ਦੀਆਂ ਲਾਈਟਾਂ ਦੀ ਰੌਸ਼ਨੀਂ ਵਿੱਚ ਪਰਾਲੀ ਦਾ ਨਾੜ ਸਾੜਨ ਕਰਕੇ ਪੈੇਦਾ ਹੋਇਆ ਧੂੰਆਂ ਕਦੇ ਕਦੇ ਧੁੰਦ ਦਾ ਭੁਲੇਖਾ ਵੀ ਸਿਰਜਦੈ।
ਪਰ ਮੈਨੂੰ ਬੱਸ ਦੇ ਅੰਦਰਲਾ ਅਤੇ ਬਾਹਰਲਾ ਮਾਹੌਲ ਚੰਗਾ ਚੰਗਾ ਲੱਗ ਰਿਹਾ ਹੈ।ਪੂਰੇ ਤਿੰਨ ਸਾਲ ਵਿਦੇਸ਼ ਦੀ ਧਰਤੀ ‘ਤੇ ਰਹਿਣ ਕਰਕੇ ਅਜਿਹੇ ਮਾਹੌਲ ਵਿੱਚ ਵਿਚਰਣ ਲਈ ਮਨ ਵਿੱਚ ਬਹੁਤ ਵਾਰੀ ਵੈਰਾਗ ਪੈਦਾ ਹੋਇਆ ਕਰਦਾ ਸੀ।ਉਹ ਦਿਨ ਵੀ ਯਾਦ ਆ ਰਹੇ ਸਨ ਜਦ ਕਾਲੇਜ ਪੜ੍ਹਦੇ ਹੁੰਦੇ ਸੀ,ਬੱਸਾਂ ‘ਤੇ ਧੱਕੇ ਖਾਣੇਂ,ਕੰਡਕਟਰਾਂ ਨਾਲ ਨਿੱਤ ਦੀਆਂ ਲੜਾਈਆਂ।ਪਿੰਡੋਂ ਬੱਸ ‘ਤੇ ਨਾਲ ਚੜਦੀਆਂ ਪੇਂਡੂੰ ਸਵਾਰੀਆਂ ਵਿੱਚੋਂ ਪਸੀਨੇਂ ਦੀ ਹਮਕ ਆਉਂਦੀ,ਭਾਵੇ ਬੱਸ ਵਿੱਚ ਭੀੜ ਭੜੱਕਾ ਹੁੰਦਾ,ਪਰ ਕਿਸੇ ਵੀ ਸਵਾਰੀ ਨੂੰ ਕਦੇ ਆਪਣੇਂ ਨਾਲ ਨਹੀਂ ਖਹਿਣ ਦਿੰਦੇ ਸੀ ਤਾਂ ਕਿ ਕਿਤੇ ਪੈਂਟ ਸ਼ਰਟ ਦੀ ਕਰੀਜ ਨਾਂ ਖਰਾਬ ਹੋ ਜਾਵੇ।ਬਾਹਰਲੇ ਮੁਲਖ ਵਿਚਰਦਿਆਂ ਏ.ਸੀ. ਬੱਸਾਂ,ਗੱਡੀਆਂ,ਉਡਨ ਖਟੋਲਿਆਂ ਤੇ ਪਤਾ ਨਹੀਂ ਕਿੰਨੇ ਕੁ ਬਾਰ ਸਫਰ ਕੀਤਾ ਹੈ,ਪਰ ਅੱਜ ਇਸ ਬੱਸ ਵਿੱਚ ਮੇਰੇ ਸਫਰ ਦੇ ਸਾਥੀ ਬਣੇ ਲੋਕਾਂ ਦਾ ਕਾਰ ਵਿਹਾਰ,ਇਹਨਾਂ ਦੀਆਂ ਗੱਲਾਂ ਬਾਤਾਂ ਮਨ ਨੂੰ ਬਹੁਤ ਚੰਗੀਆਂ ਲੱਗ ਰਹੀਆਂ ਹਨ।ਬੱਸ ਦਾ ਡਰਾਈਵਰ ਬੱਸ ਵਿੱਚ ਲੱਗੇ ਸ਼ੀਸ਼ੇ ਰਾਹੀ ਬੱਸ ਦੇ ਅੰਦਰਲੇ ਮਾਹੌਲ ਤੋਂ ਜਾਂਣੂੰ ਹੈ।ਮੈਂ ਸੋਚਦਾ ਬਈ ਇਹ ਡਰਾਈਵਰ ਕੰਡਕਟਰ ਤਾਂ ਰੋਜ ਸਵੇਰੇ ਉੱਠਦੇ ਹੋਂਣਗੇ।ਰੋਜ ਕਈ ਤਰਾਂ ਦੇ ਲੋਕਾਂ ਨਾਲ ਇਹਨਾਂ ਦਾ ਵਾਹ ਪੈਂਦਾ ਹੋਵੇਗਾ।ਇਹ ਅੱਕਦੇ ਥੱਕਦੇ ਨਹੀਂ ਅਜਿਹੀ ਜਿੰਦਗੀ ਤੋਂ?ਰੋਜੀ ਰੋਟੀ ਲਈ ਸ਼ਾਇਦ ਇਹਨਾਂ ਨੂੰ ਰੋਜ ਲੰਮੇਰੇ ਰਾਹਾਂ ਦਾ ਪਾਂਧੀ ਬਣਨਾਂ ਪੈਂਦਾ ਹੋਵੇਗਾ।ਅਖੇ ‘ਬੱਸ ਦੇ ਕੰਡਕਟਰ ਵਾਂਗ ਹੋ ਗਈ ਹੈ ਜਿੰਦਗੀ,ਸਫਰ ਹੈ ਨਿੱਤ ਦਾ,ਪਰ ਮੰਜਿਲ ਵੀ ਕਿਤੇ ਨਹੀ।”
ਡਰਾਈਵਰ ਨੇਂ ਬੱਸ ਇੱਕ ਦਮ ਹੀ ਰੋਕ ਲਈ।ਕੀ ਗੱਲ ਹੋਈ?ਬੱਸ ਨੇ ਤਾਂ ਅੱਗੇ ਤਲਵੰਡੀ ਭਾਈ ਕੀ ਰੁੱਕਣਾਂ ਸੀ।ਸਭ ਸਵਾਰੀਆਂ ਦਾ ਧਿਆਨ ਡਰਾਈਵਰ ਵੱਲ ਨੂੰ ਹੋ ਗਿਆ।ਬੱਸ ਦੇ ਅੱਗੇ ਚਾਰ ਕੁ ਪੁਲਸ ਮੁਲਾਜਮ ਖੜੇ ਹਨ।ਪੁਲਸ ਮੁਲਾਜਮ ਦੱਸਦੇ ਹਨ ਕਿ ਕੱਲ ਸ਼ਾਮ ਨੂੰ ਜੀਰੇ ਸ਼ਹਿਰ ਤੋਂ ਤਲਵੰਡੀ ਭਾਈ ਵਾਲੇ ਪਾਸੇ ਨੂੰ ਕਿਸਾਨਾਂ ਨੇ ਸੜਕ ‘ਤੇ ਧਰਨਾਂ ਲਾਇਆ ਸੀ।ਆਪਣੀਆਂ ਕਿਸਾਨੀਂ ਨਾਲ ਸੰਬੰਧਤ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਅਤੇ ਆਪਣੀਂ ਆਵਾਜ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਨੇਂ ਕੱਲ ਸੜਕ ‘ਤੇ ਆਵਾਜਾਈ ਰੋਕੀ ਸੀ।ਪਰ ਪੁਲਿਸ ਨੂੰ ‘ਉੱਪਰੋਂ ਮਿਲੇ‘ ਹੁਕਮਾਂ ਕਾਰਨ ਪੁਲਿਸ ਨੇਂ ਕਿਸਾਨਾਂ ਉੱਤੇ ਡੈਂਡਕਾ (ਲਾਠੀਚਾਰਜ) ਫੇਰ ਦਿੱਤਾ ਜਿਸਦੇ ਰੋਸ ਵਜੋਂ ਕਿਸਾਨਾਂ ਨੇਂ ਭਾਰੀ ਗਿਣਤੀ ਵਿੱਚ ਸੜਕ ਉੱਤੇ ਧਰਨਾਂ ਲਗਾ ਲਿਆ ਹੈ।ਹੁਣ ਸਾਰੀ ਆਵਾਜਾਈ ‘ਵਾਇਆ ਮੋਗਾ‘ ਹੋ ਕੇ ਹੀ ਅਮ੍ਰਿਤਸਰ ਪਹੁੰਚ ਸਕਦੀ ਹੈ।ਡਰਾਈਵਰ ਸਣੇਂ ਸਭ ਸਵਾਰੀਆਂ ਦੇ ਚਿਹਰਿਆ ‘ਤੇ ਚਿੰਤਾ ਦੇ ਚਿੰਨ੍ਹ ਉੱਭਰ ਆਏ।ਕਈ ਸਵਾਰੀਆਂ ਨੂੰ ਲੇਟ ਹੋਣ ਦੀ ਚਿੰਤਾ ਸਤਾਉਣ ਲੱਗੀ।ਕਿਉਂਕਿ ਬੱਸ ਨੂੰ ਅਮ੍ਰਿਤਸਰ ਪਹੁੰਚਣ ਲਈ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਜਿਆਦਾ ਲੱਗਣਾਂ ਸੀ।ਨਾਲ ਹੀ ਜੀਰੇ ਸ਼ਹਿਰ ਉੱਤਰਨ ਵਾਲੀਆਂ ਸਵਾਰੀਆਂ ਨੂੰ ਹੁਣ ਇੱਥੇ ਹੀ ਉੱਤਰਨਾਂ ਪੈਂਣਾਂ ਸੀ ਕਿਉਕਿ ਬੱਸ ਜੀਰੇ ਦੀ ਬਜਾਏ ਹੁਣ ਵਾਇਆ ਮੋਗਾ ਹੁੰਦੀ ਹੋਈ ਸ਼੍ਰੀ ਅਮ੍ਰਿਤਸਰ ਜਾਂਣੀ ਸੀ।ਪਰ ਮੈਨੂੰ ਕੋਈ ਚਿੰਤਾ ਨਹੀਂ,ਬਲਕਿ ਖੁਸੀ ਹੈ ਕਿ ਬਹਾਨੇ ਨਾਲ ਮੋਗੇ ਸ਼ਹਿਰ ਦੇ ਵੀ ਦਰਸ਼ਨ ਹੋ ਜਾਣਗੇ।ਮੋਗੇ ਸ਼ਹਿਰ ਨਾਲ ਵੀ ਕਈ ਯਾਦਾਂ ਜੁੜੀਆਂ ਹੋਈਆਂ ਹਨ ਮੇਰੀਆਂ। ਬੱਸ ਮੋਗੇ ਵਾਲੀ ਸੜਕ ਤੇ ਚੜ੍ਹਾ ਕੇ ਡਰਾਈਵਰ ਨੇਂ ਬੱਸ ਦੀ ਰਫਤਾਰ ਵਧਾ ਲਈ।ਸਮੇਂ ਸਿਰ ਬੱਸ ਨੂੰ ਕਾਉਟਰ ‘ਤੇ ਲਾਉਣਾ ਡਰਾਈਵਰ ਦੇ ਸਿਰ ਤੇ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ।ਮੋਗੇ ਤੋਂ ਵੀ ਕਾਫੀ ਸਵਾਰੀਆਂ ਬੱਸ ਵਿੱਚ ਚੜ੍ਹੀਆਂ ਜਿਨ੍ਹਾਂ ਵਿੱਚ ਜਿਆਦਾਤਰ ਆਸ ਪਾਸ ਦੇ ਦੂਰ ਦੁਰਾਡੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਮਾਸਟਰ ਮਾਸਟਰਨੀਆਂ ਹਨ।ਇਹਨਾਂ ਦੀਆਂ ਗੱਲਾਂ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈ।ਮੇਰਾ ਧਿਆਨ ਤਾਂ ਮੈਥੋਂ ਥੋੜੀ ਜਿਹੀ ਵਿੱਥ ਤੇ ਬੱਸ ਦੀ ਸੀਟ ‘ਤੇ ਬੈਠੀਆਂ ਦੋ ਬਜੁਰਗ ਕਿਸਮ ਦੀਆਂ ਮਾਈਆਂ ਦੀ ਗੱਲਬਾਤ ਵਿੱਚ ਹੈ।ਸ਼ਾਇਦ ਇਹਨਾਂ ਦੋਨਾਂ ਦੀ ਬੱਸ ਵਿੱਚ ਹੀ ਜਾਂਣ ਪਛਾਂਣ ਹੋਈ ਹੈ।“ਮੈਂ ਤਾਂ ਬੀਬੀ ਪਰਸੋਂ ਗਈ ਸਾਂ ਵੱਡੀ ਕੁੜੀ ਕੋਲੇ ਕੋਟ (ਕੋਟਕਪੂਰੇ)।ਨਮੀਂ ਕੋਠੀ ਪਾਈ ਐ ਸੁੱਖ ਨਾਲ ਪ੍ਰਹੁਣੇਂ ਨੇ,ਕੁੜੀ ਕਹਿੰਦੀ ਬੇਬੇ ਤੂੰ ਜਰੂਰ ਆਈ ਘਰ ਵਿੱਚ ਪਾਠ ਖੁਲਵਾਇਆ ਸੀ।ਰਾਤ ਮੱਲੋਜੋਰੀ ਕੁੜੀ ਨੇ ਕੁੜੇ ਓਹ ਕਾਲੇ ਭੂੰਡਾ ਜਿਹਾਂ ਦੀ ਦਾਲ ਖਵਾ ਤੀ,ਹਜੇ ਤਾਂਈਂ ਖੱਟੇ ਡਕਾਰ ਜੇ ਆਈ ਜਾਂਦੇ ਨੇ।” ਬੇਬੇ ਬੜੇ ਮਾਣ ਨਾਲ ਧੀ ਦੇ ਘਰ ਦੀ ਕਹਾਣੀ ਬਿਆਨ ਕਰ ਰਹੀ ਸੀ ਪਰ ਬੇਬੇ ਨੂੰ ਕਾਲੇ ਭੂੰਡਾਂ ਯਾਨੀ ਰਾਜਮਾਹਾਂ ਦੀ ਦਾਲ ਹਜਮ ਨਹੀਂ ਆ ਰਹੀ ਸੀ।ਸਵਾਰੀਆਂ ਆਪਣੀਂ ਆਪਣੀਂ ਮੰਜਿਲ ਤੇ ਉਤਰਦੀਆ ਜਾਂਦੀਆਂ ਹਨ ਤੇ ਨਵੀਆਂ ਸਵਾਰੀਆਂ ਚੜ੍ਹ ਰਹੀਆਂ ਹਨ।ਬੱਸ ਦਾ ਡਰਾਈਵਰ ਅਤੇ ਕੰਡਕਟਰ ਥੋੜੇ ਗੁੱਸੇ ਵਾਲੇ ਲਹਿਜੇ ਵਿੱਚ ਬੱਸ ਵਿੱਚ ਸਵਾਰ ਹੋਣ ਵਾਲੀਆਂ ਅਤੇ ਉੱਤਰਨ ਵਾਲੀਆਂ ਸਵਾਰੀਆਂ ਨੂੰ ਛੇਤੀ ਕਰਨ ਦੀ ਤਕੀਦ ਕਰਦੇ ਹਨ।ਕੋਟ ਈਸੇ ਖਾਂ,ਮੱਖੂ,ਹਰੀਕੇ ਪੱਤਣ,ਸਰਹਾਲੀ ਕਲਾਂ,ਨੌਸ਼ਿਹਰਾ ਪੰਨੂਆਂ,ਤਰਨਾਰਨ ਹੁੰਦੀ ਹੋਈ ਬੱਸ ਸ਼੍ਰੀ ਅਮ੍ਰਿਤਸਰ ਦੇ ਨਜਦੀਕ ਪਹੁੰਚ ਚੁੱਕੀ ਹੈ।ਦਿਨ ਪੂਰੀ ਤਰਾਂ ਚੜ੍ਹ ਆਇਆ ਹੈ।ਸਵਾਰੀਆਂ ਨੂੰ ਜਲਦੀ ਬੱਸ ਚੋਂ ਉੱਤਰਨ ਲਈ ਕਹਿ ਕੇ ਡਰਾਈਵਰ ਵੀ ਬੱਸ ਚੋਂ ਥੱਲੇ ਉੱਤਰ ਕੇ ਆਪਣੇ ਸਰੀਰ ਦੀ ਕਸਰਤ ਕਰਦਾ ਹੋਇਆ ਥਕਾਵਟ ਉਤਾਰਨ ਦੀ ਕੋਸ਼ਿਸ਼ ਕਰਦਾ ਹੈ।ਬਹੁਤੀਆਂ ਸਵਾਰੀਆਂ ਸ਼੍ਰੀ ਦਰਬਾਰ ਸਹਿਬ ਜਾਂਣ ਵਾਲੀਆਂ ਹਨ।ਸੰਗਰਾਂਦ ਕਾਰਨ ਮੱਥਾ ਟੇਕਣ ਵਾਲਿਆਂ ਦੀ ਲੰਮੀ ਕਤਾਰ ਹੈ ਪਰ ਸ਼ਰਧਾਲੂਆਂ ਵਿੱਚ ਸਬਰ ਘੱਟ ਹੈ।ਸਭ ਦੇ ਦਿਲਾਂ ਵਿੱਚ ਵੱਖੋ ਵੱਖਰੀਆਂ ਅਰਦਾਸਾਂ ਹੋਣਗੀਆਂ,ਦੁਨਿਆਵੀ ਵਸਤਾਂ ਲਈ,ਦੁੱਧ ਲਈ ਪੁੱਤ ਲਈ।ਧੱਕਾ ਮੁੱਕੀ,ਜਲਦੀ ਮੱਥਾ ਟੇਕਣ ਦੀ ਕਾਹਲ,ਸ਼ਾਇਦ ਇਸੇ ਕਰਕੇ ਲੋਕ ਅਧਿਆਤਮਿੱਕ ਆਨੰਦ ਤੋਂ ਵਾਂਝੇ ਹੋ ਰਹੇ ਹਨ।ਲਾਈਨ ਵਿੱਚ ਖੜਨਾਂ ਸ਼ਰਧਾਲੂਆਂ ਨੂੰ ਔਖਾ ਲੱਗਦਾ ਹੈ।ਮਨ ਨਹੀਂ ਟਿਕ ਰਿਹਾ।ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਬਣੀ ਬੀਬੀ ਕ੍ਰਿਸਟੀ ਕਲਾਰਕ ਵੀ ਇਤਫਾਕ ਵੱਸ ਇਸੇ ਦਿਨ ਸ਼੍ਰੀ ਦਰਬਾਰ ਸਹਿਬ ਦੇ ਦਰਸ਼ਨ ਕਰਨ ਆਈ ਹੈ ਜਾਂ ਲਿਆਂਦੀ ਗਈ ਹੈ।ਉਸਦੇ ਪੂਰੇ ਵਫਦ ਦੇ ਦੁਆਲੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ‘ਖਾਸ‘ ਅਹੁਦੇਦਾਰਾਂ ਦਾ ਝੁਰਮਟ ਹੈ।ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਡਾਂਗਾਂ ਚੁੱਕੀ ਸਤਾਈ ਅਠਾਈ ਨੌਜਵਾਨਾਂ ਨੇ ਇਹਨਾਂ ਖਾਸ ਬੰਦਿਆਂ ਦੇ ਦੁਆਲੇ ਇੱਕ ਸੁਰੱਖਿਆ ਘੇਰਾ ਜਿਹਾ ਬਣਾ ਰੱਖਿਆ ਹੈ।ਇੱਕ ਵਿਸ਼ੇਸ਼ ਰਸਤੇ ਰਾਹੀਂ ਇਹਨਾਂ ਖਾਸ ਮਹਿਮਾਨਾਂ ਨੂੰ ਸ਼੍ਰੀ ਦਰਬਾਰ ਸਹਿਬ ਦੇ ਦਰਸ਼ਨ ਕਰਵਾਏ ਜਾਦੇ ਹਨ।ਇਸ ਰਸਤੇ ਰਾਂਹੀ ਅੰਦਰ ਜਾਂਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਧਾਲੂਆਂ ਨੂੰ ਦਬਕਾ ਮਾਰਿਆ ਜਾਂਦਾ ਹੈ ਅਤੇ ਡਾਂਗ ਦਾ ਡਰ ਆਮ ਸ਼ਰਧਾਲੂਆਂ ਨੂੰ ਫਿਰ ਤੋਂ ਆਮ ਸ਼ਰਧਾਲੂਆਂ ਵਾਲੀ ਕਤਾਰ ਵਿੱਚ ਲਿਆ ਖੜਾ ਕਰਦਾ ਹੈ।ਕੈਮਰੇ ਦੀਆਂ ਫਲੈਸ਼ਾਂ ਚਮਕਦੀਆਂ ਹਨ।ਸਭ ਖਾਂਸ ਬੰਦੇ ਪ੍ਰੀਮੀਅਰ ਬੀਬੀ ਨਾਲ ਫੋਟੋਆਂ ਕਰਵਾਉਣ ਲਈ ਇੱਕ ਦੂਜੇ ਨੂੰ ਪਿਛੇ ਧੱਕਦੇ ਹਨ।ਪਲਾਂ ਵਿੱਚ ਹੀ ਕੈਨੇਡਾ ਦੀ ਪ੍ਰੀਮੀਅਰ ਬੀਬੀ ਅਹੁ ਗਈ,ਅਹੁ ਗਈ।ਰੱਬ ਦੇ ਘਰ ਵਿੱਚ ਵੀ ਆਮ ਲੋਕਾਂ ਨਾਲ ਹੁੰਦੇ ਵਿਤਕਰੇ ਪ੍ਰਤੀ ਲੋਕਾਂ ਦੇ ਦਿਲ ਚ ਸਵਾਲ ਉੱਠਦੇ ਹਨ ਪਰ ਜੁਬਾਨ ਤੇ ਆਉਣੋਂ ਡਰਦੇ ਹਨ।
ਖੈਰ ਵਾਪਸੀ ਵੇਲੇ ਜਿਸ ਬੱਸ ਵਿੱਚ ਬੈਠ ਕੇ ਘਰ ਵਾਪਸ ਆ ਰਿਹਾ ਹਾਂ ਉਸ ਵਿੱਚ ਕੋਈ ਭੀੜ ਨਹੀ।ਕਾਫੀ ਸੀਟਾਂ ਖਾਲੀ ਹਨ।ਸੂਰਜ ਸਾਰਾ ਦਿਨ ਰੌਸਨੀਂ ਵੰਡ ਕੇ ਅਪਣੇ ਘਰ ਜਾਂਣ ਲਈ ਕਾਹਲਾ ਦਿਖਾਈ ਦੇ ਰਿਹਾ ਹੈ। ਮੇਰੀ ਪਿਛਲੀ ਸੀਟ ਤੇ ਬੈਠੀ ਇੱਕ ਪੇਂਡੂ ਦਿਸਦੀ ਸੁਆਣੀ ਦੇ ਹੱਥ ਚ ਫੜੇ ਝੋਲੇ ਵਿੱਚ ਮੋਬਾਈਲ ਫੋਨ ਟੁਣਕ ਰਿਹਾ ਹੈ।ਕਾਹਲੀ ਨਾਲ ਉਹ ਫੋਨ ਨੂੰ ਝੋਲੇ ਵਿੱਚੋਂ ਬਾਹਰ ਕੱਢਣ ਸਾਰ ਕੰਨ ਨਾਲ ਲਾਉਂਦੀ ਹੋਈ ਇੱਕੋ ਸਾਹੇ ਬੋਲ ਉੱਠਦੀ ਹੈ,“ਬੱਸ ਘੰਟਾ ਕੁ ਲੱਗੂ ਪੁੱਤ,ਆ ਗਈ ਆ ਗਈ,ਨੇੜੇ ਹੀ ਆ,ਤੁੇਰੇ ਪਿਓ ਕੰਜਰ ਨੂੰ ਨਾਲੇ ਕਿਹਾ ਸੀ ਕਿ ਜੇ ਅੱਜ ਸਾਜਰੇ ਸਕੂਟਰ ਤੇ ਮੈਨੂੰ ਪੰਜ ਆਲੀ ਬੱਸ ਚੜ੍ਹਾ ਜਾਂਦਾ ਤਾਂ ਮੈ ਟੈਮ ਨਾਲ ਘਰੇ ਆ ਜਾਂਦੀ।ਪਰ ਉਹਦੀ ਤਾਂ ਪਿੰਡ ਚ ਮੈਂਬਰੀ ਲੋਟ ਨੀਂ ਆਉਂਦੀ।” ਉਸ ਸੁਆਣੀਂ ਦੇ ਚਿਹਰੇ ਉੱਤੋ ਗੁੱਸਾ ਅਤੇ ਘਰ ਅੱਪੜਨ ਦੀ ਕਾਹਲ ਸਹਿਜੇ ਹੀ ਪੜੀ ਜਾ ਸਕਦੀ ਸੀ।“ਹਾਂ ਨਾਲੇ ਤੇਰੀ ਤਾਈ ਨੂੰ ਕਹਿ ਦੀ ਵੱਡੀ ਮਹਿੰ ਦੀ ਧਾਰ ਮੈਂ ਆਪ ਆ ਕੇ ਕੱਢੂ,ਕਿਤੇ ਉਸ ਤੋਂ ਹਿੱਲ ਗਈ ਤਾਂ ਤੜਕੇ ਚਾਹ ਨੂੰ ਤਰਸਾਗੇ।” ਬੱਸ ਸੜਕ ਤੇ ਸਰਪਟ ਭੱਜੀ ਜਾਂ ਰਹੀ ਐ ਅਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਆਪਣੇ ਆਪਣੇ ਘਰ ਪਹੁੰਚਣ ਦੀ ਕਾਹਲ ਹੈ।ਪਰ ਸੂਰਜ ਕਦ ਦਾ ਆਪਣੇਂ ਆਲਣੇ ਸੌ ਚੁੱਕਾ ਹੈ।

ਪਰਥ (ਆਸਟ੍ਰੇਲੀਆ)
0061 434288301
harmander.kang@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346