Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 

Online Punjabi Magazine Seerat

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ
ਹੱਥਾਂ ਉੱਪਰ ਪਹਿਨੇ ਬੂਟ!
- ਇਕਬਾਲ ਰਾਮੂਵਾਲੀਆ

 

ਅਕਤੂਬਰ (1975) ਦਾ ਪੱਤਝੜੀ ਮਹੀਨਾ, ਆਪਣੇ ਪਹਿਲੇ ਤਿੰਨ ਹਫ਼ਤਿਆਂ ਨੂੰ ਹਜ਼ਮ ਕਰ ਕੇ, ਚੌਥੇ ਦਾ ਢੱਕਣ ਖੋਲ੍ਹ ਚੁੱਕਾ ਸੀ। ਇਹ ਮਹੀਨਾ, ਅਗਲੇ ਪੰਜਾਂ ਕੁ ਦਿਨਾਂ ਤੀਕਰ, ਇੱਕ ਸਾਲ ਦੇ ਲੰਮੇ ਨਿਸਲ਼ੇਵੇਂ (ਹਾਈਬਰਨੇਸ਼ਨ) 'ਚ ਲਹਿ ਜਾਣ ਦੀ ਤਿਆਰੀ ਅਧੀਨ, ਆਪਣਾ ਲੀੜਾ-ਲੱਤਾ ਸਮੇਟ ਰਿਹਾ ਜਾਪਦਾ ਸੀ। ਨਵੰਬਰ ਦੇ ਚੜ੍ਹਨ ਵਿੱਚ ਤਾਂ ਭਾਵੇਂ ਹਾਲੇ ਪੰਜ-ਛੇ ਦਿਨ ਬਾਕੀ ਸਨ, ਪ੍ਰੰਤੂ ਮੌਸਮ ਨੂੰ ਆਪਣੇ ਠੰਢੇ ਸਾਹਾਂ 'ਚ ਲਪੇਟਣ ਦੀ ਤਿਆਰੀ, ਇਸ ਨੇ ਆਪਣੀ ਆਮਦ ਤੋਂ ਪਹਿਲਾਂ ਹੀ ਅਰੰਭ ਦਿੱਤੀ ਸੀ। ਰਛਪਾਲ ਹੋਰਾਂ ਤੋਂ ਪਤਾ ਲੱਗ ਗਿਆ ਸੀ ਕਿ ਟਰਾਂਟੋ 'ਚ ਹਵਾਵਾਂ ਨੇ ਸੀਤ ਫਰਾਟੇ ਤਾਂ ਹਾਲੇ ਅੱਧ ਨਵੰਬਰ ਦੇ ਇਰਦ-ਗਿਰਦ ਮਾਰਨ ਲੱਗਣਾ ਸੀ, ਪ੍ਰੰਤੂ ਉਹਨਾਂ ਨੇ ਆਪਣੀਆਂ ਹਲਕੀਆਂ ਹਲਕੀਆਂ ਫੂਕਾਂ, ਅਕਤੂਬਰ ਦੇ ਅੰਤਲੇ ਦਿਨਾਂ ਵਿੱਚ ਚੁਭੋਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰੁੰਡ-ਮਰੁੰਡ ਦਰਖ਼ਤਾਂ ਹੇਠ ਡਿੱਗੇ ਪੱਤਿਆਂ ਵੱਲ ਦੇਖ ਕੇ, ਮੈਨੂੰ ਇੰਝ ਜਾਪਣ ਲੱਗਾ ਜਿਵੇਂ ਮੇਰੇ ਅੰਦਰ ਦੀ ਹਰਿਆਲੀ ਉੱਪਰ ਵੀ ਪੱਤਝੜ ਦਾ ਹੱਥ ਫਿਰ ਗਿਆ ਸੀ। ਕੁਝ ਦਿਨ ਪਹਿਲਾਂ, ਰੋਜ਼ਗਾਰ ਦਫ਼ਤਰ ਵਾਲ਼ੀ 'ਸਲਾਹਕਾਰਾ' ਵੱਲੋਂ, ਸਾਡੇ ਦੋਹਾਂ (ਸੁਖਸਾਗਰ ਦੇ ਅਤੇ ਮੇਰੇ) ਦੇ ਮਨਾਂ 'ਚ ਭੁੱਕੀ ਗਈ ਸਨੋਅ ਤੋਂ ਬਾਅਦ, ਮੈਨੂੰ 'ਟਰਾਂਟੋ ਸਟਾਰ' ਅਖ਼ਬਾਰ ਤੋਂ ਵੀ ਭੈਅ ਆਉਣ ਲੱਗ ਪਿਆ ਸੀ। ਅਖ਼ਬਾਰ-ਬਾਕਸ ਵੱਲੀਂ ਜਾਣ ਵੇਲ਼ੇ ਮੇਰਾ ਜੀ ਕਰਦਾ ਮੈਂ ਸੜਕੋਂ ਪਾਰਲੇ ਪਲਾਜ਼ੇ ਵੱਲ ਨੂੰ ਤੁਰ ਜਾਵਾਂ। ਅੱਧੇ-ਕੁ-ਮਨ ਨਾਲ ਪੰਜੀ-ਦਸੀ ਪਾ ਕੇ ਮੈਂ ਅਖ਼ਬਾਰ ਨੂੰ ਬਾਕਸ ਵਿੱਚੋਂ ਕਢਦਾ, ਪਰ, 'ਹੈਲਪ ਵਾਂਟਡ' ਵਾਲ਼ੇ ਸੈਕਸ਼ਨ ਨੂੰ ਤੁਰਤ ਹੀ ਅਖ਼ਬਾਰ ਵਿੱਚੋਂ ਖਿੱਚ ਕੇ, ਬਾਕਸ ਦੇ ਲਾਗੇ ਹੀ ਖਲੋਤੇ ਕੂੜਾਦਾਨ ਵੱਲ ਝਾਕਣ ਲੱਗ ਜਾਂਦਾ। ਉਧਰ ਸ਼ਾਮ ਨੂੰ 'ਕਨੇਡੀਅਨ ਕਲੱਬ' ਦੀ ਬੋਤਲ ਵੀ ਹੁਣ ਕੰਜੂਸੀ ਦਾ ਇਸਤੇਮਾਲ ਕਰਨ ਲੱਗ ਪਈ ਸੀ। -ਲਓ ਬਈ ਪੈੱਗ ਦੋ ਤੋਂ ਵੱਧ ਨੀ ਲਾਉਣੇ, ਰਛਪਾਲ ਨੇ ਐਲਾਨ ਕਰ ਦਿੱਤਾ ਸੀ। -ਉਹ ਵੀ ਨਿੱਕੇ-ਨਿੱਕੇ! ਸਵੇਰੇ ਸਵਖ਼ਤੇ ਉੱਠਣਾ ਹੁੰਦੈ ਕੰਮ 'ਤੇ ਜਾਣ ਲਈ!
ਸਵੇਰ ਵੇਲ਼ੇ, ਜਦੋਂ ਮੈਂ ਤੇ ਸੁਖਸਾਗਰ ਨੀਂਦ 'ਚੋਂ ਬਾਹਰ ਨਿੱਕਲ਼ਦੇ, ਅਪਾਰਮੈਂਟ ਦੇ ਤਿੰਨਾਂ ਬੈੱਡਰੂਮਾਂ 'ਚ ਚੁੱਪ ਦਾ ਪਹਿਰਾ ਹੁੰਦਾ; ਏਨੀ ਗਹਿਰੀ ਚੁੱਪ ਕਿ ਕਿਚਨ ਦੇ ਸਿੰਕ ਦੀ ਟੂਟੀ 'ਚੋਂ ਕਿਰਦਾ ਵਿਰਲਾ-ਵਿਰਲਾ ਤੁਪਕਾ ਵੀ ਸਾਰੇ ਫ਼ਲੈਟ ਵਿੱਚ ਡਾਂਗ ਖੜਕਾਅ ਰਿਹਾ ਜਾਪਦਾ। ਜਦੋਂ ਨੂੰ ਸੁਖਸਾਗਰ ਤੇ ਮੈਂ ਲਿਵਿੰਗਰੂਮ {ਡਰਾਇੰਗਰੂਮ} 'ਚ ਦਾਖ਼ਲ ਹੁੰਦੇ, ਰਛਪਾਲ ਤੇ ਰਣਜੀਤ ਗਿੱਲ ਥਰਮਸ ਬੋਤਲਾਂ ਨੂੰ ਪਲਾਸਟਿਕ ਦੇ ਬਕਸਿਆਂ 'ਚ ਟਿਕਾਅ ਕੇ 'ਨੇਪ ਐਂਡ ਵੌਟ' ਫ਼ੈਕਟਰੀ ਦੇ ਅੱਧ ਤੀਕ ਪਹੁੰਚ ਚੁੱਕੇ ਹੁੰਦੇ; ਰਣਜੀਤ ਦੀ ਪਤਨੀ ਗੁਰਪਾਲ ਅਤੇ ਰਛਪਾਲ ਦੀ ਜੀਵਨ-ਸਾਥਣ ਰਜਿੰਦਰ ਵੀ, ਪਿਆਲੀਆਂ ਪਲੇਟਾਂ ਨੂੰ ਸਿੰਕ ਦੀ ਟੂਟੀ ਹੇਠ ਅੰਦਰੋਂ-ਬਾਹਰੋਂ ਨੁਹਾਉਣ ਤੋਂ ਬਾਅਦ, ਬੱਸ ਸਟਾਪ ਵੱਲ ਨੂੰ ਤੁਰ ਚੁੱਕੀਆਂ ਹੁੰਦੀਆਂ।
-ਕੀ ਹੋ ਗਿਆ ਤੁਹਾਨੂੰ, ਇੱਕ ਸਵੇਰ ਪਿਆਲੀ 'ਚ ਠਰ ਗਈ ਚਾਹ ਨੂੰ ਦੁਬਾਰਾ ਗਰਮ ਕਰ ਕੇ ਮੇਰੇ ਸਾਹਮਣੇ ਟਿਕਾਉਂਦਿਆਂ ਸੁਖਸਾਗਰ ਪੁੱਛਣ ਲੱਗੀ।
ਮੇਰੇ ਬੁੱਲ੍ਹ ਅੰਦਰ ਵੱਲ ਨੂੰ ਇਕੱਠੇ ਹੋ ਗਏ, ਤੇ ਮੇਰਾ ਸਿਰ ਖੱਬੇ-ਸੱਜੇ ਗਿੜਨ ਲੱਗਾ।
-ਚੁੱਪ-ਚੁੱਪ ਕਿਉਂ ਰਹਿਣ ਲੱਗਪੇ ਓਂ ਕਈਆਂ ਦਿਨਾਂ ਦੇ? ਖਾਂਦੇ-ਪੀਂਦੇ ਵ'ਨੀ ਚੱਜ ਨਾਲ਼!
ਮੈਂ ਚਾਹ ਦੀ ਪਿਆਲੀ ਨੂੰ ਚੁੱਕ ਕੇ ਬੁੱਲ੍ਹਾਂ ਵੱਲ ਨੂੰ ਵਧਾਇਆ।
-ਬੋਲੋ ਕੁਝਅਅਅ!
ਮੇਰੀਆਂ ਮੁੰਦਣ-ਖੁਲ੍ਹਣ ਕਰ ਰਹੀਆਂ ਅੱਖਾਂ ਵੱਲ ਦੇਖਦੀ ਹੋਈ ਸੁਖਸਾਗਰ, ਕਾਫ਼ੀ-ਟੇਬਲੋਂ ਪਾਰ ਵਾਲ਼ੀ ਕੁਰਸੀ ਤੋਂ ਉੱਠ ਕੇ ਮੇਰੇ ਲਾਗੇ ਆ ਬੈਠੀ।
-ਕੁਸ਼ ਦੁਖਦਾ ਤਾਂ ਨੀ?
ਚਾਹ ਵਾਲ਼ੀ ਪਿਆਲੀ ਵਾਪਿਸ ਕਾਫ਼ੀ-ਟੇਬਲ ਉੱਪਰ ਚਲੀ ਗਈ, ਤੇ ਮੇਰੇ ਚਿਹਰੇ ਦੀ ਚੁੱਪ ਨੇ 'ਨਾਂਹ' ਆਖ ਦਿੱਤੀ।
-ਹੋਰ ਫ਼ੇਰ ਕੀ ਗੱਲ ਐ?
ਮੇਰਾ ਮੱਥਾ ਸੁੰਗੜਨ ਲੱਗਾ, ਤੇ ਮੇਰੀਆਂ ਅੱਖਾਂ 'ਚ ਉੱਭਰ ਆਈ ਨਮੀ ਨਾਲ਼ ਕੰਧਾਂ ਤੇ ਸੋਫ਼ਾ ਤੇ ਫ਼ਰਸ਼ ਉੱਤੇ ਖਲੋਤੀ ਟੀ. ਵੀ., ਸਭ ਕੁਝ ਧੁੰਦਲਾਅ ਗਿਆ।
-ਸੁਧਾਰ ਕਾਲਜ ਯਾਦ ਔਂਦੈ... ਮੇਰੇ ਬੁੱਲ੍ਹ ਕੰਬਣ ਲੱਗੇ। -'ਸਰ, ਸਰ' ਕਰਦੇ ਮੁੰਡੇ ਕੁੜੀਆਂ... ਸਟਾਫ਼ਰੂਮ 'ਚ ਹਰਦਿਆਲ ਸਿਓ੍ਹਂ ਦੇ ਲਤੀਫ਼ੇ... ਸਭ ਕੁਛ ਗਵਾ ਲਿਆ...
ਮੇਰੇ ਸਿਰ 'ਚ ਸੁਧਾਰ ਬਜ਼ਾਰ ਵਾਲ਼ਾ ਸਾਡਾ ਚੌਬਾਰਾ ਹਿੱਲਣ ਲੱਗਾ ਜਿਸਦਾ ਕਿਰਾਇਆ ਤਾਂ ਮੇਰੀ ਤੇ ਸੁਰਿੰਦਰ ਦੀ ਜੇਬ 'ਚੋਂ ਨਿੱਕਲ਼ਦਾ ਸੀ, ਪ੍ਰੰਤੂ ਛੇਤੀ ਹੀ ਉਸ ਨੇ ਧਰਮਸ਼ਾਲਾਈ ਮੁਹਾਂਦਰਾ ਅਖ਼ਤਿਆਰ ਕਰ ਲਿਆ ਸੀ: ਹਰ ਸ਼ਾਮ ਛੇ ਸੱਤ ਘੁਮੱਕੜ ਸਾਡੇ ਦੋ ਮੰਜਿਆਂ ਉੱਪਰ ਚੌਂਕੜੀਆਂ ਮਾਰੀ ਬੈਠੇ ਹੁੰਦੇ- ਉਹਨਾਂ ਦੇ ਹੱਥਾਂ 'ਚ ਕੱਚ ਦੇ ਗਲਾਸ ਤੇ ਮੂੰਹਾਂ 'ਚ ਹਥਿਆਰਬੰਦ ਇਨਕਲਾਬ! ਉਹਨਾਂ ਦੀਆਂ ਸਿਗਰਟਾਂ ਦੇ ਬੱਦਲਾਂ 'ਚ ਚਾਰੂ ਮਾਜ਼ੁਮਦਾਰ ਤੇ ਸੱਤਿਆ-ਨਾਰਾਇਣ ਸਿੰਘ ਦੇ ਇਨਕਲਾਬੀ ਦਾਅਪੇਚ ਆਪਸ ਵਿੱਚੀ ਬਹਿਸਣ ਲੱਗਦੇ। ਦੋਹਾਂ ਮੰਜਿਆਂ ਵਿਚਕਾਰ ਡਾਹੇ ਮੇਜ਼ ਦੀ ਘਸਮੈਲ਼ ਉੱਪਰ ਵਿਛਾਏ ਅਖ਼ਬਾਰਾਂ ਉੱਪਰ ਅਖ਼ਬਾਰੀ-ਕਾਗਜ਼ ਤੋਂ ਬਣਾਏ ਇਕ ਲਿਫ਼ਾਫ਼ੇ 'ਚ ਸਾਹ ਲੈਂਦੀ ਮੱਛੀ ਦੀ ਕੋਸੀ ਕੋਸੀ ਗੰਧ, ਤੇ ਦੂਸਰੇ 'ਚ ਤਲ਼ੀ ਹੋਈ ਮੂੰਗੀ ਦੀ ਪੀਲੱਤਣ! ਮੱਛੀ ਵਾਲ਼ੇ ਲਿਫ਼ਾਫ਼ੇ 'ਚੋਂ ਕਦੇ ਮਾਓਜ਼ੇ ਤੁੰਗ ਦਾ ਗੰਜ ਉੱਭਰਦਾ, ਤੇ ਕਦੇ ਚੀ ਗਵੇਰਾ ਦੀ ਟੋਪੀ! ਰੰਮ ਦੀਆਂ ਬੋਤਲਾਂ 'ਚ ਖ਼ਿਲਾਅ ਫੈਲਣ ਲੱਗਦਾ!
-ਕਿੱਥੇ ਚਲੇ ਗਏ ਓਂ? ਸੁਖਸਾਗਰ ਨੇ ਮੇਰਾ ਮੋਢਾ ਹਲੂਣਿਆਂ।
ਮੈਂ ਸਿਰ ਨੂੰ ਜ਼ੋਰ ਨਾਲ਼ ਝਟਕ ਕੇ ਸੁਧਾਰ ਵਾਲ਼ੇ ਚੁਬਾਰੇ `ਚ ਬਾਹਰ ਨਿੱਕਲ਼ ਆਇਆ।
ਸੁਖਸਾਗਰ ਨੇ ਮੇਰਾ ਹੱਥ ਆਪਣੇ ਹੱਥਾਂ 'ਚ ਲੈ ਲਿਆ।
-ਕਿੱਧਰ ਗਿਆ ਤੁਹਾਡਾ ਹੌਸਲਾ? ਉਹ ਬੋਲੀ।
-ਹੌਸਲਾ ਤਾਂ ਮੇਰਾ ਕਾਇਮ ਐ ਹਾਲੇ ਵੀ, ਪਰ...
ਕੁਝ ਪਲ ਮੇਰੀ 'ਪਰ...' ਨੂੰ ਆਪਣੇ ਦਿਮਾਗ਼ ਵਿੱਚ ਖੋਲ੍ਹਣ-ਫਰੋਲਣ ਤੋਂ ਬਾਅਦ ਸੁਖਸਾਗਰ ਨੇ ਡੂੰਘਾ ਹਾਉਕਾ ਭਰਿਆ: -ਟਾਇਮ ਲੱਗੂਗਾ ਪੈਰ ਜਮਾਉਣ ਲਈ ਨਵੇਂ ਮੁਲਕ 'ਚ! ਉਹ ਬੋਲੀ। -ਜੇਰਾ ਰੱਖੋ! ਸਭ ਕੁਛ ਠੀਕ ਹੋਜੂ!
ਪਿਆਲੀਆਂ ਨੂੰ ਸਿੰਕ ਵਿੱਚ ਟਿਕਾਉਣ ਤੋਂ ਬਾਅਦ ਉਹ ਮੇਰੇ ਸਾਹਮਣੇ ਵਾਲ਼ੀ ਕੁਰਸੀ ਨੂੰ ਦੋਬਾਰਾ ਝਾੜਨ ਲੱਗੀ।
-ਊਂ ਹਿਸਾਬ ਮੈਂ ਵੀ ਲਾ ਲਿਐ ਇਸ ਮੁਲਕ ਦਾ, ਉਹ ਕਹਿਣ ਲੱਗੀ। -ਪੰਜਾਬ ਵਰਗੀ {ਲੈਕਚਰਾਰੀ ਦੀ} ਐਸ਼ ਤਾਂ ਏਥੇ ਮਿਲਣੀ ਨੀ ਛੇਤੀ ਛੇਤੀ... ਸਿਰਫ਼ ਮੇਹਨਤ ਮਜ਼ਦੂਰੀ ਕਰ ਕੇ ਪੈਸਾ ਜ਼ਰੂਰ ਕਮਾਇਆ ਜਾ ਸਕਦੈ!
ਉਸ ਵਕਤ ਮੈਂ ਅੱਧਾ ਕੁ ਤਾਂ ਟਰਾਂਟੋ ਵਾਲ਼ੇ ਉਸ ਅਪਾਰਟਮੈਂਟ 'ਚ ਸਾਂ, ਤੇ ਅੱਧਾ ਕੁ ਖ਼ਾਲਸਾ ਕਾਲਜ ਸੁਧਾਰ ਦੇ ਸਟਾਫ਼ਰੂਮ 'ਚ!
-ਫੈਕਟਰੀਆਂ 'ਚ ਮਜ਼ਦੂਰੀਆਂ ਤਾਂ ਕਰਨੀਆਂ ਈ ਪੈਣੀਐਂ ਜੇ ਇਸ ਮੁਲਕ 'ਚ ਕਾਮਯਾਬ ਹੋਣੈ ਤਾਂ, ਸੁਖਸਾਗਰ ਬੋਲੀ ਜਾ ਰਹੀ ਸੀ। -ਰਛਪਾਲ ਹੋਣੀਂ ਵੀ ਤਾਂ ਕਰੀ ਜਾਂਦੇ ਐ!
ਮੇਰੀ ਚੁੱਪ ਅਪਾਰਮੈਂਟ ਦੀ ਚੁੱਪ ਨੂੰ ਸੰਘਣੀ ਕਰਨ ਲੱਗੀ।
-ਪਰ ਜੇ ਤੁਸੀਂ ਬਹੁਤੇ ਈ ਉਦਾਸ ਓਂ ਤਾਂ...
ਵਾਕ ਨੂੰ ਅੱਧ-ਵਿਚਕਾਰੋਂ ਤੋੜ ਕੇ ਸੁਖਸਾਗਰ ਨੇ ਆਪਣੀਆਂ ਅੱਖਾਂ, ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਦੀ ਨਾਜ਼ੁਕਤਾ ਉੱਤੇ ਜਮਾਅ ਲਈਆਂ। ਮੇਰੀਆਂ ਉਂਗਲ਼ਾਂ ਕਾਫ਼ੀ-ਟੇਬਲ ਉੱਪਰ ਖਲੋਤੇ ਨੈਪਕਿਨਾਂ ਦੇ ਬਾਕਸ ਵੱਲੀਂ ਵਧੀਆਂ, ਤੇ ਮੇਰੀਆਂ ਅੱਖਾਂ ਨੂੰ ਪਲੋਸਣ ਤੋਂ ਬਾਅਦ ਸਿੱਲ੍ਹਾ ਹੋਇਆ ਨੈਪਕਿਨ, ਮੇਰੇ ਸੱਜੇ ਹੱਥ ਵਿੱਚ, ਬਾਲੜੀ ਜਿਹੀ ਗੇਂਦ ਦੀ ਸ਼ਕਲ ਅਖ਼ਤਿਆਰ ਕਰਨ ਲੱਗਾ।
-ਜੇ ਭਲਾ... ਮੇਰਾ ਦਿਲ ਬਹੁਤਾ ਈ ਉਦਾਸ ਹੋ ਗਿਆ ਤਾਂ ਫ਼ੇਰ ਕੀ ਕਰਾਂਗੇ ਆਪਾਂ? ਮੈਂ ਘੁੱਟੇ-ਹੋਏ ਗਲ਼ੇ 'ਚੋਂ ਬੋਲਿਆ।
-ਵਾਪਿਸ ਚਲੇ ਜਾਵਾਂਗੇ! ਸੁਖਸਾਗਰ ਨੇ ਆਪਣੀਆਂ ਭਰਵੱਟੀਆਂ ਨੂੰ ਉੱਪਰ ਵੱਲ ਨੂੰ ਖਿੱਚ ਲਿਆ। -ਬਥੇਰਾ ਕੁੱਛ ਐ ਘੁਡਾਣੀ 'ਚ ਬੀ-ਜੀ ਕੋਲ਼! ਫ਼ਿਕਰ ਨਾ ਕਰਿਓ ਕੋਈ ਵੀ!
ਸ਼ਾਮ ਨੂੰ ਰਛਪਾਲ ਨੇ ਤਿੰਨ ਗਲਾਸ ਕਾਫ਼ੀਟੇਬਲ ਉੱਤੇ ਟਿਕਾਅ ਦਿੱਤੇ, ਤੇ ਰਣਜੀਤ ਗਿੱਲ ਨੇ ਫਰਿੱਜ ਵਿੱਚੋਂ ਕੱਢੇ ਖੀਰਿਆਂ ਨੂੰ ਟੂਟੀ ਹੇਠਾਂ ਕਰ ਲਿਆ।
-ਮੈਨੂੰ ਨਾ ਪਾਈਂ ਅੱਜ, ਰਛਪਾਲ ਸਿਅ੍ਹਾਂ, ਮੈਂ ਆਪਣਾ ਸਿਰ ਹਿਲਾਇਆ।
-ਕਿਉਂ, ਕੀ ਗੱਲ ਹੋਗੀ?
-ਬੱਸ ਨਾ ਈਂ ਪਾਈਂ ਅੱਜ!
-ਪਰ ਕਿਉਂ ਨਾ ਪਾਵਾਂ?
***
ਅਗਲੀ ਸਵੇਰ ਤੜਕੇ ਵੇਲ਼ੇ, ਮੈਂ ਨੀਂਦ ਵਿੱਚ ਗੜੂੰਦ ਹੋਇਆ ਪਿਆ ਸਾਂ। ਸੀਨ ਸ਼ੁਰੂ ਹੋਇਆ: ਮੈਂ ਤੇ ਪ੍ਰੋਫ਼ੈਸਰ ਸੁਰਿੰਦਰ ਲੁਧਿਆਣੇ ਦੇ ਚੌੜੇ ਬਜ਼ਾਰ 'ਚ; ਕੀ ਕਰ ਰਹੇ ਸਾਂ, ਪੂਰਾ ਯਾਦ ਨਹੀਂ। ਅਗਲੇ ਸੀਨ 'ਚ ਮੈਂ, ਪ੍ਰੋਫ਼ੈਸਰ ਸੁਰਿੰਦਰ ਦੇ ਰੋਆਇਲ-ਐਨਫ਼ੀਲਡ ਉੱਪਰ, ਉਸ ਦੇ ਪਿਛਾੜੀ ਬੈਠਾ ਸਾਂ; ਪਿਛਲੇ ਚੱਕੇ ਦੇ ਲਾਗਿਓਂ ਫੁਸਕਦੀ 'ਭਿਟ-ਭਿਟ, ਭਿਟ-ਭਿਟ', ਮੁੱਲਾਂਪੁਰ ਦੇ ਲਾਗੇ, ਜੀ. ਟੀ. ਰੋਡ ਨੂੰ 'ਬਾਏ! ਬਾਏ!' ਆਖ ਕੇ, ਖੱਬੇ ਪਾਸੇ ਨੂੰ ਮੁੜੀ, ਅਤੇ ਸੁਧਾਰ ਵਾਲ਼ੀ ਸੜਕ ਦੇ ਖੱਡਿਆਂ 'ਚ 'ਡਿੱਗੂੰ-ਡਿੱਗੂੰ' ਕਰਨ ਲੱਗੀ। ਫ਼ਿਰ ਖੱਬੇ ਪਾਸੇ ਖ਼ਾਲਸਾ ਕਾਲਜ ਦੀ ਬਿਲਡਿੰਗ ਸਾਕਾਰ ਹੋ ਉੱਠੀ। ਸੁਰਿੰਦਰ ਨੇ ਮੋਟਰਸਾਈਕਲ ਦੇ ਹੈਂਡਲ ਨੂੰ ਸੁਧਾਰ ਕਾਲਜ ਦੇ ਗੇਟ ਵੱਲ ਨੂੰ ਹਾਲੇ ਮੋੜਿਆ ਹੀ ਸੀ ਕਿ ਕਿਚਨ ਦੇ ਫ਼ਰਸ਼ ਉੱਪਰ 'ਖੜਾਅਅਕ' ਕਰ ਕੇ ਡਿੱਗੇ ਕੱਚ ਦੇ ਗਲਾਸ ਨੇ ਕਾਲਜ ਦੀ ਬਿਲਡਿੰਗ ਨੂੰ ਧੜੰਮ ਕਰ ਕੇ ਜ਼ਮੀਨ ਉੱਤੇ ਖਿੰਡਾਰ ਦਿੱਤਾ, ਤੇ ਪ੍ਰੋਫ਼ੈਸਰ ਸੁਰਿੰਦਰ ਦਾ ਮੋਟਰਸਾਈਕਲ ਖਤਾਨਾਂ 'ਚ ਡਿੱਗ ਕੇ ਅਲੋਪ ਹੋ ਗਿਆ!
-ਕਿੱਥੇਂ ਆਂ ਮੈਂ, ਡੌਰ-ਭੌਰ ਨਜ਼ਰਾਂ ਨੂੰ ਆਲ਼ੇ-ਦੁਆਲ਼ੇ ਘੁਮਾਅ ਕੇ ਮੈਂ ਆਪਣੇ-ਆਪ ਨੂੰ ਪੁੱਛਿਆ।
ਕੁਝ ਕੁ ਮਿੰਟਾਂ ਮਗਰੋਂ, ਅਪਾਰਮੈਂਟ ਦੇ ਮੁੱਖ ਦਰਵਾਜ਼ੇ ਦੇ ਜਿੰਦਰੇ ਦੀ ਮੋਰੀ 'ਚ ਹੋਈ ਕੜਿੱਕ-ਕੜਿੱਕ ਨੇ ਐਲਾਨ ਕਰ ਦਿੱਤਾ ਕਿ ਰਛਪਾਲ ਹੋਰੀਂ ਤੇ ਰਜਿੰਦਰ ਕੌਰ ਹੋਰੀਂ ਫ਼ੈਕਟਰੀਆਂ ਦੀਆਂ ਮਸ਼ੀਨਾਂ ਵੱਲੀਂ ਰਵਾਨਾ ਹੋ ਗਏ ਸਨ।
ਸੁਖਸਾਗਰ ਨੂੰ ਚਾਹ ਬਣਾਉਣ ਲਈ ਆਖ ਕੇ ਮੈਂ ਸੋਫ਼ੇ ਉੱਪਰ ਬੈਠ ਗਿਆ। ਮੇਰੇ ਅੰਦਰ ਪੰਜਾਬ ਤੇ ਕੈਨੇਡਾ ਝਗੜਨ ਲੱਗੇ; ਮੇਰਾ ਇੱਕ ਪੈਰ ਪਿੰਡ ਵਾਲ਼ੀ ਸਾਡੀ ਬੰਬੀ ਦੇ ਚੁਬੱਚੇ 'ਚ ਲਟਕਣ ਲੱਗਾ ਤੇ ਦੂਸਰਾ ਨਿਆਗਰਾ ਦੀਆਂ ਡਰਾਉਣੀਆਂ ਧਾਰਾਂ ਹੇਠ!
-ਆਪਣੀ ਸਿਹਤ ਨਾ ਖ਼ਰਾਬ ਕਰ ਲਿਓ, ਚਾਹ ਦੀਆਂ ਪਿਆਲੀਆਂ ਵਾਲ਼ੀ ਟਰੇਅ ਨੂੰ ਕਾਫ਼ੀਟੇਬਲ ਉੱਪਰ ਟਿਕਾਉਂਦਿਆਂ ਸੁਖਸਾਗਰ ਬੋਲੀ। -ਜੇ ਨਹੀਂ ਜੀਅ ਲਗਦਾ ਤਾਂ ਚਲੋ ਵਾਪਸ ਚਲੇ ਜਾਂਦੇ ਆਂ।
-ਵਾਪਿਸ ਤਾਂ ਜਾਣਾ ਈ ਪੈਣੈ, ਮੈਂ ਚਾਹ ਵਾਲ਼ੀ ਪਿਆਲੀ ਨੂੰ ਠੰਗੋਰਨ ਲੱਗਾ, ਪਰ...
-ਪਰ-ਪੁਰ ਨੂੰ ਛੱਡੋ; ਜੇ ਦਿਲ ਈ ਨੀ ਲਗਦਾ ਤਾਂ ਕਰੋ ਤਿਆਰੀ ਵਾਪਸੀ ਦੀ!
ਲਿਵਿੰਗਰੂਮ `ਚ ਉੱਠ ਕੇ ਮੈਂ ਆਪਣੇ ਬੈੱਡਰੂਮ ਵਿੱਚ ਆ ਗਿਆ। ਮੈਂ ਕਲਾਜ਼ਿਟ ਨੂੰ ਖੋਲ੍ਹਿਆ, ਤਾਂ ਅਗਲੇ ਪਲੀਂ ਹੈਂਗਰਾਂ ਉੱਪਰ ਟੁੰਗੇ ਸੂਟ, ਪੈਂਟਾਂ, ਤੇ ਸ਼ਰਟਾਂ, ਸੂਟਕੇਸਾਂ ਵਿੱਚ ਛਾਲ਼ਾਂ ਮਾਰਨ ਲੱਗੇ।
ਪਰ ਆਥਣ ਨੂੰ ਰਛਪਾਲ ਨੇ ਰੀਮਾਂਡ ਲੈ ਲਿਆ: ਵਾਪਿਸ ਨੀ ਜਾ ਸਕਦੇ ਤੁਸੀਂ! ਉਸ ਦੇ ਮੱਥੇ ਦੀਆਂ ਤਿਊੜੀਆਂ ਬੋਲੀਆਂ।
ਮੈਂ ਆਪਣੇ ਮੱਥੇ ਨੂੰ ਘੁੱਟ ਕੇ, ਆਪਣੀਆਂ ਅੱਖਾਂ ਨੂੰ, ਇੱਕ-ਦੂਜੀ 'ਚ ਫ਼ਸ-ਨਿੱਕਲ਼ ਰਹੀਆਂ ਆਪਣੀਆਂ ਉਂਗਲ਼ਾਂ ਉੱਪਰ ਸੇਧ ਲਿਆ।
-ਤੁਸੀਂ ਬੁਰਾ ਨਾ ਮਨਾਵੋਂ ਤਾਂ ਇੱਕ ਗੱਲ ਆਖਾਂ? ਰਛਪਾਲ ਨੇ ਆਈਸ ਕਿਊਬ ਨੂੰ ਆਪਣੇ ਗਲਾਸ ਵਿੱਚ ਉਤਾਰ ਕੇ ਆਖਿਆ।
ਸੁਖਸਾਗਰ ਨੇ ਆਪਣੀਆਂ ਨਜ਼ਰਾਂ ਮੇਰੇ ਵੱਲ ਘੁਮਾਅ ਲਈਆਂ।
ਰਣਜੀਤ ਗਿੱਲ ਕਦੇ ਮੇਰੇ ਵੱਲ ਤੇ ਕਦੇ ਰਛਪਾਲ ਵੱਲ ਝਾਕਣ ਲੱਗਾ।
-ਬੁਰਾ ਤਾਂ ਕੀ ਮਨਾਉਣੈ, ਮੈਂ ਆਪਣੀ ਗੁੱਟਘੜੀ ਨੂੰ ਕਲਾਈ ਉਦਾਲ਼ੇ ਘੁੰਮਾਉਣ ਲੱਗਾ। -ਤੂੰ ਕਹਿ ਜੋ ਕੁਝ ਕਹਿਣੈ!
-ਚਾਰ ਸਾਲ ਹੋਗੇ ਐ ਤੁਹਾਡੇ ਵਿਆਹ ਨੂੰ, ਤੇ ਇਲਾਜ ਵੀ ਤੁਸੀਂ ਬਥੇਰਾ ਕਰਾਇਐ ਪੰਜਾਬ 'ਚ! ਕਰਾਇਐ ਕਿ ਨਹੀਂ?
ਸੁਖਸਾਗਰ ਦੇ ਲੰਮੇ ਸਾਹ ਨੇ ਕਮਰੇ ਦੀ ਸਾਰੀ ਹਵਾ ਆਪਣੇ ਫੇਫੜਿਆਂ ਵੱਲ ਨੂੰ ਖਿੱਚ ਲਈ।
-ਬੱਚੇ ਬੜੇ ਚੀਜ਼ ਹੁੰਦੇ ਆ ਇਕਬਾਲ ਸਿਅ੍ਹਾਂ! ਤੁਸੀਂ ਪਿੱਛੇ ਜਾਣ ਦੀ ਕਾਹਲ਼ੀ ਨਾ ਕਰੋ। ਆਪਣਾ ਫ਼ੈਮਿਲੀ ਡਾਕਟਰ ਤੁਹਾਨੂੰ ਈਟੋਬੀਕੋਅ ਹਾਸਪੀਟਲ 'ਚ ਭੇਜੂਗਾ ਡਾਕਟਰ ਲੋਪੇਜ਼ ਕੋਲ਼; ਉਹਨੇ ਭੈਣ ਜੀ {ਸੁਖਸਾਗਰ ਨੂੰ ਰਛਪਾਲ 'ਭੈਣ ਜੀ' ਕਹਿਕੇ ਹੀ ਬੁਲਾਉਂਦਾ ਹੈ} ਦੀ ਗੋਦ 'ਚ ਰੌਣਕ ਲਾ ਦੇਣੀ ਐਂ!
ਮੇਰੀ ਠੋਡੀ ਮੇਰੀ ਛਾਤੀ ਵੱਲ ਨੂੰ ਖਿੱਚੀ ਗਈ।
-ਅਗਲੇ ਹਫ਼ਤੇ ਅਪੁਐਂਟਮੈਂਟ ਐ ਡਾਕਟਰ ਲੋਪੇਜ਼ ਨਾਲ਼ ਤੁਹਾਡੀ, ਰਛਪਾਲ ਨੇ ਆਪਣੀਆਂ ਨਜ਼ਰਾਂ ਕੰਧ ਉੱਪਰ ਲਟਕਦੇ ਕੈਲੰਡਰ ਵੱਲ ਫੇਰੀਆਂ। -ਪਹਿਲਾਂ ਉਸ ਤੋਂ ਪੁੱਛੋ ਕੀ ਕਹਿੰਦੈ।
-ਉਹ ਤਾਂ ਠੀਕ ਐ, ਮੈਂ ਆਪਣੀਆਂ ਉਂਗਲ਼ਾਂ ਨੂੰ ਆਪਣੇ ਜੂੜੇ ਹੇਠ ਘਸਾਉਣ ਲੱਗਾ।
-ਬਾਕੀ, ਇਕਬਾਲ ਸਿੰਘ, ਇੱਕ ਗੱਲ ਤੋਂ ਆਪਾਂ ਅੱਖਾਂ ਨਾ ਮੀਚੀਏ...
ਮੈਂ ਰਛਪਾਲ ਵੱਲੋਂ ਅੱਧ-ਵਿਚਾਲ਼ੇ ਕੁਤਰੇ ਵਾਕ ਦੇ ਪਿਛਲੇ ਹਿੱਸੇ ਨੂੰ ਸੁਣਨ ਲਈ ਉਸ ਵੱਲ ਝਾਕਣ ਲੱਗਾ। ਮੈਨੂੰ ਜਾਪਿਆ ਉਹ ਵਾਕ ਸ਼ੁਰੂ ਤਾਂ ਕਰ ਬੈਠਾ ਪਰ ਹੁਣ ਉਸ ਨੂੰ ਸਿਰੇ ਲਾਉਣ ਤੋਂ ਝਿਜਕਦਾ ਸੀ।
-ਕਿਹੜੀ ਗੱਲ ਤੋਂ ਨੀਂ ਅੱਖਾਂ ਮੀਚਣੀਆਂ ਚਾਹੀਦੀਆਂ ਆਪਾਂ ਨੂੰ?
-ਏਹੀ... ਪਈ ਚੰਗੀ ਨੌਕਰੀ ਕਨੇਡਾ 'ਚ ਚੰਗੀ ਪੜ੍ਹਾਈ ਬਿਨਾ ਨੀ ਮਿਲਣੀ; ਪਰ ਓਨਾ ਚਿਰ ਜੋ ਵੀ ਸਾਹਮਣੇ ਆਉਂਦੈ, ਉਸੇ ਨੂੰ ਪੈ ਜਾ ਟੁੱਟ ਕੇ।
-ਕੀ ਮਤਲਬ?
-ਮਤਲਬ ਏਹ ਕਿ ਅਗਰ ਤੂੰ ਵਾਪਿਸ ਵੀ ਜਾਣਾ ਹੋਇਆ, ਤੂੰ ਏਥੋਂ ਦੀ ਜ਼ਿੰਦਗੀ ਦਾ ਤਜਰਬਾ ਤਾਂ ਹਾਸਲ ਕਰਲਾ... ਓਥੇ ਜਾ ਕੇ ਇਹ ਤਾਂ ਦੱਸਣ ਜੋਗਾ ਹੋ ਲੈ ਬਈ ਡਾਲਰ ਏਥੇ ਦਰਖ਼ਤਾਂ ਨੂੰ ਨੀ ਲਗਦੇ... ਜਾਨ ਤੋੜ ਕੇ ਕੰਮ ਕਰਨਾ ਪੈਂਦੈ ਫ਼ੈਕਟਰੀਆਂ 'ਚ ਅੱਠ-ਅੱਠ ਘੰਟੇ!
ਅਗਲੀ ਸ਼ਾਮ ਅਸੀਂ ਸੋਫ਼ਿਆਂ ਉੱਪਰ ਬੈਠੇ ਚਾਹ ਦੀਆਂ ਪਿਆਲੀਆਂ ਵਿੱਚੋਂ ਨਿੱਘ ਸੁੜ੍ਹਾਕਣ ਦਾ ਭਰਮ ਲੈ ਰਹੇ ਸਾਂ ਕਿ ਅਪਾਰਮੈਂਟ ਦੇ ਦਰਵਾਜ਼ੇ 'ਤੇ ਠੱਕ-ਠੱਕ ਹੋਈ। ਦਰਵਾਜ਼ਾ ਖੁਲ੍ਹਿਆ ਤਾਂ ਪੱਚੀ ਕੁ ਸਾਲ ਦੇ ਇਕ ਮੁੰਡੇ ਨੇ ਸਤਿ ਸ੍ਰੀ ਅਕਾਲ ਆ ਬੁਲਾਈ।
-ਆਹ ਐ ਗੁਰਮੇਲ, ਇਕਬਾਲ ਸਿਅ੍ਹਾਂ, ਰਛਪਾਲ ਨੇ ਆਉਣ ਵਾਲ਼ੇ ਨੂੰ ਪਾਈ ਗਲਵੱਕੜੀ ਤੋਂ ਵਿਹਲਾ ਹੋ ਕੇ ਦੱਸਿਆ। -ਮੋਗੇ ਲਾਗਲੇ ਪਿੰਡ ਘੱਲ ਕਲਾਂ ਤੋਂ...
-ਘੱਲ ਕਲਾਂ ਦੇ ਕਈ ਮੁੰਡੇ ਮੇਰੇ ਨਾਲ਼ ਪੜ੍ਹਦੇ ਰਹੇ ਐ!
ਮੇਰੇ ਮੱਥੇ 'ਚ ਡੀ. ਐਮ. ਕਾਲਜ ਦੀ ਲਾਲ ਬਿਲਡਿੰਗ ਘੁੰਮਣ ਲੱਗੀ।
-ਪਰ ਮੈਂ ਤਾਂ ਬਾਈ ਜੀ ਮੈਟਰਿਕ ਪਾਸ ਕਰ ਕੇ ਈ ਪਾਸਪੋਰਟਾਂ ਦੇ ਚੱਕਰ 'ਚ ਪੈ ਗਿਆ ਸੀ, ਗੁਰਮੇਲ ਆਪਣੀ ਧੌਣ ਨੂੰ ਖੁਰਕਣ ਲੱਗਾ।
-ਕਦੋਂ ਆਇਆ ਕਨੇਡਾ, ਗੁਰਮੇਲ ਸਿਅ੍ਹਾਂ?
-ਓ ਇਹ ਨਾ ਪੁੱਛ, ਇਕਬਾਲ ਸਿਅ੍ਹਾਂ! ਰਛਪਾਲ ਨੇ ਖਾਲੀ-ਕੀਤੀ ਪਿਆਲੀ ਨੂੰ ਟਰੇਅ ਵਿੱਚ ਟਿਕਾਅ ਦਿੱਤਾ। -ਆਇਆ ਤਾਂ ਬਹੁਤ ਚਿਰ ਦਾ ਐ ਪਰ ਹੈ ਹਾਲੇ 'ਭਟਿੱਟਰ' ਈ!
-ਭਟਿੱਟਰ? ਮੈਂ ਆਪਣੀਆਂ ਭਰਵੱਟੀਆਂ ਨੂੰ ਸੰਗੋੜਿਆ।
ਰਛਪਾਲ ਆਪਣੇ ਬੁੱਲ੍ਹਾਂ ਨੂੰ ਸੁੰਗੇੜ ਕੇ ਗੁਰਮੇਲ ਵੱਲੀਂ ਝਾਕਿਆ: ਦੱਸ ਬਈ ਗੁਰਮੇਲ ਸਿਅ੍ਹਾਂ ਪ੍ਰੋਫ਼ੈਸਰ ਨੂੰ ਬਈ ਭਟਿੱਟਰ ਕੀ ਹੁੰਦੈ!
-ਇਲਲੀਗਲ ਆਂ ਬਾਈ ਜੀ, ਗੁਰਮੇਲ ਮੇਰੀ ਉਤਸੁਕਤਾ ਨੂੰ ਭਾਂਪ ਕੇ ਬੋਲਿਆ। -ਇਲਲੀਗਲਾਂ ਨੂੰ ਐਥੇ ਕੋਈ ਭਟਿੱਟਰ ਕਹਿ ਦਿੰਦੈ ਤੇ ਕੋਈ ਫੌਜੀ!
ਗੁਰਮੇਲ ਹੱਸਿਆ, ਉਸ ਦੇ ਹਾਸੇ ਪਿੱਛੇ ਥਿੜਕਦੀ ਪੀੜ ਉਸਦੇ ਚਿਹਰੇ ਉੱਪਰ ਪੈੜਾਂ ਕਰਨ ਲੱਗੀ।
-ਕੰਮ ਲੱਭ ਕੇ ਦੇਣੈ ਵੱਡੇ ਭਾਈ ਨੂੰ! ਰਛਪਾਲ ਬੋਲਿਆ। -ਪਰ ਇੱਕ ਖਿਆਲ ਰੱਖੀਂ!
ਗੁਰਮੇਲ ਨੇ ਆਪਣਾ ਚਿਹਰਾ ਰਛਪਾਲ ਵੱਲੀਂ ਫੇਰਿਆ।
-ਖ਼ਿਆਲ? ਖ਼ਿਆਲ ਤਾਂ ਜ਼ਰੂਰ ਰੱਖਾਂਗੇ, ਬਾਈ ਰਛਪਾਲ ਸਿਅ੍ਹਾਂ।
-ਮੇਰੇ ਕਹਿਣ ਦਾ ਮਤਲਬ ਇਹ ਐ, ਗੁਰਮੇਲ ਸਿਅ੍ਹਾਂ, ਬਈ ਕੰਮ ਬਹੁਤਾ ਔਖਾ ਨਾ ਹੋਵੇ!
ਗੁਰਮੇਲ ਦੀਆਂ ਅੱਖਾਂ ਕਦੇ ਮੇਰੇ ਵੱਲ ਤੇ ਕਦੇ ਰਛਪਾਲ ਵੱਲ ਫਿਰਨ ਲੱਗੀਆਂ।
ਮੈਨੂੰ ਜਾਪਿਆ ਜਿਵੇਂ ਮੇਰੀ ਪ੍ਰੋਫ਼ੈਸਰੀ ਦੇ ਬਟਨ ਟੁੱਟਣ ਲੱਗ ਪਏ ਸਨ।
-ਮੈਨੂੰ ਬੱਸ ਕੰਮ ਚਾਹੀਦੈ, ਗੁਰਮੇਲ ਸਿਅ੍ਹਾਂ, ਮੈਂ ਪਿਆਲੀ 'ਚੋਂ ਭਰੀ ਚਾਹ ਦੀ ਠੰਢੀ ਘੁੱਟ ਨੂੰ ਗਲ਼ੇ 'ਤੋਂ ਹੇਠਾਂ ਉਤਾਰ ਕੇ ਬੋਲਿਆ। -ਕਿਰਾਏ ਜੋਗੇ ਪੈਸੇ ਤਾਂ ਕਮਾਉਣੇ ਈ ਐਂ!
-ਕਿਰਾਏ ਜੋਗੇ ਪੈਸੇ? ਗੁਰਮੇਲ ਦੀਆਂ ਅੱਖਾਂ 'ਚ ਸੁਆਲ ਤੈਰਨ ਲੱਗੇ!
***
ਅਗਲੀ ਸ਼ਾਮ ਫ਼ੋਨ ਦੀ ਘੰਟੀ ਵਿਲਕਣ ਲੱਗੀ: ਟਰਰਰਨ! ਟਰਰਰਨ!
'ਹੈਲੋਅ!' ਰਛਪਾਲ ਨੇ ਫ਼ੋਨ ਦੇ ਚੋਂਗੇ ਨੂੰ ਆਪਣੇ ਕੰਨ ਨਾਲ਼ ਜੋੜ ਲਿਆ।
'... ... ...’
'ਕੀ ਹਾਲ ਐ, ਗੁਰਮੇਲ?'
‘'... ... ...’
'ਅੱਛਾਅ?'
'... ... ...’
'ਕੀ ਕਹਿੰਦਾ ਬੌਸ?'
'... ... ...’
'ਓ ਥੈਕ ਯੂ, ਗੁਰਮੇਲ ਸਿਅ੍ਹਾਂ! ਕਦੋਂ ਤੋਂ?'
'... ... ...’
'ਅੱਛਾ, ਕੱਲ ਸਵੇਰੇ? ਕਿੰਨੇ ਵਜੇ?'
'... ... ...’
'ਡਾਇਰੈਕਸ਼ਨਾਂ ਲਿਖਾਅ ਤੂੰ ਮੈਨੂੰ!' ਰਛਪਾਲ ਨੇ ਪੈੱਨ ਦੀ ਟੋਪੀ ਲਾਹ ਕੇ, ਟੇਬਲ ਦੇ ਦਰਾਜ਼ ਵਿੱਚੋਂ ਇਕ ਨੋਟਬੁੱਕ ਨੂੰ ਬਾਹਰ ਕੱਢ ਲਿਆ। 'ਹਾਂ, ਬੋਲ, ਗੁਰਮੇਲ ਸਿਅ੍ਹਾਂ!'
ਫ਼ੋਨ ਦੇ ਚੋਂਗੇ ਨੂੰ ਵਾਪਿਸ ਉਸ ਦੇ ਆਹਲਣੇ ਉੱਪਰ ਟਿਕਾਅ ਕੇ ਰਛਪਾਲ ਮੇਰੇ ਵੱਲੀਂ ਝਾਕਿਆ। -ਜਾਬ ਮਿਲ਼ਗੀ ਐ, ਇਕਬਾਲ ਸਿਅ੍ਹਾਂ!'
'ਅੱਛਾਅ!' ਮੇਰੇ ਬੁੱਲ੍ਹਾਂ 'ਚ ਝਰਨਾਹਟ ਜਿਹੀ ਹੋਣ ਲੱਗੀ, ਤੇ ਮੈਨੂੰ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਮੇਰੀ ਪ੍ਰੋਫ਼ੈਸਰੀ, ਮੇਰੀ ਧੌਣ ਉਦਾਲਿਓਂ ਲਹਿ ਕੇ ਕਲਾਜ਼ਿਟ ਵੱਲ ਰੁੜ੍ਹ ਗਈ ਸੀ, ਤੇ ਉਥੇ ਫ਼ਰਸ਼ 'ਤੋਂ ਉੱਪਰ ਵੱਲ ਨੂੰ ਝਾਕਦੀ ਹੋਈ, ਕਲਾਜ਼ਿਟ ਵਿੱਚ ਲਟਕਦੀਆਂ ਕਮੀਜ਼ਾਂ-ਪੈਂਟਾਂ ਵਿੱਚੋਂ ਕਿਸੇ ਖਾਲੀ ਹੈਂਗਰ ਨੂੰ ਟਟੋਲਣ ਲੱਗ ਪਈ ਸੀ।
ਰਛਪਾਲ ਨੇ ਪੈੱਨ ਦੀ ਟੋਪੀ ਨੂੰ ਵਾਪਿਸ ਉਸ ਦੀ ਨਿੱਬ ਉਦਾਲ਼ੇ ਲਪੇਟ ਦਿੱਤਾ, ਤੇ ਮੈਨੂੰ ਆਪਣੇ ਨੇੜੇ ਆਉਣ ਦਾ ਇਸ਼ਾਰਾ ਕਰ ਦਿੱਤਾ। 'ਆਹ ਐ ਡਾਇਰੈਕਸ਼ਨਾਂ, ਤੇ ਸਮਝ ਲਾ ਚੰਗੀ ਤਰ੍ਹਾਂ ਏਹਨਾਂ ਨੂੰ,' ਉਸਨੇ ਡਾਇਰੈਕਸ਼ਨਾਂ ਵਾਲ਼ੇ ਕਾਗਜ਼ ਨੂੰ ਮੇਜ਼ ਉੱਤੇ ਲਿਟਾਅ ਦਿੱਤਾ। 'ਐਥੋਂ ਬਾਹਰ ਨਿੱਕਲ਼ ਕੇ ਇਸਲਿੰਗਟਨ ਐਵੀਨਿਊ 'ਤੇ ਚੜ੍ਹ ਜੀਂ; ਉਥੋਂ ਸੱਜੇ ਪਾਸੇ ਵੱਲ ਨੂੰ ਤੁਰਨੈ ਡੇਢ ਕੁ ਫ਼ਰਲਾਂਗ਼... ਪਹਿਲੀ ਓ ਈ ਸੜਕ ਆਊਗੀ ਗਾਲਫ਼ਡਾਊਨ; ਓਥੋਂ ਵੀ ਸੱਜੇ ਨੂੰ ਮੁੜਜੀਂ... ਇਹ ਗਾਲਫ਼ਡਾਊਨ, ਐਲਬੀਅਨ ਰੋਡ 'ਤੇ ਮੁੱਕ ਜਾਂਦੀ ਐ, ਅੱਧਾ ਕੁ ਕਿਲੋਮੀਟਰ ਦੀ ਵਾਟ 'ਤੇ ਜਾ ਕੇ; ਐਲਬੀਅਨ ਤੋਂ ਬਸ ਫੜਨੀ ਐਂ ਸੱਜੇ ਪਾਸੇ ਨੂੰ... ਅੱਗੇ ਦੋ ਕੁ ਕਿਲੋਮੀਟਰ 'ਤੇ... ਓਥੋਂ ਵੀ ਸੱਜੇ ਪਾਸੇ ਵੱਲ ਨੂੰ ਜਾਣ ਵਾਲ਼ੀ ਬੱਸ ਫੜਨੀ ਐਂ, ਡਾਊਨਟਾਊਨ ਵੱਲ ਨੂੰ ਜਾਣ ਵਾਲ਼ੀ... ਫੇਰ ਆਊ... ਤੇ ਫੇਰ ਆਊ... ਤੇ ਫ਼ੇਰ...
ਅਗਲੀ ਸਵੇਰ ਛੇ ਵਜਦੇ ਨੂੰ ਮੈਂ ਗਾਲਫ਼ਡਾਊਨ ਡਰਾਈਵ ਅਤੇ ਐਲਬੀਅਨ ਰੋਡ ਦੇ ਕੋਨੇ 'ਤੇ ਲੱਗੇ ਸ਼ੈੱਡ ਦੇ ਸਾਹਮਣੇ ਸਾਂ। ਬਸ ਨੂੰ ਉਡੀਕ ਰਹੇ ਦਸ-ਪੰਦਰਾਂ ਗੋਰੇ ਤੇ ਕਾਲ਼ੇ ਮੁਸਾਫ਼ਰਾਂ ਦੀ ਕਤਾਰ ਨੂੰ ਦੇਖ ਕੇ ਮੈਂ ਆਖ਼ਰੀ ਉਡੀਕਵਾਨ ਦੇ ਪਿੱਛੇ ਖਲੋਆ ਗਿਆ। ਬੱਸ ਦੇ ਅੰਦਰ ਵੜਿਦਆਂ ਹੀ, ਰਛਪਾਲ ਦੀਆਂ ਹਦਾਇਤਾਂ ਵਾਲ਼ੀ ਪਰਚੀ ਨੂੰ ਜੇਬ 'ਚੋਂ ਕੱਢ ਕੇ ਮੈਂ ਵੈਸਟਨ ਰੋਡ ਦੇ ਸਟਾਪ ਲਈ ਬੱਸ ਦੀਆਂ ਖਿੜਕੀਆਂ ਚੋਂ ਬਾਹਰ ਵੱਲ ਝਾਕਣ ਲੱਗਾ। ਵੈਸਟਨ ਰੋਡ 'ਤੇ ਉੱਤਰ ਕੇ ਮੈਂ ਹਾਲੇ ਆਲ਼ੇ-ਦੁਆਲ਼ੇ ਦਾ ਜਾਇਜ਼ਾ ਲੈਣ ਹੀ ਲੱਗਾ ਸੀ ਕਿ ਖੱਬੇ ਪਾਸਿਓਂ ਡਾਊਨਟਾਊਨ ਵੱਲ ਨੂੰ ਜਾਣ ਵਾਲ਼ੀ ਬੱਸ ਨੇ ਸਾਡੇ ਸਾਹਮਣੇ ਰੁਕ ਕੇ ਅਗਲੀ ਤੇ ਪਿਛਲੀ, ਦੋਵੇਂ ਖਿੜਕੀਆਂ ਖੋਲ੍ਹ ਦਿੱਤੀਆਂ। ਹਰ ਚੁਰਸਤੇ ਦੇ ਚੌਹਾਂ ਕੋਨਿਆਂ 'ਚ ਖੰਭਿਆਂ ਉੱਪਰ ਲਗਾਈਆਂ ਫੱਟੀਆਂ ਤੋਂ ਸੜਕਾਂ ਦੇ ਨਾਮ ਪੜ੍ਹਦਾ ਹੋਇਆ, ਮੈਂ ਰਛਪਾਲ ਵਾਲ਼ੀ ਪਰਚੀ 'ਤੇ ਟਿਕ-ਮਾਰਕ ਕਰੀ ਗਿਆ। ਵੀਹਾਂ-ਪੱਚੀਆਂ ਮਿੰਟਾਂ ਬਾਅਦ ਬੱਸ ਜਦੋਂ ਰਾਜਰਜ਼ ਰੋਡ ਦੀਆਂ ਬੱਤੀਆਂ ਤੋਂ ਅਗਾਂਹਾਂ ਖਿਸਕੀ, ਮੈਂ ਆਪਣਾ ਹੱਥ ਬੱਸ ਦੀ ਛੱਤ ਵੱਲ ਨੂੰ ਵਧਾਅ ਦਿੱਤਾ। ਉਥੇ ਪਹਿਲੀ ਸੀਟ ਤੋਂ ਪਿੱਛੇ ਅਖ਼ੀਰਲੀ ਸੀਟ ਤੀਕਰ ਜਾਂਦੀ ਪਲਾਸਟਿਕ ਦੀ ਰੱਸੀ ਨੂੰ ਮੈਂ ਜਿਉਂ ਹੀ ਖਿੱਚਿਆ, ਡਰਾਈਵਰ ਦੇ ਸਾਹਮਣੇ ਇਕ ਬਾਕਸ ਵਿੱਚੋਂ 'ਟਣਨ' ਦੀ ਆਵਾਜ਼ ਟੁਣਕ ਪਈ। ਬੱਸ 'ਚੋਂ ਨਿੱਕਲਣ-ਸਾਰ, ਸਾਹਮਣੇ ਖਲੋਤੇ ਗੁਰਮੇਲ ਨੂੰ ਦੇਖਦਿਆਂ ਹੀ ਮੇਰੇ ਬੁੱਲ੍ਹਾਂ 'ਚ ਹਲਕੀ ਹਲਕੀ ਮੁਸਕ੍ਰਾਹਟ ਖਿੜਨ ਲੱਗੀ।
ਗੋਰੀ ਰਸੈਪਸ਼ਨਿਸਟ ਨੇ ਇਕ ਪੈੱਨ ਨੂੰ ਤੇ ਕਲਿਪਬੋਰਡ ਨੂੰ ਮੇਰੇ ਵੱਲ ਵਧਾਉਂਦਿਆਂ, ਕਲਿੱਪਬੋਰਡ ਦੀ ਚੂੰਢੀ ਹੇਠ ਫਸਾਏ ਕਾਗਜ਼ ਵੱਲੀਂ ਇਸ਼ਾਰਾ ਕੀਤਾ: ਆਹ ਫ਼ੋਰਮ ਭਰ ਕੇ ਵਾਪਿਸ ਮੈਨੂੰ ਦੇਣਾ ਹੈ: ਇਹ ਕਹਿੰਦਿਆਂ ਉਸ ਨੇ ਆਪਣੀ ਲਿਪਸਟਿੱਕ ਉੱਪਰ ਬਰੀਕ ਜਿਹੀ ਮੁਸਕ੍ਰਾਹਟ ਵਿਛਾਅ ਦਿੱਤੀ।
ਸਾਹਮਣੇ ਬੈਂਚ ਉੱਪਰ ਬੈਠ ਕੇ ਫ਼ੋਰਮ ਭਰਦਿਆਂ ਮੈਨੂੰ ਜਾਪਿਆ ਜਿਵੇਂ ਮੇਰਾ ਸਾਰਾ ਵਜੂਦ ਉਸ ਕਲਿੱਪਬੋਰਡ 'ਚ ਕੈਦ ਕੀਤਾ ਜਾ ਰਿਹਾ ਹੋਵੇ। ਨਾਮ, ਸਿਰਨਾਵੇਂ, ਤੇ ਫ਼ੋਨ ਨੰਬਰਾਂ ਵਾਲ਼ੇ ਕਾਲਮ ਭਰਨ ਤੋਂ ਬਾਅਦ ਪੈੱਨ ਨੂੰ ਜਦੋਂ ਮੈਂ 'ਹਾਈਐਸਟ ਐਜੂਕੇਸ਼ਨ ਕੰਪਲੀਟਡ' ਵਾਲ਼ੇ ਕਾਲਮ ਵੱਲੀਂ ਵਧਾਇਆ, ਤਾਂ ਗੁਰਮੇਲ ਝੱਟ ਬੋਲ ਉੱਠਿਆ: ਏਥੇ ਗਰੇਡ ਬਾਰਾਂ ਲਿਖਣੈ, ਬਾਈ ਜੀ!
-ਗਰੇਡ ਬਾਰਾਂ? ਮੈਂ ਗੁਰਮੇਲ ਵੱਲ ਝਾਕ ਕੇ ਆਪਣੀਆਂ ਅੱਖਾਂ ਵਿਚਕਾਰ ਉੱਭਰ ਆਏ ਸਵਾਲੀਆ-ਨਿਸ਼ਾਨ ਉੱਤੇ ਆਪਣੀਆਂ ਉਂਗਲ਼ਾਂ ਘਸਾਉਣ ਲੱਗਾ। -ਪਰ ਮੈਂ ਤਾਂ... ਐਮ. ਏ. ਆਂ ਅੰਗਰੇਜ਼ੀ ਦੀ!
-ਓਹ ਤਾਂ ਠੀਕ ਆ, ਬਾਈ ਜੀ, ਗੁਰਮੇਲ ਆਪਣੀ ਮੁਸਕ੍ਰਾਹਟ ਵਿੱਚਲੀ ਰਮਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਬੋਲਿਆ, ਪਰ ਆਪਾਂ ਤੁਹਾਡੀ ਐਮ. ਏ. ਨੀ ਦੱਸਣੀ ਏਹਨਾਂ ਨੂੰ!
-ਪਰ... ਮੈਂ ਅੱਖਾਂ ਸੁੰਗੇੜ ਕੇ ਉਸ ਵੱਲੀਂ ਝਾਕਿਆ।
-ਫ਼ੈਕਟਰੀਆਂ 'ਚ ਐਮ. ਏ. ਪੜ੍ਹਿਆਂ ਨੂੰ ਓਵਰ-ਕੁਆਲੀਫ਼ਾਈਡ ਸਮਝਦੇ ਐ, ਗੁਰਮੇਲ ਆਪਣੇ ਬੁੱਲ੍ਹਾਂ ਉੱਪਰੋਂ ਮੁਸਕ੍ਰਾਹਟ ਨੂੰ ਝਾੜ ਕੇ ਦੱਸਣ ਲੱਗਾ। -ਐਮ. ਏ. ਦੱਸ ਕੇ ਕਿਤੇ ਜਾਬ ਤੋਂ ਜਵਾਬ ਨਾ ਲੈ ਲੀਏ!
ਮੈਂ ਡੂੰਘਾ ਸਾਹ ਅੰਦਰ ਵੱਲ ਨੂੰ ਖਿੱਚਿਆ, ਤੇ ਮੈਨੂੰ ਜਾਪਿਆ ਜਿਵੇਂ ਡੀ. ਐਮ. ਕਾਲਜ ਅਤੇ ਗੌਰਮਿੰਟ ਕਾਲਜ 'ਚ ਲਾਏ ਛੇ ਵਰ੍ਹੇ ਮੇਰੀ ਮੁਠੇ 'ਚੋਂ ਕਿਰ ਕੇ ਉਸ ਫ਼ੋਰਮ 'ਚ ਡੁੱਬ ਗਏ ਹੋਵਣ।
-ਫ਼ਿਰ ਤਾਂ'... ਐਕਸਪੀਰੀਐਂਸ ਵਾਲ਼ੇ ਕਾਲਮ, 'ਚ ਪੰਜ ਸਾਲ ਕੀਤੀ ਲੈਕਚਰਾਰੀ ਵੀ ਲੁਕੋਣੀ ਪਊ!
-ਓਹ ਵੀ ਨੀ ਲਿਖਣੀ, ਗੁਰਮੇਲ ਨੇ ਸਿਰ ਫੇਰਿਆ।
ਗੋਰੀ ਰਸੈਪਸ਼ਿਨਿਸਟ ਨੇ ਭਾਰਤ ਦੇ ਪੋਸਟਕਾਰਡ ਵਰਗਾ ਇਕ ਕਾਰਡ ਮੇਰੇ ਹੱਥਾਂ ਵੱਲ ਵਧਾਇਆ ਤੇ ਬੋਲੀ: ਗਰਮੈੱਲ ਵਿਲ ਸ਼ੋਅ ਯੂ ਹੌ ਟੂ ਪੰਚ ਦ ਕਾਅਡ!
ਮਸ਼ੀਨਾਂ ਵਾਲ਼ੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀਆਂ ਅੱਖਾਂ ਫੁੱਲਣ ਲੱਗੀਆਂ; ਜਿਵੇਂ ਮੈਂ ਪੰਜਾਬ ਦੇ ਕਿਸੇ ਕੋਲਡਸਟੋਰ 'ਚ ਵੜ ਗਿਆ ਹੋਵਾਂ! ਉੱਪਰ ਵੱਲ ਝਾਕਿਆ ਤਾਂ 25-30 ਫੁੱਟ ਦੀ ਉਚਾਈ ਉੱਤੇ ਇੱਕ ਕੰਧ ਤੋਂ ਦੂਸਰੀ ਵੱਲ ਬੀੜੇ ਹੋਏ ਵੱਡੇ-ਵੱਡੇ ਬੀਮ; ਬੀਮਾਂ ਦੇ ਉੱਪਰ ਐਂਗਲ-ਆਇਰਨਾਂ ਨਾਲ਼ ਬਣੀਆਂ ਅਣਗਿਣਤ ਤਿਕੋਣਾਂ! ਤਿਕੋਣਾਂ ਦੇ ਇਸ ਜੰਗਲ਼ ਦੇ ਐਨ ਵਿਚਕਾਰੋਂ ਕੰਧਾਂ ਵੱਲ ਨੂੰ ਢਲ਼ਦੀ ਹੋਈ ਛੱਤ! ਛੱਤ ਦੇ ਚੌਹਾਂ ਕੋਨਿਆਂ ਲਾਗੇ ਵੱਡੇ ਮੇਜ਼ਾਂ ਦੇ ਆਕਾਰ ਦੇ ਚਾਰ ਬਾਕਸ ਲਟਕ ਰਹੇ ਸਨ। ਇਨ੍ਹਾਂ ਦੇ ਥੱਲੇ ਹਵਾ ਨਿਕਲਣ ਲਈ ਰੱਖੀਆਂ ਗਰਿੱਲਾਂ ਵੱਲ ਤਕਦਿਆਂ ਮੈਨੂੰ ਜਾਪਿਆ ਇਹ ਸ਼ਾਇਦ ਏਅਰਕੰਡੀਸ਼ਨ ਸਨ, ਪਰ ਅਚਾਨਕ ਹੀ ਇਹਨਾਂ ਬਾਕਸਾਂ ਵਿੱਚੋਂ ਗਰਮ ਹਵਾ ਦੇ ਫਰਾਟੇ ਹੇਠਾਂ ਵੱਲੀਂ ਵੱਜਣ ਲੱਗੇ।
-ਇਨ੍ਹਾਂ ਨੂੰ ਬਲੋਅਰ ਕਹਿੰਦੇ ਆ ਬਾਈ ਜੀ, ਗੁਰਮੇਲ ਨੇ ਵੀ ਆਪਣੀਆਂ ਅੱਖਾਂ ਛੱਤ ਵੱਲ ਨੂੰ ਸੇਧ ਦਿੱਤੀਆਂ। -ਆਟੋਮੈਟੀਕਲੀ ਚੱਲ ਪੈਂਦੇ ਆ ਜਦੋਂ ਟੈਂਪਰੇਚਰ ਘਟ ਜਾਵੇ ਪਲਾਂਟ 'ਚ!
ਗੁਰਮੇਲ ਹੁਣ ਮੈਨੂੰ ਵਰਕਰਾਂ ਦੇ ਦਾਖ਼ਲੇ ਲਈ ਬਣਾਏ ਦਰਵਾਜ਼ੇ ਕੋਲ ਲੈ ਗਿਆ ਜਿੱਥੇ ਉਹ, ਕੰਧ ਨਾਲ਼ ਫਿੱਟ ਕੀਤੇ 'ਡੇਢ-ਫੁੱਟ ਬਾਈ ਡੇਢ-ਫੁੱਟ' ਦੇ ਇੱਕ ਬਾਕਸ ਦੇ ਸਿਰ ਉੱਪਰਲੀ ਝੀਥ ਵੱਲੀਂ ਇਸ਼ਾਰਾ ਕਰ ਕੇ, ਬੋਲਿਆ: ਹਰ ਰੋਜ਼ ਵਰਕ-ਏਰੀਏ ਦੇ ਅੰਦਰ ਵੜਨ ਸਾਰ ਤੁਸੀਂ ਐਸ ਕਾਰਡ ਨੂੰ ਮਸ਼ੀਨ ਦੀ ਐਸ ਝੀਥ ਅੰਦਰ ਦਾਖ਼ਲ ਕਰ ਦੇਣੈ।
ਕਾਰਡ ਜਿਓਂ ਹੀ ਝੀਥ ਦੇ ਅੰਦਰ ਹੋਇਆ, ਮਸ਼ੀਨ ਨੇ 'ਘਰਰਰਰ' ਕਰਦਾ ਘੁਰਾੜਾ ਜਿਹਾ ਮਾਰ ਦਿੱਤਾ, ਤੇ ਫ਼ਿਰ ਮਸ਼ੀਨ ਦੇ ਅੰਦਰਲੇ ਪਾਸੇ ਕੜੱਕ-ਕੜੱਕ ਹੋਈ ਜਿਵੇਂ ਝੀਥ ਦੇ ਅੰਦਰ ਮੇਰੇ ਕਾਰਡ ਦੇ ਚੁਪੇੜਾਂ ਵੱਜ ਰਹੀਆਂ ਹੋਣ। ਗੁਰਮੇਲ ਨੇ ਕਾਰਡ ਨੂੰ ਝੀਥ ਵਿੱਚੋਂ ਖਿੱਚ ਕੇ ਮੇਰੇ ਸਾਹਮਣੇ ਕਰ ਦਿੱਤਾ।
-ਲਓ ਜੀ ਹੋ ਗਿਆ ਤੁਹਾਡਾ ਕਾਰਡ ਪੰਚ, ਬਾਈ ਜੀ!
-ਕਾਅਅਰਡ ਪੰਚ ਹੋ ਗਿਆ ਮੇਰਾ? ਮੈਂ ਗੁਰਮੇਲ ਵੱਲ ਝਾਕਦਿਆਂ ਚੁੱਪ-ਆਵਾਜ਼ ਵਿੱਚ ਆਪਣੇ-ਆਪ ਨੂੰ ਪੁੱਛਿਆ। -ਹਾਂ, ਹੋ ਗਿਆ ਤੇਰਾ ਕਾਰਡ ਪੰਚ! ਮੇਰੇ ਅੰਦਰ ਪਤਾ ਨਹੀਂ ਕੌਣ ਬੁੜਬੁੜਾਇਆ।
ਹੁਣ ਮੈਨੂੰ ਇੰਝ ਮਹਿਸੂਸ ਹੋਈ ਜਾਵੇ ਜਿਵੇਂ ਮੇਰੇ ਅੰਦਰ ਮੋਰੀਆਂ ਹੋ ਗਈਆਂ ਹੋਣ, ਤੇ ਮੇਰੇ ਸਾਰੇ ਸਰੀਰ 'ਚੋਂ ਕੋਈ ਅਗਿਆਤ ਸ਼ੈ ਡੁੱਲ੍ਹਣ ਲੱਗ ਪਈ ਹੋਵੇ।
ਕਾਰਡ ਨੂੰ ਪੰਚ-ਮਸ਼ੀਨ ਦੇ ਲਾਗੇ ਕੰਧ ਨਾਲ਼ ਫਿੱਟ ਕੀਤੀਆਂ ਜੇਬਾਂ 'ਚ ਟਿਕਾਅ ਕੇ, ਮੈਂ ਆਪਣਾ ਚਿਹਰਾ ਇਸ ਕੋਲਡਸਟੋਰ-ਨੁਮਾ ਪਲਾਂਟ ਵਿੱਚ ਖਲੋਤੀਆਂ ਮਸ਼ੀਨਾਂ ਵੱਲ ਮੋੜਿਆ: ਇੱਕ, ਦੋ, ਤਿੰਨ... ਤਕਰੀਬਨ ਪੰਦਰਾਂ ਸੋਲ਼ਾਂ ਮਸ਼ੀਨਾਂ ਸਾਰੇ ਫ਼ਰਸ਼ ਉੱਪਰ ਮੋਰਚੇ ਸੰਭਾਲ਼ੀ ਖਲੋਤੀਆਂ ਸਨ: ਕੀਹਦੇ ਖ਼ਿਲਾਫ਼ ਜੰਗ ਲੜਨੀ ਆਂ ਏਹਨਾਂ ਨੇ? ਮੈਂ ਸੋਚਣ ਲੱਗਾ!
ਗੁਰਮੇਲ ਫ਼ਿਰ ਮੈਨੂੰ ਇਸ ਵੱਡੇ ਕਮਰੇ ਦੀ ਇਕ ਗੁੱਠ ਵਿੱਚ ਬਣੇ ਨਿੱਕੇ ਕਮਰੇ ਵਿੱਚ ਲੈ ਗਿਆ; ਓਥੇ ਇੱਕ ਲੰਮੇ ਮੇਜ਼ ਦੇ ਉਦਾਲ਼ੇ ਰੱਖੀਆਂ ਕੁਰਸੀਆਂ ਉੱਤੇ, ਪੱਚੀ-ਤੀਹ ਜਣੇ ਬੈਠੇ ਸਨ, ਕੁਝ ਕਾਲ਼ੀਆਂ ਚਮੜੀਆਂ ਵਾਲ਼ੇ ਆਪਣੇ ਘੁੰਗਰਾਲ਼ੇ ਵਾਲ਼ਾਂ ਦੀ ਫੁਲਾਵਟ ਵਿੱਚ ਉਂਗਲ਼ਾਂ ਫੇਰਦੇ ਹੋਏ, ਕੁਝ ਫੀਨੇ ਨੱਕਾਂ ਤੇ ਪੁੜਪੁੜੀਆਂ ਵੱਲ ਨੂੰ ਖਿੱਚੀਆਂ ਅੱਖਾਂ ਵਾਲ਼ੇ, ਤੇ ਪੰਜ ਛੇ ਮੁੰਡੇ ਆਪਣੀਆਂ ਆੜੂ-ਰੰਗੀਆਂ ਉਂਗਲ਼ਾਂ 'ਚ ਪਕੜੀਆਂ ਸੈਂਡਵਿਚ੍ਹਾਂ 'ਤੇ ਬੁਰਕ ਮਾਰਦੇ ਹੋਏ: ਸਾਰੇ ਦੇ ਸਾਰੇ ਆਪਣੀ-ਆਪਣੀ ਦੁਨੀਆਂ ਵਿੱਚ ਖੋਏ ਹੋਏ: ਮਰਦ ਵੀ ਤੇ ਔਰਤਾਂ ਵੀ! ਕੋਈ ਆਪਣੇ ਸਾਹਮਣੇ ਖੋਲ੍ਹੀ ਕਿਤਾਬ 'ਚ ਸਿਮਟਿਆ ਹੋਇਆ, ਤੇ ਕੋਈ ਕਿਸੇ ਅਖ਼ਬਾਰ ਉੱਪਰ ਝੁਕ ਕੇ ਖ਼ਬਰਾਂ ਨਾਲ਼ ਗੁਫ਼ਤਗੂ ਕਰ ਰਿਹਾ! ਕਈਆਂ ਦੀਆਂ ਕੂਹਣੀਆਂ ਮੇਜ਼ ਉੱਤੇ ਤੇ ਉਹਨਾਂ ਦੇ ਝੁਕੇ ਹੋਏ ਮੱਥੇ ਉਹਨਾ ਦੀਆਂ ਤਲ਼ੀਆਂ ਨੇ ਥੰਮੇਂ ਹੋਏ। ਏਨਿਆਂ 'ਚੋਂ ਕਿਸੇ ਇੱਕ ਦੀ ਨਜ਼ਰ ਵੀ ਸਾਡੇ ਵੱਲੀਂ ਨਹੀਂ ਗਿੜੀ।
ਗੁਰਮੇਲ ਨੇ ਆਪਣੀਆਂ ਅੱਖਾਂ ਮੇਜ਼ ਉਦਾਲ਼ੇ ਘੁੰਮਾਈਆਂ, ਪਰ ਉਸ ਨੂੰ ਇੱਕ ਵੀ ਕੁਰਸੀ, ਕਿਸੇ ਬੈਠਣ ਵਾਲ਼ੇ ਨੂੰ ਉਡੀਕਦੀ ਨਜ਼ਰ ਨਾ ਆਈ। ਫ਼ਿਰ ਉਹ ਇੱਕ ਖੂੰਜੇ 'ਚ ਪਏ, ਗੱਤੇ ਦੇ ਵੱਡੇ-ਵੱਡੇ ਬਕਸਿਆਂ ਵੱਲ ਝਾਕਣ ਲੱਗਾ। ਉਸ ਨੇ ਆਪਣਾ ਗੁਲੂਬੰਦ ਆਪਣੇ ਗਲ਼ੇ ਉਦਾਲਿਓਂ ਉਤਾਰਿਆ ਤੇ ਅਗਲੇ ਪਲੀਂ ਗੁਲੂਬੰਦ ਦੀਆਂ ਚੁਪੇੜਾਂ ਨਾਲ਼, ਬਕਸਿਆਂ ਉੱਪਰ ਸੁੱਤੀ ਪਈ ਗਰਦ ਸੱਜੇ-ਖੱਬੇ ਉੱਡਣ ਲੱਗੀ।
-ਕੱਢ ਲੋ ਥਰਮੋਸ, ਬਾਈ ਜੀ, ਤੁਸੀਂ ਵੀ, ਉਹ ਆਪਣੇ ਲੰਚ-ਬੈਗ਼ ਨੂੰ ਖੋਲ੍ਹਣ ਲੱਗਾ! -ਵੀਹ ਮਿੰਟ ਪਏ ਐ ਹਾਲੇ ਕੰਮ ਸ਼ੁਰੂ ਹੋਣ 'ਚ!
ਗਰਮ-ਗਰਮ ਚਾਹ ਨੂੰ ਥਰਮਸ ਦੇ ਢੱਕਣ 'ਚ ਉਤਾਰ ਕੇ, ਮੈਂ ਸੱਜੇ ਪਾਸੇ ਵਾਲ਼ੀ ਕੰਧ ਵੱਲੀਂ ਝਾਕਿਆ: ਜੀ ਕੀਤਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਾਹਰ ਨੂੰ ਦੌੜ ਜਾਵਾਂ! ਸਾਰੀ ਕੰਧ ਉੱਤੇ ਅਣਿਗਣਤ ਜਵਾਨ ਕੁੜੀਆਂ: ‘ਸਨਸ਼ਾਈਨ ਗਰਲ’ ਮੈਂ ਬੁੜਬੁੜਿੲਅ! ਮੇਰਾ ਜੀ ਕਰੇ ਮੈਂ ਆਪਣੀਆਂ ਅੱਖਾਂ ਦੂਸਰੀ ਕੰਧ ਵੱਲੀਂ ਮੋੜ ਲਵਾਂ, ਮੇਰੇ ਅੰਦਰਲੀ ਉਤਸੁਕਤਾ ਬੋਲੀ: ਦੇਖ ਲੈ ਇਨ੍ਹਾਂ ਸਾਰੀਆਂ ਨੂੰ ਚੰਗੀ ਤਰ੍ਹਾਂ! ਆਪਣੀ ਨਿਗਾਹ ਨੂੰ ਮੈਂ ਇੱਕ 'ਤੋਂ ਪੱਟ ਕੇ ਅਗਲੀ ਉੱਪਰ ਖਿਲਾਰਨ ਲੱਗਾ।
-ਆਹ ਕੀ ਬਕਵਾਸ ਲਾਇਐ ਕੰਧ 'ਤੇ, ਮੈਂ ਆਪਣਾ ਚਿਹਰਾ ਗੁਰਮੇਲ ਵੱਲ ਮੋੜਿਆ।
- 'ਟਰਾਂਟੋ ਸਨ' ਅਖ਼ਬਾਰ ਛਪਦੀ ਐ ਏਥੇ ਰੋਜ਼ਾਨਾ, ਬਾਈ ਜੀ, ਗੁਰਮੇਲ ਮੇਰੀ ਉਤਸੁਕਤਾ ਨੂੰ ਭਾਂਪ ਕੇ ਬੋਲਿਆ। -ਆਮ ਵਰਕਰ ਪੜ੍ਹਦੇ ਇਸ ਅਖ਼ਬਾਰ ਨੂੰ; ਮਸਾਲੇ ਲਾ ਕੇ ਛਾਪਦੈ ਖਬਰਾਂ ਤੇ ਤਸਵੀਰਾਂ! ਹਰ ਰੋਜ਼ ਕਿਸੇ ਨਾ ਕਿਸੇ ਚੁਲਬੁਲੀ ਕੁੜੀ ਦੀ ਫੋਟੋ ਲਾਈ ਹੁੰਦੀ ਐ, ਤੇ ਫ਼ੋਟੋ ਦੇ ਹੇਠਾਂ ਲਿਖਿਆ ਹੁੰਦੈ ‘ਸਨਸ਼ਾਈਨ ਗਰਲ’!ਔਹ ਪਰਲੇ ਕੋਨੇ `ਤੇ ਬੈਠੇ ਐ ਨਾ ਦੋ ਕਾਲ਼ੇ ਮੁੰਡੇ ਤੇ ਇਕ ਔਹ ਸਪੇਨੀ; ਤਿੰਨੇਂ ਈ ਛੜੇ ਐ; ਉਹ ਇਹਨਾਂ ਤਸਵੀਰਾਂ ਨੂੰ ਅਖ਼ਬਾਰ 'ਚੋਂ ਕੁਤਰ ਕੇ ਔਸ ਬੋਰਡ 'ਤੇ ਚਿਪਕਾਅ ਦਿੰਦੇ ਐ।
ਬਹੁਤੀਆਂ ਤਸਵੀਰਾਂ 'ਚ ਗੋਰੀਆਂ ਕੁੜੀਆਂ; ਪਰ ਵਿਰਲੀ-ਵਿਰਲੀ 'ਚ ਫੀਨੇ ਨੱਕ ਤੇ ਸੁੰਗੜੀਆਂ ਅੱਖਾਂ ਹਸ ਰਹੀਆਂ ਸਨ।
-ਮੈਨੂੰ ਤਾਂ ਲਗਦੈ ਇਹ ਸਾਰੀਆਂ ਈ ਗੁਸਲਖ਼ਾਨੇ 'ਚੋਂ ਨਿੱਕਲਣ ਵੇਲ਼ੇ ਕੱਪੜੇ ਪਾਉਣੇ ਭੁੱਲ ਗਈਆਂ, ਮੈਂ ਗੁਰਮੇਲ ਵੱਲ ਤਿਊੜੀ ਪਾ ਕੇ ਝਾਕਿਆ।
ਹਰ ਕੁੜੀ ਦੇ ਜਿਸਮ ਉੱਪਰ ਸਿਰਫ਼ ਇੱਕ ਤਿੰਨ ਕੁ ਉਂਗਲ਼ਾਂ ਚੌੜੀ ਪੱਟੀ, ਜਿਹੜੀ ਧੁੰਨੀ ਦੇ ਹੇਠਾਂ ਵਾਲ਼ੇ ਹਿੱਸੇ ਤੋਂ ਸ਼ੁਰੂ ਹੁੰਦੀ, ਤੇ ਜੰਘਾਂ ਦੇ ਵਿਚਾਲ਼ੇ ਜਾ ਕੇ ਉਸ ਦੇ ਪਿਛਲੇ ਪਾਸੇ ਵੱਲ ਅਲੋਪ ਹੋ ਰਹੀ ਸੀ। ਮੈਨੂੰ ਸਮਝ ਨਾ ਆਵੇ ਪਈ ਪੋਸਟਰਾਂ ਵਾਲ਼ੀਆਂ ਲੜਕੀਆਂ ਦੀਆਂ ਛਾਤੀਆਂ ਦੇ ਉਭਾਰਾਂ ਉੱਤੇ ਚੱਪਾ ਕੁ ਟਾਕੀ, ਛਾਤੀਆਂ ਨੂੰ ਢਕਣ ਲਈ ਪਹਿਨੀ ਹੋਈ ਸੀ ਜਾਂ ਨੰਗੇਜਣ ਲਈ!
ਖਾਲੀ ਕੀਤਾ ਢੱਕਣ ਮੈਂ ਹਾਲੇ ਥਰਮਸ ਦੇ ਮੂੰਹ ਲਾਗੇ ਕੀਤਾ ਹੀ ਸੀ ਕਿ ਛੱਤ ਦੀ ਇਕ ਨੁੱਕਰ 'ਚੋਂ ਅਚਾਨਕ ਹੀ 'ਗਿਰਰਰਰਰਰ' ਦੀ ਆਵਾਜ਼ ਨੇ ਮੇਰੇ ਹੱਥਾਂ ਨੂੰ ਮੇਰੇ ਕੰਨਾਂ ਵੱਲ ਨੂੰ ਖਿੱਚ ਲਿਆ। ਮੈਨੂੰ ਜਾਪਿਆ ਜਿਵੇਂ ਗੁੱਸੇ 'ਚ ਲਾਲ-ਪੀਲ਼ਾ ਹੋਇਆ ਕੋਈ ਗਾਡਰ, ਦੂਸਰੇ ਗਾਡਰਾਂ ਉੱਤੇ ਚੀਖ਼ਣ ਲੱਗ ਪਿਆ ਸੀ। ਕੁਰਸੀਆਂ 'ਤੇ ਬੈਠੇ ਸਾਰੇ ਕਾਮੇਂ ਇਕ-ਦਮ ਪੱਬਾਂ-ਭਾਰ ਹੋ ਗਏ, ਜਿਵੇਂ ਪੰਜਾਬ ਦੇ ਕਿਸੇ ਠਾਣੇ 'ਚ ਊਂਘਦੇ ਪੁਲਸ ਮੁਲਾਜ਼ਮ, ਠਾਣੇ ਦੇ ਬਾਹਰ ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਇੱਕ ਦਮ ਹਰਕਤ 'ਚ ਆ ਜਾਂਦੇ ਹਨ।
ਸਾਰੇ ਕਾਮੇਂ ਆਪਣੀਆਂ ਆਪਣੀਆਂ ਮਸ਼ੀਨਾਂ ਵੱਲ ਵਧੇ, ਅਤੇ ਉਹਨਾਂ ਦੀਆਂ ਉਂਗਲ਼ਾਂ, ਮਸ਼ੀਨਾਂ ਦੇ ਨਜ਼ਦੀਕ ਟਿਕਾਏ ਬਕਸਿਆਂ 'ਚ ਉੱਤਰਨ ਲੱਗੀਆਂ। ਬਕਸਿਆਂ ਵਿੱਚੋਂ ਕੱਢੇ ਦਸਤਾਨਿਆਂ ਨੂੰ ਹੱਥਾਂ ਉੱਤੇ ਚਾੜ੍ਹ ਕੇ ਉਹ ਆਪਣੀ ਆਪਣੀ ਮਸ਼ੀਨ ਦੇ ਅੰਗਾਂ ਨੂੰ ਟੋਹਣ ਲੱਗੇ।
-ਆਹ ਮਸ਼ੀਨ ਈ ਹੋਊ ਤੁਹਾਡੀ, ਬਾਈ ਜੀ, ਗੁਰਮੇਲ ਦਸਤਾਨਿਆਂ ਦਾ ਜੋੜਾ ਮੇਰੇ ਵੱਲ ਵਧਾਉਂਦਿਆਂ ਬੋਲਿਆ। -ਮੈਂ ਤਾਂ ਔਸ ਮਸ਼ੀਨ `ਤੇ ਆਂ...
ਏਨੇ ਨੂੰ ਰਸੈਪਸ਼ਨਿਸਟ ਵਾਲ਼ੇ ਪਾਸਿਓਂ ਦਰਵਾਜ਼ੇ ਨੇ ਅੱਖ ਪੱਟੀ, ਤੇ ਘੁੰਗਰਾਲ਼ੇ ਵਾਲ਼ਾਂ ਵਾਲ਼ੇ ਇਕ ਅਫ਼ਰੀਕਣ ਬੰਦੇ ਦੀ ਗੋਗੜ ਮੇਰੇ ਵੱਲ ਨੂੰ ਵਧਣ ਲੱਗੀ।
-ਇਜ਼ ਇਟ... ਇੱਕਿਊ...ਊ ਊ... ਇੱਕਿਊਬੈਲ ਗਿੱਲ? ਆਪਣੇ ਹੱਥ 'ਚ ਪਕੜੇ ਕਲਿੱਪਬੋਰਡ ਤੋਂ ਮੇਰਾ ਨਾਮ ਪੜ੍ਹ ਕੇ ਉਹਨੇ ਆਪਣੀਆਂ ਅੱਖਾਂ ਮੇਰੇ ਵੱਲ ਘੁਮਾਈਆਂ।
-ਇਟ ਇਜ਼ ਇਕਬਾਅਅਲ, ‘ਬਾਅਅਲ’ ੳਪਰ ਜ਼ੋਰ ਦੇਂਦਿਆਂ ਮੈਂ ਮੁਸਕ੍ਰਾਉਣ ਦੀ ਕੋਸ਼ਿਸ਼ ਕੀਤੀ।
- ਓ. ਕੇ., ਓ. ਕੇ., ਇੱਕਬਲ; ਨਾਟ ਇੱਕਿਊਬੈਲ! 'ਇੱਕ' ਉੱਤੇ ਜ਼ੋਰ ਦੇ ਕੇ, ਉਸਨੇ ਆਪਣੇ ਮੋਟੇ ਬੁੱਲ੍ਹਾਂ ਨੂੰ ਆਪਣੇ ਕੰਨਾਂ ਵੱਲ ਨੂੰ ਖਿੱਚ ਲਿਆ। -ਇੱਕਬਲ, ਲਿਸਨ ਨਾਓ! ਮਾਈ ਨੇਮ'ਜ਼ ਸੀਸਲ, ਐਂਡ ਆਈ'ਮ ਅ ਫ਼ੋਰਮਨ ਹੀਅਰ; ਐਥੇ ਬੈਠਣੈਂ ਤੂੰ, ਇੱਕਬਲ, ਮਸ਼ੀਨ ਦੇ ਬਿਲਕੁਲ ਸਾਹਮਣੇ!
ਸੀਸਲ ਨੇ ਆਪਣੀ ਮੀਚੀ ਹੋਈ ਮੁੱਠੀ ਵਿੱਚੋਂ ਪਹਿਲੀ ਉਂਗਲ਼ ਨੂੰ ਕੁਰਸੀ ਵੱਲ ਇੰਝ ਸੇਧਿਆ ਜਿਵੇਂ ਉਹ ਆਪਣੀ ਬਾਂਹ ਦੀ ਸਾਰੀ ਕਾਲ਼ੋਂ ਕੁਰਸੀ ਉੱਪਰਲੇ ਕੁਸ਼ਨ ਦੀ ਗਰੀਬੀ ਉੱਤੇ ਨਿਚੋੜਨ ਲੱਗਾ ਹੋਵੇ।
-ਮੈਂ ਦਿਖਾਉਂਦਾਂ ਤੈਨੂੰ ਕੀ ਕਰਨੈ ਤੂੰ, ਇੱਕਬਲ!
ਲੱਕ ਅਤੇ ਢਿੱਡ ਉਦਾਲ਼ੇ ਛਲਕਦੀ ਚਰਬੀ ਨੂੰ ਜਦੋਂ ਉਸ ਨੇ ਕੁਰਸੀ ਉੱਤੇ ਉਤਾਰਿਆ ਤਾਂ ਕੁਰਸੀ ਦੀਆਂ ਬਾਹਾਂ ਉੱਸਲ਼ਵੱਟੇ ਲੈਣ ਲੱਗੀਆਂ। ਮੈਂ ਤੁਰਤ ਪਿੱਛੇ ਨੂੰ ਖਿਸਕ ਗਿਆ: 'ਕੁਰਸੀ ਦੀਆਂ ਟੰਗਾਂ ਤੋੜੂ ਆਪਣੀ 90 ਕਿਲੋ ਦੀ ਦੇਹ ਨਾਲ਼,' ਮੈਂ ਮੁਸਕ੍ਰਾਇਆ। 'ਨਾਲ਼ੇ ਕਰੂ ਮੈਨੂੰ ਫੱਟੜ!'
-ਕਮ ਕਲੋਜ਼ਰ, ਇੱਕਬਲ!
ਹੁਣ ਉਹ ਸੱਜੇ ਪਾਸੇ ਟਿਕੇ ਹੋਏ ਵਿਸ਼ਾਲ ਟੱਬ ਵੱਲ ਝਾਕਿਆ, ਤੇ ਉਥੋਂ ਬੂਟਾਂ ਦੇ ਢੇਰ 'ਚੋਂ ਉਠਾਏ ਇਕ ਬੂਟ ਨੂੰ ਮੂਧਾ ਕਰ ਕੇ, ਉਸ ਦੇ ਥੱਲੇ ਨੂੰ ਮੇਰੇ ਸਾਹਮਣੇ ਕਰਦਿਆਂ ਬੋਲਿਆ: ਇੱਕਬਲ, ਦਿਸ'ਜ਼ ਅ ਸਕੇਟ-ਬੂਟ! ਕਦੇ ਸਕੇਟਿੰਗ ਕੀਤੀ ਐ ਤੂੰ ਆਈਸ 'ਤੇ?
-ਨੋਅ! ਮੈਂ ਆਪਣਾ ਸਿਰ ਹਿਲਾਇਆ।- ਆਈ ਐਮ ਨਿਊ ਹੀਅਰ ਇਨ 'ਕਨੇਡਾ', ਓਨਲੀ ਵੰਨ ਮੰਥ!
ਫ਼ਿਰ ਉਸ ਨੇ ਖੱਬੇ ਪਾਸੇ ਵਾਲ਼ੇ ਟੱਬ 'ਚ ਲੱਗੀ ਢੇਰੀ ਵਿੱਚੋਂ ਇੱਕ ਪੁਰਜ਼ਾ ਚੁੱਕਿਆ ਜਿਸ ਨੂੰ ਦੇਖਦਿਆਂ ਮੇਰੇ ਮੱਥੇ ਅੰਦਰ ਗੰਡਾਸੇ ਦਾ ਬਲੇਡ ਉੱਭਰਨ ਲੱਗਾ।
-ਇਟ'ਸ ਕਾਲਡ ਬਲੇਡ, ਇੱਕਬਲ!
-ਓ. ਕੇ.!
-ਆਹ ਮੋਰੀਆਂ =ਦਿਸਦੀਐਂ ਨਾ ਇਸ ਬੂਟ ਦੇ ਥੱਲੇ ਵਾਲ਼ੇ ਪਾਸੇ?
ਮੈਂ ਬੂਟ ਉੱਪਰ ਝੁਕ ਕੇ ਆਪਣਾ ਸਿਰ ਹਿਲਾਇਆ।
-ਤੇ ਸਕੇਟ-ਬਲੇਡ ਦੇ ਬੇਸ ਤੋਂ ਆਹ ਜਿਹੜੀਆਂ ਜੀਭਾਂ ਬਾਹਰ ਨੂੰ ਨਿੱਕਲ਼ਦੀਆਂ, ਇਹਨਾਂ ਵਿੱਚ ਵੀ ਮੋਰੀਆਂ ਹੈਨ; ਆਪਾਂ ਇਹਨਾਂ ਮੋਰੀਆਂ ਨੂੰ ਇੱਕ-ਦੂਜੀ ਨਾਲ਼ ਮੇਲਣਾ ਹੈ।
ਹੁਣ ਉਸ ਨੇ ਮਸ਼ੀਨ 'ਚੋਂ ਸਾਡੇ ਵੱਲ ਨੂੰ ਨਿੱਕਲ਼ੀ ਹੋਈ ਇੱਕ ਪਾਈਪ ਵੱਲ ਇਸ਼ਾਰਾ ਕੀਤਾ: ਐਹ ਚੁੰਝ ਜਿਹੀ ਦੇਖਦੈਂ, ਇੱਕਬਲ?
ਮੇਰਾ ਸਿਰ ਹੇਠਾਂ ਉੱਪਰ ਹਿੱਲੀ ਜਾ ਰਿਹਾ ਸੀ।
-ਇਹਦੇ ਵਿੱਚ ਮੇਖਾਂ ਹਨ ਜਿਨ੍ਹਾਂ ਨੂੰ ਇਸ ਮਸ਼ੀਨ ਨੇ ਪਰੈਸ਼ਰ ਨਾਲ਼ ਬਾਹਰ ਨੂੰ ਧੱਕਣਾ ਹੈ ਤੇ ਐਸ ਬਲੇਡ ਨੂੰ ਬੂਟ ਦੇ ਥੱਲੇ ਨਾਲ਼ ਜੋੜ ਦੇਣਾ ਹੈ। ਸਮਝੇ?
ਮਸ਼ੀਨ ਦੇ ਉਰਲੇ ਪਾਸੇ ਇੱਕ ਲੱਠ ਖਲੋਤੀ ਸੀ, ਐਨ 90 ਡਿਗਰੀ ਉੱਤੇ। ਹਥੌੜੀ ਦੇ ਸਿਰ ਵਰਗਾ ਇਕ ਪੁਰਜ਼ਾ ਇਸ ਲੱਠ ਦੇ ਸਿਰ ਉੱਪਰ ਬੀੜਿਆ ਹੋਇਆ ਸੀ। ਲੱਠ ਦੇ ਉੱਪਰ ਜੜੇ ਇਸ ਹਥੌੜੇ ਦਾ ਉਰਲਾ ਪਾਸਾ ਤਾਂ ਵਿਚਕਾਰਲੀ ਉਂਗਲ਼ ਤੋਂ ਰਤਾ ਕੁ ਲੰਮਾ, ਕੁਰਸੀ ਵੱਲ ਨੂੰ ਵਧਿਆ ਹੋਇਆ, ਪ੍ਰੰਤੂ ਮਸ਼ੀਨ-ਵੱਲ ਨੂੰ ਸੇਧਿਆ, ਹਥੌੜੇ ਦਾ ਪਰਲਾ ਸਿਰਾ, ਢਾਈ ਕੁ ਉਂਗਲ਼ ਲੰਮੀ ਜੀਭ ਵਰਗਾ ਸੀ। ਸੀਸਲ ਨੇ ਬੂਟ ਨੂੰ ਹਥੌੜੀਆ-ਪੁਰਜ਼ੇ ਦੇ ਐਨ ਉੱਪਰ ਲਿਜਾਅ ਕੇ ਇੱਕ ਵਾਰੀ ਫੇਰ ਪੁੱਠਾ ਕੀਤਾ, ਅਤੇ ਹੇਠਾਂ ਵੱਲ ਨੂੰ ਉਤਾਰ ਕੇ, ਬੂਟ ਦੇ ਅੰਦਰਲੇ ਤਲ਼ੇ ਨੂੰ, ਹਥੌੜੀ-ਨੁਮਾ ਪੁਰਜ਼ੇ ਦੇ ਸਿਰ ਨਾਲ਼ ਜੋੜ ਦਿੱਤਾ। ਉੱਪਰੋਂ ਹੇਠਾਂ ਵੱਲ ਨੂੰ ਝਾਕਦੀ ਲੋਹੇ ਦੀ ਇਕ ਚੁੰਝਦਾਰ ਸੋਟੀ, ਬੂਟ ਦੇ ਥੱਲੇ ਉੱਤੇ ਸੇਧੀ ਹੋਈ ਸੀ। ਹੁਣ ਉਹ ਗੰਡਾਸੇ ਦੀ ਪਿੱਠ ਵਿੱਚੋਂ ਪਾਸਿਆਂ ਵੱਲ ਨੂੰ ਫੈਲੀਆਂ ਨਿੱਕੀਆਂ ਨਿੱਕੀਆਂ ਜੀਭਾਂ ਵਿੱਚੋਂ ਝਾਕਦੀਆਂ ਮੋਰੀਆਂ ਨੂੰ ਨਿਹਾਰਨ ਲੱਗਾ। ਗੰਡਾਸੇ ਦੀ ਪਿੱਠ ਨੂੰ ਬੂਟ ਨਾਲ਼ ਜੋੜ ਕੇ ਉਸ ਨੇ ਬਲੇਡ ਦੇ ਤਿੱਖੇ ਪਾਸੇ ਨੂੰ ਸੱਜੇ-ਖੱਬੇ ਹਿਲਾਇਆ। ਜਦੋਂ ਬੂਟ ਦੇ ਥੱਲੇ ਦੀਆਂ ਮੋਰੀਆਂ, ਬਲੇਡ ਦੀਆਂ ਜੀਭਾਂ ਵਿਚਲੀਆਂ ਮੋਰੀਆਂ ਨਾਲ਼ ਇੱਕ-ਸੁਰ ਹੋ ਗਈਆਂ, ਤਾਂ ਉਸ ਨੇ ਆਪਣੀਆਂ ਉਂਗਲ਼ਾਂ, ਉੱਪਰਲੇ ਪਾਸਿਓਂ ਬੂਟ ਦੇ ਥੱਲੇ ਵੱਲ ਸੇਧੀ ਲੱਠ ਦੀ ਚੁੰਝ ਉਦਾਲ਼ੇ ਵਗਲ਼ ਦਿੱਤੀਆਂ। ਚੁੰਝ ਨੂੰ ਹੇਠਾਂ ਨੂੰ ਖਿੱਚ ਕੇ, ਸੀਸਲ ਨੇ ਉਸ ਨੂੰ ਬੂਟ ਦੇ ਮੂਹਰਲੇ ਪਾਸੇ ਵਾਲ਼ੀ ਇੱਕ ਮੋਰੀ ਦੇ ਨੇੜੇ ਲੈ ਆਂਦਾ।
-ਲੁੱਕ,ਇੱਕਬਲ, ਸੀਸਲ ਦੀ ਰਗੜਵੀਂ ਆਵਾਜ਼ ਬੂਟ ਦੇ ਥੱਲੇ ਉੱਪਰ ਜਾ ਡਿੱਗੀ। -ਐਸ ਚੁੰਝ ਨੂੰ ਨੇਅਲ-ਗੰਨ ਕਹੀਦਾ ਹੈ।
ਹੁਣ ਉਸ ਨੇ ਆਪਣਾ ਸੱਜਾ ਪੈਰ ਮਸ਼ੀਨ ਦੇ ਪੈਰਾਂ ਕੋਲ਼ ਲੱਗੇ ਇੱਕ ਪੈਡਲ ਉੱਤੇ ਟਿਕਾਅ ਦਿੱਤਾ! -ਬਹੁਅਅਤ ਹੀ ਧਿਆਨ ਰੱਖਣੈ, ਇੱਕਬਲ, ਉਹ ਕਾਨਾਫ਼ੂਸੀਆ ਅੰਦਾਜ਼ 'ਚ ਬੋਲਿਆ। -ਤੇ ਐਸ ਪੈਡਲ ਨੂੰ ਦਬਾਅ ਦੇਣਾ ਹੈ।
ਸੀਸਲ ਨੇ ਪੈਡਲ ਦਬਾਇਆ ਤੇ ਚੁੰਝ 'ਚੋਂ ਕੜੱਕ ਕਰ ਕੇ ਨਿੱਕਲ਼ੀ ਰਿਵਟ, ਬਲੇਡ ਦੀ ਜੀਭ ਵਿਚਲੀ ਮੋਰੀ ਰਾਹੀਂ, ਬੂਟ ਦੇ ਥੱਲੇ ਵਿੱਚ ਪਰਵੇਸ਼ਤ ਹੋ ਗਈ।
-ਲੈ ਤੂੰ ਹੁਣ ਬਾਕੀ ਦੀਆਂ ਮੋਰੀਆਂ 'ਚ ਮੇਖਾਂ ਗੱਡ ਕੇ ਦਿਖਾਅ, ਇੱਕਬਲ।
ਪਹਿਲੇ ਚਾਰ ਪੰਜ ਬੂਟਾਂ-ਬਲੇਡਾਂ ਨੂੰ ਇੱਕ-ਦੂਜੇ ਨਾਲ਼ ਜੋੜਦਿਆਂ ਮੇਰੀਆਂ ਉਂਗਲਾਂ 'ਚ ਕੰਬ ਰਹੀ ਜੱਕੋ-ਤਕੀ ਹੌਲੀ-ਹੌਲ਼ੀ ਕਾਫ਼ੂਰ ਹੋਣ ਲੱਗੀ।
-ਗੁੱਡ ਜਾਬ, ਇੱਕਬਲ! ਮੇਰੇ ਮੋਢੇ ਨੂੰ ਥਾਪੜਾ ਦੇ ਕੇ, ਸੀਸਲ ਦੂਸਰੀਆਂ ਮਸ਼ੀਨਾਂ ਵੱਲ ਨੂੰ ਹੋ ਤੁਰਿਆ।
ਮੈਂ ਦੇਖਿਆ ਕਿ ਪਰ੍ਹੇ ਨੂੰ ਤੁਰ ਗਿਆ ਸੀਸਲ ਮੇਰੇ ਅੰਦਰਲੇ ਭੈਅ ਨੂੰ ਵੀ ਆਪਣੇ ਨਾਲ਼ ਹੀ ਲੈ ਗਿਆ ਸੀ।
ਪੰਦਰਾਂ-ਵੀਹਾਂ ਮਿੰਟਾਂ ਦੀ ਪ੍ਰੈਕਟਿਸ ਤੋਂ ਬਾਅਦ ਤਾਂ ਬਲੇਡ ਤੇ ਬੂਟ ਦੀਆਂ ਮੋਰੀਆਂ ਫਟਾਫੱਟ ਇੱਕ-ਦੂਜੀ ਨੂੰ ਸਹੇਲੀਆਂ ਵਾਂਙਣ ਮਿਲਣ ਲੱਗੀਆਂ, ਤੇ ਨੇਅਲ-ਗੰਨ ਦੀ ਕੜੱਕ-ਕੜੱਕ ਨਾਲ਼ ਬੂਟ ਤੇ ਬਲੇਡ 'ਏਕ-ਜੋਤ' ਤੇ 'ਏਕ ਹੀ ਮੂਰਤੀ' ਹੋਣ ਲੱਗੇ।
ਪੰਦਰੀਂ-ਵੀਹੀਂ ਮਿੰਟੀਂ ਸੀਸਲ ਦੀ ਗੋਗੜ ਮੇਰੇ ਕੋਲ਼ ਆ ਖਲੋਂਦੀ, ਤੇ ਉਹ ਆਪਣੇ ਹੱਥਾਂ ਨੂੰ, ਆਪਣੀਆਂ ਢਾਕਾਂ ਉਦਾਲ਼ੇ ਛਲਕਦੀ ਚਰਬੀ ਉੱਤੇ ਰੱਖ ਕੇ, ਆਪਣੀਆਂ ਅੱਖਾਂ ਨੂੰ ਮੇਰੇ ਹੱਥਾਂ ਉੱਪਰ ਸੇਧ ਲੈਂਦਾ। ਦੋ ਕੁ ਮਿੰਟਾਂ ਬਾਅਦ 'ਪਰਫ਼ੈਕਟ' ਕਹਿ ਕੇ ਉਹ ਮੇਰੇ ਮੋਢੇ ਨੂੰ ਥਾਪੜਦਾ ਤੇ ਅਗਲੀ ਮਸ਼ੀਨ ਵੱਲੀਂ ਰੁੜ੍ਹ ਜਾਂਦਾ।
'ਗਰਰਰਰ!' ਅਚਾਨਕ ਹੀ ਗਾਡਰ ਚੀਖ ਉੱਠਿਆ। ਸਾਰੇ ਹੀ ਵਰਕਰ ਮਸ਼ੀਨਾਂ ਨੂੰ ਛੱਡ ਕੇ ਲੰਚਰੂਮ ਵੱਲੀਂ ਐਸ ਤਰ੍ਹਾਂ ਦੌੜੇ ਜਿਵੇਂ ਖੁੱਡੇ ਦਾ ਦਰਵਾਜ਼ਾ ਖੁਲ੍ਹਦਿਆਂ ਕੁਕੜੀਆਂ ਦਾ ਹਜੂਮ ਬਾਹਰ ਨੂੰ ਸ਼ੂਟਾਂ ਵਟਦਾ ਹੈ। ਮੈਂ ਪਿਛਲੀ ਕੰਧ 'ਤੇ ਟੰਗੇ ਕੰਧ-ਕਲਾਕ ਵੱਲੀਂ ਝਾਕਿਆ: ਨੌਂ ਵੱਜਣ 'ਚ ਪੰਜ ਮਿੰਟ ਰਹਿੰਦੇ ਸਨ।
ਆਪਣੇ ਮੋਢਿਆਂ ਨੂੰ ਦਬਾਉਂਦਾ ਹੋਇਆ ਮੈਂ ਵੀ ਲੰਚਰੂਮ ਵਿੱਚ ਆ ਵੜਿਆ।
-ਮੋਢਿਆਂ ਦਾ ਦਰਦ, ਬਾਈ ਜੀ, ਪਹਿਲੇ ਦਿਨ ਮੇਰੇ ਵੀ ਬਹੁਤ ਹੋਇਆ ਸੀ, ਗੁਰਮੇਲ ਆਪਣੇ ਬੈਗ਼ 'ਚੋਂ ਸੈਂਡਵ੍ਹਿਚ ਕੱਢ ਕੇ ਬੋਲਿਆ। -ਬੱਸ ਚਾਰ ਕੁ ਦਿਨ ਹੋਰ; ਉਸ ਤੋਂ ਬਾਅਦ ਤਾਂ ਕੰਨ੍ਹਾਂ ਪੈ ਜਾਣੈ!
-ਲੋਕ ਤਾਂ ਇਨਾਂ ਬੂਟਾਂ ਨੂੰ ਪੈਰਾਂ 'ਚ ਪਹਿਨਣਗੇ ਆਈਸ 'ਤੇ ਖੇਡਣ ਲਈ, ਗੁਰਮੇਲ ਸਿਅ੍ਹਾਂ, ਮੈਂ ਥਰਮਸ ਦਾ ਢੱਕਣ ਖੋਲ੍ਹਦਿਆਂ ਬੋਲਿਆ। -ਪਰ ਮੈਨੂੰ ਲਗਦੈ ਅਸਲ ਵਿੱਚ ਹਰ ਬੰਦਾ ਆਪਣੀਆਂ ਜੁੱਤੀਆਂ ਨੂੰ ਹੱਥਾਂ ਉੱਪਰ ਪਹਿਨਦੈ!
-ਹਾਂ, ਹਾਂ, ਹਾਂ! ਗੁਰਮੇਲ ਦੇ ਹਾਸੇ ਅੰਦਰਲੇ ਖੋਲ ਨੂੰ ਪੜ੍ਹਦਿਆਂ ਮੈਂ ਸਮਝ ਗਿਆ ਕਿ ਮੇਰੀ ਗੱਲ ਉਹਦੇ ਸਿਰ ਦੇ ਉੱਪਰੋਂ ਦੀ ਲੰਘ ਕੇ ਲੰਚਰੂਮ 'ਚੋਂ ਬਾਹਰ ਨੂੰ ਖਿਸਕ ਗਈ ਸੀ।
-ਅੱਜ ਦੇ ਮਸ਼ੀਨੀਂ ਯੁੱਗ 'ਚ ਕਾਮਯਾਬ ਹੋਣ ਲਈ ਬੰਦੇ ਨੂੰ ਹੱਥਾਂ ਨਾਲ਼ ਤੁਰਨਾ ਪੈਂਦੈ, ਗੁਰਮੇਲ ਸਿਅ੍ਹਾਂ!
-ਹੱਥਾਂ ਨਾਲ਼ ਕਿਵੇਂ, ਬਾਈ ਜੀ?
-ਮੈਨੂੰ ਲਗਦੈ ਕਨੇਡਾ ਬਹੁਤ ਤਿਲਕਵਾਂ ਮੁਲਕ ਐ, ਗੁਰਮੇਲ ਸਿਅ੍ਹਾਂ; ਇਸ ਮੁਲਕ `ਚ ਅੱਗੇ ਵਧਣ ਲਈ ਮੈਨੂੰ ਆਪਣੇ ਦਿਮਾਗ਼ ਦੇ ਨਾਲ਼ ਨਾਲ਼ ਹੱਥਾਂ ਨੂੰ ਬਹੁਤਾ ਵਰਤਣਾ ਪੈਣੈ... ਮੈਨੂੰ ਲਗਦੈ ਬਈ ਅੱਜ ਦੋ ਘੰਟੇ ਮਸ਼ੀਨ 'ਤੇ ਕੰਮ ਕਰਦਿਆਂ ਮੈਂ ਬੈਠਾ ਤਾਂ ਕੁਰਸੀ ਉੱਪਰ ਹੀ ਸੀ, ਪਰ ਅਸਲ 'ਚ ਮੈਂ ਤੁਰ ਰਿਹਾ ਸੀ, ਪੈਰਾਂ-ਭਾਰ ਨਈਂ ਸਗੋਂ ਐਹਨਾਂ ਹੱਥਾਂ ਉੱਤੇ! ਸਿਰ ਮੇਰਾ ਧਰਤੀ ਵੱਲੀਂ ਮੂਧਾ ਸੀ ਤੇ ਪੈਰ ਅਸਮਾਨ ਵੱਲ, ਤੇ ਬਲੇਡਾਂ ਵਾਲ਼ੇ ਬੂਟ ਮੈਂ ਪਹਿਨੇ ਹੋਏ ਸੀ ਐਹਨਾਂ ਹੱਥਾਂ ਉੱਤੇ!

iqball1946@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346