Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 

Online Punjabi Magazine Seerat


ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ
- ਐੱਸ ਅਸ਼ੋਕ ਭੌਰਾ

 

ਕਈਆਂ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾ ਕੇ, ਮਹਿਲਾਂ ਵਿਚ ਮਖ਼ਮਲੀ ਗਦੈਲਿਆਂ ‘ਤੇ ਵੀ ਨੀਂਦ ਦਾ ਸੁਆਦ ਨ੍ਹੀਂ ਆਉਂਦਾ ਤੇ ਜਿਨ੍ਹਾਂ ਨੂੰ ਚਿੰਤਾ ਦਾ ਝੋਰਾ ਨ੍ਹੀਂ, ਉਨ੍ਹਾਂ ਨੂੰ ਸੜਕ ‘ਤੇ ਬੈਠਿਆਂ ਪਿੱਠ ‘ਤੇ ਖਾਜ ਕਰ ਕੇ ਵੀ ਸੁਆਦ ਆ ਜਾਂਦਾ ਹੈ। ਜੇ ਕੋਈ ਆਖੇ ਕੋਇਲ ਗਾਉਣਾ ਛੱਡ ਕੇ ਮਾਸ ਖਾਣ ਲੱਗ ਪਈ, ਕਾਂ ਮੋਤੀ ਚੁਗਣ ਲੱਗ ਪਿਐ, ਮੋਰ ਪੈਗ ਲਾਉਣ ਲੱਗ ਪਏ ਨੇ, ਖੋਤੇ ਗਾਉਣ ਲੱਗ ਪਏ ਨੇ; ਤਾਂ ਸਾਧਾਰਨ ਬੰਦਾ ਵੀ ਇਨ੍ਹਾਂ ਮੂਰਖਤਾ ਭਰੇ ਖ਼ਿਆਲਾਂ ‘ਤੇ ਹੱਸਣ ਲੱਗ ਪਵੇਗਾ ਪਰ ਯਕੀਨ ਕਰੋ, ਏਦਾਂ ਹੋ ਸਕਦੈ। ਜੇ ਕਿਸੇ ਨਾਬਾਲਗ਼ ਕੁੜੀ ਨਾਲ ਬਾਲਗ਼ ਕੁੜੀ ਵੱਲੋਂ ਬਲਾਤਕਾਰ ਕਰਨ ਦਾ ਪਰਚਾ ਦਰਜ ਹੋ ਸਕਦੈ, ਫਿਰ ਇਉਂ ਹੋਣ ਦੀ ਸੰਭਾਵਨਾ ਤੋਂ ਸਿਰ ਨਾ ਫੇਰੋ। ਮੁੰਬਈ ਪੁਲਿਸ ਨੂੰ ਪੁੱਛੋ ਜਿਸ ਨੇ ਇਕ ਕੁੜੀ ਨੂੰ ਮੋਬਾਈਲ ਫ਼ੋਨ ਦੀ ਲੋਕੇਸ਼ਨ ‘ਤੇ ਨਾਸਿਕ ਵਿਚੋਂ ਇਸ ਦੋਸ਼ ਤਹਿਤ ਹੋਟਲ ਵਿਚੋਂ ਮੌਕੇ ‘ਤੇ ਗ੍ਰਿਫ਼ਤਾਰ ਕੀਤੈ। ਅਸਲ ਵਿਚ ਦੁਨੀਆਂ ਵਿਚ ਬਹੁਤ ਕੁਝ ਅਜਿਹਾ ਹੋ ਚੁੱਕੈ ਜੋ ਹੋਣਾ ਨਹੀਂ ਚਾਹੀਦਾ ਸੀ। ਹੋ ਵੀ ਨਹੀਂ ਸਕਦਾ ਸੀ ਪਰ ਹੋ ਗਿਐ ਤੇ ਅਸੀਂ ਇਨ੍ਹਾਂ ਗੱਲਾਂ ਤੋਂ ‘ਇਹ ਇਤਫ਼ਾਕ ਹੀ ਹੋਵੇਗਾ‘ ਕਹਿ ਕੇ ਛੁਟਕਾਰਾ ਪਾ ਲੈਂਦੇ ਹਾਂ। ਸਾਡੇ ਮੁਲਕ ਵਿਚ ਰਾਜਸੀ ਲੋਕਾਂ ਅਤੇ ਭ੍ਰਿਸ਼ਟਾਚਾਰ ਨੂੰ ਅਲੱਗ-ਅਲੱਗ ਕਰ ਕੇ ਵੇਖਣ ਦਾ ਤਰਕ ਬਚਿਆ ਹੀ ਨਹੀਂ। ਜਨਤਾ ਰੋਈ ਜਾਂਦੀ ਹੈ, ਲੋਕ ਧਾਹਾਂ ਮਾਰੀ ਜਾਂਦੇ ਨੇ ਪਰ ਇਨ੍ਹਾਂ ਨੂੰ ਫਿਰ ਵੀ ਹਾਸਾ ਆਈ ਜਾਂਦੈ। ਸਿਆਣੇ ਬੰਦੇ ਆਖਦੇ ਨੇ, ਦਰਦ ਦਾ ਦੂਜਾ ਨਾਂ ਜ਼ਿੰਦਗੀ ਹੈ; ਇਸੇ ਲਈ ਦਰਦ ਤੇ ਪੀੜਾ ਹਰ ਇਕ ਦੀ ਜੀਵਨ ਚਾਲ ਵਿਚ ਆਢਾ ਲਾਈ ਬੈਠੇ ਹਨ। ਜਿਨ੍ਹਾਂ ਨੇ ਦੁੱਖ ਹੌਸਲੇ ਨਾਲ ਜਰੇ ਨੇ, ਸੰਸਾਰ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਆਇਆ ਹੈ ਪਰ ਕਈ ਦੁੱਖ ਅਜਿਹੇ ਹੁੰਦੇ ਨੇ ਕਿ ਤੁਹਾਡਾ ਰੋਣਾ ਨਹੀਂ, ਭੁੱਬਾਂ ਨਿਕਲ ਜਾਂਦੀਆਂ ਹਨ। ਚਲੋ ਉਮਰ ਵਧ ਰਹੀ ਹੈ, ਇਸੇ ਲਈ ਬਾਕੀ ਬਚਦੀ ਨੂੰ ਘੁੱਟ-ਘੁੱਟ ਫੜ ਰਹੇ ਹਾਂ ਪਰ ਜਿਨ੍ਹਾਂ ਦੀ ਸਾਰੀ ਦੀ ਸਾਰੀ ਇਉਂ ਗੁਜ਼ਰੀ... ਜ਼ਰਾ ਇਧਰ ਵੀ ਧਿਆਨ ਕਰਿਓ...।

ਐਸ. ਅਸ਼ੋਕ ਭੌਰਾ
ਜਿਸ ਘਰ ਵਿਚ ਉਪਰੋਥਲੀ ਕਈ ਮੌਤਾਂ ਹੋ ਜਾਣ, ਉਸ ਘਰ ਦੇ ਸਾਰੇ ਜੀਅ ਇਸ ਕਰਕੇ ਵੀ ਵੱਧ ਓਦਰ ਜਾਂਦੇ ਹਨ ਕਿ ਹੁਣ ਪਤਾ ਨ੍ਹੀਂ ਕੀਹਦੀ ਵਾਰੀ ਆ ਜਾਵੇ। ਹੁੰਦਾ ਤਾਂ ਇਹ ਹੈ, ਜਿਵੇਂ ਕਰਨੈਲ ਸਿੰਘ ਪਾਰਸ ਆਖਦਾ ਹੈ ਕਿ ਜਦੋਂ ਘਰ ਨੂੰਹ ਆਉਂਦੀ ਹੈ, ਧੀ ਚਲੇ ਜਾਂਦੀ ਹੈ, ਪੋਤਾ ਆਉਂਦਾ ਹੈ ਤਾਂ ਬਾਬਾ ਤੁਰ ਪੈਂਦਾ ਹੈ ਪਰ ਜਿਸ ਘਰ ਵਿਚੋਂ ਕੁਦਰਤੀ ਤੰਤਰ ਦੇ ਵਿਰੁਧ ਸਿਰਫ਼ ਬੱਚੇ ਹੀ ਚਲੇ ਜਾਣ, ਇਹ ਗ਼ੈਰਕੁਦਰਤੀ ਕਿਵੇਂ ਹੋ ਸਕਦਾ ਹੈ ਕਿ ਦੁੱਖ ਪਹਾੜਾਂ ਜਿੱਡੇ ਨਾ ਬਣਨ।
ਜੋਤਸ਼ੀਆਂ ਦੀ ਬੱਲੇ ਬੱਲੇ ਪਹਿਲਾਂ ਤਾਂ ਇਸ ਕਰਕੇ ਹੈ ਕਿ ਦੁਨੀਆਂ ਦਾ ਹਰ ਪ੍ਰਾਣੀ ਹੀ ਦੁਖੀ ਹੈ ਤੇ ਆਏ ਦਿਨ ਇਨ੍ਹਾਂ ਦੁੱਖਾਂ ਵਿਚ ਵਾਧਾ ਹੀ ਹੋਈ ਜਾਂਦਾ ਹੈ। ਦੂਜਾ, ਇਸ ਕਰਕੇ ਕਿ ਉਨ੍ਹਾਂ ਕੋਲ ਪੱਤਰੀਆਂ ਹਨ ਜੋ ਕਿਸਮਤ ਦੀਆਂ ਬਾਤਾਂ ਸੁਣਾਉਂਦੀਆਂ ਹਨ। ਕੀਹਦੇ ਦੋ ਵਿਆਹ ਹੋਣੇ ਹਨ, ਦੁਰਘਟਨਾ ਦਾ ਖ਼ਤਰਾ ਬਣਿਆ ਰਹੇਗਾ, ਔਲਾਦ ਵਿਗੜ ਸਕਦੀ ਹੈ, ਧਨ ਦੀ ਕਮੀ ਆਵੇਗੀ, ਪੰਜਾਂ ਧੀਆਂ ਤੋਂ ਪਿੱਛੋਂ ਪੁੱਤਰ ਘਰ ਵਿਚ ਆਵੇਗਾ; ਜੋਤਸ਼ੀਆਂ ਦੇ ਪੈਰਾਂ ਵੱਲ ਮੱਥੇ ਤੇ ਦਾਨ ਵੱਲ ਹੱਥ ਇਸ ਕਰਕੇ ਵਧੀ ਜਾਂਦੇ ਹਨ ਕਿ ਪੱਤਰੀਆਂ ਨੇ ਸਿਰਫ਼ ਦੁੱਖ ਹੀ ਦੱਸਣਾ ਹੁੰਦਾ ਹੈ; ਉਪਾਅ ਜੋਤਸ਼ੀਆਂ ਕੋਲ ਹੀ ਹੁੰਦਾ ਹੈ। ਹਾਲੇ ਇਹ ਸਮਝ ਨਹੀਂ ਪਈ, ਕਾਲੇ ਮਾਂਹ ਹੀ ਟੂਣਿਆਂ ਲਈ ਵੱਧ ਕਿਉਂ ਵਰਤੇ ਜਾਂਦੇ ਹਨ?
ਹੁਣੇ ਜਿਹੜੇ ਅੰਕੜੇ ਆਪਣੇ ਰੰਗਲੇ ਪੰਜਾਬ ਦੇ ਸਾਹਮਣੇ ਆਏ ਨੇ ਕਿ ਗ਼ੈਰ ਕੁਦਰਤੀ ਮੌਤਾਂ, ਜਿਨ੍ਹਾਂ ਵਿਚ ਵਧੇਰੇ ਕਰਕੇ ਦੁਰਘਟਨਾਵਾਂ ਹੁੰਦੀਆਂ ਹਨ, ਨਾਲ ਔਸਤਨ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਤਿੰਨ ਸੌ ਤੋਂ ਉਪਰ ਚਲੇ ਗਈ ਹੈ ਅਤੇ ਮੋਟੇ ਹਿਸਾਬ ਨਾਲ ਆਏ ਮਹੀਨੇ ਚੰਗੀ ਆਬਾਦੀ ਜਿੰਨਾ ਪਿੰਡ ਹੀ ਖ਼ਤਮ ਹੋਈ ਜਾਂਦਾ ਹੈ। ਸੜਕਾਂ ‘ਤੇ ਪਤਾ ਨਹੀਂ ਕਿੰਨੇ ਕੁ ਦੁੱਲ੍ਹੇ ਘੁੰਮ ਰਹੇ ਹਨ ਜਿਨ੍ਹਾਂ ਨੂੰ ਹੋਣੀ ਮੌਤ ਦਾ ਟੋਕਰਾ ਚੁਕਾਉਣ ਲਈ ‘ਵਾਜ਼ਾਂ ਮਾਰ ਰਹੀ ਹੈ। ਸਵੇਰੇ ਉਠ ਕੇ ਮੂੰਹ ਧੋਣ ਅਤੇ ਮੂੰਹ ਨੂੰ ਕੁਝ ਲਾਉਣ ਤੋਂ ਪਹਿਲਾਂ ਜਿਹੜੇ ਲੋਕ ਅਖ਼ਬਾਰਾਂ ਵਿਚ ਸਿਰਫ਼ ਰਾਸ਼ੀ ਫਲ ਪੜ੍ਹਨ ਲਈ ਵਿਆਕੁਲ ਹੁੰਦੇ ਹਨ ਤੇ ਰਾਸ਼ੀ ਦੀਆਂ ਦੋ ਸਤਰਾਂ ਵਿਚੋਂ ਇਕ ਦਿਨ ਦੀ ਚੰਗੀ ਜ਼ਿੰਦਗੀ ਦਾ ਸੁਫ਼ਨਾ ਵੇਖਣਾ ਹੁੰਦਾ ਹੈ, ਤਾਂ ਲੱਗਦਾ ਨਹੀਂ, ਰੱਬ ਤੇ ਵਿਗਿਆਨ ਮਿਹਣੋ-ਮਿਹਣੀ ਹੋਣ ਲਈ ਮੂੰਹੋਂ-ਮੂੰਹੀਂ ਹੋ ਰਹੇ ਹਨ। ਦਰਅਸਲ ਅੰਦਰਲਾ ਵਹਿਮ ਜੋਤਿਸ਼ ਨਾਲ ਸਕੀਰੀ ਪਾਉਣ ਤੋਂ ਵਰਜ ਨਹੀਂ ਰਿਹਾ!
ਸਸਕਾਰ ਤੋਂ ਅਗਲੇ ਦਿਨਾਂ ਵਿਚ ਵਿਹੜਿਆਂ ਵਿਚ ਸੱਥਰ ਵਿਛੇ ਰਹਿੰਦੇ ਹਨ। ਇਸ ਕਰਕੇ ਕਿ ਲੋਕ ਦੁੱਖ ਵੰਡਾਉਣ ਆਉਂਦੇ ਨੇ, ਦਿਲਬਰੀਆਂ ਦਿੰਦੇ ਹਨ। ਬੰਦੇ ਗੱਲਾਂ ਕਰਦੇ ਹਨ, ਔਰਤਾਂ ਪਿੱਟ-ਸਿਆਪਾ ਕਰਦੀਆਂ ਹਨ। ਭਾਣਾ ਕਿਵੇਂ ਮੰਨੀਦਾ ਹੈ, ਬੜੀਆਂ ਜੁਗਤਾਂ ਦੱਸੀਆਂ ਜਾਂਦੀਆਂ ਹਨ। ਮਿਸਾਲਾਂ ਦੇ ਕੇ, ਰਾਜਿਆਂ-ਮਹਾਰਾਜਿਆਂ ਦੀਆਂ ਬਾਤਾਂ ਸੁਣਾ ਕੇ। ਅਸਲ ਵਿਚ ਇਨ੍ਹਾਂ ਸੋਗਮਈ ਬੈਠਕਾਂ ਵਿਚ ਕਈ ਵਾਰ ਬੰਦਾ ਉਹ ਕੁਝ ਸਿੱਖ ਲੈਂਦਾ ਹੈ ਕਿ ਅੰਦਰ ਪਲਦੀ ਹਉਮੈ ਹਟਕੋਰੇ ਲੈਣ ਲੱਗ ਪੈਂਦੀ ਹੈ।
ਮੈਂ ਹਜ਼ਾਰਾਂ ਪੁਸਤਕਾਂ ਪੜ੍ਹੀਆਂ ਹਨ ਪਰ ਜੋ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ, ਉਹ ਮੈਂ ਕਿਸੇ ਕਿਤਾਬ ਵਿਚ ਨਹੀਂ ਪੜ੍ਹਿਆ/ਸੁਣਿਆ। ਉਨ੍ਹਾਂ ਤੋਂ ਜਿਹੜੇ ਅੱਖਰਾਂ ਤੋਂ ਭਾਵੇਂ ਕੋਰੇ ਹੋਣ ਪਰ ਗਿਆਨ ਤੇ ਜ਼ਿੰਦਗੀ ਸਮਝਾਉਣ ਵਿਚ ਮਹਾਂ ਗਿਆਨੀ। ਇਕ ਸੋਗਮਈ ‘ਕੱਠ ਵਿਚ ਰਾਤ ਵੇਲੇ ਇਕ ਬਜ਼ੁਰਗ ਉਸ ਪੁਰਸ਼ ਨੂੰ ਹੌਸਲਾ ਦੇ ਰਿਹਾ ਸੀ ਜਿਸ ਦਾ ਇਕਲੌਤਾ ਪੁੱਤਰ ਕੈਂਸਰ ਨਾਲ ਸੋਲ੍ਹਵੇਂ ਸਾਲ ਵਿਚ ਚੱਲ ਵੱਸਿਆ ਸੀ। ਉਸ ਬਜ਼ੁਰਗ ਦੀ ਕਥਾ ਦੇ ਬੋਲਾਂ ਨਾਲ ਐਸੀ ਲਿਵ ਲੱਗੀ ਕਿ ਸ਼ਾਇਦ ਕਦੇ ਕਿਸੇ ਦੀ ਪਰਮਾਤਮਾ ਨਾਲ ਵੀ ਨਾ ਲੱਗੀ ਹੋਵੇ। ਉਹ ਦੁਖੀ ਬਾਪ ਦੇ ਮੋਢੇ ‘ਤੇ ਹੱਥ ਰੱਖ ਕੇ ਸੁਣਾਉਣ ਲੱਗਾ:
ਇਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫ਼ਲੇ ਵਿਚ ਆਪ ਵੀ ਘੋੜੇ ‘ਤੇ ਬੈਠਾ ਇਕ ਪਿੰਡ ਵਿਚੋਂ ਗੁਜ਼ਰ ਰਿਹਾ ਸੀ ਕਿ ਇਕ ਕੱਚੀ ਫਿਰਨੀ ‘ਤੇ ਕੁਝ ਗੁੱਜਰੀਆਂ ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਅਤੇ ਬਾਕੀ ਜਵਾਨ ਮੁਟਿਆਰਾਂ ਸਨ, ਸਿਰ ‘ਤੇ ਦੁੱਧ-ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ। ਘੋੜਿਆਂ ਦੀ ਦਗੜ-ਦਗੜ, ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਨ੍ਹਾਂ ਸਾਰੀਆਂ ਦੇ ਸਿਰਾਂ ਤੋਂ ਦੁੱਧ-ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ। ਮਟਕਿਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ-ਦਹੀਂ ਮਿੱਟੀ ਵਿਚ ਰਲ ਗਏ। ਮੁਟਿਆਰਾਂ ਥਾਂਵੇਂ ਬੈਠ ਕੇ ਰੋਣ ਲੱਗ ਪਈਆਂ। ਰਾਜਾ ਘੋੜੇ ਤੋਂ ਉਤਰਿਆ, ਮੁਟਿਆਰਾਂ ਦੇ ਸਿਰ ‘ਤੇ ਹੱਥ ਰੱਖਿਆ, ਖ਼ਿਮਾ ਮੰਗੀ ਤੇ ਉਨ੍ਹਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ। ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁੱਜਰੀ ਵੱਲ ਗਿਆ ਤਾਂ ਉਸ ਨੇ ਵੇਖਿਆ, ਇਹ ਇਕੱਲੀ ਹੱਸ ਕਿਉਂ ਰਹੀ ਹੈ? ਰਾਜੇ ਨੇ ਉਹਦੇ ਵੱਲ ਮੋਹਰਾਂ ਨਾਲ ਭਰੀ ਮੁੱਠ ਕੀਤੀ ਤਾਂ ਉਹ ਹੋਰ ਉਚੀ ਦੇਣੀ ਹੱਸ ਕੇ ਬੋਲੀ, ਕੀ ਹੋਇਆ ਜੇ ਚਾਰ ਸੇਰ ਦੁੱਧ ਡੁੱਲ੍ਹ ਗਿਐ? ਮੈਂ ਤੇਰੇ ਪੈਸੇ ਨਹੀਂ ਲਵਾਂਗੀ, ਇਹ ਕੋਈ ਵੱਡਾ ਨੁਕਸਾਨ ਏ?
“ਬੀਬੀ, ਤੂੰ ‘ਕੱਲੀ ਹੀ ਕਿਉਂ ਹੱਸ ਰਹੀ ਏਂ?” ਰਾਜੇ ਨੇ ਸਵਾਲ ਕੀਤਾ।
“ਖ਼ਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਦੀਆਂ,” ਉਹਨੇ ਬਹੁਤ ਠਰ੍ਹੰਮੇ ਨਾਲ ਜਵਾਬ ਦਿੱਤਾ।
“ਬੀਬੀ, ਮੈਂ ਆਮ ਲੋਕ ਨਹੀਂ, ਬਾਦਸ਼ਾਹ ਹਾਂ।”
“ਮੇਰੀਆਂ ਨਜ਼ਰਾਂ ਵਿਚ ਤੂੰ ਖ਼ਾਸ ਨਹੀਂ।”
“ਪਰ ਤੂੰ ਹੱਸ ਕਿਉਂ ਰਹੀ ਏਂ!”
“ਜ਼ਰੂਰੀ ਪੁੱਛਣੈ?”
“ਹਾਂ।”
“ਤਾਂ ਫਿਰ ਆਮ ਬੰਦਿਆ ਸੁਣ...ਜਿਸ ਰਿਆਸਤ ਵਿਚ ਮੈਂ ਜਵਾਨ ਹੋਈ, ਉਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ। ਹਰ ਨਵੀਂ ਵਿਆਹੀ ਨੂੰ ਮੁਕਲਾਵੇ ਵਾਲੀ ਰਾਤ ਉਹਦੇ ਕੋਲ ਕੱਟਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਭਿਣਕ ਹੀ ਬਾਦਸ਼ਾਹ ਨੂੰ ਨਹੀਂ ਪੈਣ ਦਿੱਤੀ। ਸਾਡੇ ਇਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਚਲੇ ਗਿਆ।
ਪਿੱਛੋਂ ਬਾਦਸ਼ਾਹ ਤਕ ਮੇਰੇ ਹੁਸਨ ਦੀ ਖ਼ਬਰ ਪੁੱਜ ਗਈ। ਤੇ ਉਹਦੇ ਨੌਕਰ ਮੈਨੂੰ ਜਬਰੀ ਚੁੱਕ ਕੇ ਲੈ ਗਏ ਅਤੇ ਮੈਂ ਇਕ ਸਾਧਾਰਨ ਔਰਤ ਬਾਦਸ਼ਾਹ ਦੀ ਰਖੇਲ ਬਣ ਗਈ।...ਤੇ ਫਿਰ ਕਈ ਵਰ੍ਹੇ ਬੀਤ ਗਏ। ਮੇਰਾ ਪਤੀ ਕਈ ਵਰ੍ਹਿਆਂ ਪਿੱਛੋਂ ਜਦੋਂ ਕਮਾਈਆਂ ਕਰ ਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਘਰ ਉਜੜ ਗਿਆ ਹੈ। ਕਿਸੇ ਤਰ੍ਹਾਂ ਉਸ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਏਂ ਤਾਂ ਠੀਕ, ਤੇ ਜੇ ਬਾਦਸ਼ਾਹ ਜਬਰੀ ਚੁੱਕ ਕੇ ਲਿਆਇਆ ਤਾਂ ਦੱਸ, ਮੈਂ ਕੋਈ ਹੀਲਾ ਕਰਾਂਗਾ। ਮੈਂ ਕਿਹਾ, ‘ਰੱਬ ਦਿਆ ਬੰਦਿਆ, ਰੱਬ ਦੇ ਵਾਸਤੇ ਮੈਨੂੰ ਲੈ ਚੱਲ। ਮੈਂ ਇਥੇ ਇਕ ਦਿਨ ਵੀ ਹੋਰ ਨ੍ਹੀਂ ਰਹਿਣਾ ਚਾਹੁੰਦੀ।‘ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ, ਇਕ ਪਹਾੜੀ ਜੰਗਲ ਵਿਚ ਇਕਾਂਤ ਥਾਂ ‘ਤੇ ਗੁਜ਼ਾਰਦਾ ਹੈ ਤੇ ਮੈਂ ਉਹਦੇ ਨਾਲ ਹੁੰਦੀ ਹਾਂ। ਤੇ ਸਾਰਾ ਪਤਾ-ਟਿਕਾਣਾ ਦੱਸ ਦਿੱਤਾ। ਮੇਰਾ ਪਤੀ ਇਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ ‘ਤੇ ਲੁਕ ਗਿਆ। ਅੱਧੀ ਰਾਤ ਜਦੋਂ ਬਾਦਸ਼ਾਹ ਘੂਕ ਸੁੱਤਾ ਪਿਆ ਸੀ, ਪਹਿਰੇਦਾਰ ਸੌਂ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ। ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ? ਫਿਰ ਅਸੀਂ ਰਾਤ ਦੇ ਘੁੱਪ ਹਨ੍ਹੇਰੇ ਵਿਚ ਜੰਗਲ ਦੀ ਘੁੰਮਣ-ਘੇਰੀ ਵਿਚ ਫਸ ਗਏ।
ਅਗਲੀ ਆਫ਼ਤ ਇਹ ਪਈ ਕਿ ਇਕ ਨਾਗ ਜੋ ਫਨ ਫੈਲਾ ਕੇ ਫੁੰਕਾਰੇ ਮਾਰ ਰਿਹਾ ਸੀ, ਨੇ ਸਾਡਾ ਰਾਹ ਘੇਰ ਲਿਆ। ਮੇਰੇ ਪਤੀ ਨੇ ਕਿਹਾ, ਤੂੰ ਅੱਗੇ ਨਿਕਲ, ਇਹਨੂੰ ਮੈਂ ਵੇਖਦਾ ਹਾਂ। ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇਕ ਵਾਰ ਨਹੀਂ ਸਗੋਂ ਕਈ ਵਾਰ ਡਸਿਆ ਅਤੇ ਉਹ ਅੱਖਾਂ ਹੀ ਮੀਚ ਗਿਆ। ‘ਕੱਲੀ ਜਿੰਦੜੀ, ਜੰਗਲ ਦਾ ਰਾਹ ਤੇ ਮਾਮਲੇ ਭਾਰੇ ਪੈਣੇ ਹੀ ਸਨ। ਦਿਨ ਚੜ੍ਹਿਆ ਤਾਂ ਡਾਕੂਆਂ ਨੇ ਘੇਰ ਲਈ। ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ। ਇਕ ਆਖੇ, ‘ਮੈਂ ਲੈ ਕੇ ਜਾਵਾਂਗਾ‘ ਤੇ ਦੂਜਾ ਕਹੇ, ‘ਏਡੀ ਸੋਹਣੀ ਤੂੰ...! ਇਹ ਮੇਰੀ ਬਣੇਗੀ।‘
ਫਿਰ ਤੀਜਾ, ਚੌਥਾ; ਸਾਰੇ ਦਾਅਵੇਦਾਰ ਬਣ ਗਏ। ਝਗੜਾ ਸੁਣ ਕੇ ਉਨ੍ਹਾਂ ਦਾ ਸਰਦਾਰ ਆਣ ਟਪਕਿਆ। ਉਹ ਕਿੱਲ੍ਹ ਕੇ ਬੋਲਿਆ: ਨਹੀਂ, ਇਸ ਪਰੀ ਨੂੰ ਕੋਈ ਨਹੀਂ ਲੈ ਜਾਵੇਗਾ। ਡਾਕੂਆਂ ਵਾਲਾ ਕੰਮ ਕਰਦੇ ਆਂ, ਇਹਦਾ ਮੁੱਲ ਵੱਟਾਂਗੇ। ਤੇ ਉਨ੍ਹਾਂ ਨੇ ਫੇਰ ਬੜੇ ਮਹਿੰਗੇ ਭਾਅ ਮੈਨੂੰ ਕੋਠੇ ‘ਤੇ ਵੇਚ ਦਿੱਤਾ। ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦ ਨੇ ਨੋਚ-ਨੋਚ ਕੇ ਖਾ ਲਈ।
ਸਿਤਮਜ਼ਰੀਫ਼ੀ ਦੀ ਹੱਦ ਇਥੇ ਵੀ ਨਹੀਂ ਮੁੱਕੀ। ਇਕ ਰਾਤ ਜੋ ਗਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ, ਉਹਨੇ ਧਰਤੀ ਤੇ ਆਸਮਾਨ ਕੰਬਣ ਲਾ ਦਿੱਤੈ। ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰ੍ਹਿਆਂ ਦੇ ਨੂੰ ‘ਕੱਲਾ ਛੱਡ ਆਈ ਸਾਂ। ਮੈਂ ਤਾਂ ਉਸ ਨੂੰ ਨੈਣ-ਨਕਸ਼ ਅਤੇ ਹੱਥਾਂ-ਪੈਰਾਂ ਤੋਂ ਪਛਾਣ ਲਿਆ ਸੀ ਕਿ ਇਹ ਇੰਨਾ ਸੋਹਣਾ, ਬੁਰਾ ਕਰਮ ਕਰਨ ਵਾਲਾ, ਹੈ ਤਾਂ ਮੇਰਾ ਪੁੱਤ ਈ ਪਰ ਉਹਨੂੰ ਦੱਸਦੀ ਕਿਵੇਂ ਕਿ ਮਾਂ ਤੇਰੀ ਵੇਸਵਾ ਕੀਹਨੇ ਬਣਾਈ ਹੈ? ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ, ਪੁੱਤ ਦਾ ਭਾਰ ਜਰਿਆ ਨਾ ਗਿਆ। ਨਾਸੂਰ ਬਣ ਕੇ ਕੋਹ-ਕੋਹ ਮਾਰਨ ਲੱਗਾ। ਧਰਤੀ ‘ਤੇ ਪਾਪ ਨਹੀਂ...ਮਹਾਂ ਪਾਪ ਦਾ ਸਿਖਰ ਸੀ।
ਇਕ ਦਿਨ ਫ਼ੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀਂ ਚਿਖ਼ਾ ਵਿਚ ਚਿਣ ਕੇ ਲਾਬੂੰ ਲਾ ਲੈਣ ਨਾਲ ਹੀ ਮਨ ਸ਼ਾਂਤ ਹੋ ਸਕਦੈ। ਕੋਠੇ ਤੋਂ ਭੱਜ ਕੇ ਇਕ ਸਮੁੰਦਰ ਕਿਨਾਰੇ ਚਲੀ ਗਈ। ਲੱਕੜਾਂ ‘ਕੱਠੀਆਂ ਕੀਤੀਆਂ ਤੇ ਉਨ੍ਹਾਂ ਵਿਚ ਆਪਣੇ ਆਪ ਨੂੰ ਵੀ ਚਿਣ ਲਿਆ। ਉਪਰ ਆਲੇ ਅੱਗੇ ਫ਼ਰਿਆਦ ਕੀਤੀ, ਹੱਥ ਜੋੜੇ, ਜੇ ਤੂੰ ਸੱਚੀਂ ਹੈਂ ਤਾਂ ਮੁੜ ਕੇ ਏਸ ਜਾਮੇ ‘ਚ ਫੇਰ ਕਦੇ ਨਾ ਭੇਜੀਂ।
ਹਾਲੇ ਮੈਂ ਤੀਲੀ ਲਾਉਣ ਹੀ ਲੱਗੀ ਸਾਂ ਕਿ ਏਡੀ ਜ਼ੋਰ ਦੀ ਤੂਫ਼ਾਨ ਆਇਆ ਕਿ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿਚ ਜਾ ਡਿੱਗੀ। ਲੱਗਿਆ ਕਿ ਹੁਣ ਛੁਟਕਾਰਾ ਮਿਲ ਜਾਵੇਗਾ। ਜਿਹਦੇ ਮੂਹਰੇ ਮੈਂ ਤਰਲੇ ਕਰਦੀ ਸੀ, ਉਹ ਮੌਤ ਫਿਰ ਕੰਨੀ ਖਿਸਕਾ ਗਈ।
ਘਾਟ ‘ਤੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜ੍ਹਿਆ ਆਉਂਦੈ। ਉਨ੍ਹਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅਧਮੋਈ ਨੂੰ ਬਾਹਰ ਕੱਢ ਲਿਆ। ਘੜੇ ‘ਤੇ ਪੁੱਠਾ ਪਾ ਕੇ ਪੇਟ ਵਿਚਲਾ ਪਾਣੀ ਨਿਕਲਿਆ ਤਾਂ ਮੈਨੂੰ ਸੁਰਤ ਆ ਗਈ। ਧੋਬੀ ਆਪਸ ਵਿਚ ਪਹਿਲਾਂ ਹੀ ਫ਼ੈਸਲਾ ਕਰ ਚੁੱਕੇ ਸਨ। ਉਨ੍ਹਾਂ ਦਾ ਵਾਰਤਾਲਾਪ ਕੀ ਸੀ:
ਕੋਈ ਆਖੇ, ‘ਬੜੀ ਸੋਹਣੀ ਏ, ਗੁੱਜਰੀ ਲਗਦੀ ਏ!‘
‘ਇੰਦਰ ਦਰਬਾਰ ਵਿਚੋਂ ਕੋਈ ਭੱਜੀ ਲਗਦੀ ਏ!!‘
‘ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿਚ ਛਾਲ ਮਾਰ‘ਤੀ।
ਤੇ ਆਖ਼ਰੀ ਦੀ ਤਜਵੀਜ਼ ਕਿਆ ਕਮਾਲ ਸੀ! ਕਹਿਣ ਲੱਗਾ, ‘ਗੁੱਜਰ ਦੀ ਤੀਵੀਂ ਮਰ ਗਈ ਏ, ਵਿਚਾਰਾ ‘ਕੱਲੈ...ਉਹਨੂੰ ਦੇ ਦਿੰਨੇ ਆਂ ਲਿਜਾ ਕੇ। ਸਾਲ ਭਰ ਦੁੱਧ ਹੀ ਮੁਫ਼ਤ ਲਵਾਂਗੇ।‘
ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁੱਜਰੀ ਜ਼ਰੂਰ ਬਣ ਗਈ।...ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ।”
ਤੇ ਕੰਨ ਲਾ ਕੇ ਦਰਦ ਦਾ ਮਹਾਂਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁੱਜਰੀ ਬੋਲੀ, ‘ਤੂੰ ਦੱਸ, ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ, ਮੇਰਾ ਬਚਿਆ ਹੀ ਪਹਿਲਾਂ ਕੀ ਹੈ? ਤੇ ਤੈਨੂੰ ਲੱਗਦਾ ਨ੍ਹੀਂ ਤੂੰ ਆਮ ਬੰਦਾ ਈ ਏਂ, ਖ਼ਾਸ ਤਾਂ ਮੈਂ ਹਾਂ।’
ਤੇ ਉਹ ਰਾਜਾ ਵੈਰਾਗੀ ਕਿਵੇਂ ਹੋਇਆ, ਇਹ ਗੱਲ ਫੇਰ ਕਦੇ ਸਹੀ।
...ਲੱਗਦਾ ਨ੍ਹੀਂ ਕਈ ਕਹਾਣੀਆਂ ਦਾ ਅੰਤ ਕਰਨ ਨੂੰ ਜੀਅ ਨਹੀਂ ਕਰਦਾ!!
ਅੰਤਿਕਾ:
ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ।
ਸਿੰਧ ਦੀ ਮਦੀਨ ਲੈਣੇ ਬੱਲਦ ਹਿਸਾਰ ‘ਚੋਂ।
ਨਾਸਿਕ ਦੇ ਪਾਨ,
ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ,
ਰਿਉੜੀ ਰੋਹਤਕ ਬਾਜ਼ਾਰ ‘ਚੋਂ।
ਕੋਇਟੇ ਖ਼ੁਰਮਾਨੀ ਹੈ ਨਾ
ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ
ਕਾਬਲ ਕੰਧਾਰ ‘ਚੋਂ।
ਪੈਰਿਸ ਮਹੱਲ ਤੇ ਲਾਹੌਰ ਵਿਚ ਮੱਲ ਚੰਗੇ,
ਰਜਬ ਅਲੀ ਫਲ ਕਸ਼ਮੀਰ ਭਾਂਤ-ਭਾਂਤ ਦੇ।
(ਬਾਬੂ ਰਜਬ ਅਲੀ)

-0-