Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
ਕਰਤਾਰ ਸਿੰਘ ਸਰਾਭਾ
- ਵਰਿਆਮ ਸਿੰਘ ਸੰਧੂ

 

ਸਥਾਪਤ ਤਾਕਤਾਂ ਵੱਲੋਂ ਸੁਚੇਤ ਤੌਰ ‘ਤੇ ਅਣਗੌਲੀ ਕੀਤੀ ਤੇ ਲੋਕ-ਚੇਤਿਆਂ ਵਿਚੋਂ ਬਹੁਤ ਹੱਦ ਤੱਕ ਵਿਸਾਰ ਦਿੱਤੀ ਗਈ ਆਜ਼ਾਦੀ ਸੰਗਰਾਮ ਦੀ ਸ਼ਾਨਾਂਮੱਤੀ ਵਿਰਾਸਤ ਦੇ ਗੌਰਵ ਨੂੰ ਮੁੜ ਉਜਾਗਰ ਕਰਨ ਦਾ ਅਤੇ ਲੋਕ-ਮਨਾਂ ਉੱਤੇ ਇਸਦੇ ਮਹੱਤਵ ਨੂੰ ਮੁੜ ਉਕਰਨ ਦਾ ਹਰ ਹੀਲਾ ਕਰਨ ਦੀ ਕੋਸਿ਼ਸ਼ ਜ਼ਰੂਰੀ ਹੈ ਕਿਉਂਕਿ ਇਸ ਕੋਸਿ਼ਸ਼ ਰਾਹੀਂ ਅਸੀਂ ਆਪਣੇ ਸੁੱਤੇ ਹੋਏ ਇਤਿਹਾਸ ਨੂੰ ਜਗਾਉਂਦੇ ਹਾਂ। ਉਸਨੂੰ ਮੁਰਦਾ ਹੋ ਜਾਣ ਤੋਂ ਬਚਾਉਂਦੇ ਹਾਂ। ਇਤਿਹਾਸ ਅਤੇ ਲੋਕਾਂ ਦਾ ਆਪਸੀ ਸੰਬੰਧ ਅਸਲ ਵਿਚ ਦੁਵੱਲਾ ਹੁੰਦਾ ਹੈ। ਲੋਕ ਇਤਿਹਾਸ ਨੂੰ ਮੁੜ ਤੋਂ ਪੜ੍ਹ-ਸੁਣ-ਜਾਣ ਕੇ, ਯਾਦ ਕਰਕੇ ਆਪਣੇ ਇਤਿਹਾਸ ਨੂੰ ਜਗਾਉਂਦੇ ਤੇ ਜਿ਼ੰਦਾ ਰੱਖਦੇ ਹਨ ਤੇ ਪਰਤਵੇਂ ਰੂਪ ਵਿਚ ਇਤਿਹਾਸ ਆਪਣੇ ਲੋਕਾਂ ਨੂੰ ਜਗਾਉਂਦਾ ਤੇ ਜਿ਼ੰਦਾ ਰੱਖਦਾ ਹੈ ਅਤੇ ਉਸਤੋਂ ਪਰੇਰਨਾ ਲੈ ਕੇ ਲੋਕ ਜਿ਼ੰਦਗੀ ਦੇ ਕਾਰਜ-ਖੇਤਰ ਵਿਚ ਕੁਝ ਸੁਕਾਰਥਾ ਕਰਨ ਦੀ ਕੋਸਿ਼ਸ ਕਰਦੇ ਰਹਿੰਦੇ ਹਨ਼। ਜਿਹੜੀਆਂ ਕੌਮਾਂ ਦਾ ਇਤਿਹਾਸ ਸੁੱਤਾ ਰਹਿ ਜਾਂਦਾ ਹੈ ਉਹਨਾਂ ਦੀ ਕਿਸਮਤ ਵੀ ਸੁੱਤੀ ਰਹਿ ਜਾਂਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਗ਼ਦਰ ਪਾਰਟੀ ਦਾ ਸੰਘਰਸ਼ ਸਮੁੱਚੇ ਦੇਸ਼ ਵਾਸੀਆਂ ਦੀ ਕਿਸਮਤ ਦਾ ਸੁਨਹਿਰੀ ਕਾਂਡ ਲਿਖੇ ਜਾਣ ਦਾ ਸੁਲੱਖਣਾ ਉੱਦਮ ਸੀ। ਆਪਣੇ ਲੋਕਾਂ ਦੇ ਸੁਨਹਿਰੀ ਭਵਿੱਖ ਦੀ ਆਸ ਆਪਣੀਆਂ ਅੱਖਾਂ ‘ਚ ਲੈ ਕੇ, ਬਾਹਰਲੇ ਮੁਲਕਾਂ ਵਿਚ ਬਣਾਈਆਂ ਵੱਡੀਆਂ ਜਾਇਦਾਦਾਂ ਦਾ ਮੋਹ ਤਿਆਗ ਕੇ, ‘ਪਹਿਲਾਂ ਮਰਨ ਕਬੂਲ ਕਰ’ ਦੀ ਭਾਵਨਾ ਅਧੀਨ ਆਪਣੇ ਵਤਨ ਨੂੰ ਮੁਕੰਮਲ ਆਜ਼ਾਦੀ ਦਿਵਾਉਣ ਦੇ ਸੰਕਲਪ ਨਾਲ ਗ਼ਦਰੀ ਸੂਰਬੀਰ ਵਤਨ ਪਰਤੇ ਸਨ। ਉਹਨਾਂ ਦਾ ਨਿਸ਼ਾਨਾ, ਲੜੇ ਜਾਣ ਵਾਲੇ ਸੰਘਰਸ਼ ਵਿਚ ਅਥਾਹ ਦੁੱਖ ਝੱਲ ਕੇ ਤੇ ਲੋੜ ਪੈਣ ‘ਤੇ ਆਪ ਮਰਕੇ ਵੀ, ਸਾਨੂੰ ਜਿ਼ੰਦਗੀ ਦੇਣ ਦਾ ਸੀ। ਇਹਨਾਂ ਵਿਚੋਂ ਕਈ ਸਿਰਲੱਥ ਯੋਧੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਗਏ; ਅਨੇਕਾ ਹੋਰਨਾਂ ਨੇ ਕਾਲੇ ਪਾਣੀਆਂ ਦੀ ਮਾਰੂ ਕੈਦ ਵਿਚ ਆਪਣੀਆਂ ਉਮਰਾਂ ਗਾਲ਼ ਲਈਆਂ।
ਪਰ ਹਾਕਮ ਧਿਰ ਦੀਆਂ ਚੁਸਤੀਆਂ ਤੇ ਸਾਡੀ ਲਾਪ੍ਰਵਾਹੀ ਅਤੇ ਬੇਸਮਝੀ ਸਦਕਾ ਸਾਡਾ ਇਹ ਆਪਣਾ ਰਾਂਗਲਾ ਇਤਿਹਾਸ ਸੁੱਤਾ ਹੀ ਰਿਹਾ। ਅਸੀਂ ਇਸ ਨੂੰ ਜਗਾ ਕੇ ਇਸ ਨਾਲ ਆਪਣੇ ਦਿਲ ਦਾ ਦੁਖੜਾ ਫੋਲਣ ਦਾ ਯਤਨ ਹੀ ਨਾ ਕੀਤਾ। ਸਾਡੀ ‘ਲਾਪ੍ਰਵਾਹੀ’ ਨੇ ਸਾਡੇ ਇਤਿਹਾਸ ਨੂੰ ਸਾਡੇ ਪ੍ਰਤੀ ‘ਬੇਪ੍ਰਵਾਹ’ ਬਣਾ ਦਿੱਤਾ। ਸਿੱਟੇ ਵਜੋਂ ਸ਼ਹੀਦਾਂ ਦੇ ਸੁਪਨੇ ਸਿਰੇ ਲੱਗਣ ਤੋਂ ਪਹਿਲਾਂ ਹੀ ਪ੍ਰਾਣ ਤਿਆਗਣ ਲੱਗੇ। ਸੁਪਨਿਆਂ ਦੇ ਕਤਲ ਸਥਾਪਤ ਤਾਕਤਾਂ ਦਾ ਬੜਾ ਸੂਖ਼ਮ ਹੱਥ ਤੇ ਹਿੱਸਾ ਸੀ।
ਏਥੇ ਇਹ ਗੱਲ ਵੀ ਧਿਆਨ ਰੱਖਣ ਵਾਲੀ ਹੈ ਕਿ ਵੱਖਰੀਆਂ ਵੱਖਰੀਆਂ ਧਿਰਾਂ ਦਾ ਇਤਿਹਾਸ ਵੀ ਆਪੋ ਆਪਣਾ ਹੁੰਦਾ ਹੈ। ਜਿਹੜੀ ਧਿਰ ਜ਼ੋਰ ਵਾਲੀ ਹੁੰਦੀ ਹੈ; ਜਿਹੜੀ ਧਿਰ ਕੋਲ ਰਾਜ-ਸੱਤਾ ਹੁੰਦੀ ਹੈ; ਉਸ ਕੋਲ ਆਪਣੀ ਗੱਲ ਕਹਿਣ ਅਤੇ ਪਰਚਾਰਨ ਦੇ ਵਿਆਪਕ ਸਾਧਨ ਅਤੇ ਵਸੀਲੇ ਵੀ ਹੁੰਦੇ ਹਨ। ਉਹ ਧਿਰ ‘ਆਪਣੇ ਇਤਿਹਾਸ’ ਨੂੰ ਅਗਰਭੂਮੀ ਵਿਚ ਲਿਆ ਖੜਾ ਕਰਦੀ ਹੈ ਅਤੇ ਦੂਜੀ ਧਿਰ ਦੇ ਇਤਿਹਾਸ ਨੂੰ ਓਹਲੇ ਵਿਚ ਰੱਖਦੀ, ਉਸ ਵਿਚ ਰਲ਼ਾ ਪਾਉਂਦੀ ਅਤੇ ਹੌਲੀ ਹੌਲੀ ਲੋਕ-ਚੇਤਿਆਂ ਵਿਚੋਂ ਉਸ ਇਤਿਹਾਸ ਨੂੰ ਅਲੋਪ ਕਰਨ ਦੇ ਸੂਖ਼ਮ ਢੰਗ ਤਰੀਕੇ ਵਰਤਦੀ ਰਹਿੰਦੀ ਹੈ। ਕਹਾਵਤ ਤਾਂ ਇਹ ਹੈ ਕਿ ‘ਸੌ ਵਾਰ ਬੋਲਿਆ ਝੂਠ ਸੱਚ ਹੋ ਜਾਂਦਾ ਹੈ’ ਪਰ ਜਦੋਂ ਝੂਠ ਸੌ ਵਾਰ ਦੀ ਥਾਂ ਲੱਖਾਂ-ਕਰੋੜਾਂ ਵਾਰ ਬੋਲਿਆ ਗਿਆ ਹੋਵੇ ਤੇ ਹੁਣ ਤੱਕ ਵੀ ਬੋਲਿਆ ਜਾ ਰਿਹਾ ਹੋਵੇ ਤਾਂ ਉਸਦੇ ਸੱਚ ਮੰਨੇ ਜਾਣ ਵਿਚ ਕਸਰ ਰਹਿ ਹੀ ਨਹੀਂ ਜਾਂਦੀ। ਸਾਡੇ ਇਨਕਲਾਬੀ ਇਤਿਹਾਸ ਨਾਲ ਸਾਡੇ ਮੁਲਕ ਵਿਚ ਵੀ ਅਜਿਹਾ ਹੀ ਵਾਪਰਿਆ।
‘ਖੂਨ ਦੀ ਇਕ ਵੀ ਬੂੰਦ ਵਹਾਏ ਬਿਨਾ’ ਆਜ਼ਾਦੀ ਪ੍ਰਾਪਤ ਕਰਨ ਦਾ ਪਰਚਾਰ ਕਰਨ ਵਾਲੀ ਤਾਕਤਵਰ ਧਿਰ ਨੇ ਲੋਕਾਂ ਦੇ ਇਨਕਲਾਬੀ ਘੋਲ ਨੂੰ ਲੋਕ-ਚੇਤਨਾ ਤੋਂ ਅਸਲੋਂ ਉਹਲੇ ਵਿਚ ਰੱਖੀ ਰੱਖਿਆ। ਜੇ ਕਦੀ ਗੱਲ ਕੀਤੀ ਵੀ ਤਾਂ ਉਹਨਾਂ ਜਾਂ-ਬਾਜ਼ ਸੂਰਮਿਆਂ ਦੇ ਲਾਸਾਨੀ ਕਾਰਨਾਮਿਆਂ ਨੂੰ ਦਹਿਸ਼ਤਗਰਦ ਕੰਮ ਆਖ ਕੇ ਛੁਟਿਆਉਣ ਦੀ ਹੀ ਕੋਸਿ਼ਸ਼ ਕੀਤੀ। ਕਿਸੇ ਪਾਠ-ਪੁਸਤਕ ਵਿਚ ਅਜਿਹੀਆਂ ਇਨਕਲਾਬੀ ਲਹਿਰਾਂ ਦਾ ਜਿ਼ਕਰ ਕਰਨਾ ਵਰਜਿਤ ਹੋ ਗਿਆ। ਰਾਜ-ਸੱਤਾ ਉੱਤੇ ਕਾਬਜ਼ ਧਿਰ ਨੇ ਆਪਣੇ ਪਰਚਾਰ ਰਾਹੀਂ ਇਨਕਲਾਬੀ ਧਿਰ ਨੂੰ ਡਾਕੂ, ਕਾਤਲ, ਲੁਟੇਰੇ, ‘ਹੋਸ਼ ਤੋਂ ਬਿਨਾ ਜੋਸ਼’ ਵਾਲੇ ‘ਭੁੱਲੜ ਦੇਸ਼-ਭਗਤ’ ਬਣਾ ਦਿੱਤਾ ਅਤੇ ਇਨਕਲਾਬੀ ਇਤਿਹਾਸ ਨੂੰ ਹਾਸ਼ੀਏ ਵਿਚ ਧੱਕ ਕੇ, ਓਹਲੇ ਵਿਚ ਥਾਪੜ ਕੇ ਸੁਆ ਦਿੱਤਾ। ਇਸ ਧਿਰ ਨੇ ਪਰਚਾਰ ਸਾਧਨਾਂ ਰਾਹੀਂ ਦਿਨ ਰਾਤ ਇੱਕ ਕਰਕੇ ‘ਲੇ ਦੀ ਆਜ਼ਾਦੀ ਹਮੇ ਬਿਨ ਖੜਗ ਬਿਨ ਢਾਲ, ਸਾਬਰਮਤੀ ਕੇ ਸੰਤ ਤੂ ਨੇ ਕਰ ਦੀਆਂ ਕਮਾਲ’ ਵਾਲੇ ਆਪਣੇ ਇਤਿਹਾਸ ਨੂੰ ਆਉਣ ਵਾਲੀਆਂ ਨਸਲਾਂ ਦੇ ਚੇਤੇ ਦਾ ਅੰਗ ਬਣਾ ਧਰਿਆ ਸੀ। ਸਾਨੂੰ ਆਪਣੇ ਸ਼ਹੀਦਾਂ ਦਾ ਇਤਿਹਾਸ ਨਾ ਪੜ੍ਹਾਇਆ ਗਿਆ ਅਤੇ ਨਾ ਹੀ ਉਸ ਇਤਿਹਾਸ ਨੂੰ ਪਰਚਾਰਿਆ ਗਿਆ।
ਉਹ ਅਜਿਹਾ ਕਰਦੇ ਵੀ ਕਿਉਂ? ਉਹ ਤਾਂ ਹੁਣ ਤੱਕ ਨਾਮਧਾਰੀਆਂ ਵੱਲੋਂ ਪੰਜਾਬ ਵਿਚ ਸਭ ਤੋਂ ਪਹਿਲਾਂ ਸ਼ੁਰੂ ਕੀਤੀ, ਅੰਗਰੇਜ਼ੀ ਸਰਕਾਰ ਨਾਲ ਨਾਮਿਲਵਰਤਣ ਦੀ ਲਹਿਰ ਅਤੇ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ ਨੂੰ ਆਜ਼ਾਦੀ ਸੰਗਰਾਮ ਦਾ ਹਿੱਸਾ ਮੰਨਣ ਲਈ ਤਿਆਰ ਨਹੀਂ ਸਨ। ਉਹਨਾਂ ਤਾਂ ਭਗਤ ਸਿੰਘ ਜਿਹੀ ਲਿਸ਼ਕਦੀ ਸ਼ਖ਼ਸੀਅਤ ਨੂੰ ਵੀ ਹੁਣ ਤੱਕ ‘ਦਹਿਸ਼ਤਗਰਦ’ ਜਾਂ ‘ਦੇਸ਼ ਭਗਤ’, ‘ਪੱਗ ਵਾਲੇ’ ਜਾਂ ‘ਟੋਪੀ ਵਾਲੇ’ ਦੀ ਬਹਿਸ ਦੇ ਧੁੰਦੂਕਾਰੇ ਵਿਚ ਫਸਾ ਰੱਖਿਆ ਹੈ। ਅੱਵਲ ਤਾਂ ਇਨਕਲਾਬੀ ਸ਼ਹੀਦ-ਸੂਰਮਿਆਂ ਨਾਲ ਸੰਬੰਧਤ ਯਾਦਗਾਰਾਂ ਉਸਾਰਨ ਜਾਂ ਸਾਂਭਣ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਜੇ ਕਿਧਰੇ ਕੁਝ ਸ਼ਹੀਦਾਂ ਦੀ ਲੋਕਪ੍ਰਿਅਤਾ ਨੂੰ ਆਪਣੇ ਹੱਕ ਵਿਚ ਭੁਨਾਉਣ ਲਈ ਕੋਈ ਯਾਦਗਾਰਾਂ ਬਣਾਈਆਂ ਜਾਂ ਸਾਂਭੀਆਂ ਹਨ ਤਾਂ ਉਹਨਾਂ ਦਾ ਮਹੱਤਵ ਵੀ ਸਿਰਫ਼ ਚਿੰਨ੍ਹ ਰੂਪ ਵਿਚ ਹੀ ਰਹਿ ਗਿਆ ਹੈ ਅਤੇ ਉਹ ਯਾਦਗਾਰਾਂ ਇਹਨਾਂ ਧਿਰਾਂ ਦੀ ਆਪਸੀ ਸਿਆਸੀ-ਚਿੱਕੜ ਉਛਾਲੀ ਦਾ ਮੰਚ ਬਣ ਕੇ ਰਹਿ ਗਈਆਂ ਹਨ। ਇਹਨਾਂ ਰਾਜਨੀਤਕ ਮੰਚਾਂ ‘ਤੇ ਕੁੱਕੜ-ਖੇਹ ਉੱਡਦੀ ਵੇਖ ਕੇ ਸ਼ਹੀਦਾਂ ਦੀ ਆਤਮਾ ਅੱਡੀਆਂ ਚੁੱਕ ਕੇ ਭੀੜ ਵਿਚ ਦੂਰ ਕਿਧਰੇ ਪਿੱਛੇ ਖਲੋਤੇ ਆਪਣੇ ਵਾਰਸਾਂ ਨੂੰ ਲੱਭਦੀ ਵਿਲਕਦੀ ਫਿਰਦੀ ਹੈ। ਇਨਕਲਾਬੀ ਇਤਿਹਾਸ ਬਾਰੇ ਸੰਵੇਦਨਹੀਣ ਇਹਨਾਂ ਤਾਕਤਾਂ ਵੱਲੋਂ ਹੀ ਪਿਛਲੇ ਸਮੇਂ ਵਿਚ ਜੱਲ੍ਹਿਆਂ ਵਾਲੇ ਬਾਗ਼ ਦੀ ਇਤਿਹਾਸਕ ਮਹੱਤਤਾ ਵਾਲੇ ਸਰੂਪ ਨੂੰ ਤਬਾਹ ਕਰਕੇ ਤੇ ਉਸਦੀ ਇਤਿਹਾਸਕ ਖ਼ੁਸਬੂ ਨੂੰ ਖ਼ਤਮ ਕਰਕੇ ਸਾਧਾਰਨ ਸੈਰਗਾਹ ਵਿਚ ਤਬਦੀਲ ਕਰਨ ਦੀ ਕਾਰਵਾਈ ਕੀਤੀ ਗਈ, ਜਿਸਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿਚ ਲੜੇ ਸੰਘਰਸ਼ ਕਾਰਨ ਠੱਲ੍ਹ ਪਈ। ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਮਕਾਨ ਨੂੰ, ਸ਼ਹੀਦੀ-ਵਿਰਾਸਤ ਵਜੋਂ ਸਾਂਭਣ ਦੀ ਥਾਂ, ਢਹਿ-ਢੇਰੀ ਕਰ ਦੇਣਾ ਵੀ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਘੱਟੇ ਕੌਡੀ ਰੋਲਣ ਦਾ ਕਾਰਾ ਹੀ ਆਖਿਆ ਜਾ ਸਕਦਾ ਹੈ। ਅਜਿਹੀਆਂ ਦਰਜਨਾਂ ਮਿਸਾਲਾਂ ਹਨ, ਕਿਸ ਕਿਸ ਦਾ ਜਿ਼ਕਰ ਕਰੀਏ?
ਇਹ ਭਾਣਾ ਸਿਰਫ਼ ਪੰਜਾਬ ਦੇ ਇਤਿਹਾਸ ਨਾਲ ਹੀ ਨਹੀਂ ਵਾਪਰਿਆ, ਦੇਸ਼ ਦੇ ਦੂਜੇ ਭਾਗਾਂ ਵਿਚ ਵੀ ਇਨਕਲਾਬੀ ਇਤਿਹਾਸ ਦਾ ਅਜਿਹਾ ਹੀ ਹਸ਼ਰ ਹੋਇਆ ਹੈ। ਇਸਦੀ ਇਕ ਮਿਸਾਲ ਦੇਣੀ ਹੀ ਕਾਫ਼ੀ ਹੋਵੇਗੀ। ਭਾਰਤ ਵਿਚ ਉੱਠੀਆਂ ਇਨਕਲਾਬੀ ਲਹਿਰਾਂ ਵਿਚ ਬੰਗਾਲ ਦੇ ਬੇਮਿਸਾਲ ਯੋਗਦਾਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਪਰ ਪੰਜਾਬੀ ਪਾਠਕਾਂ ਲਈ ਇਹ ਤੱਥ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੋਵੇਗਾ ਕਿ ਬੰਗਾਲ ਦੇ ਇਨਕਲਾਬੀ ਇਤਿਹਾਸ ਤੇ ਇਨਕਲਾਬੀਆਂ ਦੀ ਯਾਦਗਾਰਾਂ ਸਾਂਭਣ-ਸੰਭਾਲਣ ਦਾ ਕੰਮ ਪੰਜਾਬ ਨਾਲੋਂ ਵੀ ਗਿਆ ਗੁਜ਼ਰਿਆ ਹੈ। ਇਨਕਲਾਬੀ ਲਹਿਰਾਂ ਦੇ ਇਤਿਹਾਸ ਦੇ ਖੋਜੀ ਇਕ ਬੰਗਾਲੀ ਸੱਜਣ ਕੌਸਿ਼ਕ ਬੈਨਰ ਜੀ, ਜੋ ਪਿਛਲੇ ਦਿਨੀ ਇਤਿਹਾਸ ਦੀ ਖੋਜ ਦੇ ਸਿਲਸਿਲੇ ਵਿਚ ਦੇਸ਼ ਭਗਤ ਯਾਦਗਾਰ ਕੇਂਦਰ ਜਲੰਧਰ ਵਿਚ ਆਏ ਹੋਏ ਸਨ, ਨਾਲ ਵਾਰਤਾਲਾਪ ਕਰਨ ਤੋਂ ਇਸ ਹਕੀਕਤ ਦਾ ਪਤਾ ਚੱਲਿਆ ਕਿ ਰਾਸ ਬਿਹਾਰੀ ਬੋਸ ਤੇ ਸਾਚਿੰਦਰ ਨਾਥ ਸਾਨਿਆਲ ਵਰਗੇ ਪ੍ਰਸਿੱਧ ਬੰਗਾਲੀ ਇਨਕਲਾਬੀਆਂ ਬਾਰੇ ਬੰਗਾਲੀ ਵਿਚ ਕੋਈ ਜੀਵਨੀ ਲਿਖੀ ਪ੍ਰਾਪਤ ਨਹੀਂ ਹੁੰਦੀ। ਉਹਨਾਂ ਦਾ ਬੰਗਾਲੀ ਵਿਚ ਜੇ ਕਿਧਰੇ ਜਿ਼ਕਰ-ਜ਼ਕਾਰ ਹੈ ਵੀ ਤਾਂ ਵੱਖ ਵੱਖ ਲਿਖਤਾਂ ਵਿਚ ਕਿਤੇ ਕਿਤੇ ਤੇ ਬਹੁਤ ਹੀ ਅਲਪ ਮਾਤਰਾ ਵਿਚ ਹੈ। ਹੈਰਾਨੀ ਤਾਂ ਇਸ ਗੱਲ ਦੀ ਵੀ ਹੋਈ ਸਾਨਿਆਲ ਦੀ ਬਹੁ-ਚਰਚਿਤ ਇਤਿਹਾਸਕ ਪੁਸਤਕ ‘ਬੰਦੀ ਜੀਵਨ’ ਵੀ ਅੱਜਕੱਲ੍ਹ ਬੰਗਾਲੀ ਭਾਸ਼ਾ ਵਿਚ ਉਪਲਬਧ ਨਹੀਂ। ਇਸ ਇਤਹਾਸ ਦੀ ਖੋਜ ਕਰਨ ਵਾਲਿਆਂ ਨੂੰ ਇਹਨਾਂ ਦੋਵਾਂ ਇਨਕਲਾਬੀਆਂ ਤੇ ਹੋਰ ਬੰਗਾਲੀ ਇਨਕਲਾਬੀ ਕਾਰਕੁਨਾਂ ਬਾਰੇ ਜਾਣਕਾਰੀ ਵੀ ਬਹੁਤਾ ਕਰਕੇ ਉਸ ਦੌਰ ਬਾਰੇ ਪੰਜਾਬ ਵਿਚ ਲਿਖੀਆਂ ਗਈਆਂ ਇਤਿਹਾਸਕ ਪੁਸਤਕਾਂ ਤੋਂ ਹੀ ਮਿਲਦੀ ਹੈ। ਇਹ ਵੀ ਇਤਿਹਾਸ ਦੀ ਵਿਡੰਬਨਾ ਹੈ ਕਿ ਕਦੀ ਬੰਗਾਲੀ ਇਨਕਲਾਬੀਆਂ ਕੋਲੋਂ ਲਿਖਤੀ ਤੇ ਅਮਲੀ ਅਗਵਾਈ ਲੈਣ ਲਈ ਪੰਜਾਬ ਦੇ ਇਨਕਲਾਬੀਆਂ ਨੇ ਬੰਗਾਲ ਦੇ ਇਨਕਲਾਬੀਆਂ ਤੇ ਬੁੱਧੀਮਾਨਾਂ ਤੱਕ ਪਹੁੰਚ ਕੀਤੀ ਸੀ ਅਤੇ ਅੱਜ ਬੰਗਾਲ ਦੇ ਖੋਜੀਆਂ ਵੱਲੋਂ ਆਪਣੇ ਇਨਕਲਾਬੀ ਨਾਇਕਾਂ ਦੇ ਇਤਿਹਾਸ ਤੇ ਪ੍ਰਾਪਤੀਆਂ ਨੂੰ ਜਾਨਣ ਤੇ ਖੋਜਣ ਲਈ ਪੰਜਾਬ ਦਾ ਰੁਖ਼ ਕੀਤਾ ਜਾ ਰਿਹਾ ਹੈ। ਕੁਝ ਵੀ ਹੋਵੇ ਇਹ ਗੱਲ ਹੈ ਬੜੀ ਦੁਖਦਾਈ ਤੇ ਚਿੰਤਾ ਵਾਲੀ ਕਿ ਬੰਗਾਲ ਵਰਗੇ ਸੂਬੇ ਵਿਚ ਵੀ ਇਨਕਲਾਬੀਆਂ ਤੇ ਇਨਕਲਾਬੀ ਇਤਿਹਾਸ ਨਾਲ ਅਜਿਹਾ ਸਲੂਕ ਹੋਇਆ ਹੈ ਜਦ ਕਿ ਓਥੇ ਏਨਾ ਲੰਮਾ ਸਮਾਂ ਹਕੂਮਤ ਵੀ ਕਮਿਊਨਿਸਟਾਂ ਦੀ ਰਹੀ ਹੈ। ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਬਾਰੇ ਇੱਕ ਹੀ ਵੇਰਵਾ ‘ਦਾਲ ‘ਚੋਂ ਦਾਣਾ ਟੋਹਣ’ ਲਈ ਕਾਫ਼ੀ ਹੋਵੇਗਾ। ਸ਼ਹੀਦ ਭਗਤ ਸਿੰਘ ਦੇ ਯੁੱਧ-ਸਾਥੀ ਤੇ ਅਸੈਂਬਲੀ ਵਿਚ ਬੰਬ ਸੁੱਟਣ ਦੀ ਇਤਿਹਾਸਕ ਘਟਨਾ ਵਿਚ ਭਗਤ ਸਿੰਘ ਨਾਲ ਸ਼ਾਮਲ ਸਾਥੀ ਬੀ ਕੇ ਦੱਤ ਦੇ ਪਿੰਡ ਵਿਚ ਅਜੇ ਤੱਕ ਉਸਦੀ ਦੀ ਯਾਦਗਾ਼ਰ ਸਥਾਪਤ ਨਹੀਂ ਕੀਤੀ ਗਈ। ਦੱਤ ਦੇ ਪ੍ਰਸੰਸਕਾਂ ਦੇ ਲਗਾਤਾਰ ਦਬਾਓ ਪਾਉਣ ‘ਤੇ ਕਮਿਊਨਿਸਟ ਸਰਕਾਰ ਨੇ ਦੱਤ ਦੇ ਨਿਵਾਸ ਅਸਥਾਨ ਨੂੰ ਇਤਿਹਾਸਕ ਯਾਦਗਾਰ ਬਨਾਉਣ ਦਾ ਕਾਗ਼ਜ਼ੀ ਫ਼ੈਸਲਾ ਤਾਂ ਦਸ ਸਾਲ ਪਹਿਲਾਂ ਕਰ ਦਿੱਤਾ ਪਰ ਇਸ ‘ਤੇ ਅਮਲ-ਦਰਾਮਦ ਅੱਜ ਤੱਕ ਨਹੀਂ ਹੋ ਸਕਿਆ। ਯਾਦਗਾਰ ਬਨਾਉਣ ਲਈ ਵਿਧੀਵਤ ਸਰਕਾਰੀ ਮਨਜ਼ੂਰੀ ਲੈਣ ਵਾਲੀ ਫ਼ਾਈਲ ਸਰਕਾਰੀ ਦਫ਼ਤਰਾਂ ਵਿਚ ਪਿਛਲੇ ਦਸ ਸਾਲਾਂ ਤੋਂ ਰੁਲ਼ ਰਹੀ ਹੈ ਤੇ ਮਨਜ਼ੂਰੀ ਦੀ ਮੰਗ ਕਰਨ ਵਾਲੇ ਅਜੇ ਵੀ ਦਫ਼ਤਰ ਦਰ ਦਫ਼ਤਰ ਧੱਕੇ ਖਾ ਰਹੇ ਹਨ।
ਅੰਗਰੇਜ਼ ਸਰਕਾਰ ਨੇ ਆਪਣੇ ਪਰਚਾਰ ਰਾਹੀਂ ਲੋਕ-ਮਨਾਂ ਵਿਚ ਗ਼ਦਰੀਆਂ ਨੂੰ ਚੋਰ, ਡਾਕੂ ਤੇ ਹਿੰਸਕ ਬਿਰਤੀ ਵਾਲੇ ਦੱਸ ਕੇ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਪਰ ਅਸੀਂ ਜਾਣਦੇ ਹਾਂ ਕਿ ਗ਼ਦਰ ਲਹਿਰ ਕਾਤਲਾਂ, ਡਾਕੂਆਂ ਤੇ ਲੁਟੇਰਿਆਂ ਦੀ ਲਹਿਰ ਨਹੀਂ ਸੀ। ਇਹ ਤਾਂ ਆਪਣੇ ਲੋਕਾਂ ਲਈ ਖ਼ੁਦ ਲੁੱਟੇ ਜਾਣ ਵਾਲੇ ਤੇ ਉਹਨਾਂ ਦੇ ਭਲੇ ਲਈ ਮੌਕਾ ਆਉਣ ‘ਤੇ ਖ਼ੁਦ ਕਤਲ ਤੇ ਕੁਰਬਾਨ ਹੋ ਜਾਣ ਲਈ ਤਿਆਰ ਰਹਿਣ ਵਾਲੇ ਲੋਕਾਂ ਦੀ ਲਹਿਰ ਸੀ। ‘ਗ਼ਦਰ’ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਬਣਾਏ ਚਿੰਨ੍ਹਾਂ ਨੂੰ ਧਿਆਨ ਨਾਲ ਵੇਖਣ ਦੀ ਜ਼ਰੂਰਤ ਹੈ। ਓਥੇ ਦੋ ਤਲਵਾਰਾਂ ਦੇ ਨਾਲ ਇਕ ਫੁੱਲ ਵੀ ਛਪਿਆ ਹੁੰਦਾ ਸੀ। ਜਿਹੜਾ ਇਸ ਗੱਲ ਦਾ ਸੂਚਕ ਸੀ ਕਿ ਉਹ ਇਨਕਲਾਬੀ ਆਪਣੇ ਲੋਕਾਂ ਲਈ ਫੁੱਲਾਂ ਦੀ ਖ਼ੁਸ਼ਬੂ ਵਰਗਾ ਖੁਸ਼ੀਆਂ ਖੇੜਿਆਂ ਦਾ ਰਾਜ ਲਿਆਉਣ ਲਈ ਹੀ ਤਲਵਾਰਾਂ ਜਾਂ ਸ਼ਸ਼ਤਰ ਫੜ ਕੇ ਜੂਝਣ ਨਿਕਲੇ ਹਨ। ਆਪਣੇ ਲੋਕਾਂ ਲਈ ਮਹਿਕਾਂ ਭਰਿਆ, ਖੁਸ਼ੀਆਂ-ਖੇੜਿਆਂ ਵਾਲਾ ਫੁੱਲਾਂ ਵਰਗਾ ਜੀਵਨ ਲਿਆਉਣ ਦੇ ਅਭਿਲਾਖੀ ਇਹ ਸਿਰੜ੍ਹੀ-ਸੂਰਮੇ ਸਾਰੀ ਉਮਰ ਆਪ ਅੰਗਿਆਰਾਂ ਤੇ ਤੁਰਦੇ ਰਹੇ। ਆਪ ਆਪਣੇ ਪਰਿਵਾਰਾਂ ਨੂੰ ਅਸੁਰੱਖਿਆ ਦੀ ਬਲਦੀ ਅੱਗ ਵਿਚ ਸੁੱਟ ਕੇ ਆਪਣੇ ਸੀਨਿਆਂ ਨਾਲ ਅੰਗਿਆਰਾਂ ਨੂੰ ਘੁੱਟਦੇ ਰਹੇ ਤਾਕਿ ਸਾਡੇ ਸੀਨਿਆਂ ਵਿਚ ਠੰਡ ਪੈ ਸਕੇ।
ਅਸੀਂ ਅਕਸਰ ਹੀ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਮਹਾਨ ਪੰਜਾਬੀ ਲੋਕ ਇਤਿਹਾਸ ਦੇ ਸਿਰਜਕ ਤਾਂ ਹਨ ਪਰ ਇਸ ਨੂੰ ਲਿਖਣ ਤੇ ਸਾਂਭਣ ਵੱਲੋਂ ਇਕ ਹੱਦ ਤੱਕ ਲਾਪ੍ਰਵਾਹ ਹੀ ਰਹੇ ਹਨ। ਗ਼ਦਰ ਪਾਰਟੀ ਦੇ ਇਤਿਹਾਸ ਨਾਲ ਵੀ ਇਹੋ ਭਾਣਾ ਵਾਪਰਿਆ ਹੈ। ਅੰਡਰਗਰਾਊਂਡ ਵਿਚਰ ਰਹੀਆਂ ਲਹਿਰਾਂ ਦੀ ਇਕ ਸੀਮਾ ਇਹ ਹੁੰਦੀ ਹੈ ਕਿ ਪੁਲਿਸ ਦੇ ਹੱਥ ਆ ਜਾਣ ਦੇ ਡਰੋਂ ਇਸਦੇ ਕੰਮਾਂ ਜਾਂ ਵੇਰਵਿਆਂ ਦਾ ਲਿਖਤੀ ਰੀਕਾਰਡ ਰੱਖਣਾ ਸੰਭਵ ਨਹੀਂ ਹੁੰਦਾ। ਕੋਈ ਦਸਤਾਵੇਜ਼ੀ ਸਬੂਤ ਨਾ ਹੋਣ ਦੀ ਸੂਰਤ ਵਿਚ ਪਿੱਛੋਂ ਇਤਿਹਾਸ ਲਿਖਣ ਵਾਲੇ ਪ੍ਰਮਾਣਿਕ ਸਾਮੱਗਰੀ ਦੀ ਘਾਟ ਨੂੰ ਬਚ ਗਏ ਇਨਕਲਾਬੀਆਂ ਨਾਲ ਮੇਲ-ਮੁਲਾਕਾਤਾਂ ਰਾਹੀਂ ਪੂਰਾ ਕਰਨ ਦਾ ਯਤਨ ਕਰਦੇ ਹਨ। ਸਾਡੇ ਕੁਝ ਇਤਿਹਾਸਕਾਰਾਂ ਨੇ ਉਹਨਾਂ ਗ਼ਦਰੀ ਬਾਬਿਆਂ ਕੋਲੋਂ, ਜਿਹੜੇ ਲੰਮੀਆਂ ਕੈਦਾਂ ਭੋਗਣ ਉਪਰੰਤ ਦੇਰ ਤੱਕ ਜਿਊਂਦੇ ਰਹੇ, ਪੁੱਛ-ਗਿੱਛ ਕਰਕੇ ਇਸ ਇਤਿਹਾਸ ਦਾ ਖ਼ਾਕਾ ਉਲੀਕਣ ਦੀ ਕੋਸਿ਼ਸ਼ ਕੀਤੀ ਹੈ। ਯਾਦ-ਦਾਸ਼ਤ ਦੇ ਆਧਾਰ ‘ਤੇ ਦਿੱਤੀ ਜਾਣਕਾਰੀ ਵਿਚ ਬਹੁਤ ਸਾਰੇ ਤੱਥਾਤਮਕ ਖੱਪੇ ਰਹਿ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸਦਾ ਪ੍ਰਮਾਣ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੀ ਲਿਖੀ ਇਕ ਚਿੱਠੀ ਤੋਂ ਭਲੀ-ਭਾਂਤ ਮਿਲ ਜਾਂਦਾ ਹੈ। ਜਦੋਂ ਗੁਰਚਰਨ ਸਿੰਘ ਸਹਿੰਸਰਾ ‘ਦੇਸ਼ ਭਗਤ ਯਾਦਗਾਰ ਕਮੇਟੀ’ ਦੀ ਅਗਵਾਈ ਵਿਚ ‘ਗ਼ਦਰ ਪਾਰਟੀ ਦਾ ਇਤਿਹਾਸ’ ਲਿਖਣ ਲਈ ਮਸਾਲਾ ਇਕੱਠਾ ਕਰ ਰਿਹਾ ਸੀ ਤਾਂ ਉਸਨੇ ਗ਼ਦਰ ਪਾਰਟੀ ਦੀ ਸਥਾਪਨਾ ਤੇ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਮੁੱਢੋਂ ਜੁੜੇ ਰਹੇ ਪ੍ਰਸਿੱਧ ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਚਿੱਠੀਆਂ ਲਿਖ ਕੇ ਉਸ ਦੌਰ ਦੀਆਂ ਯਾਦਾਂ ਨੂੰ ਕਲਮ-ਬੰਦ ਕਰਕੇ ਭੇਜਣ ਦੀ ਬੇਨਤੀ ਕੀਤੀ। ਬਾਬਾ ਹਰਨਾਮ ਸਿੰਘ ਟੁੰਡੀਲਾਟ ਨੇ ਜਵਾਬ ਵਿਚ ਲਿਖਿਆ ਸੀ, ‘ਮੁਝੇ ਕਿਸੇ ਭੀ ਨਏ ਪੁਰਾਨੇ ਸਾਥੀ ਕੀ ਇਮਦਾਦ ਸੇ ਅਖ਼ਬਾਰ ‘ਗ਼ਦਰ’ ਕੇ ਜਾਰੀ ਹੋਨੇ ਕੀ ਤਾਰੀਖ਼ ਕੇ ਬਾਰੇ ਮੇਂ ਕੋਈ ਸਹਾਇਤਾ ਨਹੀਂ ਮਿਲ ਸਕੀ। ਦੋ ਤੀਨ ਪੁਰਾਨੇ ਸਾਥੀਓਂ ਸੇ ਪੂਛਾ ਗਇਆ। ਉਨਕੀ ਯਾਦ-ਦਾਸ਼ਤ ਸਿਫ਼ਰ ਸੇ ਭੀ ਨੀਚੇ ਚਲੀ ਗਈ ਹੈ। ਅਪਨੀ ਏਕ ਲਿਖੀ ਹੂਈ ਕਾਪੀ ਕਾਗ਼ਜ਼ਾਤ ਮੇਂ ਦਬੀ ਪੜੀ ਦੇਖਨੇ ਕੋ ਮਿਲ ਗਈ। ਇਸ ਸੇ ਇਸ ਬਾਤ ਕੀ ਸਹੀ ਰੌਸ਼ਨੀ ਪੜੀ।’
ਚੇਤੇ ਦੀ ਘਾਟ ਤੋਂ ਇਲਾਵਾ ਉੱਤਰਦਾਤਿਆਂ ਵੱਲੋਂ ਦਿੱਤੀ ਜਾਣਕਾਰੀ ਵਿਚ ਅੰਤਰਮੁਖਤਾ ਦਾ ਦਖ਼ਲ ਵੀ ਇਤਿਹਾਸ ਲਿਖਣ ਲਈ ਲੋੜੀਂਦੀ ਵਿੱਥ-ਸੋਝੀ ਦੇ ਰਾਹ ਦਾ ਰੋੜਾ ਬਣ ਖਲੋਂਦਾ ਹੈ। ਖ਼ੁਦ ਇਹਨਾਂ ਬਾਬਿਆਂ ਨੇ ਆਪਣੇ ਕੰਮਾਂ ਤੇ ਸਾਥੀਆਂ ਦੀਆਂ ਕੁਰਬਾਨੀਆਂ ਨਾਲ ਸੰਬੰਧਤ ਇਤਿਹਾਸ ਨੂੰ ਲਿਖਤੀ ਰੂਪ ਵਿਚ ਸਾਂਭਣ ਦਾ ਘੱਟ ਹੀ ਉੱਦਮ ਕੀਤਾ ਹੈ। ਇਤਿਹਾਸ ਲਿਖਣ ਤੇ ਸਾਂਭਣ ਵਾਲੀ ਇਤਿਹਾਸਕ ਦ੍ਰਿਸ਼ਟੀ ਤੋਂ ਉਹ ਬਹੁਤ ਹੱਦ ਤੱਕ ਅਣਜਾਣ ਸਨ। ਉਂਜ ਵੀ ਉਹ ਸੁਭਾਅ ਦੇ ਨਿਰਮਾਣ ਸਨ। ਆਪਣੇ ਕੀਤੇ ਦਾ ਵਿਖਾਲਾ ਨਾ ਪਾਉਣ ਦੀ ਉਹਨਾਂ ਦੇ ਸੁਭਾਅ ਵਿਚਲੀ ਨਿਰਮਾਣਤਾ ਵੀ ਉਹਨਾਂ ਨੂੰ ਆਪਣੇ ਬਾਰੇ ਲਿਖਣ ਤੋਂ ਰੋਕਦੀ ਸੀ। ਉਹਨਾਂ ਵਿਚੋਂ ਬਹੁਤੇ ਵਿਦਿਅਕ ਪੱਖੋਂ ਵੀ ਬਹੁਤੇ ਪੜ੍ਹੇ-ਲਿਖੇ ਨਾ ਹੋਣ ਕਰਕੇ ਆਪਣੀਆਂ ਇਤਿਹਾਸਕ ਯਾਦਾਂ ਨੂੰ ਲਿਖਣ ਤੋਂ ਅਸਮਰੱਥ ਸਨ। ਉਸ ਵੇਲੇ ਅਜੇ ਵੱਡੇ ਪੱਧਰ ‘ਤੇ ਪੰਜਾਬੀ ਵਿਚ ਠੁੱਕਦਾਰ ਵਾਰਤਕ ਲਿਖੇ ਜਾਣ ਦਾ ਪ੍ਰਚਲਨ ਵੀ ਨਹੀਂ ਸੀ ਹੋਇਆ। ਸ਼ਹਿਰੀ ਮੱਧ-ਸ਼੍ਰੇਣੀ ਤਾਂ ਠੀਕ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਕੁਝ ਹੱਦ ਤੱਕ ਵਾਰਤਕ ਦੀ ਸਿਰਜਣਾ ਕਰਨ ਲੱਗੀ ਸੀ ਪਰ ਪੰਜਾਬ ਦਾ ਪਿੰਡ ਅਜੇ ਕਿੱਸਿਆਂ-ਕਹਾਣੀਆਂ ਦੀ ਪਰੰਪਰਾ ਵਿਚੋਂ ਬਾਹਰ ਨਹੀਂ ਸੀ ਨਿਕਲ ਸਕਿਆ। ਗ਼ਦਰ ਪਾਰਟੀ ਦੇ ਆਗੂ ਤੇ ਕਾਰਕੁਨ ਬਹੁਤਾ ਕਰਕੇ ਪੰਜਾਬ ਦੇ ਪਿੰਡ ਨਾਲ ਹੀ ਸੰਬੰਧਤ ਸਨ। ਇਹੋ ਕਾਰਨ ਹੈ ਕਿ ਇਹਨਾਂ ਗ਼ਦਰੀ ਬਾਬਿਆਂ ਵਿਚੋਂ ਜਿਨ੍ਹਾਂ ਨੇ ਆਪਣੀਆਂ ਯਾਦਾਂ ਲਿਖਣ ਦੀ ਕੋਸਿ਼ਸ਼ ਕੀਤੀ ਵੀ ਉਹਨਾਂ ਨੇ ਬਹੁਤੀ ਵਾਰ ਕਵਿਤਾ ਦਾ ਆਸਰਾ ਹੀ ਲਿਆ। ਇਸ ਪ੍ਰਸੰਗ ਵਿਚ ਬਾਬਾ ਵਸਾਖਾ ਸਿੰਘ ਦਦੇਹਰ ਅਤੇ ਸੱਜਣ ਸਿੰਘ ਨਾਰੰਗਵਾਲ ਦੁਆਰਾ ਲਿਖੇ ਕਾਵਿਕ-ਇਤਿਹਾਸ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਹੱਥਲੀ ਪੁਸਤਕ ਵਿਚ ਬਾਬਾ ਹਰਨਾਮ ਸਿੰਘ ਚਮਿੰਡਾ ਵੱਲੋਂ ਲਿਖੇ ਬਿਰਤਾਂਤ ਵਿਚ ਉਹ ਬਾਰ ਬਾਰ ਆਪਣੀ ਗੱਲ ਨੂੰ ਖ਼ਾਸ ਘਟਨਾਵੀ ਮੁਕਾਮ ‘ਤੇ ਪਹੁੰਚਾ ਕੇ ਕਾਵਿ ਟੁਕੜਿਆਂ ਦੀ ਮਦਦ ਨਾਲ ਸਿਖ਼ਰਲਾ ਤੋੜਾ ਝਾੜਦਾ ਨਜ਼ਰ ਆਉਂਦਾ ਹੈ।
ਇਹ ਠੀਕ ਹੈ ਕਿ ਇਹ ਗ਼ਦਰੀ ਬਾਬੇ ਜਿਊਂਦਾ-ਜਾਗਦਾ ਸਾਹ ਲੈਂਦਾ ਇਤਿਹਾਸ ਸਨ ਪਰ ਇਹ ਆਪਣੀਆਂ ਹਿੱਕਾਂ ਅੰਦਰ ਦੱਬੇ ਇਤਿਹਾਸ ਨੂੰ ਕਿਵੇਂ ਲਿਖਦੇ ਜਾਂ ਦੱਸਦੇ ਜਦੋਂ ਕਿ ਉਹਨਾਂ ਨੂੰ ਖ਼ੁਦ ਸਾਹ ਲੈਂਦੇ ਰਹਿਣ ਲਈ ਡਾਢੀਆਂ ਔਖੀਆਂ ਘਾਟੀਆਂ ਵਿਚੋਂ ਲੰਘਣਾ ਪੈ ਰਿਹਾ ਸੀ। ਹਾਲਾਤ ਦੀ ਸਿਤਮ-ਜ਼ਰੀਫ਼ੀ ਤਾਂ ਇਹ ਹੈ ਕਿ ਦੇਸ਼ ‘ਆਜ਼ਾਦ’ ਹੋਣ ਪਿੱਛੋਂ ਉਹਨਾਂ ਵਿਚੋਂ ਬਹੁਤਿਆਂ ਦੀ ਆਰਥਕ ਸਥਿਤੀ ਅਜਿਹੀ ਬਣੀ ਰਹੀ ਕਿ ਉਹਨਾਂ ਨੂੰ ਦੋ ਡੰਗ ਦੀ ਰੋਟੀ ਦਾ ਧੰਦਾ ਸਾਰਨ ਲਈ ਵੀ ਡਾਢਾ ਔਖਾ ਹੋਣਾ ਪਿਆਾ। ਬਾਬਾ ਹਰਨਾਮ ਸਿੰਘ ਟੁੰਡੀਲਾਟ ਜੀ ਵੱਲੋਂ ਕਾਮਰੇਡ ਸਹਿੰਸਰਾ ਨੂੰ ਲਿਖੀਆਂ ਚਿੱਠੀਆਂ ਵਿਚੋਂ ਮੈਨੂੰ ਬਾਬਾ ਜੀ ਦੀ ਉਹ ਚਿੱਠੀ ਪੜ੍ਹ ਕੇ ਨਹਾਇਤ ਦੁੱਖ ਅਤੇ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਜਿਸ ਵਿਚ ਉਹਨਾਂ ਨੇ ਲਿਖਿਆ ਸੀ, “ਕਈ ਮਹੀਨੇ ਹੂਏ ਮੈਨੇ ਆਪਕੋ ਏਕ ਖ਼ਤ ਕੇ ਜਵਾਬ ਮੇਂ ਲਿਖਾ ਥਾ ਕਿ ਅਖ਼ਬਾਰ ‘ਗ਼ਦਰ’ ਕਾ ਪਹਿਲਾ ਪਰਚਾ ਛਾਇਆ ਹੋਨੇ ਕੀ ਤਾਰੀਖ਼ ਕਾ ਅਸਲੀ ਪਤਾ, ਕੁਝ ਔਰ ਸਬੂਤ ਦਰਿਆਫ਼ਤ ਕਰਕੇ ਬਤਲਾਊਂਗਾ। ਮਗਰ ਮਾਹ ਅਪ੍ਰੈਲ ਸੇ ਹੀ ਰੋਟੀ ਵਗ਼ੈਰਾ ਕੀ ਤੰਗੀ ਹੋਨੇ ਸੇ ਮੇਰੀ ਜਿਸਮਾਨੀ ਸਿਹਤ ਪਰ ਭੀ ਇਸਕਾ ਅਸਰ ਹੂਆ ਹੈ। ਇਸਕੇ ਸਾਥ ਪ੍ਰੇਸ਼ਾਨੀ ਜਾਂ ਚਿੰਤਾ ਫਿ਼ਕਰ ਕਾ ਦਬਾਓ ਹੋਨਾ ਭੀ ਜ਼ਰੂਰੀ ਥਾ। ਇਨ ਹਾਲਾਤ ਮੇਂ, ਮੈਂ ਉਪਰ ਵਾਲੀ ਬਾਤ ਕਾ ਜਵਾਬ ਦੇਨੇ ਕੇ ਕਾਬਲ ਨਹੀਂ ਹੋ ਸਕਾ।’
ਆਜ਼ਾਦੀ ਲਈ ਆਪਾ ਸਮਰਪਣ ਕਰਨ ਤੇ ਆਪਣੀ ਜਿੰ਼ਦਗੀ ਦੇ ਸੁਖ-ਚੈਨ ਨਿਸ਼ਾਵਰ ਕਰਨ ਵਾਲੇ ਬਾਬਾ ਟੁੰਡੀਲਾਟ ਵਰਗਿਆਂ ਦੀ ਅਜਿਹੀ ਹਾਲਤ ਪ੍ਰਾਪਤ ਆਜ਼ਾਦੀ ਦੇ ਖੋਖਲੇਪਨ ਦਾ ਉਛਾੜ ਤਾਂ ਪਾੜਦੀ ਹੀ ਹੈ ਨਾਲ ਇਹ ਵੀ ਦੱਸਦੀ ਹੈ ਕਿ ਜਦੋਂ ਉਹਨਾਂ ਲਈ ਰੋਜ਼ ਦਾ ਜਿਊਣਾ ਹੀ ਪਹਾੜ ਬਣਿਆਂ ਹੋਇਆ ਸੀ ਤਾਂ ਉਹਨਾਂ ਨੂੰ ਆਪਣਾ ਜੀਵਨ ਲਿਖਣ ਦੀ ਕਿੱਥੋਂ ਸੁਝਣੀ ਸੀ! ਅਜਿਹੀਆਂ ਦੁਸ਼ਵਾਰ ਹਾਲਤਾਂ ਵਿਚ ਬਹੁਤ ਥੋੜੇ ਗ਼ਦਰੀ ਬਾਬੇ ਆਪਣੇ ਜੀਵਨ ਤੇ ਯਾਦਾਂ ਨੂੰ ਲਿਖਤੀ ਰੂਪ ਵਿਚ ਸਾਂਭ ਸਕੇ, ਤੇ ਉਹ ਵੀ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਬਾਰ ਬਾਰ ਬੇਨਤੀਆਂ ਕਰਨ ‘ਤੇ। ਖੋਜ ਦੀ ਪੱਧਰ ‘ਤੇ ਗ਼ਦਰ ਪਾਰਟੀ ਬਾਰੇ ਸਭ ਤੋਂ ਪਹਿਲਾ ਯਾਦਗਾਰੀ ਕੰਮ ਜਗਜੀਤ ਸਿੰਘ ਨੇ ਵੱਡ ਆਕਾਰੀ ਪੁਸਤਕ ‘ਗ਼ਦਰ ਪਾਰਟੀ ਲਹਿਰ’ ਲਿਖ ਕੇ ਕੀਤਾ। ਉਸਤੋਂ ਪਿੱਛੋਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਰਹਿਨੁਮਾਈ ਅਧੀਨ ਗੁਰਚਰਨ ਸਿੰਘ ਸਹਿੰਸਰਾ ਨੇ ‘ਗ਼ਦਰ ਪਾਰਟੀ ਦਾ ਇਤਿਹਾਸ’ ਲਿਖਿਆ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਈ ਸਾਲ ‘ਦੇਸ਼ ਭਗਤ ਯਾਦਾਂ’ ਨਾਂ ਦਾ ਪਰਚਾ ਕੱਢ ਕੇ ਵੀ ਇਸ ਇਤਿਹਾਸ ਨੂੰ ਲਿਖਣ ਤੇ ਸਾਂਭਣ ਦਾ ਉਪਰਾਲਾ ਕੀਤਾ ਗਿਆ। ਪਿੱਛੋਂ ਕਾਮਰੇਡ ਸੋਹਨ ਸਿੰਘ ਜੋਸ਼, ਡਾ ਹਰੀਸ਼ ਪੁਰੀ, ਡਾ ਗੁਰਦੇਵ ਸਿੰਘ ਦਿਓਲ ਤੇ ਪ੍ਰੋ ਮਲਵਿੰਦਰਜੀਤ ਸਿੰਘ ਵੜੈਚ ਆਦਿ ਨੇ ਇਸ ਖੇਤਰ ਵਿਚ ਸਰਾਹੁਣਯੋਗ ਕੰਮ ਕੀਤਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਰਹੇ ਬਾਬਾ ਭਗਤ ਸਿੰਘ ਬਿਲਗਾ ਨੇ ਵੀ ਕੁਝ ਪੁਸਤਕਾਂ ਲਿਖ ਕੇ ਗ਼ਦਰ ਪਾਰਟੀ ਦੇ ਤਤਕਾਲੀ ਤੇ ਉੱਤਰਕਾਲੀ ਇਤਿਹਾਸ ਨੂੰ ਸਾਂਭਣ ਦਾ ਚਾਰਾ ਕੀਤਾ ਹੈ। ਕੁਝ ਨਵੇਂ ਖੋਜਾਰਥੀ ਹੁਣ ਵੀ ਆਪਣੀ ਸਮਰੱਥਾ ਮੁਤਾਬਕ ਇਸ ਦਿਸ਼ਾ ਵੱਲ ਚੰਗੇ ਉਪਰਾਲੇ ਕਰ ਰਹੇ ਹਨ। ਪਰ ਅਜੇ ਵੀ ਇਹ ਸਭ ਯਤਨ ਗੋਹੜੇ ਵਿਚੋਂ ਪੂਣੀ ਛੁਹਣ ਦੇ ਬਰਾਬਰ ਹੀ ਹਨ।
ਇਹਨਾਂ ਖੋਜੀਆਂ ਵੱਲੋਂ ਨਿਰਸੰਦੇਹ ਗ਼ਦਰ ਪਾਰਟੀ ਦੇ ਸਿਧਾਂਤਾਂ, ਸੰਕਲਪਾਂ, ਕੁਰਬਾਨੀਆਂ, ਪ੍ਰਾਪਤੀਆਂ ਤੇ ਕਮਜ਼ੋਰੀਆਂ ਦੇ ਵਿਵੇਚਨ ਤੇ ਵਿਸ਼ਲੇਸ਼ਣ ਰਾਹੀਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਇਸ ਲਹਿਰ ਦੇ ਮਹੱਤਵ ਨੂੰ ਸਥਾਪਤ ਕਰਨ ਦਾ ਸੁਯੋਗ ਉਪਰਾਲਾ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਗ਼ਦਰ ਲਹਿਰ ਦੇ ਬਹੁਤ ਸਾਰੇ ਨਾਇਕਾਂ ਦਾ ਜੀਵਨ ਆਪਣੇ ਪੂਰੇ ਖਿੜਾਓ ਤੇ ਜਲੌਅ ਸਮੇਤ ਸਾਡੇ ਰੂਬਰੂ ਨਹੀਂ ਹੋਇਆ। ਉਹਨਾਂ ਗ਼ਦਰੀ ਸੂਰਬੀਰਾਂ ਦੇ ਜੀਵਨ ਤੇ ਕਾਰਜਾਂ ਬਾਰੇ ਖਿੰਡੇ ਪੁੰਡੇ ਵੇਰਵੇ ਤਾਂ ਸਾਨੂੰ ਇਸ ਲਹਿਰ ਨਾਲ ਸੰਬੰਧਤ ਇਤਿਹਾਸਾਂ ਅਤੇ ਕੁਝ ਗ਼ਦਰੀ ਬਾਬਿਆਂ ਵੱਲੋਂ ਲਿਖੀਆਂ ਯਾਦਾਂ ਵਿਚੋਂ ਨਜ਼ਰ ਆ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਉੱਤੇ ਮੁਕੰਮਲ ਤੇ ਸੰਗਠਤ ਝਾਤ ਪਾਉਣ ਵਾਲੀਆਂ ਅਜਿਹੀਆਂ ਜੀਵਨੀਆਂ ਤਾਂ ਅਸਲੋਂ ਹੀ ਨਦਾਰਦ ਹਨ, ਜਿਨ੍ਹਾਂ ਵਿਚ ਉਹਨਾਂ ਦਾ ਜੀਵਨ ਪੂਰੀ ਤਰਤੀਬ ਨਾਲ ਬਰੀਕ ਤੇ ਭਰਪੂਰ ਵੇਰਵਿਆਂ ਦੇ ਬਿਆਨ ਸਹਿਤ ਵਿਭਿੰਨ ਪਰਤਾਂ ਸਮੇਤ ਪੇਸ਼ ਹੋਇਆ ਹੋਵੇ। ਨਵੀਂਆਂ ਪੀੜ੍ਹੀਆਂ ਨੂੰ ਇਸ ਲਹਿਰ ਦੇ ਇਤਿਹਾਸਕ ਗੌਰਵ ਤੋਂ ਜਾਣੂ ਕਰਾਉਣ ਲਈ ਇਹਨਾਂ ਪ੍ਰਾਪਤ ਇਤਿਹਾਸਾਂ ਵਿਚ ਗ਼ਦਰ ਲਹਿਰ ਦੇ ਨਾਇਕਾਂ ਬਾਰੇ ਖਿੰਡੇ ਤੇ ਟੁਟਵੇਂ ਵੇਰਵਿਆਂ ਨੂੰ ਇੱਕ ਥਾਂ ਇਕੱਤਰ ਕਰਕੇ ਤੇ ਹੋਰ ਖੋਜ ਕਰਕੇ ਉਸ ਮਸਾਲੇ ਵਿਚ ਕੁਝ ਹੋਰ ਨਵਾਂ ਜੋੜਨ ਨਾਲ ਉਹਨਾਂ ਦੀਆਂ ਜੀਵਨੀਆਂ ਤਿਆਰ ਕਰਨ ਦੀ ਡਾਢੀ ਲੋੜ ਹੈ।
ਇਤਿਹਾਸ ਪ੍ਰਤੀ ਸਾਡੀ ਲਾਪ੍ਰਵਾਹੀ ਦਾ ਇਸਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗ਼ਦਰ ਲਹਿਰ ਦੇ ਕਰਤਾਰ ਸਿੰਘ ਸਰਾਭੇ ਜਿਹੇ ਮਹਾਨ ਸੰਗਰਾਮੀਏ ਦੇ ਜੀਵਨ ਬਾਰੇ ਵੀ ਸਾਡੇ ਕੋਲ ਬਹੁਤ ਹੀ ਘੱਟ ਪ੍ਰਮਾਣਿਕ ਸਾਮੱਗਰੀ ਉਪਲਬਧ ਹੈ। ਉਸ ਬਾਰੇ ਜਿੰਨੀਆਂ ਵੀ ਪੁਸਤਕਾਂ ਮਿਲਦੀਆਂ ਹਨ ਉਹਨਾਂ ਵਿਚ ਮੁੜ-ਘਿੜ ਉਹੋ ਹੀ ਆਮ ਜਾਣੇ ਤੇ ਪੜ੍ਹੇ-ਸੁਣੇ ਗਏ ਵੇਰਵੇ ਬਿਆਨ ਹੋਏ ਮਿਲਦੇ ਹਨ। ਨਿਰਸੰਦੇਹ ਉਹ ਵੇਰਵੇ ਵੀ ਮਹੱਤਵਪੂਰਨ ਹਨ ਪਰ, ਜਿਵੇਂ ਅਸੀਂ ਚਾਹੁੰਦੇ ਹਾਂ, ਇਹਨਾਂ ਵੇਰਵਿਆਂ ਵਿਚ ਕੁਝ ਹੋਰ ਵੀ ਨਵਾਂ ਲੱਭ ਕੇ ਜੋੜਨ ਦੀ ਲੋੜ ਹੈ। ਅਸੀਂ ਏਥੇ ਇਤਿਹਾਸ ਦੀਆਂ ਪੁਸਤਕਾਂ ਵਿਚ ਟੋਟਾ ਟੋਟਾ ਖਿੱਲਰੇ ਸਰਾਭੇ ਨੂੰ ਇਕ ਥਾਂ ਜੋੜ ਕੇ ਉਸਦੀ ਇਨਕਲਾਬੀ ਸ਼ਖ਼ਸੀਅਤ ਦਾ ਸੰਗਠਤ ਬਿੰਬ ਉਸਾਰਨ ਦਾ ਉਪਰਾਲਾ ਕੀਤਾ ਹੈ। ਸਰਾਭੇ ਦੇ ਸਮਕਾਲੀਆਂ ਤੇ ਸੰਗੀਆਂ-ਸਾਥੀਆਂ ਨੇ ਸਰਾਭੇ ਬਾਰੇ ਆਪਣੇ ਵਿਚਾਰ ਵਿਅਕਤ ਕਰਕੇ ਉਹਦੀ ਸ਼ਖ਼ਸੀਅਤ ਦੇ ਕੁਝ ਰੰਗ ਉਭਾਰਨ ਦੀ ਕੋਸਿ਼ਸ਼ ਜ਼ਰੂਰ ਕੀਤੀ ਹੈ। ਭਾਵੇਂ ਇਹ ਕੋਸਿ਼ਸ਼ ਸਰਾਭੇ ਦੇ ਜੀਵਨ ਦਾ ਮੁਕੰਮਲ ਚਿਤਰ ਪੇਸ਼ ਨਾ ਵੀ ਕਰ ਸਕੀ ਹੋਵੇ ਤਦ ਵੀ ਇਤਿਹਾਸ ਦੇ ਪਾਠਕਾਂ ਲਈ ਇਹ ਇਸ ਕਰਕੇ ਜ਼ਰੂਰ ਲਾਹੇਵੰਦ ਹੋਵੇਗੀ, ਕਿਉਂਕਿ, ਇਸ ਰਾਹੀਂ ਸਰਾਭੇ ਬਾਰੇ ਹੋਰ ਪੜ੍ਹਣ ਤੇ ਖੋਜਣ ਦੀ ਪ੍ਰੇਰਨਾ ਮਿਲ ਸਕੇਗੀ।
ਉਸਦੇ ਬਚਪਨ ਦੇ ਬਹੁਤੇ ਵੇਰਵੇ ਭਾਵੇਂ ਉਪਲਬਧ ਨਹੀਂ ਹਨ ਤਦ ਵੀ ਇਹ ਪਤਾ ਜ਼ਰੂਰ ਲੱਗਦਾ ਹੈ ਕਿ 1896 ਵਿਚ, ਲੁਧਿਆਣੇ ਜਿ਼ਲ੍ਹੇ ਦੇ ਪਿੰਡ ਸਰਾਭੇ ਵਿਚ, ਸਰਦਾਰ ਮੰਗਲ ਸਿੰਘ ਤੇ ਬੀਬੀ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਨੂੰ ਛੋਟੀ ਉਮਰ ਵਿਚ ਹੀ ਮਾਂ-ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ ਸਹਿਣਾ ਪਿਆ ਤੇ ਉਸਦੀ ਪਰਵਰਿਸ਼ ਦੀ ਸਾਰੀ ਜਿ਼ੰਮੇਵਾਰੀ ਉਹਦੇ ਦਾਦਾ ਸਰਦਾਰ ਬਦਨ ਸਿੰਘ ਦੇ ਸਿਰ ਆਣ ਪਈ। ਦਾਦਾ ਉਸਨੂੰ ਬੇਥਾਹ ਪਿਆਰ ਕਰਦਾ ਸੀ। ਉਹ ਕਰਤਾਰ ਨੂੰ ਵਾਹੀ-ਖੇਤੀ ਦੇ ਕੰਮ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਉਸਦੀ ਇੱਛਾ ਸੀ ਕਿ ਕਰਤਾਰ ਪੜ੍ਹ-ਲਿਖ ਕੇ ਕਿਸੇ ਚੰਗੇ ਰੁਜ਼ਗ਼ਾਰ ‘ਤੇ ਲੱਗ ਜਾਵੇ। ਕਰਤਾਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਗਿਆ। ਪ੍ਰਾਇਮਰੀ ਦੀ ਮੁਢਲੀ ਵਿਦਿਆ ਲੈਣ ਉਪਰੰਤ ਉਹ ਗੁਜਰਵਾਲ ਦੇ ਵਰਨੈਕੁਲਰ ਮਿਡਲ ਸਕੂਲ ਦਾ ਵਿਦਿਆਰਥੀ ਬਣਿਆਂ ਤੇ ਫਿਰ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਜਾ ਦਾਖ਼ਲ ਹੋਇਆ। ਸਕੂਲ ਵਿਚ ਪੜ੍ਹਦਿਆਂ ਉਹ ਸਾਥੀਆਂ ਦਾ ਆਗੂ ਤੇ ਹਰਮਨ ਪਿਆਰਾ ਵਿਦਿਆਰਥੀ ਸੀ। ਚੁਸਤ ਚਲਾਕ ਵੀ ਬਹੁਤ ਸੀ। ਹਸਮੁੱਖ ਤੇ ਮਸਖ਼ਰੇ ਸੁਭਾਅ ਦਾ ਵੀ ਸੀ। ਦੂਜੇ ਵਿਦਿਆਰਥੀ ਉਹਦਾ ਸਾਥ ਮਾਨਣ ਲਈ ਉਤਾਵਲੇ ਰਹਿੰਦੇ ਸਨ। ਨੌਂਵੀ ਜਮਾਤ ਵਿਚੋਂ ਉੱਠ ਕੇ ਉਹ ਉੜੀਸਾ ਵਿਚ ਆਪਣੇ ਚਾਚੇ ਬਖਸ਼ੀਸ਼ ਸਿੰਘ ਕੋਲ ਚਲਾ ਗਿਆ ਤੇ ਉਥੇ ਨੌਂਵੀ ਦਸਵੀਂ ਪਾਸ ਕਰ ਲਈ। ਏਥੇ ਉਸਨੂੰ ਅੰਗਰੇਜ਼ੀ ਬੋਲਣ ਤੇ ਲਿਖਣ ਦਾ ਚੰਗਾ ਅਭਿਆਸ ਹੋ ਗਿਆ। ਉਹ ਅੰਗਰੇਜ਼ੀ ਸਾਹਿਤ ਪੜ੍ਹਨ ਵਿਚ ਦਿਲਚਸਪੀ ਲੈਣ ਲੱਗਾ। ਉਸ ਵੇਲੇ ਬੰਗਾਲ ਤੇ ਉੜੀਸਾ ਆਦਿ ਇਲਾਕਿਆਂ ਵਿਚ ਬਹੁਤ ਹੱਦ ਤੱਕ ਰਾਜਨੀਤਕ ਚੇਤਨ ਪੈਦਾ ਹੋ ਚੁੱਕੀ ਸੀ। ਸਰਾਭਾ ਸਕੂਲੀ ਪੁਸਤਕਾਂ ਤੋਂ ਇਲਾਵਾ ਕਿਉਂਕਿ ਹੋਰ ਸਾਹਿਤ ਵੀ ਪੜ੍ਹਦਾ ਰਹਿੰਦਾ ਸੀ ਇਸ ਲਈ ਉਸ ਉੱਤੇ ਇਸ ਰਾਜਨੀਤਕ ਜਾਗ੍ਰਤੀ ਦਾ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਦੇਸ਼-ਪ੍ਰੇਮ ਤੇ ਦੇਸ਼ ਸੇਵਾ ਦੀ ਭਾਵਨਾ ਉਸ ਅੰਦਰ ਕਲਵਲ ਹੋਣ ਲੱਗੀ। ਉਹਦਾ ਸੋਚਣ ਵਿਚਰਨ ਦਾ ਦਿਸਹੱਦਾ ਵਸੀਹ ਹੋ ਗਿਆ। ਘਰਦਿਆਂ ਦੀ ਸਲਾਹ ਨਾਲ ਉਸਨੇ ਅਮਰੀਕਾ ਵਿਚ ਜਾ ਕੇ ਰਸਾਇਣ ਵਿਗਿਆਨ ਵਿਚ ਉੱਚੀ ਵਿਦਿਆ ਪ੍ਰਾਪਤ ਕਰਨ ਦਾ ਫ਼ੈਸਲਾ ਕਰ ਲਿਆ ਤੇ ਪਾਸਪੋਰਟ ਬਣਵਾ ਕੇ ਉਹ ਜਨਵਰੀ 1912 ਨੂੰ ਅਮਰੀਕਾ ਦੀ ਬੰਦਰਗਾਹ ਸਾਨਫ਼ਰਾਂਸਿਸਕੋ ਜਾ ਉੱਤਰਿਆ।
ਅਮਰੀਕਾ ਵਿਚ ਪੁੱਜਣ ‘ਤੇ ਉਸਨੂੰ ਹੋਰਨਾਂ ਹਿੰਦੀਆਂ ਵਾਂਗ ਗੁਲਾਮੀ ਦਾ ਅਹਿਸਾਸ ਬੜੀ ਸਿ਼ੱਦਤ ਨਾਲ ਸਤਾਉਣ ਲੱਗਾ। ਛੇਤੀ ਹੀ ਉਸਨੇ ਆਪਣਾ ਨਾਤਾ ਗ਼ਦਰ ਪਾਰਟੀ ਨਾਲ ਜੋੜ ਲਿਆ। ਮੌਤ ਤੋਂ ਭੈੜਾ ਗੁਲਾਮੀ ਦਾ ਜੀਵਨ ਜਿਊਣ ਨਾਲੋਂ ਉਸਨੇ ਗੁਲਾਮੀ ਤੋਂ ਮੁਕਤੀ ਪਾਉਣ ਲਈ ਸੰਘਰਸ਼ ਕਰਕੇ, ਮੌਕਾ ਆਉਣ ‘ਤੇ ਮੌਤ ਨੂੰ ਵੀ ਵਰਨ ਤੇ ਚਿਰ-ਕਾਲ ਤੱਕ ਜਿਊਣ ਦਾ ਨਿਰਣਾ ਕਰ ਲਿਆ।
ਅਸਲ ਵਿਚ ਹੋਣਹਾਰ, ਚੁਸਤ ਅਤੇ ਹੁਸਿ਼ਆਰ ਕਰਤਾਰ ਸਿੰਘ ਵਿਚ ਸ਼ੁਰੂ ਤੋਂ ਹੀ ਲੀਡਰਸਿ਼ੱਪ ਦੇ ਗੁਣ ਸਨ। ਉਹਦੀ ਏਸੇ ਯੋਗਤਾ ਕਰਕੇ ਉਹਦੇ ਸਾਥੀ ਉਹਨੂੰ ‘ਅਫ਼ਲਾਤੂ’ ਕਹਿ ਕੇ ਬੁਲਾਉਂਦੇ ਸਨ। ‘ਅਫ਼ਲਾਤੂ’ ਆਖਣ ਤੋਂ ਭਾਵ ਇਹ ਸੀ ਕਿ ਉਹ ਅਜੀਬ ਤੇ ਅਣਹੋਣੀਆਂ ਗੱਲਾਂ ਕਰ ਸਕਣ ਦੀ ਯੋਗਤਾ ਤੇ ਦਲੇਰੀ ਦਾ ਮਾਲਕ ਸੀ। ਉਮਰ ਦੇ ਅਗਲੇ ਪੜਾਅ ‘ਤੇ ਉਹਨੇ ਆਪਣੇ ਇਹਨਾਂ ਗੁਣਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ। ਕਈ ਸਾਥੀ ਉਹਦੀ ਫ਼ੁਰਤੀ ਤੇ ਤੇਜ਼ੀ ਤੋਂ ਪ੍ਰਭਾਵਤ ਹੋ ਕੇ ਮਖ਼ੌਲ ਨਾਲ ਉਹਨੂੰ ‘ਉਡਣਾ ਸੱਪ’ ਵੀ ਆਖਦੇ ਸਨ। ਅੰਗਰੇਜ਼ ਸਾਮਰਾਜ ਦੇ ਮੱਥੇ ਵਿਚ ਡੰਗ ਮਾਰਨ ਦੀ ਤਿੱਖੀ ਤਾਂਘ ਨੇ ਹੀ ਉਸਨੂੰ ਹਵਾਈ ਜਹਾਜ਼ ਉਡਾਉਣ ਦੀ ਸਿੱਖਿਆ ਲੈਣ ਲਈ ਵੀ ਉਤੇਜਤ ਕੀਤਾ। ਉਸ ਅੰਦਰ ਅਜਿਹੀ ਸਮਰੱਥਾ ਨੂੰ ਮਹਿਸੂਸ ਕਰਦਿਆਂ ਹੀ ਉਹਦੇ ਸੀਨੀਅਰ ਸਾਥੀਆਂ ਨੇ ਉਸਨੂੰ ‘ਫੌਜੀ ਸਿਖਲਾਈ ਲੈਣ ਤੇ ਹਵਾਈ ਜਹਾਜ਼ ਚਲਾਉਣ ਦੀ ਟਰੇਨਿੰਗ ਲੈਣ ਲਈ ਚੁਣਿਆਂ ਸੀ। ਬਾਬਾ ਭਕਨਾ ਦੀ ਲਿਖਤ ਇਸ ਵੱਲ ਕੁਝ ਇਸ ਪ੍ਰਕਾਰ ਸੰਕੇਤ ਕਰਦੀ ਹੈ, ‘ਲਾਲਾ ਹਰਦਿਆਲ ਦੇ ਚਲੇ ਜਾਣ ਤੋਂ ਪਿਛੋਂ ਮੈਂ ਬਹੁਤਾ ਵਕਤ ਆਸ਼ਰਮ ਨੂੰ ਹੀ ਦੇਣ ਲੱਗ ਪਿਆ। ਕਮਿਸ਼ਨ ਨੇ ਅਮਲੀ ਤਿਆਰੀ ਵੱਲ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਵਿਚ ਹਵਾਈ ਤਾਕਤ ਦੀ ਮਹਾਨਤਾ ਨੂੰ ਮਹਿਸੂਸ ਕੀਤਾ। ਨਾਲ ਹੀ ਫੌਜੀ ਸਿਖਲਾਈ ਦਾ ਪ੍ਰੋਗਰਾਮ ਬਣਾਇਆ। ਦੋ ਜਰਨੈਲ, ਕਰਤਾਰ ਸਿੰਘ ਸਰਾਭਾ ਤੇ ਮਾਸਟਰ ਊਧਮ ਸਿੰਘ ਕਸੇਲ ਚੁਣੇ ਗਏ। ਕਰਤਾਰ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਇਕ ਜਰਮਨ ਕੰਪਨੀ ਕੋਲ ਸਾਨਫ੍ਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਭੇਜਿਆ।’
ਸਰਾਭੇ ਵੱਲੋਂ ਜਹਾਜ਼ ਉਡਾਉਣ ਤੇ ਉਸਨੂੰ ਮੁਰੰਮਤ ਕਰਨ ਦੀ ਸਿਖਲਾਈ ਪ੍ਰਾਪਤ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਉਹ ਵਕਤ ਆਉਣ ਅਤੇ ਲੋੜ ਪੈਣ ‘ਤੇ ਗ਼ਦਰ ਕਰਨ ਦੀ ਮੁਹਿੰਮ ਵਿਚ ਆਪਣੀ ਇਸ ਯੋਗਤਾ ਦਾ ਲਾਭ ਉਠਾ ਸਕਦਾ ਸੀ। ਨਾਲ ਹੀ ਇਹ ਤੱਥ ਉਸਦੀ ਤਕਨੀਕੀ ਤੇ ਵਿਗਿਆਨਕ ਸੋਝੀ ਵੱਲ ਵੀ ਸੰਕੇਤ ਕਰਦਾ ਹੈ। ਮੇਰੀ ਜਾਣਕਾਰੀ ਤੇ ਅਨੁਮਾਨ ਅਨੁਸਾਰ ਤਾਂ ਉਹ ਪਹਿਲਾ ਭਾਰਤੀ ਹੈ ਜਿਸਨੇ ਸਭ ਤੋਂ ਪਹਿਲਾਂ ਹਵਾਈ ਜਹਾਜ਼ ਉਡਾਉਣਾ ਸਿੱਖਿਆ ਹੋਊ।
ਛੋਟੀ ਉਮਰ ਵਿਚ ਹੀ ਉਹ ਆਪਣੇ ਅੰਦਰ ਬਹੁਪੱਖੀ ਵੱਡੀਆਂ ਸੰਭਾਵਨਾਵਾਂ ਲੁਕਾਈ ਬੈਠਾ ਸੀ ਜਿਨ੍ਹਾਂ ਦਾ ਪ੍ਰਗਟਾਵਾ ਸਮੇਂ ਸਮੇਂ ਲੋੜ ਪੈਣ ਤੇ ਕਰਦਾ ਰਿਹਾ। ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਮੁਢਲੀ ਜਿਹੀ ਜਾਣਕਾਰੀ ਰੱਖਣ ਵਾਲੇ ਪਾਠਕ ਵੀ ਇਹ ਜਾਣਦੇ ਹਨ ਕਿ ਗ਼ਦਰ ਲਹਿਰ ਦੀ ਉਸਾਰੀ ਵਿਚ ‘ਗ਼ਦਰ’ ਅਖ਼ਬਾਰ ਦਾ ਬੜਾ ਭਾਰੀ ਰੋਲ ਸੀ। ਇਸ ਅਖ਼ਬਾਰ ਰਾਹੀਂ ਹੀ ਗ਼ਦਰ ਦਾ ਸੁਨੇਹਾ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਤੱਕ ਪਹੁੰਚਾ ਕੇ ਉਹਨਾਂ ਦੀ ਸੁੱਤੀ ਆਤਮਾ ਨੂੰ ਜਗਾਇਆ ਗਿਆ। ਇਸ ਅਖ਼ਬਾਰ ਨੇ ਹੀ ਉਹਨਾਂ ਅੰਦਰ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਦੇ ਪ੍ਰਚੰਡ ਜਜ਼ਬੇ ਨੂੰ ਉੁਭਾਰਿਆ। ਫ਼ਲਸਰੂਪ ਉਹ ਨੀਦਰੇ ਝਾਗ ਕੇ ਤੇ ਕਰੜੀ ਮਿਹਨਤ ਨਾਲ ਬਣਾਈਆਂ ਆਪਣੀਆਂ ਜਾਇਦਾਦਾਂ ਤਿਆਗ ਕੇ ਗ਼ਦਰ ਕਰਨ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਤਾਂਘ ਲੈ ਕੇ, ਦੇਸ਼ ਵੱਲ ਧਾਈਆਂ ਕਰ ਕੇ ਆਣ ਪਹੁੰਚੇ। ਛੋਟੀ ਉਮਰ ਪਰ ਤੀਖ਼ਣ ਬੁੱਧੀ ਵਾਲੇ ਸਰਾਭੇ ਨੇ ਹੀ ਸਭ ਤੋਂ ਪਹਿਲਾਂ ਪ੍ਰੈਸ ਅਤੇ ਅਖ਼ਬਾਰ ਦੀ ਪ੍ਰਕਾਸ਼ਨਾ ਦੇ ਮਹੱਤਵ ਨੂੰ ਪਛਾਣਿਆਂ। ਉਹ ਜਾਣਦਾ ਸੀ ਕਿ ਅਖ਼ਬਾਰ ਉਹਨਾਂ ਦਾ ਸੁਨੇਹਾ ਦੂਰ ਦੁਰਾਡੇ ਵੱਸਦੇ ਭਾਰਤੀਆਂ ਤੱਕ ਅਪੜਾ ਸਕਦਾ ਹੈ ਅਤੇ ਦੇਸ਼ ਪਹੁੰਚ ਕੇ ਗ਼ਦਰ ਕਰਨ ਦੀ ਉਹਨਾਂ ਦੀ ਮੁਹਿੰਮ ਨੂੰ ਹੁਲਾਰਾ ਦੇਣ ਵਿਚ ਵੱਡਾ ਰੋਲ ਅਦਾ ਕਰ ਸਕਦਾ ਹੈ। ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰਨ ਵਿਚ ਵਿਚ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਦਾ ਮੁੱਖ ਯੋਗਦਾਨ ਸੀ। ਇਸ ਤੱਥ ਦੀ ਪੁਸ਼ਟੀ ਕਰਦਿਆਂ ਸਚਿੰਦਰ ਨਾਥ ਸਾਨਿਆਲ ਕਹਿੰਦਾ ਹੈ ਕਿ ਸਰਾਭਾ ਅਤੇ ਉਹਦੇ ਇਕ ਦੋ ਸਾਥੀ ਹੀ ਸਭ ਤੋਂ ਪਹਿਲਾਂ ਜਾ ਕੇ ਲਾਲਾ ਹਰਦਿਆਲ ਕੋਲ ‘ਅਜਿਹਾ ਪੱਤਰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ। ਹਰਦਿਆਲ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿਚ ਸਨ। ਉਨ੍ਹਾਂ ਖ਼ੁਸ਼ੀ ਖ਼ੁਸ਼ੀ ਇਸ ਕੰਮ ਨੂੰ ਹੱਥ ਵਿਚ ਲੈ ਲਿਆ। ਇਸਤਰ੍ਹਾਂ ਗ਼ਦਰ’ ਨਾਮ ਦੇ ਅਖ਼ਬਾਰ ਦਾ ਪ੍ਰਕਾਸ਼ਨ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਏਸੇ ਨੇ ਗ਼ਦਰ ਪਾਰਟੀ ਦਾ ਸੰਗਠਨ ਕਰ ਦਿੱਤਾ।’
ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸਿ਼ੱਦਤ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦੇ ਏਜੰਡੇ ਉੱਤੇ ਸੀ ਪਰ ਸਮੇਂ ਤੋਂ ਪਹਿਲਾਂ ਜੰਗ ਲੱਗ ਜਾਣ ਕਰਕੇ ਗ਼ਦਰ ਕਰਨ ਦੀ ਕਾਹਲ ਪੈ ਗਈ ਤੇ ਦਿਨ-ਰਾਤ ਦੇ ਅਣਥੱਕ ਰੁਝੇਵਿਆਂ ਕਰਕੇ ਉਹ ਪ੍ਰੈਸ ਲਾਉਣ ਅਤੇ ਪਰਚਾ ਛਾਪਣ ਦਾ ਸੁਪਨਾ ਪੂਰਾ ਨਾ ਕਰ ਸਕਿਆ। ਭਾਰਤ ਆਣ ਕੇ ਯੁਗਾਂਤਰ ਆਸ਼ਰਮ ਵਰਗਾ ਅਦਾਰਾ ਕਾਇਮ ਕਰਨ ਤੇ ਅਖ਼ਬਾਰ ਸ਼ੁਰੂ ਕਰਨ ਦੇ ਉਹਦੇ ਯਤਨਾਂ ਦਾ ਖ਼ਾਕਾ ਬਲਵੰਤ (ਸ਼ਹੀਦ ਭਗਤ ਸਿੰਘ) ਨੇ ਕੁਝ ਇਸ ਪ੍ਰਕਾਰ ਖਿੱਚਿਆ ਹੈ, ‘ਉਸਨੇ ਦੋ ਬੜੇ ਜ਼ਬਰਦਸਤ ਬਿਆਨ ਅਦਾਲਤ ਵਿਚ ਦਿਤੇ ਸਨ। ਉਹਨਾਂ ਵਿਚ ਉਸਨੇ ਸਭ ਕੁਛ ਬੜੀ ਬਹਾਦਰੀ ਅਤੇ ਦਲੇਰੀ ਨਾਲ ਮੰਨਿਆ ਸੀ। ਕਰਤਾਰ ਸਿੰਘ ਸੂਰਬੀਰ ਸੀ। ਤੇ ਉਹ ਕਾਇਰਾਂ ਦੀ ਮੌਤ ਮਰਨਾ ਨਹੀਂ ਜਾਣਦਾ ਸੀ। ਉਹ ਦਸਦਾ ਹੈ: ‘‘ਮੈਂ ਹਿੰਦੁਸਤਾਨ ਵਿਚ ਇਸ ਕੰਮ ‘ਤੇ ਲਾਇਆ ਗਿਆ ਸਾਂ ਕਿ ਮੈਂ ਇਕ ਆਸ਼ਰਮ ਦੀ ਬੁਨਿਆਦ ਰਖਾਂ, ਜਿਸਦਾ ਮੰਤਵ ਯੁਗਾਂਤਰ ਆਸ਼ਰਮ ਵਾਲਾ ਹੀ ਹੋਵੇ ਅਤੇ ਜੇ ਲੋੜ ਪਵੇ ਤਾਂ ਸਾਹਿਤ ਵੰਡ ਕੇ ਪ੍ਰਚਾਰ ਕੀਤਾ ਜਾਵੇ। ਮੈਂ ਕਪੂਰਥਲੇ ਗਿਆ ਸੀ ਅਤੇ ਮੇਰੇ ਨਾਲ ਪਿੰਗਲੇ, ਅਮਰ ਸਿੰਘ ਅਤੇ ਪਰਮਾਨੰਦ (ਦੂਜਾ) ਵੀ ਸਨ। ਓਥੇ ਰਾਮ ਸਰਨ ਦਾਸ ਨਾਲ ਗੱਲਬਾਤ ਹੋਈ ਸੀ ਅਤੇ ਉਸਨੂੰ ਆਖਿਆ ਗਿਆ ਸੀ ਕਿ ਉਹ ਅਖ਼ਬਾਰ ਦੀ ਸਕੀਮ ਵਿਚ ਹਿੱਸਾ ਲਵੇ ਅਤੇ ਕੁਛ ਸਹਾਇਤਾ ਕਰੇ। ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਮੈਂ, ਪਿੰਗਲੇ ਅਤੇ ਪ੍ਰਮਾਨੰਦ (ਦੂਜਾ) ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿਚ ਵੀ ਗਏ ਸਾਂ। ਓਥੇ ਸਾਡੇ ਜਾਣ ਦਾ ਭਾਵ ਇਹ ਸੀ ਕਿ ਅਖ਼ਬਾਰ ਕੱਢਣ ਤੇ ਵਿਚਾਰ ਕੀਤੀ ਜਾਵੇ। ਜਨਵਰੀ ਵਿਚ ਮੈਂ ਰਾਸ ਬਿਹਾਰੀ ਬੋਸ ਨੂੰ ਵੀ ਮਿਲਿਆ ਸੀ ਅਤੇ ਮੇਰਾ ਪਿੰਗਲੇ ਨੇ ਉਸ ਨਾਲ ਮੇਲ ਮਿਲਾਪ ਕਰਾਇਆ ਸੀ। ਉਸ ਨਾਲ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ ਇਕ ਅਖ਼ਬਾਰ ਬੰਗਾਲੀ ਬੋਲੀ ਵਿਚ ਵੀ ਕੱਢਣਾ ਚਾਹੁੰਦੇ ਸਾਂ।’ ਮੈਂ ਪਿਛਲੇ ਸਤੰਬਰ ਵਿਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿਚ ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ ਅਖ਼ਬਾਰ ਜਾਰੀ ਕੀਤਾ ਜਾਵੇ।
ਖ਼ੁਦ ਕਰਤਾਰ ਸਿੰਘ ਸਰਾਭੇ ਨੇ ਆਪਣੇ ਬਿਆਨ ਵਿਚ ਯੁਗਾਂਤਰ ਆਸ਼ਰਮ ਬਨਾਉਣ ਤੇ ਅਖ਼ਬਾਰ ਕੱਢਣ ਦੇ ਮਨਸ਼ੇ ਦਾ ਇਜ਼ਹਾਰ ਕੀਤਾ ਸੀ, ‘ਮੈਂ ਪਿਛਲੇ ਸਤੰਬਰ ਵਿਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿਚ ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ ਅਖ਼ਬਾਰ ਜਾਰੀ ਕੀਤਾ ਜਾਵੇ।’
ਇਹ ਵੱਖਰੀ ਗੱਲ ਹੈ ਕਿ ਉਸਦਾ ਅਖ਼ਬਾਰ ਕੱਢਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਗ਼ਦਰੀ ਸੂਰਬੀਰਾਂ ਤੋਂ ਪਰੇਰਨਾ ਲੈਣ ਵਾਲੇ ਬੱਬਰ ਅਕਾਲੀਆਂ ਤੇ ਸਾਂਝੀਵਾਲ ਪਾਰਟੀ ਵਾਲੇ ਭਾਈ ਸੰਤੋਖ ਸਿੰਘ ਕਿਰਤੀ ਹੁਰਾਂ ਨੇ ਆਪਣੀ ਪ੍ਰੈਸ, ਆਪਣੇ ਪਰਚੇ ਤੇ ਪੰਜਾਬੀ ਭਾਸ਼ਾ ਦੇ ਮਹਤੱਵ ਨੂੰ ਸਵੀਕਾਰਿਆ ਵੀ ਤੇ ਇਹਨਾਂ ਨੂੰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਪਰਸਾਰ ਦਾ ਵਾਹਨ ਵੀ ਬਣਾਇਆ।
ਗ਼ਦਰ ਪਾਰਟੀ ਦਾ ਗਲੇ ਮਿਲਦੀਆਂ ਦੋ ਤਲਵਾਰਾਂ ਵਾਲਾ ਤਿੰਨ-ਰੰਗਾ ਝੰਡਾ ਵੀ ਕਰਤਾਰ ਸਿੰਘ ਸਰਾਭੇ ਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। ਇਸਦੀ ਪੁਸ਼ਟੀ ਸਰਾਭੇ ਦੇ ਖਿ਼ਲਾਫ਼ ਮੁਕੱਦਮੇ ਵਿਚ ਭੁਗਤਣ ਵਾਲੇ ਸਰਕਾਰੀ ਵਕੀਲ ਮਿ ਪਿੱਟਮੈਨ ਨੇ ਵੀ ਕੀਤੀ ਹੈ। ਇਹ ਤੱਥ ਇਸ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸਰਾਭਾ ਰੰਗਾਂ ਦੀ ਪਛਾਣ ਤੇ ਢੁਕਵੀਂ ਵਰਤੋਂ ਕਰਨ ਵਾਲਾ ਚਿਤਰਕਾਰ ਜਾਂ ਕਲਾਕਾਰ ਹੀ ਨਹੀਂ ਸੀ ਸਗੋਂ ਡੂੰਘੀ ਇਤਿਹਾਸਕ ਤੇ ਰਾਜਨੀਤਕ ਸਮਝ ਤੇ ਉੱਚੀ ਕਲਪਨਾ ਉਡਾਰੀ ਵਾਲਾ ਦੂਰਦਰਸ਼ੀ ਪ੍ਰਤਿਭਾਵਾਨ ਇਨਕਲਾਬੀ ਸੀ। ਵੱਖ ਵੱਖ ਲਿਖਤਾ ਵਿਚ ਖਿੰਡਰੇ ਹੋਏ ਇਤਿਹਾਸਕ ਹਵਾਲਿਆਂ ਵਿਚੋਂ ਉਹਦੀ ਬਹੁਮੁਖੀ ਪ੍ਰਤਿਭਾ ਦੇ ਸਾਨੂੰ ਅਨੇਕ ਝਲਕਾਰੇ ਮਿਲਦੇ ਹਨ।
ਉਸਦੀ ਯੋਗਤਾ ਦਾ ਇਕ ਹੋਰ ਪਸਾਰ ਸੀ ਲੇਖਕ, ਪੱਤਰਕਾਰ ਤੇ ਸ਼ਾਇਰ ਵਜੋਂ ਆਪਣੀ ਪ੍ਰਤਿਭਾ ਨੂੰ ਗ਼ਦਰ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਵਰਤਣਾ। ਪੜ੍ਹਿਆ ਲਿਖਿਆ ਪ੍ਰਤਿਭਾਵਾਨ ਨੌਜਵਾਨ ਹੋਣ ਕਰਕੇ ਅਤੇ ਸਭ ਤੋਂ ਪਹਿਲਾਂ ‘ਗ਼ਦਰ’ ਅਖ਼ਬਾਰ ਨੂੰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਲਾਲਾ ਹਰਦਿਆਲ ਕੋਲ ਜਾਣ ਕਾਰਨ ਹੀ ਸ਼ਾਇਦ ਲਾਲਾ ਹਰਦਿਆਲ ਅਤੇ ਉਹਦੇ ਸਾਥੀਆਂ ਨੇ ਅਖ਼ਬਾਰ ਚਲਾਉਣ ਲਈ ਮੁਢਲੇ ਸਹਾਇਕ ਵਜੋਂ ਸਰਾਭੇ ਦੀ ਡਿਊਟੀ ਲਾਈ ਸੀ। ਬਾਅਦ ਵਿਚ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਵੀ ਨਾਲ ਜੋੜ ਲਿਆ ਗਿਆ। ਯੂਪੀ ਦੇ ਨੌਜਵਾਨ ਸਾਥੀ ਰਘਵੀਰ ਦਿਆਲ ਨਾਲ ਮਿਲ ਕੇ ਮਸ਼ੀਨ ਚਲਾਉਣ ਤੇ ਅਖ਼ਬਾਰ ਛਾਪਣ ਵਿਚ ਕਰੜੀ ਮਿਹਨਤ ਕਰਨ ਤੋਂ ਇਲਾਵਾ ਅਖ਼ਬਾਰ ਵਿਚ ਛਪਣ ਲਈ ਆਈਆਂ ਬਹੁਤੀਆਂ ਲਿਖਤਾਂ ਦਾ ਉਰਦੂ ਤੋਂ ਪੰਜਾਬੀ ਵਿਚ ਉਲਥਾ ਜਾਂ ਉਤਾਰਾ ਵੀ ਸਰਾਭਾ ਹੀ ਕਰਦਾ ਸੀ। ਬਹੁਤੀ ਵਾਰ ਅਖ਼ਬਾਰ ਲਈ ਲੇਖ ਵੀ ਆਪ ਲਿਖਦਾ। ਬਲਵੰਤ ਦੇ ਨਾਂ ‘ਤੇ ਛਪੇ ਲੇਖ ਵਿਚ (ਇਸ ਨਾਂ ‘ਤੇ ਸ਼ਹੀਦ ਭਗਤ ਸਿੰਘ ਲਿਖਦਾ ਹੁੰਦਾ ਸੀ) ਸਰਾਭੇ ਨੂੰ ‘ਗ਼ਦਰ’ ਅਖ਼ਬਾਰ ਦਾ ‘ਵੱਡਾ ਲਿਖਾਰੀ’ ਕਿਹਾ ਗਿਆ ਹੈ, ‘ਪਹਿਲਾਂ ਪਹਿਲਾਂ ਇਹ ਅਖ਼ਬਾਰ ਗੁਰਮੁਖੀ ਵਿਚ ਛਪਦਾ ਸੀ। ਇਸ ਦਾ ਵੱਡਾ ਲਿਖਾਰੀ ਸਾਡਾ ਬੀਰ ਕਰਤਾਰ ਸਿੰਘ ਹੀ ਸੀ।’
ਜਦੋਂ ਅਜੇ ਰਘਵੀਰ ਦਿਆਲ ਤੇ ਬਾਬਾ ਟੁੰਡੀਲਾਟ ਉਹਦੀ ਸਹਾਇਤਾ ਲਈ ਨਹੀਂ ਸਨ ਪੁੱਜੇ ਅਤੇ ਉਹ ਤੇ ਲਾਲਾ ਹਰਦਿਆਲ ਹੀ ਯੁਗਾਂਤਰ ਆਸ਼ਰਮ ਵਿਚ ਰਹਿੰਦੇ ਸਨ ਤਾਂ ਜ਼ਾਹਿਰ ਹੈ ਸਰਾਭਾ ਇਕੱਲਾ ਹੀ ਮਸ਼ੀਨ ਚਲਾਉਣ, ਅਖ਼ਬਾਰ ਲਈ ਲਿਖਣ ਜਾਂ ਅਖ਼ਬਾਰ ਛਾਪਣ ਦਾ ਉਪਰਾਲਾ ਕਰਦਾ ਸੀ। ਜਿਸ ਦਿਨ ‘ਗ਼ਦਰ’ ਅਖ਼ਬਾਰ ਦਾ ਪਹਿਲਾ ਪਰਚਾ ਪ੍ਰਕਾਸ਼ਤ ਹੋਣਾ ਸੀ ਉਸਤੋਂ ਪਹਿਲੀ ਰਾਤ ਬਾਬਾ ਕਰਮ ਸਿੰਘ ਚੀਮਾ ਤੇ ਉਹਦਾ ਇਕ ਸਾਥੀ ‘ਯੁਗਾਂਤਰ ਆਸ਼ਰਮ’ ਵਿਚ ਠਹਿਰੇ ਸਨ। ਬਾਬਾ ਚੀਮਾ ਲਿਖਦੇ ਹਨ, ‘ਜਦ ਅਸੀਂ ਸਵੇਰੇ ਉਠੇ ਤਾਂ ਕਰਤਾਰ ਸਿੰਘ ਤੇ ਲਾਲਾ ਹਰਦਿਆਲ ਉਸ ਛੋਟੀ ਜਿਹੀ ਹੱਥ ਨਾਲ ਫੇਰਨ ਵਾਲੀ ਮਸ਼ੀਨ ਨੂੰ ਤਿਆਰ ਕਰ ਰਹੇ ਸੀ ਜਿਸ ਨਾਲ ਅਖ਼ਬਾਰ ਛਾਪਣਾ ਸੀ। ਉਸ ਦਿਨ ਉਹਨਾਂ ‘ਗ਼ਦਰ‘ ਅਖ਼ਬਾਰ ਦਾ ਪਹਿਲਾ ਪਰਚਾ ਕਢਣਾ ਸੀ। ਅਸੀਂ ਬੇਨਤੀ ਕੀਤੀ ਕਿ ਜੇ ਤੁਸੀਂ ਕਹੋ ਤਾਂ ਅਸੀਂ ਮਸ਼ੀਨ ਫੇਰਦੇ ਹਾਂ, ਸਾਨੂੰ ਆਗਿਆ ਦੇਵੋ ਤਾਂ ਹਰਦਿਆਲ ਨੇ ਕਿਹਾ ਭਈ ਇਹ ਸਾਡਾ ਹੀ ਕੰਮ ਹੈ।’
ਨੌਜਵਾਨ ਹੋਣ ਕਰਕੇ ਤੇ ਕੰਮ ਕਰਨ ਦੇ ਚਾਅ ਨਾਲ ਲਬਾਲਬ ਭਰਪੂਰ ਹੋਣ ਕਰਕੇ ਅਸਲ ਵਿਚ ਇਹ ਕੰਮ ਕਰਤਾਰ ਸਿੰਘ ਸਰਾਭਾ ਹੀ ਕਰਦਾ ਸੀ। ਇਸਦੀ ਪੁਸ਼ਟੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਇਸਤਰ੍ਹਾਂ ਕਰਦੇ ਹਨ, ‘ਔਰ ਉਸ ਵਕਤ ਪਰ ਦਫ਼ਤਰ ਔਰ ਪ੍ਰੈਸ ਮੇਂ ਤੀਨੋ ਆਦਮੀ ਕਰਤਾਰ ਸਿੰਘ, ਰਘਵੀਰ ਦਿਆਲ ਗੁਪਤਾ ਦੋਨੋ 18 ਸਾਲ ਕੀ ਉਮਰ ਕੇ (ਸਕੂਲੀ ਲੜਕੇ) ਔਰ ਤੀਸਰੇ ਲਾਲਾ ਜੀ। ਇਨ ਤੀਨੋ ਨੇ ਹੀ ਮਿਹਨਤ ਮੁਸ਼ਕਤ ਕਾ ਕਾਮ ਕਭੀ ਨਹੀਂ ਕੀਆ ਹੂਆ ਥਾ। ਹਾਂ ਕਰਤਾਰ ਸਿੰਘ ਪੰਜਾਬੀ ਜੱਟ ਸਪੁੱਤਰ ਜੋ 19ਵੀਂ ਸਦੀ ਕੇ ਕੁਝ ਸਾਲ ਬਾਕੀ ਰਹਿਤੇ ਪੈਦਾ ਹੂਆ ਹੋਨੇ ਕੀ ਵਜਾਹ ਸੇ ਕੁਝ ਨਾ ਕੁਝ ਮੁਸ਼ਕਤ ਕਾ ਕਾਮ ਕਰ ਸਕਤਾ ਥਾ।’
ਬਲਵੰਤ ਉਰਫ਼ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੇ ਅਖ਼ਬਾਰ ਛਾਪਣ ਲਈ ਕੀਤੇ ਜਾਣ ਵਾਲੇ ਮਹੱਤਵ ਪੂਰਨ ਯਤਨਾਂ ਨੂੰ ਬਿਆਨ ਕਰਦਿਆਂ ਲਿਖਦਾ ਹੈ, ‘ਇਹ ਅਖ਼ਬਾਰ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ ਅਤੇ ਹਰ ਇਕ ਨੂੰ ਮੁਫ਼ਤ ਹੀ ਘਲੇ ਜਾਂਦੇ ਸਨ। ਕਦੇ ਕਿਸੇ ਕੋਲੋਂ ਚੰਦਾ ਨਹੀਂ ਮੰਗਿਆ ਜਾਂਦਾ ਸੀ। ਇਸ ਸਾਰੇ ਹੀ ਕੰਮ ਕਾਜ ਵਿਚ ਬਹੁਤ ਸਾਰਾ ਪੁਰਸ਼ਾਰਥ ਭਾਈ ਕਰਤਾਰ ਸਿੰਘ ਜੀ ਦਾ ਸੀ। ਉਹ ਬੜੇ ਹੀ ਪ੍ਰੇਮ ਨਾਲ ਅਤੇ ਦਿਲੀ ਲਗਨ ਨਾਲ ਕੰਮ ਕਰਦਾ ਸੀ ਅਤੇ ਉਸਦਾ ਚੇਹਰਾ ਹਰ ਵੇਲੇ ਹਸੂੰ ਹਸੂੰ ਹੀ ਕਰਦਾ ਰਹਿੰਦਾ ਸੀ। ਇਹ ਉਸਦੇ ਯਤਨਾਂ ਦਾ ਹੀ ਫਲ ਸੀ ਕਿ ਜਿਥੇ ਕਿਥੇ ਵੀ ਕੋਈ ਹਿੰਦ ਵਾਸੀ ਸੀ, ਓਥੇ ਹੀ ਉਸਨੂੰ ਪਰਚਾ ਪਹੁੰਚਾਇਆ ਜਾਂਦਾ ਸੀ।’
‘ਗ਼ਦਰ’ ਦੇ ਪਹਿਲੇ ਅੰਕ ਵਿਚ ਲਿਖਿਆ ਮੁੱਖ ਲੇਖ, ਜਿਸ ਦਾ ਉਤਾਰਾ ਇਸ ਪੁਸਤਕ ਵਿਚ ਦਿੱਤਾ ਗਿਆ ਹੈ, ਨਿਸਚੈ ਹੀ ਕਰਤਾਰ ਸਿੰਘ ਸਰਾਭੇ ਦੁਆਰਾ ਹੀ ਲਿਖਿਆ ਗਿਆ ਸੀ। ‘ਗ਼ਦਰ-ਗੂੰਜਾਂ’ ਦੀਆਂ ਬਹੁਤ ਸਾਰੀਆਂ ਜਿ਼ਕਰ-ਯੋਗ ਤੇ ਉਸਦੇ ਨਾਂ ਨਾਲ ਜੋੜ ਕੇ ਬਾਰ ਬਾਰ ਦੁਹਰਾਈਆਂ ਜਾਣ ਵਾਲੀਆਂ ਕਵਿਤਾਵਾਂ ਦਾ ਜਿ਼ਕਰ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ। ਉਹਨਾਂ ਦੇਸ਼ ਭਗਤਾਂ ਵਿਚ ਵਿਅਕਤੀਗਤ ਪ੍ਰਦਰਸ਼ਨ ਦੀ ਰੁਚੀ ਨਾ ਹੋਣ ਕਰਕੇ ਤੇ ਕੁਝ ਸੁਰੱਖਿਆ ਕਾਰਨਾਂ ਦੇ ਰੂਬਰੂ ਵੀ ਲਿਖਤਾਂ ਜਾ ਕਵਿਤਾਵਾਂ ਉੱਤੇ ਲੇਖਕ ਜਾਂ ਕਵੀ ਦਾ ਅਸਲੀ ਨਾਂ ਨਹੀਂ ਸੀ ਛਪਦਾ। ਇਸ ਕਰਕੇ ਇਹ ਅਨੁਮਾਨ ਲਾਉਣਾ ਹੁਣ ਬੜਾ ਮੁਸ਼ਕਲ ਹੈ ਕਿ ‘ਗ਼ਦਰ’ ਅਖ਼ਬਾਰ ਵਿਚ ਛਪਦੇ ਲੇਖਾਂ ਜਾਂ ਕਵਿਤਾਵਾਂ ਵਿਚੋਂ ਸਰਾਭੇ ਦੁਆਰਾ ਕਿਨ੍ਹਾਂ ਕਿਰਤਾਂ ਦੀ ਸਿਰਜਣਾ ਕੀਤੀ ਗਈ। ਤਦ ਵੀ ਕੁਝ ਲਿਖਤਾਂ ਤੇ ਕਵਿਤਾਵਾਂ ਇਸ ਪੁਸਤਕ ਵਿਚ ਅਜਿਹੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਕਰਤਾ ਕਰਤਾਰ ਸਿੰਘ ਸਰਾਭਾ ਹੀ ਸੀ। ਸਾਡੇ ਇਸ ਨਿਰਣੈ ਦੀ ਪੁਸ਼ਟੀ ਡਾ ਹਰੀਸ਼ ਪੁਰੀ ਤੇ ਵੇਦ ਵਟੁਕ ਜਿਹੇ ਇਤਿਹਾਸਕਾਰਾਂ ਦੇ ਹਵਾਲਿਆਂ ਤੋਂ ਵੀ ਹੋ ਜਾਂਦੀ ਹੈ।
ਉਸਦੀਆਂ ਲਿਖਤਾਂ ਤੇ ਕਵਿਤਾਵਾਂ ਵਿਚ ਜੋਸ਼ ਤੇ ਵਲਵਲਾ ਹੈ ਤੇ ਦੇਸ਼ ਲਈ ਕੁਰਬਾਨ ਹੋਣ ਦੇ ਜਜ਼ਬੇ ਦਾ ਅਮੋੜ ਵੇਗ ਵੀ। ਵਾਰਤਕ ਰਚਨਾਵਾਂ ਵਿਚੋਂ ਉਸਦੀ ਚਿੰਤਨੀ ਸੁਰ ਦਾ ਪ੍ਰਦਰਸ਼ਨ ਵੀ ਹੁੰਦਾ ਹੈ। ਜਦੋਂ ਉੁਹ ਇਕ ਲੇਖ ਵਿਚ ਅਫ਼ਰੀਕਾ ਵਿਚ ਗੁਜਰਾਤ ਦੀਆਂ ਔਰਤਾਂ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਿੱਖਾਂ ਦੇ ਪ੍ਰਚਲਤ ਵਿਹਾਰ ਨੂੰ ਤੁਲਨਾਤਮਕ ਅਧਿਅਨ ਦਾ ਵਿਸ਼ਾ ਬਣਾ ਕੇ ਸਿੱਖੀ ਦੇ ਭੇਖ ਅਤੇ ਤੱਤ ਉੱਤੇ ਤਿੱਖਾ ਕਟਾਖ਼ਸ਼ ਕਰਦਾ ਹੈ ਤਾਂ ਉਸਦੀ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ ਦਾ ਸਹਿਜ ਪ੍ਰੀਚੈ ਹੋ ਜਾਂਦਾ ਹੈ।
ਉਹ ਲਿਖਦਾ ਹੈ ਕਿ ‘ਹਿੰਦੁਸਤਾਨੀ ਲੋਕ ਆਮ ਰਵਾਜ ਨਾਲ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ, ਪਰ ਅਫ਼ਰੀਕਾ ਵਿਚ ਹਿੰਦੁਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ, ਇਸ ਤੋਂ ਹਿੰਦੁਸਤਾਨੀਆਂ ਦੇ ਗ਼ਲਤ ਖ਼ਿਆਲ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਜ਼ਾਲਮ ਕਾਨੂੰਨ ਨੂੰ ਤੋੜਨ ਦੀ ਖਾਤਿਰ ਉਥੇ ਦੀ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਵੱਧ ਕੇ ਟਾਕਰਾ ਕੀਤਾ ਹੈ। ਗੰਨੇ ਦੇ ਖੇਤਾਂ ਦੇ ਜਲਾਓ ਤੇ ਹੋਰ ਕੰਮਾਂ ਵਿਚ ਮਰਦਾਂ ਦੇ ਬਰਾਬਰ ਕੰਮ ਕੀਤਾ ਹੈ। ਮਰਦਾਂ ਦੇ ਨਾਲ ਹੀ ਜੇਲ੍ਹ ਵਿਚ ਜਾਣ ਦਾ ਡਰ ਨਹੀਂ ਮੰਨਿਆ।
ਹੁਣ ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਾਇਆ ਸੀ ਅਤੇ ਇਕ ਇਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਦਾ ਦਾਵਾ ਰਖਦੇ ਸਨ, ਪਰ ਹੁਣ ਕੀ ਪੰਜਾਬ ਵਿਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪਰ ਉਹ ਪਹਿਲਾਂ ਵਰਗੀ ਕੁਵੱਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ। ਇਸ ਦੇ ਦੋ ਸਬੱਬ ਹਨ:
ਪਹਿਲਾਂ ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਗੁਲਾਮ ਹਨ। ਗੁਰਦਵਾਰਿਆਂ ਦੇ ਗ੍ਰੰਥੀ ਅੰਗਰੇਜ਼ ਬਾਦਰਾਂ ਨੂੰ ਝੁੱਕ ਝੁੱਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਭਲਾ ਅਜਿਹੇ ਨੀਚ ਪੁਰਸ਼ ਜਿਹੜੇ ਮਜ਼੍ਹਬੀ ਲੀਡਰ ਬਣੇ ਹੋਏ ਹਨ ਤਾਂ ਕੌਮ ਵਿਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲ ‘ਤੇ ਅੱਛੀ ਤਰ੍ਹਾਂ ਸਿੰਘਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਅਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।’
ਏਨਾ ਹੀ ਨਹੀਂ, ਉਹਦਾ ਗ਼ਦਰ ਲਹਿਰ ਦੇ ਉਭਾਰ ਤੇ ਪ੍ਰਚਾਰ ਲਈ ਮਾਤ-ਭਾਸ਼ਾ ਦੇ ਮਹੱਤਵ ਨੂੰ ਸਵੀਕਾਰ ਕਰਨਾ ਉਹਦੀ ਦੂਰਦਰਸ਼ਤਾ ਦਾ ਕਮਾਲ ਹੀ ਹੈ। ‘ਗ਼ਦਰ’ ਅਖ਼ਬਾਰ ਵਿਚ ਛਪੀ ਉਹਦੀ ਪਹਿਲੀ ਪੰਜਾਬੀ ਲਿਖਤ ਦੀਆਂ ਪਹਿਲੀਆਂ ਸਤਰਾਂ ਵਿਚ ਹੀ ਉਸਨੇ ਐਲਾਨ ਕੀਤਾ ਹੈ, “ਅੱਜ ਪਹਿਲੀ ਨਵੰਬਰ ਸੰਨ 1913 ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ। ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ਬਾਨ ਵਿਚ ਜੰਗ ਛਿੜਦੀ ਹੈ।”
ਮਹਾਤਮਾ ਬੁੱਧ ਵੱਲੋਂ ਬੁੱਧ ਮੱਤ ਦੇ ਪਰਚਾਰ ਲਈ ਉਸ ਵੇਲੇ ਦੀ ਲੋਕ-ਭਾਸ਼ਾ ‘ਪਾਲੀ’ ਨੂੰ ਅਪਣਾਏ ਜਾਣ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਆਪਣੀ ਬਾਣੀ ਰਚਣ ਲਈ ਵਰਤੀ ਗਈ ਪੰਜਾਬੀ ਰੰਗ ਵਾਲੀ ਪਰ ਪੂਰੇ ਦੇਸ਼ ਵਿਚ ਸਮਝੀ ਜਾਣ ਵਾਲੀ ਲੋਕ-ਮੁਖੀ ਜ਼ਬਾਨ ਦੇ ਹਵਾਲੇ ਦੱਸਦੇ ਹਨ ਕਿ ਲੋਕ-ਲਹਿਰਾਂ ਲੋਕਾਂ ਦੀ ਜ਼ਬਾਨ ਵਿਚ ਹੀ ਲੜੀਆਂ ਜਾ ਸਕਦੀਆਂ ਹਨ। ਇਸ ਪ੍ਰਕਾਰ ‘ਦੇਸੀ ਜ਼ਬਾਨ’ ਦੇ ਮਹੱਤਵ ਨੂੰ ਸਮਝਣਾ ਸਰਾਭੇ ਦੀ ਭਵਿੱਖਮੁਖੀ ਪਹੁੰਚ ਦਾ ਸਬੂਤ ਹੈ ਜਿਹੜਾ ਇਸ ਪਾਸੇ ਵੱਲ ਵੀ ਸੰਕੇਤ ਕਰਦਾ ਹੈ ਕਿ ਜੇ ਸਾਡੀ ਇਨਕਲਾਬੀ ਤਹਿਰੀਕ ਸਫ਼ਲ ਹੋ ਜਾਂਦੀ ਤਾਂ ਲੋਕਾਂ ਦੀ ਕਿਸਮਤ ਦੇ ਨਾਲ ਨਾਲ, ਹੁਣ ਅੰਗਰੇਜ਼ੀ ਦੇ ਪੈਰਾਂ ਵਿਚ ਰੁਲ ਰਹੀ, ਸਾਡੀ ਜ਼ਬਾਨ ਦੀ ਕਿਸਮਤ ਵੀ ਸੌਰ ਜਾਣੀ ਸੀ। ਅੱਜ ਪੰਜਾਬੀ ਜ਼ਬਾਨ ਦੇ ਮਹੱਤਵ ਦੀ ਗੱਲ ਕਰਨ ਵਾਲੇ ਤੇ ਮਾਤਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਲੜਾਈ ਲੜਨ ਵਾਲੇ ਕਾਮਿਆਂ, ਕਾਰਕੁਨਾਂ ਤੇ ਵਿਦਵਾਨਾਂ ਨੂੰ ਕਰਤਾਰ ਸਿੰਘ ਸਰਾਭੇ ਅਤੇ ਗ਼ਦਰ ਪਾਰਟੀ ਦੇ ਦੇਸੀ ਭਾਸ਼ਾਵਾਂ ਨੂੰ ਦਿੱਤੇ ਮਾਣ-ਸਨਮਾਨ ਜਾਂ ਦੂਜੇ ਸ਼ਬਦਾਂ ਵਿਚ ਪੰਜਾਬੀ ਭਾਸ਼ਾ ਨੂੰ ਦਿੱਤੇ ਮਾਨ-ਸਨਮਾਨ ਤੇ ਮਹੱਤਵ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਯੋਗਦਾਨ ਨੂੰ ਉਚੇਚੀ ਚਰਚਾ ਦਾ ਵਿਸ਼ਾ ਵੀ ਬਨਾਉਣਾ ਚਾਹੀਦਾ ਹੈ। ਪੰਜਾਬੀ ਜ਼ਬਾਨ ਨੂੰ ਮਹੱਤਵ ਦੇਣ ਦੇ ਸਰਾਭੇ ਦੇ ਮਨਸ਼ੇ ਅਤੇ ਮੁਹੱਬਤ ਬਾਰੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਕਹਿੰਦੇ ਹਨ, ‘ਉਸ ਪਹਿਲੇ ਪਰਚੇ ਮੇਂ ਕਰਤਾਰ ਸਿੰਘ ਨੇ ਪੁਰਾਣੀ ਮਸ਼ਹੂਰ ਪੰਜਾਬੀ ਨਜ਼ਮ ‘‘ਪਗੜੀ ਸੰਭਾਲ ਜੱਟਾ‘‘ ਲਿਖੀ ਥੀ। ਪਹਿਲੇ ਛਪਨੇ ਵਾਲੇ ਉਰਦੂ ਪਰਚੋਂ ਮੇਂ ਲਾਲਾ ਹਰਦਿਆਲ ਕੇ ਇੰਤਜ਼ਾਮ ਸੇ ਦੇਸ਼ ਭਗਤੀ ਕੀ ਨਜ਼ਮ ਛਪ ਜਾਤੀ ਰਹੀ ਥੀ। ਕਰਤਾਰ ਸਿੰਘ ਕੋ ਯਹ ਖਿਆਲ ਪੈਦਾ ਹੂਆ ਥਾ ਕਿ ਪੰਜਾਬੀ ਪਰਚੇ ਮੇਂ ਪੰਜਾਬੀ ਨਜ਼ਮ ਭੀ ਹੋਨੀ ਚਾਹੀਏ। ਯਹ ਨਜ਼ਮ ਉਸੇ ਜਬਾਨੀ ਯਾਦ ਥੀ ਔਰ ਯਹ ਪਹਿਲੇ ਪਰਚੇ ਮੇਂ ਛਪੀ ਥੀ।’
ਜੇ ਵੇਖਿਆ ਜਾਵੇ ਤਾਂ ਕਰਤਾਰ ਸਿੰਘ ਸਰਾਭਾ ‘ਗ਼ਦਰ’ ਅਖ਼ਬਾਰ ਦਾ ਹੀ ਨਹੀਂ ਸਗੋਂ ਪੰਜਾਬੀ ਦਾ ਪਹਿਲਾ ਪੱਤਰਕਾਰ ਵੀ ਸੀ। ਉਹ ਅਖ਼ਬਾਰ ਲਈ ਸਮੇਂ ਸਮੇਂ ਸੰਪਾਦਕੀ ਲੇਖ ਤੇ ਕਵਿਤਾਵਾਂ ਵੀ ਲਿਖਦਾ ਸੀ ਤੇ ਅਖ਼ਬਾਰ ਨੂੰ ਛਾਪਣ ਦਾ ਕਾਰਜ ਵੀ ਕਰਦਾ ਸੀ। ਆਜ਼ਾਦੀ ਸੰਗਰਾਮ ਵਿਚ ਉਸਦੇ ਮਹੱਤਵਪੂਰਨ ਸਰਗਰਮ ਯੋਗਦਾਨ ਵਿਚ ਉਸਦੇ ਪੱਤਰਕਾਰ ਦੇ ਰੋਲ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਪਹਿਲਾ ਪੰਜਾਬੀ ਪੱਤਰਕਾਰ ਸੀ ਜਿਸਨੂੰ ਫ਼ਾਂਸੀ ਦੀ ਸਜ਼ਾ ਹੋਈ।
ਪੁਸਤਕ ਵਿਚ ਸਰਾਭੇ ਦੀ ਚਰਚਾ ਕਰਨ ਵਾਲੇ ਸਾਰੇ ਲੇਖਕ ਇਸ ਗੱਲ ‘ਤੇ ਇਕਮੱਤ ਹਨ ਕਿ ਉਹ ਜੋਸ਼, ਜਵਾਨੀ, ਬਹਾਦਰੀ, ਨਿਡਰਤਾ, ਸਵੈਭਰੋਸੇ, ਲੀਡਰਸਿ਼ਪ ਅਤੇ ਪੂਰੇ ਸਮਰਪਣ ਭਾਵ ਨਾਲ ਆਪਣੇ ਨਿਸ਼ਾਨੇ ਲਈ ਕੁਰਬਾਨ ਹੋ ਜਾਣ ਦੇ ਗੁਣਾਂ ਨਾਲ ਮਾਲਾ ਮਾਲ ਸੀ। ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ ਕਿ ਜਦੋਂ ਕਾਮਾਗਾਟਾ ਮਾਰੂ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ ਤਾਂ ‘ਗ਼ਦਰ ਪਾਰਟੀ ਦੇ ਜ਼ਿਮੇਵਾਰਾਂ ਨੇ ਫੈਸਲਾ ਕੀਤਾ ਕਿ ਇਕ ਪਾਰਟੀ ਦਾ ਜ਼ਿੰਮੇਵਾਰ ਕਾਮਾਗਾਟਾ ਮਾਰੂ ਦੇ ਨਾਲ ਨਾਲ ਜਾਏ ਤੇ ਯੋਕੋਹਾਮਾ ਵਿਚ ਜਾ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਇਨਕਲਾਬੀ ਲਾਈਨ ਸਮਝਾਏ। ਇਸ ਕੰਮ ਲਈ ਮੇਰੀ ਡਿਊਟੀ ਲੱਗੀ। 200 ਪਿਸਤੌਲ ਅਤੇ 2000 ਗੋਲੀਆਂ, ਦੋ ਪੇਟੀਆਂ ਵਿਚ ਬੰਦ ਕਰਕੇ ਜਹਾਜ਼ ਨੂੰ ਦੇਣ ਲਈ ਲਿਜਾਣੀਆਂ ਸਨ। ਇਸ ਦਾ ਬੰਦੋਬਸਤ ਭਾਈ ਭਗਵਾਨ ਸਿੰਘ ਤੇ ਕਰਤਾਰ ਸਿੰਘ ਸਰਾਭੇ ‘ਤੇ ਸੁੱਟਿਆ ਗਿਆ। ਉਹਨਾਂ ਨੇ ਜਹਾਜ਼ ‘ਤੇ ਇਕ ਕਮਰਾ ਰੀਜ਼ਰਵ ਕਰਵਾ ਕੇ ਜਹਾਜ਼ ਚੱਲਣ ਤੋਂ ਇਕ ਘੰਟਾ ਪਹਿਲਾਂ ਇਹ ਪੇਟੀਆਂ ਕਰਤਾਰ ਸਿੰਘ ਦੇ ਹੱਥੀਂ ਕਮਰੇ ਵਿਚ ਰੱਖਵਾ ਦਿੱਤੀਆਂ। ਮੈਂ ਬੜੇ ਧਿਆਨ ਨਾਲ ਯੁਗਾਂਤਰ ਆਸ਼ਰਮ ਵਿਚੋਂ ਨਿਕਲਿਆ ਤੇ ਰਸਤੇ ਵਿਚ ਦੂਜੀ ਕਾਰ ਬਦਲ ਕੇ ਜਹਾਜ਼ ਦੇ ਤੁਰਨ ਤੋਂ ਕੋਈ 15 ਮਿੰਟ ਪਹਿਲਾਂ ਜਹਾਜ਼ ਤੋਂ ਕਰਤਾਰ ਸਿੰਘ ਨੂੰ ਚਲੇ ਜਾਣ ਦਾ ਇਸ਼ਾਰਾ ਕਰਕੇ ਕਮਰੇ ਵਿਚ ਜਾ ਬੈਠਾ।’ ਇਹ ਵੇਰਵਾ ਕਰਤਾਰ ਸਿੰਘ ਸਰਾਭੇ ਦੀ ਦਲੇਰੀ ਤੇ ਜਿ਼ੰਮੇਵਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ ਅਤੇ ਉਸ ਵਿਚਲੀ ਵੱਡੇ ਕੰਮ ਕਰ ਸਕਣ ਦੀ ਵਡੇਰੀ ਸਮਰੱਥਾ ਵਿਚ ਸਾਥੀਆਂ ਦੇ ਭਰੋਸੇ ਦੀ ਗਵਾਹੀ ਵੀ ਦਿੰਦਾ ਹੈ।
ਭਾਈ ਪਰਮਾਨੰਦ ਅਨੁਸਾਰ, ‘ਕਰਤਾਰ ਸਿੰਘ ਦਾ ਹੌਂਸਲਾ ਤੇ ਮਰਦਾਨਗੀ ਸਚਮੁੱਚ ਹੈਰਾਨ ਕਰਨ ਵਾਲੇ ਸਨ। …ਜਦੋਂ ਅਮਰੀਕਾ ਤੋਂ ਹੋਰ ਗ਼ਦਰੀ ਵੀ ਹਿੰਦੁਸਤਾਨ ਆ ਗਏ ਤਾਂ ਉਹ ਉਹਨਾਂ ਦਾ ਲੀਡਰ ਬਣ ਗਿਆ। ਉਹ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਦਿੱਤੀ ਸੇਧ ਅਨੁਸਾਰ ਕੰਮ ਕਰੇ। ਇਸਤਰ੍ਹਾਂ ਲੱਗਦਾ ਹੈ ਕਿ ਜਦੋਂ ਕੋਈ ਉਸਦੇ ਹੁਕਮਾਂ ਅਨੁਸਾਰ ਕੰਮ ਕਰਨ ਤੋਂ ਢਿੱਲ-ਮੱਠ ਦਿਖਾਉਂਦਾ ਸੀ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਸਨੇ ਮੇਰੇ ਨਾਲ (ਪਰਮਾਨੰਦ) ਸਲਾਹ-ਮਸ਼ਵਰਾ ਕੀਤਾ ਹੈ ਅਤੇ ਇਹ ਹੁਕਮ ਮੇਰੇ (ਪਰਮਾਨੰਦ) ਹਨ। ਬੇਸ਼ੱਕ ਜਦੋਂ ਮੈਂ ਉਹਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਅਜਿਹਾ ਕਰਦਾ ਹੈ ਪਰ ਮੇਰੀ ਸੋਚ ਕਹਿੰਦੀ ਹੈ ਕਿ ਉਸਦਾ ਅਜਿਹਾ ਸੁਭਾਅ ਸੀ ਤੇ ਉਹ ਅਜਿਹੀਆਂ ਗੱਲਾਂ ਕਰ ਸਕਦਾ ਸੀ। ਵਿਦਿਆਰਥੀਆਂ ਨੂੰ ਉਹ ਕਹਿੰਦਾ ਹੁੰਦਾ ਸੀ, “ਆਪਣੀ ਪੜ੍ਹਾਈ ਛੱਡ ਦਿਓ, ਜਰਮਨ ਆ ਰਹੇ ਹਨ ਅਤੇ ਮੈਂ ਉਹਨਾਂ ਤੋਂ ਤੁਹਾਨੂੰ ਫੌਜ ਵਿਚ ਕਮਿਸ਼ਨ ਲੈ ਦਿਆਂਗਾ।” ਉਹ ਪੈਦਲ ਜਾਂ ਰੇਲ ਗੱਡੀ ਰਾਹੀਂ ਜਿੱਥੇ ਵੀ ਕਿਸੇ ਪਿੰਡ ਜਾਂ ਸਕੂਲ ਵਿਚ ਜਾਂਦਾ, ਉਥੇ ਅਕਸਰ ਅਜਿਹੀਆਂ ਗੱਲਾਂ ਹੀ ਕਹਿੰਦਾ ਹੁੰਦਾ ਸੀ। ਇਕ ਵਾਰ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਉਹ ਇਕ ਹਵਾਲਦਾਰ ਨੂੰ ਮਿਲਿਆ ਅਤੇ ਉਸਨੂੰ ਸਾਫ਼ ਸਾਫ਼ ਕਹਿਣ ਲੱਗਾ, “ਤੂੰ ਨੌਕਰੀ ਛੱਡਦਾ ਕਿਉਂ ਨਹੀਂ?” ਨੌਜਵਾਨ ਮੁੰਡੇ ਨੂੰ ਜੋਸ਼ ਭਰਿਆ ਵੇਖ ਕੇ ਹਵਾਲਦਾਰ ਨੇ ਕਿਹਾ, “ਉਹ ਆਪਣੇ ਬੰਦਿਆਂ ਨੂੰ ਮੀਆਂ ਮੀਰ ਉਸ ਕੋਲ ਲੈ ਆਵੇ। ਅਸਲੇਖ਼ਾਨੇ ਦੀਆਂ ਚਾਬੀਆਂ ਮੇਰੇ ਹੱਥ ਵਿਚ ਹਨ। ਮੈਂ ਸਾਰੀਆਂ ਚਾਬੀਆਂ ਤੈਨੂੰ ਫੜਾ ਦੇਵਾਂਗਾ।” ਇਸ ਕੰਮ ਲਈ 25 ਨਵੰਬਰ ਦਾ ਦਿਨ ਮਿਥਿਆ ਗਿਆ। ਜਦੋਂ ਉਸਨੇ ਆਪਣੀ ਕਮੇਟੀ ਵਿਚ ਇਹ ਸਵਾਲ ਬਹਿਸ ਲਈ ਰਖਿਆ, ਤਾਂ ਉਨ੍ਹਾਂ ਸਾਰਿਆਂ ਨੇ ਇਸ ਦਾ ਮਾਖੌਲ ਉਡਾਇਆ। ਇਸ ਸਮੇਂ ਕਰਤਾਰ ਸਿੰਘ ਨੇ ਕਿਹਾ,‘‘ਠੀਕ ਹੈ, ਪਰ ਮੈਂ ਇਸ ਬਾਰੇ ਭਾਈ ਪਰਮਾਨੰਦ ਨੂੰ ਪੁੱਛਿਆ ਹੈ ਅਤੇ ਉਸਦੀ ਸਹਿਮਤੀ ਪ੍ਰਾਪਤ ਕੀਤੀ ਹੈ।‘‘ ਉਸਦੇ ਇਕ ਸੌ ਦੇ ਲਗਭਗ ਸਾਥੀਆਂ ਨੇ ਮੀਆਂਮੀਰ ਦੇ ਨੇੜੇ ਰੇਲਵੇ ਸਟੇਸ਼ਨ ਉਤੇ ਬੜੀ ਬੇਅਰਾਮੀ ਭਰੀ ਰਾਤ ਗੁਜ਼ਾਰੀ, ਪ੍ਰੰਤੂ ਉਥੇ ਉਹ ਹਵਾਲਦਾਰ ਨਾ ਆਇਆ। ਇਸ ਘਟਨਾ ਬਾਰੇ ਨਵਾਬ ਖ਼ਾਨ ਨੇ ਕਿਹਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਕਰਤਾਰ ਸਿੰਘ ਕੋਲ ਇਤਰਾਜ਼ ਕੀਤਾ, ਤਾਂ ਉਸਨੇ ਉਤਰ ਦਿੱਤਾ,‘‘ਮੈਂ ਕੀ ਕਰ ਸਕਦਾ ਹਾਂ? ਇਹ ਭਾਈ ਪਰਮਾਨੰਦ ਹੀ ਹੈ, ਜਿਹੜਾ ਮੇਰੇ ਤੋਂ ਅਜਿਹੀਆਂ ਗੱਲਾਂ ਕਰਾਉਂਦਾ ਹੈ।‘‘ ਜੇਕਰ ਇਹ ਗੱਲ ਸੱਚ ਹੈ, ਤਾਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਕਰਤਾਰ ਸਿੰਘ ਆਪਣੇ ਪੈਰੋਕਾਰਾਂ ਦੇ ਮਨਾਂ ਵਿਚ ਆਪਣੀ ਲੀਡਰਸ਼ਿਪ ਯੋਗਤਾ ਸਬੰਧੀ ਜ਼ਰਾ ਵੀ ਸ਼ੱਕ ਪੈਦਾ ਹੋਣ ਤੋਂ ਬਚਣ ਲਈ ਅਜਿਹਾ ਕਰਨਾ ਜ਼ਰੂਰੀ ਸਮਝਦਾ ਸੀ।’
ਮੈਨੂੰ ਲੱਗਦਾ ਹੈ ਕਿ ਭਾਈ ਪਰਮਾਨੰਦ ਸਰਾਭੇ ਦੀ ਸਖ਼ਸੀਅਤ ਦਾ ਮੁਲਾਂਕਣ ਕਰਨ ਲੱਗਿਆਂ ਕੁਝ ਅੰਤਰਮੁਖੀ ਹੋ ਗਿਆ ਹੈ। ਸਰਾਭੇ ਦੀ ਬਹੁਤ ਹੱਦ ਤੱਕ ਵਡਿਆਈ ਕਰਦਿਆਂ ਵੀ ਉਹਦਾ ਫਿ਼ਕਰ ਇਹ ਸਥਾਪਤ ਕਰਨ ਵੱਲ ਰਹਿੰਦਾ ਹੈ ਕਿ ਉਹ ਖ਼ੁਦ ਸਰਾਭੇ ਨਾਲੋਂ ਉੱਚੇ ਪਲੇਟਫਾਰਮ ‘ਤੇ ਖਲੋਤਾ ਦਿਖਾਈ ਦੇਵੇ। ਭਾਈ ਪਰਮਾਨੰਦ ਆਪਣਾ ਬਿੰਬ ਕੁਝ ਇਸਤਰ੍ਹਾਂ ਸਿਰਜਦਾ ਹੈ ਕਿ ਜਿਵੇਂ ਉਹਦੇ ਵਿਚਾਰਾਂ ਦੀ ਮਹੱਤਤਾ ਪੂਰੀ ਗਦਰ ਪਾਰਟੀ ਦੇ ਕਾਰਕੁਨਾਂ ਲਈ ਗੁਰਾਂ ਦੇ ‘ਹੁਕਮਨਾਮਿਆਂ’ ਵਰਗੀ ਹੋਵੇ ਤੇ ਸਰਾਭਾ ‘ਗੁਰੂ’ ਦਾ ਹੁਕਮਨਾਮਾ ਸੁਣਾ ਕੇ ਹੀ ਬਾਕੀ ਸਾਥੀਆਂ ਨੂੰ ਆਪਣੇ ‘ਮਗਰ’ ਲਾਉਂਦਾ ਸੀ ਜਾਂ ਉਹਦਾ ਹੁਕਮਨਾਮਾ ਸੁਣ-ਮੰਨ ਕੇ ਹੀ ਦੂਜੇ ਸਾਥੀ ਸਰਾਭੇ ਨਾਲ ਵੱਡੀਆਂ ਮੁਹਿੰਮਾਂ ‘ਤੇ ਨਿਕਲ ਤੁਰਦੇ ਸਨ। ਉਸ ਵੱਲੋਂ ਪੇਸ਼ ਕੀਤਾ ਸਰਾਭੇ ਦਾ ਬਿੰਬ ਸਰਾਭੇ ਦੇ ਵਿਹਾਰ ਨੂੰ ਕੁਝ ਵਧੇਰੇ ਹੀ ਬਚਗਾਨਾ ਬਣਾ ਧਰਦਾ ਹੈ। ਉਹ ਤਾਂ ਇਹ ਵੀ ਸਾਬਤ ਕਰਦਾ ਹੈ ਕਿ ਸਰਾਭਾ ਉਸ ਤੋਂ ਹੀ ਪ੍ਰਭਾਵਤ ਤੇ ਪ੍ਰੇਰਤ ਹੋ ਕੇ ਆਜ਼ਾਦੀ ਸੰਗਰਾਮ ਵਿਚ ਕੁੱਦਿਆ ਸੀ। ਉਸਨੇ ਕਿਸੇ ਵੇਲੇ ਅਮਰੀਕਾ ਵਿਚ ਅਚਾਨਕ ਮਿਲ ਗਏ ਸਰਾਭੇ ਨੂੰ ਇਤਿਹਾਸ ਦੇ ਹਵਾਲੇ ਸੁਣਾ ਕੇ ਉਸ ਅੰਦਰ ਦੇਸ਼ ਲਈ ਕੁਝ ਕਰ ਸਕਣ ਤੇ ਉਸ ਲਈ ਮਰ ਮਿਟਣ ਦੀ ਭਾਵਨਾ ਜਗਾਈ ਸੀ। ਭਾਈ ਸਾਹਿਬ ਅਨੁਸਾਰ ਸਰਾਭੇ ਨੇ ਬਾਅਦ ਵਿਚ ਉਸ ਪ੍ਰੇਰਕ ਪ੍ਰਸੰਗ ਵਾਲੀ ਮਿਲਣ ਰਾਤ ਦਾ ਹਵਾਲਾ ਦਿੰਦਿਆਂ ਕਿਹਾ ਸੀ, ‘‘ਉਸੇ ਰਾਤ ਮੈਂ ਆਪਣੇ ਦੇਸ਼ ਲਈ ਆਪਣੀ ਜ਼ਿੰਦਗੀ ਅਰਪਣ ਕਰਨ ਦਾ ਫੈਸਲਾ ਕਰ ਲਿਆ ਸੀ।‘‘ ਭਾਵੇਂ ਭਾਈ ਪਰਮਾਨੰਦ ਉਮਰ ਅਤੇ ਤਜਰਬੇ ਵਿਚ ਵਡੇਰਾ ਸੀ ਅਤੇ ਸਾਥੀ ਉਹਦੀ ‘ਸਿਆਣਪ’ ਦੀ ਕਦਰ ਵੀ ਕਰਦੇ ਹੋਣਗੇ ਪਰ ਇਹ ਕਿਵੇਂ ਵੀ ਸੰਭਵ ਨਹੀਂ ਕਿ ਵੱਡੀਆਂ ਮੁਹਿੰਮਾਂ ਜਥੇਬੰਦ ਕਰ ਸਕਣ ਵਾਲਾ ਤੇ ਲੋਕਾਂ ਨੂੰ ਲਾਮਬੰਦ ਕਰਨ ਵਾਲਾ ਸਮਰੱਥ ਸਰਾਭਾ ਆਪਣੀ ਕਿਸੇ ਵੱਡੀ ਮੁਹਿੰਮ ‘ਤੇ ਜਾਣ ਅਤੇ ਉਸ ਉਪਰੰਤ ਮਿਲੀ ਅਸਫ਼ਲਤਾ ਲਈ, ਬੱਚਿਆਂ ਵਾਂਗ ਦੋਸ਼ ਭਾਈ ਪਰਮਾਨੰਦ ਦੇ ਸਿਰ ਮੜ੍ਹ ਕੇ ਸੁਰਖ਼ਰੂ ਹੋ ਜਾਣ ਦਾ ਬਚਗਾਨਾ ਵਿਹਾਰ ਕਰਦਾ ਹੋਵੇ। ਖ਼ੁਦ ਭਾਈ ਪਰਮਾਨੰਦ ਇਹ ਦਾਅਵਾ ਕਰਦਾ ਹੈ ਕਿ ‘ਮੈਨੂੰ ਕਰਤਾਰ ਸਿੰਘ ਨੇ ਇਹ ਗੱਲ ਦੱਸੀ ਤੇ ਕਿਹਾ ਕਿ ਉਹ ਇਕ ਵਾਰੀ ਮੈਨੂੰ ਲਾਹੌਰ ਵਿੱਚ ਵੀ ਮਿਲਿਆ ਸੀ, ਜਦੋਂ ਮੈਂ ਉਸ ਦੇ ਵਿਚਾਰਾਂ ਨੂੰ ਬੱਚਿਆਂ ਵਾਲੇ ਕਹਿ ਕੇ ਖ਼ਾਰਜ ਕਰ ਦਿੱਤਾ ਸੀ।’ ਸੋ ਸਰਾਭੇ ਦੇ ਗ਼ਦਰ ਕਰਨ ਦੇ ਕੰਮ-ਢੰਗ ਅਤੇ ਵਿਚਾਰਾਂ ਨੂੰ ‘ਬੱਚਿਆਂ’ ਵਰਗੇ ਆਖ ਕੇ ਉਹਨਾਂ ਦਾ ਮਖ਼ੌਲ ਉਡਾਉਣ ਵਾਲੇ ਭਾਈ ਪਰਮਾਨੰਦ ਨੂੰ ਸਰਾਭੇ ਵੱਲੋਂ ‘ਗੁਰੂ’ ਦਾ ਦਰਜਾ ਦੇਣ ਦੀ ਗੱਲ ਮਨ ਨੰ ਟੁੰਬਦੀ ਨਹੀਂ। ਦੂਜੇ ਪਾਸੇ ਸਰਾਭਾ ਤਾਂ ਭਾਈ ਪਰਮਾਨੰਦ ਨੂੰ ਮਿਲੇ ਹੋਣ ਤੋਂ ਵੀ ਇਨਕਾਰੀ ਸੀ। ਸਰਾਭੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਲਿਖਦਾ ਹੈ ਕਿ ‘ਮੈਂ (ਸਰਾਭਾ) ਭਾਈ ਪ੍ਰਮਾਨੰਦ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ।’’
‘ਸਰਾਭੇ ਦੀ ‘ਜਰਨੈਲੀ ਪ੍ਰਤਿਭਾ’ ਨੂੰ ਪਛਾਨਣ ਤੇ ਵਡਿਆਉਣ ਵਿਚ ਗ਼ਦਰ ਲਹਿਰ ਦੇ ਹੋਰ ਸੀਨੀਅਰ ਆਗੂਆਂ ਨੇ ਕਿਸੇ ਪ੍ਰਕਾਰ ਦੀ ਹਿਚਕਚਾਹਟ ਨਹੀਂ ਵਿਖਾਈ ਅਤੇ ਕਿਸੇ ਨੇ ਵੀ ਸਰਾਭੇ ਦੇ ਅਜਿਹੇ ‘ਅੱਲੜ੍ਹ ਅਤੇ ਬਚਗਾਨਾ’ ਵਿਹਾਰ ਦੀ ਤਸਦੀਕ ਨਹੀਂ ਕੀਤੀ। ਇਸ ਪ੍ਰਥਾਇ ਭਾਈ ਪਰਮਾਨੰਦ ਦਾ ਸਰਾਭੇ ਬਾਰੇ ਕੀਤਾ ਮੁਲਾਂਕਣ ਅਪਵਾਦ ਹੀ ਹੈ। ਜੇ ਭਾਈ ਪਰਮਾਨੰਦ ਵਿਚ ਸਰਾਭੇ ਦਾ ‘ਗੁਰੂਆਂ’ ਵਰਗਾ ਹੀ ਵਿਸ਼ਵਾਸ ਹੁੰਦਾ ਤਾਂ ਉਹ ਵੀ ਫ਼ਾਂਸੀ ਦੀ ਸਜ਼ਾ ਦਾ ਐਲਾਨ ਹੋਣ ‘ਤੇ ਭਾਈ ਪਰਮਾਨੰਦ ਵਾਂਗ ਸਜ਼ਾ ਮੁਆਫ਼ ਕਰਵਾਉਣ ਲਈ ਅਪੀਲ ਕਰਦਾ ਪਰ ਬਾਬਾ ਸੋਹਨ ਸਿੰਘ ਭਕਨਾ ਅਨੁਸਾਰ, ਸਜ਼ਾ ਦਾ ਐਲਾਨ ਹੋਣ ‘ਤੇ ‘ਸਿਵਾਏ ਭਾਈ ਪਰਮਾਨੰਦ ਲਾਹੌਰ ਅਤੇ ਇਕ ਹੋਰ ਆਦਮੀ, ਜਿਸ ਨੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੇਸ਼ਭਗਤਾਂ ਨੂੰ ਪਰੇਰ ਕੇ ਇਕ ਸ਼ਾਹੂਕਾਰ ਦੇ ਘਰ ਡਾਕਾ ਮਰਵਾਇਆ ਸੀ, ਜਿਸ ਦਾ ਕਿ ਉਸ ਨੇ ਕਰਜਾ ਦੇਣਾ ਸੀ, ਹੋਰ ਕਿਸੇ ਨੇ ਰਹਿਮ ਦੀ ਅਪੀਲ ਨਾ ਕੀਤੀ। ਸਗੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਰਤਾਰ ਸਿੰਘ ਨੇ ਇਸ ਪੇਸ਼ਕਸ਼ ਦਾ ਮਖੌਲ ਉਡਾਇਆ ਅਤੇ ਕਿਹਾ ਕਿ ‘‘ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ।‘‘
ਭਾਵੇਂ ਭਾਈ ਪਰਮਾਨੰਦ ਮੁਤਾਬਕ ਸਰਾਭਾ ਥੋੜਾ ਅੱਲੜ੍ਹ, ਮਾਅਰਕੇ-ਬਾਜ਼ ਤੇ ਕੁਝ ਹੱਦ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲਾ ਸੀ ਤਦ ਵੀ ਉਸਦੇ ਹੋਰ ਦੂਜੇ ਗੁਣਾਂ ਤੋਂ ਭਾਈ ਪਰਮਾਨੰਦ ਵੀ ਮੁਨਕਰ ਨਹੀਂ। ਉਹਦੀ ‘ਚਤਰੁਤਾ ਤੇ ਦਲੇਰੀ’ ਨੂੰ ਮੰਨਦਿਆਂ ਭਾਈ ਪਰਮਾਨੰਦ ਲਿਖਦਾ ਹੈ, ‘ਉਸਦਾ ਜੋਸ਼, ਨਿਡਰਤਾ ਤੇ ਮੌਤ ਵੱਲੋਂ ਬੇਪ੍ਰਵਾਹੀ ਉਸਦੇ ਅਜਿਹੇ ਵਿਲੱਖਣ ਗੁਣ ਸਨ, ਜੋ ਇੰਨੀ ਛੋਟੀ ਉਮਰ ਦੇ ਮੁੰਡੇ ਵਿਚ ਘੱਟ ਹੀ ਮਿਲਦੇ ਹਨ।’
ਉਹਦੇ ਲੋੜੋਂ ਵੱਧ ਦਲੇਰ ਤੇ ਮਨਚਲੇ ਸੁਭਾਅ ਦੀਆਂ ਕਈ ਅਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਦੋਂ ਉਹ ਪੁਲਿਸ ਦੇ ਘੇਰੇ ਵਿਚ ਆਉਣ ਦੇ ਬਾਵਜੂਦ ਦਿਮਾਗ਼ੀ ਸੰਤੁਲਨ ਨੂੰ ਕਾਇਮ ਰੱਖਦਿਆਂ ਬੜੀ ਹੁਸਿ਼ਆਰੀ ਤੇ ਚੁਸਤੀ ਨਾਲ ਚਕਮਾ ਦੇ ਕੇ ਬਚ ਜਾਂਦਾ। ਇਕ ਵਾਰ ਜਦੋਂ ਲੁਧਿਆਣੇ ਦੀ ਪੁਲਿਸ ਸਰਾਭੇ ਨੂੰ ਲੱਭਦੀ ਹੋਈ ਇਕ ਪਿੰਡ ਵਿਚ ਕਿਸੇ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਸਮੇਂ ਸਰਾਭਾ ਸਾਈਕਲ ਉੱਤੇ ਉਧਰੋਂ ਹੀ ਲੰਘ ਰਿਹਾ ਸੀ। ਉਹ ਇਹ ਵੀ ਜਾਣਦਾ ਸੀ ਕਿ ਪੁਲਿਸ ਉਸਨੂੰ ਹੀ ਲੱਭ ਰਹੀ ਹੈ। ਜੇ ਉਹ ਦੌੜਨ ਦੀ ਕੋਸਿ਼ਸ਼ ਕਰਦਾ ਤਾਂ ਪੁਲਿਸ ਨੇ ਲਾਜ਼ਮੀ ਤੌਰ ‘ਤੇ ਉਹਦਾ ਪਿੱਛਾ ਕਰਨਾ ਸੀ ਤੇ ਫੜ ਲੈਣਾ ਸੀ। ਸਰਾਭੇ ਨੇ ਦਿਮਾਗ਼ੀ ਤਵਾਜ਼ਨ ਕਾਇਮ ਰੱਖਿਆ। ਉਹ ਸਾਈਕਲ ਤੋਂ ਉੱਤਰਿਆ ਤੇ ਉਸ ਘਰ ਵਿਚ ਜਾ ਕੇ ਬੜੇ ਠਰੰਮ੍ਹੇ ਨਾਲ ਪਾਣੀ ਦਾ ਗਲਾਸ ਮੰਗਿਆ ਜਿਵੇਂ ਕੋਈ ਥੱਕਿਆ ਪਿਆਸਾ ਰਾਹੀ ਹੋਵੇ। ਪਾਣੀ ਪੀ ਕੇ ਉੁਹਨੇ ਸਾਈਕਲ ਫੜਿਆ ਤੇ ਚੁੱਪ ਕੀਤਾ ਤੁਰਦਾ ਬਣਿਆਂ। ਪੁਲਿਸ ਉਸਨੂੰ ਰਾਹ ਜਾਂਦਾ ਰਾਹੀ ਸਮਝ ਕੇ ਉਸ ਘਰ ਵਿਚੋਂ ਅਜੇ ਵੀ ਉਹਨੂੰ ‘ਲੱਭਣ’ ਦੀ ਕੋਸਿ਼ਸ਼ ਵਿਚ ਜੁੱਟੀ ਹੋਈ ਸੀ। ਬਾਅਦ ਵਿਚ ਉਸ ਪੁਲਿਸ ਇੰਸਪੈਕਟਰ ਨੇ ਉਹਦੇ ਇਸ ਕਾਰਨਾਮੇ ਦੀ ਬੜੀ ਪ੍ਰਸੰਸਾ ਕੀਤੀ ਜਿਹੜਾ ਬੜੀ ਹੁਸਿ਼ਆਰੀ ਤੇ ਸਹਿਜ ਨਾਲ ਪੁਲਿਸ ਨੂੰ ਚਕਮਾ ਦੇ ਗਿਆ ਸੀ।
ਦਿਲਚਸਪ ਗੱਲ ਤਾਂ ਇਹ ਹੈ ਕਿ ਕਈ ਵਾਰ ਉਹ ਆਪਣੀ ਸਮਰੱਥਾ ਦੀ ਪਛਾਣ ਕਰਾਉਣ ਅਤੇ ਪੁਲਿਸ ਤੰਤਰ ਦਾ ਮਜ਼ਾਕ ਉਡਾਉਣ ਲਈ, ਜਸੂਸੀ ਨਾਵਲਾਂ ਦੇ ਨਾਇਕਾਂ ਵਾਂਗ, ਨਾਟਕੀ ਭੇਸ ਬਣਾ ਕੇ, ਬੇਵਜ੍ਹਾ ਹੀ ਪੁਲਿਸ ਦੀਆਂ ਸਫ਼ਾਂ ਵਿਚ ਜਾ ਵੜਦਾ ਤੇ ਜਾਂਦਾ ਜਾਂਦਾ ਆਪਣੀ ਪਛਾਣ ਵੀ ਦੱਸ ਕੇ ਖ਼ੁਫ਼ੀਆ ਤੰਤਰ ਨੂੰ ਹੱਥਾਂ ਪੈਰਾਂ ਦੀ ਪਾ ਕੇ ਸ਼ਰਮਿੰਦਾ ਕਰ ਜਾਂਦਾ। ਬਾਬਾ ਭਕਨਾ ਸਰਾਭੇ ਦੀ ਬੇਖ਼ੌਫ਼ ਸ਼ਖ਼ਸੀਅਤ ਬਾਰੇ ਲਿਖਦੇ ਹਨ, ‘ਜਦੋਂ ਮੈਨੂੰ ਲੁਧਿਆਣੇ ਜੇਲ੍ਹ ਤੋਂ ਪੁਲੀਸ ਦੇ ਪਹਿਰੇ ਵਿਚ ਟਾਂਗੇ ‘ਤੇ ਬਿਠਾ ਕੇ ਸਟੇਸ਼ਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਪਿਛੋਂ ਸਾਈਕਲ ‘ਤੇ ਕਰਤਾਰ ਸਿੰਘ ਸਰਾਭਾ ਆ ਮਿਲਿਆ। ਉਹ ਖ਼ਤਰੇ ਵੇਲੇ ਸਭ ਤੋਂ ਅੱਗੇ ਰਹਿੰਦਾ ਸੀ। ਉਹ ਫੌਜੀ ਪਲਟਨਾਂ ਵਿਚ ਨਿਧੜਕ ਹੋ ਕੇ ਜਾਂਦਾ ਅਤੇ ਬਗੈਰ ਕਿਸੇ ਡਰ ਦੇ ਫੌਜੀਆਂ ਨੂੰ ਪ੍ਰੇਰਦਾ। ਉਹਦੀ ਇਸ ਨਿਡਰਤਾ ਦਾ ਫੌਜੀਆਂ ਉਤੇ ਏਨਾ ਅਸਰ ਹੁੰਦਾ ਕਿ ਉਹ ਅਜ਼ਾਦੀ ਦੀ ਜੰਗ ਵਿਚ ਸ਼ਾਮਲ ਹੋਣ ਲਈ ਫੌਰਨ ਤਿਆਰ ਹੋ ਜਾਂਦੇ। ਮੈਂ ਕਰਤਾਰ ਸਿੰਘ ਸਰਾਭਾ ਨੂੰ ਦਸਿਆ ਕਿ ਮੇਰਾ ਚਲਾਨ ਡਿਸਟ੍ਰਿਕਟ ਜੇਲ੍ਹ ਮੁਲਤਾਨ ਵਿਚ ਹੋ ਗਿਆ ਹੈ ਤੇ ਤੁਸੀਂ ਜਾਉ।’
ਅਸਲ ਵਿਚ ਭਾਰਤ ਵਿਚ ਆ ਕੇ ਗ਼ਦਰ ਕਰਨ ਵਾਲੇ ਬਾਬਾ ਸੋਹਨ ਸਿੰਘ ਭਕਨਾ ਵਰਗੇ ਕੁਝ ਸੀਨੀਅਰ ਸਾਥੀਆਂ ਦੇ ਗ੍ਰਿਫ਼ਤਾਰ ਹੋ ਜਾਣ ਉਪਰੰਤ ਕਰਤਾਰ ਸਿੰਘ ਸਰਾਭਾ ਹੀ ਗ਼ਦਰ ਲਹਿਰ ਦੇ ਸਰਵਉੱਚ ਆਗੂ ਵਜੋਂ ਉਭਰ ਕੇ ਸਾਹਮਣੇ ਆਇਆ। ਭਾਵੇਂ ਦੂਜੇ ਇਨਕਲਾਬੀ ਉਸਤੋਂ ਉਮਰ ਵਿਚ ਵੱਡੇ ਸਨ ਤਦ ਵੀ ਅਠਾਰਾਂ ਉੱਨੀ ਸਾਲ ਦਾ ਇਹ ਨੌਜਵਾਨ ਆਪਣੀ ਸਮਰੱਥਾ, ਸਿਆਣਪ, ਸਿਰੜ੍ਹ, ਸਿਦਕ, ਸੰਵੇਦਨਸ਼ੀਲਤਾ, ਸਵੈਭਰੋਸੇ, ਸੂਰਮਗਤੀ ਤੇ ਕੁਰਬਾਨ ਹੋ ਜਾਣ ਦੇ ਬੇਖ਼ੌਫ਼ ਜਜ਼ਬੇ ਦੀ ਬਦੌਲਤ ਛੇਤੀ ਹੀ ਗ਼ਦਰ ਲਹਿਰ ਦਾ ਕੇਂਦਰੀ ਧੁਰਾ ਤੇ ਪ੍ਰੇਰਨਾ ਸਰੋਤ ਬਣ ਗਿਆ। ਉਸਦੀ ਲੀਡਰਸਿ਼ਪ ਦੀ ਯੋਗਤਾ ਦਾ ਲੋਹਾ ਤਾਂ ਸਚਿੰਦਰ ਨਾਥ ਸਾਨਿਆਲ ਜਿਹੇ ਹੰਢੇ ਵਰਤੇ ਬੰਗਾਲੀ ਇਨਕਲਾਬੀ ਨੇ ਵੀ ਮੰਨ ਲਿਆ ਸੀ।
ਇਹ ਵੀ ਸੱਚ ਹੈ ਕਿ ਅਮਰੀਕਾ ਵਿਚ ਵੀ ਇਹ ਕਰਤਾਰ ਸਿੰਘ ਸਰਾਭਾ ਹੀ ਸੀ ਜਿਹੜਾ ਗ਼ੈਰ-ਪੰਜਾਬੀ ਇਨਕਲਾਬੀ ਨੌਜਵਾਨਾਂ ਨਾਲ ਸੰਪਰਕ ਸਾਧਣ ਤੇ ਉਹਨਾਂ ਵਿਚ ਗ਼ਦਰ ਦਾ ਪਰਚਾਰ ਕਰਨ ਦਾ ਕੰਮ ਵੀ ਕਰਦਾ ਸੀ। ਭਾਰਤ ਆ ਕੇ ਵੀ ਸਰਾਭਾ ਹੀ ਸੀ ਜਿਸਨੇ ਬੰਗਾਲੀ ਤੇ ਹੋਰ ਪ੍ਰਾਤਾਂ ਦੇ ਇਨਕਲਾਬੀਆਂ ਨਾਲ ਰਾਬਤਾ ਬਨਾਉਣ ਦਾ ਉੱਦਮ ਕੀਤਾ। ਸੁਰਿੰਦਰ ਨਾਥ ਬੈਨਰ ਜੀ ਵਰਗੇ ਬੰਗਾਲੀ ਇਨਕਲਾਬੀ ਨੇ ਸਰਾਭੇ ਦੀ ਹਿੰਮਤ ਤੇ ਉਤਸ਼ਾਹ ਵੇਖ ਕੇ ਕਿਹਾ ਸੀ, “ਤੂੰ ਆਪਣੇ ਸੰਕਲਪ ਤੇ ਹਿੰਮਤ ਅਨੁਸਾਰ ਕੰਮ ਕਰਦਾ ਜਾ, ਬੰਗਾਲ ਤਾਂ ਸਹੀ ਸਮੇ ‘ਤੇ ਤੁਹਾਡੀ ਸਹਾਇਤਾ ਕਰੇਗਾ ਹੀ।” ਸਰਾਭੇ ਦੀ ਹਿੰਮਤ ਤੇ ਦ੍ਰਿੜ੍ਹਤਾ ਕੰਮ ਆਈ ਤੇ ਆਖ਼ਰਕਾਰ ਸਚਿੰਦਰ ਨਾਥ ਸਾਨਿਆਲ ਸਰਾਭੇ ਹੁਰਾਂ ਦੇ ਬੁਲਾਵੇ ਤੇ ਜਲੰਧਰ ਆਇਆ। ਉਥੇ ਕਰਤਾਰ ਸਿੰਘ ਸਰਾਭਾ, ਪ੍ਰਿਥੀ ਸਿੰਘ, ਅਮਰ ਸਿੰਘ ਤੇ ਰਾਮ ਰੱਖਾ ਆਦਿ ਗ਼ਦਰੀ ਹਾਜ਼ਰ ਸਨ। ਸਾਨਿਆਲ ਨੇ ਜਦੋਂ ਇਹ ਜਾਨਣਾ ਚਾਹਿਆ ਕਿ ਉਹਨਾਂ ਦਾ ਲੀਡਰ ਕੌਣ ਹੈ ਕਿਉਂਕਿ ਉਹ ਉਸ ਲੀਡਰ ਨਾਲ ਹੀ ਗੱਲ-ਬਾਤ ਕਰਨੀ ਚਾਹੁੰਦਾ ਹੈ ਤਾਂ ਅਮਰ ਸਿੰਘ ਨੇ ਕਿਹਾ, “ਸੱਚ ਪੁੱਛੋ ਤਾਂ ਸਾਡਾ ਅਸਲੀ ਨੇਤਾ ਹੈ ਹੀ ਨਹੀਂ। ਏਸੇ ਲਈ ਸਾਨੂੰ ਰਾਸ ਬਿਹਾਰੀ ਬੋਸ ਦੀ ਲੋੜ ਹੈ। ਸਾਡੇ ਵਿਚੋਂ ਕਿਸੇ ਨੂੰ ਵੀ ਵਿਸ਼ੇਸ਼ ਜਾਣਕਾਰੀ ਨਹੀਂ ਏ। ਏਸੇ ਕਰਕੇ ਸਾਡੇ ਕੰਮ ਕਰਨ ਦਾ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਹੈ।” ਕਰਤਾਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ ਪਰ ਨਾਲ ਹੀ ਅਮਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, “ਦੇਖੋ ਭਾਈ ਏਦਾਂ ਹਿੰਮਤ ਕਿਉਂ ਹਾਰਦੇ ਓ? ਜਦੋ ਲੋੜ ਪਈ ਤਾਂ ਦੇਖਿਓ ਤੁਹਾਡੇ ਵਿਚੋਂ ਹੀ ਕਿੰਨਿਆਂ ਨੇ ਛੁਪੇ ਰੁਸਤਮ ਨਿਕਲ ਆਉਣਾ ਹੈ।”
ਸਰਾਭੇ ਦੇ ਵਿਹਾਰ ਤੇ ਵਿਚਾਰਾਂ ਤੋਂ ਸਾਨਿਆਲ ਨੇ ਅਨੁਮਾਨ ਲਾ ਲਿਆ ਸੀ ਕਿ ‘ਜੇਕਰ ਇਹਨਾਂ ਵਿਚ ਸੱਚੀਂ ਕੋਈ ਕੰਮ ਕਰਨ ਵਾਲਾ ਹੈ ਤਾਂ ਉਹ ਕਰਤਾਰ ਸਿੰਘ ਹੈ। ਮੈਂ ਉਸ ਵਿਚ ਜਿਸਤਰ੍ਹਾਂ ਦਾ ਆਤਮ-ਵਿਸ਼ਵਾਸ ਵੇਖਿਆ, ਉਸਤਰ੍ਹਾਂ ਦਾ ਆਤਮ-ਵਿਸ਼ਵਾਸ ਨਾ ਹੋਣ ‘ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ।’
ਸੋ ਗ਼ਦਰੀਆਂ ਵਿਚ ਉਹ ‘ਛੁਪਿਆ ਰੁਸਤਮ’ ਕਰਤਾਰ ਸਿੰਘ ਸਰਾਭਾ ਹੀ ਸੀ, ਜਿਸਨੇ ਛੇਤੀ ਹੀ ਆਪਣੀ ਸਿਆਣਪ, ਹੌਸਲੇ ਤੇ ਦੂਰਦਰਸ਼ਤਾ ਨਾਲ ਸਾਥੀਆਂ ਦਾ ਭਰੋਸਾ ਜਿੱਤ ਲਿਆ ਤੇ ਛੋਟੀ ਉਮਰ ਦੇ ਬਾਵਜੂਦ ਗ਼ਦਰ ਲਹਿਰ ਦੇ ਵੱਡੇ ਆਗੂ ਵਜੋਂ ਸਥਾਪਤ ਹੋ ਗਿਆ। ਸਾਨਿਆਲ ਅਨੁਸਾਰ, ‘ਹਾਲਾਂਕਿ ਇਹ ਸਿੱਖਾਂ ਵਿਚੋਂ ਸਭ ਤੋਂ ਘੱਟ ਉਮਰ ਦੇ ਸਨ ਪਰ ਮੈਂ ਇਹਨਾਂ ਦੇ ਹੇਠ ਕਿਂੰਨੇ ਹੀ ਵੱਡੀ ਉਮਰ ਦੇ ਸਿੱਖਾਂ ਨੂੰ ਕੰਮ ਕਰਦਿਆਂ ਵੇਖਿਆ।’ ਭਾਈ ਰਣਧੀਰ ਸਿੰਘ ਨਿਰਸੰਦੇਹ ਉਸਤੋਂ ਉਮਰ ਵਿਚ ਵੱਡੇ ਤੇ ਵੱਧ ਤਾਲੀਮ-ਯਾਫ਼ਤਾ ਸਨ ਪਰ ਉਹਨਾਂ ਵੀ 19 ਫਰਵਰੀ ਨੂੰ ਆਪਣੇ ਜੱਥੇ ਸਮੇਤ ਗ਼ਦਰ ਸ਼ੁਰੂ ਕਰਨ ਲਈ ਫੀ਼ਰੋਜ਼ਪੁਰ ਛਾਉਣੀ ਪਹੁੰਚਣ ਦਾ ਸਰਾਭੇ ਦਾ ਆਦੇਸ਼ ਮੰਨਣ ਵਿਚ ਰਾਈ ਭਰ ਵੀ ਹਿਚਕਚਾਹਟ ਨਹੀਂ ਸੀ ਵਿਖਾਈ। ਬਾਬਾ ਸੋਹਨ ਸਿੰਘ ਭਕਨਾ ਤਾਂ ਉਸਨੂੰ ਸਦਾ ‘ਮੇਰਾ ਜਰਨੈਲ’ ਕਹਿ ਕੇ ਯਾਦ ਕਰਦੇ ਸਨ। ਨਿਰਸੰਦੇਹ ਉਹ ਅਜਿਹਾ ਕਿਸੇ ਭਾਵੁਕ ਆਵੇਸ਼ ਅਧੀਨ ਨਹੀਂ ਸਨ ਆਖਦੇ ਸਗੋਂ ਸਰਾਭੇ ਦੇ ‘ਜਰਨੈਲੀ ਗੁਣਾਂ’ ਦੀ ਵਡਿਆਈ ਹੀ ਬਾਬਾ ਜੀ ਨੂੰ ਇਹ ਵਿਸ਼ੇਸ਼ਣ ਦੇਣ ਲਈ ਹੁਲਾਰਦੀ ਸੀ। ਬਾਬਾ ਜੀ ਲਿਖਦੇ ਹਨ, ‘ਉਸ ਵਿਚ ਪੂਰਨ ਇਨਸਾਨੀ ਸਿਫ਼ਤਾਂ ਸਨ। ਮੈਂ ਖ਼ਿਆਲ ਕਰਦਾ ਹਾਂ ਕਿ ਦੁਨੀਆਂ ਦੇ ਇਤਿਹਾਸ ਵਿਚ ਏਨੀਂ ਛੋਟੀ ਉਮਰ (19 ਸਾਲ) ਵਿਚ ਸ਼ਾਇਦ ਹੀ ਕੋਈ ਜਰਨੈਲ ਮਿਲੇ ਜੋ ਕਰਤਾਰ ਸਿੰਘ ਦਾ ਸਾਨੀ ਹੋਵੇ।’
ਬਾਬਾ ਜੀ ਤਾਂ ਇਹ ਵੀ ਆਖਦੇ ਹਨ ਕਿ ਅਮਰੀਕਾ ਵਿਚ ਲਾਲਾ ਹਰਦਿਆਲ ਨੂੰ ਗ਼ਦਰ ਲਹਿਰ ਨਾਲ ਜੋੜਨ ਵਿਚ ਵੀ ਸਰਾਭੇ ਦਾ ਹੀ ਯੋਗਦਾਨ ਸੀ। ਜੇ ਇਹ ਗੱਲ ਠੀਕ ਹੈ ਤੇ ਜੇ ਬਾਬਾ ਭਕਨਾ ਇਹ ਤੱਥ ਪੁਸ਼ਟ ਕਰ ਰਹੇ ਹਨ ਤਾਂ ਇਸ ਵਿਚ ਸ਼ੱਕ ਦੀ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ, ਤਾਂ ਸਾਫ਼ ਜ਼ਾਹਿਰ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਦੇ ਪਹਿਲੇ ਦਿਨਾਂ ਤੋਂ ਹੀ ਉਸ ਮੁੱਛ-ਫੁੱਟ ਗੱਭਰੂ ਨੇ ਆਪਣੀ ਆਗੂ-ਹੋਂਦ ਨੂੰ ਸਥਾਪਤ ਕਰ ਲਿਆ ਸੀ।
ਉਸਦੀ ਏਸੇ ਆਗੂ ਪ੍ਰਤਿਭਾ ਦਾ ਜਿ਼ਕਰ ਸਰਾਭੇ ਹੁਰਾਂ ਦਾ ਸਾਥੀ ਚੈਂਚਈਆ ਆਪਣੀ ਹੱਥ-ਲਿਖਤ ਵਿਚ ਵਾਰ ਵਾਰ ਕਰਦਾ ਹੈ। ਉਸਦਾ ਵਿਚਾਰ ਹੈ ਕਿ ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਚਲੇ ਜਾਣ ਤੋਂ ਬਾਅਦ ਲੀਡਰਸਿ਼ਪ ਦਾ ਖਿ਼ਲਾਅ ਪੈਦਾ ਹੋ ਗਿਆ ਸੀ। ਦੂਜੇ ਗ਼ਦਰੀ ਸੂਰਬੀਰ ਲੜਾਕੂ ਜਜ਼ਬੇ ਤੇ ਕੁਰਬਾਨੀ ਕਰਨ ਦੇ ਗੁਣਾਂ ਨਾਲ ਤਾਂ ਭਰਪੂਰ ਸਨ ਪਰ ਉਹਨਾਂ ਵਿਚ ਕਿਸੇ ਲਹਿਰ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਲੋੜੀਂਦੀ ਬੁੱਧੀਮਤਾ ਤੇ ਸਮਰੱਥਾ ਦੀ ਘਾਟ ਸੀ ਤੇ ਉਹ ਖ਼ੁਦ ਵੀ ਇਸਤੋਂ ਜਾਣੂ ਸਨ। ਏਸੇ ਕਰਕੇ ਉਹਨਾਂ ਨੇ ਲਾਲਾ ਹਰਦਿਆਲ ਤੋਂ ਬਾਅਦ ਯੁਗਾਂਤਰ ਆਸ਼ਰਮ ਦੀ ਵਾਗ-ਡੋਰ ਕਿਸੇ ਅਜਿਹੇ ਹੀ ਯੋਗ ਆਗੂ ਨੂੰ ਸੌਂਪਣ ਲਈ ਸੋਚਣਾ ਸ਼ੁਰੂ ਕੀਤਾ। ਬੜੀ ਸੋਚ-ਵਿਚਾਰ ਪਿੱਛੋਂ ਰਾਮ ਚੰਦ ਨੂੰ ਇਹ ਸੇਵਾ ਸੌਂਪ ਦਿੱਤੀ। ਚੈਂਚਈਆ ਅਨੁਸਾਰ ਸਰਾਭਾ ਗ਼ਦਰੀਆਂ ਵਿਚੋਂ ਸਭ ਤੋਂ ਵੱਧ ਖਾੜਕੂ ਤੇ ਬੁੱਧੀਮਾਨ ਲੀਡਰ ਸੀ। ਉਸਦਾ ਅਨੁਮਾਨ ਹੈ ਕਿ ਸਹੀ ਅਰਥਾਂ ਵਿਚ ਬੁੱਧੀਮਾਨ ਤੇ ਆਗੂ ਗੁਣਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਉਮਰੋਂ ਬਹੁਤ ਛੋਟਾ ਹੋਣ ਕਰਕੇ ਹੀ ਸ਼ਾਇਦ ਕਰਤਾਰ ਸਿੰਘ ਸਰਾਭੇ ਨੂੰ ਮੁੱਖ ਆਗੂ ਨਾ ਬਣਾਇਆ ਗਿਆ। ਇਤਿਹਾਸ ਦੇ ਜਾਣਕਾਰਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਰਾਮ ਚੰਦ ਦੀ ਚੋਣ ਕਿੰਨੀ ਗ਼ਲਤ ਸਾਬਤ ਹੋਈ ਤੇ ਆਉਣ ਵਾਲੇ ਸਮੇਂ ਵਿਚ ਉਹਦੇ ਕਿਰਦਾਰ ਨੇ ਲਹਿਰ ਨੂੰ ਕਿੰਨੀ ਵੱਡੀ ਸੱਟ ਮਾਰੀ।
ਸਰਾਭੇ ਦੀ ਇਸੇ ਜਰਨੈਲੀ ਪ੍ਰਤਿਭਾ ਨੇ ਹੀ ਉਸਨੂੰ ਅੰਗਰੇਜ਼ ਹਕੂਮਤ ਦੀਆਂ ਨਜ਼ਰਾਂ ਵਿਚ ‘ਸਭ ਤੋਂ ਖ਼ਤਰਨਾਕ ਬਾਗ਼ੀ’ ਬਣਾ ਦਿੱਤਾ। ਸਰਕਾਰ ਦੀਆਂ ਨਜ਼ਰਾਂ ਵਿਚ ਉਸਦੇ ‘ਏਨੇ ਖ਼ਤਰਨਾਕ’ ਹੋਣ ਬਾਰੇ ਥੋੜਾ ਕੁ ਵੇਰਵਾ ਦੇਣਾ ਕੁਥਾਂ ਨਹੀਂ ਹੋਵੇਗਾ। 13 ਸਤੰਬਰ 1915 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਦਾ ਫ਼ੈਸਲਾ ਸੁਣਾਉਂਦਿਆਂ 24 ਦੇਸ਼-ਭਗਤਾਂ ਨੂੰ ਫ਼ਾਂਸੀ ਤੇ 26 ਨੂੰ ਉਮਰ-ਕੈਦ ਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਮੁਕੱਦਮੇ ਦੀ ਇਸ ਮਿਸਲ ਨੂੰ ਪਿੱਛੋਂ ਵਾਇਸਾਰਏ ਹਾਰਡਿੰਗ ਕੋਲ ਨਜ਼ਰਸਾਨੀ ਲਈ ਭੇਜਿਆ ਗਿਆ। ਵਾਇਸਰਾਏ ਵੱਲੋਂ ਨਾਮਜ਼ਦ ਕੌਂਸਲ ਦੇ ਮੈਂਬਰਾਂ ਵਿਚੋਂ ਹੋਮ ਡਿਪਾਰਟਮੈਂਟ ਦੇ ਮੈਂਬਰ ਸਰ ਕਰੈਡਰਾਕ ਨੇ ਪੰਜ ਹੋਰ ਦੇਸ਼ਭਗਤਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ-ਕੈਦ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਪਰ ਸਰਾਭੇ ਬਾਰੇ ਲਿਖਿਆ, ‘(ਇਹ) ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜਸ਼ੀਆਂ ਵਿਚੋਂ ਅੱਤ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ ਅਤੇ ਅਦਾਲਤ ਨੇ ਇਸਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ ‘ਤੇ ਫ਼ਖ਼ਰ ਕਰਦਾ ਹੈ, ਕਹਿ ਕੇ ਆਪਣੀ ਰਾਇ ਦਿੱਤੀ ਹੈ, ਭਾਵ ਇਹ ਕਿ ਇਸਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਨਹੀਂ ਬਣਦੀ।’
ਕਾਨੂੰਨੀ ਸਲਾਹਕਾਰ ਸਰ ਅਲੀ ਅਮਾਮ ਨੇ ਸਰ ਕਰੈਡਰਾਕ ਵੱਲੋਂ ਪੰਜ ਗ਼ਦਰੀਆਂ ਦੀ ਸਜ਼ਾ ਬਦਲਣ ਨਾਲ ਸਹਿਮਤੀ ਦਿੰਦਿਆਂ ਬਾਰਾਂ ਹੋਰ ਗ਼ਦਰੀਆਂ ਦੀ ਸਜ਼ਾ ਘਟਾਉਣ ਦੀ ਸਿਫਾ਼ਰਸ਼ ਕੀਤੀ। ਸਜ਼ਾ ਘਟਾਏ ਜਾਣ ਵਾਲੇ ਦੇਸ਼-ਭਗਤਾਂ ਵਿਚ ਕਰਤਾਰ ਸਿੰਘ ਸਰਾਭਾ ਦਾ ਨਾਂ ਉਸਨੇ ਇਸ ਟਿੱਪਣੀ ਨਾਲ ਸ਼ਾਮਲ ਕੀਤਾ, ‘ਮੈਂ ਇਸਦੀ ਅੱਲੜ੍ਹ ਅਵਸਥਾ ਬਾਰੇ ਸੁਚੇਤ ਹਾਂ। ਜੇ ਕਿਤੇ ਉਸਦੀ ਇਹ ਅੱਲੜ੍ਹ ਅਵਸਥਾ ਨਾ ਹੁੰਦੀ ਤਾਂ ਮੈਂ ਉਸਨੂੰ ਫ਼ਾਂਸੀ ਦਾ ਪੂਰਾ ਹੱਕਦਾਰ ਮਿਥਣ ਵਿਚ ਕੋਈ ਵੀ ਹਿਚਕਚਾਹਟ ਮਹਿਸੂਸ ਨਾ ਕਰਦਾ।’
ਕੌਂਸਲ ਦੇ ਹੋਰ ਮੈਂਬਰਾਂ ਵਿਚੋਂ ਬੀ ਡੱਫ਼, ਡਬਲਿਊ ਐਚ ਕਲਾਰਕ ਤੇ ਡਬਲਿਊ ਐੱਸ ਮਾਇਰ ਨੇ ਸਰਾਭੇ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਤਈਦ ਕੀਤੀ। ਸੀ ਐਚ ਏ ਹਿੱਲ ਨੇ ਕਰਤਾਰ ਸਿੰਘ ਦੀ ਸਜ਼ਾ ਨੂੰ ਕੇਵਲ ਰਹਿਮ ਦੀ ਬਿਨਾ ‘ਤੇ ਘੱਟ ਕਰਨ ਦੀ ਤਜ਼ਵੀਜ਼ ਉਸਦੀ ਅੱਲੜ੍ਹ ਉਮਰ ਨੂੰ ਧਿਆਨ ਵਿਚ ਰੱਖਦਿਆਂ ਪੇਸ਼ ਕੀਤੀ ਕਿਉਂਕਿ ਇਸ ਉਮਰ ਵਿਚ ਨੌਜਵਾਨ ਨੂੰ ਕਿਸੇ ਦਿਰੜ੍ਹ ਇਰਾਦੇ ਵਾਲੇ ਬੰਦੇ ਵੱਲੋਂ ਵਰਗਲਾਏ ਜਾ ਸਕਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ਸਰ ਕਰੈਡਰਾਕ ਨੇ ਇਸਤੇ ਬੜੀ ਸਖ਼ਤ ਟਿੱਪਣੀ ਕਰਦਿਆਂ ਕਰਤਾਰ ਸਿੰਘ ਨੂੰ ਦੋਸ਼ੀ ਗਰਦਾਨਦਿਆਂ ਕਿਹਾ, ‘ਮੈਂ ਪਹਿਲਾਂ ਵੀ ਉਸਨੂੰ ਰਹਿਮ ਦੀ ਬਿਨਾ ‘ਤੇ ਰਿਆਇਤ ਦੀ ਸਿਫ਼ਾਰਸ਼ ਨਹੀਂ ਕੀਤੀ ਜਿਸ (ਰਹਿਮ) ਦੀ ਉਸਨੇ ਮੰਗ ਵੀ ਨਹੀਂ ਕੀਤੀ। ਪਰ ਮੈਂ ਉਸਦੇ ਕੇਸ ਨੂੰ ਕਈ ਵਾਰ ਪੜ੍ਹਨ ਤੋਂ ਬਾਅਦ ਵੀ ਇਸ ਸਪੱਸ਼ਟ ਨਤੀਜੇ ‘ਤੇ ਪਹੁੰਚਿਆ ਹਾਂ ਕਿ ਇਸਦਾ ਕਿਸੇ ਹੋਰ ਦਾ ਅਸਰ ਕਬੂਲਣਾ ਤਾਂ ਕਿਤੇ ਦੂਰ ਦੀ ਗੱਲ ਸੀ, ਇਹ ਤਾਂ ਆਪ ਖ਼ੁਦ ਗ਼ਦਰ ਪਾਰਟੀ ਦੀ ਰੂਹੇ-ਰਵਾਂ ਸੀ। ਇਹ ਕਰਤਾਰ ਸਿੰਘ ਹੀ ਸੀ ਜਿਸਨੇ ਵਿਦਿਆਰਥੀਆਂ ਨੂੰ ਵਿਗਾੜਿਆ, ਪਿੰਗਲੇ ਨਾਲ ਛਾਉਣੀਆਂ ਵਿਚ ਘੁੰਮਿਆਂ ਅਤੇ ਸਾਜਿਸ਼ ਦੇ ਹਰ ਦੌਰ ਤੇ ਹਰ ਪਹਿਲੂ ਵਿਚ ਇਸਦਾ ਹੱਥ ਸੀ। ਮੈਂ ਇਥੋਂ ਤੱਕ ਕਹਿ ਸਕਦਾ ਹਾਂ ਕਿ ਇਸ ਮੁਕੱਦਮੇ ਦੇ ਅਦਾਲਤ ਵਿਚ ਆਉਣ ਤੋਂ ਪਹਿਲਾਂ ਹੀ ਉਹ ਇਸ ਅਡੰਬਰ ਦੇ ਅਤੀ ਖ਼ਤਰਨਾਕ ਵਿਅਕਤੀ ਵਜੋਂ ਜਾਣਿਆਂ ਜਾਂਦਾ ਸੀ ਅਤੇ ਇਸਦੀ ਸਰਗੋਧੇ ਫੌਜੀ ਰਸਾਲੇ ਤੋਂ ਹੋਈ ਗ੍ਰਿਫ਼ਤਾਰੀ ਨਾਲ ਉਹਨਾਂ ਸਾਰਿਆਂ ਸੁਖ ਦਾ ਸਾਹ ਲਿਆ ਜਿਹੜੇ ਇਸ ਸਾਜਿਸ਼ ‘ਚੋਂ ਨਿਕਲਣ ਵਾਲੇ ਸਿੱਟਿਆਂ ਤੋਂ ਵਾਕਫ਼ ਸਨ। ਜਿਨ੍ਹਾਂ ਵਿਚ ਸਰਕਾਰੀ ਫੌਜਾਂ ਵਿਚ ਬਗ਼ਾਵਤ ਦੀ ਪੂਰੀ ਸੰਭਾਵਨਾ ਤੇ ਸਿੰਘਾਪੁਰ ਵਿਚ ਵਾਪਰੇ (ਫੌਜੀ ਬਗ਼ਾਵਤ) ਜਿਹੇ ਕਾਂਡ ਵਾਪਰ ਸਕਦੇ ਸਨ।’
ਮੈਂਬਰਾਂ ਦੀ ਬਹੁਸੰਮਤੀ ਕਿਉਂਕਿ ਸਰਾਭੇ ਨੂੰ ਫ਼ਾਂਸੀ ਦੇਣ ਦੇ ਹੱਕ ਵਿਚ ਸੀ। ਇਸ ਲਈ ਲਾਰਡ ਹਾਰਡਿੰਗ ਨੇ ਵੀ ਉਹਨਾਂ ਦੀ ‘ਹਾਂ’ ਵਿਚ ‘ਹਾਂ’ ਮਿਲਾਈ। ਫ਼ਲਸਰੂਪ ਸਰਾਭੇ ਨੂੰ ਛੱਡ ਕੇ ਬਾਕੀ ਤਜਵੀਜ਼-ਸ਼ੁਦਾ ਦੇਸ਼-ਭਗਤਾਂ ਦੀ ਸਜ਼ਾ ਘਟਾ ਦਿੱਤੀ ਗਈ।
ਜ਼ਾਹਿਰ ਹੈ ਸਰਾਭੇ ਦੀ ‘ਜਰਨੈਲੀ ਪ੍ਰਤਿਭਾ’ ਨੂੰ ਦੁਸ਼ਮਣ ਵੀ ਧੁਰ ਅੰਦਰੋਂ ਸਵੀਕਾਰ ਕਰਦਾ ਸੀ। ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਕਰਤਾਰ ਸਿੰਘ ਸਰਾਭਾ ਆਪਣੀ ਆਗੂ ਹੈਸੀਅਤ ਦੇ ਬਾਵਜੂਦ ਆਪਣੀ ਸੀਮਾ ਨੂੰ ਪਛਾਣਦਾ ਤੇ ਸਵੀਕਾਰ ਵੀ ਕਰਦਾ ਸੀ। ਉਹ ਚਾਹੁੰਦਾ ਸੀ ਕਿ ਤਜਰਬੇਕਾਰ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ (ਜਿਹੜਾ ਸਰਾਭੇ ਹੁਰਾਂ ਦੇ ਸੱਦੇ ‘ਤੇ ਪੰਜਾਬ ਆ ਗਿਆ ਸੀ) ਛੇਤੀ ਤੋਂ ਛੇਤੀ ਪੰਜਾਬ ਆ ਕੇ ਗ਼ਦਰ ਕਰਨ ਵਿਚ ਉਹਨਾਂ ਦੀ ਅਗਵਾਈ ਕਰੇ। ਉਹ ਸਾਨਿਆਲ ਨੂੰ ਅਕਸਰ ਪੁੱਛਦਾ ਰਹਿੰਦਾ, “ਦਸੋ ਰਾਸ ਬਿਹਾਰੀ ਕਦੋਂ ਆਉਣਗੇ?‘‘
ਕਰਤਾਰ ਸਿੰਘ ਸਰਾਭੇ ਦੇ ਹੋਰ ਗੁਣਾਂ ਵਿਚ ਇਕ ਗੁਣ ਇਹ ਵੀ ਸੀ ਕਿ ਉਹ ਇਕ ਅਣਥੱਕ ਕਾਮਾ ਸੀ। ਬਾਬਾ ਸੋਹਨ ਸਿੰਘ ਭਕਨਾ ਅਨੁਸਾਰ, “ਮੁੱਖ ਸੰਪਾਦਕ ਲਾਲਾ ਹਰਦਿਆਲ ਉਰਦੂ ਵਿਚ ਲਿਖਦੇ ਸਨ ਤੇ ਪੰਜਾਬੀ ਵਿਚ ਉਲੱਥਾ ਕਰਤਾਰ ਸਿੰਘ ਸਰਾਭਾ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ ਹਥੀਂ ਚਲਾਉਂਦਾ ਸੀ। ਸ਼ੁਰੂ ਸ਼ੁਰੂ ਵਿਚ ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ ‘ਤੇ ਹੀ ਰਿਹਾ। ਕਈ ਹਫ਼ਤੇ ਪਿਛੋਂ ਦੂਸਰੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸ ਨੂੰ ਰਾਤ ਦਿਨ ਆਰਾਮ ਦੀ ਕਦੀ ਨਾ ਸੁਝੀ, ਬਲਕਿ ਜਦ ਸੁਝਦਾ ਸੀ ਤਾਂ ਕੰਮ। ਜਿੰਨਾ ਉਹ ਅਣਥੱਕ ਮਿਹਨਤੀ ਸੀ, ਓਨਾ ਹੀ ਫੁਰਤੀਲਾ ਵੀ ਸੀ।’
ਸਾਨਿਆਲ ਅਨੁਸਾਰ, “ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖ਼ਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ ‘ਤੇ ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਏਨੀ ਮਿਹਨਤ ਕਰਨ ‘ਤੇ ਵੀ ਉਹ ਥੱਕਦੇ ਨਹੀਂ ਸਨ। ਜਿੰਨੀ ਉਹ ਮਿਹਨਤ ਕਰਦੇ, ਉਨੀਂ ਹੀ ਉਨ੍ਹਾਂ ਵਿਚ ਹੋਰ ਫੁਰਤੀ ਆ ਜਾਂਦੀ ਸੀ। ਪਿੰਡਾਂ ਦਾ ਚੱਕਰ ਲਾ ਕੇ ਉਹ ਉਨ੍ਹਾਂ ਪਲਟਨਾਂ ਵਿਚ ਜਾਂਦੇ ਜਿਥੇ ਅਜੇ ਤੱਕ ਜਾ ਨਹੀਂ ਸੀ ਹੋਇਆ।”
ਸਰਾਭੇ ਦੇ ਸੁਭਾ ਦੀ ਕਈਆਂ ਪਰਤਾਂ ਵਿਚੋਂ ਇਕ ਪਰਤ ਇਹ ਵੀ ਸੀ ਕਿ ਉਹ ਆਪਣੇ ਸੰਗੀਆਂ-ਸਾਥੀਆਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਸੀ। ਉਹ ਉਹਨਾਂ ਦੇ ਦੁਖ-ਸੁਖ ਨੂੰ ਬਹੁਤ ਸਿ਼ੱਦਤ ਨਾਲ ਮਹਿਸੂਸ ਕਰਦਾ ਸੀ। ਉਹਦੀ ਅਜਿਹੀ ਸੰਵੇਦਨਸ਼ੀਲਤਾ ਦੀ ਏਥੇ ਇਕ ਮਿਸਾਲ ਦੇਣੀ ਹੀ ਕਾਫ਼ੀ ਹੋਵੇਗੀ। ਜਦੋਂ ਉਹ ਲਾਲਾ ਹਰਦਿਆਲ ਨਾਲ ਮਿਲ ਕੇ ਯੁਗਾਂਤਰ ਆਸ਼ਰਮ ਵਿਚ ‘ਗ਼ਦਰ’ ਅਖ਼ਬਾਰ ਨੂੰ ਛਾਪਣ ਦਾ ਕਾਰਜ ਕਰ ਰਿਹਾ ਸੀ ਤਾਂ ਉਹਨੇ ਨੋਟ ਕੀਤਾ ਕਿ ਲਾਲਾ ਹਰਦਿਆਲ ਦੇ ਪੈਰੀਂ ਪਾਉਣ ਵਾਲੇ ਸਲੀਪਰਾਂ ਦਾ ਤਲ਼ਾ ਇਸ ਕਦਰ ਘਸ ਚੁੱਕਾ ਸੀ ਕਿ ਉਹਨਾਂ ਵਿਚ ਮੋਰੀਆਂ ਹੋ ਗਈਆਂ ਸਨ ਪਰ ਲਾਲਾ ਜੀ ਸਨ ਕਿ ਸਲੀਪਰਾਂ ਦੇ ਨਵੇਂ ਜੋੜੇ ਲਈ ਪਾਰਟੀ ਦਾ ਖ਼ਰਚ ਕਰਵਾਉਣ ਲਈ ਤਿਆਰ ਨਹੀਂ ਸਨ। ਇਹ ਉਹਨਾਂ ਦੇਸ਼-ਭਗਤਾਂ ਦੇ ਸੁਭਾ ਦੀ ਵਿਸ਼ੇਸ਼ਤਾ ਸੀ ਕਿ ਉਹ ਆਪਣੇ ਸੁਖ-ਸਹੂਲਤ ਨਾਲੋਂ ਆਜ਼ਾਦੀ ਸੰਗਰਾਮ ਲਈ ਆਰੰਭੇ ਕਾਰਜਾਂ ਲਈ ਖ਼ਰਚ ਕਰਨ ਨੂੰ ਪਹਿਲ ਦਿੰਦੇ ਸਨ। ਸਰਾਭੇ ਨੇ ਆਪਣੇ ਸਾਥੀ ਚੈਂਚਈਆ ਨਾਲ ਇਸ ਬਾਰੇ ਗੱਲ ਕੀਤੀ। ਉਹ ਜਾਣਦੇ ਸਨ ਕਿ ਲਾਲਾ ਹਰਦਿਆਲ ਨਵੇਂ ਸਲੀਪਰ ਲੈਣ ਲਈ ਰਾਜ਼ੀ ਨਹੀਂ ਹੋਣਗੇ। ਸੋ ਉਹਨਾਂ ਨੇ ਲਾਲਾ ਹਰਦਿਆਲ ਦੀ ਮਨਜ਼ੂਰੀ ਲੈਣ ਜਾਂ ਉਹਨਾਂ ਨਾਲ ਗੱਲ ਕਰਨ ਤੋਂ ਬਿਨਾ ਹੀ ਨਵੇਂ ਸਲੀਪਰ ਲੈ ਆਂਦੇ। ਹੁਣ ਸਮੱਸਿਆ ਇਹ ਸੀ ਕਿ ਲਾਲਾ ਜੀ ਨੂੰ ਇਹ ਸਲੀਪਰ ਪੈਰੀਂ ਪਾਉਣ ਲਈ ਕਿਵੇਂ ਆਖਿਆ ਜਾਂ ਮਨਵਾਇਆ ਜਾਵੇ। ਜਦੋਂ ਲਾਲਾ ਜੀ ਸੌਂ ਗਏ ਤਾਂ ਚੈਂਚਈਆ ਨੇ ਪੁਰਾਣੇ ਘਸੇ ਸਲੀਪਰ ਚੁੱਕ ਕੇ ਇਕ ਪਾਸੇ ਕਮਰੇ ਦੀ ਨੁੱਕਰ ਵਿਚ ਰੱਖ ਦਿੱਤੇ ਤੇ ਉਹਨਾਂ ਦੀ ਥਾਂ ਉਹਨਾਂ ਦੇ ਬਿਸਤਰੇ ਕੋਲ ਨਵੇਂ ਸਲੀਪਰ ਰੱਖ ਦਿੱਤੇ। ਸਰਾਭੇ ਨੇ ਵੇਖਿਆ ਤਾਂ ਉਸਨੇ ਚੈਂਚਈਆ ਨੂੰ ਸਮਝਾਇਆ ਕਿ ਸਲੀਪਰਾਂ ਨੂੰ ਕਮਰੇ ਦੀ ਨੁੱਕਰ ਵਿਚ ਇਕ ਪਾਸੇ ਰੱਖਣਾ ਮੁਨਾਸਬ ਨਹੀਂ; ਕਿਉਂਕਿ ਉਸਦਾ ਵਿਚਾਰ ਸੀ ਕਿ ਜੇ ਉਹ ਟੁੱਟੇ ਸਲੀਪਰ ਲਾਲਾ ਜੀ ਦੀ ਨਜ਼ਰੇ ਪੈ ਗਏ ਤਾਂ ਉਹਨਾਂ ਨੇ ਨਵੇਂ ਸਲੀਪਰ ਪੈਰੀਂ ਪਾਉਣੇ ਪ੍ਰਵਾਨ ਹੀ ਨਹੀਂ ਕਰਨੇ। ਉਹਨੇ ਲਾਲਾ ਜੀ ਦੀ ਨਜ਼ਰੋਂ ਓਹਲੇ ਕਰਨ ਲਈ ਉਹ ਟੁੱਟੇ ਹੋਏ ਸਲੀਪਰ ਚੁੱਕ ਕੇ ਬਾਹਰ ਕੂੜੇਦਾਨ ਵਿਚ ਸੁੱਟ ਦਿੱਤੇ। ਇਸ ਕਦਰ ਆਪਣੇ ਸਾਥੀਆਂ ਦੀ ਲੋੜ ਨੂੰ ਸਮਝਣਾ ਤੇ ਉਹਨਾਂ ਦੇ ਸੁਭਾਅ ਦੀ ਗਹਿਰਾਈ ਨੂੰ ਵੀ ਜਾਨਣਾ ਉਹਦੀ ਹੱਸਾਸੀਅਤ ਤੇ ਮਨੋਵਿਗਿਆਨੀ ਵਾਲੀ ਡੂੰਘੀ ਸਮਝ ਦਾ ਪ੍ਰਮਾਣ ਹੈ।
ਸਰਾਭੇ ਦੇ ਮਿਲਾਪੜੇ ਤੇ ਦਲੇਰ ਸੁਭਾਅ ਨੂੰ ਸਰਾਭੇ ਦੇ ਇਨਕਲਾਬੀ ਸਾਥੀ ਮੁਨਸ਼ਾ ਸਿੰਘ ਦੁਖੀ ਇੰਜ ਬਿਆਨ ਕਰਦੇ ਹਨ, ‘ਲੇਖਕ ਨਾਲ (ਸਰਾਭੇ ਦਾ) ਡਾਢਾ ਮੇਲ ਮਿਲਾਪ ਸੀ। ਘਰ ਆ ਕੇ ਰਹਿਣਾ ਬੈਠਣਾ ਸੌਣਾ ਤੇ ਆਰਾਮ ਕਰਨਾ। ਮੇਰੇ ਮਾਤਾ ਪਿਤਾ ਨੂੰ ਮਾਤਾ ਪਿਤਾ ਕਰ ਕੇ ਹੀ ਬੁਲੌਂਦਾ ਸੀ। ਐਨਾ ਖੁਲ੍ਹ ਦਿਲਾ, ਨਿਧੜਕ ਤੇ ਮਿਲਣਸਾਰ ਸੀ ਕਿ ਕਈ ਵਾਰ ਦਰ ਖੋਲ੍ਹ ਕੇ ਅੰਦਰ ਵੜ ਕੇ ਆਪੇ ਹੀ ਪ੍ਰਸ਼ਾਦੇ ਕੱਢ ਕੇ ਛਕਦਾ ਦੇਖ ਕੇ ਮੇਰੇ ਪਿਆਰੇ ਮਾਤਾ ਜੀ ਨੇ ਹੈਰਾਨੀ ਨਾਲ ਪੁੱਛਣਾ:
‘‘ਵੇ ਪੁੱਤ ਕਰਤਾਰ! ਤੂੰ ਬੜਾ ਛਿੰਦਾ ਹੈਂ, ਜੋ ਚਿਤ ਆਵੇ ਖਾ ਜਾਂਦਾ ਹੈਂ, ਰੁਖੀ ਮਿਸੀ ਬੇਹੀ ਸਜਰੀ ਰੋਟੀ ਦਾਲ ਦਾ ਤੈਨੂੰ ਕੋਈ ਵਿਚਾਰ ਨਹੀਂ।‘‘
ਰੰਗ ਜ਼ਰਾ ਸਾਂਵਲਾ, ਕੱਦ ਸੁਹਣਾ ਲੰਬਾ ਜਿਹਾ, ਸਰੀਰ ਪਤਲਾ, ਚਿਹਰਾ ਸਦਾ ਹਸੂੰ ਹਸੂੰ ਕਰਦਾ ਸੀ। ਬੇਖੌਫ਼ੀ ਉਸ ਦਾ ਖਾਸਾ ਹੀ ਸੀ। ਪੁਲਸ ਨੂੰ ਉਹ ਖੇਡ ਸਮਝਦਾ ਸੀ। ਇਕ ਵਾਰ ਲੇਖਕ ਨਾਲ (ਦੋਵੇਂ ਭਗੌੜੇ ਸਾਂ) ਜਲੰਧਰ ਸਟੇਸ਼ਨ ‘ਤੇ ਉਤਰ ਕੇ ਇਕ ਥਾਣੇਦਾਰ ਦੇ ਘਰ ਜਾ ਵੜੇ ਤੇ ਪ੍ਰਸ਼ਾਦੇ ਵੀ ਉਥੇ ਹੀ ਛਕੇ।’
ਸਾਰੇ ਜਾਣਦੇ ਹਨ ਕਿ ਗ਼ਦਰੀਆਂ ਨੂੰ ਹਥਿਆਰ ਲੈਣ ਲਈ ਤੇ ਹੋਰ ਲੋੜਾਂ ਦੀ ਪੂਰਤੀ ਲਈ ਧਨ ਦੀ ਬਹੁਤ ਸਖ਼ਤ ਲੋੜ ਸੀ। ਧਨ ਦੀ ਪ੍ਰਾਪਤੀ ਲਈ ਉਹਨਾਂ ਨੂੰ ਮਜਬੂਰੀ ਵੱਸ ਸ਼ਾਹੂਕਾਰਾਂ ਦੇ ਘਰਾਂ ਵਿਚ ਡਾਕੇ ਮਾਰਨੇ ਪਏ। ਇਹਨਾਂ ਵਿਚੋਂ ਹੀ ‘ਰੱਬੋਂ’ ਪਿੰਡ ਵਿਚ ਮਾਰੇ ਗਏ ਇਕ ਡਾਕੇ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ। ਏਥੇ ਉਸਦੇ ਇਕ ਸਾਥੀ ਦੀ ਘਰ ਦੀ ਮੁਟਿਆਰ ਕੁੜੀ ‘ਤੇ ਅੱਖ ਮੈਲੀ ਹੋ ਗਈ। ਆਪਣੇ ਸਾਥੀ ਦੇ ਅਭੱਦਰ ਵਿਹਾਰ ਨੂੰ ਵੇਖ ਕੇ ਸਰਾਭਾ ਅੱਗ ਬਗ਼ੋਲਾ ਹੋ ਗਿਆ। ਉਹ ਸਮਝਦਾ ਸੀ ਕਿ ਇਨਕਲਾਬਆਂਿ ਦਾ ਕਿਰਦਾਰ ਮਿਸਾਲੀ ਹੋਣਾ ਚਾਹੀਦਾ ਹੈ। ਜੇ ਉਹ ਵੀ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਅਜਿਹਾ ਵਿਹਾਰ ਕਰਨ ਲੱਗ ਪਏ ਤਾਂ ਉਹਨਾਂ ਤੇ ਗੁੰਡੇ-ਬਦਮਾਸ਼ਾਂ ਅਤੇ ਡਾਕੂਆਂ ਵਿਚ ਕੀ ਫ਼ਰਕ ਰਹਿ ਗਿਆ? ਇਸ ਘਟਨਾ ਦਾ ਬਿਆਨ ਕਰਦਿਆਂ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੀ ਇਖ਼ਲਾਕੀ ਬੁਲੰਦੀ ਦਾ ਜੋ ਬਿੰਬ ਸਿਰਜਦਾ ਹੈ ਉਹਦਾ ਬਿਰਤਾਂਤ ਉਹਨਾਂ ਦੀ ਜ਼ਬਾਨੀ ਹੀ ਪੜ੍ਹਿਆਂ ਬਣਦਾ ਹੈ:
‘ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੀ। ਉਸ ਦਿਨ ਉਹ ਡਕੈਤੀ ਵਾਸਤੇ ਰੱਬੋਂ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਮੁੱਖੀ ਸਨ। ਡਕੈਤੀ ਹੋ ਰਹੀ ਸੀ। ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸ ਨੇ ਕੁੜੀ ਦਾ ਹੱਥ ਫੜ ਲਿਆ। ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- ‘ਪਾਮਰ! ਤੇਰਾ ਗੁਨਾਹ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕਿ ‘ਹੇ ਭੈਣ! ਮੈਨੂੰ ਮਾਫ਼ ਕਰ ਦੇ ਅਤੇ ਉੱਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈਂ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀਂ ਤਾਂ ਹੁਣੇ ਗੋਲੀ ਮਾਰ ਦਿਆਂਗਾ।‘ ਉਸ ਨੇ ਉਵੇਂ ਹੀ ਕੀਤਾ। ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ-‘ਬੇਟਾ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ?‘ ਕਰਤਾਰ ਦਾ ਜੀਅ ਭਰ ਆਇਆ। ਕਿਹਾ-‘ਮਾਂ! ਰੁਪਏ ਦੇ ਲੋਭ ਵਿਚ ਨਹੀਂ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ? ਮਾਂ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।‘
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ-‘ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ। ਕੁਝ ਦਿੰਦੇ ਜਾਉ ਤਾਂ ਚੰਗਾ ਹੈ।‘ ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ- ‘ਜਿੰਨਾਂ ਚਾਹੀਦਾ ਹੈ ਲੈ ਲਉ!‘ ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾਨੂੰ ਕਾਮਯਾਬੀ ਮਿਲੇ!’
ਨਾਨਕ ਸਿੰਘ ਨਾਵਲਕਾਰ ਨੇ ਆਪਣੇ ਨਾਵਲ ‘ਇਕ ਮਿਆਨ ਦੋ ਤਲਵਾਰਾਂ ਵਿਚ’ ਸਰਾਭੇ ਦੇ ਕਿਰਦਾਰ ਨੂੰ ਆਧਾਰ ਬਣਾ ਕੇ ਗ਼ਦਰ ਪਾਰਟੀ ਦਾ ਗਾਲਪਨਿਕ ਇਤਿਹਾਸ ਲਿਖਣ ਦਾ ਵਧੀਆ ਉੱਦਮ ਕੀਤਾ ਸੀ। ਉਸ ਨਾਵਲ ਵਿਚ ਨਾਨਕ ਸਿੰਘ ਨੇ ਗ਼ਦਰ ਲਹਿਰ ਦੇ ਹਮਦਰਦ ਸਾਥੀ ਦੀ ਭੈਣ ਤੇ ਗ਼ਦਰ ਲਹਿਰ ਨੂੰ ਸਮਰਪਤ ਲੜਕੀ ਬੀਰੀ ਨਾਲ ਸਰਾਭੇ ਦੇ ਪ੍ਰੇਮ-ਸੰਬੰਧਾਂ ਦਾ ਗਲਪ-ਬਿੰਬ ਸਿਰਜਿਆ ਹੈ। ਇਹ ਦੋਵੇਂ ਪਾਤਰ ਕਾਲਪਨਿਕ ਹਨ। ਨਾਵਲ ਨੂੰ ਪੜ੍ਹਨਯੋਗ ਬਨਾਉਣ ਲਈ ਪ੍ਰੇਮ-ਪ੍ਰਸੰਗਾਂ ਦੇ ਬਿਰਤਾਂਤ ਦਾ ਛਿੱਟਾ ਦੇਣਾ ਪੰਜਾਬੀ ਨਾਵਲ ਦੀ ਮੁੱਖ ਜੁਗਤ ਰਹੀ ਹੈ। ਨਾਵਲੀ ਦਿਲਚਸਪੀ ਦੇ ਪੱਖੋਂ ਤਾਂ ਭਾਵੇਂ ਸਰਾਭਾ-ਬੀਰੀ ਦੇ ਪ੍ਰੇਮ ਪ੍ਰਸੰਗ ਦੀ ਜਿੰਨੀ ਮਰਜ਼ੀ ਵਾਜਬੀਅਤ ਬਣਦੀ ਹੋਵੇ ਪਰ ਕੀ ਕਰਤਾਰ ਸਿੰਘ ਸਰਾਭੇ ਦੇ ਹਰ ਪਲ ਗ਼ਦਰ ਲਹਿਰ ਦੀ ਉਸਾਰੀ ਵਿਚ ਜੁੱਟੇ ਰਹਿਣ ਕਰਕੇ ਕਿਸੇ ਕੁੜੀ ਨਾਲ ਪਿਆਰ ਕਰਨ ਦੀ ਸੰਭਾਵਨਾ ਜਾਂ ਗੁਜਾਇਸ਼ ਬਣਦੀ ਵੀ ਹੈ? ਉਹ ਗ਼ਦਰ ਲਹਿਰ ਦਾ ਮੁੱਖ ਆਗੂ ਸੀ ਅਤੇ ਉਸਦੇ ਸਾਰੇ ਦਿਨ ਰਾਤ ਆਪਣੇ ਮਕਸਦ ਲਈ ਸਮਰਪਤ ਸਨ। ਪੰਜਾਹ ਪੰਜਾਹ ਮੀਲ ਰੋਜ਼ ਸਾਈਕਲ ਚਲਾਉਣ ਵਿਚ ਜੁੱਟਾ ਰਹਿਣ ਵਾਲਾ ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗ਼ਦਰ ਦਾ ਪਰਚਾਰ ਕਰਨ ਵਾਲਾ ਸਰਾਭਾ ਪਿਆਰ ਕਰਨ ਲਈ ਕਿੰਨੀ ਕੁ ਵਿਹਲ ਕੱਢ ਸਕਦਾ ਸੀ!। ਦੂਜਾ ਉਸਦੇ ਕਿਸੇ ਵੀ ਸਾਥੀ ਨੇ ਸਰਾਭੇ ਦੇ ਕਿਸੇ ਪ੍ਰੇਮ-ਪ੍ਰਸੰਗ ਦੀ ਕਿਤੇ ਵੀ ਪੁਸ਼ਟੀ ਤਾਂ ਕੀ ਕਰਨੀ ਸੀ, ਸੰਕੇਤ ਤੱਕ ਨਹੀਂ ਕੀਤਾ। ਸਾਡਾ ਮਤਲਬ ਇਹ ਨਹੀਂ ਕਿ ਕੋਈ ਇਨਕਲਾਬੀ ਪਿਆਰ ਨਹੀਂ ਕਰ ਸਕਦਾ ਜਾਂ ਉਸਨੂੰ ਇਨਕਲਾਬ ਦੇ ਰਾਹ ‘ਤੇ ਤੁਰਦਿਆਂ ਪਿਆਰ ਕਰਨ ਦੀ ਮਨਾਹੀ ਹੈ। ਪਿਆਰ ਕਰਨਾ ਮਨੁੱਖ ਦੀ ਬੁਨਿਆਦੀ ਫਿ਼ਤਰਤ ਹੈ। ਪਿਆਰ ਮਨੁੱਖ ਨੂੰ ਵਧੇਰੇ ਸੰਵੇਦਨਸ਼ੀਲ ਤੇ ਜਿ਼ੰਦਗੀ ਨੂੰ ਵਧੇਰੇ ਪਿਆਰ ਕਰਨ ਤੇ ਮਾਨਣਣੋਗ ਬਣਾਉਂਦਾ ਹੈ। ਔਰਤ-ਮਰਦ ਦਾ ਪਿਆਰ ਤੇ ਜਿਸਮਾਨੀ ਰਿਸ਼ਤਾ ਜਿ਼ੰਦਗੀ ਦੀ ਬੁਨਿਆਦੀ ਹਕੀਕਤ ਹੈ। ਪਰ ਸਰਾਭੇ ਦੇ ਪਰਸੰਗ ਵਿਚ ਬੀਰੀ ਨਾਲ ਪਿਆਰ ਸੰਬੰਧਾਂ ਦੀ ਹਕੀਕਤ ਵੇਲੇ ਦੀਆਂ ਲੋੜਾਂ ਤੇ ਮਜਬੂਰੀਆਂ ਕਾਰਨ ਯਥਾਰਥ ਦੇ ਘੇਰੇ ਵਿਚ ਨਹੀਂ ਆਉਂਦੀ। ਏਸੇ ਕਰਕੇ ਬਾਬਾ ਸੋਹਨ ਸਿੰਘ ਭਕਨਾ ਨੂੰ ਇਸ ਬਾਰੇ ਕਹਿਣਾ ਪਿਆ ਸੀ:
‘ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੀ ਰੂਹ ਸੀ। ਉਹ ਪਾਰਟੀ ਦਾ ਸਕੱਤਰ ਤੇ ‘ਗ਼ਦਰ ਦੀ ਗੂੰਜ‘ ਅਖ਼ਬਾਰ ਦਾ ਐਡੀਟਰ ਸੀ। ਉਹ ਬੜਾ ਨਿਧੜਕ ਤੇ ਦਲੇਰ ਨੌਜਵਾਨ ਸੀ। ਉਸ ਅੰਦਰ ਦੇਸ਼ ਭਗਤੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਦੇਸ਼ ਦੀ ਖ਼ਾਤਰ ਹੀ ਜੀਉਂਦਾ ਸੀ ਤੇ ਦੇਸ਼ ਦੀ ਖ਼ਾਤਰ ਹੀ ਮਰਿਆ ਸੀ। ਉਸ ਦਾ ਕਿਸੇ ਕੁੜੀ ਨਾਲ ਪਿਆਰ ਵਰਗਾ ਸਬੰਧ ਨਹੀਂ ਸੀ। ਹਾਂ ਉਸ ਨਾਲ ਕਈ ਕੁੜੀਆਂ ਉਸ ਦੇ ਕੰਮ ਵਿਚ ਹੱਥ ਵਟਾਉਂਦੀਆਂ ਸਨ। ਉਸਦਾ ਕੁੜੀਆਂ ਨਾਲ ਵਾਹ ਪੈਂਦਾ ਸੀ ਪਰ ਉਸ ਦਾ ਸਬੰਧ ਕੇਵਲ ਉਹਨਾਂ ਤੋਂ ਦੇਸ਼ ਭਗਤੀ ਦੇ ਕੰਮਾਂ ਲਈ ਮਦਦ ਲੈਣ ਤੱਕ ਹੀ ਸੀਮਤ ਸੀ। ਉਹ ਜੇਲ੍ਹ ਵਿਚ ਮੇਰੇ ਨਾਲ ਹੀ ਸੀ। ਉਥੇ ਉਸਨੂੰ ਨਾਨਕ ਸਿੰਘ ਨਾਵਲਿਸਟ ਦੇ ਵਰਨਣ ਵਾਂਗ ਕੋਈ ਅਜਿਹੀ ਕੁੜੀ ਮਿਲਣ ਨਹੀਂ ਆਈ। ਇਹ ਘਟਨਾ ਨਾਨਕ ਸਿੰਘ ਦੇ ਆਪਣੇ ਦਿਮਾਗ ਦੀ ਕਾਢ ਹੈ। ਨਾਵਲਕਾਰ ਆਮ ਤੌਰ ‘ਤੇ ਆਪਣੇ ਨਾਵਲਾਂ ਨੂੰ ਸੁਆਦਲਾ ਬਣਾਉਣ ਲਈ ਵਿਰੋਧੀ ਲਿੰਗਾਂ ਦੇ ਪਿਆਰ ਜਿਹੇ ਪਰਸਪਰ ਸਬੰਧਾਂ ਦੀਆਂ ਕਹਾਣੀਆਂ ਛੇੜ ਲੈਂਦੇ ਹਨ।
ਜੇ ਇਹ ਕਿਹਾ ਜਾਵੇ ਕਿ ਨਾਨਕ ਸਿੰਘ ਨੇ ਸਰਾਭੇ ਦੀ ਪਾਤਰ ਉਸਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਉਹਨਾਂ ਦੇ ਪਿਆਰ ਦਾ ਵਰਨਣ ਕਰਕੇ ਇਹ ਦਸਣ ਦਾ ਯਤਨ ਕੀਤਾ ਹੈ ਕਿ ਸਰਾਭੇ ਨੂੰ ਕਿਸੇ ਕੁੜੀ ਦਾ ਪਿਆਰ ਵੀ ਮੋਹ ਨਹੀਂ ਸੀ ਸਕਦਾ। ਉਹ ਤੇ ਦੇਸ਼ ਪਿਆਰ ਦਾ ਦੀਵਾਨਾ ਸੀ, ਇਸੇ ਕਰਕੇ ਆਪਣੀ ਪ੍ਰੇਮਿਕਾ ਦੀ ਪਰਵਾਹ ਨਹੀਂ ਕੀਤੀ ਤੇ ਦੇਸ਼ ਦੀ ਖ਼ਾਤਰ ਮਰ ਜਾਣਾ ਚੰਗਾ ਸਮਝਿਆ, ਤਾਂ ਇਹ ਵੀ ਇੰਨਾ ਫ਼ਬਦਾ ਨਹੀਂ ਕਿਉਂਕਿ ਸਰਾਭੇ ਦਾ ਪਾਤਰ ਪਹਿਲਾਂ ਹੀ ਲਾਸਾਨੀ ਹੈ, ਜਿਸ ਨੇ ਆਪਣੇ ਦੇਸ਼-ਪਿਆਰ ਦੇ ਆਦਰਸ਼ ਖ਼ਾਤਰ ਉਨੀਂ ਸਾਲਾਂ ਦੀ ਉਮਰ ਵਿਚ ਫਾਂਸੀ ਦੇ ਰੱਸੇ ਨੂੰ ਹੱਸਦੇ ਹੱਸਦੇ ਗੱਲ ਵਿਚ ਪਾ ਲਿਆ। ਉਸਦਾ ਅਸਲ ਪਿਆਰ ਦੇਸ਼ ਨਾਲ ਸੀ। ਉਸੇ ਖ਼ਾਤਰ ਉਸ ਨੇ ਜਾਨ ਲਾ ਦਿੱਤੀ।’
ਬਾਬਾ ਹਰਨਾਮ ਸਿੰਘ ਚਮਿੰਡਾ ਇਕ ਹੋਰ ਪ੍ਰਸੰਗ ਵਿਚ ਦੱਸਦੇ ਹਨ ਕਿ ਇਕ ਵਾਰ ਅਮਰਕਿਾ ਵਿਚ ਕਿਸੇ ਸੋਹਣੀ ਕੁੜੀ ਨੇ ਸਰਾਭੇ ਅੱਗੇ ਸ਼ਾਦੀ ਦਾ ਪ੍ਰਸਤਾਵ ਰੱਖਿਆ ਤਾਂ ਉਸਨੂੰ ਸਰਾਭੇ ਨੇ ਕੁਝ ਇਸ ਅੰਦਾਜ਼ ਵਿਚ ਠੁਕਰਾ ਦਿੱਤਾ ਸੀ:
‘ਜਦੋਂ ਅਮਰੀਕਾ ਵਿਚ ਇਕ ਹੁਸਨ ਮਤੀ ਨੌਜਵਾਨ ਕੁੜੀ ਨੇ ਉਸਦੇ ਸਾਮਣੇ ਸ਼ਾਦੀ ਕਰਨ ਦਾ ਪ੍ਰਸਤਾਵ ਰਖਿਆ ਤਾਂ ਆਪ ਨੇ ਕਿਹਾ ਸੀ,‘‘ਮੈਂ ਦੇਸ਼ ਦੀ ਅਜ਼ਾਦੀ ਲਈ ਜਦੋ ਜਹਿਦ ਕਰਨੀ ਚਾਹੁੰਦਾ ਹਾਂ। ਇਸ ਰਾਹ ਪਰ ਤੁਰਨ ਵਾਲਿਆਂ ਨੂੰ ਮੌਤ ਹੀ ਨਸੀਬ ਹੋਇਆ ਕਰਦੀ ਹੈ। ਇਸ ਕਰਕੇ ਮੈਂ ਮੌਤ ਲਾੜੀ ਨਾਲ ਹੀ ਸ਼ਾਦੀ ਕਰਨ ਦਾ ਫੈਸਲਾ ਕਰ ਚੁੱਕਾ ਹਾਂ।‘‘ ਕਰਤਾਰ ਸਿੰਘ ਨੂੰ ਅਜ਼ਾਦੀ ਦਾ ਏਨਾ ਗੂੜ੍ਹਾ ਪਿਆਰ ਹੋ ਚੁੱਕਾ ਸੀ ਕਿ ਸਾਰੀ ਦੁਨੀਆਂ ਦਾ ਰੂਪ ਭੀ ਜੇ ਇਕੱਠਾ ਹੋ ਕੇ ਉਸਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣਾ ਚਾਹੁੰਦਾ ਤਾਂ ਉਹ ਉਸ ਵਿਚ ਸਫ਼ਲ ਨਾ ਹੋ ਸਕਦਾ।’
ਇਸ ਰਚਨਾ ਵਿਚ ਪ੍ਰਾਪਤ ਹਵਾਲੇ ਦੱਸਦੇ ਹਨ ਕਿ ਗ਼ਦਰ ਪਾਰਟੀ ਵੱਲੋਂ ਮਘਾਈ ਇਨਕਲਾਬ ਦੀ ਚੰਗਿਆੜੀ ਕਦੀ ਬੁਝੀ ਨਹੀਂ, ਸਗੋਂ ਆਉਣ ਵਾਲੀਆਂ ਨਸਲਾਂ ਦੇ ਚੇਤਿਆਂ ਵਿਚ ਹੋਰ ਵੀ ਤਿੱਖੇ ਜਲੌਅ ਨਾਲ ਜਗਦੀ ਰਹੀ। ਕਰਤਾਰ ਸਿੰਘ ਸਰਾਭੇ ਨੇ ਜੇਲ੍ਹ ਦੀ ਕਾਲ-ਕੋਠੜੀ ਵਿਚ ਕੰਧ ‘ਤੇ ਅਟੱਲ ਹਕੀਕਤ ਉਕਰੀ ਹੋਈ ਸੀ, ‘ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਂਦਾ।’ ਇਸ ਵਿਚ ਸ਼ੱਕ ਨਹੀਂ ਕਿ ਸ਼ਹੀਦਾਂ ਦਾ ਖੂਨ ਪਿੱਛੋਂ ਆਉਣ ਵਾਲੇ ਇਨਕਲਾਬੀਆਂ ਤੇ ਇਨਕਲਾਬੀ ਤਹਿਰੀਕਾਂ ਦੀਆਂ ਰਗਾਂ ਵਿਚ ਵਿਚ ਨਵੇਂ ਜੋਸ਼ ਨਾਲ ਵਹਿੰਦਾ ਹੀ ਨਹੀਂ ਰਿਹਾ ਸਗੋਂ ਇਤਿਹਾਸ ਦੀਆਂ ਅੱਖਾਂ ਵਿਚੋਂ ਟਪਕਦਾ ਵੀ ਦਿਖਾਈ ਦਿੰਦਾ ਹੈ। ਇਹਨਾਂ ਸਾਰੀਆਂ ਤਹਿਰੀਕਾਂ ਨੂੰ ਗ਼ਦਰ ਪਾਰਟੀ ਦੇ ਸੂਰਬੀਰਾਂ ਦੀ ਕੁਰਬਾਨੀ ਤੇ ਵਿਚਾਰ ਗਤੀ ਤੇ ਦਿਸ਼ਾ ਦੇਣ ਵਿਚ ਸਹਾਈ ਹੁੰਦੇ ਰਹੇ। ਖ਼ੁਦ ਸਰਾਭੇ ਦੀ ਸ਼ਖ਼ਸੀਅਤ ਅਤੇ ਕੁਰਬਾਨੀ ਨੇ ਅਨੇਕਾਂ ਇਨਕਲਾਬੀਆਂ ਨੂੰ ਬਹੁਤ ਹੱਦ ਤੱਕ ਪ੍ਰੇਰਤ ਤੇ ਪ੍ਰਭਾਵਤ ਕੀਤਾ। ਭਗਤ ਸਿੰਘ ਤਾਂ ਹਰ ਵੇਲੇ ਆਪਣੀ ਜੇਬ ਵਿਚ ਸਰਾਭੇ ਦੀ ਤਸਵੀਰ ਰੱਖਿਆ ਕਰਦਾ ਸੀ। ਉਸ ਵਾਂਗ ਹੀ ਸਮਝਦਾ ਸੀ ਕਿ ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।’ ਸਰਾਭੇ ਵਾਂਗ ਹੀ ਉਸ ਦੇ ਮਨ ਵਿਚ ਦੇਸ਼ ਲਈ ਕੁਝ ਕਰਨ ਦਾ ਤੇ ਕੁਰਬਾਨ ਹੋਣ ਦਾ ਚਾਅ ਠਾਠਾਂ ਮਾਰਦਾ ਹੁੰਦਾ ਸੀ। ਭਗਤ ਸਿੰਘ ਲਈ ਸਰਾਭਾ ਉਹਦਾ ਗੁਰੂ, ਭਰਾ ਤੇ ਸਾਥੀ ਸੀ। ਇਸ ਪੁਸਤਕ ਵਿਚ ਸ਼ਾਮਲ ਭਗਤ ਸਿੰਘ ਦਾ ਕਰਤਾਰ ਸਿੰਘ ਸਰਾਭੇ ਬਾਰੇ ਲਿਖਿਆ ਲੇਖ ਸਰਾਭੇ ਦੀ ਪ੍ਰੇਰਨਾਦਾਇਕ ਸ਼ਖ਼ਸੀਅਤ ਦਾ ਪਰਤੱਖ ਪ੍ਰਮਾਣ ਹੈ। ਭਗਤ ਸਿੰਘ ਦੀ ਮਾਤਾ ਸ਼੍ਰੀ ਮਤੀ ਵਿਦਿਆਵਤੀ ਜੀ ਦਾ ਕਥਨ ਵੀ ਇਸ ਪ੍ਰਥਾਇ ਵਾਚਣਯੋਗ ਹੈ। ਬਾਬਾ ਹਰਨਾਮ ਸਿੰਘ ਚਮਿੰਡਾ ਮਾਤਾ ਜੀ ਵੱਲੋਂ ਨੌਜੁਆਨਾਂ ਨੂੰ ਦਿੱਤੇ ਸੰਦੇਸ਼ ਵਿਚ ਬਗਤ ਸਿੰ ਉੱਤੇ ਸਰਾਭੇ ਦੇ ਅਸਰ ਨੂੰ ਕਬੂਲਦਿਆਂ ਕਹਿੰਦੇ ਹਨ: ਭਗਤ ਸਿੰਘ ਦੇ ਫੜੇ ਜਾਣ ‘ਤੇ ਉਸ ਪਾਸੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਨਿਕਲੀ ਜੋ ਉਹ ਹਮੇਸ਼ਾਂ ਆਪਣੇ ਪਾਸ ਰੱਖਦਾ ਹੁੰਦਾ ਸੀ। ਕਈ ਵਾਰ ਮੇਰੇ ਨਾਲ ਗੱਲਾਂ ਕਰਦਾ ਕਰਦਾ ਮੈਨੂੰ ਆਪਣੀ ਜੇਬ ਵਿਚੋਂ ਫੋਟੋ ਕੱਢਕੇ ਦਿਖਾਂਦਾ ਤੇ ਕਹਿੰਦਾ:
‘‘ਬੇਬੇ ਜੀ ਇਹ ਜੇ ਮੇਰਾ ਗੁਰੂ ਮੇਰਾ ਸਾਥੀ ਤੇ ਭਰਾ।‘‘ ਸ਼ਹੀਦ ਕਰਤਾਰ ਸਿੰਘ ਸਰਾਭਾ 1914-15 ਦੀ ਗ਼ਦਰ ਪਾਰਟੀ ਦੇ ਸ਼ਹੀਦਾਂ ਵਿਚੋਂ ਸਭ ਤੋਂ ਛੋਟਾ ਤੇ ਕੰਮ ਵਿਚ ਅਗੇ ਰਹਿਣ ਵਾਲਿਆਂ ਵਿਚੋਂ ਸੀ। ਘਰ ਵਿਚ ਕੰਮ ਕਰਦੇ ਤੇ ਐਧਰ ਓਧਰ ਫਿਰਦਿਆਂ ਭਗਤ ਸਿੰਘ ਗਾਉਂਦਾ ਹੁੰਦਾ ਸੀ:
ਸੇਵਾ ਦੇਸ਼ ਦੀ ਜ਼ਿੰਦੜੀਏ ਬਹੁਤ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਉਸ ਨੇ ਬੜੇ ਪਿਆਰ ਨਾਲ ਦੱਸਣਾ ਕਿ ਬੇਬੇ ਜੀ ਇਹ ਸ਼ੇਅਰ ਕਰਤਾਰ ਸਿੰਘ ਸਰਾਭਾ ਦਾ ਹੈ।’
ਭਗਤ ਸਿੰਘ ਦੇ ਯੁਧ-ਸਾਥੀ ਪੰਡਿਤ ਕਿਸ਼ੋਰੀ ਲਾਲ ਵੀ ਦੱਸਦੇ ਸਨ ਕਿ ਉਹਨਾਂ ਉੱਤੇ ਵੀ ਸਭ ਤੋਂ ਵੱਧ ਪ੍ਰਭਾਵ ਕਰਤਾਰ ਸਿੰਘ ਸਰਾਭੇ ਦਾ ਹੀ ਸੀ:
‘ਸਾਡੇ ‘ਤੇ ਬਹੁਤਾ ਅਸਰ ਤਾਂ ਕਰਤਾਰ ਸਿੰਘ ਸਰਾਭਾ ਦਾ ਸੀ। ਉਸ ਨੂੰ ਪਹਿਲੇ ਫਾਂਸੀ ਹੋ ਚੁੱਕੀ ਸੀ। ਉਸ ਦਾ ਬਹੁਤਾ ਅਸਰ ਸੀ। ਅਸੀਂ ਉਸ ਨੂੰ ਕੌਮੀ ਹੀਰੋ ਸਮਝਦੇ ਸਾਂ। ਭਗਤ ਸਿੰਘ ਤਾਂ ਕਰਤਾਰ ਸਿੰਘ ਸਰਾਭਾ ਦੀ ਆਪਣੇ ਕੋਲ ਤਸਵੀਰ ਰੱਖਦਾ ਹੁੰਦਾ ਸੀ। ਉਹ ਸਮਝਦਾ ਸੀ ਕਿ ਜਿਸ ਬਹਾਦਰੀ ਨਾਲ ਕਰਤਾਰ ਸਿੰਘ ਨੇ ਕੋਰਟ ਵਿਚ ਆਪਣੇ ਆਪ ਨੂੰ ‘ਰਾਈਟ ਆਫ਼ ਇੰਡੀਪੈਂਡੈਸ‘ ਨੂੰ ਡੀਫੈਂਡ ਕੀਤਾ, ਉਨ੍ਹਾਂ ਕਿਸੇ ਹੋਰ ਨੇ ਨਹੀਂ ਕੀਤਾ ਕਿਉਂਕਿ ਜਦ ਜੱਜ ਨੇ ਉਸ ਨੂੰ ਕਿਹਾ ਕਿ ‘‘ਨੌਜਵਾਨ ਤੂੰ ਸੋਚ ਲੈ ਕੇ ਜੋ ਕੁਝ ਤੂੰ ਕਹਿ ਰਿਹਾ ਹੈਂ ਇਸ ਤੋਂ ਫਾਂਸੀ ਤੋਂ ਇਲਾਵਾ ਕੁਝ ਹੋਰ ਨਹੀਂ ਹੋ ਸਕਦਾ।‘‘ ਕਰਤਾਰ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਮੇਰਾ ਸਭ ਕੁਝ ਸੋਚਿਆ ਹੋਇਆ ਹੈ। ਇਹ ਸਭ ਕੁਝ ਠੀਕ ਹੈ। ਇਸ ਲਈ ਭਗਤ ਸਿੰਘ ‘ਤੇ ਉਸ ਦਾ ਬਹੁਤਾ ਪ੍ਰਭਾਵ ਸੀ। 1914 ਵਿਚ ਸੈਂਕੜੇ ਗ਼ਦਰੀ ਫਾਂਸੀ ਲੱਗੇ ਸਨ। ਉਨ੍ਹਾਂ ਦੀ ਬੜੀ ਕੁਰਬਾਨੀ ਸੀ। ਉਨ੍ਹਾਂ ਸਭ ਦਾ ਵੀ ਸਾਡੇ ‘ਤੇ ਪੂਰਾ ਅਸਰ ਸੀ। ਉਨ੍ਹਾਂ ਦੀਆਂ ਕੁਰਬਾਨੀਆਂ ਅਸੀਂ ਵਾਰ-ਵਾਰ ਦੁਹਰਾਉਂਦੇ ਸਾਂ।’
ਸਰਾਭੇ ਦੇ ਜੀਵਨ ਤੇ ਉਹਦੀ ਬਹੁਮੁਖੀ ਪ੍ਰਤਿਭਾ ਦੇ ਅਨੇਕ ਰੰਗਾਂ ਨੂੰ ਇਕੋ ਲੇਖ ਵਿਚ ਸਮੇਟਣਾ ਸੰਭਵ ਨਹੀਂ। ਮੇਰਾ ਮਨਸ਼ਾ ਤਾਂ ਕੇਵਲ ਇਸ ਦੱਸਣ ਤੋਂ ਹੈ ਕਿ ਕਰਤਾਰ ਸਿੰਘ ਜਿਹੇ ਜਵਾਂ-ਮਰਦ ਕਦੀ ਮਰਦੇ ਨਹੀਂ ਤੇ ਨਾ ਹੀ ਕਦੀ ਹਾਰਦੇ ਹਨ। ਸਰਾਭੇ ਨੇ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਕਿਹਾ ਸੀ ਕਿ ਜੇ ਕੋਈ ਦੂਸਰਾ ਜਨਮ ਹੋਵੇ ਤਾਂ ਮੈਂ ਮਰਨ ਤੋਂ ਬਾਅਦ ਅਗਲੇ ਜਨਮ ਵਿਚ ਵੀ ਆਪਣਾ ਸੰਘਰਸ਼ ਜਾਰੀ ਰੱਖਾਂਗਾ ਤੇ ਹੁਣ ਵਾਂਗ ਹੀ ਆਪਣੇ ਆਦਰਸ਼ ਤੋਂ ਕੁਰਬਾਨ ਹੋਣਾ ਪ੍ਰਵਾਨ ਕਰਾਂਗਾ। ਊਧਮ ਸਿੰਘ ਕਸੇਲ ਇਸ ਕਥਨ ਦੀ ਪੁਸ਼ਟੀ ਕੁਝ ਇਸ ਪ੍ਰਕਾਰ ਕਰਦਾ ਹੈ, “ਜਦ ਇਹ ਨੌਜਵਾਨ ਬਾਲਕ ਆਪਣੇ ਬਿਆਨ ਦੇਣ ਹਿੱਤ ਅਦਾਲਤ ਦੇ ਸਾਹਮਣੇ ਜਾ ਖਲੋਤਾ ਤਾਂ ਅਦਾਲਤ ਨੇ ਪ੍ਰਸ਼ਨ ਕੀਤਾ ਕਿ, ‘‘ਕਰਤਾਰ ਸਿੰਘ ਤੁਮ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਅਤੇ ਅੰਗਰੇਜ਼ੀ ਰਾਜ ਨੂੰ ਹਿੰਦ ਵਿੱਚੋਂ ਬਾਹਰ ਕੱਢਣ ਵਾਸਤੇ ਇਸ ਸਾਜਿਸ਼ ਵਿਚ ਹਿੱਸਾ ਲਿਆ ਜਾਂ ਨਹੀਂ? ਤਾਂ ਉਸ ਨੌਜਵਾਨ ਨੇ ਉੱਤਰ ਦਿੱਤਾ ਕਿ ਹਿੱਸਾ ਤਾਂ ਕੀ, ਮੇਰਾ ਤਾਂ ਧਰਮ ਔਰ ਕੇਵਲ ਇਕੋ ਧਰਮ ਇਹ ਹੈ ਕਿ ਆਪਣੇ ਦੇਸ਼ ਔਰ ਜਾਤੀ ਨੂੰ ਗ਼ੈਰਾਂ ਤੋਂ ਬਚਾਉਣ ਦੀ ਕਰਾਂ ਅਤੇ ਮੈਂ ਅੰਗਰੇਜ਼ਾਂ ਦਾ ਖੁਰਾ ਖੋਜ ਮਿਟਾਉਣ ਹਿਤ ਸਾਰੇ ਹੀ ਸਾਧਨ ਗ੍ਰਹਿਣ ਕੀਤੇ ਹਨ। ਅਖ਼ਬਾਰਾਂ, ਸ਼ਸਤਰਾਂ ਅਤੇ ਫੌਜਾਂ ਵਿਚ ਪ੍ਰਚਾਰ ਕਰਨਾ ਮੇਰਾ ਮੁਖ ਕੰਮ ਔਰ ਧਰਮ ਹੈ।‘‘
ਇਹ ਉੱਤਰ ਸੁਣ ਕੇ ਜੱਜਾਂ ਨੇ ਪੁਛਿਆ ਕਿ ਇਸ ਬਿਆਨ ਦਾ ਸਿੱਟਾ ਤੇਰੇ ਵਾਸਤੇ ਪਤਾ ਕੀ ਨਿਕਲੇਗਾ? ਉੱਤਰ ਮਿਲਿਆ,‘‘ਹਾਂ ਮੈਂ ਜਾਣਦਾ ਹਾਂ ‘‘ਮੌਤ‘‘, ਪਰ ਮੈਂ ਮੌਤ ਤੋਂ ਕਦਾਚਿਤ ਭੈਅ ਨਹੀਂ ਖਾਂਦਾ। ਇਹ ਇੱਕ ਆਯੂ ਕੀ ਜੇਕਰ ਅਜਿਹੀਆਂ ਸੈਂਕੜੇ ਉਮਰਾਂ ਵੀ ਮੈਨੂੰ ਵਾਰਨੇ ਕਰਨੀਆਂ ਪੈਣ ਤਾਂ ਬੜੀ ਪ੍ਰਸੰਨਤਾ ਨਾਲ ਕਰਾਂਗਾ।”
ਨਾਹਰ ਸਿੰਘ ਗਰੇਵਾਲ ਨੇ ਸਰਾਭੇ ਦੇ ਮੁਕੱਦਮੇ ਦੇ ਫ਼ੈਸਲੇ ਸਮੇਂ ਸਰਾਭੇ ਦੇ ਪ੍ਰਤੀਕਰਮ ਦਾ ਜਿ਼ਕਰ ਕਰਦਿਆਂ ਉਸਦੀ ਚੜ੍ਹਦੀ ਕਲਾ ਦਾ ਬਿੰਬ ਕੁਝ ਇਸ ਪ੍ਰਕਾਰ ਸਿਰਜਿਆ ਹੈ, ‘13 ਸਤੰਬਰ 1915 ਨੂੰ ਆਪ ਦੇ ਮੁਕੱਦਮੇ ਦਾ ਫੈਸਲਾ ਸੁਣਾਇਆ ਗਿਆ। ਜਿਸ ਵਿਚ ਆਪ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ। ਕਰਤਾਰ ਸਿੰਘ ਨੇ ਫਾਂਸੀ ਦਾ ਹੁਕਮ ਸੁਣ ਕੇ ਕਿਹਾ,‘‘ਧੰਨਵਾਦ।” ਜ਼ਬਤੀ ਜਾਇਦਾਦ ਦਾ ਹੁਕਮ ਸੁਣ ਕੇ ਕਿਹਾ,‘‘ਜੇ ਸਾਡੇ ਕੱਪੜੇ ਵੀ ਨੀਲਾਮ ਕੀਤੇ ਜਾਣ ਤਦ ਵੀ ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ ਹੋਣਾ। ਮੈਂ ਮੁੜ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ ਕੰਮ ਕਰਾਂਗਾ।‘‘ ਓੜਕ 14 ਨਵੰਬਰ 1915 ਨੂੰ ਸਵੇਰੇ ਆਪ ਹੋਰ ਛੇ ਸਾਥੀਆਂ ਸਮੇਤ ਸੈਂਟਰ ਜੇਲ੍ਹ ਲਾਹੌਰ ਵਿਚ ਦੇਸ਼ ਦੀ ਅਜ਼ਾਦੀ ਖਾਤਿਰ ਫਾਂਸੀ ਉਤੇ ਚੜ੍ਹ ਕੇ ਆਪਣਾ ਆਪ ਕੁਰਬਾਨ ਕਰਕੇ ਸ਼ਹੀਦ ਹੋ ਗਏ। ਫਾਂਸੀ ਲੱਗਣ ਤੋਂ ਦੂਜੇ ਦਿਨ ਸਾਡੇ ਉਤੇ ਕਲਣ ਖਾਨ ਵਾਰਡਰ (ਜੇਲ੍ਹ ਪੁਲਿਸ ਦਾ ਸਿਪਾਹੀ) ਦੀ ਡਿਊਟੀ ਸੀ। ਉਸ ਦੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਵਿਚ ਵੀ ਡਿਊਟੀ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਉਸਨੂੰ ਪੁਛਿਆ,‘‘ਦਸੋ ਤੁਸੀਂ ਉਸ ਵੇਲੇ ਡਿਊਟੀ ਉਤੇ ਸੀ? ਕਰਤਾਰ ਸਿੰਘ ਦਾ ਅੰਤਲਾ ਸਮਾਂ ਕੈਸਾ ਰਿਹਾ।‘‘ ਤਦ ਕਲਣ ਖਾਨ ਨੇ ਦਸਿਆ ਕਿ ਕਰਤਾਰ ਸਿੰਘ ਨੇ ਫਾਂਸੀ ਦੇ ਤਖ਼ਤੇ ਉਤੇ ਖੜੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਕਹੇ,‘ਦਰੋਗਾ ਮਤ ਸਮਝ ਕਿ ਕਰਤਾਰ ਸਿੰਘ ਮਰ ਗਿਆ ਹੈ, ਮੇਰੇ ਖੂਨ ਕੇ ਜਿਤਨੇ ਕਤਰੇ ਹੈਂ, ਉਤਨੇ ਕਰਤਾਰ ਸਿੰਘ ਔਰ ਪੈਦਾ ਹੋਗੇਂ। ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ।‘
ਇੰਜ ਜੀ ਸਰਾਭੇ ਦਾ ਇਕ ਹੋਰ ਯੁਧ-ਸਾਥੀ ਬਾਬਾ ਸ਼ੇਰ ਸਿੰਘ ਵੇਈਂ ਪੂਈਂ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ‘ਤੇ ਗ਼ਦਰੀ ਯੋਧਿਆਂ ਅਤੇ ਸਰਾਭੇ ਦੇ ਪ੍ਰਤੀਕਰਮ ਨੂੰ ਬਿਆਨ ਕਰਦਿਆਂ ਲਿਖਦਾ ਹੈ, ‘ਫਾਂਸੀ ਕੋਠੜੀਆਂ ਵਿਚ ਡੱਕੇ ਹੋਏ ਗ਼ਦਰੀ ਵੀ ਆਜ਼ਾਦੀ ਦੇ ਗੀਤ ਗਾਉਂਦੇ ਤੇ ਖੁਸ਼ੀਆਂ ਮਨਾਉਂਦੇ ਸਨ। ਕਿਸੇ ਦੇ ਦਿਲ ਵਿਚ ਮੌਤ ਦਾ ਰਤਾ ਡਰ ਨਹੀਂ ਸੀ। ਫਾਂਸੀ ਵਾਲੇ ਦਿਨ ਕਰਤਾਰ ਸਿੰਘ ਸਰਾਭਾ ਤੋਲਿਆ ਗਿਆ ਉਸ ਦਾ ਸੱਤ ਸੇਰ ਵਜ਼ਨ ਪਹਿਲਾਂ ਨਾਲੋਂ ਵੱਧ ਸੀ। ਉਹ ਕਹਿੰਦਾ ਸੀ ਮੈਂ ਫਾਂਸੀ ਮਗਰੋਂ ਦੂਜਾ ਜਨਮ ਲੈ ਕੇ ਫੇਰ ਆਜ਼ਾਦੀ ਦਾ ਘੋਲ ਲੜਾਂਗਾ...‘‘
ਬਾਬਾ ਭਕਨਾ ਜੇਲ੍ਹ ਵਿਚ ਸਰਾਭੇ ਨਾਲ ਗੁਜ਼ਾਰੇ ਉਹਨਾਂ ਦਿਨ ਦੀਆਂ ਯਾਦਾਂ ਸਾਂਝੀਆਂ ਕਰਦੇ ਦੱਸਦੇ ਹਨ ਕਿ ਸਰਾਭਾ ਉਹਨਾਂ ਆਖ਼ਰੀ ਦਿਨਾਂ ਵਿਚ ਵੀ ਨਿਰਾਸ ਤੇ ਉਦਾਸ ਨਹੀਂ ਸੀ ਹੋਇਆ ਅਤੇ ਉਹਦਾ ਵਿਸ਼ਵਾਸ ਸੀ ਕਿ ਦੇਸ਼ਭਗਤਾਂ ਦੁਆਰਾ ਕੀਤੀਆਂ ਕੁਰਬਾਨੀਆਂ ਕਿਸੇ ਨਾ ਕਿਸੇ ਦਿਨ ਜ਼ਰੂਰ ਰੰਗ ਲਿਆਉਣਗੀਆਂ। ਬਾਬਾ ਜੀ ਲਿਖਦੇ ਹਨ, ‘ਅਸੀਂ 24 ਫਾਂਸੀ ਲੱਗਣ ਵਾਲੇ ਪਾਰਕ ਨੰਬਰ 121 ਵਿਚ 24 ਕੋਠੀਆਂ ਦੀ ਕਤਾਰ ਵਿਚ ਨਾਲ-ਨਾਲ ਬੰਦ ਕੀਤੇ ਹੋਏ ਸੀ। ਸਾਨੂੰ ਸ਼ਾਮ ਨੂੰ ਅੱਧਾ ਘੰਟਾ ਟਹਿਲਣ ਲਈ ਵਿਹੜੇ ਵਿਚ ਕੱਢਿਆ ਜਾਂਦਾ ਸੀ। ਇਕ ਦਿਨ ਜਦ ਮੈਨੂੰ ਮੌਕਾ ਮਿਲਿਆ ਤਾਂ ਮੈਂ ਟਹਿਲਦਿਆਂ-ਟਹਿਲਦਿਆਂ ਕਰਤਾਰ ਦੀ ਕੋਠੀ ਵਿਚ ਝਾਤੀ ਮਾਰੀ। ਅੰਦਰ ਸਾਹਮਣੇ ਕੰਧ ਉੱਤੇ ਕੋਲੇ ਨਾਲ ਮੋਟੇ ਅੱਖਰਾਂ ਵਿਚ ਲਿਖਿਆ ਸੀ, ‘‘ਸ਼ਹੀਦੋਂ ਕਾ ਖ਼ੂਨ ਕਭੀ ਖ਼ਾਲੀ ਨਹੀਂ ਜਾਤਾ।‘‘ ਪੜ੍ਹ ਕੇ ਮੈਂ ਆਖਿਆ, ‘‘ਕਰਤਾਰ! ਏਥੇ ਤਾਂ ਹੱਡੀਆਂ ਵੀ ਜੇਲ੍ਹ ਦੇ ਵਿਚ ਹੀ ਸਾੜ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਨੂੰ ਬਾਹਰ ਪਤਾ ਨਾ ਲੱਗੇ। ਤੂੰ ਲਿਖਿਆ ਹੈ ਕਿ ‘‘ਸ਼ਹੀਦੋਂ ਕਾ ਖੂਨ ਕਭੀ ਖ਼ਾਲੀ ਨਹੀਂ ਜਾਤਾ।‘‘ ਕਰਤਾਰ ਨੇ ਹੱਸ ਕੇ ਜੁਆਬ ਦਿੱਤਾ, ‘‘ਹਾਂ ਜੀ, ਠੀਕ ਹੀ ਤਾਂ ਲਿਖਿਆ ਹੈ।‘‘ ਅੱਜ ਕਰਤਾਰ ਦੀ ਭਵਿੱਖ ਬਾਣੀ ਮੈਨੂੰ ਚੇਤੇ ਆਉਦੀ ਹੈ ਕਿ ਉਹ ਕਿੰਨਾ ਸੂਝਵਾਨ, ਨਿਡਰ ਅਤੇ ਬਹਾਦਰ ਸੀ।’
ਬਲਵੰਤ ਉਰਫ਼ ਸ਼ਹੀਦ ਭਗਤ ਸਿੰਘ ‘ਚਾਂਦ’ ਦੇ ਫ਼ਾਂਸੀ ਅੰਕ ਵਿਚ ਲਿਖਦੇ ਹਨ: ‘ਇਕ ਸੱਜਣ ਜੀ ਦਸਦੇ ਹਨ, ਕਿ ਕਰਤਾਰ ਸਿੰਘ ਦਾ ਬਾਬਾ ਉਸ ਨੂੰ ਮਿਲਣ ਵਾਸਤੇ ਗਿਆ। ਕਰਤਾਰ ਸਿੰਘ ਨੂੰ ਉਸ ਵੇਲੇ ਫਾਂਸੀ ਦਾ ਹੁਕਮ ਸੁਣਾਇਆ ਜਾ ਚੁੱਕਾ ਹੋਇਆ ਸੀ। ਬਾਬਾ ਮੁਲਾਕਾਤ ਵਿਚ ਆਖਣ ਲੱਗਾ,‘‘ਕਰਤਾਰ ਸਿੰਘ! ਤੂੰ ਇਨ੍ਹਾਂ ਕੰਮਾਂ ਵਿਚ ਪੈ ਕੇ ਕੀ ਖੱਟਿਆ ਈ? ਐਵੇਂ ਅਜਾਈਂ ਮੌਤੇ ਹੀ ਮਰਨ ਲੱਗਾ ਏਂ, ਤੈਨੂੰ ਲੋਕਾਂ ਨੇ ਕੀ ਦੇਣਾ ਹੈ।‘‘ ਕਰਤਾਰ ਸਿੰਘ ਅਵੇਸਲਾ ਜੇਹਾ ਹੋ ਕੇ ਪੁਛਣ ਲੱਗਾ, ਬਾਬਾ ਜੀ ਫਲਾਣਾ ਸਿੰਘ ਦਾ ਪਿੰਡ ਕੀ ਹਾਲ ਹੈ?
ਬਾਬਾ-ਉਹ ਤਾਂ ਪਲੇਗ ਨਾਲ ਕਦੇ ਦਾ ਹੀ ਮਰ ਗਿਆ ਹੈ।
ਕਰਤਾਰ ਸਿੰਘ-ਹੱਛਾ, ਫਲਾਣਾ ਸਿੰਘ ਦੀ ਬਾਬਤ ਕੁਛ ਦਸੋ।
ਬਾਬਾ-ਉਹ ਵੀ ਐਤਕਾਂ ਤਾਊਨ ਨਾਲ ਮਰ ਗਿਆ ਸੀ।
ਕਰਤਾਰ ਸਿੰਘ ਬਣਾਂ ਠਣਾਂ ਕੇ ਬਾਬੇ ਹੋਰਾਂ ਨੂੰ ਆਖਣ ਲੱਗਾ ਕਿ ਬਾਬਾ ਜੀ, ਜੇ ਮੈਨੂੰ ਵੀ ਉਹਨਾਂ ਵਾਂਗ ਤਾਊਨ ਜਾਂ ਪਲੇਗ ਹੀ ਲੈ ਜਾਂਦੀ ਤਾਂ ਮੈਂ ਕੇਹੜੀ ਗਿਣਤੀ ਵਿਚ ਹੁੰਦਾ? ਹੁਣ ਤਾਂ ਮੈਂ ਦੇਸ਼ ਤੇ ਕੌਮ ਲਈ ਕੁਛ ਕਰਕੇ ਫਾਹੇ ਟੰਗਿਆ ਜਾਣ ਲੱਗਾ ਹਾਂ ਤੇ ਸਾਰੇ ਸੰਸਾਰ ਤੇ ਆਪ ਦਾ, ਸਾਡੇ ਖਾਨਦਾਨ ਦਾ ਜੱਸ ਹੋਵੇਗਾ, ਕਿ ਕਰਤਾਰ ਸਿੰਘ ਸ਼ੇਰ ਦਿਲ ਸੀ ਤੇ ਕੁਛ ਕਰਕੇ ਗਿਆ ਹੈ। ਪਰ ਜੇ ਓਦਾਂ ਮਰ ਜਾਂਦਾ ਤਾਂ ਉਹ ਅਜਾਈਂ ਮੌਤ ਸੀ। ਹੁਣ ਤਾਂ ਮੇਰੀ ਦੇਹ ਸਫ਼ਲ ਹੋ ਗਈ ਹੈ ਅਤੇ ਤੁਹਾਨੂੰ ਇਸ ਗੱਲ ਦਾ ਫ਼ਖਰ ਹੋਣਾ ਚਾਹੀਦਾ ਹੈ, ਕਿ ਦੇਸ਼ ਲਈ ਕੁਰਬਾਨੀ ਦਾ ਗੁਣਾ ਤੁਹਾਡੇ ਖਾਨਦਾਨ ਦੇ ਨਾਮ ਪਿਆ ਹੈ। ਇਸ ਲਈ ਅਫ਼ਸੋਸ ਕਰਨ ਦਾ ਸਮਾਂ ਨਹੀਂ ਸਗੋਂ ਤੁਹਾਡੇ ਲਈ ਖੁਸ਼ੀ ਤੇ ਫਖ਼ਰ ਕਰਨ ਦਾ ਸਮਾਂ ਹੈ। ਬਾਬਾ ਜੀ ਨਿਰੁਤਰ ਹੋ ਗਏ ਤੇ ਅਥਰੂ ਪੂੰਝਦੇ ਪੂੰਝਦੇ ਬਾਹਰ ਨਿਕਲ ਗਏ।’
ਅਸਲ ਵਿਚ ਸਰਾਭੇ ਦੀ ਇਨਕਲਾਬੀ ਸ਼ਖ਼ਸੀਅਤ ਦੇ ਸਾਰੇ ਰੰਗ ਫੜਨਾ ਸੰਭਵ ਨਹੀਂ। ਇਸ ਸੰਬੰਧੀ ਸਾਨੂੰ ਬਾਬਾ ਸੋਹਨ ਸਿੰਘ ਭਕਨਾ ਦੇ ਕਥਨ ਨਾਲ ਹੀ ਸਹਿਮਤ ਹੋਣਾ ਪਵੇਗਾ। ਉਹ ਲਿਖਦੇ ਹਨ, ‘ਸੱਚੀ ਗੱਲ ਤਾਂ ਇਹ ਹੈ ਕਿ ਜੋ ਉਹ ਸੀ, ਉਸ ਦੀ ਜ਼ਿੰਦਗੀ ਦਾ ਚਿੱਤਰ ਖਿੱਚਣਾ ਮੇਰੀ ਕਲਮ ਦੀ ਤਾਕਤ ਤੋਂ ਬਾਹਰ ਹੈ।’
ਸਰਾਭਾ ਓਨਾ ਚਿਰ ਨਹੀਂ ਮਰੇਗਾ ਅਤੇ ਓਨਾ ਚਿਰ ਕਈ ਜਨਮਾਂ ਵਿਚ ਆਉਂਦਾ ਰਹੇਗਾ ਜਿੰਨਾਂ ਚਿਰ ਅਸੀਂ ਉਸਦੇ ਵਿਚਾਰਾਂ ਨੂੰ ਨਹੀਂ ਮਰਨ ਦਿਆਂਗੇ। ਸਰਾਭਾ ਸਾਡੇ ਸੀਨਿਆਂ ਵਿਚ, ਸਾਡੀਆਂ ਸੋਚਾਂ ਵਿਚ, ਸਾਡੇ ਅਮਲਾਂ ਵਿਚ ਜਿ਼ੰਦਾ ਰਹਿਣਾ ਚਾਹੀਦਾ ਹੈ ਬਿਲਕੁਲ ਉਸਤਰ੍ਹਾਂ ਜਿਵੇਂ ਉਹ ਭਗਤ ਸਿੰਘ ਦੇ ਰੂਪ ਵਿਚ ਜਿ਼ੰਦਾ ਹੋਇਆ ਸੀ।
ਇਤਿਹਾਸ ਤਾਂ ਰੀਲੇ ਰੇਸ ਵਾਂਗ ਹੈ। ਜੋਤ ਤੋਂ ਜੋਤ ਜਗਣ ਵਾਂਗ ਹੈ। ਗ਼ਦਰ ਲਹਿਰ ਵੀ ਇਸਤਰ੍ਹਾਂ ਹੀ ਜੋਤ ਤੋਂ ਜੋਤ ਬਾਲਕੇ ਰੋਸ਼ਨੀ ਵੰਡਦੀ, ਸ਼ਕਲ ਤਬਦੀਲ ਕਰਦੀ ਵੱਖ ਵੱਖ ਲਹਿਰਾਂ ਵਿਚ ਆਪਣਾ ਰੰਗ ਘੋਲਦੀ ਜਿਊਂਦੀ ਤੇ ਤੁਰਦੀ ਰਹੀ ਹੈ। ਇਹਨਾਂ ਲਹਿਰਾਂ ਦੇ ਕੰਮ ਢੰਗ ਵਿਚ ਫ਼ਰਕ ਆਇਆ ਪਰ ਇਹ ਗ਼ਦਰ ਪਾਰਟੀ ਦੇ ਮੂ਼ਲ ਆਦਰਸ਼ਾਂ ਤੇ ਸੁਪਨਿਆਂ ਤੋਂ ਲਾਂਭੇ ਨਹੀਂ ਗਈਆਂ। ਇਹ ਵੱਖਰੀ ਤੇ ਉਦਾਸ ਕਰਨ ਵਾਲੀ ਗੱਲ ਹੈ ਕਿ ਏਡੀ ਸ਼ਾਨਦਾਰ ਇਨਕਲਾਬੀ ਵਿਰਾਸਤ ਦੇ ਹੁੰਦਿਆਂ ਸੁੰਦਿਆਂ ਅਸੀਂ ਗ਼ਦਰੀ ਬਾਬਿਆਂ ਤੇ ਸਰਾਭੇ ਹੁਰਾਂ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਬਨਾਉਣ ਵਿਚ ਸਫ਼ਲ ਨਹੀਂ ਹੋ ਸਕੇ। ਇਸਦੇ ਹੋਰ ਵੀ ਅਨੇਕਾਂ ਕਾਰਨ ਹੋਣਗੇ ਪਰ ਇਕ ਕਾਰਨ ਇਹ ਵੀ ਹੈ ਕਿ ਅਸੀਂ ਉਸ ਇਨਕਲਾਬੀ ਇਤਿਹਾਸ ਨਾਲ ਵਿਆਪਕ ਪੱਧਰ ‘ਤੇ ਜੀਵੰਤ ਨਾਤਾ ਕਾਇਮ ਨਹੀਂ ਕਰ ਸਕੇ। ਜੇ ਅਸੀਂ ਜਾਂ ਸਾਡੀ ਅਗਾਂਹਵਧੂ ਲਹਿਰ ਨੇ ਜਿਊਂਦੇ ਤੇ ਤੁਰਦੇ ਰਹਿਣਾ ਹੈ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਜਾਗਦਾ ਤੇ ਜਿਊਂਦਾ ਰੱਖੀਏ ਅਤੇ ਉਸ ਨਾਲ ਨਿਰੰਤਰ ਸੰਵਾਦ ਵਿਚ ਜੁੱਟੇ ਰਹੀਏ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346