Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

ਅੰਗਰੇਜੀ ਵਾਲ਼ਾ ਮਾਸ਼ਟਰ

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

 


ਕੱਚਾ ਆਵਾ
- ਕਰਮ ਸਿੰਘ ਮਾਨ
 

 

ਵਾਜਾ-ਗਾਜਾ, ਢੋਲ-ਢਮੱਕਾ, ਰੌਲਾ-ਰੱਪਾ, ਗੀਤ-ਸੰਗੀਤ, ਸੁਹਲੇ-ਸਿੱਠਣੀਆਂ ਅਤੇ ਵੇਖ-ਵਿਖਾਵਾ ਆਦਿ ਤਾਂ ਹਰ ਵਿਆਹ ਵਿੱਚ ਹੀ ਹੁੰਦੇ ਹਨ। ਸ਼ਰਾਬ ਦੇ ਦੌਰ ਤੇ ਸ਼ਰਾਬੀਆਂ ਦੇ ਲਲਕਾਰੇ ਵੀ। ਪਰ ਇਹ ਸਭ ਕੁੱਝ ਅਕਾਲੀ ਗੁਰਮਖ ਸਿੰਘ ਦੇ ਘਰ! ਵੇਖ ਕੇ ਸਭ ਹੈਰਾਨ ਸਨ।
ਗੁਰਮੁਖ ਸਿੰਘ ਦਾ ਘਰ ਅਕਾਲੀਆਂ ਦਾ ਘਰ ਵਜਦਾ ਹੈ। ਮੁੱਢ ਤੋਂ ਹੀ ਇਸ ਘਰ ਦੀ ਪਿਰਤ ਰਹੀ ਹੈ-ਵਿਆਹ, ਸ਼ਾਦੀ ਸਮੇ ਵੀ ਸ਼ੁਕਰਾਨਾ ਤੇ ਅਰਦਾਸ। ਚਾਰ ਬੰਦੇ ਆਏ। ਚਾਰ ਲਾਮਾਂ ਪੜ੍ਹੀਆ, ਵਿਆਹ ਹੋ ਗਿਆ। ਚਾਰ ਬੰਦੇ ਗਏ, ਮੁੰਡਾ ਵਿਆਹ ਲਿਆਏ। ਨਾ ਕੋਈ ਦਾਜ-ਦਹੇਜ। ਨਾ ਕੋਈ ਉਚੇਚ। ਗੁਰਮੁਖ ਸਿੰਘ ਦੇ ਵੱਡੇ ਮੁੰਡੇ ਸੁਦਾਗਰ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਸੀ। ਪਰ ਅੱਜ ਰੁਲਦੂ ਦੇ ਮੰਗਣੇ ਤੇ ਪਿਛਲੇ ਤੇ ਲਕੀਰ ਹੀ ਫੇਰ ਦਿੱਤੀ।
ਮੰਗਣੇ ਵੇਲੇ ਸ਼ਾਹੀ-ਠਾਠ ਬਾਠ। ਵੱਡੇ ਵਿਹੜੇ ਵਿੱਚ ਬੱਤਖ ਦੇ ਪਰਾਂ ਵਰਗੇ ਚਿੱਟੇ ਟੈਂਟ। ਮੁਰਗ-ਮੁਸੱਲਮ। ਮਾਸਾਹਾਰੀ ਤੇ ਸ਼ਾਕਾਹਾਰੀ ਭੋਜਨ। ਭਾਂਤ-ਭਾਂਤ ਦੇ ਪਕਵਾਨਾਂ ਨਾਲ ਨੱਕ ਵਿੱਚ ਜਲੂਣ ਹੁੰਦੀ। ਹੁਣ ਦੇ ਰਿਵਾਜ ਅਨੁਸਾਰ ਦਾਜ-ਦਹੇਜ ਦਾ ਕੰਮ ਮੰਗਣੇ ਤੇ ਹੀ ਨਿਬੇੜ ਦਿੱਤਾ।
ਦਾਜ-ਦਹੇਜ! ਰੜਕ ਈ ਕੱਢਤੀ। ਘਰ ਦਾ ਗੇਟ ਲੰਘਣ ਸਾਰ ਹੀ ਵੱਡੇ ਵਿਹੜੇ ਵਿੱਚ ਸਕਾਰਪੀਊ ਖੜ੍ਹੀ ਸੀ। ਫੁਲਕਾਰੀ ਨਾਲ ਸ਼ਿੰਗਾਰੀ ਸਿੰਧ ਦੀ ਘੌੜੀ ਵਾਂਗ। ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਤੋਂ ਬਾਅਦ ਖੁਲ੍ਹ ਗਏ ਅਟੈਚੀਕੇਸ ਤੇ ਗਹਿਣਿਆਂ ਦੇ ਸੁਨਿਹਰੀ ਤੇ ਨੀਲੀ ਭਾਅ ਮਾਰਦੇ ਡੱਬੇ।
ਮੁੰਡੇ ਲਈ ਪੂਰੀ ਭਾਰੀ ਜੋੜੀ, ਭਾਰੀ ਛਾਪ ਤੇ ਗਲ ਲਈ ਭਾਰੀ ਚੇਨੀ। ਸੁਦਾਗਰ ਲਈ ਵੀ ਗਲ ਵਿੱਚ ਚੇਨੀ। ਤਾਏ, ਚਾਚੇ, ਮਾਮੇ, ਫੁੱਫੜ, ਮਾਸੜ, ਚਚੇਰੇ, ਮਸੇਰੇ ਭਰਾਵਾਂ ਲਈ ਤੋਲੇ ਤੋਲੇ ਦੀਆਂ ਛਾਪਾਂ। ਜਠਾਣੀ, ਤਾਈ, ਚਾਚੀ, ਮਾਮੀ, ਮਾਸੀ ਸਭ ਦੇ ਗਲ ਵਿੱਚ ਲਾਕਟ। ਗੁਰਮੁਖ ਸਿੰਘ ਦੇ ਘਰ ਵਾਲੀ ਦਾਨ ਕੌਰ ਦੇ ਗਲ ਵਿੱਚ ਪਾਈ ਸਟੀਲ ਦੀ ਨਿੱਕੀ ਕਿਰਪਾਨ ਸੋਨੇ ਦੇ ਭਾਰ ਹੇਠ ਦਿਸਦੀ ਨਹੀਂ ਸੀ।
ਸੁਦਾਗਰ ਦੇ ਵਿਆਹ ਵੇਲੇ ਤਾਂ ਗੁਰਮਖ ਸਿੰਘ ਨੇ ਕੁੱਝ ਵੀ ਨਹੀਂ ਸੀ ਲਿਆ। ਪਰਵਾਰ ਦੀ ਪਿਰਤ ਤੋੜੀ ਨਹੀਂ ਸੀ। ਇਸ ਵਾਰ ਤਾਂ ਗੁਰਮਖ ਸਿੰਘ ਦਾ ਹੱਥ ਤੇ ਉਂਗਲ ਖਾਲੀ ਨਾ ਰਹੀ ਹੱਥ ਵਿੱਚ ਦੋ ਤੋਲੇ ਦਾ ਭਾਰਾ ਕੜਾ ਅਤੇ ਪੂਰੀ ਭਾਰੀ ਛਾਪ। ਗੁਰਮੁਖ ਸਿੰਘ ਨੇ ਦੂਸਰੇ ਰਿਸ਼ਤੇਦਾਰਾਂ ਵਾਂਗ ਰਸਮੀ ਇਹ ਵੀ ਨਹੀਂ ਕਿਹਾ ਕਿਹਾ ਕਿ ਮੈਨੂੰ ਤਾਂ ਰਹਿਣ ਦਿਉ ਭਾਈ। ਬਿਨਾ ਕਿਸੇ ਨਾਹ-ਨੁੱਕਰ ਦੇ ਹੱਥ ਅੱਗੇ ਵਧਾ ਦਿੱਤਾ। ਦਾੜ੍ਹੀ ਤੋਂ ਦੀ ਹੱਥ ਫੇਰਦਾ, ਮੁੱਛਾਂ ਨੂੰ ਤਾਅ ਦਿੰਦਾ ਮੂਵੀ ਬਣਾਉਣ ਵਾਲੇ ਵੱਲ ਸਿੱਧਾ ਝਾਕਿਆ। ਚਾਲੀ ਤੋਲੇ ਸੋਨਾ ਤੇ ਸਕਾਰਪਿਊ ਹੀ ਬਾਰਾਂ ਤੇਰਾਂ ਲੱਖ ਦੇ ਸਨ। ਬਾਕੀ ਹੋਰ ਖਰਚੇ। ਕੁਲ ਮਿਲਾ ਕੇ ਬਾਰਾਂ ਪੰਦਰਾਂ ਲੱਖ ਲੱਗ ਗਿਆ ਹੋਣਾ। ਅਜੇ ਵਿਆਹ ਤੇ ਬਾਕੀ ਦੇ ਖਰਚੇ ਹੋਰ ਪਏ ਸਨ।
ਇਨੀਂ ਸ਼ੋ-ਸ਼ੱਪ, ਦਾਜ-ਦਹੇਜ ਦਾ ਵਿਖਾਵਾ ਕਿਸੇ ਹੋਰ ਘਰ ਹੁੰਦਾ ਤਾ ਕੋਈ ਫਰਕ ਨਹੀ ਸੀ ਪੈਣਾ। ਸਗੋਂ ਇਸ ਨਾਲ ਸਮਾਜ ਵਿੱਚ ਪਰਵਾਰ ਦਾ ਕੱਦ ਇੱਕ ਹੱਥ ਉਚਾ ਹੋ ਜਾਣਾ ਸੀ। ਪਰ ਇਹ ਸਭ ਕੁੱਝ ਅਕਾਲੀ ਗੁਰਮੁਖ ਸਿੰਘ ਦੇ ਘਰ। ਪਰਵਾਰ ਦੇ ਅਸੂਲਾਂ ਨੂੰ ਛਿੱਕੇ ਟੰਗ ਕੇ। ਲੋਕਾਂ ਨੇ ਚੱਬ-ਚੱਬ ਕੇ ਗੱਲਾਂ ਕਰਨੀਆ ਹੀ ਸਨ।
--ਅਕਾਲੀ! ਲੋਕਾਂ ਦੇ ਘਰ ਬਥੇਰੀ ਸਿਖਿਆ ਦਿੰਦਾ ਫਿਰਦਾ, ਲੋਕੋ! ਪੱਟੇ ਜਾਉਂਗੇ। ਲੈਣ-ਦੇਣ ਦੇ ਪੰਗੇ ਵਿੱਚ ਨਾ ਪੈ ਜਿਉ। ਪੱਟ ਹੋ ਜੋਂਗੇ ਲੋਕੋ! ਪਰ ਆਪ-?
-ਇਹ ਤਾਂ ਕਹਿਣ ਦੀਆਂ ਈ ਗੱਲਾਂ ਨੇ। ਜਿਸਨੂੰ ਮਿਲਦੇ ਨੀ ਉਹੀ ਕਹਿੰਦਾ ਅੰਗੂਰ ਖੱਟੇ। ਅਖੇ ਮਜਬੂਰੀ ਦਾ ਨਾਂ ਮਹਾਤਮਾ ਗਾਂਧੀ।
--ਪਤਾ ਨਹੀਂ ਕਾਲੀ ਦੇ ਹੱਥ ਕਿਹੜੀ ਗਿੱਦੜ-ਸਿੰਗੀ ਲੱਗ ਗਈ। ਦਿਲੀ ਈ ਲੁੱਟਲੀ ਪੁੱਟੂ ਨੇ। ਪਰੀਆਂ ਵਰਗੀ ਕੁੜੀ ਮਿਲਗੀ। ਜਿਹੜੀ ਫੋਟੋ ਖਿਚਦੀ ਫਿਰਦੀ ਸੀ। ਇਹ ਉਹਦੀ ਵੱਡੀ ਭੈਣ ਆ। ਦਸਦੇ ਆ ਇਹ ਸੋਲਾਂ ਅਤੇ ਉਹ ਵੀਹ ਆ।
--- ਰੁਲਦੂ। ਅਣਘੜ ਵੱਟਾ ਜਿਹਾ। ਕਿੱਥੇ ਤੂਤ ਦੀ ਛਿਟੀ ਕਿੱਥੇ ਰੋਹੀ ਦੀ ਕਿੱਕਰ ਦਾ ਜਾਤੂ। ਕੀ ਦੇਖਿਆ ਅਗਲਿਆਂ ਨੇ ਗੱਲ ਸਮਝ ਚ ਨੀਂ ਆਉਂਦੀ।
---ਆਪਾਂ ਸਮਝ ਕੇ ਕੀ ਲੈਣਾ। ਜੀਹਦੀਆ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂੰ।
----ਕਿੰਨੀਆਂ ਪੀੜ੍ਹੀਆਂ ਤੋਂ ਇਹ ਸਿੱਖ। ਗੁਰਮੁਖ ਸਿੰਘ ਹਰ ਵੇਲੇ ਤਾਂ ਪਾਠ ਕਰਦਾ ਰਹਿੰਦਾ। ਮਹਾਰਾਜ ਘਰੇ ਖੁਲ੍ਹਿਆ ਰਹਿੰਦਾ। ਕੰਮ ਤੱਕ ਮਤਲਬ। ਰੱਬ ਦੀ ਨਿਗ੍ਹਾ ਤਾਂ ਸਿੱਧੀ ਹੋਣੀ ਈ ਸੀ।
---ਆਪਾਂ ਕਿਹੜਾ ਕਿਸੇ ਨੂੰ ਲੁਟਦੇ ਫਿਰਦੇ ਆ। ਕਿਸੇ ਦਾ ਬੁਰਾ ਨਹੀਂ ਕਰਦੇ। ਕੰਮ ਤੋਂ ਵਿਹਲ ਮਿਲੇ ਫੇਰ ਹੀ ਅਸ਼ਨੇ-ਪਸ਼ਨੇ ਜਿਹੇ ਕਰੀਏ। ਕਾਮਰੇਡ ਲਾਲ ਸਿੰਘ ਨੇ ਤਾਂ ਹਰ ਗੱਲ ਵਿੱਚ ਲਾਲ ਝੰਡਾ ਗੱਡਣਾ ਹੀ ਸੀ।
ਕਾਮਰੇਡ ਤੇ ਬਚਨੇ ਨਾਨਕਸਰੀਏ ਵਿਚਕਾਰ ਨੋਕ-ਝੋਕ ਚਲਦੀ ਰਹਿੰਦੀ।
ਪੁੱਠਾ ਦਮਾਗ। ਗੱਪ ਛੱਡੀ ਜਾਊ। ਤਾਇਆ ਗੁਰਮਖ ਤਾਂ ਰੱਬ ਦਾ ਡਰ ਮੰਨਣ ਵਾਲਾ। ਆਹ ਕਾਮਰੇੜ ਰੱਬ ਨੂੰ ਟੱਪ ਈ ਦਸਦਾ। ਬਚਨਾ ਨਾਨਕਸਰੀਆ ਕਾਮਰੇਡ ਲਾਲ ਸਿੰਘ ਨੂੰ ਬੇਹੇ ਕੜਾਹ ਵਾਂਗ ਲੈਂਦਾ ਸੀ।
ਰੱਬ ਦੀ ਗੱਲ ਨੀ। ਗੱਲ ਤਾਂ ਸਣੇ ਮਲਾਈ ਦੁੱਧ ਛਕਣ ਵਾਲੇ ਠੱਗਾਂ ਦੀ ਐ। ਕਾਮਰੇਡ ਲਾਲ ਸਿੰਘ ਹਰ ਗੱਲ ਨੂੰ ਤਰਕ ਦੀ ਕਸਵੱਟੀ ਤੇ ਪਰਖਦਾ।
ਰਾਤ ਪਈ। ਗਿੱਧਾ ਭਖ ਉੱਠਿਆ। ਦਾਨ ਕੌਰ ਦੀ ਭਤੀਜੀ ਤੇਜਵੀਰ ਸੀ ਸਾਰੇ ਗਿੱਧੇ ਦੀ ਰਾਣੀ। ਮੁੰਡਿਆਂ ਦੀ ਇੱਕ ਟੋਲੀ ਗੁਰਮੁਖ ਸਿੰਘ ਤੋਂ ਡਰਦੀ ਡਰਦੀ ਵੀ ਵਿਹੜੇ ਵਿੱਚ ਆਣ ਉੱਤਰੀ। ਤੇਜਵੀਰ ਆਪਣੀਆਂ ਯਾਦੂ ਭਰੀਆਂ ਅੱਖਾਂ ਦੀ ਤੇਜ ਕਟਾਰ ਨਾਲ ਨੌਜਵਾਨਾਂ ਦਾ ਕਾਲਜਾ ਚੀਰ ਰਹੀ ਸੀ। ਗੁਰਮੁਖ ਸਿੰਘ ਬਰਾਂਡੇ ਵਿੱਚ ਪਿਆ ਕਿਤੇ ਕਿਤੇ ਦਬਵੀਂ ਜਿਹੀ ਅਵਾਜ ਵਿੱਚ ਕਹਿੰਦਾ, ਬੱਸ ਕਰੋ ਹੁਣ ਤਾ। ਟਿਕ ਕੇ ਪੈ ਜੋ। ਉਸਦੀ ਅਵਾਜ ਦਾ ਮੁੰਡਿਆਂ ਤੇ ਇੱਕ ਦੋ ਮਿੰਟ ਲਈ ਅਸਰ ਹੁੰਦਾ। ਜੇ ਉਹ ਦਬਕਾ ਮਾਰਦਾ, ਕੀ ਮਜ਼ਾਲ ਸੀ ਕਿਸੇ ਦੀ, ਸਾਰੇ ਸੁਸਰੀ ਵਾਂਗੂੰ ਨਾ ਸੌ ਜਾਂਦੇ। ਉਨ੍ਹਾਂ ਉਸਦਾ ਇੱਕ ਖੰਘੂਰਾ ਸੁਣ ਕੇ ਹੀ ਰਫ਼ੂ ਚੱਕਰ ਹੋ ਜਾਣਾ ਸੀ।
ਮੁੰਡੇ ਮਿਰਗ-ਨੈਣੀਂ ਤੇਜਵੀਰ ਤੇ ਲੱਟੂ ਹੋ ਰਹੇ ਸਨ। ਉਸਦੀ ਨੰਗੀ ਧੁੰਨੀ, ਨਚਦੀ ਦੀ ਪੱਟਾਂ ਤੱਕ ਉਠਦੀ ਘੱਗਰੀ ਅਤੇ ਪੱਟਾਂ ਨਾਲ ਖਹਿੰਦੀ ਸਲਵਾਰ ਕਤਲ ਕਰ ਰਹੀ ਸੀ ਉਨ੍ਹਾ ਨੂੰ। ਲੱਚਰ ਬੋਲੀਆਂ ਦਾ ਹੜ੍ਹ ਆ ਗਿਆ। ਇੱਕ ਤੋਂ ਦੂਜੀ ਚੜ੍ਹਦੀ ਬੋਲੀ ਪੈਣ ਲੱਗੀ।
ਚੰਦਰਾ ਮੁਲਖ਼। ਵੱਡਿਆਂ ਦੀ ਕੋਈ ਸ਼ਰਮ ਨੀ। ਸਹੁਰਾ, ਕਿੰਨ੍ਹਾ ਚੰਦਰਾ ਮੁਲਖ ਆ। ਸਹੁਰੀ ਲਾਟੂ ਆਂਗੂੰ ਘੱਗਰੀ ਘੁੰਮਦੀ ਆ। ਸਾਰੇ ਰਿਸ਼ਤੇ ਈ ਭੁੱਲਗੀ ਏ ਤਾਂ। ਗੁਰਮਖ ਸਿੰਘ ਦਾ ਸਾਲਾ ਸੁਰਜਣ ਸਿੰਘ ਬੋਲਿਆ। ਭੀੜ-ਭਟੱਕੇ ਵਿੱਚ ਥਾ ਨੀ ਮਿਲਣੀ, ਤੂੰ ਮੇਰੇ ਕੋਲ ਈ ਪੈਜਾ ਗੁਰਮਖ ਸਿੰਘ ਦੇ ਕਹਿਣ ਤੇ ਉਹ ਉੱਥੇ ਈ ਮੰਜੀ ਡਾਹੀ ਪਿਆ ਸੀ।
ਘੱਗਰੀ ਸ਼ਬਦ ਸੁਣ ਕੇ ਗੁਰਮੁਖ ਸਿੰਘ ਅਤੀਤ ਵਿੱਚ ਗੁੰਮ ਗਿਆ।
ਹਰ ਸਾਲ ਵਾਂਗ ਇਸ ਸਾਲ ਵੀ ਗੱਡੀਆ ਵਾਲਿਆਂ ਦੇ ਇੱਕ ਕਾਫਲੇ ਨੇ, ਪਿੰਡ ਦੇ ਚੜ੍ਹਦੇ ਵੱਲ ਵੱਡੇ ਛੱਪੜ ਦੇ ਕਿਨਾਰੇ, ਆਪਣਾ ਡੇਰਾ ਲਾ ਲਿਆ ਸੀ।
ਗੱਡੀਆਂ ਵਾਲੇ ਬੰਦੇ ਲੁਹਾਰਾ ਕੰਮ ਕਰਦੇ ਹਨ। ਟਕੂਏ, ਗੰਡਾਸੇ ਤੇ ਹੋਰ ਛੋਟੇ-ਮੋਟੇ ਸੰਦ ਬਣਾਉਂਦੇ। ਜਾਂ ਫਿਰ ਪਸ਼ੂਆ ਦਾ ਵਪਾਰ। ਵੱਡੀ ਉਮਰ ਦਾ ਬਲਦ ਖਰੀਦ ਲਿਆ। ਉਸ ਬਦਲੇ ਕੋਈ ਵਹਿੜਕਾ ਵਟਾ ਲਿਆ। ਔਰਤਾਂ ਟੀਨ ਦੇ ਗੇਲਣ, ਪੁਰਾਣੀਆਂ ਜੰਗਾਲੀਆਂ ਬਾਲਟੀਆਂ ਅਤੇ ਹੋਰ ਟੁੱਟਿਆ-ਫੁੱਟਿਆ ਲੋਹਾ ਲੈ ਕੇ ਬੱਠਲ, ਬਾਲਟੀਆਂ, ਟੀਨ ਦੇ ਗੇਲਣ ਝਾਰਨੀਆ, ਖੁਰਚਣੀਆਂ ਅਤੇ ਕਿੰਨ੍ਹਾ ਕੋਝ ਹੋਰ ਬਣਾ ਦਿੰਦੀਆਂ।
ਗੱਡੀਆਂ ਵਾਲੀ ਮੇਲੋ। ਨੌਜਵਾਨ ਨੱਢੀ। ਸੁਹਣੀ-ਸੁਨੱਖੀ। ਪਿਘਲੀ ਲੁੱਕ ਵਰਗਾ ਰੰਗ। ਗੋਲ-ਗੋਲ ਅੱਖਾਂ ਵਿੱਚ ਖ਼ੁਮਾਰੀ ਜਿਵੇਂ ਅਧੀਆ ਸ਼ਰਾਬ ਦਾ ਪੀਤਾ ਹੋਵੇ। ਉਹ ਗੁਰਮਖ ਸਿੰਘ ਦੀ ਪਤਨੀ ਦਾਨ ਕੌਰ ਤੋਂ ਟੁੱਟੇ, ਬਾਲਟੀਆਂ, ਬੱਠਲ ਲੈ ਗਈ ਤੇ ਉਸ ਦਿਨ ਸ਼ਾਮ ਨੂੰ ਵਧੀਆ ਬਾਲਟੀ, ਬੱਠਲ ਤੇ ਹੋਰ ਲੋਹੇ ਦੇ ਖੁਰਚਣਾ ਤੇ ਦੁੱਧ ਧਰਨ ਵਾਲੀ ਕਾੜ੍ਹਨੀ ਲਈ ਖੁਰਚਣੀ ਬਣਾ ਲਿਆਈ। ਮੰਗਦੀ ਤਾ ਉਹ ਦਸ ਰੁਪਈਏ ਸੀ। ਵੱਧ-ਘੱਟ ਤਾ ਕਰਨਾ ਈ ਹੋਇਆ। ਛੇ ਰੁਪਏ ਨਕਦ ਤੇ ਦੋ ਰੁਪਏ ਦੀ ਇੱਕ ਤੂੜੀ ਦੀ ਪੰਡ ਵਿੱਚ ਗੱਲ ਮੁੱਕ ਗਈ। ਉਹ ਤੂੜੀ ਵਾਲੀ ਸਬਾਤ ਚ ਜਦ ਪੱਲੀ ਵਿੱਚ ਤੂੜੀ ਪਾਉਣ ਲਈ ਝੁਕੀ ਤਾਂ ਗੁਰਮਖ ਸਿੰਘ, ਮੈਨੂੰ ਤਿੰਨਾਂ ਦੀ--? - ਮੰਗਦਾ ਉਸਦੀ ਪਿੰਜਣੀਆਂ ਤੱਕ ਆਉਂਦੀ ਖੁੱਲ੍ਹੀ ਘੱਗਰੀ ਵਿੱਚ ਦੀ ਝਾਕਣ ਲਈ ਨੇੜੇ ਹੋਣ ਈ ਲੱਗਿਆ ਸੀ। ਉਹ ਤ੍ਰਭਕ ਕੇ ਛਾਲ ਮਾਰ ਗਈ। ਲੱਤ ਘੁਮਾ ਕੇ ਇਂਨੇ ਜ਼ੋਰ ਨਾਲ ਮਾਰੀ ਉਹ ਪੀੜ ਨਾਲ ਕਰਲਾਉਂਦਾ ਵੱਖੀ ਫੜ੍ਹ ਕੇ ਬਹਿ ਗਿਆ। ਉਹ ਅੱਖਾਂ ਜਿਨ੍ਹਾਂ ਵਿੱਚ ਦੋ ਪਲ ਪਹਿਲਾਂ ਖ਼ੁਮਾਰੀ ਸੀ, ਹੁਣ ਉਨ੍ਹਾ ਵਿੱਚ ਮਚਦੀ ਲਾਟ ਵੱਲ ਉਹ ਝਾਕ ਨਾ ਸਕਿਆ।
ਕਿਤੇ ਕਿਤੇ ਗੁਰਮੁਖ ਸਿੰਘ ਟੇਢੀ ਅੱਖ ਨਾਲ ਵਿਹੜੇ ਵਿਚਲੀ ਰੌਣਕ ਵੱਲ ਵੇਖਦਾ ਹੈ। ਉਸਦੀ ਨਜ਼ਰ ਉਸ ਕੁੜੀ ਦੀਆਂ ਚੋਪੜੀਆਂ ਲੱਤਾਂ ਤੇ ਜਾ ਟਿਕਦੀ ਹੈ ਉਸਦੇ ਮਨ ਵਿੱਚ ਬਹੁਤ ਟੁੱਟ ਭੱਜ ਹੁੰਦੀ ਹੈ। ਉਹ ਉਸ ਪਾਸਿੳਂੁ ਨਿਗ੍ਹਾ ਫੇਰ ਕੇ, ਮੂੰਹ ਸਿਰ ਲਪੇਟ ਕੇ ਪੈ ਜਾਂਦਾ ਹੈ। ਉਸਦੇ ਮੂੰਹ ਚੋਂ ਆਪ ਮੁਹਾਰੇ ਵਾਹਿਗੁਰੂ ਨਿੱਕਲ ਜਾਂਦਾ ਹੈ।
ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਹ ਆਪਣੇ ਬੁਲਾਂ ਵਿੱਚ ਅਲਾਪਦਾ ਹੈ।
ਮੰਜੇ ਤੇ ਪਏ ਨੂੰ ਉਸਨੂੰ ਦਰਜੀਆ ਦੀ ਸੀਬੋ ਯਾਦ ਆ ਜਾਂਦੀ ਹੈ। ਅੱਗ ਦੀ ਨਾਲ ਸੀਬੋ। ਉਹ ਕਿਵੇਂ ਪੈਂਦੀ ਸੀ ਉਸਦੇ ਗਲ। ਉਹ ਫੋਕੀ ਆਕੜ ਕਾਰਨ ਪਿੱਛੇ ਹਟਦਾ ਰਿਹਾ ਸੀ।
ਹੁਣ ਕੀ ਫਾਇਦਾ ਪਛਤਾਉਣ ਦਾ, ਗੁਰਮੁਖਾ! ਅਚੇਤ ਹੀ ਇਹ ਸ਼ਬਦ ਉਸਦੇ ਮੂੰਹ ਵਿੱਚੋ ਬਾਹਰ ਆ ਜਾਂਦੇ ਹਨ।
ਕਾਹਦਾ ਪਛਤਾਵਾ ਹੋ ਗਿਆ, ਗੁਰਮੁਖ ਸਿੰਆਂ ਲਗਦਾ ਇੱਨ੍ਹਾ ਨੇ ਸੋਣ ਨੀ ਦੇਣਾ। ਮੰਜੇ ਉੱਪਰ ਚਬਾਰੇ ਚ ਲੈ ਚੱਲੀਏ। ਸੁਰਜਣ ਸਿੰਘ ਨੇ ਕਿਹਾ।
ਪਿਆ ਰਹਿ ਮੂੰਹ ਸਿਰ ਵਲੇਟ ਕੇ। ਕੰਨਾ ਵਿੱਚ ਰੂੰ ਦੇ ਫੰਬੇ ਦੇ ਕੇ।
ਅੱਖਾਂ ਦਾ ਕੀ ਕਰੇਂਗਾ, ਗੁਰਮਖਾ। ਗੁਰਮਖ ਆਪਣੇ ਮਨ ਨੂੰ ਸੰਬੋਧਨ ਹੁੰਦਾ ਹੈ।
ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ--- ਉਹ ਵਜ਼ਦ ਵਿੱਚ ਆਕੇ ਗੁਣਗਣਾਆਂਦਾ ਹੈ।
ਅੱਜ ਹੁਕਮਨਾਮਾ ਆਇਆ ਸੀ ਇਹ ਗੁਰਮੁਖ ਸਿੰਆ। ਇਹ ਕਹਿਕੇ ਸੁਰਜਣ ਸਿੰਘ ਹੱਸ ਪੈਂਦਾ ਹੈ।
ਅਗਲੇ ਦਿਨ ਮੈਰਜ ਪਲੇਸ ਵਿੱਚ ਜੰਞ ਕੀ ਮੁੰਡੇ ਕੁੜੀ ਦੋਵਾਂ ਪਾਸਿਆ ਦਾ ਸਾਰਾ ਮੇਲ ਈ ਇੱਕਠਾ ਹੋ ਗਿਆ। ਦੋਵੇਂ ਪਾਸਿਆ ਦੇ ਰਿਸ਼ਤੇਦਾਰ, ਦੋਸਤ ਮਿੱਤਰ। ਸ਼ਰੀਕਾ-ਕਬੀਲਾ। ਚਾਲੀ ਦੇ ਲਗਭਗ ਕਿਰਾਏ ਤੇ ਗੱਡੀਆਂ। ਹੋਰ ਦਸ ਪੰਦਰਾਂ ਘਰ ਦੀਆਂ ਕਾਰਾਂ। ਲਿਮੋਜ਼ੀਨ ਵਿੱਚ ਸਵਾਰ ਲਾੜਾ। ਚਾਰ ਸੌ ਦਾ ਇਕੱਠ ਮੁੰਡੇ ਵਾਲੇ ਪਾਸੇ ਤੋਂ। ਇੰਨ੍ਹੇ ਹੀ ਕੁੜੀ ਵਾਲੇ ਪਾਸੇ ਤੌਂ। ਬਾਕੀ ਕਾਰਾਂ ਦੇ ਡਰਾਈਵਰ ਤੇ ਬਹਿਰੇ ਭਈਏ। ਸਟੇਜ ਤੇ ਡੀ.ਜੇ ਵਾਲੇ। ਦੋਵਾਂ ਪਾਸਿਆਂ ਦੇ ਮੂਵੀ ਬਣਾਉਣ ਵਾਲੇ ਫੋਟੋਗਰਾਫਰ। ਕੁੱਲ ਇਕੱਠ ਲਗਭਗ ਇੱਕ ਹਜਾਰ ਦਾ ਸੀ।
ਮੈਰਜ ਪਲੇਸ ਦੇ ਗੇਟ ਤੇ ਮਿਲਣੀ ਹੋਈ। ਅੱਜ ਦੇ ਬਣੇ ਰਿਸ਼ਤੇ ਪੀੜੀਆ ਤੱਕ ਬਣੇ ਰਹਿਣ। ਜੋੜੀ ਯੁੱਗ ਯੁੱਗ ਜੀਵੇ। ਭਾਈ ਜੀ ਦੀ ਅਰਦਾਸ ਤੋਂ ਪਿੱਛੋਂ ਕੰਬਲਾਂ ਨਾਲ ਮਿਲਣੀ ਦੀ ਰਸਮ ਹੋਈ।
ਹਾਲ ਦੇ ਪਰਵੇਸ ਗੇਟ ਤੇ ਕੁੜੀਆਂ ਤੇ ਮੁੰਡਿਆਂ ਦੀੇ ਚੁਹਲ-ਮੁਹਲ ਨੇ ਸਮੇ ਵਿੱਚ ਰੰਗੀਨੀ ਭਰੀ। ਨਾਕਾ ਲਾਈ ਕੁੜੀਆਂ ਦੀ ਫੀਸ ਭੇਟ ਕਰਕੇ ਰਿਬਨ ਕੱਟ ਕੇ ਸਾਰੇ ਅੱਗੇ ਵਧੇ।
ਚਾਹ, ਕਾਫੀ, ਜੂਸ, ਲੱਸੀ, ਮੱਛੀ, ਕਿੰਨੈਂ ਕਿਸਮ ਦੀ ਮਠਿਆਈ। ਛੱਤੀ ਕਿਸਮ ਦੇ ਪਕਵਾਨ। ਪੈਸਾ ਪਾਣੀ ਵਾਂਗੂੰ ਲੁਟਾਇਆ ਜਾ ਰਿਹਾ ਸੀ। ਬਹਿਰੇ ਕੁਰਸੀਆਂ ਤੇ ਬੈਠੇ ਮਹਿਮਾਨਾਂ ਲਈ ਵਿਸਕੀ ਦੇ ਪੈਗ ਚੁੱਕੀ ਘੁੰਮ ਰਹੇ ਸਨ।
ਇੱਕ ਪਾਸੇ ਚੁੱਪ ਬੈਠੇ ਅਕਾਲੀ ਗੁਰਮਖ ਸਿੰਘ ਕੋਲ ਕਾਮਰੇਡ ਲਾਲ ਸਿੰਘ ਆ ਕੇ ਬੋਲਿਆ, ਤਾਇਆ ਜੀ, ਆਹ ਵੇਖਲਾ ਸਾਰੇ ਪਾਸੇ ਇੱਕੋ ਈ ਘੋੜੇ ਆਲਾ ਫਿਰ ਗਿਆ। ਸਾਰਾ ਮੁਲਕ ਈ ਉੱਠ ਕੇ ਆ ਗਿਆ। ਸਾਰਾ ਕੁੜੀ ਵਾਲਿਆਂ ਤੇ ਭਾਰ। ਸਰਮਾਏਦਾਰੀ ਆਪਣੇ ਰੰਗ ਵਿਖਾਉਣ ਲੱਗ ਪਈ। ਅੱਗੇ ਆਪਣੇ ਈ ਚਾਰ ਘਰ ਬਚੇ ਸੀ ਹੁਣ ਤਾਂ ਇਹ ਵੀ-
ਸਰੀਕ ਤਾਂ ਮਿੱਟੀ ਦਾ ਵੀ ਮਾਨ ਨੀਂ ਹੁੰਦਾ। ਕਾਮਰੇਡ ਉਸਦੀ ਤਨਜ਼ ਸੁਣ ਕੇ ਮੱਚ ਗਿਆ
ਸ਼ੇਰਾ ਮੁੰਡੇ ਕਮਾਉਂਦੇ ਆ। ਖਰਚ ਕਰਦੇ ਆ। ਫਿਰ ਜਿਹੋ ਜੇ ਰਿਸ਼ਤੇਦਾਰ ਨਾਲ ਹੱਥ ਜੁੜਦਾ ਉਸ ਹਿਸਾਬ ਨਾਲ ਖਰਚ ਕਰਨਾ ਈ ਪੈਂਦਾ। ਗੁਰਮੁਖ ਸਿੰਘ ਨੇ ਕਿਹਾ।
ਹਾਂ, ਇਹ ਤਾਂ ਹੈ। ਕਾਮਰੇਡ ਨੇ ਅਣਚਾਹੁੰਦੇ ਵੀ ਹੁੰਗਾਰਾ ਭਰਿਆ।
ਅਨੰਦ ਕਾਰਜ ਦੀ ਰਸਮ ਮੈਰਜ ਪਲੇਸ ਤੋਂ ਦੂਰ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਹੋਈ। ਮੁਸ਼ਕਲ ਨਾਲ ਦੋਵਾਂ ਪਾਸਿਆ ਦੇ ਤੀਹ ਬੰਦੇ ਗਏ। ਗੁਰਮਖ ਸਿੰਘ, ਨੰਦ ਕੌਰ (ਰੁਲਦੂ ਦੇ ਮਾ, ਪਿਉ), ਹਰਨੇਕ ਸਿੰਘ ਤੇ ਗੁਰਦੇਵ ਕੌਰ (ਲਾੜੀ ਲਵਲੀਨ ਦੇ ਮੰਮੀ, ਡੈਡੀ), ਸੁਰਜਣ ਸਿੰਘ, ਤੇਜਵੀਰ ਅਤੇ ਹੋਰ ਦਸ ਪੰਦਰਾਂ ਨੇੜੇ ਦੇ ਰਿਸ਼ਤੇਦਾਰ। ਦੋਵਾਂ ਪਾਸਿਆ ਦੇ ਨੰਬਰਦਾਰ। ਗੁਰਮਖ ਸਿੰਘ ਦੇ ਪੋਲਾ ਜਿਹਾ ਕਹਿਣ ਤੇ ਕਾਮਰੇਡ ਵੀ ਨਾਲ ਆ ਗਿਆ ਸੀ।
ਗੁਰੁ ਘਰ ਦੇ ਵਜੀਰ ਗਿਆਨੀ ਸੁੱਚਾ ਸਿੰਘ ਨੇ ਵਿਚੋਲਣ ਕੁੜੀ ਤੇ ਗੁਰਮਖ ਸਿਘ ਨੂੰ ਇੱਕ ਪਾਸੇ ਲਿਜਾਕੇ ਅਨੰਦ ਪੜ੍ਹਉਣ ਅਤੇ ਕੀਰਤਨ ਦੀ ਭੇਟਾ ਮੰਗੀ। ਗੁਰਮਖ ਸਿੰਘ ਨੇ ਇੱਕ ਸੌ ਦਾ ਨੋਟ ਕੱਢਿਆ।
ਗੁਰਮਖੋ! ਕਿਹੜੇ ਵੇਲੇ ਦੀਆ ਗੱਲਾਂ ਕਰਦੇ ਉਂ। ਅੰਬੈਸੀ ਵਾਲਇਾਂ ਦੀ ਨਿਗ੍ਹਾ ਬਹੁਤ ਤੇਜ ਹੁੰਦੀ ਆ। ਦੁੱਧੋਂ ਪਾਣੀ ਛਾਣ ਦਿੰਦੇ ਨੇ। ਫਿਰ ਅਸੀਂ ਰੱਬ ਅੱਗੇ ਜਾਨ ਵੀ ਦੇਣੀ ਆ। ਸੁੱਚਾ ਸਿੰਘ ਨੇ ਨਾਂਹ ਵਿੱਚ ਸਿਰ ਹਲਾਇਆ।
ਸੁੱਚਾ ਸਿੰਘ ਨੇ ਤਿੰਨ ਵਾਰ ਵਿਚਕਾਰਲੀ ਉਂਗਲ ਖੜ੍ਹੀ ਕੀਤੀ। ਤੇਜਵੀਰ ਦੇ ਕਹਿਣ ਤੇ ਗੁਰਮਖ ਸਿੰਘ ਨੇ ਕੰਬਦੇ ਹੱਥਾਂ ਨਾਲ ਹਜਾਰ ਦੇ ਤਿੰਨ ਤੇ ਇੱਕ ਸੌ ਦਾ ਨੋਟ ਕੱਢਕੇ ਸੁੱਚਾ ਸਿੰਘ ਨੂੰ ਦੇ ਦਿੱਤੇ।
ਬਾਬਾ ਜੀ, ਤੁਹਾਨੂੰ ਮੂੰਹ ਮੰਗੀ ਮਨੀ ਮਿਲ ਗਈ ਆ। ਹੁਣ ਕੋਈ ਨੁਕਸ ਨਾ ਰਹੇ। ਤੇਜਵੀਰ ਬੋਲੀ।
ਮੈਂ ਜਾਣਾ ਮੇਰਾ ਕੰਮ। ਤੁਸੀਂ ਫਿਕਰ ਨਾ ਕਰਿਉ। ਸਾਡਾ ਕਿਹੜਾ ਇਹ ਅੱਜ ਦਾ ਕੰਮ ਐ। ਸੁੱਚਾ ਸਿੰਘ ਖੁਸ਼ ਹੁੰਦਾ ਮਹਾਰਾਜ ਦੀ ਹਜ਼ੂਰੀ ਜਾ ਬੈਠਾ।
ਆਹ ਭਾਈ ਜੀ ਤਾ ਇੱਥੇ ਈ ਪਟਵਾਰ ਖਾਨਾ ਖੋਲ੍ਹੀ ਬੈਠਾ ਹੈ। ਦਾਲ ੱਚ ਕੁੱਝ ਕਾਲਾ। ਇੱਥੇ ਤੇਰੀ ਪੱਤਰੀ ਕੁੱਝ ਨੀ ਦਸਦੀ, ਲਾਲ ਸਿੰਆਂ। ਚਲੋ ਲਾਗੀ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ। ਕਾਮਰੇਡ ਆਪਣੇ ਆਪ ਵਿੱਚ ਹੱਸਿਆ।
ਭਾਈ ਜੀ ਨੇ ਵਾਕ ਲੈਣ ਤੋਂ ਪਿੱਛੋਂ ਛੋਟੀ ਅਰਦਾਸ ਕੀਤੀ ਜਿਸ ਵਿੱਚ ਰੁਲਦੂ, ਲਵਲੀਨ ਅਤੇ ਦੋਵਾਂ ਦੇ ਮਾਪੇ ਖੜ੍ਹੇ ਹੋਏ। ਭਾਈ ਜੀ ਲਾਂਵ ਦਾ ਪਾਠ ਪੜ੍ਹਦਾ। ਫਿਰ ਉਸੇ ਲਾਵ ਦਾ ਜਥਾ ਕੀਰਤਨ ਪੜ੍ਹਦਾ। ਰੁਲਦੂ ਦਾ ਪੱਲਾ ਫੜ੍ਹੀ ਲਵਲੀਨ ਖੱਬੇ ਤੋਂ ਸੱਜੇ ਗੁਰੁ ਗ੍ਰੰਥ ਸਾਹਿਬ ਦੀ ਪਰਕਰਮਾ ਕਰਦੇ ਆ ਬੈਠਦੇ। ਇਸੇ ਤਰ੍ਹਾਂ ਚਾਰ ਲਾਵਾ ਪਰਕਰਮਾ ਕਰਦੇ ਹੋਈਆਂ। ਵਿਆਹ ਹੋਇਆ ਮੇਰੇ ਬਾਬਲਾ ਰਾਗੀ ਜਥੇ ਦੇ ਸ਼ਬਦ ਪੜ੍ਹਨ ਉਪਰੰਤ ਭਾਈ ਜੀ ਨੇ ਅਰਦਾਸ ਕੀਤੀ। ਦੋਵਾਂ ਪਾਸਿਆ ਦੇ ਮਾਂ-ਪਿਉ ਨੇ ਹੀ ਸ਼ਗਨ ਪਾਏ। ਬਾਕੀ ਸਭ ਨੂੰ ਕਿਹਾ ਕਿ ਉਹ ਮੈਰਜ ਪਲੇਸ ਵਿੱਚ ਸ਼ਗਨ ਪਾ ਦੇਣ।
ਤੇਜਵੀਰ ਨੇ ਸ਼ਾਇਦ ਗਿਆਨੀ ਨੂੰ ਕੁੱਝ ਕਿਹਾ। ਗਿਆਨੀ ਸੁੱਚਾ ਸਿੰਘ ਨੇ ਲਾਵਾ ਵਾਲਾ ਅੰਕ (ਪੰਨਾਂ 778) ਦੁਬਾਰਾ ਖੋਲ੍ਹਿਆ। ਮੂਵੀ ਵਾਲੇ ਨੇ ਇਸ ਪੰਨੇ ਦੀ ਫੋਟੋ ਲਈ। ਹੋਰ ਵੀ ਕਈ ਫੋਟੋਆ ਲਈਆਂ।
ਲੜ ਬਖ਼ਤਾਵਰਾਂ ਦੇ ਲਾਤੀ, ਅੱਗੇ ਤੇਰੇ ਭਾਗ ਬੱਚੀਏ। ਕਾਮਰੇਡ ਇਹ ਕਹਿੰਦਾ ਖਚਰੀ ਹਾਸੀ ਹੱਸਿਆ।
ਕਿਸੇ ਕਿਸਮ ਦਾ ਫਿਕਰ ਨਾ ਕਰਿਉ। ਊਂ ਜੇ ਕੱਲ ਤੁਸੀਂ ਆਕੇ ਰੀਹਰਸਲ ਕਰ ਜਾਂਦੇ ਤਾਂ ਇਸ ਤੋਂ ਵੀ ਚੰਗਾ ਹੋਣਾ ਸੀ। ਭੇਟਾ ਦਾ ਵੀ ਬਹੁਤਾ ਫਰਕ ਨੀ ਸੀ ਪੈਣਾ। ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਪਿੱਛੋਂ ਗਿਆਨੀ ਸੁੱਚਾ ਸਿੰਘ ਨੇ ਵਧਾਈ ਦਿੱਤੀ।
ਕਿਸੇ ਦੇ ਮੂੰਹ ਤੇ ਕੋਈ ਮਲਾਲ ਨੀ। ਨਾਹੀਂ ਕੁੜੀ ਦੇ ਚਿਹਰੇ ਤੇ ਇਸ ਨਜ਼ਰ ਵੱਟੂ ਜੇ ਨਾਲ ਵਿਆਹ ਕਰਾਉਣ ਦੀ ਕੋਈ ਉਦਾਸੀ। ਲਾਲ ਪੱਤਰੀ ਕੁੱਝ ਨਹੀਂ ਬੋਲਦੀ, ਲਾਲ ਸਿੰਆਂ। ਲਾਲ ਸਿੰਘ ਦੀ ਲਾਲ ਪੱਤਰੀ ਨੇ ਉਸਦੇ ਪੱਲੇ ਕੁੱਝ ਨਾ ਪਾਇਆ।
ਮੁੰਡਾ ਕੁੜੀ ਹੱਥਾਂ ਵਿੱਚ ਹੱਥ ਪਾਈ ਹਾਲ ਵਿੱਚ ਦਾਖਲ ਹੋਏ। ਲੋਕਾਂ ਨੇ ਤਾੜੀਆਂ ਨਾਲ ਸੁਆਗਤ ਕੀਤਾ। ਹਾਲ ਵਿੱਚ ਡੀ.ਜੇ ਦਾ ਕੰਨ-ਪਾੜਵਾ ਸ਼ੋਰ। ਕੁਝ ਵੀ ਸੁਣਾਈ ਨਹੀਂ ਸੀ ਦਿੰਦਾ।
ਪਾਰਟੀ ਚਲਦੀ ਰਹੀ ਨਾਲ ਦੀ ਨਾਲ ਸ਼ਗਨ ਪੈਂਦਾ ਰਿਹਾ। ਮੂਵੀ ਬਣਦੀ ਰਹੀ। ਫੋਟੋਗਰਾਫਰਾਂ ਦੇ ਕੈਮਰੇ ਕਲਿੱਕ ਕਰਦੇ ਰਹੇ।
ਰੁਲਦੂ ਤੇ ਲਵਲੀਨ ਲਿਮੋਜ਼ੀਨ ਵਿੱਚ ਸਵਾਰ ਹੋ ਕੇ ਘਰ ਆਏ। ਦਾਨ ਕੌਰ ਨੇ ਪਾਣੀ ਵਾਰਿਆ। ਚਾਅ ਨਾਲ ਸਾਰੇ ਸ਼ਗਨ ਮਨਾਏ। ਪਰੀਆਂ ਵਰਗੀ ਨੂੰਹ ਆਉਣ ਤੇ ਲੋਕਾਂ ਨੇ ਵਧਾਈਆਂ ਦਿੱਤੀਆਂ।
ਅਗਲੇ ਦਿਨ ਉਹ ਸੁਹਾਗ ਰਾਤ ਮਨਾਉਣ ਲਈ ਬਾਹਰ ਗਏ। ਪਰ ਉਨ੍ਹਾ ਦੇ ਨਾਲ ਗਏ ਸਨ ਤੇਜਵੀਰ ਤੇ ਉਸਦੀ ਭੈਣ। ਉਹ ਦਿੱਲੀ, ਆਗਰਾ, ਚੰਡੀਗੜ੍ਹ ਅਤੇ ਅੰਮ੍ਰਿਤਸਰ ਗਏ। ਤਾਜ ਮਹਿਲ, ਲਾਲ ਕਿਲਾ, ਕੁਤਬ ਮੀਨਾਰ, ਸ਼੍ਰੀ ਹਰਮੰਦਰ ਸਾਹਿਬ ਸਭ ਥਾਵਾਂ ਤੇ ਫੋਟੋਆਂ ਖਿੱਚੀਆਂ। ਸੱਤ ਦਿਨ ਘੁੰਮ ਕੇ ਵਾਪਸ ਆਏ। ਬਾਕੀ ਸਾਰੇ ਪਿੱਛੇ ਉੱਤਰ ਗਏ। ਪਿੰਡ ਵਾਪਸ ਇਕੱਲਾ ਰੁਲਦੂ ਹੀ ਆਇਆ।
ਸਾਰਾ ਮੇਲਾ ਵਿੱਝੜ ਗਿਆ। ਅਕਾਲੀ ਗੁਰਮਖ ਸਿੰਘ ਦੇ ਘਰ ਵਿੱਚੋਂ ਸ਼ਰਾਬ ਦੀ ਹਵਾੜ ਆਉਣੋਂ ਹਟ ਗਈ।
ਦਸ ਦਿਨ ਬਾਅਦ ਸਕਾਰਪਿਉ ਕਿਧਰੇ ਖੜ੍ਹੀ ਨਾ ਦਿਸੀ। ਗੁਰਮਖ ਸਿੰਘ ਦੇ ਹੱਥ ਦੀ ਛਾਪ ਤੇ ਨੰਦ ਕੌਰ ਦੇ ਗਲ ਦਾ ਭਾਰਾ ਹਾਰ ਕਿਧਰੇ ਵਿਖਾਈ ਨਾ ਦਿੱਤਾ। ਨਾ ਹੀ ਰੁਲਦੂ ਦੇ ਹੱਥ ਵਿੱਚ ਜੋੜੀ ਤੇ ਗਲ ਦੀ ਚੇਨੀ।
ਦਸ ਦਿਨ ਬਾਅਦ ਈ ਅਕਾਲੀ ਗੁਰਮੁਖ ਸਿੰਘ ਮੁਕੰਦੀ ਲਾਲ ਆੜਤੀਏ ਦੀ ਦੁਕਾਨ ਤੇ ਗਿਆ। ਉਸਨੇ ਕੁੱਝ ਰਕਮ ਹੋਰ ਹੁਧਾਰ ਮੰਗ ਲਈ।
ਇਸ ਕਰੁੱਤ ਵਿੱਚ ਪੈਸੇ ਕਿੱਥੇ ਕੱਢਾਂ। ਗੁਰਮਖ ਸਿੰਆ ਦਸ ਲੱਖ ਤਾਂ ਤੂੰ ਵਿਆਹ ਵੇਲੇ ਲੈ ਗਿਆ ਸੀ। ਉਦੋਂ ਤਾਂ ਔਖੇ-ਸੌਖੇ ਤੇਰਾ ਕੰਮ ਸਾਰਤਾ। ਜੇ ਨਹੀ ਸਰਦਾ ਤਾਂ ਸਰਾਫ਼ ਨੂੰ ਫੋਨ ਕਰ ਦਿੰਨਾ। ਦੋ ਮਹੀਨੇ ਤੱਕ ਹਿਸਾਬ ਕਰਜੀਂ।
ਗੁਰਮਖ ਸਿੰਘ ਸਰਾਫ਼ ਦੀ ਦੁਕਾਨ ਤੇ ਚਲਿਆ ਗਿਆ। ਉਸਨੇ ਸੋਨੇ ਦੀਆਂ ਅੱਠ ਛਾਪਾਂ, ਤੇ ਚੇਨੀਆ ਖਰੀਦੀਆਂ। ਉਸ ਨੇ ਗੁਰਮਖ ਸਿੰਘ ਨੂੰ ਵੀ ਬਿਲ ਦੇ ਦਿੱਤਾ ਤੇ ਨਾਲ ਹੀ ਮਕੰਦੀ ਲਾਲ ਨੂੰ ਵੀ ਫੋਨ ਤੇ ਦੱਸ ਦਿੱਤਾ।
ਆੜਤੀਆ ਦਾ ਸੁਭਾ ਹੁੰਦਾ ਹੈ ਕਿਸੇ ਨੂੰ ਦਿੱਤੇ ਕਰਜੇ ਦੀ ਭਾਫ ਵੀ ਨਹੀ ਕੱਢਣੀ। ਪਰ ਮਕੰਦੀ ਲਾਲ ਸੀ- ਸਾਮੀ ਉੱਠੀ ਨਹੀਂ ਉਸਦਾ ਚਿੱਠਾ ਫਰੋਲਿਆ ਨਹੀਂ।
ਸਾਲੀ ਆੜਤ! ਕਿੰਨਾ ਕੁੱਤਾ ਕੰਮ। ਵੇਖ ਲਾਲ ਸਿੰਆਂ, ਜੱਟ ਇਉਂ ਸਮਝਦੇ ਆ ਆੜਤੀਆਂ ਦੇ ਘਰ ਤਜੋਰੀਆਂ ਭਰੀਆ ਨੇ ਕੈਸ਼ ਦੀਆ। ਅਜੇ ਚਾਰ ਦਿਨ ਪਹਿਲਾਂ ਤਾਂ ਇਸ ਨੂੰ ਦੱਸ ਲੱਖ ਕੈਸ਼ ਦਿੱਤਾ। ਅਜੇ ਹੋਰ ਪੇਸੇ ਭਾਲਦਾ। ਕੀ ਕਰਦਾ? ਸਰਾਫ ਨੂੰ ਫੋਨ ਕੀਤਾ।
ਸੁਣ ਜੱਗੂ, ਸੁਣ ਫੱਗੂ, ਵਟਣਾ ਚੜ੍ਹੇ ਤੋਂ ਪਤਾ ਲੱਗੂ। ਕਿਸੇ ਸਿਰ ਚੜ੍ਹੇ ਕਰਜੇ ਤੇ ਉਸਦੀ ਆਉਣ ਵਾਲੀ ਆਰਥਿਕ ਮੰਦਹਾਲੀ ਵਾਰੇ ਕਾਮਰੇਡ ਇਹੋ ਸ਼ਬਦ ਵਰਤਦਾ।
ਵਿਆਹ ਤੋਂ ਬਾਅਦ ਲਵਲੀਨ ਨੇ ਪਿੰਡ ਗੇੜਾ ਈ ਨਾ ਮਾਰਿਆ। ਜੇ ਕੋਈ ਪੁੱਛਦਾ ਕਹਿ ਛਡਦੇ ਕਿ ਲਵਲੀਨ ਦੋ ਹਫਤੇ ਲਈ ਵਿਆਹ ਕਰਵਾਉਣ ਈ ਆਈ ਸੀ। ਐਨੀਂ ਈ ਛੁੱਟੀ ਮਿਲੀ ਸੀ ਉਸਨੂੰ।
ਇੱਕ ਮਹੀਨਾ, ਦੋ ਮਹੀਨੇ। ਚਾਰ ਮਹੀਨੇ ਬੀਤ ਗਏ। ਇੱਕ ਸਾਲ ਤੋ ਵੀ ਉੱਪਰ। ਨਾ ਕੁੜੀ ਵਾਪਸ ਆਈ। ਨਾ ਹੀ ਰੁਲਦੂ ਦੇ ਬਾਹਰ ਜਾਣ ਦੀ ਬੱਦਲਵਾਈ ਹੋਈ।
ਸਮੇ ਬੀਤਣ ਨਾਲ ਗੁਰਮੁਖ ਸਿੰਘ ਸਿਰ ਕਰਜਾ ਵਧਦਾ ਗਿਆ। ਉਸਦੀ ਸੁਹਰਤ ਦਾ ਬੈਂਗਣੀ ਰੰਗ ਫਿੱਕਾ ਪੈਂਦਾ ਗਿਆ।
ਸੁਰਜਣ ਸਿੰਘ ਮਹੀਨੇ ਦੋ ਮਹੀਨੇ ਬਾਅਦ ਗੇੜਾ ਮਾਰਦਾ। ਮੁੜ ਜਾਂਦਾ। ਫਿਰ ਛੇਤੀ ਵਾਪਸ ਆਉਣ ਨੂੰ ਕਹਿ ਜਾਂਦਾ।
ਇੱਕ ਸਾਲ ਬਾਅਦ ਜਦ ਸੁਰਜਣ ਸਿੰਘ ਆਇਆ ਗੁਰਮੁਖ ਸਿੰਘ ਸੂਤ ਦਾ ਪਿੰਨਾਂ ਉਧੇੜ ਰਿਹਾ ਸੀ।
ਗੁਰਮੁਖ ਸਿੰਆ, ਸਤਿ ਸ੍ਰੀ ਅਕਾਲ। ਆਹ ਕੀ ਉਧੇੜ-ਬੁਣ ਜੀ ਕਰ ਰਿਹੈਂ।
ਉਧੇੜ-ਬੁਣ ਈ ਰਹਿਗੀ ਹੁਣ ਤਾਂ। ਗੁਰਮਖ ਸਿੰਘ ਦੇ ਇਹ ਸ਼ਬਦ ਨਰਾਜ਼ਗੀ ਅਤੇ ਗੁੱਸੇ ਦੇ ਪ੍ਰਤੀਕ ਸਨ। ਉਹ ਪਹਿਲਾਂ ਵਾਂਗ ਉਸ ਨਾਲ ਗਰਮਜ਼ੋਸ਼ੀ ਨਾਲ ਨਾ ਮਿਲਿਆ। ਉੱਠ ਕੇ ਬਗਲਗੀਰ ਨਾ ਹੋਇਆ। ਬੱਸ ਪਾਸੇ ਨੂੰ ਮੂੰਹ ਕਰਕੇ ਬੈਠਾ ਰਿਹਾ।
ਗੱਲ ਬਿਲਕੁਲ ਸੱਚੀ ਸੀ ਉਧੇੜ-ਬੁਣ ਈ ਰਹਿਗੀ ਸੀ ਉਸਦੇ ਜੀਵਨ ਵਿੱਚ। ਜਿੰਨਾ ਕੱਤਿਆ ਉਹ ਗਿਆ। ਨਵਾਂ ਤੰਦ ਕੱਢਣ ਲਈ ਬੋਹਟੇ ਵਿੱਚ ਗਲੋਟੇ ਨਹੀਂ ਸਨ। ਚਰਖੇ ਦਾ ਤਕਲਾ ਵਿੰਗਾ ਸੀ। ਮਾਲ੍ਹ ਢਿੱਲੀ ਸੀ ਤੇ ਗੁੱਝ ਖੋਖਲੀ ਸੀ।
ਨੰਦ ਕੌਰ ਆਪਣੇ ਭਰਾ ਲਈ ਪਾਣੀ ਦਾ ਗਲਾਸ ਲਿਆਈ। ਗੈਸ ਦੇ ਚੁੱਲ੍ਹੇ ਉੱਤੇ ਚਾਹ ਧਰ ਆਈ।
ਚਾਹ ਪਾਣੀ ਪੀਣ ਪਿੱਛੋਂ ਸੁਰਜਣ ਸਿੰਘ ਅਸਲੀ ਗੱਲ ਵੱਲ ਆਇਆ।
ਵੇਖ ਗੁਰਮੁਖ ਸਿੰਆਂ। ਵਿਆਜ ਨੇ ਤਾਂ ਰਾਮ ਤੋਰੀ ਵਾਂਗੂੰ ਵਧੀ ਜਾਣਾ। ਮੈਂ ਤਾਂ ਆਪ ਤਿੰਨ ਚਾਰ ਜਾਣਿਆ ਤੋਂ ਪੈਸਾ ਵਿਆਜੂ ਫੜਕੇ ਤੇਰਾ ਡੰਗ ਸਾਰਿਆ ਸੀ। ਹੁਣ ਪੰਦਰਾ ਲੱਖ ਤੇ ਦੋ ਰੁਪਈਏ ਦਾ ਵਿਆਜ ਲੱਗ ਕੇ ਉੱਨੀ ਲੱਖ ਤੋਂ ਉੱਪਰ ਹੋ ਗਿਆ। ਹਾਲਾ ਤੇ ਪਾਲਾ ਕੋਲ਼ ਦੀ ਨੀ ਲੰਘਦੇ। ਉਸ ਦਿਨ ਤਾਂ ਤੁੰ ਕਹਿੰਦਾ ਸੀ ਬਈ ਇਹ ਤੇਜਵੀਰ ਦੀ ਮੱਦਦ ਈ ਸਮਝ। ਆਪੇ ਰੁਲਦੂ ਮੋੜ ਦੂ ਉੱਥੇ ਕਮਾ ਕੇ। ਉਦੋ ਤਾਂ ਤੇਜੋ ਕਹਿੰਦੀ ਸੀ, ਫੁੱਫੜ ਜੀ ਇਹ ਮੇਰੀ ਮੱਦਦ ਈ ਸਮਝੋ। ਬਾਕੀ ਵੀਹ ਲੱਖ ਤੁਸੀਂ ਤਿਆਰ ਕਰ ਲਵੋ ਵਧੀਆ ਰੋਟੀ ਖਾਂਦੇ ਸੀ। ਆਪਦੇ ਘਰ ਰਾਜੇ ਸੀ। ਉਸ ਦੇ ਬੋਲਾਂ ਵਿੱਚ ਰੰਜਸ ਸੀ।
ਕੁੜੀ ਨੇ ਤੇਰਾ ਕੋਈ ਮਾੜਾ ਨ੍ਹੀ ਕੀਤਾ। ਭਲਾ ਈ ਸੋਚਿਆ। ਨਾਲੇ ਉਦੇ ਕਿਹੜਾ ਵੱਸ ਐ। ਉਨ੍ਹੇ ਵੀ ਸਹੁਰੇ ਘਰ ਵਸਣਾ। ਇਹ ਤਾਂ ਮੈਂ ਈ ਬਿਆਜੂ ਫੜੇ ਸੀ ਤਿੰਨ ਜਾਣਿਆ ਤੋਂ। ਕੁੜੀ ਨੂੰ ਕਾਹਦਾ ਦੋਸ਼ ਦੇਈ ਜਾਨਾਂ। ਉਹ ਕਹਿੰਦੇ ਅਸੀਂ ਮੂਹਰੇ ਜਮੀਨ ਦੀ ਰਜਿਸਟਰੀ ਕਰਾਉਣੀ ਆ। ਅਸੀਂ ਤਾਂ ਤੈਨੂੰ ਦਿੱਤੇ ਸੀ। ਤੂੰ ਭਾਵੇਂ ਕਾਲੇ ਚੋਰ ਤੋਂ ਲਿਆ।
ਕਹਿੰਦਾ, ਕੁੜੀ ਨੇ ਮਾੜਾ ਨੀ ਕੀਤਾ। ਕਰੂੰਗਾ ਕੋਈ ਬੰਨ ਸੁੱਬ ਤਾਂ। ਹਾੜੀ ਆਏ ਤੋਂ। ਗੁਰਮਖ ਸਿੰਘ ਕਹਿ ਤਾਂ ਹੋਰ ਵੀ ਬਹੁਤ ਕੁੱਝ ਕਹਿ ਸਕਦਾ ਸੀ ਪਰ ਅਜੇ ਰੁਲਦੂ ਗਿਆ ਨਹਂੀਂ ਸੀ। ਉਹ ਗੁੱਸੇ ਵਿੱਚ ਉੱਠ ਕੇ ਘਰੋਂ ਚਲਿਆ ਗਿਆ।
ਕੋਈ ਨਾ ਵੀਰ। ਹਾੜੀ ਤੇ ਤੇਰਾ ਇੱਕ ਇੱਕ ਪੈਸਾ ਮੋੜ ਦਿਆਂਗੇ। ਭਜਦੇ ਤਾਂ ਨੀ ਘਰੋਂ। ਚਾਹੇ ਕੋਈ ਖੂਹ ਪੁੱਟੀਏ। ਗੁਸੇ ਵਿੱਚ ਤੇਜ ਕੌਰ ਨੇ ਉਸਨੂੰ ਦੁਪਹਿਰ ਦਾ ਖਾਣਾ ਖਾ ਕੇ ਜਾਣ ਲਈ ਵੀ ਨਾ ਕਿਹਾ।
ਉਹ ਕੋਈ ਸਖਤ ਗੱਲ ਵੀ ਕਹਿਣ ਤੋਂ ਝਿਜਕਦੀ ਸੀ ਕਿ ਅਜੇ ਰੁਲਦੂ ਵੀ ਕਨੇਡਾ ਨਹੀਂ ਸੀ ਗਿਆ। ਕਨੇਡਾ ਜਾਣ ਤੋਂ ਪਿੱਛੋਂ ਵੀ ਉਨ੍ਹਾ ਨੇ ਹੀ ਸਾਂਭਣਾ ਹੈ।
ਚਲਿਆ ਗਿਆ। ਸਾਲਾ ਨੰਗ! ਹੂੰ! ਵੱਡੇ ਭਰਾ ਵਾਲੀ। ਚਲਿਆ ਗਿਆ ਸਾਲਾ! ਹੂੰ ਵੱਡੇ ਭਰਾ ਆਲੀ। ਬਾਹਰੋਂ ਤਪਿਆ ਤਪਾਇਆ ਗੁਰਮੁਖ ਸਿੰਘ ਬਹੁਤ ਹੀ ਹਿਕਾਰਤ ਨਾਲ ਬੋਲਿਆ।
ਕਿੱਥੋਂ ਕਰਾਂਗੇ ਤੀਹ-ਪੈਂਤੀ ਲੱਖ ਕੱਠਾਂ। ਇਨੀਆਂ ਤਾਂ ਠੀਕਰੀਆਂ ਵੀ ਇਕੱਠੀਆਂ ਨ੍ਹੀ ਹੋਣੀਆਂ। ਕਿਵੇਂ ਭਰਾਂਗੇ ਇਹ ਕਰਜੇ ਦਾ ਵੱਡਾ ਅੰਨਾਂ ਖੂਹ? ਦਾਨ ਕੌਰ ਤੇ ਗੁਰਮੁਖ ਸਿੰਘ ਨੂੰ ਕੋਈ ਰਾਹ ਵੀ ਨਹੀਂ ਸੀ ਦਿਸਦਾ।
ਕਰਜਾ ਦਿਨ ਬਦਿਨ ਵਧਦਾ ਜਾ ਰਿਹਾ ਸੀ ਤੇ ਰੁਲਦੂ ਦੇ ਕਨੇਡਾ ਜਾਣ ਦਾ ਦਿਨ ਦੂਰ ਹੀ ਹੁੰਦਾ ਜਾ ਰਿਹਾ ਸੀ। ਦਿਨ ਰਾਤ ਪਤੀ ਪਤਨੀ ਚਿੰਤਾ ਵਿੱਚ ਡੁੱਬੇ ਪਏ ਰਹਿੰਦੇ। ਇਸ ਜ਼ਿੱਲਣ ਵਿੱਚੋਂ ਨਿਕਲਣ ਦੀਆਂ ਤਰਕੀਬਾਂ ਸੋਚਦੇ। ਫਿਕਰ ਵਿੱਚ ਆਪਣੇ ਹੱਡਾਂ ਨੂੰ ਵੱਢ ਵੱਢ ਖਾਂਦੇ।
ਬੇਬੇ ਜੀ ਨੂੰ ਪੁੱਛ ਕੇ ਹੀ ਵੇਖਲੋ। ਦਾਨ ਕੌਰ ਨੇ ਝਿਜਕਦਿਆਂ ਗੱਲ ਕੀਤੀ।
ਝੱਲ ਲਊ, ਉਹ ਇਹ ਸਭ। ਕਿਵੇਂ ਝੱਲਣਗੇ ਇਹ ਉਸਦੇ ਬੁੱਢੇ ਹੱਡ। ਗੁਰਮਖ ਸਿੰਘ ਨੇ ਬਹੁਤ ਹੀ ਦੁੱਖ ਨਾਲ ਕਿਹਾ।
ਪਹਿਲਾਂ ਉਹ ਹਰ ਗੱਲ ਸੁਰੂ ਕਰਨ ਤੋਂ ਪਹਿਲਾਂ ਬੇਬੇ ਜੀ ਬੰਤ ਕੌਰ ਦਾ ਅਸ਼ੀਰਵਾਦ ਲੈਂਦੇ। ਫਿਰ ਕੋਈ ਕੰਮ ਸ਼ੁਰੂ ਕਰਦੇ। ਅੱਗੇ ਹਰ ਰੋਜ ਸੌਣ ਤੋਂ ਪਹਿਲਾਂ ਗੁਰਮਖ ਸਿੰਘ ਤੇ ਦਾਨ ਕੌਰ ਬੇਬੇ ਜੀ ਕੋਲ ਦਸ-ਪੰਦਰਾਂ ਮਿੰਟ ਜਰੂਰ ਬੈਠਦੇ। ਪਰ ਹੁਣ ਉਹ ਉਸਤੋਂ ਅੱਖਾਂ ਚੁਰਾ ਕੇ ਲੰਘਦੇ। ਉਹ ਡਰਦੇ ਸਨ ਕਿ ਕਿਸੇ ਗੱਲ ਦੀ ਬੇਬੇ ਦੇ ਕੰਨਾਂ ਵਿੱਚ ਭਿਣਖ ਨਾ ਪੈ ਜਾਵੇ।
ਬੇਬੇ ਜੀ ਬੰਤ ਕੌਰ ਨੂੰ ਨੂੰਹ-ਪੁੱਤ ਦੇ ਇਸ ਬਦਲੇ ਰਵਈਏ ਦੀ ਸਮਝ ਨਾ ਪੈਂਦੀ ਪਰ ਉਨ੍ਹਾ ਦੇ ਉਦਾਸ ਚਿਹਰੇ ਵੇਖ ਕੇ ਉਸਦਾ ਦਿਲ ਖੁਸਦਾ। ਉਸਨੂੰ ਮਹਿਸੂਸ ਹੁੰਦਾ ਜਰੂਰ ਹੀ ਕੋਈ ਅਜਿਹੀ ਗੱਲ ਹੈ ਜਿਹੜੇ ਉਹ ਉਸ ਤੋਂ ਛੁਪਾ ਰਹੇ ਹਨ।
ਗੁਰਮਖ ਸਿੰਘ ਕੋਲ ਕੋਈ ਰਾਹ ਵੀ ਨਹੀਂ ਸੀ ਬਚਿਆ। ਮਾਤ ਜੀ ਬੰਤ ਕੌਰ ਦੇ ਨਾਉ ਪੰਜ ਕਿਲੇ ਜਮੀਨ ਸੀ ਜਿਹੜੀ ਗੁਰਮਖ ਸਿੰਘ ਦੇ ਪਿਤਾ ਜੀ ਨੇ ਬੈਅ ਲੇ ਕੈ ਉਸਦੇ ਨਾਉ ਕਰਾ ਦਿੱਤੀ ਸੀ। ਇਹ ਜਮੀਨ ਜ਼ੱਦੀ ਖਾਤੇ ਵਿੱਚੋਂ ਨਹੀਂ ਸੀ ਇਸ ਨੂੰ ਬੈਅ ਕਰਨ ਨਾਲ ਪਰਵਾਰ ਦੀ ਸਾਖ ਤੇ ਉਹ ਅਸਰ ਨਹੀਂ ਸੀ ਪੈਣਾ ਜਿਹੜੀ ਜ਼ੱਦੀ ਜ਼ਾਇਦਾਦ ਬੈਅ ਕਰਕੇ ਪੈਣਾ ਸੀ।
ਇੱਕ ਰਾਤ ਗੁਰਮਖ ਸਿੰਘ ਨੇ ਘਰ ਦੀ ਸਾਰੀ ਹਾਲਤ ਦੱਸ ਕੇ ਬੇਬੇ ਜੀ ਨੂੰ ਜ਼ਮੀਨ ਵੇਚਣ ਲਈ ਕਿਹਾ।
ਪੁੱਤ ਜਮੀਨ ਮਾਂ ਹੁੰਦੀ ਆ। ਮਾਂ ਵੇਚੀਦੀ ਆ ਭਲਾ। ਮਾਂ ਇਹ ਸੁਣ ਕੇ ਬਹੁਤ ਉਦਾਸ ਹੋਈ।
ਮਾਂ ਬੇਚੀਦੀ ਆ ਭਲਾ। ਸਾਰੀ ਰਾਤ ਇਹ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਦੇ ਰਹੇ। ਸਾਰੀ ਰਾਤ ਉਹ ਬਿਸਤਰੇ ਵਿੱਚ ਪਿਆ ਉੱਸਲਵੱਟੇ ਲੈਂਦਾ ਰਿਹਾ।
ਕਿਉਂ ਕਹਿਣੀ ਸੀ ਮਾਂ ਨੂੰ ਇਹ ਗੱਲ। ਪਰ ਕਰਦਾ ਵੀ ਕੀ? ਜਮੀਨ ਵੇਚੇ ਬਿਨਾਂ ਤਾਂ ਖੂਹ ਨਹੀਂ ਸੀ ਭਰ ਹੋਣਾ। ਜ਼ੱਦੀ ਘਰ ਦੇ ਪੰਦਰਾਂ ਕਿੱਲੇ ਗਹਿਣੇ ਕਰਨ ਨਾਲ ਇਹ ਕਰਜਾ ਵੀ ਮੁਸ਼ਕਲ ਨਾਲ ਉਤਰਨਾ। ਕਿੱਥੇ ਹਲ ਜੋੜਾਂਗੇ। ਫਿਰ ਸ਼ਰੀਕ? ਇਹ ਵਿਚਾਰ ਆਉਣ ਸਾਰ ਹੀ ਉਹ ਕੰਬ ਗਿਆ। ਕਿਤੇ ਸਵੇਰ ਦੇ ਪੰਜ ਵਜੇ ਉਸਨੂੰ ਨੀਂਦ ਆਈ।
ਉਹ ਸਵੇਰ ਦੇ ਛੇ ਵਜੇ ਉੱਠਿਆ। ਅੱਗੇ ਉਹ ਚਾਰ ਵਜੇ ਸਵੇਰੇ ਉੱਠ ਕੇ ਨਹਾਉਣ ਤੋਂ ਪਿੱਛੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਪਰਕਾਸ਼ ਕਰਕੇ ਹੁਕਮਨਾਮਾ ਲੈਂਦਾ। ਫਿਰ ਪੂਰੇ ਵਜਦ ਵਿੱਚ ਪੰਜਾਂ ਬਾਣੀਆਂ ਦਾ ਪਾਠ ਕਰਦਾ। ਪਰ ਅੱਜ ਤਾਂ ਉਹ ਜਿਵੇਂ ਸ਼੍ਰੀ ਗਰੂ ਗ੍ਰੰਥ ਸਾਹਿਬ ਤੋਂ ਡਰਦਾ ਹੋਵੇ। ਜਿਵੇਂ ਉਸਤੋਂ ਕੋਈ ਬੱਜਰ ਭੁੱਲ ਹੋ ਗਈ ਹੋਵੇ।
ਉੱਧਰ ਮਾਂ ਵੀ ਸਾਰੀ ਰਾਤ ਜਾਗਦੀ ਬਿਸਤਰੇ ਵਿੱਚ ਪਾਸੇ ਬਦਲਦੀ ਰਹੀ। ਕਿਤੇ ਪੈ ਜਾਂਦੀ ਕਿਤੇ ਉੱਠ ਕੇ ਬਹਿ ਜਾਂਦੀ। ਕੀ ਕਹਿੰਦਾ ਹੋਊ ਗੁਰਮਖ ਦਾ ਪਿਉ? ਬਣ ਗਏ ਬੈ-ਖਤੀਏ ਮੇਰੇ ਮਰਨ ਤੋਂ ਬਾਅਦ। ਤੈਂ ਤਾਂ ਸਮਝਾਉਣਾ ਸੀ ਬੰਤ ਕੁਰੇ।
ਇਹ ਸੋਚਦੀ ਦੀ ਉਸਦੀ ਅੱਖ ਲੱਗੀ। ਉਸਦੇ ਧੁਰ ਅੰਦਰੋਂ ਅਵਾਜ ਉੱਠੀ। ਜਮੀਨ ਤਾਂ ਹੱਥਾਂ ਦੀ ਮੈਲ ਆ। ਜਿਵੇਂ ਆਈ ਸੀ, ਉਮੇ ਗਈ, ਉਮੇ ਫਿਰ ਬਣਜੂ। ਪਰਵਾਰ ਤੇ ਭੀੜ ਪੈਣ ਵੇਲੇ ਇਸਦਾ ਮੋਹ ਨੀਂ ਕਰੀਦਾ।
ਉਸਨੂੰ ਭਾਸਿਆ ਸ਼ਾਇਦ ਇਹ ਅਵਾਜ ਉਸਦੇ ਪਤੀ ਦੀ ਅਵਾਜ ਸੀ-ਉਸਦੇ ਗੁਰਮੁਖ ਸਿੰਘ ਦੇ ਬਾਪੂ ਮਿੱਤ ਸਿੰਘ ਦੀ ਅਵਾਜ਼।
ਸਵੇਰ ਵੇਲੇ ਉਸਨੇ ਪੁੱਤਰ ਨੂੰ ਬੁਲਾ ਕੇ ਉਸਦੇ ਮਨ ਦਾ ਭਾਰ ਲਾਹ ਦਿੱਤਾ। ਇੱਕ ਪਲ ਤਾਂ ਉਸਨੂੰ ਇਉਂ ਲੱਗਿਆ ਜਿਵੇਂ ਉਹ ਮਿੱਟੀ ਦੀ ਵੱਡੀ ਢਿਗ ਹੇਠੋਂ ਨਿਕਲ ਗਿਆ ਹੋਵੇ। ਪਰ ਦੂਜੇ ਪਲ ਮਾਂ ਦਾ ਦਿਲ ਪੱਛਣ ਦਾ ਇਹਸਾਸ ਤੇ ਜ਼ਮੀਨ ਦੇ ਖੁੱਸਣ ਦਾ ਦੁੱਖ ਇੱਕ ਚੀਸ ਬਣਕੇ ਉਸਦੇ ਅੰਦਰ ਲਹਿ ਗਿਆ।
ਜਮੀਨ ਪਿੰਡ ਦੇ ਬੰਦਿਆ ਦੀ ਪਹੁੰਚ ਤੋਂ ਪਰੇ ਸੀ। ਮਹਾਂ ਨਗਰਾਂ ਦੇ ਵੱਡੇ ਵਪਾਰੀ, ਬਿਲਡਰ ਮਰਲੇ ਕਰੋੜਾਂ ਦੇ ਭਾਅ ਵੇਚ ਕੇ, ਕਨਾਲ ਕਰੋੜਾਂ ਦੇ ਭਾਅ ਖਰੀਦ ਲੈਂਦੇ। ਸ਼ਹਿਰਾਂ ਦੇ ਕਿਸਾਨ ਕਰੋੜਾਂ ਦੇ ਭਾਅ ਏਕੜ ਵੇਚ ਕੇ ਪਿੰਡਾ ਵਿੱਚ ਮਹਿੰਗੇ ਭਾਅ ਆ ਖਰੀਦ ਲੈਂਦੇ। ਇਸ ਤਰਾਂ ਸਰਮਾਏ ਦੀ ਵੱਡੀ ਨਹਿਰ ਦਾ ਪਾਣੀ ਰਜਵਾਹਿਆਂ, ਕੱਸੀਆਂ ਵਿੱਚ ਵਹਿ ਰਿਹਾ ਸੀ।
ਕਰਜੇ ਦਾ ਇਹ ਖੂਹ ਆਖਰ ਬੰਦ ਹੋ ਗਿਆ। ਗੁਰਮਖ ਸਿੰਘ ਨੇ ਵੀੇ ਪੰਜ ਏਕੜ ਦਸ ਲੱਖ ਏਕੜ ਦੇ ਭਾਅ ਨਾਲ ਝੰਡਾ ਸਿੰਘ ਨੂੰ ਵੇਚ ਦਿੱਤੀ ਜੋ ਲੁਧਿਆਣੇ ਤੋਂ ਇੱਕ ਏਕੜ ਚਾਰ ਕਰੋੜ ਦੀ ਵੇਚ ਕੇ ਆਇਆ ਸੀ।
ਕਰਜੇ ਦਾ ਖੂਹ ਤਾਂ ਭਰ ਗਿਆ ਸੀ ਪਰ ਉਹ ਖੁੱਸੇ ਆਪੇ ਨੂੰ ਭਰਨ ਲਈ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ।
ਗੁਰਮਖ ਸਿੰਘ ਕਿਸੇ ਨੂੰ ਕਹਿੰਦਾ, ਉਹ ਇਸ ਪੈਸੇ ਨਾਲ ਪਟਰੋਲ ਪੰਪ ਲਾਵੇਗਾ।
ਕਿਸੇ ਹੋਰ ਨੂੰ ਕਹਿੰਦਾ, ਰੁਲਦੂ ਨੇ ਤਾਂ ਕਨੇਡਾ ਚਲੇ ਜਾਣਾ। ਉਸਨੂੰ ਖੇਤੀ ਕਰਨੀ ਔਖੀ ਹੋ ਜਾਣੀ ਆ।
ਕਿਸੇ ਹੋਰ ਨੂੰ ਕਹਿੰਦਾ, ਖੇਤੀ ਚ ਕੁਛ ਨੀ ਬਚਦਾ। ਮਕੰਦੀ ਲਾਲ ਕਹਿੰਦਾ ਸੀ ਬਈ ਮੈਂ ਤੈਨੂੰ ਸ਼ਹਿਰ ਵਿੱਚ ਪਲਾਟ ਲੈ ਦਿਆਂਗਾ। ਇਹ ਸਾਲ ਵਿੱਚ ਹੀ ਵਧ ਕੇ ਦੁਗਣੇ-ਚੌਗਣੇ ਦਾ ਹੋ ਜਾਣਾ।
ਕਨੇਡਾ ਜਾ ਕੇ ਰੁਲਦੂ ਨੇ ਬਥੇਰੇ ਪੇਸੇ ਭੇਜ ਦਿਆ ਕਰਨੇ ਨੇ। ਕੋਈ ਬਿਜਨਸ ਕਰਾਂਗੇ। ਇਹ ਗੱਲਾਂ ਕਈ ਵਾਰ ਬਿਨਾ ਕਿਸੇ ਦੇ ਪੁੱਛਣ ਦੇ ਦੱਸੀ ਜਾਂਦਾ।
ਲੋਕ ਗੁਰਮੁਖ ਸਿੰਘ ਦੀਆਂ ਗੱਲਾਂ ਕਰਕੇ ਹੱਸੀ ਜਾਂਦੇ। ਕਰਜੇ ਚੜ੍ਹਨ ਤੇ ਕਰਜਾ ਲਾਹੁਣ ਵਾਰੇ ਮੁਕੰਦੀ ਲਾਲ ਤੇ ਕਾਮਰੇਡ ਭਲਾ ਕਿਵੇ ਨਸ਼ਰ ਨਾ ਕਰਦੇ। ਫਿਰ ਕਾਮਰੇਡ ਨੇ ਤਾਂ ਆਪਣੀ ਲਾਲ ਬਹੀ ਖੋਲ੍ਹਣੀ ਈ ਹੋਈ।
ਯਾਰ ਸਾਰੀ ਗੱਲ ਤਾਂ ਸਰਮਾਏ ਦੀ ਆ। ਜਦੋਂ ਬੰਦੇ ਕੋਲ ਪੈਸਾ ਹੁੰਦਾ ਉਹਦੀ ਝੂਠੀ ਗੱਲ ਵੀ ਸੱਚੀ। ਸਾਰਾ ਅਚਾਰ, ਵਿਹਾਰ, ਚਾਲ-ਚੱਲਣ ਪੇਸੇ ਨਾਲ ਹੀ ਹੈ। ਵੇਖ ਲਉ ਜਦ ਅਕਾਲੀ ਰੱਜਿਆ ਸੀ ਅਸੀਂ ਕਹਿਣਾ ਜੇ ਤੂੰ ਸੱਚਾ ਸਹੁੰ ਖਾ ਕਾਲੀ ਬਾਬੇ ਦੀ। ਪਰ ਹੁਣ ਉਹੀ ਕਾਲੀ ਤਾਇਆ ਉਹ ਗੱਲ ਵੀ ਕਹਿ ਜਾਂਦਾ ਜਿਹਦੇ ਢੋਲ ਦਾ ਪੋਲ ਅਗਲਾ ਪੈਰ ਚੁੱਕਣ ਸਾਰ ਹੀ ਖੁੱਲ੍ਹ ਜਾਂਦਾ। ਜਦੋਂ ਸਾਡਾ ਰਾਜ ਆ ਗਿਆ ਨਾ ਸਾਰੇ ਰੱਜੇ ਹੋਣਗੇ। ਕਿਸੇ ਨੂੰ ਝੁਠ ਬੋਲਣ ਦੀ ਲੋੜ ਨੀ ਪੈਣੀ।
ਤੇਰਾ ਰਾਜ ਰੂਜ ਨੀ ਆਉਂਦਾ ਦੀਹਦਾ ਕਾਮਰੇਡਾ। ਨਾਲੇ ਹੁਣ ਤੈਨੂੰ ਲੋੜ ਈ ਨੀ ਇਹਦੀ। ਦੋਵੇ ਮੁੰਡੇ ਨੌਕਰੀ ਲੱਗ ਗਏ। ਨੂੰਹਾਂ ਵੀ ਮਾਸਟਰਨੀਆ ਆ ਜਾਣੀਆ। ਅਖੇ ਇਸ ਮਾਇਆ ਕੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ। ਕਰੋ ਕਾਮਰੇਡ ਨੂੰ ਸਲਾਮ। ਬਚਨਾ ਨਾਨਕਸਰੀਆ ਵੀ ਆਪਣਾ ਦਾਅ ਚਲਾ ਜਾਂਦਾ।
ਕਦੋਂ ਜਾਣਾ ਰੁਲਦਾ ਸਿੰਘ ਨੇ ਬਾਹਰ? ਲੋਕ ਪੁੱਛਦੇ।
ਬੱਸ ਹੁਣ ਤਾਂ ਦੰਦਾਂ ਚ ਈ ਜੀਭ ਐ। ਬਾਕੀ ਸਰਕਾਰਾਂ ਦੇ ਕੰਮ ਆ। ਗੁਰਮੁਖ ਸਿੰਘ ਦਾ ਇੱਕੋ ਈ ਜਵਾਬ ਹੁੰਦਾ।
ਸੁਰਜਣ ਸਿੰਘ ਨੂੰ ਪੈਸੇ ਮਿਲ ਗਏ ਉਹ ਵੀ ਆਉਣੋ ਹਟ ਗਿਆ। ਸਾਲੇ ਦੀ ਕੁੜੀ ਅੱਖਾ ਈ ਫੇਰ ਗਈ ਸੀ। ਕਹਿੰਦੀ, ਮੈਂ ਕੀ ਕਰ ਸਕਦੀ ਆਂ। ਇਮੀਗਰੇਸ਼ਨ ਦੇ ਸ਼ਕਾਇਤ ਕਰਤੀ ਹੋਊ। ਸੀਕਰਟ ਰੱਖਣਾ ਸੀ ਲੋਕਾਂ ਕੋਲੋਂ।
ਸ਼ਕਾਇਤ ਹੋਈ ਵੀ ਸੀ ਜਾਂ ਨਹੀਂ। ਜਾਂ ਇਹ ਤੇਜਵੀਰ ਦਾ ਕੋਈ ਢਾਈਆ-ਢੱਪਾ ਸੀ ਧਨ ਬਟੋਰਨ ਲਈ ਜਾਂ ਕੋਈ ਹੋਰ ਮੁਫ਼ਾਦ ਸੀ।
ਤੇਜਵੀਰ ਦੇ ਕਹਿਣ ਤੇ ਸਾਰਾ ਦਾਜ ਦਹੇਜ ਤੇ ਦੋਵਾਂ ਪਾਸਿਆ ਦੇ ਵਿਆਹ ਦਾ ਖਰਚ ਗੁਰਮਖ ਸਿੰਘ ਨੇ ਹੀ ਕੀਤਾ। ਵਿਆਹ ਜਿਹੜਾ ਉਸਦੇ ਪੰਜ ਕਿਲੇ ਜਮੀਨ ਤੇ ਉਸਦੇ ਆਚਰਣ ਤੇ ਮਾਣ-ਸਨਮਾਨ ਨੂੰ ਨਿਗਲ ਗਿਆ ਸੀ।
ਹੁਣ ਤਾਂ ਉਨ੍ਹਾ ਦੀ ਇੱਕੋ ਆਸ ਸੀ, ਰੁਲਦੂ ਬਾਹਰ ਜਾ ਕੇ ਘਰ ਦੀ ਵਿਗੜੀ ਹਾਲਤ ਸੁਧਾਰ ਦੇਵੇਗਾ। ਪਰ ਉਨ੍ਹਾਂ ਦੀ ਇਸ ਆਸ ਨੂੰ ਬੂਰ ਪੈਂਦਾ ਦਿਸਦਾ ਨਹੀਂ ਸੀ।
ਨਿੱਤ ਦੀ ਨਮੋਸ਼ੀ ਤੋਂ ਬਚਣ ਲਈ ਗੁਰਮਖ ਸਿੰਘ ਨੇ ਕਿਸੇ ਏਜੰਟ ਨਾਲ ਗੱਲ ਕਰਕੇ ਰੁਲਦੂ ਨੂੰ ਦਸ ਲੱਖ ਚ ਬਾਹਰ ਭੇਜਣ ਦਾ ਸੌਦਾ ਕਰ ਲਿਆ। ਏਜੰਟ ਨੇ ਉਸਨੂੰ ਤੇ ਹੋਰ ਮੁੰਡਿਆਂ ਨੂੰ ਦਿੱਲੀ ਬਹਾਈ ਰੱਖਿਆ। ਤਿੰਨ ਮਹੀਨਿਆ ਬਾਅਦ ਏਜੰਟ ਕਿਧਰੇ ਅਲੋਪ ਹੋ ਗਿਆ।
ਉਸਦੇ ਨਾਲ ਦੇ ਮੁੰਡੇ ਤਾਂ ਘਰਾਂ ਨੂੰ ਵਾਪਸ ਆ ਗਏ ਪਰ ਰੁਲਦੂ ਨਾ ਆਇਆ। ਉਸਦੀ ਲਾਸ਼ ਆਈ। ਉਹ ਨਿਮੋਸ਼ੀ ਦਾ ਮਾਰਾ ਖ਼ੁਦਕਸੀ ਕਰ ਗਿਆ।
ਸਾਰੇ ਪਿੰਡ ਵਿੱਚ ਇਸ ਨਾਲ ਹਾਹਾਕਾਰ ਮੱਚ ਗਈ। ਉਸ ਦਿਨ ਕਿਸੇ ਘਰ ਨੇ ਵੀ ਚੁੱਲ੍ਹੇ ਅੱਗ ਨਾ ਪਾਈ।
ਨਾ ਦੀਨ ਰਿਹਾ ਨਾ ਦੁਨੀਆ ਰਹੀ। ਸੁੱਚਾ! ਲੁੱਚਾ! ਕੱਚਾ! ਪੱਕਾ! ਅਨੰਦ ਕੱਚੇ ਹੁੰਦੇ ਆ ਭਲਾ। ਅੱਗ ਦਿੱਤੀ। ਆਵਾ ਨੀ ਪੱਕਿਆ। ਮੈਂ ਬੁੱਧੂ ਨੀ। ਮੇਰਾ ਕੱਚਾ ਆਵਾ ਪੱਕੇ ਦੇ ਭਾਅ ਵਿਕਦਾ। ਅਰਧ ਪਾਗਲ ਹੋਇਆ ਗੁਰਮਖ ਸਿੰਘ ਧਾਅ ਮਾਰਦਾ। ਹੁਣ ਕਾਮਰੇਡ ਲਾਲ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਗਦੇ ਜਿਹੜਾ ਗੁਰਮੁਖ ਸਿੰਘ ਦੇ ਸ਼ਬਦਾਂ ਦੀ ਅੰਤਰੀਵ ਆਤਮਾ ਨੂੰ ਜਾਣਦਾ ਸੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346