Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

ਅੰਗਰੇਜੀ ਵਾਲ਼ਾ ਮਾਸ਼ਟਰ

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ
- ਸੁਰਜੀਤ ਪਾਤਰ

 

ਉਹ ਪੁਰਸ਼
ਜਿਸ ਦੀ ਕੌੜੀ ਹਵਾੜ੍ਹ ਨਾਲ
ਬੁਝ ਜਾਂਦਾ ਸੀ
ਹਰ ਆਥਣ ਨੂੰ
ਕੰਧੋਲੀ ਤੇ ਧਰਿਆ ਦੀਵਾ
ਜਿਸ ਦੀਆਂ ਦਹਿਕਦੀਆਂ ਅੱਖਾਂ ਸਾਹਵੇਂ
ਪੈ ਜਾਂਦੀ ਸੀ
ਚੁੱਲ੍ਹੇ ਦੀ ਅੱਗ ਮੱਠੀ
ਜਿਸ ਦੀ ਦਹਾੜ ਸੁਣਦਿਆਂ ਹੀ
ਪੱਠੇ ਛੱਡ ਕੇ ਖਵੋ ਜਾਂਦੇ ਸਨ
ਗਊ ਦੇ ਜਾਏ
ਤ੍ਰਭਕ ਕੇ ਉਡ ਜਾਂਦੀਆਂ ਸਨ
ਡੇਕ ਤੋਂ ਨੀਂਦ ਨਾਲ ਭਰੀਆਂ ਹੋਈਆਂ ਚਿੜੀਆਂ
ਦਾਦੀ ਨੂੰ ਭੁੱਲ ਜਾਂਦਾ ਸੀ ਰਹਿਰਾਸ ਦਾ ਪਾਠ
ਕੰਬ ਕੇ ਛਲਕ ਜਾਂਦੀ ਸੀ
ਵੀਰੇ ਦੇ ਹੱਥ ਚੋਂ
ਦੁੱਧ ਵਾਲੀ ਗਲਾਸੀ
ਮਾਂ ਦੇ ਹੱਥੋਂ ਛੁੱਟ ਜਾਂਦਾ ਸੀ
ਆਟੇ ਦਾ ਪੇੜਾ
ਤੇ ਦਰਵਾਜ਼ੇ ਪਿੱਛੇ ਲੁਕ ਜਾਂਦੀਆਂ ਸਨ
ਛੋਟੀਆਂ ਭੇਣਾਂ
ਹਾਂ ਮੈਂ ਪੁਰਸ਼ ਦੀ ਗੱਲ ਕਰ ਰਹੀ ਹਾਂ
ਜਿਸ ਦੀ ਛਤਰ ਛਾਇਆ ਥੱਲੇ
ਚੜ੍ਹੀ ਸੀ ਮੈਨੂੰ ਮੈਲੀ ਜਿਹੀ ਬੁੱਕਲ ਵਿੱਚ ਲਿਪਟੀ
ਸਹਿਮੀ ਜਿਹੀ ਜਵਾਨੀ

ਇਹ ਮੈਲੀ ਜਿਹੀ ਬੁੱਕਲ ਵਾਲੀ ਕੁੜੀ ਸੁਖਵਿੰਦਰ ਹੈ। ਇਹ ਪੁਰਸ਼ ਉਸਦਾ ਪਿਤਾ ਹੈ ਤੇ ਉਹ ਸੁਆਣੀ ਜਿਹਦੇ ਹੱਥੋਂ ਪੇੜਾ ਛੁੱਟ ਗਿਆ ਹੈ ਉਹ ਸੁਖਵਿੰਦਰ ਦੀ ਮਾਂ ਹੈ

। ਸੁਖਵਿੰਦਰ ਇੰਨ੍ਹਾਂ ਦੀ ਜੇਠੀ ਧੀ ਹੈ। ਇਕ ਭਰਾ ਤੇ ਚਾਰ ਭੇਣਾਂ ਦੀ ਸਭ ਤੋਂ ਵੱਡੀ ਭੇਣ। ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੁਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ। ਪਰ ਸੁਖਵਿੰਦਰ ਨੇ ਹੀ ਤਾਂ ਕਿਹਾ ਹੈ:

ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ

ਕਵਿਤਾ ਹੁੰਦੀ ਹੈ ਹਰ ਥਾਂ ਹਾਜ਼ਰ
ਗੈ਼ਰਹਾਜ਼ਰ ਹੁੰਦਾ ਹੈ ਸਿਰਫ਼ ਕਵੀ
ਜ਼ਹਿਰ-ਬੁਝੇ ਬੋਲਾਂ ਵਾਲੇ ਇਸ ਘਰ ਦੀਆਂ ਬੰਦਸ਼ਾਂ ਦੇ ਬਾਵਜੂਦ ਹਵਾ ਵਿਚ ਤਰਦਾ ਕਿਸੇ ਗੀਤ ਦਾ ਟੁਕੜਾ ਆ ਜਾਂਦਾ, ਕੋਈ ਸੁਹਾਗ, ਕੋਈ ਘੋੜੀ, ਕੋਈ ਬੋਲੀ, ਕੋਈ ਟੱਪਾ, ਲਾਊਡ ਸਪੀਕਰ ਤੇ ਵੱਜਦਾ ਕੋਈ ਗਾਣਾ, ਗੁਰਬਾਣੀ ਦੀ ਕੋਈ ਤੁਕ ਤਾਂ ਸੁਖਵਿੰਦਰ ਨੂੰ ਲੱਗਦਾ ਮੈਂ ਤਾਂ ਕਿਸੇ ਹੋਰ ਕਬੀਲੇ ਦੀ ਗੁਆਚੀ ਹੋਈ ਕੁੜੀ ਹਾਂ, ਇਹ ਮੈਂ ਕਿੱਥੇ ਆ ਗਈ ਹਾਂ, ਮੈਂ ਕਿਸੇ ਦਿਨ ਇੱਥੋਂ ਦੌੜ ਜਾਵਾਂਗੀ ਤੇ ਆਪਣੇ ਕਵਿਤਾ ਦੇ ਕਬੀਲੇ ਨੂੰ ਜਾ ਮਿਲਾਂਗੀ।
ਜਿਵੇਂ ਨ੍ਹੇਰੇ ਵਿਚ ਪਏ ਬੂਟੇ ਓਧਰ ਨੂੰ ਵਧਦੇ ਹਨ ਜਿੱਧਰੋਂ ਰੌਸ਼ਨੀ ਆਉਂਦੀ ਹੈ। ਕੌੜੇ ਬੋਲਾਂ ਵਿਚ ਪਲਦਾ ਇਹ ਬੂਟਾ ਓਧਰ ਨੂੰ ਵਧਣ ਲੱਗਾ ਜਿੱਧਰੋਂ ਗੀਤਾਂ ਦੇ ਬੋਲ ਆਉਂਦੇ। ਇਸ ਬੂਟੇ ਨੂੰ ਲਫ਼ਜ਼ਾਂ ਦੀਆਂ ਕਰੂੰਬਲਾਂ ਫੁੱਟਣ ਲੱਗੀਆਂ। ਉਹ ਵੀ ਤੁਕਾਂ ਜੋੜਨ ਲੱਗੀ। ਫਿਰ ਉਹ ਲੋਕ ਗੀਤਾਂ ਜਿਹੇ ਪਿਆਰ ਭਰੇ ਗੀਤ ਜੋੜਨ ਲੱਗੀ।

ਬੁੱਕ ਬੁੱਕ ਹੰਝੂ ਤੇਰੇ ਰਾਹਾਂ ਵਿਚ ਰੋ ਵੇ
ਬੁਝ ਚੱਲੀ ਚੰਨਾ ਸਾਡੇ ਦੀਦਿਆਂ ਦੀ ਲੋਅ ਵੇ।।।

ਜੇ ਤੂੰ ਸਾਨੂੰ ਨੀ ਬੁਲਾਉਣਾ
ਸੋਹਣਾ ਮੁੱਖ ਨੀ ਵਿਖਾਉਣਾ
ਸਾਡੇ ਦਿਲ ਦਾ ਜੋ ਲੁੱਟਿਆ ਕਰਾਰ ਮੋੜ ਦੇ
ਸਾਡੀ ਟੂਣੇਹਾਰੀ ਅੱਖ ਦਾ ਖੁਮਾਰ ਮੋੜ ਦੇ।।।

ਮਾਰਦੀ ਏ ਹਾਕਾਂ ਸਾਨੂੰ ਪਿੱਪਲਾਂ ਦੀ ਛਾਂ ਨੀ
ਚਲੋ ਸਹੀਓ ਚੱਲੀਏ ਕੱਲ੍ਹ ਵਾਲੀ ਥਾਂ ਨੀ।।।

ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਮਾਂ ਪਹਿਲਾਂ ਡਰੀ ਫਿਰ ਅੱਗ ਵਾਂਗ ਤਪ ਗਈ, ਗੀਤਾਂ ਵਾਲੀ ਕਾਪੀ ਚੁੱਲ੍ਹੇ ਵਿਚ ਡਾਹ ਦਿੱਤੀ ਤੇ ਸੁਖਵਿੰਦਰ ਦੇ ਪਿੰਡੇ ਤੇ ਕੁੱਟ ਕੁੱਟ ਕੇ ਲਾਸਾਂ ਪਾ ਦਿੱਤੀਆਂ ਤੇ ਕਹਿਣ ਲੱਗੀ: ਤੂੰ ਸ਼ੁਕਰ ਕਰ ਕਾਪੀ ਤੇਰੇ ਪਿਓ ਦੇ ਹੱਥ ਨਹੀਂ ਆਈ, ਉਹਨੇ ਤਾਂ ਤੇਰੇ ਡੱਕਰੇ ਕਰ ਕੇ ਤੈਨੂੰ ਤੂੜੀ ਵਾਲੇ ਕੋਠੇ ਅੰਦਰ ਦੱਬ ਦੇਣਾ ਸੀ। ਸੁਖਵਿੰਦਰ ਕੋਲ ਆਪਣੇ ਬੋਲਾਂ ਨੂੰ ਲੁਕੋਣ ਲਈ ਆਪਣੇ ਸੀਨੇ ਤੋਂ ਬਿਨਾ ਕੋਈ ਥਾਂ ਨਹੀਂ ਸੀ। ਇੰਨ੍ਹਾਂ ਦਿਨਾਂ ਦਾ ਕੁਝ ਸੇਕ ਸੁਖਵਿੰਦਰ ਦੀਆਂ ਦੋ ਕਵਿਤਾਵਾਂ ਹੁਣ ਮਾਂ ਅਤੇ ਉਹ ਪੁਰਸ਼ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਉੰਝ ਉਹ ਸੇਕ ਇੰਨ੍ਹਾਂ ਕਵਿਤਾਵਾਂ ਵਿਚ ਸਮੋਏ ਜਾਣ ਤੋਂ ਵੀ ਜਿ਼ਆਦਾ ਹੈ। ਇਹ ਸੁਖਵਿੰਦਰ ਦੀ ਸਿ਼ੱਦਤ ਤੇ ਸ਼ੌਕ ਦਾ ਹੀ ਕਮਾਲ ਹੈ ਕਿ ਉਸ ਨੇ ਝੱਖੜਾਂ ਵਿਚ ਵੀ ਆਪਣੇ ਮੱਥੇ ਦੀ ਜੋਤ ਨੂੰ ਬੁਝਣ ਨਾ ਦਿੱਤਾ। ਸ਼ਾਇਦ ਇਹ ਮੱਥੇ ਦੀ ਜੋਤ ਦਾ ਹੀ ਕਮਾਲ ਹੈ ਕਿ ਏਨੇ ਝੱਖੜ ਵੀ ਉਹਨੂੰ ਬੁਝਾ ਨਾ ਸਕੇ।
ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਘਰ ਦਿਆਂ ਨੂੰ ਕਬੀਲਦਾਰੀ ਕਿਓਂਟਣ ਦੀ ਕਾਹਲੀ ਸੀ। ਉਹ ਸੋਚਦੀ ਸੀ ਸਹੁਰਿਆਂ ਦਾ ਘਰ ਪੇਕਿਆਂ ਜਿੰਨਾ ਕਠੋਰ ਨਹੀਂ ਹੋਵੇਗਾ। ਉਹ ਚਾਂਈ ਚਾਂਈ ਸਹੁਰੇ ਘਰ ਆਈ ਤਾਂ ਉਹਨੇ ਦੇਖਿਆ ਏਥੇ ਵੀ ਓਹੀ ਚੁੱਲ੍ਹਾ ਬਲ ਰਿਹਾ ਸੀ, ਗੀਤਾਂ ਵਾਲੀ ਕਾਪੀ ਸਾੜਨ ਵਾਲਾ ਚੁੱਲ੍ਹਾ।

ਪਰ ਹੌਲੀ ਹੌਲੀ ਉਹਨੇ ਅਮਰਜੀਤ, ਆਪਣੇ ਜੀਵਨ-ਸਾਥੀ ਨੂੰ ਆਪਣੇ ਪਿਆਰ ਅਤੇ ਸਿਆਣਪ ਨਾਲ ਜਿੱਤ ਲਿਆ। ਉਹਨੇ ਉਹਨੂੰ ਕਾਪੀ ਤੇ ਪੈੱਨ ਲਿਆ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ, ਵਿਆਹ ਵੇਲੇ ਉਹ ਨੌਵੀਂ ਪਾਸ ਸੀ, ਉਹਨੇ ਹੌਲੀ ਹੌਲੀ ਮੈਟ੍ਰਿਕ, ਬੀ ਏ, ਐਮ ਏ ਕੀਤੀ ਤੇ ਹੁਣ ਉਹ ਕਿੰਨੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸਿ਼ੱਦਤ ਭਰੇ ਨਾ ਹੁੰਦੇ ਜੇ ਉਹਦੀ ਕਵਿਤਾ ਨੂੰ ਚੁੱਲ੍ਹੇ ਵਿਚ ਨਾ ਮੱਚਣਾ ਪੈਂਦਾ।
ਪਿਛਲੇ ਦਿਨੀਂ ਉਹ ਵਿਸ਼ਵ ਪੰਜਾਬੀ ਕਾਨਫੰ੍ਰਸ ਦੇ ਡੈਲੀਗੇਟ ਦੇ ਤੌਰ ਤੇ ਲਾਹੌਰ ਆ ਗਈ। ਦੂਸਰੀ ਸ਼ਾਮ ਕਵੀ ਦਰਬਾਰ ਸੀ। ਮੁਨੀਰ ਨਿਆਜ਼ੀ, ਅਫ਼ਜ਼ਲ ਅਹਿਸਨ ਰੰਧਾਵਾ, ਅਫ਼ਜ਼ਲ ਸਾਹਿਰ, ਕੰਵਲ ਮੁਸ਼ਤਾਕ, ਸ਼ਰੀਫ਼ ਕੁੰਜਾਹੀ, ਸੰਤੋਖ ਸਿੰਘ ਧੀਰ।।। ਤੇ ਹੋਰ ਬਹੁਤ ਸਾਰੇ ਕਹਿੰਦੇ ਕਹਾਉਂਦੇ ਪੰਜਾਹ ਤੋਂ ਵੱਧ ਸ਼ਾਇਰ ਓਤੇ ਹਾਜ਼ਰ ਸਨ। ਸੁਖਵਿੰਦਰ ਦੀਆਂ ਕਵਿਤਾਵਾਂ ਨੇ ਸਰੋਤਿਆਂ ਤੇ ਜਿਵੇਂ ਜਾਦੂ ਧੂੜ ਦਿੱਤਾ। ਹਰ ਕੋਈ ਕਹਿ ਰਿਹਾ ਸੀ: ਸੁਖਵਿੰਦਰ ਨੇ ਲਾਹੌਰ ਲੁੱਟ ਲਿਆ। ਅਖ਼ਬਾਰਾਂ ਨੇ ਉਸ ਦੀਆਂ ਇੰਟਰਵਿਊਆਂ ਛਾਪੀਆਂ। ਕਾਨਫੰ੍ਰਸ ਦੇ ਪਾਣੀਆਂ ਤੇ ਉਸ ਦੇ ਸ਼ੇਅਰ ਕੰਵਲ ਦੇ ਫੁੱਲਾਂ ਵਾਂਗ ਤੈਰ ਰਹੇ ਸਨ:
ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ
ਕਿ ਆਪਾਂ ਮਿਲ ਮਿਲਾ ਕੇ ਜਿ਼ੰਦਗੀ ਦਾ ਭਾਰ ਚੁੱਕਾਂਗੇ

ਪੜਾਅ ਹੁੰਦੇ ਨੇ ਰਾਹਾਂ ਵਿਚ ਕੋਈ ਮੰਜਿ਼ਲ ਨਹੀਂ ਹੁੰਦੀ
ਇਹ ਐਸੀ ਛਾਂ ਹੈ ਜਿਹੜੀ ਤਪਣ ਬਿਨ ਹਾਸਿਲ ਨਹੀਂ ਹੁੰਦੀ

ਚਿਰਾਗ਼ਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦੈ
ਕਿ ਇਸ ਸਾਜਿ਼ਸ਼ 'ਚ ਹਰ ਵਾਰੀ ਹਵਾ ਸ਼ਾਮਿਲ ਨਹੀਂ ਹੁੰਦੀ

ਉੱਚੀਆਂ ਹਵਾਵਾਂ ਵਿਚ ਨਾ ਬਹੁਤਾ ਉਛਾਲ ਮੈਨੂੰ
ਮੈਂ ਰੇਤ ਦੀ ਹਾਂ ਮੁੱਠੀ ਸੱਜਣਾ ਸੰਭਾਲ ਮੈਨੂੰ

ਕਦ ਤੱਕ ਉਠਾਈ ਰੱਖਾਂ ਇਹ ਬੋਝ ਰੋਸ਼ਨੀ ਦਾ
ਮੈਂ ਅਣਬਲੀ ਸ਼ਮਾ ਹਾਂ ਤੂੰ ਕਦੇ ਤਾਂ ਬਾਲ ਮੈਨੂੰ

ਮੈਂ ਉਸਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ
ਮੈਂ ਉਸਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ

ਸੁਖਵਿੰਦਰ ਕੋਲ ਅਜਿਹੀ ਸਿਆਣਪ ਹੈ ਜੋ ਬਹੁਤ ਜਲਦੀ ਬੰਦਿਆਂ, ਚੀਜ਼ਾਂ ਤੇ ਸਥਿਤੀਆਂ ਦਾ ਜਾਇਜ਼ਾ ਲੈ ਲੈਂਦੀ ਹੈ। ਉਸ ਦੀ ਤੋਰ ਦੇ ਫਲਾਸਲੇ ਕਾਹਲੇ ਹੁੰਦੇ ਹਨ। ਕਈ ਸੁਆਣੀਆਂ ਸਾਰਾ ਦਿਨ ਘਰ ਦੇ ਕੰਮਾਂ ਵਿਚ ਗ਼ਲਤਾਨ ਰਹਿੰਦੀਆਂ ਹਨ ਪਰ ਸੁਖਵਿੰਦਰ ਕੋਲ ਘਰ ਦਾ ਕੰਮ ਕਰ ਕੇ ਵੀ ਲਿਖਣ ਪੜ੍ਹਨ ਲਈ ਕਾਫ਼ੀ ਸਮਾਂ ਹੁੰਦਾ ਹੈ। ਉਸ ਨੇ ਆਪਣੇ ਵਾਕਿਫ਼ਾਂ ਅਤੇ ਸਹੇਲੀਆਂ ਦਾ ਦਾਇਰਾ ਬਹੁਤ ਛੋਟਾ ਰੱਖਿਆ ਹੋਇਆ। ਗੁਆਂਢਣਾਂ ਨਾਲ ਵੀ ਉਹਦੀ ਸਿਰਫ਼ ਸਾਹਬ ਸਲਾਮ ਹੈ। ਉਹ ਸਮਝਦੀ ਹੈ ਕਿ ਉਸ ਦੀਆਂ ਅਸਲੀ ਗੁਆਂਢਣਾਂ ਤੇ ਸਹੇਲੀਆਂ ਉਸ ਦੀਆਂ ਕਿਤਾਬਾਂ ਕਾਪੀਆਂ ਹੀ ਹਨ; ਇੰਨ੍ਹਾਂ ਨਾਲ ਹੀ ਉਹ ਆਪਣਾ ਦੁਖ ਸੁਖ ਕਰਦੀ ਹੈ।
ਉਸਦੀ ਕਵਿਤਾ ਦੀ ਸਭ ਤੋਂ ਵੱਡੀ ਖ਼ੂਬੀ ਉਸ ਵਿਚ ਬੇਪਨਾਹ ਮੁਹੱਬਤ ਦਾ ਜਜ਼ਬਾ ਹੈ। ਉਸ ਦੀ ਮੁਹੱਬਤ ਦਿਨ ਰਾਤ ਨਦੀ ਵਾਂਗ ਸਾਗਰ ਵੱਲ ਵਗਦੀ ਹੈ। ਉਹ ਆਪਣੇ ਰਾਹ ਵਿਚ ਆਉਂਦੇ ਪੱਥਰਾਂ ਨੂੰ ਰੋੜ੍ਹਦੀ, ਖੋਰਦੀ ਜਾਂ ਉਨ੍ਹਾਂ ਨੂੰ ਝਕਾਨੀ ਦੇ ਕੇ ਲੰਘਦੀ ਜਾਂਦੀ ਹੈ। ਸਿਰ ਉੱਤੇ ਕਦੀ ਤੂਫ਼ਾਨ, ਕਦੀ ਸੂਰਜ, ਕਦੀ ਤਾਰਿਆਂ ਭਰਿਆ ਅਸਮਾਨ ਹੁੰਦਾ ਹੈ। ਉਹ ਉਸ਼ਾ, ਸੰਧਿਆ ਜਾਂ ਨਿਸ਼ਾ ਦੇ ਰੂਪ ਵਿਚ ਇਕ ਅਜ਼ਲੀ ਅਭਿਸਾਰਿਕਾ ਹੈ। ਉਹ ਮਿਥਿਹਾਸ, ਇਤਿਹਾਸ ਤੇ ਕਿੱਸਿਆਂ ਦੇ ਕਿਰਦਾਰਾਂ 'ਚੋਂ ਆਪਣਾ ਕਬੀਲਾ ਢੂੰਡਦੀ ਹੈ। ਉਹ ਲਿਖਦੀ ਹੈ

ਸ਼ਕੁੰਤਲਾ ਬਣ ਕੇ ਜਿਓਣ ਨਾਲੋਂ
ਚੰਗਾ ਹੈ
ਸੋਹਣੀ
ਸੁੰਦਰਾਂ
ਤੇ
ਹੀਰ ਬਣ ਕੇ ਮਰ ਜਾਣਾ
ਫ਼ਰੇਬੀ ਰੀਤਾਂ ਰਸਮਾਂ ਦੇ ਕਿਲਿਆਂ ਨੂੰ
ਸਰ ਕਰਨਾ
ਤੇ ਆਜ਼ਾਦ ਹਵਾ ਵਾਂਗ ਗੁਜ਼ਰ ਜਾਣਾ

ਸੁਖਵਿੰਦਰ ਅੰਮ੍ਰਿਤ ਦੀ ਸਾਰੀ ਸ਼ਾਇਰੀ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਤੋਂ ਪ੍ਰੇਰਣਾ ਲੈਂਦੀ ਪ੍ਰਤੀਤ ਹੁੰਦੀ ਹੈ:

ਜਾਲਉ ਐਸੀ ਰੀਤ
ਜਿਤੁ ਮੈ ਪਿਆਰਾ ਵੀਸਰੈ

ਸੁਖਵਿੰਦਰ ਅੰਮ੍ਰਿਤ

ਸੁਖਵਿੰਦਰ ਦੀ ਸ਼ਾਇਰੀ ਪੰਜਾਬੀ ਕਵਿਤਾ ਦੀ ਉਸ ਪਾਵਨ ਧਾਰਾ ਨਾਲ ਸਬੰਧ ਰੱਖਦੀ ਹੈ ਜਿਹੜੀ ਪਾਵਨ ਧਾਰਾ ਪਿਆਰ ਦੇ ਮਾਨਸਰੋਵਰਾਂ 'ਚੋਂ ਫੁੱਟਦੀ ਹੈ। ਉਸ ਦੀ ਕਵਿਤਾ ਦੇ ਜਹਾਨ ਵਿਚ ਪਿਆਰ ਦਾ ਚਿਹਰਾ ਹੀ ਸੂਰਜ ਚੰਦ ਬਣ ਕੇ ਚਮਕਦਾ ਹੈ।
ਉਸ ਦੀ ਜਿ਼ੰਦਗੀ, ਉਸਦਾ ਵਜੂਦ, ਉਸ ਦੇ ਰਿਸ਼ਤੇ, ਉਸ ਦੀ ਸ਼ਾਇਰੀ ਤੋਂ ਟੁੱਟੇ ਹੋਏ ਨਹੀਂ। ਉਸ ਦਾ ਮੁਕੰਮਲ ਆਪਾ ਉਸ ਦੀ ਸ਼ਾਇਰੀ ਵਿਚ ਸ਼ਾਮਿਲ ਹੈ। ਇਸ ਕਰ ਕੇ ਉਸ ਦੀ ਸ਼ਾਇਰੀ ਵਿਚ ਕੁਦਰਤੀ ਰਵਾਨੀ ਹੈ। ਇਕ ਹੋਰ ਗੱਲ ਜਿਹੜੀ ਉਸਦੀ ਸ਼ਾਇਰੀ ਨੂੰ ਰਵਾਨੀ ਦੇਂਦੀ ਹੈ ਉਹ ਇਹ ਹੈ ਕਿ ਉਹ ਸੁਰਤ ਸੰਭਾਲਣ ਦੀ ਉਮਰ ਤੋਂ ਹੀ ਗੀਤਾਂ ਦੀ ਦੀਵਾਨੀ ਹੈ। ਉਸ ਨੂੰ ਬੇਸ਼ੁਮਾਰ ਗੀਤ, ਲੋਕ ਗੀਤ ਜ਼ਬਾਨੀ ਯਾਦ ਹਨ। ਉਹ ਨਿੱਕੀ ਉਮਰੇ ਹੀ ਗੀਤ ਜੋੜਨ ਲੱਗ ਪਈ ਸੀ, ਜਿਹਨਾਂ ਵਿਚ ਅੰਤਾਂ ਦਾ ਵਹਾਅ ਤੇ ਲੈਅ ਸੀ ਤੇ ਛਮਦ-ਚਾਲ ਦੀ ਸੋਝੀ ਵੀ। ਉਹ ਨੇ ਬਚਪਨ ਵਿਚ ਮੁਸ਼ਕਲ ਪੜ੍ਹਾਈ ਬਾਰੇ ਇਕ ਗੀਤ ਜੋੜਿਆ ਸੀ:

ਹਾਏ ਨੀ ਅਲਜਬਰਾ
ਹਾਏ ਨੀ ਅੰਗਰੇਜ਼ੀ
ਸਾਨੂੰ ਲੱਗਦੀ ਸਮਾਜਕ ਔਖੀ
ਨਾਗਰਿਕਤਾ ਵੀ ਕਿਹੜੀ ਸੌਖੀ
ਨੀ ਇਹ ਕੀ ਪੁਆੜਾ ਪੈ ਗਿਆ
ਸਾਨੂੰ ਲੱਗਦੀ ਏ ਖੇਡ ਪਿਆਰੀ
ਉੱਤੋਂ ਪੇਪਰਾਂ ਦੀ ਹੋਈ ਨਾ ਤਿਆਰੀ
ਮਹੀਨਾ ਸਾਰਾ ਇਕ ਰਹਿ ਗਿਆ

ਇਸ ਲੰਬੇ ਅਭਿਆਸ ਕਾਰਣ ਛੰਦ ਤੇ ਬਹਿਰ ਉਸ ਲਈ ਕਦੇ ਅੜਚਣ ਨਹੀਂ ਬਣੇ। ਇਹਨਾਂ ਨੇ ਉਹਦੀ ਕਾਵਿ-ਉਡਾਣ ਨੂੰ ਕਦੇ ਰੋਕਿਆ ਨਹੀਂ। ਼ਲੋਕਧਾਰਾ ਉਸ ਦੀ ਭਾਸ਼ਾ-ਸਮਰੱਥਾ ਦਾ ਇਕ ਹੋਰ ਸੋਮਾ ਹੈ। ਉਸ ਦੀਆਂ ਲਿਖੀਆਂ ਬੋਲੀਆਂ ਵਿਚ ਇਸ ਦੀ ਰੰਗਤ ਗੂੜ੍ਹੀ ਹੈ:

ਮੋਰ ਤੇ ਸੱਪਣੀ ਲੜ ਪਏ ਇਕ ਦਿਨ
ਮੋਰ ਕਹੇ ਤੂੰ ਕੌਣ
ਸੱਪਣੀ ਨੇ ਉਹਦਾ ਪੂੰਝਾ ਫੜ ਲਿਆ
ਮੋਰ ਨੇ ਫੜ ਲਈ ਧੌਣ
ਖੇਡਾ ਦੇਖਣ ਪਾਣੀ ਆਇਆ
ਨਾਲੇ ਆਈ ਪੌਣ
ਨੀਲਿਆ ਮੋਰਾ ਵੇ
ਤੈਨੂੰ ਰੋਵਣ ਵਾਲਾ ਕੌਣ।।।

ਏਹੀ ਰੰਗਤ ਉਸਦੇ ਗੀਤਾਂ ਨੂੰ ਰੰਗਦੀ ਹੈ:

ਲਫ਼ਜ਼ਾਂ ਤੋਂ ਪਾਰ ਹੋਈ
ਮੇਰੇ ਇਸ਼ਕ ਦੀ ਕਹਾਣੀ
ਘੜਿਆਂ 'ਚ ਭਰ ਨਾ ਹੋਵੇ
ਨੀ ਇਹ ਬਾਰਸ਼ਾਂ ਦਾ ਪਾਣੀ

ਇਕ ਵਾਰ ਸੁਖਵਿੰਦਰ ਨੇ ਰੱਬ ਨੂੰ ਢੂੰਡਣ ਦੀ ਕੋਸਿ਼ਸ਼ ਕੀਤੀ। ਉਹ ਪਿਛਲੇ ਕਮਰੇ ਵਿਚ ਬੋਰੀ ਵਿਛਾ ਕੇ ਬਹਿ ਜਾਂਦੀ। ਆਪਣਾ ਧਿਆਨ ਦੋਹਾਂ ਅੱਖਾਂ ਵਿਚਕਾਰ ਮੱਥੇ ਤੇ ਕੇਂਦ੍ਰਿਤ ਕਰ ਲੈਂਦੀ। ਉਸ ਨੂੰ ਰੌਸ਼ਨੀ ਦੇ ਝਾਉਲੇ ਪੈਂਦੇ ਪਰ ਹਕੀਕਤ ਨਾ ਲੱਭਦੀ। ਉਸ ਦਾ ਦੁਨੀਆ ਨਾਲੋਂ ਮੋਹ ਟੁੱਟ ਗਿਆ। ਸਭ ਕੁਝ ਝੂਠਾ ਝੂਠਾ ਲੱਗਣ ਲੱਗ ਪਿਆ। ਰੇਡੀਓ, ਕਵਿਤਾ, ਬੱਚੇ ਜਿਹੜੇ ਕਦੀ ਬਹੁਤੇ ਪਿਆਰੇ ਲੱਗਦੇ ਸਨ, ਓਪਰੇ ਜਿਹੇ ਲੱਗਣ ਲੱਗ ਪਏ। ਉਹ ਸੁੰਨ ਮਸੁੰਨ ਮਹਿਸੂਸ ਕਰਨ ਲੱਗੀ। ਉਹਨੂੰ ਇਸ ਸੁੰਨੇਪਨ ਤੋਂ ਭੈਅ ਆਉਣ ਲੱਗਾ। ਉਸ ਨੂੰ ਲੱਗਿਆ ਉਹ ਜਿ਼ੰਦਗੀ ਨਾਲੋਂ ਟੁੱਟ ਕੇ ਮੌਤ ਦੀ ਰਾਹੇ ਪੈ ਗਈ ਹੈ। ਇਕ ਦਿਨ ਉਸ ਨੇ ਰੇਡੀਓ ਤੋਂ ਗੁਰਬਾਣੀ ਦਾ ਇਹ ਸ਼ਬਦ ਸੁਣਿਆ:

ਮੋਰੀ ਰੁਣਝੁਣ ਲਾਇਆ
ਭੈਣੇ ਸਾਵਣ ਆਇਆ

ਉਸ ਦੀ ਤਪਦੀ ਆਤਮਾ ਤੇ ਮੀਂਹ ਬਰਸਣ ਲੱਗਾ। ਉਸ ਨੂੰ ਵਿਸਮਾਦ ਦਾ ਅਨੁਭਵ ਹੋਇਆ। ਉਸ ਦੇ ਅੰਦਰੋਂ ਨਿਰੰਤਰ ਕਵਿਤਾ ਝਰਨ ਲੱਗੀ। ਉਹ ਕਈ ਦਿਨ, ਕਈ ਰਾਤਾਂ ਗ਼ਜ਼ਲਾਂ ਲਿਖਦੀ ਰਹੀ। ਇਹ ਇਕ ਮੁਅਜਜ਼ਾ ਸੀ। ਉਸ ਨੂੰ ਅਹਿਸਾਸ ਹੋਇਆ ਸ਼ਾਇਰੀ ਹੀ ਮੇਰੀ ਇਬਾਦਤ ਹੈ। ਸ਼ਾਇਰੀ ਹੀ ਮੈਨੂੰ ਰੱਬ ਨਾਲ ਜੋੜਦੀ ਹੈ।
ਸੁਖਵਿੰਦਰ ਦੀ ਸ਼ਾਇਰੀ ਵਿਚ ਇਕ ਅਨੂਠਾ ਜਿਹਾ ਹੁਸਨ, ਪਾਕੀਜ਼ਗੀ ਅਤੇ ਸਿ਼ੱਦਤ ਹੈ। ਉਸ ਦੀਆਂ ਗ਼ਜ਼ਲਾਂ ਨਾਲ ਪੰਜਾਬੀ ਸ਼ਾਇਰੀ ਵਿਚ ਇਕ ਇਹੋ ਜਿਹਾ ਰੰਗ ਪ੍ਰਵੇਸ਼ ਕਰਦਾ ਹੈ ਜੋ ਸੁਖਵਿੰਦਰ ਹੀ ਲੈ ਕੇ ਆਈ ਹੈ। ਇਸ ਵਿਚ ਪਿਆਰ, ਕੁਦਰਤ, ਹੁਸਨ, ਸੰਜੋਗ, ਵਿਜੋਗ ਦੇ ਇਹੋ ਜਿਹੇ ਮਰਹਲੇ ਤੇ ਮੰਜ਼ਰ ਬਿਆਨ ਕੀਤੇ ਗਏ ਹਨ ਜਿੰਨ੍ਹਾਂ ਤੇ ਕਿਸੇ ਵੀ ਭਾਸ਼ਾ ਦੀ ਸ਼ਾਇਰੀ ਮਾਣ ਕਰ ਸਕਦੀ ਹੈ:

ਰਾਤ ਦਿਨ ਇਹ ਨਛੱਤਰ ਗਿੜੀ ਜਾਂਵਦੇ
ਤੇਰੀ ਕੁਦਰਤ ਵੀ ਮਾਲਾ ਰਹੇ ਫੇਰਦੀ

ਰਾਤ ਦੇ ਜਿਸਮ ਨੂੰ ਕੰਬਣੀ ਛਿੜ ਗਈ
ਕੋਈ ਚਾਨਣ ਜਦੋਂ ਲੰਘਿਆ ਨੇੜ ਦੀ

ਏਨੀ ਨੇੜੇ ਤੋਂ ਹੁਣ ਕਜ਼ਾ ਗੁਜ਼ਰੇ
ਖਹਿ ਕੇ ਦੀਵੇ ਨੂੰ ਜਿਵੇਂ ਹਵਾ ਗੁਜ਼ਰੇ

ਹੁਣ ਕੀ ਜਿੰਦੇ ਦੇਖਣੋਂ ਰਿਹਾ ਤਮਾਸ਼ਾ ਹੋਰ
ਥੱਲੇ ਢੇਰੀ ਰਾਖ਼ ਦੀ ਉੱਤੇ ਨੱਚਦਾ ਮੋਰ

ਮੈਂ ਹਾਂ ਸ਼ਰਅ ਦੀ ਮੁਜਰਿਮ, ਮੈਂ ਹੀ ਸਜ਼ਾ ਦੇ ਕਾਬਿਲ
ਜ਼ਾਹਰ ਨੇ ਪੁਸ਼ਪ ਤੇਰਾ ਜਲ ਨਸ਼ਰ ਨ ਹੋਇਆ

ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ
ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ
ਕੀਹਨੇ ਧਰਤੀ ਦਾ ਦਿਲ ਫ਼ੋਲ ਕੇ ਦੇਖਣਾ
ਸਾਰੇ ਰੁੱਖਾਂ ਦੀ ਛਾਵੇਂ ਖੜ੍ਹੇ ਹੋਣਗੇ

ਐਸੀ ਮਜਲਸ ਵੀ ਇਕ ਦਿਨ ਸਜੇਗੀ ਜ਼ਰੂਰ
ਅਰਸ਼ ਖ਼ੁਦ ਆਏਗਾ ਮੇਦਨੀ ਦੇ ਹਜ਼ੂਰ
ਮੇਰੀ ਮਿੱਟੀ ਦਾ ਖਿੰਡਿਆ ਹੋਊ ਚਾਨਣਾ
ਤਾਰੇ ਬੰਨ੍ਹ ਕੇ ਕਤਾਰਾਂ ਖੜ੍ਹੇ ਹੋਣਗੇ

ਨੂਰ ਧਰਤੀ 'ਚੋਂ ਸਿੰਮ ਆਇਆ ਹੈ
ਕੌਣ ਮਿੱਟੀ 'ਚ ਦੱਬਿਆ ਦੇਖੋ

ਇਹ ਗਲ ਨੂੰ ਗਾਨੀ ਇਹ ਨੱਕ ਨੂੰ ਨੱਥਣੀ
ਇਹ ਪੈਰਾਂ ਨੂੰ ਜ਼ੰਜੀਰ ਆਈ
ਆਹ ਵੇਖ ਕੁੜੀਏ ਨੀ ਤਾਜ ਤੇਰੇ ਦੀ
ਨਾਲ ਇਕ ਤਸਵੀਰ ਆਈ

ਸਜਾ ਕੇ ਚੀਰਾ ਤੇ ਲਾ ਕੇ ਕਲਗੀ
ਇਹ ਕੌਣ ਮੈਨੂੰ ਵਿਆਹੁਣ ਆਇਆ
ਕਿ ਨਾਲ ਜਿਸਦੇ ਅਨੇਕ ਰੀਤਾਂ
ਤੇ ਰਿਸ਼ਤਿਆਂ ਦੀ ਵਹੀਰ ਆਈ

ਅਸੀਸਾਂ ਆਈਆਂ ਦੁਆਵਾਂ ਆਈਆਂ
ਡੰਗੋਰੀ ਫੜ ਸਿੱਖਿਆਵਾਂ ਆਈਆਂ
ਨਵੀਂ ਵਿਆਹੀ ਦੀ ਰਾਖੀ ਖਲਾਤਰ
ਇਹ ਨਾਲ ਲਛਮਣ-ਲਕੀਰ ਆਈ

ਮੇਰੀ ਮਿੱਟੀ ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ
ਕਿਵੇਂ ਆਖਾਂ ਨਹੀਂ ਲੱਗਦਾ ਇੰਨ੍ਹਾਂ ਪੌਣਾਂ ਤੋਂ ਡਰੀ ਹੋਈ

ਕੌਣ ਹੱਸਿਆ ਹੈ ਮੇਰੇ ਹੰਝੂਆਂ ਤੇ
ਮੇਰਾ ਅਗਲਾ ਦੀਵਾਨਾ ਹੋਵੇਗਾ

ਮੈਂ ਇਉਂ ਤੜਪਾਂ, ਮੈਂ ਇਉਂ ਸਿਸਕਾਂ ਤੇ ਇਉਂ ਦੇਵਾਂ ਸਦਾ ਉਸਨੂੰ
ਮੇਰਾ ਦਰਿਆ ਮੇਰੀ ਖ਼ਾਤਰ ਸਮੁੰਦਰ ਚੋਂ ਵੀ ਮੁੜ ਆਵੇ

ਸੁਖਵਿੰਦਰ ਦੀ ਕਵਿਤਾ ਵਿਚ ਸੂਫ਼ੀਆਨਾ ਦਾ ਰੰਗ ਵੀ ਬਹੁਤ ਗੂੜ੍ਹਾ ਹੈ। ਉਸ ਨੇ ਆਪਣੀ ਇਕ ਪੁਸਤਕ ਸੂਫ਼ੀ ਕਵੀਆਂ ਨੂੰ ਸਮਰਪਿਤ ਕੀਤਾ। ਏਸੇ ਰੰਗ ਵਿਚ ਉਸ ਨੇ ਮੁਰਸ਼ਦਨਾਮਾ ਲਿਖਿਆ। ਮੇਰੇ ਬਾਰੇ ਬਹੁਤ ਮਾਣ, ਮੁਹੱਬਤ, ਅਕੀਦਤ ਅਤੇ ਮੁਬਾਲਗਾ-ਆਮੇਜ਼ੀ ਨਾਲ ਭਰਿਆ ਹੋਇਆ ਹੈ ਉਹ ਮੁਰਸ਼ਦਨਾਮਾ। ਮੈਂ ਜਦ ਕਦੀ ਪੜ੍ਹਿਆ ਹੈ ਤਾਂ ਆਪਣੇ ਆਪ ਨੂੰ ਮਨਫ਼ੀ ਕਰ ਕੇ ਪੜ੍ਹਿਆ ਹੈ ਤੇ ਸੋਚਿਆ ਹੈ: ਪੀਰ ਨਹੀਂ ਉਡਦੇ ਮੁਰੀਦ ਉਡਾਇਆ ਕਰਦੇ ਹਨ; ਉਸਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਲਾਲਚ ਕਰ ਰਿਹਾ ਹਾਂ:

ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ

ਸਮੇਂ ਦੇ ਗੰਧਲੇ ਪਾਣੀ ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੇਰ 'ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ

ਉਹਦੇ ਲਫ਼ਜ਼ਾਂ ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ

ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵੱਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ

ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਦੇਖਿਆ ਨਾ ਝੁਕ ਰਿਹਾ ਪਾਤਰ

ਸੁਖਵਿੰਦਰ ਦੀ ਸ਼ਾਇਰੀ ਤੇ ਸ਼ਖ਼ਸੀਅਤ ਦੀ ਸ਼ਕਤੀ ਉਸ ਦੇ ਜੀਵਨ-ਸੰਘਰਸ਼ 'ਚੋਂ ਪੈਦਾ ਹੋਈ, ਜੋ ਉਸ ਦੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਤੇ ਸਹੁਰੇ ਘਰ ਦੀ ਦਹਿਲੀਜ਼ ਵੀ ਉਹਦੇ ਨਾਲ ਹੀ ਲੰਘ ਆਇਆ। ਉਸ ਨੇ ਕਿਸ ਤਰ੍ਹਾਂ ਸੀਨੇ ਵਿਚਲੀ ਅਗਨੀ ਨੂੰ ਚਿਰਾਗ਼ਾਂ ਵਿਚ ਬਦਲਿਆ, ਇਹ ਓਹੀ ਜਾਣਦੀ ਹੈ। ਸੌੜੈ ਖਿ਼ਆਲਾਂ ਵਾਲੇ ਪੇਕੇ ਤੇ ਸਹੁਰਿਆਂ ਨੂੰ ਕਿਸ ਤਰਾਂ ਹੌਲੀ ਹੌਲੀ ਉਹਨੇ ਆਪਣੀ ਲਗਨ, ਪ੍ਰਤਿਭਾ ਤੇ ਮਿਹਨਤ ਨਾਲ ਆਪਣਾ ਕਾਇਲ ਕਰ ਲਿਆ, ਇਸ ਦੀ ਇਕ ਦਿਲਚਸਪ ਮਿਸਾਲ ਇਹ ਹੈ ਕਿ ਇਕ ਦਿਨ ਉਹਦੀ ਸੱਸ ਬੜੇ ਤਿਹੁ ਨਾਲ ਪੁੱਛਣ ਲੱਗੀ: ਬਿੰਦਰ ਹੁਣ ਆਪਣੀਆਂ ਕੈ ਕਿਤਾਬਾਂ ਹੋ ਗਈਆਂ? ਉਹ ਸੁਖਵਿੰਦਰ ਦੀਆਂ ਕਿਤਾਬਾਂ ਨੂੰ ਹੁਣ ਤੇਰੀਆਂ ਨਹੀਂ ਆਪਣੀਆਂ ਕਹਿੰਦੀ ਹੈ ਤੇ ਚਾਹੁੰਦੀ ਹੈ ਇੰਨ੍ਹਾਂ ਦੀ ਗਿਣਤੀ ਵਧਦੀ ਹੀ ਜਾਵੇ।
ਸੂੁਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਕਣੀਆਂ, ਪੱਤਝੜ ਵਿਚ ਪੁੰਗਰਦੇ ਪੱਤੇ, ਧੁੱਪ ਦੀ ਚੁੰਨੀ, ਹਜ਼ਾਰ ਰੰਗਾਂ ਦੀ ਲਾਟ ਤੇ ਪੁੰਨਿਆ।।।ਹੁਣ ਉਹ ਕਿੰਨੀਆਂ ਖ਼ੂਬਸੂਰਤ ਕਿਤਾਬਾਂ ਦੀ ਰਚਣਹਾਰ ਹੈ।
ਜਿਹੋ ਜਿਹੇ ਹਾਲਾਤ ਵਿਚ ਖੁ਼ਦਕੁਸ਼ੀ ਹੀ ਇਕ ਰਸਤਾ ਹੁੰਦੀ ਹੈ, ਉਹੋ ਜਿਹੇ ਹਾਲਾਤ ਵਿਚ ਸੁਖਵਿੰਦਰ ਨੇ ਜਿ਼ੰਦਗੀ ਤੇ ਸ਼ਾਇਰੀ ਬਣ ਕੇ ਦਿਖਾਇਆ। ਉਸ ਨੂੰ ਰੋਜ਼ ਉਨ੍ਹਾਂ ਮੁੰਡਿਆਂ ਕੁੜੀਆਂ ਦੇ ਖ਼ਤ ਆਉਂਦੇ ਹਨ ਜਿੰਨ੍ਹਾਂ ਲਈ ਉਹ ਪ੍ਰੇਰਣਾ ਸ੍ਰੋਤ ਹੈ, ਜਿੰਨ੍ਹਾਂ ਲਈ ਉਹ ਆਸ ਦੀ ਕਿਰਣ ਹੈ, ਜਿੰਨ੍ਹਾਂ ਲਈ ਉਹ ਜਿਓਣ ਦਾ ਅੰਦਾਜ਼ ਹੈ।
ਮੇਰੀ ਇਕ ਕਵਿਤਾ ਹੈ:

ਇਸ ਵਾਰ
ਪੂਰਨ ਦੇ ਜਾਣ ਤੇ
ਆਪਣੀ ਇਕੱਲਤਾ ਦੀ ਅਟਾਰੀ ਤੋਂ
ਡਿੱਗ ਕੇ
ਸੁੰਦਰਾਂ ਚਿੱਟੇ ਸਫਿ਼ਆਂ ਤੇ
ਕਾਲੇ ਮੋਤੀਆਂ ਵਾਂਗ ਬਿਖਰ ਜਾਵੇਗੀ
ਸ਼ੁਕਰ ਹੈ
ਇਸ ਵਾਰ
ਸੁੰਦਰਾਂ ਮਰੇਗੀ ਨਹੀਂ।

ਪੂਰਨ ਦੇ ਜਾਣ ਤੇ ਸੁੰਦਰਾਂ ਨੇ ਆਪਣੇ ਮਹਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਪਰ ਸੁਖਵਿੰਦਰ ਉਹ ਸੁੰਦਰਾਂ ਹੈ ਜੋ ਆਪਣੀ ਇਕੱਲਤਾ ਦੀ ਅਟਾਰੀ ਤੋਂ ਡਿੱਗ ਕੇ ਮਰੀ ਨਹੀਂ, ਕਾਲੇ ਮੋਤੀਆਂ ਵਾਂਗ ਚਿੱਟੇ ਪੰਨਿਆਂ ਤੇ ਬਿਖਰ ਗਈ ਹੈ। ਕਾਸ਼, ਪੂਰਨ ਦੀ ਸੁੰਦਰਾਂ ਵੀ ਸ਼ਾਇਰਾ ਹੁੰਦੀ, ਉਹ ਆਤਮ-ਹੱਤਿਆ ਕਰਨ ਦੀ ਥਾਂ ਜੀਵਨ ਦਾ ਸੁਨੇਹਾ ਦੇਣ ਵਾਲੀ ਸ਼ਾਇਰੀ ਲਿਖਦੀ ਤੇ ਸ਼ਾਇਦ ਇਕ ਦਿਨ ਪੂਰਨ ਉਹਦੇ ਦਰੋਂ ਅੱਖਰਾਂ ਦੇ ਕਾਲੇ ਮੋਤੀਆਂ ਦੀ ਭਿੱਖਿਆ ਲੈਣ ਆਉਂਦਾ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346