Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

ਅੰਗਰੇਜੀ ਵਾਲ਼ਾ ਮਾਸ਼ਟਰ

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

ਭਗਤ ਸਿੰਘ ਦੀ ਤਸਵੀਰ
- ਅਮਰਜੀਤ ਚੰਦਨ

 

ਸਾਡੇ ਕੋਲ਼ ਭਗਤ ਸਿੰਘ ਦੀਆਂ ਕੁਲ ਚਾਰ ਤਸਵੀਰਾਂ ਹਨ - ਬਚਪਨ ਵੇਲੇ ਦੀ ਜਿਸ ਵਿਚ ਭਗਤ ਸਿੰਘ ਦੇ ਹੱਥ ਵੀ ਦਿਸਦੇ ਹਨ; ਦੂਜੀ ਨੈਸ਼ਨਲ ਕੌਲਿਜ ਲਹੌਰ ਦੀ ਡਰਾਮਾ ਕਲੱਬ ਦੀ ਗਰੁੱਪ ਫ਼ੋਟੋ ਵਿੱਚੋਂ ਕੱਢੀ ਟੌਰ੍ਹੇ ਵਾਲ਼ੀ ਪੱਗ ਵਾਲ਼ੀ; ਤੀਜੀ ਪੁਲਸ ਹਿਰਾਸਤ ਵਿਚ ਮੰਜੀ ਉੱਤੇ ਬੈਠੇ ਦੀ ਅਤੇ ਅਖ਼ੀਰਲੀ ਟੋਪ ਵਾਲ਼ੀ। ਸਭ ਤੋਂ ਵਧ ਮਕਬੂਲ ਟੋਪ ਵਾਲ਼ੀ ਤਸਵੀਰ ਹੀ ਹੈ। ਇਹ ਤਸਵੀਰ ਭਾਵੇਂ ਸੁਹਜੀ ਨਹੀਂ, ਪਰ ਇਹ ਸਾਡੇ ਲਈ ਬਹੁਤ ਕੁਝ ਹੈ। ਮੈਂ ਹੁਣ ਇਸ ਤਸਵੀਰ ਬਾਰੇ ਗੱਲ ਕਰਨੀ ਹੈ।

ਇਸ ਸਦੀ ਵਿਚ ਪੰਜਾਬ ਵਿਚ ਜਿੰਨੀ ਭਗਤ ਸਿੰਘ ਦੇ ਨਾਂ ਦੀ ਸੋਭਾ ਹੋਈ, ਓਨੀ ਕਿਸੇ ਦੀ ਨਹੀਂ ਹੋਈ। ਸਿੱਖ ਗੁਰੂਆਂ ਜਿੰਨਾ ਪਿਆਰ ਤੇ ਸ਼ਰਧਾ ਲੋਕਾਂ ਦੇ ਮਨਾਂ ਵਿਚ ਭਗਤ ਸਿੰਘ ਵਾਸਤੇ ਵੀ ਹੈ। ਨਾਨਕ ਜਾਂ ਗੋਬਿੰਦ ਸਿੰਘ ਤੇ ਭਗਤ ਸਿੰਘ ਦੀ ਤਸਵੀਰ ਵਿਚ ਏਨਾ ਹੀ ਫ਼ਰਕ ਹੈ ਕਿ ਗੁਰੂਆਂ ਦੀ ਮੂਰਤ ਫ਼ਰਜ਼ੀ ਹੈ, ਪਰ ਭਗਤ ਸਿੰਘ ਦੀ ਨਹੀਂ। ਇਹ ਹਰ ਕਿਸੇ ਦੇ ਏਨਾ ਨੇੜੇ ਤੇ ਏਨਾ ਅਪਣੇ ਵਰਗਾ ਹੈ ਕਿ ਇਸ ਅੱਗੇ ਕੋਈ ਮੱਥਾ ਤਾਂ ਭਾਵੇਂ ਟੇਕਦਾ ਹੋਏ, ਪਰ ਮੰਨਤਾਂ ਨਹੀਂ ਮੰਨਦਾ ਹੋਣਾ। ਪਰ ਅਪਣੀ ਜ਼ਿੰਦਗੀ ਤੇ ਕੁਰਬਾਨੀ ਸਦਕਾ ਭਗਤ ਸਿੰਘ ਆਮ ਬੰਦੇ ਦੇ ਅਪਣੇ ਵਰਗਾ ਹੁੰਦਿਆਂ ਵੀ ਏਨਾ ਕੁ ਵੱਖਰਾ ਜ਼ਰੂਰ ਹੈ; ਜਿਸਤੋਂ ਅਹਿਸਾਨਮੰਦੀ, ਇਜ਼ਤ ਤੇ ਸ਼ਰਧਾ ਸ਼ੁਰੂ ਹੁੰਦੀ ਹੈ। ਢਾਬਿਆਂ ਤੇ ਨਾਈਆਂ ਦੀਆਂ ਹੱਟੀਆਂ ਵਿਚ ਲਟਕਦੇ ਕੈਲੰਡਰਾਂ, ਟਰੱਕਾਂ ਦੀਆਂ ਬਾਰੀਆਂ ਤੇ ਰਿਕਸ਼ਿਆਂ ਦੇ ਪਿਛਾੜੀ, ਮੇਲਿਆਂ ਵਿਚ ਵਿਕਦੇ ਕਿੱਸਿਆਂ ਚਿੱਠਿਆਂ ਦੇ ਮੋਹਰੇ ਭਗਤ ਸਿੰਘ ਦੀ ਟੋਪ ਵਾਲ਼ੀ ਮੂਰਤ ਆਮ ਨਜ਼ਰ ਆਉਂਦੀ ਹੈ। ਕੁੜੀਆਂ ਇਸ ਮੂਰਤ ਦਾ ਕਸੀਦਾ ਕਢਦੀਆਂ ਹਨ। ਟੋਪ ਤੇ ਮੁੱਛਾਂ ਨੂੰ ਛੱਡ ਕੇ ਹਰ ਮੂਰਤ ਵਿਚ ਨੈਣ-ਨਕਸ਼ਾਂ ਚ ਪਿਆ ਫ਼ਰਕ ਜਾਂ ਤਾਂ ਮੂਰਤ ਨੂੰ ਸੁਹਜਾ ਬਣਾ ਦਿੰਦਾ ਹੈ ਜਾਂ ਕੁਹਜਾ; ਪਰ ਇਹਦਾ ਸੁਨੇਹਾ ਕਦੇ ਨਹੀਂ ਬਦਲਦਾ; ਇਹ ਆਦਿ-ਜੁਗਾਦੀ ਜੁ ਹੋ ਗਿਆ ਹੈ।

ਇਹ ਤਸਵੀਰ ਭਗਤ ਸਿੰਘ ਨੇ ਬਟੁਕੇਸ਼ਵਰ ਦੱਤ ਨਾਲ਼ ਜਾ ਕੇ ਕਸ਼ਮੀਰੀ ਗੇਟ ਦਿੱਲੀ ਦੇ ਫ਼ੋਟੋਗਰਾਫਰ ਰਾਮ ਨਾਥ ਤੋਂ 9 ਅਪ੍ਰੈਲ 1929 ਵਾਲ਼ੇ ਦਿਨ ਪਾਰਲੀਮੈਂਟ ਵਿਚ ਬੰਬ ਸੁੱਟਣ ਤੇ ਗ੍ਰਿਫ਼ਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਖਿਚਵਾਈ ਸੀ। ਇੱਕੋ ਦਿਨ ਇੱਕੋ ਵੇਲੇ ਅੱਗੜ-ਪਿੱਛੜ ਖਿਚਵਾਈਆਂ ਫ਼ੋਟੋਆਂ ਵਿਚ ਦੱਤ ਨੇ ਸਿਰ ਤੇ ਟੋਪ ਨਹੀਂ ਲਿਆ ਹੋਇਆ। ਸ਼ਾਇਦ ਉਹ ਟੋਪ ਲੈਣੋਂ ਸੰਙਦਾ ਹੋਏਗਾ। ਨਾਲ਼ੇ ਇਹ ਭਗਤ ਸਿੰਘ ਜਿੰਨਾ ਸ਼ੌਕੀਨ ਵੀ ਨਹੀਂ ਸੀ। ਦੱਤ ਤਸਵੀਰ ਵਿਚ ਕੈਮਰੇ ਜਾਂ ਦਰਸ਼ਕ ਵਲ ਨਹੀਂ ਦੇਖ ਰਿਹਾ। ਆਮ ਲੋਕਾਂ ਭਾਣੇ ਭਗਤ ਸਿੰਘ ਦੱਤ ਇੱਕੋ ਬੰਦੇ ਦਾ ਨਾਂ ਹੈ।

ਭਗਤ ਸਿੰਘ ਦੀ ਇਹ ਤਸਵੀਰ ਜ਼ਿੰਦਾਦਿਲੀ, ਸਾਦਗੀ ਤੇ ਨਿਹਚੇ ਦਾ ਨਿਸ਼ਾਨ ਹੈ। ਫ਼ੋਟੋਗਰਾਫ਼ਰ ਦੇ ਗਾਹਕਾਂ ਵਾਸਤੇ ਰੱਖੇ ਫ਼ੈਲਟ ਹੈਟ ਨੂੰ ਪਾ ਕੇ ਭਗਤ ਸਿੰਘ ਬਾਂਕਾ ਛੈਲ ਜਵਾਨ ਨਜ਼ਰ ਆਉਂਦਾ ਹੈ। (ਇਹਨੂੰ ਫ਼ਿਲਮਾਂ ਦੇਖਣ ਦਾ ਬੜਾ ਸ਼ੌਕ ਸੀ)। ਪਰ ਏਨਾ ਜੈਂਟਲਮੈਨ ਵੀ ਨਹੀਂ ਕਿ ਟੋਪ ਨਾਲ਼ ਜੈਕਟ ਪਾ ਲੈਂਦਾ। ਭਾਵੇਂ ਨਿਰੀ ਕਮੀਜ਼ ਨਾਲ਼ ਪਾਇਆ ਟੋਪ ਬੇਢਬਾ ਲਗਦਾ ਹੈ, ਪਰ ਇਸ ਤੋਂ ਮਸਤੀ ਝਲਕਦੀ ਹੈ। ਇਹਨੇ ਜੇਲ ਚੋਂ ਚਿੱਠੀ ਲਿਖ ਕੇ ਸ਼ੈਕਸਪੀਅਰੀ ਕਾਲਰਾਂ ਵਾਲ਼ੀ ਕਮੀਜ਼ ਮੰਗਵਾਈ ਸੀ। ਮੁੱਛਾਂ ਤੇ ਘੰਡੀ ਵਾਲ਼ੀ ਧੌਣ ਤੋਂ ਮਰਦਾਨਗੀ ਝਲਕਦੀ ਹੈ ਅਤੇ ਅਪਣੀ ਮਾਂ ਵਰਗੀਆਂ ਸੁਪਨਈ ਅੱਖਾਂ ਤੇ ਠੋਡੀ ਤੋਂ ਨਿਹਚਾ। ਬੁੱਲ੍ਹਾਂ ਵਿਚ ਸੰਵੇਦਨਾ ਹੈ।

ਰਾਮ ਨਾਥ ਇਹ ਤਾਂ ਜਾਣਦਾ ਹੀ ਹੋਣਾ ਹੈ ਕਿ ਭਗਤ ਸਿੰਘ ਮਫ਼ਰੂਰ ਹੈ। ਪਤਾ ਨਹੀਂ ਇਹਦੀ ਇਹ ਮੂਰਤ ਲਾਂਹਦਿਆਂ ਇਹਨੂੰ ਇਹਦੀ ਤਵਾਰੀਖ਼ੀ ਅਹਿਮੀਅਤ ਦਾ ਪਤਾ ਸੀ ਜਾਂ ਨਹੀਂ; ਪਰ ਭਗਤ ਸਿੰਘ ਦੱਤ ਨੂੰ ਜ਼ਰੂਰ ਪਤਾ ਸੀ। ਇਹ ਮੂਰਤ ਵਾਪਰਨ ਵਾਲ਼ੀ ਬਹੁਤ ਵੱਡੀ ਘਟਨਾ ਵਲ ਇਸ਼ਾਰਾ ਹੈ। ਕਿੰਨਾ ਚੰਗਾ ਹੁੰਦਾ, ਜੇ ਰਾਮ ਨਾਥ ਇਨ੍ਹਾਂ ਦੀਆਂ ਹੋਰ ਤਸਵੀਰਾਂ ਵੀ ਲਾਹ ਕੇ ਰਖ ਲੈਂਦਾ।

ਬਹੁਤ ਘਟ ਤਸਵੀਰਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਿਰਲੇਖ ਲਿਖਣ ਦੀ ਲੋੜ ਨਹੀਂ ਹੁੰਦੀ। ਭਗਤ ਸਿੰਘ ਦੀ ਇਹ ਤਸਵੀਰ ਵੀ ਐਸੀਆਂ ਤਸਵੀਰਾਂ ਵਿਚ ਸ਼ੁਮਾਰ ਹੁੰਦੀ ਹੈ। ਫ਼ਰਾਂਸੀਸੀ ਫੈਲਸੂਫ ਰੋਲਾਂ ਬਾਰਤ ਦੇ ਕਹਿਣ ਵਾਂਙ ਤਸਵੀਰ ਦਾ ਸਿਰਲੇਖ ਜਾਂ ਤਾਂ ਤਸਵੀਰ ਨੂੰ ਉਚਿਆਣ ਵਾਸਤੇ ਲਿਖੀਦਾ ਹੈ, ਜਾਂ ਤਰਸ ਪੈਦਾ ਕਰਨ ਲਈ ਅਤੇ ਜਾਂ ਕੋਈ ਮਨਤਕ ਦੇਣ ਵਾਸਤੇ। ਭਗਤ ਸਿੰਘ ਲੋਕ ਮਨ ਵਿਚ ਏਨਾ ਵੱਸਿਆ ਹੋਇਆ ਹੈ ਕਿ ਇਹਦੀ ਇਕ ਝਲਕ ਮਾਤਰ ਹੀ ਅਪਣੇ ਆਪ ਨੂੰ ਉਚਿਆਂਦੀ ਵੀ ਹੈ ਤੇ ਤਰਸ ਵੀ ਪੈਦਾ ਕਰਦੀ ਹੈ।

ਪੁਲਸ ਵਾਲ਼ੇ ਸ਼ਨਾਖ਼ਤ ਵਾਸਤੇ ਮੁਲਜ਼ਮ ਦੇ ਗਲ਼ ਵਿਚ ਨੰਬਰ ਵਾਲ਼ੀ ਸਲੇਟ ਪਾ ਕੇ ਸਾਹਮਣਿਉਂ ਤੇ ਪਾਸਿਉਂ ਫ਼ੋਟੋਆਂ ਉਤਾਰਦੇ ਹੁੰਦੇ ਹਨ। ਕਿਸੇ ਨੂੰ ਪਤਾ ਨਹੀਂ ਕਿ ਦਿੱਲੀ ਜਾਂ ਲਹੌਰ ਪੁਲਸ ਨੇ ਭਗਤ ਸਿੰਘ ਦੀਆਂ ਇਹੋ ਜਿਹੀਆਂ ਤਸਵੀਰਾਂ ਖਿੱਚੀਆਂ ਸਨ ਜਾਂ ਨਹੀਂ। ਜੇ ਕਿਤੇ ਇਹ ਲਭ ਪੈਣ, ਤਾਂ ਭਗਤ ਸਿੰਘ ਉਨ੍ਹਾਂ ਵਿਚ ਕਿਹੋ ਜਿਹਾ ਨਜ਼ਰ ਆਉਂਦਾ ਹੋਵੇਗਾ? ਟੋਪ ਤਾਂ ਉਨ੍ਹਾਂ ਚ ਕਦੇ ਹੋ ਨਹੀਂ ਹੋ ਸਕਦਾ। ਕੁਝ ਦਿਨਾਂ ਦੀ ਕਰੜਬਰੜੀ ਦਾਹੜੀ ਹੋਏਗੀ। ਤਸ਼ੱਦਦ ਦੇ ਝੰਬੇ ਹੋਏ ਭਗਤ ਸਿੰਘ ਦੇ ਥੱਕੇ ਹੋਏ ਮੁੱਖੜੇ ਤੇ ਟੋਪ ਵਾਲ਼ੀ ਤਸਵੀਰ ਵਾਲ਼ੀ ਅਲਸਾਹਟ ਤੇ ਜਲਾਲ ਭਾਵੇਂ ਨਾ ਹੋਵੇ, ਪਰ ਨਿਹਚਾ ਜ਼ਰੂਰ ਹੋਏਗਾ।

ਭਗਤ ਸਿੰਘ ਨੇ ਅਮਰੀਕਾ ਰਹਿੰਦੇ ਅਪਣੇ ਗਰਾਈਂ ਅਮਰ ਚੰਦ ਨੂੰ ਮਈ 1927 ਵਿਚ ਚਿੱਠੀ ਲਿਖੀ ਸੀ: ਵੀਰ ਮੇਰੀ ਵਿਦੇਸ਼ ਜਾ ਕੇ ਤਾਲੀਮ ਹਾਸਿਲ ਕਰਨ ਦੀ ਖ਼੍ਵਾਹਿਸ਼ ਖ਼ੂਬ ਬਰਬਾਦ ਹੋ ਗਈ। ਜੇ ਭਗਤ ਸਿੰਘ ਦੀ ਇਹ ਖ਼ਾਹਸ਼ ਪੂਰੀ ਹੋਈ ਹੁੰਦੀ ਜਾਂ ਇਹ ਹੋਰਨਾਂ ਪੰਜਾਬੀ ਇਨਕਲਾਬੀਆਂ ਵਾਂਙ ਰੂਸ ਗਿਆ ਹੁੰਦਾ, ਤਾਂ ਇਹਨੂੰ ਪਾਸਪੋਰਟ ਵਾਸਤੇ ਫ਼ੋਟੋ ਜ਼ਰੂਰ ਖਿਚਵਾਣੀ ਪੈਣੀ ਸੀ। ਪਾਸਪੋਰਟ ਵਾਲ਼ੀ ਫ਼ੋਟੋ ਵਿਚ ਟੋਪ ਨਹੀਂ ਪਾਈਦਾ। ਤਾਂ ਵੀ ਟੋਪ ਵਾਲ਼ੀ ਤਸਵੀਰ ਵਾਂਙ ਪਾਸਪੋਰਟ ਦੀ ਤਸਵੀਰ ਦਾ ਮੂੰਹ ਭਵਿਖ ਵਲ ਹੁੰਦਾ। ਪੁਲਸ ਦੀ ਲਾਹੀ ਤਸਵੀਰ ਦਾ ਮੂੰਹ ਹਮੇਸ਼ਾ ਅਤੀਤ ਵਲ ਹੁੰਦਾ ਹੈ। ਪੁਲਸੀਏ ਤਸੀਹੇ ਵੀ ਬੀਤੇ ਵੇਲੇ ਦੀਆਂ ਤਹਿਆਂ ਫੋਲਣ ਲਈ ਦਿੰਦੇ ਹਨ। ਪੁਲਸ ਹਿਰਾਸਤ ਵਿਚ ਭਵਿਖ ਅਲੋਪ ਹੋ ਜਾਂਦਾ ਹੈ।

ਭਗਤ ਸਿੰਘ ਦੀ ਇਸ ਤਸਵੀਰ ਦੀ ਇਕ ਹੋਰ ਸਿਫ਼ਤ ਇਹ ਵੀ ਹੈ ਕਿ ਇਹ ਰਿਆਸਤ (ਸਟੇਟ) ਦਾ ਲੋਕਾਂ ਉੱਤੇ ਮੜ੍ਹਿਆ ਹੋਇਆ ਇੱਮੇਜ ਨਹੀਂ। ਅਸੀਂ ਲੋਕਾਂ ਨੇ ਇਹਨੂੰ ਏਸ ਲਈ ਸਾਂਭ-ਸਾਂਭ ਰੱਖਿਆ ਹੈ, ਕਿਉਂਕਿ ਇਹ ਸਾਨੂੰ ਪਿਆਰਾ ਲਗਦਾ ਹੈ। ਏਸ ਪਿਆਰ ਵਿਚ ਰਹਿੰਦੀ ਦੁਨੀਆ ਤਕ ਕੋਈ ਫ਼ਰਕ ਨਹੀਂ ਪੈਣਾ। ਇਹ ਤਸਵੀਰ ਦੇਖਣ ਵਾਲ਼ੇ ਵਲ ਦੋਸਤੀ ਦਾ ਹੱਥ ਵਧਾਉਂਦੀ ਹੈ। ਇਹਦੇ ਐਨ ਉਲਟ ਸਤਾਲਿਨ ਦੀ ਤਸਵੀਰ ਵੀ ਹੈ। ਪੰਜਾਬ ਸਰਕਾਰ ਨੇ ਭਗਤ ਸਿੰਘ ਦੀ ਇਸ ਤਸਵੀਰ ਨੂੰ ਬਦਲਣ ਦੀ ਫ਼ਿਰਕਾਪ੍ਰਸਤ ਕਰਤੂਤ ਕੀਤੀ ਸੀ। ਚਿਤ੍ਰਕਾਰ ਅਮਰ ਸਿੰਘ ਬਾਂਸਲ ਨੇ ਟੋਪ ਲਾਹ ਕੇ ਪੱਗ ਰਖ ਦਿੱਤੀ। ਇਹੀ ਹਾਲ ਊਧਮ ਸਿੰਘ ਦੀ ਤਸਵੀਰ ਦਾ ਹੋਇਆ। ਪੰਜਾਬ ਸਰਕਾਰ ਨੂੰ ਤਾਂ ਕੀ ਦੋਸ਼ ਦਿੱਤਾ ਜਾ ਸਕਦਾ ਹੈ? ਬੜੇ ਸਾਲ ਪਹਿਲਾਂ ਕਿਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲ਼ਦੀ ਇੱਕੋ-ਇਕ ਬੋਦਿਆਂ ਵਾਲ਼ੀ ਤਸਵੀਰ ਵਿਚ ਅਮ੍ਰਿਤਸਰ ਦੇ ਗੁਰਦਿਆਲ ਸਿੰਘ ਫ਼ੋਟੋਗਰਾਫ਼ਰ ਨੂੰ ਆਖ ਕੇ ਭੱਦੀ-ਜਿਹੀ ਪੱਗ ਬੰਨ੍ਹਵਾ ਦਿੱਤੀ ਸੀ। ਭਗਤ ਸਿੰਘ ਦੀ ਮੰਜੀ ਵਾਲ਼ੀ ਤਸਵੀਰ ਵਿਚ ਨਾਲ਼ ਜੋ ਸੀ।ਆਈ।ਡੀ ਦਾ ਬੰਦਾ ਬੈਠਾ ਹੈ, ਉਹ ਹੁਣ ਬਣਾਏ ਜਾਂਦੇ ਕੈਲੰਡਰਾਂ ਵਿਚ ਭਾਈ ਰਣਧੀਰ ਸਿੰਘ ਬਣਾਇਆ ਹੁੰਦਾ ਹੈ।

ਜਿਉਂ ਮੌਤ ਉਮਰ ਨੂੰ ਵਧਣੋਂ ਯਕਲਖ਼ਤ ਰੋਕ ਦਿੰਦੀ ਹੈ, ਇਵੇਂ ਕੈਮਰੇ ਦੀ ਕਲਿਕ ਵੇਲੇ ਦੇ ਅਨੰਤ ਵਹਿਣ ਨੂੰ ਤੋੜ ਕੇ ਦਰਜ ਕਰ ਲੈਂਦੀ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ। ਅੱਜ ਅਸੀਂ ਅੱਸੀ ਸਾਲਾਂ ਦਾ ਬਾਬਾ ਭਗਤ ਸਿੰਘ ਨਹੀਂ ਚਿਤਵ ਸਕਦੇ। ਭਗਤ ਸਿੰਘ ਦੀ ਇਹ ਤਸਵੀਰ ਸਦਾ ਬਹਾਰ ਰੁੱਤ ਦੀ ਨਿਸ਼ਾਨੀ ਹੈ। ਲੋਕ ਅਮਰ ਬਿੰਬ ਦੀ ਲਾਲਸਾ ਕਰਦਿਆਂ ਬਹੁਤੀ ਵੇਰ ਖ਼ੁਦਗ਼ਰਜ਼ ਤੇ ਬੇਕਿਰਕ ਵੀ ਹੁੰਦੇ ਹਨ। ਪਰ ਭਗਤ ਸਿੰਘ ਦੇ ਕਰੀਬੀ ਸਾਕਾਂ ਖ਼ਾਸ ਕਰਕੇ ਇਹਦੀ ਮਾਂ ਨੂੰ ਅਪਣੇ ਪੁਤ ਦੀ ਮੌਤ ਦਾ ਕੋਈ ਚਾਅ ਨਹੀਂ ਹੋਣਾ। ਉਹਦੀ ਤਾਂ ਦੁਨੀਆ ਲੁੱਟੀ ਗਈ ਸੀ। ਇਹ ਤਸਵੀਰ ਹਮੇਸ਼ਾ ਮਾਂ ਨੂੰ ਸੱਲ੍ਹਦੀ ਹੋਣੀ ਹੈ।
ਭਗਤ ਸਿੰਘ ਦੀ ਇਹ ਤਸਵੀਰ ਪੰਜਾਬ ਦੀ ਕੌਮੀ ਤਸਵੀਰ ਹੈ। ਇਹ ਜੋ ਸਾਡੀਆਂ ਨਜ਼ਰਾਂ ਵਿਚ ਹੈ, ਉਹ ਗ਼ੈਰ-ਪੰਜਾਬੀਆਂ ਦੀਆਂ ਨਜ਼ਰਾਂ ਚ ਨਹੀਂ ਹੋ ਸਕਦਾ। ਸੋਵੀਅਤ ਰੂਸ ਦੇ ਕਿਸੇ ਸਮੁੰਦਰੀ ਜਹਾਜ਼ ਦਾ ਨਾਂ ਭਗਤ ਸਿੰਘ ਸੀ। ਪਰ ਕੀ ਉਸ ਜਹਾਜ਼ ਦਾ ਕਪਤਾਨ ਤੇ ਜਹਾਜ਼ੀ ਭਗਤ ਸਿੰਘ ਨੂੰ ਸਾਡੇ ਵਾਂਙ ਹੀ ਪਿਆਰ ਕਰਦੇ ਹੋਣਗੇ?

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346