Welcome to Seerat.ca
Welcome to Seerat.ca

‘ਸਬਾਲਟਰਨ ਇਤਹਾਸ ਨੂੰ ਵਲਗਰਾਈਜ ਕਰ ਰਹੇ ਹਨ’

 

- ਇਰਫਾਨ ਹਬੀਬ

ਉਜਾੜ

 

- ਕੁਲਵੰਤ ਸਿੰਘ ਵਿਰਕ

ਰਾਰੇ ਨੂੰ ਬਿਹਾਰੀ = ਸੀ

 

- ਸੁਖਦੇਵ ਸਿੱਧੂ

ਪਿਆਸਾ ਕਾਂ, ਲਾਲਚੀ ਕੁੱਤਾ

 

- ਜਸਵੰਤ ਸਿੰਘ ਜ਼ਫ਼ਰ

ਨਾਵਲ, ਨਾਵਲੈਟ ਅਤੇ ਲੰਮੀ ਕਹਾਣੀ : ਰੂਪਾਕਾਰਕ ਅੰਤਰ ਨਿਖੇੜ

 

- ਸੁਰਜੀਤ ਸਿੰਘ

ਸੱਪ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਸੰਵਾਦ ਚਰਚਾ

 

- ਡਾ. ਦੇਵਿੰਦਰ ਕੌਰ

ਕਹਾਣੀ/ ਤੇਰ੍ਹਵੀਂ ਸੰਤਾਨ

 

- ਅਮਰਜੀਤ ਕੌਰ ਪੰਨੂੰ

ਹਵਾ ਆਉਣ ਦੇ

 

- ਹਰਪ੍ਰੀਤ ਸੇਖਾ

ਗਲੀਆਂ ਦੇ ਕੁੱਤੇ (ਕੈਨੇਡੀਅਨ ਪਰਿਪੇਖ)

 

- ਗੁਰਦੇਵ ਚੌਹਾਨ

ਗਿੱਲਰ ਪ੍ਰਾਈਜ਼

 

- ਬਰਜਿੰਦਰ ਗੁਲਾਟੀ

ਡਾਇਰੀ ਕੌਮੀ ਲਹਿਰ / ਆਜ਼ਾਦੀ ਸੰਗਰਾਮ ਵਿੱਚ ਫਰਵਰੀ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਵਿਰਾਸਤ ਦੀ ਦਸਤਾਰ - ਜਗਦੇਵ ਸਿੰਘ ਜੱਸੋਵਾਲ

 

- ਹਰਜੀਤ ਸਿੰਘ ਗਿੱਲ

ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ

 

- ਮਨਦੀਪ ਖੁਰਮੀ ਹਿੰਮਤਪੁਰਾ

ਸਾਹਿਤਕ ਸਵੈਜੀਵਨੀ-2 / ਪਰਿਵਾਰਕ ਪਿਛੋਕੜ

 

- ਵਰਿਆਮ ਸਿੰਘ ਸੰਧੂ

ਕਵਿਤਾਵਾਂ

 

- ਸੀਮਾ ਸੰਧੂ

ਨਿਕੰਮੇ ਇਰਾਦੇ

 

- ਕੰਵਲ ਸੇਲਬਰਾਹੀ

ਵਗਦੀ ਏ ਰਾਵੀ / ਭਾਸ਼ਾ ਦੇ ਝਗੜੇ ਤੇ ਮਨਾਂ ਦੀਆਂ ਕਸਰਾਂ

 

- ਵਰਿਆਮ ਸਿੰਘ ਸੰਧੂ

ਕਹਾਣੀ / ਹੁਣ ਉਹ ਕਨੇਡਾ ਵਾਲਾ ਹੋ ਗਿਆ

 

- ਬੇਅੰਤ ਗਿੱਲ ਮੋਗਾ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਕਵਿਤਾ

 

- ਗੁਲਸ਼ਨ ਦਿਅਾਲ

ਕਵਿਤਾ

 

- ਸਾਵੀ ਸੰਧੂ

ਇਤਿਹਾਸਕ ਦਸਤਾਵੇਜ਼ ਹੈ ਗ਼ਦਰ ਸ਼ਤਾਬਦੀ ਨੂੰ ਸਮਰਪਤ ਜਾਰੀ ਕੀਤਾ ਕੈਲੰਡਰ

 

- ਅਮੋਲਕ ਸਿੰਘ

Book Review / Life and poetry of a Wandering Heart

 

- TrilokGhai

ਹੁੰਗਾਰੇ

 

ਨਾਵਲ, ਨਾਵਲੈਟ ਅਤੇ ਲੰਮੀ ਕਹਾਣੀ : ਰੂਪਾਕਾਰਕ ਅੰਤਰ ਨਿਖੇੜ
- ਸੁਰਜੀਤ ਸਿੰਘ

 


(ਆਦਿ ਕਥਨ)
ਆਧਨਿਕ ਪੰਜਾਬੀ ਗਲਪ ਵਿਚ ਮੁਖ ਤੌਰ ਤੇ ਚਾਰ ਰੂਪਾਕਾਰਾਂ ਦੀ ਨਿਸ਼ਨਦੇਹੀ ਕੀਤੀ ਮਿਲਦੀ ਹੈ। ਇਹ ਰੂਪਾਕਾਰ ਹਨ ਕਹਾਣੀ (ਇਸ ਦੇ ਅੱਗੋਂ ਦੋ ਰੂਪ ਭੇਦ ਮੰਨੇ ਗਏ ਹਨ : ਨਿੱਕੀ ਕਹਾਣੀ ਅਤੇ ਲੰਮੀ-ਨਿੱਕੀ ਕਹਾਣੀ ), ਮਿੰਨੀ ਕਹਾਣੀ, ਨਾਵਲਿਟ (ਉਪਨਿਆਸਿਕਾ) ਤੇ ਨਾਵਲ। ਇਨ੍ਹਾਂ ਵਿਚੋਂ ਨਾਵਲ ਅਤੇ ਨਿੱਕੀ ਕਹਾਣੀ ਨੂੰ ਤਾਂ ਸੁਤੰਤਰ ਰੂਪਾਕਾਰ ਦੇ ਤੌਰ ਤੇ ਮਾਨਤਾ ਵੀ ਪ੍ਰਾਪਤ ਹੈ ਅਤੇ ਇਨ੍ਹਾਂ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਨੂੰ ਵੀ ਸਪਸ਼ਟ ਭਾਂਤ ਪਛਾਣਿਆ ਤੇ ਸਥਾਪਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਦੀ ਆਪਣੀ ਮੌਲਿਕ ਪਛਾਣ ਦੇ ਸੂਤਰਾਂ ਦੇ ਨਾਲ ਨਾਲ ਇਕ ਦੂਜੇ ਦੀ ਤੁਲਨਾ ਵਿਚ ਨਿੱਖੜਵੇਂ ਲੱਛਣ ਵੀ ਉਭਾਰੇ ਗਏ ਹਨ। ਡਾ|ਜੋਗਿੰਦਰ ਸਿੰਘ ਰਾਹੀ ਨਿੱਕੀ ਕਹਾਣੀ ਅਤੇ ਨਾਵਲ ਦਾ ਰੂਪਾਕਾਰਕ ਨਿਖੜਾ ਕਰਦੇ ਹੋਏ ਲਿਖਦੇ ਹਨ ਕਿ, ‘ਨਿੱਕੀ ਕਹਾਣੀ ਸਮੱਸਿਆਵਾਂ ਵਿਚ ਫਾਥੇ ਸਧਾਰਣ ਮਨੁੱਖ ਦੀਆਂ ਦੁਬਿਧਾਵਾਂ ਨੂੰ ਚਿਤਰਦੀ ਹੈ ਤੇ ਨਾਵਲ ਸਧਾਰਣ ਨਾਲੋਂ ਛੋਟੇ ਜਾਂ ਵੱਡੇ ਪੱਧਰ ਉਤੇ ਉਪਰ ਉਠ ਕੇ ਜੂਝਣ ਵਾਲੇ ਮਨੁੱਖ ਦੀਆਂ ਦੁਬਿਧਾਵਾਂ ਨੂੰ। ਨਿੱਕੀ ਕਹਾਣੀ ਦੁਬਿਧਾਵਾਂ ਦੇ ਯਥਾਰਥ ਨੂੰ ਕੇਵਲ ਉਸ ਦੇ ਮਾਨਵੀ ਸੰਦਰਭ ਵਿਚ ਚਿਤ੍ਰਦੀ ਹੈ ਤੇ ਨਾਵਲ ਇਤਿਹਾਸਕ ਸੰਦਰਭ ਵਿਚ’। ਇੰਝ ਪੰਜਾਬੀ ਦੇ ਸਾਹਿਤਕ ਅਤੇ ਅਕਾਦਮਿਕ ਦਾਇਰਿਆਂ ਵਿਚ ਇਨ੍ਹਾਂ ਰੂਪਾਕਾਰਾਂ ਦੀ ਪਛਾਣ ਦਾ ਮਸਲਾ ਮੁਕਾਬਲਤਨ ਨਜਿੱਠਿਆ ਜਾ ਚੁੱਕਿਆ ਹੈ। ਪਰ ਇਨ੍ਹਾਂ ਰੂਪਾਕਾਰਾਂ ਦੀ ਤੁਲਨਾ ਵਿਚ ਲੰਮੀ ਕਹਾਣੀ, ਮਿੰਨੀ ਕਹਾਣੀ ਅਤੇ ਨਾਵਲਿਟ ਦੀ ਸਥਿਤੀ ਕੁੱਝ ਨਾਜ਼ੁਕ ਹੈ। ਲੰਮੀ ਕਹਾਣੀ ਨੂੰ ਤਾਂ ਜ਼ਿਆਦਾਤਰ ਨਿੱਕੀ ਹੁਨਰੀ ਕਹਾਣੀ ਦਾ ਹੀ ਇਕ ਰੂਪ-ਭੇਦ ਮੰਨਿਆ ਗਿਆ ਹੈ ਅਤੇ ਪੰਜਾਬੀ ਦੇ ਸਥਾਪਿਤ ਆਲੋਚਕਾਂ ਨੇ ਇਸ ਨੂੰ ਇੱਕ ਵੱਖਰੀ ਤੇ ਸੁਤੰਤਰ ਰੂਪ-ਵਿਧਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਮਕਾਲ ਵਿਚ ਲੰਮੀ ਕਹਾਣੀ ਸਭ ਤੋਂ ਚਰਚਿਤ ਅਤੇ ਲੋਕ-ਪ੍ਰਿਯ ‘ਰੂਪ-ਭੇਦ’ ਹੈ। ਸ਼ਾਇਦ ਇਸ ਦਾ ਸਮਕਾਲ ਵਿਚ ਇਕ ਬਿਲਕੁਲ ਨਵੇਂ ਪਰ ਵਿਆਪਕ ਵਰਤਾਰੇ ਦੇ ਤੌਰ ਤੇੇ ਮੌਜੂਦ ਹੋਣਾ ਹੀ ਇਕ ਕਾਰਣ ਹੈ ਕਿ ਇਸ ਬਾਰੇ ਇਕ ਨਿਸ਼ਚਿਤ ਵਿੱਥ ਤੋਂ ਅੰਤਿਮ ਧਾਰਣਾ ਬਣਾਉਣੀ ਮੁਸ਼ਕਿਲ ਹੈ। ਇਹ ਸਾਹਿਤਕ ਵਰਤਾਰਾ ਹਾਲੇ ਬਣਨ ਦੀ ਪ੍ਰਕਿਰਿਆ ਵਿਚ ਹੈ ਜਿਸ ਕਰਕੇ ਇਸ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਨੂੰ ਅੰਕਿਤ ਕਰਨਾ ਜ਼ੋਖ਼ਿਮ ਭਰਿਆ ਕਾਰਜ ਹੈ। ਇਸ ਦੇ ਮੁਕਾਬਲੇ ਨਾਵਲਿਟ ਅਜਿਹਾ ਰੂਪਾਕਾਰ ਹੈ ਜਿਸ ਦੇ ਸਥਾਪਿਤ ਨਾ ਹੋਣ ਦਾ ਕਾਰਣ ਇਹ ਹੈ ਕਿ ਇਹ ਬਹੁਤ ਘੱਟ ਮਾਤਰਾ ਵਿਚ ਲਿਖਿਆ ਗਿਆ ਹੈ। ਜਾਂ ਘੱਟੋ ਘੱਟ ਅਜਿਹੀਆਂ ਰਚਨਾਵਾਂ ਘੱਟ ਪ੍ਰਕਾਸ਼ਿਤ ਹੋਈਆਂ ਹਨ ਜਿਨ੍ਹਾਂ ਨੂੰ ਨਾਵਲਿਟ ਕਿਹਾ ਗਿਆ ਹੋਵੇ। (ਭਾਵੇਂ ਨਾਵਲਿਟ ਦੀਆਂ ਉਪਲਬਧ ਪਰਿਭਾਸ਼ਾਵਾਂ ਦੇ ਨੁਕਤੇ ਤੋਂ ਵਿਚਾਰਿਆਂ ਬਹੁਤ ਸਾਰੀਆਂ ਨਾਵਲ ਦੇ ਤੌਰ ਛਪੀਆਂ ਤੇ ਲੋਕ-ਪ੍ਰਿਯ ਹੋਈਆਂ ਰਚਨਾਵਾਂ ਨਾਵਲਿਟ ਦੇ ਚੌਖਟੇ ਦੀਆਂ ਅਨੁਸਾਰੀ ਹੀ ਨਿੱਕਲ ਆਉਣਗੀਆਂ।) ਸ਼ਾਇਦ ਇਸ ਕਰਕੇ ਨਾਵਲਿਟ ਨੂੰ ਵਿਕੋਲਿੱਤਰੀਆਂ ਸਾਹਿਤਕ ਘਟਨਾਵਾਂ ਦੇ ਤੌਰ ਤੇ ਹੀ ਸਵੀਕਾਰ ਕੀਤਾ ਗਿਆ (ਜੋ ਕਿ ਪੰਜਾਬੀ ਪਤ੍ਰਿਕਾਵਾਂ ਦੀਆਂ ਫ਼ੌਰੀ ਲੋੜਾਂ ਦੀ ਪੂਰਤੀ ਦੇ ਯਤਨਾਂ ਵਿਚੋਂ ਉਪਜੀਆਂ) ਨਾ ਕਿ ਇਕ ਗੰਭੀਰ ਨਿਰੰਤਰ ਵਰਤਾਰੇ ਦੇ ਤੌਰ ਤੇ ਜਿਸ ਨੂੰ ਪਰਿਭਾਸ਼ਾਬੱਧ ਕਰਨਾ ਸਾਹਿਤ ਆਲੋਚਕਾਂ ਤੇ ਸਿੱਧਾਂਤਕਾਰਾਂ ਨੰੰੂ ਜ਼ਰੂਰੀ ਭਾਸਦਾ। ਇਸ ਤੋਂ ਉਲਟ ਮਿੰਨੀ ਕਹਾਣੀ ਕੁਝ ਜ਼ਿਆਦਾ ਹੀ ਲਿਖੇ ਜਾਣ ਕਾਰਣ ਇਕ ਗੰਭੀਰ ਸਾਹਿਤਕ ਰੂਪਾਕਾਰ ਵਜੋਂ ਪ੍ਰਵਾਨ ਨਹੀਂ ਹੋ ਸਕੀ। ਪੰਜਾਬੀ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਜ਼ਰੂਰੀ ਸਮੱਗਰੀ ਦੇ ਛਪਣ ਉਪਰੰਤ ਜੋ ਵਾਧੂ ਸਪੇਸ ਬਚ ਜਾਂਦੀ, ਉਸ ਵਿਚ ਕੁੱਝ ਅਜਿਹਾ ਛਾਪਣ ਦੀ ਮੰਗ ਨੇ; ਜੋ ਸੰਖੇਪ ਵੀ ਹੋਵੇ ਤੇ ਯੱਕਦਮ ਅਸਰ-ਅੰਦਾਜ਼ ਹੋਣ ਵਾਲਾ ਵੀ; ਪੰਜਾਬੀ ਵਿਚ ਮਿੰਨੀ ਕਹਾਣੀ ਦਾ ਹੜ ਲੈ ਆਉਂਦਾ। ਅਖ਼ਬਾਰਾਂ ਰਸਾਲਿਆਂ ਦੀ ਜ਼ਰੂਰੀ ਸਮੱਗਰੀ ਦੇ ਤੌਰ ਤੇ ਛਪਣ ਵਾਲੀਆਂ ਰਚਨਾਵਾਂ ਦੀ ਸਿਰਜਣਾਂ ਕਰਨ ਤੋਂ ਅਸਮਰੱਥ ਬਹੁਤ ਸਾਰੇ ਲੇਖਕਾਂ ਨੇ ਇਸ ਬਚੀ ਸਪੇਸ ਲਈ ਰਚਨਾ ਕਰਨੀ ਸ਼ੁਰੂ ਕਰ ਦਿੱਤੀ। ਇਸ ਕਿਸਮ ਦੀ ਪੇ੍ਰਰਣਾਂ ਕਾਰਣ ਕਲਾਤਮਕ ਉਤਕ੍ਰਿਸ਼ਟਤਾ ਤੋਂ ਸੱਖਣੀਆਂ ਰਚਨਾਵਾਂ ਦੀ ਬਹੁਤਾਤ ਨੇ ਮਿੰਨੀ-ਕਹਾਣੀ ਦੀ ਵਿਧਾ ਦੀਆਂ ਜੋ ਸੰਭਾਵਨਾਵਾਂ ਬਣ ਸਕਦੀਆਂ ਸਨ ਉਹ ਸਾਕਾਰ ਨਾ ਹੋਣ ਦਿੱਤੀਆਂ ਅਤੇ ਕੁਝ ਕੁ ਚੰਗੀਆਂ ਰਚਨਾਵਾਂ ਸਧਾਰਣ ਪੱਧਰ ਦੀਆਂ ਰਚਨਾਵਾਂ ਦੇ ਖ਼ਿਲਾਰੇ ਵਿਚ ਗੁੰਮ ਹੋ ਗਈਆਂ। ਇਸ ਕਾਰਣ ਮਿੰਨੀ ਕਹਾਣੀ ਗੰਭੀਰ ਚਿਤਵਨ ਤੇ ਚਿੰਤਨ ਦਾ ਪਾਤਰ ਨਹੀਂ ਬਣ ਸਕੀ ਅਤੇ ਇਸ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਦੀ ਨਿਸ਼ਾਨਦੇਹੀ ਸਥਗਿਤ ਕਰ ਦਿੱਤੀ ਗਈ।
ਅਜੋਕੇ ਸਮੇਂ ਵਿਚ ਲੰਮੀ ਕਹਾਣੀ ਅਤੇ ਨਾਵਲਿਟ ਦੀ ਸਥਿਤੀ ਉਹੋ ਜਿਹੀ ਹੈ ਜਿਹੋ ਜਿਹੀ ਕਿਸੇ ਸਮੇਂ ਨਾਵਲ ਦੀ ਹੁੰਦੀ ਸੀ। ਪਹਿਲਾਂ ਪਹਿਲ ਜਦੋਂ ਕਵਿਤਾ ਦੇ ਮੁਕਾਬਲੇ ਨਾਵਲ ਨੂੰ ਸਾਹਿਤ-ਸ਼ਾਸਤਰੀ ਨੁਕਤੇ ਤੋਂ ਗੰਭੀਰਤਾ ਨਾਲ ਨਹੀਂ ਸੀ ਲਿਆ ਜਾਂਦਾ ਤਾਂ ਨਾਵਲ ਦੇ ਹਿਮਾਇਤੀ ਇਸ ਦੀ ਪੱਖ ਪੂਰਤੀ ਵਾਸਤੇ ਬਹਿਸ ਮੁਬਾਹਸੇ ਵਿਚ ਪੈਂਦੇ ਸਨ ਅਤੇ ਨਾਵਲ ਦੇ ਮਹੱਤਵ ਨੂੰ ਸਥਾਪਿਤ ਕਰਨ ਲਈ ਦਲੀਲਾਂ ਦਿੰਦੇ ਸਨ। ਉਹ ਕਵਿਤਾ ਦੇ ਮੁਕਾਬਲੇ ਨਾਵਲ ਵਿਚ ਪੇਸ਼ ਯਥਾਰਥ ਦੀ ਵਿਸ਼ਾਲਤਾ, ਗਹਿਰਾਈ ਅਤੇ ਦਾਰਸ਼ਨਿਕ ਪ੍ਰਕਾਰਜ ਨੂੰ ਉਭਾਰਦੇ ਸਨ ਅਤੇ ਇਸ ਨੂੰ ਕਵਿਤਾ ਵਾਂਗ ਹੀ ਗੰਭੀਰਤਾ ਨਾਲ ਲੈਣ ਦੀ ਸਿਫ਼ਰਿਸ਼ ਕਰਦੇ ਸਨ। ਪਰ ਹੁਣ ਜਦੋਂ ਨਾਵਲ ਸਥਾਪਿਤ ਹੋ ਚੁੱਕਿਆ ਹੈ ਤਾਂ ਕੁਝ ਹੋਰ ਰੂਪਾਕਾਰ ਹਨ ਜਿਹੜੇ ਸਾਹਿਤ-ਚਿੰਤਨ ਅਤੇ ਅਕਾਦਮਿਕਤਾ ਦੇ ਦਾਇਰਿਆਂ ਵਿਚ ਦਾਖ਼ਿਲ ਹੋਣ ਦੀ ਇੰਤਜ਼ਾਰ ਵਿਚ ਹਨੇ। ਅਜਿਹਾ ਤਾਂ ਹੀ ਸੰਭਵ ਹੈ ਜੇ ਇਨ੍ਹਾਂ ਦੇ ਰੂਪਾਕਾਰਕ ਚੌਖਟੇ ਨੂੰ ਤੈਅ ਕਰ ਲਿਆ ਜਾਵੇ ਅਤੇ ਹੋਰ ਉਹੋ ਜਿਹੇ ਹੀ ਰੂਪਾਕਾਰਾਂ ਨਾਲੋਂ ਉਨ੍ਹਾਂ ਦੇ ਸਾਪੇਖਕ ਅੰਤਰ, ਵੱਖਰੇ ਬਿਰਤਾਂਤ ਸੰਗਠਨ, ਵਿਚਾਰਧਾਰਈ ਤੇ ਸੁਹਜ ਸ਼ਾਸਤਰੀ ਪ੍ਰਕਾਰਜ ਨੂੰ ਨਿਸ਼ਚਿਤ ਕਰ ਲਿਆ ਜਾਵੇ। ਨਾਵਲਿਟ, ਮਿੰਨੀ ਕਹਾਣੀ ਅਤੇ ਲੰਮੀ ਕਹਾਣੀ ਅਜਿਹੇ ਹੀ ਕੁਝ ਰੂਪਾਕਾਰ ਹਨ। ਇਨ੍ਹਾਂ ਦੀ ਹੋਂਦ ਸਥਾਪਤੀ ਲਈ ਨਾਵਲ ਅਤੇ ਨਿੱਕੀ ਕਹਾਣੀ ਦੇ ਮੁਕਾਬਲਤਨ ਵਧੇਰੇ ਸਪਸ਼ਟਤਾ ਨਾਲ ਪਰਿਭਾਸ਼ਿਤ ਚੌਖਟੇ ਨੂੰ ਤੁਲਨਾਤਮਕ ਪਰਿਪੇਖ ਵਿਚ ਸਾਹਮਣੇ ਰੱਖਣਾ ਜ਼ਰੂਰੀ ਹੋਵੇਗਾ।
(1)
ਪੰਜਾਬੀ ਆਲੋਚਨਾ ਅਤੇ ਸਿੱਧਾਂਤਕਾਰੀ ਵਿਚ ਨਾਵਲ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਦੀ ਨਿਸ਼ਾਨਦੇਹੀ ਲਈ ਸਭ ਤੋਂ ਪਹਿਲਾਂ ਡਾ|ਪਰਮਿੰਦਰ ਸਿੰਘ ਅਤੇ ਪ੍ਰੋ|ਕਿਰਪਾਲ ਸਿੰਘ ਕਸੇਲ ਦੁਆਰਾ ਲਿਖੀ ਕਿਤਾਬ ‘ਸਾਹਿਤ ਦੇ ਰੂਪ’ ਵਿਚ ਨਾਵਲ ਦੇ ਰੁਪਾਕਾਰਕ ਚੌਖਟੇ ਬਾਰੇ ਪੇਸ਼ ਧਾਰਣਾਵਾਂ ਨੂੰ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਨਾਵਲ ਬਾਰੇ ਆਪਣੇ ਆਲੇਖਾਂ ਵਿਚ ਜੋ ਧਾਰਣਾਵਾਂ ਪੇਸ਼ ਕੀਤੀਆਂ ਹਨ ਉਨ੍ਹਾਂ ਦਾ ਨਿਚੋੜ ਇਹ ਹੈ ਕਿ ਨਾਵਲ ਇਤਿਹਾਸਕ ਵਾਸਤਵਿਕਤਾ ਨਾਲ ਮੇਲ ਖਾਂਦੇ, ਵਿਗਿਆਨਕ ਤਰਕ ਉੱਤੇ ਆਧਾਰਿਤ ਘਟਨਾਵੀ ਪ੍ਰਬੰਧ ਨੂੰ ਸਾਕਾਰ ਕਰਨ ਵਾਲੀ ਰਚਨਾ ਹੁੰਦੀ ਹੈ, ਜਿਸ ਵਿਚ ਜੀਵਨ-ਸਰਗਰਮੀ ਦੇ ਵਿਭਿੰਨ ਖੇਤਰਾਂ ਦੀ ਦਾਰਸ਼ਨਿਕ ਸਮਝ ਸਮਾਈ ਹੁੰਦੀ ਹੈ। ਜੀਵਨ ਨੂੰ ਪੂਰੀ ਅਤੇ ਪ੍ਰਤਿਨਿਧ ਭਾਵ ਬਿੰਬਣਾ, ਨਾਵਲ ਦਾ ਜ਼ਿੰਦਗੀ ਦੀ ਵਾਸਤਵਿਕਤਾ ਦੀ ਪੇਸ਼ਕਾਰੀ ਪ੍ਰਤਿ ਈਮਾਨਦਾਰ ਹੋਣਾ ਭਾਵ ਨਾਵਲੀ ਜਗਤ ਵਿਚਲੀਆਂ ਘਟਨਾਵਾਂ ਦਾ ਸੁਭਾਵਿਕਤਾ ਦੇ ਪੈਮਾਨੇ ਦਾ ਅਨੁਸਾਰੀ ਹੋਣਾ, ਉਸ ਦੇ ਵਸਤੂ ਦਾ ਸਮਾਜਕ ਜੀਵਨ ਵਿਚੋਂ ਲਿਆ ਹੋਣਾ, ਜੀਵਨ ਕਥਾ ਨੂੰ ਬੜੇ ਵਿਸਥਾਰ ਵਿਚ ਬਿਆਨ ਕਰਨਾ ਅਤੇ ਨਾਵਲ ਦੇ ਸਮੁੱਚੇ ਬਿਰਤਾਂਤ ਦਾ ਮਹਿਜ ਦਿਲ ਪਰਚਾਵੇ ਤੋਂ ਅੱਗੇ ਲੰਘ ਕੇ ਜੀਵਨ ਮਾਰਗ ਵਿਚ ਉੱਨਤੀ ਵਾਲੇ ਪਾਸੇ ਲਿਜਾਣ ਲਈ ਕੋਈ ਸਿੱਖਿਆ ਅਤੇ ਅਗਵਾਈ ਪ੍ਰਦਾਨ ਕਰਨਾ ਆਦਿ ਕੁਝ ਹੋਰ ਅਜਿਹੀਆਂ ਸ਼ਰਤਾਂ ਹਨ ਜਿਨ੍ਹਾਂ ਦੀ ਪੂਰਤੀ ਦੀ ਮੰਗ ਇਕ ਸਫ਼ਲ ਨਾਵਲ ਤੋਂ ਕੀਤੀ ਗਈ ਹੈ। ਉਨ੍ਹਾਂ ਦੀ ਆਧੁਨਿਕ ਗਲਪ ਰੂਪ ਵਜੋਂ ਨਾਵਲ ਤੋਂ ਇਹ ਤਵੱਕੋ ਕਿ ਇਸ ਵਿਚ ਪੇਸ਼ ਗਲਪ ਜਗਤ ‘ਇਤਿਹਾਸਕ ਦੌਰ ਤੇ ਸਮਾਜਕ ਜੀਵਨ ਅਨੁਸਾਰ ਜੇ ਸੱਚਾ ਨਹੀਂ ਤਾਂ ਸੱੱਚੇ ਵਰਗਾ ਜ਼ਰੂਰ ਹੋਵੇ’ ਨਾਵਲੀ ਜਗਤ ਵਿਚ ਇਤਿਹਾਸ ਦੇ ਪ੍ਰਾਰੂਪਾਂ ਅਤੇ ਵਾਤਾਵਰਣ ਦੀ ਸਿਰਜਣਾ ਦੀ ਜ਼ਰੂਰਤ ਵਲ ਹੀ ਇਸ਼ਾਰਾ ਕਰਦੀ ਹੈ।
ਡਾ|ਟੀ|ਆਰ|ਵਿਨੋਦ ਅਨੁਸਾਰ, ‘ਮੋਟੇ ਤੌਰ ਤੇ ਨਾਵਲ ‘ਵਾਰਤਕ ਵਿਚ ਲਿਖਿਆ ਹੋਇਆ ਲੰਮਾ ਬਿਰਤਾਂਤ’ ਹੈ…… । ਪਰ ਵਾਰਤਕ ਵਿਚ ਲਿਖੇ ਬਿਰਤਾਂਤ-ਰੂਪ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਨਿੱਕੀ ਕਹਾਣੀ ਜਾਂ ਲਘੂ ਨਾਵਲ ਨਾਲੋਂ ਨਾਵਲ ਦਾ ਨਿਖੇੜਾ ਆਕਾਰ ਦੇ ਆਧਾਰ ਤੇ ਸੰਭਵ ਹੈ। ਕਿਹਾ ਜਾ ਸਕਦਾ ਹੈ ਕਿ ਨਾਵਲ ਕਾਫ਼ੀ ਲੰਮੇ ਅਰਸੇ ਦੇ ਜੀਵਨ ਨੂੰ ਵਿਸਤਾਰ ਨਾਲ ਪੇਸ਼ ਕਰਨ ਵਾਲਾ ਰੂਪ ਹੈ ਜਿਸ ਕਰਕੇ ਇਸ ਦਾ ਆਕਾਰ ਬਹੁਤ ਵਧ ਜਾਂਦਾ ਹੈ’। ਡਾ|ਵਿਨੋਦ ਨਾਵਲੀ ਵਸਤੂ ਦੀ ਵਿਲੱਖਣਤਾ ਬਾਰੇ ਲਿਖਦੇ ਹਨ ਕਿ ‘ਪ੍ਰਕਿਰਤੀ ਅਤੇ ਸੰਸਕ੍ਰਿਤੀ ਦੀ ਹਰੇਕ ਬਣਤਰ ਨਾਵਲ ਵਿਚ ਪੇਸ਼ ਹੋ ਸਕਦੀ ਹੈ।ਪਰ ਸੰਸਕ੍ਰਿਤੀ ਦੀ ਇਕ ਬਣਤਰ ਐਸੀ ਵੀ ਹੈ ਜਿਸ ਦੀ ਪਸ਼ਕਾਰੀ ਨਾਵਲ ਵਿਚ ਹੀ ਸੰਭਵ ਹੈ। ਇਸ ਦਾ ਸੰਬੰਧ ਸਧਾਰਣ ਮਨੁੱਖ ਦੇ ਰੋਜ਼-ਮੱਰਾ ਦੇ ਕਿਰਦਾਰ ਅਤੇ ਵਿਹਾਰ ਨਾਲ ਹੈ। ਇਸ ਵਰਤਾਰੇ ਦਾ ਮੁੱਖ ਲੱਛਣ ‘ਤਰਲਤਾ’ ਹੈ ਅਰਥਾਤ ਵਿਅਕਤੀ-ਚਰਿੱਤਰ ਦੀ ਅਨਿਸ਼ਚਿਤਤਾ ਦਾ ਹਾਲਾਤ ਦੇ ਪ੍ਰਸੰਗ ਵਿਚ ਵਿਸਤਾਰ-ਚਿੱਤਰ ਨਾਵਲ ਵਿਚ ਹੀ ਸੰਭਵ ਹੈ। ਉਨ੍ਹਾਂ ਅਨੁਸਾਰ ‘ਨਾਵਲ ਬਿਰਤਾਂਤ ਦੀ ਵਿਦਰੋਹੀ ਵਿਧਾ ਹੈ। ਇਹ ਸੰਸਥਾਈ ਬਣਤਰਾਂ ਨੂੰ ਸ਼ੰਕਾਵਾਦੀ ਦ੍ਰਿਸ਼ਟੀ ਤੋਂ ਵੇਖਦਾ ਹੋਇਆ ਉਨ੍ਹਾਂ ਦੀਆਂ ਸੀਮਾਵਾਂ ਦੀ ਸੋਝੀ ਪ੍ਰਦਾਨ ਕਰਦਾ ਹੈ। ਇਉਂ ਇਹ ਬੁੱਤ-ਸਿਰਜਕ ਦੀ ਨਹੀਂ ਬੁੱਤ-ਸ਼ਿਕਨ ਦੀ ਭੂਮਿਕਾ ਨਿਭਾਉਂਦਾ ਹੈ। ਨਾਵਲ-ਸ਼ਾਸਤਰੀ ਇਸ ਨੂੰ ਅਮਿੱਥੀਕਰਨ ਦੀ ਪ੍ਰਕਿਰਿਆ ਕਹਿੰਦੇ ਹਨ। ਮਨੁੱਖੀ ਚੇਤਨਾ ਨੂੰ ਭ੍ਰਾਂਤੀਆਂ ਤੋਂ ਮੁਕਤ ਕਰਨਾ ਨਾਵਲ ਦਾ ਮੁੱਖ ਉਦਸ਼ ਹੈ’। ਡਾ|ਵਿਨੋਦ ਨੇ ਉਪਰੋਕਤ ਕਥਨਾ ਵਿਚ ਸਧਾਰਣ ਮਨੁੱਖ ਦੇ ਵਿਅਕਤੀ-ਚਰਿੱਤਰ ਦੀ ਅਨਿਸ਼ਚਿਤਤਾ ਦਾ ਹਾਲਾਤ ਦੇ ਪ੍ਰਸੰਗ ਵਿਚ ਵਿਸਤਾਰ-ਚਿੱਤਰ ਦੇ ਸਿਰਜਣ ਦੀ ਸੰਭਾਵਨਾ, ਸੰਸਥਾਈ ਬਣਤਰਾਂ ਨੂੰ ਸ਼ੰਕਾਵਦੀ ਦ੍ਰਿਸ਼ਟੀ ਤੋਂ ਵੇਖਣਾ ਅਤੇ ਅਮਿੱਥੀਕਰਣ ਦੀ ਪ੍ਰਕਿਰਿਆ ਨੂੰ ਨਾਵਲ ਦੇ ਲੰਮੇਰੇ ਬਿਰਤਾਂਤ ਦੇ ਮੁੱਖ ਲਛੱਣਾਂ ਦੇ ਤੌਰ ਤੇ ਉਭਾਰਿਆ ਹੈ।
ਪੰਜਾਬੀ ਵਿਚ ਨਾਵਲ ਦੀ ਰੂਪਾਕਾਰਕ ਪਛਾਣ ਨੂੰ ਵਧੇਰੇ ਨਿੱਗਰ ਤਰੀਕੇ ਨਾਲ ਨਜਿੱਠਣ ਵਿਚ ਡਾ| ਜੋਗਿੰਦਰ ਸਿੰਘ ਰਾਹੀ ਦਾ ਯੋਗਦਾਨ ਸਭ ਤੋਂ ਵਧੇਰੇ ਹੈ। ਉਨ੍ਹਾਂ ਅਨੁਸਾਰ, ‘ਵਿਧਾ ਦੇ ਜ਼ਾਵੀਏ ਤੋਂ ਨਾਵਲ ਇਕ ਲੰਮੀ ਗਦ ਕਥਾ ਦੇ ਰੂਪ ਵਿਚ ਯਥਾਰਥ ਦੇ ਚਿਤਰਣ ਨਾਲ ਸੰਬੰਧਿਤ ਸੰਭਾਵਨਾਵਾਂ ਵਾਲਾ ਰੂਪ ਹੈ। ਥੀਮ ਸਿਰਜਣ ਅਤੇ ਰੂਪਨ-ਪ੍ਰਤਿਰੂਪਨ ਦੀਆਂ ਵਿਵਿਧ ਸੰਭਾਵਨਾਵਾਂ ਕਰਕੇ ਬੇਸ਼ੱਕ ਇਹ ਖੁਲ੍ਹਾ ਰੂਪ ਹੈ। ਮਿੱਥਕ ਤੋਂ ਯਥਾਰਥਕ ਤਕ ਅਤੇ ਯਥਾਰਥਕ ਤੋਂ ਫ਼ੰਤਾਸੀ ਤਕ ਦੀਆਂ ਜੁਗਤਾਂ ਇਸ ਵਿਚ ਅਨੇਕ ਰੂਪ ਲੈਂਦੀਆਂ ਹਨ। ਪਰ ਪਾਤਰਾਵਲੀ, ਕਾਰਜ ਅਤੇ ਵਾਰਤਾਲਾਪ ਆਦਿ ਵਿਚ ਜ਼ਿੰਦਗੀ ਦੀ ਵਾਸਤਵਿਕਤਾ ਨਾਲ ਮੇਲ ਖਾਂਦੇ ਹਵਾਲੇ ਜਿਵੇਂ ਨਾਵਲ ਵਿਚ ਉਭਰਦੇ ਹਨ, ਤਿਵੇਂ ਸਾਹਿਤ ਦੇ ਕਿਸੇ ਹੋਰ ਰੂਪ ਵਿਚ ਨਹੀਂ ਉਭਰਦੇ, ਖਾਸ ਕਰ ਪਾਤਰਾਂ ਦੀ ਉਚਾਰਣੀ ਭਾਸ਼ਾ ਦੇ ਰੁਪ ਵਿਚ। ਕਲਪਨਾ ਦੀ ਰਚਨਾ ਹੋਣ ਕਰਕੇ ਸਾਹਿਤ ਦੇ ਹੋਰ ਤਮਾਮ ਰੂਪਾਂ ਵਾਂਗ ਨਾਵਲ ਵੀ ਇਕ ਗਾਲਪਨਿਕ ਵਸਤੂ ਹੈ। ਪਰ ਵਾਸਤਵਿਕ ਹਵਾਲਿਆਂ ਦੀ ਕੰਗਰੋੜ ਕਰਕੇ ਯਥਾਰਥਕ ਹੋਣ ਦਾ ਜੋ ਪ੍ਰਭਾਵ ਨਾਵਲ ਤੋਂ ਮਿਲਦਾ ਹੈ, ਸਾਹਿਤ ਦੇ ਕਿਸੇ ਹੋਰ ਰੂਪ ਤੋਂ ਨਹੀਂ ਮਿਲਦਾ।… ਨਾਵਲ ਦੇ ਵਿਧਾ ਸ਼ਾਸਤਰੀਆਂ ਨੇ ਨਾਵਲ ਦੇ ਖੁਲ੍ਹਾ ਰੂਪ ਹੋਣ ਦੇ ਬਾਵਜੂਦ ਨਾ ਸਿਰਫ਼ ਇਸ ਦਾ ਧਰਮ ਯਥਾਰਥ ਦੇ ਸਿਰਜਣ ਨੂੰ ਮੰਨਿਆਂ ਹੈ, ਬਲਕਿ ਇਸ ਸਿਰਜਣ ਦੀ ਇਕ ਖਾਸ ਵਿਧਾ ਵੀ ਨਿਸ਼ਚਿਤ ਕੀਤੀ ਹੈ। ਇਹ ਵਿਧਾ ਵਿਡੰਬਨਾ ਦੀ ਹੈ’। ਡਾ|ਰਾਹੀ ਨਾਵਲ ਦੀ ਹੋਂਦ ਵਿਧੀ ਦੇ ਕੇਂਦਰੀ ਸੂਤਰ ਵਜੋਂ ਵਿਡੰਬਨਾ ਦੇ ਸੰਕਲਪ ਨੂੰ ਸਪਸ਼ਟ ਕਰਦੇ ਹੋਏ ਲਿਖਦੇ ਹਨ ਕਿ, ‘ਵਿਡੰਬਨਾ ਉਸ ਦੇ {ਮਨੁੱਖ ਦੇ} ਸੁਪਨਿਆਂ ਤੇ ਉਨ੍ਹਾਂ ਦੀ ਹਕੀਕਤ ਜਾਂ ਹੋਣੀ ਵਿਚਲੇ ਤੱਜ਼ਾਦ ਦੀ ਤਨਜ਼ ਹੈ : ਦਿਖ ਚੜ੍ਹਤ ਵਾਲੀ ਪਰ ਅਸਲਾ ਅਸਤ ਵਾਲਾ, ਇਹ ਵਿਸੰਗਤੀ ਹੀ ਵਿਡੰਬਨਾ ਹੈ। ਦਿਖ ਅਤੇ ਵਾਸਤਵਿਕਤਾ ਜਾਂ ਵਚਨ ਅਤੇ ਹੋਣੀ ਦੇ ਇਸ ਤਨਜ਼ੀਆ ਫ਼ਰਕ ਦੀ ਪਛਾਣ ਹੀ ਵਿਡੰਬਨਾ ਦੀ ਪਛਾਣ ਹੈ। ਵਿਡੰਬਨਾ ਨੂੰ ਜਾਣਨਾ ਜ਼ਿੰਦਗੀ ਦੀ ਹਕੀਕਤ ਨੂੰ ਜਾਣਨਾ ਹੈ। ਨਾਵਲ ਜ਼ਿੰਦਗੀ ਦੀ ਹਕੀਕਤ ਨੂੰ ਨੇੜਿਉਂ ਮਿਲਣ ਵਾਲਾ ਰੂਪ ਹੈ। ਇਸ ਲਈ ਵਿਡੰਬਨਾ ਇਸ ਦੀ ਸੁਭਾਵਿਕ ਵਸਤੂ ਹੈ। ਪਰ ਵਿਡੰਬਨਾ ਸਿਰਫ਼ ਵਸਤੂ ਨਹੀਂ, ਪ੍ਰਕਿਰਿਆ ਵੀ ਹੈ: ਸੁਪਨਿਆਂ ਦੇ ਉੱਸਰਣ ਤੇ ਬਿਨਸਣ ਦੀ ਪ੍ਰਕਿਰਿਆ।ਵਿਧਾ ਸ਼ਾਸਤਰੀ ਨਾਵਲ ਦਾ ਧਰਮ ਇਸ ਪ੍ਰਕਿਰਿਆ ਦ ਸਿਰਜਣ ਵਿਚ ਧਰਦੇ ਹਨ। ਨਾਵਲ ਉਨ੍ਹਾਂ ਅਨੁਸਾਰ ਇਸ ਪ੍ਰਕਿਰਿਆ ਦੇ ਸਿਰਜਣ ਵਿਚੋਂ ਹੀ ਆਕਾਰ ਲੈਂਦਾ ਹੈ। ਇਸ ਰੂਪ ਵਿਚ ਵਿਡੰਬਨਾ ਉਨ੍ਹਾਂ ਲਈ ਮਨੁੱਖ ਦੀ ਸਮਾਜਕ ਹੋਂਦ ਦੀ ਖ਼ਾਸੀਅਤ ਨਹੀਂ ਰਹਿ ਜਾਂਦੀ, ਬਲਕਿ ਨਾਵਲ ਦੀ ਰੂਪ-ਵਿਧਾਈ ਵਿਸ਼ੇਸ਼ਤਾ ਬਣ ਜਾਂਦੀ ਹੈ’। ਵਿਧਾ ਸ਼ਾਸਤਰੀਆਂ ਦੀ ਨਜ਼ਰ ਵਿਚ ਵਿਡੰਬਨਾ ਤਨਜ਼ ਅਤੇ ਸੰਜੀਦਗੀ ਦੇ ਦਰਮਿਆਨ ਕੰਬਦਾ ਹੋਇਆ ਸੰਤੁਲਨ ਹੈ। ਇਸ ਸੰਤੁਲਨ ਦਾ ਰਹੱਸ ਇਸ ਗਿਆਨ ਵਿਚ ਹੀ ਹੈ। ਇਸ ਗੁਣ ਕਰਕੇ ਨਾਵਲ ਨੂੰ ‘ਦੂਹਰੀ ਦ੍ਰਿਸ਼ਟੀ’ ਵਾਲੀ ਵਿਧਾ ਮੰਨਿਆ ਜਾਂਦਾ ਹੈ ਤੇ ਦੀਰਘ ਦ੍ਰਿਸ਼ਟੀ ਵਾਲੀ ਵੀ। ਡਾ|ਰਾਹੀ ਅਨੁਸਾਰ ਨਾਵਲ ਵਿਚ ਮਿੱਥਕ ਸਿਰਜਣਾ ਹੁੰਦੀ ਹੈ ਪਰ ਇਸ ਦੇ ਬਿਰਤਾਂਤਕ ਜਗਤ ਵਿਚ ਮਿੱਥ ਦਾ ਭੰਜਨ ਹੋਣਾ ਅਨਿਵਾਰੀ ਹੈ। ਉਨ੍ਹਾਂ ਅਨੁਸਾਰ ਨਾਵਲ ਵਿਚ ਨਿੱਜੀ ਦੀ ਥਾਂ ਸਮਾਜਿਕ ਸੁਪਨਿਆਂ ਦਾ ਗੌਰਵਸ਼ਾਲੀ ਬਿਰਤਾਂਤ ਹੁੰਦਾ ਹੈ ਪਰ ਇਹ ਸੁਪਨੇ ਵੀ ਅਖੀਰ ਨੂੰ ਤਿੜਕਦੇ ਹਨ, ਇਨ੍ਹਾਂ ਦੇ ਖੌਰੂ-ਖੋਰੂ ਹੋਣ ਦੀ ਪ੍ਰਕਿਰਿਆ ਦਾ ਬਿਰਤਾਂਤ ਅਜਿਹਾ ਹੁੰਦਾ ਹੈ ਕਿ ਇਹ ਮਹਿਜ ਸੰਤਾਪ ਉਪਜਾਉਣ ਦੀ ਬਜਾਏ ਗਿਆਨ ਪ੍ਰਾਪਤੀ ਦਾ ਸੰਤੋਖ ਉਪਜਾਉਦਾ ਹੈ। ਉਨ੍ਹਾਂ ਅਨੁਸਾਰ ਨਾਵਲ ਵਿਚ ਪਾਤਰਾਂ ਅਤੇ ਖ਼ਾਸ ਕਰਕੇ ਕੇਂਦਰੀ ਪਾਤਰ ਨੂੰ ਰੋਮਾਂਸ ਵਾਂਗ ਅਸਲ ਨਾਲੋਂ ਵਡੇਰਾ ਤਾਂ ਦਿਖਾਇਆ ਜਾਂਦਾ ਹੈ ਪਰ ਅਖੀਰ ਨੂੰ ਉਨ੍ਹਾਂ ਨੂੰ ਆਪਣੇ ਵਾਸਤਵਿਕ ਆਕਾਰ ਵਿਚ ਘਟਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਰੋਮਾਂਸਕ ਫੁਲਾਉ ਦੀ ਥਾਂ ਵਿਫਲਾਉ ਦੀ ਰੀਤ ਅਪਣਾਈ ਜਾਂਦੀ ਹੈ। ਇਸ ਰੀਤ ਅਨੁਸਾਰ ਨਾਵਲੀ ਪਾਤਰਾਂ ਦੇ ਸੁਪਨਿਆਂ ਦੇ ਗੁਬਾਰੇ ਉਨ੍ਹਾਂ ਦੇ ਵਾਤਾਵਰਣ ਦੀ ਰਗੜ ਨਾਲ ਫਟਦੇ ਅਤੇ ਚੀਥੜਿਆਂ ਦੀ ਸ਼ਕਲ ਵਿਚ ਧਰਤੀ ਡਿਗਦੇ ਦਿਖਾਏ ਜਾਂਦੇ ਹਨ। ਪਰ ਸੁਪਨਿਆਂ ਦੇ ਸੰਤਾਪ ਨੂੰ ਨਾਵਲ ਦੀ ਵਿਧਾ ਦੇਸ਼ ਅਤੇ ਕਾਲ ਨਾਲ ਸੰਬੰਧਿਤ ਵਾਸਤਵਿਕਤਾ ਦੇ ਗਿਆਨ ਵਿਚ ਬਦਲ ਦਿੰਦੀ ਹੈ। ਡਾ| ਰਾਹੀ ਮੁਤਾਬਿਕ ਨਾਵਲ ਯਥਾਰਥ ਚਿਤਰਣ ਦੀਆਂ ਵਸੀਹ ਸੰਭਾਵਨਾਵਾਂ ਵਾਲਾ ਖੁੱਲ੍ਹਾ ਰੂਪ ਹੈ ਜਿਸ ਦੀ ਵਸਤੂ ਅਤੇ ਵਿਧੀ ਵਿਡੰਬਨਾ ਹੈ। ਉਨ੍ਹਾਂ ਦੀ ਧਾਰਣਾਂ ਅਨੁਸਾਰ ਨਾਵਲੀ ਵਿਧਾ ਵਿਚ ਤਨਜ਼ ਅਤੇ ਸੰਜੀਦਗੀ ਦਰਮਿਆਨ ਸੰਤੁਲਨ ਉੱਤੇ ਟਿਕਿਆ ਨਾਵਲੀ ਜਗਤ ਆਮ ਤੋਂ ਵਡੇਰੇ ਕਾਰਜ ਵਿਚ ਉੱਤਰ੍ਹਣ ਵਾਲੇ ਪਾਤਰਾਂ ਦੇ ਸੁਪਨਿਆਂ ਦੇ ਵਿਫ਼ਲਾਉ ਵਿਚੋਂ ਪੈਦਾ ਹੋਣ ਵਾਲੇ ਸੰਤਾਪ ਨੂੰ ਗਿਆਨਮਈ ਸੰਤੋਖ ਵਿਚ ਰੂਪਾਂਤਰਿਤ ਕਰਨ ਦਾ ਪ੍ਰਕਾਰਜ ਨਿਭਾਉਂਦਾ ਹੈ।
ਡਾ. ਕੇਸਰ ਸਿੰਘ ਕੇਸਰ ਨਾਵਲ ਨੂੰ ਵਰਗ ਸੰਘਰਸ਼ ਦੇ ਗਲਪੀ ਬਿੰਬ ਦੇ ਤੌਰ ਤੇ ਪਰਿਭਾਸ਼ਿਤ ਕਰਦਾ ਹੈ। ਉਸ ਅਨੁਸਾਰ ਨਾਵਲ ਦਾ ਥੀਮਕ ਵਿਕਾਸ, ਘਟਨਾਵੀ ਤਣਾਓ, ਪਾਤਰਾਂ ਦੇ ਵਾਰਤਾਲਾਪ, ਬਹੁ-ਵਚਨੀ ਪ੍ਰਵਚਨ ਤੇ ਖੁਲ੍ਹੇ ਅੰਤ ਵਾਲੇ ਕਥਾਨਕ ਦੀ ਵਿਲੱਖਣ ਰਚਨਾ-ਵਿਧੀ ਆਦਿ ਦਾ ਪ੍ਰਯੋਜਨ ਵਰਗ-ਸੰਘਰਸ਼ ਦੇ ਦਵੰਦਮਈ ਵਿਵੇਕ ਨੂੰ ਪੇਸ਼ ਕਰਨਾ ਹੈ। ਇਸ ਕਥਨ ਵਿਚ ਭਾਵੇਂ ਕੁਝ ਤੱਤ ਤਾਂ ਅਜਿਹੇ ਹਨ ਜਿਹੜੇ ਸਾਰੇ ਆਧੁਨਿਕ ਵਾਰਤਕ ਬਿਰਤਾਂਤ ਰੂਪਾਂ ਦੇ ਸਾਂਝ ਹਨ ਜਿਵੇਂ ਘਟਨਾਵੀ ਤਣਾਓ ਤੇ ਵਾਰਤਾਲਾਪ। ਪਰ ਇਸ ਕਥਨ ਵਿਚ ਨਾਵਲ ਵਿਚ ਇਨ੍ਹਾਂ ਤੱਤਾਂ ਦੀ ਵਿਲੱਖਣ ਹੋਂਦ ਅਤੇ ਪ੍ਰਕਾਰਜ ਵਲ ਇਸ਼ਾਰਾ ਧੁਨੀ ਰੂਪ ਵਿਚ ਸਮਾਇਆ ਹੋਇਆ ਹੈ। ਘਟਨਾਵੀ ਤਣਾਓ ਦੇ ਨਿਰੰਤਰ ਬਣੇ ਰਹਿਣ ਨਾਲ ਹੀ ਨਾਵਲ ਵਿਚ ਥੀਮਕ-ਵਿਕਾਸ ਹੁੰਦਾ ਹੈ ਅਤੇ ਪਾਤਰਾਂ ਦੇ ਆਪਸੀ ਵਾਰਤਾਲਾਪ ਵਿਚ ਉਚਾਰਣੀ ਭਾਸ਼ਾ ਦੀ ਵਰਤੋਂ ਨਾਲ ਯਥਾਰਥ ਦਾ ਵਧੇਰੇ ਠੋਸ ਬਿੰਬ ਉੱਸਰਦਾ ਜਾਂਦਾ ਹੈ ਅਤੇ ਇਸ ਰਾਹੀਂ ਜੀਵਨ ਹਕੀਕਤਾਂ ਪ੍ਰਤਿ ਬਹੁ-ਵਚਨੀ ਪ੍ਰਵਚਨ ਦੀ ਸਿਰਜਣਾ ਹੁੰਦੀ ਹੈ। ਇਸ ਲਿਹਾਜ਼ ਨਾਲ ਜਿਸ ਰਚਨਾ ਵਿਚ ਬਹੁ-ਵਚਨੀ ਪ੍ਰਵਚਨ ਦੀ ਸਿਰਜਣਾ ਦਾ ਨਾਵਲੀ ਪ੍ਰਕਾਰਜ ਪੂਰਾ ਨਹੀਂ ਹੁੰਦਾ ਉਹ ਬਹੁ-ਭਾਸ਼ਾਈ (ਹੲਟਟਰੋਗਲੋਸਸੳਿ) ਸਰੂਪ ਦੀ ਅਨੁਸਾਰੀ ਤਾਂ ਹੋਵੇਗੀ ਪਰ ਬਹੁ-ਬਚਨੀ ਪ੍ਰਵਚਨ (ਪੋਲੇਪਹੋਨਚਿ ਦਸਿਚੋੁਰਸੲ) ਦੀ ਸਿਰਜਕ ਨਹੀ ਬਣ ਸਕਗੀ।
ਨਾਵਲੀ ਬਿਰਤਾਂਤ ਦਾ ਵਿਸਤ੍ਰਿਤ ਆਕਾਰ, ਇਸ ਵਿਚ ਇਤਿਹਾਸ ਦੀਆਂ ਵਾਸਤਵਿਕ ਪ੍ਰਕਿਰਿਆਵਾਂ ਦੀ ਈਮਾਨਦਾਰ ਪੇਸ਼ਕਾਰੀ ਦੀ ਜ਼ਿੰਮੇਵਾਰੀ, ਯਥਾਰਥ ਚਿਤਰਣ ਦੀਆਂ ਵਸੀਹ ਸੰਭਾਵਨਾਵਾਂ, ਸਧਾਰਣ ਮਨੁੱਖ ਦੇ ਵਿਅਕਤੀ-ਚਰਿੱਤਰ ਦੀ ਅਨਿਸ਼ਚਿਤਤਾ ਦਾ ਹਾਲਾਤ ਦੇ ਪ੍ਰਸੰਗ ਵਿਚ ਵਿਸਤਾਰ-ਚਿੱਤਰ ਸਿਰਜਣ ਦੀ ਸੰਭਵਾਨਾ, ਸੰਸਥਾਈ ਬਣਤਰਾਂ ਨੂੰ ਸ਼ੰਕਾਵਦੀ ਦ੍ਰਿਸ਼ਟੀ ਤੋਂ ਵੇਖਣਾ, ਬਿਰਤਾਂਤ ਵਿਚਲੀ ਅਮਿੱਥੀਕਰਣ ਦੀ ਪ੍ਰਕਿਰਿਆ, ਘਟਨਾਵੀ-ਤਣਾਓ ਦਾ ਲੰਮੇ ਵਕਫ਼ੇ ਵਿਚ ਫੈਲਣਾ, ਪਾਤਰਾਂ ਵਿਚ ਨਿਰੰਤਰ ਚੱਲਦੇ ਵਾਰਤਾਲਾਪ ਵਿਚ ਉਚਾਰਣੀ ਭਾਸ਼ਾ ਦੀ ਵਰਤੋਂ, ਖੁਲ੍ਹੇ ਅੰਤ ਵਾਲੇ ਕਥਾਨਕ ਦੀ ਵਿਲੱਖਣ ਰਚਨਾ-ਵਿਧੀ, ਵਿਭਿੰਨ ਰਚਨਾ-ਵਿਧਾਵਾਂ ਦੇ ਮੋਟਿਫ਼ਾਂ ਦੀ ਵਰਤੋਂ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਤੇ ਅਨੁਭਵਾਂ ਨੂੰ ਆਪਣੇ ਵਿਚ ਸਮੋ ਲੈਣ ਦੀ ਸੰਭਾਵਨਾ ਕਾਰਣ ਪੈਦਾ ਹੋਈਆਂ ਥੀਮਕ ਸੰਭਾਵਨਾਵਾਂ ਕਾਰਣ ਹੋਂਦ ਵਿਚ ਆਇਆ ਇਸ ਦਾ ਇਕ ਖੁੱਲ੍ਹਾ ਰੂਪ-ਵਿਧਾਈ ਚੌਖਟਾ, ਵਿਡੰਬਨਾ ਦਾ ਇਸ ਦੀ ਵਸਤੂ ਅਤੇ ਵਿਧੀ ਹੋਣਾ, ਨਾਵਲੀ ਜਗਤ ਵਿਚ ਆਮ ਤੋਂ ਵਡੇਰੇ ਕਾਰਜ ਵਿਚ ਉੱਤਰ੍ਹਣ ਵਾਲੇ ਪਾਤਰਾਂ ਦੇ ਸੁਪਨਿਆਂ ਦੇ ਵਿਫ਼ਲਾਉ ਨੂੰ ਠੋਸ ਹਕੀਕਤਾਂ ਦੇ ਪ੍ਰਸੰਗ ਵਿਚ ਪੇਸ਼ ਕਰਨਾ, ਸੁਪਨਿਆਂ ਦੇ ਵਿਫ਼ਲਾਉ ਵਿਚੋਂ ਪੈਦਾ ਹੋਣ ਵਾਲੇ ਸੰਤਾਪ ਨੂੰ ਗਿਆਨਮਈ ਸੰਤੋਖ ਵਿਚ ਰੂਪਾਂਤਰਿਤ ਕਰਨ ਦਾ ਪ੍ਰਕਾਰਜ ਅਤੇ ਬਹੁ-ਵਚਨੀ ਪ੍ਰਵਚਨ ਅਜਿਹੇ ਕੁਝ ਲੱਛਣ ਹਨ ਜਿਨ੍ਹਾਂ ਦੇ ਹਵਾਲੇ ਨਾਲ ਨਾਵਲੀ ਬਿਰਤਾਂਤ ਦੀ ਵਿਲੱਖਣਤਾ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਨਾਵਲ ਦੇ ਰੂਪਾਕਾਰਕ ਸੰਗਠਨ ਦੀਆਂ ਉਪਰੋਕਤ ਵਰਣਿਤ ਖ਼ਾਸੀਅਤਾਂ ਦੀ ਤੁਲਨਾ ਵਿਚ ਹੁਣ ਨਾਵਲਿਟ ਅਤੇ ਲੰਮੀ ਕਹਾਣੀ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਦੀ ਚਰਚਾ ਹੋ ਸਕਦੀ ਹੈ।
(2)
ਪਹਿਲਾਂ ਅਸੀਂ ਨਾਵਲਿਟ ਦੀਆਂ ਰੂਪਾਕਾਰਕ ਖ਼ਾਸੀਅਤਾਂ ਦੀ ਗੱਲ ਕਰਾਂਗੇ। ਪੰਜਾਬੀ ਵਿਚ ਨਾਵਲਿਟ ਦੀ ਰਚਨਾ ਭਾਵੇਂ ਘੱਟ ਹੋਈ ਹੈ ਪਰ ਇਸ ਬਾਰੇ ਪੰਜਾਬੀ ਸਾਹਿਤਕਾਰ ਅਤੇ ਸਾਹਿਤ-ਸਿਧਾਂਤਕਾਰ ਮੁੱਢ ਤੋਂ ਹੀ ਚੇਤੰਨ ਹੈ। ਡਾ|ਸੁਤਿੰਦਰ ਸਿੰਘ ਨੂਰ ਆਪਣੇ ਇਕ ਆਲੇਖ ਵਿਚ ਨਾਵਲਿਟ ਬਾਰੇ ਚਰਚਾ ਕਰਦੇ ਹੋਏ ਇਸ ਨੂੰ ਇਕ ਟਰਾਂਸਿਟਰੀ ਵਿਧਾ ਦੇ ਤੌਰ ਤੇ ਸਵੀਕਾਰ ਕਰਦੇ ਹਨ ਉਨ੍ਹਾਂ ਅਨੁਸਾਰ ‘ਯੂਰਪ ਵਿਚ ਜਦੋਂ ਨਾਵਲ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਤਾਂ ਪਹਿਲਾਂ ਪਹਿਲ ਵੱਖ ਵੱਖ ਯੂਰਪੀ ਭਾਸ਼ਾਵਾਂ ਵਿਚ ਇਸ ਲਈ ਸ਼ਬਦ ਨਵੇਲੋ, ਨਵਲੋ, ਨਾਵਲਿਟ ਸਾਹਮਣੇ ਆਏ ਤੇ ਫਿਰ ਨਾਵਲ। ਜੋ ਨਾਵਲ ਛੋਟੇ ਆਕਾਰ ਦੇ ਹੁੰਦੇ ਸਨ, ਉਨ੍ਹਾਂ ਨੂੰ ਨਾਵਲਿਟ ਆਖ ਲਿਆ ਗਿਆ ਤੇ ਜਦੋਂ ਨਾਵਲ ਦਾ ਰੂਪਾਕਾਰ ਸਥਾਪਿਤ ਹੁੰਦਾ ਗਿਆ, ਉਦੋਂ ਸਮੁੱਚੇ ਨਾਵਲ ਲਈ ਸ਼ਬਦ ਨਾਵਲ ਹੀ ਵਰਤਿਆ ਗਿਆ’। ਇਕ ਰੂਪਾਕਾਰ ਦੇ ਤੌਰ ਤੇ ਨਾਵਲਿਟ ਅੰਗਰੇਜ਼ੀ ਅਤੇ ਜਰਮਨ ਵਿਚ ਵਧੇਰੇ ਮਕਬੂਲ ਰਿਹਾ ਹੈ।
ਜਰਮਨ ਲੇਖਕ ਇਸ ਲਈ ਨੌਵੇਲਾ ਸ਼ਬਦ ਦੀ ਵਰਤੋਂ ਕਰਦੇ ਹਨ। ਉਨ੍ਹਾਂ ਅਨੁਸਾਰ ਨੌਵੇਲਾ ਦਰਮਿਆਨੇ ਆਕਾਰ ਦਾ ਗਲਪੀ ਬਿਰਤਾਂਤ ਹੁੰਦਾ ਹੈ ਜਿਸ ਵਿਚ ਇਕ ਰੌਚਕ ਘਟਨਾਕ੍ਰਮ, ਸਥਿਤੀ ਜਾਂ ਤਣਾਉ ਦੀ ਪੇਸ਼ਕਾਰੀ ਹੁੰਦੀ ਹੈ ਜਿਸ ਦੀ ਕਹਾਣੀ ਵਿਚ ਇਕ ਅਣਕਿਆਸਿਆ ਮੋੜ ਆਉਂਦਾ ਹੈ। ਇਸ ਬਿਰਤਾਂਤ ਦਾ ਅੰਤ ਹੈਰਾਨੀ ਭਰਿਆ, ਉਮੀਦ ਤੋਂ ਬਾਹਰਾ ਪਰ ਤਾਰਕਿਕ ਹੁੰਦਾ ਹੈ। ਇਸ ਦੀ ਰਚਨਾ ਵਿਉਂਤ ਵਿਚ ਕਈ ਠੋਸ ਪ੍ਰਤੀਕ ਘੜਿਆ ਜਾਂਦਾ ਹੈ ਜੋ ਜੋ ਇਸ ਦੇ ਬਿਰਤਾਂਤ ਨੂੰ ਨਿਰੰਤਰਤਾ ਅਤੇ ਗਤੀ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਇਕ ਹੋਰ ਕਥਨ ਮੁਤਾਬਿਕ ਨੌਵੇਲਾ ਗਲਪੀ ਵਾਰਤਕ ਦੀ ਬਿਰਤਾਂਤਕ ਰਚਨਾ ਹੁੰਦੀ ਹੈ ਜੋ ਆਕਾਰ ਵਿਚ ਨਿੱਕੀ ਕਹਾਣੀ ਤੋਂ ਵਡੇਰੀ ਪਰ ਨਾਵਲ ਤੋਂ ਛੋਟੀ ਹੁੰਦੀ ਹੈ। ਇਸ ਬਾਰੇ ਸਹਿਮਤੀ ਨਹੀਂ ਕਿ ਨੌਵਲਾ ਦਾ ਆਕਾਰ ਕਿੰਨਾ ਹੋਵੇ। ਇਕ ਅਮਰੀਕੀ ਸਾਹਿਤਕ ਸੰਸਥਾ ਦੁਆਰਾ ਦਿੱਤੀ ਪਰਿਭਾਸ਼ਾ ਅਨੁਸਾਰ ਇਸ ਦਾ ਆਕਾਰ 17,500 ਤੋਂ 40,000 ਸ਼ਬਦਾਂ ਤਕ ਜਾਂ 60 ਤੋਂ 130 ਪੰਨਿਆਂ ਤਕ ਫ਼ੈਲਿਆ ਹੋ ਸਕਦਾ ਹੈ।
ਪੰਜਾਬੀ ਯੁਨੀਵਰਸਿਟੀ ਵਲੋਂ ਪ੍ਰਕਾਸ਼ਿਤ ਸਾਹਿਤ ਕੋਸ਼ ਵਿਚ ਨਾਵਲਿਟ ਦਾ ਇੰਦਰਾਜ ਉਪਨਿਆਸਿਕਾ ਦੇ ਤੌਰ ਤੇ ਕੀਤਾ ਗਿਆ ਹੈ। ਉਸ ਅਨੁਸਾਰ, ‘ਉਪਨਿਆਸਿਕਾ ਜਾਂ ਲਘੂ ਉਪਨਿਆਸ (ਨਾਵਲ) ਜਾਂ ਨਾਵਲੈੱਟ ਗਲਪ ਸਾਹਿਤ ਦੇ ਉਸ ਰੂਪ ਨੂੰ ਆਖਦੇ ਹਨ ਜਿਹੜਾ ਆਕਾਰ ਵਿਚ ਸਾਧਾਰਣ ਕਹਾਣੀ ਨਾਲੋਂ ਲੰਮਾਂ ਅਤੇ ਸੰਪੂਰਣ ਉਪਨਿਆਸ ਨਾਲੋਂ ਛੋਟਾ ਹੁੰਦਾ ਹੈ। ਪੱਛਮ ਵਿਚ ਛਪੀਆਂ ਹੋਈਆਂ ਉਪਨਿਆਸਿਕਾਵਾਂ ਦਾ ਆਕਾਰ ਲਗਭਗ 30000 ਤੋਂ ਲੈ ਕੇ 50000 ਸ਼ਬਦਾਂ ਤਕ ਮਿਲਦਾ ਹੈ। ਉਪਨਿਅਸਿਕਾ ਜਾਂ ਨਾਵਲੈੱਟ ਜਰਮਨ ਸ਼ਬਦ ਨੋਵੇਲਾ ਦਾ ਪਰਾਇਵਾਚੀ ਹੈ ਜਿਹੜਾ ਛੋਟੇ ਆਕਾਰ ਵਾਲੇ ਨੌਵੇਲ ਲਈ ਵਰਤਿਆ ਜਾਂਦਾ ਹੈ। ਜਰਮਨ ਨੌਵੇਲਾ ਇਕ ਘਟਨਾ ਅਤੇ ਇਸ ਘਟਨਾ ਦਾ ਇਕ ਪਾਤਰ ਜਾਂ ਪਾਤਰਾਂ ਦੇ ਇਕ ਸਮੂਹ ਦੇ ਪ੍ਰਭਾਵ ਨਾਲ ਸੰਬੰਧਿਤ ਹੁੰਦਾ ਹੈ। ਉਪਨਿਆਸਿਕਾ ਵਿਚ ‘ਛਾਇਆ ਚਿਤ੍ਰ’ ਪ੍ਰਯੋਗ ਉਲੀਕ ਕੇ ਯਕਦਮ ਉਸ ਨੂੰ ਸਿਖਰ ਤੇ ਪਹੁੰਚਾਇਆ ਜਾਂਦਾ ਹੈ। ਸਾਧਾਰਣ ਤੌਰ ਤੇ ਉਪਨਿਆਸਿਕਾ ਵਿਚ ਉਪਨਿਆਸ ਦੇ ਸਾਰੇ ਤੱਤ ਮਿਲ ਜਾਂਦੇ ਹਨ, ਪਰੰਤੂ ਇਕ ਕਥਾ ਸੁਤਰ ਜਾਂ ਥੀਮ, ਇਕ ਕਥਾ, ਉਪ-ਕਥਾਵਾਂ ਦੀ ਅਣਹੋਂਦ, ਨਾਟਕੀ ਵਿਅੰਗ, ਸੰਘਰਸ਼ ਅਤੇ ਸਿਖਰ ਦੀ ਨੇੜਤਾ, ਪਾਤਰਾਂ ਦੀ ਅਲਪ ਗਿਣਤੀ ਅਤੇ ਸੰਵਾਦ ਵਿਚ ਸੰਜਮ ਇਸ ਦੇ ਵਿਸ਼ੇਸ਼ ਗੁਣ ਹਨ।
ਉਪਰੋਕਤ ਕਥਨਾਂ ਵਿਚ ਨਾਵਲਿਟ ਨੂੰ ਜ਼ਿਆਦਾਤਰ ਉਸ ਦੇ ਆਕਾਰ ਦੇ ਹਵਾਲੇ ਨਾਲ ਹੀ ਪਰਿਭਾਸ਼ਾਬੱਧ ਕੀਤਾ ਗਿਆ ਹੈ। ਇਨ੍ਹਾਂ ਵਿਚ ਇਸ ਦੇ ਵੱਖਰੇ ਬਿਰਤਾਂਤਕ ਸੰਗਠਨ ਵਲ ਤਾਂ ਕੁਝ ਸੰਕੇਤ ਕੀਤਾ ਗਿਆ ਹੈ ਪਰ ਵੱਖਰੇ ਵਿਚਾਰਧਾਰਾਈ ਅਤੇ ਸੁਹਜ-ਸ਼ਾਸਤਰੀ ਪ੍ਰਕਾਰਜ ਦੀ ਨਿਸ਼ਾਨਦੇਹੀ ਪ੍ਰਤਿ ਇਹ ਪਰਿਭਾਸ਼ਾਵਾਂ ਖ਼ਾਮੋਸ਼ ਹਨ। ਇਕਹਿਰੀ ਸਥਿਤੀ ਜਾਂ ਘਟਨਾ ਵਿਚ ਪੱਸਰਿਆ ਤਣਾਉ, ਇਕ ਕਥਾ ਸੂਤਰ ਜਾਂ ਥੀਮ, ਉਪ-ਕਥਾਵਾਂ ਦੀ ਅਣਹੋਂਦ, ਨਾਟਕੀ ਵਿਅੰਗ,ਤਿੱਖੇ ਘਟਨਾਵੀ ਮੋੜ ਉਪਰੰਤ ਅਣਕਿਆਸਿਆ ਅੰਤ, ਸੰਘਰਸ਼ ਅਤੇ ਸਿਖਰ ਦੀ ਨੇੜਤਾ, ਪਾਤਰਾਂ ਦੀ ਅਲਪ ਗਿਣਤੀ ਅਤੇ ਸੰਵਾਦ ਵਿਚ ਸੰਜਮ ਅਤੇ ਪ੍ਰਤੀਕ-ਜੁਗਤ ਨਾਵਲਿਟ ਦੇ ਬਿਰਤਾਂਤਕ ਸੰਗਠਨ ਦੀਆਂ ਕੁਝ ਖ਼ਾਸੀਅਤਾਂ ਹਨ। ਨਾਵਲਿਟ ਦੀ ਇਸ ਸਮਝ ਵਿਚ ਵਿਸਤਾਰ ਕਰਨ ਲਈ ਅਤੇ ਨਾਵਲ ਦੀ ਤੁਲਨਾ ਵਿਚ ਇਸ ਦੇ ਰੂਪ ਅਤੇ ਪ੍ਰਕਾਰਜ ਦੀ ਵਿਲੱਖਣਤਾ ਦੀ ਪਛਾਣ ਲਈ ਡਾ| ਸਵਿੰਦਰ ਸਿੰਘ ਉੱਪਲ ਦੇ ਹੇਠ ਲਿਖੇ ਕਥਨ ਨੂੰ ਵਿਚਾਰਿਆ ਜਾ ਸਕਦਾ ਹੈ।
ਇਸ ਸਾਹਿਤਕ ਰੂਪ (ਨਾਵਲਿਟ) ਵਿਚ ਪਾਤਰ-ਗਿਣਤੀ ਅਤੇ ਪਾਤਰ ਵਿਸ਼ਾਲਤਾ ਵੀ ਘੱਟ ਹੁੰਦੀ ਹੈ। ਲੇਖਕ ਆਪਣੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਪੇਸ਼ ਕਰਨ ਵੇਲੇ ਬਹੁਤੀ ਡੂੰਘਾਈ ਵਿਚ ਨਹੀਂ ਜਾਂਦਾ। ਉਸ ਦਾ ਬਹੁਤਾ ਧਿਆਨ ਆਪਣੇ ਪ੍ਰਮੁੱਖ ਪਾਤਰ ਜਾਂ ਮੁਖ ਪਾਤਰਾਂ (ਨਾਇਕ, ਨਾਇਕਾ) ਵਲ ਰਹਿੰਦਾ ਹੈ; ਸਹਾਇਕ ਪਾਤਰਾਂ ਦੀ ਸ਼ਖ਼ਸੀਅਤ ਉਸਾਰਨ ਵਲ ਉਹ ਬਹੁਤਾ ਰਝੂਹ ਨਹੀਂ ਰਖਦਾ। ਮੱੁਖ ਪਾਤਰਾਂ ਦੀ ਪਾਤਰ ਉਸਾਰੀ ਕਰਨ ਵੇਲੇ ਵੀ ਉਹ ਉਹਨਾਂ ਨੂੰ ਬਹੁ-ਪੱਖੀ ਨਹੀਂ ਬਣਾਉਂਦਾ ਸਗੋਂ ਆਪਣੇ ਵਿਸ਼ੇ ਦੇ ਮੁੱਖ ਨੁਕਤੇ ਦੇ ਨੇੜੇ ਨੇੜੇ ਰਖਦਾ ਹੈ। ਇਸ ਵਿਚ ਵਾਤਾਵਰਣ ਕੇਵਲ ਸਹਾਇਕ ਰੂਪ ਵਿਚ ਪਰ ਸੰਖਿਪਤ ਹੁੰਦਾ ਹੈ। ਵਿਸਥਾਰ ਘੱਟ ਅਤੇ ਲੋੜੀਂਦੇ ਹੁੰਦੇ ਹਨ। ਨਿੱਕਾ ਨਾਵਲ ਦਿਲ ਨੂੰ ਜ਼ਿਆਦਾ ਅਤੇ ਦਿਮਾਗ ਨੂੰ ਘੱਟ ਟੁੰਬਦਾ ਹੈ।
ਡਾ. ਉੱਪਲ ਨਾਵਲਿਟ ਲਈ ਨਿੱਕਾ ਨਾਵਲ ਜਾਂ ਉਪਨਿਆਸਿਕਾ ਪਦ ਦੀ ਵਰਤੋਂ ਕਰਦੇ ਹਨ ਅਤੇ ਨਾਵਲ ਅਤੇ ਨਾਵਲਿਟ ਦਾ ਨਿਖੇੜਾ ਕਰਦੇ ਹੋਏ ਲਿਖਦੇ ਹਨ ਕਿ
‘ਨਿੱਕੇ ਨਾਵਲ ਅਤੇ ਪੂਰੇ ਨਾਵਲ ਨੂੰ ਵੱਖਰਿਆਉਣ ਵਾਲੀ ਅਸਲੀ ਵਸਤੂ ਵਿਸ਼ੇ ਦੀ ਚੋਣ ਅਤੇ ਉਸ ਦਾ ਨਿਭਾਹ ਹੈ। ਨਿੱਕਾ ਨਾਵਲ ਲਿਖਣ ਲਈ ਨਾਵਲਕਾਰ ਨਾ ਤਾਂ ਬਹੁਤਾ ਗੁੰਝਲਦਾਰ ਵਿਸ਼ਾ ਚੁਣਦਾ ਹੈ ਅਤੇ ਨਾ ਹੀ ਬਹੁ-ਪੱਖੀ। ਇਸ ਦਾ ਉਦੇਸ਼ ਵੀ ਬਹੁਤਾ ਮਹਾਨ ਨਹੀਂ ਹੁੰਦਾ। ਨਿਭਾਹ ਵਿਚ ਵੀ ਉਹ ਬਹੁਤਾ ਡੂੰਘਾਈ ਵਿਚ ਨਹੀਂ ਜਾਂਦਾ ਜਿਸ ਕਾਰਣ ਉਸ ਰਚਨਾ ਦਾ ਬੌਧਿਕ ਪੱਧਰ ਵੀ ਬਹੁਤਾ ਉੱਚਾ ਨਹੀਂ ਹੁੰਦਾ’।
ਹੁਣ ਗੱਲ ਨਾਵਲਿਟ ਦੇ ਬਿਰਤਾਂਤਕ ਸੰਗਠਨ ਤੋਂ ਅੱਗੇ ਉਸ ਦੇ ਕਲਾਤਮਕ ਅਤੇ ਵਿਚਾਰਧਾਰਾਈ ਪ੍ਰਕਾਰਜ ਦੀ ਪਛਾਣ ਦੀ ਕੋਸ਼ਿਸ਼ ਤਕ ਅੱਪੜ ਗਈ ਹੈ। ਨਾਵਲਿਟ ਦੇ ਬਿਰਤਾਂਤਕ ਪਾਸਾਰ ਵਿਚ ਕੇਂਦਰੀ ਪਾਤਰ ਦੇ ਮੁਕਾਬਲੇ ਤੇ ਸਹਾਇਕ ਪਾਤਰਾਂ ਦੀ ਗੌਣ ਸਥਿਤੀ ਦੇ ਨਾਲ ਨਾਲ ਇਸ ਪੱਖ ਵਲ ਇਹ ਸੰਕੇਤ ਕੀਤਾ ਗਿਆ ਹੈ ਕਿ ਇਸ ਵਿਚ ਨਾ ਕੇਵਲ ਮੁੱਖ ਪਾਤਰ ਦਾ ਬਹੁ-ਪੱਖੀ ਚਿੱਤਰ ਉੱਸਰਣ ਦੀ ਸੰਭਾਵਨਾ ਨਹੀਂ ਹੁੰਦੀ ਸਗੋਂ ਸਹਾਇਕ ਪਾਤਰਾਂ ਦੀ ਸ਼ਖ਼ਸੀਅਤ ਨੂੰ ਉਨ੍ਹਾਂ ਦੇ ਮਨੋ-ਹੁੰਗਾਰਿਆਂ ਸਮੇਤ ਪੇਸ਼ ਨਹੀਂ ਕੀਤਾ ਜਾਂਦਾ। ਇਸ ਸੂਰਤ ਵਿਚ ਜਿਸ ਕਿਸਮ ਦਾ ਬਿਰਤਾਂਤ ਸਾਹਮਣੇ ਆਉਂਦਾ ਹੈ ਉਹ ਨਿਸ਼ਚੇ ਹੀ ਇਕਹਿਰਾ ਅਤੇ ਡੂੰਘਾਈ ਤੋਂ ਸੱਖਣਾ ਹੋਵੇਗਾ। ਇਸ ਸੂਰਤ ਵਿਚ ਨਾਵਲਿਟ ਦਾ ਦਿਲ ਨੂੰ ਜ਼ਿਆਦਾ ਟੁੰਬਣਾ ਅਤੇ ਮਨੁੱਖੀ ਜੀਵਨ ਪ੍ਰਤਿ ਬੌਧਿਕ ਜਗਿਆਸਾ ਨੂੰ ਤ੍ਰਿਪਤ ਕਰਨਾ ਜਾਂ ਉਸ ਅਵਸਥਾ ਨੂੰ ਪੈਦਾ ਕਰਨਾ, ਜਿਸ ਨੂੰ ਨਾਵਲ ਵਿਚ ਗਿਆਨ ਦਾ ਸੰਤੋਖ ਕਿਹਾ ਗਿਆ ਹੈ, ਸ਼ਾਇਦ ਮੁਸ਼ਕਿਲ ਹੋ ਜਾਵੇਗਾ।
ਨਾਵਲਿਟ ਦੇ ਰੂਪ ਅਤੇ ਪ੍ਰਕਾਰਜ ਦੀ ਵਿਲੱਖਣਤਾ ਨੂੰ ਸਮਝਣ ਲਈ ਡਾ|ਟੀ|ਆਰ|ਵਿਨੋਦ ਦੀ ਧਾਰਣਾ ਵੀ ਸਹਾਈ ਹੋ ਸਕਦੀ ਹੈ। ਡਾ| ਟੀ|ਆਰ|ਵਿਨੋਦ ਨਾਵਲ ਦੇ ਵਿਭਿੰਨ ਆਕਾਰਾਂ ਬਾਰੇ ਚਰਚਾ ਕਰਦੇ ਹੋੇਏ ਨਾਵਲਿਟ ਅਤੇ ਨਾਵਲ ਦੇ ਅੰਤਰ ਸੰਬੰਧਾਂ ਵਲ ਕੁਝ ਸੰਕੇਤ ਕਰ ਦਿੰਦੇ ਹਨ। ਉਨ੍ਹਾਂ ਅਨੁਸਾਰ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦਾ ਆਕਾਰ ਲਘੂ ਨਾਵਲ ਨਾਲੋਂ ਛੋਟਾ ਹੈ, ਫੇਰ ਵੀ ਇਸ ਨੂੰ ਮਹਾਂ-ਕਾਵਿਕ ਪੱਧਰ ਦਾ ਨਾਵਲ ਗਿਣਿਆ ਜਾਂਦਾ ਹੈ।ਸਪਸ਼ਟ ਹੈ ਕਿ ਇਸ ਨਾਵਲ ਨੂੰ ਇਹ ਦਰਜਾ ਇਸ ਦੀ ਥੀਮਕ ਅਹਿਮੀਅਤ ਕਰਕੇ ਮਿਲਿਆ ਹੈ। ਇਥੋਂ ਇਹ ਪ੍ਰਭਾਵ ਪੈਦਾ ਹੁੰਦਾ ਹੈ ਕਿ ਜਦੋਂ ਛੋਟੇ ਆਕਾਰ ਵਾਲੇ ਬਿਰਤਾਂਤ ਅੰਦਰ ਥੀਮਕ ਵਿਸਤਾਰ ਅਤੇ ਅਰਥਾਂ ਦੀ ਗਹਿਰਾਈ ਆ ਜਾਵੇ ਤਾਂ ਉਹ ਰਚਨਾ ਲਘੂ-ਨਾਵਲ ਜਾਂ ਨਾਵਲਿਟ ਨਾ ਹੋਕੇ ਨਾਵਲ ਦੀ ਕੋਟੀ ਵਿਚ ਹੀ ਆ ਜਾਵੇਗੀ। ਇਸ ਤੋਂ ਇਹ ਧਾਰਣਾ ਵੀ ਬਣਾਈ ਜਾ ਸਕਦੀ ਹੈ ਕਿ ਨਾਵਲ ਤੇ ਨਾਵਲਿਟ ਦਾ ਅੰਤਰ ਕੇਵਲ ਬਾਹਰੀ ਆਕਾਰ ਦਾ ਹੀ ਨਹੀਂ ਹੁੰਦਾ ਸਗੋਂ ਜ਼ਿਆਦਾ ਮਹੱਤਵਪੂਰਣ ਅੰਤਰ ਅੰਦਰੂਨੀ ਵਿਸਤਾਰ ਅਤੇ ਗਹਿਰਾਈ ਦਾ ਹੁੰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਪੰਜਾਬੀ ਦੇ ਕਈ ਲਘੂ ਆਕਾਰ ਦੇ ਨਾਵਲ ਆਪਣੇ ਅੰਦਰਲੇ ਵਿਸਤਾਰ ਕਾਰਣ ਨਾਵਲਿਟ ਨਾ ਰਹਿ ਕੇ ਨਾਵਲ ਅਖਵਾਉਣ ਦੇ ਹੱਕਦਾਰ ਬਣ ਜਾਣਗੇ ਜਿਵੇਂ ਫ਼ਖ਼ਰ ਜ਼ਮਾਨ ਦੀਆਂ ਦੋ ਰਚਨਾਵਾਂ ‘ਬੇਵਤਨਾ’ ਅਤੇ ‘ਇਕ ਮਰੇ ਬੰਦੇ ਦੀ ਕਹਾਣੀ’ ਆਪਣੇ ਛੋਟੇ ਆਕਾਰ ਦੇ ਬਾਵਜੂਦ ਅੰਦਰਲੇ ਵਿਸਤਾਰ ਕਾਰਣ; ਜੋ ਉਨ੍ਹਾਂ ਦੇ ਪ੍ਰਤੀਕ-ਪ੍ਰਬੰਧ ਨੂੰ ਡੀਕੋਡ ਕਰਨ ਉਪਰੰਤ ਦ੍ਰਿਸ਼ਟੀਗੋਚਰ ਹੋ ਜਾਵੇਗਾ; ਨਾਵਲ ਹੀ ਕਹੀਆਂ ਜਾਣਗੀਆਂ। ਇਸ ਦੇ ਮੁਕਾਬਲੇ ਦਲੀਪ ਕੌਰ ਟਿਵਾਣਾ ਦਾ ਨਾਵਲ ‘ਇਹੋ ਹਮਾਰਾ ਜੀਵਣਾ’ ਸ਼ਾਇਦ ਅੰਦਰਲੇ ਵਿਸਤਾਰ ਦੀ ਗੈਰ-ਹਾਜ਼ਰੀ ਅਤੇ ਪ੍ਰਗੀਤਕ ਸੁਭਾਅ ਕਾਰਣ ਨਾਵਲ ਦੀ ਬਜਾਏ ਨਾਵਲਿਟ ਕਿਹਾ ਜਾਵੇ ਤਾਂ ਵਧੇਰੇ ਉਚਿੱਤ ਹੋਵੇਗਾ।
ਪੰਜਾਬੀ ਵਿਚ ਨਾਵਲਿਟ ਦੀ ਰਚਨਾ ਏਨੀ ਨਹੀਂ ਹੋਈ ਕਿ ਇਸ ਨੂੰ ਇਕ ਸੁਤੰਤਰ ਅਤੇ ਨਿਸ਼ਚਿਤ ਰੂਪਾਕਾਰਕ ਵਰਤਾਰੇ ਦੇ ਤੌਰ ਤੇ ਮਾਨਤਾ ਪ੍ਰਾਪਤ ਹੋ ਸਕਦੀ। ਜਿੰਨੇ ਵੀ ਨਾਵਲਿਟ ਪੰਜਾਬੀ ਵਿਚ ਲਿਖੇ ਗਏ ਹਨ ਉਨ੍ਹਾਂ ਦੀ ਬਣਤਰ ਨੂੰ ਧਿਆਨ ਨਾਲ ਵਾਚੀਏ ਤਾਂ ਇਸ ਦੇ ਨਾਵਲ ਤੋਂ ਵੱਖਰੇ ਕੁੱਝ ਲੱਛਣ ਪਕੜ ਵਿਚ ਆ ਸਕਦੇ ਹਨ। ਨਾਵਲ ਦੇ ਸਿਰਜਿਤ ਗਲਪ ਜਗਤ ਨੂੰ ਦੋਹਰਾ ਸੰਸਾਰ ਕਿਹਾ ਜਾਂਦਾ ਹੈ। ਇਸ ਵਿਚ ਇਕ ਪਾਸੇ ਤਾਂ ਸਧਾਰਣ ਮਨੁੱਖ ਦੇ ਸੰਘਰਸ਼ ਤੇ ਪ੍ਰਾਕਰਮ ਦਾ ਬਿਰਤਾਂਤ ਉੱਸਰਦਾ ਹੈ ਅਤੇ ਦੂਜੇ ਪਾਸੇ ਉਸ ਦੇ ਭੌਤਿਕ ਕਾਰਜ ਦੇ ਵਸਤੂ-ਪ੍ਰਸੰਗ ਵਜੋਂ ਇਤਿਹਾਸਿਕ ਸਥਿਤੀਆਂ ਦਾ ਨਕਸ਼ਾ ਬਿਰਤਾਂਤਕ ਧਰਾਤਲ ਉੱਤੇ ਫੈਲਦਾ ਜਾਂਦਾ ਹੈ। ਇਸ ਦੇ ਮੁਕਾਬਲੇ ਨਾਵਲਿਟ ਵਿਚ ਬਿਰਤਾਂਤਕਾਰੀ ਦਾ ਬਹੁਤਾ ਜ਼ੋਰ ਪਾਤਰਾਂ ਦੇ ਕਾਰਜ, ਭਾਵਨਾਤਮਕ ਹੁੰਗਾਰੇ ਅਤੇ ਸੋਚ ਦੇ ਵੇਰਵਿਆਂ ਦੀ ਪੇਸ਼ਕਾਰੀ ਤੇ ਹੀ ਹੁੰਦਾ ਹੈ ਅਤੇ ਵਸਤੂ-ਪ੍ਰਸੰਗ ਜਾਂ ਤਾਂ ਬਹੁਤ ਸੀਮਿਤ ਆਕਾਰ ਵਿਚ ਪ੍ਰਗਟ ਹੁੰਦਾ ਹੈ ਤੇ ਜਾਂ ਫਿਰ ਪ੍ਰਤੀਕਾਤਮਕ ਤੇ ਸੰਕੇਤਕ ਪੱਧਰ ਤੇ ਹੀ ਹਾਜ਼ਰ ਹੋ ਸਕਦਾ ਹੈ। ਪੰਜਾਬੀ ਦੇ ਕਈ ਨਾਵਲਿਟਾਂ ਵਿਚ ਬਿਰਤਾਂਤ ਕੇਂਦਰੀ ਪਾਤਰ ਦੇ ਅਤਿ ਨੇੜੇ ਦੇ ਵੇਰਵਿਆਂ ਨੂੰ ਸਿਰਜਦਾ ਹੋਇਆ ਉਨ੍ਹਾਂ ਦੇ ਮਨੋ-ਭਾਵੁਕ ਹੁੰਗਾਰਿਆਂ ਦੀ ਪੇਸ਼ਕਾਰੀ ਤਕ ਸਿਮਟਿਆ ਰਹਿੰਦਾ ਹੈ। ਵਸਤੂ-ਪ੍ਰਸੰਗ ਦੀ ਨਾਮਾਲੂਮ ਹੋਂਦ ਕਾਰਣ ਅਜਿਹੀਆਂ ਰਚਨਾਵਾਂ ਜੀਵਨ ਦਾ ਜੋ ਬਿੰਬ ਘੜਦੀਆਂ ਹਨ, ਉਹ ਜ਼ਿੰਦਗੀ ਦੇ ਯਥਾਰਥ ਜਾਂ ਐਬਸਰਡਿਟੀ ਨੂੰ ਉਭਾਰਣ ਦੀ ਥਾਂ ਰੋਮਾਂਚ ਨੂੰ ਉਭਾਰਣ ਤੋਂ ਅੱਗੇ ਨਹੀਂ ਜਾ ਸਕਦੀਆਂ। ਪਰਗਟ ਸਿੰਘ ਸਿੱਧੂ ਦੇ ਨਾਵਲਿਟ ‘ਪ੍ਰੀਤੋ’ ਅਤੇ ‘ਬੱਤਖ਼ ਦੇ ਪਰਾਂ ਜਿਹੇ ਸਫ਼ੇਦ ਦਿਨ’ ਇਸ ਲਈ ਪ੍ਰਮਾਣ ਵਜੋਂ ਪੇਸ਼ ਕੀਤੇ ਜਾ ਸਕਦੇ ਹਨ।
ਨਾਵਲਿਟ ਦੇ ਬਿਰਤਾਂਤ ਵਿਚ ਪੇਸ਼ ਸਥਿਤੀ ਇਕਹਿਰੀ ਹੁੰਦੀ ਹੈ ਅਤੇ ਮੁੱਖ ਘਟਨਾ ਰਾਹੀਂ ਸਾਕਾਰ ਹੁੰਦੇ ਤਣਾਉ ਦਾ ਵਿਸਤਾਰ ਹੋਰ ਬਹਤ ਸਾਰੀਆਂ ਘਟਨਾਵਾਂ ਰਾਹੀਂ ਸਾਹਮਣੇ ਆਉਂਦਾ ਹੈ। ਇੰਝ ਇਸ ਵਿਚ ਨਿੱਕੀਆਂ ਨਿੱਕੀਆਂ ਕਈ ਘਟਨਾਵਾਂ ਦਾ ਬਿਰਤਾਂਤ ਉੱਸਰਦਾ ਹੈ। ਇਹ ਘਟਨਾਵਾਂ ਭਾਵੇਂ ਲੰਮੀ ਕਹਾਣੀ ਤੋਂ ਉਲਟ ਇਕ ਦੂਜੇ ਵਿਚੋਂ ਜਨਮ ਲੈਂਦੀਆਂ ਹਨ ਪਰ ਇਹ ਕੇਂਦਰੀ ਪਾਤਰ ਦੇ ਨੇੜ ਤੇੜੇ ਵਾਪਰਦੀਆਂ ਹਨ ਅਤੇ ਉਸ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੁੰਦੀਆਂ ਹਨ। ਨਾਵਲਿਟ ਵਿਚ ਘਟਨਾਵੀ ਬਿਰਤਾਂਤ ਕੇਂਦਰੀ ਪਾਤਰ ਤੋਂ ਦੂਰ ਇਤਿਹਾਸਕ ਪ੍ਰਕਿਰਿਆਵਾਂ ਦੀ ਪੇਸ਼ਕਾਰੀ ਤਕ ਨਹੀਂ ਪੱਸਰਦਾ, ਜਿਸ ਕਰਕੇ ਇਸ ਵਿਚ ਦੇ ਵਸਤੂ ਪ੍ਰਸੰਗ ਦੇ ਵੇਰਵੇ ਬਹੁਤੇ ਵਿਸਤ੍ਰਿਤ ਨਾ ਹੋ ਕੇ ਸੰਕੇਤਕ ਹੀ ਰਹਿੰਦੇ ਹਨ। ਇਸ ਨਾਲ ਜੋ ਬਿੰਬ ਉੱਸਰਦਾ ਹੈ ਉਹ ਕੇਂਦਰੀ ਪਾਤਰ ਨੂੰ ਆਮ ਨਾਲੋਂ ਸੰਵੇਦਨਸ਼ੀਲ ਤੇ ਵਡੇਰਾ ਬਣਾ ਦਿੰਦਾ ਹੈ ਪਰ ਹੋਰ ਪਾਤਰਾਂ ਦੇ ਕਾਰਜ, ਮਨੋ-ਵਿਹਾਰ ਅਤੇ ਸ਼ਖ਼ਸੀਅਤ ਦੇ ਘਟਨਾਵੀ ਪ੍ਰਸੰਗ ਦੀ ਗ਼ੈਰ-ਹਾਜ਼ਰੀ ਵਿਚ ਕੇਂਦਰੀ ਪਾਤਰ ਦੀ ਉਚੇਰੀ ਸਥਿਤੀ ਬਣੀ ਰਹਿੰਦੀ ਹੈ। ਇਸ ਨਾਲ ਭਾਵਨਾਤਮਕ ਟਕਰਾਓ ਵਾਲਾ ਬਿਰਤਾਂਤ ਤਾਂ ਉੱਸਰਦਾ ਹੈ ਕਾਰਜੀ-ਟਕਰਾਓ ਦੀ ਬਹੁਤੀ ਸੰਭਾਵਨਾ ਨਹੀਂ ਬਣਦੀ। ਇਨ੍ਹਾਂ ਕਾਰਣਾਂ ਕਰਕੇ ਘਟਨਾਵਾਂ ਦਾ ਏਨਾ ਵਿਸਤਾਰ ਵੀ ਸਾਹਮਣੇ ਨਹੀਂ ਆਉਂਦਾ ਕਿ ਜੀਵਨ-ਕਹੀਕਤਾਂ ਦਾ ਬਹੁ-ਪਾਸਾਰੀ ਚਿੱਤਰ ਅਤੇ ਡੂੰਘਾ ਬੋਧ ਪ੍ਰਾਪਤ ਹੋ ਸਕੇ। ਇੰੰਝ ਨਾਵਲਿਟ ਤੇਜ ਗਤੀ ਨਾਲ ਵਾਪਰੀਆਂ ਘਟਨਾਵਾਂ ਦੀ ਬਹੁਤਾਤ ਦੇ ਬਾਵਜੂਦ ਮੁਕਾਬਲਤਨ ਸੰਖੇਪ ਪਰ ਇਕਸੁਰੀ ਬਿਰਤਾਂਤਕ ਪ੍ਰਬੰਧ ਬਣ ਜਾਂਦਾ ਹੈ ਜਿਸ ਵਿਚ ਜ਼ਿੰਦਗੀ ਦੇ ਯਥਾਰਥਕ ਬੋਧ ਅਤੇ ਐਬਸਰਡਿਟੀ ਦੀ ਥਾਂ ਵਿਕਰਤ ਰੋਮਾਂਚ ਦੀ ਪ੍ਰਬਲ ਭਾਵਨਾ ਹੀ ਉਤਪੰਨ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਕਿ ਇਕ ਅੰਗਰੇਜ਼ ਵਿਦਵਾਨ ਹੈਵਰਡ ਅਨੁਸਾਰ ਨਾਵਲਿਟ ਸਿਰਫ਼ ਆਕਾਰ ਵਿਚ ਹੀ ਛੋਟਾ ਨਹੀਂ ਹੁੰਦਾ ਸਗੋਂ ਉਪਭਾਵੁਕ ਅਤੇ ਸਨਸਨੀਖ਼ੇਜ਼ ਹੁੰਦਾ ਹੈ। ਡਾ|ਸਵਿੰਦਰ ਸਿੰਘ ਉੱਪਲ ਵੀ ਸ਼ਾਇਦ ਇਸੇ ਲਈ ਨਾਵਲਿਟ ਨੂੰ ‘ਦਿਮਾਗ ਦੇ ਮੁਕਾਬਲੇ ਦਿਲ ਨੂੰ ਜ਼ਿਆਦਾ ਟੁੰਬਣ ਵਾਲੀ ਵਿਧਾ’ ਕਹਿੰਦਾ ਹੈ।
ਪੰਜਾਬੀ ਵਿਚ ਇਕ ਸੁਤੰਤਰ ਵਿਧਾ ਦੇ ਤੌਰ ਨਾਵਲਿਟ ਦੇ ਵਿਕਾਸ ਦੀਆਂ ਸੀਮਾਵਾਂ ਨੂੰ ਸਮਝਣ ਲਈ ਇਸ ਦੀ ਸਿਰਜਣ ਪ੍ਰਕਿਰਿਆ ਬਾਰੇ ਸੁਪ੍ਰਸਿੱਧ ਤੇ ਪ੍ਰੌਢ ਗਲਪਕਾਰ ਸੁਖਬੀਰ ਦਾ ਹੇਠ ਲਿਖਿਆ ਕਥਨ ਰੌਚਕ ਸੰਕੇਤ ਪ੍ਰਦਾਨ ਕਰਦਾ ਹੈ ਜੋ ਇਸੇ ਮਹੀਨੇ ਦੇ ਇਕ ਰਸਾਲੇ ਵਿਚ ਛਪੀ ਉਸ ਦੀ ਇਕ ਕਹਾਣੀ ਦੇ ਆਰੰਭ ਵਿਚ ਦਰਜ਼ ਹੈ:
ਫ਼ਰਵਰੀ ਅੰਕ ਵਿਚ ਛਪੀ ਆਪਣੀ ਇਕ ਕਹਾਣੀ, ‘ਇਕ ਹੋਰ ਚਾਰਦਿਵਾਰੀ’ ਦੇ ਮੁੱਖ ਪਾਤਰ, ਮਨੋਹਰ ਬਾਰੇ ਮੈਂ ਦੋ ਹੋਰ ਕਹਾਣੀਆਂ ਲਿਖੀਆਂ ਸਨ। ਤਿੰਨੋਂ ਕਹਾਣੀਆਂ ਆਪਸ ਵਿਚ ਜੋੜਨ ਨਾਲ ਮਨੋਹਰ ਬਾਰੇ ਨਾਵਲੈਟ ਬਣ ਜਾਂਦਾ ਹੈ। ਦਸੰਬਰ ਅੰਕ ਵਿਚ ਛਪੇ ਮੇਰੇ ਨਾਵਲੈਟ, ‘ਟੁੱਟੀ ਹੋਈ ਲੜੀ’ ਵਿਚ ਜਿੱਥੇ ਪੰਜ ਕਹਾਣੀਆਂ ਇਕ ਖਾਸ ਤਰਤੀਬ ਵਿਚ ਜੋੜਨ ਨਾਲ ਪੰਜਾਂ ਕਾਂਡਾਂ ਵਾਲਾ ਨਾਵਲੈਟ ਬਣਦਾ ਹੈ, ਉੱਥੇ ‘ਇਕ ਹੋਰ ਚਾਰਦਿਵਾਰੀ’ ਅਤੇ ਦੂਜੀਆਂ ਦੋ ਕਹਾਣੀਆਂ ਕਿਸੇ ਵੀ ਤਰਤੀਬ ਵਿਚ ਜੋੜਨ ਨਾਲ ਨਾਵਲੈਟ ਬਣ ਜਾਂਦਾ ਹੈ।
ਇਸ ਕਥਨ ਵਿਚ ‘ਮਨੋਹਰ ਬਾਰੇ’ ਅਤੇ ‘ਕਿਸੇ ਵੀ ਤਰਤੀਬ ਵਿਚ ਜੋੜਨ ਨਾਲ’ ਵਾਕੰਸ਼ ਬੜੇ ਸੁਝਾਊ ਹਨ। ਕਹਾਣੀਆਂ ਦਾ ਇਕ ਪਾਤਰ ਮਨੋਹਰ ਬਾਰੇ ਹੋਣਾ ਇਹ ਦੱਸਦਾ ਹੈ ਕਿ ਇਨ੍ਹਾਂ ਦੇ ਜੋੜ ਵਿਚੋਂ ਪ੍ਰਾਪਤ ਨਾਵਲਿਟ ਇਕਹਿਰੀ ਬਣਤਰ ਵਾਲਾ ਹੋਵੇਗਾ ਜਿਸ ਵਿਚ ਬਾਕੀ ਪਾਤਰਾਂ ਦੀ ਸਥਿਤੀ ਜ਼ਿਕਰਯੋਗ ਵੀ ਨਹੀਂ ਹੋਵੇਗੀ। ਸੁਤੰਤਰ ਕਹਾਣੀਆਂ ਨੂੰ ਕਿਸੇ ਵੀ ਤਰਤੀਬ ਨਾਲ ਜੋੜਨ ਨਾਲ ਨਾਵਲਿਟ ਦਾ ਬਣ ਜਾਣਾ ਸੰਕੇਤ ਕਰਦਾ ਹੈ ਕਿ ਇਹ ਕਹਾਣੀਆਂ ਦਾ ਬਿਰਤਾਂਤ ਇਕ ਹੱਦ ਤਕ ਇਕ ਦੂਜੇ ਤੋਂ ਸੁਤੰਤਰ ਅਰਥ-ਪ੍ਰਬੰਧ ਦੀਆਂ ਧਾਰਣੀ ਵੀ ਹੋਵਗਾ। ਇੰਝ ਨਾਵਲਿਟ ਕੋਈ ਅਜਿਹੀ ਰਚਨਾ ਨਹੀਂ ਰਹਿੰਦਾ ਜੋ ਲੇਖਕ ਵਲੋਂ ਇਕ ਨਿਸ਼ਚਿਤ ਅਰਥ-ਪ੍ਰਬੰਧ ਨੂੰ ਸਾਕਾਰ ਕਰਨ ਲਈ ਚੇਤਨ ਤੌਰ ਤੇ ਸਿਰਜਿਆ ਜਾਵੇ। ਇਹ ਤਾਂ ਬਣ ਜਾਂਦਾ ਹੈ ਅਤੇ ਕੁਝ ਕਹਾਣੀਆਂ ਦਾ ਜਮ੍ਹਾਂ ਜੋੜ ਵੀ ਹੋ ਸਕਦਾ ਹੈ ਬਸ਼ਰਤੇ ਉਨਾਂ ਕਹਾਣੀਆਂ ਦਾ ਬਿਰਤਾਂਤ ਇਕ ਪਾਤਰ ਦੁਆਲੇ ਹੀ ਘੁੰਮਦਾ ਹੋਵੇ। ਰਚਨਾ ਪ੍ਰਕਿਰਿਆ ਦੀ ਇਸ ਅਨਿਸ਼ਚਿਤਤਾ ਕਰਕੇ ਨਾਵਲਿਟ ਪੰਜਾਬੀ ਵਿਚ ਸਾਹਿਤਕ ਰਸਾਲਿਆਂ ਦੀਆਂ ਲੋੜਾਂ ਦੀ ਪੂਰਤੀ ਲਈ ਹੋਂਦ ਵਿਚ ਆਉਣ ਵਾਲਾ ਰਚਨਾ-ਰੂਪ ਬਣ ਕੇ ਰਹਿ ਗਿਆ ਹੈ ਅਤੇ ਇਕ ਸੁਤੰਤਰ ਰੁਪਾਕਾਰਕ ਪਛਾਣ ਕਾਇਮ ਕਰਨ ਤੋਂ ਉਰ੍ਹਾਂ ਉਰ੍ਹਾਂ ਸਿਮਟ ਗਿਆ ਹੈ।
ਇੱਥੇ ਨਾਵਲਿਟ ਬਾਰੇ ਇਹ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਨਿਸ਼ਚੇ ਹੀ ਨਾਵਲਿਟ ਦਾ ਪ੍ਰਕਾਰਜ ਨਾਵਲ ਨਾਲੋਂ ਵੱਖਰਾ ਹੈ ਪਰ ਇਹ ਨਿਰਪੇਖ ਤੌਰ ਤੇ ਨਿਗੂਣਾ ਨਹੀਂ ਹੈ। ਨਾਵਲਿਟ ਇਕ ਤਰ੍ਹਾਂ ਨਾਲ ਸਾਹਿਤ ਅਧਿਐਨ ਦੀ ਪਹਿਲੀ ਸਟੇਜ ਤੇ ਪਾਠਕ ਪੈਦਾ ਕਰਨ ਵਾਲੀ ਵਿਧਾ ਹੈ। ਇਹ ਪਾਠਕ ਨੂੰ ਪਹਿਲਾਂ ਪਹਿਲ ਆਪਣੇ ਰੋਮਾਂਚਕ ਜਗਤ ਵਲ ਆਕਰਸ਼ਿਤ ਕਰਦੀ ਹੈ ਅਤੇ ਉਸ ਵਿਚ ਬਿਰਤਾਂਤਕ ਰਚਨਾਵਾਂ ਪੜ੍ਹਨ ਦੀ ਰੁਚੀ ਜਗਾਉਂਦੀ ਹੈ। ਇਕ ਵਾਰ ਨਾਵਲਿਟ ਵਰਗੀਆਂ ਹਲਕੀਆਂ ਫੁਲਕੀਆਂ ਰਚਨਾਵਾਂ ਰਾਹੀਂ ਜਦੋਂ ਪਾਠਕ ਸਾਹਿਤ ਅਧਿਐਨ ਨਾਲ ਜੁੜ ਜਾਂਦਾ ਹੈ ਤਾਂ ਉਸ ਦੀ ਜਗਿਆਸਾ ਵਧਦੀ ਜਾਂਦੀ ਹੈ। ਇਸ ਦੀ ਪੂਰਤੀ ਲਈ ਫਿਰ ਉਹ ਨਾਵਲ ਅਤੇ ਹੋਰ ਦਾਰਸ਼ਿਨਕ ਗਹਿਰਾਈ ਵਾਲੀਆਂ ਰਚਨਾਵਾਂ ਵਲ ਮੁੜ ਜਾਂਦਾ ਹੈ। ਇੰਝ ਨਾਵਲਿਟ ਦਾ ਪ੍ਰਕਾਰਜ ਨਾਵਲ ਨਾਲੋਂ ਵੱਖਰਾ ਤਾਂ ਹੋ ਜਾਂਦਾ ਹੈ ਪਰ ਇਸ ਵਿਚ ਕਾਮਯਾਬ ਹੋਣ ਵਾਲੀ ਰਚਨਾ ਵੀ ਸੁੱਟ ਪਾਉਣ ਵਾਲੀ ਨਹੀਂ ਹੁੰਦੀ। ਸਾਹਿਤ ਖਤਰ ਵਿਚ ਉਸ ਦੀ ਆਪਣੀ ਸਾਰਥਕਤਾ ਹੁੰਦੀ ਹੈ।
(3)
ਪੰਜਾਬੀ ਸਾਹਿਤਕ ਅਤੇ ਅਕਾਦਮਿਕ ਖੇਤਰ ਵਿਚ ਲੰਮੀ ਕਹਾਣੀ ਦੀ ਵਿਧਾ ਬਾਰੇ ਕੋਈ ਇਕ ਪ੍ਰਵਾਣਿਤ ਧਾਰਣਾ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ‘ਸਾਹਿਤ ਕੋਸ਼’ ਵਿਚ ਐਡਗਰ ਐਲੇਨ ਪੋ ਦੀ ਧਾਰਣਾ; ਕਿ ਨਿੱਕੀ ਕਹਾਣੀ ਦਾ ਸ਼ਾਬਦਿਕ ਆਕਾਰ 2500 ਸ਼ਬਦਾਂ ਤੋਂ 10000 ਸ਼ਬਦਾਂ ਤਕ ਫੈਲਿਆ ਹੋ ਸਕਦਾ ਹੈ; ਦੀ ਤੁਲਨਾ ਵਿਚ ਲੰਮੀ-ਨਿੱਕੀ ਕਹਾਣੀ ਦਾ ਆਕਾਰ 10000 ਸ਼ਬਦਾਂ ਤੋਂ ਵਧੇਰੇ ਦੱਸਿਆ ਗਿਆ ਹੈ ਪਰ ਇਸ ਤੋਂ ਇਲਾਵਾ ਇਸ ਦੀਆਂ ਹੋਰ ਰੂਪਾਕਾਰਕ ਵਿਸ਼ੇਸ਼ਤਾਵਾਂ ਨੂੰ ਅੰਕਿਤ ਕਰਨ ਦਾ ਯਤਨ ਨਹੀਂ ਕੀਤਾ। ਇੰਝ ਲੰਮੀ ਕਹਾਣੀ ਨੂੰ ਇਕ ਸੁਤੰਤਰ ਵਿਧਾ ਦੀ ਬਜਾਏ ਨਿੱਕੀ ਕਹਾਣੀ ਦਾ ਆਕਾਰ ਪੱਖੋਂ ਇਕ ਭੇਦ ਹੀ ਸਵੀਕਾਰ ਕੀਤਾ ਗਿਆ ਹੈ।
ਲੰਮੀ ਕਹਾਣੀ ਦਾ ਪਦ ਸ਼ਾਇਦ ਪਹਿਲੀ ਵਾਰ ਉਦੋਂ ਵਰਤੋਂ ਵਿਚ ਆਉਣਾ ਸ਼ੁਰੂ ਹੋਇਆ ਜਦੋਂ ਜਗਜੀਤ ਸਿੰਘ ਛਾਬੜਾ ਨੇ 1965 ਵਿਚ ‘ਲੰਮੀ ਕਹਾਣੀ’ ਨਾਮ ਦੀ ਪੁਸਤਕ ਸੰਪਾਦਿਤ ਕੀਤੀ। ਉਸ ਦੀ ਭੂਮਿਕਾ ਵਿਚ ਜਗਜੀਤ ਸਿੰਘ ਛਾਬੜਾ ਨੇ ਪਹਿਲੀ ਵਾਰ ਲੰਮੀ ਕਹਾਣੀ ਦੇ ਰੂਪਾਕਾਰਕ ਲੱਛਣਾਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਨੂੰ ਇਕ ਵਿਲੱਖਣ ਗਲਪ-ਵਿਧਾ ਦੇ ਤੌਰ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਭੂਮਿਕਾ ਵਿਚ ਛਾਬੜਾ ਲੰਮੀ ਕਹਾਣੀ ਨੂੰ ਨਵੀਨ ਅਨੁਭਵ ਦੀ ਸਿਰਜਣਾਤਮਕ ਲੋੜ ਦੀ ਉਪਜ ਦਸਦਾ ਹੈ। ਨਿੱਕੀ ਕਹਾਣੀ ਨਾਲੋਂ ਲੰਮੀ ਕਹਾਣੀ ਨੂੰ ਨਿਖੇੜਦਾ ਹੋਇਆ ਉਹ ਲਿਖਦਾ ਹੈ ਕਿ ‘ਨਿੱਕੀ ਕਹਾਣੀ ਦਾ ਕਲਾ ਰੂਪ ਅਜਿਹੇ ਨਿਯਮਾ ਦਾ ਧਾਰਣੀ ਚਲਾ ਆ ਰਿਹਾ ਹੈ ਕਿ ਅਨੁਭਵ ਨੂੰ ਪੂਰੀ ਸੁਤੰਤਰਤਾ ਨਾਲ ਪ੍ਰਗਟਾ ਕੇ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਨੁਭਵ ਨੂੰ ਕਾਫ਼ੀ ਹੱਦ ਤਕ ਸੁਕੇੜਨਾ ਪਿਆ ਹੈ। ਆਧੁਨਿਕ ਸੰਵੇਦਨਾ ਨੇ ਵਿਅਕਤੀ ਦ੍ਰਿਸ਼ਟੀਕੋਣ ਨੂੰ ਵਧੇਰੇ ਸਬਲ ਬਣਾ ਦਿੱਤਾ ਹੈ। ਇਹ ਵਿਅਕਤੀ ਚਿੰਤਨ ਅਨੁਭਵ ਨੂੰ ਪੂਰਣ ਤੌਰ ਤੇ ਸੁਤੰਤਰ ਅਤੇ ਮੌਲਿਕ ਰੂਪ ਵਿਚ ਪ੍ਰਗਟਾਉਣਾ ਲੋਚਦਾ ਹੈ। … ਇਸ ਮੌਲਿਕ ਅਤੇ ਸਬਲ ਜੀਵਨ ਅਧਿਐਨ ਨੇ ਨਿੱਕੀ ਕਹਾਣੀ ਦੇ ਆਕਾਰ ਨੂੰ ਵਿਸਤ੍ਰਿਤ ਕਰਨ ਦੇ ਨਾਲ ਨਾਲ ਇਕ ਸਫ਼ਲ ਅਤੇ ਸ਼ਕਤੀਸ਼ਾਲੀ ਦ੍ਰਿਸ਼ਟੀਕੋਣ ਦੇ ਪ੍ਰਗਟਾ ਦੀ ਵੀ ਮੰਗ ਕੀਤੀ ਹੈ।
ਡਾ| ਉੱਪਲ ਛਾਬੜਾ ਦੀ ਇਸ ਧਾਰਣਾ ਨਾਲ ਸਹਿਮਤ ਨਹੀਂ ਹਨ ਕਿ ਨਿੱਕੀ ਕਹਾਣੀ ਵਿਚ ਅਨੁਭਵ ‘ਸੁਕੜਿਆ’ ਹੁੰਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਵਿਸ਼ੇ ਅਤੇ ਮੁਖ ਪਾਤਰ ਦੀ ਮਾਨਸਿਕਤਾ ਦੀ ਅਸਾਧਾਰਣਤਾ ਅਸਲ ਵਿਚ ਲੰਮੀ ਕਹਾਣੀ ਦੀ ਰਚਨਾ ਦਾ ਆਧਾਰ ਬਣਦੀ ਹੈ।
ਇਕ ਹੋਰ ਲੇਖਕ ਅਮਰ ਸਿੰਘ ਅਨੁਸਾਰ, ‘ਲੰਮੀ ਨਿੱਕੀ ਕਹਾਣੀ ਇਕ ਅਜਿਹਾ ਰੂਪ ਹੈ ਜਿਸ ਦੀ ਉੱਤਪਤੀ ਇਕ ਤਰ੍ਹਾਂ ਦੀ ਗਿਲਾਨੀ ਭਾਵ ਵਿਚੋਂ ਹੋਈ, ਜਦੋਂ ਨਿੱਕੀ ਕਹਾਣੀ ਇਕ ਸ਼ਾਬਦਿਕ ਜੁਗਤੀ ਬਣ ਕੇ ਰਹਿ ਗਈ’। ਨਾਵਲ ਦੀ ਘਟਨਾਵੀਂ ਸੰਰਚਨਾ ਦੀ ਤੁਲਨਾ ਵਿਚ ਲੰਮੀ ਕਹਾਣੀ ਨੂੰ ਪਰਿਭਾਸ਼ਿਤ ਕਰਦਾ ਹੋਇਆ ਅਮਰ ਸਿੰਘ ਲਿਖਦਾ ਹੈ ਕਿ ‘ਲੰਮੀ ਨਿੱਕੀ ਕਹਾਣੀ ਦੇ ਮੌਕੇ ਨਾਵਲ ਦੇ ਮੌਕਿਆਂ ਵਾਂਗ ਇਕ ਦੂਜੇ ਵਿਚੋਂ ਉੱਸਰੇ ਹੋਏ ਨਹੀਂ, ਸਗੋਂ ਇਕ ਦੂਸਰੇ ਨਾਲ ਸੰਬੰਧਿਤ ਹੁੰਦੇ ਹਨ’। ਇਸ ਗੱਲ ਵਿਚ ਉੱਪਲ ਵਿਸਤਾਰ ਕਰਦਾ ਹੈ ਕਿ ‘ਇਹ ਸੰਬੰਧ ਆਮ ਤੌਰ ਤੇ ਮੁਖ ਪਾਤਰ ਦੀ ਮਾਨਸਿਕਤਾ ਰਾਹੀਂ ਕਾਇਮ ਕੀਤਾ ਜਾਂਦਾ ਹੈ’। ਲੰਮੀ ਕਹਾਣੀ ਦੀ ਸੰਰਚਨਾ ਨੂੰ ਸਮਝਣ ਲਈ ਇਹ ਇਕ ਬਹੁਤ ਮਹੱਤਵਪੂਰਣ ਅੰਤਰ-ਦ੍ਰਿਸ਼ਟੀ ਹੈ। ਲੰਮੀ ਕਹਾਣੀ ਵਿਚ ਬਿਰਤਾਂਤ ਦੇ ਮੁੱਖ ਧਰਾਤਲ ਤੋਂ ਜਦੋਂ ਬਿਰਤਾਂਤ ਆਸ-ਪਾਸ ਜਾਂ ਅੱਗੇ-ਪਿੱਛੇ ਜਾਂਦਾ ਹੈ ਤਾਂ ਉਸ ਸਮੇਂ ਪੇਸ਼ ਹੋਣ ਵਾਲੀਆਂ ਘਟਨਾਵਾਂ ਨਾਲ ਮੁੱਖ ਬਿਰਤਾਂਤ ਦੇ ਘਟਨਾਵੀ ਕਾਰਜ ਦਾ ਕਾਰਣ-ਸਬੰਧ ਹੋਣਾ ਜ਼ਰੂਰੀ ਨਹੀਂ। ਅਜਿਹੇ ਬਿਰਤਾਂਤਕ ਖੰਡ ਮੁੱਖ ਬਿਰਤਾਂਤ ਦੇ ਕੇਂਦਰ ਵਿਚ ਮੌਜੂਦ ਪਾਤਰ ਦੇ ਕਾਰਜਾਂ, ਭਾਵਾਂ ਅਤੇ ਮਾਨਸਿਕ ਹੁੰਗਾਰਿਆਂ ਨੂੰ ਇਕ ਪਰਿਪੇਖ ਪ੍ਰਦਾਨ ਕਰਨ ਦਾ ਪ੍ਰਕਾਰਜ ਨਿਭਾਉਂਦੇ ਹਨ। ਇਸ ਨਾਲ ਬਿਰਤਾਂਤਕ ਕਾਰਜ ਦੇ ਅਰਥ ਨੂੰ ਇਕ ਗਹਿਰਾਈ ਪ੍ਰਾਪਤ ਹੋ ਜਾਂਦੀ ਹੈ। ਇੰਝ ਲੰਮੀ ਕਹਾਣੀ ਵਿਚਲਾ ਵਿਸਤਾਰ ਮੁੱਖ ਬਿਰਤਾਂਤ ਦੇ ਅਰਥ ਨੂੰ ਗਹਿਰਾਈ ਪ੍ਰਦਾਨ ਕਰਨ ਦਾ ਪ੍ਰਤਿਫਲ ਹੁੰਦਾ ਹੈ। ਇਸੇ ਗੱਲ ਨੂੰ ਸੁਤਿੰਦਰ ਸਿੰਘ ਨੂਰ ‘ਅੰਦਰਲਾ ਵਿਸਤਾਰ’ ਕਹਿੰਦਾ ਹੈ।
ਜਦੋਂ ਪਹਿਲਾ ਪਹਿਲ ਇਹ ਪਦ ਵਰਤਿਆ ਗਿਆ ਉਦੋਂ ਸੱਚਮੁਚ ਲੰਮੀ ਕਹਾਣੀ ਨਿੱਕੀ ਕਹਾਣੀ ਦੀ ਮੁਖ ਵਿਧਾ ਦੇ ਅੰਤਰਗਤ ਹੀ ਇਕ ਰੂਪ ਸੀ ਕਿਉਂਕਿ ਨਿੱਕੀ ਕਹਾਣੀ ਦੇ ਅਭਿਆਸੀ ਕਹਾਣੀਕਾਰ ਕਦੇ ਕਦਾਈਂ ਲੰਮੀ ਕਹਾਣੀ ਲਿਖਦੇ ਸਨ। ਉਦੋਂ ਅਮਰੀਕੀ ਅੰਗਰੇਜ਼ੀ ਗਲਪ ਅਤੇ ਉਰਦੂ ਗਲਪ ਵਿਚ ਇਹ ਵਿਧਾ ਹਰਮਨ ਪਿਆਰੀ ਹੋ ਚੁੱਕੀ ਸੀ। ਡਾ|ਉੱਪਲ ਅਨੁਸਾਰ ਲੰਮੀ ਨੱਕੀ ਕਹਾਣੀ ਪੰਜਾਬੀ ਵਿਚ ਪੱਛਮੀ ਅਤੇ ਉਰਦੂ ਦੇ ਪ੍ਰਭਾਵ ਤੋਂ ਆਈ ਹੈ। ਪੰਜਾਬੀ ਕਹਾਣੀਕਾਰ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਤਜੁਰਬੇ ਵਜੋਂ ਕਦੇ ਕਦੇ ਲੰਮੀ ਕਹਾਣੀ ਲਿਖਦੇ ਸਨ। ਪਰ ਉਨ੍ਹਾਂ ਲੇਖਕਾਂ ਨੇ ਭਵਿੱਖ ਵਿਚ ਇਸ ਵਿਧਾ ਦੇ ਵਿਕਾਸ ਲਈ ਮੁੱਢਲੀਆਂ ਪੈੜਾਂ ਜ਼ਰੁਰ ਧਰ ਦਿੱਤੀਆਂ ਸਨ।ਪਰ ਹੁਣ ਇਹ ਅਜਿਹਾ ਰੂਪਾਕਾਰ ਹੈ ਜਿਹੜਾ ਪੰਜਾਬੀ ਬੰਦੇ ਦੇ ਅਨੁਭਵ ਵਿਚੋਂ ਸਹਿਜ ਰੌਂ ਪੈਦਾ ਹੋਇਆ ਹੈ ਅਤੇ ਬਿਰਤਾਂਤਕ ਪ੍ਰਗਟਾਵੇ ਦੇ ਪ੍ਰਮੁਖ ਤ ਸ਼ਕਤੀਸ਼ਾਲੀ ਮਾਧਿਅਮ ਵਜੋਂ ਸਥਾਪਿਤ ਹੋ ਚੁੱਕਿਆ ਹੈ।
ਪੰਜਾਬੀ ਗਲਪ ਆਲੋਚਨਾ ਦੇ ਸਥਾਪਿਤ ਹਸਤਾਖ਼ਰ ਵੀ ਲੰਮੀ ਕਹਾਣੀ ਬਾਰੇ ਗੱਲ ਤਾਂ ਕਰਦੇ ਹਨ ਪਰ ਉਹ ਇਸ ਨੂੰ ਨਿੱਕੀ ਕਹਾਣੀ ਦਾ ਹੀ ਇਕ ਭੇਦ ਸਵੀਕਾਰ ਕਰਦੇ ਹਨ, ਇਕ ਵੱਖਰਾ ਰੂਪਾਕਾਰਕ ਵਰਤਾਰਾ ਨਹੀਂ। ਇਸੇ ਕਰਕੇ ਪੰਜਾਬੀ ਆਲੋਚਕਾਂ ਨੇ ਇਸ ਨੂੰ ਸੁਤੰਤਰ ਰੁਪਾਕਾਰ ਮੰਨਣ ਵਿਚ ਝਿਜਕ ਦਿਖਾਈ ਹੈ। ਇਸ ਕਿਸਮ ਦੀ ਝਿਜਕ ਦਾ ਪ੍ਰਗਟਾਵਾ ਡਾ| ਸੁਤਿੰਦਰ ਸਿੰਘ ਨੂਰ ਦੀ ਧਾਰਣਾ ਵਿਚ ਪ੍ਰਗਟ ਹੁੰਦਾ ਹੈ। ਉਨ੍ਹਾਂ ਅਨੁਸਾਰ, ‘ਸ਼ਬਦ ‘ਲੰਬੀ ਕਹਾਣੀ’ ਕਹਾਣੀ ਦੇ ਵੱਖਰੇ ਰੁਪ ਜਾਂ ਪਛਾਣ ਵਲ ਸੰਕੇਤ ਕਰਦਾ ਹੈ। ਲੰਬੀ ਕਹਾਣੀ ਹੈ ਤਾਂ ਕਹਾਣੀ ਹੀ, ਫਿਰ ਵੀ ਉਸ ਦੀ ਪਛਾਣ ਵੱਖਰੀ ਹੈ। ਇਸ ਲਈ ਇਸ ਨੂੰ ਉਸ ਵਿਧਾ ਦੇ ਅੰਤਰਗਤ ਇਕ ਵੱਖਰਾ ਰੂਪ ਕਹਿ ਲੈਣਾ ਚਾਹੀਦਾ ਹੈ’। ਡਾ| ਰਾਹੀ ਨੇ ਇਸ ਝਿਜਕ ਨੂੰ ਸਿੱਧਾਂਤਕ ਸ਼ਬਦਾਵਲੀ ਵਿਚ ਪੇਸ਼ ਕਰਕੇ ਵਧੇਰੇ ਦਲੀਲਯੁਕਤ ਬਣਾ ਦਿੱਤਾ ਹੈੈ। ਉਹ ਲਿਖਦੇ ਹਨ:
ਪੰਜਾਬੀ ਕਹਾਣੀ ਦੇ ਇਤਿਹਾਸ ਵਿਚ ਜਦੋਂ ਤੋਂ ਵਰਿਆਮ ਸਿੰਘ ਸੰਧੂ ਨੇ ਪੈਰ ਧਰਿਆ ਹੈ, ਤਦੋਂ ਤੋਂ ਨਿੱਕੀ ਕਹਾਣੀ ਦੇ ਟਾਕਰੇ ਵਿਚ ‘ਲੰਮੀ ਕਹਾਣੀ’ ਦਾ ਵੀ ਅਕਸਰ ਜ਼ਿਕਰ ਹੋਣ ਲੱਗ ਪਿਆ ਹੈ। ਪਰ ‘ਲੰਮੀ ਕਹਾਣੀ’ ਦੇ ਵਿਧਾ ਸ਼ਾਸਤਰ ਦਾ ਕਦੇ ਕਿਸੇ ਨੇ ਨਿਖੇੜਾ ਨਹੀਂ ਕੀਤਾ, ਭਾਵੇਂ ਕਿਧਰੇ ਕਿਧਰੇ ਇਹ ਨਿੱਕੀ ਕਹਾਣੀ ਤੇ ਨਾਵਲ ਦੇ ਵਿਚ ਵਿਚਾਲੇ ਦੀ ਕੋਈ ਚੀਜ਼ ਹੋਣ ਦਾ ਭਰਮ ਜ਼ਰੂਰ ਪੈਦਾ ਕਰਦੀ ਹੈ। ਦਰਅਸਲ, ਵਿਧਾ ਦੇ ਪੱਖ ਤੋਂ ਇਹ ਨਿੱਕੀ ਕਹਾਣੀ ਨਾਲੋਂ ਨਿਵੇਕਲੇ ਵਿਸ਼ੇਸ਼ ਵੱਖਰੇ ਗੁਣਾਂ ਜਾਂ ਲੱਛਣਾਂ ਵਾਲਾ ਬਿਰਤਾਂਤ-ਰੂਪ ਨਹੀਂ ਹੈ। ਵਰਿਆਮ ਸੰਧੂ ਦੀਆਂ ਕਹਾਣੀਆਂ ਨੂੰ ਲੰਮੀ ਕਹਾਣੀ ਦਾ ਪ੍ਰਤਿਮਾਨ ਮੰਨ ਲਈਏ ਤਾਂ ਅਸੀਂ ਵੇਖਾਂਗੇ ਕਿ ਜੋ ਚੀਜ਼ ਇਨ੍ਹਾਂ ਨੂੰ ਲੰਮੀਆਂ ਬਣਾਉਂਦੀ ਹੈ ਉਹ ਹੈ ਇਨ੍ਹਾਂ ਵਿਚ ਮੁਖ ਬਿਰਤਾਂਤ ਦੇ ਅੰਤਰਗਤ ਉਪ-ਬਿਰਤਾਂਤਾਂ ਦੀ ਵਰਤੋਂ। ਇਨ੍ਹਾਂ ਉਪ-ਬਿਰਤਾਂਤਾਂ ਦਾ ਮੁਖ ਪ੍ਰਕਾਰਜ ਕਹਾਣੀ ਵਿਚਲੇ ਸੰਵੇਦਨ-ਭਾਵ ਨੂੰ ਸੰਘਣਤਾ ਦੇਣਾ ਹੈ। ਸ਼ਾਇਦ ਕੁਝ ਪਾਸਾਰ ਵੀ। ਬਾਕੀ ਗੱਲਾਂ ਵਿਚ ਇਸ ਦਾ ਮੁਖ ਕਿਰਦਾਰ ਨਿੱਕੀ ਕਹਾਣੀ ਵਾਲੀਆਂ ਮਾਨਵੀ ਦੁਬਿਧਾਵਾਂ ਨਾਲ ਹੀ ਸਬੰਧਿਤ ਰਹਿੰਦਾ ਹੈ।
ਇਸ ਸੈੈਮੀਨਾਰ ਵਿਚ ਡਾ|ਰਾਹੀ ਦੁਆਰਾ ਪੜ੍ਹੇ ਗਏ ਪੇਪਰ ਵਿਚ ਵੀ ਇਸ ਗੱਲ ਨੂੰ ਮੁੜ ਦੁਹਰਾਇਆ ਗਿਆ ਹੈ। ਇਸ ਪੇਪਰ ਵਿਚ ਉਨ੍ਹਾਂ ਦੀ ਝਿਜਕ ਦੁਬਿਧਾ ਵਿਚ ਬਦਲ ਗਈ ਹੈ। ਉਹ ਵਰਿਆਮ ਸੰਧੂ ਦੀ ਮੁਸ਼ੱਕਤ ਨਾਲ ‘ਨਿੱਸਰੀ ਲੰਮੀ ਕਹਾਣੀ ਦੀ ਫ਼ਸਲ’ ਦੇ ਅਨੁਭਵ ਤੇ ਦ੍ਰਿਸ਼ਟੀ ਪਰਿਪੇਖ ਬਾਰੇ ਚਰਚਾ ਕਰਦੇ ਲਿਖਦੇ ਹਨ ਕਿ ਰਾਮਰਾਜ ਅਤੇ ਸਮਾਜਵਾਦ ਦੇ ਖ਼ਿਆਲਾਂ ਦੇ ਭਰਮ ਦੇ ਟੁੱਟਣ ਉਪਰੰਤ ਜ਼ਿੰਦਗੀ ਦੇ ਸੁਪਨਿਆਂ ਨੂੰ ਛਲਾਵਾ ਤੇ ਜ਼ਿੰਦਗੀ ਨੂੰ ਕਠੋਰ ਹਕੀਕਤ ਸਵਿਕਾਰ ਕਰਨ ਦੀ ਬਿਰਤੀ ਪੈਦਾ ਹੋਈ ਅਤੇ ਜਾਂ ਫ਼ਿਰ ਇਸ ਹੁੰਗਾਰੇ ਦੇ ਬਿਲਕੁਲ ਵਿਪਰੀਤ ਹਿੰਸਕ ਇਨਕਲਾਬ ਵਿਚ ਭਾਵੁਕ ਨਿਸ਼ਚੇ ਦਾ ਆਗਮਨ ਹੋਇਆ। ਪਰ ਇਸ ਭਾਵੁਕ ਨਿਸ਼ਚੇ ਦੀਆਂ ਸੰਭਾਵਨਾਵਾਂ ਦੇ ਸਿਮਟਣ ਨਾਲ ਜੋ ਵੱਖਰਾ ਅਨੁਭਵ ਪਰਿਪੇਖ ਪੈਦਾ ਹੋਇਆ ਉਹ ਲੰਮੀ ਕਹਾਣੀ ਦੀ ਉਪਜ ਦਾ ਆਧਾਰ ਬਣਿਆ। ਉਨ੍ਹਾਂ ਅਨੁਸਾਰ ਲੰਮੀ ਕਹਾਣੀ ਵਿਧਾ ਦੀ ਦ੍ਰਿਸ਼ਟੀ ਤੋਂ ਮੁੱਢਲੀ ਨਿੱਕੀ ਕਹਾਣੀ ਨਾਲੋਂ ਕਿਸੇ ਵੀ ਲਿਹਾਜ਼ ਨਾਲ ਵੱਖਰੀ ਨਹੀਂ, ਸਿਰਫ਼ ਤਰਕੀਬਕਾਰੀ ਦੇ ਲਿਹਾਜ਼ ਨਾਲ ਵੱਖਰੀ ਹੈ। ਉਹ ਵਰਿਆਮ ਸੰਧੂ ਦੀਆਂ ਕਹਾਣੀਆਂ ਵਿਚ ਉਹੀ ਗੋਲਾਈ ਦੇਖਦੇ ਹਨ ਜਿਹੜੀ ਨਿੱਕੀ ਕਹਾਣੀ ਵਿਚ ਹੁੰਦੀ ਸੀ। ਉਨ੍ਹਾਂ ਅਨੁਸਾਰ ਫ਼ਰਕ ਸਿਰਫ਼ ਪ੍ਰਭਾਵ ਦਾ ਪਿਆ ਹੈ ਕਹਾਣੀ ਦ੍ਰਿਸ਼ਟੀ ਦੀ ਹਕੀਕਤ ਦਾ ਨਹੀਂ। ਡਾ|ਰਾਹੀ ਲੰਮੀ ਕਹਾਣੀ ਦੇ ਵੱਖਰੇ ਅਨੁਭਵ ਪਰਿਪੇਖ, ਇਸ ਅੰਦਰਲੀ ਬਿਰਤਾਂਤਕ-ਸੰਰਚਨਾ (ਤਰਕੀਬ) ਦੀ ਨਵੀਨਤਾ, ਉਪ-ਬਿਰਤਾਂਤਾਂ ਰਾਹੀਂ ਸਿਰਜੇ ਜਾਂਦੇ ਸੰਵੇਦਨ-ਭਾਵ ਦੀ ਸੰਘਣਤਾ ਵਿਚੋਂ ਉਪਜਦੇ ਇਸਦੇ ਵੱਖਰੇ ਪ੍ਰਭਾਵ ਅਤੇ ਇਸ ਵਿਚ ਮਨੁੱਖੀ ਸਥਿਤੀ ਦੇ ਕੁਝ ਪਾਸਾਰਾਂ ਦੀ ਪੇਸ਼ਕਾਰੀ ਦੀ ਸੰਭਾਵਨਾ ਨੂੰ ਵੀ ਸਵੀਕਾਰ ਕਰ ਲੈਂਦੇ ਹਨ ਪਰ ਇਹ ਸਭ ਗੱਲਾਂ ਉਨ੍ਹਾਂ ਨੂੰ ਕਿਸੇ ਨਵੀਂ ਵਿਧਾ ਦੀ ਵੱਖਰੀ ਪਛਾਣ ਨੂੰ ਸਥਾਪਿਤ ਕਰਨ ਯੋਗ ਨਹੀਂ ਲੱਗਦੀਆਂ। ਡਾ| ਰਾਹੀ ਦੀਆਂ ਧਾਰਣਾਵਾਂ ਦਾ ਆਧਾਰ ਜ਼ਿਆਦਾਤਰ ਇਕੋ ਕਹਾਣੀਕਾਰ ਵਰਿਆਮ ਸੰਧੂ ਦੀਆਂ ਕੁਝ ਕਹਾਣੀਆਂ ਹਨ। ਉਹ ਇਸ ਨੂੰ ਇਕ ਵਿਅਕਤੀ-ਲੇਖਕ ਦੇ ਸਿਰਜਣਾਤਮਕ ਸਾਹਸਕਰਮ ਵਜੋਂ ਹੀ ਦੇਖਦੇ ਹਨ, ਇਕ ਸਿਰਜਣਾਤਮਕ ਵਰਤਾਰੇ ਵਜੋਂ ਨਹੀਂ। ਉਹ ਆਪਣੇ ਉਕਤ ਪੇਪਰ ਵਿਚ ਹੀ ਇਕ ‘ਸੰਯੁਕਤ ਵਿਧਾ ਦੇ ਹੋਂਦ ਵਿਚ ਆਉਣ ਦਾ ਇਸ਼ਾਰਾ ਕਰਦੇ ਹਨ, ਜਿਸ ਵਿਚ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚਲੇ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੀ ਮੁਠਭੇੜ ਦਾ ਇੰਕਸ਼ਾਫ਼ ਕਰਨ ਵਾਲੇ ਇਤਿਹਾਸ-ਨਿਰਪੇਖ ਗਲਪ-ਬਿੰਬ ਦੇ ਮੁਕਾਬਲੇ ਵਿਡੰਬਨਾ ਅਤੇ ਇੰਕਸ਼ਾਫ਼ ਦੇ ਇਤਿਹਾਸ ਸਾਪੇਖ ਵਿਧਾ-ਸੰਯੋਗ ਰਾਹੀਂ ਵਡੇਰੀਆਂ ਸੰਭਾਵਨਾਵਾਂ ਉਤਪੰਨ ਹੋਈਆਂ ਹਨ। ਇਸ ਕਿਸਮ ਦੇ ਵਿਧਾ ਸੰਯੋਗ ਦੇ ਪ੍ਰਮਾਣ ਲਈ ਉਨ੍ਹਾਂ ਨੇ ਜਿਹੜੀਆਂ ਕਹਾਣੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਨਾਲ ਜੇ ਉਹ ਬਲਵਿੰਦਰ ਗਰੇਵਾਲ ਦੀਆਂ ਕਹਾਣੀਆਂ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’, ‘ਯੁੱਧ ਖੇਤਰ’, ‘ਖੰਡੇ ਦੀ ਧਾਰ’ ਤੇ ‘ਇਕ ਘਰ ਆਜ਼ਾਦ ਹਿੰਦੀਆਂ ਦਾ’ ਅਤੇ ਗੁਰਪਾਲ ਲਿੱਟ ਤੇ ਗੁਰਦਿਆਲ ਦਲਾਲ ਦੀਆਂ ਕਹਾਣੀਆਂ ਨੂੰ ਵਿਚਾਰ ਲੈਂਦੇ ਅਤੇ ਇਨ੍ਹਾਂ ਨੂੰ ਲੰਮੀ ਕਹਾਣੀ ਦੀ ਇਕ ਪਰੰਪਰਾ ਵਜੋਂ ਜੋੜ ਕੇ ਵੇਖਦੇ ਤਾਂ ਸ਼ਾਇਦ ਉਹ ਇਸ ਨੂੰ ਮਹਿਜ ਸੰਭਾਵਨਾ ਨਾ ਕਹਿ ਕੇ ਇਕ ਮੌਜੂਦ ਵਰਤਾਰਾ ਮੰਨ ਲੈਂਦੇ। ਪਰ ਮਰਹੂਮ ਸੁਦਰਸ਼ਨ ਫ਼ਾਕਿਰ ਦੇ ਹੇਠ ਲਿਖੇ ਸ਼ਿਅਰ ਵਾਂਗ ਅਸੀਂ ਕਈ ਵਾਰ ਸਾਹਮਣੇ ਮੌਜੂਦ ਚੀਜ਼ਾਂ ਦੇ ਹੋਣ ਤੋਂ ਵੀ ਇਨਕਾਰੀ ਹੋ ਜਾਂਦੇ ਹਾਂ ਅਤੇ ਜੋ ਹੋਂਦਮਾਨ ਹੀ ਨਹੀਂ ਹੁੰਦਾ, ਉਸ ਨੂੰ ਸਭ ਕੁਝ ਸਮਝਦੇ ਰਹਿੰਦੇ ਹਾਂ।
ਸਾਮ੍ਹਨੇ ਹੈ ਜੋ ਉਸੇ, ਲੋਗ ਬੁਰਾ ਕਹਿਤੇ ਹੈਂ,
ਜਿਸੇ ਦੇਖਾ ਭੀ ਨਹੀਂ, ਉਸਕੋ ਖ਼ੁਦਾ ਕਹਿਤੇ ਹੈਂ।
ਲੰਮੀ ਕਹਾਣੀ ਦੀ ਸੁਤੰਤਰ ਰੂਪਾਕਾਰਕ ਪਛਾਣ ਬਾਰੇ ਡਾ|ਟੀ|ਆਰ| ਵਿਨੋਦ ਦਾ ਰਵੱਈਆਂ ਰੌਚਕ ਹੈ। ਉਹ ਆਪਣੀ ਕਿਤਾਬ ‘ਪੰਜਾਬੀ ਕਹਾਣੀ ਅਧਿਅਨ’ ਵਿਚ ਲੰਮੀ ਕਹਾਣੀ ਨੂੰ ਨਿੱਕੀ ਕਹਾਣੀ ਦਾ ਹੀ ਇਕ ਰੂਪ ਮੰਨਦਾ ਹੈ ਅਤੇ ਇਸ ਦੀ ਰਚਨਾ ਵਿਧੀ ਦੀ ਵਿਲੱਖਣਤਾ ਨੂੰ ਪਛਾਣਦਾ ਹੋਇਆ ਲਿਖਦਾ ਹੈ, ‘ਆਧੁਨਿਕ ਨਿੱਕੀ ਕਹਾਣੀ ਦੇ ਘੇਰੇ ਵਿਚ ਅਜਿਹੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਦਾ ਰਚਨਾ-ਵਿਧਾਨ ਅਤੇ ਪ੍ਰਕਾਰਜ ਵਖਰੀ ਭਾਂਤ ਦਾ ਹੈ। ਇਹ ਕਹਾਣੀਆਂ ਵੀ ਇਕਹਿਰੀ ਘਟਨਾ ਦਾ ਬਿਰਤਾਂਤ ਹਨ। ਪਰ ਇਨ੍ਹਾਂ ਵਿਚ ਇਸ ਦੇ ਇਕ ਤੋਂ ਜ਼ਿਆਦਾ ਪਾਸਾਰ ਮੂਰਤੀਮਾਨ ਕੀਤੇ ਹੁੰਦੇ ਹਨ। ਇਸ ਪ੍ਰਕਾਰ ਅਜਿਹੀਆਂ ਕਹਾਣੀਆਂ ਦਾ ਪ੍ਰਯੋਜਨ ਘਟਨਾ ਵਿਚਲੀ ‘ਗੱਲ’ ਦੇ ਚਮਤਕਾਰਕ ਸੰਚਾਰ ਦੀ ਬਜਾਏ, ਘਟਨਾ ਦੇ ਸਮੁੱਚੇ ਯਥਾਰਥ ਨੂੰ ਉਜਾਗਰ ਕਰਨ ਵਾਲਾ ਹੁੰਦਾ ਹੈ। ਇਨ੍ਹਾਂ ਕਹਾਣੀਆਂ ਦੀ ਗਤੀ ਜੀਵਨ ਦੀ ਮੱਠੀ ਤੋਰ ਦੀ ਤਰ੍ਹਾਂ ਸਹਿਜ-ਭਾ ਹੁੰਦੀ ਹੈ।ਇਹ ਸਹਿਜ-ਭਾ ਆਰੰਭ ਹੁੰਦੀਆਂ, ਵਿਕਾਸ ਕਰਦੀਆਂ ਅਤੇ ਮੁੱਕ ਜਾਂਦੀਆਂ ਹਨ। ਇਨ੍ਹਾਂ ਵਿਚ ਪੇਸ਼ ਸਧਾਰਣ ਜੀਵਨ ਦਾ ਜਟਿਲ ਯਥਾਰਥ ਆਪਣੇ ਆਪ ਵਿਚ ਹੀ ਸੁਹਜਮਈ ਹੁੰਦਾ ਹੈ ਜਿਸ ਕਰਕੇ ਜਟਿਲ ਯਥਾਰਥ ਦਾ ਬੋਧ ਹੀ ਕਹਾਣੀ ਦੀ ਕੇਂਦਰੀ ਗੱਲ ਹੋ ਨਿਬੜਦਾ ਹੈ। ਸਿਖਰ ਵਲ ਤੇਜੀ ਨਾਲ ਵਧਦੇ ਘਟਨਾਵੀ ਲਟਕਾਉ ਅਤੇ ਸਿੱਧਾਤਕ ਸੁਝਾਉ ਤੋਂ ਮੁਕਤ ਇਹ ਕਹਾਣੀਆਂ ਕੇਂਦਰੀ ਸਥਿਤੀ ਦੀਆਂ ਵਿਭਿੰਨ ਪਰਤਾਂ, ਪਾਸਾਰਾਂ, ਦਬਾਵਾਂ ਅਤੇ ਦਿਸ਼ਾਵਾਂ ਦਾ ਵੇਰਵਾ ਪ੍ਰਸਤੁਤ ਕਰਦੀਆਂ ਹਨ। ਵੇਰਵੇ ਦਾ ਸਧਾਰਣ ਜੀਵਨ ਦੀ ਇਕਹਿਰੀ ਘਟਨਾ ਨਾਲ ਸਬੰਧ ਹੋਣ ਕਰਕੇ, ਅਜਿਹੀ ਕਹਾਣੀ ਨਾਵਲੀ ਰੂਪ ਗ੍ਰਹਿਣ ਨਹੀਂ ਕਰਦੀ ਅਤੇ ਵੇਰਵੇ ਦੀ ਹੋਂਦ ਕਰਕੇ ਸਰਲੀਕਰਣ ਦੀ ਰੁਚੀ ਦਾ ਸ਼ਿਕਾਰ ਨਹੀਂ ਹੁੰਦੀ। ਅਸਲ ਵਿਚ ਜਿਹੜੇ ਕਹਾਣੀਕਾਰ ‘ਗੱਲ’ ਰੜਕਾਉਣ ਲਈ ਕਹਾਣੀ ਰਚਦੇ ਹਨ, ਉਹ ਪਹਿਲੀ ਭਾਂਤ ਦੀ ਰਚਨਾ ਜੁਗਤ ਵਰਤਦੇ ਹਨ। ਪਰ ਜਿਨ੍ਹਾਂ ਦੀ ਰੁਚੀ ਸਥਿਤੀ ਦਾ ਅਨੁਭਵ ਉਜਾਗਰ ਕਰਨ ਉੱਤੇ ਕੇਂਦਰਿਤ ਹੁੰਦੀ ਹੈ, ਉਨ੍ਹਾਂ ਨੂੰ ਦੂਸਰੀ ਭਾਂਤ ਦੀ ਰਚਨਾ ਜੁਗਤ ਰਾਸ ਆਉਂਦੀ ਹੈ।
ਆਪਣੇ ਇਸ ਆਲੇਖ ਤੋਂ ਕੁਝ ਸਾਲ ਬਾਅਦ ਟੀ|ਆਰ|ਵਿਨੋਦ ਆਪਣੇ ਇਕ ਹੋਰ ਆਲੇਖ ਵਿਚ ਲੰਮੀ ਕਹਾਣੀ ਨੂੰ ‘ਲੰਮੀ-ਨਿੱਕੀ ਕਹਾਣੀ’ ਦੀ ਸੰਗਿਆ ਦਿੰਦਾ ਹੈ ਅਤੇ ਇਸ ਨੂੰ ਇਕ ਨਵੀਂ ਵਿਧਾ ਵੀ ਕਹਿ ਦਿੰਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ ‘ਨਵੀਂ ਆਧੁਨਿਕ ਕਹਾਣੀ ਦੇ ਜਿਨ੍ਹਾਂ ਸਰੋਕਾਰਾਂ ਦੀ ਅਸੀਂ ਗੱਲ ਕੀਤੀ ਹੈ, ਉਹ ਨਵੇਂ ਨਹੀਂ ਹਨ। ਨਵਾਂ ਉਨ੍ਹਾਂ ਦੀ ਪੇਸ਼ਕਾਰੀ ਦਾ ਅੰਦਾਜ਼ ਹੈ, ਜਾਂ ਜਾਵੀਆ। ਇਸ ਸੰਬੰਧ ਵਿਚ ਪਹਿਲੀ ਗੱਲ ਤਾਂ ਇਹ ਹੋਈ ਹੈ ਕਿ ਜ਼ਿੰਦਗੀ ਦੀ ਨਿੱਤ-ਵਧ ਰਹੀ ਪੇਚੀਦਗੀ ਦੀ ਪੇਸ਼ਕਾਰੀ ਲਈ ਨਵੇਂ ਕਹਾਣੀਕਾਰਾਂ ਨੇ ਲੰਮੀ-ਨਿੱਕੀ ਕਹਾਣੀ ਦੀ ਨਵੀਂ ਵਿਧਾ ਸਿਰਜੀ ਹੈ। ਇਸ ਵਿਧਾ ਦੀ ਸਿਰਜਣਾਂ ਦੇ ਪਿੱਛੇ ਇਹ ਸੋਚ ਕੰਮ ਕਰਦੀ ਹੈ ਕਿ ਨਿੱਕੇ ਤੋਂ ਨਿੱਕੇ ਸਰੋਕਾਰ ਦੀਆਂ ਵੀ ਇਕ ਤੋਂ ਵੱਧ ਪਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਅੰਤਰ ਸੰਬੰਧਾਂ ਦਾ ਯਥਾਰਥ ਮੂਰਤੀਮਾਨ ਕਰਨ ਲਈ ਕਲਾਸਿਕ ਕਹਾਣੀ ਦਾ ਛਿੱਲਿਆ ਤਰਾਸ਼ਿਆ ਮਾਡਲ ਕਾਫ਼ੀ ਨਹੀਂ ਹੈ। ਦੂਸਰੇ ਵਾਸਤਵਿਕ ਅਤੇ ਉਸਦੇ ਮਾਨਸਿਕ ਅਕਸ ਦੇ ਜਿਹੜੇ ਸਮੀਕਰਣ ਬਣਦੇ ਹਨ, ਉਹ ਵੰਨ-ਸੁਵੰਨੇ ਤਾਂ ਹੁੰਦੇ ਹੀ ਹਨ, ਅੰਤਰ ਅਤੇ ਅੰਤਰਾ ਵਿਰੋਧੀ ਵੀ ਹੁੰਦੇ ਹਨ ਜਿਨ੍ਹਾਂ ਦੀ ਪੇਸ਼ਕਾਰੀ ਲਈ ਵਿਰੋਧਾਭਾਸ ਅਤੇ ਵਿਡੰਬਨਾ ਵਰਗੀਆਂ ਆਧੁਨਿਕ ਜੁਗਤਾਂ ਦੀ ਵਰਤੋਂ ਦੀ ਜ਼ਰੂਰਤ ਹੁੰਦੀ ਹੈ। ਇਹ ਜੁਗਤਾਂ ਨਿਰ-ਅੰਤੀ ਕਹਾਣੀ ਨੂੰ ਜਨਮ ਦਿੰਦੀਆਂ ਹਨ। ਘਟਨਾਵੀ ਰਹੱਸ ਜਾਂ ਉਤਸੁਕਤਾ ਭਰਪੂਰ ਗਤੀ ਇਨ੍ਹਾਂ ਕਹਾਣੀਆਂ ਦੀ ਦਿਲਚਸਪੀ ਦਾ ਕੇਂਦਰ ਨਹੀਂ ਹੁੰਦੇ। ਇਹ ਤਾਂ ਸਥਿਤੀ ਦੇ ਅੰਤਰ-ਦਵੰਦਾਂ ਦੇ ਵਰਣਨ ਤਕ ਮਹਿਦੂਦ ਹੁੰਦੀਆਂ ਹਨ ਅਤੇ ਇਨ੍ਹਾਂ ਅੰਤਰ-ਦਵੰਦਾਂ ਦੀ ਸੋਝੀ ਪ੍ਰਦਾਨ ਕਰਨ ਵਿਚ ਹੀ ਇਨ੍ਹਾਂ ਦੀ ਸਾਰਥਕਤਾ ਹੁੰਦੀ ਹੈ’।
ਇਨ੍ਹਾਂ ਪੰਜਾਬੀ ਆਲੋਚਕਾਂ ਦੀ ਇਸ ਦੁਬਿਧਾ-ਪੂਰਣ ਸਥਿਤੀ ਦੇ ਮੁਕਾਬਲੇ ਤੇ ਕੁਝ ਹੋਰ ਵੀ ਵਿਦਵਾਨ ਲੇਖਕ ਹਨ ਜਿਹੜੇ ਲੰਮੀ ਕਹਾਣੀ ਦੀ ਵਿਧਾ ਦੇ ਵਿੱਲਖਣ ਰਚਨਾ ਵਿਧਾਨ ਦੀ ਨਿਸ਼ਾਨਦੇਹੀ ਕਰਦੇ ਹੋਏ ਇਸ ਦੀ ਨਿਵੇਕਲੀ ਰੂਪਾਕਾਰਕ ਪਛਾਣ ਨੂੰ ਸਥਾਪਿਤ ਕਰਨ ਦਾ ਯਤਨ ਕਰਦੇ ਹਨ। ਉਹ ਭਾਵੇਂ ਲੰਮੀ ਕਹਾਣੀ ਦੀ ਸੰਗਿਆ ਦੀ ਵਰਤੋਂ ਤਾਂ ਨਹੀਂ ਕਰਦੇ ਪਰ ‘ਆਧੁਨਿਕ ਕਹਾਣੀ’ ਜਾਂ ‘ਹੁਣ ਦੀ ਕਹਾਣੀ’ ਦੇ ਲੱਛਣ ਗਿਣਵਾਉਂਦਿਆਂ ਅਸਲ ਵਿਚ ਲੰਮੀ ਕਹਾਣੀ ਦੇ ਰੂਪਾਕਾਰਕ ਪਛਾਣ-ਚਿਨ੍ਹਾਂ ਦੀ ਰੂਪਰੇਖਾ ਉਲੀਕਦੇ ਹਨ। ਡਾ|ਗੁਰਲਾਲ ਸਿੰਘ ਅਨੁਸਾਰ ‘ਆਧੁਨਿਕ ਕਹਾਣੀ ਵਿਚ ਬਿਰਤਾਂਤ ਸਿੱਧਾ ਇਕ ਲਕੀਰੀ ਜਾਂ ਕਾਲ-ਕ੍ਰਮਿਕ ਨਹੀਂ ਰਿਹਾ। ਇਹ ਵਰਤਮਾਨ ਵਿਚਦੀ ਭੂਤ ਤੇ ਭਵਿੱਖ ਨੂੰ ਦੇਖਦੀ ਹੈ, ਸਮੇਂ ਦਾ ਸਿੱਧਾ ਸੰਕਲਪ ਉਡ ਪੁਡ ਗਿਆ ਹੈ। ਇਸ ਕਰਕੇ ਪਰੰਪਰਾਗਤ ਕਹਾਣੀ ਵਾਲੀ ਬਿਰਤਾਂਤ ਦੀ ਇਕਰਸ ਕ੍ਰਮਿਕ ਚਾਲ ਨਹੀਂ ਰਹੀ। ਹੋ ਸਕਦਾ ਹੈ ਇਹ ਗੱਲ ਅਜੋਕੇ ਮਨੁੱਖ ਦੀ ਖਿੰਡ ਰਹੀ ਇਕਾਗਰਤਾ ਕਰਕੇ ਹੋਵੇ। ਅੱਜ ਦੇ ਕਹਾਣੀਕਾਰ ਨੂੰ ਇਸ ਖਿੰਡਾਉ ਦੀ ਸਮਝ ਲੱਗੀ ਹੈ। ਅੱਜ ਮਨੁੱਖ ਨੂੰ ਯਥਾਰਥ ਦੀ ਜਟਿਲਤਾ, ਬਹੁ-ਪਸਾਰਤਾ, ਤਰਲਤਾ ਤੇ ਚੰਚਲਤਾ ਵਧੇਰੇ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ। ਇਸ ਨੂੰ ਪਕੜਨ ਲਈ ਬਿਰਤਾਂਤ ਵੀ ਇਸੇ ਤਰ੍ਹਾਂ ਦਾ ਜਟਿਲ, ਬਹੁਪਾਸਾਰੀ ਤਰਲ ਤੇ ਚੰਚਲ ਹੋ ਗਿਆ ਹੈ’। ਇਸ ਤਰ੍ਹਾਂ ਡਾ|ਧਨਵੰਤ ਕੌਰ, ਵੀਹਵੀਂ ਸਦੀ ਦੇ ਆਖਰੀ ਦਹਾਕੇ ਦੀ ਕਹਾਣੀ ਦੇ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕਰਦੀ ਹੋਈ ਬਹੁਸੁਰੀ ਬਿਰਤਾਂਤ ਨੂੰ ਇਸ ਦੇ ਬਿਰਤਾਂਤ-ਸ਼ਾਸਤਰੀ ਲੱਛਣ ਵਜੋਂ ਪੇਸ਼ ਕਰਦੀ ਹੈ। ਉਸ ਦੇ ਲਫ਼ਜ਼ਾਂ ਵਿਚ ‘ਬਿਰਤਾਂਤ ਸ਼ਾਸਤਰੀ ਦ੍ਰਿਸ਼ਟੀ ਤੋਂ ਇਸ ਦਹਾਕੇ ਦੀ ਕਹਾਣੀ ਦਾ ਪਛਾਣ {ਚਿੰਨ੍ਹ} ਇਸਦਾ ਬਹੁਸੁਰਵਾਦੀ ਅੰਦਾਜ਼ ਬਣਿਆ ਹੈ। ਬਹੁਸੁਰਵਾਦੀ ਹੋਣ ਤੋਂ ਭਾਵ ਹੈ ਕਥਾਨਕੀ ਬਣਤਰ ਵਿਚ ਇਕੋ ਵੇਲੇ ਬਹੁਤ ਸਾਰੀਆਂ ਖ਼ੁਦਮੁਖ਼ਤਾਰ ਧੁਨੀਆਂ/ਸੁਰਾਂ/ਚੇਤਨਾਵਾਂ ਦੀ ਗੁੰਜਾਇਸ਼ ਬਣਾਉਣਾ। ਇਸੇ ਤਰ੍ਹਾਂ ਇਹੀ ਵਿਦਵਾਨ ਲੇਖਿਕਾ ਮਨੁੱਖ ਦੀ ਜ਼ਖ਼ਮੀ ਮਾਨਸਿਕਤਾ ਨੂੰ ਇਸ ਦੇ ਬਹੁ-ਪਰਿਪੇਖਾਂ ਸਹਿਤ ਬਿਰਤਾਂਤਣ ਨੂੰ ਇਸ ਦੌਰ ਦੀ ਕਹਾਣੀ ਦਾ ਇਕ ਹੋਰ ਪਛਾਣ ਚਿੰਨ੍ਹ ਮੰਨਦੀ ਹੈ।
ਵਰਿਆਮ ਸਿੰਘ ਸੰਧੂ ਜੋ ਖ਼ੁਦ ਪੰਜਾਬੀ ਵਿਚ ਲੰਮੀ ਕਹਾਣੀ ਦੀ ਵਿਧਾਗਤ ਵਿਲੱਖਣਤਾ ਨੂੰ ਨਿਖਾਰਣ ਵਾਲਾ ਕਹਾਣੀਕਾਰ ਹੈ, ਇਸ ਕਿਸਮ ਦੀ ਕਹਾਣੀ ਦੀਆਂ ਖ਼ਾਸੀਅਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਲਿਖਦਾ ਹੈ ਕਿ ‘ਹੁਣ ਕਹਾਣੀ ‘ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤਕ ਦਾ ਸਫ਼ਰ’ ਜਾਂ ‘ਸਰਪਟ ਘੋੜ ਦੌੜ ਨਾ ਰਹਿ ਗਈ। ਲੇਖਕ ਸਿੱਧਾ ਨੱਕ ਦੀ ਸੇਧੇ ਸ਼ੂਟ ਵੱਟ ਕੇ ਦੌੜਨ ਦੀ ਥਾਂ ਥੋੜ੍ਹਾ ਥੋੜ੍ਹਾ ਆਸੇ ਪਾਸੇ ਵੇਖ ਕੇ ਹੌਲੀ ਹੌਲੀ ਤੁਰਨ ਲੱਗਾ। ਆਸੇ ਪਾਸੇ ਬੜਾ ਕੁਝ ਸੋਹਣਾ-ਕੁਸੋਹਣਾ ਅਜਿਹਾ ਸੀ ਜੋ ਕਹਾਣੀ ਦੇ ਕੇਂਦਰੀ ਨੁਕਤੇ ਨੂੰ ਹੋਰ ਗੂੜ੍ਹਾ, ਪ੍ਰਭਾਵਸ਼ਾਲੀ ਤੇ ਜਾਨਦਾਰ ਬਣਾਉਣ ਵਿਚ ਅਸਰ-ਅੰਦਾਜ਼ ਹੁੰਦਾ ਸੀ। ਕਹਾਣੀਕਾਰ ਦੀ ਇਸ ਸਹਿਜ ਤੋਰ ਨੇ ਕਹਾਣੀ ਦੇ ਬਿਰਤਾਂਤ ਉੱਤੇ ਵੀ ਅਸਰ ਪਾਇਆ। ਲੇਖਕ ਹੁਣ ਕਹਾਣੀ ਪਾਉਣ ਦੀ ਥਾਂ ਕਹਾਣੀ ਵਿਖਾਉਣ ਲੱਗਾ। ਉਹ ਚੁੱਪ ਰਹਿ ਕੇ ਪਾਤਰਾਂ, ਸਥਿਤੀਆਂ ਅਤੇ ਘਟਨਾਵਾਂ ਦੇ ਟਕਰਾਉ ਵਿਚੋਂ ਕਹਾਣੀ ਦਾ ਸੱਚ ਉਜਾਗਰ ਕਰਨ ਲੱਗਾ। ਇਹੋ ਕਾਰਣ ਹੈ ਕਿ ਕਹਾਣੀ ਸਥਿਤੀ ਕੇਂਦਰਿਤ ਹੋਣ ਲੱਗੀ। ਪਹਿਲਾਂ ਵਾਂਗ ਨਿਸ਼ਚਿਤ ਆਦਿ,ਮੱਧ,ਸਿਖਰ ਤੇ ਅੰਤ ਵੱਲ ਵਧਣ ਦੀ ਥਾਂ ਕਹਾਣੀ ਵਿਚ ਛੋਟੇ ਛੋਟੇ ਕਈ ਕੇਂਦਰ ਬਿੰਦੂ ਉੱਭਰਨ ਲੱਗੇ। ਇਨ੍ਹਾਂ ਛੋਟੇ ਛੋਟੇ ਕੇਂਦਰ ਬਿੰਦੂਆਂ ਦੇ ਵੱਖਰੇ ਛੋਟੇ ਛੋਟੇ ਸਿਖਰ ਉੱਸਰਨ ਲੱਗੇ। ਪਹਿਲਾਂ ਵਾਂਗ ਪਰਤਵੀਂ ਲਿਸ਼ਕੋਰ ਦੀ ਥਾਂ ਇਹ ਸਿਖਰ ਫਟ ਕੇ ਆਪਣੇ ਕੇਂਦਰ ਬਿੰਦੂ ਅਤੇ ਜੀਵਨ ਦੇ ਛੋਟੇ ਛੋਟੇ ਪਹਿਲੂਆਂ ਨੂੰ ਰੌਸ਼ਨ ਕਰਨ ਲੱਗੇ। ਪਰ ਇਹ ਛੋਟੇ ਕੇਂਦਰ-ਬਿੰਦੂ ਇਕ, ਕੇਂਦਰੀ ਸੂਤਰ ਨਾਲ ਜੁੜੇ ਹੋਣ ਕਰਕੇ ਸਮੁੱਚੀ ਕਹਾਣੀ ਮੁੱਢ ਤੋਂ ਲੈ ਕੇ ਅਖੀਰ ਤਕ ਨਵੇਂ ਅਤੇ ਡੂੰਘੇ ਅਰਥਾਂ ਵਿਚ ਲਿਸ਼ਕ ਉੱਠੀ। ਅਜਿਹੀ ਕਹਾਣੀ ਦਾ ਇਕ ਨਿਸ਼ਚਿਤ ਅਤੇ ਬੰਦ ਅੰਤ ਹੋਣਾ ਸੁਭਾਵਕ ਨਹੀਂ ਸੀ। ਇਸੇ ਲਈ ਖੁਲ੍ਹੇ ਅੰਤ ਵਾਲੀ ਕਹਾਣੀ ਲਿਖੀ ਜਾਣ ਲੱਗੀ ਅਤੇ ਕਹਾਣੀ ਦੇ ਅਰਥ ਕਹਾਣੀ ਦੀ ਸੰਰਚਨਾ ਵਿਚ ਡੂੰਘੇ ਉੱਤਰ ਕੇ ਵੇਖੇ ਤੇ ਪਛਾਣੇ ਜਾਣ ਲੱਗੇ’। ਭਾਵੇਂ ਸਿਰਜਣਾਤਮਕ ਭਾਸ਼ਾ ਵਿਚ ਹੀ ਸਹੀ, ਵਰਿਆਮ ਸੰਧੂ ਨੇ ਲੰਮੀ ਕਹਾਣੀ ਦੇ ਕਹਾਣੀ ਨਾਲੋਂ ਕੁਝ ਮਹੱਤਵਪੂਰਣ ਨਿੱਖੜਵੇਂ ਲੱਛਣਾਂ ਵਲ ਸੰਕੇਤ ਕੀਤਾ ਹੈ। ਇਕ ਸਿਖਰ ਦੀ ਥਾਂ ਕਈ ਸਿਖਰਾਂ ਅਤੇ ਇਕ ਪ੍ਰਕਾਸ਼ ਬਿੰਦੂ ਦੀ ਥਾਂ ਕਈ ਪ੍ਰਕਾਸ਼ ਬਿੰਦੂਆਂ ਵਾਲੀ ਬਿਰਤਾਂਤ-ਯੋਜਨਾ ਲੰਮੀ ਕਹਾਣੀ ਦੀ ਖ਼ਾਸੀਅਤ ਬਣ ਜਾਂਦੀ ਹੈ। ਇਸ ਨਾਲ ਸਥਿਤੀ ਦੇ ਚਮਤਕਾਰ ਦੀ ਬਜਾਏ ਸਥਿਤੀ ਦਾ ਗਹਿਰਾ ਅਨੁਭਵ ਪੈਦਾ ਹੁੰਦਾ ਹੈ।
ਇਸਰਾਈਲੀ ਕਹਾਣੀਕਾਰ ਯੋਸਫ਼ ਐਗਨਾਨ ਦੀਆਂ ਲੰਬੀਆਂ ਕਹਾਣੀਆਂ ਦੇ ਹਵਾਲੇ ਨਾਲ ਡਾ| ਨੂਰ ਲੰਬੀ ਕਹਾਣੀ ਦੇ ਪਛਾਣ-ਚਿੰਨ੍ਹਾਂ ਨੂੰ ਨਿਸ਼ਚਿਤ ਕਰਦੇ ਹੋਏ ਦੱਸਦੇ ਹਨ ਕਿ ਉਸ ਦੀਆਂ ਕਹਾਣੀਆਂ ਵਿਚ ਕੇਂਦਰ ਤਾਂ ਭਾਵੇਂ ਇਕ ਦੋ ਜਾਂ ਸਬੰਧਤ ਪਾਤਰ ਤੇ ਉਨ੍ਹਾਂ ਦੀਆਂ ਸਥਿਤੀਆਂ ਹੀ ਹੁੰਦੀਆਂ ਹਨ ਪਰ , ਪਰ ਥੀਮ ਵਿਚਲੀਆਂ ਜਟਿਲਤਾਵਾਂ ਇੰਨੀਆਂ ਵਿਸਤ੍ਰਿਤ ਹੁੰਦੀਆਂ ਹਨ ਕਿ ਉਨ੍ਹਾਂ ਦਾ ਮਹੱਤਵ ਵਿਸ਼ੇਸ਼ ਤੌਰ ਤੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਰਚਨਾ ਵਿਚ ਬਣਦਾ ਹੈ। ਇੰਝ ਹੀ ਕਾਫ਼ਕਾ ਦੀ ਕਹਾਣੀ ਦੇ ਹਵਾਲੇ ਵਿਚ ਉਹ ਸਥਾਪਿਤ ਕਰਦੇ ਹਨ ਕਿ ਲੰਬੀ ਕਹਾਣੀ ਦਾ ਪ੍ਰਤੀਕਾਤਮਕ ਤੌਰ ਤੇ ਅੰਦਰੋਂ ਵਿਸਤ੍ਰਿਤ ਜਟਿਲ ਤੇ ਡੂੰਘੇ ਅਰਥਾਂ ਵਾਲੀ ਹੋਣਾ ਸੁਭਾਵਿਕ ਹੈ। ਉਨ੍ਹਾਂ ਅਨੁਸਾਰ ਅਜਿਹੀ ਕਹਾਣੀ ਇੰਨੀ ਸਮਰੱਥ ਹੋ ਜਾਂਦੀ ਹੈ ਕਿ ਪ੍ਰਸ਼ਨ ਕੇਵਲ ਉਨ੍ਹਾਂ ਸਥਿਤੀਆਂ ਦਾ ਵਿਸ਼ੇਸ਼ ਇਕ ਸਮਾਜ ਜਾਂ ਕਾਲ ਵਿਚ ਨਹੀਂ ਰਹਿ ਜਾਂਦਾ, ਸਗੋਂ ਕਿਸੇ ਵੀ ਕਾਲ ਵਿਚ ਉਹੋ ਜਿਹੀਆਂ ਸਥਿਤੀਆਂ ਕਿਸੇ ਵੀ ਸਮਾਜ ਵਿਚ, ਇਹ ਪ੍ਰਸ਼ਨ ਬਣ ਜਾਂਦਾ ਹੈ। ਕਹਾਣੀ ਇਕੋ ਸਮੇਂ ਦੇਸ਼ ਕਾਲ ਵਲ ਸੰਕੇਤ ਵੀ ਕਰਦੀ ਹੈ ਤੇ ਉਸ ਤੋਂ ਪਾਰ ਇਕ ਸਦੀਵੀਂ ਅਰਥ ਵੀ ਪ੍ਰਾਪਤ ਕਰ ਲੈਂਦੀ ਹੈ। ਲੰਬੀ ਕਹਾਣੀ ਦੂਜੀ ਕਹਾਣੀ ਦੇ ਮੁਕਾਬਲੇ ਵਿਚ ਆਕਾਰ ਵਿਚ ਫੈਲੀ ਹੁੰਦੀ ਹੈ, ਪਰ ਉਸ ਦਾ ਅੰਦਰੋਂ ਉਪਰੋਤ ਵਿਧੀ ਵਿਚ ਵਿਸਤ੍ਰਿਤ ਹੋਣਾ ਜ਼ਰੂਰੀ ਹੈ।
ਪੰਜਾਬੀ ਅਕਾਦਮਿਕਤਾ ਦੇ ਖੇਤਰ ਵਿਚ ਲੰਮੀ ਕਹਾਣੀ ਨੂੰ ਇਕ ਵਿਲੱਖਣ ਰੂਪਾਕਾਰਕ ਵਰਤਾਰੇ ਦੇ ਤੌਰ ਮਾਨਤਾ ਪ੍ਰਾਪਤ ਹੋਣ ਵੱਲ ਇਕ ਕਦਮ ਇਹ ਵੀ ਪੁੱਟਿਆ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਪੀਐਚ|ਡੀ| ਦੀ ਡਿਗਰੀ ਲਈ ‘ਪੰਜਾਬੀ ਲੰਮੀ ਕਹਾਣੀ ਦਾ ਸੰਰਨਾਤਮਕ ਅਧਿਐਨ’ ਨਾਮੀ ਵਿਸ਼ਾ ਰਜਿਸਟਰ ਕੀਤਾ ਗਿਆ ਹੈ। ਇਸ ਵਿਸ਼ੇ ਤੇ ਖੋਜ ਕਰ ਰਹੀ ਖੋਜਾਰਥੀ ਨੇ ਆਪਣੇ ਰਜਿਸਟਰੇਸ਼ਨ ਪੇਪਰ ਵਿਚ ਲੰਮੀ ਕਹਾਣੀ ਦੀ ਰੂਪਾਕਾਰਕ ਪਛਾਣ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ, ‘ਇਕ ਲੰਮੀ ਕਹਾਣੀ ਸੰਬੰਧੀ ਜੋ ਪ੍ਰਤੀਮਾਨ ਸਥਾਪਿਤ ਹੋ ਰਹੇ ਹਨ, ਉਹਨਾਂ ਵਿਚ ਸਿਰਫ਼ ਆਕਾਰ ਨੂੰ ਹੀ ਮਹੱਤਤਾ ਨਹੀਂ ਦਿੱਤੀ ਜਾ ਰਹੀ, ਸਗੋਂ ਉਸ ਦੇ ਬਹੁਪਰਤੀ ਪਾਸਾਰਾਂ ਨੂੰ ਸਮਝਿਆ ਗਿਆ ਹੈ। ਕਥਾ ਵਿਚ ਖਾਸ ਤੌਰ ਤੇ ਘਟਨਾਵੀ ਕ੍ਰਮ/ ਇਕਸਾਰਤਾ ਨੂੰ ਤੋੜ ਕੇ ਕਿਵੇਂ ਦੂਸਰਾ ਬਿਰਤਾਂਤ ਘੜ ਲਿਆ ਜਾਂਦਾ ਹੈ ਅਤੇ ਉਹ ਨਵਾਂ ਘੜਿਆ ਬਿਰਤਾਂਤ ਕਿਵੇਂ ਕਹਾਣੀ ਦੇ ਮੁਖ ਨੁਕਤਿਆਂ ਨੂੰ ਗਹਿਰਾਈ ਦਿੰਦਾ ਜਾਂਦਾ ਹੈ, ਅਜਿਹੀ ਸੰਰਚਨਾਤਮਕ ਵਿਸ਼ੇਸ਼ਤਾ ਨੂੰ ਲੰਮੀ ਕਹਾਣੀ ਦੇ ਪ੍ਰਸੰਗ ਵਿਚ ਵਿਚਾਰਿਆ ਜਾਂਦਾ ਰਿਹਾ ਹੈ।
ਆਪਣੇ ਇਸ ਖੋਜ-ਪਤੱਰ ਵਿਚ ਕਮਲਜੀਤ ਕੌਰ ਇਕ ਅੰਗਰੇਜ਼ ਵਿਦਵਾਨ ਰਿਚਰਡ ਹੈਨਰੀ ਦੀ ਕਿਤਾਬ ‘ਸਟ੍ਰੈਟਜੀਜ਼ ਆਫ਼ ਫ਼ਿਕਸ਼ਨ’ ਵਿਚ ‘ਸ਼ਿਫ਼ਟਸ ਆਫ਼ ਰਜਿਸਟਰ’ ਦੇ ਸੰਕਲਪ ਦੀ ਰੌਸ਼ਨੀ ਵਿਚ ਲੰਮੀ ਕਹਾਣੀ ਦੀ ਸੰਰਚਨਾਤਮਕ ਵਿਲੱਖਣਤਾ ਨੂੰ ਸਥਾਪਿਤ ਕਰਨ ਦਾ ਆਹਰ ਕਰਦੀ ਹੈ। ਉਸ ਦੁਆਰਾ ਦਿੱਤੇ ਹਵਾਲੇ ਅਨੁਸਾਰ, ‘ਲੰਮੀ ਕਹਾਣੀ ਦੀ ਸੰਰਚਨਾ ਦੀ ਪਛਾਣ ਕਰਦੇ ਸਮੇਂ ਇਕ ਇਹ ਵਿਲੱਖਣਤਾ ਵੀ ਵੇਖਣ ਵਿਚ ਆਉਂਦੀ ਹੈ ਕਿ ਲੰੰਮੀ ਕਹਾਣੀ ਵਿਚ ਕਥਾ ਕਿਸੇ ਸਧਾਰਣ ਕੜੀ ਵਿਚ ਪਰੋਈ ਹੋਈ ਨਹੀਂ ਹੁੰਦੀ, ਸਗੋਂ ਕਥਾ ਵਿਚ ਪ੍ਰਾਪਤ ਰਜਿਸਟਰ ਲਗਾਤਾਰ ਆਪਣੀ ਸਥਿਤੀ ਬਦਲਦੇ ਰਹਿੰਦੇ ਹਨ। ਲੰੰਮੀ ਕਹਾਣੀ ਆਪਣੀ ਉਘੜ ਦੁਘੜ ਮੈਟਾਫ਼ਰ ਰਚਨਾ ਰਾਹੀਂ ਗੂੜ੍ਹ ਅਰਥਾਂ ਨੂੰ ਨਿਰੰਤਰ ਘੜਦੀ ਜਾਂਦੀ ਹੈ, ਛੱਡਦੀ ਜਾਂਦੀ ਹੈ ਅਤੇ ਉਹਨਾ ਛੱਡੇ ਹੋਏ ਅਰਥਾਂ ਨੂੰ ਮੁੜ ਗਤੀ ਪ੍ਰਦਾਨ ਕਰਦੀ ਹੈ। ਲੰਮੀ ਕਹਾਣੀ ਦੀ ਸੰਰਚਨਾ ਵਿਚ ਕਿਤੇ ਕਿਤੇ ਇਕ ਪਾਸਾਰ ਇਹ ਵੀ ਸਾਹਮਣੇ ਆਉਂਦਾ ਹੈ ਕਿ ਇਸ ਕਹਾਣੀ ਵਿਚ ਛੋਟੇ ਛੋਟੇ ਤਰਕ ਨਿਰੰਤਰ ਪੈਦਾ ਹੁੰਦੇ ਰਹਿੰਦੇ ਹਨ ਪਰ ਇਕ ਪੂਰਣ ਜਾਂ ਅਜਿਹੇ ਤਰਕ ਦੀ ਅਣਹੋਂਦ ਰਹਿੰਦੀ ਹੈ, ਜਿਸ ਕਾਰਣ ਪਾਠਕ ਲਈ ਸਥਿਤੀ ਦੀ ਨਿੱਜ-ਪਰਕ ਪਾਰਦਰਸ਼ਤਾ ਬਣਦੀ-ਵਿਗੜਦੀ ਰਹਿੰਦੀ ਹੈ। ਇਸੇ ਪਾਰਦਰਸ਼ਤਾ ਵਿਚੋਂ ਹੀ ਪਾਠਕ ਜਾਂ ਆਲੋਚਕ ਲਈ ਬਹਿਸ ਦੀ ਸੰਭਾਵਨਾ ਵੱਧ ਤੋਂ ਵੱਧ ਬਣਦੀ ਹੈ।
ਲੰਮੀ ਕਹਾਣੀ ਦੀਆਂ ਰੂਪਾਕਾਰਕ ਖ਼ਾਸੀਅਤਾਂ ਦੀ ਨਿਸ਼ਾਨਦੇਹੀ ਲਈ ਇਸ ਵਿਚ ਘਟਨਾਵਾਂ ਦੇ ਸਰੂਪ ਅਤੇ ਪ੍ਰਕਾਰਜ ਨੂੰ ਵਿਚਾਰਿਆ ਜਾ ਸਕਦਾ ਹੈ। ਲੰਮੀ ਕਹਾਣੀ ਵਿਚ ਨਿੱਕੀ ਕਹਾਣੀ ਦੇ ਮੁਕਾਬਲੇ ਘਟਨਾਵਾਂ ਦੀ ਬਹੁਤਾਤ ਤਾਂ ਹੁੰਦੀ ਹੈ ਪਰ ਉਸ ਵਿਚ ਘਟਨਾਵਾਂ ਤਣਾਓ ਦੀ ਨਿਰੰਤਰਤਾ ਅਤੇ ਵਿਸਤਾਰ ਨੂੰ ਚਿੰਨਿ੍ਹਤ ਕਰਨ ਦੀ ਬਜਾਏ ਤਣਾਓ ਦੀ ਵਿਆਖਿਆ ਦੇ ਮਨੋਰਥ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਰਾਹੀ ਮੁਖ ਬਿਰਤਾਂਤ ਦੇ ਕੇਂਦਰੀ ਪਾਤਰਾਂ ਦੀਆਂ ਮਨੋ-ਗੁੰਝਲਾਂ ਅਤੇ ਵਿਹਾਰ ਦਾ ਪ੍ਰਸੰਗ ਸਿਰਜਿਆ ਜਾਂਦਾ ਹੈ। ਅਜਿਹੀਆਂ ਘਨਾਨਾਵਾਂ ਮੁੱਖ ਬਿਰਤਾਂਤ ਦੇ ਅਰਥ ਨੂੰ ਸੰਘਣਾ ਕਰਦੀਆਂ ਹਨ। ਇਸ ਨਾਲ ਜੀਵਨ ਦੇ ਬਹੁ-ਪਾਸਾਰਾਂ ਦੀ ਬਜਾਏ ਬਿਰਤਾਂਤਕ ਕਾਰਜ ਅਤੇ ਮਨੁੱਖੀ ਵਿਵਹਾਰ ਦੀਆਂ ਡੂੰਘੀਆਂ ਪਰਤਾਂ ਉੱਘੜ ਆਉਂਦੀਆਂ ਹਨ। ਇਸ ਕਿਸਮ ਦੇ ਬਿਰਤਾਂਤ ਵਿਚ ਪ੍ਰਸਤੁਤ ਮਨੁੱਖੀ ਸਥਿਤੀ ਬਾਰੇ ਬਹੁ-ਵਚਨੀ ਪ੍ਰਵਚਨ ਦੀ ਸਿਰਜਣਾਂ ਤਾਂ ਭਾਵੇਂ ਨਹੀਂ ਹੋ ਸਕਦੀ ਹੁੰਦੀ ਪਰ ਉਸ ਸਥਿਤੀ ਦੀ ਬਹੁ-ਪਰਤੀ ਤੇ ਗਹਿਰੀ ਵਿਆਖਿਆ ਜ਼ਰੂਰ ਸਾਹਮਣੇ ਆ ਜਾਂਦੀ ਹੈ। ਇਸ ਵਿਚ ਜੋ ਵਿਭਿੰਨ ਸੁਰਾਂ ਪੈਦਾ ਹੁੰਦੀਆਂ ਹਨ ਉਹ ਇਕ ਦੂਜੇ ਵਿਚ ਧਸ ਕੇ ਜਟਿਲ ਤੇ ਬਹੁ-ਸੁਰੀ ਬਿਰਤਾਂਤ ਦੀ ਸਿਰਜਣਾ ਕਰਨ ਤੋਂ ਉਰਾਂ ਉਰਾਂ ਇਕ ਦੂਜੇ ਤੋਂ ਸੁਤੰਤਰ ਅਤੇ ਕਈ ਵਾਰ ਵਿਰੋਧੀ ਰੂਪ ਵਿਚ ਸਾਕਾਰ ਹੋ ਜਾਂਦੀਆਂ ਹਨ। ਪ੍ਰੇਮ ਪ੍ਰਕਾਸ਼ ਸੀਆਂ ਕਹਾਣੀਆਂ ਮੁਕਤੀ-1 ਤੇ ਮੁਕਤੀ-2 ਵਿਚ ਅਜਿਹੀਆਂ ਹੀ ਵਿਭਿੰਨ ਸੁਰਾਂ ਨੂੰ ਸਾਕਾਰ ਕੀਤਾ ਗਿਆ ਹੈ ਜਿਹੜੀਆਂ ਇਕੋ ਸਥਿਤੀ ਦੀ ਵੱਖੋ ਵੱਖਰੀ ਵਿਆਖਿਆ ਤਾਂ ਪੇਸ਼ ਕਰਦੀਆਂ ਹਨ ਪਰ ਇਹ ਵਿਆਖਿਆਵਾਂ ਇਕ ਦੂਜੇ ਤੋਂ ਬਿਲਕੁਲ ਸੁਤੰਤਰ ਰੂਪ ਵਿਚ ਹੀ ਹੋਂਦਮਾਨ ਹਨ। ਇਸੇ ਤਰ੍ਹਾਂ ਵਰਿਆਮ ਸੰਧੂ ਦੀ ਬਹੁ-ਚਰਚਿਤ ਕਹਾਣੀ ‘ਮੈ ਹੁਣ ਠੀਕ ਠਾਕ ਹਾਂ’ ਅਰਥਾਂ ਦੀ ਜਟਿਲਤਾ ਨੂੰ ਤਾਂ ਸਾਕਾਰ ਕਰਦੀ ਹੈ ਅਤੇ ਉਸ ਦੀ ਪ੍ਰਾਪਤੀ ਪ੍ਰਮਾਣਿਕ ਪੰਜਾਬੀ ਬੰਦੇ ਦੇ ਨੁਕਤੇ ਤੋਂ ਪੰਜਾਬ ਦੇ ਤੱਤਕਾਲੀ ਸੰਕਟੀ ਦੋਰ ਦੀ ਸਮੁੱਚੀ ਸਥਿਤੀ ਦੀ ਜਟਿਲਤਾ ਨੂੰ ਸੰਯੋਜਿਤ- ਦ੍ਰਿਸ਼ਟੀ ਤੋਂ ਸਮਝਣ ਅਤੇ ਇਸ ਦੇ ਅਨੁਸਾਰੀ ਬਿਰਤਾਂਤ ਵਿਚ ਢਾਲਣ ਵਿਚ ਹੈ ਜਿਸ ਦੇ ਪ੍ਰਤਿਫਲ ਵਜੋਂ ਅਰਥ ਵਿਚ ਸੰਘਣਤਾ ਆਉਂਦੀ ਹੈ ਪਰ ਇਹ ਉਸ ਕਿਸਮ ਦਾ ਬਹੁਸੁਰੀ ਬਿਰਤਾਂਤ ਨਹੀਂ ਹੈ ਜਿਹੋ ਜਿਹਾ ਨਾਵਲ ਵਿਚ ਸਾਕਾਰ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਕਹਾਣੀ ਵਿਚ ਇਕ ਵਿਰਾਟ ਸੰਕਟੀ ਸਥਿਤੀ ਦਾ ਬੋਧ ਤਾਂ ਪ੍ਰਾਪਤ ਹੁੰਦਾ ਹੈ ਪਰ ਇਹ ਬੋਧ ਆਮ ਪ੍ਰਚਿਲਿਤ ਦ੍ਰਿਸ਼ਟੀਆਂ ਦਾ ਨਿਸ਼ੇਧ ਕਰਦਾ ਹੋਇਆ ਸਥਿਤੀ ਦੇ ਡੂੰਘੇ ਵਿਸ਼ਲੇਸ਼ਣ ਤੋਂ ਹਾਸਿਲ ਉਚੇਰੇ ਤੇ ਨਵੇਂ ਬੋਧ ਵਜੋਂ ਪ੍ਰਗਟ ਹੁੰਦਾ ਹੈ।
ਸਾਹਿਤ ਰੂਪਾਕਾਰਾਂ ਦੇ ਉਦੈ ਦਾ ਆਪਣਾ ਨਿਸ਼ਿਚਿਤ ਸਮਾਜ-ਸ਼ਾਸਤਰੀ ਤਰਕ ਵੀ ਹੁੰਦਾ ਹੈ। ਪੰਜਾਬੀ ਵਿਚ ਨਿੱਕੀ-ਕਹਾਣੀ ਉਦੋਂ ਹੋਂਦ ਗ੍ਰਹਿਣ ਕਰਦੀ ਹੈ ਜਦੋਂ ਪੰਜਾਬੀ ਬੰਦੇ ਦੀ ਸੰਵੇਦਨਾ ਅੰਦਰ ਆਧੁਨਿਕਤਾ ਦਾ ਦਾਖ਼ਿਲਾ ਹੁੰਦਾ ਹੈ। ਇਹ ਉਹ ਦੌਰ ਹੈ ਜਦੋਂ ਪੂੰਜੀਵਾਦੀ ਰਾਜਸੀ ਆਰਥਿਕਤਾ ਆਪਣੇ ਪ੍ਰਗਤੀਸ਼ੀਲ ਦੌਰ ਵਿਚੋਂ ਗੁਜ਼ਰਦੀ ਹੋਈ ਸਮਾਜਿਕ ਸਰਗਰਮੀ ਵਿਚ ਸਾਧਾਰਣ ਮਨੁੱਖ ਦੇ ਮਹੱਤਵ ਨੂੰ ਸਥਾਪਿਤ ਕਰਦੀ ਹੈ। ਇਸ ਦੌਰ ਵਿਚ ਆਰਥਿਕ ਖੇਤਰ ਵਿਚ ਉਤਪਾਦਨ ਅਤੇ ਮਾਰਕੀਟਿੰਗ ਦਾ ਫ਼ੋਕਸ ਇਕ ਗ੍ਰਾਹਕ ਅਤੇ ਉਪਭੋਗਤਾ ਦੇ ਤੌਰ ਤੇ ਸਧਾਰਣ ਮਨੁੱਖ ਉੱਤੇ ਆ ਜਾਂਦਾ ਹੈ ਅਤੇ ਰਾਜਨੀਤਕ ਸਰਗਰਮੀ ਵਿਚ ਸਧਾਰਣ ਮਨੁੱਖ ਦੀ ਸ਼ਮੂਲੀਅਤ ਫ਼ੈਸਲਾਕੁਨ ਸਮਝੀ ਜਾਂਦੀ ਹੈ । ਇਸ ਦੌਰ ਵਿਚ ਸਾਡਾ ਕਹਾਣੀਕਾਰ ਵਿਸ਼ੇਸ਼ ਨਾਲੋਂ ਸਧਾਰਣ ਵਿਚ ਦਿਲਚਸਪੀ ਲੈਣ ਲੱਗਦਾ ਹੈ ਅਤੇ ਸਧਾਰਣ ਮਨੁੱਖ ਦੇ ਸਧਾਰਣ ਪਰ ਅਣਗੌਲੇ ਪੱਖਾਂ ਨੂੰ ਮਾਸੂਮੀਅਤ ਭਰੀ ਹੈਰਾਨੀ ਨਾਲ ਵੇਖਦਾ ਹੈ। ਨਿੱਕੀ ਕਹਾਣੀ ਦੇ ਪ੍ਰਮੁਖ ਰਚਨਾਕਾਰ ਸਧਾਰਣ ਮਨੁੱਖੀ ਸੁਭਾਅ ਦੇ ਅਜਿਹੇ ਪੱਖਾਂ ਨੂੰ ਆਪਣੀਆਂ ਰਚਨਾਵਾਂ ਰਾਹੀ ਰੌਸ਼ਨ ਕਰਦੇ ਹਨ ਅਤੇ ਇਨ੍ਹਾਂ ਪੱਖਾਂ ਦੀ ਸਵਿਕ੍ਰਿਤੀ ਲਈ ਮਾਹੌਲ ਉਪਜਾਉਂਦੇ ਆਧੁਨਿਕ ਸੰਵੇਦਨਾ ਵਿਚ ਇਜ਼ਾਫ਼ਾ ਕਰਦੇ ਹਨ। ਇਸ ਦੇ ਮੁਕਾਬਲੇ ਲੰਮੀ ਕਹਾਣੀ ਉਸ ਦੌਰ ਦੀ ਪੈਦਾਵਾਰ ਜਦੋਂ ਅਸੀਂ ਮਾਸੂਮੀਅਤ ਭਰੇ ਹੁੰਗਾਰੇ ਤੋਂ ਅਗਾਂਹ ਲੰਘ ਕੇ ਮਨੁੱਖੀ ਸੁਭਾਅ ਦੀ ਜਟਿਲਤਾ ਅਤੇ ਇਸ ਨੂੰ ਉਪਜਾਉਣ ਵਾਲੇ ਜਟਿਲ ਸਮਾਜਿਕ ਵਰਤਾਰੇ ਨੂੰ ਸਮਝਣ ਦੇ ਰਸਤੇ ਪੈਂਦੇ ਹਾਂ। ਇਸ ਦੌਰ ਵਿਚ ਪੂੰਜੀਵਾਦ ਆਪਣੇ ਪ੍ਰੌਢ ਰੂਪ ਵਿਚ ਵਧੇਰੇ ਜਟਿਲ ਹੋ ਜਾਂਦਾ ਹੈ ਅਤੇ ਇਸ ਵਿਚ ਸ਼ੋਸ਼ਣ ਦੀ ਪ੍ਰਕਿਰਿਆ ਵਧੇਰੇ ਸੂਖਮ ਅਤੇ ਅਦਿੱਖ ਹੋ ਜਾਂਦੀ ਹੈ ਅਤੇ ਪੂੰਜੀਵਾਦੀ ਬਜ਼ਾਰ ਦੁਆਰਾ ਉਤਪੰਨ ਬਿੰਬਾਂ ਦੇ ਘੜਮੱਸ ਵਿਚ ਬੰਦੇ ਦੀ ਚੇਤਨਾ ਓਝੜ ਰਾਹੇ ਪੈ ਜਾਂਦੀ ਹੈ। ਵਿਸ਼ਵ ਅਰਥ-ਵਿਵਸਥਾ ਅਤੇ ਰਾਜਸੀ ਸੰਤੁਲਨਾ ਵਿਚ ਵੱਡਾ ਫੇਰ ਬਦਲ ਵਾਪਰਨ ਨਾਲ ਜ਼ਿੰਦਗੀ ਅਤੇ ਇਸ ਦੀ ਵਿਆਖਿਆ ਵਧੇਰੇ ਜਟਿਲ ਅਤੇ ਧੁੰਦਲੀ ਹੋ ਜਾਂਦੀ ਹੈ। ਇਸ ਸਥਿਤੀ ਵਿਚ ਪੰਜਾਬੀ ਕਹਾਣੀਕਾਰ ਮਨੁੱਖੀ ਸੁਭਾਅ ਅਤੇ ਸਮਾਜਿਕ ਵਰਤਾਰੇ ਦੇ ਅਛੋਹ ਪਹਿਲੂਆਂ ਬਾਰੇ ਮਹਿਜ਼ ਮਾਸੂਮੀਅਤ ਭਰੀ ਹੈਰਾਨੀ ਪ੍ਰਗਟ ਕਰਨ ਦੀ ਬਜਾਏ ਡੂੰਘੇ ਵਿਸ਼ਲੇਸ਼ਣ ਦਾ ਰਸਤਾ ਅਖ਼ਤਿਆਰ ਕਰਦਾ ਹੈ ਅਤੇ ਉਨ੍ਹਾਂ ਸੰਰਚਨਾਵਾਂ ਨੂੰ ਸਮਝਣ ਤੇ ਨਸ਼ਰ ਕਰਨ ਦੇ ਮਨੋਰਥ ਨਾਲ ਜਟਿਲ ਬਿਰਤਾਂਤ ਦੀ ਵਿਧੀ ਦੀ ਈਜਾਦ ਕਰਦਾ ਹੈ। ਰੌਚਕ ਗੱਲ ਹਿ ਹੈ ਕਿ ਹੁਣ ਨਿੱਕੀ ਕਹਾਣੀ ਦੀ ਰਚਨਾ ਤਾਂ ਭਾਵੇਂ ਕਾਫ਼ੀ ਮਾਤਰਾ ਵਿਚ ਹੁੰਦੀ ਹੈ ਪਰ ਕੋਈ ਨਿੱਕੀ ਕਹਾਣੀ ਬਹੁਤੀ ਚਰਚਾ ਵਿਚ ਨਹੀਂ ਆਉਂਦੀ ਜਿਵੇਂ ਕਿ ਲੰਮੀਆਂ ਕਹਾਣੀਆਂ ਚਰਚਾ ਵਿਚ ਆ ਰਹੀਆਂ ਹਨ। ਨਿੱਕੀ ਕਹਾਣੀ ਦੀ ਵਿਧੀ ਦੇ ਅਭਿਆਸ ਵਿਚ ਪ੍ਰਪੱਕ ਕਹਾਣੀਕਾਰ ਹੁਣ ਘੱਟ ਹੀ ਕਹਾਣੀ ਲਿਖਦੇ ਹਨ ਅਤੇ ਕੁਝ ਲੰਮੀ ਕਹਾਣੀ ਦੀ ਰਚਨਾ ਕਰਨ ਲੱਗ ਪਏ ਹਨ। ਇੰਝ ਲੰਮੀ ਕਹਾਣੀ ਨਿੱਕੀ-ਕਹਾਣੀ ਦਾ ਇਕ ਸਮਕਾਲੀ ਰੁਪ-ਭੇਦ ਨਾ ਰਹਿ ਕੇ ਇਕ ਅਗਲੇਰੇ ਇਤਿਹਾਸਕ ਦੌਰ ਦਾ ਨਵਾਂ ਰੂਪਾਕਾਰ ਬਣ ਕੇ ਉਭਰਦੀ ਹੈ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346