Welcome to Seerat.ca
Welcome to Seerat.ca

"ਛੋਟੀ ਮਾਂ ਦਾ ਵੱਡਾ ਹੌਸਲਾ"

 

- ਮੰਗਤ ਰਾਮ ਪਾਸਲਾ

ਗੱਲਾਂ ‘ਚੋਂ ਗੱਲ਼ੀ

 

- ਬਲਵਿੰਦਰ ਗਰੇਵਾਲ

ਸਾਹਿਤਕ ਸਵੈਜੀਵਨੀ / ਜ਼ਰਖ਼ੇਜ਼ ਜ਼ਮੀਨ ਵਿੱਚ ਡਿੱਗਦੇ ਬੀਜ

 

- ਵਰਿਆਮ ਸਿੰਘ ਸੰਧੂ

ਚੋਲ੍ਹਰ ਪਾ ਕੇ ਉੱਡੀਆਂ ਚਿੜੀਆਂ

 

- ਡਾ. ਬਲਵਿੰਦਰ ਕੌਰ ਬਰਾੜ

ਵਕਤ ਦੇ ਨਾਲ ਨਾਲ

 

- ਗੁਲਸ਼ਨ ਦਿਆਲ

ਔਰਤ ਦੀ ਤਾਕਤ

 

- ਬੇਅੰਤ ਗਿੱਲ ਮੋਗਾ

ਵਗਦੀ ਏ ਰਾਵੀ / ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਇੰਜ ਮਹਿਸੂਸ ਕੀਤਾ ਮੈਂ ਸ਼ਿਮਲਾ ਵੇਖ ਕੇ

 

- ਮਲਿਕਾ ਮੰਡ

ਲਿਖਤ ਪੜਤ: ਕਰਾਮਾਤੀ ਰਚਨਾ

 

- ਮੰਗੇ ਸਪਰਾਏ

ਮੈਂ ਤਾਂ ਪੁੱਤ ਕੱਲੀ ਰਹਿਜੂੰ

 

- ਵਕੀਲ ਕਲੇਰ

Indian establishment glorifies controversial figure over real Vancouver hero

 

- Gurpreet Singh

 

ਵਗਦੀ ਏ ਰਾਵੀ
ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ

- ਵਰਿਆਮ ਸਿੰਘ ਸੰਧੂ

 

ਸੜਕ ਮੁੜ ਕੇ ਅਸੀਂ ਸਿੱਧੇ ਉਸ ਸੜਕੇ ਪੈ ਗਏ ਜਿਸ ‘ਤੇ ਦੋ ਕੁ ਸੌ ਗਜ਼ ਦੀ ਵਿੱਥ ਉਤੇ ਰੌਸ਼ਨੀਆਂ ਵਿਚ ਸ਼ਾਹਤਾਜ ਹੋਟਲ ਚਮਕ ਰਿਹਾ ਸੀ। ਸਾਨੂੰ ਕੋਲ ਦੀ ਤੁਰਿਆਂ ਜਾਂਦਿਆਂ ਵੇਖ ਕੇ ਇਕ ਸੱਠ-ਸੱਤਰ ਸਾਲ ਦਾ ਬਜ਼ੁਰਗ ਪਿੱਛੋਂ ਕਹਿਣ ਲੱਗਾ, ‘‘ਸਰਦਾਰੋ! ਕੀ ਹਾਲ ਜੇ!’’

ਅਸੀਂ ਪਿੱਛੇ ਮੁੜ ਕੇ ਉਸ ਨੂੰ ਦੁਆ-ਸਲਾਮ ਕੀਤੀ ਤਾਂ ਉਹ ਕਹਿਣ ਲੱਗਾ, ‘‘ਤੁਸੀਂ ਉਦੋਂ ਜੇ ਸਾਡੇ ਨਾਲ ਰਲ ਜਾਂਦੇ ਤਾਂ ਚੰਗਾ ਸੀ। ਸਾਡੇ ਬਾਬੇ ਦਾ ਆਖਾ ਮੰਨ ਜਾਂਦੇ, ਕਾਇਦੇ ਆਜ਼ਮ ਦਾ, ਤਾਂ ਅੱਜ ਏਨੇ ਦੁਖੀ ਨਾ ਹੁੰਦੇ...। ਵੇਖ ਲੋ ਹੁਣ ਤੁਹਾਡੇ ਨਾਲ ਕੀ ਪਈ ਹੁੰਦੀ ਏ...ਤੇ ਉਧਰ ਕਸ਼ਮੀਰ ‘ਚ ਕੀ ਕਰਦੇ ਪਏ ਨੇ...।’’

ਅਸੀਂ ਉਸ ਦੀ ਗੱਲ ਨੂੰ ਹੱਸ ਕੇ ਟਾਲ ਦੇਣਾ ਹੀ ਠੀਕ ਸਮਝਿਆ ਅਤੇ ਆਪਣੇ ਰਾਹ ਤੁਰ ਪਏ। ਦਸ-ਵੀਹ ਕਦਮ ਹੀ ਅੱਗੇ ਗਏ ਹੋਵਾਂਗੇ ਕਿ ਇਕ ਪਤਲਾ ਜਿਹਾ ਨੌਜਵਾਨ ਸਲਵਾਰ-ਕਮੀਜ਼ ਪਹਿਨੀ ਹੋਈ, ਹੱਥ ਵਿਚ ਸਿਗਰਟ, ਪਰਲੇ ਪਾਸਿਓਂ ਸੜਕ ਪਾਰ ਕਰ ਕੇ ਸਾਡੇ ਕੋਲ ਆਇਆ।

‘‘ਜੇ ਤਕਲੀਫ ਨਾ ਮੰਨੋ ਤਾਂ ਸੜਕੋਂ ਪਾਰ ਸਾਡੀ ਅਖ਼ਬਾਰ ਦਾ ਦਫ਼ਤਰ ਏ। ਤੁਸੀਂ ਉਥੋਂ ਤਕ ਸਾਡੇ ਨਾਲ ਚੱਲੋ! ਤੁਹਾਡੀ ਤਸਵੀਰ ਲੈਣੀ ਏਂ ਤੇ ਦੋ-ਚਾਰ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਪਲੀਜ਼!’’

ਅਸੀਂ ਨਜ਼ਰਾਂ ਹੀ ਨਜ਼ਰਾਂ ਵਿਚ ਇਕ-ਦੂਜੇ ਵੱਲ ਵੇਖਿਆ। ਕਈ ਵਾਰ ਪਾਕਿਸਤਾਨ ਆਇਆ ਹੋਣ ਕਰਕੇ ਜਗਤਾਰ ਇਨ੍ਹਾਂ ਮਸਲਿਆਂ ਦਾ ਮੇਰੇ ਨਾਲੋਂ ਵੱਧ ਜਾਣੂੰ ਸੀ। ਉਹ ਮੈਨੂੰ ਕਹਿਣ ਲੱਗਾ, ‘‘ਕੋਈ ਨਹੀਂ, ਹੋ ਚਲਦੇ ਆਂ।’’

ਸੜਕ ਪਾਰ ਕਰਕੇ ਉਹ ਨੌਜਵਾਨ ਇਕ ਗਲੀ ਵਿਚਲੀ ਇਮਾਰਤ ਦੀ ਬੇਸਮੈਂਟ ਵਿਚ ਲੈ ਵੜਿਆ। ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਬੱਜਰੀ, ਸੀਮਿੰਟ ਤੇ ਰੇਤਾ ਖਿਲਰਿਆ ਹੋਇਆ ਸੀ।

ਅੱਗੇ ਲੰਘ ਕੇ ਅਸੀਂ ਦਫ਼ਤਰ ਲਗਦੇ ਇਕ ਕਮਰੇ ਵਿਚ ਦਾਖ਼ਲ ਹੋਏ। ਉਥੇ ਤਿੰਨ-ਚਾਰ ਆਦਮੀ ਬੈਠੇ ਸਨ। ਇਕ ਪਾਸੇ ਕੰਪਿਊਟਰ ਵਾਲਾ ਮੇਜ਼ ਸੀ। ਉਸ ਨੌਜਵਾਨ ਨੇ ਸਾਨੂੰ ਉਥੇ ਬੈਠਣ ਲਈ ਕਿਹਾ ਤੇ ਫਿਰ ਕੈਮਰੇ ਦਾ ਬੰਦੋਬਸਤ ਕਰਨ ਤੇ ਕਿਸੇ ਹੋਰ ਨੂੰ ਬੁਲਾਉਣ ਲਈ ਕਮਰੇ ‘ਚੋਂ ਨਿਕਲ ਗਿਆ।

ਤਿੰਨ-ਚਾਰ ਮਿੰਟ ਪਿੱਛੋਂ ਤੀਹ ਕੁ ਸਾਲ ਦਾ ਮਧਰੇ ਕੱਦ ਦਾ ਇਕ ਨੌਜਵਾਨ ਆ ਕੇ ਖਾਲੀ ਕੁਰਸੀ ‘ਤੇ ਸਾਡੇ ਵੱਲ ਮੂੰਹ ਕਰਕੇ ਬੈਠ ਗਿਆ।

‘‘ਅਸੀਂ ਇਕ ਰੋਜ਼ਾਨਾ ਅਖ਼ਬਾਰ ਕੱਢਦੇ ਆਂ।...ਇਹ ਸਾਰੇ ਪਾਕਿਸਤਾਨ ਵਿਚ ਜਾਂਦੈ...।’’

ਉਸ ਨੇ ਅਖ਼ਬਾਰ ਦਾ ਨਾਂ ਨਾ ਦੱਸਿਆ ਤੇ ਨਾ ਹੀ ਅਸੀਂ ਪੁੱਛਣਾ ਚਾਹਿਆ। ਉਹ ਸਾਨੂੰ ਜਥੇ ਨਾਲ ਆਏ ਬੰਦਿਆਂ ‘ਚੋਂ ਗਿਣ ਰਿਹਾ ਸੀ, ‘‘ਹਰ ਅਖ਼ਬਾਰ ਦਾ ਇਕ ਐਡੀਟਰ ਹੁੰਦੈ...ਐਡੀਟਰ ਸਮਝਦੇ ਓ ਨਾ ਕੀ ਹੁੰਦੈ?’’

ਮੈਂ ਅਤੇ ਜਗਤਾਰ ਮੁਸਕਰਾਏ। ਫਿਰ ਉਹ ਆਪਣੀ ਕਹਿਣ ਲੱਗਾ, ‘‘ਮੈਂ ਇਸ ਅਖ਼ਬਾਰ ਦਾ ਐਡੀਟਰ ਹਾਂ...।’’

ਤਾਂ ਕਿ ਉਸ ਨੂੰ ਆਪਣੀ ਗੱਲਬਾਤ ਕਰਨ ਵਿਚ ਸਹੂਲਤ ਰਹੇ ਤੇ ਉਹ ਆਪਣੇ ਸਾਹਮਣੇ ਜੁਆਬ ਦੇਣ ਲਈ ਬੈਠੇ ਬੰਦਿਆਂ ਦੇ ਨਿਸਚਿਤ ਪੱਧਰ ਤੋਂ ਜਾਣੂ ਹੋ ਸਕੇ, ਡਾ. ਜਗਤਾਰ ਨੇ ਮੁਸਕਰਾਉਂਦਿਆਂ ਕਿਹਾ, ‘‘ਅਸੀਂ ਦੋਵੇਂ ਐਜੂਕੇਸ਼ਨ ਦੇ ਸ਼ੋਅਬੇ ਨਾਲ ਤਾਅਲੁੱਕ ਰੱਖਣ ਵਾਲੇ ਬੰਦੇ ਹਾਂ। ਦੋਵੇਂ ਹੀ ਪੀਐਚ.ਡੀ. ਹਾਂ। ਪ੍ਰੋਫੈਸਰ ਹਾਂ, ਲੇਖਕ ਹਾਂ। ਤੁਸੀਂ ਆਪਣੀ ਗੱਲ ਖੁੱਲ੍ਹ ਕੇ ਕਰੋ।’’

‘‘ਓਅ...‘‘ ਉਹ ਵੀ ਐਡੀਟਰੀ ਵਾਲਾ ਰੋਅ੍ਹਬ ਛੱਡ ਕੇ ਕੁਰਸੀ ਦੀ ਢੋਅ ਨਾਲੋਂ ਸਿਰ ਚੁੱਕ ਕੇ ਅੱਗੇ ਹੋਇਆ ਤੇ ਬੜੇ ਅਦਬ ਨਾਲ ਹਾਲ-ਚਾਲ ਪੁੱਛਣ ਲੱਗਾ।

‘‘ਅਸੀਂ ਤੁਹਾਡੇ ਤਾਅਸੁਰਾਤ ਛਾਪਣਾ ਚਾਹੁੰਦੇ ਹਾਂ? ਸਾਡੇ ਨਾਲ ਆਪਣੇ ਖਿ਼ਆਲ ਸਾਂਝੇ ਕਰੋ।’’

‘‘ਤਾਅਸੁਰਾਤ ਤਾਂ ਜੰਮ-ਜੰਮ ਛਾਪੋ। ਪਰ ਜੋ ਅਸੀਂ ਕਹੀਏ, ਉਹ ਹੀ ਛਾਪਣਾ। ਮੈਂ ਪਹਿਲਾਂ ਵੀ ਦਸ-ਪੰਦਰਾਂ ਵਾਰ ਪਾਕਿਸਤਾਨ ਆ ਚੁੱਕਾ ਹਾਂ ਤੇ ਮੇਰਾ ਤਜਰਬਾ ਹੈ ਜੋ ਇੰਟਰਵਿਊ ‘ਚ ਬੰਦਾ ਕਹਿੰਦਾ ਹੈ, ਉਹ ਇੰਨ-ਬਿੰਨ ਨਹੀਂ ਛਾਪਿਆ ਜਾਂਦਾ ਸਗੋਂ ਛਾਪਣ ਵਾਲਾ ਉਹਦੇ ਵਿਚ ਮਨ-ਮਰਜ਼ੀ ਦੇ ਅਰਥ ਪਾ ਦਿੰਦਾ ਹੈ।’’

ਜਗਤਾਰ ਦੀ ਇਸ ਗੱਲ ‘ਤੇ ਮੈਂ ਅੰਦਰੋ-ਅੰਦਰ ਖ਼ੁਸ਼ ਹੋਇਆ। ਮੈਨੂੰ ਲੱਗਾ ਇਹ ਦੱਸ ਕੇ ਜਗਤਾਰ ਨੇ ਉਸ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਜਿਨ੍ਹਾਂ ਨਾਲ ਉਹ ਗੱਲ ਕਰਦਾ ਪਿਆ ਹੈ, ਉਹ ‘ਘੁੱਗੂ-ਘੋੜੇ’ ਨਹੀਂ ਸਗੋਂ ਚੇਤੰਨ ਵਿਅਕਤੀ ਹਨ ਤੇ ਪਹਿਲੀ ਵਾਰੀ ਹੀ ਪਾਕਿਸਤਾਨ ਨਹੀਂ ਆਏ। ਉਨ੍ਹਾਂ ਨੂੰ ਗੱਲਾਂ ਵਿਚ ਵਰਗਲਾ ਕੇ ਉਹ ਆਪਣੀ ਮਨਮਰਜ਼ੀ ਦੀ ਗੱਲ ਨਹੀਂ ਅਖਵਾ ਸਕਦੇ।

ਐਡੀਟਰ ਨੇ ਸਾਡੇ ਪਾਕਿਸਤਾਨ ਵਿਚ ਆਉਣ ਦਾ ਮਕਸਦ, ਇਥੋਂ ਦੇ ਲੋਕਾਂ ਨਾਲ ਮਿਲ ਕੇ ਪ੍ਰਾਪਤ ਪ੍ਰਭਾਵ ਵਾਲੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਪਿੱਛੋਂ ਆਪਣੇ ਮਕਸਦ ਦਾ ਸੁਆਲ ਪੁੱਛਿਆ, ‘‘ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਸਿੱਖਾਂ ਨਾਲ ਉਧਰ ਹਿੰਦੂਆਂ ਦਾ ਸਲੂਕ ਕਿਹੋ ਜਿਹਾ ਹੈ।’’

‘‘ਤੁਹਾਡਾ ਇਹ ਸਵਾਲ ਠੀਕ ਨਹੀਂ। ਇਸ ਨੂੰ ਦਰੁੱਸਤ ਕਰਨ ਦੀ ਲੋੜ ਹੈ?’’ ਜਗਤਾਰ ਨੇ ਉਸ ਨੂੰ ਪੈਰਾਂ ਹੇਠੋਂ ਕੱਢ ਦਿੱਤਾ। ਬਾਕੀ ਬੰਦੇ ਖ਼ਾਮੋਸ਼ ਬੈਠੇ ਸੁਣ ਰਹੇ ਸਨ।

ਜਗਤਾਰ ਦੀ ਗੱਲ ਸੁਣ ਕੇ ਡੌਰ-ਭੌਰ ਹੋਏ ਐਡੀਟਰ ਨੂੰ ਜਗਤਾਰ ਨੇ ਆਪ ਹੀ ਪੈਰਾਂ ਸਿਰ ਕੀਤਾ, ‘‘ਤੁਹਾਡਾ ਸੁਆਲ ਇਹ ਹੋਣਾ ਚਾਹੀਦੈ ਕਿ ਤੁਹਾਡਾ ਸਿੱਖਾਂ ਦਾ ਹਿੰਦੂਆਂ ਨਾਲ ਸਲੂਕ ਕਿਹੋ ਜਿਹਾ ਹੈ? ਕਿਉਂਕਿ ਉਧਰ ਪੰਜਾਬ ਵਿਚ ਸਿੱਖ ਅਕਸਰੀਅਤ ਵਿਚ ਹਨ ਤੇ ਹਿੰਦੂ ਅਕਲੀਅਤ ਵਿਚ ਹਨ। ਅਕਸਰੀਅਤ ਦਾ ਅਕਲੀਅਤ ਵੱਲ ਕੀ ਰਵੱਈਆ ਜਾਂ ਸਲੂਕ ਹੈ, ਸੁਆਲ ਇਹ ਬਣਦੈ।’’

ਛਿੱਥਾ ਪਿਆ ਐਡੀਟਰ ਕਹਿਣ ਲੱਗਾ, ‘‘ਚਲੋ ਇੰਜ ਹੀ ਸਹੀ।’’

‘‘ਸਾਡਾ ਹਿੰਦੂਆਂ-ਸਿੱਖਾਂ ਦਾ ਆਪਸ ਵਿਚ ਬਹੁਤ ਨੇੜਲਾ ਭਾਈਚਾਰਾ ਤੇ ਪਿਆਰ ਹੈ। ਨਿੱਕੇ ਮੋਟੇ ਮਨ-ਮੁਟਾਵ ਤਾਂ ਕਿਥੇ ਨਹੀਂ ਹੁੰਦੇ। ਸਾਡੇ ਤਾਂ ਮੁਸਲਮਾਨਾਂ ਨਾਲ ਵੀ ਬਰਾਬਰ ਦਾ ਵਿਹਾਰ ਤੇ ਪਿਆਰ ਕੀਤਾ ਜਾਂਦਾ ਹੈ। ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਵਿਚ ਮੁਸਲਮਾਨ ਬਹੁਤ ਵੱਡੀ ਗਿਣਤੀ ਵਿਚ ਵਸਦੇ ਨੇ। ਆਪਣੇ ਅਕੀਦੇ ਮੁਤਾਬਕ ਜੀਵਨ ਬਸਰ ਕਰਦੇ ਨੇ। ਉਨ੍ਹਾਂ ਦੀਆਂ ਆਪਣੀਆਂ ਮਸਜਿਦਾਂ ਨੇ ਜਿਥੇ ਉਹ ਨਮਾਜ਼ ਅਦਾ ਕਰਦੇ ਨੇ। ਉਨ੍ਹਾਂ ਨੂੰ ਆਪਣੇ ਮਜ਼੍ਹਬੀ ਮੁਤਬਰਕ ਦਿਨ ਮਨਾਉਣ ਦੀ ਆਜ਼ਾਦੀ ਹੈ। ਉਹ ਬਰਾਬਰ ਦੇ ਸ਼ਹਿਰੀ ਨੇ। ਅਜੇ ਇਸੇ ਸਾਲ ਲੁਧਿਆਣੇ ਵਿਚ ਮੁਸਲਮਾਨਾਂ ਨੇ ਤਾਜ਼ੀਏ ਕੱਢੇ ਨੇ। ਸਾਡੇ ਉਧਰਲੇ ਪੰਜਾਬ ਵਿਚ ਇਹ ਹਾਲਾਤ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ।’’

ਜਗਤਾਰ ਦੀ ਇਹ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਅਸਲ ਵਿਚ ਬਹੁਤੇ ਪਾਕਿਸਤਾਨੀ ਸਿੱਖ ਯਾਤਰੂਆਂ ਤੋਂ ਹਿੰਦੂਆਂ ਖਿ਼ਲਾਫ਼ ਕੁਝ ਨਾ ਕੁਝ ਉਗਲਵਾਉਣਾ ਚਾਹੁੰਦੇ ਨੇ। ਉਹ ਸਿੱਖਾਂ ਨਾਲ ਜਿ਼ਆਦਾ ਨੇੜ ਦਿਖਾਉਂਦੇ ਨੇ। ਸ਼ਾਇਦ ਇਸ ਵਿਚ ਉਨ੍ਹਾਂ ਦਾ ਕੋਈ ਨਿਹਿਤ ਸਵਾਰਥ ਹੀ ਹੋਵੇ।

ਫਿਰ ਉਹ ਸਹਿਜ ਹੋ ਕੇ ਕਹਿਣ ਲੱਗਾ, ‘‘ਇਥੇ ਪਾਕਿਸਤਾਨ ਵਿਚ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ।’’

ਅਸੀਂ ਆਪਣੇ ਅੱਜ ਦੇ ਹੀ ਬੜੇ ਚੰਗੇ ਤੇ ਸੁਖਾਵੇਂ ਅਨੁਭਵ ਉਸ ਨਾਲ ਸਾਂਝੇ ਕੀਤੇ।

‘‘ਕੁਝ ਸਾਲ ਪਹਿਲਾਂ ਮੈਂ ਵੀ ਸਹਾਫ਼ੀਆਂ (ਪੱਤਰਕਾਰਾਂ) ਦੀ ਇਕ ਕਾਨਫ਼ਰੰਸ ਵਿਚ ਦਿੱਲੀ ਗਿਆ ਸਾਂ। ਉਥੇ ਇਕ ਸਰਦਾਰ ਨਿਰੰਜਨ ਸਿੰਘ ਨੇ। ਬਹੁਤ ਵੱਡੇ ਟਰਾਂਸਪੋਰਟਰ ਨੇ। ਉਹ ਸਾਡੇ ਮੇਜ਼ਬਾਨ ਸਨ। ਉਨ੍ਹਾਂ ਬਹੁਤ ਸਾਡੀ ਸੇਵਾ ਕੀਤੀ। ਜੇ ਕਿਤੇ ਮਿਲਣ ਤਾਂ ਮੇਰੀ ਯਾਦ ਦੇਣੀ।’’

ਫਿਰ ਉਸ ਨੇ ਟਿੱਪਣੀ ਕੀਤੀ, ‘‘ਤੁਹਾਡੇ ਉਥੇ ਸਾਡੇ ਸਹਾਫ਼ੀਆ ਦੇ ਪਿੱਛੇ ਸੀ.ਆਈ.ਡੀ. ਫਿਰਦੀ ਰਹਿੰਦੀ ਸੀ। ਸਾਡੇ ਤੁਸੀਂ ਏਧਰ ਵੇਖਿਆ ਹੀ ਹੈ, ਇਹੋ ਜਿਹਾ ਰਵੱਈਆ ਨਹੀਂ।’’

ਜਗਤਾਰ ਨੇ ਫਿਰ ਜਚਵਾਂ ਜੁਆਬ ਦਿੱਤਾ, ‘‘ਤੁਸੀਂ ਵੀ ਸਾਡੇ ਸਹਾਫ਼ੀਆਂ ਦੇ ਵੀਜ਼ੇ ਨਹੀਂ ਲਾਏ। ਅਸਲ ਵਿਚ ਸਹਾਫ਼ੀ ਬੜੇ ਤੇਜ਼ ਚੀਜ਼ ਹੁੰਦੇ ਨੇ। ਤੇ ਸਾਰੀਆਂ ਸਰਕਾਰਾਂ ਉਨ੍ਹਾਂ ਤੋਂ ਡਰਦੀਆਂ ਨੇ, ਇਸ ਲਈ ਉਨ੍ਹਾਂ ਦਾ ਖਾਸ ਖਿਆਲ ਰੱਖਣਾ ਹੀ ਪੈਂਦਾ ਹੈ।’’

ਹੱਸਦਿਆਂ ਹੋਇਆ ਜਗਤਾਰ ਆਪਣੀ ਸੀਟ ਤੋਂ ਉਠਿਆ ਅਤੇ ਉਨ੍ਹਾਂ ਨਾਲ ਹੱਥ ਮਿਲਾਉਂਦਿਆਂ ਵਿਦਾ ਲਈ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346