Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 

Online Punjabi Magazine Seerat

ਸਿਨੇਮਾ ਤੇ ਮੈਂ
- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

 

ਬਚਪਨ ਤੋਂ ਘਰੋਂ ਅਤੇ ਆਲ਼ੇ ਦੁਆਲ਼ਿਉਂ ਕੰਨਾਂ ਵਿਚਿ ਆਵਾਜ਼ ਪੈਂਦੀ ਰਹਿੰਦੀ ਸੀ ਕਿ ਸਿਨੇਮਾ ਵੇਖਣਾ ਮਾੜਾ ਹੁੰਦਾ ਹੈ। ਉਹਨੀਂ ਦਿਨੀਂ ਇਕ ਗਾਣਾ ਵੀ ਵਾਹਵਾ ਪੇਂਡੂ ਸਮਾਜ ਵਿਚ ਮਸ਼ਹੂਰ ਹੁੰਦਾ ਸੀ, ਭਾਪਾ ਮੁੰਨੀ ਦਿਆ ਮੁੰਨੀ ਮੋਢੇ ਲਾ ਆ, ਸਿਨਮੇ ਨੂੰ ਮੈਂ ਜਾਨੀ ਆਂ। ਅੱਗੋਂ ਮੁੰਨੀ ਦਾ ਭਾਪਾ ਆਂਹਦਾ ਹੁੰਦਾ ਸੀ, ਆਖੇ ਲੱਗ ਜਾ ਤੇ ਪੈ ਜਾ ਸਿਧੇ ਰਾਹ ਆ, ਸਿਨਮੇ ਨੂੰ ਨਾ ਜਾਈਂ ਨੀ।
ਅਜਿਹੀਆਂ ਵਾਪਰਨਾਵਾਂ ਪਿਛਲੀ ਸਦੀ ਦੇ ਪੰਜਾਹਵੇਂ ਦਹਾਕੇ ਦੀਆਂ ਹਨ। 1953 ਦੇ ਸ਼ੁਰੂ ਵਿਚ, ਭਾਈਆ ਜੀ ਪਿੰਡੋਂ ਖੇਤੀ ਛੱਡ ਕੇ, ਅੰਮ੍ਰਿਤਸਰ ਵਿਚ ਆ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗ੍ਰੰਥੀ ਦੀ ਸੇਵਾ ਉਪਰ ਲੱਗ ਗਏ ਸਨ। ਬਾਕੀ ਪਰਵਾਰ ਤਾਂ ਭਾਵੇਂ ਪਿੰਡ ਵਿਚ ਹੀ ਰਹਿੰਦਾ ਸੀ ਪਰ ਮੈਨੂੰ ਆਪਣੇ ਨਾਲ਼ ਲੈ ਆਏ ਸਨ ਤਾਂ ਕਿ ਮੇਰੇ ਢਿਡ ਵਿਚ ਚਾਰ ਗੁਰਬਾਣੀ ਦੇ ਅੱਖਰ ਪੈ ਜਾਣ। ਸਕੂਲੇ ਜਾਣੋ ਤਾਂ ਮੈਂ ਵੇਹਰ ਗਿਆ ਸਾਂ ਤੇ ਪਹਿਲੀ ਵਿਚੋਂ ਹੀ ਹਟ ਗਿਆ ਸਾਂ। ਇਸ ਦਾ ਵਿਸਥਾਰ ਮੈਂ ਆਪਣੀ ਚੌਥੀ ਕਿਤਾਬ ਬਾਤਾਂ ਬੀਤੇ ਦੀਆਂ ਵਿਚ ਦੱਸ ਚੁੱਕਾ ਹਾਂ। ਇਸ ਲਈ ਭਾਈਆ ਜੀ ਨੇ ਵਿਚਾਰਿਆ ਕਿ ਮੈਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰਾਂ; ਖਾਸ ਕਰਕੇ ਕੀਰਤਨ ਸਿੱਖ ਕੇ ਗੁਰੂ ਘਰ ਦਾ ਕੀਰਤਨੀਆ ਬਣਾਂ।
ਭਾਈਆ ਜੀ ਦੀ ਸੇਵਾ ਤਾਂ ਭਾਵੇਂ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਵਿਖੇ ਸੀ ਪਰ ਰਿਹਾਇਸ਼ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਵਾੜੇ ਬਣੇ ਸਟਾਫ਼ ਕੁਆਰਟਰਾਂ ਵਿਚ ਮਿਲ਼ੀ ਹੋਈ ਸੀ। ਇਹਨੀਂ ਦਿਨੀ ਮੇਰੇ ਛੋਟੇ ਚਾਚਾ ਜੀ ਆਪਣੇ ਕੁਝ ਸਾਥੀਆਂ ਨਾਲ਼ ਪਿੰਡੋਂ ਸ਼ਹਿਰ ਆਏ। ਭਾਈਆ ਜੀ ਵਾਂਙ ਹੀ ਚਾਚਾ ਜੀ ਵੀ ਕੁੜਤਾ ਪਜਾਮਾ ਪਾ ਕੇ ਉਪਰ ਦੀ ਕਾਲ਼ਾ ਗਾਤਰਾ ਪਹਿਨਦੇ ਅਤੇ ਖੱਟੀ ਫਿਫਟੀ ਉਪਰ ਨੀਲੀ ਪੱਗ ਬੰਨ੍ਹਿਆਂ ਕਰਦੇ ਸਨ। ਉਹਨਾਂ ਦੇ ਮਿੱਤਰਾਂ ਨੇ ਸਲਾਹ ਬਣਾਈ ਕਿ ਸ਼ਹਿਰ ਆਏ ਹੋਏ ਹਾਂ, ਸਿਨੇਮਾ ਵੇਖਿਆ ਜਾਵੇ। ਮੈਂ ਵੇਖਿਆ ਕਿ ਚਾਚਾ ਜੀ ਨੂੰ ਵੀ, ਉਹਨਾਂ ਦੇ ਜੋਰ ਦੇਣ ਤੇ, ਨਾਲ਼ ਜਾਣਾ ਪਿਆ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਪਜਾਮਾ ਲਾਹ ਕੇ ਤੇੜ ਚਾਦਰ ਬੱਧੀ, ਨੀਲੀ ਪੱਗ ਦੀ ਥਾਂ ਬਦਾਮੀ ਰੰਗ ਦੀ ਪੱਗ ਬਧੀ ਤੇ ਗਾਤਰਾ ਝੱਗੇ ਦੇ ਥੱਲਿਉਂ ਦੀ ਪਾਇਆ। ਮਤਲਬ ਕਿ ਉਹਨਾਂ ਨੇ ਧਾਰਮਿਕ ਪਹਿਰਾਵੇ ਨਾਲ਼ ਸਿਨੇਮੇ ਜਾਣਾ ਯੋਗ ਨਾ ਜਾਤਾ ਤੇ ਭੇਸ ਬਦਲ ਲਿਆ।
ਕੁਝ ਸਮੇ ਬਾਅਦ, ਅਕਤੂਬਰ 193 ਵਿਚ, ਭਾਈਆ ਜੀ ਦੀ ਬਦਲੀ ਸ੍ਰੀ ਮੁਕਤਸਰ ਸਾਹਿਬ ਹੋ ਗਈ। ਉਸ ਦੇ ਨੇੜੇ ਭਾਈਆ ਜੀ ਦੇ ਤਾਏ ਦੇ ਪੁੱਤਾਂ ਦੀ ਸਕੀਰੀ ਸੀ। ਸ਼ਾਇਦ ਉਹਨਾਂ ਦੇ ਸਹੁਰੇ ਪਾਕਿਸਤਾਨੋ ਆ ਕੇ ਓਥੇ ਨੇੜੇ ਕਿਸੇ ਪਿੰਡ ਵਿਚ ਵਸੇ ਹੋਏ ਸਨ ਪਰ ਮੈਨੂੰ ਪੂਰਾ ਪਤਾ ਨਹੀਂ। ਭਾਈਆ ਜੀ ਦੇ ਵੱਡੇ ਤੋਂ ਛੋਟੇ ਤਾਇਆ ਜੀ ਮਿਲਟਰੀ ਵਿਚ ਹੌਲਦਾਰ ਸਨ ਤੇ ਉਹਨਾਂ ਨੂੰ ਪਾਕਿਸਤਾਨ ਵਿਚ, ਉਹਨਾਂ ਦੀਆਂ ਚੰਗੀਆਂ ਸੇਵਾਵਾਂ ਕਰਕੇ, ਇਕ ਮੁਰੱਬਾ ਜ਼ਮੀਨ ਮਿਲ਼ੀ ਹੋਈ ਸੀ। ਇਹ ਜ਼ਮੀਨ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਨੇੜੇ, ਭਲਾਈਪੁਰ ਪਿੰਡ ਵਿਚ ਅਲਾਟ ਹੋਈ ਸੀ ਤੇ ਉਹ ਸਾਰਾ ਪਰਵਾਰ ਏਥੇ ਹੀ ਵੱਸਦੇ ਸਨ ਪਰ ਸ੍ਰੀ ਮੁਕਤਸਰ ਸਾਹਿਬ ਨੇੜੇ ਆਪਣੇ ਰਿਸ਼ਤੇਦਾਰਾਂ ਕੋਲ਼ ਜਾਂਦੇ ਆਉਂਦੇ ਸਨ। ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਵਾਲ਼ਾ ਮੇਲਾ ਪੰਜਾਬ ਦੇ ਪ੍ਰਸਿਧ ਮੇਲਿਆਂ ਵਿਚੋਂ ਇਕ ਹੈ। ਇਹ ਚਾਲ਼ੀ ਮੁਕਤਿਆਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਸ਼ਹੀਦ ਤਾਂ ਭਾਵੇਂ ਚਾਲ਼ੀ ਮੁਕਤੇ ਮਈ ਵਿਚ ਹੋਏ ਸਨ ਪਰ ਯਾਦ ਉਹਨਾਂ ਦੀ ਮਾਘੀ ਸਮੇ ਮਨਾਈ ਜਾਂਦੀ ਹੈ। ਸ਼ਾਇਦ ਉਸ ਸਮੇ ਉਸ ਇਕਲਾਕੇ ਵਿਚ ਪਾਣੀ ਦੀ ਕਿੱਲਤ ਹੋਣ ਕਰਕੇ, ਸਿਅਣਿਆਂ ਨੇ ਅਜਿਹਾ ਫੈਸਲਾ ਕੀਤਾ ਹੋਵੇ!
1954 ਦੀ ਮਾਘੀ ਦੇ ਮੇਲੇ ਸਮੇ ਭਾਈਆ ਜੀ ਦੇ ਤਾਏ ਦੇ ਪੁੱਤ, ਜੋ ਮੇਰੇ ਚਾਚੇ ਲੱਗੇ, ਮਾਘੀ ਤੇ ਸਾਡੇ ਕੋਲ਼ ਆਏ। ਅਜਿਹੇ ਮੇਲਿਆਂ ਸਮੇ ਬਹੁਤ ਸਾਰੇ ਰੰਗ ਤਮਾਸ਼ੇ ਹੋਇਆ ਕਰਦੇ ਸਨ, ਜੋ ਕਿ ਮੇਲਾ ਵੇਖਣ ਆਏ ਪੇਂਡੂ ਦਰਸ਼ਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ; ਸ਼ਾਇਦ ਅਜੇ ਵੀ ਕਰਦੇ ਹੋਣ! ਓਥੇ ਉਸ ਸਮੇ ਸਰਕਸ ਆਦਿ ਕਈ ਹੋਰ ਤਰ੍ਹਾਂ ਦੇ ਤਮਾਸ਼ਿਆਂ ਨਾਲ਼ ਸ਼ਹੀਦ ਭਗਤ ਸਿੰਘ ਦੀ ਮੂਵੀ ਵੀ ਲੱਗੀ ਸੀ ਜਿਸ ਨੂੰ ਵੇਖਣ ਲਈ ਚਾਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਮੈਂ ਸੁਣ ਲਿਆ। ਮੈਂ ਜਿਦ ਕੀਤੀ ਕਿ ਮੈਂ ਵੀ ਉਹਨਾਂ ਦੇ ਨਾਲ਼ ਸਿਨਮਾ ਵੇਖਣ ਜਾਣਾ ਹੈ। ਉਹਨਾਂ ਨੇ ਮੈਨੂੰ ਲਾਰਾ ਲਾ ਦਿਤਾ ਕਿ ਖੜਾਂ ਗੇ ਪਰ ਜਾਣ ਸਮੇ ਚੁੱਪ ਚੁਪੀਤੇ ਹੀ ਚਲੇ ਗਏ ਪਰ ਮੇਰੇ ਟਿਕਟ ਦੇ ਲੱਗਣ ਵਾਲ਼ੇ ਪੈਸਿਆਂ ਵਾਸਤੇ ਇਕ ਰੁਪਇਆ ਕਿਸੇ ਨੂੰ ਫੜਾ ਗਏ ਤਾਂ ਕਿ ਮੈਂ ਇਹ ਨਾ ਸਮਝਾਂ ਕਿ ਉਹ ਮੇਰੀ ਟਿਕਟ ਖਰਚਣ ਤੋਂ ਜਕ ਕੇ ਮੈਨੂੰ ਛੱਡ ਗਏ ਹਨ। ਅਸਲ ਗੱਲ ਇਹ ਸੀ ਕਿ ਉਹ ਮੈਨੂੰ ਨਿੱਕਾ ਸਮਝ ਕੇ ਸਿਨੇਮਾ ਵੇਖਣ ਵਾਸਤੇ, ਆਪਣੇ ਨਾਲ਼ ਨਹੀਂ ਸਨ ਖੜਨਾ ਚਾਹੁੰਦੇ।
ਫਿਰ ਇਹ ਫਿਲਮ ਮੈਂ ਸ੍ਰੀ ਅੰਮ੍ਰਿਤਸਰ ਦੇ ਲਿਬਰਟੀ ਸਿਨਮੇ ਵਿਚ, 1957 ਵਿਚ ਵੇਖੀ। ਉਸ ਫਿਲਮ ਵਿਚ ਭਗਤ ਸਿੰਘ ਦਾ ਰੋਲ ਪ੍ਰੇਮ ਅਦੀਬ ਐਕਟਰ ਨੇ ਕੀਤਾ ਸੀ। ਫਿਲਮ ਬਹੁਤ ਪੁਰਾਣੀ ਹੋਣ ਕਰਕੇ ਘੜੀ ਮੁੜੀ ਟੁੱਟ ਜਾਂਦੀ ਸੀ। ਚਾਟੀ ਵਿੰਡ ਗੇਟ, ਜਿਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਗੰਜ ਹੈ ਅਤੇ ਤਰਨ ਤਾਰਨ ਸਾਹਿਬ ਨੂੰ ਬੱਸਾਂ ਵੀ ਏਥੇ ਰੁਕ ਕੇ ਜਾਂਦੀਆਂ ਹਨ। ਪਹਿਲਾਂ ਏਥੇ ਸੰਧੂ ਬੱਸ ਦਾ ਅੱਡਾ ਵੀ ਹੁੰਦਾ ਸੀ। ਅਜ ਕਲ੍ਹ ਏਥੇ, ਸ਼ਹਿਰ ਦੇ ਅੰਦਰ ਨੂੰ ਜਾਣ ਵਾਲ਼ੇ ਬਾਜ਼ਾਰ ਦੇ ਸ਼ੁਰੂ ਵਿਚ ਸਰਮੋਨੀਅਲ ਗੇਟ ਉਸਾਰਿਆ ਗਿਆ ਹੈ। ਇਸ ਤੋਂ ਅੱਗੇ ਸਕੱਤਰੀ ਬਾਗ ਦੇ ਨਾਲ਼ ਨਾਲ਼ ਭਗਤਾਂ ਵਾਲ਼ੇ ਨਾਂ ਦੇ ਰੇਲਵੇ ਸਟੇਸ਼ਨ ਅਤੇ ਏਸੇ ਨਾਂ ਦੇ ਗੇਟ ਵੱਲ ਸੜਕ ਜਾਂਦੀ ਹੈ। ਇਹ ਸੜਕ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੇ ਆਲ਼ੇ ਦੁਆਲ਼ੇ ਚੱਲਦੀ ਹੋਈ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈਂਦੀ ਹੈ। ਸ਼ਾਇਦ ਇਸ ਦਾ ਨਾਂ ਸਰਕੁਲਰ ਰੋਡ ਹੋਵੇ! ਇਸ ਸੜਕ ਉਪਰ ਉਸ ਸਮੇ, ਪੰਜਾਹਵੇਂ ਦਹਾਕੇ ਦੌਰਾਨ, ਤਿੰਨ ਸਿਨਮੇ ਹੁੰਦੇ ਸਨ ਜਿਨ੍ਹਾਂ ਨੂੰ ਉਹਨਾਂ ਦਿਨਾਂ ਵਿਚ ਟਾਕੀ ਆਖਿਆ ਜਾਂਦਾ ਸੀ। ਸਭ ਤੋਂ ਪਹਿਲੇ ਦਾ ਨਾਂ ਨਿਸ਼ਾਤ ਸੀ ਅਤੇ ਇਸ ਤੋਂ ਥੋਹੜਾ ਹੀ ਅੱਗੇ ਜਾ ਕੇ ਕ੍ਰਿਸ਼ਨਾ ਨਾਂ ਦਾ ਸਿਨਮਾ ਸੀ। ਫਿਰ ਕੁਝ ਹੋਰ ਵਾਹਵਾ ਅੱਗੇ ਜਾ ਕੇ, ਲਿਬਰਟੀ ਸਿਨਮਾ ਹੁੰਦਾ ਸੀ। ਇਹ ਭਗਤਾਂ ਵਾਲ਼ੇ ਦਰਵਾਜ਼ੇ ਅਤੇ ਏਸੇ ਨਾਂ ਦੇ ਸਟੇਸ਼ਨ ਤੋਂ ਨੇੜੇ ਪੈਂਦਾ ਸੀ। ਮੈਂ ਜਦੋਂ ਵੀ ਫਿਲਮ ਵੇਖਣੀ ਤਾਂ ਇਸ ਸਿਨਮੇ ਵਿਚ ਹੀ ਵੇਖਣੀ। ਕਾਰਨ ਉਸ ਦਾ ਇਹ ਸੀ ਕਿ ਦੂਜੇ ਸਿਨਮਿਆਂ ਵਿਚ ਟਿਕਟ ਮਹਿੰਗੀ ਵੀ ਹੁੰਦੀ ਸੀ ਤੇ ਮੈਂ ਲਾਈਨ ਵਿਚ ਲੱਗ ਕੇ ਖ਼ਰੀਦ ਵੀ ਨਹੀਂ ਸਾਂ ਸਕਦਾ। ਮਾਰ ਧੱਕੇ ਤੇ ਧੱਕਾ ਪੈਂਦਾ ਹੁੰਦਾ ਸੀ ਤੇ ਜਾਨ ਵਾਲ਼ਾ ਹੀ ਜਵਾਨ ਬੰਦਾ ਸਵਾ ਯਾਰਾਂ ਆਨਿਆਂ ਵਾਲ਼ੀ ਟਿਕਟ ਖ਼ਰੀਦ ਸਕਦਾ ਹੁੰਦਾ ਸੀ। ਸਵਾ ਯਾਰਾਂ ਆਨਿਆਂ ਵਾਲ਼ੀ ਟਿਕਟ ਦੇ ਮੁਕਾਬਲੇ ਵਿਚ, ਇਸ ਸਿਨਮੇ ਵਿਚ ਸਵਾ ਪੰਜ ਆਨਿਆਂ ਦੀ ਟਿਕਟ ਵੀ ਹੁੰਦੀ ਸੀ। ਇਸ ਤੋਂ ਵਧ ਕੇ ਬੱਚਿਆਂ ਵਾਸਤੇ ਅੰਦਰ ਵਾਰ ਵੱਖਰੀ ਕਤਾਰ ਲੱਗਦੀ ਹੁੰਦੀ ਸੀ ਜਿਥੇ ਵੱਡੀ ਉਮਰ ਦਾ ਬੰਦਾ ਟਿਕਟ ਨਹੀਂ ਸੀ ਖ਼ਰੀਦ ਸਕਦਾ ਤੇ ਇਹ ਕਤਾਰ ਕੇਵਲ ਬੱਚਿਆਂ ਵਾਸਤੇ ਹੀ ਹੁੰਦੀ ਸੀ। ਓਹੀ ਪੰਜਾਂ ਆਨਿਆਂ ਵਾਲ਼ੀ ਟਿਕਟ ਸਾਨੂੰ ਬੱਚਿਆਂ ਨੂੰ ਤਿੰਨ ਆਨਿਆਂ ਦੀ ਮਿਲ਼ਦੀ ਹੁੰਦੀ ਸੀ। ਤਕਰੀਬਨ ਹਰੇਕ ਸ਼ੁੱਕਰਵਾਰ ਨੂੰ ਪਹਿਲੀ ਫਿਲਮ ਹਟ ਕੇ ਦੂਜੀ ਲੱਗ ਜਾਂਦੀ ਸੀ ਤੇ ਮੈਂ ਤਕਰੀਬਨ ਓਥੇ ਲੱਗਣ ਵਾਲ਼ੀਆਂ ਸਾਰੀਆਂ ਫਿਲਮਾਂ ਹੀ ਵੇਖ ਲੈਂਦਾ ਸਾਂ। ਇਉਂ ਇਕ ਹਫ਼ਤੇ ਵਿਚ ਤਿੰਨ ਆਨਿਆਂ ਦਾ ਪਰਬੰਧ ਕਰਨ ਵਿਚ ਬਹੁਤੀ ਔਖਿੳਾਈ ਨਹੀਂ ਸੀ ਹੁੰਦੀ। ਫਿਰ ਮੇਰੇ ਪਸੰਦ ਦੀਆਂ ਪੁਰਾਣੀਆਂ ਫਿਲਮਾਂ ਹੀ ਓਥੇ ਲੱਗਦੀਆਂ ਹੁੰਦੀਆਂ ਸਨ ਜਿਨ੍ਹਾਂ ਵਿਚ ਵਧੇਰੇ ਤਲਵਾਰਬਾਜ਼ੀ, ਜਾਦੂ ਟੂਣਾ, ਹਾਸਾ ਮਖੌਲ ਆਦਿ ਵਧੇਰੇ ਹੁੰਦਾ ਸੀ ਜਦੋਂ ਕਿ ਦੂਜੀਆਂ ਟਾਕੀਆਂ ਵਿਚ ਨਵੀਆਂ ਫਿਲਮਾਂ ਲੱਗਿਆ ਕਰਦੀਆਂ ਸਨ। ਉਹਨਾਂ ਵਿਚ ਕਹਾਣੀ ਦੀ ਪ੍ਰਧਾਨਤਾ, ਨਾਚ ਗਾਣੇ, ਪ੍ਰੇਮ ਮੁਹੱਬਤ ਤੇ ਨਵੇਂ ਨਵੇਂ ਮਸ਼ਹੂਰ ਐਕਟਰ ਹੁੰਦੇ ਸਨ ਜੋ ਕਿ ਮੇਰੀ ਪਸੰਦ ਨਹੀਂ ਸਨ ਹੁੰਦੇ; ਸਭ ਤੋਂ ਵਧ ਚੰਗੀ ਗੱਲ ਤਾਂ ਲਿਬਰਟੀ ਸਿਨਮੇ ਵਿਚ ਇਹ ਹੁੰਦੀ ਸੀ ਕਿ ਸਭ ਤੋਂ ਸਸਤੀ ਤੇ ਬਿਨਾ ਧੱਕਾ ਮੁੱਕੀ ਸਹੇ ਦੇ, ਆਰਾਮ ਨਾਲ਼ ਟਿਕਟ ਮਿਲ਼ ਜਾਂਦੀ ਹੁੰਦੀ ਸੀ।
1970 ਜਾਂ ਇਕ ਦੋ ਸਾਲ ਅੱਗੇ ਪਿੱਛੇ ਦੀ ਗੱਲ ਹੈ। ਮੈਂ ਇਕ ਫਿਲਮ ਵੇਖੀ ਜਿਸ ਨੂੰ ਏ ਸਰਟੀਫ਼ੀਕੇਟ ਮਿਲ਼ਿਆ ਹੋਇਆ ਸੀ। ਮੈਂ ਆਪਣੇ ਤੋਂ ਸਿਆਣੇ ਮਿੱਤਰ ਨੂੰ ਪੁੱਛਿਆ ਕਿ ਇਹ ਕਿਉਂ ਮਿਲ਼ਿਆ ਹੈ। ਤਾਂ ਉਸ ਦਾ ਜਵਾਬ ਸੀ ਕਿ ਉਸ ਵਿਚ ਇਕ ਸੀਨ ਅੰਦਰ ਹੀਰੋਇਨ ਨੇ ਆਪਣੀ ਲੱਤ ਦੀ ਪਿੰਜਣੀ ਜੋ ਵਿਖਾਈ ਸੀ; ਇਸ ਕਰਕੇ ਮਿਲ਼ਿਆ ਸੀ।
ਅਧੀ ਕੁ ਸਦੀ ਪਹਿਲਾਂ ਕਿਸੇ ਫਿਲਮੀ ਆਲੋਚਕ ਦੀ ਕੋਈ ਲਿਖਤ ਕਿਸੇ ਪਰਚੇ ਵਿਚੋਂ ਪੜ੍ਹੀ ਸੀ। ਉਸ ਨੇ ਸ਼ਾਂਤਾ ਰਾਮ ਵੱਲੋਂ ਬਣਾਈ ਗਈ ਇਕ ਫਿਲਮ ਬਾਰੇ ਲਿਖਿਆ ਸੀ ਕਿ ਉਸ ਨੇ ਫਲਾਣੀ ਫਿਲਮ ਵਿਚ ਹੀਰੋਇਨ ਦੀ ਧੁੰਨੀ ਵਿਖਾ ਦਿਤੀ ਸੀ ਜਿਸ ਕਰਕੇ ਸ਼ਾਂਤ ਰਾਮ ਦੇ ਫਿਲਮੀ ਕਿਰਦਾਰ ਉਪਰ ਵਾਹਵਾ ਚਰਚਾ ਹੋਈ ਸੀ। ਅੱਜ ਕੇਹੜੀ ਬੀਬੀ ਹੈ ਜੋ ਸਾਹੜੀ ਪਾਉਂਦੀ ਹੋਵੇ ਤੇ ਉਸ ਦੀ ਧੁੰਨੀ ਨਾ ਦਿਸਦੀ ਹੋਵੇ! ਬਲਕਿ ਪਰਵਾਰ ਵਿਚ, ਬਾਜ਼ਾਰ ਵਿਚ ਸਾਂਝੇ ਸਥਾਨ ਉਪਰ, ਪਾਰਟੀਆਂ ਵਿਚ, ਗੱਲ ਕੀ ਹਰੇਕ ਸਮੇ ਹੀ ਸਾਹੜੀ ਪਹਿਨਣ ਸਮੇ, ਇਕੱਲੀ ਧੁੰਨੀ ਦੀ ਬਜਾਇ ਸਾਰਾ ਲੱਕ ਹੀ ਦਿਖਾਈ ਦਿੰਦਾ ਹੁੰਦਾ ਹੈ।
ਜਦੋਂ ਮੈਂ ਆਪਣੇ ਛੋਟੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, 29 ਅਪ੍ਰੈਲ 1979 ਨੂੰ ਦਿੱਲੀਉਂ ਹਵਾਈ ਜਹਾਜ ਉਪਰ ਬੈਂਕਾਕ ਜਾ ਕੇ ਉਤਰਿਆ ਤੇ ਦੋ ਹਫ਼ਤਿਆਂ ਬਾਅਦ ਅਸੀਂ ਰੇਲ ਗੱਡੀ ਰਾਹੀਂ ਮਲੇਸ਼ੀਆ ਵਿਚ ਦਾਖਲ ਹੋਏ। ਘੁੰਮਦੇ ਘੁਮਾਉਂਦੇ ਇਸ ਦੀ ਰਾਜਧਾਨੀ ਕੁਆਲਾਲੰਪਰ ਵਿਚ ਅੱਪੜ ਗਏ। ਓਥੇ ਵਿਚਰਦਿਆਂ ਪਤਾ ਲੱਗਾ ਕਿ ਮੁਸਲਮਾਨਾਂ ਦੇ ਧਾਰਮਿਕ ਆਗੂਆਂ ਨੇ, ਮੁਸਲਮਾਨਾਂ ਉਪਰ ਟੀ.ਵੀ. ਵੇਖਣ ਤੇ ਪਾਬੰਦੀ ਲਾਈ ਹੋਈ ਹੈ। ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਜਾਣਕਾਰੀ ਅਤੇ ਗਿਆਨ ਵਿਚ ਵਾਧਾ ਕਰਨ ਵਾਲ਼ਾ ਇਹ ਅਤੀ ਆਧੁਨਿਕ ਅਜਿਹਾ ਵਸੀਲਾ ਹੈ ਜੇਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਾਪਰਨ ਵਾਲ਼ੀ ਘਟਨਾ ਨੂੰ, ਓਸੇ ਸਮੇ ਸਾਨੂੰ ਵਾਪਰਦੀ ਆਪਣੇ ਘਰ ਵਿਚ ਵਿਖਾ ਦਿੰਦਾ ਹੈ। ਸੋਚ ਵਿਚ ਆਈ ਕਿ ਇਹ ਲੋਕ ਕਿੰਨੇ ਪਛੜੇ ਹੋਏ ਹਨ ਜੋ ਆਪਣੇ ਭਾਈਚਾਰੇ ਨੂੰ ਤਾਜੀ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕਦੇ ਹਨ! ਪਰ ਜਿਉਂ ਜਿਉਂ ਸਮਾ ਬੀਤਦਾ ਗਿਆ ਇਸ ਖਿਆਲ ਵਿਚ ਤਬਦੀਲ਼ੀ ਆਈ ਗਈ ਕਿ ਸ਼ਾਇਦ ਉਹਨਾਂ ਨੇ ਟੀ.ਵੀ. ਵੇਖਣ ਉਪਰ ਪਾਬੰਦੀ ਲਾ ਕੇ ਠੀਕ ਹੀ ਕੀਤਾ ਹੋਵੇ! ਅੱਜ ਜਦੋਂ ਕਿ ਇਸ ਮਾਧਿਅਮ ਦਾ ਏਨਾ ਦੁਰਉਪਯੋਗ ਹੋ ਰਿਹਾ ਹੈ ਕਿ ਹਰ ਪੱਖੋਂ ਹੀ ਇਹ ਮਨੁਖੀ ਭਾਈਚਾਰੇ ਲਈ ਨੁਕਸਾਨ ਦੇਹ ਸਾਬਤ ਹੋ ਰਿਹਾ ਹੈ। ਸਮੇ ਤੇ ਸੇਹਤ ਦੀ ਹਾਨੀ ਅਤੇ ਪਰਵਾਰਕ ਮੇਲ ਜੋਲ਼ ਵਿਚ ਰੁਕਾਵਟ ਪਾ ਰਿਹਾ ਹੈ; ਤੇ ਜਾਣਕਾਰੀ? ਉਹ ਤਾਂ ਸਗੋਂ ਹੋਰ ਵੀ ਅਗਿਆਨਤਾ ਵਿਚ ਵਾਧਾ ਕਰਨ ਦਾ ਕਾਰਨ ਬਣਦੀ ਹੈ। ਸੱਚੀ ਗੱਲ ਤਾਂ ਦਰਸ਼ਕਾਂ ਪਾਸ ਪਹੁੰਚਦੀ ਹੀ ਨਹੀਂ ਸਗੋਂ ਤੋੜ ਮਰੋੜ ਕੇ ਮਾਲਕਾਂ ਦੇ ਲਾਭ ਵਾਲ਼ੀ ਗੱਲ ਹੀ ਪਰੋਸੀ ਜਾਂਦੀ ਹੈ।
ਪਰ ਹੁਣ ਤਾਂ ਜੱਗੋਂ ਤੇਹਰਵੀਂ ਹੋ ਗਈ ਹੈ; ਤੇ ਹੋਰ ਵੀ ਹੋਈ ਜਾ ਰਹੀ ਹੈ। ਪਤਾ ਨਹੀਂ ਇਹ ਕਿੱਥੇ ਜਾ ਕੇ ਰੁਕੇ ਗੀ! ਪੰਜਾਹਵਾਂ ਵਾਲ਼ੇ ਦਹਾਕੇ ਵਿਚ ਸਿਨੇਮੇ ਨੂੰ ਕਿੰਨਾ ਅਸ਼ਲੀਲ ਸਮਝਿਆ ਜਾਂਦਾ ਸੀ ਕਿ ਕੋਈ ਭਲਾਮਾਣਸ ਅਖਵਾਉਣ ਵਾਲ਼ਾ ਬੰਦਾ ਖੁਲ੍ਹਮ ਖੁਲ੍ਹਾ ਸਿਨੇਮਾ ਵੇਖਣ ਜਾਣ ਦੀ ਹਿੰਮਤ ਨਹੀਂ ਸੀ ਕਰਦਾ ਤੇ ਬੱਚਿਆਂ ਨੂੰ ਤਾਂ ਵੇਖਣ ਦੇਣ ਜਾਣ ਬਾਰੇ ਸੋਚਿਆ ਹੀ ਨਹੀਂ ਸੀ ਜਾ ਸਕਦਾ। ਇਹਨੀਂ ਦਿਨੀਂ ਸਿਨੇਮੇ ਵਾਲ਼ੀ ਗੱਲ ਜਾਂ ਟੀ.ਵੀ. ਵਾਲ਼ੀਆਂ ਗੱਲਾਂ ਤਾਂ ਬਹੁਤ ਪਿੱਛੇ ਰਹਿ ਗਈਆਂ ਨੇ। ਹੁਣ ਤਾਂ ਹਰੇਕ ਬੱਚੇ ਬੁਢੇ ਦੇ ਹੱਥ ਵਿਚਲੇ ਆਈ ਪੈਡ, ਮੋਬਾਇਲ ਵਿਚ ਦੁਨੀਆਂ ਭਰ ਵਿਚ ਵਾਪਰਨ ਵਾਲ਼ੀ ਹਰ ਚੰਗੀ ਮੰਦੀ ਘਟਨਾ ਪਲ ਭਰ ਵਿਚ ਵਾਪਰਦੀ ਵੇਖੀ ਜਾ ਸਕਦੀ ਅਤੇ ਵੇਖੀ ਜਾਂਦੀ ਹੈ। ਕੇਹੜਾ ਅਸ਼ਲੀਲ ਤੋਂ ਅਸ਼ਲੀਲ ਵਾਪਰ ਸਕਦਾ ਦ੍ਰਿਸ਼, ਇਹਨਾਂ ਉਪਰ ਅਸੀਂ ਜਾਂ ਸਾਡੇ ਬੱਚੇ ਨਹੀਂ ਵੇਖ ਸਕਦੇ? ਵੇਖੋ, ਜ਼ਮਾਨਾ ਚਾਲ ਕਿਆਮਤ ਕੀ ਚੱਲ ਗਇਆ!

-0-