Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 
Online Punjabi Magazine Seerat


ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ
- ਵਰਿਆਮ ਸਿੰਘ ਸੰਧੂ
 

 

1
ਮੇਰਾ ਵੱਡਾ ਭਰਾ, ਮੇਰੀ ਦੇਹ-ਜਾਨ-ਅਜਮੇਰ ਸਿੰਘ ਔਲਖ

ਪੰਜਾਬੀ ਨਾਟਕ ਦੀ ਰੂਹ, ਪੰਜਾਬੀ ਸਾਹਿਤ ਦਾ ਮਾਣ, ਕਲਮ ਦਾ ਯੋਧਾ ਜਰਨੈਲ, ਲੋਕ-ਹੱਕਾਂ ਦਾ ਬੁਲਾਰਾ, ਮੁਹੱਬਤ ਦਾ ਸੁੱਚਾ ਪੈਗ਼ਾਮ ਅਜਮੇਰ ਸਿੰਘ ਔਲਖ ਮੇਰਾ ਵੱਡਾ ਭਰਾ ਸੀ। ਮੇਰਾ ਆਪਣਾ, ਮੇਰੀ ਦੇਹ-ਜਾਨ! ਖੂਨ ਦੀ ਸਾਂਝ ਭਾਵੇਂ ਨਹੀਂ ਸੀ ਪਰ ਵਿਚਾਰਾਂ ਦੀ ਸਾਂਝ ਬੜੀ ਪੱਕੀ-ਪੀਡੀ ਸੀ। ਮੇਰੀਆਂ ਕਹਾਣੀਆਂ ਤੇ ਔਲਖ ਸਾਹਿਬ ਦੇ ਨਾਟਕਾਂ ਦੇ ਪਾਠਕ ਜਾਣਦੇ ਨੇ ਕਿ ਅਸੀਂ ਦੋਵਾਂ ਨੇ ਆਪਣੀਆਂ ਲਿਖਤਾਂ ਵਿਚ ਨਿਮਨ ਕਿਰਸਾਨੀ ਦੇ ਦਰਦ ਦੀ ਬਾਤ ਪਾਈ ਹੈ। ਆਲੋਚਕਾਂ ਦਾ ਕਹਿਣਾ ਏ ਕਿ ਜੋ ਕੰਮ ਔਲਖ ਸਾਹਿਬ ਆਪਣੇ ਨਾਟਕਾਂ ਵਿਚ ਕਰ ਰਹੇ ਸਨ, ਉਹੋ ਕੰਮ ਮੈਂ ਕਹਾਣੀ ਵਿਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਸਾਡੇ ਵਿਚਾਰਾਂ ਦਾ ਮੇਲ ਅਜਿਹਾ ਸੀ ਕਿ ਉਹਨਾਂ ਨੇ ਮੇਰੀਆਂ ਕਹਾਣੀਆਂ 'ਭੱਜੀਆਂ ਬਾਹੀਂ ਤੇ 'ਆਪਣਾ ਆਪਣਾ ਹਿੱਸਾ ਨੂੰ ਆਧਾਰ ਬਣਾ ਕੇ ਲਿਖੇ ਨਾਟਕ ਸੈਂਕੜੇ ਤੋਂ ਵੱਧ ਵਾਰ ਖੇਡੇ। ਪਹਿਲਾਂ ਪਹਿਲਾਂ ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਪਰ ਫਿਰ ਪੱਕੇ ਤੌਰ 'ਤੇ ਨਾਟਕ ਨੂੰ ਸਮਰਪਤ ਹੋ ਗਏ। ਜੇ ਉਹ ਕਹਾਣੀ ਵੀ ਲਿਖਦੇ ਰਹਿੰਦੇ ਤਾਂ ਮੇਰਾ ਕੀ ਹੁੰਦਾ?
-ਇਕ ਵਾਰ ਗੱਲਾਂ ਕਰਿਦਆਂ ਹਾਸੇ ਹਾਸੇ ਵਿਚ ਸੰਤ ਸਿੰਘ ਸੇਖੋਂ ਨੇ ਕਿਹਾ ਸੀ ਕਿ ਮੈਂ ਨਾਵਲ, ਕਹਾਣੀਆਂ, ਨਾਟਕ, ਆਲੋਚਨਾ ਸਭ ਕੁਝ ਲਿਖਿਆ ਤੇ ਹਰ ਖੇਤਰ ਵਿਚ ਝੰਡੇ ਗੱਡੇ ਪਰ ਕਵਿਤਾ ਮੈਂ ਆਪਣੇ ਯਾਰ ਮੋਹਨ ਸਿੰਘ ਕਰ ਕੇ ਲਿਖਣੀ ਛੱਡ ਦਿੱਤੀ ਤਾਕਿ ਕਿਸੇ ਵਿਧਾ ਵਿਚ ਉਹਦਾ ਵੀ ਨਾਂ ਰਹਿ ਸਕੇ!
ਔਲਖ ਸਾਹਿਬ ਦਾ ਇਸ ਲਈ ਵੀ ਬਹੁਤ ਸ਼ੁਕਰੀਆ ਕਿ ਉਹਨਾਂ ਮੇਰੇ ਵਾਸਤੇ ਕਹਾਣੀ ਲਿਖਣੀ ਛੱਡ ਦਿੱਤੀ। ਆਪਣੇ ਛੋਟੇ ਵੀਰ ਲਈ। ਵੱਡੇ ਛੋਟਿਆਂ ਦਾ ਇੰਜ ਵੀ ਖ਼ਿਆਲ ਰੱਖਦੇ ਨੇ ਦੋਸਤੋ!
ਅਜਮੇਰ ਸਿੰਘ ਔਲਖ ਮੇਰਾ ਹੀ ਵੱਡਾ ਭਰਾ ਤੇ ਮੇਰਾ ਆਪਣਾ ਨਹੀਂ ਸੀ, ਸਗੋਂ ਉਹਨਾਂ ਸਭਨਾਂ ਦਾ ਵੀ ਓਨਾ ਹੀ ਆਪਣਾ ਸੀ, ਜਿਨ੍ਹਾਂ ਨੂੰ ਉਹਦੇ ਨਾਟਕਾਂ ਵਿਚ ਪਾਈ ਬਾਤ ਆਪਣੇ ਦਿਲ ਤੇ ਆਪਣੇ ਦੁੱਖ ਦੀ ਬਾਤ ਲੱਗਦੀ ਸੀ; ਜਿਨ੍ਹਾਂ ਨੂੰ ਉਹਦੇ ਬੋਲਾਂ ਵਿਚ ਆਪਣੇ ਰੋਹ-ਰੰਜ ਤੇ ਪੀੜ ਦੀ ਆਵਾਜ਼ ਸੁਣਦੀ ਸੀ; ਜਿਨ੍ਹਾਂ ਨੂੰ ਉਹਦੇ ਪਾਤਰਾਂ ਵਿਚੋਂ ਆਪਣੇ ਭੈਣ-ਭਰਾਵਾਂ, ਬਾਲ-ਬੱਚਿਆਂ, ਪਿਓ-ਪੁੱਤਾਂ ਤੇ ਮਾਵਾਂ-ਧੀਆਂ ਦੇ ਨਕਸ਼ ਨਜ਼ਰ ਆਉਂਦੇ ਸਨ।
ਉਹ ਵੱਡਾ ਲੇਖਕ ਸੀ, ਵੱਡਾ ਇਨਸਾਨ ਸੀ, ਵੱਡਾ ਯੋਧਾ ਸੀ ਪਰ ਇਹ ਸਾਰੀ ਵਡਿਆਈ ਭੁੱਲ ਕੇ ਉਹ ਸਦਾ ਧਰਤੀ ਦੇ ਜੀਆਂ ਨਾਲ ਉਹਨਾਂ ਵਰਗਾ ਹੋ ਕੇ ਜੀਵਿਆ, ਵਿਚਰਿਆ ਤੇ ਉਹਨਾਂ ਦੇ ਨਾਲ ਉਹਨਾਂ ਵਾਂਗ ਹੀ ਸਧਾਰਨ ਇਨਸਾਨ ਬਣ ਕੇ ਉਮਰ ਭਰ ਤੁਰਦਾ ਰਿਹਾ; ਉਮਰ ਭਰ ਉਹਨਾਂ ਲਈ ਲਿਖਦਾ ਰਿਹਾ, ਬੋਲਦਾ ਰਿਹਾ ਤੇ ਉਹਨਾਂ ਵਾਸਤੇ ਲੜਦਾ ਰਿਹਾ। ਜਦੋਂ ਕੁਦਰਤ ਨੇ ਉਹਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਤਾਂ ਉਹਦੇ ਉਹ ਸਾਰੇ ਮਿੱਤਰ-ਪਿਆਰੇ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਦਲੇ-ਮਲੇ ਲੋਕ, ਜਿਨ੍ਹਾਂ ਦੀ ਪੀੜ ਵਿਚ ਉਹ ਸਦਾ ਹੂੰਗਦਾ ਰਿਹਾ ਸੀ, ਉਹਦੀ ਧਿਰ ਬਣ ਕੇ ਉਹਦੇ ਨਾਲ ਆਣ ਖਲੋਤੇ। ਆਪਣੇ ਲੋਕਾਂ ਕੋਲੋਂ ਅਜਿਹਾ ਮਾਣ-ਸਤਿਕਾਰ ਤੇ ਅਜਿਹਾ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ਕਿਸੇ ਲੇਖਕ ਨੂੰ ਅੱਜ-ਤੱਕ ਭਲਾ ਕਿੱਥੇ ਮਿਲਿਆ ਸੀ!
ਅੱਜ ਜਦੋਂ ਉਹ ਮਹਾਨ ਨਾਟਕਕਾਰ ਆਪਣਾ ਰੋਲ ਅਦਾ ਕਰ ਕੇ ਮੰਚ ਤੋਂ ਸਦਾ ਲਈ ਓਹਲੇ ਹੋ ਗਿਆ ਹੈ ਤਾਂ ਨਿਸਚੈ ਹੀ ਸਾਡੇ ਅੰਦਰ ਦਾ ਇਕ ਹੱਸਦਾ ਹਿੱਸਾ ਬੁਝ ਗਿਆ ਹੈ ਪਰ ਇਹਦੇ ਨਾਲ ਇਹ ਵੀ ਖ਼ੂਬਸੂਰਤ ਸਚਾਈ ਹੈ ਕਿ ਦੇਸ਼-ਵਿਦੇਸ਼ ਵਿਚ ਉਹਦੇ ਦਰਸ਼ਕਾਂ ਦੀ ਲੱਖਾਂ ਦੀ ਭੀੜ ਅੱਖਾਂ ਵਿਚ ਅੱਥਰੂ ਲੈ ਕੇ, ਦਿਲ ਵਿਚ ਜੁਝਾਰੂ ਜਜ਼ਬਿਆਂ ਦਾ ਸੇਕ ਭਰ ਕੇ ਤਾੜੀਆਂ ਦੀ ਗੜਗੜਾਹਟ ਨਾਲ ਐਲਾਨ ਕਰ ਰਹੀ ਹੈ ਕਿ ਸਾਡੇ ਪਿਆਰੇ ਜਿਹੇ ਨਿੱਕੇ ਸੂਰਜ ਅਸੀਂ ਤੇਰੀ ਰੌਸ਼ਨੀ ਨੂੰ ਬੁਝਣ ਨਹੀਂ ਦਿਆਂਗੇ ਸਗੋਂ ਇਸ ਸੂਰਜ ਨੂੰ ਆਪਣੇ ਚਿੱਤ ਅਤੇ ਚੇਤਿਆਂ ਵਿਚ ਸਦਾ ਜਗਦਾ ਤੇ ਜਾਗਦਾ ਰੱਖਾਂਗੇ। ਤੇਰੀ ਕਹਿਣੀ, ਕਰਨੀ ਤੇ ਲੇਖਣੀ ਦਾ ਕਦੀ ਮਾਣ ਭੰਗ ਨਹੀਂ ਹੋਣ ਦਿਆਂਗੇ।
ਸਾਡੀ ਭੈਣ ਮਨਜੀਤ ਕੌਰ ਤੇ ਸਾਡੀਆਂ ਧੀਆਂ ਤੇ ਪਰਿਵਾਰ ਦੇ ਹੋਰ ਜੀਆਂ ਦਾ ਦੁੱਖ ਭਾਵੇਂ ਬੜਾ ਵੱਡਾ ਹੈ ਪਰ ਉਹਨਾਂ ਦੀਆਂ ਅੱਖਾਂ ਵਿਚ ਇਸ ਤਸੱਲੀ ਦੇ ਅੱਥਰੂ ਵੀ ਜ਼ਰੂਰ ਹੋਣਗੇ ਕਿ ਉਹ ਮਹਾਨ ਆਦਮੀ ਉਹਨਾਂ ਲਈ ਕਿੰਨਾ ਵੱਡਾ ਪਰਿਵਾਰ ਪਿੱਛੇ ਛੱਡ ਕੇ ਗਿਆ ਹੈ। ਉਹਨਾਂ ਦੀਆਂ ਅੱਖਾਂ ਸਾਹਮਣੇ ਅਸਮਾਨ ਵੱਲ ਉਲਰੀਆਂ ਹਜ਼ਾਰਾਂ ਬਾਹਵਾਂ ਉਹਨਾਂ ਨੂੰ ਕਲਾਵੇ ਵਿਚ ਲੈ ਕੇ ਉਹਨਾਂ ਦਾ ਦੁੱਖ ਵੰਡਾਉਣ ਲਈ ਤਿਆਰ ਹਨ। ਇਸ ਕਲਾਵੇ ਵਿਚ ਮੇਰੀਆਂ ਤੇ ਮੇਰੇ ਪਰਿਵਾਰ ਦੀਆਂ ਬਾਹਵਾਂ ਵੀ ਸ਼ਾਮਲ ਹਨ।

2
ਇਕਬਾਲ ਦੇ ਅੰਤਮ ਸਸਕਾਰ ਮੌਕੇ ਸਤਿਕਾਰ ਵਿਚ ਬੋਲੇ ਸ਼ਬਦਾਂ ਵਿਚੋਂ ਕੁਝ

ਆਦਮੀ ਮੌਤ ਵੱਲ ਜਾਂਦਾ ਏ ਹੌਲੀ ਹੌਲੀ
ਚੰਦ ਮੁੱਖ ਰੇਤ ਚ ਰਲ ਜਾਂਦਾ ਏ ਹੌਲੀ ਹੌਲੀ
ਪਹਿਲਾਂ ਬਚਪਨ ਫਿਰ ਜਵਾਨੀ ਫਿਰ ਬੁਢਾਪਾ ਆਵੇ,
ਆਦਮੀ ਘਰ ਚੋਂ ਨਿਕਲ ਜਾਂਦਾ ਏ ਹੌਲੀ ਹੌਲੀ
ਪਰ ਸਾਡਾ ਇਕਬਾਲ ਅਜੇ ਬੁੱਢਾ ਕਿੱਥੇ ਹੋਇਆ ਸੀ। ਅਜੇ ਤਾਂ ਉਹਦੀ ਰੂਹ, ਵਿਚਾਰ ਤੇ ਵਿਹਾਰ ਅੰਦਰ ਜਵਾਨੀ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਅਜੇ ਤਾਂ ਉਹਦੇ ਅੰਦਰ ਤਰਕਸੰਗਤ , ਸੰਤੁਲਤ ਤੇ ਸ਼ਕਤੀਸ਼ਾਲੀ ਸੋਚਾਂ ਦੀ ਲਿਸ਼ਕ ਲਿਸ਼ ਲਿਸ਼ ਲਿਸ਼ਕਾਂ ਮਾਰ ਰਹੀ ਸੀ। ਅਜੇ ਤਾਂ ਉਹਦੇ ਅੰਦਰ ਨੱਕੋ-ਨੱਕ ਭਰਿਆ, ਉਮਲਦਾ-ਉਛਲਦਾ ਤੇ ਬੇਰੋਕ ਵਗਦਾ ਮੁਹੱਬਤ ਦਾ ਦਰਿਆ ਛਲ ਛਲ ਛਲਕਦਾ ਪਿਆ ਸੀ। ਅਜੇ ਤਾਂ ਉਹਦੇ ਬੋਲਾਂ ਵਿਚਲੀ ਸੱਚ ਸੁਣਾਇਸੀ ਸੱਚ ਕੀ ਬੇਲਾ ਵਾਲੀ ਗੜ੍ਹਕ ਜਿਉਂ ਦੀ ਤਿਉਂ ਕਾਇਮ ਸੀ। ਅਜੇ ਤਾਂ ਉਹਦੀ ਕਲਮ ਵਿਚਲੀ ਲੋਹੜੇ ਦੀ ਜਵਾਨੀ ਅੰਗੜਾਈਆਂ ਭਰ ਰਹੀ ਸੀ ਤੇ ਉਹਦੀ ਸ਼ਬਦ-ਸਿਰਜਣਾ ਦਾ ਜਲੌਅ ਦਘ ਦਘ ਦਘਦਾ ਪਿਆ ਸੀ ਕਿ ਉਹ ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਅਚਨਚੇਤ ਅਲੋਪ ਹੋ ਗਿਆ। ਅਜੇ ਤਾਂ ਉਹਨੇ ਮੇਰੇ ਆਖੇ ਲਿਖੀ ਆਪਣੀ ਸਵੈਜੀਵਨੀ ਦਾ ਤੀਜਾ ਭਾਗ ਲਿਖਣਾ ਸੀ ਤੇ ਜਿਸ ਬਾਰੇ ਉਹਨੇ ਮਹੀਨਾ ਪਹਿਲਾਂ ਆਪਣੀ ਮਿੱਠਬੋਲੜੀ ਜ਼ਬਾਨ ਵਿਚ ਕਹਾ ਸੀ, " ਵੀਰ ਜੀ! ਛੇਤੀ ਹੀ ਤੁਹਾਨੂੰ ਨਵਾਂ ਚੈਪਟਰ ਲਿਖ ਕੇ ਭੇਜਾਂਗਾ।"
ਉਹਨੇ ਜਾਣਾ ਤਾਂ ਸੀ ਪਰ ਉਹ ਆਪਣੇ ਨਾਲ ਕਿਹੜੇ ਕਿਹੜੇ ਰੰਗ ਤੇ ਕਿਹੜੀਆਂ ਰੌਸ਼ਨੀਆਂ ਲੈ ਗਿਆ , ਇਸਦਾ ਅਨੁਮਾਨ ਲਾਉਣਾ ਬਹੁਤ ਔਖਾ ਏ।
ਇਕ ਮੁਸਾਫ਼ਰ ਦੇ ਸਫ਼ਰ ਜੈਸੀ ਹੈ ਸਭ ਕੀ ਦੁਨੀਆਂ,
ਕੋਈ ਜਲਦੀ ਮੇਂ ਕੋਈ ਦੇਰ ਮੇਂ ਜਾਨੇ ਵਾਲਾ
ਉਸੇ ਰੁਖ਼ਸਤ ਤੋ ਕੀਆ, ਹਮੇਂ ਮਾਅਲੂਮ ਨਾ ਥਾ
ਘਰ ਸਾਥ ਹੀ ਲੇ ਗਿਆ, ਘਰ ਛੋੜ ਕੇ ਜਾਨੇ ਵਾਲਾ
ਸਾਡਾ ਪਿਆਰਾ ਇਕਬਾਲ ਆਪਣੇ ਪਰਿਵਾਰ ਦੇ ਪਿਆਰੇ ਜੀਆਂ, ਪਿਆਰੀ ਪਤਨੀ, ਲਾਡਲੀਆਂ ਧੀਆਂ , ਵਿਲਕਦੀਆਂ ਭੈਣਾਂ , ਹੰਝੂ ਕੇਰਦੇ ਭਰਾ ਤੇ ਸੰਸਾਰ ਭਰ ਵਿਚ ਵੱਸਦੇ ਆਪਣੇ ਸੱਜਣਾ-ਸਨੇਹੀਆਂ ਤੇ ਪਾਠਕਾਂ-ਪ੍ਰਸੰਸਕਾਂ ਦੀਆਂ ਭੀੜਾਂ ਨੂੰ ਅਣਕਿਆਸਿਆ ਦੁੱਖ ਦੇ ਕੇ ਇਸ ਸੰਸਾਰ ਦੇ ਜੱਗ-ਜੰਕਸ਼ਨ ਤੋਂ ਸਦਾ ਲਈ ਅਲਵਿਦਾ ਆਖ ਗਿਆ ਹੈ। ਉੱਬਲਦੇ ਵਿਚਾਰਾਂ ਵਾਲਾ, ਲਟ ਲਟ ਮਘਦੇ ਜਜ਼ਬਿਆਂ ਦਾ ਸੇਕ ਛੱਡਣ ਵਾਲਾ ਖੌਲਦਾ ਸਮੁੰਦਰ ਸਦਾ ਲਈ ਸ਼ਾਂਤ ਹੋ ਗਿਆ ਹੈ। ਇਕ ਦਹਿਕਦਾ ਸੂਰਜ ਬਰਫ਼ ਦੇ ਗੋਲੇ ਦੀ ਕੇਸਰੀ ਟਿੱਕੀ ਵਾਂਗ ਖੁਰ ਕੇ ਅਲੋਪ ਹੋ ਗਿਆ ਤੇ ਆਪਣਾ ਵਿਚਾਰਾਂ ਦਾ ਕਿਰਮਚੀ ਰੰਗ ਬਖ਼ੇਰ ਇਕ ਡੂੰਘੇ ਹਨੇਰਿਆਂ ਵਿਚ ਨਿਵਾਸ ਕਰਨ ਲਈ ਜਾ ਬੈਠਾ ਏ। ਉਹ ਤਾਂ ਚਲਾ ਗਿਆ ਏ ਪਰ ਕੀ ਸਾਡੇ ਦਿਲਾਂ ਵਿਚੋਂ ਵੀ ਉਹ ਕਿਤੇ ਜਾ ਸਕਦਾ ਏ!
ਲਾ ਕੇ ਇਸ ਚੋਂ ਡੁਬਕਣੀ ਪੰਛੀ ਕਦੋਂ ਦਾ ਉੱਡ ਗਿਆ, ਝੀਲ ਦਾ ਪਾਣੀ ਤਾਂ ਪਰ ਕੰਬਦਾ ਰਹੇਗਾ ਦੇਰ ਤੱਕ।
ਇਕਬਾਲ ਕੀ ਕੀ ਸੀ! ਪਿਆਰਾ ਪਤੀ ਤੇ ਪਿਤਾ। ਭਰਾ ਦੀ ਬਾਂਹ। ਭੈਣਾਂ ਦਾ ਛਿੰਦਾ ਵੀਰ। ਸੰਸਾਰ ਪੱਧਰ 'ਤੇ ਵੱਸਦੇ ਪੰਜਾਬੀਆਂ ਦੇ ਦੁਖ-ਸੁਖ ਨਾਲ ਜੁੜਵੇਂ ਤੇ ਭਖਦੇ ਮੁੱਦਿਆਂ ਬਾਰੇ ਬੇਬਾਕ , ਤਰਕਸੰਗਤ ਤੇ ਸੱਚੀ ਗੱਲ ਕਰਨ ਵਾਲਾ। ਆਪਣੀ ਲੜਾਈ ਲੜ ਕੇ ਸਮਾਜ ਤੇ ਜੀਵਨ ਵਿਚ ਆਪਣਾ ਥਾਂ ਬਨਾਉਣ ਵਿਚ ਲੱਗੇ ਸੰਘਰਸ਼ਸ਼ੀਲ ਲੋਕਾਂ ਦਾ ਪ੍ਰਸੰਸਕ। ਉਹਨੂੰ ਕਿਸੇ ਦਾ ਅਗਲੇ ਵਧਣ ਲਈ ਕੀਤਾ ਸੰਘਰਸ਼ ਵੇਖ-ਸੁਣ ਕੇ ਚਾਅ ਚੜ੍ਹ ਜਾਂਦਾ ਸੀ। ਜਿੱਥੇ ਤੇ ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ, ਉਹ ਦਿਲ ਦੇ ਸਾਰੇ ਚਾਅ ਨਾਲ ਉਹਦੇ ਲਈ ਆਪਣਾ ਆਪ ਅਰਪਣ ਕਰ ਦਿੰਦਾ। ਉਹ ਚਾਲੂ ਬੰਦਿਆਂ ਵਾਂਗ ਚਾਬੀ ਵਾਲੇ ਬਾਵੇ ਵਾਂਗ ਹਾਂ ਜੀ ਹਾਂ ਜੀ ਵਿਚ ਸਿਰ ਹਿਲਾਉਣੋਂ ਇਨਕਾਰੀ ਸੀ ਤੇ ਜੋ ਉਹਨੂੰ ਠੀਕ ਤੇ ਚੰਗਾ ਲੱਗਦਾ ਸੀ, ਉਹਦੇ ਹੱਕ ਵਿਚ ਗਰਜਵੀਂ ਪਰ ਸਤੁੰਲਤ ਆਵਾਜ਼ ਉਠਾਉਣ ਵਾਲਾ ਨਿੱਕਾ ਜਿਹਾ ਜਰਨੈਲ ਸੀ ਜਿਸਨੇ ਸਦਾ ਆਪਣੀ ਹਿੱਕ ਤੇ ਧੋਣ ਨੂੰ ਵਿਰੋਧੀਆਂ ਦੇ ਵਾਰ ਖਾਣ ਲਈ ਸਿੱਧਾ ਰੱਖਿਆ। ਉਹਦੇ ਵਿਚ ਕੋਈ ਵਿੰਗ ਨਹੀਂ ਸੀ। ਉਹ ਲੋੜਵੰਦਾਂ ਦੀਆਂ ਛੱਤਾਂ ਹੇਠ ਆਸਰਾ ਦੇਣ ਵਾਲਾ ਸਿੱਧਾ ਤਸੋਰ ਸ਼ਤੀਰ ਸੀ।
ਸੋਸ਼ਲ ਮੀਡੀਆ ਤੇ ਇਕਬਾਲ ਬਾਰੇ ਲਿਖੀਆਂ ਗਈਆਂ ਟਿੱਪਣੀਆਂ ਵਿਚ ਉਹਦੇ ਬਾਰੇ ਜੋ ਵਿਸ਼ੇਸ਼ਣ ਵਰਤੇ ਗਏ ਨੇ, ਉਹ ਉਹਦੀਆਂ ਲਿਖਤਾਂ,ਉਹਦੇ ਵਿਚਾਰਾਂ ਤੋਂ ਪ੍ਰਭਾਵਤ ਉਹਨਾਂ ਲੋਕਾਂ ਵੱਲੋਂ ਵਰਤੇ ਗਏ ਨੇ ਜਿਨ੍ਹਾਂ ਵਿਚੋਂ ਬਹੁਤੇ ਉਹਨੂੰ ਨਿੱਜੀ ਤੌਰ ਞਤੇ ਮਿਲੇ ਹੋਏ ਨਹੀਂ ਪਰ ਉਹਦੇ ਵਿਚਾਰਾਂ ਦੀ ਬੇਬਾਕੀ, ਦਲੇਰੀ ਤੇ ਤਰਕਸ਼ੀਲਤਾ ਤੇ ਸਚਾਈ ਨੇ ਉਹਨਾਂ ਦੀ ਰੂਹ ਨੂੰ ਟੁੰਬਿਆ ਏ।
ਮਹਾਨ ਸ਼ਖ਼ਸੀਅਤ,ਨਿੱਘਾ ਤੇ ਮਿਲਨਸਾਰ ਇਨਸਾਨ, ਸ਼ਬਦਾਂ ਦਾ ਜਾਦੂਗਰ,ਰੌਸ਼ਨ ਆਤਮਾ, ਬਹੁਤ ਵਧੀਆ ਇਨਸਾਨ, ਪੰਜਾਬੀ ਵਾਰਤਕ ਦਾ ਅਨੂਠਾ ਰਚਨਹਾਰਾ, ਸੱਚ ਦਾ ਸੂਰਜ,ਮਿਲਾਪੜਾ ਤੇ ਰੂਹ ਨੂੰ ਟੁੰਬਣ ਵਾਲਾ ਇਨਸਾਨ। ਨਿਮਾਣਿਆਂ ਨਿਤਾਣਿਆਂ ਦਾ ਯਾਰ। ਲਲਤੋਂ ਬਿਜਲੀ ਬੋਰਡ ਦੇ ਬਾਹਰ ਕਿਸੇ ਨੇ ਕੱਟ ਕੇ ਲਾਇਆ ਲੇਖ ਪਿਛਲੇ ਸਾਲ। ਉਹ ਗੱਲ ਆਪਣੇ ਨਾਲ ਹੀ ਲੈ ਗਿਆ।ਰੌਣਕੀ ਬੰਦਾ, ਮਖ਼ੋਲ ਕਰ ਵੀ ਲੈਂਦਾ ਸਹਿ ਵੀ ਲੈਂਦਾ। ਪੀ ਡਬਲਯੂ ਡੀ ਦੀ ਮਕੈਨੀਕਲ ਵਰਕਰਜ਼ ਯੂਨੀਅਨ ਦੁੱਖ ਸਾਂਝਾ ਕਰਦੀ ਹੈ। ਕਿਆ ਬਾਤਾਂ ਉਹਦੀ ਸ਼ਾਇਰੀ,ਵਾਰਤਕ ਤੇ ਬੇਬਾਕੀ ਦੀਆਂ। ਇਕ ਹੋਰ ਹੀਰਾ ਤੁਰ ਗਿਆ।
ਉਹ ਬਾਤਾਂ ਪਾਉਂਦਾ ਪਾਉਂਦਾ ਆਪ ਵੀ ਬਾਤ ਹੋ ਗਿਆ।
ਉਹਦੇ ਵਿਚਾਰਾਂ ਦਾ ਏਨਾ ਮੋਕਲਾ ਕਲਾਵਾ ਉਹਦੀ ਲੋਕ-ਪ੍ਰਿਅਤਾ ਦੀ ਦੱਸ ਪਾਉਂਦਾ ਹੈ।
ਬੰਦਾ ਤੁਰ ਜਾਂਦਾ ਹੈ, ਪਿੱਛੇ ਯਾਦਾਂ ਰਹਿ ਜਾਂਦੀਆਂ ਨੇ। ਅਜਮੇਰ ਔਲਖ ਤੋਂ ਬਾਅਦ ਸਾਡਾ ਇਕ ਹੋਰ ਹੀਰਾ ਤੁਰ ਗਿਆ।
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346