ਦੁੱਖ ਝੱਲਣੇ ਪੈਂਦੇ ਉਦੋਂ
ਭਾਰੇ ਕਦੇ ਕਦੇ।
ਮੂੰਹ ਫੇਰ ਲੈਂਦੇ ਯਾਰ ਜਦ ਪਿਆਰੇ ਕਦੇ ਕਦੇ।
ਖਹਿ ਪੈਣ ਜਦ ਮਸਜਿਦ ਤੇ ਗੁਰਦੁਆਰੇ ਕਦੇ ਕਦੇ,
ਜਾਂਦੇ ਕਈ ਨਿਰਦੋਸ਼ ਵੀ ਮਾਰੇ ਕਦੇ ਕਦੇ।
ਮਿੱਤਰ ਤਾਂ ਆਪਣੇ ਬਹੁਤ ਨੇ ਪਰ ਭੀੜ ਜਦ ਬਣੇ,
ਲੰਘ ਜਾਂਵਦੇ ਮੂੰਹ ਫੇਰ ਕੇ ਸਾਰੇ ਕਦੇ ਕਦੇ।
ਮੰਨਿਆਂ ਕਿ ਆਉਂਣਾ ਰੋਜ਼ ਹੀ ਚੰਗਾ ਨਹੀਂ ਹੈ ਪਰ,
ਵਿਚ ਵਾਰ ਆ ਜਾਇਆ ਕਰੋ ਪਿਆਰੇ ਕਦੇ ਕਦੇ।
ਨੱਸਣ ਨੂੰ ਰਾਹ ਲੱਭਦਾ ਨਹੀਂ ਮਹਿਲਾਂ ਨੂੰ ਉਸ ਘੜੀ,
ਆਈ ਤੇ ਆ ਜਾਂਦੇ ਨੇ ਜਦ ਢਾਰੇ ਕਦੇ ਕਦੇ।
ਉਹ ਵੀ ਸਮਾਂ ਸੀ ਜਦ ਕਦੇ ਚੰਦਾ ਸੀ ਆਪਣਾ,
ਹੁਣ ਤਾਂ ਨੇ ਕਰਦੇ ਟਿਚਕਰਾਂ ਤਾਰੇ ਕਦੇ ਕਦੇ।
ਜੋ ਕੰਮ ਕਰ ਸਕਦਾ ਨਹੀਂ ਸ਼ਾਹੀ ਜਲਾਲ ਵੀ,
ਕਰ ਦੇਂਵਦੇ ਜੋ ਅੱਥਰੂ ਖਾਰੇ ਕਦੇ ਕਦੇ।
ਪਰਬਤ ਤਲੀ ‘ਤੇ ਰੱਖ ਕੇ ਉੱਡਦਾ ਸਾਂ ਮੈਂ ਕਦੇ,
ਲਗਦੇ ਨੇ ਆਪਣੇ ਅੰਗ ਹੁਣ ਭਾਰੇ ਕਦੇ ਕਦੇ।
ਜੋ ਵੀ ਹੈ ਸਾਡੀ ਪ੍ਰਾਪਤੀ ਉਹਨਾਂ ਦੀ ਦੇਣ ਹੈ,
ਲਗਦੇ ਨੇ ਨੁਕਤਾਚੀਨ ਵੀ ਪਿਆਰੇ ਕਦੇ ਕਦੇ।
ਹੁੰਦੇ ਨੇ ਹਰ ਇਕ ਦੌਰ ਦੇ ਆਪਣੇ ਹੀ ਮਾਪਦੰਡ,
ਜਾਂਦੇ ਨੇ ਹੱਤਿਆਰੇ ਵੀ ਸਤਿਕਾਰੇ ਕਦੇ ਕਦੇ।
ਉੱਕੀ ਹੀ ਸਾਫ਼ ਨਾਂਹ ਤੋਂ ਚੰਗਾ ਹੈ ਫੇਰ ਵੀ,
ਲਾਉਂਦਾ ਰਿਹਾ ਕਰ ਦੋਸਤਾ ਲਾਰੇ ਕਦੇ ਕਦੇ।
-0- |