Welcome to Seerat.ca
Welcome to Seerat.ca

ਸੰਤਾਲ਼ੀ ਵੇਲੇ ਲੋਕਾਂ ਦੇ ਰਾਖੇ ਪੰਜਾਬੀ ਕਮਿਉਨਿਸਟ

 

- ਇੰਦਰ ਸਿੰਘ ਮੁਰਾਰੀ

ਨਾਵਲ ਅੰਸ਼ / ਅਲਵਿਦਾ ਇੰਗਲੈਂਡ

 

- ਹਰਜੀਤ ਅਟਵਾਲ

ਅੰਗਰੇਜ਼ੀ ਨਾਲ਼ ਦੂਸਰੀ ਲੜਾਈ!

 

- -ਇਕਬਾਲ ਰਾਮੂਵਾਲੀਆ

ਜਿਊਣ ਜੋਗੇ

 

- ਸੁਖਵੰਤ ਕੌਰ ਮਾਨ

ਆਪਣੇ ਰੂਪਾਕਾਰਕ ਧਰਮ ਤੋਂ ਅਵੇਸਲੀ ਹੋ ਰਹੀ ਪੰਜਾਬੀ ਕਹਾਣੀ

 

- ਡਾ. ਬਲਦੇਵ ਸਿੰਘ ਧਾਲੀਵਾਲ

ਪਟਿਆਲੇ ਦਾ ਭੂਤਵਾੜਾ

 

- ਸਤਿੰਦਰ ਸਿੰਘ ਨੂਰ

ਮੰਨ ਭਗਵਾਨ ਕੌਰੇ ਦੁਨੀਆਂ ਬਦਲ ਗਈ ਸਾਰੀ

 

- ਐਸ. ਅਸ਼ੋਕ ਭੌਰਾ

ਪੰਜਾਬੀ ਸ਼ਬਦ-ਕਰਮੀ: ਤਰਲੋਚਨ ਸਿੰਘ ਗਿੱਲ

 

- ਉਂਕਾਰਪ੍ਰੀਤ

ਛੇਹਰਟੇ ਵਾਲੇ ਬਾਬੇ

 

- ਸੁਖਦੇਵ ਸਿੰਘ ਸੇਖੋਂ

ਲਿੰਕਨ ਮੈਮੋਰੀਅਲ ਤੇ ਡਾ. ਮਾਰਟਨ ਲੂਥਰ ਕਿੰਗ ਜੂਨੀਅਰ ਮੈਮੋਰੀਅਲ

 

- ਚਰਨਜੀਤ ਸਿੰਘ ਪੰਨੂੰ

ਗੁਰਬਚਨ ਸਿੰਘ ਭੁੱਲਰ ਦੇ ਖਤ

 

- ਬਲਦੇਵ ਸਿੰਘ ਧਾਲੀਵਾਲ

ਤਿੰਨ ਹਾਇਬਨ

 

- ਗੁਰਮੀਤ ਸੰਧੂ

ਨਜ਼ਮ ‘ਨਵਾਂ ਸਾਲ’, ਗਿਆਰਾਂ ਛੋਟੀਆਂ ਨਜ਼ਮਾਂ, ਇੱਕ ਗੀਤ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਗ਼ਜ਼ਲ

 

- ਉਲਫ਼ਤ ਬਾਜਵਾ

ਗ਼ਜ਼ਲ

 

- ਉਂਕਾਰਪਰੀਤ

ਗ਼ਜ਼ਲ

 

- ਗੁਰਦਾਸ ਪਰਮਾਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਬਾਅ ਉਡੀਕ ਰੱਖੀ ਅਸੀਂ ਜ਼ਰੂਰ ਆਵਾਂਗੇ

 

- ਕਰਨ ਬਰਾੜ

ਰੰਗ-ਬਰੰਗੇ ਫੁੱਲ-1

 

- ਵਰਿਆਮ ਸਿੰਘ ਸੰਧੂ

ਸਾਂਭ ਲੋ ਮਾਪੇ ਰੱਬ ਮਿਲਜੂਗਾ ਆਪੇ

 

- ਗੁਰਬਾਜ ਸਿੰਘ

‘ਕੁਝ ਕਰੋ ਯਾਰ’ ਨਾਟਕ ਦੀ ਸਫ਼ਲ ਪੇਸ਼ਕਾਰੀ

 

- ਅਦਾਰਾ ‘ਸੀਰਤ’

ਵਾਹਿਗੁਰੂ ਭਲੀ ਕਰੇ ..!

 

- ਅਵਤਾਰ ਸਿੰਘ ਭੁੱਲਰ

Komagata Maru-A Challenge to Colonial Rule

 

- Malwinder Jit Singh Waraich

ਹੁੰਗਾਰੇ

 

Online Punjabi Magazine Seerat

ਸੰਤਾਲ਼ੀ ਵੇਲੇ ਲੋਕਾਂ ਦੇ ਰਾਖੇ ਪੰਜਾਬੀ ਕਮਿਉਨਿਸਟ
- ਇੰਦਰ ਸਿੰਘ ਮੁਰਾਰੀ

 

ਇੰਦਰ ਸਿੰਘ ਮੁਰਾਰੀ (1895-1981).
1978 ਵਿਚ
(ਉਹਨੀਂ ਦਿਨੀਂ ਸੁਤੰਤਰ ਕਿਸੇ ਇਕ ਥਾਂ ਨਹੀਂ ਸੀ ਅਟਕਦਾ। ਥਾਂ-ਥਾਂ ਪਹੁੰਚ ਕੇ ਬਚੇ-ਖੁਚੇ ਮੁਸਲਮਾਨਾਂ ਨੂੰ ਕੱਢ ਕੇ ਕੈਂਪਾਂ ਵਿਚ ਅਪੜਾਣ ਦੇ ਜਤਨ ਕਰਦਾ ਸੀ। ਖ਼ਾਸ ਕਰ ਉਨ੍ਹਾਂ ਕੁੜੀਆਂ ਔਰਤਾਂ ਬਾਬਤ ਤਾਂ ਉਹ ਬਹੁਤਾ ਹੀ ਜਜ਼ਬਾਤੀ ਸੀ, ਜੋ ਧੱਕੇ ਨਾਲ਼ ਲੋਕਾਂ ਨੇ ਅਪਣੇ ਘਰੀਂ ਪਾ ਰੱਖੀਆਂ ਸਨ। ਉਹ ਇਸ ਕਿਸਮ ਦੇ ਮਸਲ੍ਹੇ ਬੜੇ ਠੰਢੇ ਦਿਮਾਗ਼ ਨਾਲ਼ ਹੱਲ ਕਰਦਾ। ਨਾਲ਼ ਅਪਣੇ ਸਾਥੀਆਂ ਨੂੰ ਵੀ ਸਮਝਾ ਕੇ ਰੱਖਣਾ ਕਿ ਐਸੀ ਹਾਲਤ ਵਿਚ ਅਪਣੇ-ਆਪ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ)


ਜਿਨ੍ਹਾਂ ਦਿਨਾਂ ਚ ਫ਼ਸਾਦ ਸ਼ੁਰੂ ਹੋਏ, ਅਸੀਂ ਲਹੌਰ ਤੇਜਾ ਸਿੰਘ ਸੁਤੰਤਰ ਦੀ ਕੋਠੀ ਵਿਚ ਰਹਿੰਦੇ ਸਾਂ। ਇਸ ਜਗ੍ਹਾ ’ਤੇ ਬੜੀਆਂ ਮੀਟਿੰਗਾਂ ਹੋਈਆਂ ਸਨ।
ਕਮਿਉਨਿਸਟ ਪਾਰਟੀ ਦੇ ਕਿਸੇ ਕੰਮ ਮੈਨੂੰ ਸਿਆਲ਼ਕੋਟ ਘੱਲਿਆ ਗਿਆ, ਤਾਂ ਓਥੇ ਜਾਂਦਿਆਂ ਨੂੰ ਕਰਫ਼ਿਊ ਦਾ ਅਲਾਰਮ! ਲੁਕ-ਲੁਕਾ ਕੇ ਪਾਰਟੀ ਦਫ਼ਤਰ ਪੁੱਜਾ, ਤਾਂ ਅੱਗੋਂ ਬੂਹਾ ਬੰਦ। ਸੋ ਰਾਤ ਗੁਰਦੁਆਰੇ ਹੀ ਗੁਜ਼ਾਰਨੀ ਪਈ।
ਦਿਨੇ ਉੱਠ ਦਫ਼ਤਰ ਅੱਪੜਿਆ। ਵੇਖ ਕੇ ਮੁਸਲਮਾਨ ਕਾਮਰੇਡ ਦਾ ਰੰਗ ਫੱਕ। ਆਖੇ: ਤੂੰ ਇਥੇ ਆਣ ਦੀ ਬੜੀ ਭੁੱਲ ਕੀਤੀ ਏ; ਘੜੀ-ਘੜੀ ਪਿੱਛੋਂ ਤਾਂ ਇਥੇ ਛੁਰੇ ਚਲ ਰਹੇ ਨੇ।
ਉਸ ਨਾਲ਼ ਦੀ ਦੁਕਾਨ ਤੋਂ ਕੁਝ ਮੇਰੇ ਖਾਣ ਲਈ ਲਿਆ ਕੇ ਦਿੱਤਾ ਤੇ ਫਿਰ ਓਸੇ ਵੇਲੇ ਮੇਰੇ ਨਾਲ਼ ਜਾ ਕੇ ਬੱਸ ’ਤੇ ਬਿਠਾ ਕੇ ਮੈਨੂੰ ਲਹੌਰ ਤੋਰ ਦਿੱਤਾ। ਬੱਸ ਵੀ ਉਹ ਫੜ ਕੇ ਦਿੱਤੀ, ਜਿਹਦੇ ਡਰਾਈਵਰ ਕੰਡੱਕਟਰ ਉਹਦੇ ਜਾਣੂ ਸਨ। ਉਸ ਉਨ੍ਹਾਂ ਨੂੰ ਸਮਝਾ ਕੇ ਪੱਕੀ ਕੀਤੀ ਕਿ ਮੈਨੂੰ ਅਪਣੀ ਨਿਗਰਾਨੀ ਚ ਅਪੜਾ ਕੇ ਆਉਣਾ ਹੈ। ਜਾਂਦਿਆਂ ਨੂੰ ਲਹੌਰ ਵੀ ਸੁੰਨ-ਮਸਾਣ। ਕਰਫ਼ਿਊ ਇਥੇ ਵੀ ਲੱਗ ਚੁੱਕਾ ਸੀ।
ਕਿਸੇ ਤਰ੍ਹਾਂ ਅਪਣੇ ਟਿਕਾਣੇ ਪੁੱਜਾ। ਸਾਰੇ ਸਾਥੀਆਂ ਦੇ ਮੂੰਹ ਉੱਤਰੇ ਹੋਏ, ਕਿਉਂਕਿ ਗੜਬੜ ਸ਼ਹਿਰ ਦੇ ਬਾਕੀ ਬਚੇ ਹਿੱਸਿਆਂ ਵਿਚ ਵੀ ਫੈਲ ਗਈ ਹੋਈ ਸੀ। ਬੜੀ ਸੋਚ-ਵਿਚਾਰ ਮਗਰੋਂ ਫ਼ੈਸਲਾ ਹੋਇਆ ਕਿ ਸੁਤੰਤਰ, ਉਹਦੀ ਪਤਨੀ, ਧੀ ਤੇ ਰਾਮ ਸਿੰਘ (ਦੱਤ) ਨੂੰ ਕਢ ਕੇ ਅਮ੍ਰਿਤਸਰ ਘੱਲ ਦਿੱਤਾ ਜਾਵੇ।
ਇਸ ਕੰਮ ਦੀ ਡੀਊਟੀ ਸੁਰੈਣ ਸਿੰਘ ਖੇਲੇ ਨੇ ਅਪਣੇ ਸਿਰ ਲਈ। ਪਰ ਟੈਕਸੀ ਦਾ ਪਤਾ ਕਰਨ ਗਿਆ, ਉਹ ਆਪ ਹੀ ਮਾਰਿਆ ਜਾਣ ਲੱਗਾ ਸੀ। ਪਤਾ ਨਹੀਂ ਕਿਵੇਂ ਮੁਸਲਮਾਨਾਂ ਦੇ ਟੋਲੇ ਨੂੰ ਸ਼ੱਕ ਪੈ ਗਿਆ ਤੇ ਉਹਨੂੰ ਫੜ ਕੇ ਨੰਗਾ ਕਰਨ ਲੱਗੇ ਸਨ ਕਿ ਉੱਤੋਂ ਕੁਝ ਹੋਰ ਬੰਦੇ ਆ ਗਏ। ਉਹ ਪਾਰਟੀ ਦੇ ਹਮਦਰਦ ਸਨ; ਉਨ੍ਹਾ ਇਹ ਆਖ ਕੇ ਸੁਰੈਣ ਸਿੰਘ ਨੂੰ ਛੁਡਾ ਲਿਆ: ਭਰਾਓ, ਕਿਉਂ ਬੇਇੱਜ਼ਤੀ ਕਰਦੇ ਹੋ? ਇਹ ਤਾਂ ਅਪਣਾ ਈ ਅਬਦੁੱਲ ਰਹਿਮਾਨ ਏ।
ਉਨ੍ਹਾਂ ਫੇਰ ਟੈਕਸੀ ਦਾ ਪ੍ਰਬੰਧ ਵੀ ਕਰ ਦਿੱਤਾ, ਜਿਸ ਵਿਚ ਉਹ ਸੁਤੰਤਰ ਹੁਰਾਂ ਨੂੰ ਸਰਹੱਦੋਂ ਲੰਘਾ ਆਇਆ ਸੀ।
ਹੁਣ ਬਾਕੀ ਜਿੰਨੇ ਵੀ ਅਸੀਂ ਕੋਠੀ ਵਿਚ ਰਹਿ ਗਏ ਸਾਂ, ਸਭ ਦੇ ਦਾੜ੍ਹੀ-ਕੇਸ ਮੁਨਾਏ ਹੋਏ ਸਨ। ਜਿਹੜਾ ਕੋਈ ਪੁੱਛੇ, ਤਾਂ ਆਖੀਏ – ਅਸੀਂ ਅਮ੍ਰਿਤਸਰ ਦੀ ਉਸ ਕੋਠੀ ਚੋਂ ਆਏ ਹਾਂ, ਜਿਦ੍ਹੇ ਵਿਚ ਹੁਣ ਇਸ ਕੋਠੀ ਵਾਲ਼ਾ ਸਰਦਾਰ ਗਿਆ ਏ। ਉਂਜ ਅੰਦਰੋਂ ਘਬਰਾਈਏ ਵੀ।
ਫਿਰ ਇਕ ਦਿਨ ਮੈਂ ਤੇ ਨਿਰੰਞਣ ਸਿੰਘ - ਜੋ ਆਜ਼ਾਦ ਹਿੰਦ ਫ਼ੌਜ ਦਾ ਬੰਦਾ ਸੀ - ਸੁਤੰਤਰ ਦੀ ਟਾਈਪ ਮਸ਼ੀਨ ਤੇ ਕੁਝ ਕਿਤਾਬਾਂ ਲੈ ਕੇ ਕੋਠੀ ਚੋਂ ਬਾਹਰ ਨਿਕਲ਼ੇ। ਘੋੜਾ ਹਸਪਤਾਲ ਦਾ ਟਾਂਗਾ ਫੜਿਆ ਤੇ ਓਥੋਂ ਉਤਰ ਕੇ ਰਫ਼ੂਜੀ ਕੈਂਪ ਵਿਚ ਜਾ ਵੜੇ। ... ਕੁਦਰਤੀ ਸਾਡੇ ਖਲੋਤਿਆਂ ਡੋਗਰਾ ਮਿਲਟਰੀ ਦਾ ਕੋਈ ਸੂਬੇਦਾਰ ਕੈਂਪ ਚ ਆਣ ਵੜਿਆ। ਉਹ ਅਪਣੇ ਨਾਲ਼ ਰਾਵਲਪਿੰਡੀਓਂ ਸੱਤ ਜੀਪਾਂ ਵੀ ਭਜਾ ਲਿਆਇਆ ਸੀ। ਉਹਨੂੰ ਵੇਖਦਿਆਂ ਹੀ ਨਿਰੰਞਣ ਸਿੰਘ ਨੇ ਜਾ ਸਲੂਟ ਮਾਰਿਆ। ਉਹਦੇ ਸਲੂਟ ਨੇ ਇੰਨਾ ਕੰਮ ਕੀਤਾ ਕਿ ਸੂਬੇਦਾਰ ਸਾਨੂੰ ਅਮ੍ਰਿਤਸਰ ਤਕ ਲੈ ਜਾਣਾ ਮੰਨ ਗਿਆ।


ਤੇਜਾ ਸਿੰਘ ਸੁਤੰਤਰ. ਜਲੰਧਰ. 1964
ਫ਼ੋਟੋਕਾਰ: ਗੋਪਾਲ ਸਿੰਘ ਚੰਦਨ

...ਅਮ੍ਰਿਤਸਰ ਪੁੱਜ ਕੇ ਅਸਾਂ ਸੁਤੰਤਰ ਦਾ ਪਤਾ ਕੀਤਾ। ਉਹ ਜਲੰਧਰ ਵਲ ਗਿਆ ਹੋਇਆ ਸੀ। ਜਲੰਧਰੋਂ ਦੰਦੂਆਲ਼ ਦੀ ਦਸ ਪਈ, ਜੋ ਕਾਮਰੇਡ ਚੈਨ ਦਾ ਪਿੰਡ ਹੈ। ਓਥੇ ਵੀ ਸਾਡਾ ਮੇਲ਼ ਨਾ ਹੋਇਆ। ਚੈਨ ਆਪ ਵੀ ਘਰ ਹੈ ਨਾ ਸੀ। ਪਿੰਡ ਵਾਲ਼ਿਆਂ ਨਾਲ਼ ਬੰਦਾ ਦੇ ਕੇ ਕਾਮਰੇਡ ਗੁਰਚਰਨ ਸਿੰਘ ਰੰਧਾਵੇ ਦੇ ਪਿੰਡ ਤੋਰ ਦਿੱਤਾ। ਉਹ ਬੰਦਾ ਰਾਹ ਚੋਂ ਹੀ ਮੁੜ ਗਿਆ। ਇਕ ਤਾਂ ਸ਼ਾਮ ਦਾ ਵੇਲਾ ਸੀ ਤੇ ਦੂਜਾ ਲੱਕ-ਲੱਕ ਪਾਣੀ ਫਿਰਦਾ ਸੀ। ਮੀਂਹ ਬੜੇ ਪੈ ਰਹੇ ਸਨ।
... ਰੰਧਾਵੇ ਸਾਡੇ ਜਾਂਦਿਆਂ ਨੂੰ ਸੁਤੰਤਰ ਤਿਆਰ ਬੈਠਾ ਸੀ। ਉਹ ਉਹਨੀਂ ਦਿਨੀਂ ਕਿਸੇ ਇਕ ਥਾਂ ਨਹੀਂ ਸੀ ਅਟਕਦਾ। ਥਾਂ-ਥਾਂ ਪਹੁੰਚ ਕੇ ਬਚੇ-ਖੁਚੇ ਮੁਸਲਮਾਨਾਂ ਨੂੰ ਕੱਢ ਕੇ ਕੈਂਪਾਂ ਵਿਚ ਅਪੜਾਣ ਦੇ ਜਤਨ ਕਰਦਾ ਸੀ। ਖ਼ਾਸ ਕਰ ਉਨ੍ਹਾਂ ਕੁੜੀਆਂ ਔਰਤਾਂ ਬਾਬਤ ਤਾਂ ਉਹ ਬਹੁਤਾ ਹੀ ਜਜ਼ਬਾਤੀ ਸੀ, ਜੋ ਧੱਕੇ ਨਾਲ਼ ਲੋਕਾਂ ਨੇ ਅਪਣੇ ਘਰੀਂ ਪਾ ਰੱਖੀਆਂ ਸਨ। ਉਹ ਇਸ ਕਿਸਮ ਦੇ ਮਸਲ੍ਹੇ ਬੜੇ ਠੰਢੇ ਦਿਮਾਗ਼ ਨਾਲ਼ ਹੱਲ ਕਰਦਾ। ਨਾਲ਼ ਅਪਣੇ ਸਾਥੀਆਂ ਨੂੰ ਵੀ ਸਮਝਾ ਕੇ ਰੱਖਣਾ ਕਿ ਐਸੀ ਹਾਲਤ ਵਿਚ ਅਪਣੇ ਆਪ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ। ਖ਼ੈਰ, ਉਹ ਓਥੋਂ ਬਾਬੇ ਕਰਮ ਸਿੰਘ ਦੇ ਪਿੰਡ ਚੀਮਿਆਂ ਨੂੰ ਚੱਲਿਆ ਸੀ। ਰੋਟੀ ਖੁਆ ਕੇ ਸਾਨੂੰ ਵੀ ਅਪਣੇ ਨਾਲ਼ ਤੋਰ ਲਿਆ।
ਬਾਬੇ ਦੇ ਪਿੰਡੋਂ ਹੁੰਦੇ ਅਸੀਂ ਰੁੜਕੇ ਪਹੁੰਚੇ। ਜਾਂਦਿਆਂ ਨੂੰ ਦੇਖਿਆ ਕਿ ‘ਲੋਕਾਂ’ ਨੇ ਮੁਸਲਮਾਨਾਂ ਨੂੰ ਮਸੀਤ ਢਾਹਣ ਲਾਇਆ ਹੋਇਆ ਏ। ਪਰ ਉਹ ਇੰਨੇ ਸਹਿਮੇ ਹੋਏ ਸਨ ਕਿ ਸਾਨੂੰ ਵੇਖਦਿਆਂ ਹੀ ਸਲਾਮਾਂ ਕਰਨ ਲਗ ਪਏ।...
ਉਸ ਵੇਲੇ ਸੁਤੰਤਰ ਦੀ ਹਾਲਤ ਵੇਖਣ ਵਾਲ਼ੀ ਸੀ। ਉਹਦਾ ਇਕ ਪੈਰ ਮਸੀਤ ਵਲ ਵਧੇ ਤੇ ਦੂਜਾ ਅਪਣੇ ਰਸਤੇ ਤੁਰੀ ਜਾਣ ਵਲ। ਉਹ ਅਪਣੀਆਂ ਉਂਗਲ਼ਾਂ ਦੇ ਕੜਾਕੇ ਕਢਦਾ ਮੈਂ ਦੇਖਿਆ ਸੀ।...
ਉਨ੍ਹੀਂ ਦਿਨੀਂ ਸਾਡੀ ਪਾਰਟੀ ਦੇ ਬੜੇ ਆਦਮੀ ਕਤਲ ਹੋਏ ਸਨ – ਸਾਥੀ ਮੇਘ ਸਿੰਘ ਤੇ ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲ਼ਵੱਢੀ ਜਿਹੇ ਸਿਰਕੱਢ ਬੰਦਿਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਤਾਂ ਜੱਲ੍ਹਿਆਂਵਾਲ਼ੇ ਬਾਗ਼ ਦੇ ਹੀਰੋ ਹਿੰਦੂ-ਮੁਸਲਿਮ ਏਕੇ ਦੇ ਨਿਸ਼ਾਨ ਡਾਕਟਰ ਸੈਫ਼-ਉ-ਦੀਨ ਕਿਚਲੂ ਨੂੰ ਵੀ ਨਹੀਂ ਸੀ ਬਖ਼ਸ਼ਿਆ।
(ਹਿੰਦੂ ਸਿੱਖ ਜਨੂਨੀਆਂ) ਨੇ ਅਮ੍ਰਿਤਸਰ ਕਚਿਹਰੀ ਰੋਡ ’ਤੇ ਕਿਚਲੂ ਦੀ ਕੋਠੀ ਨੂੰ ਘੇਰਾ ਪਾ ਲਿਆ। ਇਸ ਗੱਲ ਦਾ ਸੁਤੰਤਰ ਨੂੰ ਬੜਾ ਫ਼ਿਕਰ ਸੀ। ਸਵਾਲ ਇਕ ਬੰਦੇ ਦੀ ਜ਼ਿੰਦਗੀ ਬਚਾਣ ਦਾ ਨਹੀ ਸੀ।
ਅਸੀਂ ਚਾਲ਼ੀ ਬੰਦੇ ਸਾਂ ਹਥਿਆਰਬੰਦ; ਇੱਕੋ ਜਿਹੇ ਜੋ ਦਿਨ-ਰਾਤ ਕਿਚਲੂ ਦੇ ਘਰ ਦੁਆਲ਼ੇ ਪਹਿਰਾ ਦਿੰਦੇ ਰਹੇ। ਕੋਈ ਮਹੀਨਾ ਕੁ ਇਹ ਕੰਮ ਚਲਦਾ ਰਿਹਾ। ਫਿਰ ਇਕ ਦਿਨ ਮੌਕਾ ਤਾੜ ਕੇ ਅਸੀਂ ਉਹਨੂੰ ਬਾਹਰ ਕੱਢ ਕੇ ਦਿੱਲੀ ਪਹੁੰਚਾ ਕੇ ਆਏ। ਇਸ ਗੱਲ ਦਾ ਅਹਿਸਾਨ ਕਿਚਲੂ ਨੇ ਆਖ਼ਰੀ ਸਾਹ ਤਕ ਨਹੀਂ ਸੀ ਭੁਲਾਇਆ।
ਇਕ ਵਾਰੀ ਕਿਸੇ ਨੇ ਕਿਚਲੂ ਨੂੰ ਪੁੱਛਿਆ, “ਤੁਸੀਂ ਸੁਤੰਤਰ ਨੂੰ ਬਦਲੇ ਹੋਏ ਭੇਸ ਚ ਕਿਵੇਂ ਸਿਞਾਣ ਲੈਂਦੇ ਹੋ?”
ਕਿਚਲੂ ਹੱਸ ਕੇ ਆਖਣ ਲੱਗਾ, “ਖ਼ੁਦਾ ਕਿਸੇ ਵੀ ਭੇਸ ਚ ਹੋਵੇ, ਵੇਖਣ ਵਾਲ਼ੀ ਅੱਖ ਨੂੰ ਉਸਦੀ ਰਹਿਮਤ ਦਾ ਝਲਕਾਰਾ ਸਾਫ਼ ਨਜ਼ਰ ਆਵੇਗਾ।” ਤੇ ਇਹ ਸੱਚ ਸੀ ਕਿ ਉਹ ਕਾਮਰੇਡ ਸੁਤੰਤਰ ਦਾ ਤੇ ਸੁਤੰਤਰ ਉਹਦਾ ਰੱਬ ਨਾਲ਼ੋਂ ਵੀ ਬਹੁਤਾ ਸਤਿਕਾਰ ਕਰਦਾ ਸੀ।
ਰੁੜਕਿਓਂ ਨਿਕਲ਼ ਕੇ ਅੱਗੇ ਨੂੰ ਜਾਣ ਲੱਗੇ ਸਾਂ ਕਿ ਕੋਈ ਆਦਮੀ ਸੁਤੰਤਰ ਨੂੰ ਬਾਹੋਂ ਫੜ ਕੇ ਉਸ ਮਕਾਨ ਚ ਲੈ ਗਿਆ, ਜਿੱਥੇ ਉਹਨੇ ਫ਼ਸਾਦੀਆਂ ਤੋਂ ਲੁਕੋਏ ਮੁਸਲਮਾਨ ਰੱਖੇ ਹੋਏ ਸਨ।
ਰੰਗ ਵਿਚਾਰਿਆਂ ਦੇ ਫੱਕ। ਸਾਰੇ ਹਮਦਰਦੀ ਦੇ ਬੋਲ ਸੁਣ ਕੇ ਰੋਣ ਲੱਗੇ। ਸੁਤੰਤਰ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ।
ਕਿਸੇ ਕਾਮਰੇਡ ਨੇ ਮਸਲ੍ਹਾ ਪੇਸ਼ ਕੀਤਾ ਕਿ ਕਾਮਰੇਡ ਮੁਬਾਰਕ ਸਾਗਰ ਦੀ ਭਤੀਜੀ ਦਾ ਕੀ ਕਰੀਏ? ਕਾਲਜ ਦੀ ਵਿਦਿਆਰਥਣ ਫ਼ਸਾਦੀਆਂ ਦੇ ਘੇਰੇ ਚੋਂ ਨੱਸ ਕੇ ਕਿਸੇ ਪਿੰਡ ਵਿਚ ਜਾ ਵੜੀ। ਪਿੰਡ ਵਾਲ਼ਿਆਂ ਉਹਨੂੰ ਅਪਣੇ ਟੱਬਰ ਚ ਹੀ ਲੁਕੋ ਲਿਆ। ਉਹ ਕਿਸੇ ਕੈਂਪ ਚ ਜਾਣਾ ਨਹੀਂ ਸੀ ਚਾਹੁੰਦੀ; ਕਹਿੰਦੀ: ਮੈਨੂੰ ਤਾਂ ਹੁਣ ਅਪਣੇ ਮੁਸਲਮਾਨ ਭਰਾਵਾਂ ’ਤੇ ਵੀ ਇਤਬਾਰ ਨਹੀਂ ਰਿਹਾ। ਸੁਤੰਤਰ ਨੇ ਉਹਦੇ ਚਾਚੇ ਦੇ ਜਾਣੂ ਸਾਥੀਆਂ ਦੀ ਡੀਊਟੀ ਲਾਈ। ਉਹ ਉਹਨੂੰ ਇਹ ਆਖ ਕੇ ਨਾਲ਼ ਤੋਰ ਲਿਆਏ ਕਿ ਅਸੀਂ ਤੈਨੂੰ ਲਹੌਰ ਅਪੜਾਅ ਕੇ ਆਵਾਂਗੇ।
ਆਖ-ਵੇਖ ਕੇ ਪਾਕਿਸਤਾਨੀ ਅਫ਼ਸਰਾਂ ਨੂੰ ਵੀ ਮਨਾ ਲਿਆ ਤੇ ਇਸ ਸ਼ਰਤ ’ਤੇ ਨਾਲ਼ ਇਕ ਆਦਮੀ ਨੂੰ ਨਾਲ਼ ਜਾਣ ਦੀ ਇਜਾਜ਼ਤ ਦੇ ਦਿੱਤੀ ਕਿ ਉਹ ਆਪ ਮੁਸਲਮਾਨ ਦੇ ਭੇਸ ਚ ਹੋਵੇ ਤੇ ਰਾਖੀ ਦੀ ਗਾਰੰਟੀ ਵੀ ਸਿਰਫ਼ ਲਹੌਰ ਤਕ ਦੀ ਦਿੱਤੀ। ਇਸ ਕੰਮ ਲਈ ਮੈਨੂੰ ਤਿਆਰ ਕੀਤਾ ਗਿਆ। ਜਦ ਲਹੌਰ ਅਪੜ ਕੇ ਕੁੜੀ ਨੂੰ ਕੈਂਪ ਵਿਚ ਛੱਡਣ ਲੱਗਾ, ਤਾਂ ਉਹ ਮੇਰੇ ਨਾਲ਼ ਚੰਬੜ ਕੇ ਰੋਣ ਲਗ ਪਈ। ਮੈਂ ਆਖਿਆ, “ਹੌਸਲਾ ਕਰ। ਰੋ-ਰੋ ਤੂੰ ਮੈਨੂੰ ਮੁਸੀਬਤ ਚ ਪਾ ਦੇਵੇਂਗੀ।”
ਮੇਰੀ ਗੱਲ ਸੁਣ ਉਸ ਅਪਣੇ ਅੱਥਰੂ ਪੂੰਝ ਲਏ, ਪਰ ਕੋਲ਼ ਖਲੋਤੀਆਂ ਔਰਤਾਂ ਸਵਾਲ ਪੁੱਛਣ ਲਗ ਪਈਆਂ। ਆਖ਼ਰ ਉਹ ਆਖਣ ਲੱਗੀ, “ਇਹ ਮੇਰਾ ਚਚੇਰਾ ਭਰਾ ਏ। ਮੈਨੂੰ ਅੰਬਰਸਰੋਂ ਲੈ ਕੇ ਆਇਐ। ਹੁਣ ਮੇਰੇ ਅੱਬੂ ਦਾ ਪਤਾ ਕਰਨ ਚੱਲਿਆ ਜੇ।”
ਮੈਂ ਸੁਤੰਤਰ ਦੀ ਕੋਠੀਓਂ ਜਾ ਕੇ ਉਹਦਾ ਕੁਝ ਹੋਰ ਸਾਮਾਨ ਲਿਆਉਣਾ ਸੀ, ਜਿੱਥੇ ਮੇਰੇ ਨਾਲ਼ ਗੁਰਚਰਨ ਸਿੰਘ ਸਹਿੰਸਰਾ ਵੀ ਤਿਆਰ ਹੋ ਗਿਆ। ਸਾਨੂੰ ਕੈਂਪ ਚ ਉਹ ਲਾਰੀ ਮਿਲ਼ ਗਈ, ਜੋ ਓਧਰ ਰਹਿ ਗਏ ਹਿੰਦੂਆਂ-ਸਿੱਖਾਂ ਨੂੰ ਤੇ ਏਧਰੋਂ ਮੁਸਲਮਾਨਾਂ ਨੂੰ ਲਿਜਾਂਦੀ ਸੀ। ਪਹਿਲਾਂ ਤਾਂ ਡਰਦਾ ਉਹਦੇ ਵਿਚ ਕੋਈ ਪੈਰ ਹੀ ਨਾ ਧਰੇ, ਕਿਉਂਕਿ ਇਸ ਲਾਰੀ ਦਾ ਸਾਰਾ ਅਮਲਾ ਮੁਸਲਮਾਨ ਸੀ, ਪਰ ਸਾਡੀ ਵਲ ਵੇਖ ਕੇ ਇਕ-ਦੋ ਜਣੇ ਹੋਰ ਚੜ੍ਹ ਗਏ। ਵੇਖੋ-ਵੇਖੀ ਸਾਰੀ ਮੋਟਰ ਹੀ ਭਰ ਗਈ।
ਇਸ ਕਿਸਮ ਦੀਆਂ ਮੋਟਰਾਂ ਵਿਚ ਲੋਕ ਉਸ ਵੇਲੇ ਚੜ੍ਹਦੇ ਹੀ ਨਹੀਂ ਸਨ, ਕਿਉਂਕਿ ਅਫ਼ਵਾਹ ਸੀ ਕਿ ਇਹ ਲੋਕਾਂ ਨੂੰ ਲਿਜਾ ਕੇ ਰਾਹ ਚ ਕਤਲ ਕਰ ਦਿੰਦੇ ਨੇ।...ਖ਼ੈਰ, ਸਹਿੰਸਰਾ ਤਾਂ ਰਹਿ ਗਿਆ ਅਮ੍ਰਿਤਸਰ ਤੇ ਮੈਂ ਓਸੇ ਮੋਟਰ ਵਿਚ ਬੈਠਾ-ਬੈਠਾ ਗੁਰਦਾਸਪੁਰ ਚਲੇ ਗਿਆ। ਖ਼ਿਆਲ ਸੀ ਕਿ ਸੁਤੰਤਰ ਦੇ ਪਿੰਡ ਅਲੂੰਏਂ ਜਾ ਕੇ ਉਹਦਾ ਪਤਾ ਕਰਾਂਗੇ, ਪਰ ਵਟਾਲ਼ੇ ਕੋਲ਼ ਐਸੀ ਘਟਨਾ ਹੋਈ ਕਿ ਪਰਤ ਕੇ ਫਿਰ ਅਮ੍ਰਿਤਸਰ ਜਾਣਾ ਪਿਆ।
ਵਟਾਲ਼ੇ ਉੱਤੇ ਉਸ ਵੇਲੇ ਫ਼ਸਾਦੀਆਂ ਨੇ ਹਮਲਾ ਕੀਤਾ ਹੋਇਆ ਸੀ। ਜਦ ਸਾਡੇ ਵਾਲ਼ੀ ਮੋਟਰ ਉਹਦੀ ਹਦੂਦ ਵਿਚ ਦਾਖ਼ਿਲ ਹੋਈ, ਤਾਂ ਮੋਟਰਵਾਲ਼ਾ ਥੱਲੇ ਉਤਰ ਕੇ ਚੁੰਗੀ ਤੋਂ ਰਾਹਦਾਰੀ ਕਟਵਾਉਣ ਹੀ ਲੱਗਾ ਸੀ ਕਿ ਕਿਸੇ ਨੇ ਪਿੱਛੋਂ ਉਹਨੂੰ ਗੋਲ਼ੀ ਮਾਰ ਦਿੱਤੀ ਤੇ ਉਹ ਥਾਏਂ ਢੇਰੀ ਹੋ ਗਿਆ।
ਉਨ੍ਹਾਂ ਦਾ ਤਾਂ ਸਾਰਾ ਅਮਲਾ ਹੀ ਮਾਰਿਆ ਜਾਣਾ ਸੀ। ਪਰ ਡਰਾਈਵਰ ਦੀ ਹੁਸ਼ਿਆਰੀ ਸਮਝੋ ਕਿ ਉਹਨੇ ਛੇਤੀ ਹੀ ਗੱਡੀ ਕੱਢ ਲਈ। ਰਾਹ ਵਿਚ ਉਹਨੇ ਮਰਨ ਵਾਲ਼ੇ ਦਾ ਹਿਰਖ ਕੀਤਾ – ਵੇਖ ਲੌ, ਤੁਹਾਡੇ ਸਾਹਮਣੇ ਜੋ ਹੋਇਆ। ਹੁਣ ਜੇ ਅਸੀਂ ਚਾਹੀਏ, ਤਾਂ ਬਦਲੇ ਚ ਤੁਹਾਨੂੰ ਸਾਰਿਆਂ ਨੂੰ ਖ਼ਤਮ ਕਰ ਸਕਦੇ ਆਂ, ਪਰ ਇਸ ਤਰ੍ਹਾਂ ਦੀ ਹਰਕਤ ਕੋਈ ਖ਼ਬੀਸ (ਮਹਾਂਪਾਪੀ) ਦਾ ਪੁਤਰ ਹੀ ਕਰ ਸਕਦਾ ਹੈ। 

(ਸੋਧਿਆ ਹੋਇਆ ਸੰਖੇਪ ਹਵਾਲਾ)

- ਅਣਫੋਲਿਆ ਵਰਕਾ,
 ਸ਼ਿਵਨਾਥ ਦੀਆਂ ਇੰਦਰ ਸਿੰਘ ਮੁਰਾਰੀ ਨਾਲ਼ ਗੱਲਾਂ,
ਰਵੀ ਸਾਹਿਤ. 1979

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346