Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 
Online Punjabi Magazine Seerat

ਗਿੱਚੀ ਵਿੱਚ ਪੁੜਿਆ ਸਟੀਅਰਿੰਗ
(ਲਿਖੀ ਜਾ ਰਹੀ ਸਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)
- ਇਕਬਾਲ ਰਾਮੂਵਾਲੀਆ (905 792 7357)

 

ਬੀਤੇ ਸ਼ੁੱਕਰਵਾਰ ਦੀ ਰਾਤ ਦਾ ਸਨੋਈ-ਝੱਖੜ ਸੋਮਵਾਰ ਨੂੰ ਵੀ ਸਾਰਾ ਦਿਨ ਮੇਰੇ ਸਿਰ ਵਿੱਚ ਫੁੰਕਾਰੇ ਮਾਰਦਾ ਰਿਹਾ। ਜੋੜੇ ਹੋਏ ਦੋ ਕੰਬਲ਼ ਮੇਰੀ ਗੁੱਛ-ਮਗੁੱਛਤਾ ਉੱਤੇ ਓੜੇ ਹੋਏ, ਫਰਾਟਿਆਂ ਤੇ ਫੇਟਾਂ ਦਾ ਝੰਬਿਆ, ਅਗਲੇ ਦੋ ਦਿਨ, ਗੋਡਿਆਂ ਨੂੰ ਛਾਤੀ ਨਾਲ਼ ਜੋੜ ਕੇ ਮੈਂ ਵੱਖੀ-ਭਾਰ ਪਿਆ ਰਿਹਾ। ਤਿੰਨੀਂ ਕੁ ਘੰਟੀਂ ਜਾਗ ਖੁਲ੍ਹਦੀ, ਤਾਂ ਕਿਚਨ 'ਚ ਪਈ ਬਰਾਂਡੀ ਦੀ ਬੋਤਲ ਵੀ ਨਾਲ਼ ਹੀ ਅੰਗੜਾਈਆਂ ਭੰਨਣ ਲੱਗ ਜਾਂਦੀ।

ਸੋਮਵਾਰ ਸਵੇਰੇ ਫ਼ੋਨ ਦੀ ਘੰਟੀ ਦੁਹਾਈਆਂ ਪਾਉਣ ਲੱਗੀ।
-ਆਹ ਕੀਹਦਾ ਆ ਗਿਆ ਐਨੀ ਸਵਖ਼ਤੇ? ਟੀ-ਬੈਗ਼ ਨੂੰ ਪਤੀਲੀ 'ਚ ਸੁੱਟਦਿਆਂ, ਸੁਖਸਾਗਰ ਨੇ ਆਪਣੀਆਂ ਅੱਖਾਂ ਵਿਚਲੀ ਉਤਸੁਕਤਾ ਮੇਰੇ ਵੱਲ ਗੇੜੀ।
-ਕੌਣ ਹੋ ਸਕਦੈ? ਮੈਂ ਫੋਨ ਵੱਲ ਨੂੰ ਵਧਿਆ।
-ਹੈਲੋਅ! ਮੈਂ ਰੀਸੀਵਰ ਨੂੰ ਆਪਣੇ ਕੰਨ ਨਾਲ਼ ਜੋੜ ਲਿਆ।
-???
-ਅਰਲੀ? ਨੋ, ਨੋ! ਮੈਂ ਤਾਂ ਸਾਢੇ ਪੰਜ ਵਜੇ ਦਾ ਉੱਠਿਆ ਹੋਇਆਂ।
-???
-ਹੈਂਅਅ? ਮੈਅਅਨੂੰ ਅਵਾਰਡ? ਓ ਰੀਅਲੀ?
-???
-ਪਰ ਵੱਟ੍ਹ ਫ਼ਾਰ?
-???
-ਬਹਾਅਅਦਰੀ ਲਈ? ਪਰ... ਮੈਅਅਥੋਂ ਕਿਹੜੀ ਹੋਗੀ ਅਵਾਰਡ ਲੈਣ ਵਾਲ਼ੀ ਬਹਾਦਰੀ?
-???
-ਓ ਨੋਅਅਅ! ਮੈਂ ਤਾਂ ਸਗਵਾਂ ਕਨੇਡਾ ਦੇ ਝੱਖੜ ਦਾ ਦਮ ਵੀ ਪਰਖ ਲਿਆ ਤੇ ਆਪਣਾ ਵੀ!
-???
-ਸੱਤੇ ਦਿਨ?
-???
-ਨੋ ਪ੍ਰਾਬਲਮ! ਮੈਨੂੰ ਤਾਂ ਪੈਸੇ ਚਾਹੀਦੇ ਐ, ਭਾਵੇਂ ਹਫ਼ਤੇ 'ਚ ਅੱਠ ਦਿਨ ਲਵਾ ਲੋ; ਹੀ ਹੀ ਹੀ ਹੀ!
'ਯੂ ਮਾਈਂਡ ਹੋਲਡਿੰਗ ਦ ਲਾਈਨ' ਆਖ ਕੇ, ਡਿਸਪੈਚਰ ਨੇ ਫ਼ੋਨ ਲਾਈਨ ਨੂੰ ਗੁੰਗੀ ਕਰ ਦਿੱਤਾ।
-ਕੌਣ ਐਂ? ਸਾਗਰ ਨੇ ਅੱਖਾਂ ਸੁੰਗੇੜੀਆਂ।
-ਡਿਸਪੈਚਰ ਐ ਬਾਰਨਜ਼ ਵਾਲ਼ਿਆਂ ਦਾ; ਕਹਿੰਦੈ ਸੱਤੇ ਦਿਨ ਲਾ ਲਿਆ ਕਰ।
-ਸੱਤੇ ਦਿਨ?
ਕੰਨ ਨੂੰ ਲੱਗੇ ਫ਼ੋਨ ਦੀ ਚੁੱਪ ਦੌਰਾਨ, ਮੇਰੀ ਬੈਂਕਬੁੱਕ ਮੇਰੇ ਮੱਥੇ 'ਚ ਘੁੰਮਣ ਲੱਗੀ।
ਅੱਧੇ ਕੁ ਮਿੰਟ ਬਾਅਦ ਡਿਸਪੈਚਰ ਨੇ ਫ਼ੋਨ ਲਾਈਨ ਦਾ ਗੁੰਗ ਖੋਲ੍ਹ ਕੇ 'ਥੈਂਕਸ ਫ਼ੋਰ ਹੋਲਡਿੰਗ' ਆਖ ਦਿੱਤਾ।
-ਲੋਕੇਸ਼ਨ ਵੀ ਕੋਈ ਚੰਗੀ ਜਿਹੀ ਦੇ ਦਿਓ, ਮੈਂ ਬੁੜਬੁੜਾਇਆ। -ਐਧਰ ਰੈਕਸਡੇਲ ਦੇ ਨੇੜੇ ਤੇੜੇ...
-ਲੋਕੇਸ਼ਨ ਉਹ ਦੇ ਰਿਹਾਂ, ਇੱਕਬਲ, ਜਿਹੜੀ ਪੰਜ ਪੰਜ ਸਾਲ ਦੇ ਤਜਰਬੇ ਵਾਲ਼ਿਆਂ ਨੂੰ ਵੀ ਸਬੱਬ ਨਾਲ ਈ ਮਿਲ਼ਦੀ ਐ!'
ਨਵੀਂ ਲੋਕੇਸ਼ਨ: ਰੈਕਸਡੇਲ ਬੁਲੇਵਾਰਡ ਤੇ ਇਸਲਿੰਗਟਨ ਐਵੀਨਿਊ ਦਾ ਦੱਖਣ-ਪੱਛਮੀ ਕੋਨਾ ਜਿੱਥੇ ਡੇਢ-ਦੋ ਏਕੜ ਜ਼ਮੀਨ ਉੱਤੇ ਕਾਬਿਜ਼ ਬੱਜਰੀ-ਸਮੈਂਟ ਦੀ ਮੋਟੀ ਤਹਿ, ਤੇ ਤਹਿ ਉੱਪਰ ਪੀਲ਼ੇ ਪੇਂਟ ਨਾਲ਼, ਸੈਂਕੜੇ ਕਾਰਾਂ ਲਈ ਕੀਤੀ ਹੋਈ ਲਕੀਰਬੰਦੀ! ਪਿਛਲੇ ਪਾਸੇ 'ਸੀਅਰਜ਼' ਕੰਪਨੀ ਦਾ ਅਮੁੱਕ ਵੇਅਰਹਾਊਸ, ਤੇ ਉਸਦੀ ਵੱਖੀ ਨਾਲ਼ ਜੁੜੀ ਹੋਈ ਬਿਲਡਿੰਗ ਉੱਤੇ ਸਾਈਨਬੋਰਡ: "ਫ਼ੋਟੋ ਇਨਗਰੇਵਰਜ਼"।
'ਫ਼ੋਟੋ ਇਨਗਰੇਵਰਜ਼' ਦੇ ਅੰਦਰ ਮੈਂ ਵੜਿਆ ਹੀ ਸੀ ਕਿ ਖੱਬੇ ਪਾਸੇ ਵਾਲ਼ੇ ਕੈਬਿਨ ਦੇ ਦਰਵਾਜ਼ੇ ਉੱਪਰ ਚਮਕਦੇ ਲਫ਼ਜ਼ 'ਸਕਿਊਰਿਟੀ' ਨੇ ਮੇਰੀਆਂ ਅੱਖਾਂ ਨੂੰ ਆਪਣੇ ਵੱਲ ਨੂੰ ਤੁਣਕ ਲਿਆ: ਮੇਰੇ ਮੱਥੇ 'ਚ ਸਾਡੇ ਪਿੰਡ ਵਾਲ਼ਾ ਬੀਹਲਾ ਚੌਕੀਦਾਰ, ਛੱਪੜ ਲਾਗਲੇ ਸਕੂਲ ਉਦਾਲ਼ੇ ਗਸ਼ਤ ਕਰਨ ਲੱਗਾ, ਬਾਰਨਜ਼ ਵਾਲੀ ਵਰਦੀ ਪਾਈ। ਮੈਨੂੰ ਜਾਪਿਆ ਮੈਂ ਆਪਣੇ ਅੰਦਰਲੇ ਪਾਸਿਓਂ ਪਿਚਕਣ ਲੱਗ ਗਿਆ ਸਾਂ!
ਸਕਿਊਰਿਟੀ ਦਫ਼ਤਰ 'ਚ ਗਾਰਡ ਦੀ ਉਬਾਸੀ ਨੇ 'ਹਾਏ ਮਿਸਟਰ' ਆਖਿਆ, ਤੇ ਉਸਦੇ ਲੰਚਬੈਗ਼ ਦੀ ਜ਼ਿੱਪਰ 'ਸ਼ੁਰਕ' ਕਰ ਕੇ ਖੁਲ੍ਹ ਗਈ। ਪਿਆਲੀ-ਨੁਮਾ ਢੱਕਣ ਨੂੰ ਆਪਣੀ ਥਰਮੋਸ ਬੋਤਲ ਉੱਪਰ ਕੱਸਣ ਤੋਂ ਬਾਅਦ ਉਸਨੇ ਗੁਲੂਬੰਦ ਨੂੰ ਆਪਣੀ ਧੌਣ ਉਦਾਲ਼ੇ ਲਪੇਟ ਲਿਆ: ਉਸ ਦੇ ਬੁੱਲ੍ਹਾਂ ਦੀ ਮੋਟਾਈ ਮੇਰੇ ਚਿਹਰੇ ਵੱਲ ਨੂੰ ਗਿੜੀ।
-ਬਹੁਤ ਵਿਸ਼ਾਲ ਐ ਆਹ ਪ੍ਰਿੰਟਿੰਗ ਪ੍ਰੈਸ, ਮਿਸਟਰ! ਉਹ ਭਰੜਾਇਆ। -ਤਿੰਨ ਸਾਲ ਹੋਗੇ ਐ ਏਥੇ ਕੰਮ ਕਰਦੇ ਨੂੰ, ਪਰ ਹਾਲੇ ਵੀ ਕਈ ਵਾਰ ਇਸ ਦੀਆਂ ਘੁੰਮਣਘੇਰੀਆਂ 'ਚ ਗਵਾਚ ਜਾਂਦਾ ਆਂ।
-ਅੱਛਾਅਅਅ?
-ਤੇਰੀ ਡਿਊਟੀ ਐਧਰਲੇ ਪਾਸੇ ਹੋਇਆ ਕਰੇਗੀ, ਮੇਨ ਗੇਟ 'ਤੇ; ਪਿਛਲੇ ਪਾਸੇ ਸ਼ਿਪਿੰਗ-ਰਸੀਵਿੰਗ ਵਾਲ਼ੇ ਗੇਟਾਂ ਕੋਲ਼ ਇੱਕ ਹੋਰ ਗਾਰਡ ਬੈਠਦੈ! ਬਾਬ ਐ ਉਹਦਾ ਨਾਮ!
ਗਾਰਡ ਦੀਆਂ ਮੋਟੀਆਂ ਉਂਗਲ਼ਾਂ ਦੀ ਕਾਲ਼ੋਂ, ਖੂੰਟੀ ਤੋਂ ਪੁੱਠੇ-ਲੋਟ ਲਟਕਦੇ ਹੈਟ ਦੇ ਛੱਜੇ ਵੱਲ ਨੂੰ ਵਧਣ ਲੱਗੀ। -ਗੇੜਾ ਰੱਖਣੈ ਸਾਰੀ ਬਿਲਡਿੰਗ 'ਚ ਸਾਰੀ ਰਾਤ!

ਦੋ ਕੁ ਦਿਨਾਂ 'ਚ ਹੀ 'ਫ਼ੋਟੋ ਇਨਗਰੇਵਰਜ਼' ਦੇ ਢਿੱਡ-ਪੇਟ ਦਾ ਪੂਰਾ ਪਿੰਗਲ ਮੇਰੇ ਬੂਟਾਂ ਉਦਾਲ਼ੇ ਲਿਪਟ ਗਿਆ ਅਤੇ ਅਗਲੇ ਹਫ਼ਤੇ ਦੌਰਾਨ ਵੇਅਰਹਾਊਸ ਦਾ ਹਰ ਕਾਫ਼ੀਆ, ਹਰ ਅਲੰਕਾਰ, ਅਤੇ ਹਰ ਬਹਿਰ ਮੈਨੂੰ ਜ਼ੁਬਾਨੀ ਯਾਦ ਹੋ ਗਏ।
ਹਰ ਗੇੜੇ ਮੈਂ ਇੱਕ ਜਾਂ ਦੂਸਰੀ ਪ੍ਰਿੰਟਿੰਗ ਪ੍ਰੈੱਸ ਕੋਲ਼ ਜਾ ਖਲੋਂਦਾ: ਪਹਿਲੀ ਮਸ਼ੀਨ 'ਚੋਂ ਰੰਗੀਨ ਵਰਕਿਆਂ ਦੇ ਥੱਬੇ ਲਗਾਤਾਰ ਨਿੱਕਲ਼ਦੇ ਅਤੇ ਇਕ ਬੈਲਟ ਦੀ 'ਸੁਰਰ-ਸੁਰਰ' ਉੱਤੇ ਅਸਵਾਰ ਹੋਈ ਜਾਂਦੇ। ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ-ਕਈ ਬੈਲਟਾਂ ਦਾ ਸਫ਼ਰ ਕਰਨ ਅਤੇ ਕਈ ਮਸ਼ੀਨਾਂ 'ਚ ਇਬਾਦਤ ਕਰਨ ਤੋਂ ਬਾਅਦ, ਇਹ ਵਰਕੇ ਜਦੋਂ ਆਖ਼ਰੀ ਮਸ਼ੀਨ 'ਚੋਂ ਬਾਹਰ ਨਿੱਕਲ਼ਦੇ, ਇਹਨਾਂ ਨੇ ਬੰਡਲਾਂ-ਵਿੱਚ-ਬੱਝੇ ਰਿਸਾਲਿਆਂ ਦਾ ਰੂਪ ਧਾਰਿਆ ਹੁੰਦਾ। ਆਖ਼ਰੀ ਬੈਲਟ ਦੇ ਦੋਹੀਂ ਪਾਸੀਂ ਖਲੋਤੇ ਦਸ ਬਾਰਾਂ ਨੌਜਵਾਨ ਮੁੰਡੇ ਮਾਲ-ਗੱਡੀ ਵਾਂਗ ਭੱਜ ਰਹੇ ਇਹਨਾਂ ਬੰਡਲਾਂ ਉੱਪਰ ਝਪਟਦੇ, ਤੇ ਉਹਨਾਂ ਦੇ ਪਿਛਾੜੀ ਖਲੋਤੀਆਂ ਸਕਿੱਡਾਂ ਉੱਪਰ ਬੰਡਲਾਂ ਦਾ ਚੌਰਸ ਚੱਠਾ ਉਸਰਨ ਲਗਦਾ। ਬੈਲਟ ਦੇ ਆਸੇ-ਪਾਸੇ ਐਧਰ-ਓਧਰ ਘੁੰਮ ਰਹੀਆਂ ਫੋਰਕ-ਲਿਫ਼ਟਾਂ: ਮੇਰੇ ਜ਼ਿਹਨ 'ਚ ਚੜਿੱਕ ਦੀ ਪਸ਼ੂ-ਮੰਡੀ ਜਾਗ ਪੈਂਦੀ ਜਿਸ ਵਿੱਚ ਮੱਝਾਂ ਦੇ ਅਣਗਿਣਤ ਕੱਟੇ ਇੱਕ ਦੂਜੇ ਨਾਲ਼ ਖਹਿੰਦੇ-ਘਿਸਰਦੇ ਏਧਰ ਓਧਰ ਖਿੱਚੇ ਜਾ ਰਹੇ ਹੁੰਦੇ। ਫ਼ੋਰਕ-ਲਿਫ਼ਟਾਂ, ਨਿੱਕੇ ਨਿੱਕੇ ਹਾਥੀਆਂ ਵਾਂਗੂੰ ਆਪਣੀਆਂ ਲੰਬੀਆਂ-ਚਪਟੀਆਂ ਜੀਭਾਂ ਦੇ ਜੋੜਿਆਂ ਨੂੰ ਸਾਹਮਣੇ ਵੱਲ ਸੇਧੀ, ਸੱਜੇ-ਖੱਬੇ ਦੌੜ ਰਹੀਆਂ ਹੁੰਦੀਆਂ। ਚਪਟੀਆਂ ਜੀਭਾਂ, ਬੰਡਲਾਂ ਦੇ ਭਾਰ ਨਾਲ਼ ਲਿਫੀਆਂ ਸਕਿੱਡਾਂ ਹੇਠਲੇ ਖ਼ਿਲਾਅ 'ਚ ਧੁਸ ਜਾਂਦੀਆਂ, ਤੇ ਡਰਾਇਵਰਾਂ ਦੀ ਪਰਬੀਨਤਾ ਇਹਨਾਂ ਸਕਿੱਡਾਂ ਨੂੰ ਚਪਟੀਆਂ ਜੀਭਾਂ ਉੱਪਰ ਤੋਲਦੀ ਹੋਈ, ਵਿਸ਼ਾਲ ਵੇਅਰਹਾਊਸ ਦੇ ਫ਼ਰਸ਼ ਉੱਤੇ ਸਿੱਧੀਆਂ ਕਤਾਰਾਂ 'ਚ ਟਿਕਾਅ ਕੇ, ਬੰਡਲਾਂ ਦੀਆਂ ਕੰਧਾਂ ਉਸਾਰੀ ਜਾਂਦੀ। ਇਨ੍ਹਾਂ ਕੰਧਾਂ ਦੇ ਦਰਮਿਆਨ ਦਸ-ਦਸ ਬਾਰਾਂ-ਬਾਰਾਂ ਫੁੱਟ ਦੀਆਂ ਗਲ਼ੀਆਂ ਪਰਗਟ ਹੋਈ ਜਾਂਦੀਆਂ। ਘੂੰ-ਘੂੰ ਘੁੰਮਦੀਆਂ ਫ਼ੋਰਕ-ਲਿਫ਼ਟਾਂ ਸਾਰੀ ਸਾਰੀ ਰਾਤ ਇਹਨਾਂ ਗਲ਼ੀਆਂ ਦੀ ਨੀਂਦਰ 'ਚ ਮੋਰੀਆਂ ਕਰੀ ਜਾਂਦੀਆਂ। ਇਹਨਾਂ ਗਲ਼ੀਆਂ 'ਚ ਤੁਰਦਾ ਹੋਇਆ, ਮੈਂ ਕਾਂ ਵਾਂਙੂ ਝਪਟਾਂ ਮਾਰਦੀ ਨੀਂਦਰ ਨੂੰ ਸਿਰ ਦੇ ਝਟਕੇ ਮਾਰ ਮਾਰ ਉਡਾਈ ਜਾਂਦਾ।
ਅੱਗੇ ਨਾ ਪਿੱਛੇ, ਪਰ ਇੱਕ ਰਾਤ, ਸ਼ਿਫ਼ਟ ਦਾ ਫ਼ੋਰਮੈਨ ਸਕਿਊਰਿਟੀ ਕੈਬਿਨ 'ਚ ਆ ਵੜਿਆ, ਰੈਪਰ 'ਚ ਲਪੇਟੀ ਆਪਣੀ ਸੈਂਡਵ੍ਹਿਚ ਉੱਪਰ ਬੁਰਕ ਮਾਰਦਾ ਹੋਇਆ।
-ਕਈਆਂ ਦਿਨਾਂ ਦਾ ਤੈਨੂੰ ਕੁਝ ਕਹਿਣ ਨੂੰ ਫ਼ਿਰਦਾਂ, ਉਹ ਆਪਣੇ ਬੁੱਲ੍ਹਾਂ ਦੀ ਗੁਲਾਬੀਅਤ ਵਿੱਚੋਂ ਗੋਰੀ-ਕੂਲ਼ੀ ਆਵਾਜ਼ ਵਿੱਚ ਬੋਲਿਆ।
ਮੇਰੇ ਭਰਵੱਟਿਆਂ ਵਿਚਕਾਰ ਉੱਭਰ-ਆਈ ਉਤਸੁਕਤਾ ਫ਼ੋਰਮੈਨ ਦੀਆਂ ਅੱਖਾਂ ਵੱਲ ਫੈਲ ਗਈ। 'ਕੋਈ ਗ਼ਲਤੀ ਤਾਂ ਨੀ ਕਰੀ ਜਾਂਦਾ ਮੈਂ?' ਮੈਂ ਆਪਣੇ-ਆਪ ਨੂੰ ਪੁੱਛਣ ਲੱਗਾ।
-ਯੂ ਅ'ਰ ਨੌਟ... ਵੈਰੀ ਵਾਈਜ਼! ਫ਼ੋਰਮੈਨ ਦੇ ਪਚਾਕੇ ਬੋਲੇ।
-ਕਿਉਂ ਕੀ ਗੱਲ?
-ਤੂੰ ਤਾਂ ਸਾਰੀ ਰਾਤ ਈ ਸਕਿੱਡਾਂ ਵਿਚਕਾਰ ਬਣੀਆਂ ਇਨ੍ਹਾਂ ਲੇਨਾਂ ਵਿੱਚ ਗੇੜੇ ਕਢਦਾ ਰਹਿਨੈਂ!
-ਏਹੀ ਤਾਂ ਮੇਰੀ ਡਿਊਟੀ ਆ, ਵਿਲੀਅਮ!
ਵਿਲੀਅਮ ਆਪਣੀਆਂ ਕਰੀਮ-ਰੰਗੀਆਂ ਉਂਗਲ਼ਾਂ ਨੂੰ ਸੁਫ਼ੈਦ ਨੈਪਕਿਨਾਂ ਦੀ ਕੂਲ਼ੀਅਤ 'ਚ ਲਪੇਟਣ ਲੱਗਾ।
-ਔਹ ਬੰਡਲਾਂ ਨਾਲ਼ ਭਰੀਆਂ ਸਕਿੰਡਾਂ ਦੇਖਦੈਂ ਤੂੰ? ਉਸ ਨੇ ਆਪਣੀ ਉਂਗਲ਼ ਦੂਅਅਅਰ ਵਾਲ਼ੇ ਖੂੰਜੇ ਵੱਲ ਸੇਧੀ। -ਜਦੋਂ ਸਕਿਊਰਿਟੀ ਵਾਲ਼ਾ ਸੁਪਰਵਾਈਜ਼ਰ ਗੇੜਾ ਮਾਰ ਕੇ ਚਲਾ ਜਾਵੇ ਤਾਂ ਚੁੱਪ ਕਰ ਕੇ ਔਹਨਾਂ ਸਕਿਡਾਂ ਦੇ ਪਿਛਾੜੀ ਪਏ ਬੰਡਲਾਂ ਉੱਪਰ ਬੈਠ ਲਿਆ ਕਰ! ਡਾਕਾ ਨੀ ਪੈਣ ਲੱਗਾ ਇਸ ਬਿਲਡਿੰਗ 'ਚ!
-ਪਰ ਸੁਪਰਵਾਈਜ਼ਰ ਦੁਬਾਰਾ ਵੀ ਆ ਸਕਦੈ! ਮੇਰਾ ਸਿਰ ਸੱਜੇ-ਖੱਬੇ ਹਿੱਲਿਆ।
-ਤਿੰਨ ਸਾਲ ਹੋ ਗੇ ਮੈਨੂੰ ਐਸੇ ਕੈਬਿਨ 'ਚ ਬੈਠਦੇ ਨੂੰ, ਫ਼ੋਰਮੈਨ ਨੇ ਸੈਂਡਵ੍ਹਿਚ ਦੇ ਰੈਪਰ ਦੀ ਗੋਲ਼ੀ ਵੱਟ ਕੇ ਉਸ ਨੂੰ ਗਾਰਬਿਜ-ਕੈਨ 'ਚ ਵਗਾਹ ਮਾਰਿਆ। -ਇੱਕ ਗੇੜਾ ਮਾਰਨ ਤੋਂ ਬਾਅਦ ਅੱਜ ਤੱਕ ਤਾਂ ਕਦੇ ਆਇਆ ਨੀ ਮੁੜ ਕੇ!

ਅਗਲੀ ਰਾਤ, ਡੇਢ ਕੁ ਵਜੇ, ਫ਼ੋਰਮੈਨ ਦੇ ਕੈਬਿਨ ਦੇ ਸਾਹਮਣੇ ਖਲੋਤਾ ਸੁਪਰਵਾਈਜ਼ਰ, ਆਪਣੀ ਵਿੰਟਰ ਜੈਕਟ ਤੋਂ ਸਨੋਅ ਦੇ ਫੰਭੇ ਝਾੜ ਰਿਹਾ ਸੀ।
ਫ਼ੋਰਮੈਨ ਵਿਲੀਅਮ ਨੇ ਆਪਣੇ ਘੁੱਟੇ ਹੋਏ ਭਰਵੱਟਿਆਂ ਨੂੰ ਮੇਰੇ ਵੱਲ ਸੇਧਿਆ।
ਸੁਪਰਵਾਈਜ਼ਰ ਦੇ ਬੂਟ ਅਰਧ-ਪਿਘਲ਼ੀ ਸਨੋਅ ਦੀਆਂ ਪੈੜਾਂ ਫ਼ਰਸ਼ ਉੱਪਰ ਛਾਪਦੇ ਹੋਏ ਸਕਿਊਰਿਟੀ ਕੈਬਿਨ ਵਿੱਚ ਆ ਵੜੇ। ਰਜਿਸਟਰ 'ਚ 'ਸਭ ਅੱਛਾ' ਲਿਖਣ ਤੋਂ ਬਾਅਦ ਉਹ ਬੋਲਿਆ: ਬਾਬ ਕਿੱਥੇ ਹੋਊ, ਇੱਕਬਲ?
-ਪਿਛਲੇ ਗੇਟ 'ਤੇ ਸੀ ਉਹ ਦਸ ਕੁ ਮਿੰਟ ਪਹਿਲਾਂ!
-ਬੜਾ ਚਲਾਕ ਐ ਕੰਬਖ਼ਤ; ਬੀਤੀ ਰਾਤ ਵੀ ਮੈਂ ਉਸ ਨੂੰ ਮਸਾਂ ਲੱਭਿਆ! ਓਅਅਧਰ ਪਰਲੇ ਪਾਸੇ ਸਕਿੱਡਾਂ ਦੇ ਓਹਲੇ ਬੈਠਾ ਸਿਗਰਟ ਫੂਕੀ ਜਾਂਦਾ ਸੀ! ਚੰਗਾ ਡਾਂਟਿਆ ਮੈਂ ਉਸਨੂੰ! ਕੀ ਪਤੈ ਮੇਰੇ ਜਾਣ ਤੋਂ ਬਾਅਦ ਸੁੱਤਾ ਈ ਰਹਿੰਦਾ ਹੋਵੇ!
ਦਸਤਾਨਿਆਂ ਨੂੰ ਇੱਕ-ਦੂਜੇ ਨਾਲ਼ ਘਸਾਉਂਦਾ ਹੋਇਆ ਸੁਪਰਵਾਈਜ਼ਰ, ਸਕਿੱਡਾਂ ਵਿਚਕਾਰ ਪਰਗਟ ਹੋ ਗਈ ਵੀਹੀ ਰਾਹੀਂ ਵੇਅਰਹਾਊਸ ਦੇ ਪਿਛਲੇ ਗੇਟਾਂ ਵੱਲ ਨੂੰ ਰੁੜ੍ਹ ਗਿਆ।

ਮੈਂ ਹੁਣ ਫ਼ੋਰਮੈਨ ਦੇ ਕੈਬਿਨ ਦੇ ਸਾਹਮਣੇ ਸਾਂ: ਵਾਰ ਵਾਰ ਦਸ ਕੁ ਕਦਮ ਸੱਜੇ ਵੱਲ ਨੂੰ ਤੁਰਦਾ ਤੇ ਵਾਪਿਸ ਮੁੜ ਆਉਂਦਾ। ਮੇਰੇ ਪੈਰ ਕਈ ਵਾਰ ਫ਼ੋਰਮੈਨ ਵੱਲੋਂ ਦੱਸੇ ਓਅਅਸ ਖੂੰਜੇ ਵੱਲ ਤੁਰਨ ਲਈ ਔਹਲ਼ੇ, ਪਰ ਸਕਿੱਡਾਂ ਦੀਆਂ ਕੰਧਾਂ ਵਿਚਕਾਰਲੀਆਂ ਗਲ਼ੀਆਂ ਵਿੱਚ ਸੁਪਵਾਈਜ਼ਰ ਦੇ ਝਾਉਲ਼ੇ ਤੈਰਨ ਲੱਗ ਜਾਂਦੇ।
'ਚਲਾ ਤਾਂ ਜਾਵਾਂ ਖੂੰਜੇ 'ਚ, ਪਰ ਸੁਪਵਈਜ਼ਰ ਬਾਬ ਨੂੰ ਲਭਦਾ ਲਭਦਾ ਜੇ ਓਸ ਖੂੰਜੇ ਵੱਲ ਆ ਨਿੱਕਲ਼ਿਆ?' ਮੈਂ ਆਪਣੇ ਆਪ ਨਾਲ਼ ਗੱਲਾਂ ਕਰਨ ਲੱਗਾ। 'ਆ ਵੀ ਸਕਦੈ... ਪਰ ਹੁਣ ਤਾਂ ਵੀਹ ਮਿੰਟ ਹੋਗੇ ਏਥੋਂ ਗਏ ਨੂੰ... ਜੇ ਮੁੜਨਾ ਹੁੰਦਾ ਹੁਣ ਨੂੰ ਮੁੜ ਆਉਂਦਾ!'

ਸਕਿੱਡਾਂ ਦੇ ਓਹਲੇ, ਖੂੰਜੇ 'ਚ ਟਿਕੇ ਹੋਏ ਬੰਡਲ ਉੱਪਰ ਨਜ਼ਰ ਪੈਂਦਿਆਂ ਹੀ ਮੇਰੀਆਂ ਪਿੰਜਣੀਆਂ 'ਚ ਥਕੇਵਾਂ ਜਾਗ ਉੱਠਿਆ, ਤੇ ਮੇਰੀਆਂ ਅੱਖਾਂ ਖੱਬੇ-ਸੱਜੇ ਘੁੰਮਣ ਲੱਗੀਆਂ।
'ਮੁੜ ਚੱਲ, ਇਕਬਾਲ ਸਿਅ੍ਹਾਂ,' ਮੇਰੇ ਬੁੱਲ੍ਹਾਂ ਉੱਪਰ ਉੱਭਰ ਆਈ ਸਿੱਕਰੀ ਤਿੜਕਣ ਲੱਗੀ; 'ਮਸਾਂ ਲੱਭੀ ਐ ਚੱਜ-ਹਾਲ ਦੀ ਜਾਬ!'
ਮੇਰੇ ਮੱਥੇ 'ਚ ਸਕੇਟਾਂ ਦੀਆਂ ਰਿਵਟਾਂ ਦੀ ਠੱਕ-ਠੱਕ ਤੇ ਆਰਾ ਮਸ਼ੀਨਾਂ ਦੀ ਘੂੰਅੰਅੰਅੰਅੰ, ਚਿਰੜ-ਚਿਰੜ ਗੂੰਜਣ ਲੱਗੀ। ਪਰ ਅਗਲੇ ਹੀ ਪਲ ਖੂੰਜੇ ਵਾਲ਼ਾ ਬੰਡਲ ਘਗਿਆਈ ਆਵਾਜ਼ ਵਿੱਚ ਬੋਲਿਆ: ਛੱਡ ਹਾਅ ਜਕੋ-ਤੱਕੀ; ਅੰਦਰ ਆ ਛੇਤੀ ਛੇਤੀ!
ਪਿਛਲੀ ਕੰਧ ਵੱਲ ਪਿੱਠ ਘੁੰਮਾਅ ਕੇ, ਆਪਣਾ ਥੱਲਾ ਮੈਂ ਬੰਡਲ ਉੱਤੇ ਉਤਾਰ ਦਿੱਤਾ। ਮੇਰੇ ਸੱਜੇ ਗਿੱਟੇ ਦੀ ਕੰਗਰੋੜ, ਖੱਬੇ ਪੈਰ ਦੀ ਛੱਤ ਉੱਪਰ ਆਰਾਮ ਕਰਨ ਲੱਗੀ। ਹੱਥਾਂ ਦੀਆਂ ਉਂਗਲ਼ਾਂ ਨੂੰ ਮੈਂ ਹਦਾਇਤ ਕਰ ਦਿੱਤੀ: ਇੱਕ-ਦੂਜੀ 'ਚ ਫਸੋ, ਤੇ ਮੇਰੀ ਝੋਲ਼ੀ 'ਚ ਬੈਠ ਕੇ ਆਰਾਮ ਕਰੋ।
ਪਲਾਂ 'ਚ ਹੀ ਅੱਖਾਂ ਅੰਦਰ ਪਰਛਾਵੇਂ ਜਿਹੇ ਜੁੜਨ-ਖਿੰਡਰਨ ਲੱਗੇ। ਸੁਰਤ-ਬਿਸੁਰਤ ਦੀ ਲੁਕਣ-ਮੀਚੀ ਹੌਲ਼ੀ ਹੌਲ਼ੀ ਸ਼ਹਿਦ ਵਾਂਗ ਸੰਘਣੀ ਹੋਣ ਲੱਗੀ, ਤੇ ਮੇਰੀ ਖੋਪੜੀ ਦੇ ਅੰਦਰਲੇ ਪਾਸੇ ਧੁੰਦ ਪਸਰਨ ਲੱਗੀ। ਇਸ ਧੁੰਦ 'ਚ ਸਾਡੇ ਜੈਕ ਨੇ ਆਪਣੀਆਂ ਲੱਤਾਂ ਨੂੰ ਉਭਾਰਿਆ ਤੇ ਆਪਣੀ ਬੂਥ ਨੂੰ ਮੇਰੀ ਠੋਡੀ ਵੱਲ ਨੂੰ ਵਧਾਅ ਕੇ ਉਹ ਆਪਣੀ ਜੀਭ ਨਾਲ਼ ਮੇਰੇ ਨੱਕ-ਮੂੰਹ ਨੂੰ ਕੁਤਕੁਤਾੜਨ ਲੱਗਾ। ਫੇਰ ਮੇਰੇ ਹੱਥ ਉਸਦੀ ਸੰਗਲ਼ੀ ਸੀ ਜਿਸਨੂੰ ਖਿਚਦਾ ਹੋਇਆ ਉਹ ਮੈਨੂੰ ਸੁਧਾਰ ਖ਼ਾਲਸਾ ਕਾਲਜ ਦੀ ਕੈਨਟੀਨ ਵਿੱਚ ਲੈ ਆਇਆ। ਮੈਨੂੰ ਜਾਪਿਆ ਮੁੰਡੇ ਕੁੜੀਆਂ ਮੇਰੇ ਮੋਢੇ ਨੂੰ ਹਲੂਣ ਰਹੇ ਸਨ। ਮੈਂ ਤ੍ਰਭਕ ਕੇ ਅੱਖਾਂ ਖੋਲ੍ਹੀਆਂ!
-ਕੀ ਕਰ ਰਿਹੈਂ ਤੂੰ? ਸਾਹਮਣੇ ਖਲੋਤੇ ਦੀਆਂ ਤਿਊੜੀਆਂ 'ਚੋਂ ਖਲੇਪੜ ਕਿਰਨ ਲੱਗੇ।
ਮੇਰੀਆਂ ਸੱਜੀਆਂ ਉਂਗਲ਼ਾਂ ਮੇਰੀ ਪੁੜਪੁੜੀ ਲਾਗਲੇ ਵਾਲ਼ਾਂ ਨੂੰ ਖੁਰਕਣ ਲੱਗ ਪਈਆਂ।
-ਯੂ ਵਰ ਸਲੀਪਿੰਗ!
-ਸ... ਸਲੀਅਅਪਿੰਗ? ਮੈਂ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿੱਚਿਆ।
-ਦੋ ਮਿੰਟ ਹੋਗੇ ਮੈਂ ਵਾਚ ਕਰ ਰਿਹਾਂ ਤੈਨੂੰ! ਅੱਖਾਂ ਤੇਰੀਆਂ ਮੀਟੀਆਂ ਹੋਈਆਂ ਸੀ, ਤੇ ਸਿਰ ਬਿੰਦੇ ਬਿੰਦੇ ਹੇਠਾਂ ਵੱਲ ਨੂੰ ਝਟਕੇ ਮਾਰ ਰਿਹਾ ਸੀ!
-ਮੈਂਅਅ... ਮੈਂਅਅ... ਯੂ ਨੋ... ਆਈ... ਆਈ...
-ਵ੍ਹੱਟ ਇਜ਼ ਦਿਸ ਆਈ ਆਈ?
-ਮੈਂ ਤਾਂ... ਮੈਂ ਤਾਂ ਪਾਠ ਕਰ ਰਿਹਾ ਸੀ, ਮਿਸਟਰ; ਅਰਲੀ ਮੋਰਨਿੰਗ ਪਾਠ! ਮੇਰੀਆਂ ਅੱਖਾਂ ਲਗਾਤਾਰ ਜਗਣ-ਬੁਝਣ ਲੱਗੀਆਂ। -ਲੈੱਟ ਮੀ ਫ਼... ਫ਼... ਫ਼ਿਨਿਸ਼ ਮਾਈ ਅਰਦਾਸ, ਪਲੀਜ਼!
-ਡੌਂਟ ਲਾਈ! ਸਾਹਮਣੇ ਖਲੋਤੇ ਦੀਆਂ ਅੱਖਾਂ 'ਚ ਸੇਕ ਕੰਬਣ ਲੱਗਾ। -ਤੈਨੂੰ ਜਾਪਦੈ ਮੈਂ ਬੇਵਕੂਫ਼ ਆਂ? ਦਸ ਸਾਲ ਹੋਗੇ ਸੁਪਰਵਾਈਜ਼ਰੀ ਕਰਦਿਆਂ! ਬਥੇਰੇ ਦੇਖੇ ਐ ਤੇਰੇ ਵਰਗੇ ਝੂਠੇ ਦਸਾਂ ਸਾਲਾਂ 'ਚ!
-ਯੂ'ਰ... ਯੂ'ਰ ਡਿਸਟਰਬਿੰਗ ਮਾਈ ਨਾਮ-ਸਿਮਰਨ, ਸਰ!
-ਕੱਲ੍ਹ ਤੋਂ ਘਰ ਹੀ ਕਰ ਲਿਆ ਕਰੀਂ ਨਾਮ-ਸਿਮਰਨ! ਸੁਪਰਵਾਈਜ਼ਰ ਦਾ ਸਿਰ ਸੱਜੇ-ਖੱਬੇ ਝਟਕਣ ਲੱਗਾ। -ਸੁਣਿਐਂ? ਕੰਪਨੀ ਪੈਸੇ ਤੈਨੂੰ ਸੌਣ ਦੇ ਨੀ ਦਿੰਦੀ!

ਦੋ ਦਿਨ ਬਾਅਦ, ਇਕ ਸਵੇਰ, 'ਵੈਸਟਮੋਰ ਡਰਾਈਵ' ਉੱਤੇ ਵਾਕਿਆ 'ਨੋਰਸਮੈਨ ਪਲਾਸਟਿਕ' ਦੇ ਦਰਵਾਜ਼ੇ ਦਾ ਬਾਹਰਲਾ ਹੈਂਡਲ ਖਿੱਚ ਕੇ ਮੈਂ 'ਗੁਡ ਮੋਰਨਿੰਗ' ਰਸੈਪਸ਼ਨਿਸਟ ਦੀ ਖਿੜਕੀ ਜਾ ਟੁੰਗੀ!

ਦੋ ਦਿਨ ਮੋਲਡਾਂ ਦੇ ਸੇਕ 'ਚੋਂ ਜਨਮ ਲੈਂਦੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਬਾਲ਼ਟੀਆਂ ਲਈ ਦਾਈ ਦਾ ਕਿਰਦਾਰ ਨਿਭਾਉਂਦਿਆਂ ਮੈਂ ਭਵਿਖਤ ਦੇ ਸੁਪਨਿਆਂ ਨੂੰ ਢਾਹੁੰਦਾ ਬਣਾਉਂਦਾ ਰਿਹਾ।
ਤੀਜੇ ਦਿਨ ਕਾਰਡ ਪੰਚ ਕਰ ਕੇ ਮੈਂ ਮੋਲਡ-ਮਸ਼ੀਨ ਦੇ ਲਾਗੇ ਟਿਕੇ, ਸੂਤੀ ਦਸਤਾਨਿਆਂ ਦੇ ਬੰਡਲ ਦੀ ਗੰਢ ਖੋਲ੍ਹੀ ਹੀ ਸੀ ਕਿ ਫ਼ੈਕਟਰੀ ਦੇ ਮਾਲਕ ਦਾ ਗੰਜ ਮੇਰੇ ਵੱਲ ਵਧਦਾ ਦਿਸਿਆ, ਪੈਨਗਵਿਨ ਵਾਂਙਣ ਸੱਜੇ-ਖੱਬੇ ਨੂੰ ਝੂਲਦਾ ਹੋਇਆ! ਉਹਦੀ ਧੌਣ ਉਹਦੇ ਮੋਢਿਆਂ ਵਿਚਕਾਰ ਕੰਨਾਂ ਤੀਕ ਡੁੱਬੀ ਹੋਈ। ਉਹਦੀ ਗਿੱਚੀ ਤੋਂ ਹੇਠਾਂ ਵਾਲ਼ੇ ਹਿੱਸੇ ਵਿੱਚੋਂ ਉੱਭਰਦੀ ਊਠ ਵਰਗੀ ਬੰਨ ਨੂੰ ਦੇਖ ਕੇ ਮੇਰੀਆਂ ਅੱਖਾਂ 'ਚ ਸਹਿਮ ਫਰਕਣ ਲੱਗਾ! ਹਾਏ, ਹਾਏ! ਜੇ ਭਲਾ ਇਹੀ ਬੰਨ ਮੇਰੀ ਗਿੱਚੀ 'ਚੋਂ ਉੱਭਰੀ ਹੁੰਦੀ? ਮੈਂ ਵੀ ਬੱਸ ਐਡਾ ਕੁ ਹੀ ਰਹਿ ਜਾਣਾ ਸੀ, ਮੇਰੀ ਬਗ਼ਲ ਤੋਂ ਵੀ ਨੀਵਾਂ?
-ਗੁਡ ਮੋਰਨਿੰਗ, ਮੈਂ ਆਪਣੀਆਂ ਅੱਖਾਂ 'ਚ ਉੱਛਲ਼ ਆਈ ਹਮਦਰਦੀ ਨੂੰ ਪਿੱਛੇ ਨੂੰ ਧਕਦਿਆਂ ਬੋਲਿਆ।
ਮਾਲਕ ਦਾ ਮੱਥਾ ਮੁੱਠੀ ਵਾਂਙਣ ਘੁੱਟਿਆ ਗਿਆ, ਤੇ ਮੇਰੀ 'ਗੁਡ ਮੋਰਨਿੰਗ' ਹਵਾ 'ਚ ਲਾਪਤਾ ਹੋ ਗਈ।
-ਫ਼ੋਰਮੈਨ ਨੇ ਦੱਸਿਐ, ਮਿਸਟਰ, ਪਈ ਤੂੰ ਵਾਸ਼ਰੂਮ ਜਾਨੈਂ ਵਾਰ ਵਾਰ! ਉਹਦੇ ਸਾਹ 'ਚ ਘੁਲ਼ਿਆ ਤੰਬਾਖੂ ਮੇਰੀਆਂ ਨਾਸਾਂ ਵੱਲ ਨੂੰ ਝਪਟਿਆ।
ਮੇਰੇ ਮਨ 'ਚ ਉੱਭਰੀ ਹਮਦਰਦੀ ਧੜੰਮ ਕਰ ਕੇ ਫ਼ਰਸ਼ ਉੱਪਰ ਖਿੰਡਰ ਗਈ।
-ਹਾਂ ਜਾਂਦਾ ਆਂ, ਆਪਣੇ ਚਿਹਰੇ ਨੂੰ ਪਿੱਛੇ ਵੱਲ ਨੂੰ ਖਿੱਚ ਕੇ, ਮੈਂ ਪੰਜੇ ਨਾਲ਼ ਆਪਣੇ ਨੱਕ ਨੂੰ ਝੱਲਣ ਲੱਗਾ।
ਮੇਰੀ ਏਸ ਹਰਕਤ ਨੂੰ ਦੇਖ ਕੇ ਉਹਦੀਆਂ ਤਿਊੜੀਆਂ ਇੱਕ-ਦੂਜੀ ਨਾਲ਼ ਖਹਿਣ ਲੱਗੀਆਂ।
-ਦੋ ਵਾਰੀ ਤੋਂ ਵੱਧ ਨੀ ਜਾ ਸਕਦਾ ਤੂੰ ਵਾਸ਼ਰੂਮ! ਉਹ, ਠੋਡੀ ਹੇਠ ਅਰਧ-ਲੁਕੀ ਆਪਣੀ ਟਾਈ ਦੀ ਗੰਢ ਨੂੰ, ਵਾਰ ਵਾਰ ਘੁੱਟਣ ਲੱਗਾ। -ਸੁਣਿਐਂ?
ਮੈਂ ਆਪਣੀਆਂ ਅੱਖਾਂ ਦੇ ਸੁੰਗੇੜੇਵੇਂ ਨੂੰ ਉਸਦੇ ਡੇਲਿਆਂ ਵਿੱਚ ਗੱਡ ਦਿੱਤਾ, ਤੇ ਨਾਲ਼ ਨਾਲ਼ ਦਸਤਾਨਿਆਂ ਨੂੰ ਸਹਿਜੇ-ਸਹਿਜੇ ਉਂਗਲ਼ਾਂ ਤੋਂ ਖਿੱਚਣ ਲੱਗਾ।
-ਤੇ ਤੂੰ ਬਹੁਤ ਸਲੋਅ ਐਂ ਮੋਲਡ 'ਚੋਂ ਪ੍ਰੋਅਡਕਟਸ ਨੂੰ ਕੱਢਣ ਵੇਲੇ! ਉਹਦੀਆਂ ਨਾਸਾਂ ਦੇ ਰਿੰਮ ਫੁੱਲਣ-ਸੁੰਗੜਨ ਲੱਗੇ। -ਅਸੀਂ ਪੈਸੇ ਪ੍ਰੋਡਕਸ਼ਨ ਲਈ ਦਿੰਨੇਂ ਆਂ!
ਸੱਜੇ ਹੱਥ 'ਚ ਪਕੜੇ ਦਸਤਾਨੇ ਮੇਰੇ ਕੰਨ ਵੱਲ ਨੂੰ ਉੱਭਰੇ ਤੇ ਮੇਰੇ ਹੱਥ ਦੇ ਝਟਕੇ ਨਾਲ਼ 'ਫੜੱਕ' ਕਰ ਕੇ ਕੁਰਸੀ ਉੱਪਰ ਜਾ ਡਿੱਗੇ।
ਮੈਂ ਆਪਣਾ ਚਿਹਰਾ ਲੰਚਰੂਮ ਵੱਲ ਘੁੰਮਾਇਆ।
ਕਿੱਧਰ ਚੱਲਿਐਂ ਤੂੰ? ਫ਼ੈਕਟਰੀ ਮਾਲਕ ਦੇ ਬੋਲ ਮੇਰੀ ਪਿੱਠ ਨਾਲ਼ ਟਕਰਾਅ ਕੇ ਫ਼ਰਸ਼ ਉੱਤੇ ਡਿੱਗ ਪਏ।

ਤਿੰਨਾਂ ਕੁ ਦਿਨਾਂ ਬਾਅਦ ਇਕ ਹੋਰ ਫ਼ੈਕਟਰੀ ਦਾ ਦਫ਼ਤਰ: ਜਾਬ-ਅਰਜ਼ੀ ਉੱਪਰ ਸਰਸਰੀ ਜਿਹੀ ਨਜ਼ਰ ਮਾਰ ਕੇ ਫ਼ੋਰਮੈਨ ਨੇ ਦਸਤਾਨਿਆਂ ਦਾ ਜੋੜਾ ਮੇਰੇ ਹੱਥਾਂ ਵੱਲ ਵਧਾਅ ਦਿੱਤਾ ਤੇ ਦਫ਼ਤਰ 'ਚੋਂ ਪਲਾਂਟ ਵੱਲ ਨੂੰ ਖੁਲ੍ਹਦੇ ਦਰਵਾਜ਼ੇ ਦੇ ਹੈਂਡਲ ਨੂੰ ਖੱਬੇ ਪਾਸੇ ਨੂੰ ਮਰੋੜ ਕੇ, ਮੈਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰ ਦਿੱਤਾ।
ਪਲਾਂਟ 'ਚ ਸੱਤ-ਅੱਠ ਮਸ਼ੀਨਾਂ ਜਿਨ੍ਹਾਂ ਦੇ ਸਿਰਾਂ ਉੱਪਰ ਛੱਤ ਵੱਲ ਨੂੰ ਮੂੰਹ ਖੋਲ੍ਹੀ ਖਲੋਤੀਆਂ ਮਹਾਂ-ਕੀਫ਼ਾਂ!
'ਕੀ ਪੀਂਹਦੇ ਹੋਣਗੇ ਇਹ ਇਨ੍ਹਾਂ ਕੀਫ਼ਾਂ 'ਚ ਕੇਰ ਕੇ?' ਮੇਰੇ ਮੱਥੇ 'ਚ ਉਤਸੁਕਤਾ ਬੇਚੈਨ ਹੋਣ ਲੱਗੀ ਲੱਗੀ।
'ਆਟਾ ਪੀਹਣ ਵਾਲ਼ੀਆਂ ਚੱਕੀਆਂ ਜਾਪਦੀਐਂ, ਮੈਂ ਕਿਆਸਣ ਲੱਗਾ, ‘ਪਰ ਗੰਧ ਸੜ-ਰਹੇ ਪਲਾਸਟਿਕ ਵਰਗੀ ਆਈ ਜਾਂਦੀ ਐ!’
-ਆਅਅਹ ਹੈ ਤੇਰੀ, ਮੈਨੂੰ ਖੱਬੀ ਨੁੱਕਰ ਵਾਲ਼ੀ ਮਸ਼ੀਨ ਕੋਲ਼ ਲਿਜਾਅ ਕੇ ਫ਼ੋਰਮੈਨ ਆਪਣੇ ਗੰਜ ਉੱਤੇ ਖੁਰਕ ਕਰਨ ਲੱਗਾ।
ਮਸ਼ੀਨ ਦੇ ਪੈਰਾਂ ਕੋਲ਼ ਪਲਾਸਟਿਕ ਦੇ ਰੰਗ-ਬਰੰਗੇ, ਵੱਡੇ-ਛੋਟੇ ਲਿਫ਼ਾਫ਼ਿਆਂ ਦਾ ਢੇਰ! ਸਾਰੇ ਦੇ ਸਾਰੇ ਅਣਵਰਤੇ ਤੇ ਬੇਦਾਗ਼!
'ਇਹ ਕਾਹਦੇ ਲਈ ਢੇਰੀ ਕੀਤੇ ਐ ਐਥੇ?' ਮੇਰੀਆਂ ਅੱਖਾਂ ਮੈਨੂੰ ਪੁੱਛਣ ਲੱਗੀਆਂ।
-ਇਥੇ ਰੀਸਾਈਕਲ ਕਰਦੇ ਆਂ ਅਸੀਂ ਇਨ੍ਹਾਂ ਲਿਫ਼ਾਫ਼ਿਆਂ ਨੂੰ!
ਫ਼ੋਰਮੈਨ ਨੇ ਢੇਰ ਉੱਤੇ ਝੁਕ ਕੇ ਲਿਫ਼ਾਫ਼ਿਆਂ ਦਾ ਰੁੱਗ ਭਰਿਆ, ਅਤੇ ਮਸ਼ੀਨ ਉੱਪਰਲੀ ਮਹਾਂ-ਕੀਫ਼ ਉੱਪਰ ਲਿਜਾਅ ਕੇ ਛੱਡ ਦਿੱਤਾ।
-ਹੁਣ ਤੂੰਅੰਅੰ ਮੇਰੇ ਵਾਂਗ ਕਰ ਕੇ ਦਿਖਾਅ! ਫ਼ੋਰਮੈਨ ਨੇ 'ਤੂੰ' ਨੂੰ ਰਬੜ ਵਾਂਙਣ ਖਿੱਚ ਕੇ, ਸੇਫ਼ਟੀ ਐਨਕਾਂ ਮੇਰੇ ਵੱਲ ਵਧਾਅ ਦਿੱਤੀਆਂ।
ਮੇਰੀਆਂ ਅੱਖਾਂ ਲਿਫ਼ਾਫ਼ਿਆਂ ਦੇ ਢੇਰ ਦੇ ਉਦਾਲ਼ੇ ਤੁਰਨ ਲੱਗੀਆਂ: ਦੋ ਤਿੰਨ ਗੇੜੇ ਮੁਕਾਉਣ ਤੋਂ ਬਾਅਦ, ਮਸ਼ੀਨ ਦੇ ਪੈਰਾਂ ਕੋਲ਼ ਦੀ ਹੋ ਕੇ, ਉੱਪਰ ਵੱਲ ਨੂੰ ਜਾਂਦੀ ਲੋਹੇ ਦੀ ਚਾਦਰ ਨਾਲ਼ ਘਿਸਰਦੀਆਂ ਹੋਈਆਂ ਮੇਰੀਆਂ ਅੱਖਾਂ, ਅਖ਼ੀਰ ਮਸ਼ੀਨ ਦੀ ਮਹਾਂ-ਕੀਫ਼ ਉੱਤੇ ਜਾ ਚੜ੍ਹੀਆਂ।
ਫ਼ਿਰ ਮੈਂ ਆਪਣਾ ਚਿਹਰਾ ਫ਼ੋਰਮੈਨ ਦੇ ਮੱਥੇ ਉੱਪਰ ਘਟਦੀ-ਵਧਦੀ ਉਤਸੁਕਤਾ ਵੱਲ ਸੇਧ ਦਿੱਤਾ।
-ਕਰਲੇਂਗਾ ਇਹ ਕੰਮ?
ਮੈਂ ਹੁਣ ਨੌਂ ਦਸ ਸਾਲ ਪਿੱਛੇ ਵੱਲ ਪਰਤ ਗਿਆ: 'ਘੂੰ-ਘੂੰ', 'ਕਿਚਰ-ਕਿਚਰ' ਕਰਦੇ ਥਰੈਸ਼ਰ ਦੇ ਪਰਨਾਲ਼ੇ 'ਚ ਕਣਕ ਦੇ ਲਾਂਗੇ ਦੇ ਰੁੱਗ ਥੁੰਨਦਾ ਹੋਇਆ ਅਤੇ ਅਸਮਾਨ ਦੇ ਸਿਖ਼ਰ ਤੋਂ ਅੱਗ ਕੇਰ ਰਹੇ ਸੂਰਜ ਹੇਠ, ਪਹਿਲੀ ਉਂਗਲ਼ ਨਾਲ਼ ਮੱਥੇ ਤੋਂ ਵਾਰ ਵਾਰ ਪਸੀਨਾ ਪੂੰਝ ਕੇ ਧਰਤੀ ਵੱਲ ਨੂੰ ਝਟਕਦਾ ਹੋਇਆ!
ਮੈਂ ਆਪਣੇ ਸਿਰ ਨੂੰ ਹੇਠਾਂ-ਉੱਪਰ ਹਿਲਾਇਆ ਹੀ ਸੀ ਕਿ 'ਗੁੱਡ ਮੈਨ!' ਆਖ ਕੇ ਫ਼ੋਰਮੈਨ ਨੇ ਆਪਣੀ ਉਂਗਲ਼ ਕੀਫ਼ ਦੀ ਧੌਣ ਲਾਗਲੀ ਲਾਲ ਸਵਿੱਚ ਉੱਤੇ ਟਿਕਾਅ ਦਿੱਤੀ: 'ਤਰੜੜੜੜੜੜ!' ਸੁੱਤੀ ਹੋਈ ਕੀਫ਼ ਇੱਕ-ਦਮ ਬੁੜਬੁੜਾਅ ਉੱਠੀ!
ਮੈਂ ਆਪਣੇ ਚਿਹਰੇ ਨੂੰ ਢੇਰ ਵੱਲ ਝੁਕਾਇਆ; ਲਿਫ਼ਾਫ਼ਿਆਂ ਦਾ ਰੁੱਗ ਭਰਿਆ; ਤੇ ਉਸ ਨੂੰ ਕੀਫ਼ ਦੇ ਮੂੰਹ ਉੱਤੇ ਰੋਕ ਕੇ ਖੋਲ੍ਹ ਦਿੱਤਾ। ਇਸ ਤੋਂ ਬਾਅਦ ਚੱਲ ਸੋ ਚੱਲ: ਮੇਰੇ ਪੰਜੇ ਫ਼ਰਸ਼ਤੋਂ ਪਰਨਾਲ਼ੇ 'ਤੇ, ਅਤੇ ਪਰਨਾਲ਼ਿਓਂ ਫ਼ਰਸ਼ ਵੱਲੀਂ; ਫ਼ਰਸ਼ ਤੋਂ ਪਰਨਾਲ਼ੇ 'ਤੇ; ਪਰਨਾਲ਼ਿਓਂ ਫ਼ਰਸ਼ ਵੱਲੀਂ...
ਚਾਰ ਕੁ ਮਿੰਟ ਗੁਜ਼ਰੇ: ਮੇਰੇ ਲੱਕ 'ਚ ਹਲਕੀਆਂ ਹਲਕੀਆਂ ਕੜਿੱਲਾਂ ਤਰਭਕਣ ਲੱਗੀਆਂ! ਥੋੜੇ ਜਿਹੇ ਸਕਿੰਟ ਗੁਜ਼ਰੇ, ਹਰ ਤੀਜੇ ਚੌਥੇ ਰੁੱਗ ਤੋਂ ਬਾਅਦ ਮੇਰੀਆਂ ਢਾਕਾਂ, ਮੇਰੇ ਪੰਜਿਆਂ ਨੂੰ, ਆਪਣੇ ਵੱਲ ਖਿੱਚਣ ਲੱਗੀਆਂ: ਦੋਵੇਂ ਅੰਗੂਠੇ ਪਿਛਲੇ ਰੁਖ਼ ਮੇਰੀ ਕੰਗਰੋੜ ਵੱਲ ਨੂੰ ਖਿਸਕ ਕੇ ਮੇਰੇ ਲੱਕ ਵਿੱਚ ਖੁੱਭਣ ਲੱਗੇ। ਅਗਲੇ ਦੋ ਕੁ ਮਿੰਟਾਂ ਦੌਰਾਨ ਮੇਰਾ ਲੱਕ ਜਿਵੇਂ ਨੂੜਿਆ ਜਾ ਰਿਹਾ ਹੋਵੇ; ਹੁਣ ਜਦ ਮੈਂ ਫ਼ਰਸ਼ ਵੱਲ ਝੁਕਣ ਲਗਦਾ ਤਾਂ ਕੰਗਰੋੜ ਹੱਥ ਬੰਨ੍ਹਣ ਲਗਦੀ।
ਲੱਕ ਦੇ ਨੂੜ ਨੂੰ ਖੋਲ੍ਹਣ ਦੇ ਭਰਮ 'ਚ ਢਾਕਾਂ ਨੂੰ ਅੰਗੂਠਿਆਂ-ਉਂਗਲ਼ਾਂ ਵਿੱਚ ਜਕੜ ਕੇ ਮੈਂ ਆਪਣੇ ਧੜ ਨੂੰ ਪਿੱਛੇ ਵੱਲ ਨੂੰ ਝੁਕਾਇਆ ਹੀ ਸੀ ਕਿ ਮੇਰੇ ਸਿਰ 'ਚ ਨੀਮ-ਹਨੇਰੇ ਦਾ ਇਕ ਵਰੋਲ਼ਾ ਮਧਾਣੀ ਵਾਂਗ ਘੁੰਮਣ ਲੱਗਾ; ਮਸ਼ੀਨ ਖੱਬੇ-ਸੱਜੇ ਟੇਢੀ-ਸਿੱਧੀ ਹੁੰਦੀ ਹੋਈ ਛੱਤ ਨੂੰ ਜਾ ਲੱਗੀ। ਇਕ ਡੂੰਘਾ ਸਾਹ ਮੇਰੇ ਫੇਫੜਿਆਂ 'ਚ ਉੱਤਰ ਕੇ ਖੂੰਜਿਆਂ ਵੱਲ ਨੂੰ ਖਿੰਡਰ ਗਿਆ। ਲੋਟਣੀ ਜਿਹੀ ਖਾ ਕੇ ਮੈਂ ਫ਼ਰਸ਼ ਉੱਪਰ ਵਿਛ ਗਿਆ।

ਤਿੰਨਾਂ ਕੁ ਦਿਨਾਂ ਬਾਅਦ ਨੱਥੂਵਾਲ਼ੀਆ ਲਛਮਣ ਮਿਲਣ ਆ ਗਿਆ।
-ਕੰਮ ਲੱਭ ਪ੍ਰੋਫ਼ੈਸਰ ਲਈ ਕਿਸੇ ਫ਼ੈਕਟਰੀ 'ਚ ਲਛਮਣਾ, ਰਛਪਾਲ ਨੇ ਬੋਤਲ-ਓਪਨਰ ਨੂੰ ਬੀਅਰ ਦੀ ਬੋਤਲ ਦੇ ਢੱਕਣ ਨਾਲ਼ ਜੋੜ ਦਿੱਤਾ।
-ਹੈ ਤਾਂ ਤੁਸੀਂ ਪੜ੍ਹੇ-ਲਿਖੇ, ਲਛਮਣ ਦੇ ਬੁੱਲ੍ਹਾਂ ਉੱਪਰ ਸ਼ਰਾਰਤ ਜਗਣ-ਬੁਝਣ ਲੱਗੀ। -ਪਰ...
ਮੈਂ ਤੇ ਰਛਪਾਲ ਉਹਦੀ 'ਪਰ...' ਨੂੰ ਫਰੋਲਣ ਲਈ ਕਦੇ ਉਹਦੇ ਵੱਲ ਤੇ ਕਦੇ ਇੱਕ-ਦੂਜੇ ਵੱਲੀਂ ਦੇਖਣ ਲੱਗੇ।
-ਮੈਂ ਅੱਠ ਜਮਾਤਾਂ ਵ'ਨੀ ਪੜ੍ਹਿਆ, ਬੀਅਰ ਬੋਤਲ ਨੂੰ ਬੁੱਲ੍ਹਾਂ 'ਚੋਂ ਲਾਹ ਕੇ ਲਛਮਣ ਬੋਲਿਆ। -ਟੈਕਸੀ ਵਾਹੁੰਨਾਂ ਬਾਰਾਂ ਬਾਰਾਂ ਘੰਟੇ... ਫ਼ੈਕਟਰੀ 'ਚ ਅੱਠ ਘੰਟੇ ਲਾ ਕੇ ਬਣਦੇ ਸੀ ਬਾਈ ਤੇਈ ਡਾਲਰ... ਟੈਕਸ-ਟੂਕਸ ਕੱਟ ਕੇ ਪੱਲੇ ਅਠਾਰਾਂ ਉੱਨੀ ਵ'ਨੀ ਸੀ ਪੈਂਦੇ...
-ਤੇ ਟੈਕਸੀ 'ਚ ਕਿੰਨੇ ਕੁ ਬਣ ਜਾਂਦੇ ਐ?
-ਜਿੰਨਾ ਗੁੜ ਪਾ ਲਾਂ, ਚਾਹ ਓਨੀਓਂ ਈ ਮਿੱਠੀ!

ਅਗਲੇ ਹਫ਼ਤੇ ਮਾਊਂਟ ਪਲੈਜ਼ੈਂਟ ਅਤੇ ਯੰਗ ਸਟਰੀਟ ਦੇ ਚੁਰਸਤੇ ਦੀ ਬਗ਼ਲ 'ਚ ਇੱਕ ਸਰਕਾਰੀ ਇਮਾਰਤ 'ਚ ਟਰਾਂਟੋ ਦੇ ਨਕਸ਼ਿਆਂ 'ਚੋਂ ਸੜਕਾਂ ਲੱਭਣ ਅਤੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਅੱਪੜਣ ਲਈ ਸ਼ੋਰਟ ਰੂਟਾਂ ਦੀ ਸ਼ਨਾਖ਼ਤ ਦੇ ਹੁਨਰਾਂ ਦੀ ਦੋ-ਦਿਨਾਂ ਟ੍ਰੇਨਿੰਗ, ਤੇ ਹਫ਼ਤੇ ਕੁ ਬਾਅਦ ਸਾਡੇ ਦੋਹਾਂ ਦੇ ਟੈਕਸੀ ਲਾਈਸੰਸ ਸਾਡੇ ਮੇਲਬਾਕਸ 'ਚ!
ਜਿਹੜੀ ਟੈਕਸੀ ਕੰਪਨੀ ਦਾ ਫ਼ੋਨ ਲਛਮਣ ਨੇ ਦਿੱਤਾ ਸੀ, ਉਹਨਾਂ ਨਾਲ਼ ਤਾਰ ਜੋੜੀ: ਅੱਗਿਓਂ ਹਦਾਇਤ ਹੋਈ, ਦੋਵੇਂ ਭਰਾ ਤਿੰਨ ਵਜੇ ਐਵਨਜ਼ ਰੋਡ 'ਤੇ ਫਲਾਣੀ ਥਾਂ ਪਹੁੰਚੋ!{ਪੂਰਾ ਸਿਰਨਾਵਾਂ ਚੇਤੇ 'ਚੋਂ ਕਿਰ ਗਿਆ ਹੈ}
-ਕਿੰਨਾਂ ਚਿਰ ਹੋਇਐ ਕਨੇਡਾ ਆਇਆਂ? ਫ਼ਲਸਤੀਨੀ ਟੈਕਸੀ-ਮਾਲਕ ਦੇ ਬੁੱਲ੍ਹਾਂ 'ਚੋਂ ਸਿਗਰਟੀ ਮੁਸ਼ਕ ਦੇ ਨਾਲ਼ ਨਾਲ਼ ਸੁਆਲਾਂ ਦੀ ਬਕਬਕੀਅਤ ਵੀ ਵਗਣ ਲੱਗੀ:
-ਪਾਸਪੋਟ ਦਿਖਾਓ ਪਹਿਲਾਂ!
-ਪੱਕੇ ਓਂ ਕਿ ਇਲਲੀਗਲ?
-ਡਰਾਇਵਿੰਗ ਲਸੰਸ ਕਦੋਂ ਲਿਆ ਸੀ?
-ਕੋਈ ਐਕਸੀਡੈਂਟ? ਕੋਈ ਸਪੀਡਿੰਗ ਟਿਕਟ? ਕੋਈ ਪੁਲਸ ਕੇਸ?
ਸਵਾ ਕੁ ਚਾਰ ਵਜਦੇ ਨੂੰ ਮਾਲਕ ਨੇ ਚਾਬੀਆਂ ਸਾਡੇ ਹੱਥਾਂ 'ਵੱਲ ਵਧਾਅ ਦਿੱਤੀਆਂ।
ਕਾਰ ਦਾ ਦਰਵਾਜ਼ਾ ਖੋਅ੍ਹਲਿਆ; ਅੰਦਰੋਂ ਸਿਗਰਟੀ ਧੂੰਏਂ ਦੀ ਬੋਅ ਮੇਰੇ ਨੱਕ ਵੱਲ ਝਪਟੀ। ਮੇਰੀਆਂ ਉਂਗਲ਼ਾਂ ਸਟੀਅਰਿੰਗ ਦੇ ਚੱਕੇ ਉੱਪਰ ਜੰਮੀ ਕਾਲ਼ੋਂ ਤੋਂ ਭੈਅ ਖਾਣ ਲੱਗੀਆਂ, ਸੱਜੇ ਪਾਸੇ ਐਸ਼ਟਰੇਅ ਦੇ ਗਵਾਂਢ ਵਿੱਚ ਇਕ ਹੁੱਕ ਨਾਲ਼ ਡਿਸਪੈਚ ਰੇਡੀਓ ਦਾ ਮਾਈਕ੍ਰੋਫ਼ੋਨ, ਤੇ ਉਸ ਦੇ ਥੱਲਿਓਂ ਰੇਡੀਓ ਯੂਨਿਟ ਵੱਲ ਸਫ਼ਰ ਕਰਦੀ ਵਲ਼ੇਵੇਂਦਾਰ ਤਾਰ {ਕੋਰਡ}। ਡੈਸ਼ਬੋਰਡ ਦੀ ਕੰਧ ਉੱਪਰ ਮੀਟਰ ਦੀ ਸ਼ਾਫ਼ਟ, ਜਿਵੇਂ ਚੁਪੇੜ ਵੱਟੀ ਹੋਈ ਹੋਵੇ! ਟੈਕਸੀ ਅੰਦਰਲੀ ਹਰ ਸ਼ੈਅ ਮੇਰੇ ਵੱਲ ਓਪਰਾ ਓਪਰਾ ਝਾਕਣ ਲੱਗੀ!
ਚਾਬੀ ਨੂੰ ਇਗਨਿਸ਼ਨ ਦੀ ਮੋਰੀ 'ਚ ਘੁਸੋਅ ਕੇ ਮੈਂ ਰਤਾ ਕੁ ਮਰੋੜਿਆ, ਇੰਜਣ ਸੁੱਤੇ ਪਏ ਕੁੱਤੇ ਵਾਂਙੂ 'ਘੁਰੜ, ਘੁਰੜ' ਕਰ ਕੇ ਖ਼ਾਮੋਸ਼ੀ 'ਚ ਉੱਤਰ ਗਿਆ। ਮੈਂ ਲਾਗਲੀ ਗੱਡੀ 'ਚ ਬੈਠੇ ਰਛਪਾਲ ਵੱਲੀਂ ਝਾਕਿਆ। ਉਹਨੇ ਆਪਣਾ ਸਿਰ ਸੱਜੇ-ਖੱਬੇ ਹਿਲਾਅ ਦਿੱਤਾ। ਪਰਲੇ ਪਾਸੇ ਖੜ੍ਹੇ ਫ਼ਲਤਸਤੀਨੀ ਮਾਲਕ ਨੇ ਆਖ਼ਰੀ ਕਸ਼ ਖਿੱਚ ਕੇ ਆਖ਼ਰੀ ਸਾਹਾਂ 'ਤੇ ਆਈ ਸਿਗਰਟ ਨੂੰ ਪੈਰ ਹੇਠ ਮਸਲ਼ ਦਿੱਤਾ। ਮੇਰੇ ਵੱਲ ਨੂੰ ਵਧਦਿਆਂ ਉਹ ਬੋਲਿਆ: ਮਰੋੜੀ ਰੱਖ ਚਾਬੀ ਨੂੰ!
ਇਸ ਵਾਰੀ ਮੈਂ ਚਾਬੀ ਨੂੰ ਸਿਰੇ ਤੀਕਰ ਮਰੋੜ ਦਿੱਤਾ ਤੇ ਓਨੀ ਦੇਰ ਮਰੋੜੀ ਰੱਖਿਆ ਜਦ ਤੀਕ ਇੰਜਣ ਦੀ ਘੁਰੜ-ਘੁਰੜ ਘੂੰਅੰਅੰਅੰਅੰਅੰ 'ਚ ਨਹੀਂ ਬਦਲ ਗਈ।

ਹੁਣ ਮੇਰੀਆਂ ਸੱਜੀਆਂ ਉਂਗਲ਼ਾਂ ਡਿਸਪੈਚ ਰੇਡੀਓ ਦੇ ਬਟਨ ਵੱਲ ਨੂੰ ਵਧੀਆਂ। ਰੇਡੀਓ 'ਚੋਂ ਡਿਸਪੈਚਰ ਦੀ ਕਿਚਰ-ਕਿਚਰ, ਕਿਚਰ-ਕਿਚਰ ਤੇ ਰੇਡੀਓ ਦੀ ਕੁਲ਼ਚ-ਕੁਲ਼ਚ: ਕਾਵਾਂਰੌਲ਼ੀ ਦੇ ਫਰਾਟੇ ਨਿਕਲਣ ਲੱਗੇ!
'ਕੀ ਬੋਲੀ ਜਾਂਦੈ ਡਿਸਪੈਚਰ?'
ਸੱਜੇ ਕੰਨ ਨੂੰ ਰੇਡੀਓ ਵੱਲ ਨੂੰ ਗੇੜ ਕੇ, ਮੈਂ ਕਿਚਰ-ਕਿਚਰ 'ਚੋਂ ਇੱਕ-ਅੱਧਾ ਲਫ਼ਜ਼ ਪਕੜਣ ਦੀ ਕੋਸ਼ਿਸ਼ ਕੀਤੀ, ਪਰ...
ਹੁਣ ਆਪਣੀਆਂ ਅੱਖਾਂ ਮੈਂ ਡੈਸ਼ਬੋਰਡ ਉੱਪਰ ਨਜ਼ਰ ਜਮਾਈ ਬੈਠੇ ਰਛਪਾਲ ਵੱਲ ਫੇਰੀਆਂ: ਓਏ ਤੇਰੇ ਕੁੱਛ ਪੱਲੇ ਪਿਆ ਡਿਸਪੈਚ ਦੀ ਕਾਵਾਂਰੌਲ਼ੀ 'ਚੋਂ?
ਰਛਪਾਲ ਨੇ ਸੱਜੇ ਹੱਥ ਦੇ ਪੰਜੇ ਨੂੰ ਖਿਲਾਰ ਕੇ, ਡਮਰੂ ਵਾਗੂੰ ਘੁਮਾਇਆ।
-ਕੀ ਕਰੀਏ ਫ਼ਿਰ?
-ਐਲਬੀਅਨ ਮਾਲ 'ਚ ਚਲਦੇ ਆਂ, ਉਹ ਆਪਣੀ ਟੋਪੀ ਨੂੰ ਥਾਂ-ਸਿਰ ਕਰਦਿਆਂ ਬੋਲਿਆ। -ਓਥੇ ਗਰੋਸਰੀ ਸਟੋਰ ਲਾਗੇ ਖੜ੍ਹੀਆਂ ਹੁੰਦੀਐਂ ਟੈਕਸੀਆਂ।
ਐਲਬੀਅਨ ਮਾਲ ਦੇ ਟੈਕਸੀ ਸਟੈਂਡ ਉੱਤੇ ਮੈਂ ਆਪਣੀ ਗੱਡੀ ਖਲ੍ਹਿਆਰੀ ਹੀ ਸੀ ਕਿ ਗਰੋਸਰੀ ਕਾਰਟ ਨੂੰ ਜ਼ੋਰ ਲਾ ਕੇ ਧੱਕੀ ਆਉਂਦੀ ਇਕ ਗੋਰੀ ਦੀਆਂ ਐਨਕਾਂ ਮੇਰੇ ਵੱਲੀਂ ਗਿੜੀਆਂ। ਉਹਦੀਆਂ ਜਾਭਾਂ ਦੀਆਂ ਝੁਰੜੀਆਂ ਤੇ ਢਿਲ਼ਕੀਆਂ ਹੋਈਆਂ ਗੱਲ੍ਹਾਂ 'ਚੋਂ ਮੈਨੂੰ ਤਰਲੇ ਦਾ ਪਰਛਾਵਾਂ ਨਜ਼ਰ ਆਉਣ ਲੱਗਾ। ਮੈਂ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਉਸਦੀ ਗਰੋਸਰੀ ਕਾਰਟ ਵਿੱਚ ਸਿਰ ਸੁੱਟੀ ਬੈਠੇ ਪੰਜ ਕੁ ਪਲਾਸਟਕੀ ਲਿਫ਼ਾਫ਼ਿਆਂ ਨੂੰ ਚੁੱਕ ਕੇ ਟੈਕਸੀ ਦੀ ਡਿੱਕੀ ਵਿੱਚ ਰੱਖ ਦਿੱਤਾ।
-ਕੈਂਡਲਟਨ ਅਪਾਰਟਮੈਂਟਸ, ਮਾਈ ਦੇ ਪਿਚਕੇ ਹੋਏ ਬੁੱਲ੍ਹਾਂ ਉੱਪਰਲੀ ਲਿਪਸਟਿਕ ਦੀ ਉਦਾਸੀ ਕੰਬੀ!
- ਆਈ ਐਮ ਸੌਰੀ, ਮੈਮ! ਮੈਂ ਆਪਣੀਆਂ ਅੱਖਾਂ ਮਾਈ ਵੱਲ ਘੁੰਮਾਈਆਂ। -ਮੇਰਾ ਇਹ ਪਹਿਲਾ ਦਿਨ ਐ ਟੈਕਸੀ ਚਲਾਉਣ ਦਾ!
-ਓਅਅਅਹ! ਮਾਈ ਦੀਆਂ ਝੁਰੜੀਆਂ ਹਿੱਲੀਆਂ।
-ਮੈਨੂੰ ਦੱਸ ਸਕਦੇ ਓ ਕਿਵੇਂ ਪਹੁੰਚਣੈ ਕੈਂਡਰਲਟਨ 'ਤੇ?
-ਯੂ ਸੀ ਦੋਜ਼ ਬਿਲਡਿੰਗਜ਼? ਮਾਈ ਦੀਆਂ ਕੰਬਦੀਆਂ ਹੋਈਆਂ ਉਂਗਲ਼ਾਂ ਕਿਪਲਿੰਗ ਐਲਬੀਅਨ ਦੇ ਦੱਖਣ-ਪੱਛਮ ਦੀ ਵੱਖੀ 'ਚ ਖਲੋਤੀਆਂ ਤਿੰਨ ਬਿਲਡਿੰਗਾਂ ਵੱਲ ਇਸ਼ਾਰਤ ਹੋਈਆਂ। -ਇਨ੍ਹਾਂ `ਚ ਮੇਰੇ ਵਰਗੇ ਸੀਨੀਅਰ ਸਿਟੀਜ਼ਨਸ ਰਹਿੰਦੇ ਨੇ!
ਮਾਈ ਨੂੰ ਉਸਦੀ ਬਿਲਡਿੰਗ ਦੇ ਗੇਟ ਉੱਤੇ ਉਤਾਰ ਕੇ, ਮੈਂ ਉਸਦੀਆਂ ਉਂਗਲ਼ਾਂ ਦੇ ਸੋਕੜੇ ਚੋਂ ਮੇਰੀ ਹਥੇਲੀ ਉੱਪਰ ਡਿੱਗੀ ਭਾਨ ਦੀਆਂ ਪੰਜੀਆਂ ਦਸੀਆਂ ਦਾ ਜੋੜ ਕਰਨ ਲੱਗਾ: ਮੀਟਰ ਦੇ ਭਾੜੇ ਨਾਲ਼ੋਂ ਦਸ ਸੈਂਟ ਉੱਪਰ ਸਨ।
ਇੱਕ ਮਿੰਟ 'ਚ ਹੀ ਮੈਂ ਵਾਪਿਸ ਟੈਕਸੀ ਸਟੈਂਡ ਉੱਪਰ ਆ ਖਲੋਤਾ। ਦੋ ਕੁ ਮਿੰਟਾਂ ਬਾਅਦ ਇੱਕ ਬਜ਼ੁਰਗ ਦੀ ਖੂੰਡੀ ਉਹਦੇ ਕੰਨ ਵੱਲ ਨੂੰ ਉੱਠੀ।
'ਕੈਂਡਲਟਨ!' ਗੱਡੀ ਦਾ ਦਰਵਾਜ਼ਾ ਖਿੱਚ ਕੇ ਮੇਰੇ ਵੱਲ ਨੂੰ ਝਾਕਦਿਆਂ ਉਹ ਬੋਲਿਆ।
ਸੱਤ ਵਜੇ ਤੀਕ ਕੈਂਡਲਟਨ ਦੇ ਬਾਸ਼ਿੰਦਿਆਂ ਦੇ ਡਿਕਡੋਲਿਆਂ ਨੂੰ ਢੋਂਦਿਆਂ ਇੱਕ ਇੱਕ ਡਾਲਰ ਦੇ ਪੰਜ ਕੁ ਨੋਟਾਂ ਦੇ ਨਾਲ਼ ਨਾਲ਼, ਮੁੱਠੀ ਕੁ ਭਰ ਭਾਨ ਨਾਲ਼ ਮੇਰੀ ਜੇਬ 'ਚ ਛਣਕਣ ਲੱਗੀ।
ਘੜੀ ਦੀਆਂ ਸੂਈਆਂ ਨੇ ਸੱਤ ਦੇ ਹਿੰਦਸੇ ਨੂੰ ਨਮਸਕਾਰ ਕੀਤੀ, ਤਾਂ ਪਲਾਜ਼ੇ ਦੀਆਂ ਦੁਕਾਨਾਂ ਦੇ ਸ਼ਟਰ ਡਿੱਗਣੇ ਸ਼ੁਰੂ ਹੋ ਗਏ। ਪੰਦਰਾਂ ਕੁ ਮਿੰਟਾਂ ਬਾਅਦ, ਟੈਕਸੀ ਸਟੈਂਡ ਉੱਪਰ ਸਿਰਫ਼ ਮੇਰੀ ਗੱਡੀ, ਤੇ ਜਾਂ ਪਿਛਲੀ ਗੱਡੀ 'ਚ ਬੈਠਾ ਰਛਪਾਲ! ਘੰਟਾ ਕੁ ਪਹਿਲਾਂ ਅਣਗਿਣਤ ਕਾਰਾਂ ਹੇਠ ਮਿੱਧੀ ਪਾਰਕਿੰਗ ਲਾਟ ਉੱਪਰ ਚੁੱਪ ਦੀ ਚਾਦਰ ਵਿਛਣ ਲੱਗੀ।
ਰਛਪਾਲ ਆਪਣੀ ਗੱਡੀ 'ਚੋਂ ਉੱਤਰ ਕੇ ਮੇਰੀ ਕਾਰ ਦੀ ਖਿੜਕੀ ਕੋਲ਼ ਆ ਖਲੋਤਾ। -ਕਿੰਨੇ ਬਣਗੇ? ਉਹ ਆਪਣੇ ਵਾਲ਼ਾਂ ਨੂੰ ਖੁਰਕਦਾ ਹੋਇਆ ਬੋਲਿਆ।
-ਗਿਣੇ ਤਾਂ ਹੈ ਨੀ, ਪਰ ਨੌਂ ਦਸ ਡਾਲਰ ਤਾਂ ਬਣ ਈ ਗਏ ਹੋਣਗੇ।
ਏਨੇ ਚਿਰ ਨੂੰ ਇਕ ਹੋਰ ਟੈਕਸੀ 'ਪੀਂਅੰਅਅੰਅੰ’ ਕਰ ਕੇ, ਸਾਡੀਆਂ ਗੱਡੀਆਂ ਦੇ ਪਿਛਾੜੀ ਆ ਖਲੋਤੀ।
-ਐਥੇ ਖੜ੍ਹੇ ਕੀ ਕਰਦੇ ਓਂ, ਭਗਤੋ! ਮਗਰਲੀ ਗੱਡੀ 'ਚੋਂ ਉੱਤਰ ਕੇ ਸਾਡੇ ਵੱਲ ਨੂੰ ਵਧ ਰਿਹਾ ਲਛਮਣ ਬੋਲਿਆ।
ਮੈਂ ਤੇ ਰਛਪਾਲ ਇੱਕ-ਦੂਜੇ ਵੱਲ ਦੇਖਣ ਲੱਗੇ।
-ਏਥੋਂ ਹੁਣ ਕੀ ਭਾਲ਼ਦੇ ਓਂ?
-ਕੀ ਕਰੀਏ ਫੇਅ, ਲਛਮਣ ਸਿਅ੍ਹਾਂ?
-ਔਹ ਮਾਰਟਿਨਗਰੋਵ ਤੇ ਐਲਬੀਅਨ ਦੇ ਕੋਨੇ 'ਤੇ ਪਲਾਜ਼ਾ ਐ ਛੋਟਾ ਜਿਅ੍ਹਾ; ਓਹਦੇ 'ਚ 'ਰੈੱਡ ਲੈਂਟਰਨ' ਐ!
-ਰੈੱਡ ਲੈਂਟਰਨ? ਮੈਂ ਆਪਣੇ ਸਿਰ ਨੂੰ ਝਟਕਿਆ!
-ਟੈਵਰਨ ਕਹਿੰਦੇ ਐ ਇਸ ਨੂੰ।
-ਅੱਛਾਅਅਅ?
-ਐਸ ਵੇਲ਼ੇ ਸ਼ਰਾਬੀ ਵੜਦੇ-ਨਿੱਕਲ਼ਦੇ ਐ ਓਥੇ!
-ਓਥੇ ਤਾਂ ਚੱਲ ਵੜਾਂਗੇ ਅਟਕ ਕੇ, ਮੈਂ ਗੱਡੀ 'ਚੋਂ ਉੱਤਰ ਕੇ ਲਛਮਣ ਦੇ ਸਾਹਮਣੇ ਜਾ ਖਲੋਤਾ। -ਪਰ ਆਹ ਡਿਸਪੈਚਰ ਕੀ ਕਿਚਰ-ਕਿਚਰ ਕਰੀ ਜਾਂਦੈ? ਸਮਝ ਪੈਂਦੀ ਐ ਤੈਨੂੰ ਪਈ ਕੀ ਕਹਿੰਦੈ?
-ਉਏ ਤੁਸੀਂ ਗ਼ਲਤ ਕੰਪਨੀ ਦੀ ਗੱਡੀ ਲੈ ਲੀ ਐ!
-ਗ਼ਲਤ ਕਿਵੇਂ?
-ਇਹ ਕੰਪਨੀ ਸਾਰੇ ਟਰਾਂਟੋ ਲਈ ਡਿਸਪੈਚ ਕਰਦੀ ਐ, ਤੇ ਆਪਾਂ ਚਲਾਉਣੀ ਐਂ ਐਥੇ ਨੇੜੇ ਨੇੜੇ।
-ਅੱਛਾਅਅ?
-ਅੱਜ ਤਾਂ ਰਾਤ ਦੇ ਇੱਕ ਵਜੇ ਤਾਈਂ ਢੋਵੋ 'ਰੈੱਡ ਲੈਂਟਰਨ' ਦੇ ਸ਼ਰਾਬੀ; ਕੱਲ੍ਹ ਨੂੰ ਆਹ ਗੱਡੀਆਂ ਕਰ ਦਿਓ ਵਾਪਸ! ਮੈਂ ਆਊਂ ਦਿਨੇਂ ਕਲ੍ਹ ਨੂੰ ਥੋਡੇ ਅਪਾਰਟਮੈਂਟ `ਚ, ਤੇ ਤੁਹਾਨੂੰ ਦੱਸੂੰ ਟੈਕਸੀ ਦੇ ਗੁਰ!

ਸਾਡੀਆਂ ਗੱਡੀਆਂ ਨੇ ਪਾਰਕਿੰਗ ਲਾਟ ਦੀ ਸੁੰਨਸਾਨਤਾ ਤੋਂ ਛੁੱਟੀ ਲਈ ਤੇ ਇੱਕ ਮਿੰਟ ਵਿੱਚ ਹੀ 'ਰੈੱਡ ਲੈਂਟਰਨ' ਦੇ ਸਾਹਮਣੇ ਪਾਰਕ ਹੋ ਗਈਆਂ।
ਪੰਜ ਕੁ ਮਿੰਟਾਂ ਬਾਅਦ ਰੈੱਡ ਲੈਂਟਰਨ ਦਾ ਦਰਵਾਜ਼ਾ ਬਾਹਰ ਵੱਲ ਨੂੰ ਹਿੱਲਿਆ: ਅੰਦਰੋਂ ਗਿਟਾਰਾਂ ਦੀ 'ਘੜੈਂ ਘੜੈਂ' ਤੇ ਡਰੰਮਾਂ ਦੀ 'ਦਗੜ ਦਗੜ' ਦੇ ਫਰਾਟਿਆਂ ਨੇ ਦੋ ਮੁੰਡਿਆਂ ਨੂੰ ਬਾਹਰ ਵੱਲ ਨੂੰ ਧੱਕਿਆ। ਉਹਨਾਂ ਦੇ ਲੜਖੜਾਂਦੇ ਪੈਰ, ਘਸਮੈਲ਼ੀਆਂ, ਡੱਬ-ਖੜੱਬੀਆਂ ਜੀਨਾਂ 'ਚ ਲਿਪਟੀਆਂ ਉਹਨਾਂ ਦੀਆਂ ਲੱਤਾਂ ਨੂੰ ਖੱਬੇ-ਸੱਜੇ ਉੱਲਰਦੇ ਹੋਏ, ਮੇਰੀ ਟੈਕਸੀ ਵੱਲ ਨੂੰ ਧੱਕਣ ਲੱਗੇ। ਪਿਛਲੇ ਦਰਵਾਜ਼ੇ ਨੂੰ ਖੋਲ੍ਹ ਕੇ ਉਹਨਾਂ ਨੇ ਸੀਟ ਨੂੰ ਮੱਲ ਲਿਆ।
-ਵੇਅ੍ਹਰ ਯੂ ਗੋ, ਮਾਈ ਫ਼ਰਿੰਡਜ਼? ਸਿਰ ਨੂੰ ਰਤਾ ਕੁ ਸੱਜੇ ਰੁਖ਼ ਮੋੜ ਕੇ ਮੈਂ ਥਥਲਾਇਆ।
-ਆਅ ਯੂ ਅ ਪੈਅਅਕੀ? ਮੇਰੇ ਪਿਛਾੜੀ ਬੈਠਾ ਮਾੜਕੂ ਜਿਹਾ ਚਿਹਰਾ ਸੱਜੇ-ਖੱਬੇ ਡੋਲਿਆ।
-ਆਈ... ਆਈ ... ਆ ਐਮ ਫ਼ਰੌਮ ਇੰਡੀਆ!
-ਵ੍ਹਾਈ ਡਿਡ ਯਾ ਕਾਲ ਮੀ ਅ ਫ਼ਰਰਰਿੰਡ... ਇੰਡੀਆ ਮੀਨਜ਼ ਪ... ਪ... ਪੈਕੀ; ਡਜ਼'ਅੰਟ ਇਟ?
ਮੇਰੇ ਬੁੱਲ੍ਹਾਂ ਅੰਦਰ ਕੀੜੀਆਂ ਝਰਨ-ਝਰਨ ਕਰਨ ਲੱਗੀਆਂ।
-ਅ ਪੈਕੀ ਕੈਂਟ ਬੀ ਅ ਵ੍ਹਾਈਟ ਮੈਨ'ਜ਼ ਫ਼ਰਰਰਰਿੰਡ! ਉਹਦੀ ਥਥਲਾਹਟ ਮੇਰੀ ਗਿੱਚੀ 'ਚ ਖੁੱਭਣ ਲੱਗੀ। -ਯੂ ਅੰਡਰਸਟੈਡ?
-ਵ੍ਹੇਅਰ ਡੂ ਯੂ ਗੋ, ਸਰ?
-ਜੇਮਸ ਟਾਊਨ! ਉਹਦਾ ਫਰਾਟਾ ਮੇਰੇ ਵਾਲ਼ਾਂ 'ਚ ਖੁੱਭਣ ਲੱਗਾ।
-ਜੇਮਜ਼ ਟਾਊਨ?
-ਆਅ ਯੂ ਫ਼ੱਕਿਨ ਡੈੱਫ਼? ਦੈਟ'ਸ ਵ੍ਹੱਟ ਆਈ ਸੈੱਡ! ਡਿੰਟ ਆਈ?
-ਕੈਨ ਯੂ ਗਾਈਡ ਮੀ?
-ਗ਼... ਗ...ਗਾਈਡ ਯੂ? ਮੇਰੀ ਸੀਟ ਦੀ ਢੋਅ ਉਹਦੇ ਮੁੱਕੇ ਦੀ ਸੱਟ ਨਾਲ਼ ਸਹਿਮ ਗਈ। -ਫ਼ੱਕ! ਵ੍ਹਾਈ ਸ਼ੁਡ ਆਈ ਗਾਈਡ ਯੂ?
-ਆਈ... ਆਈ... ਆਈ ਐਮ ਏ ਨਿਊ ਡਰਾਈਵਰ, ਸਰ!
-ਅ ਨਿਊ ਡਰਾਈਵਵਰ? ਯੂ ਸ਼ੁਡ-ਅੰਟ ਬੀ ਡਰਾਈਵਿੰਗ ਇਫ਼ ਯੂ'ਅਰ ਅਨਟਰੇਅੰਡ!
ਮੇਰਾ ਸਿਰ ਸੱਜੇ-ਖੱਬੇ ਹਿੱਲਣ ਲੱਗਾ।
-ਓ ਕੇ, ਉਹਦੀ ਅਵਾਜ਼ ਵਿਚਲੀ ਤਲਖ਼ੀ ਵਿੱਚੋਂ ਥੋੜੀ ਜਿਹੀ ਹਵਾ ਖ਼ਾਰਜ ਹੋਈ ਜਾਪੀ। -ਗੋ ਟੂ ਦੋਜ਼ ਟਰੈਫ਼ਿਕ ਲਾਈਟਸ ਐਂਡ ਮੇਕ ਅ ਲ਼... ਲ਼... ਲੈਫ਼ਟ ਟਰਨ, ਉਹਨੇ ਆਪਣਾ ਥਿੜਕਦਾ ਹੋਇਆ ਪੰਜਾ ਸਾਹਮਣੀਆਂ ਲਾਈਟਾਂ ਵੱਲੀਂ ਸੇਧਿਆ। -ਓ ਕੇ?
ਮਾੜਕੂ ਚਿਹਰੇ ਦੇ ਨਾਲ਼ ਦੇ ਦਾ ਘੁਰਾੜਾ ਖੜਕਿਆ ਤੇ ਮੇਰਾ ਸੱਜਾ ਪੈਰ ਬ੍ਰੇਕ ਨੂੰ ਆਜ਼ਾਦ ਕਰ ਕੇ ਐਕਸੈਲਰਟਰ ਉੱਪਰ ਜਾ ਟਿਕਿਆ।
ਟਰੈਫ਼ਿਕ ਲਾਈਟਾਂ ਤੋਂ ਗੱਡੀ ਨੂੰ ਖੱਬੇ ਪਾਸੇ ਨੂੰ ਮੋੜ ਕੇ ਮੈਂ ਆਪਣੇ ਸੱਜੇ ਕੰਨ ਨੂੰ ਮੋਢੇ ਵੱਲ ਨੂੰ ਉਲਾਰਿਆ। ਅਗਲੀਆਂ ਟਰੈਫ਼ਿਕ ਲਾਈਟਾਂ ਹੁਣ ਪੰਜ ਕੁ ਸਕਿੰਟਾਂ ਦੀ ਦੂਰੀ 'ਤੇ ਰਹਿ ਗਈਆਂ ਸਨ।
-ਲੈਫ਼ਟ ਓਰ ਰਾਈਟ ਐਟ ਦ ਲਾਈਟਸ, ਸਰ?
-ਕੀਪ ਗੋਅਅਇੰਗ! ਉਹ ਗਰਜਿਆ। -ਫ਼ੱਕ ਦੀਜ਼ ਇਡੀਅਟਸ!
ਕਾਰ ਟਰੈਫ਼ਿਕ ਲਾਈਟਾਂ ਦੀ ਛਾਂ ਹੇਠੋਂ ਜਿਓਂ ਹੀ ਪਾਰ ਹੋਈ, ਮਾੜਕੂ ਦੀ ਆਵਾਜ਼ ਵਿਚਲੀ ਅੜਬਾਈ ਕੁੜਕਣ ਲੱਗੀ: ਰੋਕ, ਰੋਕ, ਰੋਕ! ਫ਼ਿਰ ਉਹ ਨਾਲ਼ ਦੇ ਨੂੰ ਹਲੂਣਨ ਲੱਗਾ: ਵੇਕ ਅੱਪ, ਡੂਡ; ਵੇਕ ਅੱਪ!
-ਵ੍ਹੇਅਰ ਅਰ ਵੀ? ਘੁਰਾੜੀਆ ਬੁੜਬੁੜਾਇਆ।
-ਇਨ ਯੋਅਰ ਮਾਮ'ਸ ਫ਼ੱਕਿਨ ਐਸ! ਮੇਕ ਯੋਅਰ ਵੇਅ ਆਊਟ, ਲੇਜ਼ੀ ਬੰਮ!
ਘੁਰਾੜੀਆ ਲੜਖੜਾਉਂਦਾ ਹੋਇਆ ਗੱਡੀ 'ਚੋਂ ਬਾਹਰ ਹੋ ਗਿਆ।
-ਨਾਓ ਮੇਕ ਅ ਲੈਫ਼ਟ ਐਟ ਦ ਨੈਕਸਟ ਲਾਈਟਸ! ਮਾੜਕੂ ਬੁੜਬੁੜਾਇਆ।
ਅਗਲੀਆਂ ਲਾਈਟਾਂ 'ਤੇ ਸਟੀਅਰਿੰਗ ਨੂੰ ਖੱਬੇ ਵੱਲ ਨੂੰ ਘੁੰਮਾਅ ਕੇ ਮੈਂ ਕਾਰ ਨੂੰ ਜਿਓਂ ਹੀ ਸਿੱਧੀ ਕੀਤਾ, ਚਾਰ ਉਂਗਲ਼ਾਂ ਅਤੇ ਇੱਕ ਅੰਗੂਠਾ ਮੇਰੀ ਗਿੱਚੀ ਉਦਾਲ਼ੇ ਕੱਸੇ ਗਏ।
-ਵ੍ਹਟ ਯੂ ਡੂਇੰਗ? ਮੈਂ ਆਪਣੇ ਸਿਰ ਨੂੰ ਝਟਕਿਆ।
-ਸ਼ੱਟ ਅੱਪ, ਯੁ ਬਾਸਟਰਡ!
-ਲੀਵ ਮੀ ਅਲੋਨ!
-ਆ'ਅਮ ਸਟੀਅਰਿੰਗ ਯੂ, ਮਿਸਟਰ ਪੈਕੀ! ਤੇ ਉਸ ਨੇ ਮੇਰੀ ਧੌਣ ਨੂੰ ਮਰੋੜ ਕੇ ਮੇਰੇ ਚਿਹਰੇ ਨੂੰ ਸੱਜੇ ਪਾਸੇ ਵੱਲ ਨੂੰ ਗੇੜ ਦਿੱਤਾ।
ਕੋਈ ਨੋਕਦਾਰ ਚੀਜ਼ ਮੇਰੀ ਧੌਣ ਨਾਲ਼ ਘਿਸਰਨ ਲੱਗੀ।
-ਪੁਲ ਇਨਟੂ ਦੈਟ ਲੇਨ ਐਟ ਦ ਲੈਫ਼ਟ! ਮਾੜਕੂ ਘੁਰਕਿਆ, ਉਸ ਨੇ ਫੁੱਟ ਕੁ ਲੰਬਾ ਛੁਰਾ ਮੇਰੇ ਮੂੰਹ ਦੇ ਸਾਹਮਣੇ ਕਰ ਦਿੱਤਾ।
ਮੇਰੀ ਕਾਰ ਖੱਬੇ ਵੱਲ ਨੂੰ ਮੁੜਦੀ ਲੇਨ ਵੱਲ ਰੁੜ੍ਹਨ ਲੱਗੀ।
ਮੇਰੇ ਮੱਥੇ ਉੱਤੋਂ ਢਲ਼ਦਾ ਕੋਸਾ ਕੋਸਾ ਤਰਲ ਮੇਰੀਆਂ ਗੱਲ੍ਹਾਂ ਉੱਪਰੋਂ ਦੀ ਰਿਸਦਾ ਹੋਇਆ ਮੇਰੇ ਬੁੱਲ੍ਹਾਂ ਨੂੰ ਨਮਕੀਨ ਕਰਨ ਲੱਗਾ।
-ਸਟਾਪ ਨਾਅਅਓ!
ਮੇਰਾ ਪੈਰ ਬਰੇਕ-ਪੈਡਲ ਉੱਪਰ ਜਾ ਟਿਕਿਆ।
-ਵ੍ਹੱਟ'ਵ ਯੂ ਗਾਟ?
-ਵੱਟ ਯੂ ਮੀਨ? ਮੈਂ ਮਿਣਕਿਆ।
-ਯੋਅਰ ਮਨੀ, ਇਡੀਅਟ!
ਮੇਰਾ ਸੱਜਾ ਹੱਥ ਮੇਰੀ ਜੇਬ 'ਚ ਉੱਤਰ ਗਿਆ।
ਉਸਦੇ ਪੰਜੇ ਦੀ ਜਕੜ ਮੇਰੀ ਧੌਣ ਉਦਾਲ਼ਿਓਂ ਢਿੱਲੀ ਪਈ, ਤੇ ਉਸ ਨੇ ਛੁਰੇ ਦੇ ਦਸਤੇ ਨੂੰ ਆਪਣੇ ਖੱਬੇ ਹੱਥ ਵਿਚ ਕਰ ਲਿਆ।
ਇੱਕ ਇੱਕ ਦੇ ਨੌ ਦਸ ਨੋਟਾਂ ਨੂੰ ਮੇਰੀਆਂ ਉਂਗਲ਼ਾਂ 'ਚੋਂ ਝਪਟ ਕੇ ਉਹ ਬੋਲਿਆ, 'ਟੇਕ ਦ ਚੇਂਜ ਆਊਟ ਟੂਅ!'
ਪੰਜੀਆਂ ਦਸੀਆਂ ਨੂੰ ਆਪਣੀ ਮੁੱਠੀ 'ਚ ਘੁੱਟ ਕੇ ਉਹ ਪਿਛਲੇ ਦਰਵਾਜ਼ੇ ਰਾਹੀਂ ਗੱਡੀਓਂ ਬਾਹਰ ਹੋ ਗਿਆ।
ਮੇਰੇ ਸਰੀਰ ਦੀ ਤ੍ਰਭਕਣੀ ਨੇ ਮੇਰੇ ਸਟੀਅਰਿੰਗ ਨੂੰ ਵੀ ਹਿਲਾਅ ਦਿੱਤਾ।
'ਆ'ਅਮ ਸਟੀਅਰਿੰਗ ਯੂ, ਮਿਸਟਰ ਪੈਕੀ!' ਮਾੜਕੂ ਦੇ ਲਫ਼ਜ਼ ਮੇਰੇ ਸਿਰ 'ਚ ਛੁਰੀ ਵਾਂਗ ਖੁੱਭਣ-ਨਿੱਕਲਣ ਲੱਗੇ।
ਮੈਨੂੰ ਜਾਪਿਆ ਮੇਰੇ ਹੱਥ ਵਿਚਲਾ ਸਟੀਅਰਿੰਗ ਅਸਲ ਵਿੱਚ ਮੇਰੀ ਗਿੱਚੀ 'ਚ ਪੁੜ ਗਿਆ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346