Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat

ਉੱਠ ਗਏ ਗਵਾਂਢੋਂ ਯਾਰ
- ਹਰਨੇਕ ਸਿੰਘ ਘੜੂੰਆਂ (98156-28998)

 

ਵਾਘਾ ਰੇਲਵੇ ਸਟੇਸ਼ਨ ਤੇ ਅਜੇ ਗੱਡੀ ਚੱਜ ਨਾਲ ਰੁਕੀ ਵੀ ਨਹੀਂ ਸੀ ਕਿ ਲੋਕਾਂ ਨੇ ਚੱਲਦੀ ਗੱਡੀ ਵਿੱਚੋਂ ਛਾਲਾਂ ਮਾਰ ਕੇ ਭਾਜੜਾਂ ਪਾ ਲਈਆਂ ਸਨ। ਖਾਲੀ ਟਰਾਲੀਆਂ ਕਾਬੂ ਕਰਨ ਲਈ ਲੋਕ ਹੱਥੋ-ਪਾਈ ਹੋ ਰਹੇ ਸਨ। ਯੂ:ਪੀ: ਬਿਹਾਰ ਤੋਂ ਆਏ ਲੋਕ ਵੱਡੇ ਵੱਡੇ ਗੱਠੜਾਂ ਨਾਲ ਜੂਝ ਰਹੇ ਸਨ। ਅਸੀਂ ਭੀੜ –ਭੜੱਕੇ ਤੋਂ ਬਚਣ ਲਈ ਅਜੇ ਡੱਬੇ ਵਿੱਚ ਬੈਠੇ ਹੀ ਸਾਂ, ਪਾਕਿਸਤਾਨੀ ਅਫ਼ਸਰਾਂ ਦੇ ਵੱਡੇ ਗਰੁੱਪ ਨੇ ਆ ਕੇ ਜੀ ਆਇਆਂ ਕਿਹਾ। ਮੇਰੀਆਂ ਦੂਸਰੀਆਂ ਫੇਰੀਆਂ ਨਾਲੋਂ ਇਹ ਫੇਰੀ ਬਿਲਕੁਲ ਅਲੱਗ ਕਿਸਮ ਦੀ ਫੇਰੀ ਸੀ। ਇਸ ਵੇਰੀ ਮੈਂ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਦਾ ਜਾਤੀ ਮਹਿਮਾਨ ਸਾਂ। ਮੇਰੇ ਨਾਲ ਜਥੇਦਾਰ ਜਗਦੇਵ ਸਿੰਘ ਜੱਸੋਵਾਲ ਤੇ ਜਰਨੈਲ ਸਿੰਘ ਚਿੱਤਰਕਾਰ ਵੀ ਸਨ।
ਜਦੋਂ ਪਿਛਲੀ ਵੇਰੀ ‘ਪੰਜਾਬੀ ਪਰਿਵਾਰ’ ਲਾਹੌਰ ਸੱਭਿਆਚਾਰਕ ਗਰੁੱਪ ਨਾਲ ਲੈ ਕੇ ਗਿਆ ਸੀ ਉਦੋਂ ਇੱਕ ਸਾਬਕਾ ਗਵਰਨਰ ਸਾਡੇ ਵਿੱਚ ਸ਼ਾਮਲ ਸੀ, ਅਸੀਂ ਉਸਨੂੰ ਬਾਬਾ ਆਖਦੇ ਸੀ। ਉਹ ਬੜਾ ਤੇਜ਼ ਤਰਾਰ ਬੰਦਾ ਨਿਕਲਿਆ। ਉਸ ਨੇ ਮੇਰੇ ਬੜੇ ਪਿਆਰੇ ਦੋਸਤ ਖਵਾਜ਼ਾ ਸਦੀਕ ਨਾਲ ਬਦੋ ਬਦੀ ਦੋਸਤੀ ਗੰਢ ਲਈ। ਖ਼ਵਾਜ਼ਾ ਸਾਹਿਬ ਉਹਨਾਂ ਦਿਨਾਂ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸਨ। ਬਾਬੇ ਨੇ ਖ਼ਵਾਜ਼ਾ ਸਾਹਿਬ ਤੋਂ ਪ੍ਰਧਾਨ ਮੰਤਰੀ ਦਾ ਸਾਰਾ ਅੱਗਾ ਪਿੱਛਾ ਪਤਾ ਕਰ ਲਿਆ ਤੇ ਉਹਨਾਂ ਦਾ ਇਸ ਪੰਜਾਬ ਵਾਲਾ ਪਿੰਡ ਵੀ ਪੁੱਛ ਲਿਆ।
ਬਾਅਦ ਵਿੱਚ ਮੀਆਂ ਸਾਹਿਬ ਦੇ ਇਸ ਪਾਸੇ ਜੱਦੀ ਪਿੰਡ ਜਾਤੀ ਉਮਰਾਂ ਦੇ ਲੋਕਾਂ ਨਾਲ ਵਾਕਫ਼ੀਅਤ ਬਣਾ ਲਈ। ਫਿ਼ਰ ਇੱਕ ਚਿੱਠੀ ਮੀਆਂ ਨਵਾਜ਼ ਸ਼ਰੀਫ਼ ਨੂੰ ਲਿਖੀ, ਅਸੀਂ ਪਿੰਡ ਵਾਸੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨੂੰ ਬੜ੍ਹੀ ਖੁਸ਼ੀ ਹੋਈ ਤੇ ਸਾਰੇ ਲੋਕਾਂ ਨੂੰ ਆਪਣੇ ਜਾਤੀ ਮਹਿਮਾਨ ਬਣਾਉਣ ਦੀ ਹਦਾਇਤ ਕਰ ਦਿੱਤੀ। ਬਾਬੇ ਦੀ ਤਿਕੜਮਬਾਜ਼ੀ ਤੋਂ ਖਵਾਜ਼ਾ ਸਾਹਿਬ ਨੂੰ ਬੜ੍ਹੀ ਚਿੜ੍ਹ ਚੜ੍ਹੀ, ਉਹਨਾਂ ਨੇ ਇਸ ਜਿ਼ੱਦ ਵਿੱਚ ਮੈਨੂੰ ਵੀ ਪ੍ਰਧਾਨ ਮੰਤਰੀ ਦਾ ਜਾਤੀ ਮਹਿਮਾਨ ਬਣਾਇਆ। ਮੈਨੂੰ ਖ਼ਵਾਜ਼ਾ ਸਾਹਿਬ ਦਾ ਇੱਕ ਹੋਰ ਸੁਨੇਹਾ ਮਿਲਿਆ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਉਹਨਾਂ ਦੇ ਪੁਰਾਣੇ ਘਰ ਦੀ ਕੋਈ ਨਿਸ਼ਾਨੀ, ਇੱਟ ਵਗੈਰਾ, ਜੇ ਕੁਝ ਵੀ ਨਾ ਮਿਲੇ ਤਦ ਵਿਹੜੇ ਵਿੱਚੋਂ ਮਿੱਟੀ ਦਾ ਲਿੱਪ ਹੀ ਪੁੱਟ ਲਿਆਉਣਾ। ਮੈਂ ਜਾਤੀ-ਉਮਰਾਂ ਗਿਆ ਉੱਥੇ ਜਾ ਕੇ ਪਤਾ ਚੱਲਿਆ, ਮੀਆਂ ਸਾਹਿਬ ਦੇ ਘਰ ਵਾਲੀ ਜਗ੍ਹਾ ਗੁਰਦੁਆਰੇ ਵਿੱਚ ਸ਼ਾਮਿਲ ਕਰ ਲਈ ਗਈ ਹੈ। ਗੁਰਦੁਆਰੇ ਵਿੱਚ ਪੱਕਾ ਫ਼ਰਸ਼ ਸੀ ਉੱਥੋਂ ਤਾਂ ਮਿੱਟੀ ਵੀ ਨਹੀਂ ਪੁੱਟੀ ਜਾ ਸਕਦੀ ਸੀ। ਮੈਨੂੰ ਬੜ੍ਹੀ ਮਾਯੂਸੀ ਹੋਈ, ਪਰ ਓਥੇ ਖੜ੍ਹੇ ਇੱਕ ਸੱਜਣ ਨੇ ਮੈਨੂੰ ਨਵਾਂ ਸੁਝਾਅ ਦਿੱਤਾ। ਉਹ ਸਾਹਮਣੇ ਵਾਲੇ ਘਰਵਾਲਿਆਂ ਦੇ ਮੀਆਂ ਨਵਾਜ਼ ਸ਼ਰੀਫ਼ ਦੇ ਤਖ਼ਤਿਆਂ ਦੀ ਜੋੜੀ ਹੁੰਦੀ ਸੀ, ਚਲੋ ਪਤਾ ਕਰਨੇ ਆਂ। ਅਸੀਂ ਘਰ ਵਾਲਿਆਂ ਤੋਂ ਤਖ਼ਤਿਆਂ ਦੀ ਜੋੜੀ ਬਾਰੇ ਪੁੱਿਛਆ, ਉਹਨਾਂ ਨੇ ਝੱਟ ਦੱਸ ਦਿੱਤਾ ਆਹ ਸਾਹਮਣੇ ਪਈ ਏ। ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ, ਉਂਝ ਮੀਹਾਂ ਨਾਲ ਤਖ਼ਤਿਆਂ ਦੇ ਦੋਨਾਂ ਸਿਰਿਆਂ ਨਾਲ ਕੱਟਰੂ ਬੰਨ੍ਹੇ ਹੋਏ ਸਨ। ਘਰਵਾਲਿਆਂ ਤੋਂ ਪੁੱਛ ਕੇ ਮੈਂ ਤਖ਼ਤੇ ਨਾਲੋਂ ਇੱਕ ਟੁਕੜਾ ਤੋੜਿਆ ਤੇ ਰੁਮਾਲ ਵਿੱਚ ਲਪੇਟ ਲਿਆ। ਨਾਲ ਆਏ ਸੱਜਣ ਦਾ ਧੰਨਵਾਦ ਕੀਤਾ। ਜਿਹੜੇ ਤਖ਼ਤੇ ਘਰਵਾਲਿਆਂ ਲਈ ਕਬਾੜ ਤੋਂ ਵੱਧ ਕੁਝ ਵੀ ਨਹੀਂ ਸਨ, ਉਹ ਪੂਰੇ ਪਾਕਿਸਤਾਨ ਦੇ ਮਾਲਕ ਲਈ ਇੱਕ ਜਿਗਰ ਦਾ ਟੁਕੜਾ ਸਨ।
ਵਾਘੇ ਤੋਂ ਤੁਰਨ ਲੱਗਿਆਂ ਮਹਿਸੂਸ ਹੋਇਆ ਕਿ ਵਜ਼ੀਰੀ ਤੋਂ ਬਾਅਦ ਅੱਜ ਪਹਿਲੀ ਵੇਰ ਸਾਡੇ ਨਾਲ ਅਸਕਾਟ ਅਤੇ ਪਾਇਲਟ ਚੱਲ ਰਹੇ ਸਨ ਤੇ ਕਾਰ ਵੀ ਉਹਨਾਂ ਤਿੰਨ ਮਰਸਡੀਜ਼ ਕਾਰਾਂ ‘ਚੋਂ ਇੱਕ ਸੀ ਜਿਨ੍ਹਾਂ ਨੂੰ ਮੀਆਂ ਨਵਾਜ਼ ਸ਼ਰੀਫ਼ ਆਪ ਵਰਤਦੇ ਸਨ। ਸਾਨੂੰ ਲਾਹੌਰ ਦੀ ਮਾਲ ਰੋਡ ਉੱਤੇ ਸਟੇਟ ਗੈਸਟ ਹਾਊਸ ਦੇ ਸੂਟ ਨੰਬਰ 1 ਵਿੱਚ ਠਹਿਰਾਇਆ ਗਿਆ। ਬਾਬਾ ਵੀ ਓਥੇ ਹੀ ਕਿਸੇ ਹੋਰ ਸੂਟ ਵਿੱਚ ਠਹਿਰਿਆ ਹੋਇਆ ਸੀ।, ਉਸ ਨੇ ਸਾਡੀ ਕਾਰ ਤੇ ਠਹਿਰਨ ਵਾਲੇ ਸੂਟ ਵੱਲ ਤਿਰਛੀ ਨਜ਼ਰੇ ਦੇਖਿਆ ਤੇ ਮਰੋੜਾ ਜਿਹਾ ਮਾਰ ਕੇ ਟੁਰ ਗਿਆ। ਮੈਂ ਜਥੇਦਾਰ ਜੱਸੋਵਾਲ ਨੂੰ ਛੇੜਿਆ, “ਕਿਉਂ ਜਥੇਦਾਰ ਜੀ ਇੰਤਜ਼ਾਮ ਠੀਕ ਹੈ?” ਜਥੇਦਾਰ ਜੱਸੋਵਾਲ ਬੜ੍ਹਾ ਹੈਰਾਨ ਪਰੇਸ਼ਾਨ ਸੀ, “ਪਹਿਲਾਂ ਮੈਨੂੰ ਸਹਿਜ ਅਵਸਥਾ ਵਿੱਚ ਆਉਣ ਦਿਓ ਫਿ਼ਰ ਗੱਲ ਕਰਾਂਗੇ।”
ਰਾਤੀਂ ਮੀਆਂ ਨਵਾਜ਼ ਸ਼ਰੀਫ਼ ਦੇ ਫਾਰਮ ਹਾਊਸ ਰਾਏਵਿੰਡ ਖਾਣਾ ਸੀ। ਪ੍ਰਧਾਨ ਮੰਤਰੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਖਾਣੇ ‘ਤੇ .ਪਹੁੰਚੇ, ਸਾਰੇ ਟੱਬਰ ਨੇ ਸਾਡਾ ਅੱਖਾਂ ਵਿਛਾ ਕੇ ਸਵਾਗਤ ਕੀਤਾ। ਕਹਿੰਦੇ ਹਨ, “ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ’ ਪਰ ਅੱਜ ਤੇ ਜਾਤੀ ਉਮਰਾਂ ਨਿਵਾਸੀ ਆਪਣੇ ਪਿੰਡ ਦੇ ਜੰਮਪਲ ਦਾ ਜਾਹੋ ਜਲਾਲ ਆਪਣੀ ਅੱਖੀਂ ਵੇਖ ਰਹੇ ਸਨ। ਮੀਆਂ ਨਵਾਜ਼ ਸ਼ਰੀਫ਼ ਆਪ ਹਰ ਮਹਿਮਾਨ ਦੀ ਆਓ ਭਗਤ ਵੱਲ ਧਿਆਨ ਦੇ ਰਹੇ ਸਨ। ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਉਹੋ ਲੱਕੜ ਦਾ ਟੁਕੜਾ ਦਿੱਤਾ। ਉਹ ਬੜੇ ਭਾਵੁਕ ਹੋ ਗਏ। ਉਹਨਾਂ ਦੇ ਗੋਰੇ ਚਿੱਟੇ ਚਿਹਰੇ ਵਿੱਚ ਇੱਕ ਦਮ ਸਿੰਧੂਰ ਘੁਲ ਗਿਆ। ਪਹਿਲਾਂ ਟੁਕੜਾ ਬੁੱਲ੍ਹਾਂ ਨਾਲ ਚੁੰਮਿਆ, ਫਿ਼ਰ ਅੱਖਾਂ ਨਾਲ ਲਾਇਆ, ਆਖਿਰ ਕਿੰਨੀ ਦੇਰ ਆਪਣੇ ਸੀਨੇ ਨਾਲ ਘੁੱਟ ਕੇ ਰੱਖਿਆ।
ਅਗਲੇ ਦਿਨ ਜੱਸੋਵਾਲ ਹੋਰਾਂ ਨੇ ਆਪਣੇ ਪੁਰਾਣੇ ਪਿੰਡ ਬਹਾਵਲ ਨਗਰ ਦੇ ਨੇੜੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਤੇ ਮੈਂ ਕਸੂਰ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਤੇ ਹਾਜ਼ਰੀ ਦੇਣ ਜਾਣਾ ਸੀ। ਏਸ ਵਾਰੀ ਸਰਕਾਰੀ ਮਹਿਮਾਨ ਹੋਣ ਦਾ ਇੱਕ ਹੋਰ ਲਾਭ ਸੀ ਜਿੱਧਰ ਕਿਧਰੇ ਮੇਰਾ ਦਿਲ ਕਰਦਾ ਜਾ ਸਕਦਾ ਸੀ, ਦੱਸਣਾ ਇੱਕ ਦਿਨ ਪਹਿਲਾਂ ਪੈਂਦਾ ਸੀ ਤਾਂ ਜੋ ਰੂਟ ਵਗੈਰਾ ਲਗਵਾਇਆ ਜਾ ਸਕੇ। ਆਮ ਹਾਲਤਾਂ ਵਿੱਚ ਅਸੀਂ ਸਿਰਫ਼ ਉਹਨਾਂ ਥਾਂਵਾਂ ਉੱਤੇ ਹੀ ਜਾ ਸਕਦੇ ਹਾਂ ਜਿੱਥੋਂ ਦਾ ਸਾਡੇ ਕੋਲ ਵੀਜ਼ਾ ਹੁੰਦਾ ਹੈ।
ਸਵੇਰੇ ਨਾਸ਼ਤਾ ਕਰਕੇ ਸਾਡੀਆਂ ਗੱਡੀਆਂ ਦਾ ਕਾਫ਼ਲਾ ਕਸੂਰ ਵੱਲ ਚੱਲ ਪਿਆ। ਡਰਾਈਵਰ ਦੀ ਬਰਾਬਰ ਸੀਟ ‘ਤੇ ਮੇਰਾ ਪੀ:ਐਸ:ਓ: ਬੈਠਾ ਸੀ, ਜਿਸ ਨੇ ਮੈਥੋਂ ਪੁੱਛ ਕੇ ਸਾਰੇ ਪ੍ਰੋਗਰਾਮ ਬਨਾਉਣੇ ਸਨ ਤੇ ਮੇਰੀ ਦੇਖਭਾਲ ਦਾ ਸਾਰਾ ਜਿੰਮਾ ਉਸ ਤੇ ਸੀ। ਅਸਲ ਵਿੱਚ ਇਹ ਸਾਦੇ ਕੱਪੜਿਆਂ ਵਿੱਚ ਫੌਜ ਦਾ ਕਪਤਾਨ ਮੇਰੇ ਨਾਲ ਡਿਊਟੀ ਕਰ ਰਿਹਾ ਸੀ। ਜਿੱਥੇ ਉਹ ਮੇਰੇ ਪ੍ਰੋਗਰਾਮਾਂ ਦਾ ਇੰਚਾਰਜ ਸੀ, ਓਥੇ ਸਰਕਾਰ ਵੱਲੋਂ ਮੇਰੀ ਸੀ:ਆਈ:ਡੀ: ਕਰਨਾ ਵੀ ਉਸਦੀ ਡਿਊਟੀ ਵਿੱਚ ਸ਼ਾਮਿਲ ਸੀ। ਮੈਨੂੰ ਪਹਿਲੇ ਦਿਨ ਹੀ ਕਾਰ ਦੇ ਡਰਾਈਵਰ ਨੇ ਇਸ ਬਾਰੇ ਦੱਸ ਦਿੱਤਾ ਸੀ, “ਸਰਦਾਰ ਸਾਹਿਬ, ਇਹ ਚਿੱਟੇ ਕੱਪੜਿਆਂ ਵਾਲਾ ਫ਼ੌਜ ਦੀ ਸੀ:ਆਈ:ਡੀ: ਦਾ ਬੰਦਾ ਹੈ। ਇਸ ਦੀ ਹਾਜ਼ਰੀ ਵਿੱਚ ਪਾਕਿਸਤਾਨ ਦੀ ਫੌਜ ਬਾਰੇ ਕੋਈ ਗੱਲ ਨਾ ਕਰਨਾ।” ਡਰਾਈਵਰ ਨੇ ਮੈਨੂੰ ਪੁੱਿਛਆ, “ਅੱਛਾ ਇਹ ਦੱਸੋ ਤੁਸੀਂ ਸੁਰਜੀਤ ਸਿੰਘ ਬਰਨਾਲਾ ਨੂੰ ਜਾਣਦੇ ਹੋ?” “ਹਾਂ ਜਾਣਦਾ ਹਾਂ”, “ਜਦੋਂ ਤੁਹਾਨੂੰ ਮਿਲਣ ਮੇਰੀ ਸਲਾਮ ਕਹਿਣਾ, ਮੈਂ ਉਹਨਾਂ ਨਾਲ ਵੀ ਕਈ ਦਿਨ ਡਿਊਟੀ ਕੀਤੀ ਸੀ, ਬੜੇ ਭਲੇ ਲੋਕ ਹਨ।” ਡਰਾਈਵਰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਰਿਹਾ ਸੀ। ਮੈਂ ਡਰਾਈਵਰ ਨਾਲ ਵਾਅਦਾ ਕੀਤਾ ਕਿ ਤੇਰੀ ਸਲਾਮ ਜ਼ਰੂਰ ਪਹੁੰਚਾ ਦਿਆਂਗਾ। ਅਸੀਂ ਇੱਕ ਖੁੱਲੀ ਡੁੱਲ੍ਹੀ ਸੜਕੇ ਪੈ ਗਏ ਜਿਸ ਤੇ ਲਿਖਿਆ ਸੀ ‘ਫਿ਼ਰੋਜ਼ਪੁਰ ਰੋਡ’। ਭਾਵੇਂ ਅਸੀਂ ਹੱਦਾਂ ਬੰਨ੍ਹੇ ਪਾਰ ਕਰ ਕੇ ਬਹਿ ਗਏ ਪਰ ਇਸ ਸੜਕ ਨੇ ਫ਼ੀਰੋਜ਼ਪੁਰ ਨਾਲੋਂ ਮੋਹ ਨਹੀਂ ਸੀ ਤੋੜਿਆ। ਜਿੱਥੇ ਇਸ ਦਾ ਨਾਂ ਫਿ਼ਰੋਜ਼ਪੁਰ ਰੋਡ ਜਿਉਂ ਦਾ ਤਿਉਂ ਕਾਇਮ ਸੀ, ਉੱਥੇ ਹਰ ਮੀਲ ਪੱਥਰ ਦੇ ਸੀਨੇ ਉੱਤੇ ਫੀਰੋਜ਼ਪੁਰ ਦਾ ਜਿ਼ਕਰ ਉਸ ਤਰ੍ਹਾਂ ਲਿਖਿਆ ਸੀ। ਸੜਕ ਦੇ ਦੋਨੋਂ ਪਾਸੇ ਹਵਾ ਨਾਲ ਝੁੱਲ ਰਹੇ ਦੋ ਤਿੰਨ ਦਹਾਕੇ ਪੁਰਾਣੇ ਸਫੈਦੇ ਮੈਨੂੰ ਆਪਣੇ ਬਜ਼ੁਰਗਾਂ ਜਿਹੇ ਪਿਆਰੇ ਲਗਦੇ ਸਨ।
ਕਈ ਵਾਰ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਤੇ ਹਾਜ਼ਰੀ ਲਗਾਉਣ ਦਾ ਪ੍ਰੋਗਰਾਮ ਬਣਾਇਆ ਪਰ ਇਸ ਵਾਰੀ ਮਸੀਂ ਸਿਰੇ ਚੜ੍ਹਿਆ ਸੀ। ਸੰਨ 1680 ਦਾ ਪਿੰਡ ਪਾਡੋ ਵਿੱਚ ਜਨਮਿਆ ਅਬਦੁੱਲਾ ਬਾਅਦ ਵਿੱਚ ਬੁੱਲ੍ਹੇ ਸ਼ਾਹ ਬਣ ਗਿਆ। ਬੁੱਲ੍ਹੇ ਸ਼ਾਹ ਨੇ ਸਈਅਦ ਹੁੰਦਿਆਂ ਸ਼ਾਹ ਅਨੈਤ ਰਾਈਂ ਨੂੰ ਆਪਣਾ ਮੁਰਸ਼ਦ ਮੰਨ ਲਿਆ। ਭਾਵੇਂ ਮੁਸਲਮਾਨ ਧਰਮ ਵਿੱਚ ਕੋਈ ਊਚ-ਨੀਚ ਨਹੀਂ ਪਰ ਫਿ਼ਰ ਵੀ ਇਹ ਧਰਮ ਹਿੰਦੂ ਧਰਮ ਦੇ ਪਰਛਾਵੇਂ ਤੋਂ ਪੂਰੀ ਤਰ੍ਹਾਂ ਨਹੀਂ ਬਚ ਸਕਿਆ। ਬੁੱਲ੍ਹੇ ਸ਼ਾਹ ਦੇ ਖਾਨਦਾਨ ਨੂੰ ਇੱਕ ਸਈਅਦ ਦਾ ਕਿਸੇ ਰਾਈਂ ਦਾ ਮੁਰੀਦ ਬਣਨਾ ਚੰਗਾ ਨਹੀਂ ਲੱਗਿਆ।
“ਬੁੱਲ੍ਹੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ।”
ਬੁੱਲ੍ਹੇ ਸ਼ਾਹ ਨੇ ਬੜ੍ਹਾ ਖ਼ੂਬਸੂਰਤ ਜਵਾਬ ਦਿੱਤਾ,
“ਆਲ ਨਬੀ, ਅਲਾਦ ਨਬੀ ਨੂੰ,
ਤੂੰ ਕਿਉਂ ਲੀਕਾਂ ਲਾਈਆਂ,
ਜਿਹੜਾ ਸਾਨੂੰ ਸਈਅਦ ਆਖੇ, ਦੋਜ਼ਖ਼ ਮਿਲਣ ਸਜ਼ਾਈਆਂ।”
ਬੁੱਲ੍ਹੇ ਸ਼ਾਹ ਦਾ ਰਿਸ਼ਤਾ ਮੁਰਸ਼ਦ ਤੇ ਸ਼ਾਗਿਰਦ ਤੋਂ ਵੀ ਅੱਗੇ ਰੁੱਸਣ ਮਨਾਉਣ ਤੀਕ ਪਹੁੰਚ ਗਿਆ।
ਇੱਕ ਵੇਰਾਂ ਸ਼ਾਹ ਅਨਾਇਤ ਬੁੱਲ੍ਹੇ ਸ਼ਾਹ ਨਾਲ ਰੁੱਸ ਗਿਆ ਤੇ ਉਸ ਨੂੰ ਦਰਗਾਹ ਵਿੱਚੋਂ ਬਾਹਰ ਕੱਢ ਦਿੱਤਾ। ਮੁਰਸ਼ਦ ਦੇ ਵਿਛੋੜੇ ਨੇ ਬੁੱਲ੍ਹੇ ਸ਼ਾਹ ਨੂੰ ਇਸ ਤਰਾਂ ਤੜਫਾ ਦਿੱਤਾ ਜਿਵੇਂ ਪਾਣੀ ਤੋਂ ਬਿਨਾਂ ਮਛਲੀ ਤੜਫਦੀ ਹੈ। ਬੁੱਲ੍ਹੇ ਸ਼ਾਹ ਆਪਣੇ ਮੁਰਸ਼ਦ ਨੂੰ ਮਨਾਉਣ ਲਈ ਕੰਜਰੀ ਦਾ ਰੂਪ ਧਾਰਦਿਆਂ ਪੈਰਾਂ ਵਿੱਚ ਘੁੰਗਰੂ ਪਾ ਕੇ ਨੱਚਣ ਲੱਗ ਪਿਆ।
“ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ, ਤੇ ਇਸ਼ਕ-ਨਚਾਇਆ ਈ,
ਇਸ਼ਕਨ ਇਸ਼ਕਨ ਜੱਗ ਵਿੱਚ ਹੋਈਆਂ ਦੇਹ ਕਾਲਮ ਬਠਾਈਓ ਈ,
ਆ ਸੱਜਣ ਗਲ ਲੱਗ ਸਾਡੇ, ਕਿਹਾ ਝੇੜਾ ਲਾਈਓ ਈ।”
ਸਾਡੀਆਂ ਗੱਡੀਆਂ ਬੁੱਲ੍ਹੇ ਸ਼ਾਹ ਦੇ ਦਰਬਾਰ ਸਾਹਮਣੇ ਸੜਕ ਤੇ ਖੜ੍ਹੀਆਂ ਹੋ ਗਈਆਂ। ਬਾਬਾ ਬੁੱਲ੍ਹੇ ਸ਼ਾਹ ਦਾ ਮਜ਼ਾਰ ਕਸੂਰ ਦੇ ਇੱਕ ਭੀੜ-ਭੜੱਕੇ ਵਾਲੇ ਬਜ਼ਾਰ ਵਿੱਚ ਬਣਿਆ ਹੋਇਆ ਹੈ। ਮਜ਼ਾਰ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਕਬਰਾਂ ਬਣੀਆਂ ਹੋਈਆਂ ਹਨ। ਮੈਨੂੰ ਜੀ ਆਇਆਂ ਕਹਿਣ ਲਈ ਇਲਾਕੇ ਦਾ ਐਸ:ਡੀ:ਐਮ ਅਤੇ ਡੀ:ਐਸ:ਪੀ ਖੜ੍ਹੇ ਸਨ। ਪਹਿਲਾਂ ਉਹਨਾਂ ਨੇ ਮੈਨੂੰ ਚਾਹ-ਪਾਣੀ ਪਿਲਾਇਆ। ਡੀ:ਐਸ:ਪੀ: ਸੰਧੂ ਸੀ। ਉਸ ਨੇ ਮੈਨੂੰ ਪੁੱਿਛਆ, “ਸਰਦਾਰ ਸਾਹਿਬ ਤੁਹਾਡੇ ਵਾਲੇ ਪਾਸੇ ਵੀ ਸੰਧੂ ਹੁੰਦੇ ਹਨ।” “ਜੀ ਹਾਂ, ਸਾਡਾ ਅੰਮ੍ਰਿਤਸਰ ਜਿ਼ਲ੍ਹਾ ਸੰਧੂਆਂ ਨਾਲ ਭਰਿਆ ਪਿਆ ਹੈ”, ਉਸ ਨੇ ਮੋੜਵਾਂ ਸਵਾਲ ਕੀਤਾ, “ ਫਿ਼ਰ ਸਾਡੇ ਤੇ ਤੁਹਾਡੇ ਵਿੱਚ ਕੀ ਫ਼ਰਕ ਹੋਇਆ?” ਮੇਰੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ, “ਨਹੀਂ ਫ਼ਰਕ ਤੇ ਕੋਈ ਵੀ ਨਹੀਂ ਸਿਰਫ਼ ਸਿਆਸਤਦਾਨ ਤੇ ਧਾਰਮਿਕ ਜਨੂੰਨੀ ਪਾਣੀ ਤੇ ਡਾਂਗਾਂ ਮਾਰ ਕੇ ਅਲੱਗ ਕਰਨ ਲੱਗੇ ਹੋਏ ਹਨ।” ਮੇਰਾ ਜਵਾਬ ਸੁਣ ਕੇ ਡੀ:ਐਸ:ਪੀ ਠਹਾਕਾ ਮਾਰ ਕੇ ਹੱਸਿਆ।
ਦਰਬਾਰ ਦੇ ਸੱਜੇ ਪਾਸੇ ਇੱਕ ਪੱਕੜ ਉਮਰ ਦਾ ਬੰਦਾ ਹਰਮੋਨੀਅਮ ਫੜ੍ਹ ਕੇ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ।
“ਤੇਰੇ ਇਸ਼ਕ ਨਚਾਇਆ,
ਕਰ ਥਈਆ ਥਈਆ”
ਮੈਨੂੰ ਦੇਖਦਿਆਂ ਬਾਬੇ ਨੇ ਆਪਣੇ ਮੱਥੇ ਤੇ ਹੱਥ ਲਾ ਕੇ ਸਲਾਮ ਕੀਤਾ। ਅੱਗੇ ਵਧ ਕੇ ਮੈਂ ਬਾਬੇ ਦੇ ਹਰਮੋਨੀਅਮ ਤੇ ਸੌ ਦਾ ਨੋਟ ਰੱਖ ਦਿੱਤਾ। ਰੁਪਈਆ-ਰੁਪਈਆ, ਦੋ-ਦੋ ਰੁਪਈਏ ਮੰਗਣ ਵਾਲਾ ਬਾਬਾ ਸੌ ਦੇ ਨੋਟ ਨਾਲ ਨਿਹਾਲ ਹੋ ਗਿਆ। ਬਾਬਾ ਮੋਟੇ ਸ਼ੀਸਿ਼ਆਂ ਵਾਲੀ ਐਨਕ ਵਿੱਚੋਂ ਮੇਰੇ ਚਿਹਰੇ ਵੱਲ ਝਾਕ ਕੇ ਬੋਲਿਆ। “ਬੱਲੇ ਓਏ ਸਰਦਾਰੋ, ਵੱਡੀ ਗੱਲ ਏ, ਬੜੀ ਮੁੱਦਤ ਬਾਅਦ ਦਰਸ਼ਨ ਹੋਏ। ਬੜੀਆਂ ਮੁਹੱਬਤਾਂ ਸੀ, ਬੜੀਆਂ ਸਾਂਝਾਂ ਸੀ, ਅੱਛਾ ਬਈ ਅੱਲਾ ਤੈਨੂੰ ਇਹੋ ਮਨਜ਼ੂਰ ਸੀ।” ਸੰਤਾਲੀ ਦੀ ਵੰਡ ਨੂੰ ਯਾਦ ਕਰਕੇ ਬਾਬੇ ਨੇ ਠੰਢਾ ਹੌਕਾ ਲਿਆ। ਮੈਂ ਬਾਬੇ ਤੋਂ ਵਿਹਲਾ ਹੋ ਕੇ ਸਾਥੀਆਂ ਸਮੇਤ ਸਾਈਂ ਬੁੱਲ੍ਹੇ ਸ਼ਾਹ ਦੇ ਮਜ਼ਾਰ ਅੰਦਰ ਦਾਖ਼ਲ ਹੋਇਆ। ਸਾਈਂ ਜੀ ਦੀ ਕਬਰ ਦੇ ਸਾਹਮਣੇ ਖਲੋਤਿਆਂ ਅਗਰਬੱਤੀਆਂ ਦੀ ਖ਼ੁਸ਼ਬੂ ਨੇ ਮੇਰੇ ਅੰਦਰ ਇੱਕ ਅਜੀਬੋ –ਗ਼ਰੀਬ ਸਰੂਰ ਭਰ ਦਿੱਤਾ। ਮੈਂ ਓਸ ਪਾਕ ਜ਼ਮੀਨ ਤੇ ਖੜ੍ਹਾ ਸਾਂ ਜਿੱਥੇ ਪੰਜਾਬ ਦਾ ਓਹ ਸੂਫ਼ੀ ਫ਼ਕੀਰ ਦਫ਼ਨ ਸੀ ਜਿਸ ਨੇ ਦੇਸ਼ ਦੇ ਧਾਰਮਿਕ ਕੱਟੜ ਪੰਥੀਆਂ, ਵਿਦੇਸ਼ੀ ਹਮਲਾਵਰਾਂ ਤੋਂ ਪੱਥਰ ਦਿਲ ਰਾਜੇ-ਮਹਾਂਰਾਜਿਆਂ ਦੇ ਸਤਾਏ ਹਿੰਦੂ-ਸਿੱਖ, ਮੁਸਲਮਾਨਾਂ ਦੇ ਜ਼ਖ਼ਮਾਂ ਤੇ ਬੁੱਲ੍ਹ ਰੱਖ ਕੇ ਸਾਰੀ ਪੀੜਾ ਚੂਸਣ ਦੀ ਕੋਸਿ਼ਸ਼ ਕੀਤੀ। ਸਾਈਂ ਜੀ ਹਿੰਦੂ, ਸਿੱਖ, ਮੁਸਲਮਾਨ ਵਿੱਚ ਕੋਈ ਫ਼ਰਕ ਨਹੀਂ ਸਮਝਦੇ ਸਨ। ਸਾਈਂ ਜੀ ਨੇ ਲੋਕਾਂ ਦਾ ਦਰਦ ਪਛਾਣਦਿਆਂ ਕਿਹਾ:
“ਖੁੱਲ੍ਹਾ ਹਸ਼ਰ ਅਜ਼ਾਬ ਦਾ,
ਬੁਰਾ ਹਾਲ ਹੋਇਆ ਪੰਜਾਬ ਦਾ।”
ਮੌਲਵੀਆਂ ਦੀ ਬਣਾਈ ਸ਼ਰ੍ਹਾ ਨੂੰ ਬੁੱਲ੍ਹੇ ਸ਼ਾਹ ਨੇ ਕੁਫ਼ਰ ਦੱਸਿਆ।
“ਕਰਮ ਸ਼ਰ੍ਹਾ ਦੇ ਧਰਮ ਬਤਾਵਣ,
ਸੰਗਲ ਪਾਵਣ ਪੈਰੀਂ,
ਜਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ,
ਇਸ਼ਕ ਸ਼ਰ੍ਹਾ ਦਾ ਵੈਰੀ।”
ਬੁੱਲ੍ਹੇ ਸ਼ਾਹ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਸਤਿਗੁਰੂ ਨੂੰ ਗੁਰੂ ਤੇਗ ਬਹਾਦਰ ਗਾਜ਼ੀ ਕਹਿ ਕੇ ਵਡਿਆਇਆ ਹੈ। ਬਾਬਾ ਬੁੱਲ੍ਹੇ ਸ਼ਾਹ ਸਿੱਖਾਂ ਦੀ ਵਧਦੀ ਤਾਕਤ ਤੋਂ ਆਸਮੰਦ ਸੀ ਕਿ ਇਹ ਬਾਹਰਲੇ ਧਾੜਵੀਆਂ ਤੋਂ ਨਿਜਾਤ ਦਿਵਾਉਣਗੇ। ਅਸੀਂ ਸਾਰਿਆਂ ਨੇ ਸਰਬੱਤ ਦਾ ਭਲਾ ਮੰਗਣ ਲਈ ਅੱਖਾਂ ਮੀਟ ਕੇ ਹੱਥ ਉੱਚੇ ਕਰਦਿਆਂ ਦੁਆ ਮੰਗਣੀ ਸ਼ੁਰੂ ਕਰ ਦਿੱਤੀ। ਬਾਬਾ ਬੁੱਲ੍ਹੇ ਸ਼ਾਹ ਲਾਲ ਚਾਦਰ ਤਾਣ ਕੇ ਘੂਕ ਸੁੱਤਾ ਪਿਆ ਸੀ। ਮੈਨੂੰ ਮਹਿਸੂਸ ਹੋਇਆ ਜਿਵੇਂ ਸਾਡੀ ਦੁਆ ਨੇ ਬਾਬੇ ਨੂੰ ਕੱਚੀ ਨੀਂਦਰੇ ਜਗਾ ਦਿੱਤਾ ਤੇ ਉਹ ਖੜ੍ਹ ਹੋ ਕੇ ਮੇਰੇ ਕੰਨਾਂ ਵਿੱਚ ਖੁਸਰ-ਫੁਸਰ ਕਰਨ ਲੱਗ ਗਿਆ, “ਸ਼ਜ਼ਾਦੇ, ਜਦੋਂ ਬਾਬੇ ਨਾਨਕ ਦੇ ਦਰ ‘ਤੇ ਆਉਂਦਾ ਹੁੰਦਾ ਏਂ, ਏਧਰ ਵੀ ਚੱਕਰ ਲਾ ਜਾਇਆ ਕਰ, ਕਿਧਰੇ ਲੋਕੀਂ ਮੈਨੂੰ ਸਿੱਖ, ਮੁਸਲਮਾਨ ਤੇ ਹਿੰਦੂਆਂ ਦੇ ਚੱਕਰ ਵਿੱਚ ਵੰਡੀ ਤੇ ਨਹੀਂ ਬੈਠੇ? ਕੰਨ ਕਰ ਕੇ ਸੁਣ, ਮੈਂ ਗੱਲ ਪਹਿਲਾਂ ਹੀ ਨਿਬੇੜ ਦਿੱਤੀ ਨਾ ਹਿੰਦੂ ਨਾ ਪਿਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲ੍ਹਾ ਕੀ ਜਾਣੇ ਮੈਂ ਕੌਣ? ਤੇਰਾ ਆਉਣਾ ਮੈਨੂੰ ਬੜ੍ਹਾ ਈ ਚੰਗਾ ਲੱਗਿਆ। ਅੱਧੀ ਸਦੀ ਪਹਿਲਾਂ ਮੀਆਂ ਵਾਰਿਸ ਸ਼ਾਹ ਨੂੰ ਅੰ੍ਰਿਤਾ ਪ੍ਰੀਤਮ ਦਾ ਖ਼ਤ ਮਿਲਿਆ ਸੀ, ਹਾਲ ਮਾਲੂਮ ਹੋਇਆ ਸਾਰਾ ਕੁਝ ਸੁਣ ਕੇ ਸੀਨਾ ਛਲਣੀ ਹੋ ਗਿਆ, ਸ਼ਜ਼ਾਦੇ, ਅੱਗੇ ਤੇ ਕਦੇ ਐਨਾ ਅਨਰਥ ਨਹੀਂ ਸੀ ਹੋਇੱਆ। ਪੰਜਾਬ ਵਾਲੇ ਤਾਂ ਧਾੜਵੀਆਂ ਹੱਥੋਂ ਜਾਨ ਦੀ ਬਾਜ਼ੀ ਲਾ ਕੇ ਬਹੂ-ਬੇਟੀਆਂ ਆਜ਼ਾਦ ਕਰਵਾ ਕੇ ਮਾਣ-ਸਤਿਕਾਰ ਨਾਲ ਘਰ-ਘਰ ਪੁਚਾ ਕੇ ਆਉਂਦੇ ਸਨ। ਸੰਤਾਲੀ ਵਿੱਚ ਕਿਸ ਜ਼ੁਲਮੀ ਨੇ ਵਿਹੜੇ ਸੇਹ ਦਾ ਤੱਕਲਾ ਗੱਡਿਆ, ਆਪਣੀਆਂ ਅੰਮਾਂ ਜਾਈਆਂ ( ਪੰਜਾਬ ਦੀਆਂ ਧੀਆਂ) ਦੀ ਇੱਜ਼ਤ ਲੁੱਟਣ ਵਿੱਚ ਕਸਰ ਬਾਕੀ ਨਹੀਂ ਛੱਡੀ।”
“ਹਿੰਦੂ, ਮੁਸਲਮਾਨ, ਸਿੱਖ, ਤਿੰਨਾਂ ਦਾ ਖ਼ੂਨ ਸਫ਼ੈਦ ਹੋ ਗਿਆ।” ਮੈਂ ਵੀ ਸਾਈਂ ਜੀ ਦੀ ਗੱਲ ਦਾ ਹੁੰਗਾਰਾ ਭਰਦਿਆਂ ਗੁਜ਼ਾਰਿਸ਼ ਕੀਤੀ, “ਤੁਸੀਂਓਂ ਦੋਨੋਂ ਮੁਲਕਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ, ਇਹਨਾਂ ਤਾਜਦਾਰਾਂ ਕੋਲੋਂ ਲੋਕਾਂ ਦੀ ਜਾਨ ਸੁਖਾਲੀ ਹੋਵੇ, ਦੋਨੋਂ ਪਾਸੇ ਸੱਤਾ ਦੇ ਖਿਡਾਰੀ ਐਸੀਆਂ ਚਾਲਾਂ ਚੱਲਦੇ ਹਨ ਜਿਨ੍ਹਾਂ ਨਾਲ ਇਹਨਾਂ ਦੀਆਂ ਕੁਰਸੀਆਂ ਪੱਕੀਆਂ ਹੋ ਜਾਣ। ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ। ਦੋਨੇਂ ਪਾਸੇ ਹੱਡ ਭੰਨਵੀਂ ਮਿਹਨਤ ਕਰਨ ਵਾਲਿਆਂ ਦੀਆਂ ਬਾਹਾਂ ਗਲੇ ਲੱਗਣ ਲਈ ਉੱਲਰ ਰਹੀਆਂ ਹਨ, ਪਰ ਸਰਕਾਰਾਂ ਅਤੇ ਕੱਟੜਪੰਥੀਆਂ ਨੂੰ ਇਹ ਗੱਲਾਂ ਰਾਸ ਨਹੀਂ ਆਉਂਦੀਆਂ।” ਮੇਰੇ ਜਿਸਮ ਅੰਦਰ ਝੁਣ-ਝੁਣੀ ਜਿਹੀ ਛਿੜੀ ਤੇ ਮੇਰੇ ਲੂੰ ਖੜ੍ਹੇ ਹੋ ਗਏ। ਬਾਬਾ ਜੀ ਅੱਖ ਦੇ ਫੋਰ ਵਿੱਚ ਚਾਦਰ ਫਿ਼ਰ ਲਪੇਟ ਕੇ ਸੌਂ ਗਏ।
ਅਸੀਂ ਮਜ਼ਾਰ ਤੋਂ ਬਾਹਰ ਨਿਕਲੇ। ਹਰਮੋਨੀਅਮ ਵਾਲੇ ਭਾਈ ਨੇ ਮੈਨੂੰ ਦੇਖ ਕੇ ਦਰਦ ਭਰੀ ਆਵਾਜ਼ ਵਿੱਚ ਫਿ਼ਰ ਬੁੱਲ੍ਹੇ ਸ਼ਾਹ ਦਾ ਕਲਾਮ ਛੋਹਿਆ।
ਉੱਠ ਗਏ ਗਵਾਂਢੋਂ ਯਾਰ,
ਰੱਬਾ ਹੁਣ ਕੀ ਕਰੀਏ।
ਮੈਨੂੰ ਕਲਾਮ ਦੇ ਨਾਲੋਂ ਜਿ਼ਆਦਾ ਉਸ ਭਾਈ ਦੇ ਕਲੇਜੇ ਵਿੱਚੋਂ ਉੱਠੀ ਹੂਕ ਜਾਪੀ ਜੋ ਵਿਛੜੇ ਹਿੰਦੂ, ਸਿੱਖ ਭਰਾਵਾਂ ਦੇ ਉਦਰੇਵੇਂ ਦਾ ਪ੍ਰਛਾਵਾਂ ਸੀ। ਬਿਰਧ ਬਾਬੇ ਦੀ ਮਹਿੰਦੀ ਨਾਲ ਰੰਗੀ ਭੂਰੀ ਦਾਹੜੀ ਵਿੱਚ ਫਸੇ ਦੋ ਹੰਝੂ ਉਸ ਪੱਕੀ ਹੋਈ ਕਾਂਗੜ ਚਰੀ ਦੇ ਪੱਤਿਆਂ ਤੇ ਪਏ ਤਰੇਲ ਦੇ ਦੋ ਤੁਪਕੇ ਜਾਪੇ ਜਿਸ ਨੂੰ ਕਿਸਾਨ ਦੀ ਦਾਤੀ ਕਿਸੇ ਵੇਲੇ ਵੀ ਢਹਿ ਢੇਰੀ ਕਰ ਸਕਦੀ ਹੈ। ਉਸ ਨੇ ਮੈਲੀ ਜਿਹੀ ਪੱਗ ਦੇ ਲੜ ਨਾਲ ਅੱਖਾਂ ਪੂੰਝੀਆਂ ਤੇ ਸੜਾਕਾ ਮਾਰਿਆ। ਪਲ ਭਰ ਲਈ ਮੇਰੀਆਂ ਅੱਖਾਂ ਵੀ ਭਰ ਆਈਆਂ। ਤੁਰਨ ਲੱਗਿਆਂ ਡੀ:ਐਸ:ਪੀ ਸੰਧੂ ਨੇ ਘੁੱਟ ਕੇ ਜੱਫ਼ੀ ਪਾਈ। “ਵਿਛੜੇ ਭਰਾਵਾਂ ਨੂੰ ਮਿਲ ਕੇ ਵਕਤ ਬੜ੍ਹਾ ਸੋਹਣਾ ਗੁਜ਼ਰਿਆ” ਉਸ ਨੇ ਮੇਰੇ ਹੱਥ ਵਿੱਚ ਇੱਕ ਥੈਲਾ ਫੜ੍ਹਾਇਆ, ਜਿਸ ਵਿੱਚ ਕਸੂਰ ਦੀ ਮੇਥੀ ਦੇ ਕੁਝ ਪੈਕਟ ਸਨ। ਮੇਰੀ ਕਾਰ ਵਿੱਚੋਂ ਲਾਹੌਰ ਤੀਕ ਮੇਥੀ ਦੀ ਖ਼ੁਸ਼ਬੂ ਆਉਂਦੀ ਰਹੀ। ਅੱਜ ਵੀ ਜਦੋਂ ਮੈਨੂੰ ਬਾਬਾ ਬੁੱਲ੍ਹਾ ਸ਼ਾਹ ਦੀ ਫ਼ੇਰੀ ਯਾਦ ਆਉਂਦੀ ਹੈ, ਆਪਣੇ ਸਾਹਾਂ ਵਿੱਚੋਂ ਕਸੂਰ ਦੀ ਮੇਥੀ ਦੀ ਖ਼ੁਸ਼ਬੋ ਆਉਂਦੀ ਮਹਿਸੂਸ ਹੁੰਦੀ ਹੈ।

-0-
 

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346