Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ‘ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ‘ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ‘ਤੇ ਸਨਮਾਨ

 


ਯਾਦਾਂ ਦੇ ਬਾਲ-ਝਰੋਖੇ ‘ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ
- ਸੁਪਨ ਸੰਧੂ
 

 

ਸਾਡੇ ਪਿੰਡ ਸੁਰ ਸਿੰਘ ਤੋਂ ਅੰਮ੍ਰਿਤਸਰ ਤਕਰੀਬਨ ਵੀਹ ਮੀਲ ਦੀ ਦੂਰੀ’ਤੇ ਹੈ।ਮੇਰਾ ਆਪਣੇ ਮਾਤਾ ਪਿਤਾ ਨਾਲ ਓਥੇ ਜਾਣ ਦਾ ਸਬੱਬ ਤਕਰੀਬਨ ਮਹੀਨੇ ਜਾਂ ਦੋ ਮਹੀਨੇ ਪਿੱਛੋਂ ਬਣਦਾ ਹੀ ਰਹਿੰਦਾ। ਜਦੋਂ ਵੀ ਅਸੀਂ ਅੰਮ੍ਰਿਤਸਰ ਜਾਂਦੇ ਮੇਰੇ ਪਿਤਾ ਮੈਨੂੰ ਹਰ ਵਾਰ ਦਰਬਾਰ ਸਾਹਿਬ ਲੈ ਕੇ ਜਾਂਦੇ। ਇਸ ਲਈ ਮੇਰਾ ਦਰਬਾਰ ਸਾਹਿਬ ਨਾਲ ਪਿਆਰ ਪੈ ਜਾਣਾ ਸੁਭਾਵਿਕ ਹੀ ਸੀ।ਮੈਨੂੰ ਸੁਨਹਿਰੀ ਸੁਨਹਿਰੀ ਦਰਬਾਰ ਸਾਹਿਬ ਬਹੁਤ ਚੰਗਾ ਅਤੇ ਸਾਫ਼ ਸੁੱਥਰਾ ਲੱਗਦਾ।ਬਾਣੀ ਦਾ ਕੀਰਤਨ ਮੇਰੇ ਬਾਲ ਮਨ ਵਿਚ ਮਿੱਠੀਆਂ ਤਰੰਗਾਂ ਛੇੜਦਾ।ਸਰੋਵਰ ਦੀ ਝਿਲਮਿਲ ਅਤੇ ਉਸ ਵਿਚ ਤਰਦੀਆਂ ਮੱਛੀਆਂ ਮੇਰੇ ਲਈ ਸਵਰਗੀ ਝਾਕੀ ਹੁੰਦੀਆਂ।ਪਿਤਾ ਮੈਨੂੰ ਓਥੋਂ ਬਾਰੇ ਮੇਰੀ ਉਮਰ ਦੇ ਹਿਸਾਬ ਨਾਲ ਜਾਣਕਾਰੀ ਦਿੰਦੇ ਰਹਿੰਦੇ।ਇਹ ਸ੍ਰੀ ਅਕਾਲ ਤਖ਼ਤ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠ ਕੇ ਆਪਣੇ ਸਿੱਖਾਂ ਦੇ ਸਰੀਰਕ ਕਰਤੱਵ ਵੇਖਦੇ।ਉਹਨਾਂ ਦੱਸਿਆ ਕਿ ਇਸ ਅਕਾਲ ਤਖ਼ਤ ਨਾਲ ਸਾਡਾ ਨਾਤਾ ਗੁਰੂ ਦੇ ਸਿੱਖ ਹੋਣ ਕਰਕੇ ਤਾਂ ਹੈ ਹੀ ਸਗੋਂ ਇਸ ਕਰ ਕੇ ਵੀ ਹੈ ਕਿ ਇਸ ਤਖ਼ਤ ਉੱਤੇ ਜਦੋਂ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਵਿਚ ਲੜਨ ਮਰਨ ਦਾ ਜੋਸ਼ ਪੈਦਾ ਕਰਨ ਲਈ ਢਾਡੀ ਵਾਰਾਂ ਦਾ ਗਾਇਨ ਕਰਵਾਇਆ ਸੀ ਤਾਂ ਸਾਡੇ ਪਿੰਡ ਸੁਰ ਸਿੰਘ ਦੇ ਢਾਡੀ ਨੱਥਾ ਅਤੇ ਅਬਦੁੱਲਾ ਨੇ ਸਭ ਤੋਂ ਪਹਿਲਾਂ ਏਥੇ ਵਾਰਾਂ ਦਾ ਗਾਇਨ ਕੀਤਾ ਸੀ।ਜਦੋਂ ਮੈਨੂੰ ਮੇਰੇ ਪਿਤਾ ਇਹ ਦੱਸ ਰਹੇ ਸਨ ਉਦੋਂ ਅਕਾਲ ਤਖ਼ਤ ਦੇ ਸਾਹਮਣੇ ਇੱਕ ਢਾਡੀ ਜਥਾ ਜੋਸ਼ੀਲੀਆਂ ਵਾਰਾਂ ਦਾ ਗਾਇਨ ਕਰ ਰਿਹਾ ਸੀ।ਮੈਨੂੰ ਲੱਗਾ ਜਿਵੇਂ ਉਹਨਾਂ ਵਿਚ ਨੱਥਾ ਅਤੇ ਅਬਦੁੱਲਾ ਹੋਣ।ਅਕਾਲ ਤਖ਼ਤ ਮੈਨੂੰ ਹੋਰ ਵੀ ਚੰਗਾ ਅਤੇ ਆਪਣਾ ਲੱਗਣ ਲੱਗਾ।
ਇਹ ਅਕਾਲ ਪੁਰਖ਼ ਦਾ ਤਖ਼ਤ ਸੀ ਜਿਸ ਨੇ ਦੁਨਿਆਵੀ ਤਖ਼ਤਾਂ ਵਾਲਿਆਂ ਨਾਲ ਟੱਕਰ ਲਈ।ਲੋਕ ਇਹ ਵੀ ਕਹਿ ਰਹੇ ਸਨ ਕਿ ਇਸ ਤਖ਼ਤ ਤੋਂ ਹੁਣ ਭਿੰਡਰਾਂਵਾਲੇ ਸੰਤ ਦਿੱਲੀ ਦੇ ਤਖ਼ਤ ਨਾਲ ਟੱਕਰ ਲੈ ਰਹੇ ਸਨ।ਇੱਕ ਸੱਜਣ ਮੇਰੇ ਪਿਤਾ ਨਾਲ ਗੱਲ ਕਰਨ ਲੱਗੇ ਕਿ ਸੰਤਾਂ ਨੇ ਅਕਾਲ ਤਖ਼ਤ ‘ਤੇ ਆ ਕੇ ਚੰਗਾ ਨਹੀਂ ਕੀਤਾ।ਇੰਜ ਸਰਕਾਰ ਨੂੰ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਮੌਕਾ ਅਤੇ ਬਹਾਨਾ ਮਿਲ ਜਾਵੇਗਾ।ਮੇਰੇ ਪਿਤਾ ਵੀ ਇਹਨਾਂ ਹੀ ਵਿਚਾਰਾਂ ਦੇ ਸਨ।ਇਸ ਕਰ ਕੇ ਇਹੋ ਜਿਹੀਆਂ ਗੱਲਾਂ ਅਕਸਰ ਹੁੰਦੀਆਂ ਰਹਿਣ ਕਰ ਕੇ ਮੈਨੂੰ ਯਾਦ ਹਨ।
ਮੇਰੇ ਪਿਤਾ ਨੇ ਹੀ ਮੈਨੂੰ ਦੱਸਿਆ ਕਿ ਇਹ ਲਾਚੀ ਬੇਰ ਹੈ,ਜਿਸ ਨਾਲ ਮੱਸੇ ਰੰਘੜ ਦਾ ਸਿਰ ਵੱਢਣ ਆਏ ਸੂਰਮਿਆਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਘੋੜੇ ਬੱਧੇ ਸਨ।ਇਹ ਬਾਬੇ ਬੁੱਢੇ ਦੀ ਬੇਰ ਹੈ,ਜਿਸ ਹੇਠਾਂ ਬੈਠ ਕੇ ਉਹ ਇਸ ਅਸਥਾਨ ਦੀ ਸੇਵਾ ਕਰਵਾਉਂਦੇ ਸਨ।ਇਹ ਹੈ ਦੁਖਭੰਜਨੀ ਬੇਰੀ,ਜਿੱਥੇ ਰਜਨੀ ਦਾ ਪਿੰਗਲਾ ਪਤੀ ਅੰਮ੍ਰਿਤਮਈ ਛਪੜੀ ਵਿਚ ਇਸ਼ਨਾਨ ਕਰਨ ਤੋਂ ਪਿੱਛੋਂ ਨੌ ਬਰ ਨੌ ਹੋ ਕੇ ਬੈਠਾ ਸੀ।ਇਹ ਹੈ ਬਾਬਾ ਦੀਪ ਸਿੰਘ ਦਾ ਅਸਥਾਨ ਜਿੱਥੇ ਉਸਦਾ ਸੀਸ ਆ ਕੇ ਪਰਿਕਰਮਾਂ ਵਿਚ ਡਿੱਗਾ ਸੀ!
ਸਿੱਖ ਧਰਮ ਨਾਲ ਮੇਰੀ ਜਾਣਕਾਰੀ ਏਥੇ ਆ ਕੇ ਹਰ ਵਾਰ ਨਵਿਆਈ ਜਾਂਦੀ।ਮੇਰਾ ਬਾਲ ਮਨ ਕਲਪਨਾ ਵਿਚ ਇਤਿਹਾਸ ਦੇ ਉਹਨਾਂ ਪਲਾਂ ਵਿਚ ਵਿਚਰਨ ਲੱਗਦਾ ਜਿੰਨ੍ਹਾਂ ਦੇ ਦਰਸ਼ਨ ਕੇਂਦਰੀ ਸਿੱਖ ਅਜਾਇਬ ਘਰ ਦੀਆਂ ਤਸਵੀਰਾਂ ਵੀ ਕਰਵਾਉਂਦੀਆਂ ਸਨ।
ਅਸੀਂ ਕਦੇ ਵੀ ਲੰਗਰ ਛਕੇ ਬਿਨਾਂ ਵਾਪਸ ਨਾ ਆਉਂਦੇ।
ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤੂਤੀ ਬੋਲਦੀ ਸੀ।ਦਰਬਾਰ ਸਾਹਿਬ ਦੇ ਬਾਹਰ ਹਰ ਦੁਕਾਨ ਤੋਂ ਭਿੰਡਰਾਂਵਾਲੇ ਦੇ ਲੈਕਚਰਾਂ ਦੀਆਂ ਟੇਪਾਂ ਅਤੇ ਕਿਤਾਬਾਂ ਦੀ ਵਿਕਰੀ ਗਰਮ ਪਕੌੜਿਆਂ ਵਾਂਗ ਹੁੰਦੀ ਸੀ।ਮੇਰੇ ਡੈਡੀ ਨੇ ਵੀ ਉਸਦੀ ਕੋਈ ਨਾ ਕੋਈ ਟੇਪ ਜਾਂ ਕਿਤਾਬ ਜ਼ਰੂਰ ਲੈ ਲੈਣੀ।ਭਾਵੇਂ ਉਹ ਖ਼ੁਦ ਭਿੰਡਰਾਂਵਾਲੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ ਪਰ ਫਿ਼ਰ ਵੀ ਹਰ ਪੱਖ ਦੇ ਆਗੂ ਦੇ ਵਿਚਾਰ ਪੜ੍ਹਦੇ ਅਤੇ ਸੁਣਦੇ ਸਨ।ਘਰ ਜਾ ਕੇ ਜਦੋਂ ਉਹਨਾਂ ਟੇਪ ਲਾਉਣੀ ਤਾਂ ਨਾਲ ਟਿੱਪਣੀਆਂ ਵੀ ਕਰਨੀਆਂ ਕਿ ‘ਵੇਖੋ ਇਹ ਸੰਤ ਜਦੋਂ ਇਹ ਕਹਿੰਦਾ ਹੈ ਕਿ ‘ਛੱਲੀ ਰਾਮ ਤੁੱਕੀ ਰਾਮ ਤਾਂ ਸਿੰਘੋ ਤੁਹਾਨੂੰ ਕੱਲ੍ਹੇ ਕੱਲ੍ਹੇ ਨੂੰ ਮਸਾਂ ਤੀਹ ਤੀਹ ਆਉਣੇ ਹਨ’ ਤਾਂ ਕੀ ਇਹ ਉਸ ਗੁਰੂ ਦੀ ਸਿੱਖੀ ਦਾ ਸਿਧਾਂਤ ਪੇਸ਼ ਕਰ ਰਿਹਾ ਹੈ ,ਜਿਸ ਨੇ ਹਿੰਦੂ ਧਰਮ ਦੀ ਰਾਖੀ ਲਈ ਸੀਸ ਵਾਰ ਦਿੱਤਾ ਸੀ!’ਮੇਰੀ ਮਾਂ ਉਹਨਾਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਵਰਜਦੀ ਕਿਉਂਕਿ ਉਹਨਾਂ ਦਿਨਾਂ ਵਿਚ ਭਿੰਡਰਾਂ ਵਾਲੇ ਦੀ ਬੜੀ ਦਹਿਸ਼ਤ ਸੀ।
ਫਿਰ ਅਚਾਨਕ ਇੱਕ ਦਿਨ ਸਾਡੇ ਪਿੰਡ ਵਿੱਚ ਕਰਫਿਊ ਲੱਗ ਗਿਆ।ਮੈਨੂੰ ਸਮਝਾਇਆ ਗਿਆ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਭਿੰਡਰਾਂਵਾਲੇ ਨੂੰ ਫੜਨ ਲਈ ਹਮਲਾ ਕਰ ਦਿੱਤਾ ਹੈ।ਜਿਸ ਕਰਕੇ ਪੂਰੇ ਪੰਜਾਬ ਵਿੱਚ ਕਰਫਿ਼ਊ ਲੱਗਾ ਹੋਇਆ ਹੈ।ਇਹ ਵੀ ਪਤਾ ਲੱਗਾ ਕਿ ਫੌਜ ਨੇ ਅਕਾਲ ਤਖ਼ਤ ਢਾਹ ਦਿੱਤਾ ਹੈ ਅਤੇ ਦਰਬਾਰ ਸਾਹਿਬ ਵਿਚ ਗੋਲੀਆਂ ਲੱਗੀਆਂ ਹਨ।ਮੇਰੀ ਮਾਂ ਵਿਲਕਦੀ ਕਿ ਕਦੋਂ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ।ਮੇਰੇ ਮਨ ਵਿਚ ਵੀ ਸੀ ਕਿ ਵੇਖਾਂ ਤਾਂ ਸਹੀ ਕਿ ਹੁਣ ਉਥੋਂ ਦੀ ਝਾਕੀ ਕਿਹੋ ਜਿਹੀ ਲੱਗਦੀ ਹੈ।ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਤਲਬ ਤਾਂ ਪੰਜਾਬ ਦੇ ਬੱਚੇ ਬੱਚੇ ਦੇ ਮਨ ਵਿਚ ਜਾਗ ਪਈ ਸੀ। ਇੱਕ ਦਿਨ ਕੁਝ ਚਿਰ ਲਈ ਜਦੋਂ ਕਰਫਿ਼ਊ ਹਟਾਇਆ ਗਿਆ ਤਾਂ ਮੈਨੂੰ ਮੇਰੇ ਪਿਤਾ ਅੰਮ੍ਰਿਤਸਰ ਲੈ ਕੇ ਗਏ।ਮੇਰੀ ਮਾਤਾ ਵੀ ਨਾਲ ਸੀ ਅਤੇ ਮੇਰੀ ਵੱਡੀ ਭੈਣ ਵੀ। ਦਰਬਾਰ ਸਾਹਿਬ ਤੋਂ ਕਰਫਿਊ ਹਟੇ ਹੋਣ ਦੀ ਖ਼ਬਰ ਬਹੁਤੇ ਲੋਕਾਂ ਨੂੰ ਨਹੀਂ ਸੀ ਮਿਲੀ।ਅਸੀਂ ਕੁਝ ਇੱਕ ਜਣੇ ਹੀ ਸਾਂ। ਮੈਨੂੰ ਸਾਫ਼ ਸਪਸ਼ਟ ਯਾਦ ਹੈ ਕਿ ਅਸੀਂ ਜਿੰਨ੍ਹਾਂ ਚਹਿਲ ਪਹਿਲ ਵਾਲੇ ਬਾਜ਼ਾਰਾਂ ਵਿਚੋਂ ਲੰਘ ਕੇ ਦਰਬਾਰ ਸਾਹਿਬ ਜਾਇਆ ਕਰਦੇ ਸਾਂ ਉਹ ਮਲਬੇ ਦਾ ਢੇਰ ਬਣੇ ਹੋਏ ਸਨ।ਥਾਂ ਥਾਂ ਉੱਤੇ ਫੌਜੀ ਤਾਇਨਾਤ ਸਨ।ਆਪਣੇ ਮਾਂ ਬਾਪ ਵਾਂਗ ਹੀ ਮੇਰੇ ਮਨ ਵਿਚ ਦਰਬਾਰ ਸਾਹਿਬ ਦੀ ਝਲਕ ਵੇਖਣ ਦੀ ਬਿਹਬਲਤਾ ਸੀ।ਅਸੀਂ ਫੌਜੀਆਂ ਦੀ ਆਗਿਆ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੇ ਪਾਸਿਓਂ ਕਿਸੇ ਦੇ ਘਰ ਦੀ ਛੱਤ ਉੱਤੇ ਚੜ੍ਹੇ ਤਾਂ ਕੀ ਵੇਖਦੇ ਹਾਂ ਅਕਾਲ ਤਖ਼ਤ ਮਲਬੇ ਦਾ ਢੇਰ ਬਣਿਆਂ ਹੋਇਆ ਸੀ।ਦਰਸ਼ਨੀ ਡਿਓੜ੍ਹੀ ਵਿਚ ਵੱਜੇ ਟੈਂਕ ਦੇ ਗੋਲਿਆਂ ਨੇ ਮਘੋਰੇ ਕੀਤੇ ਹੋਏ ਸਨ।ਮੇਰੀ ਮਾਂ ਸਦਾ ਏਥੇ ਆ ਕੇ ਸੁੱਖਣਾ ਸੁੱਖਦੀ ਸੀ।ਉਸਦਾ ਵਿਸ਼ਵਾਸ ਸੀ ਕਿ ਗੁਰੂ ਮਹਾਂਰਾਜ ਸਰਵ- ਸ਼ਕਤੀ ਮਾਨ ਹਨ ਅਤੇ ਸਭ ਦਾ ਕੰਮ ਸਵਾਰਦੇ ਹਨ।ਮੇਰੇ ਮਨ ਵਿਚ ਵੀ ਇਹ ਭਾਵ ਬੈਠੇ ਹੋਏ ਸਨ। ਅੱਜ ਜਦੋਂ ਮੈਂ ਸਦਾ ਸ਼ਰਧਾਲੂਆਂ ਦੀਆਂ ਭੀੜਾਂ ਅਤੇ ਸੰਗੀਤ ਦੀਆਂ ਧੁਨਾਂ ਨਾਲ ਗੂੰਜਦਾ ਰਹਿਣ ਵਾਲਾ ਦਰਬਾਰ ਸਾਹਿਬ ਵੇਖਿਆ ਤਾਂ ਮੇਰੇ ਕਲੇਜੇ ਨੂੰ ਹੌਲ ਜਿਹਾ ਪਿਆ। ਅੱਜ ਦਾ ਦ੍ਰਿਸ਼ ਪਹਿਲਾਂ ਦੇ ਮੇਰੇ ਜਿ਼ਹਨ ਵਿਚਲੇ ਦਰਬਾਰ ਸਾਹਿਬ ਤੋਂ ਬਿਲਕੁਲ ਵੱਖਰਾ ਅਤੇ ਖ਼ੌਫ਼ਨਾਕ ਸੀ। ਨਾ ਹੀ ਮਧੁਰ ਗੁਰਬਾਣੀ ਦੀਆਂ ਆਵਾਜ਼ਾਂ ਸਨ ਅਤੇ ਨਾ ਹੀ ਪਰਿਕਰਮਾ ਵਿੱਚ ਸ਼ਰਧਾਲੂਆਂ ਦੀ ਚਹਿਲ ਪਹਿਲ।ਫੌਜ ਗੁੰਬਦਾਂ ਉੱਪਰ ਅਤੇ ਹਰ ਕੋਨੇ ਵਿੱਚ ਕੀੜੀਆਂ ਵਾਂਗ ਮੌਜੂਦ ਸੀ।। ਮੈਨੂੰ ਇਹ ਸਭ ਕੁਝ ਬਹੁਤ ਅਜੀਬ ਲੱਗ ਰਿਹਾ ਸੀ।ਮੇਰੇ ਮਨ ਵਿਚ ਇਹ ਵੀ ਆ ਰਿਹਾ ਸੀ ਕਿ ਮੇਰੀ ਮਾਂ ਦੇ ਕਹਿਣ ਮੁਤਾਬਕ ਸਰਵਸ਼ਕਤੀਮਾਨ ਗੁਰੂ ਮਹਾਂਰਾਜ ਨੇ ਆਪਣੀ ਰੱਖਿਆ ਕਿਉਂ ਨਾ ਕੀਤੀ!ਬੱਚਾ ਸਾਂ ਨਾ!
ਮੈਨੂੰ ਮਨ ਹੀ ਮਨ ਵਿੱਚ ਫੌਜ ਤੋਂ ਡਰ ਲੱਗ ਰਿਹਾ ਸੀ। ਡਰ ਮੈਨੂੰ ਇਸ ਕਰਕੇ ਲੱਗ ਰਿਹਾ ਸੀ ਕਿ ਇਹਨਾਂ ਫੌਜੀਆਂ ਨੇ ਸੰਤ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਨੂੰ ਮਾਰ ਦਿੱਤਾ ਹੈ ਜਿਸ ਤੋਂ ਅੰਦਰੇ ਅੰਦਰ ਮੈਨੂੰ ਵੀ ਡਰ ਆਉਂਦਾ ਹੁੰਦਾ ਸੀ।ਅੱਜ ਸੋਚਦਾ ਹਾਂ ਕਿ ਜਿਹਨਾਂ ਤੋਂ ਤੁਹਾਨੂੰ ਡਰ ਆਵੇ ਕੀ ਉਹਨਾਂ ਆਗੂਆਂ ਨਾਲ ਤੁਹਾਨੂੰ ਮੁਹੱਬਤ ਹੋ ਸਕਦੀ ਹੈ!ਸੱਚੀ ਗੱਲ ਹੈ ਉਦੋਂ ਪੁਲਿਸ ਅਤੇ ਫੌਜ ਤੋਂ ਵੀ ਡਰ ਲੱਗਦਾ ਸੀ ਅਤੇ ਸੰਤ ਭਿੰਡਰਾਂਵਾਲੇ ਤੋਂ ਵੀ।ਅਸੀਂ ਡਰ ਦੀ ਕੁੜਿੱਕੀ ਵਿਚ ਸਾਂ। ਇਹ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਉਸ ਵੇਲੇ ਦੀ ਮਾਨਸਿਕਤਾ ਬਿਆਨ ਕਰ ਰਿਹਾ ਹਾਂ।ਹੋਰ ਲੋਕ ਹੋਰ ਤਰ੍ਹਾਂ ਵੀ ਸੋਚਦੇ ਹੋ ਸਕਦੇ ਹਨ।
ਮੇਰੇ ਪਿਤਾ ਨੇ ਮੇਰਾ ਡਰ ਭਾਂਪ ਲਿਆ ਸੀ।ਉਹਨਾਂ ਨੇ ਇੱਕ ਸਰਦਾਰ ਫੌਜੀ ਨੂੰ ਕਿਹਾ ਕਿ ਮੁੰਡੇ ਨੂੰ ਜ਼ਰਾ ਥਾਪੀ ਦੇ ਦਿਓ, ਫੌਜ ਨੂੰ ਵੇਖ ਕੇ ਜ਼ਰਾ ਡਰਦਾ ਹੈ।ਉਸ ਫੌਜੀ ਨੇ ਡੈਡੀ ਦੀ ਗੱਲ ਸੁਣ ਕੇ ਮੈਨੂੰ ਜੱਫੀ ਵਿੱਚ ਲੈ ਕੇ ਪਿਆਰ ਕੀਤਾ। ਇਸੇ ਨਾਲ ਮੇਰਾ ਡਰ ਕੁਝ ਹੱਦ ਤੱਕ ਦੂਰ ਵੀ ਹੋ ਗਿਆ।
“ਇਹਨਾਂ ਦਾ ਆਪਣੇ ਗੁਰੂ ਘਰ ਵੱਲ ਗੋਲੀਆਂ ਚਲਾਉਣ ਦਾ ਕਿਵੇਂ ਹੌਂਸਲਾ ਪਿਆ ਹੋਵੇਗਾ!”ਪਿਤਾ ਨੇ ਹੌਲੀ ਜਿਹੇ ਮੇਰੀ ਮਾਂ ਨੂੰ ਕਿਹਾ।
ਮੈਂ ਵੇਖਿਆ ਕਿ ਮੇਰੇ ਪਿਤਾ ,ਜੋ ਆਪਣੇ ਆਪ ਨੂੰ ਨਾਸਤਿਕ ਆਖਦੇ ਅਤੇ ਸਮਝਦੇ ਹਨ,ਦੇ ਬੋਲ ਭਰੜਾਏ ਹੋਏ ਸਨ।ਉਹਨਾਂ ਦੀ ਆਵਾਜ਼ ਭਿੱਜੀ ਹੋਈ ਸੀ।ਦੋ ਮੋਟੇ ਅੱਥਰੂ ਉਹਨਾਂ ਦੀਆਂ ਪਲਕਾਂ ਤੋਂ ਡਿੱਗਣ ਡਿੱਗਣ ਕਰਦੇ ਸਨ।
“ਲੈ ਵੇਖ ਲੈ ਕਹਿੰਦੀ ਸੈਂ ਮੈਂ ਅਕਾਲ ਤਖ਼ਤ ਵੇਖਣਾ ਏਂ।ਵੇਖ ਲੈ ਆਪਣਾ ਅਕਾਲ ਤਖ਼ਤ!”ਉਹਨਾਂ ਨੇ ਜਿਵੇਂ ਮੇਰੀ ਮਾਂ ਨੂੰ ਉਲਾਹਮਾਂ ਦਿੱਤਾ ਹੋਵੇ!ਉਹ ਰੁਮਾਲ ਨਾਲ ਅੱਥਰੂ ਪੂੰਝਣ ਲੱਗੇ।ਮੇਰਾ ਪਿਤਾ ਰੋ ਵੀ ਸਕਦਾ ਹੈ ਇਹ ਵੇਖ ਕੇ ਮੇਰੇ ਬਾਲ ਮਨ ਨੂੰ ਕੁਝ ਕੁਝ ਹੋਣ ਲੱਗਾ।ਮੈਂ ਤਾਂ ਸਦਾ ਸਮਝਦਾ ਰਿਹਾ ਸਾਂ ਕਿ ਮੇਰਾ ਪਿਤਾ ਬੜਾ ਬਹਾਦਰ ਹੈ ਪਰ ਉਹ ਤਾਂ ਇਹ ਦ੍ਰਿਸ਼ ਵੇਖ ਕੇ ਬਾਲਾਂ ਵਾਂਗ ਰੋ ਪਿਆ ਸੀ।
ਪਿਤਾ ਨੇ ਜਦੋਂ ਮੈਨੂੰ ਹੈਰਾਨੀ ਨਾਲ ਆਪਣੇ ਵੱਲ ਵੇਖਦਾ ਤੱਕਿਆ ਤਾਂ ਮੁਸਕਰਾ ਕੇ ਮੈਨੂੰ ਕੁੱਛੜ ਚੁੱਕ ਲਿਆ ਅਤੇ ਕਹਿਣ ਲੱਗੇ, “ਡਰ ਨਾ ਮੇਰੇ ਬਹਾਦਰ ਪੁੱਤ !ਔਸ ਅਕਾਲ ਤਖ਼ਤ ਉੱਤੇ ਆਪਣੇ ਪਿੰਡ ਦੇ ਢਾਡੀਆਂ ਨੇ ਬਹਾਦਰੀ ਦੀਆਂ ਵਾਰਾਂ ਗਾਈਆਂ ਸਨ।”
ਅੱਜ ਸੋਚਦਾ ਹਾਂ ਕਿ ਗੁੰਬਦਾਂ ‘ਤੇ ਚੜ੍ਹੇ ਫੌਜੀ ਮੇਰੇ ਪਿਤਾ ਦਾ,ਢਾਡੀਆਂ ਦਾ ਅਤੇ ਪੰਜਾਬੀਆਂ ਦੀ ਬਹਾਦਰੀ ਦਾ ਮਜ਼ਾਕ ਉਡਾ ਰਹੇ ਸਨ।ਭਾਵੇਂ ਕਿ ਆਪਣਾ ਮਜ਼ਾਕ ਆਪ ਬਣਾਉਣ ਵਿਚ ‘ਸਾਡਾ ਆਪਣਾ ਵੀ ਬਹੁਤ ਹਿੱਸਾ ਸੀ’।

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346