ਬੜੀ ਜਿੰ਼ਦਾਦਿਲ ਤੇ ਰੂਹਦਾਰ ਕੌਮ
ਹੈ ਪੰਜਾਬੀਆਂ ਦੀ। ਦਿਲ ਦੀਆਂ ਧੁਰ ਡੁੰਘਾਣਾਂ ਤੋਂ ਇਹ ਠਹਾਕੇ ਮਾਰ ਕੇ ਹੱਸਦੇ ਨੇ।
ਹੱਸਦਿਆਂ ਹੱਸਦਿਆਂ ਦੂਜਿਆਂ ਦੀ ਠੁਕਾਈ ਵੀ ਕਰੀ ਜਾਂਦੇ ਨੇ ਤੇ ਆਪਣੇ ਆਪ ਦਾ ਮੌਜੂ ਉਡਾਉਣ
ਵਿਚ ਵੀ ਕੋਈ ਹਾਣਤ ਨਹੀਂ ਸਮਝਦੇ। ਹਾਸਾ-ਠੱਠਾ ਕਰਨਾ ਤੇ ਸਹਿਣਾ ਪੰਜਾਬੀਆਂ ਦੀ ਰਾਂਗਲੀ
ਪਛਾਣ ਹੈ। ਇਹਨਾਂ ਦੇ ਬੋਲਾਂ ਵਿਚ ਰਮਜ਼ਾਂ ਵੀ ਹੁੰਦੀਆਂ ਨੇ, ਵਿਅੰਗ ਦੀ ਚਾਸ਼ਨੀ ਵੀ ਹੁੰਦੀ
ਹੈ ਤੇ ਵੱਖੀਆਂ ਤੋੜਨ ਵਾਲਾ ਖੁੱਲ੍ਹ-ਖੁਲਾਸਾ ਹਾਸਾ ਵੀ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ
ਹਾਸ-ਵਿਅੰਗ ਪੰਜਾਬੀਆਂ ਦੇ ਸਾਹਾਂ ਵਿਚ ਧੜਕਦਾ ਹੈ ਓਥੇ ਲਿਖਤੀ ਸਾਹਿਤ ਵਿਚ ਓਨੀ ਉੱਤਮਤਾ
ਨਾਲ ਇਸਦੇ ਦੀਦਾਰ ਨਹੀਂ ਹੁੰਦੇ। ਪੰਜਾਬੀ ਦਾ ਬਹੁਤਾ ਹਾਸ-ਵਿਅੰਗ ਸਾਹਿਤ ਸਤਹੀ ਕਿਸਮ ਦਾ ਹੈ
ਤੇ ਇਹ ਮੋਟੇ-ਠੁਲ੍ਹੇ ਜਿਹੇ ਹਾਸ ਰਸ ਰਾਹੀਂ ਸਸਤਾ ਦਿਲ-ਪਰਚਾਵਾ ਕਰਨ ਦਾ ਸਾਧਨ ਮਾਤਰ ਰਿਹਾ
ਹੈ। ਅਤਿਕਥਨੀ ਦੀ ਸ਼ੈਲੀ ਵਿਚ ਮਨੁੱਖੀ ਬੁਰਾਈਆਂ ‘ਤੇ ਹਸਾਉਣੀ ਚੋਟ ਕਰਦਿਆਂ ਪਾਠਕ ਨੂੰ
ਚਲਾਵੀਂ ਜਿਹੀ ਖੁਸ਼ੀ ਦੇਣਾ ਹੀ ਇਸ ਦਾ ਉਦੇਸ਼ ਰਿਹਾ ਹੈ। ਵਧੀਆ ਹਾਸ-ਵਿਅੰਗ ਲਿਖਣ ਵਾਲੇ
ਲੇਖਕ ਪੰਜਾਬੀ ਵਿਚ ਬਹੁਤ ਵਿਰਲੇ ਹਨ। ਗੁਰਦਾਸ ਮਿਨਹਾਸ ਇਹਨਾਂ ਵਿਰਲੇ ਲੇਖਕਾਂ ਵਿਚੋਂ ਹੈ।
ਮੈਂ ਗੁਰਦਾਸ ਮਿਨਹਾਸ ਨੂੰ ਟਰਾਂਟੋ ਦੇ ਸਾਹਿਤਕ ਅਦਾਰੇ ‘ਕਲਮਾਂ ਦਾ ਕਾਫਿ਼ਲਾ’ ਵਿਚ ਮਿਲਿਆ।
ਉਹ ਕਾਫਿ਼ਲੇ ਦਾ ‘ਖ਼ਜ਼ਾਨਾ ਮੰਤ੍ਰੀ’ ਸੀ। ਹਰ ਵਾਰ ਮੀਟਿੰਗ ਵਿਚ ਆਏ ਮੈਂਬਰਾਂ ਨੂੰ
ਤਾਜ਼ਾ-ਦਮ ਕਰਨ ਲਈ ਉਹ ਚਾਹ, ਵੇਸਣ ਅਤੇ ਗਰਮਾ-ਗਰਮ ਸਮੋਸਿਆਂ ਦਾ ਪ੍ਰਬੰਧ ਕਰਦਾ। ਮੀਟਿੰਗ
ਦੇ ਅਖ਼ੀਰ ਵਿਚ ਸਾਰੇ ਬਹਿਸ-ਮੁਬਹਿਸੇ ਦਾ ਭਾਰ ਮਨ-ਮਸਤਕ ਤੋਂ ਲਾਹ ਕੇ ਤੇ ਹੌਲੇ ਫੁੱਲ ਹੋ
ਕੇ ਘਰ ਜਾਣ ਲਈ ਤਿਆਰ ਕਰਨ ਵਾਸਤੇ ਮਿਨਹਾਸ ਨੂੰ ਆਪਣੀ ਨਜ਼ਮ ਸੁਨਾਉਣ ਦੀ ਬੇਨਤੀ ਕੀਤੀ
ਜਾਂਦੀ। ਉਹ ਬੜੇ ਸਹਿਜ ਭਾਵ ਨਾਲ ਕਵਿਤਾ ਆਰੰਭ ਕਰਦਾ। ਹੌਲੀ ਹੌਲੀ ਮਹਿਫ਼ਲ ਵਿਚ ਰੰਗ ਭਰਨ
ਲੱਗਦਾ। ਅਸੀਂ ਉਸਦੀ ਕਵਿਤਾ ਸੁਣਦੇ। ਉਹਦੇ ਬੋਲਾਂ ਦੀ ਰੌਸ਼ਨੀ ਵਿਚ ਅਸੀਂ ਸਾਰੇ ਸੰਸਾਰ ਵਿਚ
ਵਿਆਪਤ ਸੰਕਟਾਂ-ਸਰੋਕਾਰਾਂ ਦੇ ਰੂਬਰੂ ਵੀ ਹੋਈ ਜਾਂਦੇ ਤੇ ਆਪਣੇ ਅੰਦਰ ਵੀ ਝਾਤੀ ਮਾਰੀ
ਜਾਂਦੇ। ਕੌੜੀ ਹਕੀਕਤ ਦਾ ਭਾਰ ਵੀ ਚੁੱਕੀ ਜਾਂਦੇ ਤੇ ਮਨ ਦਾ ਬੋਝ ਨਾਲ ਦੇ ਨਾਲ ਲਾਹੀ ਵੀ
ਜਾਂਦੇ। ਕਵਿਤਾ ਸੁਣਾਉਂਦਿਆਂ ਉਹ ਆਪ ਬਿਲਕੁਲ ਗੰਭੀਰ ਰਹਿੰਦਾ ਪਰ ਸਰੋਤੇ ਹੱਸੀ-ਮੁਸਕਰਾਈ
ਜਾਂਦੇ ਤੇ ਉਹਦੀ ਵਡਿਆਈ ਵੀ ਕਰੀ ਜਾਂਦੇ।
ਹੱਥਲੀ ਪੁਸਤਕ ਦਾ ਖਰੜਾ ਪੜ੍ਹਦਿਆਂ ਮੈਂ ਫੇਰ ਉਹਨਾਂ ਭਾਵਾਂ ਵਿਚੋਂ ਗੁਜ਼ਰਿਆ ਹਾਂ। ਉਸਦਾ
ਹਾਸ-ਵਿਅੰਗ ਸਸਤਾ ਤੇ ਸਤਹੀ ਕਿਸਮ ਦਾ ਨਹੀਂ ਸਗੋਂ ਸਤੱਹੀ ਹਾਸੇ ਤੋਂ ਪਾਰ ਜਾ ਕੇ ਦਿਲ ਦੀਆਂ
ਡੂੰਘਾਣਾਂ ਤੱਕ ਜ਼ਖ਼ਮ ਲਾਉਂਦੀ ਕਟਾਖ਼ਸ਼ੀ ਨਸ਼ਤਰ ਵਾਲਾ ਹੈ। ਇਹ ਕਵਿਤਾਵਾਂ ਮੱਧ-ਸ਼੍ਰੇਣਿਕ
ਜੀਵਨ ਦੇ ਦੂਹਰੇ ਜੀਵਨ-ਮੁੱਲਾਂ ਨੂੰ ਤਿੱਖੀ ਵਿਅੰਗ ਦ੍ਰਿਸ਼ਟੀ ਤੋਂ ਦੇਖ ਕੇ ਹਕੀਕਤ ਦਾ
ਗਿਆਨ ਕਰਾਉਂਦੀਆਂ ਹਨ। ਇਹ ਰਚਨਾਵਾਂ ਪਾਠਕ ਨੂੰ ਪੁਲਕਿਤ ਵੀ ਕਰਦੀਆਂ ਹਨ; ਅੰਦਰ ਨੂੰ
ਚੀਰਦੀਆਂ ਤੇ ਕਾਟ ਵੀ ਕਰਦੀਆਂ ਹਨ ਅਤੇ ਬੁੱਲ੍ਹਾਂ ‘ਤੇ ਮੁਸਕਣੀ ਵੀ ਲਿਆਉਂਦੀਆਂ ਹਨ।
ਉਸਦੀਆਂ ਹਾਸ-ਵਿਅੰਗ ਕਵਿਤਾਵਾਂ ਦਾ ਵਿਸ਼ਾ ਬੜਾ ਵਿਰਾਟ ਤੇ ਵਿਆਪਕ ਹੈ। ਉਹ ਘਰ ਦੀ ਇਕਾਈ
ਤੋਂ ਸ਼ੁਰੂ ਕਰਕੇ ਪੂਰੇ ਸੰਸਾਰ ਨੂੰ ਆਪਣੀਆਂ ਕਵਿਤਾਵਾਂ ਦੇ ਕਲਾਵੇ ਵਿਚ ਭਰ ਲੈਂਦਾ ਹੈ।
ਉਹਦੀ ਕਵਿਤਾ ਵਿਚ ਪਤੀ ਪਤਨੀ ਦੀ ਛੇੜ-ਛਾੜ ਵੀ ਮਿਲਦੀ ਹੈ ਤੇ ਜਦੋਂ ਉਹਦਾ ਜੀ ਕਰੇ ਉਹ ਜਾਰਜ
ਬੁਸ਼ ਦੀ ਵੱਖੀ ਵਿਚ ਵੀ ਤਿੱਖੀ ਚੂੰਢੀ ਵੱਢ ਜਾਂਦਾ ਹੈ। ਇੰਜ ਉਸਦੀਆਂ ਕਵਿਤਾਵਾਂ ਦੀ
ਵਿਅੰਗ-ਮਾਰ ਬਹੁਮੁਖੀ ਹੈ। ਉਹ ਘਰ-ਪਰਿਵਾਰ, ਸਮਾਜ, ਸਭਿਆਚਾਰ, ਆਰਥਿਕਤਾ ਤੇ ਰਾਜਨੀਤੀ ਦੀਆਂ
ਵਿਸੰਗਤੀਆਂ ‘ਤੇ ਚੋਟ ਕਰਦਾ ਹੈ ਤੇ ਉਹਨਾਂ ਵਿਚ ਪਏ ਹੋਏ ਵਿਗਾੜਾਂ ਤੇ ਵਲ਼ਾਂ ਨੂੰ ਕੱਢ ਕੇ
ਉਹਨਾਂ ਨੂੰ ਸਿੱਧਾ ਕਰਨ ਦੀ ਲੋਚਾ ਰੱਖਦਾ ਹੈ। ਉਹ ਪਾਠਕ ਜਾਂ ਸਰੋਤੇ ਨੂੰ ਮਹਿਜ਼ ਹਸਾ ਕੇ
ਮੋਟੀ ਜਿਹੀ ਖ਼ੁਸ਼ੀ ਦੇਣ ਨਾਲ ਹੀ ਸੰਤੁਸ਼ਟ ਨਹੀਂ ਹੋ ਜਾਂਦਾ ਸਗੋਂ ਉਸਦੇ ਲਈ ਸਾਹਿਤ
ਸਿਰਜਣਾ ਸਾਹਿਤਕ ਤੇ ਸਮਾਜਿਕ ਜਿ਼ੰਮੇਵਾਰੀ ਨਿਭਾਉਣ ਦਾ ਵਸੀਲਾ ਬਣ ਜਾਂਦੀ ਹੈ।
ਉਹਦੀ ਕਵਿਤਾ ਨੂੰ ਕਿਸੇ ਦਾ ਡਰ ਨਹੀਂ ਪਰ ਉਹਦੀ ਕਵਿਤਾ ਪੜ-ਸੁਣ੍ਹ ਕੇ ਬੰਦਾ ਆਪਣੇ ਆਪ ਤੇ
ਆਪਣੇ ਚੁਗਿਰਦੇ ਨੂੰ ਚਿੱਬ-ਖੜਿੱਬਾ ਹੋਇਆ ਵੇਖ ਕੇ ਡਰ ਵੀ ਜਾਂਦਾ ਹੈ ਅਤੇ ਫਿਰ ਆਪਣਾ ਡਰਿਆ
ਚਿਹਰਾ ਵੇਖ ਕੇ ਆਪਣੇ ਆਪ ‘ਤੇ ਹੱਸ ਵੀ ਪੈਂਦਾ ਹੈ; ਹੱਸਦਾ ਹੋਇਆ ਫੁੱਲਾਂ ਵਾਂਗ ਹਲਕਾ ਤੇ
ਰਾਂਗਲਾ ਵੀ ਹੋਈ ਜਾਂਦਾ ਹੈ; ਨਾਲ ਦੇ ਨਾਲ ਕੁਝ ਨਾ ਕੁਝ ਸੋਚੀ ਵੀ ਜਾਂਦਾ ਹੈ ਤੇ ਜਿੰਨਾ
ਸੋਚੀ ਜਾਂਦਾ ਹੈ ਓਨਾ ਹੀ ਹਾਲਾਤ ਬਾਰੇ ਵਧੇਰੇ ਚੇਤੰਨ ਵੀ ਹੋਈ ਜਾਂਦਾ ਹੈ। ਉਹਦੀ ਕਵਿਤਾ
ਪੜ੍ਹਦਿਆਂ-ਸੁਣਦਿਆਂ ਤੁਹਾਡੇ ਮਨ ‘ਤੇ ਕਿਸੇ ਕਿਸਮ ਦੀ ਸੰਚਾਰ-ਸਮੱਸਿਆ ਦਾ ਭਾਰ ਵੀ ਨਹੀਂ
ਪੈਂਦਾ ਤੇ ਕਵਿਤਾ ਤੁਹਾਡੇ ਅੰਦਰ ਰਿਮ ਝਿਮ ਬਰਸਦੀ ਬਰਸਾਤ ਵਾਂਗ ਰਮਦੀ ਜਾਂਦੀ ਹੈ। ਅਜਿਹੀ
ਕਵਿਤਾ ਜਿਸ ਵਿਚ ਸਹਿਜ ਵੀ ਹੋਵੇ, ਸੁਹਜ ਵੀ ਹੋਵੇ, ਸੰਚਾਰ ਵੀ ਹੋਵੇ, ਸੁੰਦਰਤਾ ਵੀ ਹੋਵੇ,
ਸੁਖ ਵੀ ਹੋਵੇ, ਸੇਕ ਵੀ ਹੋਵੇ, ਸੰਵੇਦਨਾ ਵੀ ਹੋਵੇ, ਸਮਝ ਵੀ ਹੋਵੇ ਲਿਖਣੀ ਕੋਈ ਖ਼ਾਲਾ ਜੀ
ਦਾ ਵਾੜਾ ਨਹੀਂ। ਇਸ ਪਿੱਛੇ ਡੂੰਘਾ ਅਨੁਭਵ; ਵਿਸ਼ਾਲ ਗਿਆਨ; ਸਮਾਜ-ਸਭਿਆਚਾਰ, ਰਾਜਨੀਤੀ ਤੇ
ਆਰਥਿਕਤਾ ਦੀ ਬਰੀਕ ਸਮਝ ਲੋੜੀਂਦੇ ਹਨ। ਗੁਰਦਾਸ ਮਿਨਹਾਸ ਇਹਨਾਂ ਸਾਰੇ ਗੁਣਾਂ ਨਾਲ ਮਾਲਾ
ਮਾਲ ਹੈ।
ਕਿਸੇ ਵੱਡੇ ਨੁਕਸਬੀਨ ਨੂੰ ਇਹਨਾਂ ਕਵਿਤਾਵਾਂ ਵਿਚ ਛੰਦ, ਤੋਲ-ਤੁਕਾਂਤ ਜਾਂ ਵਜ਼ਨ-ਬਹਿਰ ਦੀ
ਕੋਈ ਘਾਟ ਵੀ ਨਜ਼ਰ ਆ ਸਕਦੀ ਹੈ। ਅਸੀਂ ਕਦੋਂ ਕਹਿੰਦੇ ਹਾਂ ਕਿ ਇਹ ਕਵਿਤਾ ਸੋਲਾਂ-ਕਲਾ
ਸੰਪੂਰਨ ਹੈ। ਜੇ ਗੁਰਦਾਸ ਮਿਨਹਾਸ ਨੂੰ ਤੁਸੀਂ ਇਹ ਗੱਲ ਆਖੋ ਤਾਂ ਉਹ ਮੁਸਕਰਾਉਂਦਾ ਹੋਇਆ
ਤੁਹਾਨੂੰ ਤੇਲੀ ਤੇ ਜੱਟ ਦੀ ‘ਕਾਵਿਕ ਲੜਾਈ’ ਦੀ ਲੋਕ-ਕਥਾ ਸੁਣਾ ਕੇ ਨਿਹਾਲ ਕਰ ਸਕਦਾ ਹੈ।
ਅਖ਼ੇ: ਇਕ ਵਾਰ ਇਕ ਜੱਟ ਤੇ ਤੇਲੀ ਲੜ ਪਏ। ਤੇਲੀ ਨੇ ਕਾਵਿ-ਵਾਕ ਬਾਣ ਵਾਂਗ ਛੱਡਿਆ, “ਜਾਟ
ਰੇ ਜਾਟ! ਤੇਰੇ ਸਰ ਪੇ ਖਾਟ।” ਜੱਟ ਨੇ ਸੋਚਿਆ, ਕਵਿਤਾ ਦਾ ਜਵਾਬ ਕਵਿਤਾ ਵਿਚ ਹੀ ਦੇਣਾ
ਚਾਹੀਦਾ ਹੈ। ਕਹਿੰਦਾ, “ਤੇਲੀਆ ਓ ਤੇਲੀਆ! ਤੇਰੇ ਸਿਰ ‘ਤੇ ਕੋਹਲੂ।” ਤੇਲੀ ਹੱਸ ਕੇ
ਕਹਿੰਦਾ, “ਜੱਟਾ! ਤੋਲ-ਤੁਕਾਂਤ ਨਹੀਂ ਮਿਲਦਾ।” ਜੱਟ ਕਹਿੰਦਾ, “ਨਹੀਂ ਮਿਲਦਾ ਤਾਂ ਨਾ ਸਹੀ,
ਪਰ ਪੁੱਤ! ਕੋਹਲੂ ਦੇ ਭਾਰ ਨਾਲ ਤਾਂ ਮਰੇਂਗਾ।”
ਸੱਚੀ ਗੱਲ ਹੈ;ਨਿੱਜ ਤੋਂ ਲੈ ਕੇ ਪਰ ਤੱਕ ਤੇ ਘਰ ਤੋਂ ਲੈ ਕੇ ਸੰਸਾਰ ਤੱਕ ਦੀਆਂ ਬੁਰਾਈਆਂ,
ਕਾਣਾਂ ਤੇ ਕਸਰਾਂ ਨੂੰ ਮੁਖ਼ਾਤਬ ਹੋਣ ਕਰਕੇ ਇਸ ਕਵਿਤਾ ਦਾ ‘ਭਾਰ’ ਵੀ ਜਿ਼ਆਦਾ ਹੈ, ਪਰ ਇਸ
ਵਿਚ ਹਾਸ-ਵਿਅੰਗ ਦੀ ਪੁੱਠ ਦਿੱਤੀ ਹੋਣ ਕਰਕੇ ਇਹ ਭਾਰ ਫੁੱਲਾਂ ਨਾਲੋਂ ਵੀ ਹੌਲਾ ਹੋ ਜਾਂਦਾ
ਹੈ। ਇਸ ਭਾਰ ਨਾਲ ਪਾਠਕ ਮਰਦਾ ਨਹੀਂ ਸਗੋਂ ਹੋਰ ਵੀ ਜਿਊਣਜੋਗਾ ਹੋ ਜਾਂਦਾ ਹੈ। ਇਹ ਜਿਉਣ
ਜੋਗੀ ਕਵਿਤਾ ਪਾਠਕਾਂ ਨੂੰ ਮਿਲਣ ਲਈ ਅੱਜ ਪ੍ਰਵੇਸ਼ ਦੁਆਰ ‘ਤੇ ਖਲੋਤੀ ਹੈ। ਇਸਦੇ ਪਹਿਲੇ
ਪਾਠਕ ਵਜੋਂ ਮੈਂ ਇਸਨੂੰ ‘ਖ਼ੁਸ਼-ਆਮਦੀਦ’ ਆਖਦਾ ਹਾਂ।
-0-
|